Kehar Sharif

ਗੁਰੂ ਨਾਨਾਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸਾਰੀ ਦੁਨੀਆਂ ਨੂੰ ਭਾਈਚਾਰਕ ਸਾਂਝ ਅਤੇ ਸੰਸਾਰ ਅਮਨ ਦਾ ਸੁਨੇਹਾ ਦੇਣ ਵਾਲੀ ਯਾਤਰਾ

ਗੁਰੂ ਨਾਨਾਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਮੌਕੇ "ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ'' ਨਾਂ ਦੀ ਸੰਸਥਾਂ ਵਲੋਂ ਟੋਰਾਂਟੋ (ਕੈਨੇਡਾ) ਤੋਂ ਸੁਲਤਾਨਪੁਰ ਲੋਧੀ ਵਾਸਤੇ ਬੱਸ ਤੇ ਨਾਲ ਇਕ ਵੱਡੀ ਕਾਰ ਰਾਹੀਂ ਯਾਤਰਾ ਦਾ ਪ੍ਰਬੰਧ ਕੀਤਾ ਗਿਆ। ਇਹ ਯਾਤਰਾ 45 ਦਿਨਾਂ ਵਿਚ ਪੂਰੀ ਹੋਵੇਗੀ, ਜਿਸ ਉੱਤੇ ਕਈ ਲੱਖ ਡਾਲਰਾਂ ਦਾ ਖਰਚਾ ਆਉਣ ਦਾ ਅਨੁਮਾਨ ਹੈ। ਇਹ ਯਾਤਰਾ ਕੈਨੇਡਾ ਤੋਂ ਲੰਡਨ (ਯੂ.ਕੇ), ਪੈਰਿਸ (ਫਰਾਂਸ), ਹਾਲੈਂਡ, ਬੈਲਜੀਅਮ, ਸਰਬੀਆ, ਹੰਗਰੀ ਤੇ ਕਲੋਨ, ਫਰੈਂਕਫਰਟ (ਜਰਮਨੀ), ਇਟਲੀ, ਸਵਿਟਜ਼ਰਲੈਂਡ, ਆਸਟਰੀਆ, ਇਸਤੰਬੋਲ (ਤੁਰਕੀ), ਤਹਿਰਾਨ (ਇਰਾਨ), ਤੋਂ ਹੁੰਦੇ ਹੋਏ ਪਾਕਿਸਤਾਨ ਵਿਚ ਸ਼ਾਮਲ ਹੋਵੇਗੀ। ਪਾਕਿਸਤਾਨ ਦੇ ਕੁੱਝ ਗੁਰੂ ਘਰਾਂ ਤੋਂ ਬਾਦ ਦਰਬਾਰ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇਗੀ ਜਿੱਥੋਂ ਅਗਲਾ ਪੜਾ ਸੁਲਤਾਨਪੁਰ ਲੋਧੀ ਦਾ ਹੋਵੇਗਾ। ਜਰਮਨੀ ਵਿਚ ਪਹੁੰਚ ਕੇ ਇਸ 8 ਵਿਅਕਤੀਆਂ 'ਤੇ ਅਧਾਰਤ ਜਥੇ ਦਾ ਸਬੱਬ ਨਾਲ ਹੀ ਇਕ ਪੜਾ ਲਿਪਸਟੱਡ (ਨਾਰਦਰਨ ਵੈਸਟਫਾਲਨ) ਵਿਖੇ ਬੀਬੀ ਹਰਮਿੰਦਰ ਕੌਰ ਅਤੇ ਹਰਿੰਦਰ ਸਿੰਘ ਦੇ ਘਰ ਵੀ ਹੋਇਆ। ਜਿੱਥੇ ਇਸ ਯਾਤਰੀ ਜਥੇ ਨੂੰ ਯਾਤਰਾ ਦੇ ਥਕੇਵੇਂ ਤੋਂ ਰਾਹਤ ਦਵਾਉਣ ਖਾਤਰ ਹਰਿੰਦਰ ਸਿੰਘ ਦੇ ਪਰਵਾਰ ਵਲੋਂ ਇਸ ਇਲਾਕੇ ਦੀਆਂ ਕੁੱਝ ਇਤਿਹਾਸਕ ਥਾਵਾਂ ਦੇ ਦਰਸ਼ਣ ਵੀ ਕਰਵਾਏ ਗਏ।
ਟੋਰਾਂਟੋ ਤੋਂ ਇਸ  ਜਥੇ ਨੂੰ ਤੋਰਨ ਵੇਲੇ ਯਾਤਰਾ ਦੀ ਸਫਲਤਾ ਵਾਸਤੇ ਸਰਬ ਧਰਮ ਅਰਦਾਸ ਸਭਾ ਵੀ ਹੋਈ ਜਿਸ ਵਿਚ ਸਿੱਖਾਂ, ਹਿੰਦੂਆ, ਮੁਸਲਮਾਨਾਂ, ਇਸਾਈਆਂ ਦੇ ਧਾਰਮਿਕ ਆਗੂ ਪਹੁੰਚੇ। ਬਰੈਂਮਟਨ  ਦੇ ਮੇਅਰ ਵੀ ਸ਼ਾਮਲ ਹੋਏ ਅਤੇ ਕੌਂਸਲਰ ਹਰਪ੍ਰੀਤ ਸਿੰਘ ਢਿੱਲੋਂ ਵੀ। ਇਸ ਸਭਾ ਵਲੋਂ ਜਥੇ ਨੂੰ ਸ਼ੁਭਇਛਾਵਾਂ ਦਿੱਤੀਆਂ ਗਈਆਂ ਅਤੇ ਜਥੇ ਵਲੋਂ ਸੰਸਾਰ ਅਮਨ ਤੇ ਵੱਖੋ-ਵੱਖ ਅਕੀਦਿਆਂ ਦੇ ਧਾਰਨੀਆਂ ਵਾਸਤੇ ਕੌਮਾਂਤਰੀ ਪੱਧਰ 'ਤੇ ਸਮੁੱਚੇ ਭਾਈਚਾਰਿਆਂ ਨੂੰਭਾਈਚਾਰਕ ਸਾਂਝ ਦੇ ਦਿੱਤੇ ਜਾਣ ਵਾਲੇ ਸੁਨੇਹੇ ਦੀ ਪ੍ਰਸ਼ੰਸਾ ਵੀ ਕੀਤੀ ਗਈ।
ਇਹ 8 ਜੀਆਂ ਤੇ ਅਧਾਰਤ ਜਥਾ ਹੈ ਜਿਸ ਵਿਚ ਸ. ਗੁਰਚਰਨ ਸਿੰਘ ਬਣਵੈਤ, ਬੀਬੀ ਸੁਰਜੀਤ ਕੌਰ, ਸ. ਦਲਜੀਤ ਸਿੰਘ ਡੁਲਕੂ (ਟੋਰਾਂਟੋ), ਸ. ਰਣਜੀਤ ਸਿੰਘ ਖਾਲਸਾ (ਐਡਮਿੰਟਨ), ਸ. ਰਵਿੰਦਰ ਸਿੰਘ ਸੈਣੀ (ਓਟਾਵਾ), ਸ. ਰੇਸ਼ਮ ਸਿੰਘ ਸਮਰਾ, ਬੀਬੀ ਮਹਿੰਦਰ ਕੌਰ ਸਮਰਾ, ਸ. ਬਖਸ਼ੀਸ਼ ਸਿੰਘ (ਯੂ. ਐੱਸ.ਏ), ਜਸਵੀਰ ਸਿੰਘ ਤੂਰ (ਇਟਲੀ), ਕੁੱਝ ਸਮੇਂ ਲਈ ਯੂਰਪ ਅੰਦਰ ਫਰਾਂਸ ਤੋਂ ਸ. ਸ਼ਿੰਗਾਰਾ ਸਿੰਘ ਮਾਨ ਵੀ ਇਸ ਜਥੇ ਨਾਲ ਰਹੇ।
       ਇਸ ਜਥੇ ਵਾਸਤੇ ਪ੍ਰਬੰਧ ਦੇ ਮੁਖੀ ਸ. ਗੁਰਚਰਨ ਸਿੰਘ ਬਣਵੈਤ ਹਨ। ਇਸ ਯਾਤਰਾ ਵਾਸਤੇ ਬਹੁਮੁੱਲੀ ਬੱਸ (ਜਿਸਦੀ ਕੀਮਤ ਇਕ ਮਿਲੀਅਨ ਡਾਲਰ ਤੋਂ ਵੱਧ ਹੈ) ਅਤੇ ਕਾਰ ਸਹਾਇਤਾ / ਦਾਨ ਵਜੋਂ ਟੋਰਾਂਟੋ ਵਸਦੇ ਲਾਹੌਰ ਦੇ ਪਿਛੋਕੜ ਵਾਲੇ ਵੱਡੇ ਬਿਸਨਸਮੈਨ (JobsIn GTA.com ਦੇ ਮਾਲਕ) ਤੇ ਗੁਰੂ ਨਾਨਾਕ ਦੇਵ ਜੀ ਦੇ ਸ਼ਰਧਾਲੂ ਜਨਾਬ ਅਮੀਰ ਖਾਨ (ਜੋ ਖੁਦ ਮੁਸਲਮਾਨਾਂ ਦੀ ਅਹਿਮਦੀਆ ਜਮਾਤ ਨਾਲ ਸਬੰਧਤ ਹਨ) ਵਲੋਂ ਦਿੱਤੀ ਗਈ। ਸਾਰੇ ਜਥੇ ਵਾਲੇ ਜਨਾਬ ਅਮੀਰ ਖਾਨ ਦੀ ਵਾਰ ਵਾਰ ਸਲਾਹੁਤਾ ਕਰਦੇ ਹਨ। ਇਸ ਬੱਸ ਅਤੇ ਕਾਰ  ਦੇ ਅੱਗੇ ਪਿੱਛੇ "JOURNEY TO KARTARPUR'' ("For World Peace'') ਲਿਖਿਆ ਹੋਇਆ ਹੈ ਅਤੇ ਸਾਰੀ ਯਾਤਰਾ ਦੇ ਵੱਖੋ-ਵੱਖ ਪੜਾਵਾਂ ਦਾ ਨਕਸ਼ਾ ਵੀ ਬਣਾਇਆ ਹੋਇਆ ਹੈ। ਆਪਣੇ ਪੱਖੋਂ ਅਮਨ-ਸ਼ਾਂਤੀ ਦੇ ਪ੍ਰਚਾਰ ਦਾ ਇਹ ਵੀ ਇਕ ਨਵੇਕਲਾ ਢੰਗ-ਤਰੀਕਾ ਹੈ।
ਇਸ ਵੱਡ ਅਕਾਰੀ ਬੱਸ ਵਿਚ ਸਫਰ ਸਮੇਂ ਹਰ ਕਿਸਮ ਦੀ ਸਹੂਲਤ ਹੈ - 8 ਜੀਆਂ ਦੇ ਸੌਣ ਦਾ ਪ੍ਰਬੰਧ ਹੈ, ਟਾਇਲਟ ਅਤੇ ਨਹਾਉਣ ਦਾ ਪ੍ਰਬੰਧ ਹੈ, ਪੂਰੀ ਰਸੋਈ ਹੈ, ਫਰਿੱਜ ਹੈ- ਖਾਣਾ ਬਨਾਉਣ ਦੀ ਸਹੂਲਤ ਹੈ। ਪਾਣੀ ਦਾ ਕਾਫੀ ਵੱਡਾ ਭੰਡਾਰ  ਨਾਲ ਲੈਜਾਇਆ ਜਾ ਸਕਦਾ ਹੈ। ਖਬਰਾਂ ਨਾਲ ਜੁੜੇ ਰਹਿਣ ਵਾਸਤੇ ਟੈਲੀਵੀਜ਼ਨ ਅਤੇ ਇੰਟਰਨੈੱਟ ਦੀ ਸਹੂਲਤ ਵੀ ਹੈ। ਇਸ ਜਥੇ ਨਾਲ ਤਕਨੀਕੀ ਮਾਹਰ ਸ. ਦਲਜੀਤ ਸਿੰਘ ਡੁਲਕੂ ਸ਼ਾਮਲ ਹਨ ਜੋ ਕਿਸੇ ਵੀ ਤਕਨੀਕੀ ਖਰਾਬੀ ਨੂੰ ਦੂਰ ਕਰਨ ਦੇ ਮਾਹਰ ਹਨ, ਜਿਸ ਕਰਕੇ ਜਥੇ ਦੀ ਯਾਤਰਾ ਚਿੰਤਾ ਰਹਿਤ ਹੈ।
ਇਰਾਨ ਵਿਚੋਂ ਲੰਘਣ ਲਈ ਕਾਫੀ ਸਖਤ ਪ੍ਰਬੰਧ ਕੀਤੇ ਗਏ ਹਨ। ਇਰਾਨ ਵੀ ਸਰਕਾਰ ਵਲੋਂ ਜਥੇ ਨੂੰ ਫੌਜ ਅਤੇ ਪੁਲੀਸ ਦੀ ਸਕਿਉਰਿਟੀ ਦਿੱਤੀ ਜਾਵੇਗੀ ਜੋ ਇਰਾਨ ਦੀ ਸਰਹੱਦ ਅੰਦਰ ਦਾਖ਼ਲ ਹੋਣ ਵੇਲੇ ਤੋਂ ਪਾਕਿਸਤਾਨ ਵਿਚ ਦਾਖਲ ਹੋਣ ਵੇਲੇ ਤੱਕ ਸਾਰਾ ਸਮਾਂ ਨਾਲ ਰਵ੍ਹੇਗੀ ਜਿਸ ਉੱਤੇ ਵੱਡਾ ਖਰਚਾ ਵੀ ਆਵੇਗਾ, ਜਿਹੜਾ ਖਰਚਾ ਜਥੇ ਨੂੰ ਇਸ ਮੁਲਕ ਨੂੰ ਛੱਡਣ ਸਮੇਂ ਨਗਦ ਡਾਲਰਾਂ ਵਿਚ ਅਦਾ ਕਰਨਾ ਪਵੇਗਾ। ਜਿਹੜੀ ਕਾਫੀ ਵੱਡੀ ਰਕਮ ਹੋਵੇਗੀ।
ਇਹ ਸੰਸਥਾ ਸਿਰਫ ਇਹ ਯਾਤਰਾ ਹੀ ਨਹੀਂ ਕਰ ਰਹੀ, ਕੌਮਾਂਤਰੀ ਪੱਧਰ 'ਤੇ ਲੋਕਾਂ ਲਈ ਕਿਸੇ ਵੀ ਭੀੜ ਵੇਲੇ ਸਹਾਇਤਾ ਵਾਸਤੇ ਅੱਪੜਦੀ ਹੈ। ਦੋ ਸਾਲ ਪਹਿਲਾਂ ਕੈਰਾਲੀਨਾ 'ਚ ਆਏ ਭਾਰੀ ਹੜਾਂ ਵਿਚ "ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ'' ਦੇ ਕਾਰਕੁਨਾਂ ਨੇ ਉੱਥੇ ਪਹੁੰਚ ਕੇ ਖਾਣ-ਪੀਣ ਦੀਆਂ ਲੋੜੀਂਦੀਆਂ ਵਸਤਾਂ ਨਾਲ ਲੋਕਾਂ ਦੀ ਮੱਦਦ ਕੀਤੀ। ਭਾਰਤ ਅੰਦਰ ਦੁਸੈਹਰੇ ਦੀ ਦੁਰਘਟਨਾ ਵੇਲੇ ਹੋਏ ਜ਼ਖਮੀਆਂ ਦੀ ਮੱਦਦ ਕੀਤੀ। ਪਾਕਿਸਤਾਨ ਅਤੇ ਭਾਰਤ ਵਿਚ ਵੀ ਕਾਫੀ ਕਾਰਜ ਕੀਤੇ ਜਾਂਦੇ ਹਨ।
ਪਾਕਿਸਤਾਨ ਵਿਚ ਕਰਤਾਰਪੁਰ ਅਤੇ ਐਮਨਾਬਾਦ ਵਿਖੇ ਮੈਡੀਕਲ ਕੈਂਪ (ਖਾਸ ਕਰਕੇ ਅੱਖਾਂ ਦੇ) ਲਾਏ ਜਾਂਦੇ ਹਨ। ਇਸੇ ਤਰ੍ਹਾਂ ਰੂੜੀ ਸਾਹਿਬ ਗੁਰਦੁਆਰਾ ਵਿਖੇ ਵੀ ਕੈਂਪ ਦਾ ਪ੍ਰਬੰਧ ਕੀਤਾ ਜਾਂਦਾ ਹੈ, ਜਿੱਥੇ 250-300 ਲੋਕਾਂ ਦੀ ਸਰਜਰੀ ਕੀਤੀ ਜਾਂਦੀ ਹੈ ਅਤੇ ਨਾਲ ਹੀ ਆਏ ਲੋਕਾਂ ਨੂੰ ਘਰ ਜਾਣ ਵਾਸਤੇ ਕਿਰਾਇਆ ਵੀ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਬੰਗਾ ਚੱਕ ਨੰਬਰ 105 ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਘਰ ਵਿਚ ਵੀ ਕੈਂਪ ਲਾਇਆ ਜਾਂਦਾ ਹੈ।
ਪਾਕਿਸਤਾਨ ਦੇ ਪਿੰਡ ਸੈਣੀਬਾਰ ਤੋਂ ਜਨਾਬ ਮੁਹੰਮਦ ਨਜ਼ੀਰ ਜੋ ਹੁਣ ਟੋਰਾਂਟੋ (ਕੈਨੇਡਾ) ਵਿਖੇ ਰਹਿੰਦੇ ਹਨ ਨੇ ਪਿੰਡ ਪੈੜੇਵਾਲੀ ਵਿਖੇ 4 ਏਕੜ ਦਿੱਤੀ ਹੋਈ ਹੈ ਜਿੱਥੇ ਹਸਪਤਾਲ ਬਣਾਇਆ ਗਿਆ ਹੈ। ਇਸ ਹਸਪਤਾਲ ਵਿਚ ਹੀ ਬੀਬੀਆਂ ਵਾਸਤੇ ਸਿਲਾਈ ਸੈਂਟਰ ਚੱਲਦਾ ਹੈ ਜਿਸ ਨਾਲ ਸਿਖਲਾਈ ਦੇ ਕੇ ਬੀਬੀਆਂ ਨੂੰ ਰੋਜ਼ਗਾਰ ਯੋਗ ਬਣਾਇਆ ਜਾਂਦਾ ਹੈ। ਇੱਥੇ ਹੀ ਤਿੰਨ ਚਾਰ ਦਿਨ ਦਾ ਲੰਗਰ ਵੀ ਲਾਇਆ ਜਾਂਦਾ ਹੈ ਜਿਸ ਵਿਚ ਲਗਭਗ ਪੰਜ ਹਜ਼ਾਰ ਤੋਂ ਵੱਧ ਲੋਕ ਲੰਗਰ ਛਕਦੇ ਹਨ। ਇਸੇ ਤਰ੍ਹਾਂ ਨਨਕਾਣਾ ਸਾਹਿਬ ਤੋਂ 4 ਕਿਲੋਮੀਟਰ ਦੀ ਦੂਰੀ ਤੇ "ਗੁਰੂ ਨਾਨਕ ਬਾਬਾ ਫਰੀਦ ਟਰੱਸਟ'' ਵਲੋਂ ਹਸਪਤਾਲ ਵੀ ਬਣਾਇਆ ਗਿਆ ਹੈ।
ਪੰਜਾਬ ਅੰਦਰ ਵੀ ਨਵਾਂ ਸ਼ਹਿਰ ਵਿਖੇ ਮੈਡੀਕਲ ਸਹੂਲਤਾ ਦਾ ਹਸਪਤਾਲ ਰਾਹੀਂ ਪ੍ਰਬੰਧ ਹੈ ਅਤੇ ਉੜਾਪੜ ਵਿਖੇ ਵੀ ਸ਼ੂਗਰ ਵਾਲੇ ਰੋਗੀਆਂ ਦੇ ਇਲਾਜ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਜਥੇ ਨੇ ਇਕ ਗੱਲ 'ਤੇ ਥੋੜ੍ਹਾ ਜਿਹਾ ਮਲਾਲ ਜ਼ਾਹਿਰ ਕੀਤਾ ਕਿ ਇਸ ਸੰਸਾਰ ਅਮਨ-ਸ਼ਾਂਤੀ ਦੀ ਭਾਵਨਾ ਵਾਲੀ ਯਾਤਰਾ ਵਾਸਤੇ ਵੀ ਪਾਕਿਸਤਾਨ ਦੇ ਸਫਾਰਤਖਾਨੇ ਵਲੋਂ ਵੀਜ਼ੇ ਦੇਣ ਵਿਚ ਕੁੱਝ ਰੁਕਾਵਟਾਂ ਖੜ੍ਹੀਆਂ ਕੀਤੀਆਂ ਗਈਆਂ। ਅਜਿਹਾ ਨਹੀਂ ਸੀ ਹੋਣਾ ਚਾਹੀਦਾ। ਕਿਉਂਕਿ ਅਸੀਂ ਤਾਂ ਹਰ ਧਰਮ ਤੇ ਕੌਮ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਗੁਰੂ ਸਾਹਿਬ ਦੇ  ਫਲਸਫੇ ਅਨੁਸਾਰ ਸਰਬੱਤ ਦੇ ਭਲੇ, ਸਾਂਝੀਵਾਲਤਾ, ਭਾਈਚਾਰਕ ਸਾਂਝ ਅਤੇ ਲੋਕਾਈ ਅੰਦਰ ਪਿਆਰ-ਮੁਹੱਬਤ ਦਾ ਸੁਨੇਹਾ ਹੀ ਦੇਣਾ ਹੈ।
   ਇਸ ਜਥੇ ਦੀ ਯਾਤਰਾ ਬਾਰੇ ਲਿਪਸਟੱਡ ਦੇ ਅਖਬਾਰ "Der Patriot'' ਨੇ ਜਰਮਨ ਪਾਠਕਾਂ ਵਾਸਤੇ ਸੰਸਾਰ ਅਮਨ ਦਾ  ਸੁਨੇਹਾ ਦੇਣ ਵਾਲੀ ਵੱਡੀ ਜਾਣਕਾਰੀ ਬਾਰੇ ਵਿਸਥਾਰ ਸਹਿਤ ਲੇਖ ਛਾਪਿਆ।
- ਕੇਹਰ ਸ਼ਰੀਫ਼

ਕਲਾ ਦਾ ਕਾਰਜ - ਕੇਹਰ ਸ਼ਰੀਫ਼

ਕਲਾ ਸਮਾਜਿਕ ਤਬਦੀਲੀ ਖਾਤਰ ਵਧ ਰਹੀ ਲੋਕ ਚੇਤਨਾ ਨੂੰ ਸਹੀ ਸੇਧ ਦੇਣ ਤੇ ਉਸਦੀ ਤੋਰ ਨੂੰ ਤਿੱਖਿਆਂ ਕਰਨ ਵਾਲਾ ਹਥਿਆਰ ਹੈ ਅਤੇ ਇਸ ਹੀ ਨਿਸ਼ਾਨੇ ਵਲ ਵਧਦੀਆਂ/ਵਿਗਸਦੀਆਂ ਹੋਰ ਚੇਤਨਾਮਈ ਲਹਿਰਾਂ ਦਾ ਵੱਡਾ ਆਸਰਾ ਵੀ ਹੁੰਦੀ ਹੈ। ਉਹ ਲਹਿਰਾਂ ਜੋ ਇਤਿਹਾਸ-ਮਿਥਿਹਾਸ ਦਾ ਲੇਖਾ-ਜੋਖਾ ਕਰਦਿਆਂ ਪ੍ਰੰਪਰਾਵਾਦੀ, ਤਰਕ ਵਿਹੂਣੇ ਅਤੇ ਅੰਧਵਿਸ਼ਵਾਸੀ ਗਜ਼ ਵਰਤਣ ਦੀ ਥਾਵੇਂ ਉਨ੍ਹਾਂ ਨੂੰ ਰੱਦ ਕਰਦਿਆਂ ਜਾਂ ਨਕਾਰਦਿਆਂ ਸਮੇਂ, ਸਥਿਤੀ ਤੇ ਲੋਕ ਧਾਰਾਵਾਂ/ਲੋਕ ਮਨਾਂ ਨੂੰ ਤਰਕ ਅਧਾਰਤ ਵਿਗਿਆਨਕ ਦਲੀਲਾਂ ਦੇ ਆਸਰੇ ਕੁੱਲ ਲੋਕਾਈ ਦਾ ਭਲਾ ਕਰਨ ਵਾਲੀ ਖਰੀ ਸੋਚ ਦੀ ਕਸਵੱਟੀ ਨਾਲ ਪਰਖ ਕੇ ਭਵਿੱਖ ਦੀ ਕੁੱਖ ਵਿੱਚ ਝਾਕਦਿਆਂ ਆਸਵੰਦ ਹੋ ਕੇ ਅੱਗੇ ਵਧਦੀਆਂ ਹਨ। ਕਲਾ, ਸਮਾਜ ਦਾ ਮੂੰਹ-ਮੱਥਾ ਸਵਾਰਨ ਵਾਲੀ ਪਵਿੱਤਰ ਭਾਵਨਾ ਵੀ ਹੁੰਦੀ ਹੈ ਜਿਸ ਨਾਲ ਸਮਾਜ ਅੰਦਰ ਸਿਹਤਮੰਦ ਪ੍ਰਵਿਰਤੀਆਂ ਨੂੰ ਵੱਡਾ ਹੁਲਾਰਾ ਮਿਲਦਾ ਹੈ, ਜਿਸ ਰਾਹੀਂ ਸਿਰਜੇ ਗਏ ਵਿਰਸੇ ਉੱਤੇ ਆਉਣ ਵਾਲੀਆਂ ਪੀੜ੍ਹੀਆਂ ਸਦਾ ਹੀ ਮਾਣ ਕਰਦੀਆਂ ਹਨ। ਲੋਕ ਪੱਖੀ ਕਲਾ ਨੇ ਵਰਤਮਾਨ ਰਾਹੀਂ ਭਵਿੱਖ ਨੂੰ ਰੌਸ਼ਨ ਕਰਨਾ ਹੁੰਦਾ ਹੈ।
        ਮਨੁੱਖ ਸੋਚਵਾਨ ਹੋਣ ਕਰਕੇ ਆਪਣੇ ਆਲੇ-ਦੁਆਲੇ ਤੋਂ ਪ੍ਰਭਾਵਿਤ ਹੁੰਦਾ ਹੈ। ਇਸ ਪ੍ਰਭਾਵਿਤ ਹੋ ਜਾਣ ਵਾਲੀ ਪ੍ਰਵਿਰਤੀ ਦਾ ਜ਼ਿੰਦਗੀ ਨਾਲ ਡੂੰਘਾ ਸਬੰਧ ਹੁੰਦਾ ਹੈ। ਇਥੋਂ ਹੀ ਜ਼ਿੰਦਗੀ ਦੀ ਤੋਰ ਨੇ ਅਗਲੇ ਰਾਹ ਫੜਨੇ ਹੁੰਦੇ ਹਨ। ਜੇ ਰਾਹ ਸਹੀ ਫੜਿਆ ਗਿਆ ਤਾਂ ਮਨੁੱਖੀ ਮਨ ਚੜ੍ਹਦੀ ਕਲਾ ਵਿਚ ਰਹਿੰਦਾ ਹੋਇਆ ਉਸਾਰੂ ਸੋਚ ਦੇ ਆਸਰੇ ਅੱਗੇ ਵਧਦਾ ਹੈ।  ਅੱਗੇ ਵਧਣ ਤੋਂ ਪਹਿਲਾਂ ਰਾਹ ਦੇ ਰੋੜੇ ਚੁਗਣੇ ਪੈਂਦੇ ਹਨ। ਤਿੱਖੀਆਂ ਸੂਲ਼ਾਂ ਵਲੋਂ ਦਿੱਤੇ ਜ਼ਖ਼ਮਾਂ ਕਰਕੇ ਆਪਣੇ-ਬੇਗਾਨਿਆਂ ਸਭ ਦੀ ਪੀੜ ਹੰਢਾਉਣੀ ਪੈਂਦੀ ਹੈ ਸਾਂਝ ਭਰੇ ਅਮਲਾਂ ਰਾਹੀਂ ਮਰਹੱਮ-ਪੱਟੀ ਦਾ ਜੁਗਾੜ ਕਰਨਾ ਪੈਂਦਾ ਹੈ। ਜਾਣੇ-ਅਣਜਾਣੇ ਕੁਰਾਹੇ ਪੈ ਜਾਣ ਨਾਲ ਠੋਕ੍ਹਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਰਾਹੇ ਪੈਣ ਨਾਲ ਬਹੁਤ ਸਾਰਾ ਕੀਮਤੀ ਸਮਾਂ ਬਰਬਾਦ ਹੀ ਨਹੀਂ ਹੁੰਦਾ ਸਗੋਂਂ ਕਈ ਵਾਰ ਤਾਂ ਸਮਾਂ ਅਣਵਰਤਿਆ ਹੀ ਰਹਿ ਜਾਂਦਾ ਹੈ। ਸਮੇਂ ਦੀ ਪ੍ਰਵਾਹ ਨਾ ਕਰਨ ਵਾਲਿਆਂ ਦੀ ਸਮਾਂ ਵੀ ਕਦਰ ਨਹੀਂ ਕਰਦਾ, ਇਹ ਸਚਾਈ ਹੈ।
          ਕੋਈ ਵੀ ਇਨਸਾਨ ਜਨਮ ਤੋਂ ਉਹੋ ਜਿਹਾ ਨਹੀਂ ਹੁੰਦਾ ਜਿਵੇਂ ਇੱਥੇ ਵਿਚਰਦਾ ਹੈ। ਹਰ ਵਿਅਕਤੀ ਨੂੰ ਸਮਾਜ ਪ੍ਰਭਾਵਿਤ ਕਰਦਾ ਹੈ। ਇਸ ਕਰਕੇ (ਸੋਝੀ ਦੀ ਘਾਟ ਕਰਕੇ) ਹੀ ਬਹੁਤ ਸਾਰੇ ਲੋਕ ਸਮਾਜ ਅੰਦਰ ਆਪੇ ਸਿਰਜੀ ਫੋਕੀ ਇੱਜਤ-ਮਾਣ ਅਤੇ ਸਸਤੀ ਸ਼ੋਹਰਤ ਵਾਲੀ ਭੇਡ ਚਾਲ ਦੇ ਸ਼ਿਕਾਰ ਹੋ ਜਾਂਦੇ ਹਨ। ਇਹ ਹੀ ਸਮਾਜ ਨੂੰ ਨੀਵਾਣਾ ਵਲ ਲੈ ਜਾਣ ਵਾਲਾ ਰਾਹ ਹੁੰਦਾ ਹੈ। ਉਹ ਤਾਂ ਨਿਵੇਕਲੀਆਂ ਪ੍ਰਤਿਭਾਵਾਂ ਹੀ ਹੁੰਦੀਆਂ ਹਨ ਜੋ ਸਮਾਜ ਦੇ ਠਹਿਰੇ/ਖੜ੍ਹੇ ਪਾਣੀਆਂ, ਬੋਦੀ ਹੋ ਗਈ ਸੋਚ ਅੰਦਰ ਹਲਚਲ ਪੈਦਾ ਕਰਕੇ ਉਸਨੂੰ ਪ੍ਰਭਾਵਿਤ ਕਰਦਿਆਂ ਉਸ ਲਈ ਪ੍ਰੇਰਨਾ ਸ਼ਕਤੀ ਬਣਕੇ ਸਭ ਕਾਸੇ ਨੂੰ ਚੰਗੇ ਪਾਸੇ ਤੋਰਨ ਦਾ ਯਤਨ ਕਰਦੀਆਂ/ਕਰਨ ਦਾ ਸਬੱਬ ਬਣਦੀਆਂ ਹਨ। ਕਿਉਂਕਿ ਬੀਮਾਰ ਹੋ ਗਏ ਸਮਾਜ ਅਤੇ ਸੋਚ ਨੂੰ ਸਿਹਤਯਾਬ ਕਰਨ ਵਾਸਤੇ ਤਕੜੇ ਜੇਰੇ, ਜੁੱਸੇ ਦੀ ਅਤੇ ਸੱਚ ਦੇ ਲੜ ਲੱਗ ਸਹੀ ਸੇਧ ਨਾਲ, ਸਹੀ ਦਿਸ਼ਾ ਵਲ ਵਧਣ ਵਾਸਤੇ ਸ਼ਕਤੀਸ਼ਾਲੀ ਲੋਕ ਲਹਿਰਾਂ ਦੀ ਲੋੜ ਪੈਂਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਇਸ ਤਰਾਂ ਦੇ ਕਾਫੀ ਕੁਝ ਕਰਨ ਦੀ ਲੋੜ/ਸਾਰ ਤਾਂ ਮਹਿਸੂਸ ਹੁੰਦੀ ਹੈ, ਉਹ ਕੁੱਝ ਕੀਤਾ ਵੀ ਚਾਹੁੰਦੇ ਹਨ, ਪਰ ਕਿਸੇ ਵੀ ਪਾਸਿਉਂ ਕੋਈ ਸੇਧ /ਸੂਝ ਨਾ ਮਿਲਣ ਕਰਕੇ ਕੁਝ ਕਰ ਨਹੀਂ ਸਕਦੇ ਜਾਂ ਫੇਰ ਕੁਝ ਕਰਨੋ ਵਾਂਝੇ ਰਹਿ ਜਾਂਦੇ ਹਨ।
      ਲੋਕਾਂ ਦੀ ਜ਼ਿੰਦਗੀ ਦੇ ਯਥਾਰਥ ਨਾਲੋ ਟੁੱਟੀ ਕਲਾ ਐਵੇਂ ਹੀ ਕੰਧਾਂ ਨਾਲ ਕੁਵੇਲੇ ਟੱਕਰਾਂ ਮਾਰਨ ਦੇ ਬਰਾਬਰ ਹੁੰਦੀ ਹੈ। ਨਿੱਘਰਦੇ ਸਮਾਜ ਅੰਦਰ ਉਨ੍ਹਾਂ ਸਵਾਲਾਂ ਜੋ ਆਮ ਆਦਮੀ ਦੇ ਜੀਵਨ ਨੂੰ ਔਖਿਆਂ ਕਰਦੇ (ਜਾਂ ਔਖਿਆਂ ਕਰਨ ਦਾ ਸਬੱਬ ਬਣਦੇ) ਹਨ ਨਾਲ ਦੋ ਚਾਰ ਹੋਣਾ ਹੀ ਕਲਾ ਦਾ ਕਰਮ ਹੈ, ਤਾਂ ਕਿ ਹਨੇਰੇ ਵਲ ਵਧ ਰਹੀ ਜਿੰਦ ਉਧਰੋਂ ਮੁੱਖ ਮੋੜ ਰੌਸ਼ਨੀ ਵਲ ਮੂੰਹ ਕਰਕੇ ਜੀਊਣਾਂ ਸਿੱਖੇ। ਕਲਾ ਦਾ ਕਰਮ ਕੀਰਨੇ ਪਾਉਣੇ, ਰਊਂ-ਰਊਂ ਕਰਨਾ ਅਤੇ ਅੱਗੇ ਖੜੇ ਸਵਾਲਾਂ ਕੋਲ਼ੋਂ ਪਾਸਾ ਵੱਟਕੇ ਲੰਘ ਜਾਣਾ ਨਹੀ ਹੁੰਦਾ, ਜੇ ਕੋਈ ਇੰਝ ਕਰਦਾ ਹੈ ਤਾਂ ਉਹ ਸ਼ਾਇਦ ਆਪ ਤਾਂ ਸੌਖਾ ਰਹੇਗਾ ਪਰ ਕਲਾ ਦਾ ਦਾਅਵੇਦਾਰ ਹੋਣ ਦਾ ਆਪਣਾ ਹੱਕ ਗੁਆ ਬੈਠੇਗਾ। ਉਂਝ ਵੀ ਕਾਰਜ ਰਹਿਤ ਕਲਾ ਆਪਣੇ ਸੁੱਚੇ ਸੁਪਨਿਆਂ ਦੇ ਪੈਰੀਂ ਗਰਜਾਂ ਦੀ ਪੂਰਤੀ ਵਾਲੇ ਘੁੰਗਰੂ ਬੰਨ੍ਹ ਕੇ ਸ਼ੈਤਾਨ ਦੀ ਸੇਵਾ ਕਰਨ ਤੋਂ ਵੱਧ ਕੁਝ ਨਹੀਂ ਹੁੰਦੀ। ਜਾਗਦੇ ਸਿਰਾਂ ਵਾਲੇ ਲੋਕ ਹੀ ਸਾਂਝਾ ਭਰੇ ਕਿਰਤ ਦੇ ਸੱਭਿਆਚਾਰ ਦੇ ਰਾਖੇ ਹੁੰਦੇ ਹਨ। ਸਮਾਜ ਨੁੰ ਜਗਾਉਣ ਦਾ ਹੋਕਾ ਦੇਣ ਵਾਲੇ, ਸਰਬੱਤ ਦੇ ਭਲੇ ਦੀ ਸੋਚ ਲੜ ਬੰਨ੍ਹ ਕੇ ਮੈਦਾਨੇ ਨਿਤਰਨ ਵਾਲੇ ਇਹ ਜਾਗ੍ਰਤਿ ਲੋਕ ਹੀ ਸਾਡੇ ਰਾਹ ਦਸੇਰਾ ਹੁੰਦੇ ਹਨ।  ਸ਼ੈਤਾਨ ਕਦੇ ਵੀ ਜ਼ਿੰਦਗੀ ਦਾ ਹੀਰੋ ਨਹੀਂ ਹੋ ਸਕਦਾ। ਇਸ ਕਰਕੇ ਸ਼ੈਤਾਨੀ ਭਰੀ ਇਸ ਮ੍ਰਿਗ-ਤ੍ਰਿਸ਼ਨਾ ਤੋ ਬਚਣਾ ਬਹੁਤ ਹੀ ਜ਼ਰੂਰੀ ਹੈ। ਕਲਾ ਨਿਰਾ ਦਿਲ ਪ੍ਰਚਾਵਾ ਹੀ ਨਹੀਂ ਹੁੰਦੀ ਉਸ ਵਿਚ ਲੋਕਾਈ ਨੂੰ ਆਪਣਾ ਹੀਵਨ ਸਵਾਰਨ ਵਾਸਤੇ ਸੁਨੇਹਾ ਵੀ ਹੁੰਦਾ ਹੈ। ਕਲਾ, ਲੋਕਾਂ ਦੇ ਸੁਪਨਿਆਂ ਅਤੇ ਜ਼ਮੀਰ ਨੂੰ ਜਗਾਉਣ ਦਾ ਕਾਰਜ ਵੀ ਕਰਦੀ ਹੈ।
          ਜਿਹੜੇ ਆਪਣੀ ਜ਼ਿਹਨੀ ਅੱਯਾਸ਼ੀ ਦੀ ਪੂਰਤੀ ਖਾਤਰ ਕਲਾ ਦੇ ਪੈਰੀਂ ਘੁੰਗਰੂ ਪਾ ਕੇ, ਧਾੜਵੀਆਂ, ਲੁਟੇਰਿਆਂ ਅਤੇ ਲੁਟੇਰੀਆਂ ਜਮਾਤਾਂ ਦੀ ਚਾਕਰੀ ਕਰਕੇ ਰੋਅਬਦਾਰ ਜ਼ਿੰਦਗੀ ਜੀਊਣ ਵਾਸਤੇ ਚਾਰ ਦਮੜੇ ਇਕੱਠੇ ਕੀਤੇ ਚਾਹੁੰਦੇ ਹਨ, ਅਜਿਹੇ ਜੀਊੜਿਆਂ ਅਤੇ ਉਨ੍ਹਾ ਦੀ ਮੌਕਪ੍ਰਸਤ ਕਲਾ ਨੂੰ ਸਮਾਜ ਵਿਚ ਨੰਗਿਆਂ ਕਰਨਾ ਬਹੁਤ ਜਰੂਰੀ ਹੈ। ਸਮਾਜ ਵਿਚ ਦੋ ਹੀ ਜਮਾਤਾਂ ਹਨ, ਲੁੱਟਣ ਵਾਲੀਆਂ ਅਤੇ ਲੁੱਟੀਆਂ ਜਾਣ ਵਾਲੀਆਂ। ਕਲਾ ਦੇ ਖੇਤਰ ਵਿਚ ਕੰਮ ਕਰਨ ਵਾਲਿਆਂ ਨੂੰ ਪਹਿਲਾਂ ਫੈਸਲਾ ਇਹ ਕਰਨਾ ਪਵੇਗਾ ਕਿ ਉਹ ਲੋਕ ਪੱਖੀ ਹਨ ਕਿ ਜੋਕ (ਲੁੱਟ) ਪੱਖੀ, ਸੇਧ ਤਾਂ ਫੇਰ ਹੀ ਨਿਰਧਾਰਤ ਹੋਵੇਗੀ। ਇਸ ਮਾਮਲੇ ਤੇ ਆਪਣੇ ਆਪ ਨੂੰ ਨਿਰਪੱਖ ਆਖਣ/ਅਖਵਾਉਣ ਵਾਲੇ ਕਮੀਨਗੀ ਦਾ ਸਿਰਾ ਹੁੰਦੇ ਹਨ। ਝੂਠ ਉੱਤੇ ਸੱਚ ਦੀ ਨਕਲੀ ਲੇਪ ਕਰਨ ਵਰਗਾ ਭਰਮ ਪਾਲਣਾ ਆਪਣੇ ਆਪ ਅਤੇ ਕਲਾ ਦੋਹਾਂ ਨਾਲ ਹੀ ਧੋਖਾ ਹੁੰਦਾ ਹੈ। ਕੋਈ ਕਲਾਕਾਰ ਇਹ ਕੁਝ ਕਰ ਹੀ ਨਹੀ ਸਕਦਾ। ਇਹ ਤਾਂ ਸਿਰਫ ਕੋਈ ਧੋਖੇਬਾਜ਼ ਹੀ ਕਰ ਸਕਦਾ ਹੈ। ਕਲਾ ਨੂੰ ਪ੍ਰਣਾਇਆਂ ਕੋਈ ਵੀ ਲੋਕ ਦਰਦੀ ਅਜਿਹਾ ਕੁਕਰਮ ਕਰਨ ਤੋ ਪਹਿਲਾਂ ਹਜ਼ਾਰ ਵਾਰ ਸੋਚੇਗਾ-ਹਜ਼ਾਰ ਵਾਰ। ਆਪਣੇ ਸਮਾਜ ਅੰਦਰ ਪਲ਼ ਰਹੀ ਪੀੜ ਨੂੰ ਸਮਝਣ ਵਾਲਾ ਹੀ ਇਸ ਦਰਦ ਦੇ ਸਫਾਏ ਦਾ ਹੋਕਾ ਦਿੰਦਾ ਹੈ। ਇਹ ਇੰਨਾ ਸੌਖਾ ਨਹੀਂ ਹੁੰਦਾ ਕਿਉਂਕਿ ਕਲਾ ਤੋਂ ਮੁਨਾਫਿਆਂ ਦੀ ਝਾਕ ਰੱਖਣ ਵਾਲੇ ਹਮੇਸ਼ਾਂ ਲੋਕ ਪੀੜਾ ਤੋਂ ਸੱਖਣੀਆਂ ਹਕੂਮਤਾਂ ਦੀ "ਗੋਦ'' ਦਾ ਆਸਰਾ ਲੈਂਦੇ ਹਨ, ਜਿਸ ਨਾਲ ਕਿਸੇ ਵੀ ਸੱਭਿਆਚਾਰ ਅੰਦਰ ਇਖਲਾਕੀ ਵਿਗਾੜ ਪੈਦਾ ਹੋ ਜਾਂਦੇ ਹਨ।
          ਕਲਾ ਦੇ ਕਾਰਜ ਖੇਤਰ ਦੀ ਗੱਲ ਕਰੀਏ ਤਾਂ ਸਾਫ ਹੈ ਕਿ ਸਮਾਜ ਅੰਦਰ ਕੋਈ ਵੀ ਮੁਸੀਬਤ ਆਵੇ ਤਾਂ ਕਲਾ ਨੂੰ ਪ੍ਰਣਾਏ ਲੋਕ ਹਰ ਤਰਾਂ ਦੇ ਬੰਨੇ-ਬਸੀਵੇਂ ਟੱਪ ਕੇ ਦੁਖੀਆਂ ਦੀ ਪੀੜ ਹਰਨ ਕਰਨ ਵਾਸਤੇ ਪਹੁੰਚਦੇ ਹਨ, ਰੋਂਦਿਆਂ ਦੇ ਹੰਝੂ ਪੂੰਝਦੇ ਹਨ। ਬੱਚਿਆਂ ਦੇ ਚਿਹਰਿਆਂ ਦੇ ਹਾਸੇ ਗੁਆਚ ਨਾ ਜਾਣ ਅਤੇ ਭਵਿੱਖ ਹਨੇਰੇ ਵਰਗਾ ਨਾ ਹੋ ਜਾਵੇ ਇਸ ਵਾਸਤੇ ਆਪਣੀ ਕਲਾ ਦੇ ਆਸਰੇ ਅਹੁੜ-ਪਹੁੜ ਕਰਦੇ ਹਨ। ਇਤਿਹਾਸ ਮਿਸਾਲਾਂ ਨਾਲ ਭਰਿਆ ਪਿਆ ਹੈ। ਕਾਫੀ ਸਮਾਂ ਪਹਿਲਾਂ ਜਦੋਂ ( ਇਹ 1941-42 ਦੀ ਗੱਲ ਹੈ) ਬੰਗਾਲ ਵਿਚ ਕਾਲ਼ ਪਿਆ ਸੀ ਉਦੋਂ ਬੰਗਾਲ ਦੇ ਕਾਲ ਪੀੜਤਾਂ ਵਾਸਤੇ ਕਲਾ ਨਾਲ ਜੁੜੇ ਲੋਕ ਦਰਦੀ ਪੰਜਾਬੀ ਕਲਾਕਾਰਾਂ ਨੇ ਇਪਟਾ ਦਾ ਝੰਡਾ ਚੁੱਕ ਕੇ ਘਰ ਘਰ ਤੱਕ ਪਹੁੰਚ ਕਰਕੇ ਆਪਣੀ ਸਮਰਥਾ ਤੋਂ ਵੀ ਵੱਧ ਜਤਨ ਜੁਟਾਏ ਸਨ ਅਤੇ ਬਣਦੀ-ਸਰਦੀ ਮੱਦਦ ਕਰਕੇ ਆਪਣੇ ਬੰਗਾਲੀ ਭੈਣ-ਭਰਾਵਾਂ ਨੂੰ ਡੋਲਣੋਂ ਬਚਾਇਆ ਸੀ। ਇਸਤੋਂ ਵੱਡੀ ਮਨੁੱਖਤਾ ਦੀ ਸੇਵਾ ਹੋਰ ਕੋਈ ਹੋ ਹੀ ਨਹੀਂ ਸਕਦੀ। ਹੋਰ ਵੀ ਬਹੁਤ ਸਾਰੇ ਮੌਕੇ ਚੇਤੇ ਕੀਤੇ ਜਾ ਸਕਦੇ ਹਨ। ਪਿਛਲੇ ਨੇੜਲੇ ਸਮੇਂ ਦੀ ਗੱਲ ਕਰਨੀ ਹੋਵੇ ਤਾਂ ਮਿਸਾਲ ਵਜੋਂ ਜਦੋਂ ਦੁਨੀਆਂ ਦੇ ਬੰਬਧਾਰੀ ਜਰਵਾਣੇ ਇਕੱਠੇ ਹੋ ਕੇ ਕੋਸੋਵੋ ਉੱਤੇ ਬੰਬਾਂ ਦੀ ਵਰਖਾ ਕਰਦੇ ਹਨ ਤਾਂ ਦੁਨੀਆਂ ਦੇ ਵੱਡੇ ਨਾਂਵਾਂ ਵਾਲੇ ਸੰਗੀਤ ਨਾਲ ਜੁੜੇ ਕਲਾਕਾਰ ਧੱਕੇਸ਼ਾਹਾਂ ਵਲੋ ਬੰਬਾਂ ਦੇ ਨਾਲ ਸਤਾਏ ਅਤੇ ਸਹਿਮੇ ਹੋਏ ਕੋਸੋਵੋ ਵਾਸੀਆਂ ਦਾ ਦੁੱਖ ਹਰਨ ਲਈ ਉੱਥੇ ਪਹੁੰਚਦੇ ਹਨ - ਆਪਣੀ ਕਲਾ ਨੂੰ ਲੋਕਾਂ ਦੇ ਗੁਆਚੇ ਹਾਸੇ ਵਾਪਸ ਲਿਆਉਣ ਲਈ ਪੇਸ਼ ਕਰਦੇ ਹਨ। ਆਪਣੀ ਕਲਾ ਨੂੰ ਬੰਬਧਾਰੀ ਜਰਵਾਣਿਆਂ ਅਤੇ ਜੰਗ ਦੇ ਖਿਲਾਫ ਪੇਸ਼ ਕਰਕੇ ਲੋਕਾਂ ਅੰਦਰ ਫੇਰ ਤੋ ਜੀਊਣ ਦਾ ਹੌਸਲਾ ਪੈਦਾ ਕਰਦੇ ਹਨ। ਇਹ ਸਾਹਸ ਤਾਂ ਉਹ ਹੀ ਕਰ ਸਕਦਾ ਹੈ ਜਿਹੜਾ ਆਪਣੇ ਆਪ ਨੂੰ ਪੀੜਤ ਲੋਕਾਈ ਦਾ ਹਮਦਰਦ ਜਾਂ ਅੰਗ ਜਾਣੇ ਅਤੇ ਉਨ੍ਹਾਂ ਦੇ ਦਰਦ/ਪੀੜ ਨੂੰ ਆਪਣੇ ਸੀਨੇ ਹੰਢਉਣ ਦਾ ਜੇਰਾ ਕਰ ਸਕਦਾ ਹੋਵੇ। ਲੋਕਾਂ ਦੇ ਦੁੱਖ ਦਰਦ, ਪੀੜ ਨੂੰ ਉਨ੍ਹਾਂ ਦਾ ਅੰਗ ਬਣਕੇ ਹੰਢਾਉਣ ਵਾਲਾ ਹੀ ਲੋਕ ਕਲਾਕਾਰ ਅਖਵਾ ਸਕਦਾ ਹੈ। ਪੀੜਤਾਂ ਵੱਲ ਬੇ-ਗਰਜ ਹੋ ਕੇ ਖੜ੍ਹੇ ਹੋਣ ਵਾਲਾ ਹੀ ਕਲਾ ਦਾ ਅਸਲੀ ਕਾਰਜ ਨਿਭਾਉਂਦਾ ਹੈ।
          ਕਲਾ ਨੂੰ ਕਈ ਰੋਜ਼ੀ-ਰੋਟੀ ਦਾ ਸਾਧਨ ਸਮਝਦੇ ਹਨ, ਪਰ ਇਸਦੀ ਪੇਸ਼ਕਾਰੀ ਉਹ ਲੋਕ ਕਲਿਆਣ ਵਾਸਤੇ ਹੀ ਕਰਦੇ ਹਨ। ਉਹ ਸਾਫ ਦਿਲ ਲੋਕ ਕਲਾਕਾਰ (ਭੰਡ-ਮਰਾਸੀ ਆਦਿ) ਸਿਰਫ ਆਪਣੀਆਂ ਗਰਜਾਂ ਦੀ ਪੂਰਤੀ ਕਰਨ ਵਾਲੇ ਉਨ੍ਹਾਂ ਅਖੌਤੀ ਬੁਧੀਜੀਵੀਆਂ / ਮਹਿੰਗੇ "ਕਲਾਕਾਰਾਂ'' ਤੋਂ ਲੱਖ ਦਰਜ਼ੇ ਚੰਗੇ ਹਨ ਜਿਹੜੇ ਮੌਕਾਪ੍ਰਸਤੀ ਵਾਲੇ ਵੰਝ ਤੇ ਚੜ੍ਹਕੇ ਆਪਣੀ ਅਕਲ ( ਤੇ ਜ਼ਮੀਰ) ਵੇਚਣ ਲੱਗਿਆਂ ਮਿੰਟ ਵੀ ਨਹੀਂ ਲਾਉਂਦੇ। ਅਸੀਂ ਪੇਡੂ ਸਮਾਜ ਵਲ ਨਿਗਾਹ ਮਾਰੀਏ ਤਾਂ ਪਤਾ ਲਗਦਾ ਹੈ ਕਿ ਭੰਡ-ਮਰਾਸੀ ਆਪਣੀ ਕਲਾ ਨਾਲ ਜਿੱਥੇ ਲੋਕ ਮਨਾਂ ਦਾ ਮਨੋਰੰਜਨ ਕਰਦੇ ਹਨ ਉਥੇ ਹੀ ਲੋਕ ਕਲਿਆਣ ਖਾਤਰ ਸਮਾਜ ਅੰਦਰ ਪਲਦੇ ਹਰ ਕਿਸਮ ਦੇ ਭੈੜਾਂ / ਕੋਝ੍ਹਾਂ ਦੇ ਖਿਲਾਫ ਲੋਕ ਹਿਤੂ ਟਿੱਪਣੀਆਂ ਵੀ ਕਰਦੇ ਹਨ। ਜਿਨ੍ਹਾਂ ਨਾਲ ਉਹ ਲੋਕ ਮਨਾਂ ਨੂੰ ਹੁੱਝਾਂ ਮਾਰਕੇ ਸੁਚੇਤ ਕਰਦੇ ਹਨ, ਕੁੱਝ ਕਰਨ ਵਾਸਤੇ ਲੋਕਾਂ ਨੂੰ ਜਗਾ ਜਾਂਦੇ ਹਨ। ਸਮਾਜ ਵਲੋਂ ਉਨ੍ਹਾਂ ਅਸਲੀ ਲੋਕ ਕਲਾਕਾਰਾਂ ਅਤੇ ਉਨ੍ਹਾਂ ਦੀ ਲੋਕ ਪੱਖੀ ਕਲਾ ਨੂੰ ਸਾਂਭਣ, ਉਨ੍ਹਾਂ ਦੀਆਂ ਕਹੀਆਂ ਗੱਲਾਂ ਨੂੰ ਸਮਝਣ ਅਤੇ ਉਨ੍ਹਾਂ ਤੋ ਸਿੱਖਣ ਦੀ ਬਹੁਤ ਲੋੜ ਹੈ।
      ਆਮ ਜਹੀ ਮਿਸਾਲ ਕਿ ਹਰ ਕੋਈ ਆਪਣੇ ਘਰ ਦੀ ਸਫਾਈ ਕਰਦਾ ਹੈ ਤਾਂ ਕਿ ਕਿਧਰੇ ਗੰਦ ਪਿਆ ਨਾ ਰਹਿ ਜਾਵੇ ਨਹੀਂ ਤਾਂ ਘਰ ਵਿੱਚੋਂ ਬਦਬੋ ਆਵੇਗੀ। ਕੀ ਕਾਰਨ ਹੈ ਕਿ ਸਮਾਜ (ਜਿਸਦੇ ਅਸੀਂ ਅੰਗ ਹਾਂ) ਵਿਚ ਇੰਨੇ ਪਏ ਗੰਦ ਦੇ ਬਾਵਜੂਦ ਸਫਾਈ ਵਲ ਸਾਡਾ ਧਿਆਨ ਹੀ ਨਹੀਂ ਜਾਂਦਾ? (ਜਾਂ ਫੇਰ ਸਾਨੂੰ ਮੁਸ਼ਕ ਤੋਂ ਮੁਸ਼ਕ ਹੀ ਨਹੀਂ ਆਉਂਦਾ?)।  ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਸਿਰੇ ਦੇ ਹਰਾਮੀਆਂ/ਬਦਮਾਸ਼ਾਂ, ਸਮਗਲਰਾਂ ਦਾ ਸਿਆਸਤ ਵਿਚ ਦਾਖਲਾ, ਵਿਕਾਊ ਸਿਆਸਤ ਦਾ ਅਪਰਾਧੀਕਰਨ, ਕੁਨਬਾ-ਪ੍ਰਵਰੀ, ਕਿਰਤ ਦੀ ਲੁੱਟ, ਸਿਆਸੀ ਮਨਸੂਬਿਆਂ ਖਾਤਰ ਧਰਮ ਦਾ ਸੋਸ਼ਣ, ਅੰਨ-ਦਾਤੇ ਨੂੰ ਮੰਗਤਾ ਬਣਾਉਂਦਾ ਜਾਂ ਖੁਦਕਸ਼ੀਆਂ ਤੱਕ ਅਪੜਾਂਉਦਾ ਸਿਸਟਮ, ਗਰੀਬ-ਗੁਰਬੇ ਉਤੇ ਹਰ ਕਿਸਮ ਦਾ (ਸਮਾਜੀ, ਆਰਥਿਕ, ਰਾਜਨੀਤਿਕ, ਸੱਭਿਆਚਾਰਕ ਆਦਿ) ਅੱਤਿਆਚਾਰ ਹੁੰਦਾ ਦੇਖ ਕੇ ਵੀ ਸਾਡਾ ਮਨ ਬਗਾਵਤ ਦੇ ਰਾਹ ਨਹੀਂ ਪੈਂਦਾ। ਕੀ ਸਮਾਜ ਵਿਚ ਪਿਆ ਇਹ ਗੰਦ ਉਪਰੋਂ ਆ ਕੇ ਕੋਈ ਫਰਿਸ਼ਤਾ ਸਾਫ ਕਰੂ? ਜਿਹੜਾ ਵੀ ਕਲਾ ਨਾਲ ਜੁੜਿਆ, ਸਮਾਜ ਅੰਦਰ ਫੈਲਰੇ ਇਸ ਘਿਨਾਉਣੇ ਗੰਦ ਨੂੰ ਸਾਫ ਕਰਨ ਵਲ ਲੋਕਾਂ ਨੂੰ ਖ਼ੁਦ ਉਨ੍ਹਾਂ ਦਾ ਅੰਗ ਬਣਕੇ ਪ੍ਰੇਰਤ ਨਹੀਂ ਕਰਦਾ ਉਹ ਖੁਦ ਵੀ ਕਲਾ ਦੇ ਨਾਂ ਤੇ ਧੱਬਾ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹੋ ਜਹੇ ਧੱਬਿਆਂ ਦਾ ਕਦੇ ਵੀ ਇਤਿਹਾਸ ਨੇ ਹਾਂਅ-ਪੱਖੀ ਮੁੱਲ ਨਹੀਂ ਪਾਇਆ, ਇਹ ਧੱਬੇ ਸਦਾ ਨਕਾਰੇ ਹੀ ਜਾਂਦੇ ਰਹੇ ਹਨ ਅਤੇ ਅੱਗੋਂ ਵੀ ਨਕਾਰੇ ਹੀ ਜਾਂਦੇ ਰਹਿਣਗੇ। ਲਿਖਣ ਵਾਲੀਆਂ ਜਿਹੜੀਆਂ ਕਲਮਾਂ (ਜਾਂ ਕਲਾ ਦੇ ਹੋਰ ਖੇਤਰਾਂ ਵਾਲੇ) ਲੋਕਾਂ ਦੀ ਪੀੜ, ਉਨ੍ਹਾਂ ਦੇ ਮੂੰਹ ਤੋਂ ਗੁਆਚੇ ਹਾਸੇ ਦਾ ਦਰਦ ਮਹਿਸੂਸ ਨਾ ਕਰਨ ਉਨ੍ਹਾਂ ਕਲਮਾਂ ਨੂੰ ਸਮਾਂ ਬਾਂਝ ਕਲਮਾਂ ਜਾਂ ਕੰਜਰ ਕਲਮਾਂ ਕੁੱਝ ਵੀ ਆਖ ਸਕਦਾ ਹੈ।
       ਜਿਸ ਕਲਾ-ਕ੍ਰਿਤੀ ਵਿਚ ਲੋਕਾਈ ਦਾ ਦਰਦ ਨਹੀਂ, ਨਿਤਾਣੇ ਦੀ ਹੂਕ-ਉਸਦੇ ਹੰਝੂਆਂ ਵਿੱਚੋਂ ਉਠਦਾ ਰੋਹ ਨਹੀਂ, ਭੁੱਖ ਨਾਲ ਵਿਲਕਦੇ ਕਿਸੇ ਮਾਸੂਮ ਬੱਚੇ ਦੀ ਸੀਨਾ ਚੀਰਵੀਂ ਆਹ ਨਹੀਂ, ਜਿਸ ਵਿਚ ਲੋਕ ਮਨਾਂ ਅੰਦਰ ਪੈਦਾ ਕੀਤੀ ਜਾ ਰਹੀ ਬੇਚਾਰਗੀ ਕਿ ਅਜਿਹਾ ਸਭ ਕਿਉਂ ਹੋ ਰਿਹਾ ਹੈ? ਵਰਗੇ ਸਵਾਲ ਪੇਸ਼ ਕਰਕੇ ਹਲਚਲ ਪੈਦਾ ਕਰਨ ਦਾ ਜਤਨ ਜਾਂ ਜੇਰਾ ਨਹੀਂ, ਉਹ ਕਲਾ ਨਹੀ - ਉਹ ਸਭ ਕੂੜਾ ਹੈ। ਕਿਉਂਕਿ ਉਸ ਵਿਚੋਂ ਇਨਸਾਨੀ ਦਰਦ ਨਾਲੀ ਫਿਤਰਤ  ਗੈਰ-ਹਾਜ਼ਰ ਹੈ। ਉਹ ਕਲਾ ਦੇ ਨਾਂ 'ਤੇ ਧੋਖਾ ਹੈ।
     ਸਿਰਫ ਮਨ ਪ੍ਰਚਾਵੇ ਖਾਤਰ-ਭੁੱਖ ਨੂੰ ਠੱਠੇ ਕਰਦੀ ਕਲਾ ਹਨੇਰੇ ਦੀਆਂ ਚੀਕਾਂ ਹੀ ਸਮਝੀਆਂ ਜਾਣੀਆਂ ਚਾਹੀਦੀਆਂ ਹਨ। ਹਰ ਕਿਸੇ ਨੂੰ ਸਮਾਜ ਦੇ ਭਲੇ ਵਾਸਤੇ ਹਨੇਰੇ ਅਤੇ ਉਸਦੀਆਂ ਹਮਾਇਤੀ ਸ਼ਕਤੀਆਂ ਨਾਲ ਜੂਝਦਿਆਂ ਸੋਚ/ਸੂਝ ਨੂੰ ਪ੍ਰਚੰਡ ਕਰਦਿਆਂ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਲਾ ਦੁਨੀਆਂ ਦਾ ਸੁਹਜ ਭਰਿਆਂ ਸੁਹੱਪਣ ਤੇ ਸਮਾਜੀ ਕੋਹਝਾਂ/ਕੋਹੜਾਂ ਦੇ ਖਿਲਾਫ ਨਰੋਏ, ਲੋਕ ਪੱਖੀ/ਲੋਕ ਮੁਖੀ ਸਮਾਜ ਦੀ ਸਥਾਪਨਾ ਵਾਸਤੇ ਲੜਨ ਵਾਲੀ ਸੱਭਿਅਕ ਸ਼ਕਤੀ ਹੈ। ਕਲਾ ਰਾਹੀਂ ਮਾਸੂਮੀਅਤ ਨੂੰ ਸਮਾਜ ਅੰਦਰ ਆਪਣੇ ਸਿਦਕ/ਸਿਰੜ ਤੇ ਮਨੁੱਖਵਾਦੀ ਸੋਚ ਦੇ ਆਸਰੇ ਸੁਹਜ ਪੈਦਾ ਕਰਨ ਵਾਲੀ ਧਿਰ ਬਣਾਇਆ ਜਾਣਾ ਚਾਹੀਦਾ ਹੈ - ਸੰਸਾਰ ਨੂੰ ਖੂਬਸੂਰਤ ਦੇਖਣ ਦਾ ਸੁਪਨਾ ਸਿਰਜ ਕੇ ਉਸਨੂੰ ਸਾਕਾਰ ਕਰਨ ਦੀ ਤਮੰਨਾ ਰੱਖਣ ਵਾਲਿਆਂ ਨੂੰ ਇਸ ਰਾਹੇ ਤੁਰਨਾ ਹੀ ਪੈਂਦਾ ਹੈ।

2019-09-22

ਕੀ 2019 ਦੀ ਚੋਣ ਮੈਂ ਵੀ ਹਾਰ ਗਿਆ ਹਾਂ - ਰਵੀਸ਼ ਕੁਮਾਰ

ਅਨੁਵਾਦ - ਕੇਹਰ ਸ਼ਰੀਫ਼

23 ਮਈ 2019 ਵਾਲੇ ਦਿਨ ਜਦੋਂ ਨਤੀਜੇ ਆ ਰਹੇ ਸਨ, ਮੇਰੇ ਵਟਸਐਪ ਉੱਤੇ ਤਿੰਨ ਤਰ੍ਹਾਂ ਦੇ ਸੁਨੇਹੇ ਆ ਰਹੇ ਸਨ। ਪਹਿਲਾਂ ਦੋ ਤਰ੍ਹਾਂ ਦੇ ਸੁਨੇਹਿਆਂ ਦੀ ਗੱਲ ਕਰਾਂਗਾ ਅਤੇ ਅਖੀਰ 'ਚ ਤੀਜੀ ਕਿਸਮ ਦੇ ਸੁਨੇਹਿਆਂ ਦੀ। ਬਹੁਤ ਸਾਰੇ ਸੁਨੇਹੇ ਅਜਿਹੇ ਸਨ ਕਿ ਅੱਜ ਦੇਖਦੇ ਹਾਂ ਕਿ ਰਵੀਸ਼ ਕੁਮਾਰ ਦੀ ਸੁੱਜੀ ਹੈ ਜਾਂ ਨਹੀਂ। ਉਸਦਾ ਚਿਹਰਾ ਮੁਰਝਾਇਆ ਹੈ ਜਾਂ ਨਹੀਂ। ਇਕ ਨੇ ਲਿਖਿਆ ਕਿ ਉਹ ਰਵੀਸ਼ ਕੁਮਾਰ ਨੂੰ ਜ਼ਲੀਲ ਹੁੰਦੇ ਦੇਖਣਾ ਚਾਹੁੰਦਾ ਹੈ। ਡੁੱਬ ਕੇ ਮਰ ਜਾਣਾ ਦੇਖਣਾ ਚਾਹੁੰਦਾ ਹੈ। ਪੰਚਰ ਬਣਾਉਂਦੇ ਹੋਏ ਦੇਖਣਾ ਚਾਹੁੰਦਾ ਹੈ। ਕਿਸੇ ਨੇ ਪੁੱਛਿਆ ਕਿ ਬਰਨੌਲ ਦੀ ਟਿਊਬ ਹੈ ਜਾ ਭਿਜਵਾ ਦੇਈਏ। ਕਿਸੇ ਨੇ ਲਿਖਿਆ ਕਿ ਆਪਣੀ ਸ਼ਕਲ ਦੀ ਤਸਵੀਰ ਭੇਜ ਦਿਉ ਅਸੀਂ ਵੀ ਦੇਖਣੀ ਚਾਹੁੰਦੇ ਹਾਂ। ਮੈਂ ਸਾਰਿਆਂ ਨੂੰ ਜਿੱਤ ਦੀਆਂ ਸ਼ੁਭਇਛਾਂਵਾਂ ਦਿੱਤੀਆਂ। ਬਲਕਿ ਸਿੱਧੇ ਪ੍ਰਸਾਰਣ (ਲਾਈਵ ਕਵਰੇਜ) ਦੇ ਦੌਰਾਨ ਇਸ ਤਰ੍ਹਾਂ ਦੇ ਸੁਨੇਹਿਆਂ ਦਾ ਜ਼ਿਕਰ ਕੀਤਾ ਅਤੇ ਆਪਣੇ ਆਪ 'ਤੇ ਹੱਸਿਆ। ਦੂਜੀ ਕਿਸਮ ਦੇ ਸੁਨੇਹਿਆਂ ਵਿਚ ਇਹ ਲਿਖਿਆ ਸੀ ਕਿ ਅੱਜ ਤੋਂ ਤੁਸੀਂ ਨੌਕਰੀ ਦੀ ਸਮੱਸਿਆ, ਕਿਸਾਨਾਂ ਦਾ ਦਰਦ ਅਤੇ ਪਾਣੀ ਦੀਆਂ ਔਕੜਾਂ ਵਿਖਾਉਣੀਆਂ ਬੰਦ ਕਰ ਦਿਉ। ਇਹ ਜਨਤਾ ਇਸ ਲਾਇਕ ਹੈ। ਬੋਲਣਾ ਬੰਦ ਕਰ ਦਿਉ। ਕੀ ਤੁਹਾਨੂੰ ਨਹੀਂ ਲਗਦਾ ਕਿ ਤੁਸੀਂ ਵੀ ਰਿਜੈਕਟ ਹੋ ਗਏ ਹੋ। ਤੁਹਾਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਤੁਹਾਡੀ ਪੱਤਰਕਾਰੀ ਮੋਦੀ ਨੂੰ ਕਿਉਂ ਨਹੀਂ ਹਰਾ ਸਕੀ। ਮੈਂ ਭਰਮ-ਭੁਲੇਖੇ ਵਿਚ ਨਹੀਂ ਜੀਊਂਦਾ। ਇਸ ਉੱਤੇ ਵੀ ਲਿਖ ਚੁੱਕਾ ਹਾਂ ਕਿ ਬੱਕਰੀ ਪਾਲ ਲਉ ਪਰ ਭਰਮ-ਭੁਲੇਖੇ ਨਾ ਪਾਲੋ।
 
     2019 ਵਾਲਾ ਲੋਕਾਂ ਦਾ ਫੈਸਲਾ ਮੇਰੇ ਖਿਲਾਫ ਕਿਵੇਂ ਆ ਗਿਆ? ਪੰਜਾਂ ਸਾਲਾਂ 'ਚ ਜੋ ਮੈਂ ਲਿਖਿਆ, ਬੋਲਿਆ ਕੀ ਉਹ ਵੀ ਦਾਉ 'ਤੇ ਲੱਗ ਗਿਆ ਸੀ ? ਜਿਨ੍ਹਾਂ ਲੱਖਾਂ ਲੋਕਾਂ ਦਾ ਦਰਦ/ਪੀੜ ਅਸੀਂ ਵਿਖਾਈ ਕੀ ਉਹ ਗਲਤ ਸੀ? ਮੈਨੂੰ ਪਤਾ ਸੀ ਕਿ  ਨੌਜਵਾਨ, ਕਿਸਾਨ ਅਤੇ ਬੈਂਕਾਂ ਵਿਚ ਗੁਲਾਮਾਂ ਵਾਂਗ ਕੰਮ ਕਰਨ ਵਾਲੇ ਲੋਕ ਭਾਜਪਾ ਦੇ ਹਮਾਇਤੀ ਹਨ। ਉਨ੍ਹਾਂ ਨੇ ਕਦੇ ਮੇਰੇ ਨਾਲ ਝੂਠ ਨਹੀਂ ਬੋਲਿਆ, ਸਾਰਿਆਂ ਨੇ ਹੀ ਪਹਿਲਾਂ ਜਾਂ ਬਾਅਦ ਵਿਚ ਇਹ ਹੀ ਦੱਸਿਆ ਕਿ ਉਹ ਨਰਿੰਦਰ ਮੋਦੀ ਦੇ ਸਮਰਥਕ ਹਨ। ਇਸ ਅਧਾਰ 'ਤੇ ਮੈਂ ਉਨ੍ਹਾਂ ਦੀ ਸਮੱਸਿਆ ਨੂੰ ਰੱਦ ਨਹੀਂ ਕੀਤਾ ਕਿ ਉਹ ਨਰਿੰਦਰ ਮੋਦੀ ਦੇ ਸਮਰਥਕ ਹਨ। ਉਨ੍ਹਾਂ ਦੀ ਸਮੱਸਿਆ ਯਥਾਰਥਕ/ਸੱਚੀ ਸੀ ਇਸ ਕਰਕੇ ਵਿਖਾਈ। ਅੱਜ ਇਕ ਵੀ ਸੰਸਦ ਮੈਂਬਰ ਨਹੀਂ ਕਹਿ ਸਕਦਾ ਕਿ ਉਸਨੇ ਪੰਜਾਹ ਹਜ਼ਾਰ ਤੋਂ ਵੱਧ ਲੋਕਾਂ ਨੂੰ ਨਿਯੁਕਤੀ ਪੱਤਰ ਦੁਆਏ ਹਨ। ਮੇਰੇ ਵਲੋਂ ਕੀਤੀ ਨੌਕਰੀ ਸੀਰੀਜ਼ ਦੇ ਸਿੱਟੇ ਵਜੋਂ ਦਿੱਲੀ ਤੋਂ ਲੈ ਕੇ ਬਿਹਾਰ ਤੱਕ ਲੋਕਾਂ ਨੂੰ ਨਿਯੁਕਤੀ ਪੱਤਰ ਮਿਲੇ ਹਨ। ਕਈ ਪ੍ਰੀਖਿਆਵਾਂ ਦੇ ਨਤੀਜੇ ਨਿਕਲੇ। ਉਨ੍ਹਾਂ ਵਿਚੋਂ ਬਹੁਤਿਆਂ ਨੇ ਨਿਯੁਕਤੀ ਪੱਤਰ ਮਿਲਣ 'ਤੇ ਮਾਫੀ ਮੰਗੀ ਕਿ ਪਹਿਲਾਂ ਉਹ ਮੈਨੂੰ ਗਾਲ੍ਹਾਂ ਦਿੰਦੇ ਸਨ। ਮੇਰੇ ਕੋਲ ਸੈਂਕੜਿਆ ਦੀ ਗਿਣਤੀ ਵਿਚ ਚਿੱਠੀਆਂ ਅਤੇ ਸੁਨੇਹਿਆਂ ਦੇ ਸਕਰੀਨ ਸ਼ਾਰਟ ਪਏ ਹਨ ਜਿਨ੍ਹਾਂ ਵਿਚ ਲੋਕਾਂ ਨੇ ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਗਾਲ੍ਹਾਂ ਦੇਣ ਲਈ ਮਾਫੀ ਮੰਗੀ ਹੈ। ਇਨ੍ਹਾਂ ਵਿਚੋਂ ਕੋਈ ਇਕ ਵੀ ਇਹ ਸਬੂਤ ਨਹੀਂ ਦੇ ਸਕਦਾ ਕਿ ਮੈਂ ਕਿਸੇ ਨੂੰ ਵੀ ਮੋਦੀ ਨੂੰ ਵੋਟ ਨਾ ਦੇਣ ਵਾਸਤੇ ਕਿਹਾ ਹੋਵੇ। ਇਹ ਜ਼ਰੂਰ ਕਿਹਾ ਕਿ ਵੋਟ ਆਪਣੀ ਮਰਜ਼ੀ ਨਾਲ ਦਿਉ ਅਤੇ ਵੋਟ ਦੇਣ ਤੋਂ ਬਾਅਦ ਨਾਗਰਿਕ ਬਣ ਜਾਣਾ।
 
       ਪੰਜਾਹ ਹਜ਼ਾਰ ਤੋਂ ਵੱਧ ਨਿਯੁਕਤੀ ਪੱਤਰਾਂ ਦੀ ਕਾਮਯਾਬੀ ਉਹ ਕਾਮਯਾਬੀ ਹੈ ਜੋ ਮੈਂ ਮੋਦੀ ਸਮਰਥਕਾਂ ਵਲੋਂ ਜ਼ਲੀਲ ਕੀਤੇ ਜਾਣ ਵਾਲੇ ਪਲ ਵਿਚ ਵੀ ਸੀਨੇ ਤੇ ਤਮਗੇ ਵਾਂਗ ਲਾਈ ਰੱਖਾਂਗਾ ਕਿਉਂਕਿ ਉਹ ਮੈਨੂੰ ਨਹੀਂ ਉਨ੍ਹਾਂ ਮੋਦੀ ਸਮਰਥਕਾਂ ਨੂੰ ਹੀ ਜ਼ਲੀਲ ਕਰਨਗੇ ਜਿਨ੍ਹਾਂ ਨੇ ਆਪਣੀ ਸਮੱਸਿਆ ਵਾਸਤੇ ਮੇਰੇ ਨਾਲ ਸੰਪਰਕ ਕੀਤਾ ਸੀ। ਨੌਕਰੀ ਸੀਰੀਜ਼ ਦਾ ਹੀ ਦਬਾਉ ਸੀ ਕਿ ਜਿਵੇਂ ਨਰਿੰਦਰ ਮੋਦੀ ਦੀ ਭਾਰੀ ਬਹੁਮੱਤ ਵਾਲੀ ਸਰਕਾਰ ਨੂੰ ਰੇਲਵੇ ਅੰਦਰ ਲੱਖਾਂ ਨੌਕਰੀਆਂ ਕੱਢਣੀਆਂ ਪਈਆਂ। ਇਹਨੂੰ ਮੁੱਦਾ ਬਣਵਾ ਦਿੱਤਾ। ਨਹੀਂ ਤਾਂ ਤੁਸੀਂ ਦੇਖ ਲਉ ਕਿ ਪੂਰੇ ਪੰਜ ਸਾਲਾਂ 'ਚ ਰੇਲਵੇ ਅੰਦਰ ਕਿੰਨੀਆਂ ਵੇਕੈਂਸੀਆਂ ਆਈਆਂ ਅਤੇ ਆਖਰੀ ਸਾਲ ਵਿਚ ਕਿੰਨੀਆਂ ਵੇਕੈਂਸੀਆਂ ਆਈਆਂ।
 
        ਕੀ ਇਸ ਦੀ ਮੰਗ ਗੋਦੀ ਮੀਡੀਆ ਕਰ ਰਿਹਾ ਸੀ ਜਾਂ ਰਵੀਸ਼ ਕੁਮਾਰ ਕਰ ਰਿਹਾ ਸੀ? ਪਰਾਈਮ ਟਾਈਮ ਵਿਚ ਮੇਰੇ ਵਲੋਂ ਇਹ ਵਿਖਾਇਆ ਗਿਆ। ਰੇਲ ਸੀਰੀਜ਼ ਦੇ ਅਧੀਨ ਸੁਤੰਤਰਤਾ ਸੈਨਾਨੀ ਐਕਸਪ੍ਰੈੱਸ ਵਰਗੀ ਰੇਲਗੱਡੀ ਨੂੰ ਕੁੱਝ ਵਕਤ ਲਈ ਠੀਕ ਸਮੇਂ 'ਤੇ ਚਲਵਾ ਦੇਣਾ ਕੀ ਮੋਦੀ ਦਾ ਵਿਰੋਧ ਸੀ? ਕੀ ਬਿਹਾਰ ਦੇ ਕਾਲਜਾਂ ਵਿਚ ਤਿੰਨ ਸਾਲ ਦੇ ਸਮੇਂ ਅੰਦਰ ਹੋਣ ਵਾਲੀ ਬੀ. ਏ ਵਿਚ ਪੰਜ ਸਾਲ ਤੋਂ ਫਸੇ ਨੌਜਵਾਨਾਂ ਦੀ ਗੱਲ ਕਰਨੀ ਮੋਦੀ ਦਾ ਵਿਰੋਧ ਸੀ?
 
       ਇਨ੍ਹਾਂ ਪੰਜ ਸਾਲਾਂ ਵਿਚ ਕਰੋੜਾਂ ਲੋਕਾਂ ਨੇ ਮੈਨੂੰ ਪੜ੍ਹਿਆ। ਹਜ਼ਾਰਾਂ ਦੀ ਗਿਣਤੀ ਵਿਚ ਆ ਕੇ ਮੈਨੂੰ ਸੁਣਿਆਂ। ਟੈਲੀਵੀਜ਼ਨ 'ਤੇ ਦੇਖਿਆ। ਬਾਹਰ ਮਿਲਿਆ ਤਾਂ ਗਲਵੱਕੜੀਆਂ ਪਾਈਆਂ, ਪਿਆਰ ਦਿੱਤਾ। ਉਨ੍ਹਾਂ ਵਿਚ ਨਰਿੰਦਰ ਮੋਦੀ ਦੇ ਸਮਰਥਕ ਵੀ ਸਨ। ਸੰਘ ਦੇ ਲੋਕ ਵੀ ਸਨ ਤੇ ਵਿਰੋਧੀ ਧਿਰ ਦੇ ਵੀ। ਬੀ ਜੇ ਪੀ ਦੇ ਲੋਕ ਵੀ ਸਨ ਪਰ ਉਹ ਚੁੱਪਚਾਪ ਵਧਾਈ ਦਿੰਦੇ ਸਨ। ਮੈਂ ਇਕ ਚੀਜ਼ ਸਮਝੀ ਕਿ ਮੋਦੀ ਦਾ ਸਮਰਥਕ ਹੋਵੇ ਜਾਂ ਵਿਰੋਧੀ ਉਹ ਗੋਦੀ ਮੀਡੀਆ ਅਤੇ ਪੱਤਰਕਾਰੀ ਵਿਚ ਫਰਕ ਕਰਦਾ ਹੈ। ਕਿਉਂਕਿ ਗੋਦੀ ਮੀਡੀਆ ਵਾਲੇ ਐਂਕਰ ਮੋਦੀ ਦੀ ਲੋਕਾਂ ਵਿਚ ਬਣੀ ਭੱਲ ਦੀ ਆੜ ਦੇ ਓਹਲੇ ਮੇਰੇ ਉੱਤੇ ਹਮਲਾ ਕਰਦੇ ਹਨ ਇਸ ਕਰਕੇ ਮੋਦੀ ਦੇ ਸਮਰਥਕ ਚੁੱਪ ਹੋ ਜਾਂਦੇ ਹਨ। ਭਾਰਤ ਵਰਗੇ ਦੇਸ਼ ਵਿਚ ਈਮਾਨਦਾਰ ਅਤੇ ਨੈਤਿਕ ਹੋਣ ਵਾਲਾ ਸਮਾਜਿਕ ਅਤੇ ਸੰਸਥਾਗਤ ਢਾਂਚਾ ਨਹੀਂ ਹੈ। ਇੱਥੇ ਈਮਾਨਦਾਰ ਹੋਣ ਦੀ ਲੜਾਈ ਇਕੱਲਿਆਂ ਹੀ ਲੜਨੀ ਪੈਂਦੀ ਹੈ ਅਤੇ ਹਾਰਨ ਵਾਲੀ ਹੁੰਦੀ ਹੈ। ਲੋਕ ਟਿੱਚਰਾਂ ਕਰਦੇ ਹਨ ਕਿ ਕਿੱਥੇ ਗਿਆ ਸੱਚ-ਪੁੱਤਰ ਰਵੀਸ਼ ਕੁਮਾਰ। ਕਿੱਥੇ ਗਿਆ ਪੱਤਰਕਾਰੀ ਦੀ ਗੱਲ ਕਰਨ ਵਾਲਾ ਰਵੀਸ਼ ਕੁਮਾਰ। ਮੇਰੇ ਵਿਚ ਘਾਟਾਂ ਹਨ। ਮੈਂ ਆਦਰਸ਼ ਨਹੀਂ ਹਾਂ। ਕਦੇ ਦਾਅਵਾ ਨਹੀਂ ਕੀਤਾ, ਪਰ ਜਦੋਂ ਤੁਸੀਂ ਇਹ ਕਹਿੰਦੇ ਹੋ ਤਾਂ ਤੁਸੀਂ ਪੱਤਰਕਾਰੀ ਦੀਆਂ ਉਨ੍ਹਾਂ ਹੀ ਕਦਰਾਂ-ਕੀਮਤਾਂ ਨੂੰ ਦੁਹਰਾ ਰਹੇ ਹੁੰਦੇ ਹੋ ਜਿਹੜੀ ਗੱਲ ਮੈਂ ਕਹਿੰਦਾ ਹਾਂ ਜਾਂ ਮੇਰੇ ਵਰਗੇ ਕਈ ਪੱਤਰਕਾਰ ਕਹਿੰਦੇ ਹਨ।
 
      ਮੈਨੂੰ ਪਤਾ ਸੀ ਕਿ ਮੈਂ ਆਪਣੇ ਪੇਸ਼ੇ ਅੰਦਰ ਹਾਰਨ ਵਾਲੀ ਲੜਾਈ ਲੜ ਰਿਹਾ ਹਾਂ । ਇੰਨੀ ਵੱਡੀ ਸੱਤਾ ਅਤੇ ਕਾਰਪੋਰੇਟ ਦੀ ਭਾਰੀ ਪੂੰਜੀ ਦੇ ਖਿਲਾਫ ਲੜਨ ਦੀ ਤਾਕਤ ਤਾਂ ਸਿਰਫ ਗਾਂਧੀ ਵਿਚ ਸੀ। ਪਰ ਜਦੋਂ ਲੱਗਿਆ ਕਿ ਮੇਰੇ ਵਰਗੇ ਕਈ ਪੱਤਰਕਾਰ ਆਜ਼ਾਦ ਰੂਪ ਵਿਚ ਘੱਟ ਆਮਦਨੀ ਉੱਤੇ ਪੱਤਰਕਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਦੋਂ ਲੱਗਾ ਕਿ ਮੈਨੂੰ ਕੁੱਝ ਜ਼ਿਆਦਾ ਕਰਨਾ ਚਾਹੀਦਾ ਹੈ। ਮੈਂ ਹਿੰਦੀ ਦੇ ਪਾਠਕਾਂ ਵਾਸਤੇ ਹਰ ਸਵੇਰ ਅੰਗਰੇਜ਼ੀ ਤੋਂ ਅਨੁਵਾਦ ਕਰਕੇ ਮੋਦੀ ਦੇ ਵਿਰੋਧ ਕਰਨ ਲਈ ਨਹੀਂ ਲਿਖਿਆ ਸੀ ਸਗੋਂ ਇਸ ਖੁਸ਼ਫਹਿਮੀ ਵਿਚ ਲਿਖਿਆ ਸੀ ਕਿ ਹਿੰਦੀ ਦਾ ਪਾਠਕ ਸਮਰੱਥ ਹੋਵੇ। ਇਸ ਵਾਸਤੇ ਬਹੁਤ ਘੰਟਿਆਂ ਦਾ ਸਮਾਂ ਲਾਇਆ। ਮੈਨੂੰ ਬਿਲਕੁੱਲ ਪਤਾ ਸੀ ਕਿ ਇਹ ਸਾਰਾ ਕੁੱਝ ਲੰਬੇ ਸਮੇਂ ਤੱਕ ਮੈਂ ਇਕੱਲਾ ਨਹੀਂ ਕਰ ਸਕਦਾ। ਮੋਦੀ ਵਿਰੋਧ ਦਾ ਜਨੂੰਨ ਨਹੀਂ ਸੀ। ਆਪਣੇ ਪੇਸ਼ੇ ਨਾਲ ਬਹੁਤਾ ਹੀ ਪ੍ਰੇਮ ਸੀ ਇਸ ਕਰਕੇ ਦਾਅ 'ਤੇ ਲਾ ਦਿੱਤਾ। ਆਪਣੇ ਪੇਸ਼ੇ 'ਤੇ ਸਵਾਲ ਖੜ੍ਹੇ ਕਰਨ ਦਾ ਖਤਰਾ ਸੀ ਆਪਣੇ ਵਾਸਤੇ ਰੋਜ਼ਗਾਰ ਦਾ ਮੌਕਾ ਗੁਆ ਦੇਣਾ। ਫੇਰ ਵੀ ਜੀਵਨ ਵਿਚ ਕੁੱਝ ਸਮੇਂ ਵਾਸਤੇ ਇਹ ਕੁੱਝ ਕਰਕੇ ਦੇਖ ਲਿਆ। ਇਸ ਦਾ ਆਪਣੀ ਕਿਸਮ ਦਾ ਤਣਾਉ ਹੁੰਦਾ ਹੈ, ਖਤਰਾ ਹੁੰਦਾ ਹੈ ਪਰ ਜੋ ਸਿੱਖਦਾ ਹੈ ਉਹ ਦੁਰਲਭ ਹੈ। ਮੁੱਲ ਵੱਟ ਕੇ ਭਾੜੇ ਦੇ ਸਵਾਲ ਪੁੱਛ ਕੇ ਮੈਂ ਮੋਦੀ ਸਮਰਥਕਾਂ ਵਿਚ ਛੁਪ ਸਕਦਾ ਹਾਂ ਪਰੰਤੂ ਆਪਣੇ ਪਾਠਕਾਂ ਦੇ ਸਾਹਮਣੇ ਨਹੀਂ ਆ ਸਕਦਾ।
 
      ਮੈਂ ਹਰ ਹਾਲਤ ਵਿਚ ਤੁਹਾਡੇ ਸਾਹਮਣੇ ਆ ਕੇ ਫਿਰਕਾਪ੍ਰਸਤੀ ਦੇ ਖਿਲਾਫ ਬੋਲਿਆ। ਅੱਜ ਵੀ ਬੋਲਾਂਗਾ। ਤੁਹਾਡੇ ਅੰਦਰ ਧਾਰਮਕ ਅਤੇ ਜਾਤ-ਪਾਤੀ ਪਹਿਲਾਂ ਤੋਂ ਬਣਾਈਆਂ ਹੋਈਆ ਧਾਰਨਾਵਾਂ ਬੈਠੀਆਂ ਹਨ। ਤੁਸੀਂ ਮਸ਼ੀਨ ਬਣਦੇ ਜਾ ਰਹੇ ਹੋ। ਮੈਂ ਫੇਰ ਤੋਂ ਕਹਿੰਦਾ ਹਾਂ ਕਿ ਪੱਕ ਗਈਆਂ ਧਾਰਮਿਕ ਅਤੇ ਜਾਤ-ਪਾਤੀ ਧਾਰਨਾਵਾਂ ਨਾਲ ਬੱਝੀ ਫਿਰਕਾਪ੍ਰਸਤੀ ਇਕ ਦਿਨ ਤੁਹਾਨੂੰ ਮਨੁੱਖੀ ਬੰਬ ਵਿਚ ਬਦਲ ਦੇਵੇਗੀ। ਸਟੂਡੀਉ ਵਿਚ ਨੱਚਦੇ ਐਂਕਰਾਂ ਨੂੰ ਦੇਖ ਕੇ ਤੁਹਾਨੂੰ ਵੀ ਲਗਦਾ ਹੋਵੇਗਾ ਕਿ ਇਹ ਤਾਂ ਪੱਤਰਕਾਰੀ ਨਹੀਂ ਹੈ। ਬੈਂਕਾਂ ਵਿਚ ਗੁਲਾਮਾਂ ਵਾਂਗ ਕੰਮ ਕਰਨ ਵਾਲੀਆਂ ਸੈਂਕੜਿਆਂ ਦੀ ਗਿਣਤੀ ਵਿਚ ਔਰਤ ਅਫਸਰਾਂ (ਗਰਭਵਤੀ-ਅਨੁ:) ਨੇ ਆਪਣੇ ਗਰਭ ਡਿਗ ਪੈਣ ਤੋਂ ਲੈ ਕੇ ਸ਼ੌਚਾਲਿਆ (ਟੱਟੀਖਾਨੇ) ਦਾ ਭੈਅ ਵਿਖਾ ਕੇ ਕੰਮ ਕਰਵਾਉਣ ਦੇ ਖ਼ਤ ਕੀ ਮੈਥੋਂ ਮੋਦੀ ਦਾ ਵਿਰੋਧ ਕਰਵਾਉਣ ਲਈ ਲਿਖੇ ਸਨ ? ਉਨ੍ਹਾਂ ਦੇ ਖ਼ਤ ਅੱਜ ਵੀ ਮੇਰੇ ਕੋਲ ਪਏ ਹਨ। ਮੈਂ ਉਨ੍ਹਾਂ ਦੀ ਸਮੱਸਿਆ ਲਈ ਆਵਾਜ਼ ਉਠਾਈ ਅਤੇ ਬੈਂਕਾਂ ਦੀਆਂ ਕਈ ਸ਼ਾਖਾਵਾਂ ਅੰਦਰ ਔਰਤਾਂ ਵਾਸਤੇ ਅਲੱਗ ਤੋਂ (ਸ਼ੌਚਾਲੇ) ਟੱਟੀਆਂ ਬਣੀਆਂ। ਮੈਂ ਮੋਦੀ ਦਾ ਏਜੰਡਾ ਨਹੀਂ ਚਲਾਇਆ। ਉਹ ਮੇਰਾ ਕੰਮ ਨਹੀਂ ਸੀ। ਜੇ ਤੁਸੀਂ ਮੇਥੋਂ ਇਹ ਹੀ ਉਮੀਦ ਕਰਦੇ ਤਾਂ ਵੀ ਇਹ ਹੀ  ਕਹਾਂਗਾ ਕਿ ਇਕ ਵਾਰ ਨਹੀਂ ਸੌ ਵਾਰ ਸੋਚ ਲਵੋ।
 
      ਪੱਤਰਕਾਰੀ ਦੇ ਅੰਦਰ ਵੀ ਜਰੂਰ ਅਤੀਤ ਦੇ ਗੁਨਾਹਾਂ ਦੀਆਂ ਯਾਦਾਂ ਹਨ, ਜਿਨ੍ਹਾਂ ਨੂੰ ਮੋਦੀ ਵਕਤ-ਬੇਵਕਤ ਪ੍ਰਚਾਰਦੇ ਰਹਿੰਦੇ ਹਨ। ਪਰੰਤੂ ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਸਮੇਂ ਦੀ ਪੱਤਰਕਾਰੀ ਦਾ ਮਾਡਲ ਵੀ ਅਤੀਤ ਦੇ ਗੁਨਾਹਾਂ 'ਤੇ ਹੀ ਅਧਾਰਤ ਹੈ। ਮੈਂ ਨਹੀਂ ਮੰਨਦਾ ਕਿ ਪੱਤਰਕਾਰੀ ਹਾਰੀ ਹੈ। ਪੱਤਰਕਾਰੀ ਖਤਮ ਹੋ ਜਾਵੇਗੀ ਇਹ ਵੱਖਰੀ ਗੱਲ ਹੈ। ਜਦੋਂ ਪੱਤਰਕਾਰੀ ਬਚੀ ਹੀ ਨਹੀਂ ਹੈ ਤਾਂ ਤੁਸੀਂ ਪੱਤਰਕਾਰੀ ਵਾਸਤੇ ਮੇਰੇ ਵੱਲ ਹੀ ਕਿਉਂ ਦੇਖ ਰਹੇ ਹੋ। ਕੀ ਤੁਸੀਂ ਸੰਪੂਰਨ ਖਾਤਮੇ ਦਾ ਸੰਕਲਪ ਲਿਆ ਹੈ। ਜਦੋਂ ਮੈਂ ਆਪਣੀ ਗੱਲ ਕਰਦਾ ਹਾਂ ਤਾਂ ਉਸ ਵਿਚ ਉਨ੍ਹਾਂ ਸਾਰੇ ਪੱਤਰਕਾਰਾਂ ਦੀਆਂ ਵੀ ਗੱਲਾਂ ਹਨ ਜੋ ਸੰਘਰਸ਼ ਕਰ ਰਹੇ ਹਨ। ਇਹ ਸੱਚ ਹੈ ਕਿ ਪੱਤਰਕਾਰੀ ਦੇ ਸੰਸਥਾਨਾਂ ਵਿਚ ਜੁੜ ਬੈਠੇ ਅਨੈਤਿਕ ਤੱਤਾਂ ਦੇ ਕਾਰਨ ਪੱਤਰਕਾਰੀ ਸਮਾਪਤ ਹੋ ਚੁੱਕੀ ਹੈ। ਉਸਦਾ ਬਚਾਅ ਇਕ ਵਿਅਕਤੀ ਨਹੀਂ ਕਰ ਸਕਦਾ। ਅਜਿਹੇ ਸਮੇਂ ਸਾਡੇ ਵਰਗੇ ਲੋਕ ਕੀ ਕਰ ਲੈਣਗੇ। ਫੇਰ ਵੀ ਅਜਿਹੇ ਕਾਰਜ ਨੂੰ ਸਿਰਫ ਮੋਦੀ ਵਿਰੋਧ ਦੀਆਂ ਐਨਕਾਂ ਵਿਚੋਂ ਦੇਖਣਾ ਠੀਕ ਨਹੀਂ ਹੋਵੇਗਾ। ਇਹ ਆਪਣੇ ਪੇਸ਼ੇ ਦੇ ਅੰਦਰ ਆਏ ਨਿਘਾਰ ਦਾ ਵਿਰੋਧ ਵੱਧ ਹੈ। ਇਹ ਗੱਲ ਮੋਦੀ ਸਮਰਥਕਾਂ ਨੂੰ ਇਸ ਦੌਰ ਵਿਚ ਸਮਝਣੀ ਹੋਵੇਗੀ। ਮੋਦੀ ਦੀ ਹਮਾਇਤ ਵੱਖਰੀ ਗੱਲ ਹੈ। ਚੰਗੀ ਪੱਤਰਕਾਰੀ ਦਾ ਸਮਰਥਨ ਅਲੱਗ ਹੈ। ਮੋਦੀ ਦੇ ਸਮਰਥਕਾਂ ਨੂੰ ਵੀ ਅਪੀਲ ਜਰੂਰ ਕਰਾਂਗਾ ਕਿ ਤੁਸੀਂ ਗੋਦੀ ਮੀਡੀਆ ਦੇ ਚੈਨਲ ਦੇਖਣੇ ਬੰਦ ਕਰ ਦਿਉ, ਅਖਬਾਰ ਪੜ੍ਹਨਾ ਬੰਦ ਕਰ ਦਿਉ। ਇਸ ਤੋਂ ਬਗੈਰ ਵੀ ਮੋਦੀ ਦੀ ਹਮਾਇਤ ਕਰਨੀ ਮੁਮਕਿਨ ਹੈ।
 
     ਦੇਖੋ, 23 ਮਈ 2019 ਨੂੰ ਆਈ ਹਨੇਰੀ ਲੰਘ ਗਈ ਹੈ, ਪਰ ਹਵਾ ਅਜੇ ਵੀ ਤੇਜ਼ ਚੱਲ ਰਹੀ ਹੈ। ਨਰਿੰਦਰ ਮੋਦੀ ਨੇ ਭਾਰਤ ਦੀ ਜਨਤਾ ਦੇ ਦਿਲ-ਦਿਮਾਗ 'ਤੇ ਇਕੱਲਿਆਂ ਹੀ ਰਾਜ ਕਾਇਮ ਕਰ ਲਿਆ ਹੈ। 2014 ਵਿਚ ਉਨ੍ਹਾਂ ਨੂੰ ਮਨ ਤੋਂ ਵੋਟ ਮਿਲਿਆ ਸੀ,  2019 ਵਿਚ ਤਨ ਅਤੇ ਮਨ ਤੋਂ ਵੋਟ ਮਿਲਿਆ ਹੈ। ਤਨ 'ਤੇ ਆਈਆਂ ਸਾਰੀਆਂ ਮੁਸੀਬਤਾਂ ਨੂੰ ਝੱਲਦੇ ਹੋਏ ਲੋਕਾਂ ਨੇ ਮਨ ਤੋਂ ਵੋਟ ਦਿੱਤਾ ਹੈ। ਉਨ੍ਹਾਂ ਦੀ ਇਸ ਜਿੱਤ ਨੂੰ ਉਦਾਰਤਾ ਨਾਲ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਮੈਂ ਵੀ ਕਰਦਾ ਹਾਂ। ਜਨਤਾ ਨੂੰ ਠੁਕਰਾ ਕੇ ਤੁਸੀਂ ਲੋਕਤੰਤਰੀ ਨਹੀਂ ਹੋ ਸਕਦੇ। ਉਸ ਖੁਸ਼ੀ ਵਿਚ ਭਵਿੱਖ ਦੇ ਖਤਰੇ ਵੇਖੇ ਜਾ ਸਕਦੇ ਹਨ। ਉਸ ਨੂੰ ਦੇਖਣ/ ਸਮਝਣ ਵਾਸਤੇ ਵੀ ਤੁਹਾਨੂੰ ਸ਼ਾਮਲ ਹੋਣਾ ਪਵੇਗਾ ਕਿ ਉਹ ਕਿਹੜੀ ਗੱਲ ਹੈ ਜੋ ਲੋਕਾਂ ਨੂੰ ਮੋਦੀ ਬਣਾਂਉਂਦੀ ਹੈ। ਲੋਕਾਂ ਨੂੰ ਮੋਦੀ ਬਨਾਉਣ ਦਾ ਮਤਲਬ ਹੈ ਆਪਣੇ ਨੇਤਾ ਨਾਲ ਇਕਮਿੱਕ ਹੋ ਜਾਣਾ। ਇਕ ਤਰ੍ਹਾਂ ਨਾਲ ਵਿਲੀਨ ਹੋ ਜਾਣਾ। ਇਹ ਅੰਨ੍ਹੀ ਭਗਤੀ ਕਹੀ ਜਾ ਸਕਦੀ ਹੈ ਅਤੇ ਇਸ ਨੂੰ ਭਗਤੀ ਦੀ ਉੱਚਤਮ ਅਵਸਥਾ ਵਜੋਂ ਵੀ ਦੇਖਿਆ ਜਾਣਾ ਚਾਹੀਦਾ ਹੈ। ਮੋਦੀ ਵਾਸਤੇ ਲੋਕਾਂ ਦਾ ਮੋਦੀ ਬਣ ਜਾਣਾ ਉਸ ਉੱਚਤਮ ਅਵਸਥਾ ਦਾ ਪ੍ਰਤੀਕ ਹੈ। ਘਰ, ਘਰ ਮੋਦੀ ਦੀ ਥਾਂ ਤੁਸੀਂ ਜਨ-ਜਨ ਮੋਦੀ ਵੀ ਕਹਿ ਸਕਦੇ ਹੋ।
 
     ਮੈਂ ਹਮੇਸ਼ਾ ਤੋਂ ਕਹਿੰਦਾ ਰਿਹਾ ਹਾਂ ਕਿ 2014 ਦੇ ਬਾਅਦ ਤੋਂ ਇਸ ਦੇਸ਼ ਦੇ ਭੂਤਕਾਲ ਅਤੇ ਭਵਿੱਖ ਨੂੰ ਸਮਝਣ ਦੇ ਸੰਦਰਭ ਬਿੰਦੂ (ਰੈਫਰੈਂਸ ਪੁਆਇੰਟ) ਬਦਲ ਗਏ ਹਨ। ਚੋਣਾਂ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਨਵੇਂ ਭਾਰਤ ਦੀ ਗੱਲ ਕਰਨ ਲੱਗ ਪਏ ਸਨ। ਉਹ ਨਵਾਂ ਭਾਰਤ ਉਨ੍ਹਾਂ ਦੀ ਸੋਚ ਦਾ ਭਾਰਤ ਬਣ ਗਿਆ ਹੈ। ਲੋਕਾਂ ਵਲੋਂ ਦਿੱਤੇ ਹਰ ਫੈਸਲੇ ਅੰਦਰ ਸੰਭਾਵਨਾਵਾਂ ਅਤੇ ਸ਼ੰਕਾਵਾਂ ਹੁੰਦੀਆਂ ਹਨ। ਇਸ ਤੋਂ ਬਿਨਾਂ ਕੋਈ ਲੋਕ ਫਤਵਾ ਨਹੀਂ ਹੁੰਦਾ। ਲੋਕਾਂ ਨੇ ਜੇ ਬਹੁਤ ਸਾਰੀਆਂ ਸ਼ੰਕਾਵਾਂ ਦੇ ਹੁੰਦੇ ਹੋਏ ਇਕ ਸੰਭਾਵਨਾਂ ਨੂੰ ਚੁਣਿਅ ਹੈ ਤਾਂ ਇਸ ਦਾ ਮਤਲਬ ਹੈ ਕਿ ਉਨ੍ਹਾਂ ਦੇ ਅੰਦਰ ਉਨ੍ਹਾਂ ਸ਼ੰਕਾਵਾਂ ਨਾਲ ਨਿਪਟਣ ਜੋਗਾ ਹੌਸਲਾ ਵੀ ਹੈ। ਉਹ ਡਰੇ ਹੋਏ ਨਹੀਂ ਹਨ। ਨਾ ਤਾਂ ਇਹ ਡਰ ਵਾਲਾ ਲੋਕ ਫਤਵਾ ਹੈ ਅਤੇ ਨਾ ਹੀ ਲੋਕਾਂ ਵਲੋਂ ਦਿੱਤੇ ਇਸ ਫੈਸਲੇ ਤੋਂ ਭੈਅ-ਭੀਤ ਹੋਣਾ ਚਾਹੀਦਾ ਹੈ। ਇਤਿਹਾਸਕ ਕਾਰਨਾ ਕਰਕੇ ਜਨਤਾ ਦੇ ਅੰਦਰ ਕਈ ਸੰਦਰਭ ਬਿੰਦੂ ਉੱਭਰ ਰਹੇ ਹਨ। ਦਹਾਕਿਆਂ ਤੱਕ ਇਸ ਨੂੰ ਉਨ੍ਹਾਂ ਨੇ ਅਸੰਤੋਸ਼ ਦੇ ਰੂਪ ਵਿਚ ਦੇਖਿਆ ਹੈ। ਬਹੁਤ ਦੇਰ ਬਾਅਦ ਉਹ ਆਪਣੀ ਅਦਲ-ਬਦਲ ਦੀ ਬੇਚੈਨੀ਼ ਤੋਂ ਉਕਤਾ ਗਈ। ਉਸਨੇ ਇਸ ਵਿਚਾਰ ਨੂੰ ਫੜ ਲਿਆ ਜਿੱਥੇ ਅਤੀਤ ਦੀਆਂ ਅਨੈਤਿਕਤਾਵਾਂ ਬਾਰੇ ਸਵਾਲ ਪਏ ਸਨ। ਜਨਤਾ ਬੀਤੇ ਦੀਆਂ ਅਸੰਤੋਸ਼ ਵਾਲੀਆਂ ਯਾਦਾਂ ਤੋਂ ਖਹਿੜਾ ਨਹੀਂ ਛੁਡਾ ਸਕੀ। ਇਸ ਵਾਰ ਅਸੰਤੋਸ਼ ਦੀ ਉਹ ਯਾਦ ਵਿਚਾਰਧਾਰਾ ਦੇ ਨਾਮ 'ਤੇ ਪ੍ਰਗਟ ਹੋ ਕੇ ਆਈ ਹੈ ਜਿਸ ਨੂੰ ਨਵਾਂ ਭਾਰਤ ਕਿਹਾ ਜਾ ਰਿਹਾ ਹੈ।
 
      ਮੈਂ ਸਦਾ ਹੀ ਕਿਹਾ ਹੈ ਕਿ ਨਰਿੰਦਰ ਮੋਦੀ ਦਾ ਬਦਲ ਉਹ ਹੀ ਬਣੇਗਾ ਜਿਸ ਵਿਚ ਨੈਤਿਕ ਸ਼ਕਤੀ ਹੋਵੇਗੀ। ਤੁਸੀਂ ਮੇਰੇ ਲੇਖਾਂ ਵਿਚ ਸਦਾਚਾਰਕ ਤਕੜਾਈ ਦੀ ਗੱਲ ਦੇਖੋਗੇ। ਭਾਵੇਂ ਕਿ ਨਰਿੰਦਰ ਮੋਦੀ ਦੇ ਹੱਕ ਵਿਚ ਗੈਰ-ਸਦਾਚਾਰਕ ਸ਼ਕਤੀਆਂ ਅਤੇ ਸਾਧਨਾਂ ਦੇ ਵੱਡੇ ਭੰਡਾਰ ਹਨ ਪਰ ਜਨਤਾ ਅਤੀਤ ਦੀਆਂ ਬੇਚੈਨ ਕਰਨ ਵਾਲੀਆਂ ਯਾਦਾਂ ਨੂੰ ਗੁਣ, ਦੋਸ਼ ਵਾਂਗੂ ਦੇਖਦੀ ਹੈ। ਬਰਦਾਸ਼ਤ ਕਰ ਲੈਂਦੀ ਹੈ। ਨਰਿੰਦਰ ਮੋਦੀ ਉਸ ਬੀਤ ਗਏ ਦੇ ਅਸੰਤੋਸ਼ ਦੀਆਂ ਯਾਦਾਂ ਨੂੰ ਜੀਊਂਦਾ ਰੱਖਦੇ ਹਨ ਤੁਸੀਂ ਦੇਖੋਗੇ ਕਿ ਉਹ ਹਰ ਪਲ ਇਸ ਨੂੰ ਚਿਤਾਰਦੇ ਰਹਿੰਦੇ ਹਨ। ਜਨਤਾ ਨੂੰ ਭੂਤਕਾਲ ਦੇ ਵਰਤਮਾਨ ਵਿਚ ਰੱਖਦੇ ਹਨ। ਲੋਕਾਂ ਨੂੰ ਪਤਾ ਹੈ ਕਿ ਵਿਰੋਧ ਵਿਚ ਵੀ ਉਹ ਹੀ ਅਨੈਤਿਕ ਸ਼ਤੀਆਂ ਹਨ ਜੋ ਮੋਦੀ ਪੱਖੀ ਹਨ। ਵਿਰੋਧੀ ਧਿਰ ਨੂੰ ਲੱਗਿਆ ਕਿ ਜਨਤਾ ਅਨੈਤਿਕ ਸ਼ਕਤੀਆਂ ਵਿਚੋਂ ਉਸ ਨੂੰ ਚੁਣ ਲਵੇਗੀ। ਇਸ ਕਰਕੇ ਉਨ੍ਹਾਂ ਨੇ ਬਚੀਆਂ-ਖੁਚੀਆਂ ਅਨੈਤਿਕ ਸ਼ਕਤੀਆਂ ਦਾ ਹੀ ਸਹਾਰਾ ਲਿਆ। ਨਰਿੰਦਰ ਮੋਦੀ ਨੇ ਉਨ੍ਹਾਂ ਗੈਰ-ਸਦਾਚਾਰਕ ਸ਼ਕਤੀਆਂ ਨੂੰ ਵੀ ਕਮਜ਼ੋਰ ਅਤੇ ਖੋਖਲਾ ਕਰ ਦਿੱਤਾ। ਵਿਰੋਧੀ ਧਿਰਾਂ ਦੇ ਨੇਤਾ ਬੀ ਜੇਪੀ ਵੱਲ ਭੱਜਣ ਲੱਗੇ। ਵਿਰੋਧੀ ਧਿਰ ਆਪਣੇ ਮਨੁੱਖੀ ਅਤੇ ਆਰਥਿਕ ਸਾਧਨਾਂ ਵਲੋਂ ਵੀ ਖਾਲੀ ਹੋਣ ਲੱਗੀ। ਦੋਹਾਂ ਦਾ ਅਧਾਰ ਅਨੈਤਿਕ ਸ਼ਕਤੀਆਂ ਹੀ ਸਨ। ਪਰ ਇਸ ਹਾਲਾਤ ਨੇ ਵਿਰੋਧੀ ਧਿਰ ਵਾਸਤੇ ਨਵਾਂ ਮੌਕਾ ਪੈਦਾ ਕੀਤਾ ਕਿ ਉਹ ਚੋਣਾਂ ਦਾ ਫਿਕਰ ਕਰਨ ਦੀ ਥਾਂ ਆਪਣੇ ਰਾਜਨੀਤਕ ਅਤੇ ਵਿਚਾਰਕ ਪੱਧਰ ਦੇ ਪੁਨਰਜੀਵਨ ਪ੍ਰਾਪਤ ਕਰਦੇ। ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।
 
      ਵਿਰੋਧੀ ਧਿਰਾਂ ਨੂੰ ਬੀਤੇ ਵਿਚਲੇ ਅਸੰਤੋਸ਼ ਦੇ ਕਾਰਨਾਂ ਵਾਸਤੇ ਮਾਫੀ ਮੰਗਣੀ ਚਾਹੀਦੀ ਹੈ। ਨਵਾਂ ਭਰੋਸਾ ਦੇਣਾ ਸੀ ਕਿ ਅੱਗੇ ਵਾਸਤੇ ਅਜਿਹਾ ਨਹੀਂ ਹੋਵੇਗਾ। ਇਸ ਨੂੰ ਅੱਗੇ ਤੋਰਨ ਵਾਸਤੇ ਤੇਜ ਧੁੱਪਾਂ ਵਿਚ ਅੱਗੇ ਚੱਲਣਾ ਪੈਣਾ ਸੀ। ਉਨ੍ਹਾਂ ਨੇ ਇਹ ਵੀ ਨਹੀਂ ਕੀਤਾ। 2014 ਤੋਂ ਬਾਅਦ ਚਾਰ ਸਾਲ ਤੱਕ ਘਰ ਬੈਠੇ ਰਹੇ। ਜਨਤਾ ਵਿਚ ਜਨਤਾ ਵਾਂਗ ਨਹੀਂ ਵਿਚਰੇ। ਲੋਕਾਂ ਦੀਆਂ ਸਮੱਸਿਆਵਾਂ ਬਾਰੇ ਭਾਵਪੂਰਤ ਬੋਲੇ ਅਤੇ ਘਰ ਆ ਕੇ ਬੈਠ ਗਏ। 2019 ਆਇਆ ਤਾਂ ਉਸ ਨੇ ਬਚੇ-ਖੁਚੇ ਅਨੈਤਿਕ ਸ਼ਕਤੀਆਂ ਦੇ ਸਮੀਕਰਨ ਦੇ ਆਸਰੇ ਵਿਆਪਕ, ਅਨੈਤਿਕ ਜੋਰਾਵਰਾਂ ਨਾਲ ਟੱਕਰਨ ਦੀ ਖਾਹਿਸ਼ ਪਾਲ ਬੈਠੇ। ਵਿਰੋਧੀ ਧਿਰ ਨੂੰ ਸਮਝਣਾ ਚਾਹੀਦਾ ਸੀ ਕਿ ਵੱਖੋ-ਵੱਖ ਪਾਰਟੀਆਂ ਦੀ ਪ੍ਰਸੰਗਿਕਤਾ ਖਤਮ ਹੋ ਚੁੱਕੀ ਹੈ। ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਜਾਂ ਰਾਸ਼ਟਰੀ ਜਨਤਾ ਦਲ ਦੇ ਦੁਆਰਾ ਜੋ ਸਮਾਜਿਕ ਸੰਤੁਲਨ ਆਇਆ ਸੀ ਅੱਜ ਉਸਦੀ ਕੋਈ ਭੂਮਿਕਾ ਨਹੀਂ ਰਹੀ।
 
      ਭਾਵੇਂ ਇਨ੍ਹਾਂ ਪਾਰਟੀਆਂ ਨੇ ਸਮਾਜ ਦੇ ਪਿਛੜੇ ਅਤੇ ਸੋਸ਼ਿਤ ਤਬਕਿਆਂ ਨੂੰ ਸੱਤਾ ਦਾ ਚੱਕਰ ਘੁਮਾ ਕੇ ਅੱਗੇ ਲਿਆਉਣ ਦਾ ਇਤਿਹਾਸਕ ਕੰਮ ਕੀਤਾ।  ਪਰ ਇਹ ਕਾਰਜ ਕਰਦਿਆਂ ਉਹ ਹੋਰ ਪਛੜਿਆਂ ਅਤੇ ਸੋਸ਼ਿਤਾਂ/ ਲੁੱਟੇ-ਪੁੱਟੇ ਜਾਂਦਿਆਂ ਨੂੰ ਭੁੱਲ ਗਏ। ਇਨ੍ਹਾਂ ਪਾਰਟੀਆਂ ਵਿਚ ਉਨ੍ਹਾਂ ਦੀ ਪ੍ਰਤੀਨਿਧਤਾ ਉਸ ਤਰ੍ਹਾਂ ਹੀ ਅਰਥਹੀਣ ਹੋ ਗਈ ਜਿਵੇਂ ਬਾਕੀ ਪਾਰਟੀਆਂ ਵਿਚ ਹੁੰਦੀ ਹੈ। ਹੁਣ ਇਨ੍ਹਾਂ ਪਾਰਟੀਆਂ ਦੀ ਪ੍ਰਸੰਗਿਕਤਾ ਨਹੀਂ ਬਚੀ ਹੈ ਤਾਂ ਪਾਰਟੀਆਂ ਨੂੰ ਭੰਗ ਕਰਨ ਦਾ ਸਾਹਸ ਵੀ ਹੋਣਾ ਚਾਹੀਦਾ ਹੈ। ਆਪਣੀਆਂ ਪੁਰਾਣੀਆਂ ਆਸ਼ਾਵਾਂ ਨੂੰ ਛੱਡਣਾ ਚਾਹੀਦਾ ਹੈ। ਭਾਰਤ ਦੀ ਜਨਤਾ ਹੁਣ ਹੋਰ ਨਵੇਂ ਵਿਚਾਰਾਂ ਅਤੇ ਨਵੀਂ ਸਿਆਸੀ ਧਿਰ ਦਾ ਸਵਾਗਤ ਕਰੇਗੀ। ਉਦੋਂ ਤੱਕ ਇਹ ਨਰਿੰਦਰ ਮੋਦੀ ਦੇ ਵਿਚਾਰ ਨਾਲ ਚੱਲੇਗੀ।
 
        ਸਮਾਜ ਅਤੇ ਰਾਜਨੀਤੀ ਦਾ ਹਿੰਦੂਕਰਨ ਹੋ ਗਿਆ ਹੈ। ਇਹ ਸਥਾਈ ਰੂਪ ਵਿਚ ਹੋਇਆ ਹੈ, ਮੈਂ ਨਹੀਂ ਮੰਨਦਾ। ਉਸ ਤਰ੍ਹਾਂ ਹੀ ਜਿਵੇਂ ਬਹੁਜਨ ਸ਼ਕਤੀਆਂ ਦਾ ਉਭਾਰ ਸਥਾਈ ਨਹੀਂ ਸੀ, ਇਸੇ ਤਰ੍ਹਾਂ ਇਹ ਵੀ ਨਹੀਂ ਹੈ। ਇਹ ਇਤਿਹਾਸ ਦਾ ਪਹੀਆ ਹੈ ਜੋ ਘੁੰਮਿਆਂ ਹੈ। ਜਿਵੇਂ ਮਾਇਆਵਤੀ ਸਵਰਨਾਂ (ਉੱਚ ਜਾਤੀਆਂ) ਦੇ ਸਮਰਥਨ ਨਾਲ ਮੁੱਖ ਮੰਤਰੀ ਬਣੀ ਸੀ, ਉਸੇ ਤਰ੍ਹਾਂ ਹੀ ਸੰਘ ਅਜ ਬਹੁਜਨਾਂ ਦੀ ਹਮਾਇਤ ਨਾਲ ਹਿੰਦੂ ਰਾਸ਼ਟਰ ਬਣਾ ਰਿਹਾ ਹੈ। ਜੋ ਸਵਰਨ ਸਨ ਉਹ ਆਪਣੀ ਜਾਤੀ ਦੀ ਪੂੰਜੀ ਲੈ ਕੇ ਕਦੇ ਸਪਾ-ਬਸਪਾ ਅਤੇ ਕਦੇ ਰਾਜਦ ਦੇ ਮੰਚਾਂ 'ਤੇ ਆਪਣਾ ਸਹਾਰਾ ਢੂੰਡ ਰਹੇ ਸਨ। ਜਦੋਂ ਉਨ੍ਹਾਂ ਦੀ ਉੱਥੇ ਪੁੱਛ-ਪ੍ਰਤੀਤ ਵਧੀ ਤਾਂ ਬਾਕੀ ਬਚਿਆ ਬਹੁਜਨ, ਸਰਵਜਨ ਦੇ ਬਣਾਏ ਮੰਚ ਵੱਲ ਚਲਾ ਗਿਆ।
 
      ਬਹੁਜਨ ਰਾਜਨੀਤੀ ਨੇ ਕਦੋਂ ਜਾਤੀ ਦੇ ਖਿਲਾਫ ਰਾਜਨੀਤਕ  ਅੰਦੋਲਨ ਚਲਾਇਆ। ਜਾਤਾਂ ਨੂੰ ਜੋੜਨ ਦੀ ਰਾਜਨੀਤੀ ਸੀ ਤਾਂ ਸੰਘ ਨੇ ਵੀ ਜਾਤਾਂ ਨੂੰ ਜੋੜਨ ਦੀ ਰਾਜਨੀਤੀ ਖੜ੍ਹੀ ਕਰ ਦਿੱਤੀ। ਭਾਵੇਂ ਖੇਤਰੀ ਪਾਰਟੀਆਂ ਨੇ ਬਾਅਦ 'ਚ ਵਿਕਾਸ ਦੀ ਰਾਜਨੀਤੀ ਵੀ ਕੀਤੀ ਅਤੇ ਕੁੱਝ ਹੋਰ ਕੰਮ ਵੀ ਕੀਤੇ। ਪਰੰਤੂ ਕੌਮੀ ਪੱਧਰ 'ਤੇ ਆਪਣੀ ਭੁਮਿਕਾ ਨੂੰ ਹਾਈਵੇ ਬਨਾਉਣ ਤੱਕ ਸੀਮਤ ਕਰ ਗਏ। ਚੰਦਰਭਾਨ ਪ੍ਰਸਾਦ ਦੀ ਇਕ ਗੱਲ ਚੇਤੇ ਆਉਂਦੀ ਹੈ ਉਹ ਕਹਿੰਦੇ ਸਨ ਕਿ ਮਾਇਆਵਤੀ ਆਰਥਕ ਮੁੱਦਿਆਂ 'ਤੇ ਕਿਉਂ ਨਹੀਂ ਬੋਲਦੀ। ਵਿਦੇਸ਼ ਨੀਤੀ 'ਤੇ ਕਿਉਂ ਨਹੀਂ ਬੋਲਦੀ। ਇਹੀ ਹਾਲ ਸਾਰੀਆਂ ਖੇਤਰੀ ਪਾਰਟੀਆਂ ਦਾ ਹੈ। ਉਹ ਆਪਣੇ ਸੂਬੇ ਦੀ ਰਾਜਨੀਤੀ ਤਾਂ ਕਰਦੇ ਹਨ ਪਰ ਦੇਸ਼ ਦੀ ਰਾਜਨੀਤੀ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ।
 
      ਬਹੁਜਨ ਦੇ ਰੂਪ ਵਿਚ ਉੱਭਰਕੇ ਆਈਆਂ ਪਾਰਟੀਆਂ ਆਪਣੀ ਵਿਚਾਰਧਾਰਾ ਦੀ ਕਿਤਾਬ ਕਦੋਂ ਦੀਆਂ ਪਰਾਂਹ ਸੁੱਟ ਚੁੱਕੀਆਂ ਹਨ। ਉਨ੍ਹਾਂ ਕੋਲ ਅੰਬੇਦਕਰ ਵਰਗੇ ਸਭ ਤੋਂ ਵੱਧ ਤਰਕਸ਼ੀਲ ਵਿਅਕਤੀ ਹਨ, ਪਰੰਤੂ ਅੰਬੇਦਕਰ ਹੁਣ ਪ੍ਰਤੀਕ ਅਤੇ ਹੰਕਾਰ ਦਾ ਕਾਰਨ ਬਣ ਗਏ ਹਨ। ਛੋਟੇ ਛੋਟੇ ਗਰੁੱਪ ਚਲਾਉਣ ਦਾ ਸਬੱਬ ਬਣ ਗਏ ਹਨ। ਸਾਡੇ ਮਿੱਤਰ ਰਾਕੇਸ਼ ਪਾਸਵਾਨ ਠੀਕ ਕਹਿੰਦੇ ਹਨ ਕਿ ਦਲਿਤ ਰਾਜਨੀਤੀ ਦੇ ਨਾਮ 'ਤੇ ਹੁਣ ਪਾਰਟੀਆਂ (ਸੰਗਠਨਾਂ) ਦੇ ਪ੍ਰਧਾਨ ਹੀ ਮਿਲਦੇ ਹਨ ਰਾਜਨੀਤੀ ਨਹੀਂ ਲੱਭਦੀ। ਬਹੁਜਨ ਰਾਜਨੀਤੀ ਇਕ ਦੁਕਾਨ ਬਣ ਗਈ ਹੈ ਜਿਵੇਂ ਗਾਂਧੀਵਾਦ ਇਕ ਦੁਕਾਨ ਹੈ। ਅਜਿਹੀ ਸਥਿਤੀ ਵਿਚ ਵਿਚਾਰਧਾਰਾ ਨੂੰ ਅਪਣਾਇਆ ਵਿਅਕਤੀ ਅੱਜ ਤੱਕ ਕੋਈ ਰਾਜਨੀਤਕ ਬਦਲ ਨਹੀਂ ਬਣਾ ਸਕਿਆ। ਉਹ ਪਾਰਟੀ ਨਹੀਂ ਬਣਾਉਂਦਾ ਆਪਣੇ ਹਿਤਾਂ ਵਾਸਤੇ ਜਥੇਬੰਦੀਆਂ ਬਣਾਉਂਦਾ ਹੈ। ਆਪਣੀ ਜਾਤੀ ਦੀ ਦੁਕਾਨ ਦੇ ਆਸਰੇ ਇਕ ਪਾਰਟੀ ਤੋਂ ਦੂਜੀ ਪਾਰਟੀ ਵੱਲ ਜਾਣ-ਆਉਣ ਕਰਦਾ ਹੈ। ਉਸਦੇ ਅੰਦਰ ਵੀ ਹੰਕਾਰ ਆ ਗਿਆ ਹੈ। ਉਹ ਬਸਪਾ ਜਾਂ ਬਹੁਜਨ ਪਾਰਟੀਆਂ ਦੀਆਂ ਘਾਟਾਂ ਬਾਰੇ ਚੁੱਪ ਰਹਿਣ ਲੱਗਾ।
 
     ਇਹ ਹੰਕਾਰ ਹੀ ਸੀ ਕਿ ਮੇਰੇ ਵਰਗਿਆਂ ਦੇ ਲਿਖੇ ਹੋਏ ਨੂੰ ਵੀ ਜਾਤੀ ਦੇ ਅਧਾਰ 'ਤੇ ਖਾਰਿਜ ਕੀਤਾ ਜਾਣ ਲੱਗਾ। ਮੈਂ ਆਪਣੀ ਪ੍ਰਤੀਬੱਧਤਾ ਤੋਂ ਪਾਸੇ ਨਾ ਹਿੱਲਿਆ ਪਰ ਪ੍ਰਤੀਬੱਧਤਾ ਦੀ ਦੁਕਾਨ ਚਲਾਉਣ ਵਾਲੇ ਅੰਬੇਦਕਰ ਦੇ ਨਾਮ ਦੀ ਵਰਤੋਂ ਹਥਿਆਰ ਵਾਂਗ ਕਰਨ ਲੱਗੇ। ਉਹ ਲੋਕਾਂ ਨੂੰ ਹੁਕਮ ਦੇਣ ਲੱਗੇ ਕਿ ਕਿਸੇ ਨੂੰ ਕੀ ਲਿਖਣਾ ਚਾਹੀਦਾ ਹੈ। ਜਿਸ ਤਰ੍ਹਾਂ ਭਾਜਪਾ ਦੇ ਸਮਰਥਕ ਰਾਸ਼ਟਰਵਾਦ ਦੇ ਸਰਟੀਫਿਕੇਟ ਵੰਡਦੇ ਹਨ। ਉਸੇ ਤਰ੍ਹਾਂ ਅੰਬੇਦਕਰਵਾਦੀਆਂ ਦੇ ਕੁੱਝ ਲੋਕ ਵੀ ਸਰਟੀਫਿਕੇਟ ਵੰਡਣ ਲੱਗ ਪਏ ਹਨ। ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਬਹੁਜਨ ਵਾਲੇ ਪਾਸੇ ਵੀ ਕੋਈ ਕਾਂਸ਼ੀ ਰਾਮ ਨਹੀਂ ਹੈ। ਕਾਂਸ਼ੀ ਰਾਮ ਦੀ ਪ੍ਰਤੀਬੱਧਤਾ ਦਾ ਕੋਈ ਮੁਕਾਬਲਾ ਨਹੀਂ, ਉਹ ਵਿਚਾਰਾਂ ਦੀ ਪ੍ਰਤੀਬੱਧਤਾ ਸੀ। ਹੁਣ ਸਾਡੇ ਕੋਲ ਪ੍ਰਕਾਸ਼ ਅੰਬੇਦਕਰ ਹਨ ਜੋ ਅੰਬੇਦਕਰ ਦੇ ਨਾਮ 'ਤੇ ਛੋਟੇ ਉਦੇਸ਼ ਦੀ ਰਾਜਨੀਤੀ ਕਰਦੇ ਹਨ। ਇਹ ਹੀ ਹਾਲ ਲੋਹੀਆ ਦਾ ਵੀ ਹੋਇਆ ਹੈ। ਜੋ ਅੰਬੇਦਕਰ ਨੂੰ ਲੈ ਕੇ ਪ੍ਰਤੀਬੱਧ ਹਨ ਉਨ੍ਹਾਂ ਦੀ ਸਥਿਤੀ ਵੀ ਗਾਂਧੀ ਨਾਲ ਪ੍ਰਤੀਬੱਧਤਾ ਵਾਲੇ ਗਾਂਧੀਵਾਦੀਆਂ ਵਰਗੀ ਹੀ ਹੈ। ਦੋਵੇਂ ਹਾਸ਼ੀਏ 'ਤੇ ਜੀਊਣ ਵਾਸਤੇ ਮਜਬੂਰ ਹਨ। ਬਦਲ ਗੱਠਜੋੜ ਨਹੀਂ ਵਿਲੀਨ ਹੋਣਾ ਹੈ, ਪੁਨਰ ਜੀਵਨ ਹੈ। ਅਗਲੀਆਂ ਚੋਣਾਂ ਵਾਸਤੇ ਨਹੀਂ , ਭਾਰਤ ਦੇ ਬਦਲਵੇਂ ਭਵਿੱਖ ਵਾਸਤੇ ਹੈ।
 
     ਤੁਸੀਂ ਦੇਖਿਆ ਹੋਵੇਗਾ ਲੰਘੇ ਪੰਜ ਸਾਲਾਂ ਵਿਚ ਮੈਂ ਇਨ੍ਹਾਂ ਪਾਰਟੀਆਂ ਬਾਰੇ ਘੱਟ ਨਹੀਂ ਲਿਖਿਆ। ਖੱਬੀਆਂ ਧਿਰਾਂ ਬਾਰੇ ਬਿਲਕੁੱਲ ਨਹੀਂ ਲਿਖਿਆ। ਮੈਂ ਮੰਨਦਾ ਹਾਂ ਕਿ ਖੱਬੀਆਂ ਧਿਰਾਂ ਦੀ ਵਿਚਾਰਧਾਰਾ ਅੱਜ ਵੀ ਪ੍ਰਸੰਗਿਕ ਹੈ। ਪਰ ਇਨਾਂ ਦੀਆਂ ਪਾਰਟੀਆਂ ਅਤੇ ਇਨ੍ਹਾਂ ਪਾਰਟੀਆਂ ਦੇ ਅੰਦਰ ਆਪਣਾ ਸਮਾਂ ਗੁਜ਼ਾਰ ਰਹੀ ਰਾਜਨੀਤਕ ਮਨੁੱਖੀ ਸ਼ਕਤੀ ਪ੍ਰਸੰਗਿਕ ਨਹੀਂ ਹੈ। ਉਨ੍ਹਾਂ ਦੀ ਭੂਮਿਕਾ ਸਮਾਪਤ ਹੋ ਚੁੱਕੀ ਹੈ। ਉਹ ਸੜ ਰਿਹਾ ਹੈ। ਉਨ੍ਹਾਂ ਕੋਲ ਸਿਰਫ ਪਾਰਟੀ ਦਫਤਰ ਬਚੇ ਹਨ। ਕੰਮ ਕਰਨ ਲਈ ਕੁੱਝ ਨਹੀਂ ਬਚਿਆ। ਖੱਬੀਆਂ ਧਿਰਾਂ ਦੇ ਲੋਕ ਸ਼ਿਕਾਇਤ ਕਰਦੇ ਰਹਿੰਦੇ ਸਨ ਕਿ ਤੁਹਾਡੇ ਪ੍ਰੋਗਰਾਮ ਵਿਚ ਖੱਬੀ ਧਿਰ ਨਹੀਂ ਹੁੰਦੀ। ਕਿਉਂਕਿ ਧਿਰ ਦੇ ਪੱਖੋਂ ਉਨ੍ਹਾਂ ਦੀ ਭੂਮਿਕਾ ਸਮਾਪਤ ਹੋ ਚੁੱਕੀ ਸੀ। ਭਾਵੇਂ ਕਿ ਮਹਾਂਰਾਸ਼ਟਰ ਵਿਚ ਕਿਸਾਨ ਅੰਦੋਲਨ ਚਲਾਉਣ ਦਾ ਕੰਮ ਬੀਜੂ ਕ੍ਰਿਸ਼ਣਨ ਵਰਗੇ ਲੋਕਾਂ ਨੇ ਕੀਤਾ, ਇਹ ਉਸ ਵਿਚਾਰਧਾਰਾ ਦੀ ਪ੍ਰਾਪਤੀ ਸੀ ਨਾ ਕਿ ਪਾਰਟੀ ਦੀ। ਪਾਰਟੀਆਂ ਨੂੰ ਭੰਗ ਕਰਨ ਦਾ ਸਮਾਂ ਆ ਗਿਆ ਹੈ। ਨਵਾਂ ਸੋਚਣ ਦਾ ਵੇਲਾ ਆ ਗਿਆ ਹੈ। ਮੈਂ ਪਾਰਟੀਆਂ ਦੀ ਅਨੇਕਤਾ ਦਾ ਸਮਰਥਕ ਹਾਂ ਪਰੰਤੂ ਵਰਤੋਂ ਤੋਂ ਬਿਨਾਂ ਇਹ ਅਨੇਕਤਾ ਕਿਸੇ ਕੰਮ ਦੀ ਨਹੀਂ ਹੋਵੇਗੀ। ਇਹ ਸਾਰੀਆਂ ਗੱਲਾਂ ਕਾਂਗਰਸ ਉੱਤੇ ਵੀ ਲਾਗੂ ਹੁੰਦੀਆਂ ਹਨ। ਭਾਜਪਾ ਲਈ ਕੰਮ ਕਰਨ ਵਾਲੇ ਰਾਜਸੀ ਲੋਕਾਂ ਵਿਚੋਂ ਤੁਹਾਨੂੰ ਭਾਜਪਾ ਨਜ਼ਰ ਆਉਂਦੀ ਹੈ। ਕਾਂਗਰਸ ਦੇ ਵਰਕਰਾਂ ਵਿਚੋਂ ਕਾਂਗਰਸ ਤੋਂ ਬਿਨਾਂ ਸਭ ਕੁੱਝ ਨਜ਼ਰ ਆਉਂਦਾ ਹੈ। ਕਾਂਗਰਸ ਚੋਣ ਲੜਨੀ ਛੱਡ ਦੇਵੇ ਜਾਂ ਚੋਣ ਨੂੰ ਜੀਣ-ਮਰਨ ਦੇ ਸਵਾਲ ਵਾਂਗ ਨਾ ਲੜੇ। ਉਹ ਕਾਂਗਰਸ ਬਣੇ।
 
      ਕਾਂਗਰਸ ਨਹਿਰੂ ਦਾ ਬਚਾਅ ਨਹੀਂ ਕਰ ਸਕੀ। ਉਹ ਬੋਸ ਤੋਂ ਲੈ ਕੇ ਪਟੇਲ ਤੱਕ ਦਾ ਬਚਾਅ ਨਹੀਂ ਕਰ ਸਕੀ। ਆਜ਼ਾਦੀ ਦੇ ਸੰਘਰਸ਼ ਦੀ ਬਹੁ-ਵਿਧਾਈ ਸੋਚ ਅਤੇ ਖੁਬਸੂਰਤੀ ਨਾਲ ਜੁੜੀਆਂ ਅਤੀਤ ਦੀਆਂ ਯਾਦਾਂ ਨੂੰ ਜੀਊਂਦੀਆਂ ਨਹੀਂ ਕਰ ਸਕੀ । ਗਾਂਧੀ ਦੇ ਵਿਚਾਰਾਂ 'ਤੇ ਪਹਿਰਾ ਨਹੀਂ ਦੇ ਸਕੀ। ਅੱਜ ਤੁਸੀਂ ਭਾਜਪਾ ਲਈ ਕੰਮ ਕਰਨ ਵਾਲੇ ਕਿਸੇ ਸਾਧਾਰਣ ਵਿਅਕਤੀ ਦੇ  ਸਾਹਮਣੇ ਦੀਨ ਦਿਆਲ ਉਪਧਿਆਏ ਦੇ ਸਬੰਧ ਵਿਚ ਗਲਤ ਟਿੱਪਣੀ ਕਰਕੇ ਵੇਖੋ ਉਹ ਆਪਣੇ ਵਲੋਂ ਸੌ ਗੱਲਾਂ ਦੱਸਣਗੇ। ਪੰਜ ਸਾਲਾਂ ਵਿਚ ਕਾਂਗਰਸ ਪਾਰਟੀ ਨਹਿਰੂ ਬਾਰੇ ਸਮਾਨਅੰਤਰ ਵਿਚਾਰ-ਚਰਚਾ ਛੇੜਨ ਦੇ ਪੱਧਰ 'ਤੇ ਕੋਈ ਕੰਮ ਨਹੀਂ ਕਰ ਸਕੀ, ਮੈਂ ਇਸ ਹੀ ਪੈਮਾਨੇ ਤੋਂ ਕਾਂਗਰਸ ਨੂੰ ਢਹਿੰਦੇ ਹੋਏ ਦੇਖ ਰਿਹਾ ਸੀ। ਰਾਜਨੀਤੀ ਵਿਚਾਰਧਾਰਾ ਦੀ ਜ਼ਮੀਨ 'ਤੇ ਖੜ੍ਹੀ ਹੁੰਦੀ ਹੈ, ਨੇਤਾ ਦੀ ਸੰਭਾਵਨਾ 'ਤੇ ਨਹੀਂ। ਇਕ ਹੀ ਰਸਤਾ ਬਚਿਆ ਹੈ ਕਿ ਭਾਰਤ ਵਿਚਲੀਆਂ ਵੱਖੋ-ਵੱਖਰੀਆਂ ਪਾਰਟੀਆਂ ਵਿਚਲੀ ਮਨੁੱਖੀ ਸ਼ਕਤੀ (ਕੰਮ ਕਰਨ ਵਾਲੇ ਕਾਰਕੁਨ) ਨੂੰ ਆਪੋ ਆਪਣੀਆਂ ਪਾਰਟੀਆਂ ਛੱਡ ਕੇ ਕਿਸੇ ਇਕ ਪਾਰਟੀ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਜਿੱਥੇ ਵਿਚਾਰਾਂ ਦਾ ਪੁਨਰ ਜਨਮ ਹੋਵੇ, ਨੈਤਿਕ ਸ਼ਕਤੀ ਦੀ ਸਿਰਜਣਾ ਅਤੇ ਖਿਲਰੀ ਮਨੁੱਖੀ ਸ਼ਕਤੀ ਦਾ ਰਲੇਵਾਂ ਹੋਵੇ। ਇਹ ਗੱਲ 2014 ਵਿਚ ਵੀ ਲੋਕਾਂ ਨੂੰ ਕਹੀ ਸੀ, ਫਿਰ ਖੁਦ 'ਤੇ ਹਾਸਾ ਆਇਆ ਕਿ ਮੈਂ ਕਿਹੜਾ ਵਿਚਾਰਵਾਨ ਹਾਂ ਜੋ ਇਹ ਸਭ ਕਹਿ ਰਿਹਾ ਹਾਂ। ਅੱਜ ਲਿਖ ਰਿਹਾ ਹਾਂ।
 
      ਇਸ ਤੋਂ ਬਾਅਦ ਵੀ ਵਿਰੋਧੀ ਧਿਰ ਬਾਰੇ ਹਮਦਰਦੀ ਕਿਉਂ ਰਹੀ। ਹਾਲਾਂਕਿ ਉਨ੍ਹਾਂ ਦੇ ਰਾਜਨੀਤਕ ਪੱਖ ਨੂੰ ਘੱਟ ਹੀ ਦਿਖਾਇਆ ਅਤੇ ਉਸ 'ਤੇ ਲਿਖਿਆ, ਬੋਲਿਆ ਕਿਉਂਕਿ 2014 ਤੋਂ ਬਾਅਦ ਹਰ ਪੱਧਰ ਤੇ ਨਰਿੰਦਰ ਮੋਦੀ ਹੀ ਪ੍ਰਮੁੱਖ ਹੋ ਗਏ ਸਨ। ਸਿਰਫ ਸਰਕਾਰ ਦੇ ਪੱਧਰ 'ਤੇ ਹੀ ਨਹੀਂ ਸੱਭਿਆਚਾਰ ਤੋਂ ਲੈ ਕੇ ਧਾਰਮਿਕ ਪੱਧਰ ਤੱਕ ਮੋਦੀ ਤੋਂ ਬਿਨਾਂ ਕੁੱਝ ਦਿਸਿਆ ਹੀ ਨਹੀਂ ਤੇ ਕੁੱਝ ਹੈ ਵੀ ਨਹੀ ਸੀ । ਜਦੋਂ ਭਾਰਤ ਦਾ 99 ਫਸਿਦੀ ਮੀਡੀਆ ਲੋਕਤੰਤਰ ਦੀ ਬੁਨਿਆਦੀ ਭਾਵਨਾ ਨੂੰ ਕੁਚਲਣ ਲੱਗਾ ਉਸ ਸਮੇਂ ਮੈਂ ਉਹਦੇ ਅੰਦਰ ਸੰਤੁਲਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਅਸਹਿਮਤੀ ਅਤੇ ਵਿਰੋਧ ਦੀ ਹਰ ਆਵਾਜ਼ ਦਾ ਸਨਮਾਨ ਕੀਤਾ। ਉਸਦਾ ਮਖੌਲ ਨਹੀਂ ਉਡਾਇਆ। ਇਹ ਮੈਂ ਵਿਰੋਧੀ ਪਾਰਟੀਆਂ ਵਾਸਤੇ ਨਹੀਂ ਕਰ ਰਿਹਾ ਸੀ ਪਰੰਤੂ ਆਪਣੀ ਸਮਝ ਅਨੁਸਾਰ ਭਾਰਤ ਦੇ ਲੋਕਤੰਤਰ ਨੂੰ ਸ਼ਰਮਿੰਦਾ ਹੋਣੋਂ ਬਚਾ ਰਿਹਾ ਸੀ। ਮੈਨੂੰ ਇੰਨਾ ਵੱਡਾ ਖਤਰਾ ਮੁੱਲ ਨਹੀਂ ਲੈਣਾ ਚਾਹੀਦਾ ਸੀ। ਕਿਉਂਕਿ ਇਹ ਮੇਰਾ ਖਤਰਾ ਨਹੀਂ ਸੀ ਫਿਰ ਵੀ ਲੱਗਾ ਕਿ ਹਰ ਨਾਗਰਿਕ ਦੇ ਅੰਦਰ ਅਤੇ ਲੋਕਤੰਤਰ ਦੇ ਅੰਦਰ ਵਿਰੋਧ ਦੀ ਧਿਰ ਨਹੀਂ ਹੋਵੇਗੀ ਤਾਂ ਸਭ ਕੁੱਝ ਖੋਖਲਾ ਹੋ ਜਾਵੇਗਾ। ਮੇਰੀ ਇਸ ਸੋਚ ਦੇ ਅੰਦਰ ਭਾਰਤ ਦੀ ਭਲਾਈ ਵਾਲੀ ਨੀਅਤ ਸੀ। ਨਰਿੰਦਰ ਮੋਦੀ ਦੀ ਭਾਰੀ ਜਿੱਤ ਹੋਈ ਹੈ। ਮੀਡੀਆ ਦੀ ਜਿੱਤ ਨਹੀਂ ਹੋਈ। ਹਰ ਜਿੱਤ ਵਿਚ ਇਕ ਹਾਰ ਹੁੰਦੀ ਹੈ। ਇਸ ਜਿੱਤ ਵਿਚ ਮੀਡੀਆ ਦੀ ਹਾਰ ਹੋਈ ਹੈ। ਉਸਨੇ ਲੋਕਤੰਤਰੀ ਮਰਿਆਦਾਵਾਂ ਦੀ ਪਾਲਣਾ ਨਹੀਂ ਕੀਤੀ। ਅੱਜ ਗੋਦੀ ਮੀਡੀਆ ਦੇ ਲੋਕ ਮੋਦੀ ਨੂੰ ਮਿਲੀ ਜਿੱਤ ਦੇ ਸਹਾਰੇ ਆਪਣੀ ਜਿੱਤ ਦੱਸ ਰਹੇ ਹਨ। ਦਰਅਸਲ ਉਨ੍ਹਾਂ ਕੋਲ ਹੁਣ ਸਿਰਫ ਮੋਦੀ ਬਚਿਆ ਹੈ। ਪੱਤਰਕਾਰੀ ਤਾਂ ਬਚੀ ਨਹੀਂ ਹੈ। ਪੱਤਰਕਾਰੀ ਦਾ ਧਰਮ ਖਤਮ ਹੋ ਚੁੱਕਾ ਹੈ, ਸੰਭਵ ਹੈ ਕਿ ਭਾਰਤ ਦੀ ਜਨਤਾ ਨੇ ਪੱਤਰਕਾਰੀ ਨੂੰ ਵੀ ਨਕਾਰ ਦਿੱਤਾ ਹੋਵੇ। ਉਨ੍ਹਾਂ ਨੇ ਇਹ ਵੀ ਫੈਸਲਾ ਦਿੱਤਾ ਹੋਵੇ ਕਿ ਸਾਨੂੰ ਮੋਦੀ ਚਾਹੀਦਾ ਪਰ ਪੱਤਰਕਾਰੀ ਨਹੀਂ। ਇਸ ਤੋਂ ਬਾਅਦ ਵੀ ਮੇਰਾ ਵਿਸ਼ਵਾਸ ਉਨ੍ਹਾਂ ਹੀ ਮੋਦੀ ਸਮਰਥਕਾਂ 'ਤੇ ਹੈ। ਉਹ ਮੋਦੀ ਅਤੇ ਮੀਡੀਆ ਦੀ ਭੁਮਿਕਾ ਵਿਚ ਫਰਕ ਦੇਖਦੇ ਹਨ, ਸਮਝਦੇ ਹਨ। ਸ਼ਾਇਦ ਉਨ੍ਹਾਂ ਨੂੰ ਵੀ ਅਜਿਹਾ ਭਾਰਤ ਨਹੀਂ ਚਾਹੀਦਾ ਜਿੱਥੇ ਜਨਤਾ ਦਾ ਪ੍ਰਤੀਨਿੱਧ ਪੱਤਰਕਾਰ ਆਪਣੇ ਪੇਸ਼ੇ ਵਾਲੇ ਧਰਮ ਨੂੰ ਭੁੱਲ ਕੇ ਨੇਤਾ ਦੇ ਪੈਰਾਂ ਵਿਚ ਡਿਗਿਆ ਨਜ਼ਰ ਆਵੇ। ਮੈਨੂੰ ਚੰਗਾ ਲੱਗਿਆ ਕਈ ਸਾਰੇ ਮੋਦੀ ਸਮਰਥਕਾਂ ਨੇ ਲਿਖਿਆ ਕਿ ਅਸੀਂ ਤੁਹਾਡੇ ਨਾਲ ਅਸਹਿਮਤ ਹਾਂ ਪਰ ਤੁਹਾਡੀ ਪੱਰਕਾਰੀ ਦੇ ਪ੍ਰਸ਼ੰਸਕ ਹਾਂ। ਤੁਸੀਂ ਆਪਣਾ ਕੰਮ ਇਸੇ ਤਰ੍ਹਾਂ ਹੀ ਕਰਦੇ ਰਹੋ। ਅਜਿਹੇ ਸਾਰੇ ਸਮਰਥਕਾਂ ਦਾ ਮੇਰੇ 'ਤੇ ਵਿਸ਼ਵਾਸ ਕਰਨ ਲਈ ਸ਼ੁਕਰਗੁਜ਼ਾਰ ਹਾਂ। ਮੇਰੇ ਕਈ ਸਹਿਯੋਗੀ ਜਦੋਂ ਚੋਣਾਂ ਬਾਰੇ ਵੱਖੋ-ਵੱਖ ਖੇਤਰਾਂ ਵਿਚ ਕਵਰੇਜ ਕਰਨ ਗਏ ਤਾਂ ਇਹ ਹੀ ਦੱਸਿਆ ਕਿ ਮੋਦੀ ਦੇ ਫੈਨ ਵੀ ਤੁਹਾਨੂੰ ਹੀ ਪੜ੍ਹਦੇ ਅਤੇ ਲਿਖਦੇ ਹਨ। ਸੰਘ ਦੇ ਲੋਕ ਵੀ ਇਕ ਵਾਰ ਚੈੱਕ ਕਰਦੇ ਹਨ ਕਿ ਮੈਂ ਕੀ ਬੋਲਿਆ ਹੈ। ਮੈਨੂੰ ਪਤਾ ਹੈ ਕਿ ਰਵੀਸ਼ ਨਹੀਂ ਰਹੇਗਾ ਤਾਂ ਉਹ ਰਵੀਸ਼ ਨੂੰ ਮਿੱਸ (ਯਾਦ) ਕਰਨਗੇ।
 
       ਦੋ ਸਾਲ ਪਹਿਲਾਂ ਦਿੱਲੀ ਵਿਚ ਰਹਿਣ ਵਾਲੇ ਅੱਸੀ ਸਾਲ ਦੇ ਇਕ ਬਜ਼ੁਰਗ ਨੇ ਮੈਨੂੰ ਛੋਟੀ ਜਹੀ ਗੀਤਾ ਭੇਜੀ। ਲੰਬਾ ਖ਼ਤ ਲਿਖਿਆ ਤੇ ਮੇਰੇ ਲੰਬੇ ਜੀਵਨ ਦੀ ਕਾਮਨਾ ਕੀਤੀ। ਇਹ ਵੀ ਕਿਹਾ ਕਿ ਇਹ ਛੋਟੀ ਜਹੀ ਗੀਤਾ ਆਪਣੇ ਨਾਲ ਰੱਖਾਂ। ਮੈਂ ਉਨ੍ਹਾਂ ਦੀ ਗੱਲ ਮੰਨ ਲਈ। ਆਪਣੇ ਬੈਗ ਵਿਚ ਰੱਖ ਲਈ॥ ਜਦੋਂ ਲੋਕਾਂ ਨੇ ਕਿਹਾ ਕਿ ਹੁਣ ਤੁਸੀਂ ਸੁਰੱਖਿਅਤ ਨਹੀਂ ਹੋ। ਜ਼ਿੰਦਗੀ ਦਾ ਖਿਆਲ ਰੱਖੋ ਤਾਂ ਅੱਜ ਉਸ ਗੀਤਾ ਨੂੰ ਫਰੋਲ ਰਿਹਾ ਸੀ ਉਸਦਾ ਇਕ ਸੂਤਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ :


अथ चेत्त्वमिमं धर्म्यं संग्रामं न करिष्यसि, तत: स्वधर्मं कीर्ति च हित्वा पापमवाप्स्यसि..

ਮੈਨੂੰ ਪਿਆਰ ਕਰਦੇ ਰਹੋ। ਮੈਨੂੰ ਜ਼ਲੀਲ ਕਰਨ ਨਾਲ ਕੀ ਮਿਲੇਗਾ। ਤੁਹਾਡਾ ਹੀ ਮਾਣ ਟੁੱਟੇਗਾ ਕਿ ਇਸ ਮਹਾਨ ਭਾਰਤ ਵਿਚ ਤੁਸੀਂ ਇਕ ਪੱਤਰਕਾਰ ਦਾ ਸਾਥ ਨਹੀਂ ਦੇ ਸਕੇ। ਮੇਰੇ ਵਰਗਿਆਂ ਨੇ ਤੁਹਾਨੂੰ ਇਸ ਅਪਰਾਧ ਬੋਧ ਤੋਂ ਮੁਕਤ ਹੋਣ ਦਾ ਮੌਕਾ ਦਿੱਤਾ ਹੈ। ਇਹ ਅਪਰਾਧ ਬੋਧ ਤੁਹਾਡੇ ਉੱਤੇ ਉਸੇ ਤਰ੍ਹਾਂ ਭਾਰੀ ਪਵੇਗਾ ਜਿਵੇਂ ਅੱਜ ਵਿਰੋਧੀ ਧਿਰਾਂ ਲਈ ਉਨ੍ਹਾਂ ਦੀ ਅਤੀਤ ਵਾਲੀ ਅਨੈਤਿਕਤਾ ਭਾਰੀ ਪੈ ਰਹੀ ਹੈ। ਇਸ ਕਰਕੇ ਤੁਸੀਂ ਮੈਨੂੰ ਮਜਬੂਤ ਕਰੋ। ਮੇਰੇ ਵਰਗਿਆ ਨਾਲ ਖੜ੍ਹੇ ਹੋਵੋ। ਤੁਸੀਂ ਮੋਦੀ ਨੂੰ ਮਜਬੂਤ ਕੀਤਾ ਹੈ ਤੁਹਾਡਾ ਹੀ ਧਰਮ ਹੈ ਕਿ ਤੁਸੀਂ ਪੱਤਰਕਾਰੀ ਨੂੰ ਵੀ ਤਕੜਿਆਂ ਕਰੋ। ਸਾਡੇ ਕੋਲ ਜੀਵਨ ਦਾ ਕੋਈ ਵੀ ਦੂਜਾ ਬਦਲ ਨਹੀਂ ਹੈ। ਹੁੰਦਾ ਤਾਂ ਸ਼ਾਇਦ ਇਸ ਪੇਸ਼ੇ ਨੂੰ ਛੱਡ ਦਿੰਦਾ। ਇਸਦਾ ਕਾਰਨ ਇਹ ਨਹੀਂ ਕਿ ਮੈਂ ਹਾਰ ਗਿਆ ਹਾਂ। ਕਾਰਨ ਇਹ ਹੈ ਕਿ ਥੱਕ ਗਿਆ ਹਾਂ। ਕੁੱਝ ਨਵਾਂ ਕਰਨਾ ਚਾਹੁੰਦਾ ਹਾਂ। ਪਰ ਜਦੋਂ ਤੱਕ ਹਾਂ ਉਦੋਂ ਤੱਕ ਇਵੇਂ ਹੀ ਕਰਾਂਗਾ। ਕਿਉਂਕਿ ਜਨਤਾ ਨੇ ਮੈਨੂੰ ਨਹੀਂ ਹਰਾਇਆ ਹੈ। ਮੋਦੀ ਨੂੰ ਜਿਤਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ।

ਕਿਰਤ ਦੀ ਰਾਖੀ ਦੇ ਅਹਿਦ ਦਾ ਦਿਹਾੜਾ - ਪਹਿਲੀ ਮਈ  - ਕੇਹਰ ਸ਼ਰੀਫ਼

ਹੱਕ-ਸੱਚ ਵਾਸਤੇ ਕੀਤੀਆਂ ਕੁਰਬਾਨੀਆਂ ਭਰੇ ਇਸ ਇਤਿਹਾਸਕ ਦਿਹਾੜੇ ਨੂੰ ਦੁਨੀਆਂ ਭਰ ਦੇ ਕਿਰਤ ਕਰਨ ਵਾਲੇ ਭਾਈ ਲਾਲੋ ਹਰ ਵਰ੍ਹੇ ਹੀ ਪ੍ਰਣ ਦਿਵਸ ਵਜੋਂ ਮਨਾਉਂਦੇ ਹਨ। ਬਹੁਤ ਲੰਮੇ ਸਮੇਂ ਤੋਂ ਇਹ ਕਿਰਤੀਆਂ ਦਾ ਕੌਮਾਂਤਰੀ ਤਿਉਹਾਰ ਬਣ ਚੁੱਕਾ ਹੈ, ਕਿਉਂਕਿ ਇਸ ਦੇ ਪਿੱਛੇ ਉਨ੍ਹਾਂ ਦੇ ਆਪਣੇ ਕੀਤੇ ਕੰਮ ਦੀ ਰਾਖੀ ਦੇ ਸੰਘਰਸ਼ਾਂ ਦਾ ਲੰਮਾ ਇਤਿਹਾਸ ਹੈ ਜੋ ਲਗਾਤਾਰ ਅਜੇ ਵੀ ਚੱਲ ਰਿਹਾ ਹੈ ਅਤੇ ਇਹ ਘੋਲ ਚੱਲਦਾ ਰਹੇਗਾ ਜਦੋਂ ਤੱਕ ਕੰਮ ਕਰਨ ਵਾਲੇ ਆਪਣੇ ਹੱਕਾਂ ਨੂੰ ਪ੍ਰਾਪਤ ਕਰਕੇ ਸੁਖ ਦੀ ਰੋਟੀ ਨਾ ਖਾਣ ਲੱਗ ਪੈਣ। ਜਦੋਂ ਤੱਕ ਇਨਸਾਫ ਦੇਣ ਵਾਲੇ ਭਾਈਚਾਰਕ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਨਹੀਂ ਹੋ ਜਾਂਦੀ।
        ਗੱਲ ਸਵਾ ਕੁ ਸਦੀ ਤੋਂ ਕੁੱਝ ਵੱਧ ਪੁਰਾਣੀ ਹੈ ਕਿ ਮਜਦੂਰਾਂ ਨੂੰ ਸਿਰਫ ਕੰਮ ਕਰਨ ਜੋਗੇ ਹੀ ਸਮਝਿਆ ਜਾਂਦਾ ਸੀ। ਉਨ੍ਹਾਂ ਦੇ ਜੀਵਨ ਅਤੇ ਖਾਹਿਸ਼ਾਂ ਦਾ ਕਿਸੇ ਭੜੂਏ ਨੂੰ ਕੋਈ ਫਿਕਰ ਨਹੀਂ ਸੀ। ਅਠਾਰ੍ਹਾਂ-ਵੀਹ ਘੰਟੇ ਰੋਜ਼ਾਨਾ ਕੰਮ ਕਰਨਾ ਬਹੁਤ ਸਾਰਿਆਂ ਦਾ ''ਨਸੀਬ" ਬਣ ਚੁੱਕਾ ਸੀ। ਖਾਣ-ਪੀਣ, ਸੌਣ-ਪੈਣ, ਅਰਾਮ ਜਾਂ ਜ਼ਿੰਦਗੀ ਜੀਊਣ ਜੋਗਾ ਸਮਾਂ ਹੀ ਕੌਣ ਦਿੰਦਾ ਸੀ ਉਨ੍ਹਾਂ ਨੂੰ। ਜਦੋਂ ਪਾਣੀ ਗਲ਼ੋਂ ਉੱਪਰ ਚਲਾ ਜਾਵੇ ਤਾਂ ਮਨੁੱਖ ਜੀਊਣ ਲਈ ਚਾਰਾ ਕਰਦਾ ਹੈ। ਮਜ਼ਦੂਰਾਂ ਦੀ ਅਜਿਹੀ ਸਥਿਤੀ ਦੇ ਸਬੰਧ 'ਚ ਮਾਈਕਲ ਸ਼ਾਅਦ ਦੇ ਸ਼ਬਦ ਚੇਤੇ ਕਰਨੇ ਚਾਹੀਦੇ ਹਨ ''ਲੱਖਾਂ ਮਜ਼ਦੂਰ ਭੁੱਖੇ ਮਰ ਰਹੇ ਹਨ ਤੇ ਉਹ ਅਵਾਰਾਗਰਦਾਂ ਵਰਗਾ ਜੀਵਨ ਬਤੀਤ ਕਰ ਰਹੇ ਹਨ। ਅਜਿਹੀ ਸਥਿਤੀ ਵਿਚ ਸਭ ਤੋਂ ਜ਼ਾਹਿਲ ਉਜਰਤੀ ਗੁਲਾਮ ਵੀ ਸੋਚਣਾ ਸ਼ੁਰੂ ਕਰ ਦਿੰਦਾ ਹੈ। ਸਾਂਝੀ ਮੁਸੀਬਤ ਉਨ੍ਹਾਂ ਨੂੰ ਸਪਸ਼ਟ ਕਰ ਦਿੰਦੀ ਹੈ ਕਿ ਉਹ ਹਰ ਹੀਲੇ ਇਕੱਠੇ ਹੋਣ ਤੇ ਉਹ ਹੋ ਜਾਂਦੇ ਹਨ"। ਉਦੋਂ ਮਜ਼ਦੂਰਾਂ ਦੀ ਇਹ ਸਥਿਤੀ ਸੀ।
        ਜਦੋਂ ਸਰਮਾਏਦਾਰਾਂ ਨੇ ਮਜਦੂਰਾਂ ਉੱਤੇ ਅਸਹਿ ਅਤੇ ਅਕਹਿ ਜੁਲਮ ਢਾਹੁਣੇ ਜਾਰੀ ਰੱਖੇ ਤਾਂ ਕਾਮਿਆਂ ਨੇ ਛੋਟੇ ਛੋਟੇ ਗਰੁੱਪਾਂ ਰਾਹੀਂ ਸੋਚਣਾ ਸ਼ੁਰੂ ਕੀਤਾ ਕਿ ਅਜਿਹੀ ਜਾਲਮ ਸਥਿਤੀ ਵਿਚ ਜੀਊਣ ਦਾ ਸਬੱਬ ਕਿਵੇਂ ਬਣੇ, ਕਿਵੇਂ ਉਹ ਆਪਣੇ ਬਾਲ-ਬੱਚੇ ਪਾਲਣ ਆਦਿ। ਕੁਦਰਤੀ ਹੀ ਉਨ੍ਹਾਂ ਨੇ ਆਪਣੇ ਕਦਮ ਮਜ਼ਦੂਰ ਏਕੇ ਵੱਲ ਵਧਾਏ। 1881 ਵਾਲੇ ਦਹਾਕੇ ਵਿਚ ਮਜ਼ਦੂਰਾਂ ਨੇ ਆਪਣੇ ਆਪ ਨੂੰ 12 ਘੰਟੇ ਦੀ ਕੰਮ ਦਿਹਾੜੀ ਨੂੰ 8 ਘੰਟੇ ਦੀ ਕੰਮ ਦਿਹਾੜੀ ਦੀ ਮੰਗ ਦੁਆਲ਼ੇ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ, ਉਂਜ ਭਾਵੇਂ ਇਹ ਮੰਗ 1866 ਤੋਂ ਉੱਠੀ ਸੀ ਜਿਸ ਦਾ ਲਗਾਤਾਰ ਪ੍ਰਚਾਰ ਹੁੰਦਾ ਰਿਹਾ। 1885 ਤੱਕ 8 ਘੰਟੇ ਕੰਮ ਦੀ ਕੰਮ ਦਿਹਾੜੀ ਵਾਲੀ ਮੰਗ ਹਰ ਕਿਸੇ ਦੀ ਜ਼ੁਬਾਨ 'ਤੇ ਚੜ੍ਹ ਗਈ ਸੀ ਤੇ ਜਨਤਕ ਰੂਪ ਧਾਰ ਗਈ ਸੀ। ਅਮਰੀਕਾ ਦੇ ਸਾਰੇ ਵੱਡੇ ਸਨਅਤੀ ਕੇਂਦਰਾਂ 'ਚ ਮਜ਼ਦੂਰਾਂ ਵਲੋਂ ਮੁਜ਼ਾਹਰੇ ਹੋਏ। ਫੇਰ 1886 ਦੇ ਸ਼ੁਰੂ ਤੋਂ ਹੀ ਅਮਰੀਕਾ ਦੇ ਇਕ ਸਿਰੇ ਤੋਂ ਦੂਜੇ ਸਿਰੇ ਭਾਵ ਨਿਊਯਾਰਕ ਤੋਂ ਸਾਨਫਰਾਂਸਿਸਕੋ ਤੱਕ ਆਮ ਮੁਜ਼ਾਹਰੇ ਹੋਏ, ਪਰ ਘੋਲ ਦਾ ਕੇਂਦਰ ਸ਼ਹਿਰ ਸ਼ਿਕਾਗੋ ਸੀ।
       ਪਹਿਲੀ ਮਈ 1886 ਨੂੰ ਸ਼ਿਕਾਗੋ ਦੀ ਹੇਅ ਮਾਰਕੀਟ ਦੇ ਦੁਆਲੇ ਕਾਮੇ ਇਕੱਠੇ ਹੋਏ। ਇਸ ਦਿਨ 80 ਹਜਾਰ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਦੇ ਨਾਅਰਿਆਂ ਨਾਲ ਸ਼ਹਿਰ ਦੀਆਂ ਸੜਕਾਂ ਗੂੰਜਣ ਲਾ ਦਿੱਤੀਆਂ। ਇਹ ਮੁਜ਼ਾਹਰੇ ਅਗਲੇ ਦੋ ਦਿਨ ਵੀ ਜਾਰੀ ਰਹੇ ਪਰ ਤਿੰਨ ਮਈ ਨੂੰ ਪੁਲੀਸ ਨੇ ਬਿਨਾ ਕਿਸੇ ਭੜਕਾਹਟ ਦੇ ਅਤੇ ਬਿਨਾਂ ਕਿਸੇ ਵਾਰਨਿੰਗ ਤੋਂ ਹੱਕ ਮੰਗਦੇ ਨਿਹੱਥੇ ਮਜਦੂਰਾਂ 'ਤੇ ਗੋਲੀ ਚਲਾ ਦਿੱਤੀ ਜਿਸ ਨਾਲ 6 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜਖ਼ਮੀ ਹੋ ਗਏ। 4 ਮਈ ਨੂੰ ਪੁਲੀਸ ਵਲੋਂ ਹੋਏ ਇਸ ਵਹਿਸ਼ੀ ਜਬਰ ਦੇ ਖਿਲਾਫ ਸ਼ਹਿਰ ਦੇ ਕੇਂਦਰੀ ਚੌਕ ਵਿਚ ਰੈਲੀ ਹੋਈ। ਇਸ ਰੈਲੀ ਵਿਚ ਕਿਸੇ ਹੜਤਾਲ ਤੋੜਨ ਵਾਲੇ ਸਰਕਾਰੀ ਏਜੰਟ ਨੇ ਭੜਕਾਹਟ ਪੈਦਾ ਕਰਨ ਵਾਸਤੇ ਬੰਬ ਸੁੱਟ ਦਿੱਤਾ। ਇਕ ਪੁਲਸੀਆ ਮਾਰਿਆ ਗਿਆ, ਪੰਜ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਸਰਕਾਰ ਨੇ ਮੌਕਾ ਤਾੜ ਕੇ ਮਜਦੂਰ ਜਮਾਤ ਨੂੰ ਖੂਬ ਭੰਡਿਆ। ਮਜਦੂਰਾਂ ਤੇ ਅੰਨ੍ਹਾਂ ਤਸ਼ੱਦਦ ਕੀਤਾ ਅਤੇ ਬਹੁਤ ਸਾਰੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ। ਆਖਰ ਝੂਠ ਦੇ ਪੁੱਤਰ ਬੇਈਮਾਨ ਸਰਕਾਰੀ ਅਧਿਕਾਰੀਆਂ ਨੇ ਕਾਲੇ ਦਿਲਾਂ ਵਾਲੇ ਭਾੜੇ ਦੇ ਟੱਟੂ ਪੈਸੇ ਨਾਲ ਖਰੀਦ ਕੇ ਝੂਠ ਦਾ ਜਾਲ ਬੁਣਿਆਂ। ਕਹੇ ਜਾਂਦੇ ''ਇਨਸਾਫ ਦੇ ਫਰਿਸ਼ਤਿਆਂ" ਅੱਗੇ ਖਰੀਦੇ ਹੋਏ ਪੁਲੀਸ ਟਾਊਟਾਂ ਨੂੰ ਗਵਾਹਾਂ ਦੇ ਰੂਪ ਵਿਚ ਪੇਸ਼ ਕਰਕੇ ਘੜੇ ਘੜਾਏ ਫਤਵਿਆਂ ਰਾਹੀਂ ਬੇਕਸੂਰ ਮਜਦੂਰ ਆਗੂਆਂ ਨੂੰ ਫਾਂਸੀ ਦੀਆਂ ਸਜਾਵਾਂ ਸੁਣਾਈਆਂ। 11 ਨਵੰਬਰ 1887 ਨੂੰ ਅਲਬਰਟ ਪਾਰਸਨ, ਔਗਸਤ ਸਪਾਈਸ, ਜਾਰਜ ਏਂਜਲ ਅਤੇ ਅਡੋਲਫ ਫਿਸ਼ਰ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ। ਉਨ੍ਹਾਂ ਸੂਰਮਿਆਂ ਨੇ ਆਪਣੀਆਂ ਜਾਨਾਂ ਆਪਣੇ ਲੋਕਾਂ ਅਤੇ ਆਪਣੇ ਕਾਜ਼ ਨੂੰ ਭੇਟ ਕਰ ਦਿੱਤੀਆਂ। ਫਾਂਸੀ ਦੇ ਤਖ਼ਤੇ ਵੱਲ ਵਧਦਿਆਂ ਔਗਸਤ ਸਪਾਈਸ ਦੇ ਅੰਤਮ ਸ਼ਬਦ ਸਨ - ''ਇਕ ਸਮਾਂ ਆਵੇਗਾ, ਜਦੋਂ ਸਾਡੀ ਚੁੱਪ, ਸਾਡੇ ਸ਼ਬਦਾਂ ਨਾਲੋਂ ਜ਼ਿਆਦਾ ਬੋਲੇਗੀ।''
        ਦੂਜੀ ਕੌਮਾਂਤਰੀ ਦੀ ਕਾਂਗਰਸ ਨੇ 1889 ਵਿਚ ਪਹਿਲੀ ਮਈ ਨੂੰ ਮਜਦੂਰਾਂ ਦੇ ਇਕਮੁੱਠਤਾ ਦਿਵਸ ਦੇ ਤੌਰ 'ਤੇ ਮਨਾਉਣ ਦਾ ਫੈਸਲਾ ਲਿਆ। 1890 ਤੋਂ ਪਹਿਲੀ ਮਈ ਦਾ ਦਿਹਾੜਾ ਸ਼ਹੀਦਾਂ ਦੀ ਯਾਦ ਵਜੋਂ ਸੰਸਾਰ ਪੱਧਰ 'ਤੇ ਮਨਾਇਆ ਜਾਂਦਾ ਹੈ ਜੋ ਮਜਦੂਰਾਂ ਦੀ ਕੌਮਾਂਤਰੀ ਸਾਂਝ ਨੂੰ ਤਕੜਿਆ ਕਰਦਾ ਹੈ। ਦੁਨੀਆਂ ਭਰ ਵਿਚ ਇਕ-ਦੋ ਦੇਸ਼ਾਂ ਨੂੰ ਛੱਡ ਕੇ ਇਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ। ਹਰ ਥਾਵੇਂ ਲੋਕ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ।
       ਅੱਜ ਪਹਿਲਿਆਂ ਸਮਿਆਂ ਨਾਲੋਂ ਸੰਸਾਰ ਸਥਿਤੀ ਹੀ ਨਹੀਂ ਮਜਦੂਰਾਂ ਦੀ ਹਾਲਤ ਵੀ ਬਦਲੀ ਹੈ ਪਰ ਬੁਨਿਆਦੀ ਸਵਾਲਾਂ ਅੰਦਰ ਕਿੰਨੀ ਤਬਦੀਲੀ ਆਈ ਹੈ। ਇੱਥੇ ਸਰਮਾਏਦਾਰੀ ਦੇ ਖਾਸੇ ਬਾਰੇ ਦੁਨੀਆਂ ਦੇ ਮਹਾਨ ਚਿੰਤਕ ਕਾਰਲ ਮਾਰਕਸ ਦੇ ਵਿਚਾਰ ਚੇਤੇ ਕਰਨੇ ਬਹੁਤ ਸਾਰਥਕ ਹਨ - ਮਾਰਕਸ ਨੇ ਲਿਖਿਆ ਸੀ :

“ ਸਰਮਾਏਦਾਰੀ ਜਿੱਥੇ ਵੀ ਹੋਂਦ ਵਿਚ ਆਈ ਹੈ ਉੱਥੇ ਹੀ ਇਸ ਨੇ ਜਗੀਰੂ, ਪਿਤਾ-ਪੁਰਖੀ ਅਤੇ ਆਦਰਸ਼ਕ ਪੇਂਡੂ ਰਿਸ਼ਤਿਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਨੇ ਬੜੀ ਬੇਰਹਿਮੀ ਨਾਲ ਮਨੁੱਖ ਨੂੰ ਆਪਣੇ ਕੁਦਰਤੀ ਵਡੇਰਿਆਂ ਨਾਲ ਜੋੜਨ ਵਾਲੀਆਂ ਜਗੀਰੂ ਤੰਦਾਂ ਨੂੰ ਤਾਰ-ਤਾਰ ਕਰ ਦਿੱਤਾ ਹੈ। ਇਸ ਨੇ ਮਨੁੱਖ ਦੇ ਮਨੁੱਖ ਨਾਲ ਰਿਸ਼ਤੇ ਨੂੰ ਨੰਗੇ ਚਿੱਟੇ ਸੁਆਰਥ ਅਤੇ ਪੈਸੇ ਦੀ ਕਦੇ ਨਾ ਪੂਰੀ ਹੋਣ ਵਾਲੀ ਭੁੱਖ ਉੱਤੇ ਨਿਰਭਰ ਕਰ ਦਿੱਤਾ ਹੈ ਭਾਵ ਮਨੁੱਖ ਨੂੰ ਘੋਰ ਸੁਆਰਥੀ ਬਣਾ ਦਿੱਤਾ ਹੈ ਅਤੇ ਪੈਸੇ ਲਈ ਹੜਬਾ ਦਿੱਤਾ ਹੈ। ਇਸ ਨੇ ਮਨੁੱਖੀ ਨੇਕ ਲਗਨ, ਮਨੁੱਖੀ ਦਲੇਰੀ, ਮਨੁੱਖੀ ਜੋਸ਼ ਅਤੇ ਆਮ ਮਨੁੱਖੀ ਭਾਵਨਾਵਾਂ ਨੂੰ ਨਿੱਜੀ ਸੁਆਰਥ ਦੇ ਬਰਫੀਲੇ ਪਾਣੀਆਂ ਵਿਚ ਡੋਬ ਦਿੱਤਾ ਹੈ। ਇਸ ਨੇ ਮਨੁੱਖੀ ਸਵੈਮਾਣ ਨੂੰ ਵਿਕਾਊ ਮਾਲ ਬਣਾ ਦਿੱਤਾ ਹੈ ਅਤੇ ਬੜੀ ਮਹਿੰਗੀ ਕੀਮਤ ਤਾਰ ਕੇ ਪ੍ਰਾਪਤ ਕੀਤੀਆਂ ਗਈਆਂ ਮਨੁੱਖੀ ਆਜ਼ਾਦੀਆਂ ਨੂੰ ਖਤਮ ਕਰਕੇ ਬਿਨਾ ਸ਼ੱਕ ਇਕੋ ਇਕ ਬੇ-ਜ਼ਮੀਰ ਆਜ਼ਾਦੀ ਤੱਕ ਸੀਮਤ ਕਰ ਦਿੱਤਾ ਹੈ ਇਹ ਹੈ ਅਜਾਦ ਵਪਾਰ। ਸੰਖੇਪ ਵਿਚ ਧਾਰਮਕ ਅਤੇ ਰਾਜਸੀ ਭੁਲੇਖਿਆ ਦੇ ਪਰਦੇ ਹੇਠ ਕੀਤੀ ਜਾਂਦੀ ਲੁੱਟ ਖਸੁੱਟ ਦੀ ਥਾਂ ਇਸਨੇ ਨੰਗੀ, ਬੇਸ਼ਰਮ, ਸਿੱਧੀ, ਵਹਿਸ਼ੀ ਲੁੱਟ-ਖਸੁੱਟ ਨੂੰ ਦੇ ਦਿੱਤੀ ਹੈ। ਸਰਮਾਏਦਾਰੀ ਨੇ ਹੁਣ ਤੱਕ ਨੇਕ ਸਮਝੇ ਜਾਂਦੇ ਅਨੇਕ ਕਿੱਤਿਆਂ ਦੀ ਪਵਿੱਤਰਤਾ ਨੂੰ ਖਤਮ ਕਰ ਦਿੱਤਾ ਹੈ। ਪੁਜਾਰੀ, ਕਵੀ (ਸਾਹਿਤਕਾਰ), ਸਾਇੰਸਦਾਨ, ਡਾਕਟਰ, ਵਕੀਲ ਆਦਿ ਪੈਸੇ ਕਮਾਉਣ ਦੀਆਂ ਮਸ਼ੀਨਾਂ ਬਣ ਗਏ ਹਨ। ਸਰਮਾਏਦਾਰੀ ਨੇ ਮਨੁੱਖੀ ਰਿਸ਼ਤਿਆਂ 'ਚੋਂ ਮਨੁੱਖੀ ਜਜ਼ਬਿਆਂ ਨੂੰ ਖਤਮ ਕਰਕੇ ਇਨ੍ਹਾਂ ਰਿਸ਼ਤਿਆਂ ਨੂੰ ਸਿਰਫ ਤੇ ਸਿਰਫ ਮਾਇਕ ਰਿਸ਼ਤਿਆਂ ਤੱਕ ਸੀਮਤ ਕਰ ਦਿੱਤਾ ਹੈ।"
                                                                              ਕਾਰਲ ਮਾਰਕਸ (ਕਮਿਊਨਿਸਟ ਮੈਨੀਫੈਸਟੋ 'ਚੋਂ)

       ਭਾਵੇਂ ਪਹਿਲਾਂ ਤੋਂ ਹੁਣ ਤੱਕ ਬਹੁਤ ਤਬਦੀਲੀ ਆਈ ਹੈ ਪਰ ਸਰਮਾਏਦਾਰੀ ਅੰਦਰੋਂ ਕਿਸੇ ਤਰ੍ਹਾਂ ਵੀ ਵੱਧ ਤੋਂ ਵੱਧ ਮੁਨਾਫੇ ਕਮਾਉਣ ਦੀ ਹਵਸ ਵਾਲੀ ਪਸ਼ੂ-ਬਿਰਤੀ ਅਜੇ ਮਰੀ ਨਹੀਂ। ਅੱਜ ਦੇ ਗਲੋਬਲੀ ਪਸਾਰੇ ਦੇ ਘੇਰੇ ਵਿਚ ਮੁਨਾਫਿਆਂ ਦੀ ਹਵਸ ਹੋਰ ਵਧ ਗਈ ਹੈ। ਇਸ ਹਾਲਤ ਨੂੰ ਬਦਲਣ ਲਈ ਜ਼ਰੂਰੀ ਹਨ ਇਕਮੁੱਠ ਮਜਦੂਰਾਂ ਦੇ ਸੰਘਰਸ਼ਮਈ ਖਾੜਕੂ ਘੋਲ। ਇਹ ਮਜਦੂਰਾਂ ਵਲੋਂ ਜਥੇਬੰਦ ਹੋਇਆਂ ਹੀ ਹੋ ਸਕਦੇ ਹਨ। ਮਜਦੂਰਾਂ ਅੰਦਰ ਇਨ੍ਹਾਂ ਦੇ ਵਿਰੋਧੀਆਂ (ਸਰਮਾਏਦਾਰੀ ਦੇ ਦੱਲਿਆਂ) ਵਲੋਂ ਭਰਮ ਭੁਲੇਖੇ ਪੈਦਾ ਕੀਤੇ ਜਾਂਦੇ ਹਨ ਜੋ ਹੁੰਦੇ ਤਾਂ ਮਾਮੂਲੀ ਹਨ ਪਰ ਗੈਰ-ਜਥੇਬੰਦ ਅਤੇ ਆਮ ਕਰਕੇ ਘੱਟ ਸੂਝ (ਰਾਜਸੀ ਅਤੇ ਸਮਾਜਕ) ਰੱਖਦੇ ਮਜਦੂਰਾਂ ਦੀ ਕੱਚ ਘਰੜ ਸਮਝ ਕੁਰਾਹੇ ਪੈ ਤੁਰਦੀ ਹੈ ਜਿਸ ਨਾਲ ਮਜਦੂਰ ਲਹਿਰ ਨੂੰ ਬਹੁਤ ਨੁਕਸਾਨ ਹੁੰਦਾ ਹੈ। ਇਸ ਗੱਲ 'ਤੇ ਜੋਰ ਦਿੰਦਿਆ ਜੂਨ 1927 ਦੇ ''ਕਿਰਤੀ" ਵਿਚ ਲਿਖਿਆ ਗਿਆ ਸੀ, ''ਲੋਕਾਂ ਨੂੰ ਆਪਸ ਵਿਚ ਲੜਨ ਤੋਂ ਰੋਕਣ ਲਈ ਜਮਾਤੀ ਸੂਝ ਦੀ ਲੋੜ ਹੈ। ਗਰੀਬਾਂ, ਕਿਰਤੀਆਂ ਅਤੇ ਕਿਸਾਨਾਂ ਨੂੰ ਸਾਫ ਸਮਝਾ ਦੇਣਾ ਚਾਹੀਦਾ ਹੈ ਕਿ ਤੁਹਾਡੇ ਅਸਲੀ ਦੁਸ਼ਮਣ ਸਰਮਾਏਦਾਰ ਹਨ ਇਸ ਕਰਕੇ ਤੁਹਾਨੂੰ ਇਨ੍ਹਾਂ ਦੇ ਹੱਥਕੰਡਿਆਂ ਤੋਂ ਬਚਕੇ ਰਹਿਣਾ ਚਾਹੀਦਾ ਹੈ। ਸੰਸਾਰ ਦੇ ਸਾਰੇ ਗਰੀਬਾਂ ਦੇ ਭਾਵੇਂ ਉਹ ਕਿਸੇ ਜਾਤ, ਨਸਲ, ਮਜ੍ਹਬ ਦੇ ਹੋਣ ਹੱਕ ਇੱਕੋ ਹੀ ਹਨ। ਤੁਹਾਡਾ ਭਲਾ ਇਸ ਵਿਚ ਹੈ ਕਿ ਤੁਸੀਂ ਧਰਮ, ਰੰਗ, ਕੌਮ, ਨਸਲ ਤੇ ਦੇਸਾਂ਼ ਦੇ ਭਿੰਨ-ਭੇਦ ਮਿਟਾ ਕੇ ਇਕੱਠੇ ਹੋ ਜਾਉ ਅਤੇ ਸਰਕਾਰ ਦੀ ਤਾਕਤ ਨੂੰ ਆਪਣੇ ਹੱਥ ਵਿਚ ਲੈਣ ਦਾ ਯਤਨ ਕਰੋ। ਇਨ੍ਹਾਂ ਯਤਨਾਂ ਨਾਲ ਤੁਹਾਡਾ ਕੋਈ ਹਰਜ਼ ਨਹੀਂ ਹੋਵੇਗਾ ਕਿਸੇ ਦਿਨ ਤੁਹਾਡੇ ਸੰਗਲ ਜਰੂਰ ਕੱਟੇ ਜਾਣਗੇ ਅਤੇ ਤੁਹਾਨੂੰ ਆਰਥਿਕ ਸੁਤੰਤਰਤਾ ਮਿਲ ਜਾਵੇਗੀ।"
         ਭਾਰਤ ਦੀ ਮਜਦੂਰ-ਕਿਸਾਨ ਜਮਾਤ (ਕਿਰਤੀਆਂ) ਨੇ ਆਪਣੀ ਸਖਤ ਮਿਹਨਤ ਨਾਲ ਮੁਲਕ ਨੂੰ ਦੁਨੀਆਂ 'ਚ ਨਾਮਣੇ ਜੋਗਾ ਕੀਤਾ ਹੈ। ਜੇ ਅਜੇ ਵੀ ਮੁਲਕ ਵਿਚ ਗਰੀਬੀ, ਬੇਕਾਰੀ, ਅਨਪੜ੍ਹਤਾ, ਜਹਾਲਤ ਅਤੇ ਭ੍ਰਿਸ਼ਟਾਚਾਰ ਹੈ ਤਾਂ ਮੁਲਕ ਦੇ ਕਾਮੇ-ਕਿਰਤੀਆਂ ਕਰਕੇ ਨਹੀਂ ਸਗੋਂ ਮੁਲਕ ਅੰਦਰ ਸਰਮਾਏਦਾਰੀ ਪ੍ਰਬੰਧ ਦੇ ਭੈੜ ਹਨ ਭਾਵ ਮੁਨਾਫਿਆਂ ਦੀ ਹਵਸ ਵਾਲਾ ਝੋਟਾ ਅਤੇ  ਇਸ ਨੂੰ ਲੱਗੀਆਂ ਜੂਆਂ (ਸਰਮਾਏਦਾਰੀ ਪ੍ਰਬੰਧ ਦੇ ਸਾਰੇ ਭੈੜ) ਹਨ। ਲੋੜ ਹੈ ਇਸ ਅਜਿਹੇ ਬੇਈਮਾਨੀ ਭਰੇ ਲੋਕ ਦੋਖੀ ਪ੍ਰਬੰਧ ਨੂੰ ਭੰਨ-ਤੋੜ ਸੁੱਟਣ ਦੀ ਤਾਂ ਕਿ ਭਾਈਚਾਰਕ ਬਰਾਬਰੀ ਵਾਲਾ ਸਮਾਜ ਉਸਰ ਸਕੇ। ਸੋਚਣ ਵਾਲੀ ਗੱਲ ਇਹ ਹੈ ਕਿ ਲੋਕ ਕਦੋਂ ਕੁ ਤੱਕ ਇੰਜ ਬਰਦਾਸ਼ਤ ਕਰੀ ਜਾਣਗੇ। ਦੇਸ਼ ਭਗਤ ਬਾਬਿਆਂ ਨੇ ਬਹੁਤ ਵੱਡੇ ਦਾਈਏ ਬੰਨ੍ਹੇ ਸਨ। ਕੀ ਅਸੀਂ ਉਨ੍ਹਾਂ ਸੁਪਨਿਆਂ ਦੇ ਨੇੜੇ-ਤੇੜੇ ਵੀ ਅੱਪੜੇ ਹਾਂ, ਜਵਾਬ ਨਾਂਹ ਵਿਚ ਹੈ।
         ਉੱਘੇ ਦੇਸ਼ ਭਗਤ ਬਾਬਾ ਪ੍ਰਿਥਵੀ ਸਿੰਘ ਅਜਾਦ ਦੇਸ਼ ਦੀ ਅਜਾਦੀ ਦੇ ਘੋਲ ਵਿਚ ਵੱਡਾ ਹਿੱਸਾ ਪਾਉਣ ਵਾਲਿਆਂ ਵਿਚੋਂ ਸਨ। ਉਨ੍ਹਾਂ ਆਪਣੇ ਦਿਲ ਤੇ ਦੇਸ਼ ਦਾ ਦੁੱਖ ਆਪਣੀ ਸਵੈ-ਜੀਵਨੀ ਵਿਚ ਲਿਖਿਆ ਹੈ, ਉਹ ਲਿਖਦੇ ਹਨ: ''ਅਜਾਦੀ ਤੋਂ ਬਾਅਦ ਸਹੀ ਸੇਧ ਵਿਚ ਚੱਲਣਾ ਬਹੁਤ ਜਰੂਰੀ ਸੀ ਪਰ ਅਸੀਂ ਇਸ ਵਿਚ ਫੇਲ੍ਹ ਹੋ ਗਏ ਹਾਂ। ਧਨ-ਦੌਲਤ ਦੇ ਗੇੜ ਵਿਚ ਪੈ ਗਏ ਹਾਂ। ਮੈਂ ਆਪਣੀ ਮਾਂ-ਭੂਮੀ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਨ੍ਹਾਂ ਸਵਾਲਾਂ ਉੱਤੇ ਵਿਚਾਰ ਕਰਨ ਕਿ ਭਾਰਤ ਕਿੱਧਰ ਨੂੰ ਜਾ ਰਿਹਾ ਹੈ? ਅਜਾਦ ਭਾਰਤ ਵਿਚ ਗਰੀਬੀ ਕਿਉਂ ਵਧ ਰਹੀ ਹੈ? ਸਾਡੇ ਕੌਮੀ ਜੀਵਨ ਵਿਚ ਭ੍ਰਿਸ਼ਟਾਚਾਰ ਕਿਵੇਂ ਧਸ ਗਿਆ ਹੈ? ਦਿਨੋ-ਦਿਨ ਅਮੀਰ ਤੇ ਗਰੀਬ ਵਿਚ ਪਾੜਾ ਕਿਉਂ ਵਧ ਰਿਹਾ ਹੈ? ਦੇਸ਼ ਦੀ ਇਸ ਹਾਲਤ ਅਤੇ ਨਿਘਾਰ ਲਈ ਕੌਣ ਜਿੰਮੇਵਾਰ ਹੈ? ਜੀਵਨ ਦੇ ਸਾਰੇ ਖੇਤਰਾਂ ਵਿਚ ਇਖਲਾਕੀ ਕਦਰਾਂ ਦੇ ਖੁਰਦੇ ਜਾਣ ਨੂੰ ਰੋਕਣ ਤੋਂ ਅਸੀਂ ਕਿਉਂ ਅਸਮਰਥ ਹਾਂ?".....ਬਾਬਾ ਜੀ ਨੇ ਅੱਗੇ ਆਪਣੇ ਵਿਚਾਰ ਵਿਅਕਤ ਕਰਦਿਆਂ ਕਿਹਾ ਹੈ ਕਿ ''ਇਹ ਭ੍ਰਿਸ਼ਟਾਚਾਰੀ ਪ੍ਰਬੰਧ ਖੁਦ ਦੇਸ਼ ਦਿਆਂ ਹਾਕਮਾਂ ਨੇ ਪੈਦਾ ਕੀਤਾ ਹੈ। ਸਾਡੀ ਉਨਤੀ ਤੇ ਖੁਸ਼ਹਾਲੀ ਨਾਮਧਰੀਕ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਾਡੇ ਵਾਹੀਕਾਰ ਤੇ ਕਿਰਤੀ ਲੋਕ ਇਸ ਸਰਮਾਏਦਾਰ ਸਮਾਜ ਅੱਗੇ ਸਿਰ ਝੁਕਾਈ ਰੱਖਣਗੇ ਜਾਂ ਇਸ ਨੂੰ ਚੈਲਿੰਜ ਕਰਨਗੇ। ਭਾਰਤ ਦੇ ਕਿਸਾਨਾਂ ਤੇ ਮਜਦੂਰਾਂ ਨੇ ਆਪਣੇ ਰਾਹੇ ਜਾਣ ਦਾ ਫੈਸਲਾ ਕਰਨਾ ਹੈ। ਸੋਸ਼ਲਿਸਟ ਪ੍ਰਬੰਧ ਹੀ ਨਿਜਾਤ ਦਾ ਰਾਹ ਹੈ।"
        ਭਾਰਤ ਧਰਮ ਨਿਰਪੱਖ ਦੇਸ਼ ਕਹਾਉਂਦਾ ਹੈ। ਪਰ ਹਾਕਮ ਰਾਜ ਗੱਦੀ ਤੇ ਬਣੇ ਰਹਿਣ ਲਈ ਫਿਰਕਾਪ੍ਰਸਤੀ ਦਾ ਸਹਾਰਾ ਲੈਣ ਵਿਚ ਕੋਈ ਰੱਤੀ ਭਰ ਵੀ ਸ਼ਰਮ ਮਹਿਸੂਸ ਨਹੀਂ ਕਰਦੇ ਸਗੋਂ ''ਵੋਟ ਯੁੱਧ" ਦੇ ਮੈਦਾਨ ਵਿਚ ਖੁਦ ਫਿਰਕਾਪ੍ਰਸਤ ਹੋ ਜਾਂਦੇ ਹਨ ਪਰ ਬੇਸ਼ਰਮੀ ਦੀ ਹੱਦ ਕਿ ਮੂੰਹੋਂ ਨਾਮ ਫੇਰ ਵੀ ਧਰਮ ਨਿਰਪੱਖਤਾ ਦਾ ਹੀ ਲੈਂਦੇ ਹਨ। ਸਾਰਾ ਹੀ ਮੁਲਕ ਸੰਤਾਪ ਭੋਗ ਰਿਹਾ ਹੈ। ਪਿਛਲੇ ਕੁੱਝ ਸਮੇਂ ਤੋਂ ਤਾਂ ਇਸ ਦਾ ਚਲਣ ਬਹੁਤ ਜ਼ਿਆਦਾ ਵਧ ਗਿਆ ਹੈ। ਲਾਲਚੀ ਲੋਕ ਇਲਾਕਾਵਾਦ, ਭਾਸ਼ਾਵਾਦ ਤੇ ਕਈ ਹੋਰ ਕਿਸਮਾਂ ਦੀ ਡੱਫਲੀ ਬਜਾ ਕੇ ਆਪਣੇ ਸੌੜੇ ਮੁਫਾਦਾਂ ਖਾਤਰ ਆਮ ਕਿਰਤੀ ਲੋਕਾਂ ਨੂੰ ਪਾੜ ਵੀ ਰਹੇ ਹਨ ਤੇ ਮੂਰਖ ਵੀ ਬਣਾ ਰਹੇ ਹਨ। ਕਿਸੇ ਵੀ ਗੱਲ/ਮਸਲੇ ਨੂੰ ਹਕੀਕੀ ਹਾਲਤਾਂ ਅਨੁਸਾਰ ਹੀ ਵਿਚਾਰਿਆ ਜਾਣਾ ਚਾਹੀਦਾ ਹੈ। ਧਾਰਮਿਕ ਵਿਸ਼ਵਾਸ ਕਿਸੇ ਦੇ ਜਿਹੜੇ ਮਰਜੀ ਹੋਣ ਪਰ ਦੁੱਖ-ਤਕਲੀਫਾਂ, ਮੰਗਾਂ, ਮੁਸੀਬਤਾਂ ਸਭ ਦੀਆਂ ਸਾਂਝੀਆਂ ਹਨ ਇਸ ਕਰਕੇ ਇਹ ਸਾਂਝੀ ਲੜਾਈ ਇਕੱਠਿਆਂ ਹੋ ਕੇ ਸਾਂਝੇ ਤੌਰ 'ਤੇ ਲੜੀ ਜਾਣੀ ਚਾਹੀਦੀ ਹੈ/ ਇਹ ਲੜੀ ਜਾ ਸਕਦੀ ਹੈ। ਆਖਰ ਲੜਨੀ ਹੀ  ਪੈਣੀ ਹੈ।
         ਦੇਸ਼ ਦੇ ਕਿਰਤੀ - ਕਿਸਾਨਾਂ, ਦਸਤਕਾਰ ਲੋਕਾਂ ਨੇ ਹਮੇਸ਼ਾਂ ਹੀ ਮੁਲਕ ਦੇ ਵਿਕਾਸ ਵਿਚ ਆਪਣੀ ਸਮਰੱਥਾ ਤੋਂ ਵੱਧ ਯੋਗਦਾਨ ਪਾਇਆ, ਪਰ ਮੁਨਾਫੇ ਉਨ੍ਹਾਂ ਨੇ ਖੱਟੇ ਜੋ ਆਜ਼ਾਦੀ ਦੀ ਲਹਿਰ ਵੇਲੇ ਅੰਗਰੇਜਾਂ ਦੇ ਬੂਟ ਚੱਟਦੇ ਰਹੇ, ਦੇਸ਼ਭਗਤਾਂ ਦੀਆਂ ਅੰਗਰੇਜ਼ ਬਸਤੀਵਾਦੀਆਂ ਲਈ ਮੁਖਬਰੀਆਂ ਕਰਦੇ ਰਹੇ। ਆਜ਼ਾਦੀ ਉਪਰੰਤ ਕੌਮਾਂਤਰੀ ਸਰਮਾਏਦਾਰਾਂ ਨਾਲ ਰਲਕੇ 'ਸੋਨੇ ਦੀ ਚਿੜੀ' ਨੂੰ ਦੋਹੀਂ ਹੱਥ ਲੁੱਟਦੇ ਰਹੇ, ਅਜੇ ਵੀ ਲੁੱਟੀ ਜਾ ਰਹੇ ਹਨ। ਭਾਰਤ ਅੰਦਰ ਲੋਕ ਰਾਜ ਦੇ ਹੁੰਦਿਆਂ ਬਹੁਤ ਸਾਰੇ ਕਾਲੇ ਕਾਨੂੰਨ ਮੌਜੂਦ ਹਨ। ਉਹ ਸਾਰੇ ਹੀ ਆਪਣੀਆਂ ਹੱਕੀ ਮੰਗਾ ਲਈ ਘੋਲ ਕਰਦੇ ਲੋਕਾਂ ਦੇ ਖਿਲਾਫ ਵਰਤੇ ਜਾਂਦੇ ਹਨ। ਇੱਥੋਂ ਤੱਕ ਕਿ ਕਿਰਤੀ ਜਮਾਤ ਨਾਲ ਸਬੰਧਤ ਲੋਕ ਜਦੋਂ ਆਪਣੇ ਘੋਲਾਂ ਵਿਚ ਨਿੱਤਰੇ ਹੜਤਾਲਾਂ ਕੀਤੀਆਂ ਤਾਂ ਉਨ੍ਹਾਂ ਦੇ ਖਿਲਾਫ ਦਹਿਸ਼ਤ ਗਰਦੀ ਵਿਰੋਧੀ ਕਾਨੂੰਨ ਵਰਤੇ ਗਏ। ਹਾਲਾਂਕਿ ਇਹ ਜੱਗ ਜਾਹਰ ਹੈ ਕਿ ਮਜਦੂਰ ਜਮਾਤ ਬੇਕਿਰਕ ਹੋ ਕੇ ਦਹਿਸ਼ਤਗਰਦੀ ਦੇ ਖਿਲਾਫ ਲੜੀ। ਡੈਮੋਕ੍ਰੇਸੀ ਨੂੰ ਵਾਰ ਵਾਰ 'ਡਾਂਗੋਕ੍ਰੇਸੀ' ਨਾਲ ਹੱਕਿਆ ਗਿਆ। ਕੀ ਇਹ ਹੀ ਹੈ ਭਾਰਤੀ ''ਲੋਕ ਰਾਜ''? ਨਿਆਂ ਇਸ ਰਾਜ ਵਿਚ ਅੱਖਾਂ 'ਤੇ ਪੱਟੀ ਬੰਨ੍ਹਕੇ, ਕੰਨਾਂ ਵਿਚ ਰੂੰਅ ਦੇ ਕੇ ਬੈਠਾ ਰਹਿੰਦਾ ਹੈ। ਛੋਟੀਆਂ ਛੋਟੀਆਂ ਬੱਚੀਆਂ, ਧੀਆਂ-ਭੈਣਾਂ ਦੇ ਬਲਾਤਕਾਰ ਆਮ ਵਰਤਾਰਾ ਬਣਦੇ ਜਾ ਰਹੇ ਹਨ। ਹਕੂਮਤੀ ਧਿਰਾਂ ਸਿਰਫ ਖਾਨਾ-ਪੂਰਤੀ ਦਾ ਵਿਖਾਵਾ ਕਰਨ ਤੱਕ ਸੀਮਤ ਹੋ ਜਾਂਦੀਆਂ ਹਨ। ਬੇਦੋਸ਼ਿਆਂ ਨੂੰ ਭੀੜਾਂ ਤੋਂ ਕਤਲ ਕਰਵਾਉਣ ਵਾਲੇ ਗੁੰਡੇ ਸਰਕਾਰੀ ਸੁਰੱਖਿਆ ਦਾ ਨਿੱਘ ਮਾਣਦੇ ਹਨ। ਉੱਚੇ ਅਹੁਦਿਆਂ 'ਤੇ ਬੈਠ ਕੇ ਰਾਜ-ਭਾਗ ਚਲਾਉਂਦੇ ਹਨ ਸਰਕਾਰਾਂ ਕਮਿਸ਼ਨ ਦਰ ਕਮਿਸ਼ਨ ਕਾਇਮ ਕਰਕੇ ਲੋਕਾਂ ਨੂੰ ਮੂਰਖ ਬਨਾਉਣ ਦਾ ਕੰਮ ਕਰਦੀਆਂ ਹਨ। ਜਿੱਥੇ ਇਨਸਾਫ ਨਾ ਮਿਲਦਾ ਹੋਵੇ ਉਹਨੂੰ ਕਾਨੂੰਨ ਦਾ ਰਾਜ ਜਾਂ ਲੋਕ ਰਾਜ ਕਹਿਣਾ ਕਿੰਨਾ ਕੁ ਠੀਕ ਹੋ ਸਕਦਾ ਹੈ? ਸਿਆਸਤ ਹੁਣ ਸੇਵਾ ਨਹੀਂ ਧੰਦਾ ਬਣ ਗਈ ਹੈ, ਸਿਆਸਤ ਨੂੰ ਵੇਚਣ ਦਾ ਧੰਦਾ ਕਰਨ ਵਾਲੇ ਹਕੂਮਤੀ "ਲੋਕ" ਇਸ ਦੀ ਕਮਾਈ ਹੀ ਨਹੀਂ ਖਾ ਰਹੇ ਸਗੋਂ ਬੇ-ਤਹਾਸ਼ੇ ਮੁਨਾਫੇ ਵੀ ਕਮਾ ਰਹੇ ਹਨ। ਸੱਭਿਆਚਾਰਕ ਕਦਰਾਂ ਕੀਮਤਾਂ ਦਾ ਨਿੱਤ ਘਾਣ ਹੁੰਦਾ ਹੈ, ਮਨੁੱਖਾਂ ਵਿਚੋਂ ਨੈਤਿਕਤਾ ਦਾ ਖਾਤਮਾ ਹੀ ਹੋ ਗਿਆ ਲਗਦਾ ਹੈ।
           ਅੱਜ ਵਿਸ਼ਵੀਕਰਨ ਦਾ ਬਹੁਤ ਖੌਰੂ ਪੈ ਰਿਹਾ ਹੈ। ਮੀਡੀਆ 'ਤੇ ਬਹੁਕੌਮੀ ਕੰਪਨੀਆਂ ਜਾਂ ਫੇਰ ਵੱਡੇ ਕਾਰਪੋਰੇਟ ਘਰਾਣਿਆਂ ਦੇ ਕਬਜੇ ਹਨ ਜਾਂ ਉਨ੍ਹਾਂ ਦਾ ਇਸ ਖੇਤਰ ਅੰਦਰ ਵੱਡਾ ਪ੍ਰਭਾਵ ਹੈ। ਇਸ ਕਰਕੇ ਹੀ ਗਲੀ-ਸੜੀ ਅਤੇ ਬੌਨੀ ਸੋਚ ਦੇ ਸਾਧਾਰਨ ਜਹੇ ਵਿਅਕਤੀਆਂ ਨੂੰ ਪ੍ਰਭਾਵਸ਼ਾਲੀ ਬਨਾਉਣ ਵਿਚ ਲੱਗੇ ਹੋਏ ਹਨ। ਮੀਡੀਏ ਦਾ ਵੱਡਾ ਹਿੱਸਾ "ਸੱਚ'' ਦੇ ਨਾਂ ਹੇਠ ਝੂਠ ਵੇਚ ਰਿਹਾ ਹੈ। ਇਸ ਪਾਸੇ ਹਰ ਵਿਅਕਤੀ ਨੂੰ ਜਾਗ੍ਰਤਿ ਕਰਦਿਆਂ ਹੋਰ ਸੁਚੇਤ ਹੋਣ ਵਾਲਾ ਹੋਕਾ ਦੇਣ ਦੀ ਬਹੁਤ ਲੋੜ ਹੈ। ਹਰ ਚੰਗੀ ਮਨੁੱਖਵਾਦੀ ਅਤੇ ਸਾਂਝੀਵਾਲਤਾ ਭਰੀ ਸੋਚ ਨੂੰ ਅਣਗੌਲਿਆ ਜਾ ਰਿਹਾ ਹੈ ਜਾਂ ਫੇਰ ਨਕਾਰਨ ਦਾ ਜਤਨ ਕੀਤਾ ਜਾ ਰਿਹਾ ਹੈ। ਇਸ ਤੋਂ ਬਚਣ ਲਈ ਸਰਗਰਮੀ ਭਰਿਆ ਦਖਲ ਬਹੁਤ ਜਰੂਰੀ ਹੈ। ਇਸ ਨਕਲੀ ਵਿਸ਼ਵੀਕਰਨ ਦੇ ਝੂਠੇ ਵਣਜਾਰੇ ਸੰਸਾਰ ਦੇ ਇਕ ਪਿੰਡ ਬਣ ਜਾਣ ਵਾਲੇ ਛੁਣਛੁਣੇ ਨਾਲ ਦੁਹਾਈ ਦੇ ਕੇ ਸਾਰੇ ਪਿੰਡ ਨੂੰ ਹੀ ਲੁੱਟਣ 'ਤੇ ਲੱਗੇ ਹੋਏ ਹਨ। ਇਹ ਵਿਸ਼ਵੀਕਰਨ ਖਾਸ ਕਰਕੇ ਆਰਥਕ ਪੱਖੋਂ ਨਵ-ਬਸਤੀਵਾਦੀ ਪ੍ਰਬੰਧ ਹੈ। ਮਨੁੱਖੀ ਸਾਂਝਾ ਨੂੰ ਪਿਛਾਂਹ ਧੱਕਦਿਆ ਮਨੁੱਖ ਨੂੰ ਸਮਾਜ ਨਾਲੋਂ ਤੋੜਨ ਵਿਚ ਲੱਗੇ ਹੋਏ ਹਨ। ਸਾਡੇ ਅਮੀਰ ਵਿਰਸੇ ਵਿਚ ਸਦੀਆਂ ਤੋਂ ''ਸਭੈ ਸਾਂਝੀਵਾਲ...." ਦਾ ਹੋਕਾ ਮਿਲਦਾ ਹੈ ਅਤੇ 'ਬੇਗਮਪੁਰੇ ਦੀ ਸਿਰਜਣਾ' ਦਾ ਸਿਧਾਂਤ ਬਰਾਬਰੀ ਅਤੇ ਦੀਨ ਦੁਖੀ ਨਾਲ ਖੜ੍ਹੇ ਹੋਣ ਦੇ ਬੋਲ ਉੱਚੇ ਕਰਦਾ ਹੈ। ਕਿਉਂ ਵਿਸਾਰੀਏ ਅਸੀਂ ਇਹੋ ਜਹੇ ਮਨੁੱਖਵਾਦੀ ਸਿਧਾਂਤ? ਇਹ ਧਾਰਮਿਕ ਪ੍ਰਵਚਨ ਨਹੀਂ ਸਗੋਂ ਸਮਾਜਕ ਵਿਹਾਰ ਨੂੰ ਬਰਾਬਰੀ ਤੱਕ ਲੈ ਜਾਣ ਵਾਲੇ ਮਨੁੱਖਤਾ ਦਾ ਪੱਖ ਪੂਰਨ ਵਾਲੇ ਸੁੱਚੇ ਬੋਲ ਹਨ। ਇਨ੍ਹਾਂ ਨੂੰ ਅਮਲ ਵਿਚ ਲਿਆਉਣ ਲਈ ਕਦਮ ਅੱਗੇ ਤੁਰਨੇ ਚਾਹੀਦੇ ਹਨ, ਸਾਝਾਂ ਪੈਦਾ ਕਰਦਿਆ ਇਨ੍ਹਾਂ ਨੂੰ ਤਕੜੇ ਕਰਨਾ ਚਾਹੀਦਾ ਹੈ।
          ਫਿਰਕਾਪ੍ਰਸਤੀ ਅਤੇ ਰੂੜੀਵਾਦੀ ਸੋਚ ਨੂੰ ਪ੍ਰਣਾਏ ਕਈ ਮੱਕਾਰ ਸਿਆਸਤਦਾਨ ਜਾਂ ਉਨ੍ਹਾਂ ਦੇ ਹਮਾਇਤੀ ਧਰਮ ਦੇ ਰਾਜ ਦੀਆਂ ਵੀ ਦੁਹਾਈਆਂ ਪਾਉਂਦੇ ਦੇਖੇ ਜਾ ਸਕਦੇ ਹਨ। ਧਰਮ ਦੇ ਨਾਂ ਵਾਲੀ ਸੋਚ ਵਿਚੋਂ ਤਾਂ ਸਿਰਫ ਕੁਚੱਜ ਭਰੇ ''ਪਰਬੰਧ'' ਜੰਮਦੇ ਹਨ ਜੋ ਧੱਕੇ / ਧੌਂਸ ਵਾਲੇ ਅਤੇ ਮਿਹਨਤਕਸ਼ਾਂ ਦੇ ਨੰਗੇ ਚਿੱਟੇ ਦੁਸ਼ਮਣ ਹੁੰਦੇ ਹਨ। ਹਰ ਕਿਸਮ ਦੀ ਫਿਰਕਾਪ੍ਰਸਤੀ ਫਾਸ਼ੀਵਾਦ ਨੂੰ ਜਨਮ ਦੇਣ ਦਾ ਕਾਰਨ ਬਣਦੀ ਹੈ। ਫਾਸ਼ੀਵਾਦ ਲੋਕਾਂ ਦਾ ਦੁਸ਼ਮਣ ਹੁੰਦਾ ਹੈ। ਹਰ ਕਿਸਮ ਦੇ ਫਿਕਾਪ੍ਰਸਤਾਂ ਦੇ ਖਿਲਾਫ ਘੋਲ ਜਮਾਤੀ ਸੂਝ ਨਾਲ ਪ੍ਰਪੱਕ ਹੋ ਕੇ ਹੀ ਲੜਿਆ ਜਾ ਸਕਦਾ ਹੈ/ ਲੜਿਆ ਜਾਣਾ ਚਾਹੀਦਾ ਹੈ, ਅੱਜ ਇਸਦੀ ਬਹੁਤ ਲੋੜ ਹੈ।  ਕਿਰਤੀਆਂ ਦੇ ਸਾਂਝੇ ਸੰਘਰਸ਼ ਹੀ ਸਮਾਜ ਨੂੰ ਅੱਗੇ ਵੱਲ ਤੋਰ ਸਕਦੇ ਹਨ। ਅਜਿਹੀ ਸਥਿਤੀ ਵਿਚ ਬੁੱਧੀਜੀਵੀਆਂ ਦੇ ਜਿੰਮੇਵਾਰੀ ਬਹੁਤ ਵਧ ਜਾਂਦੀ ਹੈ ਕਿ ਉਹ ਹਾਲਤਾਂ ਨੂੰ ਭਾਂਪਦਿਆਂ, ਕਿਸਾਨਾਂ-ਮਜ਼ਦੂਰਾਂ ਨਾਲ ਸਾਂਝ ਵਧਾ ਕੇ ਉਨ੍ਹਾਂ ਦੇ ਹਕੀਕੀ ਮਸਲਿਆਂ ਬਾਰੇ ਠੀਕ ਨਿਰਣੇ ਕਰਨ ਅਤੇ ਆਪਣੇ ਲੋਕਾਂ ਨੂੰ ਸਹੀ ਸੇਧ ਦੇਣ। ਭਰੱਪਣ ਭਰੇ ਸਮਾਜ ਦੀ ਕਾਇਮੀ ਵੱਲ ਸਾਂਝੀ ਯਲਗਾਰ ਹੀ ਪਹਿਲੀ ਮਈ ਦਾ ਸੁਨੇਹਾ ਹੈ। ਕਿਰਤੀਆਂ ਖਾਤਰ ਜਾਨਾਂ ਵਾਰ ਗਏ ਸ਼ਹੀਦਾਂ ਨੂੰ ਯਾਦ ਕਰਨਾ ਅਤੇ ਉਨ੍ਹਾਂ ਵਲੋਂ ਸ਼ੁਰੂ ਕੀਤੇ ਕਾਜ਼ ਨੂੰ ਪ੍ਰਣਾਮ ਕਰਦਿਆਂ ਉਸ ਸੋਚ ਦਾ ਹਿੱਸਾ ਬਣਨਾ ਸਾਡਾ ਫਰਜ਼ ਹੋਣਾ ਚਾਹੀਦਾ ਹੈ। ਇਹ ਹੀ ਪਹਿਲੀ ਮਈ ਦੀ ਭਾਵਨਾ ਹੈ।

01 May 2019

ਸੁਣਨ - ਕਹਿਣ ਦੀਆਂ ਗੱਲਾਂ - ਕੇਹਰ ਸ਼ਰੀਫ਼

ਸਿਆਸੀ ਪਾਰਟੀਆਂ ਦੇ ਗੱਠਜੋੜ ਤੇ ਘੱਟੋ-ਘੱਟ ਸਾਂਝਾ ਪ੍ਰੋਗਰਾਮ !!

ਭਾਰਤ ਵਿਚ ਹੋਣ ਵਾਲੀਆਂ ਚੋਣਾਂ ਵਿਚ ਸਿਆਸੀ ਪਾਰਟੀਆਂ ਆਪਸ ਵਿਚ ਚੋਣ-ਗੱਠਜੋੜ ਕਰ ਰਹੀਆਂ ਹਨ - ਪਰ ਰੌਲ਼ਾ ਸੀਟਾਂ ਦੀ ਵੰਡ-ਵੰਡਾਈ ਤੱਕ ਹੀ ਸੀਮਤ ਹੈ। ਆਮ ਤੌਰ 'ਤੇ ਗੱਠਜੋੜ ਬਣਨ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੂੰ ਬੈਠ ਕੇ ਕੋਈ ਸਾਂਝਾ ਪ੍ਰੋਗਰਾਮ ਵਿਚਾਰਨਾ ਚਾਹੀਦਾ ਹੈ, ਕਿ ਉਨ੍ਹਾਂ ਪਾਰਟੀਆਂ ਨੇ ਕਿਹੜੇ ਲੋਕ ਮਸਲਿਆਂ 'ਤੇ ਸਾਂਝੇ ਦ੍ਰਿਸ਼ਟੀਕੋਨ ਨੂੰ ਲੈ ਕੇ ਚੋਣ ਲੜਨੀ ਹੈ, ਉਨ੍ਹਾਂ ਦਾ ਸਾਂਝਾਂ ਪ੍ਰੋਗਰਾਮ ਕੀ ਹੈ? ਕਿਹੜੀ ਦਸ਼ਾ ਨੂੰ ਬਦਲਣਾ ਹੈ ਅਤੇ ਕਿਹੜੀ ਦਿਸ਼ਾ ਵਲ ਵਧਣਾ ਹੈ? ਉਨ੍ਹਾਂ ਦਾ ਚੱਲ ਰਹੀਆਂ ਨੀਤੀਆਂ ਬਾਰੇ ਬਦਲਵਾਂ ਪ੍ਰੋਗਰਾਮ ਕੀ ਹੈ? ਅਜੇ ਤੱਕ ਅਜਿਹਾ ਕੁੱਝ ਵੀ ਦੇਖਣ ਸੁਣਨ ਨੂੰ ਨਹੀਂ ਮਿਲ ਰਿਹਾ, ਸਿਰਫ ਸੀਟਾਂ ਦਾ ਹੀ ਰੌਲ਼ਾ ਪਈ ਜਾਂਦਾ ਹੈ। ਲੋਕਾਂ ਵਲੋਂ ਇਨ੍ਹਾਂ ਬਣ ਰਹੇ ਗੱਠਜੋੜਾਂ ਵਾਲਿਆਂ ਨੂੰ ਹੀ ਪੁੱਛਣਾ ਪਵੇਗਾ ਕਿ ਤੁਹਾਡਾ ਪ੍ਰੋਗਰਾਮ ਕੀ ਹੈ ਜਿਸ ਵਾਸਤੇ ਤੁਸੀਂ ਵੋਟ ਮੰਗਦੇ ਹੋ? ਪੰਜਾਬ ਦੇ ਮਸਲਿਆਂ ਬਾਰੇ ਵੱਖੋ ਵੱਖ ਸਿਆਸੀ ਧਿਰਾਂ ਦਾ ਵੱਖੋ ਵੱਖ ਨਜ਼ਰੀਆ ਹੈ - ਇਸ ਕਰਕੇ ਹੋ ਰਹੀ ਸਿਆਸੀ ਧੂਹ-ਘੜੀਸ ਵਿਚ ਪੰਜਾਬ ਦੇ ਲੋਕ, ਪੰਜਾਬ ਦੇ ਮਸਲੇ ਤੇ ਉਨ੍ਹਾਂ ਮਸਲਿਆਂ ਦੇ ਹੱਲ ਬਾਰੇ ਉਹ ਕੀ ਸੋਚਦੇ ਹਨ। ਸੋਚਦੇ ਵੀ ਹਨ ਕਿ ਨਹੀਂ? ਸਟੇਜਾਂ 'ਤੇ ਬੜ੍ਹਕਾਂ ਮਾਰਨੀਆਂ ਮਸਲਿਆਂ ਦਾ ਹੱਲ ਨਹੀਂ ਹੁੰਦਾ।
     ਕਿਸਾਨ ਤੇ ਕਿਸਾਨੀ ਮਰ ਰਹੀ ਹੈ, ਸਨਅਤੀ ਮਜਦੂਰ ਮੰਦੇ ਹਾਲੀਂ ਹੈ ਤੇ ਖੇਤ ਮਜ਼ਦੂਰ ਉੱਜੜ ਰਿਹਾ ਹੈ ਜਾਂ ਮਰ ਰਿਹਾ ਹੈ, ਮੁਲਾਜ਼ਮ ਸੰਘਰਸ਼ਾਂ ਦੇ ਰਾਹ 'ਤੇ ਹਨ, ਬੇਰੁਜ਼ਗਾਰਾਂ ਨੂੰ ਰਾਹ ਹੀ ਨਹੀਂ ਲੱਭਦਾ ਕਿ ਉਹ ਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ ਕੀ ਕਰਨ - ਰੁਜ਼ਗਾਰ ਕਿੱਥੇ ਹੈ? ਮਹਿੰਗਾਈ ਨੇ ਲੋਕਾਂ ਦਾ ਜੀਊਣਾ ਔਖਾ ਕੀਤਾ ਹੋਇਆ ਹੈ। ਸਮਾਜਿਕ ਬੇ-ਇਨਸਾਫੀ ਇੰਨੀ ਵਧ ਗਈ ਹੈ ਕਿ ਦੇਸ਼ ਵਿਚ ਮਧ-ਯੁੱਗ ਦਾ ਭੁਲੇਖਾ ਪੈਂਦਾ ਹੈ। ਬਹੁਤ ਸਾਰੇ ਸਵਾਲ ਹਨ। ਜਦੋਂ ਲੋਕ ਸਵਾਲ ਚੁੱਕਦੇ ਹਨ ਤਾਂ ''ਡੈਮੋਕ੍ਰੇਸੀ'' ਦੀ ਥਾਂ ''ਡਾਂਗੋਕ੍ਰੇਸੀ'' ਲੋਕਾਂ ਦੇ ਹੱਡ ਸੇਕਦੀ ਹੈ। ਗੱਠਜੋੜਾਂ ਵਾਲਿਆਂ ਨੂੰ ਦੱਸਣਾ ਪਵੇਗਾ ਕਿ ਇਸ ਕੁਚੱਜ ਦਾ ਬਦਲ ਕੀ ਹੈ। ਇਹ ਹੀ ਕਹਿਣਾ ਪਵੇਗਾ ਕਿ ਲੋਕ ਰਾਜ ਬੁਰੇ ਹਾਲੀਂ ਹੋਇਆ ਪਿਆ ਹੈ।
      ਬਣ ਰਹੇ ਗੱਠਜੋੜਾਂ ਵਾਲਿਆਂ ਨੂੰ ਚਾਹੀਦਾ ਹੇੈ ਕਿ ਉਹ ਲੋਕਾਂ ਨੂੰ ਆਪਣਾ ''ਵਿਕਾਸ ਮਾਰਗ'' ਦੱਸਣ, ਦੇਸ਼ ਨੇ ਵਿਕਾਸ ਕੁੱਝ ਘਰਾਣਿਆਂ ਦਾ ਕਰਨਾ ਹੈ (ਜਿਵੇਂ ਹੁਣ ਤੱਕ ਹੋਇਆ ਹੈ) ਕਿ ਬਾਕੀ ਦੀ 130 ਕਰੋੜ ਜਨਤਾ ਵੀ ਉਸ ਵਿਚ ਸ਼ਾਮਲ ਹੈ। ਪਰ ਦੱਸਣ ਚੋਣਾਂ ਤੋਂ ਪਹਿਲਾਂ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਜੁਮਲੇ ਸੁਣਨੇ ਬੰਦ ਕਰਕੇ ਆਪਣੇ ਸਵਾਲ ਪੁੱਛਣ। ਜੁਮਲਿਆਂ ਵਾਲੇ ਛੁਣਛੁਣੇ ਨੇ ਦੇਸ਼ ਦੇ ਲੋਕਾਂ ਦਾ ਨਾ ਕੁੱਝ ਪਹਿਲਾਂ ਸੰਵਾਰਿਆ ਹੈ ਨਾ ਅਗਾਂਹ ਸੰਵਾਰ ਸਕਣਾ ਹੈ।
     ਲੋਕਾਂ ਨੂੰ ਜਾਗਣਾਂ ਪੈਣਾ ਹੈ - ਪੰਜਾਬ ਦੇ ਬੁੱਧੀਜੀਵੀਆਂ ਨੂੰ ਇਸ ਸਥਿਤੀ ਵਿਚ ਆਪਣੀ ਭੂਮਿਕਾ ਸਰਗਰਮੀ ਨਾਲ ਨਿਭਾਉਣੀ ਪਵੇਗੀ - ਇਹ ਹੀ ਲੋਕਰਾਜ ਨੂੰ ਬਚਾਉਣ ਦਾ ਰਾਹ ਹੈ।


""                          
ਸਿਆਸਤ ਦੀਆਂ ਨੀਵਾਣਾਂ

ਲੋਕ ਸਭਾ ਦੀਆਂ ਚੋਣਾਂ ਦੇ ਸਬੰਧ ਵਿਚ ਪੰਜਾਬ ਅੰਦਰ ਵੀ ਵੱਖੋ ਵੱਖ ਗੱਠਜੋੜ ਬਣ ਰਹੇ ਹਨ। ਇਕ ਗੱਠਜੋੜ ਦਾ ''ਆਗੂ'' ਅਜਿਹਾ ਵਿਅਕਤੀ ਹੈ ਜਿਹੜਾ ਇਸ ਸਮੇਂ ਕਿਸੇ ਸਿਆਸੀ ਪਾਰਟੀ ਦਾ ਮੈਂਬਰ ਵੀ ਨਹੀਂ। ਆਪਣੇ ਵਲੋਂ ''ਸਾਜੀ'' ਪਾਰਟੀ ਦਾ ''ਅਣਪਛਾਤਾ ਪ੍ਰਧਾਨ'' ਵੀ ਆਪ ਹੀ ਕਿਸੇ ਹੋਰ ਨੂੰ ਥਾਪਿਆ ਹੋਇਆ ਹੈ। ਪਰ ਸੀਟਾਂ ਉਹ ਵੰਡ ਰਿਹਾ ਹੈ। ਹੈ ਕਮਾਲ ਕਿ ਨਹੀਂ?? ਐਹੋ ਜਹੇ ''ਨੇਤਾ'' ਦੂਜਿਆਂ ਨੂੰ ਪੌੜੀ ਬਣਾ ਕੇ 2019 ਦੇ ਬਹਾਨੇ 2022  ਵਿਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਆਪਣਾ ਆਧਾਰ ਤਿਆਰ ਕਰ ਰਹੇ ਹਨ। ਵਿਚਾਰੇ ਲੋਕ! ਅਜਿਹੇ ਨੇਤਾਵਾਂ ਵਾਸਤੇ ਛੁਣਛੁਣੇ ਹੀ ਹਨ।
"'
ਪਿਛਲੇ ਦਿਨਾਂ ਤੋਂ ਪੰਜਾਬ ਦੇ ਲੋਕਾਂ ਨੇ ਵਾਇਆ ਮਹਾਂਰਸ਼ਟਰ (ਹਿੰਦੂ ਅਖਬਾਰ) ਇਕ ਨਾਮ ਸੁਣਿਆਂ - ਸਨਕਦੀਪ ਸਿੰਘ। ਕਹਿੰਦੇ ਇਹ ਪੰਜਾਬ ਏਕਤਾ ਪਾਰਟੀ (ਪਹਿਲਾਂ ਪੰਜਾਬੀ ਏਕਤਾ ਪਾਰਟੀ) ਦਾ ਪ੍ਰਧਾਨ ਹੈ (ਸ਼ਾਇਦ ਇਸੇ ਨੂੰ ਕਹਿੰਦੇ ਹਨ ਅਣਪਛਾਤਾ ਪ੍ਰਧਾਨ) - ਪਹਿਲਾਂ ਇਸ ਪਾਰਟੀ ਦੇ ਪ੍ਰਧਾਨ ਵਜੋਂ ਸੁਖਪਾਲ ਖੈਹਰਾ ਹੀ ਵਿਚਰ ਰਹੇ ਸਨ। ਸੋਸ਼ਲ ਮੀਡੀਆ ਤੇ ਸਨਕਦੀਪ ਸਿੰਘ ਦੇ ''ਵਿਚਾਰ'' ਸੁਣੇ- ਉਹ ਆਖ ਰਿਹਾ ਸੀ ''ਮੈਂ ਤਾਂ ਪਾਰਟੀ ਦਾ ਕਾਗਜ਼ੀ ਪ੍ਰਧਾਨ ਹਾਂ- ਅਸਲੀ ਪ੍ਰਧਾਨ ਤਾਂ ਖੈਹਰਾ ਸਾਹਿਬ ਹਨ'' (ਇਹ ਵੀ ਕਿਹਾ ਕਿ ਮੈਂ ਤਾਂ ਖੈਹਰਾ ਸਾਹਿਬ ਦਾ ਪੋਲੀਟੀਕਲ ਸੈਕਟਰੀ ਹਾਂ)। ਇਹ ਤਕਨੀਕੀ ਖੇਡ ਹੈ। ਪਰ ਇਹ ਖੇਡ ਪਹਿਲਾਂ ਵੀ ਲੋਕਾਂ ਨੂੰ ਦੱਸੀ ਜਾ ਸਕਦੀ ਸੀ - ਲੁਕੋ ਕੇ ਬੁੱਕਲ਼ 'ਚ ਗੁੜ ਦੀ ਰੋੜੀ ਭੰਨਣਾ ਸਿਆਸੀ ਬੇਈਮਾਨੀ ਗਿਣੀ ਜਾਵੇ ਜਾਂ ਹੋਰ ਕੁੱਝ? ਇਹ ਵਲੰਟੀਅਰਜ਼ ਦੀ ਪਾਰਟੀ ਕਹਾਉਂਦੀ ਹੈ - ਪਰ ਇਸ ਪਾਰਟੀ ਦੇ ਵਲੰਟੀਅਰਜ਼ ਨੂੰ ਵੀ  ਇਸ ਗੱਲ ਦਾ ਮੀਡੀਆ ਰਾਹੀਂ  ਪਤਾ ਲਗਦਾ ਹੈ। ਦੱਸੋ ਕਿ ਇਹ ਵੀ ਸਿਆਸਤ ਹੈ? ਜਾਂ  ਹੁਣ ਇਹ ਹੀ ਸਿਆਸਤ ਹੈ ??


""
ਮੀਡੀਆ ਦਾ ਕਲੱਲਪੁਣਾ

ਮੀਡੀਆ ਵਾਸਤੇ ਕੰਮ ਕਰਦੇ ਚੰਗੇ ਚੰਗੇ ਪੱਤਰਕਾਰ ਵੀ ਜਦੋਂ ਮੂਰਖਤਾ ਭਰੇ ਸਵਾਲ ਕਰਦੇ ਹਨ ਤਾਂ ਪਤਾ ਲੱਗ ਜਾਂਦਾ ਹੈ ਕਿ ਇਹ ''ਪੱਤਰਕਾਰ'' ਤਾਂ ਪੈਸੇ ਲੈ ਕੇ ਸਵਾਲ ਪੁੱਛਣ ਵਾਲੇ ਕਿਸੇ ਵਿਧਾਨਕ ਸੰਸਥਾ/ਪਾਰਲੀਮੈਂਟ ਬਗੈਰਾ ਦੇ ਕਿਸੇ ਮੈਂਬਰ ਵਰਗਾ ਹੀ ਹੈ। ਹਰ ਪੱਤਰਕਾਰ ਭਾਰਤ ਦੀ ਚੋਣ ਪ੍ਰਣਾਲੀ ਤੇ ਵਜ਼ਾਰਤ ਜਾਂ ਫੇਰ ਪ੍ਰਧਾਨ ਮੰਤਰੀ ਦੇ ਚੋਣ ਵਾਲਾ ਢੰਗ ਤਰੀਕਾ ਜਾਣਦਾ।  ਚੋਣ ਪ੍ਰਣਾਲੀ ਅਨੁਸਾਰ ਪਹਿਲਾਂ ਪਾਰਲੀਮੈਂਟ ਦੇ ਮੈਂਬਰ ਚੁਣੇ ਜਾਂਦੇ ਹਨ ਫੇਰ ਜਿਸ ਪਾਰਟੀ ਕੋਲ ਬਹੁ ਸੰਮਤੀ ਹੋਵੇ ਉਹ ਆਪਣਾ ਨੇਤਾ ਚੁਣਦੇ ਹਨ - ਉਹ ਪ੍ਰਧਾਨ ਮੰਤਰੀ ਬਣਦਾ ਹੈ। ਪਰ ਇਹ ''ਭਾੜੇ ਦੇ ਪੱਤਰਕਾਰ'' ਹਰ ਪਾਰਟੀ ਦੇ ਲੀਡਰ ਨੂੰ ''ਤੁਹਾਡਾ ਪ੍ਰਧਾਨ ਮੰਤਰੀ ਕੌਣ ਹੋਵੇਗਾ'' ਵਾਲਾ ਸਵਾਲ ਪੁੱਛੀ ਜਾਂਦੇ। ਭਾਰਤ ਵਿਚ ਪ੍ਰਧਾਨਗੀ ਤਰਜ਼ ਦੀ ਚੋਣ ਪ੍ਰਣਾਲੀ ਨਹੀਂ - ਪੱਤਰਕਾਰਾਂ ਨੂੰ ਚਾਹੀਦਾ ਹੈ ਉਹ ਅਜਿਹੇ ਸਵਾਲ ਪੁੱਛ ਕੇ ਆਪਣਾ ਜਲੂਸ ਨਾ ਕੱਢਿਆ ਕਰਨ, ਸਗੋਂ ਪੱਤਰਕਾਰ ਬਣਕੇ ਗੱਲ ਕਰਿਆ ਕਰਨ, ਨਾਲ ਹੀ ਭਾਰਤ ਦੀ ਚੋਣ ਪ੍ਰਣਾਲੀ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਨ - ਇਸ ਤਰ੍ਹਾਂ ਇੱਜਤ ਬਚ ਰਹੇਗੀ।


ਪੜ੍ਹੋ ਪੰਜਾਬ ਕਿ ਰੁੜ੍ਹੋ ਪੰਜਾਬ ?

ਆਪਣੇ ਜਾਇਜ਼ ਹੱਕ ਮੰਗਣ ਵਾਲੇ ਜਿਨ੍ਹਾਂ ਅਧਿਆਪਕਾਂ (ਧੀਆਂ-ਪੁੱਤਰ) 'ਤੇ ਡਾਂਗਾਂ ਵਰਾਹੀਆਂ ਜਾ ਰਹੀਆਂ ਹਨ ਉਹ ਵੀ ਕਿਸਾਨਾਂ ਮਜ਼ਦੂਰਾਂ ਦੇ ਧੀਆਂ ਪੁੱਤਰ ਜੋ ਪੰਜਾਬ ਨੂੰ ਵਿਦਿਆ ਦਾ ਗਿਆਨ ਵੰਡ ਕੇ ਪੰਜਾਬ ਦੇ ਭਵਿੱਖ ਨੂੰ ਰੌਨਾਉਣ ਦਾ ਜਤਨ ਕਰ ਰਹੇ ਹਨ। ਪੰਜਾਬ ਅੰਦਰ ਹੱਕ ਮੰਗਣ ਵਾਲਿਆਂ 'ਤੇ ''ਉੱਪਰੋਂ ਆਏ ਹੁਕਮ'' ਕਰਕੇ ਡਾਂਗ ਵਰਾਹੁਣ ਵਾਲੇ ਵੀ  ਕਿਰਤੀ-ਕਿਸਾਨਾਂ ਦੇ ਧੀਆਂ ਪੁੱਤਰ, ਪੁਲੀਸ ਵਾਲੇ !!  ਹਨੇਰੀਆਂ ਤਾਕਤਾਂ ਇਸ ਰੌਸ਼ਨੀ ਨੂੰ ਵਧਣੋਂ ਰੋਕ ਰਹੀਆਂ ਹਨ। ਪੰਜਾਬ ਨੂੰ ਡੋਬਣ ਦੇ ਜਤਨ ਹੋ ਰਹੇ ਹਨ - ਪੰਜਾਬੀਉ ਖਬਰਦਾਰ !! ਸਰਕਾਰ ਨੇ ਵਾਅਦੇ ਕਿਰਤੀਆਂ ਦੇ ਧੀਆਂ-ਪੁੱਤ (ਪੁਲੀਸ ਵਾਲੇ ਅਤੇ ਸੰਘਰਸ਼ ਕਰ ਰਹੇ ਅਧਿਆਪਕ) ਆਪਸ ਵਿਚੀਂ ਦੁਸ਼ਮਣ ਬਣਾਏ ਜਾ ਰਹੇ ਹਨ ਪੁਲੀਸ ਵਾਲੇ ਅਤੇ ਅਧਿਆਪਕ ਇਕੋ ਹੀ ਮਿਹਨਤਕਸ਼ ਜਮਾਤ ਦੇ ਅੰਗ ਹਨ। ਇਨ੍ਹਾਂ ਨੂੰ ਪਾੜਨ ਦੀਆਂ ਕੋਸ਼ਿਸਾਂ ਹੋ ਰਹੀਆਂ ਹਨ।- ਇਸ ਸਾਜਿਸ਼ ਨੂੰ ਸਮਝਣ ਦੀ ਲੋੜ ਹੈ - ਬਾਬੇ ਨਾਨਕ ਦੀ ਧਰਤੀ ਉੱਤੇ ਦੁਸ਼ਮਣੀਆਂ ਨਹੀਂ ਮੁਹੱਬਤਾਂ ਫੈਲਣੀਆਂ ਚਾਹੀਦੀਆਂ ਹਨ। ਪਰ ਹਕੂਮਤ ਦੇ ਨਸ਼ੇ ਵਾਲੇ ਆਪਣੇ ਵਾਅਦਿਆਂ ਨੂੰ ਤੋੜਕੇ ਵੀ ਸ਼ਰਮਿੰਦੇ ਨਹੀਂ ਹੋ ਰਹੇ। ਕੀ ਇਹ ਰਾਜ ਧਰਮ ਨਿਭਾਅ ਰਹੇ ਹਨ? ਰਾਜ ਧਰਮ ਨਾ ਨਿਭਾਅ ਸਕਣ ਵਾਲਿਆਂ ਨੂੰ ਨੈਤਿਕ ਪੱਖੋਂ ਰਾਜ ਕਰਨ ਦਾ ਹੱਕ ਹੀ ਨਹੀਂ ਰਹਿੰਦਾ। ਪਰ ਹਾਕਮ ਜਮਾਤ ਕਿਰਤੀਆਂ ਨਾਲ ਕੀਤੇ ਵਾਅਦੇ ਨਿਭਾਉਣ ਤੋਂ ਭੱਜ ਗਈ ਹੈ- ਲੋਕਾਂ ਨਾਲ ਤਾਂ ਛੱਡੋ ਹਕੂਮਤੀ ਨਸ਼ੇ ਵਿਚ ਇਹ ਤਾਂ ਆਪਣੇ "ਇਸ਼ਟ" ਨੂੰ ਵੀ ਟਿੱਚ ਜਾਣਦੇ ਹਨ ।
"ਸਹੁੰ ਖਾ ਕੇ ਮੁੱਕਰ ਗਏ'' -  ਹੁਣ ਤਾਂ ਲੋਕ ਗਲ਼ੀ ਗਲ਼ੀ ਗਾਉਂਦੇ ਫਿਰਦੇ ਹਨ।
ਹਾਕਮ ਹੁਣ ਤਾਂ ਕੁੱਝ ਸੋਚਣ, ਸਮਝਣ - ਆਪਣੇ ਕਹੇ ਨੂੰ ਸੁਣਨ ਤੇ ਆਪਣੇ ਲਿਖੇ ਨੂੰ ਪੜ੍ਹਨ-ਸ਼ਾਇਦ ਗੱਲ ਪੱਲੇ ਪੈ ਜਾਵੇ। 
ਹਾਕਮ ਆਪਣਾ ਮੈਨੀਫੈਸਟੋ ਪੜ੍ਹਨ- ਆਪਣੇ ਕੀਤੇ ਵਾਅਦਿਆਂ 'ਨੂੰ ਪੂਰਾ ਕਰਨ ਵਲ ਗੰਭੀਰ ਹੋ ਕੇ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨ। ਇਹ ਉਨ੍ਹਾਂ ਵਲੋਂ ਵੋਟਾਂ ਵੇਲੇ ਲੋਕਾਂ ਨੂੰ ਦਿੱਤੇ ਗਏ ਵਚਨ ਹਨ - ਕਰੋ ਹੁਣ ਪੂਰੇ - ਨਿਭਾਉ ਜੁੰਮੇਵਾਰੀ।
       ਪੰਜਾਬ ਵਿਚ ਵਿਦਿਆਦਾਨ ਵੰਡਣ ਵਾਲਿਆਂ (ਅਧਿਆਪਕ-ਅਧਿਆਪਕਾਵਾਂ) ਦੀਆਂ ਚੁੰਨੀਆਂ ਤੇ ਪੱਗਾਂ ਰੁਲ਼ ਰਹੀਆਂ ਹਨ - ਪੰਜਾਬ ਦੇ ਸਿਰ ਸਜੀਆਂ ਚੁੰਨੀਆਂ ਤੇ ਪੱਗਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ- ਪੰਜਾਬੀਉ ਜਾਗੋ !! ਹਾਕਮ ਤੁਹਾਡੇ ਸੇਵਾਦਾਰ ਹਨ ਤੁਹਾਡਾ ਦਿੱਤਾ ਖਾਂਦੇ ਹਨ।
ਪਹਿਲਾਂ ਦਸ ਸਾਲ ''ਸੇਵਾ ਵਾਲੇ ਬਾਬੇ'' ਨੇ ਆਪਣੇ ਕੋੜਮੇ ਸਮੇਤ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ - ਲੋਕ ਕਹਿੰਦੇ ਹਨ ਕਿ ਉਹੋ ਜਹੀ ''ਸੇਵਾ'' ਅਜੇ ਵੀ ਹੋਈ ਜਾ ਰਹੀ ਹੈ। ਪੰਜਾਬ ਦਾ  ਸਰਵਪੱਖੀ ਨਿਘਾਰ ਵਲ ਨੂੰ ਜਾਂਦਾ ਰਾਹ ਰੋਕਣ ਦੀ ਬਹੁਤ ਲੋੜ ਹੈ। ਮੁੱਖ ਜੁੰਮੇਵਾਰੀ ਤਾਂ ਸਰਕਾਰ ਦੀ ਹੁੰਦੀ ਹੈ, ਜਦੋਂ ਸਰਕਾਰ ਸੌਂ ਜਾਵੇ ਤਾਂ ਲੋਕਾਂ ਨੇ ਉਸ ਨੂੰ ਜਗਾਉਣਾ ਹੁੰਦਾ ਹੈ - ਖੜਕਾਉ ਪੀਪਾ।
ਚੋਣ ਪ੍ਰਚਾਰ ਦੇ ਸਮੇਂ ਕਾਂਗਰਸ ਪਾਰਟੀ ਨੇ ਹਰ ਕਿਸਮ ਦੇ ਮਾਫੀਏ ਦਾ ਲੱਕ ਤੋੜਨ ਦਾ ਵਾਅਦਾ ਕੀਤਾ ਸੀ - ਉਸ ਵਾਅਦੇ ਦਾ ਕੀ ਬਣਿਆ ?  ਹਰ ਕਿਸਮ ਦਾ ਮਾਫੀਆ ਤਾਂ ਪੰਜਾਬ ਵਿਚ ਅਜੇ ਵੀ ਬੁੱਕਦਾ ਫਿਰਦਾ ਹੈ। ਇਸ ਦਾ ਜੁੰਮੇਵਾਰ ਕੌਣ ਹੈ - ਪੁੱਛੋ ਸਰਕਾਰ ਨੂੰ ਕਿ ਦੇਵੇ ਜਵਾਬ।

17 March 2019

ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਪੰਜਾਬੀ ਬੋਲੀ/ਭਾਸ਼ਾ ਬਾਰੇ ਵੀ ਸੋਚੀਏ - ਕੇਹਰ ਸ਼ਰੀਫ਼

ਪਿਛਲੇ ਸਮੇਂ ਤੋਂ ਹਰ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਵਾਲੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨੂੰ ਬਹੁਤ ਹੀ ਉਤਸ਼ਾਹ ਨਾਲ ਦੇਖਿਆ ਜਾ ਰਿਹਾ ਹੈ। ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਬਹੁਤ ਸਾਰੇ ਸਰਕਾਰੀ ਤੇ ਗੈਰਸਰਕਾਰੀ ਸਮਾਗਮ ਵੀ ਸਾਰਾ ਸਾਲ ਹੋਣੇ ਹਨ - ਬੜੀਆਂ ਹੀ ਚੰਗੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਕੀਤੇ ਜਾਣ ਵਾਲੇ ਸਰਕਾਰੀ ਅਤੇ ਗੈਰ-ਸਰਕਾਰੀ ਸਮਾਗਮਾਂ ਉੱਤੇ ਸੈਂਕੜੇ ਕਰੋੜਾਂ ਰੁਪਏ ਖਰਚ ਹੋਣ ਦੇ ਚਰਚੇ ਹਨ। ਪਰ ਇਹ ਵੀ ਭੁੱਲਣਾ ਨਹੀਂ ਚਾਹੀਦਾ ਕਿ ਜਦੋਂ ਅਸੀਂ ਪੰਜਾਬ ਵਲ ਨਜ਼ਰ ਮਾਰਦੇ ਹਾਂ ਤਾਂ ਬਾਬਾ ਨਾਨਕ ਦੀ ਬੋਲੀ - ਪੰਜਾਬੀ ਬੋਲੀ / ਪੰਜਾਬੀ ਭਾਸ਼ਾ ਨਾਲ ਲੰਬੇ ਸਮੇਂ ਤੋਂ ਖਾਸ ਕਰਕੇ ਸਰਕਾਰੀ ਪੱਧਰ 'ਤੇ ਇਸ ਦੀ ਹਰ ਖੇਤਰ ਵਿਚ ਅਣਦੇਖੀ ਕੀਤੀ ਗਈ ਹੈ ਅਤੇ ਲਗਾਤਾਰ ਕੀਤੀ ਜਾ ਰਹੀ ਹੈ - ਪੰਜਾਬੀਆਂ ਨੂੰ ਹੀ ਪੰਜਾਬੀ ਨਾਲੋਂ ਲਗਾਤਾਰ ਤੋੜਿਆ ਜਾ ਰਿਹਾ ਹੈ। ਪੰਜਾਬ ਦੀ ਭਵਿਖੀ ਪੀੜ੍ਹੀ ਨੂੰ ਪੰਜਾਬੀ ਮਾਨਸਿਕਤਾ ਨਾਲੋਂ ਲਗਾਤਾਰ ਵੱਖ ਕਰਨ ਦੇ ਸਿਰਤੋੜ ਜਤਨ ਕੀਤੇ ਗਏ ਅਤੇ ਲਗਾਤਾਰ ਕੀਤੇ ਜਾ ਰਹੇ ਹਨ। ਮਾਣਮੱਤੇ ਵਿਰਸੇ ਵਾਲੇ ਪੰਜਾਬੀਪੁਣੇ ਨਾਲੋਂ ਪੰਜਾਬੀਆਂ ਨੂੰ ਤੋੜ ਹੀ ਦਿੱਤਾ ਗਿਆ ਹੈ। ਖਾਣ-ਪਹਿਨਣ ਤੋਂ ਲੈ ਕੇ ਜੀਵਨ ਜਾਚ / ਸੋਚਣ ਢੰਗ, ਜੀਊਣ ਢੰਗ ਸਭ ਬਦਲ ਗਏ ਹਨ ਅਤੇ ਹਰ ਪੰਜਾਬੀ ਦਾ ਮਨ ਬਹੁਤ ਹੀ ਉਦਾਸ ਹੁੰਦਾ ਹੈ ਜਾਂ ਕਿਹਾ ਜਾ ਸਕਦਾ ਹੈ ਕਿ ਹਾਲਾਤ ਦੇਖ ਕੇ ਮਨ ਰੋਂਦਾ ਹੈ। ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਬੋਲੀ ਨੂੰ ਨਕਾਰਿਆ ਤੇ ਲਤਾੜਿਆ ਜਾ ਰਿਹਾ ਹੈ। ਹਕੂਮਤਾਂ ਇਸ ਦੀਆਂ ਮੁੱਖ ਦੋਸ਼ੀ ਹਨ। ਸਾਰੇ ਸਾਧਨ ਕੋਲ ਹੁੰਦਿਆਂ ਲੰਬੇ ਸਮੇਂ ਤੋਂ ਪੰਜਾਬੀ ਸਮਾਜ ਵਿਦਵਤਾ ਦੇ ਪੱਖੋਂ ਪਛੜੇਵੇਂ ਵਲ ਕਿਉਂ ਵਧ ਰਿਹਾ ਹੈ?  
        ਸਿਆਸੀ ਲੋਕਾਂ ਨੇ ਵੋਟਾਂ ਵਾਸਤੇ ਬਾਬੇ ਦਾ ਨਾਂ ਵਰਤ ਕੇ ਫੇਰ ਆਪਣੇ ਹਕੂਮਤੀ ਸਮੇਂ ਬਾਬੇ ਨਾਨਕ ਦੇ ਵਿਚਾਰ/ਸੰਦੇਸ਼ ਅਤੇ ਉਸਦੀ ਬੋਲੀ ਵਲ ਪਿੱਠ ਕੀਤੀ ਰੱਖੀ - ਜਿਵੇਂ ਇਹ ਸਿਰਫ ਵੋਟਾਂ ਲੈਣ ਦਾ ਜਰੀਆ ਹੀ ਹੋਵੇ। ਪੰਜਾਬੀ ਬੋਲੀ ਦੀ ਹੇਠੀ ਕਰਦਿਆਂ ਇਨ੍ਹਾਂ ਹਾਕਮਾਂ ਨੇ ਪੰਜਾਬੀ ਕੌਮ/ ਪੰਜਾਬੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਰੱਜ ਕੇ ਬੱਦੂ ਕੀਤਾ। ਜੇ ਕਿਸੇ ਨੇ ਆਵਾਜ਼ ਉੱਚੀ ਕੀਤੀ ਤਾਂ ਸਖਤੀ ਭਰੇ ਹਕੂਮਤੀ ਜਬਰ ਨਾਲ ਉਨ੍ਹਾਂ ਲੋਕਾਂ ਨੂੰ ਦਬਾਇਆ ਗਿਆ। ਸਮੇਂ ਸਮੇਂ ਹਕੂਮਤ ਕਰਨ ਵਾਲੀਆਂ ਸਿਆਸੀ ਪਾਰਟੀਆਂ ਇਸ ਕੁਕਰਮ/ ਗੁਨਾਹ ਵਾਸਤੇ ਬਰਾਬਰ ਦੀਆਂ ਜੁੰਮੇਵਾਰ ਹਨ। ਜਿਸ ਸੂਬੇ ਦੀ ਕੋਈ ਭਾਸ਼ਾਈ ਜਾਂ ਸੱਭਿਆਚਾਰਕ ਨੀਤੀ ਵੀ ਨਾ ਹੋਵੇ ਉਸ ਨੇ ਇਨ੍ਹਾਂ ਖੇਤਰਾਂ ਵਿਚ ਕੀ ਵਿਕਾਸ ਕਰਨਾ ਹੈ, ਕੀ ਮੱਲਾਂ ਮਾਰਨੀਆਂ ਹਨ? ਹੁਣ ਤੱਕ ਦੀਆਂ ਸਰਕਾਰਾਂ ਨੇ ਸਿਰਫ ਗੱਪਾਂ  ਦਾ ਕੜਾਹ ਕੀਤਾ ਹੈ। ਇਹ ਬਣਾਇਆ ਤਾਂ ਜਾ ਸਕਦਾ ਪਰ ਖਾਧਾ ਨਹੀਂ ਜਾ ਸਕਦਾ। ਭਰਮ-ਭੁਲੇਖਿਆਂ ਨਾਲ ਅਸਲੀਅਤ 'ਤੇ ਪਰਦਾ ਨਹੀਂ ਪਾਇਆ ਜਾ ਸਕਦਾ।
          ਬਾਬਾ ਨਾਨਕ ਦੇ ਸਮਿਆਂ ਵਿਚ ਬੇਗਾਨੀ ਬੋਲੀ ਨੂੰ ਮਲੇਸ਼ ਭਾਖਾ ਵੀ ਕਿਹਾ ਗਿਆ, ਕੀ ਪੰਜਾਬ ਅੱਜ ਮਲੇਸ਼ ਭਾਖਾ ਦੇ ਵਸ ਨਹੀਂ ਪਾ ਦਿੱਤਾ ਗਿਆ ? ਕੀ ਇਹ ਅਣਜਾਣੇ ਵਿਚ ਹੋਇਆ ? - ਨਹੀਂ। ਇਹ ਕਿਸਦੀ ਸਾਜਿਸ਼ ਹੈ ਹਾਕਮ ਦੱਸ ਸਕਦੇ ਹਨ ਕਿਉਂਕਿ ਹਾਕਮਾਂ ਦੀ ਮਿਲੀਭੁਗਤ ਤੋਂ ਬਿਨਾਂ ਅਜਿਹਾ ਕੁਕਰਮ/ਗੁਨਹ/ਪਾਪ ਹੋ ਹੀ ਨਹੀਂ ਸਕਦਾ। ਅਜਿਹੀ ਹਾਲਾਤ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ : 'ਘਰਿ ਘਰਿ ਮੀਆ ਸਭਨਾ ਜੀਆ ਬੋਲੀ ਅਵਰ ਤੁਮਾਰੀ'॥ ਕੀ ਅੱਜ ਵੀ ਪੰਜਾਬੀਆਂ ਨੂੰ ਅਜਿਹੀ ਹਾਲਾਤ ਵਿਚ ਨਹੀਂ ਧੱਕ ਦਿੱਤਾ ਗਿਆ। ਪੰਜਾਬੀ ਤਾਂ ਆਪਣੇ ਆਪ ਨੂੰ ਬਹਾਦਰ ਆਖਦੇ ਹਨ, ਕੀ ਹੁਣ ਮਜਬੂਰੀ ਦੇ ਗਲ਼ ਲੱਗ ਕੇ ਰੋਣ ਜੋਗੇ ਹੀ ਰਹਿ ਗਏ ਹਨ?
        ਸਮਝਣ ਵਾਲੀ ਅਸਲ ਗੱਲ ਹੈ ਕਿ ਪੰਜਾਬ ਦੇ ਖਿੱਤੇ ਅੰਦਰ ਮੁਲਕ ਦੀ ਵੰਡ ਤੋਂ ਬਾਅਦ ਵੀ ਹਕੂਮਤੀ ਸਿਆਸੀ ਪਾਰਟੀਆਂ ਦੀ ਪੰਜਾਬੀ ਬੋਲੀ/ਭਾਸ਼ਾ ਬਾਰੇ ਟੇਢੀ ਸੋਚ/ਤੋਰ ਹੀ ਰਹੀ । ਫੇਰ 1966 ਵਿਚ ਪੰਜਾਬੀ ਸੂਬੇ ਦੇ ਨਆਰੇ ਹੇਠ ਪੰਜਾਬ ਵੰਡਿਆ ਗਿਆ। 1967 ਵਿਚ ਪੰਜਾਬ ਦੇ ਕੁੱਝ ਸਮੇਂ ਲਈ ਬਣੇ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਨੇ ਪੰਜਾਬੀ ਨੂੰ ਪੰਜਾਬ ਦੀ ਰਾਜ ਭਾਸ਼ਾ ਐਲਾਨ ਦਿੱਤਾ। ਇਸ ਰਾਜ ਭਾਸ਼ਾ ਐਕਟ ਵਿਚ ਕਾਫੀ ਤਰੁਟੀਆਂ ਸਨ। 2008 ਵਿਚ ਰਾਜ ਭਾਸ਼ਾ ਐਕਟ ਨੂੰ ਸੋਧਿਆ ਗਿਆ। ਪਰ ਇਸ 'ਤੇ ਅਮਲ ਕਰਨ ਵਾਸਤੇ ਸਰਕਾਰਾਂ ਦੀ ਨੀਤ ਤੇ ਨੀਤੀ ਨਹੀਂ ਬਦਲੀ। ਪੰਜਾਬੀ ਦੀ ਥਾਂ ਦੂਜੀਆਂ ਭਾਸ਼ਾਵਾਂ (ਅੰਗਰੇਜ਼ੀ ਤੇ ਹਿੰਦੀ) ਨੂੰ ਪਹਿਲ ਦਿੱਤੀ ਗਈ - ਆਖਰ ਕਿਉਂ?। ਹਾਂ, ਜਿੰਨੀਆਂ ਮਰਜ਼ੀ ਹੋਰ ਬੋਲੀਆਂ ਸਿਖਾਉ, ਭਾਸ਼ਾਵਾਂ ਪੜ੍ਹਾਉ ਪਰ ਪੰਜਾਬੀਆਂ ਦੀ ਮਾਂ ਬੋਲੀ ਅਤੇ ਰਾਜ ਭਾਸ਼ਾ ਪੰਜਾਬੀ ਨੂੰ ਪਰ੍ਹਾਂ ਧੱਕ ਕੇ ਨਹੀਂ- ਇਹ ਤਾਂ ਪੰਜਾਬੀ ਕੌਮ ਨਾਲ ਅਨਿਆਂ ਹੈ, ਧੱਕਾ ਕਰਨ ਅਤੇ ਧਰੋਹ ਕਮਾਉਣ ਵਾਲਾ ਕਰਮ ਹੈ, ਆਪਣੀ ਮਾਂ ਬੋਲੀ  ਵਲ ਪਿੱਠ ਕਰਕੇ ਜੀਊਣ ਵਾਲੇ ਨੂੰ ਕਪੁੱਤ ਕਿਹਾ ਜਾਂਦਾ ਹੈ - ਕੀ ਹਾਕਮ ਪੰਜਾਬੀ ਬੋਲੀ ਦੇ ਕਪੁੱਤ ਹਨ? ਸਵਾਲ ਪੁੱਛਣਾ ਤਾਂ ਬਣਦਾ ਹੀ ਹੈ। ਇਨ੍ਹਾਂ ਸਵਾਲਾਂ ਤੋਂ ਅੱਗੇ ਵਧ ਕੇ ਪੰਜਾਬੀ ਬੋਲੀ/ ਪੰਜਾਬੀ ਸੱਭਿਆਚਾਰ ਦੇ ਵਾਰਸਾਂ ਨੂੰ ਜਵਾਬ ਖੁਦ ਹੀ ਲੱਭਣੇ ਪੈਣਗੇ। ਇਸ ਤੋਂ ਪਾਸਾ ਵੱਟ ਕੇ ਹੋਰ ਸਮਾਂ ਗੁਆਉਣਾ ਘਾਤਕ ਸਾਬਿਤ ਹੋਵੇਗਾ।
      ਪੰਜਾਬੀ ਨੂੰ ਪਿਆਰਨ, ਸਤਿਕਾਰਨ ਵਾਲੇ ਪੰਜਾਬ ਦੇ ਧੀਆਂ ਪੁੱਤਰ ਇਸ ਮਸਲੇ ਨੂੰ ਲੈ ਕੇ ਲਗਾਤਾਰ ਘੋਲ਼ ਕਰਦੇ ਰਹੇ ਹਨ। ਸਰਕਾਰੀ ਤਸ਼ੱਦਦ ਅਤੇ ਜੇਲਬੰਦੀਆਂ ਵੀ ਝੱਲਦੇ ਰਹੇ ਹਨ ਪਰ ਸਰਕਾਰਾਂ ਟੱਸ ਤੋਂ ਮੱਸ ਨਹੀਂ ਹੋਈਆਂ। ਕਾਰਨ ਕੀ ਹੋ ਸਕਦਾ ਹੈ? ਪੰਜਾਬ ਦੇ ਬਹੁਗਿਣਤੀ ਸਿਆਸਤਦਾਨਾਂ ਦਾ ਭਾਸ਼ਾ ਤੇ ਸੱਭਿਆਚਾਰਕ ਮਸਲਿਆਂ ਨੂੰ ਸਮਝਣ ਵਾਲੀ ਸੂਝ ਤੋਂ ਸੱਖਣੇ ਹੋਣਾ ਅਤੇ ਨਾਲ ਹੀ ਸੂਬੇ ਅੰਦਰ ਪੰਜਾਬੀਆਂ ਦੇ ਅਮੀਰ ਵਿਰਸੇ ਅਤੇ ਜੀਵਨ ਜਾਚ ਤੋਂ ਅਣਜਾਣ ਨੀਤੀਆਂ ਘੜਨ ਵਾਲੀ ਗੈਰ-ਪੰਜਾਬੀ ਉੱਚ ਅਫਸਰਸ਼ਾਹੀ ਇਸ ਸਥਿਤੀ ਦੇ ਜੁੰਮੇਵਾਰ ਹੋ ਸਕਦੇ ਹਨ। ਪੰਜਾਬੀਆਂ ਵਾਸਤੇ ਇਨ੍ਹਾਂ ਸਮੱਸਿਆ/ਸਵਾਲਾਂ ਨੂੰ ਸਮਝਣ ਤੇ ਸੁਲਝਾਉਣ ਦੀ ਲੋੜ ਹੈ।
       ਗੈਰ ਯਥਾਰਥਕ ਗੱਲਾਂ ਕਰਨ ਵਾਲੇ ਕਮਲ਼ ਕੁੱਟਦੇ ਹੋਏ ਆਖੀ ਜਾਂਦੇ ਹਨ ਕਿ ਸਾਇੰਸ ਤਾਂ ਪੰਜਾਬੀ ਵਿਚ ''ਪੜ੍ਹਾਈ ਹੀ ਨਹੀਂ ਜਾ ਸਕਦੀ'' ਇਹ ਝੂਠ ਹੈ - ਨਿਰਾ ਝੂਠ। ਭਾਸ਼ਾ ਦੇ ਜਾਣਕਾਰ ਦੱਸਦੇ ਹਨ ਕਿ ਇਹ ਕੋਈ ਮਸਲਾ ਨਹੀਂ। ਅੜਿੱਕੇ ਡਾਹੁਣ ਵਾਲਿਆ ਨੂੰ ਛੋਟਾ ਜਿਹਾ ਸਵਾਲ ਹੈ ਕਿ ਜਿਨ੍ਹਾਂ ਮੁਲਕਾਂ ਨੇ ਵਿਕਾਸ  ਕੀਤਾ ਤੇ ਅੱਜ ਉਹ ਬਹੁਤੇ ਖੇਤਰਾਂ ਵਿਚ ਸੰਸਾਰ ਦੇ ਮੋਹਰੀ ਬਣੇ ਹੋਏ ਹਨ- ਜਿਨ੍ਹਾਂ ਵਿਚ ਮਿਸਾਲ ਵਜੋਂ ਰੂਸ, ਜਪਾਨ, ਚੀਨ , ਜਰਮਨੀ, ਫਰਾਂਸ, ਸਵਿਟਜ਼ਰਲੈਂਡ ਆਦਿ ਬਹੁਤ ਸਾਰੇ (ਗੈਰ ਅੰਗਰੇਜ਼ੀ) ਮੁਲਕਾਂ ਨੇ ਆਪਣੇ ਦੇਸ਼ਾਂ ਵਿਚ ਸਿੱਖਿਆ ਦਾ ਮਾਧਿਅਮ ਆਪਣੀ ਮਾਂ ਬੋਲੀ ਨੂੰ ਬਣਾਇਆ ਹੈ, ਉਨ੍ਹਾਂ ਨੂੰ ਤਾਂ ਕੋਈ ਮੁਸ਼ਕਲ ਨਹੀਂ ਆਈ, ਫੇਰ ਪੰਜਾਬੀ ਵਿਚ ਸਾਇੰਸ ਪੜ੍ਹਾਉਣ ਦੇ ਰਾਹ ਵਿਚ ਕੰਡੇ ਖਿਲਾਰਨ ਵਾਲੇ ਕਿਹੜੀ ਬੀਮਾਰ ਮਾਨਸਿਕਤਾ ਦੇ ਪੱਲੇ ਪੈ ਗਏ ਹਨ ਤੇ ਕਿਹੜਾ ਮਾਨਸਿਕ ਰੋਗ ਹੰਢਾ ਰਹੇ ਹਨ। ਢੁੱਚਰਾਂ ਡਾਹੁਣ ਵਾਲੇ ਇਨ੍ਹਾਂ ਲੋਕਾਂ ਨੂੰ ਆਪਣੇ ਸਨਕੀਪੁਣੇ ਦਾ ਇਲਾਜ ਕਰਵਾਉਣ ਬਾਰੇ ਫਿਕਰਮੰਦ ਹੋਣਾ ਚਾਹੀਦਾ ਹੈ। ਸ਼ਾਇਦ ਫੇਰ ਉਹ ਸਮਾਜ ਬਾਰੇ ਸੋਚਣ ਦੇ ਯੋਗ ਹੋ ਸਕਣ। ਫੇਰ ਸ਼ਾਇਦ ਉਨ੍ਹਾਂ ਨੂੰ ਆਪਣੀ ਮਾਂ ਬੋਲੀ ਦਾ ਚੇਤਾ ਵੀ ਆ ਜਾਵੇ। ਕਿਸੇ ਵੀ ਸਮਾਜ ਅੰਦਰ ਜਦੋਂ ਤੱਕ ਸਿੱਖਿਆ ਦਾ ਮਾਧਿਅਮ ਮਾਂ ਬੋਲੀ ਨਹੀਂ ਹੋਵੇਗਾ ਉਨ੍ਹਾ ਦੇ ਵਿਦਿਆਰਥੀਆਂ ਦਾ ਅਸਾਵਾਂ ਵਿਕਾਸ ਹੋਵੇਗਾ। ਅਸਾਵੇਂ ਹੋਏ ਵਿਕਾਸ ਵਾਲੇ ਬੱਚੇ ਦੂਜਿਆਂ ਦਾ ਮੁਕਾਬਲਾ ਕਿਵੇਂ ਕਰ ਸਕਣਗੇ? (ਬੱਚਿਆਂ ਦਾ ਅਧਿਅਨ ਕਰਨ ਵਾਲੇ ਮਨੋਵਿਗਿਆਨੀ ਇਸ ਨੂੰ ਮੰਨਦੇ ਹਨ) ਜੇ ਸਰਕਾਰਾਂ ਇਸ ਬੇਗਾਨੇ ਰਾਹੇ ਤੁਰਦੀਆਂ ਰਹਿਣਗੀਆਂ ਤਾਂ ਇਹ ਪੰਜਾਬੀ ਕੌਮ ਦੇ ਹੋਰ ਪਛੜ ਜਾਣ ਦਾ ਰਾਹ ਸਾਬਿਤ ਹੋਵੇਗਾ। ਮੁੱਖ ਗੱਲ ਕਿ ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਇਆ ਜਾਵੇ ਤਾਂ ਲੋਕ ਖੁਦ ਹੀ ਇਸ ਨੂੰ ਆਪਣੀ ਲੋੜ ਸਮਝ ਕੇ ਇਸ ਪਾਸੇ ਵੱਲ ਖਿੱਚੇ ਜਾਣਗੇ। ਪੰਜਾਬ ਦੇ ਕਾਫੀ ਸਾਰੇ ਸਕੂਲਾਂ ਵਿਚ ਬੱਚਿਆਂ ਵਲੋਂ ਆਪਸ ਵਿਚ ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ ਹੈ, ਪਰ ਅੱਜ ਤੱਕ ਅਜਿਹੇ ਕਿਸੇ ਵੀ ਸਕੂਲ ਦੇ ਮੁਖੀ ਜਾਂ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਣ ਵਾਲਿਆਂ ਦੇ ਖਿਲਾਫ ਕਦੇ ਨਹੀਂ ਸੁਣਿਆਂ ਕੋਈ ਕਾਰਵਾਈ ਹੋਈ ਹੋਵੇ। ਅਜਿਹੇ ਪੰਜਾਬੀ ਵਿਰੋਧੀ ਅਨਸਰਾਂ ਨੂੰ ਰਾਜ ਭਾਸ਼ਾ ਐਕਟ ਦੀ ਅਵੱਗਿਆ ਕਰਨ ਬਦਲੇ ਬਣਦੀ ਸਜ਼ਾ ਹਰ ਹੀਲੇ ਦਿੱਤੀ ਜਾਣੀ ਚਾਹੀਦੀ ਹੈ। ਬਹੁਤ ਸਾਰੇ ਸਕੂਲਾਂ ਵਿਚ ਕੁੱਝ ਵਿਸ਼ਿਆਂ ਨੂੰ ਪੰਜਾਬੀ ਵਿਚ ਪੜ੍ਹਾਉਣ ਦਾ ਪ੍ਰਬੰਧ ਨਾ ਕਰਕੇ ਬੱਚਿਆਂ ਨੂੰ ਉਨ੍ਹਾਂ ਵਿਸ਼ਿਆ ਵਾਸਤੇ ਹਿੰਦੀ ਜਾਂ ਅੰਗਰੇਜ਼ੀ ਮਾਧਿਅਮ ਚੁਣਨਾ ਪੈਂਦਾ ਹੈ। ਉਹ ਸਬੰਧਤ ਵਿਸ਼ੇ ਵਾਸਤੇ ਪੰਜਾਬੀ ਮਾਧਿਅਮ ਵਿਚ ਸਿੱਖਿਆ ਦੇਣ ਵਾਲੇ ਅਧਿਆਪਕ ਰੱਖਣ ਦੀ ਥਾਂ ਵਿਦਿਆਰਥੀਆਂ ਨੂੰ ਨਾ ਪਸੰਦ ਭਾਸ਼ਾ ਰਾਹੀਂ ਸਿੱਖਿਆ ਲੈਣ ਵਾਸਤੇ ਮਜਬੂਰ ਕਰਦੇ ਹਨ। ਬੱਚੇ ਤੋਂ ਉਸਦਾ ਬੁਨਿਆਦੀ ਅਧਿਕਾਰ ਵੀ ਖੋਹ ਲੈਂਦੇ ਹਨ। ਪੰਜਾਬੀ ਦੇ ਵਿਰੋਧ ਵਾਲੇ ਇਹ ਨਹੀਂ ਜਾਣਦੇ ਕਿ ਉਨ੍ਹਾਂ ਦਾ ਨੈਤਿਕ ਫ਼ਰਜ਼ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨਾ ਵੀ ਹੈ। ਕਿਸੇ ਸੱਭਿਆਚਾਰ ਦੀ ਪ੍ਰਫੁਲਤਾ ਉਨ੍ਹਾਂ ਲੋਕਾਂ ਦੀ ਮਾਂ ਬੋਲੀ ਦੇ ਆਸਰੇ ਹੀ ਸਹੀ ਦਿਸ਼ਾ ਵਿਚ ਜਾ ਸਕਦੀ ਹੈ। ਇਹ ਪ੍ਰਮਾਣਿਕ ਸੱਚ ਹੈ।
        ਪੰਜਾਬੀ ਨੂੰ ਕਿਸੇ ਇਕ ਫਿਰਕੇ ਨਾਲ ਭਾਵ ਊੜੇ ਨੂੰ ਸਿਰਫ ਜੂੜੇ ਨਾਲ ਜੋੜਨ ਵਾਲੀ ਮਾਨਸਿਕਤਾ ਦੇ ਪ੍ਰਚਾਰਕਾਂ ਨੂੰ ਪੰਜਾਬੀਅਤ (ਸਾਰੇ ਫਿਰਕਿਆਂ ਦੀ ਸਾਂਝੀ ਬੋਲੀ/ਭਾਸ਼ਾ) ਨਾਲ ਜੋੜ ਕੇ ਜਵਾਬ ਦਿੱਤਾ ਜਾ ਸਕਦਾ ਹੈ। ਇਹ ਸਾਰੇ ਸੰਸਾਰ ਵਿਚ ਵਸਦੇ ਪੰਜਾਬੀਆਂ ਦੀ ਸਾਂਝੀ ਬੋਲੀ ਹੈ - ਪੰਜਾਬੀਅਤ ਦਾ ਪਸਾਰਾ ਕਰਨ ਵਾਸਤੇ ਇਹ ਚੂਲ਼/ਬੁਨਿਆਦ ਹੈ। ਸਮਾਜ ਅੰਦਰ ਬੋਲੀ ਤੇ ਭਾਸ਼ਾ ਹੀ ਲੋਕਾਂ ਦੀ ਨੇੜਤਾ ਦਾ ਸਾਂਝਾ ਸੂਤਰ ਹੁੰਦਾ ਹੈ। ਪੰਜਾਬੀ ਬੋਲੀ/ਭਾਸ਼ਾ ਨੂੰ ਇਕ ਫਿਰਕੇ ਨਾਲ ਜੋੜ ਕੇ ਅਸੀਂ ਤਾਂ ਪੰਜਾਬੀ ਦੇ ਪਹਿਲੇ ਕਵੀ ਬਾਬਾ ਸ਼ੇਖ ਫਰੀਦ ਤੇ ਪੰਜਾਬੀ ਦੇ ਹੋਰ ਬਹੁਤ ਸਾਰੇ ਦਾਨਿਸ਼ਵਰਾਂ ਨੂੰ ਵੀ ਰੱਦ ਕਰੀ ਜਾ ਰਹੇ ਹਾਂ। ਇਹ ਨਾਨਕ ਦਾ ਰਾਹ ਨਹੀਂ, ਬਾਬਾ ਨਾਨਕ ਤਾਂ ਕੁੱਲ ਲੋਕਾਈ ਨੂੰ ਕਲਾਵੇ ਵਿਚ ਲੈਣ ਦਾ ਹੋਕਾ ਦਿੰਦਾ ਹੈ - ਪਰ ਆਪਣੇ ਆਪ ਨੂੰ ਵਿਦਵਾਨ/ਬੁੱਧੀਜੀਵੀ ਕਹਿਣ-ਕਹਾਉਣ ਵਾਲੇ ਤਾਂ ਪੰਜਾਬੀ ਕੌਮ ਦਾ ਆਕਾਰ ਛੋਟਾ ਕਰਨ 'ਤੇ ਲੱਗੇ ਹੋਏ ਹਨ। ਹੁਣ ਪੰਜਾਬੀ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਵਸ ਰਹੇ ਹਨ- ਸੋਚ ਦੇ ਘੇਰੇ ਨੂੰ ਵੀ ਕੌਮਾਂਤਰੀ ਪੱਧਰ ਦੇ ਹਾਣ ਦਾ ਕਰਨ ਦੀ ਲੋੜ ਹੈ- ਦੂਜੇ ਸ਼ਬਦਾਂ ਵਿਚ - ਇਹੋ ਬੋਲੀ ਤਾਂ ਸਾਰਿਆਂ ਨੂੰ ਜੋੜਨ ਵਾਲਾ ਸਰਬੱਤ ਦੇ ਭਲੇ ਦਾ ਸੁਚੱਜਾ ਰਾਹ ਹੈ।
       ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਪਾਸੇ ਸਰਗਰਮ ਹੋਣਾ ਪਵੇਗਾ। ਪੰਜਾਬੀ ਜ਼ੁਬਾਨ ਹੀ ਸਿੱਖ ਧਰਮ ਦੇ ਸੰਚਾਰ ਦਾ ਸਾਧਨ ਹੈ ਜੇ ਪੰਜਾਬੀ ਨਾਲੋਂ ਅਗਲੀ ਪੀੜ੍ਹੀ ਨੂੰ ਤੋੜ ਦਿੱਤਾ ਗਿਆ ਤਾਂ ਦੱਸਿਉ ਕਿ ਧਾਰਮਕ ਸਾਹਿਤ ਦਾ ਕੀ ਬਣੇਗਾ? ਤੁਸੀਂ ਧਰਮ ਪ੍ਰਚਾਰਕ ਕਿੱਥੋਂ ਲਿਆਵੋਗੇ? ਪਰਚਾਰ ਕਰੋਗੇ ਕਿਸਦੇ ਵਾਸਤੇ? ਕੀ ਬਣੇਗਾ ਪੰਜਾਬੀ ਵਿਚ ਛਪੇ ਧਾਰਮਕ ਗ੍ਰੰਥਾਂ ਦਾ, ਜੇ ਹੁਣ ਪਛੜ ਗਏ ਤਾਂ ਕੱਲ੍ਹ ਦੇ ਦੋਸ਼ੀ ਕਹਾਵੋਗੇ, ਸੋਚਣ ਦਾ ਵੇਲਾ ਹੈ - ਸਮਾਂ ਕੱਢ ਕੇ ਸੋਚੋ। ਯਾਦ ਰੱਖੋ - ਪੰਜਾਬੀ ਸਾਡੀ ਪਹਿਚਾਣ ਵੀ ਹੈ ਤੇ ਜੀਵਨ ਜਾਚ ਵੀ।
        ਹੁਣ ਬਾਬਾ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਅੰਦਰ ਹਰ ਪੱਧਰ 'ਤੇ (ਸਮੇਤ ਅਦਾਲਤਾਂ ਦੇ) ਪੰਜਾਬੀ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਜੇ ਪ੍ਰਕਾਸ਼ ਪੁਰਬ ਤੱਕ ਪੰਜਾਬੀ ਨੂੰ ਹਰ ਪੱਧਰ 'ਤੇ ਲਾਗੂ ਨਹੀਂ ਕੀਤਾ ਜਾਂਦਾ ਤਾਂ ਸਮਝੋ ਕਿ ਹਕੂਮਤੀ ਜਮਾਤ ਅਜੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ ਪਿੱਠ ਕਰਕੇ ਬੈਠੀ ਹੈ। ਉਨ੍ਹਾਂ ਨੇ ਆਪਣੇ ਸੋਹਲੇ ਗਾਉਣ ਖਾਤਰ ਲੋਕਾਂ ਵਲੋਂ ਦਿੱਤੇ ਟੈਕਸਾਂ ਦੇ ਸੈਂਕੜੇ ਕਰੋੜਾਂ ਰੁਪਏ ਅਜਾਈਂ ਗੁਆ ਦੇਣੇ ਹਨ। ਕੀ ਲੋਕ ਹੁਣ ਸਾਢੇ ਪੰਜ ਸਦੀਆਂ ਬਾਅਦ ਵੀ ਬੈਠੇ ਦੇਖਦੇ ਹੀ ਰਹਿਣਗੇ ਕਿ ਊਠ ਦਾ ਬੁੱਲ੍ਹ ਕਦੋਂ ਡਿਗਦਾ ਹੈ। ਇਹ ਆਪਣੇ ਗੁਰੂ ਨਾਲ ਧੋਖਾ ਕਰਨ ਦੇ ਤੁੱਲ ਹੋਵੇਗਾ। ਗੁਰੂ ਵੱਲ ਮੂੰਹ ਕਰਨ ਦਾ ਜਤਨ ਕਰੋ ਗੁਰੂ ਨੂੰ ਆਪਣਾ ਕਹਿਣ ਵਾਲਿਉ - ਗੁਰੂ ਦੀਆਂ ਸਿਖਿਆਵਾਂ 'ਤੇ ਅਮਲ ਕਰਕੇ ਚੰਗੇ ਇਨਸਾਨ ਅਤੇ ਗੁਰੂ ਦੇ ਵਾਰਿਸ ਹੋਣ ਦਾ ਫ਼ਰਜ਼ ਪੂਰਾ ਕਰਨ ਦੀ ਕੋਸ਼ਿਸ਼ ਤਾਂ ਕਰੋ।
        ਇਹ ਕਾਰਜ ਸਿਰਫ ਸਰਕਾਰਾਂ ਦਾ ਹੀ ਨਹੀਂ ਇਸ ਵਾਸਤੇ ਲੋਕਾਂ ਨੂੰ ਵੀ ਸਰਗਰਮ ਹੋਣਾ ਪਵੇਗਾ। ਪੰਜਾਬ ਦੇ ਵਿਧਾਨਕਾਰਾਂ ਨੇ ਕਦੇ ਵੀ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਸਰਕਾਰ ਨੂੰ ਪੰਜਾਬੀ ਹਰ ਪੱਧਰ 'ਤੇ ਲਾਗੂ ਕਰਨ ਵਾਸਤੇ ਮਜਬੂਰ ਕਰਨ। ਇਹ ਵੀ ਯਾਦ ਰੱਖਣ ਕਿ ਵਿਧਾਇਕ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਹਨ- ਉਹ ਆਪਣੇ ਲੋਕਾਂ ਦੀ ਆਵਾਜ਼ ਹਨ। ਉਹ ਲੋਕਾਂ ਦੇ ਦਿੱਤੇ ਟੈਕਸਾਂ ਵਿਚੋਂ ਮੋਟੀਆਂ ਤਨਖਾਹਾਂ-ਭੱਤੇ ਤੇ ਜ਼ਿੰਦਗੀ ਨੂੰ ਸੌਖਿਆ ਕਰਨ ਵਾਲੀਆਂ ਹੋਰ ਬਹੁਤ ਸਾਰੀਆਂ ਸੁੱਖ-ਸਹੂਲਤਾਂ ਪ੍ਰਾਪਤ ਕਰਦੇ ਹਨ। ਲੋਕ ਤੁਹਾਨੂੰ ਸਹੂਲਤਾਂ ਦੇ ਰਹੇ ਹਨ - ਤੁਸੀਂ ਵੀ ਲੋਕਾਂ ਪ੍ਰਤੀ ਆਪਣੇ ਫ਼ਰਜ਼ ਨਿਭਾਵੋ।  ਹੱਕ ਹਲਾਲ ਕਰੋ ਜੀ।
      ਸਿਆਸੀ ਲੀਡਰਾਂ ਦੇ ਥੋਥੇ ਅਤੇ ਹੋਰ ਅ-ਗਿਆਨੀ ਲੋਕਾਂ ਦੇ ਗਿਆਨ ਵਿਹੂਣੇ ''ਭਾਸ਼ਣ'' ਲੋਕਾਂ ਨੂੰ ਸੁਨਾਉਣ ਉੱਤੇ ਅਜਾਈਂ ਫੂਕੇ ਜਾਣ ਵਾਲੇ ਕਰੋੜਾਂ ਰੁਪਏ ਹਰ ਪੱਧਰ 'ਤੇ  ਪੰਜਾਬੀ ਲਾਗੂ ਕਰਨ ਵਾਸਤੇ ਖਰਚਣੇ ਚਾਹੀਦੇ ਹਨ ਤਾਂ ਜੋ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਵਿਚੋਂ ਦਿੱਤੇ ਗਏ ਟੈਕਸਾਂ ਦਾ ਪੈਸਾ ਮਾਂ ਬੋਲੀ ਦੀ ਸੇਵਾ 'ਤੇ ਖਰਚਿਆ ਜਾਵੇ। ਲੋਕਾਂ ਅਤੇ ਵਿਧਾਇਕਾਂ ਨੂੰ ਇਸ ਬਾਰੇ ਸਰਕਾਰ 'ਤੇ ਜ਼ੋਰ ਪਾਉਣਾ ਚਾਹੀਦਾ ਹੈ।
       ਵਿਧਾਨ ਸਭਾ ਦੇ ਹਰ ਹਲਕੇ ਵਿਚ ਪੰਜਾਬੀ ਦੇ ਨਾਂ 'ਤੇ ਬਣੀਆਂ ਅਕਾਦਮੀਆਂ, ਸਾਹਿਤ ਸਭਾਵਾਂ, ਕਲਾ ਨਾਲ ਸਬੰਧੀ ਸੰਸਥਾਵਾਂ ਅਤੇ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੀਆਂ ਪੰਚਾਇਤਾਂ, ਆਪੋ-ਆਪਣੇ ਵਿਧਾਇਕਾਂ ਨੂੰ ਵਿਧਾਨ ਸਭਾ ਵਿਚ ਇਸ ਮਸਲੇ ਨੂੰ ਉਠਾਉਣ ਵਾਸਤੇ ਮਜਬੂਰ ਕਰਨ। ਪਿੰਡਾਂ ਦੀਆਂ ਪੰਚਾਇਤਾਂ, ਨਗਰ ਪੰਚਾਇਤਾਂ, ਮਿਉਂਸਪੈਲਟੀਆਂ ਆਦਿ ਸਾਰੇ ਅਦਾਰੇ ਮਤੇ ਪਾਸ ਕਰਕੇ ਪੰਜਾਬ ਸਰਕਾਰ ਨੂੰ ਭੇਜਣ, ਹਰ ਸਾਹਿਤ ਸਭਾ ਆਪਣੇ ਪੱਧਰ ਤੇ ਸਰਕਾਰ ਨੂੰ ਖ਼ਤ ਲਿਖੇ ਤੇ ਪੰਜਾਬੀ ਨੂੰ ਹਰ ਪੱਧਰ 'ਤੇ ਲਾਗੂ ਕਰਨ ਦੀ ਮੰਗ ਕੀਤੀ ਜਾਵੇ। ਪੰਜਾਬੀ ਨੂੰ ਪਿਆਰ ਕਰਨ ਵਾਲਾ ਹਰ ਵਿਅਕਤੀ ਆਪਣੇ ਵਲੋਂ ਹਰ ਪੱਧਰ 'ਤੇ ਪੰਜਾਬੀ ਨੂੰ ਲਾਗੂ ਕਰਨ ਵਾਸਤੇ ਸਰਕਾਰ ਨੂੰ ਖ਼ਤ ਲਿਖੇ - ਜੇ ਇਹ ਖ਼ਤ ਕਰੋੜਾਂ ਵਿਚ ਨਹੀਂ ਤਾਂ ਲੱਖਾਂ ਵਿਚ ਤਾਂ ਜਰੂਰ ਸਰਕਾਰ ਤੱਕ ਪਹੁੰਚਣ। ਇਸ ਮਾਮਲੇ ਵਿਚ ਬੁੱਧੀਜੀਵੀਆਂ ਨੂੰ ਪਿੰਡਾਂ ਤੱਕ ਸਰਗਰਮ ਹੋਣਾ ਪਵੇਗਾ ਤਾਂ ਕਿ ਇਹ ਚੰਗੀ ਭਲੀ ਲਹਿਰ ਬਣ ਜਾਵੇ। ਬਿਨਾਂ ਲਹਿਰ ਉਸਾਰੇ ਇਹ ਕਾਰਜ ਪੂਰਾ ਨਹੀਂ ਹੋਣਾ। ਇਹ ਚੰਗਾ ਮੌਕਾ ਹੈ ਕਿ ਪੰਜਾਬੀ ਕੌਮ ਨੂੰ ਪਿਛਲਖੁਰੀ ਤੁਰਨ ਤੋਂ ਰੋਕ ਕੇ ਉਹਦੇ ਕਦਮਾਂ ਨੂੰ ਅੱਗੇ ਵਲ ਵਧਣ ਲਾਇਆ ਜਾਵੇ।
      ਮਸਲਾ ਬਹੁਤ ਵੱਡਾ ਹੈ, ਲੋਕ ਹਮੇਸ਼ਾ ਹੀ ਬੁੱਧੀਜੀਵੀਆਂ ਤੋਂ ਸੇਧ ਲੈਂਦੇ ਰਹੇ ਹਨ। ਉੱਠੋ, ਪੰਜਾਬੀਉ/ਬੁੱਧੀਜੀਵੀਉ! ਆਪਣੇ ਸਮੇਂ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਰਾਹ ਵਿਖਾਉਣ ਵਾਲੇ ਰਹਿਬਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਲੋਕਾਂ ਨੂੰ ਹਨੇਰੇ 'ਚੋਂ ਕੱਢ ਚਾਨਣ ਦੇ ਲੜ ਲਾਉਣ ਵਾਸਤੇ ਪੂਰੀ ਜਾਨ ਲਾ ਕੇ ਕੋਸ਼ਿਸ਼ ਕਰੀਏ, ਲੋਕਾਂ ਨੂੰ ਜਗਾਈਏ। ਅਗਿਆਨ ਦੀ ਧੁੰਦ ਦਾ ਹਨੇਰਾ ਜਾਵੇ ਤੇ ਗਿਆਨ ਦਾ ਚਾਨਣ ਹਰ ਪਾਸੇ ਫੈਲੇ, ਪੰਜਾਬੀ ਦੀ ਜੈ ਜੈ ਕਾਰ ਹੋਵੇ। ਅਸੀਂ ਬਾਬੇ ਨਾਨਕ ਦੀ ਸੋਚ ਦੇ ਵਾਰਿਸ ਕਹਾਉਣ ਦੇ ਹੱਕਦਾਰ ਹੋ ਜਾਈਏ।
         ਇਹ ਆਪ ਜਾਗਣ ਤੇ ਲੋਕਾਈ ਨੂੰ ਜਗਾਉਣ ਦਾ ਵੇਲਾ ਹੈ - ਇਹ ਬਾਬੇ ਨਾਨਕ ਦੀ ਬੋਲੀ/ਭਾਸ਼ਾ ਨੂੰ ਬਚਾਉਣ ਤੇ ਪ੍ਰਫੁਲਤ ਕਰਨ ਵਾਸਤੇ ਮੈਦਾਨ ਵਿਚ ਨਿਤਰਨ ਦਾ ਵੇਲਾ ਹੈ।  ਪੰਜਾਬੀ ਬਚੇਗੀ ਤਾਂ ਪੰਜਾਬੀ ਕੌਮ ਬਚੇਗੀ - ਬਾਬੇ ਨਾਨਕ ਦਾ ਸੰਦੇਸ਼ ਬਚੇਗਾ।

02 March  2019

ਸੁਣਨ ਕਹਿਣ ਦੀਆਂ ਗੱਲਾਂ - ਕੇਹਰ ਸ਼ਰੀਫ਼

1 - ਤਾਜਪੋਸ਼ੀ : ਪਿਛਲੇ ਦਿਨੀਂ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਵਲੋਂ ਕਈ ਚਿਰ ਤੋਂ ਆਪਣੀ ਹੀ ਪਾਰਟੀ ਦੀ ਪ੍ਰਧਾਨਗੀ ਤੋਂ ਦਿੱਤੇ ਅਸਤੀਫੇ ਨੂੰ ਨਾ-ਮਨਜੂਰ ਕਰਕੇ ਉਸਨੂੰ ਪ੍ਰਧਾਨਗੀ ਦਾ ਫ਼ਰਜ਼ ਅੱਗੇ ਵੀ ਨਿਭਾਉਂਦਾ ਰਹਿਣ ਵਾਸਤੇ ਕਿਹਾ। ਭਗਵੰਤ ਨੇ ਇਸ ਨੂੰ ਮੰਨਜੂਰ ਕਰ ਲਿਆ। ਬਹੁਤ ਸਾਰੇ "ਪੱਤਰਕਾਰਾਂ '' (ਬਿਜਲਈ ਤੇ ਪ੍ਰਿੰਟ) ਨੇ ਇਸ ਨੂੰ ਭਗਵੰਤ ਮਾਨ ਦੀ "ਤਾਜਪੋਸ਼ੀ'' ਲਿਖਿਆ। ਤਾਜਪੋਸ਼ੀ ਲਿਖਣ / ਬੋਲਣ ਵਾਲੇ "ਗੁਣਾਂ ਦੀਆਂ ਗੁਥਲੀਆਂ'' ਕੀ ਇਹ ਸੱਚੀਂ ਪੱਤਰਕਾਰ ਹੋ ਸਕਦੇ ਹਨ? ਮੈਨੂੰ ਸ਼ੱਕ ਹੈ। ਤਾਜਪੋਸ਼ੀ ਬਾਦਸ਼ਾਹਤ ਦੇ ਜ਼ਮਾਨੇ ਦੀ ਰੀਤ ਸੀ। ਕਿਸੇ ਨੂੰ ਮਹਾਰਾਜਾ ਬਨਾਉਣ ਵੇਲੇ ਰਾਜ ਦਾ ਸਭ ਤੋਂ ਵੱਡਾ ਪ੍ਰੋਹਿਤ / ਅਧਿਆਤਮਕ ਆਗੂ (ਜਾਂ ਵਿਹਲੜ) ਕਿਸੇ ਦੇ ਸਿਰ 'ਤੇ ਤਾਜ਼ ਰੱਖਦਾ ਤੇ ਤਿਲਕ ਲਾਉਂਦਾ - ਉਸ ਰੀਤ ਨੂੰ ਤਾਜਪੋਸ਼ੀ ਕਿਹਾ ਜਾਂਦਾ ਸੀ। ਦੱਸਿਉ ਜ਼ਰਾ ਕਿ ਭਗਵੰਤ ਮਾਨ ਕਿਹੜੀ ਰਿਆਸਤ ਜਾਂ ਰਾਜ ਦਾ "ਮਹਾਰਾਜਾ ਜਾਂ ਬਾਦਸ਼ਾਹ'' ਬਣਿਆ ਹੈਜਾਂ ਬਣਾਇਆ ਗਿਆ ਹੈ? ਇਹ ਤਾਂ ਕੇਜਰੀਵਾਲ / ਮਨੀਸ਼ ਸਿਸੋਦੀਆ ਵਲੋਂ ਆਪਣੀ ਹੀ ਸਿਆਸੀ ਪਾਰਟੀ ਦਾ (ਜਿੰਨੀ ਕੁ ਵੀ ਬਚੀ ਹੈ) ਦਾ ਪ੍ਰਧਾਨ / ਮੁੱਖ ਸੇਵਕ (ਪਾਰਟੀ ਮੈਂਬਰਾਂ ਨੇ ਲੋਕਤੰਤਰੀ ਢੰਗ ਨਾਲ ਨਹੀਂ ਚੁਣਿਆਂ) ਥਾਪਿਆ ਗਿਆ ਹੈ। ਲੋਕਤੰਤਰ ਵਿਚ ਕਿਸੇ ਵੀ ਸਿਆਸੀ ਆਗੂ ਦੀ ਤਾਜਪੋਸ਼ੀ ਹੋ ਹੀ ਨਹੀਂ ਸਕਦੀ। ( ਇਹ ਧੱਕੇ ਤੇ ਧੌਂਸ ਵਾਲੇ ਕਦਮ ਹਨ)। ਕਿਸੇ ਵੱਡੇ ਆਗੂ ਜਾਂ ਆਗੂਆਂ ਵਲੋਂ ਥਾਪਿਆ ਬੰਦਾ ਤਾਂ ਥਾਪਣ ਵਾਲਿਆਂ ਦਾ ਦੇਣਦਾਰ ਹੀ ਹੁੰਦਾ ਹੈ - ਹੋਰ ਕੁੱਝ ਵੀ ਨਹੀਂ। ਸਿਆਸਤ ਅੰਦਰ ਵੀ ਭਾਸ਼ਾਈ ਸਰੋਕਾਰਾਂ ਦਾ ਵੱਡਾ ਮਹੱਤਵ ਹੁੰਦਾ ਹੈ - ਇਸ ਵੱਲ ਧਿਆਨ ਦੇਣ ਦੀ ਲੋੜ ਹੈ।


2 - ਘੈਂਟ ਪੱਤਰਕਾਰ : ਪੰਜਾਬੀ ਦੇ ਪੱਤਰਕਾਰੀ ਜਗਤ ਵਿਚ ਇਹ ਲਫਜ਼ ਵੀ ਬਹੁਤ ਚੱਲਦਾ ਹੈ - "ਘੈਂਟ ਪੱਤਰਕਾਰ''। ਇਹ ਕੀ ਹੁੰਦਾ ਹੈ? ਪੱਤਰਕਾਰ ਜਾਂ ਤਾਂ ਲੋਕ ਪੱਖੀ ਹੁੰਦਾ ਹੈ ਜਾਂ ਹਕੂਮਤ ਪੱਖੀ। ਪੱਤਰਕਾਰੀ ਵੀ ਜਾਂ ਤਾਂ ਲੋਕਾਂ ਨੂੰ ਸੱਚ ਦੱਸਣ ਵਾਲੀ ਹੁੰਦੀ ਹੈ ਜਾਂ ਸੱਚ ਛੁਪਾਉਣ ਵਾਲ਼ੀ (ਸੱਚ ਛੁਪਾਉਣ ਵਾਲੇ ਆਪਣੇ ਆਪ ਨੂੰ "ਨਿਰਪੱਖ ਪੱਤਰਕਾਰ'' ਹੋਣ ਵਾਲੇ ਝੁੱਲ ਹੇਠ ਵੀ ਲਕੋ ਲੈਂਦੇ ਹਨ ) । ਸੋਚਿਆ ਜਾਵੇ ਤਾਂ ਝੁੱਲ ਸ਼ਬਦ ਪਸ਼ੂਆਂ ਵਾਸਤੇ ਵਰਤਿਆ ਜਾਂਦਾ ਹੈ - ਪਰ ਜਿਹੜੇ "ਪੱਤਰਕਾਰ'' ਆਪਣੇ ਆਪ ਉੱਪਰ ਕਿਸੇ ਤਰ੍ਹਾਂ ਦਾ ਵੀ ਝੁੱਲ਼ ਪਾ ਲੈਣ - ਭਲਾਂ ਉਨ੍ਹਾਂ ਦਾ ਕੋੜਮਾਂ-ਕਬੀਲਾ ਕੀ ਹੋਇਆ ਫੇਰ?
        ਸੋਸ਼ਲ ਮੀਡੀਆ ਨੇ ਵੱਡੀ ਸਮੱਸਿਆ ਇਹ ਖੜ੍ਹੀ ਕਰ ਦਿੱਤੀ ਹੈ ਕਿ ਇਸ ਦੀ ਵਰਤੋਂ  ਕਰਨ ਵਾਲਿਆਂ ਦੀ ਵੱਡੀ ਗਿਣਤੀ ਨੇ ਆਪ ਸੋਚਣਾਂ/ਸਮਝਣਾ ਬੰਦ ਕਰ ਦਿੱਤਾ ਹੈ। ਕਿਸੇ ਦੀ ਪਾਈ ਲਿਖਤ ਨੂੰ ਵਡਿਆਉਣ ਜਾਂ ਨਿੰਦਣ ਦੇ ਕਾਰਜ ਵਿਚ ਹੀ ਵਿਅਸਥ ਹੋ ਗਏ ਹਨ। ਆਪਣੀ ਸੋਚ / ਸੂਝ ਨੂੰ ਵਰਤ ਕੇ ਇਸ ਮੰਚ ਨੂੰ ਦੁਨੀਆਂ ਅੰਦਰ ਫੈਲਾਈਆਂ ਜਾ ਰਹੀਆਂ ਨਫਰਤਾਂ ਦੇ ਖਿਲਾਫ ਮੁਹੱਬਤਾਂ ਵਾਲਾ / ਇਕ ਦੂਜੇ ਦੀ ਸੁੱਖ ਮੰਗਣ ਵਾਲਾ ਭਾਈਚਾਰਾ ਕਾਇਮ ਕਰਨ ਵੱਲ ਵਧੀਏ। (ਭਾਵੇਂ ਪੰਜਾਬੀਆਂ ਦਾ ਹੀ ਕਹਿ ਲਵੋ)। ਸਾਡੇ ਵਿਰਸੇ ਤੋਂ ਸਾਨੂੰ ਇਹ ਹੀ ਸੇਧ ਮਿਲਦੀ ਹੈ। ਪੱਤਰਕਾਰ ਭਾਈਚਾਰੇ ਤੋਂ ਵੀ ਲੋਕ ਆਸ ਕਰਦੇ ਹਨ ਕਿ ਇਹ ਛੋਟੀ ਸੋਚ ਨੂੰ (ਜਿਵੇਂ ਕਿ - ਸਭ ਤੋਂ ਪਹਿਲਾਂ/ ਸਭ ਤੋਂ ਤੇਜ ਮਾਰਕਾ ਭਕਾਈ- (ਜਿਵੇਂ ਸਾਰੇ ''ਘੈਂਟ'' ਪੱਤਰਕਾਰ ਸਿਰਫ ਪੰਜਾਬੀ ਵਿਚ ਹੀ ਹੋਣ) ਤਿਆਗ ਕੇ ਅਮਨ , ਸੁੱਖ ਸ਼ਾਂਤੀ ਅਤੇ ਗਰੀਬ-ਗੁਰਬੇ ਲਈ ਵੀ ਕੰਮ ਕਰਨ। ਇਸ ਕਾਰਜ ਵਾਸਤੇ ਕਿਸੇ ਨੂੰ ਵੀ "ਘੈਂਟ'' ਬਣਨ ਦੀ ਲੋੜ ਲਈ , ਬਸ! ਆਪਣੇ ਕਾਰਜ ਅਤੇ ਆਪਣੇ ਲੋਕਾਂ ਪ੍ਰਤੀ ਇਮਾਨਦਾਰ ਹੋਣ ਦੀ ਲੋੜ ਹੈ। ਉਂਜ ਲੋਕ ਤਾਂ ਸਭ ਕੁੱਝ ਜਾਣਦੇ ਹੀ ਹਨ - ਇਹ ''ਘੈਂਟ'' ਹੀ ਐਵੇਂ ਭੁਲੇਖੇ ਵਿਚ ਤੁਰੇ ਫਿਰਦੇ ਹਨ।


3 : ਪੰਜਾਬੀ ਸ਼ਬਦ ਨਾ ਮਾਰੋ

ਇਹ ਤਾਂ ਹੁੰਦਾ ਹੀ ਆਇਆ ਹੈ ਕਿ ਸਮੇਂ ਦੇ ਨਾਲ ਨਾਲ ਹਰ ਜ਼ੁਬਾਨ ਵਿਚ ਨਵੇਂ ਸ਼ਬਦ ਰਲਦੇ ਹਨ, ਇਸ ਨਾਲ ਹਰ ਭਾਸ਼ਾ ਹੀ ਅਮੀਰ ਹੁੰਦੀ ਹੈ।  ਕੁੱਝ ਕੁ ਅਪ੍ਰਸੰਗਿਕ ਹੋ ਗਏ ਸ਼ਬਦ ਵਿਸਰ ਵੀ ਜਾਂਦੇ ਹਨ। ਪਰ ਜਦੋਂ ਕਿਸੇ ਜ਼ੁਬਾਨ ਦੇ ਸ਼ਬਦ ਜਾਣ-ਬੁੱਝ ਕੇ ਮਾਰੇ ਜਾਣ ਤਾਂ ਬਹੁਤ ਦੁੱਖ ਹੁੰਦਾ ਹੈ। ਪੰਜਾਬੀ ਦੀ ਪੱਤਰਕਾਰੀ (ਪ੍ਰਿੰਟ ਅਤੇ ਬਿਜਲਈ ਭਾਵ ਅਖਬਾਰਾਂ ਰੇਡੀਉ ਅਤੇ ਟੈਲੀਵੀਜ਼ਨ) ਅੰਦਰ ਇਹ ਰੁਝਾਨ ਬਿਨਾਂ ਸੋਚੇ ਸਮਝੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਇਨ੍ਹਾਂ ਅਦਾਰਿਆਂ ਅੰਦਰ ਜੁੰਮੇਵਾਰ ਅਹੁਦਿਆਂ 'ਤੇ ਬੈਠੇ ਪਤਾ ਨਹੀਂ ਕਿਉਂ ਚੁੱਪ ਕਰਕੇ 'ਤਮਾਸ਼ਾ' ਦੇਖੀ ਜਾ ਰਹੇ ਹਨ? ਉਹ ਗਲਤ ਨੂੰ ਗਲਤ ਕਹਿਣ ਤੋਂ ਸੰਗਦੇ ਕਿਉਂ ਹਨ ? ਉਨ੍ਹਾਂ ਦੇ ਆਪਣੇ ਹੀ ਅਦਾਰਿਆਂ ਅੰਦਰ ਹੋ ਰਹੀ ਕਿਸੇ ਵੀ ਗਲਤੀ ਨੂੰ ਸੁਧਾਰਨਾਂ ਉਨ੍ਹਾਂ ਦਾ ਫਰਜ਼ ਹੈ।
         ਪੰਜਾਬੀ ਦੇ ਸਿਰਫ ਇਕ ਸ਼ਬਦ ਦੀ ਗੱਲ ਕਰਨੀ ਹੈ (ਸ਼ਬਦ ਬਹੁਤ ਹਨ-ਉਨ੍ਹਾਂ ਬਾਰੇ ਅਗਲੇ ਸਮੇਂ)  ਜੋ ਪਿਛਲੇ ਲੰਬੇ ਸਮੇਂ ਤੋਂ ਵਾਰ ਵਾਰ ਵਰਤਿਆ ਗਿਆ ਹੈ, ਉਹ ਸ਼ਬਦ ਹੈ, ਬਦਮਾਸ਼ ਜਾਂ ਗੁੰਡੇ । ਪਿਛਲੇ ਕਾਫੀ ਸਮੇਂ ਤੋਂ ਇਸ ਸ਼ਬਦ (ਬਦਮਾਸ਼ - ਗੁੰਡੇ ਆਦਿ) ਨੂੰ ਮਾਰਨ ਵਾਸਤੇ ਅੰਗਰੇਜ਼ੀ ਦੇ "ਗੈਂਗਸਟਰ'' ਸ਼ਬਦ ਨੂੰ ਪੰਜਾਬੀ ਵਿਚ ਮੱਲੋਜ਼ੋਰੀ ਘੁਸੇੜ ਦਿੱਤਾ ਗਿਆ ਹੈ। ਜੇ ਪੰਜਾਬੀ ਵਿਚ ਇਸ ਵਾਸਤੇ (ਭਾਵ ਬਦਮਾਸ਼, ਗੁੰਡੇ) ਵਰਗੇ ਸ਼ਬਦ ਨਾ ਹੁੰਦੇ ਤਾਂ ਬੇਗਾਨਾ ਸ਼ਬਦ ਵਰਤਿਆ ਵੀ ਜਾ ਸਕਦਾ ਸੀ । ਹੁਣ ਤਾਂ ਹਰ (ਪੰਜਾਬੀ) ਅਖਬਾਰ, ਰੇਡੀਉ, ਟੈਲੀਵੀਜ਼ਨ ਤੇ ਲਿਖਣ ਵਾਲਾ ਪੱਤਰਕਾਰ ਜਾਂ ਬੋਲਣ ਵਾਲਾ ਪੇਸ਼ਕਾਰ ਸਿਰਫ ਗੈਂਗਸਟਰ ਹੀ ਬੋਲਦਾ ਹੈ। ਕਹਿਣ ਨੂੰ ਪੰਜਾਬੀ ਵਿਚ ਬਦਮਾਸ਼ ਕਹੋ, ਬਦਮਾਸ਼ਾਂ ਦੇ ਟੋਲੇ ਕਹੋ, ਗੁੰਡਿਆਂ ਦੇ ਗ੍ਰੋਹ ਕਹੋ - ਕਿਉਂ ਨਹੀਂ ਇੰਜ ਬੋਲੇ/ਕਹੇ ਜਾ ਰਹੇ? ਕਿਉਂ ਨਹੀਂ ਇਹ ਲਿਖਿਆ ਜਾ ਰਿਹਾ?  ਕੀ ਇਸਨੂੰ ਵੀ ਹੁਣ ''ਆਧੁਨਿਕਤਾ''ਦੇ ਨਾਮ ਹੇਠ ਹੀ ਦੱਬ ਦਿੱਤਾ ਜਾਵੇਗਾ? ਸੂਝਵਾਨੋਂ! ਇਹ ਆਧੁਨਿਕਤਾ ਨਹੀਂ ਪੰਜਾਬੀ ਦੇ ਇਕ ਸ਼ਬਦ ਦੀ ਮੌਤ ਹੈ।
ਕਈ ਸਾਰੇ ਰੇਡੀਉ ਦੇ ਪੇਸ਼ਕਾਰ ਤਾਂ ਗੈਂਗਸਟਰ ਨੂੰ ਵੀ ਦੋ ਸ਼ਬਦ ਬਣਾ ਕੇ ਬੋਲਦੇ ਹਨ ਜਿਵੇਂ "ਗੈਂਗਸਟਰ'' ਨੂੰ ਉਹ ਦੋ ਸ਼ਬਦ ਗੈਂਗ ਤੇ ਸਟਰ ਦੇ ਵਿਚਾਲੇ ਵਿੱਥ ਜਹੀ ਪਾ ਕੇ ਜਾਂ ਸਾਹ ਲੈ ਕੇ ਬੋਲਦੇ ਹਨ। ਇਹ ਬਿਲਕੁੱਲ ਗਲਤ ਹੋ ਰਿਹਾ ਹੈ। ਪੰਜਾਬੀ ਦੇ ਜਾਣਕਾਰ, ਪੰਜਾਬੀ ਨੂੰ ਪਿਆਰ ਕਰਨ ਵਾਲੇ, ਪੰਜਾਬੀ ਦੇ "ਬੁੱਧੀਜੀਵੀ'' ਜੇ ਕਾਨਫਰੰਸਾਂ ਤੋਂ ਵਿਹਲੇ ਹੋਣ ਤਾਂ ਪੰਜਾਬੀ ਦੇ ਸ਼ਬਦਾਂ ਦੀ ਲਗਾਤਾਰ ਕੀਤੀ ਜਾ ਰਹੀ ਦੁਰਦਸ਼ਾ ਬਾਰੇ ਸੋਚਣ। ਸ਼ਾਇਦ ਇਸ ਤਰ੍ਹਾਂ ਜਤਨ ਕਰਨ ਨਾਲ ਹੋਰ ਬਹੁਤ ਸਾਰੀਆਂ ਪੈਦਾ ਕੀਤੀਆਂ ਜਾ ਰਹੀਆਂ ਗਲਤ ਧਾਰਨਾਵਾਂ ਤੋਂ ਵੀ ਬਚਾ ਹੋ ਜਾਵੇ। ਜਾਣੇ ਜਾਂ ਅਣਜਾਣੇ 'ਚ ਮਾਰੇ ਜਾ ਰਹੇ ਸ਼ਬਦਾਂ ਨੂੰ ਬਚਾੳਣਾ ਪੰਜਾਬੀ ਪਿਆਰਿਆਂ ਦੀ ਜੁੰਮੇਵਾਰੀ ਹੈ।
        ਤੁਹਾਨੂੰ ਸਭ ਪੰਜਾਬੀ ਬੋਲਣ/ਲਿਖਣ ਵਾਲਿਆਂ ਨੂੰ ਸੱਦਾ ਹੈ ਕਿ ਵਿਗਾੜੇ ਜਾਂ ਮਾਰੇ ਜਾ ਰਹੇ ਪੰਜਾਬੀ ਸ਼ਬਦ ਲੱਭੀਏ, ਜ਼ਿਕਰ ਕਰੀਏ/ ਵਿਚਾਰ ਕਰੀਏ ਤੇ ਉਨ੍ਹਾਂ ਨੂੰ ਮਰਨੋਂ ਬਚਾਉਣ ਦਾ ਉਪਰਾਲਾ ਕਰੀਏ। ਸਿਆਣਿਆਂ ਦਾ ਕਿਹਾ ਸੱਚ ਹੈ ਕਿ - 'ਮੰਗਵੀਂ ਧਾੜ ਫੇਰ ਵੀ ਮੰਗਵੀਂ ਹੀ ਹੁੰਦੀ ਹੈ ਤੇ ਮੰਗਵੀਂ ਧਾੜ ਨਾਲ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ।' ਪੱਤਰਕਾਰਾਂ ਅਤੇ ਰੇਡੀਉ, ਟੈਲੀਵੀਜ਼ਨਾਂ  ਦੇ ਪੇਸ਼ਕਾਰਾਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰੀਏ ਕਿ ਉਹ ਆਪਣੀ ਸੌੜੀ ਤੇ "ਸਿਆਣੀ'' ਪਰ ਬੇਗਾਨੀ "ਵੋਕੈਬਲਰੀ'' ਨਾਲੋਂ ਆਪਣੇ ਸ਼ਬਦ ਭੰਡਾਰ ਵਿਚ ਵਾਧਾ ਕਰਨ। ਪੰਜਾਬੀ ਕੋਲ ਹੋਰ ਬਹੁਤ ਸਾਰੀਆਂ ਜ਼ੁਬਾਨਾਂ ਤੋਂ ਵਾਧੂ ਸ਼ਬਦ ਭੰਡਾਰ ਹੈ- ਲੋੜ ਆਪਣੇ ਭਰੇ ਪਏ ਖ਼ਜ਼ਾਨੇ ਨੂੰ ਫਰੋਲਣ ਦੀ ਹੈ।
ਪੰਜਾਬੀ ਨੂੰ ਪਿਆਰ ਕਰਨ ਵਾਲਿਉ, ਆਉ- ਇਕ ਇਕ ਸ਼ਬਦ 'ਤੇ ਪਹਿਰਾ ਦੇਣ ਵਾਸਤੇ ਜਾਗਣ ਦਾ ਹੋਕਾ ਦੇਈਏ।
ਜੈ ਪੰਜਾਬੀ - ਜੀਵੇ ਪੰਜਾਬੀ।


4 : ਪੰਜਾਬੀ 'ਤੇ ਮਾਣ ਕਰੋ, ''ਪੰਗਰੇਜ਼ੀ'' ਵਾਲੀ ''ਕਾਂਗਿਆਰੀ'' ਤੋਂ ਬਚੋ !!


ਪੰਜਾਬ ਦੇ ਕਈ ਲੀਡਰ ਜਿਨ੍ਹਾਂ ਨੂੰ ਪਤਾ ਹੈ ਕਿ ਪੰਜਾਬ ਦੀ ਬੋਲੀ ਅਤੇ ਸਰਕਾਰੀ ਪੱਧਰ ਤੇ ਰਾਜ ਭਾਸ਼ਾ ਪੰਜਾਬੀ ਹੈ। ਉਹ ਖਾਹਮਖਾਹ ਹੀ ਕਿਸੇ ਜਲਸੇ ਵਿਚ ਤਕਰੀਰ ਕਰਦਿਆਂ ਜਾਂ ਪੇਂਡੂ ਪੱਤਰਕਾਰਾਂ ਨਾਲ ( ਜਿਨ੍ਹਾਂ ਦੇ ਇਨ੍ਹਾਂ ਲੀਡਰਾਂ ਵਲੋਂ ਬੋਲੀ ਸਾਰੀ "ਅੰਗਰੇਜ਼ੀ'' ਪੱਲੇ ਵੀ ਨਹਂਂ ਪੈਂਦੀ - ਪਰ ਉਹ ਪੱਤਰਕਾਰ ਫੇਰ ਵੀ ਨਹੀਂ ਬੋਲਦੇ) ਅੰਗਰੇਜ਼ੀ ਜਾਂ ਪੰਗਰੇਜ਼ੀ ਬੋਲਦੇ ਹਨ - ਫੋਕੀ ਟੌਅਰ ਖਾਤਰ ? ''ਮੱਝ ਅੱਗੇ ਬੀਨ ਵਜਾਉਣੀ'' ਸ਼ਾਇਦ ਇਸੇ ਨੂੰ ਕਿਹਾ ਗਿਆ ਹੋਵੇਗਾ।
       ਪੰਜਾਬ ਦੇ ਹਰ ਵਸਨੀਕ ਨੂੰ ਪੰਜਾਬੀ ਆਉਂਦੀ ਹੈ , ਕੈਪਟਨ ਸਾਹਿਬ ਤੇ ਸੁਖਪਾਲ ਖਹਿਰੇ ਨੂੰ ਵੀ। ਸਮਝ ਨਹੀਂ ਲਗਦੀ ਕਿ ਬੋਲਦਿਆਂ ਬੋਲਦਿਆਂ ਇਹ "ਪੰਗਰੇਜ਼ੀ'' (ਪੰਜਾਬੀ-ਅੰਗਰੇਜ਼ੀ ਦਾ ''ਗੁਤਾਵਾ'') ਕਿਉਂ ਬੋਲਣ ਲੱਗ ਪੈਂਦੇ ਹਨ? ਇਸ ਬੀਮਾਰੀ ਦੇ ਸਭ ਤੋਂ ਵੱਡੇ ਮਰੀਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਾਹਿਬ ਵੀ ਹਨ ਸਭ ਤੋਂ ਵੱਧ "ਪੰਜਾਬੀ ਦਾ ਰਾਗ ਅਲਾਪਣ ਵਾਲਾ'' ਸੁਖਪਾਲ ਖਹਿਰਾ ਵੀ ਹੈ (ਹੋਰ ਵੀ ਕਈ ਹਨ) । ਜਿਸਨੇ "ਆਪਣੀ ਪਾਰਟੀ'' ਦਾ ਨਾਂ ਵੀ "ਪੰਜਾਬੀ ਏਕਤਾ ਪਾਰਟੀ'' ਰੱਖਿਆ ਹੈ। ਕੀ ਆਪਣੀ ਮਾਂ ਬੋਲੀ ਨਾਲ ਅਜਿਹਾ ਸਲੂਕ ਪੰਜਾਬੀ ਬੋਲੀ ਦਾ ਅਪਮਾਨ ਨਹੀਂ ? ਕਾਂਗਰਸ ਪਾਰਟੀ ਵਲੋਂ ਕੈਪਟਨ ਸਾਹਿਬ ਦੇ ਸਲਾਹਕਾਰ ਪੰਜਾਬ ਦੇ ਖ਼ਜ਼ਾਨੇ ਵਿਚੋਂ ਵੱਡੀਆਂ ਤਨਖਾਹਾਂ ਲੈਂਦੇ ਹਨ- ਕੀ ਪੰਜਾਬੀ ਬਾਰੇ ਇਹ ਸਲਾਹ ਉਹ ਨਹੀਂ ਦੇ ਸਕਦੇ ? - ਕਾਂਗਰਸ ਵਿਚ ਹੋਰ ਵੀ ਸੂਝਵਾਨ ਜਰੂਰ ਹੋਣਗੇ ਜਿਨ੍ਹਾਂ ਨੂੰ ਪੰਜਾਬੀ ਨਾਲ ਜਰੂਰ ਮੋਹ ਹੋਵੇਗਾ, ਉਹ ਇਸ ਮਾਮਲੇ ਵਿਚ ਕੁੱਝ ਕਰਨ। ਇਸੇ ਤਰ੍ਹਾਂ ਖਹਿਰੇ ਦੇ ਹਮਾਇਤੀਆਂ ਵਿਚ ਵੀ ਜਰੂਰ ਕੋਈ ਨਾ ਕੋਈ ਹੋਵੇਗਾ - ਜਿਸ ਨੂੰ ਇਹ ਜਰੂਰ ਪਤਾ ਹੋਵਗਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ - ਉਹ ਖਹਿਰੇ ਨੂੰ ਦੱਸਣ ਕਿ ਪੰਜਾਬ ਵਿਚ ਕਿਸੇ ਥਾਂ ਵੀ ਬੋਲਦਿਆਂ ਉਹਨੂੰ "ਪੰਗਰੇਜ਼ੀ'' ਬੋਲ ਕੇ ਪੰਜਾਬੀ ਦੀ ਬੇਅਦਬੀ ਕਰਨ ਦੀ ਲੋੜ ਨਹੀਂ। ਜੇ ਕੋਈ ਪੰਜਾਬੀ ਪਿਆਰਾ ਇਨ੍ਹਾਂ ਲੀਡਰਾਂ ਨੂੰ ਦੱਸੇ ਕਿ ਪੰਜਾਬੀ ਬਹੁਤ ਹੀ ਮਾਣਮੱਤੀ ਬੋਲੀ ਹੈ- ਇਸ ਵਿਚ ਆਪਣੇ ਸਾਰੇ ''ਭਾਵ'' ਪੇਸ਼ ਕਰ ਸਕਦੇ ਹਨ। ਪੰਜਾਬੀ ਦਾ ਸ਼ਬਦ ਭੰਡਾਰ ਕਿਸੇ ਵੀ ਹੋਰ ਬੋਲੀ ਤੋਂ ਬਹੁਤ ਵਿਸ਼ਾਲ ਹੈ। ਫੇਰ ਸਾਡੇ ਇਹ ਲੀਡਰ ''ਆਪਣੀ ਗਰੀਬ ਭਾਸ਼ਾਈ ਮਾਨਸਿਕਤਾ '' ਦਾ ਮੁਜਾਹਿਰਾ ਕਿਉਂ ਤੇ ਕਿਸ ਵਾਸਤੇ ਕਰਦੇ ਹਨ। ਇਨ੍ਹਾਂ ਲੀਡਰਾਂ ਦੇ ਮਨ ਵਿਚ ਪੰਜਾਬੀ ਬੋਲੀ ਪ੍ਰਤੀ ਅਜਿਹੀ ਹੀਣ ਭਾਵਨਾ ਕਿਉਂ ਹੈ ?? ਇਨ੍ਹਾਂ ਨੂੰ ਪੰਜਾਬੀ ਬੋਲੀ /ਭਾਸ਼ਾ ਬਾਰੇ ਹੋਰ ਜਾਣਕਾਰੀ ਦੀ ਲੋੜ ਹੈ। ਇਹ ਬਹੁਤ ਹੀ ਅਫਸੋਸਨਾਕ ਵਰਤਾਰਾ ਹੈ - ਇਸ ਤੋਂ ਬਚਿਆ ਜਾਣਾ ਚਾਹੀਦਾ ਹੈ। ਇਹ ਯਾਦ ਰੱਖਣ ਕਿ ਬਾਬਾ ਸ਼ੇਖ ਫਰੀਦ ਤੇ ਬਾਬਾ ਗੁਰੂ ਨਾਨਕ ਦੀ ਬੋਲੀ/ ਭਾਸ਼ਾ ਕਿਸੇ ਵੀ ਦੂਸਰੀ ਬੋਲੀ ਜਾਂ ਭਾਸ਼ਾ ਤੋਂ ਗਰੀਬ ਨਹੀਂ - ਇਨ੍ਹਾਂ (ਤੇ ਇਨ੍ਹਾਂ ਵਰਗੇ ਹੋਰਨਾਂ) ਲੀਡਰਾਂ ਨੂੰ ਆਪਣੇ ਗਿਆਨ ਵਿਚ ਵਾਧਾ ਕਰਨ ਦੀ ਲੋੜ ਹੈ  ਤਾਂ ਕਿ ਇਹ ਆਪਣੀ ਪਾਲ਼ੀ ਹੋਈ ਹੀਣ ਭਾਵਨਾ ਤੋਂ ਬਾਹਰ ਨਿਕਲ ਸਕਣ।      
      ਇਹ ਸਮਝ ਆੳਂਂਦਾ ਹੈ ਕਿ ਗੈਰ ਪੰਜਾਬੀਆਂ ਨਾਲ ਉਨ੍ਹਾਂ ਵਲੋਂ ਕਿਸੇ ਹੋਰ ਬੋਲੀ /ਭਾਸ਼ਾ ਵਿਚ ਗੱਲ ਕਰਨੀ ਜਰੂਰੀ ਹੋ ਸਕਦੀ ਹੈ ਇਸ ਬਾਰੇ ਇਤਰਾਜ਼ ਵੀ ਕਿਸੇ ਨੂੰ ਨਹੀਂ ਹੋਵੇਗਾ।
      ਆਸ ਕਰਨੀ ਬਣਦੀ ਹੈ ਕਿ ਆਮ ਲੋਕ ਅਤੇ ਖਾਸ ਕਰਕੇ ਪੰਜਾਬੀ ਪੱਤਰਕਾਰ ਭਾਈਚਾਰਾ, ਸਾਹਿਤਕ ਸਭਾਵਾਂ ਅਤੇ ਪੰਜਾਬੀ ਦੇ ਵਿਦਵਾਨ ਜਾਗਣਗੇ ਅਤੇ ਇਸ ਪਾਸੇ ਜਰੂਰ ਧਿਆਨ ਦੇਣਗੇ।



ਮਾਂ ਬੋਲੀ ਨਾਲ ਜੁੜਨਾ ਜੀਵਨ, ਮਾਂ ਬੋਲੀ ਨਾਲੋਂ ਟੁੱਟਣਾ ਮੌਤ :


ਮੁਗਲਾਂ ਵੇਲੇ ਫੌਜ ਵਿਚ ਭਰਤੀ ਹੋਏ ਫੌਜੀ ਦੀ ਕਹਾਣੀ ਆਮ ਸੁਣਨ/ਪੜ੍ਹਨ ਨੂੰ ਮਿਲਦੀ ਰਹੀ ਹੈ ਕਿ ਕੋਈ ਪੇਂਡੂ ਮੁਗਲਾਂ ਦੀ ਫੌਜ ਵਿਚ ਭਰਤੀ ਹੋਇਆ ਤਾਂ ਉੱਥੇ ਫਾਰਸੀ ਬੋਲਣੀ ਲਾਜ਼ਮੀ ਸੀ। ਪੇਂਡੂ ਵੀ ਫਾਰਸੀ ਸਿੱਖ ਗਿਆ ਅਤੇ ਬੋਲਣ ਦਾ ਆਦੀ ਹੋ ਗਿਆ। ਗਰਮੀਆਂ ਦੀ ਰੁੱਤੇ ਉਹ ਆਪਣੇ ਪਿੰਡ ਛੁੱਟੀ ਕੱਟਣ ਵਾਸਤੇ ਆ ਰਿਹਾ ਸੀ। ਤੁਰੇ ਆਉਂਦਿਆਂ ਤ੍ਰੇਹ ਲੱਗੀ - ਉਹ ਹਾਲੋਂ ਬੇਹਾਲ ਹੋ ਗਿਆ। ਪਾਣੀ ਦਾ ਸਾਧਨ ਨੇੜੇ ਕੋਈ ਨਹੀਂ ਸੀ। ਉਸ ਸਮੇਂ ਨਲਕੇ ਬਗੈਰਾ ਤਾਂ ਹੁੰਦੇ ਹੀ ਨਹੀਂ ਸਨ। ਉਦੋਂ ਪਾਣੀ ਪੀਣ ਵਾਸਤੇ ਰਾਹਾਂ ਵਿਚ ਪੌਅ ਹੁੰਦੇ ਸਨ ਜਿੱਥੇ ਇਕ ਖੂਹ ਹੁੰਦਾ ਸੀ, ਲੱਜ ਨਾਲ ਬੰਨ੍ਹਿਆਂ ਡੋਲ ਹੁੰਦਾ ਸੀ। ਪਰ ਉਹਦੇ ਰਾਹ ਵਿਚ ਕੋਈ ਪੌਅ ਨਾ ਆਇਆ। ਆਖਰ ਹਾਲੋਂ ਬੇਹਾਲ ਹੋਇਆ ਪਿੰਡੋਂ ਥੋੜ੍ਹੀ ਦੂਰ ਆ ਕੇ ਤ੍ਰੇਹ ਨਾਲ ਬੇਹਾਲ ਹੋ ਕੇ ਡਿਗ ਪਿਆ। ਕਈ ਲੋਕ ਕੋਲੋਂ ਲੰਘੇ ਉਹ ਪੁੱਛਦੇ ਪਰ ਨਾ ਸਮਝਣ ਕਰਕੇ ਅੱਗੇ ਤੁਰ ਜਾਂਦੇ - ਕਿਸੇ ਨੂੰ ਪਤਾ ਹੀ ਨਾ ਲੱਗਾ ਕਿ ਉਹ ਧਰਤੀ 'ਤੇ ਡਿੱਗਾ ਕਿਉਂ ਹੈ। ਪਾਣੀ ਨਾ ਮਿਲਣ ਕਰਕੇ ਤਿਹਾ ਨਾਲ ਆਖਰ ਉਹ ਪ੍ਰਾਣ ਤਿਆਗ ਗਿਆ।
       ਫੇਰ ਲੋਕ ਇਕ ਦੂਜੇ ਤੋਂ ਪੁੱਛਣ ਲੱਗੇ ਕਿ ਆਖਰ ਗੱਲ ਕੀ ਹੋਈ । ਕਿਸੇ ਨੇ ਦੱਸਿਆ ਕਿ ਇਹ ਤਾਂ ਵਾਰ ਵਾਰ ਇਕੋ ਸ਼ਬਦ ਕਹਿ ਰਿਹਾ ਸੀ - ਆਬ, ਆਬ। ਫਾਰਸੀ ਵਿਚ ਪਾਣੀ ਨੂੰ ਆਬ ਕਹਿੰਦੇ ਹਨ ਪਰ ਪਿੰਡ ਵਿਚ ਕਿਸੇ ਨੂੰ ਫਾਰਸੀ ਨਹੀਂ ਸੀ ਆਉਂਦੀ - ਉਹਨੂੰ ਪਾਣੀ ਕੌਣ ਦਿੰਦਾ। ਫੌਜ ਵਿਚ ਫਾਰਸੀ ਬੋਲਣ ਗਿੱਝਿਆ ਫਾਰਸੀ ਦਾ ਹੀ ਸ਼ਿਕਾਰ ਹੋ ਗਿਆ। ਆਪਣੀ ਮਾਂ ਬੋਲੀ ਨਾ ਬੋਲਣ ਕਰਕੇ ਉਹਦੀ ਜਾਨ ਚਲੀ ਗਈ। ਜਦੋਂ ਇਸ ਗੱਲ ਦਾ ਇਕ ਬੁੱਢੀ ਮਾਈ ਨੂੰ ਪਤਾ ਲੱਗਾ ਤਾਂ ਉਹਨੇ ਕਿਹਾ ਸੀ : ਆਬ ਆਬ ਕਰ ਬੱਚੜਾ ਮੋਇਆ
ਫਾਰਸੀਆਂ ਘਰ ਗਾਲ਼ੇ।
      ਇਸੇ ਦਾ ਸਿੱਟਾ ਨਿਕਲਦਾ ਹੈ ਕਿ ਮਾਂ ਬੋਲੀ ਇਨਸਾਨ ਨੂੰ ਜੀਵਨ ਦਿੰਦੀ ਹੈ। ਥਾਂ-ਕੁਥਾਂਅ ਅਤੇ ਬੇ-ਵਕਤ ਵਰਤੀ ਬੇਗਾਨੀ ਬੋਲੀ ਮੌਤ ਵੀ ਬਣ ਸਕਦੀ ਹੈ।

05 Feb. 2019

ਕਥਾ : ਮਹਾਨ ਸ਼ਹੀਦ ਭਾਈ ਸੰਗਤ ਸਿੰਘ ਜੀ ਦੀ - ਕੇਹਰ ਸ਼ਰੀਫ਼

ਸਿਦਕ ਨੂੰ ਪਾਲਣ ਅਤੇ ਸ਼ਹਾਦਤ ਦਾ ਚਾਅ ਕਰਨ ਵਾਲੇ ਸਿੱਖ ਇਤਿਹਾਸ ਦੀ ਲਾਸਾਨੀ ਸ਼ਹਾਦਤ ਸਬੰਧੀ ਵਿਚਾਰਦਿਆਂ ਹੈਰਾਨੀ ਹੁੰਦੀ ਹੈ  ਕਿ ਕਿਵੇਂ ਸੂਰਮੇ ਆਪਣੇ ਗੁਰੂ ਖਾਤਰ ਜਾਂ ਗੁਰੂ ਦੀ ਥਾਵੇਂ ਸਿਰ ਵਾਰ ਜਾਂਦੇ ਹਨ। ਪਰ ਇਹ ਜਜ਼ਬਾ ਕੋਈ ਦਿਨਾਂ ਮਹੀਨਿਆਂ ਵਿੱਚ ਪੈਦਾ ਨਹੀਂ ਹੁੰਦਾ ਇਸ ਵਿੱਚ ਪਰਿਵਾਰਕ ਵਿਰਸੇ ਦਾ ਵੀ ਬਹੁਤ ਮਹੱਤਵ ਹੁੰਦਾ ਹੈ ਕਿ ਪੀੜ੍ਹੀ ਦਰ ਪੀੜ੍ਹੀ ਸ਼ਰਧਾ, ਪ੍ਰਤੀਬੱਧਤਾ ਅਤੇ ਸੂਰਬੀਰਤਾ ਪਲ਼ਦੀ ਹੈ। ਕੁਰਬਾਨੀਆਂ ਦੇ ਇਤਿਹਾਸ ਨੂੰ ਵਿਚਾਰਦਿਆਂ ਇਕ ਅਜਿਹੀ ਲਾਸਾਨੀ ਕੁਰਬਾਨੀ ਦਾ ਵਿਸਥਾਰ ਹੈ ਮਹਾਨ ਸ਼ਹੀਦ ਭਾਈ ਸੰਗਤ ਸਿੰਘ ਜੀ ਦਾ ਜੀਵਨ ਅਤੇ ਨਿਭਾਏ ਗਏ ਸਿਦਕ, ਸਿਰੜ ਦੀ ਵਾਰ ਵਾਰ ਚੇਤੇ ਕਰਨ ਵਾਲੀ ਕਥਾ। ਜੋ ਸਦੀਆਂ ਤੱਕ ਆਪਣੇ ਸੱਚੇ ਮਕਸਦ ਵਾਸਤੇ ਲੜਨ ਵਾਲਿਆਂ ਦੀ ਅਗਵਾਈ ਕਰਦੀ ਰਹੇਗੀ। ਜੋ ਸੱਚ ਖਾਤਰ ਹਨੇਰਿਆਂ ਦੇ ਖਿਲਾਫ ਲੜਨ ਦਾ ਜਜ਼ਬਾ ਬਣੀ ਰਹੇਗੀ।
      ਸਿੱਖ ਇਤਿਹਾਸ ਦੇ ਸੂਰਮੇ ਸ਼ਹੀਦ ਭਾਈ ਸੰਗਤ ਸਿੰਘ ਜੀ ਦੀ ਜਿਨ੍ਹਾਂ ਨੂੰ ਸੰਗਤ ਸਿੰਘ ਬੰਗੇਸਰ ਕਰਕੇ ਵੀ ਇਤਿਹਾਸ ਵਿੱਚ ਯਾਦ ਕੀਤਾ ਜਾਂਦਾ ਹੈ। ਪਹਿਲਾਂ ਭਾਈ ਸੰਗਤ ਸਿੰਘ ਜੀ ਦੇ ਪਿਛੋਕੜ ਵੱਲ ਨਿਗਾਹ ਮਾਰਨੀ ਚਾਹੀਦੀ ਹੈ ਕਿ ਕਿਸੇ ਦੇ ਰੋਮ ਰੋਮ ਵਿੱਚ ਭੈਅ ਮੁਕਤ ਸੂਰਬੀਰਤਾ ਕਿਵੇਂ ਰਚਦੀ ਹੈ। ਕਿਵੇਂ ਕੁਰਬਾਨੀ ਦਾ ਜਜ਼ਬਾ ਪੈਦਾ ਹੁੰਦਾ ਹੈ, ਕਿ ਇਨਸਾਨ ਸਾਹਮਣੇ ਦਿਸਦੀ ਮੌਤ ਦੇਖ ਕੇ ਬਚਣ ਦੀ ਬਜਾਏ ਮਾਣ ਭਰੀ ਖੁਸ਼ੀ ਨਾਲ ਜਾਨ ਵਾਰਨ ਲਈ ਤਿਆਰ ਹੋ ਜਾਂਦਾ ਹੈ। ਯਾਦ ਰਹੇ ਅਜਿਹੇ ਸੂਰਮੇ ਹੀ ਇਤਿਹਾਸ ਦੇ ਥੰਮ ਬਣਦੇ ਹਨ। ਆਉਣ ਵਾਲੀਆਂ ਪੀੜ੍ਹੀਆਂ ਅਜਿਹੇ ਸੂਰਮਿਆਂ ਨੂੰ ਯਾਦ ਹੀ ਨਹੀਂ ਰੱਖਦੀਆਂ ਸਗੋਂ ਉਨ੍ਹਾਂ ਨੂੰ ਆਪਣਾ ਪ੍ਰੇਰਨਾ ਸ੍ਰੋਤ ਵੀ ਮੰਨਦੀਆਂ ਹਨ ਤਾਂ ਕਿ ਆਪਣੇ ਜੁਝਾਰੂ ਵਿਰਸੇ ਨੂੰ ਜੀਊਂਦਾ ਰੱਖਿਆ ਜਾ ਸਕੇ ਅਤੇ ਅੱਗੇ ਤੋਰਿਆ ਜਾ ਸਕੇ।
       ਇਤਿਹਾਸ ਵਿੱਚ ਭਾਈ ਸੰਗਤ ਸਿੰਘ ਜੀ ਦੇ ਪਰਿਵਾਰ ਦਾ ਗੁਰੂ ਘਰ ਵੱਲ ਸ਼ਰਧਾ ਭਰਪੂਰ ਸਨੇਹ ਬਹੁਤ ਪਹਿਲਾਂ ਜੁੜ ਜਾਂਦਾ ਹੈ।  ਜਦੋਂ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ 'ਗੁਰੂ ਕਾ ਚੱਕ' ਭਾਵ ਅਮ੍ਰਿਤਸਰ ਵਸਾਇਆ ਤਾਂ ਗੁਰੂ ਸੇਵਾ ਅਤੇ ਗੂਰੂ ਦਰਸ਼ਣਾਂ ਵਾਸਤੇ ਬਹੁਤ ਸਾਰੀਆਂ ਸੰਗਤਾਂ ਦੂਰ ਦੁਰਾਡੇ ਤੋਂ ਵੀ ਆਇਆ ਕਰਦੀਆਂ ਸਨ। ਗੁਰੂ ਦੀ ਮਹਿਮਾਂ ਸੁਣ ਕੇ ਗਰੀਬ ਪਰਿਵਾਰ ਵੀ ਇਸ ਪਾਸੇ ਵੱਲ ਤੁਰਨ ਲੱਗ ਪਏ ਸਨ। ਇਨ੍ਹਾਂ ਗਰੀਬ ਪਰਿਵਾਰਾਂ ਵਿੱਚ ਕੱਪੜਾ ਬੁਣਨ ਦਾ ਕੰਮ ਕਰਨ ਵਾਲੇ ਕਿਰਤੀ ਭਾਈ ਜਰਨੈਲ ਦਾ ਪਰਿਵਾਰ ਵੀ ਸੀ। ਗੁਰੂ ਰਾਮ ਦਾਸ ਜੀ ਨੇ ਆਪਣੀ ਸੰਗਤ ਵਿੱਚੋਂ ਜਾਤ ਪਾਤ ਨੂੰ ਸਦਾ ਲਈ ਖਤਮ ਕਰਨ ਵਾਸਤੇ ਇਕ ਦਿਨ ਧਾਰਮਿਕ ਦੀਵਾਨ ਤੋਂ ਬਾਅਦ ਭਾਈ ਜਰਨੈਲ ਜੀ ਤੇ ਉਨ੍ਹਾਂ ਨਾਲ ਆਈ ਸੰਗਤ ਦੀ ਸੇਵਾ ਭਾਵਨਾ ਤੋਂ ਅਤਿ ਪਰਸੰਨ ਹੋ ਕੇ ਆਪਣੇ ਕੋਲ ਬੁਲਾ ਕੇ 'ਸਿਰੋਪਾਉ' ਦੀ ਦੀ ਬਖਸ਼ਿਸ਼ ਕਰਦਿਆਂ ਸੰਗਤਾਂ ਨੂੰ ਹੁਕਮ ਕੀਤਾ ਕਿ ਇਹ ਸਿੱਖ ਮੇਰੇ ਨਾਮ ਨਾਲ ਰਾਮਦਾਸੀਏ ਕਰਕੇ ਜਾਣੇ ਜਾਣ। ਰਾਮਦਾਸੀਏ ਦਾ ਲਕਬ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਕਰਕੇ ਪ੍ਰਾਪਤ ਹੋਇਆ। ਇੱਥੇ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਵਲੋਂ ਸਿੱਖ ਧਰਮ ਦੇ ਆਰੰਭ ਵੇਲੇ ਤੋਂ ਹੀ ਸਮਾਜਿਕ ਬੁਰਾਈਆਂ ਦਾ ਡਟ ਕੇ ਵਿਰੋਧ ਕੀਤਾ ਗਿਆ ਜਦੋਂ ਕਿ ਸਮਾਜ ਵਿਰੋਧੀ ਅੰਸਰਾਂ ਵਲੋਂ ਕਿਸੇ ਧਰਮ ਦੇ ਨਾਂ ਹੇਠ ਸਮਾਜ ਨੂੰ ਵਰਣਾਂ ਵਿੱਚ ਵੰਡਿਆ ਹੋਇਆ ਸੀ ਤਾਂ ਬਾਬੇ ਨਾਨਕ ਨੇ ਕਿਹਾ ਸੀ 'ਚਾਰਿ ਵਰਨਿ ਇਕੁ ਵਰਨਿ ਕਰਾਇਆ' ਕਿ ਜਾਤਪਾਤ ਦਾ ਭੇਦ ਭਾਵ ਮਿਟਾ ਕੇ ਪੰਗਤ ਤੇ ਸੰਗਤ ਵਿੱਚ 'ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ' ਦਾ ਸਿਧਾਂਤ ਪ੍ਰਚਾਰਿਆ ਸੀ। 'ਏਕ ਪਿਤਾ ਏਕਸ ਕੇ ਹਮ ਬਾਰਿਕ'। ਜੇ ਇਸ ਤੋਂ ਵੀ ਪਿੱਛੇ ਜਾਣਾ ਹੋਵੇ ਤਾਂ ਭਗਤੀ ਲਹਿਰ ਦੇ ਸਮੇਂ ਵੱਲ ਨਿਗਾਹ ਮਾਰ ਲੈਣੀ ਚਾਹੀਦੀ ਹੈ ਕਿ ਭਗਤੀ ਲਹਿਰ ਦਾ ਮੁੱਖ ਮਕਸਦ ਵੀ ਪਾਈਆਂ ਵੰਡੀਆਂ ਨੂੰ ਨਕਾਰਨਾ ਅਤੇ ਮਨੁੱਖਾਂ ਦੀ ਬਰਾਬਰੀ ਦਾ ਪ੍ਰਚਾਰ ਕਰਨਾ ਹੀ ਸੀ। ਭਗਤੀ ਲਹਿਰ ਦੇ ਇਸ ਬੁਨਿਆਦੀ ਫਲਸਫੇ ਨੂੰ ਅੱਜ ਵੀ ਮਨੁੱਖੀ ਅਧਿਕਾਰਾਂ ਦੀਆਂ ਲਹਿਰਾਂ ਕਰਕੇ ਜਾਣਿਆ ਜਾਂਦਾ ਹੈ। ਦਰਅਸਲ, ਸਿਧਾਂਤਕ ਪੱਖੋਂ ਭਗਤੀ ਲਹਿਰ ਹੀ ਸਿੱਖ ਧਰਮ ਦੀ ਬੁਨਿਅਦ ਆਖੀ ਜਾ ਸਕਦੀ ਹੈ।
         ਇੱਥੇ ਇਕ ਹੋਰ ਨੁਕਤੇ ਬਾਰੇ ਵਿਚਾਰ ਕਰਨੀ ਬਹੁਤ ਜਰੂਰੀ ਹੈ ਜਿਸ ਬਾਰੇ ਗੁਰੂ ਨਾਮ ਲੇਵਾ ਸੰਗਤਾਂ ਨੂੰ ਅਤੇ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਖਾਸ ਤੌਰ ਤੇ ਸੋਚਣਾ ਬਣਦਾ ਹੈ, ਸਿਰੋਪਾਉ ਭਾਵ ਸਿਰੋਪਾ ਬਾਰੇ। ਗੁਰੂ ਸਾਹਿਬ ਵੇਲੇ ਧਾਰਮਿਕ ਪੱਧਰ ਤੇ ਸੇਵਾ ਭਾਵ ਵਾਲੇ ਲੋਕਾਂ ਨੂੰ ਹੀ ਸਿਰੋਪਾਉ / ਸਿਰੋਪਾ ਦੀ ਬਖਸ਼ਿਸ਼ ਕੀਤੀ ਜਾਂਦੀ ਸੀ - ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਅਤੇ ਗੁਰੂ ਘਰ ਦੇ ਗ੍ਰੰਥੀ (ਗੁਰੂ ਘਰ ਦਾ ਵਜ਼ੀਰ) ਵਲੋਂ। ਅੱਜ ਜੋ ਹਾਲ ਸਿਰੋਪਾ ਦਾ ਹੋਇਆ ਪਿਆ ਹੈ ਜਾ ਹੋਈ ਜਾ ਰਿਹਾ ਹੈ ਕਿ ਜਿਸ ਦੇ ਘਰ ਚਾਰ ਵੋਟਾਂ ਹਨ ਉਸ ਨੂੰ ਉਸ ਦੇ ਘਰ ਜਾ ਕੇ ਦੇ ਦਿੱਤਾ ਜਾਂਦਾ ਹੈ ਜੋ ਸਰਾਸਰ ਗਲਤ ਹੈ। ਗੁਰੂ ਵਾਲੀ ਭਾਵਨਾ ਦੇ ਵੀ ਉਲਟ ਹੈ। ਇਹ ਕਾਰਜ ਬੰਦੇ-ਕੁਬੰਦੇ ਦੀ ਪਛਾਣ ਕੀਤੇ ਬਿਨਾਂ ਹੀ ਕੀਤਾ ਜਾ ਰਿਹਾ ਹੈ। ਇਸ ਬਾਰੇ ਡੂੰਘਾਈ ਨਾਲ ਸੋਚਣ ਦੀ ਲੋੜ ਹੈ।
       ਜਦੋਂ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਧਾਰਨ ਕਰਨ ਤੋਂ ਬਾਅਦ ਸਿੱਖ ਸੰਗਤਾਂ ਵੱਲ ਇਕ ਗਸ਼ਤੀ ਹੁਕਮਨਾਮਾ ਘੱਲਿਆ ਕਿ ਸਿੱਖ ਸੇਵਕ ਹੋਰ ਤੋਹਫਿਆਂ ਦੀ ਥਾਵੇਂ ਸ਼ਸਤਰ ਤੇ ਘੋੜੇ ਆਦਿ ਲੈ ਕੇ ਆਉਣ। ਨਾਲ ਹੀ ਹੋ ਰਹੇ ਜੁਲਮ ਦੇ ਖਿਲਾਫ ਹਥਿਆਰਬੰਦ ਹੋਣ ਦਾ ਸੱਦਾ ਦਿੱਤਾ। ਸਾਧਨਾ ਵਾਲੇ ਬਹੁਤ ਸਾਰੇ ਲੋਕ ਘੋੜੇ ਬਗੈਰਾ ਲੈ ਕੇ ਵੀ ਆਏ। ਦੁਆਬੇ ਤੇ ਮਾਲਵੇ ਦੇ ਸੂਰਬੀਰ ਯੋਧਿਆਂ ਨੇ ਆਪਣੀਆਂ ਸੇਵਾਵਾਂ ਪੇਸ਼ ਕਰਦਿਆਂ ਕਿਹਾ ਸੀ ਕਿ "ਸੱਚੇ ਪਾਤਸ਼ਾਹ, ਅਸੀਂ ਗਰੀਬ ਲੋਕ ਹਾਂ, ਸਾਡੇ ਕੋਲ ਤੁਹਾਨੂੰ ਭੇਟ ਕਰਨ ਲਈ ਕੁੱਝ ਵੀ ਨਹੀਂ, ਅਸੀਂ ਕੇਵਲ ਆਪਣੀਆਂ ਜਾਨਾਂ ਹੀ ਵਾਰ ਸਕਦੇ ਹਾਂ ਤੇ ਸਾਨੂੰ ਆਪਣੀ ਫੌਜ ਵਿੱਚ ਰੱਖ ਲਵੋ।'' ਗੁਰਬਿਲਾਸ
ਪਾਤਸ਼ਾਹੀ ਛੇਵੀਂ ਦੇ ਪੰਨਾ 153 ਤੇ ਮੈਕਾਲਿਫ ਇਸ ਬਾਰੇ ਲਿਖਦੇ ਹਨ :
'ਹਮ ਅਨਾਥ ਸਿਰ ਭੇਟ ਕੀਨੇ , ਦਯਾ ਕਰਯੋ ਕਹਿ ਦੀਨੇ'
ਗੁਰੂ ਸਾਹਿਬਾਂ ਦੇ ਦਰਸ਼ਣਾਂ ਨੂੰ ਆਉਣ ਵਾਲੀਆਂ ਸੰਗਤਾਂ ਵਿੱਚ ਜਲੰਧਰ ਦੇ ਲਾਗਲੇ ਪਿੰਡ ਜੰਡੂ ਸਿੰਘਾ ਦੇ ਭਾਈ ਬੁੱਧਾ ਜੀ ਅਤੇ ਭਾਈ
ਸੁੱਧਾ ਜੀ ਅਤੇ ਸਪਰੌੜ ਖੇੜੀ ਦੇ ਭਾਈ ਭਾਨੂੰ ਜੀ ਵੀ ਸ਼ਾਮਲ ਸਨ। ਇਹ ਭਾਈ ਭਾਨੂ ਜੀ, ਭਾਈ ਸੰਗਤ ਸਿੰਘ ਜੀ ਦੇ ਦਾਦਾ ਜੀ ਸਨ। ਭਾਈ ਭਾਨੂੰ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਲੜੀਆਂ ਚੌਹਾਂ ਜੰਗਾਂ ਵਿੱਚ ਹੀ ਆਪਣੀ ਬਹਾਦਰੀ ਦੇ ਜੌਹਰ ਵਿਖਾਏ ਸਨ। ਇਸ ਅਮੀਰ ਪਰਿਵਾਰਕ ਵਿਰਸੇ ਦੇ ਮਾਲਕ ਸਨ ਭਾਈ ਸੰਗਤ ਸਿੰਘ ਜੀ।
        ਜਦੋਂ ਭਾਈ ਮੱਖਣ ਸ਼ਾਹ ਲੁਬਾਣਾ ਨੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਨੂੰ ਬਾਬਾ ਬਕਾਲਾ ਵਿਖੇ ਲੱਭ ਲਿਆ ਤਾਂ ਸਭ ਤੋਂ ਪਹਿਲਾਂ ਭਾਈ ਰਣੀਆਂ ਜੀ ਗੁਰੂ ਦਰਸ਼ਣਾਂ ਵਾਸਤੇ ਬਾਬਾ ਬਕਾਲਾ ਵਿਖੇ ਪਹੁੰਚੇ। ਬਚਪਨ ਤੋਂ ਹੀ ਸੇਵਾ ਦੀ ਚੇਟਕ ਲੱਗਣ ਕਰਕੇ ਗੁਰੂ ਸੇਵਾ ਵਿੱਚ ਜੁਟ ਗਏ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਭਾਈ ਰਣੀਆਂ ਜੀ ਨੂੰ ਕੁੱਝ ਦਿਨਾਂ ਵਾਸਤੇ ਉਨ੍ਹਾਂ ਦੇ ਪਿੰਡ ਜਾਣ ਲਈ ਕਹਿ ਦਿੱਤਾ ਗਿਆ ਅਤੇ ਫੇਰ ਮਾਖੋਵਾਲ ਵਿਖੇ ਇਕ ਹੋਰ ਨਵਾਂ ਨਗਰ ਵਸਾਉਣ ਦਾ ਦੱਸਕੇ ਉੱਥੇ ਪਹੁੰਚਣ ਲਈ ਹਦਾਇਤ ਕੀਤੀ। ਗੁਰੂ ਪਿਆਰ 'ਚ ਰੰਗੇ ਇਹ ਭਾਈ ਰਣੀਆਂ ਜੀ ਹੀ ਭਾਈ ਸੰਗਤ ਸਿੰਘ ਦੇ ਪਿਤਾ ਜੀ ਸਨ।
       ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿਲੂਰ ਦੇ ਰਾਜੇ ਕੋਲੋਂ ਪਿੰਡ ਮਾਖੋਵਾਲ ਦੀ ਜ਼ਮੀਨ ਖਰੀਦ ਕੇ ਇੱਥੇ ਨਵਾਂ ਨਗਰ ਵਸਾਇਆ ਤਾਂ ਇਸ ਨਵੇਂ ਵਸਾਏ ਨਗਰ ਦਾ ਨਾਂ ਆਪਣੀ ਮਾਤਾ ਜੀ ਦੇ ਨਾਂ 'ਤੇ 'ਚੱਕ ਨਾਨਕੀ' ਰੱਖਿਆ ਜੋ ਬਾਅਦ ਵਿੱਚ ਆਨੰਦਪੁਰ ਸਾਹਿਬ ਬਣ ਗਿਆ। ਇਸ ਨਗਰ ਵਸਾਉਣ ਦੀ ਨੀਂਹ ਦਾ ਟੱਕ 19 ਜੂਨ 1665 ਨੂੰ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਲਾਇਆ ਸੀ। ਉਸ ਸਮੇਂ ਭਾਈ ਸੰਗਤ ਸਿੰਘ ਜੀ ਦੇ ਮਾਤਾ ਪਿਤਾ ਭਾਈ ਰਣੀਆਂ ਜੀ ਤੇ ਬੀਬੀ ਅਮਰੋ ਜੀ ਨੇ ਗੁਰੂ ਘਰ ਦੇ ਸੇਵਾਦਾਰ ਜਾਂ ਟਹਿਲੀਏ ਵਜੋਂ ਆਪਣਾ ਜੀਵਨ ਅਰਪਣ ਕੀਤਾ ਸੀ। ਇੱਥੋਂ ਹੀ ਸਿੱਖੀ ਦੇ ਪ੍ਰਚਾਰ ਲਈ ਗੁਰੂ ਤੇਗ ਬਹਾਦਰ ਚੱਲੇ ਸਨ। ਸੰਗਤਾਂ ਵਿੱਚ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਮਾ ਕ੍ਰਿਪਾਲ ਚੰਦ ਅਤੇ ਹੋਰ ਕਈਆਂ ਦੇ ਨਾਲ ਬੀਬੀ ਅਮਰੋ ਜੀ ਤੇ ਭਾਈ ਰਣੀਆਂ ਜੀ ਵੀ ਨਾਲ ਗਏ ਸਨ। ਪ੍ਰਚਾਰ ਵਜੋਂ ਮਾਲਵੇ ਦੇ ਬਾਂਗਰ ਇਲਾਕੇ ਤੇ ਮਥਰਾ, ਕੁਰਕਸ਼ੇਤਰ, ਅਗਰਾ, ਕਾਨਪੁਰ, ਇਲਾਹਾਬਾਦ ਆਦਿਕ ਅਨੇਕਾਂ ਥਾਵਾਂ 'ਤੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਬਿਹਾਰ ਦੇ ਪਟਨਾ ਵਿਖੇ ਪਹੁੰਚੇ ਸਨ। ਸੰਗਤਾਂ ਨੂੰ ਮੁੱਖ ਤੌਰ ਤੇ ਬੀਬੀ ਅਮਰੋ ਜੀ ਅਤੇ ਭਾਈ ਰਣੀਆਂ ਜੀ ਨੂੰ ਆਪਣੇ ਪਰਿਵਾਰ ਦੀ ਦੇਖ ਭਾਲ ਦੀ ਜੁੰਮੇਵਾਰੀ ਸੌਂਪ ਕੇ ਨੌਵੇਂ ਗੁਰੂ ਸਿੱਖੀ ਦੇ ਪ੍ਰਚਾਰ ਖਾਤਰ ਅਸਾਮ ਅਤੇ ਢਾਕੇ ਵੱਲ ਗਏ ਸਨ। ਪਟਨਾ ਵਿਖੇ 22 ਦਸੰਬਰ 1666 ਨੂੰ ਬਾਲ ਗੋਬਿੰਦ ਰਾਏ ਦਾ ਜਨਮ ਹੋਇਆ ਸੀ। ਇਸ ਤੋਂ ਚਾਰ ਮਹੀਨੇ ਬਾਅਦ ਬੀਬੀ ਅਮਰੋ ਜੀ ਦੀ ਕੁੱਖੋਂ ਭਾਈ ਰਣੀਆਂ ਜੀ ਦੇ ਘਰ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਂ ਸੰਗਤਾ ਰੱਖਿਆ ਗਿਆ। ਬਾਲ ਸੰਗਤਾ ਦੀ ਸ਼ਕਲ ਬਾਲ ਗੋਬਿੰਦ ਰਾਏ ਨਾਲ ਬਹੁਤ ਹੀ ਮਿਲਦੀ ਸੀ। ਇਸ ਬਾਰੇ ਵੀ ਕਾਫੀ ਦੰਦ ਕਥਾਵਾਂ ਹਨ ਕਿ ਇਕ ਵਾਰ ਜਦੋਂ ਬਾਲ ਉਮਰੇ ਬਾਲ ਗੋਬਿੰਦ ਰਾਏ ਤੇ ਭਾਈ ਸੰਗਤਾ ਜੀ ਰਾਣੀ ਮੈਣੀ ਦੇ ਘਰ ਗਏ ਤਾਂ ਭੁਲੇਖਾ ਪਾਉਣ ਵਾਸਤੇ ਬਾਲ ਗੋਬਿੰਦ ਰਾਏ ਨੇ ਭਾਈ ਸੰਗਤੇ ਨੂੰ ਅੱਗੇ ਕਰ ਦਿੱਤਾ, ਇਸ ਤਰਾ੍ਹਂ ਰਾਣੀ ਪੂਰੀ ਪਹਿਚਾਣ ਤਾਂ ਨਾ ਕਰ ਸਕੀ ਪਰ ਦੋਵਾਂ ਨੂੰ ਪਿਆਰ ਦਿੰਦਿਆਂ ਕਹਿਣ ਲੱਗੀ ਕਿ 'ਤੁਸੀਂ ਦੋਵੇਂ ਹੀ ਮੇਰੇ ਪਿਆਰੇ ਪੁੱਤਰ ਹੋ'। ਦੋਹਾਂ ਦੀ ਸ਼ਕਲ ਬਹੁਤੀ ਮਿਲਦੀ ਹੋਣ ਕਰਕੇ ਅਜਿਹਾ ਵਾਪਰਨਾ ਦੱਸਿਆ ਗਿਆ ਹੈ।
       ਦਸਵੇਂ ਗੁਰੂ ਸਾਹਿਬ ਤੇ ਭਾਈ ਸੰਗਤ ਸਿੰਘ ਦਾ ਬਚਪਨ ਇਕੱਠਾ ਹੀ ਬੀਤਿਆ। ਜਦੋਂ ਅਸੀਂ ਬਾਅਦ ਦੇ ਸਮੇਂ ਦੀਆਂ ਲੜਾਈਆਂ ਬਾਰੇ ਸੁਣਦੇ/ਪੜ੍ਹਦੇ ਹਾਂ ਤਾਂ ਇਹ ਵੀ ਦੇਖਦੇ ਹਾਂ ਕਿ ਇਹ ਕੁੱਝ ਤਾਂ ਬਹੁਤ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ। ਬਚਪਨ ਵਿੱਚ ਹੀ ਫਰਜ਼ੀ ਜੰਗ ਦੀ ਖੇਡ ਖੇਡਣ ਸਮੇਂ ਬਾਲ ਗੋਬਿੰਦ ਰਾਏ ਖੇਡਣ ਵਾਸਤੇ ਦੋ ਟੋਲੀਆਂ ਬਣਾਉਂਦੇ ਇਕ ਦੇ ਆਪ ਆਗੂ ਬਣਦੇ ਤੇ ਦੂਜੀ ਟੋਲੀ ਦੀ ਅਗਵਾਈ ਭਾਈ ਸੰਗਤਾ ਜੀ ਕਰਦੇ। ਇਸ ਤਰ੍ਹਾਂ ਇਹ ਅਭਿਆਸ ਬਚਪਨ ਤੋਂ ਹੀ ਸ਼ੁਰੂ ਹੋ ਗਿਆ ਸੀ। ਇਸ ਸਮੇਂ ਹੀ ਆਪਸੀ ਸਾਂਝ ਬਣੀ ਜੋ ਸਾਰੀ ਉਮਰ ਰਹੀ। ਭਾਈ ਸੰਗਤ ਸਿੰਘ ਜੀ ਗੁਰੂ ਦੇ ਵਿਸ਼ਵਾਸ ਪਾਤਰ ਰਹੇ। ਇਹ ਵੀ ਪੜ੍ਹਨ ਵਿੱਚ ਆਉਂਦਾ ਹੈ ਕਿ ਭਾਈ ਸੰਗਤ ਸਿੰਘ ਹੋਰਾਂ ਨੇ ਗੁਰੂ ਸਾਹਿਬ ਨਾਲ ਸ਼ਸਤਰ ਵਿੱਦਿਆ, ਤਲਵਾਰਬਾਜ਼ੀ, ਨੇਜਾਬਾਜ਼ੀ, ਘੋੜਸਵਾਰੀ ਆਦਿ ਵਿਚ ਵੀ ਨਿਪੁੰਨਤਾ ਪ੍ਰਾਪਤ ਕੀਤੀ।
        ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਿ ਗੁਰੂ ਸਾਹਿਬ ਕੋਲ ਆਮ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਵੀ ਆਉਂਦੇ ਸਨ। ਇਕ ਦਿਨ ਦਰਬਾਰ ਵਿੱਚ ਰੋਂਦਾ ਹੋਇਆ ਇਕ ਬ੍ਰਾਹਮਣ ਆਇਆ ਤੇ ਫਰਿਆਦ ਕੀਤੀ ਕਿ ਉਸ ਦੀ ਘਰ ਵਾਲੀ ਨੂੰ ਇਕ ਪਠਾਣ ਉਸਤੋਂ ਖੋਹ ਕੇ ਰੋਪੜ ਵਾਲੇ ਪਾਸੇ ਲੈ ਗਿਆ ਹੈ ਉਸ ਦੀ ਮੱਦਦ ਕੀਤੀ ਜਾਵੇ। ਉਹ ਗੁਰੂ ਦੇ ਦਰਬਾਰ ਵਿੱਚ ਇਹ ਹੀ ਆਸ ਲੈ ਕੇ ਆਇਆ ਹੈ। ਗੁਰੂ ਸਾਹਿਬ ਨੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਸੰਗਤ ਸਿੰਘ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ। ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਸੰਗਤ ਸਿੰਘ ਜੀ ਘੋੜਿਆਂ ਤੇ ਅਸਵਾਰ ਹੋ ਕੇ ਪਠਾਣ ਦੀ ਪੈੜ ਨੱਪਦੇ ਹੋਏ ਉਸਦੇ ਮਗਰ ਹੋ ਤੁਰੇ, ਪਠਾਣ ਅਜੇ ਆਪਣੇ ਘਰ ਪਹੁੰਚਿਆ ਹੀ ਸੀ ਤੇ ਧੱਕੇ ਨਾਲ ਖੋਹ ਕੇ ਲਿਆਂਦੀ ਬ੍ਰਾਹਮਣੀ ਬੈਠੀ ਰੋ ਰਹੀ ਸੀ ਉਦੋਂ ਤੱਕ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਸੰਗਤ ਸਿੰਘ ਜੀ ਉੱਥੇ ਪਹੁੰਚ ਗਏ। ਪਹਿਲਾਂ ਤਾਂ ਪਠਾਣ ਦੀ ਚੰਗੀ ਸੁਧਾਈ ਕੀਤੀ ਗਈ ਜਦੋਂ ਭਾਈ ਸੰਗਤ ਸਿੰਘ ਉਸ ਪਾਪੀ 'ਤੇ ਤਲਵਾਰ ਦਾ ਵਾਰ ਕਰਨ ਲੱਗੇ ਤਾਂ ਪਠਾਣ ਦੇ ਘਰ ਵਾਲੀ ਦਾ ਤਰਲਾ ਮੰਨ ਕੇ ਉਸ ਨੂੰ ਮਾਫ ਕਰ ਦਿੱਤਾ ਗਿਆ। ਉਸ ਬੀਬੀ ਨੂੰ ਨਾਲ ਲਿਆ ਕੇ ਬ੍ਰਾਹਮਣ ਦੇ ਹਵਾਲੇ ਕਰ ਦਿੱਤਾ ਗਿਆ।
         ਇਸੇ ਤਰ੍ਹਾਂ ਜਦੋਂ ਆਨੰਦਪੁਰ ਦੇ ਕਿਲਾ ਅਨੰਦਗੜ੍ਹ ਨੂੰ ਮੁਗਲ ਫੌਜਾਂ ਨੇ ਘੇਰਾ ਪਾਇਆ ਹੋਇਆ ਸੀ ਤੇ ਘੇਰਾ ਇੰਨਾ ਤੰਗ ਕਰ ਦਿੱਤਾ ਗਿਆ ਕਿ ਬਾਹਰੋਂ ਰਸਦ ਪਾਣੀ ਅੰਦਰ ਆਉਣਾ ਵੀ ਬਹੁਤ ਔਖਾ ਕਰ ਦਿੱਤਾ ਗਿਆ। ਮੁਗਲ ਕਈ ਵਾਰ ਰਾਤ ਵੇਲੇ ਹਮਲਾ ਕਰਕੇ ਰਸਦ ਲੁੱਟ ਵੀ ਲੈਂਦੇ। ਹਾਲਤ ਇਥੋਂ ਤੱਕ ਮਾੜੇ ਹੋ ਗਏ ਸਨ ਕਿ ਕਈ ਵਾਰ ਪਾਣੀ ਲੈਣ ਗਏ ਚਾਰ ਵਿੱਚੋਂ ਦੋ ਹੀ ਵਾਪਸ ਮੁੜਦੇ ਸਨ। ਉਸ ਵੇਲੇ ਕਿਲੇ ਦੀ ਰਾਖੀ ਵਾਸਤੇ ਉਡਣ ਦਸਤੇ ਬਣਾਏ ਗਏ। ਇਕ ਦਸਤੇ ਦੀ ਅਗਵਾਈ ਭਾਈ ਸੰਗਤ ਸਿੰਘ ਨੂੰ ਸੌਂਪੀ ਗਈ। ਇਸ ਤਰ੍ਹਾਂ ਦੀ ਜੁੰਮੇਵਾਰੀ ਪਰਖੇ ਹੋਏ ਵਿਅਕਤੀਆਂ ਨੂੰ ਹੀ ਸੌਂਪੀ ਜਾਂਦੀ ਸੀ।
        1699 ਦੀ ਵਿਸਾਖੀ ਨੂੰ ਜਦੋਂ ਦਸਵੇਂ ਗੁਰੂ ਸ੍ਰੀ ਗੁਰੂ ਗੋਬੰਦ ਸਿੰਘ ਜੀ ਨੇ ਖਾਲਸੇ ਦੀ ਸਾਜਣਾ ਕੀਤੀ ਤਾਂ ਇਸ ਦਿਨ ਹੀ ਦਸਵੇਂ ਗੁਰੂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਅਤੇ ਸੰਗਤਾ ਵੀ ਅਮ੍ਰਿਤਪਾਨ ਕਰਕੇ ਭਾਈ ਸੰਗਤ ਸਿੰਘ ਬਣੇ। ਭਾਈ ਸੰਗਤ ਸਿੰਘ ਦੇ ਨਾਲ ਹੋਰ ਅਮ੍ਰਿਤ ਛਕਣ ਵਾਲੇ ਉਨ੍ਹਾਂ ਦੇ ਮਾਤਾ ਪਿਤਾ ਅਤੇ ਚਾਚਾ ਭਾਈ ਜੋਧਾ ਜੀ, ਸਾਥੀ ਭਾਈ ਮਦਨ ਸਿੰਘ, ਭਾਈ ਕਾਠਾ ਤੇ ਭਾਈ ਰਾਮ ਸਿੰਘ ਸਨ। ਇਸ ਤੋਂ ਬਾਅਦ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਸੰਗਤ ਸਿੰਘ ਜੀ ਮਾਲਵੇ ਖੇਤਰ ਦੇ ਪਿੰਡਾਂ ਵਿੱਚ ਸਿੱਖੀ ਦੇ ਪ੍ਰਚਾਰ ਹਿੱਤ ਗਏ ਤੇ ਲੋਕਾਂ ਨੂੰ ਸਿੱਖੀ ਨਾਲ ਜੋੜਿਆ।
      20 ਦਸੰਬਰ 1704 ਨੂੰ ਰਾਤ ਦੇ ਪਹਿਲੇ ਪਹਿਰ ਸਿੱਖਾਂ ਨੇ ਮਾਤਾ ਗੁਜਰੀ ਜੀ ਰਾਹੀਂ ਜੋਰ ਪਵਾ ਕੇ ਦਸ਼ਮੇਸ਼ ਪਿਤਾ ਨੂੰ ਆਨੰਦਪੁਰ ਛੱਡਣ ਵਾਸਤੇ ਰਾਜ਼ੀ ਕਰ ਲਿਆ। ਅੱਗੋਂ ਸਰਸਾ ਦੀ ਨਦੀ ਠਾਠਾਂ ਮਾਰ ਰਹੀ ਹੈ। ਵੈਰੀ ਕੁਰਾਨ ਦੀਆਂ ਕਸਮਾਂ ਤੋੜ ਕੇ ਹਮਲਾਵਰ ਹੋ ਕੇ ਆ ਪਏ। ਇੱਥੇ ਭਿਆਨਕ ਜੰਗ ਹੋਈ ਬਹੁਤ ਸਾਰੇ ਸਿੰਘ ਸ਼ਹੀਦੀਆਂ ਪਾ ਗਏ। ਪਰਿਵਾਰ ਦੇ ਵਿਛੋੜੇ ਪੈ ਗਏ। ਗੁਰੂ ਸਾਹਿਬ ਨੇ ਚਾਲੀ ਸਿੰਘਾਂ ਨਾਲ ਚਮਕੌਰ ਸਾਹਿਬ ਜਾਣ ਦਾ ਫੈਸਲਾ ਕਰ ਲਿਆ। 21 ਦਸੰਦਰ ਦੀ ਰਾਤ ਨੂੰ ਜਦੋਂ ਗੁਰੂ ਸਾਹਿਬ ਚਮਕੌਰ ਪਹੁੰਚੇ ਤਾਂ ਮੁਗਲਾਂ ਨੂੰ ਖਬਰ ਹੋ ਗਈ ਸੀ। ਇਸ ਕਰਕੇ ਛੇਤੀ ਹੀ ਨਾਹਰ ਖਾਂ ਤੇ ਖੁਆਜਾ ਜਫ਼ਰ ਬੇਗ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਮੁਗਲ ਫੌਜ ਪਹੁੰਚ ਗਈ। ਚਾਪਰੇ ਹੋਏ ਨਾਹਰ ਖਾਂ ਨੇ ਮੁੜ ਮੁੜ ਹਮਲੇ ਕੀਤੇ। ਪਰ ਆਖਰ ਗੁਰੂ ਸਾਹਿਬ ਦੇ ਇਕ ਤੀਰ ਨਾਲ ਉਹ ਮਾਰਿਆ ਗਿਆ ਤੇ ਜਫਰ ਬੇਗ ਲੁਕ-ਲੁਕਾ ਕੇ ਆਪਣੀ ਜਾਨ ਬਚਾ ਗਿਆ। ਇਸ ਭਾਰੀ ਫੌਜ ਤੇ ਦੂਜੇ ਪਾਸੇ 40 ਸਿੰਘਾਂ ਦੇ ਹਵਾਲੇ ਨਾਲ ਜਫ਼ਰਨਾਮਾ ਦੇ ਬੰਦ 41 ਵਿੱਚ ਲਿਖਿਆ ਮਿਲਦਾ ਹੈ :

ਹਮ ਆਖਿਰ ਚਿ ਮਰਦੀਕੁਨਦ ਕਾਰਜ਼ਾਰ
ਕਿ ਬਰ ਚਿਹਲ ਤਨ ਆਯਦਸ਼ ਬੇਸ਼ੁਮਾਰ

ਆਖਰ ਜੰਗ ਵਿੱਚ ਮਰਦਾਨਗੀ ਵੀ ਕੀ ਕਰ ਸਕਦੀ ਹੈ ਜੇ ਚਾਲੀ ਆਦਮੀਆਂ ਉੱਤੇ ਬੇਸ਼ੁਮਾਰ ਫੌਜ ਟੁੱਟ ਪਈ ਹੋਵੇ।
ਇਥੇ ਹੋਈ ਜੰਗ ਵਿੱਚ ਪਹਿਲਾਂ ਵੱਡੇ ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਹੋਈਆਂ । ਇਸ ਬਾਰੇ ਮਿਰਜ਼ਾ ਅਬਦੁੱਲ ਗਨੀ ਖਾਨ ਗੁਰੂ ਸਾਹਿਬ ਵਲੋਂ ਲਿਖਦਾ ਹੈ ਕਿ :

ਬੇਟੋਂ ਕੇ ਕਤਲ ਹੋਨੇ ਕੀ ਪਹੁੰਚੀ ਯੂੰਹੀ ਖਬਰ
ਸ਼ੁਕਰੇ   ਅੱਲਾ   ਕੀਆ   ਉਠਾ   ਕੇ   ਸਰ
ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ
ਬੇਟੋਂ ਕੀ ਜਾਂ,  ਧਰਮ ਕੀ ਖਾਤਿਰ ਅਦਾ ਹੂਈ

ਇਸੇ ਤਰ੍ਹਾਂ ਜੇ ਅੱਲਾ ਯਾਰ ਖਾਂ ਜੋਗੀ ਦਾ ਲਿਖਿਆ ਪੜ੍ਹੀਏ ਤਾਂ ਉਹ ਲਿਖਦਾ ਹੈ :

ਜਿਸ ਖਿੱਤੇ ਮੇਂ ਹਮ ਕਹਿਤੇ ਥੇ ਅੱਲਾ ਯਹ ਵੋਹੀ ਹੈ
ਕੁੱਲ ਲੁਟਾ ਕੇ ਜਿਸ  ਜਗਾ ਸੇ ਜਾਨਾ ਯਹ ਵੋਹੀ ਹੈ
ਜਿਸ ਜਗਾ  ਪੇ ਹੈ ਬੱਚੋਂ ਕੋ  ਕਟਾਨਾ ਯਹ ਵੋਹੀ ਹੈ
ਮੱਟੀ ਕਹਿ  ਦੇਤੀ  ਹੈ ਕਿ ਠਿਕਾਨਾ ਯਹ  ਵੋਹੀ ਹੈ।

       ਇਸ ਸਥਿਤੀ ਵਿੱਚ ਸ਼ਹੀਦ ਪਿਉ ਦਾ ਪੁੱਤਰ ਤੇ ਸ਼ਹੀਦ ਪੁੱਤਰਾਂ ਦਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਆਪ ਨੂੰ ਕੱਲ੍ਹ ਜੰਗ ਵਿੱਚ ਸ਼ਹੀਦ ਹੋਣ ਵਾਸਤੇ ਤਿਆਰ ਕਰ ਰਹੇ ਹਨ। ਇਸੇ ਨੂੰ ਦੇਖਕੇ ਉੱਥੇ ਬਚਦੇ ਸਿੰਘਾਂ ਨੇ ਸੋਚਿਆ ਕਿ ਇਸ ਸਮੇਂ ਪੰਥ ਨੂੰ ਗੁਰੂ ਸਾਹਿਬ ਦੀ ਲੋੜ ਹੈ। 1699 ਦੀ ਵਿਸਾਖੀ ਸਮੇਂ ਖਾਲਸਾ ਪੰਥ ਦੀ ਸਾਜਣਾ ਵੇਲੇ ਖਾਲਸੇ ਨੂੰ ਬਖਸ਼ੀ ਵਡਿਆਈ ਅਧੀਨ ਆਪੇ ਗੁਰ ਚੇਲਾ ਬਣਨ ਵਾਲੇ ਗੁਰੂ ਸਾਹਿਬ ਨੂੰ ਕਿਹਾ ਗਿਆ ਕਿ ਉਹ ਚਮਕੌਰ ਦੀ ਗੜ੍ਹੀ ਛੱਡ ਜਾਣ। ਇਹ ਬਹੁਤ ਜੋਖ਼ਮ ਭਰਿਆ ਕੰਮ ਸੀ, ਗੁਰੂ ਸਾਹਿਬ ਨੇ ਖਾਲਸੇ ਦੇ ਹੁਕਮ ਅੱਗੇ ਸੀਸ ਨਿਵਾਇਆ ਤੇ ਹੁਕਮ ਮੰਨਿਆਂ। ਫੇਰ ਗੁਰੂ ਸਾਹਿਬ ਨੇ ਆਪਣੇ ਬਚਪਨ ਦੇ ਬੇਲੀ, ਜੋ ਉਨ੍ਹਾਂ ਦੇ ਹਮਸ਼ਕਲ  ਤੇ ਹਮ ਉਮਰ ਵੀ ਸਨ ਜੋ ਹਰ ਵਕਤ ਨਿਮਾਣੇ ਸਿੱਖ ਵਜੋਂ ਵਿਚਰਦੇ ਸਨ ਤੇ ਗੁਰੂ ਸਾਹਿਬ ਦੀਆਂ ਨਜ਼ਰਾਂ ਵਿੱਚ ਜੰਗਜੂ ਸਿਪਾਹੀ ਵੀ ਸਨ। ਜੋ ਗੁਰੂ ਸਾਹਿਬ ਵਲੋਂ ਹਰ ਇਮਤਿਹਾਨ ਵਿੱਚ ਪੂਰੇ ਉਤਰਦੇ ਰਹੇ ਸਨ ਨੂੰ ਆਪਣੇ ਪਿਆਰੇ ਸਿੱਖ ਦਾ ਮਾਣ ਦਿੰਦੇ ਹੋਏ ਆਪਣੀ ਛਾਤੀ ਨਾਲ ਲਾਇਆ ਤੇ ਆਪਣੀ ਹੀਰਿਆਂ ਜੜੀ ਕਲਗੀ (ਜਿਸ ਨੂੰ ਜਿਗਾ ਕਲਗੀ ਵੀ ਲਿਖਿਆ ਤੇ ਕਿਹਾ ਜਾਂਦਾ ਹੈ) ਭਾਈ ਸੰਗਤ ਸਿੰਘ ਦੇ ਸਿਰ ਤੇ ਸਜਾਈ ਅਤੇ ਆਪਣੇ ਸ਼ਸਤਰ- ਬਸਤਰ ਉਨ੍ਹਾਂ ਨੂੰ ਬਖਸ਼ਿਸ਼ ਕੀਤੇ ਅਤੇ ਤਕੜੇ ਰਹਿਣ ਦੀ ਥਾਪਣਾ ਦਿੰਦੇ ਹੋਏ ਕਿਹਾ ਕਿ ਭਾਈ ਸੰਗਤ ਸਿੰਘ ਤੁਸੀਂ ਮੇਰੇ ਮਗਰੋਂ ਮੇਰੀ ਪੌਸ਼ਾਕ ਵਿੱਚ, ਕਲਗੀ ਸਣੇ ਮੇਰੇ ਮੋਰਚੇ ਵਾਲੇ ਆਸਣ ਤੇ ਬੈਠਣਾ ਹੈ ਅਤੇ ਦਿਨ ਚੜ੍ਹਨ 'ਤੇ ਜਦੋਂ ਮੁਗਲ ਫੌਜੀ ਗੜ੍ਹੀ ਉੱਤੇ ਹਮਲਾ ਕਰਨ ਤਾਂ ਵੈਰੀ ਦਾ ਡਟ ਕੇ ਮੁਕਾਬਲਾ ਕਰਨਾ ਹੈ। ਜੀਊਂਦੇ ਜੀਅ ਵੈਰੀ ਦੇ ਹੱਥ ਨਹੀਂ ਲੱਗਣਾਂ ਤੇ ਮੈਦਾਨ-ਏ-ਜੰਗ ਵਿੱਚ ਵੈਰੀ ਨਾਲ ਜੂਝਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰਨੀ ਹੈ।
       ਇਸ ਸਮੇਂ ਭਾਈ ਸੰਗਤ ਸਿੰਘ ਜੀ ਵਲੋਂ ਗੁਰੂ ਸਾਹਿਬ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਝਾਕਣਾ ਅਤੇ ਬਿਨ ਬੋਲੇ ਜਾਨ ਵਾਰਨ ਦਾ ਵਾਅਦਾ ਕਰਨਾ - ਕੀ ਮੰਜ਼ਰ ਹੋਵੇਗਾ ਉਸ ਵੇਲੇ, ਉਨ੍ਹਾਂ ਚਮਤਕਾਰੀ ਪਲਾਂ ਨੂੰ ਸਿਰਫ ਕਿਆਸਿਆ ਹੀ ਜਾ ਸਕਦਾ ਹੈ, ਫੜਨਾ ਔਖਾ ਹੈ॥ ਸਾਡੇ ਰਾਗੀ-ਢਾਢ੍ਹੀ ਤੇ ਸਿੱਖ ਪ੍ਰਚਾਰਕ ਜਦੋਂ ਸੰਗਤਾਂ ਨਾਲ ਅਜਿਹੇ ਸਮੇਂ ਨੂੰ ਬਿਆਨ ਕਰਦੇ ਹਨ ਤਾਂ ਲਗਦਾ ਹੀ ਨਹੀਂ ਕਿ ਉਹ ਆਪਣੇ ਵਿਖਿਆਨ ਵਿਚ ਉਨ੍ਹਾਂ ਪਲਾਂ ਨੂੰ ਫੜਨ ਦੇ ਯੋਗ ਹਨ ਜੋ ਸੁਣ ਰਹੀਆਂ ਸੰਗਤਾਂ ਦੇ ਮਨਾਂ ਵਿਚ ਵਿਯੋਗ, ਬੈਰਾਗ ਤੇ ਰੋਹ ਦਾ ਜਾਗ ਲਾ ਸਕਣ ਦੇ ਯੋਗ ਹੋਣ। ਐਹੋ ਜਹੇ ਨਿਰਣਾਇਕ ਪਲ ਇਤਿਹਾਸ ਦੇ ਸਾਰਥੀ ਹੁੰਦੇ ਹਨ। ਹਨੇਰਿਆਂ ਵਿਚ ਚਾਨਣ ਦਾ ਬੀਜ ਬੀਜਣ ਵਾਲੀ, ਸੂਰਬੀਰਤਾ ਭਰੀ ਜੋਸ਼ੀਲੀ ਤੇ ਅਣਥੱਕ ਨਵੀਂ ਲੀਹ ਬਣ ਜਾਂਦੇ ਹਨ  ਅਜਿਹੇ ਪਲ ਜੋ ਇਸ ਵਿਰਸੇ ਦੇ ਵਾਰਸਾਂ ਨੂੰ ਥਕਾਨ ਰਹਿਤ ਸੋਚ ਦੀ ਰੌਸ਼ਨਾਈ ਬਖਸ਼ਦੇ ਹਨ। ਇਸ ਸਬੰਧੀ ਗੁਰਬਿਲਾਸ ਪਾਤਸ਼ਾਹੀ ਦਸਵੀ ਵਿੱਚ ਭਾਈ ਕੋਇਰ ਸਿੰਘ ਲਿਖਦੇ ਹਨ :

ਜੋਤਿ ਦਈ  ਤਿਹ ਕੋ ਅਪਨੀ ਪੁਨਿ  ਕਲਗੀ ਅੋ ਜਿਗਾ ਸੁਖਦਾਨੀ
ਸੰਗਤ ਸਿੰਘ ਹੈ ਨਾਮ ਜਿਸੈ ਕਛੁ ਤਾ ਬਪੁ ਹੈ ਕਰਿ ਸ੍ਰੀ ਗੁਰਸਾਨੀ

ਜੰਗ ਸਬੰਧੀ ਗੁਰੂ ਸਾਹਿਬ ਦੇ ਵਿਚਾਰ ਜ਼ਫ਼ਰਨਾਮੇ ਦੇ ਬੰਦ 22 ਵਿੱਚ ਇਸ ਤਰ੍ਹਾਂ ਦਰਜ ਹਨ :

ਚੂੰ ਕਰ ਅਜ਼ ਹਮਹ ਹੀਲਤੇ  ਦਰ ਗੁਜਸ਼ਤ
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ

''ਜਦੋਂ ਕਿਸੇ ਕੰਮ ਲਈ ਸਾਰੇ ਉਪਾਅ ਖਤਮ ਹੋ ਜਾਣ  ਤਦ ਤਲਵਾਰ ਨੂੰ ਹੱਥ ਵਿੱਚ ਧਾਰਨ ਕਰਨਾ ਜਾਇਜ਼ ਹੈ''।

      ਕਈ ਵਾਰ ਇਤਿਹਾਸ ਨੂੰ ਠੀਕ ਢੰਗ ਨਾਲ ਨਾ ਲਿਖਣ ਵਾਲੇ ਕੁੱਝ ਗੱਲਾਂ ਗਲਤ ਲਿਖ ਜਾਂਦੇ ਹਨ ਜਿਨ੍ਹਾਂ ਦੀ ਸੁਧਾਈ ਕਰਦਿਆਂ ਵਕਤ ਲੱਗ ਜਾਂਦਾ ਹੈ। ਇਸੇ ਤਰ੍ਹਾਂ ਦੀ ਇਕ ਉਕਾਈ ਕਈ ਵਾਰ ਕੀਤੀ ਜਾਂਦੀ ਹੈ ਉਹ ਹੈ ਕਿ ਜਦੋਂ ਗੁਰੂ ਸਾਹਿਬ ਚਮਕੌਰ ਦੀ ਗੜ੍ਹੀ ਨੂੰ ਛੱਡਦੇ ਹਨ ਤਾਂ ਉਹ ਕਲਗੀ ਕਿਸ ਨੂੰ ਪਹਿਨਾਉਂਦੇ ਹਨ। ਇਸ ਬਾਰੇ ਸਾਫ ਕਹਿਣਾ ਬਣਦਾ ਹੈ ਕਿ ਉਹ ਸੂਰਮਾ, ਯੋਧਾ ਤੇ ਗੁਰੂ ਘਰ ਦਾ ਅਨਿਨ ਵਿਸ਼ਵਾਸਪਾਤਰ ਭਾਈ ਸੰਗਤ ਸਿੰਘ ਹੀ ਸਨ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਇਸ ਯੋਗ ਸਮਝਿਆ। ਇਹ ਸੂਰਮਾਂ ਭਾਈ ਸੰਗਤ ਸਿੰਘ ਹੀ ਸੀ ਜਿਨ੍ਹਾਂ ਗੁਰੂ ਦੇ ਥਾਂ ਸੱਚ ਦੀ ਜਿੱਤ ਵਾਸਤੇ ਆਪ ਆਪਣਾ ਸੀਸ ਵਾਰਿਆ। ਇੱਥੇ ਇਕ ਗੱਲ ਕਹਿਣੀ ਹੋਰ ਬਣਦੀ ਹੈ ਕਿ 1699 ਦੀ ਵਿਸਾਖੀ ਨੂੰ ਆਨੰਦਪੁਰ ਸਾਹਿਬ ਵਿਖੇ ਖਾਲਸਾ ਦੀ ਸਾਜਣਾ ਸਮੇਂ ਗੁਰੂ ਸਾਹਿਬ ਨੇ ਵਾਰੋ ਵਾਰੀ ਪੰਜ ਸਿਰ ਮੰਗੇ ਸਨ ਉਸ ਵੇਲੇ ਕਿਸੇ ਨੂੰ ਨਹੀਂ ਸੀ ਪਤਾ ਕਿ ਅੱਗੇ ਕੀ ਵਾਪਰਨ ਵਾਲਾ ਹੈ, ਪਰ ਜਦੋਂ ਗੁਰੂ ਸਾਹਿਬ ਨੂੰ ਖਾਲਸੇ ਨੇ ਪੰਥ ਦੀ ਅਗਵਾਈ ਕਰਦੇ ਰਹਿਣ ਵਾਸਤੇ ਚਮਕੌਰ ਦੀ ਕੱਚੀ ਗੜ੍ਹੀ ਵਿੱਚੋਂ ਚਲੇ ਜਾਣ ਵਾਸਤੇ ਕਿਹਾ ਤਾਂ ਇਹ ਪੱਕਾ ਸੀ ਕਿ ਗੁਰੂ ਸਾਹਿਬ ਦੇ ਇਥੋਂ ਚਲੇ ਜਾਣ ਤੋਂ ਬਾਅਦ ਜੋ ਵੀ ਇੱਥੇ ਰਹਿਣਗੇ ਉਨ੍ਹਾਂ ਦੀ ਸ਼ਹਾਦਤ ਲਾਜ਼ਮੀ ਹੈ। ਕਈ ਵਾਰ ਪਹਿਲਾਂ ਲਿਖਿਆ ਵੀ ਇਤਿਹਾਸ ਬਣ ਜਾਂਦਾ ਹੈ। ਮਿਸਾਲ ਵਜੋਂ - ਗੁਰੂ ਸਾਹਿਬ, ਭਾਈ ਸੰਗਤ ਸਿੰਘ ਨੂੰ ਜਿਗਾ ਕਲਗੀ ਤੇ ਆਪਣੇ ਵਸਤਰ ਪਹਿਨਾਉਂਦਿਆ ਆਪਣਾ ਕਿਹਾ ਹੀ ਸੱਚ ਕਰ ਰਹੇ ਸਨ ਕਿ :

ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੇਂ ਹੀ ਕਰੋਂ ਨਿਵਾਸ

      ਜਦੋਂ ਗੁਰੂ ਸਾਹਿਬ ਦੋ ਸਿੰਘਾਂ ਸਮੇਤ ਰਾਤ ਦੇ ਹਨੇਰੇ ਵਿੱਚ ਚਮਕੌਰ ਦੀ ਗੜ੍ਹੀ ਨੂੰ ਛੱਡਕੇ ਗਏ ਤਾਂ ਕਿਹਾ ਜਾਂਦਾ ਹੈ ਕਿ ਭਾਈ ਕੀਤਾ ਸਿੰਘ ਤੇ ਭਾਈ ਸੰਗਤ ਸਿੰਘ ਨੇ ਨਗਾਰਾ ਵੀ ਬਜਾਇਆ। ਮੁਗਲਾਂ ਦੀ ਫੌਜ ਵਿੱਚ ਇਸ ਗੱਲ ਦੀ ਚਰਚਾ ਹੋਣ ਲੱਗੀ ਕਿ ਕੋਈ ਗੜ੍ਹੀ ਵਿਚੋਂ ਗਿਆ ਹੈ ਇਸ ਕਰਕੇ ਰਾਤ ਦੇ ਹਨੇਰੇ ਵਿੱਚ ਉਨ੍ਹਾਂ ਪੈੜ ਨੱਪਣ ਦਾ ਜਤਨ ਕੀਤਾ ਪਰ ਸਫਲ ਨਾ ਹੋ ਸਕੇ। ਵਜ਼ੀਰ ਖਾਨ ਨੇ ਇਹ ਸੁਣਕੇ ਆਪਣੇ ਸੈਨਿਕਾਂ ਨੂੰ ਘੂਰਨਾ ਸ਼ੁਰੂ ਕਰ ਦਿੱਤਾ। ਪਰ ਜਦੋਂ ਸਵੇਰ ਦੇ ਸੂਰਜ ਦੀਆਂ ਕਿਰਨਾਂ ਨਿਕਲੀਆਂ ਤਾਂ ਮੁਗਲਾਂ ਨੇ ਉੱਚੀ ਮਮਟੀ (ਗੁੰਬਦ) ਉੱਤੇ ਬੈਠੇ ਗੁਰੂ ਸਾਹਿਬ ਨੂੰ ਦੇਖਿਆ। ਜਦੋਂ ਵਜ਼ੀਰ ਖਾਨ ਨੂੰ ਦੱਸਿਆ ਗਿਆ ਤਾਂ ਉਸ ਨੇ ਆਪ ਦੇਖਿਆ ਕਿ ਕਲਗੀ ਵੀ ਉਹੀ ਤੇ ਪੌਸ਼ਾਕ ਵੀ ਉਹੀ। ਦਰਅਸਲ ਗੁਰੂ ਸਾਹਿਬ ਵਲੋਂ ਬਖਸ਼ੇ ਬਸਤਰ ਅਤੇ ਕਲਗੀ ਸਜਾਈ ਬੈਠਾਂ ਇਹ ਨਿਰਭੈ ਯੋਧਾ ਭਾਈ ਸੰਗਤ ਸਿੰਘ ਸੀ। ਇਹ ਭਾਈ ਸੰਗਤ ਸਿੰਘ ਜੀ ਦੀ ਸ਼ਹਾਦਤ ਤੋਂ ਕੱਝ ਘੜੀਆਂ ਪਹਿਲਾਂ ਦਾ ਚਮਕਾਰਾ ਸੀ।
    ਇਸ ਬਾਰੇ ਇਤਿਹਾਸ ਲਿਖਣ ਵਾਲੇ ਜਾਤ ਅਭਿਮਾਨੀਆਂ ਨੇ ਕਈ ਥਾਵੀਂ ਗਲਤ ਬਿਆਨੀ ਵੀ ਕੀਤੀ ਤੇ ਜਿਗਾ ਕਲਗੀ ਸਬੰਧੀ ਭੁਲੇਖੇ ਪਾਉਣ ਦਾ ਜਤਨ ਕੀਤਾ ਉਸ ਗਲਤ ਬਿਆਨੀ ਬਾਰੇ ਹੇਠ ਲਿਖਿਆ ਜਰੂਰ ਪੜ੍ਹ ਲੈਣਾ ਚਾਹੀਦਾ ਹੈ।
       ਇਸ ਸਬੰਧੀ ਹੋਰ ਕਾਫੀ ਸਾਰੇ ਸਬੂਤ ਹਨ ਕਿ ਗੁਰੂ ਸਾਹਿਬ ਵਲੋਂ ਕਲਗੀ ਤੇ ਸ਼ਸਤਰ-ਬਸਤਰ ਸਭ ਹੀ ਕਿਸੇ ਹੋਰ ਨੂੰ ਨਹੀਂ ਸਗੋਂ ਭਾਈ ਸੰਗਤ ਸਿੰਘ ਨੂੰ ਦਿੱਤੇ ਅਤੇ ਪਹਿਨਾਏ ਗਏ :

0  ਭਾਈ ਕਾਹਨ ਸਿੰਘ ਨਾਭਾ ਭਾਈ ਸੁੱਖਾ ਸਿੰਘ ਦੇ ਹਵਾਲੇ ਨਾਲ ਮਹਾਨ ਕੋਸ਼ ਵਿੱਚ ਲਿਖਦੇ ਹਨ  ਕਿ 'ਚਮਕੌਰ ਦੇ ਮਕਾਮ 'ਤੇ    
    ਦਸ਼ਮੇਸ਼ ਜੀ ਨੇ ਖਾਲਸੇ ਨੂੰ ਗੁਰਤਾ ਦੇਣ ਵੇਲੇ ਭਾਈ ਸੰਗਤ ਸਿੰਘ ਬੰਗਸੀ ਨੂੰ ਜਿਗਾ ਕਲਗੀ ਬਖਸ਼ੀ।'
0  ਭਾਈ ਤੇਜਾ ਸਿੰਘ ਸੋਢੀ 'ਤਵਾਰੀਖ ਗੁਰੂ ਖਾਲਸਾ' ਦੇ ਪੰਨਾ 503 ਉੱਤੇ ਗੁਰੂ ਸਾਹਿਬ ਵਲੋਂ ਭਾਈ ਸੰਗਤ ਸਿੰਘ ਜੀ ਨੂੰ
    ਕਲਗੀ ਅਤੇ ਬਸਤਰ ਦੇ ਕੇ ਆਪਣਾ ਰੂਪ ਬਖਸ਼ ਦੇਣ ਬਾਰੇ ਲਿਖਦੇ ਹਨ।
0  ਗਿਆਨੀ ਗਿਆਨ ਸਿੰਘ 'ਤਵਾਰੀਖ ਗੁਰੂ ਖਾਲਸਾ' ਦੇ ਪੰਨਾ 1016 ਤੇ ਲਿਖਦੇ ਹਨ ਕਿ 'ਭਾਈ ਸੰਗਤ ਸਿੰਘ ਜੋ ਹੂ-ਬ-ਹੂ
    ਗੁਰੂ ਜੀ ਦੇ ਸਰੂਪ ਵਾਲਾ ਸੀ ਨੂੰ ਆਪਣੀ ਜਗ੍ਹਾ ਤੇ ਬਿਠਾ ਕੇ ਆਪਣਾ ਸਾਰਾ ਪੁਸ਼ਾਕਾ, ਜਿਗਾ ਕਲਗੀ ਸਮੇਤ ਪਹਿਨਾ ਦਿੱਤਾ
    ਫੇਰ ਅਰਦਾਸਾ ਸੋਧਿਆ ਅਤੇ ਕਿਹਾ ਕਿ ਮੈਂ ਅੱਜ ਤੋਂ ਖਾਲਸੇ ਨੂੰ ਗੁਰਿਆਈ ਬਖਸ਼ ਦਿੱਤੀ।
0  ਸੋਹਣ ਸਿੰਘ ਸੀਤਲ ਗੁਰ ਇਤਿਹਾਸ ਦਸ ਪਾਤਸ਼ਾਹੀਆਂ ਪੰਨਾ 349 'ਤੇ ਭਾਈ ਸੰਗਤ ਸਿੰਘ ਜੀ ਦੇ ਸੀਸ 'ਤੇ ਕਲਗੀ ਸਜਾ
    ਕੇ ਆਪਣਾ ਪੌਸ਼ਾਕਾ ਪਹਿਨਾ ਦੇਣ ਬਾਰੇ ਲਿਖਦੇ ਹਨ।
0  ਪ੍ਰਿ: ਸਤਬੀਰ ਸਿੰਘ ਸਿੱਖ ਇਤਿਹਾਸ ਭਾਗ ਪਹਿਲਾ ਦੇ ਪੰਨਾ 349 ਉੱਤੇ ਲਿਖਦੇ ਹਨ 'ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦਾ
    ਹੁਕਮ ਮੰਨ ਕੇ ਗੜ੍ਹੀ ਛੱਡਣਾ ਪਰਵਾਨ ਕਰ ਲਿਆ ਅਤੇ ਭਾਈ ਸੰਗਤ ਸਿੰਘ ਨੂੰ ਕਲਗੀ ਦੇ ਕੇ ਗੜ੍ਹੀ ਛੱਡਣ ਦੀ ਤਿਆਰੀ
    ਕਰ ਲਈ।'
0  ਪ੍ਰੋ: ਹਰਿੰਦਰ ਸਿੰਘ ਮਹਿਬੂਬ ਸਹਿਜ ਰਚਿਓ ਖਾਲਸਾ ਦੇ ਪੰਨਾ 410 'ਤੇ ਕਲਗੀ ਭਾਈ ਸੰਗਤ ਸਿੰਘ ਦੇ ਸਿਰ ਉੱਤੇ
    ਸਜਾਉਣ ਦੀ ਗੱਲ ਦਰਜ ਕਰਦੇ ਹਨ।
0  ਡਾ: ਅਨੂਪ ਸਿੰਘ 'ਦਾਰਸ਼ਨਿਕ ਯੋਧਾ ਗੁਰੂ ਗੋਬਿੰਦ ਸਿੰਘ'  ਦੇ ਪੰਨਾ 196 ਤੇ ਲਿਖਦੇ ਹਨ ਕਿ ਭਾਈ ਸੰਗਤ ਸਿੰਘ ਦੀ
    ਸ਼ਕਲ ਸੂਰਤ ਤੇ ਕੱਦ-ਕਾਠ ਗੁਰੂ ਜੀ ਨਾਲ ਮਿਲਦਾ ਜੁਲਦਾ ਸੀ ਇਸ ਵਾਸਤੇ ਉਸਨੂੰ ਕਲਗੀ ਸਜਾਈ ਤੇ ਗੜ੍ਹੀ ਵਿਚਲੇ
    ਸਿੰਘਾਂ ਨੂੰ ਆਦੇਸ਼ ਦਿੱਤਾ ਕਿ ਸਾਡੇ ਨਿਕਲਣ ਸਮੇਂ ਨਗਾਰਾ ਵਜਾਉਂਦੇ ਰਹਿਣਾ  ਤੇ ਦੁਸ਼ਮਣ ਵਲੋਂ ਕੀਤੇ ਜਾਂਦੇ ਵਾਰਾਂ ਦਾ ਮੂੰਹ
    ਤੋੜ ਜਵਾਬ ਦਿੰਦੇ ਰਹਿਣਾ ਤਾਂ ਜੋ ਦੁਸ਼ਮਣ ਨੂੰ ਗੜ੍ਹੀ ਵਿੱਚ ਬਹੁਤੇ ਸਿੰਘ ਹੋਣ ਦਾ ਭੁਲੇਖਾ ਬਣਿਆ ਰਹੇ।
0  ਗਿਆਨੀ ਗੁਰਚਰਨ ਸਿੰਘ ਨੇ 'ਜੀਵਨ ਕਥਾ ਗੁਰੂ ਗੋਬਿੰਦ ਸਿੰਘ'  ਵਿੱਚ ਲਿਖਿਆ ਹੈ ਕਿ ਗੁਰੂ ਸਾਹਿਬ ਨੇ ਆਪਣੀ ਜਿਗਾ
    ਕਲਗੀ ਤੇ ਬਸਤਰ ਭਾਈ ਸੰਗਤ ਸਿੰਘ ਨੂੰ ਪਹਿਨਾ ਦਿੱਤੇ।
0  ਡਾ: ਗੰਡਾ ਸਿੰਘ ਜੀ ਦੀ ਲਿਖਤ ਅਨੁਸਾਰ 23 ਦਸੰਬਰ 1704 ਨੂੰ ਸਵੇਰੇ ਜਦੋਂ ਮੁਗਲ ਫੌਜਾਂ ਨੇ ਚਮਕੌਰ ਦੀ ਗੜ੍ਹੀ ਨੂੰ ਘੇਰਾ
    ਪਾਇਆ ਤਾਂ ਬਾਬਾ ਸੰਗਤ ਸਿੰਘ ਦੇ ਗੁਰੂ ਸਾਹਿਬ ਵਾਲੀ ਪਹਿਨੀ ਹੋਈ ਪੌਸ਼ਾਕ ਤੇ ਕਲਗੀ ਤੋਂ ਭੁਲੇਖਾ ਖਾ ਗਏ । ਬਾਬਾ
    ਸੰਗਤ ਸਿੰਘ ਜੀ ਅੰਤ  ਸਮੇਂ ਤੱਕ ਗੁਰੂ ਫਤਹਿ ਦੇ ਜੈਕਾਰੇ ਗਜਾਉਂਦੇ ਰਹੇ।
      ਸਵੇਰੇ ਮੁਗਲਾਂ ਦੀ ਸਲਾਹ ਹੋਈ ਸੀ ਕਿ ਸਿੱਖਾਂ ਦੇ ਗੁਰੂ ਨੂੰ ਜੀਊਂਦੇ ਫੜਿਆ ਜਾਵੇ। ਸਿੰਘ ਸਾਰੇ ਹੀ ਭੁੱਖਣ ਭਾਣੇ। ਆਖਰ ਮੁਗਲਾਂ ਨੇ ਹਮਲਾ ਕੀਤਾ ਤੇ ਲੜਾਈ ਹੱਥੋ-ਹੱਥੀ ਹੋਈ। ਭਾਈ ਸੰਗਤ ਸਿੰਘ ਜੀ ਵੈਰੀਆਂ ਵਿੱਚ ਘਿਰੇ ਹੋਣ ਦੇ ਬਾਵਜੂਦ ਵੈਰੀਆਂ ਦੇ ਆਹੂ ਲਾਹੁੰਦੇ ਰਹੇ। ਆਖਰ ਬਹੁਤ ਹੀ ਜ਼ਖ਼ਮੀ ਹਾਲਤ ਵਿੱਚ ਧਰਤੀ 'ਤੇ ਡਿਗ ਪਏ। ਮੁਗਲ ਇਹ ਹੀ ਸੋਚਦੇ ਰਹੇ ਕਿ ਇਹ ਗੁਰੂ ਹੀ ਹੈ। ਇੱਕ ਪਠਾਣ ਨੇ ਕਾਹਲੀ ਨਾਲ ਅੱਗੇ ਵਧ ਕੇ ਸਿਰ ਧੜ ਨਾਲੋਂ ਜੁਦਾ ਕਰ ਦਿੱਤਾ। ਇਸ ਸਮੇਂ ਬਾਰੇ ਭਾਈ ਕੁਇਰ ਸਿੰਘ ਲਿਖਦੇ ਹਨ :

ਕਲਗੀ  ਜਿਗਾ  ਔਰ ਯਹ  ਹੋਈ,  ਗੋਬਿੰਦ  ਇਹੈ  ਹੈ  ਸੋਈ
ਮਾਰ ਮੀਸ਼ ਸ਼ਮਸ਼ੀਰ ਪਠਾਨਾਂ, ਸੀਸ ਰਹਿਤ ਕਲਗੀ ਲੀ ਮਾਨਾ।

       ਭਾਈ ਸੰਗਤ ਸਿੰਘ ਜੀ ਦੀ ਸ਼ਹੀਦੀ ਉਪਰੰਤ ਮੁਗਲਾਂ ਅਤੇ ਪਹਾੜੀ ਰਾਜਿਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਮਾਰੇ ਜਾਣ ਦੀ ਖਬਰ ਫੈਲਾਈ ਗਈ। ਪਰ ਅਗਲੇ ਹੀ ਦਿਨ ਚਮਕੌਰ ਦੀ ਗੜ੍ਹੀ ਵਿਚੋਂ ਭਾਈ ਸੰਗਤ ਸਿੰਘ ਜੀ ਦਾ ਸੀਸ ਲਿਆ ਕੇ ਸੂਬਾ ਸਰਹੰਦ ਦੀ ਕਚਿਹਰੀ ਵਿੱਚ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੂੰ ਵੀ ਦਿਖਾਇਆ ਗਿਆ। ਛੋਟੇ ਸਾਹਿਜ਼ਾਦਿਆਂ ਨੇ ਗੁਰੂ ਪਿਤਾ ਦਾ ਸੀਸ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਸੀਸ ਸਾਡੇ ਗੁਰੂ ਪਿਤਾ ਦਾ ਨਹੀਂ ਸਗੋਂ ਇਹ ਸੀਸ ਤਾਂ ਗੁਰੂ ਪਿਆਰੇ ਭਾਈ ਸੰਗਤ ਸਿੰਘ ਜੀ ਦਾ ਹੈ। ਇਸ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਬਚਪਨ ਵਿੱਚ ਖਿਡਾਉਣ ਵਾਲੀ ਬੀਬੀ ਜੈਨਾ ਨੂੰ ਬੁਲਾ ਕੇ ਪੁੱਛਿਆ ਗਿਆ ਤਾਂ ਬੀਬੀ ਜੈਨਾ ਨੇ ਵੀ ਇਸ ਨੂੰ ਭਾਈ ਸੰਗਤ ਸਿੰਘ ਦਾ ਸੀਸ ਕਿਹਾ। ਪਰ ਮੁਗਲਾਂ ਨੂੰ ਜਿਵੇਂ ਇਤਬਾਰ ਹੀ ਨਾ ਆ ਰਿਹਾ ਹੋਵੇ ਇਸ ਦੇ ਉਪਰੰਤ ਗੁਰੂ ਸਾਹਿਬ ਨੂੰ ਬਚਪਨ ਵਿੱਚ ਫਾਰਸੀ ਦੀ ਸਿੱਖਿਆ ਦੇਣ (ਇੱਥੇ ਯਾਦ ਰਹੇ ਕਿ ਫਾਰਸੀ ਦਾ ਸਬਕ ਲੈਣ ਵੇਲੇ ਕਦੇ ਕਦੇ ਭਾਈ ਸੰਗਤ ਸਿੰਘ ਵੀ ਬਾਲ ਗੋਬਿੰਦ ਦੇ ਨਾਲ ਹੀ ਹੁੰਦੇ ਸਨ) ਵਾਲੇ ਕਾਜ਼ੀ ਨੂਰਦੀਨ ਨੂੰ ਸੱਦਿਆ ਗਿਆ। ਉਨ੍ਹਾਂ ਨੇ ਵੀ ਕਚਿਹਰੀ ਵਿੱਚ ਕਿਹਾ ਕਿ ਇਹ ਸੀਸ ਤਾਂ ਭਾਈ ਸੰਗਤ ਸਿੰਘ ਦਾ ਹੈ ਗੁਰੂ ਸਾਹਿਬ ਦਾ ਨਹੀਂ।
       ਇਸ ਤਰ੍ਹਾਂ ਭਾਈ ਸੰਗਤ ਸਿੰਘ ਜੀ ਨੇ ਗੁਰਸਿੱਖੀ ਦੇ ਅਸੂਲਾਂ 'ਤੇ ਚੱਲਦਿਆਂ ਗੁਰੂ ਸਾਹਿਬ ਦੇ ਬੋਲ ਪੁਗਾਉਂਦਿਆਂ ਸ਼ਹਾਦਤ ਦਾ ਜਾਮ ਪੀਤਾ। ਇੱਥੇ ਹੀ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨਾਲ ਹੀ 37 ਸਿੰਘ ਹੋਰ ਸ਼ਹੀਦ ਹੋਏ ਜਿਨ੍ਹਾਂ ਵਿੱਚ 1699 ਦੀ ਵਿਸਾਖੀ ਵਿੱਚ ਸਾਜੇ ਪਹਿਲੇ ਪੰਜ ਪਿਆਰਿਆਂ ਵਿਚੋਂ ਤਿੰਨ ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ਨੇ ਵੀ ਇਸੇ ਚਮਕੌਰ ਦੀ ਗੜ੍ਹੀ ਵਿੱਚ ਸ਼ਹਾਦਤ ਦਾ ਜਾਮ ਪੀਤਾ।
         ਭਾਈ ਜੀਵਨ ਸਿੰਘ ਜੀ ਦੀ ਜੀਵਨ ਕਥਾ ਇਕ ਸੱਚੇ ਸੁੱਚੇ ਸਿਦਕਵਾਨ ਸਿੱਖ ਦੀ ਜੀਵਨ ਕਥਾ ਹੈ। ਆਪ ਗੁਰੂ ਗੋਬਿੰਦ ਸਿੰਘ ਜੀ ਦੇ ਆਗਿਆਕਾਰੀ ਤੇ ਪੂਰੇ ਵਿਸ਼ਵਾਸ ਦੇ ਪਾਤਰ ਸਨ।  ਸਿੱਖ ਸੰਗਤਾਂ ਪ੍ਰਤੀ ਆਪ ਦਾ ਅਥਾਹ ਪਿਆਰ ਸੀ।
       ਸਿੱਖ ਇਤਿਹਾਸ ਵਿੱਚ ਜਿੱਥੇ ਵੀ ਸਿਦਕਦਿਲੀ ਵਾਲੇ ਸੂਰਮਿਆਂ ਦੀ ਤੇ ਗੁਰੂ ਸਾਹਿਬ ਦੇ ਵਫਾਦਾਰ ਕੁਰਬਾਨੀ ਵਾਲੇ ਬਹਾਦਰ ਯੋਧਿਆਂ ਦੀ ਗੱਲ ਚੱਲੇਗੀ ਉੱਥੇ ਹਮੇਸ਼ਾ ਹੀ ਭਾਈ ਸੰਗਤ ਸਿੰਘ ਜੀ ਦਾ ਨਾਮ ਮੋਹਰਲੀਆਂ ਕਤਾਰਾਂ ਵਿੱਚ ਲਿਆ ਜਾਵੇਗਾ। ਆਪਾ ਵਾਰਨ ਵਾਲਾ ਸੂਰਮਤਾਈ ਭਰਿਆ ਅਜਿਹਾ ਇਤਿਹਾਸ ਹੀ ਭਵਿੱਖ ਨੂੰ ਰੁਸ਼ਨਾਉਣ ਦਾ ਕਾਰਜ ਕਰਦਾ ਹੈ।
       ਆਖਰ ਵਿੱਚ ਇਹ ਦੱਸਣਾ ਵੀ ਬਣਦਾ ਹੈ ਕਿ ਜਿੱਥੇ ਚਮਕੌਰ ਦੀ ਗੜ੍ਹੀ ਵਾਲੀ ਘਮਸਾਣ ਦੀ ਜੰਗ ਹੋਈ ਸੀ ਉੱਥੇ ਹੁਣ ਗੁਰਦੁਆਰਾ ਗੜ੍ਹੀ ਸਾਹਿਬ ਸਥਿੱਤ ਹੈ।

23 Dec. 2018

ਗੁਰੂ ਨਾਨਕ ਦੇਵ ਜੀ ਦਾ ਸਮਾਂ ਤੇ ਸਿਖਿਆਵਾਂ  - ਕੇਹਰ ਸ਼ਰੀਫ਼

ਕਿਸੇ ਵੀ ਦਿਹਾੜੇ ਦਾ ਮਹੱਤਵ ਉਸ ਦਿਨ ਨਾਲ ਜੁੜੇ ਘਟਨਾਕ੍ਰਮ ਕਰਕੇ ਹੁੰਦਾ ਹੈ। ਅੱਜ ਉਸ ਦਿਹਾੜੇ ਦੀ  ਗੱਲ ਕੀਤੀ ਜਾਣੀ ਹੈ, ਜਿਸ ਦਿਹਾੜੇ ਬਾਬਾ ਨਾਨਕ ਇਸ ਜਗਤ ਵਿਚ ਆਏ, ਪਰ ਇਕ ਗੱਲ ਏਥੇ ਸਾਫ ਕਰ ਦਿੱਤੀ ਜਾਵੇ ਕਿ ਅੱਜ ਵਿਚਾਰ ਕਰਦਿਆਂ ਥੋਥੀਆਂ ਸਾਖੀਆਂ ਜੋ ਬਹੁਤੀਆਂ ਝੂਠ ਤੇ ਅਧਾਰਤ ਹਨ, ਸੱਪ ਵਲੋਂ ਬਾਬੇ ਦੇ ਚਿਹਰੇ ਤੇ ਛਾਂ ਕਰਨ ਦੀ, ਵਿਹਲੜਾਂ ਨੂੰ ਭੋਜਨ ਛਕਾਉਣ ਦੀ ਜਾਂ ਹੋਰ ਬਹੁਤ ਸਾਰੀਆਂ ਅਜਿਹੀਆਂ ਘੜੀਆਂ ਹੋਈਆਂ  ਸਾਖੀਆਂ ਬਾਰੇ ਵਿਚਾਰ ਕਰਨ ਤੇ ਸਮਾਂ ਬਰਬਾਦ ਕਰਨਾ ਚੰਗਾ ਨਹੀਂ ਲਗਦਾ।
ਬਾਬਾ ਨਾਨਕ ਜੀ ਦੇ ਆਗਮਨ ਤੇ  ਭਾਈ ਗੁਰਦਾਸ ਜੀ ਨੇ ਲਿਖਿਆ :

ਸਤਿਗੁਰ ਨਾਨਕ ਪ੍ਰਗਟਿਆਂ, ਮਿਟੀ ਧੁੰਦ ਜੱਗ ਚਾਨਣ ਹੋਆ
ਜਿਉਂ ਕਰ ਸੂਰਜ  ਨਿਕਲਿਆ  ਤਾਰੇ ਛਪੇ  ਅੰਧੇਰ ਪਲੋਆ ॥
       
          ਧੁੰਦ ਭਰੀ ਸਥਿਤੀ ਅਜਿਹੀ ਹੀ ਹੁੰਦੀ ਹੈ ਜਿਸ ਵਿੱਚ ਨਜ਼ਰ ਹੀ ਕੁੱਝ ਨਹੀਂ ਆਉਂਦਾ, ਇਹਨੂੰ ਦੂਰ ਕਰਨ ਵਾਸਤੇ ਤਾਂ ਸੂਰਜ ਦੀ ਲੋੜ ਪੈਂਦੀ ਹੈ। ਉਦੋਂ ਦੇ ਅਜਿਹੇ ਮਾੜੇ ਸਮੇਂ ਵਿੱਚ ਬਾਬਾ ਨਾਨਕ ਸੂਰਜ ਬਣਕੇ ਆਏ ਜਿਨ੍ਹਾ ਨੇ ਲੋਕਾਂ ਦੇ ਮਨਾਂ ਤੋਂ ਵਹਿਮਾਂ ਭਰਮਾ, ਟੂਣੇ-ਟਾਮਣਾਂ ਅਤੇ ਆਪਣੇ ਆਪ ਤੇ ਬੇਵਿਸ਼ਵਾਸੀ ਦਾ ਆਲਮ ਰੋਕਣ ਵਾਸਤੇ ਲੋਕਾਂ ਨੂੰ ਜਗਾਉਣ ਦੇ ਰਾਹੇ ਪਾਉਣ ਦਾ ਕਾਰਜ ਆਰੰਭਿਆ
         ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਵਿਖੇ ਹੋਇਆ (ਜੋ ਹੁਣ ਪਾਕਿਸਤਾਨ ਵਿਚ ਹੈ ਅਤੇ ਜਿਸਨੂੰ ਹੁਣ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ), । ਇਨ੍ਹਾਂ ਦੀ ਮਾਤਾ ਦਾ ਨਾਂ ਤ੍ਰਿਪਤਾ ਸੀ ਇਹਨਾਂ ਦੇ ਪਿਤਾ,  ਮਹਿਤਾ ਕਾਲੂ ਜੋ ਪਿੰਡ ਤਲਵੰਡੀ ਵਿਖੇ ਮਾਲ ਮਹਿਕਮੇ ਦੇ ਪਟਵਾਰੀ ਸਨ ਅਤੇ ਉਸ ਇਲਾਕੇ ਦੇ ਇੱਕ ਮੁਸਲਮਾਨ ਜਿਮੀਂਦਾਰ ਰਾਇ ਬੁਲਾਰ ਹੇਠ ਨੌਕਰੀ ਕਰਦੇ ਸਨ। ਇਨ੍ਹਾਂ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ ।
        ਬੇਬੇ ਨਾਨਕੀ ਦਾ ਵਿਆਹ ਜੈ ਰਾਮ ਨਾਲ ਸੁਲਤਾਨਪੁਰ ਲੋਧੀ ਵਿਖੇ ਹੋਇਆ ਜੋ ਲਾਹੌਰ ਦੇ ਗਵਰਨਰ ਦੌਲਤ ਖ਼ਾਨ ਦੇ ਮੋਦੀਖਾਨੇ ਵਿੱਚ ਕੰਮ ਕਰਦੇ ਸਨ। ਗੁਰੂ ਨਾਨਕ ਦਾ ਵੱਡੀ ਭੈਣ ਨਾਲ ਕਾਫ਼ੀ ਪਿਆਰ ਹੋਣ ਕਾਰਨ ਪੁਰਾਤਨ ਰਸਮਾਂ ਮੁਤਾਬਕ ਉਹ ਵੀ ਸੁਲਤਾਨਪੁਰ ਆਪਣੇ ਜੀਜੇ ਦੇ ਘਰ ਰਹਿਣ ਚਲੇ ਗਏ। ਉੱਥੇ ਉਹ 16 ਸਾਲ ਦੀ ਉਮਰ ਵਿੱਚ ਮੋਦੀਖਾਨੇ ਵਿੱਚ ਹੀ ਕੰਮ ਕਰਨ ਲੱਗ ਪਏ। ਪੁਰਾਤਨ ਜਨਮ-ਸਾਖੀਆਂ ਮੁਤਾਬਕ ਇਹ ਸਮਾਂ ਗੁਰੂ ਨਾਨਕ ਲਈ ਇੱਕ ਰਚਨਾਤਮਕ ਸਮਾਂ ਸੀ ਅਤੇ ਇਸ ਦੌਰਾਨ ਹੀ ਇਨ੍ਹਾਂ ਦੀ ਅਕਾਲ ਪੁਰਖ ਨੂੰ ਮਿਲਣ ਦੀ ਤਾਂਘ ਵਧੀ।
         1475 ਈ: ਵਿੱਚ ਆਪ ਨੂੰ ਗੋਪਾਲ ਪੰਡਿਤ ਕੋਲ ਪੜ੍ਹਨ ਭੇਜਿਆ ਗਿਆ। ਪੰਡਿਤ ਨਾਲ ਹੋਏ ਵਿਚਾਰ ਵਟਾਂਦਰੇ ਨੂੰ ਆਪ ਨੇ ਆਪਣੀ ਰਚਨਾ 'ਪੱਟੀ' ਵਿੱਚ ਦਰਜ਼ ਕੀਤਾ ਹੈ। 1478 ਈ: ਵਿੱਚ ਪੰਡਿਤ ਬ੍ਰਿਜਨਾਥ ਸ਼ਰਮਾ ਪਾਸ ਸੰਸਕ੍ਰਿਤ ਪੜ੍ਹਨ ਭੇਜਿਆ ਗਿਆ। ਉਸ ਨਾਲ ਵੀ ਗੁਰੂ ਜੀ ਨੇ ਸੁਚੱਜਾ ਵਿਚਾਰ ਵਟਾਂਦਰਾ  ਕੀਤਾ। 1480 ਈ: ਵਿੱਚ ਫ਼ਾਰਸੀ ਪੜ੍ਹਨ ਲਈ ਕੁਤਬ ਦੀਨ ਮੌਲਾਨਾ ਪਾਸ ਭੇਜਿਆ ਗਿਆ। ਕਿਹਾ ਜਾਂਦਾ ਹੈ ਕਿ ਇਸ ਸਮੇਂ ਆਪ ਨੇ 'ਸੀਹਰਫੀ' ਉਚਾਰੀ ਜੋ ਜਨਮ ਸਾਖੀਆਂ ਵਿੱਚ ਮਿਲਦੀ ਹੈ।
          ਹੁਣ ਹਾਲਤ ਕੀ ਨੇ ਕਿ ਗੁਰੂ ਘਰਾਂ ਅੰਦਰ ਸ਼ਰਧਾਪੂਰਵਕ ਵਿਸ਼ੇਸ਼ ਸਮਾਗਮ ਕੀਤੇ ਜਾ ਰਹੇ ਹਨ। ਗੁਰੂ ਬਾਬੇ ਦੀਆਂ ਸਿੱਖਿਆਵਾਂ ਬਾਰੇ ਵਿਚਾਰਾਂ ਕਰਕੇ, ਉਨ੍ਹਾਂ ਦੀਆਂ ਸਿਖਿਆਵਾਂ ਨਾਲ ਜੁੜਨ ਦਾ ਸੱਦਾ ਦਿੱਤਾ ਜਾ ਰਿਹਾ ਹੈ, ਉਨ੍ਹਾਂ ਤੇ ਅਮਲ ਕਰਕੇ ਇਸ ਦੁਨੀਆਂ ਦੇ ਜੋ ਆਮ ਕੁਚੱਜੇ ਵਹਿਣ ਨੇ ਉਨ੍ਹਾਂ ਨੂੰ ਮਨੁੱਖਵਾਦੀ ਧਾਰਾ ਵੱਲ ਮੋੜਨ ਦੇ ਸੱਦੇ ਦਿੱਤੇ ਜਾ ਰਹੇ ਹਨ। ਇਹ ਕਾਰਜ ਬਹੁਤ ਔਖਾ ਹੈ, ਪਰ ਇੱਥੇ ਗੱਲ ਕਰਦਿਆਂ ਸਾਨੂੰ ਇਹ ਵੀ ਤਾਂ ਸੋਚਣਾ ਚਾਹੀਦਾ ਹੈ ਕਿ ਸਮਾਜ ਦੀ ਵਿਗੜ ਰਹੀ ਧਾਰਾ ਨੂੰ ਸਹੀ ਰਸਤੇ ਵੱਲ ਮੋੜਨਾ ਕੋਈ ਸੌਖਾਂ ਕੰਮ ਤਾਂ ਨਹੀਂ ਹੁੰਦਾ। ਇਸ ਬਾਰੇ ਸਖਤ ਮਿਹਨਤ-ਮੁਸ਼ੱਕਤ ਤਾਂ ਕਰਨੀ ਹੀ ਪਵੇਗੀ, ਸੋ, ਇਹ ਭਲਾਂ ਸੌਖਾ ਕਾਰਜ ਕਿਵੇਂ ਹੋ ਸਕਦਾ ਹੈ? ਪਰ ਇਨ੍ਹਾਂ ਸਿਖਿਆਵਾਂ ਨਾਲ ਜੁੜੇ ਬਗੈਰ ਅਤੇ  ਉਨ੍ਹਾਂ ਉੱਤੇ ਅਮਲ ਕੀਤੇ ਬਿਨਾਂ ਸਭ ਵਿਖਿਆਨ ਥੋਥੇ ਹਨ ਜਿਵੇਂ ਆਮ ਹੀ ਕਿਹਾ ਜਾਂਦਾ ਹੈ ਕਿ ਕੋਈ ਵੀ ਥੀਊਰੀ ਜਾਂ ਵਿਚਾਰ ਜਦੋਂ ਤੱਕ ਉਸ ਉੱਤੇ ਹੁੰਦੇ ਅਮਲ ਨੂੰ ਨਾ ਪਰਖਿਆ ਜਾਵੇ ਉਸ ਦਾ ਪੂਰਾ ਸੱਚ ਪੱਲੇ ਨਹੀਂ ਪੈਂਦਾ। ਜੋ ਸੱਚ ਨੂੰ ਨਾ ਪਰਖੇ ਜਾਂ ਹੁੰਘਾਲੇ ਉਹ ਕਾਹਦਾ ਵਿਚਾਰ? ਲੋੜ ਹੈ ਅੱਜ ਦੀ ਸਥਿਤੀ ਤੇ ਘੋਖਵੀਂ ਤੇ ਡੂੰਘੀ ਨਜ਼ਰ ਮਾਰਨ ਦੀ ਵਿਚਾਰਨ ਤੇ ਪਰਖ ਕਰਨ ਦੀ।
         ਅੱਜ ਦਾ ਸਮਾਂ ਉਸ ਸਮੇਂ ਤੋਂ ਬਹੁਤ ਵੱਖਰਾ ਹੈ ਜਿਸ ਸਮੇਂ ਬਾਬਾ ਨਾਨਕ ਦਾ ਇਸ ਜੱਗ ਵਿੱਚ ਆਗਮਨ ਹੋਇਆ ਸੀ। ਉਦੋਂ ਸਮਾਜ ਅੰਦਰ ਸਿਰੇ ਦੀ ਗੁਰਬਤ ਸੀ, ਹਰ ਪਾਸੇ ਧੁੰਦ ਹੀ ਧੁੰਦ ਸੀ ਵਹਿਮਾਂ ਭਰਮਾਂ ਵਿੱਚ ਸਾਡਾ ਸਮਾਜ ਗਰਕਿਆ ਪਿਆ ਸੀ, (ਸੈਂਕੜੇ ਸਾਲ ਬੀਤ ਜਾਣ ਤੋਂ ਬਾਅਦ ਵੀ ਅਸੀਂ ਅਜੇ ਉਸੇ ਜਿੱਲਣ ਵਿਚ ਫਸੇ ਬੈਠੇ ਹਾਂ) ਬ੍ਰਾਹਮਣੀ ਮੱਤ ਵਲੋਂ ਦਿੱਤੀ ਵਿਤਕਰੇ ਭਰਪੂਰ ਅਣਮਨੁੱਖੀ ਸੋਚ ਜਾਤ-ਪਾਤ (ਵਰਣ-ਵਿਵਸਥਾ) ਦੇ ਅਧਾਰ 'ਤੇ ਮਨੁੱਖ ਦੇ ਚੰਗੇ ਮੰਦੇ ਹੋਣ ਦੀ ਪਰਖ ਕੀਤੀ ਜਾਂਦੀ ਸੀ। ਤਕੜਾ ਮਾੜੇ ਨੂੰ ਦਬਾਈ ਜਾ ਰਿਹਾ ਸੀ,  ਮਾੜੇ ਦਾ ਜੀਣ ਬਹੁਤ ਔਖਾ ਸੀ। ਦਸਾਂ ਨੌਹਾਂ ਦੀ ਕਿਰਤ ਕਰਨ ਵਾਲਾ ਹੀ ਸਭ ਤੋਂ ਔਖਾ ਜੀਵਨ ਬਸਰ ਕਰਦਾ ਸੀ, ਵਿਹਲੜ ਉਦੋਂ ਵੀ ਅੱਜ ਦੇ ਵਿਹਲੜਾਂ ਵਾਂਗ ਹੀ ਮੌਜਾਂ ਮਾਣਦੇ ਸਨ। ਆਪਣੇ ਆਪ ਨੂੰ ਸਮਾਜ ਦੀ ਅਗਵਾਈ ਕਰਨ ਵਾਲੇ ਸੰਤ -ਮਹਾਤਮਾਂ ਕਹਾਉਂਦੇ ਲੋਕ ਪਖੰਡਾਂ ਵਿੱਚ ਗਲਤਾਨ ਸਨ ਜਿਵੇਂ ਅੱਜ ਹਨ, ਆਪਣੀ ਹੀ ਪੂਜਾ ਕਰਵਾਈ ਜਾਂਦੇ ਹਨ। ਉਨ੍ਹਾਂ ਨੂੰ ਸਮਾਜ ਨਾਲੋਂ ਵੱਧ ਆਪਣੇ ਸੁੱਖਾਂ ਭਰੇ ਜੀਵਨ ਦਾ ਫਿਕਰ ਸੀ। ਉਨ੍ਹਾਂ ਵਿੱਚੋਂ ਬਹੁਤ ਸਾਰੇ ਇਸ ਜੀਵਨ ਅਤੇ ਜਹਾਨ ਵਲੋਂ ਉਦਾਸ ਤੇ ਉਪਰਾਮ ਹੋਏ ਪਹਾੜੀ ਜਾ ਚੜ੍ਹੇ, ਭਗਤੀ ਦੀਆਂ ਗੱਲਾਂ ਕਰਨ ਲੱਗੇ। ਪਰ ਜੀਣ ਦੇ ਸਾਰੇ ਸਾਧਨ ਉਹ ਫੇਰ ਵੀ ਉਸ ਸਮਾਜ ਤੋਂ ਹੀ ਮੰਗਦੇ ਰਹੇ ਜਿਸ ਨੂੰ ਤਿਆਗਣ ਦਾ ਉਹ ਪਾਖੰਡ ਕਰਦੇ ਸਨ। ਪਰ ਜਿਸ ਸਮਾਜ ਨੂੰ ਚੰਗੀ ਅਗਵਾਈ ਦੀ ਲੋੜ ਹੋਵੇ ਜੇ ਉਦੋਂ ਆਪਣੇ ਆਪ ਨੂੰ ਸੇਧ ਦੇਣ ਵਾਲੇ ਵੀ ਸੇਧ ਹੀਣ ਹੋ ਜਾਣ ਤਾਂ ਉਸ ਸਮਾਜ ਨੂੰ ਢਹਿੰਦੀਆਂ ਕਲਾਂ ਵੱਲ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਉਦੋਂ ਹਾਲਤ ਵੀ ਇਵੇਂ ਦੀ ਹੀ ਸੀ, ਤੇ ਹੋਇਆ ਵੀ ਇਵੇਂ ਹੀ ਸੀ।
          ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਬਾਬਾ ਨਾਨਕ ਅਜਿਹੇ ਨਾਥ ਜੋਗੀਆਂ ਦੇ ਡੇਰਿਆਂ ਤੇ ਪਹੁੰਚੇ ਉਨ੍ਹਾਂ ਨਾਲ ਵਿਚਾਰਾਂ ਕੀਤੀਆਂ, ਉਨ੍ਹਾਂ ਨੂੰ ਠੀਕ ਰਾਹ ਦੀ ਦੱਸ ਪਾਈ। ਇਹ ਗੱਲਾਂ-ਬਾਤਾਂ ਜਿਨ੍ਹਾਂ ਨੂੰ ਗੋਸ਼ਟਿ  ਭਾਵ ਵਿਚਾਰ ਵਟਾਂਦਰਾ ਕਰਨਾ ਵੀ ਕਿਹਾ ਜਾਂਦਾ ਹੈ। ਅੱਜ ਸੋਚਦੇ ਹਾਂ ਕਿ ਇੱਥੋਂ ਹੀ ਅੱਜ ਦੀ ਗੋਸ਼ਟੀ, ਸੈਮੀਨਾਰ ਵਿਚਾਰ-ਵਟਾਂਦਰੇ ਆਦਿ ਦੀ ਸ਼ੁਰੂਆਤ ਹੋਈ ਹੋਵੇਗੀ, ਕਿ ਦੂਜੇ ਦੀ ਗੱਲ ਸੁਣਨੀ ਤੇ ਆਪਣੀ ਕਹਿਣੀ ਵਾਲੀ ਰਵਾਇਤ ਤੁਰੀ, ਜੋ ਅੱਜ ਦੇ ਸੰਸਾਰ ਅੰਦਰ ਹਰ ਪਾਸੇ ਹੀ ਵਰਤੀ ਜਾ ਰਹੀ ਹੈ। ਇਸੇ ਕਰਕੇ ਤਾਂ ਬਾਬੇ ਨਾਨਕ ਨੇ ਕਿਹਾ ਸੀ :-


ਜਬ ਲਗ ਦੁਨੀਆਂ ਰਹੀਏ ਨਾਨਕ
ਕਿਛੁ  ਸੁਣੀਐਂ,   ਕਿਛੁ  ਕਹੀਐ ॥

ਅਜਿਹੀ ਸਥਿਤੀ ਬਾਰੇ ਕਿਸੇ ਕਵੀ ਮਨ ਨੇ ਦੁੱਖ ਪ੍ਰਗਟ ਕਰਦਿਆਂ ਲਿਖਿਆ ਕਿ ਬਾਬੇ ਨੇ ਸਿੱਧਾਂ ਦੇ ਮਨ ਤਾਂ ਬਦਲੇ ਪਰ ਅਸੀਂ ਆਪਣੇ ਮਨਾਂ ਤੇ ਡੇਰਿਆਂ ਵਿਚ ਚਾਨਣ ਹੋਣ ਹੀ ਨਹੀਂ ਦੇਣਾ ਚਾਹੁੰਦੇ । ਕਵੀ ਕਹਿੰਦਾ ਹੈ :-


ਛੱਟਾ ਤਾਰਿਆਂ ਦਾ ਸੁੱਟਿਆ ਹਨੇਰਿਆਂ ਦੇ ਵਿਚ
ਲੱਖਾਂ ਕਿਰਨਾਂ  ਬਖੇਰੀਆਂ  ਸਵੇਰਿਆਂ ਦੇ ਵਿਚ

ਸਿੱਧਾਂ ਜੋਗੀਆਂ ਦੇ ਅੰਬਰਾਂ 'ਚ ਤਾਰੇ ਚਾਹੜ ਦਿੱਤੇ
ਲੋਅ ਫੇਰ ਵੀ ਨਾ  ਹੋਈ ਸਾਡੇ  ਡੇਰਿਆਂ ਦੇ ਵਿਚ।

ਸਾਡੇ ਹੁਣ ਦੇ ਡੇਰੇ ਤਾਂ ਵੰਡਦੇ ਹੀ ਹਨੇਰਾ ਹਨ- ਇਨ੍ਹਾਂ ਤੋਂ ਬਚਣ ਦਾ ਹੋਕਾ ਦੇਣਾ ਸਾਡਾ ਫ਼ਰਜ਼ ਹੈ।