ਝੂਠ ਦੇ ਪੈਰ - ਨਿਰਮਲ ਸਿੰਘ ਕੰਧਾਲਵੀ
ਅੱਜ ਫਿਰ ਸੱਚ ਨਿੰਮੋਝੂਣਾ ਜਿਹਾ ਹੋਇਆ ਇਕ ਮੁਕੱਦਮੇ ਦੀ ਪੇਸ਼ੀ 'ਤੇ ਜਾ ਰਿਹਾ ਸੀ।ਪਿਛਲੀ ਪੇਸ਼ੀ ਸਮੇਂ ਵੀ ਉਸ ਨੇ ਦੇਖਿਆ ਸੀ ਕਿ ਉਸ ਵਲੋਂ ਦਿੱਤੇ ਸੱਚੇ ਬਿਆਨ ਸਮੇਂ ਜੱਜ ਵੀ ਉਬਾਸੀਆਂ ਲੈਣ ਲੱਗ ਪਿਆ ਸੀ।ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹਦੀ ਸੱਚੀ ਗਵਾਹੀ ਦੇ ਬਾਵਜੂਦ ਉਹ ਮੁਕੱਦਮੇ ਕਿਉਂ ਹਾਰ ਜਾਂਦਾ ਸੀ ਤੇ ਝੂਠੀਆਂ ਗਵਾਹੀਆਂ ਦੇਣ ਵਾਲੇ ਲੋਕ ਮੁਕੱਦਮੇ ਕਿਵੇਂ ਜਿੱਤ ਜਾਂਦੇ ਸਨ।ਸਮਾਜ ਵਿਚ ਹੁੰਦੀ ਆਪਣੀ ਬੇਕਦਰੀ ਤੋਂ ਉਹ ਬਹੁਤ ਪ੍ਰੇਸ਼ਾਨ ਸੀ।
ਉਹ ਸੋਚਾਂ ਵਿਚ ਗੁਆਚਾ ਤੁਰਿਆ ਜਾ ਰਿਹਾ ਸੀ ਕਿ ਇਤਨੀ ਦੇਰ ਨੂੰ ਝੂਠ ਵੀ ਦੁੜੰਗੇ ਲਾਉਂਦਾ ਉਸ ਨਾਲ ਆ ਰਲ਼ਿਆ।ਉਸ ਨੇ ਸੱਚ ਨੂੰ ਆਪਣੀ ਬਾਂਹ ਦਾ ਸਹਾਰਾ ਦੇਕੇ ਆਪਣੇ ਨਾਲ ਤੋਰ ਲਿਆ।
ਥੋੜ੍ਹੀ ਦੂਰ ਗਏ ਤਾਂ ਰਾਹ ਵਿਚ ਇਕ ਕਮਾਦ ਦਾ ਖੇਤ ਆ ਗਿਆ।ਝੂਠ ਨੇ ਸਲਾਹ ਦਿੱਤੀ ਕਿ ਗੰਨੇ ਚੂਪੇ ਜਾਣ ਪਰ ਸੱਚ ਨੇ ਇਹ ਕਹਿ ਕੇ ਇਨਕਾਰ ਕਰ ਦਿਤਾ ਕਿ ਇਹ ਤਾਂ ਚੋਰੀ ਹੋਵੇਗੀ ਪਰ ਝੂਠ ਬਜ਼ਿਦ ਸੀ ਕਿ ਗੰਨੇ ਜ਼ਰੂਰ ਚੂਪਣੇ ਹਨ।ਸੱਚ ਨੇ ਸਲਾਹ ਦਿਤੀ ਕਿ ਜੇ ਉਹਦਾ ਜ਼ਰੂਰ ਹੀ ਗੰਨੇ ਚੂਪਣ ਨੂੰ ਦਿਲ ਕਰਦਾ ਹੈ ਤਾਂ ਉਹ ਖੇਤ ਦੇ ਮਾਲਕ ਤੋਂ ਪੁੱਛ ਕੇ ਲੈ ਲਵੇ।ਪਰ ਝੂਠ ਦਾ ਕਹਿਣਾ ਸੀ ਕਿ ਖੇਤ ਦੇ ਮਾਲਕ ਨੂੰ ਕਿੱਥੋਂ ਲੱਭਿਆ ਜਾਵੇਗਾ?
ਜਦੋਂ ਸੱਚ ਨਾ ਹੀ ਮੰਨਿਆਂ ਤਾਂ ਝੂਠ ਕਹਿਣ ਲੱਗਾ ਕਿ ਉਹ ਉਹਦੇ ਨਾਲ ਖੇਤ ਵਿਚ ਚਲਿਆ ਚਲੇ, ਗੰਨੇ ਭਾਵੇਂ ਨਾ ਭੰਨੇ।ਸੱਚ ਦੇ ਨਾਂਹ ਨਾਂਹ ਕਰਦਿਆਂ ਵੀ ਝੂਠ ਨੇ ਬਦੋ ਬਦੀ ਉਸ ਨੂੰ ਆਪਣੇ ਨਾਲ਼ ਤੋਰ ਲਿਆ।
ਝੂਠ ਨੇ ਇਕ ਮੋਟਾ ਜਿਹਾ ਗੰਨਾ ਭੰਨਿਆਂ ਤੇ ਉੱਥੇ ਬੈਠ ਕੇ ਹੀ ਚੂਪਣਾ ਸ਼ੁਰੂ ਕਰ ਦਿੱਤਾ।
ਖੇਤ ਵਿਚੋਂ ਨਿਕਲ ਕੇ ਅਜੇ ਉਹ ਥੋੜ੍ਹੀ ਦੂਰ ਹੀ ਗਏ ਸਨ ਕਿ ਕਿਸੇ ਦੀ ਸੂਹ ਉੱਤੇ ਖੇਤ ਦਾ ਮਾਲਕ
ਆਪਣੇ ਬੰਦਿਆਂ ਨੂੰ ਲੈ ਕੇ ਆ ਧਮਕਿਆ ਤੇ ਉਨ੍ਹਾਂ ਦੋਵਾਂ ਨੂੰ ਫੜ ਕੇ ਬੋਹੜਾਂ ਥੱਲੇ ਬੈਠੀ ਪਿੰਡ ਦੀ ਪੰਚਾਇਤ ਸਾਹਮਣੇ ਲੈ ਗਿਆ।ਜਦੋਂ ਉਹਨਾਂ ਪਾਸੋਂ ਗੰਨਿਆਂ ਦੀ ਚੋਰੀ ਬਾਰੇ ਪੁੱਛਿਆ ਗਿਆ ਤਾਂ ਝੂਠ ਤਾਂ ਸਾਫ਼ ਹੀ ਮੁਕਰ ਗਿਆ ਕਿ ਉਹ ਖੇਤ ਵਿਚ ਵੜਿਆ ਸੀ। ਸੱਚ ਵਿਚਾਰਾ ਨਿੰਮੋਝੂਣਾ ਜਿਹਾ ਹੋਇਆ ਨੀਵੀਂ ਪਾਈ ਖੜ੍ਹਾ ਸੀ ਜਿਵੇਂ ਉਹਦੀ ਚੁੱਪ ਹੀ ਸੱਚ ਬਿਆਨ ਕਰ ਰਹੀ ਸੀ।ਜਦੋਂ ਖੇਤ ਦੇ ਮਾਲਕ ਨੇ ਤਾਜ਼ੇ ਹੀ ਚੂਪੇ ਹੋਏ ਗੰਨਿਆ ਦੇ ਛਿੱਲੜ ਸਬੂਤ ਵਜੋਂ ਪੇਸ਼ ਕੀਤੇ ਤਾਂ ਝੂਠ ਕਹਿਣ ਲੱਗਾ, '' ਸ਼੍ਰੀਮਾਨ ਜੀ, ਧੁੱਪ ਬਹੁਤ ਹੋਣ ਕਰ ਕੇ ਮੈਂ ਤਾਂ ਥੋੜ੍ਹੀ ਦੇਰ ਵਾਸਤੇ ਟਾਹਲੀ ਦੀ ਛਾਂ ਹੇਠ ਆਰਾਮ ਕਰਨ ਲੱਗ ਪਿਆ ਸਾਂ, ਹੋ ਸਕਦੈ ਮੇਰੇ ਸਾਥੀ ਨੇ ਗੰਨੇ ਭੰਨੇ ਹੋਣ, ਮੈਂ ਤਾਂ ਜੀ ਖੇਤ ਵਿਚ ਵੜਿਆ ਹੀ ਨਹੀਂ, ਜੇ ਮੇਰਾ ਯਕੀਨ ਨਹੀਂ ਤਾਂ ਚਲ ਕੇ ਖੇਤ ਵਿਚ ਪੈਰਾਂ ਦੇ ਨਿਸ਼ਾਨ ਦੇਖ ਲਵੋ।''
ਝੂਠ ਨੇ ਆਪਣੀ ਗੱਲ ਏਨੇ ਜ਼ੋਰਦਾਰ ਢੰਗ ਨਾਲ ਕਹੀ ਕਿ ਪੰਚਾਇਤ ਨੂੰ ਵੀ ਯਕੀਨ ਜਿਹਾ ਹੋ ਗਿਆ ਤੇ ਉਹਨਾਂ ਸੱਚ ਦੀ ਕੋਈ ਗੱਲ ਸੁਣਨ ਦੀ ਲੋੜ ਹੀ ਨਾ ਸਮਝੀ ਤੇ ਉਨ੍ਹਾਂ ਦੋਵਾਂ ਨੂੰ ਲੈ ਕੇ ਖੇਤ ਨੂੰ ਤੁਰ ਪਏ।
ਪੰਚਾਇਤ ਨੇ ਖੇਤ ਵਿਚ ਪਹੁੰਚ ਕੇ ਜਦੋਂ ਪੈੜਾਂ ਦੇਖੀਆਂ ਤਾਂ ਝੂਠ ਦੀ ਗੱਲ ਠੀਕ ਹੀ ਸੀ ਕਿ ਸੱਚ ਦੇ ਪੈਰਾਂ ਦੀ ਪੈੜ ਤਾਂ ਪਛਾਣੀ ਜਾ ਰਹੀ ਸੀ ਪਰ ਹੋਰ ਉਥੇ ਕੋਈ ਵੀ ਪੈੜ ਨਹੀਂ ਸੀ।ਪੰਚਾਇਤ ਨੇ ਸੱਚ ਨੂੰ ਲਾਹਨਤਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਲਈ ਸਜ਼ਾ ਤਜਵੀਜ਼ ਕਰਨ ਲੱਗੇ।
ਸੱਚ ਵਿਚਾਰਾ ਨੀਵੀਂ ਪਾਈ ਖੜ੍ਹਾ ਸੀ।ਉਹ ਕਿਸੇ ਵੀ ਤਰ੍ਹਾਂ ਆਪਣੇ ਆਪ ਨੂੰ ਨਿਰਦੋਸ਼ ਸਾਬਤ ਨਹੀਂ ਸੀ ਕਰ ਸਕਦਾ।ਉਹ ਹੈਰਾਨ ਪ੍ਰੇਸ਼ਾਨ ਹੋ ਰਿਹਾ ਸੀ ਕਿ ਇਹ ਕਿਵੇਂ ਹੋ ਗਿਆ ਸੀ ਕਿ ਝੂਠ ਦੇ ਪੈਰਾਂ ਦੇ ਨਿਸ਼ਾਨ ਕਿਉਂ ਨਹੀਂ ਸਨ ਉੱਥੇ ਜਦ ਕਿ ਉਹ ਦੋਵੇਂ ਇਕੱਠੇ ਹੀ ਖੇਤ ਵਿਚ ਵੜੇ ਸਨ, ਪਰ ਅਚਾਨਕ ਹੀ ਉਸ ਨੂੰ ਖ਼ਿਆਲ ਆਇਆ ਕਿ ਝੂਠ ਦੀ ਪੈੜ ਕਿੱਥੋਂ ਲੱਗਣੀ ਸੀ ਕਿਉਂਕਿ ਉਸ ਦੇ ਤਾਂ ਪੈਰ ਹੀ ਨਹੀਂ ਹੁੰਦੇ।
ਸੱਚ ਵਿਚਾਰਾ ਇਕ ਵਾਰ ਫੇਰ ਝੂਠ ਹੱਥੋਂ ਮਾਤ ਖਾ ਗਿਆ ਸੀ।
ਨਵਾਂ ਸਾਲ - ਨਿਰਮਲ ਸਿੰਘ ਕੰਧਾਲਵੀ
ਠੱਕ ਠੱਕ:
ਪਹਿਲੀ ਆਵਾਜ਼: ''ਕੌਣ ਐ ਬਈ''?
ਦੂਜੀ ਆਵਾਜ਼: ''ਮੈਂ ਨਵਾਂ ਵਰ੍ਹਾ ਆਂ ਜੀ''!
ਪਹਿਲੀ ਆਵਾਜ਼: ''ਅੱਛਾ, ਆ ਗਿਐਂ ਬਈ, ਜੀ ਆਇਆਂ ਨੂੰ! ਅੰਦਰ ਲੰਘ ਆ''।
ਨਵਾਂ ਵਰ੍ਹਾ : ''ਵੱਡਾ ਭਾਈ ਨਹੀਂ ਦਿਸਦਾ ਕਿਧਰੇ''?
ਆਵਾਜ਼ : ''ਉਹ ਜਾਣ ਦੀ ਤਿਆਰੀ ਕਰ ਰਿਹੈ।ਸਾਮਾਨ ਬੰਨਦ੍ਹੈ ਸਵੇਰ ਦਾ। ਕਹਿੰਦਾ ਸੀ
ਟੈਕਸੀ ਦਾ ਬੰਦੋਬਸਤ ਕਰਨ ਚੱਲਿਐ''।
ਨਵਾਂ ਵਰ੍ਹਾ : ''ਮੈਂ ਜਿਹੜੀ ਟੈਕਸੀ 'ਚ ਆਇਆਂ ਇਹਨੂੰ ਹੀ ਕਹਿ ਦਿੰਨੇ ਆਂ, ਇਹੀ
ਉਡੀਕ ਲਉ ਉਨਾ ਚਿਰ''
ਆਵਾਜ਼ : ''ਕਦੋਂ ਕੁ ਚੱਲਿਆ ਸੀ ਬਈ''?
ਨਵਾਂ ਵਰ੍ਹਾ : ''ਅਸੀਂ ਤਾਂ ਅਜ਼ਲ ਤੋਂ ਹੀ ਚੱਲੇ ਹੋਏ ਆਂ।ਬਸ ਖੂਹ ਦੀਆਂ ਟਿੰਡਾਂ ਵਾਂਗ
ਆਉਂਦੇ ਜਾਂਦੇ ਰਹੀਦਾ''।
ਆਵਾਜ਼ : ''ਕੋਈ ਚੰਗੀਆਂ ਚੀਜ਼ਾਂ ਵੀ ਲੈ ਕੇ ਆਇਐਂ ਕਿ ਪਿਛਲੇ ਸਾਲ ਵਾਂਗ ਤੂੰ ਵੀ
ਹਲਚਲਾਂ ਹੀ ਮਚਾਏਂਗਾ''!
ਨਵਾਂ ਵਰ੍ਹਾ : ''ਬਸ ਦੂਸਰਿਆਂ ਨੂੰ ਇਲਜ਼ਾਮ ਦੇਣੇ ਹੀ ਆਉਂਦੇ ਐ ਤੁਹਾਨੂੰ।ਕਦੀ ਇਹ ਵੀ
ਸੋਚਿਐ ਕਿ ਇਨ੍ਹਾਂ ਹਲਚਲਾਂ ਦੇ ਜ਼ਿੰਮੇਵਾਰ ਤੁਸੀਂ ਆਪ ਹੀ ਹੋ''।
ਆਵਾਜ਼ : ''ਯਾਰ, ਤੂੰ ਤਾਂ ਆਉਂਦਾ ਹੀ ਗਲ਼ ਪੈ ਗਿਐਂ''!
ਨਵਾਂ ਵਰ੍ਹਾ : ''ਬਿਲਕੁਲ ਨਹੀਂ, ਮੈਂ ਗਲ਼ ਨਹੀਂ ਪਿਆ, ਮੈਂ ਤਾਂ ਸੱਚੀ ਗੱਲ ਕੀਤੀ ਐ।
ਤੁਸੀਂ ਲੋਕ ਤਾਂ ਰੱਬ ਨੂੰ ਵੀ ਉਲਾਂਭੇ ਦੇਣ ਤੋਂ ਬਾਜ਼ ਨਹੀਂ ਆਉਂਦੇ ਜਿਸ ਨੇ ਤੁਹਾਡੇ ਲਈ
ਏਨੀ ਖ਼ੂਬਸੂਰਤ ਦੁਨੀਆਂ ਬਣਾਈ ਐ।ਭਿੰਨ ਭਿੰਨ ਪ੍ਰਕਾਰ ਦੇ ਭੋਜਨ ਪਦਾਰਥ,
ਦਰਖ਼ਤ, ਸਮੁੰਦਰ, ਪਹਾੜ, ਰੰਗ ਰੰਗ ਦੇ ਮੌਸਮ, ਹਵਾ, ਪਾਣੀ, ਕੀ ਕੀ ਨਹੀਂ ਬਣਾਇਆ
ਰੱਬ ਨੇ ਤੁਹਾਡੇ ਲਈ ਪਰ ਤੁਸੀਂ ਅਕ੍ਰਿਤਘਣਾਂ ਨੇ ਕੀ ਹਾਲ ਕਰ ਦਿੱਤਾ ਇਸ ਖ਼ੂਬਸੂਰਤ
ਦੁਨੀਆਂ ਦਾ।ਜਿਹੜੇ ਜੰਗਲ ਤੁਹਾਡੇ ਲਈ ਫੇਫੜਿਆਂ ਦਾ ਕੰਮ ਕਰਦੇ ਹਨ ਤੁਸੀਂ ਮੂਰਖੋ
ਉਨ੍ਹਾਂ ਨੂੰ ਹੀ ਵੱਢੀ ਜਾਂਦੇ ਹੋ।ਧਰਤੀ ਵੀ ਜ਼ਹਿਰੀਲੀ ਤੇ ਹਵਾ ਤੇ ਪਾਣੀ ਵੀ ਜ਼ਹਿਰੀਲਾ
ਕਰ ਲਿਆ ਤੁਸੀਂ ਤੇ ਦੋਸ਼ ਕਿਸੇ ਹੋਰ ਦੇ ਮੱਥੇ ਮੜ੍ਹਨਾ ਚਾਹੁੰਦੇ ਹੋ।ਆਪਸ
ਵਿਚੀਂ ਲੜ ਲੜ ਮਰੀ ਜਾਂਦੇ ਹੋ, ਤੁਹਾਡੇ ਨਾਲੋਂ ਵੀ ਮੂਰਖ ਹੋਵੇਗਾ ਕੋਈ! ਮਨੁੱਖ
ਨਾਲੋਂ ਤਾਂ ਖੂੰਖਾਰ ਜਾਨਵਰ ਚੰਗੇ ਨੇ ਜਿਹੜੇ ਸ਼ਿਕਾਰ ਮਾਰ ਕੇ ਸਾਰਾ ਹੀ ਨਹੀਂ ਖਾ
ਜਾਂਦੇ ਸਗੋਂ ਹੋਰ ਜਾਨਵਰਾਂ ਲਈ ਵੀ ਛੱਡ ਦਿੰਦੇ ਆ ਪਰ ਲਾਲਚੀ ਮਨੁੱਖ ਤਾਂ ਗ਼ਰੀਬਾਂ ਦਾ
ਖ਼ੂਨ ਪੀ ਪੀ ਕੇ ਕਾਰੂੰ ਨੂੰ ਵੀ ਮਾਤ ਪਾਈ ਜਾਂਦੇ ਆ।ਛੱਡੀ ਹੈ ਇਹ ਦੁਨੀਆਂ ਤੁਸੀਂ
ਰਹਿਣ ਜੋਗੀ''?
ਏਨੀ ਦੇਰ ਨੂੰ ਬਾਹਰ ਟੈਕਸੀ ਦੀ ਆਵਾਜ਼ ਆਉਂਦੀ ਹੈ ਤੇ ਨਵਾਂ ਵਰ੍ਹਾ ਬਾਹਰ ਆਪਣੇ
ਵੱਡੇ ਵੀਰ ਨੂੰ ਵਿਦਾ ਕਰਨ ਲਈ ਚਲਿਆ ਜਾਂਦਾ ਹੈ।
ਹੋਲਾ ਮਹੱਲਾ - ਨਿਰਮਲ ਸਿੰਘ ਕੰਧਾਲਵੀ
ਲੋਕਾਂ ਦੀਆਂ ਹੋਲੀਆਂ, ਤੇ ਖ਼ਾਲਸੇ ਦਾ ਹੋਲਾ ਏ
ਬੋਲੀਆਂ ਨੇ ਲੋਕਾਂ ਦੀਆਂ, ਖ਼ਾਲਸੇ ਦਾ ਬੋਲਾ ਏ
ਸਰਰ ਸਰਰ ਤੇਗ਼ ਚੱਲੇ, ਕਮਾਨਾਂ ਵਿਚੋਂ ਤੀਰ ਚੱਲੇ
ਸਿਖਾਉਂਦਾ ਪੈਂਤੜੇ ਗੋੁਬਿੰਦ, ਮਾਰ ਮਾਰ ਹੱਲੇ ਹੱਲੇ
ਸਭਸ ਦੁਮਾਲੇ ਸਿਰੀਂ, ਗਲ਼ੀਂ ਨੀਲਾ ਪੀਲ਼ਾ ਚੋਲਾ ਏ
ਲੋਕਾਂ ਦੀਆਂ ਹੋਲੀਆਂ, ਤੇ ਖ਼ਾਲਸੇ ਦਾ ਹੋਲਾ ਏ
ਬੋਲੀਆਂ ਨੇ ਲੋਕਾਂ ਦੀਆਂ, ਖ਼ਾਲਸੇ ਦਾ ਬੋਲਾ ਏ
ਆਉ ਨਿੱਤਰੋ ਭੁਜੰਗ, ਜੀਹਨੇ ਕਰਨੀਂ ਏਂ ਜੰਗ
ਸਿੱਖਣੇ ਚਲਾਉਣੇ ਜੀਹਨੇ, ਤੀਰ ਤੇ ਤੁਫੰਗ
ਫ਼ਤਹ ਦੇ ਜੈਕਾਰੇ, ਸਾਡਾ ਮਾਹੀਆ ਅਤੇ ਢੋਲਾ ਏ
ਲੋਕਾਂ ਦੀਆਂ ਹੋਲੀਆਂ, ਤੇ ਖ਼ਾਲਸੇ ਦਾ ਹੋਲਾ ਏ
ਬੋਲੀਆਂ ਨੇ ਲੋਕਾਂ ਦੀਆਂ, ਖ਼ਾਲਸੇ ਦਾ ਬੋਲਾ ਏ
ਨਗਾਰੇ ਡੰਮ ਡੰਮ ਬਾਜੇਂ, ਜੈਕਾਰੇ ਗਜ ਗਜ ਗਾਜੇਂ
ਹਾਥੀ ਮਾਰਤੇ ਚਿੰਘਾੜੇਂ, ਘੋੜੇ ਸਰਪੱਟ ਭਾਜੇਂ
ਦਿਲ ਵੈਰੀਉਂ ਕਾ ਅਬ, ਪਾਰੇ ਵਾਂਗ ਡੋਲਾ ਹੈ।
ਲੋਕਾਂ ਦੀਆਂ ਹੋਲੀਆਂ, ਤੇ ਖ਼ਾਲਸੇ ਦਾ ਹੋਲਾ ਏ
ਬੋਲੀਆਂ ਨੇ ਲੋਕਾਂ ਦੀਆਂ, ਖ਼ਾਲਸੇ ਦਾ ਬੋਲਾ ਏ
ਘੋੜਾ ਕਿਵੇਂ ਹੈ ਭਜਾਉਣਾ, ਕਿੰਜ ਹਾਥੀਆਂ ਨੂੰ ਢਾਹੁਣਾ
ਵਾਰ ਰੋਕਣਾ ਹੈ ਕਿਵੇਂ, ਤੇ ਕਿੰਜ ਖੰਡੇ ਨੂੰ ਹੈ ਵਾਹੁਣਾ
ਜੰਗ ਜਿੱਤਦਾ ਹੈ ਉਹੀਓ,ਜਿਹੜਾ ਵਗ ਜਾਂਦਾ ਛੁਹਲ਼ਾ ਏ
ਲੋਕਾਂ ਦੀਆਂ ਹੋਲੀਆਂ, ਤੇ ਖ਼ਾਲਸੇ ਦਾ ਹੋਲਾ ਏ
ਬੋਲੀਆਂ ਨੇ ਲੋਕਾਂ ਦੀਆਂ, ਖ਼ਾਲਸੇ ਦਾ ਬੋਲਾ ਏ
ਵੈਰੀ ਚੁਣ ਚੁਣ ਮਾਰੇਂ, ਸਭੇ ਦੁਸ਼ਟਨ ਸੰਘਾਰੇਂ
ਰੱਬ ਕੇ ਪਿਆਰੇ ਜੋ, ਉਨ੍ਹੇ ਸਦਾ ਹੀ ਉਬਾਰੇਂ
ਇਹੋ ਸਾਡੀ ਖੇਡ, ਅਤੇ ਇਹੋ ਹੀ ਕਲੋਲਾ ਏ।
ਲੋਕਾਂ ਦੀਆਂ ਹੋਲੀਆਂ ਤੇ ਖ਼ਾਲਸੇ ਦਾ ਹੋਲਾ ਏ।
ਬੋਲੀਆਂ ਨੇ ਲੋਕਾਂ ਦੀਆਂ ਖ਼ਾਲਸੇ ਦਾ ਬੋਲਾ ਏ
ਜੱਟ ਬੂਟ ਤੇ ਝਿਊਰ ਨਾਈ, ਸੋਢੀ ਬੇਦੀ ਤੇ ਕਸਾਈ
ਇਕੱਠੇ ਕਰ ਏਕ ਜਗ੍ਹਾ, ਹੈਨ ਫੌਜੇਂ ਖ਼ਾਲਸ ਬਣਾਈ
ਪੈਰੋਂ ਤਲੇ ਖ਼ਾਲਸੇ ਨੇ, ਜਾਤੀ ਅਭਿਮਾਨ ਸਾਰਾ ਰੋਲਾ ਹੈ
ਲੋਕਾਂ ਦੀਆਂ ਹੋਲੀਆਂ ਤੇ ਖ਼ਾਲਸੇ ਦਾ ਹੋਲਾ ਏ
ਬੋਲੀਆਂ ਨੇ ਲੋਕਾਂ ਦੀਆਂ ਖ਼ਾਲਸੇ ਦਾ ਬੋਲਾ ਏ
ਜੀਹਨੇ ਆਨੰਦਪੁਰ ਆਉਣੈ, ਸੀਸ ਤਲੀ 'ਤੇ ਟਿਕਾਵੇ
ਕੱਲਾ ਲੱਖਾਂ ਨਾਲ਼ ਜੂਝੇ, ਮਸਤ ਹਾਥੀਆਂ ਨੂੰ ਢਾਹਵੇ
ਦਰ ਨਾਨਕ ਦਾ ਏਥੇ, ਕੋਈ ਰੱਖਦਾ ਨਾ ਓਹਲਾ ਏ
ਲੋਕਾਂ ਦੀਆਂ ਹੋਲੀਆਂ ਤੇ ਖ਼ਾਲਸੇ ਦਾ ਹੋਲਾ ਏ
ਬੋਲੀਆਂ ਨੇ ਲੋਕਾਂ ਦੀਆਂ ਖ਼ਾਲਸੇ ਦਾ ਬੋਲਾ ਏ
ਜੀਣਾ ਸ਼ਾਨ ਸੇ ਸਿਖਾਵੇ, ਸੁੱਤੀ ਅਣਖ ਜਗਾਵੇ
ਜਾਨ ਮੁਰਦੋਂ ਮੇਂ ਪਾਵੇ, ਭੈਅ ਕੋ ਦੂਰ ਸੇ ਭਗਾਵੇ
ਸਕੂਲ ਐਸਾ ਗੋੁਬਿੰਦ ਰਾਇ, ਅਨੰਦਪੁਰ ਖੋਲ੍ਹਾ ਹੈ
ਲੋਕਾਂ ਦੀਆਂ ਹੋਲੀਆਂ ਤੇ ਖ਼ਾਲਸੇ ਦਾ ਹੋਲਾ ਏ
ਬੋਲੀਆਂ ਨੇ ਲੋਕਾਂ ਦੀਆਂ ਖ਼ਾਲਸੇ ਦਾ ਬੋਲਾ ਏ
ਰਾਜ ਜ਼ੁਲਮੀਂ ਨੂੰ ਹੋਰ ਹੁਣ, ਰਹਿਣ ਨਹੀਉਂ ਦੇਣਾ
ਰਹਿਣ ਜ਼ਾਲਮਾਂ ਨੂੰ ਏਥੇ, ਹੁਣ ਮੂਲ਼ ਨਹੀਉਂ ਦੇਣਾ
ਰਾਜਾ ਹੈ ਪਹਾੜੀ ਕੋਈ, ਭਾਵੇਂ ਕੋਈ ਮੰਗੋਲਾ ਹੈ
ਲੋਕਾਂ ਦੀਆਂ ਹੋਲੀਆਂ ਤੇ ਖ਼ਾਲਸੇ ਦਾ ਹੋਲਾ ਏ
ਬੋਲੀਆਂ ਨੇ ਲੋਕਾਂ ਦੀਆਂ ਖ਼ਾਲਸੇ ਦਾ ਬੋਲਾ ਏ
20 March 2019
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ - ਨਿਰਮਲ ਸਿੰਘ ਕੰਧਾਲਵੀ
ਵਿਚ ਤਲਵੰਡੀ ਦੀਪ ਸਿੰਘ, ਇਕ ਗੁਰੂ ਪਿਆਰਾ
ਬੈਠਾ ਕਲਮ ਦਵਾਤ ਲੈ, ਕਰੇ ਗ੍ਰੰਥ ਉਤਾਰਾ
ਚਹੁੰ ਪਾਸੀਂ ਸੋਭਾ ਓਸ ਦੀ, ਬਹੁ ਪਰਉਪਕਾਰਾ
ਨਾਮ ਬਾਣੀ ਵਿਚ ਭਿੱਜ ਕੇ, ਜਪੇ ਗੁਰ ਕਰਤਾਰਾ
ਇਕ ਦਿਨ ਭਾਣਾ ਵਰਤਿਆ, ਗੱਲ ਅੱਲੋਕਾਰਾ
ਗੁਰ ਰਾਮ ਦਾਸ ਦੇ ਦਰ ਤੋਂ, ਆਇਆ ਹਰਕਾਰਾ
ਰੋ ਰੋ ਕੇ ਉੇਹਨੇ ਦੱਸਿਆ ਜੋ ਹੋਇਆ ਕਾਰਾ
ਦਰਬਾਰ 'ਤੇ ਕਾਬਜ਼ ਹੋ ਗਿਐ, ਵੈਰੀ ਹਤਿਆਰਾ
ਕਰੇ ਬੇਅਦਬੀ ਰੋਜ਼ ਨਿੱਤ, ਮਚੀ ਹਾਹਾਕਾਰਾ
ਸੁਣਿਐ ਉਹਨੇ ਢਾ ਦੇਵਣਾ, ਹੈ ਗੁਰ-ਦਰਬਾਰਾ
ਤਾਲ ਗੁਰੂ ਦਾ ਪੂਰ 'ਤਾ ਚੜ੍ਹਿਆ ਹੰਕਾਰਾ
'ਕੱਠੇ ਹੋ ਕੇ ਸਿੰਘ ਜੀ, ਕੋਈ 'ਕਰ ਲਉ ਚਾਰਾ
ਅੱਖੀਂ ਮਚੇ ਅੰਗਿਆਰ, ਜਿਉਂ ਹੋਏ ਸ਼ਰਾਰਾ
ਛੱਡੀਆਂ ਕਲਮਾਂ ਪੋਥੀਆਂ, ਕਰ ਲਿਆ ਤਿਆਰਾ
ਉਹਨੇ ਭੇਜ ਸੁਨੇਹੇ ਸਭ ਨੂੰ, 'ਕੱਠ ਕੀਤਾ ਭਾਰਾ
ਸਿੰਘ ਇਕੱਠੇ ਹੋਏ ਗਏ, ਛੱਡਿਆ ਘਰ ਬਾਰਾ
ਫੜ ਲਿਆ ਬਾਬੇ ਦੀਪ ਸਿੰਘ, ਖੰਡਾ ਦੋਧਾਰਾ
ਧਰਤ ਅਕਾਸ਼ ਸੀ ਕੰਬਿਆ, ਛੱਡਿਆ ਜੈਕਾਰਾ
ਉਨੇ ਖਿੱਚੀ ਲੀਕ ਜ਼ਮੀਨ 'ਤੇ, ਮਾਰ ਲਲਕਾਰਾ
ਟੱਪੇ ਓਹੀਓ ਲੀਕ ਨੂੰ, ਜਿਹਨੂੰ ਧਰਮ ਪਿਆਰਾ
ਲਾਲੀਆਂ ਚੜ੍ਹੀਆਂ ਯੋਧਿਆਂ, ਸੁਣ ਹੁਕਮ ਨਿਆਰਾ
ਅਸੀਂ ਜੂਝਾਂਗੇ ਵਿਚ ਜੰਗ ਦੇ, ਇਹ ਬਚਨ ਹਮਾਰਾ
ਰੱਖ ਸੀਸ ਤਲੀ 'ਤੇ ਰੋਕਣਾ, ਮੁਗ਼ਲਈਆ ਸਾਰਾ
ਨਹੀਂ ਜਾਨਾਂ ਸਾਨੂੰ ਪਿਆਰੀਆਂ, ਹੈ ਧਰਮ ਪਿਆਰਾ
ਚੜ੍ਹੇ ਫਿਰ ਸੂਰੇ ਜੰਗ ਨੂੰ, ਲੈ ਗੁਰੂ ਸਹਾਰਾ
ਉੱਥੇ ਹੋਇਆ ਯੁੱਧ ਘਮਸਾਣ ਦਾ, ਕਰ ਮਾਰੋ ਮਾਰਾ
ਲਿਸ਼ਕਣ ਤੇਗ਼ਾਂ ਜੰਗ ਵਿਚ, ਬਿਜਲੀ ਲਿਸ਼ਕਾਰਾ
ਇਉਂ ਖੰਡਾ ਹਿੱਕਾਂ ਪਾੜਦਾ, ਜਿਉਂ ਲੱਕੜਹਾਰਾ
ਏਧਰ ਸਿਰਲੱਥ ਸੂਰਮੇ, ਵੈਰੀ ਮੰਗ ਧਾੜਾਂ
ਸਾਬਰ, ਯੂਸਫ਼ ਘੇਰ ਲਏ, ਸਿੰਘਾਂ ਸਰਦਾਰਾਂ
ਬਚ ਕੇ ਸੁੱਕੇ ਜਾਣ ਨਾ, ਸਿੰਘ ਦੀਪ ਪੁਕਾਰਾ
ਰੂਹ ਮੁਗਲਾਂ ਦੀ ਕੰਬਦੀ ਸੁਣ ਕੇ ਜੈਕਾਰਾ
ਤੇਗੇ ਸ਼ੂਕੇ ਸਰਰ ਸਰਰ, ਸਿਰ ਧੜੋਂ ਉਤਾਰਾ
ਸਿਰ ਖਿੱਦੋ ਵਾਂਗੂੰ ਰੋੜ੍ਹ 'ਤੇ, ਸੀ ਅਜਬ ਨਜ਼ਾਰਾ
ਭਗਦੜ ਮਚੀ ਵਿਚ ਵੈਰੀਆਂ, ਕਰੇ ਚੀਖ਼ ਪੁਕਾਰਾ
ਚਾਰੇ ਪਾਸੇ ਵਗ ਰਿਹਾ ਲਹੂ ਮਿੱਝ ਦਾ ਗਾਰਾ
ਨਿੱਤਰਿਆ ਖਾਨ ਉਸਮਾਨ ਫਿਰ, ਯੋਧਾ ਇਕ ਭਾਰਾ
ਏਧਰ ਬਾਬਾ ਦੀਪ ਸਿੰਘ, ਯੋਧਾ ਬਲਕਾਰਾ
ਖੜਕਿਆ ਲੋਹਾ ਖਣਨ ਖਣਨ, ਨਿੱਕਲੇ ਚੰਗਿਆੜਾ
ਸਿਰ ਲਾਹਿਆ ਉਸਮਾਨ ਦਾ, ਵਗੀ ਖ਼ੂਨ ਦੀ ਧਾਰਾ
ਸੋਧਿਆ ਖਾਨ ਜਰਨੈਲ, ਅਫ਼ਗ਼ਾਨ ਦੁਲਾਰਾ
ਸਿੰਘ ਆਪ ਵੀ ਜ਼ਖ਼ਮੀ ਹੋ ਗਿਆ, ਸੀ ਫੱਟ ਕਰਾਰਾ
ਉਹਦੇ ਨਿਕਲੇ ਪੈਰ ਰਕਾਬ 'ਚੋਂ, ਡਿਗਿਆ ਸਿਰਭਾਰਾ
ਸਿੰਘ ਇਕ ਮੇਹਣਾ ਮਾਰਦਾ, ਮਾਰੇ ਲਲਕਾਰਾ
ਕਿੱਥੇ ਹੁਣ ਤੂੰ ਚੱਲਿਉਂ? ਸਿੰਘਾ ਸਰਦਾਰਾ
ਵਿਚ ਪਰਕਰਮਾ ਦੇ ਪਹੁੰਚਣਾ, ਸੀ ਬਚਨ ਤੁਮਾਰਾ
ਹੈ ਸਤਿਗੁਰ ਪਿਆ ਉਡੀਕਦਾ, ਉੱਠ ਚੁੱਕ ਹਥਿਆਰਾ
ਲੈ ਕੇ ਬਾਬੇ ਦੀਪ ਸਿੰਘ, ਖੰਡੇ ਦਾ ਸਹਾਰਾ
ਸੀਸ ਟਿਕਾਇਆ ਤਲ਼ੀ 'ਤੇ, ਛੱਡਿਆ ਜੈਕਾਰਾ
ਇਉਂ ਜਾਂਦਾ ਦਲਾਂ ਨੂੰ ਚੀਰਦਾ, ਬੇੜਾ ਮੰਝਧਾਰਾ
ਦੁਸ਼ਮਣ ਥਰ ਥਰ ਕੰਬਿਆ, ਤੱਕ ਕੌਤਕ ਸਾਰਾ
ਵਿਚ ਪ੍ਰਕਰਮਾ ਪਹੁੰਚਿਆ ਗੁਰ ਕਰਜ਼ ਉਤਾਰਾ
ਕੀਤਾ ਬਚਨ ਨਿਭਾ ਗਿਆ, ਉਹ ਗੁਰੂ ਪਿਆਰਾ
26 ਜਨਵਰੀ 2019
ਸ਼ੀਸ਼ਾ - ਕੰਧਾਲਵੀ
ਵੱਢ ਅੰਬਾਂ ਨੂੰ ਬੀਜੀਏ ਕਿੱਕਰਾਂ,
ਹੈ ਕੋਈ ਸਾਥੋਂ ਵੱਧ ਸਿਆਣਾ?
ਸਿੱਖ ਸਿਆਸਤ ਸਾਂਭ ਕੇ ਬੈਠਾ,
ਖ਼ੁਦਗ਼ਰਜ਼ਾਂ ਦਾ ਉਹੀਓ ਲਾਣਾ।
ਦੁਸ਼ਮਣ ਚੱਲਦੈ ਚਾਲ ਨਵੇਲੀ,
ਉਲਝ ਗਿਆ ਸਭ ਤਾਣਾ ਬਾਣਾ।
ਸੂਝ ਬੂਝ ਜੋ ਗੁਰੂਆਂ ਦਿੱਤੀ,
ਛੱਡਿਆ ਉਸ ਰਸਤੇ 'ਤੇ ਜਾਣਾ।
ਕਰੀਏ ਇਕ ਦੂਜੇ ਤੋਂ ਨਫ਼ਰਤ,
ਭੁੱਲ ਗਏ ਹਾਂ ਤੱਪੜ ਵਿਛਾਉਣਾ।
ਸੁਣਦਾ ਨਾਹੀਂ ਕੋਈ ਕਿਸੇ ਦੀ,
ਚਾਹਵੇ ਆਪਣਾ ਰਾਗ ਸੁਣਾਣਾ।
ਠੁੱਸ ਹੋ ਕੇ ਜਦ ਬਹਿ ਜਾਨੇ ਆਂ,
ਕਹਿ ਦੇਈਏ ਫਿਰ 'ਉਹਦਾ' ਭਾਣਾ।
ਜੋ ਨਹੀਂ ਕਦਰ ਸਮੇਂ ਦੀ ਕਰਦਾ,
ਪੈਂਦਾ ਉਸ ਨੂੰ ਹੈ ਪਛਤਾਉਣਾ।
ਅੱਤ ਹੋ ਚੱਲੀ ਹੁਣ ਤਾਂ ਸਿੱਖਾ,
ਕਿੰਨਾ ਚਿਰ ਸ਼ੀਸ਼ੇ ਤੋਂ ਸ਼ਰਮਾਣਾ?
13 Aug. 2018
ਚੋਰ ਚੋਰ - ਨਿਰਮਲ ਸਿੰਘ ਕੰਧਾਲਵੀ
ਪੰਜਾਬ ਨੂੰ ਖਾ ਗਏ ਚੋਰ ਚੋਰ
ਕੋਈ ਛੋਟਾ ਚੋਰ ਕੋਈ ਬੜਾ ਚੋਰ
ਸਭ ਪਾਸੇ ਫਿਰਦੇ ਚੋਰ ਚੋਰ..................
ਕੋਈ ਚੋਰੀ ਕਰਦਾ ਰੇਤਾ ਦੀ
ਕੋਈ ਚੋਰੀ ਕਰਦਾ ਬਜਰੀ ਦੀ
ਕੋਈ ਮੱਝਾਂ ਚੋਰੀ ਕਰਦਾ ਏ
ਕੋਈ ਚੋਰੀ ਕਰਦਾ ਬੱਕਰੀ ਦੀ
ਨਹੀਂ ਖ਼ਾਕੀ ਦਾ ਇਤਬਾਰ ਰਿਹਾ
ਹਰ ਪਾਸੇ ਮੱਚਿਆ ਸ਼ੋਰ ਸ਼ੋਰ
ਕੋਈ ਛੋਟਾ ਚੋਰ ਕੋਈ ਬੜਾ ਚੋਰ..............
ਕੋਈ ਬਿਜਲੀ ਚੋਰੀ ਕਰਦਾ ਏ
ਨਾ ਕਰੰਟ ਲੱਗਣ ਤੋਂ ਡਰਦਾ ਏ
ਕੋਈ ਤਾਂਬਾ ਲਾਹੁੰਦਾ ਖੰਭਿਆਂ ਤੋਂ
ਕੋਈ ਤੇਲ ਨਾ' ਪੀਪਾ ਭਰਦਾ ਏ
ਕੋਈ ਤਾਰ ਈ 'ਕੱਠੀ ਕਰ ਲੈਂਦਾ
ਜੇ ਮਿਲਦਾ ਨਹੀਂ ਕੁਝ ਹੋਰ ਹੋਰ
ਕੋਈ ਛੋਟਾ ਚੋਰ ਕੋਈ ਬੜਾ ਚੋਰ..........
ਹੱਥਾਂ 'ਚੋਂ ਫੋਨ ਉਡਾ ਲੈਂਦੇ
ਜਾਂ ਬਟੂਆ ਹੀ ਖਿਸਕਾ ਲੈਂਦੇ
ਧੂਹ ਲੈਂਦੇ ਵਾਲ਼ੀ ਕੰਨ ਵਿਚੋਂ
ਵੀਣੀ 'ਚੋਂ ਵੰਙਾਂ ਲਾਹ ਲੈਂਦੇ
ਪੰਜਾਬ ਸਿਆਂ ਤੇਰੀ ਵਿਗੜ ਗਈ
ਤੇਰੀ ਵਿਗੜ ਗਈ ਹੁਣ ਤੋਰ ਤੋਰ
ਕੋੋਈ ਛੋਟਾ ਚੋਰ ਕਈ ਬੜਾ ਚੋਰ........................
ਮਿੰਟਾਂ ਵਿਚ ਕਾਰ ਉਡਾ ਲੈਂਦੇ
ਬਾਈਕਾਂ ਨੂੰ ਹਵਾ ਬਣਾ ਲੈਂਦੇ
ਭੰਨ ਲੈਂਦੇ ਗੋਲਕ ਬਾਬੇ ਦੀ
ਜਦ ਨਸ਼ੇ ਦੀ ਟੁੱਟਦੀ ਲੋਰ ਲੋਰ
ਸਭ ਪਾਸੇ ਫਿਰਦੇ ਚੋਰ ਚੋਰ
ਕੋਈ ਛੋਟਾ ਚੋਰ ਕੋਈ ਬੜਾ ਚੋਰ.........
ਕੋਈ ਟੈਕਸ ਦੀ ਚੋਰੀ ਕਰਦਾ ਏ
ਘਰ ਆਪਣਾ ਮਾਲ ਨਾ' ਭਰਦਾ ਏ
ਨਾਲ਼ ਵੱਡਿਆਂ ਇਹਦੀ ਯਾਰੀ ਏ
ਨਾ ਤਾਹੀਂ ਕਿਸੇ ਤੋਂ ਡਰਦਾ ਏ
ਸਭ ਚੋਰ ਇਕੱਠੇ ਹੋ ਗਏ ਨੇ
ਸਿਸਟਮ ਨੂੰ ਖਾਂਦੇ ਭੋਰ ਭੋਰ
ਕੋਈ ਛੋਟਾ ਚੋਰ ਕੋਈ ਬੜਾ ਚੋਰ....................
ਨਿਰਮਲ ਸਿੰਘ ਕੰਧਾਲਵੀ
08 July 2018
ਧੂਤਾ ਭੁਲੱਕੜ ਛੰਦ - ਨਿਰਮਲ ਸਿੰਘ ਕੰਧਾਲਵੀ
ਜੀਤੇ ਰਹੇਂ ਦਿੱਲੀ ਕੇ ਰਾਣੇ
ਹਮੇਂ ਬੁਲਾਵੇਂ ਕਥਾ ਕਰਾਣੇ
ਹਮ ਕੋ ਕਥਾ ਵਥਾ ਨਾ ਆਵੇ
ਬੰਟੀ ਭੱਈਆ ਮੁਝੇ ਲੇ ਜਾਵੇ
ਮੇਰਾ ਨਾਮ ਹੈ ਦੀਵਾ ਭੱਈਆ
ਮਾਤ ਹਮਾਰੀ ਦੁਰਗਾ ਮੱਈਆ
ਮਿਲੇ ਮਾਇਆ ਕਾ ਮੋਟਾ ਗੱਫਾ
ਪਹਿਨੇ ਰੇਸ਼ਮ ਛੋੜ ਕੇ ਲੱਠਾ
ਸੰਗਤ ਕੋ ਕਿਆ ਕਥਾ ਸੁਨਾਊਂ
ਲੱਲੇ ਭੱਭੇ ਸੇ ਕਾਮ ਚਲਾਊਂ
ਗੁਰੂ ਕੀ ਸੰਗਤ ਭੋਲੀ ਭਾਲੀ
ਸਤਿਨਾਮ ਬਸ ਕਹਿਨੇ ਵਾਲੀ
ਇਕ ਦਿਨ ਪੈ ਗਯਾ ਪੰਗਾ ਭਾਈ
ਕੱਚੀ ਤਰੇਲੀ ਮੁਝ ਕੋ ਆਈ
ਕਥਾ ਬੰਟੀ ਨੇ ਪਰਚੀ ਪੇ ਲਿਖੀ
ਨਾ ਜਾਨੇ ਮੈਂ ਕਹਾਂ ਰੱਖ ਲਿਤੀ
ਕਥਾ ਮੇਂ ਗਿਰੀ ਘੋੜੇ ਕੀ ਕਾਠੀ
ਭੂਲ ਗਈ ਮੁਝੇ ਸਾਰੀ ਸਾਖੀ
ਬਿਨ ਪਰਚੀ ਕੈਸੇ ਕਥਾ ਸੁਨਾਊਂ
ਦੁਰਗਾ ਜੀ ਕਾ ਨਾਮ ਧਿਆਊਂ
ਸਾਥੀਉਂ ਸੇ ਭੀ ਪੂਛਾ ਭਾਈ
ਤੁਮ ਨੇ ਤੋ ਨਹੀਂ ਕਹੀਂ ਛੁਪਾਈ
ਡਾਲ ਦੀਏ ਮੈਂ ਨੇੇ ਹਥਿਆਰ
ਪਾਜ ਉਘੜ ਗਿਆ ਸਰੇ-ਬਾਜ਼ਾਰ
ਸੰਗਤ ਜੀ ਮੇਰੀ ਖੋ ਗਈ ਪਰਚੀ
ਪਰਚੀ ਬਿਨ ਨਾ ਕਥਾ ਉਤਰਤੀ
ਪਰਚੀ ਲਿਖ ਕਰ ਫੇਰ ਮੈਂ ਆਊਂ
ਬਾਕੀ ਕਥਾ ਕਭੀ ਫੇਰ ਸੁਨਾਊਂ
ਨਿਰਮਲ ਸਿੰਘ ਕੰਧਾਲਵੀ
27 Oct. 2017
ਸੌਦਾ ਸਾਧ ਦਾ ਤਰਲਾ - ਕੰਧਾਲਵੀ
ਮੇਰਾ ਕਰੋ ਇੰਤਜ਼ਾਮ, ਮੈਂ ਹੋਇਆ ਬੜਾ ਪ੍ਰੇਸ਼ਾਨ
ਪੇਸ਼ ਚਲਦੀ ਨਹੀਂ ਕੋਈ, ਤੰਗ ਕਰਦਾ ਏ ਕਾਮ
ਮੇਰਾ ਕਰੋ ਇੰਤਜ਼ਾਮ..........................
ਥੋਡੀ ਮਿੰਨਤ ਸੀ ਪਾਈ, ਦੋਵਾਂ ਅਰਜ਼ੀ ਵੀ ਲਾਈ
ਨਾ ਵਿਛੋੜਿਓ ਓਏ ਸਾਨੂੰ, ਦੋ ਕਲਬੂਤ ਇਕ ਜਾਨ
ਮੇਰਾ ਕਰੋ.................................
ਕਿੱਥੇ ਹਨੀਪ੍ਰੀਤ ਹੈ ਲੁਕੋਈ, ਮੈਨੂੰ ਦੱਸ ਦਿਉ ਕੋਈ
ਮੇਰੀ ਪਰੀਆਂ ਦੀ ਰਾਣੀ, ਮੇਰੇ ਡੇਰੇ ਦੀ ਸੀ ਸ਼ਾਨ
ਮੇਰਾ ਕਰੋ.........................................
ਕਹਿਰ ਹੋਰ ਨਾ ਕਮਾਉ, ਹਨੀਪ੍ਰੀਤ ਨੂੰ ਲਿਆਉ
ਮੈਂ ਜਿਊਂਦਿਆਂ 'ਚ ਹੋਜੂੰ, ਥੋਡਾ ਕੀ ਏ ਨੁਕਸਾਨ
ਮੇਰਾ ਕਰੋ........................................
ਜਿਹੜੇ ਮੰਗਦੇ ਸੀ ਵੋਟਾਂ, ਸਦਾ ਤੱਕਦੇ ਸੀ ਓਟਾਂ
ਮੁਲਾਕਾਤ ਨੂੰ ਨਾ ਆਏ, ਮੇਰੀ ਭੁੱਲ ਗਏ ਪਛਾਣ
ਮੇਰਾ ਕਰੋ...........................................
ਕੰਧਾਲਵੀ
15 Sep. 2017
ਹਨੀਪ੍ਰੀਤ ਦੀ ਅਰਜ਼ੋਈ ਤੇ ਸੌਦਾ ਸਾਧ ਦੀ ਬੇਬਸੀ - ਨਿਰਮਲ ਸਿੰਘ ਕੰਧਾਲਵੀ
ਹਨੀਪ੍ਰੀਤ:- ਕਿਤੋਂ ਬਹੁੜ 'ਪਿਤਾ' ਮੇਰੇ, ਹੁਣ ਆਈਆਂ ਮੁਸ਼ਕਿਲਾਂ ਬੜੀਆਂ
ਪੁਲਸ ਲੱਭਦੀ ਫਿਰੇ ਮੈਨੂੰ, ਲੱਗ ਜਾਣ ਨਾ ਕਿਤੇ ਹੱਥਕੜੀਆਂ
ਸੌਦਾ ਸਾਧ:- ਕੋਈ ਚਲਦਾ ਨਾ ਚਾਰਾ ਨੀਂ, ਮੈਂ ਟੱਕਰਾਂ ਨਾਲ਼ ਕੰਧਾਂ ਦੇ ਮਾਰਾਂ
ਦਿਲ ਡੁੱਬ ਡੁੱਬ ਜਾਂਦਾ ਮੇਰਾ, ਕਰ ਕਰ ਚੇਤੇ ਉਹ ਮੌਜ ਬਹਾਰਾਂ
ਹਨੀਪ੍ਰੀਤ:- ਹੁਣ ਮੈਨੂੰ ਬਚਾ ਲਉ ਜੀ, ਕੋਈ ਸ਼ਕਤੀ ਤੁਸੀਂ ਦਿਖਲਾਉ
ਰੂਪ ਧਾਰ ਕੇ ਸ਼ੇਰ ਦਾ ਜੀ, ਤੁਸੀਂ ਜਲਦ ਮੇਰੇ ਕੋਲ ਆਉ
ਮੇਰੇ ਅੱਥਰੂ ਨਹੀਂ ਰੁਕਦੇ, ਲੱਗੀਆਂ ਸਉਣ ਦੀਆਂ ਝੜੀਆਂ
ਕਿਤੋਂ ਬਹੁੜ 'ਪਿਤਾ' ਮੇਰੇ, ਹੁਣ ਆਈਆਂ ਮੁਸ਼ਕਿਲਾਂ ਬੜੀਆਂ
ਸੌਦਾ ਸਾਧ:- ਨੀਂ ਬਿੱਲੋ ਸ਼ੇਰ ਮੈਂ ਨਕਲੀ ਹਾਂ, ਬੁੱਧੂ ਲੋਕ ਮੈਂ ਬਹੁਤ ਬਣਾਏ
ਕਿਹੜੀ ਸ਼ਕਤੀ ਤੂੰ ਲੱਭਨੀ ਏਂ, ਕਿੱਸੇ ਚੇਲਿਆਂ ਨੂੰ ਝੂਠ ਸੁਣਾਏ
ਨਾ ਪੁਲਸ ਨੂੰ ਕੁਝ ਦੱਸੀਂ, ਸਹਿ ਲਈ ਸੁਹਲ ਸਰੀਰ 'ਤੇ ਮਾਰਾਂ
ਦਿਲ ਡੁੱਬ ਡੁਬ ਜਾਂਦਾ ਮੇਰਾ, ਕਰ ਕਰ ਚੇਤੇ ਉਹ ਮੌਜ ਬਹਾਰਾਂ
ਨਿਰਮਲ ਸਿੰਘ ਕੰਧਾਲਵੀ
06 Sep. 2017
ਮੈਂ ਸਾਧ ਸਾਂ ਬੜਾ ਰੰਗੀਲਾ ਜੀ - ਨਿਰਮਲ ਸਿੰਘ ਕੰਧਾਲਵੀ
ਸਿਰਸੇ 'ਚ ਰਚਾਉਂਦਾ ਲੀਲ੍ਹਾ ਸੀ
ਮਿਰਾ ਲੀਡਰ ਭਰਦੇ ਪਾਣੀ ਸੀ
ਹਰ ਅੱਖ ਮੈਂ ਕੀਤੀ ਕਾਣੀ ਸੀ
ਕਈਆਂ ਤੋਂ ਨੱਕ ਰਗੜਾਏ ਮੈਂ
ਖੱਬੀ ਖਾਨ ਸੀ ਪੜ੍ਹਨੇ ਪਾਏ ਮੈਂ
ਹੁਣ ਹਿੱਲਿਆ ਮੇਰਾ ਕੀਲਾ ਜੀ
ਮੈਂ ਸਾਧ ਸਾਂ ਬੜਾ ਰੰਗੀਲਾ ਜੀ.........................
ਸਭ ਲੀਡਰ ਗੁਣ ਮਿਰੇ ਗਾਉਂਦੇ ਸੀ
ਖੁਦ ਚੱਲ ਕੇ ਡੇਰੇ ਆਉਂਦੇ ਸੀ
ਕੋਈ ਕੰਮ ਮਿਰਾ ਨਾ ਰੁਕਦਾ ਸੀ
ਮਿਰੇ ਅੱਗੇ ਹਰ ਕੋਈ ਝੁਕਦਾ ਸੀ
ਲੁੱਟ ਲੁੱਟ ਜੋ ਮਹਿਲ ਬਣਾਏ ਮੈਂ
ਸਭ ਹੋ ਗਿਆ ਤੀਲਾ ਤੀਲਾ ਜੀ
ਮੈਂ ਸਾਧ ਸਾਂ ਬੜਾ ਰੰਗੀਲਾ ਜੀ.............................
ਮਿਰੇ ਰਾਹ 'ਚ ਜੋ ਕੋਈ ਆਇਆ ਸੀ
ਉਹਨੇ 'ਕੀਤੀ ਦਾ ਫਲ' ਪਾਇਆ ਸੀ
ਮਿਰੇ ਹੱਥ ਬੜੇ ਹੀ ਲੰਮੇ ਸੀ
ਕਈ ਆਕੜਖੋਰ ਮੈਂ ਭੰਨੇ ਸੀ
ਅਹਿ ਬਿਜਲੀ ਡਿਗ ਪਈ ਮੇਰੇ 'ਤੇ
ਕੋਈ ਚੱਲਿਆ ਨਹੀਂ ਮਿਰਾ ਹੀਲਾ ਜੀ
ਮੈਂ ਸਾਧ ਸਾਂ ਬੜਾ ਰੰਗੀਲਾ ਜੀ...................
ਦਸ ਲੱਖ ਦੇ ਬੈੱਡ 'ਤੇ ਸੌਂਦਾ ਸਾਂ
ਹੁਸਨਾਂ ਦੀਆਂ ਬੁੱਚੀਆਂ ਪਾਉਂਦਾ ਸਾਂ
ਹੁਣ ਥੜ੍ਹਾ ਢੂਈ ਨੂੰ ਛਿੱਲਦਾ ਏ
ਕੀ ਦੱਸਾਂ ਹਾਲ ਜੋ ਦਿਲ ਦਾ ਏ
ਨਹੀਂ ਅੰਦਰ ਲੰਘਦੀ ਰੋਟੀ ਜੀ
ਦਿਲ ਮੰਗਦਾ ਨਰਮ ਜਿਹੀ 'ਬੋਟੀ' ਜੀ
ਰੰਗ ਪੈਂਦਾ ਜਾਂਦਾ ਪੀਲਾ ਜੀ
ਮੈਂ ਸਾਧ ਸਾਂ ਬੜਾ ਰੰਗੀਲਾ ਜੀ
ਸਿਰਸੇ 'ਚ ਰਚਾਉਂਦਾ ਲੀਲ੍ਹਾ ਸੀ.............................
ਦੋ ਕੰਬਲ ਮਿਲ਼ੇ ਇਕ ਚਾਦਰ ਜੀ
ਹਰ ਕੋਈ ਇਕ ਬਰਾਬਰ ਜੀ
ਇਕ ਕੌਲਾ ਨਾਲ਼ ਇਕ ਥਾਲ਼ੀ ਜੀ
ਮੈਂ ਜੇਲ੍ਹ 'ਚ ਬਣ ਗਿਆ ਮਾਲੀ ਜੀ
ਪਟ ਰੇਸ਼ਮ ਕਦੇ ਹੰਢਾਉਂਦਾ ਸਾਂ
'ਸੂਟ' ਧਾਰੀਦਾਰ ਹੁਣ ਨੀਲਾ ਜੀ
ਮੈਂ ਸਾਧ ਸਾਂ ਬੜਾ ਰੰਗੀਲਾ ਜੀ
ਸਿਰਸੇ 'ਚ ਰਚਾਉਂਦਾ ਲੀਲ੍ਹਾ ਸੀ..................
ਹਨੀਪ੍ਰੀਤ ਦਾ ਝੋਰਾ ਖਾਂਦਾ ਏ
ਦਿਲ ਮੇਰਾ ਡੁੱਬਦਾ ਜਾਂਦਾ ਏ
ਕਿਹੜੇ ਹਾਲ 'ਚ ਕਮਲ਼ੀ ਹੋਣੀ ਏ
ਕੀ ਵਰਤ ਗਈ ਕੀ ਅਨਹੋਣੀ ਏਂ
ਬਿਨ ਮੇਰੇ ਕਿੰਜ ਉਹ ਜੀਵੇਗੀ
ਇਕ ਮੈਂ ਹੀ ਉਹਦਾ ਵਸੀਲਾ ਸੀ
ਮੈਂ ਸਾਧ ਸਾਂ ਬੜਾ ਰੰਗੀਲਾ ਸੀ
ਸਿਰਸੇ 'ਚ ਰਚਾਉਂਦਾ ਲੀਲ੍ਹਾ ਸੀ......................................
ਨਿਰਮਲ ਸਿੰਘ ਕੰਧਾਲਵੀ
1 Sep. 2017