ਉਹ ਦਿਨ - ਨਿਰਮਲ ਸਿੰਘ ਕੰਧਾਲਵੀ
ਨਵੰਬਰ 1991 ‘ਚ ਮੈਨੂੰ ਮਾਤਾ ਜੀ ਦੀ ਅਚਾਨਕ ਹੋਈ ਮੌਤ ਕਾਰਨ ਪੰਜਾਬ ਜਾਣਾ ਪਿਆ। ਕਈ ਦੋਸਤਾਂ, ਮਿੱਤਰਾਂ ਤੇ ਪਰਵਾਰ ਨੇ ਚਿੰਤਾ ਜ਼ਾਹਰ ਕੀਤੀ ਕਿਉਂਕਿ ਪੰਜਾਬ ਵਿਚ ਉਸ ਵੇਲੇ ਹਾਲਾਤ ਬੜੇ ਖ਼ਰਾਬ ਸਨ। ਇਕ ਪਾਸੇ ਸਰਕਾਰੀ ਦਹਿਸ਼ਤ ਤੇ ਦੂਸਰੇ ਪਾਸੇ ਖਾੜਕੂਆਂ ਵਲੋਂ ਕੀਤੇ ਜਾਂਦੇ ਐਕਸ਼ਨਾਂ ਤੇ ਝੂਠੇ ਪੁਲਿਸ ਮੁਕਾਬਲਿਆਂ ਦੀਆਂ ਖ਼ਬਰਾਂ ਨਾਲ ਅਖ਼ਬਾਰਾਂ ਭਰੀਆਂ ਹੁੰਦੀਆਂ। ਉੱਥੇ ਪਹੁੰਚ ਕੇ ਸਭ ਕੁਝ ਅੱਖੀਂ ਵੇਖਿਆ। ਸੂਰਜ ਡੁੱਬਿਦਆਂ ਹੀ ਚਾਰੇ ਪਾਸੇ ਚੁੱਪ ਚਾਂ ਪਸਰ ਜਾਂਦੀ। ਲੋਕ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਕੇ ਅੰਦਰੀਂ ਦੁਬਕ ਜਾਂਦੇ। ਹਨ੍ਹੇਰਾ ਪਏ ‘ਤੇ ਜੇ ਕਿਸੇ ਘਰ ਦਾ ਦਰਵਾਜ਼ਾ ਖੜਕਦਾ ਤਾਂ ਘਰ ਵਾਲਿਆਂ ਦੇ ਪ੍ਰਾਣ ਸੂਤੇ ਜਾਂਦੇ। ਪਿਤਾ ਜੀ ਨੂੰ ਇਕੋ ਫ਼ਿਕਰ ਰਹਿੰਦਾ ਕਿ ਕਿਤੇ ਫਿਰੌਤੀ ਮੰਗਣ ਵਾਲਿਆਂ ਦੀ ਚਿੱਠੀ ਨਾ ਆ ਜਾਵੇ। ਖ਼ੈਰ ਅਜੇ ਤੱਕ ਸਭ ਠੀਕ ਠਾਕ ਚਲ ਰਿਹਾ ਸੀ।
ਭੋਗ ਪੁਰ ਇਕ ਰਿਸ਼ਤੇਦਾਰੀ ਵਿਚ ਕੁਝ ਹਫ਼ਤੇ ਹੋਏ ਇਕ ਮਰਗ ਹੋ ਗਿਆ ਸੀ। ਬਾਕੀ ਸਾਰਾ ਪਰਵਾਰ ਸਸਕਾਰ ‘ਤੇ ਜਾ ਆਇਆ ਸੀ। ਪਿਤਾ ਜੀ ਨੇ ਸਲਾਹ ਦਿੱਤੀ ਕਿ ਮੈਨੂੰ ਵੀ ਅਫ਼ਸੋਸ ਕਰਨ ਲਈ ਜਾਣਾ ਚਾਹੀਦਾ ਹੈ। ਸੋ ਇਕ ਦਿਨ ਜਾਣ ਦਾ ਪ੍ਰੋਗਰਾਮ ਬਣਾ ਲਿਆ। ਪੰਜਾਬ ਗਿਆਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਨੇੜੇ ਤੇੜੇ ਕਿਧਰੇ ਵੀ ਜਾਣਾ ਹੋਵੇ ਤਾਂ ਕਾਰ ਦੀ ਬਜਾਇ ਬਸ ‘ਤੇ ਜਾਇਆ ਜਾਵੇ। ਇਸ ਨਾਲ ਇਕ ਤਾਂ ਮੈਨੂੰ ਆਪਣਾ ਸਕੂਲ ਅਤੇ ਕਾਲਜ ਵੇਲੇ ਦਾ ਸਮਾਂ ਯਾਦ ਆਉਂਦਾ ਹੈ ਜਦੋਂ ਚਾਰੇ ਪਾਸੇ ਬਸਾਂ ਵਿਚ ਹੀ ਘੁੰਮਿਆਂ ਕਰਦੇ ਸਾਂ, ਦੂਸਰਾ ਫ਼ਾਇਦਾ ਇਹ ਹੁੰਦਾ ਹੈ ਕਿ ਇਸ ਨਾਲ਼ ਤੁਹਾਨੂੰ ਲੋਕਾਂ ਨੂੰ ਨੇੜਿਉਂ ਹੋ ਕੇ ਦੇਖਣ ਦਾ ਮੌਕਾ ਮਿਲਦਾ ਹੈ। ਕਾਰ ਵਿਚ ਜਾ ਕੇ ਤੁਹਾਡਾ ਆਮ ਲੋਕਾਂ ਨਾਲ਼ ਮੇਲ ਮਿਲਾਪ ਨਹੀਂ ਹੁੰਦਾ।
ਟਾਂਡੇ ਪਹੁੰਚ ਕੇ ਮੈਂ ਬਸ ਦੀ ਉਡੀਕ ਕਰਨ ਲੱਗਾ। ਲੰਬੇ ਰੂਟ ਦੀ ਬਸ ਆਈ ਤੇ ਕੰਡਕਟਰ ਨੇ ਹੋਕਾ ਮਾਰਨਾ ਸ਼ੁਰੂ ਕੀਤਾ ਕਿ ਭੋਗ ਪੁਰ ਤੋਂ ਉਰੇ ਦੀ ਕੋਈ ਸਵਾਰੀ ਨਾ ਹੋਵੇ। ਕੰਡਕਟਰ ਦਾ ਕਹਿਣ ਦਾ ਅੰਦਾਜ਼ ਬੜਾ ਖਰ੍ਹਵਾ ਸੀ। ਬਸ ਵਿਚ ਸਭ ਸੀਟਾਂ ਭਰੀਆਂ ਹੋਈਆਂ ਸਨ ਪਰ ਫੇਰ ਵੀ ਕੰਡਕਟਰ ਨੇ ਸਭ ਸਵਾਰੀਆਂ ਚੜ੍ਹਾ ਲਈਆਂ ਸਨ। ਅੰਦਰ ਦਾ ਦ੍ਰਿਸ਼ ਅਚਾਰ ਵਾਲੇ ਮਰਤਬਾਨ ਵਰਗਾ ਸੀ। ਸਭ ਸਵਾਰੀਆਂ ਇਕ ਦੂਜੀ ਨਾਲ਼ ਟਿੱਚ ਬਟਣਾਂ ਵਾਂਗ ਫਸੀਆਂ ਖੜ੍ਹੀਆਂ ਸਨ। ਮੈਨੂੰ ਯਾਦ ਆਇਆ ਕਿ ਬਚਪਨ ਵਿਚ ਜਦ ਮਾਤਾ ਜੀ ਨਿੰਬੂ ਦਾ ਅਚਾਰ ਪਾਇਆ ਕਰਦੇ ਸਨ ਤਾਂ ਉਹਨਾਂ ਨੇ ਤੁੰਨ ਤੁੰਨ ਕੇ ਨਿੰਬੂ ਮਰਤਬਾਨ ‘ਚ ਪਾਉਣੇ ਤਾਂ ਮੈਂ ਕਹਿਣਾ ਕਿ ਇਸ ਵਿਚ ਹੁਣ ਹੋਰ ਜਗ੍ਹਾ ਨਹੀਂ ਹੈ ਤਾਂ ਮਾਤਾ ਜੀ ਨੇ ਕਹਿਣਾ, “ ਦੇਖੀਂ ਜਦੋਂ ਇਹ ਗਲ਼ ਗਏ ਚੰਗੀ ਤਰ੍ਹਾਂ, ਅੱਧਾ ਮਰਤਬਾਨ ਖਾਲੀ ਹੋ ਜਾਣੈ,” ਸ਼ਾਇਦ ਕੰਡਕਟਰ ਵੀ ਇਸੇ ਸਿਧਾਂਤ ‘ਤੇ ਕੰਮ ਕਰਦਾ ਸੀ ਕਿ ਜਦੋਂ ਡਰਾਈਵਰ ਨੇ ਦੋ ਤਿੰਨ ਵਾਰੀ ਜ਼ਬਰਦਸਤ ਜਿਹੀ ਬਰੇਕ ਮਾਰੀ ਸਵਾਰੀਆਂ ਨੇ ਆਪੇ ਸੈੱਟ ਹੋ ਜਾਣੈ।
ਕੰਡਕਟਰ ਟਿਕਟਾਂ ਕੱਟਦਾ ਵੀ ਸਭ ਨਾਲ਼ ਖਰ੍ਹਵਾ ਹੀ ਬੋਲ ਰਿਹਾ ਸੀ। ਜੇ ਕੋਈ ਉਸ ਨੁੰ ਵੱਡਾ ਨੋਟ ਦਿੰਦਾ ਤਾਂ ਬਸ ਉਸ ਦੇ ਗਲ਼ ਹੀ ਪੈ ਜਾਂਦਾ। ਭੋਗ ਪੁਰ ਦਾ ਕਿਰਾਇਆ ਉਦੋਂ ਟਾਂਡੇ ਤੋਂ ਢਾਈ ਰੁਪਏ ਲਗਦਾ ਸੀ। ਮੈਂ ਉਸ ਨੂੰ ਪੰਜਾਂ ਦਾ ਨੋਟ ਦਿਤਾ ਤੇ ਉਸਨੇ ਬਕਾਇਆ ਮੋੜਨ ਦੀ ਬਜਾਇ ਟਿਕਟ ਦੇ ਪਿਛਲੇ ਪਾਸੇ ਲਿਖ ਦਿਤਾ। ਹੁਣ ਭੋਗ ਪੁਰ ਵੀ ਜਲਦੀ ਹੀ ਆਉਣੇ ਵਾਲ਼ਾ ਸੀ। ਬਕਾਇਆ ਮੰਗਣ ‘ਤੇ ਉਹ ‘ਦਿੰਨਾਂ’ ਕਹਿ ਕੇ ਅੱਗੇ ਲੰਘ ਗਿਆ। ਜਦੋਂ ਉਹ ਵਾਪਸ ਮੁੜਿਆ ਤਾਂ ਮੈਂ ਫੇਰ ਬਕਾਏ ਦੀ ਮੰਗ ਕੀਤੀ ਤਾਂ ਉਹ ਅੱਗ ਬਗੂਲਾ ਹੋ ਗਿਆ ਤੇ ਉੱਚੀ ਸੁਰ ‘ਚ ਬੋਲਿਆ, “ ਮਾਰ ਲਿਆ ਯਾਰ ਤੇਰੇ ਬਕਾਏ ਨੇ, ਮੈਂ ਕੋਠੀ ਤਾਂ ਨਹੀਂ ਪਾ ਲਈ ਤੇਰੇ ਬਕਾਏ ਨਾਲ਼,” ਤੇ ਉਹ ਮੇਰੇ ਵਲ ਬੜੀਆਂ ਕੌੜ ਨਜ਼ਰਾਂ ਨਾਲ ਝਾਕਿਆ ਜਿਵੇਂ ਬਕਾਇਆ ਮੰਗ ਕੇ ਮੈਂ ਬਹੁਤ ਵੱਡਾ ਗੁਨਾਹ ਕਰ ਦਿਤਾ ਹੋਵੇ। ਗੱਲ ਢਾਈ ਰੁਪਇਆਂ ਦੀ ਨਹੀਂ ਸੀ, ਗੱਲ ਅਸੂਲ ਦੀ ਸੀ। ਮੈਂ ਕਿਹਾ, “ ਭਾਈ ਸਾਹਿਬ, ਆਪਣਾ ਬਕਾਇਆ ਮੰਗ ਕੇ ਮੈਂ ਕੋਈ ਗੁਨਾਹ ਤਾਂ ਨਹੀਂ ਕੀਤਾ, ਤੁਹਾਨੂੰ ‘ਤੇ ਸਗੋਂ ਸਵਾਰੀ ਦੇ ਕਹਿਣ ਤੋਂ ਬਿਨਾਂ ਹੀ ਬਕਾਇਆ ਮੋੜ ਦੇਣਾ ਚਾਹੀਦੈ।”
ਬਸ ਦੀਆਂ ਪਿਛਲੀਆਂ ਸੀਟਾਂ ‘ਤੇ ਦੋ ਸਿਪਾਹੀ ਬੰਦੂਕਾਂ ਲਈ ਬੈਠੇ ਸਨ। ਜਦੋਂ ਤੋਂ ਬਸਾਂ ਵਿਚ ਕੁਝ ਘਟਨਾਵਾਂ ਹੋਈਆਂ ਸਨ, ਸਰਕਾਰ ਨੇ ਵਿਸ਼ੇਸ਼ ਕਰ ਕੇ ਲੰਬੇ ਰੂਟ ਵਾਲੀਆਂ ਬਸਾਂ ਦੇ ਮੁਸਾਫ਼ਰਾਂ ਦੀ ਸੁਰੱਖਿਅਤਾ ਲਈ ਦੋ ਦੋ ਗੰਨਮੈਨ ਲਗਾ ਦਿਤੇ ਸਨ। ਉਹਨਾਂ ਵਲ ਇਸ਼ਾਰਾ ਕਰ ਕੇ ਉਹ ਬੋਲਿਆ, “ ਔਹ ਦੇਖਦੈਂ ਨਾ ਦੋ ਗੰਨਮੈਨ, ਜਲੰਧਰ ਜਾ ਕੇ ਇਹਨਾਂ ਨੇ ਪੱਤੀ ਵਾਲ਼ਾ ਦੁੱਧ ਪੀਣੈਂ ਮੇਰੇ ਕੋਲੋਂ, ਮੈਂ ਆਪਣੀ ਜੇਬ ‘ਚੋਂ ਪਿਆਵਾਂ?”
“ ਤੂੰ ਸਵਾਰੀਆਂ ਦੇ ਪੈਸੇ ਮਾਰ ਕੇ ਦੁੱਧ ਪਿਆਉਣੈ, ਜੇ ਇਹਨਾਂ ਨੂੰ ਪੱਤੀ ਵਾਲਾ ਦੁੱਧ ਪੀਣ ਦਾ ਸ਼ੌਕ ਐ ਤਾਂ ਆਪਣੇ ਪੈਸਿਆਂ ਦਾ ਪੀਣ, ਕੀ ਗੱਲ ਇਹਨਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ,“ ਮੈਂ ਥੋੜ੍ਹਾ ਜਿਹਾ ਤਲਖ਼ ਲਹਿਜ਼ੇ ਨਾਲ਼ ਕਿਹਾ।
“ ਬਾਹਰੋਂ ਆਇਆ ਲਗਦੈਂ, ਤਾਂ ਹੀ ਕਾਨੂੰਨ ਸਮਝਾਉਨੈਂ ਸਾਨੂੰ, ਜਦੋਂ ਬਾਹਰੋਂ ਆਉਂਦੇ ਹੁੰਨੇ ਓਂ ਤਾਂ ਬਾਹਰਲੇ ਕਾਨੂੰਨ ਉੱਥੇ ਹੀ ਰੱਖ ਕੇ ਆਇਆ ਕਰੋ, ਇੱਥੇ ਆ ਕੇ ਸਾਡੇ ਮੁਤਾਬਕ ਚੱਲਿਆ ਕਰੋ,” ਉਸ ਨੇ ਸ਼ਾਇਦ ਮੇਰੇ ਕੱਪੜੇ ਲੱਤੇ ਤੋਂ ਭਾਂਪ ਲਿਆ ਸੀ ਕਿ ਮੈਂ ਬਾਹਰੋਂ ਆਇਆ ਹੋਇਆ ਸਾਂ। ਬਕਾਇਆ ਉਸ ਨੇ ਫਿਰ ਵੀ ਨਹੀਂ ਸੀ ਮੋੜਿਆ।
ਬਸ ਭੋਗ ਪੁਰ ਪਹੁੰਚ ਚੁੱਕੀ ਸੀ। ਹੁਣ ਬਕਾਇਆ ਵਾਪਸ ਲੈਣ ਨਾਲੋਂ ਬਸ ਚੋਂ ਉੱਤਰਨਾ ਸਮੱਸਿਆ ਬਣ ਚੁੱਕੀ ਸੀ। ਬਸ ‘ਚ ਚੜ੍ਹਨ ਵਾਲੇ ਧੁੱਸ ਦੇਈ ਦਰਵਾਜ਼ਾ ਰੋਕੀ ਖੜ੍ਹੇ ਸਨ ਤੇ ਉੱਤਰਨ ਵਾਲੇ ਧੱਕੇ ਮਾਰ ਕੇ ਉੱਤਰਨ ਦੀ ਕੋਸ਼ਿਸ਼ ਕਰ ਰਹੇ ਸਨ। ਕੰਡਕਟਰ ਛੇਤੀ ਕਰੋ ਛੇਤੀ ਕਰੋ ਦਾ ਰੌਲ਼ਾ ਪਾ ਰਿਹਾ ਸੀ। ਖੈਰ ਕਿਸੇ ਤਰ੍ਹਾਂ ਧੱਕਮ-ਧੱਕੀ ਹੁੰਦਿਆਂ ਬਸ ਚੋਂ ਉੱਤਰ ਕੇ ਮੈਂ ਬਾਜ਼ਾਰ ਵਲ ਨੂੰ ਤੁਰ ਪਿਆ ਤਾਂ ਥੋੜ੍ਹੀ ਦੂਰ ‘ਤੇ ਇਕ ਉੱਚੇ ਲੰਮੇ ਬਜ਼ੁਰਗ਼ ਸਰਦਾਰ ਜੀ ਨੇ ਸਤਿ ਸ੍ਰੀ ਅਕਾਲ ਬੁਲਾਈ। ਇਹ ਬਜ਼ੁਰਗ ਵੀ ਇਸੇ ਬਸ ‘ਚੋਂ ਹੀ ਉੱਤਰੇ ਸਨ, ਕਹਿਣ ਲੱਗੇ, “ ਕਾਕਾ ਜੀ, ਤੁਸੀਂ ਕੰਡਕਟਰ ਨਾਲ਼ ਪੰਗਾ ਲੈ ਕੇ ਬਹੁਤ ਬੜਾ ਖ਼ਤਰਾ ਮੁੱਲ ਲਿਆ। ਤੁਹਾਨੂੰ ਪਤੈ ਕਿ ਅੱਜ ਕੱਲ ਕੀ ਹਾਲਾਤ ਚਲ ਰਹੇ ਨੇ ਏਥੇ! ਪੁਲਿਸ ਦੇ ਕੰਮ ‘ਚ ਅੜਿੱਕਾ ਡਾਹੁਣ ਦੇ ਕੇਸ ਵਿਚ ਤੁਹਾਡੇ ‘ਤੇ ਕੇਸ ਬਣਾ ਦੇਣਾ ਸੀ ਉਹਨਾਂ ਨੇ ਤੇ ਅਖ਼ਬਾਰਾਂ ਟੈਲੀਵੀਯਨਾਂ ’ਤੇ ਖ਼ਬਰਾਂ ਆ ਜਾਣੀਆਂ ਸਨ ਕਿ ਇਕ ਐਨ.ਆਰ.ਆਈ. ਅੱਤਵਾਦੀ ਹਥਿਆਰਾਂ ਸਮੇਤ ਕਾਬੂ, ਪੁਲਿਸ ਜਾਂਚ ਕਰ ਰਹੀ ਹੈ ਕਿ ਉਸ ਦੇ ਕਿਹੜੀ ਕਿਹੜੀ ਅੱਤਵਾਦੀ ਜਥੇਬੰਦੀ ਨਾਲ਼ ਸਬੰਧ ਹਨ।“
ਬਜ਼ੁਰਗ ਦੀ ਗੱਲ ਸੁਣ ਕੇ ਇੰਗਲੈਂਡ ਦੀਆਂ ਅਖ਼ਬਾਰਾਂ ‘ਚ ਪੜ੍ਹੀਆਂ ਹੋਈਆਂ ਅਜਿਹੀਆਂ ਖਬਰਾਂ ਮੇਰੀਆਂ ਅੱਖਾਂ ਅੱਗੇ ਆਉਣ ਲੱਗੀਆਂ।
“ ਬਸ ਕਾਕਾ ਜੀ, ਅਗਾਂਹ ਤੋਂ ਖ਼ਿਆਲ ਰੱਖਿਉ, ਜਿਹੜੇ ਕੰਮ ਆਏ ਹੋ, ਕਰੋ ਤੇ ਰਾਜੀ ਖ਼ੁਸ਼ੀ ਆਪਣੇ ਪਰਵਾਰ ‘ਚ ਵਾਪਸ ਜਾਉ, ਅੱਛਾ ਸਤਿ ਸ੍ਰੀ ਅਕਾਲ,” ਤੇ ਏਨਾ ਕਹਿ ਕੇ ਸਰਦਾਰ ਜੀ ਇਕ ਦੁਕਾਨ ਵਿਚ ਵੜ ਗਏ।
ਸਰਦੀ ਦਾ ਮੌਸਮ ਹੋਣ ਦੇ ਬਾਵਜੂਦ ਮੇਰੇ ਮੱਥੇ ‘ਤੇ ਪਸੀਨਾ ਆ ਰਿਹਾ ਸੀ।
ਨਿਰਮਲ ਸਿੰਘ ਕੰਧਾਲਵੀ