ਮਸਲਾ-ਏ-ਪੰਜਾਬ : ਬੰਜਰ ਤੇ ਖੰਡਰ ਪੰਜਾਬ - ਬੁੱਧ ਸਿੰਘ ਨੀਲੋਂ
ਪੰਜਾਬ, ਜਿਸਨੂੰ ਸੱਭਿਅਤਾ ਦਾ ਪੰਘੂੜਾ ਕਿਹਾ ਜਾਂਦਾ ਹੈ, ਜਿੱਥੇ ਧਰਤੀ ਸੋਨਾ ਉਗਲਦੀ ਸੀ, ਵਾਤਾਵਰਨ ਵਿੱਚ ਮਿਠਾਸ ਸੀ, ਪਾਣੀ ਇਸ ਦਾ ਅੰਮ੍ਰਿਤ ਸੀ। ਜਿਹੜਾ ਵੀ ਕੋਈ ਪ੍ਰਾਣੀ ਇਸ ਧਰਤੀ ਦੀ ਗੋਦ ਵਿੱਚ ਆਉਂਦਾ, ਉਹ ਇੱਥੋਂ ਦਾ ਹੀ ਹੋ ਕੇ ਰਹਿ ਜਾਂਦਾ ਸੀ। ਇੱਥੋਂ ਦੇ ਵਾਸੀ ਇੱਕ-ਦੂਜੇ ਲਈ ਜਾਨਾਂ ਵਾਰਦੇ ਸੀ, ਮੁਹੱਬਤ ਦੀ ਨਦੀ ਵਗਦੀ ਸੀ, ਸੰਗੀਤ ਦਾ ਝਰਨਾ ਸੀ। ਅਣਖ਼ੀਲੇ ਸੁਭਾਅ ਦੇ ਮਾਲਕ ਪੰਜਾਬ ਨੇ ਕਦੇ ਵੀ ਦੁਸ਼ਮਨ ਵੱਲ ਕੰਡ ਨਹੀਂ ਕੀਤੀ। ਸਗੋਂ ਸਦਾ ਹਰ ਹਮਲੇ ਨੂੰ ਹਿੱਕ ਦੇ ਜ਼ੋਰ ਨਾਲ ਪਛਾੜਿਆ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵਧੇਰੇ ਯੋਗਦਾਨ ਪਾਉਣ ਵਾਲਾ ਪੰਜਾਬ ਹੀ ਹੈ, ਜਿਸ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਦੇਸ਼ ਨੂੰ ਅੰਗਰੇਜ਼ ਹਕੂਮਤ ਤੋਂ ਨਿਜਾਤ ਦਿਵਾਈ। ਆਜ਼ਾਦੀ ਤੋਂ ਬਾਅਦ ਭੁੱਖੇ ਮਰ ਰਹੇ ਦੇਸ਼ ਨੂੰ ਅੰਨ ਨਾਲ ਮਾਲਾਮਾਲ ਕਰਨ ਵਾਲਾ ਪੰਜਾਬ ਹੀ ਤਾਂ ਹੈ, ਜਿਸਨੇ ਭਿਖਾਰੀ ਬਣੇ ਦੇਸ਼ ਨੂੰ ਅੰਨਦਾਤਾ ਬਣਾਇਆ। ਦੁੱਧ ਦੀਆਂ ਨਦੀਆਂ ਵਰਗਾਈਆਂ। ਭਾਵੇਂ ਇਹ ਗੱਲਾਂ ਹੋਈਆਂ-ਬੀਤੀਆਂ ਨੂੰ ਕੋਈ ਬਹੁਤਾ ਸਮਾਂ ਨਹੀਂ ਹੋਇਆ, ਅਜੇ ਗਿਣਤੀ ਦੇ ਵਰ੍ਹੇ ਹੀ ਹੋਏ ਹਨ। ਪਰ ਇੰਨੇ ਸਮਿਆਂ ਵਿੱਚ ਪੰਜਾਬ ਦੇ ਉਹ ਨਕਸ਼ਾ ਤੇ ਹੁਣ ਦਾ ਨਕਸ਼ਾ ਇਸ ਕਦਰ ਬਦਲ ਗਿਆ ਹੈ ਜਾਂ ਬਦਲ ਦਿੱਤਾ ਗਿਆ ਹੈ। ਇਸਨੂੰ ਸਮਝਣ ਦੀ ਜ਼ਰੂਰਤ ਹੈ।
ਪੰਜਾਬ ਨੂੰ ਜਿਸ ਸਾਜਿਸ਼ ਅਧੀਨ ਲਤਾੜਿਆ ਜਾ ਰਿਹਾ ਹੈ, ਉਸ ਪਿੱਛੇ ਕਿਹੜੀਆਂ ਤਾਕਤਾਂ ਦੇ ਪਿੱਠੂ ਸਾਡੀਆਂ ਰਾਜਨੀਤਿਕ ਪਾਰਟੀਆਂ ਵਿੱਚੋਂ ਕਿਹੜੇ ਹਨ? ਇਸ ਬਾਰੇ ਵੀ ਖੋਜ ਕਰਨ ਦੀ ਲੋੜ ਹੈ। ਹਰਿਆ-ਭਰਿਆ, ਚਹਿਕਦਾ-ਮਹਿਕਦਾ, ਟਹਿਕਦਾ ਪੰਜਾਬ, ਅੱਜ ਕਿਉਂ ਚਾਰੇ ਪਾਸਿਓਂ ਮੁਰਝਾ ਰਿਹਾ ਹੈ? ਇਸ ਦੇ ਖੇਤਾਂ ਵਿੱਚ ਫਸਲਾਂ ਦੀ ਥਾਂ ਕਦੇ ਬੰਦੂਕਾਂ ਉਗਦੀਆਂ ਰਹੀਆਂ, ਹੁਣ ਖੁਦਕਸ਼ੀਆਂ ਉੱਗਣ ਲੱਗ ਪਈਆਂ।
ਪੰਜਾਬ ਦੀ ਧਰਤੀ 'ਤੇ ਫ਼ਸਲਾਂ ਤੋਂ ਬੰਦੂਕਾਂ ਉੱਗਣ ਦੇ ਸਫ਼ਰ ਵੱਲ ਜੇ ਪੰਛੀ-ਝਾਤ ਮਾਰੀਏ ਤਾਂ ਬਿਨਾਂ ਨਿਰਾਸ਼ਾ ਦੇ ਕੁੱਝ ਵੀ ਪੱਲੇ ਨਹੀਂ ਪੈਂਦਾ ਕਿਉਂਕਿ ਕੁੱਝ ਮੌਕਾਪ੍ਰਸਤ ਲੀਡਰਾਂ ਨੇ ਆਪਣੀ ਚੌਧਰ ਕਾਇਮ ਰੱਖਣ ਲਈ ਪੰਜਾਬ ਨੂੰ ਗਹਿਣੇ ਪਾਉਣ ਲਈ ਹਰ ਤਰ੍ਹਾਂ ਦੀ ਸਾਜਿਸ਼ ਵਿੱਚ ਆਪਣੀ ਭਾਈਵਾਲੀ ਰੱਖੀ ਕਿਉਂਕਿ ਉਨ੍ਹਾਂ ਨੇ ਤਾਂ ਸਿਰਫ਼ ਮੌਕੇ ਦਾ ਹੀ ਲਾਭ ਉਠਾਇਆ। ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਹਾਲਤ ਕੀ ਹੋਵੇਗੀ? ਇਸ ਬਾਰੇ ਉਨ੍ਹਾਂ ਨਹੀਂ ਸੋਚਿਆ। ਹਜ਼ਾਰਾਂ ਦੀ ਗਿਣਤੀ ਵਿੱਚ ਗੱਭਰੂ ਮਾਰੇ ਗਏ, ਹਜ਼ਾਰਾਂ ਘਰ ਬਰਬਾਦ ਹੋ ਗਏ, ਨਮੋਸ਼ੀ ਤੋਂ ਬਿਨਾਂ ਪੱਲੇ ਕੁਝ ਨਹੀਂ ਪਿਆ।
ਹੁਣ ਪੰਜਾਬ ਦੀ ਧਰਤੀ ਬੰਜਰ ਹੋ ਰਹੀ ਹੈ। ਧਰਤੀ ਹੇਠਲਾ ਪਾਣੀ ਪਹੁੰਚ ਤੋਂ ਦੂਰ ਹੋ ਰਿਹਾ ਹੈ। ਜੋ ਪਾਣੀ ਮਿਲਦਾ ਵੀ ਹੈ, ਉਹ ਜ਼ਹਿਰੀਲਾ ਹੋ ਗਿਆ ਹੈ। ਪੀਣ ਯੋਗ ਪਾਣੀ ਨਹੀਂ ਰਿਹਾ। ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। ਖਾਣ-ਪੀਣ ਦੀਆਂ ਵਸਤਾਂ ਵਿੱਚ ਜ਼ਹਿਰੀਆਂ ਦਵਾਈਆਂ ਦੇ ਅੰਸ਼ ਆਉਣ ਕਾਰਣ ਉਹ ਪੰਜਾਬ ਦੇ ਜਿਸਮ ਵਿੱਚ ਵੜ ਗਏ ਹਨ। ਸਿੱਟੇ ਵਜੋਂ ਪੰਜਾਬ ਦਾ ਹਰ ਸ਼ਖ਼ਸ ਕਿਸੇ ਨਾ ਕਿਸੇ ਬਿਮਾਰੀ ਦੀ ਲਪੇਟ ਵਿੱਚ ਹੈ। ਬਹਤ ਸਾਰੀਆਂ ਜਾਨਲੇਵਾ ਬਿਮਾਰੀਆਂ ਨੇ ਰੋਜ਼ ਜਾਨਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸਾਡੀ ਧਰਤੀ, ਪਾਣੀ ਵਾਤਾਵਰਨ ਤੇ ਖਾਣ-ਪੀਣ ਦੀਆਂ ਵਸਤਾਂ ਨੂੰ ਜ਼ਹਿਰੀਲੀਆਂ ਕਰਨ ਵਾਲੀਆਂ ਉਹ ਕਿਹੜੀਆਂ ਧਿਰਾਂ ਹਨ? ਇਨ੍ਹਾਂ ਦੀ ਨਿਸ਼ਾਨਦੇਹੀ ਕੋਣ ਕਰੇਗਾ?
ਪੰਜਾਬ ਦਾ ਹਰ ਸ਼ਖ਼ਸ ਕਿਸੇ ਨਾ ਕਿਸੇ ਕਾਰਨ ਦੁਖੀ ਹੈ। ਵਿਸ਼ਵੀਕਰਨ ਤੇ ਸੰਸਾਰੀਕਰਨ ਦੇ ਰੌਲੇ ਨੇ ਉਸਨੂੰ ਹੋਰ ਵੀ ਭੰਬਲਭੂਸੇ ਵਿੱਚ ਪਾ ਦਿੱਤਾ ਹੈ। ਹੁਣ ਉਹ ਚੌਰਾਹੇ 'ਚ ਖੜ੍ਹਾ ਸੋਚ ਰਿਹਾ ਹੈ ਕਿ ਜੇ ਸਾਰਾ ਸੰਸਾਰ ਇੱਕ ਪਿੰਡ ਹੈ ਤਾਂ ਉਸ ਦਾ ਦੇਸ਼ ਕਿਹੜਾ ਹੈ? ਜੇ ਉਸ ਦਾ ਦੇਸ਼ ਭਾਰਤ ਹੈ ਤਾਂ ਉਸ ਦਾ ਭਾਰਤ ਕਿਹੜਾ ਹੈ? ਜੇ ਉਹ ਪੰਜਾਬ ਦਾ ਵਾਸੀ ਹੈ ਤਾਂ ਉਸ ਦਾ ਪੰਜਾਬ ਕਿਹੜਾ ਹੈ? ਤੇ ਉਸ ਦਾ ਪਿੰਡ ਕਿਹੜਾ ਹੈ? ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਇਸ ਵਿਸ਼ਵੀਕਰਨ ਨੇ ਕਦੀ ਵੀ ਨਹੀਂ ਦੇਣਾ। ਉਹ ਤਾਂ ਵਿਕਾਸ ਦੇ ਨਾਂ ਤੇ ਵਿਨਾਸ਼ ਕਰੀ ਜਾ ਰਹੇ ਹਨ। ਪੰਜਾਬ ਦੀ ਕਿਸਾਨੀ ਅੱਜ ਖ਼ੁਦਕਸ਼ੀਆਂ ਤੱਕ ਪੁੱਜ ਗਈ ਹੈ। ਪੰਜਾਬ ਨੂੰ ਖੇਰੂੰ-ਖੇਰੂੰ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ, ਪੰਜਾਬ ਨੂੰ ਚੁਫੇਰਿਉਂ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ। ਅਸੀਂ ਤਮਾਸ਼ਬੀਨ ਬਣੇ ਖੜ੍ਹੇ ਦੇਖ ਰਹੇ ਹਾਂ।
ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਦੀ ਸਿਉਂਕ ਲੱਗ ਗਈ ਹੈ। ਪੰਜਾਬ ਵਿੱਚੋਂ ਕਿਰਤ ਦਾ ਸੰਕਲਪ ਖ਼ਤਮ ਹੋ ਰਿਹਾ ਹੈ। ਗ਼ੈਰ ਪੰਜਾਬੀਆਂ ਦੀ ਆਮਦ ਨੇ ਜੋ ਮਾਹੌਲ ਪੈਦਾ ਕਰ ਦਿੱਤਾ ਹੈ, ਇਸਦੇ ਸਿੱਟੇ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬੀ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਵਿਦੇਸ਼ਾਂ ਨੂੰ ਦੌੜ ਰਹੇ ਹਨ। ਬੇਰੁਜ਼ਗਾਰੀ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਸਰਕਾਰੀ ਕਰਮਚਾਰੀਆਂ ਨੂੰ ਆਪਣੀਆਂ ਨੌਕਰੀਆਂ ਬਚਾਉਣ ਲਈ ਰੋਜ਼ਾਨਾ ਧਰਨੇ ਦੇਣੇ ਪੈਂਦੇ ਹਨ।
ਜਿਹੜੇ ਕਰਮਚਾਰੀ ਸਰਕਾਰੀ ਨੌਕਰੀ 'ਤੇ ਲੱਗ ਕੇ ਆਪਣੇ-ਆਪ ਨੂੰ 'ਸਰਕਾਰ ਦਾ ਜਵਾਈ' ਸਮਝਦੇ ਸਨ, ਅੱਜ ਉਨ੍ਹਾਂ ਦੇ ਲਈ ਨੌਕਰੀ ਬਚਾਉਣੀ ਔਖੀ ਹੋ ਗਈ ਹੈ, ਕਿਉਂਕਿ ਵਿਸ਼ਵੀਕਰਨ ਨੇ ਪ੍ਰਾਈਵੇਟ ਸੈਕਟਰ ਨੂੰ ਮਾਨਤਾ ਦੇਣੀ ਹੀ ਦੇਣੀ ਹੈ। ਜਿਹੜੇ ਕਰਮਚਾਰੀਆਂ ਨੇ ਨੌਕਰੀ ਦੌਰਾਨ, ਤਨਖ਼ਾਹ ਲੈਣ ਤੋਂ ਬਿਨਾਂ ਕੰਮ ਨਹੀਂ ਕੀਤਾ, ਉਨ੍ਹਾਂ ਦੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗੁਆਚ ਗਿਆ ਹੈ।
ਮੱਧਵਰਗੀ ਲੋਕ ਤਾਂ ਪੈਸੇ ਦੀ ਦੌੜ ਦੇ ਚੱਕਰ ਵਿੱਚ ਇੱਕ-ਦੂਜੇ ਦੀਆਂ ਜੇਬਾਂ ਕੱਟਦੇ ਭੱਜੇ ਜਾ ਰਹੇ ਹਨ। ਪੰਜਾਬ ਵਿੱਚ ਫ਼ਸਲਾਂ ਦੀ ਥਾਂ ਹੁਣ ਵੱਡੀਆਂ-ਵੱਡੀਆਂ ਇਮਾਰਤਾਂ ਦਾ ਜੰਗਲ ਉੱਗ ਆਇਆ ਹੈ। ਇਨ੍ਹਾਂ ਜੰਗਲਾਂ ਨੇ ਪ੍ਰੋ: ਪੂਰਨ ਸਿੰਘ ਦਾ ਪੰਜਾਬ ਖੋਹ ਲਿਆ ਹੈ। ਇਸ ਸਮੇਂ ਅਮੀਰ ਲੋਕ ਅਮੀਰ ਹੋ ਰਹੇ ਹਨ, ਗ਼ਰੀਬ ਦਾ ਜਿਉਣਾ ਦੁੱਭਰ ਹੋ ਰਿਹਾ ਹੈ ਕਿਉਂਕਿ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਵਿੱਚ ਕਈ ਗੁਣਾਂ ਨਿਰੰਤਰ ਵਾਧਾ ਹੋ ਰਿਹਾ ਹੈ। ਘਰੇਲੂ ਜੀਵਨ ਦੀਆਂ ਵਸਤਾਂ ਦੇ ਮੁੱਲ ਆਸਮਾਨ ਛੂਹ ਰਹੇ ਹਨ। ਹਾਸ਼ੀਏ 'ਤੇ ਬੈਠ ਲੋਕ ਚੁੱਪ ਤੇ ਖਾਮੋਸ਼ ਹਨ। ਉਹ ਅਜੇ ਦੇਖ ਰਹੇ ਹਨ ਕਿ ਇਹ ਵਿਕਾਸ ਉਨ੍ਹਾਂ ਨੂੰ ਕਿੱਥੇ ਤੱਕ ਲੈ ਕੇ ਜਾਵੇਗਾ?
ਬਹੁ-ਕੌਮੀ ਕੰਪਨੀਆਂ ਲਈ ਰਾਜਨੀਤਿਕ ਪਾਰਟੀਆਂ ਤਾਂ ਦਲਾਲ ਬਣ ਕੇ ਰਹਿ ਗਈਆਂ ਹਨ। ਇਨ੍ਹਾਂ ਕੋਲੋਂ ਦੇਸ਼ ਨੂੰ ਬਚਾਈ ਰੱਖਣ ਦੀ ਆਸ ਕਰਨੀ ਬੜੀ ਵੱਡੀ ਭੁੱਲ ਹੋਵੇਗੀ ਕਿਉਂਕਿ ਇਹ ਤਾਂ ਦੇਸ਼ ਨੂੰ ਗਹਿਣੇ ਧਰੀ ਜਾ ਰਹੇ ਹਨ। ਇੱਥੋਂ ਜੋ ਕੁੱਝ ਲੁੱਟਿਆ ਜਾ ਸਕਦਾ ਹੈ, ਲੁੱਟੀ ਜਾ ਰਹੇ ਹਨ। ਜਿਹੜੇ ਲੋਕ ਇਨ੍ਹਾਂ ਦੀ ਲੁੱਟ ਦਾ ਪਰਦਾਫ਼ਾਸ਼ ਕਰਦੇ ਹਨ, ਉਨ੍ਹਾਂ ਨੂੰ ਅਮਨ-ਕਾਨੂੰਨ ਦੀ ਆੜ ਹੇਠ ਜੇਲ੍ਹਾਂ ਵਿੱਚ ਤੁੰਨਿਆ ਜਾ ਰਿਹਾ ਹੈ। ਦਿਨ ਦਿਹਾੜੇ ਕਤਲ ਕੀਤਾ ਜਾ ਰਿਹਾ ਹੈ।
ਹੱਸਦਾ-ਵੱਸਦਾ ਪੰਜਾਬ ਅੱਜ ਰੋ ਕਿਉਂ ਰਿਹਾ ਹੈ? ਇਸ ਦੀਆਂ ਅੱਖਾਂ ਵਿਚਲੇ ਅੱਥਰੂ ਕੌਣ ਸਾਫ਼ ਕਰੇਗਾ? ਕੌਣ ਹੈ ਜੋ ਇਸ ਦੇ ਮੂੰਹ ਉੱਤੇ ਚਪੇੜਾਂ ਮਾਰ ਰਿਹਾ ਹੈ? ਉਨਾਂ ਹੱਥਾਂ ਨੂੰ ਪਛਾਨਣ ਦੀ ਲੋੜ ਹੈ। ਲੋੜ ਤਾਂ ਪੰਜਾਬ ਨੂੰ ਇਸ ਸਮੇਂ ਬਹੁਤ ਕੁੱਝ ਦੀ ਹੈ ਕਿਉਕਿ ਪੰਜਾਬ ਦੀ ਸਿਹਤ ਖ਼ਰਾਬ ਹੋ ਰਹੀ ਹੈ। ਸੱਭਿਆਚਾਰ ਪ੍ਰਦੁਸ਼ਿਤ ਕਰ ਦਿੱਤਾ ਗਿਆ ਹੈ। ਸਾਡੇ ਗੀਤਕਾਰ ਤੇ ਗਾਇਕ ਦਮੜੀਆਂ ਦੇ ਲਾਲਚ ਵੱਸ ਹੋ ਕੇ ਆਪਦੀ ਅਣਖ਼ ਵੇਚੀ ਜਾ ਰਹੇ ਹਨ। ਸਾਡੀਆਂ ਧੀਆਂ-ਧਿਆਣੀਆਂ ਨੇ ਅੱਧ ਨੰਗੇ ਜਿਸਮਾਂ ਦੀ ਨੁਮਾਇਸ਼ ਲਗਾ ਰੱਖੀ ਹੈ। ਟੀ. ਵੀ. ਉੱਪਰ ਆਉਂਦੇ ਸੀਰੀਅਲ ਸਾਡੇ ਪਰਿਵਾਰਿਕ ਰਿਸ਼ਤਿਆਂ ਨਾਲ ਖਿਲਵਾੜ ਕਰ ਰਹੇ ਹਨ। ਇਲੈਕਟ੍ਰਾਨਿਕ ਮੀਡੀਆ ਅਤੇ ਮੋਬਾਇਲ ਫ਼ੋਨ ਪੰਜਾਬ ਨੂੰ ਨਸ਼ਿਆਂ ਅਤੇ 'ਦੇਹ' ਦੀ ਮੰਡੀ ਵਿੱਚ ਤਬਦੀਲ ਕਰ ਰਹੇ ਹਨ। ਪੰਜਾਬ ਦਾ ਅਣਖੀਲਾ ਤੇ ਗੁਰੀਲਾ ਸੁਭਾਅ ਖੰਭ ਲਾ ਕੇ ਉੱਡ ਗਿਆ ਹੈ। ਹੱਥਾਂ ਵਿੱਚੋਂ ਕਿਰਤ ਦਾ ਖ਼ਤਮ ਹੋਣਾ ਹੀ ਸਾਡੀ ਮੌਤ ਦੀ ਨਿਸ਼ਾਨੀ ਹੈ ਅਤੇ ਉਹ ਖ਼ਤਮ ਹੋ ਰਹੀ ਹੈ। ਅਸੀਂ ਨਸ਼ਿਆਂ ਦੇ ਗੁਲਾਮ ਬਣਾ ਦਿੱਤੇ ਗਏ ਹਾਂ ਤਾਂ ਕਿ ਅਸੀਂ ਆਪਣੇ ਹੱਕ ਨਾ ਮੰਗ ਸਕਿਏ । ਹੱਕ ਮੰਗਿਆਂ ਵੀ ਨਹੀਂ ਮਿਲਦੇ, ਇਹ ਤਾਂ ਖੋਹਣੇ ਪੈਂਦੇ ਹਨ ਪਰ ਹੱਕ ਖੋਹੀਏ ਕਿਸ ਕੋਲੋਂ? ਜਦੋਂ ਸਾਡੇ ਆਪਣੇ ਹੀ ਲੁੱਟੀ ਜਾ ਰਹੇ ਹਨ। ਹੁਣ ਤਾਂ ਵੱਡੀਆਂ ਵੱਡੀਆਂ ਕੰਪਨੀਆਂ ਆਉਣਗੀਆਂ ਤੇ ਅੱਗੇ ਵਾਂਗ 'ਸੋਨੇ ਦੀ ਚਿੜੀ' ਨੂੰ ਇਸ ਕਦਰ ਖ਼ਤਮ ਕਰ ਜਾਣਗੀਆਂ ਕਿ ਇਹ ਮੁੜ ਕੇ ਨਾ ਉੱਠ ਸਕੇ। ਅੱਜ ਸਾਨੂੰ ਸਭ ਪੰਜਾਬੀਆਂ ਨੂੰ ਸੋਚਣ ਦੀ ਲੋੜ ਹੈ ਕਿ ਕੌਣ ਹੈ ਜੋ ਪੰਜਾਬ ਨੂੰ ਖੋਖਲਾ ਕਰੀ ਜਾ ਰਿਹਾ ਹੈ? ਪੰਜਾਬ ਨੂੰ ਕਿਉਂ ਕੁੜੀਮਾਰ-ਨਾੜੀਮਾਰ ਤੱਕ ਪੁੱਜਦਾ ਕਰ ਦਿੱਤਾ ਹੈ।
ਅੱਜ ਅਸੀਂ ਆਪਦੇ ਵਾਰਸ ਦੀ ਤਲਾਸ਼ ਵਿੱਚ ਉਨ੍ਹਾਂ ਤਾਕਤਾਂ ਦੀ ਜੰਗ ਲੜ ਰਹੇ ਹਾਂ, ਜਿਹੜੇ ਚਾਹੁੰਦੇ ਹਨ ਕਿ ਪੰਜਾਬ ਵਿੱਚੋਂ ਪੰਜਾਬੀਆਂ ਦੀ ਨਸਲ ਖ਼ਤਮ ਹੋਵੇ। ਭਾਵੇਂ ਇਹ ਨਸਲ ਇੱਕ ਖਾਸ ਵਰਗ ਦੀ ਖ਼ਤਮ ਹੋ ਰਹੀ ਹੈ ਪਰ ਸੋਚਣਾ ਪਵੇਗਾ ਕਿ ਪੰਜਾਬ ਕਿਸ ਦਿਸ਼ਾ ਵੱਲ ਵੱਧ ਰਿਹਾ ਹੈ?
ਇਸ ਸਮੇਂ ਕਿਸੇ ਗੁਰੂ, ਪੀਰ ਪੈਗੰਬਰ ਨੇ ਨਹੀਂ ਆਉਣਾ ਸਗੋਂ ਸਾਨੂੰ ਖ਼ੁਦ ਪੈਗੰਬਰ ਬਣਨਾ ਪਵੇਗਾ। ਖੁੱਦ ਸ਼ਹੀਦ ਭਗਤ ਸਿੰਘ ਬਣਨਾ ਪਵੇਗਾ। ਹੁਣ ਸਾਨੂੰ ਆਪਣੀ ਅੰਦਰਲੀ ਤਾਕਤ ਨੂੰ ਪਛਾਨਣ ਦੀ ਲੋੜ ਹੈ ਤਾਂ ਕਿ ਉਨ੍ਹਾਂ ਤਾਕਤਾਂ ਨੂੰ ਨੱਥ ਪਾਈ ਜਾ ਸਕੇ। ਜਿਸ ਨੇ ਸਾਡੇ ਹਰ ਪਾਸੇ ਜ਼ਹਿਰ ਛਿੜਕ ਦਿੱਤੀ ਹੈ। ਜੇ ਅਸੀਂ ਹੁਣ ਵੀ ਨਾ ਸੰਭਲੇ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ। ਆਓ ਆਪਣੀ ਅਣਖ ਜਗਾਈਏ ਤੇ ਪੰਜਾਬ ਨੂੰ ਬੰਜਰ ਤੇ ਖੰਡਰ ਅਤੇ ਹੋਰ ਜ਼ਹਿਰੀਲਾ ਹੋਣ ਤੋਂ ਬਚਾਈਏ।
ਸੰਪਰਕ : 9464370823
19NOV. 2018
ਮਸਲਾ-ਏ-ਪੰਜਾਬ - ਡੇਰਾਵਾਦ - ਬੁੱਧ ਸਿੰਘ ਨੀਲੋਂ
ਪੰਜਾਬ ਵਿੱਚ ਦਿਨੋਂ-ਦਿਨ ਵੱਧ ਰਹੇ ਡੇਰਾਵਾਦ ਨੇ ਜਿਹੜੀ ਤਸਵੀਰ ਸਮਾਜ ਦੀ ਬਣਾਈ ਹੈ। ਉਸ ਤੋਂ ਇੰਝ ਲੱਗਦਾ ਹੈ ਜਿਵੇਂ ਸਮਾਜ 21ਵੀਂ ਸਦੀ ਵਿੱਚ ਮਾਨਸਿਕ ਤੌਰ ਤੇ ਇੰਨਾਂ ਬਿਮਾਰ ਹੋ ਗਿਆ ਹੈ ਕਿ ਉਸ ਦਾ ਆਪਣੇ ਆਪ ਤੋਂ ਭਰੋਸਾ ਚੱਕਿਆ ਗਿਆ ਹੈ। ਇਸੇ ਕਰਕੇ ਉਹ ਇਨ੍ਹਾਂ ਡੇਰਿਆਂ ਦੀ ਸ਼ਰਨ ਵਿੱਚ ਪੁੱਜ ਗਿਆ ਹੈ।
ਪੰਜਾਬ ਵਿੱਚ ਇਸ ਸਮੇਂ 12278 ਪਿੰਡ ਹਨ ਤੇ ਅਬਾਦੀ 3 ਕਰੋੜ, 117 ਵਿਧਾਨ ਸਭਾ ਦੀਆਂ ਸੀਟਾਂ ਲਈ 1 ਕਰੋੜ 76 ਲੱਖ, 83 ਹਜ਼ਾਰ 22 ਵੋਟਰ ਹਨ। ਸਾਖ਼ਰਤਾ ਦਰ 15ਵੇਂ ਤੋਂ 22ਵੇਂ ਤੱਕ ਪੁੱਜ ਗਈ . . ਅਨਪੜ੍ਹਤਾ ਦੇ ਕਾਰਨ ਇਸ ਸਮੇਂ ਪੰਜਾਬ ਦੇ ਵਿਚ 2200 ਦੇ ਕਰੀਬ ਡੇਰੇ ਮੌਜੂਦ ਹਨ। ਇਨ੍ਹਾਂ ਵਿੱਚੋਂ ਦਰਜ਼ਨ ਦੇ ਕਰੀਬ ਅਜਿਹੇ ਡੇਰੇ ਹਨ ਜਿਨ੍ਹਾਂ ਦੇ ਲੱਖਾਂ ਸ਼ਰਧਾਲੂ ਹਨ। ਡੇਰਿਆਂ ਦੇ ਸੰਚਾਲਕ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਉਹ ਕਿਸੇ ਨਾਂ ਕਿਸੇ ਰਾਜਸੀ ਪਾਰਟੀ ਦੀ ਹਿਮਾਇਤ ਕਰਦੇ ਹਨ ਤੇ ਉਨ੍ਹਾਂ ਦੇ ਸ਼ਰਧਾਲੂ ਅੱਖਾਂ ਮੀਚ ਕੇ ਆਪਣੇ ਸੰਚਾਲਕ ਦਾ ਹੁਕਮ ਵਜਾਉਂਦੇ ਹਨ। ਪਿਛਲੇ ਸਮਿਆਂ ਵਿੱਚ ਪੰਜਾਬ ਵਿੱਚ ਸੌਦਾ ਸਾਧ ਦਾ ਡੇਰਾ ਚਰਚਾ ਵਿੱਚ ਰਿਹਾ ਹੈ। ਉਸ ਨੇ ਜਿਸ ਤਰ੍ਹਾਂ ਸਿੱਖ ਧਰਮ ਦੀਆਂ ਮਾਨਮੱਤੀਆਂ ਰਿਵਾਇਤਾਂ ਦੀਆਂ ਧੱਜੀਆਂ ਉਡਾਈਆਂ ਹਨ ਇਹ ਤਾਂ ਜੱਗ ਦੇ ਸਾਹਮਣੇ ਹਨ ਪਰ ਜਿਸ ਤਰ੍ਹਾਂ ਸਿੱਖਾਂ ਦੇ ਸਰਵ ਉੱਚ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਜਿਸ ਤਰ੍ਹਾਂ ਦੀ 'ਸਿਆਸੀ' ਨੀਤੀ ਅਪਣਾਈ ਹੈ ਇਸ ਨੇ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਤਖ਼ਤ ਦੀ 'ਮਰਜੋ ਚਿੜੀਓ, ਜਿਓਂ ਪੋ ਚਿੜੀਓ' ਵਾਲੀ ਵਿਚਾਰਧਾਰਾ ਨੇ ਸਿੱਖਾਂ ਨੂੰ ਖੇਮਿਆਂ ਵਿੱਚ ਵੰਡ ਦਿੱਤਾ ਹੈ।
ਕਿਉਂਕਿ ਪੰਜਾਬ ਦੇ ਸਿੱਖ ਤਖ਼ਤਾਂ ਉੱਤੇ ਬਾਦਲਕਿਆਂ ਦਾ ਕਬਜ਼ਾ ਹੈ। ਉਹ ਤਖ਼ਤਾਂ ਨੂੰ ਆਪਣੇ ਸਿਆਸੀ ਮਨਸੂਬਿਆਂ ਅਨੁਸਾਰ ਵਰਤਦੇ ਰਹਿੰਦੇ ਹਨ। ਇਸ ਵਾਰ ਚੋਣਾਂ ਵਿੱਚ ਵੀ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਸੇ ਵਾਲੇ ਸੌਦਾ ਸਾਧ ਨੇ ਹਿਮਾਇਤ ਦਾ ਐਲਾਨ ਕੀਤਾ ਹੈ ਉਸ ਤੋਂ ਇਹ ਜੱਗ ਜਾਹਿਰ ਹੋ ਗਿਆ ਹੈ ਕਿ ਬਾਦਲ ਪਰਿਵਾਰ ਗੱਦੀ ਦੀ ਖ਼ਾਤਿਰ ਕਿੱਥੇ ਤੱਕ ਜਾ ਸਕਦਾ ਹੈ ਤੇ ਪੰਜਾਬ ਦੇ ਸੰਤ ਸਮਾਜ ਨੇ ਜਿਸ ਤਰਾਂ ਬਾਦਲਕਿਆਂ ਦਾ ਪੱਖ ਪੂਰਿਆ ਹੈ, ਉਸ ਤੋਂ ਵੀ ਇਹ ਪਤਾ ਲੱਗ ਗਿਆ ਹੈ ਕਿ ਜਿਹੜੇ ਸੰਤ ਸੰਗਤਾਂ ਨੂੰ ਧੁਰ ਦਰਗਾਹ ਦਾ ਰਸਤਾ ਦੱਸਦੇ ਹਨ ਉਹ ਬਾਦਲਾਂ ਦੇ ਖੁਦ ਪਿਛਲੱਗੂ ਹਨ।
ਇਨ੍ਹਾਂ ਚੋਣਾਂ ਦੋਰਾਨ ਪੰਜਾਬ ਦੇ ਲੋਕਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਰਮਾਂ ਦੀ ਬੇਅਦਬੀ ਨੂੰ ਲੈ ਕੇ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਮਾਹੌਲ ਸਿਰਜਿਆ ਹੈ ਉਸ ਤੋਂ ਇੰਝ ਲੱਗਦਾ ਹੈ ਕਿ ਪੰਜਾਬ ਦੇ ਲੋਕ ਹੁਣ ਡੇਰਿਆਂ ਦੇ ਮੁਖੀਆਂ ਅਤੇ ਸਿਆਸੀ ਆਗੂਆਂ ਦੇ 'ਗੋਲੇ' ਨਹੀਂ ਪਰ ਪੰਜਾਬ ਦੇ ਚਿੰਤਨਸ਼ੀਨ ਲੋਕਾਂ ਲਈ ਇਹ ਜਰੂਰ ਖੋਜ਼ ਦਾ ਵਿਸ਼ਾ ਹੈ ਕਿ ਡੇਰਾਵਾਦ ਦਿਨੋਂ ਦਿਨ ਕਿਉਂ ਪ੍ਰਫੁਲਿੱਤ ਹੋ ਰਿਹਾ ਹੈ। ਦੂਜੇ ਪਾਸੇ ਇਨ੍ਹਾਂ ਸਾਧਾਂ ਦੇ ਡੇਰਿਆਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖ਼ਾਮੋਸ਼ੀ ਨੇ ਚਿੰਤਨਸ਼ੀਲ ਵਿਅਕਤੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ, ਪ੍ਰੰਤੂ ਅਜਿਹੇ 'ਸੱਜਣ ਪੁਰਸ਼ਾਂ' ਨੂੰ ਦੁਖੀ ਹੋਣਾ ਚਾਹੀਦਾ ਹੈ, ਉਹ ਹਰ ਮੁਸੀਬਤ ਵੇਲੇ 'ਪੰਥ' ਖ਼ਤਰੇ ਵਿੱਚ ਹੈ', ਦਾ ਨਾਅਰਾ ਲਾ ਕੇ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਮੌਤ ਦੇ ਮੂੰਹ ਵੱਲ ਧੱਕਦੇ ਹਨ।
ਜੇਕਰ ਦੇਖਿਆ ਜਾਵੇ ਤਾਂ ਅੱਤਵਾਦ ਦੇ ਪਤਨ ਤੋਂ ਬਾਅਦ ਡੇਰਿਆਂ ਵਿੱਚ ਵਿਆਪਕ ਪੱਧਰ ਉੱਪਰ ਵਾਧਾ ਹੋਇਆ ਹੈ। ਇਹ ਵਾਧਾ ਕਿਉਂ ਹੋਇਆ? ਇਸ ਦੇ ਦੋ ਹੀ ਕਾਰਨ ਉਭਰਵੇਂ ਰੂਪ ਵਿੱਚ ਸਾਹਮਣੇ ਆਏ ਹਨ। ਪਹਿਲਾ ਇਸ ਭੋਗਵਾਦੀ ਤੇ ਖਪਤਵਾਦੀ ਦੌਰ ਵਿੱਚ ਵੱਧ ਤੋਂ ਵੱਧ ਪੂੰਜੀ ਪ੍ਰਾਪਤ ਕਰਨ ਦੀ ਹਵਸ ਅਤੇ ਦੂਜਾ ਕਾਰਨ ਧਰਮ ਵਿੱਚ ਆਈ ਖੜੋਤ, ਜਿਸ ਨੇ ਨਾਨਕ ਨਾਮ ਲੇਵਾ ਲੋਕਾਂ ਨੂੰ ਸਿੱਖ ਧਰਮ ਤੋਂ ਦੂਰ ਕੀਤਾ ਹੈ। ਵਿਸ਼ਵੀਕਰਨ ਨੇ ਜਿੱਥੇ ਤੀਜੀ ਦੁਨੀਆਂ ਦੇ ਦੇਸ਼ਾਂ ਨੂੰ ਸੂਚਨਾ ਕ੍ਰਾਂਤੀ ਦੇ ਕਾਰਨ ਇੱਕ-ਦੂਜੇ ਦੇ ਨੇੜੇ ਕੀਤਾ ਹੈ, ਉਥੇ ਵੱਡੇ ਦੇਸ਼ਾਂ ਲਈ ਭਾਰਤ ਵਰਗਾ ਦੇਸ਼ ਵਧੀਆ ਮੰਡੀ ਵੱਜੋਂ ਉੱਭਰ ਕੇ ਸਾਹਮਣੇ ਆਇਆ ਹੈ ਕਿ ਇੱਥੋਂ ਦਾ ਵਾਸੀ ਉਸ ਤੰਦੂਏ ਜਾਲ ਵਿੱਚ ਮੱਛੀ ਵਾਂਗ ਫਸ ਕੇ ਰਹਿ ਗਿਆ ਹੈ। ਮਨੁੱਖ ਨੇ ਆਪਣੀਆਂ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇ ਇੱਕ ਅਜਿਹੀ ਦੁਨੀਆਂ ਵਿੱਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਰਿਸ਼ਤੇ ਵੀ ਉਸ ਦੇ ਅਸਲ ਮਕਸਦ ਤੋਂ ਪਿੱਛੇ ਰਹਿ ਗਏ ਹਨ। ਵੱਧ ਤੋਂ ਵੱਧ ਪੂੰਜੀ ਇਕੱਠੀ ਕਰਨ ਲਈ ਮਨੁੱਖ ਨੇ ਇਸ ਤਰ੍ਹਾਂ ਦੇ ਹੱਥਕੰਡੇ ਵਰਤਣੇ ਸ਼ੁਰੂ ਕਰ ਦਿੱਤੇ ਹਨ ਜਿਸ ਨਾਲ ਉਸ ਨੂੰ ਨਾ ਤਾਂ ਧਨ ਪ੍ਰਾਪਤ ਹੋਇਆ ਤੇ ਨਾ ਹੀ ਰਿਸ਼ਤੇ ਬਚੇ ਹਨ। ਉਹ ਮਨੁੱਖ ਮਾਨਸਿਕ ਤੌਰ ਤੇ ਬਿਮਾਰ ਰਹਿਣ ਲੱਗਾ। ਰੋਜ਼ਾਨਾਂ ਦੀਆਂ ਨਵੀਆਂ ਮੁਸੀਬਤਾਂ ਤੇ ਆਰਥਿਕ ਟੁੱਟ-ਭੱਜ ਨੇ ਮਨੁੱਖ ਦਾ ਤਵਾਜ਼ਨ ਹਿਲਾ ਕੇ ਰੱਖ ਦਿੱਤਾ। ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਸਾਧਾਂ ਦੇ ਡੇਰਿਆਂ ਵਿੱਚ ਜਾ ਕੇ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਡੇਰਿਆਂ ਵਿੱਚ ਪੁੱਜੇ ਮਾਨਸਿਕ ਰੋਗੀਆਂ ਦਾ ਡੇਰਿਆਂ ਨੇ ਆਰਥਿਕ ਤੇ ਜਿਸਮਾਨੀ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ।
ਅੱਜ ਪੰਜਾਬ ਦੇ ਹਰ ਪਿੰਡ ਸ਼ਹਿਰ ਵਿੱਚ ਅਜਿਹੇ ਅਖੌਤੀ ਬਾਬਿਆਂ ਦੇ ਡੇਰੇ ਖੁੰਬਾਂ ਵਾਂਗ ਉੱਗੇ ਹੋਏ ਹਨ। ਇਨ੍ਹਾਂ ਦੇ ਨਾਂ ਵੀ ਅਜੀਬ ਕਿਸਮ ਦੇ ਹਨ, ਸੋਟੀ ਵਾਲਾ ਬਾਬਾ, ਪਤਾਸਿਆਂ ਵਾਲਾ, ਧੂਣੀ ਵਾਲਾ, ਭਨਿਆਰੇ ਵਾਲਾ, ਟੂਸਿਆਂ ਵਾਲੇ, ਪਹੋਏ ਵਾਲੇ, ਸੰਗਲਾਂ ਵਾਲੇ, ਤੀਰ ਵਾਲੇ, ਕੁੱਤਿਆਂ ਵਾਲੇ ਆਦਿ ਪਤਾ ਨਹੀਂ ਇਨ੍ਹਾਂ ਦੇ ਕਿੰਨੇ ਨਾਂ ਹਨ। ਇਨ੍ਹਾਂ ਡੇਰਿਆਂ ਵਿਚਲੇ ਸਾਧਾਂ ਦੀ ਪ੍ਰਸ਼ਾਸਨ ਵਿੱਚ ਪਹੁੰਚ ਹੋਣ ਕਰਕੇ ਆਪਣੇ ਸੇਵਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲੱਕੜ ਦੇ ਮੁੰਡੇ ਬਖਸ਼ਦੇ ਹਨ। ਇਨ੍ਹਾਂ ਦੀ ਚੁੰਗਲ ਵਿੱਚ ਫਸਿਆ ਕੋਈ ਵੀ ਵਿਅਕਤੀ ਨਾ ਘਰ ਦਾ ਨਾ ਘਾਟ ਦਾ ਰਹਿੰਦਾ ਹੈ। ਕੋਈ ਬਾਬਾ ਇਲੈਚੀਆਂ ਦਾ ਪ੍ਰਸ਼ਾਦ ਵੰਡਦਾ ਹੈ, ਕੋਈ ਸਿਗਰਟਾਂ ਦਾ, ਕੋਈ ਪਤਾਸਿਆਂ ਦਾ ਤੇ ਭਨਿਆਰੇ ਵਾਲਾ ਤਾਂ ਲੋਕਾਂ ਨੂੰ ਮਿੱਟੀ ਹੀ ਵੰਡੀ ਗਿਆ। ਸਾਡੇ ਅੰਧ-ਵਿਸ਼ਵਾਸੀ ਲੋਕਾਂ ਨੇ ਵਿਗਿਆਨਕ ਨਜ਼ਰੀਏ ਤੋਂ ਕਦੀ ਵੀ ਇਨ੍ਹਾਂ ਸਾਧਾਂ ਦੀ ਪੁਣਛਾਣ ਨਹੀਂ ਕੀਤੀ। ਉਹ ਸ਼ਰਧਾ ਵਸ ਇਨ੍ਹਾਂ ਸਾਧਾਂ ਦੇ ਚੁੰਗਲ ਵਿੱਚ ਫਸੀ ਜਾ ਰਹੇ ਹਨ।
ਇਨ੍ਹਾਂ ਸਾਧਾਂ ਕੋਲ ਗਿਆ ਕੋਈ ਵੀ ਵਿਅਕਤੀ ਸੁੱਕਾ ਵਾਪਸ ਨਹੀਂ ਪਰਤਦਾ। ਪੰਜਾਬ ਵਿੱਚ ਇਨ੍ਹਾਂ ਸਾਧਾਂ ਨੇ ਸਿੱਖ ਧਰਮ ਦਾ ਜਿਹੜਾ ਨਾਸ਼ ਕੀਤਾ ਹੈ, ਉਸ ਪਾਸੇ ਵੱਲ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਿਆਨ ਦਿੱਤਾ, ਤੇ ਨਾ ਹੀ ਹੋਰ ਸਿੱਖ ਜੱਥੇਬੰਦੀਆਂ ਨੇ। ਇਨ੍ਹਾਂ ਸਾਧਾਂ ਨੇ ਸਿੱਖ ਧਰਮ ਪ੍ਰਚਾਰ ਦੇ ਨਾਂ ਹੇਠ ਆਪਣੇ ਮਹਿਲ ਨੁਮਾ ਆਲੀਸ਼ਾਨ ਮਹਿਲ ਹੀ ਉਸਾਰੇ ਹਨ। ਇਨ੍ਹਾਂ ਕੋਲ ਏ ਸੀ ਗੱਡੀਆਂ ਤੇ ਕੋਠੀਆਂ ਹਨ। ਲੋਕਾਂ ਉੱਪਰ ਰੋਅਬ ਪਾਉਣ ਲਈ ਬੰਦੂਕਾਂ, ਰਾਈਫਲਾਂ, ਜਿਪਸੀਆਂ ਆਦਿ ਹਨ। ਕਈ ਬਾਬਿਆਂ ਨੇ ਤਾਂ ਆਪਣੀਆਂ ਮੋਟਰ ਗੱਡੀਆਂ ਉੱਪਰ ਲਾਲ ਬੱਤੀ ਤੱਕ ਵੀ ਲਗਾਈ ਹੋਈ ਹੈ। ਇਨ੍ਹਾਂ ਦੇ ਜਾਂਦੇ ਕਾਫ਼ਲੇ ਕਈ ਵਾਰ ਸੜਕਾਂ ਉੱਪਰ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ, ਪਰ ਇਨ੍ਹਾਂ ਨੂੰ ਕੋਈ ਵੀ ਪੁੱਛਣ ਵਾਲਾ ਨਹੀਂ ਕਿ ਉਨ੍ਹਾਂ ਨੇ ਆਪਣੀ ਗੱਡੀ ਉੱਪਰ ਲਾਲ ਬੱਤੀ ਕਿਉਂ ਲਗਾਈ ਹੈ? ਕਿਉਂਕਿ ਇਨ੍ਹਾਂ ਬਾਬਿਆਂ ਦੀ ਸੱਤਾਧਾਰੀ ਆਗੂਆਂ ਤੱਕ ਪਹੁੰਚ ਹੁੰਦੀ ਹੈ। ਸੱਤਾਧਾਰੀ ਆਗੂ ਇੰਨ੍ਹਾਂ ਡੇਰਿਆਂ ਤੇ ਅਕਸਰ ਹੀ ਗੇੜੇ ਮਾਰਦੇ ਰਹਿੰਦੇ ਹਨ। ਜਿਹੜੇ ਆਮ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ।
ਇਨ੍ਹਾਂ ਅਖੌਤੀ ਬਾਬਿਆਂ ਕੋਲ ਬਹੁਤੀ ਭੀੜ ਔਰਤਾਂ ਦੀ ਹੁੰਦੀ ਹੈ। ਇਹ ਔਰਤਾਂ ਬਾਬਿਆਂ ਨੂੰ ਮਾਨਤਾ ਬਖ਼ਸ਼ਦੀਆਂ ਹਨ ਤੇ ਉਨ੍ਹਾਂ ਦੀ ਇਸ਼ਤਿਹਾਰਬਾਜ਼ੀ ਦਾ ਕੰਮ ਵੀ ਇਹੋ ਔਰਤਾਂ ਕਰਦੀਆਂ ਹਨ। ਘਰ ਭਾਵੇਂ ਇਹ ਘਰਵਾਲੇ ਨੂੰ ਚਾਹ ਦਾ ਕੱਪ ਨਾ ਦਿੰਦੀਆਂ ਹੋਣ, ਪਰ ਬਾਬਿਆਂ ਕੋਲ ਦੁੱਧ ਦੇ ਡੋਲੂ ਭਰੀ ਹੱਥਾਂ ਵਿੱਚ ਫੜੀ ਜਾਂਦੀਆਂ, ਇਨ੍ਹਾਂ ਔਰਤਾਂ ਦੀ ਤਸਵੀਰ ਤੁਸੀਂ ਹਰੇਕ ਡੇਰੇ ਬਾਹਰ ਵੇਖ ਸਕਦੇ ਹੋ। ਇਹ ਬਾਬੇ ਜਦਂਂ ਕੀਰਤਨ ਕਰਦੇ ਹਨ ਉਦੋਂ ਸਭ ਨੂੰ ਮਾਇਆ ਤੋਂ ਬਚਣ ਦੀ ਸਿੱਖਿਆ ਦਿੰਦੇ ਹਨ, ਉਸ ਸਮੇਂ ਸਿੱਖ ਧਰਮ, ਸਿੱਖ ਇਤਿਹਾਸ ਵਿੱਚੋਂ ਹੀ ਨਹੀਂ ਸਗੋਂ ਅਜਿਹੀਆਂ ਮਨਘੜਤ ਕਹਾਣੀਆਂ ਸੁਣਾਉਂਦੇ ਹਨ ਅਤੇ ਗੁਰਬਾਣੀ ਦੀ ਅਜਿਹੀ ਵਿਆਖਿਆ ਕਰਦੇ ਹਨ ਕਿ ਸੁਣਨ ਵਾਲਾ ਵਿਅਕਤੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ, ਪਰ ਜਿਹੜੀ ਸਾਧ ਸੰਗਤ ਅੱਗੇ ਬੈਠੀ ਸਿਰ ਸੁੱਟੀ ਇਨ੍ਹਾਂ ਬਾਬਿਆਂ ਦੇ ਪ੍ਰਵਚਨ ਸੁਣਦੀ ਹੈ, ਉਹ ਧੰਨ-ਧੰਨ ਕਰਦੀ ਹੈ ਕਿਉਂਕਿ ਉਹ ਲੋਕ ਪਹਿਲਾਂ ਹੀ ਅੰਧ ਵਿਸ਼ਵਾਸੀ ਹੁੰਦੇ ਹਨ। ਉਨ੍ਹਾਂ ਨੂੰ ਬਾਬੇ ਵਿੱਚ ਕੋਈ ਖੋਟ ਹੀ ਨਜ਼ਰ ਨਹੀਂ ਆਉਂਦੀ। ਇਸ ਕਰਕੇ ਉਹ ਮੰਤਰ-ਮੁਗਧ ਹੋ ਕੇ ਬਾਬਾ ਜੀ ਦੀ ਕੱਚੀ ਬਾਣੀ ਦਾ ਆਨੰਦ ਮਾਣਦੇ ਹਨ। ਕਈ ਬਾਬੇ ਤਾਂ ਛੋਟੀਆਂ ਜਾਤਾਂ ਦਾ ਪ੍ਰਸ਼ਾਦ ਜਾਂ ਕੋਈ ਹੋਰ ਵਸਤੂ ਵੀ ਨਹੀਂ ਲੈਂਦੇ ਜਦ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਜਾਤ-ਪਾਤ ਦਾ ਕੋਈ ਭੇਦਭਾਵ ਨਹੀਂ ਦੱਸਿਆ ਹੈ। ਇਨ੍ਹਾਂ ਬਾਬਿਆਂ ਨੇ ਆਪਣਾ ਹੀ ਇੱਕ ਵੱਖਰੀ ਤਰ੍ਹਾਂ ਦਾ ਨੈਟਵਰਕ ਤਿਆਰ ਕੀਤਾ ਹੋਇਆ ਹੈ। ਇਨਾਂ ਬਾਬਿਆਂ ਦੇ ਮੁੱਖ ਸੇਵਾਦਾਰ ਆਈ ਸੰਗਤ ਵਿਚੋਂ ਅਜਿਹੇ ਵਿਅਕਤੀ ਦੀ ਤਲਾਸ਼ ਵਿੱਚ ਰਹਿੰਦੇ ਹਨ, ਜਿਸ ਦੀ ਔਲਾਦ ਕਹਿਣੇ ਵਿੱਚ ਨਾ ਹੋਵੇ। ਉਹ ਉਸ ਬੀਬੀ ਜਾਂ ਬੀਬੇ ਨੂੰ ਸੰਤਾਂ ਦੀਆਂ ਅਜਿਹੀਆਂ ਚੋਪੜੀਆਂ ਗੱਲਾਂ ਸੁਣਾਉਂਦੇ ਹਨ ਕਿ ਸੁਣਨ ਵਾਲਾ ਬੰਦਾ ਕੀਲਿਆ ਜਾਂਦਾ ਹੈ। ਅਸਲ ਵਿੱਚ ਉਨ૿ਾਂ ਦੀ ਅੱਖ ਉਸ ਵਿਅਕਤੀ ਦੀ 'ਜ਼ਮੀਨ ਜਾਇਦਾਦ' ਦੇ ਉੱਪਰ ਹੁੰਦੀ ਹੈ। ਉਹ ਫਿਰ ਉਸ ਵਿਅਕਤੀ ਦੀ ਅਜਿਹੀ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਹਨ ਕਿ ਬੰਦਾ ਉਨ੍ਹਾਂ ਦੀ ਚੁੰਗਲ ਵਿੱਚ ਫਸਦਾ ਹੀ ਚਲਿਆ ਜਾਂਦਾ ਹੈ। ਜਦੋ ਉਸ ਵਿਅਕਤੀ ਦੀ ਜ਼ਮੀਨ-ਜਾਇਦਾਦ ਇਨ੍ਹਾਂ ਦੇ ਹੱਥ ਲੱਗ ਜਾਂਦੀ ਹੈ, ਫਿਰ ਉਸ ਵਿਅਕਤੀ ਨੂੰ ਕੋਈ ਪਾਣੀ ਪੁੱਛਣ ਵਾਲਾ ਨਹੀਂ ਹੁੰਦਾ। ਇਸ ਜ਼ਮੀਨ ਹੱਥਿਆਉਣ ਦੇ ਧੰਦੇ ਵਿੱਚ ਸਭ ਡੇਰਿਆਂ ਦੀ ਪੂਰੀ ਚੜ੍ਹਾਈ ਹੈ।
ਇਨ੍ਹਾਂ ਡੇਰਿਆਂ ਵਾਲਿਆਂ ਦੀ ਉੱਪਰ ਤੱਕ ਪਹੁੰਚ ਹੈ। ਇਨ੍ਹਾਂ ਕੋਲ ਅਸਲਾ ਹੈ। ਅਫ਼ਸਰਾਂ ਅਤੇ ਪੁਲਿਸ ਨੂੰ ਕਾਣਾ ਕਰਨ ਲਈ ਮਾਇਆ ਬਹੁਤ ਹੈ। ਇਨ੍ਹਾਂ ਦਾ ਮੁੱਖ ਧੰਦਾ ਬੇਸਹਾਰਾ ਵਿਅਕਤੀਆਂ ਦੀਆਂ ਜ਼ਮੀਨਾਂ ਉੱਪਰ ਕਬਜ਼ੇ ਕਰਨਾ ਹੈ। ਇਨ੍ਹਾਂ ਵੱਲੋਂ ਪੰਚਾਇਤੀ ਜ਼ਮੀਨਾਂ ਉੱਪਰ ਕਬਜ਼ੇ ਕਰਨ ਦੀਆਂ ਖ਼ਬਰਾਂ ਪਿਛਲੇ ਵਰ੍ਹੇ ਅਖ਼ਬਾਰਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਇਨ੍ਹਾਂ ਡੇਰਿਆਂ ਦੇ ਬਹੁਤ ਸਾਰੇ ਪ੍ਰਬੰਧਕਾਂ ਕੋਲ ਇਸ ਤਰ੍ਹਾਂ ਕਬਜ਼ੇ ਵਿੱਚ ਲਈਆਂ ਜ਼ਮੀਨਾਂ ਹੀ ਨਹੀਂ, ਕੋਠੀਆਂ ਅਤੇ ਔਰਤਾਂ ਵੀ ਹਨ, ਪਰ ਇਨਾਂ ਡੇਰਿਆਂ ਵਾਲਿਆਂ ਨੂੰ ਕੋਈ ਚੈਲਿੰਜ ਕਰਨ ਵਾਲਾ ਨਹੀਂ ਕਿਉਂਕਿ ਬਹੁਤੀ ਦੁਨੀਆਂ ਆਪਣੀ ਔਲਾਦ ਹੱਥੋਂ ਦੁਖੀ ਹੈ ਤੇ ਇਹ ਡੇਰੇ ਵਾਲੇ ਉਸ ਦਾ ਨਜਾਇਜ ਤੌਰ ਤੇ ਫਾਇਦਾ ਉਠਾਉਂਦੇ ਹਨ। ਇਨ੍ਹਾਂ ਡੇਰਿਆਂ ਦੇ ਅਸਲ ਕਿਰਦਾਰ ਦੀ ਗਾਥਾ ਪਾਉਂਦੀ ਕਹਾਣੀਕਾਰ ਸੁਖਜੀਤ ਦੀ ਕਹਾਣੀ 'ਪਾਤਸ਼ਾਹ', 'ਮੈਂ ਇੰਜੁਆਏ ਕਰਦੀ ਹਾਂ' ਤੇ 'ਆਦਮਖੋਰ' ਪੜ੍ਹਨ ਵਾਲੀਆਂ ਹਨ। ਇਨ੍ਹਾਂ ਕਹਾਣੀਆਂ ਵਿੱਚ ਡੇਰਿਆਂ ਦੇ ਕਿਰਦਾਰ ਨੂੰ ਬੜੇ ਸਪੱਸ਼ਟ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਜੇ ਕਦੇ ਮੌਕਾ ਮਿਲੇ ਤਾਂ ਇਹ ਕਹਾਣੀਆਂ ਪੜ੍ਹ ਲਿਓ। ਸੁਖਜੀਤ ਦੀ ਸਵੈ ਜੀਵਨੀ ਵੀ ਇਕ ਡੇਰੇ ਦੇ ਪਰਦੇ ਚਾਕ ਕਰਦੀ ਹੈ। ਤੁਹਾਨੂੰ ਇਨ੍ਹਾਂ ਡੇਰਿਆਂ ਦੀ ਅੰਦਰਲੀ ਉਹ ਤਸਵੀਰ ਨਜ਼ਰ ਪੈ ਜਾਵੇਗੀ, ਜਿਹੜੀ ਸਾਨੂੰ ਬਾਹਰੀ ਰੂਪ ਵਿੱਚ ਦਿਖਾਈ ਨਹੀਂ ਦਿੰਦੀ। ਇਨ੍ਹਾਂ ਡੇਰਿਆਂ ਵਿੱਚ ਜਿੱਥੇ ਜ਼ਮੀਨ ਜਾਇਦਾਦ ਦਾ ਸ਼ੋਸ਼ਣ ਹੁੰਦਾ ਹੈ।
ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਨਾਂ ਹੇਠ ਹਰ ਵਰ੍ਹੇ ਕਰੋੜਾਂ ਰੁਪਏ ਇਕੱਠੇ ਕਰਦੀ ਹੈ, ਉਨ੍ਹਾਂ ਦੀ ਖਾਮੋਸ਼ੀ ਇਸ ਗੱਲ ਦੀ ਝਲਕ ਦਿੰਦੀ ਹੈ ਜਿਵੇਂ ਉਹ ਵੀ ਇਨ੍ਹਾਂ ਸਾਧਾਂ ਦੇ ਨਾਲ ਰਲੀ ਹੋਵੇ, ਜਿਹੜੇ ਸਿੱਖ ਧਰਮ ਦੇ ਨਾਂ ਹੇਠ ਜਿੱਥੇ ਧਰਮ ਦਾ ਨੁਕਸਾਨ ਕਰ ਰਹੇ ਹਨ, ਉੱਥੇ ਲੋਕਾਂ ਦਾ ਆਰਥਿਕ, ਸ਼ਰੀਰਿਕ ਸ਼ੋਸ਼ਣ ਕਰ ਰਹੇ ਹਨ। ਜੇਕਰ ਦੇਖਿਆ ਜਾਵੇ ਤਾਂ ਸਾਡਾ ਪੰਜਾਬ ਅੱਜ ਇਨ੍ਹਾਂ ਅਖੌਤੀ ਬਾਬਿਆਂ ਦੇ ਵੱਸ ਪਿਆ ਹੋਇਆ ਹੈ। ਜਿਹੜਾ ਪੰਜਾਬ ਕਦੇ ਅਣਖ ਦਾ ਪ੍ਰਤੀਕ ਹੁੰਦਾ ਸੀ, ਅੱਜ ਆਪਣੀਆਂ ਬਹੂ-ਬੇਟੀਆਂ ਨੂੰ ਇਨ੍ਹਾਂ ਸਾਧਾਂ ਦੇ ਡੇਰਿਆਂ ਵਿੱਚ ਕਿਉਂ ਭੇਜਣ ਲਈ ਮਜਬੂਰ ਹੋ ਰਿਹਾ ਹੈ? ਇਹ ਭਾਵੇਂ ਸਮਾਜਿਕ, ਮਨੋਵਿਗਿਆਨਕ ਅਤੇ ਆਰਥਿਕਤਾ ਦੇ ਨਾਲ ਜੁੜਿਆ ਵਿਸ਼ਾ ਹੈ ਪ੍ਰੰਤੂ ਇਸ ਸਮੇਂ ਸਾਨੂੰ ਇਸ ਵਰਤਾਰੇ ਨੂੰ ਦੇਖ ਕੇ ਜ਼ਰੂਰ ਸੋਚਣਾ ਪਵੇਗਾ ਕਿ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਸਾਧਾਂ ਦੇ ਕਬਜ਼ੇ ਵਿੱਚੋਂ ਕਿਵੇਂ ਛੁਡਵਾਇਆ ਜਾਵੇ ? ਭਾਵੇਂ ਤਰਕਸ਼ੀਲ ਸੁਸਾਇਟੀ ਵਾਲਿਆਂ ਨੇ ਇਨ੍ਹਾਂ ਅਖੌਤੀ ਸਾਧਾਂ ਦੇ ਖ਼ਿਲਾਫ਼ ਬੀੜਾ ਚੁੱਕਿਆ ਹੈ। ਲੋਕਾ ਦਾ ਫ਼ਰਜ਼ ਵੀ ਬਣਦਾ ਹੈ ਕਿ ਉਹ ਇਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੋਕਾਂ ਨੂੰ ਸਾਧਾਂ ਦੇ ਚੁੰਗਲ ਤੋਂ ਬਚਾਉਣ।
ਸੰਪਰਕ : 94643-70823
16 Nov. 2018
ਕਵਿਤਾ ਦੇ ਜੇਠ - ਬੁੱਧ ਸਿੰਘ ਨੀਲੋਂ
ਲੋਕ ਬੋਲੀ ਹੈ। ਜਿਹੜੀ ਔਰਤ ਮਨ ਦੀ ਵੇਦਨਾ ਨੂੰ ਪ੍ਰਗਟ ਕਰਦੀ ਹੈ ਪਰ ਉਹ ਜੇਠ ਦੇ ਕੋਲੋਂ ਹੀ ਕਿਉਂ 'ਪੰਜ' ਰੁਪਏ ਮੰਗਦੀ ਹੈ ਇਸ ਦਾ ਮਨੋਵਿਗਿਆਨਿਕ ਵਿਸ਼ਲੇਸ਼ਣ ਤਾਂ ਮਨੋਵਿਗਿਆਨੀ ਹੀ ਕਰ ਸਕਦੇ ਹਨ ਪਰ ਇਸ ਦੇ ਅੰਦਰ ਛੁਪਿਆ ਉਹ ਸੱਚ ਹੈ ਜਿਸ ਨੂੰ ਅਸੀਂ ਨਾ ਨਿਕਾਰਦੇ ਤੇ ਨਾ ਹੀ ਸਵੀਕਾਰ ਕਰਦੇ ਹਾਂ ਪਰ ਸੱਚ ਤੋਂ ਮੁੱਨਕਰ ਨਹੀਂ ਹੋਇਆ ਜਾ ਸਕਦਾ ਖੈਰ ਤੁਸੀਂ ਆਪੇ ਹੀ ਲਾਓ ਲੱਖਣ ਤੇ ਕਰੋ ਵਿਚਾਰ-
''ਜੇਠਾ ਵੇ ਦੇ ਦੇ ਪੰਜ ਰੁਪਈਏ,
ਮੈਂ ਚੜ੍ਹਵਾਉਣੀਆਂ ਵੰਗਾਂ।''
ਆ ਹੁਣ ਜਦੋਂ ਦੀ ਧਰਤੀ ਗਲੋਬਲ ਹੋਈ ਹੈ, ਫੇਸ ਬੁੱਕ, ਟਵਿੱਟਰ ਤੇ ਇੰਟਰਨੈੱਟ ਆਇਆ ਬਸ ਉਦੋਂ ਤੋਂ ਹੀ ਕਵਿਤਾ ਦੀਆਂ ਬਾਹਵਾਂ ਵਿੱਚ ਵੰਗਾਂ ਚੜ੍ਹਾਉਣ ਵਾਲਿਆਂ ਗਿਣਤੀ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਜਿਸ ਦੇ ਚਿੱਤ ਵਿੱਚ ਜੋ ਆਉਂਦਾ, ਉਹ ਕਵਿਤਾ ਦੇ ਨਾਂ ਉਤੇ ਬੇਹੇ ਕੜਾਹ ਵਾਂਗ ਪਰੋਸੀ ਜਾ ਰਿਹਾ। ਪੰਜਾਬੀ ਦੇ ਵਿਚ ਸਭ ਤੋਂ ਵੱਧ ਕਵਿਤਾ ਲਿਖੀ ਜਾ ਰਹੀ ਹੈ ਤੇ ਛਪ ਰਹੀ ਹੈ। ਇਹ ਕਵਿਤਾ ਦੇ ਨਾ ਹੇਠ ਵੰਗਾਂ ਵੀ ਕੱਚ ਦੀਆਂ ਹਨ ਤੇ ਰੰਗ-ਬਰੰਗੀਆਂ, ਕਾਲੀਆਂ, ਪੀਲੀਆਂ, ਨੀਲੀਆਂ ਤੇ ਚਿੱਟੀਆਂ ਪਾਠਕਾਂ ਨੂੰ ਪਹਿਨਾਈਆਂ ਜਾਂਦੀਆਂ ਹਨ।
ਪਰ ਕੱਚ ਦੇ ਸੱਚ ਨੂੰ ਕੋਈ ਨਹੀਂ ਜਾਣਦਾ-
''ਕੱਚੀ ਯਾਰੀ ਲੱਡੂਆਂ ਦੀ''
ਇਸ ਬੋਲ ਦੇ ਵਾਂਗ, ਹਰ ਕੋਈ ਆਪਣੀ ਟੁੱਟੀ ਯਾਰੀ ਦੇ ਕੀਰਨੇ ਪਾਉਂਦਾ ਹੈ ਤੇ ਕਵਿਤਾ ਦੀਆਂ ਬਾਹਾਂ ਵਿੱਚ ਵੰਗਾਂ ਚਾੜ੍ਹਾਉਂਦਾ ਹੈ। ਉਨ੍ਹਾਂ ਨੂੰ ਨਾ ਤਾਂ ਕੱਚ ਦੀ ਤਾਸੀਰ, ਰੰਗਾਂ ਦੀ ਭਾਸ਼ਾ, ਬੋਲੀ ਤੇ ਉਸ ਦੇ ਸੁਭਾਅ ਦਾ ਗਿਆਨ ਤੇ ਨਾ ਹੀ ਸਮਝ ਹੈ। ਹਾਂ ਜੇ ਉਨ੍ਹਾਂ ਨੂੰ ਗਿਆਨ ਹੋਵੇ ਤਾਂ ਉਹ ਕਵਿਤਾ ਦੀਆਂ ਵੰਗਾਂ ਚੁੱਕੀ ਨਾ ਫਿਰਨ। ਜਿਹਨਾਂ ਨੂੰ ਕਵਿਤਾ ਲਿਖਣ ਦਾ ਪਤਾ ਲੱਗ ਜਾਂਦਾ ਹੈ, ਉਹ ਸਾਹਿਤ ਦੇ ਉਸਤਾਦ ਮਿਸਤਰੀ ਬਣ ਜਾਂਦੇ ਹਨ ਤੇ ਉਹ ਫਿਰ ਕਵਿਤਾ ਲਿਖਣ ਵਾਲੇ ਠੇਕਦਾਰ ਬਣ ਬਹਿੰਦੇ ਹਨ।
ਹੁਣ ਆ ਜਦੋਂ ਦਾ ਕਿਤਾਬ ਛਾਪਣ ਦਾ ਕੰਮ ਸੁਖਾਲਾ ਹੋਇਆ ਹੈ। ਇਹ ਨੇ ਰਹ ਕੋਈ ਕਵੀ ਤੇ ਕਵਿਤਰੀ ਬਣਾ ਦਿੱਤੀ ਹੈ। ਜਿਸ ਦੀ ਜੇਬ 'ਚ ਦਮੜੇ ਹਨ; ਉਹ ਆਪਣੀਆਂ ਵੰਗਾਂ ਦੀ ਪਟਾਰੀ ਚੁੱਕ ਕੇ ਪ੍ਰਕਾਸ਼ਕ ਦੇ ਮੱਥੇ ਵਿੱਚ ਇੱਟ ਵਾਂਗ ਵੱਜਦਾ। ਅੱਗੋਂ ਪ੍ਰਕਾਸ਼ਕ ਵੀ ਘਰੇ ਆਈ ਵਿਆਹ ਦੀ ਡੋਲੀ ਵਾਂਗ ਉਸ ਦਾ ਸਵਾਗਤ ਕਰਦਾ ਹੈ। ਉਹ ਪਹਿਲਾਂ ਤਾਂ ਉਸ ਦੇ ਸਿਰ ਉਤੋਂ ਪਾਣੀ ਵਾਰ ਕੀ ਪੀਂਦਾ ਹੈ। ਅਸੀਸਾਂ ਦੇਂਦਾ ਤੇ ਆਂਢਣਾਂ-ਗੁਆਂਢਣਾਂ ਵਾਂਗ ਉਸ ਦੀ 'ਸਾਹਿਤ ਪਟਾਰੀ' ਲਈ ' ਸਾਹਿਤ ਦੇ ਵਿਦਵਾਨ-ਮਰਾਸੀਆਂ ' ਤੋਂ ਸਿਹਰੇ ਲਿਖਵਾਉਦਾ ਤੇ ਰੀਲੀਜ਼ ਸਮਾਗਮ 'ਤੇ ਪੜ੍ਹਾਉਂਦਾ ਹੈ। ਉਝ ਤਾਂ ਪ੍ਰਕਾਸ਼ਕ ਦੀਆਂ ਪੌੜੀਆਂ ਚੜ੍ਹ ਕੇ ਹੀ ਪਤਾ ਲੱਗਦਾ ਹੈ ਕਿ ਪ੍ਰਕਾਸ਼ਕ ਕੀ ਤਾਰੇ ਵਿਖਾਉਦਾ ਹੈ ਜਿਵੇਂ ਪੁਲਸ ਵਾਲੇ ਪਰਚਾ ਦਰਜ ਕਰਨ ਤੇ ਕੇਸ ਭੁਗਤਣ ਦੇ ਦੁੱਖ ਦੱਸਦੇ ਹਨ, ਤੇ ਅੱਜ ਕੱਲ ਹਸਪਤਾਲਾਂ ਵਾਲੇ ਮਰੀਜ਼ ਦੇ ਵਾਰਿਸਾਂ ਨੂੰ ਡਰਾਉਂਦੇ ਤੇ ਵਰਚਾਉਂਦੇ ਹਨ। ਮਰੀਜ਼ ਭਾਵੇਂ ਠੀਕ ਹੋਵੇ ਪਰ ਨਾਲ ਆਏ ਦੀਆਂ ਪੁਦੀੜਾਂ ਪੁਆ ਦੇਂਦੇ ਹਨ। ਹੁਣ ਤਾਂ ਹਸਪਤਾਲਾਂ ਵਾਲਿਆਂ ਨੇ ਬਾਊਸਰ ਵੀ ਰੱਖ ਲਏ ਹਨ ਤੇ ਪ੍ਰਕਾਸ਼ਕਾਂ ਨੇ ਜਿਵੇਂ ਆਲੋਚਕ ਰੱਖੇ ਹੋਏ ਹਨ। ਕੰਮ ਦੋਹਾਂ ਦੀ ਇੱਕੋ ਜਿਹਾ ਹੈ।
ਖ਼ੈਰ ਆਪਾਂ ਤਾਂ ਜੇਠ ਦੀ ਗੱਲ ਕਰਦੇ ਸੀ, ਜਦੋਂ ਦਾ ਵਟਸਅਪ, ਫੇਸ ਬੁੱਕ ਉਤੇ ਮੇਰੀ ਪਤਨੀ ਨੇ ਖਾਤਾ ਖੋਲ੍ਹਿਆ ਐ। ਬਸ ਉਸ ਨੂੰ ਇਸ ਦਾ ਭੂਤ ਹੀ ਚੜ੍ਹ ਗਿਆ। ਹਮ ੳੀ ਕਵੀ ਹੋਤੇ ਹੈ। ਹੁਣ ਦਿਨ ਰਾਤ ਉਹਦੇ ਨਾਲ ਚਿੰਬੜੀ ਰਹਿੰਦੀ ਐ। ਚੁੱਲ੍ਹੇ ਉਤੇ ਦਾਲ ਧਰ ਕੇ ਭੁਲ ਜਾਂਦੀ ਐ, ਚਾਹ ਧਰੂ, ਸੜ ਕੇ ਉਹ ਲੁੱਕ ਬਣ ਜਾਊ। ਪਰ ਇਹ ਆਪਣੇ ਮੋਬਾਇਲ ਤੋਂ ਆਪਣੀਆਂ ਅੱਖਾਂ ਪਰੇ ਨਹੀਂ ਕਰਦੀ।
ਪਹਿਲਾਂ ਪਹਿਲਾਂ ਤਾਂ ਉਹ ਹੋਰਨਾਂ ਦੀਆਂ ਕਵਿਤਾਵਾਂ ਪਾਉਂਦੀ ਸੀ। ਜਦੋਂ ਕਿਸੇ ਨੇ ਲਾਈਕ ਕਰਨਾ, ਨਾਲ ਹੀ ਕਮਿੱਟ ਕਰ ਦੇਣਾ, ਕਮਾਲ ਐ, ਬਹੁਤ ਵਧੀਆ, ਲਿਖਦੇ ਰਹੋ। ਉਸਨੇ ਹੋਰ ਫੱਟੇ ਚੱਕ ਦੇਣੇ। ਹੁਣ ਅੱਗਿਓਂ ਲਾਈਕ ਕਰਨ ਵਾਲੇ ਵੀ ਅਜਿਹੇ ਹੀ ਹੁੰਦੇ, ਜਿਨ੍ਹਾਂ ਨੂੰ ਇਹ ਵੀ ਪਤਾ ਨਹੀਂ ਸੀ ਹੁੰਦਾ ਕਿ ਜਿਹੜੀਆਂ ਕਵਿਤਾ ਦੀਆਂ ਲਾਈਨਾਂ ਨੂੰ ਉਹ ਕਮਾਲ ਦੀ ਕਹਿ ਰਹੇ ਹਨ ਤੇ ਉਸ ਦੀ ਸਿਫ਼ਤ ਕਰ ਰਹੇ ਹਨ। ਉਹ ਸਿਫਤ ਕਰਨ ਦੇ ਜੋਗ ਤਾਂ ਹਨ - ਪਰ ਉਸ ਦੀ ਸਿਰਜਕ ਮੇਰੀ ਪਤਨੀ ਨਹੀਂ ਬਲਕਿ ਕੋਈ ਹੋਰ ਵੱਡਾ ਸ਼ਾਇਰ ਹੈ। ਪਰ ਫੇਸ ਬੁੱਕ ਦੇ ਬਹੁਤੇ 'ਸ਼ਾਇਰ' ਤਾਂ ਕਿਤਾਬ ਤੋਂ ਇਉਂ ਡਰਦੇ ਹਨ ਜਿਵੇਂ ਗੁਲੇਲ ਤੋਂ ਕਾਂ। ਪਰ 'ਹੁਣ ਕਾਂ ਨੂੰ ਕੌਣ ਹਟਾਵੇ ਕਿ ਉਹ ਕਾਂ-ਕਾਂ ਨਾ ਕਰੇ।' ਉਹਨਾਂ ਤਾਂ ਕਾਵਾਂ ਰੌਲੀ ਪਾਉਣੀ ਹੀ ਹੁੰਦੀ ਹੈ। ਇਹ ਪਾਈ ਜਾਂਦੇ ਹਨ। ਕੋਈ ਸੁਣੇ ਜਾਂ ਨਾ ਸੁਣੇ। ਉਨ੍ਹਾਂ ਨੂੰ ਕੀ ਐ!
ਇੱਕ ਦਿਨ ਤਾਂ ਇਕ ਫੇਸ ਬੁਕੀ ਨੇ ਕਮਾਲ ਹੀ ਕਰ ਦਿੱਤੀ। ਉਸ ਨੇ ਮੇਰੀ ਪਤਨੀ ਨੂੰ ਲਿਖ ਦਿੱਤਾ ਕਿ 'ਤੁਸੀਂ ਛੇਤੀ ਛੇਤੀ ਆਪਣੀ ਕਿਤਾਬ ਛਾਪੋ, ਅਸੀਂ ਉਸ ਕਿਤਾਬ ਨੂੰ ਵੱਡੇ ਸਮਾਗਮ ਵਿੱਚ ਰੀਲੀਜ ਕਰਾਂਗੇ। ਅਸੀਂ ਫੇਸ ਬੁਕ ਵਾਲਿਆਂ ਨੇ ਇੱਕ ਸਭਾ ਬਣਾਈ ਐ। ਸਾਡੇ ਕੋਲ ਇੱਕ ਅਜਿਹਾ ਪ੍ਰਕਾਸ਼ਕ ਐ, ਜਿਹੜਾ ਬਿਨਾਂ ਕਿਸੇ ਲਾਭ-ਹਾਨੀ ਦੇ ਕਿਤਾਬ ਛਾਪ ਦਿੰਦਾ ਹੈ। ਤੁਸੀਂ ਬਸ ਵੀਹ ਹਜ਼ਾਰ ਰੁਪਏ ਦਾ ਪ੍ਰਬੰਧ ਕਰੋ। ਬਸ ਫੇਰ ਦੇਖਿਓ ਅਸੀਂ ਤੁਹਾਨੂੰ ਕਿਤਾਬ ਦਾ ਸਰਪਰਾਈਜ਼ ਦੇਵਾਂਗੇ। ਤੁਹਾਡੀਆਂ ਅਸੀਂ ਸਾਰੀਆਂ ਹੀ ਕਵਿਤਾਵਾਂ ਸੰਭਾਲੀਆਂ ਹੋਈਆਂ ਹਨ। ਤੁਹਾਡੇ ਹਾਂ ਪੱਖੀ ਹੁੰਗਾਰੇ ਦੀ ਉਡੀਕ ਕਰਾਂਗਾ।'
ਉਸ ਦੀ ਇਹ ਟਿੱਪਣੀ ਪੜ੍ਹ ਕੇ ਪਤਨੀ ਤਾਂ ਘਰ ਵਿੱਚ ਇਉਂ ਭੱਜੀ ਫਿਰੇ ਜਿਵੇਂ ਵਿਆਹ ਵਿੱਚ ਨੈਣ ਭੱਜੀ ਫਿਰਦੀ ਹੁੰਦੀ ਐ।
ਜਦੋਂ ਮੈਂ ਪੁੱਛਿਆ 'ਕੀ ਗੱਲ ਐ! ਅੱਜ ਸਰਕਾਰ ਬੜੀ ਖੁਸ਼ ਏ, ਜਿਵੇਂ ਅੱਜ ਕੱਲ੍ਹ ਕੈਪਟਨ ਸਰਕਾਰ, ਧੱਕੇ ਨਾਲ ਚੋਣਾਂ ਜਿੱਤ ਕੇ, ਆਪਣੀ ਪਿੱਠ ਆਪੇ ਥਾਪੜੀ ਜਾਂਦੀ ਐ। ਪਰ ਤੈਨੂੰ ਕਿਹੜੀ ਗਿੱਦੜ ਸਿੰਗੀ ਲੱਭ ਗਈ?'
ਆਖਣ ਲੱਗੀ 'ਥੋਨੂੰ ਕਈ ਵਰ੍ਹੇ ਹੋ ਗਏ ਲਿਖਦਿਆਂ, ਤੁਹਾਡੀ ਇਕ ਕਿਤਾਬ ਨਹੀਂ ਛਪੀ। ਮੈਂ ਅਜੇ ਲਿਖਣਾ ਵੀ ਸ਼ੁਰੂ ਨਹੀਂ ਕੀਤਾ, ਪ੍ਰਸੰਸਕ ਮੇਰੀ ਕਿਤਾਬ ਛਾਪਣ ਦੀ ਤਿਆਰੀ ਕਰੀ ਫਿਰਦੇ ਹਨ।'
'ਭਗਵਾਨੇ! ਤੇਰੀ ਕਿਹੜੀ ਕਿਤਾਬ, ਕਦੇ ਅੱਖਰ ਨਹੀਂ ਲਿਖਿਆ। ਕਿਤਾਬ ਤੇਰੀ ਕਿਵੇਂ ਛਪੂ?' ਮੈਂ ਹੈਰਾਨੀ ਪ੍ਰਗਟ ਕੀਤੀ।
ਜਦੇ ਹੀ ਉਸ ਦੇ ਮੋਬਾਇਲ 'ਤੇ ਮੈਸਿਜ ਆ ਗਿਆ।
'ਮੈਡਮ ਕਿਤਾਬ ਲਿਖਣ ਵਾਲੇ ਦਾ ਵੀ ਪ੍ਰਬੰਧ ਹੋ ਗਿਆ। ਉਸ ਨੇ ਪਹਿਲਾਂ ਵੀ ਕਈ ਬੀਬੀਆਂ ਦੀਆਂ ਕਿਤਾਬਾਂ ਲਿਖੀਆਂ ਨੇ। ਬਸ ਖਰਚ ਥੋੜ੍ਹਾ ਹੋਰ ਕਰਨਾ ਪਊ, ਤੁਸੀਂ ਫਿਕਰ ਨਾ ਕਰੋ। ਤੁਸੀਂ ਸਾਡੇ ਅਕਾਊਂਟ 'ਚ ਬਸ ਦਸ ਕੁ ਹਜ਼ਾਰ ਰੁਪਏ ਜਮ੍ਹਾਂ ਕਰਾ ਦਿਓ। ਬਾਕੀ ਬਾਅਦ 'ਚ ਤੁਸੀਂ ਕਿਸ਼ਤਾਂ ਵਿੱਚ ਜਮ੍ਹਾਂ ਕਰਵਾ ਦੇਣੇ। ਜਿਸ ਦਿਨ ਤੁਸੀਂ ਪੈਸੇ ਜਮ੍ਹਾਂ ਕਰਵਾ ਦਿੱਤੇ, ਬਸ ਉਸ ਦਿਨ ਤੋਂ ਸਵਾ ਮਹੀਨੇ ਬਾਅਦ ਆਪਾਂ 'ਮਕਰਾਂ ਦੇ ਮੱਕੇ' ਵਿੱਚ ਇਹ ਕਿਤਾਬ ਰੀਲੀਜ਼ ਕਰਾਂਗੇ। ਬਸ ਤੁਸੀਂ ਖਾਣ-ਪੀਣ ਦਾ ਪ੍ਰਬੰਧ ਕਰ ਲੈਣਾ। ਬਾਕੀ ਸਾਡਾ ਕੰਮ ਐ, ਪ੍ਰੈਸ ਵਿੱਚ ਵੱਡੀ ਖ਼ਬਰ ਫੋਟੋ ਸਮੇਤ ਛਾਪਣ ਦਾ ਵੀ ਪ੍ਰਬੰਧ ਹੋ ਗਿਆ। ਤੁਸੀਂ ਤਿਆਰੀ ਕਰੋ।''
ਪਤਨੀ ਨੇ ਜਦੋਂ ਮੈਸਿਜ ਦੀ ਗੱਲ ਦੱਸੀ। ਅਸੀਂ ਸਿਰ ਫੜ ਕੇ ਬੈਠ ਗਏ। ਸੋਚਣ ਲੱਗ ਪਿਆ ਜੇ ਪੰਜਾਬੀ ਸਾਹਿਤ ਵਿੱਚ ਇਹੋ ਜਿਹੇ ਲੇਖਕ ਤੇ ਕਵਿਤਰੀਆਂ ਆਉਣਗੀਆਂ ਤਾਂ ਫਿਰ- ਲੋਕ ਕਿਤਾਬਾਂ ਕਿਹੜੀਆਂ ਪੜ੍ਹਨਗੇ?ਪੰਜਾਬੀ ਦੇ ਪਾਠਕ ਤਾਂ ਅਖਬਾਰ ਨੀ੍ਹ ਖਰੀਦ ਕੇ ਪੜ੍ਹਦੇ ਤੇ ਉਹ ਇਹੋ ਜਿਹੀਆਂ ਕਿਤਾਬਾਂ ਕਿੱਥੋਂ ਖਰਦੀਣਗੇ? ਕਈ ਵਾਰ ਪਾਠਕ ਤਾਂ ਅਖਬਾਰ ਵਿੱਚ ਕਿਤਾਬ ਦਾ ਰੀਵਿਊ ਪੜ੍ਹ ਕੇ, ਕਿਤਾਬ ਖਰੀਦ ਲੈਂਦਾ ਹੈ। ਪਰ ਜਦੋਂ ਪੜ੍ਹਦਾ ਤਾਂ ਮੱਥੇ 'ਤੇ ਹੱਥ ਮਾਰਦਾ। ਰੀਵਿਊ ਕਰਨ ਵਾਲੇ ਵੀ ਕਿਤਾਬ ਨੂੰ ਅਸਮਾਨ 'ਤੇ ਚੜ੍ਹ ਦੇਂਦੇ ਹਨ। ਅੱਗਿਓਂ ਪਾਠਕ ਉਸ ਨੂੰ ਪੜ੍ਹ ਕੇ ਕਿਤਾਬ ਖਰੀਦਣ ਤੁਰ ਪੈਂਦਾ ਹੈ। ਸਿਲਸਿਲਾ ਹੁਣ ਕਈ ਵਰ੍ਹਿਆਂ ਤੋਂ ਚਲ ਰਿਹਾ ਹੈ। ਪਤਨੀ ਨੂੰ ਖੁਸ਼ ਰੱਖਣ ਲਈ ਬੰਦੇ ਨੂੰ ਕੀ ਕੀ ਪਾਪੜ ਵੇਲਣੇ ਪੈਂਦੇ ਹਨ, ਇਹ ਤਾਂ ਸਾਰੇ ਹੀ ਜਾਣਦੇ ਹਨ- ਪਰ ਫੋਕੀ ਸ਼ੋਹਰਤ ਲਈ 'ਅੱਕ ਚੱਬਣਾ' ਔਖਾ ਹੁੰਦਾ ਹੈ। ਨਾਲੇ ਪਤਨੀ ਨੂੰ ਕੀ ਪਤਾ ਕਿ ਕਵਿਤਾ ਕੀ ਹੁੰਦੀ ਹੈ? ਪਰ ਉਸ ਨੂੰ ਤਾਂ ਫੇਸ ਬੁਕ ਵਾਲੇ ਰੋਜ਼ ਹੀ ਕੁਮੈਂਟ ਕਰ ਕਰ ਕੇ ਉਕਸਾ ਰਹੇ ਹਨ ਕਿ ਉਹ ਵੀ ਲੇਖਿਕਾ ਬਣ ਸਕਦੀ ਹੈ। ਪਰ ਉਹ ਨਹੀਂ ਜਾਣਦੀ ਕਿ੩.ਪਰਦੇ ਦੇ ਪਿੱਛੇ ਕੀ ਐ?
ਹੁਣ ਤੁਸੀਂ ਆਖੋਗੇ ਕਿ ਪਰਦੇ ਦੇ ਪਿੱਛੇ ਕੀ ਹੈ? ਭਾਈ ਸਾਹਿਬ-ਪਰਦੇ ਦੇ ਪਿੱਛੇ ਉਹੀ ਕੁੱਝ ਹੈ, ਜਿਹੜਾ ਘਰ ਵਾਲੇ ਦੇ ਆਦਮੀ ਦੇ ਮਰਨ ਤੋਂ ਬਾਅਦ ਕਰਦੇ ਆ। ਜਿਵੇਂ ਰੰਡੀ ਉਤੇ ਛੜਾ ਜੇਠ ਚਾਦਰ ਪਾਉਂਦਾ ਹੈ। ਫਿਰ ਇਸ ਚਾਦਰ ਦੇ ਅੰਦਰ ਕੀ ਹੁੰਦਾ ਹੈ?..ਇਹ ਤਾਂ ਤੁਸੀਂ ਵੀ ਸਮਝਦੇ ਤੇ ਜਾਣਦੇ ਹੋ। ਪਰ ਦੁੱਖ ਦੀ ਗੱਲ ਐ, ਜਿਹੜੇ ਸਭ ਕੁੱਝ ਜਾਣਦੇ ਹਨ, ਜਿਨ੍ਹਾਂ ਨੂੰ ਪਤਾ ਹੈ ਕਿ ਕਿਵੇਂ ਦੇ 'ਕਵਿਤਾ ਦੇ ਜੇਠ' ਵਧ ਰਹੇ ਹਨ। ਕਵਿਤਾ ਦੇ ਨਾਲ ਰੋਜ਼ਾਨਾ 'ਗੈਂਗ ਰੇਪ' ਹੁੰਦਾ। ਉਹ ਸਭ ਦੇ ਸਭ ਮੂੰਹ 'ਚ ਘੁੰਗਣੀਆਂ ਪਾਈ ਬੈਠੇ ਹਨ। ਜਾਂ ਫਿਰ ਦੂਰੋਂ ਹੀ ਨਜ਼ਾਰੇ ਲੈ ਰਹੇ ਹਨ। ਕਈ ਤਾਂ ਰੋਜ਼ ਹੀ ਕੋਈ ਨਾ ਕੋਈ ਕਿਤਾਬ ਰੀਲੀਜ਼ ਕਰਕੇ ਅਖਬਾਰਾਂ ਨੂੰ ਫੋਟੋ, ਖਬਰ ਭੇਜ ਦੇਂਦੇ ਹਨ। ਬਸ ਉਨ੍ਹਾਂ ਦੀ ਏਸੇ ਨਾਲ ਹੀ ਰੋਟੀ ਹਜ਼ਮ ਹੋ ਜਾਂਦੀ ਐ। ਜਿਹਨਾਂ ਨੂੰ ਕਬਜ਼ ਜਾਂ ਗੈਸ ਦੀ ਬੀਮਾਰੀ ਹੁੰਦੀ ਐ। ਉਹ ਇੱਕ ਦੂਜੇ ਦੀਆਂ ਚੁਗਲੀਆਂ ਕਰ ਕੇ ਆਪਣੀ ਗੈਸ ਖਾਰਜ ਕਰ ਲੈਂਦੇ ਹਨ।
ਪਿਛਲੇ ਸਮਿਆਂ ਦੇ ਵਿਚ ਇਹੋ ਜਿਹੀਆਂ ਕਿੰਨੀਆਂ ਹੀ ਕਿਤਾਬਾਂ ਆਈਆਂ ਹਨ। ਜਿਸ ਵਾਰੇ ਮੈਨੂੰ ਗੀਤ ਯਾਦ ਆ ਗਿਆ-
' ਦਿਉਰਾ ਵੇ ਮੈਨੂੰ ਕਹਿਣ ਕੁੜੀਆਂ, ਤੇਰੇ ਮੁੰਡੇ ਦਾ ਤਾਂ ਜੇਠ 'ਤੇ ਮੜੱਗਾ'
ਹੁਣ 'ਕਵਿਤਾ ਦੇ ਜੇਠਾਂ' ਨੂੰ ਕੋਈ ਕੀ ਦੱਸੇ, ਕਵਿਤਾ ਲਿਖਣੀ ਨਾ ਤਾਂ ਕਬਜ਼ ਹੈ, ਨਾ ਹੀ ਗੈਸ ਦੀ ਬੀਮਾਰੀ ਐ। ਉਹ ਤਾਂ ਰੋਜ਼ ਹੀ ਨਵੇਂ ਨਵੇਂ ਚੰਦ ਚਾੜੀ ਜਾਂਦੇ ਹਨ। ਇਹ ਚੰਦ ਹੁਣ ਸਾਡੇ ਘਰ ਵੀ ਚੜ੍ਹਨ ਵਾਲਾ ਹੈ। ਪਰ ਮੈ ਇਹ ਚੰਦ ਕਦੇ ਵੀ ਚੜ੍ਹਨ ਨਹੀਂ ਦਿਆਂਗਾ। ਭਾਵੇਂ ਮੈਨੂੰ ਕੁੱਝ ਵੀ ਕਰਨਾ ਪਵੇ। ਅੱਖੀਂ ਵੇਖ ਕੇ ਮੱਖੀ ਤਾਂ ਨੀਂ ਨਿਗਲੀ ਜਾ ਸਕਦੀ। ਪਰ ਜਿਹੜੇ ਇਹ ਕਰੀ ਤੇ ਜਰੀ ਜਾ ਜਾਂਦੇ ਹਨ, ਉਹ ਕੌਣ ਹਨ ? ਕੀ ਉਹ ਮਾਂ ਬੋਲੀ ਦੇ ਦਲਾਲ ਨੇ ਜਾਂ ਚੰਡਾਲ ਹਨ, ਜਿਹੜੇ ਮਾਂ ਬੋਲੀ ਦੇ ਸੇਵਕ ਬਣੇ ਬੈਠੇ ਹਨ ? ਖੈਰ ਮੈਂ ਆਪਣੀ ਪਤਨੀ ਦਾ ਅਜਿਹਾ ਜੇਠ ਕਿਸੇ ਨੂੰ ਹਰਗਿਜ਼ ਨਹੀਂ ਬਣਨ ਦੇਵਾਂਗਾ ਤੇ ਨਾ ਅਖੌਤੀ ਕਵਿੱਤਰੀ ।
ਪੰਜਾਬੀ ਸਾਹਿਤ ਦੇ ਵਿਚ ਇਹੋ ਜਿਹੀਆਂ ਕਿੰਨੀਆਂ ਕੁ ਕਿਤਾਬਾਂ ਹਨ? ਇਸ ਦਾ ਪਤਾ ਤਾਂ ਕਿਤਾਬ ਪੜ੍ਹ ਕੇ ਹੀ ਪਤਾ ਲੱਗਦਾ ਹੈ। ਕਈ ਤਾਂ ਪੁਰਾਣੇ ਹਿੰਦੀ ਫਿਲਮਾਂ ਦੇ ਗੀਤਾਂ ਤੇ ਗ਼ਜ਼ਲਾਂ ਦੀਆਂ ਤੜਕੇ ਵਾਲੀਆਂ ਕਿਤਾਬਾਂ ਆ ਰਹੀਆਂ ਹਨ, ਜਿਹਨਾਂ ਨੂੰ ਅਰਬੀ, ਫਾਰਸੀ ਤੇ ਉਰਦੂ ਦਾ ਪਤਾ ਨਹੀਂ, ਉਹ ਆਪਣੀਆਂ ਕਵਿਤਾਵਾਂ ਦੇ ਵਿਚ ਉਹ ਸ਼ਬਦ ਵਰਤ ਰਹੇ ਹਨ। ਪਰ ਜਦੋਂ ਕੋਈ ਸ਼ਬਦਾਂ ਦੇ ਅਰਥ ਪੁੱਛ ਲੈਂਦਾ ਹੈ ਤਾਂ ਵਾੜ 'ਚ ਫਸੇ ਬਿੱਲੇ ਵਾਂਗ ਦੇਖਦੇ ਹਨ ਤੇ ਉਹਨਾਂ ਨੂੰ ਕੇਨੈਡਾ ਵਿਚ ਵੀ ਤੌਣੀ ਆ ਜਾਂਦੀ ਹੈ। ਪਰ ਹੁਣੇ ਹੀ ਪਤਾ ਲੱਗਾ ਹੈ ਕਿ ਇਕ ਕਹਾਣੀਆਂ ਦੀ ਕਿਤਾਬ ਵੀ ਕਿਸੇ ਦੀ ਲਿਖੀ ਤੇ ਕਿਸੇ ਦੇ ਨਾਂ 'ਤੇ ਛਪੀ ਹੋਈ ਆ ਗਈ ਹੈ। ਇਹ ਕੀ ਹੋ ਰਿਹਾ ਹੈ? ਤੁਹਾਡਾ ਇਸ ਘਪਲੇ ਬਾਰੇ ਕੀ ਖਿਆਲ ਏ ਜੀ? ਪਰ ਇਹ ਜੋ ਕੁੱਝ ਵੀ ਹੋ ਰਿਹਾ ਹੈ, ਇਸ ਦੇ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ?
ਬੁੱਧ ਸਿੰਘ ਨੀਲੋਂ
94643-70823
14 Nov. 2018
ਮਸਲਾ-ਏ ਪੁਰਸਕਾਰ : ਜਦੋਂ ਮੈਨੂੰ ਪੁਰਸਕਾਰ ਮਿਲਿਆ - ਬੁੱਧ ਸਿੰਘ ਨੀਲੋਂ
ਜਦੋਂ ਮੈਨੂੰ ਪੁਰਸਕਾਰ ਮਿਲਿਆ ਤਾਂ ਮੇਰੀ ਚਾਰੇ ਪਾਸੇ ਬੱਲੇ ਬੱਲੇ ਹੋ ਗਈ। ਅਖ਼ਬਾਰਾਂ ਵਿੱਚ ਮੇਰੀਆਂ ਲਿਖਤਾਂ ਤੇ ਜੀਵਨ ਬਾਰੇ ਵੱਡੇ-ਵੱਡੇ ਫੀਚਰ ਛਪੇ। ਕਈ ਦਿਨ ਫੋਨ ਦੀਆਂ ਘੰਟੀਆ ਵੱਜਦੀਆਂ ਰਹੀਆਂ। ਸਾਹਿਤ ਸਭਾਵਾਂ ਵਾਲਿਆਂ ਨੇ ਮੈਨੂੰ ਇਹ ਪੁਰਸਕਾਰ ਮਿਲਣ 'ਤੇ ਮੇਰੀ ਸ਼ੋਭਾ ਵਿੱਚ ਮੀਟਿੰਗਾਂ ਤੇ ਸਮਾਗਮ ਰਚਾਏ। ਕਾਲਜਾਂ ਦੇ ਵਿੱਚ ਮੇਰੇ ਲਗਾਤਾਰ ਰੂਬਰੂ ਪ੍ਰੋਗਰਾਮ ਰੱਖੇ ਗਏ। ਅਖ਼ਬਾਰਾਂ ਤੇ ਟੀ ਵੀ ਚੈਨਲਾਂ ਉੱਤੇ ਮੇਰੀਆਂ ਮੁਲਾਕਾਤਾਂ ਦੇ ਪ੍ਰੋਗਰਾਮ ਚਲਾਏ ਗਏ। ਕਈ ਹਫ਼ਤੇ ਹੀ ਨਹੀਂ ਬਲਕਿ ਕਈ ਮਹੀਨੇ ਮੇਰੇ ਮਾਣ ਵਿੱਚ ਪ੍ਰੋਗਰਾਮ ਵੱਖ-ਵੱਖ ਸ਼ਹਿਰਾਂ ਕਸਬਿਆਂ ਵਿੱਚ ਹੁੰਦੇ ਰਹੇ। ਵਧਾਈਆਂ ਦੀ ਧੂੜ ਹੀ ਨਹੀਂ ਉਡੀ ਸਗੋਂ ਹਨੇਰੀ ਹੀ ਆ ਗਈ। ਜਿਸ ਦੇ ਨਾਲ ਮੈਂ ਹਵਾ ਵਿੱਚ ਉੱਡਣ ਲੱਗਿਆ। ਹਵਾ ਵਿੱਚ ਉਡਦਾ ਵੀ ਕਿਉਂ ਨਾ ਮੈਨੂੰ ਸਾਹਿਤ ਦਾ ਸਭ ਤੋਂ ਵੱਡਾ ਪੁਰਸਕਾਰ ਜੋ ਮਿਲਿਆ ਸੀ।
ਇਸ ਪੁਰਸਕਾਰ ਮਿਲਣ ਦੇ ਨਾਲ ਮੇਰੇ ਬਹੁਤੇ ਸਮਕਾਲੀ ਖ਼ਾਰ ਖਾਣ ਲੱਗ ਪਏ ਸਨ। ਉਂਂਝ ਉਹ ਮੂੰਹ ਉਤੇ ਪ੍ਰਸ਼ੰਸਾ ਕਰਦੇ, ਪਿੱਠ ਮੋੜਦਿਆਂ ਹੀ ਮੇਰੀਆਂ ਚੁਗਲੀਆਂ ਤੇ ਪੈਰ ਵੱਢਣ ਲੱਗਦੇ। ਉਹ ਮੇਰੀਆਂ ਲਿਖਤਾਂ ਦੀ ਪੁਣਛਾਣ ਕਰਨ ਲੱਗਦੇ। ਪੁਰਸਕਾਰ ਦੇ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਕਹਾਣੀਆਂ ਵੀ ਸੁਣਾਉਂਦੇ। ਉਨ੍ਹਾਂ ਦੀਆਂ ਕਹਾਣੀਆਂ ਜਦੋਂ ਮੇਰੇ ਤੱਕ ਪੁੱਜਦੀਆਂ ਤਾਂ ਮੇਰੀਆਂ ਪੁੜਪੁੜੀਆਂ ਵਿੱਚੋਂ ਸੇਕ ਨਿਕਲਣ ਲੱਗਦਾ। ਮੇਰੀਆਂ ਮੁੱਠੀਆਂ ਮੀਚੀਆਂ ਜਾਂਦੀਆਂ ਤੇ ਅੱਖਾਂ ਲਾਲ ਹੋ ਜਾਂਦੀਆਂ। ਗੁੱਸਾ ਦਿਮਾਗ ਨੂੰ ਚੜ੍ਹਨ ਲੱਗਦਾ ਪਰ ਉਹ ਗੁੱਸਾ ਮੈਂ ਕਿਸ ਦੇ ਉਪਰ ਕੱਢਾਂ? ਮੈਨੂੰ ਸਮਝ ਨਾ ਲੱਗਦੀ। ਦੂਸਰੇ ਪਲ ਮੈਂ ਆਪਣੇ ਆਪ ਨੂੰ ਆਖਦਾ। ਉਨ੍ਹਾਂ ਉਤੇ ਗੁੱਸਾ ਕਾਹਦਾ। ਅਗਲੇ ਕਹਾਣੀਆਂ ਕਿਹੜਾ ਝੂਠੀਆਂ ਬਨਾਉਂਦੇ ਹਨ। ਇਨ੍ਹਾਂ ਵਿੱਚ ਕੁੱਝ ਨਾ ਕੁੱਝ ਤਾਂ ਸੱਚ ਹੀ ਹੈ। ਜਦੋਂ ਸੱਚ ਸ਼ਬਦ ਮੇਰੇ ਬੁੱਲ੍ਹਾਂ ਉਤੇ ਆਇਆ ਤਾਂ ਮੇਰੀ 'ਮੈਂ' ਨੇ ਸਿਰ ਚੁੱਕ ਲਿਆ। ਮੈਂ ਆਪਣੀ 'ਮੈਂ' ਦੇ ਅੱਗੇ ਬੌਣਾ ਹੋ ਗਿਆ। ਤੁਸੀਂ ਦੱਸੋ ਕਿ ਬੰਦਾ ਆਪਣੀ ਮੈਂ ਤੋਂ ਕਿਥੇ ਭੱਜ ਕਿ ਜਾਊਗਾ?ઠ
ਹੁਣ ਤੁਸੀਂ ਕਹੋਗੇ ਮੈਂ ਆਪਣੀ ਹੀ 'ਮੈਂ' ਦੇ ਅੱਗੇ ਬੌਣਾ ਕਿਉਂ ਹੋ ਗਿਆ? ਅਸਲ ਗੱਲ ਤਾਂ ਇਹ ਹੈ ਕਿ ਅਸੀਂ ਆਪ ਜਿੰਨੇ ਮਰਜ਼ੀ ਲੋਕਾਂ ਦੇ ਸਾਹਮਣੇ ਵੱਡੇ ਬਣੀ ਜਾਈਏ, ਪਰ ਆਪਣੀ 'ਮੈਂ' ਦੇ ਸਾਹਮਣੇ ਅਸੀਂ ਕਦੇ ਵੀ ਵੱਡੇ ਨਹੀਂ ਹੋ ਸਕਦੇ। ਕਿਉਂਕਿ ਉਸ ਨੂੰ ਸਾਡੀਆਂ ਸਾਰੀਆਂ ਗੱਲਾਂ ਦਾ ਉਸ ਨੂੰ ਪਤਾ ਹੁੰਦਾ ਹੈ। ਜਿਵੇਂ ਹਮਾਮ ਵਿੱਚ ਸਭ ਨੰਗੇ ਹੁੰਦੇ ਹਨ। ਉਸੇ ਤਰ੍ਹਾਂ ਅਸੀਂ ਆਪੋ ਆਪਣੀ 'ਮੈਂ' ਦੇ ਅੱਗੇ ਨੰਗੇ ਹੁੰਦੇ ਹਾਂ। ਨੰਗੀ ਚੀਜ਼ ਕੋਈ ਵੀ ਚੰਗੀ ਨਹੀਂ ਹੁੰਦੀ। ਕਈ ਵਾਰ ਆਪ ਨੂੰ ਹੀ ਆਪਣੇ 'ਨੰਗ' ਤੋਂ ਸ਼ਰਮ ਆਉਣ ਲੱਗਦੀ ਹੈ। ਪਰ ਅਸੀਂ ਬੇ-ਸ਼ਰਮ ਬਣੇ, ਆਪਣੀ 'ਮੈਂ' ਨੂੰ ਖੂੰਜੇ ਲਾਈ ਰੱਖਦੇ ਹਾਂ। ਜਿਹੜੀ ਚੀਜ਼ ਖੂੰਜੇ ਲੱਗ ਜਾਵੇ ਉਹ ਇੱਕ ਦਿਨ ਆਪਣੀ ਮਹੱਤਤਾ ਦਿਖਾ ਹੀ ਦਿੰਦੀ ਹੈ। ਫਿਰ ਜਦੋਂ ਕਦੇ ਉਹ ਬੋਲਦੀ ਹੈ ਤਾਂ ਫਿਰ ਵੱਡਿਆਂ-ਵੱਡਿਆਂ ਦੀ ਗੋਡਣੀ ਲਗਾ ਦਿੰਦੀ ਹੈ। ਫਿਰ ਬੰਦਾ ਉਹੀ ਕੁੱਝ ਬੋਲਦਾ ਤੇ ਕਰਦਾ ਹੈ, ਜੋ 'ਮੈਂ' ਕਰਵਾਉਂਦੀ ਹੈ।
ਵਧਾਈਆਂ ਦੀ ਧੂੜ ਅਜੇ ਬੈਠੀ ਨਹੀਂ ਸੀ, ਇੱਕ ਦਿਨ ਮੇਰੀ 'ਮੈਂ' ਕਾਲੇ ਨਾਗ ਵਾਂਗ ਮੇਰੀ ਹਿੱਕ ਉਤੇ ਫਣ ਤਾਣ ਕੇ ਬੈਠ ਗਈ। ਮੈਂ ਅਜੇ ਬੈੱਡ ਉੱਤੇ ਹੀ ਪਿਆ ਸੀ। ਉਸ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਹੁਣ ਮੈਂ ਨਾ ਤਾਂ ਝੂਠ ਬੋਲ ਸਕਦਾ ਸੀ ਤੇ ਨਾ ਹੀ ਕਿਧਰੇ ਭੱਜ ਕੇ ਜਾ ਸਕਦਾ ਸੀ। ਤੁਸੀਂ ਘਰ, ਸਮਾਜ ਤੋਂ ਭੱਜ ਕੇ ਦੂਰ ਜਾ ਸਕਦੇ ਹੋ, ਪਰ ਆਪਣੀ 'ਮੈਂ' ਦੇ ਕੋਲੋਂ ਕਿਧਰੇ ਵੀ ਭੱਜ ਨਹੀਂ ਸਕਦੇ। ਇਹ ਹਰ ਵੇਲੇ ਤੁਹਾਨੂੰ ਘੇਰੀ ਰੱਖਦੀ ਹੈ।
ਉਹ ਆਖਣ ਲੱਗੀ, ''ਵੱਡਿਆ ਕਵੀਆ! ਬਹੁਤ ਹੋ ਗਈ ਪ੍ਰਸ਼ੰਸਾ, ਬਹੁਤ ਮਿਲ ਗਈਆਂ ਵਧਾਈਆਂ, ਮਾਣ ਸਨਮਾਨ ਵੀ ਬਹੁਤ ਮਿਲ ਗਿਆ। ਪਰ ਜਿਨ੍ਹਾਂ ਦਾ ਤੂੰ ਹੱਕ ਮਾਰਿਆ, ਕਦੇ ਉਨ੍ਹਾਂ ਬਾਰੇ ਵੀ ਸੋਚਿਆ। ਤੂੰ ਕਿਹੜੀ ਕਿਹੜੀ ਜੁਗਾੜਬੰਦੀ, ਪੌੜੀ ਤੇ ਹਰਬਾ ਨਹੀਂ ਵਰਤਿਆ ਇਹ ਪੁਰਸਕਾਰ ਲੈਣ ਲਈ। ਤੂੰ ਕਹਿੰਨਾ ਕਿ ਮੈਨੂੰ ਇਹ ਪੁਰਸਕਾਰ ਯੋਗਤਾ ਦੇ ਆਧਾਰ ਉੱਤੇ ਮਿਲਿਆ। ਭਲਾ ਦੱਸ ਤੇਰੀ ਯੋਗਤਾ ਕੀ ਹੈ? ਚੰਗਾ ਭਲਾ 'ਲੋਕ ਕਵੀ' ਬਣਦਾ ਬਣਦਾ ਤੂੰ 'ਰਾਜ ਕਵੀ' ਬਣ ਕੇ ਦਰਬਾਰੀ ਕਵੀ ਬਣ ਗਿਆ ਤੇ ਸੱਤਾ ਦੇ ਸੋਹਿਲੇ ਗਾਉਣ ਲੱਗ ਪਿਆ। ਮੈਂ ਉਦੋਂ ਵੀ ਚੁੱਪ ਰਹੀ। ਪਰ ਹੁਣ ਤਾਂ ਤੂੰ ਹੱਦ ਹੀ ਟੱਪ ਗਿਆ। ਤੈਨੂੰ ਕਿਸੇ ਪੇਂਡੂ ਸਾਹਿਤ ਸਭਾ ਨੇ ਕਦੇ ਸਨਮਾਨਿਤ ਨਹੀਂ ਕੀਤਾ ਤੇ ਤੂੰ ਭਾਰਤੀ ਸਾਹਿਤ ਅਕਾਦੇਮੀ ਪੁਰਸਕਾਰ ਤੱਕ ਪੁੱਜ ਗਿਆ।''
ઠ ਹਾਲਤ ਮੇਰੀ ਆਪ ਦੇ ਜੇਤੂ ਐਮ ਐਲ ਏ ਤੇ ਐਮ ਪੀ ਵਰਗੀ ਹੋ ਗਈ ਜਿਨ੍ਹਾਂ ਨੂੰ ਪਿੰਡ ਕਿਸੇ ਨੇ ਪੰਚ ਨੀ ਸੀ ਬਨਣ ਦੇਣਾ ਉਹ ਐਮ. ਪੀ ਤੇ ਐਮ ਐਲ ਏ ਬਣ ਗਏ। ਇਵੇਂ ਹੀ ਯੂਨੀਵਰਸਿਟੀਆਂ ਦੇ ਖਿਚ ਆ ਜਿਹੜੇ ਸਕੂਲ ਦੇ ਮਾਸਟਰ ਬਨਣ ਦੇ ਯੋਗ ਨਹੀਂ ਸੀ ਉਹ ਪ੍ਰੋਫੈਸਰ ਬਣ ਗਏ। ਇਸੇ ਤਰ੍ਹਾਂ ਸਾਡੇ ਨਾਲ ਹੋਈ।
ਉਸ ਦੀਆਂ ਗੱਲਾਂ ਸੁਣ ਕੇ ਸਿਆਲ ਦੇ ਦਿਨਾਂ ਵਿੱਚ ਮੈਨੂੰ ਏਨਾ ਪਸੀਨਾ ਆਇਆ, ਜਿਵੇਂ ਮੈਂ ਬੱੈਡ ਉਤੇ ਨਾ ਬਲਕਿ ਦਰਿਆ ਵਿੱਚ ਸਣੇ ਕੱਪੜੇ ਪਿਆ ਹੋਵਾਂ। ਮੁੜਕੋ ਮੁੜਕੀ ਹੋਈ ਪਿਆ ਰਿਹਾ ਹੋਰ ਕਰਦਾ ਵੀ ਕੀ?
ਮਰਦਾ ਕੀ ਨਾ ਕਰਦਾ। ਮੇਰੀ 'ਮੈਂ' ਨੇ ਜੋ ਵੀ ਮੈਨੂੰ ਸਵਾਲ ਪੁੱਛੇ, ਮੇਰੇ ਕੋਲ ਉਨ੍ਹਾਂ ਦਾ ਕੋਈ ਜਵਾਬ ਨਾ ਆਵੇ। ਉਂਝ ਜਵਾਬ ਤਾਂ ਸਾਰੇ ਮਨ ਵਿੱਚ ਸਨ। ਪਰ ਜ਼ੁਬਾਨ ਸਾਥ ਨਹੀਂ ਸੀ ਦੇ ਰਹੀ। ਹੌਸਲਾ ਇਕੱਠਾ ਕਰਦਾ, ਬੋਲਣ ਦੀ ਹਿੰਮਤ ਕਰਦਾ ਪਰ ਮੈਥੋਂ ਬੋਲਿਆ ਕੁੱਝ ਵੀ ਨਹੀਂ ਸੀ ਜਾਂਦਾ। ਮੈਂ ਬਹੁਤ ਪਰੇਸ਼ਾਨ ਸੀ। ਕਰਾਂ ਤਾਂ ਕੀ ਕਰਾਂ।
ਹਿੰਮਤ ਜਿਹੀ ਇਕੱਠੀ ਕਰਕੇ ਮੈਂ ਕਿਹਾ ਮੇਰੇ ਵਿਚਲਾ ਕਾਮਰੇਡ ਜਾਗ ਪਿਆ ''ਭਲਾ ਹੱਕ ਮੰਗਿਆਂ ਕਦੇ ਮਿਲਦੇ ਹਨ? ਇਹ ਤਾਂ ਖੋਹੇ ਜਾਂਦੇ ਹਨ। ਮੈਂ ਵੀ ਇਹ ਪੁਰਸਕਾਰ ਖੋਹਿਆ ਹੀ ਹੈ। ਜੇ ਮੈਂ ਨਾ ਖੋਂਹਦਾ ਤਾਂ ਮੇਰੇ ਨਾਲੋਂ ਕੋਈ ਹੋਰ ਜ਼ੋਰਾਵਰ ਖੋਹ ਕੇ ਲੈ ਜਾਂਦਾ। ਨਾਲੇ ਕਿੰਨਾਂ ਚਿਰ ਹੋ ਗਿਆ ਹੈ, ਮੈਨੂੰ ਲਿਖਦੇ ਨੂੰ। ਡੇਢ ਦਰਜਨ ਕਿਤਾਬਾਂ ਮੈਂ ਮਾਂ ਬੋਲੀ ਪੰਜਾਬੀ ਦੀ ਝੋਲੀ ਵਿੱਚ ਪਾਈਆਂ। ਅੱਧੀ ਦਰਜਨ ਖਰੜੇ ਪਏ ਹਨ। ਇਹ ਕੋਈ ਘੱਟ ਪ੍ਰਾਪਤੀ ਹੈ। ਮੇਰੀਆਂ ਪ੍ਰਾਪਤੀਆਂ ਨੂੰ ਇਹ ਮਾਣ ਮਿਲਣਾ ਚਾਹੀਦਾ ਸੀ ਪਰ ਅਗਲਿਆਂ ਦਿੱਤਾ ਹੈ ਨਹੀਂ ਲੈਣਾ ਪਿਆ।''
ਅੱਛਾ ਇਹ ਤੇਰੀਆਂ ਪ੍ਰਾਪਤੀਆਂ ਨੂੰ ਇਨਾਮ, ਸਨਮਾਨ ਤੇ ਪੁਰਸਕਾਰ ਮਿਲਿਆ ਹੈ?'' ਉਸ ਨੇ ਮੇਰੀ ਗੱਲ ਵਿਚੇ ਕੱਟਦਿਆਂ ਫਿਰ ਸਵਾਲ ਦਾਗ਼ ਦਿੱਤਾ। ਮੈਂ ਆਪਣੀ ਮੈਂ ਦੇ ਸਾਹਮਣੇ ਪਾਣੀ ਪਾਣੀ ਹੋ ਗਿਆ। ਉਹ ਫਿਰ ਚੀਕੀ, 'ਸੌ ਹੱਥ ਰੱਸਾ ਸਿਰੇ ਤੇ ਗੰਢ' ਤੂੰ ਕਹਾਣੀਆਂ ਨਾ ਪਾ-ਸਿੱਧੀ ਗੱਲ ਦੱਸ। ਤੂੰ ਇਹ ਪੁਰਸਕਾਰ ਲੈਣ ਲਈ ਕੀ ਕੀ ਪਾਪੜ 'ਨੀ ਵੇਲੇ। ਲੋਕਾਂ ਦੀਆਂ ਜੁੱਤੀਆਂ ਘਸਦੀਆਂ ਨੇ, ਤੇਰੇ ਤਾਂ . . ਕਾਰ ਦੇ ਟਾਇਰ ਹੀ ਘਸੇ ਪਏ ਨੇ। ਨਾਲੇ ਤੇਰੀਆਂ ਮਨ ਦੇ ਨਾਲ ਕੀਤੀਆਂ ਗੱਲਾਂ ਵਾਲੀਆਂ ਰਚਨਾਵਾਂ ਨੇ ਲੋਕਾਂ ਦਾ ਕੀ ਸੰਵਾਰਨਾ ਹੈ? ਨਾਲੇ ਤੈਨੂੰ ਪਤਾ ਹੈ ਕਿ ਇੱਥੇ ਆਮ ਲੋਕਾਂ ਦਾ ਜਿਉਣਾ ਦੁਬਰ ਹੋਇਆ ਪਿਆ ਹੈ? ਤੂੰ ਇਸ਼ਕ ਦੀਆਂ ਗੱਲਾਂ ਕਰੀ ਜਾ ਰਿਹਾ ਸਾਰਾ ਕਿੱਸਾ ਕਾਵਿ ਤਾਂ ਹਿਹਨਾਂ ਦੇ ਨਾਲ ਭਰਿਆ ਪਿਆ ਹੈ ਤੂੰ ਕੀ ਨਵਾਂ ਚੰਦ ਚਾੜ ਰਿਹਾ? ਦੂਜੇ ਪਾਸੇ ਆਮ ਲੋਕਾਂ ਦਾ ਕਚੂੰਬਰ ਨਿਕਲ ਗਿਆ ਤੂੰ-ਪਿਆਰ ਦੀਆਂ ਗੱਲਾਂ ਕਰੀ ਜਾਨਾਂ? ਉਨ੍ਹਾਂ ਲੋਕਾਂ ਬਾਰੇ ਵੀ ਕੁੱਝ ਲਿਖ, ਜਿਨ੍ਹਾਂ ਦੀ ਮਿਹਨਤ ਵਿੱਚੋਂ ਇਹ ਪੁਰਸਕਾਰ ਮਿਲਿਆ। ਪੈਸਾ ਤਾਂ ਲੋਕਾਂ ਦਾ ਹੈ। ਪਰ ਤੈਂ ਕਦੇ ਲੋਕਾਂ ਦੀ ਗੱਲ ਕੀਤੀ ਹੈ? ਇੱਥੇ ਹਰ ਬੰਦਾ ਟੈਕਸ ਅਦਾ ਕਰਦਾ ਹੈ। ਇਨਾਮ ਤਾਂ ਲੋਕ ਦੇਂਦੇ ਹਨ ਕਦੇ ਲੋਕਾਂ ਨੇ ਤੈਨੂੰ ਪੁਰਸਕਾਰ ਦਿੱਤਾ ਹੈ। ਵੱਡਿਆ ਕਵੀਆ?'' ਇਨ੍ਹਾਂ ਸਵਾਲਾਂ ਦੀ ਝੜੀ ਨੇ ਮੈਨੂੰ ਪਾਣੀ-ਪਾਣੀ ਕਰ ਦਿੱਤਾ।
ਮੈਂ ਸੋਚਣ ਲੱਗਿਆ - ''ਕੀ ਖੱਟਿਆ ਮੈਂ ਇਹ ਪੁਰਸਕਾਰ ਲੈ ਕੇ?'' ਲੋਕਾਂ ਵਿੱਚ ਤਾਂ ਜ਼ਰੂਰ ਮੈਂ ਸ਼੍ਰੋਮਣੀ ਕਵੀ। ਕੌਮੀ ਤੇ ਰਾਜ ਕਵੀ ਬਣ ਗਿਆ, ਪਰ ਮੇਰੀ 'ਮੈਂ' ਦੇ ਸਾਹਮਣੇ ਮੈਂ ਕੁੱਝ ਵੀ ਨਹੀਂ। ਨਾਲੇ ਸਰਕਾਰੀ ਇਨਾਮ ਲੈਣ ਦੇ ਨਾਲ ਬੰਦਾ ਵੱਡਾ ਲੇਖਕ ਨਹੀਂ ਬਣ ਜਾਂਦਾ। ਉਹ ਵੱਡਾ ਲੇਖਕ ਤਾਂ ਹੀ ਬਣ ਸਕਦਾ ਹੈ, ਜੇ ਲੋਕ ਉਸ ਨੂੰ ਮਾਨਤਾ ਦੇਣ। ਮੈਨੂੰ ਲੋਕਾਂ ਨੇ ਤਾਂ ਮਾਨਤਾ ਦਿੱਤੀ ਹੀ ਨਹੀਂ। ਲੋਕ ਤਾਂ ਹੀ ਮਾਨਤਾ ਦੇਣਗੇ, ਜੇ ਮੈਂ ਲੋਕਾਂ ਦੀ ਗੱਲ ਕਰਾਂਗਾ। ਮੈਂ ਤਾਂ ਅਜੇ ਪਿਆਰ ਵਿੱਚੋਂ ਹੀ ਬਾਹਰ ਨਹੀਂ ਨਿਕਲਿਆ। ਕਬਰਾਂ ਵਿੱਚ ਲੱਤਾਂ ਆ ਗਈਆਂ, ਅਜੇ ਵੀ ਮੈਨੂੰ 'ਮਹਿਬੂਬ' ਦੀ ਉਡੀਕ ਹੈ। ਇਸੇ ਕਰਕੇ ਮੈਂ ਆਪਣੀ ਮਹਿਬੂਬ ਦੀ ਉਡੀਕ ਵਿੱਚ ਲਿਖੀ ਜਾਂਦਾ ਹਾਂ।'' ਮੈਂ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ। ਗੱਲਾਂ ਤਾਂ ਮੈਂ ਕਰਦਾ ਸੀ, ਪਰ ਮੈਂ ਆਪਣੀ 'ਮੈਂ' ਦੇ ਸਾਹਮਣੇ ਗੋਡੇ ਟੇਕੀ ਬੈਠਾ ਸੀ।
ਇੱਕ ਵਾਰ ਮਨ ਵਿੱਚ ਆਇਆ ਕਿ ਮੈਂ ਘਰੋਂ ਬਾਹਰ ਨਿਕਲ ਕੇ ਉੱਚੀ ਉੱਚੀ ਰੌਲਾ ਪਾਵਾਂ। ''ਮੈਨੂੰ ਇਹ ਪੁਰਸਕਾਰ ਮਿਲਿਆ ਨਹੀਂ। ਸਗੋਂ ਮੈਂ ਇਸ ਨੂੰ ਹਥਿਆਇਆ ਹੈ। ਇਸ ਦੀ ਜਿਊਰੀ ਦੇ ਮੈਂਬਰਾਂ ਨੂੰ ਗੰਢਿਆ ਹੈ। ਉਨ੍ਹਾਂ ਦੀ 'ਸੇਵਾ' ਕੀਤੀ ਹੈ। 'ਸੇਵਾ' ਵਿੱਚ ਸਭ ਕੁੱਝ ਪੱਕੇ ਤੋਂ ਕੱਚੇ ਮਾਸ ਤੱਕ ਸ਼ਾਮਿਲ ਸੀ ਪਰ ਮੈਂ ਇਸ ਪੁਰਸਕਾਰ ਦਾ ਹੱਕਦਾਰ ਨਹੀਂ ਸੀ। ਮੈਂ ਕਿਸੇ ਹੋਰ ਦਾ ਹੱਕ ਮਾਰਿਆ ਹੈ। ਮੈਂ ਦੋਸ਼ੀ ਹਾਂ, ਲੋਕਾਂ ਦਾ ਤੇ ਆਪਣੀ ਜ਼ਮੀਰ ਦਾ।'' ਮੈਂ ਸੱਚਮੁੱਚ ਉੱਚੀ ਉੱਚੀ ਚੀਕ ਰਿਹਾ ਸੀ, ਮੇਰੀ ਘਰਵਾਲੀ ਮੇਰੇ ਕੋਲ ਕੱੜਛੀ ਵਿੱਚ ਗੁੱਗਲ਼ ਲਈ ਖੜ੍ਹੀ। ਘਰ ਵਿਚ ਧੂੰਆਂ ਹੀ ਧੂੰਆਂ ਹੋਇਆ ਪਿਆ ਸੀ ਪਰ ਉਸ ਦੀ ਨਿਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੱਲ ਸੀ। ਉਹ ਅਰਦਾਸ ਕਰ ਰਹੀ ਸੀ। ਉਹ ਕੀ ਅਰਦਾਸ ਕਰਦੀ ਸੀ? ਉਹ ਕਹਿ ਰਹੀ ਸੀ ''ਇਹੋ ਜਿਹੇ ਪੁਰਸਕਾਰ ਨਾਲੋਂ ਵਾਹਿਗੁਰੂ ਅਸੀਂ ਐਵੇਂ ਹੀ ਚੰਗੇ ਹਾਂ।'' ਹੁਣ ਮੈਂ ਚੰਗਾ ਬਨਣ ਦੀ ਸੋਚ ਰਿਹਾ ਸੀ। ਤਾਂ ਕਿ ਜਿਨ੍ਹਾਂ ਲੋਕਾਂ ਵੱਲ ਮੈਂ ਪਿੱਠ ਮੋੜੀ ਸੀ, ਉਨ੍ਹਾਂ ਵੱਲ ਮੂੰਹ ਕਰ ਲਿਆ। ਮੈਨੂੰ ਆਪਣੇ ਆਪ ਤੋਂ ਲਾਹਣਤ ਆ ਰਹੀ । ਮੈਂ ਛੇਤੀ ਦੇ ਕੇ ਉਠਦਾ ਹਾਂ ਤੇ ਪੁਰਸਕਾਰ ਨੂੰ ਚੱਕ ਕੇ ਮੈਂ ਘਰੋਂ ਬਾਹਰ ਵਗਾ ਕੇ ਮਾਰਦਾ ਹਾਂ।
ਸੰਪਰਕ : 94643-70823
12 Nov. 2018
ਮਸਲਾ-ਏ-ਉਧਾਲੇ ਗੀਤਾਂ ਦਾ : ਉਧਾਲੇ ਗੀਤਾਂ ਦੇ ਨਾਜਾਇਜ਼ ਪਿਓ! - ਬੁੱਧ ਸਿੰਘ ਨੀਲੋਂ
ਪੰਜਾਬੀ ਗੀਤਕਾਰੀ ਵਿਚ ਉਧਾਲੇ ਗੀਤਾਂ ਦੇ ਨਜਾਇਜ਼ ਬਾਪਾਂ ਬਾਰੇ ਬਹੁਤ ਦੇਰ ਪਹਿਲਾਂ ਮਸਲਾ ਚੁੱਕਿਆ ਸੀ ਪਰ ਉਸ ਵੇਲੇ ਉਸ ਮਸਲੇ 'ਤੇ ਜਿਸ ਤਰ੍ਹਾਂ ਦੀ ਚਰਚਾ ਹੋਣੀ ਚਾਹੀਦੀ ਸੀ ਉਹ ਨਾ ਹੋ ਸਕੀ, ਪਤਾ ਨਹੀਂ ਕਿਉਂ ਕੱਛਾਂ ਵਿਚ ਹੱਥ ਦੇ ਕੇ ਤਮਾਸ਼ਾ ਦੇਖਣ ਵਾਲਿਆਂ ਭੀੜ ਵਿਚ ਸ਼ਾਮਿਲ ਹੋ ਗਏ। ਪੰਜਾਬੀ ਗੀਤਕਾਰੀ ਖੇਤਰ ਦੇ ਵਿਚ ਜਿਹੜੇ ਗੀਤਕਾਰਾਂ ਨੇ ਹੋਰਨਾਂ ਦੇ ਗੀਤ ਉਧਾਲੇ ਹਨ ਤੇ ਉਹ ਉਨ੍ਹਾਂ ਦੇ ਨਜਾਇਜ਼ ਬਾਪ ਬਣ ਕੇ ਬਹਿ ਗਏ ਹਨ ਤੇ ਮੋਟੀਆਂ ਰਕਮਾਂ ਵਸੂਲ ਗਏ ਹਨ ਪਰ ਉਹ ਅਸੂਲ ਭੁੱਲ ਗਏ।
ਅਕਸਰ ਨਵਾਂ ਗੀਤਕਾਰ ਇਨ੍ਹਾਂ ਨਾਜਾਇਜ਼ 'ਬਾਪਾਂ' ਦੇ ਸ਼ਿਕਾਰ ਹੁੰਦੇ ਹਨ। ਉਹ ਕਿਸੇ ਵੱਡੇ ਗੀਤਕਾਰ ਦੇ ਕੋਲ ਇਸ ਕਰਕੇ ਜਾਂਦੇ ਹਨ ਕਿ ਉਹ ਉਨ੍ਹਾਂ ਦੀ ਬਾਂਹ ਫੜੇਗਾ ਤੇ ਕਿਸੇ ਨਾਮਵਰ ਗਾਇਕ ਤੋਂ ਉਸ ਦਾ ਗੀਤ ਰਿਕਾਰਡ ਕਰਵਾ ਦੇਵੇਗਾ। ਪਰ ਪਤਾ ਉਸਨੂੰ ਉਸ ਵੇਲੇ ਹੀ ਲੱਗਦਾ ਹੈ ਜਦੋਂ ਉਸ ਦਾ ਗੀਤ ਉਸ ਗੀਤਕਾਰ ਦੇ ਨਾਂ ਹੇਠ ਸਪੀਕਰਾਂ ਵਿਚ ਵੱਜਦਾ ਹੈ। ਫੇਰ ਸਿਖਾਂਦਰੂ ਕੰਧਾਂ ਵਿਚ ਟੱਕਰਾਂ ਮਾਰਦਾ ਹੈ। ਸੰਗੀਤ ਦੀ ਜਦੋਂ ਮੰਡੀ ਬਣੀ ਹੈ ਉਸ ਵੇਲੇ ਤੋਂ ਇਸ ਕਾਰੋਬਾਰ ਦੇ ਵਿਚ ਕਈ ਉਹ ਨਾਂ ਸ਼ਮਿਲ ਹਨ ਜਿਹਨਾਂ ਦਾ ਪੰਜਾਬੀ ਸਾਹਿਤ ਜਗਤ ਵਿਚ ਨਾਂ ਸਤਿਕਾਰ ਲਿਆ ਜਾਂਦਾ ਹੈ।
ਸੰਗੀਤ ਦੀ ਮੰਡੀ ਵਿਚ ਸੰਗੀਤਕਾਰ ਵੀ ਕਿਸੇ ਦੇ ਨਾਲੋਂ ਘੱਟ ਨਹੀਂ। ਉਹ ਵੀ ਪਹਿਲੀਆਂ ਗਾਈਆਂ ਤਰਜ਼ਾਂ ਨੂੰ ਭੰਨ ਤੋੜ ਕੇ ਜਾ ਫਿਰ ਉਵੇਂ ਹੀ ਵਰਤ ਲੈਂਦੇ ਹਨ, ਜਿਵੇਂ ਗੀਤਕਾਰ ਕਰਦੇ ਹਨ। ਮੁਨਾਫੇ ਦੀ ਮੰਡੀ 'ਚ ਇਸ ਤਰ੍ਹਾਂ ਬਹੁਤ ਕੁੱਝ ਹੁੰਦਾ ਹੈ, ਜਿਸ ਦਾ ਨੱਕੋ-ਨੱਕੀਂ ਪਤਾ ਨਹੀਂ ਲੱਗਦਾ।
ਇੱਕ ਵਾਰ ਮੇਰਾ ਮਿੱਤਰ ਪ੍ਰੀਤ ਸੰਦਲ ਨੇ ਆਖਿਆ ਕਿ 'ਆ ਜਿਹੜਾ ਗੀਤ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਆਵਾਜ਼ ਦੇ ਆਇਆ ਹੈ, 'ਪਾਲ ਕੇ ਨਿਆਣੇ ਭਾਬੀ ਨੇ. . ' ਵਾਲਾ ਮੇਰਾ ਗੀਤ ਹੈ ਜਿਹੜਾ ਰਾਜੀ ਸਲਾਣੇ ਵਾਲੇ ਨੇ ਆਪਣੇ ਨਾਂ ਹੇਠ ਰਿਕਾਰਡ ਕਰਵਾ ਦਿੱਤਾ ਏ। ਹੁਣ ਦੱਸੋ ਮੈਂ ਕੀ ਕਰਾਂ? ਤੁਸੀਂ ਪੀਐਚ. ਡੀ ਵਾਲਿਆਂ ਦਾ ਪਰਦਾ ਢੱਕਿਆ ਏ ਇਸ ਦਾ ਵੀ ਕਦੇ ਨੰਗ ਢੱਕ ਦਿਓ।'
ਗੀਤਕਾਰ ਤੇ ਕਲਾਸੀਕਲ ਗਾਇਕ ਪਵਨਦੀਪ ਬੋਲਿਆ 'ਆ ਸੁਰਜੀਤ ਬਿੰਦਰੱਖੀਏ ਦੀ ਆਵਾਜ਼ ਦੇ ਵਿਚ ਜਿਹੜਾ ਗੀਤ ਵੱਜਦਾ 'ਵਿਚ ਦਰਵਾਜ਼ੇ ਦੇ ਇੱਕ ਫ਼ੁੱਲ ਕੱਢਦਾ ਫੁਲਕਾਰੀ' ਤਾਂ ਮੇਰਾ ਗੀਤ ਏ ਪਰ ਇਸ ਦਾ ਗੀਤਕਾਰ ਸਮਸ਼ੇਰ ਸੰਧੂ ਕਿਵੇਂ ਬਣ ਗਿਆ?'
ਅੰਤਰ-ਰਾਸ਼ਟਰੀ ਪੱਧਰ ਤੱਕ ਆਪਣੀ ਆਵਾਜ਼ ਦਾ ਜਾਦੂ ਵਿਖੇਰਨ ਵਾਲਾ ਕਮਲਜੀਤ ਨੀਲੋਂ ਆਖਣ ਲੱਗਾ 'ਆ ਬਿੱਟੀ ਦੀ ਆਵਾਜ਼ ਵਾਲਾ ਗੀਤ ਤਾਂ ਮੇਰਾ 'ਦਿਲ ਦੀ ਕਿਤਾਬ ਉੱਤੇ ਸੱਜਣਾ ਦਾ ਨਾਂ ਆਪੇ ਅੰਮੀਏ ਨੀਂ ਲਿਖਿਆ ਗਿਆ'। ਤੇ ਹੋਰ ਕਈ ਗੀਤ ਨੇ ਇਹ ਕੀ ਹੋ ਰਿਹਾ ਏ ?'
ਪਰ ਜਦੋਂ ਸਤਿੰਦਰ ਸਰਤਾਜ ਸੰਗੀਤ ਦੀ ਮੰਡੀ 'ਚ ਆਇਆ ਤਾਂ ਉਹ ਉਸ ਗੀਤਕਾਰ ਦੀ ਛੱਤਰੀ 'ਤੇ ਜਦ ਬੈਠਿਆ ਨਾ ਤਾਂ ਉਸ ਗੀਤਾਂ ਦੇ ਖਿਲਾਫ਼ ਲੇਖ ਲਿਖ ਦਿੱਤਾ ਕਿ 'ਇਸ ਦੇ ਗੀਤ ਪਾਕਿਸਤਾਨੀ ਗੀਤਕਾਰਾਂ ਦੇ ਹਨ। ਤੇ ਨਾਲ ਹੀ ਇਹ ਆਖ 'ਤਾ ਕਿ ਦੇਵ ਥਰੀਕੇ ਵਾਲਾ ਤੇ ਬਾਬੂ ਸਿੰਘ ਮਾਨ ਵੀ ਚੋਰ ਗੀਤਕਾਰ ਹਨ।' ਤਾਂ ਦੇਵ ਥਰੀਕੇ ਵਾਲਾ ਕਹਿੰਦਾ 'ਪਰ ਇਸ ਗੀਤਕਾਰ ਨੇ ਆਪਣੇ ਬਾਰੇ ਚੁੱਪ ਹੀ ਧਾਰ ਲਈ ਕਿ ਉਸ ਨੇ ਕਿੱਥੇ ਕਿੱਥੇ ਡਾਕਾ ਮਾਰਿਆ? ਕਿੰਨੇ ਹੀ ਗੀਤ ਤਾਂ ਮੇਰੇ ਤੇ ਪਾਕਿਸਤਾਨੀ ਹਨ। ਪਰ ਕੀ ਕਰੀਏ ?'
ਤਾਂ ਕੋਲ ਬੈਠਾ ਉਸਦਾ ਚੇਲਾ ਬੋਲਿਆ 'ਉਸਤਾਦ ਜੀ ਤੁਸੀਂ ਇਸ ਦਾ ਨੰਗ ਢੱਕ ਦਿਓ ਥੋਡੋ ਕੋਲ ਕਿੰਨੇ ਕੱਪੜੇ ਪਏ ਆ ਪਾ ਦਿਓ ਬਿਚਾਰੇ ਦੇ।'
ਉਦੋਂ ਮੈਨੂੰ ਸਆਦਤ ਹਸਨ ਮੰਟੋ ਦੀ ਜੀਵਨ ਕਥਾ ਚੇਤੇ ਆ ਗਈ। ਉਹ ਲਿਖਦਾ ਹੈ 'ਜਿਸ ਸਮਾਜ ਦੇ ਪਹਿਲਾਂ ਹੀ ਕੱਪੜੇ ਉਤਰੇ ਨੇ ਉਹ ਤਾਂ ਸਮਾਜ ਦਾ ਨੰਗ ਢੱਕਦਾ ਹੈ ਪਰ ਲੋਕ ਆਖਦੇ ਨੇ ਕਿ ਮੰਟੋ ਅਸ਼ਲੀਲ ਲਿਖਦਾ ਹੈ?'
ਸਮਾਜ ਦੇ ਵਿਚ ਕਿੰਨੇ ਉਧਾਲੇ ਗੀਤਾਂ ਦੇ 'ਨਜਾਇਜ਼ ਬਾਪ' ਹਨ ਤੇ ਉਨ੍ਹਾਂ ਨੇ ਆਪੇ ਹੀ ਆਪਣੇ ਨਾਂ ਪਹਿਲਾਂ ਗਿਰਦਾਰੀਆਂ ਕਰਵਾਈਆਂ ਤੇ ਪਟਵਾਰੀ ਤੇ ਤਹਿਸੀਲਦਾਰ ਨਾਲ ਮਿਲ ਕਿ ਆਪਣੇ ਗੀਤਾਂ ਦੇ ਇੰਤਕਾਲ ਕਰਵਾ ਲਏ ਤੇ ਹੁਣ ਕੌਣ ਕੋਰਟ ਕਚਹਿਰੀਆਂ ਦੇ ਚੱਕਰਾਂ 'ਚ ਪਵੇ, ਨਾਲੇ ਇੱਥੇ ਤਕਤੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ।
ਅੰਮ੍ਰਿਤਾ ਪ੍ਰੀਤਮ ਕਹਿੰਦੀ 'ਆ ਤਿੜਕੇ ਘੜੇ ਦਾ ਪਾਣੀ ਵਾਲਾ ਗੀਤ ਤਾਂ ਮੇਰਾ ਏ ! ਦੱਸ ਇਸ ਨੂੰ ਕੀ ਕਹਾਂ? ਚੰਗਾ ਭਲਾ ਕਹਾਣੀ ਲਿਖਦਾ ਸੀ, ਆ ਕਿਹੜੇ ਕੰਮਾਂ ਵਿੱਚ ਪੈ ਗਿਆ ?'
ਖੈਰ ਮੈਂ ਵੀ ਇਸ ਚੱਕਰ ਤੋਂ ਬਚਣ ਦਾ ਰਸਤਾ ਦੇਖ ਹੀ ਰਿਹਾ ਸੀ ਕਿ ਜਦ ਨੂੰ ਬੁੱਧ ਨਾਥ ਆ ਗਿਆ। ਆਖਣ ਲੱਗਾ 'ਕਿੱਥੇ ਜਾਏਗਾ ਬੂਥਨਿਆਂ ਸਾਧਾਂ ਛੇੜ ਕਿ ਭਰਿੰਡ ਰੰਗੀਆਂ।'
ਪੰਜਾਬੀ ਸਾਹਿਤ ਦੇ ਵਿਚ ਕੀ ਕੀ ਹੋ ਰਿਹਾ ਹੈ? ਕਿਵੇਂ ਵੱਡੇ-ਵੱਡੇ ਕਵੀ ਆਪਣੇ ਪੁਰਖਿਆਂ ਤੇ ਸਮਕਾਲੀਆਂ ਦੀ ਗ਼ਜ਼ਲਾਂ ਥੋੜੀ ਹੇਰ ਫੇਰ ਕਰਕੇ ਕਿਤਾਬਾਂ ਛਾਪੀ ਜਾ ਰਹੇ ਹਨ। ਇਨ੍ਹਾਂ ਦਾ ਨੰਗ ਕੌਣ ਢਕੇਗਾ? ਕਈ ਚਿੱਟੀਆਂ ਦਾਹੜੀਆਂ ਵਾਲਿਆਂ ਨੇ ਆਪਣੀਆਂ ਰਚਨਾਵਾਂ ਨੂੰ ਉਹਨਾਂ 'ਪਰੀਆਂ' ਦੇ ਨਾਂ ਹੀ ਨਹੀਂ ਕਰਵਾਇਆ ਸਗੋਂ ਜੁਗਾੜਬੰਦੀ ਕਰਕੇ ਸੰਸਥਾਵਾਂ ਤੋਂ 'ਮਹਾਨ ਕਵਿੱਤਰੀ, ਕਹਾਣੀਕਾਰ ਤੇ ਆਲੋਚਕ ਦਾ ਪੁਰਸਕਾਰ ਵੀ ਦਿਵਾ ਦਿੱਤਾ ਹੈ। ਅਜ-ਕਲ ਇਹ ਅਨੈਤਿਕ ਕਦਰਾਂ ਕੀਮਤਾਂ ਦੀ ਪਹਿਰਵਾਈ ਕਈ 'ਬੀਬੇ ਜਾਣੇ' ਕਰ ਰਹੇ ਹਨ।'
ਜਦੋਂ ਇਸ ਤਰ੍ਹਾਂ ਲੇਖਕ ਆਪ ਹੀ ਨੈਤਿਕ ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾਣ ਲੱਗ ਪੈਣ ਤਾਂ ਹੋਰਨਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਸਮਾਜ ਲੇਖਕਾਂ ਦੀਆਂ ਲਿਖਤਾਂ ਤੋਂ ਸੇਧ ਲੈਂਦਾ ਹੈ ਪਰ ਲੇਖਕਾਂ ਨੂੰ ਕੌਣ ਸੇਧ ਦੇਵੇ? ਸਮਾਜ ਵਿਚ ਉਧਾਲੀਆਂ ਧੀਆਂ ਨਜਾਇਜ਼ ਬਣੇ ਬਾਪਾਂ ਦੀ ਗਿਣਤੀ ਵੱਧ ਰਹੀ ਹੈ। ਜਿਹੜੇ ਆਪ ਸਖ਼ਤ ਮਿਹਨਤ ਕਰਕੇ ਲਿਖਦੇ ਤੇ ਲਿਖਦੀਆਂ ਹਨ, ਉਨ੍ਹਾਂ ਨੂੰ ਕੋਈ ਬੇਰਾਂ ਵੱਟੇ ਨੀ ਪੁੱਛਦਾ। ਉਨ੍ਹਾਂ ਨੂੰ ਕਿਉਂ ਨੀ ਕੋਈ ਪੁੱਛਦਾ ਕਿਸੇ ਅੰਦਰਲੀ ਗੱਲ ਦਾ ਪਤਾ ਹੋਵੇ ਤਾਂ ਦੱਸਣਾ ਪਰ ਮੈਨੂੰ ਤਾਂ ਪਤਾ ਨਹੀਂ ਕਿ ਪਰਦੇ ਪਿੱਛੇ ਕੀ ਕੀ ਹੋ ਰਿਹਾ ਹੈ ਤੇ ਕਦੋਂ ਤੱਕ ਹੁੰਦਾ ਰਹੇਗਾ?
ਬੁੱਧ ਸਿੰਘ ਨੀਲੋਂ
ਸੰਪਰਕ : 9464370823
22 Sep 2018
ਮਸਲਾ-ਏ- ਅਵਾਮ : ਪੱਤਰਕਾਰੀ 'ਚ ਵਧ ਰਿਹਾ ਬਲੈਕਮੇਲਿੰਗ ਦਾ ਰੁਝਾਨ - ਬੁੱਧ ਸਿੰਘ ਨੀਲੋਂ
ਪੰਜਾਬੀ ਪੱਤਰਕਾਰੀ ਦਾ ਇਤਿਹਾਸ ਬਹੁਤ ਲੰਮਾ ਨਹੀਂ, ਪਰ ਮਾਣ ਮੱਤਾ ਤੇ ਇਤਿਹਾਸਕ ਮਹੱਤਤਾ ਵਾਲਾ ਹੈ, ਪਰ ਅਜੋਕੀ ਪੱਤਰਕਾਰੀ ਨੇ ਇਸ ਮਾਣਮੱਤੀ ਵਿਰਾਸਤ ਨੂੰ ਸੰਭਾਲਣ ਦੀ ਬਜਾਏ, ਆਪਣਾ ਹੀ 'ਇਤਿਹਾਸ' ਸਿਰਜਣਾ ਸ਼ੁਰੂ ਕਰ ਦਿੱਤਾ ਹੈ। ਜਿਸ ਦੇ ਕਾਰਨ ਪੱਤਰਕਾਰੀ ਵਿੱਚ ਦਿਨੋਂ ਦਿਨ ਨਿਘਾਰ ਆ ਰਿਹਾ ਹੈ, ਇਸ ਆ ਰਹੇ ਨਿਘਾਰ ਨੂੰ ਪੰਜਾਬ ਵਿੱਚ ਪੱਤਰਕਾਰੀ ਨਾਲ ਜੁੜੀਆਂ ਜੱਥੇਬੰਦੀਆਂ ਨੇ ਇਸ ਨੂੰ ਠੱਲ੍ਹ ਪਾਉਣ ਦੀ ਬਜਾਏ, ਇਸ ਸੰਬੰਧੀ ਚੁੱਪ ਧਾਰ ਕੇ ਅੰਦਰੋਂ ਅੰਦਰੀ ਇਸ ਨੂੰ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ ਹੈ। ਜਿਸ ਕਾਰਨ ਅੱਜ ਪੱਤਰਕਾਰੀ ਤੋਂ ਲੋਕਾਂ ਦਾ ਵਿਸ਼ਵਾਸ ਉਠਦਾ ਜਾ ਰਿਹਾ ਹੈ।
ਪੱਤਰਕਾਰਾਂ ਨੇ ਪੱਤਰਕਾਰੀ ਦੀ ਆੜ ਹੇਠ ਆਪਣੇ ਅਜਿਹੇ ਗੈਰਕਾਨੂੰਨੀ ਕਾਰੋਬਾਰ ਸ਼ੁਰੂ ਕੀਤੇ ਹੋਏ ਹਨ। ਜਿਸ ਦਾ ਆਮ ਲੋਕਾਂ ਨੂੰ ਲਾਭ ਹੋਣ ਦੀ ਬਜਾਏ ਉਨਾਂ੍ਹ ਦੀਆਂ ਤਿਜੌਰੀਆਂ ਵਿੱਚ ਹੀ ਵਾਧਾ ਹੋ ਰਿਹਾ ਹੈ। ਇਸ ਸਮੁੱਚੇ ਵਰਤਾਰੇ ਵਿੱਚ ਭਾਵੇਂ ਕੁੱਝ ਹੀ 'ਭੇਂਡਾਂ' ਹਨ ਜਿਹੜੀਆਂ ਸਮੁੱਚੀ ਪੱਤਰਕਾਰੀ ਨੂੰ ਕਲੰਕਿਤ ਕਰ ਰਹੀਆਂ ਹਨ। ਜਿਨ੍ਹਾਂ ਨੂੰ ਠੱਲ੍ਹ ਪਾਉਣ ਦੀ ਵਜਾਏ ਸੱਤਾਧਾਰੀ ਲੀਡਰ, ਸਰਕਾਰੀ ਅਫਸਰਾਂ ਵਲੋਂ ਜਿਸ ਤਰਾਂ੍ਹ ਦੀ ਹੱਲਾ ਸ਼ੇਰੀ ਦਿੱਤੀ ਜਾਂਦੀ ਹੈ ਇਹ ਆਉਣ ਵਾਲੇ ਸਮੇਂ ਲਈ ਜਿੱਥੇ ਨੁਕਸਾਨਦੇਹ ਹੈ, ਉਥੇ ਇਹ ਅਜੋਕੇ ਦੌਰ ਵਿੱਚ ਬਹੁਤ ਹੀ ਮਾਰੂ ਸਥਿਤੀ ਨੂੰ ਉਭਾਰ ਰਹੀ ਹੈ।
ਪੰਜਾਬੀ ਪੱਤਰਕਾਰੀ ਨੇ ਉਹ ਵੀ ਦੌਰ ਦੇਖਿਆ ਹੈ ਜਦੋਂ ਪੰਜਾਬ ਵਿੱਚ ਦੋ ਧਿਰਾਂ ਦਾ ਰਾਜ ਚੱਲ ਰਿਹਾ ਸੀ ਉਦੋਂ ਵੀ ਪੱਤਰਕਾਰੀ ਨੇ ਆਪਣਾ ਖਾਸਾ ਤੇ ਕਲਮ ਦੀ ਤਾਕਤ ਨਹੀਂ ਸੀ ਛੱਡੀ। ਭਾਵੇਂ ਚਾਰੇ ਪਾਸੇ ਗੋਲੀਆਂ ਦਾ ਬੋਲਬਾਲਾ ਸੀ ਪੰਜਾਬ ਦੇ ਪੱਤਰਕਾਰ ਹਰਬੀਰ ਸਿੰਘ ਭੰਵਰ ਨੇ ਅੰਮ੍ਰਿਤਸਰ ਵਿੱਚ ਯੂ.ਐਨ.ਆਈ ਏਜੰਸੀ ਦੀ ਪੱਤਰਕਾਰੀ ਕਰਦਿਆਂ ਜਿੱਥੇ ਝੂਠੇ ਪੁਲਸ ਮੁਕਾਬਲਿਆਂ ਦਾ ਪਰਦਾ-ਚਾਕ ਕੀਤਾ ਸੀ, ਉਥੇ ਉਨ੍ਹਾਂ ਇੱਕ ਸੱਚਮੁੱਚ ਹੋਏ ਪੁਲਸ ਮੁਕਾਬਲੇ ਦੀ ਪੁਲਸ ਦੀ ਪਿੱਠ ਵੀ ਥਾਪੜੀ ਸੀ ਪਰ ਹੁਣ ਪੱਤਰਕਾਰੀ ਦਾ ਜਿਸ ਤਰ੍ਹਾਂ ਦਾ ਰੁਝਾਨ ਚਲਦਾ ਹੈ, ਇਸ ਦਾ ਆਮ ਲੋਕਾਂ ਨੂੰ ਪੱਤਰਕਾਰਾਂ ਨਾਲਂਂ ਵਧੇਰੇ 'ਗਿਆਨ' ਹੈ। ਪਰ ਕੁਝ ਪੱਤਰਕਾਰ ਹਨ ਜਿਹੜੇ ਦੋਖਿਜ਼ ਭਰੇ ਕਾਰਜ ਕਰ ਰਹੇ ਹਨ। ਉਨ੍ਹਾਂ ਦੀ ਖੋਜ ਖਬਰਾਂ ਸਰਕਾਰਾਂ ਦੇ ਪਾਵੇ ਹਿਲਾ ਦੇਂਦੀਆਂ ਹਨ। ਪਰ ਖੋਜੀ ਪੱਤਰਕਾਰ ਗਿਣਤੀ ਦੇ ਹਨ। ਇਨ੍ਹਾਂ ਦੇ ਨਾਂ ਤੁਸੀਂ ਜਾਣਦੇ ਤੇ ਪਛਾਣਦੇ ਹੋ।
ਹੁਣ ਕੋਈ ਵੀ ਸਥਾਨਕ ਲੀਡਰ ਆਪਣੀ ਬੱਲੇ ਬੱਲੇ ਕਰਵਾਉਣ ਲਈ ਪੱਤਰਕਾਰਾਂ ਨੂੰ ਖੁਸ਼ ਕਰਕੇ ਆਪਣੀ ਮਰਜ਼ੀ ਨਾਲ ਕੁੱਝ ਵੀ ਛਪਵਾ ਸਕਦਾ ਹੈ। ਪੱਤਰਕਾਰ ਨੇ ਉਸ ਵਿਅਕਤੀ ਦੀ ਸਮਾਜ ਨੂੰ ਦੇਣ ਜਾਂ ਉਸ ਖਬਰ ਛਪਣ ਦੇ ਨਾਲ ਸਮਾਜ 'ਚ ਹੋਣ ਵਾਲੇ ਸੁਧਾਰ ਬਾਰੇ ਕਦੇ ਵੀ ਵਿਚਾਰਨ ਦੀ ਕੋਸ਼ਿਸ਼ ਨਹੀਂ ਕੀਤੀ । ਇਸ ਵਿੱਚ ਭਾਂਵੇਂ ਬਹੁਤਾ ਤੇ ਗੰਭੀਰ ਕਸੂਰ ਉਨ੍ਹਾਂ ਅਖਬਾਰਾਂ ਦਾ ਬਣ ਗਿਆ ਹੈ ਜਿਨ੍ਹਾਂ ਨੇ ਹਰ ਸ਼ਹਿਰ ਦਾ ਵੱਖਰਾ ਵੱਖਰਾ ਐਡੀਸ਼ਨ ਕੱਢਣਾ ਸ਼ੁਰੂ ਕਰ ਦਿੱਤਾ। ਅਖਬਾਰ ਨੂੰ ਇਹ ਐਡੀਸ਼ਨ ਨਿੱਤ ਪੂਰਾ ਕਰਨ ਲਈ ਰੋਜ਼ਾਨਾ ਹੀ ਅਜਿਹੀਆਂ ਖਬਰਾਂ ਛਾਪਣੀਆਂ ਪੈਦੀਆਂ ਹਨ ਜਿਨ੍ਹਾਂ ਦਾ ਕੋਈ ਵੀ ਸਮਾਜਿਕ ਸਰੋਕਾਰ ਨਹੀਂ ਹੁੰਦਾ। ਇਸ ਨਾਲ ਸਿਰਫ ਅਖਬਾਰੀ ਅਦਾਰੇ, ਪੱਤਰਕਾਰ ਤੇ ਉਸ ਆਗੂ ਨੂੰ ਫਾਇਦਾ ਹੁੰਦਾ ਹੈ ਜਾਂ ਫਿਰ ਅਖਬਾਰ ਵਲੋਂ ਕੱਢੇ ਜਾਣ ਵਾਲੇ ਸਪਲੀਮੈਂਟ ਵਿੱਚ ਪੱਤਰਕਾਰ ਨੂੰ ਇਸ਼ਤਿਹਾਰ ਮਿਲ ਜਾਂਦਾ ਹੈ ਤੇ ਪੱਤਰਕਾਰ ਨੂੰ ਕਮਿਸ਼ਨ, ਪਾਠਕਾਂ ਨੂੰ ਮੁਫਤ 'ਚ ਉਸ ਦੀਆਂ ਬੇਤੁਕੀਆਂ ਨਸੀਹਤਾਂ ਪੜ੍ਹਨੀਆਂ ਪੈਦੀਆਂ ਹਨ।
ਪੱਤਰਕਾਰੀ ਦੇ ਦਿਨੋ ਦਿਨ ਡਿਗ ਰਹੇ ਮਿਆਰ ਵਿੱਚ ਸਾਡੀਆਂ ਰਾਜਸੀ ਪਾਰਟੀਆਂ ਤੇ ਸੱਤਾਧਾਰੀ ਪਾਰਟੀ ਵਧੇਰੇ ਯੋਗਦਾਨ ਪਾ ਰਹੀਆਂ ਹਨ। ਇਹ ਧਿਰਾਂ ਇੱਕ ਦੂਜੇ ਨੂੰ ਆਪਣੇ ਹਿੱਤਾਂ ਲਈ ਵਰਤਦੀਆਂ ਹਨ। ਜਿਸ ਦਾ ਜਿਥੇ ਵੀ ਦਾਅ ਲੱਗਦਾ ਉਹ ਲਾਈ ਜਾਂਦਾ ਹੈ। ਸੱਤਾਧਾਰੀ ਆਗੂ ਪੱਤਰਕਾਰਾਂ ਨੂੰ ਤੇ ਪੱਤਰਕਾਰ ਸੱਤਾਧਾਰੀਆਂ ਨੂੰ ਵਰਤੀ ਜਾਂਦੇ ਹਨ। ਜਿਸ ਕਾਰਨ ਅਖਬਾਰਾਂ ਵਿੱਚ ਆਮ ਲੋਕਾਂ ਦੀਆਂ ਸਮੱਸਿਆਵਾਂ ਹਾਸ਼ੀਏ ਤੇ ਚਲੇ ਜਾਂਦੀਆਂ ਹਨ ਉਨ੍ਹਾਂ ਨੂੰ ਕਿਸੇ ਵੀ ਅਖਬਾਰ ਵਿੱਚ 'ਸਿੰਗਲ ਸਪੇਸ' ਵੀ ਨਹੀ ਮਿਲਦੀ । ਪੱਤਰਕਾਰ ਸੱਤਾਧਾਰੀ ਪਾਰਟੀ ਤੇ ਜਾਂ ਫਿਰ ਆਪਣੇ ਚਹੇਤੇ ਲੀਡਰਾਂ ਦੇ ਸੋਹਲੇ ਗਾਈ ਜਾਂਦੇ ਹਨ ਜਿਸ ਕਾਰਨ ਅਜੋਕੀ ਪੱਤਰਕਾਰੀ ਤੋਂ ਆਮ ਲੋਕਾਂ ਦਾ ਵਿਸ਼ਵਾਸ ਉਠ ਰਿਹਾ ਹੈ ਅਸਲ ਵਿੱਚ ਪੱਤਰਕਾਰ ਖੁਦ ਹੀ ਆਪਣੇ ਆਪ ਪੈਰੀਂ ਕੁਹਾੜਾ ਮਾਰ ਰਹੇ ਹਨ।
ਕਈ ਅਖਬਾਰਾਂ ਵਲੋਂ ਇੱਕ ਹੀ ਹਲਕੇ ਵਿੱਚ ਇੱਕ ਤੋਂ ਵੱਧ ਰੱਖੇ ਦਰਜਨਾਂ ਪੱਤਰਕਾਰ ਆਮ ਲੋਕਾਂ ਲਈ ਕੋਈ ਫਾਇਦਾ ਪਹੁੰਚਾਉਣ ਦੀ ਵਜਾਏ ਨੁਕਸਾਨ ਕਰ ਰਹੇ ਹਨ। ਜਿਸ ਦੇ ਕਾਰਨ ਕਈ ਵਾਰ ਸਮਾਗਮ ਕਰਵਾਉਣ ਵਾਲੇ ਪ੍ਰਬੰਧਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ।
ਪੱਤਰਕਾਰੀ ਦੀ ਆੜ ਹੇਠ ਹੋ ਰਹੇ ਗੈਰ-ਕਾਨੂੰਨੀ ਧੰਦਿਆਂ ਨੂੰ ਠੱਲ ਪਾਉਣ ਲਈ ਅਕਸਰ ਹੀ ਪੁਲਸ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ 'ਪ੍ਰੈਸ ਵਾਲੀ ਗੱਡੀ' ਵਿੱਚ ਅਜਿਹੀਆਂ ਵਸਤੂਆਂ ਮਿਲਦੀਆਂ ਹਨ, ਜਿਹੜੀਆਂ ਗੈਰ-ਕਾਨੂੰਨੀ ਹੁੰਦੀਆਂ ਹਨ। ਬਹੁਤ ਸਾਰੇ ਅਖੌਤੀ ਪੱਤਰਕਾਰਾਂ ਵਲੋਂ ਲੋਕਾਂ ਨੂੰ ਬਲੈਕਮੈਲ ਕਰਨ ਦੀਆਂ ਖਬਰਾਂ ਅਕਸਰ ਹੀ ਅਖਬਾਰਾਂ ਵਿੱਚ ਛਪਦੀਆਂ ਹਨ ਜਿਹੜੀਆਂ ਗੰਭੀਰ ਤੇ ਸੰਜੀਦਾ ਤੇ ਪ੍ਰਤੀ ਵੱਧ ਪੱਤਰਕਾਰਾਂ ਦਾ ਸਿਰ ਸ਼ਰਮ ਨਾਲ ਝੁਕਾਅ ਦਿੰਦੀਆਂ ਹਨ।
ਚੋਣਾਂ ਦੌਰਾਨ ਤਾਂ ਪੱਤਰਕਾਰਾਂ ਦੀਆਂ ਪੰਜੇ ਉਗਲਾਂ ਘਿਓ ਵਿੱਚ ਹੁੰਦੀਆਂ ਹਨ। ਅਖਬਾਰਾਂ ਨੇ ਇਨ੍ਹਾਂ ਦਿਨਾਂ ਵਿੱਚ ਪੂਰੇ ਦੇ ਪੂਰੇ ਪੇਜ ਰਾਜਸੀ ਪਾਰਟੀਆਂ ਨੂੰ ਅਗਾਂਹੂ ਵੇਚੇ ਹੁੰਦੇ ਹਨ। ਹਰ ਰਾਜਸੀ ਪਾਰਟੀ ਦੇ ਦਫਤਰੋਂ ਪੱਤਰਕਾਰ ਦੇ ਦਫਤਰ ਸਿੱਧੀ ਖਬਰ ਜਾਂਦੀ ਹੈ ਜਿਸ ਦੇ ਉਪਰ 'ਕੋਡ' ਲਿਖਿਆ ਹੁੰਦਾ ਹੈ। ਪੱਤਰਕਾਰ ਆਪਣਾ ਨਾਂ ਪਾ ਕੇ ਖਬਰ ਅੱਗੋ ਮੁੱਖ ਦਫਤਰ ਨੂੰ ਭੇਜ ਦਿੰਦਾ ਹੈ। ਇੱਕੋ ਪੱਤਰਕਾਰ ਇੱਕੋ ਦਿਨ ਇੱਕੋ ਪੇਜ ਤੇ ਵੱਖ ਵੱਖ ਉਮੀਦਵਾਰਾਂ ਨੂੰ ਜਿਤਾਉਂਦਾ ਹੈ।
ਜਦੋਂ ਪਾਠਕ ਇਹ ਖਬਰਾਂ ਪੜ੍ਹਦਾ ਹੈ ਤਾਂ ਉਸਦੇ ਸਾਹਮਣੇ ਸਵਾਲ ਖੜ੍ਹਾ ਹੁੰਦਾ ਹੈ ਕਿ ਅਸਲ ਸੱਚ ਕੀ ਹੈ? ਇਸ ਤਰ੍ਹਾਂ ਦੀਆਂ ਖਬਰਾਂ ਪੰਚਾਇਤੀ, ਨਗਰ ਨਿਗਮ, ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਵਿੱਚ ਅਕਸਰ ਵੇਖਣ ਨੂੰ ਮਿਲਦੀਆਂ ਹਨ। ਜੇ ਇਸੇ ਤਰ੍ਹਾਂ ਪੱਤਰਕਾਰ ਤੇ ਅਖਬਾਰੀ ਅਦਾਰੇ ਕਰਦੇ ਰਹਿਣਗੇ ਤੇ ਅੰਦਰਲਾ ਸੱਚ ਲੁਕੋਂਦੇ ਰਹਿਣਗੇ ਤਾਂ ਨੁਕਸਾਨ ਪਾਠਕਾਂ ਦਾ ਘੱਟ ਪੱਤਰਕਾਰਾਂ ਤੇ ਅਦਾਰਿਆਂ ਦਾ ਵਧੇਰੇ ਹੋਣਾ ਹੈ। ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿਸ ਤਰ੍ਹਾਂ ਦੀ ਪੱਤਰਕਾਰੀ ਨੇ 'ਮੀਲ ਪੱਥਰ' ਗੱਡੇ ਹਨ। ਇਹ ਨੈਸ਼ਨਲ ਪੱਤਰਕਾਰੀ ਵਿੱਚ ਸਦਾ ਯਾਦ ਰਹਿਣਗੇ।
ਇਸ ਸਮੇਂ ਜਿਥੇ ਪੰਜਾਬੀ ਪੱਤਰਕਾਰੀ ਵਿੱਚ ਬਹੁਤ ਕੁਝ ਵਧੀਆ ਹੋ ਰਿਹਾ ਹੈ ਉਥੇ ਬਹੁਤ ਕੁੱਝ ਅਜਿਹਾ ਵੀ ਹੋਣਾ ਚਾਹੀਦਾ ਹੈ ਜਿਸ ਨਾਲ ਪੱਤਰਕਾਰੀ ਵਿੱਚ ਆ ਰਹੇ ਨਿਘਾਰ ਨੂੰ ਠੱਲ੍ਹ ਪਾਈ ਜਾ ਸਕੇ। ਪੰਜਾਬੀ ਵਿੱਚ ਬਹੁਤੀ ਪੱਤਰਕਾਰੀ ਕਿੱਤੇ ਵਜੋਂ ਨਹੀ ਸਗੋਂ 'ਸਟੇਟਸ' ਵਜੋਂ ਅਪਣਾਈ ਜਾ ਰਹੀ ਹੈ। ਪੰਜਾਬੀ ਵਿੱਚ ਪੱਤਰਕਾਰੀ ਨੂੰ ਸਮਰਪਿਤ ਪ੍ਰਤੀਬੱਧ ਪੱਤਰਕਾਰਾਂ ਦੀ ਘਾਟ ਵਧੇਰੇ ਹੈ। ਪ੍ਰਤੀਬੱਧ, ਸੁਹਿਰਦ ਤੇ ਸਮਾਜ ਲਈ ਜੁਆਬਦੇਹ ਪੱਤਰਕਾਰਾਂ ਦੀ ਘਾਟ ਕਾਰਨ ਹੀ ਹੁਣ ਪੱਤਰਕਾਰ ਬਲੈਕਮੇਲਰ ਤੋਂ ਵਧੇਰੇ ਕੁੱਝ ਨਹੀਂ ਸਮਝਿਆ ਜਾਂਦਾ। ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਪੰਜਾਬੀ ਦੀਆਂ ਅਖਬਾਰਾਂ ਨੇ ਪੱਤਰਕਾਰਾਂ ਨੂੰ ਪੱਤਰਕਾਰ ਦਾ ਬਣਦਾ ਮੁਆਵਜਾ ਨਹੀ ਦਿੱਤਾ ਹੈ। ਉਨ੍ਹਾਂ ਦੀ ਯੋਗਤਾ ਕੀ ਹੈ, ਉਨ੍ਹਾਂ ਦੀ ਰੋਜ਼ੀ-ਰੋਟੀ ਲਈ ਅਦਾਰਾ ਕੀ ਕਰਦਾ ਹੈ? ਇਸ ਸੰਬੰਧੀ ਕੁੱਝ ਵੀ ਹੁੰਦਾ ਨਹੀਂ। ਬਗੈਰ ਤਨਖਾਹ ਤੋਂ ਸਾਰੀ ਦਿਹਾੜੀ ਅਖਬਾਰ ਲਈ ਕੰਮ ਕਰਨ ਵਾਲਾ ਪੱਤਰਕਾਰ ਆਪਣਾ ਤੇ ਪਰਿਵਾਰ ਦਾ ਪੇਟ ਕਿੱਥੋਂ ਪਾਲੇ। ਉਸਨੂੰ ਪਰਿਵਾਰ ਪਾਲਣ ਲਈ ਜੁਗਾੜਬੰਦੀ ਕਰਨੀ ਹੀ ਪੈਂਦੀ ਹੈ।
ਜਦੋਂ ਵੀ ਕਿਸੇ ਅਖਬਾਰੀ ਅਦਾਰੇ ਵਲੋਂ ਪੱਤਰਕਾਰ ਨੂੰ ਨਿਯੁਕਤੀ ਪੱਤਰ ਦਿੱਤਾ ਜਾਂਦਾ ਹੈ ਤਾਂ ਉਸਨੂੰ ਕਿਹਾ ਜਾਂਦਾ ਹੈ ਕਿ 'ਆਪਣੀ ਰੋਟੀ ਖਾ ਕੇ ਆਉਣੀ ਤੇ ਸਾਡੇ ਲਈ ਲੈ ਕੇ ਆਵੀਂ।' ਜਦੋਂ ਕਰੋੜਾਂ ਕਮਾਉਣ ਵਾਲੇ ਅਦਾਰੇ ਅਜਿਹੀ ਸੋਚ ਅਪਣਾਉਣਗੇ ਤਾਂ ਇੱਕ ਸਧਾਰਨ ਪੱਤਰਕਾਰ ਕੀ ਕਰੇਗਾ? ਇਸ ਸਭ ਕਾਸੇ ਨੂੰ ਰੋਕਣ ਲਈ ਜਿੱਥੇ ਪੱਤਰਕਾਰਾਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਮਾਰਨਾ ਪਵੇਗਾ, ਉਥੇ ਅਖਬਾਰੀ ਅਦਾਰਿਆਂ ਨੂੰ ਆਪਣੀ ਪਾਲਿਸੀ ਵਿੱਚ ਬਦਲਾਓ ਲਿਆਉਣਾ ਪਵੇਗਾ। ਅਖਬਾਰਾਂ ਵਲੋਂ ਪੱਤਰਕਾਰਾਂ ਨੂੰ ਏਨੀਆਂ ਤਨਖਾਹਾਂ ਦੇਣੀਆਂ ਪੈਣਗੀਆਂ ਜਿਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਚੱਲ ਸਕੇ ਤੇ ਉਹ ਆਮ ਲੋਕਾਂ ਤੋਂ ਖਬਰ ਦੇ ਨਾਂ ਉਤੇ ਉਗਰਾਹੀ ਨਾ ਕਰਨ। ਜਦੋਂ ਤੱਕ ਇਹ ਸਭ ਕੁੱਝ ਨਹੀਂ ਕੀਤਾ ਜਾਂਦਾ ਤਾਂ ਉਦੋਂ ਤੱਕ ਪੰਜਾਬੀ ਪੱਤਰਕਾਰੀ ਦਾ ਰੱਬ ਹੀ ਰਾਖਾ ਹੈ ਪਰ ਜਿਸ ਤਰ੍ਹਾਂ ਪੱਤਰਕਾਰੀ ਨੀਵਾਣਾਂ ਵੱਲ ਵਧ ਰਹੀ ਹੈ, ਉਹ ਬਹੁਤ ਗੰਭੀਰ ਸਮੱਸਿਆ ਹੈ ਤੇ ਇਸਨੂੰ ਹੱਲ ਕਰਨ ਲਈ ਸਿਰਜੋੜ ਕੇ ਸੋਚਣ ਦੀ ਲੋੜ ਹੈ । ਜਿਸ ਤਰ੍ਹਾਂ ਇਸ ਤੋਂ ਪਹਿਲਾਂ ਹੀ ਲੋਕਤੰਤਰ ਦੇ ਤਿੰਨੇ ਥੰਮ੍ਹ ਭ੍ਰਿਸ਼ਟਾਚਾਰ ਕਾਰਨ ਬਦਨਾਮ ਹੋ ਚੁੱਕੇ ਹਨ ਤੇ ਲੋਕਾਂ ਦਾ ਇਨ੍ਹਾਂ ਥੰਮ੍ਹਾਂ ਤੋ ਵਿਸ਼ਵਾਸ ਉਠ ਚੁੱਕਾ ਹੈ ਜੇਕਰ ਚੌਥਾ ਥੰਮ੍ਹ ਪੱਤਰਕਾਰੀ ਦਾ ਵੀ ਬਦਨਾਮ ਹੋ ਗਿਆ ਤਾਂ ਕੀ ਬਣੂੰਗਾ-ਲੋਕਤੰਤਰ ਦਾ ?
ਸੰਪਰਕ : 94643-70823
19 Sep. 2018