ਮਸਲਾ-ਏ-ਉਧਾਲੇ ਗੀਤਾਂ ਦਾ : ਉਧਾਲੇ ਗੀਤਾਂ ਦੇ ਨਾਜਾਇਜ਼ ਪਿਓ! - ਬੁੱਧ ਸਿੰਘ ਨੀਲੋਂ

ਪੰਜਾਬੀ ਗੀਤਕਾਰੀ ਵਿਚ ਉਧਾਲੇ ਗੀਤਾਂ ਦੇ ਨਜਾਇਜ਼ ਬਾਪਾਂ ਬਾਰੇ ਬਹੁਤ ਦੇਰ ਪਹਿਲਾਂ ਮਸਲਾ ਚੁੱਕਿਆ ਸੀ ਪਰ ਉਸ ਵੇਲੇ ਉਸ ਮਸਲੇ 'ਤੇ ਜਿਸ ਤਰ੍ਹਾਂ ਦੀ ਚਰਚਾ ਹੋਣੀ ਚਾਹੀਦੀ ਸੀ ਉਹ ਨਾ ਹੋ ਸਕੀ, ਪਤਾ ਨਹੀਂ ਕਿਉਂ ਕੱਛਾਂ ਵਿਚ ਹੱਥ ਦੇ ਕੇ ਤਮਾਸ਼ਾ ਦੇਖਣ ਵਾਲਿਆਂ ਭੀੜ ਵਿਚ ਸ਼ਾਮਿਲ ਹੋ ਗਏ। ਪੰਜਾਬੀ ਗੀਤਕਾਰੀ ਖੇਤਰ ਦੇ ਵਿਚ ਜਿਹੜੇ ਗੀਤਕਾਰਾਂ ਨੇ ਹੋਰਨਾਂ ਦੇ ਗੀਤ ਉਧਾਲੇ ਹਨ ਤੇ ਉਹ ਉਨ੍ਹਾਂ ਦੇ ਨਜਾਇਜ਼ ਬਾਪ ਬਣ ਕੇ ਬਹਿ ਗਏ ਹਨ ਤੇ ਮੋਟੀਆਂ ਰਕਮਾਂ ਵਸੂਲ ਗਏ ਹਨ ਪਰ ਉਹ ਅਸੂਲ ਭੁੱਲ ਗਏ।
      ਅਕਸਰ ਨਵਾਂ ਗੀਤਕਾਰ ਇਨ੍ਹਾਂ ਨਾਜਾਇਜ਼ 'ਬਾਪਾਂ' ਦੇ ਸ਼ਿਕਾਰ ਹੁੰਦੇ ਹਨ। ਉਹ ਕਿਸੇ ਵੱਡੇ ਗੀਤਕਾਰ ਦੇ ਕੋਲ ਇਸ ਕਰਕੇ ਜਾਂਦੇ ਹਨ ਕਿ ਉਹ ਉਨ੍ਹਾਂ ਦੀ ਬਾਂਹ ਫੜੇਗਾ ਤੇ ਕਿਸੇ ਨਾਮਵਰ ਗਾਇਕ ਤੋਂ ਉਸ ਦਾ ਗੀਤ ਰਿਕਾਰਡ ਕਰਵਾ ਦੇਵੇਗਾ। ਪਰ ਪਤਾ ਉਸਨੂੰ ਉਸ ਵੇਲੇ ਹੀ ਲੱਗਦਾ ਹੈ ਜਦੋਂ ਉਸ ਦਾ ਗੀਤ ਉਸ ਗੀਤਕਾਰ ਦੇ ਨਾਂ ਹੇਠ ਸਪੀਕਰਾਂ ਵਿਚ ਵੱਜਦਾ ਹੈ। ਫੇਰ ਸਿਖਾਂਦਰੂ ਕੰਧਾਂ ਵਿਚ ਟੱਕਰਾਂ ਮਾਰਦਾ ਹੈ। ਸੰਗੀਤ ਦੀ ਜਦੋਂ ਮੰਡੀ ਬਣੀ ਹੈ ਉਸ ਵੇਲੇ ਤੋਂ ਇਸ ਕਾਰੋਬਾਰ ਦੇ ਵਿਚ ਕਈ ਉਹ ਨਾਂ ਸ਼ਮਿਲ ਹਨ ਜਿਹਨਾਂ ਦਾ ਪੰਜਾਬੀ ਸਾਹਿਤ ਜਗਤ ਵਿਚ ਨਾਂ ਸਤਿਕਾਰ ਲਿਆ ਜਾਂਦਾ ਹੈ।
      ਸੰਗੀਤ ਦੀ ਮੰਡੀ ਵਿਚ ਸੰਗੀਤਕਾਰ ਵੀ ਕਿਸੇ ਦੇ ਨਾਲੋਂ ਘੱਟ ਨਹੀਂ। ਉਹ ਵੀ ਪਹਿਲੀਆਂ ਗਾਈਆਂ ਤਰਜ਼ਾਂ ਨੂੰ ਭੰਨ ਤੋੜ ਕੇ ਜਾ ਫਿਰ ਉਵੇਂ ਹੀ ਵਰਤ ਲੈਂਦੇ ਹਨ, ਜਿਵੇਂ ਗੀਤਕਾਰ ਕਰਦੇ ਹਨ। ਮੁਨਾਫੇ ਦੀ ਮੰਡੀ 'ਚ ਇਸ ਤਰ੍ਹਾਂ ਬਹੁਤ ਕੁੱਝ ਹੁੰਦਾ ਹੈ, ਜਿਸ ਦਾ ਨੱਕੋ-ਨੱਕੀਂ ਪਤਾ ਨਹੀਂ ਲੱਗਦਾ।
       ਇੱਕ ਵਾਰ ਮੇਰਾ ਮਿੱਤਰ ਪ੍ਰੀਤ ਸੰਦਲ ਨੇ ਆਖਿਆ ਕਿ 'ਆ ਜਿਹੜਾ ਗੀਤ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਆਵਾਜ਼ ਦੇ ਆਇਆ ਹੈ, 'ਪਾਲ ਕੇ ਨਿਆਣੇ ਭਾਬੀ ਨੇ. . ' ਵਾਲਾ ਮੇਰਾ ਗੀਤ ਹੈ ਜਿਹੜਾ ਰਾਜੀ ਸਲਾਣੇ ਵਾਲੇ ਨੇ ਆਪਣੇ ਨਾਂ ਹੇਠ ਰਿਕਾਰਡ ਕਰਵਾ ਦਿੱਤਾ ਏ। ਹੁਣ ਦੱਸੋ ਮੈਂ ਕੀ ਕਰਾਂ? ਤੁਸੀਂ ਪੀਐਚ. ਡੀ ਵਾਲਿਆਂ ਦਾ ਪਰਦਾ ਢੱਕਿਆ ਏ ਇਸ ਦਾ ਵੀ ਕਦੇ ਨੰਗ ਢੱਕ ਦਿਓ।'
        ਗੀਤਕਾਰ ਤੇ ਕਲਾਸੀਕਲ ਗਾਇਕ ਪਵਨਦੀਪ ਬੋਲਿਆ  'ਆ ਸੁਰਜੀਤ ਬਿੰਦਰੱਖੀਏ ਦੀ ਆਵਾਜ਼ ਦੇ ਵਿਚ ਜਿਹੜਾ ਗੀਤ ਵੱਜਦਾ 'ਵਿਚ ਦਰਵਾਜ਼ੇ ਦੇ ਇੱਕ ਫ਼ੁੱਲ ਕੱਢਦਾ ਫੁਲਕਾਰੀ' ਤਾਂ ਮੇਰਾ ਗੀਤ ਏ ਪਰ ਇਸ ਦਾ ਗੀਤਕਾਰ ਸਮਸ਼ੇਰ ਸੰਧੂ ਕਿਵੇਂ ਬਣ ਗਿਆ?'
      ਅੰਤਰ-ਰਾਸ਼ਟਰੀ ਪੱਧਰ ਤੱਕ ਆਪਣੀ ਆਵਾਜ਼ ਦਾ ਜਾਦੂ ਵਿਖੇਰਨ ਵਾਲਾ ਕਮਲਜੀਤ ਨੀਲੋਂ ਆਖਣ ਲੱਗਾ 'ਆ ਬਿੱਟੀ ਦੀ ਆਵਾਜ਼ ਵਾਲਾ ਗੀਤ ਤਾਂ ਮੇਰਾ 'ਦਿਲ ਦੀ ਕਿਤਾਬ ਉੱਤੇ ਸੱਜਣਾ ਦਾ ਨਾਂ ਆਪੇ ਅੰਮੀਏ ਨੀਂ ਲਿਖਿਆ ਗਿਆ'। ਤੇ ਹੋਰ ਕਈ ਗੀਤ ਨੇ ਇਹ ਕੀ ਹੋ ਰਿਹਾ ਏ ?'
      ਪਰ ਜਦੋਂ ਸਤਿੰਦਰ ਸਰਤਾਜ ਸੰਗੀਤ ਦੀ ਮੰਡੀ 'ਚ ਆਇਆ ਤਾਂ ਉਹ ਉਸ ਗੀਤਕਾਰ ਦੀ ਛੱਤਰੀ 'ਤੇ ਜਦ ਬੈਠਿਆ ਨਾ ਤਾਂ ਉਸ ਗੀਤਾਂ ਦੇ ਖਿਲਾਫ਼ ਲੇਖ ਲਿਖ ਦਿੱਤਾ ਕਿ 'ਇਸ ਦੇ ਗੀਤ ਪਾਕਿਸਤਾਨੀ ਗੀਤਕਾਰਾਂ ਦੇ ਹਨ। ਤੇ ਨਾਲ ਹੀ ਇਹ ਆਖ 'ਤਾ ਕਿ ਦੇਵ ਥਰੀਕੇ ਵਾਲਾ ਤੇ ਬਾਬੂ ਸਿੰਘ ਮਾਨ ਵੀ ਚੋਰ ਗੀਤਕਾਰ ਹਨ।' ਤਾਂ ਦੇਵ ਥਰੀਕੇ ਵਾਲਾ ਕਹਿੰਦਾ 'ਪਰ ਇਸ ਗੀਤਕਾਰ ਨੇ ਆਪਣੇ ਬਾਰੇ ਚੁੱਪ ਹੀ ਧਾਰ ਲਈ ਕਿ ਉਸ ਨੇ ਕਿੱਥੇ ਕਿੱਥੇ ਡਾਕਾ ਮਾਰਿਆ? ਕਿੰਨੇ ਹੀ ਗੀਤ ਤਾਂ ਮੇਰੇ ਤੇ ਪਾਕਿਸਤਾਨੀ ਹਨ। ਪਰ ਕੀ ਕਰੀਏ ?'
       ਤਾਂ ਕੋਲ ਬੈਠਾ ਉਸਦਾ ਚੇਲਾ ਬੋਲਿਆ 'ਉਸਤਾਦ ਜੀ ਤੁਸੀਂ ਇਸ ਦਾ ਨੰਗ ਢੱਕ ਦਿਓ ਥੋਡੋ ਕੋਲ ਕਿੰਨੇ ਕੱਪੜੇ ਪਏ ਆ ਪਾ ਦਿਓ ਬਿਚਾਰੇ ਦੇ।'
     ਉਦੋਂ ਮੈਨੂੰ ਸਆਦਤ ਹਸਨ ਮੰਟੋ ਦੀ ਜੀਵਨ ਕਥਾ ਚੇਤੇ ਆ ਗਈ। ਉਹ ਲਿਖਦਾ ਹੈ 'ਜਿਸ ਸਮਾਜ ਦੇ ਪਹਿਲਾਂ ਹੀ ਕੱਪੜੇ ਉਤਰੇ ਨੇ ਉਹ ਤਾਂ ਸਮਾਜ ਦਾ ਨੰਗ ਢੱਕਦਾ ਹੈ ਪਰ ਲੋਕ ਆਖਦੇ ਨੇ ਕਿ ਮੰਟੋ ਅਸ਼ਲੀਲ ਲਿਖਦਾ ਹੈ?'
       ਸਮਾਜ ਦੇ ਵਿਚ ਕਿੰਨੇ ਉਧਾਲੇ ਗੀਤਾਂ ਦੇ 'ਨਜਾਇਜ਼ ਬਾਪ' ਹਨ ਤੇ ਉਨ੍ਹਾਂ ਨੇ ਆਪੇ ਹੀ ਆਪਣੇ ਨਾਂ ਪਹਿਲਾਂ ਗਿਰਦਾਰੀਆਂ ਕਰਵਾਈਆਂ ਤੇ ਪਟਵਾਰੀ ਤੇ ਤਹਿਸੀਲਦਾਰ ਨਾਲ ਮਿਲ ਕਿ ਆਪਣੇ ਗੀਤਾਂ ਦੇ ਇੰਤਕਾਲ ਕਰਵਾ ਲਏ ਤੇ ਹੁਣ ਕੌਣ ਕੋਰਟ ਕਚਹਿਰੀਆਂ ਦੇ ਚੱਕਰਾਂ 'ਚ ਪਵੇ, ਨਾਲੇ ਇੱਥੇ ਤਕਤੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ।
      ਅੰਮ੍ਰਿਤਾ ਪ੍ਰੀਤਮ ਕਹਿੰਦੀ 'ਆ ਤਿੜਕੇ ਘੜੇ ਦਾ ਪਾਣੀ ਵਾਲਾ ਗੀਤ ਤਾਂ ਮੇਰਾ ਏ ! ਦੱਸ ਇਸ ਨੂੰ ਕੀ ਕਹਾਂ? ਚੰਗਾ ਭਲਾ ਕਹਾਣੀ ਲਿਖਦਾ ਸੀ, ਆ ਕਿਹੜੇ ਕੰਮਾਂ ਵਿੱਚ ਪੈ ਗਿਆ ?'
      ਖੈਰ ਮੈਂ ਵੀ ਇਸ ਚੱਕਰ ਤੋਂ ਬਚਣ ਦਾ ਰਸਤਾ ਦੇਖ ਹੀ ਰਿਹਾ ਸੀ ਕਿ ਜਦ ਨੂੰ ਬੁੱਧ ਨਾਥ ਆ ਗਿਆ। ਆਖਣ ਲੱਗਾ 'ਕਿੱਥੇ ਜਾਏਗਾ ਬੂਥਨਿਆਂ ਸਾਧਾਂ ਛੇੜ ਕਿ ਭਰਿੰਡ ਰੰਗੀਆਂ।'
         ਪੰਜਾਬੀ ਸਾਹਿਤ ਦੇ ਵਿਚ ਕੀ ਕੀ ਹੋ ਰਿਹਾ ਹੈ? ਕਿਵੇਂ ਵੱਡੇ-ਵੱਡੇ ਕਵੀ ਆਪਣੇ ਪੁਰਖਿਆਂ ਤੇ ਸਮਕਾਲੀਆਂ ਦੀ ਗ਼ਜ਼ਲਾਂ ਥੋੜੀ ਹੇਰ ਫੇਰ ਕਰਕੇ ਕਿਤਾਬਾਂ ਛਾਪੀ ਜਾ ਰਹੇ ਹਨ। ਇਨ੍ਹਾਂ ਦਾ ਨੰਗ ਕੌਣ ਢਕੇਗਾ? ਕਈ ਚਿੱਟੀਆਂ ਦਾਹੜੀਆਂ ਵਾਲਿਆਂ ਨੇ ਆਪਣੀਆਂ ਰਚਨਾਵਾਂ ਨੂੰ ਉਹਨਾਂ 'ਪਰੀਆਂ' ਦੇ ਨਾਂ ਹੀ ਨਹੀਂ ਕਰਵਾਇਆ ਸਗੋਂ ਜੁਗਾੜਬੰਦੀ ਕਰਕੇ ਸੰਸਥਾਵਾਂ ਤੋਂ 'ਮਹਾਨ ਕਵਿੱਤਰੀ, ਕਹਾਣੀਕਾਰ ਤੇ ਆਲੋਚਕ ਦਾ ਪੁਰਸਕਾਰ ਵੀ ਦਿਵਾ ਦਿੱਤਾ ਹੈ। ਅਜ-ਕਲ ਇਹ ਅਨੈਤਿਕ ਕਦਰਾਂ ਕੀਮਤਾਂ ਦੀ ਪਹਿਰਵਾਈ ਕਈ 'ਬੀਬੇ ਜਾਣੇ' ਕਰ ਰਹੇ ਹਨ।'
        ਜਦੋਂ ਇਸ ਤਰ੍ਹਾਂ ਲੇਖਕ ਆਪ ਹੀ ਨੈਤਿਕ ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾਣ ਲੱਗ ਪੈਣ ਤਾਂ ਹੋਰਨਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਸਮਾਜ ਲੇਖਕਾਂ ਦੀਆਂ ਲਿਖਤਾਂ ਤੋਂ ਸੇਧ ਲੈਂਦਾ ਹੈ ਪਰ ਲੇਖਕਾਂ ਨੂੰ ਕੌਣ ਸੇਧ ਦੇਵੇ? ਸਮਾਜ ਵਿਚ ਉਧਾਲੀਆਂ ਧੀਆਂ ਨਜਾਇਜ਼ ਬਣੇ ਬਾਪਾਂ ਦੀ ਗਿਣਤੀ ਵੱਧ ਰਹੀ ਹੈ। ਜਿਹੜੇ ਆਪ ਸਖ਼ਤ ਮਿਹਨਤ ਕਰਕੇ ਲਿਖਦੇ ਤੇ ਲਿਖਦੀਆਂ ਹਨ, ਉਨ੍ਹਾਂ ਨੂੰ ਕੋਈ ਬੇਰਾਂ ਵੱਟੇ ਨੀ ਪੁੱਛਦਾ। ਉਨ੍ਹਾਂ ਨੂੰ ਕਿਉਂ ਨੀ ਕੋਈ ਪੁੱਛਦਾ ਕਿਸੇ ਅੰਦਰਲੀ ਗੱਲ ਦਾ ਪਤਾ ਹੋਵੇ ਤਾਂ ਦੱਸਣਾ ਪਰ ਮੈਨੂੰ ਤਾਂ ਪਤਾ ਨਹੀਂ ਕਿ ਪਰਦੇ ਪਿੱਛੇ ਕੀ ਕੀ ਹੋ ਰਿਹਾ ਹੈ ਤੇ ਕਦੋਂ ਤੱਕ ਹੁੰਦਾ ਰਹੇਗਾ?

ਬੁੱਧ ਸਿੰਘ ਨੀਲੋਂ
ਸੰਪਰਕ : 9464370823

22 Sep 2018