Ujagar Singh

ਤੇਜਾ ਸਿੰਘ ਤਿਲਕ ਦੀ ਸੰਪਾਦਿਤ ਪੁਸਤਕ ‘ਸਾਧੂ ਸਿੰਘ ਬੇਦਿਲ ਜੀਵਨ ਤੇ ਰਚਨਾ’ ਜਦੋਜਹਿਦ ਦਾ ਦਸਤਾਵੇਜ - ਉਜਾਗਰ ਸਿੰਘ

ਤੇਜਾ ਸਿੰਘ ਤਿਲਕ ਦੀ ਸੰਪਾਦਿਤ ‘ਸਾਧੂ ਸਿੰਘ ਬੇਦਿਲ ਦੀ ਜੀਵਨ ਤੇ ਰਚਨਾ’ ਪੁਸਤਕ ਇੱਕ ਬੇਬਾਕ ਸਾਹਿਤਕਾਰ ਦੀ ਜ਼ਿੰਦਗੀ ਦੀ ਸਾਹਿਤਕ ਜੀਵਨ ਅਤੇ ਜ਼ਿੰਦਗੀ ਦੀ ਜਦੋਜਹਿਦ ਦੀ ਬਾਤ ਪਾਉਂਦੀ ਹੈ। ਤੇਜਾ ਸਿੰਘ ਤਿਲਕ ਦੀ ਇੱਕ ਵਿਲੱਖਣ ਖ਼ੂਬੀ ਹੈ ਕਿ ਉਹ ਅਣਗੌਲੇ ਫ਼ੱਕਰ ਕਿਸਮ ਦੇ ਸਾਹਿਤਕਾਰਾਂ ਦੀਆਂ ਜੀਵਨੀਆਂ ਲਿਖਕੇ ਆਉਣ ਵਾਲੀ ਸਾਹਿਤਕਾਰਾਂ ਦੀ ਪਨੀਰੀ ਨੂੰ ਸਾਹਿਤਕਾਰਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਜੋ ਉਹ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਸਮਾਜ ਨੂੰ ਸੇਧ ਦੇ ਸਕਣ। ਉਸ ਦਾ ਸਾਹਿਤਕਾਰਾਂ ਦੀ ਜੀਵਨੀ ਬਾਰੇ ਜਾਣਕਾਰੀ ਦੇਣ ਦਾ ਢੰਗ ਤਰੀਕਾ ਵੀ ਨਿਵੇਕਲਾ ਹੈ। ਉਹ ਅਜਿਹੇ ਵਿਅਕਤੀਆਂ ਦੀ ਜੀਵਨੀ ਲਿਖਣ ਲਈ ਉਨ੍ਹਾਂ ਦੇ ਜਿਉਂਦਿਆਂ ਹੀ ਠਾਣ ਲੈਂਦਾ ਹੈ। ਸਾਧੂ ਸਿੰਘ ਬੇਦਿਲ ਦੀ ਜੀਵਨੀ ਵਿੱਚ ਵੀ ਉਹ ਬੇਦਿਲ ਨਾਲ ਸਾਹਿਤਕਾਰਾਂ ਦੇ ਵਿਚਾਰ ਵਟਾਂਦਰੇ ਨੂੰ ਜੀਵਨੀ ਵਿੱਚ ਸ਼ਾਮਲ ਕਰਦਾ ਹੈ। ਸਾਧੂ ਸਿੰਘ ਬੇਦਿਲ ਨੂੰ ਸਾਹਿਤਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਅਤੇ ਉਨ੍ਹਾਂ ਦੇ ਬੇਦਿਲ ਵੱਲੋਂ ਦਿੱਤੇ ਗਏ ਜਵਾਬ ਸ਼ਾਮਲ ਕਰਕੇ ਜੀਵਨੀ ਦੀ ਸਾਰਥਿਕਤਾ ਦਾ ਪ੍ਰਗਟਾਵਾ ਹੁੰਦਾ ਹੈ। ਉਹ ਸੁਣੀ ਸੁਣਾਈ ਗੱਲ ਦੀ ਥਾਂ ਅਮਲੀ ਤੌਰ ਤੇ ਵਾਪਰੀਆਂ ਘਟਨਾਵਾਂ ਦਾ ਵੇਰਵਾ ਦਿੰਦਾ ਹੈ। ਜੀਵਨੀ ਦੀ ਇਹ ਤਕਨੀਕ ਨਿਰਾਲੀ ਹੈ। ਇਸ ਤਕਨੀਕ ਸੰਬੰਧੀ ਡਾ.ਜਸਵਿੰਦਰ ਸਿੰਘ ਸਿੱਖ ਸਟੱਡੀ ਵਿਭਾਗ ਪੰਜਾਬੀ ਯੂਨੀਵਰਸਿਟੀ ਨੇ ਆਪਣੀ ਖੋਜ ‘ਤੇ ਅਧਾਰਤ ਦੱਸਿਆ ਹੈ ਕਿ ਪ੍ਰੋ.ਪੂਰਨ ਸਿੰਘ ਨਾਲ ਸਵਰਨ ਸਿੰਘ ਖੇੜਾ ਇੰਦੌਰ ਵਾਲੇ ਸਵਾਲ ਜਵਾਬ ਕਰਕੇ ਡਾਇਰੀ ਲਿਖਦੇ ਸਨ। ਤੇਜਾ ਸਿੰਘ ਤਿਲਕ ਨੇ ਵੀ ਸਾਧੂ ਸਿੰਘ ਬੇਦਿਲ ਨਾਲ ਮੁਲਾਕਾਤਾਂ ਕਰਕੇ ਉਨ੍ਹਾਂ ਦੇ ਜੀਵਨ ਦਾ ਸਾਰ ਕੱਢਿਆ ਹੈ। ਤੇਜਾ ਸਿੰਘ ਤਿਲਕ ਨੇ ਜੀਵਨੀ ਲਿਖਣ ਲੱਗਿਆਂ ਨਿਰਪੱਖ ਸੋਚ ਅਪਣਾਈ ਹੈ। ਉਨ੍ਹਾਂ ਸਾਧੂ ਸਿੰਘ ਬੇਦਿਲ ਦੇ ਗੁਣ ਅਤੇ ਔਗੁਣ ਦੋਵੇਂ ਪੱਖ ਦਰਸਾਏ ਹਨ। ਆਮ ਤੌਰ ਤੇ ਪ੍ਰਸੰਸਾ ਦੇ ਪੁਲ ਬੰਨ੍ਹੇ ਜਾਂਦੇ ਹਨ। ਤੇਜਾ ਸਿੰਘ ਤਿਲਕ ਨੇ ਸਾਧੂ ਸਿੰਘ ਬੇਦਿਲ ਨੂੰ ਨਾਜ਼ੁਕ ਦਿਲ ਤੇ ਪ੍ਰਕਿ੍ਰਤੀ ਨੂੰ ਪਿਆਰ ਕਰਨ ਵਾਲਾ ਫੁੱਲਾਂ ਦੀ ਮਹਿਕ ਦਾ ਸ਼ੈਦਾਈ ਗਰਦਾਨਿਆਂ ਹੈ। ਇਸ ਜੀਵਨੀ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਭਾਵੇਂ ਬਹੁਤੇ ਪੜ੍ਹੇ ਲਿਖੇ ਨਹੀਂ ਸਨ ਪ੍ਰੰਤੂ ਬਿਨਾ ਡਿਗਰੀਆਂ ਤੋਂ ਵਿਦਵਾਨ ਸਨ। ਉਹ ਆਪ ਭਾਵੇਂ ਕਿਸੇ ਸਕੂਲ ਵਿੱਚ ਨਹੀਂ ਗਿਆ ਪ੍ਰੰਤੂ ਸਿੰਘ ਸਭਾ ਗਿਆਨੀ ਕਾਲਜ ਬਰਨਾਲਾ ਦਾ ਮੁੱਖ ਅਧਿਆਪਕ ਰਿਹਾ ਸੀ। ਗ਼ਜ਼ਲ ਦੀਆਂ ਬਾਰੀਕੀਆਂ ਤੋਂ ਜਾਣੂੰ ਸਨ। ਪਿੰਗਲ, ਅਰੂਜ, ਬਹਿਰ, ਸ਼ਬਦ ਜੋੜਾਂ, ਗੁਰਬਾਣੀ ਦਾ ਸ਼ੁਧ ਉਚਾਰਨ, ਭਾਸ਼ਣ ਕਲਾ ਦੇ ਮਾਹਿਰ ਗੁਰਮਤਿ ਦੇ ਧਾਰਨੀ, ਗ਼ਰੀਬਾਂ ਤੇ ਕਿ੍ਰਤੀਆਂ ਦੇ ਹਮਦਰਦ, ਸਮਾਜਵਾਦੀ ਤੇ ਵਿਗਿਆਨਕ ਦਿ੍ਰਸ਼ਟੀਕੋਨ ਵਾਲੇ, ਗੁੱਸਾ ਜਲਦੀ ਕਰਨ ਵਾਲੇ, ਔਰਤਾਂ ਨੂੰ ਕੁਜਾਤ ਕਹਿਣ ਵਾਲੇ ਅਤੇ ਸਾਦਗੀ ਵਾਲੇ ਬਹੁਪੱਖੀ ਸਾਹਿਤਕਾਰ ਸਨ।  ਤੋਲ, ਤੁਕਾਂਤ, ਭਾਸ਼ਾ, ਮੁਹਾਵਰਾ, ਬਿੰਬ ਰਸ ਤੇ ਰਵਾਨੀ ਪੱਖੋਂ ਚੇਤੰਨ ਅਤੇ ਪ੍ਰਬੁੱਧ ਗ਼ਜ਼ਲਗੋ ਸਨ। ਆਪਣੇ ਦੋਸਤਾਂ ਨਾਲ ਮੁਲਾਕਾਤਾਂ ਵਿੱਚ ਬੇਦਿਲ ਅਖ਼ਬਾਰਾਂ, ਰਸਾਲਿਆਂ ਅਤੇ ਹੋਰ ਥਾਵਾਂ ਤੇ ਪ੍ਰਕਾਸ਼ਤ ਹੋਣ ਵਾਲੀਆਂ ਗ਼ਜ਼ਲਾਂ, ਕਵਿਤਾਵਾਂ ਅਤੇ ਕਹਾਣੀਆਂ ਬਾਰੇ ਬਾਰ-ਬਾਰ ਦੱਸਕੇ ਆਪਣੀ ਪ੍ਰਾਪਤੀ ਦਾ ਪ੍ਰਗਟਾਵਾ ਕਰਦੇ ਸਨ। ਇਸ ਪੁਸਤਕ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਨੂੰ ਅੱਗੇ ਤਿੰਨ ਹਿਸਿੱਆਂ (ੳ) ਜੀਵਨ ਤੇ ਵਿਅਕਤਿਵ, (ਅ) ਸਾਹਿਤ ਚਿੰਤਨ ਅਤੇ (ੲ) ਕਾਵਿ ਚਿੱਤਰ ਵਿੱਚ ਵੰਡਿਆ ਹੈ। ਦੂਜੇ ਭਾਗ ਦਾ ਸਿਰਲੇਖ ਸਿਰਜਣਾ ਹੈ, ਇਸ ਵਿੱਚ ਸਾਧੂ ਸਿੰਘ ਬੇਦਿਲ  ਦੀਆਂ ਕਵਿਤਾਵਾਂ, ਗੀਤ, ਕਾਵਿ-ਚਿੱਤਰ, ਗ਼ਜ਼ਲਾਂ ਤੇ ਵਿਅੰਗ, ਕਹਾਣੀ, ਮਿੰਨੀ ਕਹਾਣੀ, ਹਾਸ-ਵਿਅੰਗ, ਨਿਬੰਧ ਅਤੇ ਚਿੱਠੀਆਂ ਹਨ। ਪਹਿਲੇ ਭਾਗ (ੳ) ਜੀਵਨ ਤੇ ਵਿਅਕਤਿਵ ਵਿੱਚ ਸਾਹਿਤਕਾਰਾਂ ਨਾਲ ਮੁਲਾਕਾਤਾਂ ਗ਼ਜ਼ਲਾਂ ਅਤੇ ਕਵਿਤਾਵਾਂ ਦੇ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਛਪਣ ਬਾਰੇ ਦਰਸਾਇਆ ਗਿਆ ਹੈ, ਸਾਹਿਤਕ ਸਫਰ ਮਹਿਜ 17 ਸਾਲ ਦੀ ਉਮਰ ਵਿੱਚ ਪਹਿਲੀ ਕਵਿਤਾ 1934-35 ਵਿੱਚ ਬੈਂਤ ਛੰਦ ਵਿੱਚ ਲਿਖਕੇ ਸ਼ੁਰੂ ਕੀਤਾ। ਪਿਤਾ ਦੇ ਕੁਰੱਖਤ ਸੁਭਾਅ ਅਤੇ ਕਿੱਤੇ ਬਾਰੇ ਦਰਸਾਇਆ ਗਿਆ। ਉਨ੍ਹਾਂ ਦਾ ਪਿਤਾ ਗ੍ਰੰਥੀ ਹੋਣ ਕਰਕੇ ਸਾਧੂ ਸਿੰਘ ਬੇਦਿਲ ਵੀ ਗੁਰਮਤਿ ਦਾ ਧਾਰਨੀ ਬਣ ਗਿਆ। ਉਹ ਗ੍ਰੰਥੀਆਂ ਦੇ ਪੜ੍ਹੇ ਲਿਖੇ ਹੋਣ ਦੀ ਵਕਾਲਤ ਵੀ ਕਰਦਾ ਦਰਸਾਇਆ ਹੈ। ਬਹੁਤ ਸਾਰੀਆਂ ਸਾਹਿਤ ਸਭਾਵਾਂ ਵਿੱਚ ਸ਼ਮੂਲੀਅਤ ਕਰਦਾ ਅਤੇ ਅਹੁਦੇਦਾਰ ਰਿਹਾ। ਧਨੌਲੇ ਦੀ ਸਾਹਿਤ ਸਭਾ ਦਾ 31 ਸਾਲ ਪ੍ਰਧਾਨ ਰਿਹਾ। ਇਸ ਤੋਂ ਉਸਦੀ ਸਾਹਿਤਕ ਸੋਚ ਦਾ ਪ੍ਰਗਟਾਵਾ ਹੁੰਦਾ ਹੈ।  ਹੈਰਾਨੀ ਇਸ ਗੱਲ ਦੀ ਹੈ ਸਾਧੂ ਸਿੰਘ ਬੇਦਿਲ ਮਾਰਕਵਾਦੀ ਵਿਚਾਰਧਾਰਾ ਦਾ ਹਾਮੀ ਹੈ ਪ੍ਰੰਤੂ ਗੁਰਬਾਣੀ ਦਾ ਸ਼ੁਧ ਉਚਾਰਣ ਅਤੇ ਵਿਅਕਰਣ ਦੀ ਜਾਣਕਾਰੀ ਦੇ ਮਾਹਿਰ ਖੋਜੀ ਹਾਸ ਵਿਅੰਗ ਦੇ ਤੀਰ ਮਾਰਨ ਵਾਲਾ ਵੀ ਸੀ। ਇਸ ਹਿੱਸੇ ਵਿੱਚ ਸਾਧੂ ਸਿੰਘ ਬੇਦਿਲ ਦੇ ਜਾਣ ਪਛਾਣ ਵਾਲੇ 23 ਲੇਖਕਾਂ ਦੀਆਂ ਬੇਦਿਲ ਬਾਰੇ ਰਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। (ਅ) ਸਾਹਿਤ ਚਿੰਤਨ ਵਿੱਚ ਡਾ.ਧਰਮਪਾਲ ਸਿੰਗਲ, ਪ੍ਰੋ.ਪ੍ਰੀਤਮ ਸਿੰਘ ਰਾਹੀ, ਕਰਨੈਲ ਸਿੰਘ ਰੋਹੀੜਾ ਅਤੇ ਡਾ. ਭਗਵੰਤ ਸਿੰਘ ਵੱਲੋਂ ਬੇਦਿਲ ਦੇ ਸਾਹਿਤਕ ਯੋਗਦਾਨ ਬਾਰੇ ਆਲੋਚਨਾਤਮਿਕ ਲੇਖ ਪ੍ਰਕਾਸ਼ਤ ਕੀਤੇ ਗਏ ਹਨ, ਭਾਵੇਂ ਇਹ ਸਾਰੀ ਪੁਸਤਕ ਹੀ ਉਨ੍ਹਾਂ ਦੀ ਸਾਹਿਤਕ ਦੇਣ ਸੰਬੰਧੀ ਹੈ। ਡਾ.ਧਰਮਪਾਲ ਸਿੰਗਲ ਬੇਦਿਲ ਨੂੰ ਸਫ਼ਲ ਗ਼ਜ਼ਲਕਾਰ ਮੰਨਦਾ ਹੈ। ਉਸ ਨੇ ਗ਼ਜ਼ਲ ਨੂੰ ਸੌਂਦਰਯ ਬੋਧ ਵਾਲੇ ਕਾਵਿ ਰੂਪ ਵਿੱਚੋਂ ਕੱਢਕੇ ਪ੍ਰਗਤੀਸ਼ੀਲ ਵਲ ਲਿਆਂਦਾ ਹੈ। ਲੇਖਕ ਨੇ ਬੇਦਿਲ ਦੇ ਇਕ ਸ਼ਿਅਰ ਨਾਲ ਉਦਾਹਰਣ ਦਿੱਤੀ ਹੈ-
ਤੀਵੀਂ ਤੇ ਮਦਰਾ ਸੁਰਾਹੀ ਪੈਮਾਨਾ, ਹੁੰਦੇ ਨਾ ਸ਼ਾਇਰ, ਇਹ ਮਰ ਜਾਂਦੇ।
ਬੇਦਿਲ ਕਹਿਣਾ ਚਾਹੁੰਦਾ ਹੈ ਕਿ ਇਹ ਤਿੰਨੋ ਵਸਤਾਂ ਤੋਂ ਬਿਨਾ ਵੀ ਗ਼ਜ਼ਲ ਹੋ ਸਕਦੀ ਹੈ। ਸੱਚ ਦੇ ਰਸਤੇ ‘ਤੇ ਚਲਣ ਦੀ ਗੱਲ ਕਰਦਾ ਬੇਦਿਲ ਲਿਖਦਾ ਹੈ-
ਪਾਂਧੀ ਸੱਚ ਦੇ ਪਿਛਾਂਹ ਨਹੀਂ ਮੁੜਦੇ, ਭਾਵੇਂ ਸਾਹਵੇਂ ਸਲੀਬ ਹੋਂਦੇ ਨੇ।
 ਸਾਧੂ ਸਿੰਘ ਬੇਦਿਲ ਦੀ ਪੰਜਾਬ ਬਾਰੇ ਚਿੰਤਾ ਸੰਬੰਧੀ ਸਿੰਗਲ ਉਸਦੇ ਇਕ ਸ਼ਿਅਰ ਦੀ ਉਦਾਹਰਣ ਦਿੰਦਾ ਹੈ-
ਇਉਂ ਹਾਲ ਹੋ ਗਿਆ ਹੈ ਮੇਰੇ ਪੰਜਾਬ ਦਾ, ਟੁੱਟੇ ਜੇ ਬੂਟ ਵਿੱਚ ਜਿਉਂ ਪਾਟੀ ਜੁਰਾਬ ਦਾ।
ਡਾ.ਧਰਮਪਾਲ ਸਿੰਗਲ ਸਾਧੂ ਸਿੰਘ ਬੇਦਿਲ ਨੂੰ ਪ੍ਰਗਤੀਸ਼ੀਲ ਗ਼ਜ਼ਲਗੋ ਸਮਝਦਾ ਹੈ। ਪ੍ਰੋ.ਪ੍ਰੀਤਮ ਸਿੰਘ ਰਾਹੀ ਅਨੁਸਾਰ ਬੇਦਿਲ ਅਨੁਸ਼ਾਸਨ ਦਾ ਪਾਬੰਦ ਹੈ। ਉਸ ਦਾ ਸਿਨਫ ਕੇਵਲ ਗੁਲੋ-ਬੁਲ ਬੁਲ, ਸ਼ਮਾਅ ਪ੍ਰਵਾਨਾ, ਮੈਅ ਅਤੇ ਪੈਮਾਨਾ ਦੀਆਂ ਗੱਲਾਂ ਕਰਨ ਜਾਂ ਮਾਸ਼ੂਕ ਦੇ ਹੁਸਨ ਤੱਕ ਹੀ ਸੀਮਤ ਨਹੀਂ, ਸਗੋਂ ਉਸ ਦਾ ਕਾਰਜ-ਖੇਤਰ ਵਿਸਤਿ੍ਰਤ ਹੈ। ਆਪਣੀਆਂ ਗ਼ਜ਼ਲਾਂ ਲਈ ਉਹ ਇਨਕਲਾਬੀ ਅਤੇ ਸਿਹਤਮੰਦ ਵਿਸ਼ੇ ਚੁਣਦਾ ਹੈ। ਕਰਨੈਲ ਸਿੰਘ ਰੋਹੀੜਾ ਸਾਧੂ ਸਿੰਘ ਬੇਦਿਲ ਨੂੰ ਮੂਲ ਰੂਪ ਵਿੱਚ ਕਵੀ ਕਹਿੰਦਾ ਹੈ। ਉਸ ਦਾ ਰਾਜਸੀ ਵਿਅਕਤੀਆਂ ਤੇ ਤਿੱਖਾ ਵਿਅੰਗ ਹੁੰਦਾ ਹੈ। ਉਹ ਕੰਮੀਆਂ ਦੀ ਗੱਲ ਕਰਦਾ ਹੈ। ਉਸ ਦੀ ਸ਼ਾਇਰੀ ਵਿੱਚ ਸਮਾਜਵਾਦੀ ਚਿੰਤਨ ਹੈ। ਉਹ ਨੈਤਿਕ ਕਦਰਾਂ ਕੀਮਤਾਂ ਦਾ ਪਹਿਰੇਦਾਰ ਹੈ। ਬੇਦਿਲ ਦੀਆਂ ਗ਼ਜ਼ਲਾਂ ਵਿੱਚ ਸਮਾਜਿਕ ਆਰਥਿਕ ਨਾ-ਬਰਾਬਰੀ, ਮਖੌਟਾਧਾਰੀ ਭਿ੍ਰਸ਼ਟ ਰਾਜਨੀਤਕ ਢਾਂਚੇ ਅਤੇ ਧਾਰਮਿਕ ਦੰਭੀਆਂ ਦਾ ਸ਼ਪਸਟ ਅਤੇ ਬੇਬਾਕ ਪ੍ਰਗਟਾਅ ਕਰਦਾ ਹੈ। ਡਾ.ਭਗਵੰਤ ਸਿੰਘ  ਕਹਿੰਦੇ ਹਨ ਬੇਦਿਲ ਨੈਤਿਕ ਪੱਖਾਂ ਬਾਰੇ ਬਹੁਤ ਪੁਖਤਗੀ ਨਾਲ ਲਿਖਦਾ ਰਿਹਾ ਹੈ। ਉਹ ਸਾਹਿਤ ਦੇ ਕਾਵਿਕ ਗੁਣਾਂ ਤੋਂ ਬਾਖ਼ੂਬੀ ਜਾਣੂੰ ਸੀ। ਉਸ ਦੇ ਵਿਸ਼ੇ ਰੂਪਕ ਪੱਖ ਤੋਂ  ਉਤਮ ਸਨ। ਸਾਹਿਤ  ਦੇ ਪ੍ਰਯੋਜਨ ਸਤਯੰ, ਸਿਵਮ, ਸੁੰਦਰਮ ਦੀ ਕਸੌਟੀ ‘ਤੇ ਪੂਰਾ ਉਤਰਦੇ ਸਨ। (ੲ) ਕਾਵਿ ਚਿੱਤਰ ਵਿੱਚ 16 ਕਵੀਆਂ ਨੇ ਬੇਦਿਲ ਦੀਆਂ ਸਾਹਿਤਕ ਪ੍ਰਾਪਤੀਆਂ ਨੂੰ ਕਾਵਿ ਰੂਪ ਵਿੱਚ ਵਰਣਨ ਕੀਤਾ ਹੈ, ਜੋ ਹੇਠ ਲਿਖੇ ਅਨੁਸਾਰ ਹੈ-
ਡਾ.ਅਮਰ ਕੋਮਲ -
ਉਸ ਰੁੱਖ ਵਰਗਾ, ਜਿਸ ਦੀ ਸੰਘਣੀ ਛਾਂ ਪਿਆਰੀ,
ਫਲ ਮਿੱਠੇ ਫੁੱਲ ਮਹਿਕਦੇ, ਟਹਿਕੇ, ਜਿਸ ਦੀ ਕਾਇਆ ਸਾਰੀ।
ਜੰਗ ਸਿੰਘ ਫੱਟੜ-
ਅੰਧ ਵਿਸ਼ਵਾਸ਼ੀ  ਕਰਮ ਕਾਂਡ ਤੋਂ ਛਿਲਕੇ ਲਾਹੁੰਦਾ ਬਾਹਲਾ ਸੀ,
ਹਸਮੁੱਖ, ਖ਼ੁਸ਼ਹਾਲ, ਸਾਧਾਂ ਵਰਗਾ, ਬੇਦਿਲ ਨਵਾਂ ਉਜਾਲਾ ਸੀ।
ਨਿਰੰਜਣ ਸਿੰਘ ਚੀਮਾ -
ਲਈਂ ਬੈਠੇ ਘਰ ਵਿੱਚ ਆਪਣੇ, ਥੋਹਰਾਂ ਦਾ ਇੱਕ ਵਾੜਾ ਬੇਦਿਲ,
ਬੱਸ ਫੁੱਲਾਂ ਦੀ ਚੋਰੀ ਕਰਦੈ, ਹੋਰ ਨਾ ਮਾਰੇ ਧਾੜਾ ਬੇਦਿਲ।
ਪਰਮਜੀਤ ਪੱਪੂ ਧਨੌਲਾ-
ਧਨੀ ਕਲਮ ਦਾ ਗੂੜ੍ਹ ਗਿਆਨੀ, ਜਗ੍ਹਾ ਜਗ੍ਹਾ ਸਤਿਕਾਰਾ ਬੇਦਿਲ।
ਐਸਾ ਗਿਆਨ ਦਾ ਮਹਿਲ ਉਸਾਰੇ, ਨਾ ਇੱਟਾਂ ਨਾ ਗਾਰਾ ਬੇਦਿਲ।
ਮਲਕੀਤ ਸਿੰਘ ਗਿੱਲ (ਭੱਠਲਾਂ)-
ਸਭਿਆਚਾਰ ਦਾ ਹੈ ਇਹ ਵਾਰਸ, ਦੇਸ ਪੰਜਾਬ ਦੀ ਸ਼ਾਨ ਹੈ ਬੇਦਿਲ।
ਗ਼ਜ਼ਲਾਂ ਗੀਤ ਕਵਿਤਾਵਾਂ ਰਾਹੀਂ, ਵੰਡਦਾ ਗੂੜ੍ਹ-ਗਿਆਨ ਹੈ ਬੇਦਿਲ।
ਸੁਖਦੇਵ ਸਿੰਘ ਔਲਖ-
ਜ਼ਿੰਦਗੀ ਨਾਉਂ ਹੈ ਮੁਸ਼ਕਿਲਾਂ ਸੰਗ ਖਹਿਣ ਦਾ,
ਜ਼ਿੰਦਗੀ ਦੇ ਸਵਾਲਾਂ ਦਾ ਸਹੀ ਜਵਾਬ ਹੈ ਬੇਦਿਲ।
ਗੁਰਜੰਟ ਸਿੰਘ ਸੋਹਲ ਚਿੱਤਰਕਾਰ ਧਨੌਲਾ-
Êਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ, ਕਦੇ ਫਾਰਸੀ ਫੋਲੇ,
ਗੁਰਬਾਣੀ ਦੇ ਅਰਥ ਜੇ ਕਰਦਾ, ਬੂਹੇ ਮਨ ਦੇ ਖੋਲ੍ਹੇ।
ਡਾ.ਹਾਕਮ ਸਿੰਘ ਮਹਿਰਮ, ਕਾਲੇਕਾ-
ਫਿਜ਼ਾ ਬਦਲੀ ਭਾਵੇਂ ਲੱਖਾਂ ਵਾਰ ਯਾਰੋ, ਆਪਣਾ ਬਦਲਿਆ ਨਹੀਂ ਕਿਰਦਾਰ ਬੇਦਿਲ,
ਗੱਲ ਮੂੰਹ ਤੇ ਕਹਿਣ ਦਾ ਰੱਖੇ ਜੇਰਾ, ਹੱਥ ਕਲਮ ਦਾ ਰੱਖਿਆ ਹਥਿਆਰ ਬੇਦਿਲ।
ਵੈਦ ਸਰੂਪ ਚੰਦ ਹਰੀਗੜ੍ਹ-
ਵਿਆਖਿਆ ਕਰ ਸਮਝਾਵੇ ਸਭ ਨੂੰ, ਸ਼ਬਦਾਂ ਦੀ ਇੱਕ ਖਾਣ ਸੀ ਬੇਦਿਲ…।
ਦੱਬੇ ਕੁੱਚਲੇ ਲੋਕਾਂ ਦੇ ਲਈ, ਸੱਚ ਦੀ ਖੁਲ੍ਹੀ ਦੁਕਾਨ ਸੀ ਬੇਦਿਲ।
ਰਘਵੀਰ ਸਿੰਘ ਗਿੱਲ ਕੱਟੂ-
ਚੌਗਿਰਦੇ ਬਾਰੇ ਰੱਖੇ ਚੇਤਨਾ, ਚੁੱਪ ਕਰਕੇ ਨਾ ਬਹਿਣਾ,
ਕਿਰਤੀ ਏਥੇ ਭੁੱਖੇ ਮਰਦੇ, ਸੱਚ ਬੇਦਿਲ ਦਾ ਕਹਿਣਾ।
ਟਿੱਬਿਆਂ ਤਾਈਂ ਪੱਧਰ ਕਰਨਾ, ਸਦਾ ਧੱਕਾ ਨਹੀਂ ਸਹਿਣਾ।
ਊਚ ਨੀਚ ਦਾ ਮੁੱਕੇ ਪੁਆੜਾ, ਭੁੱਖਾ ਕੋਈ ਨਾ ਰਹਿਣਾ,
ਮਿਲ ਕੇ ਟੋਇਆਂ ਨੇ, ਲੇਖਾ ਇਕ ਦਿਨ ਲੈਣਾ।
   ਇਸ ਪੁਸਤਕ ਦਾ ਦੂਜਾ ਭਾਗ ਸਿਰਜਣਾ ਹੈ, ਜਿਸ ਤੋਂ ਭਾਵ ਸਾਧੂ ਸਿੰਘ ਬੇਦਿਲ ਦਾ ਰਚਿਆ ਸਾਹਿਤ। ਇਸ ਭਾਗ ਵਿੱਚ ਬੇਦਿਲ ਦੀਆਂ ਚੋਣਵੀਆਂ ਗ਼ਜ਼ਲਾਂ, ਗੀਤ, ਕਵਿਤਾ, ਕਹਾਣੀਆਂ, ਨਿਬੰਧ ਅਤੇ ਚਿੱਠੀਆਂ ਸ਼ਾਮਲ ਹਨ। ਕਮਾਲ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਾਧੂ ਸਿੰਘ ਬੇਦਿਲ ਰਣਜੀਤ ਗਿਆਨੀ ਕਾਲਜ ਅਕਾਡਮੀ ਪੁਤਲੀ ਘਰ ਅੰਮਿ੍ਰਤਸਰ ਗਿਆਨੀ ਪਾਸ ਕਰਨ ਲਈ ਪੜ੍ਹਦਾ ਰਿਹਾ ਪ੍ਰੰਤੂ ਦੋ ਵਾਰ ਇਮਤਿਹਾਨ ਦੇਣ ਦੇ ਬਾਵਜੂਦ ਪਾਸ ਨਹੀਂ ਹੋ ਸਕਿਆ, ਉਥੇ ਪੜ੍ਹਦਿਆਂ ਪਿੰਗਲ, ਵਿਆਕਰਣ ਤੇ ਗੁਰਬਾਣੀ ਵਿਆਕਰਣ ਜਿਹੜੇ ਗਿਆਨੀ ਦੇ ਸਲੇਬਸ ਵਿੱਚ ਸਨ, ਉਨ੍ਹਾਂ ਦੀ ਮੁਹਾਰਤ ਹਾਸਲ ਕਰ ਗਿਆ। ਇਥੋਂ ਤੱਕ ਕਿ ਉਨ੍ਹਾਂ ਦੇ ਪੜ੍ਹਾਏ ਅਨੇਕਾਂ ਵਿਦਿਆਰਥੀ ਗਿਆਨੀ ਪਾਸ ਕਰ ਗਏ।  ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਤੇਜਾ ਸਿੰਘ ਤਿਲਕ ਨੇ ਇਹ ਪੁਸਤਕ ਸੰਪਾਦਿਤ ਕਰਕੇ ਸਾਧੂ ਸਿੰਘ ਬੇਦਿਲ ਨੂੰ ਹਮੇਸ਼ਾ ਲਈ ਸਾਹਿਤਕ ਜਗਤ ਵਿੱਚ ਅਮਰ ਕਰ ਦਿੱਤਾ।
  300 ਰੁਪਏ ਕੀਮਤ, 264 ਪੰਨਿਆਂ, ਰੰਗਦਾਰ ਤਸਵੀਰਾਂ ਅਤੇ ਸਚਿਤਰ ਮੁੱਖ ਕਵਰ ਵਾਲੀ ਪੁਸਤਕ ਤਾਲਿਫ਼ ਪ੍ਰਕਾਸ਼ਨ ਬਰਨਾਲਾ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ।
…ਸਾਬਕਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072  
ujagarsingh48@yahoo.com

ਪੰਜਾਬ ਪੁਲਿਸ ਵਿੱਚ ਇਸਤਰੀਆਂ/ਲੜਕੀਆਂ ਵੀ ਮਹੱਤਵਪੂਰਨ ਅਹੁਦਿਆਂ ‘ਤੇ ਤਾਇਨਾਤ - ਉਜਾਗਰ ਸਿੰਘ

ਬੇਟੀ ਪੜ੍ਹਾਓ, ਬੇਟੀ ਬਚਾਓ ਦਾ ਪ੍ਰਚਾਰ ਤਾਂ ਥੋੜ੍ਹਾ ਸਮਾਂ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਹੈ ਪ੍ਰੰਤੂ ਪੰਜਾਬ ਵਿੱਚ ਬੇਟੀਆਂ ਨੂੰ ਪਹਿਲਾਂ ਹੀ ਪੜ੍ਹਾਇਆ ਜਾਂਦਾ ਹੈ, ਜਿਸ ਕਰਕੇ ਬੇਟੀਆਂ ਸਮਾਜ ਦੇ ਹਰ ਖੇਤਰ ਵਿੱਚ ਮਾਹਰਕੇ ਮਾਰ ਰਹੀਆਂ ਹਨ। ਬੇਸ਼ਕ ਪੰਜਾਬ ਪੁਲਿਸ ਵਿੱਚ ਇਸਤਰੀਆਂ/ਲੜਕੀਆਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਆਟੇ ਵਿੱਚ ਲੂਣ ਦੇ ਬਰਾਬਰ ਹੈ ਪ੍ਰੰਤੂ ਉਹ ਦਿਨ ਦੂਰ ਨਹੀਂ ਜਦੋਂ ਇਸਤਰੀਆਂ/ਲੜਕੀਆਂ ਇਸ ਵਿਭਾਗ ਦੇ ਪੁਲਿਸ ਮੁੱਖੀ ਦੇ ਅਹੁਦੇ ‘ਤੇ ਪਹੁੰਚਕੇ ਅਗਵਾਈ ਕਰਨਗੀਆਂ। ਭਾਵੇਂ ਅੱਜ ਦਿਨ ਵੀ ਗੁਰਪ੍ਰੀਤ ਕੌਰ ਦਿਓ, ਸ਼ਸ਼ੀ ਪ੍ਰਭਾ ਦਿਵੇਦੀ  ਦੋਵੇਂ ਡੀ.ਜੀ.ਪੀ.ਰੈਂਕ ਅਤੇ ਤਿੰਨ ਹੋਰ ਐਡੀਸ਼ਨਲ ਡੀ.ਜੀ.ਪੀ.ਰੈਂਕ ਵਿੱਚ ਹਨ ਪ੍ਰੰਤੂ ਉਨ੍ਹਾਂ ਨੂੰ ਪੁਲਿਸ ਵਿਭਾਗ ਦੇ ਵੱਖ-ਵੱਖ ਵਿੰਗਾਂ ਦੇ ਮੁੱਖੀ ਬਣਾਇਆ ਗਿਆ ਹੈ ਪ੍ਰੰਤੂ ਪੂਰੇ ਪੁਲਿਸ ਵਿਭਾਗ ਦੇ ਮੁੱਖੀ ਨਹੀਂ ਬਣਾਈਆਂ ਗਈਆਂ। ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਮੁਖ ਮਹੱਤਵਪੂਰਨ ਖੇਤਰੀ ਅਤੇ ਪ੍ਰਬੰਧਕੀ ਅਹੁਦਿਆਂ ‘ਤੇ ਇਸਤਰੀਆਂ/ਲੜਕੀਆਂ ਕੰਮ ਕਰ ਰਹੀਆਂ ਹਨ। ਆਈ.ਏ.ਐਸ. ਇਸਤਰੀ ਵਿੰਨੀ ਮਹਾਜਨ ਪਹਿਲੀ ਪੰਜਾਬ ਦੀ ਮੁੱਖ ਸਕੱਤਰ ਰਹੀ ਹੈ। ਸੁਰਜੀਤ ਕੌਰ ਬਾਰੇ ਵੀ ਕਿਹਾ ਜਾਂਦਾ ਹੈ ਕਿ ਉਹ ਪਹਿਲੀ ਇਸਤਰੀ ਆਈ.ਪੀ.ਐਸ.ਅਧਿਕਾਰੀ ਸੀ। ਕਿਰਨ ਬੇਦੀ ਅੰਮਿ੍ਰਤਸਰ ਨਾਲ ਸੰਬੰਧ ਰੱਖਦੀ ਹੈ, ਉਹ ਇਸਤਰੀ ਆਈ.ਪੀ.ਐਸ.ਅਧਿਕਾਰੀ ਸੀ। ਉਹ ਡਾਇਰੈਕਟਰ ਜਨਰਲ ਬਿਓਰੋ ਆਫ਼ ਪੁਲਿਸ, ਕੇਂਦਰੀ ਸ਼ਾਸ਼ਤ ਪ੍ਰਦੇਸ਼ ਦਿੱਲੀ, ਗੋਆ, ਚੰਡੀਗੜ੍ਹ ਅਤੇ ਮੀਜੋਰਾਮ ਦੀ ਡੀ.ਜੀ.ਪੀ.ਅਤੇ ਉਪ ਰਾਜਪਾਲ ਵਰਗੇ ਮਹੱਤਵਪੂਰਨ ਅਹੁਦਿਆਂ ‘ਤੇ ਰਹੀ ਹੈ। ਪੁਲਿਸ ਵਿਭਾਗ ਦੇ ਕੰਮ ਨੂੰ ਜੋਖ਼ਮ ਭਰਿਆ ਗਿਣਿਆਂ ਜਾਂਦਾ ਹੈ ਕਿਉਂਕਿ ਇਸ ਨੇ ਸਮਾਜ ਵਿਰੋਧੀ ਅਨਸਰਾਂ ਦੀਆਂ ਸਰਗਰਮੀਆਂ ਨੂੰ ਰੋਕਣਾ ਹੁੰਦਾ ਹੈ। ਕਰਿਮੀਨਲ ਕਿਸਮ ਦੇ ਅਨਸਰਾਂ ਨਾਲ ਨਿਪਟਣਾ ਹੁੰਦਾ ਹੈ। ਇਸ ਮੰਤਵ ਦੀ ਪ੍ਰਾਪਤੀ ਲਈ ਸਖ਼ਤੀ ਵਰਤਣੀ ਪੈਂਦੀ ਹੈ। ਇਹ ਆਮ ਪ੍ਰਭਾਵ ਪਾਇਆ ਜਾਂਦਾ ਹੈ ਕਿ ਮਰਦ ਹੀ ਅਜਿਹੇ ਕੰਮ ਕਰਨ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕਦੇ ਹਨ। ਇਸਤਰੀਆਂ/ਲੜਕੀਆਂ ਬਾਰੇ ਮਹਿਸੂਸ ਕੀਤਾ ਜਾਂਦਾ ਹੈ ਕਿ ਉਹ ਅਜਿਹੇ ਕਰਿਮੀਨਲ ਮੁਜ਼ਰਮਾ ਵਿਰੁੱਧ ਕਾਰਵਾਈ ਮਰਦਾਂ ਦੀ ਤਰ੍ਹਾਂ ਨਹੀਂ ਕਰ ਸਕਦੀਆਂ। ਪ੍ਰੰਤੂ ਆਧੁਨਿਕ ਸਮੇਂ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਣ ਅਤੇ ਪੜ੍ਹਾਈ ਦੀਆਂ ਸਹੂਲਤਾਂ ਮਿਲਣ ਕਰਕੇ ਲੋਕਾਂ ਵਿੱਚ ਜਾਗ੍ਰਤੀ ਆ ਗਈ ਹੈ, ਜਿਸ ਕਰਕੇ ਮਨੁੱਖੀ ਹੱਕਾਂ ਦੀ ਰਖਵਾਲੀ ਮੁੱਖ ਵਿਸ਼ਾ ਬਣਦਾ ਜਾ ਰਿਹਾ ਹੈ। ਅਜਿਹੇ ਹਾਲਾਤ ਵਿੱਚ ਪੁਲਿਸ ਵਿਭਾਗ ਵਿੱਚ ਵੀ ਗ਼ੈਰ ਮਨੁੱਖੀ ਕਾਰਵਾਈਆਂ ਨੂੰ ਵੀ ਰੋਕਦੀ ਲੱਗਦੀ ਨਜ਼ਰ ਆ ਰਹੀ ਹੈ। ਸ਼ੋਸ਼ਲ ਮੀਡੀਆ ਦਾ ਯੁਗ ਹੋਣ ਕਰਕੇ ਗ਼ੈਰ ਮਨੁੱਖੀ ਤਸੀਹਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇੱਕ ਹੋਰ ਮਹੱਤਵਪੂਰਨ ਪਹਿਲੂ ਹੈ ਕਿ ਅਜੋਕੇ ਅਜਿਹੇ ਅਖੌਤੀ ਆਧੁਨਿਕਤਾ ਦੇ ਸਮੇਂ ਵਿੱਚ ਕੁਝ ਇਸਤਰੀਆਂ/ਲੜਕੀਆਂ ਵੀ ਜਰਾਇਮ ਪੇਸ਼ੇ ਵਿੱਚ ਸ਼ਾਮਲ ਹੋ ਗਈਆਂ ਹਨ। ਉਨ੍ਹਾਂ ਨੂੰ ਵਰਗਲਾ ਕੇ ਨਸ਼ਿਆਂ ਆਦਿ ਵਿੱਚ ਕੋਰੀਅਰ ਦੇ ਰੂਪ ਵਿੱਚ ਵਰਤਿਆ ਜਾ ਰਿਹਾ ਹੈ। ਇਸ ਲਈ ਅਜਿਹੀਆਂ ਜਰਾਇਮ ਪੇਸ਼ਾ ਇਸਤਰੀਆਂ/ਲੜਕੀਆਂ ਦੇ ਕੇਸਾਂ ਦੀ ਪੜਤਾਲ ਕਰਨ ਵਿੱਚ ਇਸਤਰੀਆਂ/ਲੜਕੀਆਂ ਸਹਾਈ ਸਾਬਤ ਹੁੰਦੀਆਂ ਹਨ ਕਿਉਂਕਿ ਉਨ੍ਹਾਂ ਨਾਲ ਇਸਤਰੀ ਅਧਿਕਾਰੀਆਂ ਨੂੰ ਹੀ ਲਗਾਇਆ ਜਾ ਸਕਦਾ ਹੈ। ਨਵੇਂ ਹਾਲਾਤਾਂ ਕਰਕੇ ਇਸਤਰੀਆਂ/ਲੜਕੀਆਂ ਦਾ ਪੁਲਿਸ ਵਿਭਾਗ ਦੇ ਅਹਿਮ ਅਹੁਦਿਆਂ ‘ਤੇ ਤਾਇਨਾਤ ਹੋਣਾ ਜ਼ਰੂਰੀ ਬਣ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਸੁਹਜਾਤਮਿਕ ਪ੍ਰਵਿਰਤੀ ਵਾਲੀਆਂ ਨਰਮ ਦਿਲ ਸਮਝਿਆ ਜਾਂਦਾ ਹੈ। ਸੰਸਾਰ ਵਿੱਚ ਇਸਤਰੀਆਂ ਨੂੰ ਬਰਾਬਰਤਾ ਦੇ ਅਧਿਕਾਰ ਦਿੱਤੇ ਗਏ ਹਨ। ਜ਼ਿੰਦਗੀ ਦੇ ਹਰ ਖੇਤਰ ਵਿੱਚ ਇਸਤਰੀਆਂ/ਲੜਕੀਆਂ ਮਹੱਤਵਪੂਰਨ ਭੂਮਿਕਾਵਾਂ ਨਿਭਾਅ ਰਹੀਆਂ ਹਨ। ਭਾਰਤ ਵਿੱਚ ਵੀ ਸਰੋਜਨੀ ਨਾਇਡੂ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਸਿਆਸੀ ਖੇਤਰ ਵਿੱਚ ਨਾਮਣਾ ਖੱਟਿਆ ਹੈ। ਪਹਿਲਾਂ ਸ਼੍ਰੀਮਤੀ ਪ੍ਰਤਿਭਾ ਪਾਟਿਲ ਹੁਣ ਸ਼੍ਰੀਮਤੀ ਦਰੋਪਦੀ ਮੂਰਮੂ ਭਾਰਤ ਦੇ ਰਾਸ਼ਟਰਪਤੀ ਹਨ।
 

ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਪੰਚਾਇਤੀ ਰਾਜ ਪ੍ਰਣਾਲੀ ਵਿੱਚ ਇਸਤਰੀਆਂ/ਲੜਕੀਆਂ ਲਈ ਰਾਖਵਾਂਕਰਨ ਦੀ ਪ੍ਰਣਾਲੀ ਸ਼ੁਰੂ ਕੀਤੀ ਸੀ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਵਿਧਾਨ ਸਭਾਵਾਂ ਅਤੇ ਲੋਕ ਸਭਾ ਵਿੱਚ 33 ਫ਼ੀ ਸਦੀ ਰਾਖਵਾਂ ਕਰਨ ਦਾ ਕਾਨੂੰਨ ਬਣਾਇਆ ਹੈ। ਪੰਜਾਬ ਵਿੱਚ ਸਰਕਾਰੀ ਨੌਕਰੀਆਂ ਵਿੱਚ ਅਜੇ ਤੱਕ ਵੀ ਇਸਤਰੀਆਂ/ਲੜਕੀਆਂ ਲਈ ਰਾਖਵਾਂਕਰਨ ਨਹੀਂ ਕੀਤਾ ਗਿਆ, ਇਸ ਦੀ ਲੋੜ ਵੀ ਨਹੀਂ ਕਿਉਂਕਿ ਮੁਕਾਬਲੇ ਦੇ ਸਮੇਂ ਵਿੱਚ, ਜਿਸ ਵਿਅਕਤੀ ਕੋਲ ਕਾਬਲੀਅਤ ਹੋਵੇਗੀ ਉਹ ਉਚ ਅਹੁਦਿਆਂ ਦੇ ਇਮਤਿਹਾਨ ਪਾਸ ਕਰਕੇ ਨੌਕਰੀ ਪ੍ਰਾਪਤ ਕਰ ਸਕਦੇ ਹਨ। ਅੱਜ ਕਲ੍ਹ ਲੜਕੀਆਂ ਦੇ ਹਰ ਖੇਤਰ ਵਿੱਚ ਲੜਕਿਆਂ ਤੋਂ ਮੋਹਰੀ ਹੋਣ ਦੇ ਨਤੀਜੇ ਆ ਰਹੇ ਹਨ। ਜਿਸ ਕਰਕੇ ਬਹੁਤ ਸਾਰੇ ਵਿਭਾਗਾਂ ਵਿੱਚ ਉਚ ਅਹੁਦਿਆਂ ‘ਤੇ ਇਸਤਰੀਆਂ/ਲੜਕੀਆਂ ਕੰਮ ਕਰ ਰਹੀਆਂ ਹਨ। ਸਰਕਾਰੀ ਵਿਭਾਗਾਂ ਖਾਸ ਤੌਰ ਤੇ ਵਿਦਿਆ ਵਿਭਾਗ ਵਿੱਚ ਅਧਿਆਪਕ ਇਸਤਰੀਆਂ/ਲੜਕੀਆਂ ਦੀ ਬਹੁਤਾਤ ਹੈ। ਆਈ.ਏ.ਐਸ., ਆਈ.ਪੀ.ਐਸ., ਪੀ.ਸੀ.ਐਸ. ਅਤੇ ਪੀ.ਪੀ.ਐਸ.ਵਿੱਚ ਭਾਵੇਂ ਰਾਖਵਾਂ ਕਰਨ ਨਹੀਂ ਹੈ ਪ੍ਰੰਤੂ ਇਸਤਰੀਆਂ/ਲੜਕੀਆਂ ਹੁਣ ਇਨ੍ਹਾਂ ਮੁਕਾਬਲਿਆਂ ਵਿੱਚ ਆਪਣੀ ਕਾਬਲੀਅਤ ਨਾਲ ਨਾਮਣਾ ਖੱਟ ਰਹੀਆਂ ਹਨ।  ਪੰਜਾਬ ਦੇ 23 ਜਿਲਿ੍ਹਆਂ ਵਿੱਚੋਂ 10 ਜਿਲਿ੍ਹਆਂ ਵਿੱਚ ਇਸਤਰੀਆਂ/ਲੜਕੀਆਂ ਡਿਪਟੀ ਕਮਿਸ਼ਨਰ ਹਨ ਪ੍ਰੰਤੂ ਪੁਲਿਸ ਦੇ 24 ਜਿਲਿ੍ਹਆਂ ਵਿੱਚੋਂ ਸਿਰਫ਼ 5 ਵਿੱਚ ਇਸਤਰੀਆਂ/ਲੜਕੀਆਂ ਐਸ.ਐਸ.ਪੀ. ਹਨ। ਭਾਵੇਂ ਹੋਰ ਉਚ ਅਹੁਦਿਆਂ ‘ਤੇ ਉਹ ਬਿਰਾਜਮਾਨ ਹਨ। ਪੰਜਾਬ ਪੁਲਿਸ ਵਿੱਚ ਲਗਪਗ 82 ਹਜ਼ਾਰ ਦੀ ਨਫਰੀ ਹੈ, ਜਿਸ ਵਿੱਚ ਇਸਤਰੀਆਂ/ਲੜਕੀਆਂ 5500 ਦੇ ਲਗਪਗ ਹਨ। ਇਹ ਕੁਲ ਨਫਰੀ ਦਾ 3 ਫ਼ੀ ਸਦੀ ਭਾਵ ਨਾ ਮਾਤਰ ਪ੍ਰਤੀਨਿਧਤਾ ਬਣਦੀ ਹੈ। ਜਦੋਂ ਕਿ ਇਸਤਰੀਆਂ ਦੀ ਆਬਾਦੀ ਮਰਦਾਂ ਦੇ ਬਰਾਬਰ ਹੈ। ਦੇਸ਼ ਵਿੱਚ ਪੁਲਿਸ ਵਿਭਾਗ ਵਿੱਚ ਇਨ੍ਹਾਂ ਦੀ ਪ੍ਰਤੀਨਿਧਤਾ 7.28 ਫ਼ੀ ਸਦੀ ਹੈ। ਸੀਨੀਅਰ ਅਹੁਦਿਆਂ ‘ਤੇ ਇਸਤਰੀਆਂ/ਲੜਕੀਆਂ ਦੀ ਗਿਣਤੀ ਬਹੁਤ ਘੱਟ ਹੈ। ਪ੍ਰੰਤੂ ਇਹ ਵੀ ਮਾਣ ਵਾਲੀ ਗੱਲ ਹੈ ਕਿ ਗੁਰਪ੍ਰੀਤ ਕੌਰ ਦਿਓ ਅਤੇ ਸ਼ਸ਼ੀ ਪ੍ਰਭਾ ਦਿਵੇਦੀ  ਡੀ.ਜੀ.ਪੀ.ਰੈਂਕ ਅਤੇ 7 ਏ.ਡੀ.ਜੀ.ਪੀ.ਵਿੱਚੋਂ ਤਿੰਨ ਨੀਰਜਾ ਵੋਰੂਗੁਰੂ, ਅਨੀਤਾ ਪੁੰਜ ਅਤੇ ਵਿਭੂ ਰਾਜ  ਏ.ਡੀ.ਜੀ.ਪੀ. ਦੇ ਅਹੁਦੇ ‘ਤੇ ਤਾਇਨਾਤ ਹਨ। ਰੇਂਜ ਵਿੱਚੋਂ ਧੰਨਵੰਤ ਕੌਰ ਲੁਧਿਆਣਾ ਡੀ.ਆਈ.ਜੀ. ਹਨ। ਐਸ.ਐਸ.ਪੀ ਦੇ ਅਹੁਦੇ ‘ਤੇ ਡਾ.ਰਵਜੋਤ ਕੌਰ ਗਰੇਵਾਲ ਫ਼ਤਿਹਗੜ੍ਹ ਸਾਹਿਬ, ਅਮਨੀਤ ਕੌਂਡਲ ਖੰਨਾ, ਅਸ਼ਵਨੀ ਗੋਟਿਆਲ ਬਟਾਲਾ,  ਵਤਸਾਲਾ ਗੁਪਤਾ ਐਸ.ਐਸ.ਪੀ.ਕਪੂਰਥਲਾ, ਅਵਨੀਤ ਕੌਰ ਫ਼ਾਜਿਲਕਾ ਤੇ ਮਾਲੇਰਕੋਟਲਾ ਐਸ.ਐਸ.ਪੀ.ਰਹੀ ਹੈ। ਕੰਵਰਦੀਪ ਕੌਰ ਫੀਰੋਜਪੁਰ ਸਨ ਪ੍ਰੰਤੂ ਹੁਣ ਚੰਡੀਗੜ੍ਹ ਐਸ.ਐਸ.ਪੀ. ਹੈ। ਸੁਮਈਆ ਮਿਸ਼ਰਾ ਆਈ.ਪੀ.ਐਸ.ਜਾਇੰਟ ਕਮਿਸ਼ਨਰ ਪੁਲਿਸ ਲੁਧਿਆਣਾ, ਜਸਰੂਪ ਬਾਠ ਆਈ.ਪੀ.ਐਸ. ਏ.ਸੀ.ਪੀ. ਸਿਵਿਲ ਲਾਈਨ ਲੁਧਿਆਣਾ, ਹਰਵੰਤ ਕੌਰ ਐਸ.ਪੀ.ਹੈਡ ਕੁਆਟਰ ਪਟਿਆਲਾ ਹਨ। 15 ਐਸ.ਪੀ., 7 ਏ.ਐਸ.ਪੀ., 24 ਡੀ.ਐਸ.ਪੀ., 9 ਇਨਸਪੈਕਟਰ, 16 ਸਬ ਇਨਸਪੈਕਟਰ ਅਤੇ 2 ਏ.ਐਸ.ਆਈ. ਤੇ ਕੁਝ ਸਹਾਇਕ ਡਾਇਰੈਕਟਰ ਦੇ ਅਹੁਦਿਆਂ ‘ਤੇ ਕੰਮ ਕਰ ਰਹੀਆਂ ਹਨ। ਪ੍ਰੰਤੂ ਅਜੇ ਵੀ ਸੀਨੀਅਰ ਅਹੁਦਿਆਂ ‘ਤੇ ਇਸਤਰੀਆਂ/ਲੜਕੀਆਂ ਦੀ ਘਾਟ ਮਹਿਸੂਸ ਹੋ ਰਹੀ ਹੈ। ਜਦੋਂ ਮੁਕਾਬਲੇ ਦੇ ਇਮਤਿਹਾਨ ਪਾਸ ਕਰਕੇ ਇਹ ਇਸਤਰੀਆਂ/ਲੜਕੀਆਂ ਪੁਲਿਸ ਵਿੱਚ ਭਰਤੀ ਹੁੰਦੀਆਂ ਹਨ, ਇਨ੍ਹਾਂ ਦੀ ਕਾਬਲੀਅਤ ਵਿੱਚ ਕਿਹੜੀ ਘਾਟ ਹੈ। ਪਿਛੇ ਜਹੇ ਲੁਧਿਆਣਾ ਵਿਖੇ ਪੁਲਿਸ ਵਿਭਾਗ ਦੀ ਵਿਮੈਨ ਕਾਨਫ਼ਰੰਸ ਹੋਈ ਸੀ, ਜਿਸ ਵਿੱਚ ਏ.ਐਸ.ਪੀ.ਸ਼੍ਰੀਮਤੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਸੀ ਕਿ ਪੰਜਾਬ ਦੇ 399 ਥਾਣਿਆਂ ਵਿੱਚੋਂ ਸਿਰਫ਼ 10 ਥਾਣਿਆਂ ਵਿੱਚ ਇਸਤਰੀਆਂ/ਲੜਕੀਆਂ ਨੂੰ ਥਾਣੇਦਾਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਵਿਆਹਾਂ ਨਾਲ ਸੰਬੰਧਤ ਝਗੜਿਆਂ ਦੇ ਹਲ ਲਈ ਇਸਤਰੀਆਂ ਤੇ ਕੇਸਾਂ ਨਾਲ ਸੰਬੰਧਤ ਥਾਣਿਆਂ ਵਿੱਚ ਇਸਤਰੀਆਂ/ਲੜਕੀਆਂ ਨੂੰ ਲਗਾਇਆ ਹੋਇਆ ਹੈ। ਇਨ੍ਹਾਂ ਨੂੰ ਪੜਤਾਲ ਕਰਨ ਦੇ ਯੋਗ ਹੀ ਨਹੀਂ ਸਮਝਿਆ ਜਾਂਦਾ। ਇਨ੍ਹਾਂ ਨੂੰ ਪੜਤਾਲੀਆ ਅਧਿਕਾਰੀ ਸਿਰਫ਼ ਬਲਾਤਕਾਰ ਅਤੇ ਇਸਤਰੀ ਮਰਦ ਦੇ ਵਿਆਹਾਂ ਸੰਬੰਧੀ ਝਗੜਿਆਂ ਵਿੱਚ ਲਗਾਇਆ ਜਾਂਦਾ ਹੈ। ਹੋਰ ਕਿਸੇ ਵੀ ਮਹੱਤਵਪੂਰਨ ਕੇਸ ਦੀ ਪੜਤਾਲ ਕਰਨ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਜਾਂਦੀ, ਜਦੋਂ ਕਿ ਇਹ ਮੁਕਾਬਲੇ ਦੇ ਇਮਤਿਹਾਨ ਪਾਸ ਕਰਕੇ ਆਉਂਦੀਆਂ ਹਨ ਤਾਂ ਇਨ੍ਹਾਂ ਨੂੰ ਕਿਉਂ ਜ਼ਿੰਮੇਵਾਰੀ ਨਹੀਂ ਦਿੱਤੀ ਜਾਂਦੀ? 5500 ਇਸਤਰੀਆਂ/ਲੜਕੀਆਂ ਵਿੱਚੋਂ ਇਕ ਵੀ ਥਾਣੇ ਦੀ ਮੁਣਸ਼ੀ ਨਹੀਂ ਲਗਾਈ ਗਈ। ਇਨ੍ਹਾਂ ਤੋਂ ਕੰਪਿਊਟਰ ਅਪ੍ਰੇਟਰ ਦਾ ਕੰਮ ਲਿਆ ਜਾਂਦਾ ਹੈ। ਪੰਜਾਬ ਵਿੱਚ ਤਿੰਨ ਪੁਲਿਸ ਕਮਿਸ਼ਨਰਟੇਟ ਅÇੰਮ੍ਰਤਸਰ, ਜਲੰਧਰ ਅਤੇ ਲੁਧਿਆਣਾ ਹਨ, 8 ਰੇਂਜ ਡੀ.ਆਈ.ਜੀ. ਅਤੇ 24 ਪੁਲਿਸ ਜਿਲ੍ਹੇ ਹਨ, ਇਨ੍ਹਾਂ ਵਿੱਚੋਂ ਇੱਕ ਡੀ.ਆਈ.ਜੀ.ਅਤੇ 5 ਐਸ.ਐਸ.ਪੀ. ਨਿਯੁਕਤ ਹਨ। ਹੋਰ ਕਈ ਮਹੱਤਵਪੂਰਨ ਅਹੁਦਿਆਂ ਜਿਵੇਂ ਡੀ.ਸੀ.ਪੀ., ਜਾਇੰਟ ਕਮਿਸ਼ਨਰ, ਏ.ਆਈ.ਜੀ., ਐਸ.ਪੀ., ਡੀ.ਐਸ.ਪੀ.ਤੇ ਇਨਸਪੈਕਟਰ ਆਦਿ ਇਸਤਰੀਆਂ/ਲੜਕੀਆਂ ਹਨ। ਇਹ ਕਹਿਕੇ ਇਨ੍ਹਾਂ ਨੂੰ ਲਗਾਇਆ ਨਹੀਂ ਜਾਂਦਾ ਕਿ ਫੀਲਡ ਦਾ ਕੰਮ ਔਖਾ ਤੇ ਰਾਤ ਬਰਾਤੇ ਹੁੰਦਾ ਹੈ। ਜੇਕਰ ਇਨ੍ਹਾਂ ਵਿੱਚੋਂ ਕੁਝ ਜੋ ਡੀ.ਆਈ.ਜੀ., ਐਸ.ਐਸ.ਪੀ., ਡੀ.ਸੀ.ਪੀ. ਅਤੇ ਏ.ਸੀ.ਪੀ.ਲੱਗੀਆਂ ਹੋਈਆਂ ਹਨ, ਉਹ ਖੇਤਰੀ ਕੰਮ ਕਰ ਰਹੀਆਂ ਹਨ ਤਾਂ ਹੋਰ ਬਾਕੀ ਕਿਉਂ ਨਹੀਂ ਕਰ ਸਕਦੀਆਂ? ਇਸ ਲਈ ਉਨ੍ਹਾਂ ਨੂੰ ਵੀ ਜਿਲਿ੍ਹਆਂ ਵਿੱਚ ਲਗਾਉਣਾ ਬਣਦਾ ਹੈ, ਜਿਵੇਂ ਡੀ.ਸੀ.ਕੰਮ ਕਰ ਰਹੀਆਂ ਹਨ। ਇਸਤਰੀਆਂ/ਲੜਕੀਆਂ ਦੀ ਕਾਬਲੀਅਤ ਦਾ ਇਮਤਿਹਾਨ ਉਨ੍ਹਾਂ ਨੂੰ ਖੇਤਰੀ ਅਹੁਦਿਆਂ ‘ਤੇ ਲਗਾਉਣ ਨਾਲ ਹੀ ਪਤਾ ਚਲੇਗਾ। ਜੇਕਰ ਕਿਸੇ ਨੂੰ ਕੋਈ ਅਜਿਹਾ ਕੰਮ ਦਿੱਤਾ ਹੀ ਨਹੀਂ ਜਾਂਦਾ ਤਾਂ ਉਨ੍ਹਾਂ ਬਾਰੇ ਇਹ ਸੋਚਣਾ ਕਿ ਉਹ ਖੇਤਰੀ ਕੰਮ ਕਰ ਨਹੀਂ ਸਕਦੀਆਂ ਜ਼ਾਇਜ਼ ਨਹੀਂ ਹੈ। ਕਿਸੇ ਇੱਕ ਅਧਿਕਾਰੀ ਵੱਲੋਂ ਅਸਫਲ ਹੋਣ ਕਰਕੇ ਸਾਰਿਆਂ ਨੂੰ ਇੱਕੋ ਰੱਸੇ ਬੰਨਿ੍ਹਆਂ ਨਹੀਂ ਜਾ ਸਕਦਾ।
 ਮੋਬਾਈਲ-94178 13072 - ujagarsingh48@yahoo.com

ਕਹਾਣੀ ਪੰਜਾਬ ਰਸਾਲਾ ਸਾਹਿਤਕ ਸੰਜੀਦਗੀ ਦਾ ਪ੍ਰਤੀਕ - ਉਜਾਗਰ ਸਿੰਘ

ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਤ ਕਰਨ ਲਈ ਮਾਂ ਬੋਲੀ ਦੇ ਪੈਰੋਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਦੇਸ਼ ਵਿਦੇਸ਼ ਵਿੱਚ ਵਧੇਰੇ ਮਾਤਰਾ ਵਿੱਚ ਲਿਖੀਆਂ ਜਾ ਰਹੀਆਂ ਹਨ। ਮੈਂ ਸ਼ਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕੋਈ ਸਾਹਿਤਕਾਰ ਨਹੀਂ, ਮੈਂ ਤਾਂ ਕਾਲਮ ਨਵੀਸ ਅਤੇ ਸੰਪਾਦਕ ਰਿਹਾ ਹਾਂ। ਪੰਜਾਬੀ ਭਾਸ਼ਾ ਦਾ ਮੁੱਦਈ ਹੋਣ ਕਰਕੇ ‘ਕਹਾਣੀ ਪੰਜਾਬ’ ਰਸਾਲੇ ਬਾਰੇ ਆਪਣੀਆਂ ਭਾਵਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਸਥਾਪਤ ਸਾਹਿਤਕਾਰਾਂ ਨਾਲੋਂ ਨਵੇਂ ਉਭਰਦੇ ਸਾਹਿਤਕਾਰ ਵਧੇਰੇ ਲਿਖ ਰਹੇ ਹਨ ਪ੍ਰੰਤੂ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ, ਸਾਹਿਤਕ ਸੰਜੀਦਗੀ ਦੀ ਘਾਟ ਰੜਕਦੀ ਹੈ। ਸਥਾਪਤ ਅਤੇ ਉਭਰਦੇ ਸਾਹਿਤਕਾਰਾਂ ਦੀ ਤਾਰੀਫ਼ ਕਰਨੀ ਵੀ ਬਣਦੀ ਹੈ ਕਿ ਉਹ ਆਪਣੀ ਮਾਂ ਬੋਲੀ ਦੀ ਕਦਰ ਕਰਦੇ ਹੋਏ ਉਸ ਨੂੰ ਮਾਧਿਅਮ ਬਣਾ ਕੇ ਲਿਖ ਰਹੇ ਹਨ, ਭਾਵੇਂ ਉਹ ਸਾਹਿਤ ਦੇ ਕਿਸੇ ਵੀ ਰੂਪ ਵਿੱਚ ਲਿਖ ਰਹੇ ਹੋਣ ਪ੍ਰੰਤੂ ਲਿਖਣ ਸਮੇਂ ਅਜਿਹੇ ਢੰਗ ਨਾਲ ਲਿਖਿਆ ਜਾਵੇ ਜਿਸ ਵਿੱਚੋਂ ਸਾਹਿਤਕ ਖ਼ੁਸ਼ਬੋ ਆਉਂਦੀ ਹੋਵੇ। ਸਮਾਜਿਕ ਬੁਰਾਈਆਂ ਜਾਣੀ ਕਿ ਸਮਾਜਿਕ ਸਰੋਕਾਰਾਂ ਦੀ ਗੱਲ ਕਰਨੀ ਤਾਂ ਬਣਦੀ ਹੈ ਪ੍ਰੰਤੂ ਉਸ ਨੂੰ ਰੋਮਾਂਟਿਕ ਰੰਗ ਵਿੱਚ ਰੰਗਣ ਸਮੇਂ ਸੰਜੀਦਗੀ ਅਪਣਾਈ ਜਾਵੇ ਤਾਂ ਚੰਗੀ ਗੱਲ ਹੋਵੇਗੀ। ਇਹ ਨਾ ਹੋਵੇ ਕਿ ਰੁਮਾਂਸਵਾਦ ਦਾ ਕਰੂਪ, ਰੂਪ ਸਾਹਿਤਕ ਸੋਚ ਨੂੰ ਗੰਧਲਾ ਕਰ ਦੇਵੇ। ਪੰਜਾਬੀ ਵਿੱਚ ਬਹੁਤ ਸਾਰੇ ਰਸਾਲੇ ਨਿਕਲਦੇ ਰਹੇ ਤੇ ਬੰਦ ਵੀ ਹੋ ਗਏ। ਹੁਣ ਵੀ ਹਰ ਉਭਰਦਾ ਸਾਹਿਤਕਾਰ ਪੰਜਾਬੀ ਦਾ ਰਸਾਲਾ ਕੱਢਣਾ ਚਾਹੁੰਦਾ ਹੈ, ਪ੍ਰਕਾਸ਼ਤ ਕਰ ਵੀ ਰਹੇ ਹਨ। ਇਹ ਬਹੁਤ ਵਧੀਆ ਸੋਚ ਹੈ, ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਵਿੱਚ ਵਾਧਾ ਹੁੰਦਾ ਹੈ। ਮਿਆਰ ਪੱਖੋਂ ਬਹੁਤੇ ਰਸਾਲੇ ਮਾਰ ਖਾ ਰਹੇ ਹਨ। ਸਾਹਿਤਕ ਖੇਤਰ ਵਿੱਚ ਆਪਣਾ ਨਾਂ ਚਮਕਾਉਣ ਲਈ ਮਿਹਨਤ ਕਰਨੀ ਪਵੇਗੀ। ਸਾਹਿਤਕ ਸੰਜੀਦਗੀ ਦਾ ਪੱਲਾ ਫੜਨਾ ਪਵੇਗਾ। ਮੈਂ ਵੀ ਵਿਦਿਆਰਥੀ ਜੀਵਨ ਵਿੱਚ ਸਹਿਯੋਗੀ ਦੋਸਤਾਂ ਨਾਲ 1970-71 ਵਿੱਚ ਪਟਿਆਲਾ ਤੋਂ ‘ਵਹਿਣ’ਸਾਹਿਤਕ  ਮਾਸਕ ਰਸਾਲਾ ਪ੍ਰਕਾਸ਼ਤ ਕਰਦਾ ਰਿਹਾ ਹਾਂ। ਆਰਥਿਕ ਮਜ਼ਬੂਰੀਆਂ ਅਤੇ ਸਾਹਿਤਕ ਸਮਰੱਥਾ ਨਾ ਹੋਣ ਕਰਕੇ ਬੰਦ ਕਰਨਾ ਪਿਆ। ਸਰਕਾਰੀ ਨੌਕਰੀ ਵਿੱਚ ਵੀ ‘ਜਾਗ੍ਰਤੀ ਪੰਜਾਬੀ’ ਦਾ ਸੰਪਾਦਕ ਰਿਹਾ ਹਾਂ ਪ੍ਰੰਤੂ ਜਿਸ ਸੋਚ ਨਾਲ ਰਸਾਲਾ ਪ੍ਰਕਾਸ਼ਤ ਕਰਨਾ ਚਾਹੁੰਦਾ ਸੀ, ਉਸ ਤੇ ਪੂਰਾ ਉਤਰ ਨਹੀਂ ਸਕਿਆ। ਪਹਿਲੀ ਵਾਰ ‘ਕਹਾਣੀ ਪੰਜਾਬ ਅਪ੍ਰੈਲ 2023-ਮਾਰਚ 2024’ ਪੜ੍ਹਨ ਦਾ ਇਤਫਾਕ ਕਹਾਣੀ ਪੰਜਾਬ ਦੇ ਸੰਪਾਦਕ (ਆਨਰੇਰੀ)  ਪ੍ਰੋ.ਕਰਾਂਤੀਪਾਲ ਅਤੇ ਸਹਿਯੋਗੀ ਸੰਪਾਦਕ (ਆਨਰੇਰੀ) ਡਾ.ਜਸਵਿੰਦਰ ਕੌਰ ਵੀਨੂੰ ਦੀ ਮਿਹਰਬਾਨੀ ਸਦਕਾ ਬਣਿਆ। ਕਰਾਂਤੀਪਾਲ ਦੀ ਸੰਪਾਦਕੀ ਪੜ੍ਹਕੇ ਉਸ ਦੀ ਸਾਹਿਤਕ ਸੋਚ ਨੂੰ ਸਲਾਮ ਕਰਨਾ ਬਣਦਾ ਹੈ, ਜਿਨ੍ਹਾਂ ਭਾਵਪੂਰਤ ਢੰਗ ਨਾਲ ਸਾਹਿਤਕ ਸੰਜੀਦਗੀ ਦੀ ਗੱਲ ਕੀਤੀ ਹੈ। ਇਸ ਰਸਾਲੇ ਵਿੱਚ ਆਮ ਰਸਾਲਿਆਂ ਦੀ ਤਰ੍ਹਾਂ ਬਹੁਤ ਸਾਰੇ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਤ ਕਰਨ ਤੋਂ ਸੰਕੋਚ ਕਰਦਿਆਂ ਸੰਦਲੀ ਪਟਾਰੀ-ਕਰਨੈਲ ਸਿੰਘ ਪਾਰਸ, ਯਾਦ-ਲਿਖਤੁਮ ਭੀਸ਼ਮ ਸਾਹਨੀ ਅਤੇ ਗੁੱਡੋ ਨਾਵਲ ਕੇਸਰਾ ਰਾਮ, ਜੰਗ-ਏ-ਆਜ਼ਾਦੀ ਮੁਸਲਮਾਨ 1857 ਤੋਂ 1947 ਪ੍ਰੋ.ਮੁਹੰਮਦ ਸੱਜਾਦ, ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਮਨਧੀਰ ਸਿੰਘ, ਸ਼ਹਿਰ, ਝੁੱਗੀਆਂ ਅਤੇ ਕਿਰਤੀ ਵਰਗ ਅੰਜਨੀ ਕੁਮਾਰ ਅਤੇ ਹਿੰਦੀ, ਮਲਿਆਲਮ, ਡੋਗਰੀ, ਬੰਗਲਾ, ਉੜੀਆ, ਮਨੀਪੁਰੀ, ਰਾਜਸਥਾਨੀ, ਤੇਲਗੂ, ਅੰਗਰੇਜ਼ੀ, ਗੁਜਰਾਤੀ, ਉਰਦੂ ਦੀਆਂ ਦੇ ਅਨੁਵਾਦ ਅਤੇ ਪੰਜਾਬੀ ਦੀਆਂ ਕਹਾਣੀਆਂ ਸ਼ਾਮਲ ਕੀਤੀਆਂ ਹਨ। ਬਹੁਤਾਤ ਨਾਲੋਂ ਮਿਆਰ ਨੂੰ ਮੁੱਖ ਰੱਖਿਆ ਗਿਆ ਹੈ। ਰਚਨਾਵਾਂ ਦੀ ਚੋਣ ਵੀ ਬਿਹਤਰੀਨ ਹੈ। ਵੈਸੇ ਤਾਂ 400 ਪੰਨਿਆਂ ਦਾ ਰਸਾਲਾ ਪ੍ਰਕਾਸ਼ਤ ਕਰਨਾ ਆਪਣੇ ਆਪ ਵਿੱਚ ਸੱਪ ਦੀ ਸਿਰੀ ਨੂੰ ਹੱਥ ਪਾਉਣ ਦੇ ਬਰਾਬਰ ਹੈ। ਰਾਮ ਸਰੂਪ ਅਣਖੀ ਦੀ ਸੋਚ ਨੂੰ ਸਲਾਮ ਕਰਨ ਵਾਲੇ ਸਹਿਯੋਗੀਆਂ ਦੀ ਪ੍ਰਸੰਸਾ ਕਰਨੀ ਬਣਦੀ ਹੈ, ਜਿਨ੍ਹਾਂ ਨੇ ਕਰਾਂਤੀਪਾਲ ਦੀ ਹਿੰਮਤ ਦਾ ਸਾਥ ਦਿੱਤਾ ਹੈ।

 ਵਰਿਆਮ ਸਿੰਘ ਸੰਧੂ ਦੀ ਸੰਦਲੀ ਪਟਾਰੀ-ਕਰਨੈਲ ਸਿੰਘ ਪਾਰਸ ਦਾ ਰੇਖਾ ਚਿਤਰ ਨਵੇਂ ਉਭਰਦੇ ਸਾਹਿਤਕਾਰਾਂ ਲਈ ਪ੍ਰੇਰਨਾ ਸ੍ਰੋਤ ਸਾਬਤ ਹੋ ਸਕਦਾ ਹੈ। ਸੰਧੂ ਅਨੁਸਾਰ 14 ਸਾਲ ਦੀ ਉਮਰ ਵਿੱਚ ਪਾਰਸ ਜੇਕਰ ਇਤਨੀ ਵਧੀਆ ਕਵਿਤਾ ਲਿਖ ਸਕਦਾ ਹੈ ਤਾਂ ਵਰਤਮਾਨ ਸਾਹਿਤਕਾਰ ਕਿਉਂ ਨਹੀਂ? ਉਨ੍ਹਾਂ ਦੱਸਿਆ ਹੈ ਕਿ ਉਹ ਦੋਹਰਾ ਮਾਪ ਦੰਡ ਨਹੀਂ ਆਪਣਾਉਂਦਾ ਸੀ। ਬੇਬਾਕੀ ਨਾਲ ਜੋ ਕਰਦਾ ਸੀ, ਉਸ ਨੂੰ ਪ੍ਰਵਾਨ ਕਰਦਾ ਸੀ। ਵਰਿਆਮ ਸੰਧੂ ਨੇ ਆਪਣੇ ਰੇਖਾ ਚਿਤਰ ਰਾਹੀਂ ਕਰਨੈਲ ਸਿੰਘ ਪਾਰਸ ਦੇ ਦਰਸ਼ਨ ਕਰਵਾ ਦਿੱਤੇ ਹਨ। ‘ਲਿਖਤੁਮ ਭੀਸ਼ਮ ਸਾਹਨੀ’ ਯਾਦਾਂ ਦਾ ਪੁਲੰਦਾ ਹੈ, ਜਿਸ ਵਿੱਚ ਇਕ ਪਰਿਵਾਰ ਦੀ ਕਹਾਣੀ ਹੈ। ਮਾਪੇ ਕਿਸ ਤਰ੍ਹਾਂ ਬੱਚਿਆਂ ‘ਤੇ ਆਪਣੀ ਸੋਚ ਅਨੁਸਾਰ ਕਾਰੋਬਾਰ ਕਰਨ ਲਈ ਮਜ਼ਬੂਰ ਕਰਦੇ ਹਨ। ਪ੍ਰੰਤੂ ਬੱਚੇ ਹਮੇਸ਼ਾ ਆਪਣੀ ਆਜ਼ਾਦ ਸੋਚ ਅਨੁਸਾਰ ਚਲਣਾ ਚਾਹੰਦੇ ਹਨ। ਪਿਤਾ ਦੇ ਪਿਆਰ ਦਾ ਪਤਾ ਲੱਗਦਾ ਹੈ ਜਦੋਂ ਉਹ ਆਪਣੇ ਪੁੱਤਰ ਬਲਰਾਜ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਆਪਣੇ ਤੋਂ ਦੂਰ ਨਹੀਂ ਭੇਜਣਾ ਚਾਹੁੰਦਾ। ਬਲਰਾਜ ਨੂੰ ਪੋਸਟ ਕਾਰਡ ਦਿੰਦਿਆਂ ਹਰ ਹਫਤੇ ਹਾਲ ਚਾਲ ਦੱਸਣ ਲਈ ਪੋਸਟ ਕਰਨ ਨੂੰ ਕਹਿੰਦੇ ਹਨ। ਇਸ ਰਚਨਾ ਤੋਂ ਇਹ ਵੀ ਪਤਾ ਲਗਦਾ ਹੈ ਕਿ ਸਾਹਿਤ ਸਿਰਜਣਾ ਜੀਵਨ ਦੀ ਸਚਾਈ ਦੀ ਖੋਜ ਕਰਨ ਦੇ ਬਰਾਬਰ ਹੈ। ਲੇਖਕ ਨੂੰ ਅਨੁਭਵ ਵੀ ਹੋਣਾ ਚਾਹੀਦਾ ਹੈ। ਬਲਰਾਜ ਤੇ ਭੀਸ਼ਮ ਸਾਹਨੀ ਬੇਬਾਕ ਹੁੰਦੇ ਸਨ। ਸਚਾਈ ਦੇ ਮਾਰਗ ‘ਤੇ ਚਲਦੇ ਸਨ। ਵਿਓਪਾਰ ਵਿੱਚ ਰਿਸ਼ਵਤ ਅਨਿਖੜਵਾਂ ਅੰਗ ਬਣ ਗਈ ਹੈ ਪ੍ਰੰਤੂ ਭੀਸ਼ਮ ਸਾਹਨੀ ਥਿੜ੍ਹਕਦੇ ਨਹੀਂ ਆਪਣੇ ਆਦਰਸ਼ ‘ਤੇ ਕਾਇਮ ਰਹਿੰਦੇ ਹਨ। ਸ਼ੀਲਾ ਅਤੇ ਭੀਸ਼ਮ ਸਾਹਨੀ ਦੇ ਰੁਮਾਂਸਵਾਦ ਨੂੰ ਕਾਮੁਕ ਨਹੀਂ ਬਣਾਇਆ ਫਿਰ ਵੀ ਕਿਤਨਾ ਦਿਲਚਸਪ ਹੈ। ਦੇਸ਼ ਪਿਆਰ ਦੀ ਅਥਾਹ ਭਾਵਨਾ ਹੁੰਦੀ ਸੀ। ਸਿਆਸੀ ਪਾਰਟੀਆਂ ਵਿੱਚ ਅੰਦਰੂਨੀ ਪਰਜਾਤਤੰਰ ਕਾਇਮ ਸੀ ਜੋ ਅੱਜ ਗਾਇਬ ਹੈ। ਦੰਗਿਆਂ ਬਾਰੇ ਵੀ ਸੰਜੀਦਗੀ ਨਾਲ ਲਿਖਿਆ ਗਿਆ ਹੈ। ਕੇਸਰਾ ਰਾਮ ਦਾ ‘ਗੁੱਡੋ’ ਨਾਵਲ ਪੰਜਾਬ ਦੇ ਦਿਹਾਤੀ ਖਾਸ ਕਰਕੇ ਮਾਲਵੇ ਦੇ ਪਿੰਡਾਂ ਵਿੱਚ ਅਨੁਸੂਚਿਤ ਜਾਤੀਆਂ ਦੀਆਂ ਇਸਤਰੀਆਂ ਨਾਲ ਜਾਗੀਰਦਾਰਾਂ ਵੱਲੋਂ ਕੀਤੇ ਜਾ ਰਹੇ ਸਰੀਰਕ ਸ਼ੋਸ਼ਣ ਅਤੇ ਇਨ੍ਹਾਂ ਵਰਗਾਂ ਦੇ ਮਜ਼ਬੂਰ ਜ਼ੈਲੇ ਵਰਗੇ ਕਿਰਦਾਰਾਂ ਨੇ ਬਦਲੇ ਦੀ ਭਾਵਨਾ ਨਾਲ ਜੋ ਕਰੋਗੇ ਸੋ ਭਰੋਗੇ ਅਤੇ ਸ਼ਹਿਰੀ ਜ਼ਿੰਦਗੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ। ਜੈਲੇ ਦੀਆਂ ਭੈਣਾਂ ਤੇ ਪਰਿਵਾਰ ਦੀ ਮਜ਼ਬੂਰੀ ਤੇ ਜਾਗੀਰਦਾਰਾਂ ਦੀ ਪ੍ਰੀਤੋ ਦੀ ਅਯਾਸ਼ੀ ਨਾਵਲ ਦਾ ਆਧਾਰ ਬਣਦੀਆਂ ਹਨ। ਨਾਵਲਕਾਰ ਦੀ ਬੋਲੀ ਤੇ ਸ਼ੈਲੀ ਸਮੇਂ ਤੇ ਸਥਾਨ ਅਨੁਸਾਰ ਦਿ੍ਰਸ਼ਟਾਂਤਕ ਰੂਪ ਪੇਸ਼ ਕਰਦੀ ਹੈ। ਨਾਵਲ ਪੜ੍ਹਦਿਆਂ ਸਾਰੀਆਂ ਵਾਪਰ ਰਹੀਆਂ ਘਟਨਾਵਾਂ ਦਿਸਣ ਲੱਗ ਜਾਂਦੀਆਂ ਹਨ। ਹਰ ਚੈਪਟਰ ਨਿੱਕੀ ਕਹਾਣੀ ਹੈ ਤੇ ਸਿਰਲੇਖ ਸੰਕੇਤਕ ਹਨ । ‘ਗੁੱਡ’ੋ ਨਾਵਲ ਵਿੱਚ ਨਾਵਲਕਾਰ ਨੇ ਬਹੁਤ ਮਹੱਤਵਪੂਰਨ ਪੱਖਾਂ ‘ਤੇ ਚਾਨਣਾ ਪਾਇਆ ਹੈ, ਜਿਨ੍ਹਾਂ ਦਾ ਸੰਤਾਪ ਸਮਾਜ ਖਾਸ ਤੌਰ ‘ਤੇ ਇਸਤਰੀ ਭੁਗਤ ਰਹੀ ਹੈ, ਜਿਵੇਂ ਜੱਟ ਲੜਕੀਆਂ ਨੂੰ ਜ਼ਮੀਨ ਜਾਇਦਾਦ ਦੇਣ ਦਾ ਹਾਮੀ ਨਹੀਂ, ਜਾਗੀਰਦਾਰਾਂ ਦੀ ਫੋਕੀ ਹਓਮੈ, ਨਸ਼ਿਆਂ ਦਾ ਪ੍ਰਕੋਪ, ਤੀਵੀਂ ਦੀ ਆਵਾਜ਼ ਮਰਦ ਦਬਾਉਂਦਾ ਹੈ, ਜ਼ੋਰ ਜ਼ਬਰਦਸਤੀ ਕਰਦੈ, ਕੋਈ ਮੌਕਾ ਖੁੰਝਣ ਨਹੀਂ ਦਿੰਦਾ, ਔਰਤ ਨੂੰ ਆਜ਼ਾਦੀ ਨਹੀਂ ਦੇਣੀ ਚਾਹੁੰਦਾ, ਸ਼ੱਕ ਦੀ ਨਿਗਾਹ ਨਾਲ ਵੇਖਦਾ, ਔਰਤ ਨੂੰ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਸਮਝਣਾ, ਮਰਦ ਦਾ ਆਪਣੀ ਗ਼ਲਤੀ ਨਾ ਮੰਨਣਾ, ਹਮੇਸ਼ਾ ਔਰਤ ਗ਼ਲਤ, ਕਿਸਾਨ ਆਤਮ ਹੱਤਿਆਵਾਂ, ਗੈਂਸਟਰ ਕਲਚਰ, ਕੰਪਿਊਟਰ ਤੇ ਬਲਿਊ ਫਿਲਮਾਂ ਵੇਖਣਾ, ਪਰਵਾਸੀਆਂ ਦਾ ਨੇਤਾ ਬਣਨਾ ਅਤੇ ਇਕ ਪਾਸੇ ਔਰਤ ਅਤੇ ਧਰਤੀ ਨੂੰ ਸਰਵੋਤਮ ਸਮਝਣਾ ਤੇ ਅਸਲੀਅਤ ਵਿੱਚ ਉਨ੍ਹਾਂ ਦੋਹਾਂ ਦਾ ਸਤਿਆਨਾਸ ਕਰਨਾ ਆਦਿ। ਕੇਸਰਾ ਰਾਮ ਨੇ ਇਸ ਨਾਵਲ ਵਿੱਚ ਇਨ੍ਹਾਂ ਜਾਤੀਆਂ ਦੀਆਂ ਇਸਤਰੀਆਂ ਦੇ ਹੁਸਨ ਦੀ ਤਾਰੀਫ ਕਰਦਿਆਂ ਬਹੁਤ ਸੰਜੀਦਗੀ ਨਾਲ ਸ਼ਬਦਾਵਲੀ ਵਰਤੀ ਹੈ। ਗ਼ਰੀਬ ਲੋਕਾਂ ਦੀ ਮਜ਼ਬੂਰੀ ਦਾ ਪ੍ਰਗਟਾਵਾ ਵੀ ਹੁੰਦਾ ਹੈ। ਜਾਗੀਰਦਾਰ ਕਿਸਾਨਾਂ ਵੱਲੋਂ ਜ਼ੋਰਜ਼ਬਰਦਤੀ, ਪ੍ਰਵਾਸੀ ਮਜ਼ਦੂਰਾਂ ਦੇ ਆਉਣ ਨਾਲ ਸਥਾਨਕ ਅਨੁਸੂਚਿਤ ਜਾਤੀਆਂ ਦੇ ਮਜ਼ਦੂਰਾਂ ਦੀ ਦੁਰਦਸ਼ਾ, ਔਰਤਾਂ ਨਾਲ ਸਹੁਰੀਂ ਵੀ ਮਾੜਾ ਸਲੂਕ, ਟਾਂਚਾਂ ਵੱਜਦੀਆਂ, ਦਾਜ ਦਹੇਜ, ਹਰ ਔਰਤ ਦੀਆਂ ਭਾਵਨਾਵਾਂ ਇਕੋ ਜਹੀਆਂ ਹੁੰਦੀਆਂ ਤੇ ਮਰਦਾਂ ਦਾ ਸਾਥ ਭਾਲਦੀਆਂ ਹਨ। ਪ੍ਰੀਤੋ ਦੀ ਖੁਲ੍ਹਦਿਲੀ ਜਾਂ ਅਵਾਰਗੀ ਜਾਗੀਰਦਾਰਾਂ ਲਈ ਬੇਬਸੀ ਦਾ ਪ੍ਰਤੀਕ ਬਣਦੀ ਹੈ। ਗ਼ਰੀਬੀ ਦੀ ਹਾਲਤ ਘਰਾਂ ਦੇ ਕਲੇਸ਼ਾਂ ਦੀ ਤਸਵੀਰ ਪੇਸ਼ ਕੀਤੀ ਹੈ। ਜ਼ੈਲੇ ਦੀ ਮਾਨਸਿਕਤਾ ਆਪਣੀਆਂ ਭੈਣਾਂ ਨਾਲ ਹੋਏ ਸ਼ੋਸ਼ਣ ਕਰਕੇ ਵਿਗੜ ਜਾਂਦੀ ਹੈ ਤੇ ਉਹ ਸਰਮਾਏਦਾਰਾਂ ਦੀ ਕੁੜੀ ਨਾਲ ਸਰੀਰਕ ਸ਼ੋਸ਼ਣ ਕਰਕੇ ਬਦਲਾ ਲੈਂਦਾ ਹੈ।  ਗੁੱਡੋ ਦੇ ਅਬਾਰਸ਼ਨ ਸਮੇਂ ਸਵਰਗਵਾਸ ਹੋ ਜਾਣ ‘ਤੇ ਅਨੂਸੁਚਿਤ ਜਾਤੀ ਦੇ ਨੇਤਾ ਲੋਕਾਂ ਨੂੰ ਡਾਕਟਰਾਂ ਵਿਰੁੱਧ ਭੜਕਾਉਂਦੇ ਹਨ। ਨੇਤਾ ਆਪਣੀ ਨੇਤਾਗਿਰੀ ਚਮਕਾਉਂਦੇ ਹਨ। ਬੁੱਢੇ ਦਰਿਆ ਦਾ ਗੰਦੇ ਨਾਲੇ ਵਿੱਚ ਬਦਲਣਾ ਸਮਾਜ ਸੋਚ ਦੀ ਗਿਰਾਵਟ ਦਾ ਸੰਕੇਤ ਹੈ। ਇਨਸਾਨ ਸਮਾਜਕ ਅਤੇ ਨੈਤਿਕ ਤੌਰ ‘ਤੇ ਵੀ ਗਿਰਾਵਟ ਵਿੱਚ ਗ੍ਰਸ ਗਿਆ ਹੈ।  ਸੰਵਾਦ ਚੈਪਟਰ ਵਿੱਚ ‘ਜੰਗ-ਏ-ਆਜ਼ਾਦੀ ਅਤੇ ਮੁਸਲਮਾਨ 1857 ਤੋਂ 1947’/ਪ੍ਰੋ.ਮੁਹੰਮਦ ਸੱਜਾਦ ਨੇ ਵੱਖ-ਵੱਖ ਲੇਖਕਾਂ ਦੀਆਂ ਪੁਸਤਕਾਂ ਵਿੱਚੋਂ ਉਦਾਹਰਣਾ ਦੇ ਕੇ ਆਜ਼ਾਦੀ ਦੀ ਜਦੋਜਹਿਦ ਵਿੱਚ ਮੁਸਲਮਾਨ, ਹਿੰਦੂ ਸੰਸਥਾਵਾਂ ਅਤੇ ਅੰਗਰੇਜ਼ਾਂ ਦੀਆਂ ਚਾਲਾਂ ਦਾ ਸੰਖੇਪ ਵਿੱਚ ਵਿਵਰਣ ਦਿੱਤਾ ਹੈ। ‘ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ’ ਲੇਖ ਵਿੱਚ ਮਨਧੀਰ ਸਿੰਘ ਨੇ ਤੱਥਾਂ ਤੇ ਨਿਯਮਾ ਸਮੇਤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਜਿਹੜੀ ਕਈ ਭਰਮ ਭੁਲੇਖੇ ਦੂਰ ਕਰਦੀ ਹੈ ਪ੍ਰੰਤੂ ਭਾਈ ਰਾਜੋਆਣਾ ਬਾਰੇ ਸਹੀ ਨਹੀਂ ਕਿਉਂਕਿ ਉਨ੍ਹਾਂ ਤਾਂ ਅਪੀਲ ਕੀਤੀ ਹੀ ਨਹੀਂ, ਅਪੀਲ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈ। ਇਕ ਸੋਧਣ ਸ਼ਬਦ ਵਰਤਿਆ ਜੋ ਵਿਦਵਾਨ ਵੱਲੋਂ ਲਿਖਣਾ ਅਜੀਬ ਲੱਗ ਰਿਹਾ ਹੈ। ਭਾਰਤੀ ਕਥਾ ਭਾਗ ਵਿੱਚ ਹਿੰਦੀ/ਮਲਿਆਲਮ/ਡੋਗਰੀ/ਬੰਗਲਾ/ਉੜੀਆਮਨੀਪੁਰੀ/ਰਾਜਸਥਾਨੀ/ਤੇਲਗੂ/ ਅੰਗਰੇਜ਼ੀ/ ਗੁਜਰਾਤੀ/ਉਰਦੂ ਦੀਆਂ ਦੇ ਅਨੁਵਾਦ ਅਤੇ ਪੰਜਾਬੀ ਦੀਆਂ ਬਿਹਤਰੀਨ ਕਹਾਣੀਆਂ ਸ਼ਾਮਲ ਕੀਤੀਆਂ ਹਨ। ਇਤਿਹਾਸ ਬੋਧ ਭਾਗ ਵਿੱਚ ਸ਼ਹਿਰ, ਝੁੱਗੀਆਂ ਅਤੇ ਕਿਰਤੀ ਵਰਗ ਅੰਜਨੀ ਕੁਮਾਰ ਦਾ ਵਿਸਥਾਰ ਪੂਰਬਕ ਲੇਖ ਹੈ, ਜਿਸ ਵਿੱਚ ਕਿਰਤੀ ਵਰਗ ਦੀਆਂ ਮੁਸ਼ਕਲਾਂ ਦਾ ਕੋਵਿਡ 2020 ਦੌਰਾਨ ਅਤੇ ਕਿਰਤੀਆਂ ਦੀ ਦੁਰਦਸ਼ਾ ਅਤੇ ਉਨ੍ਹਾਂ ਦੇ ਸੰਤਾਪ ਦੇ ਇਤਿਹਾਸ ਬਾਰੇ ਦਸਿਆ ਗਿਆ ਹੈ। ਮਸ਼ੀਨੀ ਯੁਗ ਦੇ ਆਉਣ, ਮੁਨਾਫ਼ਖ਼ੋਰੀ ਦੇ ਵੱਧਣ, ਸ਼ਹਿਰਾਂ ਦੇ ਉਭਾਰ, 1854 ਦੀ ਪਲੇਗ, 1977 ਵਿੱਚ ਬਿਮਾਰ ਮਿਲਾਂ ਦੇ ਰਾਸ਼ਟਰੀ ਕਰਨ, ਮਜ਼ਦੂਰਾਂ ਦੀ ਰਾਜਨੀਤਕ ਪਛਾਣ, ਸਲੱਮ ਇਲਾਕਿਆਂ ਦੀ ਦੁਰਦਸ਼ਾ, ਮਹਾਂ ਨਗਰਾਂ ਦੀ ਝੁਗੀਆਂ, ਸਮਾਜਿਕ ਸਥਿਤੀ, ਮਜ਼ਦੂਰਾਂ ਦਾ ਸ਼ੋਸ਼ਣ, ਹੜਤਾਲਾਂ, ਅੰਦੋਲਨ ਅਤੇ ਬੰਗਾਲ ਦੇ ਅਕਾਲ ਆਦਿ ਬਾਰੇ ਗੰਭੀਰਤਾ ਨਾਲ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਅੱਜੋਕੇ ਸਮੇਂ ਵਿੱਚ ਅਜਿਹੇ ਰਸਾਲਿਆਂ ਦੀ ਲੋੜ ਹੈ, ਜਿਹੜੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰ ਸਕਣ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

 ujagarsingh48@yahoo.com

ਪੰਜਾਬੀ ਸੂਬੇ ਦੀ ਵਰ੍ਹੇ 57 ਵਰ੍ਹੇ ਗੰਢ ‘ਤੇ - ਉਜਾਗਰ ਸਿੰਘ

 ਚੜ੍ਹਦੇ ਪੰਜਾਬ ਦੇ ਲੋਕ ਪੰਜਾਬ ਦੀ ਦੋ ਵਾਰ ਹੋਈ ਵੰਡ ਦਾ ਸੰਤਾਪ ਹੰਢਾ ਰਹੇ ਹਨ
ਚੜ੍ਹਦੇ ਪੰਜਾਬ ਦੇ ਲੋਕ ਪੰਜਾਬ ਦੀ ਦੋ ਵਾਰ ਹੋਈ ਵੰਡ ਦਾ ਸੰਤਾਪ ਹੁਣ ਤੱਕ ਹੰਢਾ ਰਹੇ ਹਨ। ਪੰਜਾਬ ਦਿਵਸ ਵਾਲੇ ਦਿਨ ਪੰਜਾਬ ਦੇ ਸਿਆਸਤਦਾਨ 1 ਨਵੰਬਰ 2023 ਨੂੰ ਸਤਲੁਜ ਯਮਨਾ Çਲੰਕ ਨਹਿਰ ਦੇ ਪਾਣੀਆਂ ਦੇ ਮੁੱਦੇ ‘ਤੇ ਬਹਿਬਾਜ਼ੀ ਕਰਨ ਵਿੱਚ ਉਲਝੇ ਪਏ ਹਨ। ਭਲੇਮਾਣਸੋ ਇਸ ਬਹਿਸਬਾਜ਼ੀ ਵਿੱਚ ਇੱਕ ਦੂਜੇ ਉਪਰ ਦੂਸ਼ਣਬਾਜ਼ੀ ਕਰਨ ਨਾਲ ਸਤਲੁਜ ਜਮਨਾ Çਲੰਕ ਨਹਿਰ ਦੇ ਮਸਲੇ ਦਾ ਕੋਈ ਹਲ ਨਿਕਲਣ ਦੀ ਕੀ ਉਮੀਦ ਰੱਖਦੇ ਹੋ? ਕਿਉਂ ਪਾਣੀ ਵਿੱਚ ਮਧਾਣੀ ਪਾ ਕੇ ਦੱਬੇ ਮੁਰਦੇ ਉਖਾੜਦੇ ਹੋ? ਜਦੋਂ ਤੁਸੀਂ ਇੱਕਮੁੱਠ ਹੀ ਨਹੀਂ ਤਾਂ ਪੰਜਾਬ ਦਾ ਕੇਸ ਤੁਸੀਂ ਕਿਵੇਂ ਲੜ ਸਕਦੇ ਹੋ? ਤੁਸੀਂ ਤਾਂ ਵੋਟ ਦੀ ਸਿਆਸਤ ਕਰਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਬਹਿਸ ਵਿੱਚੋਂ ਕੀ ਕੱਢੋਗੇ? ਦੂਜੇ ਪਾਸੇ ਪੰਜਾਬੀ ਖਾਸ ਤੌਰ ‘ਤੇ ਸਿੱਖ 1 ਨਵੰਬਰ 2023 ਨੂੰ ਪੰਜਾਬੀ ਸੂਬੇ ਦੀ 57ਵੀਂ ਵਰ੍ਹੇ ਗੰਢ ਮਨਾਉਂਦੇ ਹੋਏ ਫੁਲੇ ਨਹੀਂ ਸਮਾ ਰਹੇ, ਪ੍ਰੰਤੂ ਜਿਸ ਮੰਤਵ ਨਾਲ ਪੰਜਾਬੀ ਸੂਬਾ ਬਣਵਾਇਆ ਸੀ, ਪੰਜਾਬੀ ਭਾਸ਼ਾ ਦਾ ਦਫਤਰੀ ਕੰਮ ਕਾਜ ਵਿੱਚ ਬੋਲਬਾਲਾ ਹੋਵੇ, ਉਹ ਰੁਤਬਾ ਪੰਜਾਬੀ ਭਾਸ਼ਾ ਨੂੰ ਅਜੇ ਤੱਕ ਸਹੀ ਢੰਗ ਨਾਲ ਨਸੀਬ ਨਹੀਂ ਹੋਇਆ। ਪੰਜਾਬ ਨੂੰ ਅਜੇ ਤੱਕ ਰਾਜਧਾਨੀ ਅਤੇ ਹਾਈ ਕੋਰਟ ਵੱਖਰੀ ਨਹੀਂ ਮਿਲੀ। ਇਹ ਖ਼ੁਸ਼ੀ ਕਾਹਦੀ ਹੈ, ਸਮਝ ਨਹੀਂ ਆਉਂਦੀ? ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਤੋਂ ਬਾਅਦ ਕੋਈ ਵੀ ਪੰਜਾਬ ਦਾ ਮੁੱਖ ਮੰਤਰੀ ਪੰਜਾਬੀ ਨੂੰ ਲਾਗੂ ਕਰਵਾਉਣ ਲਈ ਸੰਜੀਦਾ ਨਹੀਂ ਰਿਹਾ। ਬਹੁਤੇ ਸੀਨੀਅਰ ਅਧਿਕਾਰੀ ਹਮੇਸ਼ਾ ਪੰਜਾਬੀ ਲਿਖਣ ‘ਤੇ ਬੋਲਣ ਤੋਂ ਕੰਨ੍ਹੀ ਕਤਰਾਉਂਦੇ ਹਨ। ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਕੇਂਦਰ ਸਰਕਾਰ ਵਾਅਦੇ ਹੀ ਕਰਦੀ ਰਹੀ ਹੈ ਪ੍ਰੰਤੂ ਅਜੇ ਤੱਕ ਪੱਲੇ ਕੁਝ ਨਹੀਂ ਪਾਇਆ। ਪਹਿਲੀ ਵਾਰ 1947 ਵਿੱਚ ਪੰਜਾਬ ਦੀ ਵੰਡ ਹੋਈ, ਜਿਸਦੇ ਸਿੱਟੇ ਵਜੋਂ ਪੰਜਾਬੀਆਂ ਖਾਸ ਤੌਰ ‘ਤੇ ਸਿੱਖਾਂ ਨੇ ਆਪਣੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਦਾ ਜਨਮ ਅਸਥਾਨ ਗੁਆ ਲਿਆ। ਉਸ ਵੰਡ ਵਿੱਚ ਭਰਾ ਮਾਰੂ ਜੰਗ ਵੀ ਹੋਈ, ਬਹੁਤ ਸਾਰੇ ਦੋਹਾਂ ਪਾਸਿਆਂ ਦੇ  ਪੰਜਾਬੀ ਆਪਣੇ ਸਕੇ ਸੰਬੰਧੀਆਂ ਨੂੰ ਗੁਆ ਬੈਠੇ। ਇਸ ਤੋਂ ਬਾਅਦ 1 ਨਵੰਬਰ 1966 ਨੂੰ ਪੰਜਾਬੀਆਂ ਖਾਸ ਤੌਰ ‘ਤੇ ਸਿੱਖਾਂ ਨੇ ਪੰਜਾਬੀ ਸੂਬਾ ਲੈ ਕੇ ਪੰਜਾਬੀ ਬੋਲਦੇ ਇਲਾਕੇ ਗੁਆ ਲਏ। ਪੰਜਾਬ ਦੇ 26 ਪਿੰਡਾਂ ਦੀ ਥਾਂ ਚੰਡੀਗੜ੍ਹ ਬਣਾਇਆ ਗਿਆ ਸੀ ਪ੍ਰੰਤੂ ਅਸੀਂ ਚੰਡੀਗੜ੍ਹ ਤੋਂ ਵੀ ਹੱਥ ਧੋ ਬੈਠੇ। ਭਾਖੜਾ ਡੈਮ ਅਤੇ ਹੈਡ ਵਰਕਸ ‘ਤੇ ਕੇਂਦਰ ਨੇ ਕਬਜ਼ਾ ਕਰ ਲਿਆ। ਏਸੇ ਕਰਕੇ ਪਰਤਾਪ ਸਿੰਘ ਕੈਰੋਂ ਪੰਜਾਬੀ ਸੂਬਾ ਬਣਨ ਨਹੀਂ ਦੇ ਰਿਹਾ ਸੀ। ਪੰਜਾਬੀ ਸੂਬਾ ਲੈਣ ਲਈ ਸਿੱਖ ਕੌਮ ਖਾਸ ਤੌਰ ‘ਤੇ ਅਕਾਲੀ ਦਲ ਨੇ ਲੰਬਾ ਸਮਾਂ ਸੰਘਰਸ਼ ਕੀਤਾ। ਇਸ ਅੰਦੋਲਨ ਦੌਰਾਨ ਅਨੇਕਾਂ ਸਿੱਖ ਜੇਲ੍ਹਾਂ ਦੀ ਹਵਾ ਖਾਂਦੇ ਰਹੇ। ਬਹੁਤ ਸਾਰੇ ਸਿੱਖ ਜਾਨਾ ਗੁਆ ਬੈਠੇ। ਪੰਜਾਬ ਨੂੰ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਨੁਕਸਾਨ ਹੋਇਆ ਹੈ। ਇਤਨੇ ਨੁਕਸਾਨ ਕਰਵਾ ਕੇ ਲੰਗੜਾ ਪੰਜਾਬੀ ਸੂਬਾ ਲਿਆ ਤੇ ਫਿਰ ਵੀ ਪੰਜਾਬੀ ਖ਼ੁਸ਼ੀ ਮਨਾ ਰਹੇ ਹਨ, ਇਹ ਉਨ੍ਹਾਂ ਦੀ ਫ਼ਿਰਾਕਦਿਲੀ ਜਾਂ ਸੰਜੀਦਗੀ ਦੀ ਅਣਹੋਂਦ ਹੈ। ਜੇਕਰ ਗੰਭੀਰਤਾ ਨਾਲ ਵੇਖਿਆ ਜਾਵੇ ਤਾਂ ਪੰਜਾਬੀਆਂ/ਸਿੱਖਾਂ ਨੂੰ ਕੋਈ ਬਹੁਤਾ ਲਾਭ ਨਹੀਂ ਹੋਇਆ, ਜੇ ਕਿਸੇ ਨੂੰ ਲਾਭ ਹੋਇਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਹੋਇਆ ਹੈ। ਹੁਣ ਤਾਂ ਅਕਾਲੀ ਦਲ ਵਿੱਚ ਸ਼੍ਰੋਮਣੀ ਕੌਣ ਹੈ? ਇਸ ਦਾ ਨਿਪਟਾਰਾ ਕਰਨਾ ਹੀ ਅਸੰਭਵ ਹੋ ਗਿਆ ਹੈ ਕਿਉਂਕਿ ਅਨੇਕਾਂ ਅਕਾਲੀ ਦਲ ਬਣ ਚੁੱਕੇ ਹਨ। ਅਕਾਲੀ ਦਲ ‘ਤੇ ਪਰਿਵਾਰਾਂ ਦੇ ਨਿੱਜੀ ਕਬਜ਼ੇ ਹਨ। ਹਾਂ ਸਾਂਝੇ ਪੰਜਾਬ ਦੇ 1947 ਤੋਂ 1 ਨਵੰਬਰ 1966 ਤੱਕ  5 ਮੁੱਖ ਮੰਤਰੀ ਡਾ.ਗੋਪੀ ਚੰਦ ਭਾਰਗਵ, ਲਾਲਾ ਭੀਮ ਸੈਨ ਸੱਚਰ,  ਪ੍ਰਤਾਪ ਸਿੰਘ ਕੈਰੋਂ  ਅਤੇ ਕਾਮਰੇਡ ਰਾਮ ਕਿਸ਼ਨ ਬਣੇ, ਉਨ੍ਹਾਂ ਵਿੱਚੋਂ ਸਿਰਫ਼ ਇੱਕ ਪ੍ਰਤਾਪ ਸਿੰਘ ਕੈਰੋਂ ਸਿੱਖ ਸਨ। 1966 ਤੋਂ ਬਾਅਦ ਸਾਰੇ ਮੁੱਖ ਮੰਤਰੀ ਸਿੱਖ ਬਣੇ ਹਨ, ਜਦੋਂ ਕਿ ਸਾਡੇ ਦੇਸ਼ ਦਾ ਸੰਵਿਧਾਨ ਧਰਮ ਨਿਰਪੱਖ ਹੈ। ਪੰਜਾਬੀਆਂ ਦੀ ਪੰਜਾਬ ਦਾ ਮੁੱਖ ਮੰਤਰੀ ਸਿੱਖ ਬਣਾਉਣਾ ਇਹੋ ਇੱਕੋ ਇੱਕ ਪ੍ਰਾਪਤੀ ਹੈ। ਪੰਜਾਬੀ ਭਾਵੇਂ ਆਪਣਾ ਸਿੱਖ ਮੁੱਖ ਮੰਤਰੀ ਬਣਾਉਣ ਵਿੱਚ ਸਫਲ ਰਹੇ ਹਨ ਪ੍ਰੰਤੂ ਸਿੱਖ ਧਰਮ ਦੀ ਬਰਾਬਰਤਾ ਦੀ ਵਿਚਾਰਧਾਰਾ ਦੀ ਉਲੰਘਣਾ ਹੈ। ਪੰਜਾਬੀਆਂ ਨੇ ਕਦੀਂ ਵੀ ਗੰਭੀਰਤਾ ਨਾਲ ਆਪਣੇ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਇਸ ਪੰਜਾਬੀ ਸੂਬੇ ਤੋਂ ਕੀ ਖੱਟਿਆ ਤੇ ਕੀ ਗੁਆਇਆ ਹੈ? ਭਾਵ ਆਮ ਲੋਕਾਂ ਨੂੰ ਕੀ ਲਾਭ ਹੋਇਆ ਹੈ? ਲਾਭ ਤਾਂ ਸਿੱਖ ਸਿਆਸਤਦਾਨਾ ਭਾਵ ਅਕਾਲੀ ਦਲ ਜਾਂ ਵਰਤਮਾਨ ਪੰਜਾਬ ਦੇ ਕਾਂਗਰਸੀਆਂ ਨੂੰ ਹੋਇਆ ਹੈ। ਅਕਾਲੀ ਦਲ ਵੀ ਆਪਣੇ ਨਿਸ਼ਾਨੇ ਤੋਂ ਥਿੜਕ ਗਿਆ ਹੈ। ਉਸਨੇ ਸਿਆਸੀ ਤਾਕਤ ਹਾਸਲ ਕਰਨ ਲਈ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਲਿਆ। ਪੰਜਾਬੀ ਪਾਰਟੀ ਦਾ ਤਾਂ ਕੋਈ ਵੀ ਮੁੱਖ ਮੰਤਰੀ ਬਣ ਸਕਦਾ ਹੈ। ਫਿਰ ਸਾਂਝੇ ਪੰਜਾਬ ਵਿੱਚ ਕੀ ਹਰਜ ਸੀ? ਸਿਆਸਤਦਾਨਾ ਨੇ ਸਿਆਸੀ ਤਾਕਤ ਦਾ ਆਨੰਦ ਮਾਨਣ ਤੋਂ ਬਿਨਾ ਪੰਜਾਬ ਦੇ ਹਿੱਤਾਂ ‘ਤੇ ਪਹਿਰਾ ਨਹੀਂ ਦਿੱਤਾ।
  ਪੰਜਾਬੀ ਸੂਬਾ ਬਣਨ ਨਾਲ ਹੋਏ ਨੁਕਸਾਨ ਦੀ ਸੂਚੀ ਲੰਬੀ ਹੈ। ਪਹਿਲਾ ਨੁਕਸਾਨ ਪੰਜਾਬੀਆਂ ਨੂੰ ਇਹ ਹੋਇਆ ਕਿ ਉਸ ਵਿੱਚੋਂ ਇਲਾਕੇ ਕੱਢ ਕੇ ਹਰਿਆਣਾ ਅਤੇ ਹਿਮਾਚਲ ਬਣਾ ਦਿੱਤੇ। ਚਿੜੀ ਦੇ ਪਹੁੰਚੇ ਜਿਤਨਾ ਪੰਜਾਬ ਲੈ ਕੇ ਅਸੀਂ ਫੁਲੇ ਨਹੀਂ ਸਮਾਉਂਦੇ ਪ੍ਰੰਤੂ ਅੰਬਾਲੇ ਤੋਂ ਬਾਅਦ ਦਿੱਲੀ ਜਾਂਦਿਆਂ ਰੁਕਾਵਟਾਂ ਪਹਾੜ ਬਣਕੇ ਖੜ੍ਹ ਜਾਂਦੀਆਂ ਹਨ। ਕੁਝ ਪੰਜਾਬੀ ਬੋਲਦੇ ਇਲਾਕੇ ਵੀ ਹਰਿਆਣਾ ਅਤੇ ਹਿਮਾਚਲ ਨੂੰ ਦੇ ਦਿੱਤੇ। ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਚੰਡੀਗੜ੍ਹ ਵੀ ਪੰਜਾਬ ਤੋਂ ਖੋਹ ਕੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਬਣਾ ਦਿੱਤਾ। ਸਾਂਝੇ ਪੰਜਾਬ ਵਿੱਚੋਂ ਪੰਜਾਬ ਦੇ ਸਾਰੇ ਦਰਿਆ ਨਿਕਲਦੇ ਸਨ। ਉਨ੍ਹਾਂ ਦਰਿਆਵਾਂ ਦੇ ਪਾਣੀ ਦੇ ਹੱਕ ਤੋਂ ਪੰਜਾਬ ਵਾਂਝਾ ਹੋ ਗਿਆ ਹੈ। ਇਨ੍ਹਾਂ ਦਰਿਆਵਾਂ ਵਿੱਚੋਂ ਪੰਜਾਬ ਵਿੱਚ ਆਉਣ ਵਾਲੇ ਪਾਣੀ ਦਾ 75 ਫ਼ੀ ਸਦੀ ਹਿੱਸਾ ਰਾਜਸਥਾਨ ਅਤੇ ਦਿੱਲੀ ਨੂੰ ਜਾ ਰਿਹਾ ਹੈ। ਪੰਜਾਬ ਵਿੱਚ ਜੋ ਅੱਜ ਸਿੰਜਾਈ ਵਾਲੇ ਪਾਣੀ ਦੀ ਘਾਟ ਰੜਕ ਰਹੀ ਹੈ, ਉਹ ਹਰਿਆਣਾ ਤੇ ਹਿਮਾਚਲ ਬਣਨ ਨਾਲ ਪੈਦਾ ਹੋਈ ਹੈ। ਹਰੀ ਕ੍ਰਾਂਤੀ ਨੇ ਪੰਜਾਬ ਦਾ ਜ਼ਮੀਨਦੋਜ਼ ਪਾਣੀ ਖਾ ਲਿਆ ਹੈ। ਜੇ ਪੰਜਾਬ ਦੀ ਵੰਡ ਨਾ ਹੁੰਦੀ ਤਾਂ ਸਤਲੁਜ ਯਮੁਨਾ Çਲੰਕ ਨਹਿਰ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਇਸ ਨਹਿਰ ਕਰਕੇ ਪੰਜਾਬ ਵਿੱਚ ਅਫਰਾਤਫਰੀ ਦਾ ਮਾਹੌਲ ਬਣਿਆਂ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮੇਜਰ ਜਨਰਲ ਬੀ.ਐਨ.ਕੁਮਾਰ ਨੂੰ 7 ਨਵੰਬਰ 1988 ਨੂੰ ਚੰਡੀਗੜ੍ਹ ਵਿਖੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਤਲੁਜ ਜਮਨਾ Çਲੰਕ ਨਹਿਰ ਨਾਲ ਜੁੜੇ ਪੰਜਾਬ ਦੇ ਮੁੱਖ ਇੰਜਿਨੀਅਰ ਐਮ.ਐਲ.ਸੀਕਰੀ, ਸੁਪਰਇਨਟੈਂਡੈਂਟ ਏ.ਐਸ.ਔਲਖ ਅਤੇ 12 ਮਜ਼ਦੂਰਾਂ ਨੂੰ ਮਾਰ ਦਿੱਤਾ ਗਿਆ। ਅਕਾਲੀ ਦਲ ਦਾ ਧਰਮ ਯੁਧ ਮੋਰਚਾ ਵੀ ਇਸੇ ਸਤਲੁਜ ਯਮੁਨਾ Çਲੰਕ ਨਹਿਰ ਕਰਕੇ ਸ਼ੁਰੂ ਹੋਇਆ, ਜਿਸਨੇ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ। ਧਰਮ ਯੁਧ ਮੋਰਚੇ ਕਰਕੇ ਅਨੇਕਾਂ ਬੇਗੁਨਾਹ ਲੋਕ ਮਾਰੇ ਗਏ। ਧਰਮ ਯੁੱਧ ਮੋਰਚੇ ਦਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਪੰਜਾਬ ਵਿੱਚੋਂ ਬਾਹਰ ਕੱਢੇ ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਅਤੇ ਸਤਲੁਜ ਜਮਨਾ Çਲੰਕ ਦਾ ਮਸਲਾ ਹੱਲ ਕਰਵਾਉਣ ਲਈ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਸਮਝੌਤਾ ਕਰਨ ਕਰਕੇ ਮਾਰਿਆ ਗਿਆ। ਸਿੱਖਾਂ ਦੇ ਸਰਵੋਤਮ ਪਵਿਤਰ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਅੰਮਿ੍ਰਤਸਰ ਅਤੇ ਹੋਰ ਗੁਰਦੁਆਰਾ ਸਾਹਿਬਾਨ ‘ਤੇ ਫ਼ੌਜ ਵੱਲੋਂ ਹਮਲੇ ਤੇ ਹੁਰਮਤੀ ਹੋਈ। ਅਨੇਕਾਂ ਸ਼ਰਧਾਲੂ ਸ਼ਹੀਦੀਆਂ ਪ੍ਰਾਪਤ ਕਰ ਗਏ। ਸਿੱਖਾਂ ਵਿੱਚ ਭਰਾ ਮਾਰੂ ਜੰਗ ਦੇ ਨਤੀਜਿਆਂ ਨੇ ਹਿਰਦਿਆਂ ਨੂੰ ਝੰਜੋੜ ਕੇ ਰੱਖ ਦਿੱਤਾ। ਅਫ਼ਰਾ ਤਫ਼ਰੀ ਦੇ ਹਾਲਾਤ ਵਿੱਚ ਕਿਹਾ ਜਾਂਦਾ 25 ਹਜ਼ਾਰ ਬੇਕਸੂਰ ਪੰਜਾਬੀ ਖਾਸ ਤੌਰ ‘ਤੇ ਸਿੱਖ ਨੌਜਵਾਨ ਮਾਰੇ ਗਏ, ਜਿਨ੍ਹਾਂ ਵਿੱਚ ਹਿੰਦੂ, ਸਿੱਖ ਅਤੇ ਸਰਕਾਰੀਤੰਤਰ ਦਾ ਅਮਲਾ ਵੀ ਸ਼ਾਮਲ ਸੀ। ਇਨ੍ਹਾਂ ਹਾਲਾਤਾਂ ਨੇ ਪੰਜਾਬ ਦੀ ਭਾਈਚਾਰਕ ਸਦਭਾਵਨਾਂ ਨੂੰ ਠੇਸ ਪਹੁੰਚਾਈ ਅਤੇ ਆਰਥਿਕ ਤੌਰ ‘ਤੇ ਪੰਜਾਬ ਪਛੜ ਗਿਆ। ਪੰਜਾਬ ਦੇ ਕਰਜ਼ਈ ਹੋਣ ਦਾ ਸਿਲਸਿਲਾ ਕਥਿਤ ਅਤਵਾਦ ਦੇ ਸਮੇਂ ਤੋਂ ਸ਼ੁਰੂ ਹੋਇਆ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪੰਜਾਬ ਤੋਂ ਲੈ ਕੇ ਕੇਂਦਰ ਦੇ ਕੰਟਰੋਲ ਅਧੀਨ ਕਰ ਦਿੱਤਾ ਪ੍ਰੰਤੂ ਜੇਕਰ ਵੱਡਾ ਪੰਜਾਬ ਰਹਿੰਦਾ ਫਿਰ ਇਸ ਦਾ ਕੇਂਦਰ ਕੋਲ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੋਣਾ ਸੀ। ਸਤਲੁਜ ਯਮੁਨਾ Çਲੰਕ ਨਹਿਰ ਦਾ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਹੁਣ ਸੁਪਰੀਮ ਕੋਰਟ ਦੇ ਸਰਵੇ ਕਰਨ ਦੇ ਹੁਕਮ ਨੇ ਹੋਰ ਭਸੂੜੀ ਪਾ ਦਿੱਤੀ। ਪੰਜਾਬ ਖੇਤੀਬਾੜੀ ਪ੍ਰਧਾਨ ਰਾਜ ਹੈ, ਇਸ ਨੂੰ ਸਿੰਜਾਈ ਲਈ ਪਾਣੀ ਦੀ ਲੋੜ ਪੈਂਦੀ ਹੈ। ਹੁਣ ਹਿਮਾਚਲ ਪ੍ਰਦੇਸ਼ ਪੰਜਾਬ ਤੋਂ ਹਿਮਾਚਲ ਵਿੱਚੋਂ ਆ ਰਹੇ ਪਾਣੀ ਦਾ ਮੁੱਲ ਮੰਗਦਾ ਹੈ, ਰਾਜਸਥਾਨ ਤੇ ਦਿੱਲੀ ਮੁਫ਼ਤ ਪਾਣੀ ਲੈ ਰਹੇ ਹਨ। ਜੇ ਪੰਜਾਬ ਵੰਡਿਆ ਨਾ ਜਾਂਦਾ ਤਾਂ ਇਹ ਸਵਾਲ ਪੈਦਾ ਹੀ ਨਹੀਂ ਹੋਣਾ ਸੀ। ਕੁਦਰਤੀ ਵਸੀਲਿਆਂ ਤੋਂ ਵੀ ਹੱਥ ਧੋ ਲਿਆ। ਏਥੇ ਹੀ ਬਸ ਨਹੀਂ ਪੰਜਾਬ ਦਿੱਲੀ ਦੇ ਆਲੇ ਦੁਆਲੇ ਸੀ। ਫਰੀਦਾਬਾਦ ਸਨਅਤੀ ਸ਼ਹਿਰ ਸੀ। ਗੁੜਗਾਉਂ ਜੋ ਅੱਜ ਆਈ.ਟੀ.ਦੀ ਹੱਬ ਬਣਿਆਂ ਹੋਇਆ ਹੈ, ਉਸ ‘ਤੇ ਹਰਿਆਣੇ ਦਾ ਕਬਜ਼ਾ ਹੋ ਗਿਆ, ਜਿਸ ਕਰਕੇ ਪੰਜਾਬ ਦੀ ਆਰਥਿਕਤਾ ਨੂੰ ਢਾਹ ਲੱਗੀ ਹੈ। ਦਿੱਲੀ ਜਾਣ ਲਈ ਹਰਿਆਣਾ ਵਿੱਚੋਂ ਜਾਣਾ ਪੈਂਦਾ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਤਿੰਨ ਪਾਸੇ ਪੰਜਾਬ ਸੀ। 1982 ਵਿੱਚ ਏਸ਼ੀਅਨ ਖੇਡਾਂ ਮੌਕੇ ਪੰਜਾਬੀਆਂ ਦਾ ਦਿੱਲੀ ਪਹੁੰਚਣਾ ਅਸੰਭਵ ਹੋ ਗਿਆ ਸੀ। ਕਿਸਾਨ ਅੰਦੋਲਨ ਤੇ ਜਾਣ ਵਾਲੇ ਕਿਸਾਨਾ ਦੀ ਹਰਿਆਣਾ ਵਿੱਚ ਖੱਜਲ ਖ਼ੁਆਰੀ ਹੋਈ। ਜੇ ਇਹ ਪੰਜਾਬ ਦੇ ਹਿੱਸੇ ਹੁੰਦੇ ਤਾਂ ਅਜਿਹੀਆਂ ਰੁਕਾਵਟਾਂ ਨਾ ਹੁੰਦੀਆਂ। ਖਾਲਿਸਤਾਨ ਦਾ ਮੁੱਦਾ ਪੰਜਾਬੀ ਸੂਬਾ ਬਣਨ ਨਾਲ ਖੜ੍ਹਾ ਹੋਇਆ। ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖਾਂ ਦਾ ਜਿਊਣਾ ਦੁੱਭਰ ਹੋ ਗਿਆ। 1984 ਵਿੱਚ ਦਿੱਲੀ ਅਤੇ ਦੇਸ਼ ਦੇ ਹੋਰ ਸੂਬਿਆਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਸੇਵਾ ਮੁਕਤ ਫ਼ੌਜੀ ਜਰਨੈਲਾਂ ਅਤੇ ਹੋਰ ਪ੍ਰਤਿਸ਼ਟ ਸਿੱਖਾਂ ਦੀ ਨਿਰਾਦਰੀ ਹੋਈ, ਉਨ੍ਹਾਂ ਨੂੰ ਲੁਕ ਛਿਪ ਕੇ ਦਿਨ ਕਟੀ ਕਰਨੀ ਪਈ। ਏਥੇ ਹੀ ਬਸ ਨਹੀਂ ਬੇਰੋਜ਼ਗਾਰੀ ਦਾ ਮੁੱਖ ਕਾਰਨ ਪੰਜਾਬ ਦੀ ਵੰਡ ਹੋਣਾ ਹੈ। ਸਾਡੇ ਨੌਜਵਾਨ ਦਿੱਲੀ ਅਤੇ ਇਸ ਦੇ ਆਲੇ ਦੁਆਲੇ ਨੌਕਰੀ ਕਰਦੇ ਸਨ। ਦਿੱਲੀ ਦੇ ਆਲੇ ਦੁਆਲੇ ਦੇ ਲੋਕ ਜੋ ਅੱਜ ਹਰਿਆਣਾ ਹੈ, ਉਥੋਂ ਦੇ ਬੱਚੇ ਘੱਟ ਪੜ੍ਹੇ ਲਿਖੇ ਹੋਣ ਕਰਕੇ ਸਾਡੇ ਲੜਕੇ ਲੜਕੀਆਂ ਉਥੇ ਨੌਕਰੀ ਕਰਦੇ ਸਨ। ਹੁਣ ਚਿੜੀ ਦੇ ਪਹੁੰਚੇ ਜਿੱਡਾ ਪੰਜਾਬ ਰਹਿ ਗਿਆ ਹੈ। ਪੰਜਾਬ, ਪੰਜਾਬੀ ਨੌਜਵਾਨਾ ਨੂੰ ਰੋਜ਼ਗਾਰ ਨਹੀਂ ਦੇ ਸਕਦਾ। ਸਾਡੀ ਨੌਜਵਾਨ ਪੀੜ੍ਹੀ ਪਰਵਾਸ ਨੂੰ ਭੱਜ ਰਹੀ ਹੈ। ਸਾਡਾ ਸਭਿਅਚਾਰ ਖ਼ਤਮ ਹੋ ਰਿਹਾ ਹੈ। ਪੰਜਾਬੀ ਸੂਬੇ ਤੋਂ ਅਸੀਂ ਇਹੋ ਖੱਟਿਆ ਕਿ ਸਾਡੀ ਅਗਲੀ ਪੀੜ੍ਹੀ ਸਾਡੇ ਹੱਥੋਂ ਨਿਕਲ ਕੇ ਪਰਵਾਸ ਵਿੱਚ ਜਾ ਰਹੀ ਹੈ। ਪੰਜਾਬੀਆਂ/ਸਿੱਖਾਂ ਨੂੰ ਸੋਚਣ ਦੀ ਲੋੜ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
   ujagarsingh48@yahoo.com

ਬਚਨ ਸਿੰਘ ਗੁਰਮ ਦਾ ਕਾਇਨਾਤ ਕਾਵਿ ਸੰਗ੍ਰਹਿ ਲੋਕ ਹਿਤਾਂ ਦਾ ਪਹਿਰੇਦਾਰ - ਉਜਾਗਰ ਸਿੰਘ

ਕਾਇਨਾਤ ਬਚਨ ਸਿੰਘ ਗੁਰਮ ਦਾ ਦੂਜਾ ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦਾ ‘ਦੇਖਿਆ-ਪਰਖਿਆ’ ਕਾਵਿ ਸੰਗ੍ਰਹਿ (2015) ਅਤੇ ਤਿੰਨ ਸਾਂਝੇ ਕਾਵਿ ਸੰਗ੍ਰਹਿ ਤੇ ਇਕ ਸਾਂਝਾ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ। ਕਾਇਨਾਤ ਕਾਵਿ ਸੰਗ੍ਰਹਿ ਵਿੱਚ 70 ਕਵਿਤਾਵਾਂ ਹਨ। ਇਹ ਕਾਵਿ ਸੰਗ੍ਰਹਿ ਪੜ੍ਹਨ ਤੋਂ ਬਾਅਦ ਮਹਿਸੂਸ ਹੁੰਦਾ ਹੈ ਕਿ ਬਚਨ ਸਿੰਘ ਗੁਰਮ ਲੋਕਾਈ ਦੇ ਹਿੱਤਾਂ ‘ਤੇ ਪਹਿਰਾ ਦੇਣ ਵਾਲਾ ਸ਼ਾਇਰ ਹੈ। ਉਸ ਦੀ ਕਵਿਤਾ ਵਰਤਮਾਨ ਪ੍ਰਬੰਧਕੀ ਪ੍ਰਣਾਲੀ ਦਾ ਬੇਬਾਕੀ ਨਾਲ ਵਿਰੋਧ ਕਰਦੀ ਹੈ। ਉਹ ਲੋਕ ਸ਼ਕਤੀ ਦਾ ਮੁੱਦਈ ਬਣਕੇ ਨਿਭਦਾ ਹੈ। ਉਸ ਦੀਆਂ ਬਹੁਤੀਆਂ ਕਵਿਤਾਵਾਂ ਧਾਰਮਿਕ ਕੱਟੜਤਾ, ਪਖੰਡਵਾਦ, ਰਾਜਨੀਤਕ ਦੁਰਾਚਾਰ ਅਤੇ ਵਹਿਮਾ ਭਰਮਾ ਦਾ ਵਿਰੋਧ ਕਰਦੀਆਂ ਹੋਈਆਂ ਇਨਸਾਫ਼ ਅਤੇ ਹੱਕ ਸੱਚ ‘ਤੇ ਪਹਿਰਾ ਦਿੰਦੀਆਂ ਹਨ। ਬਚਨ ਸਿੰਘ ਗੁਰਮ ਆਪਣੀਆਂ ਕਵਿਤਾਵਾਂ ਸੰਬੋਧਨੀ ਢੰਗ ਨਾਲ ਲਿਖਦਾ ਹੋਇਆ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਖਿਲਾਫ਼ ਜਾਗਰੂਕ ਕਰਨ ਦਾ ਕੰਮ ਕਰਦਾ ਹੈ। ਭਾਵ ਸਾਰੀਆਂ ਕਵਿਤਾਵਾਂ ਲੋਕਾਂ ਵਿੱਚ ਰੋਹ ਤੇ ਜੋਸ਼ ਪੈਦਾ ਕਰਕੇ ਪ੍ਰੇਰਨਾਦਾਇਕ ਬਣਦੀਆਂ ਹਨ। ਮਨੁਖਤਾ ਦੀ ਮਾਨਸਿਕਤਾ ਦਾ ਚਿਤਰਣ ਕਰਦੀਆਂ ਹਨ। ਇਨਸਾਨ ਆਪੋ ਆਪਣੇ ਮਨਾਂ ਵਿੱਚ ਕਿਹੋ ਜਿਹੀਆਂ ਗੱਲਾਂ ਚਿਤਰਦਾ ਹੈ ਤੇ ਉਨ੍ਹਾਂ ਦੀ ਪੂਰਤੀ ਲਈ ਜਿਹੜੇ ਢੰਗ ਵਰਤਦਾ ਹੈ, ਇਹ ਕਵਿਤਾਵਾਂ ਉਨ੍ਹਾਂ ਢੰਗਾਂ ਤੋਂ ਵਰਜਦੀਆਂ ਹਨ। ਸ਼ਾਇਰ ਦੀਆਂ ਕਵਿਤਾਵਾਂ ਬਹੁ-ਰੰਗੀ ਤੇ ਬਹੁ-ਪੱਖੀ ਹਨ। ਕਵਿਤਾਵਾਂ ਵਿੱਚ ਜੀਵਨ ਦੇ ਸਾਰੇ ਰੰਗ ਦਿ੍ਰਸ਼ਟਾਂਤਕ ਰੂਪ ਵਿੱਚ ਮਿਲਦੇ ਹਨ। ਉਸ ਦੀ ਕਵਿਤਾ ਖੁਲ੍ਹੀ ਅਤੇ ਤੋਲ ਤਕਾਂਤ ਵਾਲੀ ਵਿਚਾਰ ਪ੍ਰਧਾਨ ਹੈ। ਸਾਰੀਆਂ ਕਵਿਤਾਵਾਂ ਬਚਨ ਸਿੰਘ ਗੁਰਮ ਦੀ ਵਿਚਾਰਧਾਰਾ ਦਾ ਪ੍ਰਗਟਾਵਾ ਕਰਦੀਆਂ ਹਨ। ਸ਼ਾਇਰ ਆਪਣੀਆਂ ਕਵਿਤਾਵਾਂ ਵਿੱਚ ਦਲੀਲ ਦੇ ਕੇ ਸਮਝੌਣ ਦੀ ਕੋਸ਼ਿਸ਼ ਕਰਦਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਬਚਨ ਸਿੰਘ ਗੁਰਮ ਦੀਆਂ ਕਵਿਤਾਵਾਂ ਮਾਨਵਤਾ ਨੂੰ ਆਪਣੇ ਹੱਕਾਂ ਦੀ ਪੂਰਤੀ ਲਈ ਬਗਾਬਤ ਕਰਨ ਲਈ ਪ੍ਰੇਰਦੀਆਂ ਹਨ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਉਸ ਦੀਆਂ ਕਵਿਤਾਵਾਂ ਵਿੱਚ ਪ੍ਰਬੰਧਕੀ ਪ੍ਰਣਾਲੀ ਅਤੇ ਇਨਸਾਨੀ ਮਾਨਸਿਕਤਾ ਦੀਆਂ ਕੁਰੀਤੀਆਂ ਵਿਰੁੱਧ ਬਗ਼ਾਵਤ ਦੀ ਕਨਸੋਅ ਆਉਂਦੀ ਹੈ। ਉਸ ਦੀ ਬੇਬਾਕੀ ‘ਗਲ਼ੀ ਦੇ ਕੁੱਤੇ’ ਕਵਿਤਾ ਵਿੱਚੋਂ ਵੇਖੀ ਜਾ ਸਕਦੀ ਹੈ। ਇਸ ਕਵਿਤਾ ਦੀ ਭਾਵਨਾ ਸਮਝਣ ਦੀ ਲੋੜ ਹੈ ਕਿ ਇਹ ਕਿਹੜੇ ਕਿਹੜੇ ਲੋਕਾਂ ਲਈ ਲਿਖੀ ਗਈ ਹੈ, ਜਦੋਂ ਉਹ ਲਾਲਚੀ ਲੋਕਾਂ ਦੀ ਤੁਲਨਾ ਕੁੱਤਿਆਂ ਨਾਲ ਕਰਦੇ ਹੋਏ ਲਿਖਦੇ ਹਨ-

ਗਲ਼ੀ ਦੇ ਕੁੱਤਿਆਂ ਦਾ ਕੀ ਹੁੰਦੈ

ਦਿਸਿਆ ਜਿੱਧਰ ਵੀ

ਟੁਕੜਾ ਰੋਟੀ ਦਾ

ਉਧਰ ਹੀ ਤੁਰ ਪਏ

ਕੰਮ ਇਹਨਾਂ ਦਾ ਨਹੀਂ

ਗਲ਼ੀ ਮੁਹੱਲੇ ਦੀ ਰਾਖੀ ਕਰਨਾ

ਭੌਂਕਣਾ ਹੁੰਦਾ ਹੈ ਇਹਨਾਂ ਨੇ ਤਾਂ ਬੱਸ

ਕਿਸੇ ਨੂੰ ਵੱਢ ਖਾਣ ਲਈ।

ਸ਼ਾਇਰ ਸਿਆਸਤਦਾਨਾ ‘ਤੇ ਕਿੰਤੂ ਪ੍ਰੰਤੂ ਕਰਦਾ ਹੋਇਆ ਆਪਣੀਆਂ ਕਵਿਤਾਵਾਂ ਸ਼ੀਸ਼ੇ, ਬੀਤਿਆ ਗੁਜਰਿਆ, ਸੱਤਾ ਦਾ ਅਭਿਮਾਨ, ਸੰਗਰਾਮ, ਬੇਕਦਰੇ, ਸਿਆਸੀ ਪੈਂਤੜਾ, ਭੇਡ ਚਾਲ, ਮਾਫ਼ੀ ਮਨਜ਼ੂਰੀ, ਸੰਕੀਰਨਤਾ, ਆਮ ਆਦਮੀ, ਨਾਂਹਦਰੂ ਬਿਰਤੀ,  ਕਸਮ, ਗ਼ਲੀ ਦੇ ਕੁੱਤੇ, ਕਟਹਿਰਾ ਅਤੇ ਨਿਰੰਤਰਤਾ ਵਿੱਚ ਬੜੀ ਦਲੇਰੀ ਨਾਲ ਲਿਖਦਾ ਹੈ ਕਿ ਉਹ ਆਪਣੇ ਵਿਰੋਧੀਆਂ ਅਤੇ ਹੱਕ ਤੇ ਸੱਚ ਦੇ ਪਹਿਰੇਦਾਰਾਂ ਨੂੰ ਦੇਸ਼ ਧ੍ਰੋਹੀ ਕਹਿਕੇ ਬਦਨਾਮ ਕਰਦੇ ਹਨ। ਅਜਿਹੇ ਇਲਜ਼ਾਮ ਨਿਰਆਧਾਰ ਹਨ। ਸ਼ੀਸ਼ੇ ਹਮੇਸ਼ਾ ਸੱਚ ਬੋਲਦੇ ਹਨ। ਸਿਆਸਤਦਾਨ ਮੁਖੌਟੇ ਪਾਈ ਫਿਰਦੇ ਹਨ।  ਹਓਮੈ ਦੇ ਸ਼ਿਕਾਰ ਹੋ ਕੇ ਲੋਕਾਂ ਦੇ ਹਿਤਾਂ ‘ਤੇ ਪਹਿਰਾ ਨਹੀਂ ਦੇ ਰਹੇ।  ਉਹ ਮੌਤਾਂ ਦਾ ਵੀ ਮੁੱਲ ਵੱਟਣ ਦੀ ਕਸਰ ਨਹੀਂ ਛੱਡਦੇ। ਸ਼ਾਇਰ ਲੋਕਾਂ ਨੂੰ ਸਰਕਾਰੀ ਦਮਨਕਾਰੀ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਤਾਕੀਦ ਕਰਦਾ ਹੈ।

ਹੋ ਕਿਉਂ ਨਹੀਂ ਰਿਹਾ ਅਵਾਮ ਲਈ ਕੁਝ ਵੀ ਬਿਹਤਰ,

ਜੁਮਲੇ ਤਾਂ ਤੁਸੀਂ ਨਵੇਂ ਨਵੇਂ, ਲਿਆਂਦੇ ਵੀ ਬਹੁਤ ਨੇ।

ਆਟਾ,  ਦਾਲ, ਸਬਸਿਡੀਆਂ ਦੀ ਖ਼ੈਰਾਤ ਦੀ ਥਾਂ,

ਬਿਹਤਰ ਸੀ ਜੇ ਦਿੱਤਾ ਰੁਜ਼ਗਾਰ ਹੁੰਦਾ।

                       ----

ਸਿਆਸਤ ਵਰਤੇ ਜੇ ਧਰਮ ਨੂੰ ਮਹਿਜ਼ ਸਿਆਸਤ ਲਈ,

Ñਲੋਕ-ਮਨਾਂ ‘ਚ ਬਗ਼ਾਵਤ ਦਾ ਖ਼ਿਆਲ ਆ ਵੀ ਜਾਂਦਾ ਹੈ।

ਸਿਆਸਤਦਾਨਾਂ ਨੂੰ ਸਲਾਹ ਦਿੰਦਾ ਬਚਨ ਸਿੰਘ ਗੁਰਮ ਲਿਖਦਾ ਹੈ-

ਵਸਾ ਟੁੱਟੇ ਦਿਲਾਂ ‘ਚ ਕੁਝ ਬਸਤੀਆਂ, ਉਜੜੇ ਘਰਾਂ ਨੂੰ ਮੁੜ ਆਬਾਦ ਕਰ।

ਸ਼ਾਇਰ ਦੀਆਂ ਅਖੌਤੀ ਧਾਰਮਿਕ ਲੋਕਾਂ ਦੀਆਂ ਕੱਟੜਤਾ ਵਾਲੀਆਂ ਹਰਕਤਾਂ ਬਾਰੇ ਜਾਣਕਾਰੀ ਦਿੰਦਾ ਹੈ।  ਉਸ ਦੀਆਂ ਕਵਿਤਾਵਾਂ ਕਰਮ ਕਾਂਡਾਂ ਤੋਂ ਖਹਿੜਾ ਛੁਡਾਉਣ ਲਈ ਲੋਕਾਂ ਨੂੰ ਪ੍ਰੇਰਦੀਆਂ ਹਨ। ਅਜਿਹੀਆਂ ਧਰਮ ਨਾਲ ਸੰਬੰਧਤ ਕਵਿਤਾਵਾਂ, ਕਿਸਮਤਵਾਦੀ ਨਹੀਂ, ਰਾਜ ਧਰਮ, ਮਾਰੂ ਏਜੰਡਾ, ਜੀਵਨ ਜਾਚ, ਤਰਕ ਬਨਾਮ ਅੰਨ੍ਹੀ ਸ਼ਰਧਾ, ਇੱਕ ਮਿਥ, ਧਰਮ ਪ੍ਰਚਾਰਕ ਬਨਾਮ ਵਿਗਿਆਨ, ਆਦਮੀ ਦੀ ਹਸਤੀ ਅਤੇ ਲਾਚਾਰ ਜਾਂ ਗ਼ਾਫ਼ਲ਼ ਕੱਟੜ ਧਾਰਮਿਕ ਲੋਕਾਂ ਦਾ ਪਰਦਾ ਫਾਸ਼ ਕਰਦੀਆਂ ਹਨ। ਧਾਰਮਿਕ ਪ੍ਰਚਾਰਕਾਂ ਦੇ ਅਡੰਬਰਾਂ ਦਾ ਪਰਦਾ ਫਾਸ਼ ਕਰਦਾ ਸ਼ਾਇਰ ਉਨ੍ਹਾਂ ਨੂੰ ਦੋਹਰੇ ਮਾਪ ਦੰਡ ਵਾਲੇ ਕਹਿੰਦਾ ਹੈ, ਕਿਉਂਕਿ ਇਕ ਪਾਸੇ ਉਹ ਵਿਗਿਆਨ ਦੀਆਂ ਰਹਿਮਤਾਂ ਦਾ ਆਨੰਦ ਮਾਣਦੇ ਹਨ ਤੇ ਦੂਜੇ ਪਾਸੇ ਲੋਕਾਂ ਨੂੰ ਧਰਮ ਦੇ ਪਾਖੰਡਾਂ ਵਿੱਚ ਪਾਉਂਦੇ ਹਨ। ‘ਆਦਮੀ ਦੀ ਹਸਤੀ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦਾ ਹੈ-

ਸਵਾਲ ਚੁੱਕਦੈ ਜੇ ਕੋਈ ਦਕਿਆਨੂਸੀ ਰਵਾਇਤਾਂ ਉਤੇ,

ਡੰਡਾ ਧਰਮ ਦਾ ਉਹ ਚੁੱਕਦੇ, ਉਹਨੂੰ ਡਰਾਉਣ ਦੇ ਲਈ।

ਜੀਵਨ ਜਾਚ ਸਿਰਲੇਖ ਵਾਲੀ ਕਵਿਤਾ ਵਿੱਚ ਸ਼ਾਇਰ ਲਿਖਦੈ-

ਸੁੱਖ ਕਦ ਮਿਲਦੈ ਧਾਰਮਿਕ ਅਡੰਬਰਾਂ ‘ਚੋਂ, ਕਰਾਮਾਤਾਂ ‘ਚੋਂ,

ਇਹ ਤਾਂ ਮਿਲਦੈ, ਜਦ ਜਿਊਂਣਾ ਸਦਾਚਾਰਕ ਨਿਯਮਾਂ ਤੀਕ ਹੋ ਜਾਵੇ।

ਆਧੁਨਿਕਤਾ ਨੇ ਪਿਆਰ ਮੁਹੱਬਤ ਦੇ ਖਤਾਂ ਦਾ ਦੌਰ ਖ਼ਤਮ ਕਰ ਦਿੱਤਾ ਅਤੇ ਇਕੱਲਤਾ ਨੂੰ ਜਨਮ ਦਿੱਤਾ ਹੈ। ਆਧੁਨਿਕਤਾ ਦਾ ਰਿਸ਼ਤਿਆਂ ਤੇ ਵੀ ਅਸਰ ਹੋ ਰਿਹਾ ਹੈ।  ਰਿਸ਼ਤਿਆਂ ਨਾਲ ਸੰਬੰਧਤ ਕਵਿਤਾਵਾਂ ਐਧਰ ਓਧਰ /ਸਹੁਰੇ ਪੇਕੇ (ਧੀਆਂ-ਨੂੰਹਾਂ ਦੇ ਨਾਮ), ਫ਼ਰਜ਼ ਕਰਜ਼, ਪੁਲ਼, ਹੰਕਾਰ ਨਾ ਗਰੂਰ, ਅਣਕਿਆਸੇ ਵਕਤ ਅਤੇ ਸ਼ਿਕਵਾ ਕਿਵੇਂ ਕਰਾਂ, ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਵਿੱਚ ਆ ਰਹੀ ਗਿਰਾਵਟ ਬਾਰੇ ਜਾਣਕਾਰੀ ਦਿੰਦੀਆਂ ਹਨ। ਬੱਚਿਆਂ ਵੱਲੋਂ ਬਜ਼ੁਰਗਾਂ ਨਾਲ ਕੀਤੇ ਜਾਂਦੇ ਵਰਤਾਓ ਬਾਰੇ ਵੀ ਸ਼ਾਇਰ ਨੇ ਚੇਤਾਵਨੀ ਦਿੱਤੀ ਹੈ। ਠੀਕ ਗ਼ਲਤ ਦਾ ਆਧਾਰ ਗਿਆਨ ਵਿਗਿਆਨ ਹੀ ਹੋਣਾ ਚਾਹੀਦਾ ਹੈ। ਦਲੀਲ ਨਾਲ ਹੀ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਸਰਕਾਰੀ ਤਾਣੇ ਬਾਣੇ ਵਿੱਚ ਨੁਕਸ ਹੋਣ ਕਰਕੇ ਇਨਸਾਫ ਨਹੀਂ ਮਿਲਦਾ। ਇਨਸਾਫ਼ ਪ੍ਰਾਪਤ ਕਰਨ ਵਿੱਚ ਦੇਰੀ ਹੁੰਦੀ ਹੈ। ਕਰਜ਼ ਦਾ ਦੈਂਤ ਪਹਾੜ ਦੀ ਤਰ੍ਹਾਂ ਖੜ੍ਹਾ ਰਹਿੰਦਾ ਹੈ।  ਜ਼ਬਰ, ਜ਼ੁਲਮ ਅਤੇ ਬੇਇਨਸਾਫ਼ੀ ਦਾ ਦੌਰ ਹੋਣ ਦਾ ਜ਼ਿੰਮੇਵਾਰ ਰੱਬ ਨੂੰ ਵੀ ਮੰਨਦਾ ਹੈ ਕਿਉਂਕਿ ਲੋਕ ਰੱਬ ਦੀ ਮਰਜ਼ੀ ਕਹਿ ਕੇ ਬਰਦਾਸ਼ਤ ਕਰ ਲੈਂਦੇ ਹਨ।

 ਇਨਸਾਨ ਦੂਜੇ ਦੀ ਖ਼ੁਸ਼ਹਾਲੀ ਨੂੰ ਬਰਦਾਸ਼ਤ ਨਹੀਂ ਕਰਦਾ। ਸ਼ਾਇਰ ਸੇਵਾ ਮੁਕਤੀ ਨੂੰ ਜ਼ਿੰਦਗੀ ਦਾ ਆਨੰਦ ਲੈਣ ਦਾ ਸਮਾਂ ਕਹਿੰਦਾ ਹੈ। ਕੌੜੇ ਮਿੱਠੇ ਤਜ਼ਰਬੇ ਅਤੇ ਯਾਦਾਂ ਦਾ ਸਰਮਾਇਆ ਇਤਿਹਾਸ ਬਣਦੇ ਹਨ। ਇਨਸਾਨ ਨੂੰ ਆਪਣੇ ਕਿਰਦਾਰ ਉਚਾ ਰੱਖਣ ਦੀ ਤਾਕੀਦ ਕਰਦਾ ਹੈ। ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਸੋਚ ਵਿਚਾਰ ਕਰਨਾ ਜ਼ਰੂਰੀ ਹੁੰਦਾ ਹੈ। ਕਸਮਾ ਝੂਠ ਦਾ ਪੁਲੰਦਾ ਹੁੰਦੀਆਂ ਹਨ। ਝੂਠ ਨੂੰ ਸੱਚ ਸਾਬਤ ਕਰਨ ਲਈ ਕਸਮਾਂ ਖਾਧੀਆਂ ਜਾਂਦੀਆਂ ਹਨ। ਵਿਸ਼ਵਾਸ਼ ਨੂੰ ਕਸਮਾ ਦੀ ਲੋੜ ਨਹੀਂ। ਲੋਕ ਦੋਹਰੇ ਕਿਰਦਾਰ ਲਈ ਫਿਰਦੇ ਹਨ, ਅੰਦਰੋਂ ਬਾਹਰੋਂ ਇਕ ਨਹੀਂ ਹੁੰਦੇ। ਸਰਕਾਰੀਏ ਬੁੱਧੀਜੀਵੀ ਸਮਾਜਿਕ ਤਾਣੇ ਬਾਣੇ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਦੇ ਕਿਰਦਾਰ ਸ਼ੱਕੀ ਹੁੰਦੇ ਹਨ। ਸ਼ਾਇਰ ਦੋਹਰਾ ਕਿਰਦਾ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦਾ ਹੈ-

ਚਿਹਰੇ ਭਾਵੇਂ ਗੋਰੇ ਚਿੱਟੇ, ਲੇਕਿਨ ਦਿਲ ਦੇ ਕਾਲੇ ਲੋਕ।

ਅੰਦਰੋਂ ਬੇਹੱਦ ਬੌਣੇ-ਹੀਣੇ, ਉਚੇ ਰੁਤਬੇ ਵਾਲੇ ਲੋਕ।

 ਸ਼ਾਇਰ ਭਰਿਸ਼ਟਾਚਾਰ ਨੂੰ ਸਮਾਜ ਵਿੱਚ ਲੱਗੇ ਘੁਣ ਵਰਗਾ ਸਮਝਦਾ ਹੈ। ਲੋਕਾਂ ਨੂੰ ਭਰਿਸ਼ਟਾਚਾਰ ਵਿਰੁੱਧ ਲਾਮਬੰਦ ਹੋਣ ਦੀ ਤਾਕੀਦ ਕਰਦਾ ਲਾਚਾਰ ਜਾਂ ਗ਼ਾਫ਼ਲ ਕਵਿਾ ਵਿੱਚ ਕਹਿੰਦਾ ਹੈ-

ਭਿ੍ਰਸ਼ਟ ਬਣ ਜਾਣ ਧਨਵਾਨ, ਦੇਖਦਿਆਂ ਹੀ ਦੇਖਦਿਆਂ,

ਇਮਾਨਦਾਰ ਤਾਉਮਰ, ਬੱਸ ਥੁੜ੍ਹਾਂ ਹੀ ਜਰੇ।

 ਬਚਨ ਸਿੰਘ ਗੁਰਮ ਨੂੰ ਪ੍ਰਕਿਰਤੀ ਦਾ ਸ਼ਾਇਰ ਵੀ ਕਿਹਾ ਜਾ ਸਕਦਾ ਹੈ। ਉਸ ਦੀਆਂ ਓਦੋਂ, ਗੱਲਾਂ ਵਰਗੇ ਖ਼ਤ, ਸਾਵਣ ਅਤੇ ਪਾਣੀ ਤੇ ਰੁੱਖ ਕਵਿਤਾਵਾਂ ਕੁਦਰਤ ਦੇ ਕਾਦਰ ਵੱਲੋਂ ਪ੍ਰਦੂਸ਼ਣ ਰਹਿਤ ਵਾਤਾਵਰਨ ਬਣਾਉਣ ਲਈ ਰੁੱਖਾਂ ਦੀ ਰੱਖਿਆ ਕਰਨ ਦੇ ਦਿੱਤੇ ਸੰਦੇਸ਼ ਦੀ ਪਾਲਣਾ ਕਰਨ ਲਈ ਉਹ ਲਿਖਦੇ ਹਨ-

Êਪੌਣਾਂ ਵਿੱਚ ਅਸੀਂ ਜ਼ਹਿਰ ਘੋਲਤਾ, ਗੰਧਲਾ ਕਰਤਾ ਪਾਣੀ,

ਅਸੀਂ ਬੇਕਦਰੇ ਲੋਕਾਂ ਨੇ ਕੁਦਰਤ ਦੀ ਕਦਰ ਨਾ ਜਾਣੀ।

  Ñਲੋਕ ਲਾਲਚੀ ਹੋ ਗਏ ਹਨ। ਇਸ ਲਈ ਧੋਖੇ ਫਰੇਬ ਆਮ ਹੋ ਗਏ ਹਨ। ਵਿਖਾਵਾ ਤਾਂ ਕਰਦੇ ਹਨ ਕਿ ਸਾਨੂੰ ਦੋ ਵਕਤ ਦੀ ਰੋਟੀ ਹੀ ਚਾਹੀਦੀ ਹੈ ਪ੍ਰੰਤੂ ਸੰਤੁਸ਼ਟ ਨਹੀਂ ਹੁੁੰਦੇ ਇਸ ਕਰਕੇ ਸ਼ਾਇਰ ਲਿਖਦਾ ਹੈ-

ਕਹਿਣ ਨੂੰ ਤਾਂ ਸਭ ਨੂੰ ਦੋ ਵਕਤ ਦੀ ਰੋਟੀ ਚਾਹੀਦੀ ਹੈ,

ਆਮਦਨ ਪਰ ਸਭ ਨੂੰ ਬਹੁਤ ਮੋਟੀ ਚਾਹੀਦੀ ਹੈ।

  ਇਸੇ ਤਰ੍ਹਾਂ ਬਚਨ ਸਿੰਘ ਗੁਰਮ ਨੇ ਇਨਸਾਨ ਨੂੰ ਆਪਣੇ ਅੰਦਰ ਝਾਤ ਮਾਰਕੇ ਆਪਣੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਨਸੀਹਤ ਦੇਣ ਲਈ ਕੁਝ ਕਵਿਤਾਵਾਂ ਲਿਖੀਆਂ ਹਨ ਜਿਨ੍ਹਾਂ ਵਿੱਚ ਆਦਮੀ, ਵਕਤ ਦਾ ਚਲਣ, ਮਸ਼ਵਰਾ, ਮਕਾਰੀ, ਹੋਂਦ ਅਣਹੋਂਦ, ਖ਼ੈਰ-ਖ਼ਾਹ, ਸ਼ਬਦਾਂ ਦੀ ਸਮਝ, ਸੁਆਰਥ ਦੇ ਝੱਖੜ, ਖ਼ੁਦਗਰਜ਼ੀਆਂ ਦੀ ਹਵਾ, ਅਜ਼ਾਬ, ਦੋਗਲਾਪਣ, ਸੰਵਾਦ, ਸ਼ਿਕਵਾ, ਸਵਾਰਥ ਦਾ ਫ਼ਲ, ਫੇਸ-ਬੁੱਕ ਅਤੇ ਯਾਦਾਂ ਸ਼ਾਮਲ ਹਨ।

 118 ਪੰਨਿਆਂ, 220 ਰੁਪਏ ਕੀਮਤ, ਸੁੰਦਰ ਦਿੱਖ ਵਾਲਾ ਇਹ ਕਾਵਿ ਸੰਗ੍ਰਹਿ ਜ਼ੋਹਰਾ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

    ਮੋਬਾਈਲ-94178 13072     ujagarsingh48@yahoo.com

‘ਡਾ.ਤੇਜਵੰਤ ਮਾਨ ਦੀ ਆਲੋਚਨਾ’ :  ਪੁਸਤਕ ਲੋਕ ਪੱਖੀ ਦਸਤਾਵੇਜ਼ - ਉਜਾਗਰ ਸਿੰਘ

ਡਾ.ਤੇਜਵੰਤ ਮਾਨ ਬਹੁ-ਪੱਖੀ ਸਾਹਿਤਕਾਰ ਹੈ। ਡਾ.ਤੇਜਵੰਤ ਮਾਨ ਪ੍ਰਬੁੱਧ ਵਿਲੱਖਣ ਵਿਚਾਰਧਾਰਾ ਵਾਲਾ ਆਲੋਚਕ ਹੈ। ਡਾ.ਗੁਰਜੀਤ ਸਿੰਘ ਨੇ ਤੇਜਵੰਤ ਮਾਨ ਦੀ ਆਲੋਚਨਾ ਦੀ ਪ੍ਰਵਿਰਤੀ ਬਾਰੇ ‘ਡਾ.ਤੇਜਵੰਤ ਮਾਨ ਦੀ ਆਲੋਚਨਾ’ ਦੇ ਸਿਰਲੇਖ ਅਧੀਨ ਇਕ ਪੁਸਤਕ ਸੰਪਦਿਤ ਕੀਤੀ ਹੈ। ਇਸ ਪੁਸਤਕ ਵਿੱਚ ਵੱਖ-ਵੱਖ 70 ਵਿਦਵਾਨਾ ਦੇ ਉਨ੍ਹਾਂ ਦੀ ਆਲੋਚਨਾ ਬਾਰੇ ਲਿਖੇ ਲੇਖ ਅਤੇ ਚਿੱਠੀਆਂ ਸ਼ਾਮਲ ਕੀਤੀਆਂ ਹਨ। ਤੇਜਵੰਤ ਮਾਨ ਬਹੁ ਵਿਧਾਵੀ ਸਾਹਿਤਕਾਰ ਹੈ ਪ੍ਰੰਤੂ ਉਸ ਦੀ ਆਲੋਚਨਾ ਦੀ  ਪ੍ਰਣਾਲੀ ਇਕ ਵੱਖਰੇ ਦਿ੍ਰਸ਼ਟੀਕੋਣ ਵਾਲੀ ਆਪਣੀ ਕਿਸਮ ਦੀ ਹੈ। ਉਹ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਲੋਕ ਪੱਖੀ ਅਤੇ ਵਿਗਿਆਨਕ ਦਿ੍ਰਸ਼ਟੀਕੋਣ ਨਾਲ ਪਰਖਦਾ ਹੈ। ਤੇਜਵੰਤ ਮਾਨ ਦੀ ਆਲੋਚਨਾ ਸਮਾਜਿਕ ਜਵਾਬਦੇਹੀ ਅਤੇ ਕਿ੍ਰਤੀ ਵਰਗ ਦੇ ਹਿਤਾਂ ਦੀ ਪਹਿਰੇਦਾਰੀ ਵਾਲੀ ਹੁੰਦੀ ਹੈ। ਸਾਹਿਤ ਨੂੰ ਉਹ ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਪਰਖਦਾ ਹੈ। ਉਸ ਦੀ ਆਲੋਚਨਾ ਪ੍ਰਣਾਲੀ ਤੋਂ ਮਹਿਸੂਸ ਹੁੰਦਾ ਹੈ ਕਿ ਉਹ ਮਿਹਨਤਕਸ਼ ਲੋਕਾਂ ਦਾ ਮੁੱਦਈ ਬਣਦਾ ਨਜ਼ਰ ਆਉਂਦਾ ਹੈ। ਉਸ ਨੇ ਆਲੋਚਨਾ ਨੂੰ ਅਕਾਦਮਿਕ ਖੇਤਰ ਦੀ ਚਾਰਦੀਵਾਰੀ ਚੋਂ ਬਾਹਰ ਕੱਢਕੇ ਸਾਹਿਤ ਸਭਾਵਾਂ ਦੇ ਸਮਾਗਮਾ ਵਿੱਚ ਲਿਆਂਦਾ ਹੈ। ਪਿਛਲੇ ਚਾਲੀ ਸਾਲਾਂ ਤੋਂ ਉਹ ਪ੍ਰਤੀਬੱਧਤਾ ਨਾਲ ਸਾਹਿਤ ਦੀ ਸਿਰਜਣਾ ਕਰ ਰਿਹਾ ਹੈ। ਉਹ ਸਮਰੱਥ ਚਿੰਤਕ ਹੈ ਤੇ ਸਾਰਥਿਕ ਪੜਚੋਲ ਕਰਨ ਦਾ ਆਦੀ ਹੈ। ਡਾ.ਤਜਵੰਤ ਮਾਨ ਆਲੋਚਨਾ ਕਰਦੇ ਸਮੇਂ ਸਿਧਾਂਤਕ ਤੇ ਨੈਤਿਕ ਪੱਖਾਂ ਦੀ ਤਰਜਮਾਨੀ ਕਰਦਾ ਹੈ। ਉਸ ਦੀ ਆਲੋਚਨਾ ਉਲਾਰ ਨਹੀਂ ਹੁੰਦੀ ਪ੍ਰੰਤੂ ਆਪਣੀ ਗੱਲ ਕਹਿਣ ਤੋਂ ਨਾ ਝਿਜਕਦਾ ਅਤੇ ਨਾ ਹੀ ਕਿਸੇ ਨਜ਼ਦੀਕੀ ਨੂੰ ਬਖ਼ਸ਼ਦਾ ਹੈ। ਦਬੰਗ ਕਿਸਮ ਦਾ ਸਮਾਜਿਕ ਸਰੋਕਾਰਾਂ ‘ਤੇ ਪਹਿਰਾ ਦੇਣ ਵਾਲਾ ਆਲੋਚਕ ਹੈ। ਠੋਸ ਤੇ ਸਾਰਥਿਕ ਪ੍ਰਗਤੀਵਾਦੀ ਸੋਚ ਅਨੁਸਾਰ ਲੋਕ ਪੱਖੀ ਆਲੋਚਨਾ ਨੂੰ ਪਹਿਲ ਦਿੰਦਾ ਹੈ। ਉਸ ਦੇ ‘ਪ੍ਰਸ਼ਨ ਚਿੰਨ੍ਹ’ ਲੇਖ ਸੰਗ੍ਰਹਿ ਵਿੱਚ 14 ਲੇਖ ਹਨ, ਜਿਨ੍ਹਾਂ ਬਾਰੇ ਇਸ ਪੁਸਤਕ ਵਿੱਚ 7 ਵਿਦਵਾਨਾ ਨੇ ਲਿਖਿਆ ਹੈ। ਵਿਦਵਾਨਾ ਦੇ ਡਾ.ਤੇਜਵੰਤ ਮਾਨ ਬਾਰੇ ਵੀ ਵੱਖਰੇ-ਵੱਖਰੇ ਵਿਚਾਰ ਹਨ। ਵਿਦਵਾਨ ਲਿਖਦੇ ਹਨ ਕਿ ਉਹ ਸਮਾਜਿਕ ਸ਼੍ਰੇਣੀ ਸੰਘਰਸ਼ ਦੇ ਹੋਂਦ ਆਧਾਰ, ਵਿਚਰਨ ਪ੍ਰਾਕਿ੍ਰਤੀ ਅਤੇ ਵਿਕਾਸ ਮਾਰਗ ਤੋਂ ਸੁਚੇਤ ਹੈ, ਇਸੇ ਸਮਾਜਿਕ-ਚੇਤਨਾ ਉਤੇ ਹੀ ਅਧਾਰਤ ਉਸ ਦੇ ਸਾਹਿਤਕ ਮਾਪ ਦੰਡ ਹਨ। ਸਾਹਿਤ ਵਿੱਚ ਪ੍ਰਤੀਕਾਤਮਿਕਤਾ ਹੋਣੀ ਜ਼ਰੂਰੀ ਹੈ। ਸ.ਪ.ਸਿੰਘ ਇਸ ਲੇਖ ਸੰਗ੍ਰਹਿ ਨੂੰ ਆਲੋਚਨਾ ਦੀ ਮਾਣਤਾ ਨਹੀਂ ਦਿੰਦਾ। ਜਸਪਾਲ ਸਿੰਘ ਇਸ ਸੰਗ੍ਰਹਿ ਦੀ ਆਲੋਚਨਾ ਨੂੰ ਸ.ਪ.ਸਿੰਘ ਵਰਗਿਆਂ ਬੁੱਧੀਜੀਵੀਆਂ ਲਈ ਚੁਣੌਤੀ ਕਹਿੰਦਾ ਹੈ। ਪ੍ਰੋ.ਪ੍ਰੀਤਮ ਸੈਨੀ ਲਿਖਦੇ ਹਨ ਕਿ ਲੇਖਕ ਨੇ ਆਲੋਚਨਾ ਦੇ ਸਿਧਾਂਤਕ ਅਤੇ ਅਸਭਿਆਸਤਮਿਕ ਦੋਵੇਂ ਪੱਖ ਪੇਸ਼ ਕੀਤੇ ਹਨ। ਗੁਰਮੇਲ ਮਡਾਹੜ ਅਨੁਸਾਰ ਡਾ.ਮਾਨ ਨੇ ਨਿਰਪੱਖ, ਨਿਡਰ ਅਤੇ ਨਿਰਵੈਰਤਾ ਨਾਲ ਆਲੋਚਨਾ ਕੀਤੀ ਹੈ। ਟੀ.ਆਰ.ਵਿਨੋਦ ਕਹਿੰਦੇ ਹਨ ਕਿ ਡਾ.ਮਾਨ ਨੇ ਆਲੋਚਨਾ ਲਈ ਮਾਰਕਸੀ ਦਰਸ਼ਨ ਨੂੰ ਆਧਾਰ ਬਣਾਇਆ ਹੈ। ਅਵਤਾਰ ਜੌੜਾ ਲਿਖਦੇ ਹਨ ਤੇਜਵੰਤ ਮਾਨ ਪ੍ਰਤੀਬਧ ਲੇਖਕ ਹੈ, ਉਸ ਦੀ ਪ੍ਰਤੀਬਧਤਾ ਸਰਾਪੀ ਸ਼੍ਰੇਣੀ ਨਾਲ ਹੈ। ਮਾਰਕਸਵਾਦੀ, ਸਮਾਜਵਾਦੀ, ਯਥਾਰਥ-ਵਾਦੀ ਦਿ੍ਰਸ਼ਟੀ ਪ੍ਰਤੀ ਉਹ ਬਹੁਤ ਕੱਟੜ ਹੈ। ‘ਪ੍ਰਸੰਗਤਾ’ ਪੁਸਤਕ ਬਾਰੇ ਜੋਗਿੰਦਰ ਨਿਰਾਲਾ ਕਹਿੰਦੇ ਹਨ, ਡਾ.ਤੇਜਵੰਤ ਮਾਨ ਦੀ ਵਿਚਾਰਧਾਰਾ ਦਾ ਆਧਾਰ ਮਾਰਕਸਵਾਦੀ ਸਮਾਜਵਾਦੀ ਯਥਾਰਥ ਵਾਦ ਹੈ। ‘ਸਹਿਮਤੀ’ ਪੁਸਤਕ ਬਾਰੇ 8 ਬੁੱਧੀਜੀਵੀਆਂ ਦੇ ਲੇਖ ਹਨ। ਨਿਰੰਜਣ ਤਸਨੀਮ ਲਿਖਦਾ ਹੈ ਕਿ ਉਹ ਤੇਜਵੰਤ ਮਾਨ ਦੀ ਵਿਦਵਤਾ ਦਾ ਕਾਇਲ ਹੈ। ਨਿਰਮਲਜੀਤ ਕੌਰ ਸਿੱਧੂ ਲਿਖਦੀ ਹੈ ਕਿ ਸਾਹਿਤ ਦੇ ਉਸਾਰੂ ਪੱਖ ‘ਤੇ ਚੰਗੀ ਰੌਸ਼ਨੀ ਪਾਈ ਹੈ। ਸੁਰਬਜੀਤ ਸਿੰਘ ਕਹਿੰਦਾ ਕਿ ਉਹ ਮਾਨ ਦੀਆਂ ਬਹੁਤੀਆਂ ਧਾਰਨਾਵਾਂ ਨਾਲ ਸਹਿਮਤ ਹੈ।  ਡਾ.ਐਚ.ਐਸ.ਬੇਦੀ  ਠੁਕਦਾਰ ਕੰਮ ਕਹਿੰਦਾ ਹੈ। ਕਰਮਜੀਤ ਜੋਗਾ ਡਾ.ਮਾਨ ਦੀ ਆਲੋਚਨਾ ਸ਼ੈਲੀ ਨੂੰ ਵਿਲੱਖਣ ਕਹਿੰਦਾ ਹੈ। ‘ਉਦੇਸ਼’ ਪੁਸਤਕ ਵਿੱਚ 16 ਨਿਬੰਧ ਪੰਜ ਸਿਰਜਨਾਵਾਂ ਅਤੇ ਪੰਜ ਚਿੱਠੀਆਂ ਹਨ, ਉਸ ਪੁਸਤਕ ਬਾਰੇ ਤਿੰਨ ਵਿਦਵਾਨਾ ਦੇ ਲੇਖ ਹਨ। ਡਾ.ਸਤਨਾਮ ਸਿੰਘ ਜੱਸਲ ਡਾ.ਮਾਨ ਦੇ ਵਿਸ਼ਲੇਸ਼ਣ ਨੂੰ ਦੀਰਘ, ਤਰਕਭਾਵੀ, ਲੋਕ-ਮੁਖੀ ਅਤੇ ਮਾਨਵ ਹਿਤੈਸ਼ੀ ਕਹਿੰਦਾ ਹੈ। ਡਾ.ਧਰਮ ਚੰਦ ਵਾਤਿਸ਼  ਪੁਸਤਕ ਨੂੰ ਪ੍ਰਸੰਸਾਮੁਖੀ ਮੁੱਖਬੰਦੀ ਗੁਣ ਰੱਖਣ ਕਾਰਨ ਦਸਤਾਵੇਜ਼ੀ ਹੋ ਨਿਬੜੀ ਕਹਿੰਦਾ ਹੈ। ਕਿਰਪਾਲ ਕਜ਼ਾਕ ਅਨੁਸਾਰ ਡਾ.ਮਾਨ ਸਾਹਿਤ ਪ੍ਰਤੀ ਸਿਧਾਂਤਕ ਸੂਝ, ਸਪੱਸ਼ਟਤਾ ਅਤੇ ਪੈਨੀ ਦਿ੍ਰਸ਼ਟੀ ਦਾ ਮਾਲਕ ਹੈ। ‘ਹਰਫ਼-ਬ-ਹਰਫ਼’ ਪੁਸਤਕ ਵਿੱਚ 99 ਪੱਤਰ ਸ਼ਾਮਲ ਕੀਤੇ ਗਏ ਹਨ। ਡਾ.ਤੇਜਵੰਤ ਮਾਨ ਨੇ ਆਲੋਚਨਾ ਦੀ ਨਵੀਂ ਵਿਧੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਵੱਲੋਂ ਅਤੇ ਉਨ੍ਹਾਂ ਨੂੰ ਆਏ ਆਲੋਚਨਾਤਮਿਕ ਖਤ ਸ਼ਾਮਲ ਕੀਤੇ ਗਏ ਹਨ। ਇਸ ਪੁਸਤਕ ਬਾਰੇ ਪੰਜ ਬੁੱਧੀਵੀਆਂ ਦੇ ਲੇਖ ਹਨ। ਪਹਿਲਾ ਲੇਖ ਡਾ.ਮਧੂਬਾਲਾ ਦਾ ਹੈ, ਜਿਸ ਵਿੱਚ ਉਸ ਨੇ ਕਿਹਾ ਹੈ ਸਤਿਕਾਰ, ਪਿਆਰ, ਮਨੁਹਾਰ ਅਤੇ ਕਰਾਰ ਭਰੇ ਖਤਾਂ ਦੇ ਸੰਗ੍ਰਹਿ ਨਾਲ ਪੰਜਾਬੀ ਸਾਹਿਤ ਵਿੱਚ ਨਵੀਂ ਵੱਖਰੀ ਅਤੇ ਮੌਲਿਕ ਵਿਧਾ ਦਾ ਆਰੰਭ ਹੋਇਆ ਹੈ। ਬਿਕਰ ਸਿੰਘ ਆਜ਼ਾਦ ਇਸ ਸੰਗ੍ਰਹਿ ਦਾ ਸਵਾਗਤ ਤਾਂ ਕਰਦੇ ਹਨ ਪ੍ਰੰਤੂ ਮਾਮੂਲੀ ਗ਼ਲਤੀਆਂ ਕੱਢਦੇ ਹਨ। ਅਦਬੀ ਮਹਿਕ ਦੇ ਸੰਪਾਦਕ ਨੇ ਲਿਖਿਆ ਹੈ ਇਹ ਪੁਸਤਕ ਪੰਜਾਬੀ ਸਾਹਿਤ ਦਾ ਅਮੁਲ ਦਸਤਾਵੇਜ਼ ਹੈ। ਸਰਬਜੀਤ ਸਿੰਘ ਕਹਿੰਦਾ ਹੈ ਇਨ੍ਹਾਂ ਖਤਾਂ ਤੋਂ ਪੰਜਾਬੀ ਲੇਖਕਾਂ ਦੀ ਮਾਨਸਿਕਤਾ ਦੇ ਦਰਸ਼ਨ ਹੁੰਦੇ ਹਨ। ਅਭੈ ਸਿੰਘ ਕਿਸ ਸਵਾਲ ਦੇ ਜਵਾਬ ਵਿੱਚ ਇਹ ਖਤ ਲਿਖੇ ਗਏ ਹਨ ਦੱਸਣਾ ਬਣਦਾ ਸੀ। ‘ਮੁੱਖ ਬੰਦ’ ਪੁਸਤਕ ਵਿੱਚ ਡਾ.ਤੇਜਵੰਤ ਮਾਨ ਵੱਲੋਂ ਲਿਖੇ ਗਏ ਵੱਖ-ਵੱਖ ਪੁਸਤਕਾਂ ਦੇ ਲਿਖੇ ਮੁੱਖ ਬੰਦ ਇਕੱਠੇ ਕਰਕੇ ਡਾ.ਸਤਿੰਦਰ ਕੌਰ ਮਾਨ ਵੱਲੋਂ ਸੰਪਾਦਤ ਕੀਤੀ ਪੁਸਤਕ ਹੈ। ਇਸ ਪੁਸਤਕ ਬਾਰੇ ਪੰਜ ਲੇਖਕਾਂ ਦੇ ਵਿਚਾਰ ਹਨ। ਪ੍ਰੇਮ ਗੋਰਖੀ, ਲਾਭ ਸਿੰਘ ਖੀਵਾ, ਪ੍ਰੀਤਮ ਸਿੰਘ, ਦਰਸ਼ਨ ਸਿੰਘ ਪ੍ਰੀਤੀਮਾਨ ਅਤੇ ਲਾਲ ਸਿੰਘ ਦਸੂਹਾ ਨੇ ਸ਼ਲਾਘਾ ਕੀਤੀ ਹੈ।  ‘ਅਨੁਸਰਨ’ ਬਾਰੇ 6 ਵਿਦਵਾਨਾ ਦੇ ਲੇਖ ਹਨ। ਨਿਰੰਜਣ ਬੋਹਾ ਨੇ ਲਿਖਿਆ ਹੈ ਮਨੁੱਖੀ ਜੀਵਨ ਤੇ ਇਸ ਦੀ ਵਿਆਖਿਆ ਕਰਨ ਵਾਲੀ ਸਾਹਿਤਕ ਦਿ੍ਰਸ਼ਟੀ ਨੂੰ ਵਿਗਿਆਨਕ ਤੇ ਬਾਹਰਮੁੱਖੀ ਅਰਥ ਪ੍ਰਦਾਨ ਕਰਨ ਦੀ ਚੇਤੰਨ ਕੋਸ਼ਿਸ਼ ਹੈ। ਨਰੇਸ਼ ਕੋਹਲੀ ਡਾ. ਮਾਨ ਦੇ ਚਿੰਤਨ ਦੀਆਂ ਬਾਰੀਕੀਆਂ ਦੀ ਪ੍ਰਸੰਸਾ ਕਰਦਾ ਲਿਖਦਾ ਹੈ ‘ਆਲੋਚਨਾ ਵਿੱਚ ਤੁਸੀਂ ਮੁਸਤਨਿਦ ਵਿਦਵਾਨ ਹੋ’। ਅਸ਼ਵਨੀ ਗੁਪਤਾ ਅਨੁਸਰਨ ਸੋਚ ਨੂੰ ਨਵਾਂ ਹੁਲਾਰਾ ਦਿੰਦੀ ਹੈ। ਮਧੂ ਬਾਲਾ ਡਾ.ਅਨੁਸਰਨ ਦਾ ਅਧਿਐਨ ਕਰਨ ਨਾਲ ਮਨ ਨੂੰ ਤਸੱਲੀ ਹੋਈ। ਹਰਭਜਨ ਸਿੰਘ ਭਾਟੀਆ ਜਿਥੇ ਪੰਜਾਬੀ ਬੋਲੀ ਦੀ ਲੋਕਧਾਰਾਈ ਪਹਿਚਾਣ ਬਾਰੇ ਅਤੇ ਇਸ ਦੇ ਵਿਗਾੜ ਬਾਰੇ ਪ੍ਰਤੀਬਧਤਾ ਦੀ ਪ੍ਰਸੰਸਾ ਕਰਦਾ ਹੈ, ਉਥੇ ਹੀ ਪੁਸਤਕ ਦੇ ਨਾਂ ਤੇ ਕਿੰਤੂ ਪ੍ਰੰਤੂ ਕਰਦਾ ਹੈ। ‘ਲੋਕ-ਉਕਤੀ’ ਆਲੋਚਨਾ ਨਿਬੰਧਾਂ ਦੀ ਪੁਸਤਕ ਹੈ, ਜਸਵਿੰਦਰ ਕੌਰ ਬਿੰਦਰਾ ਅਨੁਸਾਰ ਇਸ ਪੁਸਤਕ ਵਿੱਚ ਸਖ਼ਸ਼ੀਅਤਾਂ ਤੇ ਨਿੱਜੀ ਅਨੁਭਵ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਤੇ ਹੋਰ ਆਲੋਚਨਾਤਮਿਕ ਨਿਬੰਧ ਸ਼ਾਮਲ ਹਨ। ਭਗਤ ਰਾਮ ਸ਼ਰਮਾ ਕਹਿੰਦੇ ਹਨ, ਡਾ.ਮਾਨ ਦੀ ਬੇਬਾਕ ਆਲੋਚਨਾ ਨੇ ਉਸ ਦੀ ਆਲੋਚਨਾ ਦੇ ਖੇਤਰ ਵਿੱਚ ਵੱਖਰੀ ਪਛਾਣ ਨਿਰਧਾਰਤ ਕਰ ਦਿੱਤੀ ਹੈ। ਨਿਰਮਲਜੀਤ ਕੌਰ ਜੋਸਨ ਲਿਖਦੇ ਹਨ ਕਿ ਇਸ ਪੁਸਤਕ ਵਿੱਚੋਂ ਬੇਬਾਕੀ, ਪ੍ਰੋੜ੍ਹਤਾ, ਮੌਲਿਕਤਾ, ਨਵੀਨਤਾ ਅਤੇ ਵਿਗਿਆਨਕ ਆਲੋਨਾਤਮਿਕ ਦਿ੍ਰਸ਼ਟੀ ਦੇ ਝਲਕਾਰੇ ਮਿਲਦੇ ਹਨ। ਪਰਵੇਸ਼ ਪੁਸਤਕ ਬਾਰੇ ਧਰਮਪਾਲ ਸਾਹਿਲ ਕਹਿੰਦੇ ਹਨ ਕਿ ਲੇਖਕਾਂ, ਖੋਜੀਆਂ ਅਤੇ ਆਲੋਚਕਾਂ ਲਈ ਇਕ ਮਹੱਤਵਪੂਰਨ ਸਾਂਭਣਯੋਗ ਦਸਤਾਵੇਜ਼ ਹੈ। ਜਗਿਆਸਾ ਪੁਸਤਕ  ਬਾਰੇ ਚਾਰ ਲੇਖਕਾਂ ਦੇ ਲੇਖ ਹਨ ਜਿਨ੍ਹਾਂ ਵਿੱਚੋਂ ਤੇਜਾ ਸਿੰਘ ਤਿਲਕ ਆਲੋਚਨਾ ਦੀ ਥਾਂ ਡਾਇਰੀ ਦਾ ਹੀ ਇਕ ਰੂਪ ਕਹਿੰਦਾ ਹੈ ਪ੍ਰੰਤੂ ਜਗਿਆਸਾ ਪੁਸਤਕ ਪੜ੍ਹਨਯੋਗ ਤੇ ਸਾਹਿਤ ਦੀ ਆਲੋਚਨਾਂ ਬਾਰੇ ਕੁਝ ਨਵੀਂਆਂ ਗੱਲਾਂ ਜਾਣਨਯੋਗ ਹਨ। ਅਰਵਿੰਦਰ ਕੌਰ ਕਾਕੜਾ ਅਨੁਸਾਰ ਉਸ ਨੂੰ ਪ੍ਰਗਤੀਵਾਦੀ ਸਾਹਿਤ ਪ੍ਰਤੀ ਚਿਣਗ ਮਾਨ ਦੇ ਵਿਚਾਰਾਂ ਤੋਂ ਜਾਗੀ ਹੈ। ਗੁਰਦੇਵ ਸਿੰਘ ਸਿੱਧੂ ਡਾ.ਮਾਨ ਦੀ ਆਲੋਚਨਾ ਦੀ ਸੁਰ ਸਮਰਪਣ ਅਤੇ ਕਾਵਿ-ਸੰਪਾਦਕੀ ਵਿੱਚੋਂ ਦਿ੍ਰਸ਼ਟੀਗੋਚਰ ਹੋ ਜਾਂਦੀ ਹੈ। ਅਭੈ ਸਿੰਘ ਜਗਿਆਸਾ ਦੇ ਨਿਬੰਧਾਂ ਤੋਂ ਸੰਤੁਸ਼ਟ ਨਹੀਂ ਲਗਦਾ। ‘ਸ਼ਬਦ ਸ਼ਕਤੀ’ ਵੀਨਾ ਅਰੋੜਾ ਡਾ.ਮਾਨ ਦੀ ਆਲੋਚਨਾ ਨੂੰ ਨਿਰਪੱਖ ਕਹਿੰਦੀ ਹੈ। ਜੰਗ ਬਹਾਦਰ ਸਿੰਘ ਘੁੰਮਣ ਅਨੁਸਾਰ ਇਹ ਪੁਸਤਕ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਰਾਹ ਦਸੇਰਾ ਬਣੇਗੀ। ਗੁਰਬਚਨ ਸਿੰਘ ਭੁੱਲਰ ਲਿਖਦੇ ਹਨ ਕਿ ਡਾ.ਮਾਨ ਪੰਜਾਬੀ ਆਲੋਚਨਾਂ ਵਿੱਚ ਹੋ ਰਹੀਆਂ ਭਾਂਤ ਭਾਂਤ ਦੀਆਂ ਊਲ-ਜਲੂਲੀਆਂ ਦੇ ਝੱਖੜਾਂ ਵਿੱਚ ਨਿਰੰਤਰ ਲੋਕ ਹਿਤੈਸ਼ੀ ਸਿਧਾਂਤਕ-ਵਿਚਾਰਧਾਰਕ ਪੈਂਤਰੇ ਉਤੇ ਅਡੋਲ ਚਲ ਰਿਹਾ ਹੈ। ‘ਬੰਦ ਗਲੀ ਦੀ ਸਿਆਸਤ’ ਬਾਰੇ ਬਿਕਰਮਜੀਤ ਨੂਰ ਸਭਿਅਚਾਰ, ਰਾਜਸੀ, ਸਾਹਿਤਕ, ਭਾਸ਼ਾਈ ਤੇ ਵਿਦਿਅਕ ਪ੍ਰਣਾਲੀ ਨਾਲ ਸੰਬੰਧਤ ਮਸਲਿਆਂ ਨੂੰ ਬਾਦਲੀਲ ਵਿਚਾਰ ਕੇ ਦਸਤਾਵੇਜ਼ ਵਜੋਂ ਸਾਂਭ ਲਿਆ ਹੈ। ‘ਕਾਗਦਿ ਕੀਮ ਨਾ ਪਾਈ’ ਕਿਤਾਬ ਬਾਰੇ ਹਾਕਮ ਸਿੰਘ ਨੂਰ ਅਤੇ ਭਗਤ ਰਾਮ ਸ਼ਰਮਾ ਨੇ ਪ੍ਰਸੰਸਾ ਕਰਦਿਆਂ ਦਲੇਰੀ ਵਾਲਾ ਇਤਿਹਾਸਕ ਕੰਮ ਕਿਹਾ ਹੈ। ‘ਪਾਠ ਆਨੰਦ’ ਪੁਸਤਕ ਨੂੰ ਬਚਨ ਸਿੰਘ ਗੁਰਮ, ਸੁਖਦੇਵ ਸਿੰਘ ਮਾਨ ਅਤੇ ਜਗਦੀਸ਼ ਰਾਏ ਕੁਲਰੀਆਂ ਆਲੋਚਨਾਤਮਕ ਹੋਣ ਦੇ ਨਾਲ ਗਿਆਨ ਭਰਪੂਰ ਕਹਿੰਦੇ ਹਨ। ‘ਰੀਵਿਊਕਾਰੀ’ ਪੁਸਤਕ ਬਾਰੇ ਮੋਹਨ ਲਾਲ ਫਿਲੌਰੀਆ ਬਨਾਰਸ ਅਤੇ ਲਾਭ ਸਿੰਘ ਖੀਵਾ ਡਾ.ਮਾਨ ਦੀ ਨਿਰਪੱਖ ਤੇ ਨਿਆਂ ਸੰਗਤ ਪਹੁੰਚ ਦੀ ਪ੍ਰਸੰਸਾ ਕਰਦੇ ਹਨ। ‘ਅਰਥ’ ਪੁਸਤਕ ਬਾਰੇ ਸੁਦਰਸ਼ਨ ਗਾਸੋ ਕਹਿੰਦਾ ਹੈ ਕਿ ਇਹ ਪੁਸਤਕ ਇਤਿਹਾਸਕ ਮੁੱਲ ਅਤੇ ਮਹੱਤਵ ਵਾਲੀ ਹੈ। ਗੁਰਬਚਨ ਸਿੰਘ ਭੁੱਲਰ ਇਸ ਪੁਸਤਕ ਨੂੰ ਡਾ.ਮਾਨ ਦੀ ਨਿਧੜਕ ਆਲੋਚਨਾ ਦਾ ਦਸਤਾਵੇਜ਼ ਕਹਿੰਦੇ ਹਨ। ਗੁਰਦਿਆਲ ਸਿੰਘ ਤੇਜਵੰਤ ਮਾਨ ਨੂੰ ਕਿਸੇ ਲੇਖਕ ਦੀ ਆਪਣੀ ਮਰਜ਼ੀ ਨਾਲ ਆਲੋਚਨਾ ਕਰਨ ਤੋਂ ਵਰਜ਼ਦਾ ਨਹੀਂ ਪ੍ਰੰਤੂ ਉਸ ਨੂੰ ਨਿੱਜੀ ਸਲਾਹ ਦੇਣ ‘ਤੇ ਕਿੰਤੂ ਪ੍ਰੰਤੂ ਕਰਦਾ ਹੈ। ਡਾ.ਤੇਜਵੰਤ ਮਾਨ ਆਲੋਚਨਾ ਕਰਨ ਸਮੇਂ ਬੇਬਾਕੀ ਤੇ ਧੜੱਲੇ ਨਾਲ ਆਪਣੀ ਗੱਲ ਕਹਿੰਦਾ ਹੈ ਭਾਵੇਂ ਕਿਸੇ ਦੇ ਗੋਡੇ ਤੇ ਗਿੱਟੇ ਲੱਗੇ। ਅਜਮੇਰ ਔਲਖ ਲਿਖਦਾ ਹੈ ਤੇਜਵੰਤ ਮਾਨ ਗੁਰਦਿਆਲ ਸਿੰਘ ਦੇ ਨਾਵਲਾਂ ਦੀ ਵਿਗਿਆਨਕ ਪੜਤਾਲ ਕਰਨ ਦੀ ਥਾਂ ਉਹ ਆਪਣੀ ਧਾਰਨਾ ਜਾਂ ਵਿਸ਼ਵਾਸ ਦਸਣ ਲਈ ਕਾਹਲਾ ਜਾਪਦਾ ਹੈ। ਇਸ ਤੋਂ ਇਲਾਵਾ ਹੋਰ ਦਰਜਨਾ ਵਿਦਵਾਨਾ ਨੇ ਆਪਣੇ ਵਿਚਾਰ ਲਿਖੇ ਹਨ।
395 ਰੁਪਏ ਕੀਮਤ ਵਾਲੀ ਇਹ ਪੁਸਤਕ ਨਵਰੰਗ ਪਬਲੀਕੇਸ਼ਨਜ਼ ਸਮਾਣਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
   ujagarsingh48@yahoo.com

ਪਟਿਆਲਾ ਦਾ ਨਾਮ ਰੌਸ਼ਨ ਕਰਨ ਵਾਲੇ ਆਈ.ਏ.ਐਸ. ਅਧਿਕਾਰੀ - ਉਜਾਗਰ ਸਿੰਘ

ਪਟਿਆਲਾ ਨੂੰ ਮਾਣ ਜਾਂਦਾ ਹੈ ਕਿ ਵਿਦਿਆ ਦਾ ਮੁੱਖ ਕੇਂਦਰ ਹੋਣ ਕਰਕੇ ਇਥੋਂ ਦੇ ਵਸਿੰਦੇ ਪੰਜਾਬ ਵਿੱਚ ਵਧੇਰੇ ਆਈ.ਏ.ਐਸ.ਅਧਿਕਾਰੀ ਹੋਏ ਹਨ। ਵੈਸੇ ਪੰਜਾਬ ਵਿੱਚੋਂ ਹੁਸ਼ਿਆਰਪੁਰ ਦਾ ਨਾਂ ਪਹਿਲੇ ਨੰਬਰ ‘ਤੇ ਆਉਂਦਾ ਹੈ ਪ੍ਰੰਤੂ ਪਟਿਆਲਾ ਦੇ ਰਹਿਣ ਵਾਲੇ ਮੁੱਖ ਸਕੱਤਰ ਡਿਪਟੀ ਕਮਿਸ਼ਨਰ ਦੇ ਮਹੱਤਵਪੂਰਨ ਅਹੁਦਿਆਂ ‘ਤੇ ਵਧੇਰੇ ਮਾਤਰਾ ਵਿੱਚ ਰਹੇ ਹਨ। ਕਹਿਣ ਤੋਂ ਭਾਵ ਪੰਜਾਬ ਦੇ ਵਿਕਾਸ ਵਿੱਚ ਪਟਿਆਲਾ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ। ਮੁੱਖ ਸਕੱਤਰ ਅਤੇ ਡਿਪਟੀ ਕਮਿਸ਼ਨਰ ਜਿਲ੍ਹੇ ਦੇ ਸਮੁੱਚੇ ਵਿਕਾਸ ਦੀ ਨਿਗਰਾਨੀ ਕਰਨ ਦਾ ਜ਼ਿੰਮੇਵਾਰ ਹੁੰਦਾ ਹੈ। ਸਕੱਤਰ ਪੰਜਾਬ ਦੇ ਸਾਰੇ ਵਿਭਾਗਾਂ ਦੇ ਮੁੱਖੀਆਂ ਅਤੇ ਡਿਪਟੀ ਕਮਿਸ਼ਨਰ ਜਿਲ੍ਹੇ ਦੇ ਸਾਰੇ ਵਿਭਾਗਾਂ ਦੇ ਮੁੱਖੀ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਕਰਦਾ ਹੈ। ਪੰਜਾਬ ਦੇ ਵੱਖ-ਵੱਖ ਜਿਲਿ੍ਹਆਂ ਵਿੱਚ ਰਹੇ ਪਟਿਆਲਾ ਦੇ 5 ਮੁੱਖ

ਸਕੱਤਰ /ਵਧੀਕ/ਸ਼ਪੈਸ਼ਲ ਮੁੱਖ ਸਕੱਤਰ ਤੇ ਦੋ ਦਰਜਨ ਦੇ ਲਗਪਗ ਮਰਦ ਡਿਪਟੀ ਕਮਿਸ਼ਨਰਾਂ ਵਿੱਚ ਅਨੁਰਿਧ ਤਿਵਾੜੀ, ਅਨੁਰਾਗ ਵਰਮਾ, ਕਰਨਵੀਰ ਸਿੰਘ ਸਿੱਧੂ, ਕਾਹਨ ਸਿੰਘ ਪੰਨੂੰ, ਵਿਕਾਸ ਪ੍ਰਤਾਪ, ਕੁਲਵੀਰ ਸਿੰਘ ਕੰਗ, ਹਰਕੇਸ਼ ਸਿੰਘ ਸਿੱਧੂ, ਐਸ.ਕੇ.ਆਹਲੂਵਾਲੀਆ, ਮਨਜੀਤ ਸਿੰਘ ਨਾਰੰਗ, ਮਹਿੰਦਰ ਸਿੰਘ ਕੈਂਥ, ਸ਼ਿਵਦੁਲਾਰ ਸਿੰਘ ਢਿਲੋਂ, ਅੰਮਿ੍ਰਤਪਾਲ ਸਿੰਘ ਵਿਰਕ, ਗੁਰਪਾਲ ਸਿੰਘ ਚਾਹਲ, ਜਸਕਿਰਨ ਸਿੰਘ, ਗੁਰਮੇਲ ਸਿੰਘ ਬੈਂਸ, ਅਮਰਜੀਤ ਸਿੰਘ ਸਿੱਧੂ, ਧਰਮਪਾਲ ਗੁਪਤਾ, ਸੁਰੇਸ਼ ਸ਼ਰਮਾ, ਵਰਿੰਦਰ ਸ਼ਰਮਾ, ਅਸ਼ੋਕ ਸਿੰਗਲਾ ਅਤੇ ਰਾਜੇਸ਼ ਧੀਮਾਨ ਹਨ। ਅਨੁਰਿਧ ਤਿਵਾੜੀ ਪੰਜਾਬ ਦੇ ਮੁੱਖ ਸਕੱਤਰ ਰਹੇ ਹਨ। ਉਹ ਬਹੁਤ ਹੀ ਮਹੱਤਵਪੂਰਨ ਵਿਭਾਗਾਂ ਦੇ ਮੁਖੀ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਵੀ ਰਹੇ ਹਨ। ਉਹ ਪਟਿਆਲਾ ਹੀ ਪੜ੍ਹੇ ਹਨ ਅਤੇ ਇੰਜਿਨੀਅਰਿੰਗ ਦੀ ਡਿਗਰੀ ਥਾਪਰ ਇਨਸਟੀਚਿਊਟ ਆਫ ਇੰਜਿਨੀਅਰਿੰਗ ਐਂਡ ਟੈਕਨਾਲੋਜੀ ਤੋਂ ਕਰਕੇ ਇਕਨਾਮਿਕਸ ਵਿੱਚ ਮਾਸਟਰ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਉਨ੍ਹਾਂ ਮਾਸਟਰ ਡਿਗਰੀ ਇਨ ਇੰਟਰਨੈਸ਼ਨਲ  ਡਿਵੈਲਪਮੈਂਟ ਪਾਲਿਸੀ ਡਿਊਕ ਯੂਨੀਵਰਸਿਟੀ ਤੋਂ ਪਾਸ ਕੀਤੀ। ਉਹ 1990 ਬੈਚ ਦੇ ਆਈ.ਏ.ਐਸ.ਅਧਿਕਾਰੀ ਹਨ। ਅਨੁਰਾਗ ਵਰਮਾ ਵਰਤਮਾਨ ਪੰਜਾਬ ਦੇ ਮੁੱਖ ਸਕੱਤਰ ਜੋ ਤਿੰਨ ਜਿਲਿ੍ਹਆਂ ਬਠਿੰਡਾ, ਲੁਧਿਆਣਾ ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਰਹੇ। ਇਸ ਤੋਂ ਇਲਾਵਾ ਉਨ੍ਹਾਂ ਮਾਲ ਵਿਭਾਗ ਦੇ ਵਿਤ ਕਮਿਸ਼ਨਰ ਹੁੰਦਿਆਂ ਖੇਤੀਬਾੜੀ ਦੇ ਲੈਂਡ ਰਿਕਾਰਡ ਦਾ ਕੰਪਿਊਟਰੀਕਰਨ ਕਰਵਾਉਣ ਦਾ ਕੰਮ ਸ਼ੁਰੂ ਕਰਵਾਇਆ। ਪੰਜਾਬ ਦੇ 1000 ਪਿੰਡਾਂ ਵਿੱਚ ਪਲੇਅ ਗਰਾਊਂਡ ਅਤੇ ਪਾਰਕ ਬਣਵਾਏ। ਉਨ੍ਹਾਂ ਦਾ ਪਰਿਵਾਰ ਵਿਦਿਅਕ ਮਾਹਿਰਾਂ ਦਾ ਪਰਿਵਾਰ ਗਿਣਿਆਂ ਜਾਂਦਾ ਹੈ। ਅਨੁਰਾਗ ਵਰਮਾ ਦਾ ਪਿੰਡ ਚਲੈਲਾ ਪਟਿਆਲਾ ਜਿਲ੍ਹੇ ਵਿੱਚ ਹੈ। ਉਨ੍ਹਾਂ ਦੇ ਪਿਤਾ ਪ੍ਰੋ.ਬੀ.ਸੀ.ਵਰਮਾ ਮਹਿੰਦਰਾ ਕਾਲਜ ਦੇ ਪਿ੍ਰੰਸੀਪਲ ਅਤੇ ਮਾਤਾ ਪਿ੍ਰੰਸੀਪਲ ਕੌਸ਼ਲਿਆ ਵਰਮਾ ਉਪ ਜਿਲ੍ਹਾ ਸਿਖਿਆ ਅਧਿਕਾਰੀ ਸੇਵਾ ਮੁਕਤ ਹੋਏ ਹਨ। ਅਨੁਰਾਗ ਵਰਮਾ ਨੇ ਥਾਪਰ ਇਨਸਟੀਚਿਊਟ ਆਫ ਇੰਜਿਨੀਅਰਿੰਗ ਐਂਡ ਟੈਕਨਾਲੋਜੀ ਤੋਂ ਇਲੈਕਟ੍ਰਾਨਿਕ ਕਮਿਊਨੀਕੇਸ਼ਨ ਵਿੱਚ ਡਿਗਰੀ ਕੀਤੀ ਹੈ। ਉਹ ਗੋਲਡ ਮੈਡਲਿਸਟ ਹਨ। ਆਈ.ਏ.ਐਸ.ਦੇ 1993 ਬੈਚ ਵਿੱਚੋਂ 7ਵੇਂ ਨੰਬਰ ਤੇ ਆਏ ਸਨ। ਕਰਨਵੀਰ ਸਿੰਘ ਸਿੱਧੂ ਦਾ ਪਿਛੋਕੜ ਬਠਿੰਡਾ ਜਿਲ੍ਹੇ ਦਾ ਹੈ ਪ੍ਰੰਤੂ ਉਨ੍ਹਾਂ ਦੇ ਮਾਤਾ ਪਿਤਾ ਪਟਿਆਲਾ ਵਿਖੇ ਹੀ ਨੌਕਰੀ ਕਰਦੇ ਰਹੇ ਹਨ। ਉਹ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਹੀ ਪੜ੍ਹੇ ਹਨ ਅਤੇ ਥਾਪਰ ਇਨਸਟੀਚਿਊਟ ਆਫ ਇੰਜਿਨੀਅਰਿੰਗ ਤੋਂ ਇੰਜਿਨੀਅਰਿੰਗ ਦੀ  ਡਿਗਰੀ ਗੋਲਡ ਮੈਡਲਿਸਟ ਲੈ ਕੇ ਪਾਸ ਕੀਤੀ ਹੈ। 1996-97 ਵਿੱਚ ਉਹ ਇੰਗਲੈਂਡ ਦੀ ਯੂਨੀਵਰਸਿਟੀ ਆਫ ਮਾਨਚੈਸਟਰ ਵਿੱਚ ਵੀ ਪੜ੍ਹੇ ਹਨ। ਉਹ ਕਈ ਮਹੱਤਵਪੂਰਨ ਵਿਭਾਗਾਂ ਦੇ ਸਕੱਤਰ ਅਤੇ ਸਪੈਸ਼ਲ ਮੁੱਖ ਸਕੱਤਰ ਸੇਵਾ ਮੁਕਤ ਹੋਏ ਹਨ। ਉਹ ਦਹਿਸ਼ਗਰਦੀ ਦੇ ਦਿਨਾ ਵਿੱਚ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸਨ, ਜਦੋਂ ਇਕ ਜਹਾਜ ਅਗਵਾ ਹੋ ਗਿਆ ਸੀ ਤਾਂ ਉਨ੍ਹਾਂ ਅਗਵਾਕਾਰਾਂ ਨਾਲ ਜਹਾਜ ਵਿੱਚ ਜਾ ਕੇ ਗੱਲਬਾਤ ਕਰਕੇ ਸੁਰੈਂਡਰ ਕਰਵਾਇਆ ਤੇ ਮੁਸਾਫਰਾਂ ਨੂੰ ਛੁਡਵਾਇਆ ਸੀ। ਗਿਆਨ ਸਿੰਘ ਰਾੜੇਵਾਲਾ ਦਾ ਪਿਛੋਕੜ ਭਾਵੇਂ ਲੁਧਿਆਣਾ ਜਿਲ੍ਹੇ ਦਾ ਹੈ ਪ੍ਰੰਤੂ ਬਹੁਤਾ ਸਮਾਂ ਪਟਿਆਲਾ ਹੀ ਰਹੇ ਸਨ। ਉਨ੍ਹਾਂ ਦੀ ਪਤਨੀ ਮਨਮੋਹਨ ਕੌਰ ਪਟਿਆਲਾ ਤੋਂ ਲੋਕ ਸਭਾ ਦੀ ਚੋਣ ਵੀ ਲੜੀ ਸੀ। ਉਹ ਇੱਕੋ ਇੱਕ ਅਜਿਹੇ ਵਿਅਕਤੀ ਹਨ, ਜਿਹੜੇ ਪੈਪਸੂ ਵਿੱਚ ਪਟਿਆਲਾ ਦੇ ਡਿਪਟੀ ਕਮਿਸ਼ਨਰ, ਸ਼ੈਸ਼ਨਜ ਜੱਜ, ਹਾਈ ਕੋਰਟ ਦੇ ਜੱਜ, ਪੰਜਾਬ ਦੇ ਮੰਤਰੀ ਅਤੇ ਪੈਪਸੂ ਦੇ ਮੁੱਖ ਮੰਤਰੀ ਰਹੇ ਹਨ। ਉਹ ਵੀ ਇਮਾਨਦਾਰੀ ਦੇ ਪ੍ਰਤੀਕ ਦੇ ਤੌਰ ‘ਤੇ ਜਾਣੇ ਜਾਂਦੇ ਸਨ। ਹਰਕੇਸ਼ ਸਿੰਘ ਸਿੱਧੂ ਦੀ ਮਾਲ ਰਿਕਾਰਡ ਦਾ ਕੰਪਿਊਟਰੀਕਰਨ ਕਰਨ ਵਿੱਚ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਹੈ। ਮਾਲ ਰਿਕਾਰਡ ਦਾ ਕੰਪਿਊਟਰੀਕਰਨ ਕਰਵਾਉਣ ਵਾਲੇ ਉਹ ਪਹਿਲੇ ਡਿਪਟੀ ਕਮਿਸ਼ਨਰ ਹਨ। ਭਾਵੇਂ ਬਾਕੀ ਜਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੇ ਵੀ ਕੰਪਿਊਟਰੀਕਰਨ ਕਰਵਾਇਆ ਹੈ ਪ੍ਰੰਤੂ ਹਰਕੇਸ਼ ਸਿੰਘ ਸਿੱਧੂ ਨੇ ਨਿਸਚਤ ਸਮੇਂ ਤੋਂ ਵੀ ਪਹਿਲਾਂ ਮੁਕੰਮਲ ਕਰਵਾ ਦਿੱਤਾ ਸੀ। ਉਨ੍ਹਾਂ ਦੀ ਨਿਰਪੱਖਤਾ ਅਤੇ ਇਮਾਨਦਾਰੀ ਕਈ ਵਾਰੀ ਉਨ੍ਹਾਂ ਲਈ ਮੁਸ਼ਕਲਾਂ ਖੜ੍ਹੀਆਂ ਕਰਦੀ ਰਹੀ, ਜਿਸ ਕਰਕੇ ਉਨ੍ਹਾਂ ਨੂੰ ਤਿੰਨ ਜਿਲਿ੍ਹਆਂ ਵਿੱਚ ਜਾਣਾ ਪਿਆ ਕਿਉਂਕਿ ਉਹ ਗ਼ਲਤ ਕੰਮਾਂ ਲਈ ਸਿਆਸਤਦਾਨਾ ਤੇ ਸੀਨੀਅਰ ਅਧਿਕਾਰੀਆਂ ਦੀ ਪਰਵਾਹ ਨਹੀਂ ਕਰਦੇ ਸਨ। ਉਸ ਨੇ ਮਾਲ ਵਿਭਾਗ ਵਿੱਚੋਂ ਭਰਿਸ਼ਟਾਚਾਰ ਖ਼ਤਮ ਕਰਨ ਦਾ ਆਪਣਾ ਨਿਰਾਲੇ ਢੰਗ ਨਾਲ ਕੰਮ ਕੀਤਾ ਹੈ। ਉਹ ਹਰ ਰੋਜ਼  ਰਜਿਸਟਰੀਆਂ ਕਰਵਾਉਣ ਵਾਲਿਆਂ ਨੂੰ ਟੈਲੀਫ਼ੋਨ ਕਰਕੇ ਪੁਛਦੇ ਸਨ ਕਿ ਉਨ੍ਹਾਂ ਨੇ ਰਿਸ਼ਵਤ ਤਾਂ ਨਹੀਂ ਦਿੱਤੀ। ਕਈ ਕੇਸਾਂ ਵਿੱਚ ਉਨ੍ਹਾ ਰਿਸ਼ਵਤ ਦੇ ਪੈਸੇ ਵਾਪਸ ਵੀ ਕਰਵਾਏ ਹਨ। ਉਹ ਆਪਣੇ ਪਿੰਡ ਦੇ ਸਰਪੰਚ ਰਹੇ ਹਨ, ਇਸ ਕਰਕੇ ਉਨ੍ਹਾਂ ਨੂੰ ਪਿੰਡਾਂ ਦੇ ਲੋਕਾਂ ਦੇ ਰਸਤੇ ਵਿੱਚ ਆਉਣ ਵਾਲੀਆਂ ਔਕੜਾਂ ਬਾਰੇ ਪੂਰੀ ਜਣਕਾਰੀ ਸੀ। ਇਸੇ ਤਰ੍ਹਾਂ ਐਸ.ਕੇ.ਆਹਲੂਵਾਲੀਆ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਦੀ ਯਾਦ ਵਿੱਚ ਆਯੋਜਤ ਕੀਤੇ ਜਾਂਦੇ ਫ਼ਤਿਹਗੜ੍ਹ ਦੇ ਸ਼ਹੀਦੀ ਜੋੜ ਮੇਲ ਦੇ ਮੌਕੇ ‘ਤੇ ਖੀਰ-ਪੂੜੇ, ਮਠਿਆਈਆਂ ਅਤੇ ਹੋਰ ਅਜਿਹੇ ਲੰਗਰ ਲਗਾਉਣ ‘ਤੇ ਪਾਬੰਦੀ ਲਾ ਕੇ ਸਿੱਖ ਧਰਮ ਦੀ ਪਵਿਤਰਤਾ ਬਰਕਰਾਰ ਰੱਖਣ ਵਿੱਚ ਵਿਲੱਖਣ ਯੋਗਦਾਨ ਪਾਇਆ ਸੀ, ਇਸ ਤੋਂ ਇਲਾਵਾ ਉਨ੍ਹਾਂ ਜੋੜ ਮੇਲ ਦੌਰਾਨ ਧਾਰਮਿਕ ਸ਼ਬਦਾਂ ਤੋਂ ਇਲਾਵਾ ਹੋਰ ਸਾਰੇ ਗਾਣਿਆਂ ਅਤੇ ਅਸੱਭਿਅਕ ਕਾਰਵਾਈਆਂ ਦੀ ਵੀ ਮਨਾਹੀ ਕਰ ਦਿੱਤੀ ਸੀ। ਫਤਿਹਗੜ੍ਹ ਸਾਹਿਬ ਦੇ ਐਂਟਰੀ ਪੁਅਇੰਟਾਂ ‘ਤੇ ਯਾਦਗਾਰੀ ਗੇਟਾਂ ਦੀ ਉਸਾਰੀ ਵੀ ਕਰਵਾਈ ਸੀ। ਜਿਹੜਾ ਕੰਮ ਕੋਈ ਸਿੱਖ ਡਿਪਟੀ ਕਮਿਸ਼ਨਰ ਵੀ ਨਹੀਂ ਕਰਵਾ ਸਕਿਆ ਉਹ ਕੰਮ ਐਸ.ਕੇ.ਆਹਲੂਵਾਲੀਆ ਨੇ ਕਰਕੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਵਿਕਾਸ ਪ੍ਰਤਾਪ ਫਤਿਹਗੜ੍ਹ ਵਿਖੇ ਡਿਪਟੀ ਕਮਿਸ਼ਨਰ ਰਹੇ ਹਨ। ਉਹ ਬਹੁਤ ਮਿਹਨਤੀ ਅਤੇ ਦੂਰਅੰਦੇਸ਼ੀ ਨਾਲ ਵਿਕਾਸ ਦੇ ਕੰਮ ਕਰਵਾਉਂਦੇ ਰਹੇ ਹਨ। ਸ਼ਿਵਦੁਲਾਰ ਸਿੰਘ ਢਿਲੋਂ ਅੰਮਿ੍ਰਤਸਰ ਸੈਂਸੇਟਿਵ ਜਿਲ੍ਹਾ ਤੇ ਪਵਿਤਰ ਸ਼ਹਿਰ ਦੇ ਡਿਪਟੀ ਕਮਿਸ਼ਨਰ ਰਹੇ ਹਨ। ਜਦੋਂ  ਭਾਰਤੀ ਜਵਾਨ ਵਿੰਗ ਕਮਾਂਡਰ ਅਭਿਨੰਦਨ ਵਰਥਮਨ ਦਾ ਜਹਾਜ ਪਾਕਿਸਤਾਨੀਆਂ ਨੇ ਸੁੱਟ ਲਿਆ ਸੀ, ਜਦੋਂ ਉਸ ਨੂੰ ਪਾਕਿਸਤਾਨ ਨੇ 1 ਮਾਰਚ 2019 ਨੂੰ ਵਾਹਗਾ ਸਰਹੱਦ ‘ਤੇ ਲਿਆਕੇ ਛੱਡਣਾ ਸੀ ਤਾਂ ਦੇਸ਼ ਵਿਦੇਸ਼ ਦਾ ਮੀਡੀਆ ਉਥੇ ਪਹੁੰਚਿਆ ਹੋਇਆ ਸੀ, ਜੋ ਉਸ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ। ਸ਼ਿਵਦੁਲਾਰ ਸਿੰਘ ਢਿਲੋਂ ਨੇ ਬਹੁਤ ਹੀ ਸਿਆਣਪ ਅਤੇ ਸੰਜੀਦਗੀ ਨਾਲ ਉਸ ਹਾਲਾਤ ਨੂੰ ਕੰਟਰੋਲ ਕਰਕੇ ਅਭਿਨੰਦਨ ਵਰਥਮਨ ਨੂੰ ਭਾਰਤੀ ਫ਼ੌਜੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਇਸੇ ਤਰ੍ਹਾਂ ਕੋਵਿਡ ਦੌਰਾਨ ਹਜ਼ੂਰ ਸਾਹਿਬ ਤੋਂ 200 ਸ਼ਰਧਾਲੂਆਂ ਨੂੰ ਲਿਆਕੇ ਕੈਂਪਾਂ ਵਿੱਚ ਠਹਿਰਾਇਆ ਜਦੋਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਕਾਰੀ ਅਧਿਕਾਰੀ ਅਤੇ ਰਾਜ ਕਰ ਰਹੀ ਪਾਰਟੀ ਤੇ ਵਿਰੋਧੀ ਪਾਰਟੀਆਂ ਦੇ ਨੇਤਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਾਂ ਵਿੱਚ ਠਹਿਰਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਦਲੀਲ ਦਿੱਤੀ ਕਿ ਸ਼ਰੋਮਣੀ ਕਮੇਟੀ ਦੀ ਸਰਾਂ ਵਿੱਚੋਂ ਸ਼ਰਧਾਲੂਆਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਕੋਈ ਰੋਕ ਨਹੀਂ ਸਕਦਾ, ਜਿਸ ਕਰਕੇ ਕਰੋਨਾ ਫੈਲਣ ਦਾ ਡਰ ਹੋਵੇਗਾ। ਉਨ੍ਹਾਂ ਦਿਨਾਂ ਵਿੱਚ ਤਬਲੀਕੀ ਜਮਾਤ ਤੇ ਕਰੋਨਾ ਫੈਲਾਉਣ ਦੇ ਇਲਜ਼ਾਮ ਲੱਗ ਰਹੇ ਸਨ। ਕਰੋਨਾ ਸੰਬੰਧੀ ਸਾਮਾਨ ਖ੍ਰੀਦਣ ਲਈ ਸਰਦੇ ਪੁਜਦੇ ਲੋਕਾਂ ਦੇ ਸਹਿਯੋਗ ਨਾਲ ਰੀਬੋਟ ਪ੍ਰਣਾਲੀ ਰਾਹੀਂ ਦਵਾਈਆਂ ਤੇ ਖਾਣਾ ਮਰੀਜਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਵ ਦੇ ਮੌਕੇ ‘ਤੇ 84 ਮੁਲਕਾਂ ਦੇ ਨੁਮਾਇੰਦਿਆਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਉਣ ਅਤੇ ਠਹਿਰਾਉਣ ਦੇ ਪ੍ਰਬੰਧ ਕੀਤੇ। ਇਨ੍ਹਾਂ ਸਾਰੇ ਕੰਮਾ ਕਰਕੇ ਉਨ੍ਹਾਂ ਨੇ ਬਿਹਤਰੀਨ ਪ੍ਰਬੰਧਕ ਹੋਣ ਦਾ ਸਬੂਤ ਦਿੱਤਾ। ਵਾਤਾਵਰਨ ਪ੍ਰੇਮੀ ਕਾਹਨ ਸਿੰਘ ਪੰਨੂੰ 1990 ਬੈਚ ਦੇ ਆਈ.ਏ.ਐਸ. ਅੰਮਿ੍ਰਤਸਰ ਵਿਖੇ ਕਾਬਲ ਅਧਿਕਾਰੀ ਸਾਬਤ ਹੋਏ ਹਨ। ਪੰਜਾਬ ਪਾਲੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਹੁੰਦਿਆਂ ਮਹੱਤਵਪੂਰਨ ਸੁਧਾਰ ਕੀਤੇ। ਗੁਰਮੇਲ ਸਿੰਘ ਬੈਂਸ ਫਤਿਹਗੜ੍ਹ ਸਾਹਿਬ ਤੇ ਮਾਨਸਾ ਤੇ ਜਸਕਿਰਨ ਸਿੰਘ ਸੰਗਰੂਰ, ਮੁਕਤਸਰ ਤੇ ਕਪੂਰਥਲਾ, ਡੀ.ਸੀ.ਹੁੰਦਿਆਂ ਸਪੋਰਟਸ ਅਤੇ ਪ੍ਰਬੰਧਕੀ ਅਨੁਸ਼ਾਸ਼ਨ ਕਾਇਮ ਰੱਖਣ ਵਿੱਚ ਵਿਲੱਖਣ ਯੋਗਦਾਨ ਪਾਇਆ। ਮਨਜੀਤ ਸਿੰਘ ਨਾਰੰਗ ਫੀਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਹੁੰਦਿਆਂ ਸਰਹੱਦੀ ਜਿਲ੍ਹੇ ਵਿੱਚ ਟ੍ਰੈਫਿਕ ਸਮੱਸਿਆ ਦਾ ਹਲ ਕਰਵਾਇਆ। ਸਟਰੀਟ ਲਾਈਟਾਂ ਲਗਵਾਈਆਂ ਅਤੇ ਲੋਕਾਂ ਨੂੰ ਟ੍ਰੈਫਿਕ ਸੰਬੰਧੀ ਜਾਣਕਾਰੀ ਦੇਣ ਦੇ ਯੋਗ ਪ੍ਰਬੰਧ ਕੀਤੇ। ਇਥੋਂ ਤੱਕ ਕਿ ਸਕੂਲਾਂ ਵਿੱਚ ਟ੍ਰੈਫਿਕ ਬਾਰੇ ਬੱਚਿਆਂ ਵਿੱਚ ਜਾਗ੍ਰਤੀ ਪੈਦਾ ਕਰਵਾਉਣ ਲਈ ਭਾਸ਼ਣ ਯੋਗਤਾਵਾਂ ਕਰਵਾਈਆਂ। ਸਵੈ ਸੇਵੀ ਸੰਸਥਾਵਾਂ ਅਤੇ ਪੰਚਾਇਤਾਂ ਨੂੰ ਵਿਕਾਸ ਦੇ ਹਿੱਸੇਦਾਰ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੂੰ ਦਫਤਰ ਅਤੇ ਘਰ ਕਦੀਂ ਵੀ ਕੋਈ ਵਿਅਕਤੀ ਬਿਨਾ ਝਿਜਕ ਆ ਕੇ ਮਿਲ ਸਕਦਾ ਸੀ। ਧਰਮਪਾਲ ਗੁਪਤਾ ਬਰਨਾਲਾ ਤੇ ਮਾਨਸਾ ਡਿਪਟੀ ਕਮਿਸ਼ਨਰ ਹੁੰਦਿਆਂ ਸ਼ਰਾਫਤ ਤੇ ਨੇਕਨੀਤੀ ਨਾਲ ਫਰਜ ਨਿਭਾਏ। ਕੁਲਵੀਰ ਸਿੰਘ ਕੰਗ ਮੋਗਾ ਵਿਖੇ ਬੇਬਾਕੀ ਨਾਲ ਕੰਮ ਕੀਤੇ। ਗੁਰਪਾਲ ਸਿੰਘ ਚਾਹਲ ਮਾਨਸਾ ਵਿਖੇ ਡਿਪਟੀ ਕਮਿਸ਼ਨਰ ਹੁੰਦਿਆਂ ਲੋਕਾਂ ਦੀਆਂ ਸਮੱਸਿਆਵਾਂ ਅਤੇ ਕੰਮਾਂ ਨੂੰ ਤੁਰਤ ਫੁਰਤ ਹੱਲ ਕਰਕੇ ਨਾਮਣਾ ਖੱਟਿਆ। ਅਮਰਜੀਤ ਸਿੰਘ ਸਿੱਧੂ ਪਟਿਆਲਾ ਵਿਖੇ ਸ਼ਰਾਫਤ ਨਾਲ ਫਰਜ ਨਿਭਾਏ। ਵਰਿੰਦਰ ਸ਼ਰਮਾ ਮਾਨਸਾ, ਜਲੰਧਰ ਅਤੇ ਲੁਧਿਆਣਾ ਡਿਪਟੀ ਕਮਿਸ਼ਨਰ ਰਹੇ ਹਨ। ਉਸ ਦਾ ਆਮ ਲੋਕਾਂ ਨਾਲ ਵਿਵਹਾਰ ਬਹੁਤ ਹੀ ਸਦਭਾਵਨਾ ਵਾਲਾ ਰਿਹਾ, ਇਸ ਕਰਕੇ ਲੋਕ ਉਸ ਨੂੰ ਅਪਣੱਤ ਨਾਲ ਆਪਣਾ ਡੀ.ਸੀ.ਕਹਿੰਦੇ ਸਨ। ਉਸ ਨੇ ਪੰਜਾਬੀ ਵਿੱਚ ਆਈ.ਏ.ਐਸ. ਦਾ ਇਮਤਿਹਾਨ ਪਾਸ ਕੀਤਾ। ਉਹ ਭਾਗਸੀ ਪਿੰਡ ਤੋਂ ਹਨ, ਉਨ੍ਹਾਂ ਦੇ ਪਿਤਾ ਜੀਤ ਰਾਮ ਸ਼ਰਮਾ ਅਧਿਆਪਕ ਹਨ। ਵਰਿੰਦਰ ਸ਼ਰਮਾ ਨੇ ਮੁੱਢਲੀ ਦਸਵੀਂ ਤੱਕ ਦੀ ਵਿਦਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਬੀ.ਟੈਕ.ਚੰਡੀਗੜ੍ਹ ਇੰਜਿਨੀਅਰਿੰਗ ਕਾਲ ਤੋਂ ਪਾਸ ਕੀਤੀ। ਸੁਰੇਸ਼ ਸ਼ਰਮਾ ਮੋਗਾ,  ਅੰਮਿ੍ਰਤਪਾਲ ਸਿੰਘ ਵਿਰਕ ਸੰਗਰੂਰ ਤੇ ਬਰਨਾਲਾ, ਰਾਜੇਸ਼ ਧੀਮਾਨ ਫੀਰੋਜਪੁਰ ਅਤੇ ਅਸ਼ੋਕ ਸਿੰਗਲਾ ਫਤਿਹਗੜ੍ਹ ਸਾਹਿਬ ਤੇ ਮੋਗਾ ਦੇ ਡਿਪਟੀ ਕਮਿਸ਼ਨਰ ਰਹੇ ਹਨ। ਵੈਸੇ ਤਾਂ ਹਰ ਡਿਪਟੀ ਕਮਿਸ਼ਨਰ ਨੇ ਆਪਣੀ ਯੋਗਤਾ ਅਨੁਸਾਰ ਚੰਗੇ ਕੰਮ ਕੀਤੇ ਹਨ। ਹਰ ਵਿਅਕਤੀ ਦੀ ਕੰਮ ਕਰਨ ਦੀ ਆਪਣੀ ਸੋਚ ਅਤੇ ਤੌਰ ਤਰੀਕਾ ਹੁੰਦਾ ਹੈ। ਪਟਿਆਲਾ ਤੋਂ ਜਗਜੀਤ ਪੁਰੀ ਅਤੇ ਅਸ਼ੋਕ ਗੋਇਲ ਸ੍ਰ.ਬੇਅੰਤ ਸਿੰਘ ਮੁੱਖ ਮੰਤਰੀ ਡਿਪਟੀ ਪਿ੍ਰੰਸੀਪਲ ਸਕੱਤਰ ਰਹੇ ਹਨ।
ਤਸਵੀਰਾਂ:ਅਨੁਰਾਗ ਵਰਮਾ, ਅਨੁਰਿਧ ਤਿਵਾੜੀ, ਹਰਕੇਸ਼ ਸਿੰਘ ਸਿੱਧੂ, ਸ਼ਿਵਦੁਲਾਰ ਸਿੰਘ ਢਿਲੋਂ, ਮਨਜੀਤ ਸਿੰਘ ਨਾਰੰਗ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
   ujagarsingh48@yahoo.com

ਇੰਡੀਆ ਗੱਠਜੋੜ ਐਨ.ਡੀ.ਏ. ਅਤੇ ਭਾਰਤੀ ਜਨਤਾ ਪਾਰਟੀ ਲਈ ਚਿੰਤਾ ਦਾ ਵਿਸ਼ਾ  -  ਉਜਾਗਰ ਸਿੰਘ

ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਤੇ ਤਿੰਨ ਵਾਰ ਬਣੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ 2015 ਦੇ ਪੁਰਾਣੇ ਕੇਸ ਵਿੱਚ ਪੰਜਾਬ ਸਰਕਾਰ ਦੇ ਪੁਲਿਸ ਵਿਭਾਗ ਵੱਲੋਂ ਗਿ੍ਰਫ਼ਤਾਰ ਕਰਨ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਕਾਂਗਰਸ ਪਾਰਟੀ ਦੇ ਗੱਠਜੋੜ ਬਣਨ ਦੀ ਸੰਭਾਵਨਾ ‘ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਕਿਸੇ ਸਮੇਂ ਹਰ ਭਾਰਤੀ ਨਾਗਰਿਕ ਇੰਡੀਅਨ ਕਹਾਉਣ ਵਿੱਚ ਮਾਣ ਮਹਿਸੂਸ ਕਰਦਾ ਸੀ ਪ੍ਰੰਤੂ ਕੁਝ ਸਿਆਸੀ ਪਾਰਟੀਆਂ ਵੱਲੋਂ ‘ਇੰਡੀਆ’ (ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕੁਲੀਸਿਵ ਅਲਾਇੰਸ)  ਗਠਜੋੜ ਬਣਾਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਇੰਡੀਆ ਕਹਿਣਾ ਤੇ ਲਿਖਣਾ ਚੰਗਾ ਨਹੀਂ ਲੱਗਦਾ। ਹੁਣ ਉਹ ਹਰ ਥਾਂ ਤੋਂ ਇੰਡੀਆ ਸ਼ਬਦ ਹਟਾਉਣ ਦੇ ਚੱਕਰਾਂ ਵਿੱਚ ਪਏ ਹੋਏ ਹਨ। ਪੰਜਾਬ ਕਾਂਗਰਸ ਦੇ ਨੇਤਾਵਾਂ ਵਿੱਚ ਇੰਡੀਆ ਗੱਠਜੋੜ ਦੇ ਬਣਨ ਨਾਲ ਸਿਆਸੀ ਸਮੀਕਰਨਾਂ ਦੇ ਬਦਲਣ ਦੀ ਚਿੰਤਾ ਬਣੀ ਹੋਈ ਹੈ। ਜਿਹੜੀ ਪਾਰਟੀ ਨਾਲ ਇੱਟ ਖੜੱਕਾ ਚਲ ਰਿਹਾ ਹੋਵੇ ਤੇ ਇੱਟ ਵੱਟੇ ਦਾ ਵੈਰ ਹੈ, ਉਸ ਨਾਲ ਗੱਠਜੋੜ ਕਰਕੇ ਚੋਣ ਲੜਕਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨੇਤਾਵਾਂ ਨੂੰ ਇਹ ਗੱਠਜੋੜ ਹਜ਼ਮ ਨਹੀਂ ਆ ਰਿਹਾ। ਆਮ ਆਦਮੀ ਪਾਰਟੀ ਇੱਕ ਮੰਤਰੀ ਨੇ ਵੀ ਵਿਰੋਧ ਕੀਤਾ ਹੈ ਪ੍ਰੰਤੂ ਆਮ ਆਦਮੀ ਪਾਰਟੀ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਵਾਗਤ ਕੀਤਾ ਹੈ। ਪੰਜਾਬ ਕਾਂਗਰਸ ਵਿੱਚ ਇਸ ਗੱਠਜੋੜ ਸੰਬੰਧੀ ਦੋ ਧੜੇ ਬਣੇ ਗਏ ਹਨ। ਇਕ ਧੜਾ ਇਸ ਗੱਠਜੋੜ ਨੂੰ ਕਾਂਗਰਸ ਹਾਈ ਕਮਾਂਡ ਦਾ ਆਤਮਘਾਤੀ ਫ਼ੈਸਲਾ ਗਰਦਾਨ ਰਿਹਾ ਹੈ। ਦੂਜਾ ਧੜਾ ਜਿਸ ਵਿੱਚ ਬਹੁਤੇ ਵਰਤਮਾਨ ਲੋਕ ਸਭਾ ਦੇ ਮੈਂਬਰ ਹਨ, ਉਹ ਇਸ ਗੱਠਜੋੜ ਨੂੰ ਕਾਂਗਰਸ ਪਾਰਟੀ ਲਈ ਵਰਦਾਨ ਸਮਝ ਰਿਹਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਕਾਂਗਰਸ ਪੰਜਾਬ ਵਿੱਚੋਂ ਆਪਣਾ ਆਧਾਰ ਗੁਆ ਚੁੱਕੀ ਹੈ। ਇਸ ਲਈ ਆਮ ਆਦਮੀ ਪਾਰਟੀ ਜਿਸ ਦਾ ਅਕਸ ਅਜੇ ਤੱਕ ਸਾਫ਼ ਸੁਥਰਾ ਹੋਣ ਕਰਕੇ ਲੋਕਾਂ ਵਿੱਚ ਹਰਮਨ ਪਿਆਰੀ ਹੈ, ਕਾਂਗਰਸ ਪਾਰਟੀ ਨੂੰ ਸਾਰੀਆਂ ਸੀਟਾਂ ਜਿਤਾਉਣ ਦੇ ਸਮਰੱਥ ਹੈ। ਉਹ ਇਹ ਵੀ ਮਹਿਸੂਸ ਕਰ ਰਹੇ ਹਨ ਕਿ ਬਿਆਨਬਾਜ਼ੀ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਹਾਈ ਕਮਾਂਡ ਦਾ ਹੁਕਮ ਮੰਨਣਾ ਪੈਣਾ ਹੈ। ਇਸ ਗੱਠਜੋੜ ਨੇ ਕਾਂਗਰਸ ਨੇਤਾਵਾਂ ਦਾ ਕਾਟੋ ਕਲੇਸ਼ ਹੋਰ ਵਧਾ ਦਿੱਤਾ ਹੈ, ਜਿਸ ਕਰਕੇ ਕਾਂਗਰਸ ਪਾਰਟੀ ਦੇ ਅਕਸ ਨੂੰ ਧੱਬਾ ਲਗ ਰਿਹਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵੀ ਕਾਂਗਰਸ ਦੀ ਆਪੋਧਾਪੀ ਦੀ ਲੜਾਈ ਨੇ ਹੀ ਹਰਾਇਆ ਸੀ। ਕਾਂਗਰਸੀ ਅਜੇ ਵੀ ਸਬਕ ਸਿੱਖਣ ਲਈ ਤਿਆਰ ਨਹੀਂ। ਪੰਜਾਬ ਕਾਂਗਰਸ ਵਿੱਚ ਅੰਦਰਖਾਤੇ ਘਸਮਾਣ ਪਿਆ ਹੋਇਆ ਹੈ। ਲੋਕ ਸਭਾ ਦੇ ਵਰਤਮਾਨ ਮੈਂਬਰਾਂ ਤੋਂ ਇਲਾਵਾ ਸਾਰੀ ਕਾਂਗਰਸ ਲੀਡਰਸ਼ਿਪ ਆਮ ਆਦਮੀ ਪਾਰਟੀ ਨਾਲ ਕਿਸੇ ਕਿਸਮ ਦਾ ਸਮਝੌਤਾ ਕਰਨ ਦੇ ਹੱਕ ਵਿੱਚ ਨਹੀਂ ਹੈ। ਉਨ੍ਹਾਂ ਨੂੰ ਡਰ ਹੈ ਕਿ ਦਿੱਲੀ ਦੀ ਤਰ੍ਹਾਂ ਜੇਕਰ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਲਿਆ ਤਾਂ ਕਾਂਗਰਸ ਪਾਰਟੀ ਹਮੇਸ਼ਾ ਲਈ ਪੰਜਾਬ ਵਿੱਚੋਂ ਖ਼ਤਮ ਹੋ ਜਾਵੇਗੀ, ਜਿਵੇਂ ਦਿੱਲੀ ਵਿੱਚ ਹੋਇਆ ਹੈ। ਇਸ ਤੋਂ ਇਲਾਵਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣੀ ਹੈ, ਉਦੋਂ ਤੋਂ ਹੀ ਪੰਜਾਬ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਉਸ ਦੇ ਨਿਸ਼ਾਨੇ ਤੇ ਹੈ। ਇਸ ਲਈ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨਾਲ ਸਟੇਜਾਂ ਸਾਂਝੀਆਂ ਕਰਨੀਆਂ ਅਸੰਭਵ ਲਗਦੀਆਂ ਹਨ। ਸਟੇਜਾਂ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਇੱਕ ਦੂਜੀ ਪਾਰਟੀ ਦੇ ਉਮੀਦਵਾਰਾਂ ਲਈ ਵੋਟਾਂ ਕਿਵੇਂ ਮੰਗਣਗੇ? ਪ੍ਰੰਤੂ ਕਾਂਗਰਸ ਹਾਈ ਕਮਾਂਡ ਦੇਸ਼ ਦੇ ਵੱਡੇ ਹਿੱਤਾਂ ਨੂੰ ਮੁੱਖ ਰੱਖਕੇ ਪੰਜਾਬ ਵਿੱਚ ਕੀ ਸਾਰੇ ਦੇਸ਼ ਵਿੱਚ ਕੁਰਬਾਨੀ ਦੇਣ ਨੂੰ ਤਿਆਰ ਹੈ। ਸਰਬ ਭਾਰਤੀ ਕਾਂਗਰਸ ਆਪਣਾ ਵਕਾਰ ਮੁੜ ਬਹਾਲ ਕਰਨਾ ਚਾਹੁੰਦੀ ਹੈ। ਇਕੱਲਿਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਉਸ ਦੇ ਪੱਲੇ ਬਹੁਤਾ ਕੁਝ ਪੈਂਦਾ ਨਜ਼ਰ ਨਹੀਂ ਆ ਰਿਹਾ। ਉਹ ਵੀ ਔਖੇ ਹੋ ਕੇ ਅੱਕ ਚੱਬ ਰਹੀ ਹੈ। ਇੰਡੀਆ ਗੱਠਜੋੜ ਬਣਨ ਦਾ ਮੁੱਖ ਕਾਰਨ ਵਿਰੋਧੀ ਪਾਰਟੀਆਂ ਨੂੰ ਲੱਗਦਾ ਹੈ ਕਿ ਇਕੱਲੇ-ਇਕੱਲੇ ਚੋਣਾ ਲੜਨ ਨਾਲ ਉਹ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨ.ਡੀ.ਏ.ਨੂੰ ਹਰਾ ਨਹੀਂ ਸਕਦੀਆਂ। ਪੰਜਾਬ ਦੇ ਕਾਂਗਰਸੀ ਨੇਤਾ ਭਾਵੇਂ ਜਿੰਨਾ ਮਰਜ਼ੀ ਰੌਲਾ ਪਾਈ ਜਾਣ ਆਖ਼ਰ ਉਨ੍ਹਾਂ ਨੂੰ ਹਾਈ ਕਮਾਂਡ ਅੱਗੇ ਹਥਿਆਰ ਸੁੱਟਣੇ ਪੈਣੇ ਹਨ। Ñਉਨ੍ਹਾਂ ਨੂੰ ਦੰਦਾਂ ਹੇਠ ਜੀਭ ਦੇਣੀ ਹੀ ਪੈਣੀ ਹੈ। ਸਿਆਸੀ ਵਿਸ਼ਲੇਸ਼ਕ ਗੰਭੀਰਤਾ ਨਾਲ ਵੇਖ ਰਹੇ ਹਨ ਕਿ ਲੋਕ ਸਭਾ ਦੀਆਂ 2024 ਦੀਆਂ ਚੋਣਾਂ ਨੂੰ ਮੁੱਖ ਰੱਖਕੇ 28 ਵਿਰੋਧੀ ਪਾਰਟੀਆਂ ਦਾ (ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕੁਲੀਸਿਵ ਅਲਾਇੰਸ)  ਅਰਥਾਤ ‘ਇੰਡੀਆ’ ਦੇ ਨਾਮ ਨਾਲ ਬਣਾਇਆ ਗੱਠਜੋੜ ਕੀ ਰੰਗ ਲਿਆਵੇਗਾ? ਇੰਡੀਆ ਗੱਠਜੋੜ ਦੀ ਲਗਾਤਾਰ ਤੇਜੀ ਨਾਲ ਚਲ ਰਹੀ ਸਰਗਰਮੀ ਨੂੰ ਭਾਰਤੀ ਜਨਤਾ ਪਾਰਟੀ ਬਹੁਤ ਹੀ ਸੰਜੀਦਗੀ ਨਾਲ ਲੈ ਰਹੀ ਹੈ। ਜੇ ਇਹ ਕਹਿ ਲਿਆ ਜਾਵੇ ਕਿ ਭਾਰਤੀ ਜਨਤਾ ਪਾਰਟੀ ਇਸ ਗੱਠ ਜੋੜ ਦੀ ਸਰਗਰਮੀ ਅਤੇ ਨਾਮ ਤੋਂ ਘਬਰਾਈ ਹੋਈ ਹੈ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ, ਕਿਉਂਕਿ ਹੁਣੇ ਜਿਹੇ ਦੋ ਰੋਜ਼ਾ ਜੀ 20 ਸਮੇਲਨ ਦਿੱਲੀ ਵਿਖੇ ਹੋਇਆ ਸੀ, ਜਿਸ ਦੀ ਪ੍ਰਧਾਨਗੀ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕੀਤੀ ਸੀ। ਪ੍ਰਧਾਨ ਮੰਤਰੀ ਦੇ ਅੱਗੇ ਜਿਹੜੀ ਪਲੇਟ ਰੱਖੀ ਹੋਈ ਸੀ, ਉਸ ਉਪਰ ਇੰਡੀਆ ਦੀ ਥਾਂ ‘ਤੇ ‘ਭਾਰਤ’ ਲਿਖਿਆ ਹੋਇਆ ਸੀ। ਵਿਰੋਧੀ ਪਾਰਟੀਆਂ ਦੀ ਸਰਗਰਮੀ ਵਿੱਚ ਇਤਨੀ ਤੇਜ਼ੀ ਤੋਂ ਪਤਾ ਲੱਗਦਾ ਹੈ ਕਿ ਉਹ ਹਰ ਹਾਲਤ ਵਿੱਚ ਇਕੱਠੇ ਹੋ ਕੇ ਚੋਣ ਲੜਨਗੇ। ਇਸ ਗੱਠਜੋੜ ਦੀ ਸਥਾਪਨਾ ਮਹਿਜ ਦੋ ਮਹੀਨੇ ਪਹਿਲਾਂ 23 ਜੂਨ 2023 ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਪ੍ਰਧਾਨਗੀ ਵਿੱਚ ਪਟਨਾ ਵਿਖੇ ਮੀਟਿੰਗ ਵਿੱਚ ਹੋਈ ਸੀ, ਜਿਸ ਵਿੱਚ 16 ਪਾਰਟੀਆਂ ਸ਼ਾਮਲ ਸਨ। ਦੂਜੀ ਮੀਟਿੰਗ ਕਰਨਾਟਕ ਦੇ ਬੰਗਲੌਰ ਵਿਖੇ ਸ਼੍ਰੀਮਤੀ ਸੋਨੀਆਂ ਗਾਂਧੀ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ 26 ਪਾਰਟੀਆਂ ਦੇ ਨੇਤਾ ਸ਼ਾਮਲ ਹੋਏ, ਜਿਸ ਕਰਕੇ ਇੰਡੀਆ ਗੱਠਜੋੜ ਨੂੰ ਹੌਸਲਾ ਮਿਲ ਗਿਆ। ਤੀਜੀ ਦੋ ਰੋਜ਼ਾ 31 ਅਗਸਤ 2023 ਅਤੇ 1 ਸਤੰਬਰ ਨੂੰ ਮਹਾਰਾਸ਼ਟਰ ਦੇ ਮੁੰਬਈ ਵਿੱਚ ਹੋਈ ਮੀਟਿੰਗ ਵਿੱਚ 28 ਪਾਰਟੀਆਂ ਸ਼ਾਮਲ ਹੋਈਆਂ, ਇਕ ਕੋਆਰਡੀਨੇਸ਼ਨ ਕਮੇਟੀ ਬਣਾਈ ਗਈ ਤੇ ਤਿੰਨ ਨੁਕਾਤੀ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। ਜਿਹੜਾ ਤਿੰਨ ਨੁਕਾਤੀ ਪ੍ਰੋਗਰਾਮ ਹੈ, ਉਹ ਸਰਕਾਰ ਚਲਾ ਰਹੀ ਪਾਰਟੀ ਲਈ ਖ਼ਤਰੇ ਦੀ ਘੰਟੀ ਸਾਬਤ ਹੋ ਰਿਹਾ ਹੈ। ਪਹਿਲਾ ਨੁਕਤਾ: ਸਾਰੀਆਂ ਵਿਰੋਧੀ ਪਾਰਟੀਆਂ ਸੀਟਾਂ ਦੀ ਲੈਣ ਦੇਣ ਦੇ ਆਧਾਰ ਤੇ ਏਕਤਾ ਦੀ ਭਾਵਨਾ ਨਾਲ ਤੁਰੰਤ ਮੀਟਿੰਗਾਂ ਕਰਕੇ ਫ਼ੈਸਲੇ ਕਰਨਗੀਆਂ, ਜੇਕਰ ਕਿਸੇ ਪਾਰਟੀ ਨੂੰ ਕੋਈ ਨਿੱਜੀ ਸੀਟ ਛੱਡਣੀ ਵੀ ਪਵੇਗੀ ਤਾਂ ਵੱਡੇ ਆਦਰਸ਼ਾਂ ਲਈ ਕੁਰਬਾਨੀ ਦਿੱਤੀ ਜਾਵੇਗੀ। ਕੋਈ ਆਨਾ ਕਾਨੀ ਨਹੀਂ ਹੋਵੇਗੀ। ਦੂਜਾ ਨੁਕਤਾ: ਰਾਜਾਂ ਵਿੱਚ ਸਾਂਝੀਆਂ ਰੈਲੀਆਂ ਕੀਤੀਆਂ ਜਾਣਗੀਆਂ। ਤੀਜਾ ਨੁਕਤਾ ਬਹੁਤ ਮਹੱਤਵਪੂਰਨ ਹੈ, ਜਿਸ ਵਿੱਚ ‘ਜੁੜੇਗਾ ਭਾਰਤ, ਜਿੱਤੇਗਾ ਭਾਰਤ’ ਕਿਹਾ ਗਿਆ ਹੈ। ਇਸ ਨੁਕਤੇ ਦਾ ਭਾਵ ਇੰਡੀਆ ਗੱਠਜੋੜ ਹਰ ਹਾਲਤ ਵਿੱਚ ਜਿੱਤੇਗਾ ਤੇ ਭਾਰਤ ਇਕੱਠਾ ਰਹੇਗਾ। ਭਾਰਤੀ ਜਨਤਾ ਪਾਰਟੀ ਦੇ ਰਣਨੀਤੀਕਾਰ ਵੀ ਘੱਟ ਨਹੀਂ, ਉਨ੍ਹਾਂ ਨੇ ਇੰਡੀਆ ਗੱਠਜੋੜ ਵਿੱਚ ਫੁੱਟ ਪਾਉਣ ਦੀ ਹਰ ਕੋਸ਼ਿਸ਼ ਕਰਨੀ ਹੈ ਪ੍ਰੰਤੂ ਐਨ.ਡੀ.ਏ.ਗੱਠਜੋੜ ਦਾ ਇਕ ਸਾਥੀ ਆਲ ਇੰਡੀਆ ਅੰਨਾ ਡੀ.ਐਮ.ਕੇ. ਵੀ ਉਨ੍ਹਾਂ ਦਾ ਸਾਥ ਛੱਡ ਗਿਆ ਹੈ।

ਇਸ ਗੱਠਜੋੜ ਦਾ ਪੰਜਾਬ ਦੀ ਰਾਜਨੀਤੀ ‘ਤੇ ਕੀ ਪ੍ਰਭਾਵ ਪਵੇਗਾ? ਇਹ ਬਹੁਤ ਮਹੱਤਵਪੂਰਨ ਗੱਲ ਹੈ ਕਿਉਂਕਿ ਪਿਛਲੇ ਡੇਢ ਸਾਲ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ। ਸਰਕਾਰ ਨੇ ਭਰਿਸ਼ਟਾਚਾਰ ਦੇ ਮੁੱਦੇ ਨੂੰ ਢਾਲ ਬਣਾ ਕੇ ਕਾਂਗਰਸ ਦੇ ਵੱਡੇ ਨੇਤਾ ਗਿ੍ਰਫਤਾਰ ਕੀਤੇ ਅਤੇ ਕਈ ਨੇਤਾ ਤਾਂ ਤਿੰਨ-ਚਾਰ ਮਹੀਨੇ ਜੇਲ੍ਹਾਂ ਦੀ ਹਵਾ ਖਾ ਚੁੱਕੇ ਹਨ। ਇਸ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ ਅੱਡੋ ਫਾਟੀ ਹੋਈ ਪਈ ਹੈ। ਹੁਣ ਸੁਖਪਾਲ ਸਿੰਘ ਖਹਿਰਾ ਵਿਧਾਇਕ ਨੂੰ ਗਿ੍ਰਫ਼ਤਾਰ ਕਰਨ ਤੋਂ ਬਾਅਦ ਹਾਲਾਤ ਬਦਲ ਗਏ ਹਨ। ਇਸ ਸਮੇਂ ਕਾਂਗਰਸ ਪਾਰਟੀ ਦੇ 7 ਲੋਕ ਸਭਾ ਮੈਂਬਰ ਹਨ, ਇਨ੍ਹਾਂ ਵਿੱਚੋਂ ਪਟਿਆਲਾ ਲੋਕ ਸਭਾ ਦੀ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਬਾਰੇ ਹੰਦੇਸ਼ਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਕੀ ਸਾਰਾ ਪਰਿਵਾਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ। 2019 ਦੀਆਂ ਲੋਕ ਸਭਾ ਚੋਣਾ ਵਿੱਚ ਕਾਂਗਰਸ ਨੇ 8 ਸੀਟਾਂ ਇਕੱਲਿਆਂ ਜਿੱਤੀਆਂ ਸਨ ਤੇ ਆਮ ਆਦਮੀ ਪਾਰਟੀ ਇੱਕੋ ਇੱਕ ਸੰਗਰੂਰ ਦੀ ਸੀਟ ਭਗਵੰਤ ਸਿੰਘ ਮਾਨ ਨੇ ਜਿੱਤੀ ਸੀ। ਉਹ ਸੀਟ ਭਗਵੰਤ ਸਿੰਘ ਮਾਨ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ‘ਤੇ ਖਾਲੀ ਕਰ ਦਿੱਤੀ ਸੀ, ਜਿਥੋਂ ਉਪ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਜਿੱਤ ਗਿਆ ਸੀ। ਆਮ ਆਦਮੀ ਪਾਰਟੀ ਨੇ ਜਲੰਧਰ ਦੀ ਰਾਖਵੀਂ ਸੀਟ ਚੌਧਰੀ ਸੰਤਖ ਸਿੰਘ ਦੇ ਸਵਰਗਵਾਸ ਹੋਣ ‘ਤੇ ਖਾਲੀ ਹੋਣ ਤੋਂ ਬਾਅਦ ਜਿੱਤ ਲਈ। ਆਮ ਆਦਮੀ ਪਾਰਟੀ ਕੋਲ ਪਹਿਲਾਂ ਦੀ ਤਰ੍ਹਾਂ ਇਕੋ ਸੀਟ ਹੈ। ਜੇਕਰ ਲੋਕ ਸਭਾ ਦੀਆਂ ਸੀਟਾਂ ਨੂੰ ਮੁੱਖ ਰੱਖਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਿੱਚ ਸੀਟਾਂ ਦੀ ਵੰਡ ਹੁੰਦੀ ਹੈ ਤਾਂ ਕਾਂਗਰਸ ਪਾਰਟੀ ਨੂੰ 7 ਸੀਟਾਂ ਮਿਲ ਸਕਦੀਆਂ ਹਨ ਪ੍ਰੰਤੂ ਜੇਕਰ ਵਿਧਾਨ ਸਭਾ ਦੀ ਚੋਣ ਨੂੰ ਮੁੱਖ ਰੱਖਕੇ ਸੀਟਾਂ ਵੰਡੀਆਂ ਜਾਂਦੀਆਂ ਹਨ ਤਾਂ ਕਾਂਗਰਸ ਨੂੰ ਸਿਰਫ ਮਾਝੇ ਵਿੱਚੋਂ ਦੋ-ਤਿੰਨ ਸੀਟਾਂ ਮਿਲ ਸਕਦੀਆਂ ਹਨ। ਇਸ ਕਰਕੇ ਹੀ ਕਾਂਗਰਸੀ ਲੋਕ ਸਭਾ ਦੇ ਮੈਂਬਰ ਲੋਕ ਸਭਾ ਜਿੱਤਣ ਵਾਲਾ ਫਾਰਮੂਲਾ ਲਾਗੂ ਕਰਨ ਦੀ ਵਕਾਲਤ ਕਰ ਰਹੇ ਹਨ। ਸਰਬ ਭਾਰਤੀ ਕਾਂਗਰਸ ਦੇ ਪ੍ਰਧਾਨ ਮਲਿਕ ਅਰਜਨ ਖੜਗੇ ਨੇ ਕਿਹਾ ਹੈ ਕਿ ਜੇਕਰ 90 ਫ਼ੀ ਸਦੀ ਸੀਟਾਂ ‘ਤੇ ਇੰਡੀਆ ਗੱਠਜੋੜ ਨੇ ਸਹਿਮਤੀ ਕਰ ਲਈ ਤਾਂ ਉਹ ਭਾਜਪਾ ਨੂੰ ਹਰਾ ਦੇਣਗੇ। ਮਲਿਕ ਅਰਜਨ ਖੜਗੇ ਦੇ ਬਿਆਨ ਤੋਂ ਪੰਜਾਬ ਦੇ ਕਾਂਗਰਸੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੇਂਦਰੀ ਕਾਂਗਰਸ ਹਰ ਹਾਲਤ ਵਿੱਚ ਗੱਠਜੋੜ ਦੀ ਸਫਲਤਾ ਲਈ ਯਤਨਸ਼ੀਲ ਰਹੇਗੀ। ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਸਮਾਂ ਕੀ ਕਰਵਟ ਲੈਂਦਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

 ਮੋਬਾਈਲ-94178 13072

   ujagarsingh48@yahoo.com

ਕਾਵਿ ਸੰਗ੍ਰਹਿ ‘ਵੜੈਚ ਦੇ ਵਿਅੰਗ’ ਸਮਾਜਿਕ ਕੁਰੀਤੀਆਂ ਦੇ ਮਾਰਦੇ ਡੰਗ -  ਉਜਾਗਰ ਸਿੰਘ

ਅਮਰਜੀਤ ਸਿੰਘ ਵੜੈਚ ਦਾ ਪਲੇਠਾ ਵਿਅੰਗ ਕਾਵਿ ਸੰਗ੍ਰਹਿ ‘ਵੜੈਚ ਦੇ ਵਿਅੰਗ’ ਸਮਾਜਿਕ ਤਾਣੇ ਬਾਣੇ ਵਿੱਚ ਬੁਰੀ ਤਰ੍ਹਾਂ ਪੈਰ ਫਸਾਈ ਬੈਠੀਆਂ ਸਮਾਜਿਕ ਕੁਰੀਤੀਆਂ ਦੀ ਲਾਹਣਤ ਉਪਰ ਤਕੜਾ ਵਿਅੰਗ ਕਰਦਾ ਹੋਇਆ, ਇਨ੍ਹਾਂ ਬੁਰਾਈਆਂ ਵਿੱਚ ਗ੍ਰਸੇ ਹੋਏ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰੇਗਾ। ਇਸ ਤੋਂ ਪਹਿਲਾਂ ਅਮਰਜੀਤ ਸਿੰਘ ਵੜੈਚ ਦੀਆਂ ਦੋ  ਪ੍ਰੋਫੈਸ਼ਨਲ ਪੁਸਤਕਾਂ ਆਕਾਸ਼ਬਾਣੀ ਸੰਬੰਧੀ ‘ਏਹ ਆਕਾਸ਼ਬਾਣੀ ਏਂ’ ਅਤੇ ‘ਹੁਣ ਤੁਸੀਂ ਖ਼ਬਰਾਂ ਸੁਣੋ’ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਤ ਕੀਤੀਆਂ ਹਨ। ਸਾਹਿਤਕ ਖੇਤਰ ਵਿੱਚ ਉਨ੍ਹਾਂ ਦਾ ਇਹ ਪਹਿਲਾ ਕਾਵਿ ਸੰਗ੍ਰਹਿ ਹੈ, ਜਿਹੜਾ ਵਿਅੰਗ ਦੇ ਖੇਤਰ ਵਿੱਚ ਹਲਚਲ ਪੈਦਾ ਕਰੇਗਾ ਕਿਉਂਕਿ ਵਿਅੰਗ ਕਰਨ ਲੱਗਿਆਂ ਉਸ ਨੇ ਕਿਸੇ ਦਾ ਲਿਹਾਜ ਨਹੀਂ ਕੀਤਾ। ਅਮਰਜੀਤ ਸਿੰਘ ਵੜੈਚ ਬੇਬਾਕ ਸ਼ਾਇਰ ਹੈ। ਉਹ ਹਮੇਸ਼ਾ ਹੱਕ ਤੇ ਸੱਚ ਦੇ ਸਿਧਾਂਤ ‘ਤੇ ਪਹਿਰਾ ਦਿੰਦਾ ਹੈ। ਉਸ ਦੀਆਂ ਕਵਿਤਾਵਾਂ ਦੀ ਵਿਲੱਖਣਾ ਇਹੋ ਹੈ ਕਿ ਉਹ ਸੱਚਾਈ ਦਾ ਪੱਖ ਪੂਰਦਾ ਹੋਇਆ ਲਿਖਦਾ ਹੈ, ਭਾਵੇਂ ਉਸ ਦੀ ਕਵਿਤਾ ਕਿਸੇ ਦੇ ਗੋਡੇ ਜਾਂ ਗਿੱਟੇ ਲੱਗੇ। ਡਰ ਅਤੇ ਭੈਅ ਉਸ ਦੇ ਨੇੜੇ ਤੇੜੇ ਨਹੀਂ, ਇਸ ਕਰਕੇ ਉਸ ਨੇ ਸਮਾਜ ਦੀ ਹਰ ਵਿਸੰਗਤੀ ਬਾਰੇ ਦਲੇਰੀ ਨਾਲ ਲਿਖਿਆ ਹੈ। ਇੱਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਪੱਤਰਕਾਰੀ ਭਾਈਚਾਰੇ ਵਿੱਚ ਆਈਆਂ ਕੁਰੀਤੀਆਂ ਦੇ ਵੀ ਵੱਖੀਏ ਉਧੇੜ ਦਿੱਤੇ ਹਨ। ਇਸੇ ਤਰ੍ਹਾਂ ਇਨਾਮਾ ਦੀ ਦੌੜ ਵਿੱਚ ਸ਼ਾਮਲ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੂੰ ਵੀ ਨਹੀਂ ਬਖ਼ਸ਼ਿਆ। ਆਮ ਤੌਰ ‘ਤੇ ਅਧਿਕਾਰੀ ਸਾਰੀ ਉਮਰ ਸਰਕਾਰੀ ਨੌਕਰੀ ਵਿੱਚ ਰਹਿਣ ਕਰਕੇ ਸੇਵਾ ਮੁਕਤੀ ਤੋਂ ਬਾਅਦ ਵੀ ਪ੍ਰਣਾਲੀ ਦੇ ਵਿਰੁੱਧ ਬੋਲਣ ਦੀ ਹਿੰਮਤ ਨਹੀਂ ਕਰਦੇ। ਕਿਉਂਕਿ ਉਨ੍ਹਾਂ ਦਾ ਮੱਚ ਮਰ ਜਾਂਦਾ ਹੈ, ਜ਼ਮੀਰ ਖਤਾ ਖਾ ਜਾਂਦੀ ਹੈ ਪ੍ਰੰਤੂ ਅਮਰਜੀਤ ਸਿੰਘ ਵੜੈਚ ਭਾਵੇਂ ਸਾਰੀ ਉਮਰ ਸਰਕਾਰ ਦੀਆਂ ਨੀਤੀਆਂ ਦੀ ਨਾ ਚਾਹੁੰਦਾ ਹੋਇਆ ਵੀ ਪਾਲਣਾ ਕਰਦਾ ਰਿਹਾ ਪ੍ਰੰਤੂ ਉਸ ਦੀਆਂ ਕਵਿਤਾਵਾਂ ਵਿੱਚ ਵਰਤਮਾਨ ਪ੍ਰਣਾਲੀ ਵਿਰੁੱਧ ਬੇਬਾਕੀ ਅਤੇ ਬਗ਼ਾਬਤ ਦੀ ਕਨਸੋਅ ਆ ਰਹੀ ਹੈ। ਦਲੇਰੀ ਸਾਹਿਤਕਾਰ ਦੀ ਲੇਖਣੀ ਦੀ ਸ਼ੋਭਾ ਵਧਾਉਂਦੀ ਹੈ। ਉਸ ਦੇ ਇਸ ਵਿਅੰਗ ਕਾਵਿ ਸੰਗ੍ਰਹਿ ਵਿੱਚ 61 ਵਿਅੰਗਾਤਮਿਕ ਕਵਿਤਾਵਾਂ ਹਨ, ਜਿਹੜੀਆਂ ਸਮਾਜ ਵਿੱਚ ਵਾਪਰ ਰਹੀਆਂ ਗ਼ੈਰ ਸਮਾਜੀ ਤੇ ਅਣਮਨੁਖੀ ਸਰਗਰਮੀਆਂ ਜਿਨ੍ਹਾਂ ਵਿੱਚ ਧੋਖਾ, ਫ਼ਰੇਬ, ਚੋਰੀ ਚਕਾਰੀ, ਲਾਲਚ, ਜ਼ਾਤਪਾਤ, ਧਾਰਮਿਕ ਕੱਟੜਤਾ, ਭਰਿਸ਼ਟਾਚਾਰ, ਰਾਜਨੀਤਕ ਗੰਧਲਾਪਣ ਆਦਿ ਦਾ ਪਰਦਾ ਫਾਸ਼ ਕਰਦੀਆਂ ਹਨ। ਇਸ ਕਾਵਿ ਵਿਅੰਗ ਸੰਗ੍ਰਹਿ ਨੂੰ ਪੜ੍ਹਨ ਤੋਂ ਬਾਅਦ ਮਹਿਸੂਸ ਹੁੰਦਾ ਹੈ ਕਿ ਇਹ ਵਿਅੰਗਾਤਮਿਕ ਕਵਿਤਾਵਾਂ ਸ਼ਾਇਰ ਦੇ ਗਹਿਰੇ ਅਨੁਭਵ ਦਾ ਪ੍ਰਗਟਾਵਾ ਕਰਦੀਆਂ ਹਨ। ਅਮਰਜੀਤ ਸਿੰਘ ਵੜੈਚ ਦੀ ਤੀਖਣ ਬੁੱਧੀ ਨੇ ਸਮਾਜ ਵਿੱਚ ਵਿਚਰਦਿਆਂ ਜੋ ਆਪਣੀ ਅੱਖੀਂ ਵੇਖਿਆ ਅਤੇ ਲੋਕਾਂ ਤੋਂ ਸੁਣਿਆਂ, ਲੋਕਾਈ ਦੇ ਉਸ ਦਰਦ ਨੂੰ ਉਸ ਨੇ ਆਪਣੀਆਂ ਕਵਿਤਾਵਾਂ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਕਵਿਤਾਵਾਂ ਪੜ੍ਹਨ ਤੋਂ ਬਾਅਦ ਬਹੁਤ ਸਾਰੇ ਕਾਵਿਕ ਰੰਗਾਂ ਦੇ ਪ੍ਰਭਾਵ ਸਤਰੰਗੀ ਪੀਂਘ ਦੀ ਤਰ੍ਹਾਂ ਵਿਖਾਈ ਦਿੰਦੇ ਹਨ, ਜਿਨ੍ਹਾਂ ਦੀ ਮਹਿਕ ਸਾਹਿਤਕ ਵਾਤਾਵਰਨ ਨੂੰ ਖ਼ੁਸ਼ਬੂਦਾਰ ਬਣਾਉਂਦੀ ਹੈ। ਸ਼ਾਇਰ ਨੇ ਸਮਾਜ ਵਿੱਚ ਹੋ ਰਹੀਆਂ ਅਸਮਾਜਿਕ ਕਾਰਵਾਈਆਂ ਦਾ ਕੋਈ ਅਜਿਹਾ ਪੱਖ ਨਹੀਂ ਛੱਡਿਆ ਜਿਨ੍ਹਾਂ ਰਾਹੀਂ ਹੋ ਰਹੇ ਅਤਿਆਚਾਰ ਦਾ ਪ੍ਰਗਟਾਵਾ ਆਪਣੀਆਂ ਕਵਿਤਾਵਾਂ ਵਿੱਚ ਨਹੀਂ ਕੀਤਾ। ਕਿਸਾਨ, ਮਜ਼ਦੂਰ, ਸਿਆਸਤਦਾਨ, ਪਰਿਵਾਰਵਾਦ, ਸਾਧੂ, ਗੁਰੂ ਚੇਲੇ, ਗੋਲਕ ਚੋਰ, ਡੇਰੇ ਵਾਲੇ, ਵਹਿਮ ਭਰਮ, ਪੁਲਿਸ, ਵਿਰਾਸਤ ਦੇ ਅਖੌਤੀ ਪਹਿਰੇਦਾਰ, ਭਰਿਸ਼ਟਾਚਾਰ, ਸਿਆਸਤਦਾਨ, ਚੋਰ ਉਚੱਕੇ, ਧਾਰਮਿਕ ਪਖੰਡੀ ਲੋਕ, ਅਖਾਉਤੀ ਲੇਖਕ, ਪੱਤਰਕਾਰ, ਬੁੱਧੀਜੀਵੀ ਆਦਿ ਦੇ ਵਿਵਹਾਰ ਨੂੰ ਦਿ੍ਰਸ਼ਟਾਂਤਿਕ ਰੂਪ ਵਿੱਚ ਪੇਸ਼ ਕੀਤਾ ਹੈ। ਕਿਸਾਨ ਦੀ ਤ੍ਰਾਸਦੀ ਦਾ ਜ਼ਿਕਰ ਕਰਦਾ ਵੜੈਚ ਆਪਣੀ ਪਹਿਲੀ ਕਵਿਤਾ ਵਿੱਚ ਹੀ ਦਰਸਾਉਂਦਾ ਹੈ ਕਿ ਜਦੋਂ ਉਸ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ ਤਾਂ ਉਹ ਹਥਿਆਰ ਹੀ ਚੁਕੇਗਾ। ਆਪਣੇ ਹੱਕ ਨਾ ਮਿਲਦੇ ਵੇਖ ਕੇ ਉਹ ਹੱਕ ਖੋਹਣ ਦੀ ਕੋਸ਼ਿਸ਼ ਕਰੇਗਾ।

ਜਦੋਂ ਹਲ਼ਾਂ ਦੇ ਮੁੱਠਿਆਂ ‘ਤੇ ਰੱਖੇ ਹੱਥ

ਅੱਟਣਾਂ ਤੋਂ ਤੰਗ ਹੋ ਜਾਂਦੇ ਨੇ

ਤਾਂ ਉਹ ਹੱਥ ਹਲ਼ ਸੁੱਟ ਦਿੰਦੇ ਨੇ

ਹਥਿਆਰ ਚੁੱਕ ਲੈਂਦੇ ਨੇ।

ਇਕ ਕਿਸਮ ਨਾਲ ਇਹ ਵਰਤਮਾਨ ਸ਼ਾਸ਼ਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਸੁਧਰ ਜਾਣ ਨਹੀਂ ਲੋਕ ਆਪਣੇ ਹੱਕ ਖੋਹ ਲੈਣਗੇ। ਅਮਰਜੀਤ ਸਿੰਘ ਵੜੈਚ ਦੇ ਵਿਅੰਗਾਂ ਨੇ ਸਿਆਸਤਦਾਨਾ ਦੇ ਕਾਰਨਾਮਿਆਂ ‘ਤੇ ਬੜੇ ਤਿੱਖੇ ਤੀਰ ਚਲਾਏ ਹਨ। ਸਿਆਸਤਦਾਨ ਵੀ ਅਜਿਹੇ ਢੀਠ ਹਨ, ਜਿਹੜੇ ਅਜਿਹੇ ਵਿਅੰਗਾਂ ਤੋਂ ਝਿਜਕਦੇ ਨਹੀਂ। ਸਿਆਸਤਦਾਨ ਮਖੌਟੇ ਪਾਈ ਫਿਰਦੇ ਹਨ।  ਵੜੈਚ ਨੇ ਆਪਣੀਆਂ ਕਵਿਤਾਵਾਂ ਵਿੱਚ ਸਿਆਸਤਦਾਨਾ ਦੇ ਭਿਉਂ ਭਿਉਂ ਕੇ ਜੁਤੀ ਮਾਰੀਆਂ ਹਨ ਪ੍ਰੰਤੂ ਬੇਸ਼ਰਮ ਲੋਕ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆਉਂਦੇ। ਉਨ੍ਹਾਂ ਦੀਆਂ ਕਵਿਤਾਵਾਂ ਵਿੱਚੋਂ ਸਿਆਸਤਦਾਨਾ ਦੀਆਂ ਮਨਮਰਜੀਆਂ ਸੰਬੰਧੀ ਕੁਝ ਸ਼ਿਅਰ ਇਸ ਪ੍ਰਕਾਰ ਹਨ।

ਸੜਕ, ਸਿਹਤ ਤੇ ਸਿੱਖਿਆ ਚੜ੍ਹ ਗਏ ਭੇਂਟ ਸਿਆਸਤ ਦੀ

ਫਿਰ ਵੀ ਕਹਿੰਦੇ ਤੂਤੀ ਬੋਲੇ ਏਸ ਰਿਆਸਤ ਦੀ।

ਲੀਡਰ ਨੂੰ ਹੁਣ ਭੁੱਖ ਲੱਗੀ ਹੈ ਵੋਟਾਂ ਦੀ

ਲਾਰਿਆਂ ਦਾ ਤੰਦੂਰ ਤਪਾਇਆ ਲੀਡਰ ਨੇ।

ਤੋਪਾਂ, ਕੋਲਾ, ਖੱਫਣ ਡਕਾਰ ਗਿਆ

ਕਰ ਕੇ ਸਭ ਕੁਝ ਹਜ਼ਮ ਵਿਖਾਇਆ ਲੀਡਰ ਨੇ।

ਬਾਪੂ ਤੇਰੇ ਭੇਸ ਵਿਚ ਡਾਕੂ ਮੇਰੇ ਦੇਸ਼ ਵਿਚ

ਨੇਤਾ ਸੁੰਘਣ ਵੋਟਾਂ ਨੂੰ ਸਸਕਾਰਾਂ ਦੇ ਸੇਕ ਵਿਚ

ਬੁੱਕਲ ਦੇ ਵਿਚ ਰੱਖੇ ਸੱਪ ਬਾਬਾ ਆਪਣੇ ਖੇਸ ਵਿਚ।

ਹੁੰਦੇ ਸੀ ਟਕਸਾਲੀ ਲੀਡਰ ਅੱਜ ਕਲ੍ਹ ਬਾਹਲੇ ਜਾਅਲੀ ਲੀਡਰ।

ਉਸੇ ਦੇ ਵਿਚ ਕਰਦੇ ਮੋਰੀ ਖਾਂਦੇ ਨੇ ਜਿਸ ਥਾਲੀ ਵਿਚ ਲੀਡਰ।

ਲੋਕਾਂ ਦੇ ਗਲ਼ ਧਰਮ ਦੀ ਯਾਰੋ ਪਾਈ ਫਿਰਨ ਪੰਜਾਲ਼ੀ ਲੀਡਰ।

ਪਹਿਲਾਂ ਪੰਗੇ ਪਾਉਂਦੇ ਲੀਡਰ, ਦੰਗੇ ਫੇਰ ਕਰਾਉਂਦੇ ਲੀਡਰ।

ਥੁੱਕੀਂ ਵੜੇ ਪਕਾਉਂਦੇ ਲੀਡਰ, ਝੋਟੇ ਨੂੰ ਪਸਮਾਉਂਦੇ ਲੀਡਰ।

ਸ਼ਾਇਰ ਨੇ ਅਖੌਤੀ ਧਾਰਮਿਕ ਲੋਕਾਂ ਅਤੇ ਡੇਰਿਆਂ ਵਾਲਿਆਂ ਵੱਲੋਂ ਧਰਮ ਦੀ ਆੜ ਵਿੱਚ ਚਲਾਈਆਂ ਜਾਂਦੀਆਂ ਚਾਲਾਂ ਨਾਲ ਲੋਕਾਂ ਨੂੰ ਗੁਮਰਾਹ ਕਰਕੇ ਭੜਕਾਉਣ ਬਾਰੇ ਵਿਅੰਗ ਕਸੇ ਹਨ। ਪ੍ਰੰਤੂ ਧਾਰਮਿਕ ਬਾਬੇ ਇਨ੍ਹਾਂ ਵਿਅੰਗਾਂ ਤੋਂ ਵੀ ਬੇਪ੍ਰਵਾਹ ਹਨ, ਉਹ ਭੋਲੇ ਭਾਲੇ ਲੋਕਾਂ ਨੂੰ ਫਿਰਕਾਪ੍ਰਸਤੀ ਜਾਲ ਵਿੱਚ ਫਸਾ ਲੈਂਦੇ ਹਨ। ਇਨ੍ਹਾਂ ਬਾਰੇ ਵੜੇਚ ਦੇ ਵਿਅੰਗ ਇਸ ਪ੍ਰਕਾਰ ਹਨ-

ਧੰਦਿਆਂ ਵਿੱਚੋਂ ਧੰਦਾ ਯਾਰੋ ਧਰਮ ਦਾ ਚੰਗਾ ਧੰਦਾ ਯਾਰੋ

ਹਿੰਗ ਲੱਗੇ ਨਾ ਫਟਕੜੀ ਏਥੇ ਰੰਗ ਲਿਆਵੇ ਚੰਗਾ ਯਾਰੋ।

ਸ਼ੇਅਰ ਬਾਜ਼ਾਰ ਜੇ ਹੋਵੇ ਮੰਦਾ ਚੜ੍ਹਦਾ ਏਥੇ ਚੰਦਾ

ਕਾਮਯਾਬ ਉਹ ਬਾਬਾ ਹੋਵੇ ਜਿਹੜਾ ਸਭ ਤੋਂ ਗੰਦਾ ਯਾਰੋ।

ਕੋਈ ਨਾ ਏਥੇ ਸਾਧੂ ਲੱਗੇ, ਚੇਲਾ ਚੋਰ ਗੁਰੂ ਵੀ ਚੋਰ।

ਜਿਹੜਾ ਗੁਰੂ ਦੀ ਗੋਲਕ ਖਾਵੇ, ਵੱਡਾ ਹੁੰਦਾ ਓਹੀ ਚੋਰ।

ਧਰਮਾਂ ਦੀ ਜੋ ਖੇਡ ਖੇਡਦੇ, ਦੇਸ਼ ਦੇ ਹੁੰਦੇ ਉਹ ਵੀ ਚੋਰ।

ਲੋਕ ਲੁਕਾਉਂਦੇ ਝੂਠ ਦੀ ਗਾਗਰ, ਉੱਤੇ ਲੈ ਕੇ ਧਰਮ ਦੀ ਚਾਦਰ।

ਰੱਬ ਦੇ ਨਾਂ ‘ਤੇ ਵੱਢਣ ਬੰਦੇ, ਧਰਮਾਂ ਵਾਲ਼ੇ ਹੋਗੇ ਜਾਬਰ।

 ਜਿਹੜੇ ਸਾਹਿਤਕਾਰ ਸਰਕਾਰੀ ਮਾਨ ਸਨਮਾਨ ਲੈਣ ਲਈ ਲੇਲ੍ਹੜੀਆਂ ਕੱਢ ਕੇ ਇਨਾਮ ਪ੍ਰਾਪਤ ਕਰਦੇ ਹਨ, ਉਨ੍ਹਾਂ ਬਾਰੇ ਵੜੈਚ ਲਿਖਦਾ ਹੈ-

ਕਰਨ ਸਲਾਮਾਂ ਕਲਮਾਂ, ਸਰਕਾਰੀ ਸਨਮਾਨਾ ਲਈ

ਐਹੋ ਜਿਹੇ ਸਨਮਾਨਾਂ ਨੂੰ ਯਾਰੋ ਦੁਰਗੱਤ ਲਿਖੋ।

 ਅਮਰਜੀਤ ਸਿੰਘ ਵੜੈਚ ਦੀ ਹਰ ਕਵਿਤਾ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਉਸ ਦੇ ਦਿਲ ਦੀ ਆਵਾਜ਼ ਹੋਵੇ। ਉਸ ਦੀਆਂ ਕਵਿਤਾਵਾਂ ਦੀ ਸ਼ਬਦਾਵਲੀ ਦਿਹਾਤੀ ਸਭਿਅਚਾਰ ਵਿੱਚੋਂ ਲਈ ਗਈ ਹੈ। ਬੋਲੀ ਠੇਠ ਪੰਜਾਬੀ ਹੋਣ ਕਰਕੇ ਪਾਠਕ ਦੇ ਦਿਲ ਨੂੰ ਟੁੰਬਦੀ ਹੋਈ ਆਪਣਾ ਪ੍ਰਭਾਵ ਛੱਡਦੀ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਭਵਿਖ ਵਿੱਚ ਵੀ ਅਮਰਜੀਤ ਸਿੰਘ ਵੜੈਚ ਨਵੀਂਆਂ ਪਿਰਤਾਂ ਪਾਵੇਗਾ ਤੇ ਸਮਾਜਿਕ ਬੁਰਾਈਆਂ ਦਾ ਪਰਦਾ ਫਾਸ਼ ਕਰੇਗਾ।

ਸੁੰਦਰ ਮੁੱਖ ਕਵਰ, 88 ਪੰਨਿਆਂ, 200 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਸਪਰੈਡ ਪਬਲੀਕੇਸ਼ਨ ਰਾਮਪੁਰ (ਪੰਜਾਬ) ਨੇ ਪ੍ਰਕਾਸ਼ਤ ਕੀਤਾ ਹੈ।

  ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

    ਮੋਬਾਈਲ-94178 13072

     ujagarsingh48@yahoo.com

ਬੀ.ਜੇ.ਪੀ.ਪੰਜਾਬ ਦੇ ਪਿੰਡਾਂ ਵਿੱਚ ਖੰਭ ਖਿਲਾਰਨ ਲੱਗੀ - ਉਜਾਗਰ ਸਿੰਘ

ਮਈ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪਿੰਡਾਂ ਵਿੱਚ ਭਾਜਪਾਈਆਂ ਦਾ ਘੇਰਾ ਵਧਾਉਣ ਵਿੱਚ ਜੁਟ ਗਈ ਹੈ। ਬੀ.ਜੇ.ਪੀ.ਦੀ ਪੰਜਾਬ ਇਕਾਈ ਦੇ ਅਹੁਦੇਦਾਰਾਂ ਦੀ ਨਵੀਂ ਸੂਚੀ ਤੋਂ ਇਉਂ ਲੱਗ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪਿੰਡਾਂ ਵਿੱਚ ਖੰਭ ਖਿਲਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਹਿਰਾਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਆਧਾਰ ਪਹਿਲਾਂ ਹੀ ਬਣਿਆਂ ਹੋਇਆ ਹੈ। ਸ਼ਹਿਰਾਂ ਵਿੱਚ ਮੋਦੀ ਲਹਿਰ ਦਾ ਅਸਰ ਮਹਿਸੂਸ ਕੀਤਾ ਜਾ ਸਕਦਾ ਹੈ। ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਰਣਨੀਤੀਕਾਰਾਂ ਨੇ ਪੰਜਾਬ ਇਕਾਈ ਦੇ ਅਹੁਦੇਦਾਰਾਂ ਦੀ ਸੂਚੀ ਬਣਾਉਂਦਿਆਂ ਇਕ ਤੀਰ ਨਾਲ ਕਈ ਲੁਕਵੇਂ ਨਿਸ਼ਾਨੇ ਮਾਰੇ ਹਨ, ਜਿਨ੍ਹਾਂ ਦੇ ਪ੍ਰਭਾਵ ਪੰਜਾਬ ਦੀ ਰਾਜਨੀਤੀ ਵਿੱਚ ਲੰਬੇ ਸਮੇਂ ਲਈ ਕਾਰਗਰ ਸਾਬਤ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਨਵੰਬਰ 2020 ਵਿੱਚ ਦਿੱਲੀ ਦੀ ਸਰਹੱਦ ‘ਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇਕ ਸਾਲ ਚਲਾਏ ਪੰਜਾਬ ਦੇ ਕਿਸਾਨਾ ਦੀ ਅਗਵਾਈ ਵਿੱਚ ਕਿਸਾਨ ਮਜ਼ਦੂਰ ਅੰਦੋਲਨ ਦੇ ਪ੍ਰਭਾਵਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵੀ ਇਸ ਸੂਚੀ ਵਿੱਚੋਂ ਸ਼ਪਸ਼ਟ ਵਿਖਾਈ ਦਿੰਦੀ ਹੈ। ਜੱਟ ਸਿੱਖਾਂ ਨੂੰ ਮਹੱਤਤਾ ਦੇਣਾ ਪਿੰਡਾਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਦਾ ਨਤੀਜਾ ਹੈ। ਭਾਵੇਂ ਭਾਰਤੀ ਜਨਤਾ ਪਾਰਟੀ ਨੇ ਕਿਸਾਨ ਅੰਦੋਲਨ ਵਿੱਚ ਮਾਤ ਖਾਣ ਤੋਂ ਬਾਅਦ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਅਹੁਦੇਦਾਰਾਂ ਅਤੇ ਹੋਰ ਸਿੱਖ ਨੇਤਾਵਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਪਿੰਡਾਂ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੀਆਂ ਵੋਟਾਂ ਵਿੱਚ ਸੰਨ੍ਹ ਲਗਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਇਸੇ ਲੜੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਤੋਂ ਇਲਾਵਾ 12 ਉਪ ਪ੍ਰਧਾਨਾਂ ਵਿੱਚ 6 ਬਲਬੀਰ ਸਿੰਘ ਸਿੱਧੂ, ਫਤਿਹਜੰਗ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਕਾਂਗੜ, ਜਗਦੀਪ ਸਿੰਘ ਨਕਈ, ਜੈਸਮਾਈਨ ਸੰਧਾਵਾਲੀਆ, ਬਿਕਰਮਜੀਤ ਸਿੰਘ ਚੀਮਾ, ਇਕ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ, ਦਮਨ ਥਿੰਦ ਬਾਜਵਾ, ਕੰਵਰਵੀਰ ਸਿੰਘ ਟੌਹੜਾ, ਕੋਰ ਕਮੇਟੀ ਵਿੱਚੋਂ ਦੇ 21 ਮੈਂਬਰਾਂ ਵਿੱਚੋਂ 7 ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ ਬਾਦਲ, ਕੇਵਲ ਸਿੰਘ ਢਿਲੋਂ,  ਐਸ.ਐਸ.ਵਿਰਕ, ਪੀ.ਐਸ.ਗਿੱਲ,  ਹਰਜੀਤ ਸਿੰਘ ਗਰੇਵਾਲ,  ਅਮਰਜੋਤ ਕੌਰ ਰਾਮੂਵਾਲੀਆ,  ਪਾਰਟੀ ਦੇ 5 ਵਿੰਗ ਮੁੱਖੀਆਂ ਵਿੱਚ 2 ਬੀਬਾ ਜੈਇੰਦਰ ਕੌਰ, ਦਰਸ਼ਨ ਸਿੰਘ ਨੈਨਾਵਾਲ ਕੁਲ 21 ਜੱਟ ਸਿੱਖ ਕਿਸਾਨ ਪਰਿਵਾਰਾਂ ਨਾਲ ਸੰਬੰਧਤ ਸ਼ਾਮਲ ਕੀਤੇ ਹਨ। ਪਿੰਡਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹੋਰ ਅਸਰਦਾਰ ਬਣਾਉਣ ਲਈ ਰਣਨੀਤੀਕਾਰਾਂ ਵੱਲੋਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਹੁਣ ਤੱਕ 3 ਲੋਕ ਸਭਾ ਦੀਆਂ ਸੀਟਾਂ ਤੋਂ ਵੱਧ ਕਦੀਂ ਵੀ ਜਿੱਤ ਨਹੀਂ ਸਕੀ। ਪੰਜਾਬ ਤੇ ਚੰਡੀਗੜ੍ਹ ਦੀਆਂ 13 ਲੋਕ ਸਭਾ ਸੀਟਾਂ ਹਨ। ਇਹ ਅਹੁਦੇਦਾਰੀਆਂ ਵੀ ਇਸੇ ਕੜੀ ਦਾ ਹਿੱਸਾ ਹਨ। ਭਾਵੇਂ ਕਾਂਗਰਸ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਆਏ ਨਵੇਂ ਭਾਜਪਾਈਆਂ ਨੂੰ ਵਧੇਰੇ ਪ੍ਰਤੀਨਿਧਤਾ ਦਿੱਤੀ ਗਈ ਹੈ ਪ੍ਰੰਤੂ ਅਕਾਲੀ ਦਲ ਵਿੱਚੋਂ ਆਏ ਜਗਦੀਪ ਸਿੰਘ ਨਕਈ ਨੂੰ ਉਪ ਪ੍ਰਧਾਨ, ਪਰਮਿੰਦਰ ਸਿੰਘ ਬਰਾੜ ਜੋ ਸੁਖਬੀਰ ਸਿੰਘ ਬਾਦਲ ਦਾ ਆਫੀਸਰ ਆਨ ਸ਼ਪੈਸ਼ਲ ਡਿਊਟੀ ਸੀ, ਨੂੰ ਜਨਰਲ ਸਕੱਤਰ, ਸਕੱਤਰਾਂ ਵਿੱਚ ਕੰਵਰਵੀਰ ਸਿੰਘ ਟੌਹੜਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਦੋਹਤਾ, ਅਮਰਪਾਲ ਸਿੰਘ ਬੋਨੀ ਸਾਬਕਾ ਵਿਧਾਨਕਾਰ ਨੂੰ ਓ.ਬੀ.ਸੀ.ਵਿੰਗ ਦਾ ਮੁਖੀ, ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀ ਸਪੀਕਰ ਲੋਕ ਸਭਾ ਮੈਂਬਰ ਕੋਰ ਕਮੇਟੀ ਸ਼ਾਮਲ ਹਨ। ਇਸ ਸੂਚੀ ਤੋਂ ਸਾਫ਼ ਵਿਖਾਈ ਦਿੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਸ਼ਰੋਮਣੀ ਅਕਾਲੀ ਦਲ ਬਾਦਲ ਨਾਲ ਸਮਝੌਤਾ ਕਰਨ ਦੇ ਮੂਡ ਵਿੱਚ ਨਹੀਂ ਹੈ ਕਿਉਂਕਿ ਉਹ ਤਾਂ ਅਕਾਲੀ ਦਲ ਨੂੰ ਖੋਰਾ ਲਾਉਣ ਦੀਆਂ ਸਕੀਮਾ ਬਣਾ ਰਹੇ ਹਨ। ਹੁਣ ਬੀ.ਜੇ.ਪੀ.ਦੇ ਅਕਾਲੀ ਦਲ ਬਾਦਲ ਨਾਲ ਸਮਝੌਤੇ ਦੀਆਂ ਅਟਕਲਾਂ ਖ਼ਤਮ ਹੋ ਗਈਆਂ ਹਨ। ਸੁੰਦਰ ਸ਼ਾਮ ਅਰੋੜਾ ਨੂੰ ਭਰਿਸ਼ਟਾਚਾਰ ਦੇ ਕੇਸ ਵਿੱਚ ਫਸੇ ਹੋਣ ਕਰਕੇ ਕੋਈ ਅਹੁਦਾ ਨਹੀਂ ਦਿੱਤਾ ਗਿਆ। ਬਾਕੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਆਏ ਸਾਰੇ ਸਾਬਕਾ ਮੰਤਰੀਆਂ ਨੂੰ ਅਹੁਦੇਦਾਰੀਆਂ ਨਾਲ ਨਿਵਾਜਿਆ ਗਿਆ ਹੈ। ਦਿੱਲੀ ਦੀ ਸਰਹੱਦ ‘ਤੇ ਕਿਸਾਨ ਮਜ਼ਦੂਰਾਂ ਦੇ ਅੰਦੋਲਨ ਦੇ ਪ੍ਰਤੱਖ ਪ੍ਰਭਾਵ ਦਾ ਪ੍ਰਗਟਾਵਾ ਪੰਜਾਬ ਦੇ ਪਿੰਡਾਂ ਵਿੱਚ ਸਾਫ ਵੇਖਣ ਨੂੰ ਮਿਲਦਾ ਸੀ। ਇਕ ਕਿਸਮ ਨਾਲ ਪੰਜਾਬ ਦੇ ਕਿਸਾਨਾ ਤੇ ਮਜ਼ਦੂਰਾਂ ਦਾ ਭਾਰਤੀ ਜਨਤਾ ਪਾਰਟੀ ਨਾਲੋਂ ਮੋਹ ਭੰਗ ਹੋ ਗਿਆ ਸੀ। ਸੁਨੀਲ ਕੁਮਾਰ ਜਾਖੜ ਨੂੰ ਅਬੋਹਰ ਤੋਂ ਹਰਾਉਣ ਵਾਲੇ ਵਿਧਾਇਕ ਅਰੁਨ ਨਾਰੰਗ ਨੂੰ ਉਦੋਂ ਕਿਸਾਨਾ ਨੇ ਕੁੱਟਿਆ ਅਤੇ ਕਪੜੇ ਪਾੜ ਕੇ ਨੰਗਾ ਕਰ ਦਿੱਤਾ ਸੀ। ਉਹੀ ਸੁਨੀਲ ਕੁਮਾਰ ਜਾਖੜ ਕਾਂਗਰਸ ਵਿੱਚੋਂ ਆ ਕੇ ਪੰਜਾਬ ਭਾਜਪਾ ਦਾ ਪ੍ਰਧਾਨ ਬਣ ਗਿਆ ਤੇ ਹੁਣ ਆਪਣੀ ਟੀਮ ਵਿੱਚ ਕਾਂਗਰਸੀਆਂ ਨੂੰ ਮੁੱਖ ਭੂਮਿਕਾ ਅਦਾ ਕਰਨ ਲਈ ਅਹੁਦੇਦਾਰੀਆਂ ਦੇ ਦਿੱਤੀਆਂ ਗਈਆਂ ਹਨ, ਜਿਸ ਕਰਕੇ ਟਕਸਾਲੀ ਭਾਜਪਾਈ ਕਹਿ ਰਹੇ ਹਨ ‘ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਛ’।  ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਿਆਸੀ ਪਾਰਟੀਆਂ ਪਾਰਟੀ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਵਾਲੇ ਨੇਤਾਵਾਂ ‘ਤੇ ਨਹੀਂ ਸਗੋਂ ਮੌਕਾ ਪ੍ਰਸਤੀ ਵਾਲੇ ਨੇਤਾਵਾਂ ਨੂੰ ਪਹਿਲ ਦੇ ਰਹੀਆਂ ਹਨ।
 ਸੁਨੀਲ ਕੁਮਾਰ ਜਾਖੜ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਯੁਕਤ ਹੋਣ ਤੋਂ ਤਿੰਨ ਮਹੀਨੇ ਦੀ ਲਗਾਤਾਰ ਜਦੋਜਹਿਦ ਤੋਂ ਬਾਅਦ ਕੇਂਦਰੀ ਲੀਡਰਸ਼ਿਪ ਤੋਂ ਅਹੁਦੇਦਾਰੀਆਂ ਪ੍ਰਵਾਨ ਕਰਾਉਣ ਵਿੱਚ ਸਫਲ ਹੋਇਆ ਹੈ। ਕੇਂਦਰੀ ਲੀਡਰਸ਼ਿਪ ਟਕਸਾਲੀ ਭਾਜਪਾਈਆਂ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੀ ਸੀ, ਜਿਹੜੇ ਔਖੀ ਘੜੀ ਵਿੱਚ ਪਾਰਟੀ ਨਾਲ ਡਟੇ ਰਹੇ ਹਨ। ਜਾਖੜ ਨੇ ਲੋਕ ਸਭਾ ਦੀਆਂ ਚੋਣਾ ਭਾਜਪਾ ਨੂੰ ਜਿੱਤਾਉਣ ਦÇ ਜ਼ਿੰਮੇਵਾਰੀ ਲਈ ਹੈ, ਜਿਸ ਕਰਕੇ ਹਾਈ ਕਮਾਂਡ ਨੇ ਉਸ ਦੀ ਗੱਲ ਮੰਨਕੇ ਅਹੁਦੇਦਾਰੀਆਂ ਉਸ ਅਨੁਸਾਰ ਦਿੱਤੀਆਂ ਹਨ। ਸੁਨੀਲ ਜਾਖੜ ਨੂੰ ਆਪਣੇ ਪੁਰਾਣੇ ਸਾਥੀਆਂ ‘ਤੇ ਜ਼ਿਆਦਾ ਮਾਣ ਹੈ, ਜਿਹੜੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਏ ਹਨ। ਉਸ ਨੇ ਭਾਰਤੀ ਜਨਤਾ ਪਾਰਟੀ ਵਿੱਚ ਨਵੀਂ ਰੂਹ ਫੂਕਣ ਦੇ ਇਰਾਦੇ ਨਾਲ ਇਹ ਨਿਯੁਕਤੀਆਂ ਕੀਤੀਆਂ ਹਨ। ਜਾਖੜ ਨੇ ਪੰਜਾਬ ਦੇ ਨਵੇਂ ਅਤੇ ਪੁਰਾਣੇ ਭਾਜਪਾਈਆਂ ਨੂੰ 67 ਅਹੁਦੇਦਾਰੀਆਂ ਵੰਡੀਆਂ ਹਨ, ਜਿਨ੍ਹਾਂ ਵਿੱਚ ਕਾਂਗਰਸ ਅਤੇ ਅਕਾਲੀ ਦਲ ਵਿੱਚੋਂ ਆ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਨੇਤਾਵਾਂ ਨੂੰ 33 ਫ਼ੀ ਸਦੀ ਹਿੱਸਾ ਦਿੱਤਾ ਗਿਆ ਹੈ। ਇਸ ਸੂਚੀ ਵਿੱਚ ਨਵੇਂ ਤੇ ਪੁਰਾਣੇ ਨੇਤਾਵਾਂ ਨੂੰ ਬਰਾਬਰ ਦੀ ਅਹਿਮੀਅਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰੰਤੂ ਜਾਖੜ ਵੱਲੋਂ ਸਮਤੁਲ ਰੱਖਣ ਦੀ ਕੋਸ਼ਿਸ਼ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦੀਆਂ ਅਹੁਦੇਦਾਰੀਆਂ ਮਾਨਣ ਵਾਲੇ ਪੁਰਾਣੇ ਘਾਗ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਸੁਨੀਲ ਜਾਖੜ ਖੁਦ ਪੰਜਾਬ ਕਾਂਗਰਸ ਵਿੱਚੋਂ ਆਏ ਹਨ, ਇਸ ਲਈ ਕੁਦਰਤੀ ਹੈ ਕਿ ਉਸ ਦੀ ਨਵੀਂ ਟੀਮ ਵਿੱਚ ਪੁਰਾਣੇ ਕਾਂਗਰਸੀਆਂ ਨੂੰ ਨਿਵਾਜਣਾ ਬਣਦਾ ਸੀ। ਭਾਰਤੀ ਜਨਤਾ ਪਾਰਟੀ ਦੀ ਟਕਸਾਲੀ ਲੀਡਰਸ਼ਿਪ ਖੁਲ੍ਹੇ ਤੌਰ ‘ਤੇ ਤਾਂ ਸਾਹਮਣੇ ਨਹੀਂ ਆ ਰਹੀ ਪ੍ਰੰਤੂ ਇਸ ਸੂਚੀ ਵਿੱਚ ਟਕਸਾਲੀਆਂ ਨੂੰ ਅਣਡਿਠ ਕਰਨ ਨਾਲ ਘੁਸਰ ਮੁਸਰ ਜ਼ਰੂਰ ਸ਼ੁਰੂ ਹੋ ਗਈ ਹੈ, ਜਿਸ ਦਾ ਬੀ.ਜੇ.ਪੀ.ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਟਕਸਾਲੀ ਭਾਜਪਾਈ ਪੰਜਾਬ ਇਕਾਈ ਵਿੱਚ ਨਵੇਂ ਬਣੇ ਭਾਜਪਾਈਆਂ ਬਾਰੇ ਇਕ ਕਹਾਵਤ ‘ਕਲ੍ਹ ਦੀ ਭੂਤਨੀ ਸਿਵਿਆਂ ਵਿੱਚ ਅੱਧ’ ਦੀ ਉਦਾਹਰਣ ਦਿੰਦੇ ਹੋਏ ਅਸੰਤੁਸ਼ਟੀ ਪ੍ਰਗਟ ਕਰ ਰਹੇ ਹਨ। ਇਸ ਸੂਚੀ ਵਿੱਚ ਦੋ ਸਾਬਕਾ ਆਈ.ਏ.ਐਸ.ਅਧਿਕਾਰੀ ਜਗਮੋਹਨ ਸਿੰਘ ਰਾਜੂ ਅਤੇ ਸੁੱਚਾ ਰਾਮ ਲੱਧਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਭਾਵੇਂ ਸੂਚੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਨੂੰ ਵਧੇਰੇ ਪ੍ਰਤੀਨਿਧਤਾ ਦਿੱਤੀ ਗਈ ਹੈ, ਉਨ੍ਹਾਂ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ ਨੂੰ ਰਾਜ ਦੇ ਇਸਤਰੀ ਵਿੰਗ ਦਾ ਮੁੱਖੀ ਬਣਾਇਆ ਗਿਆ ਹੈ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਦੀ ਸੀਨੀਅਰਿਟੀ ਅਨੁਸਾਰ ਉਸ ਨੂੰ ਕੋਰ ਕਮੇਟੀ ਦੀ ਥਾਂ ਕੇਂਦਰੀ ਇਕਾਈ ਵਿੱਚ ਸ਼ਾਮਲ ਕਰਨਾ ਬਣਦਾ ਸੀ। ਹੁਣ ਉਹ ਸੁਨੀਲ ਕੁਮਾਰ ਜਾਖੜ ਦੀ ਅਗਵਾਈ ਥੱਲੇ ਕੰਮ ਕਰੇਗਾ। ਸੁਨੀਲ ਕੁਮਾਰ ਜਾਖੜ ਦੀ ਨਵੀਂ ਟੀਮ ਵਿੱਚ ਉਪ ਪ੍ਰਧਾਨ, ਜਨਰਲ ਸਕੱਤਰ, ਸਕੱਤਰ ਅਤੇ ਪਾਰਟੀ ਦੇ ਵਿੰਗਾਂ ਦੇ ਮੁੱਖੀ ਪਹਿਲੀਆਂ ਇਕਾਈਆਂ ਦੇ ਮੁਕਾਬਲੇ 40-60 ਸਾਲ ਉਮਰ ਵਾਲੇ ਸ਼ਾਮਲ ਕੀਤੇ ਹਨ ਕਿਉਂਕਿ ਇਨ੍ਹਾਂ ਨੇ ਹੀ ਪਾਰਟੀ ਨੂੰ ਸਰਗਰਮ ਕਰਨਾ ਹੁੰਦਾ ਹੈ। ਕੋਰ ਕਮੇਟੀ ਵਿੱਚ ਤਾਂ ਤਜ਼ਰਬੇਕਾਰ ਸੀਨੀਅਰ ਨੇਤਾ ਹੁੰਦੇ ਹਨ, ਜਿਹੜੇ ਤਾਂ ਸਿਰਫ ਨੀਤੀਗਤ ਫ਼ੈਸਲੇ ਕਰਦੇ ਹਨ, ਉਹ ਤਾਂ ਦਰਸ਼ਨੀ ਭਲਵਾਨ ਹੀ ਹੁੰਦੇ ਹਨ। ਪਾਰਟੀ ਨੂੰ ਲਾਮਬੰਦ ਕਰਨ ਵਿੱਚ ਨੌਜਵਾਨ ਸੁਚੱਜਾ ਯੋਗਦਾਨ ਪਾ ਸਕਦੇ ਹਨ। ਵੇਖਣ ਵਾਲੀ ਗੱਲ ਹੈ ਕਿ ਸੁਨੀਲ ਕੁਮਾਰ ਜਾਖੜ ਦੀ ਨਵੀਂ ਟੀਮ ਟਕਸਾਲੀ ਭਾਜਪਾਈਆਂ ਨੂੰ ਆਪਣੇ ਨਾਲ ਤੋਰਨ ਵਿੱਚ ਸਫਲ ਹੁੰਦੀ ਹੈ ਕਿ ਨਹੀਂ। ਮਈ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਸੁਨੀਲ ਕੁਮਾਰ ਜਾਖੜ ਦਾ ਭਵਿਖ ਤਹਿ ਕਰਨਗੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
   ujagarsingh48@yahoo.com