ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਜ਼ਾਰਤ ਵਿੱਚ ਪੰਜਾਬੀ ਦੀ ਮੋਹਰੀ  - ਉਜਾਗਰ ਸਿੰਘ

ਇਸ ਸਮੇਂ ਭਾਵੇਂ ਕੈਨੇਡਾ ਅਤੇ ਭਾਰਤ ਦੇ ਡਿਪਲੋਮੈਟਿਕ ਰਿਸ਼ਤੇ ਸੁਖਾਵੇਂ ਨਹੀਂ ਹਨ ਪ੍ਰੰਤੂ ਫਿਰ ਵੀ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਨੇ 8 ਪੰਜਾਬੀਆਂ ਨੂੰ ਮੰਤਰੀ ਅਤੇ ਸੰਸਦੀ ਸਕੱਤਰ ਬਣਾਕੇ ਵੱਡਾ ਮਾਣ ਦਿੱਤਾ ਹੈ। ਇਥੋਂ ਤੱਕ ਕਿ ਇੱਕ ਪੰਜਾਬਣ ਨਿੱਕੀ ਸ਼ਰਮਾ ਨੂੰ ਉਪ ਮੁੱਖ ਮੰਤਰੀ ਬਣਾਇਆ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਵਜ਼ਾਰਤ ਵਿੱਚ ਭਾਰਤੀ ਮੂਲ ਦੇ ਪੰਜਾਬੀਆਂ ਨੂੰ ਪਹਿਲੀ ਵਾਰ ਵੱਡੀ ਮਾਤਰਾ ਵਿੱਚ ਪ੍ਰਤੀਨਿਧਤਾ ਮਿਲੀ ਹੈ। ਕੈਨੇਡਾ ਦੀ ਸਿਆਸਤ ਵਿੱਚ ਨਿਊ ਡੈਮੋਕਰੈਟਿਕ ਪਾਰਟੀ ਦੇ ਮੁੱਖੀ ਭਾਰਤੀ ਮੂਲ ਦੇ ਪੰਜਾਬੀ ਜਗਮੀਤ ਸਿੰਘ ਦੀ ਤੂਤੀ ਬੋਲਦੀ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਨਵੀਂ ਸਰਕਾਰ ਵੀ ਦੁਬਾਰਾ ਨਿਊ ਡੈਮੋਕਰੈਟਿਕ ਪਾਰਟੀ ਦੀ ਹੀ ਬਣੀ ਹੈ। ਕੈਨੇਡਾ ਦੀ ਫੈਡਰਲ ਸਰਕਾਰ ਵੀ ਨਿਊ ਡੈਮੋਕਰੈਟਿਕ ਪਾਰਟੀ ਦੀ ਮਦਦ ਨਾਲ ਚਲ ਰਹੀ ਹੈ। ਪੰਜਾਬੀਆਂ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੀ ਕਾਬਲੀਅਤ ਦੇ ਝੰਡੇ ਗੱਡ ਦਿੱਤੇ ਕੈਨੇਡਾ ਹਨ। ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਜਗਮੀਤ ਸਿੰਘ ਦੀ ਨਿਊ ਡੈਮੋਕਰੈਟਿਕ ਪਾਰਟੀ ਦੀ ਨਵੀਂ ਸਰਕਾਰ ਨੇ ਡੇਵਿਡ ਈਬੀ ਦੀ ਪ੍ਰੀਮੀਅਰ ਦੀ ਅਗਵਾਈ ਵਿੱਚ 41 ਮੈਂਬਰੀ ਵਜ਼ਾਰਤ ਨੇ ਆਪਣਾ ਕਾਰਜ ਭਾਗ ਸੰਭਾਲ ਲਿਆ ਹੈ। ਡੇਵਿਡ ਈਬੀ ਬ੍ਰਿਟਿਸ਼ ਕੋਲੰਬੀਆ ਸੂਬੇ ਦੇ 37ਵੇਂ ਮੁੱਖ ਮੰਤਰੀ ਹਨ। ਨਵੀਂ ਸਰਕਾਰ ਵਿੱਚ 23 ਕੈਬਨਿਟ ਮੰਤਰੀ, 4 ਰਾਜ ਮੰਤਰੀ ਅਤੇ 14 ਸੰਸਦੀ ਸਕੱਤਰ ਬਣਾਏ ਗਏ ਹਨ। 27 ਕੈਬਨਿਟ ਤੇ ਰਾਜ ਮੰਤਰੀਆਂ ਵਿੱਚ 11 ਮਰਦ ਅਤੇ 16 ਇਸਤਰੀਆਂ ਹਨ। ਪਹਿਲੀ ਵਾਰ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵਿੱਚ ਇਸਤਰੀਆਂ ਨੂੰ ਮਰਦਾਂ ਨਾਲੋਂ ਵੱਧ ਪ੍ਰਤੀਨਿਧਤਾ ਦਿੱਤੀ ਗਈ ਹੈ। ਡੇਵਿਡ ਈਬੀ ਦੀ ਵਜ਼ਾਰਤ ਵਿੱਚ ਭਾਰਤੀ ਮੂਲ ਦੇ ਪੰਜਾਬੀਆਂ ਦੀ ਸਰਦਾਰੀ ਹੈ। ਪੰਜਾਬੀਆਂ ਨੂੰ ਮਹੱਤਵਪੂਰਨ ਵਿਭਾਗਾਂ ਦੀ ਜ਼ਿੰਮੇਵਾਰੀ ਦੇ ਮਾਣ ਬਖ਼ਸ਼ਿਆ ਗਿਆ ਹੈ। ਭਾਰਤੀ ਮੂਲ ਦੀ ਉਘੀ ਪੰਜਾਬਣ ਨਿੱਕੀ ਸ਼ਰਮਾ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ। ਕੈਨੇਡਾ ਦੇ ਇਤਿਹਾਸ ਵਿੱਚ ਨਿੱਕੀ ਸ਼ਰਮਾ ਕੈਨੇਡਾ ਦੇ ਕਿਸੇ ਸੂਬੇ ਦੀ ਉਪ ਮੁੱਖ ਮੰਤਰੀ ਬਣਨ ਵਾਲੀ ਪਹਿਲੀ ਪੰਜਾਬਣ ਹੈ। ਇਸ ਤੋਂ ਪਹਿਲਾਂ ਭਾਰਤੀ ਮੂਲ ਦੇ ਪੰਜਾਬੀ ਉਜਲ ਦੁਸਾਂਝ 2002 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਰਹੇ ਹਨ। ਨਵੇਂ ਮੰਤਰੀ ਮੰਡਲ ਵਿੱਚ ਭਾਰਤੀ/ਪੰਜਾਬੀ  ਮੂਲ ਦੇ 4 ਕੈਬਨਿਟ ਮੰਤਰੀ ਅਤੇ 4 ਸੰਸਦੀ ਸਕੱਤਰ ਬਣਾਏ ਗਏ ਹਨ। ਭਾਰਤੀ/ਪੰਜਾਬੀ  ਮੂਲ ਦੇ 8 ਮੰਤਰੀਆਂ ਵਿੱਚ 5 ਔਰਤਾਂ ਤੇ 3 ਮਰਦ ਸ਼ਾਮਲ ਹਨ। ਅਕਤੂਬਰ 2024 ਵਿੱਚ ਚੋਣਾਂ ਵਿੱਚ ਐਨ.ਡੀ.ਪੀ. ਨੇ 93 ਮੈਂਬਰੀ ਵਿਧਾਨ ਸਭਾ ਵਿੱਚੋਂ 47 ਸੀਟਾਂ ‘ਤੇ ਜਿੱਤ ਪ੍ਰਾਪਤ ਕਰਕੇ ਬਹੁਮਤ ਪ੍ਰਾਪਤ ਕਰ ਲਿਆ ਸੀ। ਕੰਜ਼ਰਵੇਟਿਵ ਪਾਰਟੀ ਨੂੰ 44 ਸੀਟਾਂ ‘ਤੇ ਜਿੱਤ ਨਸੀਬ ਹੋਈ ਸੀ। ਇਨ੍ਹਾਂ ਚੋਣਾਂ ਵਿੱਚ 15 ਭਾਰਤੀਆਂ/ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ ਸੀ। ਵਿਧਾਨ ਸਭਾ ਵਿੱਚ ਹਰ ਛੇਵਾਂ ਭਾਰਤੀ ਮੂਲ ਦਾ ਮੈਂਬਰ ਹੈ। ਚਾਰ ਕੈਬਨਿਟ ਮੰਤਰੀਆਂ ਵਿੱਚ ਨਿੱਕੀ ਸ਼ਰਮਾ, ਜਗਰੂਪ ਸਿੰਘ ਬਰਾੜ, ਰਵਿੰਦਰ ਸਿੰਘ ਰਵੀ ਕਾਹਲੋਂ, ਰਵੀ ਪਰਮਾਰ ਅਤੇ ਸੰਸਦੀ ਸਕੱਤਰਾਂ ਵਿੱਚ ਜਸਪ੍ਰੀਤ ਕੌਰ ਜੈਸੀ ਸੁੰਨੜ, ਸੁਨੀਤਾ ਧੀਰ, ਹਰਵਿੰਦਰ ਸੰਧੂ ਅਤੇ ਪਾਕਿਸਤਾਨ ਵਾਲੇ ਪੱਛਵੀਂ ਪੰਜਾਬ ਤੋਂ ਅਮਨਾ ਸ਼ਾਹ ਸ਼ਾਮਲ ਹਨ। ਕੈਨੇਡਾ ਵਿੱਚ 2021 ਦੀ ਜਨਸੰਖਿਆ ਅਨੁਸਾਰ 9 ਲੱਖ 50 ਹਜ਼ਾਰ ਦੇ ਕਰੀਬ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਮੋਨੀਟੋਬਾ ਅਤੇ ਕਿਊਬਕ ਸੂਬਿਆਂ ਵਿੱਚ ਭਾਰਤੀ ਮੂਲ ਦੇ ਪੰਜਾਬੀਆਂ/ਸਿੱਖਾਂ ਦੀ ਵਸੋਂ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪੰਜਾਬੀਆਂ/ਸਿੱਖਾਂ ਦੀ 3 ਲੱਖ 15 ਹਜ਼ਾਰ ਵੱਸੋਂ ਹੈ। ਨਿੱਕੀ ਸ਼ਰਮਾ ਦੇ ਪਿਤਾ ਪਾਲ ਸ਼ਰਮਾ ਦਾ ਪਿਛੋਕੜ ਲੁਧਿਆਣਾ ਦਾ ਹੈ, ਪ੍ਰੰਤੂ ਨਿੱਕੀ ਸ਼ਰਮਾ ਕੈਨੇਡਾ ਦੀ ਜਮਪਲ ਹੈ। ਉਹ ਦੂਜੀ ਵਾਰ  ਵੈਨਕੂਵਰ-ਹੇਸਟਿੰਗ ਤੋਂ ਵਿਧਾਇਕਾ ਬਣੀ ਹੈ। ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਅਦ ਉਹ ਬ੍ਰਿਟਿਸ਼ ਕੋਲੰਬੀਆ ਸਰਕਾਰ ਵਿੱਚ ਮੰਤਰੀ ਬਣ ਗਈ ਸੀ ਤੇ ਅਟਾਰਨੀ ਜਨਰਲ ਸੀ। ਇਸ ਵਾਰ ਵੀ ਉਸਨੂੰ ਅਟਾਰਨੀ ਜਨਰਲ ਬਣਾਇਆ ਗਿਆ ਹੈ। ਜਗਰੂਪ ਸਿੰਘ ਬਰਾੜ ਪਹਿਲੀ ਸਰਕਾਰ ਵਿੱਚ ਰਾਜ ਮੰਤਰੀ ਸੀ। ਇਸ ਵਾਰ ਉਸਨੂੰ ਤਰੱਕੀ ਦੇ ਕੇ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਉਸਨੂੰ ਮਾਈਨਿੰਗ ਤੇ ਕ੍ਰਿਟੀਕਲ ਮਿਨਰਲਜ਼ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ। ਉਹ ਬਠਿੰਡਾ ਜ਼ਿਲ੍ਹੇ ਦੇ ਦਿਓਣ ਪਿੰਡ ਦਾ ਜੰਮਪਲ ਹੈ। ਜਗਰੂਪ ਸਿੰਘ ਬਰਾੜ ਸਰੀ-ਫਲੀਟਵੁੱਡ ਹਲਕੇ ਤੋਂ 7ਵੀਂ ਵਾਰ ਵਿਧਾਇਕ ਬਣਿਆਂ ਹੈ। ਉਹ ਬਾਸਕਟਵਾਲ ਦਾ ਨੈਸ਼ਨਲ ਪਲੇਅਰ ਹੈ ਅਤੇ ਆਪਣੀ ਕਾਬਲੀਅਤ ਕਰਕੇ ਬਠਿੰਡਾ ਦੇ ਟਿੱਬਿਆਂ ਦੀ ਮਹਿਕ ਬ੍ਰਿਟਿਸ਼ ਕੋਲੰਬੀਆ ਰਾਜ ਵਿੱਚ ਫ਼ੈਲਾ ਰਿਹਾ ਹੈ, ਜਿਸ ਦਾ ਆਨੰਦ ਕੈਨੇਡੀਅਨ ਨਾਗਰਿਕ ਮਾਣ ਰਹੇ ਹਨ। ਰਵਿੰਦਰ ਸਿੰਘ ‘ਰਵੀ ਕਾਹਲੋਂ’ ਜੋ ਕਿ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਦੇ ਭਾਗੋਵਾਲ ਪਿੰਡ ਤੋਂ ਹੈ, ਉਸਨੂੰ ਹਾਊਸਿੰਗ ਤੇ ਮਿਉਂਸਪਲ ਅਫ਼ੇਅਰਜ਼ ਵਿਭਾਗ ਦੇ ਮੰਤਰੀ ਬਣਾਇਆ ਗਿਆ ਹੈ। ਰਵੀ ਸਿੰਘ ਪਰਮਾਰ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਨੇੜਲੇ ਪਿੰਡ ਜੰਗੀਆਣਾ ਤੋਂ ਹੈ, ਉਸਨੂੰ ਜੰਗਲਾਤ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ। ਸੰਸਦੀ ਸਕੱਤਰਾਂ ਵਿੱਚ  ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਸ਼ਹਿਰ ਦੀ ਜੰਮਪਲ  ਤੇ ਵੈਨਕੂਵਰ-ਲੰਗਾਰਾ ਹਲਕੇ ਤੋਂ ਪਹਿਲੀ ਵਾਰ ਵਿਧਾਇਕਾ ਬਣੀ  ਸੁਨੀਤਾ ਧੀਰ ਨੂੰ ਅੰਤਰਰਾਸ਼ਟਰੀ ਪ੍ਰਮਾਣ ਪੱਤਰ ਬਾਰੇ ਸੰਸਦੀ ਸਕੱਤਰ ਬਣਾਇਆ ਗਿਆ ਹੈ। ਜ਼ਿਲ੍ਹਾ ਜਲੰਧਰ ਦੇ ਨੂਰਮਹਿਲ ਨੇੜਲੇ ਪਿੰਡ ਸੁੰਨੜ ਕਲਾਂ ਦੀ ਧੀ, ਮਨੁੱਖੀ ਅਧਿਕਾਰਾਂ ਦੀ ਉੱਘੀ ਵਕੀਲ ਤੇ ਸਰੀ-ਨਿਊਟਨ ਤੋਂ ਪਹਿਲੀ ਵਾਰ ਬਣੀ ਵਿਧਾਇਕਾ ਜਸਪ੍ਰੀਤ ਕੌਰ ਜੈਸੀ ਸੁੰਨੜ ਨੂੰ ਨਸਲਵਾਦ ਦੇ ਖਿਲਾਫ਼ ਪਹਿਲ ਕਦਮੀ ਬਾਰੇ ਸੰਸਦੀ ਸਕੱਤਰ ਬਣਾਇਆ ਗਿਆ ਹੈ।  ਜ਼ਿਲ੍ਹਾ ਫ਼ੀਰੋਜਪੁਰ ਦੀ ਜ਼ੀਰਾ ਤਹਿਸੀਲ ਦੇ ਪਿੰਡ ਜੌੜਾ ਦੀ ਜੰਮਪਲ ਹਰਵਿੰਦਰ ਕੌਰ ਸੰਧੂ ਨੂੰ ਖੇਤੀਬਾੜੀ ਦਾ ਸੰਸਦੀ ਸਕੱਤਰ ਬਣਾਇਆ ਗਿਆ ਹੈ। ਉਹ ਵਰਨੋਨ-ਮੋਨਾਸ਼ਰੀ ਹਲਕੇ ਤੋਂ ਦੂਜੀ ਵਾਰ ਵਿਧਾਇਕ ਚੁਣੀ ਗਈ ਸੀ। ਪਾਕਿਸਤਾਨ ਵਾਲੇ ਪੱਛਵੀਂ ਪੰਜਾਬ ਤੋਂ ਅਮਨਾ ਸ਼ਾਹ ਨੂੰ ਵੀ ਮਾਨਸਿਕ ਸਿਹਤ ਅਤੇ ਨਸ਼ਾਖ਼ੋਰੀ ਲਈ  ਸੰਸਦੀ ਸਕੱਤਰ ਬਣਾਇਆ ਗਿਆ ਹੈ, ਜੋ ਸਰੀ-ਸਿਟੀ ਸੈਂਟਰ ਤੋਂ ਜਿੱਤੇ ਸਨ। ਇਸ ਪ੍ਰਕਾਰ ਡੇਵਿਡ ਈਬੀ ਦੀ ਸਰਕਾਰ ਦਾ ਹਰ ਛੇਵਾਂ ਮੰਤਰੀ ਭਾਰਤੀ ਮੂਲ ਦਾ ਪੰਜਾਬੀ ਹੈ। ਲੁਧਿਆਣਾ ਜ਼ਿਲ੍ਹੇ ਦੇ ਗਹੌਰ ਪਿੰਡ ਦੇ ਜੰਮ ਪਲ ਬਰਨਬੀ-ਨਿਊਵੈਸਟ ਹਲਕੇ ਤੋਂ ਚੋਣ ਜਿੱਤੇ ਰਾਜ ਚੌਹਾਨ 2005 ਤੋਂ ਲਗਾਤਾਰ ਚੋਣ ਜਿੱਤਦੇ ਆ ਰਹੇ ਹਨ। ਉਸ ਦੇ ਸਪੀਕਰ ਚੁਣੇ ਜਾਣ ਦੀ ਪੂਰੀ ਉਮੀਦ ਹੈ ਕਿਉਂਕਿ ਉਹ ਪਿਛਲੀ ਡੇਵਿਡ ਈਬੀ ਦੀ ਸਰਕਾਰ ਵਿੱਚ ਵੀ ਸਪੀਕਰ ਸੀ। ਬ੍ਰਿਟਿਸ਼ ਕੋਲੰਬੀਆ ਸੂਬੇ ਦੀ 43ਵੀਂ ਵਿਧਾਨ ਸਭਾ ਦੀਆਂ ਚੋਣਾ ਅਕਤੂਬਰ 2024 ਵਿੱਚ ਹੋਈਆਂ ਸਨ। ਇਨ੍ਹਾਂ ਚੋਣਾਂ ਵਿੱਚ ਪਹਿਲੀ ਵਾਰ ਭਾਰਤੀਆਂ/ਪੰਜਾਬੀਆਂ/ਸਿੱਖਾਂ ਨੇ 15 ਸੀਟਾਂ ਜਿੱਤਕੇ ਇਤਿਹਾਸ ਸਿਰਜਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਕਦੀਂ ਵੀ ਇਤਨੀਆਂ ਸੀਟਾਂ ਜਿੱਤੀਆਂ ਨਹੀਂ ਸਨ। 2021 ਦੀ ਜਨਗਣਨਾ ਅਨੁਸਾਰ ਬ੍ਰਿਟਿਸ਼ ਕੋਲੰਬੀਆ ਸੂਬੇ  ਵਿੱਚ ਭਾਰਤੀਆਂ/ਪੰਜਾਬੀਆਂ/ਸਿੱਖਾਂ  ਦੀ ਵਸੋਂ ਸਿਰਫ਼ 3 ਫ਼ੀ ਸਦੀ ਹੈ, ਜਦੋਂ ਕਿ ਉਨ੍ਹਾਂ ਨੇ ਵਿਧਾਨ ਸਭਾ ਦੀਆਂ 16 ਫ਼ੀ ਸਦੀ ਸੀਟਾਂ ਜਿੱਤਕੇ ਵੱਡਾ ਮਾਹਰਕਾ ਮਾਰਿਆ ਹੈ। ਜਗਮੀਤ ਸਿੰਘ ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਦਾ ਪ੍ਰਧਾਨ ਹੈ। 37 ਪੰਜਾਬੀਆਂ/ਸਿੱਖਾਂ ਨੇ ਐਨ.ਡੀ.ਪੀ. ਅਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ 15 ਨੇ ਆਪੋ ਆਪਣੀਆਂ ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ। ਇਨ੍ਹਾਂ ਵਿੱਚ ਐਨ.ਡੀ.ਪੀ. ਦੇ 11  ਅਤੇ ਕੰਜ਼ਰਵੇਟਿਵ ਪਾਰਟੀ ਦੇ 4  ਉਮੀਦਵਾਰ ਚੋਣ ਜਿੱਤੇ ਹਨ। ਜਿੱਤਣ ਵਾਲੇ 15 ਵਿਧਾਨਕਾਰਾਂ ਵਿੱਚ 7 ਮਰਦ ਅਤੇ 8 ਇਸਤਰੀਆਂ ਹਨ। ਦੁਨੀਆਂ ਦਾ ਕੋਈ ਦੇਸ਼ ਅਜਿਹਾ ਨਹੀਂ ਜਿੱਥੇ ਭਾਰਤੀ ਮੂਲ ਦੇ ਪੰਜਾਬੀ/ਭਾਰਤੀ ਨਾ ਹੋਣ। ਉਥੇ ਉਹ ਬਹੁਤ ਹੀ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਸੰਸਾਰ ਵਿੱਚ ਸਭ ਤੋਂ ਵੱਧ ਭਾਰਤੀ ਮੂਲ ਦੇ/ਪੰਜਾਬੀ ਕੈਨੇਡਾ ਵਿੱਚ ਹਨ। ਕੈਨੇਡਾ ਦੇ ਵਿਕਾਸ ਵਿੱਚ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਪੰਜਾਬੀਆਂ/ਸਿੱਖਾਂ ਨੇ ਹਮੇਸ਼ਾ ਕੈਨੇਡਾ ਦੀ ਸਿਆਸਤ ਵਿੱਚ ਧੁੰਮਾਂ ਪਾਈਆਂ ਹਨ। ਕੈਨੇਡਾ ਦੀ ਫੈਡਰਲ ਸਰਕਾਰ ਪੰਜਾਬੀ/ਭਾਰਤੀ ਮਹੱਤਵਪੂਰਨ ਵਿਭਾਗਾਂ ਦੇ ਮੰਤਰੀ ਹਨ। ਉਨ੍ਹਾਂ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਵਿਲੱਖਣ ਯੋਗਦਾਨ ਪਾਇਆ ਹੈ।
ਤਸਵੀਰਾਂ: ਮੰਤਰੀਆਂ ਤੇ ਸੰਸਦੀ ਸਕੱਤਰਾਂ ਦੀਆਂ ਤਸਵੀਰਾਂ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com