ਨਾਇਕ ਵਿਹੂਣੇ ਲੋਕ - ਬੁੱਧ ਸਿੰਘ ਨੀਲੋਂ
ਨਾਇਕ ਵਿਹੂਣੇ ਲੋਕ
ਕੋਈ ਨ ਰੋਕ ਤੇ ਟੋਕ
ਬਹੁਤ ਵਧੇ ਨੇ ਬੋਕ
ਅਬ ਤੂ ਵੀ ਤਾਲੀ ਠੋਕ?
ਘਰਾਂ ਦੇ ਵਿਚ ਬੈਠੇ ਲੋਕ ਨਾ-ਮੁਰਾਦ ਬੀਮਾਰੀਆਂ ਤੋਂ ਦੁਖੀ ਹਨ, ਸਰਕਾਰੀ ਹਸਪਤਾਲਾਂ ਦੇ ਵਿਚ ਡਾਕਟਰ ਨਹੀਂ, ਦਵਾਈਆਂ ਨਹੀਂ, ਸਕੂਲਾਂ ਦੇ ਵਿਚ ਅਧਿਆਪਕ ਨਹੀਂ, ਨੌਜਵਾਨਾਂ ਦੇ ਕੋਲ ਕੋਈ ਰੁਜਗਾਰ ਨਹੀਂ, ਕਿਸਾਨਾਂ ਦੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਮਿਲਦਾ, ਕਰਜ਼ੇ ਦੀ ਪੰਡ ਦਿਨੋਂ ਦਿਨ ਭਾਰੀ ਹੁੰਦੀ ਜਾ ਰਹੀ ਹੈ, ਮਜ਼ਦੂਰ ਦੇ ਕੋਲ ਕੋਈ ਰੁਜਗਾਰ ਨਹੀਂ, ਧੀਆਂ ਸ਼ਗਨ ਦੀ ਉਡੀਕ 'ਚ, ਬਜ਼ੁਰਗ ਬੁਢਾਪਾ ਪੈਨਸ਼ਨ ਦੀ ਉਡੀਕ 'ਚ ਬੈਠੇ ਹਨ, ਜਵਾਨੀ ਬੇਰੁਜ਼ਗਾਰੀ ਦੀ ਭੰਨੀ ਨਸ਼ਿਆਂ ਦੀ ਦਲਦਲ 'ਚ ਫਸ ਕਿ ਮਰਨ ਕਿਨਾਰੇ ਖੜੀ ਹੈ। ਥਾਣਿਆਂ ਤੇ ਸਰਕਾਰੀ ਦਫ਼ਤਰਾਂ ਦੇ ਵਿਚ ਲੋਕਾਂ ਦੀ ਕੋਈ ਸਾਰ ਨਹੀ ਲੈ ਰਿਹਾ।
ਸਮਾਜ ਦੇ ਵਿਚ ਲੋਕਾਂ ਦੇ ਪੈਰਾਂ ਦੇ ਥੱਲੇ ਅੱਗ ਬਲਦੀ ਹੈ। ਉਹ ਹਰ ਤਾਂ ਦੇ ਅੰਗਿਆਰਾਂ ਦੇ ਉਪਰ ਤੁਰਨ ਦੇ ਲਈ ਉਤਾਵਲੇ ਹੋ ਰਹੇ। ਉਹਨਾਂ ਦੇ ਸਾਹਮਣੇ ਦੁਸ਼ਵਾਰੀਆਂ ਤੋਂ ਬਿਨਾਂ ਕੋਈ ਰਸਤਾ ਨਹੀਂ।
ਸਿਆਸੀ ਲੋਕ ਹੀ ਨਹੀਂ, ਸਮਾਜ ਦੇ ਵਿੱਚ ਹੋਰ ਵੀ 'ਸਮਾਜ-ਸੇਵੀ' ਸੰਸਥਾਵਾਂ ਹਨ ਜਿਹੜੀਆਂ ਆਪਣੀ ਡਫਲੀ ਵਜਾ ਰਹੀਆਂ ਹਨ, ਧਰਮ ਦੇ ਨਾਲ ਜੁੜੇ ਸੰਤ, ਸਾਧ ਤੇ ਹੋਰ ਸਵਰਗ ਤੇ ਨਰਕ ਦੀਆਂ ਗੱਲਾਂ ਕਰਦੇ ਹਨ, ਸਾਹਿਤ ਤੇ ਸੱਭਿਆਚਾਰ ਦੇ ਖੇਤਰ ਦੇ ਲੋਕ ਆਪਣਾ ਰਾਗ ਅਲਾਪ ਰਹੇ ਹਨ।
ਸਿਆਸੀ ਪਾਰਟੀਆਂ ਹਰ ਪੰਜ ਸਾਲ ਬਾਅਦ ਲੋਕਾਂ 'ਤੇ ਰਾਜ ਕਰ ਰਹੀਆਂ, ਉਹ ਲੋਕਾਂ ਨੂੰ ਲੁੱਟ ਕੇ ਆਪਣੀਆਂ ਤਜ਼ੌਰੀਆਂ ਭਰ ਰਹੇ ਹਨ। ਆਮ ਵਰਗ ਹਰ ਪਾਸ ਤੋਂ ਹਨੇਰ ਦੇ ਵੱਲ ਵਧ ਰਿਹਾ ਹੈ। ਸਿਹਤ, ਸਿਖਿਆ ਤੇ ਰੁਜ਼ਗਾਰ ਵਿਹੂਣਾ ਹੋਇਆ ਅਵਾਮ ਅੱਜ ਅੱਕ ਪਲਾਹੀਂ ਹੱਥ ਮਾਰ ਰਿਹਾ ਹੈ।
ਉਸ ਦੀ ਬਾਂਹ ਫੜਨ ਵਾਲਾ ਕੋਈ ਨਹੀਂ। ਹਤਾਸ਼ ਹੋਏ ਲੋਕ ਕਦੇ ਡੇਰਿਆਂ ਵੱਲ ਦੌੜਦੇ ਹਨ, ਕਦੇ ਸਿਆਸੀ ਪਾਰਟੀਆਂ ਦੇ ਜਲਸਿਆਂ ਵੱਲ ਭੱਜਦੇ ਹਨ, ਕਦੇ ਉਹਨਾਂ ਨੂੰ ਇਹ ਲਗਦਾ ਹੈ ਕਿ ਕੋਈ ਹੋਰ ਉਹਨਾਂ ਦੀ ਡੁਬਦੀ ਬੇੜੀ ਬੰਨੇ ਲਾ ਦੇਵੇਗਾ।
ਸਮਾਜ ਦੇ ਹਰ ਖੇਤਰ ਵਿਚ ਚੌਧਰੀਅ ਦੀ ਤਾਂ ਭਰਮਾਰ ਹੈ ਪਰ ਕੋਈ ਨਾਇਕ ਬਣਿਆ ਨਜ਼ਰ ਨਹੀਂ ਆ ਰਿਹਾ। ਜਿਹਨਾਂ ਸੰਸਥਾਵਾਂ ਨੇ ਨਾਇਕ ਤਿਆਰ ਕਰਨੇ ਸਨ ਉਹ ਸਭ ਦੀਆਂ ਸਭ ਖੁਦ ਨਾਇਕ ਵਿਹੂਣੀਆਂ ਹੋ ਗਈਆਂ, ਇਸੇ ਕਰਕੇ ਉਹਨਾਂ ਥਾਵਾਂ ਦੇ ਉਪਰ ਸਭ ਨੂੰ ਆਪੋ-ਧਾਪੀ ਪਈ ਹੋਈ ਹੈ।
ਸਿਆਸੀ ਆਗੂਆਂ ਨੇ ਆਮ ਲੋਕਾਂ ਨੂੰ 'ਵੋਟਰ ' ਬਣਾ ਦਿੱਤਾ, ਉਹ ਹਰ ਪੰਜ ਸਾਲ ਪਾਰਟੀਆਂ ਬਦਲ ਬਦਲ ਕੇ ਰਾਜ ਕਰ ਰਹੀਆਂ ਹਨ। ਵਿਕਾਸ ਦੇ ਨਾਂ 'ਤੇ ਲੋਕਾਂ ਦੇ ਦਿੱਤੇ ਟੈਕਸ ਨੂੰ ਆਪਣੇ ਹਿੱਤਾਂ ਲਈ ਵਰਤਦੀਆਂ ਹਨ।
ਉਪਰ ਤੋਂ ਥੱਲੇ ਤੱਕ ਰਿਸ਼ਵਤ ਦਾ ਬੋਲ ਬਾਲਾ ਹੈ। ਭ੍ਰਿਸ਼ਟਾਚਾਰ ਦੀ ਦਲਦਲ 'ਚ ਲੋਕ ਡੁਬ ਰਹੇ ਹਨ। ਬੀਮਾਰੀਆਂ ਦੇ ਨਾਲ ਮਰ ਰਹੇ ਹਨ ਲੋਕ, ਨਸ਼ਿਆਂ ਦੀ ਲਤ ਦੇ ਨਾਲ ਜਵਾਨੀ ਏਡਜ਼ ਦੀ ਬੀਮਾਰੀ ਦਾ ਸ਼ਿਕਾਰ ਹੋ ਰਿਹਾ ਹੈ। ਨੌਜਵਾਨਾਂ ਦੇ ਵਿੱਚੋਂ ਮਰਦਾਨਾ ਤਾਕਤ ਘੱਟ ਰਹੀ ਹੈ ਹਾਲਤ ਦਿਨੋਂ ਦਿਨ ਗੰਭੀਰ ਹੋ ਰਹੇ ਹਨ। ਬੇਵੀ ਟਿਊਬ ਹਸਪਤਾਲ ਖੁਲ ਰਹੇ ਹਨ।
ਪੰਜਾਬ ਦੀਆਂ ਕੁੜੀਆਂ ਤੇ ਮੁੰਡੇ ਵਿਦੇਸ਼ਾਂ ਨੂੰ ਜਾ ਰਹੇ ਹਨ। ਜਵਾਨੀ, ਬੌਧਿਕ ਸ਼ਕਤੀ ਤੇ ਸਰਮਾਇਆ ਵਿਦੇਸ਼ ਵੱਲ ਜਾ ਰਿਹਾ ਹੈ। ਪਿੰਡਾਂ ਦੇ ਲੋਕ ਸ਼ਹਿਰਾਂ ਵੱਲ ਦੌੜ ਰਹੇ ਹਨ।
ਉਦਯੋਗਿਕ ਇਕਾਈਆਂ ਬੰਦ ਹੋ ਰਹੀਆਂ, ਜਿਹਨਾਂ ਦੇ ਕੋਲ ਰੁਜ਼ਗਾਰ ਸੀ, ਉਹ ਵੀ ਬੇਰੁਜ਼ਗਾਰ ਹੋ ਰਹੇ ਹਨ। ਹਰ ਤਰਾਂ ਦਾ ਮਾਫੀਆ ਰੂੜੀ ਵਾਂਗ ਵੱਧ ਰਿਹਾ ਹੈਂ, ਹਰ ਥਾਂ 'ਤੇ ਮਾਫੀਆ ਦਾ ਕਬਜ਼ਾ ਹੈ। ਹਰ ਥਾਂ 'ਤੇ ਆਮ ਲੋਕਾਂ ਨੂੰ ਲੁੱਟਣ ਦੇ ਲਈ ਪੁਲਸ ਵਾਲੇ ਸਿਆਸਤਦਾਨ ਖੜੇ ਹਨ। ਜਿਹਨਾਂ ਪੁਲਸ ਵਾਲਿਆਂ ਤੇ ਸਿਆਸਤਦਾਨਾ ਨੇ ਆਮ ਲੋਕਾਂ ਦੀ ਰਾਖੀ ਕਰਨੀ ਸੀ ਉਹ ਆਪ ਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ।
ਲਿਖਣ ਤੇ ਬੋਲਣ ਦੀ ਆਜ਼ਾਦੀ 'ਤੇ ਸੰਵਿਧਾਨ ਦਾ ਨੱਕ ਮੋਰੜਿਆ ਜਾ ਰਿਹਾ ਹੈ।
ਲੋਕਾਂ ਦੇ ਮਸਲਿਆਂ ਦੇ ਨਾਲੋਂ ਕੁਰਸੀ ਦੀ ਲੜਾਈ ਲਈ ਸਿਆਸੀ ਪਾਰਟੀਆਂ ਨੂੰ ਵੱਧ ਫਿਕਰ ਹੈ। ਇਸੇ ਕਰਕੇ ਇਹ ਸਿਆਸੀ ਚੌਧਰੀ ਇੱਕ ਦੂਜੇ ਦੇ ਖਿਲਾਫ ਰੈਲੀਆਂ ਕਰਦੇ ਹਨ। ਜਿਹਨਾਂ ਦੀ ਜ਼ਮੀਰ ਮਰ ਗਈ ਹੈ ਉਹ ਦਿਹਾੜੀ ਦੀ ਖਾਤਰ ਵਿਕ ਰਹੇ ਹਨ।
ਲੋਕਾਂ ਨੂੰ ਕਿਰਤਹੀਣ ਕਰ ਕੇ ਉਹਨਾਂ ਨੂੰ 'ਮੁਫਤ' ਦੀ ਚਾਟ 'ਤੇ ਲਾ ਦਿੱਤਾ। ਇਸੇ ਕਰਕੇ ਉਹਨਾਂ ਨੂੰ ਹਰ ਵੋਟਾਂ ਦੇ ਵੇਲੇ ਸਿਆਸੀ ਆਗੂਆਂ ਦੇ ਵਲੋਂ ਵੰਡੀ ਜਾ ਰਹੀ ਮੁਫਤ ਦੀ ਸ਼ਰਾਬ ਤੇ ਨਕਦ ਮਾਇਆ ਦੀ ਉਡੀਕ ਕਰਨ ਵਾਲੇ ਬਣਾ ਦਿੱਤਾ।
ਹੁਣ ਪੰਜਾਬ ਦੇ ਲੋਕ ਜਿਹੜੇ ਨਾਇਕ ਵਿਹੂਣੇ ਹੋਏ ਹਨ, ਉਹਨਾਂ ਦੀ ਬਾਂਹ ਫੜਨ ਵਾਲਾ ਕੋਈ ਵੀ ਕਿਸੇ ਵੀ ਖੇਤਰ ਦੇ ਨਜ਼ਰ ਨਹੀਂ ਆ ਰਿਹਾ। ਜਿਹੜੇ ਆਪਣੇ ਆਪ ਨੂੰ 'ਨਾਇਕ ' ਹੋਣ ਦਾ ਆਪੇ ਹੀ ਖਿਤਾਬ ਲਈ ਬੈਠੇ ਹਨ ਉਹ ਸਭ ਆਪੋ ਆਪਣੀਆਂ ਰੋਟੀਆਂ ਸੇਕਦੇ ਹਨ। ਸਿਆਸੀ ਤੇ ਧਰਮ ਦੇ ਆਗੂ ਆਮ ਲੋਕਾਂ ਦੀ ਭੀੜ ਕੱਠੀ ਤਾਂ ਕਰਦੇ ਹਨ। ਪਰ ਉਸ ਨੂੰ ਕੋਈ ਰਸਤਾ ਨਹੀਂ ਦੱਸ ਰਿਹਾ।
ਹੁਣ ਸਾਨੂੰ ਰਸੂਲ ਹਮਜ਼ਾਤੋਵ ਦੀਆਂ ਗੱਲਾਂ ਚੇਤੇ ਆਉਦੀਆਂ ਹਨ ਜਿਹੜਾ ਆਖਦਾ ਹੈ ਕਿ 'ਸਾਨੂੰ ਆਪਣੇ ਰਸਤੇ ਆਪ ਚੁਨਣੇ ਚਾਹੀਦੇ ਹਨ।' ਪਰ ਅਸੀਂ ਬਣੇ ਬਣਾਏ ਰਸਤਿਆਂ ਦੇ ਉਪਰ ਤੁਰਨ ਦੇ ਆਦੀ ਹੋ ਗਏ ਹਾਂ। ਅਸੀਂ ਕਦੋਂ ਤੱਕ ਆਪਣੇ 'ਫਰਜ਼ਾਂ ਦੇ ਵੱਲ ਪਿੱਠ ਕਰੀ ਰੱਖਾਂਗੇ?
ਜਦੋਂ ਤੱਕ ਅਸੀਂ ਸ਼ਬਦ-ਗੁਰੂ ਦੇ ਲੜ ਨਹੀਂ ਲੱਗਦੇ ਅਸੀਂ ਨਾਇਕ ਵਿਹੂਣੇ ਹੀ ਰਹਾਂਗੇ। ਸ਼ਬਦ ਨੇ ਸਾਨੂੰ ਚੇਤਨਾ ਦੇਣੀ ਹੈ ਪਰ ਅਸੀਂ ਕਿਤਾਬ ਦੇ ਨਾਲੋਂ ਟੁੱਟ ਕੇ ਡੇਰਿਆਂ ਦੇ ਰਸਤੇ ਤੁਰ ਪਏ ਹਾਂ ।
ਕਦੋਂ ਪਰਤਾਂਗੇ ਆਪਾਂ ? ਕਦੋਂ ਜਿਉਂਦੇ ਹੋਣ ਦਾ ਸਾਨੂੰ ਹੋਵੇਗਾ ਅਹਿਸਾਸ?.
ਮਰ ਚੁੱਕਿਆ ਅੰਦਰਲਾ ਮਨੁੱਖ ਕਦੋਂ ਜਾਗੇਗਾ?
ਪਰ ਹੁਣ ਸਾਨੂੰ ਖੁਦ ਨਾਇਕ ਬਨਣਾ ਪਵੇਗਾ.
ਗਰਜਾਂ ਦੇ ਨਾਲੋਂ ਫਰਜ਼ਾਂ ਦੀ ਜੰਗ ਲੜ੍ਹਾਈ ਕਰਨ ਵਾਸਤੇ ਤੁਰਨਾ ਪਵੇਗਾ.
ਹੁਣ ਕਿਸੇ ਸ਼ਹੀਦ ਭਗਤ ਸਿੰਘ ਨੇ ਨਹੀਂ ਆਉਣਾ
ਹੁਣ ਸਾਨੂੰ ਖੁਦ ਭਗਤ ਸਿੰਘ ਬਨਣਾ ਪੈਣਾ ਹੈ।
ਜਾਗੋ ਲੋਕੋ ਜਾਗੋ...
ਬਈ ਹੁਣ ਜਾਗੋ ਆਈ ਆ.
ਸ਼ਬਦ ਗੁਰੂ ਦੀ ਜੋਤ ਜਗਾ ਲੈ ਬਈ..ਜਾਗੋ ਆਈ ਆ...
ਬਿਨਾਂ ਕਿਤਾਬਾਂ ਅਕਲ ਨਾ ਆਉਂਦੀ
ਹਰ ਕਿਤਾਬ ਕੁੱਝ ਨਵਾਂ ਸਿਖਾਉਦੀ
ਇਸ ਨੂੰ ਦੋਸਤ ਬਣਾ ਲੈ ਬਈ..
ਹੁਣ ਜਾਗੋ..
ਹੁਣ ਕਿਤਾਬਾਂ ਨੂੰ ਨਾਇਕ ਬਣਾ ਲੈ ਬਈ....।
ਬਿਨਾਂ ਗਿਆਨ ਦੇ ਸੂਝ ਨਹੀਂ ਆਉਣੀ, ਕਿਤਾਬਾਂ ਕਿਹੜੀਆਂ ਪੜ੍ਹਣੀਆਂ ? ਇਹ ਵੀ ਬਹੁਤ ਮੁਸ਼ਕਲ ਹੈ। ਚੋਣ ਕਰਨੀ ਔਖੀ ਹੈ ਕਿਉਂਕਿ ਕਿਤਾਬਾਂ ਦੇ ਢੇਰ ਵਿਚੋਂ ਚੰਗੀਆਂ ਕਿਤਾਬਾਂ ਭਾਲਣੀਆਂ ਔਖੀਆਂ ਹਨ। ਪੰਜਾਬੀ ਸਾਹਿਤ ਦੀ ਹਾਲਤ ਤਾਂ ਕਬਾੜੀਏ ਦੀ ਦੁਕਾਨ ਵਰੀ ਬਣ ਗਈ ਹੈ। ਪੈਸੇ ਦੇ ਨਾਲ ਛਪੀਆਂ ਕਿਤਾਬਾਂ ਦਾ ਢੇਰ ਵੱਧ ਰਿਹਾ ਹੈ। ਵਧੀਆ ਤੇ ਪੜ੍ਹਨ ਯੋਗ ਕਿਤਾਬਾਂ ਘੱਟ ਰਹੀਆਂ ਹਨ। ਸਾਡਾ ਗੁਰਮਤਿ, ਸੂਫੀ, ਵਾਰਾਂ, ਕੁੱਝ ਆਧੁਨਿਕ ਸਾਹਿਤ ਪੜ੍ਹਨ ਯੋਗ ਹੈ।
ਪਰ ਨਾਇਕਾਂ ਦੀ ਘਾਟ ਕਾਰਨ ਲੁੱਟਣ ਵਾਲਿਆਂ ਦੀ ਚੜ੍ਹਤ ਹੈ। ਡਾਕੂ, ਚੋਰ , ਮਾਫੀਆ, ਸਰਗਰਮ ਹੈ। ਭੇਸ ਬਦਲ ਕੇ ਪੱਗ ਬਦਲ ਕੇ ਝੰਡੇ ਬਦਲ ਕੇ ਉਹੀ ਆ ਰਹੇ ਹਨ। ਜੁਮਲੇਬਾਜ, ਪਹਾੜੀਏ ਝੂਠੀਆਂ ਸਹੁੰ ਤੇ ਕਸਮਾਂ ਖਾਣ ਵਾਲੇ। ਇਕ ਦੂਜੇ ਦੇ ਚਾਚੇ ਭਤੀਜੇ ਤੇ ਜੀਜੇ ਸਾਲੇ।
ਬਿਨਾ ਨਾਇਕਾ ਦੇ ਹੁਣ ਏਹੀ ਕੁੱਝ ਹੋਵੇਗਾ, ਬੰਦਾ ਘਰ ਬਹਿ ਕੇ ਰੋਵੇਗਾ, ਹਨੇਰਾ ਢੋਵੇਗਾ।
ਆਪਣੇ ਅੰਦਰਲੇ ਬੰਦੇ ਨੂੰ ਜਗਾਵੋ, ਉਡਦੇ ਬਾਜ਼ਾਂ ਤੇ ਗਿਰਝਾਂ ਨੂੰ ਹੱਥ ਪਾਵੋ। ਆਪੋ ਆਪਣੇ ਇਲਾਕੇ ਦੇ ਨਾਇਕ ਬਣ ਜਾਵੋ।
ਸੰਪਰਕ : 94643 70823
ਬਾਬੇ ਨਾਨਕ ਦੀ ਫਿਲਾਸਫੀ ਨੂੰ ਸਮਝਦਿਆਂ ! - ਬੁੱਧ ਸਿੰਘ ਨੀਲੋਂ
ਦਰਿਆ ਤੋਂ ਝੀਲ ਬਣਿਆਂ ਦਾ ਹਿਸਾਬ ਕੌਣ ਲਊ?
ਅੱਜ ਪੌਣ-ਪਾਣੀ, ਰੁੱਖ ਤੇ ਮਨੁੱਖ ਉਦਾਸ ਹਨ, ਇਨ੍ਹਾਂ ਦੀ ਉਦਾਸੀ ਦਾ ਕੋਈ ਇੱਕ ਕਾਰਨ ਨਹੀਂ, ਬਹੁਤ ਸਾਰੇ ਕਾਰਨ ਤੇ ਹਾਦਸੇ ਹਨ। ਜਿਨ੍ਹਾਂ ਨੇ ਇਨ੍ਹਾਂ ਨੂੰ ਉਦਾਸ ਕਰ ਦਿੱਤਾ ਹੈ। ਉਦਾਸੀ ਦਾ ਇਹ ਆਲਮ ਇਨ੍ਹਾਂਂ ਦੇ ਆਲੇ-ਦੁਆਲੇ ਘੁੰਮਦਾ ਹੈ। ਇਹ ਇਸ ਘੁੰਮਣ-ਘੇਰੀ ਵਿੱਚ ਉਲਝ ਗਏ ਹਨ ਜਿਸ ਨਾਲ ਇਨਾਂ ਦੀ ਸਮੁੱਚੀ ਤਾਣੀ ਉਲਝ ਗਈ ਹੈ।
ਇਹ ਇੱਕ ਉਲਝਣ ਵਿੱਚੋਂ ਅਜੇ ਨਿਕਲਦੇ ਨਹੀਂ, ਦੂਸਰੀ ਤੀਸਰੀ ਵਿੱਚ ਫਸ ਜਾਂਦੇ ਹਨ। ਫਸਣਾ ਤੇ ਨਿਕਲਣਾ ਹੀ ਇਨ੍ਹਾਂ ਦੀ ਤਰਾਸਦੀ ਬਣ ਗਿਆ ਹੈ !
ਜਿਹੜੇ ਫਸ ਜਾਂਦੇ ਹਨ, ਜਾਂ ਫਿਰ ਆਪਣੀ ਜੜ੍ਹਾਂ ਇੱਕ ਥਾਂ ਲਗਾ ਲੈਂਦੇ ਹਨ, ਉਹ ਉੱਥੇ ਦੇ ਹੀ ਹੋ ਕੇ ਰਹਿ ਜਾਂਦੇ ਹਨ। ਉਨਾਂ ਦਾ ਤੁਰਨਾ, ਵਗਣਾ, ਉੱਡਣਾ ਤੇ ਹੱਸਣਾ ਸਭ ਰੋਣ ਵਿੱਚ ਬਦਲ ਜਾਂਦਾ ਹੈ।
ਉਹ ਆਪ ਨਹੀਂ ਬਦਲਦੇ, ਸਗੋਂ ਲੋਕਾਈ ਨੂੰ ਬਦਲਣ ਦੇ ਰਾਹ ਤੁਰ ਪੈਂਦੇ ਹਨ। ਉਨ੍ਹਾਂ ਦਾ ਤੁਰਨਾ, ਵਗਦੇ ਪਾਣੀ ਜਿਹਾ ਨਹੀਂ ਹੁੰਦਾ, ਸਗੋਂ ਰੁਕੇ ਪਾਣੀ ਜਿਹਾ ਹੁੰਦਾ। ਰੁਕਣਾ ਤੇ ਖੜ੍ਹਨਾ ਉਨਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ।
ਇਹ ਹਿੱਸਾ ਉਨਾਂ ਨੂੰ ਵਿਰਸੇ ਵਿੱਚੋਂ ਨਹੀਂ ਮਿਲਦਾ ਸਗੋਂ ਉਹ ਇਹ ਹਿੱਸਾ ਤਾਂ ਉਨਾਂ ਤੇ ਜ਼ੋਰ-ਜ਼ੁਲਮ ਨਾਲ ਥੋਪਿਆ ਜਾਂਦਾ। ਜਿਨਾਂ ਦਾ ਇੱਕੋ ਇੱਕ ਮਕਸਦ - ਲੁੱਟਣਾ ਤੇ ਕੁੱਟਣਾ ਹੁੰਦਾ ਹੈ।
ਉਨਾਂ ਦੀ ਇਸ ਲੁੱਟ ਦੇ ਖਿਲਾਫ਼ ਕੋਈ ਬੋਲਦਾ ਨਹੀਂ ਕਿਉਂਕਿ ਉਨਾਂ ਨੇ ਆਪਣੇ ਆਲੇ ਦੁਆਲੇ ਇਹੋ ਜਿਹੀਆਂ ਵਲਗਣਾਂ ਤੇ ਅਜਾਰੇਦਾਰੀ ਬਣਾ ਲਈਆਂ ਹੁੰਦੀਆਂ ਹਨ ਕਿ ਉਨਾਂ ਦੀ ਤੂਤੀ ਬੋਲਣ ਲੱਗਦੀ ਹੈ।
ਉਹ ਆਪਣੀ ਤੂਤੀ ਦੀ ਆਵਾਜ਼ ਏਨੀ ਉੱਚੀ ਕਰਦੇ ਹਨ, ਕਿਸੇ ਦਾ ਕੋਈ ਬੋਲ ਸੁਣਦਾ ਨਹੀਂ, ਦਿਖਦਾ ਨਹੀਂ। ਉਹ ਸੁਣਦੇ ਤੇ ਦੇਖਦੇ ਵੀ ਹਨ। ਪਰ ਉਹ ਸੱਤਾ ਦੇ ਘੋੜੇ 'ਤੇ ਸਵਾਰ ਹੁੰਦੇ ਹਨ। ਉਨ੍ਹਾਂ ਦਾ ਕੰਮ ਭਾਸ਼ਨ ਦੇਣਾ ਹੁੰਦਾ ਹੈ ਪਰ ਲੋਕ ਉਨਾਂ ਤੋਂ ਰਾਸ਼ਨ ਦੀ ਝਾਕ ਰੱਖਦੇ ਹਨ।
ਰਾਸ਼ਨ ਦੀ ਝਾਕ ਦੀ ਲਲਕ ਉਨਾਂ ਅਜਿਹੀ ਲਗਾਈ ਹੈ, ਕਿ ਲੋਕ ਹੁਣ ਰਾਸ਼ਨ ਦੀ ਭਾਲ ਵਿੱਚ ਉਨਾਂ ਦੇ ਪਿੱਛੇ ਪਿੱਛੇ ਦੌੜਦੇ ਹਨ। ਪਰ ਲੋਕਾਂ ਦੀ ਹਾਲਤ ਉਸ ਕੁੱਤੇ ਵਰਗੀ ਬਣ ਗਈ ਹੈ, ਜਿਹੜਾ ਊਠ ਦੇ ਮਗਰ ਤੁਰਿਆ ਜਾਂਦਾ ਹੈ ਕਿ ਕਦੇ ਤਾਂ ਬੁੱਲ ਡਿੱਗੇਗਾ। ਪਰ ਨਾ ਬੁੱਲ ਡਿੱਗਦਾ ਹੈ ਤੇ ਨਾ ਕੁੱਤੇ ਦੀ ਝਾਕ ਮੁੱਕਦੀ ਹੈ।
ਇਸ ਕੁੱਤੇ ਦੀ ਝਾਕ ਵਿੱਚ ਅੱਜ ਸਾਰੀ ਲੋਕਾਈ ਤੁਰੀ ਹੀ ਨਹੀਂ ਫਿਰਦੀ ਸਗੋਂ ਭੱਜੀ ਫਿਰਦੀ ਹੈ। ਉਨਾਂ ਲਈ ਖਾਣਾ-ਪੀਣਾ ਤੇ ਜੀਣਾ ਭੁੱਲ ਗਿਆ ਹੈ। ਉਹ ਤਾਂ ਚੌਵੀ ਘੰਟੇ ਦੌੜੀ ਜਾ ਰਹੇ ਹਨ।
ਉਹ ਕਿਧਰ ਦੌੜ ਰਹੇ ਹਨ? ਉਨਾਂ ਨੇ ਕੀ ਹਾਸਲ ਕਰਨਾ ਹੈ? ਉਨਾਂ ਦੀ ਮੰਜ਼ਿਲ ਕਿਹੜੀ ਹੈ? ਇਸ ਦਾ ਉਨਾਂ ਨੂੰ ਕੋਈ ਇਲਮ ਨਹੀਂ ਗਿਆਨ ਨਹੀਂ। ਉਨ੍ਹਾਂ ਨੂੰ ਗਿਆਨ ਨਾ ਹੋਣ ਕਰਕੇ ਉਹ ਚਿੰਤਨ ਨਹੀਂ ਕਰਦੇ। ਉਹ ਤਾਂ ਦੌੜੀ ਜਾ ਰਹੇ ਹਨ।
ਸਾਡੇ ਆਲੇ ਦੁਆਲੇ ਸਕੂਲ, ਕਾਲਜ, ਯੂਨੀਵਰਸਿਟੀਆਂ ਖੁੱਲ ਗਈਆਂ ਹਨ - ਪਰ ਉਥੇ ਗਿਆਨ ਨਹੀਂ, ਸਿਰਫ਼ ਤੇ ਸਿਰਫ਼ ਸਰਟੀਫਿਕੇਟ, ਡਿਗਰੀਆਂ, ਡਿਪਲੋਮੇ ਵੰਡੇ ਜਾ ਰਹੇ ਹਨ। ਇਹ ਡਿਗਰੀਆਂ, ਡਿਪਲੋਮੇ ਤੁਹਾਨੂੰ ਰੋਜ਼ੀ ਤੇ ਰੋਟੀ ਨਹੀਂ ਦੇਂਦੇ।
ਸਗੋਂ ਤੁਹਾਨੂੰ ਭਰਮ ਵਿੱਚ ਪਾਉਂਦੇ ਹਨ। ਭਰਮ ਵਿੱਚ ਪਿਆ ਮਨੁੱਖ, ਨਾ ਆਰ ਜਾਂਦਾ ਹੈ ਤੇ ਨਾ ਪਾਰ। ਉਹ ਘੁੰਮਣ ਘੇਰੀ ਵਿੱਚ ਗੁਆਚ ਜਾਂਦਾ ਹੈ।
ਅਜੋਕੇ ਦੌਰ ਵਿੱਚ ਸਮਾਜ ਨੂੰ ਘੁੰਮਣ ਘੇਰੀ ਵਿੱਚ ਪਾਉਣ ਵਾਲਿਆਂ ਵਿੱਚ ਸਾਡੀਆਂ ਸਿਆਸੀ ਪਾਰਟੀਆਂ ਦੇ ਆਗੂ, ਅਖੌਤੀ ਸਾਧ, ਸੰਤ ਧਰਮ ਦੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾ ਕੇ ਆਪਣਾ ਉਲੂ ਸਿੱਧਾ ਕਰਨਾ ਹੈ।
ਕੋਈ ਚੰਗੇ ਦਿਨ ਆਉਣ ਦੇ ਲਾਰੇ ਲਾਉਂਦਾ ਰਿਹਾ ਹੈ ਤੇ ਕੋਈ ਸਵਰਗ ਦੇ ਰਾਹਾਂ ਦੀ ਦੱਸ ਪਾਉਂਦਾ ਹੈ। ਅਧਿਕਾਰੀ ਕੰਮ ਨਾ ਕਰਨ ਵਿੱਚ ਅੜਿੱਕਾ ਪਾਉਂਦੇ ਹਨ। ਰਿਸ਼ਵਤ ਦੇ ਨਾਂ ਹੇਠ, ਚਾਹ ਪਾਣੀ, ਪੈਟਰੋਲ ਦਾ ਖਰਚਾ ਮੰਗਦੇ ਹਨ। ਵਪਾਰੀ ਵਸਤੂਆਂ ਦਾ ਸਟਾਕ ਕਰਕੇ ਵਸਤੂਆਂ ਦੀ ਕਿੱਲਤ ਪੈਦਾ ਕਰਦੇ ਹਨ।
ਲੋੜਵੰਦ ਡਰ ਦੇ ਮਾਰੇ ਖਰੀਦੋ-ਫਿਰੋਖਤ ਕਰਦੇ ਹਨ। ਇਸ ਸਭ ਲੋਕਾਈ ਵਿੱਚ ਆਮ ਵਿਅਕਤੀ ਲੁੱਟਿਆ ਜਾਂਦਾ ਹੈ। ਉਸ ਦੇ ਹਿੱਸੇ, ਗੁਰਬਤ, ਭੁੱਖਮਰੀ, ਕੁੱਟਮਾਰ ਆਉਂਦੀ ਹੈ। ਇਹ ਉਹ ਕੁੱਟ ਮਾਰ ਹੈ, ਜਿਹੜੀ ਡਾਂਗਾਂ ਸੋਟਿਆਂ ਵਾਲੀ ਨਹੀਂ ਸਗੋਂ ਉਹ ਕੁੱਟ ਹੈ, ਜਿਹੜੀ ਆਰਥਿਕ, ਸਰੀਰਿਕ ਤੇ ਮਾਨਸਿਕ ਕੁੱਟ ਹੈ। ਜਿਹੜੀ ਨਜ਼ਰ ਨਹੀਂ ਆਉਂਦੀ। ਪਤਾ ਉਸ ਸਮੇਂ ਹੀ ਲੱਗਦਾ ਹੈ, ਜਦੋਂ ਭਰੇ ਬਜ਼ਾਰ ਵਿੱਚ ਆਮ ਆਦਮੀ ਲੁੱਟਿਆ ਤੇ ਕੁੱਟਿਆ ਤੇ ਮਾਰਿਆ ਜਾਂਦਾ ਹੈ। ਜਦੋਂ ਭਗਵੇਂ ਤੁਰਲੇ ਵਾਲਿਆਂ ਨੇ ਚੰਗੇ ਦਿਨ ਆਉਣ ਦਾ ਹੋਕਾ ਦਿੱਤਾ ਸੀ ਤਾਂ ਸਾਰਾ ਦੇਸ਼ ਹੀ ਉਨਾਂ ਦੇ ਮਗਰ ਹੋ ਤੁਰਿਆ। ਦੇਸ਼ ਦੇ ਲੋਕਾਂ ਨੂੰ ਹੁਣ ਸਮਝ ਆਉਣ ਲੱਗੀ ਕਿ ਹਾਥੀ ਦੇ ਦੰਦ ਖਾਣ ਤੇ ਦਿਖਾਉਣ ਵਾਲੇ ਕਿਹੜੇ ਸਨ। ਉਹ ਇਨ੍ਹਾਂ ਦੰਦਾਂ ਦੇ ਕੰਮ ਨੂੰ ਜਦੋਂ ਤੱਕ ਸਮਝਣਗੇ, ਉਦੋਂ ਤੱਕ ਭਾਣਾ ਬੀਤ ਜਾਣਾ ਹੈ।
ਇਸ ਭਾਣੇ ਨੂੰ ਫਿਰ ਮੰਨਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿੰਦਾ। ਚਾਰਾ-ਜੋਈ ਕਰਨੀ ਉਨਾਂ ਦਾ ਫਰਜ਼ ਹੈ। ਜਿਹੜੀਆਂ ਦੇਸ਼ ਨੂੰ ਇਹ ਦੱਸਦੀਆਂ ਹਨ ਕਿ ਅਸੀਂ ਆਮ ਆਦਮੀ ਦੀ ਜਾਨ ਮਾਲ ਦੇ ਰਖਵਾਲੇ ਹਾਂ।
ਉਹ ਨਾਅਰੇ ਤਾਂ ਮਾਰਦੇ ਹਨ ਕਿ ਦੁਨੀਆਂ ਭਰ ਦੇ ਮਜ਼ਦੂਰੋ ਇੱਕ ਹੋ ਜਾਉ ਪਰ ਆਪ ਨੌ ਪੂਰਬੀਏ ਅਠਾਰਾਂ ਚੁਲ੍ਹਿਆਂ ਵਾਂਗ, ਖੱਖੜੀਆਂ ਕਰੇਲੇ ਹੋਏ ਪਏ ਹਨ। ਹੁਣ ਜਦੋਂ ਚਾਰੇ ਪਾਸੇ ਮਹਿੰਗਾਈ, ਭੁੱਖ ਮਰੀ, ਲੁੱਟ ਮਾਰ, ਭ੍ਰਿਸ਼ਟਚਾਰ, ਪਰਿਵਾਰਵਾਦ, ਵਧ ਰਿਹਾ ਹੈ ਤਾਂ ਆਮ ਆਦਮੀ ਦੇ ਪੈਰਾਂ ਹੇਠੋਂ ਜ਼ਮੀਨ ਤੇ ਸਿਰ ਉੱਤੋਂ ਛੱਤ ਗੁਆਚ ਗਈ ਹੈ।
ਉਸ ਨੂੰ ਭਰਮ ਹੈ ਜਾਂ ਫਿਰ ਸਾਡੇ ਅਖੌਤੀ ਬਾਬਿਆਂ ਨੇ ਉਸ ਨੂੰ ਇਹ ਵਹਿਮ ਪਾ ਦਿੱਤਾ ਹੈ ਕਿ ਕੋਈ ਪੈਗ਼ੰਬਰ, ਜਾਂ ਕੋਈ ਸ਼ਹੀਦ ਭਗਤ ਸਿੰਘ ਵਰਗਾ ਯੋਧਾ ਆਵੇਗਾ ਤੇ ਉਨਾਂ ਦੇ ਦੁੱਖੜੇ ਤੇ ਦਰਦ ਦੂਰ ਕਰੇਗਾ।
ਸਮੇਂ ਦਾ ਸੱਚ ਤਾਂ ਇਹ ਹੈ ਕਿ ਕਿਸੇ ਪੈਗ਼ੰਬਰ ਜਾਂ ਕਿਸੇ ਯੋਧੇ ਨਹੀਂ ਆਉਣਾ। ਯੋਧਾ ਤਾਂ ਚੁਰਾਹੇ ਵਿੱਚੋਂ ਹੀ ਪੈਦਾ ਹੋਵੇਗਾ। ਜਿਹੜਾ ਧਰਤੀ ਉੱਤੇ ਸਰਕ ਰਹੇ ਆਮ ਲੋਕਾਂ ਨੂੰ ਖੜਨ, ਤੁਰਨ ਤੇ ਬੋਲਣ ਦੀ ਗੁੜਤੀ ਦੇਵੇਗਾ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਧਰਤੀ ਦੇ ਆਮ ਲੋਕਾਂ ਦਾ ਜਿਉਣਾ ਦੁੱਭਰ ਹੁੰਦਾ ਹੈ ਉਦੋਂ ਹੀ ਕੋਈ ਸੂਰਮਾ ਉੱਠਦਾ ਹੈ।
ਕਹਿਣ ਵਾਲੇ ਤਾਂ ਹੁਣ ਵੀ ਕਹਿੰਦੇ ਹਨ ਕਿ ਇਹ ਜੋ ਜ਼ਿੰਦਗੀ ਜਿਉਂ ਰਹੇ ਨੇ ਇਹ ਕੋਈ ਜਿਉਣ ਦੇ ਲਾਇਕ ਹੈ। ਹੁਣ ਆਮ ਮਨੁੱਖ ਕੋਲੋਂ ਉਸ ਦੀਆਂ ਮੁੱਢਲੀਆਂ ਲੋੜਾਂ ਸਿਹਤ, ਸਿੱਖਿਆ ਤੇ ਰੋਜ਼ਗਾਰ ਤਾਂ ਖੋਹਿਆ ਗਿਆ।
ਝੀਲ ਦੇ ਆਲੇ ਦੁਆਲੇ ਭੀੜ ਤੰਤਰ ਵੱਧ ਰਿਹਾ ਹੈ ਗੋਦੀ ਮੀਡੀਆ ਦੁਕਾਨਦਾਰੀ ਚਲਾ ਰਿਹਾ ਹੈ! ਅਣਜਾਣ ਲੋਕ ਮਾਰੇ ਜਾ ਰਹੇ ਹਨ। ਸੜਕਾਂ ਤੇ ਦਫ਼ਤਰਾਂ ਚ ਕੋਰਟਾਂ ਚ ਤੇ ਘਰਾਂ 'ਚ। ਅਸੀਂ ਘਰ ਸੰਭਾਲ ਰਹੇ ਤੇ ਉਹ ਭੀੜਤੰਤਰ ਬਣਾ ਰਹੇ ਹਨ।
ਹੋਰ ਕੀ ਭਾਲਦਾ ਹੈ, ਮਨੁੱਖ ਉਨ੍ਹਾਂ ਜ਼ਰਵਾਣਿਆਂ ਕੋਲੋਂ। ਜਿਹੜੇ ਕਦੇ ਧਰਮ, ਜਾਤ, ਨਸਲ, ਇਲਾਕੇ ਦੇ ਨਾਂ ਉੱਤੇ ਦੰਗੇ ਫਸਾਦ ਕਰਵਾਉਂਦੇ ਹਨ। ਨਾਲੇ ਉਹ ਮਾਰਦੇ ਹਨ, ਕੁੱਟਦੇ ਹਨ, ਲੁੱਟਦੇ ਹਨ। ਘਰਾਂ ਦੀ ਸਾੜ ਫੂਕ ਕਰਦੇ ਹਨ, ਨਾਲੇ ਰੋਣ ਵੀ ਨਹੀਂ ਦੇਂਦੇ। ਸਗੋਂ ਧਮਕੀਆਂ ਦੇਂਦੇ ਹਨ, ਜੇ ਤੁਸੀਂ ਇਉਂ ਕਰੋਗੇ, ਤਾਂ ਅਸੀਂ ਇਉਂ ਕਰਾਂਗੇ। ਉਹ ਤਾਂ ਜੋ ਚਾਹੁੰਦੇ ਹਨ, ਉਹ ਕਰੀ ਜਾ ਰਹੇ ਹਨ।
ਪਰ ਜਿਨਾਂ ਦੇ ਵਿਰੁੱਧ ਇਹ ਸਭ ਕੁੱਝ ਹੋ ਰਿਹਾ ਹੈ, ਵਾਪਰ ਰਿਹਾ ਹੈ, ਉਹ ਡਰੀ ਜਾ ਰਹੇ ਹਨ। ਉਨਾਂ ਨੇ ਡਰ ਪੈਦਾ ਕੀਤਾ ਹੋਇਆ ਹੈ। ਇਹ ਉਹ ਡਰ ਹੈ, ਜਿਸ ਨੂੰ ਅਜੇ ਤੱਕ ਉਹ ਲੋਕ, ਅਧਿਕਾਰੀ, ਅਫ਼ਸਰ ਵੀ ਸਮਝ ਨਹੀਂ ਸਕੇ। ਅਸਲ ਖੇਡ ਕੌਣ ਖੇਡ ਰਿਹਾ ਹੈ। ਇਸ ਖੇਡ ਵਿੱਚ ਆਮ ਆਦਮੀ ਹਰ ਥਾਂ ਮਾਰਿਆ ਜਾ ਰਿਹਾ ਹੈ।
ਉਸ ਨੂੰ ਕਿਸੇ ਵੀ ਧਾਰਾ ਅਧੀਨ ਕਾਲ ਕੋਠੜੀ ਵਿੱਚ ਡੱਕਿਆ ਜਾ ਰਿਹਾ ਹੈ। ਉਸ ਨੂੰ ਦੇਸ਼ ਧ੍ਰੋਹੀ, ਡਾਕੂ, ਲੁਟੇਰੇ, ਸਮੱਗਲਰ, ਲੀਡਰ, ਧਾਰਮਿਕ ਆਗੂਆਂ ਦੇ ਦੁਆਰੇ ਸੁਰੱਖਿਆ ਦੀ ਛੱਤਰੀ ਤਣੀ ਹੋਈ ਹੈ।
ਇਹ ਛੱਤਰੀ ਉਨਾਂ ਇਸ ਲਈ ਤਾਣੀ ਹੋਈ ਹੈ ਤਾਂ ਕਿ ਆਮ ਵਿਅਕਤੀ ਉਨਾਂ ਤੱਕ ਪਹੁੰਚ ਨਾ ਕਰ ਸਕੇ। ਉਹ ਲੋਕ ਬੁਸ ਗਏ ਪਾਣੀਆਂ ਦੇ ਕਿਨਾਰੇ ਖੜ੍ਹੇ ਉਹ ਰੁੱਖ ਹਨ, ਜਿਨ੍ਹਾਂ ਦੇ ਉੱਪਰ ਕੋਈ ਪੰਛੀ ਆਲ੍ਹਣਾ ਨਹੀਂ ਪਾਉਂਦਾ। ਕੋਈ ਪਰਿੰਦਾ ਉਨਾਂ ਰੁੱਖਾਂ ਦੇ ਕੋਲੋਂ ਦੀ ਨਹੀਂ ਲੰਘਦਾ।
ਹੁਣ ਆਮ ਵਿਅਕਤੀ ਦੇ ਜਾਗਣ, ਉਠਣ ਤੇ ਤੁਰਨ ਦਾ ਵੇਲਾ ਹੈ ਤਾਂ ਕਿ ਉਸ ਦੇ ਸੁਪਨੇ ਪੂਰੇ ਹੋ ਸਕਣ। ਮਰ ਗਏ ਸੁਪਨਿਆਂ ਦਾ ਅਸੀਂ ਬਹੁਤ ਮਾਤਮ ਕਰ ਲਿਆ ਹੈ। ਅਸੀਂ ਆਪਣੇ ਜੁਆਨ ਲਹੂ ਨੂੰ ਅੱਗ ਦੀ ਬੂਥੀ ਬਹੁਤ ਪਾ ਲਿਆ ਹੈ। ਹੁਣ ਤਾਂ ਸਮਾਂ ਹੈ, ਲਟ-ਲਟ ਬਣਲ ਤੇ ਸੜ ਮਰਨ ਦਾ ਤਾਂ ਕਿ ਉਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਸਕੇ। ਲੋਕ ਸਿਰਫ਼ ਮਰਨ ਲਈ ਹੀ ਨਹੀਂ ਹੁੰਦੇ।
ਜਿਉਣ ਲਈ ਤੇ ਚੰਗੀ ਜ਼ਿੰਦਗੀ ਨੂੰ ਮਾਣ ਸਕਣ ਦੇ ਸੁਪਨੇ ਵੀ ਸਿਰਜਦੇ ਹਨ। ਸੁਪਨਿਆਂ ਨੂੰ ਸਿਰਜਣਾ, ਉਸ ਨੂੰ ਕਾਗਜ਼ ਤੋਂ ਆਖਿਰ ਮੰਜ਼ਿਲ ਤੱਕ ਲੈ ਕੇ ਜਾਣ ਦਾ ਕਾਰਜ ਹੁਣ ਸਮੇਂ ਦੀ ਲੋੜ ਹੈ। ਨਹੀਂ ਤਾਂ ਆਉਣ ਵਾਲੀਆਂ ਸਾਡੀਆਂ ਨਸਲਾਂ ਸਾਨੂੰ ਝੀਲਾਂ ਦੇ ਕਿਨਾਰੇ ਖੜੇ ਰੁੱਖ ਹੀ ਆਖਣਗੀਆਂ। ਹੁਣ ਅਸੀਂ ਤੈਅ ਕਰਨਾ ਹੈ ਕਿ ਅਸੀਂ ਵਗਦੇ ਪਾਣੀ, ਵਗਦੀ ਪੌਣ ਤੇ ਤੁਰਦੀ ਜ਼ਿੰਦਗੀ ਬਣਨਾ ਹੈ ਕਿ ਝੀਲ? ਜਾਂ ਭੀੜਤੰਤਰ ਦੀ ਜਦ 'ਚ ਆ ਕੇ ਸੜਨਾ ਮਰਨਾ ਜਾਂ ਖੜਨਾ ਹੈ?
ਹੁਣ ਲੋੜ ਦੌੜਣ ਦੀ ਨਹੀਂ ਸਗਂਂ ਭਜਾਉਣ ਦੀ ਹੈ ਤਾਂ ਕਿ ਆਪਣੀਆਂ ਗਿਰਵੀ ਕੀਤੀਆਂ ਸ਼ਕਤੀਆਂ ਨੂੰ ਛੁਡਾਈਐ ਤੇ ਉਨ੍ਹਾਂ ਨੂੰ ਪੜਨੇ ਪਾਈਏ। ਕੀ ਨੀ ਕਰ ਸਕਦੇ ਤੁਸੀਂ ? ਜਾਗੋ ਜਾਗੋ ਵੇਲਾ ਜਾਗਣ ਦਾ। ਉਠੋ ਦਰਿਆ ਤੋਂ ਝੀਲ ਬਣੇ ਸਮਾਜ ਦਾ ਹਿਸਾਬ ਮੰਗੋ ਤੇ ?
ਸੰਪਰਕ : 94643-70823
ਮਸਲਾ-ਏ-ਖੋਜ - ਇੱਕ ਮਰਨ ਕਿਨਾਰੇ ਪਏ ਵਿਦਵਾਨ ਨਾਲ ਮੁਲਾਕਾਤ ! - ਬੁੱਧ ਸਿੰਘ ਨੀਲੋਂ
ਉਚੇਰੀ ਸਿੱਖਿਆ ਦੇ ਖੇਤਰ ਵਿਚ ਕਿਵੇਂ ਸਿੱਖਿਆ ਦਾ ਵਪਾਰੀਕਰਨ ਹੋ ਰਿਹਾ ਹੈ ? ਕਿਵੇਂ ਯੂਨੀਵਰਸਿਟੀਆਂ 'ਚ ਇਹ ਸਭ ਕੁਝ 'ਵਿਦਵਾਨਾਂ' ਦੇ ਨੱਕ ਥੱਲੇ ਹੁੰਦਾ ਹੈ, ਇਸ ਸਬੰਧ ਵਿਚ ਮੇਰੀ ਇੱਕ ਮਰਨ ਕਿਨਾਰੇ ਪਏ ਵਿਦਵਾਨ ਨਾਲ ਗੱਲਬਾਤ ਹੋਈ, ਜਿਹੜੇ ਯੂਨੀਵਰਸਿਟੀ ਵਿੱਚੋਂ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ। ਉਸ ਦੇ ਕੁੱਝ ਅਹਿਮ ਅੰਸ਼ -
-'' ਡਾਕਟਰ ਸਾਹਿਬ ਤਾਂ ਆਹ ਐਮ.ਫ਼ਿਲ. ਤੇ ਪੀਐੱਚ. ਡੀ. ਦਾ ਰਾਜ ਤਾਂ ਦੱਸ ਦਿਉ, ਕਿਵੇਂ ਖੋਜਾਰਥੀ ਨਕਲ ਮਾਰ ਕੇ ਥੀਸਿਸ ਯੂਨੀਵਰਸਿਟੀਆਂ ਵਿਚ ਜਮਾਂ ਕਰਵਾਈ ਜਾ ਰਹੇ ਹਨ ਤੇ ਡਿਗਰੀਆਂ ਲੈ ਕੇ ਨੌਕਰੀਆਂ ਲਈ ਜਾਂਦੇ ਨੇ ?''
ਮੇਰੀ ਗੱਲ ਸੁਣ ਕੇ ਉਹ ਥੋੜਾ ਜਿਹਾ ਗੰਭੀਰ ਹੋ ਗਏ। ਫੇਰ ਆਖਣ ਲੱਗੇ -
ਬੇਟਾ ......... ਕੀ ਦੱਸਾਂ .. ਸੱਚ ਦੱਸਦਾਂ ਤਾਂ ਆਪਣਾ ਢਿੱਡ ਨੰਗਾ ਹੁੰਦਾ । ਝੂਠ ਬੋਲਦਾ ਹਾਂ ਤਾਂ ਆਪਣੇ ਆਪ ਅੱਗੇ ਨੀਵਾਂ ਹੁੰਦਾ। ਸਮਝ ਨਹੀਂ ਆਉਦੀ ਤੇਰੇ ਇਸ ਸਵਾਲ ਦਾ ਕੀ ਉਤਰ ਦਿਆਂ?''
ਉਹ ਮੱਥੇ 'ਤੇ ਹੱਥ ਰੱਖ ਕੇ ਸੋਚੀਂ ਪੈ ਗਏ, ਮੈਨੂੰ ਉਨਾਂ ਦੀ ਇਸ ਤਰਾਂ ਦੀ ਹਾਲਤ ਵੇਖ ਕੇ ਆਪਣੇ ਆਪ ਉਤੇ ਗੁੱਸਾ ਵੀ ਆਇਆ ਕਿ ਮੈਂ ਡਾਕਟਰ ਸਾਹਿਬ ਨੂੰ ਇਹ ਕੀ ਸਵਾਲ ਕਰ ਬੈਠਾ ਪਰ ਮੈਂ ਫਿਰ ਥੋੜਾ ਜਿਹਾ ਗੰਭੀਰਤਾ ਨਾਲ ਗੱਲ ਕਰਦਿਆਂ ਕਿਹਾ-
- '' ਡਾਕਟਰ ਸਾਹਿਬ ਹੁਣ ਤਾਂ ਤੁਸੀਂ ਸੇਵਾ ਮੁਕਤ ਹੋ, ਤੁਹਾਡੇ 'ਤੇ ਕਿਸੇ ਯੂਨੀਵਰਸਿਟੀ ਦਾ ਕੋਈ ਦਬਾਅ ਨਹੀਂ ਤੁਹਾਡਾ ਹੁਣ ਕੋਈ ਕੁੱਝ ਵਿਗਾੜ ਵੀ ਨਹੀਂ ਸਕਦਾ । ਹੁਣ ਤਾਂ ਉਹ ਦਿਨ ਵੀ ਪਤਾ ਨਹੀਂ ਕਦੋਂ ਆ ਜਾਵੇ, ਜਦੋਂ ਤੁਸੀਂ ਇਹ ਸਾਰਾ ਸੱਚ ਅੰਦਰ ਹੀ ਲੈ ਕੇ ਇਸ ਦੁਨੀਆਂ ਤੋਂ ਤੁਰ ਜਾਵੋ ਪਰ ਮੇਰੇ ਮਨ 'ਤੇ ਭਾਰ ਰਹੇਗਾ ਕਿ ਮੈਂ ਇਹ ਸੱਚ ਕਿਉਂ ਨਹੀਂ ਬਾਹਰ ਕਢਾ ਸਕਿਆ ਪਰ ਤੁਸੀਂ ''?
ਇਕ ਵਾਰ ਡਾਕਟਰ ਸਾਹਿਬ ਨੇ ਮੇਰੇ ਵੱਲ ਇਉਂ ਦੇਖਿਆ ਜਿਵੇਂ ਉਹ ਕਟਹਿਰੇ ਵਿਚ ਖੜੇ ਹੋਣ। ਉਨਾਂ ਦੀ ਬੇਵਸੀ ਤਸਵੀਰ ਉਨ੍ਹਾਂ ਦੇ ਚਿਹਰੇ ਉਤੇ ਝਲਕ ਰਹੀ ਸੀ। ਉਹ ਆਪਣੀ ਗੱਲ ਤਾਂ ਦੱਸਣੀ ਚਾਹੁੰਦੇ ਸੀ ਪਰ ਉਨ੍ਹਾਂ ਨੂੰ ਸਹੀ ਸ਼ਬਦ ਨਹੀਂ ਸੀ ਲੱਭ ਰਹੇ ਜਾਂ ਫਿਰ ਉਹ ਇਸ ਸੱਚ ਨੂੰ ਨੰਗਾ ਨਹੀਂ ਸੀ ਕਰਨਾ ਚਾਹੁੰਦੇ । ਉਹ ਚੁੱਪ ਸਨ। ਉਨ੍ਹਾਂ ਦੀ ਇਸ ਚੁੱਪ ਦਾ ਰਹੱਸ ਨਹੀਂ ਸੀ ਲੱਭ ਰਿਹਾ।
ਡਾਕਟਰ ਸਾਹਿਬ ਨੇ ਆਪਣੀ ਅਗਵਾਈ 'ਚ ਐਮ.ਫ਼ਿਲ. ਤੇ ਪੀਐਚ. ਡੀ. ਦੇ ਥੀਸਿਸ ਕਰਵਾਏ ਹਨ। ਉਨਾਂ ਨੇ ਕਿੰਨੇ ਹੀ ਥੀਸਿਸਾਂ ਦੇ ਵਾਈਵੇ ਵੀ ਲਏ। ਉਹ ਨਿਗਰਾਨ, ਪ੍ਰੀਖਿਅਕ ਤੇ ਯੂਨੀਵਰਸਿਟੀ 'ਚ ਪ੍ਰਾਅਧਿਆਪਕ ਵੀ ਰਹੇ । ਪਰ ਹੁਣ ਉਹ ਮੇਰੇ ਸਾਹਮਣੇ ਬੁੱਤ ਬਣੇ ਬੈਠੇ ਸਨ। ਉਹ ਮੇਰੀ ਗੱਲ ਦਾ ਜਵਾਬ ਨਹੀਂ ਸੀ ਦੇ ਰਹੇ, ਪਰ ਉਨਾਂ ਦੀ ਇਹ ਹਾਲਤ ਵੀ ਤੜਫ਼ਾ ਰਹੀ ਸੀ ਕਿ ਆਖ਼ਿਰ ਇਹ ਰਹੱਸ ਕੀ ਹੈ? ਜਿਸ ਤਰਾਂ ਡਾਕਟਰ ਸਾਹਿਬ ਆਪਣਾ ਆਪ ਲੁਕਾ ਰਹੇ ਨੇ ਭਾਵੇਂ ਮੈਂ ਅੰਦਰਲਾ ਸੱਚ ਜਾਣਦਾ ਹਾਂ, ਪਰ ਮੈਂ ਇਹ ਰਹੱਸ ਤੋਂ ਪਰਦਾ ਉਨਾਂ ਦੇ ਮੂੰਹੋਂ ਤੇ ਹੱਥੋਂ ਹੀ ਉਤਾਰਨਾ ਚਾਹੁੰਦਾ ਸੀ।
-''ਡਾਕਟਰ ਸਾਹਿਬ ਤੁਸੀਂ ਕਿੰਨੀਆਂ ਯੂਨੀਵਰਸਿਟੀਆਂ ਦੇ ਨਾਲ ਜੁੜੇ ਰਹੇ ਹੋ?''
ਜਿੱਥੇ ਜਿੱਥੇ ਪੰਜਾਬੀ ਪੜਾਈ ਜਾਂਦੀ ?''
'' ਫੇਰ ਤਾਂ ਤੁਸੀਂ ਯੂਨੀਵਰਸਿਟੀਆਂ ਵਿਚ ਕਦੇ ਗਾਈਡ ਕਦੇ ਪ੍ਰੀਖਿਅਕ ਬਣਕੇ ਜਾਂਦੇ ਹੋਵੇਗੇ?
ਹਾਂ ਹਾਂ ਜਾਂਦਾ ਹੁੰਦਾ ਸੀ। ਜਦੋਂ ਅਗਲੇ ਬੁਲਾਂਦੇ ਸੀ ਤਾਂ ਜਾਂਦਾ ਸੀ ।''
ਫਿਰ ਤਾਂ ਤੁਸੀਂ ਵਾਈਵੇ ਵੇਲੇ ਖੋਜਾਰਥੀ ਦੀ ਚੰਗੀ ਖੁੰਭ ਠੱਪਦੇ ਹੋਵੇਗੇ?''
'' ਨਹੀਂ ਇਸ ਤਰਾਂ ਕਦੇ ਖੁੰਭ ਨਹਂਂ ਠੱਪੀ ਜਾਂਦੀ ਜੇ ਅਸਂ ਇਸ ਤਰਾਂ ਖੁੰਭਾਂ ਠੱਪਣ ਲੱਗ ਜਾਂਦੇ ਫਿਰ ਸਾਨੂੰ ਕੌਣ ਗਾਈਡ ਬਣਾਉਂਦਾ ਪ੍ਰਖਿਅਕ ਵਜੋਂ ਕੌਣ ਸੱਦਦਾ।''
ਫਿਰ ਤਾਂ ਤੁਸੀ ਇੱਕ ਦੂਜੇ ਦੀ ਭਾਜੀ ਮੋੜਨ ਵਾਂਗ ਕਰਦੇ ਹੋਵੋਗੇ ਜਿਵੇ ਸ਼ੀਰਨੀ ਵੰਡਦੇ ਹੁੰਦੇ ਆ।''
'' ਆਹ ਗੱਲ ਤੇਰੀ ਠੀਕ ਹੈ। ਜਿਸ ਖੋਜਾਰਥੀ ਦਾ ਮੈਂ ਨਿਗਰਾਨ ਹਾਂ ਉਸ ਦਾ ਵੀ ਕਿਸੇ ਨੇ ਪ੍ਰਖਿਅਕ ਬਣਨਾ ਹੈ। ਜੇ ਅਸੀਂ ਇੱਕ ਦੂਜੇ ਲਈ ਖੋਜਾਰਥੀਆਂ ਦੇ ਥੀਸਿਸਾਂ ਵਿੱਚੋਂ ਨੁਕਸ ਕੱਢਾਂਗੇ ਤਾਂ ਫਿਰ ਕਿਹੜਾ ਥੀਸਿਸ ਪਾਸ ਹੋ ਸਕਦਾ ਹੈ। ਸਾਨੂੰ ਸਭ ਨੂੰ ਪਤਾ ਹੁੰਦਾ ਹੈ। ਕਿ ਖੋਜਾਰਥੀ ਦੇ ਥੀਸਿਸ ਵਿਚ ਕੀ ਹੈ, ਇਸ ਵਿਚ ਕਿੱਥੋਂ ਕਿੱਥੋਂ ਕੱਟ ਪੇਸਟ ਹੋਈ ਹੈ। ਪਰ ਅਸੀਂ ਜਾਣਦੇ ਹੋਏ ਵੀ ਕੁਝ ਨਹੀਂ ਕਰ ਸਕਦੇ ।''
''ਇਹ ਤਾਂ ਤੁਸੀਂ ਫਿਰ ਜਾਣ ਬੁੱਝ ਕੇ ਹਨੇਰ ਫਲਾਉਂਦੇ ਰਹੇ ਹੋ ?''
''ਜਦੋਂ ਤੁਹਾਨੂੰ ਪਤਾ ਹੈ ਕਿ ਇਹ ਸਭ ਕੁਝ ਗ਼ਲਤ ਹੋ ਰਿਹਾ ਹੈ ਫਿਰ ਤੁਸੀਂ ਇਸ ਤਰਾਂ ਅਪਣੀ ਜ਼ਮੀਰ ਮਾਰ ਕੇ ਕਿਉਂ ਕਰਦੇ ਰਹੇ ਹੋ, ਤੁਹਾਨੂੰ ਇਹ ਅਹਿਸਾਸ ਨਹੀਂ ਸੀ ਕਿ ਕੱਲ ਨੂੰ ਤੁਸੀਂ ਸਮੇਂ ਨੂੰ ਕੀ ਜੁਆਬ ਦਿਓਗੇ।''
ਮੇਰੇ ਇਸ ਤਿੱਖੇ ਸੁਆਲ ਨੇ ਉਨਾਂ ਦਾ ਅੰਦਰ ਛਿਲ ਦਿੱਤਾ, ਉਨ੍ਹਾਂ ਦਾ ਗੱਚ ਭਰ ਆਇਆ। ਉਹ ਅੱਖਾਂ ਸਾਫ ਕਰਦੇ ਹੋਏ ਆਖਣ ਲੱਗੇ।
''ਬੇਟਾ ਤੂੰ ਠੀਕ ਕਹਿ ਰਿਹਾ ਏ ਅਸੀਂ ਨਿੱਕੀਆਂ ਨਿੱਕੀਆਂ ਗਰਜ਼ਾਂ ਪਿੱਛੇ ਇਹ ਹਨੇਰ ਫੈਲਾਉਂਦੇ ਰਹੇ ਹਾਂ ਤੇ ਫੈਲਾਅ ਰਹੇ ਹਾਂ। ਊਦੋਂ ਅਸੀਂ ਇਹ ਸੋਚਿਆ ਹੀ ਨਹੀਂ ਸੀ ਕਿ ਕੱਲ ਨੂੰ ਸਾਨੂੰ ਕੋਈ ਪੁੱਛਣ ਵਾਲਾ ਪੈਦਾ ਹੋਵੇਗਾ । ਬੇਟਾ ਤੂੰ ਨਹੀਂ ਜਾਣਦਾ ਕਿ ਇਨ੍ਹਾਂ ਯੂਨੀਵਰਸਟੀਆਂ ਅੰਦਰ ਬੈਠੇ ਅਖੌਤੀ ਵਿਦਵਾਨ ਅਪਣੇ ਵਿਦਿਆਰਥੀਆਂ, ਖੋਜਾਰਥੀਆਂ ਦਾ ਕਿਵੇਂ ਖੂਨ ਚੂਸਦੇ ਹਨ। ਕਈ ਤਾਂ ਉਨਾਂ ਦਾ ਜਿਸਮ ਵੀ ਚੂਸਦੇ ਹਨ। ਉਨਾਂ ਨੂੰ ਕੋਈ ਸੰਗ ਸ਼ਰਮ ਨਹੀਂ। ਹੁਣ ਜਦੋਂ ਕਦੇ ਮੈਂ ਆਪ ਖੁਦ ਬੈਠ ਕੇ ਸੋਚਦਾ ਹਾਂ ਤਾਂ ਅਪਣੇ ਆਪ ਨੂੰ ਲਾਹਣਤਾਂ ਪਾਉਂਦਾ ਹਾਂ ਕਿ ਅਸੀਂ ਚਾਨਣ ਦੇ ਵਣਜਾਰੇ ਬਣ ਕੇ ਕਿਵੇਂ ਹਨੇਰ ਫੈਲਾਉਂਦੇ ਰਹੇ ਹਾਂ ਅੱਜ ਕੱਲ ਯੂਨੀਵਰਸਟੀਆਂ ਅੰਦਰ ਲੈਕਚਰਾਰ ਤਾਂ ਬਹੁਤ ਹਨ ਪਰ ਕੋਈ ਵਿਦਵਾਨ ਨਜ਼ਰ ਨਹੀਂ ਆ ਰਿਹਾ। ਹਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਹਾਲਤ ਨੌ ਪੂਰਬੀਏ ਅਠਾਰਾਂ ਚੁਲੇ ਵਰਗੀ ਹੋਈ ਪਈ ਹੈ। ਅਧਿਆਪਕ ਸਮਾਜ ਲਈ ਤੇ ਵਿਦਿਆਰਥੀ ਲਈ ਮਾਡਲ ਹੁੰਦਾ ਹੈ। ਜਦੋਂ ਖੋਜਾਰਥੀ ਦੇ ਸਾਹਮਣੇ ਅਧਿਆਪਕ ਦਾ ਮਾਡਲ ਟੁੱਟਦਾ ਹੈ ਤਾਂ ਖੋਜਾਰਥੀ ਵੀ ਹਨੇਰ ਵੱਲ ਵਧਦਾ ਹੈ। ''
'' ਡਾਕਟਰ ਸਾਹਿਬ, ਇਕੋ ਵਿਸ਼ੇ 'ਤੇ ਕਈ ਕਈ ਡਿਗਰੀਆਂ ਦਾ ਹੋਣਾ ਤੇ ਕਦੇ ਵੀ ਇਸ ਬਾਰੇ ਕਿਧਰੇ ਕੋਈ ਗੱਲ ਨਾ ਹੋਣੀ, ਇਹ ਸਭ ਪਤਾ ਹੋਣ 'ਤੇ ਵੀ ਚੁੱਪ ਰਹਿਣਾ ਕੀ ਚੱਕਰ ਹੈ ?''
'' ਇਹ ਸਭ ਕੁੱਝ ਦਾ ਸਭ ਨੂੰ ਪਤਾ ਹੈ ਕਿ ਯੂਨੀਵਰਸਿਟੀਆਂ ਵਾਲਿਆਂ ਨੂੰ ਵੀ ਤੇ ਖੋਜਾਰਥੀਆਂ ਨੂੰ ਪਰ ਕੋਈ ਇਸ ਬਾਰੇ ਗੱਲ ਨਹੀਂ ਕਰਦਾ ਕਿਉਂਕਿ ਇਹ ਸਾਰੇ ਕਿਸੇ ਨਾ ਕਿਸੇ ਅਹਿਸਾਨ ਜਾਂ ਫਿਰ ਹੋਰ ਕਿਸੇ ਕਾਰਨ ਇਕ ਦੂਜੇ ਨਾਲ ਇਸ ਮਸਲੇ 'ਤੇ ਗੱਲ ਨਹੀਂ ਕਰਦੇ । ਇਕੋ ਵਿਸ਼ੇ 'ਤੇ ਕਿਸੇ ਦੂਸਰੀ ਯੂਨੀਵਰਸਿਟੀ 'ਚ ਕੰਮ ਹੋ ਜਾਵੇ ਤਾਂ ਕਈ ਵਾਰ ਪਤਾ ਨਹੀਂ ਲੱਗਦਾ ਪਰ ਜਦੋਂ ਆਪਣੇ ਹੀ ਵਿਭਾਗ 'ਚ ਇਹ ਕੰਮ ਹੁੰਦਾ ਹੈ ਤਾਂ ਅੱਖਾਂ ਮੀਟ ਲੈਣੀਆਂ ਕੋਈ ਛੋਟੀ ਗੱਲ ਨਹੀਂ ਪਰ ਇਹ ਸਭ ਚੱਲੀ ਜਾ ਰਿਹਾ ਜੇ ਕਿਸੇ ਨੇ ਇਸ ਬਾਰੇ ਕਦੀ ਚਰਚਾ ਵੀ ਛੇੜੀ ਉਹ ਇਕ ਦੋ ਦਿਨ ਹੋ ਫਿਰ ਸ਼ਾਂਤੀ ਹੋ ਜਾਂਦੀ ਹੈ। ਕੋਈ ਵੀ ਆਪਣੇ ਢਿੱਡ ਨੂੰ ਨੰਗਾ ਕਰਕੇ ਰਾਜੀ ਨਹੀਂ ਪਰ ਗੰਦ ਬਹੁਤ ਪੈ ਗਿਆ ।''
- ਥੋੜਾ ਜਿਹਾ ਚੁੱਪ ਰਹਿਣ ਤੋਂ ਬਾਅਦ ਉਹ ਫਿਰ ਬੋਲੇ।
'' ਖੋਜ ਦਾ ਅਰਥ ਹੀ ਹੈ ਵੱਧ ਤੋਂ ਵੱਧ ਉਸ ਵਿਸ਼ੇ ਨਾਲ ਸੰਬੰਧਤ ਸਮੱਗਰੀ ਇਕੱਠੀ ਕਰੋ ਤੇ ਉਸ ਦਾ ਆਪਣੀ ਸਮਝ ਅਨੁਸਾਰ ਸਿੱਟਾ ਕੱਢੋ ਤੇ ਫਿਰ ਲਿਖੋ, ਪਰ ਹੁੰਦਾ ਕੀ ਹੈ? ਪਹਿਲਾ ਹੋਏ ਦੀ ਕਾਪੀ ਕਰੋ । ਕਈ ਤਾਂ ਇਕ ਅੱਖਰ ਵੀ ਨਹੀਂ ਬਦਲਦੇ, ਡੰਡੀ, ਕੌਮਾਂ, ਸਿਹਾਰੀ, ਬਿਹਾਰੀ ਸਭ ਉਸੇ ਤਰਾਂ ਲਿਖ ਦੇਂਦੇ ਨੇ। ਸਾਡੇ ''ਵਿਦਵਾਨ'' ਵੀ ਕੰਮ ਖੁਦ ਆਪ ਵੀ ਪਹਿਲਾਂ ਕਰੀ ਗਏ। ਉਹ ਪਹਿਲਾਂ ਅੰਗਰੇਜ਼ੀ ਦੀਆਂ ਸਿਧਾਂਤਕ ਕਿਤਾਬਾਂ ਦੇ ਅਨੁਵਾਦ ਕਰਕੇ ਅਪਣੇ ਨਾਂ ਹੇਠ ਛਪਵਾਈ ਗਏ । ਹੁਣ ਸਾਰਾ ਸੱਚ ਸਾਹਮਣੇ ਆਉਣ ਲੱਗ ਪਿਆ। ਇੰਟਰਨੈਟ ਨੇ ਤਾਂ ਸਾਰੇ ਪਰਦੇ ਲਾ ਦਿੱਤੇ।''
ਡਾਕਟਰ ਸਾਹਿਬ ਤਾਂ ਗਲੋਟੇ ਵਾਂਗ ਉਧੜ ਰਹੇ ਸਨ। ਇੰਝ ਲਗਦਾ ਸੀ ਜਿਵੇਂ ਸਾਰਾ ਸੱਚ ਅੱਜ ਹੀ ਦੱਸਣਾ ਚਾਹੁੰਦੇ ਹੋਣ । ਲਗਦਾ ਤਾਂ ਇਉਂ ਸੀ ਜਿਵੇਂ ਉਹ ਮੂੰਹ ਤੱਕ ਭਰੇ ਹੋਣ , ਉਨ੍ਹਾਂ ਦੇ ਚਿਹਰੇ 'ਤੇ ਗੁਸੇ ਦੀਆਂ ਲਹਿਰਾਂ ਵੀ ਸਨ ਤੇ ਪਛਤਾਵੇ ਦਾ ਪ੍ਰਛਾਵਾਂ ਵੀ ਸਾਫ ਨਜ਼ਰ ਆ ਰਿਹਾ ਸੀ । ਫੇਰ ਉਹ ਇਕਦਮ ਚੁੱਪ ਕਰ ਗਏ । ਕੁੱਝ ਚਿਰ ਬਾਅਦ ਫੇਰ ਬੋਲੇ।
'' ਜਦੋਂ ਸਾਰੇ ਇਸ ਹਮਾਮ ਵਿਚ ਨੰਗੇ ਹੋਣ ਤਾਂ ਇਸ ਹਨੇਰਗਰਦੀ ਬਾਰੇ ਆਪ ਕੀ ਬੋਲਣ। ਇਹ ਸਭ ਟੁੱਕੀਆਂ ਜੀਭਾਂ ਵਾਲੇ, ਇਨਾਮਾਂ ਦੇ ਮਗਰ ਹੜਲ ਹੜਲ ਕਰਨ ਵਾਲੇ। ਕਿਸੇ ਦੂਸਰੇ ਨੂੰ ਕੀ ਦੋਸ਼ ਦੇਣਗੇ ਜਦ ਆਪ ਹੀ ਏਨੇ ਗੁਨਾਹ ਕੀਤੇ ਹੋਣ ਤਾਂ ਬੇਸ਼ਰਮ ਦੀ ਮਾਂ ਭੜੋਲੀ 'ਚ ਮੂੰਹ । ਦੱਸ ਹੋਰ ਕੀ ਦੱਸਾਂ । ਜਿਵੇਂ ਕਹਿੰਦੇ ਹੁੰਦੇ ਨੇ ਕਮਲੀਏ ਤੂੰ ਇਕ ਨੂੰ ਕੀ ਰੋਂਦੀ ਏ ਇਥੇ ਤਾਂ ਆਵਾ ਹੀ ਊਤਿਆ ਪਿਆ । ਕਈਆਂ ਨੇ ਕੁੜੀਆਂ ਦੇ ਵਿਆਹ ਤੱਕ ਨਾ ਹੋਣ ਦਿੱਤੇ, ਧੀਆਂ ਵਰਗੀਆਂ ਨੂੰ ਰਖੇਲਾਂ ਬਣਾ ਕੇ ਰੱਖਿਆ। ਨਾ ਡਿਗਰੀ ਕਰਾਈ ਤੇ ਨਾ .... ਵਿਆਹ ਹੋਣ ਦਿੱਤਾ .... ਕਈਆਂ ਨੇ ਆਪਣੇ ਹੱਸਦੇ ਵਸਦੇ ਘਰ ਪੱਟ ਲਏ ..... ਹੁਣ ਉਨ੍ਹਾਂ ਦੀ ਔਲਾਦ ਵੀ .... ਹੱਥੋਂ ਨਿਕਲਗੀ ... ਹੁਣ ਰੋਂਦੇ ਨੇ ... ਆ ਚਾਦਰ ਦੇ ਮੈਨੂੰ ਪਾਲ਼ਾ ਲੱਗਦਾ ਆ ... ਬਸ ਹੁਣ ਬਾਕੀ ਕਦੇ ਫੇਰ ਸਹੀ ਤੈਨੂੰ ਹੋਰ ਵੀ ਉਹ ਦੱਸੂੰ .. ਜੋ ਹੁੰਦਾ ਹੈ....।''
ਡਾਕਟਰ ਸਾਹਿਬ ਇਉ ਆਪਣੇ ਆਪ ਨੂੰ ਲਕੋਣ ਲੱਗ ਪਏ, ਜਿਵੇਂ ਉਹ ਖੁੱਦ ਵੀ ਨੰਗੇ ਹੋ ਗਏ ਹੋਣ।
ਸੰਪਰਕ : 94643-70823
ਪੰਜਾਬੀ ਭਵਨ ਲੁਧਿਆਣਾ, ਪੰਜਾਬ-
ਭਵਿੱਖ ਦੇ ਵਾਰਸ ਬਨਣਾ ਜਾਂ ਕਾਤਲ ? : ਪਰ ਪੰਜਾਬ ਬਣਿਆ ਕਤਲਗਾਹ ? - ਬੁੱਧ ਸਿੰਘ ਨੀਲੋਂ
ਵਿੱਦਿਅਕ ਅਦਾਰਿਆਂ ਦਾ ਕੰਮ ਚਾਨਣ ਵੰਡਣਾ ਹੁੰਦਾ ਹੈ। ਸਮਾਜ ਵਿਚ ਫੈਲ ਰਹੇ ਹਨੇਰੇ ਨੂੰ ਦੂਰ ਕਰਨਾ ਹੁੰਦਾ ਹੈ। ਇਹ ਹਨੇਰਾ ਦੂਰ ਕਰਨ ਲਈ ਵਿੱਦਿਅਕ ਅਦਾਰੇ ਸਦਾ ਸੂਰਜ ਦੀ ਭੂਮਿਕਾ ਨਿਭਾਉਂਦੇ ਹਨ।
ਅਸੀਂ ਆਪਣੇ ਅੰਦਰ ਫੈਲੇ ਹਨੇਰੇ ਨੂੰ ਦੂਰ ਕਰਨ ਲਈ ਇਨਾਂ ਸੰਸਥਾਵਾਂ ਅੰਦਰ ਜਾਂਦੇ ਹਾਂ। ਆਪੋ-ਆਪਣੇ ਮਨਾਂ ਅੰਦਰ ਲੱਗੇ ਹਨੇਰ ਦੇ ਜਾਲਿਆਂ ਨੂੰ ਉਤਾਰ ਦਿੰਦੇ ਹਾਂ।
ਪਰ ਜਦੋਂ ਕੋਈ ਸੂਰਜ ਵਾਂਗ ਰੌਸ਼ਨੀ ਦਿੰਦਾ ਅਦਾਰਾ ਕਿਸੇ ਰੋਗ ਦਾ ਸ਼ਿਕਾਰ ਹੋ ਜਾਵੇ ਤਾਂ ਹਰਿਕ ਨੂੰ ਸੋਚਣ ਦੀ ਲੋੜ ਪੈ ਜਾਂਦੀ ਹੈ। ਇਹ ਕਿਵੇਂ ਹੋਇਆ ਹੈ? ਸਾਡੇ ਮਨਾਂ ਅੰਦਰ ਸਵਾਲ ਉੱਗ ਆਉਂਦੇ ਹਨ।
ਹਰਾ ਇਨਕਲਾਬ ਲਿਆਉਣ ਦੇ ਸੁਪਨਿਆਂ ਨਾਲ ਹੋਂਦ ਵਿਚ ਆਈ ਯੂਨੀਵਰਸਿਟੀ ਨੇ ਕੁਝ ਹੀ ਵਰਿਆਂ ਵਿਚ ਆਪਣਾ ਨਾਂਅ ਬਦਲ ਲਿਆ। ਅੱਜ-ਕੱਲ ਇਸ ਨੂੰ ਕੈਂਸਰ ਯੂਨੀਵਰਸਿਟੀ ਦੇ ਨਾਂਅ ਨਾਲ ਪੁਕਾਰਿਆ ਜਾਂਦਾ ਹੈ।
ਘਰ ਦੇ ਭੇਤੀ ਦੱਸਦੇ ਹਨ ਕਿ ਯੂਨੀਵਰਸਿਟੀ ਲਈ ਕੋਈ ਸਰਕਾਰੀ ਵੰਡ ਤਾਂ ਆਉਂਦਾ ਨਹੀਂ, ਖੋਜ ਕਾਰਜ ਸਭ ਠੱਪ ਹੋਏ ਪਏ ਹਨ, ਜਿਹੜੇ ਇੱਕਾ-ਦੁੱਕਾ ਸੈਮੀਨਾਰ ਹੁੰਦੇ ਹਨ, ਉਹ ਪ੍ਰਾਈਵੇਟ ਫਰਮਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਇਨਾਂ ਪ੍ਰਾਈਵੇਟ ਫਰਮਾਂ ਵਿਚ ਵਧੇਰੇ ਗਿਣਤੀ ਉਨਾਂ ਰਸਾਇਣਿਕ ਦਵਾਈਆਂ ਬਨਾਉਣ ਵਾਲੀਆਂ ਕੰਪਨੀਆਂ ਦੀ ਹੈ, ਜਿਹੜੀਆਂ ਇਥੋਂ ਦੇ ਮਾਹਿਰ ਨੂੰ ਚੋਗਾ ਪਾ ਕੇ ਰੱਖਦੀਆਂ ਹਨ।
ਖ਼ਬਰਾਂ ਵਿਚੋਂ ਖ਼ਬਰ ਇਹ ਹੈ ਕਿ ਇੱਥੋਂ ਦੇ ਮਾਹਿਰ ਹੁਣ ਮਨੁੱਖ ਨਾ ਹੋ ਕੇ ਪਾਲਤੂ ਜਾਨਵਰ ਹੀ ਬਣ ਗਏ ਹਨ। ਜਿਨਾਂ ਦੇ ਗਲੇ ਵਿਚ ਪਟੇ ਪਏ ਹੋਏ ਹਨ, ਜਿਨਾਂ ਦੀ ਸੰਗਲੀ ਕਿਸੇ ਨਾ ਕਿਸੇ ਕੀਟ ਨਾਸਿਕ ਦਵਾਈਆਂ ਦੀ ਕੰਪਨੀ ਦੇ ਹੱਥਾਂ ਵਿਚ ਹੈ। ਸੁਣਿਆ ਹੈ ਕਿ ਕੰਪਨੀਆਂ ਦਾ ਆਪਣਾ ਇਕ ਨੈੱਟਵਰਕ ਹੈ। ਪਹਿਲਾਂ ਉਹ ਉਸ ਨੈੱਟਵਰਕ ਅਧੀਨ ਆਪਣੇ ਪ੍ਰੋਗਰਾਮ ਲਿਆਉਂਦੇ ਹਨ।
ਬਿਮਾਰੀ ਫੈਲਾਉਂਦੇ ਹਨ, ਫੇਰ ਬਿਮਾਰੀ ਦੇ ਇਲਾਜ ਲਈ ਦਵਾਈ ਦੱਸਦੇ ਹਨ। ਸਾਡੇ ਮਾਹਿਰ ਉਨਾਂ ਦਵਾਈਆਂ ਦੀ ਅੱਗੇ ਸਿਫ਼ਾਰਸ਼ ਕਰਦੇ ਹਨ। ਸਿਫ਼ਾਰਸ਼ ਕੀਤੀਆਂ ਕੀਟਨਾਸ਼ਕ ਦਵਾਈਆਂ ਦੇ ਅੰਕੜੇ ਦੱਸਦੇ ਹਨ ਕਿ ਕਿੰਨੀਆਂ ਹੀ ਦਵਾਈਆਂ ਅਜਿਹੀਆਂ ਹਨ, ਜਿਹੜੀਆਂ ਕਈ ਵਰਿਆਂ ਤੋਂ ਸਿਫ਼ਾਰਸ਼ ਕੀਤੀਆਂ ਜਾ ਰਹੀਆਂ ਹਨ। ਉਹ ਦਵਾਈਆਂ ਦੁਨੀਆਂ ਭਰ 'ਚ ਬੰਦ ਹਨ ਪਰ ਸਾਡੇ ਵਰਤੀਆਂ ਜਾ ਰਹੀਆਂ ਹਨ।
ਸਿਫ਼ਾਰਸ਼ੀ ਕੀਟਨਾਸ਼ਕ ਦਵਾਈਆਂ ਨੇ ਧਰਤੀ ਹੀ ਨਹੀਂ ਬਲਕਿ ਸਾਰਾ ਸਮਾਜ ਹੀ ਬਿਮਾਰ ਕਰ ਦਿੱਤਾ ਹੈ। ਮਾਲਵਾ ਤਾਂ ਕੈਂਸਰ ਤੇ ਚਮੜੀ ਦੇ ਰੋਗ ਦਾ ਕੇਂਦਰ ਬਣ ਗਿਆ ਹੈ। ਹੁਣ ਖੇਤਾਂ ਵਿਚ ਫ਼ਸਲ ਨਹੀਂ, ਲਾਸ਼ਾਂ ਉੱਗਦੀਆਂ ਹਨ।
ਬਹੁਤ ਸਾਰੇ ਸਰਵੇਖਣ ਇਹ ਵੀ ਪੋਲ ਖੋਲ ਰਹੇ ਕਿ ਮਨੁੱਖ ਦੇ ਅੰਦਰ ਵੀ ਇਨਾਂ ਦਵਾਈਆਂ ਦੇ ਕਣ ਦੇਖਣ ਨੂੰ ਮਿਲੇ ਹਨ। ਹੁਣ ਕੋਈ ਵੀ ਫ਼ਸਲ ਦਵਾਈ ਤੋਂ ਬਗੈਰ ਨਹੀਂ ਹੁੰਦੀ ਅਤੇ ਨਾ ਹੀ ਮਨੁੱਖ ਦਵਾਈ ਤੋਂ ਬਗੈਰ ਚੱਲ ਸਕਦਾ ਹੈ।
ਦੱਸਣ ਵਾਲੇ ਤਾਂ ਦੱਸਦੇ ਹਨ ਕਿ ਸਾਰਾ ਪੰਜਾਬ ਹੀ ਹਸਪਤਾਲ ਬਣ ਗਿਆ ਹੈ। ਇਨਾਂ ਮਾਹਿਰਾਂ ਦੀ ਕ੍ਰਿਪਾਾ ਦੇ ਨਾਲ ਪੰਜਾਬ ਦੀ ਧਰਤੀ ਉੱਤੋਂ ਬੜਾ ਕੁਝ ਅਲੋਪ ਹੋ ਗਿਆ ਹੈ। ਇਨ੍ਹਾਂ ਅਲੋਪ ਹੋ ਗਿਆਂ ਵਿਚ ਪਸ਼ੂ, ਪੰਛੀ, ਰੁੱਖ ਤੇ ਫੁੱਲ-ਬੂਟੇ ਆਦਿ ਹਨ।
ਮਾਹਿਰਾਂ ਦੀ ਕ੍ਰਿਪਾ ਨਾਲ ਸਾਡੀਆਂ ਮਿੱਤਰ ਗਿਰਝਾਂ ਤੇ ਇੱਲਾਂ ਖ਼ਤਮ ਹੋ ਗਈਆਂ ਹਨ। ਮਾਹਿਰ ਹਿੱਕ ਉੱਤੇ ਹੱਥ ਰੱਖ ਕੇ ਇਹ ਨਹੀਂ ਆਖ ਸਕਦੇ ਕਿ ਅਸੀਂ ਇਹ ਨਹੀਂ ਕੀਤਾ। ਹੁਣ ਤਾਂ ਸਗੋਂ ਉਹ ਇਸ ਜ਼ਿੰਮੇਵਾਰੀ ਤੋਂ ਭੱਜ ਵੀ ਨਹੀਂ ਸਕਦੇ ਕਿ ਉਨਾਂ ਨੇ ਕੁਝ ਲਾਲਚਾਂ ਬਦਲੇ ਸਾਰੇ ਪੰਜਾਬ ਨੂੰ ਖੋਜ ਦਾ ਕੇਂਦਰ ਹੀ ਨਹੀਂ ਸਗੋਂ ਕਤਲਗਾਹ ਬਣਾ ਕੇ ਰੱਖ ਦਿੱਤਾ ਹੈ।
ਪੰਜਾਬ ਦਾ ਪੌਣ-ਪਾਣੀ ਤੇ ਧਰਤੀ ਨੂੰ ਦੂਸ਼ਿਤ ਕਰ ਦਿੱਤਾ ਹੈ, ਜਿਸ ਕਾਰਨ ਹੁਣ ਪੰਜਾਬ ਦੇ ਹਸਪਤਾਲਾਂ ਤੇ ਸਮਸ਼ਾਨ ਘਾਟਾਂ 'ਤੇ ਮੇਲੇ ਲੱਗਦੇ ਹਨ। ਸਾਡੇ ਪੁਰਾਤਨ ਮੇਲੇ ਤਾਂ ਨੈੱਟ ਨੇ ਖਤਮ ਕਰ ਦਿੱਤੇ ਹਨ। ਸਰਕਾਰੀ ਹਸਪਤਾਲ ਖੁਦ ਬੀਮਾਰ ਹਨ ਤੇ ਸਾਧਾਂ ਦੇ ਡੇਰੇ ਖੁੰਬਾਂ ਵਾਂਗ ਉਗ ਰਹੇ ਹਨ।
ਲੋਕ ਆਪਣੀਆਂ ਬੀਮਾਰੀਆਂ ਦਾ ਇਲਾਜ ਕਰਵਾਉਣ ਦੇ ਲਈ ਡੇਰਿਆਂ ਵੱਲ ਵਹੀਰਾਂ ਘੱਤੀ ਜਾ ਰਹੇ ਹਨ। ਇਹ ਡੇਰੇ ਲੋਕਾਂ ਦਾ ਆਰਥਿਕ ਤੇ ਸਰੀਰਿਕ ਸੋਸ਼ਣ ਕਰਦੇ ਹਨ। ਸਰਕਾਰ ਦੇ ਮੰਤਰੀ ਤੇ ਸੰਤਰੀ ਸ਼ਰੀਕੇਬਾਜ਼ੀ 'ਚ ਉਲਝੇ ਹਨ। ਸੁਚੇਤ ਲੋਕ ਸੜਕਾਂ ਤੇ ਹਨ।
ਉਹ ਯੂਨੀਵਰਸਿਟੀ ਜਿਸ ਨੇ ਮਨੁੱਖ ਦੇ ਭਲੇ ਲਈ ਦੇਸ਼ ਦੇ ਵਿਕਾਸ ਲਈ ਯੋਗਦਾਨ ਪਾਉਣ ਸੀ, ਉਹ ਬਿਮਾਰੀਆਂ ਫੈਲਾਉਣ ਵਾਲੀ ਸੰਸਥਾ ਬਣ ਗਈ, ਜਿਸ ਦੇ ਮਾਹਿਰ ਪ੍ਰਾਈਵੇਟ ਫਰਮਾਂ ਦੇ ਹੱਥਾਂ ਵਿਚ ਖੇਡਦੇ ਹਨ। ਉਨ੍ਹਾਂ ਦੇ ਖਿਡੌਣੇ ਬਣ ਕੇ ਕਰ ਰਹੇ ਹਨ ਕੱਠਪੁਤਲੀ ਨਾਚ।
ਖ਼ਬਰਾਂ ਆਉਂਦੀਆਂ ਨੇ ਕਿ ਇਸੇ ਯੂਨੀਵਰਸਿਟੀ ਵਿਚ ਹੁਣ ਜਿੰਨੇ ਵੀ ਸੈਮੀਨਾਰ ਹੁੰਦੇ ਹਨ, ਉਨ੍ਹਾਂ ਨੂੰ ਇਕ ਜ਼ਹਿਰ ਬਨਾਉਣ ਵਾਲੀਆਂ ਕੰਪਨੀਆਂ ਹੀ ਕਰਵਾ ਰਹੀਆਂ ਹਨ ਜਿਹਨਾਂ ਨੂੰ ਨਿੱਜੀ ਫਰਮਾਂ ਨੇ ਪਲੈਨ ਕੀਤਾ ਹੁੰਦਾ , ਜਿਨ੍ਹਾਂ ਨੇ ਇਨ੍ਹਾਂ ਸੈਮੀਨਾਰਾਂ ਨੂੰ ਸਫ਼ਲ ਬਣਾਉਣ ਲਈ ਹਰ ਤਰਾਂ ਦਾ ਹਰਬਾ ਵਰਤਿਆ ਹੈ। ਅਧਿਕਾਰੀ ਤਾਂ ਉਸ ਕੰਪਨੀ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਵੀ ਕੰਨੀ ਕਤਰਾਉਂਦੇ ਹਨ। ਦਾਲ ਵਿਚ ਕੋਕੜੂ ਹੀ ਨਹੀਂ ਸਗੋਂ ਸਾਰੀ ਦਾਲ ਹੀ ਕਾਲੀ ਹੈ।
ਯੂਨੀਵਰਸਿਟੀ ਦੇ ਡਾਕਟਰਾਂ ਨੇ ਖੋਜ ਦਾ ਕੰਮ ਤਿਆਗ ਦਿੱਤਾ ਹੈ, ਉਸ ਦੇ ਮਾਹਿਰ ਹੁਣ ਖੋਜ ਦੀ ਬਜਾਏ ਜ਼ਹਿਰ ਵੰਡਣ ਵਾਲੇ ਦਲਾਲ ਬਣ ਗਏ ਹਨ, ਜ਼ਿਹੜੇ ਵੱਡੀਆਂ-ਵੱਡੀਆਂ ਕੰਪਨੀਆਂ ਦਾ ਮਾਲ ਅੱਗੇ ਵਿਕਾਉਂਦੇ ਹਨ। ਜਿੰਨਾ-ਜਿੰਨਾ ਮਾਲ ਵਿਕਦਾ ਹੈ, ਓਨਾ ਉਨ੍ਹਾਂ ਨੂੰ ਕਮਿਸ਼ਨ ਮਿਲ ਜਾਂਦਾ ਹੈ। ਸਰਕਾਰ ਤੋਂ ਤਨਖ਼ਾਹ ਟੀ. ਏ, ਡੀ. ਏ. ਆਦਿ ਉਨਾਂ ਨੂੰ ਮੁਫ਼ਤ ਵਿਚ ਮਿਲ ਜਾਂਦਾ ਹੈ।
ਹੁਣ ਜਦੋਂ ਤੂਹਾਨੂੰ ਤਨਖ਼ਾਹ ਮੁਫ਼ਤ ਵਿਚ ਤੇ ਕਮਿਸ਼ਨ ਵੱਖਰਾ ਮਿਲਦਾ ਹੋਵੇ ਤਾਂ ਖੋਜ ਕਰੋਂਗੇ ਕਿ ਦਲਾਲੀ?
ਦਲਾਲ ਦਾ ਕਿੱਤਾ ਬੜਾ ਮਾੜਾ ਗਿਣਿਆ ਜਾਂਦਾ ਹੈ, ਪਰ ਹੁਣ ਇਸ ਕਿੱਤੇ ਵਿਚ ਉਹ ਵਿਦਵਾਨ ਵੀ ਸ਼ਾਮਲ ਹੋ ਗਏ ਹਨ, ਜਿਨਾਂ ਦਾ ਕੰਮ ਤਾਂ ਸੀ, ਚਾਨਣਾ ਵੰਡਣਾ ਪਰ ਉਹ ਚਾਨਣ ਵੰਡਦੇ-ਵੰਡਦੇ ਹਨੇਰ ਵੰਡਣ ਲੱਗ ਪਏ।
ਉੱਡਦੀ-ਉੱਡਦੀ ਖ਼ਬਰ ਹੈ ਕਿ ਸਰਕਾਰ ਨੇ ਇਸ ਅਦਾਰੇ ਨੂੰ ਪ੍ਰਾਈਵੇਟ ਫਰਮਾਂ ਦੇ ਹਵਾਲੇ ਕਰ ਦੇਣਾ ਹੈ ਤਾਂ ਕਿ ਦਲਾਲੀ ਦਾ ਕੰਮ ਖ਼ਤਮ ਹੀ ਕਰ ਦਿੱਤਾ ਜਾਵੇ। ਹੁਣ ਇਨਾਂ ਦਲਾਲਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਹੁਣ ਇਹ ਆਪਣੇ ਕੀਤੇ ਕੁਕਰਮਾਂ ਕਰਕੇ ਮੱਥੇ 'ਤੇ ਹੱਥ ਰੱਥ ਕੇ ਰੋਂਦੇ ਹਨ।
ਬਾਦਲਾਂ ਦੀ ਸਰਕਾਰ ਨੇ ਬਠਿੰਡੇ ਤਾਂ ਕ੍ਰਿਕਟ ਸਟੇਡੀਅਮ ਬਣਾ ਦਿੱਤਾ ਸੀ। ਸਰਕਾਰ ਆਖਦੀ ਹੈ ਕਿ ਫ਼ਸਲਾਂ ਨੂੰ ਅਮਰੀਕਨ ਸੁੰਡੀ ਲੱਗ ਜਾਂਦੀ ਹੈ। ਕ੍ਰਿਕਟ ਨਾਲ਼ ਚਾਰ ਪੈਸੇ ਤਾਂ ਆਉਣਗੇ।
ਸੋ, ਉਨਾਂ ਨੇ ਇਹ ਫਾਰਮ ਕ੍ਰਿਕਟ ਪ੍ਰੇਮੀਆਂ ਦੇ ਹਵਾਲੇ ਕਰ ਦਿੱਤਾ ਹੈ। ਹੋਲ ਹੋਲੀ ਸਰਕਾਰ ਬਾਕੀ ਦੇ ਖੇਤੀ ਫਾਰਮ ਵੇਚ ਰਹੀ ਹੈ ਤਾਂ ਕਿ ਨਾ ਬਾਂਸ ਰਹੇ ਤੇ ਨਾ ਬੰਸਰੀ ਵੱਜੇ। ਹੁਣ ਬੰਸਰੀ ਤਾਂ ਆਮ ਲੋਕਾਂ ਦੀ ਵੱਜ ਰਹੀ ਹੈ।
ਖ਼ਬਰਾਂ ਤਾਂ ਇਹ ਵੀ ਕੰਨ ਕੁਤਰ ਰਹੀਆਂ ਹਨ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਫਾਰਮ ਵੀ ਇਸੇ ਤਰਾਂ ਲੇਖੇ ਲਾਏ ਜਾਣਗੇ ਤਾਂ ਸਰਕਾਰੀ ਦਲਾਲ ਦੀ ਬਜਾਏ ਸਿੱਧਾ ਕਿਸਾਨ ਨਾਲ ਸੰਪਰਕ ਕੀਤਾ ਜਾਵੇਗਾ।
ਇਸ ਡਰ ਦੇ ਮਾਰੇ ਕਈ ਮਾਹਿਰ ਠੰਢੇ ਮੁਲਕਾਂ ਵੱਲ ਉਡਾਰੀਆਂ ਮਾਰਨ ਲਈ ਪਰ ਤੋਲ ਰਹੇ ਹਨ। ਕਈ ਤਾਂ ਉਡਾਰੀ ਮਾਰ ਵੀ ਗਏ ਹਨ ਉਨ੍ਹਾ ਨੂੰ ਪਾਲਾ ਵੱਢ-ਵੱਢ ਖਾ ਰਿਹਾ ਹੈ। ਕਿਤੇ ਉਹ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੀ ਨਾ ਹੀ ਹੋ ਜਾਣ। ਵਿੱਦਿਆ ਅਦਾਰੇ ਤੋਂ ਕੈਂਸਰ ਯੂਨੀਵਰਸਿਟੀ ਤੱਕ ਸਫ਼ਰ ਵਿਚ ਕਿੰਨੇ ਮਾਹਿਰਾਂ ਦਾ ਯੋਗਦਾਨ ਹੈ? ਇਹ ਤਾਂ ਉਹ ਮਾਹਿਰ ਹੀ ਜਾਣਦੇ ਹਨ, ਪਰ ਜਿਹੜੀਆਂ ਖ਼ਬਰਾਂ ਚੁਗਲੀਆਂ ਕਰ ਰਹੀਆਂ ਹਨ, ਉਹ ਦੱਸਦੀਆਂ ਹਨ, ਜਲਦੀ ਹੀ ਕੈਂਸਰ ਯੂਨੀਵਰਸਿਟੀ ਦੇ ਮਾਹਿਰਾਂ ਤੇ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਜਾ ਰਹੇ ਹਨ। ਉਨਾਂ ਦਾ ਮੰਨਣਾ ਹੈ ਕਿ ਇਸ ਯੂਨੀਵਰਸਿਟੀ ਸਦਕਾ ਹੀ ਉਨ੍ਹਾਂ ਦਾ ਤੋਰੀ-ਫੁਲਕਾ ਚੱਲਦਾ ਹੈ। ਜੈ ਕੈਂਸਰ ਯੂਨੀਵਰਸਿਟੀ ਦੀ।
ਜੇ ਤੁਹਾਨੂੰ ਇਸ ਕੈਂਸਰ ਯੂਨੀਵਰਸਿਟੀ ਦਾ ਪਤਾ ਐ ਤਾਂ ਲੋਕਾਂ ਨੂੰ ਜਰੂਰ ਦੱਸਣਾ ਤਾਂ ਕਿ ਬਾਕੀ ਦੇ ਲੋਕ ਬਚ ਸਕਣ । ਕੋਈ ਦੱਸ ਪਾਵੇਗਾ? ਪੰਜਾਬ ਹੁਣ ਆਪ ਹੀ ਕਤਲ਼ਗਾਹ ਬਣ ਗਿਆ ਹੈ। ਪੰਜਾਬ ਦੇ ਆਮ ਲੋਕ, ਇਸ ਇਨਕਲਾਬ ਦੇ ਪੱਟੇ ਲੋਕ ਆਪਣੀ ਮੌਤ ਮਰਨ ਦੇ ਲਈ ਮਜਬੂਰ ਹੋ ਗਏ ਹਨ।
ਭਾਵੇ ਇਸ ਦੇ ਆਮ ਲੋਕਾਂ ਦਾ ਓਨਾਂ ਕਸੂਰ ਨਹੀਂ ਸੀ ਪਰ ਜਿਨ੍ਹਾਂ ਨੂੰ ਇਸ ਦਾ ਪਤਾ ਸੀ ਕਿ ਇਨ੍ਹਾਂ ਇਨਕਲਾਬਾਂ ਨੇ ਭਵਿੱਖ ਦੇ ਵਿਚ ਕੀ ਚੰਦ ਚਾੜਨੇ ਹਨ ? ਉਹ ਤਾਂ ਮੋਟੀਆਂ ਕਮਾਈਆਂ ਕਰਕੇ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਗਏ ਹਨ। ਕਿਸਾਨ ਤੇ ਮਜ਼ਦੂਰ ਹੁਣ ਖੁਦਕੁਸ਼ੀਆਂ ਦੇ ਰਸਤੇ ਤੁਰਿਆ ਹੋਇਆ ਹੈ। ਆਮ ਲੋਕ ਵੱਖ-ਵੱਖ ਤਰਾਂ ਦੀਆਂ ਜਾਨ-ਲੇਵਾ ਬੀਮਾਰੀਆਂ ਦੇ ਨਾਲ ਇਲਾਜ-ਖੁਣੋਂ ਮਰਨ ਲਈ ਘਰਾਂ ਦੇ ਵਿਚ ਮਜਬੂਰ ਹਨ।
ਇਹਨਾਂ ਬੀਜੇ ਕੰਡਿਆਂ ਨੂੰ ਦਾ ਖਮਿਆਜਾ ਤਾਂ ਆਮ ਲੋਕ ਭੁਗਤ ਰਹੇ ਹਨ ਪਰ ਅਜੇ ਤੱਕ ਲੋਕਾਂ ਨੂੰ ਸਮਝ ਨਹੀਂ ਆਈ ਕਿ ਉਨ੍ਹਾਂ ਦੇ ਆਪਣੇ ਹੀ ਉਨ੍ਹਾਂ ਦਾ ਗਲਾ ਘੁੱਟ ਗਏ ਹਨ। ਹੁਣ ਇਸ ਦੀ ਜੁੰਮੇਵਾਰੀ ਕੋਈ ਵੀ ਆਪਣੇ ਸਿਰ ਲੈਣ ਲਈ ਤਿਆਰ ਨਹੀਂ।
ਪੰਜਾਬ ਦਿੱਤਾ ਪੌਣ-ਪਾਣੀ ਖਰਾਬ ਕਰਨ ਤੇ ਲੋਕਾਈ ਲਈ ਬੀਮਾਰੀਆਂ ਸਹੇੜਣ ਵਿਚ ਜਿਥੇ ਇਸ ਕੈਂਸਰ ਯੂਨੀਵਰਸਿਟੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਉਥੇ ਵਿਦਵਾਨਾਂ ਨੇ ਵਿਦੇਸ਼ੀ ਤਜਰਬੇ ਬਦਲ ਕੇ ਆਪਣੀ ਖੋਜ ਬਣਾਉਣ ਵਿਚ ਵੀ ਕੋਈ ਰੜਕ ਨੀ ਛੱਡੀ ।
ਅਜੇ ਤਕ ਨਰਮੇ ਦੀ ਸੁੰਡੀ ਨੀ ਇਹਨਾਂ ਡਾਕਟਰ ਲਾਗੇ ਮਰੀ ਪਰ ਪੰਜਾਬ ਦੇ ਲੋਕ ਜਰੂਰ ਮਰਨ ਲਈ ਮਜਬੂਰ ਕਰ ਦਿੱਤੇ। ਕਦੇ ਪਿੰਡ ਤੇ ਸ਼ਹਿਰ ਵਿਚ ਜਾ ਕੇ ਦੇਖੋ , ਲੋਕ ਕਿਵੇ ਇਸ ਹਰੀ, ਨੀਲੀ ਤੇ ਚਿੱਟੀ ਕ੍ਰਾਂਤੀ ਦੇ ਕਾਰਨ ਕੈਂਸਰ, ਪੀਲੇ ਤੇ ਕਾਲੇ ਪੀਲੀਏ ਨਾਲ ਮਰ ਰਹੇ ਹਨ। ਪੰਜਾਬ ਦਾ 60% ਨੌਜਵਾਨ ਨਮਰਦ ਹੋ ਗਿਆ ਹੈ। ਬਾਕੀ ਬੇਰੁਜ਼ਗਾਰੀ ਕਾਰਨ ਉਹ ਵਿਦੇਸ਼ ਵਿਚ ਜਾਣ ਲਈ ਦੌੜ ਰਿਹਾ । ਕਿਸਾਨ ਤੇ ਮਜ਼ਦੂਰ ਜਮਾਤ ਕਰਜ਼ਈ ਹੋਏ ਖੁਦਕਸ਼ੀਆਂ ਕਰ ਰਹੇ ਹਨ ਕਦੇ ਕਿਸੇ ਨੇ ਸੁਣਿਆ ਕਿ ਕੋਈ ਸਿਆਸਤਦਾਨ ਜਾਂ ਖੇਤੀ ਵਿਗਿਆਨੀ ਨੇ ਖੁਦਕਸ਼ੀਆਂ ਦਾ ਰਾਹ ਅਪਣਾਇਆ?
ਸੰਭਲੋ ਪੰਜਾਬੀਓ ਆਪਣੇ ਪਰਾਏ ਦੀ ਪਰਖ ਕਰੋ ਤੇ ਭਗੌੜੇ ਨ ਬਣੋ ਸਿਆਸਤ ਨੂੰ ਸਮਝੋ ਪੰਜਾਬ ਨੂੰ ਬਚਾਉਣ ਲਈ ਕਰੋ ਜਾਂ ਮਰੋ।
ਮਿੱਤਰੋ! ਇਨਸਾਨ ਦੀ ਮੌਤ ਇਕ ਦਿਨ ਨਿਸ਼ਚਿਤ ਐ ਪਰ ਪਲ ਪਲ ਤੇ ਹਰ ਸਾਹ ਨਾ ਮਰੋ। ਤੁਹਾਨੂੰ ਮਰਨ ਦੇ ਡਰ ਦਾ ਪਾਠ ਪੜਾਇਆ ਜਾ ਰਿਹਾ ਹੈ?
"ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥"
ਹੁਣ ਘਰ ਵਿਚ ਬੈਠ ਕੇ ਬੀਮਾਰੀ ਦੇ ਸ਼ਿਕਾਰ ਹੋ ਕੇ ਮਰਨਾ ਐ ਜਾਂ ਜਿੰਦਗੀ ਦੇ ਸੰਘਰਸ਼ ਵਿੱਚ ਫੈਸਲਾ ਤੁਹਾਡਾ ਹੈ। ਪਰਮਜੀਤ ਪੰਜਾਬ, ਪੰਜਾਬੀ ਤੇ ਪੰਜਾਬੀਅਤ ਤੇ ਵਿਰਾਸਤ ਕਦੇ ਨੀ ਮਰੇਗੀ ।ਪੰਜਾਬ ਉਠੇਗਾ ਤੇ ਉਠ ਰਿਹਾ ।
ਨਿਕਲੋ ਘਰਾਂ ਵਿਚੋਂ ਅਗਲੀਆਂ ਨਸਲਾਂ ਦੇ ਕਾਤਲ ਨ ਬਣੋ ਓਹਨਾ ਦੇ ਵਾਰਸ ਬਣੋ।
ਕਾਤਲ ਬਨਣਾ ਐ
ਵਾਰਸ ਬਨਣਾ ਐ
ਫੈਸਲਾ ਤੁਹਾਡਾ
ਹੋਕਾ ਸਾਡਾ
ਜਾਗੋ ਜਾਗੋ
ਜਾਗੋ
ਜਾਗੋ ।
ਸੰਪਰਕ : 94643-70823
04 March 2019
ਕਵਿਤਾ ਦੇ ਜੇਠ - ਬੁੱਧ ਸਿੰਘ ਨੀਲੋਂ
ਲੋਕ ਬੋਲੀ ਹੈ। ਜਿਹੜੀ ਔਰਤ ਮਨ ਦੀ ਵੇਦਨਾ ਨੂੰ ਪ੍ਰਗਟ ਕਰਦੀ ਹੈ ਪਰ ਉਹ ਜੇਠ ਦੇ ਕੋਲੋਂ ਹੀ ਕਿਉਂ 'ਪੰਜ' ਰੁਪਏ ਮੰਗਦੀ ਹੈ ਇਸ ਦਾ ਮਨੋਵਿਗਿਆਨਿਕ ਵਿਸ਼ਲੇਸ਼ਣ ਤਾਂ ਮਨੋਵਿਗਿਆਨੀ ਹੀ ਕਰ ਸਕਦੇ ਹਨ ਪਰ ਇਸ ਦੇ ਅੰਦਰ ਛੁਪਿਆ ਉਹ ਸੱਚ ਹੈ ਜਿਸ ਨੂੰ ਅਸੀਂ ਨਾ ਨਿਕਾਰਦੇ ਤੇ ਨਾ ਹੀ ਸਵੀਕਾਰ ਕਰਦੇ ਹਾਂ ਪਰ ਸੱਚ ਤੋਂ ਮੁੱਨਕਰ ਨਹੀਂ ਹੋਇਆ ਜਾ ਸਕਦਾ ਖੈਰ ਤੁਸੀਂ ਆਪੇ ਹੀ ਲਾਓ ਲੱਖਣ ਤੇ ਕਰੋ ਵਿਚਾਰ -
''ਜੇਠਾ ਵੇ ਦੇ ਦੇ ਪੰਜ ਰੁਪਈਏ,
ਮੈਂ ਚੜਵਾਉਣੀਆਂ ਵੰਗਾਂ।''
ਆਹ ਹੁਣ ਜਦੋਂ ਦੀ ਧਰਤੀ ਗਲੋਬਲ ਹੋਈ ਹੈ, ਫੇਸ ਬੁੱਕ, ਟਵਿੱਟਰ ਤੇ ਇੰਟਰਨੈੱਟ ਆਇਆ ਬਸ ਉਦੋਂ ਤੋਂ ਹੀ ਕਵਿਤਾ ਦੀਆਂ ਬਾਹਵਾਂ ਵਿੱਚ ਵੰਗਾਂ ਚੜਾਉਣ ਵਾਲਿਆਂ ਗਿਣਤੀ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਜਿਸ ਦੇ ਚਿੱਤ ਵਿੱਚ ਜੋ ਆਉਂਦਾ, ਉਹ ਕਵਿਤਾ ਦੇ ਨਾਂ ਉਤੇ ਬੇਹੇ ਕੜਾਹ ਵਾਂਗ ਪਰੋਸੀ ਜਾ ਰਿਹਾ। ਪੰਜਾਬੀ ਦੇ ਵਿਚ ਸਭ ਤੋਂ ਵੱਧ ਕਵਿਤਾ ਲਿਖੀ ਜਾ ਰਹੀ ਹੈ ਤੇ ਛਪ ਰਹੀ ਹੈ। ਇਹ ਕਵਿਤਾ ਦੇ ਨਾ ਹੇਠ ਵੰਗਾਂ ਵੀ ਕੱਚ ਦੀਆਂ ਹਨ ਤੇ ਰੰਗ-ਬਰੰਗੀਆਂ, ਕਾਲੀਆਂ, ਪੀਲੀਆਂ, ਨੀਲੀਆਂ ਤੇ ਚਿੱਟੀਆਂ ਪਾਠਕਾਂ ਨੂੰ ਪਹਿਨਾਈਆਂ ਜਾਂਦੀਆਂ ਹਨ। ਪਰ ਕੱਚ ਦੇ ਸੱਚ ਨੂੰ ਕੋਈ ਨਹੀਂ ਜਾਣਦਾ -
ਕੱਚੀ ਯਾਰੀ ਲੱਡੂਆਂ ਦੀ''
ਇਸ ਬੋਲ ਦੇ ਵਾਂਗ, ਹਰ ਕੋਈ ਆਪਣੀ ਟੁੱਟੀ ਯਾਰੀ ਦੇ ਕੀਰਨੇ ਪਾਉਂਦਾ ਹੈ ਤੇ ਕਵਿਤਾ ਦੀਆਂ ਬਾਹਾਂ ਵਿੱਚ ਵੰਗਾਂ ਚੜਾਉਂਦਾ ਹੈ। ਉਨ੍ਹਾਂ ਨੂੰ ਨਾ ਤਾਂ ਕੱਚ ਦੀ ਤਾਸੀਰ, ਰੰਗਾਂ ਦੀ ਭਾਸ਼ਾ, ਬੋਲੀ ਤੇ ਉਸ ਦੇ ਸੁਭਾਅ ਦਾ ਗਿਆਨ ਤੇ ਨਾ ਹੀ ਸਮਝ ਹੈ। ਹਾਂ ਜੇ ਉਨ੍ਹਾਂ ਨੂੰ ਗਿਆਨ ਹੋਵੇ ਤਾਂ ਉਹ ਕਵਿਤਾ ਦੀਆਂ ਵੰਗਾਂ ਚੁੱਕੀ ਨਾ ਫਿਰਨ। ਜਿਨ੍ਹਾਂ ਨੂੰ ਕਵਿਤਾ ਲਿਖਣ ਦਾ ਪਤਾ ਲੱਗ ਜਾਂਦਾ ਹੈ, ਉਹ ਸਾਹਿਤ ਦੇ ਉਸਤਾਦ ਮਿਸਤਰੀ ਬਣ ਜਾਂਦੇ ਹਨ ਤੇ ਉਹ ਫਿਰ ਕਵਿਤਾ ਲਿਖਣ ਵਾਲੇ ਠੇਕਦਾਰ ਬਣ ਬਹਿੰਦੇ ਹਨ।
ਹੁਣ ਆ ਜਦੋਂ ਦਾ ਕਿਤਾਬ ਛਾਪਣ ਦਾ ਕੰਮ ਸੁਖਾਲਾ ਹੋਇਆ ਹੈ। ਇਹ ਨੇ ਰਹ ਕੋਈ ਕਵੀ ਤੇ ਕਵਿਤਰੀ ਬਣਾ ਦਿੱਤੀ ਹੈ। ਜਿਸ ਦੀ ਜੇਬ 'ਚ ਦਮੜੇ ਹਨ ਉਹ ਆਪਣੀਆਂ ਵੰਗਾਂ ਦੀ ਪਟਾਰੀ ਚੁੱਕ ਕੇ ਪ੍ਰਕਾਸ਼ਕ ਦੇ ਮੱਥੇ ਵਿੱਚ ਇੱਟ ਵਾਂਗ ਵੱਜਦਾ। ਅੱਗੋਂ ਪ੍ਰਕਾਸ਼ਕ ਵੀ ਘਰੇ ਆਈ ਵਿਆਹ ਦੀ ਡੋਲੀ ਵਾਂਗ ਉਸ ਦਾ ਸਵਾਗਤ ਕਰਦਾ ਹੈ। ਉਹ ਪਹਿਲਾਂ ਤਾਂ ਉਸ ਦੇ ਸਿਰ ਉਤੋਂ ਪਾਣੀ ਵਾਰ ਕੇ ਪੀਂਦਾ ਹੈ। ਅਸੀਸਾਂ ਦੇਂਦਾ ਤੇ ਆਂਢਣਾਂ-ਗੁਆਂਢਣਾਂ ਵਾਂਗ ਉਸ ਦੀ 'ਸਾਹਿਤ ਪਟਾਰੀ' ਲਈ' 'ਸਾਹਿਤ ਦੇ ਵਿਦਵਾਨ-ਮਰਾਸੀਆਂ' ਤੋਂ ਸਿਹਰੇ ਲਿਖਵਾਉਂਦਾ ਤੇ ਰੀਲੀਜ਼ ਸਮਾਗਮ 'ਤੇ ਪੜ੍ਹਾਉਂਦਾ ਹੈ। ਉਝ ਤਾਂ ਪ੍ਰਕਾਸ਼ਕ ਦੀਆਂ ਪੌੜੀਆਂ ਚੜ੍ਹ ਕੇ ਹੀ ਪਤਾ ਲੱਗਦਾ ਹੈ ਕਿ ਪ੍ਰਕਾਸ਼ਕ ਕੀ ਤਾਰੇ ਵਿਖਾਉਂਦਾ ਹੈ ਜਿਵੇਂ ਪੁਲਸ ਵਾਲੇ ਪਰਚਾ ਦਰਜ ਕਰਨ ਤੇ ਕੇਸ ਭੁਗਤਣ ਦੇ ਦੁੱਖ ਦੱਸਦੇ ਹਨ, ਤੇ ਅੱਜ ਕੱਲ ਹਸਪਤਾਲਾਂ ਵਾਲੇ ਮਰੀਜ਼ ਦੇ ਵਾਰਿਸਾਂ ਨੂੰ ਡਰਾਉਂਦੇ ਤੇ ਵਰਚਾਉਂਦੇ ਹਨ। ਮਰੀਜ਼ ਭਾਵੇਂ ਠੀਕ ਹੋਵੇ ਪਰ ਨਾਲ ਆਏ ਦੀਆਂ ਪੁਦੀੜਾਂ ਪੁਆ ਦੇਂਦੇ ਹਨ। ਹੁਣ ਤਾਂ ਹਸਪਤਾਲਾਂ ਵਾਲਿਆਂ ਨੇ ਬਾਊਂਸਰ ਵੀ ਰੱਖ ਲਏ ਹਨ ਤੇ ਪ੍ਰਕਾਸ਼ਕਾਂ ਨੇ ਜਿਵੇਂ ਆਲੋਚਕ ਰੱਖੇ ਹੋਏ ਹਨ। ਕੰਮ ਦੋਹਾਂ ਦੀ ਇੱਕੋ ਜਿਹਾ ਹੈ।
ਖ਼ੈਰ ਆਪਾਂ ਤਾਂ ਜੇਠ ਦੀ ਗੱਲ ਕਰਦੇ ਸੀ, ਜਦੋਂ ਦਾ ਵਟਸਅੱਪ, ਫੇਸ ਬੁੱਕ ਉਤੇ ਮੇਰੀ ਪਤਨੀ ਨੇ ਖਾਤਾ ਖੋਲ੍ਹਿਆ ਐ। ਬਸ ਉਸ ਨੂੰ ਇਸ ਦਾ ਭੂਤ ਹੀ ਚਿੰਬੜ ਗਿਆ ਕੇ 'ਹਮ ਵੀ ਕਵੀ ਹੋਤੇ ਹੈ'। ਹੁਣ ਦਿਨ ਰਾਤ ਉਹਦੇ ਨਾਲ ਚਿੰਬੜੀ ਰਹਿੰਦੀ ਐ। ਚੁੱਲੇ ਉਤੇ ਦਾਲ ਧਰ ਕੇ ਭੁਲ ਜਾਂਦੀ ਐ, ਚਾਹ ਧਰੂ, ਸੜ ਕੇ ਉਹ ਲੁੱਕ ਬਣ ਜਾਊ। ਪਰ ਇਹ ਆਪਣੇ ਮੋਬਾਇਲ ਤੋਂ ਆਪਣੀਆਂ ਅੱਖਾਂ ਪਰੇ ਨਹੀਂ ਕਰਦੀ।
ਪਹਿਲਾਂ ਪਹਿਲਾਂ ਤਾਂ ਉਹ ਹੋਰਨਾਂ ਦੀਆਂ ਕਵਿਤਾਵਾਂ ਪਾਉਂਦੀ ਸੀ। ਜਦੋਂ ਕਿਸੇ ਨੇ ਲਾਈਕ ਕਰਨਾ, ਨਾਲ ਹੀ ਕਮਿੰਟ ਕਰ ਦੇਣਾ, ਕਮਾਲ ਐ, ਬਹੁਤ ਵਧੀਆ, ਲਿਖਦੇ ਰਹੋ। ਉਸਨੇ ਹੋਰ ਫੱਟੇ ਚੱਕ ਦੇਣੇ। ਹੁਣ ਅੱਗਿਓਂ ਲਾਈਕ ਕਰਨ ਵਾਲੇ ਵੀ ਅਜਿਹੇ ਹੀ ਹੁੰਦੇ, ਜਿਨਾਂ ਨੂੰ ਇਹ ਵੀ ਪਤਾ ਨਹੀਂ ਸੀ ਹੁੰਦਾ ਕਿ ਜਿਹੜੀਆਂ ਕਵਿਤਾ ਦੀਆਂ ਲਾਈਨਾਂ ਨੂੰ ਉਹ ਕਮਾਲ ਦੀ ਕਹਿ ਰਹੇ ਹਨ ਤੇ ਉਸ ਦੀ ਸਿਫ਼ਤ ਕਰ ਰਹੇ ਹਨ ਉਹ ਸਿਫਤ ਕਰਨ ਦੇ ਜੋਗ ਤਾਂ ਹਨ - ਪਰ ਉਸ ਦੀ ਸਿਰਜਕ ਮੇਰੀ ਪਤਨੀ ਨਹੀਂ ਬਲਕਿ ਕੋਈ ਹੋਰ ਵੱਡਾ ਸ਼ਾਇਰ ਹੈ। ਪਰ ਫੇਸ ਬੁੱਕ ਦੇ ਬਹੁਤੇ 'ਸ਼ਾਇਰ' ਤਾਂ ਕਿਤਾਬ ਤੋਂ ਇਉਂ ਡਰਦੇ ਹਨ ਜਿਵੇਂ ਗੁਲੇਲ ਤੋਂ ਕਾਂ। ਪਰ 'ਹੁਣ ਕਾਂ ਨੂੰ ਕੌਣ ਹਟਾਵੇ ਕਿ ਉਹ ਕਾਂ-ਕਾਂ ਨਾ ਕਰੇ।' ਉਨ੍ਹਾਂ ਤਾਂ ਕਾਵਾਂ ਰੌਲੀ ਪਾਉਣੀ ਹੀ ਹੁੰਦੀ ਹੈ। ਇਹ ਪਾਈ ਜਾਂਦੇ ਹਨ। ਕੋਈ ਸੁਣੇ ਜਾਂ ਨਾ ਸੁਣੇ। ਉਨਾਂ ਨੂੰ ਕੀ ਐ!
ਇੱਕ ਦਿਨ ਤਾਂ ਇਕ ਫੇਸ ਬੁਕੀ ਨੇ ਕਮਾਲ ਹੀ ਕਰ ਦਿੱਤੀ। ਉਸ ਨੇ ਮੇਰੀ ਪਤਨੀ ਨੂੰ ਲਿਖ ਦਿੱਤਾ ਕਿ 'ਤੁਸੀਂ ਛੇਤੀ ਛੇਤੀ ਆਪਣੀ ਕਿਤਾਬ ਛਾਪੋ, ਅਸੀਂ ਉਸ ਕਿਤਾਬ ਨੂੰ ਵੱਡੇ ਸਮਾਗਮ ਵਿੱਚ ਰੀਲੀਜ ਕਰਾਂਗੇ। ਅਸੀਂ ਫੇਸ ਬੁਕ ਵਾਲਿਆਂ ਨੇ ਇੱਕ ਸਭਾ ਬਣਾਈ ਐ। ਸਾਡੇ ਕੋਲ ਇੱਕ ਅਜਿਹਾ ਪ੍ਰਕਾਸ਼ਕ ਐ, ਜਿਹੜਾ ਬਿਨਾਂ ਕਿਸੇ ਲਾਭ-ਹਾਨੀ ਦੇ ਕਿਤਾਬ ਛਾਪ ਦਿੰਦਾ ਹੈ। ਤੁਸੀਂ ਬਸ ਵੀਹ ਹਜ਼ਾਰ ਰੁਪਏ ਦਾ ਪ੍ਰਬੰਧ ਕਰੋ। ਬਸ ਫੇਰ ਦੇਖਿਓ ਅਸੀਂ ਤੁਹਾਨੂੰ ਕਿਤਾਬ ਦਾ ਸਰਪਰਾਈਜ਼ ਦੇਵਾਂਗੇ। ਤੁਹਾਡੀਆਂ ਅਸੀਂ ਸਾਰੀਆਂ ਹੀ ਕਵਿਤਾਵਾਂ ਸੰਭਾਲੀਆਂ ਹੋਈਆਂ ਹਨ। ਤੁਹਾਡੇ ਹਾਂ ਪੱਖੀ ਹੁੰਗਾਰੇ ਦੀ ਉਡੀਕ ਕਰਾਂਗਾ।'
ਉਸ ਦੀ ਇਹ ਟਿੱਪਣੀ ਪੜ ਕੇ ਪਤਨੀ ਤਾਂ ਘਰ ਵਿੱਚ ਇਉਂ ਭੱਜੀ ਫਿਰੇ ਜਿਵੇਂ ਵਿਆਹ ਵਿੱਚ ਨੈਣ ਭੱਜੀ ਫਿਰਦੀ ਹੁੰਦੀ ਐ। ਜਦੋਂ ਮੈਂ ਪੁੱਛਿਆ 'ਕੀ ਗੱਲ ਐ! ਅੱਜ ਸਰਕਾਰ ਬੜੀ ਖੁਸ਼ ਏ, ਜਿਵੇਂ ਅੱਜ ਕੱਲ ਕੈਪਟਨ ਸਰਕਾਰ, ਧੱਕੇ ਨਾਲ ਚੋਣਾਂ ਜਿੱਤ ਕੇ, ਆਪਣੀ ਪਿੱਠ ਆਪੇ ਥਾਪੜੀ ਜਾਂਦੀ ਐ। ਪਰ ਤੈਨੂੰ ਕਿਹੜੀ ਗਿੱਦੜ ਸਿੰਗੀ ਲੱਭ ਗਈ?'
ਆਖਣ ਲੱਗੀ 'ਥੋਨੂੰ ਕਈ ਵਰੇ ਹੋ ਗਏ ਲਿਖਦਿਆਂ, ਤੁਹਾਡੀ ਇਕ ਕਿਤਾਬ ਨਹੀਂ ਛਪੀ। ਮੈਂ ਅਜੇ ਲਿਖਣਾ ਵੀ ਸ਼ੁਰੂ ਨਹੀਂ ਕੀਤਾ, ਪ੍ਰਸੰਸਕ ਮੇਰੀ ਕਿਤਾਬ ਛਾਪਣ ਦੀ ਤਿਆਰੀ ਕਰੀ ਫਿਰਦੇ ਹਨ।'
'ਭਗਵਾਨੇ! ਤੇਰੀ ਕਿਹੜੀ ਕਿਤਾਬ, ਕਦੇ ਅੱਖਰ ਨਹੀਂ ਲਿਖਿਆ। ਕਿਤਾਬ ਤੇਰੀ ਕਿਵੇਂ ਛਪੂ?' ਮੈਂ ਹੈਰਾਨੀ ਪ੍ਰਗਟ ਕੀਤੀ।
ਜਦੇ ਹੀ ਉਸ ਦੇ ਮੋਬਾਇਲ 'ਤੇ ਮੈਸਿਜ ਆ ਗਿਆ।
''ਮੈਡਮ ਕਿਤਾਬ ਲਿਖਣ ਵਾਲੇ ਦਾ ਵੀ ਪ੍ਰਬੰਧ ਹੋ ਗਿਆ। ਉਸ ਨੇ ਪਹਿਲਾਂ ਵੀ ਕਈ ਬੀਬੀਆਂ ਦੀਆਂ ਕਿਤਾਬਾਂ ਲਿਖੀਆਂ ਨੇ। ਬਸ ਖਰਚ ਥੋੜਾ ਹੋਰ ਕਰਨਾ ਪਊ, ਤੁਸੀਂ ਫਿਕਰ ਨਾ ਕਰੋ। ਤੁਸੀਂ ਸਾਡੇ ਅਕਾਊਂਟ 'ਚ ਬਸ ਦਸ ਕੁ ਹਜ਼ਾਰ ਰੁਪਏ ਜਮਾਂ ਕਰਾ ਦਿਓ। ਬਾਕੀ ਬਾਅਦ 'ਚ ਤੁਸੀਂ ਕਿਸ਼ਤਾਂ ਵਿੱਚ ਜਮਾਂ ਕਰਵਾ ਦੇਣੇ। ਜਿਸ ਦਿਨ ਤੁਸੀਂ ਪੈਸੇ ਜਮਾਂ ਕਰਵਾ ਦਿੱਤੇ, ਬਸ ਉਸ ਦਿਨ ਤੋਂ ਸਵਾ ਮਹੀਨੇ ਬਾਅਦ ਆਪਾਂ 'ਮਕਰਾਂ ਦੇ ਮੱਕੇ' ਵਿੱਚ ਇਹ ਕਿਤਾਬ ਰੀਲੀਜ਼ ਕਰਾਂਗੇ। ਬਸ ਤੁਸੀਂ ਖਾਣ-ਪੀਣ ਦਾ ਪ੍ਰਬੰਧ ਕਰ ਲੈਣਾ। ਬਾਕੀ ਸਾਡਾ ਕੰਮ ਐ, ਪ੍ਰੈਸ ਵਿੱਚ ਵੱਡੀ ਖ਼ਬਰ ਫੋਟੋ ਸਮੇਤ ਛਾਪਣ ਦਾ ਵੀ ਪ੍ਰਬੰਧ ਹੋ ਗਿਆ। ਤੁਸੀਂ ਤਿਆਰੀ ਕਰੋ।''
ਪਤਨੀ ਨੇ ਜਦੋਂ ਮੈਸਿਜ ਦੀ ਗੱਲ ਦੱਸੀ। ਅਸੀਂ ਸਿਰ ਫੜ ਕੇ ਬੈਠ ਗਏ। ਸੋਚਣ ਲੱਗ ਪਿਆ ਜੇ ਪੰਜਾਬੀ ਸਾਹਿਤ ਵਿੱਚ ਇਹੋ ਜਿਹੇ ਲੇਖਕ ਤੇ ਕਵਿਤਰੀਆਂ ਆਉਣਗੀਆਂ ਤਾਂ ਫਿਰ- ਲੋਕ ਕਿਤਾਬਾਂ ਕਿਹੜੀਆਂ ਪੜ੍ਹਨਗੇ?
ਪੰਜਾਬੀ ਦੇ ਪਾਠਕ ਤਾਂ ਅਖਬਾਰ ਨੀਂ ਖਰੀਦ ਕੇ ਪੜ੍ਹਦੇ ਤੇ ਉਹ ਇਹੋ ਜਿਹੀਆਂ ਕਿਤਾਬਾਂ ਕਿੱਥੋਂ ਖਰਦੀਣਗੇ? ਕਈ ਵਾਰ ਪਾਠਕ ਤਾਂ ਅਖਬਾਰ ਵਿੱਚ ਕਿਤਾਬ ਦਾ ਰੀਵਿਊ ਪੜਕੇ, ਕਿਤਾਬ ਖਰੀਦ ਲੈਂਦਾ ਹੈ। ਪਰ ਜਦੋਂ ਪੜ੍ਹਦਾ ਤਾਂ ਮੱਥੇ 'ਤੇ ਹੱਥ ਮਾਰਦਾ। ਰੀਵਿਊ ਕਰਨ ਵਾਲੇ ਵੀ ਕਿਤਾਬ ਨੂੰ ਅਸਮਾਨ 'ਤੇ ਚੜ ਦੇਂਦੇ ਹਨ। ਅੱਗਿਓਂ ਪਾਠਕ ਉਸ ਨੂੰ ਪੜ੍ਹ ਕੇ ਕਿਤਾਬ ਖਰੀਦਣ ਤੁਰ ਪੈਂਦਾ ਹੈ। ਸਿਲਸਿਲਾ ਹੁਣ ਕਈ ਵਰ੍ਹਿਆਂ ਤੋਂ ਚਲ ਰਿਹਾ ਹੈ। ਪਤਨੀ ਨੂੰ ਖੁਸ਼ ਰੱਖਣ ਲਈ ਬੰਦੇ ਨੂੰ ਕੀ ਕੀ ਪਾਪੜ ਵੇਲਣੇ ਪੈਂਦੇ ਹਨ, ਇਹ ਤਾਂ ਸਾਰੇ ਹੀ ਜਾਣਦੇ ਹਨ- ਪਰ ਫੋਕੀ ਸ਼ੋਹਰਤ ਲਈ 'ਅੱਕ ਚੱਬਣਾ' ਔਖਾ ਹੁੰਦਾ ਹੈ। ਨਾਲੇ ਪਤਨੀ ਨੂੰ ਕੀ ਪਤਾ ਕਿ ਕਵਿਤਾ ਕੀ ਹੁੰਦੀ ਹੈ? ਪਰ ਉਸ ਨੂੰ ਤਾਂ ਫੇਸ ਬੁਕ ਵਾਲੇ ਰੋਜ਼ ਹੀ ਕੁਮੈਂਟ ਕਰ ਕਰ ਕੇ ਉਕਸਾ ਰਹੇ ਹਨ ਕਿ ਉਹ ਵੀ ਲੇਖਿਕਾ ਬਣ ਸਕਦੀ ਹੈ। ਪਰ ਉਹ ਨਹੀਂ ਜਾਣਦੀ ਕਿ.ਪਰਦੇ ਦੇ ਪਿੱਛੇ ਕੀ ਐ?
ਹੁਣ ਤੁਸੀਂ ਆਖੋਗੇ ਕਿ ਪਰਦੇ ਦੇ ਪਿੱਛੇ ਕੀ ਹੈ? ਭਾਈ ਸਾਹਿਬ-ਪਰਦੇ ਦੇ ਪਿੱਛੇ ਉਹੀ ਕੁੱਝ ਹੈ, ਜਿਹੜਾ ਘਰ ਵਾਲੇ ਦੇ ਆਦਮੀ ਦੇ ਮਰਨ ਤੋਂ ਬਾਅਦ ਕਰਦੇ ਆ। ਜਿਵੇਂ ਰੰਡੀ ਉਤੇ ਛੜਾ ਜੇਠ ਚਾਦਰ ਪਾਉਂਦਾ ਹੈ। ਫਿਰ ਇਸ ਚਾਦਰ ਦੇ ਅੰਦਰ ਕੀ ਹੁੰਦਾ ਹੈ?..ਇਹ ਤਾਂ ਤੁਸੀਂ ਵੀ ਸਮਝਦੇ ਤੇ ਜਾਣਦੇ ਹੋ। ਪਰ ਦੁੱਖ ਦੀ ਗੱਲ ਐ, ਜਿਹੜੇ ਸਭ ਕੁੱਝ ਜਾਣਦੇ ਹਨ, ਜਿਨਾਂ ਨੂੰ ਪਤਾ ਹੈ ਕਿ ਕਿਵੇਂ ਦੇ 'ਕਵਿਤਾ ਦੇ ਜੇਠ' ਵਧ ਰਹੇ ਹਨ। ਕਵਿਤਾ ਦੇ ਨਾਲ ਰੋਜ਼ਾਨਾ 'ਗੈਂਗ ਰੇਪ' ਹੁੰਦਾ। ਉਹ ਸਭ ਦੇ ਸਭ ਮੂੰਹ 'ਚ ਘੁੰਗਣੀਆਂ ਪਾਈ ਬੈਠੇ ਹਨ। ਜਾਂ ਫਿਰ ਦੂਰੋਂ ਹੀ ਨਜ਼ਾਰੇ ਲੈ ਰਹੇ ਹਨ। ਕਈ ਤਾਂ ਰੋਜ਼ ਹੀ ਕੋਈ ਨਾ ਕੋਈ ਕਿਤਾਬ ਰੀਲੀਜ਼ ਕਰਕੇ ਅਖਬਾਰਾਂ ਨੂੰ ਫੋਟੋ, ਖਬਰ ਭੇਜ ਦੇਂਦੇ ਹਨ। ਬਸ ਉਨਾਂ ਦੀ ਏਸੇ ਨਾਲ ਹੀ ਰੋਟੀ ਹਜ਼ਮ ਹੋ ਜਾਂਦੀ ਐ। ਜਿਨ੍ਹਾਂ ਨੂੰ ਕਬਜ਼ ਜਾਂ ਗੈਸ ਦੀ ਬੀਮਾਰੀ ਹੁੰਦੀ ਐ। ਉਹ ਇੱਕ ਦੂਜੇ ਦੀਆਂ ਚੁਗਲੀਆਂ ਕਰ ਕੇ ਆਪਣੀ ਗੈਸ ਖਾਰਜ ਕਰ ਲੈਂਦੇ ਹਨ।
ਪਿਛਲੇ ਸਮਿਆਂ ਦੇ ਵਿਚ ਇਹੋ ਜਿਹੀਆਂ ਕਿੰਨੀਆਂ ਹੀ ਕਿਤਾਬਾਂ ਆਈਆਂ ਹਨ। ਜਿਸ ਵਾਰੇ ਮੈਨੂੰ ਗੀਤ ਯਾਦ ਆ ਗਿਆ -
'ਦਿਉਰਾ ਵੇ ਮੈਨੂੰ ਕਹਿਣ ਕੁੜੀਆਂ, ਤੇਰੇ ਮੁੰਡੇ ਦਾ ਤਾਂ ਜੇਠ 'ਤੇ ਮੜੰਗਾ'
ਹੁਣ 'ਕਵਿਤਾ ਦੇ ਜੇਠਾਂ' ਨੂੰ ਕੋਈ ਕੀ ਦੱਸੇ, ਕਵਿਤਾ ਲਿਖਣੀ ਨਾ ਤਾਂ ਕਬਜ਼ ਹੈ, ਨਾ ਹੀ ਗੈਸ ਦੀ ਬੀਮਾਰੀ ਐ। ਉਹ ਤਾਂ ਰੋਜ਼ ਹੀ ਨਵੇਂ ਨਵੇਂ ਚੰਦ ਚਾੜ੍ਹੀ ਜਾਂਦੇ ਹਨ। ਇਹ ਚੰਦ ਹੁਣ ਸਾਡੇ ਘਰ ਵੀ ਚੜਨ ਵਾਲਾ ਹੈ। ਪਰ ਮੈ ਇਹ ਚੰਦ ਕਦੇ ਵੀ ਚੜਨ ਨਹੀਂ ਦਿਆਂਗਾ। ਭਾਵੇਂ ਮੈਨੂੰ ਕੁੱਝ ਵੀ ਕਰਨਾ ਪਵੇ। ਅੱਖੀਂ ਵੇਖ ਕੇ ਮੱਖੀ ਤਾਂ ਨੀਂ ਨਿਗਲੀ ਜਾ ਸਕਦੀ।
ਪਰ ਜਿਹੜੇ ਇਹ ਕਰੀ ਤੇ ਜਰੀ ਜਾ ਜਾਂਦੇ ਹਨ, ਉਹ ਕੌਣ ਹਨ ? ਕੀ ਉਹ ਮਾਂ ਬੋਲੀ ਦੇ ਦਲਾਲ ਨੇ ਜਾਂ ਚੰਡਾਲ ਹਨ, ਜਿਹੜੇ ਮਾਂ ਬੋਲੀ ਦੇ ਸੇਵਕ ਬਣੇ ਬੈਠੇ ਹਨ ? ਖੈਰ ਮੈਂ ਆਪਣੀ ਪਤਨੀ ਦਾ ਅਜਿਹਾ ਜੇਠ ਕਿਸੇ ਨੂੰ ਹਰਗਿਜ਼ ਨਹੀਂ ਬਣਨ ਦੇਵਾਂਗਾ ਤੇ ਨਾ ਅਖੌਤੀ ਕਵਿੱਤਰੀ ।
ਪੰਜਾਬੀ ਸਹਿਤ ਦੇ ਵਿਚ ਇਹੋ ਜਿਹੀਆਂ ਕਿੰਨੀਆਂ ਕੁ ਕਿਤਾਬਾਂ ਹਨ? ਇਸ ਦਾ ਤਾਂ ਕਿਤਾਬ ਪੜ ਕੇ ਹੀ ਪਤਾ ਲੱਗਦਾ ਹੈ। ਕਈ ਤਾਂ ਪੁਰਾਣੇ ਹਿੰਦੀ ਫਿਲਮਾਂ ਦੇ ਗੀਤਾਂ ਦੀਆਂ ਗ਼ਜ਼ਲਾਂ ਤੇ ਕਵਿਤਾਵਾਂ ਆ ਰਹੀਆਂ ਹਨ, ਜਿਹਨਾਂ ਅਰਬੀ, ਫਾਰਸੀ ਤੇ ਉਰਦੂ ਦਾ ਪਤਾ ਨਹੀਂ ਉਹ ਆਪਣੀਆਂ ਕਵਿਤਾਵਾਂ ਦੇ ਵਿਚ ਉਹ ਸ਼ਬਦ ਵਰਤ ਰਹੇ ਹਨ। ਪਰ ਜਦੋਂ ਕੋਈ ਸ਼ਬਦ ਦੇ ਅਰਥ ਪੁੱਛ ਲੈਂਦਾ ਹੈ ਤਾਂ 'ਵਾੜ 'ਚ ਫਸੇ ਬਿੱਲੇ ਵਾਂਗ' ਦੇਖਦੇ ਹਨ ਤੇ ਉਨ੍ਹਾਂ ਕਨੈਡਾ ਵਿਚ ਵੀ ਤੌਣੀ ਆ ਜਾਂਦੀ ਹੈ। ਪਰ ਹੁਣੇ ਹੀ ਪਤਾ ਲੱਗਾ ਹੈ ਕਿ ਇਕ ਕਹਾਣੀਆਂ ਦੀ ਕਿਤਾਬ ਵੀ ਕਿਸੇ ਦੀ ਲਿਖੀ ਤੇ ਕਿਸੇ ਦੇ ਨਾਂ 'ਤੇ ਛਪੀ ਹੋਈ ਆ ਗਈ ਹੈ। ਤੁਹਾਡਾ ਕੀ ਖਿਆਲ ਏ ਜੀ? ਪਰ ਇਹ ਜੋ ਕੁੱਝ ਵੀ ਹੋ ਰਿਹਾ ਹੈ ਇਸ ਦੇ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ?
ਸੰਪਰਕ : 94643-70823
12 Jan. 2019
ਖ਼ਰੀਆਂ-ਖ਼ਰੀਆਂ : ਲੋਟਨ ਮਿੱਤਰਾਂ ਦਾ, ਨਾਂ ਬੋਲਦਾ ਗੁਬਿੰਦੀਏ ਤੇਰਾ - ਬੁੱਧ ਸਿੰਘ ਨੀਲੋਂ
ਪੰਜਾਬ ਦੀ ਧਰਤੀ 'ਤੇ ਇਸ ਸਮੇਂ ਨਕਲੀ ਸਾਹਿਤ ਦੇ ਡਾਕਟਰ, ਇੰਜੀਨੀਅਰ, ਲੇਖਕ, ਕਵੀਆਂ ਦੀ ਭਰਮਾਰ ਹੈ ਇਸੇ ਹੀ ਤਰ੍ਹਾਂ ਦੁੱਧ, ਪਨੀਰ, ਦਹੀਂ, ਘਿਓ, ਮਿਠਾਈਆਂ, ਫ਼ਲ, ਸਬਜ਼ੀਆਂ, ਮਸਾਲੇ, ਦਾਲਾਂ, ਆਟਾ, ਚੀਨੀ, ਪੱਤੀ ਤੇ ਹੋਰ ਪਤਾ ਕੀ ਸਵਾ-ਖੇਹ ਜ਼ਹਿਰ ਦੇ ਵਪਾਰੀ ਬਣਾ ਕਿ ਲੋਕਾਂ ਨੂੰ ਸ਼ਰੇਆਮ ਖਵਾਈ ਜਾ ਰਹੇ ਹਨ। ਅਸੀਂ ਸਵਾਦਾਂ ਦੇ ਪੱਟੇ ਅੱਖਾਂ ਮੀਟ ਕੇ ਛਕੀ ਜਾ ਰਹੇ ਹਾਂ। 'ਅੰਨ੍ਹੀ ਪੀਂਹਦੀ ਐ ਤੇ ਕੁੱਤੇ ਚੱਟਦੇ ਆ' ਵਾਲੀ ਕਹਾਵਤ ਸਿੱਧ ਹੋ ਰਹੀ ਹੈ। ਇਹ ਸਭ ਕੁੱਝ ਸਰਕਾਰ ਦੇ ਨੱਕ ਹੇਠ ਹੋ ਰਿਹਾ ਹੈ। ਖਾਣ-ਪੀਣ ਵਾਲੀਆਂ ਵਸਤੂਆਂ 'ਚ ਮਿਲਾਵਟ ਤੇ ਨਕਲੀ ਚੀਜ਼ਾਂ ਬਜ਼ਾਰਾਂ ਦੇ ਵਿੱਚ ਸਜਾ ਕੇ ਹਾਕਾਂ ਮਾਰ ਮਾਰ ਕੇ ਵੇਚੀਆਂ ਜਾ ਰਹੀਆਂ ਹਨ। ਕੋਈ ਪੁੱਛਣ ਵਾਲਾ ਨਹੀਂ ਕਿਉਕਿ ਦੇ ਮੂੰਹ ਕਾਲੇ ਕੀਤੇ ਹੋਏ ਹਨ। 'ਚੋਰ ਤੇ ਕੁੱਤੀ ਰਲ ਗਏ ਹਨ', ਚਾਰੇ ਪਾਸੇ ਇਉਂ ਲਗਦਾ ਹੈ ਜਿਵੇਂ ਘੋੜੇ ਵਾਲਾ ਫ਼ਿਰ ਗਿਆ ਹੋਵੇ। ਇਸ ਧਰਤੀ 'ਤੇ ਕੀ ਨਹੀਂ ਨਕਲੀ ਬਣਦਾ? ਨਕਲੀ ਅਸਲੀ ਨਾਲੋਂ ਸਸਤਾ ਤੇ ਭਰੋਸੇਯੋਗ ਹੁੰਦਾ ਹੈ ਪਰ ਸਿਹਤ ਦੇ ਲਈ ਹਾਨੀਕਾਰਕ ਹੁੰਦਾ ਹੈ। ਇਸੇ ਕਰਕੇ ਅੱਜਕੱਲ ਲੋਕ ਜਾਨਲੇਵਾ ਬੀਮਾਰੀਆਂ ਦੇ ਸ਼ਿਕਾਰ ਹੋ ਕੇ ਨਿੱਜੀ ਹਸਪਤਾਲਾਂ ਦੇ ਘਰ ਭਰਦੇ ਹਾਂ ਤੇ ਆਪਣਿਆਂ ਦਾ ਵਿਛੋੜਾ ਝੱਲਦੇ ਹਾਂ। ਇਸੇ ਹੀ ਤਰ੍ਹਾਂ ਨਕਲੀ ਸਾਹਿਤ ਡਾਕਟਰ ਬਣ ਰਹੇ ਹਨ, ਜਿਨ੍ਹਾਂ ਨੂੰ ਸਾਹਿਤ ਦੇ ਚੰਗੇ ਮਾੜੇ ਲਈ ਫਤਬੇ ਦੇਣ ਦਾ ਅਧਿਕਾਰ ਮਿਲਿਆ ਹੁੰਦਾ ਹੈ। ਪਰ ਇਹ ਜਿਨ੍ਹਾਂ ਨੇ ਕੋਈ ਡਿਗਰੀ ਕੀਤੀ ਉਹ ਬਹੁਤ ਸਾਰੇ ਡਾਕਟਰ ਸਾਹਿਤ 'ਚ ਹਨ। ਹੁਣ ਨਾਂ ਕਿਸ ਕਿਸ ਦਾ ਲਈਏ? ਕਈ ਆਖਦੇ ਨਾਂ ਲਿਖੋ ਪਰ ਤੁਸੀਂ ਵੀ ਆਲ਼ੇ ਦੁਆਲੇ ਦੇਖੋ ਕਿ ਕੌਣ ਕੌਣ ਡਾਕਟਰ ਹੈ। ਕੋਈ ਧਰਮ ਦੀਆਂ ਕਿਤਾਬਾਂ ਲਿਖ ਕਿ ਤੇ ਕੋਈ ਨੋਟਾਂ ਦੀ ਪੌੜੀ ਲਾ ਕੇ ਡਾਕਟਰ ਬਣੇ ਹੋਏ ਆ। ਖੈਰ ਇਹ ਮਸਲਾ ਟੇਢਾ ਹੈ, ਜਿਵੇਂ ਟੇਢੀ ਖੀਰ ਹੁੰਦੀ ਹੈ।
ਜਿਹੜੇ ਸਰਕਾਰੀ ਵਿਭਾਗ ਦੇ ਕਰਮਚਾਰੀਆਂ ਨੇ ਇਸ ਮਿਲਾਵਟ ਦੇ ਕਾਰੋਬਾਰ ਨੂੰ ਰੋਕਣਾ ਹੈ, ਉਹ ਕੁੰਭਕਰਨੀ ਨੀਂਦ ਸੁੱਤੇ ਪਏ ਆ। ਜ਼ਹਿਰ ਦੇ ਵਪਾਰੀਆਂ ਦੇ ਮੂੰਹ ਨੂੰ ਖ਼ੂਨ ਲੱਗ ਗਿਆ ਤੇ ਉਨ੍ਹਾਂ ਨੇ ਸਾਰੇ ਹੀ ਲਬੇੜ ਦਿੱਤੇ ਹਨ। ਪੁਲਸ, ਸਿਹਤ ਵਿਭਾਗ, ਅਦਾਲਤਾਂ ਤੇ ਜੇਲਾਂ ਸਭ ਭ੍ਰਿਸ਼ਟਾਚਰ ਦੀ ਦਲਦਲ 'ਚ ਗਰਕ ਗਈਆਂ ਹਨ। ਸਭ ਦੇ ਮੂੰਹ ਲਹੂ ਦੇ ਨਾਲ ਲਿਬੜੇ ਹੋਏ ਨੇ। ਕਿਤੇ ਕਿਤੇ ਕੋਈ ਆਸ ਦੀ ਕਿਰਨ ਦਿਖਦੀ ਹੈ ਪਰ ਉਸਨੂੰ ਵੀ ਸਰਕਾਰ ਕਿਤੇ ਟਿੱਕ ਕੇ ਕੰਮ ਕਰਨ ਨਹੀਂ ਦੇਂਦੀ। ਜਿਹੜਾ ਵੀ ਕੋਈ ਇਮਾਨਦਾਰ ਅਧਿਕਾਰੀ ਇਹਨਾਂ ਜ਼ਹਿਰ ਦੇ ਵਪਾਰੀਆਂ ਨੂੰ ਹੱਥ ਪਾਉਂਦਾ ਜਾਂ ਅੱਖਾਂ ਦਿਖਾਉਂਦਾ ਹੈ, ਉਸ ਦੀ ਵਿਭਾਗ ਦੇ ਵਿੱਚੋਂ ਜਾਂ ਧਰਤੀ ਤੋਂ ਹੀ ਛੁੱਟੀ ਕਰਵਾ ਦਿੱਤੀ ਜਾਂਦੀ ਹੈ।
ਇਸ ਹਮਾਮ ਦੇ ਵਿੱਚ ਵਪਾਰੀ, ਅਧਿਕਾਰੀ ਤੇ ਲਿਖਾਰੀ ਸਭ ਰਲੇ ਹੋਏ ਹਨ। ਕਿਤੋਂ ਹਫਤਾ, ਕਿਤੋਂ ਮਹੀਨਾ ਤੇ ਕਿਤੋਂ ਰੋਜ਼ ਦੀ ਰੋਜ਼ ਵਸੂਲੀ ਕੀਤੀ ਜਾਂਦੀ ਹੈ। ਇਹ ਵਸੂਲੀ ਥੱਲੇ ਇਕੱਠੀ ਹੁੰਦੀ ਤੇ ਉਪਰ 'ਰੱਬ' ਤੱਕ ਜਾਂਦੀ ਹੈ। ਇੱਥੇ ਇਮਾਨਦਾਰੀ ਦੇ ਨਾਲ ਹਿੱਸਾ ਪੱਤੀ ਘਰ ਜਾਂ ਦਫ਼ਤਰ ਪੁਜ ਜਾਂਦਾ ਹੈ। ਕਿਤੇ ਕੋਈ ਵੀ ਹੇਰਾਫੇਰੀ ਹੋਈ ਤਾਂ ਉਦੋਂ ਹੀ ਮੁਖਬਰ ਦੀ ਮਿਹਰਬਾਨੀ ਹੋ ਜਾਂਦੀ ਹੈ। ਉਂਝ ਹਰ ਤਰ੍ਹਾਂ 'ਧੰਦਾ' ਉਪਰ ਤੋਂ ਥੱਲੇ ਤੱਕ ਰਲ ਮਿਲ ਕੇ ਹੀ ਚਲਦਾ ਹੈ। ਕਿਉਂਕਿ ਸਭ ਦੇ ਢਿੱਡ ਲੱਗੇ ਹੋਏ ਹਨ। ਢਿੱਡ ਤਾਂ ਰੋਜ਼ ਖਾਣ ਨੂੰ ਮੰਗਦਾ ਹੈ। ਇਹ ਚਾਹ-ਪਾਣੀ ਦੀ ਸੇਵਾ ਤੋਂ ਬਿਨਾਂ ਪੱਤਾ ਨੀ ਹਿਲ ਸਕਦਾ। ਨਕਲੀ ਖਾਣ-ਪੀਣ ਵਾਲੀਆਂ ਚੀਜ਼ਾਂ , ਨਸ਼ੇ ਦਾ ਸਮਾਨ ਸ਼ਰਾਬ, ਚਿੱਟਾ, ਭੁੱਕੀ, ਡੋਡੇ, ਅਫੀਮ ਤੇ ਹੋਰ ਬੜਾ ਕੁੱਝ ਆ ਜਿਹੜਾ ਬਜ਼ਾਰ ਦੇ ਵਿੱਚ ਦਿਨ ਦਿਹਾੜੇ ਵਿੱਕਦਾ ਹੈ। ਜਿਹੜਾ ਪਾੜ 'ਤੇ ਫੜਿਆ ਗਿਆ ਉਹ ਚੋਰ ਤੇ ਬਾਕੀ ਸਾਧ। ਸਾਧਾਂ ਦਾ ਕਮ ਤਾਂ ਲੋਕਾਂ ਸੰਸਾਰ ਦੇ ਭਵਜਲ ਦੇ ਵਿਚੋਂ ਕੱਢਣਾ ਸੀ ਪਰ ਹੁਣ ਤਾਂ ਸਾਧ ਵੀ ਆਪਣੀਆਂ ਕਰਤੂਤਾਂ ਦੇ ਕਾਰਨ ਭਵਜਲ 'ਚ ਫਸ ਰਹੇ ਹਨ। ਪਰ ਕਈ ਸਾਧ ਆਪਣਾ ਕਾਰੋਬਾਰ ਰਲ ਮਿਲ ਕੇ ਚਲਾਈ ਜਾ ਰਹੇ ਹਨ।
ਸਮੇਂ ਸਮੇਂ ਦੀਆਂ ਸਰਕਾਰਾਂ ਦੇ ਮੰਤਰੀ ਤੇ ਅਧਿਕਾਰੀ ਜਦੋਂ ਵੀ ਕੁਰਸੀ ਬਦਲ ਕੇ ਬੈਠਦੇ ਹਨ, ਤਾਂ ਜਿੰਨੀ ਵੱਡੀ ਬੜਕ ਮਾਰਦਾ ਹੈ ਤੇ ਓਨਾ ਈ ਵੱਡਾ ਕਮਿਸ਼ਨ ਲੈਂਦਾ ਹੈ। 'ਕਾਲੇ ਕਾਰੋਬਾਰ' ਦਾ ਹਿੱਸਾ ਅੱਜਕਲ ਅਖ਼ਬਾਰਾਂ, ਟੀਵੀ ਚੈਨਲਾਂ ਦੇ ਦਫ਼ਤਰਾਂ ਤੇ ਘਰਾਂ ਤੱਕ ਵੀ ਜਾਣ ਲੱਗ ਪਿਆ ਹੈ। ਇਸੇ ਕਰਕੇ ਅਸਲੀ ਸੱਚ ਕਿਧਰੇ ਵੀ ਨਜ਼ਰ ਨਹੀਂ ਆਉਣਾ। ਹੁਣ ਤਾਂ ਖ਼ਬਰ ਲਗਵਾਉਣ 'ਤੇ ਰੋਕਣ ਦੀ ਵੀ ਬੋਲੀ ਲੱਗਦੀ ਹੈ। ਅੱਜਕੱਲ ਜ਼ਹਿਰ ਦੇ ਵਪਾਰੀ ਤੇ ਅਧਿਕਾਰੀ ਵਿਜੀਲੈਂਸ ਤੇ ਪੁਲਸ ਤੋਂ ਨਹੀਂ ਡਰਦੇ ਜਿੰਨਾਂ ਮੀਡੀਏ ਤੋਂ ਡਰਦੇ ਆ। ਅੱਜਕਲ ਤਾਂ ਨੈੱਟ ਤੇ ਚੈਨਲ ਚਲਾਉਣ ਵਾਲੇ ਪੱਤਰਕਾਰਾਂ ਦਾ ਹੜ੍ਹ ਆਇਆ ਪਿਆ ਹੈ।
ਇਹ ਸਭ ਕੁੱਝ ਉਸ ਧਰਤੀ ਹੋ ਰਿਹਾ ਜਿਸ ਪੰਜਾਬ ਨੂੰ ਗੁਰੂਆਂ, ਪੀਰਾਂ, ਭਗਤਾਂ, ਫ਼ਕੀਰਾਂ, ਸੂਫ਼ੀ ਸੰਤਾਂ, ਦੇਸ਼ ਭਗਤਾਂ, ਯੋਧਿਆਂ ਦਾ ਦੇਸ਼ ਆਖਦੇ ਸੀ। ਪਰ ਮੁਰਾਰੀ ਲਾਲ ਆਖਦਾ ਹੈ ਕਿ 'ਇੱਥੇ ਗਦਾਰਾਂ ਦੀ ਵੀ ਵੱਡੀ ਲਾਈਨ ਹੈ, ਐਵੇਂ ਨਾ ਇਸ ਦੀ ਸਿਫ਼ਤਾਂ ਕਰੀ ਚੱਲ।' ਇਸ ਧਰਤੀ 'ਤੇ ਚਾਰ ਵੇਦ, ਮਹਾਂਭਾਰਤ, ਰਾਮਾਇਣ, ਗੀਤਾ, ਭਗਵਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੂਫ਼ੀ, ਕਿੱਸਾ, ਬੋਲੀਆਂ, ਗੀਤ, ਕਥਾ ਕਹਾਣੀਆਂ, ਨਾਵਲ ਤੇ ਸਾਹਿਤ ਦੀ ਹਰ ਵਿਧਾ ਦੀਆਂ ਲਿਖਤਾਂ ਲਿਖੀਆਂ ਗਈਆਂ ਹਨ। ਪਰ ਹੁਣ ਪੰਜਾਬੀ ਸਾਹਿਤ ਦੇ ਵਿੱਚ ਨਕਲੀ ਲੇਖਕਾਂ ਦੀ ਗਿਣਤੀ ਰੂੜੀ ਦੇ ਢੇਰ ਵਾਂਗ ਵਧੀ ਜਾ ਰਹੀ ਹੈ। ਇੱਕ ਵਾਰ ਕਵੀ ਦੇ ਘਰ ਡਾਕਾ ਪੈ ਗਿਆ ਸੀ, ਉਸ ਨੇ ਜਿਹੜੀਆਂ ਗ਼ਜ਼ਲਾਂ ਮਾਾਝੇ ਦੀ ਕਬੂਤਰੀ ਨੂੰ ਦਿੱਤੀਆਂ ਸਨ, ਉਹੀ ਇੱਕ ਮਲਵੈਣ ਕਬੂਤਰੀ ਡਾਇਰੀ ਦੇ ਵਿੱਚੋਂ ਪਾੜ ਕੇ ਲੈ ਗਈ। ਇਸ ਡਾਕੇ ਦਾ ਜਦੋਂ ਕਵੀ ਨੂੰ ਪਤਾ ਲੱਗਾ ਤਾਂ ਉਹ ਸਾਹਿਤ ਦੇ ਇੱਕ ਚੌਧਰੀ ਦੇ ਘਰ ਗਿਆ। ਡਾਕੇ ਦੀ ਸਾਰੀ ਖ਼ਬਰ ਲਿਖਾਈ। ਚੌਧਰੀ ਕੀ ਕਰਦਾ ਉਹ ਵੀ ਸੋਚੀਂ ਪੈ ਗਿਆ। ਫੋਨ ਖੜਕਾਇਆ ਤੇ ਤਾੜਨਾ ਕੀਤੀ ਨਾਲੇ ਅਸਲੀ ਗੱਲ ਦੱਸੀ ਕਿ ਇਹੋ ਹੀ ਗ਼ਜ਼ਲਾਂ ਤਾਂ ਤੇਰੇ ਜਾਣ ਤੋਂ ਬਾਅਦ ਆ. . ਲੈ ਗਈ ਜੇ ਦੋਹਾਂ ਨੇ ਛਾਪ ਲਈਆਂ ਤਾਂ ਕੀ ਬਣੂੰ ਅਸਲੀ ਕਵਿਤਰੀ ਦਾ? ਤਾਂ ਕਿਤੇ ਪਹਿਲੀ ਕਬਤੂਰੀ ਦੇ ਨਾਂ ਹੇਠ ਉਹ ਗ਼ਜ਼ਲਾਂ ਛਪੀਆਂ ਤੇ ਦੂਜੀ ਹੋਰ ਲਿਖ ਕੇ ਦਿੱਤੀਆਂ। ਕਈ ਕਬੂਤਰੀਆਂ ਦਾ ਇਹ ਪਾਲਕ ਦਾ ਧੰਦਾ ਚੱਲ ਰਿਹਾ ਹੈ ਤੇ ਉਹ ਕਬੂਤਰਾਂ ਤੇ ਕਬੂਤਰੀਆਂ ਨੂੰ ਪਾਲ ਕੇ ਸਾਹਿਤ ਦੇ ਅਸਮਾਨ ਵਿੱਚ ਉਡਾ ਰਿਹਾ ਹੈ, ਇਹੋ ਜਿਹਾ ਕਾਰੋਬਾਰ ਹੋਰ ਵੀ ਕਈ ਕਹਾਣੀਕਾਰਾਂ ਨੇ ਸ਼ੁਰੂ ਕਰ ਲਿਆ ਹੈ । ਇਹ ਆਪਣੀ ਧੋਲੀ ਦਾੜੀ ਦਾ ਵੀ ਖਿਆਲ ਨਹੀਂ ਰੱਖਦੇ। ਇਸ਼ਕ ਦੇ ਅੰਨ੍ਹੇ ਆਸ਼ਕ ਵਾਂਗ ਬੇਸ਼ਰਮੀ ਦੀਆਂ ਸਾਰੀਆਂ ਹੀ ਹੱਦਾਂ ਟੱਪੀ ਜਾ ਰਹੇ ਹਨ। ਸਭ ਨੂੰ ਪਤਾ ਹੈ ਕਿ ਕਿਸ ਦੇ ਪਿੱਛੇ ਕੌਣ ਹੈ? ਕਈ ਤਾਂ ਪਾਕਿਸਤਾਨੀ ਸ਼ਾਇਰੀ ਨੂੰ ਪੰਜਾਬੀ ਦੇ ਵਿਚ ਲਿੰਪੀਅੰਤਰ ਕਰ ਕਰ ਕੇ ਆਪਣੇ ਜਾਂ ਹੋਰਨਾਂ ਦੇ ਨਾ ਹੇਠ ਛਾਪ ਰਹੇ ਹਨ। ਪੰਜਾਬੀ ਦੇ ਇਕ ਸ਼ਾਇਰ ਨੇ ਤਾਂ ਪੂਰੀ ਕਿਤਾਬ ਹੀ ਅਪਣੇ ਨਾਂ ਹੇਠ ਛਾਪ ਲਈ। ਇੱਕ ਵਾਰ ਮੋਗੇ ਵੱਲ ਦੇ ਨੇ ਗੁਰਚਰਨ ਚਾਹਲ ਭੀਖੀ ਦੀਆਂ ਕਹਾਣੀਆਂ ਤੇ ਪਾਤਰਾਂ ਦੇ ਨਾਂ ਬਦਲ ਕੇ ਕਿਤਾਬ ਛਾਪ ਲਈ ਤੇ ਰੀਵਿਊ ਦੇ ਲਈ ਅਖਬਾਰਾਂ ਨੂੰ ਭੇਜ ਦਿੱਤੀ। ਉਹ ਕਿਤਾਬ ਪੁਜ ਗਈ ਨਰਿੰਜਨ ਬੋਹੇ ਕੋਲ ਫੇਰ ਕੀ ਉਸਨੇ ਭਾਂਡਾ ਭੰਨ ਤਾਂ, ਉਹ ਲੇਖਕ ਕੌਣ ਸੀ ਬੋਹਾ ਸਾਹਿਬ ਤੋਂ ਪਤਾ ਕਰ ਲਿਓ ਜੀ।
ਵੱਡੇ ਵੱਡੇ ਕਵੀ ਤੇ ਲੇਖਕ ਇਹ ਧੰਦਾ ਕਰ ਰਹੇ ਹਨ। ਆਪੇ ਹੀ ਵੱਡੇ-ਵੱਡੇ ਕੌਮਾਂਤਰੀ ਪੱਧਰ ਦੀ ਅੰਗਰੇਜ਼ੀ ਸ਼ਬਦਾਂ ਦੇ ਨਾਲ ਗੁੰਦ ਕੇ ਲੇਖ ਛਪਵਾਏ ਹਾ ਰਹੇ ਹਨ। ਪੰਜਾਬੀ ਤੇ ਅੰਗਰੇਜ਼ੀ ਦੇ ਇਹ ਜਾਣੂੰ ਗ਼ਜ਼ਲਾਂ, ਕਹਾਣੀਆਂ ਤੇ ਸ਼ਖ਼ਸੀਅਤ ਸਬੰਧੀ ਲੇਖ ਹੀ ਨਹੀਂ ਲਿਖ ਕੇ ਦੇ ਰਹੇ ਉਹਨਾਂ ਨੂੰ ਛਪਵਾਉਣ ਤੋਂ ਲੈ ਕੇ ਕਿਸੇ ਸੰਸਥਾ ਦੇ ਵਿਚੋਂ ਪੁਰਸਕਾਰ ਦਿਵਾਉਣ ਦੇ ਲਈ ਪੂੰਛ ਤੁੜਾਉਣ ਤੱਕ ਜਾਂਦੇ ਹਨ। ਆਪਣੀ ਗੱਡੀ ਤੇ ਆਪਣੀ ਜੇਬ ਤੇ ਨਾਂ ਜਿਵੇਂ ਕਹਿੰਦੇ ਹੁੰਦੇ ਆ 'ਲੋਟਨ ਮਿੱਤਰਾਂ ਦਾ, ਨਾਂ ਬੋਲਦਾ ਗੁਬਿੰਦੀਏ ਤੇਰਾ'। 'ਦਿਉਰਾ ਵੇ ਮੈਨੂੰ ਕਹਿਣ ਕੁੜੀਆਂ ਤੇਰੇ ਮੁੰਡੇ ਦਾ ਤਾਂ ਜੇਠ 'ਤੇ ਮੁੜੰਗਾ। 'ਪੰਜਾਬੀ ਦੀਆਂ ਕਈਆਂ ਕਿਤਾਬਾਂ ਦੇ ਵਿੱਚ' ਇੱਕ ਉਸਤਾਦ ਸ਼ਾਇਰ ਦਾ ਮੁੜੰਗਾ ਦੇਖਿਆ ਜਾ ਸਕਦਾ ਹੈ, ਇਹ ਉਸਤਾਦ ਪੁਰਾਣੇ ਹਿੰਦੀ ਫਿਲਮਾਂ ਦੇ ਗੀਤਾਂ ਨੂੰ ਗ਼ਜ਼ਲਾਂ ਬਣਾ ਕੇ ਵੇਚਦਾ ਹੈ। ਅੱਜਕੱਲ ਇੱਕ ਕਹਾਣੀਕਾਰ ਵੀ ਇਸੇ ਤਰ੍ਹਾਂ ਇੱਕ 'ਗੋਲੇ ਕਬੂਤਰ' ਨੂੰ ਕਹਾਣੀਕਾਰ ਬਣਾਉਣ ਦੇ ਲਈ ਪੱਬਾਂ ਭਾਰ ਹੋਇਆ ਪਿਆ ਹੈ।
ਤੁਸੀਂ ਇਨ੍ਹਾਂ ਦੀਆਂ ਕਿਤਾਬਾਂ ਪੜ੍ਹ ਕੇ ਵੇਖ ਲਿਓ ਤਾਂ ਤੁਹਾਨੂੰ ਪੁਰਾਣੇ ਹਿੰਦੀ ਫਿਲਮਾਂ ਦੇ ਗੀਤਾਂ ਦੀਆਂ ਮਹਿਕਾਂ, ਕਿਰਨਾਂ ਤੇ ਖੁਸ਼ਬੋ ਆਵੇਗੀ। ਹੋਰ ਤਾਂ ਹੋਰ ਇਨ੍ਹਾਂ ਨੂੰ ਕਾਲਜਾਂ ਵਿਚ ਨੌਕਰੀਆਂ ਤੇ ਸਾਹਿਤਕ ਸਮਾਗਮਾਂ ਦੇ ਵਿਚ ਵਿਸ਼ੇਸ ਤੌਰ 'ਤੇ ਸੱਦਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਕਈਆਂ ਨੇ ਤਾਂ ਅਪਣੀਆਂ ਨੌਕਰਾਣੀਆਂ ਬਣਾ ਕਿ ਰੱਖਿਆ ਹੋਇਆ ਸੀ। ਯੂਨੀਵਰਸਿਟੀ ਦੇ ਵਿਚ ਜਦੋਂ ਕਿਸੇ ਨੂੰ ਰਜਿਸਟਰ ਕੀਤਾ ਜਾਂਦਾ ਸੀ ਤਾਂ ਇਹ ਸ਼ਰਤ ਉਸ 'ਤੇ ਲਾਈ ਜਾਂਦੀ ਸੀ ਕਿ 'ਬੀਬਾ ਤੈਂ ਹੁਣ ਵਿਆਹ ਨੀਂ ਕਰਵਾਉਣਾ।' ਕਈਆਂ ਨੇ ਤਾਂ ਵਿਆਹ ਹੋਣ ਵੀ ਨੀ ਦਿੱਤੇ। ਉਹ ਹੁਣ ਭਟਕਦੀਆਂ ਫਿਰਦੀਆਂ ਹਨ।
ਇਤਿਹਾਸ ਕਹਿੰਦਾ ਹੈ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਜਿਸ ਦੇ ਵਿਚੋਂ ਪੰਜਾਬ ਨੂੰ ਦੇਖਿਆ ਜਾਂਦਾ ਹੈ। ਇਹ ਸਾਹਿਤ ਦਾ ਲੇਖਕ ਆਪਣੀ ਲਿਖਤ ਦਾ ਜਵਾਬਦੇਹ ਹੁੰਦਾ ਹੈ। ਪਰ ਜਿਸ ਤਰ੍ਹਾਂ ਸਾਹਿਤ 'ਚ ਨਕਲੀ ਤੇ ਜੁਗਾੜੂ ਸਾਹਿਤਕਾਰਾਂ, ਲੇਖਕਾਂ ਕਵੀਆਂ ਤੇ ਕਵਿਤਰੀਆਂ ਦਾ ਦੇਸ਼ ਵਿਦੇਸ਼ 'ਚ ਵਾਧਾ ਹੋ ਰਿਹਾ ਹੈ, ਇਹ ਸਾਹਿਤ ਤੇ ਸਮਾਜ ਦੇ ਲਈ ਬਹੁਤ ਹੀ ਖਤਰਨਾਕ ਹੈ। ਨੈਤਿਕ ਕਦਰਾਂ ਕੀਮਤਾਂ ਦਾ ਢੋਲ ਪਿੱਟਣ ਵਾਲੇ ਕੌਣ ਕੌਣ ਹਨ? ਇਹ ਤੁਸੀਂ ਸਭ ਜਾਣਦੇ ਹੋ? ਖੈਰ ਆਪਾਂ ਕੀ ਲੈਣਾ ਹੈ ਇਸ ਵਰਤਾਰੇ ਤੋਂ ? ਆਪਾਂ ਤਾਂ ਪਾਣ-ਪੀਣ ਵਾਲੀਆਂ ਵਸਤੂਆਂ ਦੀ ਗੱਲ ਕਰਦੇ ਸੀ ਪਰ ਹੁਣ ਇਨ੍ਹਾਂ ਤੇ ਵੀ ਸਰਕਾਰ ਦੀ ਅੱਖ ਹੈ। ਅੱਖ ਕਿਸ ਦੀ ਕਿਸ 'ਤੇ ਹੈ? ਇਹ ਕਦੇ ਫੇਰ ਸਹੀ ਅਜੇ ਤੁਸੀਂ ਨਕਲੀ ਦੁੱਧ, ਪਨੀਰ, ਮਿਠਾਈਆਂ ਤੇ ਸਬਜ਼ੀਆਂ ਖਰੀਦੋ। ਨਕਲੀ ਤੇਲ ਤੇ ਮਸਾਲਿਆਂ ਦੇ ਨਾਲ ਬਣੀਆਂ ਦਾਲਾਂ, ਸਬਜ਼ੀਆਂ ਤੇ ਹੋਰ ਜੰਕ-ਫੂਡ ਦਾ ਸੁਆਦ ਲਵੋ। ਤੁਸੀਂ ਗੁਰਦਾਸ ਮਾਨ ਦਾ ਗੀਤ ਸੁਣੋ- ਬਈ ਕੀ ਬਣੂੰ ਦੁਨੀਆ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਕੀ ਬਣੂੰ ਦੁਨੀਆ ਦਾ?
ਸੰਪਰਕ : 9464370823
26 Dec. 2018
ਪੀਐਚ. ਡੀ. ਦੀ ਘਪਲੇਬਾਜ਼ੀ - ਬੁੱਧ ਸਿੰਘ ਨੀਲੋਂ
ਪੰਜਾਬੀ ਸਾਹਿਤ ਦੇ ਵਿਚ ਅੱਜਕੱਲ ਸਾਹਿਤ ਦੇ ਡਾਕਟਰਾਂ ਦੀ ਬਹੁਤ ਹੀ ਭਰਮਾਰ ਹੋ ਰਹੀ ਹੈ। ਯੂ ਜੀ ਸੀ ਨੇ ਡਾਕਟਰ ਦੀ ਡਿਗਰੀ, ਕਿਤਾਬ ਤੇ ਰਸਾਲਿਆਂ ਦੇ ਵਿਚ ਖੋਜ ਪੱਤਰ ਲਿਖਣੇ ਤਾਂ ਲਾਜ਼ਮੀ ਕਰ ਦਿੱਤੇ ਹਨ ਪਰ ਇਹ ਖੋਜਕਾਰ ਕਿਵੇਂ ਸਾਹਿਤ ਦੇ ਡਾਕਟਰ ਬਣਦੇ ਹਨ, ਇਹਨਾਂ 'ਤੇ ਖੋਜ ਕੀਤੀ ਹੈ। ਇਨ੍ਹਾਂ ਦੇ ਵਿਚੋਂ ਕੁੱਝ 'ਸਾਹਿਤ ਦੇ ਡਾਕਟਰੂ' ਤੁਹਾਡੀ ਨਜ਼ਰ ਕਰ ਰਿਹਾ ਹਾਂ।
ਇਉਂ ਬਣਦੇ ਨੇ ਸਾਹਿਤ ਦੇ ਡਾਕਟਰ!
ਪਿਛਲੇ ਦਿਨੀਂ ਇਕ ਖ਼ਬਰ ਛਪੀ ਸੀ ਕਿ ਇਕ ਡਾਕਟਰ ਨੇ ਜ਼ਖਮੀ ਦੇ ਸਿਰ ਦਾ ਅਪ੍ਰੇਸ਼ਨ ਕਰਨ ਦੀ ਬਜਾਏ ਉਸਦੀ ਲੱਤ ਦਾ ਅਪ੍ਰੇਰਸ਼ਨ ਕਰ ਦਿੱਤਾ, ਜਿਸ ਕਾਰਨ ਉਸ ਵਿਅਕਤੀ ਦੀ ਮੌਤ ਹੋ ਗਈ। ਮੈਡੀਕਲ ਖੇਤਰ ਵਿਚ ਇਸ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਸਮੇਂ ਸਿਰ ਸਾਹਮਣੇ ਆਉਂਦੀਆਂ ਹਨ ਤੇ ਡਾਕਟਰ ਨੇ ਅਪ੍ਰਰੇਸ਼ਨ ਦੌਰਾਨ ਕੈਂਚੀ ਅੰਦਰ ਛੱਡ ਦਿੱਤੀ। ਕੈਂਚੀ ਦਾ ਪਤਾ ਫੁੱਲ ਚੁੱਗਣ ਦੌਰਾਨ ਲੱਗਿਆ ਸੀ। ਉਸ ਕੈਂਚੀ ਦੇ ਕਾਰਨ ਹੀ ਵਿਅਕਤੀ ਦੀ ਮੌਤ ਹੋ ਗਈ ਸੀ, ਇਸੇ ਤਰ੍ਹਾਂ ਹੀ ਪੰਜਾਬੀ ਸਾਹਿਤ ਵਿਚ ਇਸ ਤਰ੍ਹਾਂ ਬਣੇ ਡਾਕਟਰਾਂ ਨੇ ਜਿਹੜਾ ਪੰਜਾਬੀ ਭਾਸ਼ਾ, ਸਾਹਿਤ ਤੇ ਅਸਭਿਆਚਾਰ ਦਾ ਨੁਕਸਾਨ ਕੀਤਾ ਹੈ, ਇਸ ਦੇ ਨਤੀਜੇ ਹੁਣ ਪ੍ਰਤੱਖ ਤੌਰ ਤੇ ਸਾਹਮਣੇ ਆਉਣ ਲੱਗ ਪਏ, ਪੰਜਾਬੀ ਸਾਹਿਤ ਵਿਚ ਜਿਹੜੀ ਖੋੜਤ ਆਈ ਹੈ, ਉਸ ਦਾ ਮੁੱਖ ਕਾਰਨ ਇਹ ਹੈ ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਅਜਿਹੇ ਅਖੌਤੀ ਡਾਕਟਰ ਹਨ, ਜਿਹੜੇ ਨਕਲ ਮਾਰ ਕੇ ਪੜੇ ਹਨ ਤੇ ਵਿਦਿਆਰਥੀਆਂ ਨੂੰ ਨਕਲ ਮਾਰਨ ਦੀ ਸਿੱਖਿਆ ਦਿੰਦੇ ਹਨ।
ਹੁਣ ਤੱਕ ਪੰਜਾਬੀ ਸਾਹਿਤ, ਭਾਸ਼ਾ ਤੇ ਸਭਿਆਚਾਰ ਵਿਚ 22 ਸੋ ਤੋਂ ਉੱਪਰ ਪੀਐਚ ਡੀ ਕਰ ਚੁੱਕੇ ਹਨ। ਇਨ੍ਹਾਂ ਵਿਚੋਂ 1980 ਤੱਕ ਦੀਆਂ ਪੀਐਚ ਡੀ 789 ਬਣਦੀਆਂ ਹਨ। ਇਨ੍ਹਾਂ ਵਿਚ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਸਮੇਤ ਲੰਡਨ ਤੇ ਪਾਕਿਸਤਾਨ ਦੀਆਂ ਯੂਨੀਵਰਸਿਟੀਆਂ ਵੀ ਸ਼ਾਮਿਲ ਹਨ। ਅੱਜ ਪੰਜਾਬੀ ਸਾਹਿਤ ਵਿਚ ਧੜਾਧੜ ਛਪ ਰਹੀਆਂ ਹਨ, ਪਰ ਉਨ੍ਹਾਂ ਨੂੰ ਪੜ੍ਹਨ ਵਾਲਾ ਕੋਈ ਪਾਠਕ ਨਹੀਂ ਪਹਿਲੇ ਸਮਿਆਂ ਵਿਚ ਕਿਤਾਬਾਂ ਦੇ ਐਡੀਸ਼ਨ ਹਜ਼ਾਰਾਂ ਦੀ ਗਿਣਤੀ ਵਿਚ ਛਪਦੇ ਸਨ, ਹੁਣ 150 ਤੋਂ ਵੱਧ ਕੋਈ ਕਿਤਾਬ ਨਹੀਂ ਛਪਦੀ। ਹੁਣ ਲੇਖਕਾਂ ਨੂੰ ਖੁਦ ਹੀ ਪੱਲਿਓ ਖਰਚ ਕਰਕੇ ਕਿਤਾਬ ਛਪਾਉਣੀ ਤੇ ਰਿਲੀਜ਼ ਕਰਨੀ ਪੈਂਦੀ ਹੈ ਤੇ ਕਿਤਾਬਾਂ ਵੀ ਮੰਰੂਡਿਆ ਵਾਂਗ ਵੰਡਣੀਆਂ ਪੈਂਦੀਆਂ ਹਨ। ਪੰਜਾਬੀ ਖੋਜ ਵਿਚ ਵੀ ਖੋੜਤ ਆ ਗਈ ਹੈ। ਹਾਲਤ ਤਾਂ ਇਹ ਬਣ ਗਏ ਹਨ ਕਿ ਮੱਧ ਕਾਲ ਦੇ ਸਾਹਿਤ ਦਾ ਨਾਂ ਤਾਂ ਕੋਈ ਮੁਲਾਂਕਣ ਕਰਨ ਵਾਲਾ ਵਿਦਵਾਨ ਬਚਿਆ ਹੈ ਤੇ ਨਾ ਹੀ ਕੋਈ ਖੋਜਾਰਥੀ ਇਸ ਵਿਸ਼ੇ ਤੇ ਖੋਜ ਕਰਦਾ ਹੈ।
ਪੰਜਾਬੀ ਸਾਹਿਤ ਦੀ ਵਿਚਾਰ ਧਾਰਾ ਇਕ ਦੁੱਕਾ ਥੀਸਿਸ਼ਾਂ ਤੋਂ ਬਿਨਾ ਬਾਕੀ ਸਭ ਥੀਸਿਸ਼ 1980 ਤੋਂ ਪਹਿਲਾਂ ਹੋਏ ਥੀਸਿਸਾਂ ਦੀ ਸਿੱਧੀ ਤੇ ਅਸਿੱਧੀ ਨਕਲ ਹਨ। ਅਸਂ ਇਨ੍ਹਾਂ ਨਕਲਾਂ ਦਾ ਖੁਲਾਸਾ ਕਈ ਵਾਰ ਕਰ ਚੁੱਕੇ ਹਾਂ ਤੇ ਇਸ ਦਾ ਨਾ ਤਾਂ ਯੂਜੀਸੀ ਦੇ ਚੇਅਰਮੈਨ ਤੇ ਨਾ ਹੀ ਯੂਨੀਵਰਸਿਟੀਆਂ ਦੇ ਉਪ-ਕੁੱਲਪਤੀਆਂ ਨੇ ਕੋਈ ਨੋਟਿਸ ਲਿਆ ਹੈ। ਹੁਣ ਤੱਕ ਦੀ ਹੋਈ ਖੋਜ ਨੂੰ ਪੜ੍ਹਦਿਆਂ ਇਹ ਗੱਲ ਸਪਸ਼ੱਟ ਰੂਪ ਵਿਚ ਸਾਹਮਣੇ ਆਉਂਦੀ ਹੈ ਕਿ ਇਸ ਵਿਚ ਸਾਰੀਆਂ ਹੀ ਯੂਨੀਵਰਸਿਟੀਆਂ ਦੇ ਕੁਝ ਉਹ ਵਿਦਵਾਨ ਹਨ ਜਿਨਾਂ ਨੇ ਇਹ ਨਕਲ ਕਰਵਾਈ ਹੈ। ਜਿਹੜੇ ਵਿਦਵਾਨ ਕੋਈ ਖੋਜ ਦਾ ਕਾਰਜ ਕਰਦੇ ਵੀ ਹਨ ਉਨ੍ਹਾਂ ਦਾ ਕੋਈ ਗੰਭੀਰ ਨੋਟਿਸ ਨਹੀਂ ਲੈਂਂਦਾ। ਇਸ ਨਕਲ ਦੇ ਰੁਝਾਨ ਦੇ ਵਿਚ ਜੋ ਕੁਝ ਵੀ ਹੁਣ ਤੱਕ ਸਾਹਮਣੇ ਆਇਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਸ਼ਾਇਦ ਕੋਈ ਇਸ ਦਾ ਨੋਟਿਸ ਲਵੇ।
ਚਲੋ, ਕੋਈ ਗੱਲ ਨਹੀਂ । ਜੇਕਰ ਇਹ ਲੋਕ ਚੁੱਪ ਦੀ ਮਾਰ ਮਾਰਨ ਲਈ ਤਿਆਰ ਬੈਠੇ ਹਨ ਤਾਂ ਅਸੀਂ ਵੀ ਇੱਕ ਇੱਕ ਕਰਕੇ ਇਨ੍ਹਾਂ ਦੀਆਂ ਕਰਤੂਤਾਂ ਜਾਂ ਸਾਜਿਸ਼ਾਂ ਦੇ ਭਾਂਡੇ ਚੌਰਾਹੇ 'ਚ ਭੰਨਦੇ ਜਾਣੇ ਹਨ। ਕਦੇ ਤਾਂ ਕੋਈ ਸਾਡੀ ਗੱਲ ਸੁਣੇਗਾ ਹੀ। ਕਦੇ ਕੋਈ ਵਿਦਿਆਰਥੀ ਸੰਗਠਨ ਹੀ ਇਸ ਆਵਾਜ਼ ਨੂੰ ਬੁਲੰਦ ਕਰੇਗਾ। ਚਲੋ ਜੇ ਕੁੱਝ ਵੀ ਨਹੀਂ ਹੁੰਦਾ ਤਾਂ ਘੱਟੋ ਘੱਟ ਸਾਡੇ 'ਜ਼ਿਹਨ 'ਚ ਤਾਂ ਥੋੜ੍ਹੀ ਜਿਹੀ ਨਾਰਾਜ਼ਗੀ' ਰਹਿਣੀ ਹੀ ਚਾਹੀਦੀ ਹੈ। ਉਚੇਰੀ ਸਿੱਖਿਆ ਐਮ ਫਿਲ ਅਤੇ ਪੀਐਚ ਡੀ ਵਿੱਚ ਕਿਸ ਤਰ੍ਹਾਂ ਨਕਲ ਹੁੰਦੀ ਹੈ ਤੇ ਸਾਡੇ ਯੂਨੀਵਰਸਿਟੀਆਂ ਵਿੱਚ ਬੈਠੇ 'ਵਿਦਵਾਨ ' ਕਿਵੇਂ ਮੱਖੀ ਤੇ ਮੱਖੀ ਮਾਰੀ ਜਾ ਰਹੇ ਹਨ ਅਤੇ ਇੱਕੋ ਵਿਸ਼ੇ ਤੇ ਖੋਜ ਕਰਵਾਈ ਜਾ ਰਹੇ ਹਨ। ਖੋਜ ਦਾ ਵਿਸ਼ਾ ਇੱਕੋ ਹੁੰਦਾ ਹੈ, ਯੂਨੀਵਰਸਿਟੀ , ਗਾਇਡ ਤੇ ਖੋਜਾਰਥੀ ਬਦਲਦਾ ਹੈ। ਪੰਜਾਬੀ ਖੋਜ ਦਾ ਕੋਈ ਲੰਮਾ ਇਤਿਹਾਸ ਨਹੀਂ, ਕੋਈ 40 ਕੁ ਵਰ੍ਹਿਆਂ ਦਾ ਹੀ ਹੈ। 1980 ਤੱਕ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਤੇ ਜਿੰਨੀ ਕੁ ਖੋਜ ਹੋਈ ਹੈ, ਉਸ ਨੂੰ ਹੀ ਆਧਾਰ ਬਣਾ ਕੇ ਹੁਣ ਤੱਕ ਕੰਮ ਸਾਰਿਆ ਜਾ ਰਿਹਾ ਹੈ। ਹੁਣ ਤੱਕ ਹੋਈ ਖੋਜ ਦੇ 2 ਹਜਾਰ ਤੋਂ ਉੱਤੇ ਖੋਜ ਪ੍ਰਬੰਧ ਮਿਲਦੇ ਹਨ। ਜਿੰਨ੍ਹਾਂ ਬਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਇੱਕ ਸੈਮੀਨਾਰ ਦੌਰਾਨ ਪੰਜਾਬੀ ਦੇ ਇੱਕ ਪ੍ਰਸਿੱਧ ਆਲੋਚਕ ਡਾ. ਸੁਤਿੰਦਰ ਸਿੰਘ ਨੂਰ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਸੀ ਕਿ 2 ਹਜ਼ਾਰ ਥੀਸਿਸਾਂ ਵਿੱਚੋਂ 200 ਥੀਸਿਸ ਹੀ ਚੰਗੇ ਹਨ ਬਾਕੀ ਸਭ ਇੱਧਰੋਂ ਉੱਧਰੋਂ ਨਕਲ ਨਾਲ ਤਿਆਰ ਕੀਤੇ ਗਏ ਹਨ। ਆਓ ਦਿਖਾਈਏ ਤੁਹਾਨੂੰ ਕੁੱਝ ਥੀਸਿਸਾਂ ਦੇ ਨਮੂਨੇ ਜਿੰਨ੍ਹਾਂ ਨੇ ਆਪਣੇ ਤਂਂ ਪਹਿਲਾਂ ਹੋਏ ਥੀਸਿਸਾਂ ਵਿੱਚੋਂ ਕਿਵੇਂ ਨਕਲ ਮਾਰੀ ਹੈ।
1. ਆਧੁਨਿਕ ਪੰਜਾਬੀ ਇਸਤਰੀ ਕਵੀਆਂ ਦੀ ਕਾਵਿ-ਰਚਨਾ ਨਾਰੀ-ਸੰਵੇਦਨਾ, ਅਰਵਿੰਦਰ ਕੌਰ, ਨਿਗਰਾਨ ਡਾ. ਬਲਜੀਤ
ਕੌਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ (1990)
2. ਪੰਜਾਬੀ ਇਸਤਰੀ ਨਾਵਲਕਾਰਾਂ ਦੇ ਨਾਵਲਾਂ ਵਿੱਚ ਨਾਰੀ ਚੇਤਨਾ- ਚਰਨਜੀਤ ਕੌਰ, ਨਿਗਰਾਨ ਡਾ. ਬਲਵਿੰਦਰ ਕੌਰ ਬਰਾੜ,
ਪੰਜਾਬੀ ਯੂਨੀਵਰਸਿਟੀ, ਪਟਿਆਲਾ (1992)। ਇਹ ਦੋਵੇਂ ਥੀਸਿਸ ਵਿੱਚੋਂ ਗੁਰਪ੍ਰੀਤ ਕੌਰ ਕਿਵੇਂ ਨਕਲ ਮਾਰਦੀ ਹੈ।ઠ
3. ਪੰਜਾਬੀ ਇਸਤਰੀ ਨਾਵਲਕਾਰਾਂ ਦੇ ਨਾਵਲਾਂ ਵਿੱਚ ਨਾਰੀ ਸੰਵੇਦਨਾ, ਗੁਰਪ੍ਰੀਤ ਕੌਰ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (2002) ਇਨ੍ਹਾਂ ਥੀਸਿਸਾਂ ਵਿਚੋਂ ਕੁਰੂਕਸ਼ੇਤਰ ਯੂਨੀਵਰਸਿਟੀ ਵਾਲੇ ਥੀਸਿਸ ਵਿੱਚ ਉਪਰੋਕਤ ਦੋਵਾਂ ਥੀਸਿਸਾਂ ਵਿੱਚ ਬਹੁਤ ਸਾਰਾ ਮਸਾਲਾ ਚੋਰੀ ਕਰਕੇ ਹੂ-ਬ-ਹੂ ਉਤਾਰ ਦਿੱਤਾ ਗਿਆ ਹੈ। ਅਰਵਿੰਦਰ ਕੌਰ (1990) ਵਾਲੇ ਥੀਸਿਸ ਦੇ ਪੰਨਾ ਨੰਬਰ 27, 28, 29, 31, 33, 35, 36, 37, 38, 40, 3, 5, 6, 7 ਨੂੰ ਗੁਰਪ੍ਰੀਤ ਕੌਰ (2002) ਨੇ ਆਪਣੇ ਥੀਸਿਸ ਦੇ ਪੰਨਾ ਨੰਬਰ 116, 117, 118, 120, 124, 125, 126, 127, 128, 129, 130, 131, 132 ਤੱਕ ਸ਼ਬਦ-ਸ਼ਬਦ ਉਤਾਰਿਆ ਹੋਇਆ ਹੈ। ਗੁਰਪ੍ਰੀਤ ਕੌਰ ਨੇ ਚਰਨਜੀਤ ਕੌਰ (1992) ਦੇ ਥੀਸਿਸ ਦੇ ਪੰਨਾ ਨੰਬਰ 198, 199, 200, 201, 202, 203, 206, 207, 208, 209, 210, 212, 213, 215, 108, 148, 149 ਸਫੇ ਨੂੰ ਗੁਰਪ੍ਰੀਤ ਕੌਰ ਨੇ ਆਪਦੇ ਥੀਸਿਸ ਦੇ ਸਫਾ ਨੰਬਰ 263, 264, 265, 266, 267, 268, 269, 270, 271, 272, 273, 274, 275 ਅਤੇ 65, 96, 97 ਪੰਨਿਆ ਉੱਤੇ ਉਤਾਰਿਆ ਹੈ।
4. ਸ਼ਿਵ ਕੁਮਾਰ ਦੇ ਕਾਵਿ ਦਾ ਲੋਕ ਯਾਨਿਕ ਅਧਿਐਨ - ਅਮਰਪਾਲ ਕੌਰ ਨੇ ਡਾ. ਤ੍ਰਿਲੋਕ ਸਿੰਘ ਆਨੰਦ ਦੀ ਨਿਗਰਾਨੀ ਹੇਠ
ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐਚ ਡੀ ਕੀਤੀ।ઠ
੫. ਸ਼ਿਵ ਕੁਮਾਰ ਦੇ ਕਾਵਿ ਦਾ ਲੋਕ ਯਾਨਿਕ ਅਧਿਐਨ - ਪ੍ਰੇਮ ਲਤਾ ਸ਼ਰਮਾ ਨੇ ਡਾ. ਨਰਵਿੰਦਰ ਕੌਸ਼ਲ ਦੀ ਨਿਗਰਾਨੀ ਹੇਠ
ਕੁਰਕਸ਼ੇਤਰ ਯੂਨੀਵਰਸਿਟੀ ਕੁਰਕਸ਼ੇਤਰ ਤੋਂ ਪੀਐਚ ਡੀ ਕੀਤੀ।ઠ
ਪ੍ਰੇਮ ਲਤਾ ਸ਼ਰਮਾ ਨੇ ਆਪਣੇ ਤੋਂ ਪਹਿਲਾਂ ਹੋਏ ਥੀਸਿਸ ਦੇ ਪੂਰੇ ਦੇ ਪੂਰੇ ਤਿੰਨ ਅਧਿਆਏ ਆਪਣੇ ਥੀਸਿਸ ਦਾ ਸ਼ਿੰਗਾਰ ਬਣਾ ਲਏ। ਉਸ ਨੇ ਜਿਹੜੇ ਦੋ ਹੋਰ ਅਧਿਆਏ ਬਣਾਏ ਹਨ , ਉਹ ਵੀ ਪੀਐਚ. ਡੀ ਅਤੇ ਐਮ ਫਿਲ ਦੇ ਥੀਸਿਸਾਂ ਵਿੱਚੋਂ ਹਨ। ਬੀਬੀ ਪ੍ਰੇਮ ਲਤਾ ਸ਼ਰਮਾ ਨੇ ਭਾਵੇਂ ਆਪਣੇ ਖੋਜ ਪ੍ਰਬੰਧ ਵਿੱਚ ਵਾਧਾ ਤਾਂ ਕੋਈ ਕੀਤਾ ਨਹੀਂ ਪਰ ਅਮਰਪਾਲ ਕੌਰ ਦੇ ਥੀਸਿਸ ਵਿੱਚ ਦਿੱਤੀਆਂ ਸ਼ਿਵ ਕੁਮਾਰ ਕਾਵਿ ਦੀਆਂ ਤੁਕਾਂ ਕੱਟ ਦਿੱਤੀਆਂ ਹਨ। ਇਸੇ ਤਰ੍ਹਾਂ 'ਡਾ. ਗੁਰਨਾਮ ਸਿੰਘ ਤੀਰ ਦੀ ਹਾਸ ਵਿਅੰਗ ਕਲਾ' 'ਤੇ 1993 ਵਿੱਚ ਸੁਰਿੰਦਰ ਕੌਰ ਨੇ ਪੰਜਾਬ ਯੁਨੀਵਰਸਿਟੀ ਤੋਂ ਡਾ. ਆਤਮ ਹਮਰਾਹੀ ਦੀ ਅਗਵਾਈ ਹੇਠ ਪੀਐਚ ਡੀ ਕੀਤੀ ਤੇ ਪੰਜਾਬੀ ਯੁਨੀਵਰਸਿਟੀ ਪਟਿਆਲਾ ਤੋਂ ਬੀਬੀ ਸੁਖਦੀਪ ਕੌਰ ਨੇ ਡਾ. ਬਲਵਿੰਦਰ ਕੌਰ ਬਰਾੜ ਦੀ ਅਗਵਾਈ ਹੇਠ 'ਡਾ. ਗੁਰਨਾਮ ਸਿੰਘ ਤੀਰ ਦੀ ਪੰਜਾਬੀ ਹਾਸ ਵਿਅੰਗ ਸਾਹਿਤ ਨੂੰ ਦੇਣ-ਇੱਕ ਆਲੋਚਨਾਤਮਕ ਅਧਿਐਨ' 2001 ਵਿੱਚ ਪੀਐਚ ਡੀ ਕੀਤੀ। ਇਸ ਥੀਸਿਸ ਵਿੱਚ ਖੋਜਾਰਥੀ, ਗਾਇਡ ਅਤੇ ਯੂਨੀਵਰਸਿਟੀ ਬਦਲਦੀ ਹੈ ਤੇ ਬਾਕੀ ਸੁਰਿੰਦਰ ਕੌਰ ਦੇ ਥੀਸਿਸ ਨੂੰ ਹੀ ਪੇਸ਼ ਕੀਤਾ ਗਿਆ ਹੈ।
ਹੁਣ ਦੋਸ਼ ਅਸੀਂ ਨਾ ਤਾਂ ਦਿੰਦੇ ਹਾਂ ਨਿਗਰਾਨ ਸਾਹਿਬਾਨ ਨੂੰ ਅਤੇ ਨਾ ਹੀ ਉਸ ਬੀਬੀਆਂ ਨੂੰ ਜਿਹੜੀਆਂ ਹੁਣ 'ਡਾਕਟਰ' ਬਣ ਕੇ ਪਤਾ ਨਹੀਂ ਕਿੱਥੇ-ਕਿਥੇ 'ਚਾਨਣ ਵੰਡ' ਰਹੀਆਂ ਹੋਣਗੀਆਂ। ਦੋਸ਼ ਤਾਂ ਸਿਸਟਮ ਦਾ ਹੈ। ਜਿਹੜਾ ਇਹ ਕੁੱਝ ਕਰਨ ਅਤੇ ਕਰਵਾਉਣ ਦੀ ਸਰਕਾਰੀ ਪ੍ਰਵਾਨਗੀ ਦਿੰਦਾ ਹੈ। ਜੇਕਰ ਸਿਸਟਮ ਹੀ ਅਜਿਹਾ ਹੋਵੇਗਾ ਤਾਂ ਇਨ੍ਹਾਂ ਬੀਬੀਆਂ ਨੇ ਕੋਈ ਜੱਗੋਂ ਤੇਰ੍ਹਵੀਂ ਨਹੀਂ ਕੀਤੀ। ਹੁਣ ਜੇਕਰ ਅਸੀਂ ਪੰਜਾਬੀ ਵਿਦਵਾਨਾਂ ਦੇ ਸਾਹਿਤ ਦੀ ਇਤਿਹਾਸਕਾਰੀ ਜਾਂ ਸਮੀਖਿਆ ਦ੍ਰਿਸ਼ਟੀਆਂ ਵਿੱਚ ਮਨੋ ਵਿਸ਼ਲੇਸ਼ਣ ਬਾਰੇ ਲਿਖਦਿਆਂ ਕਿਹੜੇ ਕਿਹੜੇ ਪੱਛਮੀ ਵਿਦਵਾਨਾਂ ਦੀਆਂ ਸਿੱਧੀਆਂ ਨਕਲਾਂ ਮਾਰੀਆਂ ਹਨ, ਨੂੰ ਨਸ਼ਰ ਕਰਨ ਤੁਰ ਪਈਏ ਤਾਂ ਪੰਜਾਬੀ ਵਿੱਚ ਕੋਈ ਵੀ 'ਆਲੋਚਨਾ ਦਾ ਸੈਮੀਨਾਰ' ਜਿੰਨ੍ਹਾਂ ਵਿਦਵਾਨਾਂ ਬਿਨਾਂ ਫਿੱਕਾ ਲੱਗਦਾ ਹੈ। ਉਹ ਵਿਦਵਾਨ ਸੈਮੀਨਾਰਾਂ ਵਿੱਚ ਜਾਣ ਤੋਂ ਕੰਨੀ ਕਤਰਾਉਣ ਲੱਗ ਪੈਣਗੇ। ਉਹ ਸਟੇਜਾਂ ਉੱਪਰ ਜਿਵੇਂ ਬੋਲਦੇ ਹਨ, ਨਸ਼ਰ ਹੋਣ 'ਤੇ ਨਾ ਬੁੱਲ੍ਹਾਂ 'ਤੇ ਪੇਪੜੀ ਆ ਗਈ ਤਾਂ ਸਾਨੂੰ ਕਹਿਓ।ઠ
ਹੁਣ ਤੁਸੀਂ ਸਵਾਲ ਇਹ ਤਾਂ ਕਰ ਸਕਦੇ ਹੋ ਕਿ ਫੇਰ ਭਾਈ ਤੁਸੀਂ ਉਨ੍ਹਾਂ ਨੂੰ ਨਸ਼ਰ ਕਰਦੇ ਕਿਉਂ ਨਹੀਂ? ਇਸ ਦਾ ਵੀ ਜਵਾਬ ਬੜਾ ਵਧੀਆ ਹੈ। ਅਸੀਂ ਨਸ਼ਰ ਕਾਹਨੂੰ ਕਰੀਏ? ਮੈਟਾਕ੍ਰਿਟੀਸਜ਼ਮ ਵਾਲੇ ਕਰਨ ਇਹ ਕੰਮ ਕਰਨ। ਪੀਐਚ ਡੀ 'ਚ ਹੁੰਦੀ ਨਕਲ ਬਾਰੇ ਸਿਰਫ ਇੱਕ ਹੀ ਵਿਦਵਾਨ ਬੋਲਿਆ ਸੀ ਅਸੀਂ ਸੋਚਿਆ ਕਿਸੇ ਵਿਦਵਾਨ ਨੇ ਬੋਲਣ ਦੀ ਜੁਰਅਤ ਕੀਤੀ ਹੈ। ਉਨ੍ਹਾਂ ਨੇ ਅਜਿਹੇ ਸਵਾਲ ਪੈਦਾ ਕੀਤੇ ਸਨ, ਜਿੰਨ੍ਹਾਂ ਦਾ ਜਵਾਬ ਲੱਭੇ ਬਿਨ੍ਹਾਂ ਪੰਜਾਬੀ ਭਾਸ਼ਾ ਦਾ ਵਿਕਾਸ ਸੰਭਵ ਨਹੀਂ ਹੈ ਅਤੇ ਜੇਕਰ ਭਾਸ਼ਾ ਦਾ ਵਿਕਾਸ ਨਹੀਂ ਹੋ ਸਕੇਗਾ ਤਾਂ ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਦੀ ਤੁਸੀਂ ਉਮੀਦ ਨਹੀਂ ਕਰ ਸਕਦੇ ਅਤੇ ਜੇਕਰ ਲੋਕਾਂ ਦੀ ਸੱਭਿਆਚਾਰਕ ਤੌਰ ਤੇ ਮਾਨਸਿਕਤਾ ਵਿਕਾਸ ਨਹੀਂ ਕਰਦੀ, ਉਨ੍ਹਾਂ ਦੇ ਸਮਾਜਿਕ ਮਨੋਵਿਗਿਆਨ ਵਿੱਚ ਕ੍ਰਾਂਤੀਕਾਰੀ ਤਬਦੀਲੀ ਨਹੀਂ ਆਉਂਦੀ, ਉਦੋਂ ਤੱਕ ਮਨੁੱਖ ਦੇ ਉਤਪਾਦਨ ਦੇ ਵਿਕਾਸ ਦੀ ਵੀ ਕਲਪਨਾ ਕਰਨੀ ਅਸੰਭਵ ਹੈ। ਮਨੁੱਖ ਵੱਲੋਂ ਕੀਤੇ ਜਾਣ ਵਾਲੇ ਉਤਪਾਦਨ ਵਿੱਚ ਵਾਧਾ ਬਹੁਤ ਸਾਰੀਆਂ ਗੱਲਾਂ 'ਤੇ ਨਿਰਭਰ ਕਰਦਾ ਹੈ। ਇਸ ਲਈ ਇਹ ਸਾਰੇ ਨੁਕਤੇ ਆਪੋ-ਵਿੱਚੀਂ ਏਨੇ ਪੀਡੇ ਬੱਝੇ ਹੋਏ ਹਨ ਕਿ ਇੱਕ ਨਾਲੋਂ ਦੂਸਰੇ ਨੂੰ ਨਖੇੜ ਕੇ ਵੇਖਿਆ ਨਹੀਂ ਜਾ ਸਕਦਾ।
ਗੱਲ ਆਪਾਂ ਥੀਸਿਸਾਂ ਬਾਰੇ ਕਰ ਰਹੇ ਹਾਂ। ਇੱਕ ਹੋਰ ਨਕਲਚੀ ਦੀ ਮਿੱਟੀ ਉੱਡਦੀ ਵੇਖੋ। ਇਹ ਪੰਜਾਬੀ ਯੁਨੀਵਰਸਿਟੀ ਵਿੱਚ ਪਹਿਲਾਂ 1990 ਤੇ ਫਿਰ ਦੋ ਸਾਲ ਬਾਅਦ ਵਿਸ਼ਾ ਬਦਲ ਕੇ ਕਰਵਾਇਆ ਜਾਂਦਾ ਹੈ। ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਤੋਂ ਆਧੁਨਿਕ ਪੰਜਾਬੀ ਕਾਵਿ ਵਿੱਚ ਨਵ-ਰਹੱਸਵਾਦੀ ਪ੍ਰਵਿਰਤੀਆਂ-1990 ਵਿੱਚ ਗੁਰਮੀਤ ਸਿੰਘ, ਡਾ. ਅੱਛਰਾ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਰਦਾ ਹੈ। ਫਿਰ ਪ੍ਰੋ: ਪੂਰਨ ਸਿੰਘ ਤੇ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਕਾਵਿ-ਰਚਨਾ ਵਿੱਚ ਰਹੱਸਵਾਦ ਦਾ ਤੁਲਨਾਤਮਕ ਅਧਿਐਨ-1992 ਵਿੱਚ ਡਾ. ਨਰੇਸ਼ ਜੀ ਦਾ ਰੱਹਸਵਾਦ, ਡਾ. ਰਜਿੰਦਰਜੀਤ ਕੌਰ ਢੀਂਡਸਾ ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ 1975 ਤੋਂ ਡਾ. ਸੁਰਿੰਦਰ ਸਿੰਘ ਕੋਹਲੀ ਦੀ ਅਗਵਾਈ ਹੇਠ ਕਰਦੀ ਹੈ। ਸਿੱਖ ਰਹੱਸਵਾਦ, ਡਾ. ਬਲਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, 1988 ਵਿੱਚ ਪੀ.ਐਚ.ਡੀ ਕਰਦੇ ਹਨ। ਹੁਣ ਇਨ੍ਹਾਂ ਥੀਸਿਸਾਂ ਦਾ ਰਹੱਸਵਾਦ ਸੰਬੰਧੀ ਸਿਧਾਂਤਕ ਅਧਿਆਇ ਇੱਕ-ਦੂਜੇ ਨਾਲ ਮਿਲਣਾ ਸੁਭਾਵਿਕ ਹੀ ਹੈ। ਪਰ ਸਿਤਮ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਾਲਿਆਂ ਇਹ ਖੋਜਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਉਹ ਜਿਸ ਥੀਸਿਸ ਉੱਪਰ ਕੰਮ ਕਰਨ ਦੀ ਮਨਜੂਰੀ ਦੇ ਰਹੇ ਹਨ, ਉਹ ਉਨ੍ਹਾਂ ਦੀ ਹੀ ਯੂਨੀਵਰਸਿਟੀ ਵਿੱਚ ਦੋ ਸਾਲ ਪਹਿਲਾਂ ਹੋ ਚੁੱਕਾ ਹੈ।
ਹੁਣ ਹੋਰ ਕੀ ਹੋਇਆ ਹੈ? ਰਣਜੀਤ ਕੌਰ ਨੇ ਗੁਰਮੀਤ ਸਿੰਘ ਦੇ ਥੀਸਿਸ ਦੇ 7, 15, 13, 8, 11, 12, 16, 15, 17, 18, 19, 20, 23, 27, 28 ਨੂੰ ਆਪਣੇ ਥੀਸਿਸ ਦੇ ਪੰਨਿਆ 1,2,3, 4, 5, 6, 7, 8, 9, 10, 12, 13, 14, 15, 16, 17, 19, 20 ਉੱਤੇ ਉਤਾਰਿਆ ਹੈ। ਇੱਥੇ ਗੱਲ ਸਿਧਾਂਤਕ ਅਧਿਆਇ ਦੇ ਇੱਕ ਦੂਰਸੇ ਨਾਲ ਮਿਲਣ ਦੀ ਨਹੀਂ ਸਗੋਂ ਸ਼ਬਦ-ਸ਼ਬਦ ਦੂਸਰੇ ਥੀਸਿਸ ਦਾ ਚੇਪਣ ਦੀ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਉਤਾਰਾ ਕਰਨ ਵੇਲੇ ਜੇਕਰ ਪਹਿਲੇ ਥੀਸਿਸ ਦੀ ਕੋਈ ਸ਼ਾਬਦਿਕ ਉਕਾਈ ਰਹਿ ਗਈ ਹੈ ਤਾਂ ਦੂਸਰੇ ਥੀਸਿਸ ਵਾਲੇ ਮੱਖੀ ਉੱਤੇ ਮੱਖੀ ਐਸੀ ਮਾਰੀ ਹੈ ਕਿ ਉਹ ਸ਼ਾਬਦਿਕ ਉਕਾਈ ਵੀ ਉਸੇ ਤਰ੍ਹਾਂ ਹੀ ਉਤਾਰ ਲਈ ਗਈ ਹੈ। ਹੁਣ ਜੇਕਰ ਮੈਂ ਕਹਾਂ ਕਿ 'ਸ਼ਰਮ ਮਗਰ ਇਨਕੋ ਆਤੀ ਨਹੀਂ' ਤਾਂ ਤੁਸੀਂ ਗੁੱਸਾ ਕਰੋਗੇ। ਇਹ ਨਕਲਚੀ ਸਿਰਫ ਪੰਨਾ ਪੰਨਾ ਨਕਲ ਹੀ ઠਨਹੀਂ ਮਾਰਦੇ ਪੂਰੇ ਥੀਸਿਸ ਦੀ ਵਿਧੀ ਵੀ ਉਹੀ ਅਪਣਾਉਂਦੇ ਹਨ। ਪੀਐਚ ਡੀ ઠਦੇ ਵਿਦਵਾਨ ਕਿਵੇਂ ਮੱਖੀ 'ਤੇ ਮੱਖੀ ਮਾਰ ਰਹੇ ਹਨ, ਇਸ ਦਾ ਕੁਝ ਦਿਨ ਪਹਿਲਾ ਖੁਲਾਸਾ ਕੀਤਾ ਸੀ, ਜਿਸ ਵਿਚ ਕੁਝ ਅਖੌਤੀ ਵਿਦਵਾਨਾਂ ਦੇ ਖੋਜ ਪ੍ਰਬੰਧਾਂ ਵਿਚ ਕੀਤੀਆਂ ਗਈਆਂ ਘਪਲੇਬਾਜ਼ੀਆਂ ਨੂੰ ਤੱਥਾਂ ਸਮੇਤ ਸਿੱਧ ਕੀਤਾ ਸੀ ઠਇਹ ਵਿਦਵਾਨ ਆਪਣੇ ਸਮੇਂ ਤੋਂ ਪਹਿਲਾਂ ਹੋਏ ਖੋਜ ਪ੍ਰਬੰਧਾਂ ਨੂੰ ਕਿਵੇਂ ਜਿਉਂ ਤੇ ਤਿਉਂ ਚੇਪ ਰਹੇ ਹਨ। ਪੀਐਚ.ਡੀ. ਨਕਲਚੀ ਖੋਜ ਭਰਪੂਰ ਲੇਖ ਨੇ ਪੰਜਾਬੀ, ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿਚ ਖਲਬਲੀ ਮਚਾ ਦਿੱਤੀ। ਉਸ ਦਿਨ ਤੋਂ ਲਗਾਤਾਰ ਫੋਨ ਤੇ ਵਿਦਵਾਨਾਂ ਵੱਲੋਂ ਇਸ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ, ਭਾਵੇਂ ਯੂਜੀਸੀ ਨੇ 30 ਪ੍ਰਤੀਸ਼ਤ ਨਕਲ ਨੂੰ ਮਾਨਤਾ ਦੇ ਦਿੱਤੀ ਹੈ, ਪਰ ਖੋਜਾਰਥੀ ਅਕਲ ਤੋਂ ਬਿਨਾਂ ਨਕਲ ਮਾਰ ਰਹੇ ਹਨ। ਇਸ ਦਾ ਖੁਲਾਸਾ ਕੁਝ ਦੇਰ ਪਹਿਲਾਂ ਡਾ. ਧਰਮ ਸਿੰਘ ਦੀ ਪੁਸਤਕ ਖੋਜ ਸੰਦਰਭ ਦੇ ਵਿਚ ਕੀਤਾ ਸੀ, ਭਾਵੇਂ ਉਨ੍ਹਾਂ ਨੇ ਕੁੱਝ ਥੀਸਿਸਾਂ ਦੇ ਸਿਰਲੇਖ ਲਿਖ ਕੇ ਇਸ ਹਨੇਰ ਦਾ ਥੋੜ੍ਹਾ ਜਿਹਾ ਸੱਚ ਪੇਸ਼ ਕੀਤਾ ਸੀ, ਬਹੁਤ ਸਾਰੇ ਵਿਦਵਾਨਾਂ ਤੇ ਪੰਜਾਬੀ ਹਿਤੈਸ਼ੀਆਂ ਨੇ ਇਹ ਵੀ ਆਖਿਆ ਸੀ ਕਿ ਵਿਦਵਾਨ ਕਿਵੇਂ ਆਪਣੇ ਚਹੇਤੇ ਚੇਹਤੀਆ ਨੂੰ ਪੀਐਚ ਡੀ ਦੇ ਥੀਸਿਸ ਲਿਖ ਕੇ ਦੇ ਰਹੇ ਹਨ ਤੇ ਫਿਰ ਉਹਨਾਂ ਨੂੰ ਪੱਕੇ ਤੌਰ ਤੇ ਕਾਲਜਾਂ ਵਿਚ ਅਧਿਆਪਕ ਭਰਤੀ ਕਰ ਰਹੇ ਹਨ। ਇਸ ਵਿਚ ਯੂਨੀਵਰਸਿਟੀਆਂ ਦਾ ਵਿਦਵਾਨ ਦੁੱਧ ਧੋਤਾ ਨਹੀਂ ਜਿਹੜੇ ਚੰਗੇ ਹਨ ਉਹ ਚੁਪ ਹਨ। ਉਝ ਸਭ ਦੇ ਇਸ ਕਾਰੋਬਾਰ ਵਿਚ ਹੱਥ ਰੰਗੇ ਹੋਏ ਹਨ।ઠ
ਡਾ. ਤੇਜਿੰਦਰ ਕੌਰ ਨੇ 1988 ਵਿਚ ਨਿਗਰਾਨ ਡਾ. ਕਰਨੈਲ ਸਿੰਘ ਥਿੰਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ 'ਪੰਜਾਬ ਦੇ ਗਹਿਣੇ : ਸਮਾਜ, ਸਭਿਆਚਾਰਕ ਅਧਿਐਨ' ਵਿਸ਼ੇ ਤੇ ਖੋਜ ਪ੍ਰਬੰਧ ਲਿਖਿਆ ਸੀ ਤੇ ਡਾ. ਤੇਜਿੰਦਰ ਕੌਰ ਦੇ ਖੋਜ ਪ੍ਰਬੰਧ ਦੇ ਪੰਨਾ ਨੰਬਰ 1 ਤੋਂ 10, 59, 61, 68 ਤੋਂ 113, 134, 156, 159 ਤੋਂ 173, 179 ਤੋਂ 194, 226, 227, 231, 232 ਦੇ ਪੰਨੇ ਰਜਿੰਦਰ ਕੌਰ 2012 (ਨਿਗਰਾਨ ਡਾ. ਬਲਜੀਤ ਕੌਰ ਸੇਖੋ ਪੰਜਾਬੀ ਭਾਸ਼ਾ ਵਿਕਾਸ ਪਟਿਆਲਾ) ਨੇ 01 ਤੋਂ 10, 87 ਤੋਂ 89, 164 ਤੋਂ 219, 223 ਤੋਂ 250 ਨੇ ਡਾਕਟਰ ਤੇਜਿੰਦਰ ਕੌਰ ਦੇ ਥੀਸਿਸ ਦੇ ਪੰਨੇ ਪੰਨੇ ਆਪਣੇ ਥੀਸਿਸ ਵਿਚ ਚੇਪੇ ਹਨ। ઠਪਰ ਜਿਸ ਵਿਸ਼ੇ ਤੇ ਇਹ ਖੋਜ ਪ੍ਰਬੰਧ ਹੈ ਉਸ ਬਾਰੇ ਖਾਨਾ ਪੂਰਤੀ ਹੈ। ਹਰ ਥੀਸਿਸ ਨੂੰ ਚੈਕ ਕਰਨ ਵਾਲੇ ਦੋ ਪ੍ਰੀਖਿਅਕ ਹੁੰਦੇ ਹਨ ਤੇ ਨਿਗਰਾਨ ਆਪਣੇ ਵੱਲੋਂ ਖੋਜਾਰਥੀ ਨੂੰ ਸਰਟੀਫਿਕੇਟ ਵੀ ਦਿੰਦਾ ਹੈ ਕਿ ਇਸ ਤੋਂ ਪਹਿਲਾ ਇਸ ਵਿਸ਼ੇ 'ਤੇ ਖੋਜ ਕਾਰਜ ਨਹੀਂ ਹੋਇਆ, ਜਦਕਿ ਇਹ ਸੱਚ ਤੁਹਾਡੇ ਸਾਹਮਣੇ ਹੈ। ਬਹੁਤ ਸਾਰੇ ਵਿਦਵਾਨਾਂ ਨੇ ਤਾਂ ਇਹ ਵੀ ਮੰਗ ਕੀਤੀ ਹੈ ਕਿ ਇਨ੍ਹਾਂ ਥੀਸਿਸਾਂ ਦੀ ਜਾਂਚ ਕਰਵਾ ਕੇ ਇਹ ਥੀਸਿਸਾਂ ਨੂੰ ਰੱਦ ਕੀਤਾ ਜਾਵੇ ਤੇ ਸਬੰਧਤ ਨਿਗਰਾਨ, ਪ੍ਰੀਖਿਅਕ ਤੇ ਖੋਜਾਰਥੀ ਨੂੰ ਬਣਦੀ ਸਜ਼ਾ ਦਿੱਤੀ ਜਾਵੇ, ਪਰ ਸਵਾਲ ਤਾਂ ਇਹ ਹੈ 'ਕੌਣ ਆਖੇ ਰਾਣੀਏ ਅੱਗਾ ਢੱਕ' ਕਿਉਂਕਿ ਇਸ ਹਮਾਮ ਵਿਚ ਸਭ ਨੰਗੇ ਹਨ। ਜਿਵੇਂ ਕਹਿੰਦੇ ਹਨ ਕਿ 'ਕੀ ਗੰਜੀ ਨਾਹੂ ਤੇ ਕੀ ਨਚੋੜੂ'। ਉਚੇਰੀ ਸਿੱਖਿਆ ਵਿਚ ਵੱਧ ਰਿਹਾ ਹਨੇਰ ਕੇਵਲ ਪੰਜਾਬੀ ਭਾਸ਼ਾ ਵਿਚ ਹੀ ਨਹੀਂ ਬਲਕਿ ਹੋਰਨਾਂ ਵਿਸ਼ਿਆਂ ਵਿਚ ਵੀ ਇਹੀ ਕੁਝ ਹੁੰਦਾ ਹੈ। ਜੇ ਕੋਈ ਆਪਣੇ ਨਾਲ ਵਾਪਰੀਆਂ ਧੱਕੇਸ਼ਾਹੀਆਂ ਨੂੰ ਮੇਰੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹੈ, ਊਹ ਕਰ ਸਕਦਾ ਹੈ। ਜਿਵੇਂ ਕੁਝ ਦੇਰ ਪਹਿਲਾਂ ਸਾਵਲ ਧਾਮੀ ਨੇ ઠਕਹਾਣੀ 'ਗਾਇਡ' ਲਿਖੀ ਸੀ ਤੇ ਡਾ. ਬਲਵੰਤ ਸਿੰਘ ਸੰਧੂ ਨੇ 'ਆਓ ਪੀਐਚ ਡੀ ਕਰੀਏ' ਲਿਖ ਕੇ ਇਸ ਹਨੇਰ ਦਾ ਕੁਝ ਪੱਖ ਪਾਠਕਾਂ ਸਾਹਮਣੇ ਰੱਖਿਆ ਸੀ, ਪਰ ਢੱਕੀ ਰਿਝੱਣ ਦੇਓ ਵਾਲੀ ਗੱਲ ਹੈ। ਕਿਹੜੇ ਕਿਹੜੇ ਵਿਦਵਾਨ ਨੇ ਕਿਸ ਕਿਸ ਦਾ ਥੀਸਿਸ ਲਿਖੇ ਹਨ ਤੇ ਉਨ੍ਹਾਂ ਨੇ ਆਪਣੇ ਥੀਸਿਸਾਂ ਦੇ ਨਾਮ ਬਦਲ ਇਸ ਹਨੇਰ ਨੂੰ ਵਧਾਇਆ ਹੈ। ਸਭ ਤੋਂ ਵੱਧ ਕਿਸ ਨੇ ਬੀਬੀਆਂ ਨੂੰ ਪੀਐਚ ਡੀ ਕਰਵਾਈਆਂ ਤੇ ਕਿਸ ਕਿਸ ਨੂੰ ਕੀ ਕੀ ਕੀਤਾ ਕਰ ਰਹੇ ਹਨ ਇਸ ਸਬੰਧੀ ਖੋਜ ਜਾਰੀ ਹੈ।ઠ
ਗੱਲ ਕਰਨੋ ਰਿਹਾ ਨਹੀਂ ਜਾਂਦਾ ਕਿਉਂਕਿ ਕੁੱਝ ਸੰਵੇਦਨਸ਼ੀਲ ਵਿਅਕਤੀ ਆ ਕੇ ਸਾਣ ਲਾਉਂਦੇ ਰਹਿੰਦੇ ਹਨ। ਅਸੀਂ ਡਾ. ਸੇਵਾ ਸਿੰਘ ਜੀ ਨਾਲ ਗੱਲਬਾਤ ਕਰ ਰਹੇ ਸਾਂ। ਗੱਲਬਾਤ ਕਰਦਿਆਂ ਉਨ੍ਹਾਂ ਸੂਫ਼ੀਮਤ ਬਾਰੇ ਤਾਂ ਜੋ ਗੱਲਾਂ ਕੀਤੀਆਂ, ਸੋ ਕੀਤੀਆਂ ਹੀ, ਜਿਹੜੀਆਂ ਗੱਲਾਂ ਉਨ੍ਹਾਂ ਸਾਡੀ ਮਿਡਲ ਕਲਾਸ ਬਾਰੇ ਕੀਤੀਆਂ, ਉਨ੍ਹਾਂ ਨੂੰ ਸੁਣ ਕੇ ਡਰ ਲਗਦਾ ਸੀ। ਕੋਈ ਸੰਵੇਦਨਸ਼ੀਲ ਵਿਅਕਤੀ ਬਚਿਆ ਹੀ ਨਹੀਂ ਹੈ। ਹੁਣ ਆਹ ਪ੍ਰੋਫੈਸਰ ਲੋਕ ਹੀ ਕਿੰਨੀ ਤਨਖਾਹ ਲੈਂਦੇ ਹਨ। ਸਹੂਲਤਾਂ ਕਿੰਨੀਆਂ ਹਨ, ਇੱਜ਼ਤ ਕਿੰਨੀ ਹੈ, ਹੋਰ ਤਾਂ ਹੋਰ ਜੋ ਸਮਝਣ ਤਾਂ ਜਿੰਮੇਵਾਰੀ ਕਿੱਡੀ ਵੱਡੀ ਹੈ, ਪਰ ਜੇਕਰ ਇਨ੍ਹਾਂ ਦੇ ਕਿਰਦਾਰ ਦੇਖੋ ਤਾਂ ਕੰਬ ਜਾਵੋਗੇ ਤੁਸੀਂ। ਹੁਣ ਆਹ ਡਿਗਰੀਆਂ ਕਰਦਿਆਂ, ਕਰਵਾਉਂਦਿਆਂ ਥੀਸਿਸਾਂ ਉੱਪਰ ਦਸਤਖ਼ਤ ਕਰਦਿਆਂ ਕਦੇ ਇਨ੍ਹਾਂ ਦੇ ਮਨ 'ਚ ਖਿਆਲ ਆਇਆ ਹੀ ਨਹੀਂ ਕਿ ਇਸ ਦਾ ਮਾੜਾ ਅਸਰ ਜੇਕਰ ਦੂਜਿਆਂ ਦੇ ਬੱਚਿਆਂ ਉੱਪਰ ਪੈਂਦਾ ਹੈ ਤਾਂ ਕਦੇ ਵਾਰੀ ਸਾਡੇ ਬੱਚਿਆਂ ਦੀ ਵੀ ਆ ਜਾਵੇਗੀ ਪਰ ਨਹੀਂ ਅਸੀਂ ਤਾਂ ਭ੍ਰਿਸ਼ਟਾਚਾਰ ਅਤੇ ਆਲਸੀਪੁਣੇ ਦੀ ਦਲਦਲ ਵਿੱਚ ਫਸੇ ਹੋਏ ਹਾਂ। ਸਾਨੂੰ ਹੁਣ ਕੱਢਣ ਵਾਲਾ ਕੌਣ ਹੈ?
ਵੈਸੇ ਤੁਹਾਡਾ ਤਾਂ ਸਾਨੂੰ ਪਤਾ ਨਹੀਂ, ਪਰ ਇਸ ਤਰ੍ਹਾਂ ਦੀਆਂ ਨਕਲਾਂ ਮਾਰ ਕੇ ਲਈਆਂ ਪੀਐਚ ਡੀ ਦੀਆਂ ਡਿਗਰੀਆਂ ਅਤੇ ਵੱਡੇ ਵੱਡੇ ਪੰਜਾਬੀ ਵਿਦਵਾਨਾਂ ਦੀਆਂ ਭਾਰੇ ਭਾਰੇ ਸ਼ਬਦਾਂ ਵਾਲੀਆਂ ਆਲੋਚਨਾ/ਮੈਟਾ ਆਲੋਚਨਾ ਦੀਆਂ ਪੁਸਤਕਾਂ 'ਚ ਕੀਤੇ ਪੱਛਮੀ ਵਿਦਵਾਨਾਂ ਦੇ ਵਿਚਾਰਾਂ ਨੂੰ ਹੂ-ਬ-ਹੂ ਉਤਾਰੇ ਪੜ੍ਹ ਕੇ ਪੰਜਾਬੀ ਅਧਿਐਨ ਖੇਤਰ ਅਤੇ ਆਲੋਚਨਾ ਤੋਂ ਏਨੀ ਨਫ਼ਰਤ ਹੋ ਗਈ ਹੈ ਕਿਸੇ ਸੈਮੀਨਾਰ ਉੱਤੇ ਜਾਣ ਤੋਂ ਮਨ ਅੱਕ ਗਿਆ ਹੈ। ਜਦੋਂ ਇਹ ਨਕਲਚੀ ਵਿਦਵਾਨ ਸਟੇਜ ਉੱਪਰ ਬੋਲ ਰਹੇ ਹੁੰਦੇ ਹਨ ਅਤੇ ਲੋਕਾਂ ਨੂੰ ਜਾਦੂਗਰ ਵਾਂਗ ਭੈਅ-ਭੀਤ ਕਰ ਰਹੇ ਹੁੰਦੇ ਹਨ ਤਾਂ ਦਿਮਾਗ ਨੂੰ ਇਨ੍ਹਾਂ ਦੇ ਵਿਚਾਰ ਝੂਠੇ ਤੇ ਚੋਰੀ ਕੀਤੇ ਹੋਣ ਦੀਆਂ ਅੜਾਉਣੀਆਂ ਪ੍ਰੇਸ਼ਾਨ ਕਰਨ ਲੱਗਦੀਆਂ ਹਨ। ਇਨ੍ਹਾਂ ਦੇ ਚਿਹਰੇ ਭਿਆਨਕ ਦਿਸਣ ਲੱਗਦੇ ਹਨ, ਸਾਡੇ ਭਵਿੱਖ ਨੂੰ ਨਿਗਲ ਰਹੇ ਬਘਿਆੜਾਂ ਦੇ ਚਿਹਰੇ। ਤਦੇ ਅਸੀਂ ਕਹਿੰਦੇ ਹਾਂ ਕਿ ਅਜਿਹੇ ਘਾਗਾਂ ਸਾਹਮਣੇ ਉਹ ਵਿਚਾਰਾਂ ਪਟਿਆਲੇ ਦਾ 'ਮਸਕੀਨ' ਜਿਹਾ ਕਵੀ ਕੀ ਚੀਜ਼ ਹੈ, ઠਜਿਹੜਾ ਕਦੇ ਕਦੇ ਨਹੀਂ ਸਗੋਂ ਅਕਸਰ ਹੀ ਹਿੰਦੀ ਜਾਂ ਹੋਰ ਭਾਸ਼ਾਵਾਂ ਦੇ ਸਾਹਿਤ ਵਿਚੋਂ ਚੋਰੀ ਕਰਕੇ ਕਵਿਤਾਵਾਂ ਆਪਣੇ ਨਾਂਅ ਛਪਵਾ ਲੈਂਦਾ ਹੈ।
ਅਖੀਰ 'ਚ ਇੱਕ ਪੈਰ੍ਹਾ ਉਸ ਵਿਦਵਾਨ ਦੇ ਨਾਂ ਕਹਿਣਾ ਚਾਹੁੰਦੇ ਹਾਂ, ਜਿਸ ਨੂੰ 'ਸਿਰਜਣਾ' ਮੈਗਜ਼ੀਨ ਵਿੱਚ ਇੱਕ ਹਿੰਦੀ ਲੇਖ ਦੀ ਨਕਲ ਕਰਕੇ ਆਪਣੇ ਨਾਂਅ ਹੇਠ ਛਪਵਾਈ ਸੀ। ਉਸ ਦਾ ਬਹੁਤ ਰੌਲਾ-ਰੱਪਾ ਵੀ ਪਿਆ ਪ੍ਰੰਤੂ ਸਾਜਿਸ਼ੀ ਤਾਣੇ ਵਿੱਚੋਂ ਅਜਿਹੇ ਵਿਦਵਾਨਾਂ ਨੂੰ ਗੱਫੇ ਹੀ ਮਿਲਦੇ ਹਨ। ਇਸ ਲਈ ਸਾਡਾ ਉਸ ਵਿਦਵਾਨ ਨੂੰ ਵੀ ਪ੍ਰਣਾਮ। ਕਿਉਂਕਿ ਕੰਮ ਬਹੁਤ ਲੰਮਾ ਹੈ ਤੇ ਸਮੇਂ ਦੀ ਮੰਗ ਕਰਦਾ ਹੈ, ਇਸ ਲਈ ਦਰਜਾ-ਬ-ਦਰਜਾ ਬਹੁਤ ਸਾਰਿਆਂ ਨੂੰ ਪ੍ਰਣਾਮ। ਪਰ ਇਹ ਸਿਲਸਿਲਾ ਅਜੇ ਰੁਕਿਆ ਨਹੀਂ। ਪੰਜਾਬ ਦੀਆਂ ਨਿੱਜੀ ਯੂਨੀਵਰਸਿਟੀਆਂ ਦੇ ਵਿਚ ਕੀ ਹੋ ਰਿਹਾ ਹੈ, ਇਸ ਬਾਰੇ ਜਲਦੀ ਹੀ ਕਰਦੇ ਹਾਂ ਖੁਲਾਸਾ। ਪਰ ਸਿੱਖਿਆ ਦੇ ਖੇਤਰ ਵਿਚ ਆਏ ਇਸ ਨਿਘਾਰ ਦਾ ਜੁੰਮੇਵਾਰ ਕੌਣ ਹੈ? ਜੇ ਕੋਈ ਦੱਸ ਸਕਦਾ ਤਾਂ ਉਸ ਦਾ ਅਗੇਤਾ ਹੀ ਸ਼ੁਕਰੀਆ ਕਰਦਾ ਹਾਂ।
ਸੰਪਰਕ : 9464370823
16 Dec. 2018
ਮਸਲਾ-ਏ- ਅਵਾਮ : ਸੁੱਕਾ ਕੰਨੀਂ ਦੇ ਕਿਆਰੇ ਵਾਂਗੂੰ ਰਹਿ ਗਿਆ - ਬੁੱਧ ਸਿੰਘ ਨੀਲੋਂ
ਜ਼ਿੰਦਗੀ ਵਿੱਚ ਹੜ ਵਰਗੀ ਸਥਿਤੀ ਉਨ੍ਹਾਂ ਨੇ ਹਿੱਸੇ ਆਉਂਦੀ ਜਿਹੜੇ ਦੂਸਰਿਆਂ ਦਾ ਹਿੱਸਾ ਹੜੱਪ ਕਰਦੇ ਹਨ। ਉਹ ਤਾਂ ਹਰ ਵੇਲੇ ਇਸੇ ਹੀ ਭਾਲ 'ਚ ਰਹਿੰਦੇ ਹਨ, ਕਦੋਂ ਉਨ੍ਹਾਂ ਦਾ ਦਾਅ ਲੱਗੇ। ਉਹ ਦਾਅ ਵੀ ਅਜਿਹਾ ਵਰਤਦੇ ਹਨ ਤੇ ਕਈ ਵਾਰ ਇਸ ਦਾ ਪਤਾ ਹੀ ਨਹੀਂ ਲੱਗਦਾ। ਕਦੋਂ ਤੱਕ ਇਸ ਦਾ ਪਤਾ ਲੱਗਦਾ ਹੈ, ਉਦੋਂ ਤੱਕ ਸਮਾਂ ਬਹੁਤ ਅੱਗੇ ਲੰਘ ਜਾਂਦਾ ਹੈ। ਜਿਹੜੇ ਸਮੇਂ ਦੀ ਰਮ ਜਾਣਦੇ ਹਨ, ਉਹ ਹੀ ਸਦਾ ਦਾਅ ਉਤੇ ਰਹਿੰਦੇ ਹਨ। ਉਨ੍ਹਾਂ ਦੀ ਸੋਚ, ਮਾਨਸਿਕਤਾ ਦੇ ਸੁਭਾਅ ਵਪਾਰੀ ਹੁੰਦਾ ਹੈ। ਵਪਾਰੀ ਦਾ ਕੰਮ ਕਰਨਾ ਵਪਾਰ ਕਰਨਾ ਹੁੰਦਾ ਹੈ। ਉਹ ਆਪਣੇ ਵਪਾਰ ਵਿੱਚ ਕਦੇ ਵੀ ਘਾਟਾ ਨਹੀਂ ਖਾਂਦਾ। ਜੇ ਕਿਧਰੇ ਉਸ ਨੂੰ ਘਾਟਾ ਪੈਂਦਾ ਦਿਖੇ ਵੀ ਤਾਂ ਉਹ ਲੱਗੇ ਮੁੱਲ ਆਪਣੇ ਮਾਲ ਨੂੰ ਵੇਚਦਾ ਹੈ। ਪਰ ਕਦੇ ਵੀ ਆਪਣੀ ਲੱਗੀ ਰਕਮ ਨਹੀਂ ਗਵਾਉਂਦਾ। ਗਵਾਉਂਦਾ ਤਾਂ ਹੀ ਹਨ, ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਕੀਮਤ ਦਾ ਪਤਾ ਨਹੀਂ ਹੁੰਦਾ। ਜੇ ਉਹਨਾਂ ਨੂੰ ਪਤਾ ਲੱਗ ਵੀ ਜਾਵੇ ਫੇਰ ਉਨਾਂ ਕੋਲ ਪਹੁੰਚ ਨਹੀਂ ਹੁੰਦੀ। ਜਿਸ ਕੋਲ ਪਹੁੰਚ ਹੁੰਦੀ ਹੈ, ਉਹ ਕੁੱਝ ਵੀ ਖਰੀਦ ਸਕਦਾ ਹੈ।ઠ
ਹੁਣ ਜਦੋਂ ਚਾਰੇ ਪਾਸੇ ਬਜ਼ਾਰ ਬਣ ਗਿਆ ਹੈ। ਵਸਤੂਆਂ ਤਾਂ ਬਜ਼ਾਰ ਵਿੱਚ ਵਿਕਦੀਆਂ ਦੀ ਹਨ, ਹੁਣ ਤਾਂ ਰਿਸ਼ਤੇ ਨਾਤੇ ਵਿਆਹ-ਸ਼ਾਦੀਆਂ, ਮੁੰਡੇ-ਕੁੜੀਆਂ ਤੇ ਹੋਰ ਮਨੁੱਖ ਨਾਲ ਜੁੜਿਆ ਕੀ-ਕੀ ਵਿਕਦਾ ਹੈ - ਇਸ ਦੀ ਸੂਚੀ ਬੜੀ ਲੰਬੀ ਹੈ। ਜ਼ਿੰਦਗੀ ਦੇ ਬਜ਼ਾਰ ਬਨਣ ਨਾਲ ਭਾਵੇਂ ਕੁੱਝ ਹੀ ਲੋਕਾਂ ਨੂੰ ਲਾਭ ਹੋਇਆ ਹੈ - ਪਰ ਬਹੁਤੇ ਤਾਂ ਲੋਕ ਵਸਤੂਆਂ ਵਾਂਗ ਇੱਕ ਥਾਂ ਤੋਂ ਦੂਜੀ ਥਾਂ ਵਿਕ ਹੀ ਰਹੇ ਹਨ। ਵਿਕਦੇ ਉਹੀ ਹਨ, ਜਿਨ੍ਹਾਂ ਤੋਂ ਬਜ਼ਾਰ ਨੂੰ ਮੁਨਾਫ਼ਾ ਹੋਵੇ। ਜਿਨ੍ਹਾਂ ਤੋਂ ਕੋਈ ਮੁਨਾਫ਼ਾ ਨਹੀਂ ਵੱਟਿਆ ਜਾ ਸਕਦਾ - ਉਹ ਤਾਂ ਮੰਡੀ ਵਿਚ ਵੀ ਖੜ੍ਹੇ ਹੀ ਰਹਿ ਜਾਂਦੇ ਹਨ। ਉਨ੍ਹਾਂ ਦੇ ਕੋਲ ਦੀ ਤਾਂ ਹਵਾ ਵੀ ਨਹੀਂ ਲੰਘਦੀ। ਹਵਾ ਵੀ ਪਾਸਾ ਵੱਟ ਕੇ ਲੰਘ ਜਾਂਦੀ ਹੈ। ਬਜ਼ਾਰ ਨੇ ਆਮ ਬੰਦੇ ਦੀ ਹਾਲਤ ਅਜਿਹੀ ਬਣਾ ਦਿੱਤੀ ਹੈ ਕਿ ਹੁਣ ਉਸਦੇ ਕੋਲੋਂ ਹਵਾ ਹੀ ਨਹੀਂ ਦੋਸਤ-ਮਿੱਤਰ ਤੇ ਰਿਸ਼ਤੇਦਾਰ ਵੀ ਪਾਸਾ ਵੱਟ ਕੇ ਲੰਘਣ ਲੱਗਦੇ ਹਨ।
ਕਹਿੰਦੇ ਹੁੰਦੇ 'ਜਿਸਦੀ ਕੋਠੀ ਦਾਣੇ, ਉਸਦੇ ਕਮਲੇ ਵੀ ਸਿਆਣੇ।' ਹੁਣ ਦਾਣੇ ਉਨ੍ਹਾਂ ਦੀਆਂ ਕੋਠੀਆਂ ਵਿਚ ਵੱਧ ਰਹੇ ਹਨ, ਜਿਨ੍ਹਾਂ ਨੇ ਸਦਾ ਹੀ ਦਾਅ ਮਾਰਿਆ ਹੈ। ਉਨ੍ਹਾਂ ਨੇ ਦਾਅ ਇਹ ਕਿੱਥੇ-ਕਿੱਥੇ ਮਾਰਿਆ ਹੈ। ਇਸ ਵਿਸਥਾਰ ਵਿਚ ਪੈਣ ਨਾਲੋਂ ਗੱਲ ਇਹ ਕਰਨ ਵਾਲੀ ਹੈ ਕਿ ਇਨ੍ਹਾ ਦੀ ਸ਼ਨਾਖਤ ਕੌਣ ਕਰੇ? ਕਈਆਂ ਦੇ ਪੋਲ ਤਾਂ ਖੁਲਣ ਲੱਗ ਗਏ ਹਨ, ਬਾਕੀਆਂ ਦੀ ਵਾਰੀ ਆਉਣ ਵਾਲੀ ਹੈ। ਹੁਣ ਜਿਵੇਂ ਜ਼ਿੰਦਗੀ ਵਿਚ ਪੈਸੇ ਦੀ ਦੌੜ ਲੱਗੀ ਹੈ। ਇਸ ਨੇ ਸਮਾਜ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਹੈ। ਇਕ ਲੁੱਟਣ ਵਾਲੇ ਤੇ ਇਕ ਲੁੱਟੇ ਜਾਣ ਵਾਲੇ। ਲੁੱਟਣ ਵਾਲੇ ਸਭ ਇਕੱਠੇ ਹਨ। ਭਾਵੇਂ ਉਨ੍ਹਾਂ ਦੀਆਂ ਪਾਰਟੀਆਂ ਵੱਖ-ਵੱਖ ਹਨ। ਪਰ ਮਕਸਦ ਇਕੋ ਹੀ ਹੈ ਲੁੱਟਣ ਤੇ ਕੁੱਟਣਾ। ਭਾਵੇਂ ਇਹ ਲੋਕਾਂ ਦੇ ਨਾਲ ਹੇਜ ਕਰਦੀ ਹਨ ਪਰ ਲੋਕਾਂ ਦਾ ਜਨ-ਜੀਵਨ ਸੁਧਾਰਨ ਲਈ ਬਿਆਨਾਂ ਤੋਂ ਬਿਨਾਂ ਕੁਝ ਨਹੀਂ ਕਰਦੀਆਂ।
ਪਾਰਟੀਆਂ ਦੇ ਝੰਡੇ ਭਾਵੇਂ ਅਲੱਗ-ਅਲੱਗ ਹਨ-ਪਰ ਉਨਾਂ ਦਾ ਆਮ ਲੋਕਾਂ ਨੂੰ ਲੁੱਟਣ ਵਾਲਾ ਡੰਡਾ ਇੱਕੋ ਹੀ ਹੈ। ਉਹ ਡੰਡਾ ਇਸ ਤਰ੍ਹਾਂ ਚੱਲਦਾ ਕਿ ਲੋਕਾਂ ਨੂੰ ਉਸਦਾ ਪਤਾ ਹੀ ਨਹੀਂ ਲੱਗਦਾ। ਲੋਕ ਤਾਂ ਉਸ ਝੰਡੇ ਦੇ ਥੱਲੇ- ਕੀੜੀਆਂ ਦੇ ਭੌਣ ਵਾਂਗ ਇਕਠੇ ਹੁੰਦੇ ਹਨ। ਉਨ੍ਹਾਂ ਦੇ ਇਸ ਇੱਕਠ ਦਾ ਝੰਡੇ ਦੇ ਉਹ ਵਪਾਰੀ ਮੁੱਲ ਵੱਟਦੇ ਹਨ। ਇਸ ਦਾ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਆਪਣੇ ਹੱਕਾਂ ਦੀ ਰਾਖੀ ਲਈ ਇਕੱਠੇ ਹੋਏ ਹਨ, ਜਾਂ ਫਿਰ 'ਝੰਡਿਆਂ ਦੀ ਮੰਡੀ' ਵਿਚ 'ਜਿਨਸ' ਬਣ ਕੇ ਆਏ ਹਨ।
ઠ ਝੰਡਿਆਂ ਦਾ ਰੰਗ ਕੋਈ ਹੋਵੇ। ਉਹ ਚਿੱਟਾ, ਨੀਲਾ, ਲਾਲ ਜਾਂ ਫਿਰ ਉਹ ਝੰਡਾ ਹੋ ਸਕਦਾ ਹੈ, ਜਿਸ ਨੇ ਆਜ਼ਾਦੀ ਤੋਂ ਬਾਅਦ ਬਹੁਤਾ ਸਮਾਂ ਹਕੂਮਤ ਆਪਣੇ ਕਬਜ਼ੇ ਵਿੱਚ ਰੱਖੀ ਹੈ। ਸਭ ਦਾ ਇਕੋ ਮਕਸਦ ਹੈ। ਨਿਸ਼ਾਨਾ ਵੀ ਇਕੋ ਹੀ ਹੈ। ਵੱਧ ਤੋਂ ਵੱਧ ਆਪਣੇ ਝੰਡੇ ਦੇ ਥੱਲੇ ਭੀੜ ਇੱਕਠੀ ਕਰਨੀ ਤੇ ਭੀੜ ਦਾ ਮੁੱਲ ਵੱਟਣਾ। ਹੁਣ ਜਦੋਂ ਇਨ੍ਹਾਂ ਝੰਡਿਆਂ ਵਾਲਿਆਂ ਦਾ ਅਸਲ ਮਕਸਦ ਆਮ ਲੋਕਾਂ ਦੇ ਸਾਹਮਣੇ ਆਉਣ ਲੱਗਿਆ ਹੈ- ਅਜੇ ਵੀ ਲੋਕਾਂ ਨੂੰ ਸੁਰਤ ਨਹੀਂ ਆਈ। ਉਹ ਅਜੇ ਵੀ ਝੰਡੇ ਦੇ ਥੱਲੇ ਸੁੱਤੇ ਪਏ ਹਨ। ਉਨ੍ਹਾਂ ਦਾ ਸੁੱਤੇ ਪਏ ਰਹਿਣਾ ਉਨ੍ਹਾਂ ਦੇ ਬੜਾ ਕੰਮ ਆ ਰਿਹਾ ਹੈ। ਉਹ ਚੁੱਪ ਚਾਪ ਆਪਣਾ ਕੰਮ ਕਰੀ ਜਾ ਰਹੇ ਤੇ ਆਪਣੀਆਂ ਤਿਜੌਰੀਆਂ ਭਰੀ ਜਾਂਦੇ ਹਨ। ਉਹ ਇਹ ਸਭ ਕੁੱਝ 'ਭੀੜ ਦੇ ਹਿੱਤਾਂ' ਦੀ ਰਾਖੀ ਕਰਨ ਦੇ ਨਾਂ ਹੇਠ ਕਰਦੇ ਹਨ। ਜਦੋਂ ਕਦੇ ਕਿਸੇ ਝੰਡੇ ਵਾਲੇ ਦੇ ਆਗੂ ਦਾ ਪਰਦਾਚਾਕ ਹੁੰਦਾ ਹੈ ਤਾਂ ਉਹ ਉਨ੍ਹਾਂ ਵਾਂਗ ਇਕੋ ਹੀ ਗੱਲ ਬੋਲਦਾ ਹੈ। ''ਇਹ ਵਿਰੋਧ ਪਾਰਟੀ ਦੀ ਸਾਜਿਸ਼ ਹੈ ਤੇ ਦੋਸ਼ ਸਭ ਬੇਬੁਨਿਆਦ ਹਨ।''
ਦੋਸ਼ ਬੇ-ਬੁਨਿਆਦ ਆਖ ਕੇ ਉਹ ਉਹ ਕੁੱਝ ਦੇਰ ਚੁੱਪ ਕਰ ਜਾਂਦੇ ਹਨ ਤੇ ਲੋਕ ਭੁੱਲ ਜਾਂਦੇ ਹਨ। ਲੋਕਾਂ ਨੂੰ ਉਸ ਵਲੋਂ ਕੀਤੇ ਘਪਲੇ ਯਾਦ ਨਹੀਂ ਰਹਿੰਦੇ। ਲੋਕ ਭੁੱਲਣਹਾਰ ਹਨ ਤੇ ਬਖਸ਼ਣਹਾਰ। ਪੰਜ ਸਾਲ ਬਾਅਦ ਲੋਕ ਬਖ਼ਸ਼ ਦੇਂਦੇ ਹਨ, ਹੁਣ ਜਦੋਂ ਇਹ ਗੱਲ ਸਭ ਨੂੰ ਪਤਾ ਹੈ-ਕਿ ਸਾਰੇ ਹੀ ਝੰਡਿਆਂ ਵਾਲੇ ਦੇਸ਼ ਨੂੰ ਲੁੱਟਣ ਲਈ ਇੱਕਮੁੱਠ, ਇੱਕ ਸੁਰ ਤੇ ਉਨ੍ਹਾਂ ਦੀਆਂ ਆਪਸ ਵਿੱਚ ਅੰਗਲੀਆਂ ਸੰਗਲੀਆਂ ਰਲਦੀਆਂ ਹਨ। ਹੁਣ ਸਭ ਕੁੱਝ ਦਾ ਪਤਾ ਹੋਣ ਦੇ ਬਾਅਦ ਬਾਵਜੂਦ ਲੋਕ ਫੇਰ ਆਪੋ ਆਪਣੇ ਝੰਡੇ ਵਾਲਿਆਂ ਨੂੰ ਹੋਰ ਲੁੱਟਣ ਦਾ ਮੌਕਾ ਦੇ ਰਹੇ ਹਨ। ਹਰ ਹੋਣ ਵਾਲੀ ਲੁੱਟ ਦੀ ਜਦੋਂ ਵੀ ਪੈੜ ਲੱਭਣ ਦੀ ਕੋਸ਼ਿਸ਼ ਹੋਈ ਹੈ, ਉਹ ਇਹਨਾਂ ਝੰਡੇ ਵਾਲਿਆਂ ਦੇ ਘਰ ਹੀ ਪੁਜਦੀ ਹੈ। ਹੁਣ ਤਾਂ ਦੇਸ਼ ਨੂੰ ਚਲਾ ਰਹੀ - ''ਤਿਆਗ ਦੀ ਮੂਰਤੀ'' ਦੇ ਘਰ ਤੱਕ ਵੀ ਲੁੱਟ ਦੀ ਪੈੜ ਜਾ ਪੁਜੀ ਹੈ। ਪਰ ਦੇਸ਼ ਦੇ ਲੋਕਾਂ ਨੂੰ ਕਿੱਧਰੇ ਵੀ ਕੋਈ ਫਰਕ ਨਹੀਂ ਪਿਆ। ਸਭ ਕੁੱਝ ਉਵੇਂ ਹੀ ਚੱਲੀ ਜਾ ਰਿਹਾ ਹੈ।
ਦੇਸ਼ ਦਾ ਸਭ ਤੋਂ ''ਸਾਊ ਬੰਦਾ'' ਚੁੱਪ-ਚਾਪ ਆਪਣੇ ਆਕਾ ਦੇ ਆਦੇਸ਼ ਦਾ ਪਾਲਣਾ ਕਰਦਾ ਹੋਇਆ - ਹੁਣ ਦੇਸ਼ ਦੇ ਦਰਖਤਾਂ ਤੋਂ ਨੋਟ ਲਗਣ ਦੀਆਂ ਦੁਆਵਾਂ ਕਰ ਰਿਹਾ ਹੈ। ਦੇਸ਼ ਦੇ ਅਸਲੀ ਨੋਟ ਤਾਂ ਇਨ੍ਹਾਂ ਨੇ ਮੁਕਾ ਦਿੱਤੇ ਹਨ। ਸ਼ਾਇਦ ਕੋਈ ਕਰਾਮਾਤ ਹੋ ਜਾਵੇ ਤੇ ਦਰਖ਼ਤਾਂ ਨੂੰ ਨੋਟ ਲੱਗਣੇ ਸ਼ੁਰੂ ਹੋ ਜਾਣ। ਇਹ ''ਸਾਊ ਬੰਦਾ'' ਵੀ ਆਖਦਾ ਹੈ ਕਿ ਦੇਸ਼ 'ਚ ਲੋਕਾਂ ਦੇ ਹਿੱਤਾਂ ਲਈ ਸਖ਼ਤ ਫੈਸਲੇ ਲੈਣੈ ਪੈ ਰਹੇ ਹਨ। ਦੂਸਰੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਨ ਵਾਲੇ ਵੀ ਆਖ ਰਹੇ ਹਨ ਕਿ ''ਸਰਕਾਰ ਦੇ ਖਿਲਾਫ਼ ਲੜਾਈ ਲੜਨ ਲਈ ਸਖ਼ਤ ਫੈਸਲੇ ਲੈਣੇ ਪੈਣੇ ਹਨ।'' ਦੋਵਾਂ ਪਾਸੇ ਵਧੀ ਸਖ਼ਤਾਈ ਨੇ ਆਮ ਲੋਕਾਂ ਦੀ ਹਾਲਤ ਜਵਾਂ ਹੀ ਉਸ ਕੰਨੀ ਦੇ ਕਿਆਰੇ ਵਰਗੀ ਕਰ ਦਿੱਤੀ ਹੈ, ਜਿਹੜਾ ਅਕਸਰ ਹੀ ਸੁੱਕਾ ਰਹਿੰਦਾ ਹੈ। ਜੇ ਕਿੱਧਰੇ ਹੜ ਵਰਗਾ ਮਹੌਲ ਬਣ ਜਾਵੇ ਤਾਂ ਕਿਤੇ ਉਸ ਨੂੰ ਪਾਣੀ ਨਸੀਬ ਹੁੰਦਾ ਹੈ। ਪਰ ਇਸ ਹੜ੍ਹ 'ਚ ਉਹ ਡੁੱਬ ਮਰਦਾ ਹੈ। ਇਸ ਸਮੇਂ ਲੋਕ ਡੁਬ ਰਹੇ ਹਨ ਤੇ ਮਰ ਰਹੇ ਹਨ। ਹੁਣ ਲੋਕਾਂ ਨੇ ਦੇਖਣਾ ਹੈ ਕਿ ਉਨ੍ਹਾਂ ਨੇ ਲੁੱਟਣ ਵਾਲਿਆਂ ਦੇ ਹੜ੍ਹ ਵਿਚ ਡੁੱਬਣਾ ਹੈ ਜਾਂ ਫਿਰ ਆਪਣੇ ਹਿੱਸੇ ਲਈ ਲੜਾਈ ਲੜਣੀ ਹੈ। ਲੜਨ ਵਗੈਰ ਸਰਨਾ ਨਹੀਂ। ਹੁਣ ਪਤਾ ਲੱਗ ਗਿਆ ਹੈ ਕਿ ਲੜਨਾ ਕਿਨ੍ਹਾਂ ਵਿਰੁਧ ਹੈ - ਜੇ ਹੁਣ ਵੀ ਚੁੱਪ ਰਹੇ ਤਾਂ ਅਗਲੀਆਂ ਨਸਲਾਂ ਸਾਨੂੰ ਮੁਆਫ ਨਹੀਂ ਕਰਨਗੀਆਂ। ਹੁਣ ਲੋੜ ਹੈ ਲੁੱਟਣ ਵਾਲਿਆਂ ਵਿਰੁਧ ਲੜਨ ਦੀ ਤੇ ਆਪਣੀਆਂ ਭੂਮਿਕਾ ਨਿਭਾਉਣ ਦੀ ।
ਸੰਪਰਕ : 9464370823
12 Dec. 2018
ਵਿਅੰਗ : ਸਾਹਿਤ ਦੇ ਭ੍ਰਿਸ਼ਟਚਾਰੀਏ - ਬੁੱਧ ਸਿੰਘ ਨੀਲੋਂ
ਭ੍ਰਿਸ਼ਟਾਚਾਰ ਦੀ ਬੀਮਾਰੀ ਤਾਂ ਦੇਵਤਿਆਂ ਤੇ ਰਾਖਸ਼ਾਂ ਦੇ ਸੁਮੰਦਰ ਮੰਥਨ ਸਮੇਂ ਅੰਮ੍ਰਿਤ ਦੀ ਵੰਡ ਨਾਲ ਸ਼ੁਰੂ ਹੋ ਗਈ ਸੀ। ਹੁਣ ਇਹ ਖਾਨਦਾਨੀ ਬੀਮਾਰੀ ਵਾਂਗ ਪੀੜ੍ਹੀ ਦਰ ਪੀੜ੍ਹੀ ਚਲ ਰਹੀ ਹੈ। ਇਸ ਬੀਮਾਰੀ ਤੋਂ ਨਾ ਕੋਈ ਚੋਰ ਬਚਿਆ ਹੈ ਤੇ ਨਾ ਹੀ ਸਾਧ। ਹੁਣ ਚੋਰ ਤੇ ਸਾਧ ਵਿਚ ਵੀ ਕੋਈ ਫ਼ਰਕ ਨਹੀਂ, ਕਿਉਂਕਿ ਇਹਨਾਂ ਦਾ ਦੋਹਾਂ ਕੰਮ 'ਲੁੱਟਣਾ', ਇਹ ਦੋਵੇਂ ਹੱਥੀਂ ਲੁੱਟਦੇ ਹਨ। ਚੋਰ ਹਨੇਰ 'ਚ ਤੇ ਸਾਧ ਚਾਨਣ ਦੀ ਆੜ 'ਚ ਲੁੱਟਦਾ ਹੈ।
ਕਹਿੰਦੇ ਨੇ ਸਿਆਣਾ ਮਨੁੱਖ ਹੀ ਭ੍ਰਿਸ਼ਟ ਹੁੰਦਾ ਹੈ। ਅੱਜ-ਕੱਲ 'ਬਹੁਤੇ ਸਿਆਣੇ ਮਨੁੱਖ' ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਹਨ ਜਾਂ ਫਿਰ ਵਿਦੇਸ਼ਾਂ ਨੂੰ ਭੱਜ ਗਏ ਹਨ। ਜਿਹੜੇ ਸਿਆਣੇ ਮਨੁੱਖ ਜੇਲ੍ਹ ਤੋਂ ਬਾਹਰ ਹਨ, ਉਹ ਵੀ ਹੌਲੀ ਹੌਲੀ ਕਰਕੇ ਇੱਕ ਦਿਨ ਤਿਹਾੜ ਜੇਲ੍ਹ ਨੂੰ ਪਵਿੱਤਰ ਕਰਨਗੇ ਜਾਂ ਵਿਦੇਸ਼ਾਂ ਨੂੰ ਉਡਾਰੀ ਮਾਰਨਗੇ।
ਏਧਰ ਜਿਹੜੇ 'ਸਿਆਣੇ' ਮਨੁੱਖ ਸਨ ਉਹ ਵੀ ਸਬੂਤਾਂ ਦੀ ਘਾਟ ਕਾਰਨ ਸਭ ਸਾਡੀ ਮਾਨਯੋਗ ਅਦਾਲਤ ਛੱਡੀ ਜਾ ਰਹੀ ਹੈ। ਹੋਰ ਤਾਂ ਹੋਰ ਜਿਹੜੇ ਪਿਛਲੇ ਕਈ ਵਰ੍ਹਿਆਂ ਤੋਂ ਭਗੌੜੇ ਸਨ, ਉਹ ਵੀ ਹੁਣ ਦੁਬਾਰਾ ਪੇਸ਼ ਹੋ ਕੇ ਅਪਣਾ ਖਹਿੜਾ ਛੁਡਾ ਰਹੇ ਹਨ। ਅਦਾਲਤਾਂ ਉਹਨਾਂ ਨੂੰ ਵੀ ਛੱਡੀ ਜਾ ਰਹੀਆਂ ਹਨ । ਉਹ ਇਸ ਕਰਕੇ ਕਿ ਉਹ ਸਾਡੇ ਸਮਾਜ ਦੇ 'ਸਿਆਣੇ' ਮਨੁੱਖ ਹਨ। ਜੇ ਕਿਤੇ ਇਹ 'ਮੁਰਾਰੀ ਲਾਲ' ਵਰਗੇ ਹੁੰਦੇ ਤਾਂ ਮਾਨਯੋਗ ਜੱਜ ਸਾਹਿਬ ਨੇ ਅਦਾਲਤ ਦੀ ਮਾਨਹਾਨੀ ਦਾ ਕੇਸ ਪਾ ਕੇ ਅੰਦਰ ਕਰ ਦੇਣਾ ਸੀ ਕਿਉਂਕਿ ਕਾਨੂੰਨ ਤਾਂ ਬਣੇ ਹੀ ਆਮ ਲੋਕਾਂ ਦੇ ਹੱਡ ਗੋਡੇ ਸੇਕਣ ਲਈ ਹਨ। ਤੇ ਵੱਡਿਆਂ ਦੇ ਲਈ ਸੇਵਾ ਕਰਨ ਲਈ ਹੈ।
ਭ੍ਰਿਸ਼ਟਾਚਾਰ ਦੀ ਦਲਦਲ 'ਚ ਸਰਕਾਰੀ ਅਦਾਰੇ ਬੁਰੀ ਤਰਾਂ੍ਹ ਫਸੇ ਹਨ। ਇਨ੍ਹਾਂ ਦੇ ਕਰਮਚਾਰੀ ਉਪਰਲੀ ਕਮਾਈ ਵੀ ਕਰਦੇ ਹਨ ਤੇ ਮੋਟੀ ਤਨਖਾਹ ਵੀ ਲੈਂਦੇ ਹਨ। ਮੋਟੀ ਕਮਾਈ ਵਾਲੀ ਪੋਸਟ ਦੀ ਤਾਂ ਬੋਲੀ ਵੀ ਲੱਗਦੀ ਹੈ। ਹਰ ਪੋਸਟ ਦਾ ਰੇਟ ਵੱਖ-ਵੱਖ ਹੁੰਦਾ ਹੇ। ਕਈ ਪੋਸਟਾਂ ਤੇ ਇਲਾਕੇ ਲੱਖਾਂ ਤੱਕ ਵੀ ਵਿਕ ਜਾਂਦੇ ਹਨ।
ਸਰਕਾਰੀ ਕਰਮਚਾਰੀ ਤਾਂ ਅਪਣੇ ਆਪ ਨੂੰ ਸਰਕਾਰ ਦੇ ਜੁਆਈ ਅਖਵਾਉਂਦੇ ਹਨ। ਇਨ੍ਹਾਂ ਕੋਲ ਤੁਸੀਂ ਇੱਕ ਵਾਰੀ ਪੁੱਜ ਜਾਵੋ ਤੇ ਇਹ ਤੁਹਾਨੂੰ ਝਟਕਣ ਲਈ ਬਹੁਤੀ ਦੇਰ ਨਹੀ ਲਾਉਂਦੇ । ਇਹ ਤਾਂ ਹਰ ਵੇਲੇ ਅਪਣੀ ਛੁਰੀ ਤਿੱਖੀ ਕਰਕੇ ਰੱਖਦੇ ਹਨ। ਇਨ੍ਹਾਂ ਦੀ ਛੁਰੀ ਤੋਂ ਕੋਈ ਵੀ ਬਚ ਨਹੀਂ ਸਕਦਾ। ਸਮਾਜ ਵਿਚ ਕੋਈ ਵੀ ਥਾਂ ਅਜਿਹੀ ਨਹੀਂ ਜਿੱਥੇ ਘਪਲਾ ਨਾ ਹੋਇਆ ਹੋਵੇ। ਧਰਮ ਵੀ ਇਸ ਬਿਮਾਰੀ ਤੋਂ ਮੁਕਤ ਨਹੀਂ ਕਈ ਸ਼੍ਰੋਮਣੀ ਧਰਮ ਵਾਲਿਆਂ ਨੇ ਤਾਂ ਇਸ ਬਿਮਾਰੀ ਤੋਂ ਬੜਾ ਖੱਟਿਆ ਹੈ। ਕਰੋੜਾਂ ਦਾ ਤਾਂ ਤੇਲ ਹੀ ਪੀ ਗਏ। ਲੰਗਰ ਦਾ ਅਜੇ ਹਿਸਾਬ ਨਹੀਂ ਪੁੱਛਿਆ, ਜਿਸ ਦਿਨ ਉਹਦਾ ਹਿਸਾਬ ਆਇਆ ਤਾਂ . .. ਪਤਾ ਲੱਗੇਗਾ ਕਿੰਨਾਂ ਲੰਗਰ ਛਕ ਗਏ ?
ਸਮਾਜ ਵਿਚ ਇੱਕ ਵਰਗ ਸਾਹਿਤਕਾਰਾਂ ਦਾ ਹੈ। ਇਹ ਸਾਹਿਤਕਾਰ ਸਮਾਜ ਨੂੰ ਸੇਧ ਦੇਣ ਦੇ ਨਾਂ ਹੇਠ ਪੁਸਤਕਾਂ ਲਿਖਦੇ ਹਨ। ਇਹ ਮਾਂ ਬੋਲੀ ਦੀ ਸੇਵਾਦਾਰ ਅਖਵਾਉਣ ਵਿਚ ਫਖ਼ਰ ਮਹਿਸੂਸ ਕਰਦੇ ਹਨ। ਇਹ ਮਾਂ ਬੋਲੀ ਦੀ ਸੇਵਾ ਘੱਟ 'ਅਪਣੀ ਤੇ ਅਪਣੇ ਚਹੇਤੇ ਤੇ ਚਹੇਤੀਆਂ' ਦੀ ਸੇਵਾ ਵੱਧ ਕਰਦੇ ઠਹਨ। ਹਰ ਸ਼ਹਿਰ ਤੇ ਕਸਬੇ ਵਿਚ ਸਾਹਿਤ ਦੇ ਮੱਠ ਹੁੰਦੇ ਹਨ। ਇਨ੍ਹਾਂ ਮੱਠਾਂ ਦਾ ਇੱਕ ਕੇਂਦਰੀ ਮੱਠ ਵੀ ਹੈ। ਕੇਂਦਰੀ ਮੱਠ ਦੀ ਜਦੋਂ ਚੋਣ ਹੁੰਦੀ ਹੈ। ਤਾਂ ਮੱਠ ਦੇ ਕਬਜ਼ਾਧਾਰੀ ਪੱਬਾਂ ਭਾਰ ਹੋ ਜਾਂਦੇ ਹਨ। ਚੋਣਾਂ ਮੌਕੇ ਟਰੱਕ-ਬੱਸਾਂ ਉਪਰ ਲੱਦ ਕੇ 'ਵੋਟਰਾਂ' ਨੂੰ ਲਿਆਉਂਦੇ ਹਨ ਤੇ ਆਪੋ ਅਪਣੀ ਪਾਰਟੀ ਦੇ ઠਹੱਕ ਵਿਚ ਭੁਗਤਾਉਂਦੇ ਹਨ। ਉਹ ਵੋਟਾਂ ਫਿਰ ਅਗਲੀਆਂ ਚੋਣਾਂ ਦੀ ਅੰਡਰ ਗਰਾਊਂਡ ਹੋ ਜਾਂਦੀਆਂ ਹਨ।ઠ
ਹਰ ਮੱਠ ਕੋਈ ਨਾ ਕੋਈ ਸਾਹਿਤਕ ਕਰਵਾ ਕੇ ਅਪਣੇ ਮੁਰਦੇ ਸਰੀਰ ਵਿਚ ਆਕਸੀਜ਼ਨ ਭਰਦਾ ਰਹਿੰਦਾ ਹੈ। ਕਈ ਮੱਠ ਤਾਂ ਬੜੇ ਚਰਚਿਤ ਹਨ। ਜਿਹੜੇ ਹਰ ਮਹੀਨੇ ਕੋਈ ਨ ਕੋਈ ਅਜਿਹਾ 'ਲੱਕਾ ਕਬੂਤਰ' ਭਾਲ ਲੈਂਦੇ ਹਨ, ਜਿਹੜਾ ਇਨ੍ਹਾਂ ਦੇ ਇਸ਼ਾਰੇ 'ਤੇ ਕਲਾਬਾਜ਼ੀਆਂ ਲਾਉਂਦਾ ਹੈ। ਇਹ ਕਬੂਤਰ ਨੂੰ ਚੋਗਾ ਹੀ ਨਹੀਂ ਪਾਉਂਦੇ ਸਗੋਂ ਉਸ ਦਾ ਮਾਸ ਖਾਣ ਤੱਕ ਜਾਂਦੇ ਹਨ। ਜੇ ਕਿਤੇ ਕੋਈ 'ਕਬੂਤਰੀ' ਹੋਵੇ ਫਿਰ ਤਾਂ ਇਹ ਡੰਡੋਤ ਵੀ ਕਰਦੇ ਹਨ। ਸਪੇਰੇ ਵਾਂਗ ਬੀਨ ਵਜਾਉਂਦੇ ਨੇ ਉਸ ਦੇ ਸੋਹਿਲੇ ਗਾਉਂਦੇ ਨੇ।
ਹਰ ਮੱਠ ਦਾ ਆਪੋ ਅਪਣਾ ਦਾਇਰਾ ਹੈ। ਜਿਹੜੇ ਮੱਠ ਹਰ ਸਾਲ ਪੁਰਸਕਾਰ ਵੰਡਦੇ ਹਨ। ਉਨ੍ਹਾਂ ਮੱਠਾਂ ਦੇ ਪੁਜਾਰੀਆਂ ਦੀ ਬੜੀ ਕਦਰ ਹੁੰਦੀ ਹੈ। ਹਰ ਸਾਲ ਇਹ ਮੱਠ ਵਾਲੇ ਆਪੋ ਆਪਣੇ ਚਹੇਤੇ ਚਹੇਤੀਆਂ ਨੂੰ ਪੁਰਸਕਾਰ ਦੇ ਕੇ ਬਾਹਰ ਵਿਦੇਸ਼ਾਂ ਦਾ ਟੂਰ ਕਰਦੇ ਹਨ ਤੇ ਮੋਟੀ ਗਜਾ ਕਰਕੇ ਮੁੜਦੇ ਹਨ। ਪਿਛਲੀ ਵਾਰੀ ਇੱਕ ਮੱਠ ਦੇ ਪੁਜਾਰੀ ਨੇ ਤਾਂ ਗਜਾ ਕਰਨ ਵਾਲੇ ਅਗਲੇ ਪਿਛਲੇ ਸਾਰੇ ਹੀ ਰਿਕਾਰਡ ਤੋੜ ਦਿੱਤੇ। ਜਦੋਂ ਮੱਠ ਵਾਪਸ ਆਇਆ ਤਾਂ ਬੀਮਾਰ ਹੋ ਕੇ ਹਸਪਤਾਲ ਦਾਖਿਲ ਹੋ ਕੇ ਪੈ ਗਿਆ। ਜਦੋਂ ਪੁਜਾਰੀ ਬੀਮਾਰ ਹੋਵੇ ਫਿਰ ਕਿਸ ਨੇ ਪੁਛਣਾ ਸੀ ਕਿ ਵਿਦੇਸ਼ 'ਚ ਕੀਤੀ ਗਜਾ ਦਾ ਹਿਸਾਬ ਕਿਤਾਬ।
ਖੈਰ ਪੁਰਸਕਾਰ ਹਾਸਲ ਕਰਨ ਦੀ ਦੌੜ ਵਿੱਚ ਕਈ ਤਾਂ ਪੁਰਸਕਾਰ ਵਿਚ ਮਿਲਣ ਵਾਲੀ ਰਾਸ਼ੀ ਤੋਂ ਵਧੇਰੇ ਪੱਲਿਓਂ ਖ਼ਰਚ ਕਰ ਦੇਂਦੇ ਹਨ। ਉਹ ਪੁਰਸਕਾਰ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦਾ ਹਰਬਾ ਵਰਤਦੇ ਹਨ। ਉਹ ਅਪਣੇ ਅੰਦਰਲੇ ਮਨੁੱਖ ਨੂੰ ਮਾਰ ਲੈਂਦੇ ਹਨ। ਉਹ ਪੁਰਸਕਾਰ ਲੈਣ ਲਈ ਕੀ ਕੀ ਕਰਦੇ ਹਨ ? ਇਹ ਤਾਂ ਉਹ ਹੀ ਜਾਣਦੇ ਹਨ ਜਿਹੜੇ ਪੁਰਸਕਾਰ ਲਈ ਖ਼ਾਕ ਛਾਣਦੇ ਹਨ।
ਜਦੋਂ ਮੱਠ ਪੁਰਸਕਾਰ ਦੇਣ ਲਈ ਨਾਵਾਂ ਦੀ ਭਾਲ ਕਰਦੇ ਹਨ ਤਾਂ ਪੁਰਸਕਾਰ ਹਥਿਆਉਣ ਵਾਲੇ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਨ। ਕੋਈ ਝੋਲੀ ਅੱਡ ਕੇ, ਕੋਈ ਡੰਡੋਤ ਕਰਦਾ ਹੈ। ਕੋਈ ਹੋਰ ਢੰਗ ਤਰੀਕਾ ਵਰਤਦਾ ਹੈ। ਪਹਿਲਾਂ ਅਗਲਾ ਮਿੰਨਤ ਤਰਲਾ ਕਰਦਾ ਹੈ ਜੇ ਲਿਸਟ 'ਚ ਉਸ ਦਾ ਨਾਂਅ ਨਾ ਦਿਖੇ ਤਾਂ ਉਹ ਕੱਟੇ ਵਾਂਗ ਅਰਾਟ ਪਾਉਂਦਾ ਹੈ। ਉਸ ਦਾ ਇਹ ਅਰਾਟ ਜਦੋਂ ਕੋਈ ਸੁਣਦਾ ਨਹੀਂ ਤਾਂ ਉਹ ਕੁੱਤੇ ਵਾਂਗ ਆਪਣੇ ਕੀਤੇ ਜ਼ਖ਼ਮਾਂ ਨੂੰ ਆਪਣੀ ਹੀ ਜੀਭ ਨਾਲ ਚੱਟਣ ਲੱਗਦਾ ਹੈ ਤੇ ਫੇਰ ਜੁਆਕਾਂ ਵਾਂਗ ਰੋਣ ਲਗਦਾ ਹੈ। ਇਹ ਵੀ ਆਪਣੀ ਕਿਸਮ ਦਾ ਸੋਸ਼ਣ ਹੈ। ਇਸ ਭ੍ਰਿਸ਼ਟਾਚਾਰ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਕੋਈ ਤਨ, ਕੋਈ ਮਨ, ਕੋਈ ਧਨ ਤੇ ਕੋਈ ਜਜ਼ਬਾਤਾਂ ਤੇ ਭਾਵਨਾਵਾਂ ਦਾ ਢੰਗ ਤਰੀਕਾ ਵਰਤਦਾ ਹੈ।
ਕਈ ਤਾਂ ਸ਼ਬਦਾਂ ਦੀਆਂ ਉਲਟੀਆਂ ਕਰ ਕਰ ਕੇ ਚਾਰੇ ਪਾਸੇ ਬਦਬੂ ਫ਼ੈਲਾ ਦੇਂਦੇ ਹਨ। ਜਦੋਂ ਉਨ੍ਹਾਂ ਨੂੰ ਉਹ ਬੋਅ ਚੜ੍ਹਦੀ ਹੈ ਤਾਂ ਫਿਰ ਉਹ ਖਾਮੋਸ਼ ਹੋ ਜਾਂਦੇ । ਉਨ੍ਹਾਂ ਦੀ ਖਾਮੋਸ਼ੀ ਉਦਾਸੀ ਵਿਚ ਬਦਲ ਜਾਂਦੀ ਹੈ।
ਕਈ ਮੱਠਾਂ ਦਾ ਕੰਮ ਹੀ ਪੁਸਤਕਾਂ ਰਿਲੀਜ਼ ਕਰਨੀਆਂ, ਗੋਸ਼ਟੀਆਂ ਕਰਵਾਉਣੀਆਂ ਬਣ ਗਿਆ ਹੈ। ਉਹ ਪੁਸਤਕ ਰਿਲੀਜ਼ ਮੌਕੇ ਲੇਖਕ, ਲੇਖਿਕਾ ਨੂੰ ਅਸਮਾਨ 'ਤੇ ਚਾੜਣ ਦੀ ਕੋਈ ਕਸਰ ਬਾਕੀ ਨਹੀਂ ਛੱਡਦੇ । ਅਖ਼ਬਾਰਾਂ ਵਿਚ ਖ਼ਬਰਾਂ ਤੇ ਫੋਟੋਆਂ ਲਵਾ ਕੇ ਬੱਲੇ ਬੱਲੇ ਕਰਵਾਉਂਦੇ ਹਨ। ਇਹ ਮੱਠ ਵਾਲੇ ਪਰਵਾਸੀ ਲੇਖਕਾਂ ਤੇ ਖਾਸਕਰ 'ਬੀਬੀਆਂ' ਦਾ ਬਹੁਤਾ ਖਿਆਲ ਰੱਖਦੇ ਹਨ। ਇਹ ਸਦਾ ਛੱਤਰੀ ਤਾਣੀ ਰੱਖਦੇ ਹਨ। ਹਰ ਮਹੀਨੇ ਕੋਈ ਨਾ ਕੋਈ 'ਕਬੂਤਰ ਕਬੂਤਰੀ' ਛੱਤਰੀ ਉੱਤੇ ਉਤਾਰ ਹੀ ਲੈਂਦੇ ਹਨ। ਜੇ ਕਿਸੇ ਕੋਲ ਪੁਸਤਕ ਵੀ ਨਾ ਹੋਵੇ ਤਾਂ ਇਹ ਦਿਨਾਂ ਵਿਚ ਹੀ ਪੁਸਤਕ ਦਾ ਪ੍ਰਬੰਧ ਕਰ ਲੈਂਦੇ ਹਨ। ਝੱਟ - ਪੱਟ ਛਪਵਾ ਕੇ ਰਿਲੀਜ਼ ਕਰ ਦੇਂਦੇ ਹਨ। ਇਹਨਾਂ ਮੱਠਾਂ ਵਾਲਿਆਂ ਨੇ ਕਈ 'ਬੀਬੀਆਂ ' ਨੂੰ ਸਾਹਿਤ ਦੇ ਮੈਦਾਨ ਵਿਚ ਲਾਂਚ ਵੀ ਕੀਤਾ ਹੈ। ਉਨ੍ਹਾਂ ਨੂੰ 'ਪੰਜਾਬ ਦੀ ਧੀ' ਪੁਰਸਕਾਰ ਵੀ ਦਿੱਤਾ ਹੈ।
ਇਨ੍ਹਾਂ ਮੱਠ ਵਾਲਿਆਂ ਦਾ ਪ੍ਰਕਾਸ਼ਕਾਂ ਨਾਲ ਸਿੱਧਾ ਸਬੰਧ ਹੁੰਦਾ ਹੈ, ਜਿਹੜੇ ਹਰ ਕਿਸੇ ਤੋਂ ਦੁਗੱਣੇ ਪੈਸੇ ਲੈ ਕੇ ਪੁਸਤਕ ਛਾਪਦੇ ਹਨ। ਸੌ ਡੇਢ ਲੇਖਕ ਦੇ ਹੱਥ ਫੜਾ ਬਾਕੀ ਦਾ ਫੇਰ ਮੁੱਲ ਵੱਟਦੇ ਹਨ। ਇਹਨਾਂ ਪ੍ਰਕਾਸ਼ਕਾਂ ਦਾ ਅੱਗੇ ਲਾਇਬ੍ਰੇਰੀਆਂ ਤੇ ਯੂਨੀਵਰਸਿਟੀ ਦੀਆਂ ਸਿਲੇਬਸ ਕਮੇਟੀਆਂ ਨਾਲ ਸਬੰਧ ਹੁੰਦਾ ਹੈ। ਇਹ ਕਮੇਟੀ ਵਾਲੇ ਉਸ ਪ੍ਰਕਾਸ਼ਕ ਦੀ ਕੋਈ ਨਾ ਕੋਈ ਪੁਸਤਕ ਸਿਲੇਬਸ ਵਿਚ ਲਾ ਦਿੰਦੇ ਹਨ ਤੇ ਫਿਰ ਪ੍ਰਕਾਸ਼ਕਾਂ ਦਾ ਕਈ ਵਰ੍ਹੇ ਤੋਰੀ ਫੁਲਕਾ ਚਲਦਾ ਰਹਿੰਦਾ ਹੈ। ਇਹ 'ਮਾਂ ਬੋਲੀ ਦੇ ਸੇਵਾਦਾਰ' ਹਰ ਸਾਲ ਆਪਣੀ ਝੋਲੀ ਭਰਦੇ ਰਹਿੰਦੇ ਹਨ। ਇਨ੍ਹਾਂ ਦਾ ਆਪਣਾ ਹੀ ਨੈਟਵਰਕ ਹੁੰਦਾ ਹੈ। ਕਈ ਤਾਂ ਜੁਗਾੜ ਲਾ ਕੇ 'ਸਰਬੋਤਮ ਪ੍ਰਕਾਸ਼ਕ' ਦਾ ਪੁਰਸਕਾਰ ਵੀ ਢੁੱਕ ਲੈਂਦੇ ਹਨ।
ਹਰ ਮੱਠ ਦਾ ਆਪੋ ਆਪਣਾ ਘੇਰਾ ਹੁੰਦਾ ਹੈ। ਇਹ ਆਪਣੇ ਘੇਰੇ ਵਿਚ ਕਿਸੇ ਗ਼ੈਰ ਨੂੰ ਦਖ਼ਲ ਨਹੀਂ ਹੋਣ ਦੇਂਦੇ। ਮੱਠ 'ਤੇ ਕਿਸੇ ਦਾ ਕਬਜ਼ਾ ਵੀ ਨਹੀਂ ਹੋਣ ਦੇਂਦੇ ਜੇ ਕਦੇ ਕਿਸੇ ਚੋਣ ਵਿਚ ઠਹਾਰ ਦੀ ਹਾਲਤ ਬਣ ਜਾਵੇ ਇਹ ਪਾਸਾ ਬਦਲਣ ਲੱਗੇ ਦੇਰ ਨਹੀਂ ਲਾਉਂਦੇ। ਇਹ ਵੀ ਸਿਆਸੀ ਆਗੂਆਂ ਵਾਂਗ ਪੱਗ ਬਦਲਕੇ ਦੂਜੇ ਪਾਸੇ ਜਾ ਹੱਥ ਮਿਲਾਉਂਦੇ ਹਨ ਤਾਂ ਕਿ ਮੱਠ 'ਤੇ ਕੋਈ ਹੋਰ ਕਬਜ਼ਾ ਨਾ ਕਰ ਲਵੇ। ਉਂਝ ਇਹ ਮੱਠ ਹਰ ਸਾਲ ਆਪੋ ਅਪਣੇ ਚਹੇਤਿਆਂ ਦੀਆਂ ਵੋਟਾਂ ਬਣਾਉਂਦੇ ਰਹਿੰਦੇ ਹਨ ਤਾਂ ਕਿ ਮੱਠ ਵਿਚ ਧੜਾ ਭਾਰੂ ਰਹੇ।
ਮੱਠ ਦੇ ਪੁਜਾਰੀ ਹਰ ਸਾਲ ਠੰਢੇ ਮੁਲਕਾਂ ਵਿਚ 'ਮਾਂ ਬੋਲੀ' ਦੀ ਸੇਵਾ ਲਈ ਉਗਰਾਈ ਉੱਤੇ ਜਾਂਦੇ ਹਨ। ਮਾਂ ਬੋਲੀ ਦੇ ਨਾਂ ਉਤੇ ਮੋਟੀ ਮਾਰ, ਮਾਰ ਕੇ ਮੁੜਦੇ ਹਨ। ਉਧਰ ਬੈਠੇ ਪੰਜਾਬੀਆਂ ਨੂੰ ਇਹ 'ਮਾਂ ਬੋਲੀ' ਦੇ ਪੁਜਾਰੀ ਭਰਮਾਉਂਦੇ ਹਨ, 'ਮਾਂ ਬੋਲੀ' ਮਰ ਰਹੀ ਹੈ, ਦਾ ਵਾਸਤਾ ਪਾਉਂਦੇ ਤੇ ਉਨ੍ਹਾਂ ਦੀਆਂ ਜੇਬਾਂ ਖਾਲੀ ਕਰਵਾਉਂਦੇ ਹਨ ਤੇ ਇਧਰ ਆ ਕੇ ਮਾ ਬੋਲੀ ਦੇ ਨਾਂ 'ਤੇ ਕੋਈ ਛੋਟਾ ਮੋਟਾ ਸੈਮੀਨਾਰ ਕਰਵਾਉਂਦੇ ਹਨ। ਬਾਕੀ ਮਾਲ ਜੇਬ 'ਚ ਪਾਉਂਦੇ ਹਨ ਤੇ ઠਲੋਕਾਂ ਵਿਚ ਮਾਂ ਬੋਲੀ ਦੇ ਸੇਵਕ ਅਖਵਾਉਂਦੇ ਹਨ। ਇਹ ਮਾਂ ਬੋਲੀ ਦੇ ਸੇਵਕ ਹੋਰ ਕੀ ਕੀ ਕਰਦੇ ਹਨ? ਇਹ ਕਦੇ ਫੇਰ ਦੱਸਾਂਗੇ ਅਜੇ ਤੁਸੀਂ ਆਖੋ 'ਮਾਂ ਬੋਲੀ ਦੇ ਸੇਵਕਾਂ' ਦੀ ਜੈ । ਸਾਹਿਤਕ ਭ੍ਰਿਸ਼ਟਾਚਾਰ ਜ਼ਿੰਦਾਬਾਦ- ਜ਼ਿੰਦਾਬਾਦ ।
ਸੰਪਰਕ : 94643-70823
budhsinghneelon@gmail.com
ਮਸਲਾ-ਏ-ਅਵਾਮ : ਸੱਚ ਬੋਲਿਆਂ ਭਾਂਬੜ ਮੱਚਦੈ - ਬੁੱਧ ਸਿੰਘ ਨੀਲੋਂ
ਸੱਚ ਬੋਲਣਾ, ਸੱਚ ਲਿਖਣਾ, ਸੱਚ ਸੁਣਨਾ, ਸੱਚ ਲਈ ਕੁਰਬਾਨ ਹੋਣਾ ਬੜਾ ਔਖਾ ਮਾਰਗ ਹੈ। ਅਸੀਂ ਝੂਠ ਬੋਲਣਾ ਤੇ ਸੁਣਨਾ ਹੀ ਪਸੰਦ ਕਰਦੇ ਹਾਂ। ਅਸੀਂ ਕਦੇ ਵੀ ਚਾਹੁੰਦੇ ਨਹੀਂ ਕਿ ਅਸੀਂ ਸੱਚ ਆਖੀਏ। ਸੱਚ ਨੂੰ ਤਲੀ ਉੱਤੇ ਰੱਖਕੇ ਤੁਰਨਾ ਬੜਾ ਔਖਾ ਕੰਮ ਹੈ। ਤੁਰਨ ਤੇ ਰੀਂਗਣ ਵਿੱਚ ਫ਼ਰਕ ਹੁੰਦਾ ਹੈ, ਪਰ ਅਸੀਂ ਇਹ ਫ਼ਰਕ ਨਹੀਂ ਸਮਝਦੇ। ਅਸੀਂ ਬਹੁਤਾ ਸਮਾਂ ਭਰਮ-ਭੁਲੇਖਿਆਂ ਵਿੱਚ ਹੀ ਗੁਜ਼ਾਰ ਦਿੰਦੇ ਹਾਂ।ઠ
ਅਸੀਂ ਬਹੁਤੇ ਧਰਤੀ ਉੱਤੇ ਰੀਂਗਦੇ ਹੀ ਹਾਂ, ਪਰ ਅਸੀਂ ਤੁਰਨ ਦਾ ਭਰਮ ਪਾਲੀ ਰੱਖਦੇ ਹਾਂ। ਤੁਰਨ ਲਈ ਸਾਨੂੰ ਲੱਤਾਂ ਦੀ ਨਹੀਂ, ਸੋਚ ਦੀ ਲੋੜ ਹੁੰਦੀ ਹੈ। ਸੋਚ ਇੱਕ ਦਿਨ ਵਿੱਚ ਪੈਦਾ ਨਹੀਂ ਹੁੰਦੀ। ਸੋਚ ਪੈਦਾ ਕਰਨ ਲਈ ਸਾਧਨਾ ਕਰਨੀ ਪੈਂਦੀ ਹੈ। ਅਸੀਂ ਸਾਧਨਾ ਕਰਨੀ ਭੁੱਲਦੇ ਜਾ ਰਹੇ ਹਾਂ। ਅਸੀਂ ਕਿਰਤ ਨਹੀਂ ਕਰਦੇ। ਇੱਕ ਦਿਨ ਵਿੱਚ ਹੀ ਅਮੀਰ ਹੋਣ ਦੀ ਉਡੀਕ ਵਿੱਚ ਭੱਜੇ ਰਹਿੰਦੇ ਹਾਂ।
ਸੱਚ ਜਾਣਨ ਦੀ ਸਾਡੇ ਅੰਦਰ ਹਿੰਮਤ ਮਰ ਗਈ ਹੈ। ਇਸ ਮਰਨ ਦੇ ਚੱਕਰ ਵਿੱਚ ਅਸੀਂ ਉਲਝ ਗਏ ਹਾਂ। ਅਸੀਂ ਆਪਣੀ ਉਲਝਣ ਹੱਲ ਕਰਨ ਦੇ ਲਈ ਨਰਕ ਭਰੀ ਜ਼ਿੰਦਗੀ ਬਸਰ ਕਰਨ ਲੱਗਦੇ ਹਾਂ। ਸੱਚ ਲਿਖਣਾ ਤੇ ਬੋਲਣਾ, ਸੀਸ ਤਲੀ ਉੱਤੇ ਧਰਨਾ ਹੁੰਦਾ ਹੈ। ਸੀਸ ਤਲੀ ਉੱਤੇ ਧਰ ਕੇ ਲਿਖਣ ਦੀ ਸ਼ਕਤੀ ਹਰ ਕਿਸੇ ਹਿੱਸੇ ਨਹੀਂ ਆਉਂਦੀ। ਸੀਸ ਤਲੀ ਉੱਤੇ ਉਹੀ ਰੱਖ ਸਕਦਾ ਹੈ, ਜਿਸਨੂੰ ਜ਼ਿੰਦਗੀ ਨਾਲ ਇਸ਼ਕ ਹੋਵੇ। ਇਸ਼ਕ ਉਹੀ ਵਿਅਕਤੀ ਕਰਦਾ ਹੈ, ਜਿਸਨੂੰ ਸੀਸ ਤਲੀ ਤੇ ਰੱਖਣ ਦਾ ਵਲ ਹੋਵੇ। ਅਸੀਂ ਬਹੁਤੇ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਹੋਣ ਦੇ ਭਰਮ ਵਿੱਚ ਸਿਰ ਉੱਚਾ ਕਰਕੇ ਤੁਰਦੇ ਹਾਂ। ਅਸੀਂ ਮਰਨਾ ਨਹੀਂ, ਮਾਰਨ ਵਿੱਚ ਵਿਸ਼ਵਾਸ ਰੱਖਦੇ ਹਾਂ।
ਅਸੀਂ ਸੁਪਨੇ ਬਹੁਤ ਵੇਖਦੇ ਹਾਂ, ਪਰ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦਾ ਕਾਰਜ ਨਹੀਂ ਕਰਦੇ। ਅਸੀਂ ਭਗਤ ਸਿੰਘ ਦੀ ਨਕਲ ਤਾਂ ਕਰਦੇ ਹਾਂ, ਪਰ ਭਗਤ ਸਿੰਘ ਵਰਗਾ ਬਨਣ ਦੀ ਕੋਸ਼ਿਸ਼ ਨਹੀਂ ਕਰਦੇ। ਅਸੀਂ ਉਸਦੀ ਵਿਚਾਰਧਾਰਾ ਨੂੰ ਵੀ ਨਹੀਂ ਮੰਨਦੇ। ਅਸੀਂ ਭਗਤ ਸਿੰਘ ਹੋਣ ਦਾ ਦੰਭ ਰਚਦੇ ਹਾਂ, ਪਰ ਉਸ ਵਾਂਗ ਸੀਸ ਤਲੀ ਉੱਤੇ ਰੱਖ ਕੇ ਨਹੀਂ ਤੁਰਦੇ। ਮੌਤ ਮਨੁੱਖ ਦੀ ਜ਼ਿੰਦਗੀ ਦਾ ਅੰਤਮ ਸਿਰਨਾਵਾਂ ਨਹੀਂ ਹੁੰਦੀ। ਅਸੀਂ ਉਸ ਮੌਤ ਦਾ ਦੁੱਖ ਮਨਾਉਂਦੇ ਹਾਂ, ਜਿਹੜੀ ਮੌਤ ਅਚਾਨਕ ਆਉਂਦੀ ਹੈ। ਮੌਤ ਕਦੇ ਵੀ ਅਚਾਨਕ ਨਹੀਂ ਆਉਂਦੀ। ਮੌਤ ਆਉਣ ਦੇ ਕਾਰਨ ਬਣਦੇ ਹਨ। ਅਸੀਂ ਕਾਰਨਾਂ ਦੀ ਜਾਚ ਨਹੀਂ ਕਰਦੇ। ਸਗੋਂ ਮੌਤ ਦਾ ਸੋਗ ਮਨਾਉਂਦੇ ਹਾਂ।
ਅਸੀਂ ਨਿੱਤ ਮਰਦੇ ਹਾਂ। ਪਲ-ਪਲ ਮਰਦੇ ਹਾਂ। ਹਰ ਸਾਹ ਮਰਦੇ ਹਾਂ, ਪਰ ਇਸਨੂੰ ਅਸੀਂ ਮੌਤ ਨਹੀਂ ਸਮਝਦੇ, ਜਿਹੜੇ ਮੌਤ ਨੂੰ ਅੰਤਮ ਜੰਗ ਮੰਨਦੇ ਹਨ। ਅਸਲ ਵਿੱਚ ਉਹ ਜ਼ਿੰਦਗੀ ਦੀ ਜੰਗ ਦੇ ਹਾਰ ਚੁੱਕੇ ਘੋੜੇ ਹੁੰਦੇ ਹਨ। ਮੌਤ ਦਾ ਸਿਰਨਾਵਾਂ ਆਪਣੇ ਮੱਥੇ ਉੱਤੇ ਲਿਖਣ ਵਾਲੇ ਕਦੇ ਵੀ ਮਰਦੇ ਨਹੀਂ, ਉਹ ਤਾਂ ਸਦੀਆਂ ਤੱਕ ਮਨੁੱਖਾਂ ਦੇ ਚੇਤਿਆਂ ਦੀ ਸਰਦਲ ਉੱਤੇ ਉਕੇਰ ਜਾਂਦੇ ਹਨ।
ਹਰ ਕੋਈ ਆਪਣੇ ਲਈ ਕਮਾਉਂਦਾ ਤੇ ਮਰਦਾ ਹੈ। ਉਸਦੀ ਮੌਤ ਜਾਂ ਕਮਾਈ ਨੂੰ ਕੋਈ ਯਾਦ ਨਹੀਂ ਕਰਦਾ। ਜਿਹੜੇ ਕਿਸੇ ਕੌਮ ਲਈ ਮਰਦੇ ਹਨ। ਉਨ੍ਹਾਂ ਦੀ ਮੌਤ ਜ਼ਿੰਦਗੀ ਵਿੱਚ ਬਦਲ ਜਾਂਦੀ ਹੈ। ਕਈ ਮਰਕੇ ਜ਼ਿੰਦਗੀ ਜਿਉਂਦੇ ਹਨ। ਕਈ ਜਿਉਂਦੇ ਮਰ ਜਾਂਦੇ ਹਨ। ਉਨ੍ਹਾਂ ਨੂੰ ਕੋਈ ਯਾਦ ਨਹੀਂ ਕਰਦਾ। ਯਾਦ ਅਸੀਂ ਉਨ੍ਹਾਂ ਨੂੰ ਹੀ ਕਰਦੇ ਹਾਂ, ਜੋ ਯਾਦ ਕਰਨ ਦੀ ਉਡੀਕ ਦਿੰਦਾ ਹੈ। ਉਡੀਕ ਕਰਨੀ ਬੜੀ ਔਖੀ ਹੈ। ਅਸੀਂ ਉਡੀਕ ਵਿੱਚ ਭਟਕ ਜਾਂਦੇ ਹਾਂ, ਜਾਂ ਫਿਰ ਮਰ ਜਾਂਦੇ ਹਾਂ। ਸੱਚ ਦੀ ਸਰਦਲ ਉੱਤੇ ਕੋਈ ਹੀ ਦਸਤਕ ਦਿੰਦਾ ਹੈ। ਪਿਆਰ ਅਸੀਂ ਦੂਸਰੇ ਨੂੰ ਨਹੀਂ ਕਰਦੇ। ਖ਼ੁਦ ਨੂੰ ਪਿਆਰ ਕਰਦੇ ਹਾਂ। ਦੂਸਰੇ ਨੂੰ ਪਿਆਰ ਕਰਕੇ ਅਸੀਂ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਾਂ। ਪਿਆਰ ਕਰਨਾ ਤੇ ਪਿਆਰ ਵਿੱਚ ਜਿਉਣਾ ਸੌਖਾ ਕੰਮ ਨਹੀਂ। ਸੱਚ ਦੇ ਬੂਹੇ ਅਤੇ ਬਾਰੀਆਂ ਦੇ ਮੂਹਰੇ ਝੂਠ ਦਾ ਢੇਰ ਰਹਿੰਦਾ ਹੈ। ਉਹ ਸੱਚ ਨੂੰ ਜਾਨਣ ਵਾਲਿਆਂ ਦਾ ਵੈਰੀ ਹੁੰਦਾ ਹੈ। ਸੱਚ ਨੂੰ ਸਦਾ ਜ਼ਹਿਰ ਮਿਲਦੀ ਹੈ। ਜ਼ਹਿਰ ਇਹ ਹਰ ਕਿਸੇ ਨੂੰ ਨਹੀਂ ਨਸੀਬ ਹੁੰਦੀ। ਜ਼ਹਿਰ ਪੀਣ ਲਈ ਸੱਚ ਦੇ ਮਾਰਗ ਤੇ ਤੁਰਨਾ ਪੈਂਦਾ ਹੈ। ਇਹ ਮਾਰਗ ਸੁੱਖਾਂ ਦੀ ਤਲਾਸ਼ ਵਾਲਿਆਂ ਦੇ ਹਿੱਸੇ ਨਹੀਂ ਆਉਂਦਾ। ਜਦੋਂ ਅਸੀਂ ਆਪਣੀ 'ਮੈਂ' ਵਿੱਚ ਹੁੰਦੇ ਹਾਂ, ਉਦੋਂ ਅਸੀਂ ਨਫ਼ਰਤ ਦੀ ਪੰਡ ਨੂੰ ਭਾਰੀ ਕਰਦੇ ਹਾਂ। ਇਹ ਨਫ਼ਰਤ ਦੀ ਪੰਡ ਸਾਨੂੰ ਬ੍ਰਿਹੋਂ ਦਾ ਸੇਕ ਲਗਾਉਂਦੀ ਹੈ। ਬ੍ਰਿਹੋਂ ਦੇ ਸੇਕ ਵਿੱਚ ਸੜਨਾ ਸੌਖਾ ਨਹੀਂ ਹੁੰਦਾ। ਦੂਸਰੇ ਦੇ ਮੋਢਿਆਂ ਉੱਤੇ ਚੜ੍ਹ ਕੇ ਅਸੀਂ ਦਰਿਆ ਤਾਂ ਪਾਰ ਕਰ ਸਕਦੇ ਹਾਂ ਪਰ ਅਸੀਂ ਬ੍ਰਿਹੋਂ ਦਾ ਸੇਕ ਨਹੀਂ ਜਰ ਸਕਦੇ।ઠ
ਸੱਚ ਜਾਨਣ ਦੀ ਇੱਛਾ ਤਾਂ ਹੁੰਦੀ ਹੈ, ਪਰ ਅਸੀਂ ਸੱਚ ਦੇ ਵਪਾਰੀ ਨਹੀਂ ਬਣਦੇ। ਸੱਚ ਤੇ ਮੁਹੱਬਤ ਬਹੁਤ ਪਾਕਿ ਹੁੰਦੀ ਹੈ। ਅਸੀਂ ਇਸ ਪਾਕਿ ਤੇ ਪਵਿੱਤਰ ਸੋਚ ਨੂੰ ਮਹਿਜ਼ ਦੇਹ ਨਾਲ ਜੋੜ ਲਿਆ ਹੈ। ਦੇਹ ਦੇ ਨਾਲ ਜੁੜਨਾ ਵੀ ਸੋਚ ਨੂੰ ਪਾਉਣਾ ਹੁੰਦਾ ਹੈ। ਪਰ ਅਸੀਂ ਜਦੋਂ ਪਿਆਰ ਨੂੰ ਵਪਾਰ ਸਮਝਣ ਲੱਗਦੇ ਹਾਂ ਉਹ ਪਿਆਰ ਨਹੀਂ ਰਹਿੰਦਾ। ਪਿਆਰ ਅਤੇ ਜੰਗ ਵਿੱਚ ਸਭ ਜਾਇਜ਼ ਹੁੰਦਾ ਹੈ। ਵਪਾਰੀ ਬੰਦੇ ਪਿਆਰ ਵਿੱਚੋਂ ਖਟਦੇ ਹਨ। ਭੋਲੇ-ਭਾਲੇ ਬੰਦੇ ਪਿਆਰ ਵਿੱਚ ਜਾਨ ਕੁਰਬਾਨ ਕਰ ਦਿੰਦੇ ਹਨ। ਬੁੱਲ੍ਹੇ ਨੇ ਜਦ ਸੱਚ ਬੋਲਿਆ ਸੀ, ਉਸਨੂੰ ਸਜ਼ਾ ਮਿਲੀ ਸੀ।ઠ
ਸੁਕਰਾਤ ਨੇ ਸੱਚ ਬੋਲਿਆ ਸੀ ਤਾਂ ਜ਼ਹਿਰ ਦਾ ਪਿਆਲਾ ਮਿਲਿਆ ਸੀ। ਜ਼ਹਿਰ ਦਾ ਪਿਆਲਾ ਨਸੀਬ ਕਰਨ ਲਈ ਸੱਚ ਦੇ ਲੜ ਲੱਗਣਾ ਪੈਂਦਾ ਹੈ। ਹੁਣ ਜਦੋਂ ਚਾਰੇ ਪਾਸੇ ਝੂਠ ਦਾ ਬੋਲਬਾਲਾ ਹੈ। ਝੂਠ ਦੇ ਢੋਲ ਵੱਜ ਰਹੇ ਹਨ। ਅਸੀਂ ਹਰ ਪਾਸੇ ਝੂਠ ਦਾ ਮੰਦਰ ਉਸਾਰ ਲਿਆ ਹੈ। ਅਸੀਂ ਧਰਮ ਨੂੰ ਝੂਠ ਦੇ ਲੜ ਲਾ ਦਿੱਤਾ ਹੈ। ਧਰਮ ਨੂੰ ਹਨੇਰੇ ਵੱਲ ਤੌਰ ਲਿਆ ਹੈ। ਧਰਮ ਨੂੰ ਵਪਾਰ ਬਣਾ ਲਿਆ ਹੈ। ਸੱਚ ਦੇ ਨਾਂਅ ਹੇਠ ਅਸੀਂ ਸੱਚਾ ਸੌਦਾ ਵੇਚਣ ਦਾ ਦੰਭ ਕਰਦੇ ਹਾਂ, ਪਰ ਅਸੀਂ ਖੁਦ ਝੂਠ ਬੋਲਦੇ ਹਾਂ ਤੇ ਦੂਸਰੇ ਨੂੰ ਸੱਚ ਬੋਲਣ ਦੀ ਨਸੀਹਤ ਦਿੰਦੇ ਹਾਂ। ਸੱਚ ਬੋਲਣ ਲਈ ਜੁਰਅਤ ਦੀ ਲੋੜ ਹੈ। ਸ਼ਕਤੀ ਦੀ ਲੋੜ ਹੁੰਦੀ ਹੈ। ਪਰ ਸਾਡੇ ਅੰਦਰੋਂ ਸੱਚ ਬੋਲਣ ਦੀ ਤਾਕਤ ਖ਼ਤਮ ਹੋ ਗਈ ਹੈ। ਅਸੀਂ ਝੂਠ ਬੋਲਣ ਤੇ ਸੁਣਨ ਦੇ ਆਦੀ ਹੋ ਗਏ ਹਾਂ। ਸੱਚ ਬੋਲਣ ਨਾਲ ਹੁਣ ਭਾਂਬੜ ਮੱਚਦੇ ਹਨ। ਸਾਡੇ ਅੰਦਰ ਸੱਚ ਲਿਖਣ ਦੀ ਦਲੇਰੀ ਕਦੋਂ ਆਵੇਗੀ? ਇਹ ਦਲੇਰੀ ਆਵੇਗੀ ਵੀ ਜਾਂ ਫਿਰ ਨਹੀਂ?
ਸੰਪਰਕ : 94643 70823
27 NOV. 2018