ਮਸਲਾ-ਏ- ਅਵਾਮ : ਸੁੱਕਾ ਕੰਨੀਂ ਦੇ ਕਿਆਰੇ ਵਾਂਗੂੰ ਰਹਿ ਗਿਆ - ਬੁੱਧ ਸਿੰਘ ਨੀਲੋਂ
ਜ਼ਿੰਦਗੀ ਵਿੱਚ ਹੜ ਵਰਗੀ ਸਥਿਤੀ ਉਨ੍ਹਾਂ ਨੇ ਹਿੱਸੇ ਆਉਂਦੀ ਜਿਹੜੇ ਦੂਸਰਿਆਂ ਦਾ ਹਿੱਸਾ ਹੜੱਪ ਕਰਦੇ ਹਨ। ਉਹ ਤਾਂ ਹਰ ਵੇਲੇ ਇਸੇ ਹੀ ਭਾਲ 'ਚ ਰਹਿੰਦੇ ਹਨ, ਕਦੋਂ ਉਨ੍ਹਾਂ ਦਾ ਦਾਅ ਲੱਗੇ। ਉਹ ਦਾਅ ਵੀ ਅਜਿਹਾ ਵਰਤਦੇ ਹਨ ਤੇ ਕਈ ਵਾਰ ਇਸ ਦਾ ਪਤਾ ਹੀ ਨਹੀਂ ਲੱਗਦਾ। ਕਦੋਂ ਤੱਕ ਇਸ ਦਾ ਪਤਾ ਲੱਗਦਾ ਹੈ, ਉਦੋਂ ਤੱਕ ਸਮਾਂ ਬਹੁਤ ਅੱਗੇ ਲੰਘ ਜਾਂਦਾ ਹੈ। ਜਿਹੜੇ ਸਮੇਂ ਦੀ ਰਮ ਜਾਣਦੇ ਹਨ, ਉਹ ਹੀ ਸਦਾ ਦਾਅ ਉਤੇ ਰਹਿੰਦੇ ਹਨ। ਉਨ੍ਹਾਂ ਦੀ ਸੋਚ, ਮਾਨਸਿਕਤਾ ਦੇ ਸੁਭਾਅ ਵਪਾਰੀ ਹੁੰਦਾ ਹੈ। ਵਪਾਰੀ ਦਾ ਕੰਮ ਕਰਨਾ ਵਪਾਰ ਕਰਨਾ ਹੁੰਦਾ ਹੈ। ਉਹ ਆਪਣੇ ਵਪਾਰ ਵਿੱਚ ਕਦੇ ਵੀ ਘਾਟਾ ਨਹੀਂ ਖਾਂਦਾ। ਜੇ ਕਿਧਰੇ ਉਸ ਨੂੰ ਘਾਟਾ ਪੈਂਦਾ ਦਿਖੇ ਵੀ ਤਾਂ ਉਹ ਲੱਗੇ ਮੁੱਲ ਆਪਣੇ ਮਾਲ ਨੂੰ ਵੇਚਦਾ ਹੈ। ਪਰ ਕਦੇ ਵੀ ਆਪਣੀ ਲੱਗੀ ਰਕਮ ਨਹੀਂ ਗਵਾਉਂਦਾ। ਗਵਾਉਂਦਾ ਤਾਂ ਹੀ ਹਨ, ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਕੀਮਤ ਦਾ ਪਤਾ ਨਹੀਂ ਹੁੰਦਾ। ਜੇ ਉਹਨਾਂ ਨੂੰ ਪਤਾ ਲੱਗ ਵੀ ਜਾਵੇ ਫੇਰ ਉਨਾਂ ਕੋਲ ਪਹੁੰਚ ਨਹੀਂ ਹੁੰਦੀ। ਜਿਸ ਕੋਲ ਪਹੁੰਚ ਹੁੰਦੀ ਹੈ, ਉਹ ਕੁੱਝ ਵੀ ਖਰੀਦ ਸਕਦਾ ਹੈ।ઠ
ਹੁਣ ਜਦੋਂ ਚਾਰੇ ਪਾਸੇ ਬਜ਼ਾਰ ਬਣ ਗਿਆ ਹੈ। ਵਸਤੂਆਂ ਤਾਂ ਬਜ਼ਾਰ ਵਿੱਚ ਵਿਕਦੀਆਂ ਦੀ ਹਨ, ਹੁਣ ਤਾਂ ਰਿਸ਼ਤੇ ਨਾਤੇ ਵਿਆਹ-ਸ਼ਾਦੀਆਂ, ਮੁੰਡੇ-ਕੁੜੀਆਂ ਤੇ ਹੋਰ ਮਨੁੱਖ ਨਾਲ ਜੁੜਿਆ ਕੀ-ਕੀ ਵਿਕਦਾ ਹੈ - ਇਸ ਦੀ ਸੂਚੀ ਬੜੀ ਲੰਬੀ ਹੈ। ਜ਼ਿੰਦਗੀ ਦੇ ਬਜ਼ਾਰ ਬਨਣ ਨਾਲ ਭਾਵੇਂ ਕੁੱਝ ਹੀ ਲੋਕਾਂ ਨੂੰ ਲਾਭ ਹੋਇਆ ਹੈ - ਪਰ ਬਹੁਤੇ ਤਾਂ ਲੋਕ ਵਸਤੂਆਂ ਵਾਂਗ ਇੱਕ ਥਾਂ ਤੋਂ ਦੂਜੀ ਥਾਂ ਵਿਕ ਹੀ ਰਹੇ ਹਨ। ਵਿਕਦੇ ਉਹੀ ਹਨ, ਜਿਨ੍ਹਾਂ ਤੋਂ ਬਜ਼ਾਰ ਨੂੰ ਮੁਨਾਫ਼ਾ ਹੋਵੇ। ਜਿਨ੍ਹਾਂ ਤੋਂ ਕੋਈ ਮੁਨਾਫ਼ਾ ਨਹੀਂ ਵੱਟਿਆ ਜਾ ਸਕਦਾ - ਉਹ ਤਾਂ ਮੰਡੀ ਵਿਚ ਵੀ ਖੜ੍ਹੇ ਹੀ ਰਹਿ ਜਾਂਦੇ ਹਨ। ਉਨ੍ਹਾਂ ਦੇ ਕੋਲ ਦੀ ਤਾਂ ਹਵਾ ਵੀ ਨਹੀਂ ਲੰਘਦੀ। ਹਵਾ ਵੀ ਪਾਸਾ ਵੱਟ ਕੇ ਲੰਘ ਜਾਂਦੀ ਹੈ। ਬਜ਼ਾਰ ਨੇ ਆਮ ਬੰਦੇ ਦੀ ਹਾਲਤ ਅਜਿਹੀ ਬਣਾ ਦਿੱਤੀ ਹੈ ਕਿ ਹੁਣ ਉਸਦੇ ਕੋਲੋਂ ਹਵਾ ਹੀ ਨਹੀਂ ਦੋਸਤ-ਮਿੱਤਰ ਤੇ ਰਿਸ਼ਤੇਦਾਰ ਵੀ ਪਾਸਾ ਵੱਟ ਕੇ ਲੰਘਣ ਲੱਗਦੇ ਹਨ।
ਕਹਿੰਦੇ ਹੁੰਦੇ 'ਜਿਸਦੀ ਕੋਠੀ ਦਾਣੇ, ਉਸਦੇ ਕਮਲੇ ਵੀ ਸਿਆਣੇ।' ਹੁਣ ਦਾਣੇ ਉਨ੍ਹਾਂ ਦੀਆਂ ਕੋਠੀਆਂ ਵਿਚ ਵੱਧ ਰਹੇ ਹਨ, ਜਿਨ੍ਹਾਂ ਨੇ ਸਦਾ ਹੀ ਦਾਅ ਮਾਰਿਆ ਹੈ। ਉਨ੍ਹਾਂ ਨੇ ਦਾਅ ਇਹ ਕਿੱਥੇ-ਕਿੱਥੇ ਮਾਰਿਆ ਹੈ। ਇਸ ਵਿਸਥਾਰ ਵਿਚ ਪੈਣ ਨਾਲੋਂ ਗੱਲ ਇਹ ਕਰਨ ਵਾਲੀ ਹੈ ਕਿ ਇਨ੍ਹਾ ਦੀ ਸ਼ਨਾਖਤ ਕੌਣ ਕਰੇ? ਕਈਆਂ ਦੇ ਪੋਲ ਤਾਂ ਖੁਲਣ ਲੱਗ ਗਏ ਹਨ, ਬਾਕੀਆਂ ਦੀ ਵਾਰੀ ਆਉਣ ਵਾਲੀ ਹੈ। ਹੁਣ ਜਿਵੇਂ ਜ਼ਿੰਦਗੀ ਵਿਚ ਪੈਸੇ ਦੀ ਦੌੜ ਲੱਗੀ ਹੈ। ਇਸ ਨੇ ਸਮਾਜ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਹੈ। ਇਕ ਲੁੱਟਣ ਵਾਲੇ ਤੇ ਇਕ ਲੁੱਟੇ ਜਾਣ ਵਾਲੇ। ਲੁੱਟਣ ਵਾਲੇ ਸਭ ਇਕੱਠੇ ਹਨ। ਭਾਵੇਂ ਉਨ੍ਹਾਂ ਦੀਆਂ ਪਾਰਟੀਆਂ ਵੱਖ-ਵੱਖ ਹਨ। ਪਰ ਮਕਸਦ ਇਕੋ ਹੀ ਹੈ ਲੁੱਟਣ ਤੇ ਕੁੱਟਣਾ। ਭਾਵੇਂ ਇਹ ਲੋਕਾਂ ਦੇ ਨਾਲ ਹੇਜ ਕਰਦੀ ਹਨ ਪਰ ਲੋਕਾਂ ਦਾ ਜਨ-ਜੀਵਨ ਸੁਧਾਰਨ ਲਈ ਬਿਆਨਾਂ ਤੋਂ ਬਿਨਾਂ ਕੁਝ ਨਹੀਂ ਕਰਦੀਆਂ।
ਪਾਰਟੀਆਂ ਦੇ ਝੰਡੇ ਭਾਵੇਂ ਅਲੱਗ-ਅਲੱਗ ਹਨ-ਪਰ ਉਨਾਂ ਦਾ ਆਮ ਲੋਕਾਂ ਨੂੰ ਲੁੱਟਣ ਵਾਲਾ ਡੰਡਾ ਇੱਕੋ ਹੀ ਹੈ। ਉਹ ਡੰਡਾ ਇਸ ਤਰ੍ਹਾਂ ਚੱਲਦਾ ਕਿ ਲੋਕਾਂ ਨੂੰ ਉਸਦਾ ਪਤਾ ਹੀ ਨਹੀਂ ਲੱਗਦਾ। ਲੋਕ ਤਾਂ ਉਸ ਝੰਡੇ ਦੇ ਥੱਲੇ- ਕੀੜੀਆਂ ਦੇ ਭੌਣ ਵਾਂਗ ਇਕਠੇ ਹੁੰਦੇ ਹਨ। ਉਨ੍ਹਾਂ ਦੇ ਇਸ ਇੱਕਠ ਦਾ ਝੰਡੇ ਦੇ ਉਹ ਵਪਾਰੀ ਮੁੱਲ ਵੱਟਦੇ ਹਨ। ਇਸ ਦਾ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਆਪਣੇ ਹੱਕਾਂ ਦੀ ਰਾਖੀ ਲਈ ਇਕੱਠੇ ਹੋਏ ਹਨ, ਜਾਂ ਫਿਰ 'ਝੰਡਿਆਂ ਦੀ ਮੰਡੀ' ਵਿਚ 'ਜਿਨਸ' ਬਣ ਕੇ ਆਏ ਹਨ।
ઠ ਝੰਡਿਆਂ ਦਾ ਰੰਗ ਕੋਈ ਹੋਵੇ। ਉਹ ਚਿੱਟਾ, ਨੀਲਾ, ਲਾਲ ਜਾਂ ਫਿਰ ਉਹ ਝੰਡਾ ਹੋ ਸਕਦਾ ਹੈ, ਜਿਸ ਨੇ ਆਜ਼ਾਦੀ ਤੋਂ ਬਾਅਦ ਬਹੁਤਾ ਸਮਾਂ ਹਕੂਮਤ ਆਪਣੇ ਕਬਜ਼ੇ ਵਿੱਚ ਰੱਖੀ ਹੈ। ਸਭ ਦਾ ਇਕੋ ਮਕਸਦ ਹੈ। ਨਿਸ਼ਾਨਾ ਵੀ ਇਕੋ ਹੀ ਹੈ। ਵੱਧ ਤੋਂ ਵੱਧ ਆਪਣੇ ਝੰਡੇ ਦੇ ਥੱਲੇ ਭੀੜ ਇੱਕਠੀ ਕਰਨੀ ਤੇ ਭੀੜ ਦਾ ਮੁੱਲ ਵੱਟਣਾ। ਹੁਣ ਜਦੋਂ ਇਨ੍ਹਾਂ ਝੰਡਿਆਂ ਵਾਲਿਆਂ ਦਾ ਅਸਲ ਮਕਸਦ ਆਮ ਲੋਕਾਂ ਦੇ ਸਾਹਮਣੇ ਆਉਣ ਲੱਗਿਆ ਹੈ- ਅਜੇ ਵੀ ਲੋਕਾਂ ਨੂੰ ਸੁਰਤ ਨਹੀਂ ਆਈ। ਉਹ ਅਜੇ ਵੀ ਝੰਡੇ ਦੇ ਥੱਲੇ ਸੁੱਤੇ ਪਏ ਹਨ। ਉਨ੍ਹਾਂ ਦਾ ਸੁੱਤੇ ਪਏ ਰਹਿਣਾ ਉਨ੍ਹਾਂ ਦੇ ਬੜਾ ਕੰਮ ਆ ਰਿਹਾ ਹੈ। ਉਹ ਚੁੱਪ ਚਾਪ ਆਪਣਾ ਕੰਮ ਕਰੀ ਜਾ ਰਹੇ ਤੇ ਆਪਣੀਆਂ ਤਿਜੌਰੀਆਂ ਭਰੀ ਜਾਂਦੇ ਹਨ। ਉਹ ਇਹ ਸਭ ਕੁੱਝ 'ਭੀੜ ਦੇ ਹਿੱਤਾਂ' ਦੀ ਰਾਖੀ ਕਰਨ ਦੇ ਨਾਂ ਹੇਠ ਕਰਦੇ ਹਨ। ਜਦੋਂ ਕਦੇ ਕਿਸੇ ਝੰਡੇ ਵਾਲੇ ਦੇ ਆਗੂ ਦਾ ਪਰਦਾਚਾਕ ਹੁੰਦਾ ਹੈ ਤਾਂ ਉਹ ਉਨ੍ਹਾਂ ਵਾਂਗ ਇਕੋ ਹੀ ਗੱਲ ਬੋਲਦਾ ਹੈ। ''ਇਹ ਵਿਰੋਧ ਪਾਰਟੀ ਦੀ ਸਾਜਿਸ਼ ਹੈ ਤੇ ਦੋਸ਼ ਸਭ ਬੇਬੁਨਿਆਦ ਹਨ।''
ਦੋਸ਼ ਬੇ-ਬੁਨਿਆਦ ਆਖ ਕੇ ਉਹ ਉਹ ਕੁੱਝ ਦੇਰ ਚੁੱਪ ਕਰ ਜਾਂਦੇ ਹਨ ਤੇ ਲੋਕ ਭੁੱਲ ਜਾਂਦੇ ਹਨ। ਲੋਕਾਂ ਨੂੰ ਉਸ ਵਲੋਂ ਕੀਤੇ ਘਪਲੇ ਯਾਦ ਨਹੀਂ ਰਹਿੰਦੇ। ਲੋਕ ਭੁੱਲਣਹਾਰ ਹਨ ਤੇ ਬਖਸ਼ਣਹਾਰ। ਪੰਜ ਸਾਲ ਬਾਅਦ ਲੋਕ ਬਖ਼ਸ਼ ਦੇਂਦੇ ਹਨ, ਹੁਣ ਜਦੋਂ ਇਹ ਗੱਲ ਸਭ ਨੂੰ ਪਤਾ ਹੈ-ਕਿ ਸਾਰੇ ਹੀ ਝੰਡਿਆਂ ਵਾਲੇ ਦੇਸ਼ ਨੂੰ ਲੁੱਟਣ ਲਈ ਇੱਕਮੁੱਠ, ਇੱਕ ਸੁਰ ਤੇ ਉਨ੍ਹਾਂ ਦੀਆਂ ਆਪਸ ਵਿੱਚ ਅੰਗਲੀਆਂ ਸੰਗਲੀਆਂ ਰਲਦੀਆਂ ਹਨ। ਹੁਣ ਸਭ ਕੁੱਝ ਦਾ ਪਤਾ ਹੋਣ ਦੇ ਬਾਅਦ ਬਾਵਜੂਦ ਲੋਕ ਫੇਰ ਆਪੋ ਆਪਣੇ ਝੰਡੇ ਵਾਲਿਆਂ ਨੂੰ ਹੋਰ ਲੁੱਟਣ ਦਾ ਮੌਕਾ ਦੇ ਰਹੇ ਹਨ। ਹਰ ਹੋਣ ਵਾਲੀ ਲੁੱਟ ਦੀ ਜਦੋਂ ਵੀ ਪੈੜ ਲੱਭਣ ਦੀ ਕੋਸ਼ਿਸ਼ ਹੋਈ ਹੈ, ਉਹ ਇਹਨਾਂ ਝੰਡੇ ਵਾਲਿਆਂ ਦੇ ਘਰ ਹੀ ਪੁਜਦੀ ਹੈ। ਹੁਣ ਤਾਂ ਦੇਸ਼ ਨੂੰ ਚਲਾ ਰਹੀ - ''ਤਿਆਗ ਦੀ ਮੂਰਤੀ'' ਦੇ ਘਰ ਤੱਕ ਵੀ ਲੁੱਟ ਦੀ ਪੈੜ ਜਾ ਪੁਜੀ ਹੈ। ਪਰ ਦੇਸ਼ ਦੇ ਲੋਕਾਂ ਨੂੰ ਕਿੱਧਰੇ ਵੀ ਕੋਈ ਫਰਕ ਨਹੀਂ ਪਿਆ। ਸਭ ਕੁੱਝ ਉਵੇਂ ਹੀ ਚੱਲੀ ਜਾ ਰਿਹਾ ਹੈ।
ਦੇਸ਼ ਦਾ ਸਭ ਤੋਂ ''ਸਾਊ ਬੰਦਾ'' ਚੁੱਪ-ਚਾਪ ਆਪਣੇ ਆਕਾ ਦੇ ਆਦੇਸ਼ ਦਾ ਪਾਲਣਾ ਕਰਦਾ ਹੋਇਆ - ਹੁਣ ਦੇਸ਼ ਦੇ ਦਰਖਤਾਂ ਤੋਂ ਨੋਟ ਲਗਣ ਦੀਆਂ ਦੁਆਵਾਂ ਕਰ ਰਿਹਾ ਹੈ। ਦੇਸ਼ ਦੇ ਅਸਲੀ ਨੋਟ ਤਾਂ ਇਨ੍ਹਾਂ ਨੇ ਮੁਕਾ ਦਿੱਤੇ ਹਨ। ਸ਼ਾਇਦ ਕੋਈ ਕਰਾਮਾਤ ਹੋ ਜਾਵੇ ਤੇ ਦਰਖ਼ਤਾਂ ਨੂੰ ਨੋਟ ਲੱਗਣੇ ਸ਼ੁਰੂ ਹੋ ਜਾਣ। ਇਹ ''ਸਾਊ ਬੰਦਾ'' ਵੀ ਆਖਦਾ ਹੈ ਕਿ ਦੇਸ਼ 'ਚ ਲੋਕਾਂ ਦੇ ਹਿੱਤਾਂ ਲਈ ਸਖ਼ਤ ਫੈਸਲੇ ਲੈਣੈ ਪੈ ਰਹੇ ਹਨ। ਦੂਸਰੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਨ ਵਾਲੇ ਵੀ ਆਖ ਰਹੇ ਹਨ ਕਿ ''ਸਰਕਾਰ ਦੇ ਖਿਲਾਫ਼ ਲੜਾਈ ਲੜਨ ਲਈ ਸਖ਼ਤ ਫੈਸਲੇ ਲੈਣੇ ਪੈਣੇ ਹਨ।'' ਦੋਵਾਂ ਪਾਸੇ ਵਧੀ ਸਖ਼ਤਾਈ ਨੇ ਆਮ ਲੋਕਾਂ ਦੀ ਹਾਲਤ ਜਵਾਂ ਹੀ ਉਸ ਕੰਨੀ ਦੇ ਕਿਆਰੇ ਵਰਗੀ ਕਰ ਦਿੱਤੀ ਹੈ, ਜਿਹੜਾ ਅਕਸਰ ਹੀ ਸੁੱਕਾ ਰਹਿੰਦਾ ਹੈ। ਜੇ ਕਿੱਧਰੇ ਹੜ ਵਰਗਾ ਮਹੌਲ ਬਣ ਜਾਵੇ ਤਾਂ ਕਿਤੇ ਉਸ ਨੂੰ ਪਾਣੀ ਨਸੀਬ ਹੁੰਦਾ ਹੈ। ਪਰ ਇਸ ਹੜ੍ਹ 'ਚ ਉਹ ਡੁੱਬ ਮਰਦਾ ਹੈ। ਇਸ ਸਮੇਂ ਲੋਕ ਡੁਬ ਰਹੇ ਹਨ ਤੇ ਮਰ ਰਹੇ ਹਨ। ਹੁਣ ਲੋਕਾਂ ਨੇ ਦੇਖਣਾ ਹੈ ਕਿ ਉਨ੍ਹਾਂ ਨੇ ਲੁੱਟਣ ਵਾਲਿਆਂ ਦੇ ਹੜ੍ਹ ਵਿਚ ਡੁੱਬਣਾ ਹੈ ਜਾਂ ਫਿਰ ਆਪਣੇ ਹਿੱਸੇ ਲਈ ਲੜਾਈ ਲੜਣੀ ਹੈ। ਲੜਨ ਵਗੈਰ ਸਰਨਾ ਨਹੀਂ। ਹੁਣ ਪਤਾ ਲੱਗ ਗਿਆ ਹੈ ਕਿ ਲੜਨਾ ਕਿਨ੍ਹਾਂ ਵਿਰੁਧ ਹੈ - ਜੇ ਹੁਣ ਵੀ ਚੁੱਪ ਰਹੇ ਤਾਂ ਅਗਲੀਆਂ ਨਸਲਾਂ ਸਾਨੂੰ ਮੁਆਫ ਨਹੀਂ ਕਰਨਗੀਆਂ। ਹੁਣ ਲੋੜ ਹੈ ਲੁੱਟਣ ਵਾਲਿਆਂ ਵਿਰੁਧ ਲੜਨ ਦੀ ਤੇ ਆਪਣੀਆਂ ਭੂਮਿਕਾ ਨਿਭਾਉਣ ਦੀ ।
ਸੰਪਰਕ : 9464370823
12 Dec. 2018