Dr-Gurvinder-Singh-Dhaliwal-Canada

ਸਿੱਖ ਨਸਲਕੁਸ਼ੀ 1984 ਦਾ ਦੁਖਾਂਤ : ਨਾ ਭੁੱਲਣ ਯੋਗ, ਨਾ ਬਖਸ਼ਣ ਯੋਗ - ਡਾ. ਗੁਰਵਿੰਦਰ ਸਿੰਘ

ਕੌਮਾਂਤਰੀ ਪੱਧਰ 'ਤੇ 1984 ਦੇ ਮਹਾਂ-ਦੁਖਾਂਤ ਨੂੰ 'ਸਿੱਖ ਨਸਲਕੁਸ਼ੀ' ਵਜੋਂ ਮਾਨਤਾ ਦਾ ਮੁੱਦਾ
'ਜਿਹੜੇ ਰਾਵਣ ਫੂਕਦੇ, ਭੁੱਲਣ ਨਾ 'ਮਿਥਿਹਾਸ'।
ਕਹਿਣ ਚੁਰਾਸੀ ਭੁੱਲਜੋ, ਜੋ ਖ਼ੂਨੀ 'ਇਤਿਹਾਸ'।
ਅਕਸਰ ਕਿਹਾ ਜਾਂਦਾ ਹੈ ਕਿ ਸਿੱਖ ਨਸਲਕੁਸ਼ੀ 1984 ਦਾ ਦੁਖਾਂਤ ਭੁੱਲ ਜਾਣ। ਇਹੋ ਹੀ ਨਹੀਂ ਸਕਦਾ। ਜਿਹੜੇ ਹਜ਼ਾਰਾਂ ਸਾਲ ਦੇ ਮਿਥਿਹਾਸ ਦੀ ਘਟਨਾ ਨੂੰ ਨਹੀਂ ਭੁੱਲਦੇ, ਉਹ ਇਹ ਮੱਤਾਂ ਦਿੰਦੇ ਹਨ। ਇਕ ਹੋਰ ਇਤਿਹਾਸਿਕ ਪਹਿਲੂ : ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਜਾ ਕੇ ਮਨੁੱਖੀ ਅਧਿਕਾਰਾਂ ਲਈ ਸ਼ਹਾਦਤ ਦਿੱਤੀ ਸੀ, ਪਰ ਦਿੱਲੀ ਦੇ ਹਾਕਮਾਂ ਤੇ ਅਕਿਰਤਘਣਾਂ ਵੱਲੋਂ ਮਨੁੱਖੀ ਹੱਕਾਂ ਦਾ ਸਦਾ ਘਾਣ ਕੀਤਾ ਗਿਆ, ਖ਼ਾਸਕਰ ਸਿੱਖ ਨਸਲਕੁਸ਼ੀ 1984 ਇਸ ਦੀ ਪ੍ਰਤੱਖ ਮਿਸਾਲ ਹੈ।
ਦਿੱਲੀ ਹੋਏ ਸ਼ਹੀਦ ਗੁਰ,ਦਿੱਲੀ ਨਹੀਂ ਸੀ ਗ਼ੈਰ
ਪਰ ਦਿੱਲੀ ਨਾ ਛੱਡਿਆ, ਸਦੀਆਂ ਵਾਲਾ ਵੈਰ।
ਨਵੰਬਰ 1984 ਵਿੱਚ ਭਾਰਤ ਦੇ ਕੋਨੇ-ਕੋਨੇ 'ਚ ਸਿੱਖ ਬੱਚਿਆਂ, ਔਰਤਾਂ,ਆਦਮੀਆਂ, ਬਜ਼ੁਰਗਾਂ ਅਤੇ ਸਮੂਹ ਪਰਿਵਾਰਾਂ ਨੂੰ ਕੋਹ- ਕੋਹ ਕੇ ਮਾਰਿਆ ਗਿਆ ਅਤੇ ਇਸ ਨਸਲਕੁਸ਼ੀ 'ਚ ਪੁਲਿਸ, ਪ੍ਰਸ਼ਾਸਨ, ਹਕੂਮਤ, ਅਦਾਲਤਾਂ ਅਤੇ ਜਨੂੰਨੀ ਲੋਕ, ਸਭ ਸ਼ਾਮਿਲ ਸਨ। ਪ੍ਰਸਿੱਧ ਸ਼ਾਇਰ ਉਲਫਤ ਬਾਜਵਾ ਨੇ ਇਸ ਦਰਦ ਨੂੰ ਭਾਵਪੂਰਤ ਸ਼ਬਦਾਂ ਚ ਕਰਦਿਆਂ ਕਦੇ ਲਿਖਿਆ ਸੀ:
"ਜਮਨਾ ਕਿਨਾਰੇ ਸੁਣੀਆਂ ਬਾਂਸੀ ਦੀ ਥਾਂ ਤੇ ਚੀਕਾਂ,
ਲੋਕਾਂ ਦੀ ਖੂਨ ਨਾਤੇ ਗੰਗਾ ਨਹਾਉਣ ਵਾਲੇ।
ਭਾਰਤ ਨੂੰ ਅੱਗ ਲਾ ਕੇ ਨਾਰਦ ਵਹਾਉਣ ਹੰਝੂ,
ਆਪੇ ਲਾਉਣ ਵਾਲੇ ਆਪ ਬੁਝਾਉਣ ਵਾਲੇ।
ਡਰਦੇ ਨੇ ਸੱਚ ਕਹਿਣੋਂ ਲੇਖਕ ਸਮਾਜਵਾਦੀ,
ਸੁੱਖ-ਸਾਂਦ ਦੇ ਦਿਨਾਂ ਵਿਚ ਨਾਅਰੇ ਲਗਾਉਣ ਵਾਲੇ।
ਬਣ ਜਾਣ ਜੇ ਇਹ ਬੰਦੇ ਬੰਦੇ ਕਹੋੌਣ ਵਾਲ਼ੇ,
ਮੁੱਕ ਜਾਣ ਸਾਰੇ ਝਗੜੇ ਦੁੱਖਾਂ 'ਚ ਪਾਉਣ ਵਾਲੇ।"
ਜਦੋਂ ਵੀ ਸਯੰਕਤ ਰਾਸ਼ਟਰ 'ਚ ਭਾਰਤ ਅੰਦਰ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ ਤੁਰੇਗੀ, ਉਦੋਂ ਹੀ ਨਵੰਬਰ ਉਨੀ ਸੌ ਚੁਰਾਸੀ ਵਿੱਚ ਭਾਰਤ ਅੰਦਰ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਲਹੂ ਡੋਲਣ ਵਾਲਿਆਂ ਨੂੰ ਲਾਹਣਤਾਂ ਵੀ ਪਾਈਆਂ ਜਾਣਗੀਆਂ ਅਤੇ 39 ਸਾਲਾਂ ਮਗਰੋਂ ਵੀ ਕਾਤਲਾਂ ਨੂੰ ਸਜ਼ਾਵਾਂ ਨਾ ਦੇਣ ਲਈ ਭਾਰਤ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਨੂੰ ਸ਼ਰਮਸਾਰ ਹੋਣਾ ਪਵੇਗਾ। ਸਿਤਮਜ਼ਰੀਫੀ ਦੀ ਇਸ ਤੋਂ ਵੱਡੀ ਮਿਸਾਲ ਕੀ ਹੋਵੇਗੀ ਕਿ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਕਤਲੇਆਮ ਦੀ ਕਾਂਗਰਸ ਆਗੂ ਤੇ ਦੇਸ਼ ਦਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਡੇ ਦਰਖਤ ਦੇ ਡਿਗਣ 'ਤੇ ਧਰਤੀ ਕੰਬਣ ਨਾਲ ਤੁਲਨਾ ਕਰਕੇ ਸਿੱਖ ਨਸਲਕੁਸ਼ੀ ਨੂੰ ਜਾਇਜ਼ ਠਹਿਰਾ ਰਿਹਾ ਹੋਵੇ। ਦੂਸਰੇ ਪਾਸੇ ਦੇਸ਼ ਦੀ ਫਿਰਕੂ ਜਥੇਬੰਦੀ ਆਰਐਸਐਸ ਦਾ ਵੱਡਾ ਆਗੂ 'ਨਾਨਾ ਜੀ ਦੇਸ਼ਮੁੱਖ' ਸਿੱਖ ਕਤਲੇਆਮ ਦੇ ਦੋਸ਼ ਸਿੱਖਾਂ ਦੇ ਹੀ ਸਿਰ ਮੜਦਾ ਹੋਇਆ, ਸਿੱਖ ਕੌਮ ਨੂੰ 'ਸਬਕ ਲੈਣ' ਦੀ ਨਸੀਹਤ ਦੇ ਰਿਹਾ ਹੋਵੇ ਅਤੇ ਅਜਿਹੀ ਨਸਲਕੁਸ਼ੀ ਨੂੰ ਆਪਣੀ ਸੌੜੀ ਸੋਚ ਅਧੀਨ ਆਰ ਐਸ ਐਸ ਹਿੰਦੂਤਵੀ ਮੁਖੀ ਜਾਇਜ਼ ਠਹਿਰਾ ਰਿਹਾ ਹੋਵੇ। ਜੇਕਰ ਅਜਿਹੇ ਦੋਵੇਂ ਨੇਤਾ 'ਭਾਰਤ ਰਤਨ' ਵਰਗੇ ਦੇਸ਼ ਦੇ ਸਭ ਤੋਂ ਵੱਡੇ ਅਖੌਤੀ ਪੁਰਸਕਾਰਾਂ ਨਾਲ ਸਨਮਾਨੇ ਜਾਂਦੇ ਹਨ, ਤਾਂ ਫਿਰ ਸਭ ਤੋਂ ਵੱਧ ਫਾਂਸੀ ਚੜ੍ਹਨ ਵਾਲੇ, ਕਾਲੇਪਾਣੀ ਦੀਆਂ ਸਜ਼ਾ ਕੱਟਣ ਵਾਲੇ, ਉਮਰ ਕੈਦਾਂ ਭੋਗਣ ਵਾਲੇ ਅਤੇ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਸਿੱਖ ਅਤੇ ਸੱਚੇ ਸੁੱਚੇ ਸੂਰਬੀਰ ਤਾਂ 'ਦੇਸ਼ ਧਰੋਹੀ' ਹੀ ਕਹੇ ਜਾ ਸਕਦੇ ਹਨ। ਅਫ਼ਸੋਸ ਇਸ ਗੱਲ ਦਾ ਹੈ ਕਿ ਇਸ ਹਮਾਮ 'ਚ ਸਾਰੇ ਹੀ ਨੰਗੇ ਹਨ।
ਮਿਲਣੀ ਉੱਥੇ ਕੀ ਸਜ਼ਾ, ਹੋਏ ਜੋ ਕਤਲੇਆਮ।
ਕਾਤਲ ਨੂੰ ਜਿੱਥੇ ਮਿਲੇ 'ਭਾਰਤ ਰਤਨ' ਇਨਾਮ।
ਜੇਕਰ ਕਾਂਗਰਸ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਤਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਕਾਂਗਰਸ ਸਰਕਾਰ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਹਲਾਸ਼ੇਰੀ ਦਿੱਤੀ। ਜੇ ਕਾਂਗਰਸ ਦੇ ਰਾਜ 'ਚ ਸਿੱਖ ਕਤਲੇਆਮ ਹੋਇਆ, ਤਾਂ ਭਾਜਪਾ ਦੇ ਰਾਜ 'ਚ ਮੁਸਲਿਮ ਵਿਰੋਧੀ ਕਤਲੇਆਮ ਹੋਇਆ। ਮਨੁੱਖੀ ਅਧਿਕਾਰਾਂ ਦੀ ਮਹਿੰਮ ਚਲਾਉਣ ਵਾਲੀ ਸਿੱਖ ਵਿਚਾਰਧਾਰਾ ਉਕਤ ਸਾਰੇ ਦੋਸ਼ੀਆਂ ਨੂੰ ਕੌਮਾਂਤਰੀ ਪੱਧਰ ਤੇ ਸਜ਼ਾਵਾਂ ਲਈ ਦ੍ਰਿੜ ਹੈ। ਇੱਕ ਦਿਨ ਜ਼ਰੂਰ ਆਵੇਗਾ, ਜਦੋਂ ਕੌਮਾਂਤਰੀ ਭਾਈਚਾਰਾ ਇਨਸਾਫ਼ ਲਈ 'ਹਾਅ ਦਾ ਨਾਅਰਾ' ਮਾਰੇਗਾ। ਅੱਜ ਜਦੋਂ ਸੰਸਾਰ ਭਰ ਵਿੱਚ ਸਿੱਖ ਕੌਮ ਗੁਰੂ ਸਾਹਿਬਾਨ ਵੱਲੋਂ ਜ਼ੁਲਮ ਖਿਲਾਫ ਉਠਾਈ ਆਵਾਜ਼ ਅਤੇ ਧਾਰਮਿਕ ਆਜ਼ਾਦੀ ਲਈ ਦਿੱਤੀਆਂ ਸ਼ਹਾਦਤਾਂ ਨੂੰ ਮਾਨਵਵਾਦ ਅਤੇ ਸਰਬੱਤ ਦੇ ਭਲੇ ਦਾ ਮੈਨੀਫੈਸਟੋ ਬਣਾ ਰਹੀ ਹੈ, ਉਦੋਂ ਸਾਰਿਆਂ ਨੂੰ ਮਿਲ ਕੇ ਭਾਰਤੀ ਹੁਕਮਰਾਨਾਂ ਦੇ ਹਿਟਲਰਸ਼ਾਹੀ ਅਤੇ ਨਾਜ਼ੀਵਾਦੀ ਹਿੰਦੂਤਵੀ ਏਜੰਡੇ ਖ਼ਿਲਾਫ਼ ਲੜਨ ਦੀ ਲੋੜ ਹੈ।
ਸਿੱਖ ਨਸਲਕੁਸ਼ੀ ਖ਼ਿਲਾਫ਼ ਇਨਸਾਫ ਦੀ ਮੁਹਿੰਮ ਕੇਵਲ ਸਿੱਖਾਂ ਲਈ ਹੀ ਇਨਸਾਫ਼ ਦੀ ਮੁਦਈ ਨਹੀਂ, ਬਲਕਿ ਦੁਨੀਆ ਅੰਦਰ ਹੋਰਨਾਂ ਘੱਟ ਗਿਣਤੀਆਂ, ਮੂਲ ਵਾਸੀਆਂ, ਦੱਬੇ ਕੁਚਲੇ ਲੋਕਾਂ ਅਤੇ ਸਰਕਾਰੀ ਜਬਰ ਦਾ ਸ਼ਿਕਾਰ ਬਣ ਰਹੇ ਭਾਈਚਾਰਿਆਂ ਨਾਲ ਖੜ੍ਹਨ ਲਈ ਵੀ ਦ੍ਰਿੜ੍ਹ ਇਰਾਦੇ ਦੀ ਅਲੰਬਰਦਾਰ ਹੈ। ਇਸ ਦੀ ਮਿਸਾਲ ਕੈਨੇਡਾ ਦੀ ਧਰਤੀ 'ਤੇ ਮੂਲ ਵਾਸੀਆਂ ਦੀ ਨਸਲ ਕੁਸ਼ੀ ਦੇ 2013 ਦੇ, ਸ਼ਤਾਬਦੀ ਸਮਾਗਮ ਮੌਕੇ ਦੇਖਣ ਨੂੰ ਮਿਲੀ, ਜਦੋਂ ਸਟੇਜ ਤੇ ਮੂਲ ਵਾਸੀਆਂ ਦੀ ਨਸਲਕੁਸ਼ੀ ਤੇ ਸਿੱਖ ਨਸਲਕੁਸ਼ੀ ਦੇ ਪੀੜਤਾਂ ਵੱਲੋਂ, ਇਕੱਠਿਆਂ ਹੋ ਕੇ ਆਵਾਜ਼ ਬੁਲੰਦ ਕੀਤੀ ਗਈ। ਸੰਸਾਰ ਦੇ ਕਿਸੇ ਵੀ ਕੋਨੇ 'ਚ ਹੋ ਰਹੇ ਜਬਰ-ਜ਼ੁਲਮ ਖਿਲਾਫ਼ ਸਿੱਖ ਕੌਮ ਵਲੋਂ ਆਵਾਜ਼ ਬੁਲੰਦ ਕਰਨਾ ਇਸ ਮੁਹਿੰਮ ਦਾ ਕੇਂਦਰ-ਬਿੰਦੂ ਹੈ।
ਸਿੱਖ ਨਸਲਕੁਸ਼ੀ ਵਿਰੋਧੀ ਮੁਹਿੰਮ ਦੇ ਆਗੂ ਸਵਰਗਵਾਸੀ ਭਾਈ ਜਰਨੈਲ ਸਿੰਘ ਨੇ 30 ਜੂਨ 2015 ਵਿੱਚ ਆਪ ਦੇ ਦਿੱਲੀ ਤੋਂ ਵਿਧਾਇਕ ਹੁੰਦਿਆਂ ਦਿੱਲੀ ਵਿਧਾਨ ਸਭਾ 'ਚ ਸਿੱਖ ਨਸਲਕੁਸ਼ੀ ਵਿਰੁੱਧ ਮਤਾ ਪੇਸ਼ ਕਰਕੇ, ਸਰਬਸੰਮਤੀ ਨਾਲ ਪਾਸ ਕਰਵਾਇਆ ਸੀ। ਉਸ ਤੋਂ ਬਾਅਦ ਓਨਟਾਰੀਓ ਵਿਧਾਨ ਸਭਾ ਵਿੱਚ ਬੀਬੀ ਹਰਿੰਦਰ ਕੌਰ ਮੱਲੀ ਵੱਲੋਂ ਪੇਸ਼ ਕੀਤਾ ਇਹ ਮਤਾ ਬੀਤੇ ਸਮੇਂ ਦੌਰਾਨ ਪਾਸ ਹੋ ਚੁੱਕਿਆ ਹੈ, ਪਰ ਹੁਣ ਵੀ ਇਸ ਨੂੰ ਰੋਕਣ ਅਤੇ ਭਾਰਤ ਵਿੱਚ ਸਰਕਾਰ ਵਲੋਂ ਦਹਿਸ਼ਤਗਰਦੀ ਅਨੁਸਾਰ ਕੀਤੀ ਗਈ ਇਸ ਨਸਲਕੁਸ਼ੀ ਵਿਰੋਧੀ ਮੁਹਿੰਮ ਨੂੰ ਦਬਾਉਣ ਲਈ, ਭਾਰਤੀ ਏਜੰਸੀਆਂ ਖਿਲਾਫ ਡਟਣ ਦੀ ਲੋੜ ਹੈ। ਇਤਿਹਾਸਕ ਕਿਤਾਬਾਂ ਰਾਹੀਂ ਸੂਬਾਈ ਅਤੇ ਕੈਨੇਡੀਅਨ ਪੱਧਰ ਦੇ ਸਿਆਸਤਦਾਨਾਂ ਨੂੰ ਸੱਚਾਈ ਤੋਂ ਜਾਣੂ ਕਰਵਾ ਕੇ, ਨਸਲਕੁਸ਼ੀ ਵਿਰੋਧੀ ਮੁਹਿੰਮ ਨੂੰ ਅਗਾਂਹ ਤੱਕ ਲਿਜਾਣ ਦੀ ਲੋੜ ਹੈ। ਸਮੇਂ ਸਮੇਂ ਕੈਨੇਡਾ ਵਿੱਚ ਫੈਡਰਲ ਅਤੇ ਪ੍ਰੋਵੈਂਸ਼ਅਲ ਪੱਧਰ ਦੇ ਵੱਖ-ਵੱਖ ਪਾਰਟੀਆਂ ਦੇ ਐੱਮਪੀਜ਼ ਅਤੇ ਵਿਧਾਇਕਾਂ ਨੇ ਸਿੱਖ ਨਸਲਕੁਸ਼ੀ 1984 ਦੇ ਸਬੰਧ ਵਿੱਚ ਪ੍ਰਤੀਕਰਮ ਦਿੱਤਾ ਹੈ। ਇਨ੍ਹਾਂ ਵਿੱਚ ਲਿਬਰਲ ਐਮਪੀ ਸੁਖ ਧਾਲੀਵਾਲ ਵੱਲੋਂ ਪਾਰਲੀਮੈਂਟ ਚ ਪਟੀਸ਼ਨ ਪੇਸ਼ ਕਰਨਾ, ਐਨਡੀਪੀ ਦੇ ਆਗੂ ਜਗਮੀਤ ਸਿੰਘ, ਲਿਬਰਲ ਐੱਮ ਪੀ ਰਣਦੀਪ ਸਿੰਘ ਸਰਾਏ, ਕੰਜ਼ਰਵੇਟਿਵ ਐੱਮ ਪੀ ਜਸਰਾਜ ਸਿੰਘ ਹੱਲਣ, ਟਿਮ ਉੱਪਲ, ਨਿਊ ਡੈਮੋਕ੍ਰੇਟਿਕ ਪਾਰਟੀ ਦੇ ਵਿਧਾਇਕ ਗੁਰਰਤਨ ਸਿੰਘ ਅਤੇ ਪੀਸੀ ਦੇ ਪ੍ਰਭਮੀਤ ਸਿੰਘ ਸਰਕਾਰੀਆਂ ਸਮੇਤ ਹੋਰ ਵੀ ਆਵਾਜ਼ ਉਠਾਉਣਾ ਸ਼ਾਮਿਲ ਹਨ। ਆਸ ਕਰਦੇ ਹਾਂ ਕਿ ਕੈਨੇਡਾ ਦੀ ਪਾਰਲੀਮੈਂਟ ਵਿੱਚ ਅਜਿਹਾ ਮਤਾ ਜ਼ਰੂਰ ਲਿਆਂਦਾ ਜਾਵੇਗਾ, ਜਿਵੇਂ ਕਿ ਪਹਿਲਾਂ ਦਿੱਲੀ ਦੀ ਵਿਧਾਨ ਸਭਾ ਵਿੱਚ ਅਤੇ ਓਂਟਾਰੀਓ ਦੀ ਵਿਧਾਨ ਸਭਾ ਵਿੱਚ ਨਸਲਕੁਸ਼ੀ ਦਾ ਮਤਾ ਪਾਸ ਹੋ ਚੁੱਕਿਆ ਹੈ।
ਜੇਕਰ ਭਾਰਤ ਦੀ ਰਾਜਧਾਨੀ ਦਿੱਲੀ ਦੀ ਅਸੈਂਬਲੀ ਵਿੱਚ ਇਸ ਨਸਲਕੁਸ਼ੀ ਮੰਨਿਆ ਜਾ ਚੁੱਕਿਆ ਹੈ, ਤਾਂ ਫਿਰ ਭਾਰਤ ਦੀ ਪਾਰਲੀਮੈਂਟ ਅਤੇ ਪੰਜਾਬ ਸੂਬੇ ਵਿੱਚ ਵਿਧਾਨ ਸਭਾ ਸੈਸ਼ਨ ਦੌਰਾਨ ਅਜਿਹਾ ਮਤਾ ਕਿਉਂ ਨਹੀਂ ਪਾਸ ਕੀਤਾ ਜਾ ਰਿਹਾ? ਇਸ ਵਾਸਤੇ ਸਿੱਖਾਂ ਨੂੰ ਹੀ ਨਹੀਂ, ਬਲਕਿ ਸਮੂਹ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਸਾਂਝੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਸਰੀ ਸਿਟੀ ਕੌਂਸਲ ਅਤੇ ਸਾਬਕਾ ਮੇਅਰ ਡੱਗ ਮੁਕੱਲਮ ਵੱਲੋਂ 2020 ਨਵੰਬਰ ਮਹੀਨੇ ਨੂੰ ਸਿੱਖ ਨਸਲਕੁਸ਼ੀ ਖ਼ਿਲਾਫ਼ ਯਾਦਗਾਰੀ ਮਹੀਨੇ ਵਜੋਂ ਐਲਾਨਿਆ ਗਿਆ। 10 ਜਨਵਰੀ 2022 ਨੂੰ ਅਮਰੀਕਾ ਦੇ ਸੂਬੇ ਨਿਊ ਜਰਸੀ ਦੀ ਸੈਨੇਟ ਵਲੋਂ ਸਰਬਸੰਮਤੀ ਨਾਲ ਨਵੰਬਰ 1984 ਦੀ ਇੰਡੀਆ ਭਰ ਵਿਚ ਵਾਪਰੀ ਸਿੱਖ ਵਿਰੋਧੀ ਹਿੰਸਾ ਦੀ 'ਨਸਲਕੁਸ਼ੀ' ਵਜੋਂ ਨਿਖੇਧੀ ਕਰਦਾ ਮਤਾ ਪ੍ਰਵਾਨ ਕੀਤਾ ਗਿਆ ਹੈ। ਸਿੱਖ ਸਿਆਸਤ ਵਲੋਂ ਨਿਊ ਜਰਸੀ ਸੈਨੇਟ ਦੇ ਇਸ ਮਤੇ (ਮਤਾ ਨੰਬਰ 142, 10 ਜਨਵਰੀ 2022) ਦਾ ਪੰਜਾਬੀ ਉਲੱਥਾ ਪਾਠਕਾਂ ਦੀ ਜਾਣਕਾਰੀ ਹਿਤ ਸਾਂਝਾ ਕੀਤਾ ਹੈ; ਪੇਸ਼ ਕਰਤਾ: ਸੈਨੇਟਰ ਸਟੈੱਪਹਨ ਐਮ. ਸਵੀਨੀ,
ਜਿਲ੍ਹਾ 3 (ਕੁੰਬਰਲੈਂਡ, ਗਲੌਸੀਸਟੈਰ ਅਤੇ ਸੈਲੇਮ)
ਸਾਰ: ਨਵੰਬਰ 1984 ਦੀ ਇੰਡੀਆ ਵਿਚਲੀ ਸਿੱਖ ਵਿਰੋਧੀ ਹਿੰਸਾ ਦੀ ਨਸਲਕੁਸ਼ੀ ਵਜੋਂ ਨਿਖੇਧੀ
ਨਵੰਬਰ 1984 ਦੀ ਇੰਡੀਆ ਵਿਚਲੀ ਸਿੱਖ ਵਿਰੋਧੀ ਹਿੰਸਾ ਦੀ ਨਸਲਕੁਸ਼ੀ ਵਜੋਂ ਨਿਖੇਧੀ ਕਰਦਾ ਮਤਾ।
ਜਿਵੇਂ ਕਿ, ਸਿੱਖ ਭਾਈਚਾਰਾ, ਜਿਸ ਦਾ ਜਨਮ ਪੰਜਾਬ, ਇੰਡੀਆ ਵਿੱਚ ਹੋਇਆ ਅਤੇ ਜੋ ਕਿ 100 ਸਾਲ ਤੋਂ ਵੀ ਪਹਿਲਾਂ ਯੁਨਾਇਟਡ ਸਟੇਟਸ ਵਿੱਚ ਪਰਵਾਸ ਕਰਕੇ ਆਉਣਾ ਸ਼ੁਰੂ ਹੋਇਆ, ਨੇ ਯੁਨਾਇਟਡ ਸਟੇਟਸ ਅਤੇ ਇਸ ਕੌਮਨਵੈਲਥ ਦੀ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ,
ਜਿਵੇਂ ਕਿ, ਸਿੱਖ ਮਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਜਿਸ ਨੂੰ ਮੰਨਣਵਾਲੇ 30 ਮਿਲੀਅਨ ਦੇ ਕਰੀਬ ਹਨ, ਸਮੇਤ ਅੰਦਾਜ਼ਨ 7,00,000 ਅਮਰੀਕਾ ਵਿੱਚ ਰਹਿਣ ਵਾਲਿਆਂ ਦੇ,
ਜਿਵੇਂ ਕਿ, ਸਿੱਖ ਨਸਲਕੁਸ਼ੀ ਇੰਡੀਆ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹਤਿਆ ਤੋਂ ਬਾਅਦ 1 ਨਵੰਬਰ 1984 ਨੂੰ ਰਾਜਧਾਨੀ ਖੇਤਰ ਦਿੱਲੀ ਅਤੇ ਝਾਰਖੰਡ, ਮੱਧ ਪ੍ਰਦੇਸ਼, ਹਰਿਆਣਾ, ਉੱਤਰਾਖੰਡ, ਬਿਹਾਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੜੀਸਾ, ਜੰਮੂ ਅਤੇ ਕਸ਼ਮੀਰ, ਛੱਤੀਸਗੜ੍ਹ, ਤ੍ਰਿਪੁਰਾ, ਤਾਮਿਲਨਾਡੂ, ਗੁਜਰਾਤ, ਆਂਧਰਾ ਪ੍ਰਦੇਸ਼, ਕੇਰਲਾ ਅਤੇ ਮਹਾਂਰਸ਼ਰਟਰ ਸੂਬਿਆਂ ਵਿੱਚ ਸ਼ੁਰੂ ਹੋਈ, ਅਤੇ
ਜਿਵੇਂ ਕਿ, ਸਿੱਖ ਨਸਲਕੁਸ਼ੀ ਤਿੰਨ ਦਿਨ ਜਾਰੀ ਰਹੀ ਅਤੇ 30 ਹਜ਼ਾਰ ਤੋਂ ਵੱਧ ਸਿੱਖ ਕਰੂਰਤਾ ਨਾਲ ਕਤਲ ਕੀਤੇ ਗਏ ਜਾਂ ਮਾਰੇ ਗਏ ਜਦੋਂ ਕਿ ਉਹਨਾ ਦਾ ਘਰਾਂ ਵਿੱਚ ਹੀ ਸ਼ਿਕਾਰ ਕੀਤਾ ਗਿਆ, ਜਿੱਥੇ ਕਿ ਉਹਨਾਂ ਦੀ ਕੁੱਟਮਾਰ ਕਰਕੇ ਜਿਉਂਦਿਆਂ ਹੀ ਸਾੜ ਦਿੱਤਾ ਗਿਆ, ਅਤੇ
ਜਿਵੇਂ ਕਿ, 16 ਅਪਰੈਲ, 2015 ਨੂੰ ਕੈਲੀਫੋਰਨੀਆ ਦੀ ਸਟੇਟ ਅਸੰਬਲੀ ਨੇ ਇੱਕਮਤ ਹੋ ਕੇ ਸਾਂਝਾ ਅਸੰਬਲੀ ਮਤਾ 34 ਪ੍ਰਵਾਨ ਕੀਤਾ, ਜਿਹੜਾ ਕਿ ਇੰਡੀਅਨ ਸਰਕਾਰ ਵੱਲੋਂ ਸਿੱਖਾਂ ਦੇ ਵਿਓਂਤਬੱਧ ਅਤੇ ਜਥੇਬੰਦਕ ਤਰੀਕੇ ਨਾਲ ਕੀਤੇ ਗਏ ਕਤਲਾਂ ਨੂੰ ਤਸਲੀਮ ਕਰਦਾ ਹੈ ਅਤੇ 1984 ਦੀ ਸਿੱਖ ਨਸਲਕੁਸ਼ੀ ਵਿੱਚ ਜਾਨਾਂ ਗਵਾਉਣ ਵਾਲਿਆਂ ਨੂੰ ਯਾਦ ਕਰਦਾ ਹੈ; ਅਤੇ
ਜਿਵੇਂ ਕਿ, 17 ਅਕਤੂਬਰ, 2018 ਨੂੰ ਕੌਮਨਵੈਲਥ ਆਫ ਪੈਨਸਿਲਵੀਨੀਆ ਦੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਹਾਊਸ ਮਤਾ ਐਚ.ਆਰ.1160 ਪ੍ਰਵਾਣ ਕਰਕੇ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਐਲਾਨਿਆ ਹੈ;
ਜਿਵੇਂ ਕਿ, ਚਸ਼ਮਦੀਦ ਗਵਾਹਾਂ, ਪੱਤਰਕਾਰਾਂ ਅਤੇ ਮਨੁੱਖੀ ਹੱਕਾਂ ਦੇ ਕਾਰਕੁਨਾਂ ਵੱਲੋਂ ਇਹ ਦਰਸਾਉਂਦੇ ਸਬੂਤ ਇਕੱਠੇ ਕੀਤੇ ਗਏ ਹਨ ਕਿ ਸਰਕਾਰ ਅਤੇ ਕਾਨੂੰਨ ਅਮਲ ਵਿੱਚ ਲਿਆਉਣ ਵਾਲੇ ਅਫਸਰਾਨ ਨੇ ਕਤਲਾਂ ਦਾ ਪ੍ਰਬੰਧ ਕੀਤਾ, ਉਨ੍ਹਾਂ ਵਿੱਚ ਹਿੱਸੇਦਾਰ ਬਣੇ, ਅਤੇ ਸਿੱਧੇ ਜਾਂ ਅਸਿੱਧੇ ਸਾਧਨਾਂ ਨਾਲ ਦਖਲ ਦੇ ਕੇ ਇਨ੍ਹਾਂ ਨੂੰ ਰੋਕਣ ਤੋਂ ਨਾਕਾਮ ਰਹੇ, ਅਤੇ
ਜਿਵੇਂ ਕਿ, ਹਾਲੀ 2011 ਵਿੱਚ ਹੀ ਹਰਿਆਣੇ ਦੇ ਹੋਂਦ ਚਿੱਲੜ ਅਤੇ ਪਟੌਦੀ ਵਿੱਚ ਘਾਣਗਾਹਾਂ ਮਿਲੀਆਂ ਹਨ, ਅਤੇ ਇੰਡੀਅਨ ਸਰਕਾਰ ਦੇ ਅਫਸਰਾਨ ਅਤੇ ਪੁਲਿਸ ਵੱਲੋਂ ਪ੍ਰਤੱਖ ਦੰਡ-ਮੁਕਤੀ ਦੇ ਅਮਲ ਦੇ ਚੱਲਦਿਆਂ ਭਵਿੱਖ ਵਿੱਚ ਅਜਿਹੀਆਂ ਹੋਰ ਵੀ ਮਿਲਦੀਆਂ ਰਹਿਣਗੀਆਂ;
ਜਿਵੇਂ ਕਿ, ਤਿਲਕ ਵਿਹਾਰ, ਦਿੱਲੀ ਵਿੱਚਲੇ ‘ਵਿਧਵਾ ਮਹੱਲੇ’ ਵਿੱਚ ਹਾਲੀ ਵੀ ਹਜ਼ਾਰਾਂ ਸਿੱਖ ਬੀਬੀਆਂ ਹਨ, ਜਿਹਨਾਂ ਨਾਲ ਜ਼ਬਰੀ ਸਮੂਹਿਕ ਬਲਾਤਕਾਰ ਕੀਤੇ ਗਏ, ਅਤੇ ਜਿਹਨਾਂ ਨੂੰ ਆਪਣੇ ਪਤੀ, ਪਿਤਾ ਅਤੇ ਪੁੱਤਰਾਂ ਦੀ ਮਾਰਕੁੱਟ, ਜਿਉਂਦੇ ਸਾੜਨ ਅਤੇ ਉਹਨਾਂ ਕਤਲ ਨੂੰ ਅੱਖੀਂ ਵੇਖਣ ਲਈ ਮਜਬੂਰ ਕੀਤਾ ਗਿਆ ਅਤੇ ਜੋ ਹਾਲੀ ਵੀ ਮੁਜਰਿਮਾਂ ਖਿਲਾਫ ਨਿਆਂ ਕਰਨ ਦੀ ਮੰਗ ਕਰ ਰਹੀਆਂ ਹਨ;
ਜਿਵੇਂ ਕਿ, ਸਿੱਖ ਨਸਲਕੁਸ਼ੀ ਵਿੱਚ ਜਿੰਦਾ ਬਚਣ ਵਾਲੇ ਕਈ ਜੀਅ ਅਖੀਰ ਯੁਨਾਇਟਡ ਸਟੇਟਸ ਵਿੱਚ ਆ ਵੱਸੇ ਅਤੇ ਉਹਨਾ ਫਰੈਜ਼ਨੋ, ਯੁਬਾ ਸਿਟੀ, ਸਟੌਕਟੋਨ, ਫਰੀਮੌਂਟ, ਗਲੈਨਰੌਕ, ਨਿਊਯਾਰਕ ਸਿਟੀ ਅਤੇ ਫਿਲਾਡਿਲਫੀਆ ਸਮੇਤ ਕਈ ਹੋਰਨਾਂ ਥਾਵਾਂ ਉੱਤੇ ਵੱਡੇ ਸਿੱਖ ਭਾਈਚਾਰੇ ਦੀ ਸਥਾਪਨਾ ਕੀਤੀ;
ਜਿਵੇਂ ਕਿ, ਯੁਨਾਇਟਡ ਸਟੇਟਸ ਅਤੇ ਨਿਊ ਜਰਸੀ ਵਿਚਲਾ ਸਿੱਖ ਭਾਈਚਾਰਾ ਨਸਲਕੁਸ਼ੀ ਦੇ ਭੌਤਿਕ ਪੱਖ ਦੇ ਅਸਰਾਂ ਤੋਂ ਉੱਭਰ ਆਇਆ ਹੈ ਤੇ ਉਹ ਇਸ ਦੌਰਾਨ ਮਾਰੇ ਗਏ ਜੀਆਂ ਦੀ ਯਾਦ ਨੂੰ ਜ਼ਿੰਦਾ ਰੱਖਦੇ ਆ ਰਹੇ ਹਨ ਅਤੇ ਕਦੇ ਵੀ ਇਸ ਨਸਲਕੁਸ਼ੀ ਨੂੰ ਨਹੀਂ ਭੁੱਲਣਗੇ; ਅਤੇ
ਜਿਵੇਂ ਕਿ, 1984 ਵਿਚ ਇੰਡੀਆ ਭਰ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਸਿੱਖਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਉਣ ਨੂੰ ਮਾਨਤਾ ਦੇਣਾ ਨਿਆਂ, ਜਵਾਬਦੇਹੀ ਅਤੇ ਸਦਭਾਵਨਾ ਵੱਲ ਇਹ ਮਹੱਤਵਪੂਰਨ ਅਤੇ ਇਤਿਹਾਸਕ ਕਦਮ ਹੋਵੇਗਾ, ਜੋ ਕਿ ਦੂਨੀਆਂ ਸਰਕਾਰਾਂ ਲਈ ਵੀ ਮਿਸਾਲ ਬਣਨਾ ਚਾਹੀਦਾ ਹੈ; ਇਸ ਲਈ
ਸਟੇਟ ਆਫ ਨਿਊ ਜਰਸੀ ਦੀ ਸੈਨੇਟ ਵਲੋਂ ਇਹ ਮਤਾ ਕੀਤਾ ਜਾਂਦਾ ਹੈ,
1. ਨਿਊ ਜਰਸੀ ਦੀ ਸੈਨੇਟ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ ਦੀ ਨਸਲਕੁਸ਼ੀ ਵਜੋਂ ਨਿਖੇਧੀ ਕਰਦੀ ਹੈ।
2. ਇਸ ਮਤੇ ਦੀਆਂ ਨਕਲਾਂ, ਜਿਵੇਂ ਕਿ ਸੈਕਟਰੀ ਆਫ ਸਟੇਟ ਕੋਲ ਪੇਸ਼ ਕੀਤੀਆਂ ਗਈਆਂ , ਅਮਰੀਕਾ ਦੇ ਰਾਸ਼ਟਰਪਤੀ ਅਤੇ ਉੱਪ-ਰਾਸ਼ਟਰਪਤੀ ਦੇ ਸੈਕਟਰੀ ਆਫ ਦਾ ਸੈਨੇਟ, ਅਮਰੀਕਾ ਦੀ ਸੈਨੇਟ ਦੇ ਬਹੁਗਿਣਤੀ ਅਤੇ ਘੱਟਗਣਤੀ ਦੇ ਆਗੂਆਂ, ਅਮਰੀਕਾ ਦੇ ਹਾਊਸ ਆਫ ਰਿਪ੍ਰਿਜ਼ੈਂਟੇਟਿਵਸ ਦੇ ਸਪੀਕਰ ਅਤੇ ਘੱਟਗਿਣਤੀ ਦੇ ਆਗੂ, ਅਤੇ ਇਸ ਸੈਨੇਟ ਵਿਚੋਂ ਅਮਰੀਕੀ ਕਾਂਗਰਸ ਲਈ ਚੁਣੇ ਗਏ ਹਨ ਜੀਅ ਨੂੰ ਭੇਜੀਆਂ ਗਈਆਂ।
ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ 2022 ਨਵੰਬਰ ਮਹੀਨੇ ਸਿੱਖ ਖੂਨਦਾਨ ਲਹਿਰ ਵਜੋਂ ਮਾਨਤਾ ਦਿੱਤੀ ਗਈ ਹੈ, ਜੋ ਕਿ ਇਤਿਹਾਸਕ ਕਾਰਜ ਹੈ। ਪਰ ਇੰਡੀਅਨ ਫਾਸ਼ੀਵਾਦੀ ਸਟੇਟ ਦੇ ਪ੍ਰਭਾਵ ਕਾਰਨ ਇੱਥੇ ਇਸ ਗੱਲ ਦੀ ਘਾਟ ਜ਼ਰੂਰ ਮਹਿਸੂਸ ਹੋਈ ਹੈ ਕਿ ਇਸ ਖੂਨਦਾਨ ਮੁਹਿੰਮ ਦਾ ਅਸਲ ਕਾਰਨ, ਜੋ ਕਿ 'ਸਿੱਖ ਨਸਲਕੁਸ਼ੀ ਦਾ ਦੁਖਾਂਤ' ਹੈ, ਉਸ ਬਾਰੇ ਸਰਕਾਰੀ ਐਲਾਨਨਾਮੇ 'ਚ ਪੂਰੀ ਤਰ੍ਹਾਂ ਖਾਮੋਸ਼ੀ ਹੈ। ਇਹ ਸਿੱਖ ਨਸਲਕੁਸ਼ੀ ਦੀ ਪੀੜ੍ਹਤ ਸਮੁੱਚੀ ਸਿੱਖ ਕੌਮ ਲਈ ਰੜਕਦਾ ਹੈ। ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਕੰਜ਼ਰਟਿਵ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਪੀਅਰ ਪੋਲੀਵਰ ਨੂੰ ਬੀਤੇ ਸਮੇਂ ਦੌਰਾਨ ਪੰਜਾਬੀ ਪ੍ਰੈੱਸ ਕਲੱਬ ਬੀਸੀ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਵਿੱਚ ਸਵਾਲ ਪੁੱਛਿਆ ਗਿਆ ਕਿ ਜਿਵੇਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਚੀਨ ਅੰਦਰ ਮੁਸਲਿਮ ਘੱਟ ਗਿਣਤੀ ਦੀ ਨਸਲਕੁਸ਼ੀ ਬਾਰੇ ਮਤਾ ਪਾਸ ਕੀਤਾ ਜਾ ਚੁੱਕਾ ਹੈ ਅਤੇ ਅਜਿਹੀਆਂ ਕਈ ਹੋਰ ਨਸਲਕੁਸ਼ੀਆਂ ਦੀ ਗੱਲ ਚੱਲੀ ਹੈ ਕੀ ਤੁਸੀਂ ਭਾਰਤ ਵਿੱਚ ਹੋਈ ਸਿੱਖਾਂ ਦੀ ਨਸਲਕੁਸ਼ੀ ਬਾਰੇ ਕਦੇ ਮਤਾ ਲਿਆਉਗੇ?'' ਇਸ ਤੇ ਪੀਅਰ ਪੋਲੀਵਰ ਨੇ ਪੂਰੀ ਤਰ੍ਹਾਂ ਅਣਜਾਣਤਾ ਪ੍ਰਗਟਾਈ ਅਤੇ ਸਿੱਖ ਨਸਲਕੁਸ਼ੀ ਬਾਰੇ ਕੈਨੇਡਾ ਦੀ ਵਿਰੋਧੀ ਪਾਰਟੀ ਦੇ ਆਗੂ ਦੇ ਵਿਚਾਰ ਇਹ ਸਨ :'ਮੈਂ ਅਜਿਹਾ ਕੋਈ ਪਤਾ ਨਹੀਂ ਲਿਆਵਾਂਗਾ'' ''ਮੈਨੂੰ ਪਤਾ ਨਹੀਂ ਇਸ ਬਾਰੇ, ਜਾਣਕਾਰੀ ਲਵਾਂਗੇ'' ਜੇ ਪਾਰਟੀ ਲੀਡਰ ਨੂੰ ਸੱਚਮੁੱਚ ਸਿੱਖ ਨਸਲਕੁਸ਼ੀ ਬਾਰੇ ਗਿਆਨ ਨਹੀਂ, ਤਾਂ ਇਹ ਬੌਧਿਕ ਦੀਵਾਲੀਏਪਨ ਦੀ ਤਸਵੀਰ ਹੈ। ਪਰ ਜੇਕਰ ਉਹ ਇਸ ਬਾਰੇ ਕੁਝ ਕਹਿਣਾ ਨਹੀਂ ਚਾਹੁੰਦੇ, ਤਾਂ ਇਹ ਬੌਧਿਕ ਬੇਈਮਾਨੀ ਦਾ ਪ੍ਰਤੀਕ ਹੈ। ਪਾਰਟੀ ਲੀਡਰ ਹੋਣ ਦੇ ਨਾਤੇ ਪੀਅਰ ਪੋਲੀਵਰ ਨੂੰ ਇਹ ਜਾਣਕਾਰੀ ਉਸਦੇ ਪਾਰਟੀ ਦੇ ਸਿੱਖ ਐਮਪੀਜ਼ ਵੱਲੋਂ ਦਿੱਤੀ ਜਾਣੀ ਚਾਹੀਦੀ ਸੀ ਕਿ ਅਜਿਹਾ ਸਿੱਖ ਨਸਲਕੁਸ਼ੀ ਦਾ ਮਤਾ ਪਾਰਲੀਮੈਂਟ ਵਿੱਚ ਲਿਆਂਦਾ ਜਾ ਚੁੱਕਾ ਹੈ, ਪਰ ਉਸ ਨੂੰ ਪ੍ਰਵਾਨ ਨਹੀਂ ਸੀ ਕੀਤਾ ਗਿਆ। ਇਹ ਕਹਿਣਾ ਗਲਤ ਹੈ ਕਿ ਅਜਿਹਾ ਪਾਰਲੀਮੈਂਟ ਕਦੇ ਨਹੀਂ ਆਇਆ। ਇਥੋਂ ਤੱਕ ਕਿ ਕੈਨੇਡਾ ਦੀ ਕੰਜ਼ਰਵਟਿਵ ਪਾਰਟੀ ਨਾਲ ਡੂੰਘੇ ਸਬੰਧ ਰੱਖਣ ਵਾਲੀ ਭਾਰਤ ਦੀ ਬੀਜੇਪੀ ਸਰਕਾਰ ਦੇ ਗ੍ਰਹਿ ਮੰਤਰੀ, ਰਾਜਨਾਥ ਸਿੰਘ ਵੀ ਇਹ ਮੰਨ ਚੁੱਕੇ ਹਨ ਕਿ 1984 'ਚ ਵਾਪਰਿਆ ਦੁੱਖਾਂਤ ਸਿੱਖ ਨਸਲਕੁਸ਼ੀ ਸੀ।
ਕੌਮਾਂਤਰੀ ਭਾਈਚਾਰੇ ਦਾ ਫ਼ਰਜ਼ ਬਣਦਾ ਹੈ ਕਿ 1984 ਦੇ ਮਹਾਂ-ਦੁਖਾਂਤ ਨੂੰ 'ਸਿੱਖ ਨਸਲਕੁਸ਼ੀ' ਵਜੋਂ ਸਵੀਕਾਰ ਕਰੇ। ਇਸ ਨਸਲਕੁਸ਼ੀ ਖ਼ਿਲਾਫ਼ ਕੈਨੇਡਾ ਦੀ ਪਾਰਲੀਮੈਂਟ 'ਚ ਮਤਾ ਉਸੇ ਤਰਜ਼ ਤੇ ਪਾਸ ਕਰੇ, ਜਿਵੇਂ ਚੀਨ ਵਿਚ ਘੱਟ-ਗਿਣਤੀ ਉਈਗਰ ਮੁਸਲਿਮ ਭਾਈਚਾਰੇ ਦੀ ਨਸਲਕੁਸ਼ੀ ਸਬੰਧੀ ਮਤਾ ਪਾਸ ਕੀਤਾ ਗਿਆ ਅਤੇ ਚੀਨ ਵਿਚ 2022 ਦੀਆਂ ਸਰਦ ਰੁੱਤ ਓਲੰਪਿਕ ਖੇਡਾਂ ਦਾ ਵੀ ਕੈਨੇਡਾ ਵੱਲੋਂ ਕੂਟਨੀਤਕ ਰਾਜਸੀ ਬਾਈਕਾਟ ਕੀਤਾ ਗਿਆ ਹੈ। ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਕੀਤੀ ਸਿੱਖ ਨਸਲਕੁਸ਼ੀ ਦੀ ਤਰਜ਼ ਉੱਤੇ ਹੀ, ਗੁਜਰਾਤ ਵਿੱਚ 2002 ਵਿੱਚ ਭਾਜਪਾ ਸਰਕਾਰ ਨੇ ਮੁਸਲਿਮ ਕਤਲੇਆਮ ਅਤੇ ਫਿਰ ਉੜੀਸਾ ਵਿੱਚ ਇਸਾਈਆਂ ਦੇ ਕਤਲ ਅਤੇ ਹੋਰ ਘੱਟ ਗਿਣਤੀਆਂ, ਮੂਲ-ਨਿਵਾਸੀਆਂ ਅਤੇ ਦਲਿਤਾਂ ਤੇ ਜਬਰ ਕੀਤੇ ਅਤੇ ਅੱਜ ਵੀ ਹੋ ਰਹੇ ਹਨ। ਕੌਮਾਂਤਰੀ ਪੱਧਰ ਤੇ ਇਸ ਮਹਾਂ ਦੁਖਾਂਤ ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਜ਼ਰੂਰੀ ਹੈ। ਇਹ ਨਸਲ ਕੁਸ਼ੀ ਕਿਉਂ ਅਤੇ ਕਿਵੇਂ ਹੈ, ਇਸ ਬਾਰੇ ਕਾਵਿਕ ਸ਼ਬਦਾਂ ਨਾਲ ਵਿਸ਼ਾ ਸਮੇਟਦੇ ਹਾਂ;
"ਨਸਲਕੁਸ਼ੀ"
ਜਦ ਸੱਤਾ ਦੇ ਸਿੰਘਾਸਣ ਉੱਪਰ
ਆ ਬੈਠਣ ਆਦਮਖ਼ੋਰ
ਦਹਾੜਨ ਲਹੂ ਪਿਆਸੇ ਮੁਕੱਦਮ
ਆਦਮ-ਬੋ ਕਰ ਰਹੀ ਹੋਵੇ ਜਨੂੰਨੀ ਭੀੜ
ਸਭ ਸ਼ੈਤਾਨ ਟੁੱਟ ਪੈਣ ਬੇਗੁਨਾਹਾਂ 'ਤੇ
ਖੇਡਣ ਲਾਚਾਰ ਅਤੇ ਬੇਵੱਸਾਂ ਦੀ
ਖ਼ੂਨ ਦੀ ਹੋਲੀ
ਅਤੇ ਧਰਤ ਭਾਰਤ ਦੀ
ਥਾਂ-ਥਾਂ ਹੋ ਜਾਏ ਲਹੂ-ਲੁਹਾਣ....
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?
ਜਦ ਰੱਖਿਅਕ ਹੀ ਬਣ ਜਾਣ ਭੱਖਿਅਕ
ਘੜਨ ਸਾਜਿਸ਼ ਖੁਰਾ-ਖੋਜ ਮਿਟਾਉਣ ਦੀ
ਕਰਨ ਜਨੂੰਨੀਆਂ ਦੀ ਪੁਸ਼ਤ-ਪਨਾਹੀ
ਦੇਣ ਖੁੱਲ੍ਹ ਮੌਤ ਦੇ ਤਾਂਡਵ ਦੀ
ਦਿਸੇ ਜਿਥੇ ਵੀ 'ਖਾਸ' ਨਸਲ ਦਾ ਸ਼ਖਸ
ਜਿਉਂਦੇ-ਜੀ ਸਾੜਨ ਸ਼ਰੇ-ਬਾਜ਼ਾਰ
ਨਾ ਬਖ਼ਸ਼ਣ ਉਸਦਾ ਘਰ ਪਰਿਵਾਰ...
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?
ਜਦ ਸਰਕਾਰੀ ਅੱਤਵਾਦ ਦਾ ਹੋਵੇ ਨੰਗਾ-ਨਾਚ
ਆਕਾਸ਼ ਨੂੰ ਛੂਹ ਜਾਣ ਜਨੂੰਨੀ ਨਾਹਰਿਆਂ ਦੇ ਭਾਂਬੜ
'ਮਖੌਟਾਧਾਰੀ ਨਕਲਚੀ' ਪਾਵੇ ਬਲਦੀ 'ਤੇ ਤੇਲ
ਤੇ ਚੀਖ- ਚੀਖ ਆਖੇ 'ਖੂਨ ਦਾ ਬਦਲਾ ਖੂਨ'
ਇੱਕ- ਦੋ ਨਹੀਂ ਸੈਂਕੜੇ -ਹਜ਼ਾਰਾਂ ਦਾ ਖੂਨ
ਬੁੱਢੀ ਮਾਂ ਦਾ ਖੂਨ
ਬਿਰਧ ਬਾਪ ਦਾ ਖੂਨ
ਜਵਾਨ ਪੁੱਤ ਦਾ ਖੂਨ
ਮੁਟਿਆਰ ਧੀ ਦਾ ਖੂਨ
ਅਣਜੰਮੇ ਜੀਅ ਦਾ ਖੂਨ....
'ਇਕੋ ਸ਼ਕਲ' ਦਾ ਖੂਨ,
'ਇਕੋ ਨਸਲ' ਦਾ ਖੂਨ...
ਦੱਸੋ ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?
ਜਦ ਨਿਸ਼ਾਨਾ ਬਣੇ 'ਇੱਕ ਹੀ ਕੌਮ'
ਅਰਥਹੀਣ ਹੋ ਜਾਏ ਇਹ ਤਰਕ ਕਿ
ਕਿਹੜੀ ਹੈ ਉਸਦੀ ਸਿਆਸੀ ਜਮਾਤ?
ਕਿਹੜੀ ਹੈ ਉਸਦੀ ਵਿਚਾਰਧਾਰਾ?
ਕਿਹੜਾ ਹੈ ਉਸਦਾ ਵਪਾਰ-ਕਾਰੋਬਾਰ?
ਕੀ ਉਹ ਹੈ ਆਸਤਿਕ ਜਾਂ ਨਾਸਤਿਕ?
ਕੀ ਉਹ ਹੈ ਅਕਾਲੀ ਜਾਂ ਕਾਂਗਰਸੀ?
ਕੀ ਉਹ ਹੈ ਸੱਜੇਪੱਖੀ ਜਾਂ ਖੱਬੇਪੱਖੀ?
ਕੀ ਉਹ ਹੈ ਕਲੀਨਸ਼ੇਵ ਜਾਂ ਅੰਮ੍ਰਿਤਧਾਰੀ?
ਕੀ ਉਹ ਹੈ ਮਿਸ਼ਨਰੀ ਜਾਂ ਟਕਸਾਲੀ?
ਕੀ ਉਹ ਹੈ ਫੰਡਮੈਂਟਲਿਸਟ ਜਾਂ ਮਾਡਰੇਟ?
ਉਹ ਹੋਏ ਚਾਹੇ ਕਿਸੇ ਵੀ ਸ਼ਕਲ-ਸੂਰਤ 'ਚ
ਉਸ ਦੀ ਹੋਂਦ ਮਿਟਾਉਣ ਲਈ ਬੱਸ ਏਨਾ ਹੀ ਕਾਫੀ
ਕਿ ਉਹ ਹੈ ਸਰਬੱਤ ਦਾ ਭਲਾ ਮੰਗਣ ਵਾਲਾ 'ਸਿੱਖ'
ਉਸ ਦੀ ਅਲਖ ਮੁਕਾਉਣ ਲਈ ਬੱਸ ਏਨਾ ਹੀ ਬਹੁਤ ਕਿ
ਉਹ ਹੈ ਪੰਜਾਬ ਦਾ ਜਾਇਆ, ਗੁਰਮੁੱਖੀ ਦਾ ਪੁੱਤਰ
ਉਸ ਦੇ ਕਤਲ ਲਈ ਬੱਸ ਏਨੀ ਪਛਾਣ ਹੀ ਬਹੁਤ ਕਿ
ਉਸਨੇ ਹੱਥ 'ਚ ਪਹਿਨਿਆ ਹੈ 'ਕੜਾ'...
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?
ਜਦ ਇੱਕ ਨਸਲ 'ਤੇ ਆ ਝਪਟਣ ਸਾਰੇ ਸ਼ੈਤਾਨ'
ਹੋਏ ਸਭ ਦਾ ਇਕ ਨਿਸ਼ਾਨਾ ਇਕ ਐਲਾਨ
ਹੈ ਮਿਟਾਉਣਾ ਸਿੱਖ ਕੌਮ ਦਾ ਨਾਮੋ-ਨਿਸ਼ਾਨ
ਇਕ ਕਹੇ 'ਜਦ ਡਿੱਗੇ ਵੱਡਾ ਰੁੱਖ,
ਤਾਂ ਕੰਬਦੀ ਹੈ ਧਰਤੀ'
ਦੂਜਾ ਕਹੇ 'ਪੀੜਤ ਖ਼ੁਦ ਹੀ ਹੈ ਦੋਸ਼ੀ
ਤੇ ਪੀੜਤ ਲਈ ਹੈ 'ਸਬਕ' ਵੱਡਾ ਰੁੱਖ ਡੇਗਣ ਦਾ
ਜਦ ਬਘਿਆੜਾਂ ਦੀ ਇੱਕ ਢਾਣੀ ਵਲੋਂ
ਲਹੂ ਪਿਆਸਾ ਭਿਅੰਕਰ ਰਾਜੀਵ
ਐਲਾਨ ਦਿੱਤਾ ਜਾਏ 'ਭਾਰਤ ਰਤਨ'
ਤੇ ਬਘਿਆੜਾਂ ਦੀ ਦੂਜੀ ਢਾਣੀ ਵਲੋਂ
ਕੱਟੜਪੰਥੀ ਨਾਨਾ ਦੇਸ਼ਮੁਖ
ਐਲਾਨ ਦਿੱਤਾ ਜਾਏ 'ਭਾਰਤ ਰਤਨ'
ਤੇ ਜਿਹੜੇ ਚੜ੍ਹ ਗਏ ਫਾਂਸੀਆਂ,
ਭੇਜੇ ਗਏ ਕਾਲੇਪਾਣੀਆਂ ਨੂੰ,
ਉਡਾਏ ਗਏ ਤੋਪਾਂ ਸਾਹਵੇਂ,
ਡੱਕੇ ਗਏ ਜੇਲ੍ਹਾਂ ਦੀਆਂ ਸਲਾਖਾਂ ਪਿਛੇ,
ਸ਼ਹੀਦ ਹੋਏ ਹੱਦਾ-ਸਰਹੱਦਾਂ ਦੀ ਰਾਖੀ ਕਰਦਿਆਂ,
ਉਨ੍ਹਾਂ ਨੂੰ ਮਿਲੇ ਇਹ 'ਇਨਾਮ'..
ਨਸਲਕੁਸ਼ੀ! ਨਸਲਕੁਸ਼ੀ!! ਨਸਲਕੁਸ਼ੀ!!!
ਡਾ. ਗੁਰਵਿੰਦਰ ਸਿੰਘ
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)
ਐਬਟਸਫੋਰਡ, ਕੈਨੇਡਾ।
ਤਸਵੀਰਾਂ: ਚਿਤਰਕਾਰ ਜਰਨੈਲ ਸਿੰਘ ਵੱਲੋਂ ਸਿੱਖ ਨਸਲਕੁਸ਼ੀ ਦੇ ਦੁਖਾਂਤ ਬਾਰੇ ਤਿਆਰ ਕੀਤੇ ਚਿਤਰ

ਕਤਰ ਦੀ ਧਰਤੀ 'ਤੇ ਜਾਸੂਸੀ ਲਈ ਅੱਠ ਸਾਬਕਾ ਭਾਰਤੀ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ : ਭਾਰਤ ਲਈ ਵਿਸ਼ਵ-ਵਿਆਪੀ ਨਾਮੋਸ਼ੀ - ਡਾ. ਗੁਰਵਿੰਦਰ ਸਿੰਘ

ਕੈਨੇਡਾ ਦੀ ਧਰਤੀ 'ਤੇ ਭਾਰਤੀ ਏਜੰਸੀਆਂ ਵੱਲੋਂ ਦਖਲ-ਅੰਦਾਜ਼ੀ ਕਰਦੇ ਹੋਏ, ਕੈਨੇਡਾ ਦੇ ਨਾਗਰਿਕ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਨੂੰ ਲੈ ਕੇ ਜਿੱਥੇ ਇਸ ਵੇਲੇ ਦੁਨੀਆ ਭਰ 'ਚ ਭਾਰਤੀ ਏਜੰਸੀਆਂ ਨਾਮੋਸ਼ੀ ਝੱਲ ਰਹੀਆਂ ਹਨ, ਉਥੇ ਤਾਜ਼ਾ ਘਟਨਾਵਾਂ ਵਿੱਚ ਭਾਰਤ ਦੇ ਅੱਠ ਸਾਬਕਾ ਜਲ ਥੈਨਾ ਅਧਿਕਾਰੀਆਂ ਨੂੰ, ਕਤਰ ਵਿੱਚ ਇਜਰਾਇਲ ਦੀ ਜਾਸੂਸੀ ਲਈ ਮੌਤ ਦੀ ਸਜ਼ਾ ਸੁਣਾਏ ਜਾਣਾ, ਹੋਰ ਵੀ ਦੁਖਦਾਈ ਵਰਤਾਰਾ ਹੈ। ਦਰਅਸਲ ਹੁਣ ਤੱਕ ਭਾਰਤ ਦੇ ਕੈਨੇਡਾ ਵਿੱਚੋਂ ਇੱਕ ਜਾਸੂਸ ਕੱਢੇ ਜਾਣ 'ਤੇ ਹਾਲ-ਦੁਹਾਈ ਮੱਚੀ ਹੋਈ ਹੈ, ਪਰ ਅੱਜ ਅੱਠ ਭਾਰਤੀ ਨਾਗਰਿਕਾਂ ਨੂੰ ਸਜ਼ਾਏ ਮੌਤ ਤੋਂ ਬਾਅਦ, ਇਹ ਸ਼ਰਮਨਾਕ ਗੱਲ ਹੈ। ਯਕੀਨਨ ਤੌਰ 'ਤੇ ਇਹ ਘਟਨਾਵਾਂ ਕੌਮਾਂਤਰੀ ਪੱਧਰ 'ਤੇ ਭਾਰਤੀ ਸਟੇਟ ਦੇ ਜਾਸੂਸੀ ਅਤੇ ਵਿਦੇਸ਼ੀ ਦਖਲਅੰਦਾਜ਼ੀ ਵਾਲੇ ਕਿਰਦਾਰ ਨੂੰ ਜੱਗ ਜ਼ਾਹਿਰ ਕਰਦੀਆਂ ਹਨ। ਬੇਸ਼ੱਕ ਭਾਰਤ ਨੇ ਕਤਰ ਨੂੰ, ਕੈਨੇਡਾ ਵਾਂਗ ਧਮਕੀ ਜਾਂ ਡਰਾਵਾ ਨਹੀਂ ਦਿੱਤਾ, ਪਰ ਭਾਰਤੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਕਤਰ ਨਾਲ ਇਸ ਮਾਮਲੇ ਵਿੱਚ ਗੱਲਬਾਤ ਕਰ ਰਹੇ ਹਨ। ਖਾਲਿਸਤਾਨੀਫੋਵੀਏ' ਦਾ ਸ਼ਿਕਾਰ ਇੰਡੀਅਨ ਏਜੰਸੀਆਂ ਨੂੰ ਹੁਣ ਸਪਸ਼ਟ ਹੋ ਜਾਣਾ ਚਾਹੀਦਾ ਕਿ ਮਾਮਲਾ ਕੇਵਲ ਸਿੱਖਾਂ ਦੇ ਮੁੱਦਿਆਂ ਜਾਂ ਕੈਨੇਡਾ ਵਿੱਚ ਦਖਲ ਅੰਦਾਜ਼ੀ ਆਦਿ ਦਾ ਨਹੀਂ, ਮਾਮਲਾ ਭਾਰਤੀ ਅਧਿਕਾਰੀਆਂ ਅਤੇ ਏਜੰਸੀਆਂ ਦੇ ਕਿਰਦਾਰ ਦਾ ਹੈ। ਕਤਰ ਤੋਂ ਬਾਅਦ ਹੋਰ ਕਿਸ ਦੀ ਵਾਰੀ ਹੋਏਗੀ, ਇਹ ਸਮਾਂ ਦੱਸੇਗਾ, ਪਰ ਹੁਣ ਸਪਸ਼ਟ ਹੈ ਕਿ ਨਾਂ ਤਾਂ ਕਤਰ ਦੀ ਅਦਾਲਤ 'ਖਾਲਿਸਤਾਨੀ ਅਦਾਲਤ' ਹੈ ਅਤੇ ਨਾ ਹੀ ਇਸ ਮਾਮਲੇ ਵਿੱਚ ਸਿੱਖਾਂ ਦੀ ਕੋਈ ਵੀ ਮੁਦਾਖਿਲਤ ਹੈ। ਬੇਸ਼ੱਕ ਕਤਰ ਦੀ ਅਦਾਲਤ ਨੇ 26 ਅਕਤੂਬਰ ਨੂੰ ਅੱਠ ਭਾਰਤੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਹੁਣ ਸੁਣਾਈ ਹੈ, ਪਰ 30 ਅਗਸਤ 2022 ਤੋਂ ਇਹ ਦੋਸ਼ੀ ਇਜਰਾਇਲ ਲਈ ਜਾਸੂਸੀ ਕਰਨ ਦੇ ਦੋਸ਼ 'ਚ ਹਿਰਾਸਤ 'ਚ ਸਨ। ਨਾਮੋਸ਼ੀ ਵਾਲੀ ਗੱਲ ਇਹ ਵੀ ਹੈ ਕਿ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਅੱਠ ਸਾਬਕਾ ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਵਿੱਚ ਇੱਕ 'ਪ੍ਰਵਾਸੀ ਭਾਰਤੀ ਸਨਮਾਨ ਨਾਲ ਸਨਮਾਨਿਤ' ਕਮਾਂਡਰ ਪੂਰਨੇਂਦੂ ਤਿਵਾੜੀ ਵੀ ਸ਼ਾਮਿਲ ਹੈ, ਜਿਸ ਨੂੰ 2019 ਵਿੱਚ ਭਾਰਤ ਦੇ ਰਾਸ਼ਟਰਪਤੀ ਨੇ ਕਤਰ ਵਿੱਚ 'ਭਾਰਤ ਦਾ ਅਕਸ ਸੰਵਾਰਨ' ਲਈ 'ਸਭ ਤੋਂ ਵੱਡਾ ਸਨਮਾਨ ਪ੍ਰਵਾਸੀ ਪੁਰਸਕਾਰ' ਦਿੱਤਾ ਸੀ। ਭਾਰਤ ਦੇ ਸਾਬਕਾ ਜਲ ਥੈਨਾ ਅਧਿਕਾਰੀ ਤਿਵਾੜੀ ਨੇ ਇਹ ਅਕਸ ਕਿੰਨਾ ਕੁ ਸਵਾਰਿਆ ਹੈ, ਇਹ ਅੱਜ ਸਾਹਮਣੇ ਆ ਚੁੱਕਿਆ ਹੈ।
ਹੈਰਾਨੀ ਅਤੇ ਸ਼ਰਮਨਾਕ ਗੱਲ ਇਹ ਹੈ ਕਿ ਪੋਸਟ, ਦੋਹਾ ਸਥਿਤ ਭਾਰਤੀ ਦੂਤਾਵਾਸ ਦੇ ਵੈਬਸਾਈਟ ਤੇ ਸੋਸ਼ਲ ਮੀਡੀਆ 'ਤੇ ਅੱਜ ਵੀ ਬਰਕਰਾਰ ਹੈ, ਬੇਸ਼ੱਕ ਇਸ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਅੱਠ ਭਾਰਤੀ ਨਾਗਰਿਕਾਂ ਨੂੰ ਕਤਰ ਅਦਾਲਤ ਵੱਲੋਂ ਮੌਤ ਦੀ ਸਜ਼ਾ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਭਾਰਤੀ ਤੇ ਸਾਬਕਾ ਜਲ ਸੈਨਾ ਦੇ ਅਧਿਕਾਰੀ ਅੱਤਵਾਦੀ ਸਨ, ਜੋ ਕਤਰ ਦੀ ਧਰਤੀ ਦੀ ਵਰਤੋਂ ਕਰਕੇ ਦੂਜੇ ਦੇਸ਼ ਲਈ ਜਾਸੂਸੀ ਕਰਦੇ ਸਨ। ਕਤਰ ਸਰਕਾਰ ਅਨੁਸਾਰ ਇਹ ਸਾਰੀ ਜਾਣਕਾਰੀ ਭਾਰਤ ਅਤੇ ਇਸਰਾਇਲ ਦੋਹਾਂ ਦੇਸ਼ਾਂ ਨੂੰ ਦਿੱਤੀ ਜਾ ਚੁੱਕੀ ਹੈ। ਦੋਸ਼ ਇਹ ਵੀ ਹੈ ਕਿ ਦੋਸ਼ੀ ਵਿਦੇਸ਼ੀ ਸਰਕਾਰਾਂ ਦੇ ਸਰਕਾਰੀ ਫੰਡ, ਰਾਜ-ਪ੍ਰਾਯੋਜਿਤ ਅਤੇ ਰਾਜ-ਸਮਰਪਿਤ ਅੱਤਵਾਦ ਵਿੱਚ ਸਰਗਰਮੀ ਨਾਲ ਸ਼ਾਮਲ ਸਨ। ਭਾਰਤ ਦੇ ਅੱਠ ਸਾਬਕਾ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਭਾਰਤ ਸਰਕਾਰ ਨੇ ਕਿਹਾ ਕਿ ਉਨ੍ਹਾਂ ਦੇ ਖਿਲਾਫ ਦੋਸ਼ ਕਤਰ ਦੇ ਅਧਿਕਾਰੀਆਂ ਦੁਆਰਾ ਜਨਤਕ ਨਹੀਂ ਕੀਤੇ ਗਏ ਸਨ, ਹਾਲਾਂਕਿ ਅਦਾਲਤ ਨੇ ਜਾਸੂਸੀ ਦੇ ਦੋਸ਼ਾਂ ਤੋਂ ਬਾਅਦ ਇਹ ਸਜ਼ਾ ਸੁਣਾਈ ਹੈ।
ਹੁਣ ਤੱਕ ਪ੍ਰਾਪਤ ਰਿਪੋਰਟਾਂ ਦੇ ਅਨੁਸਾਰ, ਅੱਠ ਸਾਬਕਾ ਭਾਰਤੀ ਜਲ ਸੈਨਾ ਦੇ ਅਧਿਕਾਰੀਆਂ 'ਤੇ ਕਤਰ ਦੀਆਂ ਆਧੁਨਿਕ ਪਣਡੁੱਬੀਆਂ 'ਤੇ ਇਸਰਾਇਲ ਲਈ ਜਾਸੂਸੀ ਕਰਨ ਦਾ ਦੋਸ਼ ਹੈ। ਦਰਅਸਲ ਇਹਨਾਂ ਪਣਡੁੱਬੀਆਂ ਨੂੰ ਕਥਿਤ ਤੌਰ 'ਤੇ ਉੱਚੀ ਸਟੀਲ ਸਮਰੱਥਾ ਲਈ ਵਿਸ਼ੇਸ਼ ਸਮੱਗਰੀ ਨਾਲ ਲੇਪਿਆ ਜਾਂਦਾ ਹੈ। ਦੋਸ਼ੀ ਇਹਨਾਂ ਪਣਡੁੱਬੀਆਂ ਦੀ ਵਰਤੋਂ ਕਤਰ ਵਿੱਚ ਜਸੂਸੀ ਅਤੇ ਅੱਤਵਾਦੀ ਗਤੀਵਿਧੀਆਂ ਲਈ ਕਰਦੇ ਸਨ। ਅਦਾਲਤ ਵੱਲੋਂ ਸਜ਼ਾ ਸੁਣਾਏ ਗਏ ਵਿਅਕਤੀਆਂ ਦੀ ਪਛਾਣ 'ਪ੍ਰਵਾਸੀ ਭਾਰਤੀ ਸਨਮਾਨ ਨਾਲ ਸਨਮਾਨਿਤ' ਕਮਾਂਡਰ ਪੂਰਨੇਂਦੂ ਤਿਵਾੜੀ, ਕੈਪਟਨ ਬੀਰੇਂਦਰ ਕੁਮਾਰ ਵਰਮਾ, ਕੈਪਟਨ ਸੌਰਭ ਵਸ਼ਿਸ਼ਟ, ਕੈਪਟਨ ਨਵਤੇਜ ਸਿੰਘ ਗਿੱਲ, ਕਮਾਂਡਰ ਅਮਿਤ ਨਾਗਪਾਲ, ਕਮਾਂਡਰ ਪੂਰਨੇਂਦੂ ਤਿਵਾੜੀ, ਕਮਾਂਡਰ ਸੁਗੁਨਾਕਰ ਪਕਾਲਾ, ਕਮਾਂਡਰ ਸੰਜੀਵ ਗੁਪਤਾ ਅਤੇ ਮਲਾਹ ਰਾਗੇਸ਼ ਵਜੋਂ ਹੋਈ ਹੈ।
ਸਜ਼ਾ ਸੁਣਾਏ ਗਏ ਭਾਰਤੀ ਜਲ ਸੈਨਾ ਦੇ ਇਨ੍ਹਾਂ ਸਾਬਕਾ ਅਧਿਕਾਰੀਆਂ ਨੂੰ ਅਗਸਤ 2022 ਤੋਂ ਇਜ਼ਰਾਈਲ ਲਈ ਜਾਸੂਸੀ ਕਰਨ ਦੇ ਦੋਸ਼ 'ਚ ਹਿਰਾਸਤ 'ਚ ਰੱਖਿਆ ਗਿਆ ਹੈ। ਅੰਤਰਰਾਸ਼ਟਰੀ ਅੱਤਵਾਦ ਵਿੱਚ ਭਾਰਤ ਦੇ ਇਹਨਾਂ ਨਾਗਰਿਕਾਂ ਦੀ ਸ਼ਮੂਲੀਅਤ ਦਾ ਪਰਦਾਫਾਸ਼ ਕਰਦੇ ਹੋਏ, ਕਤਰ ਨੇ ਇਹਨਾ ਨੂੰ ਜਾਸੂਸੀ ਤੋਂ ਇਲਾਵਾ ਵਿਦੇਸ਼ੀ ਸਰਕਾਰਾਂ ਦੀ ਰਾਜ-ਪ੍ਰਾਯੋਜਿਤ ਅਤੇ ਰਾਜ-ਸਮਰਪਿਤ ਅੱਤਵਾਦ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਸੀ।
ਇਹ ਭਾਰਤੀ ਨਾਗਰਿਕ 'ਅਲ ਦਾਹਰਾ ਗਲੋਬਲ ਟੈਕਨਾਲੋਜੀਜ਼ ਐਂਡ ਕੰਸਲਟੈਂਸੀ ਸਰਵਿਸਿਜ਼' ਲਈ ਕਵਰ ਹੇਠ ਕੰਮ ਕਰ ਰਹੇ ਸਨ, ਜੋ ਇੱਕ ਓਮਾਨ ਏਅਰ ਫੋਰਸ ਅਧਿਕਾਰੀ ਦੀ ਮਲਕੀਅਤ ਵਾਲੀ ਇੱਕ ਨਿੱਜੀ ਫਰਮ ਹੈ ਤੇ ਜੋ ਕਤਰ ਦੀਆਂ ਹਥਿਆਰਬੰਦ ਬਲਾਂ ਅਤੇ ਸੁਰੱਖਿਆ ਏਜੰਸੀਆਂ ਨੂੰ ਸਿਖਲਾਈ ਅਤੇ ਹੋਰ ਸੇਵਾਵਾਂ ਪ੍ਰਦਾਨ ਕਰਦੀ ਸੀ। ਕਤਰ ਸਰਕਾਰ ਦਾ ਕਹਿਣਾ ਹੈ ਕਿ ਦੋਸ਼ੀ ਕਤਰ ਦੀਆਂ ਸੁਰੱਖਿਆ ਏਜੰਸੀਆਂ ਦੀ ਸਿੱਧੇ ਤੌਰ 'ਤੇ 'ਜਾਸੂਸੀ' ਕਰ ਰਹੇ ਸਨ, ਜਦ ਕਿ ਕਹਿਣ ਨੂੰ ਇਹ ਕਤਰ ਦੇ ਹਥਿਆਰਬੰਦ ਬਲਾਂ ਅਤੇ ਸੁਰੱਖਿਆ ਦਸਤਿਆਂ ਨੂੰ 'ਸਿਖਲਾਈ' ਦੇ ਰਹੇ ਸਨ। ਇਨ੍ਹਾਂ ਅਧਿਕਾਰੀਆਂ ਦੀਆਂ ਗਤੀਵਿਧੀਆਂ ਨੇ ਕਤਰ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ, ਇਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਪ੍ਰੇਰਿਤ ਕੀਤਾ ਸੀ। ਦੋਹਾ (ਕਤਰ) ਵਿੱਚ ਇਹਨਾਂ ਅਧਿਕਾਰੀਆਂ ਦੀ ਗ੍ਰਿਫਤਾਰੀ ਦੀ ਜਾਣਕਾਰੀ 25 ਅਕਤੂਬਰ 2022 ਨੂੰ ਇੱਕ ਮਹਿਲਾ ਡਾਕਟਰ ਮੀਤੂ ਭਾਰਗਵ ਦੁਆਰਾ ਇੱਕ ਸੋਸ਼ਲ ਮੀਡੀਆ ਪੋਸਟ ਤੋਂ ਸਾਹਮਣੇ ਆਈ ਸੀ।
ਸਿਆਸੀ ਵਿਸ਼ਲੇਸ਼ਕਾਂ ਨੇ ਕਿਹਾ ਹੈ ਕਿ ਵਿਦੇਸ਼ਾਂ ਦੀ ਧਰਤੀ ਤੇ ਆਪਣੇ ਏਜੰਟਾਂ ਰਾਹੀਂ ਜਸੂਸੀ ਕਰਨ ਦੇ ਮਾਮਲੇ ਵਿੱਚ ਭਾਰਤ ਲਈ ਇਹ ਇੱਕ ਹੋਰ ਵਿਸ਼ਵਵਿਆਪੀ ਨਾਮੋਸ਼ੀ ਅਤੇ ਸ਼ਰਮ ਵਾਲੀ ਗੱਲ ਹੈ ਕਿ ਉਹ ਅੱਤਵਾਦ ਨੂੰ ਸਪਾਂਸਰ, ਸਮਰਥਨ ਅਤੇ ਫੰਡਿੰਗ ਕਰਕੇ ਦੂਜੇ ਦੇਸ਼ਾਂ ਵਿੱਚ ਹਿੰਸਾ ਭੜਕਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਸ ਵੇਲੇ ਚਾਹੇ ਭਾਰਤ ਕੈਨੇਡਾ ਨਾਲ ਇੱਕ ਕਨੇਡੀਅਨ ਨਾਗਰਿਕ ਦੀ ਹੱਤਿਆ ਦੇ ਮਾਮਲੇ ਵਿੱਚ ਉਲਝਿਆ ਹੋਇਆ ਹੈ, ਪਰ ਦੂਜੇ ਪਾਸੇ 'ਇਸਰਾਇਲ-ਫਲਸਤੀਨ ਜੰਗ' ਵਿੱਚ ਵੀ ਦੋਹਰੇ ਮਾਪਦੰਡ ਅਪਨਾ ਰਿਹਾ ਹੈ।
ਇਕ ਪਾਸੇ ਇਸਰਾਈਲ ਨਾਲ ਜੰਗੀ ਅਤੇ ਜਾਸੂਸੀ ਸਮਗਰੀ ਦੀ ਸਾਂਝ, ਦੂਜੇ ਪਾਸੇ ਫਲਸਤੀਨ ਨੂੰ ਰਾਹਤ ਸਮਗਰੀ ਭੇਜਣਾ। ਇਸ ਸਥਿਤੀ ਨੂੰ ਵੇਖਦੇ ਹੋਏ 'ਉਸਤਾਦ ਸ਼ਾਇਰ ਉਲਫਤ ਬਾਜਵਾ ਸਾਹਿਬ' ਦੇ ਇਹ ਸ਼ਬਦ ਗੌਰ ਕਰਨ ਵਾਲੇ ਹਨ :
"ਨਜ਼ਰ ਰਮਜ਼ਨ ਮਿਲਾਉਂਦੇ ਹੋ, ਕਦੇ ਏਧਰ ਕਦੇ ਓਧਰ।
ਵਫ਼ਾ ਆਪਣੀ ਜਤਾਉਂਦੇ ਹੋ, ਕਦੇ ਏਧਰ ਕਦੇ ਓਧਰ।
ਕਿਸੇ ਦਿਨ ਡਾਂਗ ਖੜ੍ਹਕੇਗੀ, ਕਿਸੇ ਦਿਨ ਖੂਨ ਡੁੱਲੇਗਾ
ਜੋ ਲਾਉਂਦੇ ਹੋ ਬੁਝਾਉਂਦੇ ਹੋ, ਕਦੇ ਇਧਰ ਕਦੇ ਉਧਰ।"
ਉਸਤਾਦ ਸ਼ਾਇਰ ਉਲਫ਼ਤ ਬਾਜਵਾ
(ਮਿਲਖਾ ਸਿੰਘ ਬਾਜਵਾ)

 

ਗੁਰਦਾਸ ਮਾਨ : ਅਰਸ਼ ਤੋਂ ਫਰਸ਼ 'ਤੇ - (ਕੈਨੇਡਾ ਵਿੱਚ ਤਿੱਖਾ ਵਿਰੋਧ ਅਤੇ ਸ਼ੋਅ ਮੁਲਤਵੀ ਹੋਣ ਦਾ ਮਾਮਲਾ) - ਡਾ. ਗੁਰਵਿੰਦਰ ਸਿੰਘ

ਕਿਸੇ ਸਮੇਂ 'ਪੰਜਾਬੀ ਦਾ ਮਾਣ' ਕਿਹਾ ਜਾਣ ਵਾਲਾ ਗੁਰਦਾਸ ਮਾਨ, ਅੱਜ 'ਪੰਜਾਬੀ ਦਾ ਅਪਮਾਨ' ਕਿਹਾ ਜਾ ਰਿਹਾ ਹੈ। ਗੁਰਦਾਸ ਮਾਨ ਦੇ ਅਰਸ਼ ਤੋਂ ਫਰਸ਼ ਤੇ ਤੱਕ ਦੇ ਸਫਰ ਦਾ ਲੇਖਾ-ਜੋਖਾ ਕਰਨਾ ਬਣਦਾ ਹੈ। ਕੈਨੇਡਾ ਵਿੱਚ ਗੁਰਦਾਸ ਮਾਨ ਦੇ ਸ਼ੋਆਂ ਦਾ ਵਿਰੋਧ ਲਗਾਤਾਰ ਕਈ ਸਾਲਾਂ ਤੋਂ ਹੋ ਰਿਹਾ ਹੈ, ਪਰ ਇਸ ਵਾਰ ਫੇਰ ਧੱਕੇ ਨਾਲ ਗੁਰਦਾਸ ਮਾਨ ਦੇ ਸ਼ੋਅ ਕਰਵਾਉਣ ਦੀ ਜ਼ਿੱਦ ਹੋ ਰਹੀ ਸੀ। ਤਾਜ਼ਾ ਖਬਰ ਇਹ ਹੈ ਕਿ ਗੁਰਦਾਸ ਮਾਨ ਦੇ ਕੈਨੇਡਾ ਵਿੱਚ ਹੋਣ ਵਾਲੇ ਸ਼ੋਅ ਮੁਲਤਵੀ ਹੋ ਗਏ ਹਨ। ਇਸ ਵਿੱਚ ਜਿੱਥੇ ਸਮੂਹ ਪੰਜਾਬੀਆਂ ਤੇ ਕੈਨੇਡਾ ਵੱਸਦੇ ਪੰਜਾਬੀਆਂ ਦੀ ਵਿਸ਼ੇਸ਼ ਭੂਮਿਕਾ ਹੈ, ਉੱਥੇ ਪਾਕਿਸਤਾਨੀ ਪੰਜਾਬੀ ਭਾਈਚਾਰੇ ਦਾ ਵੀ ਖਾਸ ਯੋਗਦਾਨ ਰਿਹਾ ਹੈ, ਜਿੰਨਾਂ ਗੁਰਦਾਸ ਮਾਨ ਦਾ ਪੰਜਾਬੀ ਬੋਲੀ ਦੇ ਅਪਮਾਨ ਤੇ ਅਪਸ਼ਬਦਾਂ ਲਈ ਵਿਰੋਧ ਕੀਤਾ ਅਤੇ ਉਸਨੂੰ 'ਵਾਰਿਸ ਸ਼ਾਹ ਅੰਤਰਰਾਸ਼ਟਰੀ ਪੁਰਸਕਾਰ' ਦੇਣ ਤੋਂ ਵੀ ਜਵਾਬ ਦਿੱਤਾ। ਹੁਣ ਗੁਰਦਾਸ ਮਾਨ ਦੇ ਸ਼ੋਅ ਮੁਲਤਵੀ ਹੋਣ 'ਤੇ ਮਾਂ ਬੋਲੀ ਪੰਜਾਬੀ ਦੀ ਵਾਰਿਸ ਸੰਸਥਾ ਤੋਂ ਇਲਾਵਾ, ਪਾਕਿਸਤਾਨੀ ਪੰਜਾਬ ਨਾਲ ਸਬੰਧਤ ਜਨਾਬ ਇਲਿਆਸ ਘੁੰਮਣ, ਨਜ਼ੀਰ ਕਹੂਟ, ਮੀਆਂ ਆਸਿਫ ਅਲੀ, ਮਸੂਦ ਖਾਲਿਦ, ਯੂਸਫ ਪੰਜਾਬੀ, ਸ਼ਫੀਕ ਭੱਟ, ਅਬਦੁਲ ਰਹਿਮਾਨ, ਅਰਸ਼ਦ ਅਲੀ ਜੱਟ ਆਸਿਫ ਰਾਜ, ਸ਼ਬੀਰ ਜੀ, ਸਦੀਕ ਭੱਟੀ, ਨਜ਼ੀਰ ਸੁਲਤਾਨੀ,' ਲੋਕ ਸਾਂਝ ਪਾਕ ਪਟਨ', 'ਵਾਰਿਸ ਸ਼ਾਹ ਪ੍ਰਚਾਰ ਤੇ ਪ੍ਰਸਾਰ ਪਰਿਆ', ਆਸਿਫ਼ ਰਜ਼ਾ 'ਮਾਂ ਬੋਲੀ ਰਿਸਰਚ ਸੈਂਟਰ', ਸੁਫ਼ੀਕ ਬੱਟ ਲੋਕ ਸੁਜੱਗ' ਸੰਸਥਾ, ਕੈਨੇਡਾ ਤੋਂ ਸਾਊਥ ਏਸ਼ੀਅਨ ਰਿਵਿਊ ਅਤੇ ਜੀਵੇ ਪੰਜਾਬ ਅਦਬੀ ਫਾਊਂਡੇਸ਼ਨ, 'ਮਾਂ ਬੋਲੀ ਪੰਜਾਬੀ ਦੇ ਵਾਰਿਸ' ਪੰਜਾਬ, 'ਪੰਜਾਬੀ ਸਾਹਿਤ ਸਭਾ ਮੁਢਲੀ ਰਜਿਸਟਰਡ' ਐਬਟਸਫੋਰਡ, ਲੋਕ ਲਿਖਾਰੀ ਸਹਿਤ ਸਭਾ ਉੱਤਰੀ ਅਮਰੀਕਾ, ਮਿਸ਼ਨ ਪੰਜ ਆਬ ਕਲਚਰਲ ਕਲੱਬ, ਵਣਜਾਰਾ ਨੋਮੈਡ ਸੰਸਥਾ ਕੈਨੇਡਾ, ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੋਸਾਇਟੀ ਅਤੇ ਨੌਰਥ ਅਮਰੀਕਾ ਸਿੱਖ ਅਲਾਇੰਸ, ਪੰਜਾਬੀ ਅਦਬੀ ਸੰਗਤ, ਲਾਹੌਰ, ਲੋਕ ਸਾਂਝ, ਪੰਜਾਬੀ ਮਹਾਜ, ਲੋਕ ਫਨਕਾਰ ਸੱਥ, ਜੱਟ ਫੈਡਰੇਸ਼ਨ ਬਹਾਵਲਪੁਰ, ਪੰਜਾਬੀ ਸੱਥ ਨੇ ਸਾਂਝੇ ਰੂਪ ਵਿੱਚ ਇਸ ਕਦਮ ਨੂੰ 'ਪੰਜਾਬੀ ਮਾਂ ਬੋਲੀ ਦੀ ਫ਼ਤਿਹ' ਕਰਾਰ ਦਿੱਤਾ ਹੈ।
ਗੁਰਦਾਸ ਮਾਨ ਦੇ ਸ਼ੋਅ ਮੁਲਤਵੀ ਹੋਣਾ ਅਸਲ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬੀਆਂ ਦੀ ਸਾਂਝੀ ਜਿੱਤ ਹੈ। ਦੂਜੇ ਪਾਸੇ ਪੰਜਾਬੀ ਭਾਈਚਾਰੇ ਦੀ ਸੋਚ ਦੇ ਵਿਰੁੱਧ ਭੁਗਤਣ ਵਾਲੇ ਪ੍ਰਮੋਟਰਾਂ, ਸ਼ੋਅ ਦੀ ਇਸ਼ਤਿਹਾਰਬਾਜ਼ੀ ਕਰਨ ਵਾਲੇ ਮੀਡੀਆ ਅਤੇ ਗੁਰਦਾਸ ਮਾਨ ਦੀ ਪੁਸ਼ਤ-ਪਨਾਹੀ ਕਰਨ ਵਾਲੇ ਚੰਦ ਕੁ ਅਖੌਤੀ ਲੇਖਕ-ਲੇਖਿਕਾਵਾਂ ਦੀ ਇਸ ਵਿੱਚ ਵੱਡੀ ਹਾਰ ਹੋਈ ਹੈ। ਅਚਨਚੇਤੀ ਗੁਰਦਾਸ ਮਾਨ ਦੇ ਸ਼ੋਅ ਮੁਲਤਵੀ ਹੋਣ ਦੇ ਪਿੱਛੇ ਕਈ ਲੁਕਵੇਂ ਪਹਿਲੂ ਵੀ ਨਜ਼ਰ ਆ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਅਤੇ ਭਾਰਤ ਦੇ ਸੰਬੰਧ ਵਿਗੜੇ ਹਨ, ਜਿਸ ਦਾ ਕਾਰਨ ਇਹ ਹੈ ਕਿ ਕੈਨੇਡਾ ਨੇ ਭਾਰਤ ਨੂੰ, ਕੈਨੇਡਾ ਦੀ ਧਰਤੀ 'ਤੇ ਉਸਦੇ ਨਾਗਰਿਕ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ਾਂ ਲਈ ਅੰਤਰ-ਰਾਸ਼ਟਰੀ ਕਟਹਿਰੇ ਵਿੱਚ ਖੜਾ ਕੀਤਾ ਹੈ। ਬੁਖਲਾ ਕੇ ਭਾਰਤ ਸਰਕਾਰ ਨੇ ਕੈਨੇਡੀਅਨ ਲੋਕਾਂ ਨੂੰ ਵੀਜ਼ੇ ਦੇਣੇ ਬੰਦ ਕਰ ਦਿੱਤੇ ਹਨ। ਇਸ ਤੋਂ ਇਲਾਵਾ ਕੈਨੇਡਾ ਦੇ ਬਹੁਤ ਸਾਰੇ ਡਿਪਲੋਮੇਟ ਭਾਰਤ ਵਿੱਚੋਂ ਕੱਢਣ ਵਾਸਤੇ ਜ਼ੋਰ ਪਾਇਆ ਹੈ ਤੇ ਕੈਨੇਡਾ ਨੇ ਉਹ ਕੱਢ ਵੀ ਲਏ ਹਨ। ਭਾਰਤ ਸਰਕਾਰ ਨੇ ਹੋਰ ਕਈ ਤਰ੍ਹਾਂ ਦੀਆਂ ਸਖਤਾਈਆਂ ਵੀ ਵਰਤੀਆਂ ਹਨ।
ਗੁਰਦਾਸ ਮਾਨ ਦਾ ਸ਼ੋਅ ਮੁਲਤਵੀ ਕਰਨ ਦੀ ਚਾਲ ਵੀ ਭਾਰਤ ਸਰਕਾਰ ਦੇ ਇਸ਼ਾਰੇ 'ਤੇ ਹੀ ਹੋਈ ਜਾਪਦੀ ਹੈ, ਤਾਂ ਕਿ ਕੈਨੇਡਾ ਦੇ ਖਿਲਾਫ, ਕੈਨੇਡਾ ਵੱਸਦੇ ਭਾਰਤੀ ਹਮਾਇਤੀਆਂ ਅੰਦਰ ਇਸ ਗੱਲ ਦਾ ਗੁੱਸਾ ਪੈਦਾ ਕੀਤਾ ਜਾਏ ਅਤੇ ਕੈਨੇਡਾ ਦੁਆਰਾ ਉਠਾਏ ਗਏ ਗੰਭੀਰ ਮੁੱਦਿਆਂ ਖਿਲਾਫ ਭਾਰਤ ਵੱਲੋਂ ਆਪਣਾ ਦਬਾਓ ਕੈਨੇਡਾ 'ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏ। ਨਹੀਂ ਤਾਂ ਕੀ ਕਾਰਨ ਸੀ ਕਿ ਗੁਰਦਾਸ ਮਾਨ ਤੇ ਉਸਦੇ ਸਾਜਿੰਦਿਆਂ ਕੋਲ ਕੈਨੇਡਾ ਦੇ ਵੀਜ਼ੇ ਵੀ ਸਨ, ਸਭ ਕੁਝ ਤਿਆਰੀ ਸੀ, ਪਰ ਫਿਰ ਵੀ ਇਹ ਸ਼ੋਅ ਮੁਲਤਵੀ ਕਿਉਂ ਕਰ ਦਿੱਤੇ ਗਏ? ਸਪੱਸ਼ਟ ਹੈ ਕਿ ਸ਼ੋਅ ਮੁਲਤਵੀ ਕਰਨ ਦਾ ਮਕਸਦ ਕੈਨੇਡਾ ਵਿੱਚ ਭਾਰਤ ਪੱਖੀ ਲੌਬੀ ਨੂੰ ਕੈਨੇਡਾ ਸਰਕਾਰ ਖਿਲਾਫ ਭੜਕਾ ਕੇ ਮਾਹੌਲ ਖਰਾਬ ਕਰਨਾ ਹੈ। ਸਟੇਟ ਪੱਖੀ ਬਿਰਤਾਂਤ ਵਿੱਚ ਗੁਰਦਾਸ ਮਾਨ ਦਾ ਅੰਨਾ ਰਾਸ਼ਟਰਵਾਦ ਅਤੇ ਕੈਨੇਡਾ ਵਿਰੁੱਧ ਬਦਨੀਤੀ ਦਾ ਮੋਹਰਾ ਬਣਨਾ ਨਜ਼ਰ ਆਉਂਦਾ ਹੈ।
ਗੁਰਦਾਸ ਮਾਨ ਨੂੰ 'ਅਰਸ਼ ਤੋਂ ਫਰਸ਼' 'ਤੇ ਲਿਆਉਣ ਵਾਲੇ ਪੰਜਾਬੀਆਂ ਵੱਲੋਂ, ਉਸਦੇ ਵਿਰੋਧ ਦੇ ਕਾਰਨਾਂ ਨੂੰ ਸਮਝਣ ਲਈ ਪਿਛੋਕੜ ਦਾ ਘਟਨਾਕ੍ਰਮ ਜਾਣਨਾ ਜ਼ਰੂਰੀ ਹੈ। ਦਰਅਸਲ ਭਾਰਤ ਅੰਦਰ ਰਾਸ਼ਟਰਵਾਦੀ- ਫਾਸ਼ੀਵਾਦੀ ਏਜੰਡੇ ਤਹਿਤ ਅਪਣਾਏ ਜਾ ਰਹੇ ਰਾਹ ਇੱਕ ਦੇਸ਼ ਇੱਕ ਬੋਲੀ ਦੀ ਤਰਜ਼ 'ਤੇ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਸ਼ਬਦਾਂ ਨੂੰ ਲੈ ਕੇ ਕੈਨੇਡਾ ਵਸਦੇ ਪੰਜਾਬੀਆਂ ਵੱਲੋਂ ਉਸ ਦਾ ਤਿੱਖਾ ਵਿਰੋਧ ਹੋਇਆ ਸੀ। ਆਪਣੀ ਗਲਤੀ ਨੂੰ ਸਹੀ ਸਾਬਤ ਕਰਨ ਲਈ ਗੁਰਦਾਸ ਮਾਨ ਦਾ ਇਹ ਕਹਿਣਾ ਕਿ ਉੱਤਰ ਤੋਂ ਲੈ ਕੇ ਦੱਖਣ ਤੱਕ ਸਾਰੇ ਹਿੰਦੁਸਤਾਨ ਵਿੱਚ ਇੱਕ ਭਾਸ਼ਾ ਹੋਣੀ ਚਾਹੀਦੀ ਹੈ, ਜਿਵੇਂ ਕਿ ਫਰਾਂਸ ਦੇ ਵਿੱਚ ਤੇ ਜਰਮਨੀ ਦੇ ਵਿੱਚ ਇੱਕ ਭਾਸ਼ਾ ਹੈ, ਬਿਲਕੁਲ ਬੇਤੁਕਾ ਸੀ। ਭਾਰਤ ਵਿੱਚ ਅੱਜ ਵੀ ਸੰਘੀ ਤਾਕਤਾਂ ਅਜਿਹਾ ਕਰਨ ਦੀ ਕੋਸ਼ਿਸ਼ 'ਚ ਹਨ ਅਤੇ ਅਤੇ ਉਨ੍ਹਾਂ ਫਾਸ਼ੀਵਾਦੀ ਨੀਤੀਆਂ ਨਾਲ ਦੱਖਣੀ ਭਾਰਤ ਵਿੱਚ ਵੀ ਹਿੰਦੀ ਨੂੰ ਲਾਗੂ ਕਰਨ ਦਾ ਤਹੱਈਆ ਕੀਤਾ ਹੋਇਆ ਹੈ, ਪਰ ਇਸ ਦੇ ਤਿੱਖੇ ਵਿਰੋਧ ਵਿੱਚ ਉੱਥੋਂ ਦੇ ਸਾਹਿਤਕਾਰ, ਕਲਾਕਾਰ, ਗਾਇਕ-ਗੀਤਕਾਰ ਸਭ ਇੱਕ-ਮੁੱਠ ਹਨ।
ਭਾਰਤ ਅੰਦਰ ਜਬਰੀ ਹਿੰਦੀ ਭਾਸ਼ਾ ਲਾਗੂ ਕਰਨ ਦੀ ਨੀਤੀ ਹਿੰਦੂਤਵੀ ਕੱਟੜਤਾ ਹੈ ਅਤੇ ਘੱਟ ਗਿਣਤੀਆਂ ਦੇ ਵਿਰੋਧ ਵਿੱਚ ਘੜੀ ਗਈ ਚਾਲ ਹੈ, ਜਿਸ ਦੀ 'ਹਾਂ ਵਿੱਚ ਹਾਂ' ਮਿਲਾਉਂਦੇ ਹੋਏ ਗੁਰਦਾਸ ਮਾਨ ਵੱਲੋਂ 'ਹੁੰਗਾਰਾ' ਭਰਿਆ ਜਾਣਾ, ਨਿਖੇਧੀਜਨਕ ਸੀ। ਗੁਰਦਾਸ ਮਾਨ ਕੈਨੇਡਾ ਦੀ ਸਥਿਤੀ ਦੇਖ ਸਕਦਾ ਸੀ ਕਿ ਇੱਥੋਂ ਦੇ ਹੀ ਇੱਕ ਸੂਬੇ ਕਿਊਬੈਕ ਵਿੱਚ ਫਰੈਂਚ ਭਾਸ਼ਾ ਦਾ ਬੋਲਬਾਲਾ ਹੈ ਤੇ ਉੱਥੇ ਧੱਕੇ ਨਾਲ ਕਿਸੇ ਹੋਰ ਭਾਸ਼ਾ ਨੂੰ ਲਾਗੂ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੁੱਖ ਇਸ ਗੱਲ ਦਾ ਹੈ ਕਿ ਮਾਨ ਨੇ ਕੈਨੇਡਾ ਦੀ ਉਦਾਹਰਨ ਛੱਡ ਕੇ ਉਹ ਉਦਾਹਰਨਾਂ ਦਿੱਤੀਆਂ, ਜਿੱਥੇ ਭਾਸ਼ਾਈ ਵੰਨ-ਸੁਵੰਨਤਾ ਨਹੀਂ ਹੈ। ਅਜਿਹੀ ਬਿਆਨਬਾਜ਼ੀ ਤੇ ਟਿੱਪਣੀਆਂ ਨੇ ਪੰਜਾਬੀ ਪ੍ਰੇਮੀਆਂ ਦੇ ਦਿਲਾਂ ਨੂੰ ਭਾਰੀ ਸੱਟ ਮਾਰੀ। ਇੱਥੇ ਹੀ ਬੱਸ ਨਹੀਂ, ਮਾਨ ਨੇ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਲਈ, ਸੋਸ਼ਲ ਮੀਡੀਆ ਦੇ ਵੱਖ-ਵੱਖ ਰੂਪਾਂ ਚ ਕੰਮ ਕਰ ਰਹੇ ਜਾਗਰੂਕ ਪੰਜਾਬੀਆਂ ਨੂੰ 'ਵਿਹਲੜ' ਕਹਿ ਕੇ ਨਕਾਰਿਆ।
ਵੱਡਾ ਸਵਾਲ ਇਹ ਹੈ ਕਿ ਗੁਰਦਾਸ ਮਾਨ ਕਿਹੋ ਜਿਹਾ ਸੇਵਾਦਾਰ ਹੈ ਮਾਂ ਪੰਜਾਬੀ ਦਾ? ਜਿਸ ਪੰਜਾਬੀ ਨੇ ਉਸ ਨੂੰ ਧਨ-ਦੌਲਤ ਤੇ ਸ਼ੋਹਰਤ ਦਿੱਤੀ, ਉਸੇ ਦੀ ਹੀ ਬਦਨਾਮੀ ਕਰ ਰਿਹਾ ਹੈ। ਅਜਿਹੀ ਹਾਲਤ ਵਿੱਚ ਪੰਜਾਬੀ ਦੀ ਨੁਹਾਰ ਫਿੱਕੀ ਪਾਉਣ ਅਤੇ ਇਸ ਦਾ ਸ਼ਿੰਗਾਰ ਖੋਹਣ ਦਾ ਦੋਸ਼ੀ ਉਹ ਖੁਦ ਹੀ ਹੈ, ਹੋਰ ਕੋਈ ਨਹੀਂ। 'ਮਾਂ ਨੂੰ ਨਕਾਰ ਕੇ ਮਾਸੀ ਨੂੰ ਪ੍ਰਚਾਰਨ' ਦੀ ਸਾਜ਼ਿਸ਼ ਕਾਰਨ ਗੁਰਦਾਸ ਮਾਨ ਦੇ ਸ਼ੋਅ ਦੇ ਵਿਰੋਧ ਵਿੱਚ ਚਾਰ ਕੁ ਸਾਲ ਪਹਿਲਾਂ ਐਬਟਸਫੋਰਡ ਕਨਵੈਨਸ਼ਨ ਹਾਲ ਦੇ ਬਾਹਰ ਸੈਂਕੜੇ ਪ੍ਰਦਰਸ਼ਨਕਾਰੀ ਇਕੱਠੇ ਹੋਏ। ਉਨ੍ਹਾਂ ਸ਼ਾਂਤਮਈ ਢੰਗ ਨਾਲ ਗੁਰਦਾਸ ਮਾਨ ਦਾ ਵਿਰੋਧ ਕੀਤਾ, ਨਾ ਕਿ ਕੋਈ ਧਮਕੀ ਜਾਂ ਡਰਾਵਾ ਦਿੱਤਾ। ਕਿਸੇ ਨੇ ਗੁਰਦਾਸ ਮਾਨ ਨੂੰ ਮਾਂ- ਭੈਣ ਦੀ ਗਾਲ੍ਹ ਨਹੀਂ ਕੱਢੀ। ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਸ਼ਖ਼ਸੀਅਤ, ਪੰਜਾਬੀ ਲੇਖਕ ਚਰਨਜੀਤ ਸਿੰਘ ਸੁੱਜੋ, ਜਿਨ੍ਹਾਂ ਨੇ ਪੰਜਾਬੀ ਵਿੱਚ ਨਾਵਲ 'ਮੌਤ ਦਾ ਰੇਗਿਸਤਾਨ' ਲਿਖਿਆ ਸੀ, ਵੱਲੋਂ ਹਾਲ ਅੰਦਰ ਜਾ ਕੇ ਅਤੇ ਪੋਸਟਰ ਲੈ ਕੇ ਮਾਨ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਆਪਣੇ ਵਿਰੋਧ ਤੋਂ ਬੌਖ਼ਲਾਏ ਹੋਏ ਗੁਰਦਾਸ ਮਾਨ ਨੇ ਇਹ ਨਾ ਦੇਖਿਆ ਕਿ ਹਾਲ ਵਿੱਚ ਮੌਜੂਦ ਧੀਆਂ ਭੈਣਾਂ ਮਾਵਾਂ ਕੀ ਸੋਚਦੀਆਂ ਹੋਣਗੀਆਂ, ਉਸ ਨੇ ਕ੍ਰੋਧ ਵਿੱਚ ਪ੍ਰਦਰਸ਼ਨਕਾਰੀ ਦੇ ਹੱਥ ਵਿੱਚ ਫੜੇ ਪੋਸਟਰ 'ਮਾਂ ਬੋਲੀ ਦਾ ਗੱਦਾਰ' ਵੱਲ ਦੇਖਦਿਆਂ, ਨੀਚਤਾ ਵਾਲੀ ਭਾਸ਼ਾ 'ਚ ਸਾਰੀਆਂ ਸੰਗਾਂ-ਸ਼ਰਮਾਂ ਲਾਹ ਕੇ, ਉਹ ਸ਼ਬਦ ਬੋਲੇ, ਜੋ ਕਦੇ ਕੋਈ ਬੰਦਾ ਦੋਸਤਾਂ ਦੀ ਮਹਿਫ਼ਿਲ ਵਿੱਚ ਵੀ ਨਹੀਂ ਬੋਲਦਾ। ਗੁਰਦਾਸ ਮਾਨ ਨੇ ਸਟੇਜ ਤੋਂ ਗੁੱਸੇ ਵਿੱਚ ਬੋਲਦਿਆਂ ਕਿਹਾ, ''ਇਹਨੂੰ ਮਰੋੜ ਕੇ..ਬਤੀ ਬਣਾ ਕੇ..ਲੈ ਲਾ...'' ਏਨੀਂ ਸ਼ਰਮਨਾਕ, ਅਪਮਾਨਜਨਕ ਤੇ ਗੈਰ-ਇਖਲਾਕੀ ਸ਼ਬਦਵਲੀ ਕਿਸੇ ਮਾੜੇ ਤੋਂ ਮਾੜੇ ਗਾਇਕ ਵੱਲੋਂ ਵੀ ਸਟੇਜ 'ਤੇ ਅੱਜ ਤੱਕ ਕਿਸੇ ਨੇ ਨਹੀਂ ਸੁਣੀ ਹੋਣੀ। ਮਾਂ ਬੋਲੀ ਪੰਜਾਬੀ ਦਾ ਤਾਂ ਜੋ ਅਪਮਾਨ ਉਸ ਨੇ ਕੀਤਾ, ਸੋ ਕੀਤਾ, ਪਰ ਪੰਜਾਬੀ ਮਾਵਾਂ ਧੀਆਂ ਬੱਚੀਆਂ ਦੇ ਸਾਹਮਣੇ ਜੋ ਘਟੀਆ ਭਾਸ਼ਾ ਵਰਤੀ, ਇਸ ਦਾ ਕਲੰਕ ਉਸ ਦੇ ਮੱਥੇ ਤੋਂ ਕਦੇ ਵੀ ਨਹੀਂ ਮਿੱਟੇਗਾ।
ਗੁਰਦਾਸ ਮਾਨ ਦਾ ਇੱਕ ਬੋਲੀ-ਇੱਕ ਦੇਸ਼ ਫਾਸ਼ੀਵਾਦੀ ਏਜੰਡਾ ਜਿਥੇ ਪੰਜਾਬੀ ਮਾਂ ਬੋਲੀ ਦੀਆਂ ਮੁੱਢ ਬਹਿ ਕੇ 'ਜੜ੍ਹਾਂ ਟੁੱਕਣ' ਦੇ ਬਰਾਬਰ ਸੀ, ਉਥੇ ਮਾਂ ਬੋਲੀ ਪੰਜਾਬੀ ਰਾਹੀਂ ਘਟੀਆ ਸ਼ਬਦਾਵਲੀ ਵਰਤਣਾ ਹੰਕਾਰੀ ਅਤੇ ਕਰੋਧੀ ਸੁਭਾਅ ਦੀ ਜਿਉਂਦੀ ਜਾਗਦੀ ਮਿਸਾਲ ਸੀ। ਗੁਰਦਾਸ ਮਾਨ ਦੇ 'ਕਿਸਾਨ ਮੋਰਚੇ' ਮੌਕੇ ਵਿਰੋਧ ਸਮੇਂ ਵੀ ਇਹ ਸੱਚ ਸਾਹਮਣੇ ਆ ਚੁੱਕਾ ਸੀ ਕਿ ਉਹ ਸਟੇਟ ਦੇ ਹੱਥਾਂ ਵਿੱਚ ਕਿਵੇਂ ਖੇਡ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੇ ਉਸ ਦਾ ਵਿਰੋਧ ਕੀਤਾ ਸੀ। ਤਾਜ਼ਾ ਘਟਨਾਕਰਮ ਵਿੱਚ ਵੀ ਜਿੱਥੇ ਉਹ ਧੱਕੇ ਨਾਲ ਆਪਣੇ ਸ਼ੋਅ ਕਰਕੇ ਸਟੇਟ ਨੂੰ ਖੁਸ਼ ਕਰਨ ਦੀ ਹਰ ਕੋਸ਼ਿਸ਼ ਕਰ ਰਿਹਾ ਸੀ, ਉੱਥੇ ਹੁਣ ਸ਼ੋਅ ਮੁਲਤਵੀ ਕਰਕੇ ਵੀ, ਉਸੇ ਸਟੇਟ ਦੀ ਕੈਨੇਡਾ ਵਿਰੋਧੀ ਪਹੁੰਚ ਦਾ ਬਿਰਤਾਂਤ ਸਿਰਜ ਰਿਹਾ ਹੈ। ਗੁਰਦਾਸ ਮਾਨ ਦੇ ਸਾਜਸ਼ੀ ਰੂਪ ਵਿੱਚ ਇਹ ਸ਼ੋਅ ਮੁਲਤਵੀ ਕਰਨ ਦੀ ਮੁਕੰਮਲ ਸੱਚਾਈ ਜਲਦੀ ਹੀ ਸਾਹਮਣੇ ਆਏਗੀ ਕਿ ਅਸਲ ਵਿੱਚ ਪੰਜਾਬੀਆਂ ਵੱਲੋਂ ਗੁਰਦਾਸ ਮਾਨ ਦੇ ਸ਼ੋਆਂ ਦਾ ਵਿਰੋਧ, ਟਿਕਟਾਂ ਵਿਕਣ ਨੂੰ ਹੁੰਗਾਰਾ ਨਾ ਮਿਲਣਾ, ਸਪੌਂਸਰਾਂ ਵਿੱਚ ਦਿਲਚਸਪੀ ਦੀ ਘਾਟ ਅਤੇ ਸੁਰੱਖਿਆ ਖਰਚਿਆਂ ਦਾ ਵਾਧਾ ਆਦਿ ਅਜਿਹ ਤੱਥ ਹਨ, ਜਿਨਾਂ ਨੂੰ ਪ੍ਰਮੋਟਰ ਛੁਪਾ ਕੇ ਝੂਠ ਬੋਲ ਰਹੇ ਹਨ। ਸ਼ੋਅ ਮੁਲਤਵੀ ਕਰਕੇ ਬੇਸ਼ੱਕ ਕੈਨੇਡਾ ਵਾਸਤੇ ਪੰਜਾਬੀਆਂ ਅਤੇ ਲਹਿੰਦੇ ਅਤੇ ਚੜਦੇ ਪੰਜਾਬ ਦੇ ਸਮੂਹ ਪੰਜਾਬੀ ਪ੍ਰੇਮੀਆਂ ਨੂੰ ਇਸ ਗੱਲ ਲਈ ਰਾਹਤ ਮਹਿਸੂਸ ਹੋਈ ਹੈ ਕਿ ਬੇਸ਼ੱਕ ਕੁਝ ਵੀ ਕਾਰਨ ਕਿਉਂ ਨਾ ਹੋਵੇ, ਕੈਨੇਡਾ ਵਿੱਚ ਗੁਰਦਾਸ ਮਾਨ ਦੇ ਅਜਿਹੇ ਵਿਵਾਦਤ ਸ਼ੋਅ ਨਹੀਂ ਹੋ ਰਹੇ। ਪਰ ਤਾਂ ਵੀ ਗੁਰਦਾਸ ਮਾਨ ਦੇ ਪੰਜਾਬੀ ਵਿਰੋਧੀ ਬਿਰਤਾਂਤ ਖਿਲਾਫ ਸੰਘਰਸ਼ ਜਾਰੀ ਰਹੇਗਾ ਤੇ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਦੇ ਵਿਰੁੱਧ ਭੁਗਤਣ ਵਾਲੇ, ਸ਼ੋਅ ਦੇ ਪ੍ਰਮੋਟਰਾਂ ਵਲੋਂ ਜੇਕਰ ਕਦੇ ਵੀ ਭਵਿੱਖ ਵਿੱਚ ਨਵੀਆਂ ਤਾਰੀਖਾਂ ਦਾ ਐਲਾਨ ਕੀਤਾ ਜਾਏਗਾ, ਤਾਂ ਇਹਨਾਂ ਵਿਰੁੱਧ ਜ਼ੋਰਦਾਰ ਵਿਰੋਧ ਹੋਰ ਵੀ ਤਿੱਖਾ ਹੋ ਕੇ ਸਾਹਮਣੇ ਆਏਗਾ।
ਇੱਕ ਦੇਸ਼ ਇੱਕ ਬੋਲੀ ਦੇ ਫਾਰਮੂਲੇ ਦੇ ਹਮਾਇਤੀ ਗੁਰਦਾਸ ਮਾਨ ਅਤੇ ਹੋਰਨਾਂ ਨੂੰ ਸਵਾਲ ਹੈ ਕਿ ਜੇ ਇਹੀ ਏਜੰਡਾ ਲਾਗੂ ਕਰਨਾ ਸੀ, ਤਾਂ ਪੰਜਾਬੀ ਸੂਬੇ ਲਈ ਸ਼ਹਾਦਤਾਂ ਕਿਉਂ ਦਿੱਤੀਆਂ ਗਈਆਂ? ਪੰਜਾਬੀ ਸੂਬੇ ਦੇ ਮੋਰਚੇ ਦੇ ਪਹਿਲੇ ਸ਼ਹੀਦ ਕਾਕਾ ਇੰਦਰਜੀਤ ਸਿੰਘ ਦੀ ਸ਼ਹਾਦਤ ਗੁਰਦਾਸ ਮਾਨ ਵਰਗੇ ਲੋਕਾਂ ਨੂੰ ਲਾਹਨਤਾਂ ਪਾ ਰਹੀ ਹੈ ਕਿ ਜਿਸ ਪੰਜਾਬੀ ਬੋਲੀ ਲਈ ਅਨੇਕਾਂ ਸ਼ਹਾਦਤਾਂ ਹੋਈਆਂ, ਉਸ ਦੇ ਸਤਿਕਾਰ ਨੂੰ ਘੱਟੇ ਰੋਲਣ ਵਾਲੇ ਅਕਿਰਤਘਣ ਅਤੇ ਪੰਜਾਬੀ ਬੋਲੀ ਦੇ ਗੱਦਾਰ ਹਨ ਤੇ ਇਤਿਹਾਸ ਵਿੱਚ ਹਮੇਸ਼ਾ 'ਅਪਮਾਨ' ਦੇ ਪਾਤਰ ਬਣਦੇ ਹਨ। ਮਾਂ ਬੋਲੀ ਨਾਲ ਗੱਦਾਰੀ ਕਰਕੇ ਹੀ ਉਹ 'ਅਰਸ਼ ਤੋਂ ਫਰਸ਼' 'ਤੇ ਆ ਡਿੱਗੇ ਹਨ। ਇਤਰਾਜ਼ ਉਨ੍ਹਾਂ ਲੋਕਾਂ 'ਤੇ ਵੀ ਹੈ, ਜਿਹੜੇ ਅਜੇ ਵੀ ਗੁਰਦਾਸ ਮਾਨ ਦੀ ਪੁਸ਼ਤਪਨਾਹੀ ਕਰ ਰਹੇ ਹਨ, ਅਜਿਹੇ 'ਦੋਗਲੇ ਬੰਦੇ ਦੋਗਲੀ ਨੀਤੀ' ਵਰਤ ਰਹੇ ਹਨ ਅਤੇ ਵਿਵਾਦਗ੍ਰਸਤ ਵਿਅਕਤੀ ਨੂੰ ਸੱਦ ਕੇ ਸ਼ੋਅ ਕਰਵਾ ਰਹੇ ਹਨ, ਜਿਹੜਾ ਇੱਕ ਪਾਸੇ ਸਟੇਟ ਰਾਹੀਂ ਲੋਕਾਂ ਨੂੰ ਨੀਵਾਂ ਦਿਖਾ ਰਿਹਾ ਹੈ, ਦੂਜ ਪਾਸੇ ਮਾਂ ਬੋਲੀ ਰਾਹੀਂ ਅਪਮਾਨ ਕਰਕੇ ਪੰਜਾਬੀ ਜ਼ੁਬਾਨ ਦੀ ਬੇਹੁਰਮਤੀ ਕਰ ਰਿਹਾ ਹੈ। ਯਕੀਨਨ ਤੌਰ 'ਤੇ 'ਜਾਗਦੀਆਂ ਜਮੀਰਾਂ ਵਾਲੇ' ਪੰਜਾਬੀਆਂ ਨੇ ਗੁਰਦਾਸ ਮਾਨ ਦੇ ਕੈਨੇਡਾ ਵਿਚਲੇ ਸ਼ੋਅ ਮੁਲਤਵੀ ਕਰਵਾ ਕੇ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਇਆ ਹੈ ਤੇ ਲਾਜ ਰੱਖੀ ਹੈ।
ਕੈਨੇਡਾ ਦੇ ਸਰੀ ਸ਼ਹਿਰ ਵਿੱਚ, ਸ਼ਨਿਚਰਵਾਰ 7 ਅਕਤੂਬਰ ਨੂੰ ਸ਼ਾਮੀ, ''ਪੰਜਾਬੀ ਮਾਂ ਬੋਲੀ ਦੇ ਵਾਰਿਸ ਸੰਸਥਾ'' ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ, ਜਿਸ ਵਿੱਚ ਇਸ ਬਾਰੇ ਵਿਚਾਰ ਕੀਤੀ ਗਈ। ਪੰਜਾਬੀ ਮਾਂ ਬੋਲੀ ਦੇ ਵਾਰਿਸਾਂ ਦਾ ਮੰਨਣਾ ਹੈ ਕਿ ਗੱਲ ਗੁਰਦਾਸ ਮਾਨ ਦੇ ਇੱਕਲੇ ਸ਼ੋਅ ਨੂੰ ਰੱਦ ਜਾਂ ਮੁਲਤਵੀ ਕੀਤੇ ਜਾਣ ਦੀ ਨਹੀਂ ਹੈ, ਅਸਲ ਗੱਲ ਹੈ ਪੰਜਾਬੀਆਂ ਸਮੇਤ ਹੋਰਨਾ ਭਾਈਚਾਰਿਆਂ ਉੱਪਰ ਇੱਕ ਬੋਲੀ ਇੱਕ ਭਾਸ਼ਾ ਥੋਪਣ ਦੀ, ਸਮੂਹ ਘੱਟ ਗਿਣਤੀਆਂ ਦੀਆਂ ਭਾਸ਼ਾਵਾਂ ਨੂੰ ਰੋਲਣ ਦੀ, ਪੰਜਾਬੀ ਧੀਆਂ- ਭੈਣਾਂ ਦੀ ਮੌਜੂਦਗੀ ਵਿੱਚ ਸਟੇਜ ਤੋਂ ਗਾਲ੍ਹ ਕੱਢ ਕੇ, ਪੰਜਾਬੀ ਮਾਂ ਬੋਲੀ ਦੀ ਬੇਅਦਬੀ ਕਰਨ ਦੀ, ਗੁਰੂ ਸਾਹਿਬਾਨ ਦੇ ਵੰਸ਼ਜ ਨਸ਼ੇੜੀ ਅਤੇ ਭੰਗ ਪੀਣਿਆਂ ਨੂੰ ਦੱਸਦੇ ਹੋਏ ਗੁਰੂਆਂ ਦਾ ਅਪਮਾਨ ਕਰਨ ਦੀ, ਕੇਪੀਐਸ ਗਿੱਲ ਵਰਗੇ ਬੁੱਚੜਾਂ ਨੂੰ ਪ੍ਰਮੋਟ ਕਰਨ ਦੀ,ਪੰਜਾਬ ਦੀ ਜਵਾਨੀ ਨੂੰ ਨਸ਼ਿਆਂ 'ਚ ਧੱਕਣ ਦੀ ਤੇ ਮਾਸੂਮ ਬੱਚਿਆਂ ਦੇ ਮੂੰਹਾਂ 'ਚ ਸਿਗਰਟਾਂ ਤੁੰਨਣ ਦੀ। ਇਹ ਸਾਰਾ ਕੁਝ ਸਟੇਟ ਦੇ ਇਸ਼ਾਰੇ 'ਤੇ ਗੁਰਦਾਸ ਮਾਨ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਦੀ ਪੰਜਾਬੀ ਬੋਲੀ ਦੇ ਵਾਰਿਸਾਂ ਨੇ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ। ਉਹਨਾਂ ਇਸ ਸਬੰਧ ਵਿੱਚ ਆਪਣੀ ਅਗਲੀ ਰਣਨੀਤੀ ਤੈਅ ਕਰਨ ਦਾ ਫੈਸਲਾ ਕਰਦਿਆਂ ਕਿਹਾ ਹੈ ਕਿ ਫਿਲਹਾਲ ਇਹ ਸ਼ੋਅ ਮੁਲਤਵੀ ਕੀਤੇ ਜਾਣ ਤੋਂ ਬਾਅਦ ਵੀ, ਗੁਰਦਾਸ ਮਾਨ ਦਾ ਵਿਰੋਧ ਜਾਰੀ ਰਹੇਗਾ ਅਤੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਗੁਰਦਾਸ ਮਾਨ ਵੱਲੋਂ ਸਰਕਾਰ ਦੇ ਫਾਸ਼ੀਵਾਦੀ ਏਜੰਡੇ ਨੂੰ ਤਿਲਾਂਜਲੀ ਦੇ ਕੇ, ਮਾਂ ਬੋਲੀ ਪੰਜਾਬੀ ਖਿਲਾਫ ਕੀਤੀਆਂ ਗਲਤ ਟਿੱਪਣੀਆਂ ਦਾ ਅਹਿਸਾਸ ਨਹੀਂ ਕੀਤਾ ਜਾਂਦਾ ਅਤੇ ਆਪਣੇ ਮੂੰਹੋਂ ਕੱਢੇ ਪੰਜਾਬੀ ਵਿਰੋਧੀ ਸ਼ਬਦ ਰੱਦ ਕਰਕੇ, ਪਛਤਾਵਾ ਨਹੀਂ ਕੀਤਾ ਜਾਂਦਾ। ਉੰਝ ਇਹ ਵੀ ਸੱਚ ਹੈ ਕਿ ਗੁਰਦਾਸ ਮਾਨ ਨੇ ਆਪਣੀਆਂ ਗਲਤੀਆਂ ਦਾ ਪਛਤਾਵਾ ਤਾਂ ਕੀ ਕਰਨਾ ਸੀ, ਬਲਕਿ ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਲਈ ਉਸਨੇ ਇੱਕ ਹੋਰ ਵਿਵਾਦਗ੍ਰਸਤ ਗੀਤ ਕੱਢ ਮਾਰਿਆ, ਜਿਸ ਵਿੱਚ ਆਪਣੇ ਕੀਤੇ ਗੁਨਾਹਾਂ ਦੀ ਉਹ ਪਰੋੜਤਾ ਕਰਦਾ ਹੈ। ਗੁਰਦਾਸ ਮਾਨ ਦੇ ਵਿਸ਼ੇ ਅਤੇ ਕਲਾ ਪੱਖੋਂ ਹਲਕੇ ਪੱਧਰ ਦੇ ਗੀਤ ਦਾ ਜਵਾਬ ਇਸ ਤਰ੍ਹਾਂ ਦੇਣਾ ਹੀ, ਪੰਜਾਬੀ ਪ੍ਰੇਮੀਆਂ ਨੇ ਆਪਣਾ ਫਰਜ਼ ਸਮਝਿਆ ਹੈ ;
ਸੱਚ ਸੁਣੀਂ! ਮਰ ਜਾਣਿਆਂ,
ਤੇਰਾ ਹੁੰਦਾ ਸੀ ਸਤਿਕਾਰ।
ਪਰ ਸ਼ੋਹਰਤ ਚੜ੍ਹੀ ਦਿਮਾਗ਼ ਨੂੰ,
ਮੱਤ ਐਸੀ ਦਿੱਤੀ ਮਾਰ।
ਬੇਅਦਬੀ ਦੀ ਸ਼ਬਦਾਵਲੀ,
ਤੈਨੂੰ ਗਈ ਜਿਉਂਦੇ ਮਾਰ।
ਧੀਆਂ ਭੈਣਾਂ ਸਾਹਮਣੇ,
ਤੂੰ ਦਿੱਤਾ ਅਦਬ ਵਿਸਾਰ।
ਮੂੰਹ ਥੁੱਕਾਂ ਫਿੱਕੇ ਪੈਂਦੀਆਂ,
ਸਿਰ 'ਪਾਣਾਂ' ਦੀ ਮਾਰ।
'ਤੇਰੀ ਬੱਤੀ' ਤੇਰੇ ਜਿਸਮ 'ਚੋਂ,
'ਬਣ ਬਰਛੀ' ਹੋ ਗਈ ਪਾਰ।
ਅਰਸ਼ੋਂ ਫਰਸ਼ੀਂ ਸੁੱਟਿਆ,
ਤੈਨੂੰ ਤੇਰੇ ਹੀ ਹੰਕਾਰ।
ਤਾਹੀਓ ਤੇਥੋਂ ਖੋਹਿਆ,
ਵਾਰਿਸ ਸ਼ਾਹ ਪੁਰਸਕਾਰ।
ਪੰਜਾਬੀ ਤਾਈਂ ਵਿਸਾਰ ਕੇ,
ਕਿਉਂ ਕੀਤਾ ਪਿੱਠ 'ਤੇ ਵਾਰ।
ਝੂਠਾ ਕਰਦਾ ਕਦੇ ਨਾ,
ਚਿੱਤ ਸੱਚੇ ਨਾਲ ਪਿਆਰ।
ਕਿਉਂ ਮਾਂ ਬੋਲੀ ਅਪਮਾਨ ਕੇ,
ਦਿੱਤਾ ਗ਼ੈਰਾਂ ਨੂੰ ਸਤਿਕਾਰ।
ਬੋਲੀ 'ਇੱਕੋ ਸਾਰੇ ਦੇਸ਼' ਦੀ,
ਦਿੱਤਾ ਨਾਅਰਾ ਜੋ ਸਰਕਾਰ।
ਤੂੰ ਜਾ ਕੇ ਦੇਸ਼-ਵਿਦੇਸ਼ ਵਿੱਚ,
ਕੀਤਾ ਉਸੇ ਦਾ ਪ੍ਰਚਾਰ।
ਪੰਜਾਬੀ ਦੇ ਗੱਦਾਰ ਨੂੰ,
ਪੈਂਦੀ ਹੈ ਫਿਟਕਾਰ।
ਆਖੇ 'ਸੁੱਜੋਂ' ਅਮਰ ਨੇ,
ਮਾਂ ਬੋਲੀ ਦੇ ਸੇਵਾਦਾਰ।
ਬੱਤੀ ਮਾਨ ਗੱਦਾਰ ਦਾ ,
ਜਿਹੜੇ ਬੁਰਕਾ ਦੇਣ ਉਤਾਰ।
ਤੇਰਾ ਇਕ ਗੁਨਾਹ ਨਹੀਂ ਭੈੜਿਆ,
ਹੈ ਲੰਮੀ ਬੜੀ ਕਤਾਰ।
ਸੀ ਬੁੱਚੜ ਕੁੱਲ ਪੰਜਾਬ ਦਾ,
ਤੇਰਾ ਕੇਪੀ ਐਸ ਗਿੱਲ ਯਾਰ।
ਰਿਹਾ ਨਕਲੀਆਂ ਨੂੰ ਪ੍ਰਚਾਰਦਾ,
ਤੂੰ ਛੱਡ ਨਾਨਕ ਦਾ ਦਰਬਾਰ।
ਕਦੇ 'ਚਿਲਮਾਂ ਪੀਣੇ' ਸਾਧ ਨੂੰ
ਦੱਸੇਂ ਗੁਰੂਆਂ ਦਾ ਪਰਿਵਾਰ।
ਬਣੇ 'ਕੰਜਰੀ ਲਾਡੀ ਸ਼ਾਹ ਦੀ'
ਸਰਬੰਸਦਾਨੀ ਤਾਈਂ ਵਿਸਾਰ।।
ਚੰਗਾ ਹੋਇਆ ਪਰਖ ਲਿਆ ,
ਆਪੇ ਬਣਿਆ ਲੰਬਰਦਾਰ।
ਜਦ ਵਿੱਚ ਚੁਰਾਹੇ ਭੱਜਿਆ,
ਇਹ ਦੋਹਰਾ ਕਿਰਦਾਰ।
ਤਦ ਗੀਤਾਂ ਦੇ ਵਿੱਚ ਆ ਗਿਆ,
ਸੱਚ ਅੰਦਰਲਾ ਬਾਹਰ।
ਸਦਾ 'ਚੜ੍ਹਦੀ ਕਲਾ' ਵਿੱਚ ਜੀਂਵਦੇ,
'ਪੰਜਾਬੀ ਦੇ ਪਹਿਰੇਦਾਰ'।

29 ਸਤੰਬਰ ਇਤਿਹਾਸਕ ਦਿਨ 'ਤੇ ਵਿਸ਼ੇਸ਼: - ਡਾ ਗੁਰਵਿੰਦਰ ਸਿੰਘ

ਸ੍ਰੀ ਗੁਰੂ ਨਾਨਕ ਜਹਾਜ਼ ਦਾ ਅਸਲੀ ਨਾਂ ਵਿਸਾਰਨਾ, ਇਤਿਹਾਸ ਨੂੰ ਵਿਗਾੜਨਾ ਤੇ ਪੰਜਾਬੀ ਨੂੰ ਲਿਤਾੜਨਾ ਦੁਖਦਾਈ
 28 ਸਤੰਬਰ 1914 ਈ. ਨੂੰ ਸ੍ਰੀ ਗੁਰੂ ਨਾਨਕ ਜਹਾਜ਼ (ਕੋਮਾਗਾਟਾ ਮਾਰੂ) ਦੇ ਮੁਸਾਫ਼ਰਾਂ ਨੂੰ ਕੋਲਕਤਾ ਦੇ ਬਜਬਜ ਘਾਟ 'ਤੇ ਗੋਲੀਆਂ ਦਾ ਸਾਹਮਣਾ ਕਰਨਾ ਪਿਆ ਸੀ। ਉਹ ਮੁਸਾਫਰ ਅੰਗਰੇਜ਼ ਬਸਤੀਵਾਦ ਦੇ ਖ਼ਿਲਾਫ਼ ਲੜੇ। ਸੰਯੋਗਵੱਸ 28 ਸਤੰਬਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਵੀ ਹੁੰਦਾ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਕੋਨੇ- ਕੋਨੇ ਚ ਸਮਾਗਮ ਹੁੰਦੇ ਹਨ। ਅਹਿਮ ਪਹਿਲੂ ਇਹ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਸਮੇਤ ਜ਼ਿਆਦਾਤਰ ਦੇਸ਼ ਭਗਤ, ਗੁਰੂ ਨਾਨਕ ਜਹਾਜ਼  ਦੇ ਮੁਸਾਫ਼ਰਾਂ ਨੂੰ ਆਪਣੇ ਪ੍ਰੇਰਨਾ-ਸਰੋਤ ਮੰਨਦੇ ਸਨ, ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਤਾਂ ਸਰਕਾਰੀ ਤੌਰ 'ਤੇ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ, ਪਰ ਗੁਰੂ ਨਾਨਕ ਜਹਾਜ਼ ਦੇ ਯੋਧਿਆਂ ਨੂੰ ਯਾਦ ਤੱਕ ਨਹੀਂ ਕੀਤਾ ਗਿਆ। ਇਹ ਫੈਸ਼ਨ ਪ੍ਰਸਤੀ ਹੈ ਜਾਂ ਕੋਈ ਸਾਜ਼ਿਸ਼ ਦਾ ਹਿੱਸਾ ਹੈ? ਇਹ ਵੱਡਾ ਸਵਾਲ ਹੈ। ਕਈ ਵਾਰ ਤਾਂ ਇਉਂ ਜਾਪਦਾ ਹੈ ਕਿ ਸ਼ਹੀਦ ਭਗਤ ਸਿੰਘ ਦਾ ਨਾਂ ਵਰਤ ਕੇ, ਹਕੂਮਤ ਆਪਣੀ ਨਾ-ਅਹਿਲੀਅਤ ਅਤੇ ਘਾਟਾਂ ਨੂੰ ਛੁਪਾਉਣਾ ਤੇ ਲੋਕਾਂ ਦੇ ਅੱਖੀਂ ਘੱਟਾ ਪਾਉਣਾ ਚਾਹੁੰਦੀ ਹੈ।
      ਇਉ ਜਾਪਦਾ ਹੈ ਕਿ ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਦੀ ਗੱਲ ਕਰਕੇ ਸਰਕਾਰ ਦਾ ਸਿਆਸੀ ਮੁਫਾਦ ਪੂਰਾ ਨਹੀਂ ਹੁੰਦਾ, ਜਿਸ ਕਰਕੇ ਉਨ੍ਹਾਂ ਨੂੰ ਵਿਸਾਰਿਆ ਗਿਆ ਹੈ, ਜੋ ਕਿ ਇਤਿਹਾਸਕ ਭੁੱਲ ਹੈ। ਇਸ ਦੇ ਨਾਲ ਹੀ ਦੂਜੀ ਵੱਡੀ ਗੱਲ ਇਹ ਹੈ ਕਿ 'ਗੁਰੂ ਨਾਨਕ ਜਹਾਜ਼' ਦਾ ਨਾਂ ਵੀ ਵਿਸਾਰ ਦਿੱਤਾ ਗਿਆ ਹੈ, ਜੋ ਕਿ ਇਤਿਹਾਸ ਨੂੰ ਵਿਗਾੜਨ ਦੇ ਤੁਲ ਹੈ। ਇਸ ਗ਼ਲਤ ਦਾ ਦੁੱਖ ਜ਼ਰੂਰ ਮਹਿਸੂਸ ਹੋ ਰਿਹਾ ਹੈ ਕਿ ਸਰਕਾਰ ਦੇ ਨਾਲ-ਨਾਲ ਬਹੁਤਾਤ ਮੀਡੀਏ ਨੇ, ਭਾਰਤੀਆਂ ਨੇ ਅਤੇ ਵਿਸ਼ੇਸ਼ ਕਰਕੇ ਪੰਜਾਬੀਆਂ ਨੇ ਵੀ ਗੁਰੂ ਨਾਨਕ ਜਹਾਜ ਦੇ ਮੁਸਾਫਰਾਂ ਦੀ ਸ਼ਹਾਦਤ ਨੂੰ ਇਉਂ ਹੀ ਵਿਸਾਰ ਦਿੱਤਾ ਹੈ।
       ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਨੇ ਨਸਲਵਾਦ ਹੰਢਾਇਆ, ਉਹ ਬਸਤੀਵਾਦ ਦੇ ਖਿਲਾਫ ਲੜੇ। ਉਹ ਦੇਸ਼ ਦੇ ਆਜ਼ਾਦੀ ਘੁਲਾਟੀਏ ਸਨ, ਜਿਹਨਾਂ ਨੂੰ ਵਿਸਾਰਨਾ ਅਕ੍ਰਿਤਘਣਤਾ ਦੀ ਸਿਖਰ ਹੈ। ਦਰਅਸਲ ਸੰਸਾਰ ਦੇ ਇਤਿਹਾਸ ਵਿੱਚ ਇਸ ਸਮੁੰਦਰੀ ਬੇੜੇ ਕੋਮਾਗਾਟਾਮਾਰੂ ਦੇ ਦੁਖਾਂਤ ਦੀ ਘਟਨਾ ਖ਼ਾਸ ਮਹੱਤਵ ਰੱਖਦੀ ਹੈ, ਜਦੋਂ ਨਸਲਵਾਦੀ ਸਰਕਾਰ ਨੇ ਮਨੁੱਖੀ ਹੱਕਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਗੁਰੂ ਨਾਨਕ ਜਹਾਜ਼ ਨੂੰ, ਕੈਨੇਡਾ ਦੀ ਵੈਨਕੂਵਰ ਬੰਦਰਗਾਹ 'ਤੇ ਜਬਰੀ ਰੋਕੀ ਰੱਖਿਆ ਅਤੇ ਮੁਸਾਫਰਾਂ ਨੂੰ ਬਾਹਰ ਨਾ ਨਿਕਲਣ ਦਿੱਤਾ। ਦਰਅਸਲ 109 ਵਰ੍ਹੇ ਪਹਿਲਾਂ ਦੇ ਕੈਨੇਡਾ ਦੀ ਨਸਲੀ ਸਰਕਾਰ ਨੇ 376 ਮੁਸਾਫ਼ਿਰਾਂ ਵਾਲੇ ਸਮੁੰਦਰੀ ਬੇੜੇ 'ਗੁਰੂ ਨਾਨਕ ਜਹਾਜ਼' ਉਸ ਨੂੰ ਜਬਰੀ ਵਾਪਸ ਮੋੜ ਦਿੱਤਾ ਸੀ।
       ਇਹ ਸਮੁੰਦਰੀ ਬੇੜਾ ਜਾਪਾਨ ਤੋਂ ਖ਼ਰੀਦਣ ਵਾਲੇ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਇਸ ਦਾ ਨਾਂ ਸ੍ਰੀ ਗੁਰੂ ਨਾਨਕ ਜਹਾਜ਼ ਰੱਖਿਆ ਸੀ,  ਜਿਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਉਨ੍ਹਾਂ ਆਤਮ-ਕਥਾ (ਜ਼ੁਲਮੀ ਕਥਾ) "ਸ੍ਰੀ ਗੁਰੂ ਨਾਨਕ ਜਹਾਜ਼ (ਕੋਮਾਗਾਟਾ ਮਾਰੂ) ਦੇ ਮੁਸਾਫਿਰਾਂ ਦੀ ਦਰਦ ਭਰੀ ਕਹਾਣੀ" ਵਿੱਚ ਬਿਆਨ ਕੀਤੀ ਹੈ। ਬਹੁਤ ਸਾਰੇ ਇਤਿਹਾਸਕਾਰਾਂ ਵੱਲੋਂ ਅੱਜ ਵੀ ਜਾਣ-ਬੁੱਝ ਕੇ ਜਾਂ ਅਣਜਾਣੇ ਵਿੱਚ ਇਸ ਨੂੰ ਜਾਪਾਨੀ ਨਾਂਅ ਕੋਮਾਗਾਟਾਮਾਰੂ ਨਾਲ ਹੀ ਜਾਣਿਆ ਜਾਂਦਾ ਹੈ, ਪਰ ਜਹਾਜ਼ ਲੀਜ਼ ਤੇ ਲੈਣ ਮਗਰੋਂ, ਇਸ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਸੀ। ਬਾਬਾ ਜੀ ਨੇ 'ਗੁਰੂ ਨਾਨਕ ਸਟੀਮਸ਼ਿਪ ਕੰਪਨੀ' ਰਜਿਸਟਰ ਕਰਾਈ ਸੀ ਅਤੇ ਉਸ ਅਧੀਨ ਹੀ 'ਗੁਰੂ ਨਾਨਕ ਸਟੀਮਰ ਭਾਵ ਜਹਾਜ਼' ਉਤਾਰਿਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੋਮਾਗਾਟਾ ਮਾਰੂ ਨਾਂ ਤੋਂ ਪਹਿਲਾਂ, ਇਸ ਜਹਾਜ਼ ਦਾ ਨਾਂ ਹੋਰ ਸੀ ਅਤੇ ਬਾਅਦ ਵਿੱਚ ਵੀ ਕਿਸੇ ਹੋਰ ਕੰਪਨੀ ਹੀਆ ਮਾਰੂ ਨੇ ਖਰੀਦ ਲਿਆ ਸੀ।
    ਸਾਡਾ ਸਬੰਧ ਕਿਸੇ ਸਮੁੰਦਰੀ ਜਹਾਜ਼ ਨਾਲ ਨਹੀਂ, ਬਲਕਿ ਉਸ ਬਿਰਤਾਂਤ ਨਾਲ ਹੈ, ਜਿਸ ਰਾਹੀਂ ਬਾਬਾ ਗੁਰਦਿੱਤ ਸਿੰਘ ਜੀ ਨੇ ਨਸਲਵਾਦ ਖਿਲਾਫ ਚੁਣੌਤੀ ਦਿੱਤੀ। ਬਹੁਤ ਸੋਚ ਵਿਚਾਰ ਕੇ ਬਾਬਾ ਗੁਰਦਿੱਤ ਸਿੰਘ ਜੀ ਨੇ ਇਸ ਦਾ ਨਾਂ 'ਗੁਰੂ ਨਾਨਕ ਜਹਾਜ਼' ਰੱਖਿਆ, ਕਿਉਂਕਿ ਗੁਰੂ ਨਾਨਕ ਨਾਂ ਦੇ ਅਧੀਨ ਹੀ ਸਭ ਨੂੰ ਆਪਣੀ ਬੁੱਕਲ ਵਿੱਚ ਲਿਆ ਜਾ ਸਕਦਾ ਸੀ ਅਤੇ 'ਸ਼ਿਪ' ਦੀ ਥਾਂ ਤੇ 'ਜਹਾਜ਼' ਸ਼ਬਦ ਵਰਤਣਾ ਵੀ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਅਤੇ ਗਿਆਨ ਵਧਾਉਣਾ ਸੀ। ਅਫਸੋਸ ਇਹ ਹੈ ਕਿ ਸਾਡੇ ਲੇਖਕਾਂ ਅਤੇ ਸਿਆਸਤਦਾਨਾਂ ਨੇ ਕੋਮਾਗਾਟਾ ਮਾਰੂ ਨਾਂ ਨੂੰ ਪ੍ਰਚੱਲਤ ਕਰਕੇ, ਨਾ ਸਿਰਫ ਇਤਿਹਾਸ ਨਾਲ ਬੇਇਨਸਾਫੀ ਕੀਤੀ ਹੈ, ਬਲਕਿ ਪੰਜਾਬੀ ਮਾਂ ਬੋਲੀ ਨਾਲ ਵੀ ਧਰੋਹ ਕਮਾਇਆ ਹੈ। ਇਹਨਾਂ ਵਿੱਚ ਸਿੱਖੀ ਪ੍ਰਤੀ ਸੰਕੀਰਣਤਾ ਵੀ ਝਲਕਦੀ ਹੈ। ਚਾਹੇ ਇੱਕ ਪਾਸੇ ਕੋਮਾਗਾਟਾ ਮਾਰੂ ਦੁਖਾਂਤ ਨਸਲਵਾਦ ਵਿਰੋਧੀ ਸੰਘਰਸ਼ ਹੈ, ਦੂਸਰੇ ਪਾਸੇ 'ਗੁਰੂ ਨਾਨਕ ਜਹਾਜ਼' ਨਾਂ  ਮਿਟਾ ਕੇ, ਆਪਣੇ ਆਪ ਵਿੱਚ ਇੱਕ ਹੋਰ ਨਸਲਵਾਦ ਪੈਦਾ ਕੀਤਾ ਜਾ ਰਿਹਾ ਹੈ। ਇਹ ਇਤਿਹਾਸਿਕ ਵਿਗਾੜ ਦੁਖਦਾਈ ਵੀ ਹੈ ਅਤੇ ਚਿੰਤਾਜਨਕ ਵੀ।
     ਬਾਬਾ ਗੁਰਦਿੱਤ ਸਿੰਘ ਸਰਹਾਲੀ ਵੱਲੋਂ ਅਣਥੱਕ ਯਤਨਾਂ ਨਾਲ ਲਿਆਂਦੇ ਸਮੁੰਦਰੀ ਜਹਾਜ਼ ਦੇ ਮੁਸਾਫ਼ਿਰਾਂ ਨੂੰ 23 ਮਈ 1914 ਤੋਂ ਲੈ ਕੇ 23 ਜੁਲਾਈ 1914 ਤੱਕ ਦੋ ਮਹੀਨੇ ਵੈਨਕੂਵਰ ਦੀ ਬੰਦਰਗਾਹ 'ਤੇ ਬੰਦੀ ਬਣਾਈ ਰੱਖਿਆ। ਜ਼ੁਲਮ-ਸਿਤਮ ਦੀ ਇਹ ਹੱਦ ਸੀ ਕਿ ਮੁਸਾਫ਼ਿਰਾਂ ਨਾਲ ਅਣਮਨੁੱਖੀ ਵਰਤਾਉ ਕੀਤਾ ਗਿਆ ਤੇ ਇਕ ਹੋਰ ਜਹਾਜ਼ ਰਾਹੀਂ ਹਮਲਾ ਕਰਕੇ, ਕੋਮਾਗਾਟਾਮਾਰੂ ਬੇੜੇ ਨੂੰ ਡੋਬਣ ਦੀ ਵੀ ਸਾਜ਼ਿਸ਼ ਰਚੀ ਗਈ।
       ਨਸਲੀ ਵਰਤਾਓ ਤੇ ਧੱਕੇਸ਼ਾਹੀ ਕਰਦਿਆਂ ਜਹਾਜ਼ ਨੂੰ ਭਾਰਤ ਵਾਪਸ ਮੋੜ ਦਿੱਤਾ ਗਿਆ, ਜਿਥੇ 29 ਸਤੰਬਰ 1914 ਨੂੰ ਕਲਕੱਤੇ ਦੇ ਬਜਬਜ ਘਾਟ 'ਤੇ ਬ੍ਰਿਟਿਸ਼ ਸਰਕਾਰ ਵੱਲੋਂ ਮੁਸਾਫ਼ਿਰਾਂ 'ਤੇ ਗੋਲੀਆਂ ਵਰ੍ਹਾਈਆਂ ਗਈਆਂ। ਨਤੀਜੇ ਵਜੋਂ 19 ਵਿਅਕਤੀ ਸ਼ਹੀਦ ਹੋ ਗਏ ਤੇ ਅਨੇਕਾਂ ਨੂੰ ਸਖ਼ਤ ਸਜ਼ਾਵਾਂ ਹੋਈਆਂ। ਕੈਨੇਡਾ ਦੀ ਧਰਤੀ 'ਤੇ ਗੁਰੂ ਨਾਨਕ ਜਹਾਜ ਦੇ ਦੁਖਾਂਤ (ਕੋਮਾਗਾਟਾਮਾਰੂ ਦੁਖਾਂਤ) ਲਈ ਮੁਆਫ਼ੀ ਦੀ ਮੰਗ ਨਿਰੰਤਰ ਉੱਠਦੀ ਰਹੀ। ਗ਼ਦਰੀ ਬਾਬਿਆਂ ਦੀ ਸੋਚ ਵਿਰੋਧੀ ਨਕਲੀ ਵਾਰਿਸਾਂ ਨੇ ਚਾਹੇ ਮੁਆਵਜ਼ੇ ਤੱਕ ਸਵੀਕਾਰ ਕਰ ਲਏ, ਪਰ ਅਸਲੀ ਵਾਰਸਾਂ ਵੱਲੋਂ ਮੁਆਵਜ਼ੇ ਦੀ ਪੇਸ਼ਕਸ਼ ਠੁਕਰਾ ਕੇ, ਮੁਆਫ਼ੀ ਲਈ ਹੀ ਆਵਾਜ਼ ਉਠਾਈ ਗਈ। ਗ਼ਦਰੀ ਬਾਬਿਆਂ ਦੇ ਮੇਲੇ 'ਚ ਆ ਕੇ ਚਾਹੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਮੁਆਫ਼ੀ ਮੰਗੀ, ਪਰ ਕੈਨੇਡਾ ਦੀ ਪਾਰਲੀਮੈਂਟ 'ਚ ਅਜਿਹਾ ਸੰਭਵ ਨਾ ਹੋਇਆ,ਹਾਲਾਂ ਕਿ ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਵਿਧਾਨ ਸਭਾ 'ਚ ਪਹਿਲਾਂ ਹੀ ਅਜਿਹਾ ਕੀਤਾ ਗਿਆ।
       ਆਖ਼ਰਕਾਰ ਕੈਨੇਡਾ ਦੀ ਮੌਜੂਦਾ ਲਿਬਰਲ ਸਰਕਾਰ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਦੇ ਜਸ਼ਨਾਂ ਮੌਕੇ ਮੁਆਫ਼ੀ ਮੰਗਣ ਲਈ 18 ਮਈ, 2016 ਦੇ ਦਿਨ ਦਾ ਐਲਾਨ ਕਰਕੇ ਨਵਾਂ ਅਧਿਆਇ ਸਿਰਜ ਦਿੱਤਾ, ਜਿਸ ਦਾ ਸਭ ਪਾਸਿਓਂ ਸਵਾਗਤ ਹੋਇਆ। ਕੈਨੇਡਾ ਦੀ ਪਾਰਲੀਮੈਂਟ 'ਚ ਇਤਿਹਾਸਕ ਗ਼ਲਤੀਆਂ 'ਤੇ ਮੁਆਫ਼ੀ ਮੰਗਣ ਅਤੇ ਉਨ੍ਹਾਂ ਤੋਂ ਸਬਕ ਸਿੱਖਣ ਦਾ ਇਹ ਕਦਮ ਇਥੇ ਵਸੇ ਪ੍ਰਵਾਸੀਆਂ ਨੂੰ ਮਾਨਤਾ ਦੇਣ ਦੇ ਸੰਦਰਭ 'ਚ ਖ਼ਾਸ ਮਹੱਤਵ ਰੱਖਦਾ ਹੈ। ਚਾਹੇ ਗੁਰੂ ਨਾਨਕ ਜਹਾਜ਼ (ਕੋਮਾਗਾਟਾਮਾਰੂ) ਲਈ ਮੁਆਫ਼ੀ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਟਰੂਡੋ ਨੇ ਬਾਹਰੋਂ ਆ ਕੇ ਇਥੇ ਵਸੇ ਭਾਈਚਾਰੇ ਨੂੰ ਵੱਡਾ ਸਨਮਾਨ ਦਿੱਤਾ ਤੇ ਆਪਣੀ ਵਜ਼ਾਰਤ 'ਚ ਚਾਰ ਮੰਤਰੀ ਸਿੱਖ ਭਾਈਚਾਰੇ 'ਚੋਂ ਸ਼ਾਮਿਲ ਕੀਤੇ। ਫੇਰ ਸੰਸਦ 'ਚ ਮੁਆਫ਼ੀ ਮੰਗ ਕੇ ਉਨ੍ਹਾਂ ਕੈਨੇਡਾ ਦਾ ਅਕਸ ਕੌਮਾਂਤਰੀ ਪੱਧਰ 'ਤੇ ਹੋਰ ਵੀ ਮਜ਼ਬੂਤ ਕੀਤਾ। ਉਨ੍ਹਾਂ ਦੇ ਪਿਤਾ ਸਾਬਕਾ ਪ੍ਰਧਾਨ ਮੰਤਰੀ ਏਲੀਅਟ ਪੀਅਰੇ ਟਰੂਡੋ ਵੱਲੋਂ 'ਚਾਰਟਰ ਆਫ ਰਾਈਟਸ' ਦੇ ਉਪਰਾਲੇ ਰਾਹੀਂ ਕੈਨੇਡਾ ਨੂੰ 'ਮਨੁੱਖੀ ਅਧਿਕਾਰਾਂ ਦਾ ਚੈਂਪੀਅਨ' ਬਣਾਇਆ ਗਿਆ ਸੀ, ਜਦਕਿ ਜਸਟਿਨ ਟਰੂਡੋ ਨੇ ਇਕ ਕਦਮ ਹੋਰ ਅੱਗੇ ਵਧਦਿਆਂ 109 ਸਾਲ ਪਹਿਲਾਂ ਮਿਲੇ ਜ਼ਖ਼ਮਾਂ 'ਤੇ ਵੀ ਮਲ੍ਹਮ ਲਾ ਕੇ ਮਾਨਵਵਾਦੀ ਦ੍ਰਿਸ਼ਟੀਕੋਣ ਦੀ ਮਿਸਾਲ ਕਾਇਮ ਕੀਤੀ। ਸੰਸਾਰ ਭਰ 'ਚ ਆਮ ਕਰਕੇ ਅਤੇ ਭਾਰਤ 'ਚ ਖ਼ਾਸ ਕਰਕੇ ਕੈਨੇਡਾ ਦੀ ਪਾਰਲੀਮੈਂਟ 'ਚ ਮੁਆਫ਼ੀ ਮੰਗੇ ਜਾਣ ਦੀ ਚਰਚਾ ਕੀਤੀ ਗਈ ਅਤੇ ਇਸ ਸਬੰਧੀ ਵੱਖ -ਵੱਖ ਸਰਕਾਰਾਂ ਨੇ ਬਿਆਨ ਵੀ ਦਰਜ ਕੀਤੇ । ਜਿਥੇ ਇਹ ਚੰਗੀ ਗੱਲ ਸੀ, ਉਥੇ ਇਸ ਤੋਂ ਸਬਕ ਸਿੱਖਣ ਦੀ ਵੀ ਲੋੜ ਹੈ। ਜੇਕਰ ਕੈਨੇਡਾ 'ਚੋਂ ਕੋਮਾਗਾਟਾਮਾਰੂ ਜਹਾਜ਼ ਵਾਪਸ ਮੋੜਿਆ ਗਿਆ, ਤਾਂ ਕੈਨੇਡਾ ਨੇ ਉਸ ਗ਼ਲਤੀ ਦਾ ਸੰਸਦ 'ਚ ਪਛਤਾਵਾ ਕੀਤਾ ਹੈ।
     29 ਸਤੰਬਰ 1914 ਨੂੰ ਕੈਨੇਡਾ ਤੋਂ ਭਾਰਤ ਪੁੱਜਣ 'ਤੇ ਇਸ ਜਹਾਜ਼ ਦੇ 19 ਮੁਸਾਫ਼ਿਰਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ, ਇਹ ਉਸ ਤੋਂ ਵੀ ਵੱਡਾ ਦੁਖਾਂਤ ਸੀ। ਕੈਨੇਡਾ ਤੋਂ ਸੇਧ ਲੈ ਕੇ ਭਾਰਤ ਦੀ ਸੰਸਦ 'ਚ ਵੀ ਗੁਰੂ ਨਾਨਕ ਜਹਾਜ ਦੇ ਮੁਸਾਫਰਾਂ ਦੇ ਦੁਖਾਂਤ ਸਬੰਧੀ ਮਤਾ ਪੇਸ਼ ਕੀਤਾ ਜਾਣਾ ਬਣਦਾ ਸੀ ਤੇ ਇਸ ਦੇ ਮੁਸਾਫ਼ਿਰਾਂ ਦੀ ਕੁਰਬਾਨੀ ਨੂੰ ਵੀ ਚੇਤੇ ਕੀਤਾ ਜਾਣਾ ਚਾਹੀਦਾ ਸੀ। ਪਰ ਦੁੱਖ ਅਤੇ ਸ਼ਰਮ ਦੀ ਗੱਲ ਇਹ ਹੈ ਕਿ ਜਿਸ ਦਿਨ ਇਹ ਸ਼ਹੀਦੀਆਂ ਹੋਈਆਂ ਸਨ, ਭਾਰਤ ਦੀ ਨਾ ਕੇਂਦਰੀ ਸਰਕਾਰ ਤੇ ਨਾ ਹੀ ਪੰਜਾਬ ਦੀ ਸਰਕਾਰ ਨੇ ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਨੂੰ ਯਾਦ ਤੱਕ ਕੀਤਾ। 'ਸ਼ੇਰਾਂ ਦੀਆਂ ਮਾਰਾਂ ਅਤੇ ਗਿੱਦੜਾਂ ਦੀਆਂ ਕਲੋਲਾਂ' ਦੇ  ਕਥਨ ਵਾਂਗ ਜਿਨ੍ਹਾਂ ਯੋਧਿਆਂ ਦੀਆਂ ਸ਼ਹੀਦੀਆਂ ਕਰਕੇ ਇਹ ਕੁਰਸੀਆਂ ਮਿਲੀਆਂ, ਉਨ੍ਹਾਂ ਦੇ ਦਿਨ ਵਿਸਾਰ ਕੇ 'ਆਪਣੇ ਸਿਆਸੀ ਆਕਾਵਾਂ' ਦੇ ਸੋਹਲੇ ਗਾਏ ਜਾ ਰਹੇ ਹਨ। ਇਸ ਤੋਂ ਵੱਧ ਮੰਦਭਾਗੀ ਗੱਲ ਕੀ ਹੋ ਸਕਦੀ ਹੈ। ਕੇਂਦਰ ਵਿਚ ਭਾਜਪਾ ਸਰਕਾਰ ਅਤੇ ਪੰਜਾਬ ਵਿਚ  ਆਮ ਆਦਮੀ ਪਾਰਟੀ ਦੀ ਸਰਕਾਰ, ਵਿਰੋਧੀ ਧਿਰਾਂ ਵਿੱਚ ਕਾਂਗਰਸ ਤੇ ਇੱਥੋਂ ਤੱਕ ਕਿ ਅਕਾਲੀ ਦਲ ਦੇ ਵੱਲੋਂ ਵੀ, ਅੱਜ ਦੇ ਦਿਨ ਇਨ੍ਹਾਂ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੇ ਜਾਣ ਦੀ ਲੋਡ਼ ਨਹੀਂ ਸਮਝੀ ਗਈ। ਇਉਂ ਇਹ ਸਾਰੇ ਸਿਆਸਤਦਾਨ ਇਤਿਹਾਸ ਦੇ ਦੋਸ਼ੀ ਹਨ। ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੇ ਗੁਨਾਹਗਾਰ ਹਨ।      ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਾਂਗ ਪੰਜਾਬ ਦੀ ਵਿਧਾਨ ਸਭਾ 'ਚ ਵੀ ਅਜਿਹਾ ਕਦਮ ਚੁੱਕਿਆ ਜਾਣਾ  ਚਾਹੀਦਾ ਸੀ, ਕਿਉਂਕਿ ਗੁਰੂ ਨਾਨਕ ਜਹਾਜ ਦੇ ਲਗਪਗ ਸਾਰੇ ਮੁਸਾਫ਼ਿਰ ਅਣਵੰਡੇ ਪੰਜਾਬ ਨਾਲ ਸਬੰਧਤ ਸਨ। ਕੈਨੇਡਾ ਦੀ ਪਹਿਲਕਦਮੀ ਇਹ ਵੀ ਸੁਨੇਹਾ ਦਿੰਦੀ ਹੈ ਕਿ ਜੇਕਰ ਸਰਕਾਰਾਂ ਇਤਿਹਾਸ ਦੀਆਂ ਗ਼ਲਤੀਆਂ ਤੋਂ ਸਬਕ ਲੈ ਕੇ, ਮੁੜ ਗ਼ਲਤੀਆਂ ਨਾ ਦੁਹਰਾਉਣ ਦਾ ਤਹੱਈਆ ਕਰਨ, ਤਾਂ ਇਹ ਸਹੀ ਅਰਥਾਂ 'ਚ ਨਵੀਆਂ ਲੀਹਾਂ ਪਾਉਣ ਦੇ ਬਰਾਬਰ ਹੁੰਦਾ ਹੈ। ਜੇਕਰ ਘੱਲੂਘਾਰਿਆਂ, ਨਸਲਕੁਸ਼ੀਆਂ ਅਤੇ ਦੇਸ਼ ਪੱਧਰੀ ਦੁਖਾਂਤਾਂ ਲਈ ਇਤਿਹਾਸਕ ਗ਼ਲਤੀਆਂ ਦਾ ਪਛਤਾਵਾ ਹੋਵੇ, ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਅਤੇ ਘੱਟ-ਗਿਣਤੀਆਂ ਸੁਰੱਖਿਅਤ ਹੋਣ, ਤਦ ਹੀ ਮੰਗੀ ਮੁਆਫ਼ੀ ਅਰਥ ਰੱਖਦੀ ਹੈ, ਨਹੀਂ ਤਾਂ ਇਹ ਮਹਿਜ਼ ਸਿਆਸੀ ਬਿਆਨਬਾਜ਼ੀ ਤੋਂ ਵੱਧ ਕੁਝ ਨਹੀਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੁਨੀਆ ਦੇ ਆਗੂਆਂ ਨੂੰ ਇਹ ਸੁਨੇਹਾ ਦਿੱਤਾ ਕਿ ਕੋਈ ਮੁਲਕ ਬੀਤੇ 'ਚ ਹੋਏ ਗੁਨਾਹਾਂ ਦੀ ਮੁਆਫ਼ੀ ਮੰਗਣ ਨਾਲ ਛੋਟਾ ਨਹੀਂ ਹੁੰਦਾ, ਬਲਕਿ ਉਸ ਦਾ ਸਨਮਾਨ ਹੋਰ ਵੀ ਉੱਚਾ ਹੁੰਦਾ ਹੈ।
     ਸ਼ਹੀਦਾਂ ਨੂੰ ਯਾਦ ਕਰਨ ਅਤੇ ਇਤਿਹਾਸਕ ਗੁਨਾਹਾਂ ਦੀਆਂ ਮੁਆਫ਼ੀਆਂ ਮੰਗਣ ਦੇ ਵਿਚਾਰ ਅਤੇ ਉਪਰਾਲੇ ਸ਼ਲਾਘਾਯੋਗ ਹਨ, ਪਰ ਜ਼ਰੂਰਤ ਇਸ ਗੱਲ ਦੀ ਹੈ ਕਿ ਕਿਤੇ ਵੀ ਮੂਲ ਵਾਸੀ ਲੋਕਾਂ ਜਾਂ ਪ੍ਰਵਾਸੀਆਂ ਨਾਲ ਰੰਗ ਨਸਲ ਜਾਤ ਧਰਮ ਅਤੇ ਬੋਲੀ ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਗੁਰੂ ਨਾਨਕ ਜਹਾਜ਼ ਦੇ 376 ਮੁਸਾਫਰਾਂ ਵਿੱਚ 337 ਸਿੱਖਾਂ ਤੋਂ ਇਲਾਵਾ ਸਿੱਖਾਂ 12 ਹਿੰਦੂ ਅਤੇ 27 ਮੁਸਲਮਾਨ ਵੀ ਸਵਾਰ ਸਨ, ਪਰ ਸਭ ਨੇ ਆਪੋ -ਆਪਣੇ ਅਕੀਦੇ ਅਤੇ ਧਰਮਾਂ ਨੂੰ ਨਿੱਜੀ ਪੱਧਰ 'ਤੇ ਰੱਖਿਆ ਅਤੇ ਕੈਨੇਡਾ ਦੇ ਨਸਲਵਾਦ ਅਤੇ ਭਾਰਤ ਦੇ ਬਸਤੀਵਾਦ ਖ਼ਿਲਾਫ਼ ਲੜੇ।
           ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਦਾ ਸਾਂਝਾ ਸੰਘਰਸ਼ ਇਸ ਗੱਲ ਦਾ ਵੀ ਸੂਚਕ ਹੈ ਕਿ ਭਾਰਤ ਨੂੰ ਬ੍ਰਿਟਿਸ਼ ਬਸਤੀਵਾਦ ਤੋਂ ਆਜ਼ਾਦ ਕਰਵਾਉਣ ਲਈ ਤਾਂ ਸਾਰਿਆਂ ਨੇ ਮਿਲ ਕੇ ਕੁਰਬਾਨੀਆਂ ਕੀਤੀਆਂ, ਪਰ ਹੁਣ ਜਿਸ ਤਰੀਕੇ ਨਾਲ ਘੱਟ ਗਿਣਤੀਆਂ ਨਾਲ ਧੱਕਾ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਇਸ ਤੋਂ ਵੱਡੀ ਦੁਖਦਾਈ ਗੱਲ ਹੋਰ ਕੁੱਝ ਨਹੀਂ ਹੋ ਸਕਦੀ। ਇਹ ਆਜ਼ਾਦੀ ਲਈ ਲੜਨ ਵਾਲੇ ਯੋਧਿਆਂ, ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਅਤੇ ਸਮੂਹ ਗਦਰੀ ਬਾਬਿਆਂ ਨਾਲ ਧਰੋਹ ਵੀ ਹੈ ਅਤੇ ਉਨ੍ਹਾਂ ਦੀ ਸੋਚ ਦਾ ਅਪਮਾਨ ਵੀ। ਨਵ-ਬਸਤੀਵਾਦ ਦੀ ਸਥਾਪਨਾ ਦੀ ਫਾਸ਼ੀਵਾਦੀ ਸੋਚ ਖਿਲਾਫ਼ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ, ਤਦ ਹੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਨਾਲ  ਹੋਏ ਅਨਿਆਂ ਸਬੰਧੀ ਆਵਾਜ਼ ਉਠਾਉਣਾ ਕੋਈ ਅਰਥ ਰੱਖਦਾ ਹੈ, ਨਹੀਂ ਤਾਂ ਆਪਣੇ- ਆਪ ਵਿੱਚ ਇਹ ਦੋਗਲੀ ਨੀਤੀ ਤੋਂ ਵੱਧ ਕੁਝ ਨਹੀਂ ਹੈ। ਬੀਤੇ ਸਮੇਂ  ਦੀ, ਚਿੱਟੇ ਲੋਕਾਂ ਦੀ ਧਰਤੀ ਕੈਨੇਡਾ ਅੱਜ 'ਮਨੁੱਖੀ ਹੱਕਾਂ ਦਾ ਚੈਂਪੀਅਨ' ਅਖਵਾਉਂਦਾ ਹੈ, ਪਰ ਬੀਤੇ ਸਮੇਂ ਦੀ ਬਸਤੀ ਭਾਰਤ ਅੱਜ ਜਿਸ ਦਿਸ਼ਾ ਵਲ ਵੱਧ ਰਿਹਾ ਹੈ, ਉਸ ਦੇ ਨਤੀਜੇ ਅਨੇਕਾਂ ਹੋਰ ਦੁਖਾਂਤਾਂ ਨੂੰ ਜਨਮ ਦੇ ਰਹੇ ਹਨ। ਨਵ ਬਸਤੀਵਾਦ ਦੀ ਧਾਰਨੀ ਫਾਸ਼ੀਵਾਦੀ ਸਰਕਾਰ ਵੱਲੋਂ ਆਪਣੇ ਵਿਰੋਧੀਆਂ ਪ੍ਰੋਫ਼ੈਸਰਾਂ, ਐਕਟੀਵਿਸਟਾਂ, ਵਕੀਲਾਂ, ਪੱਤਰਕਾਰਾਂ ਨੂੰ ਜੇਲ੍ਹਾਂ ਚ ਸੁੱਟਿਆ ਜਾ ਰਿਹਾ ਹੈ, ਜੋ ਕਿਸੇ ਹੋਰ ਕੋਮਾਗਾਟਾਮਾਰੂ ਦੇ ਦੁਖਾਂਤ ਤੋਂ ਘੱਟ ਨਹੀਂ। ਸੱਤਾ 'ਤੇ ਕਾਬਜ਼ ਇਹ ਜ਼ਾਲਮ ਲੋਕ ਸਵਰਕਰ ਦੇ ਪੈਰੋਕਾਰ ਤਾਂ ਹਨ, ਪਰ ਗ਼ਦਰੀ ਬਾਬਿਆਂ ਅਤੇ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੇ ਪੈਰੋਕਾਰ ਨਹੀਂ ਹੋ ਸਕਦੇ।  ਸਮੁੱਚੇ ਰੂਪ ਵਿਚ ਗੁਰੂ ਨਾਨਕ ਜਹਾਜ਼ ਦੇ ਜਿਨ੍ਹਾਂ ਮੁਸਾਫ਼ਰਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਅਤੇ ਸ਼ਹੀਦੀਆਂ ਪਾਈਆਂ, ਉਨ੍ਹਾਂ ਦਾ ਸੁਨਹਿਰੀ ਇਤਿਹਾਸ ਸਦਾ ਮਾਰਗ ਦਰਸ਼ਨ ਕਰਦਾ ਰਹੇਗਾ।    
         ਅੰਤ ਵਿੱਚ ਕਹਿਣਾ ਚਾਹਾਂਗੇ ਕਿ 'ਗੁਰੂ ਨਾਨਕ ਜਹਾਜ਼' ਸ਼ਬਦ ਵਰਤਣ ਦੀ ਬੇਨਤੀ ਕਰਨ ਤੋਂ ਬਾਅਦ, ਜਿੱਥੇ ਅਨੇਕਾਂ ਸੱਜਣਾਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਹੈ ਅਤੇ ਵਾਅਦਾ ਕੀਤਾ ਹੈ ਕਿ ਅੱਗੇ ਤੋਂ 'ਗੁਰੂ ਨਾਨਕ ਜਹਾਜ਼' ਸ਼ਬਦ ਵਰਤਿਆ ਕਰਨਗੇ, ਉਥੇ ਕੁਝ ਅਜਿਹੇ ਸੱਜਣ ਵੀ ਹਨ ਜਿਨ੍ਹਾਂ ਦਾ ਇਹ ਇਤਰਾਜ਼ ਹੈ ਕਿ ਇਹ ਮੁੱਦਾ ਕਿਉਂ ਉਠਾਇਆ ਗਿਆ?ਇਹ ਸੱਚ ਹੈ ਕਿ ਜਹਾਜ਼ ਦਾ ਨਾਮਕਰਨ 'ਗੁਰੂ ਨਾਨਕ ਜਹਾਜ਼' ਕੀਤਾ ਗਿਆ ਸੀ, 'ਗੁਰੂ ਨਾਨਕ ਜਹਾਜ਼' ਸ਼ਬਦ ਇੱਕ ਫਲਸਫਾ ਹੈ, ਜਿੱਥੇ ਗੁਰਮੁਖੀ, ਪੰਜਾਬੀ, ਗੁਰੂ ਨਾਨਕ ਵਿਚਾਰ, ਸਰਬੱਤ ਨੂੰ ਕਲਾਵੇ ਵਿੱਚ ਲੈਣ ਵਾਲੀ ਸੋਚ ਹੈ। ਇਹ ਇਤਰਾਜ਼ ਤੱਥਾਂ ਤੇ ਅਧਾਰਤ ਨਹੀਂ।
ਬਾਬਾ ਗੁਰਦਿੱਤ ਸਿੰਘ ਨੇ ਜਹਾਜ਼ ਕਿਰਾਏ 'ਤੇ ਲਿਆ ਅਤੇ ਫਿਰ ਹਾਂਗਕਾਂਗ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਵਾ ਕੇ, ਅਰਦਾਸ ਉਪਰੰਤ, ਹੁਕਮਨਾਮਾ ਲੈ ਕੇ, ਇਸ ਦਾ ਨਾਂ 'ਗੁਰੂ ਨਾਨਕ ਜਹਾਜ਼' ਰੱਖਿਆ ਤੇ ਇਸ 'ਤੇ ਕਿਤਾਬ ਲਿਖੀ।
ਭਾਈ ਗੁਰਦਿੱਤ ਸਿੰਘ ਜੀ ਦੀ ਲਿਖੀ 'ਸ਼੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਿਰਾਂ ਦੀ ਦਰਦ ਭਰੀ ਦਾਸਤਾਨ',  ਭਾਈ ਰਾਜਵਿੰਦਰ ਸਿੰਘ ਰਾਹੀ ਦੀ ਲਿਖੀ ਕਿਤਾਬ ਕਾਮਾਗਾਟਾ ਮਾਰੂ ਜਹਾਜ਼ ਦਾ ਅਸਲੀ ਸੱਚ, ਸ. ਅਜਮੇਰ ਸਿੰਘ, ਡਾਕਟਰ ਪੂਰਨ ਸਿੰਘ ਗਿੱਲ ਅਤੇ ਡਾਕਟਰ ਗੰਡਾ ਸਿੰਘ ਹੁਰਾਂ ਨੇ ਵੀ ਆਪਣੀਆਂ ਕਿਤਾਬਾਂ ਵਿੱਚ ਗੁਰੂ ਨਾਨਕ ਜਹਾਜ਼  ਸ਼ਬਦ ਵਰਤਿਆ ਹੈ। ਪਰ ਖੁਦ ਨੂੰ ਅਗਾਂਹ ਵਧੂ ਅਖਵਾਉਣ ਵਾਲੇ ਲੇਖਕ ਤੇ ਸਿਆਸਤਦਾਨ ਚਾਨਣਾ ਪਾਉਣ ਕਿ ਕਿਹੜੀ  ਵਿਚਾਰਧਾਰਾ ਉਹਨਾਂ ਨੂੰ ਇਹ ਸੱਚ ਬੋਲਣ ਤੋਂ ਰੋਕ ਰਹੀ ਹੈ ਕਿ 'ਕਾਮਾਗਾਟਾ ਮਾਰੂ' ਜਹਾਜ਼ ਦਾ ਅਸਲੀ ਨਾਂ ਨਹੀਂ ਸੀ, ਅਸਲੀ ਨਾਂ 'ਗੁਰੂ ਨਾਨਕ ਜਹਾਜ਼' ਸੀ, ਫਿਰ ਵੀ ਗੁਰੂ ਨਾਨਕ ਜਹਾਜ ਨਾਂ ਕਿਉਂ ਨਹੀਂ ਲਿਆ ਜਾ ਰਿਹਾ? ਦੱਸਣ ਦੀ ਕਿਰਪਾ ਕਰੋ।
       ਆਓ! ਸ਼ਬਦ 'ਗੁਰੂ ਨਾਨਕ ਜਹਾਜ਼' ਵਰਤਿਆ ਕਰੀਏ। ਦਰਅਸਲ ਗੁਰੂ ਨਾਨਕ ਜਹਾਜ਼ ਸ਼ਬਦ ਤੇ ਇਤਰਾਜ਼ ਕਰਨ ਦੀ ਇੱਕ ਖ਼ਾਸ ਸਾਜਸ਼ੀ ਬਿਰਤਾਂਤ ਦੀ ਹੈ, ਜਿਹੜੇ ਹਰ ਗੱਲ ਪ੍ਰਤੀ ਸਿੱਖੀ ਕਰਕੇ, ਨਫਰਤ ਪੈਦਾ ਕਰਦੇ ਹਨ ਤੇ ਜਦੋਂ ਮੌਕਾ ਮਿਲੇ, ਸਿੱਖੀ ਦੀ ਗੱਲਬਾਤ ਕਰਨ ਵਾਲਿਆਂ 'ਤੇ ਬੌਧਿਕ ਕੰਗਾਲੀ ਦਾ ਹਮਲਾ ਕਰਦੇ ਹਨ।
ਆਖ਼ਰੀ ਵਿਚਾਰ ਪਾਠਕਾਂ 'ਤੇ ਛੱਡਦੇ ਹਾਂ ਕਿ ਕੀ 'ਗੁਰੂ ਨਾਨਕ ਜਹਾਜ਼' ਨਾਂ ਹੋਣ ਦੇ ਬਾਵਜੂਦ, ਗੁਰੂ ਨਾਨਕ ਜਹਾਜ਼ ਸ਼ਬਦ ਅਤੇ ਬਿਰਤਾਂਤ ਵਰਤਣਾ ਸਹੀ ਹੈ ਜਾਂ ਨਹੀਂ? ਆਖਰੀ ਫੈਸਲਾ ਆਪ ਨੇ ਹੀ ਕਰਨਾ ਹੈ।

*'ਢਾਹਾਂ ਪੁਰਸਕਾਰ' ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ - ਡਾ. ਗੁਰਵਿੰਦਰ ਸਿੰਘ

*ਖ਼ਬਰਾਂ ਚੇਪਣ ਤੇ ਸਾਹਿਤਕ ਮਿਆਰ ਤੋਂ ਸੱਖਣੇ ਨਾਵਲ ਦੀ,
ਛੇ ਸ਼ਾਰਟ ਲਿਸਟ ਰਚਨਾਵਾਂ 'ਚ ਚੋਣ
*ਵੱਡੀ ਉਮਰ ਦੇ ਲੇਖਕ ਨੂੰ 'ਐਡਜਸਟ' ਕਰਨ ਦੀ ਚੋਣ ਕਰਤਾਵਾਂ ਦੀ ਸੋਚ
ਨਾਲ ਪੰਜਾਬੀ ਸਾਹਿਤ ਹਲਕਿਆਂ ਵਿੱਚ ਨਿਰਾਸ਼ਾ

ਕੈਨੇਡਾ ਦੀ ਧਰਤੀ ਤੋਂ ਕੁਝ ਸਾਲ ਪਹਿਲਾਂ ਜਦੋਂ ਢਾਹਾਂ ਪੁਰਸਕਾਰ ਸ਼ੁਰੂ ਕੀਤਾ ਗਿਆ ਸੀ, ਤਾਂ ਆਸ ਬੱਝੀ ਸੀ ਕਿ ਪੰਜਾਬੀ ਦੇ ਨਰੋਏ ਸਾਹਿਤ ਨੂੰ ਉਤਸ਼ਾਹਿਤ ਕੀਤਾ ਜਾਏਗਾ ਅਤੇ ਚੰਗੇ ਸਾਹਿਤਕਾਰਾਂ ਤੇ ਲਿਖਤਾਂ ਨੂੰ ਇਹ ਪੁਰਸਕਾਰ ਮਿਲੇਗਾ। ਦੁੱਖ ਇਸ ਗੱਲ ਦਾ ਹੈ ਕਿ ਕੁਝ ਸਮੇਂ ਵਿੱਚ ਹੀ, ਕੁਝ ਕੁ ਚੰਗੀਆਂ ਲਿਖਤਾਂ ਨੂੰ ਇਨਾਮ ਦੇਣ ਮਗਰੋਂ, ਜਦ ਰੱਦੀ ਦੇ ਟੋਕਰੇ ਵਿੱਚ ਸੁੱਟੀਆਂ ਜਾਣ ਵਾਲੀਆਂ ਕਿਤਾਬਾਂ ਨੂੰ ਇਨਾਮ ਦੇਣਾ ਸ਼ੁਰੂ ਕਰ ਦਿੱਤਾ ਗਿਆ, ਤਾਂ ਇਸਦਾ ਮਿਆਰ ਦਿਨੋ-ਦਿਨ ਢਹਿੰਦਾ ਗਿਆ। ਅਜਿਹੀਆਂ ਕੁਝ ਕਿਤਾਬਾਂ ਨੂੰ ਵੀ ਇਹ ਪੁਰਸਕਾਰ ਦਿੱਤਾ ਗਿਆ, ਜਿਨਾਂ ਦੀ ਕੋਈ ਸਥਾਨਕ ਪੱਧਰ 'ਤੇ ਵੀ 25 ਰੁਪਏ ਦਾ ਇਨਾਮ ਦੇਣ ਵਾਸਤੇ ਚੋਣ ਨਹੀਂ ਕਰਦਾ, ਉਹਨਾਂ ਦੀ ਚੋਣ 25 ਹਜ਼ਾਰ ਡਾਲਰ ਵਾਲੇ ਪੁਰਸਕਾਰ ਲਈ ਕੀਤੀ ਗਈ। ਪਰ ਅਫਸੋਸ ਹੈ ਕਿ ਕਈ ਮੀਡੀਆਕਾਰ ਅਤੇ ਲੇਖਕ ਅਜੇ ਵੀ ਇਸ ਇਨਾਮ ਨੂੰ 'ਪੰਜਾਬੀ ਦਾ ਨੋਬਲ ਪੁਰਸਕਾਰ' ਕਹੀ ਜਾਂਦੇ ਹਨ, ਉਹਨਾਂ ਦੀ ਸੋਚ 'ਤੇ ਹਾਸਾ ਆਉਂਦਾ ਹੈ।
ਇਸ ਵਾਰ ਵੀ ਕੁਝ ਇਸ ਤਰ੍ਹਾਂ ਹੀ ਹੋ ਰਿਹਾ ਹੈ। ਇੱਕ ਕਿਤਾਬ ''ਅਬ ਜੂਝਨ ਕੋ ਦਾਉ'' ਨੂੰ ਛੇ ਸ਼ਾਰਟ ਲਿਸਟ ਕੀਤੀਆਂ ਕਿਤਾਬਾਂ 'ਚ ਸ਼ਾਮਿਲ ਕੀਤਾ ਗਿਆ ਹੈ। ਬੇਸ਼ੱਕ ਇਹ ਇਹ ਪਤਾ ਨਹੀਂ ਕਿ ਛੇਆਂ ਵਿੱਚੋਂ ਕਿਸ ਨੂੰ ਇਹ ਪੁਰਸਕਾਰ ਮਿਲਣਾ ਹੈ, ਪਰ ਇਨਾ ਜ਼ਰੂਰ ਹੈ ਕਿ 'ਇਸ ਇਨਾਮ ਅਨੁਸਾਰ 'ਚੋਟੀ ਦੀਆਂ ਛੇ ਕਿਤਾਬਾਂ ਵਿੱਚੋਂ ਇਹ ਇੱਕ ਕਿਤਾਬ' ਹੈ, ਜਿਸਦਾ ਮਿਆਰ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ।
ਇਹ ਨਾਵਲ ਨਾ ਕਿਸੇ ਪੱਖੋਂ ਇਤਿਹਾਸਕ ਹੈ ਤੇ ਨਾ ਹੀ ਇਸ ਦਾ ਬਿਰਤਾਂਤ ਸਹੀ ਹੈ ਤੇ ਭਾਸ਼ਾ ਪੱਧਰ ਵੀ ਨੀਵਾਂ ਹੈ। ਜਾਪਦਾ ਇਉਂ ਹੈ ਕਿ ਅਖਬਾਰ ਦੀਆਂ ਖਬਰਾਂ ਕੱਟ ਕੇ ਲਾਈਆਂ ਹੋਣ, ਉਹ ਵੀ ਆਧਾਰਹੀਣ ਖਬਰਾਂ। ਵਿਰੋਧੀ ਵਿਚਾਰ ਵਾਲਿਆਂ ਦੇ ਪ੍ਰਤੀ ਜੋ ਸ਼ਬਦਾਵਲੀ ਵਰਤੀ ਗਈ ਹੈ, ਉਸ ਵਿੱਚ ਨਾਵਲਕਾਰ ਅੰਤਾਂ ਦਾ ਜ਼ਹਿਰ ਲਈ ਬੈਠਾ ਹੈ। ਪਾਤਰਾਂ ਰਾਹੀਂ ਨਹੀਂ, ਸਗੋਂ ਨਾਵਲਕਾਰ ਨੇ ਖੁਦ, ਆਪਣੇ ਤੋਂ ਵੱਖਰੇ ਵਿਚਾਰ ਰੱਖਣ ਵਾਲੇ ਵਿਅਕਤੀਆਂ ਦੇ ਨਾਮ ਲਿਖ ਲਿਖ ਕੇ, ਜਿਸ ਤਰੀਕੇ ਨਾਲ ਮੂੰਹੋਂ ਝੱਗ ਸੁੱਟੀ ਹੈ, ਉਸ ਤੋਂ ਇਉ ਜਾਪਦਾ ਹੈ ਕਿ ਉਹ ਇੱਕ ਧਿਰ ਨੂੰ ਖੁਸ਼ ਕਰਨ ਲਈ ਅਤੇ ਦੂਜੀ ਦਾ ਵਿਰੋਧ ਕਰਨ ਲਈ, ਇਸ ਨਾਵਲ ਦੀ ਪੂਰੀ ਦੁਰਵਰਤੋਂ ਕਰ ਰਿਹਾ ਹੈ।
ਪੁਰਸਕਾਰ ਦੇਣ ਵਾਲੇ ਚੋਣ ਕਰਤਾਵਾਂ ਨੇ ਵੀ ਨਾਵਲ ਦੀ ਭਾਸ਼ਾ, ਬਿਰਤਾਂਤ, ਪਲਾਟ ਆਦਿ ਕੁਝ ਨਹੀਂ ਦੇਖਿਆ, ਬਲਕਿ ਸਿਰਫ ਇੱਕੋ ਹੀ ਗੱਲ ਦੇਖੀ ਹੈ ਕਿ ਉਸਨੇ ਉਹਨਾਂ ਤੋਂ ਵਿਰੁੱਧ ਖਿਆਲ ਰੱਖਣ ਵਾਲਿਆਂ ਨੂੰ ਖੁੱਲ ਕੇ ਗਾਲਾਂ ਕੱਢੀਆਂ ਹਨ। ਬਸ ਇਹੀ ਨਾਵਲ ਦੀ ਪ੍ਰਾਪਤੀ ਕਹੀ ਜਾ ਸਕਦੀ ਹੈ ਅਤੇ ਇਸੇ ਸੋਚ ਕਰਕੇ ਇਸ ਨੂੰ ਛੇ ਸ਼ਾਰਟਲਿਸਟ ਨਾਵਲਾਂ 'ਚ ਸ਼ਾਮਿਲ ਕੀਤਾ ਹੈ। ਇੱਥੇ ਦੱਸਣਯੋਗ ਇਹ ਹੈ ਕਿ ਪਹਿਲਾਂ ਵੀ 'ਢਾਹਾਂ ਅਵਾਰਡ ਵਾਲਿਆਂ ਨੇ ਸੂਰਜ ਦੀ ਅੱਖ' ਵਰਗੇ ਰੱਦੀ ਕਿਸਮ ਦੇ ਨਾਵਲ ਨੂੰ 25 ਹਜ਼ਾਰ ਦਾ ਇਨਾਮ ਦੇ ਕੇ, ਸਿਰ 'ਚ ਸੁਆਹ ਪਾਈ ਸੀ ਅਤੇ ਹੁਣ ਫਿਰ ਤਿਆਰੀ ਕਰੀ ਬੈਠੇ ਹਨ।
ਇਹ ਨਾਵਲ ਬੇਸ਼ੱਕ ਕਿਸਾਨੀ ਸੰਘਰਸ਼ ਬਾਰੇ ਲਿਖਿਆ ਹੈ, ਪਰ ਕਿਸਾਨੀ ਸੰਘਰਸ਼ ਦੀ ਬੜੀ ਹੀ ਪੇਤਲੀ ਪੱਧਰ ਦੀ ਗੱਲ ਨਾਵਲ ਵਿੱਚ ਕੀਤੀ ਗਈ ਹੈ, ਜੋ ਇਤਿਹਾਸਿਕ ਪੱਖੋਂ ਝੂਠ ਦਾ ਪੁਲੰਦਾ ਹੈ। ਨਾਵਲਕਾਰ ਵੱਲੋਂ ਕੇਵਲ ਇੱਕੋ ਗੱਲ ਨੂੰ ਮੁੱਖ ਰੱਖਿਆ ਗਿਆ ਹੈ ਕਿ ਕਿਸਾਨਾਂ ਦੀ ਇੱਕ ਧਿਰ ਵੱਲੋਂ ਦੀਪ ਸਿੱਧੂ ਅਤੇ ਲੱਖਾ ਸਧਾਣਾ ਨੂੰ ਮੰਦਾ ਸਾਬਤ ਕਰਨਾ। ਖਾਲਿਸਤਾਨੀਆਂ, ਗਾਤਰਿਆਂ ਵਾਲਿਆਂ, ਬਾਣੀ ਪੜ੍ਨ ਵਾਲਿਆਂ ਗੁਰਸਿੱਖਾਂ ਆਦਿ ਦੇ ਵੇਰਵੇ ਦੇ ਕੇ, ਉਹਨਾਂ ਨੂੰ ਇਸ ਸੰਘਰਸ਼ ਤੋਂ ਵੱਖ ਕਰਕੇ ਪੇਸ਼ ਕਰਨਾ। ਸੰਘਰਸ਼ ਦੀਆਂ ਪ੍ਰਾਪਤੀਆਂ ਅਖੌਤੀ ਕਿਸਾਨ ਜਥੇਬੰਦੀਆਂ ਦੇ ਸਿਰ ਅਤੇ ਸੰਘਰਸ਼ ਦੀਆਂ ਅਸਫਲਤਾਵਾਂ ਸਮੁੱਚੇ ਤੌਰ 'ਤੇ ਸਿੱਖਾਂ (ਅੰਮ੍ਰਿਤਧਾਰੀ ਜਾਂ ਖਾਲਿਸਤਾਨੀ) ਦੇ ਸਿਰ ਮੜਨਾ। ਮੀਡੀਏ ਦੇ ਵਿੱਚੋਂ ਚਲੰਤ ਕਿਸਮ ਦੀਆਂ ਟਿੱਪਣੀਆਂ ਚੁੱਕਣੀਆਂ, ਅਖਬਾਰਾਂ ਦੀਆਂ ਕੱਟੀਆਂ ਖਬਰਾਂ, ਝੂਠੇ ਮੂਠੇ ਬਿਆਨ ਅਤੇ ਬੇਅਰਥ ਵਿਚਾਰ ਰੱਖ ਕੇ ਨਾਵਲ ਨੂੰ ਧੱਕੇ ਨਾਲ ਹੀ ਅੱਗੇ ਵਧਾਉਣਾ ਅਤੇ ਅਖੌਤੀ ਅਗਾਂਹ ਵਧੂ ਧਿਰ ਨੂੰ ਹਰ ਤਰ੍ਹਾਂ ਖੁਸ਼ ਕਰਨਾ।
ਅਜਿਹੇ ਨਾਵਲ ਨੂੰ ਜੇਕਰ ਇਨਾਮ ਦੇਣ ਲਈ ਚੁਣਿਆ ਜਾ ਸਕਦਾ ਹੈ, ਤਾਂ ਫਿਰ ਪੰਜਾਬੀ ਸਾਹਿਤ ਦਾ ਮਿਆਰ ਕਿੰਨਾ ਕ ਥੱਲੇ ਜਾ ਚੁੱਕਾ ਹੈ ਇਸ ਦਾ ਅੰਦਾਜ਼ਾ ਸਹਿਜੇ ਹੀ ਲਾ ਸਕਦੇ ਹਾਂ। ਆਸ ਕਰਦੇ ਹਾਂ ਕਿ ਸਤਿਕਾਰਤ ਸਾਹਿਤਕਾਰ, ਲਿਖਾਰੀ ਅਤੇ ਪਾਠਕ, ਬਿਨਾਂ ਕਿਸੇ ਧਿਰਬਾਜ਼ੀ ਦੇ, ਨਿਰਪੱਖ ਹੋ ਕੇ, ਇਸ ਨਾਵਲ ਦੇ ਸਾਹਿਤਕ ਮਿਆਰ, ਭਾਸ਼ਾ ਅਤੇ ਗੋਂਦ ਆਦਿ ਨੂੰ ਦੇਖ ਕੇ ਆਪਣੇ ਵਿਚਾਰ ਜ਼ਰੂਰ ਦੇਣਗੇ। ਜੇ ਅਜਿਹੇ ਨਾਵਲ ਨੂੰ ਇਨਾਮ ਮਿਲਦਾ ਹੈ, ਤਾਂ ਉਹ ਪੰਜਾਬੀ ਸਾਹਿਤ ਲਈ ਆਮ ਕਰਕੇ ਅਤੇ ਢਾਹਾਂ ਪੁਰਸਕਾਰ ਲਈ ਖਾਸ ਕਰਕੇ ਇੱਕ ਵਾਰ ਫਿਰ, ਕਾਲਾ ਦਿਨ ਹੋਏਗਾ।
ਕੁਝ ਸੁਹਿਰਦ ਲੇਖਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਨਾਵਲ ਦਾ ਲਿਖਾਰੀ ਬਜ਼ੁਰਗ ਹੋ ਚੁੱਕਿਆ ਹੈ, ਉਮਰ ਬਹੁਤ ਬੀਤ ਚੁੱਕੀ ਹੈ, ਉਸਨੂੰ ਕੋਈ ਇਨਾਮ ਨਹੀਂ ਮਿਲਿਆ, ਇਸੇ ਕਾਰਨ ਹੀ ਉਸਨੇ ਹੱਥ -ਪੱਲਾ ਮਾਰ ਕੇ ਇਹ ਇਲਮ ਲੈਣ ਦੇ ਲਈ, ਸੌ ਪਾਪੜ ਵੇਲੇ ਹਨ। ਸਾਡਾ ਮੰਨਣਾ ਹੈ ਕਿ ਉਸ ਨੂੰ ਵੈਸੇ ਹੀ ਸੱਦ ਕੇ, ਉਸਦੇ ਗਲ 'ਚ ਸ਼ਾਲ ਪਾ ਦਿਓ ਜਾਂ ਉਸਨੂੰ ਇਨਾਮ ਦੀ ਥਾਂ ਤੇ ਚੰਦ ਡਾਲਰ ਦੇ ਕੇ ਨਿਵਾਜ ਦਿਓ, ਇਨਾਮ ਦੀ ਜੱਖਣਾ ਕਿਉਂ ਵੱਢਦੇ ਹੋ? ਕਿਉਂ ਇਨਾਮ ਕਲੰਕਤ ਕਰਦੇ ਹੋ? ਜੇਕਰ ਅਜਿਹੇ ਲੇਖਕ ਇਨਾਮ ਦੇ ਹੱਕਦਾਰ ਹਨ, ਤਾਂ ਫਿਰ ਪੰਜਾਬੀ 'ਚ ਕੋਈ ਨਵਾਂ ਵਧੀਆ ਲਿਖਾਰੀ ਨਹੀਂ ਉਠੇਗਾ, ਕਿਉਂਕਿ ਜੇ ਸਿਰਫ ਉਮਰ ਅਤੇ ਸਾਲਾਂ ਦਾ ਤਕਾਜ਼ਾ ਰੱਖ ਕੇ ਇਨਾਮ ਦਿੱਤੇ ਜਾਂਦੇ ਹਨ, ਤਾਂ ਇਹ ਪੰਜਾਬੀ ਲਈ ਬਹੁਤ ਮਾੜੀ ਗੱਲ ਹੋਏਗੀ। ਪੰਜਾਬੀ ਸਾਹਿਤ ਦੇ ਪ੍ਰੇਮੀਆਂ ਨੂੰ ਇਸ ਬਾਰੇ ਵੀ ਸੋਚਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ਢਾਹਾਂ ਵਾਲਿਆਂ ਨੇ ਕੁਝ ਇਸ ਤਰ੍ਹਾਂ ਹੀ ਕੀਤਾ ਸੀ, ਜਦੋਂ ਚੰਗੀਆਂ ਰਚਨਾਵਾਂ ਨੂੰ ਛੱਡ ਕੇ 'ਲੋਟੇ ਨੂੰ 25 ਹਜ਼ਾਰੀ ਇਨਾਮ ਦਿੱਤਾ ਗਿਆ ਸੀ, ਤਾਂ ਦਬਵੀਂ ਆਵਾਜ਼ ਵਿੱਚ ਲੇਖਕਾਂ ਨੇ ਇਤਰਾਜ਼ ਉਠਾਇਆ ਸੀ। ਜੇ ਉਦੋਂ ਲਿਖਾਰੀ ਖੁੱਲ ਕੇ ਬੋਲਦੇ, ਤਾਂ ਅੱਜ ਹਾਲ ਹੋਰ ਨਾ ਵਿਗੜਦਾ।
ਵੈਸੇ ਤਾਂ ਨਾਵਲਕਾਰ ਅਤਰਜੀਤ ਨੇ 'ਅਬ ਜੂਝਨ ਕੋ ਦਾਉ' ਨਾਵਲ ਵਿੱਚ ਇਤਿਹਾਸ ਦੇ ਨਾਂ 'ਤੇ ਝੂਠ ਵੰਡਿਆ ਹੈ, ਪਰ 396 ਤੋਂ 399 ਪੰਨਿਆਂ ਵਿੱਚੋਂ ਕੁਝ ਅੰਸ਼ ਆਪ ਨਾਲ ਸਾਂਝੇ ਕਰ ਰਹੇ ਹਾਂ!
“ਬੇਟਾ ਚਾਹ ਲਿਆਉ।” ਬਾਹਰ ਵਿਹੜੇ ਵੱਲ ਵੇਖ ਕੇ ਆਵਾਜ਼ ਦਿੰਦਾ, ਗੱਲ ਟਾਲ ਕੇ ਉਹ ਪਿਸ਼ਾਬ ਕਰਨ ਦੇ ਬਹਾਨੇ ਬਾਹਰ ਨੂੰ ਨਿੱਕਲ ਗਿਆ ਤੇ ਉਦੋਂ ਹੀ ਵਾਪਸ ਆਇਆ ਜਦੋਂ ਚਾਹ ਬਣ ਕੇ ਆ ਗਈ।
ਉਸ ਨੇ 25 ਜਨਵਰੀ ਦੀ ਰਾਤ ਨੂੰ ਭਾਜਪਾ ਪੱਖੀ ਸਨੀ ਦਿਉਲ ਦੇ ਚੋਣ ਪ੍ਰਚਾਰਕ ਵਧੀਆਫ਼ਿਲਮੀ ਅਦਾਕਾਰ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਨਾਲ ਚਾਰ ਪੰਜ ਸੌ ਬੰਦੇ ਸਿੰਘ ਬਾਰਡਰ ਦੀ ਕਿਸਾਨਾਂ ਦੀ ਸਟੇਜ ਉੱਪਰ ਕਬਜ਼ਾ ਕਰਨ ਲਈ ਭੇਜ ਕੇ ਖਿਲਾਰਾ ਪਾਉਣ ਦਾ ਪੂਰਾ ਯਤਨ ਕੀਤਾ।
“ਲਾਲ ਕਿਲਾ ਸਰ ਕਰਨੈ। ਖ਼ਾਲਸਾ ਜੀ ਲਾਲ ਕਿਲੇ 'ਤੇ ਕੱਲ੍ਹ ਨੂੰ ਜੇ ਖ਼ਾਲਸਾਈ ਝੰਡਾਂ ਨਾ ਝੁਲਾਇਆ ਤਾਂ ਇਸ ਤੋਂ ਵਧੀਆ ਸੁਨਹਿਰੀ ਮੌਕਾ ਹੋਰ ਕਦੋਂ ਮਿਲਣੈ। ਕਮਰਕੱਸੇ ਕੱਸ ਲਉ। ਅੱਜ ਖ਼ਾਲਸੇ ਨੂੰ ਲਾਲ ਕਿਲਾ ਉਡੀਕ ਰਿਹਾ ਹੈ।” ਲੁਧਿਆਣੇ ਤੋਂ ਇਕ ਅੰਮ੍ਰਿਤਧਾਰੀ ਬੀਬੀ ਨੇ ਬਹੁਤ ਮਿੰਨਤਾਂ ਕੀਤੀਆਂ-
“ਵੀਰ ਜੀਉ, ਇਹ ਨਿਰਨਾ ਨਾ ਲਉ। ਦੇਖੋ ਕਿਸਾਨ ਪ੍ਰਣ ਕਰਕੇ ਤੁਰੇ ਐ ਬਈ ਸ਼ਾਂਤੀ ਦਾ ਪੱਲਾ ਨਹੀਂ ਛੱਡਣਾ। ਸਰਕਾਰ ਤਾਂ ਚਾਹੁੰਦੀ ਹੈ ਕਿ ਅੰਦੋਲਨ ਹਿੰਸਕ ਹੋ ਜਾਏ ਤੇ ਸੁਰੱਖਿਆ ਬਲਾਂ ਨੂੰ ਖੁੱਲ੍ਹ ਦਿੱਤੀ ਜਾਵੇ ਤਸ਼ੱਦਦ ਕਰਨ ਦੀ। ਮੈਂ ਤੁਹਾਡੇ ਪੈਰੀਂ ਹੱਥ ਲਾਉਂਦੀ ਹਾਂ।” ਸੱਚ ਮੁੱਚ ਹੀ ਉਸ ਬੀਬੀ ਨੇ ਲੱਖਾ ਸਿਧਾਣਾ ਤੇ ਦੀਪ ਸਿੱਧੂ ਦੇ ਪੈਰੀਂ ਆਪਣੇ ਸਿਰ ਤੋਂ ਚੁੰਨੀ ਲਾਹ ਕੇ ਰੱਖ ਦਿੱਤੀ।
“ ਬੀਬੀ ਤੈਨੂੰ ਨਹੀਂ ਪਤਾ। ਬਾਬਾ ਬਘੇਲ ਸਿੰਘ ਜੀ ਦੀ ਆਤਮਾ ਪੁਕਾਰ ਰਹੀ ਹੈ ਕਿ ਲਾਲ ਕਿਲੇ ਉੱਪਰ ਦੂਜੀ ਵਾਰ ਖ਼ਾਲਸਈ ਨਿਸ਼ਾਨ ਜ਼ਰੂਰ ਝੂਲੇਗਾ।" ਬੀਬੀ ਦੀ ਕਿਸੇ ਅਰਜੋਈ ਦਾ ‘ਅਸਲ ਸਿੰਘਾਂ` 'ਤੇ ਕੋਈ ਅਸਰ ਨਾ ਹੋਇਆ।
ਕਿਸਾਨ ਆਗੂਆਂ ਦੀ ਇੱਕਸੁਰਤਾ ਨੇ ਰੰਗ ਵਿਖਾਇਆ। ਦ੍ਰਿੜਤਾ ਨਾਲ ਲਏ ਫ਼ੈਸਲੇ ਅੱਗੇ ਸਰਕਾਰ ਝੁਕ ਤਾਂ ਗਈ ਪਰ ਦਿੱਲੀ ਦੀ ਬਾਹਰੀ ਰਿੰਗ ਰੋਡ 'ਤੇ ਟਰੈਕਟਰ ਮਾਰਚ ਕਰਨ ਦੀ ਆਗਿਆ ਦੇ ਦਿੱਤੀ। ਇਕ ਲੱਖ ਦੇ ਕਰੀਬ ਝੰਡਿਆਂ ਨਾਲ ਸ਼ਿੰਗਾਰੇ ਟਰੈਕਟਰ ਗੂੰਜਾ ਪਾਉਂਦੇ ਸੜਕਾਂ 'ਤੇ ਨਿੱਕਲ ਤੁਰੇ ਤਾਂ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਤੇ ਦਿੱਲੀ ਨਿਵਾਸੀ, ਚਾਂਮ੍ਹ ਵਿੱਚ ਵੀ ਤੇ ਸੁਆਗਤ ਲਈ ਵੀ ਸੜਕਾਂ 'ਤੇ ਆ ਜਮ੍ਹਾ ਹੋਏ। ਕਿਸੇ ਕੋਲ ਫੁੱਲਾਂ ਦੇ ਹਾਰ ਕਿਸੇ ਕੋਲ ਟੋਕਰੀ ਵਿੱਚ ਫੁੱਲਪੱਤੀਆਂ। ਫੁੱਲਾਂ ਦੀ ਵਰਖਾ ਨਾਲ ਕਿਸਾਨਾਂ ਦਾ ਸੁਆਗਤ ਕੀਤਾ ਗਿਆ।
ਘੰਟੇ ਕੁ ਬਾਅਦ ਦਿੱਲੀ ਵਿੱਚ ਸ਼ੋਰ ਮੱਚ ਗਿਆ ਕਿ
‘ਸਿੰਘਾਂ'! ਨੇ ਲਾਲ ਕਿਲੇ ਉੱਪਰ ਖ਼ਾਲਸਈ ਨਿਸ਼ਾਨ ਝੁਲਾ ਕੇ ਖ਼ਾਲਿਸਤਾਨ ਦੀ ਨੀਂਹ ਰੱਖ ਦਿੱਤੀ ਹੈ। ਸਿੰਘਾਂ ਨੇ ਮਹਾਨ ਸੂਰਮੇ ਸ੍ਰ ਬਘੇਲ ਸਿੰਘ ਜੀ ਦੀ ਅਧੂਰੀ ਰਹੀ ਖ਼ਾਲਸੇ ਦੀ ਚ ਪੂਰੀ ਕਰ ਦਿੱਤੀ ਹੈ, ਲਾਲ ਕਿਲਾ ਫ਼ਤਿਹ ਕਰ ਕੇ। ਹੁਣ ਦਿੱਲੀ 'ਤੇ ਕਬਜ਼ਾ ਕਰਨਾ ਬਾਕੀ ਹੈ।" ਫਿਰ ਅਜਮੇਰ ਨਵਾਂ ਬਿਰਤਾਂਤ ਲੈ ਕੇ ਆਇਆ।
ਲੱਖਾ ਸਿਧਾਣਾ ਤੇ ਦੀਪ ਸਿੱਧੂ ਨੂੰ ਉਭਾਰਨ ਲਈ ਉਸ ਦਾ ਲੰਮੀ ਆਂਤ ਦੇ ਹੇਠਲੇ ਸਿਰੇ ਤੱਕ ਸਾਰਾ ਟਿੱਲ ਲੱਗਿਆ ਹੋਇਆ ਸੀ। ਵਿਦੇਸ਼ਾਂ ਤੋਂ ਪ੍ਰਚਾਰ ਕਰਨ ਵਾਲੇ ਸੋਸ਼ਲ ਮੀਡੀਆ ਉੱਪਰ ਤਾਬੜ ਤੋੜ ਹਮਲੇ ਕਰ ਰਹੇ ਸਨ ਕਿ ਸਿੰਘਾਂ ਨੂੰ ਸਟੇਜ ਸਾਂਝੀ ਕਿਉਂ ਨਹੀਂ ਕਰਨ ਦਿੱਤੀ ਜਾਂਦੀ।
ਅੰਦੋਲਨਕਾਰੀਆਂ ਨੂੰ ਕਾਮਰੇਡ ਕਹਿ ਕੇ ਗੰਦੀਆਂ ਗਾਲ੍ਹਾਂ ਵਰਤਾਈਆਂ ਜਾ ਰਹੀਆਂ ਸਨ, ਜਿਨ੍ਹਾਂ ਨੂੰ ਧੀਆਂ ਭੈਣਾਂ ਪੜ੍ਹ ਪੜ੍ਹ ਕੇ ਸ਼ਰਮ ਵਿੱਚ ਡੁੱਬ ਡੁੱਬ ਜਾਂਦੀਆਂ ਸਨ, ਪਰ ਸਿੱਖੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਮਾਂਵਾਂ ਭੈਣਾਂ ਧੀਆਂ ਦੇ ਨਾਂ 'ਤੇ ਗੰਦੀਆਂ ਤੋਂ ਗੰਦੀਆਂ ਗਾਲਾਂ ਤੋਂ ਇਲਾਵਾ ਹੋਰ ਕੋਈ ਜਾਪ ਨਹੀਂ ਸੀ ਆਉਂਦਾ-“ਇਹਨਾਂ ਦੀ ਮਾਂ ਦੀ ... ਭੈਣ ਦੀ ਧੀ ਦੀ ਦੇ...ਅਤੇ ਸਿੱਖੀ ਦੇ ਦੁਸ਼ਮਣ ਕਾਮਰੇਡ...। ਗੱਲ ਗੱਲ 'ਤੇ ਸਾਡੀ ਸਿੱਖੀ ਸਾਡੀ ਸਿੱਖੀ।
ਇੱਕ ਨੌਜੁਆਨ ਨੇ ਫੇਸਬੁੱਕ 'ਤੇ ਪੋਸਟ ਪਾ ਦਿੱਤੀ-“ਸਿੱਖੀ ਤੁਸੀਂ ਗੁਰੂ ਸਾਹਿਬ ਤੋਂ ਪਟੇ 'ਤੇ ਲਿਖਵਾਈ ਐ ?-ਜਵਾਬ ਵਿੱਚ ਗੰਦੀਆਂ ਗਾਲਾਂ ਦਾ ਪਾਠ। ਗੁਰਬਾਣੀ ਬਾਰੇ ਪ੍ਰਸ਼ਨ ਕਰਨ 'ਤੇ ਇਕੋ ਜਵਾਬ-“ਰੂਸ ਚੀਨ ਤੋਂ ਅਗਵਾਈ ਲੈਣ ਵਾਲੇ ਕਾਮਰੇਡ ਭੈ ... ... ਮੁਲਕ 'ਚੋਂ ਬਾਹਰ ਕੱਢਣੇ ਨੇ ਜਿਹੜੇ ਰੱਬ ਨੂੰ ਨਹੀਂ ਮੰਨਦੇ।” ਉਨ੍ਹਾਂ ਦਾ ਅਕਾਊਂਟ ਖੋਲ੍ਹ ਕੇ ਦੇਖਿਆਂ ਪਤਾ ਲੱਗਦਾ ਸੀ, ਵੱਡਾ ਬੰਗਲਾ, ਖੁਲ੍ਹਾ ਲਾਨ, ਸ਼ਾਨਦਾਰ ਦਰਖ਼ਤਾਂ ਫੁੱਲਦਾਰ ਪੌਦਿਆਂ ਨਾਲ ਟਹਿਕਿਆ ਹੋਇਆ ਬੰਗਲਾ ਤੇ ਵੱਡੀ ਆਲੀਸ਼ਾਨ ਕਾਰ, ਵਿਦੇਸ਼ੀ ਮੁਲਕ ਦੀਆਂ ਰੰਗ ਰਲੀਆਂ, ਵੱਡੇ ਕਾਰੋਬਾਰੀ-
“ਸਾਡੀ ਸਿੱਖੀ! ਸਾਡੀ ਸਿੱਖੀ!!” ਦੀ ਇਕੋ ਰੱਟ। ਬੱਸ ਜੇ ਕੋਈ ਫ਼ਰਕ ਹੁੰਦਾ ਹੈ ਤਾਂ ਇਹ ਕਿ ਪੂਰਾ ਖੁੱਲ੍ਹਾ ਦਾਹੜਾ, ਵਧੀਆ ਪੈਂਟ ਕੋਟ ਵਿੱਚ ਸਜੇ ਤੇ ਪੂਰੀ ਲੰਮੀ ਕਿਰਪਾਨ ਗਾਤਰੇ ਪਾਈ ਦੇ ਦਰਸ਼ਨ ਹੋਣਗੇ। ਜਦੋਂ ਬੋਲਣਗੇ- “ਚੀਨ ਤੇ ਰੂਸ ਤੋਂ ਅਗਵਾਈ ਲੈਣ ਵਾਲੇ ਭੈ ...ਚੋ ... ਕਾਮਰੇਡ।”
ਕਿਸੇ ਬਲਕਾਰ ਸਿੰਘ ਨਾਂ ਦੇ ਕਿਸੇ ਫੇਸਬੁੱਕੀਏ ਨੇ ਇਕ ਵਾਰ ਫੇਸਬੁੱਕ 'ਤੇ ਇਹ ਪੋਸਟ ਪਾ ਦਿੱਤੀ-“ਖ਼ਾਲਸਿਉ, ਕਦੇ ਇਹ ਵੀ ਦੇਖ ਲਉ ਕਿ ਚੀਨ ਤੇ 'ਰੂਸ ਵਿੱਚ ਹੁਣ ਤਾਂ ਸਮਾਜਵਾਦੀ ਪ੍ਰਬੰਧ ਹੀ ਨਹੀਂ ਰਿਹਾ। ਉਸ ਤੋਂ ਅਗਵਾਈ ਲੈਣ ਦਾ ਮਤਲਬ ਤਾਂ ਮੁੜ ਕੇ ਲੇਟੇਰਾ ਰਾਜ ਸਥਾਪਤ ਕਰਨਾ ਹੀ ਹੋਵੇਗਾ। ਦੋਵੇਂ ਮੁਲਕ ਆਪਣਾ ਸਿਧਾਂਤ ਛੱਡ ਚੁੱਕੇ ਹਨ। ਫਿਰ ਤੁਸੀਂ ਵਾਰ ਵਾਰ ਰੂਸ ਚੀਨ ਦੀ ਰੱਟ ਲਾਈ ਹੋਈ ਹੈ।" ਦੇ ਜਵਾਬ ਵਿੱਚ ਹੋਰ ਵੀ ਗੰਦੀਆਂ ਤੋਂ ਗੰਦੀਆਂ ਗਾਲ੍ਹਾਂ ਦੀ ਵਾਛੜ ਟਿੱਪਣੀਆਂ ਵਿੱਚ-ਮਾਂ.. ਭੈਣ, ਧੀ...। ਫਿਰ ਹੋਰ ਲੋਕਾਂ ਦੀਆਂ ਟਿੱਪਣੀਆਂ ਆਈਆਂ ਸਨ, ਜਿਨ੍ਹਾਂ ਵਿੱਚ ਬਲਕਾਰ ਸਿੰਘ ਨੂੰ ਹੀ ਸਮਝਾਇਆ ਗਿਆ ਸੀ-
“ਦੋਸਤ ਇਨ੍ਹਾਂ ਨਾਲ ਮਗ਼ਜ਼ਪਚੀ ਨਾ ਕਰੋ। ਆਪਣੀ ਸ਼ਕਤੀ ਕਿਸੇ ਹੋਰ ਕਰੀਏਟਿਵ ਕੰਮ ਵਿੱਚ ਲਾਉ। ਸਾਡੀ ਤਾਂ ਇਹੋ ਰਾਇ ਹੈ ਅੱਗੇ ਤੁਹਾਡੀ ਮਰਜ਼ੀ। ਇਨ੍ਹਾਂ ਖ਼ਾਲਸਿਆਂ 'ਚੋਂ ਸਿੱਖੀ ਨਹੀਂ, ਨਫ਼ਰਤ ਹੀ ਨਿੱਕਲਣੀ ਹੈ। ਕਿਸਾਨ ਅੰਦੋਲਨ ਜਿੱਤ ਵੱਲ ਵਧ ਰਿਹਾ ਹੈ, ਇਹ ਲੋਕ ਕਰੈਡਿਟ ਆਪਣੀ ਝੋਲੀ ਪਾਉਣ ਲਈ ਤਰਲੋਮੱਛੀ ਹੋ ਰਹੇ ਹਨ।” ਇਕ ਕਿਸੇ ਅੰਮ੍ਰਿਤਧਾਰੀ ਦੀ ਵੱਡੀ ਪੋਸਟ ਵੀ ਆਈ ਸੀ-
"ਮੈਂ ਗੁਰੂ ਨਾਨਕ ਪਾਤਸ਼ਾਹ ਦੇ ਇਕ ਨਿਮਾਣੇ ਜਿਹੇ ਸੇਵਕ ਨੇ ਅੰਮ੍ਰਿਤ ਵੀ ਪਾਨ ਕੀਤਾ ਹੋਇਆ ਹੈ। ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਰੱਖੇ ਹੋਏ ਨੇ। ਦਾਸ ਨਿੱਤਨੇਮ ਨਾਲ ਗੁਰੂ ' ਸਾਹਿਬ ਦੇ ਦੀਦਾਰੇ ਕਰਕੇ ਅਤੇ ਹੁਕਮਨਾਮਾ ਲੈ ਕੇ ਅਗਲੇ ਕਾਰਜ ਕਰਦਾ ਹੈ। ਸਾਰਾ ਪਰਿਵਾਰ ਪੰਜਾਂ ਬਾਣੀਆਂ ਦਾ ਨਿਤਨੇਮ ਅਨੁਸਾਰ ਜਾਪ ਵੀ ਕਰਦਾ ਹੈ। ਗੁਰਬਾਣੀ ਦਾ ਉਪਦੇਸ਼ ਹੈ-ਸਭੇ ਸਾਂਝੀਵਾਲ ਸਦਾਇਨ ਕੋਇ ਨਾ ਦਿੱਸੇ ਬਾਹਰਾ ਜੀਉ।' ਮੈਂ ਕਾਫ਼ੀ ਸਾਰਾ ਮਾਰਕਸਵਾਦ ਦਾ ਅਧਿਐਨ ਵੀ ਕੀਤਾ ਹੈ। ਸਾਂਝੀਵਾਲਤਾ ਦਾ ਹੀ ਮਾਰਕਸ ਨੇ ਪ੍ਰਚਾਰ ਕੀਤਾ ਹੈ। ਮੇਰੀ ਲੜਕੀ ਨੇ ਇਕ ਰਾਮਦਾਸੀਆ ਪਰਿਵਾਰ ਦੇ ਸੁਣੱਖੇ ਗੱਭਰੂ ਦੀ ਚੋਣ ਕਰ ਲਈ। ਦੋਵੇਂ ਇਕੋ ਵਿਭਾਗ ਵਿੱਚ ਕੰਮ ਕਰਦੇ ਸਨ। ਲੜਕਾ ਵੀ ਅੰਮ੍ਰਿਤਧਾਰੀ ਹੈ। ਅਸੀਂ ਘਰ ਵਿੱਚ ਵਿਚਾਰ ਕੀਤੀ ਕਿ ਜੇ ਅਸੀਂ ਜਾਤਾਂ-ਪਾਤਾਂ ਦੇ ਚੱਕਰਾਂ ਵਿੱਚੋਂ ਨਾ ਨਿੱਕਲੇ' ਤਾਂ ਗੁਰੂ ਸਾਹਿਬ ਨੇ ਸਾਨੂੰ ਕਦੇ ਮੁਆਫ਼ ਨਹੀਂ ਕਰਨਾ। ਅਸੀਂ ਆਪ ਲੜਕੇ ਵਾਲੇ ਦੇ ਘਰ ਗਏ ਤੇ ਸਾਦਾ ਸ਼ਗਨ ਪਾ ਕੇ ਦੁਹਾਂ ਦੇ ਆਨੰਦ ਕਾਰਜ ਕਰਕੇ ਸ਼ਾਦੀ ਕਰ ਦਿੱਤੀ ਹੈ। ਗੁਰੂ ਪਾਤਸ਼ਾਹ ਪਾਸੋਂ ਅਸ਼ੀਰਵਾਦ ਪ੍ਰਾਪਤ ਕਰ ਲਈ ਹੈ। ਮਨ ਬਹੁਤ ਸ਼ਾਂਤ ਹੈ। ਗੁਰੂ ਪਾਤਸ਼ਾਹ ਜੋੜੀ ਨੂੰ ਲੰਮੀ ਆਯੂ ਬਖ਼ਸ਼ਣ। ਇਹ ਲੋਕ ਮੇਰੇ ਵਿਚਾਰ ਮੁਤਾਬਿਕ ਜਿਹੜੇ ਅੰਦੋਲਨ ਦੇ ਖ਼ਿਲਾਫ਼ ਗਾਲ੍ਹਾਂ ਦੀ ਵਰਤੋਂ ਕਰਦੇ ਐ, ਬਾਹਰਲੀਆਂ ਏਜੰਸੀਆਂ ਦੇ ਜ਼ਰ ਖ਼ਰੀਦ ਨੇ। ਵੱਡੇ ਕਾਰੋਬਾਰੀਆਂ ਨੇ ਸਿੱਖੀ ਦਾ ਲਬਾਦਾ ਧਾਰਨ ਕੀਤਾ ਹੈ ਪਰ ਅੰਦਰੋਂ ਇਹ ਸਿੱਖੀ ਵਿਧਾਨ ਦੇ ਰੰਗ ਵਿੱਚ ਨਹੀਂ ਰੰਗੇ ਹੋਏ। ਇਹ ਅਮੀਰ ਵਪਾਰੀ ਹਨ ਤੇ ਪੰਜਾਬ ਦੀਆਂ ਹੋਰ ਬਰਾਦਰੀਆਂ ਨੂੰ ਬਾਹਰ ਕੱਢ ਕੇ ਵੱਡੇ ਕਾਰੋਬਾਰ 'ਤੇ ਜੱਫ਼ਾ ਮਾਰਨਾ ਹੀ ਇਨ੍ਹਾਂ ਦਾ ਸਿੱਖੀ ਵਿਧਾਨ ਹੈ। ਇਹ ਅਜੇ ਵੀ ਰੂ ਤੇ ਚੀਨ ਦੀ ਰੱਟ ਲਾਈ ਜਾਂਦੇ ਐ। ਕਿੰਨਾ ਗਿਆਨ ਹੈ ਇਹਨਾਂ ਨੂੰ ਸੰਸਾਰ ਇਤਿਹਾਸ ਦਾ। ਇਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਇਹ ਮੁਲਕ ਤਾਂ ਹੁਣ ਪੁਰਾਣੇ ਸਰਮਾਏਦਾਰੀ ਰਾਹ 'ਤੇ ਚੱਲੇ ਹੋਏ ਨੇ।"
-ਤੇ ਫਿਰ “ਸੱਚੇ ਖ਼ਾਲਸਿਆਂ ਵੱਲੋਂ ਉਸ ਗੁਰਸਿੱਖ ਨੂੰ ਵੀ ਮਾਂ...ਧੀ...ਭੈਣ... ਗਾਲ੍ਹਾਂ ਦੇ ਖੁੱਲ੍ਹੇ ਗੱਫ਼ੇ ਵਰਤਾਏ ਗਏ।
ਟੀ. ਵੀ. ਚੈਨਲਾਂ 'ਤੇ ਰਿੰਗ ਰਿੰਗ ਕੇ ਪ੍ਰਚਾਰ ਕਰਨਾ ਆਰੰਭ ਹੋ ਗਿਆ- “ਦੇਖੀਏ ਹਮ ਤੋਂ ਪਹਿਲੇ ਸੇ ਹੀ ਕਹਿ ਰਹੇ ਥੇ ਕਿ ਯੇਹ ਕਿਸਾਨ ਅੰਦੋਲਨਕਾਰੀ ਨਹੀਂ ਹੈਂ, ਯੇਹ ਖ਼ਾਲਿਸਤਾਨੀ ਹੈਂ। ਯੇਹ ਦੇਖੇਂ... ਯੇਹ ਦੇਖੇਂ... ਯੇਹ ਦੇਖੇਂ ਖ਼ਾਲਿਸਤਾਨੀਓਂ ਕੇ ਕਾਰਨਾਮੇ " ਬੜੀ ਤੇਜ਼ ਤਰਾਰ ਐਂਕਰ ਲੁਤਰ ਲੁਤਰ ਜ਼ਬਾਨ ਚਲਾ ਰਹੀ ਸੀ। ਕਦੇ ਸੱਜੇ ਘੁੰਮ ਕੇ ਕਦੇ ਖੱਬੇ ਮੁੜ ਕੇ ਬੋਲ ਰਹੀ ਸੀ-“ਦੇਖੀਏ ਵਹ ਹਮਾਰੀ ਰਾਸ਼ਟਰੀ ਧਵੱਜ ਹੈ, ਉਸ ਕੀ ਬੇਹੁਰਮਤੀ ਕੀ ਗਈ ਹੈ। ਇਨ ਖ਼ਾਲਿਸਤਾਨੀਉਂ ਨੇ ਹਮਾਰੇ ਮੁਲਕ ਕੀ ਆਨ ਸ਼ਾਨ ਮਿੱਟੀ ਮੇਂ ਮਿਲਾ ਦੀ ਹੈ। ਵੋਹ ਦੇਖੋ ਕੈਸੇ ਰਾਸ਼ਟਰੀ ਧਵੱਜ ਕੇ ਉੱਪਰ ਖ਼ਾਲਸਤਾਨੀ ਝੰਡਾ ਲਹਿਰਾਇਆ ਗਿਆ ਹੈ। ਯੇਹ ਲੋਕ ਹਮਾਰੀ ਰਾਸ਼ਟਰੀ ਏਕਤਾ ਕੇ ਲੀਏ ਖ਼ਤਰਾ ਬਨ ਕਰ ਸਾਮਨੇ ਆ ਗਏ ਹੈਂ। ਯੇਹ ਦੇਖ ਅਬ ਤੋਂ ਕੋਈ ਸ਼ੱਕ ਨਹੀਂ ਕਿ ਯਹ ਕਿਸਾਨੀ ਕੇ ਬੇਸ ਮੇਂ ਖ਼ਾਲਿਸਤਾਨੀ ਲੋਗ ਹੈਂ। ਯੇਹ ਦੇਖੋ, ਯੇਹ ਦੇਖੋ..ਲੁਤਰ ਲੁਤਰ | ਲੁਤਰ ਲੁਤਰ | ਲੁਤਰ ਲੁਤਰ।।।”
ਸਿੰਘ ਬਾਰਡਰ 'ਤੇ ਖੜਦੁੰਬ ਮਚਾਉਣ ਤੋਂ ਬਾਅਦ ਉਨ੍ਹਾਂ ਨੇ ਟਿੱਕਰੀ ਅਤੇ ਗੱਦਰੀ ਬੀਬੀ ਗੁਲਾਬ ਕੌਰ ਨਗਰ ਵਾਲੀ ਸਟੇਜ 'ਤੇ ਕਬਜ਼ਾ ਕਰਨ ਦਾ ਯਤਨ ਕੀਤਾ। ਕੁਝ ਨਿਹੰਗ ਸਿੰਘ ਉਨ੍ਹਾਂ ਦੇ ਨਾਲ ਸਨ, ਪਰ ਛੇਤੀ ਹੀ ਖਦੇੜ ਦਿੱਤੇ ਗਏ। ਜਿਉਂ ਹੀ ਟਰਾਲੀਆਂ 'ਚੋਂ ਕਿਸਾਨ ਨੌਜੁਆਨ ਮੁੰਡੇ ਤੇ ਲੜਕੀਆਂ ਝੰਡੇ ਲੈ ਕੇ ਬਾਹਰ ਆਏ, ਤਾਂ ‘ਖ਼ਾਲਿਸਤਾਨੀ ਫੌਜਾਂ " ਦੇ ਟੋਟਰੂਆਂ ਨੂੰ ਭੱਜਦਿਆਂ ਨੂੰ ਵਾਹਣ ਨਾ ਲੱਭੇ। ਕਈਆਂ ਦੀਆਂ ਤਾਂ ਜੁੱਤੀਆਂ ਵੀ ਪੰਡਾਲ ਵਿੱਚ ਹੀ ਰਹਿ ਗਈਆਂ। ਦੀਪ ਸਿੱਧੂ ਤਾਂ ਕਾਬੂ ਆਉਂਦਾ ਆਉਂਦਾ ਹੀ ਰਹਿ ਗਿਆ। ਉਹ ਕਿਸਾਨਾਂ ਦੇ ਨਿਸ਼ਾਨੇ 'ਤੇ ਤਾਂ ਪਹਿਲਾਂ ਹੀ ਸੀ, ਪਰ ਆਪਣੇ ਬਚਾ ਲਈ ਨਾਲ ਮੋਟਰ ਸਾਈਕਲ ਤੇ ਕੁੱਝ ਜੀਪਾਂ ਲੈ ਕੇ ਆਇਆ ਸੀ, ਜੋ ਉਸ ਨੂੰ ਭਜਾ ਕੇ ਲਿਜਾਣ ਵਿੱਚ ਸਫ਼ਲ ਹੋ ਗਏ।
ਇਸ ਸਭ ਕਾਸੇ ਦੀ ਮੋਰਚੇ ਨੂੰ ਕੀਮਤ ਚੁਕਾਉਣੀ ਪੈ ਗਈ, ਜਦੋਂ ਭੁਲੇਖਿਆਂ ਦਾ ਸ਼ਿਕਾਰ ਹੋਏ ਹਰਿਆਣਵੀ ਕਿਸਾਨਾਂ ਦੀਆਂ ਕੁੱਝ ਕੁ ਟਰਾਲੀਆਂ ਨੇ ਵਾਪਸੀ ਆਰੰਭ ਦਿੱਤੀ। ਗਾਜ਼ੀਪੁਰ ਬਾਰਡਰ 'ਤੇ ਪੁਲਸ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਆਰ. ਐੱਸ. ਐੱਸ. ਦੇ ਸਮਰਥਕਾਂ ਨੇ ਧਾਵਾ ਬੋਲ ਕੇ ਰਾਕੇਸ਼ ਟਕੈਤ ਨੂੰ ਘੇਰ ਲਿਆ ਤੇ ਉਸ ਦੇ ਤੰਬੂ ਉਖਾੜ ਦਿੱਤੇ।
“ਅਮੇ ਮਰਨਾ ਮਨਜ਼ੂਰ ਹੈ। ਅਮ ਜੇਲ੍ਹ ਚਲੇ ਜਾਏਂਗੇ ਪਰ ਮੋਰਚਾ ਨਹੀਂ ਛੋੜੇਂਗੇ। ਉਖਾੜ ਦੋ ਤੰਬੂ | ਮਾਰ ਡਾਲੋ ਅਮੇ।ਅਮ ਯਹੀਂ ਪਰ ਜਾਨ ਦੇਂਗੇ। ਅਮ ਤਬ ਤੱਕ ਪਾਨੀ ਬੀ ਨਹੀਂ ਪੀਏਂਗੇ ਜਬ ਤੱਕ ਮੇਰੇ ਗਾਂਵ ਸੇ ਪਾਨੀ ਨਹੀਂ ਆਏਗਾ।”
ਅਨੇਕਾਂ ਕਿਸਾਨ ਬਜ਼ੁਰਗ ਤੇ ਨੌਜੁਆਨ ਮੁੰਡੇ ਰਖਵਾਲੀ ਲਈ ਰਾਕੇਸ਼ ਟਕੈਤ ਦੇ ਦੁਆਲੇ ਜਮ੍ਹਾ ਹੋ ਗਏ। ਯੂ. ਪੀ. ਦੇ ਨੌਜੁਆਨ ਛੁਹਰਿਆਂ ਨੇ ਟਕੈਤ ਦੀ ਰੋਂਦੇ ਦੀ ਵੀਡੀਉ ਲਾਈਵ ਕਰ ਦਿੱਤੀ। ਨੇੜੇ ਦੇ ਪਿੰਡਾਂ ਤੋਂ ਕਿਸਾਨ ਵੱਡੀ ਗਿਣਤੀ ਵਿੱਚ ਟਰਾਲੀਆਂ ਲੈ ਕੇ ਆ ਧਮਕੇ। ਘੰਟੇ ਕੁ ਬਾਅਦ ਇਕ ਛੁਹਰੀ ਸਿਰ 'ਤੇ ਪਾਣੀ ਦੀ ਮਟਕੀ ਲੈ ਕੇ ਆ ਪਹੁੰਚੀ। ਡਿੱਗਦੇ ਜਾਂਦੇ ਬਲ ਵਿੱਚ ਮੁੜ ਰੂਹ ਫੂਕੀ ਗਈ। ਰਾਕੇਸ਼ ਟਕੈਤ ਨੇ ਨਾਹਰਾ ਗੁੰਜਾ ਦਿੱਤਾ-“ਮੇਰੇ ਮਜ਼ਦੂਰ ਕਿਸਾਨ ਲੋਗੋਂ ਕਾ ਏਕਾ ਜ਼ਿੰਦਾਬਾਦ।” ਦੋ ਕੁ ਘੰਟਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨ ਔਰਤਾਂ ਤੇ ਮਰਦਾਂ ਨੇ ਇਹ ਕਹਿ ਕੇ ਕਿਸੀ ਕੋ-“ਮਾਰਨਾ ਪੀਟਨਾ ਨਹੀਂ ਬੱਸ ਪਕੜ ਕੇ ਬਿਠਾ ਲੋ।” ਇਸ ਤੋਂ ਪਹਿਲਾਂ ਕਿ ਕੋਈ ਦੰਗਾਕਾਰੀ ਲੋਕਾਂ ਦੇ ਹੱਥ ਆਉਂਦਾ ਕੋਈ ਮੋਰਚੇ ਦੀ ਹਦੂਦ ਵਿੱਚ ਦਿਖਾਈ ਹੀ ਨਾ ਦਿੱਤਾ।
ਕਵੀਆਂ ਨੇ ਕਵਿਤਾਵਾਂ ਤੇ ਗੀਤਾਂ ਦਾ ਹੜ੍ਹ ਲਿਆ ਦਿੱਤਾ-“ਬਾਬੇ ਟਿਕੈਤ ਦੇ ਅੱਥਰੂ ਨੇ ਕੰਮ ਬੰਬ ਦਾ ਕੀਤਾ।”
“ਤੇਰੇ ਅੱਥਰੂ ਨੂੰ, ਅੰਮ੍ਰਿਤ ਕਰਕੇ ਪੀਵਾਂ। ...
"ਅਬ ਜੂਝਨ ਕੋ ਦਾਉ"

"ਭਾਰਤ ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਸ਼ਾਮਿਲ"-ਜਸਟਿਨ ਟਰੂਡੋ - ਡਾ. ਗੁਰਵਿੰਦਰ ਸਿੰਘ

''ਅਸੀਂ ਟਰੂਡੋ ਦੁਆਰਾ ਲਗਾਏ ਦੋਸ਼ਾਂ ਨੂੰ ਲੈ ਕੇ ਡੂੰਘੇ ਚਿੰਤਤ ਹਾਂ”-ਵ੍ਹਾਈਟ ਹਾਊਸ
''ਮੈਂ ਮੰਨ ਸਕਦਾ ਹਾਂ ਕਿ ਭਾਰਤ ਇਉਂ ਕਰ ਸਕਦਾ ਹੈ''- ਸਾਬਕਾ ਪ੍ਰੀਮੀਅਰ ਉੱਜਲ ਦੁਸਾਂਝ
ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਪੰਜਾਬੀ 'ਚ ਦਿੱਤਾ ਬਿਆਨ ਸ਼ਲਾਘਾਯੋਗ

-------------------
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਜੀ 20 ਦੇਸ਼ਾਂ ਦੀ ਮੀਟਿੰਗ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ, ਕੈਨੇਡਾ ਵਿੱਚ ਭਾਰਤ ਦੀ ਦਖਲਅੰਦਾਜ਼ੀ ਦੇ ਵਿਸ਼ੇ 'ਤੇ ਹੋਈ ਗੱਲਬਾਤ ਦੀ ਲਗਾਤਾਰ ਨੁਕਤਾਚੀਨੀ ਨੂੰ ਅੱਜ ਉਸ ਵੇਲੇ ਵਿਰਾਮ ਚਿੰਨ ਲੱਗ ਗਿਆ, ਜਦੋਂ ਪ੍ਰਧਾਨ ਮੰਤਰੀ ਨੇ ਆਪਣੇ ਭਾਰਤ ਵਿੱਚ ਦਿੱਤੇ ਹੋਏ ਬਿਆਨ ਉਪਰ ਮੋਹਰ ਲਾਉਂਦਿਆਂ, ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਧੜੱਲੇ ਨਾਲ ਕਿਹਾ ਕਿ ਭਾਰਤ ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿੱਚ ਸ਼ਾਮਿਲ ਹੈ। ਦੂਜੇ ਪਾਸੇ ਇਸ ਦਾਅਵੇ ਨੂੰ ਭਾਰਤੀ ਪੱਖ ਨੇ “ਬੇਤੁਕਾ ਅਤੇ ਪ੍ਰੇਰਿਤ” ਕਹਿ ਕੇ ਰੱਦ ਕਰ ਦਿੱਤਾ ਹੈ।18 ਜੂਨ 2013 ਨੂੰ ਗੁਰੂ ਨਾਨਕ ਗੁਰੂਦਵਾਰਾ ਸਾਹਿਬ ਸਰੀ ਵਿਖੇ, ਉਥੋਂ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਉਸ ਦਿਨ ਤੋਂ ਲੈ ਕੇ ਹੀ ਲਗਾਤਾਰ ਇਹ ਆਵਾਜ਼ ਉੱਠ ਰਹੀ ਸੀ ਕਿ ਭਾਈ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੈ। ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਕੈਨੇਡਾ ਨੇ ਸਖ਼ਤੀ ਨਾਲ ਕਦਮ ਚੁੱਕਦਿਆਂ ਭਾਰਤ ਦੇ ਕੈਨੇਡਾ ਵਿਚਲੇ ਅਹਿਮ ਇੰਡੀਅਨ ਡਿਪਲੋਮੇਟ, ਪਵਨ ਕੁਮਾਰ ਰਾਏ, ਜੋ ਕਿ 'ਰਾਅ' ਲਈ ਲੰਮਾ ਸਮਾਂ ਕੰਮ ਕਰਦਾ ਰਿਹਾ ਹੈ, ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਦੂਜੇ ਪਾਸੇ ਭਾਰਤ ਨੇ ਵੀ ਇਸ ਦੇ ਬਦਲੇ ਵਿੱਚ ਆਪਣੀ ਧਰਤੀ ਤੋਂ ਕੈਨੇਡੀਅਨ ਡਿਪਲੋਮੇਟ ਨੂੰ ਦੇਸ਼ ਛੱਡਣ ਲਈ ਹੁਕਮ ਦਿੱਤਾ ਕਿਹਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਜਸਟਿਨ ਟਰੂਡੋ ਦੇ ਇਸ ਬਿਆਨ ਦੇ ਆਉਣ ਤੋਂ ਬਾਅਦ ਕੈਨੇਡਾ ਦੀ ਖੁਦਮੁਖਤਿਆਰੀ ਬਾਰੇ ਸਾਰੀਆਂ ਰਾਜਨੀਤਕ ਪਾਰਟੀਆਂ ; ਨਿਊ ਡੈਮੋਕ੍ਰੇਟਿਕ ਪਾਰਟੀ ਕੈਨੇਡਾ ਦੇ ਆਗੂ ਜਗਮੀਤ ਸਿੰਘ ਅਤੇ ਕੰਜ਼ਰਵਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਵਲੋਂ ਇਸ ਘਟਨਾ ਨੂੰ ਕੈਨੇਡਾ ਦੀ ਪ੍ਰਭੂਸੱਤਾ 'ਤੇ ਹਮਲਾ ਕਰਾਰ ਦਿੱਤਾ ਹੈ।
ਨਿਊ ਡੈਮੋਕ੍ਰੇਟਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਵੱਲੋਂ ਪੰਜਾਬੀ ਵਿੱਚ ਦਿੱਤਾ ਬਿਆਨ ਸ਼ਲਾਘਾਯੋਗ
ਕੈਨੇਡਾ ਦੀ ਪਾਰਲੀਮੈਂਟ ਵਿਚ ਨਿਊ ਡੈਮੋਕ੍ਰੇਟਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਵੱਲੋਂ ਪੰਜਾਬੀ ਵਿੱਚ ਦਿੱਤਾ ਬਿਆਨ ਸ਼ਲਾਘਾਯੋਗ ਹੈ।ਬੇਸ਼ੱਕ ਇਹ ਬਿਆਨ ਸਿਆਸੀ ਰੂਪ ਵਿਚ ਭਾਰਤ ਵਲੋਂ ਕੈਨੇਡਾ ਦੀ ਧਰਤੀ 'ਤੇ ਉਸਦੇ ਨਾਗਰਿਕ ਦੇ ਕਤਲ ਮਾਮਲੇ ਵਿੱਚ ਦਿੱਤਾ ਗਿਆ ਹੈ, ਜਿਸ ਲਈ ਜਗਮੀਤ ਸਿੰਘ ਨੇ ਆਖੀਰ ਤੱਕ ਇਨਸਾਫ਼ ਲਈ ਲੜਨ ਦਾ ਪ੍ਰਾਣ ਕੀਤਾ ਹੈ। ਕੈਨੇਡਾ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ, ਜਥੇਬੰਦੀਆਂ, ਐਸੋਸੀਏਸ਼ਨਾਂ, ਫਾਉਂਡੇਸ਼ਨਾਂ, ਪੰਜਾਬੀ ਮੀਡੀਆ, ਭਵਨਾਂ ਤੇ ਪਲੀ ਆਦਿ ਵੱਲੋਂ ਇਸ ਬਿਆਨ ਦਾ ਸਵਾਗਤ ਕੀਤਾ ਜਾਣਾ ਬਣਦਾ ਹੈ। ਪੰਜਾਬੀ ਸਾਹਿਤ ਸਭਾ ਮੁਢਲੀ ਰਜਿਸਟਰਡ ਐਬਟਸਫੋਰਡ ਅਤੇ ਪੰਜ ਦਰਿਆ ਸਭਿਆਚਾਰ ਕਲੱਬ ਮਿਸ਼ਨ ਵੱਲੋਂ ਪੰਜਾਬੀ 'ਚ ਦਿੱਤੇ ਬਿਆਨ ਦੇ ਇਤਿਹਾਸਕ ਕਦਮ ਦੀ ਜ਼ੋਰਦਾਰ ਸ਼ਲਾਘਾ ਕੀਤੀ ਗਈ ਹੈ।
''ਮੈਂ ਮੰਨ ਸਕਦਾ ਹਾਂ ਕਿ ਭਾਰਤ ਇਉਂ ਕਰ ਸਕਦਾ ਹੈ''- ਸਾਬਕਾ ਪ੍ਰੀਮੀਅਰ ਉਜਲ ਦੁਸਾਂਝ
ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਅਤੇ ਸਾਬਕਾ ਸਿਹਤ ਮੰਤਰੀ, ਉੱਜਲ ਦੁਸਾਂਝ ਨੇ ਗਲੋਬਲ ਨਿਊਜ਼ ਨਾਲ ਗੱਲਬਾਤ ਕੀਤੀ ਹੈ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਸ ਚਿੰਤਾ ਨੂੰ ਜਾਇਜ਼ ਦੱਸਿਆ ਹੈ, ਜੋ ਕਿ ਕੈਨੇਡਾ ਅੰਦਰ ਕੈਨੇਡੀਅਨ ਨਾਗਰਿਕ ਦੀ ਹੱਤਿਆ ਲਈ ਕੈਨੇਡਾ ਦੀ ਪ੍ਰਧਾਨ ਮੰਤਰੀ ਨੇ ਭਾਰਤੀ ਏਜੰਸੀਆਂ ਦੇ ਸਿਰ ਦੋਸ਼ ਲਾਇਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਬਿਆਨ ਕਿ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤ ਦਾ ਹੱਥ ਹੈ, ਬਾਰੇ ਗੱਲਬਾਤ ਕਰਦਿਆਂ ਉੱਜਲ ਦੁਸਾਂਝ ਨੇ ਕਿਹਾ ਕਿ ਮੈਂ ਮੰਨ ਸਕਦਾ ਹਾਂ ਕਿ ਭਾਰਤੀ ਇਉਂ ਕਰ ਸਕਦਾ ਹੈ। ਉਜਲ ਦੁਸਾਂਝ ਖਾਲਿਸਤਾਨ ਦੇ ਆਲੋਚਕ ਰਹੇ ਹਨ ਅਤੇ ਹੁਣ ਵੀ ਹਨ, ਪਰ ਉਨ੍ਹਾਂ ਦਾ ਇਹ ਕਹਿਣਾ ਡੂੰਘੇ ਅਰਥ ਰੱਖਦਾ ਹੈ ਕਿ ਮੌਜੂਦਾ ਸਮੇਂ ਭਾਰਤੀ ਪ੍ਰਧਾਨ ਮੰਤਰੀ, ਜਿਸ ਨੂੰ ਸੰਬੋਧਨ ਕਰਦੇ ਉਹ 'ਮਾਚੋ ਮੋਦੀ' ਆਖਦੇ ਹਨ, (ਭਾਵ ਵੱਧ ਤੋਂ ਵੱਧ ਤਕੜੀ ਸਲਤਨਤ ਕਾਇਮ ਕਰਨ ਅਤੇ ਮਜਬੂਤ ਹੋਣ ਦਾ ਇੱਛਕ), ਸਮੇਂ ਇਹ ਆਸ ਕੀਤੀ ਜਾ ਸਕਦੀ ਹੈ ਕਿ ਅਜਿਹੀ ਦੁਖਾਂਤਕ ਘਟਨਾ ਵਾਪਰੇ। ਇਸ ਤੋਂ ਪਹਿਲਾਂ ਵੀ ਦੁਸਾਂਝ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮੌਕੇ ਇਹ ਕਹਿ ਚੁੱਕੇ ਹਨ ਕਿ ਇਹ ਕੈਨੇਡਾ ਦੀ ਪ੍ਰਭੂਸੱਤਾ ਨੂੰ ਚੁਣੌਤੀ ਹੈ ਕਿ ਕੈਨੇਡਾ ਦੀ ਧਰਤੀ 'ਤੇ ਕੈਨੇਡਾ ਦੇ ਨਾਗਰਿਕ ਨੂੰ, ਉਸ ਦੀ ਪੋਲੀਟੀਕਲ ਹੱਦ ਵਿੱਚ ਦਾਖਲ ਹੋ ਕੇ ਕਤਲ ਕਰਨ ਲਈ ਕੋਈ ਕਾਰਵਾਈ ਨੂੰ ਅੰਜਾਮ ਦੇਵੇ।
ਦਿਲਚਸਪ ਗੱਲ ਇਹ ਹੈ ਕਿ ਖਾਲਿਸਤਾਨ ਦੇ ਆਲੋਚਕ ਦੁਸਾਂਝ ਨੇ ਜਿੱਥੇ ਜੁਰਅਤ ਦੇ ਨਾਲ ਇਹ ਬਿਆਨ ਕੈਨੇਡਾ ਦੇ ਨੈਸ਼ਨਲ ਮੀਡੀਆ ਨੂੰ ਦਿੱਤਾ ਹੈ, ਉਥੇ ਕੈਨੇਡਾ ਦੇ ਅੰਦਰ ਬੈਠੇ 'ਭਾਰਤੀ ਅਗਾਂਹ ਵਧੂ ਸੰਸਥਾਵਾਂ' ਜਾਂ ਹੋਰਨਾਂ ਜਥੇਬੰਦੀਆਂ ਦੇ ਆਗੂ, ਜਿਹੜੇ ਅਕਸਰ ਕਹਿੰਦੇ ਹਨ ਕਿ ਭਾਰਤ ਵਿੱਚ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ, ਉੱਥੇ ਮਨੀਪੁਰ ਤੇ ਵੱਖ-ਵੱਖ ਸੂਬਿਆਂ 'ਚ ਅੱਤਿਆਚਾਰ ਹੋ ਰਹੇ ਹਨ, ਖੱਬੇ ਪੱਖੀ ਅਗਾਂਹਵਧੂ ਧਿਰਾਂ, ਪ੍ਰੋਫੈਸਰਾਂ, ਚਿੰਤਕਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ, ਮੌਜੂਦਾ ਫਾਸ਼ੀਵਾਦੀ ਇੰਡੀਅਨ ਸਟੇਟ ਹੱਦੋਂ ਵੱਧ ਜਬਰ ਕਰ ਰਹੀ ਹੈ, ਉਹ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਭਾਰਤ ਦੇ ਰਾਹੀਂ ਕੈਨੇਡਾ ਵਿੱਚ ਕੀਤੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ 'ਤੇ ਮੂਕ ਦਰਸ਼ਕ ਬਣੇ ਹੋਏ ਹਨ।
ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਦਾ ਬਿਆਨ
ਕੈਨੇਡੀਅਨ ਨਾਗਰਿਕ ਭਾਈ ਹਰਦੀਪ ਸਿੰਘ ਨਿੱਝਰ ਦੀ ਕੈਨੇਡਾ ਦੀ ਧਰਤੀ 'ਤੇ ਹੋਈ ਹੱਤਿਆ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਤੋਂ ਬਾਅਦ, ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਬਿਆਨ ਜਾਰੀ ਕੀਤਾ। ਉਹਨਾਂ ਸੋਮਵਾਰ ਨੂੰ ਕਿਹਾ ਕਿ ਉਸਨੂੰ ਕੈਨੇਡਾ ਦੀ ਜਾਸੂਸੀ ਏਜੰਸੀ ਤੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਸੰਖੇਪ ਜਾਣਕਾਰੀ ਮਿਲੀ ਸੀ ਅਤੇ ਜੋ ਉਸਨੂੰ ਦੱਸਿਆ ਗਿਆ ਸੀ ਉਸ ਤੋਂ ਉਹ ਬਹੁਤ ਪਰੇਸ਼ਾਨ ਹੋਏ ਹਨ। ਉਹਨਾਂ ਫੈਡਰਲ ਸਰਕਾਰ ਨੂੰ ਚੱਲ ਰਹੀ ਵਿਦੇਸ਼ੀ ਦਖਲਅੰਦਾਜ਼ੀ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਖਤਰਿਆਂ ਨਾਲ ਸਬੰਧਤ ਸਾਰੀ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਹੈ। ਪ੍ਰੀਮੀਅਰ ਡੇਵਿਡ ਏਬੀ ਨੇ ਕਿਹਾ “ਦੇਸ਼ ਭਰ ਦੇ ਕੈਨੇਡੀਅਨਾਂ ਨੂੰ ਵਿਦੇਸ਼ੀ ਸਰਕਾਰਾਂ ਦੇ ਦਖਲ ਤੋਂ ਸੁਰੱਖਿਅਤ ਹੋਣਾ ਚਾਹੀਦਾ ਹੈ, ਜਿਸ ਵਿੱਚ ਕਤਲ ਸਮੇਤ ਧਮਕੀਆਂ ਜਾਂ ਸਰੀਰਕ ਨੁਕਸਾਨ ਲਈ ਨਿਸ਼ਾਨਾ ਬਣਾਇਆ ਜਾਣਾ ਸ਼ਾਮਲ ਹੈ। ਸਾਡਾ ਲੋਕਤੰਤਰ ਇਸ 'ਤੇ ਨਿਰਭਰ ਕਰਦਾ ਹੈ।" ਉਹਨਾਂ ਕਿਹਾ ਕਿ ਉਸਨੂੰ ਫੈਡਰਲ ਸਰਕਾਰ ਤੋਂ ਹੋਰ ਜਾਣਕਾਰੀ ਦੀ ਲੋੜ ਹੈ, ਤਾਂ ਜੋ ਸੂਬਾ ਖਤਰੇ ਵਿੱਚ ਲੋਕਾਂ ਦੀ ਰੱਖਿਆ ਕਰ ਸਕੇ।
ਬ੍ਰਿਟਿਸ਼ ਕੋਲੰਬੀਆ ਦੇ ਵਿਰੋਧੀ ਧਿਰ ਦੇ ਨੇਤਾ ਕੇਵਿਨ ਫਾਲਕਨ ਦਾ ਬਿਆਨ
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ 'ਤੇ ਵਿਰੋਧੀ ਧਿਰ ਦੇ ਨੇਤਾ ਕੇਵਿਨ ਫਾਲਕਨ ਨੇ ਬਿਆਨ ਜਾਰੀ ਕੀਤਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਵਿਦੇਸ਼ੀ ਸਰਕਾਰ ਦੁਆਰਾ ਇੱਕ ਕੈਨੇਡੀਅਨ ਨਾਗਰਿਕ ਨੂੰ ਕਥਿਤ ਤੌਰ 'ਤੇ ਨਿਸ਼ਾਨਾ ਬਣਾਉਣਾ ਅਤੇ ਕਤਲ ਕਰਨਾ ਇੱਕ ਘਿਨਾਉਣੀ ਕਾਰਵਾਈ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਕੈਨੇਡੀਅਨ ਦੀ ਹੱਤਿਆ, ਭਾਵੇਂ ਉਹ ਕੋਈ ਵੀ ਹੋਵੇ ਜਾਂ ਜ਼ਿੰਮੇਵਾਰ ਹੋਵੇ, ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਕੈਨੇਡੀਅਨ ਦੀ ਕਥਿਤ ਤੌਰ 'ਤੇ ਗੈਰ-ਨਿਆਇਕ ਹੱਤਿਆ ਦੇ ਫੈਡਰਲ ਸਰਕਾਰ ਤੋਂ ਪਰੇਸ਼ਾਨ ਕਰਨ ਵਾਲੇ ਖੁਲਾਸੇ ਮਗਰੋਂ ਜ਼ਾਹਰ ਤੌਰ 'ਤੇ 'ਭਾਰਤ ਸਰਕਾਰ' ਦੇ ਇਸ਼ਾਰੇ 'ਤੇ, ਬਿਨਾਂ ਸ਼ੱਕ ਸੂਬੇ ਦੇ ਬਹੁਤ ਸਾਰੇ ਲੋਕ ਆਪਣੀ ਸੁਰੱਖਿਆ ਲਈ ਚਿੰਤਤ ਹਨ। ਸਰਕਾਰ ਨੂੰ ਇਸ ਕਾਤਲ, ਜਾਂ ਕਾਤਲਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਅਤੇ ਉਨ੍ਹਾਂ ਲੋਕਾਂ ਨੂੰ ਤੁਰੰਤ ਪੁਲਿਸ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਹੈ, ਜੋ ਖੁਫੀਆ ਸਰੋਤਾਂ ਦੇ ਸੰਭਾਵਿਤ ਖ਼ਤਰੇ ਵਿੱਚ ਹਨ।
ਸੁੱਖ ਧਾਲੀਵਾਲ ਵਲੋਂ ਭਾਈ ਨਿੱਝਰ ਦੀ ਹੱਤਿਆ ਦੇ ਮਾਮਲੇ ਵਿੱਚ ਪਟੀਸ਼ਨ ਕੈਨੇਡਾ ਦੀ ਪਾਰਲੀਮੈਂਟ ਵਿੱਚ ਪੇਸ਼
ਕੈਨੇਡਾ ਦੀ ਪਾਰਲੀਮੈਂਟ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿੱਚ ਭਾਰਤੀ ਏਜੰਸੀਆਂ ਅਤੇ ਸਰਕਾਰ ਦੀ ਭੂਮਿਕਾ ਬਾਰੇ ਐਮਪੀ ਸੁਖ ਧਾਲੀਵਾਲ ਵੱਲੋਂ ਪਟੀਸ਼ਨ ਪੇਸ਼ ਕੀਤੀ ਗਈ। ਪਟੀਸ਼ਨ ਪੇਸ਼ ਕਰਨ ਮੌਕੇ ਐਮ ਪੀ ਸੁੱਖ ਧਾਲੀਵਾਲ, ਪੀਟਰ ਜੂਲੀਅਨ, ਹੈਦਰ ਮੈਕਫਰਸਨ ਸਮੇਤ ਅਗਾਂਹ ਵਧੂ ਲਿਬਰਲ ਅਤੇ ਐਨਡੀਪੀ ਬੁਲਾਰੇ, ਮੈਂਬਰ ਪਾਰਲੀਮੈਂਟ ਆਵਾਜ਼ ਬੁਲੰਦ ਕਰ ਰਹੇ ਹਨ, ਜਦ ਕਿ ਕੰਜ਼ਰਵਟਿਵ ਪਾਰਟੀ ਦੇ ਲੀਡਰ ਸਮੇਤ ਹੋਰ ਐਮਪੀਜ਼, ਸਦਨ ਵਿੱਚੋਂ ਗੈਰ ਹਾਜ਼ਿਰ ਸਨ । ਇਥੋਂ ਤੱਕ ਕਿ ਤਾਜ਼ਾ ਘਟਨਾ ਕ੍ਰਮ ਵਿੱਚ ਕਨ੍ਜ਼ਰਵਟਿਵ ਪਾਰਟੀ ਦੇ ਲੀਡਰ ਨੇ ਆਪਣਾ ਬਿਆਨ ਬਦਲਦਿਆ ਹੋਰ ਸਬੂਤਾਂ ਦੀ ਮੰਗ ਕੀਤੀ ਹੈ। ਦੂਜੇ ਪਾਸੇ ਲਿਬਰਲ ਐਮਪੀ ਹੈਦਰ ਮੈਂਕਫਰਸਨ ਨੇ ਇੱਥੋਂ ਤੱਕ ਕਿਹਾ ਕਿ ਮੋਦੀ ਦਾ ਮਿੱਤਰ ਸਟੀਵਨ ਹਾਰਪਰ ਹੈ ਅਤੇ ਹੁਣ ਇਹ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ ਕਿ ਕੈਨੇਡਾ ਦੇ ਨਾਗਰਿਕ ਦੀ ਹੱਤਿਆ ਵਿੱਚ ਭਾਰਤ ਦੀ ਭੂਮਿਕਾ ਬਾਰੇ ਸਪੱਸ਼ਟ ਹੋਵੇ। ਸੁੱਖ ਧਾਲੀਵਾਲ ਨੇ ਬਹੁਤ ਜ਼ੋਰਦਾਰ ਆਵਾਜ਼ ਵਿੱਚ ਸ਼ਹੀਦ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਨੂੰ ਹੀ ਨਹੀਂ, ਬਲਕਿ ਭਾਰਤ ਵਿੱਚ ਮਨੀਪੁਰ ਅੰਦਰ ਵੈਹਸ਼ੀਆਨਾ ਘਟਨਾਵਾਂ ਦਾ ਜ਼ਿਕਰ ਕੀਤਾ ਅਤੇ ਸਚਾਈ ਬਿਆਨ ਕੀਤੀ, ਜਿਸ ਤਰ੍ਹਾਂ ਔਰਤਾਂ 'ਤੇ ਜਬਰ ਹੋਇ ਅਤੇ ਚਰਚ ਅਤੇ ਬਾਈਬਲਾਂ ਸਾੜੀਆਂ ਗਈਆਂ। ਮੈਂਬਰ ਆਫ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਭਾਸ਼ਨ ਦੌਰਾਨ ਅਜਿਹਾ ਖੁਲਾਸਾ ਕੀਤਾ ਕਿ ਜਦੋਂ ਉਨ੍ਹਾਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਸਿੱਖ ਨਸਲਕੁਸ਼ੀ 1984 ਬਾਰੇ ਪਟੀਸ਼ਨ ਪੇਸ਼ ਕੀਤੀ ਸੀ, ਤਾਂ ਉਸਦੇ ਨਤੀਜੇ ਭੁਗਤਣੇ ਪਏ ਸਨ। ਉਹਨਾਂ ਦੱਸਿਆ ਕਿ ਉਨ੍ਹਾਂ ਨੂੰ ਭਾਰਤ ਦਾ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੀ ਐਨਡੀਪੀ ਦੇ ਆਗੂ ਜਗਮੀਤ ਸਿੰਘ ਨੂੰ ਵੀ ਉਹਨਾਂ ਦੇ ਖਾਲਿਸਤਾਨ ਪੱਖੀ ਖਿਆਲ ਹੋਣ ਕਾਰਨ ਭਾਰਤ ਦਾ ਵੀਜ਼ਾ ਦੇਣੋਂ ਨਾਂਹ ਕਰ ਦਿੱਤੀ ਗਈ। ਧਾਲੀਵਾਲ ਨੇ ਕਿਹਾ ਕਿ ਇਹੋ ਜਿਹੇ ਅਖੌਤੀ ਲੋਕ ਰਾਜ ਦੀ ਜੋ ਮੌਜੂਦਾ ਹਾਲਤ ਹੈ, ਉਸ ਬਾਰੇ ਸਾਰੀਆਂ ਰਾਜਸੀ ਪਾਰਟੀਆਂ ਨੂੰ ਮਨੁੱਖੀ ਅਧਿਕਾਰਾਂ ਲਈ ਇਕ ਮੁੱਠ ਹੋਣਾ ਚਾਹੀਦਾ ਹੈ।
ਅਸੀਂ ਪ੍ਰਧਾਨ ਮੰਤਰੀ ਟਰੂਡੋ ਦੁਆਰਾ ਲਗਾਏ ਦੋਸ਼ਾਂ ਨੂੰ ਲੈ ਕੇ ਡੂੰਘੇ ਚਿੰਤਤ ਹਾਂ”-ਵ੍ਹਾਈਟ ਹਾਊਸ
ਵ੍ਹਾਈਟ ਹਾਊਸ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬ੍ਰਿਟਿਸ਼ ਕੋਲੰਬੀਆ ਵਿੱਚ ਖਾਲਿਸਤਾਨੀ ਆਗੂ ਦੀ ਹੱਤਿਆ ਨਾਲ ਭਾਰਤੀ ਸਰਕਾਰ ਦੇ ਏਜੰਟਾਂ ਨੂੰ ਜੋੜਨ ਦੇ ਦੋਸ਼ਾਂ ਨੂੰ ਲੈ ਕੇ ਅਮਰੀਕਾ ਡੂੰਘਾ ਚਿੰਤਤ ਹੈ। ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਐਡਰੀਨ ਵਾਟਸਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਟਰੂਡੋ ਦੁਆਰਾ ਲਗਾਏ ਗਏ ਦੋਸ਼ਾਂ ਨੂੰ ਲੈ ਕੇ ਬਹੁਤ ਫਿਕਰਮੰਦ ਹਾਂ ਤੇ ਅਸੀਂ ਆਪਣੇ ਕੈਨੇਡੀਅਨ ਭਾਈਵਾਲਾਂ ਨਾਲ ਨਿਯਮਤ ਸੰਪਰਕ ਵਿੱਚ ਰਹਿੰਦੇ ਹਾਂ। ਇਹ ਬਹੁਤ ਜ਼ਰੂਰੀ ਹੈ ਕਿ ਕੈਨੇਡਾ ਦੀ ਜਾਂਚ ਅੱਗੇ ਵਧੇ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ।
ਕੈਨੇਡਾ ਦੇ ਦੋਸ਼ ਬਰਤਾਨਵੀ ਸਿੱਖ ਸੰਸਦ ਮੈਂਬਰਾਂ ਵੱਲੋਂ ਚਿੰਤਾਜਨਕ ਕਰਾਰ
ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਭਾਈ ਨਿੱਝਰ ਦੀ ਹੱਤਿਆ ਦੇ ਮਾਮਲੇ ’ਚ ਭਾਰਤ ’ਤੇ ਲਾਏ ਗਏ ਦੋਸ਼ਾਂ ਨੂੰ ਬਰਤਾਨਵੀ ਸਿੱਖ ਸੰਸਦ ਮੈਂਬਰਾਂ ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਨੇ ਚਿੰਤਾਜਨਕ ਕਰਾਰ ਦਿੱਤਾ ਹੈ। ਸਿੱਖ ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਆਪਣੀਆਂ ਚਿੰਤਾਵਾਂ ਨੂੰ ਸਿੱਧੇ ਸਰਕਾਰ ਦੇ ਮੰਤਰੀਆਂ ਕੋਲ ਚੁੱਕ ਰਹੇ ਹਨ। ਦੱਸਿਆ ਕਿ ਇੰਗਲੈਂਡ ਵਾਸੀ ਸਿੱਖਾਂ ਦੇ ਅੰਦਰ ਇਸ ਗੱਲ ਨੂੰ ਲੈ ਕੇ ਤਿੱਖਾ ਰੋਸ ਅਤੇ ਨਾਰਾਜ਼ਗੀ ਹੈ।
ਇੰਡੀਆ ਬੰਬ ਧਮਾਕੇ ਵਿੱਚ ਭਾਰਤੀ ਦਖਲ ਅੰਦਾਜ਼ੀ ਦੀ ਜਾਂਚ ਦੀ ਮੰਗ ਉੱਠੀ
ਕੈਨੇਡਾ ਦੀਆਂ ਸਿੱਖ ਸੰਸਥਾਵਾਂ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਵਿੱਚ 23 ਜੂਨ 1985 ਨੂੰ ਹੋਏ ਏਅਰ ਇੰਡੀਆ ਦੇ ਬੰਬ ਧਮਾਕੇ ਵੇਲੇ ਵੀ ਜਸਟਿਨ ਟਰੂਡੋ ਵਰਗਾ ਪ੍ਰਧਾਨ ਮੰਤਰੀ ਹੁੰਦਾ, ਤਾਂ ਅੱਜ ਤੋਂ 38 ਸਾਲ ਪਹਿਲਾਂ ਸੱਚ ਸਾਹਮਣੇ ਆ ਜਾਂਦਾ ਕਿ ਉਸ ਵਿੱਚ ਵੀ ਭਾਰਤੀ ਏਜੰਸੀਆਂ ਦਾ ਹੱਥ ਸੀ। ਉਨ੍ਹਾਂ ਕਿਹਾ ਕਿ ਇੱਕ ਵਾਰ ਮੁੜ ਤੋਂ ਭਾਰਤ ਦੀ ਦਖ਼ਲਅੰਦਾਜ਼ੀ ਨੂੰ ਦੇਖ ਕੇ ਏਅਰ ਇੰਡੀਆ ਧਮਾਕੇ ਦੀ ਜਾਂਚ ਕਨੇਡਾ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਹਕੀਕਤ ਵਿਚ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੇਂਸੀਆਂ ਦੇ ਹੱਥ ਦਾ ਸੱਚ ਸਾਹਮਣੇ ਲਿਆਉਣ ਦਾ ਸਿਹਰਾ ਸਮੂਹ ਸਿੱਖ ਜਥੇਬੰਦੀਆਂ, ਮਨੁੱਖੀ ਅਧਿਕਾਰ ਸੰਸਥਾਵਾਂ, ਕੈਨੇਡਾ ਵਿੱਚ ਮਨੁੱਖੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਦੀ ਅਜ਼ਾਦੀ ਅਤੇ ਇੱਥੋਂ ਦੀ ਨਿਆਇਕ ਪ੍ਰਬੰਧ ਦੇ ਸਹਿਯੋਗ ਅਤੇ ਸ਼ਕਤੀ ਨੂੰ ਜਾਂਦਾ ਹੈ। ਕੈਨੇਡਾ ਸਰਕਾਰ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਕਾਤਲਾਂ ਦੀ ਨਿਸ਼ਾਨਦੇਹੀ ਕੀਤੀ ਜਾਣ ਮਗਰੋਂ ਉਹਨਾਂ ਦੇ ਸਤਿਕਾਰਯੋਗ ਮਾਂ-ਬਾਪ, ਸੁਪਤਨੀ ਅਤੇ ਸਪੁੱਤਰਾਂ ਨਾਲ ਸਿੱਖਾਂ ਤੋਂ ਇਲਾਵਾ ਯਹੂਦੀ ਭਾਈਚਾਰੇ, ਈਸਾਈ ਭਾਈਚਾਰੇ, ਹਿੰਦੂ ਭਾਈਚਾਰੇ, ਮੁਸਲਿਮ ਭਾਈਚਾਰੇ ਅਤੇ ਹੋਰ ਸਭਨਾਂ ਦਾ ਦਰਦ ਵੰਡਾਉਣ ਲਈ ਅੱਗੇ ਆਉਣਾ ਇਨਸਾਫ ਲਈ 'ਹਾਅ ਦਾ ਨਾਅਰਾ' ਮਾਰਨਾ ਹੈ।

ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ, ਕੰਜ਼ਰਟਿਵ ਪਾਰਟੀ ਦੇ ਆਗੂ ਵਲੋਂ ਸਿੱਖ ਨਸਲਕੁਸ਼ੀ 1984 ਦੇ ਮੁੱਦੇ ਬਾਰੇ ਜਾਣਕਾਰੀ ਤੋਂ ਕੋਰਾ ਇਨਕਾਰ - ਡਾ. ਗੁਰਵਿੰਦਰ ਸਿੰਘ

'ਮੈਂ ਅਜਿਹਾ ਕੋਈ ਮਤਾ ਨਹੀਂ ਲਿਆਵਾਂਗਾ'' -ਪੀਅਰ ਪੋਲੀਵਰ

ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਕੰਜ਼ਰਟਿਵ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਪੀਅਰ ਪੋਲੀਵਰ ਨੂੰ ਪੰਜਾਬੀ ਪ੍ਰੈੱਸ ਕਲੱਬ ਬੀਸੀ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਵਿੱਚ ਸਵਾਲ ਪੁੱਛਿਆ ਗਿਆ ਕਿ ਜਿਵੇਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਚੀਨ ਅੰਦਰ ਮੁਸਲਿਮ ਘੱਟ ਗਿਣਤੀ ਦੀ ਨਸਲਕੁਸ਼ੀ ਬਾਰੇ ਮਤਾ ਪਾਸ ਕੀਤਾ ਜਾ ਚੁੱਕਾ ਹੈ ਅਤੇ ਅਜਿਹੀਆਂ ਕਈ ਹੋਰ ਨਸਲਕੁਸ਼ੀਆਂ ਦੀ ਗੱਲ ਚੱਲੀ ਹੈ ਕੀ ਤੁਸੀਂ ਭਾਰਤ ਵਿੱਚ ਹੋਈ ਸਿੱਖਾਂ ਦੀ ਨਸਲਕੁਸ਼ੀ 1984 ਬਾਰੇ ਕਦੇ ਮਤਾ ਲਿਆਉਗੇ?'' ਇਸ ਤੇ ਪੀਅਰ ਪੋਲੀਵਰ ਨੇ ਪੂਰੀ ਤਰ੍ਹਾਂ ਅਣਜਾਣਤਾ ਪ੍ਰਗਟਾਈ ਅਤੇ ਸਿੱਖ ਨਸਲਕੁਸ਼ੀ ਬਾਰੇ ਕੈਨੇਡਾ ਦੀ ਵਿਰੋਧੀ ਪਾਰਟੀ ਦੇ ਆਗੂ ਦੇ ਵਿਚਾਰ ਇਹ ਸਨ :'ਮੈਂ ਅਜਿਹਾ ਕੋਈ ਮਤਾ ਨਹੀਂ ਲਿਆਵਾਂਗਾ'' ''ਮੈਨੂੰ ਪਤਾ ਨਹੀਂ ਇਸ ਬਾਰੇ, ਜਾਣਕਾਰੀ ਲਵਾਂਗੇ''''ਅੱਜ ਤੱਕ ਕਿਸੇ ਪਾਰਟੀ ਵਲੋਂ ਅਜਿਹਾ ਪਾਰਲੀਮੈਂਟ ਵਿੱਚ ਪੇਸ਼ ਨਹੀਂ ਹੋਇਆ''ਜੇ ਪਾਰਟੀ ਲੀਡਰ ਨੂੰ ਸੱਚਮੁੱਚ ਸਿੱਖ ਨਸਲਕੁਸ਼ੀ ਬਾਰੇ ਗਿਆਨ ਨਹੀਂ, ਤਾਂ ਇਹ ਬੌਧਿਕ ਦੀਵਾਲੀਏਪਨ ਦੀ ਤਸਵੀਰ ਹੈ। ਪਰ ਜੇਕਰ ਉਹ ਇਸ ਬਾਰੇ ਕੁਝ ਕਹਿਣਾ ਨਹੀਂ ਚਾਹੁੰਦੇ, ਤਾਂ ਇਹ ਬੌਧਿਕ ਬੇਈਮਾਨੀ ਦਾ ਪ੍ਰਤੀਕ ਹੈ।
         ਪਾਰਟੀ ਲੀਡਰ ਹੋਣ ਦੇ ਨਾਤੇ ਪੀਅਰ ਪੋਲੀਵਰ ਨੂੰ ਇਹ ਜਾਣਕਾਰੀ ਉਸਦੇ ਪਾਰਟੀ ਦੇ ਸਿੱਖ ਐਮਪੀਜ਼ ਵੱਲੋਂ ਦਿੱਤੀ ਜਾਣੀ ਚਾਹੀਦੀ ਸੀ ਕਿ ਅਜਿਹਾ ਸਿੱਖ ਨਸਲਕੁਸ਼ੀ ਦਾ ਮਤਾ ਪਾਰਲੀਮੈਂਟ ਵਿੱਚ ਲਿਆਂਦਾ ਜਾ ਚੁੱਕਾ ਹੈ, ਪਰ ਉਸ ਨੂੰ ਪ੍ਰਵਾਨ ਨਹੀਂ ਸੀ ਕੀਤਾ ਗਿਆ। ਇਹ ਕਹਿਣਾ ਗਲਤ ਹੈ ਕਿ ਅਜਿਹਾ ਪਾਰਲੀਮੈਂਟ ਕਦੇ ਨਹੀਂ ਆਇਆ। ਇਥੋਂ ਤੱਕ ਕਿ ਕੈਨੇਡਾ ਦੀ ਕੰਜ਼ਰਵਟਿਵ ਪਾਰਟੀ ਨਾਲ ਡੂੰਘੇ ਸਬੰਧ ਰੱਖਣ ਵਾਲੀ ਭਾਰਤ ਦੀ ਬੀਜੇਪੀ ਸਰਕਾਰ ਦੇ ਗ੍ਰਹਿ ਮੰਤਰੀ, ਰਾਜਨਾਥ ਸਿੰਘ ਵੀ ਇਹ ਮੰਨ ਚੁੱਕੇ ਹਨ ਕਿ 1984 'ਚ ਵਾਪਰਿਆ ਦੁੱਖਾਂਤ ਸਿੱਖ ਨਸਲਕੁਸ਼ੀ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਲੀਮੈਂਟ ਵਿੱਚ ਕਹਿ ਚੁੱਕੇ ਹਨ ਕਿ ਦਰਬਾਰ ਸਾਹਿਬ ਤੇ ਕੀਤਾ ਗਿਆ ਹਮਲਾ ਗਲਤ ਸੀ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇਹ ਸਿੱਖ ਐਮਪੀਜ਼ ਆਪਣੇ ਲੀਡਰ ਨੂੰ ਲੈ ਕੇ ਟੋਰਾਂਟੋ ਦੇ ਇੱਕ ਅਜਿਹੇ ਸਮਾਗਮ ਵਿੱਚ ਤਾਂ ਜਾਂਦੇ ਹਨ, ਜਿੱਥੇ ਭਾਰਤ ਵਿੱਚ ਬੇਦੋਸ਼ਿਆਂ ਤੇ ਮੁਸਲਿਮ ਨਸਲਕੁਸ਼ੀ ਦੀਆਂ ਗੱਲਾਂ ਕਰਨ ਵਾਲੇ ਅਤੇ ਪੱਤਰਕਾਰਾ ਦੇ ਉੱਪਰ ਤਸ਼ੱਦਦ ਕਰਵਾਉਣ ਵਾਲੇ ਦੇਵਕੀਨੰਦਨ ਵਰਗੇ ਬਦਨਾਮ ਵਿਅਕਤੀ ਨੂੰ ਸਨਮਾਨ ਕੀਤਾ ਜਾਂਦਾ ਹੈ, ਪਰ ਇਹ ਨਹੀਂ ਦੱਸਦੇ ਕਿ ਸਿੱਖ ਨਸਲਕੁਸ਼ੀ ਵੀ ਕੋਈ ਹੈ। ਇਸ ਤੋਂ ਇਲਾਵਾ ਕੈਲਗਰੀ ਤੋਂ ਕੰਜ਼ਰਟਿਵ ਐਮਪੀ ਅਤੇ ਸਿੱਖ ਵਿਰੋਧੀ ਕੱਟੜਪੰਥੀ ਮਜੂਮਦਾਰ ਸਿੱਖਾਂ ਖ਼ਿਲਾਫ਼ ਜ਼ਹਿਰ ਉਗਲਦਾ ਹੈ, ਕੀ ਪਾਰਟੀ ਲੀਡਰ ਨੂੰ ਇਸ ਬਾਰੇ ਨਹੀਂ ਪਤਾ? ਇਹ ਰਾਜਨੀਤਕ ਮੌਕਾਪ੍ਰਸਤਾਂ ਦਾ ਕਿਰਦਾਰ ਹੈ ਕਿ ਉਹ ਗਿਰਗਟ ਵਾਂਗੂ ਰੰਗ ਬਦਲਦੇ ਹਨ। ਪਾਰਲੀਮੈਂਟ ਦੇ ਅੰਦਰ ਤਾਂ ਇਹ ਭਾਰਤੀ ਦਖਲ ਅੰਦਾਜ਼ੀ ਦੀ ਜਾਂਚ ਦੀ ਮੰਗ ਕਰਦੇ ਹਨ ਪਰ ਜਦੋਂ ਕੈਨੇਡਾ ਦਾ ਪ੍ਰਧਾਨ ਮੰਤਰੀ ਭਾਰਤ ਜਾ ਕੇ ਵਿਦੇਸ਼ੀ ਦਖਲ ਅੰਦਾਜ਼ੀ ਬਾਰੇ ਗੱਲ ਕਰਦਾ ਹੈ, ਤਾਂ ਉਸ ਦੀ ਤਿੱਖੀ ਨੁਕਤਾਚੀਨੀ ਕਰਦੇ ਹਨ। ਵੋਟਾਂ ਦੀ ਰਾਜਨੀਤੀ ਲਈ ਇਹ ''ਪੰਜਾਬੀ ਸੂਟ'' ਵੀ ਪਾ ਲੈਂਦੇ ਹਨ, ਸਿਰਾਂ 'ਤੇ ''ਪੱਗਾਂ'' ਵੀ ਬੰਨ੍ਹ ਲੈਂਦੇ ਹਨ, ''ਫਤਿਹ'' ਵੀ ਬੁਲਾ ਲੈਂਦੇ ਹਨ, ਪਰ ਜਦੋਂ ਗੱਲ ਮੁੱਦਿਆਂ ਦੀ ਆਉਂਦੀ ਹੈ, ਤਾਂ ਪੱਲਾ ਝਾੜ ਦਿੰਦੇ ਹਨ ਕਿ ਸਾਨੂੰ ਤਾਂ ਕੁਝ ਵੀ ਪਤਾ ਨਹੀਂ। ਇਹ ਮੌਕਾਪ੍ਰਸਤ ਰਾਜਨੀਤੀ ਹੈ।

ਕਲੋਨਾ ਵਿੱਚ ਸਿੱਖ ਵਿਦਿਆਰਥੀ 'ਤੇ ਬੱਸ ਵਿਚ ਹਿੰਸਕ ਹਮਲਾ - ਡਾ. ਗੁਰਵਿੰਦਰ ਸਿੰਘ

ਬੱਸ ਡਰਾਈਵਰ ਨੇ ਪੀੜਤ ਨੂੰ ਬੱਸ ਤੋਂ ਕੱਢ ਕੇ, ਹਮਲੇ ਨੂੰ ਜਾਰੀ ਰੱਖਣ ਦਿੱਤਾ
ਵਿਸ਼ਵ ਸਿੱਖ ਸੰਸਥਾ ਵੱਲੋਂ ਡੂੰਘੀ ਚਿੰਤਾ ਦਾ ਪ੍ਰਗਟਾਵਾ


ਲੰਘੇ ਸੋਮਵਾਰ ਨੂੰ ਕਲੋਨਾ ਵਿੱਚ ਗਿਆਰ੍ਹਵੀਂ ਜਮਾਤ ਦੇ ਸਿੱਖ ਵਿਦਿਆਰਥੀ 'ਤੇ ਬੀਸੀ ਟਰਾਂਜ਼ਿਟ ਬੱਸ 'ਚ ਸਵਾਰ ਹੋ ਕੇ ਹਮਲਾ ਕੀਤਾ ਗਿਆ। ਇਸ ਸਾਲ ਕਲੋਨਾ ਵਿੱਚ ਕਿਸੇ ਸਿੱਖ ਵਿਦਿਆਰਥੀ ਉੱਤੇ ਇਹ ਦੂਜਾ ਹਮਲਾ ਹੈ। ਮਾਰਚ ਵਿਚ ਗਗਨਦੀਪ ਸਿੰਘ 'ਤੇ ਵੀ ਬੱਸ ਵਿਚ ਸਵਾਰ ਹੋ ਕੇ ਹਿੰਸਕ ਹਮਲਾ ਕੀਤਾ ਗਿਆ ਸੀ। ਸੋਮਵਾਰ ਦੀ ਘਟਨਾ ਵਿੱਚ, ਸਿੱਖ ਵਿਦਿਆਰਥੀ, ਜਿਸ ਨੇ ਆਪਣਾ ਨਾਮ ਗੁਪਤ ਰੱਖਣ ਲਈ ਕਿਹਾ ਹੈ, ਦੁਪਹਿਰ 3:45 ਵਜੇ ਦੇ ਕਰੀਬ ਰਟਲੈਂਡ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਬੀਸੀ ਟਰਾਂਜ਼ਿਟ ਬੱਸ ਦੀ ਉਡੀਕ ਕਰ ਰਿਹਾ ਸੀ। ਦੋ ਵਿਅਕਤੀਆਂ ਨੇ ਵਿਦਿਆਰਥੀ ਦੇ ਕੋਲ ਪਹੁੰਚ ਕੇ ਪਹਿਲਾਂ ਉਸ ਨੂੰ ਬੱਸ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਅਤੇ ਫਿਰ ਉਸ ਨੂੰ ਬੱਸ ਵਿਚ ਚੜ੍ਹਨ ਦੀ ਇਜਾਜ਼ਤ ਦੇ ਕੇ, ਉਸ ਨੂੰ ਲਾਈਟਰ ਨਾਲ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਫੋਨ ਨਾਲ ਨੇੜਿਓਂ ਹੀ ਉਸ ਦੀ ਫੋਟੋ ਰਿਕਾਰਡ ਕਰ ਲਈ। ਜਦੋਂ ਸਿੱਖ ਵਿਦਿਆਰਥੀ ਪਿੱਛੇ ਹਟਿਆ ਤਾਂ ਹਮਲਾਵਰਾਂ ਦੇ ਹੱਥਾਂ ਤੋਂ ਫ਼ੋਨ ਡਿੱਗ ਗਿਆ ਅਤੇ ਉਨ੍ਹਾਂ ਨੇ ਬੱਸ ਡਰਾਈਵਰ ਦੇ ਸਾਹਮਣੇ ਸਿੱਖ ਵਿਦਿਆਰਥੀ ਨੂੰ ਲੱਤਾਂ ਅਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਬੱਸ ਡਰਾਈਵਰ ਨੇ ਕੋਈ ਦਖਲ ਨਹੀਂ ਦਿੱਤਾ ਅਤੇ ਅਸਲ ਵਿੱਚ, ਸਿੱਖ ਵਿਦਿਆਰਥੀ ਅਤੇ ਉਸਦੇ ਹਮਲਾਵਰਾਂ ਨੂੰ ਰਟਲੈਂਡ ਅਤੇ ਰੌਬਸਨ ਸਟਾਪ 'ਤੇ ਬੱਸ ਤੋਂ ਉਤਰਨ ਦਾ ਆਦੇਸ਼ ਦਿੱਤਾ।ਬੱਸ 'ਚੋਂ ਉਤਰਨ ਤੋਂ ਬਾਅਦ, ਸਿੱਖ ਵਿਦਿਆਰਥੀ 'ਤੇ ਉਸ ਦੇ ਹਮਲਾਵਰਾਂ ਨੇ ਮਿਰਚ ਦਾ ਛਿੜਕਾਅ ਕੀਤਾ ਅਤੇ ਉਹ ਉਸ 'ਤੇ ਹਮਲਾ ਕਰਦੇ ਰਹੇ, ਜਦੋਂ ਤੱਕ ਰਾਹਗੀਰਾਂ ਨੇ ਦਖਲ ਨਹੀਂ ਦਿੱਤਾ।
ਆਰਸੀਐਮਪੀ ਨੂੰ ਹਮਲੇ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਉਹ ਜਾਂਚ ਕਰ ਰਹੀ ਹੈ।ਸਿੱਖ ਵਿਦਿਆਰਥੀ ਕੈਨੇਡਾ ਵਿੱਚ ਹਾਲ ਹੀ ਵਿੱਚ ਨਵਾਂ ਆਇਆ ਸੀ ਅਤੇ ਉਸ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਉਸ ਉੱਤੇ ਹਮਲਾ ਕਿਉਂ ਕੀਤਾ ਗਿਆ ਜਾਂ ਘਟਨਾ ਦੌਰਾਨ ਉਸ ਨੂੰ ਗਾਲਾਂ ਕੱਢੀਆਂ ਗਈਆਂ। ਬ੍ਰਿਟਿਸ਼ ਕੋਲੰਬੀਆ ਤੋਂ ਡਬਲਯੂਐਸਓ (ਵਿਸ਼ਵ ਸਿੱਖ ਸੰਸਥਾ) ਦੀ ਉਪ ਪ੍ਰਧਾਨ ਗੁਣਤਾਸ ਕੌਰ ਨੇ ਕਿਹਾ,“ਕਲੋਨਾ ਵਿੱਚ ਇੱਕ ਸਿੱਖ ਹਾਈ ਸਕੂਲ ਦੇ ਵਿਦਿਆਰਥੀ ਉੱਤੇ ਸੋਮਵਾਰ ਦਾ ਹਮਲਾ ਹੈਰਾਨ ਕਰਨ ਵਾਲਾ ਅਤੇ ਅਸਵੀਕਾਰਨਯੋਗ ਹੈ। ਬਹੁਤ ਹੀ ਨਿਰਾਸ਼ਾਜਨਕ ਗੱਲ ਇਹ ਹੈ ਕਿ ਬੀਸੀ ਟਰਾਂਜ਼ਿਟ ਬੱਸ ਡਰਾਈਵਰ ਨੇ ਕੋਈ ਦਖਲ ਨਹੀਂ ਦਿੱਤਾ ਅਤੇ ਅਸਲ ਵਿੱਚ ਹਮਲਾਵਰਾਂ ਅਤੇ ਪੀੜਤ ਦੋਵਾਂ ਨੂੰ ਬੱਸ ਵਿੱਚੋਂ ਹਟਾ ਦਿੱਤਾ, ਜਿਸ ਨਾਲ ਸਿੱਖ ਵਿਦਿਆਰਥੀ ਨੂੰ ਆਪਣੇ ਆਪ ਨੂੰ ਬਚਾਉਣ ਲਈ ਛੱਡ ਦਿੱਤਾ ਗਿਆ। ਸਿੱਖ ਹਾਈ ਸਕੂਲ ਦਾ ਵਿਦਿਆਰਥੀ ਆਪਣੀਆਂ ਸੱਟਾਂ ਅਤੇ ਮਿਰਚਾਂ ਦੇ ਸਪਰੇਅ ਤੋਂ ਠੀਕ ਹੋ ਰਿਹਾ ਹੈ ਪਰ ਸਮਝ ਨਹੀਂ ਸਕਦਾ ਕਿ ਉਸ 'ਤੇ ਹਮਲਾ ਕਿਉਂ ਕੀਤਾ ਗਿਆ ਸੀ। ਦੁਬਾਰਾ ਹਮਲਾ ਹੋਣ ਦੇ ਡਰੋਂ ਉਹ ਸਕੂਲ ਪਰਤਣ ਤੋਂ ਡਰਦਾ ਹੈ। ਬਦਕਿਸਮਤੀ ਨਾਲ ਇਸ ਸਾਲ ਕੇਲੋਨਾ 'ਚ ਕਿਸੇ ਸਿੱਖ ਵਿਦਿਆਰਥੀ 'ਤੇ ਇਹ ਦੂਜਾ ਹਮਲਾ ਹੈ। ਅਸੀਂ ਆਰਸੀਐਮਪੀ ਨੂੰ ਇਸ ਘਟਨਾ ਦੀ ਪੂਰੀ ਜਾਂਚ ਕਰਨ ਅਤੇ ਹਮਲਾਵਰਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਮੰਗ ਕਰਦੇ ਹਾਂ। ਅਸੀਂ ਬੀਸੀ ਟਰਾਂਜ਼ਿਟ ਨੂੰ ਇਹ ਜਾਂਚ ਕਰਨ ਲਈ ਵੀ ਬੁਲਾਉਂਦੇ ਹਾਂ ਕਿ ਇਸ ਘਟਨਾ ਵਿੱਚ ਡਰਾਈਵਰ ਨੇ ਹਮਲੇ ਨੂੰ ਰੋਕਣ ਲਈ ਕੁਝ ਕਿਉਂ ਨਹੀਂ ਕੀਤਾ ਅਤੇ ਪੀੜਤ ਨੂੰ ਬੱਸ ਤੋਂ ਹਟਾ ਕੇ, ਹਮਲੇ ਨੂੰ ਜਾਰੀ ਰੱਖਣ ਦਿੱਤਾ।" ਘੱਟ ਗਿਣਤੀ ਸਿੱਖ ਭਾਈਚਾਰੇ 'ਤੇ ਅਜਿਹਾ ਹਮਲਾ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਦੀ ਸ਼ਹੀਦੀ ਸ਼ਤਾਬਦੀ ਕਾਨਫਰੰਸ 'ਤੇ ਵਿਸ਼ੇਸ਼ - ਡਾ. ਗੁਰਵਿੰਦਰ ਸਿੰਘ

'ਪੰਥ ਵਸੇ ਮੈਂ ਉਜੜਾਂ' ਦੇ ਸਿਧਾਂਤ 'ਤੇ ਪਹਿਰਾ ਦੇਣ ਵਾਲੇ ਮਹਾਨ ਯੋਧੇ ਸ਼ਹੀਦ ਬਬਰ ਅਕਾਲੀ

     'ਬਬਰ ਅਕਾਲੀ ਯੋਧੇ ਭਾਈ ਕਰਮ ਸਿੰਘ ਦੌਲਤਪੁਰ ਦੇ ਸੌਵੇਂ ਸ਼ਹੀਦੀ ਵਰ੍ਹੇ ਦੇ ਇਤਿਹਾਸਿਕ ਦਿਨ 'ਤੇ, ਸ਼ਹੀਦੀ ਸ਼ਤਾਬਦੀ ਸਮਾਗਮ ਵਿਰਾਸਤੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਿਖੇ, 31 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਮਨਾਏ ਜਾ ਰਹੇ ਹਨ। ਦੋ ਸਤੰਬਰ ਨੂੰ ਵਿਰਾਸਤੀ ਗੁਰਦੁਆਰਾ ਸਾਹਿਬ ਵਿਖੇ, ਬਬਰ ਅਕਾਲੀ ਸ਼ਹੀਦਾਂ ਨੂੰ ਸਮਰਪਿਤ ਸ਼ਤਾਬਦੀ ਕਾਨਫਰੰਸ ਇਸ ਲੜੀ ਵਿੱਚ, ਇਤਿਹਾਸਕ ਕਦਮ ਕਿਹਾ ਜਾ ਸਕਦਾ ਹੈ। ਬਬਰ ਅਕਾਲੀ ਲਹਿਰ ਦੇ ਮਹਾਨ ਯੋਧੇ ਸ਼ਹੀਦ ਭਾਈ ਕਰਮ ਸਿੰਘ 'ਬਬਰ ਅਕਾਲੀ' ਦਾ ਨਾਂ ਇਤਿਹਾਸ ਦੇ ਪੰਨਿਆਂ' ਤੇ ਸੁਨਹਿਰੀ ਅੱਖ਼ਰਾਂ 'ਚ ਅੰਕਤ ਹੈ, ਜਿਨ੍ਹਾਂ ਕੈਨੇਡਾ ਤੋਂ ਪੰਜਾਬ ਜਾ ਕੇ ਬਬਰ ਅਕਾਲੀ ਦੋਆਬਾ ਅਖ਼ਬਾਰ ਕੱਢਿਆ ਅਤੇ ਲੋਕਾਂ ਵਿੱਚ ਇਨਕਲਾਬੀ ਚੇਤਨਾ ਦਾ ਛੱਟਾ ਦਿੱਤਾ। ਪੰਜਾਬ ਦੀ ਧਰਤੀ 'ਤੇ ਨਵਾਂਸ਼ਹਿਰ ਨੇੜੇ ਅਤੇ ਅੱਜਕੱਲ੍ਹ ਸ਼ਹੀਦ ਭਗਤ ਸਿੰਘ ਨਗਰ 'ਚ ਪੈਂਦੇ ਪਿੰਡ ਦੌਲਤਪੁਰ ਵਿੱਚ, 20 ਮਾਰਚ 1880 ਨੂੰ ਭਾਈ ਨੱਥਾ ਸਿੰਘ ਥਾਂਦੀ ਦੇ ਘਰ ਬੀਬੀ ਦੁੱਲੀ ਦੀ ਕੁੱਖੋਂ ਜਨਮੇ ਭਾਈ ਕਰਮ ਸਿੰਘ ਦਾ ਪਹਿਲਾ ਨਾਂ ਨਰੈਣ ਸਿੰਘ ਸੀ। 6 ਸਾਲ ਦੀ ਉਮਰ ਵਿੱਚ ਆਪ ਮੁਢਲੀ ਸਿੱਖਿਆ ਲਈ ਬਲਾਚੌਰ ਦੇ ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋਏ ਅਤੇ ਮਗਰੋਂ ਸਰਕਾਰੀ ਹਾਈ ਸਕੂਲ ਰਾਹੋਂ, ਨਵਾਂ ਸ਼ਹਿਰ ਵਿਖੇ ਸਿੱਖਿਆ ਹਾਸਲ ਕੀਤੀ। ਸਾਂਝੇ ਪੰਜਾਬ ਵਿੱਚ ਉਸ ਵੇਲੇ ਰਾਹੋਂ, ਨਵਾਂ ਸ਼ਹਿਰ ਵਿਖੇ ਅੰਗਰੇਜ਼ੀ ਬ੍ਰਿਟਿਸ਼ ਹਾਈ ਸਕੂਲ ਬਣਿਆ ਸੀ, ਜੋ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਅਧੀਨ ਸੀ। ਇਥੋਂ ਸੰਨ 1896 ਵਿੱਚ ਭਾਈ ਨਰੈਣ ਸਿੰਘ ਨੇ 16 ਸਾਲ ਦੀ ਉਮਰ ਵਿਚ ਦਸਵੀਂ ਦਾ ਇਮਤਿਹਾਨ ਪਾਸ ਕੀਤਾ।
ਭਾਈ ਨਰੈਣ ਸਿੰਘ 1898 'ਚ ਬ੍ਰਿਟਿਸ਼ ਫੌਜ 'ਚ ਭਰਤੀ ਹੋ ਗਏ, ਪਰ ਫੌਜ 'ਚ ਗ਼ੁਲਾਮੀ ਅਤੇ ਜ਼ਲਾਲਤ ਭਰੇ ਵਤੀਰੇ ਤੋਂ ਦੁਖੀ ਹੋ ਕੇ ਆਪ ਨੇ ਸੰਨ 1905 ਵਿੱਚ, 25 ਕੁ ਸਾਲ ਦੀ ਉਮਰ ਵਿੱਚ ਫੌਜੀ ਨੌਕਰੀ ਛੱਡ ਦਿੱਤੀ। ਮਹਾਨ ਸਿੱਖ ਸ਼ਖ਼ਸੀਅਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਤੋਂ ਪ੍ਰਭਾਵਿਤ ਹੋ ਕੇ ਆਪ ਧਾਰਮਿਕ ਰੁਚੀਆਂ ਵੱਲ ਪ੍ਰੇਰਿਤ ਹੋ ਗਏ। ਇਸ ਦੌਰਾਨ ਕੈਨੇਡਾ ਦੇ ਮੋਢੀ ਸਿੱਖਾਂ 'ਚ ਗਿਣੇ ਜਾਂਦੇ ਭਾਈ ਵਰਿਆਮ ਸਿੰਘ ਨੇ, ਭਾਈ ਨਰੈਣ ਸਿੰਘ ਥਾਂਦੀ (ਮਗਰੋਂ ਭਾਈ ਕਰਮ ਸਿੰਘ) ਤੇ ਉਨ੍ਹਾਂ ਦੇ ਭਰਾ ਭਾਈ ਹਰੀ ਸਿੰਘ ਥਾਂਦੀ ਨੂੰ, ਸੰਨ 1907 ਵਿਚ ਕੈਨੇਡਾ ਸੱਦ ਲਿਆ। ਇੱਥੇ ਆ ਕੇ ਫਰੇਜ਼ਰ ਵੈਲੀ ਦੀ ਖੂਬਸੂਰਤ ਵਾਦੀ ਵਿੱਚ ਸਥਿਤ ਸ਼ਹਿਰ ਐਬਟਸਫੋਰਡ'ਚ ਆਪ ਨੇ ਸੰਘਰਸ਼ਮਈ ਜੀਵਨ ਸ਼ੁਰੂ ਕੀਤਾ।
ਇਹ ਉਹ ਸਮਾਂ ਸੀ, ਜਦੋਂ ਕੈਨੇਡਾ ਬ੍ਰਿਟਿਸ਼ ਸਾਮਰਾਜ ਦੀ ਬਸਤੀ ਸੀ ਅਤੇ ਇਥੇ ਨਸਲਵਾਦ ਦਾ ਬੋਲਬਾਲਾ ਸੀ। ਜਿਸ ਵੇਲੇ ਕੈਨੇਡਾ ਵਸਦੇ ਭਾਰਤੀਆਂ ਨੂੰ ਇਥੋਂ ਕੱਢ ਕੇ ਹੰਡੂਰਸ ਭੇਜਿਆ ਜਾ ਰਿਹਾ ਸੀ, ਉਸ ਵੇਲੇ ਪ੍ਰੋਫੈਸਰ ਸੰਤ ਤੇਜਾ ਜੀ ਦੀ ਅਗਵਾਈ ਵਿਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਆਗੂਆਂ ਨੇ, ਕੈਨੇਡਾ ਸਰਕਾਰ ਦੇ ਅਜਿਹੇ ਨਸਲਵਾਦੀ ਫੈਸਲਾ ਦਾ ਜ਼ੋਰਦਾਰ ਵਿਰੋਧ ਕੀਤਾ। ਅਜਿਹਾ ਸਮੇਂ ਭਾਈ ਨਰੈਣ ਸਿੰਘ ਨੇ ਸਰਗਰਮ ਭੂਮਿਕਾ ਨਿਭਾਈ ਅਤੇ ਨਸਲਵਾਦੀ ਸਰਕਾਰੀ ਨੀਤੀਆਂ ਖਿਲਾਫ਼ ਆਵਾਜ਼ ਉਠਾਈ। ਆਪ ਨੇ ਸੰਤ ਤੇਜਾ ਸਿੰਘ ਦੁਆਰਾ ਸਥਾਪਿਤ 'ਗੁਰੂ ਨਾਨਕ ਮਾਈਨਿੰਗ ਐਡ ਟਰੱਸਟ ਕੰਪਨੀ' ਵਿਚ ਹਿੱਸਾ ਪਾਇਆ ਅਤੇ ਵੱਧ-ਚੜ੍ਹ ਕੇ ਭਾਈਚਾਰੇ ਦੀ ਸੇਵਾ ਕੀਤੀ। ਪ੍ਰੋਫੈਸਰ ਤੇਜਾ ਸਿੰਘ ਜੀ ਵੱਲੋਂ 1908 ਵਿੱਚ ਕੈਨੇਡਾ ਵਿੱਚ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ ਗਈ, ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਸਾਡੇ ਬਜ਼ੁਰਗਾਂ ਨੇ ਅੰਮ੍ਰਿਤ ਛਕਿਆ, ਇਹਨਾਂ ਵਿੱਚ ਭਾਈ ਨਰੈਣ ਸਿੰਘ ਸ਼ਾਮਿਲ ਸਨ।
ਕੈਨੇਡਾ 'ਚ ਆ ਵਸੇ ਸਾਬਕਾ ਫੌਜੀਆਂ ਨੇ 3 ਅਕਤੂਬਰ 1909 ਨੂੰ, ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ 'ਚ, ਅੰਗਰੇਜ਼ਾਂ ਵਲੋਂ ਮਿਲੇ ਤਮਗੇ, ਵਰਦੀਆਂ, ਇਨਸਿਗਨੀਏ ਅਤੇ ਸਰਟੀਫਿਕੇਟ ਅੱਗ 'ਚ ਸਾੜੇ। ਇਸ ਮੌਕੇ ਤੇ ਸਾਬਕਾ ਫੌਜੀ ਭਾਈ ਨਰੈਣ ਸਿੰਘ ਵਲੋਂ ਅੰਗਰੇਜ਼ ਫੌਜ ਦੇ ਸਾਬਕਾ ਸਿਪਾਹੀ ਹੋਣ ਦੇ ਨਾਤੇ, ਬਸਤੀਵਾਦ ਅਤੇ ਨਸਲਵਾਦ ਖਿਲਾਫ ਅਪਣਾ ਰੋਸ ਪ੍ਰਗਟਾਇਆ ਗਿਆ ਅਤੇ ਅੰਗਰੇਜ਼ਾਂ ਵੱਲੋਂ ਦਿੱਤੇ ਗਏ ਵੱਖ-ਵੱਖ ਮੈਡਲ ਅਤੇ ਵਰਦੀਆਂ ਸਾੜ-ਸੁੱਟੀਆਂ ਗਈਆਂ। ਅੰਗਰੇਜ਼ ਸਾਮਰਾਜ ਦੀ ਗੁਲਾਮੀ ਖਿਲਾਫ ਬਾਗ਼ੀ ਸੁਰਾਂ ਵਾਲੇ ਖਾਲਸਿਆਂ ਵੱਲੋ ਚੁੱਕਿਆ ਗਿਆ ਇਹ ਕਦਮ, ਇਤਿਹਾਸ ਦਾ ਮਹੱਤਵਪੂਰਨ ਪੰਨਾ ਹੈ, ਜਿਸ ਨੂੰ ਸਾਰਿਆਂ ਨੂੰ ਮਿਲ ਕੇ ਵੱਡੇ ਪੱਧਰ 'ਤੇ ਮਨਾਉਣਾ ਚਾਹੀਦਾ ਹੈ। ਕੈਨੇਡਾ ਦੇ ਮੋਢੀ ਸਿੱਖਾਂ ਨੇ ਬਰਤਾਨੀਆਂ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਦੇ ਜਸ਼ਨਾਂ ਸਬੰਧੀ, ਸਤੰਬਰ 1912 ਨੂੰ ਵਿਰੋਧ ਪ੍ਰਗਟਾਇਆ ਅਤੇ ਅੰਗਰੇਜ਼ਾਂ ਦੀ ਗ਼ੁਲਾਮੀ ਖਿਲਾਫ਼ ਝੰਡਾ ਚੁਕਿਆ।
ਭਾਈ ਨਰੈਣ ਸਿੰਘ ਨੇ ਸੰਨ 1911 ਵਿੱਚ ਹੋਰਨਾਂ ਸਿੱਖਾਂ ਨਾਲ ਮਿਲ ਕੇ, ਐਬਟਸਫੋਰਡ ਵਿਖੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ, ਜੋ ਕਿ ਅੱਜ ਕੱਲ ਵਿਰਾਸਤੀ ਹੈ, ਦੀ ਸਥਾਪਨਾਂ ਵਿੱਚ ਇਤਿਹਾਸਕ ਭੂਮਿਕਾ ਨਿਭਾਈ। ਆਪ ਨਾਮ ਸਿਮਰਨ ਵਿਚ ਰੰਗੀ ਰੂਹ ਸਨ ਅਤੇ ਸਦਾ ਹੀ ਬਾਣੀ ਨਾਲ ਜੁੜੇ ਰਹਿੰਦੇ। ਦੂਜੇ ਪਾਸੇ ਗੁਲਾਮੀ ਖਿਲਾਫ਼ ਖਾਲਸਾ ਸੋਚ ਅਨੁਸਾਰ ਸੰਘਰਸ਼ ਕਰਨ ਵਿੱਚ ਵੀ, ਭਾਈ ਨਰਾਇਣ ਸਿੰਘ ਪਿੱਛੇ ਨਾ ਰਹਿੰਦੇ। ਕੈਨੇਡਾ ਦੇ ਸਿੱਖ ਇਤਿਹਾਸ ਦੀ ਇਹ ਨਿਵੇਕਲੀ ਮਿਸਾਲ ਹੈ ਕਿ ਖਾਲਸਾ ਦੀਵਾਨ ਸੁਸਾਇਟੀ ਦੇ ਨਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਵਾਲੀ ਜਗ੍ਹਾ ਵੀ ਭਾਈ ਕਰਮ ਸਿੰਘ ਦੌਲਤਪੁਰ ਵੱਲੋਂ ਭੇਟਾ ਕੀਤੀ ਗਈ ਸੀ। ਸ਼ਹਿਰ ਦੇ ਸਭ ਤੋਂ ਮਹਿੰਗੇ ਇਲਾਕਿਆਂ ਵਿਚੋਂ ਇੱਕ, ਸਾਊਥ ਫਰੇਜ਼ਰ ਵੇਅ ਉੱਪਰ ਸਥਿੱਤ, ਇਹ ਕਰੀਬ ਤਿੰਨ ਏਕੜ ਦੀ ਜ਼ਮੀਨ ਭਾਈ ਕਰਮ ਸਿੰਘ, ਭਾਈ ਸੁੰਦਰ ਸਿੰਘ ਅਤੇ ਭਾਈ ਹਰੀ ਸਿੰਘ ਦੀ ਸਾਂਝੀ ਸੀ। ਜਿਸ ਵਿੱਚ ਭਾਈ ਕਰਮ ਸਿੰਘ ਅਤੇ ਉਨ੍ਹਾਂ ਦੇ ਭਰਾ ਭਾਈ ਹਰੀ ਸਿੰਘ ਭਾਈਵਾਲ ਸਨ।
ਉੱਤਰੀ ਅਮਰੀਕਾ ਦੀ ਧਰਤੀ 'ਤੇ ਸੰਨ 1913 'ਚ ਉੱਠੀ ਗ਼ਦਰ ਲਹਿਰ ਵਿਚ ਭਾਈ ਨਰੈਣ ਸਿੰਘ ਲਗਾਤਾਰ ਸਰਗਰਮ ਰਹੇ। ਆਪ ਜਿਥੇ ਗ਼ਦਰ ਪਾਰਟੀ ਦੇ ਸਿਰਕੱਢ ਮੈਂਬਰ ਸਨ, ਉੱਥੇ 'ਗ਼ਦਰ' ਅਖ਼ਬਾਰ ਲਈ ਹਰ ਤਰ੍ਹਾਂ ਸਹਿਯੋਗ ਜੁਟਾਉਣ 'ਚ ਵੀ ਮੋਹਰੀ ਰਹਿੰਦੇ। 'ਗਦਰ' ਅਖ਼ਬਾਰ ਦੀ ਇਸ ਚਿਣਗ ਦਾ ਹੀ ਨਤੀਜਾ ਸੀ ਕਿ ਆਪ ਨੇ ਪੰਜਾਬ ਜਾ ਕੇ 'ਬਬਰ ਆਕਾਲੀ ਦੁਆਬਾ' ਅਖ਼ਬਾਰ ਕੱਢਿਆ। ਕੈਨੇਡਾ ਦੀ ਧਰਤੀ ਤੋਂ 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ) ਨੂੰ ਮੁਸਾਫਿਰਾਂ ਸਮੇਤ ਵਾਪਿਸ ਭਾਰਤ ਮੋੜੇ ਜਾਣ ਦੀ ਨਸਲੀ ਘਟਨਾ ਮਗਰੋਂ, ਗ਼ਦਰੀ ਬਾਬਿਆ ਅੰਦਰ ਫਿਰੰਗੀਆਂ ਖਿਲਾਫ਼ ਰੋਹ ਹੋਰ ਸਿਖਰਾਂ ਨੂੰ ਛੂਹ ਗਿਆ ਸੀ। ਅਜਿਹੇ ਸਮੇਂ ਕੈਨੇਡਾ ਅਤੇ ਅਮਰੀਕਾ ਤੋਂ ਵੱਡੀ ਗਿਣਤੀ 'ਚ ਗ਼ਦਰੀ ਯੋਧੇ ਵਤਨ ਪਰਤ ਕੇ, ਅੰਗਰੇਜ਼ਾਂ ਨੂੰ ਦੇਸ਼ 'ਚੋਂ ਕੱਢਣ ਲਈ ਤਿਆਰ ਹੋਏ। ਐਬਟਸਫੋਰਡ ਤੋਂ ਭਾਈ ਨਰੈਣ ਸਿੰਘ ਨੇ ਵੀ ਫੈਸਲਾ ਕੀਤਾ ਕਿ ਉਨ੍ਹਾਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਦੇਸ਼ ਪਰਤਣਾ ਹੈ। ਸ਼ਹਿਰ 'ਚ ਸਾਊਥ ਫਰੇਜ਼ਰ ਵੇਅ 'ਤੇ ਆਪ ਨੇ ਬੇਹੱਦ ਕੀਮਤੀ ਜ਼ਮੀਨ ਕੌਮ ਨੂੰ ਸਮਰਪਿਤ ਕਰਦਿਆਂ ਭਾਈ ਨਰੈਣ ਸਿੰਘ ਨੇ ਭਾਈਆਂ ਨੂੰ ਕਿਹਾ ਕਿ ਜੇਕਰ ਉਹ ਵਤਨ ਜਾ ਕੇ ਸ਼ਹੀਦੀ ਪਾ ਗਏ, ਤਾਂ ਉਨ੍ਹਾਂ ਦੀ ਜ਼ਮੀਨ 'ਤੇ ਗੁਰਦੁਆਰਾ ਸਾਹਿਬ ਉਸਾਰ ਦਿੱਤਾ ਜਾਵੇ। ਇਸ ਉਪਰੰਤ ਭਾਈ ਨਰਾਇਣ ਸਿੰਘ ਬਾਕੀ ਭਾਈਆਂ ਸਮੇਤ ਭਾਰਤ ਪਰਤ ਗਏ।
ਕੈਨੇਡਾ ਤੋਂ ਪੰਜਾਬ ਪਰਤਦਿਆਂ ਹੀ ਆਪ ਨੂੰ ਵੀ ਹੋਰਨਾਂ ਗ਼ਦਰੀਆਂ ਵਾਂਗ ਜੂਹਬੰਦ ਕਰ ਦਿੱਤਾ ਗਿਆ। ਸੰਨ 1918 'ਚ ਇਹ ਪਾਬੰਦੀ ਹਟਦਿਆਂ ਸਾਰ ਹੀ ਆਪ ਸਰਗਰਮ ਹੋ ਗਏ ਅਤੇ ਥਾਂ-ਥਾਂ ਸਿਆਸੀ ਕਾਨਫਰੰਸਾਂ ਕਰਨ ਲੱਗੇ। ਅੰਗਰੇਜ਼ਾਂ ਦੇ ਪਿੱਠੂ ਮਹੰਤ ਨਰੈਣ ਦਾਸ ਨੇ ਜਦੋਂ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਵਿਖੇ ਸੌ ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕਰਵਾਇਆ, ਤਾਂ ਆਪ ਦਾ ਖੂਨ ਖੌਲ ਉੱਠਿਆ। ਇਤਿਹਾਸਕਾਰਾਂ ਅਨੁਸਾਰ ਆਪ ਨੇ ਨਨਕਾਣਾ ਸਾਹਿਬ ਪਹੁੰਚ ਕੇ ਭਾਈ ਆਸਾ ਸਿੰਘ ਭੁਕੜੁਦੀ ਤੇ ਹੋਰਨਾਂ ਸਾਥੀਆਂ ਸਮੇਤ ਅੰਮ੍ਰਿਤ ਛਕਿਆ ਅਤੇ 'ਨਰੈਣ' ਸਿੰਘ ਨਾਂ ਬਦਲ ਕੇ 'ਕਰਮ ਸਿੰਘ' ਗ੍ਰਹਿਣ ਕਰ ਲਿਆ। ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਈ ਸਾਹਿਬ ਨੇ ਇਸ ਤੋਂ ਪਹਿਲਾਂ ਕੈਨੇਡਾ ਵਿੱਚ ਅੰਮ੍ਰਿਤ ਛਕਿਆ ਸੀ ਤੇ ਦੇਸ ਆ ਕੇ, ਨਨਕਾਣਾ ਸਾਹਿਬ ਪਹੁੰਚ ਕੇ ਅੰਮ੍ਰਿਤ ਪਾਨ ਕੀਤਾ ਹੋਵੇ।
ਇਹ ਇਤਿਹਾਸ ਦੀ ਵਿਡੰਬਨਾ ਕਹੀ ਜਾ ਸਕਦੀ ਹੈ ਕਿ ਇੱਕ ਪਾਸੇ ਲਾਲਾ ਲਾਜਪਤ ਰਾਏ ਸਿੱਖਾਂ ਦੇ ਕਾਤਲ ਮਹੰਤ ਨਰੈਣੂ ਦੇ ਹੱਕ 'ਚ ਵਕੀਲ ਵਜੋਂ ਕੇਸ ਲੜ ਰਿਹਾ ਸੀ, ਦੂਜੇ ਪਾਸੇ ਭਾਈ ਕਰਮ ਸਿੰਘ ਸਾਥੀਆਂ ਸਮੇਤ ਨਰੈਣੂ ਵਰਗੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਦੀ ਲੜਾਈ ਲੜ ਰਹੇ ਸੀ। ਆਪ ਚਾਬੀਆਂ ਦੇ ਮੋਰਚੇ ਤੋਂ ਲੈ ਕੇ ਵੱਖ- ਵੱਖ ਅਕਾਲੀ ਮੋਰਚਿਆਂ ਵਿੱਚ ਸ਼ਾਮਿਲ ਹੋਏ। ਜਦੋਂ ਭਾਈ ਕਰਮ ਸਿੰਘ ਦੌਲਤਪੁਰ, ਭਾਈ ਕਰਮ ਸਿੰਘ ਝਿੰਗੜ ਅਤੇ ਹੋਰਨਾਂ ਯੋਧਿਆਂ ਨੇ ਮਹਿਸੂਸ ਕੀਤਾ ਕਿ ਨਿਰੇ ਸ਼ਾਂਤਮਈ 'ਗਾਂਧੀਵਾਦੀ' ਤਰੀਕਿਆਂ ਦੀ ਥਾਂ ਹਥਿਆਰਬੰਦ ਇਨਕਲਾਬੀ ਸ਼ੰਘਰਸ਼ ਹੀ ਜ਼ਾਲਮ ਫਿਰੰਗੀਆਂ ਨੂੰ ਭਾਂਜ ਦੇ ਸਕਦਾ ਹੈ, ਤਾਂ ਆਪ ਨੇ 'ਖੰਡਾ ਖੜਕਾਉਣ' ਦਾ ਫੈਸਲਾ ਕੀਤਾ। ਇਸ ਦੇ ਪ੍ਰਤੀਕਰਮ ਵਜੋਂ ਭਾਈ ਕਰਮ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਅੰਗਰੇਜ਼ ਸਰਕਾਰ ਨੇ ਵਰੰਟ ਜਾਰੀ ਕਰਦਿਆਂ, ਇਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਕਈ ਇਨਾਮ ਰੱਖੇ।
ਭਾਈ ਕਰਮ ਸਿੰਘ ਜਿਥੇ ਮਹਾਨ ਸੂਰਬੀਰ ਸਨ, ਉਥੇ ਸੱਚ 'ਤੇ ਡੱਟਣ ਵਾਲੇ ਪੱਤਰਕਾਰ ਅਤੇ ਜੁਝਾਰੂ ਕਵੀ ਵੀ ਸਨ। ਇਸ ਦਾ ਹਵਾਲਾ ਦਿਲਚਸਪ ਘਟਨਾਕ੍ਰਮ ਤੋਂ ਮਿਲਦਾ ਹੈ। ਇਤਿਹਾਸਕ ਵੇਰਵਿਆਂ ਅਨੁਸਾਰ ਮਈ,1922 ਨੂੰ ਬਲਾਚੌਰ ਦੇ ਨਜ਼ਦੀਕ ਪਿੰਡ ਕੌਲਗੜ੍ਹ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਕਰਮ ਸਿੰਘ ਦੌਲਤਪੁਰ, ਆਸਾ ਸਿੰਘ ਭੁਕੜੁਦੀ, ਉਦੇ ਸਿੰਘ ਰਾਮਗੜ੍ਹ, ਜਥੇਦਾਰ ਦਲੀਪ ਸਿੰਘ ਸਾਦੜਾਂ, ਹਰਨਾਮ ਸਿੰਘ ਗੜ੍ਹੀ ਕਾਨੂੰਗੋਆਂ, ਉਦੈ ਸਿੰਘ ਦੌਲਤਪੁਰ ਜੁਝਾਰੂ ਇਕੱਠੇ ਹੋਏ। ਉਨ੍ਹਾਂ ਫ਼ੈਸਲਾ ਕੀਤਾ ਕਿ ਹੁਣ ਸਮਾਂ ਆ ਗਿਆ ਹੈ ਕਿ 'ਅਖਬਾਰ' ਦੀ ਵਰਤੋਂ ਕਰਕੇ ਆਜ਼ਾਦੀ ਦਾ ਵਿਰੋਧ ਕਰਨ ਵਾਲਿਆਂ ਨੂੰ ਨੱਥ ਪਾਈ ਜਾਵੇ। ਇਸ ਮੌਕੇ 'ਤੇ ਭਾਈ ਸਾਹਿਬ ਨੇ ਪ੍ਰੇਰਿਆ ਕਿ 'ਗਦਰ ਦੀ ਗੂੰਜ' ਅੱਜ ਤੱਕ ਲੋਕਾਂ ਦੇ ਦਿਲਾਂ ਵਿਚ ਵਸੀ ਹੋਈ ਹੈ, ਜਿਸ ਤੋਂ ਸੇਧ ਲੈ ਕੇ ਅਖਬਾਰ ਕੱਢਣਾ ਚਾਹੀਦਾ ਹੈ। ਭਾਈ ਕਰਮ ਸਿੰਘ ਦੌਲਤਪੁਰ ਨੇ ਕਿਹਾ ਉਨ੍ਹਾਂ ਦਾ ਕੈਨੇਡਾ ਵਾਲਾ ਤਜਰਬਾ ਇਸ ਗੱਲ ਦਾ ਗਵਾਹ ਹੈ ਕਿ 'ਗਦਰ' ਅਖਬਾਰ ਨੇ ਉਹ ਕੰਮ ਕੀਤਾ, ਜਿਹੜਾ ਭਾਸ਼ਣਾਂ ਤੋਂ ਕਿਤੇ ਵੱਧ ਅਸਰਦਾਰ ਹੋਇਆ ਸੀ। ਅਖਬਾਰ ਲਈ ਲੋੜੀਂਦਾ ਧਨ ਜਗੀਰਦਾਰਾਂ, ਨੰਬਰਦਾਰਾਂ ਤੇ ਸ਼ਾਹੂਕਾਰਾਂ ਕੋਲੋਂ ਹੀ ਕਿਉਂ ਨਾ ਖੋਹਣਾ ਪਵੇ, ਪਰ ਅਖਬਾਰ ਜ਼ਰੂਰ ਕੱਢਣਾ ਚਾਹੀਦਾ ਹੈ। ਆਖ਼ਰ ਇਸ ਫ਼ੈਸਲੇ ਨੂੰ ਅੰਜਾਮ ਦਿੰਦਿਆਂ 3 ਜੁਲਾਈ,1922 ਬੱਬਰ ਅਕਾਲੀਆਂ ਨੇ ਸਰਕਾਰੀ ਖ਼ਜਾਨੇ ਵਿੱਚੋ 575 ਰੁਪਏ ਦੀ ਰਕਮ ਖੋਹੀ, ਜਿਸ ਨਾਲ ਇੱਕ ਸਾਈਕਲੋ-ਸਟਾਈਲ ਮਸ਼ੀਨ ਅਤੇ ਹਥਿਆਰ ਖ਼ਰੀਦੇ। ਇਸ 'ਚੋਂ ਸੌ ਰੁਪਏ ਨਾਲ ਲਾਹੌਰ ਤੋਂ ਪ੍ਰੈਸ ਮਸ਼ੀਨ ਖਰੀਦੀ ਗਈ ਤੇ ਬਾਕੀ ਰਾਸ਼ੀ ਨਾਲ ਜਥੇਬੰਦੀ ਦੀ ਸਰਗਰਮੀ ਆਦਿ ਦੇ ਹੋਰਨਾਂ ਕੰਮਾਂ ਤੋਂ ਇਲਾਵਾ ਪਰਚੇ ਛਾਪਣ ਅਤੇ ਹਥਿਆਰ ਖਰੀਦਣ ਦੋ ਪ੍ਰਬੰਧ ਕੀਤਾ ਗਿਆ।
ਐਡੀਟਰ ਕਰਮ ਸਿੰਘ ਬਬਰ ਅਕਾਲੀ ਦੇ ਨਾਂ ਥੱਲੇ 'ਸਫ਼ਰੀ ਪ੍ਰੈਸ' (ਮਗਰੋਂ ਦਾ ਨਾਂ ਉਡਾਰੂ ਪ੍ਰੈੱਸ) ਨਾਂ ਰੱਖ ਕੇ ਪਹਿਲਾ ਪਰਚਾ ਛਾਪਿਆ ਗਿਆ। ਇਸ ਦੌਰਾਨ ਭਾਈ ਕਰਮ ਸਿੰਘ ਦੌਲਤਪੁਰ ਵੱਲੋਂ ਹੋਰਨਾਂ ਜੁਝਾਰੂਆਂ ਨਾਲ ਮਿਲ ਕੇ 22 ਅਗਸਤ,1922 ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਇਕੱਤਰਤਾ ਕੀਤੀ ਗਈ। ਇਸ ਦੌਰਾਨ ਪਰਚੇ ਦਾ ਨਾਂ 'ਬਬਰ ਅਕਾਲੀ ਦੁਆਬਾ' ਰੱਖਿਆ ਗਿਆ। 'ਬੱਬਰ ਅਕਾਲੀ' ਅਖਬਾਰ ਦੇ ਮੁੱਢ ਵਿੱਚ 'ਸ੍ਰੀ ਅਕਾਲ ਜੀ ਸਹਾਇ॥' ਅਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਭਗਤ ਕਬੀਰ ਜੀ ਦਾ ਦੋਹਾ "ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤੁ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ॥" ਛਾਪਿਆ ਜਾਂਦਾ ਸੀ। ਕੁਝ ਇਤਿਹਾਸਕਾਰ ਬਬਰ ਅਕਾਲੀ ਅਖ਼ਬਾਰ ਕੱਢਣ ਦੀ ਮਿਤੀ 20 ਜਾਂ 21ਅਗਸਤ 1922 ਵੀ ਲਿਖਦੇ ਹਨ। ਬੱਬਰ ਅਕਾਲੀ' ਅਖ਼ਬਾਰ ਨਿਰੋਲ ਜੁਝਾਰੂ ਅਕਾਲੀਆਂ ਦਾ ਸੀ, ਜਿਸ ਵਿਚ ਜੋਸ਼ੀਲੇ ਲੇਖ, ਕਵਿਤਾਵਾਂ ਤੇ ਸਿੱਖ ਇਤਿਹਾਸ ਦੇ ਗੌਰਵਮਈ ਵਿਰਸੇ ਨਾਲ ਸੰਬੰਧਤ ਲਿਖਤਾਂ ਪ੍ਰਕਾਸ਼ਤ ਕੀਤੀਆਂ ਜਾਂਦੀਆਂ। ਇਸੇ ਅਖ਼ਬਾਰ ਦੇ ਨਾਂ ਸਦਕਾ ਭਾਈ ਕਰਮ ਸਿੰਘ ਦੌਲਤਪੁਰ ਦੇ ਨਾਂ ਨਾਲ 'ਬਬਰ ਅਕਾਲੀ' ਸ਼ਬਦ ਜੁੜ ਗਿਆ।
ਬਬਰ ਅਕਾਲੀ ਲਹਿਰ ਦੇ ਇਤਿਹਾਸ ਦਾ ਜ਼ਿਕਰਯੋਗ ਪੱਖ ਹੈ ਕਿ 'ਚੱਕਰਵਰਤੀ ਜਥੇ' ਦੇ ਆਗੂ ਭਾਈ ਕਿਸ਼ਨ ਸਿੰਘ ਗੜਗੱਜ ਜਦੋਂ ਅਖ਼ਬਾਰ ਦੇ ਪ੍ਰਭਾਵ ਤੋਂ ਜਾਣੂ ਹੋਏ, ਤਾਂ ਉਹ ਐਡੀਟਰ ਕਰਮ ਸਿੰਘ ਨਾਲ ਵਿਚਾਰ ਵਟਾਂਦਰੇ ਲਈ ਅਗਸਤ 1922 ਦੇ ਤੀਜੇ ਹਫ਼ਤੇ ਮਿਲੇ। ਉਸ ਸਮੇਂ ਤੱਕ ਬਬਰ ਅਕਾਲੀ ਦੋਆਬਾ ਦੇ ਦੋ ਅੰਕ ਪ੍ਰਕਾਸ਼ਤ ਹੋ ਚੁੱਕੇ ਸਨ, ਜਿਨ੍ਹਾਂ ਦੀ ਇਲਾਕੇ ਚ ਭਰਪੂਰ ਚਰਚਾ ਹੋ ਰਹੀ ਸੀ। ਇਕ ਇਤਿਹਾਸਕ ਹਵਾਲੇ ਅਨੁਸਾਰ ਭਾਈ ਕਿਸ਼ਨ ਸਿੰਘ ਗੜਗੱਜ ਅਤੇ ਭਾਈ ਕਰਮ ਸਿੰਘ ਬਬਰ ਦੇ ਜਥਿਆਂ ਵਿਚ ਮੁਲਾਕਾਤ, ਕੈਨੇਡਾ ਤੋਂ ਹੀ ਗਏ ਭਾਈ ਕਰਮ ਸਿੰਘ ਝਿੰਗੜ ਦੇ ਉਪਰਾਲੇ ਨਾਲ, ਬੱਬਰ ਆਸਾ ਸਿੰਘ ਦੇ ਪਿੰਡ ਭੁਕੜੁਦੀ ਵਿੱਚ ਹੋਈ, ਜਿੱਥੇ ਭਾਈ ਕਿਸ਼ਨ ਸਿੰਘ ਗੜਗੱਜ ਨੇ ਬਬਰ ਅਕਾਲੀ ਦੋਆਬਾ ਅਖ਼ਬਾਰ ਕੱਢਣ ਲਈ ਭਾਈ ਕਰਮ ਸਿੰਘ ਦੌਲਤਪੁਰ ਦੀ ਭਰਪੂਰ ਸ਼ਲਾਘਾ ਕੀਤੀ। ਇਕ ਹੋਰ ਇਤਿਹਾਸਕ ਹਵਾਲੇ ਅਨੁਸਾਰ ਦੋਹਾਂ ਜਥਿਆਂ ਵਿਚਕਾਰ ਮਿਲਣੀ ਸੰਤ ਠਾਕਰ ਸਿੰਘ ਗੁੱਜਰਵਾਲ ਦੀ ਕੁਟੀਆ ਵਿਚ 21 ਅਗਸਤ 1922 ਨੂੰ ਹੋਈ। ਨਿਚੋੜ ਇਹ ਹੈ ਕਿ ਜਥੇਦਾਰ ਕਰਮ ਸਿੰਘ ਬਬਰ ਅਤੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਦੇ ਦੋਵੇਂ ਜਥੇ ਇਕ ਮੰਚ ਤੇ ਇਕੱਠੇ ਹੋਏ। ਇਸ ਮੌਕੇ 'ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅਤੇ ਸਾਰੇ ਜੁਝਾਰੂਆਂ ਨੇ ਅਰਦਾਸ ਕਰ ਕੇ ਅਹਿਮ ਫ਼ੈਸਲੇ ਲਏ ਅਤੇ ਮਿਲ ਕੇ ਸਾਂਝਾ ਜਥਾ ਬਣਾ ਕੇ ਇਕਮੁੱਠ ਹੁੰਦਿਆਂ ਸੰਘਰਸ਼ ਵਿੱਢਣ ਦਾ ਐਲਾਨ ਕੀਤਾ।
ਪਹਿਲਾ ਫੈਸਲਾ ਜਥੇਬੰਦੀ ਦੇ ਨਾਂ ਦਾ ਸੀ, ਜਿਸ ਮੁਤਾਬਕ 'ਬਬਰ ਅਕਾਲੀ' ਅਖ਼ਬਾਰ ਦੇ ਪ੍ਰਭਾਵਸ਼ਾਲੀ ਨਾਂ ਨੂੰ ਮੁੱਖ ਰਖਦਿਆਂ, ਨਵੀਂ ਜਥੇਬੰਦੀ ਦਾ ਨਾਂ 'ਬਬਰ ਅਕਾਲੀ ਜਥਾ' ਘੋਸ਼ਿਤ ਐਲਾਨਿਆ ਗਿਆ। ਇਹ ਬਿਲਕੁਲ ਉਸੇ ਤਰ੍ਹਾਂ ਸੀ, ਜਿਵੇਂ 'ਗ਼ਦਰ' ਅਖ਼ਬਾਰ ਨੂੰ ਮੁੱਖ ਰੱਖ ਕੇ ਲਹਿਰ ਦਾ ਨਾਂ 'ਗ਼ਦਰ ਲਹਿਰ' ਮਕਬੂਲ ਹੋਇਆ ਸੀ। ਸਰਬਸੰਮਤੀ ਨਾਲ ਇਹ ਵੀ ਫੈਸਲਾ ਹੋਇਆ ਭਾਈ ਕਰਮ ਸਿੰਘ ਜਥੇ ਵਿੱਚ 'ਬਬਰ ਅਕਾਲੀ' ਕਰਕੇ ਜਾਣੇ ਜਾਣਗੇ ਤੇ ਬਾਕੀ ਸਾਰੇ 'ਬੱਬਰ ਅਕਾਲੀ ਜਥੇ' ਦੇ ਮੈਂਬਰ ਹੋਣਗੇ। ਜਥੇਬੰਦੀ ਨੇ ਇਹ ਵੀ ਫ਼ੈਸਲਾ ਲਿਆ ਕਿ ਅਖ਼ਬਾਰ 'ਤੇ ਸੰਪਾਦਕ ਦਾ ਨਾਂ ਭਾਵੇਂ ਕਰਮ ਸਿੰਘ ਬਬਰ ਹੀ ਰਹੇਗਾ, ਪਰ ਇਸ ਵਿਚਲੇ ਲੇਖ ਭਾਈ ਕਿਸ਼ਨ ਸਿੰਘ ਬਬਰ ਵੱਲੋਂ ਸੰਪਾਦਤ ਕੀਤੀ ਜਾਣਗੇ। ਬਬਰ ਅਕਾਲੀ ਜਥੇ ਦੀ ਵਰਕਿੰਗ ਕਮੇਟੀ ਦਾ ਪ੍ਰਧਾਨ ਭਾਈ ਕਿਸ਼ਨ ਸਿੰਘ ਬਬਰ (ਗੜਗੱਜ) ਨੂੰ ਚੁਣਿਆ ਗਿਆ, ਜਦਕਿ ਮਾਸਟਰ ਦਲੀਪ ਸਿੰਘ ਗੋਸਲ ਇਸ ਦੇ ਸਕੱਤਰ ਅਤੇ ਕੈਨੇਡਾ ਤੋਂ ਗਏ ਬਬਰ ਕਰਮ ਸਿੰਘ ਝਿੰਗੜ ਖ਼ਜ਼ਾਨਚੀ ਬਣੇ। ਬਬਰ ਅਕਾਲੀ ਜਥੇ ਦੀ ਵਰਕਿੰਗ ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ ਭਾਈ ਕਰਮ ਸਿੰਘ ਬਬਰ, ਬਾਬੂ ਸੰਤਾ ਸਿੰਘ ਅਤੇ ਭਾਈ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਚੁਣੇ ਗਏ।
ਇਉਂ ਸਮੂਹ ਜੁਝਾਰੂਆਂ ਨੂੰ ਇੱਕ ਮੰਚ 'ਤੇ ਇਕੱਠਾ ਕਰਕੇ ਸ਼ਹੀਦਾਂ ਦੀ ਮਹਾਨ ਜਥੇਬੰਦੀ ਨੂੰ 'ਬਬਰ ਅਕਾਲੀ' ਜਥੇ ਦਾ ਨਾਂ ਦੇਣ ਦਾ ਸਿਹਰਾ ਸ਼ਹੀਦ ਭਾਈ ਕਰਮ ਸਿੰਘ 'ਬਬਰ ਅਕਾਲੀ' ਦੇ ਸਿਰ ਬੱਝਦਾ ਹੈ। 'ਬਬਰ ਅਕਾਲੀ' ਪਰਚੇ ਵਿੱਚ ਲੇਖ ਅਤੇ ਕਵਿਤਾਵਾਂ ਮੁਰਦਾ ਦਿਲਾਂ 'ਚ ਰੂਹ ਫੂਕ ਦਿੰਦੀਆਂ ਸਨ। 'ਬਬਰ ਕੱਢ ਵਰੰਟ ਤੂੰ ਜ਼ਾਲਮਾਂ ਦੇ, ਹੱਥੀਂ ਆਪਣੀ ਦਫ਼ਾ ਲਗਾ ਭਾਈ' ਅਤੇ 'ਕਰਮ ਸਿੰਘ ਹੁਣ ਬਬਰ ਦਾ ਰੂਪ ਧਾਰੋ, ਵੇਲਾ ਆ ਗਿਆ ਧੂਮ ਧੁਮਾਵਣੇ ਦਾ' ਵਰਗੇ ਅਨੇਕਾਂ ਕਾਵਿ-ਬੰਦ ਜੁਝਾਰੂ ਸੋਚ ਪ੍ਰਗਟਾਉਂਦੇ ਸਨ। ਇਸ ਅਖ਼ਬਾਰ ਦਾ ਲੋਕਾਂ 'ਤੇ ਡੂੰਘਾ ਅਸਰ ਪਿਆ ਅਤੇ ਥਾਂ-ਥਾਂ ਲੋਕ ਅੰਗਰੇਜ਼ਾਂ ਖਿਲਾਫ਼ ਲਾਮਬੰਦ ਹੋਣ ਲੱਗੇ। 'ਬਬਰ ਅਕਾਲੀ' ਅਖ਼ਬਾਰ ਰਾਹੀਂ ਸਿੱਖ ਪਲਟਣਾਂ, ਸਕੂਲਾਂ, ਕਾਲਜਾਂ ਆਦਿ ਤੋਂ ਇਲਾਵਾ ਬਾਹਰਲੇ ਪ੍ਰਾਂਤਾਂ ਵਿੱਚ ਵੀ ਅੰਗਰੇਜ਼ਾਂ ਦੇ ਵਿਰੁੱਧ ਜ਼ਬਰਦਸਤ ਪ੍ਰਚਾਰ ਕੀਤਾ ਗਿਆ ਅਤੇ ਦੇਸ਼ਵਾਸੀਆਂ ਨੂੰ ਅੰਗਰੇਜ਼ਾਂ ਖ਼ਿਲਾਫ਼ ਬਗ਼ਾਵਤ ਕਰਨ ਲਈ ਪ੍ਰੇਰਿਆ ਗਿਆ। ਅਖਬਾਰ ਨੇ ਸਰਕਾਰੀ ਝੋਲੀਚੁੱਕਾਂ, ਟੋਡੀਆਂ ਅਤੇ ਗ਼ਦਾਰਾਂ ਨੂੰ ਸਖ਼ਤ ਤਾੜਨਾ ਵੀ ਕੀਤੀ ਕਿ ਜੇਕਰ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਏ, ਤਾਂ ਉਨ੍ਹਾਂ ਨੂੰ ਸੋਧਿਆ ਜਾਏਗਾ। ਅੰਗਰੇਜ਼ ਸਰਕਾਰ ਵੱਲੋਂ ਸਾਈਕਲੋ ਸਟਾਈਲ ਮਸ਼ੀਨਾਂ ਚੁੱਕਣ ਅਤੇ ਅਖ਼ਬਾਰ ਜ਼ਬਤ ਕਰਨ ਦੀਆਂ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਛਾਪੇ ਮਾਰਨ 'ਤੇ ਪੁਲਸ ਦੇ ਹੱਥ ਕੁਝ ਨਾ ਲੱਗਦਾ, ਕਿਉਂਕਿ 'ਬਬਰ ਅਕਾਲੀ' ਅਖ਼ਬਾਰ ਉਡਾਰੂ ਪ੍ਰੈੱਸ ਰਾਹੀਂ ਕਦੇ ਇੱਕ ਥਾਂ ਤੋਂ ਅਤੇ ਕਿਸੇ ਦੂਜੀ ਥਾਂ ਤੋਂ ਪ੍ਰਕਾਸ਼ਿਤ ਕੀਤਾ ਜਾਂਦਾ ਸੀ। ਗੁਪਤ ਤੌਰ 'ਤੇ ਬੱਬਰ ਅਕਾਲੀ ਅਖ਼ਬਾਰ ਛਾਪਣ ਦੇ ਮੁੱਖ ਕੇਂਦਰ ਕੋਟ ਫਤੂਹੀ, ਪੰਡੋਰੀ ਕੋਠੀ, ਫਤਹਿਪੁਰ ਜੱਸੋਵਾਲ ਅਤੇ ਗੁਰਦੁਆਰਾ ਕਿਸ਼ਨਪੁਰ ਵਿੱਚ ਕਾਇਮ ਸਨ, ਪਰ ਇਸਦੇ ਬਾਵਜੂਦ ਇਨ੍ਹਾਂ ਪਰਚਿਆਂ ਨੂੰ ਖੁਫ਼ੀਆ ਢੰਗ ਨਾਲ ਖਾਸ ਟਿਕਾਣਿਆਂ 'ਤੇ ਪਹੁੰਚਾਇਆ ਜਾਂਦਾ ਤੇ ਫ਼ੌਜਾਂ ਤੱਕ ਡਾਕ ਰਾਹੀਂ ਦੂਰ-ਦੁਰਾਡੇ ਭੇਜਿਆ ਜਾਂਦਾ। ਮਗਰੋਂ ਪੁਲਿਸ ਦੀ ਸਰਗਰਮੀ ਵਧ ਜਾਣ ਕਰਕੇ ਪਰਚਾ ਛਾਪਣ ਲਈ ਇੱਕ ਹੋਰ ਸਾਈਕਲੋ-ਸਟਾਈਲ ਮਸ਼ੀਨ ਖ਼ਰੀਦੀ ਗਈ। ਇੱਕ ਮਸ਼ੀਨ ਜਲੰਧਰ ਨੇੜੇ ਅਤੇ ਦੂਜੀ ਕੰਢੀ ਦੇ ਇਲਾਕੇ ਵਿੱਚ ਰੱਖੀ ਗਈ, ਤਾਂ ਕਿ ਲੋੜ ਪੈਣ ’ਤੇ ਦੋਵਾਂ ’ਚੋਂ ਕਿਸੇ ਵੀ ਥਾਂ ਤੋਂ ਪਰਚਾ ਛਾਪ ਲਿਆ ਜਾਵੇ। ਇਸ ਤਰ੍ਹਾਂ ਦੀਆਂ ਕਈ ਕਾਰਵਾਈਆਂ ਬਬਰ ਅਕਾਲੀ ਯੋਧਿਆਂ ਦੀ ਗੁਰੀਲਾ ਨੀਤੀ ਦਾ ਪ੍ਰਗਟਾਵਾ ਵੀ ਕਰਦੀਆਂ ਹਨ।
ਅਗਸਤ 1922 ਤੋਂ ਮਈ 1923 ਤੱਕ ਬਬਰ ਅਕਾਲੀ ਅਖ਼ਬਾਰ ਦੇ ਪੰਦਰਾਂ ਅੰਕ ਛਾਪੇ ਗਏ। ਇਹਨਾਂ ਵਿਚ ਵਿਸਾਖੀ, ਮਾਘੀ ਤੇ ਕਲਗੀਧਰ ਅੰਕ ਵੀ ਸ਼ਾਮਲ ਸਨ। ਜੁਝਾਰੂ ਕਵੀ ਜਥੇਦਾਰ ਕਰਮ ਸਿੰਘ ਬਬਰ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸਈ ਫ਼ਲਸਫ਼ੇ ਤੋਂ ਸੇਧ ਲੈ ਕੇ ਗ਼ੁਲਾਮੀ ਖ਼ਿਲਾਫ਼ ਲੜਨ ਅਤੇ ਜ਼ਾਲਮਾਂ ਨੂੰ ਸੋਧਣ ਲਈ ਕਾਵਿ ਰਚਨਾਵਾਂ ਲਿਖਦੇ;
"ਬਬਰ ਕੱਢ ਵਾਰੰਟ ਤੂੰ ਜ਼ਾਲਮਾਂ ਦੇ ਹੱਥੀਂ ਆਪਣੇ ਦਫ਼ਾ ਲਗਾ ਭਾਈ।
ਸ਼ਾਂਤਮਈ ਨੇ ਕੁਝ ਸਵਾਰਿਆ ਨਾ ਕੰਮ ਸ਼ੁਰੂ ਕਰਦੇ ਦੂਜੇ ਦਾ ਭਾਈ।
ਤੁਖਮ ਛੋੜ ਨਹੀਂ ਹੁਣ ਜ਼ਾਲਮਾਂ ਦਾ ਜਿਨ੍ਹਾਂ ਦਿੱਤੇ ਹਨ ਲੋਕ ਸਤਾ ਭਾਈ।
'ਕਰਮ ਸਿੰਘ' ਕਰਤਾਰ ਦੀ ਓਟ ਲੈ ਕੇ ਹੁਣ ਜ਼ਾਲਮਾਂ ਵੰਡੀਆਂ ਪਾ ਭਾਈ।"
ਬਬਰ ਅਕਾਲੀ ਯੋਧਿਆਂ ਨੇ ਅਗਸਤ,1922 ਦੇ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਸ਼ਾਂਤਮਈ ਅਕਾਲੀਆਂ ਉੱਪਰ ਪੁਲਿਸ ਦੇ ਤਸ਼ੱਦਦ ਬਾਰੇ, ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਨੂੰ ਅੰਗਰੇਜ਼ ਸਰਕਾਰ ਵਿਰੁੱਧ ਹਥਿਆਰਬੰਦ ਸੰਘਰਸ਼ ਛੇੜਣ ਲਈ ਆਖਿਆ ਗਿਆ, ਪਰ ਨਰਮ-ਖਿਆਲੀ ਅਕਾਲੀ ਆਗੂਆਂ ਵੱਲੋਂ ਇਹ ਗੱਲ ਨਾ ਮੰਨੀ ਗਈ। ਦੂਜੇ ਪਾਸੇ ਜੁਝਾਰੂ ਬਬਰ ਅਕਾਲੀਆਂ ਨੇ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ ਅਤੇ ਇਕ ਖੁੱਲ੍ਹੀ ਚਿੱਠੀ ਗਵਰਨਰ ਪੰਜਾਬ ਦੇ ਨਾਲ ਲਿਖਦਿਆਂ ਕਿਹਾ, "ਐ ਗਵਰਨਰ ਪੰਜਾਬ! ਤੇਰੀਆਂ ਬੇਇਨਸਾਫ਼ੀਆਂ ਅਤੇ ਜ਼ੁਲਮਾਂ ਤੋਂ ਤੰਗ ਆ ਕੇ, ਬਬਰ ਅਕਾਲੀਆਂ ਨੇ ਆਪਣਾ ਸ਼ਾਂਤਮਈ ਦਾ ਰਾਹ ਤਿਆਗ ਕੇ, ਹੁਣ ਤਲਵਾਰ ਦਾ ਰਸਤਾ ਫੜਿਆ ਹੈ।" ਇਸ ਦੌਰਾਨ ਜਥੇਬੰਦੀ ਦੇ ਅਨੁਸ਼ਾਸਨ ਨੂੰ ਮੁੱਖ ਰੱਖਦਿਆਂ 25 ਨਵੰਬਰ,1922 ਨੂੰ ਇਕ ਬੈਠਕ 'ਚ ਮੈਂਬਰਾਂ ਨੂੰ ਔਰਤਾਂ ਅਤੇ ਬੱਚਿਆਂ ਉਤੇ ਹਮਲੇ ਨਾ ਕਰਨ ਦੀ ਹਦਾਇਤ ਤੋਂ ਇਲਾਵਾ, ਝੋਲੀ-ਚੁੱਕਾਂ ਨੂੰ ਸੋਧਣ ਦੀ ਜਿੰਮੇਵਾਰੀ ਲਈ ਬਬਰ ਕਰਮ ਸਿੰਘ ਦੌਲਤਪੁਰ, ਧੰਨਾ ਸਿੰਘ ਅਤੇ ਉਦੈ ਸਿੰਘ ਦੇ ਨਾਮ ਦਾ ਮਤਾ ਪਾਸ ਕੀਤਾ ਗਿਆ।
ਬਬਰ ਅਕਾਲੀਆਂ ਵੱਲੋਂ ਐਲਾਨ ਕੀਤਾ ਗਿਆ ਕਿ ਕੋਈ ਵੀ ਠੇਕੇਦਾਰ ਸ਼ਰਾਬ ਤੇ ਸੜਕਾਂ ਦੁਆਲੇ ਲੱਗੇ ਅੰਬਾਂ ਦਾ ਠੇਕਾ ਨਹੀਂ ਲਵੇਗਾ। ਇਸ ਦਾ ਅਸਰ ਇਹ ਹੋਇਆ ਕਿ 1922-23 ਦੌਰਾਨ ਕਿਸੇ ਵੀ ਠੇਕੇਦਾਰ ਨੇ ਅੰਬਾਂ ਦਾ ਠੇਕਾ ਲੈਣ ਦੀ ਹਿੰਮਤ ਨਾ ਕੀਤੀ। 12 ਜਨਵਰੀ,1923 ਨੂੰ 'ਬਬਰ ਅਕਾਲੀ ਦੁਆਬਾ' ਅਖਬਾਰ ਵਿੱਚ ਜੁਝਾਰੂਆਂ ਦੀਆਂ ਚਿੱਠੀਆਂ ਛਾਪੀਆਂ, ਇਨ੍ਹਾਂ ਵਿੱਚ ਜਲੰਧਰ ਦੇ ਜ਼ਿਲ੍ਹਾ ਵਿਚ ਬਬਰਾਂ ਵੱਲੋਂ ਟੋਡੀਆਂ ਨੂੰ ਸੋਧਣ ਦੇ ਦਾ ਐਲਾਨ ਛਾਪਿਆ ਗਿਆ ਸੀ। 11 ਮਾਰਚ,1923 ਨੂੰ ਨੰਗਲ ਸਾਮਾਂ ਪਿੰਡ ਦਾ ਲੰਬਰਦਾਰ ਸੋਧਿਆ।19 ਮਾਰਚ,1923 ਨੂੰ ਸੀਆਈਡੀ ਸਿਪਾਹੀ ਲਾਭ ਸਿੰਘ ਨੂੰ ਡਾਨਸੀਵਾਲ ਪਿੰਡ ਵਿਚ ਖਤਮ ਕੀਤਾ। 21 ਮਾਰਚ,1923 ਨੂੰ ਪਿੰਡ ਕੌਲਗੜ੍ਹ ਵਿਖੇ ਅੰਗਰੇਜ਼ ਪ੍ਰਸਤਾਂ ਨੂੰ ਸੋਧਣ ਦੀ ਜਿੰਮੇਵਰੀ ਲੈਣ ਦਾ ਬਬਰ ਅਕਾਲੀਆਂ ਦਾ ਦੂਜਾ ਐਲਾਨ 'ਬਬਰ ਅਕਾਲੀ' ਅਖਬਾਰ ਵਿੱਚ ਪ੍ਰਕਸ਼ਿਤ ਕੀਤਾ ਗਿਆ।
ਭਾਈ ਕਰਮ ਸਿੰਘ ਬਬਰ ਅਕਾਲੀ ਨੇ ਆਪਣਾ ਜੀਵਨ ਲੋਕਾਂ ਦੀ ਆਜ਼ਾਦੀ ਲਈ ਸਮਰਪਿਤ ਕੀਤਾ। 20 ਮਈ,1923 ਨੂੰ ਹਿਯਾਤਪੁਰ ਰੁੜਕੀ ਦੇ ਦੋ ਅੰਗਰੇਜ਼-ਪ੍ਰਸਤ ਰਲਾ ਅਤੇ ਦਿੱਤੂ ਨੂੰ ਕੌਮੀ ਯੋਧਿਆਂ ਨਾਲ ਗ਼ੱਦਾਰੀ ਕਰਨ ਤੋਂ ਬਾਜ਼ ਨਾ ਆਉਣ ਕਾਰਨ ਖੁਦ ਬਬਰ ਅਕਾਲੀ ਨੇ ਸੋਧਿਆ। ਹਿਯਾਤਪੁਰ ਰੁੜਕੀ ਬਬਰ ਅਕਾਲੀ ਦਾ ਨਾਨਕਾ ਪਿੰਡ ਸੀ। ਇਸੇ ਦੌਰਾਨ ਕੁਝ ਅੰਗਰੇਜ਼ਪ੍ਰਸਤ ਅਖੌਤੀ ਸਿੱਖ ਸਰਬਰਾਹਾ ਨੇ ਬਬਰ ਅਕਾਲੀਆਂ ਗਰਮ ਕਾਰਵਾਈਆਂ ਵਿਰੁੱਧ ਮਤੇ ਵੀ ਪਾਸ ਕੀਤੇ। ਨਰਮ-ਖ਼ਿਆਲੀ ਅਕਾਲੀ ਅਤੇ ਚੀਫ਼ ਖ਼ਾਲਸਾ ਦੀਵਾਨ ਵਾਲੇ ਬਬਰਾਂ ਦਾ ਵਿਰੋਧ ਕਰਨ ਲੱਗੇ।
ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਬਰਾਂ ਦੇ ਮੁਕੱਦਮੇ ਵੀ ਲੜੇ, ਪਰ ਇਹ ਵੀ ਸੱਚ ਹੈ ਕਿ 29 ਮਈ,1923 ਨੂੰ ਸਰਕਾਰੀ ਸਰਬਰਾਹਾਂ ਨੇ ਬਬਰ ਅਕਾਲੀਆਂ ਨੂੰ ਪੰਥ ਵਿਰੋਧੀ ਘੋਸ਼ਿਤ ਕਰ ਦਿੱਤਾ। ਸਭ ਤੋਂ ਦੁਖਦਾਈ ਪੱਖ ਇਹ ਹੈ ਕਿ ਸਰਕਾਰ ਨੂੰ ਖੁਸ਼ ਕਰਨ ਲਈ ਇਹ ਮਤਾ ਪਾਸ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਬਰਾਂ ਦੀ ਕਤਲਾਂ ਦੀ ਪਾਲਿਸੀ ਦੀ ਨਿਖੇਧੀ ਕਰਦੀ ਹੈ ਤੇ ਪੰਥ ਅੱਗੇ ਅਪੀਲ ਕਰਦੀ ਹੈ ਕਿ ਕੋਈ ਸੱਜਣ ਇਨ੍ਹਾਂ ਦੀ ਸਹਾਇਤਾ ਨਾ ਕਰੇ, ਸਗੋਂ ਇਨ੍ਹਾਂ ਨੂੰ ਦੇਸ਼ ਤੇ ਕੌਮ ਲਈ ਹਾਨੀਕਾਰਕ ਸਮਝੇ। (ਹਵਾਲਾ ਕਿਤਾਬ 'ਬਬਰ ਅਕਾਲੀ', ਲੇਖਕ ਪ੍ਰਿੰਸੀਪਲ ਨਿਹਾਲ ਸਿੰਘ ਰਸ, ਪੰਨਾ 135) ਇਨ੍ਹਾਂ ਦੇ ਨਾਲ-ਨਾਲ ਬੱਬਰਾਂ ਦੇ ਪ੍ਰਚਾਰ ਦਾ ਅਸਰ ਘੱਟ ਕਰਨ ਲਈ ਅੰਗਰੇਜ਼ਪ੍ਰਸਤ ਜ਼ੈਲਦਾਰਾਂ, ਨੰਬਰਦਾਰਾਂ, ਸਫੈਦਪੋਸ਼ਾਂ ਤੇ ਜਗੀਰਦਾਰਾਂ ਦੇ ਕਈ ਪਿੰਡਾਂ ਨੂੰ ਅਮਨ ਕਮੇਟੀਆਂ ਬਣਾਉਣ ਅਤੇ ਰਾਤਾਂ ਨੂੰ ਪਹਿਰਾ ਲਾਉਣ ਵਾਲੇ ਮਸ਼ਵਰਿਆਂ ਨਾਲ, ਬਬਰਾਂ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਦੇ ਕਾਰੇ ਸ਼ੁਰੂ ਕਰ ਦਿੱਤੇ ਗਏ। ਇਸ ਤੋਂ ਮੰਦਭਾਗੀ ਗੱਲ ਕੀ ਹੋ ਸਕਦੀ ਹੈ ਲੋਕਾਂ ਲਈ ਲੜਨ ਵਾਲੇ ਯੋਧਿਆਂ ਖਿਲਾਫ਼ ਹੀ ਲੋਕ ਲਾਮਬੰਦ ਹੋਣੇ ਸ਼ੁਰੂ ਹੋ ਗਏ। ਇਹ ਮੁਰਦਾ ਜ਼ਮੀਰ ਅਤੇ ਗ਼ੁਲਾਮ ਮਾਨਸਿਕਤਾ ਦੇ ਪ੍ਰਤੱਖ ਸਬੂਤ ਸਨ।
ਬੱਬਰ ਅਕਾਲੀ ਲਹਿਰ ਦੇ ਨਾਇਕ ਭਾਈ ਕਰਮ ਸਿੰਘ ਬਬਰ ਅੰਗਰੇਜ਼ ਹਕੂਮਤ ਖ਼ਿਲਾਫ਼ ਇਨਕਲਾਬੀ ਸੰਘਰਸ਼ ਕਰਦਿਆਂ, 1 ਸਤੰਬਰ 1923 ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਬੇਲੀ ਵਿਖੇ ਸ਼ਹੀਦ ਹੋਏ। ਇਸ ਮੌਕੇ ਆਪ ਦੇ ਨਾਲ ਭਾਈ ਮਹਿੰਦਰ ਸਿੰਘ ਪੰਡੋਰੀ, ਭਾਈ ਗੰਗਾ ਸਿੰਘ, ਭਾਈ ਉਦੇ ਸਿੰਘ ਰਾਮਗੜੂ ਝੁੰਗੀਆਂ ਅਤੇ ਭਾਈ ਬਿਸ਼ਨ ਸਿੰਘ ਮਾਂਗਟਾਂ ਨੇ ਵੀ ਸ਼ਹੀਦੀਆਂ ਪਾਈਆਂ। ਭਾਈ ਕਰਮ ਸਿੰਘ ਬਬਰ ਨੇ ਪੰਜਾਬ ਜਾ ਕੇ ਅੰਗਰੇਜ਼ ਹਕੂਮਤ ਖ਼ਿਲਾਫ਼ ਸੰਘਰਸ਼ ਕਰਦਿਆਂ ਪੁਲਿਸ ਮੁਕਾਬਲਾ ਵਿਚ ਸ਼ਹੀਦੀ ਪ੍ਰਾਪਤ ਕੀਤੀ। ਆਪ ਦੀ ਇੱਛਾ ਅਨੁਸਾਰ ਆਪ ਦੀ ਜ਼ਮੀਨ 'ਤੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਸੰਨ 1982 ਵਿੱਚ ਉਸਾਰਿਆ ਗਿਆ। ਭਾਈ ਸਾਹਿਬ ਦੀ ਸ਼ਹਾਦਤ ਦਾ ਇਤਿਹਾਸ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਕੋਲ ਲਿਖਿਆ ਹੋਇਆ ਹੈ। ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਅਤੇ ਉਨ੍ਹਾਂ ਦੇ ਸਾਥੀ ਯੋਧਿਆਂ ਦੀਆਂ ਸ਼ਹੀਦੀਆਂ ਸਦਕਾ ਹੀ ਦੇਸ ਦੀਆਂ ਅੰਗਰੇਜ਼ਾਂ ਤੋਂ ਗ਼ੁਲਾਮੀ ਦੀਆਂ ਜ਼ੰਜੀਰਾਂ ਟੁੱਟੀਆਂ। ਅੱਜ ਦੁਖਦਾਈ ਗੱਲ ਇਹ ਹੈ ਕਿ ਨਵ-ਬਸਤੀਵਾਦ ਅਤੇ ਫਾਸ਼ੀਵਾਦ ਦੀਆਂ ਲੋਕ ਵਿਰੋਧੀ ਤਾਕਤਾਂ ਸੱਤਾ 'ਤੇ ਕਾਬਜ਼ ਹਨ। ਅਜੋਕੀ ਫਾਸ਼ੀਵਾਦੀ ਸਟੇਟ ਖਿਲਾਫ਼ ਘੱਟ ਗਿਣਤੀਆਂ ਹੱਕਾਂ ਲਈ ਜੂਝ ਰਹੀਆਂ ਹਨ। ਬਬਰ ਅਕਾਲੀ ਸ਼ਹੀਦ ਭਾਈ ਕਰਮ ਸਿੰਘ ਬਬਰ ਤੇ ਉਨ੍ਹਾਂ ਵਰਗੇ ਅਨੇਕਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਾਰਨ ਮਿਲੀ ਸੱਤਾਂ 'ਤੇ ਕਾਬਜ਼ ਫਾਸ਼ੀਵਾਦੀਆਂ ਨੂੰ ਤੱਕ ਕੇ ਮੂੰਹੋਂ ਇਹੀ ਨਿਕਲਦਾ ਹੈ; 'ਸ਼ੇਰਾਂ ਦੀਆਂ ਮਾਰਾਂ 'ਤੇ ਗਿੱਦੜ ਦੀਆਂ ਕਲੋਲਾਂ'। ਘੱਟ ਗਿਣਤੀਆਂ ਦੀ ਦੁਸ਼ਮਣ ਅੱਜ ਦੀ ਫਾਸ਼ੀਵਾਦੀ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਹੀ ਮਹਾਨ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਦੇ ਸੌਵੇਂ ਸ਼ਹੀਦੀ ਦਿਹਾੜੇ 'ਤੇ ਸੱਚੀ ਸ਼ਰਧਾਂਜਲੀ ਹੈ।
ਸਿਤਮਜ਼ਰੀਫੀ ਇਹ ਕਿ ਭਾਈ ਕਰਮ ਸਿੰਘ ਬਬਰ ਨੇ ਆਪਣੀ ਜਾਨ ਦੇ ਕੇ ਸਾਨੂੰ ਸਰਦਾਰੀਆਂ ਬਖ਼ਸ਼ੀਆਂ ਹਨ, ਪਰ ਅਸੀਂ ਇਸ ਮਹਾਨ ਯੋਧੇ ਨੂੰ ਵਿਸਾਰ ਚੁੱਕੇ ਹਾਂ। ਸਕੂਲਾਂ ਦੀਆਂ ਪਾਠ ਪੁਸਤਕਾਂ ਵਿੱਚ ਇਨ੍ਹਾਂ ਬਬਰ ਅਕਾਲੀਆਂ ਅਤੇ ਗਦਰੀ ਯੋਧਿਆਂ ਦਾ ਇਤਿਹਾਸ ਪੜ੍ਹਾਇਆ ਨਹੀਂ ਜਾਂਦਾ। ਦੂਜੇ ਪਾਸੇ ਇਹ ਗੱਲ ਜ਼ਰੂਰ ਮਾਣ ਵਾਲੀ ਹੈ ਕਿ ਪਿੰਡ ਦੌਲਤਪੁਰ, ਵਿੱਚ ਬਬਰ ਸ਼ਹੀਦਾਂ ਦੀ ਯਾਦ 'ਚ ਉਸਾਰੇ ਗਏ ਸਮਾਰਕ ਸਭ ਲਈ ਪ੍ਰੇਰਨਾ ਸਰੋਤ ਹਨ। ਇੱਥੇ 57 ਬਬਰ ਸ਼ਹੀਦਾਂ ਦੀ ਵਿਰਾਸਤ ਵਜੋਂ ਇਨ੍ਹਾਂ ਦੇ ਹਥਿਆਰਾਂ ਅਤੇ ਸਾਹਿਤ ਨੂੰ ਸੰਭਾਲ ਕੇ ਰੱਖਿਆ ਹੈ, ਜੋ ਕਿ ਸੰਘਰਸ਼ ਦੇ ਰਾਹ 'ਤੇ ਚੱਲਣ ਅਤੇ ਜ਼ੁਲਮ ਖ਼ਿਲਾਫ਼ ਡਟਣ ਵਾਲਿਆਂ ਲਈ ਚਾਨਣ ਮੁਨਾਰੇ ਹਨ।
ਬਬਰ ਅਕਾਲੀ ਅਖ਼ਬਾਰ ਦੇ 100ਵੇਂ ਸਥਾਪਨਾ ਦਿਹਾੜੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ 1922-23 ਦੌਰਾਨ ਬਬਰ ਅਕਾਲੀ ਯੋਧਿਆਂ ਖ਼ਿਲਾਫ਼ ਪਾਸ ਕੀਤੇ ਮਤੇ ਰੱਦ ਕਰੇ ਅਤੇ ਇਸ ਇਤਿਹਾਸਕ ਗ਼ਲਤੀ ਨੂੰ ਤੁਰੰਤ ਦਰੁਸਤ ਕਰੇ। ਬਬਰ ਅਕਾਲੀ ਅਖ਼ਬਾਰ ਦੇ ਸੰਪਾਦਕ ਭਾਈ ਕਰਮ ਸਿੰਘ ਦੌਲਤਪੁਰ ਅਤੇ ਸਮੂਹ ਬਬਰਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹੋਏ, ਸ਼੍ਰੋਮਣੀ ਕਮੇਟੀ ਨੂੰ ਅਜਿਹੇ ਮੰਦਭਾਗੇ ਮਤੇ ਤੁਰੰਤ ਹਟਾਉਣ ਦੀ ਲੋੜ ਹੈ। ਕੈਨੇਡਾ ਦੇ ਵਿਰਾਸਤੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਵਿਖੇ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਦੀ ਸ਼ਤਾਬਦੀ ਸਮਾਗਮ ਮਨਾਉਣ ਲਈ ਸੰਗਤਾਂ ਅਤੇ ਪ੍ਰਬੰਧਕ ਪ੍ਰਸੰਸਾ ਦੇ ਪਾਤਰ ਹਨ।

ਡਾ. ਗੁਰਵਿੰਦਰ ਸਿੰਘ
 ਕੋਆਰਡੀਨੇਟਰ ਪੰਜਾਬੀ ਸਹਿਤ ਸਭਾ ਮੁਢਲੀ
ਐਬਟਸਫੋਰਡ ਬੀ ਸੀ ਕੈਨੇਡਾ

ਭਾਰਤ ਦੀ ਆਜ਼ਾਦੀ ਦੀ 76ਵੀਂ ਵਰ੍ਹੇਗੰਢ 'ਤੇ ਵਿਸ਼ੇਸ਼ : "ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।'' - ਡਾ. ਗੁਰਵਿੰਦਰ ਸਿੰਘ

ਵੀਹਵੀਂ ਸਦੀ ਦੇ ਆਰੰਭ ਵਿੱਚ ਗ਼ਦਰ ਪਾਰਟੀ ਨੇ ਕੈਨੇਡਾ-ਅਮਰੀਕਾ ਦੀ ਧਰਤੀ ਤੋਂ ਭਾਰਤ ਨੂੰ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦ ਕਰਵਾਉਣ ਦਾ ਬਿਗਲ ਬਜਾਇਆ ਸੀ। ਗ਼ਦਰੀ ਬਾਬਿਆਂ ਨੇ ਆਜ਼ਾਦ ਦੇਸ਼ ਲਈ ਨਾਂ 'ਯੂਨਾਈਟਿਡ ਸਟੇਟਸ ਆਫ਼ ਇੰਡੀਆ' ਦਿੱਤਾ ਸੀ, ਜਿਸ ਦਾ ਭਾਵ ਸੀ 'ਮਜ਼ਬੂਤ ਸੰਘੀ ਢਾਂਚਾ' ਭਾਵ ਦੇਸ਼ ਦੇ ਸਮੂਹ ਰਾਜ, ਉਥੋਂ ਦੇ ਭਾਈਚਾਰੇ, ਮੂਲਵਾਸੀ ਤੇ ਘੱਟ ਗਿਣਤੀਆਂ ਆਪਣਾ ਸਭਿਆਚਾਰ, ਪਹਿਰਾਵੇ, ਖਾਣ-ਪੀਣ, ਬੋਲ-ਚਾਲ ਅਤੇ ਰਹਿਣ- ਸਹਿਣ ਦਾ ਪੂਰਨ ਆਨੰਦ ਮਾਣ ਸਕਣ। ਇਸ ਦਾ ਭਾਵ ਇਹ ਵੀ ਸੀ ਕਿ ਨਾ ਤਾਂ ਸੱਤਾ ਦਾ ਭਾਰੀ 'ਕੇਂਦਰੀਕਰਨ' ਹੋਵੇ ਅਤੇ ਨਾ ਹੀ ਰਾਜਨੀਤੀ ਦਾ 'ਧਰੁਵੀਕਰਨ'। ਸੰਘੀ ਢਾਂਚੇ 'ਚ ਕੇਂਦਰ ਆਪਣੇ ਸੂਬਿਆਂ ਦੀਆਂ ਸਰਕਾਰਾਂ ਨਾਲ ਧੱਕੇਸ਼ਾਹੀ ਨਾ ਕਰੇ ਅਤੇ ਕੇਂਦਰੀ ਸਰਕਾਰ ਸੁਆਰਥ ਲਈ, ਸਿਆਸੀ ਵਿਰੋਧੀਆਂ ਦਾ ਅੰਤ ਨਾ ਕਰੇ। ਗ਼ਦਰੀ ਬਾਬਿਆਂ ਦੀ ਇਸ ਸੋਚ ਨਾਲ ਅੱਜ ਜਿਵੇਂ ਖਿਲਵਾੜ ਹੋ ਰਿਹਾ ਹੈ, ਜਿਸ ਦੀਆਂ ਅਨੇਕਾਂ ਮਿਸਾਲਾਂ ਮੌਜੂਦਾ ਆਜ਼ਾਦ ਭਾਰਤ ਦੇ ਸੰਘੀ ਢਾਂਚੇ 'ਤੇ ਸੁਆਲ ਖੜੇ ਕਰਦੀਆਂ ਹਨ। ਸਿਆਸੀ ਵਿਰੋਧ ਕਾਰਨ ਵੱਖ-ਵੱਖ ਸੂਬੇ ਅਤੇ ਸਿਆਸੀ ਪਾਰਟੀਆਂ ਕੇਂਦਰੀ ਹਕੂਮਤ ਵੱਲੋਂ ਕੁਚਲੇ ਜਾ ਰਹੇ ਰਹੇ ਹਨ। ਮਨੀਪੁਰ ਦੀ ਸਥਿਤੀ ਇਸਦੀ ਮੂੰਹ ਬੋਲਦੀ ਤਸਵੀਰ ਹੈ, ਜਿੱਥੇ ਘੱਟ ਗਿਣਤੀ ਕੂਕੀ ਇਸਾਈ ਭਾਈਚਾਰੇ ਦੀਆਂ ਔਰਤਾਂ ਦੀ ਨਗਨ ਪਰੇਡ, ਸਮੂਹਿਕ ਬਲਾਤਕਾਰ ਅਤੇ ਪੀੜਤਾ ਦੇ ਪਿਤਾ ਅਤੇ ਭਰਾ ਦਾ ਸ਼ਰੇ- ਬਾਜ਼ਾਰ ਕਤਲ ਬਹੁਗਿਣਤੀਵਾਦ ਦੀ ਸਿਆਸੀ ਚਾਲ ਅਤੇ ਫਿਰਕੂਵਾਦ ਦਾ ਨਤੀਜਾ ਹੈ।
ਸੱਚ ਤਾਂ ਇਹ ਹੈ ਕਿ ਗ਼ਦਰੀ ਬਾਬਿਆਂ ਦੇ ਸੁਪਨਿਆਂ ਨਾਲ ਉਦੋਂ ਹੀ ਖਿਲਵਾੜ ਹੋ ਗਿਆ ਸੀ, ਜਦੋਂ 14-15 ਅਗਸਤ 1947 ਨੂੰ ਦੇਸ਼ ਪੰਜਾਬ ਦੇ ਦੋ ਟੁਕੜੇ ਹੋਏ ਸਨ। ਲੱਖਾਂ ਲੋਕ ਮਾਰੇ ਗਏ ਸਨ। ਪੰਜਾਬ ਦੋ ਹਿੱਸਿਆਂ 'ਚ ਵੰਡਣ ਦਰਦ ਪਾਕਿਸਤਾਨੀ ਪੰਜਾਬ ਦੇ ਕਵੀ ਉਸਤਾਦ 'ਦਾਮਨ' ਇਉਂ ਮਹਿਸੂਸ ਕਰਦੇ ਹਨ;
"ਇਸ ਮੁਲਕ ਦੀ ਵੰਡ ਕੋਲੋਂ ਯਾਰੋ,
ਖੋਏ ਤੁਸੀਂ ਵੀ ਓ, ਖੋਏ ਅਸੀਂ ਵੀ ਹਾਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਜਿਉਂਦੀ ਜਾਨ ਈ ਮੌਤ ਦੇ ਮੂੰਹ ਅੰਦਰ,
ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।"
ਅੰਗਰੇਜ਼ਾਂ ਖ਼ਿਲਾਫ਼ ਆਜ਼ਾਦੀ ਦੇ ਸੰਘਰਸ਼ ਵਿਚ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਸ਼ਹੀਦੀਆਂ ਪਾਉਣ, ਉਮਰ ਕੈਦ ਕੱਟਣ ਅਤੇ ਕਾਲੇ ਪਾਣੀਆਂ ਦਾ ਦਰਦ ਝੱਲਣ ਵਾਲੇ ਪੰਜਾਬੀਆਂ ਨੂੰ ਹੀ ਦੇਸ਼ ਦੀ ਵੰਡ ਦਾ ਦਰਦ, ਸਭ ਤੋਂ ਵੱਧ ਹੰਢਾਉਣਾ ਪਿਆ। ਇਕ ਅੰਦਾਜ਼ੇ ਅਨੁਸਾਰ ਫ਼ਿਰਕੂ ਨਫ਼ਰਤ ਦੇ ਭਾਂਬੜ ਬਾਲ ਕੇ, ਪੰਜਾਬ ਨੂੰ ਦੋ ਟੋਟਿਆਂ 'ਚ ਵੰਡੇ ਜਾਣ ਦੌਰਾਨ ਕਰੀਬ 2 ਮਿਲੀਅਨ ਪੰਜਾਬੀਆਂ ਦੇ ਕਤਲ ਹੋਏ।
ਸਦੀ ਦੇ ਮਹਾਂ-ਦੁਖਾਂਤ ਨੂੰ ਜਸ਼ਨ ਵਜੋਂ ਮਨਾਉਣਾ ਬੌਧਿਕ ਦੀਵਾਲੀਆਪਣ ਨਹੀਂ, ਤਾਂ ਹੋਰ ਕੀ ਹੈ ? ਅਜਿਹੇ ਦੁਖਾਂਤ 'ਤੇ ਮਾਤਮ ਮਨਾਉਣ ਦੀ ਲੋੜ ਹੈ, ਨਾ ਕਿ ਜਸ਼ਨ ਮਨਾਉਣ ਦੀ, ਜਿਵੇਂ ਕਿ ਮਹਾਨ ਸ਼ਾਇਰ ਡਾ ਹਰਭਜਨ ਸਿੰਘ ਇਹ ਦਰਦ ਬਿਆਨ ਕਰਦੇ ਸਨ;
"ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ
ਵੇ ਕਾਲਖਾਂ 'ਚ ਤਾਰਿਆਂ ਦੀ ਡੁੱਬ ਗਈ ਸਵੇਰ।
ਹੈ ਖੂਹਾਂ ਵਿੱਚ ਆਦਮੀ ਦੀ ਜਾਗਦੀ ਸੜ੍ਹਾਂਦ
ਤੇ ਸੌਂ ਗਏ ਨੇ ਆਦਮੀ ਤੋਂ ਸੱਖਣੇ ਗਵਾਂਢ।
ਵੇ ਸੀਤ ਨੇ ਮੁਆਤੇ ਤੇ ਗਸ਼ ਹੈ ਜ਼ਮੀਨ,
ਵੇ ਸੀਨਿਆਂ ਵਿੱਚ ਸੁੰਨ ਦੋਵੇਂ ਖ਼ੂਨ ਤੇ ਸੰਗੀਨ।
ਵੇ ਜ਼ਿੰਦਗੀ ਬੇਹੋਸ਼ ਤੇ ਖ਼ਾਮੋਸ਼ ਕਾਇਨਾਤ
ਵਿਹਲਾ ਹੋ ਕੇ ਸੌਂ ਗਿਆ ਐ ਲੋਹਾ ਇਸਪਾਤ।
ਸੌਂ ਜਾ ਮੇਰੇ ਮਾਲਕਾ ਵੀਰਾਨ ਹੋਈ ਰਾਤ।"
'ਆਜ਼ਾਦੀ' ਅਜਿਹਾ ਸ਼ਬਦ ਹੈ, ਜੋ ਆਪਣੇ ਵਿਸ਼ਾਲ ਕਲਾਵੇ ਵਿੱਚ ਅਨੇਕਾਂ ਮਹੱਤਵਪੂਰਨ ਸੰਕਲਪਾਂ ਨੂੰ ਸਮੋਈ ਬੈਠਾ ਹੈ। ਬਹੁ ਪੱਖੀ ਤੇ ਬਹੁ-ਪਸਾਰੀ ਸ਼ਬਦ ਆਜ਼ਾਦੀ ਦਾ ਲਫ਼ਜ਼ੀ ਅਰਥ ਹੈ- 'ਸਰੀਰਕ, ਮਾਨਸਿਕ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸਭਿਆਚਾਰਕ ਪੱਖੋਂ ਕਿਸੇ ਵਿਅਕਤੀ, ਸਮਾਜ ਅਤੇ ਦੇਸ਼ ਦੀ ਪੂਰਨ ਸੁਤੰਤਰਤਾ, ਸੰਸਾਰ ਦੇ ਹਰ ਪ੍ਰਾਣੀ ਦਾ ਜਮਾਂਦਰੂ ਹੱਕ ਹੈ। ਜ਼ਿੰਦਗੀ ਵਾਸਤੇ ਆਜ਼ਾਦੀ ਉਨੀ ਹੀ ਲਾਜ਼ਮੀ ਹੈ, ਜਿੰਨੇ ਸਰੀਰ ਲਈ ਅੰਨ, ਪਾਣੀ ਅਤੇ ਹਵਾ ਆਦਿ। ਜਿਥੇ ਅਧਿਆਤਮਕ ਸ਼ੈਲੀ ਵਿੱਚ ਬਾਬਾ ਫ਼ਰੀਦ 'ਬਾਰਿ ਪਰਾਇਐ ਬੈਸਣਾ'' ਵਿੱਚ ਆਤਮਿਕ ਗੁਲਾਮੀ ਦੀ ਸਥਿਤੀ ਨਾਲੋਂ ਮੌਤ ਨੂੰ ਪਹਿਲ ਦਿੰਦੇ ਹਨ, ਉਥੇ ਵਿਸ਼ਵ ਦੇ ਪ੍ਰਸਿੱਧ ਫਿਲਾਸਫ਼ਰ ਪੈਟਕਿਰ ਹੈਨਰੀ ਦੇ ਸ਼ਬਦ ਹਨ ''ਜੇ ਤੁਸੀ ਮੈਨੂੰ ਆਜ਼ਾਦੀ ਨਹੀਂ ਦੇ ਸਕਦੇ, ਤਾਂ ਇਸ ਨਾਲੋਂ ਬਿਹਤਰ ਹੈ ਕਿ ਤੁਸੀ ਮੈਨੂੰ ਮੌਤ ਦੇ ਦਿਓ।'' ਦੁਨੀਆ ਦੇ ਹਰ ਮੁਲਕ ਵਿੱਚ ਹਰ ਕੌਮ ਵੱਲੋਂ, ਆਜ਼ਾਦੀ ਪ੍ਰਾਪਤੀ ਲਈ ਨਿਰੰਤਰ ਜਦੋ-ਜਹਿਦ ਹੁੰਦੀ ਰਹੀ ਹੈ ਅਤੇ ਤਦ ਤੱਕ ਜਾਰੀ ਰਹੀ ਹੈ, ਜਦ ਪੂਰਨ ਆਜ਼ਾਦੀ ਪ੍ਰਾਪਤ ਨਹੀਂ ਹੋਈ।
ਭਾਰਤ ਨੂੰ ਗੁਲਾਮੀ ਦੇ ਸ਼ਿਕੰਜੇ ਤੋਂ ਖਲਾਸੀ ਦਿਵਾਉਣ ਦੀ ਗੌਰਵਮਈ ਇਤਿਹਾਸਕ ਗਾਥਾ ਵਿੱਚ ਵੀ ਪੰਜਾਬੀਆਂ, 'ਖ਼ਾਸਕਰ ਸਿੱਖਾਂ' ਵੱਲੋਂ ਸਭ ਤੋਂ ਵੱਧ ਦਿੱਤੀਆਂ ਗਈਆਂ ਕੁਰਬਾਨੀਆਂ ਦੀ ਦਾਸਤਾਨ ਮੌਜੂਦ ਹੈ। ਮਹਾਨ ਸਿੱਖ ਸੂਰਵੀਰਾਂ ਦੀਆਂ ਸ਼ਹੀਦੀਆਂ ਦੇ ਸਿੱਟੇ ਵਜੋਂ ਹੀ ਕਦੇ ਨਾ ਅਸਤ ਹੋਣ ਵਾਲਾ 'ਬ੍ਰਿਟਿਸ਼ ਸਾਮਰਾਜ ਦਾ ਸੂਰਜ', ਸਦਾ ਲਈ ਛਿਪ ਗਿਆ ਸੀ। ਬਦਲੇ ਵਿੱਚ ਸਿੱਖਾਂ ਨੂੰ ਕੀ ਮਿਲਿਆ- 'ਗੁਲਾਮੀ'।ਧੱਕੇਸ਼ਾਹੀਆਂ ਅਤੇ ਜਬਰ ਤੋਂ ਤੰਗ ਆ ਕੇ ਸਿੱਖ ਆਪਣੇ ਆਜ਼ਾਦ ਦੇਸ਼ ਦੀ ਮੰਗ ਨਾ ਕਰਨ ਤਾਂ ਹੋਰ ਕੀ ਕਰਨ?
ਵਰਤਮਾਨ ਸਮੇਂ ਆਖਣ ਨੂੰ ਤਾਂ ਭਾਰਤ ਨੂੰ ਆਜ਼ਾਦੀ ਹੋਇਆ 76 ਵਰ੍ਹੇ ਬੀਤ ਚੁੱਕੇ ਹਨ, ਪਰ ਵਿਚਾਰਯੋਗ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ਦੇਸਵਾਸੀਆਂ ਨੇ 'ਆਜ਼ਾਦੀ ਦਾ ਨਿੱਘ' ਮਾਣਿਆਂ ਵੀ ਹੈ ਕਿ ਨਹੀਂ? ਕੁਰਬਾਨੀਆਂ ਦੇ ਇਤਿਹਾਸ ਪੱਖੋਂ ਦੇਸ਼ ਲਈ 95 ਫੀਸਦੀ ਸ਼ਹਾਦਤਾਂ ਦੇਣ ਵਾਲੀ ਪੰਜਾਬੀਆਂ ਨੂੰ 5 ਫੀਸਦੀ ਆਜ਼ਾਦ ਵਾਯੂ-ਮੰਡਲ ਵੀ ਨਸੀਬ ਨਹੀਂ ਹੋਇਆ। ਬੀਤੀ ਪੌਣੀ ਸਦੀ ਦੌਰਾਨ ਪੰਜਾਬੀਆਂ, 'ਖ਼ਾਸਕਰ ਸਿੱਖਾਂ' ਨੇ ਆਪਣੇ ਪਿੰਡੇ 'ਤੇ ਜੋ ਦਰਦ ਹੰਢਾਇਆ, ਉਸ ਬਾਰੇ ਸੋਚਦਿਆਂ ਉਹ ਕਿਵੇਂ ਤਿਰੰਗੇ ਨੂੰ ਸਲਾਮੀ ਦੇ ਸਕਦੇ ਹਨ? ਸੱਚ ਤਾਂ ਇਹ ਹੈ:
ਨਸਲਕੁਸ਼ੀ ਜੋ ਕਰ ਰਹੇ, ਸੱਤਾ ਵਿਚ ਮਗ਼ਰੂਰ।
ਕਹਿਣ 'ਤਿਰੰਗਾ ਚਾੜ੍ਹਿਓ', ਸਾਨੂੰ ਨਾ ਮਨਜ਼ੂਰ ।
ਅੱਜ ਭਾਰਤ ਦੀ ਦਸ਼ਾ ਇਹ ਹੈ ਕਿ ਆਰਥਿਕ ਪੱਖੋਂ ਦੇਸ਼ ਦਾ 5 ਫੀਸਦੀ ਵਸ਼ਿਸ਼ਟ ਤੇ ਅਮੀਰ (ਅਡਾਨੀ, ਅੰਬਾਨੀ) ਵਰਗ 95 ਫੀਸਦੀ ਧਨ 'ਤੇ ਕਾਬਿਜ਼ ਹੋਇਆ ਬੈਠਾ ਹੈ, ਜਦ ਕਿ ਮੁਲਕ ਦੀ ਪਚਾਨਵੇਂ ਫੀਸਦੀ ਆਬਾਦੀ ਪੰਜ ਫੀਸਦੀ ਸਰੋਤਾਂ 'ਤੇ ਜ਼ਿੰਦਗੀ ਬਸਰ ਕਰ ਰਹੀ ਹੈ। ਕੁੱਲੀ, ਗੁੱਲੀ ਤੇ ਜੁੱਲੀ ਲਈ ਤਰਸਦੇ ਗਰੀਬੀ ਦਾ ਸ਼ਿਕਾਰ ਲੋਕਾਂ ਨੂੰ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ ਤੇ ਮਾਸੂਮ ਬੱਚੇ ਭੁੱਖੇ ਪੇਟ ਰੋਂਦਿਆਂ ਸੌਂ ਜਾਂਦੇ ਹਨ, ਅਜਿਹੇ ਦੁਖਿਆਰਿਆਂ ਲਈ ਆਜ਼ਾਦੀ ਕੋਈ ਅਰਥ ਨਹੀਂ ਰੱਖਦੀ। ਸੱਚ ਤਾਂ ਇਹ ਹੈ ਕਿ ਬਹੁਤੇ ਦੇਸ਼-ਵਾਸੀਆਂ ਨੂੰ ਤਾਂ ਇਲਮ ਹੀ ਨਹੀਂ ਕਿ ਆਜ਼ਾਦੀ ਕਿਸ ਸ਼ੈਅ ਦਾ ਨਾਂ ਹੈ, ਬਲਕਿ ਹੈਰਾਨੀ ਭਰੇ ਲਹਿਜੇ 'ਚ ਉਹ ਕਵੀ ਗੁਰਦਾਸ ਰਾਮ 'ਆਲਮ' ਵਾਂਗ ਇਉਂ ਸੁਆਲ-ਜੁਆਬ ਕਰਦੇ ਹਨ
''ਕਿਉਂ ਬਈ ਨਿਹਾਲਿਆ! ਆਜ਼ਾਦੀ ਨਹੀਂ ਵੇਖੀ?
ਨਾ ਬਈ ਭਰਾਵਾ, ਨਾ ਖਾਧੀ ਨਾ ਵੇਖੀ।
ਆਈ ਨੂੰ ਭਾਵੇਂ ਕਈ ਸਾਲ ਬੀਤੇ,
ਪਰ ਅਸੀਂ ਤਾਂ ਅਜੇ ਤੱਕ ਦਰਸ਼ਨ ਨਹੀਂ ਕੀਤੇ।
ਅਖ਼ਬਾਰਾਂ 'ਚੋਂ ਪੜ੍ਹਿਆ ਜਰਵਾਣੀ ਜਿਹੀ ਏ,
ਕੋਈ ਸੋਹਣੀ ਨਹੀਂ, ਐਵੇਂ 'ਕਾਣੀ ' ਜਿਹੀ ਏ।''
1947 ਵਿੱਚ ਪਾਕਿਸਤਾਨ ਤੇ ਹਿੰਦੁਸਤਾਨ ਦੀ ਫਿਰਕੂ ਵੰਡ ਦੌਰਾਨ ਲੱਖਾਂ ਬੇਗੁਨਾਹ ਮਾਰੇ ਗਏ, ਪਰ 'ਆਜ਼ਾਦੀ' ਮਗਰੋਂ ਦੇਸ਼ ਦੀ ਫਿਰਕੂ ਰਾਜਨੀਤੀ ਦੇ ਸਿੱਟੇ ਵਜੋਂ ਇਹ ਫਸਾਦ ਘਟੇ ਨਹੀਂ, ਲਗਾਤਾਰ ਵੱਧਦੇ ਰਹੇ ਹਨ। ਦੇਸ਼ ਵਿੱਚ ਜੂਨ1984 ਵਿੱਚ ਦੁਖਾਂਤ ਤੇ ਮਗਰੋਂ ਬਾਬਰੀ ਮਸਜਿਦ ਦੁਖਾਂਤ ਅਜਿਹੀਆ ਫਿਰਕੂ ਅਤੇ ਦਰਦਨਾਕ ਘਟਨਾਵਾਂ ਹਨ, ਜੋ ਭਾਰਤ ਦੇ ਇਤਿਹਾਸ ਵਿੱਚ ਵੀਹਵੀਂ ਸਦੀ ਦੇ ਸਭ ਤੋਂ ਵੱਡੇ ਦੁਖਾਂਤ ਵਜੋਂ ਜਾਣੀਆਂ ਜਾਂਦੀਆਂ ਰਹਿਣਗੀਆਂ। ਸੱਤਾ ਦੇ ਧਰੁਵੀਕਰਨ ਦੀ ਕੋਹਝੀ ਤਸਵੀਰ ਦੇਖਣੀ ਹੋਵੇ, ਤਾਂ ਨਵੰਬਰ 1984 ਵਿੱਚ 'ਸਿੱਖ ਨਸਲਕੁਸ਼ੀ' ਦੇ ਦੁਖਾਂਤ ਹੋ ਸਪੱਸ਼ਟ ਹੋ ਜਾਂਦੀ ਹੈ। ਆਜ਼ਾਦ ਭਾਰਤ 'ਚ ਸਰਕਾਰੀ-ਤੰਤਰ ਦੀ ਆੜ 'ਚ ਹਜ਼ਾਰਾਂ ਸਿੱਖਾਂ ਦਾ ਕਤਲ ਹੋਇਆ, ਪਰ ਜਵਾਬ 'ਚ ਬਹੁਗਿਣਤੀ ਵੱਲੋਂ ਉਸ ਸਮੇਂ ਦੀ 'ਕਾਂਗਰਸ' ਨੂੰ ਸਭ ਤੋਂ ਵੱਡਾ ਬਹੁਮਤ ਹਾਸਿਲ ਹੋਇਆ। ਇਸ ਵਰਤਾਰੇ ਨੂੰ ਦੁਹਰਾਉਂਦੇ ਹੋਏ, ਸੰਨ 2002 ਵਿੱਚ ਗੁਜਰਾਤ ਅੰਦਰ ਮੁਸਲਿਮ ਕਤਲੇਆਮ ਹੋਇਆ, ਉਸ ਮਗਰੋਂ 'ਭਾਰਤੀ ਜਨਤਾ ਪਾਰਟੀ' ਨੂੰ ਬਹੁ-ਗਿਣਤੀ ਵੱਲੋਂ ਭਾਰੀ ਬਹੁਮਤ ਨਾਲ ਨਿਵਾਜਿਆ ਗਿਆ। ਅੱਜ ਦੇ ਸਮੇਂ ਮਨੀਪੁਰ ਵਿੱਚ ਵਾਪਰਿਆ ਦੁਖਾਂਤ ਵੀ 2024 ਦੀਆਂ ਚੋਣਾਂ ਵਿਚ ਮੁਸਲਿਮ ਬਨਾਮ ਹਿੰਦੂ ਪੱਤਾ ਖੇਡਣ ਦੀ ਸਾਜਿਸ਼ ਕਹੀ ਜਾ ਸਕਦੀ ਹੈ। ਹਿੰਦੂਤਵ ਦੇ ਏਜੰਡੇ ਅਧੀਨ 'ਹਿੰਦੀ, ਹਿੰਦੂ ਅਤੇ ਹਿੰਦੁਸਤਾਨ' ਦਾ ਢੰਡੋਰਾ ਪਿਟਦੇ ਦੇਸ਼ ਦੇ ਹਾਕਮ ਘੱਟ ਗਿਣਤੀਆਂ ਤੇ ਅੱਤਿਆਚਾਰ, ਧਾਰਾ 370 ਦਾ ਖਾਤਮਾ, ਸੀ.ਏ.ਏ. ਵਰਗੇ ਐਕਟਾਂ ਰਾਹੀਂ ਵੋਟਾਂ ਦੇ ਧਰੁਵੀਕਰਨ ਲਈ ਜ਼ਮੀਨ ਤਿਆਰ ਕਰ ਰਹੇ ਹਨ, ਜੋ ਕਿ ਦੇਸ਼ ਨੂੰ 'ਟੁਕੜੇ-ਟੁਕੜੇ' ਕਰਨ ਲਈ ਜ਼ਿੰਮੇਵਾਰ ਸਾਬਿਤ ਹੋਣਗੇ।
''ਬਸ ਏਕ ਹੀ ਉੱਲੂ ਕਾਫ਼ੀ ਥਾ,
ਬਰਬਾਦ ਗੁਲਸਿਤਾਂ ਕਰਨੇ ਕੋ
ਹਰ ਸ਼ਾਖ਼ ਪੇ ਉਲੂ ਬੈਠਾ ਹੈ,
ਅੰਜਾਮ -ਏ-ਗੁਲਸਿਤਾਂ ਕਿਆ ਹੋਗਾ?''
ਸ਼ਾਇਰ ਸ਼ੋਕ ਬਹਿਰਾਇਚੀ ਦਾ ਇਹ ਮਸ਼ਹੂਰ ਸ਼ੇਅਰ 'ਆਜ਼ਾਦੀ ਦੇ 76 ਸਾਲ' ਗੁਜ਼ਰ ਜਾਣ ਮਗਰੋਂ ਨਜ਼ਰ ਆ ਰਹੇ ਹਾਲਾਤ 'ਤੇ ਪੂਰਾ ਢੁਕਦਾ ਹੈ। ਦੇਸ਼ ਵਿੱਚ ਸਿਆਸਤਦਾਨਾਂ ਵੱਲੋਂ ਮਾਨਵਵਾਦ ਉਤੇ ਫਿਰਕੂਵਾਦ ਅਤੇ ਲੋਕਤੰਤਰ ਉਤੇ ਫਾਸ਼ੀਵਾਦ ਦੀ ਜਿੱਤ ਦਾ ਨੰਗਾ-ਚਿੱਟਾ ਪ੍ਰਚਾਰ ਕੀਤਾ ਜਾ ਰਿਹਾ ਹੈ। ਢਾਂਚਾਗਤ ਨਸਲਵਾਦ ਦਾ ਬੋਲਬਾਲਾ ਸਿਖ਼ਰਾਂ ਨੂੰ ਛੂਹ ਰਿਹਾ ਹੈ। ਬਹੁ-ਸੰਖਿਆਵਾਦ ਦੀ ਦਹਿਸ਼ਤਗਰਦੀ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਆਪਣੇ ਵਿੱਚ ਜਜ਼ਬ ਕਰਨ ਜਾਂ ਮੂਲੋਂ ਹੀ ਮਿਟਾਉਣ 'ਤੇ ਤੁਲੀ ਹੋਈ ਹੈ। ਸਰਕਾਰ ਦੀ ਅਲੋਚਨਾ ਕਰਨਾ ਸਭ ਤੋਂ ਵੱਡਾ ਜੁਰਮ ਹੈ। ਸੰਵਿਧਾਨ ਵਿਚਲੇ 'ਸੈਕੁਲਰਿਜ਼ਮ' ਭਾਵ ਧਰਮ ਨਿਰਪੱਖਤਾ ਦੇ ਸ਼ਬਦ ਚਾਹੇ ਲਿਖਤੀ ਰੂਪ 'ਚ ਅਜੇ ਹਟਾਏ ਨਹੀਂ ਗਏ, ਪਰ ਸੱਤਾ ਤੇ ਸਥਾਪਤੀ ਨੇ ਆਪਣੇ ਵਿਹਾਰ ਤੇ ਕਿਰਦਾਰ ਵਿਚੋਂ ਇਹ ਕਦੋਂ ਦੇ ਖਤਮ ਕਰ ਦਿੱਤੇ ਹਨ। ਜਦੋਂ 'ਵਾੜ ਹੀ ਖੇਤ ਨੂੰ ਖਾਣ' ਲੱਗ ਪਵੇ ਅਤੇ ਰੱਖਿਅਕ ਹੀ ਭੱਖਿਅਕ ਬਣ ਜਾਣ , ਤਾਂ ਪੀੜਤ ਦੇ ਬਚ ਸਕਣ ਦੀ ਆਸ ਮੁੱਕ ਜਾਂਦੀ ਹੈ। ਬਹੁ-ਸੰਖਿਆਵਾਦ ਦੀ ਦਹਿਸ਼ਤਗਰਦੀ ਹੋਰਨਾਂ ਕੌਮਾਂ ਦੀ ਜ਼ੁਬਾਨ ਅਤੇ ਪਛਾਣ ਨੂੰ ਆਪਣੇ ਵਿੱਚ ਜਜ਼ਬ ਕਰਨ ਜਾਂ ਮੂਲੋਂ ਹੀ ਮਿਟਾਉਣ 'ਤੇ ਤੁਲੀ ਹੋਈ ਹੈ। ਦੇਸ਼ ਦੇ ਸੈਂਕੜੇ ਬੁੱਧੀਜੀਵੀ ਯੁ.ਏ.ਪੀ.ਏ. ਵਰਗੇ ਕਾਲੇ ਕਾਨੂੰਨਾਂ ਅਧੀਨ ਜੇਲ੍ਹਾਂ 'ਚ ਡੱਕੇ ਹੋਏ ਹਨ। ਸਿੱਖ ਕੈਦੀ ਉਮਰ ਕੈਦਾਂ ਕੱਟਣ ਮਗਰੋਂ ਵੀ ਜੇਲ੍ਹਾਂ 'ਚ ਧੱਕੇ ਨਾਲ ਬੰਦ ਹਨ, ਜਿਹਨਾਂ ਦੀਆਂ ਰਿਹਾਈਆਂ ਨਹੀਂ ਹੋ ਰਹੀਆਂ।
ਚਿੰਤਕ ਜੇਲ੍ਹੀਂ ਬੰਦ ਨੇ, ਬੋਲਣ ਦਾ ਵੀ ਦੋਸ਼।
ਜਨਤਾ ਕੀਤੀ ਹਾਕਮਾਂ, ਸਿਵਿਆਂ ਵਾਂਗ ਖ਼ਾਮੋਸ਼।
1975 ਵਿੱਚ ਭਾਰਤ 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਾ ਕੇ ਲੋਕਰਾਜੀ ਤਾਕਤਾਂ ਨਸ਼ਟ ਕਰਨਾ ਅਜਿਹੀ ਮੰਦਭਾਗੀ ਕਾਰਵਾਈ ਸੀ, ਜਿਸਨੇ ਆਜ਼ਾਦੀ ਦਾ ਸਿਧਾਂਤ ਹੀ ਬਰਬਾਦ ਕਰ ਦਿੱਤਾ। ਅੱਜ ਵੀ ਦੇਸ਼ 'ਚ ਵੱਖ-ਵੱਖ ਸੂਬਿਆਂ ਅੰਦਰ ਕੇਂਦਰ ਦੇ ਨੁਮਾਇੰਦੇ ਰਾਜਪਾਲਾਂ ਰਾਹੀ, ਸਰਕਾਰਾਂ ਤੋੜਨ ਅਤੇ ਸਿਆਸੀ ਖਰੀਦੋ-ਫ਼ਰੋਖ਼ਤ ਦਾ ਧੰਦਾ ਜ਼ੋਰਾ ਤੇ ਚਲ ਰਿਹਾ ਹੈ। ਅੱਜ ਦੀ 'ਅਣ-ਐਲਾਨੀ ਐਮਰਜੈਂਸੀ' ਹੋਰ ਵੀ ਵਧੇਰੇ ਖ਼ਤਰਨਾਕ ਹੈ। ਐਮਰਜੈਂਸੀ ਵੇਲੇ ਇੰਦਰਾ ਗਾਂਧੀ ਬਾਰੇ ਪ੍ਰਸਿੱਧ ਸ਼ਾਇਰ ਡਾ ਦੁਸ਼ਯੰਤ ਕੁਮਾਰ ਤਿਆਗੀ ਨੇ ਜੋ ਲਿਖਿਆ ਸੀ, ਅੱਜ ਉਹ ਮੋਦੀ ਸਰਕਾਰ 'ਤੇ ਵੀ ਪੂਰਾ ਢੁੱਕਦਾ ਹੈ;
"ਏਕ 'ਗੁੜੀਆ' ਕੀ ਕਈ ਕਠਪੁਤਲੀਓਂ ਮੇਂ ਜਾਨ ਹੈ।
ਆਜ ਸ਼ਾਇਰ ਯੇਹ ਤਮਾਸ਼ਾ ਦੇਖ ਕੇ ਹੈਰਾਨ ਹੈ।
ਮਸਲ ਹਤ ਆਮੇਜ਼ ਹੋਤੇ ਹੈ ਸਿਆਸਤ ਕੇ ਕਦਮ
ਤੂ ਨਾ ਸਮਝੇਗਾ ਅਭੀ ਤੂ ਅਭੀ ਇਨਸਾਨ ਹੈ।
ਕੱਲ੍ਹ ਨੁਮਾਇਸ਼ ਮੇਂ ਮਿਲਾ ਵੋਹ ਚੀਥੜੇ ਪਹਿਨੇ ਹੋਏ
ਮੈਨੇ ਪੂਛਾ ਨਾਮ ਬੋਲਾ 'ਹਿੰਦੋਸਤਾਨ' ਹੈ।"
ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ, ਇਕ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਪੁੱਛਿਆ ਇਹ ਸਵਾਲ ਕਿ ਬਾਬਾ ਜੀ , ਤੁਹਾਡੀ ਕਮਰ ਝੁਕ ਗਈ ਹੈ, ਦੇ ਜਵਾਬ 'ਚ ਬਾਬਾ ਭਕਨਾ ਨੇ ਕਿਹਾ ਸੀ ਕਿ ਅੰਗਰੇਜ਼ ਤਾਂ ਉਨ੍ਹਾਂ ਦੀ ਪਿੱਠ 'ਚ ਕੁੱਬ ਨਾ ਪਾ ਸਕੇ, ਪਰ ਆਜ਼ਾਦ ਦੇਸ਼ ਦੀ ਆਪਣੀ ਸਰਕਾਰ ਨੇ ਜ਼ਰੂਰ ਪਾ ਦਿੱਤਾ । ਅੱਜ 76 ਵਰ੍ਹੇ ਬੀਤਣ ਮਗਰੋਂ ਜੇਲ੍ਹਾਂ ਅੰਦਰ ਤਾੜੇ ਬੁੱਧੀਜੀਵੀ, ਅਪਾਹਜ ਵਿਅਕਤੀ ਅਤੇ ਸਿਆਸੀ ਆਲੋਚਕ ਵੀ ਬਾਬਾ ਭਕਨਾ ਵਾਂਗ ਹੀ ਮਹਿਸੂਸ ਕਰ ਰਹੇ ਹਨ। 'ਸ਼ੇਰਾਂ ਦੀ ਮਾਰਾਂ ਤੇ ਗਿੱਦੜਾਂ ਦੀਆਂ ਕਲੋਲਾਂ' ਵਾਂਗ ਜਿਹੜੇ ਕੋੜਮੇ ਨੇ ਆਜ਼ਾਦੀ 'ਚ ਹਿੱਸਾ ਪਾਉਣ ਦੀ ਥਾਂ, ਅੰਗਰੇਜ਼ਪ੍ਰਸਤੀ ਕੀਤੀ, ਅੱਜ ਉਹ ਆਜ਼ਾਦੀ ਦੇ ਪ੍ਰਵਾਨਿਆਂ ਤੋਂ 'ਦੇਸ਼ ਪਿਆਰ' ਦੇ ਪ੍ਰਮਾਣ ਮੰਗ ਰਹੇ ਹਨ। ਦੇਸ਼ ਅੰਦਰ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਸਿਆਸਤ ਦਾ ਅਪਰਾਧੀਕਰਨ, ਭ੍ਰਿਸ਼ਟਾਚਾਰ, ਜਬਰ- ਜਿਨਾਹ ਅਤੇ ਥਾਂ-ਥਾਂ ਮਨੁੱਖੀ ਕਤਲੇਆਮ ਹੋ ਰਹੇ ਹਨ। ਅਜਿਹੀ ਹਾਲਤ 'ਚ ਹਰ ਬਸ਼ਰ ਦੇ ਜ਼ਿਹਨ 'ਚ ਅਲਾਮਾ ਇਕਬਾਲ ਦਾ ਇਹ ਸ਼ੇਅਰ ਚੋਟਾਂ ਮਾਰ ਰਿਹਾ ਹੈ,
''ਮੁੱਦੇ 'ਤੇ ਗੁਜ਼ਰੀ ਹੈ ਇਤਨੀ
ਰੰਜੋਗ਼ਮ ਸਹਿਤੇ ਹੂਏ।
ਸ਼ਰਮ ਸੀ ਆਤੀ ਹੈ
ਇਸ ਵਤਨ ਕੋ ਵਤਨ ਕਹਿਤੇ ਹੂਏ।''
ਇਹ ਉਹੀ ਪੀੜਾ ਹੈ, ਜਿਹੜੀ ਲੋਕਾਂ ਅੰਦਰ ਫਿਰਕੂ ਸਾਂਝ ਨੂੰ ਤੋੜਨ ਅਤੇ ਤਨਾਓ ਵਧਾਓਣ ਦੀ ਹਾਲਤ 'ਚ, ਨਾਸੂਰ ਬਣਦੀ ਹੈ। ਦਰਅਸਲ ਇਹ 'ਆਜ਼ਾਦੀ ਦਾ ਮਹਾਂਉਤਸਵ' ਨਹੀਂ, ਸਗੋਂ 'ਦੇਸ਼ ਨੂੰ ਹਿੰਦੂ ਰਾਸ਼ਟਰ' ਬਣਾਉਣ ਦਾ ਆਖ਼ਰੀ ਪੜਾਅ ਹੈ, ਜਿਸ ਵਿੱਚ ਵੰਨ-ਸੁਵੰਨਤਾ ਨੂੰ ਮਲੀਆਮੇਟ ਕਰਨ ਲਈ 'ਇਕ ਦੇਸ਼ ਇਕ ਭਾਸ਼ਾ' ਵਰਗੇ ਨਾਅਰੇ ਦਿੱਤੇ ਜਾ ਰਹੇ ਹਨ। ਫਿਰਕੂ ਪੱਧਰ 'ਤੇ ਭਾਈਚਾਰਿਆਂ ਨੂੰ ਵੰਡਣ ਵਾਲੇ ਕਾਨੂੰਨ ਅਤੇ ਕਈ ਹੋਰ ਘੁਣਤਰਾਂ ਹੋ ਰਹੀਆਂ ਹਨ। ਦੇਸ਼ ਦੇ ਕੱਟੜ ਫ਼ਿਰਕੂ ਸ਼ਾਸਕ ਜੋ ਤਬਾਹੀ ਕਰ ਰਹੇ ਹਨ, ਉਹ ਵੇਖਦਿਆਂ ਪ੍ਰੋ. ਮੋਹਨ ਸਿੰਘ ਦੇ ਬੋਲ ਯਾਦ ਆ ਰਹੇ ਹਨ ਕਿ ਕਿਸ ਤਰ੍ਹਾਂ ਵਤਨ ਵੀਰਾਨ ਹੋ ਗਿਆ ਤੇ ਰਾਖਾ ਸ਼ੈਤਾਨ ਬਣ ਗਿਆ ਹੈ ;
"ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ,
ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ
'ਕਲਯੁੱਗ ਹੈ ਰੱਥ ਅਗਨ ਦਾ', ਤੂੰ ਆਪ ਆਖਿਆ,
ਮੁੜ ਕੂੜ ਓਸ ਰੱਥ ਦਾ, ਰਥਵਾਨ ਹੋ ਗਿਆ ।
ਉਹ ਝੁਲੀਆਂ ਤੇਰੇ ਦੇਸ਼ ਤੇ ਮਾਰੂ ਹਨੇਰੀਆਂ,
ਉਡ ਕੇ ਅਸਾਡਾ ਆਹਲਣਾ ਕੱਖ ਕਾਨ ਹੋ ਗਿਆ
ਇਕ ਪਾਸੇ ਪਾਕ, ਪਾਕੀ, ਪਾਕਿਸਤਾਨ ਹੋ ਗਿਆ,
ਇਕ ਪਾਸੇ ਹਿੰਦੂ, ਹਿੰਦੀ, ਹਿੰਦੁਸਤਾਨ ਹੋ ਗਿਆ।"
ਕੋਆਰਡੀਨੇਟਰ, ਪੰਜਾਬੀ ਸਹਿਤ ਸਭਾ ਮੁਢਲੀ
ਐਬਟਸਫੋਰਡ ਬੀ ਸੀ ਕੈਨੇਡਾ