Ujagar Singh

ਮਨਮੋਹਨ ਸਿੰਘ ਦਾਊਂ ਦਾ ਕਾਵਿ ਸੰਗ੍ਰਹਿ ‘ਸ਼ਾਇਰੀ ਦਾ ਸਰਵਰ’ ਸੰਵੇਦਨਸ਼ੀਲਤਾ ਦਾ ਪ੍ਰਤੀਕ - ਉਜਾਗਰ ਸਿੰਘ

ਮਨਮੋਹਨ ਸਿੰਘ ਦਾਊਂ ਸਥਾਪਤ ਪ੍ਰਤੀਬੱਧ, ਸੰਵੇਦਨਸ਼ੀਲ ਤੇ ਵਿਸਮਾਦੀ ਸ਼ਾਇਰ ਹੈ, ਜਿਹੜਾ ਲਗਪਗ ਪਿਛਲੇ 55 ਸਾਲਾਂ ਤੋਂ ਆਪਣੀ ਮਾਂ ਬੋਲੀ ਦੀ ਸਾਹਿਤਕ ਮਹਿਕ ਨੂੰ ਆਪਣੀ ਸ਼ਾਇਰੀ ਰਾਹੀਂ ਸਮਾਜਿਕ-ਤਾਣੇ ਬਾਣੇ ਵਿੱਚ ਫ਼ੈਲਾਉਣ ਦਾ ਯਤਨ ਕਰ ਰਿਹਾ ਹੈ। ਉਸਦੇ ਇਸੇ ਯਤਨ ਦਾ ਨਤੀਜਾ ਹੈ ਕਿ ਉਹ ਹੁਣ ਤੱਕ ਆਪਣੀ ਮਾਂ-ਬੋਲੀ ਨੂੰ ਪ੍ਰਫ਼ੁਲਤ ਕਰਨ ਲਈ 13 ਕਾਵਿ-ਸੰਗ੍ਰਹਿ ਉਸਦੀ ਝੋਲੀ ਵਿੱਚ ਪਾ ਚੁੱਕਾ ਹੈ। ਚਰਚਾ ਅਧੀਨ ਉਸਦਾ ਕਾਵਿ-ਸੰਗ੍ਰਹਿ ‘ਸ਼ਾਇਰੀ ਦਾ ਸਰਵਰ’ ਇੱਕ ਵਿਲੱਖਣ ਕਿਸਮ ਦਾ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿੱਚ 29 ਕਵਿਤਾਵਾਂ ਹਨ। ਜ਼ਿੰਦਗੀ ਪ੍ਰਮਾਤਮਾ ਵੱਲੋਂ ਇੱਕ ਵਾਰ ਦਿੱਤਾ ਗਿਆ ਤੋਹਫ਼ਾ ਹੈ। ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਦਾ ਸਾਰੰਸ਼, ਇਸ ਇੱਕ ਵਾਰ ਮਿਲੇ ਤੋਹਫ਼ੇ ਦਾ ਇਨਸਾਨ ਨੂੰ ਸਹੀ ਇਸਤੇਮਾਲ ਕਰਨ ਦੀ ਤਾਕੀਦ ਕਰਦਾ ਹੈ।  ਮਨਮੋਹਨ ਸਿੰਘ ਦਾਊਂ ਦੀਆਂ ਕਵਿਤਾਵਾਂ ਸਿੰਬਾਲਿਕ, ਵਿਸਮਾਦੀ ਤੇ ਸੰਕੇਤਕ ਹਨ, ਇਨ੍ਹਾਂ ਦੇ ਭਾਵ ਅਰਥ ਸਮਝਣ ਲਈ ਸੁਚੇਤ ਦਿਮਾਗ਼ ਤੋਂ ਕੰਮ ਲੈਣਾ ਪੈਂਦਾ ਹੈ। ਅਸਿਧੇ ਢੰਗ ਨਾਲ ਸ਼ਾਇਰ ਸਮਾਜਿਕ ਸਰੋਕਾਰਾਂ ਦੀ ਵਕਾਲਤ ਕਰਦਾ ਹੈ। ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਵੀ ਬਹੁਤ ਹੀ ਸੰਵੇਦਨਸ਼ੀਲ ਅਦਿਖ ਸੰਦੇਸ਼ ਦਿੰਦੀਆਂ ਹਨ, ਜਿਨ੍ਹਾਂ ਬਾਰੇ ਮਨੁੱਖਤਾ ਨੂੰ ਜਾਨਣ ਦੀ ਲੋੜ ਹੈ। ਇੱਕ ਕਿਸਮ ਨਾਲ ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਇਨਸਾਨ ਨੂੰ ਜ਼ਿੰਦਗੀ ਜਿਉਣ ਦਾ ਢੰਗ ਦਸਦੀਆਂ ਹਨ। ਇਹ ਕਵਿਤਾਵਾਂ, ਇੱਕ ਦੂਜੀ ਕਵਿਤਾ ਦੀਆਂ ਪੂਰਕ ਹਨ, ਭਾਵ ਇਹ ਕਾਵਿ-ਸੰਗ੍ਰਹਿ ਇੱਕ ਲੰਬੀ ਕਵਿਤਾ ਦੀ ਤਰ੍ਹਾਂ ਹੈ, ਜਿਸ ਵਿੱਚ ਇਨ੍ਹਾਂ ਕਵਿਤਾਵਾਂ ਦੀ ਇੱਕ ਦੂਜੀ ਕਵਿਤਾ ਨਾਲ ਲੜੀ ਜੁੜਦੀ ਹੈ। ਮੁਖੱ ਤੌਰ ‘ਤੇ ਇਨਸਾਨੀ ਜੀਵਨ ਦੀ ਸੁਯੋਗ ਵਰਤੋਂ ਦੇ ਨੁਕਤੇ ਦੱਸੇ ਗਏ ਹਨ। ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਗੁਰਮਤਿ ਦੇ ਸਿਧਾਂਤ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ‘ਤੇ ਅਧਾਰਤ ਹਨ। ਭਾਵ ਪਵਣੁ ਗੁਰੂ ਹੈ, ਜੋ ਇਨਸਾਨ ਨੂੰ ਜੀਵਨ ਦਿੰਦੀ ਹੈ, ਜੀਵਾਂ ਦੀ ਆਤਮਾ ਹੈ। ਪਾਣੀ ਪਿਤਾ ਹੈ, ਪਿਉ ਹੈ ਅਤੇ ਧਰਤੀ ਮਾਂ ਹੈ, ਜਿਸ ਤੋਂ ਇਨਸਾਨ ਦੀ ਉਤਪਤੀ ਹੁੰਦੀ ਹੈ। ਇਸ ਕਾਵਿ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਗੁਰਮਤਿ ਦੇ ਇਸੇ ਸਿਧਾਂਤ ਦੇ ਆਲੇ ਦੁਆਲੇ ਘੁੰਮਦੀਆਂ ਹਨ। ਗੁਰਬਾਣੀ ਜੋ ਮਨੁੱਖ ਨੂੰ ਪ੍ਰੇਰਨਾ ਦਿੰਦੀ ਹੈ, ਉਹ ਸਾਰੀ ਇਨ੍ਹਾਂ ਕਵਿਤਾਵਾਂ ਰਾਹੀਂ ਸ਼ਾਇਰ ਨੇ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਸਮਾਜ ਵਿੱਚ ਜੋ ਕੁਰੀਤੀਆਂ ਹਨ, ਉਨ੍ਹਾਂ ‘ਤੇ ਕਾਬੂ ਪਾਉਣ ਲਈ ਇਨ੍ਹਾਂ ਕਵਿਤਾਵਾਂ ਵਿੱਚ ਸਿੱਖਿਆ ਦਿੱਤੀ ਗਈ ਹੈ। ਇਹ ਕਵਿਤਾਵਾਂ ਇਨਸਾਨੀਅਤ ਨੂੰ ਕੁਦਰਤ ਵੱਲੋਂ ਦਿੱਤੀਆਂ ਗਈਆਂ ਸੁਗਾਤਾਂ ਦਾ ਮੁੱਲ ਪਾਉਣ ਲਈ ਪ੍ਰੇਰਦੀਆਂ ਹਨ, ਕਿਉਂਕਿ ਵਰਤਮਾਨ ਆਧੁਨਿਕਤਾ ਦੇ ਸਮੇਂ ਦੀ ਲਪੇਟ ਵਿੱਚ ਆਈ ਲੋਕਾਈ, ਉਨ੍ਹਾਂ ਨਿਆਮਤਾਂ ਤੋਂ ਮੂੰਹ ਮੋੜ ਰਹੀ ਹੈ। ਲੋਕਾਈ ਨੂੰ ਅਹਿਸਾਸ ਕਰਵਾਉਣ ਲਈ ਸ਼ਾਇਰ ਇਨ੍ਹਾਂ ਕਵਿਤਾਵਾਂ ਰਾਹੀਂ ਦਰਸਾ ਰਿਹਾ ਹੈ ਕਿ ਕੁਦਰਤ ਇਹ ਨਿਆਮਤਾਂ ਨੂੰ ਇਨਸਾਨੀਅਤ ਦੇ ਹਵਾਲੇ ਕਰਕੇ ਸੰਤੁਸ਼ਟ ਹੈ, ਪ੍ਰੰਤੂ ਲੋਕਾਈ ਇਨ੍ਹਾਂ ਦੀ ਅਹਿਮੀਅਤ ਨੂੰ ਅਣਡਿਠ ਕਰਦੀ ਹੋਈ, ਇਨ੍ਹਾਂ ਨਾਲ ਖਿਲਵਾੜ ਕਰ ਰਹੀ ਹੈ, ਇਨ੍ਹਾਂ ਅਨੁਸਾਰ ਵਿਚਰ ਨਹੀਂ ਰਹੀ। ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ‘ਮਿੱਟੀ’ ਵਿੱਚ ਸ਼ਾਇਰ ਮਿੱਟੀ ਵੱਲੋਂ ਆਪਣੇ ਆਪਨੂੰ ਲੋਕਾਈ ਅੱਗੇ ਸਮਰਪਣ ਕਰਕੇ ਇਹ ਦਰਸਾਇਆ ਗਿਆ ਹੈ ਕਿ ਮਿੱਟੀ ਹੀ ਇਨਸਾਨ ਨੂੰ ਅਨੇਕ ਰੂਪਾਂ ਵਿੱਚ ਜੀਵਨ ਦੇ ਰਹੀ ਹੈ। ਅਸਿਧੇ ਢੰਗ ਨਾਲ ਸ਼ਾਇਰ ਨੇ ਮਿੱਟੀ ਦੇ ਯੋਗਦਾਨ ਬਾਰੇ ਤਿੱਖੇ ਤੀਰ ਇਨਸਾਨੀਅਤ ਨੂੰ ਜਗਾਉਣ ਲਈ  ਮਾਰੇ ਹਨ। ਕਵਿਤਾ ਦਾ ਇੱਕ-ਇੱਕ ਸ਼ਬਦ ਅਰਥ ਭਰਪੂਰ ਹੈ। ਜੇ ਮਿੱਟੀ ਨਾ ਹੋਵੇ ਤਾਂ ਇਨਸਾਨ ਨੂੰ ਜਿਹੜੀਆਂ ਨਿਆਮਤਾਂ ਮਿਲ ਰਹੀਆਂ ਹਨ, ਉਨ੍ਹਾਂ ਤੋਂ ਵਾਂਝੇ ਹੋ ਕੇ ਜੀਣਾ ਦੁੱਭਰ ਹੋ ਜਾਵੇਗਾ। ਇਸ ਲਈ ਲੋਕਾਈ ਨੂੰ ਮਿੱਟੀ ਦੇ ਮੁੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਤੇ ਇਸਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ‘ਹਵਾ’ ਸਿਰਲੇਖ ਵਾਲੀ ਕਵਿਤਾ ਵਿੱਚ ਕੁਦਰਤ ਵੱਲੋਂ ਦਿੱਤੀ ਗਈ, ਹਵਾ ਦੀ ਨਿਆਮਤ ਅਤਿਅੰਤ ਕੀਮਤੀ ਹੈ, ਇਸਦੀ ਕੀਮਤ ਤੇ ਅਹਿਮੀਅਤ ਨੂੰ ਸਮਝਕੇ ਜੀਵਨ ਵਿੱਚ ਵਿਚਰਨਾ ਚਾਹੀਦਾ ਹੈ। ਹਵਾ ਜ਼ਿੰਦਗੀ ਹੈ, ਇਸਨੂੰ ਪਲੀਤ ਨਾ ਕੀਤਾ ਜਾਵੇ। ਇਹ ਭਾਵੇਂ ਵਿਖਾਈ ਨਹੀਂ ਦਿੰਦੀ, ਪ੍ਰੰਤੂ ਇਹ ਜੀਵਨ ਦੀ ਹੋਂਦ ਦੀ ਪ੍ਰਤੀਕ ਹੈ। ਇਸਤੋਂ ਬਿਨਾ ਕਿਸੇ ਵੀ ਜੀਵ ਅਤੇ ਬਨਸਪਤੀ ਦੀ ਉਤਪਤੀ ਸੰਭਵ ਹੀ ਨਹੀਂ। ਇਹ ਜ਼ਿੰਦਗੀ ਦਾ ਸਾਹ-ਰਗ ਹੈ। ‘ਪਾਣੀ’ ਸਿਰਲੇਖ ਵਾਲੀ ਕਵਿਤਾ ਇਹ ਦਰਸਾਉਂਦੀ ਹੈ ਕਿ ਭਾਵੇਂ ਇਸਦਾ ਕੋਈ ਰੰਗ, ਰੂਪ ਤੇ ਆਕਾਰ ਨਹੀਂ ਪ੍ਰੰਤੂ ਜ਼ਿੰਦਗੀ ਨੂੰ ਰੰਗੀਨ, ਸੁਹਾਵਣੀ ਅਤੇ ਮਹਿਕ ਵਾਲੀ ਬਣਾਉਣ ਵਿੱਚ ਇਸਦਾ ਯੋਗਦਾਨ ਅਣਡਿਠ ਨਹੀਂ ਕੀਤਾ ਜਾ ਸਕਦਾ। ਇਨਸਾਨ ਨੂੰ ਪਾਣੀ ਦੀ ਤਰ੍ਹਾਂ ਨਿਮਰ, ਸਾਊ ਤੇ ਸਹਿਣਸ਼ੀਲ ਬਣਨਾ ਚਾਹੀਦਾ ਹੈ। ਇਹ ਸਰੀਰਕ ਤੇ ਮਾਨਸਿਕ ਪਿਆਸ ਬੁਝਾਉਂਦਾ ਹੈ। ਇਨਸਾਨ ਨੂੰ ਵੀ ਇਸੇ ਤਰ੍ਹਾਂ ਮਨੁੱਖਤਾ ਦੀ ਭਲਾਈ ਲਈ ਨਿਮਰ ਤੇ ਸ਼ਹਿਨਸ਼ੀਲ ਬਣਕੇ ਵਿਚਰਨਾ ਚਾਹੀਦਾ ਹੈ। ‘ਮਾਂ’ ਸਿਰਜਣਾ ਦਾ ਪ੍ਰਤੀਕ ਹੈ, ਰੱਬ ਵਰਗੀ ਹੁੰਦੀ ਹੈ, ਸਜੀਵ ਜ਼ਿੰਦਗੀ ਦਾ ਸਰੂਪ ਹੁੰਦੀ ਹੈ, ਜਿਹੜੀ ਆਪਣੇ ਖ਼ੂਨ ਨਾਲ ਸਿਰਜਣਾ ਕਰਕੇ ਸਾਧਨਾ ਨਾਲ ਨਿਸ਼ਕਾਮ ਸੇਵਾ ਕਰਦੀ ਹੈ। ਮਨ ਦੀ ਸਾਫ਼-ਪਾਕਿ-ਪਵਿਤਰ, ਸੁੱਚੀ-ਸੁੱਚੀ ਸੁਹਿਰਦ ਤੇ ਸਮਾਜ ਦੇ ਨਕਸ ਸਿਰਜਦੀ ਹੈ। ਘਰ ਮਾਂ ਦੀ ਵਿਦਵਤਾ ਨਾਲ ਹੀ ਬਣਦਾ ਹੈ। ਅਪਣੱਤ ਤੇ ਪੱਤ ਦੀ ਨਿੱਘ ਭਰੀ ਗੋਦ ਦੀ ਨੇਕੀ ਦਾ ਬੱਚਾ ਮੁੱਲ ਨਹੀਂ ਮੋੜ ਸਕਦਾ। ਤਿਆਗ਼ ਦੀ ਮੂਰਤ ਹੁੰਦੀ ਹੈ। ਇਸੇ ਤਰ੍ਹਾਂ ‘ਚੀਕ’ ਕਵਿਤਾ ਵੀ ਮਾਂ ਦੀ ਮਮਤਾ ਦੀ ਸਿਰਜਣਾਤਮਿਕ ਦੇਣ ਦੀ ਪ੍ਰੀਨਿਧਤਾ ਕਰਦੀ ਹੈ। ਕਵਿਤਾ ਰਾਹੀਂ ਸ਼ਾਇਰ ਨੇ ਇਨਸਾਨ ਨੂੰ ਆਪਣੀ ਜਨਮਦਾਤੀ ਦਾ ਅਹਿਸਾਨਮੰਦ ਰਹਿਣ ਦੀ ਪ੍ਰੇਰਨਾ ਦਿੱਤੀ ਹੈ। ‘ਆਲਾ’ ਸਿਰਲੇਖ ਵਾਲੀ ਕਵਿਤਾ ਮਾਂ ਨੂੰ ਜੀਵਨ ਦਾ ਦੀਵਾ ਕਹਿੰਦੀ ਹੈ, ਜਿਹੜੀ ਰੌਸ਼ਨੀ ਦੀਆਂ ਕਿਰਨਾ ਨਾਲ ਸਮਾਜ ਨੂੰ ਖ਼ੁਸ਼ਹਾਲ ਤੇ ਪ੍ਰਫ਼ੁੱਤ ਕਰਦੀ ਹੈ। ਵਿਰਾਸਤ ਨਾਲੋਂ ਟੁੱਟਣਾ ਮਾਂ ਦਾ ਅਹਿਸਾਨ ਭੁਲ ਜਾਣ ਦੇ ਬਰਾਬਰ ਹੈ। ‘ਖ਼ੁਸ਼ੀ’ ਕਵਿਤਾ ਵੀ ਮਾਂ ਤੇ ਪਤਨੀ ਬੱਚੇ ਦੀ ਸਫ਼ਲ ਉਡਾਰੀ ਮਾਰਨ ਵਿੱਚ ਮੋਹਰੀ ਦੀ ਭੂਮਿਕਾ ਨਿਭਾਉਂਦੀਆਂ ਹਨ। ‘ਖਾਮੋਸ਼ੀ’ ਕਵਿਤਾ ਜ਼ਿੰਦਗੀ ਦੇ ਅਨੇਕਾਂ ਰੰਗਾਂ ਦੀ ਸਤਰੰਗੀ ਪੀਂਘ ਪੇਸ਼ ਕਰਦੀ ਹੈ। ਇਸ ਕਵਿਤਾ ਵਿੱਚ ਲੜਕੀਆਂ ਦੀ ਜ਼ਿੰਦਗੀ ਦੀ ਤ੍ਰਾਸਦੀਆਂ ਦੀਆਂ ਪਰਤਾਂ ਖੋਲ੍ਹੀਆਂ ਗਈਆਂ ਹਨ, ਕਿਉਂਕਿ ਇਸਤਰੀਆਂ ਨੂੰ ਅਨੇਕ ਕਿਸਮ ਦੇ ਤਸੀਹਿਆਂ ਤੇ ਜ਼ਿਆਦਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ‘ਪਿਆਰ’ ਸਿਰਲੇਖ ਵਾਲੀ ਕਵਿਤਾ ਵਿੱਚ ਸ਼ਾਇਰ ਪਿਆਰ ਨੂੰ ਸਮੁੱਚੇ ਇਨਸਾਨੀ ਜੀਵਨ ਦੀ ਸਫ਼ਲਤਾ ਦਾ ਆਧਾਰ ਮੰਨਦਾ ਹੈ। ਸੱਚਾ-ਸੁੱਚਾ ਪਿਆਰ ਦੋ ਆਤਮਾਵਾਂ ਦੀਆਂ ਰੂਹਾਂ ਦਾ ਸੁਮੇਲ ਹੁੰਦਾ ਹੈ। ਇਹ ਭਿੰਨ-ਭੇਦ, ਜ਼ਾਤ-ਪਾਤ, ਰੰਗ-ਰੂਪ, ਸ਼ਕਲ-ਸੂਰਤ, ਬ੍ਰਿਹਾ-ਵਸਲ, ਦਿੱਖ-ਅਦਿਖ ਦਾ ਅੰਤਰ ਮਿਟਾ ਦਿੰਦਾ ਹੈ। ਸੰਤੁਸ਼ਟੀ ਦਾ ਸਮਰਪਣ ਹੁੰਦਾ ਹੈ। ਦੋਸਤੀ, ਚੁੱਪ, ਹੋਂਦ, ਇਕੱਲ ਤੇ ਨੀਂਦਰ ਜ਼ਿੰਦਗੀ ਵੱਖ-ਵੱਖ ਰੰਗਾਂ ਦੇ ਅੰਤਰ ਦਾ ਦ੍ਰਿਸ਼ਟਾਂਤਿਕ ਪ੍ਰਮਾਣ ਹਨ। ਦੋਸਤੀ ਖ਼ੁਦਗਰਜੀਆਂ, ਤਲਖ਼ੀਆਂ, ਸੰਕਟ ਨੂੰ ਦੂਰ ਕਰਨ ਦਾ ਸਾਧਨ ਬਣਦੀ ਹੈ। ਇਹ ਕਵਿਤਾਵਾਂ ਧਰਮ, ਜ਼ਾਤ, ਫ਼ਿਰਕਿਆਂ ਆਦਿ ਦੇ ਅੰਤਰ ਖ਼ਤਮ ਕਰਕੇ ਸਦਭਾਵਨਾ ਪੈਦਾ ਕਰਨ ਦਾ ਪ੍ਰਮਾਣ ਬਣਦੀਆਂ ਹਨ।  ਸ਼ਾਇਰ ਨੇ ‘ਸੰਗੀਤ’, ‘ਚਿੱਤਰਕਲਾ’ ਅਤੇ ਸ਼ਾਇਰੀ ਕਵਿਤਾਵਾਂ ਵਿੱਚ ਦਰਸਾਇਆ ਹੈ ਕਿ ਇਹ ਮਾਨਸਿਕ ਭਾਵਨਾਵਾਂ ਦੀ ਖ਼ੁਰਾਕ ਹਨ, ਇਹ ਜ਼ਿੰਦਗੀ ਵਿੱਚ ਰੂਹਾਨੀਅਤ ਅਤੇ ਵਿਸਮਾਦ ਪੈਦਾ ਕਰਕੇ ਉਸਨੂੰ ਬਸਰ ਕਰਨ ਲਈ ਰਸਦਾਇਕ ਬਣਾਉਂਦੀਆਂ ਹਨ। ‘ਬਿਰਖ਼’ ਅਤੇ ‘ਬੋਲ’ ਕਵਿਤਾਵਾਂ ਵਿੱਚ ਦੱਸਿਆ ਗਿਆ ਹੈ ਕਿ ਇਹ ਰੋਜ਼ਾਨਾ ਜੀਵਨ ਵਿੱਚ ਵਰਤੀਆਂ ਜਾਣ ਵਾਲੀਆਂ ਅਨੇਕਾਂ ਨਿਆਮਤਾਂ ਦਿੰਦੇ ਹਨ, ਅਣਗਿਣਤ ਤਸੀਹੇ ਵੀ ਚੁੱਪ-ਚਾਪ ਬਰਦਾਸ਼ਤ ਕਰਦੇ ਹਨ। ਇਨਸਾਨ ਨੂੰ ਬਿਰਖ਼ਾਂ ਤੋਂ ਕੁਝ ਤਾਂ ਸਿੱਖਿਆ ਲੈਣੀ ਚਾਹੀਦੀ ਹੈ। ਇਨਸਾਨ ਨੂੰ ਬੋਲ ਭੜਾਸ ਨਹੀਂ ਸਗੋਂ ਨਾਪ ਤੋਲ ਕੇ ਬੋਲਣ ਦੀ ਵੀ ਤਾਕੀਦ ਕਰਦੇ ਹਨ। ‘ਮਨੁੱਖ’ ਕਵਿਤਾ ਬਹੁਤ ਹੀ ਸੰਵੇਦਨਸ਼ੀਲ ਹੈ, ਮਨੁੱਖ ਨੂੰ ਕੁੱਤੇ, ਬਾਰਸ਼, ਪੰਛੀਆਂ, ਮਿੱਟੀ, ਫੁੱਲਾਂ, ਹਵਾ, ਰੁੱਖਾਂ ਅਤੇ ਪਹਾੜਾਂ ਤੋਂ ਸਬਕ ਲੈਣ ਦੀ ਪ੍ਰੇਰਨਾ ਕਰਦੀ ਹੈ। ‘ਸੁਪਨਾ’ ਕਵਿਤਾ ਵਿੱਚ ਜ਼ਿੰਦਗੀ ਵਿੱਚ ਅਧੂਰੀਆਂ ਇਛਾਵਾਂ ਨੂੰ ਪੂਰਤੀ ਲਈ ਸ੍ਰੋਤ ਹੁੰਦਾ ਹੈ, ਪ੍ਰੰਤੂ ਇਸ ਕਵਿਤਾ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਲਾਰੇ ਟਾਲ ਮਟੋਲ ਕਰਨ ਦਾ ਸਾਧਨ ਬਣਦੇ ਹਨ। ‘ਰਾਹ’ ਜ਼ਿੰਦਗੀ ਦੇ ਦੁੱਖਾਂ ਅਤੇ ਸੁੱਖਾਂ ਦੀ ਦਾਸਤਾਂ ਹੈ, ਨਿਸ਼ਾਨੇ ਦੀ ਪ੍ਰਾਪਤੀ ਦਾ ਸਾਧਨ ਵੀ ਹੈ ਅਤੇ ਮਿਹਨਤਾਂ ਨਾਲ ਰਾਹ ਬਣਾਏ ਜਾ ਸਕਦੇ ਹਨ। ‘ਕੁੰਜੀ’ ਰਿਸ਼ਤਿਆਂ ਨੂੰ ਬਰਕਰਾਰ ਰੱਖਣ ਦੀ ਤਕਨੀਕ ਹੈ। ‘ਰੀਣ’ ਬਹੁਤ ਹੀ ਭਾਵਨਾਤਮਿਕ ਕਵਿਤਾ ਹੈ, ਜਿਸ ਵਿੱਚ ਦਰਸਾਇਆ ਹੈ ਕਿ ਮਿਹਨਤ ਦੀ ਕੋਠਾਲੀ ਵਿੱਚ ਲੰਘਿਆ ਇਨਸਾਨ ਖ਼ਰਾ ਸੋਨਾ ਬਣ ਸਕਦਾ ਹੈ। ਮਨਮੋਹਨ ਸਿੰਘ ਦਾਊਂ ਦਾ ਇਹ ਕਾਵਿ ਸੰਗ੍ਰਹਿ ਉਸਦੇ ਵਿਅਤਿਤਵ ਦਾ ਸ਼ੀਸ਼ਾ ਹੈ।
     88 ਪੰਨਿਆਂ, 200 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ ਮਨਮੋਹਨ ਸਿੰਘ ਦਾਊਂ : 9815123900
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48@yahoo.com

ਯਾਦਵਿੰਦਰ ਸਿੰਘ ਕਲੌਲੀ ਦਾ ਕਾਵਿ-ਸੰਗ੍ਰਹਿ 'ਅਹਿਸਾਸਾਂ ਦੀ ਗੰਢ' ਸਮਾਜਿਕਤਾ ਦੀ ਹੂਕ - ਉਜਾਗਰ ਸਿੰਘ

ਯਾਦਵਿੰਦਰ ਸਿੰਘ ਕਲੌਲੀ ਸਮਾਜਿਕਤਾ ਦੇ ਰੰਗ ਵਿੱਚ ਰੰਗਿਆ ਕਵੀ ਹੈ। ਉਸਨੂੰ ਪ੍ਰਗਤੀਵਾਦੀ ਕਵੀ ਕਹਿ ਸਕਦੇ ਹਾਂ, ਕਿਉਂਕਿ ਉਸ ਦੀਆਂ ਕਵਿਤਾਵਾਂ ਲੋਕ ਹਿੱਤਾਂ 'ਤੇ  ਪਹਿਰਾ ਦੇਣ ਵਾਲੀਆਂ ਹਨ। ਇਨ੍ਹਾਂ ਕਵਿਤਾਵਾਂ ਨੂੰ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਉਹ ਲੋਕਾਈ ਦੀ ਸਮਾਜਿਕ, ਆਰਥਿਕ ਅਤੇ ਮਾਨਸਿਕ ਪੀੜ ਦੀ ਭਾਵਨਾ ਦਾ ਪ੍ਰਗਟਾਵਾ ਕਰਨ ਵਾਲੀਆਂ ਕਵਿਤਾਵਾਂ ਲਿਖਦਾ ਹੈ। ਇਸ ਕਾਵਿ-ਸੰਗ੍ਰਹਿ ਵਿੱਚ 68 ਨਿੱਕੀਆਂ-ਵੱਡੀਆਂ ਕਵਿਤਾਵਾਂ ਹਨ, ਪ੍ਰੰਤੂ ਇਹ ਕਵਿਤਾਵਾਂ ਭਾਵਪੂਰਤ ਹਨ। ਨਿੱਕੀਆਂ ਕਵਿਤਾਵਾਂ ਵਿੱਚ ਵੱਡੀਆਂ ਗੱਲਾਂ ਕੀਤੀਆਂ ਗਈਆਂ ਹਨ। ਯਾਦਵਿੰਦਰ ਸਿੰਘ ਕਲੌਲੀ ਦਾ ਇਹ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਵਿਚਲੀਆਂ ਕਵਿਤਾਵਾਂ ਇਨਸਾਨੀਅਤ ਦੇ ਹਿੱਤਾਂ ਦੀ ਰਾਖੀ ਕਰਨ ਵਾਲੀਆਂ ਕਵਿਤਾਵਾਂ ਲਿਖਦਾ ਹੈ, ਕਿਉਂਕਿ ਉਹ ਆਪਣੇ ਪਿੰਡ ਦਾ ਸਰਪੰਚ ਰਿਹਾ ਹੈ, ਇਸ ਲਈ ਲੋਕਾਈ ਦੀਆਂ ਸਮੱਸਿਆਵਾਂ ਤੋਂ ਭਲੀ ਭਾਂਤ ਜਾਣੂੰ ਹੈ। ਇਸ ਤੋਂ ਇਲਾਵਾ ਉਹ ਗੁਰਸ਼ਰਨ ਸਿੰਘ ਨਾਟਕਕਾਰ ਦੇ ਪ੍ਰਗਤੀਸ਼ੀਲ ਨਾਟਕਾਂ ਵਿੱਚ ਅਦਾਕਾਰੀ ਕਰਦਾ ਰਿਹਾ ਹੈ। ਇਹ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਕਵਿਤਾਵਾਂ ਦੇ ਵਿਸ਼ੇ ਮਨੁੱਖੀ ਰਿਸ਼ਤਿਆਂ ਵਿੱਚ ਤ੍ਰੇੜਾਂ, ਸਮਾਜਿਕ ਨਾ ਬਰਾਬਰੀ, ਵਾਤਾਵਰਨ, ਕੁਦਰਤ, ਪੌਣ ਪਾਣੀ, ਰੁੱਖਾਂ ਤੇ ਪੰਛੀਆਂ ਦੀ ਸੰਭਾਲ, ਚਾਪਲੂਸੀ, ਗ਼ਰੀਬੀ, ਜ਼ਿੰਦਗੀ ਦੀ ਜਦੋਜਹਿਦ, ਜ਼ਬਰ ਜ਼ੁਲਮ, ਸਿਆਸਤਦਾਨਾ ਦਾ ਮੁੱਦਿਆਂ ਤੋਂ ਭਟਕਣਾ ਅਤੇ ਇਨਸਾਫ਼ ਆਦਿ ਹਨ। 'ਉਹ ਕਿੱਸੇ' ਸਿਰਲੇਖ ਵਾਲੀ ਪਹਿਲੀ ਕਵਿਤਾ ਵਿੱਚ ਲਿਖਦਾ ਹੈ ਕਿ ਸਫ਼ਲਤਾ ਪ੍ਰਾਪਤ ਕਰਨ ਲਈ ਮਿਹਨਤ ਕਰਨੀ ਪੈਂਦੀ ਹੈ। ਇੱਕ ਸ਼ਿਅਰ ਹੈ:
ਖਾਲੀ ਖੀਸੇ 'ਚ ਲੱਭਦਾ ਸੀ ਸੰਸਾਰ, ਹਰ ਪਗਡੰਡੀ ਤੇ ਚੇਤੇ ਆਏ, ਉਹ ਕਿੱਸੇ।
ਜਦ ਕਦੇ ਵੀ ਘੇਰਿਆ ਹਨ੍ਹੇਰਿਆਂ ਨੇ, ਔਕੜ ਵੇਲੇ ਦੋਸਤ ਬਣ, ਸਾਥ ਨਿਭਾਏ, ਉਹ ਕਿੱਸੇ।
ਇਸ ਸ਼ਿਅਰ ਦੀ ਗੰਭੀਰਤਾ ਵੇਖਣ ਵਾਲੀ ਹੈ ਕਿ ਮੁਸੀਬਤਾਂ ਦੇ ਹਨ੍ਹੇਰਿਆਂ ਸਮੇਂ ਕੋਈ ਸਾਥ ਨਹੀਂ ਦਿੰਦਾ, ਸਿਰਫ਼ ਮਿਹਨਤ ਹੀ ਰਾਸ ਆਉਂਦੀ ਹੈ, ਸਫ਼ਲਤਾ ਤੋਂ ਬਾਅਦ ਹਰ ਇੱਕ ਸਾਥ ਦੇਣ ਲਈ ਤਿਆਰ ਹੁੰਦਾ ਹੈ, ਜਦੋਂ ਇਨਸਾਨ ਮੁਸ਼ਕਲਾਂ 'ਤੇ ਕਾਬੂ ਪਾ ਲੈਂਦਾ ਹੈ।   ਸਮਾਜਿਕ ਤਾਣੇ-ਬਾਣੇ ਵਿੱਚ ਰਿਸ਼ਤਿਆਂ ਵਿੱਚ ਗਿਰਾਵਟ ਆ ਗਈ ਹੈ। ਕਿਸੇ 'ਤੇ ਵੀ ਇਤਬਾਰ ਕਰਨ ਤੋਂ ਡਰ ਲੱਗਦਾ ਹੈ। ਕਵੀ ਨੇ ਦਸ 'ਕੁਝ ਹੋਰ', ਉਹ ਕਿੱਸੇ', 'ਭਾ ਜੀ', 'ਆਹ ਵਾਲੀ', 'ਔਖੇ ਪੈਂਡੇ', 'ਤੇਰੇ ਸ਼ਹਿਰ ਦੇ ਲੋਕ', 'ਹੋਰ', 'ਤੇਰੀ ਟੋਲੀ', 'ਖਾਸ ਚਿਹਰੇ'  ਕਵਿਤਾਵਾਂ ਵਿੱਚ  ਰਿਸ਼ਤਿਆਂ ਨੂੰ ਅਣਡਿਠ ਕਰਨ ਦਾ ਦ੍ਰਿਸ਼ਟਾਂਤਿਕ ਦ੍ਰਿਸ਼ ਪੇਸ਼ ਕੀਤਾ ਹੈ। ਕਿਵੇਂ ਲੋਕ ਆਪਣਿਆਂ ਤੋਂ ਔਖੇ ਸਮੇਂ ਮੂੰਹ ਮੋੜ ਲੈਂਦੇ ਹਨ। ਇਹ ਕਵਿਤਾਵਾਂ ਸਮਾਜਿਕ ਰਿਸ਼ਤਿਆਂ ਵਿੱਚ ਆਈ ਖਟਾਸ ਦਾ ਨਮੂਨਾ ਹਨ। 'ਕਾਇਨਾਤ' ਕਵਿਤਾ ਵਿੱਚ ਕਵੀ ਨੇ ਬੜੇ ਅਹਿਮ ਨੁਕਤੇ ਮਹਿੰਗਾਈ, ਬੇਰੋਜ਼ਗਾਰੀ, ਵਿਦਿਆ ਦਾ ਵਿਓਪਾਰ, ਗ਼ਰੀਬੀ, ਜਿਸਮਾਨੀ ਸ਼ੋਸ਼ਣ, ਬਦਲੇ ਦੀ ਭਾਵਨਾ, ਹੰਕਾਰ, ਗ਼ਲਤ ਰਸਮੋ ਰਿਵਾਜ਼ ਅਤੇ ਸਿਆਸਤਦਾਨਾ ਦਾ ਮੁੱਦਿਆਂ ਤੋ ਭਟਕਣਾ ਆਦਿ ਉਠਾਏ ਹਨ। ਇਸ ਤੋਂ ਕਵੀ ਦੀ ਆਪਣੇ ਸਮਾਜ ਦੇ ਹਿੱਤਾਂ ਦੀ ਪ੍ਰਤੀਨਿਧਤਾ ਕਰਨ ਦੀ ਰੁਚੀ ਦਾ ਪਤਾ ਲੱਗਦਾ ਹੈ। ਇਹ ਨੁਕਤੇ ਜ਼ਿੰਦਗੀ ਨੂੰ ਸਿੱਧੇ ਰਸਤੇ ਜਾਣ ਤੋਂ ਰੋਕਦੇ ਹਨ। ਰੁੱਖਾਂ, ਹਵਾਵਾਂ ਅਤੇ ਪੰਛੀਆਂ ਦੀ ਸਾਂਭ ਸੰਭਾਲ ਦੀ ਚੇਤਨਾ ਪੈਦਾ ਕਰਨ ਵਾਲੀਆਂ 'ਸੁਣਲੋ ਜ਼ਰਾ', 'ਬਿਰਖਾਂ ਸੰਗ ਵੰਡਾਂ', 'ਖ਼ੁਸ਼ਹਾਲੀ' ਅਤੇ 'ਪਰਿੰਦੇ' ਚਾਰ ਕਵਿਤਾਵਾਂ ਹਨ, ਜਿਹੜੀਆਂ ਸਮਾਜ ਨੂੰ ਰੁੱਖਾਂ, ਸਾਫ਼ ਸੁਥਰੀਆਂ ਹਵਾਵਾਂ ਤੇ ਪੰਛੀਆਂ ਦੀ ਹੋਂਦ ਨੂੰ ਬਰਕਰਾਰ ਰੱਖਣ ਦੀ ਪ੍ਰੇਰਨਾ ਦਿੰਦੀਆਂ ਹਨ।  ਰੁੱਖ, ਹਵਾ ਅਤੇ ਪਰਿੰਦੇ ਆਪਣੀਆਂ ਨਿਆਮਤਾਂ ਦੀ ਖ਼ੁਸ਼ਬੋ ਵੰਡਣ ਲਈ ਦੇਸ਼ਾਂ ਦੀਆਂ ਸਰਹੱਦਾਂ ਦੇ ਮੁਹਤਾਜ ਨਹੀਂ ਹੁੰਦੇ। ਸ਼ਾਇਰ ਨੇ ਦੇਸ਼ ਦੀ ਵੰਡ ਦੇ ਸੰਤਾਪ ਦਾ ਪ੍ਰਗਟਾਵਾ ਵੀ ਕੀਤਾ ਹੈ, ਕਿਉਂਕਿ ਇਨਸਾਨੀਅਤ ਦਾ ਖ਼ੂਨ ਡੁੱਲਣ ਨਾਲ ਵੰਡੀਆਂ ਨਹੀਂ ਪਾਈਆਂ ਜਾ ਸਕਦੀਆਂ। ਦੋਹਾਂ ਦੇਸ਼ਾਂ ਦੇ ਲੋਕ ਗਲਵਕੜੀਆਂ ਪਾਉਣਾ ਚਾਹੁਦੇ ਹਨ। ਨਸ਼ਿਆਂ ਦੇ ਪ੍ਰਕੋਪ ਬਾਰੇ ਵੀ ਕਵੀ ਨੇ ਕਈ ਕਵਿਤਾਵਾਂ ਵਿੱਚ ਦੁੱਖ ਪ੍ਰਗਟਾਇਆ ਹੈ ਜਿਵੇਂ 'ਚਿੱਟਾ ਨੱਚੇ' ਕਵਿਤਾ ਵਿੱਚ ਪੰਜਾਂ ਪਾਣੀਆਂ ਦੀ ਪਵਿਤਰਤਾ ਨੂੰ ਕਾਲਖ਼ ਦੀ ਬਦਲੀ ਨੇ ਪਲੀਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਰਕੇ ਨਸ਼ਿਆਂ ਦਾ ਛੇਵਾਂ ਦਰਿਆ ਵੱਗਣ ਲੱਗਿਆ ਹੈ। ਕਈ ਘਰ ਤਬਾਹ ਹੋ ਗਏ ਹਨ।  ਯਾਦਵਿੰਦਰ ਸਿੰਘ ਕਲੌਲੀ ਦੀਆਂ ਕਵਿਤਾਵਾਂ ਵੀ ਬਹੁ-ਰੰਗੀ ਹਨ, ਜਿਥੇ ਨਸ਼ਿਆਂ ਦੀ ਦਲਦਲ ਦੀ ਗੱਲ ਕਰਦਾ ਹੈ, ਉਥੇ ਹੀ ਕਿਰਤੀਆਂ ਦੀ ਬਾਤ ਪਾਉਂਦਾ 'ੳੁੱਠ ਕਿਰਤੀਆ' ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦਾ ਹੈ, ਕਿਰਤੀਆ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ, ਸਭ ਲੋਕ ਅਮੀਰਾਂ ਦੇ ਮੁੱਦਈ ਬਣਦੇ ਹਨ। ਤੁਹਾਨੂੰ ਇੱਕਮੁੱਠਤਾ ਨਾਲ ਹਿੰਮਤ ਕਰਨੀ ਪਵੇਗੀ, ਕਿਉਂਕਿ ਏਕੇ ਵਿੱਚ ਬਰਕਤ ਹੁੰਦੀ ਹੈ, ਤੂੰ ਸੰਸਾਰ ਲਈ ਅਨਾਜ ਪੈਦਾ ਕਰਦਾ ਹੈਂ ਤੇ ਖੁਦ ਤੰਗੀਆਂ ਤਰੁਸ਼ੀਆਂ ਦਾ ਸਾਹਮਣਾ ਕਰਦਾ ਹੈਂ। ਤਰਲੇ ਮਿੰਨਤਾਂ ਕਰਨ ਦੀ ਲੋੜ ਨਹੀਂ, ਸਗੋਂ ਕਾਫ਼ਲਾ ਬਣਾਕੇ ਚਲੋ ਸਫ਼ਲਤਾ ਤੁਹਾਡੇ ਪੈਰ ਚੁੰਮੇਗੀ। ਸਿਆਸਤਦਾਨ ਤਾਂ ਧਰਮਾ, ਜ਼ਾਤਾਂ, ਫਿਰਕਿਆਂ, ਮੰਦਰਾਂ ਮਸਜਿਦਾਂ ਦੀਆਂ ਵੰਡੀਆਂ ਪਾ ਕੇ ਰਾਜ ਕਰਦੇ ਹਨ। ਲੋਕਾਂ ਦੇ ਹਿੱਤਾਂ ਤੇ ਪਹਿਰਾ ਨਹੀਂ ਦਿੰਦੇ। ਚੋਣਾਂ ਮੌਕੇ ਵਾਅਦੇ ਕਰਦੇ ਹਨ, ਪ੍ਰੰਤੂ ਉਨ੍ਹਾਂ ਦੇ ਵਾਅਦੇ ਕਦੀਂ ਵਫ਼ਾ ਨਹੀਂ ਹੁੰਦੇ। ਇਸਦੇ ਨਾਲ ਹੀ ਕਵੀ ਨਫ਼ਰਤਾਂ ਦੇ ਬੀਜ ਬੀਜਣ ਵਾਲਿਆਂ ਤੋਂ ਲੋਕਾਈ ਨੂੰ ਸੁਚੇਤ ਰਹਿਣ ਦੀ ਤਾਕੀਦ ਵੀ ਕਰਦਾ ਹੈ। ਨਫ਼ਰਤਾਂ ਇਨਸਾਨੀਅਤ ਦੀ ਸੋਚ ਦਾ ਨੁਕਸਾਨ ਕਰਦੀਆਂ ਹਨ। ਸਦਭਾਵਨਾ ਦਾ ਮਾਹੌਲ ਤਰੱਕੀ ਦਾ ਪ੍ਰਤੀਕ ਹੁੰਦਾ ਹੈ। ਹਾਕਮ ਧਿਰ ਹਮੇਸ਼ਾ ਪੁੱਠੀ ਖੇਡ ਖੇਡਦੀ ਰਹਿੰਦੀ ਹੈ। ਨਿਖੱਟੂ ਤੇ ਵਿਹਲੜ ਸਰਕਾਰਾਂ ਦਾ ਸਾਥ ਦਿੰਦੇ ਹਨ। ਲੋਕ ਮੁਖੌਟੇ ਪਾਈ ਫਿਰਦੇ ਹਨ, ਦੋਹਰੇ ਕਿਰਦਾਰਾਂ ਨਾਲ ਜ਼ਿੰਦਗੀ ਜਿਓ ਰਹੇ ਹਨ, ਜਿਸਦਾ ਇਨਸਾਨੀਅਤ ਨੂੰ ਨੁਕਸਾਨ ਹੁੰਦਾ ਹੈ। 'ਸਿਖਰ ਦੀ ਪੌੜੀ' ਕਵਿਤਾ ਵਿੱਚ ਲੋਕਾਈ ਨੂੰ ਜਾਗ੍ਰਤ ਕਰਦਾ ਕਵੀ ਕਹਿੰਦਾ ਹੈ ਕਿ ਤੇਰੇ ਰਸਤੇ ਵਿੱਚ ਭਾਵੇਂ ਕੰਡੇ ਬੜੇ ਹਨ, ਪ੍ਰੰਤੂ ਤੂੰ ਅਜੇ ਸਿਖਰ ਦੀ ਪੌੜੀ ਚੜ੍ਹਨਾ ਹੈ, ਇਸ ਲਈ ਭਾਈਵਾਲੀ ਨਾਲ ਅੱਗੇ ਵੱਧਦਾ ਰਹਿ, ਧਰਮਾ ਵਾਲੇ ਤੇਰੇ ਰਸਤੇ ਵਿੱਚ ਰੋੜਾ ਬਣਨਗੇ, ਡਰਨਾ ਨਹੀਂ। ਡੇਰਾਵਾਦ ਬਾਰੇ 'ਫਿਰ ਚੱਲਿਆ' ਕਵਿਤਾ ਵਿੱਚ ਦੱਸਦਾ ਹੈ ਕਿ ਚਿੱਟੇ ਚੋਲੇ ਪਾ ਕੇ ਮਹਿੰਗੀਆਂ ਗੱਡੀਆਂ ਵਿੱਚ ਆਨੰਦ ਮਾਣਦੇ ਫਿਰਦੇ ਹਨ, ਪ੍ਰੰਤੂ ਸਦਭਾਵਨਾ ਦੀ ਥਾਂ ਲੋਕਾਈ ਨੂੰ ਗੁੰਮਰਾਹ ਕਰਕੇ ਆਪਣਾ ਕਾਰੋਬਾਰ ਕਰਦੇ ਹਨ। ਇੱਕ ਹੋਰ 'ਗੱਲ ਸੁਣੀ ਏ' ਕਵਿਤਾ ਵਿੱਚ ਕਵੀ ਲਿਖਦਾ ਹੈ ਕਿ ਮੁਖੌਟੇ ਪਾ ਕੇ ਇਹ ਸਫ਼ੈਦ ਪੋਸ਼ਾਂ ਦੇ ਪਹਿਰਾਵੇ ਵਿੱਚ ਲੋਕਾਈ ਨੂੰ ਨੋਚ-ਨੋਚ ਕੇ ਖਾ ਜਾਂਦੇ ਹਨ। ਏਸੇ ਤਰ੍ਹਾਂ 'ਝਗੜਾ ਅੰਦਰ ਦਾ' ਕਵਿਤਾ ਵਿੱਚ ਵੀ ਸਫ਼ੈਦ ਪੋਸ਼ਾਂ ਦੇ ਕਿਰਦਾਰ ਬਾਰੇ ਦੱਸਿਆ ਗਿਆ ਹੈ। ਇਨ੍ਹਾਂ ਤੋਂ ਬਚਣ ਦੀ ਇਹ ਕਵਿਤਾ ਤਾਕੀਦ ਕਰਦੀ ਹੈ। ਲੋਕ ਮੌਕਾਪ੍ਰਸਤ ਹਨ। ਆਧੁਨਿਕ ਦੌਰ ਵਿੱਚ ਇਨਸਾਨ ਬਹੁਤ ਹੀ ਖ਼ੁਦਗਰਜ਼ ਹੋ ਗਿਆ ਹੈ, ਕਵੀ ਨੇ ਖੁਦਗਰਜ਼ੀ ਨਾਲ ਸੰਬੰਧਤ 'ਤੇਰੀਆਂ ਰਾਹਵਾਂ', 'ਰੋਹ' ਅਤੇ 'ਖਾਸ ਚਿਹਰੇ', ਕਵਿਤਾਵਾਂ ਵਿੱਚ ਦੱਸਿਆ ਹੈ ਕਿ ਔਖੇ ਸਮੇਂ ਦੋਸਤ ਵੀ ਕੰਮ ਨਹੀਂ ਆਉਂਦੇ। ਲੋਕ ਨਿੱਜੀ ਲਾਭ ਲਈ ਹੀ ਤੁਹਾਡਾ ਸਾਥ ਦਿੰਦੇ ਹਨ। ਸਮਾਜਿਕ ਸਰੋਕਾਰਾਂ ਦੀਆਂ ਕਵਿਤਾਵਾਂ ਤੋਂ ਇਲਾਵਾ 'ਵਿਖਾਵੇ ਵਿੱਚ',  'ਕੰਡਿਆਂ ਵਾਂਗੂੰ ਖੜ੍ਹੇ ਲੂੰ', 'ਚਿੱਠੀ', 'ਤੇਰੇ ਕਿੱਸੇ', 'ਰੌਣਕ', 'ਸੌਦਾ ਜ਼ਿੰਦਗੀ ਦਾ', 'ਛੋਹ ਜਿਹਾ' ਅਤੇ 'ਜੋਗੀ' ਅੱਠ  ਕਵਿਤਾਵਾਂ ਰੁਮਾਂਸਵਾਦ ਨਾਲ ਸੰਬੰਧਤ ਵੀ ਹਨ।
ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਭਵਿਖ ਵਿੱਚ ਯਾਦਵਿੰਦਰ ਸਿੰਘ ਕਲੌਲੀ ਤੋਂ ਹੋਰ ਬਿਹਤਰੀਨ ਕਵਿਤਾਵਾਂ ਲਿਖਕੇ ਮਾਂ ਬੋਲੀ ਦੀ ਝੋਲੀ ਵਿੱਚ ਪਾਉਣ ਦੀ ਆਸ ਕੀਤੀ ਜਾ ਸਕਦੀ ਹੈ।
80 ਪੰਨਿਆਂ, 150 ਰੁਪਏ ਕੀਮਤ ਵਾਲਾ ਇਹ ਕਾਵਿ-ਸੰਗ੍ਰਹਿ ਜੇ ਪੀ. ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ। ਸੰਪਰਕ ਯਾਦਵਿੰਦਰ ਸਿੰਘ ਕਲੌਲੀ : 954143625 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ   ਮੋਬਾਈਲ-94178 13072   ujagarsingh48yahoo.com

ਹੜ੍ਹ ਪੀੜਤਾਂ ਲਈ ਪੰਜਾਬੀਆਂ ਨੇ ਖ਼ਜਾਨਿਆਂ ਦੇ ਮੂੰਹ ਖੋਲ੍ਹ ਦਿੱਤੇ -  ਉਜਾਗਰ ਸਿੰਘ

ਕੇਂਦਰ ਸਰਕਾਰ ਨੂੰ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਨੂੰ ਰਾਸ਼ਟਰੀ ਆਫ਼ਤ ਐਲਾਨਣਾ ਚਾਹੀਦਾ ਹੈ। ਭਾਖੜਾ ਡੈਮ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ ਤਿੰਨ ਫੁੱਟ ਦੂਰ ਰਹਿ ਗਿਆ ਹੈ। ਪੌਂਗ ਤੇ ਰਣਜੀਤ ਸਾਗਰ ਡੈਮਾਂ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚ ਗਿਆ ਹੈ। ਰਾਵੀ, ਬਿਆਸ ਅਤੇ ਸਤਲੁਜ ਦਰਿਆ ਵੀ ਖ਼ਤਰੇ ਦੇ ਨਿਸ਼ਾਨ 'ਤੇ ਵਹਿ ਰਹੇ ਹਨ। ਘੱਗਰ ਵੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਹੀ ਹੈ। ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਅਤਿਅੰਤ ਗੰਭੀਰ ਹੋ ਗਈ ਹੈ। ਪੰਜਾਬੀਆਂ ਦੀ ਇੱਕ ਖ਼ੂਬਸੂਰਤ ਖ਼ੂਬੀ ਹੈ ਕਿ ਭਾਵੇਂ ਉਹ ਆਪ ਪੀੜਤ ਹੋਣ, ਪ੍ਰੰਤੂ ਤਾਂ ਵੀ ਦੂਜਿਆਂ ਦੀ ਮਦਦ ਕਰਨ ਲਈ ਤਿਆਰ  ਰਹਿੰਦੇ ਹਨ। ਵਰਤਮਾਨ ਹੜ੍ਹਾਂ ਦੌਰਾਨ ਜਦੋਂ ਹੜ੍ਹ ਪੀੜਤਾਂ ਨੂੰ ਰਾਹਤ ਸਮਗਰੀ ਦੇਣ ਲਈ ਲੋਕ ਜਾਂਦੇ ਸਨ ਤਾਂ ਉਹ ਉਨ੍ਹਾਂ ਦੀ ਪੂਰੀ ਆਓ ਭਗਤ ਕਰਦੇ ਸਨ। ਇਹ ਪੰਜਾਬੀਆਂ ਦੀ ਸੰਤੁਸ਼ਟਤਾ ਦੀ ਨਿਸ਼ਾਨੀ ਹੈ। ਪੰੰਜਾਬੀ ਕੁਦਰਤੀ ਆਫ਼ਤ ਦਾ ਮੁਕਾਬਲਾ ਪਹਿਲੀ ਵਾਰ ਨਹੀਂ ਕਰ ਰਹੇ। ਅੰਤਰਰਾਸ਼ਟਰੀ ਸਰਹੱਦ ਅਤੇ ਪਹਾੜਾਂ ਦੇ ਨਜ਼ਦੀਕ ਭੂਗੋਲਿਕ ਸਥਿਤੀ ਹੋਣ ਕਰਕੇ ਉਹ ਹਮੇਸ਼ਾ ਮੁਸੀਬਤਾਂ ਨਾਲ ਨਿਪਟਦੇ ਰਹਿੰਦੇ ਹਨ। ਪੰਜਾਬੀਆਂ ਨੇ 1955, 1988, 1993 ਅਤੇ 2023 ਵਿੱਚ ਵੀ ਹੜ੍ਹਾਂ ਦੀ ਕੁਦਰਤੀ ਆਫ਼ਤ ਦੇ ਪ੍ਰਕੋਪ ਦਾ ਸੰਤਾਪ ਹੰਢਾਇਆ ਹੈ। ਬੇਸ਼ੁਮਾਰ ਤਬਾਹੀ ਤੋਂ ਬਾਅਦ ਵੀ ਉਹ ਮੁੜ ਆਪਣੇ ਪੈਰਾਂ 'ਤੇ ਖੜ੍ਹੇ ਹੋ ਜਾਂਦੇ ਹਨ, ਕਿਉਂਕਿ ਪੰਜਾਬੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਨੇ ਆਪਣੀ ਮੁਸੀਬਤ ਦਾ ਮੁਕਾਬਲਾ ਕਰਨ ਦੀ ਸਮਰੱਥਾ ਤਾਂ ਦਿੱਤੀ ਹੀ ਹੈ, ਪ੍ਰੰਤੂ ਪੰਜਾਬੀ ਤਾਂ ਸੰਸਾਰ ਵਿੱਚ ਕਿਸੇ ਵੀ ਦੇਸ਼ ਵਿੱਚ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਮੋਹਰੀ ਬਣਕੇ ਲੋਕਾਈ ਦੀ ਸੇਵਾ ਲਈ ਤਤਪਰ ਹੋ ਜਾਂਦੇ ਹਨ। ਪੰਜਾਬ ਦੀ ਵਰਤਮਾਨ ਸਥਿਤੀ ਪਹਿਲੀਆਂ ਕੁਦਰਤੀ ਆਫ਼ਤਾਂ ਨਾਲੋਂ ਬਹੁਤ ਜ਼ਿਆਦਾ ਖ਼ਤਰਨਾਕ ਬਣੀ ਹੋਈ ਹੈ। ਪੰਜਾਬ ਦੇ ਤਿੰਨੋ ਦਰਿਆਵਾਂ ਸਤਲੁਜ, ਰਾਵੀ ਅਤੇ ਬਿਆਸ ਤੋਂ ਇਲਾਵਾ ਘੱਗਰ, ਟਾਂਗਰੀ, ਮਾਰਕੰਡਾ, ਰਜਵਾਹਿਆਂ, ਨਾਲਿਆਂ, ਚੋਆਂ ਵਿੱਚ ਵਧੇਰੇ ਮਾਤਰਾ ਵਿੱਚ ਪਾਣੀ ਆ ਜਾਣ ਕਰਕੇ ਉਨ੍ਹਾਂ ਦੇ ਆਲੇ ਦੁਆਲੇ ਵਸਣ ਵਾਲੇ ਪਿੰਡਾਂ ਦੇ ਵਸਿੰਦਿਆਂ ਦੇ ਘਰਾਂ, ਫਸਲਾਂ, ਮਨੁਖੀ ਜਾਨਾ ਅਤੇ ਪਸ਼ੂਆਂ ਦਾ ਬੇਅੰਤ ਨੁਕਸਾਨ ਹੋਇਆ ਹੈ। ਇਹ ਨੁਕਸਾਨ ਪੂਰਾ ਤਾਂ ਨਹੀਂ ਹੋ ਸਕਦਾ, ਪ੍ਰੰਤੂ ਹੌਸਲਾ ਹਾਰਕੇ ਵੀ ਕੁਝ ਨਹੀਂ ਬਣਦਾ। ਬਿਆਸ ਦਰਿਆ ਦੇ ਪਾਣੀ ਨੇ ਸਭ ਤੋਂ ਵਧੇਰੇ ਨੁਕਸਾਨ ਪਹੁੰਚਾਇਆ ਹੈ। ਇਸ ਲਈ ਪੰਜਾਬੀਆਂ ਨੇ ਹਰ ਅਣਸੁਖਾਵੇਂ ਹਾਲਤ ਦਾ ਮੁਕਾਬਲਾ ਕਰਨ ਦੀ ਠਾਣ ਲਈ ਹੈ। ਪੰਜਾਬੀ ਹੀ ਪੰਜਾਬੀਆਂ ਦੇ ਮਦਦਗਾਰ ਬਣ ਰਹੇ ਹਨ।
ਪੰਜਾਬ ਦੇ ਕਿਸੇ ਜ਼ਿਲ੍ਹੇ ਵਿੱਚ ਜਦੋਂ ਵੀ ਕੋਈ ਗੰਭੀਰ ਕੁਦਰਤੀ ਆਫ਼ਤ ਆਉਂਦੀ ਹੈ ਤੇ ਉਥੋਂ ਦੇ ਲੋਕਾਂ ਨੂੰ ਅਣਸੁਖਾਵੇਂ ਹਾਲਾਤ ਵਿੱਚੋਂ ਲੰਘਦਿਆਂ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਲੋਕਾਂ ਵਿੱਚ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ 'ਤੇ ਗੁੱਸਾ ਤੇ ਰੋਸ ਜ਼ਰੂਰ ਆਉਂਦਾ ਹੈ। ਉਨ੍ਹਾਂ ਦਾ ਗੁੱਸਾ ਸਹੀ ਵੀ ਹੁੰਦਾ ਹੈ। ਵੈਸੇ ਅਜਿਹੀ ਪੁਜੀਸ਼ਨ ਹਰ ਕੁਦਰਤੀ ਆਫ਼ਤ ਵਿੱਚ ਵੇਖਣ ਨੂੰ ਮਿਲਦੀ ਹੈ, ਭਾਵੇਂ ਜ਼ਿਲ੍ਹਾ ਪ੍ਰਸ਼ਾਸ਼ਨ ਜਿੰਨਾ ਮਰਜ਼ੀ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰੇ। ਇਹ ਸਮਾਂ ਸਰਕਾਰਾਂ ਦੀ ਅਣਗਹਿਲੀਆਂ ਦੀ ਨਿੰਦਿਆ ਕਰਨ ਦਾ ਨਹੀਂ, ਸਗੋਂ ਲੋਕਾਂ ਦੀ ਬਾਂਹ ਫੜ੍ਹਨ ਦਾ ਸਮਾਂ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਸਰਕਾਰਾਂ ਦੀ ਅਣਗਹਿਲੀ ਨਹੀਂ, ਬਿਲਕੁਲ ਸਰਕਾਰ ਫੇਲ੍ਹ ਹੋਈ ਹੈ। ਪ੍ਰੰਤੂ ਹੁਣ ਇੱਕ ਦੂਜੇ 'ਤੇ ਦੋਸ਼ ਲਗਾਉਣ ਦਾ ਸਮਾਂ ਨਹੀਂ। ਸਿਆਸਤਦਾਨਾ ਨੂੰ ਕੁਦਰਤੀ ਆਫ਼ਤ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਸਿਆਸਤ ਕਰਨ ਲਈ ਹੋਰ ਬਥੇਰੇ ਮੁੱਦੇ ਮਿਲਦੇ ਰਹਿਣਗੇ। ਇਸ ਸਮੇਂ ਪੰਜਾਬ ਦੇ 12 ਜ਼ਿਲ੍ਹਿਆਂ ਤਰਨਤਾਰਨ, ਫ਼ਾਜਿਲਕਾ, ਅੰਮ੍ਰਿਤਸਰ, ਗੁਰਦਾਸਪੁਰ, ਫ਼ੀਰੋਜ਼ਪੁਰ, ਹੁਸ਼ਿਆਰਪੁਰ, ਪਠਾਨਕੋਟ, ਕਪੂਰਥਲਾ, ਰੋਪੜ, ਮੋਹਾਲੀ, ਮੋਗਾ, ਬਰਨਾਲਾ, ਸੰਗਰੂਰ, ਮਾਨਸਾ ਅਤੇ ਪਟਿਆਲਾ ਜ਼ਿਲ੍ਹੇ ਸਭ ਤੋਂ ਜ਼ਿਆਦਾ ਪ੍ਰਭਾਵਤ ਹਨ।  ਕੁਲ 1400 ਪਿੰਡ ਹੜ੍ਹਾਂ ਨਾਲ ਪ੍ਰਭਾਵਤ ਹੋਏ ਹਨ, ਗੁਰਦਾਸਪੁਰ ਦੇ ਸਭ ਤੋਂ ਵੱਧ 324 ਪਿੰਡ, ਮਾਨਸਾ 163, ਕਪੂਰਥਲਾ 152, ਅੰਮ੍ਰਿਤਸਰ 135, ਹੁਸ਼ਿਆਰਪੁਰ 119   ਪਿੰਡ ਪਾਣੀ ਦੀ ਮਾਰ ਵਿੱਚ ਆਏ ਹਨ। ਹੁਣ ਤੱਕ ਪੰਜਾਬ ਵਿੱਚ 30 ਮੌਤਾਂ ਹੋ ਚੁੱਕੀਆਂ ਹਨ, 2.50 ਲੱਖ ਏਕੜ ਰਕਬੇ ਵਿੱਚ ਫ਼ਸਲ ਦਾ ਨੁਕਸਾਨ ਹੋਇਆ ਹੈ, 50 ਹਜ਼ਾਰ ਏਕੜ ਨਰਮਾ ਤਬਾਹ ਹੋ ਗਿਆ ਹੈ? ਇਕੱਲੀਆਂ ਫ਼ਸਲਾਂ ਦਾ 3200 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਬਾਕੀ ਹੋਰ ਨੁਕਸਾਨ ਵੱਖਰਾ ਹੈ। 3.00 ਲੱਖ ਲੋਕ ਪ੍ਰਭਾਵਤ ਹੋਏ ਹਨ, 174 ਅਸਥਾਈ ਰਾਹਤ ਕੈਂਪ ਸਥਾਪਤ ਕੀਤੇ ਹਨ, ਜਿਨ੍ਹਾਂ ਵਿੱਚ 7400 ਪ੍ਰਭਾਵਤ ਲੋਕਾਂ ਨੂੰ ਠਹਿਰਾਇਆ ਗਿਆ ਹੈ, ਭਾਰਤੀ ਫ਼ੌਜ ਦੀਆਂ 10 ਪਲਾਟੂਨਾਂ, 35 ਹੈਲੀਕਾਪਟਰ, ਐਨ.ਡੀ.ਆਰ.ਐਫ਼ ਦੀਆਂ 20 ਟੀਮਾਂ ਅਤੇ 818 ਮੈਡੀਕਲ ਟੀਮਾਂ ਲੋਕਾਂ ਨੂੰ ਬਚਾਉਣ ਵਿੱਚ ਲੱਗੀਆਂ ਹੋਈਆਂ ਹਨ। 20000 ਲੋਕਾਂ ਨੂੰ ਹੜ੍ਹਾਂ ਦੇ ਪਾਣੀ 'ਚੋਂ ਬਾਹਰ ਕੱਢਿਆ ਗਿਆ ਹੈ। ਮਰਨ ਵਾਲੇ ਬੇਜ਼ੁਬਾਨ ਪਸ਼ੂਆਂ ਦੀ ਗਿਣਤੀ ਵੀ 350 ਦੇ ਕਰੀਬ ਪਹੁੰਚ ਗਈ ਹੈ, 60 ਹਜ਼ਾਰ ਪਸ਼ੂ ਪ੍ਰਭਾਵਤ ਹੋਏ ਦੱਸੇ ਜਾ ਰਹੇ ਹਨ, ਪ੍ਰੰਤੂ ਹੜ੍ਹ ਦਾ ਪਾਣੀ ਘੱਟਣ ਤੋਂ ਬਾਅਦ ਅਸਲੀ ਗਿਣਤੀ ਦਾ ਪਤਾ ਚਲ ਸਕੇਗਾ।
ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ 9 ਜ਼ਿਲ੍ਹਿਆਂ ਵਿੱਚ ਇਸਤਰੀਆਂ ਡਿਪਟੀ ਕਮਿਸ਼ਨਰ ਹਨ। ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਆਪਣੀਆਂ ਪ੍ਰਸ਼ਾਸ਼ਨਿਕ ਟੀਮਾ ਨਾਲ ਬਚਾਓ ਕਾਰਜਾਂ ਵਿੱਚ ਲੱਗੇ ਹੋਏ ਹਨ, ਪ੍ਰੰਤੂ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਲੋਕਾਂ ਦੀ ਵਧੇਰੇ ਪ੍ਰਸੰਸਾ ਦੀ ਪਾਤਰ ਬਣ ਰਹੀ ਹੈ। ਸ਼ੋਸ਼ਲ ਮੀਡੀਆ 'ਤੇ ਉਸਨੂੰ ਪੰਜਾਬ ਦੀ ਧੀ ਕਿਹਾ ਜਾ ਰਿਹਾ ਹੈ। ਉਹ ਪਿੰਡਾਂ ਵਿੱਚ ਲੋੜੀਂਦਾ ਸਾਮਾਨ ਵੰਡਣ ਲਈ ਖੁਦ ਪਾਣੀ ਦੇ ਵਿੱਚ ਜਾ ਰਹੀ ਹੈ। ਪਿੰਡਾਂ ਦੇ ਲੋਕ ਉਸਦੀ ਪ੍ਰਸੰਸਾ ਕਰਦਿਆਂ ਕਹਿੰਦੇ ਹਨ ਕਿ ਅਜਿਹੀਆਂ ਧੀਆਂ ਪ੍ਰਸ਼ਾਸ਼ਨਿਕ ਪ੍ਰਣਾਲੀ ਵਿੱਚ ਹੋਣੀਆਂ ਚਾਹੀਦੀਆਂ ਹਨ। ਇਥੋਂ ਤੱਕ ਕਿ ਉਹ ਔਰਤਾਂ ਦੇ ਗਲੇ ਲੱਗ ਕੇ ਮਿਲਦੀ ਹੈ ਅਤੇ ਮਰਦ ਬਜ਼ੁਰਗ ਉਸਦਾ ਸਿਰ ਪਲੋਸ ਰਹੇ ਹਨ। ਸਾਕਸ਼ੀ ਸਾਹਨੀ ਤਾਂ 2023 ਦੇ ਹੜ੍ਹਾਂ ਸਮੇਂ ਪਟਿਆਲਾ ਵਿਖੇ ਰਾਤ ਬਰਾਤੇ ਹੜ੍ਹ ਵਾਲੇ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਲਈ ਨਾਮਣਾ ਖੱਟ ਚੁੱਕੀ ਹੈ। ਬਾਕੀ ਸਰਕਾਰੀ ਅਧਿਕਾਰੀਆਂ ਨੂੰ ਵੀ ਲੋਕਾਂ ਨਾਲ ਵਧੇਰੇ ਤਾਲ ਮੇਲ ਰੱਖਣਾ ਚਾਹੀਦਾ ਹੈ, ਕਿਉਂਕਿ ਹੌਸਲਾ ਦੇਣ ਨਾਲ ਦੁੱਖ ਘੱਟਦਾ ਹੈ।
 ਅਜਿਹੇ ਦੁੱਖ ਦੇ ਮੌਕੇ ਪੰਜਾਬੀਆਂ ਦੀ ਪੰਜਾਬੀਆਂ ਨੇ ਹੀ ਬਾਂਹ ਫੜ੍ਹੀ ਹੈ। ਪੰਜਾਬੀਆਂ ਦੀ ਮਦਦ ਲਈ ਪੰਜਾਬੀ ਹੀ ਅੱਗੇ ਆਏ ਹਨ। ਵੱਡੀ ਮਾਤਰਾ ਵਿੱਚ ਵਾਲੰਟੀਅਰ ਸੰਸਥਾਵਾਂ  ਇਸ ਕੰਮ ਵਿੱਚ ਮਦਦ ਕਰ ਰਹੀਆਂ ਹਨ, ਜਿਨ੍ਹਾਂ ਵਿੱਚ ਖਾਲਸਾ ਏਡ ਸ਼ਾਮਲ ਹੈ। ਪਿੰਡਾਂ ਵਿੱਚੋਂ ਲੋਕ ਰਾਹਤ ਸਮਗਰੀ ਲੈ ਕੇ ਧੜਾ ਧੜ ਪ੍ਰਭਾਵਤ ਇਲਾਕਿਆਂ ਵਿੱਚ ਪਹੁੰਚ ਰਹੇ ਹਨ। ਪੰਜਾਬ ਦੇ ਸੈਲੀਵਰਿਟੀਜ਼ ਦੀਆਂ ਟੀਮਾਂ ਵੀ ਹੜ੍ਹ ਰਾਹਤਾਂ ਵਿੱਚ ਮੋਹਰੀ ਦੀ ਭੂਮਿਕਾ ਨਿਭਾ ਰਹੀਆਂ ਹਨ, ਜਿਨ੍ਹਾਂ ਵਿੱਚ ਜਸਬੀਰ ਜੱਸੀ, ਸਤਿੰਦਰ ਸਰਤਾਜ, ਦਲਜੀਤ ਦੋਸਾਂਝ, ਐਮੀ ਵਿਰਕ, ਗਿੱਪੀ ਗਰੇਵਾਲ, ਸੋਨੂੰ ਸੂਦ, ਸੰਜੇ ਦੱਤ, ਗੁਰਦਾਸ ਮਾਨ, ਰਾਜ ਕੁੰਦਰਾ, ਗੀਤਾ ਬਸਰਾ, ਜਸਪਿੰਦਰ ਨਰੂਲਾ, ਕਰਨ ਔਜਲਾ, ਰਣਜੀਤ ਬਾਵਾ, ਇੰਦਰਜੀਤ ਨਿੱਕੂ,  ਸੁਨੰਦਾ ਸ਼ਰਮਾ, ਸੋਨਮ ਬਾਜਵਾ ਅਤੇ ਸੋਨੀਆਂ ਮਾਨ ਸ਼ਾਮਲ ਹਨ। ਜਸਬੀਰ ਜੱਸੀ, ਸਤਿੰਦਰ ਸਰਤਾਜ ਅਤੇ ਮਾਲਵਿਕਾ ਸੂਦ ਨੇ ਸਭ ਤੋਂ ਪਹਿਲਾਂ ਰਾਹਤ ਕਾਰਜਾਂ ਦੀ ਸੇਵਾ ਸ਼ੁਰੂ ਕੀਤੀ ਸੀ। ਦਲਜੀਤ ਦੋਸਾਂਝ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਦਸ ਪਿੰਡ ਗੋਦ ਲਏ ਹਨ। ਗਿੱਪੀ ਗਰੇਵਾਲ ਨੇ ਅਜਨਾਲਾ ਇਲਾਕੇ ਵਿੱਚ ਪਸ਼ੂਆਂ ਲਈ ਸਾਏਲੇਜ ਦੇ ਟਰੱਕ ਭੇਜੇ ਹਨ। ਐਮੀ ਵਿਰਕ ਨੇ 200 ਪ੍ਰਭਾਵਿਤ ਪਰਿਵਾਰ ਦੀ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ ਹੈ। ਐਸ.ਪੀ.ਸਿੰਘ ਓਬਰਾਏ ਨੇ ਸਾਰੇ ਪ੍ਰਭਾਵਤ ਜ਼ਿਲ੍ਹਿਆਂ ਦੇ ਪਸ਼ੂਆਂ ਲਈ ਚਾਰਾ ਦੇਣ ਦਾ ਪ੍ਰਬੰਧ ਕੀਤਾ ਹੈ। ਪਰਵਾਸ ਵਿੱਚੋਂ ਵੀ ਹੁੰਗਾਰੇ ਆ ਰਹੇ ਹਨ, ਅਮਰੀਕਾ ਤੋਂ ਵੱਡੇ ਟਰਾਂਸਪੋਰਟਰ ਹਰਸਿਮਰਨ ਸੰਗਰਾਮ ਸਿੰਘ ਨੇ ਵੀ ਮਦਦ ਕਰਨ ਦਾ ਬੀੜਾ ਚੁੱਕਿਆ ਹੈ। ਕੈਨੇਡਾ ਦੇ ਕਾਰੋਬਾਰੀ ਨੇ ਮੋਬਿਲਿਟੀ ਗੱਡੀ ਸ਼ੈਰਪ (ATOR N 1200) ਜਿਹੜੀ ਹੜ੍ਹ ਦੇ ਪਾਣੀ ਵਿੱਚ ਬਚਾਓ ਕਾਰਜ ਕਰਨ ਦੇ ਸਮਰੱਥ ਹੈ, ਭੇਜੀ ਗਈ ਹੈ। ਫ਼ੌਜ ਨੇ ਵੀ ਇਹ ਗੱਡੀਆਂ ਦਿੱਤੀਆਂ ਹਨ। ਇਹ ਸ਼ੈਰਪ ਗੱਡੀ ਪਾਣੀ ਵਿੱਚ ਅਸਾਨੀ ਨਾਲ ਚਲ ਸਕਦੀ ਹੈ। ਇਹ ਹਰ ਤਰ੍ਹਾਂ ਦੀ ਐਮਰਜੈਂਸੀ ਹਾਲਾਤ ਵਿੱਚ ਹੀ ਵਰਤੀ ਜਾਂਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਿਸਾਨ ਜਥੇਬੰਦੀਆਂ ਵੀ ਅੱਗੇ ਹੋ ਕੇ ਮਦਦ ਕਰ ਰਹੀਆਂ ਹਨ। ਵਿਕਰਮ ਸਿੰਘ ਸਾਹਨੀ ਰਾਜ ਸਭਾ ਮੈਂਬਰ ਨੇ ਵੀ ਮਦਦ ਕੀਤੀ ਹੈ। ਹਰਿਆਣਾ ਤੇ ਜੰਮੂ ਕਸ਼ਮੀਰ ਸਰਕਾਰਾਂ ਨੇ 5-5 ਕਰੋੜ ਦੀ ਮਦਦ ਭੇਜੀ ਹੈ। ਹਰਿਆਣਾ ਤੋਂ ਲੋਕ ਵੀ ਰਾਹਤ ਸਮਗਰੀ ਲੈ ਕੇ ਆ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ। ਧੜਾ ਧੜ ਹੋਰ ਲੋਕਾਂ ਅਤੇ ਸੰਸਥਾਵਾਂ ਹੜ੍ਹ ਰਾਹਤ ਲਈ ਪਹੁੰਚ ਰਹੀਆਂ ਹਨ। ਪੰਜਾਬੀਆਂ ਦੀ ਦਾਦ ਦੇਣੀ ਬਣਦੀ ਹੈ ਕਿ ਉਹ ਹਰ ਕੁਦਰਤੀ ਆਫ਼ਤ ਦਾ ਮੁਕਾਬਲਾ ਕਰਨ ਲਈ ਇੱਕ ਦੂਜੇ ਦੇ ਸਹਿਯੋਗੀ ਬਣਦੇ ਹਨ। ਅਜਿਹੇ ਗੰਭੀਰ ਹਾਲਾਤ ਵੀ ਉਨ੍ਹਾਂ ਖਿੜ੍ਹੇ ਮੱਥੇ ਪ੍ਰਵਾਨ ਕਰਦਿਆਂ ਹੌਸਲਾ ਬਰਕਰਾਰ ਰੱਖਿਆ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ   ਮੋਬਾਈਲ-94178 13072

ਸੁਖਿੰਦਰ ਦਾ 'ਗਿਰਗਟਾਂ ਦਾ ਮੌਸਮ' ਕਾਵਿ-ਸੰਗ੍ਰਹਿ ਸਮਾਜਿਕ ਕੁਰੀਤੀਆਂ ਦਾ ਸ਼ੀਸ਼ਾ - ਉਜਾਗਰ ਸਿੰਘ

ਪੰਜਾਬੀ ਸਾਹਿਤ ਦੇ ਸਾਰੇ ਰੂਪਾਂ ਵਿੱਚੋਂ ਕਵਿਤਾ ਸਭ ਤੋਂ ਵਧੇਰੇ ਮਾਤਰਾ ਵਿੱਚ ਲਿਖੀ ਜਾ ਰਹੀ ਹੈ। ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਨਿਗਾਹ ਮਾਰੀਏ ਤਾਂ ਅਧਿਆਤਮਿਕ ਕਾਵਿ ਨੂੰ ਛੱਡਕੇ ਪੰਜਾਬੀ ਦੀ ਬਹੁਤੀ ਕਵਿਤਾ ਰੁਮਾਂਸਵਾਦ ਦੇ ਆਲੇ ਦੁਆਲੇ ਹੀ ਘੁੰਮਦੀ ਰਹੀ ਹੈ। ਇਸ ਸਮੇਂ ਵੀ ਕਵਿਤਾ ਸਭ ਤੋਂ ਵੱਧ ਲਿਖੀ ਜਾ ਰਹੀ ਹੈ। ਰੁਮਾਂਸਵਾਦੀ ਕਵਿਤਾ ਦਾ ਆਪਣਾ ਸਥਾਨ ਹੈ, ਪ੍ਰੰਤੂ ਜਿਹੜਾ ਸਾਹਿਤ ਲੋਕਾਈ ਦੇ ਹਿੱਤਾਂ 'ਤੇ ਪਹਿਰਾ ਨਾ ਦੇ ਸਕੇ ਤਾਂ ਉਹ ਸਿਰਫ ਮਨਪ੍ਰਚਾਵੇ ਦਾ ਸਾਧਨ ਬਣਕੇ ਰਹਿ ਜਾਂਦਾ ਹੈ। ਸੁਖਿੰਦਰ ਦਾ ਇੱਕ ਨਵਾਂ ਕਾਵਿ ਸੰਗ੍ਰਹਿ 'ਗਿਰਗਟਾਂ ਦਾ ਮੌਸਮ' 2025 ਵਿੱਚ ਹੀ ਪ੍ਰਕਾਸ਼ਤ ਹੋਇਆ ਹੈ। ਇਹ ਕਾਵਿ ਸੰਗ੍ਰਹਿ ਵਿਲੱਖਣ ਕਿਸਮ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਦੀਆਂ ਸਮੁੱਚੀਆਂ ਕਵਿਤਾਵਾਂ ਲੋਕਾਈ ਦੇ ਦੁੱਖ ਦਰਦ ਬਿਆਨ ਕਰਦੀਆਂ, ਜਨਤਾ ਦੇ ਹੱਕਾਂ ਦੀ ਗੱਲ ਕਰਦੀਆਂ ਹਨ। ਇਨਸਾਫ਼ ਦੀ ਪ੍ਰਤੀਨਿਧਤਾ ਕਰਦੀਆਂ ਹਨ। ਪੰਜਾਬੀ ਵਿੱਚ ਜਿਹੜੀ ਵਰਤਮਾਨ ਸਮਕਾਲੀ ਕਵਿਤਾ ਲਿਖੀ ਅਤੇ ਪ੍ਰਕਾਸ਼ਤ ਹੋ ਰਹੀ ਹੈ, ਉਹ ਬਹੁਤੀ ਪਿਆਰ ਮੁਹੱਬਤ ਦੇ ਗੀਤ ਗਾਉਂਦੀ ਹੈ। ਸੁਖਿੰਦਰ ਨੇ ਰੁਮਾਂਸਵਾਦ ਦੀ ਥਾਂ ਸਮਾਜ ਵਿੱਚ ਫ਼ੈਲੀਆਂ ਕੁਰੀਤੀਆਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ। ਦੁੱਖ ਅਤੇ ਸੰਤਾਪ ਦੀ ਗੱਲ ਹੈ ਕਿ ਸਾਡੇ ਕਵੀ ਵਰਤਮਾਨ ਸਮੇਂ ਆਪਣੀਆਂ ਕਵਿਤਾਵਾਂ ਇਨਾਮ ਪ੍ਰਾਪਤ ਕਰਨ ਦੇ ਇਰਾਦੇ ਨਾਲ ਲਿਖ ਰਹੇ ਹਨ। ਮਾਨ ਸਨਮਾਨ ਲੈਣੇ ਹੀ ਉਨ੍ਹਾਂ ਦਾ ਮੁੱਖ ਮਕਸਦ ਹੈ।  ਸੁਖਿੰਦਰ ਪੰਜਾਬੀ ਦਾ ਸਥਾਪਤ ਸਾਹਿਤਕਾਰ ਤੇ ਸੰਪਾਦਕ ਹੈ। ਉਹ ਬਹੁ-ਵਿਧਾਵੀ, ਬਹੁ-ਰੰਗੀ ਅਤੇ ਬਹੁੁ-ਪੱਖੀ ਸਾਹਿਤਕਾਰ ਹੈ। 'ਗਿਰਗਟਾਂ ਦਾ ਮੌਸਮ' ਉਸਦੀ 50ਵੀਂ ਪੁਸਤਕ ਹੈ। ਇਸ ਕਾਵਿ-ਸੰਗ੍ਰਹਿ ਵਿੱਚ ਉਸਦੀਆਂ 83 ਰੰਗ-ਬਿਰੰਗੀਆਂ ਕਵਿਤਾਵਾਂ ਹਨ, ਜਿਨ੍ਹਾਂ ਦੇ ਰੰਗ ਬਹੁਤ ਹੀ ਗੂੜ੍ਹੇ ਤੇ ਸ਼ੋਖ਼ ਹਨ, ਪ੍ਰੰਤੂ ਗੂੜ੍ਹੇ ਰੰਗਾਂ ਵਿੱਚੋਂ ਗੰਭੀਰ ਕਿਸਮ ਦੀਆਂ ਕਿਰਨਾ ਦੇ ਤਿੱਖੇ ਤੀਰ ਸਮਾਜਿਕ ਤਾਣੇ-ਬਾਣੇ ਨੂੰ ਝੰਜੋੜਦੇ ਹਨ। ਇਨ੍ਹਾਂ ਕਵਿਤਾਵਾਂ ਦੇ ਤੀਰ ਢੀਠ ਸਿਆਸਤਦਾਨਾਂ ਦੇ ਕੰਨ ਕੁਤਰਨ ਦਾ ਹਥਿਆਰ ਬਣ ਸਕਦੇ ਹਨ। ਕਵੀ ਨੇ ਇਸ ਕਾਵਿ-ਸੰਗ੍ਰਹਿ ਵਿੱਚ ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀ ਆਪੋ ਆਪਣੇ ਰਾਜ ਪ੍ਰਬੰਧ ਦੌਰਾਨ ਕੁਸ਼ਾਸ਼ਣ ਦੇ ਕੱਚੇ ਚਿੱਠੇ ਖੋਲ੍ਹ ਦਿੱਤੇ ਹਨ। 'ਰਾਜਨੀਤਕ ਗਿਰਗਟਾਂ ਦਾ ਮੌਸਮ' ਕਵਿਤਾ ਵਿੱਚ ਸੁਖਿੰਦਰ ਲਿਖਦਾ ਹੈ:

ਰਾਜਨੀਤਕ ਗਿਰਗਟਾਂ ਦੀ
ਨ, ਤਾਂ ਕੋਈ, ਵਿਚਾਰਧਾਰਾ ਹੀ ਹੁੰਦੀ ਹੈ
ਨ, ਹੀ ਕੋਈ, ਸਿਧਾਂਤਕ ਪ੍ਰਤੀਬੱਧਤਾ
ਉਨ੍ਹਾਂ ਦਾ, ਤਾਂ ਇੱਕੋ ਹੀ
ਵਿਸ਼ਵਾਸ ਹੁੰਦਾ ਹੈ-
ਜਿੱਥੇ, ਦੇਖੀ ਤਵਾ-ਪਰਾਤ
ਉੱਥੇ, ਕੱਟੀ ਸਾਰੀ ਰਾਤ
ਇੱਕ, ਰਾਜਨੀਤਕ ਖੁੱਡ 'ਚੋਂ
ਦੂਜੀ, ਕਿਸੀ, ਰਾਜਨੀਤਕ ਖੁੱਡ ਵਿੱਚ
ਵੜਦਿਆਂ ਹੀ-
ਗਿਰਗਟਾਂ ਦੀ ਰਾਜਨੀਤਕ ਵਿਚਾਰਧਾਰਾ
ਉਨ੍ਹਾਂ ਦੀ, ਚਮੜੀ ਦੇ
ਬਦਲੇ ਰੰਗ ਵਾਂਗ ਹੀ
ਫੌਰਨ, ਬਦਲ ਜਾਂਦੀ ਹੈ।
ਇਨ੍ਹਾਂ ਕਵਿਤਾਵਾਂ ਨੂੰ ਪੜ੍ਹਕੇ ਮਹਿਸੂਸ ਹੋ ਰਿਹਾ ਹੈ ਕਿ ਭਾਰਤ ਦੇ ਸਿਆਸਤਦਾਨ ਪਰਜਾ ਦੀ ਭਲਾਈ ਬਾਰੇ ਸੋਚਣ ਦੀ ਥਾਂ ਆਪਣੇ ਢਿੱਡ ਭਰਨ ਵਿੱਚ ਲੱਗੇ ਰਹਿੰਦੇ ਹਨ। ਇਸ ਪ੍ਰਕਾਰ ਭਾਰਤ ਦੇ ਲੋਕਾਂ ਦਾ ਭਵਿਖ ਖ਼ਤਰੇ ਵਿੱਚ ਹੀ ਰਹੇਗਾ। ਸ਼ਾਇਰ ਇਕੱਲੇ ਭਾਰਤ ਤੱਕ ਹੀ ਸੀਮਤ ਨਹੀਂ ਰਹਿੰਦਾ ਸਗੋਂ ਸਮੁੱਚੇ ਸੰਸਾਰ ਵਿੱਚ ਵਾਪਰ ਰਹੀਆਂ ਘਟਨਾਵਾਂ ਦੇ ਨਤੀਜਿਆਂ ਤੇ ਵੀ ਚਿੰਤਾ ਪ੍ਰਗਟ ਕਰਦਾ ਹੈ, ਪ੍ਰੰਤੂ ਇਸਦੇ ਨਾਲ ਹੀ ਇਹ ਵੀ ਲਿਖਦਾ ਹੈ ਕਿ ਜੇਕਰ ਲੋਕ ਇੱਕਮੁੱਠ ਹੋ ਕੇ ਲਾਮਬੰਦ ਢੰਗ ਨਾਲ ਆਪਣੇ ਹੱਕਾਂ ਦੀ ਮੰਗ ਕਰਕੇ ਆਪਣੇ ਹੱਕਾਂ 'ਤੇ ਪਹਿਰਾ ਦੇਣ ਦੀ ਕਸਮ ਖਾ ਲੈਣ ਤਾਂ ਸਫ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਸੰਬੰਧੀ ਉਹ ਉਦਾਹਰਨਾਂ ਵੀ ਦਿੰਦਾ ਹੈ ਕਿ ਕਿਹੜੇ ਦੇਸ਼ਾਂ ਵਿੱਚ ਲੋਕ ਜਦੋਜਹਿਦ ਕਰਕੇ ਸਫਲ ਹੋਏ ਹਨ। ਇਸਦੇ ਨਾਲ ਹੀ ਕੁਝ ਦੇਸ਼ਾਂ ਦੀ ਆਪਸੀ ਖਹਿਬਾਜ਼ੀ ਨਾਲ ਜੰਗ ਲੱਗੀ ਹੋਈ ਹੈ ਤੇ ਆਮ ਲੋਕ ਮਰ ਰਹੇ ਹਨ। ਮੇਰਾ ਕਹਿਣ ਦਾ ਭਾਵ ਹੈ ਕਿ ਸੁਖਿੰਦਰ ਦੂਰ ਅੰਦੇਸ਼ੀ ਨਾਲ ਸੰਸਾਰ ਦੀ ਲੋਕਾਈ ਦੇ ਹਿੱਤਾਂ ਦੀ ਪਹਿਰੇਦਾਰੀ ਕਰਦਾ ਹੈ। ਇੱਕ-ਇੱਕ ਕਵਿਤਾ ਵਿੱਚ ਕਿਤਨੇ ਹੀ ਵਿਸ਼ਿਆਂ ਬਾਰੇ ਆਪਣੀ ਗੱਲ ਕਰ ਜਾਂਦਾ ਹੈ। ਸ਼ਾਇਰ ਦੀਆਂ ਕਵਿਤਾਵਾਂ ਭਾਰਤੀ ਜਨਤਾ ਪਾਰਟੀ ਦੇ ਅੰਧ ਭਗਤਾਂ ਦੀਆਂ ਕਰਤੂਤਾਂ 'ਤੇ ਤਿੱਖੇ ਤੀਰ ਮਾਰਦੀਆਂ ਹਨ। 'ਚਮਚੇ, ਕੜਛੀਆਂ, ਅੰਧਭਗਤ' ਕਵਿਤਾ ਵਿੱਚ ਸ਼ਾਇਰ ਲਿਖਦਾ ਹੈ:
ਇਹ-
ਚਮਚਿਆਂ, ਕੜਛੀਆਂ, ਅੰਧਭਗਤਾਂ, ਦਾ ਯੁਗ ਹੈ
ਕਦ, ਕਿਸੀ, ਅਦਾਰੇ ਦੀ
ਕੰਧ ਪਿਛੇ ਲੁਕੇ, ਮਖੌਟਾਧਾਰੀ
ਕਿਸੀ, ਘੜੰਮ ਚੌਧਰੀ ਦੇ ਗੜਵੱਈਏ
ਤੇਰੀ, ਪਿੱਠ 'ਚ ਖੰਜਰ ਖੋਭ ਦੇਣ
ਜ਼ਰਾ ਸੰਭਲ ਕੇ ਚੱਲ!
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਬਦਲਾਅ ਨੂੰ ਵੀ ਆੜੇ ਹੱਥੀਂ ਲੈ ਕੇ ਸਾਫ਼ ਸੁਥਰਾ ਪ੍ਰਸ਼ਾਸ਼ਨ ਦੇਣ ਦੇ ਜੁਮਲਿਆਂ ਤੇ ਕਿੰਤੂ ਪ੍ਰੰਤੂ ਕਰਦਾ ਕਹਿੰਦਾ ਹੈ ਕਿ ਉਹ ਐਸ਼ ਪ੍ਰਸਤੀ ਵਿੱਚ ਗ੍ਰਸਤ ਹੋ ਗਏ ਹਨ। ਉਨ੍ਹਾਂ ਦੇ ਵਾਅਦੇ ਵਫ਼ਾ ਨਹੀਂ ਹੋਏ। ਮੁਫ਼ਤਖ਼ੋਰੀ ਭਾਰੂ ਹੋ ਗਈ ਹੈ। 'ਨੀਂਹ ਪੱਥਰ ਕ੍ਰਾਂਤੀ' ਸਿਰਲੇਖ ਵਾਲੀ ਕਵਿਤਾ ਆਮ ਆਦਮੀ ਪਾਰਟੀ ਦੀ ਪੋਲ ਖੋਲ੍ਹਦੀ ਹੈ।
ਪੰਜਾਬ ਵਿੱਚ, ਜੇਕਰ
ਨੀਂਹ ਪੱਥਰ ਕ੍ਰਾਂਤੀ ਦੀ ਹਨੇਰੀ
ਇੰਜ ਹੀ ਵਗਦੀ ਰਹੀ, ਤਾਂ
ਇੱਕ ਦਿਨ, ਪੰਜਾਬ ਵਿੱਚ ਜੇਹਲਾਂ ਦੀਆਂ
ਉਨ੍ਹਾਂ, ਕਾਲ ਕੋਠੜੀਆਂ ਦੀਆਂ ਕੰਧਾਂ ਉੱਤੇ ਵੀ
ਅਜਿਹੇ, ਨੀਂਹ ਪੱਥਰ ਲੱਗੇ ਹੋਏ ਮਿਲਣਗੇ
ਜਿਨ੍ਹਾਂ ਉਤੇ ਲਿਖਿਆ ਹੋਵੇਗਾ-
'ਇਸ ਕਾਲ ਕੋਠੜੀ ਵਿੱਚ
ਕਰੈਕ, ਕੁਕੇਨ, ਅਫ਼ੀਮ, ਚਰਸ, ਦੀ ਸਮਗਲਿੰਗ ਕਰਨ ਵਾਲੇ
ਪੰੰਜਾਬ ਪੁਲਿਸ ਦੇ ਸਿਪਾਹੀਆਂ ਨੇ ਕੈਦ ਕੱਟੀ'
ਸ਼੍ਰੋਮਣੀ ਅਕਾਲੀ ਦਲ ਵਿੱਚ ਧਾਰਮਿਕ ਦਖ਼ਲਅੰਦਾਜ਼ੀ 'ਤੇ ਵਿਅੰਗ ਕਰਦਾ ਸੁਖਿੰਦਰ ਉਨ੍ਹਾਂ ਨੂੰ ਵੀ ਧਰਮ ਦੀ ਆੜ ਵਿੱਚ ਠੱਗੀ-ਠੋਰੀ ਕਰਨ ਦੇ ਮਾਹਿਰ ਗਿਣਦਾ ਹੈ। ਧਾਰਮਿਕ ਸੰਸਥਾਵਾਂ ਦਾ ਵਕਾਰ ਖ਼ਤਮ ਹੋਣ ਦੇ ਕਿਨਾਰੇ ਪਹੁੰਚ ਗਿਆ ਹੈ। ਸੁਖਿੰਦਰ ਨੇ ਇਹ ਕਵਿਤਾਵਾਂ ਸਮਾਜ ਵਿੱਚ ਵਾਪਰਨ ਵਾਲੀ ਹਰ ਘਟਨਾ ਬਾਰੇ ਤੁਰੰਤ ਉਸੇ ਦਿਨ ਕਵਿਤਾ ਲਿਖਕੇ ਆਪਣਾ ਦ੍ਰਿਸ਼ਟੀਕੋਣ ਲਿਖ ਦਿੱਤਾ ਹੈ। ਇਸ ਲਈ ਉਸਨੇ ਹਰ ਕਵਿਤਾ ਦੇ ਅਖ਼ੀਰ ਵਿੱਚ ਤਾਰੀਕ ਲਿਖੀ ਹੈ। ਕੈਨੇਡਾ ਅਤੇ ਪੰਜਾਬ ਵਿੱਚ ਸਮਾਜ ਦੇ ਹਰ ਖੇਤਰ ਵਿੱਚ ਫ਼ੈਲੀਆਂ ਸਮਾਜਿਕ ਕੁਰੀਤੀਆਂ ਨੂੰ ਆਪਣੀਆਂ ਕਵਿਤਾਵਾਂ ਵਿੱਚ ਆੜੇ ਹੱਥੀਂ ਲਿਆ ਹੈ। ਸਮਾਜ ਵਿੱਚ ਹਰ ਕਿਸਮ, ਜਿਨ੍ਹਾਂ ਵਿੱਚ ਰਾਜਨੀਤਕ, ਸਮਾਜਿਕ, ਆਰਥਿਕ, ਸਭਿਆਚਾਰਕ, ਸਾਹਿਤਕ, ਇੰਮਗ੍ਰੇਸ਼ਨ, ਸੈਕਸ,  ਨਸ਼ਿਆਂ, ਗੈਂਗਸਟਰਵਾਦ, ਸੰਗੀਤਕ, ਧਾਰਮਿਕ, ਮੀਡੀਆ, ਸਾਹਿਤਕਾਰਾਂ ਦੇ ਮਾਨ ਸਨਮਾਨ, ਆਦਿ ਸ਼ਾਮਲ ਹਨ, ਦੇ ਮਾਫ਼ੀਏ ਨੂੰ ਬੜੇ ਹੀ ਸਲੀਕੇ ਨਾਲ ਬੇਪਰਦ ਕੀਤਾ ਹੈ। ਸੁਖਿੰਦਰ ਨੇ ਆਪਣੇ ਸਾਹਿਤਕ ਭਾਈਚਾਰੇ ਨੂੰ ਵੀ ਨਹੀਂ ਬਖ਼ਸਿਆ, ਕਿਉਂਕਿ ਪੰਜਾਬੀ ਭਾਸ਼ਾ ਦੀ ਪ੍ਰਫ਼ੁੱਲਤਾ ਦੇ ਨਾਮ 'ਤੇ ਖੁੰਬਾਂ ਦੀ ਤਰ੍ਹਾਂ ਸਾਹਿਤਕ ਧਰਤੀ 'ਤੇ ਉਪਜੇ ਨਵੇਂ ਤੇ ਪੁਰਾਣੇ ਸਾਹਿਤਕਾਰ ਬੇਤੁਕੀਆਂ ਹਰਕਤਾਂ ਕਰਕੇ ਸੱਚੇ-ਸੁੱਚੇ ਪੰਜਾਬੀ ਦੇ ਸਾਹਿਤਕਾਰਾਂ ਤੇ ਅਦਾਰਿਆਂ ਦਾ ਅਕਸ ਮਿੱਟੀ ਵਿੱਚ ਮਿਲਾ ਰਹੇ ਹਨ। 'ਦਰਬਾਰੀ ਕਵੀ'  ਤੇ 'ਕਵਿਤਾ' ਸਿਰਲੇਖ ਵਾਲੀਆਂ ਕਵਿਤਾਵਾਂ ਸਰਕਾਰੀ ਰਹਿਨੁਮਾਈ ਵਿੱਚ ਵਿਕਸਤ ਹੋਣ ਵਾਲੇ ਕਵੀਆਂ ਦੀ ਫ਼ਿਤਰਤ ਬਹੁਤ ਹੀ ਸੁਚੱਜੇ ਢੰਗ ਨਾਲ ਦਰਸਾਈ ਗਈ ਹੈ ਕਿ ਉਹ ਕਵੀ ਤੋਹਫ਼ੇ, ਥੈਲੀਆਂ, ਪ੍ਰੀਤੀ ਭੋਜਾਂ, ਮਹਿੰਗੀਆਂ ਸ਼ਰਾਬਾਂ ਆਦਿ ਦੀਆਂ ਸਹੂਲਤਾਂ ਲਈ ਚਾਪਲੂਸੀ ਦੀਆਂ ਹੱਦਾਂ ਟੱਪ ਜਾਂਦੇ ਹਨ। ਸੁਖਿੰਦਰ ਦੀਆਂ ਕਵਿਤਾਵਾਂ ਖੁਲ੍ਹੀਆਂ ਤੇ ਵਿਚਾਰ ਪ੍ਰਧਾਨ ਹਨ, ਉਨ੍ਹਾਂ ਦੀ ਸ਼ਬਦਾਵਲੀ ਹੀ ਬਹੁਤ ਸਖ਼ਤ 'ਤੇ ਕਰਾਰੀ ਚੋਟ ਮਾਰਨ ਵਾਲੀ ਹੈ। 'ਦਰਬਾਰੀ ਕਵੀ' ਕਵਿਤਾ ਵਿੱਚ ਲਿਖਦਾ ਹੈ:
ਉਹ, ਮੌਕੇ ਢੂੰਡਦੇ ਰਹਿੰਦੇ ਹਨ
ਹਕੂਮਤ ਦੀਆਂ, ਕਾਰਗੁਜ਼ਾਰੀਆਂ ਨੂੰ
ਚਾਪਲੂਸੀ ਦੀ, ਚਾਸ਼ਨੀ ਵਿੱਚ ਡੁੱਬੇ
ਕਾਵਿਕ ਸ਼ਬਦਾਂ ਵਿੱਚ ਬਿਆਨ ਕਰ
ਸਰਕਾਰੀ, ਕੈਮਰਿਆਂ ਦੀ, ਕਲਿੱਕ ਕਲਿੱਕ ਸਾਹਮਣੇ
ਹਕੂਮਤ ਦੇ, ਅਹਿਲਕਾਰਾਂ ਕੋਲੋਂ
ਤੋਹਫ਼ਿਆਂ ਦੇ ਰੂਪ ਵਿੱਚ
ਨੋਟਾਂ ਦੀਆਂ ਥੈਲੀਆਂ, ਹਕੂਮਤ ਦੀਆਂ
ਤਸਵੀਰਾਂ ਵਾਲੀਆਂ, ਤਖ਼ਤੀਆਂ
ਪ੍ਰਾਪਤ ਕਰਨ ਲਈ
ਇਸ ਕਾਵਿ -ਸੰਗ੍ਰਹਿ ਵਿੱਚ ਲਗਪਗ 30 ਕਵਿਤਾਵਾਂ ਵਿੱਚ ਸਾਹਿਤਕਾਰਾਂ ਦੀ ਹਨ੍ਹੇਰਗਰਦੀ ਦਾ ਜ਼ਿਕਰ ਕੀਤਾ ਹੈ। ਲੜਕੀਆਂ ਦਾ ਸਾਹਿਤਕ ਸ਼ੋਸ਼ਣ ਅਤੇ ਮਾਨ ਸਨਮਾਨਾ ਦੇ ਨਾਮ 'ਤੇ ਸਾਹਿਤਕ ਸੋਚ ਦਾ ਨੁਕਸਾਨ ਹੋ ਰਿਹਾ ਹੈ। ਸੁਖਿੰਦਰ ਨੇ ਆਪਣੀਆਂ ਕਵਿਤਾਵਾਂ ਵਿੱਚ ਅਖੌਤੀ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਰਾਹੀਂ ਇਮੀਗ੍ਰੇਸ਼ਨ ਘਪਲਿਆਂ 'ਤੇ ਵੀ ਚਿੰਤਾ ਪ੍ਰਗਟ ਕੀਤੀ ਹੈ। ਇਸ ਮੰਤਵ ਲਈ ਧਾਰਮਿਕ ਅਦਾਰਿਆਂ ਦੀ ਮਾਣਤਾ ਨੂੰ ਵੀ ਖ਼ੋਰਾ ਲੱਗ ਰਿਹਾ ਹੈ। ਰਾਜਨੀਤਕ ਗਿਰਗਟਾਂ ਦੀ ਗੱਲ ਕਰਦਿਆਂ ਸ਼ਾਇਰ ਨੇ ਸਿਆਸੀ ਪਾਰਟੀਆਂ ਦੀ ਵਿਚਾਰਧਾਰਾ ਤੇ ਸਿਆਸਤਦਾਨਾ ਦਾ ਭਾਂਡਾ ਫੁੱਟਦਾ ਵਿਖਾਇਆ ਹੈ, ਜਦੋਂ ਉਹ ਸਵੇਰੇ ਹੋਰ , ਦੁਪਹਿਰੇ ਹੋਰ ਅਤੇ ਰਾਤ ਨੂੰ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਕੇ ਹਰਿਆਣਾ ਦੇ ਆਇਆ ਰਾਮ ਤੇ ਗਿਆ ਰਾਮ ਦੀ ਪੁਰਾਣੀ ਕਹਾਣੀ ਨੂੰ ਦੁਹਰਾਉਂਦੇ ਹਨ। ਅਸੂਲਾਂ ਦੀ ਥਾਂ ਸਿਆਸਤਦਾਨ ਪੈਸੇ ਦੀ ਖੇਡ ਖੇਡਦੇ ਹਨ। ਲੋਕ ਬੇਬਸ, ਅਨਪੜ੍ਹ, ਲਾਚਾਰ ਹਨ, ਕਿਉਂਕਿ ਉਨ੍ਹਾਂ ਲਈ ਵੋਟ ਪਾਉਣ ਲਈ ਨੇਤਾ ਦੀ ਚੋਣ ਕਰਨੀ ਮੁਸ਼ਕਲ ਹੋ ਗਈ ਹੈ। ਆਵਾ ਹੀ ਊਤਿਆ ਹੋਇਆ ਹੈ। ਅਮੀਰਾਂ ਦਾ ਸਿਆਸਤ 'ਤੇ ਕਬਜ਼ਾ ਹੈ, ਗ਼ਰੀਬਾਂ ਦੇ ਆਰਥਿਕ ਖੋਖਲੇਪਨ ਕਰਕੇ ਉਹ ਖ੍ਰੀਦੇ ਜਾਂਦੇ ਹਨ।  ਸਮਾਜਿਕ ਤੇ ਇਤਿਹਾਸਕ ਪਰਿਪੇਖ ਵਿੱਚ ਪੰਜਾਬ ਨੂੰ ਵੇਖਦਿਆਂ ਰੋਣਾ ਆਉਂਦਾ ਹੈ, ਕਿਉਂਕਿ ਕਦੀ ਪੰਜਾਬ ਗੁਰਾਂ ਦੇ ਨਾਮ 'ਤੇ ਜਿਉਂਦਾ ਸੀ। ਹੁਣ ਗੈਂਸਟਰਵਾਦ, ਨਸ਼ਾ, ਭ੍ਰਿਸ਼ਟਾਚਾਰ, ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟ, ਬਲਾਤਕਾਰ, ਟ੍ਰੈਵਲ ਏਜੰਟਾਂ ਦੀਆਂ ਠੱਗੀਆਂ, ਸਿਰੋਪਿਆਂ ਦੀ ਦੁਰਵਰਤੋਂ, ਬੇਰੋਜ਼ਗਾਰੀ, ਪਰਵਾਸ, ਟ੍ਰੈਵਲ ਏਜੰਟ, ਡੇਰਾਵਾਦ, ਗੋਦੀ ਮੀਡੀਆ ਅਤੇ ਹੋਰ ਬਹੁਤ ਸਾਰੇ ਮਾਫ਼ੀਆ ਸਮਾਜਿਕ ਤਾਣੇ-ਬਾਣੇ ਨੂੰ ਤਹਿਸ-ਨਹਿਸ ਕਰਨ ਵਾਲੇ ਵਿਸ਼ਿਆਂ ਵਾਲੀਆਂ ਕਵਿਤਾਵਾਂ, ਇਸ ਕਾਵਿ-ਸੰਗ੍ਰਹਿ ਦਾ ਸ਼ਿੰਗਾਰ ਹਨ। ਇਨ੍ਹਾਂ ਸਾਰੀਆਂ ਕੁਰੀਤੀਆਂ ਦੇ ਬਾਵਜੂਦ ਵੀ ਸੁਖਿੰਦਰ ਆਸ਼ਾਵਾਦੀ ਹੈ ਕਿ ਕਿਸੇ-ਨਾ-ਕਿਸੇ ਦਿਨ ਇਨ੍ਹਾਂ ਲੋਕਾਂ ਦਾ ਪਰਦਾ ਫ਼ਾਸ਼ ਹੋ ਜਾਵੇਗਾ ਤੇ ਲੋਕ ਇਨ੍ਹਾਂ ਵਿਰੁੱਧ ਉਠ ਖੜ੍ਹਨਗੇ, ਇਨ੍ਹਾਂ ਸਿਆਸਤਦਾਨਾਂ ਅਤੇ ਹੋਰ ਸਾਰੇ ਮਾਫ਼ੀਆ ਤੋਂ ਹਿਸਾਬ ਮੰਗਣਗੇ। ਧਾਰਮਿਕ ਲੋਕਾਂ ਵਿੱਚ ਪਖੰਡਵਾਦ ਭਾਰੂ ਹੈ, ਸੰਗੀਤਕ ਮਿਲਾਵਟ ਵੱਧ ਗਈ ਹੈ, ਸੰਗੀਤ ਸੰਤੁਸ਼ਟੀ ਦੀ ਥਾਂ ਕੁਝ ਹੋਰ ਪ੍ਰੋਸ ਰਿਹਾ ਹੈ, ਸਰਕਾਰਾਂ ਅੰਦੋਲਨ ਫ਼ੇਲ੍ਹ ਕਰਨ ਲਈ ਹੱਥਕੰਡੇ ਵਰਤਦੀਆਂ ਰਹੀਆਂ, ਤਿਗੜਮਬਾਜ਼ੀਆਂ ਚਲ ਰਹੀਆਂ, ਲੋਕ ਸਵੈ-ਵਿਰੋਧੀ, ਦੋਹਰੇ ਕਿਰਦਾਰ, ਹੱਕ ਮੰਗਣ ਵਾਲੇ ਦੇਸ਼ ਵਿਰੋਧੀ, ਸੋਚ ਦਾ ਦੀਵਾਲਾ, ਬਗ਼ਾਬਤ ਦੀ ਕਨਸੋਅ, ਅੰਧ ਭਗਤਾਂ ਦਾ ਯੁਗ, ਫ਼ੁਕਰਾਪੰਥੀ ਮੋਹਰੀ, ਔਰਤਾਂ ਅਸੁਰੱਖਿਅਤ ਵਾਲੀਆਂ ਕਵਿਤਾਵਾਂ ਪ੍ਰੇਰਣਾਦਾਇਕ ਤੇ ਸੰਵੇਦਨਸ਼ੀਲ ਹਨ। ਧਾਰਮਿਕ ਸੰਸਥਾਵਾਂ ਦਾ ਅਕਸ ਗੰਧਲਾ ਹੋ ਗਿਆ, ਕਿਉਂਕਿ ਮਰਿਆਦਾ ਦਾ ਘਾਣ ਹੋ ਰਿਹਾ ਹੈ। ਕੱਟੜਪੰਥੀ ਧਰਮ ਦੀ ਆੜ ਵਿੱਚ ਕਤਲ ਤੱਕ ਕਰਦੇ ਹਨ। ਸਮਾਜ ਦੇ ਹਰ ਖੇਤਰ ਵਿੱਚ ਪੁਲਿਸ, ਅਫ਼ਸਰਸ਼ਾਹੀ, ਸਿਆਸਤਦਾਨ, ਧਾਰਮਿਕ ਲੋਕ, ਧਰਮ ਦੇ ਠੇਕੇਦਾਰ, ਗੈਂਸਟਰ, ਬਲਾਤਕਾਰੀ, ਸ਼ਾਹੂਕਾਰ, ਨਸ਼ਿਆਂ ਦੇ ਸੌਦਾਗਰ ਆਦਿ ਦੀ ਮਿਲੀ ਭੁਗਤ ਹੋਣ ਕਰਕੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। 'ਸਾਡੇ ਬੱਚੇ ਨੇ ਜੀ' ਸਿਰਲੇਖ ਵਾਲੀ ਕਵਿਤਾ ਵਿੱਚ ਮਿਲੀ ਭੁਗਤ ਦਾ ਨਮੂਨਾ ਦਰਸਾਇਆ ਹੈ, ਜਦੋਂ ਬੱਚੇ ਨਸ਼ੇ ਕਰਦੇ ਹਨ, ਲੁੱਟਾਂ ਖੋਹਾਂ, ਗੈਂਗਸਟਰ, ਪੰਜਾਬੀ ਭੀਖ ਮੰਗਦੇ, ਕਾਰਾਂ ਚੋਰੀ ਕਰਦੇ, ਘਰਾਂ ਵਿੱਚ ਚੋਰੀਆਂ ਕਰਦੇ ਦਵਾਈਆਂ ਦੀਆਂ ਦੁਕਾਨਾ ਲੁੱਟਦੇ, ਕੈਨੇਡਾ ਵਿੱਚ ਬੈਂਕਾਂ ਲੁੱਟਦੇ, ਨਸ਼ਿਆਂ ਕਰਕੇ ਮਰਦੇ ਹਨ ਤਾਂ ਕਿਹਾ ਜਾਂਦਾ ਹੈ ਕਿ ਸਾਡੇ ਹੀ ਬੱਚੇ ਨੇ। 'ਦੋਗਲਾਪਣ' ਸਿਰਲੇਖ ਵਾਲੀ ਕਵਿਤਾ ਵਿੱਚ ਸ਼ਾਇਰ ਲਿਖਦਾ ਹੈ:
ਸ਼ਹਿਰ ਵਿੱਚ ਸ਼ੋਰ ਸੀ:
ਸਰਕਾਰ ਭ੍ਰਿਸ਼ਟਾਚਾਰੀਅਆਂ ਨੂੰ ਨੱਥ ਪਾਵੇ,
ਸਰਕਾਰ ਨੇ ਅਨੇਕਾਂ ਭ੍ਰਿਸ਼ਟਾਚਾਰੀ ਨੇਤਾ ਜੇਹਲਾਂ 'ਚ ਡੱਕ ਦਿੱਤੇ,
ਹੁਣ, ਸ਼ਹਿਰ ਵਿੱਚ ਸ਼ੋਰ ਸੀ:
੍ਰਿਭਸ਼ਟਾਚਾਰੀ ਵੀ, ਤਾਂ, ਸਾਡੇ ਹੀ ਪੁੱਤਰ ਹਨ
ਇਹ, ਤਾਂ, ਬੁੱਚੜਾਂ ਦੀ ਸਰਕਾਰ ਹੈ।
ਇਹ ਕਿਤਨੀ ਗ਼ਲਤ ਧਾਰਨਾ ਹੈ। ਇਹ ਪ੍ਰਣਾਲੀ ਕਿਵੇਂ ਖ਼ਤਮ ਹੋਵੇਗੀ? ਜੇ ਅਸੀਂ ਇਸ ਤਰ੍ਹਾਂ ਹੀ ਕਰਦੇ ਰਹੇ। ਚਿੱਟੇ ਦੇ ਨਸ਼ੇ, ਕੀਟਨਾਸ਼ਕ ਦਵਾਈਆਂ, ਪਾਰਕਾਂ, ਪਲਾਜ਼ਿਆਂ ਵਿੱਚ ਲੜਾਈਆਂ, ਕਰਜ਼ੇ ਅਤੇ ਸਰਕਾਰੀ ਜ਼ਬਰ ਸ਼ੋਸ਼ਣ ਵਰਗੀਆਂ ਲਾਹਣਤਾਂ ਨੇ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ ਹੈ। ਬਲਿਊ ਸਟਾਰ ਅਪ੍ਰੇਸ਼ਨ ਦਾ ਸੰਤਾਪ, ਬੇਅਦਬੀਆਂ, ਬੰਦੀ ਸਿੰਘਾਂ, ਆਦਿਵਾਸੀਆਂ ਦੇ ਘਰ ਉਜਾੜਨਾ, ਹਕੂਮਤਾਂ ਦੀਆਂ ਤੰਗਦਿਲੀਆਂ, ਜ਼ਾਤ ਪਾਤ, ਲਹੂ ਦੇ ਛਿੱਟੇ ਧਰਮ ਦੇ ਨਾਂ ਤੇ ਕਤਲੇਆਮ ਆਦਿ। 'ਧਾਰਮਿਕ ਆਤੰਕਵਾਦ' ਸਿਰਲੇਖ ਵਾਲੀ ਕਵਿਤਾ ਧਰਮ ਦੀ ਆੜ ਵਿੱਚ ਕੀਤੀ ਜਾ ਰਹੀ ਜ਼ੋਰ ਜ਼ਬਰਦਸਤੀ ਦਾ ਸਬੂਤ ਹੈ:
ਜਦੋਂ, ਮੁੰਡੀਰ
ਤੁੁਹਾਡੇ, ਘਰਾਂ 'ਚ ਵੜ ਕੇ
ਤੁਹਾਡੇ, ਘਰਾਂ ਦੇ ਫਰਿੱਜਾਂ ਵਿੱਚ ਪਏ
ਭੋਜਨ ਦੀ ਪੜਤਾਲ ਕਰਨ ਲੱਗ ਜਾਏ
ਬੱਕਰੇ ਦੇ ਮਾਸ ਨੂੰ ਵੀ
ਗਊ ਦਾ ਮਾਸ ਕਹਿਕੇ
ਤੁਹਾਡੀ, ਹੱਤਿਆ ਕਰ ਦੇਵੇ
ਤਾਂ, ਪੁੱਛਣਾ ਹੀ ਬਣਦਾ ਹੈ:
ਕੀ, ਇਸ ਨੂੰ, ਤੁਸੀਂ-
ਧਾਰਮਿਕ ਆਤੰਕਵਾਦ ਨਹੀਂ ਕਹੋਗੇ
ਰਾਸ਼ਟਰਵਾਦ, ਰਾਜਨੀਤੀ ਧਰਮ ਦਾ ਮਖੌਟਾ, ਰਾਜਨੀਤੀ ਦਾ ਗੰਧਲਾਪਣ, ਜੈ ਸਿਰੀ ਰਾਮ, ਖਾਲਿਸਤਾਨ, ਨਫ਼ਰਤਾਂ ਦੇ ਬੀਜ, ਸਾਹਿਤਕ ਡੇਰਾਵਾਦ, ਜੰਗ ਵੀ ਇੱਕ ਧੰਦਾ, ਅਤੇ ਸਰਹੱਦਾਂ 'ਤੇ ਕੁਰਬਾਨੀਆਂ ਦੇਣ ਵਾਲਿਆਂ ਆਦਿ ਨੁਕਤਿਆਂ ਨੂੰ ਆਪਣੀਆਂ ਕਵਿਤਾਵਾਂ ਵਿੱਚ ਉਠਾਇਆ ਹੈ, ਜਿਨ੍ਹਾਂ ਬਾਰੇ ਸਰਕਾਰਾਂ ਸੰਜੀਦਾ ਨਹੀਂ ਹਨ। ਸਗੋਂ ਸਾਰੇ ਮਸਲੇ ਅਣਗੌਲੇ ਹੋਏ ਹਨ। ਦੋ ਦੇਸ਼ਾਂ ਖਾਸ ਤੌਰ 'ਤੇ ਇੰਡੋ ਪਾਕਿ ਸਰਕਾਰਾਂ ਦੀਆਂ ਆਪੋ ਆਪਣੇ ਦੇਸ਼ਾਂ ਦੇ ਨਾਗਰਿਕਾਂ ਦੀ ਅਣਵੇਖੀ ਕਰਕੇ ਆਪਣੀਆਂ ਸਰਕਾਰਾਂ ਬਰਕਰਾਰ ਰੱਖਣ ਲਈ ਜੰਗਾਂ ਦੇ ਡਰਾਬਿਆਂ ਬਾਰੇ ਲਗਪਗ 15 ਕਵਿਤਾਵਾਂ ਹਨ।
ਸਮਕਾਲੀ ਪੰਜਾਬੀ ਕਵਿਤਾ ਦੇ ਪਰਿਪੇਖ ਵਿੱਚ ਕਿਹਾ ਜਾ ਸਕਦਾ ਹੈ ਕਿ ਸੁਖਿੰਦਰ ਦੀ ਕਵਿਤਾ ਲੋਕ ਹਿੱਤਾਂ 'ਤੇ ਪਹਿਰਾ ਦੇਣ ਵਾਲੀ ਹੈ, ਜਦੋਂ ਪੰਜਾਬੀ ਸਮਕਾਲੀ ਕਵਿਤਾ ਰੁਮਾਂਸਵਾਦ ਦੀ ਤਰਜਮਾਨੀ ਕਰਦੀ ਵਿਖਾਈ ਦਿੰਦੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

‘ਟੁੱਟੇ ਵਾਅਦਿਆਂ ਦੀ ਦਾਸਤਾਨ’ ਪੁਸਤਕ ਲੋਕ ਹਿਤਾਂ ਦੀ ਪਹਿਰੇਦਾਰ - ਉਜਾਗਰ ਸਿੰਘ

ਗੁਰਮੀਤ ਸਿੰਘ ਪਲਾਹੀ ਸਮਰੱਥ ਲੇਖਕ ਤੇ ਕਾਲਮ ਨਵੀਸ ਹੈ। ਉਸ ਦੀਆਂ ਇੱਕ ਦਰਜਨ ਪੁਸਤਕਾਂ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਟੁੱਟੇ ਵਾਅਦਿਆਂ ਦੀ ਦਾਸਤਾਨ’ ਪੁਸਤਕ ਗੁਰਮੀਤ ਸਿੰਘ ਪਲਾਹੀ ਦੇ ਚੋਣਵੇਂ ਲੇਖਾਂ ਨੂੰ ਇਕੱਤਰ ਕਰਕੇ ਪਰਵਿੰਦਰਜੀਤ ਸਿੰਘ ਨੇ ਸੰਪਾਦਿਤ ਕੀਤੀ ਹੈ। ਇਸ ਪੁਸਤਕ ਵਿੱਚ ਗੁਰਮੀਤ ਸਿੰਘ ਪਲਾਹੀ ਦੇ ਲਿਖੇ 56 ਲੇਖ ਸ਼ਾਮਲ ਹਨ। ਇਹ ਲੇਖ ਪੰਜਾਬੀ ਦੇ ਦੇਸ਼/ਪ੍ਰਦੇਸ਼ ਦੇ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਗਾਹੇ-ਵਗਾਹੇ ਪ੍ਰਕਾਸ਼ਤ ਹੋ ਚੁੱਕੇ ਹਨ। ਪਰਵਿੰਦਰਜੀਤ ਸਿੰਘ ਨੇ ਇਨ੍ਹਾਂ ਲੇਖਾਂ ਦੀ ਚੋਣ ਬੜੇ ਸੁਚੱਜੇ ਢੰਗ ਨਾਲ ਕੀਤੀ ਹੈ। ਇਸ ਪੁਸਤਕ ਦਾ ਨਾਮ ‘ਟੁੱਟੇ ਵਾਅਦਿਆਂ ਦੀ ਦਾਸਤਾਨ’ ਪੁਸਤਕ ਦੇ ਵਿਸ਼ੇ ਤੇ ਲੇਖਕ ਦੀ ਸਮਾਜ ਪ੍ਰਤੀ ਸੰਜੀਦਗੀ ਦੀ ਗਵਾਹੀ ਭਰਦਾ ਹੈ, ਭਾਵ ਸਰਕਾਰਾਂ ਦੇ ਕੀਤੇ ਵਾਅਦਿਆਂ ਦੇ ਵਫ਼ਾ ਨਾ ਹੋਣ ਦੀ ਪੋਲ ਖੋਲ੍ਹਦੀ ਹੈ। ਇਸ ਸਿਰਲੇਖ ਤੋਂ ਗੁਰਮੀਤ ਸਿੰਘ ਪਲਾਹੀ ਦੀ ਵਿਚਾਰਧਾਰਾ ਦਾ ਵੀ ਪ੍ਰਗਟਾਵਾ ਹੁੰਦਾ ਹੈ। ਇਹ ਲੇਖ ਮੁੱਢਲੇ ਤੌਰ ‘ਤੇ ਲੋਕਾਈ ਦੇ ਹਿੱਤਾਂ ਦੀ ਪਹਿਰੇਦਾਰੀ ਕਰਦੇ ਹਨ, ਖਾਸ ਤੌਰ ‘ਤੇ ਮਨੁੱਖੀ ਹੱਕਾਂ ਦੀ ਰੱਖਵਾਲੀ ਕਰਨ ਵਾਲੇ ਹਨ। ਪੰਜਾਬ ਵਿੱਚ ਬਹੁਤ ਸਾਰੇ ਚਿੰਤਕ/ਵਿਦਵਾਨ/ਬੁੱਧੀਜੀਵੀ/ਕਾਬਲ ਕਾਲਮ ਨਵੀਸ ਹਨ, ਜਿਹੜੇ ਸਮਾਜਿਕ ਵਿਸੰਗਤੀਆਂ ਬਾਰੇ ਲਿਖਦੇ ਰਹਿੰਦੇ ਹਨ ਪ੍ਰੰਤੂ ਇਨ੍ਹਾਂ ਵਿੱਚੋਂ ਆਟੇ ਵਿੱਚ ਲੂਣ ਦੀ ਤਰ੍ਹਾਂ ਬਹੁਤ ਥੋੜ੍ਹੇ ਹਨ, ਜਿਹੜੇ ਬੇਬਾਕੀ ਨਾਲ ਮਨੁੱਖੀ ਹੱਕਾਂ ਤੇ ਹੋ ਰਹੇ ਹਮਲਿਆਂ ਬਾਰੇ ਲਿਖਣ ਦਾ ਹੌਸਲਾ ਕਰਦੇ ਹਨ। ਗੁਰਮੀਤ ਸਿੰਘ ਪਲਾਹੀ ਉਨ੍ਹਾਂ ਵਿੱਚੋਂ ਇੱਕ ਅਜਿਹਾ ਚਿੰਤਕ ਹੈ, ਜਿਸਦੇ ਲੇਖ ਹਰ ਮਸਲੇ ‘ਤੇ ਲਗਪਗ ਹਰ ਰੋਜ਼ ਕਿਸੇ ਨਾ ਕਿਸੇ ਅਖ਼ਬਾਰ ਦਾ ਸ਼ਿੰਗਾਰ ਬਣਦੇ ਹਨ। ਉਹ ਬੜੀ ਦਲੇਰੀ ਨਾਲ ਸਰਕਾਰਾਂ ਦੀਆਂ ਕੁਰੀਤੀਆਂ, ਜੋਰ ਜ਼ੁਬਰਦਸਤੀਆਂ, ਅਣਗਹਿਲੀਆਂ ਤੇ ਲਾਪ੍ਰਵਾਹੀਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਰੱਖ ਦਿੰਦੇ ਹਨ। ਇਸ ਪੁਸਤਕ ਵਿੱਚ ਉਸਦੇ ਲਗਪਗ 20 ਲੇਖ ਕਿਸਾਨਾ/ਮਜ਼ਦੂਰਾਂ/ਮੁਲਾਜ਼ਮਾ ਦੀਆਂ ਸਮੱਸਿਆਵਾਂ ਅਤੇ ਸਰਕਾਰਾਂ ਵੱਲੋਂ ਉਨ੍ਹਾਂ ਦੇ ਹਿਤਾਂ ਦੀ ਕੀਤੀ ਜਾ ਰਹੀ ਅਣਵੇਖੀ ਨਾਲ ਸੰਬੰਧਤ ਹਨ। ਉਹ ਇਕੱਲੇ ਪੰਜਾਬ ਦੇ ਕਿਸਾਨਾ/ਮਜ਼ਦੂਰਾਂ/ਮੁਲਾਜ਼ਮਾ ਬਾਰੇ ਹੀ ਚਿੰਤਤ ਨਹੀਂ ਸਗੋਂ ਸਮੁੱਚੇ ਸੰਸਾਰ ਵਿੱਚ ਕਿਸਾਨ/ਮਜ਼ਦੂਰਾਂ/ਮੁਲਾਜ਼ਮਾ ਨਾਲ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਦਾ ਪਰਦਾ ਫ਼ਾਸ਼ ਕਰਦੇ ਹੋਏ, ਉਨ੍ਹਾਂ ਨੂੰ ਆਪਣੇ ਹੱਕਾਂ ਦੀ ਹਿਫ਼ਾਜ਼ਤ ਲਈ ਇੱਕਮੁੱਠ ਹੋ ਕੇ ਲੜਾਈ ਲੜ੍ਹਨ ਦੀ ਪ੍ਰੇਰਨਾ ਦਿੰਦੇ ਹਨ। ਸਰਕਾਰਾਂ ਨਾਲ ਰਲਕੇ ਵੱਡੇ ਕਾਰੋਬਾਰੀ ਕਿਸਾਨਾ ਦੇ ਜ਼ਮਹੂਰੀ ਹੱਕਾਂ ‘ਤੇ ਮਾਰੂ ਕਾਰਵਾਈਆਂ ਕਰ ਰਹੇ ਹਨ ਪ੍ਰੰਤੂ ਗੁਰਮੀਤ ਸਿੰਘ ਪਲਾਹੀ ਉਨ੍ਹਾਂ ਦੀਆਂ ਅਜਿਹੀਆਂ ਹਰਕਤਾਂ ਦੇ ਆਪਣੇ ਲੇਖਾਂ ਰਾਹੀਂ ਪਾਜ ਉਘੇੜਦੇ ਹਨ। ਇਸ ਪੁਸਤਕ ਵਿੱਚ ਕੋਈ ਅਜਿਹਾ ਭਖਦਾ/ਚਲੰਤ ਮਸਲਾ ਨਹੀਂ ਜਿਸ ਬਾਰੇ ਉਸਦਾ ਲੇਖ ਪ੍ਰਕਾਸ਼ਤ ਨਾ ਹੋਇਆ ਹੋਵੇ। ਉਹ ਭਖਦੇ/ਚਲੰਤ ਮਸਲਿਆਂ ਬਾਰੇ ਲਿਖਣ ਵਾਲਾ ਬੁੱਧੀਜੀਵੀ ਹੈ। ਖਾਸ ਤੌਰ ’ਤੇ ਬੇਰੋਜ਼ਗਾਰੀ, ਭ੍ਰਿਸ਼ਿਟਾਚਾਰ, ਵਾਤਾਵਰਨ, ਅਮਨ ਕਾਨੂੰਨ, ਪ੍ਰਦੂਸ਼ਣ, ਸਿਧਾਂਤਹੀਣ ਸਿਆਸਤਦਾਨ ਅਤੇ ਆਰਥਿਕ/ਸਮਾਜਿਕ/ਸਭਿਅਚਾਰਕ/ਮਾਨਸਿਕ ਸ਼ੋਸ਼ਣ ਉਸ ਦੇ ਲੇਖਾਂ ਦਾ ਵਿਸ਼ਾ ਬਣਦੇ ਰਹਿੰਦੇ ਹਨ। ਉਪਰੋਕਤ ਵਿਸ਼ਿਆਂ ’ਤੇ ਵੀ ਉਸਦੇ ਲਗਪਗ 25 ਲੇਖ ਹਨ। ਇਹ ਅਜਿਹੇ ਵਿਸ਼ੇ ਹਨ, ਜਿਨ੍ਹਾਂ ਦਾ ਮਾਨਵਤਾ ਦੀ ਸਿਹਤ ’ਤੇ ਖ਼ਤਰਨਾਕ ਅਸਰ ਪੈਂਦਾ ਹੈ। ਇਨ੍ਹਾਂ ਮੁੱਦਿਆਂ ਕਰਕੇ ਬਹੁਤ ਸਾਰੇ ਲੋਕ ਖੁਦਕਸ਼ੀਆਂ ਕਰ ਜਾਂਦੇ ਹਨ। ਗੁਰਮੀਤ ਸਿੰਘ ਪਲਾਹੀ ਇੱਕ ਸੰਜੀਦਾ ਕਾਲਮ ਨਵੀਸ ਹੈ, ਇਸ ਕਰਕੇ ਜਦੋਂ ਕੋਈ ਇਨ੍ਹਾਂ ਵਿਸ਼ਿਆਂ ਨਾਲ ਸੰਬੰਧਤ ਕਾਰਵਾਈ/ਘਟਨਾ ਵਾਪਰਦੀ ਹੈ ਤਾਂ ਗੁਰਮੀਤ ਸਿੰਘ ਪਲਾਹੀ ਦਾ ਮਨ ਉਸਨੂੰ ਇਨ੍ਹਾਂ ਲੋਕਾਂ ਦੇ ਹਿੱਤਾਂ ਦੀ ਰਖਵਾਲੀ ਲਈ ਲੇਖ ਲਿਖਣ ਲਈ ਤਾਕੀਦ ਕਰਦਾ ਹੈ, ਫਿਰ ਉਹ ਸਖ਼ਤ ਸ਼ਬਦਾਵਲੀ ਵਿੱਚ ਲੋਕਾਈ ਦੀ ਪ੍ਰਤੀਨਿਧਤਾ ਕਰਨ ਵਾਲੇ ਲੇਖ ਲਿਖਦਾ ਹੈ। ਸਮੁੱਚੇ ਸੰਸਾਰ ਵਿੱਚ ਹਰ ਰੋਜ਼ ਨਵੀਂਆਂ ਘਟਨਾਵਾਂ ਅਤੇ ਚਲੰਤ ਮਸਲਿਆਂ ਤੇ ਕਿੰਤੂ ਪ੍ਰੰਤੂ ਹੁੰਦਾ ਰਹਿੰਦਾ ਹੈ। ਗੁਰਮੀਤ ਸਿੰਘ ਪਲਾਹੀ ਦੀ ਖ਼ੂਬੀ ਹੈ ਕਿ ਉਹ ਹਰ ਘਟਨਾ ਬਾਰੇ ਆਪਣਾ ਪ੍ਰਤੀਕਮ ਲੇਖਾਂ ਰਾਹੀਂ ਦਿੰਦਾ ਹੈ। ਉਹ ਆਪਣਾ ਪ੍ਰਤੀਕਰਮ ਦੇਣ ਵਿੱਚ ਦੇਰੀ ਵੀ ਨਹੀਂ ਕਰਦਾ ਸਗੋਂ ਤੁਰੰਤ ਹੀ ਅਗਲੇ ਦਿਨ ਕਿਸੇ ਨਾ ਕਿਸੇ ਅਖ਼ਬਾਰ ਵਿੱਚ ਉਸਦਾ ਲੇਖ ਪ੍ਰਕਾਸ਼ਤ ਹੋਇਆ ਹੁੰਦਾ ਹੈ। ਉਸਦੀ ਜਾਣਕਾਰੀ ਦਾ ਦਾਇਰਾ ਵੀ ਵਿਸ਼ਾਲ ਹੈ, ਜੇ ਇਉਂ ਕਹਿ ਲਿਆ ਜਾਵੇ ਕਿ ਉਹ ਇੱਕ ਸੰਸਥਾ ਤੋਂ ਵੀ ਵੱਧ ਕੰਮ ਕਰ ਰਿਹਾ ਹੈ ਤਾਂ ਵੀ ਕੋਈ ਅਤਕਥਨੀ ਨਹੀਂ। ਇਹ ਪੁਸਤਕ ਪੜ੍ਹਦਿਆਂ ਉਸਦੇ ਗਿਆਨ, ਸਿਆਣਪ, ਵਿਚਾਰਧਾਰਾ ਅਤੇ ਸੂਝ ਦਾ ਪਤਾ ਲੱਗਦਾ ਹੈ। ਸਿਖਿਆ ਸ਼ਾਸਤਰੀ ਹੋਣ ਕਰਕੇ ਉਸ ਕੋਲ ਗਿਆਨ ਅਤੇ ਸ਼ਬਦਾਂ ਦਾ ਭੰਡਾਰ ਹੈ। ਉਸਨੂੰ ਸ਼ਬਦਾਂ ਦਾ ਜਾਦੂਗਰ ਵੀ ਕਿਹਾ ਜਾ ਸਕਦਾ ਹੈ। ਧਰਤੀ ਦੀ ਕੁੱਖ ਨੂੰ ਕੀਟਨਾਸ਼ਕ ਦਵਾਈਆਂ ਅਤੇ ਰਸਾਇਣਕ ਖਾਦਾਂ ਦੀ ਵਧੇਰੇ ਮਾਤਰਾ ਵਿੱਚ ਵਰਤੋਂ ਪਲੀਤ ਕਰ ਰਹੀਆਂ ਹਨ। ਜ਼ਮੀਨ ਵਿੱਚੋਂ ਪਾਣੀ ਦੀ ਵਧੇਰੇ ਵਰਤੋਂ ਵੀ ਚਿੰਤਾ ਦਾ ਵਿਸ਼ਾ ਹੈ। ਜ਼ਮੀਨਦੋਜ਼ ਪਾਣੀ ਵੀ ਪ੍ਰਦੂਸ਼ਤ ਹੋ ਰਿਹਾ ਹੈ। ਭਾਵ ਕੁਦਰਤੀ ਵਸੀਲਿਆਂ ‘ਤੇ ਮਾਰੂ ਅਸਰ ਪੈ ਰਿਹਾ ਹੈ। ਗੁਰਮੀਤ ਸਿੰਘ ਪਲਾਹੀ ਦੇ ਲਗਪਗ 10 ਲੇਖਾਂ ਵਿੱਚ ਇਨ੍ਹਾਂ ਪਲੀਤ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਤੋਂ ਪ੍ਰਹੇਜ਼ ਕਰਨ ਲਈ ਲੋਕਾਂ ਨੂੰ ਚੌਕਸ ਕੀਤਾ ਗਿਆ ਹੈ, ਕਿਉਂਕਿ ਇਨ੍ਹਾਂ ਨਾਲ ਇਨਸਾਨੀ ਜੀਵਨ ‘ਤੇ ਬੀਮਾਰੀਆਂ ਦਾ ਪ੍ਰਕੋਪ ਵੱਧ ਸਕਦਾ ਹੈ। ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਵੱਧ ਰਹੀਆਂ ਹਨ। ਜੇ ਇਉਂ ਕਹਿ ਲਿਆ ਜਾਵੇ ਕਿ ਗੁਰਮੀਤ ਸਿੰਘ ਪਲਾਹੀ ਲੋਕਾਈ ਦਾ ਪ੍ਰਤੀਨਿਧ ਬਣਕੇ ਵਿਚਰ ਰਿਹਾ ਹੈ ਤਾਂ ਵੀ ਕੋਈ ਗ਼ਲਤ ਗੱਲ ਨਹੀਂ, ਉਸਦੇ ਲੇਖਾਂ ਦੀ ਕੋਸ਼ਿਸ਼ ਲੋਕਾਈ ਦੇ ਹਿਤਾਂ ਦੀ ਪਹਿਰੇਦਾਰੀ ਕਰਨ ਦੀ ਹੁੰਦੀ ਹੈ। Çਲੰਗਕ ਨਾਬਰਾਬਰੀ, ਬੇਇਨਸਾਫ਼ੀ, ਹਿੰਸਾ ਵਰਗੀਆਂ ਘਿਨਾਉਣੀਆਂ ਹਰਕਤਾਂ ਬਾਰੇ ਵੀ ਗੁਰਮੀਤ ਸਿੰਘ ਪਲਾਹੀ ਲੇਖ ਲਿਖਦਾ ਹੈ, ਇਸ ਪੁਸਤਕ ਵਿੱਚ ਵੀ ਇਨ੍ਹਾਂ ਵਿਸ਼ਿਆਂ ਬਾਰੇ ਲੇਖ ਸ਼ਾਮਲ ਕੀਤੇ ਗਏ ਹਨ। ਮਨੀਪੁਰ ਵਿੱਚ ਲਗਾਤਾਰ ਹਿੰਸਾ ਹੋਣਾ ਤੇ ਦੋ ਸਮੁੱਦਾਇ ਦੀ ਖਾਨਾਜੰਗੀ ਨੂੰ ਰੋਕ ਨਾ ਸਕਣਾ ਮਾਨਵਤਾ ਦਾ ਘਾਣ ਕਰ ਹੋ ਰਿਹਾ ਹੈ ਪ੍ਰੰਤੂ ਕੇਂਦਰ ਸਰਕਾਰ ਘੂਕ ਸੁੱਤੀ ਪਈ ਹੈ। ਲੇਖਕ ਸਰਕਾਰ ਦੀ ਬੇਪ੍ਰਵਾਹੀ ਦਾ ਪੋਲ ਖੋਲ੍ਹਦਾ ਹੈ।
  ਬੇਸ਼ੱਕ ਇਸ ਪੁਸਤਕ ਵਿੱਚ ਸਮੁੱਚੇ ਸੰਸਾਰ ਵਿੱਚ ਵਾਪਰ ਰਹੀਆਂ ਘਟਨਾਵਾਂ ਅਤੇ ਚਲੰਤ ਮਸਲਿਆਂ ਬਾਰੇ ਲਿਖਿਆ ਗਿਆ ਹੈ ਪ੍ਰੰਤੂ ਲੇਖਕ ਪੰਜਾਬ ਬਾਰੇ ਥੋੜ੍ਹਾ ਜ਼ਿਆਦਾ ਹੀ ਚਿੰਤਤ ਲੱਗਦਾ ਹੈ। ਪੰਜਾਬ ਦੇ ਜਿਹੜੇ ਮੁੱਦਿਆਂ ਬਾਰੇ ਇਸ ਪੁਸਤਕ ਵਿੱਚ ਲੇਖ ਲਿਖੇ ਗਏ ਹਨ, ਉਨ੍ਹਾਂ ਵਿੱਚ ਮੁੱਖ ਤੌਰ ‘ਤੇ ਬੇਰੋਜ਼ਗਾਰੀ, ਗੈਂਗਸਟਰਵਾਦ, ਧਰਨੇ, ਅੰਦੋਲਨ, ਸਥਾਨਕ ਸਰਕਾਰਾਂ, ਲੋਕਤੰਤਰ,  ਘੱਟ ਗਿਣਤੀਆਂ ਨਾਲ ਜ਼ਿਆਦਤੀਆਂ, ਚੋਣਾਂ ਵਿੱਚ ਧਾਂਦਲੀਆਂ, ਦਲ ਬਦਲੀਆਂ ਦੀ ਪਰੰਪਰਾ, ਪਰਿਵਾਰਵਾਦ, ਮੁਫ਼ਤਖ਼ੋਰੀ, ਨਸ਼ੇ ਅਤੇ ਕਿਸਾਨੀ ਦੀ ਦੁਰਦਸ਼ਾ ਸ਼ਾਮਲ ਹਨ। ਇਹ ਸਾਰੇ ਵਿਸ਼ੇ ਪੰਜਾਬ ਦੀ ਆਰਥਿਕਤਾ ਅਤੇ ਭਾਈਚਾਰਕ ਸਾਂਝ ਨੂੰ ਖ਼ਤਮ ਕਰ ਰਹੇ ਹਨ। ਪੰਜਾਬ ਆਰਥਿਕ ਤੌਰ ‘ਤੇ ਖੋਖਲਾ ਹੋ ਗਿਆ ਹੈ। ਦਿਨ ਬਦਿਨ ਕਰਜ਼ੇ ਦੀ ਪੰਡ ਭਾਰੀ ਹੋ ਗਈ ਹੈ ਪ੍ਰੰਤੂ ਸਾਰੀਆਂ ਪਾਰਟੀਆਂ ਦੇ ਸਿਆਸਤਦਾਨ ਆਪੋ ਆਪਣੀ ਸਿਆਸਤ ਤਾਂ ਕਰ ਰਹੇ ਹਨ ਪ੍ਰੰਤੂ ਪੰਜਾਬ ਦੀ ਕਿਸੇ ਨੂੰ ਚਿੰਤਾ ਨਹੀਂ, ਇਸ ਚਿੰਤਾ ਦਾ ਪ੍ਰਗਟਾਵਾ ਲੇਖਕ ਦੇ ਲੇਖ ਕਰ ਰਹੇ ਹਨ। ਸਿਆਸਤਦਾਨ ਇੱਕ ਦੂਜੇ ‘ਤੇ ਦੂਸ਼ਣਬਾਜ਼ੀ ਕਰ ਰਹੇ ਹਨ, ਲੋਕਾਂ ਦੇ ਮੁੱਦਿਆਂ ਦੀ ਗੱਲ ਨਹੀਂ ਕਰਦੇ। ਇਸ ਤੋਂ ਇਲਾਵਾ ਸਰਕਾਰੀ ਮੁਲਾਜ਼ਮਾ ਵਿੱਚ ਬੇਚੈਨੀ ਦਫ਼ਤਰੀ ਕੰਮ ਕਾਜ਼ ਵਿੱਚ ਰੁਕਾਵਟ ਪਾ ਰਹੀ ਹੈ। ਪੰਚਾਇਤੀ ਚੋਣਾ ਵਿੱਚ ਲੋਕਤੰਤਰ ਦੀ ਭਾਵਨਾ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਹਨ। ਵਿਦਿਆਰਥੀਆਂ ਵਿਚਲੇ ਅਸੰਤੋਸ਼ ਬੇਰੋਜ਼ਗਾਰੀ ਕਾਰਨ ਹੈ। ਬੇਰੋਜ਼ਗਾਰੀ ਦੂਰ ਕਰਨ ਦੇ ਉਪਰਾਲੇ ਨਹੀਂ ਹੋ ਰਹੇ। ਪੰਜਾਬੀ ਪ੍ਰਵਾਸ ਕਰ ਰਹੇ ਹਨ। ਨਰਿੰਦਰ ਮੋਦੀ ਦੇ ਦਸ ਸਾਲਾਂ ਦੇ ਰਾਜ ਵਿੱਚ ਕੀਤੀਆਂ ਮਨਮਾਨੀਆਂ, ਆਰ.ਐਸ.ਐਸ. ਦੀਆਂ ਸਰਗਰਮੀਆਂ,  ਚੋਣਾਂ ਤੋਂ ਪਹਿਲਾਂ ਅਫਲਾਤੂਨੀ ਫ਼ੈਸਲੇ, ਲੋਕਤੰਤਰ, ਸੰਘੀ ਢਾਂਚੇ ਨੂੰ ਖ਼ਤਰਾ, ਸਿਖਿਆ ਪ੍ਰਣਾਲੀ ਦੇ ਵਾਦਵਿਵਾਦ ਆਦਿ ਸ਼ਾਮਲ ਹਨ। ਮੁੱਖ ਤੌਰ ‘ਤੇ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਖ਼ਤਮ  ਕਰਨਾ ਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਬਣਾਉਣਾ ਭਾਰਤੀ ਸੰਵਿਧਾਨ ਵਿੱਚ ਦਿੱਤੇ ਗਏ ਸੰਕਲਪ ਨੂੰ ਠੇਸ ਪਹੁਚਾਉਣਾ ਤੇ ਸੰਘੀ ਢਾਂਚੇ ਦੇ ਵਿਰੁੱਧ ਹੈ। ਲੋਕ ਹਿੱਤਾਂ ‘ਤੇ ਪਹਿਰਾ ਦੇਣ ਵਾਲੇ ਲੇਖ ਇਸ ਪੁਸਤਕ ਵਿੱਚ ਸ਼ਾਮਲ ਕੀਤੇ ਗਏ ਹਨ।
 256 ਪੰਨਿਆਂ, 300 ਰੁਪਏ ਕੀਮਤ ਵਾਲੀ ਇਹ ਪੁਸਤਕ ਪੰਜਾਬੀ ਵਿਰਸਾ ਟਰੱਸਟ ਪਿੰਡ ਪਲਾਹੀ, ਡਾਕਘਰ ਫਗਵਾੜਾ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ ਗੁਰਮੀਤ ਸਿੰਘ ਪਲਾਹੀ : 9815802070
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48@yahoo.com

ਮਨਜੀਤ ਬੋਪਾਰਾਏ ਦੀ 'ਕਾਫ਼ਿਰ ਹੀ ਪਵਿੱਤਰ ਮਨੁੱਖ' ਪੁਸਤਕ ਵਿਗਿਆਨਕ ਸੋਚ ਦੀ ਲਖਾਇਕ - ਉਜਾਗਰ ਸਿੰਘ

ਭਾਰਤੀ ਖਾਸ ਕਰਕੇ ਪੰਜਾਬੀ ਧਾਰਮਿਕ ਵਲੱਗਣਾਂ ਵਿੱਚ ਗੜੂੰਦ ਹੋਏ ਪਏ ਹਨ। ਇਥੇ ਹੀ ਵਸ ਨਹੀਂ ਸਗੋਂ ਕੱਟੜਤਾ ਵਿੱਚ ਵੀ ਗ੍ਰਸੇ ਹੋਏ ਹਨ, ਜਿਸ ਕਰਕੇ ਵਿਕਾਸ ਦੇ ਰਸਤੇ ਵਿੱਚ ਖੜ੍ਹੋਤ ਆ ਜਾਂਦੀ ਹੈ। ਇਸ ਦਾ ਖਮਿਆਜਾ ਪੰਜਾਬੀ ਭੁਗਤ ਰਹੇ ਹਨ। ਨੌਜਵਾਨ ਪੀੜ੍ਹੀ ਵਿੱਚ ਵਿਦਿਆ ਦਾ ਪਾਸਾਰ ਹੋਣ ਨਾਲ ਵਿਗਿਆਨਕ ਸੋਚ ਬਣਦੀ ਜਾ ਰਹੀ ਹੈ। ਮਨਜੀਤ ਬੋਪਾਰਾਏ ਜੋ ਖ਼ੁਦ ਵਿਗਿਆਨਕ ਸੋਚ ਦਾ ਮੁੱਦਈ ਹੈ ਤੇ ਦਲੀਲ ਨਾਲ ਗੱਲ ਕਰਨ ਦਾ ਸਮਰਥੱਕ ਹੈ, ਉਸਨੇ ਨੌਜਵਾਨਾਂ ਨੂੰ ਵਿਗਿਆਨਕ ਸੋਚ ਨਾਲ ਜੋੜਨ ਲਈ ਕੋਸ਼ਿਸ਼ ਕੀਤੀ ਹੈ। ਉਹ ਵਹਿਮਾ-ਭਰਮਾ ਤੇ ਅੰਧ-ਵਿਸ਼ਵਾਸ ਦੀ ਪਰੰਪਰਾ ਦਾ ਕੱਟੜ ਵਿਰੋਧੀ ਹੈ। ਮੁੱਢਲੇ ਤੌਰ 'ਤੇ ਉਹ ਇੱਕ ਬਿਹਤਰੀਨ ਇਨਸਾਨ ਹੈ। ਮਨੁੱਖਤਾ ਦੀ ਭਲਾਈ 'ਤੇ ਪਹਿਰਾ ਦੇਣਾ ਉਸਦੀ ਵਿਚਾਰਧਾਰਾ ਹੈ। ਵਹਿਮਾ-ਭਰਮਾ ਤੇ ਅੰਧ-ਵਿਸ਼ਵਾਸ  ਦੇ ਜਾਲ ਵਿੱਚ ਫਸੇ ਪੰਜਾਬੀਆਂ ਨੂੰ ਵਿਗਿਆਨਕ ਆਧਾਰ 'ਤੇ ਵਿਚਰਣ ਦੇ ਇਰਾਦੇ ਨਾਲ ਉਸਨੇ  ਇੱਕ ਪੁਸਤਕ 'ਜੋਤਿਸ਼ ਝੂਠ ਬੋਲਦਾ ਹੈ' ਲਿਖੀ ਸੀ, 'ਕਾਫ਼ਿਰ ਹੀ ਪਵਿੱਤਰ ਮਨੁੱਖ' ਉਸਦੀ ਇਸੇ ਲੜੀ ਵਿੱਚ ਦੂਜੀ ਪੁਸਤਕ ਹੈ। ਇਸ ਪੁਸਤਕ ਨੂੰ ਮਨਜੀਤ ਬੋਪਾਰਾਏ ਨੇ 27 ਅਧਿਆਇ ਵਿੱਚ ਵੰਡਿਆ ਹੈ। ਇਹ ਸਾਰੇ ਅਧਿਆਏ ਇੰਟਰਕਨੈਕਟਡ ਤੇ ਉਦਾਹਰਨਾਂ ਭਰਪੂਰ ਅਤੇ ਵਿਗਿਆਨਕ ਤੱਥਾਂ ਵਾਲੇ ਹਨ। ਲੇਖਕ ਨੇ ਇਸ ਪੁਸਤਕ ਵਿੱਚ ਲੋਕਾਂ ਨੂੰ ਸਮਝਾਉਣ ਲਈ ਖ਼ਰੀਆਂ-ਖ਼ਰੀਆਂ ਤੇ ਕੋਰੀਆਂ-ਕੋਰੀਆਂ ਗੱਲਾਂ ਕੀਤੀਆਂ ਹਨ। ਉਸਨੇ ਮਨੁੱਖਾਂ ਨੂੰ ਅੰਧ-ਵਿਸ਼ਵਾਸਾਂ ਵਿੱਚੋਂ ਕੱਢਣ ਲਈ ਤਰਕ ਨਾਲ ਕੁਦਰਤ ਅਤੇ ਰੱਬ ਦੇ ਵਖਰੇਵੇਂ ਨੂੰ ਸਮਝਾਇਆ ਹੈ। ਰੱਬ ਦੀ ਹੋਂਦ ਨੂੰ ਦਲੀਲਾਂ ਨਾਲ ਨਕਾਰਿਆ ਹੈ। ਅਗਿਆਨਤਾ ਅੰਧ-ਵਿਸ਼ਵਾਸ, ਕੱਟੜਪੰਥੀ, ਜ਼ੁਲਮ, ਅਪਰਾਧ, ਹਫੜਾ-ਦਫੜੀ ਅਤੇ ਭ੍ਰਿਸ਼ਟਾਚਾਰ ਦਾ ਆਧਾਰ ਬਣਦੀ ਹੈ। ਅਗਿਆਨਤਾ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ। ਮੁੱਢਲੇ ਤੌਰ 'ਤੇ ਮਨਜੀਤ ਬੋਪਾਰਾਏ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬੱਚਾ ਇੱਕ ਇਨਸਾਨ ਦੇ ਤੌਰ 'ਤੇ ਪੈਦਾ ਹੁੰਦਾ ਹੈ, ਪ੍ਰੰਤੂ ਅਸੀਂ ਉਸਨੂੰ ਮਨੁੱਖ ਬਣਾਉਣ ਦੀ ਥਾਂ ਹਿੰਦੂ, ਸਿੱਖ, ਈਸਾਈ, ਯਹੂਦੀ ਅਤੇ ਮੁਸਲਮਾਨ ਬਣਾ ਦਿੰਦੇ ਹਾਂ। ਮਾਪੇ ਹੀ ਬੱਚਿਆਂ ਨੂੰ ਅੰਧ-ਵਿਸ਼ਵਾਸਾਂ ਵਿੱਚ ਧਕੇਲਦੇ ਹਨ। ਧਾਰਮਿਕ ਲੋਕਾਂ ਦੇ ਦੋਹਰੇ ਕਿਰਦਾਰ ਦਾ ਦਲੀਲਾਂ ਨਾਲ ਭਾਂਡਾ ਭੰਨਿਆਂ ਹੈ। ਧਾਰਮਿਕ ਲੋਕ ਆਪ ਵੀ ਵਿਗਿਆਨਕ ਤਰੀਕਿਆਂ ਨਾਲ ਇਲਾਜ਼ ਕਰਵਾਉਂਦੇ ਹਨ, ਪ੍ਰੰਤੂ ਕਹਿੰਦੇ ਹਨ ਕਿ ਰੱਬ ਨੇ ਬਚਾਇਆ ਹੈ। ਇਸ ਪੁਸਤਕ ਦਾ ਮਕਸਦ ਵਿਗਿਆਨਕ ਸੋਚ ਵਾਲੇ ਚੰਗੇ ਮਨੁੱਖ ਦੀ ਸਿਰਜਣਾ ਕਰਨਾ ਹੈ। ਇਸ ਸਾਰੇ ਕੁਝ ਨੂੰ ਸਮਝਾਉਣ ਲਈ ਮਨਜੀਤ ਬੋਪਾਰਾਏ ਨੇ ਬ੍ਰਹਿਮੰਡ ਦੀ ਉਤਪਤੀ, ਖਣਿਜ ਦਾ ਵਿਕਾਸ ਧਰਤੀ 'ਤੇ ਜੀਵਨ ਦੀ ਉਤਪਤੀ ਤੇ ਗਿਆਨ ਵਿਗਿਆਨ ਦੇ ਵਿਕਾਸ ਦੀ ਪ੍ਰਗਤੀ ਦੀਆਂ ਪ੍ਰਸਥਿਤੀਆਂ ਬਾਰੇ ਜਾਣਕਾਰੀ ਦਿੰਦਿਆਂ, ਵਿਗਿਆਨਿਕ ਤਰਕ ਨਾਲ ਅੰਧ-ਵਿਸ਼ਵਾਸ ਨੂੰ ਅਗਿਆਨਤਾ ਦਾ ਮੁੱਖ ਕਾਰਨ ਕਿਹਾ ਹੈ, ਜਿਸ ਕਰਕੇ ਮਨੁੱਖ ਆਸਤਕ ਬਣਕੇ ਗੁੰਮਰਾਹ ਹੁੰਦਾ ਰਹਿੰਦਾ ਹੈ। ਪਹਿਲਾ ਅਧਿਆਏ ਵਧੀਆ ਮਨੁੱਖ ਬਣਨ ਲਈ ਤਸਦੀਕ ਕਰਦਾ ਹੈ ਕਿ ਜੀਵਨ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਦਿਆਨਤਦਾਰੀ ਦੇ ਗੁਣ ਹੋਣੇ ਜ਼ਰੂਰੀ ਹੁੰਦੇ ਹਨ। ਦੂਜਾ ਅਧਿਆਏ ਦੱਸਦਾ ਹੈ ਕਿ ਸੱਚ ਅਸਲੀਅਤ ਦਾ ਸਬੂਤ ਹੁੰਦਾ ਹੈ, ਸੱਚ ਗ਼ਲਤ ਅਤੇ ਠੀਕ ਵਿੱਚ ਅੰਤਰ ਵਰਣਨ ਕਰਦਾ ਹੈ, ਵਿਗਿਆਨਕ ਤਰਕ ਨਾਲ ਸੱਚ ਲੱਭਿਆ ਜਾ ਸਕਦਾ ਹੈ।  ਕੁਝ ਵੀ ਸਿੱਖਣ ਨੂੰ ਗਿਆਨ ਅਤੇ ਵਿਗਿਆਨ ਕਿਹਾ ਜਾ ਸਕਦਾ, ਪ੍ਰੰਤੂ ਇਸਦਾ ਆਧਾਰ ਤਰਕ ਹੁੰਦਾ ਹੈ। ਗਿਆਨ ਸੱਚ ਹੁੰਦਾ ਹੈ, ਗਿਆਨ ਤਰਤੀਬ ਬੰਦ ਪੜਤਾਲ ਕਰਨ ਨਾਲ ਆਉਂਦਾ ਹੈ, ਵਿਗਿਆਨਕ ਪਰਖ ਨਾਲ ਇਕੱਠੀ ਕੀਤੀ ਸੂਚਨਾ ਸਹੀ ਗਿਆਨ ਹੁੰਦਾ ਹੈ। ਵਿਗਿਆਨ ਸੱਚ ਜਾਨਣ ਦੀ ਤਰਕੀਬ ਹੈ। ਗਿਆਨ ਵਿਗਿਆਨ ਅਪਡੇਟ ਹੁੰਦਾ ਰਹਿੰਦਾ ਹੈ। 'ਆਜ਼ਾਦੀ ਦਾ ਰੋਲ' ਅਧਿਆਏ ਵਿੱਚ ਦੱਸਿਆ ਹੈ ਕਿ ਸੱਚ ਬੋਲਣਾ ਹੀ ਆਜ਼ਾਦੀ ਹੈ। ਆਜ਼ਾਦੀ ਤਿੰਨ ਤਰ੍ਹਾਂ ਰਾਸ਼ਟਰੀ, ਸਿਆਸੀ ਅਤੇ ਵਿਅਕਤੀਗਤ ਹੁੰਦੀ ਹੈ। ਆਜ਼ਾਦੀ ਦਾ ਅਰਥ ਸਵੈ-ਨਿਰਣਾ ਹੈ। ਕੁਦਰਤ ਦੇ ਭੇਦ ਖੋਲ੍ਹਣ ਵਿੱਚ ਆਜ਼ਾਦੀ ਦਾ ਮੁੱਖ ਰੋਲ ਹੈ। ਧਰਤੀ 'ਤੇ ਜੀਵਨ ਦੀ ਉਤਪਤੀ ਬਾਰੇ ਲੇਖਕ ਨੇ ਵਿਸਤਾਰ ਨਾਲ ਸ਼ੁਰੂ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਤੀਜੇ ਗ੍ਰਹਿ ਦੀ ਵੱਖ-ਵੱਖ ਸਮੇਂ ਵਿਗਿਆਨੀਆਂ ਦੀ ਖੋਜ ਬਾਰੇ ਜਾਣਕਾਰੀ ਦਿੱਤੀ ਹੈ। ਸੰਸਾਰ ਵਿੱਚ ਆਉਣ ਤੋਂ ਬਾਅਦ ਮਨੁੱਖ, ਪੰਛੀ, ਬਨਾਸਪਤੀ, ਦਿਨ-ਰਾਤ, ਧੁੱਪ-ਛਾਂ, ਜੋ ਕੁਝ ਵੇਖਦਾ ਹੈ ਤਾਂ ਉਸਦੇ ਮਨ ਵਿੱਚ ਸਵਾਲ ਉਠਦੇ ਹਨ, ਇਹ ਸਭ ਕੁਦਰਤ ਹੈ, ਕੁਦਰਤ ਆਪਣੇ ਆਪ ਇੱਕ ਅਯੂੱਬਾ ਹੈ, ਕੁਦਰਤ ਨੂੰ ਸਿਰਸ਼ਟੀ ਵੀ ਕਿਹਾ ਜਾਂਦਾ ਹੈ। ਕਈ ਲੋਕ ਕੁਦਰਤ ਨੂੰ ਰੱਬ ਕਹਿੰਦੇ ਹਨ। ਲੇਖਕ ਨੇ ਸਮਝਾਇਆ ਹੈ ਕਿ ਸ਼ਰਧਾ, ਵਿਸ਼ਵਾਸ ਅਤੇ ਭਰੋਸਾ ਹੀ ਕੁਦਰਤ ਨੂੰ ਰੱਬ ਦਾ ਦਰਜਾ ਦਿੰਦੇ ਸਨ, ਇਨ੍ਹਾਂ ਸਾਰਿਆਂ ਦੀ ਜੜ੍ਹ ਅੰਧ-ਵਿਸ਼ਵਾਸ ਹੈ, ਲੇਖਕ ਨੇ ਉਦਾਹਰਨਾਂ ਨਾਲ ਸਮਝਾਇਆ ਹੈ ਕਿ ਅੰਧ-ਵਿਸ਼ਵਾਸ ਦੀ ਕੋਈ ਪਰਿਭਾਸ਼ਾ ਨਹੀਂ ਹੈ, ਇਸਦਾ ਅਰਥ ਆਮ ਤੌਰ 'ਤੇ ਅਲੌਕਿਕ ਸ਼ਕਤੀਆਂ ਵਿੱਚ ਵਿਸ਼ਵਾਸ ਹੈ। ਰੱਬ ਬਾਰੇ ਹਰ ਧਰਮ ਦੀ ਵੱਖਰੀ ਪਰਿਭਾਸ਼ਾ ਹੈ, ਇਸਦਾ ਭਾਵ ਰੱਬ ਵੀ ਅਨੇਕ ਹਨ, ਅਸਲ ਵਿੱਚ ਰੱਬ ਕਾਲਨਿਕ ਹੈ, ਜੇ ਰੱਬ ਸਭ ਕੁਝ ਕਰਦਾ ਹੈ ਤਾਂ ਲੋਕਾਂ ਤੋਂ ਗ਼ਲਤ ਕੰਮ ਵੀ ਉਹ ਹੀ ਕਰਵਾਉਂਦਾ ਹੈ। ਪੁਜਾਰੀ ਸ਼ਰਧਾਲੂ ਅਤੇ ਰੱਬ ਦਰਮਿਆਨ ਵਿਚੋਲੇ ਦਾ ਕੰਮ ਕਰਦਾ ਹੈ, ਚੜ੍ਹਾਵਾ ਰੱਬ ਨੂੰ ਖ਼ੁਸ਼ ਕਰਨ ਲਈ ਚੜ੍ਹਾਉਂਦਾ ਹੈ, ਸ਼ਰਧਾਲੂ ਆਪਣੇ ਲਾਭ ਲਈ ਦੂਜੇ ਦਾ ਨੁਕਸਾਨ ਕਰ ਸਕਦਾ, ਇਸ ਲਈ ਰੱਬ ਨਿਰਪੱਖ ਨਹੀਂ ਹੋ ਸਕਦਾ। ਜੇ ਰੱਬ ਸਰਬ-ਸ਼ਕਤੀਮਾਨ, ਸਰਬ-ਉਪਕਾਰੀ, ਸਰਬ-ਗਿਆਨੀ ਤੇ ਯੁੱਗੋ ਯੁੱਗ ਅਟੱਲ ਹੈ ਤਾਂ ਹਨ੍ਹੇਰੀਆਂ, ਭੂਚਾਲ, ਬਿਮਾਰੀਆਂ ਨਾਲ ਲੋਕਾਂ ਨੂੰ ਕਿਉਂ ਮਾਰਦਾ ਹੈ। ਸਭ ਨੂੰ ਇੱਕੋ ਜਹੇ ਕਿਉਂ ਨਹੀਂ ਸਮਝਦਾ? ਇਸ ਤੋਂ ਇਲਾਵਾ ਅਨੇਕਾਂ ਅਜਿਹੇ ਕੁਕਰਮ ਹੋ ਰਹੇ ਹਨ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਕੌਣ ਲਵੇਗਾ? ਬੁਰਾਈ ਵੀ ਤਾਂ ਰੱਬ ਹੀ ਕਰਾਉਂਦਾ ਹੈ, ਜੇ ਉਹ ਸਰਬ-ਸ਼ਕਤੀਮਾਨ, ਸਰਬ-ਉਪਕਾਰੀ, ਸਰਬ-ਗਿਆਨੀ ਤੇ ਯੁੱਗੋ ਯੁੱਗ ਅਟੱਲ ਹੈ । ਸੰਸਾਰ ਦੇ ਸਾਰੇ ਧਰਮਾਂ ਵਿੱਚ ਇਸਤਰੀ ਨੂੰ ਬਰਾਬਰਤਾ ਦਾ ਦਰਜਾ ਪ੍ਰਾਪਤ ਨਹੀਂ, ਗੱਲਾਂ ਬਾਤਾਂ ਜਿਵੇਂ ਮਰਜ਼ੀ ਕਹੀ ਜਾਣ ਅਮਲੀ ਤੌਰ 'ਤੇ ਇਸਤਰੀ ਨੂੰ ਦੂਜੇ ਦਰਜੇ ਦੀ ਕਿਹਾ ਜਾਂਦਾ ਹੈ। ਭਰੂਣ ਹੱਤਿਆ, ਜਿਨਸੀ ਸ਼ੋਸ਼ਣ, ਦਾਜ, ਹਿੰਸਾ, ਅਧੀਨਤਾ ਅਤੇ ਹੋਰ ਬਹੁਤ ਸਾਰੀਆਂ ਸਮਾਜਿਕ ਬੰਦਸ਼ਾਂ ਵਿੱਚ ਜਕੜਿਆ ਹੋਇਆ ਹੈ, ਇਹ ਵੀ ਅੰਧ-ਵਿਸ਼ਵਾਸ ਕਰਕੇ ਹੈ। 84 ਲੱਖ ਜੂਨਾ ਵਾਲਾ ਢਕਵੰਜ ਵੀ ਡਰ ਦੀ ਭਾਵਨਾ ਕਰਕੇ ਹੈ।  ਅਲੌਕਿਕ, ਰਹੱਸਮਈ, ਦੈਵੀ ਵਰਤਾਰੇ ਸਭ ਡਰ ਕਰਕੇ ਬਣਾਏ ਗਏ ਹਨ। ਇਨ੍ਹਾਂ ਦਾ ਵਿਗਿਆਨ ਵਿੱਚ ਕੋਈ ਆਧਾਰ ਨਹੀਂ। ਭੂਤ ਪ੍ਰੇਤ ਸਭ ਕਾਲਪਨਿਕ ਗੱਲਾਂ ਹਨ। ਇਸ ਲਈ ਇਨ੍ਹਾਂ ਨੂੰ ਮੰਨਿਆਂ ਨਹੀਂ ਜਾ ਸਕਦਾ। ਬ੍ਰਹਿਮੰਡ ਕਿਸੇ 'ਕਰਤੇ' ਦੀ ਕਿਰਤ ਨਹੀਂ ਹੈ, ਸਗੋਂ ਰੱਬ 'ਮਨੁੱਖ' ਦੇ ਮਨ ਦੀ ਕਾਢ ਹੈ। 'ਰੱਬ ਨੂੰ ਮਨੁੱਖ ਨੇ ਹੀ ਬਣਾਇਆ ਹੈ, ਨਾ ਕਿ ਰੱਬ ਨੇ ਕੁਦਰਤ ਦੀ ਉਪਜ ਕੀਤੀ ਹੈ। 'ਬ੍ਰਹਿਮੰਡ/ਕੁਦਰਤ ਨੂੰ ਸਮਝਣ ਲਈ ਤਰਕਸ਼ੀਲ ਸਿਧਾਂਤ ਦੀ ਲੋੜ ਹੈ, ਸੂਝਵਾਨ ਅਤੇ ਸੂਖ਼ਮ ਦਿਮਾਗ਼ ਵਾਲੇ ਮਨੁੱਖ ਨੇ ਮਨੁੱਖਾਂ ਲਈ ਦੇਵਤਿਆਂ ਦੇ ਡਰ ਦੀ ਕਾਢ ਕੱਢੀ, ਦੇਵਤੇ/ਰੱਬ ਮਨੁੱਖਾਂ ਦੀਆਂ ਕਾਲਪਨਿਕ ਧਾਰਨਾਵਾਂ ਹਨ। ਦੇਵਤੇ/ਰੱਬ ਅਗਿਆਨਤਾ ਕਰਕੇ ਮਿਥਹਾਸਕ ਕਿੱਸਿਆਂ 'ਤੇ  ਅਧਾਰਤ ਹਨ, ਨਾ ਕਿ ਕਿਸੇ ਠੋਸ ਤਰਕ, ਨਿਰੀਖਣ ਅਤੇ ਸਬੂਤ 'ਤੇ ਅਧਾਰਤ। ਪੁਰਾਤਨ ਸਮੇਂ ਕੁਦਰਤ ਦੇ ਵਰਤਾਰੇ ਚਮਤਕਾਰ ਹੀ ਮੰਨੇ ਜਾਂਦੇ ਸਨ। 20ਵੀਂ ਸਦੀ ਵਿਗਿਆਨਕ ਯੁਗ ਸੀ। ਰੱਬ, ਦੇਵਤੇ, ਸਵਰਗ ਨਰਕ, ਭੂਤ-ਪ੍ਰੇਤ, ਚਮਤਕਾਰ, ਆਤਮਾ ਆਦਿ ਵੱਖ-ਵੱਖ ਧਾਰਮਿਕ ਗ੍ਰੰਥਾਂ ਵਿੱਚ ਹੀ ਮਿਲਦੇ ਹਨ, ਪ੍ਰੰਤੂ ਵਿਗਿਆਨ ਦੀਆਂ ਕਿਤਾਬਾਂ ਵਿੱਚ ਨਹੀਂ ਮਿਲਦੇ। ਤਰਕਸ਼ੀਲਤਾ ਮਨੁੱਖੀ ਸੋਚ ਦੀ ਦਲੀਲ ਭਰਪੂਰ ਉਹ ਪ੍ਰਕ੍ਰਿਆ ਹੈ, ਜੋ ਸਾਨੂੰ ਗ਼ਲਤ, ਸੱਚ ਅਤੇ ਝੂਠ ਵਿੱਚ ਫ਼ਰਕ ਸਮਝਾਉਣ ਦੇ ਕਾਬਲ ਬਣਾਉਂਦੀ ਹੈ। ਇਸ ਮੰਤਵ ਲਈ ਗੁਰੂ/ਟੀਚਰ/ਕੋਚ ਹੀ ਬੱਚੇ ਨੂੰ ਤੱਥਾਂ 'ਤੇ ਅਧਾਰਤ ਜਾਣਕਾਰੀ ਦੇ ਸਕਦੇ ਹਨ। ਸਾਇੰਸ ਦੇ ਯੁਗ ਨੂੰ ਵੇਖਦੇ ਹੋਏ, ਗਿਆਨ ਵਿਗਿਆਨ ਹੀ ਇਨ੍ਹਾਂ ਦਾ ਆਧਾਰ ਹੁੰਦਾ ਹੈ। ਮਨਜੀਤ ਬੋਪਾਰਾਏ ਨੇ ਸਾਬਤ ਕੀਤਾ ਹੈ ਕਿ ਜਿਹੜੇ ਦੇਸ਼ਾਂ ਵਿੱਚ ਧਾਰਮਿਕ ਅਕੀਦਾ ਜ਼ਿਆਦਾ ਲੋਕਾਂ ਵਿੱਚ ਹੈ, ਉਨ੍ਹਾਂ ਦਾ ਵਿਕਾਸ ਨਹੀਂ ਹੋ ਸਕਿਆ। ਇਸਦੇ ਉਲਟ ਜਿਹੜੇ ਦੇਸ਼ਾਂ ਦੇ ਲੋਕ ਘੱਟ ਧਾਰਮਿਕ ਹਨ, ਉਹ ਵਿਕਾਸ ਦੀਆਂ ਸਿਖ਼ਰਾਂ 'ਤੇ ਪਹੁੰਚੇ ਹਨ। ਉਨ੍ਹਾਂ ਵਿੱਚ ਆਸਟਰੇਲੀਆ, ਸਵੀਡਨ, ਜਰਮਨੀ, ਨਿਊਜ਼ੀਲੈਂਡ, ਲਕਜ਼ਮਬਰਗ, ਡੈਨਮਾਰਕ, ਕੈਨੇਡਾ, ਫਰਾਂਸ ਅਤੇ ਨੀਦਰਲੈਂਡ ਵਰਗੇ ਦੇਸ ਦੇਸ਼ ਸ਼ਾਮਲ ਹਨ। ਲੇਖਕ ਨੇ ਇਹ ਵੀ ਸਾਬਤ ਕੀਤਾ ਹੈ ਕਿ ਲੋਕਾਂ ਦਾ ਨੈਤਿਕ ਵਿਕਾਸ ਪਹਿਲਾਂ ਹੋਇਆ, ਧਰਮ ਬਾਅਦ ਵਿੱਚ ਆਏ ਹਨ। ਇਤਿਹਸ ਗਵਾਹੀ ਭਰਦਾ ਹੈ ਕਿ ਧਰਮਾਂ ਕਰਕੇ ਬਹੁਤੀਆਂ ਜੰਗਾਂ ਲੱਗੀਆਂ ਹਨ, ਕਿਉਂਕਿ ਧਾਰਮਿਕ ਅੱਤਵਾਦ ਇਨ੍ਹਾਂ ਲੜਾਈਆਂ ਦੀ ਜੜ੍ਹ ਰਿਹਾ ਹੈ। ਨਾਸਤਿਕ/ਆਸਤਿਕ ਦੇ 18 ਸੁਆਲ ਜਵਾਬ ਤੇਈਵੇਂ ਚੈਪਟਰ ਵਿੱਚ ਦਿੱਤੇ ਹਨ, ਇਨ੍ਹਾਂ ਦਾ ਸਾਰੰਸ਼ ਇਹ ਹੈ ਕਿ ਨਾਸਤਕ ਰੱਬ ਨੂੰ ਮੰਨਣ ਤੋਂ ਮੁਨਕਰ ਨਹੀਂ ਪ੍ਰੰਤੂ ਆਸਤਿਕ ਇਹ ਸਬੂਤ ਨਹੀਂ ਦੇ ਸਕਿਆ ਕਿ ਰੱਬ ਮੌਜੂਦ ਹੈ, ਜਿਹੜੀ ਚੀਜ਼ ਦੀ ਸਥਾਈ ਹੋਂਦ ਹੀ ਨਹੀਂ, ਅਸੀਂ ਉਸਨੂੰ ਮੰਨ ਕਿਵੇਂ ਸਕਦੇ ਹਾਂ। ਰੱਬ ਤਾਂ ਵਿਖਾਈ ਹੀ ਨਹੀਂ ਦਿੰਦਾ, ਸਥੂਲ ਹੀ ਨਹੀਂ ਹੈ। ਵਿਗਿਆਨਕ ਅਤੇ ਧਾਰਮਿਕ ਸੋਚ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ। ਕਾਲਪਨਿਕ, ਸ਼ਕਤੀਆਂ, ਭਗਤੀਆਂ (ਰੱਬ ਦੇਵਤੇ) ਬਿਨਾ ਸਬੂਤ ਹੁੰਦੇ ਹਨ। ਵਿਗਿਆਨਕ ਸੋਚ ਸਬੂਤਾਂ ਤੇ ਸਚਾਈ 'ਤੇ ਅਧਾਰਤ ਹੁੰਦੀ ਹੈ। ਇਹੋ ਦੋਹਾਂ ਵਿੱਚ ਅੰਤਰ ਹੈ। ਸੱਚ ਸਭ ਤੋਂ ਉਤਮ, ਮਹਾਨ ਅਤੇ ਮਹੱਤਵਪੂਰਨ ਹੁੰਦਾ ਹੈ। ਸੱਚ ਤੋਂ ਅੱਗੇ ਕੁਝ ਨਹੀਂ। ਧਾਰਮਿਕ ਸੋਚ ਸਚਾਈ ਤੋਂ ਦੂਰ ਕਾਲਪਨਿਕ ਹੁੰਦੀ ਹੈ। ਨਵੇਂ ਤੇ ਪੁਰਾਣੇ ਵਿਸ਼ਵਾਸਾਂ ਵਿੱਚ ਹਮੇਸ਼ਾ ਟਕਰਾਓ ਹੁੰਦਾ ਹੈ, ਕਿਉਂਕਿ ਪੁਰਾਣੇ ਵਿਸ਼ਵਾਸ ਸਾਡੀਆਂ ਭਾਵਨਾਵਾਂ ਤੇ ਕਦਰਾਂ-ਕੀਮਤਾਂ ਨਾਲ ਜੁੜੇ ਹੁੰਦੇ ਹਨ। ਨਵੇਂ ਵਿਚਾਰ ਮੌਜੂਦਾ ਗਿਆਨ, ਜਾਣਕਾਰੀ ਅਤੇ ਅਨੁਭਵਾਂ ਦੇ ਸੁਮੇਲ ਤੋਂ ਹੀ ਬਣਦੇ ਹਨ। ਗਿਆਨ ਅਤੇ ਵਿਗਿਆਨਕ ਤਰੱਕੀ ਪਿਛਲੀਆਂ ਖੋਜਾਂ ਨੂੰ ਅਨੁਕੂਲ ਬਣਾਉਣ ਅਤੇ ਜੋੜਨ ਦੇ ਨਤੀਜੇ ਵਜੋਂ ਹੁੰਦੀ ਹੈ। ਮਨੁੱਖ ਗਿਆਨ ਸਮੇਂ ਦੇ ਨਾਲ ਵਿਕਸਤ ਅਤੇ ਸੁਧਾਰਿਆ ਹੈ। ਕੁਦਰਤ ਦਾ ਨਿਯਮ ਤਬਦੀਲੀ ਦੀ ਪ੍ਰਕ੍ਰਿਅਿਾ ਵਿੱਚ ਨਿਰੰਤਰ ਸਿੱਖਣਾ, ਨਵੀਂ ਜਾਣਕਾਰੀ ਦੇ ਅਨੁਕੂਲ ਹੋਣਾ, ਨਵੇਂ ਹੁਨਰ ਅਤੇ ਨਵੇਂ ਮਾਹੌਲ ਦਾ ਵਿਕਾਸ ਹੁੰਦਾ ਰਹਿਣਾ ਸ਼ਾਮਲ ਹੈ। ਕੁਦਰਤ ਵਿੱਚ ਜੋ ਚੀਜ਼ਾਂ ਪੈਦਾ ਹੁੰਦੀਆਂ ਹਨ, ਉਹ ਕੁਦਰਤੀ ਸ਼ਕਤੀਆਂ ਨਾਲ ਬਣਦੀਆਂ ਹਨ। ਵਿਗਿਆਨ ਵਰਣਨ ਕਰਦਾ ਹੈ ਕਿ ਬ੍ਰਹਿਮੰਡ/ਕੁਦਰਤ ਕਿਵੇਂ ਸ਼ੁਰੂ ਹੋਈ। ਵਿਗਿਆਨ ਮੁਤਾਬਕ ਧਾਰਮਿਕ ਗ੍ਰੰਥਾਂ ਵਿੱਚ 'ਕਰਤੇ ਦੀ ਕਿਰਤ ਬ੍ਰਹਿਮੰਡ' ਦੇ ਦਾਅਵੇ ਅੰਧ-ਵਿਸ਼ਵਾਸ ਹੀ ਹਨ। ਕੁਦਰਤ ਗਿਆਨ ਵਿਗਿਆਨ ਦਾ ਦੂਜਾ ਰੂਪ ਹੈ। ਮਨੁੱਖ ਧਰਮਾ ਦੇ ਵਖਰੇਵੇਂ, ਵਰਗ, ਨਸਲ, ਰੰਗ, ਭਾਸ਼ਾਵਾਂ, ਲਿੰਗ, ਵੱਖਰੇ ਰੀਤੀ-ਰਿਵਾਜ, ਰਾਜਨੀਤਕ ਅਤੇ ਆਰਥਿਕ ਪੱਧਰ ਵਿਚਕਾਰ ਵੀ ਵੰਡਿਆ ਹੋਇਆ ਹੈ। ਵੱਖ-ਵੱਖ ਧਰਮਾਂ ਵਿਚਲੀ ਕੱਟੜਪੰਥੀ ਮਨੁੱਖਤਾ ਲਈ ਸਭ ਤੋਂ ਵੱਧ ਖ਼ਤਰਨਾਕ ਸਿੱਧ ਹੋਈ ਹੈ, ਇਸ ਸੰਬੰਧੀ ਪੁਸਤਕ ਦੇ 198 ਪੰਨੇ ਤੋਂ 211 ਤੱਕ ਦਾ ਵਿਸ਼ੇਸ਼ ਟੇਬਲ ਇਹ ਸਿੱਧ ਕਰਦਾ ਹੈ। 6 ਧਰਮਾਂ ਅਤੇ ਨਾਸਤਿਕ ਦੇ 18 ਨੁਕਤਿਆਂ ਦੀ ਸੰਖੇਪ ਵਿਆਖਿਆ ਅਤੇ ਵਿਸ਼ਲੇਸ਼ਣ ਇਹ ਸਿੱਧ ਕਰਦੇ ਹਨ ਕਿ ਸਾਰੇ ਧਰਮ ਗ੍ਰੰਥ ਵੱਖ-ਵੱਖ ਨਿਰਦੇਸ਼ ਦਿੰਦੇ ਹਨ, ਫਿਰ ਸਾਰੇ ਸੱਚੇ ਤੇ ਠੀਕ ਗਿਆਨ ਕਿਵੇਂ ਹੋਏ? ਸਾਰੇ ਧਰਮ ਇੱਕੋ ਰੱਬ ਨੂੰ ਮੰਨਦੇ ਹਨ। ਕਾਫ਼ਿਰ ਹੀ ਪਵਿੱਤਰ (ਸ਼ੁੱਧ) ਮਨੁੱਖ ਹੁੰਦਾ ਹੈ। ਪਵਿੱਤਰ ਦੇ ਸ਼ਬਦੀ ਅਰਥ ਹਨ ਸ਼ੁੱਧ, ਜਿਸ ਵਿੱਚ ਕੋਈ ਮਿਲਾਵਟ ਨਾ ਹੋਵੇ। ਇਸੇ ਤਰ੍ਹਾਂ ਮਨੁੱਖੀ ਮਨ/ਸੋਚ ਵੀ ਅੰਧ-ਵਿਸ਼ਵਾਸ ਰਹਿਤ ਸ਼ੁੱਧ/ਪਵਿੱਤਰ ਹੁੰਦੀ ਹੈ। ਵਹਿਮ-ਭਰਮ ਅਤੇ ਅੰਧ-ਵਿਸ਼ਵਾਸ ਇੱਕ ਤਰ੍ਹਾਂ ਮਾਨਸਿਕ ਪ੍ਰਦੂਸ਼ਣ ਹੀ ਹੁੰਦੇ ਹਨ। ਨਾਸਤਿਕ ਵਿਗਿਆਨਕ ਸੋਚ ਦਾ ਧਾਰਨੀ ਹੁੰਦਾ ਹੈ। ਇਸ ਲਈ 'ਕਾਫ਼ਿਰ ਨੂੰ ਹੀ ਪਵਿੱਤਰ ਮਨੁੱਖ' ਕਿਹਾ ਜਾ ਸਕਦਾ ਹੈ, ਕਿਉਂਕਿ ਵਿਗਿਆਨਕ ਵਿਧੀ ਇੱਕੋ ਇੱਕ ਭਰੋਸੇਮੰਦ ਤਰੀਕਾ ਹੈ। ਮਨਜੀਤ ਬੋਪਾਰਾਏ ਦੀ ਇਹ ਪੁਸਤਕ ਬਹੁਤ ਹੀ ਸਾਰਥਿਕ ਤੱਥਾਂ ਨਾਲ ਦਿੱਤੀ ਜਾਣਕਾਰੀ ਮਾਂਨਵਤਾ ਲਈ ਬੇਹੱਦ ਲਾਭਦਾਇਕ ਸਿੱਧ ਹੋਵੇਗੀ।
  ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48yahoo.com

ਡਾ.ਮਨਜੀਤ ਸਿੰਘ ਬੱਲ ਦੀ 'ਗੱਲਾਂ ਆਰ ਪਾਰ ਦੀਆਂ' ਪੁਸਤਕ ਮੁਹੱਬਤ ਦੀ ਦਾਸਤਾਂ - ਉਜਾਗਰ ਸਿੰਘ

ਡਾ.ਮਨਜੀਤ ਸਿੰਘ ਬੱਲ ਬਹੁ-ਵਿਧਾਵੀ ਤੇ ਬਹੁ-ਪੱਖੀ, ਭਾਵਨਾਵਾਂ ਦੇ ਵਹਿਣ ਵਿੱਚ ਗੋਤੇ ਲਾਉਣ ਵਾਲਾ ਸੰਵੇਦਨਸ਼ੀਲ ਲੇਖਕ ਹੈ। ਹੁਣ ਤੱਕ ਉਸ ਦੀਆਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿੱਚ ਤੇਰਾਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਪੜਚੋਲ ਅਧੀਨ 'ਗੱਲਾਂ ਆਰ ਪਾਰ ਦੀਆਂ' ਉਸ ਦੀ ਚੌਧਵੀਂ ਪੁਸਤਕ ਹੈ। ਇਸ ਪੁਸਤਕ ਵਿੱਚ ਵੱਖ-ਵੱਖ ਵਿਸ਼ਿਆਂ, ਮਾਨਵਤਾ ਦੇ ਆਪਸੀ ਰਿਸ਼ਤਿਆਂ ਦੀ ਮਨੋ-ਦਸ਼ਾ ਦਾ ਵਿਸ਼ਲੇਸ਼ਣ ਕਰਨ ਵਾਲੇ ਕੁਲ 36 ਲੇਖ ਹਨ। ਜਿਹੜੇ ਲੋਕਾਈ ਨੂੰ ਮੁਹੱਬਤ ਨਾਲ ਪਿਆਰ ਦੀਆਂ ਪੀਂਘਾਂ ਪਾ ਕੇ ਸੁਨਹਿਰਾ ਤੇ ਸੁਹਾਵਣਾ ਜੀਵਨ ਬਸਰ ਕਰਨ ਦੀ ਪ੍ਰੇਰਨਾ ਦਿੰਦੇ ਹਨ। ਇਹ ਲੇਖ ਮਾਨਵ ਕਦਰਾਂ ਕੀਮਤਾਂ ਵਿੱਚ ਆਧੁਨਿਕਤਾ ਦੀ ਪਿਉਂਦ ਕਰਕੇ ਆ ਰਹੀ ਗਿਰਾਵਟ ਦੀ ਗਵਾਹੀ ਭਰਦੇ ਹਨ। ਮੋਹ-ਮੁਹੱਬਤ ਸਰਹੱਦਾਂ ਦੀ ਵਲੱਗਣ ਤੋਂ ਬਾਹਰ ਦੀਆਂ ਬਾਤਾਂ ਹਨ। ਮੁਹੱਬਤ ਤਾਂ ਹਵਾ ਦੀਆਂ ਤਰੰਗਾਂ ਵਿੱਚ ਰੰਗੀਨੀ ਘੋਲਦੀ ਹੈ। ਇਸ ਪੁਸਤਕ ਦੀ ਸਭ ਤੋਂ ਵੱਡੀ ਖ਼ੂਬੀ ਇਹੋ ਹੈ ਕਿ ਪਿਆਰ ਦੀਆਂ ਪੀਂਘਾਂ ਪਾ ਕੇ ਉਨ੍ਹਾਂ ਨੂੰ ਬਰਕਰਾਰ ਰੱਖਣ ਦੀ ਤਾਕੀਦ ਕਰਦੀ ਹੈ। ਇਸ ਦੇ ਲੇਖ ਇੱਕ ਕਿਸਮ ਨਾਲ ਪੁਰਾਤਨ ਪਰੰਪਰਾਵਾਂ, ਰਹਿਣੀ-ਬਹਿਣੀ, ਕਾਰ-ਵਿਵਹਾਰ ਅਤੇ ਸ਼ਬਦਾਵਲੀ ਦੀ ਯਾਦ ਦਿਵਾਉਂਦੇ ਹਨ। ਇਹ ਲੇਖ ਡਾ.ਮਨਜੀਤ ਸਿੰਘ ਬੱਲ ਦੀ ਜ਼ਿੰਦਗੀ ਵਿੱਚ ਹੋਏ ਤਜ਼ਰਬਿਆਂ 'ਤੇ ਅਧਾਰਤ ਹਨ। ਜੇ ਇਹ ਕਹਿ ਲਿਆ ਜਾਵੇ ਕਿ ਡਾ.ਮਨਜੀਤ ਸਿੰਘ ਬੱਲ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਕਹਾਣੀ ਹੈ, ਤਾਂ ਵੀ ਕੋਈ ਅਤਕਥਨੀ ਨਹੀਂ, ਸਗੋਂ ਡਾ.ਮਨਜੀਤ ਸਿੰਘ ਬੱਲ ਆਪਣੀ ਜਦੋਜਹਿਦ ਨੂੰ ਲੋਕਾਈ ਦੀ ਜਦੋਜਹਿਦ ਵਿੱਚ ਬਦਲਣ ਦੇ ਸਮਰੱਥ ਹੋਇਆ ਹੈ। ਇਹ ਵੀ ਡਾ.ਮਨਜੀਤ ਸਿੰਘ ਬੱਲ ਦੀ ਵੱਡੀ ਪ੍ਰਾਪਤੀ ਹੈ। ਆਮ ਤੌਰ 'ਤੇ ਲੇਖ ਰੁੱਖੇ ਜਿਹੇ ਹੁੰਦੇ ਹਨ, ਪ੍ਰੰਤੂ ਇਸ ਪੁਸਤਕ ਦੇ ਲੇਖ ਤਾਂ ਫਸਟ ਪਰਸਨ ਵਿੱਚ ਹੋਣ ਕਰਕੇ ਕਹਾਣੀਆਂ ਦੀ ਤਰ੍ਹਾਂ ਦਿਲਚਸਪ ਬਣ ਗਏ ਹਨ, ਜਿਨ੍ਹਾਂ ਨੂੰ ਪੜ੍ਹਨ ਲਈ ਉਤਸੁਕਤਾ ਬਣੀ ਰਹਿੰਦੀ ਹੈ। ਲੇਖ ਪੜ੍ਹਦਿਆਂ ਕਈ ਵਾਰ ਆਮ ਜਿਹੀਆਂ ਗੱਲਾਂ ਤੇ ਘਟਨਾਵਾਂ ਲੱਗਦੀਆਂ ਹਨ, ਪ੍ਰੰਤੂ ਇਨ੍ਹਾਂ ਲੇਖਾਂ ਦੇ ਆਰਥ ਡੂੰਘੇ ਹਨ। ਸੌਖੀ ਜ਼ਿੰਦਗੀ ਜਿਉਣ ਲਈ ਤਹਿਜੀਬ, ਸਲੀਕਾ ਅਤੇ ਸੰਜੀਦਗੀ ਦਾ ਗੁਣ ਦੇਣ ਦੀ ਪ੍ਰੇਰਨਾ ਦੇਣ ਵਾਲੇ ਹਨ। ਪਹਿਲੇ ਭਾਗ ਵਿੱਚ 26 ਲੇਖ ਹਨ। ਡਾ.ਮਨਜੀਤ ਸਿੰਘ ਬੱਲ ਸਾਹਿਤਕ ਤੇ ਸੰਗੀਤਕ ਸੁਰਾਂ ਦਾ ਰਸੀਆ ਹੋਣ ਕਰਕੇ ਸ਼ਬਦਾਂ ਦਾ ਦਰਿਆ ਵਹਿਣ ਲਾ ਦਿੰਦੇ ਹਨ, ਜਿਨ੍ਹਾਂ ਦੀਆਂ ਤਰੰਗਾਂ ਵਿੱਚ ਪਾਠਕ ਮਸਤ ਹੋ ਜਾਂਦੇ ਹਨ। 'ਦੋ ਛਤੀਰੀਆਂ ਵਾਲਾ ਘਰ' ਉਸ ਸਮੇਂ ਦੀ ਸਾਂਝੇ ਪਰਿਵਾਰਾਂ ਦੀ ਸਾਧਾਰਣ ਤੇ ਸੰਤੁਸ਼ਟਤਾ ਵਾਲੀ ਰਹਿਣੀ ਬਹਿਣੀ ਦਾ ਦ੍ਰਿਸ਼ਟਾਂਤਿਕ ਪ੍ਰਗਟਾਵਾ ਕਰਦਾ ਹੈ। 'ਹੱਡੀਆਂ ਦੀ ਜੰਗ' ਐਮ.ਬੀ.ਬੀ.ਐਸ.ਸਮੇਂ ਵਿਦਿਆਰਥੀਆਂ ਦੀ ਸਿੱਖਿਆ ਲਈ ਕੀਤੀ ਜਾਂਦੀ ਜਦੋਜਹਿਦ ਦੀ ਦਾਸਤਾਂ ਹੈ। 'ਖ਼ੂਨ ਦਾ ਰਿਸ਼ਤਾ' ਲੇਖ ਇਨਸਾਨੀਅਤ ਦੀ ਦੁੱਖ ਸੁੱਖ ਵਿੱਚ ਬਾਂਹ ਫੜ੍ਹਨ ਦੀ ਪ੍ਰੇਰਨਾ ਦਿੰਦਾ ਹੈ। ਡਾ.ਮਨਜੀਤ ਸਿੰਘ ਵੱਲੋਂ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਖ਼ੂਨ ਦਾਨ ਕਰਨਾ ਸਾਬਤ ਕਰਦਾ ਹੈ ਕਿ ਬੰਦਾ ਬੰਦੇ ਦੀ ਦਾਰੂ ਬਣਦਾ ਹੈ। ਨਰਸ ਹਰਬੰਸ ਥਾਂਦੀ ਨੂੰ ਵਿਭਾਗ ਦੇ ਮੁੱਖੀ ਵੱਲੋਂ ਸ਼ਾਬਸ਼ ਦੇਣਾ ਗ਼ਲਤੀ ਦਾ ਅਸਿਧੇ ਢੰਗ ਨਾਲ ਅਹਿਸਾਸ ਕਰਵਾਉਣਾ ਬਿਹਤਰੀਨ ਵਿਵਹਾਰ ਹੈ। 'ਜਨਾਨਾ ਵਾਰਡ' ਲੇਖ ਛੋਟੇ ਵੱਡੇ ਅਹੁਦਿਆਂ ਵਾਲੀਆਂ ਇਸਤਰੀਆਂ ਦੀਆਂ ਇੱਕੋ ਜਿਹੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ। ਜਦੋਂ ਵਾਰਡ ਦਾ ਦਰਜਾ ਚਾਰ ਕਰਮਚਾਰੀ ਰੌਸ਼ਨ ਲਾਲ, ਡੱਗੀ ਵਾਲੀ ਸ਼ੀਲਾ ਵੱਲੋਂ ਗਾਇਨੀ ਵਾਰਡ ਵਿੱਚ ਔਰਤਾਂ ਨੂੰ ਸੂਟ ਵੇਚਣ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਵਾਡੀ ਮੈਡਮ ਨੂੰ ਲੈ ਕੇ ਆਉਂਦਾ ਹੈ ਤਾਂ ਸ਼ੀਲਾ ਨੂੰ ਉਥੋਂ ਹਟਾਉਣ ਦੀ ਥਾਂ ਵਾਡੀ ਮੈਡਮ ਖੁਦ ਸੂਟ ਪਸੰਦ ਕਰਨ ਲੱਗ ਜਾਂਦੀ ਹੈ। 'ਪਹਿਲੀ ਤਨਖ਼ਾਹ' ਲੇਖ ਵੀ ਨੌਜਵਾਨ ਨੌਕਰਸ਼ਾਹਾਂ ਦੀਆਂ ਆਰਥਿਕ ਤੰਗੀਆਂ ਤਰੁਸ਼ੀਆਂ ਅਤੇ ਦਿਲੀ ਇਛਾਵਾਂ ਦਾ ਵਿਸ਼ਲੇਸ਼ਣ ਹੈ। 'ਮੁਕਲਾਵਾ' ਨਵੇਂ ਵਿਆਹੇ ਜੋੜਿਆਂ ਦੇ ਸੰਗਾਊਪੁਣੇ ਨਾਲ ਲਾਭ ਹੋਣ ਦੀ ਥਾਂ ਨੁਕਸਾਨ ਹੋ ਸਕਦਾ ਹੈ। ਪਹਿਲੇ ਭਾਗ ਦੇ ਅੱਧੇ 13 ਲੇਖ ਦੇਸ਼ ਦੀ ਵੰਡ ਦੀ ਤ੍ਰਾਸਦੀ ਕਰਕੇ ਖ਼ੂਨ ਦੇ ਰਿਸ਼ਤਿਆਂ ਦੇ ਵੱਖ ਹੋਣ ਦਾ ਸੰਤਾਪ ਪ੍ਰਗਟ ਕਰਦੇ ਹਨ, ਇਨ੍ਹਾਂ ਲੇਖਾਂ ਵਿੱਚ 'ਬਨਾਰਸੀ ਸਾੜੀ' ਅਨਾਰਕਲੀ ਬਾਜ਼ਾਰ ਵਾਲਾ ਪਰਸ, 'ਡੱਬੀਆਂ ਵਾਲਾ ਖੇਸ' 'ਸ਼ੇਖ਼ ਬ੍ਰਹਮ' 'ਵੈਸਟ ਸਰਜੀਕਲ ਵਾਰਡ', 'ਲਾਹੌਰ ਦੀ ਆਮਨਾ', 'ਲਹਿੰਦੇ ਪੰਜਾਬ ਵਾਲ਼ੇ ਰਿਸ਼ਤੇ', 'ਮਾਮਾ ਗ਼ੁਲਾਮ ਰਸੂਲ', 'ਖ਼ੂਹੀ ਵਾਲੀ ਗੱਲ ਸੁਣਾ', 'ਉਮਰ ਭਰ ਦਾ ਪਛਤਾਵਾ', 'ਲਾਹੌਰ ਦਾ ਜੈਨ ਮੰਦਰ', 'ਭਗਤ ਸਿੰਘ ਚੌਕ ਲਾਹੌਰ', 'ਕਰਤਾਰਪੁਰ ਸਾਹਿਬ ਦਾ ਰੇਲ-ਲਿੰਕ' ਲੇਖ ਦੋਹਾਂ ਦੇਸ਼ਾਂ ਦੀ ਵੰਡ ਨਾਲ ਰਿਸ਼ਤਿਆਂ ਦੂਰੀ ਦੀ ਤ੍ਰਾਸਦੀ ਬਿਆਨ ਕਰਦੇ ਹਨ। ਆਂਦਰਾਂ ਦਾ ਮੋਹ ਕਿਵੇਂ ਹੰਝੂਆਂ ਦੀ ਨਦੀ ਲਿਆਉਂਦਾ ਹੈ। ਪਿਆਰ ਦੀਆਂ ਤੰਦਾਂ ਖੁਲ੍ਹਦੀਆਂ ਰਹਿੰਦੀਆਂ ਹਨ। ਪਾਕਿਸਤਾਨ ਵਿੱਚ ਧਾਰਮਿਕ ਕੱਟੜ ਲੋਕਾਂ ਦੇ ਨਾਲ ਹੀ ਕੁਝ ਧਾਰਮਿਕ ਸਦਭਾਵਨਾ ਵਾਲੇ ਸਿਆਣੇ ਲੋਕ ਵੀ ਰਹਿੰਦੇ ਵਿਖਾਏ ਗਏ ਹਨ, ਜਿਹੜੇ ਜੈਨ ਮੰਦਰ ਨੂੰ ਢਾਹੁਣ 'ਤੇ ਦੁੱਖੀ ਹੋਏ ਤੇ ਦੁਬਾਰਾ ਬਣਨ 'ਤੇ ਹੋਈ ਗ਼ਲਤੀ ਦਰੁਸਤੀ 'ਤੇ ਖ਼ੁਸ਼ ਹਨ। ਇਸੇ ਤਰ੍ਹਾਂ ਸਮਾਦਾਨ ਚੌਕ ਦਾ ਨਾਮ ਭਗਤ ਸਿੰਘ ਦੇ ਨਾਮ 'ਤੇ ਰੱਖਣ 'ਤੇ ਖ਼ੁਸ਼ ਹਨ। ਇਹ ਸਾਰੇ ਲੇਖ ਵੰਡ ਦੀ ਤ੍ਰਸਦੀ ਦੀ ਮੂੰਹ ਬੋਲਦੀ ਤਸਵੀਰ ਹਨ। ਡਾ.ਇਮਰਾਨ ਖੁਰਸ਼ੀਦ, ਸਰਫਰਾਜ, ਆਮਨਾ ਹਸਨ, ਅਨਵਰ ਬਾਰੂ, ਬੇਗ਼ਮ ਰਜੀਆ, ਮਾਜਿਦ ਬੁਖ਼ਾਰੀ, ਦੀਆਂ ਭਾਵਨਾਵਾਂ ਹੰਝੂਆਂ ਦੀ ਝੜੀ ਲਗਾ ਦਿੰਦੀਆਂ ਹਨ। 'ਵਾਹਗਾ ਵਾਰਡਰ ਰੀਟਰੀਟ' ਦੇਸ਼ ਭਗਤੀ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ। 'ਪਹੁ ਫ਼ੁਟਾਲਾ' 'ਚਾਨਣੀ ਰਾਤ ਤੇ ਕੁੱਤੇ' ਲੇਖਾਂ ਵਿੱਚ ਕੁਦਰਤ ਦੇ ਕਾਦਰ ਦੇ ਸਹਾਵਣੇ ਵਾਤਾਵਰਨ ਦੇ ਕਸੀਦੇ ਪੜ੍ਹੇ ਗਏ ਹਨ ਅਤੇ ਨਾਲ ਹੀ ਇਹ ਵੀ ਸੰਦੇਸ਼ ਦਿੱਤਾ ਗਿਆ ਹੈ ਕਿ ਕਾਰਵਾਂ ਚਲਦਾ ਰਹਿੰਦਾ ਹੈ ਕੁੱਤੇ ਭੌਂਕਦੇ ਰਹਿੰਦੇ ਹਨ, ਇਨ੍ਹਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਆਤਮ ਵਿਸ਼ਵਾਸ਼ ਨਾਲ ਚਲਦੇ ਰਹਿਣਾ ਚਾਹੀਦਾ ਹੈ। 'ਪੰਚਾਇਤੀ ਰੇਡੀਓ' ਪੁਰਾਣੇ ਸਮੇਂ ਦੇ ਸੰਚਾਰ ਪ੍ਰਣਾਲੀ ਦਾ ਵਿਵਰਣ ਦਿੰਦਾ ਹੈ ਤੇ 'ਸਾਲਮ ਜਹਾਜ' ਦਿਲਚਸਪ ਲੇਖ ਹੈ। 'ਮਰਨ ਤੋਂ ਬਾਅਦ ਜ਼ਿੰਦਗੀ' ਲੜਕੀ ਦੀ ਅਚਾਨਕ ਗੰਭੀਰ ਬਿਮਾਰੀ ਅਤੇ ਅੰਗ ਦਾਨ ਕਰਨ ਵਾਲੀ ਪ੍ਰਵਿਰਤੀ ਹਿਰਦੇਵੇਦਿਕ ਬ੍ਰਿਤਾਂਤ ਵਾਲਾ ਗੰਭੀਰ ਤੇ ਉਤਸ਼ਾਹਜਨਕ ਲੇਖ ਹੈ, ਜੋ ਆਉਣ ਵਾਲੀਆਂ ਪੀੜੀਆਂ ਲਈ ਮਾਰਗ ਦਰਸ਼ਕ ਬਣ ਸਕਦਾ ਹੈ। 'ਵਿਸਰਾ ਦੀ ਜਾਂਚ' ਝੂਠੀਆਂ ਖ਼ਬਰਾਂ ਦਾ ਪਰਦਾ ਫਾਸ਼ ਕਰਨ ਵਾਲਾ ਲੇਖ ਹੈ।
ਦੂਜੇ ਭਾਗ 'ਗੱਲਾਂ ਜ਼ਹੀਨ ਸ਼ਖ਼ਸ਼ੀਅਤਾਂ ਦੀਆਂ' ਵਿੱਚ 10 ਲੇਖ ਹਨ। ਇਹ ਲੇਖ ਵੀ ਡਾ.ਮਨਜੀਤ ਸਿੰਘ ਬੱਲ ਦੀ ਸਾਹਿਤਕ ਤੇ ਸੰਗੀਤਕ ਰੁਚੀ ਦਾ ਪ੍ਰਗਟਾਵਾ ਕਰਦੇ ਹਨ, ਕਿਉਂਕਿ ਇਨ੍ਹਾਂ ਲੇਖਾਂ ਵਿੱਚ ਪ੍ਰਸਿੱਧ ਲੇਖਕਾਂ, ਸੰਗੀਤਕਾਰਾਂ, ਸਾਹਿਤਕਾਰਾਂ ਦੇ ਜੀਵਨ 'ਤੇ ਝਾਤ ਪਾਈ ਗਈ ਹੈ। ਇਹ ਵੀ ਵੇਖਣ ਵਾਲੀ ਗੱਲ ਹੈ ਕਿ ਲੇਖਕ ਦੀ ਇਸ ਚੋਣ ਵਿੱਚ ਬਹੁਤੇ ਸਾਂਝੇ ਪੰਜਾਬ ਦੇ ਮਹਾਨ ਵਿਦਵਾਨ ਤੇ ਸੰਗੀਤਕਾਰ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਦੇਸ਼ ਦੀ ਵੰਡ ਦੇ 78 ਸਾਲ ਬਾਅਦ ਵੀ ਡਾ.ਮਨਜੀਤ ਸਿੰਘ ਬੰਲ ਦਾ ਲਹਿੰਦੇ ਪੰਜਾਬ ਨਾਲ ਮੋਹ ਉਸੇ ਤਰ੍ਹਾਂ ਬਰਕਰਾਰ ਹੈ। ਇਨ੍ਹਾਂ 10 ਲੇਖਾਂ ਵਿੱਚੋਂ 7 ਲੇਖ ਵੀ ਇਨ੍ਹਾਂ ਮਹਾਨ ਵਿਅਕਤੀਆਂ ਦੇ ਯੋਗਦਾਨ ਬਾਰੇ ਹਨ। ਬਾਕੀ ਤਿੰਨ ਲੇਖਾਂ ਵਿੱਚ ਦੋ ਉਸਦੇ ਆਪਣੇ ਦਾਦਾ ਅਤੇ ਪਿਤਾ ਬਾਰੇ ਹਨ, ਉਨ੍ਹਾਂ ਦੋਹਾਂ ਵਿੱਚ ਵੀ ਦਾਦਾ ਅਤੇ ਪਿਤਾ ਸੰਗੀਤ ਤੇ ਸੁਹਜ ਕਲਾ ਦੇ ਪ੍ਰੇਮੀ ਹੋਣ ਦਾ ਪ੍ਰਗਟਾਵਾ ਕਰਦੇ ਹਨ। ਆਖ਼ਰੀ ਲੇਖ ਡਾ.ਬੀਬੀ ਇੰਦਰਜੀਤ ਕੌਰ ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਉਸਤਤ ਵਿੱਚ ਲਿਖਿਆ ਹੋਇਆ ਹੈ। ਡਾ.ਮਨਜੀਤ ਸਿੰਘ ਆਪਣੇ ਕਿੱਤੇ ਦੇ ਨਾਲ ਹੀ ਸਾਹਿਤ ਅਤੇ ਸੰਗੀਤ ਦਾ ਪ੍ਰੇਮੀ ਹੋਣ ਦਾ ਪ੍ਰਗਟਾਵਾ ਵੀ ਹੋ ਜਾਂਦਾ ਹੈ। ਭਵਿਖ ਵਿੱਚ ਉਸ ਕੋਲੋਂ ਹੋਰ ਵਧੀਆ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਂਇਸ ਪੁਸਤਕ ਦੀ ਸ਼ਬਦਾਵਲੀ ਪਾਠਕ ਦੇ ਸਮਝ ਆਉਣ ਵਾਲੀ ਸਰਲ ਤੇ ਆਮ ਬੋਲ ਚਾਲ ਵਾਲੀ ਹੈ। ਸਬਦ ਪੜ੍ਹਕੇ ਉਸ ਹਾਲਤ ਬਾਰੇ ਆਪਣੇ ਆਪ ਜਾਣਕਾਰੀ ਹੋ ਜਾਂਦੀ ਹੈ, ਜਿਹੋ ਜਿਹੇ ਮੌਕੇ ਤੇ ਹਾਲਾਤ ਵਿੱਚ ਵਰਤੇ ਗਏ ਹਨ। ਪੁਸਤਕ ਵਿੱਚ ਵਰਤੀ ਗਈ ਸ਼ਬਦਾਵਲੀ, ਉਦਾਹਰਣ ਦੇ ਤੌਰ 'ਤੇ ਕਸੀਦਾ, ਹੇਕ, ਟੱਲ, ਵੱਡੀ, ਧਰੇਕਾਂ, ਛਤੀਰੀਆਂ, ਬਾਲੇ, ਬੂਹਾ, ਖੁਰਾ, ਕਪੜੇ-ਲੱਤੇ, ਡੋਹਣਾ, ਗੜਵੀਆਂ, ਵਹੀ, ਲਾਲਟੈਣ, ਗੁਰਬਤ ਸਰਲ ਅਤੇ ਦਿਹਾਤੀ ਲੋਕਾਂ ਵੱਲੋਂ ਆਮ ਬੋਲ ਚਾਲ ਵਿੱਚ ਵਰਤੀ ਜਾਂਦੀ ਹੈ। ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਡਾ.ਮਨਜੀਤ ਸਿੰਘ ਬਲ ਆਪਣਾ ਸੰਦੇਸ਼ ਦੇਣ ਵਿੱਚ ਸਫ਼ਲ ਹੋਇਆ ਹੈ। 131 ਪੰਨਿਆਂ, 350 ਰੁਪਏ ਕੀਮਤ ਵਾਲੀ ਇਹ ਪੁਸਤਕ ਡਰੀਮ ਬੁੱਕ ਪਬਲਿਸ਼ਿੰਗ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ ਡਾ.ਮਨਜੀਤ ਸਿੰਘ ਬੱਲ: 9872843491

ਦਵਿੰਦਰ ਬਾਂਸਲ ਟਰਾਂਟੋ ਦਾ ਕਾਵਿ ਸੰਗ੍ਰਹਿ ‘ਦੀਦ’ ਔਰਤ ਦੀ ਪੀੜਾ ਤੇ ਰੁਮਾਂਸਵਾਦ ਦਾ ਪ੍ਰਤੀਬਿੰਬ - ਉਜਾਗਰ ਸਿੰਘ 

ਦਵਿੰਦਰ ਬਾਂਸਲ ਪੰਜਾਬੀ ਦੀ ਸਥਾਪਤ ਕਵਿਤਰੀ ਹੈ। ਪਰਵਾਸ ਵਿੱਚ ਰਹਿੰਦੀ ਹੋਈ ਵੀ ਉਹ ਆਪਣੀ ਪੰਜਾਬੀ ਵਿਰਾਸਤ ਨਾਲ ਇਕੱਮਿੱਕ ਹੈ। ਉਸ ਦੇ ਹੁਣ ਤੱਕ ਤਿੰਨ ਕਾਵਿ ਸੰਗ੍ਰਹਿ ‘ਮੇਰੀਆਂ ਝਾਂਜਰਾਂ ਦੀ ਛਨ-ਛਨ’ (1998 ), ‘ਜੀਵਨ ਰੁੱਤ ਦੀ ਮਾਲਾ’ (2023) ਅਤੇ ‘ਸਵੈ ਦੀ ਪਰਕਰਮਾ’ (2023) ਪ੍ਰਕਾਸ਼ਤ ਹੋ ਚੁੱਕੇ ਹਨ।  ‘ਮੇਰੀਆਂ ਝਾਂਜਰਾਂ ਦੀ ਛਨ-ਛਨ’ ਕਾਵਿ ਸੰਗ੍ਰਹਿ ਦੇ ਤਿੰਨ ਐਡੀਸ਼ਨ ਛਪ ਚੁੱਕੇ ਹਨ। ਇਨ੍ਹਾਂ ਕਾਵਿ ਸੰਗ੍ਰਹਿਾਂ ਦੀ ਪ੍ਰਕਾਸ਼ਨਾ ਤੋਂ ਬਾਅਦ ਦਵਿੰਦਰ ਬਾਂਸਲ ਦੀ ਕਵਿਤਾ ਸਾਹਿਤਕ ਖੇਤਰ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੜਚੋਲ ਅਧੀਨ ‘ਦੀਦ’ ਉਸਦਾ ਚੌਥਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿੱਚ ਉਸਦੀਆਂ 56 ਛੋਟੀਆਂ-ਵੱਡੀਆਂ, ਖੁਲ੍ਹੀਆਂ ਕਵਿਤਾਵਾਂ ਹਨ। ਇਹ ਸਾਰੀਆਂ ਕਵਿਤਾਵਾਂ ਉਸਦੇ ਅੰਤਰੀਵ ਦੀ ਆਵਾਜ਼, ਇੱਕ ਕਿਸਮ ਨਾਲ ਦਵਿੰਦਰ ਬਾਂਸਲ ਦੀ ਰੂਹ ਦੀ ਖੁਰਾਕ ਹਨ, ਉਸਨੇ ਹਰ ਕਵਿਤਾ ਰੂਹ ਵਿੱਚ ਭਿੱਜਕੇ ਲਿਖੀ ਹੈ। ਉਸਨੇ ਸਮਾਜਿਕ ਤਾਣੇ-ਬਾਣੇ ਵਿੱਚ ਵਿਚਰਦਿਆਂ ਜੋ ਪ੍ਰਭਾਵ ਗ੍ਰਹਿਣ ਕੀਤੇ ਹਨ, ਉਨ੍ਹਾਂ ਨੂੰ ਕਵਿਤਾਵਾਂ ਦਾ ਰੂਪ ਦਿੱਤਾ ਹੈ। ਇਹ ਕਵਿਤਾਵਾਂ ਕਾਵਿਕ ਮਾਪ ਦੰਡਾਂ ਵਿੱਚ ਬੱਝਕੇ ਨਹੀਂ ਲਿਖੀਆਂ ਗਈਆਂ, ਸਗੋਂ ਕਵਿਤਰੀ ਦੇ ਮਨ ਮਸਤਕ ਵਿੱਚੋਂ ਆਪ ਮੁਹਾਰੇ ਨਿਕਲੀਆਂ ਹੋਈਆਂ ਵੱਖਰੇ ਰੰਗ ਵਿਖੇਰਦੀਆਂ ਹਨ। ਕਵਿਤਰੀ ਨੇ ਇਨ੍ਹਾਂ ਕਵਿਤਾਵਾਂ ਰਾਹੀਂ ਨਵੇਂ ਨਕਸ ਸਿਰਜੇ ਹਨ। ਦਵਿੰਦਰ ਬਾਂਸਲ ਦੀਆਂ ਕਵਿਤਾਵਾਂ ਬਹੁ-ਰੰਗੀ, ਬਹੁ-ਪਰਤੀ ਅਤੇ ਵਿਲੱਖਣ ਕਿਸਮ ਦੀਆਂ ਹਨ, ਜੋ ਦਰਿਆ ਦੇ ਵਹਿਣਾਂ ਦੇ ਵਹਾਅ ਦੀਆਂ ਤਰੰਗਾਂ ਭਾਸਦੀਆਂ ਹਨ। ਇਨ੍ਹਾਂ ਕਵਿਤਾਵਾਂ ਦੀ ਰਵਾਨਗੀ ਵੀ ਦਰਿਆ ਦੀਆਂ ਛੱਲਾਂ ਵਰਗੀ ਹੈ, ਜੋ ਰੰਗ ਵਿਰੰਗੀਆਂ ਲਹਿਰਾਂ ਦਾ ਰੂਪ ਧਰਨ ਕਰ ਲੈਂਦੀਆਂ ਹਨ। ਕਵਿਤਰੀ ਨੇ ਕਵਿਤਾਵਾਂ ਨੂੰ ਨਿਵੇਕਲੇ ਅੰਦਾਜ਼ ਵਿੱਚ ਪ੍ਰਗਟ ਕੀਤਾ ਹੈ, ਜੋ ਨਵੇਂ ਰੰਗ ਪੇਸ਼ ਕਰਦੀਆਂ ਹਨ। ਉਸਦੀਆਂ ਕਵਿਤਾਵਾਂ ਵਿੱਚ  ਵਿਸਮਾਦੀ ਰੰਗ ਵੀ ਵੇਖਣ ਨੂੰ ਮਿਲਦਾ ਹੈ। ਕਵਿਤਾਵਾਂ ਲਿਖਦੀ ਉਹ ਖੁਦ ਕਵਿਤਾ ਬਣਕੇ ਕਵਿਤਾ ਵਿੱਚ ਵਿਲੀਨ ਹੋ ਜਾਂਦੀ ਹੈ ਤੇ ਸੁੱਧ- ਬੁੱਧ ਖੋ ਬੈਠਦੀ ਹੈ। ਉਹ ਲਿਖਦੀ ਹੈ ਕਿ ਔਰਤ ਹੋਣਾ ਹੀ ਬਦਕਿਸਮਤੀ ਹੈ, ਬ੍ਰਿਹਾ, ਪੀੜਾਂ, ਦੁੱਖ-ਦਰਦ ਅਤੇ ਉਲਝਣਾਂ ਉਸਦੀ ਜ਼ਿੰਦਗੀ ਦਾ ਅਨਿਖੜਵਾਂ ਅੰਗ ਬਣੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਬਾਹਰ ਨਿਕਲਣ ਲਈ ਔਰਤ ਜਦੋਜਹਿਦ ਕਰਦੀ ਰਹਿੰਦੀ ਹੈ। ਪਹਿਲਾਂ ਮਾਪਿਆਂ ਦੇ ਘਰ ਦੀ ਕੈਦੀ ਬਣਕੇ ਉਨ੍ਹਾਂ ਦੇ ਘਰ ਦੀ ਉਸਾਰੀ ਕਰਦੀ ਹੈ ਤੇ ਫਿਰ ਪਤੀ ਦਾ ਘਰ ਸੰਵਾਰਦੀ, ਬਣਾਉਂਦੀ ਤੇ ਉਸਾਰਦੀ ਹੈ। ਬੁਢਾਪੇ ਵਿੱਚ ਪਹੁੰਚਦਿਆਂ ਉਹ ਬੱਚਿਆਂ ਦੇ ਤਿੜਕੇ ਘਰਾਂ ਨੂੰ ਸੰਭਾਲਦੀ ਹੋਈ, ਇਸ ਸੰਸਾਰ ਨੂੰ ਅਲਵਿਦਾ ਕਹਿੰਦੀ ਹੈ। ਉਸਦੀ ਜ਼ਿੰਦਗੀ ਵਿੱਚ ਟਿਕਾਅ ਨਹੀਂ ਹੁੰਦਾ, ਭਟਕਦੀ ਰਹਿੰਦੀ ਹੈ। ਬੱਚੇ ਪਦਾਰਥਵਾਦੀ ਹੋ ਕੇ ਮਾਪਿਆਂ ਦੀ ਜਾਇਦਾਦ ਵਲ ਨਿਗਾਹ ਰੱਖਦੇ ਹਨ। ਔਰਤਾਂ ਨੂੰ ਤਿਤਲੀਆਂ ਕਿਹਾ ਜਾਂਦਾ ਹੈ, ਪ੍ਰੰਤੂ ਉਨ੍ਹਾਂ ਉਪਰ ਭੌਰੇ ਤਿਲਮਾਲਉਂਦੇ ਹੋਏ ਰਸ ਚੂਸਕੇ ਆਨੰਦ ਮਾਣਦੇ  ਹਨ ਤੇ ਔਰਤ ਦਾ ਸਰੀਰ ਬਿਨਾ ਆਤਮਾ ਬਚ ਜਾਂਦਾ ਹੈ। ਔਰਤ ਆਪ ਹੀ ਮੋਹ ਮੁਹੱਬਤ ਦੀ ਲਾਲਸਾ ਵਿੱਚ ਫਸਦੀ ਹੋਈ ਬਰਬਾਦ ਹੋ ਜਾਂਦੀ ਹੈ। ਇਹ ਕੁਝ ਦਵਿੰਦਰ ਬਾਂਸਲ ਦੀਆਂ ਕਵਿਤਾਵਾਂ ਦਾ ਸਾਰੰਸ਼ ਹੈ। ਮੁੱਢਲੇ ਤੌਰ ‘ਤੇ ਉਹ ਇਸਤਰੀਆਂ ਦੇ ਭਾਵਨਾਵਾਂ ਵਿੱਚ ਵਹਿਣ ਅਤੇ ਮਰਦਾਂ ਵੱਲੋਂ ਉਨ੍ਹਾਂ ਨੂੰ ਲਲਚਾਈਆਂ ਨਜ਼ਰਾਂ ਨਾਲ ਵੇਖਣ ਉਪਰ ਤਿੱਖੇ  ਟਕੋਰੇ ਮਾਰਦੀ ਹੈ। ਉਨ੍ਹਾਂ ਦਾ ਮਾਸ ਨੋਚਕੇ ਦਰਿੰਦਗੀ ਦਾ ਜ਼ਿੰਦਾ ਨਾਚ ਕੀਤਾ ਜਾਂਦਾ ਹੈ, ਔਰਤ ਨਿਰਜਿੰਦ ਲਾਸ਼ ਬਣਕੇ ਵੀ ਬਰਦਾਸ਼ਤ ਕਰਦੀ ਰਹਿੰਦੀ ਹੈ। ਵਿਆਹ ਤੋਂ ਪਹਿਲਾਂ ਦੇ ਸਬਜਬਾਗ ਤੇ ਵਾਅਦੇ ਵਫ਼ਾ ਨਹੀਂ ਹੁੰਦੇ। ਭਲੇ ਸਮੇਂ ਹੁੰਦੇ ਸੀ, ਜਦੋਂ ਹਸਦੇ ਰਹਿੰਦੇ ਸੀ। ਅਸਲ ਵਿੱਚ ਉਦੋਂ ਸਮਝ ਹੀ ਨਹੀਂ ਹੁੰਦੀ ਸੀ। ਸਮਝ ਆਉਣ ਤੋਂ ਬਾਅਦ ਹਟਕੋਰੇ ਪੱਲੇ ਪੈ ਗਏ ਤੇ ਸਮਝ ਦੁਸ਼ਮਣ ਬਣ ਗਈ। ਕਵਿਤਰੀ ਕਹਿੰਦੀ ਹੈ ਕਿ ਭਲੇ ਵੇਲੇ ਆਉਣਗੇ, ਪ੍ਰੰਤੂ ਉਸਨੇ ਭਲੇ ਵੇਲੇ ਨਹੀਂ ਵੇਖੇ, ਉਹ ਆਪਣੀ ‘ਤਨ ਅਗਨ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦੀ ਹੈ:
 ਹੱਡੀਆਂ ਦਾ ਬਾਲਣ
ਖ਼ੂਨ ਦਾ ਤੇਲ
ਬਲਦੇ ਤਾਂ ਭਾਂਬੜ  ਬਲੇ
ਵੇਖੇ ਨਾ ਵੇਲੇ ਭਲੇ. . . .।
 ‘ਬੇਸਮਝੇ ਸਾਂ ਹੱਸਦੇ’ ਸਿਰਲੇਖ ਵਾਲੀ ਕਵਿਤਾ ਵਿੱਚ ਕਵਿਤਰੀ ਲਿਖਦੀ ਹੈ:
ਬੇਮਝੇ ਸਾਂ ਹੱਸਦੇ
ਸਮਝਦਾਰ ਹਾਂ ਤੰਗ
ਮੁੜ ਮੁੜ ਚੇਤੇ ਆਂਵਦੇ
ਬਾਲ ਉਮਰ ਦੇ ਰੰਗ
ਭੋਲੇ ਸਾਦੇ ਲੋਕ ਪਰ
ਦਿਲ ਦੇ ਸਨ ਅਮੀਰ
ਇੱਕ ਦਰ ਸੀ ਝੁਕਦੇ 
ਰਾਜਾ ਰੰਕ ਫ਼ਕੀਰ…….. ..
    ਔਰਤ ਆਜ਼ਾਦੀ ਭਾਲਦੀ ਹੈ, ਮਾਨਸਿਕ ਆਜ਼ਾਦੀ, ਪ੍ਰੰਤੂ ਕਈ ਇਸਤਰੀਆਂ ਨੂੰ ਖ਼ੁਸ਼ਾਮਦ ਰਾਹੀਂ ਵਰਗਲਾ ਲਿਆ ਜਾਂਦਾਂ ਹੈ, ਦਵਿੰਦਰ ਬਾਂਸਲ ਉਨ੍ਹਾਂ ਨੂੰ ਦ੍ਰਿੜ੍ਹਤਾ ਨਾਲ ਵਿਚਰਣ, ਹੌਸਲਾ ਰੱਖਣ ਅਤੇ ਆਪਣੇ ਵਿਅਤਿਤਵ ਨੂੰ ਸਮਤੁਲ ਰੱਖਕੇ ਗੁੰਝਲਦਾਰ ਉਲਝਣਾ ਨੂੰ ਸਾਫ਼ ਸੁਥਰੀ ਪਾਕਿ ਪਵਿਤਰ ਮੁਹੱਬਤ ਨਾਲ ਸੁਰ ਵਿੱਚ ਲਿਆਉਣ ਦੀ ਨਸੀਹਤ ਦਿੰਦੀ ਹੋਈ ਕਹਿੰਦੀ ਹੈ ਕਿ ਮੁੱਹੱਬਤ ਨਿਰ-ਸਵਾਰਥ, ਨਿਰ-ਉਚੇਚ ਅਤੇ ਨਿਰ-ਵਿਰੋਧ ਹੋਣੀ ਚਾਹੀਦੀ ਹੈ। ਆਧੁਨਿਕ ਜ਼ਮਾਨਾ ਆ ਗਿਆ, ਕੁਝ ਔਰਤਾਂ ਆਜ਼ਾਦੀ ਦਾ ਨਜ਼ਾਇਜ ਲਾਭ ਉਠਾਉਂਦੀਆਂ ਹਨ। ਚਾਰੇ ਪਾਸੇ ਝੂਠ ਦੇ ਪਸਾਰੇ ਨਾਲ ਮਾਰਕੀਟ ਦੀ ਵਸਤੂ ਬਣਨ ਦੀ ਥਾਂ ਸਿਆਣਪ ਦਾ ਮੁਜੱਸਮਾ ਬਣਕੇ ਵਿਚਰਨ ਨੂੰ ਤਰਜ਼ੀਹ ਦੇਣ ਦੀ ਤਾਕੀਦ ਕਰਦੀ ਹੈ। ਜ਼ਮਾਨੇ ਨਾਲ ਲੜਨ ਦੀ ਸਮਰੱਥਾ ਬਣਾਉਣ ਦੀ ਲੋੜ ਹੈ। ਕਵਿਤਰੀ ‘ਮਾਨਸਿਕ ਪੀੜ’ ਸਿਰਲੇਖ ਵਾਲੀ ਕਵਿਤਾ ਵਿੱਚ ਨਿਰਦਈ ਮਰਦ ਦੀ ਮਾਨਸਿਕਤਾ ਦਾ ਵਰਣਨ ਕਰਦੀ ਹੋਈ ਇਸਤਰੀਆਂ ਉਪਰ ਮਰਦਾਂ ਵੱਲੋਂ ਕੀਤੇ ਅਤਿਆਚਾਰਾਂ ਨੂੰ ਬਹੁਤ ਹੀ ਭਾਵਕਤਾ ਨਾਲ ਇਸਤਰੀਆਂ ਨੂੰ ਬਰਦਾਸ਼ਤ ਕਰਦਿਆਂ ਦਰਸਾਇਆ ਹੈ। ਇਸ ਕਵਿਤਾ ਦਾ ਭਾਵ ਹੈ ਕਿ ਇਸਤਰੀਆਂ ਨੂੰ ਇਨ੍ਹਾਂ ਜ਼ੁਲਮਾਂ ਨੂੰ ਹਰ ਰੋਜ਼ ਬਰਦਾਸ਼ਤ ਨਹੀਂ ਕਰਨਾ ਚਾਹੀਦਾ, ਸਗੋਂ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਹੈ। ਇਸਦੇ ਨਾਲ ਹੀ ਕਵਿਤਰੀ ਕਾਵਿ ਸੰਗ੍ਰਹਿ ਦੇ ਨਾਮ ਵਾਲੀ ‘ਦੀਦ’ ਕਵਿਤਾ ਵਿੱਚ ਲਿਖਦੀ ਹੈ ਕਿ ਔਰਤ ਭਾਵਨਾਵਾਂ ਵਿੱਚ ਵਹਿਣ ਵਾਲੀ ਮੋਮ ਦੀ ਮੂਰਤ ਹੈ, ਜਿਸ ਨਾਲ ਉਸਨੂੰ ਮੁਹੱਬਤ ਹੋ ਜਾਂਦੀ ਹੈ, ਉਸਦੀਆਂ ਤਲੀਆਂ ਥੱਲੇ ਹੱਥ ਦਿੰਦੀ ਹੋਈ ਪਿਆਰ ਦੀਆਂ ਪੀਂਘਾਂ ਝੂਟਣ ਸਮੇਂ ਆਪਾ ਖੋ ਬਹਿੰਦੀ ਹੈ।  ਇਸ ਕਵਿਤਾ ਦੇ ਦੋ ਬੰਦ ਔਰਤ ਦੀ ਮੁਹੱਬਤ ਵਾਲੀ ਭਾਵਨਾ ਦਾ ਪ੍ਰਗਟਾਵਾ ਕਰਦੇ ਹਨ ਕਿ ਔਰਤ ਮਰਦ ‘ਤੇ  ਕਿਵੇਂ ਲੱਟੂ ਹੋ ਜਾਂਦੀ ਹੈ:
 ਤੇਰੇ ਮੁੱਖ ਦਾ ਪਿਆ ਝਲਕਾਰਾ
ਚੰਨਾ ਵੇ ਸਾਡੀ ਹਉਂ ਟੁੱਟ ਗਈ।
 ਮੱਥੇ ਲੱਗਿਐਂ ਬੰਦੇ ਦੀ ਜੂਨੀ
ਤੂੰ ਅਸਲੋਂ ਫ਼ਕੀਰ ਮਹਿਰਮਾ।
       ਉਹ ਮਰਦ ਨੂੰ ਧੋਖੇ ਦੀ ਪੁਤਲੀ ਕਹਿੰਦੀ ਹੈ, ਪ੍ਰੰਤੂ ਬੇਇਖ਼ਲਾਕੀ ਸਭ ਤੋਂ ਭੈੜੀ ਚੀਜ਼ ਹੈ। ਮਰਦ ਨੂੰ ਬੇਇਖ਼ਲਾਕ ਨਹੀਂ ਹੋਣਾ ਚਾਹੀਦਾ, ਕਿਉਂਕਿ ਔਰਤ ਆਪਣਾ ਘਰ ਬਾਰ ਛੱਡਕੇ ਨਵੀਂ ਦੁਨੀਆਂ ਵਸਾਉਣ ਲਈ ਆਉਂਦੀ ਹੈ, ਉਸਦੀਆਂ ਭਾਵਨਾਵਾਂ ਦੀ ਕਦਰ ਕਰਨੀ ਬਣਦੀ ਹੈ, ਮਰਦ ਸਿਰਫ ਸਰੀਰਕ ਭੁੱਖ ਮਿਟਾਉਣ ਦੀ ਕਰਦਾ ਹੈ, ਉਸਦਾ ਨਿਰਾਦਰ ਨਹੀਂ ਕਰਨਾ ਚਾਹੀਦਾ, ਉਹ ਵਸਲ ਚਾਹੁੰਦੀ ਹੈ, ਮਰਦ ਔਰਤ ਦੀ ਰੂਹ ਦਾ ਕਤਲ ਕਰਦੈ, ਉਹ ਆਪਣਿਆਂ ਨਾਲ ਯੁੱਧ ਨਹੀਂ ਕਰ ਸਕਦੀ। ਮਰਦ ਤੇ ਔਰਤ ਦੋਹਾਂ ਨੂੰ ਹਓਮੈ ਦੀ ਤਿਲਾਂਜ਼ਲੀ ਦੇ ਕੇ ਇੱਕਮਿੱਕ ਹੋਣਾ ਚਾਹੀਦਾ ਹੈ, ਇੰਜ ਕਵਿਤਰੀ ਦੀਆਂ ਕਵਿਤਾਵਾਂ ਕਹਿੰਦੀਆਂ ਹਨ। ਹਾਰ ਸ਼ਿੰਗਾਰ ਨਾਲ ਔਰਤ ਸੁੰਦਰ ਵਿਖਾਈ ਤਾਂ ਦੇਵੇਗੀ, ਪ੍ਰੰਤੂ ਮਾਨਸਿਕ ਸ਼ਾਂਤੀ ਰੂਹ ਦੀ ਮੁਹੱਬਤ ਨਾਲ ਮਿਲਦੀ ਹੈ।  ਪਰਵਾਸ ਵਿੱਚ ਜ਼ਾਤ ਪਾਤ ਤੋਂ ਦੂਰ ਹੋ ਕੇ ਵਿਆਹ ਹੁੰਦੇ ਹਨ, ਪ੍ਰੰਤੂ ਤਲਾਕਾਂ ਦੀ ਮਾਤਰਾ ਜ਼ਿਆਦਾ ਹੈ। ਅਲ੍ਹੜ੍ਹ ਉਮਰ ਦੀਆਂ ਪਰਵਾਸ ਵਿੱਚ ਗਈਆਂ ਕੁਝ ਕੁੜੀਆਂ ਡਾਲਰਾਂ ਦੀ ਚਕਾਚੌਂਧ ਵਿੱਚ ਆਪਣੀ ਸਲੀਕੇ ਦੀ ਵਿਰਾਸਤ ਨੂੰ ਭੁੱਲ ਜਾਂਦੀਆਂ ਹਨ ਤੇ ਫਿਰ ਖੱਜਲ ਖ਼ਰਾਬ ਹੁੰਦੀਆਂ ਰਹਿੰਦੀਆਂ ਹਨ। ਔਰਤ ਨੂੰ ਆਪੇ ਦੀ ਪਛਾਣ ਕਰਕੇ ਆਨੰਦਮਈ ਜ਼ਿੰਦਗੀ ਜਿਉਣੀ ਚਾਹੀਦੀ ਹੈ। ਉਸ ਵਿੱਚ ਅਥਾਹ ਸ਼ਕਤੀ ਹੈ, ਪ੍ਰੰਤੂ ਔਰਤ ਆਪਣੀ ਸ਼ਕਤੀ ਦੀ ਪਛਾਣ ਕਰਨ ਦੀ ਥਾਂ ਥਿੜ੍ਹਕਦੀ ਰਹਿੰਦੀ ਹੈ। ਦਵਿੰਦਰ ਬਾਂਸਲ ਦਾ ਇਹ ਕਾਵਿ ਸੰਗ੍ਰਹਿ ਰੁਮਾਂਸਵਾਦੀ ਕਵਿਤਾ ਦਾ ਮੀਲ ਪੱਥਰ ਸਾਬਤ ਹੋਵੇਗਾ।
   80 ਪੰਨਿਆਂ, 150 ਰੁਪਏ, 10 ਡਾਲਰ, 5 ਪੌਂਡ ਕੀਮਤ ਵਾਲਾ ਕਾਵਿ ਸੰਗ੍ਰਹਿ ਪ੍ਰਿਥਮ ਪ੍ਰਕਾਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ : ਦਵਿੰਦਰ ਬਾਂਸਲ ਟਰਾਂਟੋ ਕੈਨੇਡਾ:4168045320
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48yahoo.com

ਆਰ ਕੇ ਨਰਾਇਣ ਦੇਗਾਈਡਨਾਵਲ ਦਾ ਪੰਜਾਬੀ ਰੂਪ : ਜਗਦੀਸ਼ ਰਾਏ ਕੁਲਰੀਆ - ਉਜਾਗਰ ਸਿੰਘ

ਅੰਗਰੇਜ਼ੀ ਦੇ ਸਾਹਿਤ ਅਕਾਦਮੀ ਇਨਾਮ ਜੇਤੂ ਨਾਵਲ ‘ ਦਾ ਗਾਈਡ’ ਦਾ ਪੰਜਾਬੀ ਵਿੱਚ ਅਨੁਵਾਦ ਜਗਦੀਸ਼ ਰਾਏ ਕੁਲਰੀਆ ਨੇ ‘ਗਾਈਡ’ ਸਿਰਲੇਖ ਅਧੀਨ ਕਰਕੇ ਪੰਜਾਬੀ ਪਾਠਕਾਂ ਦੀ ਝੋਲੀ ਵਿੱਚ ਪਾ ਕੇ ਵਿਲੱਖਣ ਸਿਰਜਨਾਤਮਿਕ ਕੰਮ ਕੀਤਾ ਹੈ। ਜਗਦੀਸ਼ ਰਾਏ ਕੁਲਰੀਆ ਦੇ ਅਨੁਵਾਦ ਦੀ ਕਮਾਲ ਇਹ ਹੈ ਕਿ ਨਾਵਲ ਦੇ ਪੰਜਾਬੀ ਰੂਪ ਨੂੰ ਪੜ੍ਹਕੇ ਇਉਂ ਮਹਿਸੂਸ ਹੁੰਦਾ ਹੈ, ਜਿਵੇਂ ਇਹ ਪੰਜਾਬੀ ਦਾ ਮੌਲਿਕ ਨਾਵਲ ਹੈ। ਜਗਦੀਸ਼ ਰਾਏ ਕੁਲਰੀਆ ਦੀ ਅਨੁਵਾਦ ਕਰਨ ਦੀ ਪ੍ਰਤਿਭਾ ਦੀ ਦਾਦ ਦੇਣੀ ਬਣਦੀ ਹੈ, ਕਿਉਂਕਿ ਉਸਨੇ ਪੁਰਾਤੱਤਵ ਨਾਲ ਸੰਬੰਧਤ ਚਿਤਰਕਾਰੀ, ਸੰਗੀਤ, ਨਿ੍ਰਤ ਅਤੇ ਅਦਾਕਾਰੀ ਦੀਆਂ ਬਾਰੀਕੀਆਂ ਨੂੰ ਬਾਖ਼ੂਬੀ ਨਾਲ ਪੰਜਾਬੀ ਰੂਪ ਦਿੱਤਾ ਹੈ। ਇਨ੍ਹਾਂ ਸੁਹਜਾਤਮਿਕ ਤੇ ਕਲਾਤਮਿਕ ਵਿਸ਼ਿਆਂ ਦੀ ਮੁਹਾਰਤ ਹਰ ਅਨੁਵਾਦਕ ਦੇ ਵਸ ਦੀ ਗੱਲ ਨਹੀਂ ਹੁੰਦੀ। ਇਹ ਨਾਵਲ ਗਿਆਰਾਂ ਚੈਪਟਰਾਂ ਵਿੱਚ ਵੰਡਿਆ ਹੋਇਆ ਹੈ। ਜਗਦੀਸ਼ ਰਾਏ ਕੁਲਰੀਆਂ ਨੇ ਬਹੁਤ ਹੀ ਸਰਲ ਸ਼ਬਦਾਵਲੀ, ਵਾਕ ਬਣਤਰ ਤੇ ਠੇਠ ਮਲਵਈ ਭਾਸ਼ਾ ਦੀ ਵਰਤੋਂ ਕਰਕੇ ਪਾਠਕਾਂ ਨੂੰ ਸੌਖਿਆਂ ਸਮਝਣ ਦੇ ਯੋਗ ਬਣਾ ਦਿੱਤਾ ਹੈ। ਬੁੱਤ-ਪੂਜਾ, ਗੱਪ-ਸ਼ੱਪ, ਚੁੰਦਿਆ, ਢਿਚਕ-ਮਿਚਕ, ਧੁੰਦਲੀ, ਰੇਹੜੀ, ਧੂੜ, ਤਿੱਖੜ ਧੁੱਪ, ਜੂਲਾ, ਘਰੂਟੇ ਆਦਿ ਸ਼ਬਦ ਵਰਤੇ ਗਏ ਹਨ, ਜਿਹੜੇ ਪਿੰਡਾਂ ਵਿੱਚ ਆਮ ਵਰਤੇ ਜਾਂਦੇ ਹਨ। ਭਾਵੇਂ ਨਾਵਲ ਵੱਖ-ਵੱਖ ਚੈਪਟਰਾਂ ਵਿੱਚ ਵੰਡਿਆ ਹੋਇਆ ਹੈ, ਪ੍ਰੰਤੂ ਲਗਾਤਾਰਤਾ ਦਰਿਆ ਦੇ ਵਹਿਣ ਦੀਆਂ ਲਹਿਰਾਂ ਦੀ ਤਰ੍ਹਾਂ ਤਰੰਗਾਂ ਪੈਦਾ ਕਰਦੀਆਂ ਹਨ। ਨਾਵਲ ਵਿੱਚ ਵਰਤੀਆਂ ਗਈਨੁਕਤਾਚੀਨੀ ਕੀਤੀ ਗਈ ਹੈ, ਨਖੱਟੂ ਕਿਸਮ ਦੇ ਕੰਮਚੋਰ ਪੜ੍ਹਨ ਵਿੱਚ ਦਿਲਚਸਪੀ ਨਾ ਲੈਣ ਵਾਲੇ ਬੱਚਿਆਂ ਦੇ ਕਿਰਦਾਰਾਂ ਬਾਰੇ ਵੀ ਦੱਸਿਆ ਗਿਆ ਹੈਗ਼ਰੀਬ ਲੋਕਾਂ ਦੀ ਸ਼ਰਾਬ ਪੀਣ ਦੀ ਲੱਤ, ਸੈਲਾਨੀਆਂ ਦੀ ਮਾਨਸਿਕਤਾ, ਗਾਈਡਾਂ ਦੀਆਂ ਚਾਲਾਂ, ਲੋਕਾਂ ਵਿੱਚ ਮਸ਼ਹੂਰ ਹੋਣ ਦਾ ਸ਼ੌਕ, ਛੋਟੇ ਦੁਕਾਨਦਾਰਾਂ ਦੀ ਤ੍ਰਾਸਦੀ ਅਤੇ ਆਪੇ ਦੀ ਪਛਾਣ ਦੀ ਜ਼ਰੂਰਤ ਬਾਰੇ ਵੀ ਵਿਸਤਾਰ ਨਾਲ ਲਿਖਿਆ ਗਿਆ ਹੈ। ਸੈਲਾਨੀ ਭਾਵੇਂ ਜਿਥੇ ਮਰਜ਼ੀ ਜਾਣਾ ਚਾਹੇ ਪ੍ਰੰਤੂ ਗਾਈਡ ਤੇ ਟੈਕਸੀ ਵਾਲੇ ਨੂੰ ਤਾਂ ਆਪਣੀ ਮਜ਼ਦੂਰੀ ਤੱਕ ਮਤਲਬ ਹੁੰਦਾ ਹੈ। ਰੁਮਾਂਸਵਾਦੀ ਪੱਖ ਵੀ ਨਾਵਲ ਨੂੰ ਦਿਲਚਸਪ ਬਣਾਉਂਦਾ ਹੈ ਕਿਉਂਕਿ ਜਾਤ ਬਿਰਾਦਰੀ ਦੀ ਮਾਨਸਿਕਤਾ ਪਤੀ ਪਤਨੀ ਰੋਜ਼ੀ ਅਤੇ ਮਾਰਕੋ ਪਾਤਰਾਂ ਰਾਹੀਂ ਉਨ੍ਹਾਂ ਦੀ ਵਿਚਾਰਧਾਰਾ ਦਾ ਟਕਰਾਓ ਪਰਿਵਾਰਿਕ ਸੰਬੰਧਾਂ ਵਿੱਚ ਖਟਾਸ ਪੈਦਾ ਕਰਦਾ ਹੈ। ਇਸ਼ਕ ਜਾਤ- ਬਿਰਾਦਰੀ, ਅਮੀਰ-ਗ਼ਰੀਬ ਦੇ ਪਾੜੇ ਨੂੰ ਨਹੀਂ ਵੇਖਦੀ, ਕਿਉਂਕਿ ਰਾਜੂ ਗਾਈਡ ਨੂੰ ਰੋਜ਼ੀ ਨਾਲ ਲਗਾਓ ਪੈਦਾ ਹੋ ਜਾਂਦਾ ਹੈ। ਉਹ ਬਣ ਸੰਵਰਕੇ ਰਹਿਣ ਲੱਗ ਜਾਂਦਾ ਹੈ। ਇਸ ਨਾਵਲ ਵਿੱਚ ਦੋ ਵਿਚਾਰਧਾਰਾਵਾਂ ਲਗਾਤਾਰ ਚਲਦੀਆਂ ਹਨ, ਇੱਕ ਪਾਸੇ ਰਾਜੂ ਗਾਈਡ ਦੇ ਤੌਰ ‘ਤੇ ਰੇਲਵੇ ਸਟੇਸ਼ਨ ‘ਤੇ ਆਪਣੀ ਦੁਕਾਨ ਕਰਦਾ ਹੈ, ਦੂਜੇ ਪਾਸੇ ਉਹੀ ਰਾਜੂ ਇੱਕ ਮੰਦਰ ਦਾ ਪੁਜਾਰੀ/ ਸਵਾਮੀ ਬਣਕੇ ਪਿੰਡ ਦੇ ਲੋਕਾਂ ਨੂੰ ਨਸੀਅਤ ਵੀ ਦਿੰਦਾ ਤੇ ਮੂਰਖ ਵੀ ਬਣਾਉਂਦਾ ਹੈ। ਉਹ ਕੋਈ ਵਿਦਵਾਨ ਨਹੀਂ ਸਗੋਂ ਅਟਕਲ ਪੱਚੂ ਮਾਰਕੇ ਸਮਾਂ ਲੰਘਾਉਂਦਾ ਹੈ, ਕਈ ਵਾਰ ਉਥੋਂ ਭੱਜਣ ਦਾ ਵੀ ਸੋਚ ਰਿਹਾ ਹੈ। ਅੰਨਿ੍ਹਆਂ ਵਿੱਚ ਕਾਣਾ ਰਾਜਾ ਹੈਪਿੰਡਾਂ ਦੇ ਲੜਾਈ ਝਗੜੇ ਵੀ ਆਮ ਜਿਹੀ ਗੱਲ ਹੈ, ਲੋਕ ਅਫਵਾਹਾਂ ਫੈਲਾਉਂਦੇ ਹਨ, ਸੋਕੇ ਨੂੰ ਰੱਬ ਦੀ ਕ੍ਰੋਪੀ ਮੰਨਦੇ ਹਨਇਸ ਨਾਵਲ ਦੀ ਕਹਾਣੀ ਤੋਂ ਸਪੱਸ਼ਟ ਹੁੰਦਾ ਹੈ ਕਿ ਪਿਆਰ ਪਾਗਲਪਣ ਦਾ ਦੂਜਾ ਨਾਮ ਹੈ, ਜਿਸ ਕਰਕੇ ਭਾਵਨਾਵਾਂ ਵਿੱਚ ਵਹਿਕੇ ਇਨਸਾਨ ਆਪਾ ਗੁਆ ਬੈਠਦਾ ਹੈਘਰ ਬਾਰ ਬਰਬਾਦ ਹੋ ਜਾਂਦਾ ਹੈ, ਜਿਵੇਂ ਮਰਾਕੋ ਅਤੇ ਰਾਜੂ ਨਾਲ ਵਾਪਰਿਆ ਹੈਰਾਜੂ ਨੂੰ ਪਹਿਲਾਂ ਹੀ ਪਾਲਾ ਖਾਈ ਜਾ ਰਿਹਾ ਸੀ ਕਿ ਉਹ ਪਿਆਰ ਦੇ ਚੱਕਰ ਵਿੱਚ ਪੈ ਕੇ ਆਪਣੇ ਪੈਰੀਂ ਕੁਹਾੜਾ ਮਾਰ ਰਿਹਾ ਹੈਆਪਣਾ ਧੰਦਾ ਖ਼ਤਮ ਕਰ ਰਿਹਾ ਹੈ। ਆਸ਼ਕ-ਮਸ਼ੂਕ ਹਮੇਸ਼ਾ ਹਰ ਭਵਿਖੀ ਨੁਕਸਾਨ ਨੂੰ ਅੱਖੋਂ ਪ੍ਰੋਖੇ ਕਰਕੇ ਪਿਆਰ ਦੇ ਸਮੁੰਦਰ ਵਿੱਚ ਬੇਪ੍ਰਵਾਹੀ ਨਾਲ ਛਾਲ ਮਾਰ ਦਿੰਦੇ ਹਨ। ਆਰਥਿਕ ਤੌਰ ‘ਤੇ ਵੀ ਭੱਠਾ ਬੈਠ ਜਾਂਦਾ ਹੈ। ਗ਼ਰੀਬੀ ਵਿੱਚ ਦੋਸਤ ਵੀ ਸਾਥ ਛੱਡ ਜਾਂਦੇ ਹਨ ਤੇ ਰਿਸ਼ਤੇਦਾਰ ਵੀ ਅੱਖਾਂ ਫੇਰ ਜਾਂਦੇ ਹਨ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਵਿਦਵਾਨ ਖੋਜੀ ਆਪਣੇ ਕੰਮ ਵਿੱਚ ਮਸਤ ਰਹਿੰਦੇ ਹਨ, ਉਨ੍ਹਾਂ ਨੂੰ ਪਤਨੀ ਅਤੇ ਪਰਿਵਾਰ ਦੀਆਂ ਭਾਵਨਾਵਾਂ ਦਾ ਧਿਆਨ ਨਹੀਂ ਹੁੰਦਾ, ਜਿਵੇਂ ਮਾਰਕੋ ਨੇ ਰੋਜ਼ੀ ਨੂੰ ਅਣਡਿਠ ਕੀਤਾ ਅਤੇ ਅਖੀਰ ਪਰਿਵਾਰ ਟੁੱਟ ਗਿਆ। ਪਤੀ ਪਤਨੀ ਨੂੰ ਇਕ ਦੂਜੇ ਦੀਆਂ ਭਾਵਨਾਵਾਂ ਅਨੁਸਾਰ ਵਿਚਰਣਾ ਚਾਹੀਦਾ ਹੈ। ਔਰਤ ਮਰਦ ਤੋਂ ਹਮੇਸ਼ਾ ਪਿਆਰ ਦੀ ਆਸ ਰੱਖਦੀ ਹੈ ਤੇ ਉਹ ਉਸਦੇ ਕਾਰਜ ਖੇਤਰ ਦੀ ਤਾਰੀਫ ਕਰਦਾ ਰਹੇ ਜਾਂ ਘੱਟੋ ਘੱਟ ਅਣਡਿਠ ਨਾ ਕਰੇ। ਰੋਜ਼ੀ ਤੇ ਮਾਰਕੋ ਦਾ ਵਿਆਹ ਅਸਫਲ ਹੋਣ ਤੋਂ ਇਹ ਕਹਾਵਤ ਵੀ ਸਾਬਤ ਹੋ ਜਾਂਦੀ ਹੈ ਕਿ ‘ਜੋੜੀਆਂ ਜੱਗ ਥੋੜ੍ਹੀਆਂ ਨਰੜ ਬਥੇਰੇ’। ਪਤੀ ਪਤਨੀ ਦਾ ਜੇ ਡਾਈਵੋਰਸ ਨਾ ਵੀ ਹੋਇਆ ਹੋਵੇ ਤੇ ਉਹ ਵੱਖਰੇ ਰਹਿਣ ਤਾਂ ਵੀ ਦੋਹਾਂ ਵਿੱਚ ਆਪਸੀ ਖਿਚ ਬਣੀ ਰਹਿੰਦੀ ਹੈ, ਭਾਵੇਂ ਉਹ ਜ਼ਾਹਰ ਨਾ ਕਰਦੇ ਹੋਣ। ਇਸ ਨਾਵਲ ਤੋਂ ਪਤਾ ਲੱਗਦਾ ਹੈ ਕਿ ਔਰਤ ਇੱਕ ਬੁਝਾਰਤ ਹੈ, ਉਸਨੂੰ ਸਮਝਣਾ ਮਰਦ ਦੇ ਵਸ ਵਿੱਚ ਨਹੀਂ ਹੁੰਦਾ, ਰੋਜ਼ੀ ਨੂੰ ਸਮਝਣਾ ਰਾਜੂ ਲਈ ਅਸੰਭਵ ਹੋ ਗਿਆ। ਏਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜੇਕਰ ਕਿਸੇ ਕਲਾਕਾਰ ਨੂੰ ਆਪਣੇ ਵਿਸ਼ੇ ਜਾਂ ਅਦਾਕਾਰੀ ਦੀ ਮੁਹਾਰਤ ਹੋਵੇ ਤੇ ਉਹ ਪੂਰਾ ਰਿਆਜ ਕਰਦਾ ਰਹੇ ਤਾਂ ਹਰ ਮੁਸ਼ਕਲ ਨੂੰ ਸਫਲਤਾ ਵਿੱਚ ਬਦਲ ਸਕਦਾ ਹੈ। ਰੋਜ਼ੀ/ਨਲਿਣੀ ਅਤੇ ਰਾਜੂ ਨੇ ਪਰਿਵਾਰ ਵੱਲੋਂ ਨਕਾਰਨ ਤੋਂ ਬਾਅਦ ਬੁਲੰਦੀਆਂ ਨੂੰ ਛੂਹ ਲਿਆ। ਆਪਣਾ ਖੁਸਿਆ ਵਕਾਰ ਮੁੜ ਬਹਾਲ ਕਰ ਲਿਆ ਤੇ ਉਨ੍ਹਾਂ ਦੇ ਪਿਆਰ ਨੂੰ ਵੀ ਬੂਰ ਪੈ ਗਿਆ। ਪ੍ਰੰੰਤੂ ਦੋਹਾਂ ਦੇ ਮਨਾ ਵਿੱਚ ਇੱਕ ਦੂਜੇ ਲਈ ਮੋਹ ਹੋਣ ਦੇ ਬਾਵਜੂਦ ਅੰਦਰੋ ਅੰਦਰੀ ਡਰ ਤੇ ਵਿਸਾਹ ਦੀ ਘਾਟ ਨੇ ਦੁਬਾਰਾ ਸ਼ੰਕਾ ਪੈਦਾ ਕਰ ਦਿੱਤੀ ਸੀ। ਜਦੋਂ ਛੋਟਾ ਆਦਮੀ ਵੱਡਾ ਬਣ ਜਾਂਦਾ ਹੈ ਤਾਂ ਉਹ ਪੈਰ ਵੀ ਜਲਦੀ ਰਾਜੂ ਦੀ ਤਰ੍ਹਾਂ ਛੱਡ ਜਾਂਦਾ ਹੈ। ਪੁਸਤਕ ਕਈ ਸਵਾਲ ਖੜ੍ਹੇ ਕਰਦੀ ਤੇ ਆਪ ਹੀ ਜਵਾਬ ਦਿੰਦੀ ਹੈ। ਜੋ ਕਰੇਗਾ ਸੋ ਭਰੇਗਾ, ਕਿਸੇ ਨੂੰ ਠੇਸ ਪਹੁੰਚਾਉਣ ਨਾਲ ਆਪ ਨੂੰ ਵੀ ਤਕਲੀਫ ਹੁੰਦੀ ਹੈ, ਆਦਮੀ ਤੀਵੀਂ ਜਦੋਂ ਕਿਸੇ ਮੁਸ਼ਕਲ ਵਿੱਚ ਹੋਣ ਤਾਂ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ, ਜੇ ਕੋਈ ਬੰਦਾ ਇਹ ਸਮਝੇ ਕਿ ਉਸ ਤੋਂ ਬਿਨਾ ਕੋਈ ਕੰਮ ਹੋ ਨਹੀਂ ਸਕਦਾ ਤਾਂ ਉਹ ਗ਼ਲਤਫ਼ਹਿਮੀ ਵਿੱਚ ਹੁੰਦੈ ਅਤੇ ਵਕੀਲ ਸਹੀ ਨੂੰ ਗ਼ਲਤ ਅਤੇ ਗ਼ਲਤ ਨੂੰ ਸਹੀ ਸਾਬਤ ਕਰ ਸਕਦੇ ਹਨ। ਰਾਜੂ ਦੀ ਉਹ ਹਾਲਤ ਸੀ, ਅਨੇਕਾਂ ਗੁਨਾਹ ਕਰਨ ਤੋਂ ਬਾਅਦ ਜੇਲ੍ਹ ਦੀ ਸਜ਼ਾ ਭੁਗਤਕੇ ਲੋਕਾਂ ਵੱਚ ਸ਼ਰਮ

248 ਪੰਨਿਆਂ, 300 ਰੁਪਏ ਕੀਮਤ ਵਾਲਾ ਇਹ ਨਾਵਲ ਮਾਨ ਬੁੱਕ ਸਟੋਰ ਪਬਲੀਕੇਸ਼ਨ, ਪਿੰਡ ਤੇ ਡਾਕਘਰ ਤੁੰਗਵਾਲੀ, ਜ਼ਿਲ੍ਹਾ ਬਠਿੰਡਾ ਨੇ ਪ੍ਰਕਾਸ਼ਤ ਕੀਤਾ ਹੈ।

ਸੰਪਰਕ ਜਗਦੀਸ਼ ਰਾਏ ਕੁਲਰੀਆ: 9417329033

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh48@yahoo.com

ਸੁਖਦੇਵ ਸਿੰਘ ਸ਼ਾਂਤ ਦੀ ਪੁਸਤਕ ‘ਗਿਆਰਾਂ ਭੱਟ ਸਾਹਿਬਾਨ’ ਮਨੁੱਖ ਤੋਂ ਸਿੱਖ ਬਣਨ ਲਈ ਮਾਰਗ ਦਰਸ਼ਕ - ਉਜਾਗਰ ਸਿੰਘ

ਸੁਖਦੇਵ ਸਿੰਘ ਸ਼ਾਂਤ ਸਿੱਖ ਵਿਚਾਰਧਾਰਾ ਨੂੰ ਲੋਕਾਈ ਤੱਕ ਪਹੁੰਚਾਉਣ ਲਈ ਪ੍ਰਤੀਬੱਧਤਾ ਨਾਲ ਪੁਸਤਕਾਂ ਲਿਖਕੇ ਮਨੁੱਖਤਾ ਨੂੰ ਜਾਗਰੂਕ ਕਰਨ ਵਿੱਚ ਵਿਲੱਖਣ ਯੋਗਦਾਨ ਪਾ ਰਿਹਾ ਹੈ। ਹੁਣ ਤੱਕ ਉਸ ਦੀਆਂ ਤੇਰਾਂ ਧਾਰਮਿਕ ਰੰਗ ਵਿੱਚ ਰੰਗੀਆਂ ਹੋਈਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਆਮ ਤੌਰ ‘ਤੇ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਬਾਣੀ ਬਾਰੇ ਹੀ ਬਹੁਤਾ ਸਾਹਿਤ ਲਿਖਿਆ ਗਿਆ ਹੈ, ਪ੍ਰੰਤੂ ਸੁਖਦੇਵ ਸਿੰਘ ਸ਼ਾਂਤ ਦੀ ਖ਼ੂਬੀ ਹੈ ਕਿ ਉਸਨੇ ਗੁਰੂ ਸਾਹਿਬ ਦੀ ਬਾਣੀ ਤੋਂ ਇਲਾਵਾ ਪਹਿਲਾਂ ਭਗਤਾਂ ਅਤੇ ਹੁਣ ਭੱਟ ਸਾਹਿਬਾਨ ਦੀ ਬਾਣੀ ਬਾਰੇ ਲਿਖਿਆ ਹੈ। ਇਸ ਲਈ ਉਹ ਵਧਾਈ ਦਾ ਪਾਤਰ ਹੈ। ‘ਗਿਆਰਾਂ ਭੱਟ ਸਾਹਿਬਾਨ’ ਉਸਦੀ ਚੌਧਵੀਂ ਪੁਸਤਕ ਹੈ। ਇਸ ਤੋਂ ਇਲਾਵਾ ਉਸਦੇ ਚਾਰ ਗੁਰਮਤਿ ਨਾਲ ਸੰਬੰਧਤ ਟ੍ਰੈਕਟ ਵੀ ਪ੍ਰਕਾਸ਼ਤ ਹੋ ਚੁੱਕੇ ਹਨ। ਇਸ ਪੁਸਤਕ ਨੂੰ ਉਸਨੇ ਚਾਰ ਅਧਿਆਇ ਵਿੱਚ ਵੰਡਿਆ ਹੈ। ਲੇਖਕ ਨੇ ‘ਗਿਆਰਾਂ ਭੱਟ ਸਾਹਿਬਾਨ’ ਦੇ ਸਵੱਈਏ ਅਰਥਾਤ ਭੱਟ-ਕਾਵਿ ਨੂੰ ਬਾਣੀ ਦਾ ਹੀ ਦਰਜਾ ਦਿੱਤਾ ਹੈ, ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੇ ਸਵੱਈਏ ਸ੍ਰੀ ਗੁਰੂ ਗ੍ਰੰਥ ਵਿੱਚ ਸ਼ਾਮਲ ਕਰਕੇ ਬਾਣੀ ਦਾ ਦਰਜਾ ਦੇ ਦਿੱਤਾ ਹੈ, ਭਾਵੇਂ ਇਹ ਸਵੱਈਏ ਗੁਰੂ ਸਾਹਿਬਾਨ ਦੀ ਉਸਤਤ ਵਿੱਚ ਹੀ ਕਹੇ ਗਏ ਹਨ। ਮੁਖ ਤੌਰ ‘ਤੇ ਸਵੱਈਏ ਛੰਦ ਦੀ ਵਰਤੋਂ ਕੀਤੀ ਗਈ ਹੈ, ਪ੍ਰੰਤੂ ਰਡ, ਝੋਲਨਾ ਅਤੇ ਸੋਰਠਾ ਛੰਦ ਵੀ ਵਰਤੇ ਗਏ ਹਨ। ਸਵੱਈਆਂ ਦੀ ਸਾਹਿਤਕ ਅਮੀਰੀ ਕਾਵਿ-ਅਲੰਕਾਰ, ਕਾਵਿ-ਰਸ, ਕਾਵਿ-ਰੂਪ, ਕਾਵਿ-ਛੰਦ ਅਤੇ ਅਖਾਣਾ-ਮੁਹਾਵਰਿਆਂ ਦੀ ਵਰਤੋਂ ਤੋਂ ਪਤਾ ਲੱਗਦੀ ਹੈ। ਪਹਿਲੇ ਅਧਿਆਇ ‘ਭੱਟ ਸਾਹਿਬਾਨ ਦੀ ਗਿਣਤੀ, ਉਨ੍ਹਾਂ ਦੇ ਮੁਖੀ ਅਤੇ ਸਵੱਈਏ ਉਚਾਰਨ ਦੇ ਸਮੇਂ-ਸਥਾਨ ਬਾਰੇ’ ਵਿੱਚ ਸੁਖਦੇਵ ਸਿੰਘ ਸ਼ਾਂਤ ਨੇ ਉਦਾਹਰਣਾ ਦੇ ਵੱਖ-ਵੱਖ ਵਿਦਵਾਨਾ ਦੀ ਜਾਣਕਾਰੀ ਦਾ ਅਧਿਐਨ ਕਰਨ ਤੋਂ ਬਾਅਦ ਇਹ ਸਾਬਤ ਕੀਤਾ ਹੈ ਕਿ ਭੱਟ ਸਾਹਿਬਾਨ ਦੀ ਗਿਣਤੀ ਗਿਆਰਾਂ ਹੀ ਹੈ, ਭਾਵੇਂ ਕਈ ਵਿਦਵਾਨਾ ਨੇ ਇਹ ਗਿਣਤੀ ਵੱਖਰੀ-ਵੱਖਰੀ ਦਿੱਤੀ ਹੈ, ਕਿਉਂਕਿ ਕਈ ਥਾਵਾਂ ਤੇ ਇੱਕੋ ਨਾਮ ਨੂੰ ਵੱਖ-ਵੱਖ ਤਰ੍ਹਾਂ ਲਿਖਿਆ ਗਿਆ ਹੈ, ਜਿਵੇਂ ਕਲਸਹਾਰ, ਕਲ੍ਹ ਅਤੇ ਟੱਲ ਲਿਖਿਆ ਹੈ। ਸਵੱਈਏ ਦੀ ਕੁਲ ਗਿਣਤੀ ਵੀ 123 ਦੱਸੀ ਹੈ। ਵੱਖ-ਵੱਖ ਭੱਟ ਸਾਹਿਬਾਨ ਨੇ ਵੱਖ-ਵੱਖ ਸਮੇਂ ਵੱਖ-ਵੱਖ ਗੁਰੂ ਸਾਹਿਬਾਨ ਦੀ ਪ੍ਰਸੰਸਾ ਵਿੱਚ ਸਵੱਈਏ ਲਿਖੇ ਤੇ ਲਿਖਤੀ ਰੂਪ ਵਿੱਚ ਸੰਭਾਲੇ। ਇਨ੍ਹਾਂ ਨੇ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਗੁਰੂ ਸਾਹਿਬਾਨ ਦੀ ਸਿਫ਼ਤ ਸਲਾਹ ਵਿੱਚ ਪਹਿਲਾਂ ਹੀ ਲਿਖੇ ਹੋਏ ਸਨ। ਪੰਜਵੇਂ ਗੁਰੂ ਸਾਹਿਬ ਨੂੰ ਗੋਇੰਦਵਾਲ ਸਾਹਿਬ ਵਿਖੇ ਹਾਜ਼ਰ ਹੋ ਕੇ ਪੜ੍ਹੇ, ਗਾਏ ਅਤੇ ਸੁਣਾਏ। ਭੱਟ ਕਲਸਹਾਰ ਜੀ, ਭੱਟ ਮਥੁਰਾ ਜੀ ਅਤੇ ਭੱਟ ਹਰਿਬੰਸ ਜੀ ਨੇ ਪੰਜਵੇਂ ਗੁਰੂ ਜੀ ਦੀ ਉਸਤਤ ਵਿੱਚ 21 ਸਵੱਈਆਂ ਦੀ ਰਚਨਾ ਕੀਤੀ ਸੀ। ਭੱਟ ਕਲਸਹਾਰ ਜੀ ਨੂੰ ਮੁਖ ਭੱਟ ਜੀ ਵਜੋਂ ਮੰਨਿਆਂ ਗਿਆ ਹੈ, ਕਿਉਂਕਿ ਉਸਨੇ ਸਭ ਤੋਂ ਵੱਧ 54 ਸ਼ਬਦ ਲਿਖੇ ਹਨ, ਪ੍ਰੰਤੂ ਸਭ ਤੋਂ ਪਹਿਲਾ ਭੱਟ ਭਿਖਾ ਜੀ ਸਨ। ਦੂਜਾ ਅਧਿਆਇ ‘ਗਿਆਰਾਂ ਭੱਟ ਸਾਹਿਬਾਨ ਦੇ ਜੀਵਨ ਸੰਬੰਧੀ’ ਹੈ। ਭੱਟ ਗੌੜ ਬ੍ਰਾਹਮਣ ਆਪਣੇ ਜਜਮਾਨਾ ਦੀਆਂ ਬੰਸਾਵਲੀਆਂ ਵਹੀਆਂ ਵਿੱਚ ਦਰਜ ਕਰਦੇ ਸਨ। ਬਹੁਤੇ ਸੁਲਤਾਨਪੁਰ ਲੋਧੀ ਆ ਕੇ ਵਸ ਗਏ। ਭੱਟ ਭਿਖਾ ਜੀ ਸੱਚ ਦੀ ਭਾਲ ਵਿੱਚ ਐਧਰ ਓਧਰ ਭੱਟਕਦੇ ਸ੍ਰੀ ਗੁਰੂ ਅਮਰ ਦਾਸ ਜੀ ਕੋਲ ਪਹੁੰਚ ਗਏ। ਉਥੇ ਰਹਿਕੇ ਉਸਨੇ ਗੁਰੂ ਜੀ ਦੀ ਸਿਫ਼ਤ ਵਿੱਚ ਸਵੱਈਏ ਲਿਖੇ।  
      ਪਹਿਲੇ 10 ਭੱਟ ਸਾਹਿਬਾਨ ਭੱਟ ਭਿਖਾ ਜੀ ਦੇ ਸੰਬੰਧੀ ਹੀ ਸਨ। ਭੱਟ ਨਲ੍ਹਾ ਦਾ ਸਿੱਧਾ ਸੰਬੰਧ ਨਹੀਂ ਸੀ। ਭੱਟ ਭਿਖਾ ਜੀ ਦੇ ਤਿੰਨ ਸਪੁੱਤਰ ਭੱਟ ਮਥੁਰਾ ਜੀ, ਭੱਟ ਜਾਲਪ ਜੀ ਤੇ ਭੱਟ ਕੀਰਤ ਜੀ ਸਨ, ਭੱਟ ਮਥੁਰਾ ਜੀ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਦਰਸ਼ਨਾ ਲਈ ਆਏ ਤੇ 20-25 ਸਾਲ ਦੀ ਉਮਰ ਵਿੱਚ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਸਤਤ ਵਿੱਚ ਸੱਤ-ਸੱਤ ਸਵੱਈਏ ਉਚਾਰੇ। ਭੱਟ ਜਾਲਪ ਜੀ ਨੇ ਵੀ ਗੋਇੰਦਵਾਲ ਸਾਹਿਬ ਰਹਿ ਕੇ ਸ੍ਰੀ ਗੁਰੂ ਅਮਰਦਾਸ ਜੀ ਦੀ ਸਿਫ਼ਤ ਵਿੱਚ ਪੰਜ ਸਵੱਈਏ ਉਚਾਰੇ। ਭੱਟ ਕੀਰਤ ਜੀ ਨੇ ਵੀ ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਬਾਰੇ ਚਾਰ-ਚਾਰ ਸਵੱਈਏ ਉਚਾਰੇ ਸਨ। ਇਸ ਲਈ ਇਨ੍ਹਾਂ ਦਾ ਸਮਾਂ ਗੁਰੂ ਸਾਹਿਬਾਨ ਵਾਲਾ ਹੀ ਹੈ। ਭੱਟ ਭਿਖਾ ਜੀ ਦੇ ਭਤੀਜੇ ਭੱਟ ਸਲ੍ਹ ਜੀ ਤੇ ਭੱਟ ਭਲ੍ਹ ਜੀ ਭੱਟ ਸੋਖਾ ਜੀ ਦੇ ਸਪੁੱਤਰ ਸਨ। ਭੱਟ ਸਲ੍ਹ ਜੀ ਨੇ ਸ੍ਰੀ ਗੁਰੂ ਅਮਰਦਾਸ ਸੰਬੰਧੀ ਇੱਕ ਸਵੱਈਆ ਅਤੇ ਸ੍ਰੀ ਗੁਰੂ ਰਾਮਦਾਸ ਜੀ ਬਾਰੇ ਦੋ ਸਵੱਈਏ ਉਚਾਰੇ ਸਨ। ਭੱਟ ਭਲ੍ਹ ਜੀ ਨੇ ਇੱਕ ਸਵੱਈਆ ਸ੍ਰੀ ਗੁਰੂ ਅਮਰਦਾਸ ਜੀ ਸੰਬੰਧੀ ਉਚਾਰਿਆ। ਭੱਟ ਬਲ੍ਹ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਪੰਜ ਸਵੱਈਏ ਉਚਾਰੇ। ਇਸੇ ਤਰ੍ਹਾਂ ਭੱਟ ਹਰਿਬੰਸ ਜੀ ਨੇ ਪੰਜਵੇਂ ਗੁਰੂ ਜੀ ਦੀ ਉਸਤਤ ਵਿੱਚ ਦੋ ਸਵੱਈਏ ਉਚਾਰੇ ਸਨ। ਭੱਟ ਕਲਸਹਾਰ ਜੀ ਨੇ ਪਹਿਲੇ ਗੁਰੂ ਤੋਂ ਲੈ ਕੇ ਪੰਜਵੇਂ ਗੁਰੂ ਸਾਹਿਬ ਤੱਕ 54, ਸਾਰੇ ਭੱਟ ਸਾਹਿਬਾਨ ਤੋਂ ਜ਼ਿਆਦਾ ਸਵੱਈਏ ਲਿਖੇ ਸਨ। ਭੱਟ ਗਯੰਦ ਜੀ ਨੇ ਚੌਥੇ ਗੁਰੂ ਦੀ ਉਸਤਤ ਵਿੱਚ ਤੇਰ੍ਹਾਂ ਸਵੱਈਏ ਉਚਾਰੇ ਸਨ। ਭੱਟ ਨਲ੍ਹ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ 16 ਸਵੱਈਏ ਲਿਖੇ ਤੇ ਉਚਾਰੇ ਸਨ।
      ਤੀਜਾ ਅਧਿਆਇ ‘ਗਿਆਰਾਂ ਭੱਟ ਸਾਹਿਬਾਨ ਦੀ ਬਾਣੀ ਦਾ ਵਿਸ਼ਾ-ਵਸਤ’ੂ ਹੈ, ਪੰਜ ਗੁਰੂ ਸਾਹਿਬਾਨ ਦੀ ਸਿਫ਼ਤ ਦੀ ਅੰਤਰੀਵੀ ਭਾਵਨਾ ਵਿੱਚ ਇੱਕ ਗੁਰੂ-ਜੋਤਿ ਸਤਿਗੁਰ ਭਾਵ ਇੱਕ ਵਾਹਿਗੁਰੂ ਦੀ ਜੋਤਿ ਦੀ ਸਿਫ਼ਤ ਹੀ ਹੈ। ਪੰਜ ਗੁਰੂ-ਵਿਅਕਤੀਆਂ ਦੇ ਰੂਪ ਵਿੱਚ ਇੱਕ ਹੀ ਗੁਰੂ-ਜੋਤਿ ਭਾਵ ਅਕਾਲ ਪੁਰਖ ਦੀ ਜੋਤਿ ਦੀ ਵਡਿਆਈ ਇਨ੍ਹਾਂ ਇੱਕ ਸੌ ਤੇਈ ਸਵੱਈਆਂ ਦਾ ਮੂਲ ਕੇਂਦਰੀ ਵਿਸ਼ਾ ਹੈ। ਇਸ ਮੂਲ ਵਿਸ਼ੇ ਦੇ ਅੰਤਰਗਤ ਹੀ ਕੁਝ ਗੁਰਮਤਿ ਸਿਧਾਂਤਾਂ ਸੰਬੰਧੀ ਵੀ ਸਾਨੂੰ ਅਨਮੋਲ ਦਿਸ਼ਾ-ਨਿਰਦੇਸ਼ ਪ੍ਰਾਪਤ ਹੁੰਦੇ ਹਨ। ਕੁੱਲ ਮਿਲਾਕੇ ਇਨ੍ਹਾਂ ਸਵੱਈਆਂ ਦੇ ਵਿਸ਼ਾ-ਵਸਤੂ ਨੂੰ ਵਿਚਾਰਨ ਲਈ ਅਸੀਂ ਅੱਠ ਨੁਕਤਿਆਂ, ਜਿਨ੍ਹਾਂ ਵਿੱਚ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ਼, ਗੁਰੂ ਸਾਹਿਬਾਨ ਗੁਰ-ਪਰਮੇਸ਼ਰ ਵਜੋਂ, ਨਾਮ ਅਤੇ ਨਾਮ-ਸਿਮਰਨ, ਨਾਮ-ਸਿਮਰਨ ਸੰਬੰਧੀ ਮਿਥਿਹਾਸਿਕ ਅਤੇ ਇਤਿਹਾਸਕ ਹਵਾਲੇ, ਅਵਤਾਰੀ ਮਹਾਂਪੁਰਸ਼ਾਂ ਦੀਆਂ ਉਦਾਹਰਣਾ ਰਾਹੀਂ ਗੁਰੂ ਸਾਹਿਬਾਨ ਦੀ ਉਸਤਤ, ਰਾਜ-ਯੋਗ/ਸਹਜ ਯੋਗ ਵਾਲੇ ਗੁਰਮਤਿ-ਮਾਰਗ ਦੀ ਸਿਫ਼ਤ, ਨੈਤਿਕਤਾ/ਸਦਾਚਾਰ ਦੇ ਪੱਖ ਤੋਂ ਗੁਰੂ ਸਾਹਿਬਾਨ ਦੇ ਜੀਵਨ ਦੀ ਉਸਤਤ ਅਤੇ ਸਿੱਖ ਰਹਿਤ ਮਰਯਾਦਾ ਨਾਲ ਸੰਬੰਧਤ ਕੁਝ ਸੰਕੇਤ ਵਿਸ਼ਾ-ਵਸਤੂ ਤੋਂ ਅਗਵਾਈ ਲੈ ਸਕਦੇ ਹਾਂ।
   ਚੌਥਾ ਅਧਿਆਇ ‘ਗਿਆਰਾਂ ਭੱਟ ਸਾਹਿਬਾਨ ਦੀ ਬਾਣੀ ਦਾ ਸਾਹਿਤਕ ਪੱਖ’ ਹੈ। ਭੱਟ ਸਾਹਿਬਾਨ ਆਪਣੇ ਆਪ ਨੂੰ ਕਵੀਆਣਿ, ਕਵਿ ਜਨ ਅਤੇ ਕਬਿ ਆਖਦੇ ਹਨ। ਉਨ੍ਹਾਂ ਨੇ ਆਪਣੀ ਬਾਣੀ ਉਚਾਰਨ ਲਈ ਪ੍ਰਸਿੱਧ ਛੰਦ ਸਵੱਈਏ ਦੀ ਵਰਤੋਂ ਕੀਤੀ ਹੈ। ਇਸ ਛੰਦ ਦੇ ਰੂਪ ਨੂੰ ਨਿਭਾਉਣ ਵਿੱਚ ਤਾਂ ਉਨ੍ਹਾਂ ਨੇ ਨਿਪੁੰਨਤਾ ਵਿਖਾਈ ਹੀ ਹੈ, ਇਸਦੇ ਨਾਲ ਹੀ ਗਿਆਰਾਂ ਭੱਟ ਸਾਹਿਬਾਨ ਨੇ ਬਾਣੀ ਨੂੰ ਅਲੰਕਾਰਾਂ, ਅਖਾਣਾ ਅਤੇ ਮੁਹਾਵਰਿਆਂ ਨਾਲ ਵੀ ਸ਼ਿੰਗਾਰਿਆ ਹੈ। ਸ਼ਬਦਾਵਲੀ ਦਾ ਰੰਗ ਵੀ ਨਿਵੇਕਲਾ ਹੈ। ਸਾਹਿਤਕ ਪੱਖ ਅਰਥਾਤ ਕਾਵਿ-ਕਲਾ ਦੇ ਪੱਖ ਤੋਂ ਭੱਟ ਸਾਹਿਬਾਨ ਵੱਲੋਂ ਉਚਾਰੇ ਗਏ ਸਵੱਈਏ ਇੱਕ ਅਨਮੋਲ ਖ਼ਜਾਨਾ ਹਨ, ਜਿਸ ਵਿੱਚ ਅਨੇਕ ਪ੍ਰਕਾਰ ਦੇ ਸਾਹਿਤਕ ਹੀਰੇ-ਮੋਤੀ ਭਰੇ ਪਏ ਹਨ। ਅਲੰਕਾਰਾਂ ਵਿੱਚ, ਸ਼ਬਦ ਅਲੰਕਾਰਾਂ ਵਿੱਚ, ਛੇਕ ਅਨੁਪ੍ਰਾਸ ਅਲੰਕਾਰ, ਸ਼ਰੁਤੀ ਅਨੁਪ੍ਰਾਸ ਅਲੰਕਾਰ, ਯਮਕ ਅਲੰਕਾਰ ਅਤੇ ਵੀਪਾਸਾ ਅਲੰਕਾਰ ਵਰਤੇ ਹਨ। ਅਰਥ ਅਲੰਕਾਰਾਂ ਵਿੱਚ ਦੀਪਕ ਅਲੰਕਾਰ, ਦੇਹਲੀ ਅਲੰਕਾਰ, ਅਰਥਾਵਿ੍ਰਤੀ ਅਲੰਕਾਰ, ਕਾਰਕ ਦੀਪਕ ਅਲੰਕਾਰ, ਮੁਦ੍ਰਾ ਅਲੰਕਾਰ, ਸਾਰ ਅਲੰਕਾਰ, ਅਨਨਯ ਅਲੰਕਾਰ, ਹੇਤੂ ਅਲੰਕਾਰ, ਵਕ੍ਰੋਕਤੀ/ਕਾਕੋਕਤੀ ਅਲੰਕਾਰ, ਯਥਾਸੰਖਯ ਅਲੰਕਾਰ, ਮੀਲਿਤ ਅਲੰਕਾਰ, ਉਪਮਾ ਅਲੰਕਾਰ, ਏਕਾਵਲੀ ਅਲੰਕਾਰ, ਸੁਸਿੱਧ ਅਲੰਕਾਰ, ਤਦਗੁਣ ਅਲੰਕਾਰ, ਪ੍ਰਮਾਣ ਅਲੰਕਾਰ ਅਤੇ ਮਾਨਵੀਕਰਨ ਅਲੰਕਾਰ ਹਨ। ਭੱਟ ਸਾਹਿਬਾਨ ਦੀ ਬਾਣੀ ਵਿੱਚੋਂ ਕੁਝ ਮੁਹਾਵਰੇ ਉਲਟੀ ਗੰਗਾ ਵਹਾਉਣਾ, ਸਿਰ ‘ਤੇ ਹੱਥ ਧਰਨਾ, ਸਿਰ ਨਿਵਾਉਣਾ ਆਦਿ ਹਨ। ਇਸੇ ਤਰ੍ਹਾਂ ਬਾਣੀ ਦੀ ਸ਼ਬਦਾਵਲੀ ਅਰਬੀ, ਫ਼ਾਰਸੀ, ਸੰਸਕ੍ਰਿਤਿ ਭਾਸ਼ਾਵਾਂ ਵਰਤੀਆਂ ਹਨ। ਕਾਵਿ ਰਸ-ਵਿੱਚ, ਸ਼ਾਂਤ-ਰਸ, ਬੀਰ-ਰਸ ਤੇ ਕਰੁਣਾ-ਰਸ। ਕਾਵਿ-ਛੰਦ ਵਿੱਚ ਰਡ, ਝੋਲਨਾ, ਸੋਰਠਾ, ਛੱਪਯ ਛੰਦ, ਰੋਲਾ ਛੰਦ, ਪੰਚਾਨਨ ਛੰਦ ਅਤੇ ਘਨਾਛਰੀ ਛੰਦ ਵਰਤੇ ਹਨ। ਸੁਖਦੇਵ ਸਿੰਘ ਸ਼ਾਂਤ ਇਸ ਵਡਮੁੱਲੀ ਪੁਸਤਕ ਦੀ ਰਚਨਾ ਕਰਨ ਲਈ ਵਧਾਈ ਦਾ ਪਾਤਰ ਹੈ। ਉਸ ਕੋਲੋਂ ਭਵਿਖ ਵਿੱਚ ਸਿੱਖ ਸੋਚ ਸੰਬੰਧੀ ਹੋਰ ਖੋਜੀ ਪੁਸਤਕਾਂ ਦੀ ਆਸ ਕੀਤੀ ਜਾ ਸਕਦੀ ਹੈ।
  198 ਪੰਨਿਆਂ, 350 ਰੁਪਏ ਕੀਮਤ ਵਾਲੀ ਇਹ ਪੁਸਤਕ ਸਿੰਘ ਬ੍ਰਦਰਜ਼ ਅੰਮ੍ਰਿਤਸਰ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ: ਸੁਖਦੇਵ ਸਿੰਘ ਸ਼ਾਂਤ: 919814901254, 0013174060002
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
  ujagarsingh48@yahoo.com