Dr-Gurvinder-Singh-Dhaliwal-Canada

 'ਪੰਥ ਰਤਨ' ਭਾਈ ਦਿੱਤ ਸਿੰਘ ਗਿਆਨੀ - ਡਾ. ਗੁਰਵਿੰਦਰ ਸਿੰਘ

''ਸਿੱਖੀ ਸੋਚ ਫੈਲਾਉਣ ਲਈ, ਬਹਿ ਮਤਾ ਪਕਾਇਆ।
ਸਿੰਘ ਸਭਾ ਬਣਾਉਣ ਦਾ, ਫੁਰਮਾਨ ਅਲਾਇਆ।

ਗੁਰਬਾਣੀ ਨੂੰ ਸਮਝਣਾ, ਇਤਿਹਾਸ ਵੀ ਲਿਖਣਾ।
ਮਨਮਤਿ ਕਿਵੇਂ ਤਿਆਗਣੀ, ਗੁਰੂਆਂ ਤੋਂ ਸਿੱਖਣਾ।

ਡੇਢ ਸਦੀ ਪਹਿਲਾਂ ਤਦੇ, ਸਿੰਘ ਅੱਗੇ ਆਏ।
ਲਹਿਰ ਚਲਾਈ ਸਿੰਘ ਸਭਾ, ਸਭ ਵੈਰ ਮੁਕਾਏ।

'ਮਹਾਂ-ਗਿਆਨੀ' ਦਿੱਤ ਸਿੰਘ, ਸੰਵਾਦ ਰਚਾਏ।
ਵਹਿਮ ਪਖੰਡ ਮਿਟਾਉਣ ਲਈ, ਲੱਖ ਕਸ਼ਟ ਉਠਾਏ।

'ਸਾਧੂ' ਦਿਆ ਨੰਦ ਜਦ, ਪੰਜਾਬ ਸੀ ਆਇਆ।
ਸਿੱਖਾਂ ਨੂੰ ਭਰਮਾਉਣ ਲਈ, ਉਸ ਝੂਠ ਫੈਲਾਇਆ।

ਧਨੀ ਕਲਮ ਦਾ ਦਿੱਤ ਸਿੰਘ, ਤਦ ਅੱਗੇ ਆਇਆ।
'ਵਿਪਰ ਨਹੀਂ', ਅਸੀਂ ਸਿੱਖ ਹਾਂ', ਇਹ ਸੱਚ ਸੁਣਾਇਆ।

'ਸਾਧੂ' ਨੂੰ ਵੰਗਾਰ ਕੇ, ਛੱਡਿਆ ਜੈਕਾਰਾ।
ਸਾਡਾ ਗੁਰੂ ਗ੍ਰੰਥ ਸਾਹਿਬ, ਤਾਰੇ ਸੰਸਾਰਾ।

''ਨਿੰਦਿਆ ਕਰੇਂ ਤੂੰ ਗੁਰੂ ਦੀ, ਊਂ ਰਿਸ਼ੀ ਕਹਾਵੇਂ।
ਘੜ ਸ਼ੁੱਧੀ ਦੀਆਂ ਸਾਜਿਸ਼ਾਂ, ਜਨਤਾ ਭਰਮਾਵੇਂ।

ਕਰ ਮੇਰੇ ਨਾਲ ਗੋਸ਼ਟੀ, ਜੇ ਸੱਚਾ ਸਾਧੂ।
ਛੱਡ ਭੜਕਾਉਣਾ ਨਹੀਂ ਤਾਂ, ਰੱਖ ਮੂੰਹ 'ਤੇ ਕਾਬੂ।''

ਰੀਸ ਗਿਆਨੀ 'ਹੰਸ' ਦੀ, ਕੀ ਕਰੂ 'ਟਟੀਹਰੀ'।
ਗਿੱਦੜ ਅਤੇ ਸ਼ੇਰ ਦੀ, ਨਾ ਹੋਏ ਸਕੀਰੀ।

ਦਿਆ ਨੰਦ ਦੀ ਸੋਚ ਸੀ, ਬੱਸ ਰੌਲਾ-ਗੌਲਾ।
ਦੋ ਲਫਜ਼ਾਂ ਵਿੱਚ ਸਿੰਘ ਨੇ, ਕਰ ਦਿੱਤਾ ਹੌਲਾ।

ਦਿੱਤ ਸਿੰਘ ਜੀ ਤਿੰਨ ਦਫਾ, ਕਰ ਗੋਸ਼ਟਿ ਜਿੱਤੇ।
'ਸਤਿਆਰਥ' ਦੇ ਕੁਫ਼ਰ ਸਭ, ਪਾ ਦਿੱਤੇ ਛਿੱਥੇ।

ਸਿੰਘ ਸਭੀਆਂ' ਦੀ ਲੋੜ ਹੈ, ਅੱਜ ਮੁੜਕੇ ਭਾਈ।
ਜਿਹਨਾਂ ਗਾਫ਼ਿਲ ਨੀਂਦਰੋਂ, ਸਿੱਖ ਕੌਮ ਜਗਾਈ।''

(ਭਾਈ ਹਰਪਾਲ ਸਿੰਘ ਲੱਖਾ)

6 ਸਤੰਬਰ 1914 : ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ ਕੈਨੇਡਾ ਦੀ ਧਰਤੀ 'ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਯੋਧੇ ਭਾਈ ਭਾਗ ਸਿੰਘ ਭਿਖੀਵਿੰਡ ਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ  604 825 1550 - ਡਾ. ਗੁਰਵਿੰਦਰ ਸਿੰਘ

ਕੈਨੇਡਾ ਦੇ ਪਹਿਲੇ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਸੈਕਿੰਡ ਐਵੀਨਿਊ ਵੈਨਕੂਵਰ ਦੇ ਮੁੱਖ ਸੇਵਾਦਾਰ ਭਾਈ ਭਾਗ ਸਿੰਘ ਭਿਖੀਵਿੰਡ ਅਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਕੈਨੇਡਾ ਦੀ ਧਰਤੀ ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਯੋਧੇ ਹਨ। ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ, ਅੰਮ੍ਰਿਤਸਰ ਨਾਲ ਸਬੰਧਤ ਸਨ, ਜਿਹਨਾਂ ਕੈਨੇਡਾ ਆ ਕੇ ਜਿੱਥੇ ਖਾਲਸਾ ਦੀਵਾਨ ਸੁਸਾਇਟੀ ਦੀ ਸਥਾਪਨਾ 'ਚ ਮੁੱਖ ਭੂਮਿਕਾ ਨਿਭਾਈ, ਉਥੇ ਗ਼ਦਰ ਲਹਿਰ ਦੇ ਸੰਘਰਸ਼ ਵਿਚ ਵੀ ਮਹਾਨ ਆਗੂ ਵਜੋਂ ਉੱਭਰੇ। ਆਪ ਜੀ ਦਾ ਜਨਮ 1872 ਈਸਵੀ ਨੂੰ ਸਾਂਝੇ ਪੰਜਾਬ ਦੀ ਲਾਹੌਰ ਜਿਲੇ ਦੇ ਪਿੰਡ ਭਿੱਖੀਵਿੰਡ ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਭਾਈ ਨਰਾਇਣ ਸਿੰਘ ਸੰਧੂ ਅਤੇ ਮਾਤਾ ਦਾ ਨਾਮ ਬੀਬੀ ਮਾਨ ਕੌਰ ਸੀ । ਆਪ ਚਾਰ ਭੈਣ ਭਰਾਵਾਂ 'ਚੋਂ ਸਭ ਤੋਂ ਛੋਟੇ ਸਨ। ਆਪਣੇ ਕਰੀਬ 20 ਸਾਲ ਦੀ ਉਮਰ 'ਚ ਫੌਜ ਵਿੱਚ ਨੌਕਰੀ ਕੀਤੀ। ਪੰਜ ਸਾਲਾਂ ਮਗਰੋਂ ਆਪ ਫੌਜੀ ਨੌਕਰੀ ਛੱਡ ਕੇ, ਹਾਂਗਕਾਂਗ ਚਲੇ ਗਏ, ਜਿੱਥੇ ਪੁਲਿਸ ਵਿੱਚ ਮੁਲਾਜ਼ਮ ਰਹੇ। ਫਿਰ ਚੀਨ ਦੇ ਸ਼ਹਿਰ ਸ਼ੰਘਾਈ ਚਲੇ ਗਏ ਅਤੇ ਉਥੇ ਵੀ ਕੁਝ ਸਮਾਂ ਪੁਲਿਸ 'ਚ ਸੇਵਾਵਾਂ ਦਿੱਤੀਆਂ।
ਸੰਨ 1906 ਵਿੱਚ ਭਾਈ ਭਾਗ ਸਿੰਘ ਕੈਨੇਡਾ ਆ ਗਏ ਅਤੇ ਇਥੇ ਭਾਈ ਸੁੰਦਰ ਸਿੰਘ ਜੀ ਦੇ ਪ੍ਰਭਾਵ ਅਧੀਨ ਸਿੱਖੀ ਜੀਵਨ-ਜਾਚ ਨਾਲ ਇੱਕ-ਮਿਕ ਹੋ ਗਏ। ਆਪ ਜੀ 22 ਜੁਲਾਈ 1906 ਨੂੰ ਕੈਨੇਡਾ ਵਿੱਚ ਬਣਾਈ ਗਈ ਖਾਲਸਾ ਦੀਵਾਨ ਸੁਸਾਇਟੀ ਦੇ ਸੇਵਾਦਾਰ ਬਣੇ। 28 ਜੂਨ 1908 ਨੂੰ ਅੰਮ੍ਰਿਤ ਛਕਿਆ ਅਤੇ ਪੂਰਨ ਸਿੰਘ ਸਜ ਗਏ। 13 ਮਾਰਚ 1909 ਨੂੰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਰਜਿਸਟਰਡ ਹੋਈ, ਜਿਸ ਦਾ ਸੰਵਿਧਾਨ ਪ੍ਰੋਫੈਸਰ ਤੇਜਾ ਸਿੰਘ ਜੀ ਨੇ ਲਿਖਿਆ। ਸੰਵਿਧਾਨ ਅਨੁਸਾਰ ਅੰਮ੍ਰਿਤਧਾਰੀ ਤੇ ਨਸ਼ਾ ਮੁਕਤ ਜੀਵਨ ਵਾਲੇ ਗੁਰਸਿੱਖ ਹੀ ਸੁਸਾਇਟੀ ਦੇ ਪ੍ਰਬੰਧਕ ਬਣ ਸਕਦੇ ਸਨ। ਭਾਈ ਭਾਗ ਸਿੰਘ ਜੀ ਪਹਿਲਾਂ ਸੁਸਾਇਟੀ ਦੇ ਮੁੱਖ ਸਕੱਤਰ ਅਤੇ ਖਜਾਨਚੀ ਰਹੇ ਅਤੇ ਮਗਰੋਂ 1910 ਵਿੱਚ ਆਪ ਇਸ ਸੰਸਥਾ ਦੇ ਪ੍ਰਧਾਨ ਬਣੇ।
ਕੈਨੇਡਾ ਵਿੱਚ ਪ੍ਰਵਾਸੀ ਪੰਜਾਬੀਆਂ ਦੇ ਪਰਿਵਾਰਾਂ ਨੂੰ ਲਿਆਉਣ ਦੀ ਮੁਹਿੰਮ ਵਿੱਚ ਭਾਈ ਭਾਗ ਸਿੰਘ ਮੋਹਰੀ ਸਨ। ਆਪ ਜੀ ਦੀ ਸੁਪਤਨੀ ਬੀਬੀ ਹਰਨਾਮ ਕੌਰ ਅਤੇ ਭਾਈ ਬਲਵੰਤ ਸਿੰਘ ਜੀ ਸਿੰਘਣੀ ਬੀਬੀ ਕਰਤਾਰ ਕੌਰ ਕੈਨੇਡਾ ਵਿੱਚ 21 ਜਨਵਰੀ 1912 ਲੰਮੇ ਸੰਘਰਸ਼ ਮਗਰੋਂ ਪਹੁੰਚੇ ਅਤੇ ਲੋਕਾਂ ਲਈ ਰਾਹ ਖੋਲ੍ਹੇ। ਇਥੇ ਆਪ ਜੀ ਦੀ ਪਤਨੀ ਬੀਬੀ ਹਰਨਾਮ ਕੌਰ ਨੇ 21 ਜਨਵਰੀ 1914 ਨੂੰ ਧੀ ਬੀਬੀ ਕਰਮ ਕੌਰ ਨੂੰ ਜਨਮ ਦਿੱਤਾ, ਜੋ ਕਿ ਕੈਨੇਡਾ ਦੀ ਧਰਤੀ 'ਤੇ ਜਨਮ ਲੈਣ ਵਾਲੀ 'ਪਹਿਲੀ ਸਿੱਖ ਬੱਚੀ' ਕਹੀ ਜਾ ਸਕਦੀ ਹੈ। ਧੀ ਦੇ ਜਨਮ ਵੇਲੇ ਆਈਆਂ ਜਿਸਮਾਨੀ ਮੁਸ਼ਕਿਲਾਂ ਨਾਲ ਜੂਝਦੇ ਹੋਏ ਬੀਬੀ ਹਰਨਾਮ ਕੌਰ ਜੀ ਦੀ 28 ਸਾਲ ਦੀ ਉਮਰ ਵਿੱਚ ਚਲਾਣਾ ਕਰ ਗਏ। ਇਸ ਮਗਰੋਂ ਭਾਈ ਭਾਗ ਸਿੰਘ ਜੀ 'ਤੇ 26 ਮਹੀਨੇ ਦੇ ਪੁੱਤਰ ਜੋਗਿੰਦਰ ਸਿੰਘ ਅਤੇ ਨੌ ਦਿਨਾਂ ਦੀ ਧੀ ਕਰਮ ਕੌਰ ਦੀ ਦੀ ਵੱਡੀ ਇਸ ਜ਼ਿੰਮੇਵਾਰੀ ਆਣ ਪਈ। ਇੱਕ ਪਾਸੇ ਆਪ ਬੱਚਿਆਂ ਦੀ ਦੇਖਭਾਲ ਕਰਦੇ ਅਤੇ ਦੂਜੇ ਪਾਸੇ ਸਾਂਝੇ ਮਸਲਿਆਂ ਵਿੱਚ ਕੌਮ ਦੀ ਅਗਵਾਈ ਕਰਦੇ।
ਕੈਨੇਡਾ ਦੀ ਧਰਤੀ 'ਤੇ ਭਾਈ ਭਾਗ ਸਿੰਘ ਨੇ ਬਸਤੀਵਾਦ ਅਤੇ ਨਸਲਵਾਦ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਈ। ਨਫਰਤ ਅਤੇ ਵਿਤਕਰੇ ਅਧੀਨ ਕੈਨੇਡਾ ਦੀ ਧਰਤੀ ਤੋਂ ਮੋੜੇ ਗਏ 'ਗੁਰੂ ਨਾਨਕ ਜਹਾਜ਼' ਦੇ ਮੁਸਾਫ਼ਰਾਂ ਦੇ ਹੱਕ ਵਿੱਚ ਭਾਈ ਸਾਹਿਬ ਨੇ ਵਡਮੁੱਲੀ ਅਗਵਾਈ ਦਿੱਤੀ। ਇਸ ਤੋਂ ਇਲਾਵਾ ਕੈਨੇਡਾ 'ਚੋਂ ਭਾਰਤੀਆਂ ਨੂੰ ਕੱਢ ਕੇ ਹਾਂਡੂਰਸ ਭੇਜਣ ਦੀ ਕਾਰਵਾਈ ਦਾ ਵਿਰੋਧ ਕਰਨਾ, ਸਾਬਕਾ ਬਰਤਾਨਵੀ ਫ਼ੌਜੀਆਂ ਦੇ ਤਮਗੇ, ਇਨਸਿਗਨੀਆ ਆਦਿ ਅੱਗ ਵਿੱਚ ਸੜਨਾ ਅਤੇ ਬਰਤਾਨੀਆ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਦੇ ਸਮਾਗਮਾਂ ਦਾ ਵਿਰੋਧ ਆਦਿ ਦਲੇਰਾਨਾ ਕਾਰਜ ਵੀ ਭਾਈ ਭਾਗ ਸਿੰਘ ਜੀ ਦੀ ਅਗਵਾਈ ਵਿੱਚ ਹੀ ਹੋਏ।
ਸ਼ਹੀਦ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਪਿੰਡ ਨਾਲ ਸਬੰਧਤ ਸਨ, ਜਿਹਨਾਂ ਕੈਨੇਡਾ ਵਿਚ ਰਹਿੰਦਿਆਂ ਹੋਇਆਂ ਭਾਰਤ ਵਿਚਲੇ ਬਸਤੀਵਾਦ ਖ਼ਿਲਾਫ਼ ਇਨਕਲਾਬੀ ਸਰਗਰਮੀਆਂ ਜਾਰੀ ਰੱਖੀਆਂ ਅਤੇ ਸ਼ਹੀਦੀ ਪਾਈ। ਕਈ ਇਤਿਹਾਸਕਾਰਾਂ ਨੇ ਆਪ ਦਾ ਨਾਂ ਬਦਨ ਸਿੰਘ ਲਿਖਿਆ ਹੈ, ਜਦ ਕਿ ਕੁਝ ਨੇ ਨਾਂ ਬਤਨ ਸਿੰਘ, (ਭਾਵ ਵਤਨ, ਦੇਸ) ਲਿਖਿਆ ਹੈ। ਖ਼ੈਰ ਨਾਂ ਤੋਂ ਵੀ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਜਿੱਥੇ ਸ਼ਹਾਦਤ 'ਵਤਨ' ਲਈ ਦਿੱਤੀ, ਉੱਥੇ ਆਪਣਾ 'ਬਦਨ' ਭਾਵ ਤਨ ਵੀ ਕੌਮ ਲਈ ਸਮਰਪਿਤ ਕਰ ਦਿੱਤਾ। ਆਪ ਜੀ ਦਾ ਜਨਮ 1864 ਈਸਵੀ ਵਿੱਚ ਜ਼ਿਲਾ ਮਾਨਸਾ ਦੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਸ. ਬਘੇਲ ਸਿੰਘ ਜਵੰਦਾ ਦੇ ਘਰ ਬੀਬੀ ਜਿਉਣੀ ਦੀ ਕੁੱਖੋਂ ਹੋਇਆ। ਆਪ ਤਿੰਨ ਭਰਾ ਸਨ ਅਤੇ ਖੇਤੀਬਾੜੀ ਕਰਦੇ ਸਨ। ਮਗਰੋਂ ਭਾਈ ਸਾਹਿਬ ਫੌਜ ਵਿੱਚ ਭਰਤੀ ਹੋ ਗਏ ਅਤੇ ਕੁਝ ਸਮਾਂ ਬਰਮਾ ਵਿੱਚ ਵੀ ਸੇਵਾ ਕੀਤੀ। ਪੰਜ ਸਾਲ ਮਗਰੋਂ ਨੌਕਰੀ ਛੱਡ ਕੇ ਪਿੰਡ ਆ ਗਏ ਤੇ ਫਿਰ ਹਾਂਗਕਾਂਗ ਵਿਖੇ 1902 ਵਿੱਚ ਜੇਲ੍ਹ ਵਾਰਡ ਦੀ ਨੌਕਰੀ ਕੀਤੀ।
ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ 1907 ਵਿੱਚ ਕੈਨੇਡਾ ਆ ਗਏ, ਜਿੱਥੇ ਨਿਊ ਵੈਸਟਮਿਨਿਸਟਰ ਦੀ ਫਰੇਜ਼ਰ ਮਿੱਲ ਵਿੱਚ ਨੌਕਰੀ ਕੀਤੀ। ਆਪ ਅਣਥਕ ਮਿਹਨਤ ਕਰਦੇ ਸਨ। ਜਦੋਂ ਆਪ ਸ਼ਹੀਦ ਹੋਏ, ਉਦੋਂ ਤੱਕ ਆਪ ਅਣਵਿਆਹੇ ਸਨ। ਆਪ ਨੂੰ ਕੈਨੇਡਾ ਵਿੱਚ ਬਤਨ ਸਿੰਘ ਮਹੀਆਂਵਾਲਾ ਕਰਕੇ ਸੱਦਿਆ ਜਾਂਦਾ ਸੀ, ਕਿਉਂਕਿ ਆਪ ਨੂੰ ਪਿੰਡ ਰਹਿੰਦਿਆਂ ਮੱਝਾਂ ਰੱਖਣਾ ਦਾ ਭਰਪੂਰ ਸ਼ੌਕ ਸੀ। ਆਪ ਦਾਨੀ ਬਿਰਤੀ ਦੇ ਮਾਲਕ ਸਨ। ਭਾਈ ਬਤਨ ਸਿੰਘ ਭਸੌੜ ਵਿਖੇ ਖਾਲਸਾ ਸਕੂਲ ਵਿੱਚ ਲੜਕੀਆਂ ਲਈ ਵੱਧ-ਚੜ੍ਹ ਕੇ ਸਹਿਯੋਗ ਦਿੰਦੇ ਰਹੇ।ਪ੍ਰੋਫੈਸਰ ਸੰਤ ਤੇਜਾ ਸਿੰਘ ਜੀ ਦੀ ਅਗਵਾਈ ਵਿੱਚ ਬਣੀ 'ਗੁਰੂ ਨਾਨਕ ਮਾਈਨਿੰਗ ਐਂਡ ਟਰਸਟ ਕੰਪਨੀ' ਵਿੱਚ ਭਾਈ ਬਤਨ ਸਿੰਘ ਨੇ ਡਾਇਰੈਕਟਰ ਦੀ ਸੇਵਾ ਨਿਭਾਈ ਅਤੇ ਦਾਨੀ ਵਜੋਂ ਸਹਿਯੋਗ ਵੀ ਦਿੱਤਾ। ਆਪ ਸਮਰਪਤ ਗੁਰਸਿੱਖ ਸਨ ਅਤੇ ਗੁਰੂ ਘਰ ਦੇ ਪ੍ਰੇਮੀ ਸਨ।  ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ 'ਤੇ ਗੁਰੂ ਨਾਨਕ ਜਹਾਜ਼' ਨੂੰ ਕੈਨੇਡਾ ਤੋਂ ਵਾਪਿਸ ਮੋੜਨ ਦੀ ਘਟਨਾ ਦਾ ਡੂੰਘਾ ਅਸਰ ਪਿਆ ਸੀ। 23 ਮਈ 1914 ਨੂੰ ਬਾਬਾ ਗੁਰਦਿੱਤ ਸਿੰਘ ਸਰਹਾਲੀ ਦੀ ਅਗਵਾਈ 'ਚ 'ਗੁਰੂ ਨਾਨਕ ਜਹਾਜ਼' ਦੇ ਵੈਨਕੂਵਰ ਪੁੱਜਣ 'ਤੇ ਕੈਨੇਡਾ ਸਰਕਾਰ ਨੇ ਮੁਸਾਫਿਰਾਂ ਨੂੰ ਕੈਨੇਡਾ ਦਾਖਿਲ ਹੋਣ ਤੋਂ ਰੋਕ ਦਿੱਤਾ। ਉੱਤਰੀ ਅਮਰੀਕਾ 'ਚ ਵਸਦੇ ਸਾਰੇ ਗਦਰੀ ਯੋਧਿਆਂ ਅੰਦਰ, ਇਸ ਘਟਨਾ ਨੇ ਰੋਸ ਦੀ ਲਹਿਰ ਪੈਦਾ ਕਰ ਦਿੱਤੀ। 6 ਜੁਲਾਈ,1914 ਨੂੰ ਬੀ.ਸੀ. ਅਪੀਲ ਕੋਰਟ ਨੇ ਜਹਾਜ਼ ਦੇ ਸਵਾਰਾਂ ਖਿਲਾਫ਼ ਫੈਸਲਾ ਸੁਣਾ ਕੇ, ਉਨ੍ਹਾਂ ਨੂੰ ਵਾਪਿਸ ਮੋੜਨ ਦਾ ਰਾਹ ਪੱਧਰਾ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਇਹਨਾਂ ਯੋਧਿਆਂ ਨੇ ਫੈਸਲਾ ਕੀਤਾ ਕਿ 'ਗੁਰੂ ਨਾਨਕ ਜਹਾਜ਼' ਦੇ ਵਾਪਿਸ ਜਾਣ ਤੋਂ ਪਹਿਲਾਂ, ਇਸ ਦੇ ਸਵਾਰਾਂ ਰਾਹੀਂ, ਭਾਰਤ ਅੰਦਰ ਗਦਰ ਲਹਿਰ ਦਾ ਸਾਹਿਤ ਤੇ ਹਥਿਆਰ ਭੇਜੇ ਜਾਣ ਦਾ ਯਤਨ ਕੀਤਾ ਜਾਵੇ। ਇਸ ਮਕਸਦ ਲਈ ਭਾਈ ਭਾਗ ਸਿੰਘ ਹੋਰਨਾਂ ਭਾਈਆਂ ਸਮੇਤ ਕੈਨੇਡਾ ਦੀ ਸਰਹੱਦ ਪਾਰ ਕਰਕੇ ਅਮਰੀਕਾ 'ਚ ਦਾਖਿਲ ਹੋਏ, ਜਿਥੋਂ ਹਥਿਆਰ ਖਰੀਦ ਕੇ 17 ਜੁਲਾਈ 2014 ਨੂੰ ਵਾਪਿਸ ਚੱਲ ਪਏ। ਕੈਨੇਡਾ ਦੇ ਸ਼ਹਿਰ ਐਬਸਫੋਰਡ 'ਚ ਸੁੂਮਸ ਬਾਰਡਰ ਨੇੜਲੀਆਂ ਝਾੜੀਆਂ ਰਾਹੀਂ ਦਾਖਿਲ ਹੁੰਦਿਆਂ, ਭਾਈ ਭਾਗ ਸਿੰਘ ਅਤੇ ਉਹਨਾਂ ਦੇ 32 ਸਾਲ ਦੇ ਪੁੱਤਰ ਜੋਗਿੰਦਰ ਸਿੰਘ, ਭਾਈ ਬਲਵੰਤ ਸਿੰਘ ਜੀ ਅਤੇ ਭਾਈ ਮੇਵਾ ਸਿੰਘ ਤੇ ਕਈ ਹੋਰ ਗਦਰੀ ਆਗੂ ਹਥਿਆਰਾਂ ਸਣੇ ਗ੍ਰਿਫ਼ਤਾਰ ਕਰ ਲਏ ਗਏ।
ਉਧਰ ਵੈਨਕੂਵਰ ਵਿੱਚ ਨਸਲਵਾਦੀ ਬ੍ਰਿਟਿਸ਼ ਕੈਨੇਡੀਅਨ ਸਰਕਾਰ ਨੇ ਗੁਰੂ ਨਾਨਕ ਜਹਾਜ਼ ਨੂੰ ਧੱਕੇ ਨਾਲ ਵਾਪਸ ਮੋੜਨ ਦਾ ਫੈਸਲਾ ਲੈ ਲਿਆ, ਜਿਸ ਨੂੰ ਚੁਣੌਤੀ ਦਿੰਦਿਆਂ ਅਮਰੀਕਾ ਦੀ ਜੇਲ੍ਹ 'ਚੋਂ ਹੀ ਭਾਈ ਭਾਗ ਸਿੰਘ ਨੇ ਆਪਣੇ ਵਕੀਲ ਰਾਹੀਂ ਇਮੀਗ੍ਰੇਸ਼ਨ ਵਿਭਾਗ ਦੇ ਮੁਖੀ ਮੈਲਕਮ ਰੀਡ ਅਤੇ ਗੁਰੂ ਨਾਨਕ ਜਹਾਜ਼ ਦਾ ਕੇਸ ਲੜ ਰਹੇ ਸਰਕਾਰੀ ਵਕੀਲ ਨੂੰ ਟੈਲੀਗਰਾਮ ਭੇਜੀ ਕਿ ਉਹ (ਭਾਈ ਭਾਗ ਸਿੰਘ) ਗੁਰੂ ਨਾਨਕ ਜਹਾਜ਼ ਦੇ ਪਟੇਦਾਰ ਹਨ। ਇਸ ਕਰਕੇ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਗੁਰੂ ਨਾਨਕ ਜਹਾਜ਼ ਵਾਪਸ ਨਾ ਭੇਜਿਆ ਜਾਏ। ਕਿਸੇ ਵੀ ਹਾਲਤ ਵਿੱਚ ਜੇਕਰ ਕੈਨੇਡਾ ਸਰਕਾਰ ਮੁਸਾਫਰਾਂ ਨੂੰ ਜਬਰੀ ਵਾਪਸ ਭੇਜਦੀ ਭੇਜਦੀ ਹੈ, ਤਾਂ ਮੁਸਾਫਰਾਂ ਦੇ ਖਰਚ ਵਜੋਂ 35 ਹਜ਼ਾਰ ਡਾਲਰ ਅਦਾ ਕੀਤਾ ਜਾਏ।
ਭਾਈ ਭਾਗ ਸਿੰਘ ਵੱਲੋਂ ਗੁਰੂ ਨਾਨਕ ਜਹਾਜ਼ ਨੂੰ ਵਾਪਸ ਨਾ ਮੋੜਨ ਦੀ ਕਾਨੂੰਨੀ ਚਾਰਾਜੋਈ ਦੀ ਜਿੱਥੇ ਸਰਕਾਰੀ ਧੱਕੇਸ਼ਾਹੀ ਰਾਹੀਂ ਪਰਵਾਹ ਨਾ ਕੀਤੀ ਗਈ, ਉਥੇ ਦੂਜੇ ਪਟੇਦਾਰ ਭਾਈ ਹਸਨ ਰਹੀਮ (ਅਸਲ ਨਾਂ ਸ਼ਗੁਨ ਵਰਮਾ) ਨੂੰ ਮੱਲੋ-ਜੋਰੀ ਜਹਾਜ਼ ਭੇਜਣ ਲਈ ਪ੍ਰਵਾਨਗੀ ਵਾਸਤੇ ਤਿਆਰ ਕਰ ਕੇ 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ ਕੈਨੇਡਾ ਤੋਂ ਮੋੜ ਦਿੱਤਾ। ਭਾਈ ਭਾਗ ਸਿੰਘ ਅਤੇ ਉਹਨਾਂ ਦੇ ਸਾਥੀ 30 ਜੁਲਾਈ 1914 ਨੂੰ ਜੇਲ੍ਹ 'ਚੋਂ ਰਿਹਾ ਹੋ ਕੇ ਵੈਨਕੂਵਰ ਪਹੁੰਚੇ। ਭਾਈ ਸਾਹਿਬ ਅੰਦਰ ਜਹਾਜ਼ ਜਬਰੀ ਕੈਨੇਡਾ ਤੋਂ ਮੋੜੇ ਜਾਣ ਦੀ ਘਟਨਾ ਦਾ ਡੂੰਘਾ ਰੋਸ ਸੀ।
4 ਅਗਸਤ 1914 ਨੂੰ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੁੰਦਿਆਂ ਸਾਰ ਕੈਨੇਡਾ ਤੇ ਅਮਰੀਕਾ ਦੇ ਬਹੁਤ ਸਾਰੇ ਗਦਰੀ ਬਾਬੇ, ਭਾਰਤ ਨੂੰ ਆਜ਼ਾਦ ਕਰਾਉਣ ਲਈ ਰਵਾਨਾ ਹੋਣ ਲੱਗੇ, ਤਾਂ ਸਰਕਾਰੀ ਪਿੱਠੂ ਤੇ ਕੌਮੀ ਗੱਦਾਰ ਬੇਲੇ ਜਿਆਣ ਨੇ ਹਿੰਦੁਸਤਾਨੀ ਬ੍ਰਿਟਿਸ਼ ਸਰਕਾਰ ਦੀ ਏਜੰਟ ਹਾਪਕਿਨਸਨ ਦੀ ਸ਼ਹਿ 'ਤੇ ਵਹਿਸ਼ੀਆਨਾ ਕਾਰਾ ਕੀਤਾ। ਇਹ ਘਟਨਾ 5 ਸਤੰਬਰ 1914 ਈਸਵੀ ਦੀ ਹੈ। ਸਥਾਨ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦਾ ਸੈਕਿੰਡ ਐਵੀਨਿਊ 'ਤੇ ਬਣਿਆ ਪਹਿਲਾ ਗੁਰਦੁਆਰਾ ਸੀ। ਸਮਾਂ ਸ਼ਾਮ ਦੇ ਕਰੀਬ ਸੱਤ ਵੱਜਣ 'ਚ ਕੁਝ ਕੁ ਮਿੰਟ ਬਾਕੀ ਸਨ। ਅਰਜਨ ਸਿੰਘ ਨਾਂ ਦੇ ਇੱਕ ਵਿਅਕਤੀ ਦੇ ਸਸਕਾਰ ਮਗਰੋਂ ਪਾਠ ਦਾ ਭੋਗ ਪੈ ਚੁੱਕਾ ਸੀ। ਅਰਜਨ ਸਿੰਘ ਬੇਲਾ ਜਿਆਣ ਦੇ ਧੜੇ ਦਾ ਬੰਦਾ ਸੀ, ਜੋ ਕਿ ਅੰਗਰੇਜ਼ ਸਰਕਾਰ ਦੇ ਟਾਊਟ ਸਨ ਅਤੇ ਸਰਕਾਰ ਤੋਂ ਬਾਗੀ ਸਿੱਖ ਆਗੂਆਂ ਦੇ ਖਿਲਾਫ ਭੁਗਤਦੇ ਸਨ। ਬੇਲਾ ਤੇ ਉਸਦੇ ਸਾਥੀ ਸਮਝਦੇ ਸਨ ਕਿ ਭਾਈ ਭਾਗ ਸਿੰਘ ਅਤੇ ਉਹਨਾਂ ਦੇ ਧੜੇ ਵੱਲੋਂ ਅਰਜਨ ਸਿੰਘ ਦਾ ਕਤਲ ਕੀਤਾ ਗਿਆ ਹੈ।
ਜਦੋਂ ਹੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਰਦਾਸ ਹੋਣ ਲੱਗੀ, ਤਾਂ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਦੇ ਪਿੱਛੇ ਬੈਠੇ ਗ਼ੱਦਾਰ ਬੇਲੇ ਜਿਆਣ ਨੇ ਦੋਵਾਂ ਹੱਥਾਂ 'ਚ ਪਿਸਤੌਲ ਫੜ ਲਈ ਅਤੇ ਭਾਈ ਭਾਗ ਸਿੰਘ ਦੀ ਪਿੱਠ 'ਤੇ ਗੋਲੀਆਂ ਦੀ ਵਾਛੜ ਕਰ ਦਿੱਤੀ। ਇਹ ਵੇਖਦਿਆਂ ਸਾਰ ਹੀ ਅਰਦਾਸ 'ਚ ਖੜ੍ਹੇ ਯੋਧੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ, ਹਤਿਆਰੇ ਨੂੰ ਧੌਣੋਂ ਜਾ ਦਬੋਚਿਆ।ਬੇਲਾ ਜਿਆਣ ਨੇ ਆਪਣਾ ਪਿਸਤੌਲ ਭਾਈ ਬਤਨ ਸਿੰਘ ਵੱਲ ਕਰ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ 'ਚੋਂ ਚਾਰ ਗੋਲ਼ੀਆਂ ਬਤਨ ਸਿੰਘ ਦੇ ਲੱਗੀਆਂ। ਦੀਵਾਨ ਹਾਲ ਅੰਦਰ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਨੂੰ ਬਚਾਉਂਦਿਆਂ, ਭਾਈ ਬਤਨ ਸਿੰਘ ਵੀ ਗੰਭੀਰ ਜ਼ਖਮੀ ਹੋ ਗਏ ਅਤੇ ਦੋਵੇਂ ਸਿੱਖ ਯੋਧੇ ਅਗਲੇ ਦਿਨ ਭਾਵ 6 ਸਤੰਬਰ 1914 ਨੂੰ ਸ਼ਹੀਦੀਆਂ ਪਾ ਗਏ। ਗੁਰਦੁਆਰੇ ਅੰਦਰ ਮੌਜੂਦ ਸੰਗਤ ਵਿਚੋਂ ਕਈ ਹੋਰ ਵਿਅਕਤੀ ਜ਼ਖਮੀ ਵੀ ਹੋਏ, ਜਿਹਨਾਂ ਵਿੱਚ ਭਾਈ ਦਲੀਪ ਸਿੰਘ ਫਾਲਾ, ਭਾਈ ਬਲਵੰਤ ਸਿੰਘ ਖੁਰਦਪੁਰ ਦਾ ਸਨਬੰਧੀ ਭਾਈ ਉੱਤਮ ਸਿੰਘ ਨੂਰਪੁਰੀ, ਭਾਈ ਲਾਭ ਸਿੰਘ, ਭਾਈ ਬਤਨ ਸਿੰਘ ਕਾਹਰੀ, ਸੋਹਣ ਲਾਲ ਪਿੰਡ ਔਲਖ ਤੇ ਜਵਾਲਾ ਸਿੰਘ ਸ਼ੇਖ ਦੌਲਤ ਆਦਿ ਦਰਜਨ ਤੋਂ ਵੱਧ ਸਿੱਖ ਸ਼ਾਮਿਲ ਸਨ।
ਇਹ ਘਟਨਾ ਕੈਨੇਡਾ ਦੇ ਸਿੱਖ ਇਤਿਹਾਸ ਦਾ ਲਹੂ ਭਿੱਜਿਆ ਪੰਨਾ ਸੀ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਆਗੂਆਂ ਨੂੰ ਸ਼ਹੀਦ ਕੀਤਾ ਗਿਆ ਹੋਵੇ। ਹਤਿਆਰੇ ਬੇਲੇ ਜਿਆਣ ਨੂੰ ਚਾਹੇ ਗ੍ਰਿਫ਼ਤਾਰ ਵੀ ਕਰ ਲਿਆ, ਪਰ ਮਗਰੋਂ ਸਰਕਾਰੀ ਮੁਖ਼ਬਰ ਹੋਣ ਕਰ ਕੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਸਿਤਮਜ਼ਰੀਫੀ ਇਸ ਗੱਲ ਦੀ ਸੀ ਕਿ ਵੈਨਕੂਵਰ ਦੀ ਅਦਾਲਤ ਵਿੱਚ 3 ਨਵੰਬਰ ਤੋਂ 6 ਨਵੰਬਰ,1914 ਤੱਕ ਚੱਲੀ ਸੁਣਵਾਈ ਦੁਆਰਾ ਜੱਜ ਆਇਲੇ ਮੌਰੀਸਨ ਨੇ ਜਿਊਰੀ ਨੂੰ ਕਿਹਾ ਕਿ ਮੁਜਰਿਮ ਬੇਲਾ ਜਿਆਣਾ ਬਰੀ ਹੋਣਾ ਚਾਹੀਦਾ ਹੈ, ਕਿਉਂਕਿ ਉਸ ਨੇ 'ਆਤਮ ਰੱਖਿਆ' ਲਈ ਗੋਲੀ ਚਲਾਈ। ਕੈਨੇਡਾ ਦੀ ਅਦਾਲਤ ਦੇ ਜੱਜ ਲਈ ਇਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਸੀ! ਜਿਊਰੀ ਨੇ ਬੇਲੇ ਜਿਆਣ ਨੂੰ ਬੇਕਸੂਰ ਕਰਾਰ ਦੇ ਕੇ ਬਰੀ ਕਰ ਦਿੱਤਾ। ਉਧਰ ਸਿੱਖਾਂ ਅੰਦਰ ਇਸ ਗੱਲ ਦਾ ਭਾਰੀ ਰੋਸ ਸੀ ਅਤੇ ਇਸ ਦੌਰਾਨ ਸਿੱਖ ਯੋਧੇ ਭਾਈ ਜਗਤ ਸਿੰਘ ਮਹਿਰਾ ਭੂਤਵਿੰਡ ਨੇ ਵੈਨਕੂਵਰ ਦੀ ਗ੍ਰੈਨਵਿਲ ਸਟਰੀਟ 'ਤੇ ਹਿੰਦੂ ਸਟੋਰ ਵਿੱਚ ਦੁਸ਼ਟ ਬੇਲਾ ਜਿਆਣ ਅਤੇ ਉਹਦੇ ਸਾਥੀਆਂ 'ਤੇ ਗੋਲੀਆਂ ਚਲਾਈਆਂ। ਬੇਲਾ ਤਾਂ ਬਚ ਗਿਆ, ਪਰ ਉਸ ਦਾ ਇਕ ਸਾਥੀ ਰਤਨ ਉਰਫ ਪ੍ਰਤਾਪ ਕੋਟਲੀ ਮਾਰਿਆ ਗਿਆ, ਜਦਕਿ ਦੂਸਰਾ ਜ਼ਖਮੀ ਹੋ ਗਿਆ।
ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਨੂੰ ਸ਼ਹੀਦ ਕਰਨ ਵਾਲਾ ਬੇਲਾ ਜਿਆਣ ਡਰ ਦਾ ਮਾਰਿਆ 1 ਜੂਨ 1916 ਨੂੰ ਭਾਰਤ ਭੱਜ ਗਿਆ, ਜਿੱਥੇ 19 ਸਾਲ ਮਗਰੋਂ ਬੱਬਰ ਅਕਾਲੀ ਭਾਈ ਹਰੀ ਸਿੰਘ ਸੂੰਢ ਨੇ ਸਾਥੀਆਂ ਸਮੇਤ, ਦੁਸ਼ਟ ਗੱਦਾਰ ਬੇਲਾ ਜਿਆਣ ਉਸ ਦੇ ਜੱਦੀ ਪਿੰਡ ਨੇੜੇ ਹੀ 9 ਦਸੰਬਰ 1933 ਨੂੰ ਸੋਧਿਆ। ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਦੀ ਸ਼ਹਾਦਤ ਵੇਲੇ ਵਿਸ਼ਵਾਸੀ ਸਿੱਖ ਭਾਈ ਮੇਵਾ ਸਿੰਘ ਲੋਪੋਕੇ ਸੰਗਤਾਂ ਵਿੱਚ ਮੌਜੂਦ ਸਨ, ਜਿਨ੍ਹਾਂ ਦੇ ਹਿਰਦੇ ਨੂੰ ਇਸ ਘਟਨਾ ਨੇ ਵਲੂੰਧਰ ਦਿੱਤਾ। ਭਾਈ ਮੇਵਾ ਸਿੰਘ ਨੇ 21 ਅਕਤੂਬਰ 1914 ਨੂੰ ਵੈਨਕੂਵਰ ਦੀ ਕਚਹਿਰੀ 'ਚ ਅੰਗਰੇਜ਼- ਭਾਰਤੀ ਵਿਲੀਅਮ ਹਾਪਕਿਨਸਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ।  ਭਾਈ ਭਾਗ ਸਿੰਘ ਅਤੇ ਭਾਈ ਬਦਨ ਸਿੰਘ ਨੂੰ ਸ਼ਹੀਦ ਕਰਨ ਲਈ ਮੁੱਖ ਜਿੰਮੇਵਾਰ ਨੂੰ ਸੋਧਣ ਕਰਕੇ ਗ੍ਰਿਫਤਾਰ ਕੀਤੇ ਗਏ ਭਾਈ ਮੇਵਾ ਸਿੰਘ ਖਿਲਾਫ 30 ਅਕਤੂਬਰ 1914 ਨੂੰ ਮੁਕੱਦਮੇ ਦੀ ਸੁਣਵਾਈ ਲਈ, ਬੀ.ਸੀ. ਸੁਪਰੀਮ ਕੋਰਟ ਦੇ ਜੱਜ ਆਈਲੇ ਮੌਰੀਸਨ ਵਲੋਂ 12 ਮੈਂਬਰੀ ਜਿਊਰੀ ਚੁਣੀ ਗਈ। ਬਣਾਉ ਪੱਖ ਦੇ ਵਕੀਲ ਵੁੱਡਜ਼ ਅਤੇ ਸਰਕਾਰੀ ਵਕੀਲ ਟੇਲਰ ਸਨ। ਅਦਾਲਤ 'ਚ ਇੱਕ ਹਜ਼ਾਰ ਦੇ ਕਰੀਬ ਲੋਕ ਹਾਜ਼ਰ ਸਨ, ਜਿੰਨਾਂ 'ਚੋਂ ਚਾਰ ਕੁ ਹੀ ਭਾਰਤੀ ਸਨ। ਇਸ ਮੌਕੇ 'ਤੇ ਭਾਈ ਮੇਵਾ ਸਿੰਘ ਨੇ ਜੋ ਬਿਆਨ ਦਿੱਤੇ, ਉਹ ਬਹਾਦਰੀ ਨੇ ਨਿਡੱਰਤਾ ਪੱਖੋਂ ਖਾਸ ਅਹਿਮੀਅਤ ਰੱਖਦੇ ਸਨ। ਅਦਾਲਤ ਵਿਚ ਅਨੁਵਾਦਕ ਡਾਲਟਨ ਵਲੋਂ, ਭਾਈ ਸਾਹਿਬ ਦੇ ਬਿਆਨ ਜੱਜ ਅੱਗੇ ਰੱਖੇ ਗਏ :
"..ਮੇਰੀ ਜ਼ਬਾਨ ਵਿੱਚ ਐਸੇ ਸ਼ਬਦ ਨਹੀਂ, ਜੋ ਬਿਆਨ ਕਰ ਸਕਣ ਕਿ ਵੈਨਕੂਵਰ ਵਿੱਚ ਮੈਨੂੰ ਕਿਹੜੇ-ਕਿਹੜੇ ਦੁੱਖ, ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਹਨ... ਅਸੀਂ ਸਿੱਖ ਗੁਰਦੁਆਰੇ 'ਚ ਅਰਦਾਸ ਕਰਨ ਜਾਂਦੇ ਹਾਂ, ਪਰ ਇਨ੍ਹਾਂ ਪਾਪੀਆਂ ਨੇ ਗੁਰੁਦਆਰੇ 'ਚ ਗੋਲੀ ਚਲਾਕੇ ਅਤੇ ਭਾਈ ਭਾਗ ਸਿੰਘ ਦਾ ਕਤਲ ਕਰਕੇ, ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ ਹੈ। ਇਨ੍ਹਾਂ ਪਾਪੀਆਂ ਨੇ ਦੋ ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ ਹੈ। ਦੁਸ਼ਟਾਂ ਵਲੋਂ ਗੁਰਦੁਆਰੇ 'ਚ ਕੀਤੇ ਇਨ੍ਹਾਂ ਕਾਰਿਆਂ ਨੇ ਮੇਰੇ ਸੀਨੇ 'ਚ ਅੱਗ ਲਾ ਦਿੱਤੀ ਹੈ।..ਮੈਂ ਆਪਣੇ ਭਾਈਚਾਰੇ ਅਤੇ ਆਪਣੇ ਧਰਮ ਦੀ ਅਣਖ ਅਤੇ ਇੱਜ਼ਤ ਲਈ, ਹਾਪਕਿਨਸਨ ਦਾ ਕਤਲ ਕੀਤਾ ਹੈ। ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਕਰ ਸਕਦਾ। ਜੱਜ ਸਾਹਿਬ, ਜੇ ਇਹ ਸਭ ਕੁਝ ਤੁਹਾਡੇ ਚਰਚ ਵਿੱਚ ਹੋਇਆ ਹੁੰਦਾ, ਤਾਂ ਤੁਸੀਂ ਈਸਾਈਆਂ ਨੇ ਵੀ ਬਰਦਾਸ਼ਤ ਨਹੀਂ ਸੀ ਕਰਨਾ, ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਮੁਰਦਾ ਕੌਮ ਸਮਝਣਾ ਸੀ। ਕਿਸੇ ਸਿੱਖ ਲਈ ਵੀ ਗੁਰਦੁਆਰੇ 'ਚ ਇਹ ਸਭ ਕੁਝ ਹੁੰਦਾ ਵੇਖਣ ਨਾਲੋਂ, ਮਰ ਜਾਣਾ ਚੰਗਾ ਹੈ।" ਭਾਈ ਭਾਗ ਸਿੰਘ ਅਤੇ ਭਾਈ ਬਦਨ ਸਿੰਘ ਦੀ ਸ਼ਹਾਦਤ ਦਾ ਬਦਲਾ ਲੈਂਦਿਆਂ ਭਾਈ ਮੇਵਾ ਸਿੰਘ ਨੇ 11 ਜਨਵਰੀ 1915 ਨੂੰ ਹੱਸਦਿਆਂ- ਹੱਸਦਿਆਂ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦੀ ਪਾਈ।
ਕੈਨੇਡਾ ਦੀ ਧਰਤੀ ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਯੋਧੇ ਭਾਗ ਸਿੰਘ ਭਿਖੀਵਿੰਡ ਅਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਜਿੱਥੇ ਕੌਮੀ ਸ਼ਹੀਦ ਹਨ, ਉੱਥੇ ਹੀ ਗ਼ਦਰ ਲਹਿਰ ਨਾਲ ਸਬੰਧਿਤ ਮਹਾਨ ਸੂਰਬੀਰ ਵੀ ਹਨ, ਜਿਨ੍ਹਾਂ ਨੇ ਕੈਨੇਡਾ ਦੀ ਧਰਤੀ ਤੇ ਆ ਕੇ ਦੌਲਤ -ਸ਼ੋਹਰਤ ਕਮਾਉਣ ਦੀ ਥਾਂ ਦੇਸ- ਕੌਮ ਦੀ ਸੇਵਾ ਨੂੰ ਪਹਿਲ ਦਿੱਤੀ। ਇਨ੍ਹਾਂ ਸ਼ਹੀਦਾਂ ਨੇ ਘਰ-ਬਾਰ ਉਜਾੜ ਕੇ ਕੌਮੀ ਘਰ ਬਣਾਉਣ ਲਈ ਹਰ ਕੁਰਬਾਨੀ ਦਿੱਤੀ। ਅੱਜ 'ਕੈਨੇਡਾ-ਅਮਰੀਕਾ' ਅੰਦਰ ਅਸੀਂ ਜਿਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਸ ਦੇ ਸੰਘਰਸ਼ ਪਿੱਛੇ ਇਨ੍ਹਾਂ ਯੋਧਿਆਂ ਦਾ ਡੁੱਲ੍ਹਿਆ ਲਹੂ ਹੀ ਹੈ। ਦੂਜੇ ਪਾਸੇ ਭਾਰਤ ਵਿੱਚੋਂ ਫਿਰੰਗੀਆਂ ਨੂੰ ਕੱਢਣ ਲਈ ਜਿਹਨਾਂ ਨੇ ਖ਼ੂਨ ਦਾ ਕਤਰਾ- ਕਤਰਾ ਵਹਾ ਦਿੱਤਾ, ਉਹ ਇਹੀ ਗ਼ਦਰੀ ਯੋਧੇ ਅਤੇ ਸ਼ਹੀਦ ਸਨ। ਅੱਜ ਲਾਲ ਕਿਲੇ 'ਤੇ ਜਿਹੜਾ ਝੰਡਾ ਝੁੱਲਦਾ ਹੈ, ਉਸ ਦੀਆਂ ਨੀਂਹਾਂ 'ਚ ਵੀ ਗਦਰੀ ਬਾਬਿਆਂ ਦੀਆਂ ਮਾਸ ਤੇ ਹੱਡੀਆਂ ਮੌਜੂਦ ਹਨ, ਹਾਲਾਂਕਿ ਇਨ੍ਹਾਂ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਅੱਜ ਦੇ ਫਾਸ਼ੀਵਾਦੀ ਹਾਕਮਾਂ ਨੇ ਮੂਲੋਂ ਹੀ ਵਿਸਾਰ ਦਿੱਤਾ ਹੈ।
ਅਹਿਮ ਸਵਾਲ ਇਹ ਹਨ ਕਿ ਕੀ ਇਹ ਸ਼ਹੀਦ ਕੇਵਲ ਕੈਨੇਡਾ ਦੇ ਹੀ ਸ਼ਹੀਦ ਹਨ? ਅੱਜ ਪੰਜਾਬ 'ਚ ਖਾਸ ਕਰਕੇ ਅਤੇ ਭਾਰਤ 'ਚ ਆਮ ਕਰਕੇ ਇਨ੍ਹਾਂ ਸ਼ਹੀਦਾਂ ਬਾਰੇ ਲੋਕਾਂ ਨੂੰ ਇਤਿਹਾਸਕ ਜਾਣਕਾਰੀ ਕਿਉਂ ਨਹੀਂ ਦਿੱਤੀ ਜਾ ਰਹੀ? ਕਿਸੇ ਵੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ 'ਚ ਇਨ੍ਹਾਂ ਦੀਆਂ ਜੀਵਨੀਆਂ ਬਾਰੇ ਪੜ੍ਹਾਇਆ ਕਿਉਂ ਨਹੀਂ ਜਾਂਦਾ? ਕੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ 'ਚ ਇਨ੍ਹਾਂ ਨਾਲ ਸੰਬੰਧਤ ਪਾਠਕ੍ਰਮ ਸ਼ਾਮਿਲ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਿਤਾਬਾਂ 'ਚ ਉਚੇਰੇ ਰੂਪ 'ਚ ਮੋਢੀ ਸਿੱਖ ਸ਼ਹੀਦਾਂ ਦੀਆਂ ਬਾਹਰਲੇ ਦੇਸ਼ਾਂ 'ਚ ਕੀਤੀਆਂ ਕੁਰਬਾਨੀਆਂ ਬਾਰੇ ਕਿੰਨਾ ਕੁ ਜ਼ਿਕਰ ਮਿਲਦਾ ਹੈ ? ਪੰਜਾਬ ਸਰਕਾਰ ਨੇ ਮਹਾਨ ਗ਼ਦਰੀ ਯੋਧਿਆਂ ਦੀਆਂ ਸ਼ਹੀਦੀਆਂ ਦੇ ਦਿਹਾੜੇ ਮਨਾਉਣ ਦਾ ਕਦੇ ਕੋਈ ਸੰਕਲਪ ਲਿਆ ਹੈ ? ਜੇਕਰ ਉਕਤ ਸਾਰੇ ਸੁਆਲਾਂ ਦਾ ਜਵਾਬ 'ਨਾਂਹ' ਵਿੱਚ ਹੈ, ਤਾਂ ਭਾਰਤ ਜਾਂ ਪੰਜਾਬ ਦੀਆਂ ਸਰਕਾਰਾਂ, ਕੇਂਦਰੀ ਸਿੱਖ ਸੰਸਥਾਵਾਂ ਅਤੇ ਦੇਸ਼ ਭਗਤਾਂ ਦੇ ਨਾਂ ਵੇਚਣ ਵਾਲੀਆਂ ਅਖੌਤੀ ਸੱਭਿਆਚਾਰਕ ਸੰਸਥਾਵਾਂ ਆਦਿ ਸਾਰੇ ਦੋਸ਼ੀ ਹਨ।  ਚਾਹੀਦਾ ਇਹ ਹੈ ਕਿ ਆਜ਼ਾਦੀ ਦੇ ਸੰਘਰਸ਼ ਲਈ ਸ਼ਹੀਦੀਆਂ ਪਾਉਣ ਵਾਲੇ ਗਦਰੀ ਯੋਧਿਆਂ ਦੇ ਇਤਿਹਾਸ, ਨਵੇਂ ਸਿਰਿਓਂ ਸਹੀ ਅਤੇ ਤੱਥਾਂ ਅਧਾਰਤ ਲਿਖਵਾਏ ਜਾਣ। ਹਰ ਜਾਗਰੂਕ ਲੇਖਕ, ਪੱਤਰਕਾਰ, ਬੁੱਧੀਜੀਵੀ ਤੇ ਇਤਿਹਾਸਕਾਰ ਨੂੰ ਵੀ ਸ਼ਹੀਦ ਯੋਧਿਆਂ ਬਾਰੇ ਨਾਟਕ, ਲੇਖ, ਕਵਿਤਾਵਾਂ ਤੇ ਖੋਜ ਪੁਸਤਕਾਂ ਤਿਆਰ ਕਰਕੇ ਆਪੋ-ਆਪਣਾ ਯੋਗਦਾਨ ਪਾਉਣ ਦੀ ਲੋੜ ਹੈ। ਸ਼ਹੀਦ ਭਾਈ ਭਾਗ ਸਿੰਘ ਅਤੇ ਸ਼ਹੀਦ ਭਾਈ ਬਤਨ ਸਿੰਘ ਨੇ ਕੌਮ ਦੇ ਸੁਨਿਹਰੀ ਭਵਿੱਖ ਲਈ ਆਪਣਾ ਵਰਤਮਾਨ ਕੁਰਬਾਨ ਕੀਤਾ। ਅਫਸੋਸ ਇਸ ਗੱਲ ਦਾ ਵੀ ਹੈ ਕਿ ਜਿਸ ਅਸਥਾਨ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ 'ਸੈਕਿੰਡ ਐਵਨਿਊ' ਵੈਨਕੂਵਰ ਵਿਖੇ, ਇਨ੍ਹਾਂ ਸਿੱਖ ਸੂਰਬੀਰਾਂ ਦੀ ਸ਼ਹੀਦੀ ਹੋਈ, ਉਸ ਇਤਿਹਾਸਕ ਜਗ੍ਹਾ ਨੂੰ ਵੀ ਗ਼ੈਰ-ਜ਼ਿੰਮੇਵਾਰ ਅਤੇ ਬੁੱਧੀਹੀਣ ਪ੍ਰਬੰਧਕਾਂ ਨੇ ਸੱਤਰਵਿਆਂ ਵਿੱਚ ਵੇਚ ਛੱਡਿਆ। ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਤੇ ਇਤਿਹਾਸ ਉਸ ਮੌਕੇ ਦੇ ਗੁਮਰਾਹ ਆਗੂਆਂ ਦੀ ਇਸ ਗੁਸਤਾਖੀ ਲਈ ਉਨ੍ਹਾਂ ਨੂੰ ਸਦਾ ਲਾਹਨਤਾਂ ਪਾਉਂਦਾ ਰਹੇਗਾ।
ਮਹਾਨ ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੇ ਸਥਾਪਤੀ ਖ਼ਿਲਾਫ਼ ਸ਼ਹੀਦੀਆਂ ਪਾਈਆਂ। ਅਜੋਕੇ ਸਮੇਂ ਵੀ ਫਾਸ਼ੀਵਾਦੀ ਤਾਕਤਾਂ ਖ਼ਿਲਾਫ਼ ਇਕਮੁੱਠ ਹੋ ਕੇ ਲੜਨ ਦੀ ਲੋੜ ਹੈ। ਅੱਜ ਦਾ ਸਮਾਂ ਉਸ ਤੋਂ ਵੀ ਭਿਆਨਕ ਹੈ, ਕਿਉਂਕਿ ਅੱਜ ਦੀ ਸਰਕਾਰ ਫਾਸ਼ੀਵਾਦ ਅਤੇ ਮਨੂਵਾਦ ਦੇ ਢਹੇ ਚੜ੍ਹ ਕੇ ਘੱਟ ਗਿਣਤੀਆਂ 'ਤੇ ਜ਼ੁਲਮ ਢਾਹ ਰਹੀ ਹੈ, ਉਸ ਖ਼ਿਲਾਫ਼ ਇਨ੍ਹਾਂ ਮਹਾਨ ਯੋਧਿਆਂ ਦੀ ਸੋਚ ਅਪਣਾਉਂਦਿਆਂ ਹੋਇਆ ਸੰਘਰਸ਼ ਕਰਨਾ ਹਰ ਸੁਚੇਤ ਵਿਅਕਤੀ ਦਾ ਫਰਜ਼ ਬਣਦਾ ਹੈ। ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਵੱਲੋਂ 7 ਸਤੰਬਰ, ਦਿਨ ਐਤਵਾਰ ਨੂੰ ਸਵੇਰੇ 11 ਤੋਂ 12 ਵਜੇ ਸ਼ਹੀਦੀ ਸਮਾਗਮ ਕਰਨ ਦਾ ਉਪਰਾਲਾ ਕੀਤਾ ਗਿਆ ਹੈ, ਜਿੱਥੇ ਸਿੱਖ ਸੰਗਤਾਂ ਨੂੰ ਵੱਧ-ਚੜ੍ਹ ਕੇ ਸ਼ਾਮਲ ਹੋਣਾ ਚਾਹੀਦਾ ਹੈ। 

1 ਸਤੰਬਰ 1923 : ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼- ਕੈਨੇਡਾ ਤੋਂ ਪੰਜਾਬ ਜਾ ਕੇ ਸ਼ਹੀਦ ਹੋਣ ਵਾਲੇ ਮਹਾਨ ਯੋਧੇ  ਬਾਣੀ ਤੇ ਬਾਣੇ ਦੀ ਧਾਰਨੀ ਬਬਰ ਅਕਾਲੀ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ - ਡਾ. ਗੁਰਵਿੰਦਰ ਸਿੰਘ

ਬਬਰ ਅਕਾਲੀ ਲਹਿਰ ਦੇ ਮਹਾਨ ਯੋਧੇ ਸ਼ਹੀਦ ਭਾਈ ਕਰਮ ਸਿੰਘ 'ਬਬਰ ਅਕਾਲੀ' ਦਾ ਨਾਂ ਇਤਿਹਾਸ ਦੇ ਪੰਨਿਆਂ' ਤੇ ਸੁਨਹਿਰੀ ਅੱਖ਼ਰਾਂ 'ਚ ਦਰਜ ਹੈ, ਜਿਨ੍ਹਾਂ ਕੈਨੇਡਾ ਤੋਂ ਪੰਜਾਬ ਜਾ ਕੇ 'ਬਬਰ ਅਕਾਲੀ' ਅਖ਼ਬਾਰ ਕੱਢਿਆ ਅਤੇ ਲੋਕਾਂ ਵਿੱਚ ਇਨਕਲਾਬੀ ਚੇਤਨਾ ਦਾ ਛੱਟਾ ਦਿੱਤਾ। ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ 'ਬਬਰ ਅਕਾਲੀ' ਸ਼ਹੀਦ ਭਾਈ ਕਰਮ ਸਿੰਘ 'ਚੀਫ਼ ਐਡੀਟਰ' ਨੇ 102 ਸਾਲ ਪਹਿਲਾਂ, ਐਬਸਫੋਰਡ ਤੋਂ ਪੰਜਾਬ ਜਾ ਕੇ ਸ਼ਹੀਦੀ ਪਾਈ। ਆਪ 'ਬਬਰ ਅਕਾਲੀ ਲਹਿਰ' ਦੀ ਜਿੰਦ-ਜਾਨ ਸਨ ਅਤੇ ਇਸ ਜਥੇਬੰਦੀ ਨੂੰ 'ਬਬਰ ਅਕਾਲੀ' ਨਾਂ ਵੀ ਆਪ ਜੀ ਦੀ ਹੀ ਦੇਣ ਹੈ। ਲੇਖ ਦੇ ਸ਼ੁਰੂ ਵਿੱਚ ਇਹ ਗੱਲ ਸਪਸ਼ਟ ਕਰਨੀ ਜ਼ਰੂਰੀ ਹੈ ਕਿ ਲੇਖ ਵਿੱਚ ਸ਼ਬਦ 'ਬਬਰ ਅਕਾਲੀ' ਹੀ ਵਰਤਿਆ ਜਾ ਰਿਹਾ ਹੈ, ਕਿਉਂਕਿ ਜੋ ਅਖਬਾਰ ਭਾਈ ਕਰਮ ਸਿੰਘ ਚੀਫ਼ ਐਡਟਰ ਵੱਲੋਂ ਅਖਬਾਰ ਗਿਆ, ਉਸ ਵਿੱਚ ਬਬਰ ਅਕਾਲੀ ਹੀ ਲਿਖਿਆ ਗਿਆ ਹੈ। ਉਸ ਵਿੱਚ ਬਬਰ ਸ਼ਬਦ ਉਪਰ ਅੱਧਕ ਨਹੀਂ। ਬਬਰ ਦਾ ਅਰਥ ਸ਼ੇਰ ਹੈ, ਜਦਕਿ 'ਬੱਬਰ' ਦਾ ਅਰਥ ਢਿੱਡ ਹੈ। 'ਮਹਾਨ ਸਿੱਖ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਜੀ ਦੀ ਲਿਖਤ 'ਗੁਰ ਸ਼ਬਦ ਰਤਨਾਗਰ ਮਹਾਨ ਕੋਸ਼' ਦੇ ਪੰਨਾ 36 ਉੱਤੇ ਦਰਜ ਹੈ ; 'ਬਬਰ' ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਸ਼ੇਰ ਤੇ 'ਅਕਾਲੀ' ਪੰਜਾਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਅਰਥ ਹਨ- ਕਾਲ, ਸਮਾਂ ਭਾਵ ਮੌਤ ਤੋਂ ਰਹਿਤ ਜਾਂ ਅਮਰ। ਇਸ ਲਈ ਉਹ ਜੀਵ, ਜਿਸ ਵਿੱਚ ਬਬਰ ਸ਼ੇਰ ਵਾਲੀਆਂ ਸਾਰੀਆਂ ਸਿਫ਼ਤਾਂ, ਯਾਨੀ ਕਹਿਰ ਭਰਪੂਰ ਹਮਲਾ ਤੇ ਖ਼ੂਨੀ ਤੇ ਮੌਤ ਵਲੋਂ ਨਿੱਡਰ ਹੋਵੇ, ਨੂੰ 'ਬਬਰ ਅਕਾਲੀ' ਆਖਿਆ ਜਾਂਦਾ ਹੈ।'ਬਬਰ ਅਕਾਲੀਆਂ ਦਾ ਇਤਿਹਾਸ' ਪੁਸਤਕ ਦੀ ਭੂਮਿਕਾ ਵਿੱਚ ਡਾ. ਬਖਸ਼ੀਸ਼ ਸਿੰਘ ਨਿੱਝਰ, ਬਬਰ ਅਕਾਲੀ ਸ਼ਬਦਾਵਲੀ ਬਾਰੇ ਪੰਨਾ ਇੱਕ 'ਤੇ ਹਵਾਲਾ ਸਾਂਝਾ ਕਰਦੇ ਹਨ ;
''ਕਮਲ ਜਿਉਂ ਮਾਇਆ ਵਿਚ ਹੈ ਅਲੋਪ ਸਦਾ,
ਸਭ ਦਾ ਸਨੇਹੀ ਚਾਲ ਸਭ ਤੋਂ ਨਰਾਲੀ ਹੈ।
ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ,
ਭਾਣੇ ਵਿਚ ਵਿਪਤਾ ਨੂੰ ਮੰਨੇ ਖੁਸ਼ਹਾਲੀ ਹੈ।
ਸਵਾਰਥ ਤੋਂ ਬਿਨਾਂ ਗੁਰਦਵਾਰਿਆਂ ਦਾ ਚੌਕੀਦਾਰ,
ਧਰਮ ਦੀ ਜੰਗ ਲਈ ਚੜੇ ਮੁਖ ਲਾਲੀ ਹੈ।
ਪੂਜੇ ਨ ਅਕਾਲ ਬਿਨਾਂ ਹੋਰ ਕੋਈ ਦੇਵੀ ਦੇਵ,
ਸਿੱਖ ਦਸਮੇਸ਼ ਦਾ, ਸੋ ਕਹੀਏ ਅਕਾਲੀ ਹੈ।''
ਭਾਈ ਕਰਮ ਸਿੰਘ (ਪਹਿਲਾ ਨਾਂ ਨਰੈਣ ਸਿੰਘ ਥਾਂਦੀ ) ਦਾ ਮੁਢਲਾ ਜੀਵਨ :
ਪੰਜਾਬ ਦੀ ਧਰਤੀ 'ਤੇ ਨਵਾਂਸ਼ਹਿਰ ਨੇੜੇ ਅਤੇ ਅੱਜ-ਕੱਲ੍ਹ ਸ਼ਹੀਦ ਭਗਤ ਸਿੰਘ ਨਗਰ 'ਚ ਪੈਂਦੇ ਪਿੰਡ ਦੌਲਤਪੁਰ ਵਿੱਚ 20 ਮਾਰਚ 1880 ਨੂੰ ਭਾਈ ਨੱਥਾ ਸਿੰਘ ਥਾਂਦੀ ਦੇ ਘਰ ਬੀਬੀ ਦੁੱਲੀ ਦੀ ਕੁੱਖੋਂ ਜਨਮੇ ਕਰਮ ਸਿੰਘ ਦਾ ਪਹਿਲਾ ਨਾਂ ਨਰੈਣ ਸਿੰਘ ਸੀ। ਆਪ ਬਲਾਚੌਰ ਦੇ ਸਕੂਲ ਤੋਂ ਆਰੰਭਿਕ ਵਿੱਦਿਆ ਹਾਸਿਲ ਕਰਨ ਮਗਰੋਂ ਇਲਾਕੇ ਦੇ ਪਹਿਲੇ ਅੰਗਰੇਜ਼ੀ ਸਕੂਲ, ਗੌਰਮੈਂਟ ਹਾਈ ਸਕੂਲ ਰਾਹੋਂ ਪੜੇ ਅਤੇ 1896 ਚ ਦਸਵੀਂ ਦੀ ਪ੍ਰੀਖਿਆ 16 ਸਾਲ ਦੀ ਉਮਰ ਵਿੱਚ, ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪਾਸ ਕੀਤੀ। 18 ਸਾਲ ਦੀ ਉਮਰ ਵਿੱਚ ਸੰਨ 1898 'ਚ ਬ੍ਰਿਟਿਸ਼ ਫੌਜ 'ਚ ਭਰਤੀ ਹੋ ਗਏ। ਭਾਈ ਨਰੈਣ ਸਿੰਘ ਨੇ ਅੰਗਰੇਜ਼ਾਂ ਦੀ ਫੌਜ 'ਚ ਗ਼ੁਲਾਮੀ ਅਤੇ ਜਲਾਲਤ ਭਰੇ ਵਤੀਰੇ ਤੋਂ ਦੁਖੀ ਹੋ ਕੇ ਨੌਕਰੀ ਛੱਡ ਦਿੱਤੀ। ਇਸ ਦੌਰਾਨ ਮਹਾਨ ਸਿੱਖ ਸ਼ਖ਼ਸੀਅਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਤੋਂ ਪ੍ਰਭਾਵਿਤ ਹੋ ਕੇ ਆਪ ਧਾਰਮਿਕ ਰੁਚੀਆਂ ਵੱਲ ਪ੍ਰੇਰਿਤ ਹੋ ਗਏ।
ਪੰਜਾਬ ਤੋਂ ਸੰਨ 1907 ਵਿੱਚ ਐਬਸਫੋਰਡ, ਕੈਨੇਡਾ ਪਹੁੰਚਣਾ :
ਕੈਨੇਡਾ ਦੇ ਮੋਢੀ ਸਿੱਖਾਂ 'ਚ ਗਿਣੇ ਜਾਂਦੇ ਭਾਈ ਵਰਿਆਮ ਸਿੰਘ ਥਾਂਦੀ ਨੇ ਭਾਈ ਨਰੈਣ ਸਿੰਘ ਥਾਂਦੀ ਤੇ ਉਨ੍ਹਾਂ ਦੇ ਭਰਾ ਭਾਈ ਹਰੀ ਸਿੰਘ ਥਾਂਦੀ ਨੂੰ ਸੰਨ 1907 ਵਿਚ ਕੈਨੇਡਾ ਸੱਦ ਲਿਆ। ਥਾਂਦੀ ਪਰਿਵਾਰ ਦੀ ਐਬਸਫੋਰਡ ਵਿੱਚ ਰਹਿ ਰਹੀ ਬਜ਼ੁਰਗ ਬੀਬੀ ਆਸੀ (ਆਸੋ) ਕੌਰ ਥਾਂਦੀ ਨੇ ਇਸ ਲੇਖਕ ਨੂੰ ਦੱਸਿਆ ਕਿ ਐਬਸਫੋਰਡ 'ਚ ਬਾਬਾ ਨਰੈਣ ਸਿੰਘ ਥਾਂਦੀ, ਬਾਬਾ ਸੁੰਦਰ ਸਿੰਘ ਥਾਂਦੀ ਅਤੇ ਬਾਬਾ ਹਰੀ ਸਿੰਘ ਥਾਂਦੀ ਨੇ ਸੰਘਰਸ਼ਮਈ ਜੀਵਨ ਸ਼ੁਰੂ ਕੀਤਾ। ਥਾਂਦੀ ਪਰਿਵਾਰਾਂ ਨਾਲ ਸਬੰਧਿਤ ਬੀਬੀ ਆਸੀ ਕੌਰ ਥਾਂਦੀ ਅਨੁਸਾਰ 1907 ਉਹ ਸਮਾਂ ਸੀ, ਜਦੋਂ ਕੈਨੇਡਾ ਬ੍ਰਿਟਿਸ਼ ਸਾਮਰਾਜ ਦੀ ਬਸਤੀ ਸੀ ਅਤੇ ਇਥੇ ਨਸਲਵਾਦ ਦਾ ਬੋਲਬਾਲਾ ਸੀ ਤੇ ਉਹਨਾਂ ਦੇ ਬਜ਼ੁਰਗਾਂ ਨੇ ਨਸਲਵਾਦ ਦਾ ਡੱਟ ਕੇ ਮੁਕਾਬਲਾ ਕੀਤਾ। ਇਤਿਹਾਸਿਕ ਹਵਾਲਿਆਂ ਅਨੁਸਾਰ ਜਿਸ ਵੇਲੇ ਕੈਨੇਡਾ ਵਸਦੇ ਭਾਰਤੀਆਂ ਨੂੰ ਇਥੋਂ ਕੱਢ ਕੇ ਹਾਂਡੂਰਸ ਭੇਜਿਆ ਜਾ ਰਿਹਾ ਸੀ, ਉਸ ਵੇਲੇ ਪ੍ਰੋਫੈਸਰ ਸੰਤ ਤੇਜਾ ਦੀ ਅਗਵਾਈ ਵਿਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਆਗੂਆਂ ਨੇ ਕੈਨੇਡਾ ਸਰਕਾਰ ਦੇ ਅਜਿਹੇ ਨਸਲਵਾਦੀ ਫੈਸਲਾ ਦਾ ਜ਼ੋਰਦਾਰ ਵਿਰੋਧ ਕੀਤਾ। ਅਜਿਹਾ ਸਮੇਂ ਭਾਈ ਨਰੈਣ ਸਿੰਘ ਥਾਂਦੀ ਨੇ ਸਰਗਰਮ ਭੂਮਿਕਾ ਨਿਭਾਈ ਅਤੇ ਨਸਲਵਾਦੀ ਸਰਕਾਰੀ ਨੀਤੀਆਂ ਖਿਲਾਫ਼ ਆਵਾਜ਼ ਉਠਾਈ। ਆਪ ਨੇ ਸੰਤ ਤੇਜਾ ਸਿੰਘ ਦੁਆਰਾ ਸਥਾਪਿਤ 'ਗੁਰੂ ਨਾਨਕ ਮਾਈਨਿੰਗ ਐਡ ਟਰੱਸਟ ਕੰਪਨੀ' ਵਿਚ ਵੀ ਹਿੱਸਾ ਪਾਇਆ ਅਤੇ ਵੱਧ ਚੜ੍ਹ ਕੇ ਭਾਈਚਾਰੇ ਦੀ ਸੇਵਾ ਕੀਤੀ।
ਬ੍ਰਿਟਿਸ਼ ਫੌਜ ਦੀਆਂ ਵਰਦੀਆਂ ਅਤੇ ਮੈਡਲ ਫੂਕਣੇ :
ਕੈਨੇਡਾ 'ਚ ਆ ਵਸੇ ਸਾਬਕਾ ਸਿੱਖ ਫੌਜੀਆਂ ਨੇ ਬ੍ਰਿਟਿਸ਼ ਨਸਲਵਾਦ ਅਤੇ ਬਸਤੀਵਾਦ ਤੋਂ ਤੰਗ ਆ ਕੇ 3 ਅਕਤੂਬਰ 1909 ਨੂੰ, ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ 'ਚ ਅੰਗਰੇਜ਼ਾਂ ਵਲੋਂ ਮਿਲੇ ਤਮਗੇ, ਵਰਦੀਆਂ, ਇਨਸਿਗਨੀਏ ਅਤੇ ਸਰਟੀਫਿਕੇਟ ਸਾੜੇ। ਤਦ ਭਾਈ ਨਰੈਣ ਸਿੰਘ ਵਲੋਂ ਵੀ ਅੰਗਰੇਜ਼ ਫੌਜ ਦੇ ਸਾਬਕਾ ਸਿਪਾਹੀ ਹੋਣ ਦੇ ਨਾਤੇ ਬਸਤੀਵਾਦ ਅਤੇ ਨਸਲਵਾਦ ਖਿਲਾਫ ਰੋਸ ਪ੍ਰਗਟਾਇਆ ਗਿਆ। ਇਥੋਂ ਤੱਕ ਕਿ ਬਰਤਾਨੀਆਂ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਦੇ ਜਸ਼ਨਾਂ ਸਬੰਧੀ ਸਤੰਬਰ 1912 ਨੂੰ, ਕੈਨੇਡਾ ਨੇ ਸਿੱਖ ਯੋਧਿਆਂ ਨੇ ਵਿਰੋਧ ਪ੍ਰਗਟਾਇਆ ਅਤੇ ਅੰਗਰੇਜ਼ੀ ਦੀ ਗ਼ੁਲਾਮੀ ਖਿਲਾਫ਼ ਝੰਡਾ ਚੁਕਿਆ। ਇੱਥੇ ਇਹ ਗੱਲ ਗੌਰ ਕਰਨ ਵਾਲੀ ਹੈ ਕਿ ਵਿਰਾਸਤੀ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਘੋੜਿਆਂ ਤੇ ਸਵਾਰ ਸਿੱਖ ਫ਼ੌਜੀਆਂ ਦੇ ਬੁੱਤ ਤਾਂ ਲਗਾਏ ਗਏ ਹਨ, ਪਰ ਇਨ੍ਹਾਂ ਸਾਬਕਾ ਫ਼ੌਜੀਆਂ ਵੱਲੋਂ ਅੰਗਰੇਜ਼ਾਂ ਤੋਂ ਮਿਲੇ ਤਗ਼ਮੇ ਅਤੇ ਵਰਦੀਆਂ ਸਾੜਨ ਦਾ ਕਿਧਰੇ ਜ਼ਿਕਰ ਨਹੀਂ ਮਿਲਦਾ। ਇਹ ਅੱਜ ਦੀ ਪੀੜ੍ਹੀ ਨੂੰ 'ਅਧੂਰਾ ਇਤਹਾਸ' ਸਿਖਾਉਣ ਤੇ ਪੜ੍ਹਾਉਣ ਦੀ 'ਇਤਿਹਾਸਕ ਊਣਤਾਈ ਕਹੀ ਜਾ ਸਕਦੀ ਹੈ। ਇਹ ਹੋ ਵੀ ਉਸ ਥਾਂ 'ਤੇ ਰਹੀ ਹੈ, ਜੋ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਅਤੇ ਸਾਬਕਾ ਸਿੱਖ ਫ਼ੌਜੀ ਦਾ ਅਸਥਾਨ ਹੈ। ਅਜਿਹੀ ਇਤਿਹਾਸਕ ਭੁੱਲ ਨੂੰ ਤੁਰੰਤ ਦਰੁਸਤ ਕਰਨਾ ਬਹੁਤ ਜ਼ਰੂਰੀ ਹੈ। ਉੱਤਰੀ ਅਮਰੀਕਾ ਦੀ ਧਰਤੀ 'ਤੇ ਸੰਨ 1913 'ਚ ਉੱਠੀ ਗ਼ਦਰ ਲਹਿਰ ਵਿਚ ਭਾਈ ਨਰੈਣ ਸਿੰਘ ਥਾਂਦੀ ਲਗਾਤਾਰ ਸਰਗਰਮ ਰਹੇ। ਆਪ ਜੀ ਦੀ ਸ਼ਖਸੀਅਤ ਦਾ ਇੱਕ ਅਣਗੋਲਿਆ ਪੱਖ ਇਹ ਹੈ ਕਿ ਆਪ ਕੈਨੇਡਾ ਦੀ ਧਰਤੀ 'ਤੇ 'ਗ਼ਦਰ' ਅਖ਼ਬਾਰ ਲਈ ਹਰ ਤਰ੍ਹਾਂ ਸਹਿਯੋਗ ਜੁਟਾਉਣ 'ਚ ਵੀ ਮੋਹਰੀ ਰਹੇ। 'ਗਦਰ' ਅਖ਼ਬਾਰ ਦੀ ਇਸ ਚਿਣਗ ਦਾ ਹੀ ਨਤੀਜਾ ਸੀ ਕਿ ਆਪ ਨੇ ਪੰਜਾਬ ਜਾ ਕੇ 'ਬਬਰ ਆਕਾਲੀ ਦੁਆਬਾ' ਅਖ਼ਬਾਰ ਕੱਢਿਆ। ਕੈਨੇਡਾ ਦੀ ਧਰਤੀ ਤੋਂ 23 ਜੁਲਾਈ 1914 ਨੂੰ 'ਗੁਰੂ ਨਾਨਕ ਜਹਾਜ਼' ਨੂੰ ਮੁਸਾਫਿਰਾਂ ਸਮੇਤ ਵਾਪਿਸ ਭਾਰਤ ਮੋੜੇ ਜਾਣ ਦੀ ਨਸਲੀ ਘਟਨਾ ਮਗਰੋਂ, ਗ਼ਦਰੀ ਬਾਬਿਆ ਅੰਦਰ ਫਿਰੰਗੀਆਂ ਖਿਲਾਫ਼ ਰੋਹ ਹੋਰ ਸਿਖਰਾਂ ਨੂੰ ਛੂਹ ਗਿਆ ਸੀ। ਅਜਿਹੇ ਸਮੇਂ ਕੈਨੇਡਾ ਅਤੇ ਅਮਰੀਕਾ ਤੋਂ ਵੱਡੀ ਗਿਣਤੀ 'ਚ ਗ਼ਦਰੀ ਯੋਧੇ ਵਤਨ ਪਰਤ ਕੇ, ਅੰਗਰੇਜ਼ਾਂ ਨੂੰ ਦੇਸ਼ 'ਚੋਂ ਕੱਢਣ ਲਈ ਤਿਆਰ ਹੋਏ।
ਐਬਸਫੋਰਡ ਸਥਿਤ ਨਿੱਜੀ ਜ਼ਮੀਨ ਕੌਮ ਲੇਖੇ ਲਾ ਕੇ ਪੰਜਾਬ ਵਾਪਸੀ :
ਐਬਟਸਫੋਰਡ ਵਾਸੀ ਭਾਈ ਨਰੈਣ ਸਿੰਘ ਥਾਂਦੀ 'ਪੰਥ ਵਸੇ ਮੈਂ ਉਜੜਾਂ' ਦੀ ਸੋਚ ਦੇ ਧਾਰਨੀ ਸਨ। ਉਹਨਾਂ ਨੇ ਫੈਸਲਾ ਕੀਤਾ ਕਿ ਦੇਸ਼ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਪੰਜਾਬ ਪਰਤਣਾ ਜ਼ਰੂਰੀ ਹੈ। ਐਬਸਫੋਰਡ ਸ਼ਹਿਰ 'ਚ ਸਾਊਥ ਫਰੇਜ਼ਰ ਵੇਅ 'ਤੇ ਆਪ ਦੀ, ਆਪ ਦੇ ਭਰਾ ਹਰੀ ਸਿੰਘ ਥਾਂਦੀ ਤੇ ਪੇਂਡੂ ਭਾਈ ਸੁੰਦਰ ਸਿੰਘ ਥਾਂਦੀ ਦੀ ਪੌਣੇ ਕੁ ਚਾਰ ਏਕੜ ਦੇ ਕਰੀਬ ਸਾਂਝੀ ਜ਼ਮੀਨ ਸੀ, ਜਿਸ ਦੀ ਉਸ ਸਮੇਂ ਵੀ ਬਹੁਤ ਕੀਮਤ ਸੀ ਤੇ ਅੱਜ ਤਾਂ ਕੋਈ ਅੰਤ ਹੀ ਨਹੀਂ। ਆਪਣੇ ਭਾਈਆਂ ਸਮੇਤ ਭਾਈ ਕਰਮ ਸਿੰਘ ਨੇ ਨਿੱਜੀ ਜ਼ਮੀਨ ਸਿੱਖ ਕੌਮ ਤੇ ਗੁਰਦੁਆਰਾ ਸਾਹਿਬ ਲਈ ਭੇਟ ਕਰਦਿਆਂ ਸਮੂਹ ਭਾਈਆਂ ਨੂੰ ਕਿਹਾ ਕਿ ਜੇਕਰ ਉਹ ਵਤਨ ਜਾ ਕੇ ਸ਼ਹੀਦੀ ਪਾ ਗਏ, ਤਾਂ ਉਨ੍ਹਾਂ ਦੀ ਜ਼ਮੀਨ 'ਤੇ ਗੁਰਦੁਆਰਾ ਸਾਹਿਬ ਉਸਾਰ ਦਿੱਤਾ ਜਾਵੇ। ਭਾਈ ਕਰਮ ਸਿੰਘ ਬਬਰ ਨੇ ਪੰਜਾਬ ਜਾ ਕੇ ਅੰਗਰੇਜ਼ ਹਕੂਮਤ ਖ਼ਿਲਾਫ਼ ਸੰਘਰਸ਼ ਕਰਦਿਆਂ ਪੁਲਿਸ ਮੁਕਾਬਲਾ ਵਿਚ ਸ਼ਹੀਦੀ ਪ੍ਰਾਪਤ ਕੀਤੀ। ਆਪ ਦੀ ਇੱਛਾ ਅਨੁਸਾਰ, ਆਪ ਦੀ ਅਤੇ ਥਾਂਦੀ ਭਰਾਵਾਂ ਦੀ ਜ਼ਮੀਨ 'ਤੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਸੰਨ 1982 ਵਿੱਚ ਉਸਾਰਿਆ ਗਿਆ ਹੈ। ਭਾਈ ਸਾਹਿਬ ਕਰਮ ਸਿੰਘ ਬਬਰ ਅਕਾਲੀ ਦੀ ਸ਼ਹਾਦਤ ਦਾ ਇਤਿਹਾਸ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਕੋਲ ਲਿਖਿਆ ਹੋਇਆ ਹੈ। ਕੈਨੇਡਾ ਤੋਂ ਪੰਜਾਬ ਪਰਤਦਿਆਂ ਹੀ ਆਪ ਨੂੰ ਹੋਰਨਾਂ ਗ਼ਦਰੀਆਂ ਵਾਂਗ ਜੂਹ-ਬੰਦ ਕਰ ਦਿੱਤਾ ਗਿਆ। ਸੰਨ 1918 'ਚ ਇਹ ਪਾਬੰਦੀ ਹਟਦਿਆਂ ਸਾਰ ਹੀ ਆਪ ਸਰਗਰਮ ਹੋ ਗਏ ਅਤੇ ਥਾਂ-ਥਾਂ ਸਿਆਸੀ ਕਾਨਫਰੰਸਾਂ ਕਰਨ ਲੱਗੇ।
ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣੇ :
ਬਬਰ ਅਕਾਲੀ ਕਰਮ ਸਿੰਘ ਸਮੇਤ ਸਮੂਹ ਜੁਝਾਰੂ ਸਿੱਖਾਂ ਦਾ ਮਨੋਰਥ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣਾ ਸੀ। ਅੰਗਰੇਜ਼ਾਂ ਦੇ ਪਿੱਠੂ ਮਹੰਤ ਨਰੈਣ ਦਾਸ ਨੇ ਜਦੋਂ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਵਿਖੇ ਡੇਢ ਸੌ ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕਰਵਾਇਆ, ਤਾਂ ਆਪ ਦਾ ਖੂਨ ਖੌਲ ਉੱਠਿਆ। ਆਪ ਨੇ 21 ਮਾਰਚ 1921 ਨੂੰ ਨਨਕਾਣਾ ਸਾਹਿਬ ਪਹੁੰਚ ਕੇ ਭਾਈ ਆਸਾ ਸਿੰਘ ਭੁਕੜੁਦੀ ਤੇ ਹੋਰਨਾਂ ਸਾਥੀਆਂ ਸਮੇਤ ਅੰਮ੍ਰਿਤ ਛਕਿਆ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਆਗਿਆ ਲੈ ਕੇ 'ਨਰੈਣ' ਸਿੰਘ ਨਾਂ ਬਦਲ ਕੇ 'ਕਰਮ ਸਿੰਘ' ਨਾਂ ਰੱਖ ਲਿਆ। ਕੁਝ ਇਤਿਹਾਸਕਾਰਾਂ ਦਾ ਮੱਤ ਹੈ ਕਿ ਆਪ ਪਹਿਲਾਂ ਤੋਂ ਹੀ ਅੰਮ੍ਰਿਤਧਾਰੀ ਸਿੱਖ ਸਨ ਅਤੇ ਲੰਮਾ ਸਮਾਂ ਰੋਪੋਸ਼ ਰਹਿਣ ਕਾਰਨ ਜਾਣੇ-ਅਣਜਾਣੇ ਹੋ ਜਾਂਦੀਆਂ ਭੁੱਲਾਂ-ਚੁੱਕਾਂ ਨੂੰ ਧਿਆਨ ਵਿੱਚ ਰੱਖਦਿਆਂ, ਦੁਬਾਰਾ ਪਾਹੁਲ ਲਿਆ ਸੀ। ਇੱਥੇ ਇਤਿਹਾਸ ਦਾ ਇੱਕ ਹੋਰ ਮਹੱਤਵਪੂਰਨ ਪੱਖ ਇਹ ਵੀ ਹੈ ਕਿ ਇੱਕ ਪਾਸੇ ਲਾਜਪਤ ਰਾਏ ਦੁਸ਼ਟ ਨਰੈਣੂ ਮਹੰਤ ਦੇ ਹੱਕ 'ਚ ਵਕੀਲ ਵਜੋਂ ਕੇਸ ਲੜ ਰਿਹਾ ਸੀ, ਦੂਜੇ ਪਾਸੇ ਭਾਈ ਕਰਮ ਸਿੰਘ ਬਬਰ ਅਕਾਲੀ ਸਾਥੀਆਂ ਸਮੇਤ ਨਰੈਣੂ ਵਰਗੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਦੀ ਲੜਾਈ ਲੜ ਰਹੇ ਸੀ। ਆਪ ਚਾਬੀਆਂ ਦੇ ਮੋਰਚੇ ਤੋਂ ਲੈ ਕੇ ਵੱਖ- ਵੱਖ ਅਕਾਲੀ ਮੋਰਚਿਆਂ ਵਿੱਚ ਸ਼ਾਮਿਲ ਹੋਏ। ਜਦੋਂ ਭਾਈ ਕਰਮ ਸਿੰਘ ਦੌਲਤਪੁਰ, ਭਾਈ ਕਰਮ ਸਿੰਘ ਝਿੰਗੜ ਅਤੇ ਹੋਰਨਾਂ ਯੋਧਿਆਂ ਨੇ ਮਹਿਸੂਸ ਕੀਤਾ ਕਿ ਨਿਰੇ ਸ਼ਾਂਤਮਈ 'ਗਾਂਧੀਵਾਦੀ' ਤਰੀਕਿਆਂ ਦੀ ਥਾਂ, ਹਥਿਆਰਬੰਦ ਸੰਘਰਸ਼ ਹੀ ਜ਼ਾਲਮ ਫਿਰੰਗੀਆਂ ਨੂੰ ਭਾਂਜ ਦੇ ਸਕਦਾ ਹੈ, ਤਾਂ ਆਪ ਨੇ 'ਖੰਡਾ ਖੜਕਾਉਣ' ਦਾ ਫੈਸਲਾ ਕੀਤਾ। ਇਸ ਦੇ ਪ੍ਰਤੀਕਰਮ ਵਜੋਂ ਭਾਈ ਕਰਮ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਅੰਗਰੇਜ਼ ਸਰਕਾਰ ਨੇ ਵਰੰਟ ਜਾਰੀ ਕਰਦਿਆਂ, ਇਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਉਸ ਸਮੇਂ ਹਜ਼ਾਰ ਤੋਂ 2000 ਰੁਪਏ ਤੱਕ ਦੇ ਇਨਾਮ ਰੱਖੇ ਤੇ ਬਬਰ ਅਕਾਲੀਆਂ ਦੇ ਸਿਰਾਂ ਦੇ ਮੁੱਲ ਪਾਏ।
ਪੰਜਾਬ ਵਿੱਚ 'ਸਿੱਖ ਰਾਜ' ਅਤੇ ਭਾਰਤ ਵਿੱਚ 'ਸਵਰਾਜ' ਦੀ ਕਾਇਮੀ ਲਈ ਸੰਘਰਸ਼ :
ਸ਼ਹੀਦ ਭਾਈ ਕਰਮ ਸਿੰਘ ਬਬਰ ਸਮੇਤ ਸਮੂਹ ਬਬਰ ਅਕਾਲੀਆਂ ਦੀ ਸੋਚ ਬਾਰੇ 'ਬਬਰ ਅਕਾਲੀ ਟਰਾਇਲ ਕੇਸ' 1924 ਪੰਨਾ 8 ਉਪਰ ਲਿਖਿਆ ਮਿਲਦਾ ਹੈ ਕਿ 1921 ਦੇ ਆਖਰੀ ਹਿੱਸੇ ਵਿੱਚ ਬਬਰ ਅਕਾਲੀਆਂ ਨੇ ਦੁਆਬੇ ਵਿੱਚ, ਅੰਗਰੇਜ਼ ਸਰਕਾਰ ਵਿਰੁੱਧ ਭੜਕਾਊ ਤਕਰੀਰਾਂ ਨਾਲ ਜਨਤਾ ਨੂੰ ਬਾਗ਼ੀ ਬਣਾ ਦਿੱਤਾ ਅਤੇ ਅੰਗਰੇਜ਼ ਸਰਕਾਰ ਨੂੰ ਭਾਰਤ ਵਿੱਚੋਂ ਕੱਢ ਕੇ, ਪੰਜਾਬ ਵਿੱਚ ਸਿੱਖ ਰਾਜ ਅਤੇ ਭਾਰਤ ਵਿੱਚ ਸਵਰਾਜ ਕਾਇਮ ਹੋਣ ਦਾ ਐਲਾਨ ਕੀਤਾ। (ਕਿਤਾਬ 'ਬੱਬਰ ਅਕਾਲੀਆਂ ਦਾ ਇਤਿਹਾਸ', ਡਾ. ਬਖਸ਼ੀਸ਼ ਸਿੰਘ ਨਿੱਝਰ ਪੰਨਾ 14) 23 ਮਾਰਚ 1921 ਤੋਂ ਲੈ ਕੇ 21 ਮਈ 19 ਤੱਕ ਹੁਸ਼ਿਆਰਪੁਰ ਅਤੇ ਹੋਰਨਾ ਵੱਖ ਵੱਖ ਥਾਵਾਂ 'ਤੇ ਹੋਈਆਂ ਸਿੱਖ ਵਿਦਿਅਕ ਕਾਨਫਰੰਸਾਂ ਦੌਰਾਨ ਬਬਰ ਅਕਾਲੀ ਸਿੱਖ ਗੱਭਰੂਆਂ ਵੱਲੋਂ-ਵੱਖਰੇ ਤੌਰ 'ਤੇ ਮਤੇ ਪਾਸ ਕੀਤੇ ਗਏ। 'ਬਬਰ ਅਕਾਲੀਆਂ ਦਾ ਇਤਿਹਾਸ' ਕਿਤਾਬ ਦੇ ਪੰਨਾ 31 ਅਨੁਸਾਰ, 'ਪਹਿਲਾ ਬਬਰ ਅਕਾਲੀ ਵਿਦਰੋਹ ਕੇਸ', ''ਭਾਰਤ ਦੀ ਆਜ਼ਾਦੀ ਦੀ ਸਿੱਖਾਂ ਵੱਲੋਂ ਜੰਗ ਦਾ ਮੁਕਦਮਾ, 'ਫਸਟ ਅਕਾਲੀ ਕੌਂਸਪਰੇਸੀ 1921' ਦੇ ਸਰਲੇਖ ਹੇਠ, ਮਿਸਟਰ ਪੀ ਜੇ ਰਸਟ ਨੇ ਸੁਣਿਆ ਸੀ, ਜੋ ਲਾਹੌਰ ਵਿਖੇ ਸਪੈਸ਼ਲ ਮੈਜਿਸਟਰੇਟ ਸੀ। ਇਸ ਸਿੱਖ ਵਿਦਿਅਕ ਇਕੱਤਰਤਾ ਵਿੱਚ ਸਾਰੇ ਭਾਰਤ ਦੇ ਸਿੱਖ ਲੀਡਰਾਂ ਨੇ ਹਿੱਸਾ ਲਿਆ ਸੀ, ਪਰ ਕੁਝ ਸਿੱਖ ਗਭਰੂਆਂ ਨੇ ਇੱਕ ਵੱਖਰੀ ਇਕੱਤਰਤਾ ਕੀਤੀ ਸੀ, ਜਿਸ ਵਿੱਚ ਇਹ ਮਤਾ ਇਹ ਪਾਸ ਕੀਤਾ ਗਿਆ ਸੀ ਸਿੱਖਾਂ ਦੀ ਵੱਖਰੇ ਪੋਲੀਟੀਕਲ ਸਟੇਟਸ ਲਈ ਜਦੋ-ਜਹਿਦ ਕੀਤੀ ਜਾਵੇ।'' ਦੇਸ ਪੰਜਾਬ ਨੂੰ ਅੰਗਰੇਜ਼ਾਂ ਵੱਲੋਂ ਗੁਲਾਮ ਬਣਾਏ ਜਾਣ ਦੇ ਸੰਬੰਧ ਵਿੱਚ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਅਤੇ ਸਮੂਹ ਬਬਰ ਅਕਾਲੀਆਂ ਦੇ ਸ਼ਬਦਾਂ ਨੂੰ 'ਬੱਬਰ ਅਕਾਲੀ' ਕਿਤਾਬ ਵਿੱਚ ਲੇਖਕ ਪ੍ਰਿੰਸੀਪਲ ਨਿਹਾਲ ਸਿੰਘ ਰਸ ਨੇ ਪੰਨਾ 38 'ਤੇ ਬਿਆਨ ਕਰਦਿਆਂ ਲਿਖਿਆ ਹੈ, ''ਖਾਲਸਾ ਜੀ! ਇਹ ਸਰਕਾਰ ਅੰਗਰੇਜ਼ੀ, ਜਿਸ ਨੇ ਮਹਾਰਾਜਾ ਦਲੀਪ ਸਿੰਘ ਨਾਲ ਧੋਖਾ ਕਰਕੇ ਪੰਜਾਬ ਦਾ ਰਾਜ ਸੰਭਾਲ ਲਿਆ ਹੈ।'' 'ਬਬਰ ਅਕਾਲੀ ਟਰਾਇਲ' ਦੌਰਾਨ ਅਦਾਲਤੀ ਬਿਆਨਾਂ ਵਿੱਚ ਇਹ ਦਰਜ ਮਿਲਦਾ ਹੈ ਕਿ ਸਿੱਖਾਂ ਵਿੱਚ ਵਿਸ਼ਵਾਸ ਪੱਕਾ ਹੋ ਗਿਆ ਹੈ ਕਿ ਸਿੱਖ ਰਾਜ, ਜੋ 70 ਵਰੇ ਪਹਿਲਾਂ ਅੰਗਰੇਜ਼ਾਂ ਨੇ ਖੋਹ ਲਿਆ ਸੀ ਉਹ ਮੁੜ ਕਾਇਮ ਹੋ ਰਿਹਾ ਹੈ। ਇਸ ਲਹਿਰ ਦੇ ਵੱਡੇ ਅੱਡੇ ਪਰਾਗਪੁਰ, ਕੋਟ ਫਤੂਹੀ, ਜੱਸੋਵਾਲ, ਡੋਮੇਲੀ, ਪੰਡੋਰੀ ਨਿੱਜਰਾਂ ਵਿੱਚ ਕਾਇਮ ਹੋ ਗਏ ਹਨ ਅਤੇ ਬਬਰ ਅਕਾਲੀਆਂ ਨੇ 'ਆਪਣੀ ਹਾਈਕੋਰਟ' ਵੀ ਕਾਇਮ ਕਰ ਲਈ, ਜਿੱਥੇ ਬੜੇ ਵੱਡੇ ਕੰਮਾਂ ਦੇ ਫੈਸਲੇ ਬਬਰ ਅਕਾਲੀਆਂ ਦੀ ਕੌਂਸਲ ਵਿੱਚ ਲਏ ਜਾਂਦੇ। ਇਹ ਆਜ਼ਾਦੀ ਦੀ ਲਹਿਰ ਸੰਨ 1920 ਜਾਂ 21 ਈਸਵੀ ਦੀ ਅੰਤ ਵਿੱਚ ਹੋਂਦ ਵਿੱਚ ਆਈ ਸੀ, ਜੋ ਅੰਗਰੇਜ਼ ਸਰਕਾਰ ਦੇ ਸਿੱਖਾਂ ਵਿਰੁੱਧ ਕੀਤੇ ਗਏ ਅੱਤਿਆਚਾਰਾਂ ਦਾ ਬਦਲਾ ਲੈਣ ਦੀ ਭਾਵਨਾ ਨਾਲ ਹੋਂਦ ਵਿੱਚ ਆਈ ਸੀ। ਖਾਲਿਸਤਾਨ ਬਣਨ ਬਣਾਉਣ ਦਾ ਇਹ ਸਭ ਤੋਂ ਪਹਿਲਾਂ ਸਿੱਖ ਗੱਭਰੂਆਂ ਦਾ ਖਿਆਲ ਸੀ।'' (ਬੱਬਰ ਅਕਾਲੀਆਂ ਦਾ ਇਤਿਹਾਸ', ਡਾ. ਬਖਸ਼ੀਸ਼ ਸਿੰਘ ਨਿੱਝਰ, ਪੰਨਾ 16-17)
'ਬਬਰ ਅਕਾਲੀ ਦੁਆਬਾ' ਅਖ਼ਬਾਰ ਕੱਢਣ ਦਾ ਫੈਸਲਾ :
ਭਾਈ ਕਰਮ ਸਿੰਘ ਜਿਥੇ ਮਹਾਨ ਸੂਰਬੀਰ ਸਨ, ਉਥੇ ਸੱਚ 'ਤੇ ਡੱਟਣ ਵਾਲੇ ਨਿਧੜਕ ਪੱਤਰਕਾਰ ਵੀ ਸਨ।ਇਤਿਹਾਸਕ ਵੇਰਵਿਆਂ ਅਨੁਸਾਰ ਮਈ,1922 ਨੂੰ ਬਲਾਚੌਰ ਦੇ ਨਜ਼ਦੀਕ ਪਿੰਡ ਕੌਲਗੜ੍ਹ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਕਰਮ ਸਿੰਘ ਦੌਲਤਪੁਰ, ਆਸਾ ਸਿੰਘ ਭੁਕੜੁਦੀ, ਉਦੇ ਸਿੰਘ ਰਾਮਗੜ੍ਹ, ਜਥੇਦਾਰ ਦਲੀਪ ਸਿੰਘ ਸਾਦੜਾਂ, ਹਰਨਾਮ ਸਿੰਘ ਗੜ੍ਹੀ ਕਾਨੂੰਗੋਆਂ ਤੇ ਉਦੈ ਸਿੰਘ ਦੌਲਤਪੁਰ ਜੁਝਾਰੂ ਇਕੱਠੇ ਹੋਏ। ਉਨ੍ਹਾਂ ਫ਼ੈਸਲਾ ਕੀਤਾ ਕਿ ਹੁਣ ਸਮਾਂ ਆ ਗਿਆ ਹੈ ਕਿ 'ਅਖਬਾਰ' ਦੀ ਵਰਤੋਂ ਕਰਕੇ ਆਜ਼ਾਦੀ ਦਾ ਵਿਰੋਧ ਕਰਨ ਵਾਲਿਆਂ ਨੂੰ ਨੱਥ ਪਾਈ ਜਾਵੇ। ਇਸ ਮੌਕੇ 'ਤੇ ਭਾਈ ਸਾਹਿਬ ਨੇ ਪ੍ਰੇਰਿਆ ਕਿ 'ਗਦਰ ਦੀ ਗੂੰਜ' ਅੱਜ ਤੱਕ ਲੋਕਾਂ ਦੇ ਦਿਲਾਂ ਵਿਚ ਵਸੀ ਹੋਈ ਹੈ, ਜਿਸ ਤੋਂ ਸੇਧ ਲੈ ਕੇ ਅਖਬਾਰ ਕੱਢਣਾ ਚਾਹੀਦਾ ਹੈ। ਭਾਈ ਕਰਮ ਸਿੰਘ ਦੌਲਤਪੁਰ ਨੇ ਦ੍ਰਿੜ ਨਿਸ਼ਚਾ ਕਰ ਲਿਆ ਕਿ ਉਨ੍ਹਾਂ ਦਾ ਕੈਨੇਡਾ ਵਾਲਾ ਤਜਰਬਾ ਇਸ ਗੱਲ ਦਾ ਗਵਾਹ ਹੈ ਕਿ 'ਗਦਰ' ਅਖਬਾਰ ਨੇ ਉਹ ਕੰਮ ਕੀਤਾ, ਜਿਹੜਾ ਭਾਸ਼ਣਾਂ ਤੋਂ ਕਿਤੇ ਵੱਧ ਅਸਰਦਾਰ ਹੋਇਆ ਸੀ। ਅਖਬਾਰ ਲਈ ਲੋੜੀਂਦਾ ਧਨ ਜਗੀਰਦਾਰਾਂ, ਨੰਬਰਦਾਰਾਂ ਤੇ ਸ਼ਾਹੂਕਾਰਾਂ ਕੋਲੋਂ ਹੀ ਕਿਉਂ ਨਾ ਖੋਹਣਾ ਪਵੇ, ਪਰ ਅਖਬਾਰ ਜ਼ਰੂਰ ਕੱਢਣਾ ਚਾਹੀਦਾ ਹੈ। ਆਖ਼ਰ ਇਸ ਫ਼ੈਸਲੇ ਨੂੰ ਅੰਜਾਮ ਦਿੰਦਿਆਂ 3 ਜੁਲਾਈ,1922 ਬਬਰ ਅਕਾਲੀਆਂ ਨੇ ਸਰਕਾਰੀ ਖ਼ਜ਼ਾਨੇ ਵਿੱਚੋ 575 ਰੁਪਏ ਦੀ ਰਕਮ ਖੋਹੀ, ਜਿਸ ਨਾਲ ਇੱਕ ਸਾਈਕਲੋ-ਸਟਾਈਲ ਮਸ਼ੀਨ ਅਤੇ ਹਥਿਆਰ ਖ਼ਰੀਦੇ। ਇਸ 'ਚੋਂ ਸੌ ਰੁਪਏ ਨਾਲ ਲਾਹੌਰ ਤੋਂ ਪ੍ਰੈਸ ਮਸ਼ੀਨ ਖਰੀਦੀ ਗਈ ਤੇ ਬਾਕੀ ਰਾਸ਼ੀ ਨਾਲ ਜਥੇਬੰਦੀ ਦੀ ਸਰਗਰਮੀ ਆਦਿ ਦੇ ਹੋਰਨਾਂ ਕੰਮਾਂ ਤੋਂ ਇਲਾਵਾ ਪਰਚੇ ਛਾਪਣ ਅਤੇ ਹਥਿਆਰ ਖਰੀਦਣ ਦਾ ਪ੍ਰਬੰਧ ਕੀਤਾ ਗਿਆ। 'ਬਬਰ ਅਕਾਲੀ ਲਹਿਰ ਦਾ ਇਤਿਹਾਸ' ਕਿਤਾਬ ਵਿੱਚ ਮਿਲਖਾ ਸਿੰਘ ਨਿੱਝਰ ਪੰਨਾ 135 'ਤੇ ਲਿਖਦੇ ਹਨ ਕਿ ਇਸ ਕਾਰਜ ਵਿੱਚ ਵਕੀਲ ਰਾਮ ਸਿੰਘ ਧਾਰੋਵਾਲ ਤੋਂ ਇਲਾਵਾ ਮਹਾਨ ਲੇਖਕ ਐਸ. ਐਸ. ਚਰਨ ਸਿੰਘ ਸ਼ਹੀਦ ('ਜਥੇਦਾਰ' ਅਖਬਾਰ) ਅਤੇ ਕੈਨੇਡਾ ਤੋਂ ਗਏ ਬਸੰਤ ਸਿੰਘ ਦਾ ਭਰਪੂਰ ਸਹਿਯੋਗ ਰਿਹਾ।
'ਗੁਰੂ ਗ੍ਰੰਥ ਸਾਹਿਬ' ਦੀ ਆਗਿਆ ਨਾਲ ਅਖਬਾਰ ਦਾ ਨਾਮਕਰਨ:
ਐਡੀਟਰ ਕਰਮ ਸਿੰਘ ਦੇ ਨਾਂ ਥੱਲੇ 'ਸਫ਼ਰੀ ਪ੍ਰੈਸ' ਨਾਂ ਰੱਖ ਕੇ ਪਹਿਲਾ ਪਰਚਾ ਛਾਪਿਆ ਜਾਂਦਾ ਸੀ। ਇਸ ਦੌਰਾਨ ਭਾਈ ਕਰਮ ਸਿੰਘ ਦੌਲਤਪੁਰ ਵੱਲੋਂ ਹੋਰਨਾਂ ਜੁਝਾਰੂਆਂ ਨਾਲ ਮਿਲ ਕੇ 22 ਅਗਸਤ,1922 ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਇਕੱਤਰਤਾ ਕੀਤੀ ਗਈ। ਇਸ ਦੌਰਾਨ ਪਰਚੇ ਦਾ ਨਾਂ 'ਬਬਰ ਅਕਾਲੀ ਦੁਆਬਾ' ਰੱਖਿਆ ਗਿਆ। 'ਬਬਰ ਅਕਾਲੀ' ਅਖਬਾਰ ਦੇ ਮੁੱਢ ਵਿੱਚ 'ਸ੍ਰੀ ਅਕਾਲ ਜੀ ਸਹਾਇ॥' ਅਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਭਗਤ ਕਬੀਰ ਜੀ ਦਾ ਸਲੋਕ ਲਿਖਿਆ ਜਾਂਦਾ;
"ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤੁ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ॥"
ਕੁਝ ਇਤਿਹਾਸਕਾਰ ਬਬਰ ਅਕਾਲੀ ਅਖ਼ਬਾਰ ਕੱਢਣ ਦੀ ਮਿਤੀ 20 ਜਾਂ 21ਅਗਸਤ 1922 ਵੀ ਲਿਖਦੇ ਹਨ। ਬਬਰ ਅਕਾਲੀ' ਅਖ਼ਬਾਰ ਨਿਰੋਲ ਜੁਝਾਰੂ ਅਕਾਲੀਆਂ ਦਾ ਸੀ, ਜਿਸ ਵਿਚ ਜੋਸ਼ੀਲੇ ਲੇਖ, ਕਵਿਤਾਵਾਂ ਤੇ ਸਿੱਖ ਇਤਿਹਾਸ ਦੇ ਗੌਰਵਮਈ ਵਿਰਸੇ ਨਾਲ ਸੰਬੰਧਤ ਲਿਖਤਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ। ਇਸੇ ਅਖ਼ਬਾਰ ਦੇ ਨਾਂ ਸਦਕਾ ਭਾਈ ਕਰਮ ਸਿੰਘ ਦੌਲਤਪੁਰ ਦੇ ਨਾਂ ਨਾਲ 'ਬਬਰ ਅਕਾਲੀ' ਸ਼ਬਦ ਜੁੜ ਗਿਆ।
'ਬਬਰ ਅਕਾਲੀ' ਜਥੇਬੰਦੀ ਕਾਇਮ ਕਰਨ ਵਿੱਚ ਭਾਈ ਕਰਮ ਸਿੰਘ ਦੀ ਭੂਮਿਕਾ :
ਸਮੂਹ ਜੁਝਾਰੂਆਂ ਨੂੰ ਇੱਕ ਮੰਚ 'ਤੇ ਇਕੱਠਾ ਕਰਕੇ ਸ਼ਹੀਦਾਂ ਦੀ ਮਹਾਨ ਜਥੇਬੰਦੀ ਨੂੰ 'ਬਬਰ ਅਕਾਲੀ' ਜਥੇ ਦਾ ਨਾਂ ਦੇਣ ਦਾ ਸਿਹਰਾ ਸ਼ਹੀਦ ਭਾਈ ਕਰਮ ਸਿੰਘ 'ਬਬਰ ਅਕਾਲੀ' ਦੇ ਸਿਰ ਬੱਝਦਾ ਹੈ। ਬਬਰ ਅਕਾਲੀ ਲਹਿਰ ਦੇ ਇਤਿਹਾਸ ਦਾ ਜ਼ਿਕਰਯੋਗ ਪੱਖ ਹੈ ਕਿ 'ਚੱਕਰਵਰਤੀ ਜਥੇ' ਦੇ ਆਗੂ ਭਾਈ ਕਿਸ਼ਨ ਸਿੰਘ ਗੜਗੱਜ ਜਦੋਂ ਅਖ਼ਬਾਰ ਦੇ ਪ੍ਰਭਾਵ ਤੋਂ ਜਾਣੂ ਹੋਏ, ਤਾਂ ਉਹ ਐਡੀਟਰ ਕਰਮ ਸਿੰਘ ਨਾਲ ਵਿਚਾਰ ਵਟਾਂਦਰੇ ਲਈ ਅਗਸਤ 1922 ਦੇ ਤੀਜੇ ਹਫ਼ਤੇ ਮਿਲੇ। ਉਸ ਸਮੇਂ ਤੱਕ ਬਬਰ ਅਕਾਲੀ ਦੋਆਬਾ ਦੇ ਦੋ ਅੰਕ ਪ੍ਰਕਾਸ਼ਤ ਹੋ ਚੁੱਕੇ ਸਨ, ਜਿਨ੍ਹਾਂ ਦੀ ਇਲਾਕੇ ਚ ਭਰਪੂਰ ਚਰਚਾ ਹੋ ਰਹੀ ਸੀ। ਇਕ ਇਤਿਹਾਸਕ ਹਵਾਲੇ ਅਨੁਸਾਰ ਭਾਈ ਕਿਸ਼ਨ ਸਿੰਘ ਗੜਗੱਜ ਅਤੇ ਭਾਈ ਕਰਮ ਸਿੰਘ ਬਬਰ ਦੇ ਜਥਿਆਂ ਵਿਚ ਮੁਲਾਕਾਤ, ਕੈਨੇਡਾ ਤੋਂ ਹੀ ਗਏ ਭਾਈ ਕਰਮ ਸਿੰਘ ਝਿੰਗੜ ਦੇ ਉਪਰਾਲੇ ਨਾਲ, ਬਬਰ ਆਸਾ ਸਿੰਘ ਦੇ ਪਿੰਡ ਭੁਕੜੁਦੀ ਵਿੱਚ ਹੋਈ, ਜਿੱਥੇ ਭਾਈ ਕਿਸ਼ਨ ਸਿੰਘ ਗੜਗੱਜ ਨੇ ਬਬਰ ਅਕਾਲੀ ਦੋਆਬਾ ਅਖ਼ਬਾਰ ਕੱਢਣ ਲਈ ਭਾਈ ਕਰਮ ਸਿੰਘ ਦੌਲਤਪੁਰ ਦੀ ਭਰਪੂਰ ਸ਼ਲਾਘਾ ਕੀਤੀ। (ਹਵਾਲਾ : ਬਬਰ ਅਕਾਲੀ ਲਹਿਰ ਦਾ ਇਤਿਹਾਸ, ਲੇਖਕ ਮਿਲਖਾ ਸਿੰਘ ਨਿੱਝਰ, ਪੰਨਾ 127) ਇਕ ਹੋਰ ਇਤਿਹਾਸਕ ਹਵਾਲੇ ਅਨੁਸਾਰ ਦੋਹਾਂ ਜਥਿਆਂ ਵਿਚਕਾਰ ਮਿਲਣੀ ਸੰਤ ਠਾਕਰ ਸਿੰਘ ਗੁੱਜਰਵਾਲ ਦੀ ਕੁਟੀਆ ਵਿਚ 21 ਅਗਸਤ 1922 ਨੂੰ ਹੋਈ। (ਕਿਤਾਬ : ਬਬਰ ਅਕਾਲੀ, ਲੇਖਕ ਪ੍ਰਿੰਸੀਪਲ ਨਿਹਾਲ ਸਿੰਘ ਰਸ, ਪੰਨਾ 55) ਨਿਚੋੜ ਇਹ ਹੈ ਕਿ ਜਥੇਦਾਰ ਕਰਮ ਸਿੰਘ ਬਬਰ ਅਤੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਦੇ ਦੋਵੇਂ ਜਥੇ ਇਕ ਮੰਚ ਤੇ ਇਕੱਠੇ ਹੋਏ ਤੇ ਸਾਂਝਾ ਜਥੇਬੰਦਕ ਢਾਂਚਾ ਕਾਇਮ ਹੋਇਆ।
ਇਸ ਮੌਕੇ 'ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅਤੇ ਸਾਰੇ ਜੁਝਾਰੂਆਂ ਨੇ ਅਰਦਾਸ ਕਰ ਕੇ ਅਹਿਮ ਫ਼ੈਸਲੇ ਲਏ ਅਤੇ ਮਿਲ ਕੇ ਸਾਂਝਾ ਜਥਾ ਬਣਾ ਕੇ ਇਕਮੁੱਠ ਹੁੰਦਿਆਂ, ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਪਹਿਲਾ ਫੈਸਲਾ ਜਥੇਬੰਦੀ ਦੇ ਨਾਂ ਦਾ ਸੀ, ਜਿਸ ਮੁਤਾਬਕ 'ਬਬਰ ਅਕਾਲੀ' ਅਖ਼ਬਾਰ ਦਾ ਪ੍ਰਭਾਵਸ਼ਾਲੀ ਨਾਂ ਮੁੱਖ ਰਖਦਿਆਂ, ਨਵੀਂ ਜਥੇਬੰਦੀ ਦਾ ਨਾਂ 'ਬਬਰ ਅਕਾਲੀ ਜਥਾ' ਐਲਾਨਿਆ ਗਿਆ। ਇਹ ਬਿਲਕੁਲ ਉਸੇ ਤਰ੍ਹਾਂ ਸੀ, ਜਿਵੇਂ 'ਗ਼ਦਰ' ਅਖ਼ਬਾਰ ਨੂੰ ਮੁੱਖ ਰੱਖ ਕੇ ਲਹਿਰ ਦਾ ਨਾਂ 'ਗ਼ਦਰ ਲਹਿਰ' ਮਕਬੂਲ ਹੋਇਆ ਸੀ। ਸਰਬਸੰਮਤੀ ਨਾਲ ਇਹ ਵੀ ਫੈਸਲਾ ਹੋਇਆ ਭਾਈ ਕਰਮ ਸਿੰਘ ਜਥੇ ਵਿੱਚ 'ਬਬਰ ਅਕਾਲੀ' ਕਰਕੇ ਜਾਣੇ ਜਾਣਗੇ ਤੇ ਬਾਕੀ ਸਾਰੇ 'ਬਬਰ ਅਕਾਲੀ ਜਥੇ' ਦੇ ਮੈਂਬਰ ਹੋਣਗੇ। ਜਥੇਬੰਦੀ ਨੇ ਇਹ ਵੀ ਫ਼ੈਸਲਾ ਲਿਆ ਕਿ ਅਖ਼ਬਾਰ 'ਤੇ ਸੰਪਾਦਕ ਦਾ ਨਾਂ ਕਰਮ ਸਿੰਘ ਬਬਰ ਹੀ ਰਹੇਗਾ ਤੇ ਇਸ ਵਿਚਲੇ ਲੇਖ ਭਾਈ ਕਿਸ਼ਨ ਸਿੰਘ ਬਬਰ ਵੱਲੋਂ ਸੰਪਾਦਤ ਕੀਤੇ ਜਾਣਗੇ। ਬਬਰ ਅਕਾਲੀ ਜਥੇ ਦੀ ਵਰਕਿੰਗ ਕਮੇਟੀ ਦਾ ਪ੍ਰਧਾਨ ਭਾਈ ਕਿਸ਼ਨ ਸਿੰਘ ਬਬਰ (ਗੜਗੱਜ) ਨੂੰ ਚੁਣਿਆ ਗਿਆ, ਜਦਕਿ ਮਾਸਟਰ ਦਲੀਪ ਸਿੰਘ ਗੋਸਲ ਇਸ ਦੇ ਸਕੱਤਰ ਅਤੇ ਕੈਨੇਡਾ ਤੋਂ ਗਏ ਬਬਰ ਕਰਮ ਸਿੰਘ ਝਿੰਗੜ ਖ਼ਜ਼ਾਨਚੀ ਬਣੇ। ਬਬਰ ਅਕਾਲੀ ਜਥੇ ਦੀ ਵਰਕਿੰਗ ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ 'ਚੀਫ ਐਡੀਟਰ' ਭਾਈ ਕਰਮ ਸਿੰਘ ਬਬਰ, ਬਾਬੂ ਸੰਤਾ ਸਿੰਘ ਅਤੇ ਭਾਈ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਚੁਣੇ ਗਏ।
'ਬਬਰ ਅਕਾਲੀ' ਜਥੇਬੰਦੀ ਦੀ ਮਰਿਆਦਾ ਅਤੇ ਨਿਯਮ :
ਬਬਰ ਅਕਾਲੀ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਦੀ ਜੀਵਨ ਅਤੇ ਸ਼ਖਸੀਅਤ ਬਾਰੇ ਜਾਣਨ ਸਮੇਂ ਉਹਨਾਂ ਦੀ ਜਥੇਬੰਦੀ ਦੀ ਮਰਿਆਦਾ ਤੇ ਨਿਯਮ ਗੌਰ ਕਰਨ ਯੋਗ ਹਨ। ਬਬਰ ਅਕਾਲੀ ਜਥੇ ਵਿੱਚ ਵਿਸ਼ੇਸ਼ ਮਰਿਯਾਦਾ ਤੇ ਨਿਯਮ ਬਣਾਏ ਗਏ ਸਨ, ਜਿਹਨਾਂ ਦੀ ਪਾਲਣਾ ਹਰ ਬਬਰ ਅਕਾਲੀ ਲਈ ਲਾਜ਼ਮੀ ਸੀ। 'ਬੱਬਰ ਅਕਾਲੀਆਂ ਦਾ ਇਤਿਹਾਸ' (ਲੇਖਕ ਡਾਕਟਰ ਬਖਸ਼ੀਸ਼ ਸਿੰਘ ਨਿੱਝਰ) ਪੰਨਾ 2 ਅਨੁਸਾਰ 'ਹਰ ਬਬਰ ਅਕਾਲੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ, ਨਿਯਮ ਅਨੁਸਾਰ ਸਵੇਰੇ, ਸ਼ਾਮ ਪੜਨੀ ਜ਼ਰੂਰੀ ਹੈ। ਬਬਰ ਅਕਾਲੀ ਆਪਣੀ ਪਾਰਟੀ ਜਾਂ ਮੈਂਬਰ ਦਾ ਵਿਰੋਧ ਨਹੀਂ ਕਰੇਗਾ। ਵਾਰਦਾਤ ਵੇਲੇ ਕਿਸੇ ਇਸਤਰੀ ਦੀ ਇੱਜ਼ਤ ਨੂੰ ਹੱਥ ਨਹੀਂ ਪਾਵੇਗਾ। ਕਿਸੇ ਧਰਮ, ਜਾਤ-ਪਾਤ ਨਾਲ ਵਿਤਕਰਾ ਨਹੀਂ ਕਰੇਗਾ। ਹਮਲਾ ਕਰਨ ਸਮੇਂ ਕਿਸੇ ਵੀ ਵਾਰਦਤ ਵਾਲੀ ਥਾਂ ਤੋਂ ਕੋਈ ਸ਼ੈ ਚੋਰੀ ਨਹੀਂ ਕਰੇਗਾ, ਜਥੇਦਾਰ ਦੀ ਆਗਿਆ ਬਿਨਾ ਕੋਈ ਕਦਮ ਨਹੀਂ ਚੁੱਕੇਗਾ। ਜਥੇਬੰਦੀ ਨਾਲ ਗਦਾਰੀ ਨਹੀਂ ਕਰੇਗਾ ਅਤੇ ਕੋਈ ਭੇਦ ਬਾਹਰ ਨਹੀਂ ਕੱਢੇਗਾ।
ਬਾਣੀ ਤੇ ਬਾਣੇ ਦੀ ਧਾਰਨੀ ਬਬਰ ਅਕਾਲੀ ਯੋਧੇ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਸੁਰਮਈ ਰੰਗ ਦਾ ਦਸਤਾਰਾ ਸਜਾਉਂਦੇ ਸਨ। ਇਸ ਤੋਂ ਇਲਾਵਾ ਕਕਾਰ ਵਜੋਂ ਆਪ ਤਿੰਨ ਫੁਟੀ ਕਿਰਪਾਨ ਪਹਿਨਦੇ ਸਨ। ਬੱਬਰ ਅਕਾਲੀਆਂ ਦੇ ਲਿਬਾਸ ਬਾਰੇ ਕਿਤਾਬ 'ਬੱਬਰ ਅਕਾਲੀ ਲਹਿਰ ਅਤੇ ਇਸ ਦੇ ਆਗੂ' (ਲੇਖਕ ਗੁਰਬਚਨ ਸਿੰਘ) ਦੇ ਪੰਨਾ 15 ਉਪਰ ਅੰਕਿਤ ਹੈ ਕਿ ਬਬਰ ਅਕਾਲੀ ਜਥੇ ਦੇ ਮੈਂਬਰ ਸੱਤ ਬਾਣੀਆਂ ਦੇ ਨਿਤਨੇਮੀ ਤੇ ਪੰਜ-ਕਕਾਰਾਂ ਦੀ ਰਹਿਤ ਦੇ ਧਾਰਨੀ ਸਨ। ਉਹ ਆਦਮੀ ਨੂੰ ਜਥੇ ਦਾ ਮੈਂਬਰ ਬਿਲਕੁਲ ਨਹੀਂ ਸੀ ਬਣਾਇਆ ਜਾਂਦਾ, ਜੋ ਗੁਰਸਿੱਖੀ ਅਸੂਲਾਂ ਵਿੱਚ ਢਿੱਲੜ ਹੋਵੇ ਅਤੇ ਇਸ ਅਰਸੇ ਵਿੱਚ ਵੀ ਚੱਕਰਵਰਤੀ 'ਅਕਾਲੀ ਲਿਬਾਸ' ਰੱਖਦੇ ਸਨ ਅਤੇ 'ਸੁਰਮਈ ਦਸਤਾਰੇ' ਕਦੇ ਨਹੀਂ ਸਨ ਬਦਲਦੇ। ਇੱਥੇ ਜ਼ਿਕਰ ਯੋਗ ਹੈ ਕਿ ਪਹਿਲੀ ਵਾਰ ਨੌ ਇੰਚ ਤੋਂ ਲੰਮੀ ਕਿਰਪਾਨ ਰੱਖਣ 'ਤੇ ਕਾਨੂੰਨੀ ਪਾਬੰਦੀ ਅੰਗਰੇਜ਼ ਕਾਲ ਦੌਰਾਨ, ਬਬਰ ਅਕਾਲੀ ਜਥੇਬੰਦੀ ਦੇ ਮੈਂਬਰਾਂ ਕਾਰਨ ਲਗਾਈ ਗਈ ਸੀ। ('ਬੱਬਰ ਅਕਾਲੀ', ਲੇਖਕ ਪ੍ਰਿੰਸੀਪਲ ਨਿਹਾਲ ਸਿੰਘ ਰਸ, ਪੰਨਾ 17)
ਸ਼ਹੀਦ ਕਰਮ ਸਿੰਘ ਬਬਰ ਅਕਾਲੀ ਦੀ ਜੁਝਾਰੂ ਕਵਿਤਾ:
ਜੁਝਾਰੂ ਕਵੀ ਜਥੇਦਾਰ ਕਰਮ ਸਿੰਘ ਬੱਬਰ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸਈ ਫ਼ਲਸਫ਼ੇ ਤੋਂ ਸੇਧ ਲੈ ਕੇ ਗ਼ੁਲਾਮੀ ਖ਼ਿਲਾਫ਼ ਲੜਨ ਅਤੇ ਜ਼ਾਲਮਾਂ ਨੂੰ ਸੋਧਣ ਲਈ ਕਾਵਿ ਰਚਨਾਵਾਂ ਲਿਖਦੇ। ਅਜਿਹੀ ਮਹਾਨ ਸੋਚ ਕਾਰਨ ਹੀ ਉਹਨਾਂ ਦੇ 'ਬਬਰ ਅਕਾਲੀ' ਪਰਚੇ ਵਿੱਚ ਲੇਖ ਅਤੇ ਕਵਿਤਾਵਾਂ ਮੁਰਦਾ ਦਿਲਾਂ 'ਚ ਰੂਹ ਫੂਕ ਦਿੰਦੀਆਂ ਸਨ। 'ਬਬਰ ਕੱਢ ਵਰੰਟ ਤੂੰ ਜ਼ਾਲਮਾਂ ਦੇ, ਹੱਥੀਂ ਆਪਣੀ ਦਫ਼ਾ ਲਗਾ ਭਾਈ' ਅਤੇ 'ਕਰਮ ਸਿੰਘ ਹੁਣ ਬਬਰ ਦਾ ਰੂਪ ਧਾਰੋ, ਵੇਲਾ ਆ ਗਿਆ ਧੂਮ ਧੁਮਾਵਣੇ ਦਾ' ਵਰਗੇ ਅਨੇਕਾਂ ਕਾਵਿ-ਬੰਦ ਜੁਝਾਰੂ ਸੋਚ ਪ੍ਰਗਟਾਉਂਦੇ ਸਨ। ਹੋਰ ਮਿਸਾਲਾਂ ਹਨ ;
"ਸ਼ਾਂਤਮਈ ਨੇ ਕੁਝ ਸਵਾਰਿਆ ਨਾ,
ਕੰਮ ਸ਼ੁਰੂ ਕਰਦੇ ਦੂਜੇ ਦਾ ਭਾਈ।
ਤੁਖਮ ਛੋੜ ਨਹੀਂ ਹੁਣ ਜ਼ਾਲਮਾਂ ਦਾ,
ਜਿਨ੍ਹਾਂ ਦਿੱਤੇ ਹਨ ਲੋਕ ਸਤਾ ਭਾਈ।
'ਕਰਮ ਸਿੰਘ' ਕਰਤਾਰ ਦੀ ਓਟ ਲੈ ਕੇ,
ਹੁਣ ਜ਼ਾਲਮਾਂ ਵੰਡੀਆਂ ਪਾ ਭਾਈ।"
ਆਪ ਦੀਆਂ ਕਵਿਤਾਵਾਂ ਦਾ ਲੋਕਾਂ 'ਤੇ ਡੂੰਘਾ ਅਸਰ ਪਿਆ ਅਤੇ ਥਾਂ-ਥਾਂ ਲੋਕ ਅੰਗਰੇਜ਼ਾਂ ਖਿਲਾਫ਼ ਲਾਮਬੰਦ ਹੋਣ ਲੱਗੇ। 'ਖੰਡਾ ਪਕੜੋ ਸ਼ੇਰੋ', 'ਬੂਟੇ ਦੇਸ਼ ਆਜ਼ਾਦੀ ਦੇ', 'ਝੋਲੀ ਚੁੱਕ ਨਹੀਂ ਛੱਡਣੇ ਅਤੇ 'ਅੱਖਾਂ ਖੋਲੋ' ਆਦਿਕ ਕੁਝ ਮਿਸਾਲਾਂ ਹਨ। ਜਿਵੇਂ ਕਿ ;
''ਪਕੜੋ ਖੰਡਾ ਸ਼ੇਰੋ, ਆਖੇ ਬੱਬਰ ਪੁਕਾਰ।
ਖੰਡਾ ਪਕੜੋ, ਸਾਣ ਤੇ ਲਾਉ, ਤੇਜ਼ ਕਰੋ ਇਹਦੀ ਧਾਰ।
ਬਿਨਾਂ ਖੰਡਿਓਂ ਨਾ ਮਿਲੇ, ਆਜ਼ਾਦੀ ਆਖੇ ਬਬਰ ਵੰਗਾਰ।''
''ਪੰਥ ਖਾਲਸਾ ਅਰਜ਼ ਗੁਜ਼ਾਰਦਾ ਹਾਂ
ਕਿਉਂ ਨਹੀਂ ਸਮਝਦਾ ਇਹਨਾਂ ਦੀ ਚਾਲ ਜਲਦੀ।
ਸ਼ਾਂਤੀ ਨਾਲ ਨਹੀਂ ਪਾਜੀਆਂ ਬਾਜ਼ ਆਉਣਾ
ਕਰੀਏ ਤੇਜ਼ ਤਲਵਾਰ ਦੀ ਧਾਰ ਜਲਦੀ।''
ਬੱਬਰ ਅਕਾਲੀ ਭਾਈ ਕਰਮ ਸਿੰਘ ਦੌਲਤਪੁਰ ਦੀਆਂ ਕਵਿਤਾਵਾਂ ਸਿੱਖੀ ਜਜ਼ਬਾ 'ਤੇ ਅਧਾਰਤ ਹੁੰਦੇ ਸਨ। ਆਪਣੇ ਭਾਸ਼ਣਾ ਵਿੱਚ 'ਜ਼ਫਰਨਾਮੇ' ਵਿੱਚੋਂ ਹਵਾਲੇ ;
''ਚੂੰ ਕਾਰ ਅਜ਼ ਹਮਾਂ ਹੀਲਤੇ ਦਰ ਗੁਜ਼ਸ਼ਤ।।
 ਹਲਾਲ ਅਸਤੋ ਬੁਰਦਨ ਬ ਸ਼ਮਸ਼ੀਰ ਦਸਤ।।
     ਇਸ ਦੇ ਨਾਲ ਹੀ ਹੋਰ ਮਿਸਾਲਾ ਜਿਵੇਂ ਕਿ ;
 ''ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ।।
  ਸੈਫ ਸਰੋਹੀ ਸੈਹਿਬੀ ਜੇਹੀ ਹਮਾਰੇ ਪੀਰ।।"
   ਦੇ ਕੇ, ਲੋਕਾਂ ਨੂੰ ਸੰਘਰਸ਼ ਤੇ ਆਜ਼ਾਦੀ ਦੇ ਰਾਹ 'ਤੇ ਤੋਰਨ ਲਈ ਬਬਰ ਅਕਾਲੀਆਂ ਦੀਆਂ ਤਕਰੀਰਾਂ, ਜੋਸ਼ ਭਰਪੂਰ ਹੁੰਦੀਆਂ। (ਇਤਿਹਾਸਕ ਹਵਾਲਾ 'ਬਬਰ ਅਕਾਲੀ ਲਹਿਰ ਦਾ ਇਤਿਹਾਸ' ਲੇਖਕ ਮਿਲਖਾ ਸਿੰਘ ਬਬਰ, ਪੰਨਾ 47-49)
ਬਬਰ ਅਕਾਲੀਆਂ ਦਾ ਲੋਕ ਪੱਖੀ ਰਾਜ ਪ੍ਰਬੰਧ:
ਬਬਰ ਅਕਾਲੀਆਂ ਵੱਲੋਂ ਐਲਾਨ ਕੀਤਾ ਗਿਆ ਉਹਨਾਂ ਦੇ ਹੁੰਦਿਆਂ ਕਿ ਕੋਈ ਵੀ ਠੇਕੇਦਾਰ ਸ਼ਰਾਬ ਤੇ ਸੜਕਾਂ ਦੁਆਲੇ ਲੱਗੇ ਅੰਬਾਂ ਦਾ ਤੇ ਜਾਮਣਾਂ ਦਾ ਠੇਕਾ ਨਹੀਂ ਲਵੇਗਾ। ਇਸ ਦਾ ਅਸਰ ਇਹ ਹੋਇਆ ਕਿ 1922-23 ਦੌਰਾਨ ਕਿਸੇ ਵੀ ਠੇਕੇਦਾਰ ਨੇ ਜਾਮਣਾਂ ਅਤੇ ਅੰਬਾਂ ਦਾ ਠੇਕਾ ਲੈਣ ਦੀ ਹਿੰਮਤ ਨਾ ਕੀਤੀ। ਭਾਈ ਕਰਮ ਸਿੰਘ ਬਬਰ ਅਕਾਲੀ ਨੇ ਦੌਲਤਪੁਰ ਵਿਖੇ ਨਾਨਕ ਸ਼ਾਹੀ ਇੱਟਾਂ ਨਾਲ ਖੂਹ ਪਟਵਾਇਆ ਅਤੇ ਲੋਕਾਂ ਨੂੰ ਸਾਫ ਸੁਥਰੇ ਪਾਣੀ ਦੀਆਂ ਸੇਵਾਵਾਂ ਦਿੱਤੀਆਂ। ਪਿੰਡ ਵਿੱਚ ਸਹਿਕਾਰੀ ਬੈਂਕ ਬਣਾ ਕੇ ਲੋਕ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ। ਅਗਾਂਹ ਵਧੂ ਸੋਚ ਅਨੁਸਾਰ ਪਿੰਡ ਵਿੱਚ ਇੰਜਣ ਲਾ ਕੇ ਆਟਾ ਪੀਹਣ ਵਾਲੀ ਚੱਕੀ ਸਥਾਪਿਤ ਕੀਤੀ। ਜੁਝਾਰੂ ਸੋਚ ਅਧੀਨ ਭੋਰੇ ਤੋਂ ਖੂਹ ਤੱਕ ਜਾਣ ਲਈ, ਦੋ ਸੁਰੰਗਾਂ ਅਤੇ ਹਥਿਆਰ ਬੰਦ ਸਮਾਨ ਦੀ ਤਿਆਰੀ ਦਾ ਪ੍ਰਬੰਧ ਕੀਤਾ। ਕਿਸਾਨੀ ਖੇਤਰ ਨੂੰ ਮਜ਼ਬੂਤ ਕਰਨ ਲਈ ਇਲਾਕੇ ਦੇ ਕਿਰਤੀਆਂ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਇਨ੍ਹਾਂ ਬਬਰਾਂ ਦੀ ਲੋਕ ਪ੍ਰਿਅਤਾ ਦਾ ਅਸਰ ਘੱਟ ਕਰਨ ਲਈ ਅੰਗਰੇਜ਼ਪ੍ਰਸਤ ਜ਼ੈਲਦਾਰਾਂ, ਨੰਬਰਦਾਰਾਂ, ਸਫੈਦਪੋਸ਼ਾਂ ਤੇ ਜਗੀਰਦਾਰਾਂ ਨੇ ਬਬਰਾਂ ਦੀ ਕਿਰਦਾਰਕੁਸ਼ੀ ਦੀਆਂ ਸਾਜਿਸ਼ਾਂ ਰਚੀਆਂ। ਸਰਕਾਰੀ ਸ਼ੈਅ ਉੱਪਰ ਅਖੌਤੀ 'ਅਮਨ ਕਮੇਟੀਆਂ' ਬਣਾਉਣ, ਨਾਚ-ਗਾਉਣ ਅਤੇ ਭੋਗ-ਵਿਲਾਸ ਦਾ ਪ੍ਰਚਾਰ ਕਰਨ ਅਤੇ ਰਾਤਾਂ ਨੂੰ ਦਿਖਾਵੇ ਮਾਤਰ ਪਹਿਰਾ ਲਾਉਣ ਵਾਲੇ ਮਸ਼ਵਰਿਆਂ ਨਾਲ, ਬਬਰਾਂ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਦੇ ਕਾਰੇ ਸ਼ੁਰੂ ਕਰ ਦਿੱਤੇ ਗਏ। ਇਸ ਤੋਂ ਮੰਦਭਾਗੀ ਗੱਲ ਕੀ ਹੋ ਸਕਦੀ ਹੈ 'ਲੋਕਾਂ ਦੇ ਹੱਕਾ ਲਈ ਲੜਨ ਵਾਲੇ' ਯੋਧਿਆਂ ਖਿਲਾਫ਼ ਹੀ ਲੋਕ ਲਾਮਬੰਦ ਹੋਣੇ ਸ਼ੁਰੂ ਹੋ ਗਏ। ਇਹ ਵਰਤਾਰੇ ਮੁਰਦਾ ਜ਼ਮੀਰ ਅਤੇ ਗ਼ੁਲਾਮ ਮਾਨਸਿਕਤਾ ਦੇ ਪ੍ਰਤੱਖ ਸਬੂਤ ਸਨ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਬਬਰ ਅਕਾਲੀਆਂ ਦੇ ਅਜਿਹੀਆਂ ਅਮਨ ਕਮੇਟੀਆਂ ਤੇ ਅਖੌਤੀ ਸੱਭਿਆਚਾਰਕ ਮੇਲਿਆਂ ਦੇ ਪਾਜ ਉਧੇੜੇ ਅਤੇ ਕਈ ਵਾਰ ਉਹਨਾਂ ਦੀਆਂ ਸਟੇਜਾਂ ਤੇ ਹੀ ਜਾ ਕੇ, ਲੋਕਾਂ ਨੂੰ ਲਾਮਬੱਧ ਕੀਤਾ ਅਤੇ ਹਲੂਣੇ ਦਿੱਤੇ।
ਜਥੇਬੰਦੀ ਦੇ ਅਨੁਸ਼ਾਸਨ : ਬੱਚਿਆਂ ਅਤੇ ਔਰਤਾਂ 'ਤੇ ਹਮਲੇ ਨਾ ਕਰਨਾ :
12 ਜਨਵਰੀ,1923 ਨੂੰ 'ਬਬਰ ਅਕਾਲੀ ਦੁਆਬਾ' ਅਖਬਾਰ ਵਿੱਚ ਜੁਝਾਰੂਆਂ ਦੀਆਂ ਚਿੱਠੀਆਂ ਛਾਪੀਆਂ, ਇਨ੍ਹਾਂ ਵਿੱਚ ਜਲੰਧਰ ਦੇ ਜ਼ਿਲ੍ਹਾ ਵਿਚ ਬੱਬਰਾਂ ਵੱਲੋਂ ਟੋਡੀਆਂ ਨੂੰ ਸੋਧਣ ਦੇ ਦਾ ਐਲਾਨ ਛਾਪਿਆ ਗਿਆ ਸੀ। ਜਥੇਬੰਦੀ ਦੇ ਅਨੁਸ਼ਾਸਨ ਨੂੰ ਮੁੱਖ ਰੱਖਦਿਆਂ 25 ਨਵੰਬਰ,1922 ਨੂੰ ਇਕ ਬੈਠਕ 'ਚ ਮੈਂਬਰਾਂ ਨੂੰ ਔਰਤਾਂ ਅਤੇ ਬੱਚਿਆਂ ਉਤੇ ਹਮਲੇ ਨਾ ਕਰਨ ਦੀ ਹਦਾਇਤ ਤੋਂ ਇਲਾਵਾ, ਝੋਲੀ-ਚੁੱਕਾਂ ਨੂੰ ਸੋਧਣ ਦੀ ਜਿੰਮੇਵਾਰੀ ਲਈ ਬਬਰ ਕਰਮ ਸਿੰਘ ਦੌਲਤਪੁਰ, ਧੰਨਾ ਸਿੰਘ ਅਤੇ ਉਦੈ ਸਿੰਘ ਦੇ ਨਾਮ ਦਾ ਮਤਾ ਪਾਸ ਕੀਤਾ ਗਿਆ। 11 ਮਾਰਚ,1923 ਨੂੰ ਨੰਗਲ ਸਾਮਾਂ ਪਿੰਡ ਦਾ ਲੰਬਰਦਾਰ ਸੋਧਿਆ।19 ਮਾਰਚ,1923 ਨੂੰ ਸੀਆਈਡੀ ਸਿਪਾਹੀ ਲਾਭ ਸਿੰਘ ਨੂੰ ਡਾਨਸੀਵਾਲ ਪਿੰਡ ਵਿਚ ਖਤਮ ਕੀਤਾ। 21 ਮਾਰਚ,1923 ਨੂੰ ਪਿੰਡ ਕੌਲਗੜ੍ਹ, ਸਭਸ ਨਗਰ ਵਿਖੇ ਅੰਗਰੇਜ਼ ਪ੍ਰਸਤਾਂ ਨੂੰ ਸੋਧਣ ਦੀ ਜਿੰਮੇਵਰੀ ਲੈਣ ਦਾ ਬਬਰ ਅਕਾਲੀਆਂ ਦਾ ਦੂਜਾ ਐਲਾਨ 'ਬਬਰ ਅਕਾਲੀ' ਅਖਬਾਰ ਵਿੱਚ ਪ੍ਰਕਸ਼ਿਤ ਕੀਤਾ ਗਿਆ। ਭਾਈ ਕਰਮ ਸਿੰਘ ਬਬਰ ਅਕਾਲੀ ਨੇ ਆਪਣਾ ਜੀਵਨ ਲੋਕਾਂ ਦੀ ਆਜ਼ਾਦੀ ਲਈ ਸਮਰਪਿਤ ਕੀਤਾ। 20 ਮਈ,1923 ਨੂੰ ਹਿਯਾਤਪੁਰ ਰੁੜਕੀ ਦੇ ਦੋ ਅੰਗਰੇਜ਼-ਪ੍ਰਸਤ ਰਲਾ ਅਤੇ ਦਿੱਤੂ ਨੂੰ ਕੌਮੀ ਯੋਧਿਆਂ ਨਾਲ ਗ਼ੱਦਾਰੀ ਕਰਨ ਤੋਂ ਬਾਜ਼ ਨਾ ਆਉਣ ਕਾਰਨ ਖੁਦ ਬਬਰ ਅਕਾਲੀ ਨੇ ਸੋਧਿਆ। ਹਿਯਾਤਪੁਰ ਰੁੜਕੀ ਭਾਈ ਕਰਮ ਸਿੰਘ ਬਬਰ ਅਕਾਲੀ ਦਾ ਨਾਨਕਾ ਪਿੰਡ ਸੀ। ਇਸੇ ਦੌਰਾਨ ਕੁਝ ਅੰਗਰੇਜ਼-ਪ੍ਰਸਤ ਸੰਪਰਦਾਰਵਾਂ ਨੇ ਬਬਰ ਅਕਾਲੀਆਂ ਦੀਆਂਕਾਰਵਾਈਆਂ ਵਿਰੁੱਧ ਮਤੇ ਪਾਸ ਕੀਤੇ।
ਬਬਰ ਅਕਾਲੀਆਂ ਦਾ ਚੀਫ ਖਾਲਸਾ ਦੀਵਾਨੀਏ ਧੜੇ ਵੱਲੋਂ ਵਿਰੋਧ :
ਬਬਰ ਅਕਾਲੀ ਯੋਧਿਆਂ ਨੇ ਅਗਸਤ,1922 ਦੇ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਸ਼ਾਂਤਮਈ ਅਕਾਲੀਆਂ ਉੱਪਰ ਪੁਲਿਸ ਦੇ ਤਸ਼ੱਦਦ ਬਾਰੇ, ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਨੂੰ ਅੰਗਰੇਜ਼ ਸਰਕਾਰ ਵਿਰੁੱਧ ਹਥਿਆਰਬੰਦ ਸੰਘਰਸ਼ ਛੇੜਣ ਲਈ ਆਖਿਆ ਗਿਆ, ਪਰ ਨਰਮ-ਖਿਆਲੀ ਅਕਾਲੀ ਆਗੂਆਂ ਵੱਲੋਂ ਇਹ ਗੱਲ ਨਾ ਮੰਨੀ ਗਈ। ਦੂਜੇ ਪਾਸੇ ਜੁਝਾਰੂ ਬਬਰ ਅਕਾਲੀਆਂ ਨੇ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ ਅਤੇ ਇਕ ਖੁੱਲ੍ਹੀ ਚਿੱਠੀ ਗਵਰਨਰ ਪੰਜਾਬ ਦੇ ਨਾਲ ਲਿਖਦਿਆਂ ਕਿਹਾ, "ਐ ਗਵਰਨਰ ਪੰਜਾਬ! ਤੇਰੀਆਂ ਬੇਇਨਸਾਫ਼ੀਆਂ ਅਤੇ ਜ਼ੁਲਮਾਂ ਤੋਂ ਤੰਗ ਆ ਕੇ, ਬਬਰ ਅਕਾਲੀਆਂ ਨੇ ਆਪਣਾ ਸ਼ਾਂਤਮਈ ਦਾ ਰਾਹ ਤਿਆਗ ਕੇ, ਹੁਣ ਤਲਵਾਰ ਦਾ ਰਸਤਾ ਫੜਿਆ ਹੈ।" ਝੋਲੀ ਚੁੱਕਾਂ ਦੇ ਸੋਧੇ ਲੱਗਣ ਕਾਰਨ ਨਰਮ-ਖ਼ਿਆਲੀ ਅਕਾਲੀ ਅਤੇ ਚੀਫ਼ ਖ਼ਾਲਸਾ ਦੀਵਾਨ ਵਾਲੇ ਬਬਰਾਂ ਦਾ ਵਿਰੋਧ ਕਰਨ ਲੱਗੇ। ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਬਰਾਂ ਦੇ ਮੁਕੱਦਮੇ ਵੀ ਲੜੇ, ਪਰ ਇਹ ਵੀ ਸੱਚ ਹੈ ਕਿ 29 ਮਈ,1923 ਨੂੰ ਸ਼੍ਰੋਮਣੀ ਕਮੇਟੀ ਨੇ ਬਬਰ ਅਕਾਲੀਆਂ ਨੂੰ ਪੰਥ ਵਿਰੋਧੀ ਘੋਸ਼ਿਤ ਕਰ ਦਿੱਤਾ। ਦੁਖਦਾਈ ਪੱਖ ਇਹ ਹੈ ਕਿ ਸਰਕਾਰ ਨੂੰ ਖੁਸ਼ ਕਰਨ ਲਈ ਇਹ ਮਤਾ ਪਾਸ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੱਬਰਾਂ ਦੀ ਕਤਲਾਂ ਦੀ ਪਾਲਿਸੀ ਦੀ ਨਿਖੇਧੀ ਕਰਦੀ ਹੈ ਤੇ ਪੰਥ ਅੱਗੇ ਅਪੀਲ ਕਰਦੀ ਹੈ ਕਿ ਕੋਈ ਸੱਜਣ ਇਨ੍ਹਾਂ ਦੀ ਸਹਾਇਤਾ ਨਾ ਕਰੇ, ਸਗੋਂ ਇਨ੍ਹਾਂ ਨੂੰ ਦੇਸ਼ ਤੇ ਕੌਮ ਲਈ ਹਾਨੀਕਾਰਕ ਸਮਝੇ। (ਹਵਾਲਾ ਕਿਤਾਬ 'ਬਬਰ ਅਕਾਲੀ', ਲੇਖਕ ਪ੍ਰਿੰਸੀਪਲ ਨਿਹਾਲ ਸਿੰਘ ਰਸ, ਪੰਨਾ 135)
'ਬਬਰ ਅਕਾਲੀ' ਅਖਬਾਰ ਦਾ ਡੂੰਘਾ ਪ੍ਰਭਾਵ :
'ਬਬਰ ਅਕਾਲੀ' ਅਖ਼ਬਾਰ ਰਾਹੀਂ ਸਿੱਖ ਪਲਟਣਾਂ, ਸਕੂਲਾਂ, ਕਾਲਜਾਂ ਆਦਿ ਤੋਂ ਇਲਾਵਾ ਬਾਹਰਲੇ ਪ੍ਰਾਂਤਾਂ ਵਿੱਚ ਵੀ ਅੰਗਰੇਜ਼ਾਂ ਦੇ ਵਿਰੁੱਧ ਜ਼ਬਰਦਸਤ ਪ੍ਰਚਾਰ ਕੀਤਾ ਗਿਆ ਅਤੇ ਦੇਸ਼ਵਾਸੀਆਂ ਨੂੰ ਅੰਗਰੇਜ਼ਾਂ ਖ਼ਿਲਾਫ਼ ਬਗ਼ਾਵਤ ਕਰਨ ਲਈ ਪ੍ਰੇਰਿਆ ਗਿਆ। ਅੰਗਰੇਜ਼ ਸਰਕਾਰ ਵੱਲੋਂ ਸਾਈਕਲੋ ਸਟਾਈਲ ਮਸ਼ੀਨਾਂ ਚੁੱਕਣ ਅਤੇ ਅਖ਼ਬਾਰ ਜ਼ਬਤ ਕਰਨ ਦੀਆਂ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਛਾਪੇ ਮਾਰਨ 'ਤੇ ਪੁਲਸ ਦੇ ਹੱਥ ਕੁਝ ਨਾ ਲੱਗਦਾ, ਕਿਉਂਕਿ 'ਬਬਰ ਅਕਾਲੀ' ਅਖ਼ਬਾਰ ਕਦੇ ਇੱਕ ਥਾਂ ਤੋਂ ਅਤੇ ਕਿਸੇ ਦੂਜੀ ਥਾਂ ਤੋਂ ਪ੍ਰਕਾਸ਼ਿਤ ਕੀਤਾ ਜਾਂਦਾ ਸੀ। ਗੁਪਤ ਤੌਰ 'ਤੇ ਬਬਰ ਅਕਾਲੀ ਅਖ਼ਬਾਰ ਛਾਪਣ ਦੇ ਮੁੱਖ ਕੇਂਦਰ ਕੋਟ ਫਤੂਹੀ, ਪੰਡੋਰੀ ਕੋਠੀ, ਫਤਹਿਪੁਰ ਜੱਸੋਵਾਲ ਅਤੇ ਗੁਰਦੁਆਰਾ ਕਿਸ਼ਨਪੁਰ ਵਿੱਚ ਕਾਇਮ ਸਨ, ਪਰ ਇਸਦੇ ਬਾਵਜੂਦ ਇਨ੍ਹਾਂ ਪਰਚਿਆਂ ਨੂੰ 'ਉਡਾਰੂ ਪ੍ਰੈਸ' ਰਾਹੀਂ ਖੁਫ਼ੀਆ ਢੰਗ ਨਾਲ ਖਾਸ ਟਿਕਾਣਿਆਂ 'ਤੇ ਪਹੁੰਚਾਇਆ ਜਾਂਦਾ ਤੇ ਫ਼ੌਜਾਂ ਤੱਕ ਡਾਕ ਰਾਹੀਂ ਦੂਰ-ਦੁਰਾਡੇ ਭੇਜਿਆ ਜਾਂਦਾ। ਮਗਰੋਂ ਪੁਲਿਸ ਦੀ ਸਰਗਰਮੀ ਵਧ ਜਾਣ ਕਰਕੇ ਪਰਚਾ ਛਾਪਣ ਲਈ ਇੱਕ ਹੋਰ ਸਾਈਕਲੋ-ਸਟਾਈਲ ਮਸ਼ੀਨ ਖ਼ਰੀਦੀ ਗਈ। ਇੱਕ ਮਸ਼ੀਨ ਜਲੰਧਰ ਨੇੜੇ ਅਤੇ ਦੂਜੀ ਕੰਢੀ ਦੇ ਇਲਾਕੇ ਵਿੱਚ ਰੱਖੀ ਗਈ, ਤਾਂ ਕਿ ਲੋੜ ਪੈਣ ’ਤੇ ਦੋਵਾਂ ’ਚੋਂ ਕਿਸੇ ਵੀ ਥਾਂ ਤੋਂ ਪਰਚਾ ਛਾਪ ਲਿਆ ਜਾਵੇ। ਇਸ ਤਰ੍ਹਾਂ ਦੀਆਂ ਕਈ ਕਾਰਵਾਈਆਂ ਬੱਬਰ ਅਕਾਲੀ ਯੋਧਿਆਂ ਦੀ ਗੁਰੀਲਾ ਨੀਤੀ ਦਾ ਪ੍ਰਗਟਾਵਾ ਵੀ ਕਰਦੀਆਂ ਹਨ। ਅਗਸਤ 1922 ਤੋਂ ਮਈ 1923 ਤੱਕ ਬੱਬਰ ਅਕਾਲੀ ਅਖ਼ਬਾਰ ਦੇ ਪੰਦਰਾਂ ਅੰਕ ਛਾਪੇ ਗਏ। ਇਹਨਾਂ ਵਿਚ ਵਿਸਾਖੀ, ਮਾਘੀ ਤੇ ਕਲਗੀਧਰ ਅੰਕ ਵੀ ਸ਼ਾਮਲ ਸਨ।
ਬਬਰ ਅਕਾਲੀ ਭਾਈ ਕਰਮ ਸਿੰਘ ਜੀ ਦੀ ਸ਼ਹਾਦਤ:
ਬਬਰ ਅਕਾਲੀ ਲਹਿਰ ਦੇ ਨਾਇਕ ਭਾਈ ਕਰਮ ਸਿੰਘ ਬਬਰ ਅੰਗਰੇਜ਼ ਹਕੂਮਤ ਖ਼ਿਲਾਫ਼ ਇਨਕਲਾਬੀ ਸੰਘਰਸ਼ ਕਰਦਿਆਂ, 1 ਸਤੰਬਰ 1923 ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਬੇਲੀ ਵਿਖੇ, ਪੁਲਿਸ ਮੁਕਾਬਲਾ ਵਿਚ ਸ਼ਹੀਦ ਹੋਏ। ਇਸ ਮੌਕੇ ਆਪ ਦੇ ਨਾਲ ਭਾਈ ਮਹਿੰਦਰ ਸਿੰਘ ਪੰਡੋਰੀ, ਭਾਈ ਗੰਗਾ ਸਿੰਘ, ਭਾਈ ਉਦੇ ਸਿੰਘ ਰਾਮਗੜੂ ਝੁੰਗੀਆਂ ਅਤੇ ਭਾਈ ਬਿਸ਼ਨ ਸਿੰਘ ਮਾਂਗਟਾਂ ਨੇ ਵੀ ਸ਼ਹੀਦੀਆਂ ਪਾਈਆਂ। ਸੱਤਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਜੀ ਦਾ ਅਸਥਾਨ ਗੁਰਦੁਆਰਾ ਚੌਂਤਾਂ ਸਾਹਿਬ, ਇਹਨਾਂ ਬਬਰ ਅਕਾਲੀ ਯੋਧਿਆਂ ਦਾ ਸ਼ਹੀਦੀ ਅਸਥਾਨ ਹੈ। ਬਬਰ ਅਕਾਲੀ ਯੋਧਿਆਂ ਦੀਆਂ ਸ਼ਹਾਦਤਾਂ ਬਾਰੇ ਲੋਕ ਮਨਾਂ ਵਿੱਚ ਇਹ ਸ਼ਬਦ ਪ੍ਰਚਲਤ ਹੋ ਚੁੱਕੇ ਸਨ ;
''ਲਾੜੀ ਮੌਤ ਨੂੰ ਕਰਨ ਪ੍ਰਣਾਮ ਚੱਲੇ,
ਸੇਹਰੇ ਲਟਕਦੇ ਬਬਰ ਅਕਾਲੀਆਂ ਦੇ''
ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਅਤੇ ਉਨ੍ਹਾਂ ਦੇ ਸਾਥੀ ਯੋਧਿਆਂ ਦੀਆਂ ਸ਼ਹੀਦੀਆਂ ਸਦਕਾ ਹੀ ਦੇਸ਼ ਦੀਆਂ ਅੰਗਰੇਜ਼ਾਂ ਤੋਂ ਗ਼ੁਲਾਮੀ ਦੀਆਂ ਜ਼ੰਜੀਰਾਂ ਟੁੱਟੀਆਂ। ਪਰ ਅੱਜ ਦੁਖਦਾਈ ਗੱਲ ਇਹ ਹੈ ਕਿ ਨਵ-ਬਸਤੀਵਾਦ ਅਤੇ ਫਾਸ਼ੀਵਾਦ ਦੀਆਂ ਲੋਕ ਵਿਰੋਧੀ ਤਾਕਤਾਂ ਭਾਰਤ ਵਿੱਚ ਸੱਤਾ 'ਤੇ ਕਾਬਜ਼ ਹਨ। ਅਜੋਕੀ ਫਾਸ਼ੀਵਾਦੀ ਸਟੇਟ ਖਿਲਾਫ਼ ਘੱਟ ਗਿਣਤੀਆਂ ਹੱਕਾਂ ਲਈ ਜੂਝ ਰਹੀਆਂ ਹਨ। ਗ਼ਦਰੀ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਤੇ ਉਨ੍ਹਾਂ ਵਰਗੇ ਅਨੇਕਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਾਰਨ ਮਿਲੀ ਸੱਤਾਂ 'ਤੇ ਕਾਬਜ਼ ਫਾਸ਼ੀਵਾਦੀਆਂ ਨੂੰ ਤੱਕ ਕੇ ਮੂੰਹੋਂ ਇਹੀ ਨਿਕਲਦਾ ਹੈ; 'ਸ਼ੇਰਾਂ ਦੀਆਂ ਮਾਰਾਂ 'ਤੇ ਗਿੱਦੜ ਦੀਆਂ ਕਲੋਲਾਂ'। ਘੱਟ ਗਿਣਤੀਆਂ ਦੀ ਦੁਸ਼ਮਣ ਅੱਜ ਦੀ ਫਾਸ਼ੀਵਾਦੀ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਹੀ ਮਹਾਨ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਨੂੰ ਸੱਚੀ ਸ਼ਰਧਾਂਜਲੀ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਬਬਰ ਅਕਾਲੀ ਯੋਧਿਆਂ ਖ਼ਿਲਾਫ਼ ਪਾਸ ਕੀਤੇ ਮਤੇ ਤੁਰੰਤ ਹਟਾਉਣ ਦੀ ਲੋੜ
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ਹੀਦ ਭਾਈ ਕਰਮ ਸਿੰਘ ਬਬਰ ਨੇ ਆਪਣੀ ਜਾਨ ਦੇ ਕੇ ਸਾਨੂੰ ਸਰਦਾਰੀਆਂ ਬਖ਼ਸ਼ੀਆਂ ਹਨ, ਪਰ ਅਸੀਂ ਇਸ ਮਹਾਨ ਯੋਧੇ ਨੂੰ ਵਿਸਾਰ ਚੁੱਕੇ ਹਾਂ। ਸਕੂਲਾਂ ਦੀਆਂ ਪਾਠ ਪੁਸਤਕਾਂ ਵਿੱਚ ਇਨ੍ਹਾਂ ਬੱਬਰ ਅਕਾਲੀਆਂ ਅਤੇ ਗਦਰੀ ਯੋਧਿਆਂ ਦਾ ਇਤਿਹਾਸ ਪੜ੍ਹਾਇਆ ਨਹੀਂ ਜਾਂਦਾ। ਦੂਜੇ ਪਾਸੇ ਇਹ ਗੱਲ ਜ਼ਰੂਰ ਮਾਣ ਵਾਲੀ ਹੈ ਕਿ ਪਿੰਡ ਦੌਲਤਪੁਰ, ਵਿੱਚ ਬਬਰ ਸ਼ਹੀਦਾਂ ਦੀ ਯਾਦ 'ਚ ਉਸਾਰੇ ਗਏ ਸਮਾਰਕ ਸਭ ਲਈ ਪ੍ਰੇਰਨਾ ਸਰੋਤ ਹਨ। ਇੱਥੇ 57 ਬੱਬਰ ਸ਼ਹੀਦਾਂ ਦੀ ਵਿਰਾਸਤ ਵਜੋਂ ਇਨ੍ਹਾਂ ਦੇ ਹਥਿਆਰਾਂ ਅਤੇ ਸਾਹਿਤ ਨੂੰ ਸੰਭਾਲ ਕੇ ਰੱਖਿਆ ਹੈ, ਜੋ ਕਿ ਸੰਘਰਸ਼ ਦੇ ਰਾਹ 'ਤੇ ਚੱਲਣ ਅਤੇ ਜ਼ੁਲਮ ਖ਼ਿਲਾਫ਼ ਡਟਣ ਵਾਲਿਆਂ ਲਈ ਚਾਨਣ ਮੁਨਾਰੇ ਹਨ।
'ਬਬਰ ਅਕਾਲੀ ਲਹਿਰ' ਦੀ ਸ਼ਤਾਬਦੀ ਅਤੇ 'ਬਬਰ ਅਕਾਲੀ ਅਖ਼ਬਾਰ' ਦੇ 102ਵੇਂ ਸਥਾਪਨਾ ਦਿਹਾੜੇ ਦੇ ਸਮਾਗਮਾਂ ਦੀ ਸੰਪੂਰਨਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ 1922-23 ਦੌਰਾਨ ਬਬਰ ਅਕਾਲੀ ਯੋਧਿਆਂ ਖ਼ਿਲਾਫ਼ ਪਾਸ ਕੀਤੇ ਮਤੇ ਰੱਦ ਕਰੇ ਅਤੇ ਇਸ ਇਤਿਹਾਸਕ ਗ਼ਲਤੀ ਨੂੰ ਤੁਰੰਤ ਦਰੁਸਤ ਕਰੇ। ਅਜਿਹਾ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਬਬਰ ਅਕਾਲੀ ਅਖ਼ਬਾਰ ਦੇ ਸੰਪਾਦਕ ਭਾਈ ਕਰਮ ਸਿੰਘ ਦੌਲਤਪੁਰ ਅਤੇ ਸਮੂਹ ਬਬਰਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹੋਏ, ਸ਼੍ਰੋਮਣੀ ਕਮੇਟੀ ਨੂੰ ਅਜਿਹੇ ਮੰਦਭਾਗੇ ਮਤੇ ਤੁਰੰਤ ਹਟਾਉਣ ਦੀ ਲੋੜ ਹੈ। ਬਬਰ ਅਕਾਲੀ ਸ਼ਹੀਦ ਦੇ 102ਵੇਂ ਸ਼ਹੀਦੀ ਸਮਾਗਮ ਮੌਕੇ, ਸਮੁੱਚੇ ਤੌਰ 'ਤੇ ਮਤੇ ਪਾਸ ਕਰਕੇ ਅਜਿਹੀਆਂ ਇਤਿਹਾਸਿਕ ਗਲਤੀਆਂ ਨੂੰ ਦੂਰ ਕਰਨ ਅਤੇ ਮਹਾਨ ਸ਼ਹੀਦ ਦੇ ਸੁਨਹਿਰੀ ਇਤਿਹਾਸ ਨੂੰ ਉਜਾਗਰ ਕਰਨ ਦੀ ਲੋੜ ਹੈ।
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁਢਲੀ
ਐਬਟਸਫੋਰਡ, ਕੈਨੇਡਾ
604 825 1550

ਨਹੀਂਓਂ ਲੱਭਣੇ ਲਾਲ ਗੁਆਚੇ... ਦਸਤਾਰਧਾਰੀ ਤੂਫਾਨ ਸਿੰਘ (Turband Tornado Singh) ਬਾਬਾ ਫੌਜਾ ਸਿੰਘ (1 ਅਪ੍ਰੈਲ 1911 - 14 ਜੁਲਾਈ 2025) ਕਿਸੇ ਨਹੀਂ ਬਣ ਜਾਣਾ.. - ਡਾ. ਗੁਰਵਿੰਦਰ ਸਿੰਘ

114 ਸਾਲਾ ਬਜ਼ੁਰਗ, ਮੈਰਾਥਨ ਦੌੜਾਂ ਦਾ ਬਾਦਸ਼ਾਹ ਸਿੱਖ ਦੌੜਾਕ ਦਸਤਾਰਧਾਰੀ ਤੂਫ਼ਾਨ ਸਿੰਘ (Turband Tornado Singh) ਦੇ ਨਾਂ ਨਾਲ ਜਾਣੇ ਜਾਂਦੇ ਬਾਬਾ ਫੌਜਾ ਸਿੰਘ ਪੰਜਾਬ ਦੇ ਬਿਆਸ ਪਿੰਡ 'ਚ ਸਦੀਵੀ ਵਿਛੋੜਾ ਦੇ ਗਏ ਹਨ। ਉਹ ਸੈਰ ਕਰਦਿਆਂ ਇੱਕ ਹਾਦਸੇ ਦੀ ਲਪੇਟ ਵਿੱਚ ਆ ਗਏ, ਜੋ ਜਾਨ ਲੇਵਾ ਸਾਬਤ ਹੋਇਆ। ਇਸ ਤੋਂ ਵੀ ਦੁਖਦਾਈ ਤੇ ਸ਼ਰਮਨਾਕ ਗੱਲ ਇਹ ਹੈ ਕਿ ਉਹਨਾਂ ਨੂੰ ਟੱਕਰ ਮਾਰਨ ਵਾਲਾ ਜ਼ਾਲਮ ਰੁਕਿਆ ਨਹੀਂ, ਬਲਕਿ ਘਟਨਾ ਥਾਂ ਤੋਂ ਦੌੜ ਗਿਆ। ਬਾਬਾ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੀ ਗੱਡੀ ਦੇ ਡਰਾਈਵਰ ਵਜੋਂ ਹੁਣ ਪੁਲਿਸ ਨੇ ਕੈਨੇਡਾ ਤੋਂ ਗਏ 30 ਸਾਲਾ ਅੰਮ੍ਰਿਤਪਾਲ ਢਿੱਲੋ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦਾ ਪਿੰਡ ਦਾਸੂਪੁਰ ਨੇੜੇ ਕਰਤਾਰਪੁਰ, ਜਲੰਧਰ ਹੈ। ਇਸ ਵਿਅਕਤੀ ਨੇ ਮੰਨਿਆ ਹੈ ਕਿ ਹਾਦਸਾ ਉਸ ਕੋਲੋਂ ਹੋਇਆ ਹੈ, ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਹਾਦਸੇ ਦਾ ਸ਼ਿਕਾਰ ਵਿਸ਼ਵ ਦੌੜਾਕ ਸਿੱਖ ਬਾਬਾ ਫੌਜਾ ਸਿੰਘ ਹੈ। ਦੋਸ਼ੀ ਅੰਮ੍ਰਿਤਪਾਲ ਢਿੱਲੋਂ ਹਫਤਾ ਪਹਿਲਾਂ ਕੈਨੇਡਾ ਤੋਂ ਪੰਜਾਬ ਗਿਆ ਸੀ ਅਤੇ ਉਸ ਨੂੰ ਉਸਦੇ ਪਿੰਡ ਤੋਂ ਹੀ ਗ੍ਰਿਫਤਾਰ ਕੀਤਾ ਗਿਆ। ਇਹ ਕਹਿਣਾ ਵੀ ਮੰਦਭਾਗਾ ਹੈ ਕਿ ਉਸ ਨੂੰ ਮਗਰੋਂ ਪਤਾ ਲੱਗਿਆ ਕਿ ਹਾਦਸੇ ਚ ਕੌਣ ਮਾਰਿਆ ਗਿਆ। ਚਾਹੇ ਹਾਦਸੇ ਦਾ ਸ਼ਿਕਾਰ ਕੋਈ ਵੀ ਹੋਇਆ ਹੋਵੇ, ਫਰਜ਼ ਬਣਦਾ ਸੀ ਉੱਥੇ ਰੁਕਣਾ ਤੇ ਹਸਪਤਾਲ ਪਹੁੰਚਾਉਣਾ, ਪਰ ਢੀਠਤਾਈ ਦੀ ਹੱਦ ਹੈ ਕਿ ਮ੍ਰਿਤਕ ਬਾਰੇ ਪਤਾ ਲੱਗਣ ਤੋਂ ਬਾਅਦ ਵੀ ਖੁਦ ਆ ਕੇ ਜਿੰਮੇਵਾਰੀ ਨਹੀਂ ਕਬੂਲੀ, ਬਲਕਿ ਕਥਿਤ ਦੋਸ਼ੀ ਨੂੰ ਫੜਿਆ ਗਿਆ। ਇਹ ਕਲੰਕ ਉਸਦੇ ਮੱਥਿਓਂ ਮਰਨ ਤੱਕ ਨਹੀਂ ਲਹਿਣਾ। ਦਰਦਨਾਕ ਗੱਲ ਇਹ ਹੈ ਕਿ ਜਿਹੜਾ ਵਿਅਕਤੀ ਦੁਨੀਆ ਭਰ 'ਚ ਪੰਜਾਬੀਆਂ ਅਤੇ ਸਿੱਖਾਂ ਦਾ ਨਾਂ ਰੌਸ਼ਨ ਕਰਦਾ ਰਿਹਾ, ਉਹ ਪੰਜਾਬ ਦੀ ਧਰਤੀ 'ਤੇ 'ਹਿਟ ਐਂਡ ਰਨ' ਦਾ ਸ਼ਿਕਾਰ ਹੋ ਕੇ ਜਾਨ ਗਵਾ ਬੈਠਾ, ਅੱਤ ਮੰਦਭਾਗੀ, ਨਿੰਦਣਯੋਗ ਅਤੇ ਦੁਖਦਾਈ ਘਟਨਾ।
     ਇਰਾਦੇ ਦੇ ਪੱਕੇ, ਸਿਰੜੀ ਅਤੇ ਬੁਲੰਦ ਹੌਸਲੇ ਬਾਲੇ ਬਾਬਾ ਫੌਜਾ ਸਿੰਘ ਅਨੇਕਾਂ ਹੀ ਵਿਅਕਤੀਆਂ ਦੇ ਪ੍ਰੇਰਨਾ-ਸਰੋਤ ਸਨ। ਸੰਨ 1990 ਤੋਂ ਪੱਕੇ ਤੌਰ 'ਤੇ ਇੰਗਲੈਂਡ 'ਚ ਵਾਸਾ ਕਰਨ ਵਾਲੇ ਬਾਬਾ ਫੌਜਾ ਸਿੰਘ, ਅੱਜ ਕੱਲ ਬਿਆਸ ਰਹਿ ਰਹੇ ਸਨ ਅਤੇ ਹਮੇਸ਼ਾ ਚੜਦੀ ਕਲਾ ਚ ਰਹਿਣ ਵਾਲੀ ਸ਼ਖਸੀਅਤ ਸਨ। ਉਹਨਾਂ 1 ਅਪ੍ਰੈਲ 2025 ਨੂੰ ਆਪਣਾ 115ਵਾਂ ਜਨਮ ਦਿਨ ਮਨਾਇਆ ਸੀ ਅਤੇ ਉਤਸ਼ਾਹ ਨਾਲ ਚੜਦੀ ਕਲਾ ਵਿੱਚ ਨਜ਼ਰ ਆ ਰਹੇ ਸਨ। ਬਾਬਾ ਫੌਜਾ ਸਿੰਘ ਦੇ ਵਿਛੋੜੇ ਨੇ ਦਿਲ ਨੂੰ ਬੇਹਦ ਗਹਿਰੀ ਸੱਟ ਮਾਰੀ ਹੈ, ਪਰ ਉਹ ਕਿਸੇ ਬਿਮਾਰੀ ਨਾਲ ਸੰਸਾਰ ਤੋਂ ਨਹੀਂ ਗਏ, ਬਲਕਿ ਸੈਰ ਕਰਦਿਆਂ ਹੋਇਆਂ ਗੁਰੂ ਚਰਨਾਂ 'ਚ ਜਾ ਬਿਰਾਜੇ। ਉਹਨਾਂ ਨੇ 'ਸੈਰ ਦਾ ਇਸ਼ਕ' ਆਖਰੀ ਦਮ ਤੱਕ ਕਾਇਮ ਰੱਖਿਆ।
       ਬੇਬਾਕ, ਬੇਫਿਕਰ ਅਤੇ ਬੇਪਰਵਾਹ ਬਾਬਾ ਫੌਜਾ ਸਿੰਘ ਵਾਹਿਗੁਰੂ ਦੀ ਧੁਨ ਵਿੱਚ ਮਸਤ ਰਹਿੰਦੇ ਸਨ। ਕੌਮਾਂਤਰੀ ਸਿੱਖ ਦੌੜਾਕ ਬਾਬਾ ਫੌਜਾ ਸਿੰਘ ਦੀਆਂ ਕੈਨੇਡਾ ਫੇਰੀਆਂ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਉਹਨਾਂ ਨਾਲ ਵਿਚਾਰਾਂ ਕਰਨ ਦਾ ਸੁਭਾਗ ਮਿਲਿਆ। ਉਨਾਂ ਆਪਣੀ ਸਫਲਤਾ ਦਾ ਭੇਦ 'ਜ਼ਬਾਨ 'ਤੇ ਕਾਬੂ' ਨੂੰ ਕਰਾਰ ਦਿੱਤਾ। ਇਹ ਗੱਲ ਦੋਵੇਂ ਪਾਸਿਓਂ ਠੀਕ ਸੀ, ਖਾਣ ਪੀਣ ਪੱਖੋਂ ਵੀ ਆਪਣੀ ਜੀਭ 'ਤੇ ਕਾਬੂ ਅਤੇ ਬੋਲਣ ਪੱਖੋਂ ਵੀ ਕੰਟਰੋਲ। ਬਾਬਾ ਫੌਜਾ ਸਿੰਘ ਨੇ ਦੁਨੀਆ ਭਰ ‘ਚ ਦਸਤਾਰ ਤੇ ਸਿੱਖੀ ਦਾ ਨਾਮ ਰੌਸ਼ਨ ਕੀਤਾ ਤੇ ਅਨੇਕਾਂ ਮਨੁੱਖਾਂ ਨੂੰ ਹਿੰਮਤ ਦੀ ਪ੍ਰੇਰਨਾ ਬਖਸ਼ੀ।
     ਬਾਬਾ ਫੌਜਾ ਸਿੰਘ ਦੇ ਮੁਤਾਬਿਕ ਉਹਨਾਂ ਦਾ ਦਾ ਜਨਮ 1 ਅਪ੍ਰੈਲ 1911 ਨੂੰ ਬਿਆਸ ਪਿੰਡ, ਜ਼ਿਲ੍ਹਾ ਜਲੰਧਰ  ਵਿੱਖੇ ਹੋਇਆ ਸੀ। ਇਹ ਤਾਰੀਖ ਹੀ ਉਹਨਾਂ ਦੇ ਪਾਸਪੋਰਟ ਉਪਰ ਹੈ, ਬੇਸ਼ੱਕ ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਹਾਲਾਤ ਕਾਰਨ ਉਹਨਾਂ ਦਾ ਜਨਮ ਪ੍ਰਮਾਣ ਪੱਤਰ ਨਹੀਂ ਮਿਲ ਸਕਿਆ ਸੀ।ਇੱਕ ਟੈਲੀਵਿਜ਼ਨ ਇੰਟਰਵਿਊ ਦੌਰਾਨ ਉਹਨਾਂ ਮੇਰੇ ਨਾਲ ਆਪਣੇ ਬਚਪਨ ਬਾਰੇ  ਸੰਜੀਦਾ ਗੱਲਾਂ ਕੀਤੀਆਂ ਅਤੇ ਦੱਸਿਆ ਕਿ ਉਹਨਾਂ ਦੀਆਂ ਲੱਤਾਂ ਜਨਮ ਤੋਂ ਹੀ ਕਮਜ਼ੋਰ ਸਨ ਅਤੇ ਸਰੀਰ ਦਾ ਭਾਰ ਚੁੱਕਣ ਤੋਂ ਵੀ ਅਸਮਰਥ ਸਨ। ਉਹ ਇਸ ਨੂੰ ਰੱਬੀ ਕਰਾਮਾਤ ਹੀ ਮੰਨਦੇ ਸਨ ਕਿ ਜਿਹੜਾ ਬਾਲਕ ਜ਼ਿੰਦਗੀ ਦੇ ਪੰਜ ਵਰ੍ਹੇ ਚੰਗੀ ਤਰ੍ਹਾਂ ਨਹੀਂ ਚੱਲਿਆ, ਉਹ ਬਜ਼ੁਰਗੀ ਦੀ ਉਮਰ 'ਚ ਜਾ ਕੇ, ਜ਼ਿੰਦਗੀ ਦੀ ਦੌੜ ਵਿੱਚ ਸਾਰਿਆਂ ਨੂੰ ਪਿੱਛੇ ਛੱਡ ਜਾਏਗਾ। ਬਾਬਾ ਫੌਜਾ ਸਿੰਘ ਦਾ ਕੱਦ 5 ਫੁਟ 8 ਇੰਚ ਤੇ ਸਰੀਰਕ ਵਜ਼ਨ  52 ਕਿਲੋਗ੍ਰਾਮ ਸੀ।
    ਨਿਰਮਲ ਤੇ ਨਿਰਛਲ ਸੋਚ ਦੇ ਧਾਰਨੀ, ਸਾਦ ਮੁਰਾਦੇ ਅਤੇ ਸਰਲ ਸੁਖੈਨ ਖਿਆਲਾਂ ਵਾਲੇ ਬਾਬਾ ਫੌਜਾ ਸਿੰਘ ਬੇਹਦ ਮਿਲਣਸਾਰ ਮਨੁੱਖ ਸਨ। ਇੰਗਲੈਂਡ ਵਾਸੀ ਲਿਖਾਰੀ ਡਾ. ਗੁਰਦੀਪ ਸਿੰਘ ਜਗਬੀਰ ਲਿਖਦੇ ਹਨ ਕਿ ਜ਼ਿੰਦਗੀ ਦੇ ਕਈ ਉਤਾਰ ਚੜਾਓ ਦੇਖਣ ਤੋਂ ਬਾਅਦ 1990 ਦੇ ਦਹਾਕੇ ਵਿੱਚ ਭਾਈ ਫੌਜਾ ਸਿੰਘ ਇੰਗਲੈਂਡ ਆ ਗਏ ਅਤੇ ਲੰਡਨ ਦੇ ਇਲਫੋਰਡ ਵਿੱਖੇ ਆਪਣੇ ਇੱਕ ਪੁੱਤਰ ਨਾਲ ਕਾਫੀ ਸਮਾਂ ਰਹਿੰਦੇ ਰਹੇ। ਉਹਨਾਂ ਕਈ ਉਮਰ ਵਰਗਾਂ ਵਿੱਚ ਕਈ ਵਿਸ਼ਵ ਰਿਕਾਰਡ ਤੋੜੇ ਕੇ ਆਪਣੇ ਨਾਮ ਕੀਤੇ। 2003 ਸਾਲ ਦੇ ਦੌਰਾਨ ਲੰਡਨ ਮੈਰਾਥਨ  ਦੇ ਲਈ ਉਹਨਾਂ ਦਾ ਨਿੱਜੀ ਸਭ ਤੋਂ ਵਧੀਆ ਸਮਾਂ 6 ਘੰਟੇ 2 ਮਿੰਟ ਹੈ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ। ਬਾਬਾ ਫੌਜਾ ਸਿੰਘ ਨੇ ਸਾਲ 2000 ਦੇ ਦੌਰਾਨ ਲੰਡਨ ਮੈਰਾਥਨ ਦੇ ਲਈ ਆਪਣੀ ਪਹਿਲੀ ਦੌੜ, ਦੌੜੀ ਸੀ ਅਤੇ ਬੜੀ ਆਸਾਨੀ ਦੇ ਨਾਲ 20 ਕਿਲੋਮੀਟਰ ਤੱਕ ਦੌੜ ਕੇ ਇਹ ਪੈਂਡਾ ਤੈਅ ਕੀਤਾ ਸੀ। 93 ਸਾਲ ਦੀ ਉਮਰ ਵਿੱਚ, 90 ਤੋਂ ਵੱਧ ਉਮਰ ਵਰਗ ਵਾਲੀ ਮੈਰਾਥਨ, ਭਾਈ ਫੌਜਾ ਸਿੰਘ ਨੇ 6 ਘੰਟੇ ਅਤੇ 54 ਮਿੰਟ ਵਿੱਚ ਪੂਰੀ ਕੀਤੀ, ਜੋ ਕਿ ਦੁਨੀਆ ਦੇ ਸਭ ਤੋਂ ਵਧੀਆ ਮੈਰਾਥਨ ਨਾਲੋਂ 58 ਮਿੰਟ ਤੇਜ਼ ਸੀ।
    ਮੈਰਾਥਨ ਦੌੜਾਂ ਦੇ ਬਾਦਸ਼ਾਹ ਬਾਬਾ ਫੌਜਾ ਸਿੰਘ ਨੂੰ 2004, 2008 ਤੇ 2012 ਦੀਆਂ ਓਲੰਪਿਕ ਖੇਡਾਂ ਦੀ ਮਿਸ਼ਾਲ ਲੈ ਕੇ ਦੌੜਨ ਦਾ ਮਾਣ ਮਿਲਿਆ। 100 ਸਾਲ ਦੀ ਉਮਰ ਵਿੱਚ, ਪਗੜੀਧਾਰੀ ਝੱਖੜ ਬਾਬਾ ਫ਼ੌਜਾ ਸਿੰਘ ਨੇ ਕੈਨੇਡਾ ਦੇ ਬਿਰਚਮਾਉਂਟ ਸਟੇਡੀਅਮ ਵਿੱਖੇ ਆਯੋਜਿਤ ਵਿਸ਼ੇਸ਼ ਓਂਟਾਰੀਓ ਮਾਸਟਰਜ਼ ਐਸੋਸੀਏਸ਼ਨ ਇਨਵੀਟੇਸ਼ਨਲ ਮੀਟ ਵਿੱਚ 'ਇੱਕ ਦਿਨ ਵਿੱਚ ਅੱਠ ਵਿਸ਼ਵ ਰਿਕਾਰਡ' ਆਪਣੇ ਨਾਮ ਕੀਤੇ। ਆਯੋਜਕਾਂ ਵੱਲੋਂ ਮਿੱਥੇ ਸਮੇਂ ਦੇ ਮੁਤਾਬਿਕ, 100 ਮੀਟਰ 23.14 ਵਿੱਚ, 200 ਮੀਟਰ 52.23 ਵਿੱਚ , 400 ਮੀਟਰ 2:13.48 ਵਿੱਚ, 5:32.18 ਵਿੱਚ ,800 ਮੀਟਰ 11:27.81 ਵਿੱਚ, 1500 ਮੀਟਰ , 11:53.45 ਵਿੱਚ , 3000 ਮੀਟਰ 24:52.47 ਵਿੱਚ , ਅਤੇ 5000 ਮੀਟਰ, 49:57.39 ਵਿੱਚ ਦੌੜ ਕੇ ਇੱਕ ਦਿਨ ਵਿੱਚ ਪੰਜ ਵਿਸ਼ਵ ਰਿਕਾਰਡ ਆਪਣੇ ਨਾਮ ਕੀਤੇ। 16 ਅਕਤੂਬਰ 2011 ਨੂੰ, ਭਾਈ ਫ਼ੌਜਾ ਸਿੰਘ ਸਿੰਘ ਨੂੰ ਟੋਰਾਂਟੋ ਵਾਟਰਫਰੰਟ ਮੈਰਾਥਨ, 8:11:06 ਸਮੇਂ ਵਿੱਚ ਪੂਰੀ ਕਰਨ ਦੇ ਲਈ, 'ਪਹਿਲਾ 100 ਸਾਲਾ ਦਾ ਵਿਅਕਤੀ' ਬਣਨ ਦਾ ਮਾਣ ਹਾਸਲ ਹੋਇਆ। ਇੱਕ ਵਾਰ ਜਦੋਂ ਬਾਬਾ ਫੌਜਾ ਸਿੰਘ ਨੂੰ ਮਾਨ-ਸਨਮਾਨ ਅਤੇ ਅਵਾਰਡਾਂ ਬਾਰੇ ਪੁੱਛਿਆ, ਤਾਂ ਉਹਨਾਂ ਕਿਹਾ ਕਿ ਮੈਂ ਇਹਨਾਂ ਸੰਸਾਰਕ ਮਾਨ-ਸਨਮਾਨਾਂ ਦੀ ਥਾਂ, ਲੋਕਾਂ ਵੱਲੋਂ ਮਿਲੇ ਬੇਅੰਤ ਅਤੇ ਅਥਾਹ ਸਤਿਕਾਰ ਅਤੇ ਵਿਸ਼ੇਸ਼ ਕਰਕੇ ਦੁਨੀਆ ਭਰ ਦੇ ਸਿੱਖਾਂ ਵੱਲੋਂ ਮਿਲੇ ਪਿਆਰ ਨੂੰ 'ਸਭ ਤੋਂ ਵੱਡਾ ਅਵਾਰਡ' ਮੰਨਦਾ ਹਾਂ।
      ਸਹਿਜਤਾ, ਸੁਹਿਰਦਤਾ ਅਤੇ ਸਾਦਗੀ ਦੀ ਮੂਰਤ ਬਾਬਾ ਫੌਜਾ ਸਿੰਘ ਨੇ ਸੰਸਾਰ ਭਰ ਵਿੱਚ ਸਿੱਖੀ ਦਾ ਝੰਡਾ ਉੱਚਾ ਕੀਤਾ। ਉਹਨਾਂ ਦੀ ਦਸਤਾਰ 'ਤੇ ਸਜੇ ਖੰਡੇ ਦੀ ਤਸਵੀਰ ਨੇ ਸੰਸਾਰ ਭਰ ਵਿੱਚ ਸਿੱਖਾਂ ਦੀ ਪਛਾਣ ਨੂੰ ਚਾਰ ਚੰਨ ਲਾਏ ਹਨ। ਬੇਸ਼ਕ ਉਹ ਜਿਸਮਾਨੀ ਤੌਰ 'ਤੇ ਸੰਸਾਰ ਤੋਂ ਚਲੇ ਗਏ ਹਨ, ਪਰ ਉਹਨਾਂ ਦੀ ਯਾਦ ਤਾਜ਼ਾ ਰੱਖਣ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਬਾਬਾ ਫੌਜਾ ਸਿੰਘ ਦੀ ਤਸਵੀਰ ਸੁਸ਼ੋਭਤ ਕਰਨੀ ਚਾਹੀਦੀ ਹੈ, ਤਾਂ ਕਿ ਆਉਣ ਵਾਲੀਆਂ ਸਿੱਖ ਨਸਲਾਂ ਮਹਾਨ ਦਸਤਾਰਧਾਰੀ ਤੂਫਾਨ ਅਤੇ ਮੈਰਾਥਾਨ ਦੌੜਾਂ ਦੇ ਬਾਦਸ਼ਾਹ ਬਾਬਾ ਫੌਜਾ ਸਿੰਘ ਤੋਂ ਪ੍ਰੇਰਨਾ ਲੈ ਸਕਣ ਅਤੇ ਉਹਨਾਂ ਦੀ ਨਾਕਸ਼ੇ-ਕਦਮਾਂ 'ਤੇ ਚਲ ਸਕਣ! ਬੇਸ਼ੱਕ 14 ਜੁਲਾਈ 2025 ਨੂੰ ਬਾਬਾ ਫੌਜਾ ਸਿੰਘ ਦੇ ਅਕਾਲ ਚਲਾਣੇ ਨਾਲ ਸੰਸਾਰ ਭਰ 'ਚ ਵਸਦੇ ਪੰਜਾਬੀਆਂ ਵਿੱਚ ਸੋਗ ਦੀ ਲਹਿਰ ਹੈ। ਸਾਡੀ ਸਭਨਾਂ ਦੀ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਕਿ ਬਾਬਾ ਫੌਜਾ ਸਿੰਘ ਵਰਗੀਆਂ ਰੂਹਾਂ ਦਾ ਪਿਆਰ ਸਦਾ ਬਖਸ਼ਦੇ ਰਹਿਣ ਅਤੇ ਉਨਾਂ ਦੀ ਦੇਣ ਨੂੰ ਅਸੀਂ ਸਦਾ ਦਿਲਾਂ ਵਿੱਚ ਕਾਇਮ ਰੱਖੀਏ!

158ਵੇਂ ਸਥਾਪਨਾ ਦਿਹਾੜੇ 'ਤੇ ਵਿਸ਼ੇਸ਼ - ਵਸਦਾ ਰਹੇ ਕੈਨੇਡਾ ਪੁੱਤ ਪਰਦੇਸੀਆਂ ਲਈ! - ਡਾ. ਗੁਰਵਿੰਦਰ ਸਿੰਘ

ਪਹਿਲੀ ਜੁਲਾਈ ਦਾ ਦਿਹਾੜਾ ਹਰ ਸਾਲ, ਕੈਨੇਡਾ ਦੇ ਸਥਾਪਨਾ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। 1 ਜੁਲਾਈ 1867 ਈਸਵੀ ਨੂੰ ਕਾਨਫੈਡਰੇਸ਼ਨ ਰਾਹੀਂ ਕੈਨੇਡੀਅਨ ਪ੍ਰੋਵਿੰਸ ਇਕੱਠੇ ਹੋ ਕੇ, ਸੰਯੁਕਤ ਕੈਨੇਡਾ ਦੇ ਰੂਪ 'ਚ ਉੱਭਰੇ ਸਨ, ਜਿਸ ਵਿੱਚ ਮਗਰੋਂ ਹੋਰ ਪ੍ਰੋਵਿੰਸ ਵੀ ਜੁੜਦੇ ਗਏ, ਜਿਸ ਦੇ ਆਧਾਰ 'ਤੇ ਇਸ ਦਿਹਾੜੇ ਨੂੰ 'ਕੈਨੇਡਾ ਡੇਅ' ਵਜੋਂ ਮਨਾਏ ਜਾਣ ਦੀ ਪਿਰਤ ਪਈ। 'ਕੈਨੇਡਾ' ਸ਼ਬਦ ਮੂਲਵਾਸੀ ਅਰੋਕਵੀਨ ਭਾਈਚਾਰੇ ਦੇ ਲੋਕਾਂ ਦੀ ਬੋਲੀ ਤੋਂ ਆਇਆ ਹੈ, ਅਸਲ ਸ਼ਬਦ 'ਕਨਾਟਾ' ਹੈ, ਜਿਸ ਦਾ ਅਰਥ ਹੈ 'ਪਿੰਡ'। ਕਹਿਣ ਨੂੰ ਚਾਹੇ ਕੈਨੇਡਾ ਨੂੰ 'ਪਰਵਾਸੀਆਂ ਦੀ ਧਰਤੀ' ਕਹਿ ਕੇ ਪ੍ਰਚਾਰਿਆ ਜਾਂਦਾ ਹੈ, ਪਰ ਅਸਲ ਵਿੱਚ ਇਹ ਇੰਡਿਜਿਨਸ ਭਾਈਚਾਰਿਆਂ ਦੀ ਧਰਤੀ ਹੈ, ਜੋ ਕਿ ਇੱਥੋਂ ਦੇ ਮੂਲ ਵਸਨੀਕ ਹਨ। ਜਦੋਂ ਤੋਂ ਯੂਰਪੀਅਨ ਕੌਮਾਂ ਨੇ ਚਰਚ ਦੇ ਆਦੇਸ਼ 'ਤੇ ਕੈਨੇਡਾ ਆ ਕੇ ਇਨ੍ਹਾਂ ਮੂਲਵਾਸੀ ਲੋਕਾਂ 'ਤੇ ਜਬਰ ਢਾਹੁਣੇ ਸ਼ੁਰੂ ਕੀਤੇ, ਉਦੋਂ ਤੋਂ ਕੈਨੇਡੀਅਨ ਇਤਿਹਾਸ ਇੱਥੋਂ ਦੀਆਂ ਮੂਲ ਕੌਮਾਂ ਦੀ ਬੋਲੀ ਅਤੇ ਸੱਭਿਆਚਾਰ ਦੀ ਨਸਲਕੁਸ਼ੀ ਦਾ ਇਤਿਹਾਸ ਬਣ ਗਿਆ।
    "ਧਰਤ ਕੈਨੇਡਾ ਦਾ ਪੜ੍ਹੋ, ਦੁਖਦਾਈ ਇਤਿਹਾਸ।
     ਹਮਲਾਵਰ ਮਾਲਕ ਬਣੇ, ਮਾਲਕ ਬਣ ਗਏ ਦਾਸ।"
     ਚਾਹੇ ਇਹ ਨਸਲਵਾਦ ਇੱਕ ਤੋਂ ਦੋ ਸਦੀਆਂ ਪਹਿਲਾਂ ਦੇ ਇਤਿਹਾਸ ਦਾ ਕਾਲਾ ਵਰਕਾ ਹੈ, ਪਰ ਅੱਜ ਵੀ ਇਸਦਾ ਕਲੰਕ ਕੈਨੇਡਾ ਨੂੰ ਸ਼ਰਮਸ਼ਾਰ ਕਰ ਰਿਹਾ ਹੈ। ਇਹ ਵੀ ਸੱਚ ਹੈ ਕਈ 'ਅਖੌਤੀ ਲੋਕਰਾਜੀ' ਦੇਸ਼ਾਂ 'ਚ ਮੌਜੂਦਾ ਸਮੇਂ ਇਹੋ-ਜਿਹੇ ਜ਼ੁਲਮ ਜਾਰੀ ਹਨ, ਪਰ ਫਾਸ਼ੀਵਾਦੀ ਸਰਕਾਰਾਂ ਸ਼ਰਮਸਾਰ ਹੋਣ ਦੀ ਥਾਂ ਦਿਨੋਂ-ਦਿਨ ਲੋਕਾਂ 'ਤੇ ਤਸ਼ੱਦਦ ਵਧਾ ਰਹੀਆਂ ਹਨ। ਕੈਨੇਡਾ ਦੇ ਇਤਿਹਾਸ ਦੇ ਕਾਲੇ ਅਧਿਆਇ ਬਾਰੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 22 ਸਤੰਬਰ 2017 ਨੂੰ ਸੰਯੁਕਤ ਰਾਸ਼ਟਰ ਵਿੱਚ ਬੋਲਦਿਆਂ ਕਿਹਾ ਸੀ ਕਿ ਕੈਨੇਡਾ ਅਜੂਬਿਆਂ ਦੀ ਧਰਤੀ ਨਹੀਂ, ਬਲਕਿ 12 ਲੱਖ ਮੂਲਵਾਸੀਆਂ ਸਬੰਧੀ ਨਾਕਾਮੀਆਂ, ਅਪਮਾਨ ਅਤੇ ਬਦਸਲੂਕੀ ਦੇ ਇਤਿਹਾਸ ਤੋਂ ਪ੍ਰਭਾਵਤ ਹੈ, ਜਿਸ ਨੂੰ ਕੌਮਾਂਤਰੀ ਭਾਈਚਾਰਾ ਮਨੁੱਖੀ ਅਧਿਕਾਰਾਂ ਦੇ ਮਾਪਦੰਡਾਂ ਅਨੁਸਾਰ ਸੁਧਾਰਨ ਦੀ ਆਸ ਕਰਦਾ ਹੈ। ਕੈਨੇਡਾ ਦਿਹਾੜਾ ਅਜਿਹੀਆਂ ਗ਼ਲਤੀਆਂ ਦੇ ਪਛਤਾਵੇ ਦਾ ਢੁਕਵਾਂ ਦਿਹਾੜਾ ਹੈ।
   ਦਰਅਸਲ 17ਵੀਂ ਸਦੀ ਵਿੱਚ ਕੈਨੇਡਾ ‘ਚ ਫਰਾਂਸ ਬਸਤੀਵਾਦ ਦੇ ਨਾਲ ਹੀ ਮੂਲਵਾਸੀ ਲੋਕਾਂ ਦਾ ਤਬਾਹੀ ਦਾ ਮੁੱਢ ਬੰਨ੍ਹਿਆ ਜਾ ਚੁੱਕਿਆ ਸੀ। ਇੰਗਲੈਂਡ ਚਰਚ, ਰੋਮਨ ਕੈਥੋਲਿਕ ਅਤੇ ਯੂਨਾਈਟਿਡ ਚਰਚ ਸਮੇਤ ਕਈ ਬਸਤੀਵਾਦੀ ਤੇ ਨਸਲਵਾਦੀ ਤਾਕਤਾਂ ਨੇ ਕੈਨੇਡਾ ਦੇ ਨੇਟਿਵ ਲੋਕਾਂ ਨੂੰ ਨਿਸ਼ਾਨਾ ਬਣਾਇਆ।18 ਵੀਂ ਅਤੇ 19ਵੀਂ ਸਦੀ ਦੇ ਦੌਰ ‘ਚ ਇਨ੍ਹਾਂ ਈਸਾਈ ਚਰਚਾਂ ਨੇ ਮੂਲਵਾਸੀਆਂ ਦੀ ਵਿਰਾਸਤ , ਬੋਲੀ ਤੇ ਪਛਾਣ ਖਤਮ ਕਰਨ ਲਈ ਰੈਜ਼ੀਡੈਂਸ਼ੀਅਲ ਅਤੇ ਬੋਰਡਿੰਗ ਸਕੂਲਾਂ ਦਾ ਪੱਤਾ ਖੇਡਿਆ, ਜਿਥੇ ਕਿ ਮੂਲਵਾਸੀਆਂ ਦੇ ਬੱਚਿਆਂ ਨੂੰ ਗ਼ੁਲਾਮ ਬਣਾ ਕੇ ਉਨ੍ਹਾਂ ਦਾ ਹਰ ਪੱਖੋਂ ਸ਼ੋਸ਼ਣ ਕੀਤਾ ਜਾਂਦਾ ਸੀ।
    ਓਟਾਰੀਓ ‘ਚ ਫਰੈਂਟਫੋਰਡ ਦੇ ਸਿਕਸ ਨੇਸ਼ਨ ਆਫ਼ ਗੋਲਡਨ ਰਿਵਰ ਦੇ ਮੂਲਵਾਸੀਆਂ ਨੂੰ 1834 ਵਿੱਚ ਮੋਹਾਵਕ ਇਨਸਟੀਟਿਊਟ ਆਫ਼ ਰੈਜ਼ੀਡੈਂਸ਼ੀਅਲ ਸਕੂਲ ਰਾਹੀਂ , ਬੜੇ ਸ਼ਾਤੁਰਾਨਾ ਢੰਗ ਨਾਲ ਕਾਬੂ ਕੀਤਾ ਗਿਆ ਸੀ। ਤਰਕ ਇਹ ਦਿੱਤਾ ਗਿਆ ਕਿ 'ਪਿਛੜੇ ਲੋਕਾਂ ਦੇ ਬੱਚਿਆਂ ਨੂੰ ਸਭਿਅਕ’ ਬਣਾਉਣ ਲਈ ਇਹ ਸਕੂਲ ਖੋਲੇ ਗਏ ਹਨ, ਪਰ ਅਸਲ ਵਿੱਚ ਮੂਲਵਾਸੀਆਂ ਦੀ ਬੋਲੀ ਤੇ ਸਭਿਆਚਾਰ ਦਾ 'ਬੀ ਨਾਸ਼' ਕਰਨ ਦੀ ਇਹ ਨਸਲਵਾਦੀ ਸਾਜ਼ਿਸ਼ ਸੀ। ਅਠਾਰਵੀਂ ਸਦੀ ਤੋਂ ਲੈ ਕੇ ਵੀਹਵੀਂ ਸਦੀ ਤੱਕ ਇਹ ਸਿਲਸਿਲਾ ਚਲਦਾ ਰਿਹਾ। ਇਨ੍ਹਾਂ ਰੈਜ਼ੀਡੈਂਸ਼ੀਅਲ ਅਤੇ ਬੋਰਡਿੰਗ ਸਕੂਲਾਂ ਵਿੱਚ ਬੱਚਿਆਂ ਦੇ ਲਿੰਗਕ ਸ਼ੋਸ਼ਣ ਤੋਂ ਲੈ ਕੇ ਹੱਤਿਆਵਾਂ ਤੱਕ ਦੀਆਂ ਜਾਬਰਾਨਾਂ ਘਟਨਾਵਾਂ ਦੇ ਵੇਰਵੇ ਮਿਲਦੇ ਹਨ। ਇਕ ਖੋਜ ਅਨੁਸਾਰ ਰੋਮਨ ਕੈਥੋਲਿਕ ਚਰਚ ਵੱਲੋਂ 44, ਇੰਗਲੈਂਡ ਚਰਚ ਵੱਲੋਂ 21, ਯੂਨਾਈਟਿਡ ਚਰਚ ਵੱਲੋਂ 13 ਅਤੇ ਕਈ ਹੋਰਨਾਂ ਵੱਲੋਂ ਵੀ ਅਜਿਹੇ ਕਰੀਬ 139 ਸਕੂਲ ਖੋਲੇ ਗਏ ਸਨ, ਜੋ ਕਿ 20ਵੀਂ ਸਦੀ ਤੱਕ ਚਲਦੇ ਰਹੇ। ਮੂਲਵਾਸੀ ਲੋਕਾਂ ਦੇ ਡੇਢ ਲੱਖ ਬੱਚਿਆਂ ਨੂੰ ਇਨ੍ਹਾਂ ‘ਚ ਬੰਦ ਰੱਖਿਆ ਗਿਆ, ਜਿਨ੍ਹਾਂ ‘ਚ 3200 ਤੋਂ ਲੈ ਕੇ 6000 ਤੋਂ ਵੱਧ ਮੌਤਾਂ ਜਾਂ ਹਤਿਆਵਾਂ ਹੋਈਆਂ।
    ਚਾਹੇ ਕੈਨੇਡਾ ਦੇ ਮੂਲਵਾਸੀ ਲੰਮੇ ਸਮੇਂ ਤੋਂ ਇਹ ਆਖਦੇ ਆ ਰਹੇ ਹਨ ਕਿ ਉਨ੍ਹਾਂ ਦੇ ਹਜ਼ਾਰਾਂ ਬੱਚੇ ਰੈਜ਼ੀਡੈਂਸ਼ੀਅਲ ਸਕੂਲਾਂ ਦੀ ਧਰਤੀ 'ਚ ਦਫਨ ਕਰ ਦਿੱਤੇ ਗਏ ਸਨ, ਪਰ ਹਰ ਵਾਰ ਇਸ ਹਕੀਕਤ  ਨੂੰ ਹਮੇਸ਼ਾ ਦਬਾਉਣ ਦੀ ਹੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਸੰਨ 2021 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪਸ ਵਿੱਚ ਕੈਥਲਿਕ ਚਰਚ ਅਤੇ ਡੋਮੀਨੀਅਨ ਕੈਨੇਡਾ ਦੀ ਸਰਕਾਰ ਵੱਲੋਂ ਸਥਾਪਤ ਕੀਤੇ ਗਏ ਰੈਜ਼ੀਡੈਂਸ਼ੀਅਲ ਸਕੂਲ ਦੀ ਜਗ੍ਹਾ ਤੋਂ 215 ਬੱਚਿਆਂ ਦੀ ਸਰੀਰਕ ਅੰਗ ਮਿਲਣ ਨਾਲ ਇੰਡਿਜਨਸ ਭਾਈਚਾਰੇ ਅੰਦਰ ਗੁੱਸੇ ਦੀ ਲਹਿਰ ਫੈਲ ਗਈ ਸੀ। ਕਿਹਾ ਜਾਂਦਾ ਹੈ ਕਿ ਇਸ ਸਕੂਲ ਵਿੱਚ ਪੰਜ ਸੌ ਤੋਂ ਵੱਧ ਮੂਲਵਾਸੀ ਬੱਚੇ ਸਨ, ਜਿੱਥੇ ਉਨ੍ਹਾਂ ਨੂੰ ਆਪਣੇ ਵਿਰਸੇ, ਬੋਲੀ ਅਤੇ ਪਛਾਣ ਭੁਲਾ ਕੇ, ਜਬਰੀ ਇਸਾਈ ਬਣਾਇਆ ਜਾਂਦਾ ਸੀ ਅਤੇ ਇੰਗਲਿਸ਼ ਪੜ੍ਹਾਈ ਜਾਂਦੀ ਸੀ। ਇਸ ਸਕੂਲ 1890 ਤੋਂ  1969 ਤੱਕ ਚਲਦਾ ਰਿਹਾ, ਜਿਸ ਵਿਚ ਮੂਲਵਾਸੀ ਬੱਚਿਆਂ ਦੇ ਜਿਸਮਾਨੀ ਸੋਸ਼ਣ ਤੋਂ ਲੈ ਕੇ ਹੱਤਿਆਵਾਂ ਤੱਕ, ਹਰ ਤਰ੍ਹਾਂ ਦਾ ਘਿਨਾਉਣਾ ਅਪਰਾਧ ਹੋਇਆ। ਇਸ ਤੋਂ ਇਲਾਵਾ ਕੈਮਲੂਪਸ ਤੋਂ  215 ਬੱਚਿਆਂ ਦੇ ਸਰੀਰਕ ਅੰਗ ਅਤੇ ਪਿੰਜਰ ਮਿਲਣ 'ਤੇ ਪਛਤਾਵੇ ਵਜੋਂ ਕੈਨੇਡਾ ਦਾ ਝੰਡਾ ਨੀਵਾਂ ਕੀਤਾ ਗਿਆ।
      ਕੈਨੇਡਾ ਵਸਦੇ ਸਿੱਖ ਭਾਈਚਾਰੇ ਨੇ 'ਸਿੱਖ ਰਾਈਡਰਜ਼' ਦੀ ਨਾਂ ਹੇਠ ਮੋਟਰਸਾਈਕਲਾਂ ਤੇ ਸਵਾਰ ਹੋ ਕੇ, ਕੈਮਲੂਪਸ ਪਹੁੰਚ ਕੇ ਇਨ੍ਹਾਂ ਪੀੜਤ ਲੋਕਾਂ ਨਾਲ ਹਮਦਰਦੀ ਜਿਤਾਈ, ਜਿਸ ਲਈ ਇੰਡਿਜਨਸ ਵੱਲੋਂ ਸਿੱਖਾਂ ਨੂੰ ਆਪਣੇ ਹਮਦਰਦ ਜਾਣਦਿਆਂ ਧੰਨਵਾਦ ਕੀਤਾ ਗਿਆ ਅਤੇ ਦੁੱਖ ਵਿੱਚ ਸ਼ਰੀਕ ਮੰਨਿਆ ਗਿਆ। ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਰਿਜਾਈਨਾ ਸ਼ਹਿਰ ਦੇ ਨੇੜਿਓਂ ਇਕ ਹੋਰ ਰੈਜ਼ੀਡੈਂਸ਼ੀਅਲ ਸਕੂਲ ਦੀ ਜਗ੍ਹਾ ਤੋਂ 751 ਮੂਲਵਾਸੀ ਬੱਚਿਆਂ ਦੇ ਸਰੀਰਕ ਅੰਗ ਮਿਲਣ ਕਾਰਨ ਰੋਹ ਸਿਖਰ 'ਤੇ ਪਹੁੰਚਿਆ। ਪੜਤਾਲ ਅਨੁਸਾਰ ਇਨ੍ਹਾਂ ਮ੍ਰਿਤਕ ਬੱਚਿਆਂ ਦੀ ਘੱਟ ਤੋਂ ਘੱਟ ਉਮਰ, ਤਿੰਨ ਸਾਲ ਤੱਕ ਦੀ ਸੀ, ਜੋ ਕਿ ਹਿਰਦਾ ਵਲੂੰਧਰਨ ਵਾਲਾ ਸੱਚ ਸੀ।
        ਇਹ ਰੈਜ਼ੀਡੈਂਸ਼ੀਅਲ ਸਕੂਲ 1899 ਤੋਂ  ਲੈ ਕੇ 1997 ਤਕ ਚੱਲਿਆ, ਜਿਸ ਦੇ ਜ਼ੁਲਮ ਦੀ ਦਾਸਤਾਨ ਬੜੀ ਲੰਮੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਕਰਿੱਨਬਰੁਕ ਸ਼ਹਿਰ ਦੇ ਰੈਜ਼ੀਡੈਂਸ਼ੀਅਲ ਸਕੂਲ ਤੋਂ 182 ਬੱਚਿਆਂ ਦੇ ਅੰਗ ਮਿਲਣ ਨਾਲ ਮਾਤਮ ਹੋਰ ਵੀ ਡੂੰਘਾ ਹੋ ਗਿਆ।ਇਹ ਸ਼ਹਿਰ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਦੀ ਸਰਹੱਦ 'ਤੇ ਕੈਲਗਰੀ ਤੋਂ ਥੋੜ੍ਹੀ ਦੂਰ ਤੇ ਪੈਂਦਾ ਹੈ, ਜਿੱਥੇ ਇਸ ਰੈਜ਼ੀਡੈਂਸ਼ੀਅਲ ਸਕੂਲ ਵਿਚ ਮੂਲ ਨਿਵਾਸੀ ਬਚਿਆ ਦਾ ਅੰਤਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਅਤੇ ਬੱਚਿਆਂ ਦੀਆਂ ਹੱਤਿਆਵਾਂ ਉੱਘੀਆਂ ਹਸਤੀਆਂ ਵੱਲੋਂ ਕੀਤੀਆਂ ਜਾਂਦੀਆਂ ਸਨ। ਅਜਿਹੇ ਹੋਰ ਅਨੇਕਾਂ ਰੈਜ਼ੀਡੈਂਸ਼ੀਅਲ ਸਕੂਲਾਂ ਦੀਆਂ ਕਬਰਾਂ ਪੁੱਟਣ ਨਾਲ ਹੋਰ ਤਲਖ ਹਕੀਕਤਾਂ ਸਾਹਮਣੇ ਆਉਣ ਦੇ ਆਸਾਰ ਹਨ।
     ਫੈਡਰੇਸ਼ਨ ਆਫ ਸੋਵੇਰੀਅਨ ਇੰਡਿਜਨਸ ਫਰਸਟ ਨੇਸ਼ਨਜ਼, ਕਾਓਐਸਿਸ ਫਸਟ ਨੇਸ਼ਨ ਅਤੇ ਹੋਰਨਾਂ ਵੱਲੋਂ ਮੂਲਵਾਸੀ ਭਾਈਚਾਰਿਆਂ ਨੇ ਨਿਸ਼ਚਾ ਕੀਤਾ ਹੈ ਕਿ ਜਦੋਂ ਤਕ ਉਹ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਥਾਵਾਂ 'ਤੇ ਸਮੂਹ ਕਬਰਾਂ ਪੁੱਟ ਕੇ ਬੱਚਿਆਂ ਦੀਆਂ ਸਾਰੀਆਂ ਲਾਸ਼ਾਂ ਨਹੀਂ ਕਢਵਾ ਲੈਂਦੇ, ਓਦੋਂ ਤੱਕ ਉਹ ਚੈਨ ਨਾਲ ਨਹੀਂ ਬੈਠਣਗੇ। ਮੂਲ ਨਿਵਾਸੀ ਭਾਈਚਾਰੇ ਦੇ ਨਸਲਵਾਦ ਵਿੱਚ ਸ਼ਾਮਿਲ ਰੌਇਲ ਕੈਨੇਡੀਅਨ ਮੌਂਟੇਡ ਪੁਲਿਸ ਵੱਲੋਂ ਸਕੂਲਾਂ ‘ਚ ਭਰਤੀ ਕਰਨ ਲਈ ਮੂਲਵਾਸੀਆਂ ਦੇ ਬੱਚੇ ਜਬਰੀ ਚੁੱਕੇ ਜਾਂਦੇ ਸਨ। ਪੁਲਿਸ ਦੀਆਂ ਨਸਲਵਾਦੀ ਤੇ ਧੱਕੇਸ਼ਾਹੀ ਦੀਆਂ ਰੌਂਗਟੇ ਖੜੇ ਕਰਨ ਵਾਲੀ ਦਰਦਨਾਕ ਕਹਾਣੀਆਂ ਕੈਨੇਡਾ ਦੀ ਆਰ.ਸੀ. ਐਮ. ਪੀ. ਦਾ ਕਾਲਾ ਇਤਿਹਾਸ ਹਨ। ਇੱਕ ਹੋਰ ਜ਼ਿਕਰਯੋਗ ਗੱਲ ਹੈ ਕਿ ਆਰ ਸੀ ਐੱਮ ਪੀ ਦੇ ਮੂਲ ਵਾਸੀਆਂ ‘ਤੇ ਤਸ਼ੱਦਦ ਦੀ ਬ੍ਰਿਟਿਸ਼ ਕੋਲੰਬੀਆ ਚ ਵਾਪਰੀ ‘ਗਸਟੈਫਸਨ ਲੇਕ’ ਵਾਲੀ ਜ਼ਾਲਮਾਨਾ ਘਟਨਾ ਇਤਿਹਾਸ ਦੇ ਪੰਨਿਆਂ ਤੋਂ ਕਦੀ ਵੀ ਮਿਟ ਨਹੀਂ ਸਕੇਗੀ, ਜਿਸ ਵਿੱਚ ਕੈਨੇਡਾ ਦੇ ਮੂਲਵਾਸੀ ਭਾਈਚਾਰੇ ਦੇ ਲੋਕਾਂ ਉਪਰ ਹਜ਼ਾਰਾਂ ਗੋਲੀਆਂ ਚਲਾ ਕੇ ਉਨ੍ਹਾਂ ਦੀ ਜੱਦੀ-ਪੁਸ਼ਤੀ ਜ਼ਮੀਨ 'ਤੇ ਉਨ੍ਹਾਂ ਦੇ ਰਵਾਇਤੀ  ਤਿਉਹਾਰ ਰੋਕਣ ਦੀ ਸਾਜ਼ਿਸ਼ ਰਚੀ ਗਈ ਅਤੇ ਪੂੰਜੀਪਤੀਆਂ ਦਾ ਪੱਖ ਪੂਰਿਆ ਗਿਆ। ਬੀ.ਸੀ. ਦੇ ਤਤਕਾਲੀ ਅਟਾਰਨੀ ਜਨਰਲ ਉੱਜਲ ਦੁਸਾਂਝ ਦੀ ਅਗਵਾਈ ਵਿੱਚ ਹੋਇਆ ਇਹ ‘ਆਰ ਸੀ ਐੱਮ ਪੀ ਦਾ ਪੁਲਿਸ ਅਪ੍ਰੇਸ਼ਨ’ ਕੈਨੇਡਾ ਦੇ ਇਤਿਹਾਸ ਵਿੱਚ, ਕਿਸੇ ਛੋਟੇ ਜਿਹੇ ਮੂਲਵਾਸੀ ਸਮੂਹ ‘ਤੇ ਹੋਈ, ਹੁਣ ਤੱਕ ਦੀ ਸਭ ਤੋਂ ਵੱਡੀ ਹਥਿਆਰਬੰਦ ਪੁਲਿਸ ਕਾਰਵਾਈ ਮੰਨੀ ਜਾਂਦੀ ਹੈ।
       ਵੈਨਕੂਵਰ ਦੇ ਉਤਰ ਪੂਰਬ ਵਾਲੇ ਪਾਸੇ 450 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਮੂਲਵਾਸੀ ਲੋਕਾਂ ਦੀ ਜਗ੍ਹਾ ਗਸਟੈਫਸਨ ਲੇਕ ‘ਤੇ ਛੋਟੇ ਜਿਹੇ ਮੂਲਵਾਸੀ ਵਿਅਕਤੀਆਂ ਦੇ ਗਰੁੱਪ ਉੱਪਰ ਮੌਕੇ ਦੇ ਅਟਾਰਨੀ ਜਰਨਲ ਉਜੱਲ ਦੁਸਾਂਝ ਦੇ ਹੁਕਮ ਅਧੀਨ, 15 ਸਤੰਬਰ 1995 ਨੂੰ ਵੱਡੀ ਹਥਿਆਰਬੰਦ ਕਾਰਵਾਈ ਹੋਈ ਸੀ। ਦੁਸਾਂਝ ਨੇ ਖ਼ੁਦ ਮੰਨਿਆ ਕਿ ਛੋਟੇ ਜਿਹੇ 'ਮਿਲੀਟੈਂਟ ਗਰੁਪ' ਨੂੰ ਖਿਦੇਣਨ ਲਈ ਇਹ ਕਾਰਵਾਈ ਅਤਿ ਜ਼ਰੂਰੀ ਸੀ, ਪਰ ਮੂਲਵਾਸੀਆਂ ‘ਤੇ ਏਡੀ ਵੱਡੀ ਫੌਜੀ ਤਾਕਤ ਨੂੰ ਵਰਤਣ ਦੀ ਕਾਰਵਾਈ ਦੀ ਕੈਨੇਡਾ ਭਰ ਦੀਆਂ ਸਮੂਹ ਮਨੁੱਖੀ ਅਧਿਕਾਰ ਜਥੇਬੰਦੀਆਂ ਅਤੇ ਇੰਡੀਜੀਨੀਅਸ ਸੰਸਥਾਵਾਂ ਸਦਾ ਹੀ ਨਿੰਦਾ ਕਰਦੀਆਂ ਹਨ।
      ਇਹ ਗੱਲ ਹੋਰ ਵੀ ਦੁਖਾਂਤਕ ਹੈ ਕਿ ਇੱਕ ਰੰਗਦਾਰ ਭਾਈਚਾਰੇ ਦੇ ਵਿਅਕਤੀ ਦੀ ਅਗਵਾਈ ਵਿੱਚ ਆਰਸੀਐਮਪੀ ਦੀ ਇਹ ਨਸਲਵਾਦੀ ਅਤੇ ਨਫਰਤ ਭਰੀ ਕਾਰਵਾਈ ਹੋਈ, ਜਿਸ ਦੀ ਅਜੇ ਤੱਕ ਉੱਜਲ ਦੁਸਾਂਝ ਨੇ ਮਾਫ਼ੀ ਮੰਗ ਕੇ ਕਲੰਕ ਨੂੰ ਮਿਟਾਉਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ। ਕੈਨੇਡਾ ਵਿਚ ਮੂਲ ਵਾਸੀਆਂ ਪ੍ਰਤੀ ਨਸਲਵਾਦ ਦੀਆਂ ਹੋਰ ਵੀ ਅਨੇਕਾਂ ਘਟਨਾਵਾਂ ਹਨ, ਜਿਨ੍ਹਾਂ ਵਿੱਚ ਆਰਸੀਐਮਪੀ ਨੇ ਵਿਤਕਰੇ ਵਾਲੀ ਪਹੁੰਚ ਦੀ ਵਰਤੋਂ ਕੀਤੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੂਲਵਾਸੀਆਂ ਨਾਲ ਕੈਨੇਡਾ ਦੀ ਧਰਤੀ 'ਤੇ ਹੋਈ ਨਸਲਕੁਸ਼ੀ ਦਾ ਦੁਖਾਂਤ ਨਾ-ਭੁੱਲਣਯੋਗ ਅਤੇ ਨਾ-ਬਖ਼ਸ਼ਣਯੋਗ ਹੈ।
      ਅੱਜ ਦੀ ਤਾਰੀਖ਼ ਵਿੱਚ ਵੀ ਇਹ ਨਸਲਵਾਦ ਜਾਰੀ ਹੈ। ਅਸੀਂ ਭੁੱਲੀਏ ਨਾ ਕਿ ਸਾਡੇ ਵੱਡਿਆਂ-ਵਡੇਰਿਆਂ 'ਗ਼ਦਰੀ ਬਾਬਿਆਂ' ਨੇ ਕੈਨੇਡਾ ਦੀ ਧਰਤੀ 'ਤੇ ਮੂਲਵਾਸੀਆਂ ਨੂੰ 'ਵੱਡਿਆਂ' ਵਜੋਂ ਸਤਿਕਾਰ ਦਿੱਤਾ ਸੀ। ਅੱਜ ਸਾਡਾ ਫ਼ਰਜ਼ ਵੀ ਬਣਦਾ ਹੈ ਕਿ ਇਨ੍ਹਾਂ ਦੇ ਦੁੱਖ ਵੰਡਾਓਣ ਲਈ ਵਧ- ਚੜ੍ਹ ਕੇ ਅੱਗੇ ਆਈਏ। 'ਲਾਲ ਭਾਰਤੀ' (ਰੈੱਡ ਇੰਡੀਅਨ) ਵਰਗੇ ਅਪਮਾਨਜਨਕ  ਸ਼ਬਦਾਂ ਨਾਲ ਸੰਬੋਧਨ ਕਰਨ ਵਾਲੀ ਨਸਲਵਾਦੀ ਅਤੇ ਜਾਤੀਵਾਦੀ ਵਿਤਕਰੇ ਵਾਲੀ  ਸੋਚ ਤਿਆਗ ਕੇ, ਇੰਡਿਜਨਸ ਭਾਈਚਾਰੇ ਦਾ ਸਤਿਕਾਰ ਕਰੀਏ ਕਿਉਂਕਿ :
‘ਰੰਗ ਨਸਲ ਦਾ ਵਿਤਕਰਾ, ਮਾਨਵਵਾਦ ਖਿਲਾਫ਼।
ਭਿੰਨ-ਭੇਦ ਦੇ ਲੱਛਣੀ, ਜੀਵਨ ਬਣੇ ਸਰਾਪ।’
      ਪਹਿਲੀ ਜੁਲਾਈ, ਕੈਨੇਡਾ ਦਿਹਾੜੇ 'ਤੇ ਮੂਲ ਵਾਸੀ ਲੋਕਾਂ ਦਾ ਹਾਰਦਿਕ ਧੰਨਵਾਦ ਹੈ, ਜਿਨ੍ਹਾਂ ਦੀ ਧਰਤੀ 'ਤੇ ਅੱਜ ਦੁਨੀਆਂ ਭਰ ਦੇ ਲੋਕ ਬਹੁ-ਸੱਭਿਆਚਾਰਕ, ਬਹੁ- ਧਰਮੀ, ਬਹੁ-ਰੰਗੀ ਢਾਂਚੇ ਅਤੇ ਮਨੁੱਖੀ ਅਧਿਕਾਰਾਂ ਦਾ ਆਨੰਦ ਮਾਣ ਰਹੇ ਹਨ।
     ਕੈਨੇਡਾ ਦਿਹਾੜੇ 'ਤੇ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਦੇ ਇਤਿਹਾਸਕ ਸਫ਼ਰ ਬਾਰੇ ਸੰਖੇਪ ਰੂਪ ਵਿੱਚ ਵਿਚਾਰ ਕਰਨਾ ਲਾਹੇਵੰਦ ਹੋਏਗਾ। ਇਹ ਜਾਨਣਾ ਵੀ ਜ਼ਰੂਰੀ ਹੈ ਕਿਹੜੇ ਕਾਰਨਾਂ ਕਰਕੇ ਆਪਣੀ ਜੰਮਣ ਭੋਇੰ ਛੱਡ ਕੇ ਪੰਜਾਬੀ, ਕੈਨੇਡਾ ਆ ਵਸੇ। ਪੰਜਾਬ ਤੋਂ ਕੈਨੇਡਾ ਸਣੇ ਉੱਤਰੀ ਅਮਰੀਕਾ 'ਚ ‘ਪੰਜਾਬੀ ਡਾਇਸਪੋਰਾ' ਦੀ ਵਿਸ਼ਾਲ ਪੱਧਰ ਤੇ ਪਛਾਣ 1897 ਤੋਂ ਬਾਅਦ ਬਣਨੀ ਸ਼ੁਰੂ ਹੁੰਦੀ ਹੈ, ਜਦੋਂ ਬ੍ਰਿਟਿਸ਼ ਫ਼ੌਜ ਦੇ ਸਾਬਕਾ ਸਿੱਖ ਸਿਪਾਹੀ ਪ੍ਰਸ਼ਾਂਤ ਮਹਾਂਸਾਗਰ ਦੇ ਕਿਨਾਰੇ 'ਤੇ ਵਸਦੀ ਖ਼ੂਬਸੂਰਤ ਧਰਤੀ ਨੂੰ ਆਪਣਾ ਟਿਕਾਣਾ ਬਣਾਉਂਦੇ ਹਨ। ਸਭਿਆਚਾਰਕ ਪਛਾਣ ਅਤੇ ਭਾਸ਼ਾ ਨੂੰ, ਹਰ ਥਾਂ ਨਾਲ ਲਿਜਾਉਣ ਵਾਲੇ ਸਿੱਖਾਂ ਦੇ ਕੈਨੇਡਾ ਅਤੇ ਅਮਰੀਕਾ 'ਚ ਪਹਿਲਾਂ ਵਸੇ ਬਜ਼ੁਰਗਾਂ ਨੂੰ, ਚਾਹੇ ਬੇਗਾਨੀ ਧਰਤੀ 'ਤੇ ਅਨੇਕਾਂ ਨਸਲੀ ਹਮਲਿਆਂ ਅਤੇ ਭਾਸ਼ਾਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਹ ਆਪਣੀ ਜ਼ੁਬਾਨ ਤੇ ਪਛਾਣ ਕਾਇਮ ਰੱਖਦੇ ਹਨ। ਅਸਲ ਵਿਚ ਗ਼ੁਲਾਮੀ ਦਾ ਅਹਿਸਾਸ ਇਨ੍ਹਾਂ ਲੋਕਾਂ ਨੂੰ ਉਸ ਵੇਲੇ ਹੁੰਦਾ ਹੈ, ਜਦੋਂ 30 ਕਰੋੜ ਆਬਾਦੀ ਵਾਲੇ ਦੇਸ਼ ਦੇ ਵਾਸੀਆਂ ਨੂੰ ਮੁੱਠੀ ਭਰ ਅੰਗਰੇਜ਼ਾਂ ਵੱਲੋਂ ਗ਼ੁਲਾਮ ਬਣਾਏ ਜਾਣ ਦੇ ਕਿੱਸੇ ਮਿਹਣੇ ਤੇ ਤਾਅਨੇ ਬਣ ਕੇ ਪੰਜਾਬੀਆਂ ਦੇ ਸੀਨੇ ਚੀਰਦੇ ਹਨ, ਤਦ ਉਨ੍ਹਾਂ ਦੇ ਵਲੂੰਧਰੇ ਮਨਾਂ 'ਚੋਂ ਇਹ ਬੋਲ ਵਾਰ-ਵਾਰ ਨਿਕਲਦੇ ਹਨ,
‘ਦੇਸ ਪੈਣ ਧੱਕੇ, ਬਾਹਰ ਮਿਲੇ ਢੋਈ ਨਾ,
ਸਾਡਾ ਪਰਦੇਸੀਆਂ ਦਾ, ਦੇਸ ਕੋਈ ਨਾ।'
              ਕੈਨੇਡਾ ਵਿਚ ਪੰਜਾਬੀ ਡਾਇਸਪੋਰਾ ਦੇ ਸੰਦਰਭ ਵਿਚ 20ਵੀਂ ਸਦੀ ਦੇ ਆਰੰਭ ਵਿਚ ਉੱਠੀ ਗ਼ਦਰ ਲਹਿਰ ਖਾਸ ਮਹੱਤਵ ਰੱਖਦੀ ਹੈ, ਕਿਉਂਕਿ ਇਹ ਪਹਿਲੀ ਅਜਿਹੀ ਤਹਿਰੀਕ ਸੀ, ਜਿਸ ਨੇ ਕੈਨੇਡਾ ਤੇ ਅਮਰੀਕਾ ਵਿਚ ਹੀ ਨਹੀਂ, ਬਲਕਿ ਦੁਨੀਆਂ ਭਰ ਵਿਚ ਖਿੰਡੇ ਪੰਜਾਬੀਆਂ ਨੂੰ ਜੱਥੇਬੰਦ ਕਰਨ 'ਚ ਇਤਿਹਾਸਕ ਭੂਮਿਕਾ ਨਿਭਾਈ। ਇਸ ਸਬੰਧ ਵਿਚ 1909 ਵਿਚ ਕੈਨੇਡਾ ਦੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਦੇ ਪਹਿਲੇ ਸਥਾਨ, ਤੇ ਸਾਬਕਾ ਸਿੱਖ ਫ਼ੌਜੀਆਂ ਨੇ ਇਕੱਠਿਆਂ ਹੋ ਕੇ ਅੰਗਰੇਜ਼ਾਂ ਵੱਲੋਂ ਦਿੱਤੇ ਮੈਡਲ, ਇਨਸਿਗਨੀਏ ਅਤੇ ਵਰਦੀਆਂ ਸਾੜਦਿਆਂ, ਇਕ ਵਾਰ ਫੇਰ ਗ਼ੁਲਾਮੀ ਦਾ ਜੂਲ ਗਲ਼ੋਂ ਲਾਹੁਣ ਲਈ ਐਲਾਨੇ-ਏ-ਜੰਗ ਕੀਤਾ।                ਗੁਰੂ ਨਾਨਕ ਜਹਾਜ਼ ਨੂੰ ਕੈਨੇਡਾ ਦੀ ਧਰਤੀ ਤੋਂ ਮੋੜਨਾ ਨਸਲਵਾਦ ਦਾ ਇੱਕ ਨਸਲਵਾਦ ਦਾ ਇੱਕ ਭਿਆਨਕ ਵਰਤਾਰਾ ਸੀ। ਕੈਨੇਡਾ ਦੀ ਧਰਤੀ 'ਤੇ ਆਣ ਵਸੇ ਪੰਜਾਬੀ ਅਜ਼ਾਦੀ ਦੀ ਲਹਿਰ ਵਿਚ ਕੁੱਦਣ ਵਾਸਤੇ, ਕਰੜੀ ਮਿਹਨਤ ਸਦਕਾ ਕਾਇਮ ਕੀਤੀਆਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਅਤੇ ਡਾਲਰਾਂ ਨੂੰ ਤਿਆਗਦੇ ਹੋਏ, ਫ਼ਾਂਸੀਆਂ ਦੇ ਹਾਰ ਆਪਣੇ ਗਲਾਂ ਵਿਚ ਪਵਾ ਗਏ। ਜਿਹੜੇ ਇਹ ਆਖਦੇ ਹਨ ਕਿ ਪੰਜਾਬੀਆਂ ਦੇ ਵਿਦੇਸ਼ਾਂ ਵਿਚ ਵਸਣ ਲਈ ਰੋਜ਼ੀ-ਰੋਟੀ ਲਈ ਅਤੇ ਆਰਥਿਕਤਾ ਹੀ ਮੁੱਖ ਕਾਰਨ ਹਨ, ਉਹ ਇਹ ਵਿਸਾਰ ਦਿੰਦੇ ਹਨ ਕਿ ਪੰਜਾਬੀਆਂ ਦੇ ਘਰੋਂ ਬੇਘਰ ਹੋ ਕੇ ਮੁੜ ਬੇਗਾਨੀ ਧਰਤੀ ਤੋਂ ਉੱਜੜਨ ਅਤੇ ਦੇਸ਼ ਵਾਸੀਆਂ ਲਈ ਘਰ ਵਸਾਉਣ ਪਿੱਛੇ, ਧਨ ਦੌਲਤ ਨੂੰ ਤਿਆਗਣ ਅਤੇ ਸ਼ਹੀਦੀਆਂ ਪਾਉਣ ਦੀ ਮੂਲ ਭਾਵਨਾ ਹੀ ਕੰਮ ਕਰਦੀ ਹੈ।
         ਕੈਨੇਡਾ ਵਿਚ ਭਾਰਤ ਦੀ ਵੰਡ ਤੋਂ ਬਾਅਦ ਪੰਜਾਬ ਦੀ ਧਰਤੀ ਤੋਂ ਆ ਵਸੇ ਪੰਜਾਬੀਆਂ ਲਈ ਅਜਿਹੇ ਕਾਰਨ ਨਜ਼ਰ ਆਉਂਦੇ ਹਨ, ਜਿਨ੍ਹਾਂ ਵਿਚ ਦੇਸ਼ ਅੰਦਰ ਨਵੀਂ ਸਾਮਰਾਜਵਾਦ ਨੀਤੀ ਅਧੀਨ ਪੈਦਾ ਹੋਏ ਬੁਰਜ਼ੂਆ ਢਾਂਚੇ ਦੀ ਧੱਕੇਸ਼ਾਹੀ, ਗ਼ੁਲਾਮੀ ਦੇ ਬਦਲਵੇਂ ਰੂਪ ਵਿਚ ਭਾਰੂ ਹੋਈ ਮਿਲਦੀ ਹੈ। ਪੰਜਾਬ ਛੱਡ ਕੇ ਕੈਨੇਡਾ ਆ ਵਸੇ ਪੰਜਾਬੀਆਂ ਦੇ ਤੁਲਨਾਤਮਕ ਜੀਵਨ ਸੰਘਰਸ਼, ਸਰਕਾਰੀ ਜਬਰ ਅਤੇ ਧੱਕੇਸ਼ਾਹੀਆਂ ਬਾਰੇ ਗੰਭੀਰ ਪ੍ਰਗਟਾਵੇ ਕਰਦਿਆਂ ਲੋਕ ਗਾਇਕ ਗਿੱਲ ਹਰਦੀਪ ਦੀਆਂ ਗਾਈਆਂ ਤੇ ਗੀਤਕਾਰ ਸੁਤਵਿੰਦਰ ਸਿੱਧੂ ਦੀਆਂ ਲਿਖੀਆਂ ਇਹ ਸਤਰਾਂ 'ਕੁੱਜੇ ਵਿੱਚ ਸਮੁੰਦਰ' ਬੰਦ ਕਰਨ ਦੇ ਤੁਲ ਕਹੀਆਂ ਜਾ ਸਕਦੀਆਂ ਹਨ :
"ਵੇ ਪੁੱਤਾ ਕੰਮ ਕਰਨਾ ਤਾਂ ਉਂਝ ਔਖਾ ਈ ਹੋਣਾ ਏ।
ਪਰ ਠਾਣਿਆਂ ਵਿੱਚ ਕੁੱਟ ਖਾਵਣ ਤੋਂ ਤਾਂ ਸੌਖਾ ਈ ਹੋਣਾ ਏ।
ਔਖੇ ਝਲਣੇ ਪਟੇ ਘੋਟਣੇ ਮਾਸਪੇਸ਼ੀਆਂ ਲਈ।
ਵਸਦਾ ਰਹੇ ਕੈਨੇਡਾ ਮੇਰੇ ਪੁੱਤ ਪਰਦੇਸੀਆਂ ਲਈ।"
        70ਵਿਆਂ ਤੋਂ ਪੰਜਾਬ ਦੀ ਧਰਤੀ ਤੋਂ ਕੈਨੇਡਾ ਵਸੇ ਪੰਜਾਬੀਆਂ ਲਈ ਇਸ ਖਿੱਤੇ ਦੀ ਚੋਣ ਆਰਜ਼ੀ ਰੂਪ ਵਿਚ ਨਹੀਂ ਹੁੰਦੀ, ਸਗੋਂ ਪੱਕੇ ਵਾਸੀਆ ਵਜੋਂ ਉਹ ਇੱਥੇ ਆ ਕੇ ਆਪਣਾ ‘ਨਵਾਂ ਘਰ' ਵਸਾਉਂਦੇ ਹਨ। ਪੰਜਾਬੀ ਆਪਣੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪਰਿਪੇਖ 'ਚ ਪਛਾਣ ਕਾਇਮ ਕਰਨ ਲਈ 1971 ਦੀ ਕੈਨੇਡਾ ਦੀ ਸਭਿਆਚਾਰਕ ਨੀਤੀ ਦਾ ਭਰਪੂਰ ਫਾਇਦਾ ਉਠਾਉਂਦੇ ਹੋਏ, ਨਵੇਂ ਸੰਘਰਸ਼ ਦੇ ਰਾਹ ਤੁਰਦੇ ਹਨ। ਪਿਛਲੇ ਸਵਾ ਸੌ ਸਾਲ ਵਿਚ ਕੈਨੇਡਾ ਵਸਦੇ ਪੰਜਾਬੀਆਂ ਨੇ ਵਪਾਰ, ਕਾਰੋਬਾਰ ਅਤੇ ਖੇਤੀ ਖੇਤਰ ਵਿਚ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਅੱਜ ਜਿੱਥੇ ਟਰੱਕ ਅਤੇ ਟੈਕਸੀ ਸਨਅਤ ਵਿਚ ਪੰਜਾਬੀਆਂ ਦੀ ਚੜ੍ਹਤ ਹੈ, ਉੱਥੇ ਕੈਨੇਡਾ ਦੇ ਹਜ਼ਾਰਾਂ ਏਕੜਾਂ 'ਚ ਲੱਖਾਂ ਟਨ ਬਲਿਊਬੇਰੀ, ਰਸਬੇਰੀ ਅਤੇ ਸਟਰਾਬੇਰੀ ਸਮੇਤ ਅਨੇਕਾਂ ਫਸਲਾਂ ਉਗਾ ਕੇ ਕੈਨੇਡਾ ਦੀ ਆਰਥਿਕਤਾ ਨੂੰ ਹੁਲਾਰਾ ਦੇ ਰਹੇ ਹਨ।
      ਅਹਿਮ ਗੱਲ ਇਹ ਹੈ ਕਿ ਕੈਨੇਡਾ ਵਿਚ ਪੰਜਾਬੀ ਡਾਇਸਪੋਰਾ ਦੀ ਦੇਣ ਮੂਲ ਪੰਜਾਬ ਲਈ ਵੀ ਜ਼ਿਕਰਯੋਗ ਹੈ, ਕਿਉਂਕਿ ਬਹੁਤਾਤ ਕੈਨੇਡੀਅਨ ਪੰਜਾਬੀ ਇੱਥੇ ਆ ਕੇ ਨਾ ਸਿਰਫ਼ ਘਰ, ਕੋਠੀਆਂ ਅਤੇ ਜ਼ਮੀਨ ਜਾਇਦਾਦਾਂ ਤੇ ਹੀ ਲੱਖਾਂ ਡਾਲਰ ਖਰਚਦੇ ਹਨ, ਬਲਕਿ ਸਕੂਲਾਂ, ਹਸਪਤਾਲਾਂ, ਸਟੇਡੀਅਮਾਂ, ਖੇਡ ਮੇਲਿਆਂ ਅਤੇ ਮੈਡੀਕਲ ਕੈਂਪਾਂ ਵਿਚ ਵੀ ਆਪਣਾ ਵਿੱਤੋਂ ਵੱਧ ਹਿੱਸਾ ਪਾਉਂਦੇ ਹਨ। ਇਹ ਗੱਲ ਵੱਖਰੀ ਹੈ ਕਿ ਕੁਝ ਲੋਕ ਅਜਿਹੇ ਵੀ ਹਨ, ਜਿਹੜੇ ਇੱਥੇ ਆ ਕੇ ਵਿਆਹਾਂ-ਸ਼ਾਦੀਆਂ ਅਤੇ ਹੋਰ ਜਸ਼ਨਾਂ ਵਿਚ ਸ਼ੋਹਰਤ ਦੀ ਭੁੱਖ ਕਰਕੇ, ਲੱਖਾਂ ਡਾਲਰ ਨਸ਼ਿਆਂ ਤੇ ਰੋੜ੍ਹ ਕੇ ਹੋਰਨਾਂ ਨੂੰ ਵੀ ਕਲੰਕਿਤ ਕਰਦੇ ਹਨ। ਅਖੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਕੈਨੇਡਾ ਦਿਹਾੜਾ ਮਨਾਉਂਦੇ ਹੋਏ ਇਹ ਨਾ ਭੁੱਲੀਏ ਕਿ ਇਸ ਧਰਤੀ ਦੇ ਅਸਲੀ ਮਾਲਕ ਮੂਲ ਨਿਵਾਸੀ ਹਨ ਅਤੇ ਇਥੇ ਆ ਕੇ ਵਸੀਆਂ ਕੌਮਾਂ ਸਦਾ ਹੀ ਉਹਨਾਂ ਦੀਆਂ ਦੇਣਦਾਰ ਹਨ।

ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)
ਐਬਟਸਫੋਰਡ, ਕੈਨੇਡਾ।
ਫੋਨ : 604-825-1550

10 ਦਸੰਬਰ 1957 : ਬਰਸੀ 'ਤੇ ਵਿਸ਼ੇਸ਼- ਪੰਜਾਬੀ ਸਾਹਿਤ ਜਗਤ ਦੀ ਮਹਾਨ ਸ਼ਖਸੀਅਤ ਡਾਕਟਰ ਭਾਈ ਵੀਰ ਸਿੰਘ ਜੀ - ਡਾ. ਗੁਰਵਿੰਦਰ ਸਿੰਘ

ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਸਾਹਿਤਕਾਰ ਹਨ | ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਨੂੰ ਅੰਮ੍ਰਿਤਸਰ ਵਿਚ ਡਾਕਟਰ ਚਰਨ ਸਿੰਘ ਦੇ ਘਰ ਹੋਇਆ। ਭਾਈ ਵੀਰ ਸਿੰਘ ਦੇ ਪਿਤਾ ਸਰਦਾਰ ਚਰਨ ਸਿੰਘ ਜੀ ਹਿੰਦੀ , ਸੰਸਕ੍ਰਿਤ ਅਤੇ ਬ੍ਰਜ ਭਾਸ਼ਾ ਦੇ ਉੱਚ ਕੋਟੀ ਦੇ ਵਿਦਵਾਨ ਸਨ ਅਤੇ ਸਿੰਘ ਸਭਾ ਲਹਿਰ ਦੇ ਸੰਚਾਲਕ ਮੋਢੀਆਂ ਵਿੱਚੋਂ ਇੱਕ ਸਨ| ਬਚਪਨ ਤੋਂ ਹੀ ਸਿੰਘ ਸਭਾ ਲਹਿਰ ਦਾ ਭਾਈ ਸਾਹਿਬ ਵੀਰ ਸਿੰਘ ’ਤੇ ਡੂੰਘਾ ਪ੍ਰਭਾਵ ਸੀ। ਇਸ ਪ੍ਰਭਾਵ ਦਾ ਅਸਰ ਇਹ ਸੀ ਕਿ ਮੈਟ੍ਰਿਕ ਦੀ ਪੜਾਈ ਖਤਮ ਕਰਦੇ ਹੀ ਆਪ ਦੀਆਂ ਪੰਜਾਬ ਵਿੱਚ ਸਿੱਖ ਧਾਰਮਿਕ ਗਤੀਵਿਧੀਆਂ ਸ਼ੁਰੂ ਹੋ ਗਈਆਂ ਅਤੇ ਆਪ ਜਲਦ ਹੀ ਸਿੱਖ ਧਾਰਮਿਕ ਲਹਿਰਾਂ ਦੇ ਆਗੂ ਦੇ ਰੂਪ ਵਿੱਚ ਅੱਗੇ ਗਏ। ਸਿੰਘ ਸਭਾ ਅੰਮ੍ਰਿਤਸਰ ਦੇ ਵਜੀਰ ਸਿੰਘ ਵੱਲੋਂ ਭਾਈ ਵੀਰ ਸਿੰਘ ਦੇ ਸਹਿਯੋਗ ਨਾਲ ਆਰੰਭੀ ‘ਵਜ਼ੀਰ ਹਿੰਦ ਪ੍ਰੈਸ' ਨੇ ਪੰਜਾਬੀ ਪੱਤਰਕਾਰੀ ਦੇ ਇਤਿਹਾਸ ਵਿਚ ਅਹਿਮ ਭੂਮਿਕਾ ਨਿਭਾਈ।
ਭਾਈ ਵੀਰ ਸਿੰਘ ਵੱਲੋਂ 1892 ਵਿਚ ਖਾਲਸਾ ਟਰੈਕਟ ਸੁਸਾਇਟੀ ਦੇ ਪੰਦਰ੍ਹਾਂ-ਰੋਜ਼ਾ ਪੱਤਰ 'ਨਿਰਗੁਣਆਰਾ' ਦੇ ਛਪਣ ਨਾਲ ਪੰਜਾਬੀ ਦੇ ਪਾਠਕਾਂ ਦੀ ਗਿਣਤੀ ਲੱਖਾਂ ਤੱਕ ਪਹੁੰਚ ਗਈ। ਸਿੰਘ ਸਭਾ ਲਹਿਰ ਦੇ ਅਸਰ ਦਾ ਨਤੀਜਾ ਹੀ ਸੀ ਕਿ ਪੰਜਾਬੀ ਪੱਤਰਕਾਰੀ ਦੇ ਆਰੰਭਿਕ ਦੌਰ 'ਚ ਸਭ ਤੋਂ ਵੱਧ ਸਮਾਂ ਛਪਣ ਵਾਲਾ ਹਫ਼ਤਾਵਾਰੀ ‘ਖਾਲਸਾ ਸਮਾਚਾਰ', 17 ਨਵੰਬਰ 1899 ਨੂੰ ‘ਵਜ਼ੀਰ ਹਿੰਦ ਪ੍ਰੈੱਸ' ਵੱਲੋਂ ਭਾਈ ਵੀਰ ਸਿੰਘ ਦੇ ਸਹਿਯੋਗ ਨਾਲ ਆਰੰਭ ਹੋਇਆ। ਭਾਈ ਸਾਹਿਬ ਵੀਰ ਸਿੰਘ ਦੀ ਪੰਜਾਬੀ ਸਾਹਿਤ 'ਚ ਆਮਦ ਤੋਂ ਪਹਿਲਾਂ ਪੰਜਾਬੀ ਵਾਕ ਬਣਤਰ, ਸ਼ਬਦਾਵਲੀ, ਠੇਠਤਾ ਅਤੇ ਰਵਾਨੀ ਦੇ ਨਮੂਨੇ ਟਾਵੇਂ-ਟਾਵੇਂ ਮਿਲਦੇ ਹਨ | ਪੰਜਾਬੀ ਵਿਚ ਨਿੱਕੀ ਕਵਿਤਾ, ਨਾਵਲ, ਨਾਟਕ, ਜੀਵਨੀ ਸਾਹਿਤ, ਅਨੁਵਾਦ ਅਤੇ ਸੰਪਾਦਨ ਕਾਰਜਾਂ ਸਮੇਤ, ਅਨੇਕਾਂ ਹੋਰ ਸਾਹਿਤ-ਰੂਪਾਂ ਰਾਹੀਂ ਭਾਈ ਸਾਹਿਬ ਨੇ ਮਾਂ-ਬੋਲੀ ਦਾ ਖਜ਼ਾਨਾ ਭਰਪੂਰ ਕਰ ਦਿੱਤਾ |
ਪੰਜਾਬੀ ਪੱਤਰਕਾਰੀ ਦਾ ਮੁੱਢ ਬੰਨਣ ਅਤੇ ਮੂੰਹ-ਮੁਹਾਂਦਰਾ ਨਿਖਾਰਨ ਵਿਚ ਵੀ ਭਾਈ ਵੀਰ ਸਿੰਘ ਦੀ ਦੇਣ ਅੱਖੋਂ ਪਰੋਖੇ ਨਹੀਂ ਕੀਤੀ ਜਾ ਸਕਦੀ | ਗੁਰਬਾਣੀ ਸਾਹਿਤ ਦੀ ਵਿਆਖਿਆ ਅਤੇ ਗੁਰੂ ਸਾਹਿਬਾਨ ਤੋਂ ਲੈ ਕੇ, ਮਹਾਨ ਸਿੱਖ ਸ਼ਖ਼ਸੀਅਤਾਂ ਬਾਰੇ ਵਡਮੁੱਲਾ ਸਾਹਿਤ ਭਾਈ ਵੀਰ ਸਿੰਘ ਦੀ ਇਤਿਹਾਸਕ ਦੇਣ ਹੈ |1898 ਵਿਚ ਪ੍ਰਕਾਸ਼ਿਤ ਨਾਵਲ 'ਸੁੰਦਰੀ' ਨਾਲ ਪੰਜਾਬੀ ਪਾਠਕਾਂ ਦੀ ਗਿਣਤੀ ਵਿਚ ਚੋਖਾ ਵਾਧਾ ਹੀ ਨਹੀਂ ਹੋਇਆ, ਸਗੋਂ ਪੰਜਾਬੀ ਸਾਹਿਤ ਅੰਦਰ ਅਥਾਹ ਸੰਭਾਵਨਾਵਾਂ ਨੇ ਵੀ ਜਨਮ ਲਿਆ | ਮਗਰੋਂ ਨਾਵਲ ਬਿਜੈ ਸਿੰਘ, ਸਤਵੰਤ ਕੌਰ, ਮਹਾਂਕਾਵਿ ਰਾਣਾ ਸੂਰਤ ਸਿੰਘ, ਕਾਵਿ-ਸੰਗ੍ਰਹਿ ; ਲਹਿਰਾਂ ਦੇ ਹਾਰ, ਮਟਕ ਹੁਲਾਰੇ, ਕੰਬਦੀ ਕਲਾਈ, ਪ੍ਰੀਤ ਵੀਣਾ ਤੇ ਮੇਰੇ ਸਾਈਆਂ ਜੀਉ, ਨਾਟਕ ; ਰਾਜਾ ਲੱਖ ਦਾਤਾ ਸਿੰਘ, ਵੱਡ-ਅਕਾਰੀ ਜੀਵਨੀ ਸਾਹਿਤ ; ਬਾਬਾ ਨੌਧ ਸਿੰਘ, ਸੰਤ ਬਿਮਲਾ ਸਿੰਘ, ਭਰਥਰੀ ਹਰੀ ਜੀਵਨ ਅਤੇ ਨੀਤੀ ਸਾਹਿਤ, ਬਾਲ-ਸਾਹਿਤ ਵਿਚ ਗੁਰ ਬਾਲਮ ਸਾਖੀਆਂ, ਦੇਵੀ ਪੂਜਨ ਪੜਤਾਲ ਅਤੇ ਸੰਤ ਗਾਥਾ ਤੋਂ ਇਲਾਵਾ ਗੁਰੂ ਨਾਨਕ ਚਮਤਕਾਰ , ਅਸ਼ਟ ਗੁਰੂ ਚਮਤਕਾਰ , ਕਲਗੀਧਰ ਚਮਤਕਾਰ ਗਦ ਰਚਨਾਵਾਂ, ਪੁਰਾਤਨ ਜਨਮਸਾਖੀ , ਕਬਿਤ , ਸਵਈਏ ਭਾਈ ਗੁਰਦਾਸ , ਜੀਵਨ ਭਾਈ ਗੁਰਦਾਸ , ਭਗਤ ਰਤਨਾਵਲੀ , ਗੁਰੂ ਗ੍ਰੰਥ ਕੋਸ਼, ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਜਾਬੀ ਗ੍ਰੰਥ ਸਟੀਕ ਆਦਿ ਖੋਜ ਸੰਪਾਦਨਾ ਨਾਲ ਸੰਬੰਧਿਤ ਸਾਹਿਤਕ ਰਚਨਾਵਾਂ ਰਾਹੀਂ ਨਿਆਣੇ ਤੋਂ ਸਿਆਣੇ ਤੱਕ, ਹਰ ਵਰਗ ਦੇ ਪੰਜਾਬੀ ਪਾਠਕ ਨੂੰ ਭਾਈ ਵੀਰ ਸਿੰਘ ਨੇ ਪੰਜਾਬੀ ਸਾਹਿਤ ਅਤੇ ਗੁਰਮੁਖੀ ਲਿੱਪੀ ਨਾਲ ਜੋੜਿਆ | ਆਪ ਨੇ ਸਾਲ 1901 ਵਿੱਚ ਚੀਫ਼ ਖਾਲਸਾ ਦੀਵਾਨ ਦੀ ਸਥਾਪਨਾ ਕੀਤੀ ।1908 ਵਿੱਚ ਸਿੱਖ ਵਿੱਦਿਅਕ ਕਾਨਫਰੰਸਾਂ ਰਾਹੀਂ ਪੰਜਾਬੀ ਸਾਹਿਤ ਦੀ ਦੁਨੀਆਂ ਵਿੱਚ ਇਨਕਲਾਬ ਲੈਂ ਆਂਦਾ।
ਭਾਈ ਵੀਰ ਸਿੰਘ ਨੇ ਪੰਜਾਬੀ ਸਾਹਿਤ ਨੂੰ ਸੰਸਾਰ ਪੱਧਰ ਤੱਕ ਲਿਜਾਣ ਵਾਸਤੇ ਜਿੱਥੇ ਪੰਜਾਹ ਤੋਂ ਵੱਧ ਕਿਤਾਬਾਂ ਲਿਖੀਆਂ ਅਤੇ ਅਨੇਕਾਂ ਨਵੇਂ ਸਾਹਿਤ ਰੂਪਾਂ ਨੂੰ ਪੰਜਾਬੀ ਸਾਹਿਤ ਵਿਚ ਲਿਆਂਦਾ, ਉੱਥੇ ਪੰਜਾਬੀ ਸਾਹਿਤ ਦੀ ਝੋਲੀ ਵਿਚ ਕਈ ਹੋਰ ਮਹਾਨ ਸਾਹਿਤਕਾਰ ਪਾਕੇ ਅਜਿਹਾ ਉਪਕਾਰ ਕੀਤਾ, ਜੋ ਸ਼ਬਦਾਂ ਵਿਚ ਬਿਆਨ ਨਹੀਂ ਹੋ ਸਕਦਾ | ਆਪਣੇ ਸਮਿਆਂ ਵਿਚ ਸੰਸਾਰ ਪੱਧਰ ਦੇ ਸਾਹਿਤ ਦੇ ਚੋਟੀ ਦੇ ਲਿਖਾਰੀ ਪ੍ਰੋ. ਪੂਰਨ ਸਿੰਘ ਵਲੋਂ ਮਾਂ ਬੋਲੀ ਪੰਜਾਬੀ ਵਿਚ ਲਿਖਣਾ ਅਤੇ ਸਿਖਰਲੇ ਪੱਧਰ ਦੀਆ ਲਿਖਤਾਂ ਪੰਜਾਬੀ ਸਾਹਿਤ ਦੇ ਖਜ਼ਾਨੇ 'ਚ ਪਾਉਣਾ, ਭਾਈ ਸਾਹਿਬ ਸਦਕਾ ਹੀ ਸੰਭਵ ਹੋ ਸਕਿਆ | ਲੋਕ ਮੁਹਾਵਰੇ 'ਚ ਮਾਖਿਓਂ ਮਿੱਠੀ ਪੰਜਾਬੀ ਕਵਿਤਾ ਦਾ ਲਿਖਾਰੀ ਧਨੀ ਰਾਮ ਚਾਤਿ੍ਕ, ਭਾਈ ਸਾਹਿਬ ਦੀ ਪ੍ਰੇਰਨਾ ਅਤੇ ਸਹਿਯੋਗ ਸਦਕਾ ਹੀ ਗੁਰਮੁਖੀ ਦੇ ਵਿਹੜੇ ਦਾ ਗੁਲਾਬ ਬਣਿਆ |
ਇਥੇ ਹੀ ਬੱਸ ਨਹੀਂ, ਲੋਕ-ਸਾਹਿਤ ਦੇ ਧਨੀਆਂ ਤੋਂ ਲੈ ਕੇ ਪੱਤਰਕਾਰ, ਨਾਵਲਕਾਰ, ਨਾਟਕਕਾਰ ਅਤੇ ਅਨੇਕਾਂ ਕਲਾਕਾਰ ਭਾਈ ਵੀਰ ਸਿੰਘ ਦੇ ਥਾਪੜੇ ਅਤੇ ਹੱਲਾਸ਼ੇਰੀ ਸਦਕਾ, ਪੰਜਾਬੀ ਅੰਬਰ ਦੇ ਸਿਤਾਰੇ, ਚੰਦ ਅਤੇ ਸੂਰਜ ਬਣੇ| ਭਾਈ ਵੀਰ ਸਿੰਘ 1890ਵਿਆਂ ਤੋਂ ਲੈਕੇ 1950ਵਿਆਂ ਤੱਕ ਪੰਜਾਬੀ ਸਾਹਿਤ ਖੇਤਰ ਦੀ ਅਗਵਾਈ ਕਰਦੇ ਰਹੇ ਅਤੇ ਨਿਰੰਤਰ ਕਲਮ ਚਲਾਉਂਦਿਆਂ ਸਾਹਿਤਕ ਸੇਵਾ ਨਿਭਾਉਂਦੇ ਰਹੇ | ਸਾਲ 1949 ਵਿੱਚ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ 'ਡਾਕਟਰ ਆਫ਼ ਓਰੀਐਂਟਲ ਲਰਨਿੰਗ' ਦੀ ਡਿਗਰੀ ਪ੍ਰਦਾਨ ਕੀਤੀ। ਸਾਲ 1952 ਵਿੱਚ ਆਪਨੂੰ ਪੰਜਾਬ ਵਿਧਾਨ ਪਰਿਸ਼ਦ ਦਾ ਆਂਨਰੇਰੀ ਮੈਂਬਰ ਨਾਮਜ਼ਦ ਕੀਤਾ ਗਿਆ। ਸਾਲ 1954 ਵਿੱਚ ਆਪ ਨੂੰ ਯਾਦਗਾਰੀ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ ਅਤੇ ਆਪ ਨੂੰ ਪਦਮ ਭੂਸ਼ਣ ਦੀ ਉਪਾਧੀ ਦੇ ਨਾਲ ਸਨਮਾਨਤ ਕੀਤਾ ਗਿਆ।ਅੱਧੀ ਸਦੀ ਤੋਂ ਵਧ ਦੇ ਸਮੇਂ ਤਕ ਪੰਜਾਬੀ ਸਾਹਿਤ ਜਗਤ ਦੀ ਮਹਾਨ ਅਤੇ ਅਣਥਕ ਸੇਵਾ ਨਿਭਾ ਕੇ ਇਸ ਦਰਵੇਸ਼ ਸੰਤ ਕਵੀ,ਸਾਹਿਤਕਾਰ ਅਤੇ ਮਹਾਨ ਚਿੰਤਕ ਨੇ 10 ਜੂਨ 1957 ਵਾਲੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ, ਸਾਨੂੰ ਸਦੀਵੀਂ ਵਿਛੋੜਾ ਦੇ ਦਿੱਤਾ।
        ਪੰਜਾਬੀ ਸਾਹਿਤ ਦੇ ਗਗਨ-ਮੰਡਲ ਦੇ ਧਰੂ ਤਾਰੇ , ਪੰਜਾਬੀ ਮਾਂ-ਬੋਲੀ ਦੇ ਲਾਡਲੇ ਸਾਹਿਤਕਾਰ, ਪੰਜਾਬੀ ਸਾਹਿਤ, ਗੁਰਮਤਿ ਸਾਹਿਤ ਤੇ ਵਲਵਲੇ ਭਰਪੂਰ ਕਵਿਤਾ ਦੇ ਭੰਡਾਰੇ ਭਰਪੂਰ ਕਰਨ ਵਾਲੇ ਕੋਮਲ ਭਾਵੀ, ਮਿੱਠ ਬੋਲੜੇ, ਪ੍ਰੇਮ-ਭਿੱਜੇ, ਰਹੱਸਵਾਦੀ ਅਤੇ ਉੱਚੀ ਬਿਰਤੀ ਵਾਲੇ ਮਹਾਨ ਵਿਦਵਾਨ ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਕਹੇ ਜਾ ਸਕਦੇ ਹਨ।
ਕੁਦਰਤ ਤੇ ਕਾਦਰ ਦੇ ਰੰਗ ਵਿੱਚ ਰੰਗੀਆਂ ਦਾ ਰਚੇਤਾ ਛੋਟੀਆਂ ਕਵਿਤਾਵਾਂ ਦੇ ਵੱਡਾ ਕਵੀ, ਪੰਜਾਬੀ ਦੇ ਵਰਡਜ਼ਬਰਥ, ਮਿਲਟਨ ਅਤੇ ਦਾਂਤੇ ਕਹੇ ਜਾ ਸਕਣ ਦੇ ਸਮਰੱਥ ਮਹਾਂਕਵੀ ਭਾਈ ਵੀਰ ਸਿੰਘ ਦਾ ਸਾਹਿਤਕ ਮੁਲਾਂਕਣ ਅਜੇ ਤੱਕ ਸਹੀ ਢੰਗ ਨਾਲ ਹੋ ਹੀ ਨਹੀਂ ਸਕਿਆ।ਸਮਕਾਲੀਆਂ ਵਿਚੋਂ ਜੋ ਦੇਣ ਮਹਾਂਕਵੀ ਰਵਿੰਦਰ ਨਾਥ ਟੈਗੋਰ ਦੀ ਬੰਗਾਲੀ ਸਾਹਿਤ ਨੂੰ ਹੈ, ਉਸ ਪੱਧਰ ਦੀ ਹੀ ਦੇਣ ਭਾਈ ਵੀਰ ਸਿੰਘ ਦੀ ਪੰਜਾਬੀ ਨੂੰ ਹੈ | ਬੇਸ਼ੱਕ ਇਹ ਸੱਚ ਹੈ ਕਿ ਟੈਗੋਰ ਦੀ ਆਮਦ ਤੱਕ ਬੰਗਾਲੀ ਭਾਸ਼ਾ ਵਿਚ ਵਿਦਿਅਕ ਪਾਸਾਰ, ਵਿਸ਼ਵ ਵਿਦਿਆਲੇ ਅਤੇ ਸਾਹਿਤਕ ਫੈਲਾਓ ਉੱਚ ਪੱਧਰ 'ਤੇ ਸੀ, ਜਿਸਨੇ ਟੈਗੋਰ ਨੂੰ ਵਿਸ਼ਵ-ਪ੍ਰਸਿੱਧ ਕਰਨ 'ਚ ਅਹਿਮ ਭੂਮਿਕਾ ਨਿਭਾਈ, ਦੂਜੇ ਪਾਸੇ ਪੰਜਾਬੀ ਖੇਤਰ 'ਚ ਭਾਈ ਵੀਰ ਸਿੰਘ ਦੀ ਆਮਦ ਤੱਕ ਵਿਦਿਅਕ ਅਤੇ ਸਾਹਿਤਕ ਪੱਧਰ 'ਤੇ ਵੱਡੀ ਘਾਟ ਸੀ | ਲਾਹੌਰ ਯੂਨੀਵਰਸਿਟੀ ਵਿਚ ਪੰਜਾਬੀ ਦੀ ਪੜ੍ਹਾਈ ਤਾਂ ਕਿਤੇ ਮਗਰੋਂ ਸ਼ੁਰੂ ਹੋਈ | ਅਜਿਹੇ ਸਮੇਂ ਭਾਈ ਵੀਰ ਸਿੰਘ ਵਲੋਂ ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਦੀ ਸਾਹਿਤ ਸਿਰਜਣਾ ਲਈ ਚੋਣ ਕਰਨਾ, ਇਨਕਲਾਬੀ ਕਦਮ ਕਿਹਾ ਜਾ ਸਕਦਾ ਹੈ |
ਭਾਈ ਵੀਰ ਸਿੰਘ ਦੇ ਸਮਕਾਲੀ ਅਲਾਮਾ ਇਕਬਾਲ ਨੂੰ ਉਰਦੂ ਸਾਹਿਤ 'ਚ 'ਸ਼ਾਇਰ-ਏ-ਮਿੱਲਤ' ਦਾ ਦਰਜਾ ਹਾਸਿਲ ਹੈ | ਵਿਦੇਸ਼ ਤੋਂ ਉੱਚ-ਪੱਧਰੀ ਪੜ੍ਹਾਈ ਕਰਨ ਮਗਰੋਂ ਡਾ. ਇਕਬਾਲ ਨੇ ਸਾਹਿਤ ਸਿਰਜਣਾ ਲਈ ਉਰਦੂ ਦੀ ਚੋਣ ਕੀਤੀ, ਹਾਲਾਂਕਿ ਉਹ ਪੰਜਾਬੀ ਸੀ, ਪਰ ਉਸਨੇ ਪੰਜਾਬੀ ਵਿਚ ਨਹੀਂ ਲਿਖਿਆ | ਇਸ ਦੇ ਬਾਵਜੂਦ ਉਰਦੂ ਪ੍ਰੇਮੀਆਂ ਨੇ 'ਸ਼ਾਇਰ-ਏ-ਮਿੱਲਤ' ਭਾਵ ਕੌਮੀ ਸ਼ਾਇਰ ਦਾ ਮਾਣ ਦੇ ਕੇ ਡਾ. ਇਕਬਾਲ ਨੂੰ ਸਿਰਮੌਰ ਲਿਖਾਰੀ ਪ੍ਰਵਾਨਿਆ | ਡਾ. ਭਾਈ ਵੀਰ ਸਿੰਘ ਵੀ ਸਰਦੇ-ਪੁਜਦੇ ਪਰਿਵਾਰ ਵਿਚੋਂ ਸਨ | ਭਾਸ਼ਾ ਪੱਖੋਂ ਅੰਗਰੇਜ਼ੀ, ਹਿੰਦੀ, ਸੰਸਕ੍ਰਿਤ, ਉਰਦੂ, ਫਾਰਸੀ ਦੇ ਗਿਆਤਾ ਸਨ | ਪਰਿਵਾਰਿਕ ਪਿਛੋਕੜ ਕਰਕੇ ਉੱਚ ਪੱਧਰੀ ਸਾਇੰਸ ਵਿੱਦਿਆ ਲਈ ਇੰਗਲੈਂਡ ਦੀ ਕਿਸੇ ਵੀ ਯੂਨੀਵਰਸਿਟੀ ਵਿਚ ਜਾ ਸਕਦੇ ਸਨ | ਅੰਗਰੇਜ਼ੀ ਵਿਚ ਸਾਹਿਤ ਲਿਖ ਕੇ ਉੱਚਾ ਨਾਂ ਕਮਾ ਸਕਦੇ ਸਨ |
ਇਹਨਾਂ ਸੁਨਹਿਰੀ ਮੌਕਿਆਂ ਦੇ ਬਾਵਜੂਦ ਭਾਈ ਵੀਰ ਸਿੰਘ ਨੇ 'ਪੰਜਾਬੀ ਸਪੂਤ ਹੋਣ ਦਾ ਸਬੂਤ' ਦਿੰਦਿਆਂ ਪੰਜਾਬੀ ਬੋਲੀ, ਸਾਹਿਤ ਅਤੇ ਗੁਰਮੁਖੀ ਲਿੱਪੀ ਦਾ ਰਾਹ ਚੁਣਿਆ ਅਤੇ ਸਾਰੀ ਜ਼ਿੰਦਗੀ ਪੰਜਾਬੀ ਨੂੰ ਸਮਰਪਿਤ ਕਰ ਦਿੱਤੀ | ਇਹ ਕੋਈ ਛੋਟੀ ਗੱਲ ਨਹੀਂ ਸੀ, ਬਲਕਿ ਪੰਜਾਬੀ ਸਾਹਿਤ ਖੇਤਰ ਨੂੰ ਵੀਹਵੀਂ ਸਦੀ 'ਚ ਉੱਚੇ ਪੱਧਰ ਤੱਕ ਲਿਜਾਣ ਦਾ ਵੱਡਾ ਉਪਰਾਲਾ ਸੀ | ਭਾਈ ਵੀਰ ਸਿੰਘ ਨੂੰ ਸੰਨ 1956 ਵਿਚ ਕਾਵਿ ਰਚਨਾ 'ਮੇਰੇ ਸਾਈਆਂ ਜੀਉ' ਲਈ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ | 'ਸ਼ੋ੍ਰਮਣੀ ਸਾਹਿਤਕਾਰ' ਵਜੋਂ ਪੰਜਾਬੀ ਵਿਚ ਇਹ ਪੁਰਸਕਾਰ ਲੈਣ ਵਾਲੇ ਪਹਿਲੇ ਸਾਹਿਤਕਾਰ ਭਾਈ ਵੀਰ ਸਿੰਘ ਹੀ ਹਨ |
ਜਿਥੇ 1950ਵਿਆਂ ਵਿਚ ਇਕ ਪਾਸੇ ਭਾਈ ਵੀਰ ਸਿੰਘ ਨੂੰ ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਮਿਲਦਾ ਹੈ, ਉਥੇ ਦੂਜੇ ਪਾਸੇ ਪੰਜਾਬੀ ਸਾਹਿਤ 'ਚ ਇਕ ਵਿਸ਼ੇਸ਼ ਧੜੇ ਵਲੋਂ ਉਹਨਾਂ ਖਿਲਾਫ਼ ਈਰਖਾ ਦਾ ਦੌਰ ਵੀ ਇਥੋਂ ਹੀ ਸ਼ੁਰੂ ਹੁੰਦਾ ਹੈ | ਪੰਜਾਬੀ ਸਾਹਿਤ ਦੇ ਅਣਥੱਕ ਸੇਵਾਦਾਰ ਨੂੰ ਸਮਕਾਲੀ 'ਸਾਹਿਤ ਮਾਫ਼ੀਆ' ਭੰਡਣ ਲੱਗਦਾ ਹੈ | ਸਾਹਿਤਕ ਸੂਝ-ਬੂਝ ਤੋਂ ਸੱਖਣੇ ਲੋਕ ਉਦੋਂ ਤੋਂ ਲੈ ਕੇ ਹੁਣ ਤੱਕ ਭਾਈ ਵੀਰ ਸਿੰਘ ਨੂੰ ਮਿਥ ਕੇ ਭੰਡਦੇ ਆ ਰਹੇ ਹਨ | ਸਵੈ-ਨਿਰਧਾਰਤ ਆਲੋਚਨਾ ਪੈਮਾਨੇ 'ਤੇ ਭਾਈ ਵੀਰ ਸਿੰਘ ਨੂੰ ਰੱਦ ਕਰਨ ਵਾਲੇ ਇਹ ਆਲੋਚਕ ਦੋਸ਼ ਲਾਉਂਦੇ ਹਨ ਕਿ ਭਾਈ ਵੀਰ ਸਿੰਘ ਪਿਛਾਂਹ-ਖਿੱਚੂ ਲੇਖਕ ਹੈ, ਉਸਦੀ ਸ਼ਾਇਰੀ ਸਮਕਾਲੀ ਹਾਲਤਾਂ ਦੀ ਵਿਆਖਿਆ ਨਹੀਂ ਕਰਦੀ, ਫੋਕਾ ਰੋਮਾਂਸਵਾਦ ਬਿਆਨ ਕਰਦੀ ਹੈ, ਭਾਈ ਵੀਰ ਸਿੰਘ ਸਿੱਖੀ ਪ੍ਰਤੀ ਭਾਵੁਕ ਹੋ ਕੇ ਲਿਖਦਾ ਹੈ, ਉਹ ਅੰਗਰੇਜ਼ ਸਾਮਰਾਜ ਦੀ ਆਲੋਚਨਾ ਨਹੀਂ ਕਰਦਾ, ਆਜ਼ਾਦੀ ਦੀ ਗੱਲ ਨਹੀਂ ਕਰਦਾ ਅਤੇ ਉਹ 'ਪੰਜਾਬ ਦੇ ਤਾਣੇ-ਪੇਟੇ ਨੂੰ ਲੀਰੋ-ਲੀਰ' ਕਰਦਾ ਹੈ |
ਦਰਅਸਲ ਭਾਈ ਵੀਰ ਸਿੰਘ ਦੀ ਸਾਹਿਤਕ ਦੇਣ ਨੂੰ ਛੁਟਿਆਉਣ ਲਈ 'ਸਾਹਿਤ ਮਾਫ਼ੀਆ' ਯੋਜਨਾਬੱਧ ਢੰਗ ਨਾਲ ਪ੍ਰਚਾਰ ਕਰਦਾ ਆ ਰਿਹਾ ਹੈ | ਅਜਿਹਾ ਬਿਰਤਾਂਤ ਸਿਰਜ ਕੇ ਮਾਫ਼ੀਆ ਭਾਈ ਸਾਹਿਬ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਲਿਖਾਰੀ ਵਜੋਂ ਬਣਦੀ ਥਾਂ ਖੋਹਣ ਵਿਚ ਕਿਸੇ ਹੱਦ ਤੱਕ ਸਫ਼ਲ ਵੀ ਹੋਇਆ ਹੈ | ਪੰਜਾਬੀ ਵਿਦਿਅਕ ਅਦਾਰਿਆਂ, ਸਾਹਿਤਕ ਸੰਸਥਾਵਾਂ, ਕਾਲਜਾਂ ਅਤੇ ਯੂਨੀਵਰਸਿਟੀਆਂ 'ਤੇ ਪਿਛਲੀ ਅੱਧੀ ਸਦੀ ਤੋਂ ਵੱਧ ਸਮੇਂ ਤੱਕ, ਇਹੀ ਮਾਫ਼ੀਆ ਕਾਬਜ਼ ਚੱਲਿਆ ਆ ਰਿਹਾ ਹੈ | ਅਜਿਹੇ ਈਰਖਾਲੂ ਆਲੋਚਕਾਂ ਵਲੋਂ ਭਾਈ ਵੀਰ ਸਿੰਘ ਵਿਰੁੱਧ ਨਫ਼ਰਤ ਫੈਲਾਉਣ 'ਚ ਸਫਲ ਹੋਣ ਦਾ ਕਾਰਨ ਇਹ ਵੀ ਹੈ ਕਿ ਭਾਈ ਸਾਹਿਬ ਦੀ ਸਾਹਿਤਕ ਦੇਣ ਤੋਂ ਜਾਣੂੰ ਲਿਖਾਰੀਆਂ ਦੀ ਜਾਂ ਤਾਂ ਗਿਣਤੀ ਹੀ ਨਿਗੂਣੀ ਹੈ ਅਤੇ ਜਾਂ ਫਿਰ ਉਹ 'ਸਾਹਿਤ ਮਾਫ਼ੀਆ' ਨਾਲ ਟੱਕਰ ਲੈਣ ਤੋਂ ਡਰਦੇ ਹਨ | ਹੈਰਾਨੀ ਵਾਲੀ ਗੱਲ ਇਹ ਹੈ ਕਿ ਭਾਈ ਵੀਰ ਸਿੰਘ ਦੇ 'ਪੰਜਾਬੀ ਦੇ ਮਹਾਨ ਵਿਦਵਾਨ' ਹੋਣ ਦੇ ਬਾਵਜੂਦ, 'ਪੰਜਾਬੀ ਦੇ ਹੀ ਲੇਖਕਾਂ ਤੇ ਆਲੋਚਕਾਂ ਦੀਆਂ ਜੁੰਡਲੀਆਂ' ਉਹਨਾਂ ਨੂੰ ਨਫ਼ਰਤ ਕਿਉਂ ਕਰਦੀਆਂ ਹਨ ਅਤੇ ਛੁਟਿਆ ਕਿਉਂ ਰਹੀਆਂ ਹਨ?
ਅਸਲ ਵਿੱਚ ਭਾਈ ਵੀਰ ਸਿੰਘ ਦੇ ਸਾਹਿਤ ਨਾਲ ਈਰਖਾ ਕਰਨ ਦਾ ਸਭ ਤੋਂ ਵੱਡਾ ਕਾਰਨ ਉਹਨਾਂ ਦਾ ਸਿੱਖੀ ਤੋਂ ਪ੍ਰੇਰਿਤ ਹੋਣਾ ਹੈ | ਭਾਈ ਵੀਰ ਸਿੰਘ ਦੀਆਂ ਲਿਖਤਾਂ ਦਾ ਮਨੋਰਥ ਨਿਸ਼ਚਿਤ ਰੂਪ ਵਿਚ ਪੰਜਾਬੀ ਬੋਲੀ ਦਾ ਪ੍ਰਚਾਰ ਅਤੇ ਗੁਰਮੁਖੀ ਲਿਪੀ ਨੂੰ ਪ੍ਰਫੁਲਤ ਕਰਨਾ ਹੈ | ਚਾਹੇ ਕਵਿਤਾ ਹੋਵੇ, ਚਾਹੇ ਨਾਵਲ, ਚਾਹੇ ਕਹਾਣੀ ਤੇ ਚਾਹੇ ਨਾਟਕ, ਭਾਈ ਵੀਰ ਸਿੰਘ ਪਾਠਕਾਂ ਨੂੰ ਪੰਜਾਬੀ ਪੜ੍ਹਨ ਲਈ ਪ੍ਰੇਰਦੇ ਹਨ | ਇਥੇ ਉਹ ਖੁੱਲ੍ਹ ਦਿਲੀ ਨਾਲ ਸਵਿਕਾਰਦੇ ਹਨ ਕਿ ਉਹਨਾਂ ਦੀ ਪ੍ਰੇਰਨਾ ਸਿੱਖੀ ਜੀਵਨ ਜਾਚ ਅਤੇ ਗੁਰੂ ਗ੍ਰੰਥ ਸਾਹਿਬ ਹਨ | ਗੁਰਮੁਖੀ ਲਿਪੀ ਅਤੇ ਪੰਜਾਬੀ ਬੋਲੀ ਰਾਹੀਂ ਸਿੱਖੀ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਂਦੇ ਹੋਏ ਭਾਈ ਵੀਰ ਸਿੰਘ ਨਾਵਲ 'ਸੁੰਦਰੀ' ਦੀ ਭੂਮਿਕਾ ਵਿੱਚ ਲਿਖਦੇ ਹਨ,''ਇਸ ਪੁਸਤਕ ਦੇ ਲਿਖਣ ਤੋਂ ਸਾਡਾ ਤਾਤਪਰਜ ਇਹ ਹੈ ਕਿ ਪੁਰਾਣੇ ਸਮਾਚਾਰ ਪੜ੍ਹ-ਸੁਣ ਕੇ ਸਿੱਖ ਲੋਕ ਆਪਣੇ ਧਰਮ ਵਿਚ ਪੱਕੇ ਹੋਣ, ਪਰਮੇਸ਼ਰ ਦੀ ਭਗਤੀ ਤੇ ਜਗਤ ਦੇ ਵਿਹਾਰ, ਦੋਹਾਂ ਨੂੰ ਨਿਭਾਉਣ, ਕੁਰੀਤੀਆਂ ਦਾ ਤਿਆਗ ਹੋਵੇ, ਧਰਮ ਦਾ ਵਾਧਾ ਹੋਵੇ, ਆਪਣੇ ਉੱਤਮ ਅਸੂਲ ਪਿਆਰੇ ਲੱਗਣ, ਆਪਣੇ ਵਿਚ ਜਥੇਬੰਦ ਹੋਕੇ ਸਿੰਘ, ਦੂਜੀਆਂ ਕੌਮਾਂ ਨੂੰ ਇਕ ਰਸ ਜਾਣ ਕੇ, ਕਿਸੇ ਨਾਲ 'ਅਤਿ ਵੈਰ ਤੇ ਕਿਸੇ ਨਾਲ ਅਤਿ ਮੋਹ ਨਾ ਕਰਨ', ਸਗੋਂ 'ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ' ਵਾਲੀ ਗੁਰੂ ਸਿੱਖਿਆ ਪੁਰ ਟੁਰ ਕੇ, ਅਟੱਲ ਰਹਿਣ |''
ਇਹ ਸੱਚ ਹੈ ਕਿ ਭਾਈ ਸਾਹਿਬ ਨੇ ਜਦੋਂ ਪੰਜਾਬੀ ਸਾਹਿਤ ਖੇਤਰ 'ਚ ਪੈਰ ਧਰਿਆ, ਉੱਦੋਂ ਇਕ ਪਾਸੇ ਈਸਾਈ ਮਿਸ਼ਨਰੀ ਤੇ ਦੂਜੇ ਪਾਸੇ ਆਰੀਆ ਸਮਾਜੀ ਸਿੱਖੀ 'ਤੇ ਹਮਲੇ ਕਰ ਕਹੇ ਸਨ | ਸਾਰੀਆਂ ਤਾਕਤਾਂ ਇਕੱਠੀਆਂ ਹੋ ਕੇ ਸਿੱਖੀ, ਪੰਜਾਬੀ ਅਤੇ ਗੁਰਮੁਖੀ ਨੂੰ ਖਤਮ ਕਰਨ 'ਤੇ ਤੁਲੀਆਂ ਸਨ | ਉਦੋਂ ਸਿੰਘ ਸਭਾ ਲਹਿਰ ਨੇ ਇਹਨਾਂ ਤਾਕਤਾਂ ਨਾਲ ਟੱਕਰ ਲਈ ਅਤੇ ਆਰੀਆ ਸਮਾਜ ਤੇ ਈਸਾਈ ਮਿਸ਼ਨਰੀਆਂ ਨੂੰ ਨੱਥ ਪਾਈ | ਪ੍ਰੋ. ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਕਾਹਨ ਸਿੰਘ ਨਾਭਾ ਸਮੇਤ ਸਮੂਹ ਸਿੰਘ ਸਭੀਏ, ਕਲਮ ਦੇ ਤਲਵਾਰੀਏ ਬਣ ਕੇ ਸਿੱਖੀ ਤੇ ਪੰਜਾਬੀ ਨੂੰ ਖਤਮ ਕਰਨ ਵਾਲੀਆਂ ਤਾਕਤਾਂ ਖਿਲਾਫ਼ ਡਟੇ | ਭਾਈ ਵੀਰ ਸਿੰਘ ਇਸ ਲਹਿਰ ਨੂੰ ਅਗਲੇ ਪੜਾਓ ਤੱਕ ਲੈ ਕੇ ਗਏ।
ਭਾਈ ਵੀਰ ਸਿੰਘ ਦੇ ਪ੍ਰਚਾਰ ਦੇ ਪ੍ਰਭਾਵ ਸਦਕਾ ਹੀ ਕਈ ਸਿੱਖ ਵਿਦਵਾਨ ਆਰੀਆ ਸਮਾਜ ਨੂੰ ਛੱਡ ਕੇ, ਆਪਣੇ ਸਿੱਖੀ ਵਿਰਸੇ ਨਾਲ ਜੁੜੇ | ਉਹਨਾਂ ਲੇਖਕਾਂ ਨੇ ਗੁਰਮੁਖੀ ਲਿੱਪੀ ਅਤੇ ਪੰਜਾਬੀ ਭਾਸ਼ਾ ਵਿਚ ਲਿਖਣਾ ਸ਼ੁਰੂ ਕੀਤਾ | ਉਦੋਂ ਤੋਂ ਹੀ ਆਰੀਆ ਸਮਾਜੀਆਂ ਅੰਦਰ ਭਾਈ ਵੀਰ ਸਿੰਘ ਪ੍ਰਤੀ ਨਫ਼ਰਤ ਬਣੀ ਹੋਈ ਸੀ, ਜੋ ਕਿ ਧਨੀ ਰਾਮ ਚਾਤਿ੍ਕ ਅਤੇ ਪ੍ਰੋ. ਪੂਰਨ ਸਿੰਘ ਨੂੰ ਭਾਈ ਵੀਰ ਸਿੰਘ ਦੇ ਪੰਜਾਬੀ ਸਾਹਿਤ ਖੇਤਰ 'ਚ ਲਿਆਉਣ ਕਰਕੇ ਸਿਖਰ 'ਤੇ ਪਹੁੰਚ ਗਈ | ਆਰੀਆ ਸਮਾਜੀਆਂ ਨੇ ਹੀ ਗੁਰਮੁਖੀ ਲਿਪੀ ਦੀ ਥਾਂ ਦੇਵਨਾਗਰੀ ਲਿਪੀ ਅਤੇ ਪੰਜਾਬੀ ਦੀ ਥਾਂ ਹਿੰਦੀ ਨੂੰ ਅਪਨਾਉਣ 'ਤੇ ਜ਼ੋਰ ਦਿੱਤਾ ਸੀ |
ਅੱਜ-ਕੱਲ੍ਹ ਵੀ ਜੋ 'ਇਕ ਭਾਸ਼ਾ ਇਕ ਰਾਸ਼ਟਰ' ਦਾ ਨਾਅਰਾ ਦਿੱਤਾ ਜਾ ਰਿਹਾ ਹੈ, ਉਹ ਅਸਲ ਵਿਚ 'ਆਰੀਆ ਸਮਾਜੀ ਬਿਰਤਾਂਤ ਦਾ ਹੀ ਸੰਗਠਿਤ ਰੂਪ' ਹੈ | ਇਸ ਦਾ ਸ਼ਿਕਾਰ ਕਈ ਦੇਸ਼ ਭਗਤ ਪੰਜਾਬੀ ਵੀ ਹੋਏ, ਜਿਹੜੇ ਆਰੀਆ ਸਮਾਜ ਦੇ ਪ੍ਰਚਾਰ ਅਧੀਨ ਪੰਜਾਬੀ ਦੀ ਥਾਂ ਹਿੰਦੀ ਨੂੰ ਅਪਨਾਉਣ ਅਤੇ ਗੁਰਮੁਖੀ ਦੀ ਥਾਂ ਦੇਵਨਾਗਰੀ ਵਿਚ ਲਿਖਣ ਨੂੰ ਪ੍ਰਚਾਰਦੇ ਰਹੇ | ਭਾਈ ਵੀਰ ਸਿੰਘ ਨੇ ਅਜਿਹੇ ਸਮੇਂ 'ਕਲਮ ਨੂੰ ਪੰਜਾਬੀ ਤੇ ਗੁਰਮੁਖੀ ਦੇ ਬਚਾਓ ਲਈ ਤਲਵਾਰ' ਬਣਾ ਕੇ ਵਰਤਿਆ ਅਤੇ ਵਿਰੋਧੀ ਤਾਕਤਾਂ ਨਾਲ ਟੱਕਰ ਲੈਂਦੇ ਹੋਏ, ਉਹ ਪੰਜਾਬੀ ਬੋਲੀ ਦੇ ਯੋਧੇ ਬਣ ਕੇ ਨਿੱਤਰੇ |
ਕੀ ਗੁਰਬਾਣੀ ਸਾਹਿਤ ਅਤੇ ਸਿੱਖ ਵਿਰਾਸਤ ਤੋਂ ਪ੍ਰੇਰਨਾ ਲੈਣ ਵਾਲਾ ਵਿਅਕਤੀ ਪੰਜਾਬੀ ਸਾਹਿਤਕਾਰ ਨਹੀਂ ਹੋ ਸਕਦਾ? ਇਹ ਬਿਰਤਾਂਤ ਨਿਰਾ ਪਾਖੰਡ ਅਤੇ ਦੰਭ ਹੈ | ਸੰਸਾਰ ਦੇ ਸਰਵੋਤਮ ਸਾਹਿਤ ਵੱਲ ਨਿਗ੍ਹਾ ਮਾਰੀਏ, ਤਾਂ ਸਾਨੂੰ ਇਸ ਦਾ ਉੱਤਰ ਸਹਿਜੇ ਹੀ ਮਿਲ ਜਾਂਦਾ ਹੈ | ਇੰਗਲੈਂਡ ਦਾ ਮਹਾਂਕਵੀ ਮਿਲਟਨ ਅਤੇ ਇਟਲੀ ਦਾ ਮਹਾਂ-ਕਵੀ ਦਾਂਤੇ ਇਸਦੀ ਮਿਸਾਲ ਹਨ | ਦੋਵੇਂ ਸੰਸਾਰ ਸਾਹਿਤ ਦੇ ਮੰਨੇ-ਪ੍ਰਮੰਨੇ ਲਿਖਾਰੀ ਹਨ | ਜੌਹਨ ਮਿਲਟਨ ਦੀ ਲਿਖਤ 'ਪੈਰਾਈੲਜ਼ ਲੌਸਟ' ਵਿਸ਼ਵ ਸਾਹਿਤ ਦਾ ਸ਼ਾਹਕਾਰ ਮੰਨੀ ਜਾਂਦੀ ਹੈ | ਇਉਂ ਹੀ ਦਾਂਤੇ ਦੀ ਲਿਖਤ 'ਡਿਵਾਈਨ ਕਾਮੇਡੀ' ਨੂੰ ਸਾਹਿਤ ਜਗਤ ਵਿਚ ਉੱਚਾ ਥਾਂ ਹਾਸਿਲ ਹੈ | ਇਹ ਦੋਵੇਂ ਲਿਖਤਾਂ ਬਾਈਬਲ 'ਤੇ ਆਧਾਰਿਤ ਹਨ | ਦਾਂਤੇ ਅਤੇ ਮਿਲਟਨ ਈਸਾਈਅਤ ਤੋਂ ਪ੍ਰੇਰਿਤ ਹਨ | ਇਸ ਦੇ ਬਾਵਜੂਦ ਉਹਨਾਂ ਦੀ ਸਾਹਿਤਕ ਸ਼ਖ਼ਸੀਅਤ ਨੂੰ ਛੁਟਿਆਉਣ ਦਾ ਕੋਈ ਹੀਆ ਨਹੀਂ ਕਰਦਾ | ਦੋਵੇਂ ਮਹਾਂਕਵੀ ਵਜੋਂ ਜਾਣੇ ਜਾਂਦੇ ਹਨ | ਜੇਕਰ ਮਿਲਟਨ ਤੇ ਦਾਂਤੇ ਬਾਈਬਲ ਤੋਂ ਪ੍ਰੇਰਨਾ ਲੈ ਕੇ ਸੰਸਾਰ ਪੱਧਰ 'ਤੇ ਮਹਾਨ ਸਾਹਿਤਕਾਰ ਬਣ ਸਕਦੇ ਹਨ, ਤਾਂ ਫਿਰ ਭਾਈ ਵੀਰ ਸਿੰਘ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਨਾ ਲੈ ਕੇ ਮਹਾਂਕਵੀ ਕਿਉਂ ਨਹੀਂ ਬਣ ਸਕਦੇ? ਭਾਈ ਸਾਹਿਬ ਦੀ ਲਿਖਤ ਗੁਰਬਾਣੀ ਦੀ ਜੀਵਨ ਜਾਚ ਨੂੰ ਪੰਜਾਬੀ ਸਾਹਿਤ ਖੇਤਰ ਵਿਚ, ਵੱਖ-ਵੱਖ ਸਾਹਿਤਕ ਰੂਪਾਕਾਰਾਂ ਰਾਹੀਂ ਪੇਸ਼ ਕਰਦੀ ਹੋਈ ਅਮਰ ਹੋ ਨਿਬੜਦੀ ਹੈ | ਇਉਂ ਭਾਈ ਵੀਰ ਸਿੰਘ ਪੰਜਾਬੀ ਵਿਚ ਮਿਲਟਨ ਅਤੇ ਦਾਂਤੇ ਵਾਂਗ ਕੱਦਾਵਰ ਤੇ ਸਿਰਮੌਰ ਵਿਦਵਾਨ ਹੋ ਨਿਬੜਦੇ ਹਨ |
ਪੱਛਮੀ ਸਾਹਿਤ ਪਰੰਪਰਾ ਤੋਂ ਮਗਰੋਂ ਭਾਰਤੀ ਸਾਹਿਤ ਪਰੰਪਰਾ ਵੱਲ ਨਿਗ੍ਹਾ ਮਾਰੀਏ, ਤਾਂ ਇਥੇ ਹੀ ਅਨੇਕਾਂ ਮਿਸਾਲਾਂ ਹਨ | ਮਹਾਂਕਵੀ ਤੁਲਸੀ ਦਾਸ ਹੋਣ ਜਾਂ ਮਹਾਂਕਵੀ ਸੂਰਦਾਸ, ਇਹਨਾਂ ਨੂੰ ਸਾਹਿਤ ਵਿਚ ਉੱਚਾ ਦਰਜਾ ਹਾਸਿਲ ਹੈ | ਜੇ ਤੁਲਸੀ ਦਾਸ ਸ੍ਰੀ ਰਾਮ ਦੇ ਗੁਣਗਾਨ ਕਰਕੇ ਤੇ ਰਾਮਾਇਣ ਲਿਖਕੇ ਮਹਾਂਕਵੀ ਹੋ ਸਕਦੇ ਹਨ, ਜੇ ਸੂਰਦਾਸ ਸ੍ਰੀ ਕ੍ਰਿਸ਼ਨ ਬਾਰੇ ਲਿਖਕੇ ਮਹਾਂਕਵੀ ਹੋ ਸਕਦੇ ਹਨ ਤਾਂ ਕੀ ਭਾਈ ਵੀਰ ਸਿੰਘ ਗੁਰੂ ਨਾਨਕ ਚਮਤਕਾਰ, ਅਸ਼ਟ ਗੁਰੂ ਚਮਤਕਾਰ ਅਤੇ ਕਲਗੀਧਰ ਚਮਤਕਾਰ ਲਿਖ ਕੇ, ਮਹਾਂਕਵੀ ਨਹੀਂ ਹੋ ਸਕਦੇ? ਦੋਹਰੇ ਮਾਪਦੰਡ ਭਾਈ ਵੀਰ ਸਿੰਘ ਲਈ ਹੀ ਕਿਉਂ?
ਇਥੇ ਹੀ ਬੱਸ ਨਹੀਂ ਅਖੌਤੀ ਖੱਬੇ ਪੱਖੀ ਆਲੋਚਕ ਭਾਈ ਵੀਰ ਸਿੰਘ ਨੂੰ ਸਿੱਖੀ ਪ੍ਰਤੀ ਉਪਭਾਵੁਕ ਹੋ ਕੇ ਲਿਖਣ ਵਾਲਾ ਗਰਦਾਨਦੇ ਹਨ | ਦੂਜੇ ਪਾਸੇ ਅਜਿਹੇ ਆਲੋਚਕਾਂ ਦੀ ਆਪਣੀ ਲਿਖਤ ਖੱਬੇ ਪੱਖੀ ਫਲਸਫੇ ਪ੍ਰਤੀ ਹੱਦੋਂ ਵੱਧ ਉਪ-ਭਾਵੁਕਤਾ 'ਚੋਂ ਪੈਦਾ ਹੁੰਦੀ ਹੈ | ਅਖੌਤੀ ਅਗਾਂਹ ਵਧੂ ਪਹੁੰਚ ਦਾ ਨਾਂ ਵਰਤ ਕੇ ਇਹ ਲੇਖਕ ਆਪਣੇ ਘੜੇ ਮਾਪ-ਦੰਡ ਪੂਰੀ ਕੱਟੜਤਾ ਨਾਲ ਪ੍ਰਚਾਰਦੇ ਹਨ | ਇਹਨਾਂ ਦੀਆਂ ਕਵਿਤਾਵਾਂ, ਕਹਾਣੀਆਂ, ਨਾਵਲ, ਨਾਟਕ ਆਦਿ ਰੂਸੀ ਲਿਖਤਾਂ ਦੀ ਕੱਚ-ਘਰੜ ਨਕਲ ਤੋਂ ਵੱਧ ਕੁਝ ਨਹੀਂ | 'ਦਿੱਤਾ ਹੈ' ਅਤੇ 'ਸਿੱਧ ਕਰਨਾ ਹੈ' ਆਦਿ ਸੰਦ ਇਹਨਾਂ ਦੀ ਆਲੋਚਨਾ ਦਾ ਅਧਾਰ ਹਨ | ਜੋ ਲਿਖਤ ਇਹਨਾਂ ਦੇ ਢਾਂਚੇ 'ਚ ਫਿੱਟ ਨਹੀਂ, ਉਹ ਲਿਖਤ ਮਿਆਰੀ ਨਹੀਂ ਅਤੇ ਜੋ ਲਿਖਤ ਕੱਟੜਤਾ ਨਾਲ ਖੱਬੇ ਪੱਖੀ ਮਾਪਦੰਡ ਦੇ ਚੌਖਟੇ 'ਚ ਢੁਕਦੀ ਹੈ, ਉਹੀ ਮਿਆਰੀ ਹੈ |
ਇਹਨਾਂ ਸਾਹਿਤ ਮਾਫੀਏ ਦੇ ਕੱਟੜਵਾਦੀਆਂ ਦੀ ਜੁੰਡਲੀ ਭਾਈ ਵੀਰ ਸਿੰਘ ਨੂੰ ਤਾਂ ਸਿੱਖੀ ਪ੍ਰਤੀ ਭਾਵੁਕ ਦੱਸਦੀ ਹੈ, ਪਰ ਇਹਨਾਂ ਨੂੰ ਆਪਣੀ ਭਾਵੁਕਤਾ ਨਜ਼ਰ ਨਹੀਂ ਆਉਂਦੀ | ਉਂਝ ਵੀ ਜੇਕਰ ਇਹ ਲੇਖਕ ਤੇ ਆਲੋਚਕ ਪੱਛਮੀ ਢਾਂਚੇ ਨੂੰ ਅਪਨਾ ਕੇ ਖ਼ੁਦ ਨੂੰ ਸਹੀ ਦੱਸਦੇ ਹਨ, ਤਾਂ ਭਾਈ ਵੀਰ ਸਿੰਘ ਤੇ ਉਹਨਾਂ ਦੇ ਰਾਹ 'ਤੇ ਚੱਲਣ ਵਾਲੇ ਧਰਾਤਲ ਪੱਧਰ 'ਤੇ ਗੁਰਬਾਣੀ ਤੇ ਵਿਰਸੇ ਨੂੰ ਅਪਨਾ ਕੇ ਗ਼ਲਤ ਕਿਵੇਂ ਹਨ? ਇਹਨਾਂ ਕੱਚ-ਘਰੜ ਆਲੋਚਕਾਂ ਦੀ ਸੋਚ ਤਾਂ 'ਘਰ ਦਾ ਜੋਗੀ ਜੋਗੜਾ, ਬਾਹਰਲਾ ਜੋਗੀ ਸਿੱਧ' ਵਾਲੀ ਹੈ |
ਭਾਈ ਵੀਰ ਸਿੰਘ 'ਤੇ ਅੱਜ ਕੱਲ੍ਹ ਦੇ ਹੀਰ-ਵੰਨੇ ਵਾਲੇ ਨਵੇਂ 'ਚੁੰਝ ਵਿਦਵਾਨ' ਇਹ ਦੋਸ਼ ਵੀ ਲਾਉਂਦੇ ਹਨ ਕਿ ਭਾਈ ਸਾਹਿਬ ਨੇ 'ਪੰਜਾਬ ਦੇ ਫੈਬਰਿਕ' ਭਾਵ ਤਾਣੇ ਪੇਟੇ ਨੂੰ ਤਹਿਸ ਨਹਿਸ ਕੀਤਾ | ਇਸ ਦੋਸ਼ ਦਾ ਅਧਾਰ ਅਖੌਤੀ ਆਲੋਚਕ ਭਾਈ ਸਾਹਿਬ ਦਾ ਸਿੱਖੀ ਨੂੰ ਸਮਰਪਿਤ ਹੋਣਾ ਮੰਨਦੇ ਹਨ | ਇਹ ਦੋਸ਼ ਨਿਰਮੂਲ ਹੈ ਤੇ ਸਾਜਿਸ਼ੀ ਢੰਗ ਨਾਲ ਮੜਿ੍ਆ ਗਿਆ ਹੈ | ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖੀ ਨੇ ਪੰਜਾਬ ਦਾ ਫੈਬਰਿਕ ਨਸ਼ਟ ਨਹੀਂ ਕੀਤਾ, ਸਗੋਂ ਮਜ਼ਬੂਤ ਕੀਤਾ ਹੈ | ਗੁਰੂ ਗ੍ਰੰਥ ਸਾਹਿਬ ਵਾਹਦ ਇਕੋ-ਇਕ ਸੋਮਾ ਹਨ, ਜੋ ਰੰਗ, ਨਸਲ, ਜਾਤ, ਫਿਰਕੇ, ਬੋਲੀ ਤੇ ਖੇਤਰ ਆਦਿ ਤੋਂ ਉੱਪਰ ਹੋਕੇ, ਸਭ ਨੂੰ ਇਕ ਲੜੀ ਵਿਚ ਜੋੜਦੇ ਹਨ | ਸਿੱਖੀ ਤਾਂ ਮਨੂਵਾਦੀ ਵਿਤਕਰੇ, ਊਚ ਨੀਚ, ਛੂਆ-ਛਾਤ, ਵਰਣ-ਵੰਡ ਆਦਿ ਨੂੰ ਰੱਦ ਕਰਕੇ, ਸਭ ਨੂੰ ਬਰਾਬਰਤਾ ਦਿੰਦੀ ਹੈ | ਭਾਈ ਵੀਰ ਸਿੰਘ ਦੀ ਹਰ ਲਿਖਤ ਵੀ ਜਿਥੇ ਉਕਤ ਗੌਰਵਮਈ ਵਿਰਸੇ 'ਤੇ ਫਖ਼ਰ ਮਹਿਸੂਸ ਕਰਨਾ ਸਿਖਾਉਂਦੀ ਹੈ, ਉਥੇ ਵਿਤਕਰਿਆਂ ਦੀਆਂ ਵਲਗਣਾਂ ਵੀ ਤੋੜਦੀ ਹੈ |
ਭਾਈ ਸਾਹਿਬ ਨੇ ਪੰਜਾਬ ਦਾ ਤਾਣਾ ਪੇਟਾ ਗ਼ਰਕ ਨਹੀਂ ਕੀਤਾ, ਸਗੋਂ ਗ਼ਰਕ ਹੋਣੋ ਬਚਾਇਆ ਹੈ | ਗੁਰਮੁਖੀ ਸਾਹਿਤ ਵਿਚ ਲਾਲਾ ਧਨੀ ਰਾਮ ਚਾਤਿ੍ਕ ਦਾ ਪ੍ਰਵੇਸ਼ ਕਰਵਾਉਣ ਵਾਲੇ ਕੋਈ ਹੋਰ ਨਹੀਂ, ਸਗੋਂ ਭਾਈ ਵੀਰ ਸਿੰਘ ਹਨ | ਉਸ ਸਮੇਂ ਆਰੀਆ ਸਮਾਜੀ ਪੰਜਾਬ ਵਿਚ ਜਾ ਕੇ ਇਥੋਂ ਦੇ ਪੰਜਾਬੀ ਹਿੰਦੂ ਨੂੰ ਪੰਜਾਬੀ ਨਾਲੋਂ ਤੋੜ ਰਹੇ ਸਨ, ਪਰ ਭਾਈ ਵੀਰ ਸਿੰਘ ਪੰਜਾਬੀ ਹਿੰਦੂ ਨੂੰ ਵੀ ਪੰਜਾਬੀ ਨਾਲ ਜੋੜ ਰਹੇ ਸਨ | ਇਉਂ ਭਾਈ ਸਾਹਿਬ ਨੇ ਮਜ਼ਹਬੀ ਵਲਗਣਾਂ ਤੋਂ ਉੱਪਰ, ਪੰਜਾਬ ਤੇ ਪੰਜਾਬੀ ਦੀ ਫੈਬਰਿਕ ਨੂੰ ਮਜ਼ਬੂਤ ਕਰਨ 'ਚ ਵੱਡੀ ਭੂਮਿਕਾ ਨਿਭਾਈ ਹੈ |
ਜਿੱਥੇ ਪੰਜਾਬ ਦੀ ਵੰਡ ਤੋਂ ਪਹਿਲਾਂ ਦੇ ਆਰੀਆਂ ਸਮਾਜੀ ਤੱਤ ਭਾਈ ਵੀਰ ਸਿੰਘ ਦੇ ਪੰਜਾਬੀ ਪ੍ਰਚਾਰ ਤੋਂ ਈਰਖਾ ਖਾਂਦੇ ਸਨ, ਉੱਥੇ ਪੰਜਾਬ ਦੀ ਵੰਡ ਮਗਰੋਂ ਉਹਨਾਂ 'ਚੋਂ ਹੀ ਬਹੁਤੇ ਅਖੌਤੀ ਪੱਬੇ ਪੱਖੀ ਬਣ ਕੇ, ਭਾਈ ਸਾਹਿਬ ਨੂੰ ਰੱਦ ਕਰਨ ਲਈ ਹੋਰ ਕਾਰਨ ਲੱਭਣ ਤੁਰ ਪਏ | ਉਦੋਂ ਤੋਂ ਲੈ ਕੇ ਹੁਣ ਤੱਕ ਇਹ ਕੋਸ਼ਿਸ਼ਾਂ ਜਾਰੀ ਹਨ | ਉਹ ਦੋਸ਼ ਲਾਉਂਦੇ ਹਨ ਕਿ ਭਾਈ ਵੀਰ ਸਿੰਘ ਨੇ ਸਮਕਾਲੀ ਹਾਲਤਾਂ ਬਾਰੇ ਕਿਉਂ ਨਹੀਂ ਲਿਖਿਆ ਅਤੇ ਅੰਗਰੇਜ਼ਾਂ ਖਿਲਾਫ਼ ਕੁੱਝ ਕਿਉਂ ਨਹੀਂ ਬੋਲਿਆ? ਦੋਸ਼ ਲਾਇਆ ਜਾਂਦਾ ਹੈ ਕਿ ਜੋ ਜ਼ੁਲਮ ਤੇ ਧੱਕੇਸ਼ਾਹੀ ਵੇਖ ਕੇ ਚੁੱਪ ਰਹੇ, ਉਹ ਸਾਹਿਤਕਾਰ ਨਹੀਂ | ਇਹ ਪਰਿਭਾਸ਼ਾ ਸਹੀ ਹੈ, ਪਰ ਇਹ ਸਾਹਿਤ ਮਾਫ਼ੀਆ ਆਪਣੇ ਵਰਗ ਦੇ ਲੇਖਕਾਂ 'ਤੇ ਅਜਿਹੀ ਪਰਿਭਾਸ਼ਾ ਲਾਗੂ ਨਹੀਂ ਕਰਦਾ | ਅਜਿਹੀ ਅਸਾਹਿਤਕ ਬੇਈਮਾਨੀ ਦੀ ਇਕ ਉਦਾਹਰਣ ਇਹ ਹੈ ਕਿ 1984 ਵਿਚ ਦਿੱਲੀ ਸਮੇਤ ਭਾਰਤ ਦੇ ਕੋਨੇ ਕੋਨੇ 'ਚ ਹੋਏ ਸਿੱਖ ਕਤਲੇਆਮ ਵੇਲੇ ਅਖੌਤੀ ਅਗਾਂਹ ਵਧੂ ਲੇਖਕਾਂ ਦੀ ਢਾਣੀ ਦੇ ਮੋਢੀਆਂ ਦੀ ਬੰਦ ਜ਼ੁਬਾਨ! ਦਿੱਲੀ ਵਿਚ ਜਦੋਂ ਸਿੱਖ ਨਸਲਕੁਸ਼ੀ ਹੋ ਰਹੀ ਸੀ ਤੇ ਹਜ਼ਾਰਾਂ ਸਿੱਖ ਮਾਰੇ ਜਾ ਰਹੇ ਸਨ, ਧੀਆਂ ਦੇ 'ਗੈੱਗ ਰੇਪ' ਹੋ ਰਹੇ ਸਨ, ਉਸ ਵੇਲੇ ਦਿੱਲੀ ਵਿਚ ਹੀ ਕਵਿੱਤਰੀ ਅੰਮਿ੍ਤਾ ਪ੍ਰੀਤਮ ਵੀ ਮੌਜੂਦ ਸੀ | ਉਸਨੇ ਇਸ ਦੇ ਖਿਲਾਫ਼ ਇਕ ਸ਼ਬਦ ਵੀ ਨਹੀਂ ਬੋਲਿਆ |
ਅਫ਼ਸੋਸ ਕਿ ਭਾਈ ਵੀਰ ਸਿੰਘ ਨੂੰ ਕਟਿਹਰੇ 'ਚ ਖੜ੍ਹਾ ਕਰਨ ਵਾਲਾ 'ਸਾਹਿਤ ਮਾਫ਼ੀਆ' ਅੰਮਿ੍ਤਾ ਪ੍ਰੀਤਮ ਦੀ ਚੁੱਪ 'ਤੇ ਖਾਮੋਸ਼ ਰਹਿੰਦਾ ਹੈ | ਮੰਨ ਲੈਂਦੇ ਹਾਂ ਕਿ ਅਖੌਤੀ ਅਗਾਂਹ ਵਧੂਆਂ ਨੂੰ ਸਿੱਖ ਕਤਲੇਆਮ ਬਾਰੇ ਬੋਲਣ 'ਤੇ ਤਕਲੀਫ ਹੁੰਦੀ ਹੈ, ਪਰ ਜਦੋਂ ਭਾਰਤ 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਉਦੋਂ ਵੀ ਖੱਬੇ ਪੱਖੀ ਚੁੱਪ ਰਹੇ | ਚੁੱਪ ਹੀ ਨਹੀਂ, ਬਲਕਿ ਐਮਰਜੈਂਸੀ ਦੀ ਹਮਾਇਤ ਕਰਦੇ ਰਹੇ | ਪਰ ਭਾਈ ਵੀਰ ਸਿੰਘ ਸਮਕਾਲੀ ਸਰਕਾਰ ਖਿਲਾਫ ਨਾਂ ਬੋਲਣ ਕਰਕੇ ਸਾਹਿਤਕਾਰ ਦਾ ਫਰਜ਼ ਨਹੀਂ ਨਿਭਾ ਰਹੇ | ਅਜਿਹਾ ਦੋਗਲਾਪਣ ਸਾਹਿਤ ਮਾਫੀਏ ਦਾ ਕਿਰਦਾਰ ਹੈ!
ਭਾਈ ਸਾਹਿਬ ਵੀਰ ਸਿੰਘ ਦੇ ਸਮਕਾਲੀ ਰਵਿੰਦਰ ਨਾਥ ਟੈਗੋਰ ਅਤੇ ਡਾ. ਮੁਹੰਮਦ ਇਕਬਾਲ ਦੀ ਗੱਲ ਕਰੀਏ, ਤਾਂ ਉਹਨਾਂ ਦੀ ਸਮਕਾਲੀ ਭੂਮਿਕਾ ਬਾਰੇ ਖੱਬੇ ਪੱਖੀ ਚੁੱਪ ਹਨ | ਮਹਾਂਕਵੀ ਟੈਗੋਰ ਨੇ ਜਾਰਜ ਪੰਜਵੇਂ ਦੀ ਭਾਰਤ ਫੇਰੀ ਮੌਕੇ 'ਜਨ ਗਨ ਮਨ' ਗੀਤ ਲਿਖਿਆ, ਜੋ ਕਿ ਪ੍ਰਸ਼ੰਸਾ ਮਈ ਸਾਹਿਤ ਦਾ ਹੀ ਰੂਪ ਸੀ | ਜਾਰਜ ਪੰਚਮ ਦੀ ਆਮਦ 'ਤੇ ਲਿਖਿਆ ਇਹ ਗੀਤ ਅੱਜ ਭਾਰਤ ਦਾ ਰਾਸ਼ਟਰੀ ਗੀਤ ਹੈ | ਖੱਬੇ ਪੱਖੀ ਇਹ ਸੱਚ ਬਿਆਨ ਕਰਨ ਤੋਂ ਗੁਰੇਜ ਕਰਦੇ ਹਨ | ਟੈਗੋਰ ਨੂੰ ਅੰਗਰੇਜ਼ਾਂ ਵਲੋਂ 'ਸਰ' ਦਾ ਖਿਤਾਬ ਮਿਲਿਆ ਸੀ, ਜੋ ਕਿ ਉਹ ਵੱਡੇ ਹਮਾਇਤੀ ਨੂੰ ਦਿਆ ਕਰਦੇ ਸਨ | ਇਹ ਸਹੀ ਹੈ ਕਿ ਜਲਿ੍ਆਂ ਵਾਲਾ ਬਾਗ਼ ਦੇ ਸਾਕੇ ਵੇਲੇ ਟੈਗੋਰ ਨੇ ਇਹ ਖਿਤਾਬ ਵਾਪਿਸ ਕੀਤਾ ਸੀ | ਇਸ ਤੋਂ ਇਲਾਵਾ ਟੈਗੋਰ ਦੀ ਕੋਈ ਵੀ ਲਿਖਤ ਅੰਗਰੇਜ਼ ਸਾਮਰਾਜ ਖਿਲਾਫ਼ ਨਹੀਂ, ਪਰ ਟੈਗੋਰ ਦੀ ਕਾਮਰੇਡ ਸਹੁੰ ਖਾਂਦੇ ਹਨ, ਜਦਕਿ ਭਾਈ ਵੀਰ ਸਿੰਘ ਨੂੰ ਬੁਰੀ ਤਰ੍ਹਾਂ ਭੰਡਦੇ ਹਨ | ਡਾ. ਮੁਹੰਮਦ ਇਕਬਾਲ ਨੂੰ ਮੁਸਲਿਮ 'ਕੌਮ ਦੇ ਸ਼ਾਇਰ' ਦਾ ਰੁਤਬਾ ਦਿੰਦੇ ਹਨ, ਜਦਕਿ ਇਕਬਾਲ ਨੇ ਆਪਣੀ ਲਿਖਤ ਵਿਚ ਕਿਧਰੇ ਵੀ ਅੰਗਰੇਜ਼ ਸਾਮਰਾਜ ਨੂੰ ਨਹੀਂ ਨਿੰਦਿਆ | ਵੱਡੇ-ਵੱਡੇ ਸਾਹਿਤਕਾਰ ਉਸਦੇ ਸ਼ੇਅਰ ਪੜ੍ਹਦੇ ਹੋਏ ਅਸ਼-ਅਸ਼ ਕਰਦੇ ਹਨ, ਪਰ ਡਾ. ਇਕਬਾਲ ਦੀ ਅੰਗਰੇਜ਼ਾਂ ਖਿਲਾਫ਼ ਚੁੱਪ 'ਤੇ ਖਾਮੋਸ਼ ਰਹਿੰਦੇ ਹਨ |
ਹੁਣ ਗੱਲ ਭਾਈ ਵੀਰ ਸਿੰਘ ਦੀ ਕਰਦੇ ਹਾਂ | ਅੱਜ ਦੀ ਤਾਰੀਖ਼ ਵਿਚ ਅਸੀ ਸਪੱਸ਼ਟ ਹਾਂ ਕਿ ਅੰਗਰੇਜ਼ਾਂ ਨੇ ਭਾਰਤ ਨੂੰ ਬਸਤੀ ਬਣਾ ਕੇ ਜਿਵੇਂ ਲੁੱਟਿਆ, ਲੋਕਾਂ 'ਤੇ ਜੋ ਕਹਿਰ ਢਾਹਿਆਂ, ਜਲਿ੍ਆਂ ਵਾਲਾ ਬਾਗ ਕਾਂਢ ਕਰਕੇ ਸੈਂਕੜੇ ਬੈਕਸੂਰ ਮਾਰੇ ਅਤੇ ਪੰਜਾਬ ਅਤੇ ਭਾਰਤ ਦੇ ਜਿਵੇਂ ਟੁਕੜੇ ਕੀਤੇ, ਉਹ ਨਾਮੁਆਫ਼ ਕਰਨ ਯੋਗ ਗੁਨਾਹ ਹਨ | ਇਹ ਵੀ ਸੱਚ ਹੈ ਕਿ 1849 ਵਿਚ ਪੰਜਾਬ ਨੂੰ ਗ਼ੁਲਾਮ ਬਣਾਉਣ ਲਈ ਅੰਗਰੇਜ਼ਾਂ ਨਾਲ ਪੂਰਬੀਆਂ ਨੇ ਮਿਲ ਕੇ, ਸਿੱਖ ਰਾਜ ਖਤਮ ਕੀਤਾ, ਜਿਸ ਦਾ ਸਿੱਖਾਂ ਅੰਦਰ ਲਗਾਤਾਰ ਰੋਸ ਸੀ | ਸਿੰਘ ਸਭਾ ਲਹਿਰ ਦੌਰਾਨ ਵੀ ਇਹ ਵਰਤਾਰਾ ਝਲਕਦਾ ਹੈ | ਭਾਈ ਵੀਰ ਸਿੰਘ ਦਾ ਜਲਿ੍ਆ ਵਾਲਾ ਬਾਗ਼ ਸਾਕੇ ਬਾਰੇ ਨਾ ਲਿਖਣਾ ਜਾਂ ਅੰਗਰੇਜ਼ਾਂ ਦਾ ਵਿਰੋਧ ਨਾ ਕਰਨਾ ਵੀ ਉਸੇ ਪ੍ਰਸੰਗ ਦਾ ਹਿੱਸਾ ਹੈ | ਇਸ ਦੇ ਬਾਵਜੂਦ ਭਾਈ ਸਾਹਿਬ ਦੀ ਉਕਤ ਪਹੁੰਚ 'ਤੇ ਅਸਹਿਮਤੀ ਪ੍ਰਗਟਾਉਣਾ ਜਾਇਜ਼ ਹੈ ਤੇ ਆਲੋਚਨਾ ਕਰਨੀ ਸਹੀ ਹੈ, ਪਰ ਇਸ ਆਧਾਰ 'ਤੇ ਭਾਈ ਵੀਰ ਸਿੰਘ ਨਾਲ ਈਰਖਾ ਕਰਨੀ ਅਤੇ ਆਪਣੇ ਖੇਮੇ ਦੇ ਲੇਖਕਾਂ ਦੀ ਪੁਸ਼ਤ-ਪਨਾਹੀ ਕਰਨੀ, ਦੋਗਲੀ ਪਹੁੰਚ ਹੀ ਕਹੀ ਜਾਵੇਗੀ |
ਇਹ ਦੋਹਰੇ ਮਾਪਦੰਡ ਇਉਂ ਹੀ ਹਨ ਜਿਵੇਂ ਕਿ ਪੰਜਾਬ ਅੰਦਰ ਖਾੜਕੂਵਾਦ ਦੇ ਦੌਰ ਸਮੇਂ ਖੱਬੇ ਪੱਖੀਆਂ ਦੀ ਇਕ ਢਾਣੀ ਦਾ ਨਾਅਰਾ ਸੀ ਕਿ ਪੰਜਾਬ ਵਿਚ ਖ਼ਾਲਿਸਤਾਨ ਉਹਨਾਂ ਦੀਆਂ ਲਾਸ਼ਾਂ 'ਤੇ ਬਣੇਗਾ | ਅੱਜ ਪੂਰਾ ਭਾਰਤ 'ਹਿੰਦੂ ਰਾਸ਼ਟਰ' ਬਣਨ ਜਾ ਰਿਹਾ ਹੈ, ਹੁਣ ਉਹਨਾਂ ਦੀਆਂ ਲਾਸ਼ਾਂ ਕਿਧਰੇ ਨਹੀਂ ਵਿਛੀਆਂ, ਸਗੋਂ ਉਹਨਾਂ ਦੇ ਜਿਉਂਦੇ ਜੀਅ ਹੀ ਹਿੰਦੂ ਰਾਸ਼ਟਰ ਕਾਇਮ ਹੋ ਰਿਹਾ ਹੈ | ਇਉਂ ਹੀ ਭਾਈ ਵੀਰ ਸਿੰਘ ਬਾਰੇ ਦੋਗਲਾਪਣ ਸਰਾਸਰ ਬੇਇਨਸਾਫੀ ਅਤੇ ਬੇਈਮਾਨੀ ਹੈ | ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਤ ਨੂੰ ਕੌਮਾਂਤਰੀ ਪੱਧਰ ਤੱਕ ਲਿਜਾਣ 'ਚ ਵੀਹਵੀਂ ਸਦੀ ਦੇ ਮੁੱਢ ਤੋਂ ਲੈ ਕੇ ਅੱਧੀ ਸਦੀ ਤੱਕ ਸਰਗਰਮ ਰਹਿੰਦੇ ਹਨ | ਪੰਜਾਬੀ ਦੇ ਵਰਡਜ਼ਬਰਥ, ਮਿਲਟਨ ਅਤੇ ਦਾਂਤੇ ਕਹੇ ਜਾ ਸਕਣ ਦੇ ਸਮਰੱਥ ਮਹਾਂਕਵੀ ਭਾਈ ਵੀਰ ਸਿੰਘ ਦਾ ਸਾਹਿਤਕ ਮੁਲਾਂਕਣ ਅਜੇ ਤੱਕ ਸਹੀ ਢੰਗ ਨਾਲ ਹੋ ਹੀ ਨਹੀਂ ਸਕਿਆ | ਭਾਈ ਵੀਰ ਸਿੰਘ ਦੇ ਜਨਮ ਦਿਹਾੜਾ ਮਨਾਉਂਦੇ ਹੋਏ, ਨਵੇਂ ਸਿਰਿਓਂ ਇਹ ਕਾਰਜ ਆਰੰਭਣ ਦੀ ਲੋੜ ਹੈ | ਭਾਈ ਸਾਹਿਬ ਦੀ ਸਾਹਿਤਕ ਦੇਣ ਨੂੰ ਰੱਦ ਕਰਨ 'ਤੇ ਤੁਲੀਆਂ ਤਾਕਤਾਂ ਦਾ ਦਲੀਲ ਪੂਰਨ ਜਵਾਬ ਦੇਣਾ ਜ਼ਰੂਰੀ ਹੋ ਗਿਆ ਹੈ | 'ਸਾਹਿਤ ਮਾਫ਼ੀਆ' ਦੀਆਂ ਸਾਜਿਸ਼ਾਂ ਨੂੰ ਜੱਗ-ਜਾਹਿਰ ਕਰਕੇ ਹੀ ਭਾਈ ਵੀਰ ਸਿੰਘ ਖਿਆਫ਼ ਝੂਠਾ ਬਿਰਤਾਂਤ ਨਕਾਰਿਆ ਜਾ ਸਕਦਾ ਹੈ।
ਕੋਆਰਡੀਨੇਟਰ, ਪੰਜਾਬੀ ਸਹਿਤ ਸਭਾ ਮੁਢਲੀ
ਐਬਸਫੋਰਡ, ਬੀਸੀ, ਕੈਨੇਡਾ।

ਜੂਨ 84 ਦਾ ਤੀਜਾ ਸ਼ਹੀਦੀ ਘੱਲੂਘਾਰਾ ਜਾਂ ਨੀਲਾ ਤਾਰਾ (ਆਪਰੇਸ਼ਨ ਬਲੂ ਸਟਾਰ) ? - ਡਾ. ਗੁਰਵਿੰਦਰ ਸਿੰਘ

ਇੱਕ ਸੰਖੇਪ ਜਿਹੀ ਗਾਥਾ ਸਾਂਝੀ ਕਰਦੇ ਹਾਂ। 23 ਮਈ 2025 ਨੂੰ ਵੈਨਕੂਵਰ ਦੇ ਸਮੁੰਦਰੀ ਤੱਟ 'ਤੇ ਗੁਰੂ ਨਾਨਕ ਜਹਾਜ਼ ਦੀ 111ਵੀਂ ਵਰੇ-ਗੰਢ ਦੇ ਸਮਾਗਮ ਹੋਏ। ਇਥੋਂ ਹੀ ਗੁਰੂ ਨਾਨਕ ਜਹਾਜ਼ ਕੈਨੇਡਾ ਦੀ ਨਸਲਵਾਦੀ ਸਰਕਾਰ ਨੇ ਵਾਪਸ ਮੋੜਿਆ ਸੀ। ਸਮਾਗਮਾਂ ਵਿੱਚ ਬਜ਼ੁਰਗਾਂ, ਨੌਜਵਾਨਾਂ ਬੱਚਿਆਂ ਨੇ ਵੱਧ-ਚੜ ਕੇ ਹਿੱਸਾ ਲਿਆ। ਇਸ ਦੌਰਾਨ ਇੱਕ ਪੁਰਾਣੀ ਸੰਸਥਾ ਦੇ ਆਗੂਆਂ ਨੇ ਇੱਕ ਮੀਡੀਏ ਰਾਹੀਂ ਸਵਾਲ ਖੜੇ ਕਰ ਦਿੱਤੇ ਕਿ "ਗੁਰੂ ਨਾਨਕ ਜਹਾਜ਼' ਨਾਂ ਹੀ ਕਿਉ?, ਕਾਮਾਗਾਟਾ ਮਾਰੂ ਨਾਂ ਕਿਉਂ ਨਹੀਂ? ਅਖੇ ਇਹੀ ਨਾਂ ਪਹਿਲਾਂ ਤੋਂ ਵਰਤਿਆ ਜਾਂਦਾ ਰਿਹਾ ਹੈ ਤੇ ਇਹੀ ਨਾਂ ਕਿਤਾਬਾਂ ਵਿੱਚ ਵੀ ਹੈ।" ਸੱਚ ਇਹ ਹੈ ਕਿ 'ਕਾਮਾਗਾਟਾ ਮਾਰੂ' ਕਰਾਏ 'ਤੇ ਲਏ ਜਹਾਜ਼ ਨਾਂ ਸੀ, ਜੋ ਬ੍ਰਿਟਿਸ਼ ਬ੍ਰਿਟਿਸ਼ ਕਲੋਨੀਅਲ ਸਿਸਟਮ ਨੇ ਸਾਡੇ ਮੂੰਹਾਂ ਅਤੇ ਦਿਮਾਗਾਂ ਵਿੱਚ ਪਾ ਦਿੱਤਾ, ਜਦ ਕਿ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਰਾਹੀਂ ਇਹ ਜਹਾਜ਼ ਬਾਬਾ ਗੁਰਦਿੱਤ ਸਿੰਘ ਨੇ 66 ਹਜ਼ਾਰ ਡਾਲਰ ਭਾੜਾ ਦੇ ਕੇ ਛੇ ਮਹੀਨੇ ਲਈ ਕਿਰਾਏ 'ਤੇ ਲਿਆ ਸੀ। ਦੇਸ਼ ਪੰਜਾਬ ਦੇ ਵਿਰਸੇ, ਬੋਲੀ ਅਤੇ ਸੱਭਿਆਚਾਰ ਮੁਤਾਬਕ ''ਗੁਰੂ ਨਾਨਕ ਜਹਾਜ਼'' ਨਾਂ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ, ਸਮੂਹ ਮੁਸਾਫਰਾਂ ਨੇ ਸਾਂਝੇ ਤੌਰ 'ਤੇ ਰੱਖਿਆ ਸੀ, ਜੋ ਸਾਜਿਸ਼ੀ ਢੰਗ ਨਾਲ ਦਿਮਾਗਾਂ ਵਿੱਚੋਂ ਮਿਟਾ ਦਿੱਤਾ ਗਿਆ। ਦੁੱਖਦਾਈ ਗੱਲ ਇਹ ਹੈ ਕਿ ਬ੍ਰਿਟਿਸ਼ ਬਸਤੀਵਾਦੀ ਸੋਚ ਵਾਲਿਆਂ ਵੱਲੋਂ ਦਿੱਤਾ ਗਿਆ 'ਕਾਮਾਗਾਟਾ ਮਾਰੂ' ਨਾਂ ਪੰਜਾਬੀਆਂ ਨੇ ਵੀ ਅਪਨਾ ਲਿਆ, ਜਦ ਕਿ ਆਪਣੀ ਬੋਲੀ ਅਤੇ ਵਿਰਸੇ 'ਚੋਂ ਪੈਦਾ ਹੋਇਆ 'ਗੁਰੂ ਨਾਨਕ ਜਹਾਜ਼' ਨਾਂ ਖੁਦ ਹੀ ਭੁਲਾ ਦਿੱਤਾ।
        ਜਿਹੜੇ ਆਖਦੇ ਹਨ ਕਿ ਨਾਂ 'ਚ ਕੀ ਪਿਆ ਹੈ, ਉਹ ਮਾਨਸਿਕ ਦਿਵਾਲੀਏਪਣ ਦਾ ਸ਼ਿਕਾਰ ਹਨ। ਜੇ ਤੁਸੀਂ ਆਪਣੀ ਸ਼ਬਦਾਵਲੀ ਅਤੇ ਆਪਣੇ ਬਿਰਤਾਂਤ ਤੋਂ ਮੂੰਹ ਮੋੜ ਲੈਂਦੇ ਹੋ, ਤਾਂ ਭਵਿੱਖ ਵਿੱਚ ਤੁਹਾਡੀ ਪਛਾਣ ਕਾਇਮ ਨਹੀਂ ਰਹੀ ਸਕਦੀ। ਰਸੂਲ ਹਮਜਾਤੋਵ ਆਪਣੀ ਕਿਤਾਬ 'ਮੇਰਾ ਦਾਗਿਸਤਾਨ' ਵਿੱਚ ਲਿਖਦਾ ਹੈ ਜੇ ਬੀਤੇ 'ਤੇ ਪਿਸਤੌਲ ਨਾਲ ਗੋਲੀ ਚਲਾਉਗੇ, ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ।
        ਦਰਅਸਲ ਸ਼ਬਦ ਦੀ ਅਸੀਮ ਸ਼ਕਤੀ ਹੈ। ਨੇਕ ਸੋਚ ਰਾਹੀਂ ਸ਼ਬਦ ਦੀ ਸਹੀ ਵਰਤੋਂ ਬਿਰਤਾਂਤ ਦੀ ਸੱਚਾਈ ਉਜਾਗਰ ਕਰਦੀ ਹੈ, ਜਦਕਿ ਕਪਟੀ ਸੋਚ ਰਾਹੀਂ ਸ਼ਬਦ ਦੀ ਕੀਤੀ ਸਾਜਿਸ਼ੀ ਵਰਤੋਂ ਬਿਰਤਾਂਤ ਨੂੰ ਵਿਗਾੜਦੀ ਹੈ। ਸੱਤਾ ਵੱਲੋਂ ਬਾਗੀਆਂ ਨੂੰ ਕੁਚਲਣ ਦਾ ਆਸਾਵੀਂ ਜੰਗ ਦਾ ਵੱਡਾ ਹਥਿਆਰ, 'ਸ਼ਬਦ ਬਿਰਤਾਂਤ' ਨੂੰ ਵਿਗਾੜਨਾ ਹੁੰਦਾ ਹੈ। ਸਟੇਟ ਵੱਲੋਂ ਲੋਕਾਂ ਅੰਦਰ ਬਾਗੀਆਂ ਪ੍ਰਤੀ ਨਫਰਤ ਪੈਦਾ ਕਰਕੇ, ਆਪਣੇ ਕਪਟੀ ਸ਼ਬਦ ਲੋਕ ਮਾਨਸਿਕਤਾ ਵਿੱਚ ਭਰ ਦਿੱਤੇ ਜਾਂਦੇ ਹਨ। 'ਹਕੂਮਤ ਦੀ ਫਰੇਬੀ ਸ਼ਬਦਾਵਲੀ' ਦਾ ਸ਼ਿਕਾਰ ਸਿਰਫ ਭੋਲੇ-ਭਾਲੇ ਲੋਕ ਹੀ ਨਹੀਂ ਹੁੰਦੇ, ਬਲਕਿ ਆਗੂ ਵੀ ਹੋ ਜਾਂਦੇ ਹਨ, ਜਿਸ ਦੇ ਅਧੀਨ ਉਹ 'ਆਪਣਾ ਬਿਰਤਾਂਤ' ਛੱਡ ਕੇ, 'ਸਟੇਟ ਦੇ ਬਿਰਤਾਂਤ' ਦੇ ਮੋਹਰੇ ਬਣ ਕੇ, ਕੌਮੀ ਇਤਿਹਾਸ ਨੂੰ ਵਿਗਾੜਨ ਦੇ ਦੋਸ਼ੀ ਬਣ ਜਾਂਦੇ ਹਨ। 
       ਇਸ ਦੀ ਪ੍ਰਤੱਖ ਮਿਸਾਲ 41 ਸਾਲ ਪਹਿਲਾਂ, ਜੂਨ 84 ਨੂੰ ਦਰਬਾਰ ਸਾਹਿਬ 'ਤੇ ਭਾਰਤੀ ਫੌਜ ਦੇ ਹਮਲੇ ਲਈ ਭਾਰਤੀ ਸਟੇਟ ਵੱਲੋਂ ਨੀਲਾ ਤਾਰਾ (ਆਪਰੇਸ਼ਨ ਬਲੂ ਸਟਾਰ) ਸ਼ਬਦ ਵਰਤਣਾ ਛਲ-ਕਪਟੀ ਭਾਸ਼ਾ ਦਾ ਸਿਖਰ ਕਿਹਾ ਜਾ ਸਕਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਨਾ ਕੇਵਲ ਸਟੇਟ ਦੇ ਸੰਦ ਬਣ ਕੇ ਵਿਚਰਨ ਵਾਲੇ ਲਿਖਾਰੀਆਂ ਅਤੇ ਇਤਿਹਾਸਕਾਰਾਂ ਵੱਲੋਂ ਹੀ, ਬਲਕਿ ਸਿੱਖ ਬੁੱਧੀਜੀਵੀਆਂ ਅਤੇ ਵਿਦਵਾਨਾਂ ਵੱਲੋਂ ਵੀ, ਦਰਬਾਰ ਸਾਹਿਬ 'ਤੇ ਹਮਲੇ ਨੂੰ 'ਨੀਲਾ ਤਾਰਾ' (ਆਪਰੇਸ਼ਨ ਬਲੂ ਸਟਾਰ) ਕਹਿਣਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਉਹ ਕਿਸ ਹੱਦ ਤੱਕ ਸਟੇਟ ਦੇ ਛਲ-ਕਪਟ ਦਾ ਸ਼ਿਕਾਰ ਹੋ ਕੇ, ਆਪਣੇ ਹੀ ਇਤਿਹਾਸ ਦੇ ਉਲਟ ਭੁਗਤ ਰਹੇ ਹਨ। 
     ਸਿੱਖ ਕੌਮ ਦੇ ਤੀਜੇ ਘੱਲੂਘਾਰੇ ਦੇ 41ਵੇਂ ਸ਼ਹੀਦੀ ਸਾਲ ਮੌਕੇ 'ਸਾਕਾ ਨੀਲਾ ਤਾਰਾ' ਸ਼ਬਦ ਦੀ ਵਰਤੋਂ ਸਬੰਧੀ ਆਪਣੀਆਂ ਗਲਤੀਆਂ ਨੂੰ ਦਰੁਸਤ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਦੀ ਲੋੜ ਕਿਉਂ ਹੈ ਅਤੇ ਇਸ ਸੋਧ ਨਾਲ ਕੀ ਫਰਕ ਪਏਗਾ? ਆਓ ਇਹਨਾਂ ਮੁੱਦਿਆਂ 'ਤੇ ਗੌਰ ਫਰਮਾਈਏ! ਸਿੱਖ ਵਿਦਵਾਨ ਡਾ. ਸੇਵਕ ਸਿੰਘ ਦੀ ਕਿਤਾਬ 'ਸ਼ਬਦ ਜੰਗ' ਇਸ ਸਿਧਾਂਤਕ ਪ੍ਰਸੰਗ ਨੂੰ ਸਮਝਣ ਵਿੱਚ ਸਹਾਈ ਸਿੱਧ ਹੋਏਗੀ। ਇਸ ਅਨੁਸਾਰ ਸ਼ਬਦ ਜੰਗ, ਵਿਆਖਿਆ ਜੰਗ, ਪਰਚਾਰ ਜੰਗ, ਸਵਾਲਾਂ ਦੀ ਜੰਗਬਾਜੀ ਅਤੇ ਨਿਖੇਧਕਾਰੀ ਨੂੰ ਸਟੇਟ ਹਥਿਆਰ ਵਜੋਂ ਵਰਤਦੀ ਹੈ। 'ਸ਼ਬਦ ਜੰਗ' ਹਥਿਆਰਬੰਦ ਜੰਗ ਨਾਲੋਂ ਨਾ ਸਿਰਫ ਵੱਡੀ ਹੁੰਦੀ ਹੈ, ਸਗੋਂ ਹਥਿਆਰਬੰਦ ਜੰਗ ਸ਼ਬਦ ਜੰਗ ਦਾ ਇੱਕ ਛੋਟਾ ਹਿੱਸਾ ਹੈ। ਸ਼ਬਦ ਜੰਗ ਲੋਕਾਂ ਦੇ ਮਨਾਂ ਉੱਤੇ ਕਬਜ਼ੇ ਦੀ ਜੰਗ ਹੈ। 
           ਸੱਤਾਹੀਣ ਧਿਰ ਜੰਗਜੂ ਹੋਣ ਦੇ ਬਾਵਜੂਦ ਹਕੂਮਤੀ ਜਾਂ ਭਾਰੂ ਧਿਰ ਦੀ ਕਿੰਨੀ ਗੁਲਾਮੀ ਕਬੂਲਦੀ ਹੈ, ਇਹਦਾ ਪਤਾ ਉਹਦੀ ਬੋਲੀ ਦੇ ਸ਼ਬਦਾਂ ਵਿੱਚ ਆਉਂਦੇ ਬਦਲਾਅ ਤੋਂ ਲੱਗਦਾ ਹੈ। ਸੱਤਾ ਸਦਾ ਹੀ ਬਗਾਵਤੀ ਧਿਰਾਂ ਨੂੰ ਬਹੁਭਾਂਤ ਦੀ ਕਪਟੀ ਅਤੇ ਉਲਝਾਊ ਸ਼ਬਦਾਵਲੀ ਨਾਲ ਘੇਰਦੀ ਹੈ। ਸ਼ਬਦ ਜੰਗ ਹੀ ਇਹ ਉਜਾਗਰ ਕਰਦੀ ਹੈ ਕਿ ਕਿਵੇਂ ਸ਼ਬਦਾਂ ਦੀ ਚੋਣ ਮਾਅਨੇ ਰੱਖਦੀ ਹੈ ਅਤੇ ਸ਼ਬਦ ਤੋਂ ਲੈ ਕੇ ਨਿਖੇਧ ਤੱਕ ਦੇ ਸਾਰੇ ਵਰਤਾਰੇ, ਕਿਵੇਂ ਜੰਗ ਲਈ ਵਰਤੇ ਗਏ। ਸ਼ਬਦ ਜੰਗ ਪ੍ਰਤੀ ਸੁਚੇਤ ਨਾ ਹੋਣ ਕਾਰਨ ਹਕੂਮਤ ਦੇ ਜਬਰ ਤੋਂ ਬਾਅਦ, ਜੰਗਜੂ  ਧਿਰਾਂ ਅੰਦਰਲੇ ਵਿਰੋਧਾਂ ਅਤੇ ਬਾਹਰਲੇ ਹਮਲਿਆਂ ਦਾ ਦੁਵੱਲਾ ਸ਼ਿਕਾਰ ਹੋ ਜਾਂਦੀਆਂ ਹਨ। 
      ਸਿਧਾਂਤਕ ਘੇਰਾਬੰਦੀ ਤੋਂ ਬਚਣ ਲਈ ਜੰਗਜੂ ਧਿਰਾਂ ਸ਼ਬਦ ਜੰਗ ਤੋਂ ਕਿਨਾਰਾ ਨਹੀਂ ਕਰ ਸਕਦੀਆਂ, ਬਲਕਿ ਉਹਨਾਂ ਕੋਲ ਇੱਕੋ ਇੱਕ ਰਾਹ, ਇਸ ਨੂੰ ਸਮਝਣ ਦਾ ਹੈ। ਦਰਬਾਰ ਸਾਹਿਬ ਉੱਪਰ ਭਾਰਤੀ ਫੌਜ ਦੇ ਹਮਲੇ ਨੂੰ 'ਨੀਲਾ ਤਾਰਾ' ਨਾਂ ਦੇਣਾ ਦਰਅਸਲ ਇੰਡੀਅਨ ਸਟੇਟ ਦੀ ਅਸਾਵੀਂ ਸ਼ਬਦ ਜੰਗ, ਇਸ ਦੀ ਵਿਆਖਿਆ ਜੰਗ, ਪ੍ਰਚਾਰ ਜੰਗ ਅਤੇ ਸਵਾਲਾਂ ਦੀ ਜੰਗਬਾਜੀ ਦਾ ਪ੍ਰਤੱਖ ਰੂਪ ਹੈ। ਅਸੀਂ ਇਹ ਵੇਖਦੇ ਹਾਂ ਕਿ 'ਨੀਲਾ' ਸ਼ਬਦ ਦੀ ਵਰਤੋਂ ਸਿੱਖਾਂ ਦੇ ਮੁਕੱਦਸ ਨਿਸ਼ਾਨ ਸਾਹਿਬ ਨੂੰ ਅਤੇ ਅਕਾਲੀ ਦਸਤਾਰਾਂ ਨੂੰ ਨਿਸ਼ਾਨਾ ਬਣਾ ਕੇ, ਭਾਰਤੀ ਸਟੇਟ ਵੱਲੋਂ ਕੀਤੀ ਗਈ ਹੈ।
              ਸਿੱਖਾਂ ਦੇ ਪਵਿੱਤਰ ਅਸਥਾਨ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਨੂੰ 'ਨੀਲਾ ਤਾਰਾ' ਦਾ ਸਰਕਾਰੀ ਨਾਂ ਦੇਣ ਦੀ ਦੁਸ਼ਟ-ਸੋਚ ਨੂੰ ਸਮਝਣ ਲਈ ਛਲ-ਕਪਟ ਦੀ ਸ਼ਬਦਾਵਲੀ ਦੇ ਕੁਝ ਅਹਿਮ ਨਮੂਨੇ ਧਿਆਨ ਮੰਗਦੇ ਹਨ। ਇਹ ਸੱਚ ਹੈ ਕਿ ਬੁੱਧ ਧਰਮ ਮਨੂਵਾਦ ਅਤੇ ਬ੍ਰਾਹਮਣਵਾਦ ਦਾ ਵੱਡਾ ਦੁਸ਼ਮਣ ਰਿਹਾ ਹੈ, ਜਿਸ ਪ੍ਰਤੀ ਮਨੂਵਾਦੀਆਂ ਦੀ ਨਫਰਤ ਲਗਾਤਾਰ ਸਦੀਆਂ ਤੱਕ ਕਾਇਮ ਰਹੀ। ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਦਾ ਬੁੱਧ ਧਰਮ ਪ੍ਰਤੀ, ਫਰੇਬੀ ਸੋਚ ਦਾ ਮਖੋਟਾ ਉਸ ਵੇਲੇ ਲਹਿ ਜਾਂਦਾ ਹੈ, ਜਦੋਂ ਭਾਰਤ ਵੱਲੋਂ 18 ਮਈ 1974 ਨੂੰ ਪੋਖਰਨ, ਰਾਜਸਥਾਨ ਵਿਖੇ ਨਿਊਕਲੀਅਰ ਟੈਸਟ ਕੀਤਾ ਜਾਂਦਾ ਹੈ ਤੇ ਉਸਦਾ ਨਾਂ ਫਰੇਬੀ ਸ਼ਬਦਾਵਲੀ ਵਿੱਚ 'ਸਮਾਈਲਿੰਗ ਬੁੱਧਾ' ਭਾਵ ਮਹਾਤਮਾ ਬੁੱਧ ਦਾ ਮੁਸਕਰਾਉਣਾ ਰੱਖਿਆ ਜਾਂਦਾ ਹੈ। ਸਿਤਮਜ਼ਰੀਫੀ ਦੇਖੋ ਕਿ ਜਿਸ ਮਹਾਤਮਾ ਬੁੱਧ ਨੂੰ 'ਅਹਿੰਸਾ ਪਰਮੋ ਧਰਮਾ' ਕਰਕੇ ਜਾਣਿਆ ਜਾਂਦਾ ਹੈ, ਉਸ ਦੇ ਨਾਂ 'ਤੇ ਹੀ ਇਹ ਨਿਊਕਲੀਅਰ ਟੈਸਟ ਕੀਤੇ ਗਏ ਅਤੇ ਦੁਨੀਆ ਅੱਗੇ ਇਸ ਦਾ ਸੰਕੇਤਕ ਨਾਂ 'ਮੁਸਕਰਾਉਂਦਾ ਬੁੱਧ' ਦਿੱਤਾ ਗਿਆ। 
         ਅਫਸੋਸ ਇਸ ਗੱਲ ਦਾ ਹੈ ਕਿ ਪੀੜਤ ਧਿਰ ਭਾਵ ਬੁੱਧ ਧਰਮ ਦੇ ਪੈਰੋਕਾਰਾਂ ਵੱਲੋਂ ਇਸ ਤੇ ਨਾ ਕੋਈ ਇਤਰਾਜ਼ ਕੀਤਾ ਗਿਆ ਅਤੇ ਨਾ ਹੀ ਇਸ ਸਬਦ ਜੰਗ ਅਤੇ ਵਿਆਖਿਆ ਜੰਗ ਵਿੱਚ ਆਪਣਾ ਬਿਰਤਾਂਤ ਦੱਸਣ ਦੀ ਖੇਚਲ ਕੀਤੀ ਗਈ। ਕੌਮਾਂਤਰੀ ਮੰਚ 'ਤੇ ਦੇਖੀਏ, ਤਾਂ ਛਲ-ਕਪਟ ਵਾਲੀ ਸ਼ਬਦਾਵਲੀ ਦੀ ਵਰਤੋਂ ਵਿਸ਼ਵ ਜੰਗਾਂ ਦੌਰਾਨ ਵੀ ਸਾਹਮਣੇ ਆਈ। ਅਮਰੀਕਾ ਨੇ 6 ਅਗਸਤ 1945 ਨੂੰ ਦੂਜੇ ਮਹਾਂ-ਯੁੱਧ ਦੌਰਾਨ ਜਪਾਨ 'ਤੇ 9700 ਪੌਂਡ ਦਾ ਐਟਮੀ ਬੰਬ ਸੁੱਟਦਿਆਂ, ਉਸ ਦਾ ਨਾਂ 'ਲਿਟਲ ਬੁਆਏ' ਭਾਵ 'ਨੰਨਾ ਮੁੰਨਾ' ਰੱਖ ਕੇ ਮਨੁੱਖਤਾ ਨੂੰ ਸ਼ਰਮਸ਼ਾਰ ਕੀਤਾ। ਇੱਥੇ ਹੀ ਵੱਸ ਨਹੀਂ, ਤਿੰਨ ਦਿਨਾਂ ਬਾਅਦ ਅਮਰੀਕਾ ਨੇ ਵਿਗਿਆਨਿਕ ਫਰੇਬੀਆਂ ਦਾ ਸਹਾਰਾ ਲੈ ਕੇ, ਦੂਜੇ ਸ਼ਹਿਰ ਨਾਗਾਸਾਕੀ 'ਤੇ 10,300 ਪੌਂਡ ਦਾ ਨਿਊਕਲੀਅਰ ਬੰਬ ਸੁੱਟਿਆ, ਜਿਸ ਦਾ ਨਾਂ 'ਫੈਟ ਮੈਨ' ਭਾਵ 'ਮੋਟੂ' ਰੱਖਿਆ। ਇਹਨਾਂ ਬੰਬਾਂ ਨਾਲ ਲੱਖ ਤੋਂ ਵੱਧ ਮਨੁੱਖ, ਜਿੰਨਾਂ 'ਚ ਵੱਡੀ ਗਿਣਤੀ ਬੱਚਿਆਂ ਤੇ ਔਰਤਾਂ ਦੀ ਸੀ, ਖਤਮ ਹੋ ਗਏ।
      ਘੱਲੂਘਾਰਿਆਂ ਦੀ ਗੱਲ ਕਰਦਿਆਂ ਫਰੇਬੀ ਸ਼ਬਦਾਵਲੀ ਦੀ ਸਭ ਤੋਂ ਘਿਨਾਉਣੀ ਮਿਸਾਲ ਨਾਜ਼ੀਵਾਦੀਆਂ ਵੱਲੋਂ ਯਹੂਦੀਆਂ ਦੇ ਘੱਲੂਘਾਰੇ  ਨੂੰ 'ਫਾਈਨਲ ਸਲੂਸ਼ਨ' ('ਅੰਤਿਮ ਹੱਲ') ਦਾ ਸੰਕੇਤਕ ਨਾਂ ਦੇਣਾ ਹੈ। ਇਹ ਕਤਲੇਆਮ 1941 ਤੋਂ 1945 ਤੱਕ ਹੋਇਆ, ਜਿਸ ਵਿੱਚ ਛੇ ਮਿਲੀਅਨ ਯਹੂਦੀਆਂ ਨੂੰ ਅੰਤਾਂ ਦੇ ਤਸ਼ੱਦਦ ਨਾਲ ਮਾਰਿਆ ਗਿਆ। ਇਸ ਦੌਰਾਨ ਇੱਕ ਹੋਰ ਦਿਲ ਕੰਬਾਊ ਸੰਕੇਤਕ ਸ਼ਬਦਾਵਲੀ ਨਾਜ਼ੀਆਂ ਵੱਲੋਂ ਯਹੂਦੀਆਂ ਗੈਸ ਭੱਠੀਆਂ ਵਿੱਚ ਜਿਉਂਦਿਆਂ ਸਮੂਹਿਕ ਤੌਰ ਤੇ ਸਾੜਨ ਨੂੰ 'ਸ਼ਾਵਰ ਬਾਥ' '(ਫੁਹਾਰਾ ਇਸ਼ਨਾਨ')  ਕਰਵਾਉਣਾ ਕਹਿਣਾ ਹੈ। 
      ਨਾਜ਼ੀਆਂ ਦੀ ਤਰਜ਼ 'ਤੇ ਹੀ ਹਿਟਲਰ ਦੀ ਪੈਰੋਕਾਰ ਮਨੂਵਾਦੀ ਹਕੂਮਤ ਵੱਲੋਂ ਨੀਲੇ ਨਿਸ਼ਾਨ ਸਾਹਿਬ ਅਤੇ ਨੀਲੀਆਂ ਦਸਤਾਰਾਂ ਵਾਲੇ ਸਿੱਖਾਂ ਨੂੰ ਸਬਕ ਸਿਖਾਉਣ ਲਈ 1 ਜੂਨ 1984 ਤੋਂ 10 ਜੂਨ 1984 ਤੱਕ, ਮਿਲਟਰੀ 'ਆਪਰੇਸ਼ਨ ਬਲੂ ਸਟਾਰ' (ਨੀਲਾ ਤਾਰਾ) ਦੇ ਸਰਕਾਰੀ ਨਾਂ ਹੇਠ ਕੀਤਾ ਗਿਆ। ਉਸ ਵੇਲੇ ਦੀ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਇਹ ਹਮਲਾ ਅਚਨਚੇਤ ਨਹੀਂ, ਬਲਕਿ ਭਾਰਤੀ ਜਨਤਾ ਪਾਰਟੀ ਅਤੇ ਹੋਰਨਾਂ ਵਿਰੋਧੀ ਧਿਰਾਂ ਦੀ ਸਮੂਹਿਕ ਸਹਿਮਤੀ ਲੈ ਕੇ, ਬਹੁ-ਗਿਣਤੀ ਨੂੰ ਭਰਮਾਉਣ, ਵੋਟਾਂ ਦੇ ਧਰੁਵੀਕਰਨ, ਐਮਰਜੈਂਸੀ ਦੌਰਾਨ ਸਿੱਖਾਂ ਨੂੰ ਤਿੱਖੇ ਵਿਰੋਧ ਲਈ ਸਬਕ ਸਿਖਾਉਣ ਤੇ ਘੱਟ-ਗਿਣਤੀ ਕੌਮ ਦਾ ਸ਼ਿਕਾਰ ਕਰਨ ਲਈ, ਯੋਜਨਾਵੱਧ ਢੰਗ ਨਾਲ ਕੀਤਾ ਗਿਆ। 
           ਕੌਮਾਂਤਰੀ ਪੱਧਰ ਤੇ ਬਰਤਾਨੀਆ ਅਤੇ ਰੂਸ ਦੀ ਭਾਈਵਾਲੀ ਨਾਲ, ਫੌਜੀ ਹਮਲਾ 'ਸਾਕਾ ਨੀਲਾ ਤਾਰਾ' ਦੇ ਸਰਕਾਰੀ ਨਾਂ ਹੇਠ ਕੇਵਲ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ਨਹੀਂ, ਬਲਕਿ ਪੰਜਾਬ ਦੇ 37 ਹੋਰ ਗੁਰਦੁਆਰਿਆਂ ਸਮੇਤ, ਸਮੂਹ ਪੰਜਾਬ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਸਿੱਖਾਂ ਨੂੰ ਜ਼ਲੀਲ ਕਰਨ ਲਈ ਛਲ-ਕਪਟ ਦੀ ਸ਼ਬਦਾਵਲੀ ਹੇਠ ਦਰਬਾਰ ਸਾਹਿਬ 'ਤੇ ਹਮਲੇ ਲਈ ਵਰਤੇ ਜਾਂਦੇ ਸਰਕਾਰੀ ਫੌਜੀ ਨਾਂ 'ਅਪਰੇਸ਼ਨ ਬਲੂ ਸਟਾਰ' ਦੇ ਅੱਗੇ ਹੋਰ ਵੀ ਵੱਖਰੇ ਸਰਕਾਰੀ ਸੰਕੇਤਕ ਫੌਜੀ ਨਾਂ ਰੱਖੇ ਗਏ, ਜਿਨਾਂ ਦਾ ਵਰਗੀਕਰਨ ਇਉ ਕੀਤਾ ਗਿਆ ; ਪਹਿਲਾ 'ਆਪਰੇਸ਼ਨ ਮੈਟਲ', ਜਿਸ ਦਾ ਮਕਸਦ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਅਕਾਲ ਤਖਤ ਅਤੇ ਹੋਰਨਾਂ ਇਮਾਰਤਾਂ ਉੱਪਰ ਹਮਲਾ ਕਰਨਾ ਅਤੇ ਉੱਥੇ ਮੌਜੂਦ ਸਿੱਖਾਂ ਨੂੰ ਖਤਮ ਕਰਨਾ ਸੀ। ਦੂਜਾ 'ਆਪਰੇਸ਼ਨ ਸ਼ਾਪ' ਸੀ, ਜਿਸ ਵਿੱਚ ਦਰਬਾਰ ਸਾਹਿਬ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਗੁਰਦੁਆਰਿਆਂ ਨੂੰ 'ਸ਼ੱਕੀ ਅਸਥਾਨ' ਕਰਾਰ ਦੇ ਕੇ ਨਿਸ਼ਾਨਾ ਬਣਾਉਣਾ ਅਤੇ ਸਿੱਖਾਂ ਦਾ ਕਤਲੇਆਮ ਕਰਨਾ ਸੀ। ਤੀਸਰਾ ਪੜਾਓ ਸੀ 'ਆਪਰੇਸ਼ਨ ਵਡਰੋਜ', ਜਿਸ ਵਿੱਚ ਇੰਡੀਅਨ ਆਰਮੀ ਅਤੇ ਉਸ ਨਾਲ ਨੈਸ਼ਨਲ ਸਿਕਿਉਰਟੀ ਗਾਰਡ ਨੇ, ਮਿਲ ਕੇ 9 ਮਈ 1988 ਨੂੰ 'ਆਪਰੇਸ਼ਨ ਬਲੂ ਸਟਾਰ' ਦੀ ਦੂਸਰੀ ਕੜੀ ਨੂੰ ਅੱਗੇ ਤੋਰਿਆ ਅਤੇ ਦਰਬਾਰ ਸਾਹਿਬ 'ਤੇ ਮੁੜ ਹਮਲਾ ਕੀਤਾ। 
          'ਅਪਰੇਸ਼ਨ ਬਲੂ ਸਟਾਰ', 'ਆਪਰੇਸ਼ਨ ਮੈਟਲ', 'ਆਪਰੇਸ਼ਨ ਸ਼ਾਪ', 'ਆਪਰੇਸ਼ਨ ਵਡਰੋਜ' ਅਤੇ 'ਆਪਰੇਸ਼ਨ ਬਲੈਕ ਥੰਡਰ ਆਦਿ 'ਸਰਕਾਰੀ ਨਾਂ' ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਲਈ ਵਰਤੇ ਗਏ। ਅਫਸੋਸ ਕਿ ਸਿੱਖ ਵਿਦਵਾਨ ਅਤੇ ਸਿੱਖ ਸੰਸਥਾਵਾਂ ਆਪਣੇ ਅਦਾਰਿਆਂ ਵਿੱਚ ਇਨਾਂ ਨਾਵਾਂ ਦਾ ਇਸਤੇਮਾਲ ਕਰਕੇ ਬੌਧਿਕ ਦਿਵਾਲੀਏਪਨ ਦੀ ਮਿਸਾਲ ਪੇਸ਼ ਕਰਦੀਆਂ ਹਨ, ਜਿਵੇਂ ਕਿ 'ਅਪਰੇਸ਼ਨ ਬਲੂ ਸਟਾਰ ਨੂੰ ਯਾਦ ਕਰਦਿਆਂ', 'ਸਾਕਾ ਨੀਲਾ ਧਾਰਾ ਦੀ 41ਵੀਂ ਵਰੇ-ਗੰਢ 'ਤੇ', 'ਸਾਕਾ ਨੀਲਾ ਤਾਰਾ ਤੋਂ ਬਾਅਦ' ਆਦਿ। ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਕਿਰਪਾਲ ਸਿੰਘ ਦੀ ਕਿਤਾਬ 'ਅੱਖੀਂ ਡਿੱਠਾ ਸਾਕਾ ਨੀਲਾ ਤਾਰਾ' ਅਤੇ ਕਈ ਹੋਰ ਸਿੱਖ ਇਤਿਹਾਸਕਾਰਾਂ ਦੀਆਂ ਅਜਿਹੀਆਂ ਲਿਖਤਾਂ ਇਸ ਦੀ ਪ੍ਰਤੱਖ ਮਿਸਾਲ ਹਨ। ਵਿਦਵਾਨ ਡਾ. ਸਿਕੰਦਰ ਸਿੰਘ ਦਾ ਕਥਨ ਹੈ ਕਿ ਸ਼ਬਦ ਜੰਗ ਹੁੰਦੀ ਇਹ ਹੈ ਕਿ ਸੱਤਾ ਵੱਲੋਂ ਆਪਣੇ ਵਿਰੋਧੀ ਦੀ ਧਰਤੀ ਨੂੰ, ਧਰਮ ਨੂੰ, ਕਿੱਤੇ ਨੂੰ, ਦੇਹ ਨੂੰ, ਇਤਿਹਾਸ ਨੂੰ, ਬੋਲੀ ਨੂੰ, ਸੱਭਿਆਚਾਰ ਨੂੰ, ਸਭ ਨੂੰ ਹੀਣਾ ਅਤੇ ਨੀਵਾਂ ਕਰ ਦੇਣਾ, ਉਹਨਾਂ ਦੇ ਅੱਖਰਾਂ ਤੱਕ ਘਟਾ ਦੇਣਾ। 
          41 ਸਾਲ ਪਹਿਲਾਂ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਮੇਤ ਪੰਜਾਬ ਉੱਪਰ ਭਾਰਤੀ ਸਟੇਟ ਦਾ ਫੌਜੀ ਹਮਲਾ ਸਿੱਖੀ ਨੂੰ, ਪੰਜਾਬੀਆਂ ਨੂੰ, ਪੰਜਾਬੀ ਬੋਲੀ ਨੂੰ, ਸੱਭਿਆਚਾਰ ਨੂੰ ਅਤੇ ਇਤਿਹਾਸ ਨੂੰ ਖਤਮ ਕਰਨ ਦਾ ਖੂਨੀ ਵਰਤਾਰਾ ਸੀ, ਜਿਸ ਨੂੰ 'ਅਪਰੇਸ਼ਨ ਬਲੂ ਸਟਾਰ' ਕਹਿ ਕੇ, ਸੰਸਾਰ ਭਰ ਵਿੱਚ, ਸਿੱਖਾਂ ਨੂੰ ਭੰਡਿਆ ਗਿਆ। ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ 'ਤੇ ਮਿਥ ਕੇ ਕੀਤੇ ਗਏ ਇਸ ਫੌਜੀ ਹਮਲੇ ਨੇ, ਸਿੱਖ ਨਸਲਕੁਸ਼ੀ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਪੰਜਾਬ ਦੇ ਅੰਦਰ ਆਉਂਦੇ 10 ਸਾਲਾਂ ਵਿੱਚ ਅਤੇ ਦਿੱਲੀ ਸਮੇਤ ਭਾਰਤ ਦੇ ਕੋਨੇ-ਕੋਨੇ ਵਿੱਚ ਨਵੰਬਰ 84 ਨੂੰ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਹੋਈ। ਸਿੱਖ ਬਿਰਤਾਂਤ ਅਨੁਸਾਰ ਦਰਬਾਰ ਸਾਹਿਬ ਤੇ ਭਾਰਤੀ ਫੌਜੀ ਹਮਲੇ ਨੂੰ 'ਸਿੱਖਾਂ ਦਾ ਤੀਜਾ ਘੱਲੂਘਾਰਾ' ਹੀ ਕਹਿਣਾ ਉਚਿਤ ਹੈ। ਇਸ ਬਿਰਤਾਂਤ ਨੂੰ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ 'ਝਨਾਂ ਦੀ ਰਾਤ' ਵਿੱਚ ਢੁਕਵੀਂ ਸ਼ਬਦਾਵਲੀ ਰਾਹੀਂ ਪੇਸ਼ ਕਰਦੇ ਬਿਆਨ ਕਰਦੇ ਹਨ :

"ਕਟਕ ਅਕ੍ਰਿਤਘਣਾਂ ਦੇ ਧਮਕੇ ਹਰਮਿੰਦਰ ਦੇ ਬੂਹੇ
ਮੀਆਂ ਮੀਰ ਦਾ ਖੂਨ ਵੀਟ ਕੇ ਕਰੇ ਸਰੋਵਰ ਸੂਹੇ 
ਦੂਰ ਸਮੇਂ ਦੇ ਗਰਭ ’ਚ ਸੁੱਤੇ ਬੀਜ ਮਾਸੂਮ ਵਣਾਂ ਦੇ,
ਲੂਣ-ਹਰਾਮ ਦੀ ਨਜ਼ਰ ਪੈਂਦਿਆਂ ਗਏ ਪਲਾਂ ਵਿਚ ਲੂਹੇ

ਨਾਰ ਸਰਾਲ ਸਰਕਦਾ ਘੇਰਾ ਹਰਿਮੰਦਰ ਨੂੰ ਪਾਇਆ 
ਰਿਜ਼ਕ ਫ਼ਕੀਰਾਂ ਵਾਲਾ ਸੁੱਚਾ ਆ ਤਕਦੀਰ ਜਲਾਇਆ 
ਬੁੱਤ-ਪੂਜਾਂ ਦੇ ਸੀਨੇ ਦੇ ਵਿਚ ਫੱਫੇਕੁੱਟਨੀ ਸੁੱਤੀ,
ਜਿਸ ਦੀ ਵਿਸ ਨੂੰ ਭਸਮ ਕਰਨ ਲਈ ਤੀਰ ਬੇਅੰਤ ਦਾ ਆਇਆ 

ਘਾਇਲ ਹੋਏ ਹਰਿਮੰਦਰ ਕੋਲੇ ਕਿੜਾਂ ਬੇਅੰਤ ਨੂੰ ਪਈਆਂ
ਤੱਤੀ ਤਵੀ ਦੇ ਵਾਂਗ ਦੁਪਹਿਰਾਂ ਨਾਲ ਨਾਲ ਬਲ ਰਹੀਆਂ 
ਮੀਆਂ ਮੀਰ ਦੇ ਸੁਪਨੇ ਦੇ ਵਿੱਚ ਵਗੇ ਵਗੇ ਪਈ ਰਾਵੀ,
ਵਹਿਣ ’ਚ ਹੱਥ ਉਠੇ, ਸਭ ਲਹਿਰਾਂ ਉਲਰ ਬੇਅੰਤ ਤੇ ਪਈਆਂ" 

         ਜੂਨ 84 ਵਿੱਚ ਦਰਬਾਰ ਸਾਹਿਬ ਦੇ ਫੌਜੀ ਹਮਲੇ ਦਾ 41ਵਾਂ ਸ਼ਹੀਦੀ ਸਾਲ ਚੇਤੇ ਕਰਦਿਆਂ, ਅੱਜ ਤੋਂ ਇਹ ਪ੍ਰਣ ਕਰਨਾ ਬਣਦਾ ਹੈ ਕਿ ਜਾਣੇ-ਅਣਜਾਣੇ ਵਿੱਚ ਸਟੇਟ ਦੇ ਬਿਰਤਾਂਤ ਅਤੇ ਕਪਟੀ ਸ਼ਬਦਾਵਲੀ ਆਪਰੇਸ਼ਨ ਬਲੂ ਸਟਾਰ (ਨੀਲਾ ਤਾਰਾ) ਨੂੰ ਆਪਣੇ ਜਜ਼ਬਾਤ ਬਿਆਨ ਕਰਨ ਲਈ ਨਾ ਵਰਤਿਆ ਜਾਵੇ। ਹਾਂ, ਜਿੱਥੇ ਸਰਕਾਰੀ ਜਬਰ ਅਤੇ ਫੌਜ ਦੇ ਕਹਿਰ ਨੂੰ ਦੱਸਣਾ ਹੋਵੇ, ਉਥੇ ਭਾਰਤ ਸਰਕਾਰ ਦੇ ਛਲ-ਕਪਟੀ ਸ਼ਬਦਾਂ ਦੇ ਰੂਪ ਵਿੱਚ ਇਸ ਨੂੰ ਕੋਝੀ ਅਤੇ ਨੀਚ ਕਾਰਵਾਈ ਵਜੋਂ ਬਿਆਨ ਕਰਨਾ ਠੀਕ ਹੋਏਗਾ। ਇਸ ਤੋਂ ਇਲਾਵਾ ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਜੂਨ 84 ਦਾ ਤੀਜਾ ਸ਼ਹੀਦੀ ਘੱਲੂਘਾਰਾ ਸਿੱਖ ਕੌਮ ਲਈ ਇੱਕ ਯੁਗ ਪਲਟਾਊ ਵਰਤਾਰਾ ਹੈ, ਜਿਸ ਨੇ ਦੇਸ਼ ਵਿਦੇਸ਼ ਵਿੱਚ ਲੱਖਾਂ ਸਿੱਖਾ ਦਾ ਜੀਵਨ ਬਦਲ ਦਿੱਤਾ। ਅਜਿਹੇ ਜੀਵਨ ਪਲਟਾਊ ਬਿਰਤਾਂਤ ਨੂੰ ਡਾਕਟਰ ਹਰਭਜਨ ਸਿੰਘ ਤੋਂ ਵਧੀਆ ਢੰਗ ਨਾਲ ਸ਼ਾਇਦ ਹੀ ਕਿਸੇ ਨੇ ਬਿਆਨ ਕੀਤਾ ਹੋਵੇ ;

"ਦਿੱਲੀ ਨੇ ਜਦ ਅੰਮ੍ਰਿਤਸਰ ’ਤੇ ਜਮ ਕਰ ਮੁਗਲ ਚੜ੍ਹਾਇਆ
ਹੈਵਰ ਗੈਵਰ ਤੋਂ ਵੀ ਤਕੜਾ ਜਦ ਲੌਹੇਯਾਨ ਦੁੜਾਇਆ
ਫੌਜਾਂ ਨੇ ਜਦ ਸੋਨਕਲਸ਼ ’ਤੇ ਤੁਪਕ ਤਾਨ ਚਲਾਇਆ
ਖਖੜੀ ਖਖੜੀ ਹੋ ਕੇ ਡਿੱਗਾ ਜਦ ਮੇਰੇ ਸਿਰ ਦਾ ਸਾਇਆ
ਸੱਚ ਤਖਤ ਜਿਨ੍ਹੇ ਸੀ ਢਾਇਆ ਉਸੇ ਜਦੋਂ ਬਣਾਇਆ
ਤਾਂ ਅਪਰਾਧੀ ਦੂਣਾ ਨਿਵਦਾ ਮੈਨੂੰ ਨਜ਼ਰੀਂ ਆਇਆ
ਸਤਿਗੁਰ ਇਹ ਕੀ ਕਲਾ ਵਿਖਾਈ,ਤੂੰ ਕੀ ਭਾਣਾ ਵਰਤਾਇਆ
'ਮੈਂ ਪਾਪੀ ਦੀ ਸੋਧ ਲਈ ਤੂੰ' ਆਪਣਾ ਘਰ ਢਠਾਇਆ
ਮੈਂ ਰੱਬ ਨੂੰ ਬਹੁਤ ਧਿਆਇਆ"

ਸਿੰਘ ਸਭਾ ਲਹਿਰ ਦੇ ਵਿਦਵਾਨ ਆਗੂ 'ਪੰਥ ਰਤਨ' ਭਾਈ ਦਿੱਤ ਸਿੰਘ ਗਿਆਨੀ (ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ) - ਡਾ. ਗੁਰਵਿੰਦਰ ਸਿੰਘ

"ਜਿਹਦਾ ਨਾਮ ਲੈਂਦਿਆਂ ਹੀ ਦਿਲ ਵਿਚ ਜੋਸ਼ ਉਠੇ,
ਝੁਕ ਜਾਵੇ ਧੌਣ ਵੱਡੇ ਵੱਡੇ ਅਭਿਮਾਨੀ ਦੀ।
ਸੁੱਤੀ ਹੋਈ ਘੂਕ ਕੌਮ ਆਣ ਕੇ ਜਗਾਈ ਜੀਹਨੇ,
ਅਜ ਤਕ ਧੁੰਮ ਪਈ ਹੋਈ ਜਿਹਦੀ ਕਾਨੀ ਦੀ।
ਐਸਾ ਕੌਣ ਬੀਰ ਜੀਹਨੇ ਭਰਮ ਲੀਰ ਲੀਰ ਕੀਤੇ,
ਆਈ ਅਜ ਯਾਦ ਉਸ ਸਿੰਘ ਸਭਾ ਬਾਨੀ ਦੀ।
ਭਾਵੇਂ ਉਹ ਦੀ ਪਾਈ ਨਾ ਕਦਰ ਪੂਰੀ ਪੰਥ ਨੇ ਹੈ,
ਭਾਸੇ ਅਜ ਲੋੜ ਫੇਰ 'ਦਿੱਤ ਸਿੰਘ ਗਿਆਨੀ' ਦੀ।"
ਸਿੰਘ ਸਭਾ ਲਹਿਰ ਦੀ ਜਿਥੇ ਪੰਜਾਬ ਦੀ ਧਰਤੀ ´ਤੇ ਸਿੱਖੀ ਦੇ ਫੈਲਾਅ ਵਿੱਚ ਵਿਸ਼ੇਸ਼ ਭੂਮਿਕਾ ਹੈ, ਉੱਥੇ ਭਾਰਤ ਤੋਂ ਬਾਹਰ ਵਿਦੇਸ਼ਾਂ ਵਿੱਚ ਸਿੱਖ ਸਿਧਾਂਤਾਂ ਦੇ ਪ੍ਰਸਾਰ ਵਿਚ ਵੀ ਇਸ ਦੀ ਵਡਮੁਲੀ ਦੇਣ ਹੈ। ਮਹਾਨ ਸਿੱਖ ਵਿਦਵਾਨ, ਉੱਚ-ਕੋਟੀ ਦੇ ਕਵੀ, ਪ੍ਰਸਿੱਧ ਲੇਖਕ, ਉੱਤਮ ਵਿਆਖਿਆਕਾਰ, ਸ੍ਰੇਸ਼ਟ ਟੀਕਾਕਾਰ, ਸੰਪਾਦਕ ਪੰਥ ਰਤਨ ਭਾਈ ਦਿੱਤ ਸਿੰਘ ਗਿਆਨੀ ਜੀ ਸਿੰਘ ਸਭਾ ਲਹਿਰ ਦੇ ਪ੍ਰਮੁਖ ਪ੍ਰਚਾਰਕ ਸਨ। ਰੋਪੜ ਨਿਵਾਸੀ ਕਵੀਰਾਜ ਗੁਰਬਖਸ਼ ਸਿੰਘ ਦੀਆਂ ਉਪਰੋਕਤ ਕਾਵਿ ਸਤਰਾਂ ਭਾਈ ਸਾਹਿਬ ਦੀ ਕੌਮ ਪ੍ਰਤੀ ਦੇਣ ਨੂੰ ਬਿਆਨਦੀਆਂ ਹਨ।
ਸਿੰਘ ਸਭਾ ਲਹਿਰ ਦੇ ਪ੍ਰਮੁਖ ਪ੍ਰਚਾਰਕ ਗਿਆਨੀ ਦਿੱਤ ਸਿੰਘ ਦਾ ਜਨਮ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਨੰਦਪੁਰ ਕਲੌੜ ਦੇ ਮੂਲਨਿਵਾਸੀ ਦੀਵਾਨ ਸਿੰਘ ਦੇ ਘਰ ਮਾਈ ਰਾਮ ਕੌਰ ਦੀ ਕੁੱਖੋਂ 21 ਅਪ੍ਰੈਲ 1853 ਈ. (ਦੂਜਾ ਸਰੋਤ 1850 ਈ.) ਵਿਚ ਹੋਇਆ। ਨਿੱਕੀ ਉਮਰੇ ਆਪ ਜੀ ਨੇੇ ਗੁਲਾਬਦਾਸੀ ਮਹਾਤਮਾ ਸੰਤ ਗੁਰਬਖਸ਼ ਦੇੇ ਡੇਰੇ ਤੋਂ ਸ੍ਵੈ ਅਧਿਐਨ ਸਦਕਾ ਗੁਰਬਾਣੀ ਸਮੇਤ ਹੋਰ ਗਿਆਨ ਹਾਸਲ ਕੀਤਾ। ਭਾਈ ਦਿੱਤ ਸਿੰਘ ਦਾ ਵਿਆਹ 1872 ਵਿੱਚ ਸਿੱਖ ਮਰਿਆਦਾ ਅਨੁਸਾਰ ਸੰੰਤ ਭਾਗ ਸਿੰਘ ਦੀ ਸਪੁੱਤਰੀ ਬਿਸ਼ਨ ਕੌਰ ਨਾਲ ਹੋਇਆ। ਬੀਬੀ ਬਿਸ਼ਨ ਕੌਰ ਦੇ ਜਿਮੀਂਦਾਰ ਪਰਿਵਾਰ ਅਤੇ ਗਿਆਨੀ ਦਿੱਤ ਸਿੰਘ ਦਾ ਮੂਲ ਨਿਵਾਸੀ ਪਰਿਵਾਰ ਦਾ, ਵਿਆਹ ਦੇ ਰੂਪ ਵਿੱਚ ਮੇਲ ਇਤਿਹਾਸਕ ਇਨਕਲਾਬ ਸੀ, ਜਿਸ ਦਾ ਉਸ ਵੇਲੇ ਵੀ ਕਾਫੀ ਵਿਰੋਧ ਹੋਇਆ।
ਸਿੰਘ ਸਭਾ ਲਾਹੌਰ ਦੇ ਮੋਢੀ ਅਤੇ ਉੱਘੇ ਵਿਦਵਾਨ ਪ੍ਰੋਫੈਸਰ ਗੁਰਮੁਖ ਸਿੰਘ ਦੀ ਪ੍ਰੇਰਨਾ ਨਾਲ ਗਿਆਨੀ ਦਿੱਤ ਸਿੰਘ ਅੰਮ੍ਰਿਤ ਛੱਕ ਕੇ ਸਿੰਘ ਸਜੇ। ਇੱਕ ਸਾਲ ਵਿੱਚ ਪੰਜਾਬ ਯੂੂਨੀਵਰਸਿਟੀ ਲਾਹੌਰ ਤੋਂ ਗਿਆਨੀ ਦਾ ਇਮਤਿਹਾਨ ਪਹਿਲੇ ਸਥਾਨ 'ਤੇ ਰਹਿ ਕੇ ਪਾਸ ਕੀਤਾ। ਗਿਆਨੀ ਦਿੱਤ ਸਿੰਘ ਅਤੇ ਬੀਬੀ ਬਿਸ਼ਨ ਕੌਰ ਦੇ ਘਰ ਪੁੱਤਰ ਬਲਦੇਵ ਸਿੰਘ ਅਤੇ ਧੀ ਬੀਬਾ ਵਿਦਿਆਵੰਤੀ ਕੌਰ ਨੇ ਜਨਮ ਲਿਆ। ਗਿਆਨੀ ਦਿੱਤ ਸਿੰਘ ਜੀ ਨੇ ਜੀਵਨ ਭਰ ਸਿੰਘ ਸਭਾ ਲਹਿਰ ਦੇ ਉਦੇਸ਼ਾਂ ਨੂੰ ਪ੍ਰਚਾਰਿਆ ਤੇ ਪ੍ਰਸਾਰਿਆ। ਉਨ੍ਹਾਂ ਸਿੱਖ ਸਿਧਾਂਤਾਂ ਨੂੰ ਬਿਆਨ ਕਰਦਿਆਂ ਬਹੁਤ ਸਾਰੀਆਂ ਵਡਮੁੱਲੀਆਂ ਕਿਤਾਬਾਂ ਲਿਖੀਆਂ।
ਗਿਆਨੀ ਦਿੱਤ ਸਿੰਘ ਤੇ ਪ੍ਰੋ. ਗੁਰਮੁਖ ਸਿੰਘ ਨੇ 10 ਨਵੰਬਰ 1880 ਨੂੰ ਲਾਹੌਰ ਤੋਂ ਹਫ਼ਤਾਵਾਰੀ 'ਗੁਰਮੁਖੀ' ਅਖ਼ਬਾਰ, ਸ਼ੁੱਧ ਪੰਜਾਬੀ 'ਚ ਆਰੰਭ ਕਰਕੇ, ਨਾ ਸਿਰਫ਼ ਧਾਰਮਿਕ ਅਤੇ ਸਮਾਜਿਕ ਸੁਧਾਰ ਲਹਿਰ ਨੂੰ ਪ੍ਰਚੰਡ ਕੀਤਾ, ਸਗੋਂ ਪੰਜਾਬੀ ਦੇ ਵਿਕਾਸ 'ਚ ਵਿਚ ਵੀ ਵਡਮੁੱਲਾ ਯੋਗਦਾਨ ਪਾਇਆ। ਆਪ 'ਖ਼ਾਲਸਾ ਅਖ਼ਬਾਰ' ਲਾਹੌਰ ਦੇ ਸੰਪਾਦਕ ਰਹੇ ਅਤੇ ਅਖਬਾਰ ਜ਼ਰੀਏ ਵੀ ਲੋਕਾਂ ਨੂੰ ਜਾਤ ਪਾਤ, ਅੰਧ-ਵਿਸ਼ਵਾਸ, ਜਾਦੂ- ਟੂਣੇ, ਫੋਕਟ ਕਰਮ-ਕਾਂਡ ਤੋਂ ਸੁਚੇਤ ਕੀਤਾ। ਗਿਆਨੀ ਦਿੱਤ ਸਿੰਘ ਜੀ ਦੇ ਜ਼ਿਕਰ ਤੋਂ ਬਗੈਰ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਅਧੂਰਾ ਹੈ, ਪਰ ਦੁੱਖ ਇਸ ਗੱਲ ਦਾ ਹੈ ਕਿ ਪੰਜਾਬੀ ਪੱਤਰਕਾਰੀ ਦੇ ਇਤਿਹਾਸਕਾਰਾਂ ਅਤੇ ਖੋਜੀਆਂ ਵੱਲੋਂ ਸਿੰਘ ਸਭਾ ਲਹਿਰ ਦੀ ਪੰਜਾਬੀ ਪੱਤਰਕਾਰੀ ਨੂੰ ਦੇਣ ਦਾ ਜ਼ਿਕਰ ਕਰਨਾ ਵੀ ਮੁਨਾਸਬ ਨਹੀਂ ਸਮਝਿਆ ਜਾਂਦਾ। ਪੰਜਾਬੀ ਪੱਤਰਕਾਰੀ ਦੀ ਇਤਿਹਾਸਕਾਰੀ ਵਿੱਚ ਸਿੰਘ ਸਭਾ ਲਹਿਰ ਨਾਲ ਅਜਿਹਾ ਵਿਤਕਰਾ ਬੌਧਿਕ ਦੀਵਾਲੀਆਪਣ ਅਤੇ ਸਾਹਿਤਕ ਕੰਗਾਲੀ ਦਾ ਪ੍ਰਗਟਾਵਾ ਕਰਦਾ ਹੈ।
ਪੰਥ ਰਤਨ ਗਿਆਨੀ ਦਿੱਤ ਸਿੰਘ ਨੇ 'ਸਿੰਘ ਸਭਾ ਲਹਿਰ' ਰਾਹੀਂ ਸਿੱਖ ਸਮਾਜ ਵਿੱਚ ਫੈਲੇ ਮਨੂਵਾਦੀ ਭਰਮ ਅਤੇ ਪਖੰਡ ਖਤਮ ਕਰਨ ਲਈ ਦ੍ਰਿੜ੍ਹਤਾ ਨਾਲ ਲੰਮਾ ਸੰਘਰਸ਼ ਕੀਤਾ। ਆਪ ਜੀ ਦੇ ਮਹਾਨ ਗੁਣਾਂ ਵਿੱਚ ਇਹ ਅਹਿਮ ਪਹਿਲੂ ਸ਼ਾਮਲ ਹਨ ਕਿ ਇਕਵੰਜਾ ਸਾਲ ਦੀ ਉਮਰ 'ਚ 70 ਤੋਂ ਵੱਧ ਕਿਤਾਬਾਂ ਅਤੇ ਟਰੈਕਟਰ ਲਿਖੇ। ਆਪ ਖ਼ਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਦੇ ਮੋਢੀ ਮੈਂਬਰ ਬਣੇ।
ਇਨ੍ਹਾਂ ਪੱਖਾਂ ਤੋਂ ਇਲਾਵਾ ਹੋਰਨਾਂ ਮਹੱਤਵਪੂਰਨ ਵਿਸ਼ੇਸ਼ਤਾਵਾਂ; ਜਾਤ -ਪਾਤ ਅਤੇ ਊਚ- ਨੀਚ ਦੇ ਸਿੱਖ ਸਮਾਜ 'ਚ ਵੀ ਵਿਤਕਰੇ ਖ਼ਿਲਾਫ਼ ਜ਼ੋਰਦਾਰ ਆਵਾਜ਼ ਉੱਠਾਉਣ ਸਮੇਤ ਅਨੇਕਾਂ ਖੇਤਰਾਂ ਵਿੱਚ ਗਿਆਨੀ ਦਿੱਤ ਸਿੰਘ ਜੀ ਦੀ ਇਤਿਹਾਸਕ ਭੂਮਿਕਾ ਰਹੀ। 6 ਸਤੰਬਰ 1901 ਈ. ਨੂੰ ਧਰਮ-ਸੁਧਾਰ ਲਈ ਜੂਝਦਿਆਂ ਗਿਆਨੀ ਦਿੱਤ ਸਿੰਘ ਬੀਮਾਰੀ ਕਾਰਨ ਸਰੀਰਕ ਤੌਰ 'ਤੇ ਸਭ ਨੂੰ ਅਲਵਿਦਾ ਕਹਿ ਗਏ, ਪਰ ਵਿਚਾਰਧਾਰਕ ਪੱਖੋਂ ਉਹ ਹਮੇਸ਼ਾ ਹੀ ਜਿਉਂਦੇ ਹਨ।
ਪੰਥ ਰਤਨ ਭਾਈ ਦਿੱਤ ਸਿੰਘ ਗਿਆਨੀ ਜੀ ਨੇ ਜਿੱਥੇ ਇਸਾਈ ਮਿਸ਼ਨਰੀਆਂ ਨੂੰ ਚੁਣੌਤੀ ਦਿੰਦਿਆਂ, ਸਿੱਖੀ ਉੱਤੇ ਉਹਨਾਂ ਦੇ ਪ੍ਰਭਾਵ ਦੇ ਖਾਤਮੇ ਦੇ ਯਤਨ ਕੀਤੇ, ਉੱਥੇ ਆਰੀਆ ਸਮਾਜੀਆਂ ਅਤੇ ਬ੍ਰਾਹਮਣਵਾਦੀਆਂ ਨੂੰ ਵੀ ਖੁੱਲ ਕੇ ਵੰਗਾਰਿਆ। ਸਿੱਖੀ ਦੇ ਵਿਰੋਧੀਆਂ ਨਾਲ ਜ਼ਬਰਦਸਤ ਟੱਕਰ ਲੈਂਦਿਆਂ ਗਿਆਨੀ ਦਿੱਤ ਸਿੰਘ ਜੀ ਨੇ ਦਿਯਾ ਨੰਦ ਨੂੰ ਵੱਖ- ਵੱਖ ਸੰਵਾਦ ਦੌਰਾਨ ਹਾਰ ਦਿੱਤੀ ਅਤੇ ਉਸ ਦੇ ਪਾਖੰਡ ਨੂੰ ਜੱਗ ਜ਼ਾਹਰ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਸਾਧੂ ਦਿਆਨੰਦ ਨੇ ਸਤਿਆਰਥ ਪ੍ਰਕਾਸ਼ ਵਿੱਚ ਅਪਮਾਨਿਤ ਸ਼ਬਦ ਲਿਖੇ ਸਨ;'ਨਾਨਕ ਸ਼ਾਹ ਫਕੀਰ ਨੇ ਨਿਯਾ ਚਲਾਇਆ ਪੰਥ। ਇਧਰ ਉਧਰ ਸੇ ਜੋੜ ਕਰ ਲਿਖ ਡਾਲਾ ਇੱਕ ਗ੍ਰੰਥ।' ਗਿਆਨੀ ਦਿੱਤ ਸਿੰਘ ਨੇ ਇਸ ਬਾਰੇ 'ਸਾਧੂ ਦਿਆ ਨੰਦ ਨਾਲ ਮੇਰੇ ਸੰਵਾਦ' ਕਿਤਾਬ ਰਾਹੀਂ ਜੋ ਬਖੀਏ ਉਧੇੜੇ, ਉਹ ਭਾਵਪੂਰਤ ਸ਼ਬਦਾਂ ਵਿੱਚ ਦਰਜ ਹਨ ਤੇ ਇਹ ਕਿਤਾਬ ਹਰ ਇੱਕ ਦੇ ਪੜ੍ਹਨ ਲਾਇਕ ਹੈ।
ਅੱਜ ਗਿਆਨੀ ਜੀ ਦਾ ਜਨਮ ਦਿਹਾੜਾ ਮਨਾਉਂਦੇ ਹੋਏ, ਉਨ੍ਹਾਂ ਦੁਆਰਾ ਦਿਆਨੰਦ ਦੇ ਗੁਰੂ ਸਾਹਿਬ ਖਿਲਾਫ ਕੀਤੇ ਭੰਡੀ ਪ੍ਰਚਾਰ ਨੂੰ ਰੱਦ ਕਰਨ ਲਈ ਉੱਦਮ ਨੂੰ ਜਾਰੀ ਰੱਖਦੇ ਹੋਏ, ਅਜਿਹੇ ਅਪਮਾਨਜਨਕ ਸ਼ਬਦ ਹਮੇਸ਼ਾ ਵਾਸਤੇ ਰੱਦ ਕੀਤੇ ਜਾਣ ਲਈ ਜ਼ੋਰਦਾਰ ਆਵਾਜ਼ ਉਠਾਉਣ ਦੀ ਲੋੜ ਹੈ। ਸਾਧੂ ਦਿਯਾ ਨੰਦ ਨੇ ਗੁਰੂ ਨਾਨਕ ਸਾਹਿਬ ਸਬੰਧੀ ਜੋ ਸ਼ਬਦ 'ਸਤਿਆਰਥ ਪ੍ਰਕਾਸ਼' ਵਿੱਚ ਲਿਖੇ ਹਨ, ਉਨ੍ਹਾਂ ਨੂੰ ਸਮੁੱਚੀ ਸਿੱਖ ਕੌਮ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕਰਨ ਲਈ ਇੱਕਮੁੱਠ ਹੋਵੇ ਅਤੇ ਅਪਮਾਨਜਨਕ ਟਿੱਪਣੀਆਂ ਨੂੰ ਆਰੀਆ ਸਮਾਜ ਦੀ ਅਖੌਤੀ ਲਿਖਤ ਵਿੱਚੋਂ ਰੱਦ ਕੀਤਾ ਕੀਤਾ ਜਾਏ। ਇਸ ਉੱਦਮ ਲਈ ਆਨਲਾਈਨ ਪਟੀਸ਼ਨ ਵੀ ਸ਼ੁਰੂ ਕੀਤੀ ਜਾਏ ਅਤੇ ਲਿਖਤੀ ਰੂਪ ਦੇ ਵਿੱਚ ਸਿੱਖਾਂ ਦੀਆਂ ਕੇਂਦਰੀ ਸੰਸਥਾਵਾਂ ਤੋਂ ਵੀ ਜ਼ੋਰਦਾਰ ਕਦਮ ਉਠਾਉਣ ਦੀ ਮੰਗ ਕੀਤੀ ਜਾਵੇ, ਜੋ ਕਿ ਮਨੂੰਵਾਦੀ ਅਤੇ ਸਨਾਤਨੀ ਪ੍ਰਭਾਵ ਹੇਠ ਸਿੱਖ ਵਿਰੋਧੀ ਤਾਕਤਾਂ ਪ੍ਰਤੀ ਕਦਮ ਉਠਾਉਣ ਤੋਂ ਕੰਨੀ ਕਤਰਾਉਂਦੀਆਂ ਆ ਰਹੀਆਂ ਹਨ।
ਮਹਾਨ ਸਿੱਖ ਵਿਦਵਾਨ ਗਿਆਨੀ ਦਿੱਤ ਸਿੰਘ ਦੁਆਰਾ ਆਰੰਭੀ ਸਿੰਘ ਸਭਾ ਲਹਿਰ ਜਾਰੀ ਰੱਖਣ ਅਤੇ ਸਿੱਖ ਵਿਰੋਧੀ ਤਾਕਤਾਂ ਖਿਲਾਫ਼ ਡਟਣ ਲਈ ਅਜਿਹੇ ਉੱਦਮ ਦੀ ਸਖ਼ਤ ਜ਼ਰੂਰਤ ਹੈ। ਇਸ ਗੱਲ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਸਵਾਮੀ ਦਯਾਨੰਦ ਦੇ ਨਾਮ 'ਤੇ ਪੰਜਾਬ ਸਮੇਤ ਉੱਤਰੀ ਭਾਰਤ ਵਿਚ ਥਾਂ-ਥਾਂ ਸਕੂਲ, ਕਾਲਜ ਹਨ ਪਰ ਅੱਜ ਇਹ ਸਿੱਖ ਕੌਮ ਲਈ ਬਹੁਤ ਵੱਡੀ ਬੌਧਿਕ ਚੁਣੌਤੀ ਹੈ ਕਿ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦੇ ਨਾਂ ਤੇ ਸਕੂਲ, ਕਾਲਜ ਤਾਂ ਕੀ ਹੋਣੇ ਹਨ, ਬਲਕਿ ਬਹੁਤੇ ਸਿੱਖ ਤਾਂ ਉਹਨਾਂ ਬਾਰੇ ਜਾਣਦੇ ਵੀ ਨਹੀਂ ਹਨ। ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਸਿੱਖੀ ਦੇ ਅਸਲੀ ਅਨਮੋਲ ਰਤਨ ਸਨ, ਉਨ੍ਹਾਂ ਨੂੰ ਸਿੱਖਾਂ ਨੇ ਹੀ ਭੁਲਾ ਦਿਤਾ। ਸਿੰਘ ਸਭਾ ਲਹਿਰ ਚਲਾ ਕੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦਿਆਂ ਸਿੱਖੀ ਦਾ ਬੇੜਾ ਬਚਾਇਆ ਸੀ, ਉਨ੍ਹਾਂ ਅਣਮੁੱਲੇ ਰਤਨਾਂ ਦੀ ਕੌਮ ਨੇ ਕੋਈ ਕਦਰ ਨਾ ਕੀਤੀ। ਪੰਥ ਰਤਨ ਗਿਆਨੀ ਦਿੱਤ ਸਿੰਘ ਸਮੇਤ ਇਹ ਸਾਰੇ ਉਹ ਯੋਧੇ ਹੋਏ ਨੇ ਜਿਨ੍ਹਾਂ ਨੇ ਸਿੱਖੀ ਨੂੰ ਮਨੂਵਾਦ ਅਤੇ ਬਿਪਰਵਾਦ ਦੇ ਦਲਦਲ ਵਿੱਚ ਧਸਣ ਤੋਂ ਬਚਾਇਆ ਸੀ, ਅੱਜ ਅਸੀਂ ਇਹਨਾਂ ਅਣਮੁਲੇ ਹੀਰਿਆਂ ਨੂੰ ਵਿਸਾਰ ਦਿਤਾ ਹੈ।
ਕਰੀਬ ਡੇਢ ਸੌ ਸਾਲ ਪਹਿਲਾਂ ਪੈਦਾ ਹੋਈ ਸਿੰਘ ਸਭਾ ਲਹਿਰ ਰਾਹੀਂ ਗਿਆਨੀ ਦਿੱਤ ਸਿੰਘ ਨੇ ਆਪਣੇ ਸਮਿਆਂ ਵਿਚ ਈਸਾਈ ਮਿਸ਼ਨਰੀਆਂ ਅਤੇ ਆਰੀਆ ਸਮਾਜੀਆਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ, ਸਿੱਖਾਂ ਨੂੰ ਆਪਣੇ ਇਤਿਹਾਸ, ਵਿਰਸੇ ਅਤੇ ਗੁਰਬਾਣੀ ਨਾਲ ਜੁੜਨ ਲਈ ਉਤਸ਼ਾਹਤ ਕੀਤਾ। ਆਉ! ਉਹਨਾਂ ਦੇ ਜਨਮ ਦਿਹਾੜੇ 'ਤੇ ਸਿੰਘ ਸਭਾ ਲਹਿਰ ਦੀ ਪੁਨਰ-ਸੁਰਜੀਤੀ ਲਈ ਲਾਮਬੰਦ ਹੋਈਏ ਅਤੇ ਸਿੱਖੀ ਪ੍ਰਚਾਰ ਪ੍ਰਸਾਰ ਪੰਜਾਬੀ ਬੋਲੀ ਦੀ ਤਰੱਕੀ ਲਈ ਵਚਨਬੱਧ ਹੋਈਏ। ਗਿਆਨੀ ਦਿੱਤ ਜੀ ਦੇ ਜਨਮ ਦਿਨ ਦੀਆਂ ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਵੱਲੋਂ ਬਹੁਤ ਮੁਬਾਰਕਾਂ। ਇਸ ਤੋਂ ਇਲਾਵਾ ਮਨੂਵਾਦੀ ਵਿਰੋਧੀ ਫਰੰਟ ਕੈਨੇਡਾ ਵੱਲੋਂ ਗਿਆਨੀ ਜੀ ਦੇ ਉੱਚ ਜਾਤੀਆਂ ਦੀ ਨਫਰਤ ਵਿਰੋਧੀ ਸੰਘਰਸ਼ ਨੂੰ ਵਾਰ- ਵਾਰ ਪ੍ਰਣਾਮ। ਪੰਥ ਰਤਨ ਭਾਈ ਦਿੱਤ ਸਿੰਘ ਗਿਆਨੀ ਜੀ ਬਾਰੇ ਇਹ ਕਵਿਤਾ ਅੱਜ ਇਸ ਮੌਕੇ 'ਤੇ ਸਾਂਝੀ ਕਰਦੇ ਹਾਂ :

''ਸਿੱਖੀ ਸੋਚ ਫੈਲਾਉਣ ਲਈ, ਬਹਿ ਮਤਾ ਪਕਾਇਆ।
ਸਿੰਘ ਸਭਾ ਬਣਾਉਣ ਦਾ, ਫੁਰਮਾਨ ਅਲਾਇਆ।

ਗੁਰਬਾਣੀ ਨੂੰ ਸਮਝਣਾ, ਇਤਿਹਾਸ ਵੀ ਲਿਖਣਾ।
ਮਨਮਤਿ ਕਿਵੇਂ ਤਿਆਗਣੀ, ਗੁਰੂਆਂ ਤੋਂ ਸਿੱਖਣਾ।

ਡੇਢ ਸਦੀ ਪਹਿਲਾਂ ਤਦੇ, ਸਿੰਘ ਅੱਗੇ ਆਏ।
ਲਹਿਰ ਚਲਾਈ ਸਿੰਘ ਸਭਾ, ਸਭ ਵੈਰ ਮੁਕਾਏ।

'ਮਹਾਂ-ਗਿਆਨੀ' ਦਿੱਤ ਸਿੰਘ, ਸੰਵਾਦ ਰਚਾਏ।
ਵਹਿਮ ਪਖੰਡ ਮਿਟਾਉਣ ਲਈ, ਲੱਖ ਕਸ਼ਟ ਉਠਾਏ।

'ਸਾਧੂ' ਦਿਆ ਨੰਦ ਜਦ, ਪੰਜਾਬ ਸੀ ਆਇਆ।
ਸਿੱਖਾਂ ਨੂੰ ਭਰਮਾਉਣ ਲਈ, ਉਸ ਝੂਠ ਫੈਲਾਇਆ।

ਧਨੀ ਕਲਮ ਦਾ ਦਿੱਤ ਸਿੰਘ, ਤਦ ਅੱਗੇ ਆਇਆ।
'ਵਿਪਰ ਨਹੀਂ', ਅਸੀਂ ਸਿੱਖ ਹਾਂ', ਇਹ ਸੱਚ ਸੁਣਾਇਆ।

'ਸਾਧੂ' ਨੂੰ ਵੰਗਾਰ ਕੇ, ਛੱਡਿਆ ਜੈਕਾਰਾ।
ਸਾਡਾ ਗੁਰੂ ਗ੍ਰੰਥ ਸਾਹਿਬ, ਤਾਰੇ ਸੰਸਾਰਾ।

''ਨਿੰਦਿਆ ਕਰੇਂ ਤੂੰ ਗੁਰੂ ਦੀ, ਊਂ ਰਿਸ਼ੀ ਕਹਾਵੇਂ।
ਘੜ ਸ਼ੁੱਧੀ ਦੀਆਂ ਸਾਜਿਸ਼ਾਂ, ਜਨਤਾ ਭਰਮਾਵੇਂ।

ਕਰ ਮੇਰੇ ਨਾਲ ਗੋਸ਼ਟੀ, ਜੇ ਸੱਚਾ ਸਾਧੂ।
ਛੱਡ ਭੜਕਾਉਣਾ ਨਹੀਂ ਤਾਂ, ਰੱਖ ਮੂੰਹ 'ਤੇ ਕਾਬੂ।''

ਰੀਸ ਗਿਆਨੀ 'ਹੰਸ' ਦੀ, ਕੀ ਕਰੂ 'ਟਟੀਹਰੀ'।
ਗਿੱਦੜ ਅਤੇ ਸ਼ੇਰ ਦੀ, ਨਾ ਹੋਏ ਸਕੀਰੀ।

ਦਿਆ ਨੰਦ ਦੀ ਸੋਚ ਸੀ, ਬੱਸ ਰੌਲਾ-ਗੌਲਾ।
ਦੋ ਲਫਜ਼ਾਂ ਵਿੱਚ ਸਿੰਘ ਨੇ, ਕਰ ਦਿੱਤਾ ਹੌਲਾ।

ਦਿੱਤ ਸਿੰਘ ਜੀ ਤਿੰਨ ਦਫਾ, ਕਰ ਗੋਸ਼ਟਿ ਜਿੱਤੇ।
'ਸਤਿਆਰਥ' ਦੇ ਕੁਫ਼ਰ ਸਭ, ਪਾ ਦਿੱਤੇ ਛਿੱਥੇ।

ਸਿੰਘ ਸਭੀਆਂ' ਦੀ ਲੋੜ ਹੈ, ਅੱਜ ਮੁੜਕੇ ਭਾਈ।
ਜਿਹਨਾਂ ਗਾਫ਼ਿਲ ਨੀਂਦਰੋਂ, ਸਿੱਖ ਕੌਮ ਜਗਾਈ।''
(ਭਾਈ ਹਰਪਾਲ ਸਿੰਘ ਲੱਖਾ)

ਕੈਨੇਡਾ ਵਿੱਚ ਸਿੱਖਾਂ ਦਾ ਅਕਸ ਵਿਗਾੜਨ ਦੀ ਸਾਜਿਸ਼ ਦਾ ਪਰਦਾਫਾਸ਼ ਹੋਣਾ ਜ਼ਰੂਰੀ! - ਡਾ. ਗੁਰਵਿੰਦਰ ਸਿੰਘ

ਸਰੀ ਦੇ ਅਨੁਸ਼ਾਸਨਮਈ ਅਤੇ ਸ਼ਾਂਤਮਈ ਵਿਸ਼ਾਲ ਨਗਰ ਕੀਰਤਨ ਦਾ ਮਾਹੌਲ ਖਰਾਬ ਕਰਨ ਲਈ ਖਾਲਿਸਤਾਨੀ, ਕਿਸੇ ਮੰਦਿਰ ਤੇ ਗੁਰਦੁਆਰੇ ਬਾਹਰ 'ਖਾਲਿਸਤਾਨ ਪੱਖੀ ਨਾਅਰੇ' ਕਿਉਂ ਲਿਖਣਗੇ?
ਇਹ ਬੜੀ ਦੁਖਦਾਈ ਅਤੇ ਨਿੰਦਣਯੋਗ ਗੱਲ ਹੈ ਕਿ ਜਦੋਂ ਇੱਕ ਪਾਸੇ ਸਰੀ ਵਿੱਚ ਵਿਸ਼ਾਲ ਨਗਰ ਕੀਰਤਨ ਆਪਣੇ ਜਾਹੋ-ਜਲਾਲ ਨਾਲ ਸਜਾਇਆ ਜਾ ਰਿਹਾ ਸੀ, ਉਦੋਂ ਹੀ ਦੂਜੇ ਪਾਸੇ ਵੈਨਕੂਵਰ ਦੇ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਦੇ ਬਾਹਰ 'ਖਾਲਿਸਤਾਨੀ ਪੱਖੀ' ਨਾਅਰਿਆਂ ਅਤੇ ਤੋੜਭੰਨ ਦੀਆਂ ਖਬਰਾਂ ਆ ਰਹੀਆਂ ਸਨ। ਇਸੇ ਹੀ ਤਰਾਂ ਸਰੀ ਦੇ ਲਕਸ਼ਮੀ ਨਰਾਇਣ ਮੰਦਰ ਦੇ ਬਾਹਰ ਵੀ ਖਾਲਿਸਤਾਨੀ ਨਾਅਰੇ ਅਤੇ ਤੋੜਭੰਨ ਦੀਆਂ ਖਬਰਾਂ ਮੀਡੀਏ ਵਿੱਚ ਨਸ਼ਰ ਹੋਈਆਂ। ਪ੍ਰਬੰਧਕਾਂ ਨੇ ਇਹ ਦੋਸ਼ ਲਾਇਆ ਹੈ ਕਿ ਇਹ 'ਖਾਲਸਤਾਨੀਆਂ ਦੇ ਕਾਰੇ' ਹਨ ਅਤੇ ਇਸ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਿਆ ਕੀਤੀ। ਨਿੰਦਿਆ ਕਰਨੀ ਤਾਂ ਬਣਦੀ ਹੀ ਹੈ, ਪਰ ਜਦੋਂ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਇਸ ਸਾਰੇ ਘਟਨਾਕ੍ਰਮ ਦੀ ਜਾਂਚ ਹੋ ਰਹੀ ਹੈ, ਉਸ ਤੋਂ ਪਹਿਲਾਂ ਕਿਸੇ ਇੱਕ ਧਿਰ ਨੂੰ ਦੋਸ਼ੀ ਬਣਾ ਕੇ ਕਟਹਿਰੇ ਵਿੱਚ ਖੜਾ ਕਰ ਦੇਣਾ, ਕਿੰਨੀ ਕੁ ਸੂਝ ਬੂਝ ਦੀ ਗੱਲ ਹੈ, ਇਹ ਸੋਚਣ ਵਾਲਾ ਪੱਖ ਹੈ।
ਜਦੋਂ ਪੰਜਾਬ ਤੋਂ ਬਾਹਰ ਸਿੱਖਾਂ ਦੇ ਸਭ ਤੋਂ ਵੱਡੇ ਨਗਰ ਕੀਰਤਨ (ਸਰੀ ਨਗਰ ਕੀਰਤਨ) ਵਿੱਚ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਅਨੁਸ਼ਾਸਨਈ ਅਤੇ ਸ਼ਾਂਤਮਈ ਰੂਪ ਵਿੱਚ ਸ਼ਾਮਿਲ ਹੋ ਰਹੀਆਂ ਹੋਣ ਅਤੇ ਨਗਰ ਕੀਰਤਨ ਦੇ ਪ੍ਰਬੰਧਕ ਖਾਲਿਸਤਾਨ ਪੱਖੀ ਧਿਰਾਂ ਦੇ ਆਗੂ ਹੋਣ ਤੇ ਸਾਰੀਆਂ ਖਾਲਿਸਤਾਨ ਪੱਖੀ ਜਥੇਬੰਦੀਆਂ ਨਗਰ ਕੀਰਤਨ ਨੂੰ ਸਫਲ ਬਣਾਉਣ ਲਈ ਪੱਬਾਂ ਭਾਰ ਹੋਣ, ਤਾਂ ਕੀ ਉਸ ਵੇਲੇ ਉਹ ਖਾਲਿਸਤਾਨ ਪੱਖੀ ਨਾਅਰੇ ਕਿਸੇ ਮੰਦਰ ਜਾਂ ਗੁਰਦੁਆਰੇ ਬਾਹਰ ਲਿਖ ਕੇ ਆਪਣੀ ਬਦਨਾਮੀ ਖੁਦ ਕਰਵਾਉਣਗੇ ਜਾਂ ਆਪਣੇ ਲਈ ਮੁਸੀਬਤ ਖੜੀ ਕਰਨਗੇ? ਇਹ ਵੱਡਾ ਸਵਾਲ ਹੈ।
ਵੈਨਕੂਵਰ ਅਤੇ ਸਰੀ ਦੇ ਪੁਲਿਸ ਪ੍ਰਸ਼ਾਸਨ ਨੂੰ ਇਸ ਗੰਭੀਰ ਮਾਮਲੇ ਦੀ ਪੁਰਜ਼ੋਰ ਢੰਗ ਨਾਲ ਜਾਂਚ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਆਸਟਰੇਲੀਆ ਅਤੇ ਕਈ ਮੁਲਕਾਂ 'ਚ ਇਹ ਸੱਚ ਸਾਹਮਣੇ ਆ ਚੁੱਕਿਆ ਹੈ ਜਦੋਂ ਸਿੱਖਾਂ ਦਾ ਨਾਂ ਬਦਨਾਮ ਕਰਨ ਲਈ, ਮਿਥ ਕੇ ਅਜਿਹੇ ਤੋੜਭੰਨ ਤੇ ਖਾਲਿਸਤਾਨ ਪੱਖੀ ਨਾਅਰਿਆਂ ਦੇ ਕਾਰੇ ਕੀਤੇ ਗਏ। ਆਸਟਰੇਲੀਆ ਦੇ ਇੱਕ ਮੰਦਰ ਵਿੱਚ ਤਾਂ ਇਸ ਸਾਰੇ ਮਾਮਲੇ ਦੀ ਸਿੱਖ ਵਿਰੋਧੀ ਰਾਜਨੀਤੀ ਲਈ ਉਥੋਂ ਦੇ ਇੱਕ ਮੰਦਰ ਦੇ ਪ੍ਰਬੰਧਕ ਹੀ ਜਿੰਮੇਵਾਰ ਸਿੱਧ ਹੋਏ। ਇਸੇ ਤਰ੍ਹਾਂ ਹੀ ਕੈਨੇਡਾ ਦੇ ਸੂਬੇ ਓਂਟੈਰੀਓ ਵਿੱਚ ਕਈ ਤਰ੍ਹਾਂ ਦੇ ਝੂਠੇ ਇਲਜ਼ਾਮ ਭਾਰਤ ਪੱਖੀ ਅਤੇ ਸਿੱਖ ਵਿਰੋਧੀ ਵਿਵਾਦਗ੍ਰਸਤ ਸਿਆਸਤਦਾਨ ਚੰਦਰਾ ਆਰਿਆ ਲਾਏ ਗਏ ਸਨ, ਜੋ ਕਿ ਬੇਬੁਨਿਆਦ ਸਾਬਤ ਹੋਏ ਸਨ। ਇਹ ਗੱਲ ਸੋਚਣ ਵਾਲੀ ਹੈ ਕਿ ਭਾਈਚਾਰੇ ਅੰਦਰ ਫੁੱਟ ਪਾਉਣ ਦੀ ਅਜਿਹੀ ਸ਼ਰਾਰਤ ਕੋਈ ਨਾ ਕੋਈ 'ਤੀਜੀ ਧਿਰ' ਵੀ ਕਰਦੀ ਹੋ ਸਕਦੀ ਹੈ।
ਇਸ ਗੱਲ ਵਿੱਚ ਦੋ ਰਾਵਾਂ ਨਹੀਂ ਕਿ ਸਰੀ ਦਾ ਲਕਸਮੀ ਨਰਾਇਣ ਮੰਦਰ ਅਤੇ ਵੈਨਕੂਵਰ ਦਾ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਦੋਵੇਂ ਅਸਥਾਨ, ਭਾਰਤੀ ਸਿਫਾਰਤਖਾਨੇ ਅਤੇ ਭਾਰਤ ਸਰਕਾਰ ਨਜ਼ਦੀਕੀ ਹਨ ਅਤੇ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਫੇਰੀ ਦੌਰਾਨ ਵਿਸ਼ੇਸ਼ ਤੌਰ 'ਤੇ ਆਏ ਵੀ ਸੀ, ਜਿਨਾਂ ਦਾ ਵਿਰੋਧ ਸਿੱਖ ਹਲਕਿਆਂ; ਖਾਸ ਕਰ ਖਾਲਿਸਤਾਨ ਪੱਖੀ ਧਿਰਾਂ ਵੱਲੋਂ ਹੋਇਆ ਸੀ। ਇਹ ਵਿਚਾਰਧਾਰਕ ਵਿਰੋਧ ਹੋ ਸਕਦਾ ਹੈ, ਪਰ ਇਸ ਦੇ ਲਈ ਤੋੜਭੰਨ ਕਦੇ ਵੀ ਜਾਇਜ਼ ਨਹੀਂ। ਸਵਾਲ ਇਹ ਪੈਦਾ ਹੁੰਦਾ ਹੈ ਕਿ ਖਾਲਿਸਤਾਨੀ ਐਕਟਵਿਸਟ ਅਜਿਹਾ ਕਾਰਾ ਉਸ ਦਿਨ ਹੀ ਕਿਉਂ ਕਰਨਗੇ, ਜਿਸ ਦਿਨ ਵੈਸਾਖੀ ਅਤੇ ਖਾਲਸਾ ਦਿਹਾੜੇ ਦੇ ਨਗਰ ਕੀਰਤਨ ਲਈ ਉਹਨਾਂ ਦੀ ਸਾਰੀ ਸ਼ਕਤੀ ਕੇਂਦਰਿਤ ਹੋਵੇ।
ਇਹ ਜਾਂਚ ਪਹਿਲ ਦੇ ਆਧਾਰ ਤੇ ਕੀਤੀ ਜਾਣੀ ਚਾਹੀਦੀ ਹੈ ਅਤੇ ਦੋਵੇਂ ਪਾਸਿਆਂ ਤੋਂ ਧਿਰਾਂ ਨੂੰ ਬਹੁਤ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਸੱਚਾਈ ਕੁਝ ਵੀ ਹੋ ਸਕਦੀ ਹੈ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਾਰਲੀਮੈਂਟ ਵਿੱਚ ਦਿੱਤੇ ਬਿਆਨ ਦੇ ਹਵਾਲੇ ਅਨੁਸਾਰ ਕੈਨੇਡਾ ਵਿੱਚ ਇੰਡੀਅਨ ਸਟੇਟ ਵੱਲੋਂ ਵਿਦੇਸ਼ੀ ਦਖਲ ਅੰਦਾਜੀ ਦਾ ਨਮੂਨਾ ਹੈ ਕਿ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਦਾ ਗੁਰਦੁਆਰੇ ਦੇ ਅੰਦਰ ਦਾਖਲ ਹੋ ਕੇ ਕੀਤਾ ਗਿਆ। ਅਜਿਹੀ ਦਖਲਅੰਦਾਜ਼ੀ ਦੀਆਂ ਹੋਰ ਵੀ ਅਨੇਕਾਂ ਘਟਨਾਵਾਂ ਸਾਹਮਣੇ ਆਈਆਂ ਹਨ।
ਇੱਥੇ ਜ਼ਿਕਰਯੋਗ ਹੈ ਕਿ 28 ਅਪ੍ਰੈਲ ਨੂੰ ਕੈਨੇਡਾ ਵਿੱਚ ਫੈਡਰਲ ਚੋਣ ਹੋ ਰਹੀ ਹੈ। ਜਿਥੇ ਇਕ ਪਾਸੇ ਲਿਬਰਲ ਪਾਰਟੀ ਵਿਦੇਸ਼ੀ ਦਖਲ ਅੰਦਾਜੀ ਦੇ ਮਾਮਲੇ ਵਿੱਚ ਆਵਾਜ਼ ਬੁਲੰਦ ਕਰਦੀ ਰਹੀ ਹੈ, ਉਥੇ ਕੰਜ਼ਰਵਟਿਵ ਪਾਰਟੀ ਉੱਪਰ ਭਾਰਤ ਤੋਂ ਹਮਾਇਤ ਅਤੇ ਦਖਲਅੰਦਾਜ਼ੀ ਦੇ ਸਬੰਧ ਵਿੱਚ ਗੰਭੀਰ ਦੋਸ਼ ਵੀ ਲੱਗ ਰਹੇ ਹਨ। ਅਜਿਹੇ ਮੌਕੇ 'ਤੇ ਇੱਕ ਗੁਰਦੁਆਰੇ ਅਤੇ ਮੰਦਿਰ ਵਿੱਚ ਤੋੜਭੰਨ ਦੇ ਘਟਨਾਕ੍ਰਮ ਦਾ ਸੰਬੰਧ, ਕੀ ਕੈਨੇਡਾ ਦੀਆਂ ਫੈਡਰਲ ਚੋਣਾਂ ਨਾਲ ਵੀ ਜਾ ਜੁੜਦਾ ਹੈ, ਇਹ ਵੀ ਵੇਖਣਾ ਹੋਵੇਗਾ। ਇਹਨਾਂ ਸਾਰੇ ਪਹਿਲੂਆਂ ਤੋਂ ਇਸ ਕੱਚ ਸੱਚ ਦਾ ਨਬੇੜਾ ਹੋਵੇ, ਤਾਂ ਕਿ ਕੈਨੇਡਾ ਵਿੱਚ ਸਿੱਖਾਂ ਦਾ ਅਕਸ ਵਿਗਾੜਨ ਦੀਆਂ ਸਾਜਿਸ਼ਾਂ ਨੰਗੀਆਂ ਕੀਤੀਆਂ ਜਾ ਸਕਣ।

ਸਿੱਖ ਵਿਰਾਸਤ ਦੇ ਪ੍ਰਤੀਕ ਖ਼ਾਲਸਾ ਦਿਹਾੜੇ ਅਤੇ ਵੈਸਾਖੀ ਦੇ ਪੁਰਬ ਦੀ ਮਹਾਨਤਾ - ਡਾ. ਗੁਰਵਿੰਦਰ ਸਿੰਘ

ਕੈਨੇਡਾ ਵਿੱਚ ਅਪ੍ਰੈਲ ਨੂੰ 'ਸਿੱਖ ਵਿਰਾਸਤ ਮਹੀਨੇ' ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਅਪ੍ਰੈਲ ਮਹੀਨੇ ਦੌਰਾਨ ਸਿੱਖ ਵਿਸ਼ੇਸ਼ ਕਰ ਕੇ ਆਪਣੇ ਵਿਰਸੇ, ਇਤਿਹਾਸ, ਸੱਭਿਆਚਾਰ ਅਤੇ ਪ੍ਰਾਪਤੀਆਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇ ਸਕਦੇ ਹਨ। ਵਾਸਤਵ ਵਿੱਚ ਖਾਲਸਾ ਦਿਹਾੜਾ ਅਪ੍ਰੈਲ ਵਿੱਚ ਆਉਣ ਕਾਰਨ ਇਹ ਮਹੀਨਾ 'ਸਿੱਖ ਹੈਰੀਟੇਜ ਮਹੀਨੇ' ਵਜੋਂ ਐਲਾਨਿਆ ਗਿਆ ਹੈ। ਇਤਿਹਾਸਿਕ ਤੌਰ ਤੇ ਵਿਚਾਰਿਆ ਜਾਏ ਤਾਂ ਖਾਲਸਾ ਦਿਹਾੜਾ ਸਿੱਖੀ ਦਾ ਉਹ ਮਹਾਨ ਇਤਿਹਾਸਕ ਦਿਹਾੜਾ ਹੈ, ਜਦੋਂ ਦਸਵੇਂ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾਇਆ ਅਤੇ ਜਾਤ, ਰੰਗ, ਵਰਣ ਆਦਿ ਦੇ ਵਿਤਕਰੇ ਨੂੰ ਸਦਾ ਲਈ ਖਤਮ ਕੀਤਾ। ਦਰਅਸਲ ਜਾਤ-ਪਾਤ, ਰੰਗ-ਨਸਲ ਵੰਸ਼-ਕੁਲ ਆਦਿ ਜਿਹੇ ਵਿਤਕਰਿਆਂ ਦੇ ਖਾਤਮੇ ਦਾ ਮੁੱਢ, ਸਿੱਖੀ ਦਾ ਬੂਟਾ ਲਾਉਂਦਿਆਂ ਗੁਰੂ ਨਾਨਕ ਸਾਹਿਬ ਨੇ ਬੰਨ ਦਿੱਤਾ ਸੀ, ਜਿਸ ਨੂੰ ਦਸ ਗੁਰੂ ਸਾਹਿਬਾਨਾਂ ਨੇ ਫੈਲਾਇਆ।
ਦਰਅਸਲ ਵੈਸਾਖੀ ਭਾਵ ਪਹਿਲੀ ਵੈਸਾਖ ਦੇ ਇਤਿਹਾਸਿਕ ਪ੍ਰਸੰਗ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਅਤੇ ਖਾਲਸਾ ਦਿਹਾੜੇ, ਦੋਹਾਂ ਨੂੰ ਸਮਰਪਿਤ ਹਨ। 'ਖ਼ਾਲਸਾ ਪ੍ਰਗਟ' ਦਿਹਾੜੇ ਦੇ ਨਾਲ-ਨਾਲ ਇਸ ਮੁਬਾਰਕ ਦਿਹਾੜੇ ਨੂੰ ਗੁਰੂ ਨਾਨਕ ਸਾਹਿਬ ਦੇ 'ਪ੍ਰਕਾਸ਼ ਦਿਹਾੜੇ' ਵਜੋਂ ਮਾਨਤਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵੈਸਾਖ 1699 ਨੂੰ ਖ਼ਾਲਸਾ ਦਿਹਾੜੇ ਵਜੋਂ ਤਾਂ ਹੀ ਚੁਣਿਆ ਸੀ, ਕਿਉਂਕਿ ਇਸ ਪਵਿੱਤਰ ਦਿਹਾੜੇ 'ਤੇ ਪਹਿਲੀ ਵੈਸਾਖ 1469 ਈਸਵੀ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ। ਪੁਰਾਤਨ ਇਤਿਹਾਸਿਕ ਸਰੋਤਾਂ ਤੋਂ ਇਲਾਵਾ, ਇਸ ਦੀ ਵਧੇਰੇ ਜਾਣਕਾਰੀ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ 'ਕੱਤਕ ਕਿ ਵਿਸਾਖ' 'ਚੋਂ ਮਿਲਦੀ ਹੈ, ਜਦ ਕਿ ਤਕਰੀਬਨ ਸਾਰੀਆਂ ਹੀ ਪਾਠ-ਪੁਸਤਕਾਂ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਪਹਿਲੀ ਵੈਸਾਖ 1469 ਨੂੰ ਹੀ ਮਿਲਦਾ ਹੈ, ਹਾਲਾਂ ਕਿ ਪ੍ਰਕਾਸ਼ ਦਿਹਾੜਾ ਮਨਾਉਣ ਦੀ ਪਰੰਪਰਾ ਕੱਤਕ ਦੀ ਪੂਰਨਮਾਸ਼ੀ ਨੂੰ ਪ੍ਰਚਲਿਤ ਹੈ। ਇਹ ਵੱਖਰੇ ਰੂਪ ਵਿੱਚ ਸੰਜੀਦਾ ਅਤੇ ਗਹਿਰੇ ਵਿਚਾਰ ਦਾ ਵਿਸ਼ਾ ਹੈ।
ਸਿੱਖੀ ਦੀ ਨੀਂਹ ਪਹਿਲੇ ਸਤਿਗੁਰੂ ਨਾਨਕ ਸਾਹਿਬ ਨੇ ਰੱਖਦਿਆਂ, ਨਿਰਮਲ ਪੰਥ ਚਲਾਇਆ, ਜਿਸ ਬਾਰੇ ਭਾਈ ਗੁਰਦਾਸ ਜੀ ਫੁਰਮਾਉਂਦੇ ਹਨ। ਸਿੱਖੀ ਨੂੰ ਦਸ ਗੁਰੂ ਸਾਹਿਬਾਨ ਦੇ ਰੂਪ ਵਿੱਚ ਸੰਪੂਰਨਤਾ ਬਖਸ਼ਦਿਆਂ ਹੋਇਆਂ, ਦਸਵੇਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਨਾਂ ਦਿੱਤਾ। 'ਸਿੱਖ' ਦਰਅਸਲ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦਾ ਮੂਲ ਰੂਪ 'ਸ਼ਿਸ਼' ਹੈ ਤੇ ਅਰਥ ਹੈ ਸਿੱਖਣ ਵਾਲਾ ਸ਼ਗਿਰਦ ਜਾਂ ਵਿਦਿਆਰਥੀ। ਪਰ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਸਿੱਖੀ ਦੇ ਖੇਤਰ ਵਿੱਚ ਸਿੱਖ ਸ਼ਬਦ ਦੇ ਅਰਥ ਸਨਾਤਨੀ ਮੱਤ ਨਾਲੋਂ ਵੱਖਰੇ ਹਨ। ਸਿੱਖੀ ਅੰਦਰ 'ਸਿੱਖ' ਸ਼ਬਦ ਸਿਰਫ਼ ਸਿੱਖਣ ਵਾਲਾ ਸ਼ਾਗਿਰਦ ਨਾ ਰਹਿ ਕੇ, ਇਸ ਦਾ ਅਰਥ ਅਤੇ ਪ੍ਰਸੰਗ 'ਨਿਆਰਾ ਇਤਿਹਾਸ, ਬਿਰਤਾਂਤ ਅਤੇ ਸਿਧਾਂਤ' ਬਣ ਜਾਂਦਾ ਹੈ, ਜਿੱਥੇ ਸਿੱਖ ਮੁਕੰਮਲ ਸਮਰਪਤਿ ਸੁਰਤ ਵਾਲਾ ਜੁਗਿਆਸੂ ਹੋ ਨਿਬੜਦਾ ਹੈ।
ਇਸੇ ਤਰੀਕੇ ਨਾਲ ਸਧਾਰਨ ਰੂਪ ਵਿੱਚ 'ਗੁਰੂ' ਸ਼ਬਦ ਦਾ ਅਰਥ ਹੈ ਹਨੇਰਾ ਦੂਰ ਕਰਨ ਵਾਲਾ। ਆਮ ਕਰਕੇ ਅਧਿਆਪਕ ਜਾਂ ਉਸਤਾਦ ਨੂੰ ਗੁਰੂ ਕਿਹਾ ਜਾਂਦਾ ਹੈ, ਪਰ ਜਦੋਂ ਸਿੱਖੀ ਵਿੱਚ ਗੁਰੂ ਸ਼ਬਦ ਆਉਂਦਾ ਹੈ, ਤਾਂ ਇਸ ਦਾ ਅਰਥ 'ਸੁਰਤ ਦੀ ਅਗਵਾਈ ਕਰਨ ਵਾਲਾ ਸ਼ਬਦ' ਉਹ ਨਿਬੜਦਾ ਹੈ। ਇਉਂ ਹੀ ਦਸ ਗੁਰੂ ਸਾਹਿਬਾਨ, ਗੁਰਤਾ ਗੱਦੀ ਦੇ ਰੂਪ ਵਿੱਚ 'ਇਕ ਜੋਤ' ਅਤੇ ਮੌਜੂਦਾ ਸਮੇਂ ਗੁਰੂ ਗ੍ਰੰਥ ਸਾਹਿਬ ਸਾਡੀ ਅਗਵਾਈ 'ਗੁਰੂ' ਵਜੋਂ ਕਰਦੇ ਨਜ਼ਰ ਆਉਂਦੇ ਹਨ। ਇੱਥੇ ਇਹ ਸ਼ਬਦ ਕੇਵਲ ਉਸਤਾਦ ਜਾਂ ਅਧਿਆਪਕ ਨਾ ਹੋ ਕੇ, ਅਧਿਆਤਮਕ ਪ੍ਰਸੰਗ ਵਿੱਚ ਜੀਵਨ ਸੇਧ ਦਾ ਕਰਤਾ-ਧਰਤਾ ਅਤੇ ਲੋਕ-ਪਰਲੋਕ ਵਿੱਚ ਰਖਵਾਲਾ ਬਣ ਜਾਂਦਾ ਹੈ। ਇਸੇ ਕਾਰਨ ਹੀ ਸਿੱਖੀ ਵਿੱਚ ਦਸ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਲਈ ਗੁਰੂ ਸ਼ਬਦ ਨਹੀਂ ਵਰਤਿਆ ਜਾਂਦਾ, ਜਦਕਿ ਹੋਰਨਾਂ ਰੂਹਾਨੀ ਸ਼ਖਸੀਅਤਾਂ ਲਈ ਭਗਤ, ਸੰਤ ਆਦਿ ਸ਼ਬਦ ਵਰਤਿਆ ਜਾਂਦਾ ਹੈ। ਇਹਨਾਂ ਵਿਲਖਣ ਸ਼ਬਦਾਂ ਨੂੰ ਰਲਗੱਡ ਕਰਨਾ ਠੀਕ ਨਹੀਂ।
'ਖ਼ਾਲਸਾ' ਸ਼ਬਦ ਮੂਲ ਰੂਪ ਵਿੱਚ ਫ਼ਾਰਸੀ ਦਾ ਹੈ, ਜਿਸਦਾ ਅਰਥ ਹੈ ਸਿੱਧਾ ਇੱਕ ਰੱਬ ਨੂੰ ਸਮਰਪਤ ਹੋਣਾ ਅਤੇ ਕਿਸੇ ਹੋਰ ਦੇ ਅਧੀਨ ਨਾ ਹੋਣਾ। ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਸਿੱਖਾਂ ਲਈ 'ਖ਼ਾਲਸਾ' ਸ਼ਬਦ ਗੁਰੂ ਗੋਬਿੰਦ ਸਿੰਘ ਜੀ ਨੇ ਚੁਣਿਆ। ਇਸ ਸ਼ਬਦ ਦੇ ਅਰਥ ਸਿੱਖੀ ਵਿੱਚ, ਇਸਲਾਮਿਕ ਮੱਤ ਨਾਲੋਂ ਬਿਲਕੁਲ ਨਿਵੇਕਲੇ ਹੋ ਜਾਂਦੇ ਹਨ। ਇੱਥੇ ਖ਼ਾਲਸਾ ਇੱਕ ਪੰਥ ਹੈ, ਨਾ ਕਿ ਫਾਰਸੀ ਵਿੱਚੋਂ ਲਏ ਗਏ ਸ਼ਬਦ ਦੇ ਸੀਮਤ ਅਰਥਾਂ ਤੱਕ ਹੀ ਸੰਕੁਚਤ ਹੈ।
ਇਉ ਸਿੱਖੀ, ਸਿੱਖ ਵਿਰਸੇ, ਸਿੱਖ ਸੱਭਿਆਚਾਰ ਤੇ ਸਿੱਖ ਸਭਿਅਤਾ ਦੇ ਰੂਪ ਵਿੱਚ ਅਰਥਾਂ ਦੇ ਨਵੇਂ ਪ੍ਰਸੰਗ ਅਤੇ ਨਵੇਂ ਵਿਰਾਸਤੀ ਅਰਥ ਸੰਕੇਤ ਹੁੰਦੇ ਹਨ। ਜਿੱਥੇ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਤੱਕ ਇੱਕੋ ਜੋਤ ਹਨ, ਉੱਥੇ ਸਿੱਖੀ ਅਤੇ ਖ਼ਾਲਸਾ ਪੰਥ ਵੀ ਇੱਕੋ ਹੀ ਹਨ। ਇਹਨਾਂ ਨੂੰ ਅੱਡ ਕਰਕੇ ਵੇਖਣਾ ਵੱਡੀ ਕੁਤਾਹੀ ਹੈ। ਇਸੇ ਕਾਰਨ 'ਸਿੱਖੀ' ਵਜੋਂ ਆਰੰਭ ਅਤੇ 'ਖਾਲਸੇ' ਵਜੋਂ ਮੁਕੰਮਲ ਹੋਣ ਦਾ ਇਹ ਸਫਰ 'ਖਾਲਸਾ ਦਿਹਾੜੇ' ਵਜੋਂ ਮਨਾਇਆ ਜਾਂਦਾ ਹੈ।
ਸਿੱਖਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੁਨੀਆਂ ਦਾ ਅਜਿਹਾ ਪਹਿਲਾ ਦੇਸ਼ ਹੈ, ਜਿੱਥੇ ਸਿੱਖ ਵਿਰਾਸਤ ਮਹੀਨਾ ਰਾਸ਼ਟਰੀ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਦੇ ਇਤਿਹਾਸ ਵੱਲ ਵੇਖੀਏ, ਤਾਂ ਸੰਨ 2013 ਵਿਚ ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਕੈਨੇਡਾ ਦੇ ਸੂਬੇ ਓਂਟੈਰੀਓ ਵਿੱਚ ਵਿਧਾਇਕ ਹੁੰਦਿਆਂ ਅਜਿਹਾ ਮਤਾ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਓਂਟੈਰੀਓ ਵਿੱਚ ਸਿੱਖ ਵਿਰਾਸਤ ਮਹੀਨਾ ਮਨਾਉਣਾ ਆਰੰਭ ਹੋਇਆ। ਕੈਨੇਡਾ ਵਿੱਚ ਕੌਮੀ ਪੱਧਰ 'ਤੇ ਸੰਨ 2018 ਵਿਚ ਲਿਬਰਲ ਪਾਰਟੀ ਦੇ ਐਮਪੀ ਸੁਖ ਧਾਲੀਵਾਲ ਨੇ ਹਾਊਸ ਆਫ ਕਾਮਨਜ਼ ਪ੍ਰਾਈਵੇਟ ਮੈਂਬਰ ਬਿੱਲ ਸੀ 376 ਲਿਆਂਦਾ, ਜੋ ਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਿੱਚ 30 ਅਪ੍ਰੈਲ 2019 ਨੂੰ 'ਸਿੱਖ ਹੈਰੀਟੇਜ ਐਕਟ' ਬਣਿਆ।
ਸੰਨ 2025 ਕੈਨੇਡਾ ਪੱਧਰ 'ਤੇ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤ ਮਹੀਨੇ ਵਜੋਂ ਮਨਾਉਣ ਦੀ ਛੇਵੀਂ ਵਰੇਗੰਢ ਹੈ। ਕੈਨੇਡਾ ਸਿੱਖ ਵਿਰਾਸਤੀ ਮਹੀਨਾ ਉਤਸ਼ਾਹ ਨਾਲ ਮਨਾ ਰਿਹਾ ਹੈ, ਜਿਸ ਦੌਰਾਨ ਇਤਿਹਾਸਿਕ ਪ੍ਰਦਰਸ਼ਨੀਆਂ, ਨਗਰ ਕੀਰਤਨਾਂ, ਸੱਭਿਆਚਾਰਕ ਸਮਾਗਮਾਂ ਅਤੇ ਵਿਚਾਰ ਗੋਸ਼ਟੀਆਂ ਦਾ ਆਯੋਜਨ ਹੋ ਰਿਹਾ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪੱਧਰ 'ਤੇ ਕੈਨੇਡਾ ਸਰਕਾਰ ਦੀ ਪ੍ਰਵਾਨਗੀ ਨਾਲ ਅਜਿਹੇ ਸਮਾਗਮ ਵੱਧ-ਚੜ ਕੇ ਕੀਤੇ ਜਾ ਸਕਦੇ ਹਨ, ਇਸਦਾ ਸਾਨੂੰ ਲਾਹਾ ਲੈਣਾ ਚਾਹੀਦਾ ਹੈ।
ਕੈਨੇਡਾ ਦੀ ਗਵਰਨਰ ਜਰਨਲ ਮੈਰੀ ਸਾਈਮਨ ਵੱਲੋਂ ਅਪ੍ਰੈਲ ਦੇ ਸਿੱਖ ਵਿਰਾਸਤ ਮਹੀਨੇ 'ਤੇ ਸਮੂਹ ਕੈਨੇਡੀਅਨ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਗਿਆ ਕਿ ਇਹ ਵਿਭਿੰਨਤਾ ਜਿੱਥੇ ਸਾਡੀ ਤਾਕਤ ਹੈ, ਉਥੇ ਸਿੱਖ ਭਾਈਚਾਰਾ ਨਿਰਸੁਆਰਥ, ਹਮਦਰਦੀ ਅਤੇ ਮਹਾਨਤਾ ਸਦਕਾ ਕੈਨੇਡਾ ਨੂੰ ਮਹਾਨ ਬਣਾਉਣ ਦੀ ਅਹਮ ਭੂਮਿਕਾ ਨਿਭਾ ਰਿਹਾ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਮੌਕੇ 'ਤੇ ਵਧਾਈ ਦਿੰਦਿਆਂ ਕਿਹਾ ਕਿ ਕਰੀਬ 130 ਸਾਲ ਤੋਂ ਸਿੱਖ ਕੈਨੇਡੀਅਨਾਂ ਨੇ ਇਸ ਦੇਸ਼ ਨੂੰ ਬਰਾਬਰੀ ਤੇ ਹਮਦਰਦੀ ਭਰਪੂਰ ਅਤੇ ਨਿਆਪੂਰਨ ਕੈਨੇਡਾ ਬਣਾਉਣ ਵਿੱਚ ਖਾਸ ਮਦਦ ਕੀਤੀ ਹੈ। ਇਸ ਕਰਕੇ ਸਿੱਖ ਵਿਰਾਸਤ ਮਹੀਨਾ ਸਿੱਖਾਂ ਦੇ ਮਹਾਨ ਇਤਿਹਾਸ ਬਾਰੇ ਵਿਚਾਰ ਕਰਨ ਅਤੇ ਸਿੱਖ ਭਾਈਚਾਰੇ ਦੀਆਂ ਉਹਨਾਂ ਕਦਰਾਂ ਕੀਮਤਾਂ ਨੂੰ ਪਛਾਨਣ ਦਾ ਸੁਨਹਿਰੀ ਮੌਕਾ ਹੈ, ਜੋ ਕੈਨੇਡਾ ਦੇਸ਼ ਦਾ ਨਿਰਮਾਣ ਕਰ ਰਹੀਆਂ ਹਨ।
ਅਪ੍ਰੈਲ ਦੇ ਸਿੱਖ ਵਿਰਾਸਤ ਮਹੀਨੇ ਦੌਰਾਨ, ਖਾਲਸਾ ਦਿਹਾੜੇ ਮੌਕੇ 'ਤੇ ਨਗਰ ਕੀਰਤਨ ਸਜਾਉਣ ਦੇ ਉਪਰਾਲੇ ਹੋ ਰਹੇ ਹਨ। ਨਗਰ ਕੀਰਤਨਾਂ ਦੇ ਸਬੰਧ ਵਿੱਚ ਕੁਝ ਅਹਿਮ ਵਿਚਾਰਾਂ ਕਰਨੀਆਂ ਜ਼ਰੂਰੀ ਹਨ, ਤਾਂ ਕਿ ਖਾਲਸਾ ਦਿਹਾੜੇ ਨੂੰ 'ਮੇਲੇ' ਦੀ ਥਾਂ, ਗੁਰਪੁਰਬ ਦੇ ਅਮਲੀ ਰੂਪ ਵਿਚ ਮਨਾਇਆ ਜਾਏ। ਅੱਜ ਪੰਜਾਬ ਤੋਂ ਲੈ ਕੇ ਦੁਨੀਆਂ ਦੇ ਹਰ ਕੋਨੇ ਵਿੱਚ, ਜਿੱਥੇ ਵੀ ਸਿੱਖ ਵਸਦੇ ਹਨ, ਅਕਾਲ ਪੁਰਖ ਦਾ ਜਸ ਅਤੇ ਕੀਰਤੀ ਕਰਦੇ ਹਨ। ਸਿੱਖ ਕੌਮ ਇਤਿਹਾਸਕ ਮੌਕਿਆਂ ਉੱਪਰ ਨਗਰ ਕੀਰਤਨ ਸਜਾਉਂਦੀ ਹੈ। ਇਹ ਪਰੰਪਰਾ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ, ਦੁਬਈ ਅਤੇ ਪਾਕਿਸਤਾਨ ਸਮੇਤ ਹਰ ਉਸ ਮੁਲਕ ਦੇ ਵਿੱਚ ਸ਼ਾਨ ਨਾਲ ਕਾਇਮ ਹੈ, ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਵਸਿਆ ਹੋਇਆ ਹੈ।
ਨਗਰ ਕੀਰਤਨ ਸ਼ਬਦ ਦੀ ਪਰਿਭਾਸ਼ਾ ਦੇਖੀਏ, ਤਾਂ ਇਹ ਦੋ ਸ਼ਬਦਾਂ ਦਾ ਜੋੜ ਹੈ : 'ਨਗਰ' ਅਤੇ 'ਕੀਰਤਨ'। ਕੀਰਤਨ ਸ਼ਬਦ ਗੁਰਬਾਣੀ 'ਚ ਅਨੇਕਾਂ ਵਾਰ ਆਇਆ ਹੈ। ਜਿੱਥੇ ਕੀਰਤਨ ਗਾਇਨ ਸਿੱਖੀ ਦਾ ਸ਼ਾਨਮਈ ਵਿਰਸਾ ਹੈ ਅਤੇ ਗੁਰੂ ਸਾਹਿਬਾਨ ਸਮੇਂ ਤੋਂ ਕੀਰਤਨ ਆਰੰਭ ਹੋਇਆ ਹੈ, ਉੱਥੇ ਇਹ ਸਦਾ ਹੀ ਕਾਇਮ ਹੈ ਅਤੇ ਰਹੇਗਾ। ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਦੇ ਸਬੰਧ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ ਅਨੇਕ ਥਾਵਾਂ 'ਤੇ ਇਹ ਸ਼ਬਦ ਹਨ, ਜਦੋਂ ਗੁਰੂ ਸਾਹਿਬ ਬਾਣੀ ਰਚਦੇ ਅਤੇ ਗਾਇਨ ਕਰਦੇ ਤੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ। ਗੁਰੂ ਕਾਲ ਦੌਰਾਨ ਹੀ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਸਿੱਖਾਂ ਨੂੰ ਮੌਲਿਕ ਰੂਪ ਵਿੱਚ ਸਰੰਦਾ ਅਤੇ ਅਨੇਕਾਂ ਹੋਰ ਸਾਜ ਬਖਸ਼ੇ ਅਤੇ ਹਰ ਇਕ ਸਿੱਖ ਨੂੰ ਕੀਰਤਨ ਕਰਨ ਵਾਸਤੇ ਪ੍ਰੇਰਿਆ।
ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 31 ਰਾਗਾਂ ਵਿੱਚ ਦਰਜ ਕਰਨ ਅਤੇ ਰਾਗਾਂ ਵਿੱਚ ਗਾਇਨ ਦੀ ਵਿਧੀ ਇਸ ਦੀ ਮਿਸਾਲ ਹੈ, ਜਿਸ ਨੂੰ ਆਧਾਰ ਬਣਾ ਕੇ, ਕੀਰਤਨੀਏ ਰਾਗਾਂ ਦਾ ਅਧਿਅਨ ਕਰਦੇ ਹਨ। ਕੀਰਤਨ ਗਾਇਨ ਦੇ ਮਹਾਨ ਗੌਰਵਮਈ ਵਿਰਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਉੱਚਾ ਰੁਤਬਾ ਦਿੱਤਾ। ਇੱਥੋਂ ਤੱਕ ਕਿ ਜੰਗਾਂ ਮੌਕੇ ਵੀ 'ਆਸਾ ਜੀ ਦੀ ਵਾਰ' ਦਾ ਕੀਰਤਨ ਆਪ ਜੀ ਦੇ ਖੁਦ ਗਾਇਨ ਕਰਨ ਦੀਆਂ ਇਤਿਹਾਸਕ ਮਿਸਾਲਾਂ ਸਾਹਮਣੇ ਹਨ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕੀਰਤਨ ਦਾ ਸਤਿਕਾਰ ਵਧਿਆ ਅਤੇ ਇਹ ਹਮੇਸ਼ਾ ਕਾਇਮ ਹੈ।
ਸ਼ਬਦ 'ਨਗਰ' ਦਾ ਭਾਵ ਅਸਥਾਨ ਤੋਂ ਹੈ, ਚਾਹੇ ਪਿੰਡ, ਕਸਬਾ, ਸ਼ਹਿਰ, ਕੁਝ ਵੀ ਹੋਵੇ। ਦੇਸ਼-ਵਿਦੇਸ਼ ਜਿੱਥੇ ਵੀ, ਜਿਸ ਵੀ ਸ਼ਹਿਰ ਵਿੱਚ ਸਿੱਖ ਵੱਸਦੇ ਹਨ, ਉਨ੍ਹਾਂ ਲਈ ਉਹ ਨਗਰ ਹੈ। ਇਉਂ ਨਗਰ ਅਤੇ ਕੀਰਤਨ, ਦੋਹੇਂ ਸ਼ਬਦਾਂ ਦੇ ਜੋੜ ਤੋਂ 'ਨਗਰ ਕੀਰਤਨ' ਬਣਦਾ ਹੈ, ਜਿਸ ਦਾ ਭਾਵ ਹੈ ਵਿਸ਼ੇਸ਼ ਧਾਰਮਿਕ ਮੌਕਿਆਂ 'ਤੇ ਨਗਰ ਵਿੱਚ ਕੀਰਤਨ ਕਰਦੇ ਹੋਏ ਸਿੱਖੀ ਦੀ ਸ਼ੋਭਾ ਵਧਾਉਣੀ ਅਤੇ ਹੋਰਨਾ ਕੌਮਾਂ ਨੂੰ ਇਸ ਤੋਂ ਜਾਣੂ ਕਰਵਾਉਣਾ। ਇਸ ਦਾ ਖਾਸ ਨਿਯਮ ਇਹ ਹੈ ਕਿ ਨਗਰ ਕੀਰਤਨ ਸਜਾਉਂਦੇ ਹੋਏ, ਕੀਰਤਨ ਕਰਦਿਆਂ ਹੋਇਆਂ, ਨਗਰ ਵਿੱਚ ਦੀ ਗੁਜ਼ਰਨਾ। ਨਗਰ ਵਿੱਚ ਕੀਰਤਨ ਗਾਇਨ ਕਰਦੇ ਚੱਲਣਾ। ਕਿਉਂਕਿ ਨਗਰ ਕੀਰਤਨ ਨਿਰੋਲ ਧਾਰਮਿਕ ਅਤੇ ਸਿੱਖੀ ਪ੍ਰਚਾਰ ਦਾ ਜ਼ਰੀਆ ਹੈ, ਇਸ ਕਰਕੇ ਨਗਰ ਕੀਰਤਨ ਵਿੱਚ ਸਿੱਖ ਵਿਰਸੇ ਨਾਲ ਸਬੰਧਤ ਧਾਰਮਿਕ ਪੱਖਾਂ ਨੂੰ ਜੋੜ ਕੇ ਵੇਖਿਆ ਜਾਂਦਾ ਹੈ, ਜਿਵੇਂ ਕਿ ਨਗਰ ਕੀਰਤਨ ਵਿੱਚ ਸਿੱਖਾਂ ਦੀ ਸ਼ਾਨਦਾਰ ਵਿਰਾਸਤ ਦਾ ਪ੍ਰਤੀਕ ਗੱਤਕਾ ਖੇਡਣਾ, ਜੋ ਕਿ ਤਖ਼ਤ ਸਾਹਿਬਾਨਾਂ ਤੋਂ ਲੈ ਕੇ ਹਰ ਗੁਰਦੁਆਰਾ ਸਾਹਿਬ ਤੱਕ ਮੌਜੂਦ ਹੈ। ਇਸ ਦੇ ਨਾਲ ਹੀ ਗੁਰਬਾਣੀ ਦੀ ਕਥਾ-ਵਿਚਾਰ, ਢਾਡੀ, ਕਵੀਸ਼ਰੀ ਪਰੰਪਰਾ, ਇਹ ਸਭ ਸਿੱਖੀ ਦੇ ਧਾਰਮਿਕ ਪੱਖ ਹਨ ਅਤੇ ਨਗਰ ਕੀਰਤਨ ਦਾ ਹਿੱਸਾ ਹਨ।
ਵਿਦੇਸ਼ਾਂ ਵਿੱਚ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਨਗਰ ਕੀਰਤਨ ਦੇ ਮੌਕੇ 'ਤੇ ਇਤਿਹਾਸ ਅਤੇ ਵਿਰਸੇ ਦੇ ਮਹੱਤਵ ਨੂੰ ਪੇਸ਼ ਕਰਦੇ ਪੁਸਤਕਾਂ ਜਾਂ ਪੰਫਲਿਟ, ਗੁਰਮੁਖੀ ਤੋਂ ਇਲਾਵਾ ਅੰਗਰੇਜ਼ੀ ਅਤੇ ਹੋਰਨਾਂ ਭਾਸ਼ਾਵਾ ਵਿੱਚ ਵੰਡੇ ਜਾਣ। ਨਗਰ ਕੀਰਤਨ ਦੇ ਸ਼ੋਭਨੀਕ ਸਰੂਪ ਦੀ ਮਹੱਤਤਾ ਇਹ ਵੀ ਹੈ ਕਿ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਗਰ ਤੁਰਨ, ਨਾ ਕਿ ਜ਼ਿਆਦਾ ਤਾਦਾਦ ਵਿੱਚ ਗੱਡੀਆਂ ਚੱਲਣ। ਚੱਲਦਿਆਂ ਹੋਇਆਂ ਇਹ ਵੀ ਖਿਆਲ ਰੱਖਿਆ ਜਾਏ ਕਿ ਅਸੀਂ ਗੁਰਬਾਣੀ ਤੇ ਨਗਰ ਕੀਰਤਨ ਦਾ ਸਤਿਕਾਰ ਕਰਦੇ ਹੋਏ ਸਿਰ ਢੱਕੇ ਹੋਣ ਅਤੇ ਕਿਸੇ ਵੀ ਕਿਸਮ ਦੇ ਨਸ਼ਾ ਸੇਵਨ ਤੋਂ ਮੁਕਤ ਹੋਣ।
ਸਿੱਖੀ ਵਿੱਚ ਨਸ਼ਾ ਵਿਵਰਜਤ ਹੈ ਅਤੇ ਇਹ ਮਨੋ ਬਿਰਤੀ ਦੇ ਨਾਲ ਨਾਲ ਸਿਹਤ ਅਤੇ ਮਾਹੌਲ ਵੀ ਖਰਾਬ ਕਰਦਾ ਹੈ। ਨਗਰ ਕੀਰਤਨ ਮੌਕੇ ਕਈ ਵਾਰ ਗੁਰਬਾਣੀ ਪ੍ਰਚਾਰ ਦੀ ਥਾਂ 'ਤੇ ਵੱਖ-ਵੱਖ ਫਲੋਟਾਂ 'ਤੇ ਵਪਾਰੀ ਕਾਰੋਬਾਰੀ ਪ੍ਰਚਾਰ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ਦਾ ਨਗਰ ਕੀਰਤਨ ਨਾਲ ਸਬੰਧ ਨਹੀਂ ਹੁੰਦਾ। ਅਜਿਹਾ ਕਰਨਾ ਨਗਰ ਕੀਰਤਨ ਸਰੂਪ ਅਤੇ ਪਰਿਭਾਸ਼ਾ ਦੇ ਬਿਲਕੁਲ ਉਲਟ ਹੈ ਅਤੇ ਇਸ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਨਗਰ ਕੀਰਤਨ ਦੌਰਾਨ ਸਟੇਜਾਂ ਤੋਂ ਭੰਗੜੇ ਜਾਂ ਗਿੱਧੇ ਆਦਿਕ ਨਾਚਾਂ ਦੀਆਂ ਪੇਸ਼ਕਾਰੀਆਂ ਨਗਰ ਕੀਰਤਨ ਦੇ ਸਰੂਪ ਦੇ ਬਿਲਕੁਲ ਅਨੁਕੂਲ ਨਹੀਂ। ਇਨ੍ਹਾਂ ਦੀ ਥਾਂ ਦਸਤਾਰਾਂ ਸਜਾਉਣ, ਬੀਰ-ਰਸੀ ਵਾਰਾਂ ਗਾਉਣ ਅਤੇ ਸਿੱਖ ਮਾਰਸ਼ਲ ਆਰਟਸ ਗੱਤਕੇ ਦੇ ਜੌਹਰ ਦਿਖਾਉਣ ਨੂੰ ਪ੍ਰਚਾਰਨਾ ਚਾਹੀਦਾ ਹੈ। ਲੋਕ ਨਾਚ ਪੰਜਾਬੀ ਸੱਭਿਆਚਾਰ ਦਾ ਹਿੱਸਾ ਹਨ ਅਤੇ ਇਨ੍ਹਾਂ ਦੀ ਪੇਸ਼ਕਾਰੀ ਨਗਰ ਕੀਰਤਨ ਦੀ ਜਗ੍ਹਾ, ਵੱਖਰੇ ਮੰਚ ਤੋਂ ਹੋਣੀ ਚਾਹੀਦੀ ਹੈ। ਇਹ ਨਾ ਵਿਵਾਦ ਦਾ ਵਿਸ਼ਾ ਹੋਣਾ ਚਾਹੀਦਾ ਹੈ ਤੇ ਨਾ ਹੀ ਇਸ 'ਤੇ ਕੋਈ ਸੁਆਲ ਹੀ ਉੱਠਣ ਦੀ ਗੁੰਜਾਇਸ਼ ਹੈ, ਕਿਉਂਕਿ ਨਗਰ ਕੀਰਤਨ ਦਾ ਭਾਵ ਕੀਰਤਨ ਤੋਂ ਹੈ, ਜੋ ਨਗਰ 'ਚੋਂ ਗੁਜ਼ਰਦਿਆਂ ਸ਼ਰਧਾ-ਸਤਿਕਾਰ ਅਤੇ ਪ੍ਰੇਮ -ਰਸ ਵਿੱਚ ਭਿੱਜ ਕੇ ਕੀਤਾ ਜਾਂਦਾ ਹੈ।
ਸਿੱਖ ਵਿਰਸੇ ਅਤੇ ਇਤਿਹਾਸ ਨਾਲ ਸਬੰਧਤ ਵਿਚਾਰਾਂ, ਨਗਰ ਕੀਰਤਨ ਦਾ ਮੂਲ ਮਨੋਰਥ ਹੋਣੀਆਂ ਚਾਹੀਦੀਆਂ ਹਨ, ਜਿੰਨਾਂ ਵਿੱਚ ਸਿੱਖ ਕੌਮ ਦੇ ਲੰਮੇ ਸੰਘਰਸ਼ ਅਤੇ ਚੁਣੌਤੀਆਂ ਸਬੰਧੀ ਖਾਲਸੇ ਦੇ ਨੁਕਤਾ-ਨਿਗਾਹ ਤੋਂ ਵਿਚਾਰਾਂ ਹੋਣ। ਇੱਥੇ ਇਹ ਚੰਗੀ ਗੱਲ ਹੈ ਕਿ ਜੇਕਰ ਵੱਖ- ਵੱਖ ਸਟੇਜਾਂ ਤੋਂ ਨਗਰ ਕੀਰਤਨ ਦੇ ਇਤਿਹਾਸਕ ਮਹੱਤਵ ਅਤੇ ਸਿੱਖੀ ਨਾਲ ਸਬੰਧਤ ਕਾਰਜਾਂ ਬਾਰੇ ਸੰਬੰਧਿਤ ਧਿਰਾਂ ਵੱਲੋਂ ਨਿਭਾਈਆਂ ਜਾ ਰਹੀਆਂ ਭੂਮਿਕਾਵਾਂ ਦੀ ਜਾਣਕਾਰੀ ਦਿੱਤੀ ਜਾਵੇ, ਨਾ ਕਿ ਨਿੱਜੀ ਪ੍ਰਚਾਰ ਨਗਰ ਕੀਰਤਨ ਦਾ ਕੇਂਦਰ ਬਿੰਦੂ ਹੋਣ।
ਸੰਗਤ ਰੂਪ ਵਿੱਚ ਨਗਰ ਕੀਰਤਨ ਦੀ ਪਰਿਭਾਸ਼ਾ ਅਤੇ ਸਰੂਪ ਦੇ ਅਨੁਕੂਲ ਚੱਲਦਿਆਂ ਇਹ ਯਤਨ ਹੋਵੇ ਕਿ ਇਹ ਮਨੋਰੰਜਨ ਦਾ ਕੇਂਦਰ ਬਿੰਦੂ ਨਾ ਹੋ ਕੇ, ਮਹਾਨ ਵਿਰਸੇ ਦੀ ਇਤਿਹਾਸਕ ਜਾਣਕਾਰੀ ਦਾ ਕੇਂਦਰ ਹੈ।ਅਜਿਹੀ ਸੋਚ ਨਾਲ ਹੀ ਨਗਰ ਕੀਰਤਨ ਵਿੱਚ ਸ਼ਾਮਲ ਹੋਇਆ ਜਾਵੇ।
ਨਗਰ ਕੀਰਤਨ ਮੌਕੇ ਥਾਂ-ਥਾਂ ਲੱਗੇ ਸਟਾਲਾਂ ਦੀ ਸੇਵਾ ਜਿੱਥੇ ਬਹੁਤ ਅਹਿਮ ਹੈ, ਉੱਥੇ ਇਹ ਵੀ ਖਿਆਲ ਰੱਖਿਆ ਜਾਵੇ ਕਿ 'ਨਿਰਾ ਭੋਜਨ ਵੰਡਣ' 'ਤੇ ਹੀ ਅਸੀਂ ਕੇਂਦਰਿਤ ਨਾ ਹੋ ਜਾਈਏ, ਸਗੋਂ 'ਸ਼ਬਦ ਦੇ ਲੰਗਰ' ਭਾਵ ਕਿਤਾਬਾਂ ਦੇ ਸਟਾਲ ਵੱਧ ਤੋਂ ਵੱਧ ਲਗਾਏ ਜਾਣ। ਕੌੜੀ ਸਚਾਈ ਹੈ ਕਿ ਨਗਰ ਕੀਰਤਨ ਮੌਕੇ ਵਧੇਰੇ ਲੋਕ ਭੋਜਨ ਦੇ ਸਟਾਲਾਂ 'ਤੇ ਹੀ ਇਕੱਤਰ ਹੁੰਦੇ ਹਨ। ਕਈ ਵਾਰ ਤਾਂ ਇੰਝ ਜਾਪਦਾ ਹੈ ਜਿਵੇਂ ਹੱਦੋਂ ਵੱਧ ਖਾ ਕੇ ਇੱਕੋ ਦਿਨ ਵਿੱਚ ਸਾਰੀ ਭੁੱਖ ਪੂਰੀ ਕਰਨੀ ਹੋਵੇ। ਖਾਣ-ਪੀਣ ਦੇ ਸਟਾਲਾਂ ਵਿਚ ਵੀ ਪੌਸ਼ਟਿਕ ਭੋਜਨ ਦੀ ਥਾਂ, ਸੁਆਦਲੇ ਭੋਜਨ 'ਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਲੋਕ ਪੂੜ੍ਹੀਆਂ, ਸਮੋਸੇ, ਟਿੱਕੀਆਂ ਦੇ ਸਟਾਲਾਂ ਤੇ ਵੱਡੀ ਤਾਦਾਦ ਵਿੱਚ ਨਜ਼ਰ ਆਉਂਦੇ ਹਨ।
ਦੂਜੇ ਪਾਸੇ ਇਹ ਵੀ ਸੱਚ ਹੈ ਕਿ ਨਗਰ ਕੀਰਤਨ ਮੌਕੇ ਫ਼ਲ ਫਰੂਟ ਅਤੇ ਸਲਾਦ ਆਦਿ ਦੇ ਸਟਾਲਾਂ 'ਤੇ ਰੌਣਕ ਨਜ਼ਰ ਨਹੀਂ ਆਉਂਦੀ। ਤੇਲ ਵਾਲੀਆਂ ਚੀਜ਼ਾਂ ਅਤੇ ਸ਼ੂਗਰ ਵਾਲੇ ਪਦਾਰਥ ਇੱਕੋ ਦਿਨ ਵਿੱਚ ਖਾ ਕੇ ਲੋਕ ਕਿੰਨਾ ਸਰੀਰਕ ਨੁਕਸਾਨ ਕਰਦੇ ਹਨ, ਇਸ ਦਾ ਅੰਦਾਜ਼ਾ ਲਾਉਣਾ ਵੀ ਔਖਾ ਹੈ। ਇਸ ਤੋਂ ਇਲਾਵਾ ਖਾਣ-ਪੀਣ ਲਈ ਜਿੱਥੇ ਸਾਫ਼ ਸਫ਼ਾਈ ਦਾ ਖ਼ਿਆਲ ਰੱਖਣਾ ਬੜਾ ਉਚਿਤ ਹੈ, ਉੱਥੇ ਪਲਾਸਟਿਕ ਦੀ ਵਰਤੋਂ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਤ ਕਰਨਾ ਵੀ ਗਲਤ ਹੈ। ਇਸ ਤੋਂ ਗੁਰੇਜ਼ ਕੀਤਾ ਜਾਣਾ ਬਣਦਾ ਹੈ।
ਗੁਰਬਾਣੀ ਦੀਆਂ ਪੰਗਤੀਆਂ ਤੇ ਗੁਰਮੁਖੀ ਅੱਖਰਾਂ ਦਾ ਸਤਿਕਾਰ ਕਰਨਾ ਵੀ ਸਾਡਾ ਫਰਜ਼ ਹੈ। ਆਮ ਦੇਖਿਆ ਜਾਂਦਾ ਹੈ ਕਿ ਅਜਿਹੇ ਮੌਕਿਆਂ 'ਤੇ ਅਜਿਹੇ ਦਸਤਾਵੇਜ਼ ਪੈਰਾਂ ਵਿੱਚ ਰੁਲ ਰਹੇ ਹੁੰਦੇ ਹਨ, ਜੋ ਕਿ ਗੁਰਮੁਖੀ ਅਤੇ ਪੰਜਾਬੀ ਦਾ ਨਿਰਾਦਰ ਹੈ। ਖਾਲਸਾ ਦਿਹਾੜੇ ਦੇ ਨਗਰ ਕੀਰਤਨ ਵਿੱਚ ਸਿੱਖ ਸੰਗਤਾਂ ਅਤੇ ਹੋਰਨਾਂ ਕੌਮਾਂ ਦੇ ਲੋਕਾਂ ਨੂੰ ਇਸ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਏ।
ਖ਼ਾਲਸਾ ਦਿਵਸ ਜਿੱਥੇ ਇੱਕ ਪਾਸੇ ਜ਼ਾਤ-ਪਾਤ ਦੇ ਵਿਤਕਰੇ ਨੂੰ ਸਦਾ ਲਈ ਖਤਮ ਕਰਨ ਦਾ ਸੁਨੇਹਾ ਹੈ, ਓਥੇ ਦੂਜੇ ਪਾਸੇ ਜ਼ਾਲਮ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਸਿੱਖ ਇਨਕਲਾਬ ਹੈ। ਦੁੱਖ ਇਸ ਗੱਲ ਦਾ ਹੈ ਕਿ ਅੱਜ ਫਿਰ ਭਾਰਤ ਦਾ ਭਗਵਾਂਕਰਨ ਹੋ ਚੁੱਕਿਆ ਹੈ। ਮਨੂ ਸਮ੍ਰਿਤੀ ਤ੍ਰਿਸ਼ੂਲ ਚੁੱਕੀ ਫਿਰ ਰਹੀ ਹੈ। ਨਫਰਤ ਵਧ ਰਹੀ ਹੈ। ਉਚ ਜਾਤੀਏ ਦੱਬੇ-ਕੁਚਲੇ ਭਾਈਚਾਰੇ ਦੇ ਲੋਕਾਂ 'ਤੇ ਜ਼ੁਲਮ ਕਰ ਰਹੇ ਹਨ। ਘੱਟ ਗਿਣਤੀਆਂ ਦਾ ਘਾਣ ਹੋ ਰਿਹਾ ਹੈ। ਪੰਜਾਬ ਵਿੱਚ ਸੈਂਕੜੇ ਸਿੱਖ ਨੌਜਵਾਨਾਂ ਖ਼ਿਲਾਫ਼ ਕਾਲੇ ਕਾਨੂੰਨ ਨੈਸ਼ਨਲ ਸਕਿਉਰਟੀ ਐਕਟ ਆਦਿ ਲਗਾਏ ਜਾ ਰਹੇ ਹਨ। ਜਬਰ ਖਿਲਾਫ ਲਾਮਬੰਦ ਕਰਨ ਲਈ ਜ਼ਰੂਰੀ ਹੈ ਕਿ ਨਗਰ ਕੀਰਤਨ ਮੌਕੇ ਝਾਕੀਆਂ ਦੌਰਾਨ ਅਜਿਹੇ ਸਰਕਾਰੀ ਤਸ਼ੱਦਦ ਤੋਂ ਸਿੱਖ ਸੰਗਤਾਂ ਅਤੇ ਹੋਰਨਾਂ ਕੌਮਾਂ ਨੂੰ ਜਾਣੂੰ ਕਰਵਾਇਆ ਜਾਏ।
ਜ਼ੁਲਮ ਦੇ ਖਿਲਾਫ਼ ਇਤਿਹਾਸ ਅਤੇ ਵਿਰਸੇ ਬਾਰੇ ਗਿਆਨ ਦਾ ਪਾਸਾਰ ਕਰਨਾ ਨਗਰ ਕੀਰਤਨ ਦਾ ਮਨੋਰਥ ਹੈ, ਨਾ ਕਿ ਮੌਜ-ਮੇਲਿਆਂ ਨੂੰ ਨਗਰ ਕੀਰਤਨ ਆਖਣਾ ਠੀਕ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਖਾਲਸਾ ਸੰਪੂਰਨਤਾ ਦਿਹਾੜੇ ਦੇ ਮੁਕੰਮਲ ਇਤਿਹਾਸ ਤੋਂ ਭਾਵਪੂਰਤ ਢੰਗ ਨਾਲ ਜਾਣੂ ਕਰਵਾਇਆ ਜਾਣਾ ਬਹੁਤ ਜ਼ਰੂਰੀ ਹੈ। ਇਹ ਤਦ ਹੀ ਹੋ ਸਕਦਾ ਹੈ ਜੇ ਸਾਨੂੰ ਆਪ ਨੂੰ ਆਪਣੇ ਮਹਾਨ ਵਿਰਸੇ ਦੀ ਸੋਝੀ ਹੋਵੇ। ਜਿਹੜੇ ਸਕੂਲਾਂ- ਅਕੈਡਮੀਆਂ ਦੇ ਬੱਚੇ ਇਤਿਹਾਸ ਦੀ ਜਾਣਕਾਰੀ ਨਾਲ ਸਜ-ਧਜ ਕੇ ਖਾਲਸਾਈ ਪਹਿਰਾਵੇ ਵਿੱਚ ਨਗਰ ਕੀਰਤਨ ਦੀ ਸ਼ੋਭਾ ਵਧਾਉਂਦੇ ਹਨ, ਉਨ੍ਹਾਂ ਦੇ ਮਾਪੇ ਅਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ।
ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਮੌਕੇ ਹਉਮੈ, ਹੰਕਾਰ ਅਤੇ ਕ੍ਰੋਧ ਦੀ ਥਾਂ ਨਿਮਰਤਾ, ਸਤਿਕਾਰ ਅਤੇ ਪ੍ਰੇਮ ਨਾਲ ਸ਼ਾਮਿਲ ਹੋਣਾ ਚਾਹੀਦਾ ਹੈ। ਤਦ ਹੀ ਅਸੀਂ ਨਗਰ ਕੀਰਤਨ ਦੀ ਸ਼ਾਨ ਅਤੇ ਗੁਰੂ ਦੇ ਸਤਿਕਾਰ ਦੇ ਧਾਰਨੀ ਹੋ ਸਕਦੇ ਹਾਂ ਅਤੇ ਫਖ਼ਰ ਨਾਲ ਆਖ ਸਕਦੇ ਹਾਂ :
''ਵਾਹਨ ਸ਼ਿੰਗਾਰੇ ਰਹੈਂ, ਬਾਜਤ ਨਗਾਰੇ ਰਹੈਂ,
ਵੈਰੀ ਭੂਮੀ ਡਾਰੇ ਰਹੈਂ, ਮੂੰਡ ਯੁਤ ਤਾਜ ਕੇ।
ਸੰਗਤੇਂ ਆਬਾਦ ਰਹੈਂ, ਆਵਤੇ ਪ੍ਰਸਾਦਿ ਰਹੈਂ,
ਬਾਢੇ ਅਹਿਲਾਦ ਰਹੈਂ, ਧਰਮ ਸੁ ਕਾਜ ਕੇ।
ਗੱਦੀਆਂ ਅਟੱਲ ਰਹੈਂ, ਚੌਕੀਆਂ ਅਚੱਲ ਰਹੈਂ,
ਬੁੰਗੇ ਝਲਾ ਝੱਲ ਰਹੈਂ, ਸਹਿਤ ਸਮਾਜ ਕੇ।
ਲਾਗਤੇ ਦੀਵਾਨ ਰਹੈਂ, ਗਾਵਤੇ ਸੁਜਾਨ ਰਹੈਂ,
ਝੂਲਦੇ ਨਿਸ਼ਾਨ ਰਹੈਂ, ਪੰਥ ਮਹਾਰਾਜ ਕੇ।''
(ਗਿਆਨੀ ਗਿਆਨ ਸਿੰਘ, ਪੁਰਾਤਨ ਪੰਥ ਪ੍ਰਕਾਸ਼)
ਦੂਜੇ ਪਾਸੇ ਨਗਰ ਕੀਰਤਨ ਮੌਕੇ ਆਤਮ-ਪੜਚੋਲ ਕਰਨੀ ਜ਼ਰੂਰੀ ਹੈ। ਸਿੱਖੀ ਦੇ ਸਿਧਾਂਤਾਂ ਤੋਂ ਦੂਰ ਹੋ ਕੇ ਸਿੱਖ ਸਮਾਜ ਵਿੱਚ ਵੱਧ ਰਹੀ ਗਿਰਾਵਟ, ਸਿੱਖ ਸੰਸਥਾਵਾਂ ਉੱਪਰ ਕਾਬਿਜ ਪਰਿਵਾਰਵਾਦ ਅਤੇ ਸਿੱਖੀ ਅਸੂਲਾਂ ਤੋਂ ਥਿੜਕੀ ਹੋਈ ਲੀਡਰਸ਼ਿਪ ਬਾਰੇ ਚਿੰਤਾ, ਗੌਰ ਕਰਨਯੋਗ ਹੈ। ਪ੍ਰੋਫੈਸਰ ਆਫ ਸਿੱਖਿਜ਼ਮ ਅਤੇ ਉੱਘੇ ਸਿੱਖ ਵਿਦਵਾਨ ਸਿਰਦਾਰ ਕਪੂਰ ਸਿੰਘ ਹੁਰਾਂ ਨੇ 1974 ਵਿੱਚ ਇਹ ਵਿਅੰਗ ਭਰਪੂਰ ਤੇ ਕਟਾਕਸ਼ਮਈ ਕਵਿਤਾ ਲਿਖੀ ਸੀ, ਜੋ ਕਿ ਭਾਈ ਗਿਆਨ ਸਿੰਘ ਦੀ ਕਾਵਿ ਰਚਨਾ ਦੇ ਸੰਦਰਭ ਨੂੰ ਅਜੋਕੇ ਚਿੰਤਾਜਨਕ ਹਾਲਾਤ ਵਿੱਚ ਪੇਸ਼ ਕਰਦੀ ਹੈ ;
''ਸ਼੍ਰੋਮਣੀ ਹਮਾਰੀ ਰਹੇ, ਸੇਵਾ ਚੰਦਾ ਜਾਰੀ ਰਹੇ,
ਸੰਘ ਨਾਲ ਯਾਰੀ ਰਹੇ, ਥੱਲੇ ਆਰੀਆ ਸਮਾਜ ਕੇ।
ਸਿੱਖੀ ਕੀ ਨਾ ਬਾਤ ਚਲੇ, ਪੰਥ ਕੀ ਨਾ ਗਾਥ ਚਲੇ,
ਲੂਟ ਦੋਨੋਂ ਹਾਥ ਚਲੇ, ਸੰਗ ਸਾਜ ਬਾਜ ਕੇ।
ਅਕਲ ਦੀ ਨਾ ਗੱਲ ਰਹੇ, ਇੱਕੋ 'ਕਾਲੀ ਦਲ ਰਹੇ,
ਨਿੱਤ ਤਰਥੱਲ ਰਹੇ, ਜ਼ਿੰਦਾਬਾਦ ਗਾਜ ਕੇ।
ਝੰਡੀ ਵਾਲੀ ਕਾਰ ਰਹੇ, ਫੂਲਨ ਕੇ ਹਾਰ ਰਹੇਂ,
ਗੋਲਕੇਂ ਭਰਪੂਰ ਕਰੇਂ, ਸਿੱਖ ਭਾਜ-ਭਾਜ ਕੇ।
ਪੰਥ ਦੇ ਦਰਦ ਹਿੱਤ, ਬੁੱਧੀ ਕੀ ਜੋ ਸੇਧ ਦੇਵੇ,
ਨਿਕਟ ਨਾ ਆਣੇ ਪਾਵੇ, ਰਾਜ ਭਾਗ ਕਾਜ ਕੇ।
ਜਥੇਦਾਰ ਕਹਿਤ, 'ਬਿਰਾਜੋ, ਮਤ ਭਾਜੋ, ਸਿੱਖੋ,
ਝੂਲਤੇ ਨਿਸ਼ਾਨ ਰਹੇਂ, ਪੰਥ ਮਹਾਰਾਜ ਕੇ।''
'ਖ਼ਾਲਸਾ' ਦਿਹਾੜੇ 'ਤੇ ਇਸ ਪੱਖ ਤੋਂ ਵਿਚਾਰ ਅਹਿਮ ਹੈ ਕਿ ਗੁਰੂ ਨਾਨਕ ਸਾਹਿਬ ਵੱਲੋਂ ਸਾਜੀ ਸਿੱਖੀ ਨੂੰ ਗੁਰੂ ਦਸਵੇਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ ਸੰਪੂਰਨ ਖ਼ਾਲਸਾ ਦਾ ਸਰੂਪ ਬਖਸ਼ਿਆ। ਇਸ ਦੀ ਵਿਲੱਖਣਤਾ ਸੰਸਾਰ ਪੱਧਰ 'ਤੇ ਮਨੁੱਖੀ ਹੱਕਾਂ, ਮਾਨਵੀ ਬਰਾਬਰੀ ਅਤੇ ਸਰਬੱਤ ਦੇ ਭਲੇ ਪੱਖੋਂ ਉਜਾਗਰ ਹੋਣਾ ਹੀ 'ਸਿੱਖ ਵਿਰਾਸਤ ਦਿਹਾੜਾ' ਸਹੀ ਅਰਥਾਂ ਵਿੱਚ ਮਨਾਉਣਾ ਕਿਹਾ ਜਾ ਸਕਦਾ ਹੈ।