ਚੋਣਾਂ ਬਾਰੇ ਸੋਚਣ ਰੁੱਝੇ ਆਗੂ ਹਾਲੇ ਤੱਕ ਵਿਗੜੇ ਹਾਲਾਤ ਦੀ ਅੱਖ ਨਹੀਂ ਪਛਾਣ ਰਹੇ - ਜਤਿੰਦਰ ਪਨੂੰ
ਅਸੀਂ ਅਜੇ ਪਿਛਲੇ ਹਫਤੇ ਇਹ ਲਿਖਿਆ ਸੀ ਕਿ ਭਾਰਤ ਕੋਰੋਨਾ ਦੇ ਸ਼ਿਕੰਜੇ ਵਿੱਚੋਂ ਨਿਕਲਿਆ ਨਹੀਂ ਤੇ ਇਸ ਦੀ ਰਾਜਨੀਤੀ ਆਪਣੀਆਂ ਮੋਰਚੇਬੰਦੀਆਂ ਬਣਾਉਣ ਲੱਗ ਪਈ ਹੈ। ਜਦੋਂ ਜੰਗ ਚੱਲਦੀ ਹੋਵੇ, ਉਸ ਮੋਰਚੇ ਦੀ ਸਫਲਤਾ ਲਈ ਹਰ ਇੱਕ ਧਿਰ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ, ਪਰ ਜੇ ਇੱਕ ਵੀ ਧਿਰ ਆਪਣੇ ਨਿੱਜੀ ਲਾਭਾਂ ਲਈ ਓਥੋਂ ਦੇ ਸਾਂਝੇ ਹਿੱਤਾਂ ਤੋਂ ਉਲਟ ਚੱਲਣ ਲੱਗ ਪਏ ਤਾਂ ਮੋਰਚੇ ਦੀ ਕਾਮਯਾਬੀ ਸ਼ੱਕੀ ਹੋ ਜਾਂਦੀ ਹੈ। ਭਾਰਤ ਵਿੱਚ ਵੀ ਇਹੋ ਹਾਲ ਹੁੰਦਾ ਦਿੱਸ ਰਿਹਾ ਹੈ। ਲੋਕ ਕੋਰੋਨਾ ਦੀ ਮਹਾਮਾਰੀ ਤੋਂ ਘਬਰਾਏ ਹੋਏ ਹਨ। ਰਾਜਸੀ ਆਗੂਆਂ ਨੇ ਏਸੇ ਸਾਲ ਬਿਹਾਰ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਓਸੇ ਤਰ੍ਹਾਂ ਮੋਰਚੇਬੰਦੀ ਆਰੰਭ ਕਰ ਦਿੱਤੀ ਹੈ, ਜਿਵੇਂ ਦੁਨੀਆ ਦੇ ਦੂਸਰੇ ਸਿਰ ਵੱਸਦੇ ਅਮਰੀਕਾ ਦਾ ਰਾਸ਼ਟਰਪਤੀ ਦੂਸਰੀ ਵਾਰ ਇਹੋ ਅਹੁਦਾ ਮਾਨਣ ਦੇ ਲਈ ਪ੍ਰਚਾਰ ਕਰਨ ਰੁੱਝਾ ਪਿਆ ਹੈ। ਪੱਛਮੀ ਬੰਗਾਲ ਦੀਆਂ ਚੋਣਾਂ ਬਿਨਾਂ ਸ਼ੱਕ ਬਿਹਾਰ ਤੋਂ ਕੁਝ ਚਿਰ ਬਾਅਦ ਹੋਣੀਆਂ ਹਨ, ਪਰ ਰਾਜਨੀਤੀ ਦੇ ਚਸਕੇਬਾਜ਼ ਉਸ ਮੋਰਚੇ ਵੱਲ ਵੀ ਅਗੇਤੇ ਹੀ ਰੁੱਝ ਗਏ ਹਨ ਅਤੇ ਵੀਡੀਓ ਕਾਨਫਰੰਸਾਂ ਰਾਹੀਂ ਚੋਣ ਬੈਠਕਾਂ ਕਰਦੇ ਪਏ ਹਨ। ਉਨ੍ਹਾਂ ਲਈ ਇਹ ਕੰਮ ਉਸੇ ਦਿਨੋਂ ਪਮੁੱਖ ਰਿਹਾ ਹੈ, ਜਦੋਂ ਤੋਂ ਉਹ ਰਾਜਨੀਤੀ ਵਿੱਚ ਆਏ ਹੋਣਗੇ ਤੇ ਆਖਰੀ ਸਾਹ ਤੱਕ ਇਹੀ ਮੁੱਖ ਕੰਮ ਰਹਿਣਾ ਹੈ।
ਭਾਰਤ ਦੇ ਛੇ ਰਾਜ ਇਸ ਵਕਤ ਕੋਰੋਨਾ ਵਾਇਰਸ ਦੇ ਪੱਖੋਂ ਵੱਡੀ ਚਿੰਤਾ ਵਾਲੇ ਹਨ। ਮਹਾਰਾਸ਼ਟਰ ਵਿੱਚ ਕੇਸਾਂ ਦੀ ਗਿਣਤੀ ਇੱਕ ਲੱਖ ਟੱਪ ਗਈ ਹੈ ਤੇ ਮੌਤਾਂ ਦੀ ਗਿਣਤੀ ਪੌਣੇ ਚਾਰ ਹਜ਼ਾਰ ਨੂੰ ਪੁੱਜ ਚੁੱਕੀ ਹੈ। ਗੁਜਰਾਤ ਰਾਜ ਵਿੱਚ ਇਸ ਵੇਲੇ ਮੌਤਾਂ ਦੀ ਗਿਣਤੀ ਚੌਦਾਂ ਸੌ ਨੂੰ ਟੱਪੀ ਪਈ ਹੈ ਤੇ ਦੇਸ਼ ਦੀ ਰਾਜਧਾਨੀ ਦਿੱਲੀ ਵੀ ਗਿਆਰਾਂ ਸੌ ਟੱਪ ਚੁੱਕੀ ਹੈ। ਪੱਛਮੀ ਬੰਗਾਲ ਵਿੱਚ ਮੌਤਾਂ ਸਾਢੇ ਚਾਰ ਸੌ ਤੋਂ ਵੱਧ ਹੋਈਆਂ ਹਨ ਤੇ ਉੱਤਰ ਪ੍ਰਦੇਸ਼ ਤੇ ਤਾਮਿਲ ਨਾਡੂ ਦੋਵੇਂ ਤਿੰਨ-ਤਿੰਨ ਸੌ ਨੂੰ ਟੱਪ ਕੇ ਅੱਗੇ ਨਿਕਲ ਚੁੱਕੇ ਹਨ। ਦਿੱਲੀ ਨਾਲੋਂ ਦੁੱਗਣੀ ਆਬਾਦੀ ਵਾਲੇ ਪੰਜਾਬ ਵਿੱਚ ਅਜੇ ਸੱਤਰ ਤੋਂ ਘੱਟ ਮੌਤਾਂ ਹੋਈਆਂ ਹਨ, ਪਰ ਪਿਛਲੇ ਹਫਤੇ ਵਿੱਚ ਜਿੰਨੀ ਕੁ ਤੇਜ਼ੀ ਵੇਖਣ ਨੂੰ ਮਿਲੀ ਹੈ, ਉਸ ਨੂੰ ਵੇਖ ਕੇ ਡਰ ਲੱਗਦਾ ਹੈ ਕਿ ਕਿਸੇ ਵੇਲੇ ਵੀ ਲੜੀ ਬੱਝਣ ਦੀ ਨੌਬਤ ਆ ਸਕਦੀ ਹੈ। ਇਸ ਮੌਕੇ ਸਾਰੀਆਂ ਧਿਰਾਂ ਦੀ ਇੱਕਸੁਰਤਾ ਦੀ ਲੋੜ ਮੰਨਣ ਦੇ ਬਾਵਜੂਦ ਨਾ ਪਾਰਟੀਆਂ ਇੱਕ ਦੂਸਰੀ ਨਾਲ ਇੱਕਸੁਰਤਾ ਬਣਾ ਰਹੀਆਂ ਹਨ ਤੇ ਨਾ ਪਾਰਟੀਆਂ ਦੇ ਆਪਣੇ ਅੰਦਰਲੇ ਮੱਤਭੇਦ ਘੱਟ ਹੋਣ ਦਾ ਨਾਂਅ ਲੈ ਰਹੇ ਹਨ। ਸਿਰਫ ਇੱਕ ਅਕਾਲੀ ਪਾਰਟੀ ਹੈ, ਜਿਸ ਵਿੱਚ ਅੰਦਰੂਨੀ ਖਿੱਚੋਤਾਣ ਨਹੀਂ ਦਿੱਸਦੀ ਅਤੇ ਉਹ ਇਸ ਲਈ ਕਿ ਉਹ ਅੱਜਕੱਲ੍ਹ ਪਾਰਟੀ ਨਹੀਂ ਰਹੀ, ਬਿਜ਼ਨੈਸਮੈਨ ਪ੍ਰਧਾਨ ਨੇ ਸਿਆਸੀ ਬਿਜ਼ਨਿਸ ਵਾਲੀ ਦੁਕਾਨ ਬਣਾ ਕੇ ਏਦਾਂ ਚਲਾਉਣੀ ਆਰੰਭ ਕਰ ਦਿੱਤੀ ਹੈ ਕਿ ਜਿਸ ਕਿਸੇ ਲੀਡਰ ਨੇ ਮੱਤਭੇਦ ਵਿਖਾਏ, ਅਗਲੇ ਦਿਨ ਕੰਪਨੀ ਵਿੱਚ ਉਸ ਦੀ ਰਾਜਸੀ ਨੌਕਰੀ ਖਤਮ ਕਰਨ ਦਾ ਨੋਟਿਸ ਆ ਜਾਵੇਗਾ ਤੇ ਮੋੜੇ ਦਾ ਕੋਈ ਰਾਹ ਨਹੀਂ ਰਹਿ ਜਾਣਾ। ਕਾਂਗਰਸ ਪਾਰਟੀ ਦਾ ਕਦੀ ਕੋਈ ਲੀਡਰ ਤੇ ਕਦੀ ਕੋਈ ਧੜਾ ਦਿੱਲੀ ਵਿੱਚ ਜਾ ਕੇ ਅਣਹੋਈ ਜਿਹੀ ਜਾਪਦੀ ਹਾਈ ਕਮਾਂਡ ਨੂੰ ਆਪਣੇ ਮੁੱਖ ਮੰਤਰੀ ਦੇ ਖਿਲਾਫ ਏਦਾਂ ਅਰਜ਼ੀਆਂ ਦੇਂਦਾ ਰਹਿੰਦਾ ਹੈ, ਜਿਵੇਂ ਰਾਜ ਸਰਕਾਰ ਦੇ ਖਿਲਾਫ ਆਮ ਲੋਕੀਂ ਸੁਪਰੀਮ ਕੋਰਟ ਵੱਲ ਤੁਰੇ ਜਾਂਦੇ ਹਨ। ਆਮ ਆਦਮੀ ਪਾਰਟੀ ਵਿੱਚ ਇੱਕ ਧੜਾ ਇਸ ਗੱਲ ਲਈ ਸਰਗਰਮ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਨਾਲ ਲੈ ਲਈਏ ਤੇ ਦੂਸਰਾ ਧੜਾ ਇਸ ਗੱਲ ਲਈ ਸਿਰ ਪਰਨੇ ਹੋਇਆ ਪਿਆ ਹੈ ਕਿ ਸਿੱਧੂ ਨੂੰ ਏਧਰ ਆਉਣ ਨਹੀਂ ਦੇਣਾ।
ਜਦੋਂ ਇਹ ਸਭ ਕੁਝ ਹੁੰਦਾ ਪਿਆ ਸੀ, ਓਦੋਂ ਇਹ ਖਬਰ ਮਿਲ ਗਈ ਹੈ ਕਿ ਪੰਜਾਬ ਕਾਂਗਰਸ ਦਾ ਵੱਡਾ ਆਗੂ ਤੇ ਪਾਰਲੀਮੈਂਟ ਮੈਂਬਰ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਭਾਰਤੀ ਜਨਤਾ ਪਾਰਟੀ ਵਿੱਚ ਜਾ ਸਕਦਾ ਹੈ ਤੇ ਭਾਜਪਾ ਉਸ ਨੂੰ ਪੰਜਾਬ ਵਿੱਚ ਸਿੱਖ ਚਿਹਰੇ ਵਜੋਂ ਉਭਾਰਨ ਦੀ ਨੀਤੀ ਦਾ ਧੁਰਾ ਬਣਾਏਗੀ। ਕਿਸ ਪਾਰਟੀ ਦਾ ਕਿਹੜਾ ਆਗੂ ਕਦੋਂ ਕਿਸ ਪਾਸੇ ਤੁਰ ਜਾਵੇ, ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਪਰ ਪ੍ਰਤਾਪ ਸਿੰਘ ਬਾਜਵਾ ਦਾ ਭਾਜਪਾ ਨਾਲ ਜੁੜਨਾ ਕਿਸੇ ਨੂੰ ਹਕੀਕੀ ਗੱਲ ਨਹੀਂ ਜਾਪ ਰਹੀ। ਉਹ ਖੁਦ ਵੀ ਇਹੋ ਕਹਿੰਦਾ ਹੈ ਕਿ ਮੈਂ ਕਾਂਗਰਸ ਛੱਡ ਕੇ ਕਦੀ ਵੀ ਹੋਰ ਕਿਸੇ ਪਾਸੇ ਵੱਲ ਨਹੀਂ ਜਾਣਾ। ਫਿਰ ਵੀ ਇਹ ਸੱਚ ਹੈ ਕਿ ਭਾਜਪਾ ਕੋਈ ਸਿੱਖ ਚਿਹਰਾ ਅੱਗੇ ਲਾਉਣ ਲਈ ਸਭ ਘੋੜੇ ਭਜਾ ਰਹੀ ਹੈ। ਉਸ ਦੇ ਏਲਚੀਆਂ ਨੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਵਾਰੀ ਫਿਰ ਇਸ ਪਾਸੇ ਖਿੱਚਣ ਲਈ ਯਤਨ ਕੀਤੇ ਸਨ, ਪਰ ਗੱਲ ਨਹੀਂ ਬਣੀ। ਅਗਲੀਆਂ ਚੋਣਾਂ ਬਾਰੇ ਭਾਜਪਾ ਦੇ ਬਹੁਤ ਸਾਰੇ ਲੀਡਰ ਸਿੱਧੇ ਸ਼ਬਦਾਂ ਵਿੱਚ ਕਹਿੰਦੇ ਹਨ ਕਿ ਅਕਾਲੀਆਂ ਨਾਲ ਇਸ ਵਾਰੀ ਅਸੀਂ ਸਮਝੌਤਾ ਕਰਨਾ ਹੀ ਨਹੀਂ, ਕਿਉਂਕਿ ਜਿਸ ਬਰਗਾੜੀ ਤੇ ਬਹਿਬਲ ਕਲਾਂ ਦੇ ਕਾਂਡ ਪਿਛਲੀ ਵਾਰੀ ਅਕਾਲੀ-ਭਾਜਪਾ ਗੱਠਜੋੜ ਦਾ ਰਾਹ ਰੋਕ ਖੜੋਤੇ ਸਨ, ਉਨ੍ਹਾਂ ਦਾ ਗੁੱਸਾ ਅੱਜ ਵੀ ਪੰਜਾਬ ਦੇ ਲੋਕਾਂ ਵਿੱਚ ਕਾਇਮ ਹੈ। ਇਸ ਦੇ ਨਾਲ ਉਹ ਇਹ ਗੱਲ ਵੀ ਕੌੜ ਨਾਲ ਕਹਿੰਦੇ ਹਨ ਕਿ ਪੰਜਾਬ ਵਿੱਚ ਜਿੱਤ ਕੇ ਹਰ ਵਾਰ ਅਸੀਂ ਇਨ੍ਹਾਂ ਨੂੰ ਰਾਜ ਕਰਨ ਜੋਗੇ ਕਰਦੇ ਹਾਂ ਤੇ ਇਹ ਹਾਰ ਵਾਰੀ ਨਾਲ ਲੱਗਦੇ ਹਰਿਆਣੇ ਵਿੱਚ ਸਾਨੂੰ ਹਰਾਉਣ ਲਈ ਚੌਟਾਲਿਆਂ ਦੀ ਮੁਹਿੰਮ ਦੀ ਕਮਾਨ ਸੰਭਾਲਣ ਪਹੁੰਚ ਜਾਂਦੇ ਹਨ। ਤੀਸਰੀ ਕੌੜ ਉਨ੍ਹਾਂ ਨੂੰ ਇਹ ਹੈ ਕਿ ਜਦੋਂ ਵੀ ਭਾਜਪਾ ਕਿਸੇ ਗੱਲ ਤੋਂ ਜ਼ਰਾ ਅੱਖਾਂ ਦਿਖਾਵੇ ਤਾਂ ਇਹ ਸ੍ਰੀ ਅਕਾਲ ਤਖਤ ਦੇ ਜਥੇਦਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਏਦਾਂ ਦਾ ਬਿਆਨ ਦਿਵਾ ਛੱਡਦੇ ਹਨ, ਜਿਹੜਾ ਭਾਜਪਾ ਲੀਡਰਸ਼ਿਪ ਪ੍ਰਵਾਨ ਨਹੀਂ ਕਰ ਸਕਦੀ। ਉਨ੍ਹਾਂ ਦੀ ਸਮਝ ਇਹ ਹੈ ਕਿ ਅਕਾਲੀ ਲੀਡਰਸ਼ਿਪ ਨੂੰ ਨਾ ਸਿੱਖਾਂ ਦੇ ਭਲੇ ਦੀ ਚਿੰਤਾ ਹੈ, ਨਾ ਖਾਲਿਸਤਾਨ ਦੇ ਵਿਚਾਰ ਨਾਲ ਸਹਿਮਤੀ ਹੈ, ਪਰ ਭਾਜਪਾ ਨੂੰ ਅੱਖਾਂ ਦਿਖਾਉਣ ਲਈ ਇਹੋ ਜਿਹੇ ਮੁੱਦੇ ਆਪ ਸਿੱਧੇ ਚੁੱਕਣ ਦੀ ਥਾਂ ਪਾਸੇ ਤੋਂ ਉਭਾਰਨ ਦੇ ਹਾਲਾਤ ਬਣਾਉਂਦੇ ਹਨ ਅਤੇ ਫਿਰ ਇਸ ਦਾ ਰਾਜਸੀ ਮੁੱਲ ਵੱਟਣਾ ਚਾਹੁੰਦੇ ਹਨ। ਇਸ ਵਾਰੀ ਇਹ ਪੱਤਾ ਭਾਜਪਾ ਆਗੂ ਨਹੀਂ ਚੱਲਣ ਦੇਣਾ ਚਾਹੁੰਦੇ। ਜਿਹੜੀ ਗੱਲ ਦੀ ਆਮ ਸਿਆਸੀ ਮਾਹਰਾਂ ਵਿੱਚ ਚਰਚਾ ਹੈ, ਉਹ ਇਹ ਹੈ ਕਿ ਮਾਹੌਲ ਗਰਮ ਰੱਖ ਕੇ ਭਾਜਪਾ ਚੋਣਾਂ ਦੇ ਦਿਨਾਂ ਤੱਕ ਉਡੀਕ ਕਰੇਗੀ ਤੇ ਅਚਾਨਕ ਨੇੜੇ ਜਾ ਕੇ ਢੀਂਡਸਾ ਪਿਤਾ-ਪੁੱਤਰ ਨੂੰ ਸਿੱਧਾ ਆਪਣੇ ਨਾਲ ਜੋੜ ਕੇ ਜਾਂ ਉਨ੍ਹਾਂ ਵੱਲੋਂ ਕੋਈ ਨਵੀਂ ਅਕਾਲੀ ਧਿਰ ਖੜੀ ਕਰਵਾ ਕੇ ਉਸ ਨਾਲ ਗੱਠਜੋੜ ਕਰ ਕੇ ਮੈਦਾਨ ਵਿੱਚ ਆ ਸਕਦੀ ਹੈ। ਬਿਜ਼ਨਿਸ ਕੰਪਨੀ ਬਣ ਚੁੱਕੇ ਅਕਾਲੀ ਦਲ ਵਿੱਚ ਏਦਾਂ ਦੇ ਬੜੇ ਆਗੂ ਬੈਠੇ ਹਨ, ਜਿਹੜੇ ਇਸ ਪੈਂਤੜੇ ਲਈ ਭਾਜਪਾ ਵੱਲ ਮੋੜਾ ਕੱਟਣ ਨੂੰ ਤਿਆਰ ਹੋ ਸਕਦੇ ਹਨ।
ਫਿਰ ਵੀ ਸੌ ਸਵਾਲਾਂ ਦਾ ਸਵਾਲ ਇਹ ਹੈ ਕਿ ਜਿਹੜੇ ਭਾਰਤ ਵਿੱਚ ਅੱਧ ਫਰਵਰੀ ਵਿੱਚ ਕੋਰੋਨਾ ਦੇ ਤਿੰਨ ਕੇਸਾਂ ਤੋਂ ਬਿਮਾਰੀ ਸ਼ੁਰੂ ਹੋਈ ਅਤੇ ਜੂਨ ਅੱਧ ਤੱਕ ਤਿੰਨ ਲੱਖ ਨੂੰ ਟੱਪ ਚੁੱਕੀ ਹੈ, ਉਸ ਵਿੱਚ ਪੰਜਾਬ ਦੀਆਂ ਪੌਣੇ ਦੋ ਸਾਲਾਂ ਨੂੰ ਹੋਣ ਵਾਲੀਆਂ ਚੋਣਾਂ ਤੱਕ ਇਨ੍ਹਾਂ ਕੇਸਾਂ ਦੀ ਲੜੀ ਕੀ ਦੇਸ਼ ਨੂੰ ਚੋਣਾਂ ਲੜਨ ਜੋਗਾ ਛੱਡੇਗੀ? ਬਾਰਾਂ ਮਾਰਚ ਨੂੰ ਜਿਸ ਭਾਰਤ ਵਿਚ ਪਹਿਲੀ ਮੌਤ ਹੋਈ ਤੇ ਬਾਰਾਂ ਜੂਨ ਟੱਪਣ ਤੱਕ ਸਿਰਫ ਤਿੰਨ ਮਹੀਨਿਆਂ ਵਿੱਚ ਨੌਂ ਹਜ਼ਾਰ ਨੇੜੇ ਪਹੁੰਚ ਗਈ ਹੈ, ਉਸ ਵਿੱਚ ਜਦੋਂ ਹੋਰ ਚਾਰ ਮਹੀਨਿਆਂ ਨੂੰ ਬਿਹਾਰ ਵਿੱਚ ਚੋਣਾਂ ਹੋਣੀਆਂ ਹਨ, ਏਸੇ ਰਫਤਾਰ ਨਾਲ ਗਿਣਤੀ ਹੋਰ ਦਸ-ਪੰਦਰਾਂ ਹਜ਼ਾਰ ਟੱਪ ਕੇ ਲੱਖ ਦੇ ਚੌਥੇ ਹਿੱਸੇ ਨੇੜੇ ਪੁੱਜ ਸਕਦੀ ਹੈ। ਅੱਧਾ ਸਾਲ ਹੋਰ ਲੰਘਾ ਕੇ ਜਦੋਂ ਪੱਛਮੀ ਬੰਗਾਲ ਦੀ ਵਿਧਾਨ ਸਭਾ ਚੋਣ ਦਾ ਸਮਾਂ ਆਇਆ, ਓਦੋਂ ਤੱਕ ਕਿਸ ਹੱਦ ਤੱਕ ਜਾ ਪਹੁੰਚੇਗੀ, ਇਸ ਦਾ ਪਤਾ ਨਹੀਂ। ਉਨ੍ਹਾਂ ਹਾਲਾਤ ਵਿੱਚ ਕੀ ਭਾਰਤ ਦੇ ਲੋਕ ਏਨੇ ਸੰਵੇਦਨਾਹੀਣ ਹੋ ਜਾਣਗੇ ਕਿ ਉਹ ਡੋਨਾਲਡ ਟਰੰਪ ਵਾਂਗ ਕਿਸੇ ਰਾਜਸੀ ਆਗੂ ਦੀ ਰਾਜ ਦਾ ਸੁੱਖ ਮਾਣਦੇ ਰਹਿਣ ਜਾਂ ਕਿਸੇ ਹੋਰ ਨੂੰ ਪਰਖਣ ਲਈ ਵੈਣ ਪਾਉਣੇ ਭੁੱਲ ਕੇ ਵੋਟਾਂ ਪਾਉਣ ਤੁਰ ਪੈਣਗੇ? ਇਹ ਗੱਲ ਸੋਚਣਾ ਆਪਣੇ ਆਪ ਵਿੱਚ ਮੂਰਖਤਾ ਜਾਪਦਾ ਹੈ। ਡਰ ਸਗੋਂ ਇਸ ਗੱਲ ਦਾ ਹੈ ਕਿ ਓਦੋਂ ਤੱਕ ਭਾਰਤ ਇਸ ਲਈ ਬਦ-ਅਮਨੀ ਦੇ ਰਾਹ ਪੈ ਸਕਦਾ ਹੈ ਕਿ ਕੋਰੋਨਾ ਦੇ ਕਾਰਨ ਕਾਰਖਾਨੇ ਤੇ ਹੋਰ ਕਾਰੋਬਾਰ ਠੱਪ ਹੋਣ ਨਾਲ ਜਿਨ੍ਹਾਂ ਲੋਕਾਂ ਕੋਲ ਖਾਣ ਲਈ ਕੁਝ ਨਹੀਂ, ਉਹ ਆਪਣੇ ਢਿੱਡ ਦੀ ਭੁੱਖੋਂ ਤੰਗ ਆ ਕੇ ਕਿਸੇ ਵੀ ਹੱਦ ਤੱਕ ਬੇਕਾਬੂ ਹੋ ਸਕਦੇ ਹਨ। ਕੇਂਦਰ ਜਾਂ ਰਾਜਾਂ ਦੇ ਰਾਜ ਕਰਤਿਆਂ ਵਿੱਚੋਂ ਕਿਸੇ ਦੇ ਵੀ ਇਹ ਗੱਲ ਸੁਫਨੇ ਵਿੱਚ ਨਹੀਂ ਆ ਰਹੀ ਕਿ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਤਾਂ ਭਾਰਤ ਵਿੱਚ ਚੋਣਾਂ ਦੀ ਥਾਂ ਰੋਣਾ ਭਾਰੂ ਹੋ ਸਕਦਾ ਹੈ ਤੇ ਜੇ ਏਦਾਂ ਹੋਇਆ ਤਾਂ ਸਿਰਫ ਲੋਕ ਨਹੀਂ, ਲੀਡਰ ਵੀ ਇਸ ਨੂੰ ਨਾਲ ਹੀ ਭੁਗਤਣਗੇ।
ਕੋਰੋਨਾ ਦੇ ਸ਼ਿਕੰਜੇ ਵਿੱਚੋਂ ਨਿਕਲਣ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੀ ਮੋਰਚੇਬੰਦੀ ਸ਼ੁਰੂ - ਜਤਿੰਦਰ ਪਨੂੰ
ਕੋਰੋਨਾ ਵਾਇਰਸ ਦੀ ਬਿਮਾਰੀ ਰੋਕਣ ਲਈ ਲਾਏ ਲਾਕਡਾਊਨ ਤੇ ਕਰਫਿਊ ਦੀਆਂ ਪਾਬੰਦੀਆਂ ਤੋਂ ਭਾਰਤ ਥੋੜ੍ਹਾ-ਥੋੜ੍ਹਾ ਨਿਕਲਣਾ ਸ਼ੁਰੂ ਹੋ ਚੁੱਕਾ ਹੈ। ਕੁਝ ਕੰਮ ਕਰਨ ਦੀ ਖੁੱਲ੍ਹ ਮਿਲ ਗਈ ਅਤੇ ਇਨਾਂ ਦੇ ਅਸਰ ਦੀ ਉਡੀਕ ਇਸ ਲਈ ਹੋ ਰਹੀ ਹੈ ਕਿ ਕੁਝ ਹੋਰ ਕੰਮ ਇਸ ਤੋਂ ਬਾਅਦ ਚਾਲੂ ਕੀਤੇ ਜਾ ਸਕਣ। ਸਥਿਤੀ ਦਾ ਦੂਜਾ ਪੱਖ ਵੇਖਿਆਂ ਇਹ ਜਾਪਦਾ ਹੈ ਕਿ ਇਹ ਸਾਰੀ ਢਿੱਲ ਵੇਲੇ ਤੋਂ ਪਹਿਲਾਂ ਦਿੱਤੀ ਜਾ ਰਹੀ ਹੈ। ਮਾਰਚ ਵਿੱਚ ਇਹ ਪਾਬੰਦੀਆਂ ਲਾਏ ਜਾਣ ਦੇ ਵਕਤ ਤੱਕ ਭਾਰਤ ਵਿੱਚ ਇਸ ਬਿਮਾਰੀ ਦਾ ਬਹੁਤਾ ਅਸਰ ਨਹੀਂ ਸੀ ਦਿਖਾਈ ਦੇਂਦਾ। ਅੱਜ ਕੋਰੋਨਾ ਦੇ ਕੇਸਾਂ ਦੀ ਵਧੀ ਗਿਣਤੀ ਵਾਲੇ ਪੱਖ ਤੋਂ ਸੰਸਾਰ ਵਿੱਚ ਭਾਰਤ ਛੇਵੇਂ ਥਾਂ ਲਿਖਿਆ ਪਿਆ ਹੈ ਤੇ ਅਗਲੇ ਹਫਤੇ ਤੱਕ ਚੌਥੇ ਥਾਂ ਆਉਣ ਦੇ ਆਸਾਰ ਜਾਪਦੇ ਹਨ। ਮੌਤਾਂ ਦੇ ਪੱਖ ਤੋਂ ਭਾਰਤ ਇਸ ਵੇਲੇ ਗਿਆਰਵੇਂ ਥਾਂ ਹੈ, ਪਰ ਜੇ ਮਹਾਰਾਸ਼ਟਰ ਤੇ ਗੁਜਰਾਤ ਵਿੱਚ ਮੌਤਾਂ ਦਾ ਸਿਲਸਿਲਾ ਏਦਾਂ ਹੀ ਜਾਰੀ ਰਿਹਾ ਤਾਂ ਭਾਰਤ ਇਸ ਪੱਖੋਂ ਵੀ ਦੂਜਿਆਂ ਨੂੰ ਪਿੱਛੇ ਛੱਡ ਸਕਦਾ ਹੈ। ਭਾਰਤੀ ਪ੍ਰੰਪਰਾ ਵਿੱਚ ਕੁਦਰਤੀ ਕਹਿਰ ਨਾਲ ਇੱਕ ਵੀ ਮੌਤ ਹੋਣ ਦਾ ਡਾਢਾ ਅਫਸੋਸ ਕੀਤਾ ਜਾਂਦਾ ਹੈ, ਹਰ ਕਿਸੇ ਦੀ ਸੁੱਖ ਮੰਗਣ ਵਾਲੀ ਏਸੇ ਰਿਵਾਇਤ ਦੇ ਮੁਤਾਬਕ ਅਸੀਂ ਸੁੱਖ ਮੰਗਾਂਗੇ ਕਿ ਮੌਤਾਂ ਦੀ ਗਿਣਤੀ ਹੋਰ ਨਾ ਵਧੇ, ਪਰ ਆਸਾਰ ਹਾਲੇ ਰੁਕਣ ਵਾਲੇ ਨਹੀਂ ਦਿੱਸਦੇ।
ਐਨ ਓਦੋਂ, ਜਦੋਂ ਦੇਸ਼ ਹਾਲੇ ਇਸ ਮਹਾਮਾਰੀ ਦੇ ਸ਼ਿਕੰਜੇ ਵਿੱਚੋਂ ਨਹੀਂ ਨਿਕਲਿਆ, ਭਾਰਤ ਦੀ ਰਾਜਨੀਤੀ ਆਪਣੇ ਚੋਣਾਂ ਲੜਨ ਦੇ ਕੁਚੱਜੇ ਸ਼ੌਕ ਵੱਲ ਤੇਜ਼ੀ ਨਾਲ ਮੋੜਾ ਕੱਟਣ ਲੱਗ ਪਈ ਹੈ। ਬਿਹਾਰ ਦੀਆਂ ਚੋਣਾਂ ਹੋਰ ਚਾਰ ਮਹੀਨਿਆਂ ਤੱਕ ਹੋਣੀਆਂ ਬਣਦੀਆਂ ਹਨ ਅਤੇ ਲੱਗਦਾ ਨਹੀਂ ਕਿ ਅੱਗੇ ਪਾਈਆਂ ਜਾਣਗੀਆਂ, ਕਿਉਂਕਿ ਲੀਡਰਾਂ ਨੂੰ ਕੋਰੋਨਾ ਨਾਲੋਂ ਚੋਣਾਂ ਵੱਧ ਖਿੱਚ ਪਾਉਂਦੀਆਂ ਹਨ ਅਤੇ ਛੇ ਮਹੀਨਿਆਂ ਨੂੰ ਅਗਲਾ ਸਾਲ ਚੜ੍ਹਦੇ ਸਾਰ ਪੱਛਮੀ ਬੰਗਾਲ, ਕੇਰਲਾ, ਤਾਮਿਲ ਨਾਡੂ, ਅਸਾਮ ਤੇ ਪਾਂਡੀਚੇਰੀ ਦੀਆਂ ਚੋਣਾਂ ਪਹਿਲੇ ਪੰਜ ਮਹੀਨਿਆਂ ਵਿੱਚ ਹੋਣੀਆਂ ਬਣਦੀਆਂ ਹਨ। ਭਲਵਾਨ ਢੋਲ ਉੱਤੇ ਸੱਟ ਪਈ ਸੁਣਨ ਦੇ ਬਾਅਦ ਅਖਾੜੇ ਵਿੱਚ ਕੁੱਦਦੇ ਹਨ। ਸਿਆਸੀ ਆਗੂ ਅਗੇਤੇ ਹੀ ਮੈਦਾਨ ਵਿੱਚ ਨਿਕਲ ਤੁਰਦੇ ਹਨ।
ਸਾਡੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਹਾਲੇ ਇੱਕੀ ਮਹੀਨੇ ਰਹਿੰਦੇ ਹਨ, ਪਰ ਏਥੇ ਵੀ ਚੋਣਾਂ ਵਾਲੀ ਚਰਚਾ ਇਸ ਹਫਤੇ ਚੱਲ ਪਈ ਹੈ। ਇਸ ਵਾਰੀ ਚਰਚਾ ਇਸ ਖਬਰ ਤੋਂ ਚੱਲੀ ਹੈ ਕਿ ਕਾਂਗਰਸ ਦੇ ਰੁੱਸੇ ਹੋਏ ਵਿਧਾਇਕ ਨਵਜੋਤ ਸਿੰਘ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੀ ਸੰਭਾਵਨਾ ਹੈ। ਖਬਰ ਕਹਿੰਦੀ ਹੈ ਕਿ ਕੋਈ 'ਪੀ ਕੇ' ਨਾਂਅ ਦਾ ਬੰਦਾ ਉਸ ਦਾ ਦੂਤ ਬਣ ਕੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਮਿਲਿਆ ਤੇ ਇਸ ਬਾਰੇ ਗੱਲ ਚਲਾਈ ਹੈ। ਕੇਜਰੀਵਾਲ ਨੇ ਇਸ ਮਿਲਣੀ ਦੀ ਪੁਸ਼ਟੀ ਕੀਤੇ ਬਗੈਰ ਇਹ ਆਖ ਛੱਡਿਆ ਹੈ ਕਿ ਨਵਜੋਤ ਸਿੰਘ ਸਿੱਧੂ ਸਾਡੇ ਨਾਲ ਆਵੇ ਤਾਂ ਅਸੀਂ ਸਵਾਗਤ ਕਰਾਂਗੇ, ਪਰ ਪੰਜਾਬ ਦੀ ਪਾਰਟੀ ਦੇ ਆਗੂਆਂ ਦਾ ਇਹ ਕਹਿਣਾ ਹੈ ਕਿ ਕੋਈ ਬੰਦਾ ਮਿਲਣ ਜ਼ਰੂਰ ਗਿਆ ਸੀ, ਕੇਜਰੀਵਾਲ ਨੇ ਹੁੰਗਾਰਾ ਭਰਨ ਦੀ ਥਾਂ ਪੰਜਾਬ ਦੀ ਲੀਡਰਸ਼ਿਪ ਨੂੰ ਮਿਲਣ ਲਈ ਕਹਿ ਕੇ ਤੋਰ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਆਪ ਅਜੇ ਇਸ ਬਾਰੇ ਬੋਲਿਆ ਨਹੀਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਿੱਧੂ ਸਾਡਾ ਹੈ, ਸਾਡੇ ਨਾਲ ਹੀ ਰਹੇਗਾ। ਫਿਰ ਵੀ ਇਹ ਚਰਚਾ ਰੁਕਦੀ ਨਹੀਂ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਵਿੱਚ ਜਾਵੇਗਾ ਕਿ ਕਾਂਗਰਸ ਵਿੱਚ ਰਹੇਗਾ। ਇੱਕ ਖਬਰ ਵਿੱਚ ਇਹ ਵੀ ਕਿਸੇ ਪਾਸੇ ਤੋਂ ਚੱਲੀ ਹੈ ਕਿ ਸਿੱਧੂ ਨੇ ਕਾਂਗਰਸ ਦੇ ਨਾਲ ਰਹਿਣਾ ਨਹੀਂ, ਆਮ ਆਦਮੀ ਪਾਰਟੀ ਵੱਲ ਵੀ ਜਾਣਾ ਨਹੀਂ, ਸਗੋਂ ਉਹ ਭਾਜਪਾ ਨਾਲ ਪੁਰਾਣੀ ਸਾਂਝ ਦੀਆਂ ਕੜੀਆਂ ਜੋੜਨ ਲੱਗਾ ਹੇ ਤੇ ਓਧਰ ਜਾ ਸਕਦਾ ਹੈ। ਸ਼ਾਇਦ ਇਹ ਵੱਡੀ ਗੱਪ ਮਾਰੀ ਗਈ ਹੈ।
ਜਿਵੇਂ ਅਸੀਂ ਦੱਸਿਆ ਹੈ ਕਿ ਚਰਚਾ ਵਿੱਚ ਕਿਸੇ 'ਪੀ ਕੇ' ਦਾ ਨਾਂਅ ਵੱਜ ਰਿਹਾ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਗਿਆ ਸੀ, ਇਸ ਕਾਰਨ ਫਿਰ 'ਪੀ ਕੇ' ਬਾਰੇ ਵੀ ਕੁਝ ਚਰਚਾ ਚੱਲ ਪਈ ਹੈ। ਉਸ ਦੇ ਪਿਛੋਕੜ ਵਿੱਚ ਕਿਸੇ ਦੀ ਦਿਲਚਸਪੀ ਨਹੀਂ, ਪਰ ਇਹ ਗੱਲ ਸਭ ਨੂੰ ਪਤਾ ਹੈ ਕਿ ਨਰਿੰਦਰ ਮੋਦੀ ਨੇ ਜਦੋਂ ਦਿੱਲੀ ਵਾਲੀ ਵੱਡੀ ਕੁਰਸੀ ਵੱਲ ਦੌੜ ਲਾਉਣੀ ਸੀ, ਉਸ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਪ੍ਰਚਾਰ ਮੁਹਿੰਮ ਇੱਕ ਪ੍ਰਸ਼ਾਂਤ ਕਿਸ਼ੋਰ ਨੂੰ ਸੌਂਪੀ ਗਈ ਸੀ, ਜਿਸ ਨੂੰ ਨਾਂਅ ਦੇ ਮੁੱਢਲੇ ਅੱਖਰਾਂ ਮੁਤਾਬਕ 'ਪੀ ਕੇ' ਕਿਹਾ ਜਾਂਦਾ ਹੈ। ਅਗਲੇ ਮੌਕਿਆਂ ਉੱਤੇ ਉਹ ਬਿਹਾਰ ਦੇ ਨਿਤੀਸ਼ ਕੁਮਾਰ ਲਈ ਵੀ ਕਿਰਾਏ ਦਾ ਕਾਰਿੰਦਾ ਬਣਿਆ ਸੀ, ਪੰਜਾਬ ਵਿੱਚ ਕਾਂਗਰਸ ਲਈ ਵੀ ਉਸ ਨੇ ਤਿੰਨ ਸਾਲ ਪਹਿਲਾਂ ਕੰਮ ਕੀਤਾ ਸੀ ਤੇ ਹਾਲੇ ਚਾਰ ਮਹੀਨੇ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਚੋਣ ਮੁਹਿੰਮ ਦੀ ਕਮਾਨ ਵੀ ਸੰਭਾਲ ਚੁੱਕਾ ਹੈ। ਜਿੱਤਣ ਵਾਲੀ ਧਿਰ ਦਾ ਅਗੇਤਾ ਅੰਦਾਜ਼ਾ ਲਾ ਕੇ ਉਸ ਨਾਲ ਜੁੜਨ ਦਾ ਮਾਹਰ 'ਪੀ ਕੇ' ਕਦੋਂ ਕਿਸੇ ਨਾਲ ਜੁੜ ਸਕਦਾ ਤੇ ਕਿਸ ਨੂੰ ਛੱਡ ਸਕਦਾ ਹੈ, ਕਿਸੇ ਨੂੰ ਪਤਾ ਨਹੀਂ। ਅਰਵਿੰਦ ਕੇਜਰੀਵਾਲ ਦੇ ਨਾਲ ਉਸ ਦੇ ਸਿੱਧੇ ਸੰਬੰਧ ਹੋਣ ਕਰ ਕੇ ਇਹ ਗੱਲ ਲੋਕਾਂ ਵਿੱਚ ਚਲੀ ਗਈ ਕਿ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਰਨ ਲਈ ਉਹੀ ਕੇਜਰੀਵਾਲ ਨੂੰ ਮਿਲਣ ਗਿਆ ਹੋਵੇਗਾ, ਪਰ ਇਸ ਚੱਕਰ ਵਿੱਚ ਇਸ ਵਾਰੀ ਇੱਕ ਹੋਰ 'ਪੀ ਕੇ' ਦਾ ਨਾਂਅ ਵੱਜਦਾ ਸੁਣਨ ਨੂੰ ਮਿਲਿਆ ਹੈ। ਇਹ ਦੂਸਰਾ 'ਪੀ ਕੇ' ਕੋਈ ਗੈਰ-ਸਿਆਸੀ ਬੰਦਾ ਦੱਸਿਆ ਜਾਂਦਾ ਹੈ। ਰਾਜੀਵ ਗਾਂਧੀ ਦੇ ਵਕਤ ਤੋਂ ਕਈ ਵਾਰੀ ਪੱਤਰਕਾਰ ਅਤੇ ਗੈਰ-ਸਿਆਸੀ ਲੋਕ ਜਾਂ ਸਾਧ-ਸੰਤ ਇਹੋ ਜਿਹੇ ਵਕਤ ਰਾਜਨੀਤੀ ਵਿੱਚ ਦਖਲ ਦੇਂਦੇ ਤੇ ਏਦਾਂ ਸਿਆਸੀ ਸਮਝੌਤਾ ਕਰਵਾ ਕੇ ਆਪਣਾ ਹਲਵਾ-ਮੰਡਾ ਕਰਦੇ ਰਹੇ ਹਨ। ਇਸ ਵਾਰੀ ਇਹ ਨਵਾਂ 'ਪੀ ਕੇ' ਪੰਜਾਬ ਦੀ ਸਿਆਸਤ ਵਿੱਚ ਲੱਤ ਅੜਾਉਂਦਾ ਸੁਣਿਆ ਜਾ ਰਿਹਾ ਹੈ। ਉਹ ਹੈ ਕੌਣ ਅਤੇ ਕਿਸ ਦੇ ਕਹਿਣ ਉੱਤੇ ਏਦਾਂ ਦਾ ਬੀੜਾ ਚੁੱਕ ਤੁਰਿਆ ਹੈ, ਇਹ ਤਾਂ ਪਤਾ ਨਹੀਂ, ਪਰ ਉਸ ਦੀ ਸਰਗਰਮੀ ਨੇ ਪੰਜਾਬ ਦੀਆਂ ਚੋਣਾਂ ਲਈ ਚੱਕਾ ਵਾਹਵਾ ਅਗੇਤਾ ਗੇੜ ਦਿੱਤਾ ਹੈ।
ਜਦੋਂ ਹਾਲੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕੀ ਮਹੀਨੇ ਬਾਕੀ ਹਨ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਵਿੱਚ ਐਲਾਨ ਕਰ ਦਿੱਤਾ ਹੈ ਕਿ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਤਿਆਰ ਹਨ ਤੇ ਅਗਵਾਈ ਕਰਨਗੇ। ਇਹੀ ਨਹੀਂ, ਅਗਲੀ ਗੱਲ ਇਹ ਕਿ ਕੇਂਦਰ ਦੀ ਕਾਂਗਰਸ ਲੀਡਰਸ਼ਿਪ ਬਿਨਾਂ ਸ਼ੱਕ ਪ੍ਰਸ਼ਾਂਤ ਕਿਸ਼ੋਰ, ਪੀ ਕੇ, ਨਾਲ ਖੁਸ਼ ਨਹੀਂ ਦੱਸੀ ਜਾਂਦੀ, ਕੈਪਟਨ ਅਮਰਿੰਦਰ ਸਿੰਘ ਨੇ ਅਗਲੀਆਂ ਚੋਣਾਂ ਵਾਸਤੇ ਫਿਰ ਉਸ ਦੀ ਸੇਵਾਵਾਂ ਲੈਣ ਦਾ ਵੀ ਇਸ਼ਾਰਾ ਕਰ ਦਿੱਤਾ ਹੈ। ਇਸ ਤੋਂ ਕਈ ਲੋਕ ਇਹ ਸੋਚ ਰਹੇ ਹਨ ਕਿ 'ਪੀ ਕੇ' ਦੋਵੀਂ ਹੱਥੂ ਲੱਡੂ ਫੜੀ ਬੈਠਾ ਹੈ, ਚੋਣਾਂ ਨੇੜੇ ਜਾ ਕੇ ਵੇਖੇਗਾ, ਜੇ ਕਾਂਗਰਸ ਦੇ ਤਿਲਾਂ ਵਿੱਚ ਤੇਲ ਦਿੱਸ ਪਿਆ ਤਾਂ ਇਸ ਨਾਲ ਜੁੜਨ ਦਾ ਰਾਹ ਖੁੱਲ੍ਹਾ ਹੈ ਤੇ ਜੇ ਏਧਰ ਗੱਲ ਨਾ ਬਣੀ ਤਾਂ ਆਮ ਆਦਮੀ ਪਾਰਟੀ ਨਾਲ ਕੁੰਡੀ ਪਾਈ ਹੋਈ ਹੈ। ਅੰਦਰੋਂ ਉਸ ਦੇ ਭਾਜਪਾ ਨਾਲ ਪੁਰਾਣੀ ਤਾਰ ਦੋਬਾਰਾ ਜੋੜਨ ਦੇ ਵੀ ਚਰਚੇ ਹਨ, ਪਰ ਉਹ ਖੁਦ ਕੁਝ ਨਹੀਂ ਬੋਲਦਾ, ਇਸ ਲਈ ਹਰ ਕਿਸੇ ਨੂੰ ਅੰਦਾਜ਼ੇ ਲਾਉਣ ਦੀ ਖੁੱਲ੍ਹ ਹੈ। ਕਾਂਗਰਸ ਦੇ ਅੰਦਰਲਾ ਇੱਕ ਬਾਗੀ ਗਰੁੱਪ ਇਸ ਵਕਤ ਹਾਈ ਕਮਾਨ ਦੇ ਆਸ਼ੀਰਵਾਦ ਨਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਅਗਲੀਆਂ ਚੋਣਾਂ ਤੋਂ ਪਹਿਲਾਂ ਕੋਈ ਝਟਕਾ ਦੇਣ ਲਈ ਵੀ ਸਰਗਰਮ ਹੋਇਆ ਪਿਆ ਹੈ।
ਦੂਸਰੇ ਪਾਸੇ ਅਕਾਲੀ ਦਲ ਇਸ ਲਈ ਕੁਝ ਮੁਸ਼ਕਲ ਵਿੱਚ ਹੈ ਕਿ ਕੇਂਦਰ ਸਰਕਾਰ ਦੀ ਇੱਕ ਵਜ਼ੀਰੀ ਦੇ ਲਿਹਾਜ਼ ਕਾਰਨ ਉਹ ਬੋਲਣ ਜੋਗੇ ਨਹੀਂ ਤੇ ਕੇਂਦਰ ਸਰਕਾਰ ਪੰਜਾਬ ਤੇ ਅਕਾਲੀਆਂ ਦਾ ਆਧਾਰ ਗਿਣੇ ਜਾਂਦੇ ਕਿਸਾਨ ਭਾਈਚਾਰੇ ਦੇ ਖਿਲਾਫ ਇੱਕ ਪਿੱਛੋਂ ਦੂਸਰਾ ਕਦਮ ਚੁੱਕੀ ਜਾਂਦੀ ਹੈ। ਪਿਛਲੇ ਦਿਨੀਂ ਜਿਹੜਾ ਫੈਸਲਾ ਹਰ ਰਾਜ ਦੀ ਮੰਡੀ ਵਿੱਚ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਦੀ ਖੁੱਲ੍ਹ ਦੇਣ ਵਾਲਾ ਕਿਹਾ ਗਿਆ ਸੀ, ਉਸ ਨਾਲ ਪੰਜਾਬ ਦੇ ਕਿਸਾਨਾਂ ਵਿੱਚ ਚੋਖੀ ਨਾਰਾਜ਼ਗੀ ਹੈ, ਕਿਉਂਕਿ ਕਿਸਾਨ ਕਿਸੇ ਹੋਰ ਰਾਜ ਵਿੱਚ ਜਾ ਕੇ ਫਸਲ ਵੇਚਣ ਜੋਗੇ ਕਦੇ ਹੁੰਦੇ ਨਹੀਂ ਤੇ ਮੰਡੀਆਂ ਵਾਲਾ ਅਜੋਕਾ ਪ੍ਰਬੰਧ ਵੀ ਉਨ੍ਹਾਂ ਦੀ ਪਹੁੰਚ ਤੋਂ ਨਿਕਲ ਸਕਦਾ ਹੈ। ਸਭ ਕਿਸਾਨ ਜਥੇਬੰਦੀਆਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਇਸ ਵਿਰੋਧ ਨੂੰ ਵੇਖ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਖੁਦ ਮੀਡੀਆ ਸਾਹਮਣੇ ਜਾ ਕੇ ਇਹ ਗੱਲ ਕਹਿਣੀ ਪਈ ਹੈ ਕਿ ਉਹ ਕਿਸਾਨ-ਹਿੱਤਾਂ ਲਈ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹਨ। ਉਹ ਪਹਿਲਾਂ ਚਾਰ ਦਿਨ ਤੱਕ ਬੋਲੇ ਨਹੀਂ ਸਨ ਤੇ ਹਰ ਪਾਸੇ ਅਕਾਲੀ ਦਲ ਦੀ ਨੁਕਤਾਚੀਨੀ ਹੁੰਦੀ ਵੇਖਣ ਦੇ ਬਾਅਦ ਕੁਰਬਾਨੀਆਂ ਦੀ ਕਹਾਣੀ ਇਸ ਲਈ ਪਾਉਣੀ ਪਈ ਹੈ ਕਿ ਆਮ ਲੋਕਾਂ ਵਿੱਚ ਜਾਣਾ ਔਖਾ ਮਹਿਸੂਸ ਜਾਪਦਾ ਸੀ। ਫਿਰ ਵੀ ਉਹ ਅਜੋਕੇ ਹਾਲਾਤ ਨੂੰ ਚੰਗੀ ਤਰ੍ਹਾਂ ਵੇਖਦੇ ਹੋਏ ਭਾਜਪਾ ਦੇ ਆਸਰੇ ਬਿਨਾਂ ਖੁਦ ਕਿਸੇ ਚੋਣ ਵਿੱਚ ਕੁੱਦਣ ਜੋਗੇ ਨਾ ਹੋਣ ਕਰ ਕੇ ਏਥੇ ਬਿਆਨ ਜਿਹੋ ਜਿਹੇ ਵੀ ਦੇ ਲੈਣ, ਕੇਂਦਰ ਵਿੱਚ ਨਰਿੰਦਰ ਮੋਦੀ ਸਰਕਾਰ ਦੇ ਕਿਸੇ ਫੈਸਲੇ ਦਾ ਸਿੱਧਾ ਵਿਰੋਧ ਕਰਨ ਦੀ ਹਿੰਮਤ ਨਹੀਂ ਕਰ ਸਕਦੇ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੋਕ ਜਦੋਂ ਸਵੇਰੇ ਉੱਠ ਕੇ ਰੋਜ਼ ਇਹ ਖਬਰਾਂ ਧਿਆਨ ਨਾਲ ਪੜ੍ਹਦੇ ਹਨ ਕਿ ਦੇਸ਼ ਵਿੱਚ ਕੇਸ ਕਿੰਨੇ ਕੁ ਹੋਰ ਵਧ ਗਏ ਹਨ ਤੇ ਮੌਤਾਂ ਕਿੱਥੇ ਕਿੰਨੀਆਂ ਹੋਰ ਹੋਈਆਂ ਹਨ, ਸਿਆਸੀ ਆਗੂ ਇੱਕੀ ਮਹੀਨੇ ਦੂਰ ਦੀਆਂ ਚੋਣਾਂ ਬਾਰੇ ਕਮਰਕੱਸੇ ਕਰੀ ਫਿਰਦੇ ਹਨ। ਸਿਆਸਤ ਦੇ ਅਸਲੀ ਜੀਨ ਦਾ ਪਤਾ ਏਥੋਂ ਹੀ ਲੱਗਦਾ ਹੈ। ਇਹ ਵਕਤ ਅਜੇ ਭਾਰਤ ਤੇ ਪੰਜਾਬ ਨੂੰ ਕੋਰੋਨਾ ਤੋਂ ਬਚਾਉਣ ਦਾ ਹੈ। ਲੀਡਰਾਂ ਨੂੰ ਇਸ ਵੇਲੇ ਵੀ ਚੋਣਾਂ ਦੀ ਕਾਹਲੀ ਪਈ ਹੈ।
ਮਨੁੱਖੀ ਹੋਂਦ ਬਚਾਉਣ ਲਈ ਕੁਦਰਤ ਨਾਲ ਛੇੜਛਾੜ ਦੇ ਰੁਝਾਨ ਨੂੰ ਛੱਡਣਾ ਪਵੇਗਾ - ਜਤਿੰਦਰ ਪਨੂੰ
ਕੋਰੋਨਾ ਦੀ ਜਿਸ ਮਹਾਮਾਰੀ ਦੀ ਲਪੇਟ ਵਿੱਚ ਇਸ ਵਕਤ ਮਨੁੱਖਤਾ ਆਈ ਪਈ ਹੈ, ਉਸ ਦਾ ਪਹਿਲਾਂ ਹੱਲਾ ਚੀਨ ਦੇ ਸਿਰ ਪਿਆ ਸੀ ਤੇ ਓਦੋਂ ਤੱਕ ਦੂਸਰੇ ਦੇਸ਼ਾਂ ਨੂੰ ਇਹ ਬੇਗਾਨੇ ਘਰ ਦੀ ਬਸੰਤਰ ਜਾਪਦੀ ਸੀ। ਜਦੋਂ ਖਤਰਾ ਗੰਭੀਰ ਵੇਖ ਕੇ ਦੁਨੀਆ ਸੋਚਣ ਵੱਲ ਮੁੜੀ, ਓਦੋਂ ਤੱਕ ਫਰਵਰੀ ਦੇ ਤਿੰਨ ਹਫਤੇ ਗੁਜ਼ਰ ਚੁੱਕੇ ਸਨ ਤੇ ਚੀਨ ਵਿੱਚੋਂ ਸਤਾਰਾਂ ਮੌਤਾਂ ਹੋਣ ਦੀ ਖਬਰ ਆ ਚੁੱਕੀ ਸੀ। ਓਦੋਂ ਤੱਕ ਅੱਠ ਮੌਤਾਂ ਹੋਰ ਦੇਸ਼ਾਂ ਵਿੱਚ ਵੀ ਹੋ ਚੁੱਕੀਆਂ ਸਨ। ਇਸ ਤੋਂ ਇੱਕ ਮਹੀਨਾ ਲੰਘਣ ਦੇ ਬਾਅਦ ਜਦੋਂ ਬਾਈ ਮਾਰਚ ਨੂੰ ਭਾਰਤ ਵਿੱਚ ਲਾਕਡਾਊਨ ਦਾ ਐਲਾਨ ਹੋਇਆ, ਓਦੋਂ ਤੱਕ ਸੰਸਾਰ ਵਿੱਚ ਮੌਤਾਂ ਦੀ ਗਿਣਤੀ ਪੌਣੇ ਪੰਦਰਾਂ ਹਜ਼ਾਰ ਤੋਂ ਟੱਪ ਚੁੱਕੀ ਸੀ ਤੇ ਦਸ ਮੌਤਾਂ ਇਸ ਦੇਸ਼ ਵਿੱਚ ਹੋ ਚੁੱਕੀਆਂ ਸਨ। ਸਰਕਾਰ ਨੇ ਯਤਨ ਕੀਤੇ, ਭਾਰਤ ਵਿੱਚ ਬਚਾਅ ਰਿਹਾ, ਪਰ ਬਚਾਅ ਦੀ ਗੱਲ ਜਿੰਨੀ ਪ੍ਰਚਾਰੀ ਜਾਂਦੀ ਹੈ, ਓਨੀ ਵੱਡੀ ਸਫਲਤਾ ਨਹੀਂ ਸੀ। ਬਹੁਤ ਸਾਰੇ ਹੋਰਨਾਂ ਦੇਸ਼ਾਂ ਤੋਂ ਏਥੇ ਕੁਝ ਹਾਲਤ ਕੰਟਰੋਲ ਵਿੱਚ ਜ਼ਰੂਰ ਰਹੀ ਸੀ। ਸੰਸਾਰ ਵਿੱਚ ਉਸ ਤੋਂ ਬਾਅਦ ਕੋਰੋਨਾ ਵਾਇਰਸ ਦੇ ਕੇਸਾਂ ਤੇ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਗਈ। ਅੱਜ ਤੱਕ ਤੀਹ ਲੱਖ ਤੋਂ ਵੱਧ ਕੇਸ ਹੋ ਚੁੱਕੇ ਹਨ ਅਤੇ ਮੌਤਾਂ ਦੀ ਗਿਣਤੀ ਪੌਣੇ ਚਾਰ ਲੱਖ ਨੇੜੇ ਪੁੱਜੀ ਪਈ ਹੈ। ਇਕੱਲੇ ਅਮਰੀਕਾ ਵਿੱਚ ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਅਸੀਂ ਇਸ ਔਖੇ ਵੇਲੇ ਬੀਤੇ ਸਾਲਾਂ ਵੱਲ ਜਦੋਂ ਕੁਝ ਝਾਤੀ ਮਾਰੀਏ ਤਾਂ ਜਟਕਾ ਬੋਲੀ ਵਿੱਚ ਆਖਿਆ ਜਾ ਸਕਦਾ ਹੈ ਕਿ ਬੰਦੇ ਨੇ 'ਰੱਬ ਭੁਲਾਇਆ ਪਿਆ ਸੀ।' ਰੱਬ ਸਿਰਫ ਉਹੀ ਨਹੀਂ, ਜਿਹੜਾ ਧਾਰਮਿਕ ਅਸਥਾਨਾਂ ਵਿੱਚ ਪੜ੍ਹਾਇਆ ਅਤੇ ਪ੍ਰਚਾਰਿਆ ਜਾਂਦਾ ਹੈ, ਅਸਲੀ ਰੱਬ ਉਹ ਕੁਦਰਤ ਹੈ, ਜਿਹੜੀ ਸਾਨੂੰ ਹਰ ਇੱਕ ਚੀਜ਼ ਦੇ ਰੂਪ ਵਿੱਚ ਦਿੱਸਦੀ ਹੈ ਤੇ ਆਪਣੇ ਅੰਦਰ ਘਾਹ-ਬੂਟ ਤੇ ਛੋਟੇ-ਮੋਟੇ ਕੀੜਿਆਂ ਤੋਂ ਲੈ ਕੇ ਕਣ-ਕਣ ਦੇ ਅੰਦਰ ਐਟਮੀ ਸ਼ਕਤੀ ਲੁਕਾਈ ਬੈਠੀ ਹੈ, ਜਿਸ ਨਾਲ ਬਿਜਲੀ ਵਾਲੇ ਪਲਾਂਟ ਵੀ ਚਲਾਏ ਜਾ ਸਕਦੇ ਹਨ ਤੇ ਸਭ ਕੁਝ ਤਬਾਹ ਵੀ ਕੀਤਾ ਜਾ ਸਕਦਾ ਹੈ। ਜੀਵ-ਜੰਤੂਆਂ ਤੇ ਮਨੁੱਖਾਂ ਤੋਂ ਲੈ ਕੇ ਜ਼ਮੀਨ ਦੇ ਉੱਤੇ-ਥੱਲੇ ਅਤੇ ਪਾਣੀ ਹੇਠਾਂ ਪੈਦਾ ਹੋਣ ਵਾਲੀ ਬਨਾਸਪਤੀ ਤੱਕ ਦਾ ਸਾਰਾ ਪਸਾਰਾ ਕੁਦਰਤ ਦਾ ਹੋਣ ਕਾਰਨ ਸਾਡੀ ਸਾਰਿਆਂ ਦੀ ਅਸਲੀ ਮਾਂ ਕੁਦਰਤ ਸੀ, ਪਰ ਬੰਦੇ ਨੇ ਇਸ ਨੂੰ ਰੋਲਣ ਦੀ ਕਸਰ ਨਹੀਂ ਛੱਡੀ। ਪੁਰਾਤਨ ਸਮੇਂ ਤੋਂ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ 'ਅੱਤ-ਤੱਤ ਦਾ ਵੈਰ ਹੁੰਦਾ ਹੈ'। ਜਿਸ ਢੰਗ ਨਾਲ ਬੰਦਾ ਚੱਲ ਪਿਆ ਸੀ ਤੇ ਉਸ ਨੇ ਸਮੁੰਦਰਾਂ ਨੂੰ ਫੋਲਣ ਅਤੇ ਅਸਮਾਨਾਂ ਨੂੰ ਗਾਹੁਣ ਤੋਂ ਬਾਅਦ ਧਰਤੀ ਦੀ ਹਿੱਕ ਵਿੱਚ ਸੁਰਾਖ ਕਰ ਕੇ ਇਹ ਲੱਭਣ ਦਾ ਮੋਰਚਾ ਲਾ ਲਿਆ ਸੀ ਕਿ ਉਹ ਥਾਂ ਵੇਖਣੀ ਹੈ, ਜਿਹੜੀ ਸਭ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਕਹਿੰਦੇ ਸੁਣਿਆ ਸੀ ਕਿ ਕੁਦਰਤ ਨਾਲ ਜ਼ਿਆਦਤੀ ਦੀ ਇਹ ਅੱਤ ਕਿਧਰੇ ਮਹਿੰਗੀ ਨਾ ਪੈ ਜਾਵੇ। ਕੁਦਰਤ ਨੇ ਕੋਈ ਝਲਕ ਨਹੀਂ ਦਿੱਤੀ, ਆਪਣੇ ਵਰਤਾਰੇ ਮੁਤਾਬਕ ਚੱਲਦੀ ਰਹੀ ਅਤੇ ਆਖਰ ਨੂੰ ਜਿਹੜਾ ਮਨੁੱਖ ਕਦੀ ਐਟਮ ਬੰਬਾਂ ਦੇ ਧਮਾਕੇ ਕਰਨ ਤੋਂ ਤੁਰਿਆ ਸੀ, ਪੁਲਾੜ ਵਿੱਚ ਸਟਾਰ-ਵਾਰ ਦੀਆਂ ਘਾੜਤਾਂ ਘੜਨ ਲੱਗ ਪਿਆ ਸੀ ਅਤੇ ਫਿਰ ਆਪਣੇ ਮਨੁੱਖੀ ਭਾਈਚਾਰੇ ਦੇ ਖਿਲਾਫ ਵਰਤਣ ਲਈ ਜੈਵਿਕ ਬੰਬ ਵੀ ਬਣਾਉਣ ਦੀ ਸੋਚ ਰਿਹਾ ਸੀ, ਉਹ ਕਸੂਤਾ ਫਸ ਗਿਆ ਹੈ।
ਭਲਾ ਕਿਸੇ ਨੇ ਪਿਛਲੇ ਸਾਲ ਤੱਕ ਇਹ ਗੱਲ ਸੋਚੀ ਸੀ ਕਿ ਜਿਹੜੇ ਆਕਾਸ਼ ਵਿੱਚ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਜਹਾਜ਼ ਇੱਕੋ ਵੇਲੇ ਉੱਡੀ ਜਾਂਦੇ ਹਨ, ਉਹ ਆਕਾਸ਼ ਇੱਕ ਦਮ ਵਿਹਲਾ ਕਰਨਾ ਪੈ ਜਾਵੇਗਾ? ਅਸੀਂ ਸੰਸਾਰ ਦੇ ਕਈ ਦੇਸ਼ਾਂ ਵਿੱਚ ਵੱਡੇ ਏਅਰਪੋਰਟਾਂ ਉੱਤੇ ਜਹਾਜ਼ਾਂ ਨੂੰ ਕਿੰਨੀ-ਕਿੰਨੀ ਦੇਰ ਹਵਾ ਵਿੱਚ ਐਵੇਂ ਉਡਾਰੀਆਂ ਲਾਉਂਦੇ ਵੇਖਿਆ ਸੀ, ਜਿਨ੍ਹਾਂ ਨੂੰ ਹੇਠਾਂ ਕੋਈ ਰੰਨਵੇਅ ਵਿਹਲਾ ਨਹੀਂ ਸੀ ਮਿਲਦਾ। ਅੱਜ ਕੱਲ੍ਹ ਓਥੇ ਸਾਰੇ ਰੰਨਵੇਅ ਖਾਲੀ ਹੋਣਗੇ। ਰੇਲਵੇ ਮੁਸਾਫਰ ਇਹ ਕਹਿੰਦੇ ਹੁੰਦੇ ਸਨ ਕਿ ਲਾਈਨਾਂ ਖਾਲੀ ਨਹੀਂ ਸਨ ਤੇ ਗੱਡੀ ਐਨੇ ਘੰਟੇ ਲੇਟ ਹੋ ਗਈ, ਸਾਨੂੰ ਖਿਝ ਚੜ੍ਹੀ ਪਈ ਸੀ। ਪਿਛਲੇ ਦੋ ਮਹੀਨੇ ਰੇਲ ਗੱਡੀਆਂ ਚੱਲੀਆਂ ਨਹੀਂ ਤੇ ਉਹੀ ਲੋਕ ਘਰਾਂ ਵਿੱਚ ਤੜੇ ਰਹੇ, ਜਿਹੜੇ ਕਹਿੰਦੇ ਸਨ ਕਿ ਅਸੀਂ ਇੱਕ ਦਿਨ ਕੋਈ ਕੰਮ ਲੇਟ ਨਹੀਂ ਕਰ ਸਕਦੇ। ਦੋ ਕੁ ਦਿਨ ਖਿਝਣ ਪਿੱਛੋਂ ਉਹ ਭਾਣਾ ਮੰਨਣ ਲੱਗ ਪਏ। ਕਾਰੋਬਾਰ ਦੇ ਕਿਸੇ ਵੀ ਖੇਤਰ ਵਿੱਚ ਹਰਕਤ ਨਹੀਂ ਸੀ ਜਾਪਦੀ ਤੇ ਇਸ ਤਰ੍ਹਾਂ ਜਾਪਣ ਲੱਗ ਪਿਆ ਸੀ, ਜਿਵੇਂ ਇਨਸਾਨ ਦੇ ਅੱਗੇ ਸਪੀਡ ਬਰੇਕਰ ਲਾ ਕੇ ਕੁਦਰਤ ਉਸ ਨੂੰ ਠਰ੍ਹੰਮੇ ਦਾ ਵੱਲ ਸਿਖਾਉਣ ਲੱਗੀ ਹੋਵੇ। ਧਾਰਮਿਕ ਅਸਥਾਨ ਵੀ ਬੰਦ ਕਰਨੇ ਪੈ ਗਏ ਸਨ। ਸੰਸਾਰ ਖੜੋਤ ਦਾ ਸ਼ਿਕਾਰ ਹੋ ਗਿਆ ਜਾਪਦਾ ਸੀ ਤੇ ਕੋਈ ਇਹ ਦੱਸਣ ਵਾਲਾ ਨਹੀਂ ਸੀ ਕਿ ਖੜੋਤ ਐਨੇ ਕੁ ਦਿਨ ਰਹੇਗੀ।
ਕੁਦਰਤ ਦਾ ਸਪੀਡ ਬਰੇਕਰ ਸਿਰਫ ਅਜੋਕੇ ਦੌਰ ਤੱਕ ਹਿ ਸੀਮਤ ਨਹੀਂ, ਇਹਦੀ ਮਾਰ ਅਗਲੇ ਕਈ ਸਾਲਾਂ ਤੱਕ ਪੈਂਦੀ ਰਹਿਣੀ ਹੈ ਤੇ ਜਿੰਨੀ ਪੈ ਚੁੱਕੀ ਹੈ, ਉਹ ਇਸ ਦੇ ਲੰਮੇਰੇ ਅਸਰ ਦੀ ਝਲਕ ਦੇ ਰਹੀ ਹੈ। ਸਾਡੇ ਸਾਹਮਣੇ ਪਏ ਅੰਕੜੇ ਦੱਸਦੇ ਹਨ ਕਿ ਸੰਸਾਰ ਵਿੱਚ ਹਵਾਈ ਆਵਾਜਾਈ ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਬਾਈ ਫੀਸਦੀ ਡਿੱਗ ਪਈ ਸੀ, ਅਤੇ ਇਹ ਇਸ ਕਰ ਕੇ ਹੋਇਆ ਕਿ ਮਾਰਚ ਦੇ ਅੰਤਲੇ ਬਾਰਾਂ ਦਿਨ ਜਹਾਜ਼ ਨਹੀਂ ਸੀ ਉੱਡ ਸਕੇ। ਸਿਰਫ ਬਾਰਾਂ ਦਿਨਾਂ ਦਾ ਏਨਾ ਅਸਰ ਸੀ ਤੇ ਅਗਲੇ ਦੋ ਮਹੀਨੇ ਲੰਘਾਉਣ ਦੇ ਬਾਅਦ ਕਿਹਾ ਜਾ ਰਿਹਾ ਹੈ ਕਿ ਹਾਲੇ ਛੇ ਮਹੀਨੇ ਇਸ ਆਵਾਜਾਈ ਨੂੰ ਰਵਾਨਗੀ ਫੜਦਿਆਂ ਲੱਗ ਜਾਣਗੇ ਤੇ ਓਦੋਂ ਪਿੱਛੋਂ ਵੀ ਜੇ ਕੋਰੋਨਾ ਦੇ ਸਹਿਮ ਕਾਰਨ ਇੱਕ-ਇੱਕ ਸੀਟ ਛੱਡ ਕੇ ਬਿਠਾਉਣ ਦੀ ਮਜਬੂਰੀ ਬਣੀ ਰਹੀ ਤਾਂ ਇਸ ਕਾਰੋਬਾਰ ਦੇ ਵੱਡੇ ਅਦਾਰੇ ਨੰਗ ਹੋ ਜਾਣਗੇ। ਹਵਾਈ ਮੁਸਾਫਰਾਂ ਦੀ ਗਿਣਤੀ ਫਰਵਰੀ ਵਿੱਚ ਸਿਰਫ ਚੀਨ ਦੇ ਕਾਰਨ ਤੇਰਾਂ ਫੀਸਦੀ ਡਿੱਗੀ ਸੀ, ਮਾਰਚ ਦੇ ਅੰਤਲੇ ਦਸਾਂ ਦਿਨਾਂ ਕਾਰਨ 49 ਫੀਸਦੀ ਘਟ ਗਈ ਤੇ ਅਪਰੈਲ ਵਿੱਚ ਇਕਾਨਵੇਂ ਫੀਸਦੀ ਡਿੱਗ ਕੇ ਮਸਾਂ ਨੌਂ ਫੀਸਦੀ ਮਜਬੂਰੀ ਦੀਆਂ ਉਡਾਣਾਂ ਉੱਡ ਸਕੀਆਂ। ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਨੇ ਆਪਣੇ ਬਾਰਾਂ ਹਜ਼ਾਰ ਕਾਰਿੰਦੇ ਇਸ ਲਈ ਕੱਢਣ ਦਾ ਫੈਸਲਾ ਕਰ ਲਿਆ ਹੈ ਕਿ ਜਦੋਂ ਜਹਾਜ਼ ਨਹੀਂ ਉੱਡਣੇ ਤੇ ਜਿੰਨੇ ਜਹਾਜ਼ ਵਿਹਲੇ ਪਏ ਹਨ, ਉਨ੍ਹਾਂ ਲਈ ਵਾਰੀ ਨਹੀਂ ਆਉਣੀ ਤਾਂ ਕਿਸੇ ਕੰਪਨੀ ਨੇ ਹੋਰ ਜਹਾਜ਼ ਵੀ ਨਹੀਂ ਖਰੀਦਣੇ ਤੇ ਜਦੋਂ ਕਿਸੇ ਨੇ ਖਰੀਦਣੇ ਨਹੀਂ ਤਾਂ ਬਣਾਉਣ ਦੀ ਵੀ ਲੋੜ ਨਹੀਂ ਰਹਿਣੀ। ਭਾਰਤ ਵਿੱਚ ਕਾਰਾਂ-ਮੋਟਰਾਂ ਦੀ ਵਿਕਰੀ ਮਾਰਚ ਦੇ ਅਖੀਰਲੇ ਦਸਾਂ ਦਿਨਾਂ ਵਿੱਚ ਵੀਹ ਫੀਸਦੀ ਡਿੱਗੀ ਸੀ, ਜਦੋਂ ਲੋਕਾਂ ਕੋਲ ਕੰਮ ਪਹਿਲਾਂ ਵਾਂਗ ਨਹੀਂ ਰਹਿਣਾ ਤਾਂ ਕਾਰਾਂ ਦੀ ਵਿਕਰੀ ਵੀ ਹੋਰ ਡਿੱਗਣ ਲੱਗੇਗੀ। ਅਪਰੈਲ ਤੇ ਮਈ ਵਿੱਚ ਦੇਸ਼ ਵਿਚ ਟਰੱਕਾਂ ਦੀ ਆਵਾਜਾਈ ਨੱਬੇ ਫੀਸਦੀ ਘਟ ਗਈ ਦੱਸੀ ਜਾਂਦੀ ਹੈ। ਇਸ ਸਾਰੇ ਕੁਝ ਨਾਲ ਲੋਕਾਂ ਦੇ ਰੁਜ਼ਗਾਰ ਦੇ ਪੱਖੋਂ ਵੀ ਵੱਡਾ ਅਸਰ ਪੈਣ ਵਾਲਾ ਹੈ ਤੇ ਸੰਸਾਰ ਪੱਧਰ ਦੀਆਂ ਏਜੰਸੀਆਂ ਜਿੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਬੇਰੁਜ਼ਗਾਰੀ ਦੇ ਅੰਦਾਜ਼ੇ ਪੇਸ਼ ਕਰਦੀਆਂ ਹਨ, ਉਨ੍ਹਾਂ ਨੂੰ ਪੜ੍ਹ ਕੇ ਸੋਚਣ ਵਾਲੇ ਬੰਦੇ ਦਾ ਤ੍ਰਾਹ ਨਿਕਲ ਜਾਂਦਾ ਹੈ। ਇਹ ਕਿਸੇ ਇੱਕਾ-ਦੁੱਕਾ ਦੇਸ਼ ਨੂੰ ਪੈਣ ਵਾਲੀ ਸੱਟ ਨਹੀਂ, ਸਾਰੇ ਸੰਸਾਰ ਦੇ ਲੋਕਾਂ ਲਈ ਮੁਸੀਬਤਾਂ ਦਾ ਪਹਾੜ ਲਈ ਆਉਂਦੀ ਜਾਪਦੀ ਹੈ, ਜਿਸ ਦੀ ਚਿੰਤਾ ਕਰਨੀ ਪੈਣੀ ਹੈ।
ਸਥਿਤੀ ਸਚਮੁੱਚ ਬਹੁਤ ਮਾੜੀ ਹੈ ਤੇ ਹੋਰ ਮਾੜੀ ਹੋਣ ਵਾਲੀ ਜਾਪਦੀ ਹੈ, ਪਰ ਸਾਡਾ ਵਿਸ਼ਵਾਸ ਅਜੇ ਕਾਇਮ ਹੈ ਕਿ ਮਨੁੱਖਤਾ ਇਸ ਮਾਰ ਦੇ ਅੱਗੇ ਮੂਧੇ ਮੂੰਹ ਨਹੀਂ ਡਿੱਗੇਗੀ, ਫਿਰ ਉੱਠੇਗੀ, ਪਰ ਉੱਠਣ ਲਈ ਉਸ ਨੂੰ ਕੁਝ ਸਬਕ ਸਿੱਖ ਕੇ ਚੱਲਣਾ ਪਵੇਗਾ। ਇਨਸਾਨ ਜਦੋਂ ਮੁਸ਼ਕਲ ਵਿੱਚ ਪੈਂਦਾ ਹੈ, ਓਦੋਂ ਆਪਣੀ ਹੋਂਦ ਬਚਾਉਣ ਵਾਲੀ ਲੜਾਈ ਉਸ ਨੂੰ ਕੁਝ ਰਾਹ ਵੀ ਦੇਂਦੀ ਹੈ, ਪਰ ਇਸ ਦੇ ਲਈ ਬੰਦੇ ਨੂੰ ਮਾਨਸਿਕ ਤੌਰ ਉੱਤੇ ਤਿਆਰ ਖੁਦ ਹੋਣਾ ਪੈਂਦਾ ਹੈ। ਬਹੁਤ ਸਾਲ ਪਹਿਲਾਂ ਗੁਜਰਾਤ ਦੇ ਕੱਛ ਇਲਾਕੇ ਵਿੱਚ ਭਾਰਤੀ ਹਵਾਈ ਫੌਜ ਦਾ ਇੱਕ ਹੈਲੀਕਾਪਟਰ ਡਿੱਗਾ ਸੀ। ਬਾਰਡਰ ਸਕਿਓਰਟੀ ਫੋਰਸ ਤੇ ਹਵਾਈ ਫੌਜ ਦੇ ਕੁੱਲ ਮਿਲਾ ਕੇ ਬਾਰਾਂ ਅਧਿਕਾਰੀ ਇਸ ਵਿੱਚ ਸਵਾਰ ਸਨ, ਜਿਨ੍ਹਾਂ ਵਿੱਚੋਂ ਤਿੰਨ ਜਣੇ ਤਾਂ ਮੌਕੇ ਉੱਤੇ ਹੀ ਮਾਰੇ ਗਏ। ਬਾਕੀ ਬਚੇ ਨੌਂ ਜਣਿਆਂ ਵਿੱਚੋਂ ਮਦਦ ਪਹੁੰਚਣ ਤੱਕ ਦੇ ਪੰਝੀ ਘੰਟਿਆਂ ਵਿੱਚ ਚਾਰ ਹੋਰ ਮਰ ਗਏ। ਸਮੁੰਦਰ ਦੇ ਖਾਰੇ ਪਾਣੀ ਅਤੇ ਗਾੜ੍ਹੇ ਚਿੱਕੜ ਵਰਗੀ ਦਲਦਲ ਵਿੱਚ ਉਲਝੇ ਬਾਕੀ ਲੋਕਾਂ ਨੂੰ ਪਿਆਸ ਏਨੀ ਜ਼ਿਆਦਾ ਤੰਗ ਕਰਨ ਲੱਗ ਪਈ ਕਿ ਉਨ੍ਹਾਂ ਨੂੰ ਇਸ ਦੀ ਮਾਰ ਤੋਂ ਬਚਣ ਲਈ ਇੱਕ ਦੂਸਰੇ ਦਾ ਪੇਸ਼ਾਬ ਵੀ ਪੀਣਾ ਪਿਆ ਸੀ, ਪਰ ਜਿੰਦਾ ਰਹਿਣ ਦੀ ਜੰਗ ਉਨ੍ਹਾਂ ਨੇ ਆਖਰ ਨੂੰ ਜਿੱਤ ਲਈ ਸੀ। ਏਦਾਂ ਦੀਆਂ ਕਈ ਮਿਸਾਲਾਂ ਦੁਨੀਆ ਵਿੱਚ ਮਿਲ ਜਾਂਦੀਆਂ ਹਨ।
ਅਜੇ ਕੋਰੋਨਾ ਵਾਇਰਸ ਦਾ ਪਹਿਲਾ ਹਮਲਾ ਸਾਡੀ ਦੁਨੀਆ ਨੇ ਵੇਖਿਆ ਹੈ। ਬਹੁਤ ਸਾਰੇ ਮਾਹਰ ਸਾਫ ਕਹਿੰਦੇ ਹਨ ਕਿ ਅਜੇ ਅਗਲਾ ਹਮਲਾ ਹੋਣ ਵਾਲਾ ਹੈ। ਉਸ ਦੂਸਰੇ ਹਮਲੇ ਤੱਕ ਗੱਲ ਰੁਕੇਗੀ ਜਾਂ ਕੋਈ ਤੀਸਰਾ ਜਾਂ ਚੌਥਾ ਹੱਲਾ ਵੀ ਇਸ ਬਿਮਾਰੀ ਦਾ ਹੋ ਸਕਦਾ ਹੈ, ਇਸ ਬਾਰੇ ਕੋਈ ਨਹੀਂ ਜਾਣਦਾ। ਕਿਸੇ ਵੀ ਤਰ੍ਹਾਂ ਦਾ ਬੈਕਟੀਰੀਆ ਜਾਂ ਵਾਇਰਸ ਜਦੋਂ ਅਗਲੇ ਪੜਾਅ ਵੱਲ ਵਧਦਾ ਹੈ ਤਾਂ ਜਿੰਨੇ ਵੀ ਮਨੁੱਖੀ ਸਰੀਰਾਂ ਵਿੱਚੋਂ ਲੰਘਦਾ ਹੈ, ਹਰ ਥਾਂ ਦੇ ਪ੍ਰਤੀਕਰਮ ਨਾਲ ਉਸ ਦੀ ਮਾਰਨ ਦੀ ਤਾਕਤ ਪਹਿਲਾਂ ਤੋਂ ਵਧੀ ਜਾਂਦੀ ਹੈ। ਕੋਰੋਨਾ ਦੀ ਤਾਕਤ ਵੀ ਆਏ ਦਿਨ ਵਧੀ ਜਾਂਦੀ ਸੁਣੀਂਦੀ ਹੈ। ਇਸ ਦੇ ਮੁਕਾਬਲੇ ਲਈ ਲੋਕਾਂ ਨੂੰ ਆਪਣੀ ਜੀਵਨ ਜਾਚ ਬਦਲਣੀ ਪਵੇਗੀ, ਹਰ ਵਕਤ ਦੀ ਭਾਜੜ ਦਾ ਰੁਝਾਨ ਤਿਆਗਣਾ ਪਵੇਗਾ ਤੇ ਇਸ ਤੋਂ ਵੀ ਵੱਡੀ ਗੱਲ ਕਿ ਕੁਦਰਤ ਦੀਆਂ ਸ਼ਕਤੀਆਂ ਨਾਲ ਖਿਲਵਾੜ ਕਰਨਾ ਛੱਡਣ ਦੀ ਲੋੜ ਪਵੇਗੀ। ਸਾਡਾ ਵਿਸ਼ਵਾਸ ਕਿ ਮਨੁੱਖਤਾ ਖਤਮ ਨਹੀਂ ਹੋਵੇਗੀ, ਪਰ ਇਸ ਦੀ ਹੋਂਦ ਕਾਇਮ ਰੱਖਣ ਲਈ ਯਤਨ ਵੀ ਤਾਂ ਏਸੇ ਨੂੰ ਕਰਨੇ ਪੈਣੇ ਹਨ।
ਕੋਰੋਨਾ ਦੀ ਕਾਟ ਲੱਭਣ ਦੀ ਥਾਂ ਚੋਣ ਮੁੱਦਾ ਬਣਾਉਣ ਤੁਰ ਪਿਆ ਹੈ ਡੋਨਾਲਡ ਟਰੰਪ - ਜਤਿੰਦਰ ਪਨੂੰ
ਪਿਛਲੀ ਇੱਕ ਛਿਮਾਹੀ ਵਿੱਚ ਦੁਨੀਆ ਭਰ ਦੇ ਲੋਕਾਂ ਨੇ ਅਤੇ ਪਿਛਲੇ ਲਗਾਤਾਰ ਦੋ ਮਹੀਨਿਆਂ ਦੌਰਾਨ ਭਾਰਤ ਤੇ ਸਾਡੇ ਪੰਜਾਬ ਦੇ ਲੋਕਾਂ ਨੇ ਬਹੁਤ ਦੁੱਖ ਭੋਗਿਆ ਹੈ। ਇਹ ਦੁੱਖ ਕਈ ਤਰ੍ਹਾਂ ਦਾ ਸੀ, ਅਤੇ ਅਜੇ ਵੀ ਜਾਰੀ ਹੈ। ਪਹਿਲਾ ਦੁੱਖ ਤਾਂ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਸੀ, ਜਿਸ ਦੀ ਜੜ੍ਹ ਅੱਜ ਤੱਕ ਪਤਾ ਨਹੀਂ ਲੱਗ ਸਕੀ, ਪਰ ਦੁਨੀਆ ਦੇ ਦੋ ਪ੍ਰਮੁੱਖ ਦੇਸ਼ਾਂ ਵਿੱਚ ਖਹਿਬਾਜ਼ੀ ਚੱਲੀ ਜਾਂਦੀ ਹੈ। ਅਮਰੀਕਾ ਦੇ ਲੋਕ ਤੇ ਖਾਸ ਕਰ ਕੇ ਉਨ੍ਹਾਂ ਦਾ ਰਾਸ਼ਟਰਪਤੀ ਸਿਰਫ ਚੀਨ ਨੂੰ ਸਾਰੇ ਸੰਕਟ ਦਾ ਦੋਸ਼ੀ ਮੰਨ ਕੇ ਆਪਣੀ ਰੱਟ ਲਾਈ ਜਾਂਦੇ ਹਨ। ਜਦੋਂ ਤੱਕ ਇਹ ਗੱਲ ਸਾਬਤ ਨਹੀਂ ਹੁੰਦੀ ਅਤੇ ਇਹ ਛੇਤੀ ਕੀਤੇ ਸਾਬਤ ਹੁੰਦੀ ਵੀ ਨਹੀਂ ਜਾਪਦੀ, ਓਦੋਂ ਤੱਕ ਕਿਸੇ ਇੱਕ ਧਿਰ ਨੂੰ ਦੋਸ਼ੀ ਠਹਿਰਾਉਣਾ ਵੀ ਔਖਾ ਹੈ। ਉਂਜ ਸ਼ੱਕ ਵਾਲੀ ਗੰਢ ਇੱਕ ਵਾਰੀ ਬੱਝ ਜਾਵੇ ਤਾਂ ਛੇਤੀ ਖਹਿੜਾ ਨਹੀਂ ਛੱਡਦੀ ਹੁੰਦੀ। ਚੀਨ ਦੇ ਖਿਲਾਫ ਇਹ ਦੋਸ਼ ਵੀ ਜ਼ੋਰ ਨਾਲ ਲਾਇਆ ਜਾਂਦਾ ਰਿਹਾ ਕਿ ਉਸ ਦੀ ਮੀਟ ਮਾਰਕੀਟ ਇਸ ਬਿਮਾਰੀ ਦਾ ਮੁੱਢਲਾ ਕਾਰਨ ਹੋ ਸਕਦੀ ਹੈ ਅਤੇ ਇਹ ਵੀ ਕਿਹਾ ਗਿਆ ਕਿ ਚੀਨ ਦੇ ਲੋਕਾਂ ਦੀਆਂ ਮੀਟ ਖਾਣ ਦੀਆਂ ਆਦਤਾਂ ਨਾਲ ਰੱਫੜ ਪਿਆ ਹੈ। ਫਿਰ ਇਹ ਦੱਸਿਆ ਜਾਣਾ ਸ਼ੁਰੂ ਹੋ ਗਿਆ ਕਿ ਚੀਨ ਦੇ ਲੋਕ ਕੁੱਤਾ ਖਾ ਜਾਂਦੇ ਹਨ ਤੇ ਏਦਾਂ ਦੀਆਂ ਕਈ ਹੋਰ ਚੀਜ਼ਾਂ ਖਾਈ ਜਾਂਦੇ ਹਨ। ਜ਼ਰੂਰ ਖਾਂਦੇ ਹੋਣਗੇ ਤੇ ਸਾਰੀ ਦੁਨੀਆ ਵਿੱਚ ਕੌਣ ਕੀ ਖਾਂਦਾ ਹੈ, ਇਸ ਦੀ ਪਾਬੰਦੀ ਲਾਉਣੀ ਅੱਜ ਦੇ ਯੁੱਗ ਵਿੱਚ ਮੁਸ਼ਕਲ ਹੈ। ਕਿਸੇ ਦੇਸ਼ ਵਿੱਚ ਗਊ ਦਾ ਮੀਟ ਖਾਣ ਦੀ ਰਿਵਾਇਤ ਹੈ ਤਾਂ ਕਿਸੇ ਹੋਰ ਦੇਸ਼ ਵਿੱਚ ਗਊ ਦਾ ਮੀਟ ਖਾਣ ਵਾਲਿਆਂ ਨੂੰ ਪਾਪੀ ਮੰਨਿਆ ਜਾਂਦਾ ਹੈ।
ਕੱਲ੍ਹ ਨੂੰ ਗਊ ਮਾਸ ਖਾਣ ਵਾਲੇ ਲੋਕਾਂ ਦੀ ਵੱਡੀ ਆਬਾਦੀ ਵਾਲੇ ਦੇਸ਼ ਵਿੱਚ ਕੋਈ ਬਖੇੜਾ ਉੱਠ ਪਵੇ ਤਾਂ ਭਾਰਤ ਦੇ ਕੁਝ ਲੋਕ ਉਨ੍ਹਾਂ ਬਾਰੇ ਕਈ ਕੁਝ ਕਹਿਣਗੇ। ਇਸਲਾਮੀ ਦੇਸ਼ਾਂ ਵਿੱਚ ਸੂਰ ਖਾਣਾ ਮਨ੍ਹਾ ਹੈ। ਭਾਰਤ ਵਿੱਚ ਕਈ ਲੋਕ ਸੂਰ ਦਾ ਮਾਸ ਮਜ਼ੇ ਨਾਲ ਖਾਂਦੇ ਹਨ। ਸਿਰਫ ਸੂਰ ਦੀ ਗੱਲ ਨਹੀਂ, ਭਾਰਤ ਦੇ ਲੋਕ ਏਦਾਂ ਦਾ ਕਈ ਕੁਝ ਖਾ ਜਾਂਦੇ ਹਨ, ਜਿਸ ਬਾਰੇ ਚਰਚਾ ਆਮ ਕਰ ਕੇ ਨਹੀਂ ਹੁੰਦੀ। ਸਾਨੂੰ ਇਹ ਦੱਸਣ ਵਿੱਚ ਹਰਜ ਨਹੀਂ ਜਾਪਦਾ ਕਿ ਜਿਹੜੀਆਂ ਚੀਜ਼ਾਂ ਚੀਨੀ ਲੋਕ ਖਾਂਦੇ ਦੱਸੇ ਜਾਂਦੇ ਹਨ, ਉਨ੍ਹਾਂ ਵਿੱਚੋਂ ਕਈ ਚੀਜ਼ਾਂ ਭਾਰਤ ਦੇ ਕਈ ਲੋਕ ਵੀ ਚਾਅ ਨਾਲ ਖਾਂਦੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਰਤ ਦੇ ਇੱਕ ਉੱਤਰ ਪੂਰਬੀ ਰਾਜ ਤੋਂ ਸਾਡੇ ਪੰਜਾਬ ਵਿੱਚ ਸੁਰੱਖਿਆ ਡਿਊਟੀ ਵਾਸਤੇ ਆਈ ਫੋਰਸ ਦੇ ਜਵਾਨ ਕੁੱਤੇ ਦਾ ਮਾਸ ਖਾਣ ਵਾਲੇ ਸਨ। ਜਿਸ ਇਲਾਕੇ ਵਿੱਚ ਉਨ੍ਹਾਂ ਦੀ ਡਿਊਟੀ ਲਾਈ ਗਈ, ਉਸ ਪਾਸੇ ਅਵਾਰਾ ਕੁੱਤੇ ਮੁੱਕ ਗਏ ਸਨ। ਭਾਰਤ ਦੇ ਉੱਤਰ-ਪੂਰਬੀ ਰਾਜਾਂ ਵਿੱਚ ਕੁਝ ਲੋਕ ਸੱਪ ਤੇ ਕੋਹੜ ਕਿਰਲੀ ਦਾ ਮਾਸ ਵੀ ਖਾਂਦੇ ਹਨ। ਬਿਹਾਰ ਦੇ ਕੁਝ ਵਰਗਾਂ ਵਿੱਚ ਚੂਹੇ ਦਾ ਮਾਸ ਖਾਣਾ ਆਮ ਗੱਲ ਹੈ। ਇੱਕ ਵਾਰੀ ਓਥੇ ਥੋੜ੍ਹੇ ਸਮੇਂ ਲਈ ਇੱਕ ਮੁੱਖ ਮੰਤਰੀ ਏਹੋ ਜਿਹਾ ਬਣ ਗਿਆ ਸੀ, ਜਿਹੜਾ ਮਾਣ ਨਾਲ ਕਹਿੰਦਾ ਸੀ ਕਿ ਉਹ ਚੂਹੇ ਦਾ ਮਾਸ ਖਾਂਦਾ ਹੈ ਤੇ ਇਹ ਵੀ ਚਾਹੁੰਦਾ ਸੀ ਕਿ ਚੂਹੇ ਦਾ ਮਾਸ ਖਾਣ ਨੂੰ ਬਾਕਾਇਦਾ ਮਾਨਤਾ ਦਿੱਤੀ ਜਾਵੇ। ਉੱਤਰ-ਪੂਰਬ ਦੇ ਇੱਕ ਰਾਜ ਦੇ ਲੋਕ ਡੱਡੂ ਖਾ ਜਾਂਦੇ ਹਨ। ਸੋਨੀਆ ਸਰਕਾਰ ਨਾਂਅ ਦੀ ਪ੍ਰਸਿੱਧ ਲੇਖਕਾ ਨੇ ਇਨ੍ਹਾਂ ਸਾਰੇ ਰਾਜਾਂ ਅਤੇ ਉਨ੍ਹਾਂ ਦੇ ਇਹੋ ਜਿਹਾ ਮਾਸ ਖਾਣ ਵਾਲੇ ਲੋਕਾਂ ਬਾਰੇ ਜਨਵਰੀ 2017 ਵਿੱਚ ਟੈਲੀਗਰਾਫ ਅਖਬਾਰ ਵਿੱਚ ਵੇਰਵੇ ਸਹਿਤ ਇੱਕ ਲੇਖ ਲਿਖਿਆ ਸੀ, ਜਿਹੜਾ ਅੱਜ ਵੀ ਸਾਡੇ ਕੋਲ ਸੰਭਾਲਿਆ ਪਿਆ ਹੈ। ਚਰਚਾ ਸਿਰਫ ਚੀਨ ਦੇ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਦੀ ਹੋਈ ਜਾ ਰਹੀ ਹੈ।
ਚੀਨ ਅਤੇ ਅਮਰੀਕਾ ਦਾ ਅੱਜ ਕੱਲ੍ਹ ਆਢਾ ਲੱਗਾ ਹੋਇਆ ਹੈ, ਪਰ ਕਿਸੇ ਵਕਤ ਸੰਸਾਰ ਪੂੰਜੀਵਾਦ ਦਾ ਮੁਕਾਬਲਾ ਕਰਨ ਵਾਲੀ ਮਹਾਸ਼ਕਤੀ ਸੋਵੀਅਤ ਰੂਸ ਦੇ ਨਾਲ ਲੜਨ ਲਈ ਏਸੇ ਅਮਰੀਕਾ ਦੇ ਹਾਕਮਾਂ ਦੀ ਸਭ ਤੋਂ ਵੱਡੀ ਯਾਰੀ ਏਸੇ ਚੀਨ ਨਾਲ ਹੋਇਆ ਕਰਦੀ ਸੀ। ਕਿਊਬਾ ਦੇ ਖਿਲਾਫ ਲੜਾਈ ਮੌਕੇ ਵੀ ਚੀਨ ਉਨ੍ਹਾਂ ਦਾ ਸਾਥ ਦੇਂਦਾ ਰਿਹਾ ਅਤੇ ਅਮਰੀਕਾ ਦੀ ਕਮਿਊਨਿਸਟ ਪਾਰਟੀ ਦੇ ਓਦੋਂ ਦੇ ਜਨਰਲ ਸੈਕਟਰੀ ਗੱਸ ਹਾਲ ਵੱਲੋਂ ਚੀਨੀ ਕਮਿਊਨਿਸਟ ਪਾਰਟੀ ਵੱਲ ਲਿਖੀ ਗਈ ਖੁੱਲ੍ਹੀ ਚਿੱਠੀ ਵਿੱਚ ਚੀਨ-ਅਮਰੀਕਾ ਭਾਈਵਾਲੀ ਦਾ ਸਾਰਾ ਕੱਚਾ ਚਿੱਠਾ ਪੇਸ਼ ਕੀਤਾ ਗਿਆ ਸੀ। ਸੋਵੀਅਤ ਰੂਸ ਦੇ ਢਹਿਣ ਮਗਰੋਂ ਇੱਕਲੌਤੀ ਮਹਾਂਸ਼ਕਤੀ ਹੋਣ ਦਾ ਭਰਮ ਪਾਲਣ ਵਾਲੇ ਅਮਰੀਕਾ ਸਾਹਮਣੇ ਜਦੋਂ ਉਹ ਹੀ ਚੀਨ ਸ਼ਰੀਕਾਂ ਵਾਂਗ ਡਾਂਗ ਮੋਢੇ ਰੱਖ ਕੇ ਖੜੋਤਾ ਦਿੱਸ ਪਿਆ ਤਾਂ ਹਰ ਗੱਲ ਵਿੱਚ ਉਸ ਨਾਲ ਆਢਾ ਲੱਗ ਗਿਆ। ਇਸ ਵੇਲੇ ਉਸ ਨਾਲ ਲੜਾਈ ਦਾ ਕਾਰਨ ਕੋਰੋਨਾ ਵਾਇਰਸ ਦੀ ਉਠਾਣ ਨਹੀਂ, ਅਮਰੀਕਾ ਦਾ ਸੰਸਾਰ ਮੰਡੀ ਵਿੱਚ ਚੀਨੀ ਮਾਲ ਨਾਲ ਮੁਕਾਬਲਾ ਹੈ। ਮੈਂ ਨਿੱਜੀ ਤੌਰ ਉੱਤੇ ਚੀਨੀ ਮਾਲ ਦਾ ਕਦੀ ਪ੍ਰਸੰਸਕ ਨਹੀਂ ਰਿਹਾ, ਕਿਉਂਕਿ ਇਹ ਮਾਲ ਹੰਢਣਸਾਰਤਾ ਦੇ ਪੱਖੋਂ ਬਹੁਤਾ ਵਧੀਆ ਨਹੀਂ ਹੁੰਦਾ, ਪਰ ਇਹ ਗੱਲ ਫਿਰ ਆਪਣੀ ਥਾਂ ਠੀਕ ਹੈ ਕਿ ਜਿਸ ਮਾਲ ਦੀ ਕੋਈ ਗਾਰੰਟੀ ਨਾ ਹੋਣ ਦਾ ਰੌਲਾ ਸਭ ਤੋਂ ਵੱਧ ਪੈਂਦਾ ਹੈ, ਉਹੀ ਮਾਲ ਅਮਰੀਕੀ ਮਾਲ ਨੂੰ ਹਰ ਮੰਡੀ ਵਿੱਚ ਖੂੰਜੇ ਲਾਈ ਜਾਂਦਾ ਹੈ। ਖੁਦ ਅਮਰੀਕੀ ਲੋਕ ਵੀ ਸਸਤਾ ਹੋਣ ਕਾਰਨ ਚੀਨੀ ਮਾਲ ਖਰੀਦੀ ਜਾਂਦੇ ਹਨ ਤਾਂ ਅਮਰੀਕੀ ਕਾਰਪੋਰੇਟ ਘਰਾਣੇ ਇਸ ਤੋਂ ਚਿੜਨ ਲੱਗਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਦੇ ਦੌਰ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਜਦੋਂ ਚੀਨ ਦੀ ਭੰਡੀ ਕਰਨ ਰੁੱਝਾ ਹੋਇਆ ਹੈ, ਓਦੋਂ ਵੀ ਅਮਰੀਕਾ ਵਿੱਚ ਚੀਨ ਦਾ ਮਾਲ ਵਿਕੀ ਜਾ ਰਿਹਾ ਹੈ ਤੇ ਲੋਕ ਆਰਾਮ ਨਾਲ ਖਰੀਦੀ ਜਾਂਦੇ ਹਨ।
ਕੋਰੋਨਾ ਵਾਇਰਸ ਦੀ ਦਵਾਈ ਅਜੇ ਤੱਕ ਬਣੀ ਨਹੀਂ, ਬਣਾਉਣ ਵੱਲ ਅਮਰੀਕਾ ਦੀ ਸਰਕਾਰ ਦਾ ਬਹੁਤਾ ਧਿਆਨ ਵੀ ਨਹੀਂ ਜਾਪਦਾ, ਕਦੇ-ਕਦਾਈਂ ਕੋਈ ਅਮਰੀਕੀ ਕੰਪਨੀ ਦਵਾਈ ਬਣਾ ਲੈਣ ਦਾ ਦਾਅਵਾ ਜ਼ਰੂਰ ਕਰ ਦੇਂਦੀ ਹੈ। ਨਤੀਜਾ ਇਹ ਨਿਕਲਦਾ ਹੈ ਕਿ ਉਸ ਕੰਪਨੀ ਦੇ ਸ਼ੇਅਰ ਧੜਾ-ਧੜਾ ਚੜ੍ਹਦੇ ਤੇ ਕੰਪਨੀ ਦੀ ਕਮਾਈ ਵਧ ਜਾਂਦੀ ਹੈ, ਪਰ ਸੰਸਾਰ ਭਰ ਵਿੱਚ ਜਿਸ ਚੀਜ਼ ਦੀ ਲੋੜ ਹੈ, ਉਹ ਦਵਾਈ ਅਜੇ ਤੱਕ ਪੇਸ਼ ਨਹੀਂ ਕੀਤੀ ਗਈ। ਭਾਰਤ ਦੀ ਅਜੋਕੀ ਸਰਕਾਰ ਚਲਾਉਣ ਵਾਲਿਆਂ ਦਾ ਅਮਰੀਕਾ ਨਾਲ ਹੇਜ ਏਥੋਂ ਤੱਕ ਹੈ ਕਿ ਉਹ ਚੀਨ ਦੇ ਵਿਰੁੱਧ ਅਮਰੀਕਾ ਦੇ ਨਾਲ ਖੜੇ ਹਨ ਅਤੇ ਚੀਨ ਦਾ ਸਾਮਾਨ ਏਥੇ ਵੀ ਬਾਜ਼ਾਰਾਂ ਵਿੱਚ ਭਰਿਆ ਪਿਆ ਹੈ। ਜਿਹੜੇ ਸਾਰੀ ਉਮਰ ਦੇ ਕਾਂਗਰਸੀ ਆਗੂ ਸਰਦਾਰ ਪਟੇਲ ਨਾਲ ਮੋਹ ਦਾ ਵਿਖਾਲਾ ਕਰ ਕੇ ਦੁਨੀਆਂ ਦੀਆਂ ਸਭ ਵੱਡੀਆਂ ਮੂਰਤੀਆਂ ਤੋਂ ਵੱਡੀ ਉਸ ਦੀ ਮੂਰਤੀ ਲਾਉਣ ਦੇ ਨਾਅਰੇ ਲਾਏ ਸਨ ਤੇ ਦੇਸ਼ ਦੀ ਸੱਤਾ ਸੰਭਾਲੀ ਸੀ, ਉਨ੍ਹਾਂ ਵੱਲੋਂ ਬਣਾਈ ਸਰਦਾਰ ਪਟੇਲ ਦੀ ਮੂਰਤੀ ਵੀ ਚੀਨ ਦੀ ਮਦਦ ਨਾਲ ਬਣੀ ਹੈ। ਭਾਰਤ ਦੇ ਹਰ ਧਰਮ ਦੇ ਲੋਕਾਂ ਦੇ ਧਾਰਮਿਕ ਚਿੰਨ੍ਹ ਵੀ ਚੀਨ ਦੇ ਬਣਾਏ ਹੋਏ ਅਤੇ ਭਾਰਤ ਵਿੱਚ ਬਣੇ ਮਾਲ ਨਾਲੋਂ ਅੱਧੇ ਮੁੱਲ ਉੱਤੇ ਜਦੋਂ ਗਲੀ-ਗਲੀ ਮਿਲਦੇ ਹੋਣ ਤਾਂ ਲੋਕ ਰਾਜਨੀਤੀ ਵਿੱਚ ਚੀਨ ਦੇ ਵਿਰੋਧ ਲਈ ਭਾਜਪਾ ਨਾਲ ਹੋ ਸਕਦੇ ਹਨ, ਓਦਾਂ ਚੀਨੀ ਮਾਲ ਲੈਣ ਤੋਂ ਇਨਕਾਰ ਨਹੀਂ ਕਰਦੇ। ਨਿਰੀ ਰਾਜਨੀਤੀ ਦੀਆਂ ਗੋਲੀਆਂ ਚੱਬਣ ਦੇ ਚਸਕੇ ਨਾਲ ਚੀਨ ਦੇ ਵਿਰੋਧ ਵਿੱਚ ਨਾ ਅਮਰੀਕਾ ਨੂੰ ਕੁਝ ਹਾਸਲ ਹੋ ਸਕਿਆ ਹੈ ਤਾਂ ਨਾ ਭਾਰਤ ਦੀ ਕਿਸੇ ਧਿਰ ਦੇ ਪੱਲੇ ਕੁਝ ਪੈਣ ਵਾਲਾ ਹੈ।
ਪਿਛਲੇ ਸਾਲ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਅਮਰੀਕਾ ਵਿੱਚ ਗਿਆ ਅਤੇ ਓਥੇ ਹੋਏ ਇੱਕ ਸਮਾਗਮ ਵਿੱਚ 'ਅਬ ਕੀ ਬਾਰ, ਟਰੰਪ ਸਰਕਾਰ' ਦਾ ਨਾਅਰਾ ਦੇ ਆਇਆ ਸੀ, ਓਦੋਂ ਜਿਹੜੀ ਗੱਲ ਸਾਨੂੰ ਸਮਝ ਪਈ ਸੀ, ਉਹ ਇਹ ਕਿ ਸਾਡੇ ਲੋਕ ਅਮਰੀਕਾ ਤੋਂ ਭਾਵੇਂ ਕੁਝ ਨਾ ਸਿੱਖਣ, ਅਮਰੀਕੀ ਰਾਜਨੀਤੀ ਨੂੰ ਭਾਰਤ ਦਾ ਤੜਕਾ ਲੱਗ ਗਿਆ ਹੈ। ਭਾਰਤ ਦੇ ਤੜਕੇ ਦੀ ਖਾਸ ਵੰਨਗੀ ਇਹੋ ਹੈ ਕਿ ਆਪਣੇ ਵਿਰੋਧੀ ਨੂੰ ਜਦੋਂ ਭੰਡਣਾ ਹੋਵੇ ਤਾਂ ਆਪਣੇ ਕੁਚੱਜ ਨਾਲ ਪਏ ਪੁਆੜਿਆਂ ਲਈ ਵੀ ਭਾਰਤੀ ਲੋਕਾਂ ਵਿੱਚ ਦੁਸ਼ਮਣ ਮੰਨੇ ਜਾ ਚੁੱਕੇ ਪਾਕਿਸਤਾਨ ਦਾ ਏਜੰਟ ਕਹਿ ਸਕਦੇ ਹਨ। ਅਮਰੀਕਾ ਦੀ ਰਾਜਨੀਤੀ ਵਿੱਚ ਵੀ ਇਹ ਦੌਰ ਆ ਗਿਆ ਸਾਫ ਦਿਖਾਈ ਦੇਂਦਾ ਹੈ। ਲੋਕ ਕੋਰੋਨਾ ਵਾਇਰਸ ਦੀ ਮਾਰ ਨਾਲ ਮਰ ਰਹੇ ਹਨ ਅਤੇ ਓਥੇ ਸਰਕਾਰ ਦੀ ਨਾਲਾਇਕੀ ਸਾਫ ਨਜ਼ਰ ਆਉਂਦੀ ਹੈ, ਪਰ ਅਮਰੀਕਾ ਦਾ ਮੌਜੂਦਾ ਰਾਸ਼ਟਰਪਤੀ ਇਹ ਕਹਿਦਾ ਹੈ ਕਿ ਇਹ ਸਾਰਾ ਕੁਝ ਚੀਨ ਨੇ ਮੈਨੂੰ ਰਾਸ਼ਟਰਪਤੀ ਦੀ ਚੋਣ ਲਗਾਤਾਰ ਦੂਸਰੀ ਵਾਰੀ ਜਿੱਤਣ ਤੋਂ ਰੋਕਣ ਅਤੇ ਵਿਰੋਧੀ ਧਿਰ ਦੇ ਉਮੀਦਵਾਰ ਜੋਅ ਬਿਡਨ ਨੂੰ ਜਿਤਾਉਣ ਲਈ ਕੀਤਾ ਹੈ। ਅਮਰੀਕਾ ਵਿੱਚ ਹੋਈਆਂ ਮੌਤਾਂ ਲਈ ਉਹ ਚੀਨ ਵੱਲੋਂ ਆਪਣੀ ਚੋਣ ਦੇ ਵਿਰੋਧ ਦਾ ਦੋਸ਼ ਲਾ ਸਕਦਾ ਹੈ, ਬਰਤਾਨੀਆ ਵਿੱਚ ਮੌਤਾਂ ਦੀ ਗਿਣਤੀ ਚਾਲੀ ਹਜ਼ਾਰ ਦੇ ਨੇੜੇ ਪਹੁੰਚ ਗਈ ਹੈ, ਇਟਲੀ ਵਿੱਚ ਲੱਖ ਦਾ ਤੀਸਰਾ ਹਿੱਸਾ ਪਾਰ ਕਰ ਗਈ ਹੈ, ਸਪੇਨ ਅਤੇ ਫਰਾਂਸ ਵਿੱਚ ਵੀ ਤੀਹ-ਤੀਹ ਹਜ਼ਾਰ ਦਾ ਪੜਾਅ ਪਾਰ ਕਰਦੀ ਪਈ ਹੇ, ਓਥੇ ਕਿਸੇ ਨੇ ਇਹ ਗੱਲ ਨਹੀਂ ਕਹੀ ਕਿ ਚੋਣਾਂ ਹਰਾਉਣ ਲਈ ਕੋਰੋਨਾ ਪੈਦਾ ਹੋਇਆ ਹੈ। ਭਾਰਤੀ ਲੀਡਰਾਂ ਉੱਤੇ ਜਿੰਨੀ ਕਿਸਮ ਦੇ ਦੋਸ਼ ਲੱਗਦੇ ਹਨ, ਉਹ ਹੀ ਸਾਰੇ ਦੋਸ਼ ਡੋਨਾਲਡ ਟਰੰਪ ਉੱਤੇ ਲੱਗੀ ਜਾਂਦੇ ਹਨ ਅਤੇ ਜਿਹੜੇ ਦਾਅ ਭਾਰਤ ਵਿੱਚ ਵਰਤੇ ਜਾਂਦੇ ਹਨ, ਜਦੋਂ ਉਹੀ ਦਾਅ ਉਹ ਵਰਤਣ ਲੱਗ ਪਿਆ ਹੈ ਤਾਂ ਸਾਨੂੰ ਭਾਰਤੀ ਲੋਕਾਂ ਨੂੰ ਭਾਰਤ ਤੋਂ ਦੂਰ ਹਰ ਪੱਖੋਂ ਇੱਕ ਹੋਰ ਭਾਰਤ ਉੱਗ ਪਿਆ ਜਾਪਦਾ ਹੈ। ਅਮਰੀਕੀ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਜਿਨ੍ਹਾਂ ਖੇਡਾਂ ਨੇ ਅੱਜ ਤੱਕ ਭਾਰਤ ਨੂੰ ਉੱਠਣ ਨਹੀਂ ਦਿੱਤਾ, ਉਹੋ ਖੇਡਾਂ ਅਮਰੀਕਾ ਵਿੱਚ ਚੱਲਣਗੀਆਂ ਤਾਂ ਕੋਰੋਨਾ ਨਾਲ ਲੜਨ ਦੀ ਲੋੜ ਨਹੀਂ ਰਹਿਣੀ, ਸਿਰਫ ਉਸ ਆਗੂ ਦੀ ਡੁਗਡੁਗੀ ਸੁਣਿਆ ਕਰੇਗੀ, ਜਿਸ ਨੂੰ ਲੋਕਾਂ ਦੇ ਅੱਖੀਂ ਘੱਟਾ ਪਾਉਣਾ ਤੇ ਕੋਰੋਨਾ ਵਰਗੇ ਅਸਲੀ ਮਾਮਲੇ ਦੀ ਥਾਂ ਛਣਕਣੇ ਛਣਕਾਉਣੇ ਆਉਂਦੇ ਹੋਣਗੇ। ਓਦੋਂ ਅਮਰੀਕਾ ਕਿੱਦਾਂ ਦਾ ਹੋਵੇਗਾ, ਕਹਿਣ ਦੀ ਲੋੜ ਨਹੀਂ!
ਦਵਾਈ ਲੱਭੇ ਨਾ ਲੱਭੇ, ਕੋਰੋਨਾ ਦੇ ਹੁੰਦਿਆਂ ਵੀ ਮਨੁੱਖ ਨੂੰ ਜਿਊਣ ਦਾ ਵੱਲ ਸਿੱਖਣਾ ਪੈ ਜਾਣੈ - ਜਤਿੰਦਰ ਪਨੂੰ
ਸਾਨੂੰ ਸਾਰਿਆਂ ਨੂੰ ਇੱਕੀਵੀਂ ਸਦੀ ਦੇ ਚੜ੍ਹਨ ਦੀ ਬੜੀ ਤੀਬਰਤਾ ਨਾਲ ਉਡੀਕ ਸੀ। ਕਈ ਲੋਕ ਓਦੋਂ ਏਨੇ ਕਾਹਲੇ ਦਿਖਾਈ ਦੇਂਦੇ ਸਨ ਕਿ ਵੱਸ ਦੀ ਗੱਲ ਹੁੰਦੀ ਤਾਂ ਅੱਗਲਵਾਂਢੀ ਇੱਕੀਵੀਂ ਸਦੀ ਨੂੰ ਮਿਲਣ ਲਈ ਉਹ ਜੁੱਤੀ ਚੁੱਕ ਕੇ ਦੌੜਨ ਲੱਗ ਜਾਂਦੇ ਜਾਂ ਕੈਲੰਡਰ ਦੇ ਵਰਕੇ ਪਲਟ ਕੇ ਨਵੀਂ ਸਦੀ ਛੇਤੀ ਸ਼ੁਰੂ ਕਰਨ ਦੀ ਸੋਚ ਲੈਦੇ। ਇਹ ਕੁਝ ਸੰਭਵ ਨਹੀਂ ਸੀ ਤੇ ਇਹ ਗੱਲ ਵੀ ਕਿਸੇ ਨੇ ਨਹੀਂ ਸੀ ਸੋਚੀ ਕਿ ਨਵੀਂ ਸਦੀਂ ਸਾਡੇ ਇਸ ਸੰਸਾਰ ਲਈ ਕਿਹੋ ਜਿਹਾ ਸਮਾਂ ਲਿਆਵੇਗੀ। ਜਿਹੜਾ ਕੋਰੋਨਾ ਵਾਇਰਸ ਪਿਛਲੀ ਸਦੀ ਦੇ ਅੱਧ ਦੇ ਅੱਗੇ-ਪਿੱਛੇ ਬਣਿਆ ਅਤੇ ਪਛਾਣਿਆ ਦੱਸਿਆ ਜਾਂਦਾ ਸੀ, ਨਵੀਂ ਸਦੀ ਵਿੱਚ ਉਹ ਪਹਿਲੇ ਵੀਹਾਂ ਸਾਲਾਂ ਵਿੱਚ ਤਿੰਨ ਵਾਰੀ ਆਪਣੇ ਡੰਗ ਦਾ ਅਹਿਸਾਸ ਕਰਵਾ ਚੁੱਕਾ ਹੈ। ਹਰ ਵਾਰੀ ਨਵੇਂ ਨਾਂਅ ਦੇ ਨਾਲ ਜਾਣਿਆ ਗਿਆ ਇਹ ਵਾਇਰਸ ਇਸ ਵਾਰੀ ਪਿਛਲੇ ਦਸੰਬਰ ਵਿੱਚ ਉੱਭਰਿਆ ਹੋਣ ਕਾਰਨ ਇਸ ਨੂੰ 'ਕੋਵਿਡ-19' ਦਾ ਨਵਾਂ ਨਾਂਅ ਦਿੱਤਾ ਗਿਆ ਹੈ। ਇਸ ਦੀ ਮਾਰ ਪਿਛਲੇ ਕਿਸੇ ਵੀ ਸਮੇਂ ਦੇ ਫਲੂ ਜਾਂ ਹੋਰ ਵਾਇਰਸ ਤੋਂ ਵੱਧ ਨਿਕਲੀ ਹੈ।
ਜਦੋਂ ਇਹ ਆਪਣੇ ਕਹਿਰ ਦਾ ਮੁੱਢਲਾ ਅਹਿਸਾਸ ਕਰਵਾਉਣ ਲੱਗਾ ਤਾਂ ਚੀਨ ਦੇ ਵੂਹਾਨ ਸ਼ਹਿਰ ਵਿੱਚ ਹਰ ਪਾਸੇ ਤੋਂ ਹਰ ਤਰ੍ਹਾਂ ਦਾ ਆਉਣ-ਜਾਣ ਰੋਕ ਕੇ ਲਾਕਡਾਊਨ ਕਰਨ ਦੀ ਕਾਰਵਾਈ ਬਾਕੀ ਸੰਸਾਰ ਲਈ ਹੈਰਾਨੀ ਵਾਲੀ ਸੀ। ਉਸ ਦੇ ਬਾਅਦ ਜਦੋਂ ਇਹ ਬਾਕੀ ਦੇਸ਼ਾਂ ਵਿੱਚ ਵੀ ਉੱਭਰਨ ਲੱਗਾ ਤਾਂ ਓਥੋਂ ਦੇ ਲੋਕਾਂ ਨੂੰ ਲਾਕਡਾਊਨ ਦੀ ਸਮਝ ਪਈ ਤੇ ਅਗਲੇ ਪੜਾਅ ਵਿੱਚ ਬਹੁਤੇ ਦੇਸ਼ਾਂ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਕਰਫਿਊ ਜਾਂ ਲਾਕਡਾਊਨ ਦਾ ਐਲਾਨ ਇਸ ਤਰ੍ਹਾਂ ਕਾਹਲੀ ਵਿੱਚ ਕਰਨਾ ਸ਼ੁਰੂ ਕੀਤਾ ਕਿ ਲੋਕ ਬੌਂਦਲ ਜਿਹੇ ਗਏ। ਬਹੁਤੇ ਲੋਕਾਂ ਨੂੰ ਇਹ ਕਦਮ ਠੀਕ ਜਾਪਦਾ ਸੀ, ਪਰ ਕੁਝ ਵਿਰੋਧੀ ਸੁਰਾਂ ਵੀ ਕੱਢਦੇ ਰਹੇ। ਉਹ ਕਹਿੰਦੇ ਸਨ ਕਿ ਇਸ ਤੋਂ ਬਿਨਾਂ ਵੀ ਕੋਈ ਰਾਹ ਨਿਕਲ ਸਕਦਾ ਹੈ। ਪਾਸੇ ਬੈਠੇ ਲੋਕ ਏਦਾਂ ਦੇ ਫਾਰਮੂਲੇ ਬਹੁਤ ਦੱਸ ਸਕਦੇ ਹਨ, ਪਰ ਜ਼ਿਮੇਵਾਰੀ ਨਿਭਾਉਣ ਵਾਲੇ ਦੀ ਨੁਕਤਾਚੀਨੀ ਕਰਨ ਦਾ ਅਧਿਕਾਰ ਸਿਰਫ ਸਾਡੇ ਕੋਲ ਨਹੀਂ ਹੁੰਦਾ, ਕੁਝ ਹੋਰ ਲੋਕ ਸਾਡੇ ਤੋਂ ਵੱਖਰੀ ਸੋਚ ਵਾਲੇ ਵੀ ਹੁੰਦੇ ਹਨ। ਵੱਖਰੀ ਸੋਚ ਵਾਲੇ ਉਨ੍ਹਾਂ ਲੋਕਾਂ ਨੇ ਫਿਰ ਇਹ ਕਹਿਣਾ ਸੀ ਕਿ ਸਰਕਾਰ ਚਲਾਉਣ ਵਾਲਿਆਂ ਨੇ ਲਾਕਡਾਊਨ ਲਾਉਣ ਦੀ ਅਕਲ ਨਹੀਂ ਕੀਤੀ ਅਤੇ ਮੁਲਕ ਦੇ ਲੋਕ ਮਰਵਾ ਦਿੱਤੇ ਹਨ। ਜ਼ਿੰਮੇਵਾਰੀ ਦੀ ਪੰਡ ਚੁੱਕਣ ਵਾਲੇ ਨੂੰ ਦੋਵਾਂ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ।
ਪਿਛਲੇ ਦੋ ਮਹੀਨਿਆਂ ਦਾ ਤਜਰਬਾ ਸਾਡੀ ਨਜ਼ਰ ਵਿੱਚ ਇਹ ਕਹਿੰਦਾ ਹੈ ਕਿ ਉਸ ਵੇਲੇ ਅਚਾਨਕ ਪਈ ਔਕੜ ਦੇ ਬਾਰੇ ਲੋਕਾਂ ਨੂੰ ਸਮਝ ਵੀ ਨਹੀਂ ਸੀ ਤੇ ਜੇ ਓਦਾਂ ਇਹ ਕਿਹਾ ਜਾਂਦਾ ਕਿ ਆਹ ਸਾਵਧਾਨੀਆਂ ਵਰਤਣੀਆਂ ਹਨ ਤਾਂ ਲੋਕਾਂ ਨੇ ਉਹ ਛੇਤੀ ਮੰਨਣੀਆਂ ਵੀ ਨਹੀਂ ਸਨ। ਆਮ ਲੋਕ ਅਜੇ ਤੱਕ ਵੀ ਜ਼ਰਾ ਕੁ ਮੌਕਾ ਮਿਲੇ ਤਾਂ ਮਜਬੂਰੀ ਵਿੱਚ ਜਾਂ ਮਨ ਦੀ ਮੌਜ ਵਿੱਚ ਵੀ ਕਈ ਥਾਂ ਭੀੜਾਂ ਜੋੜਨ ਤੋਂ ਨਹੀਂ ਹਟਦੇ। ਸਰਕਾਰੀ ਡੰਡੇ ਦੇ ਡਰ ਨਾਲ ਵਿਆਹ ਜ਼ਰੂਰ ਥੋੜ੍ਹੇ ਬੰਦਿਆਂ ਨਾਲ ਹੋਣ ਲੱਗ ਪਏ ਹਨ, ਬਾਕੀ ਗੱਲਾਂ ਵਿੱਚ ਅਜੇ ਵੀ ਸਾਡੇ ਲੋਕ ਹਰ ਪਾਸੇ ਭੀੜ ਕਰੀ ਜਾਂਦੇ ਹਨ। ਉਂਜ ਕੁਝ ਹੱਦ ਤੱਕ ਇਹ ਗੱਲ ਆਮ ਲੋਕਾਂ ਦੀ ਸਮਝ ਦਾ ਹਿੱਸਾ ਬਣਨ ਲੱਗ ਪਈ ਹੈ ਕਿ ਇੱਕ ਦੂਸਰੇ ਤੋਂ ਫਾਸਲਾ ਰੱਖਣਾ ਸਾਡੇ ਸਾਰਿਆਂ ਦੇ ਆਪਣੇ ਹੀ ਭਲੇ ਵਿੱਚ ਹੈ। ਕਿਉਂਕਿ ਸਦਾ ਲਈ ਲਾਕਡਾਊਨ ਲਾ ਕੇ ਨਹੀਂ ਸਾਰਿਆ ਜਾ ਸਕਦਾ, ਇਸ ਲਈ ਅਗਲੇ ਦਿਨਾਂ ਵਿੱਚ ਲੋਕਾਂ ਦੀ ਇਹੋ ਜਿਹੀ ਸਮਝਦਾਰੀ ਹੀ ਸਮਾਜ ਨੂੰ ਕੋਰੋਨਾ ਵਾਇਰਸ ਦੀ ਇਸ ਮਹਾਮਾਰੀ ਤੋਂ ਬਚਾ ਸਕਦੀ ਹੈ।
ਅਸੀਂ ਇਹ ਗੱਲ ਕੋਈ ਦੋ ਹਫਤੇ ਪਹਿਲਾਂ ਕਹਿ ਦਿੱਤੀ ਸੀ ਤੇ ਕਈ ਲੋਕਾਂ ਨੂੰ ਗਲਤ ਵੀ ਲੱਗੀ ਸੀ ਕਿ ਏਡਜ਼ ਦੀ ਬਿਮਾਰੀ ਉੱਠੀ ਤਾਂ ਕਿਹਾ ਗਿਆ ਸੀ ਕਿ ਇਹ ਮਨੁੱਖਤਾ ਨੂੰ ਮਾਰ ਦੇਵੇਗੀ, ਪਰ ਉਹ ਮਾਰ ਨਹੀਂ ਸੀ ਸਕੀ। ਇਸ ਦੀ ਥਾਂ ਬਹੁਤ ਸਾਰੇ ਲੋਕਾਂ ਨੇ ਐੱਚ ਆਈ ਵੀ ਪਾਜ਼ਿਟਿਵ ਹੁੰਦਿਆਂ ਵੀ ਜਿਊਣਾ ਸਿੱਖ ਲਿਆ ਸੀ। ਏਸੇ ਤਰ੍ਹਾਂ ਕੋਰੋਨਾ ਵਾਇਰਸ ਦੇ ਹੁੰਦਿਆਂ ਵੀ ਲੋਕਾਂ ਨੇ ਜਿਊਣ ਦਾ ਕੋਈ ਕੁਝ ਵੱਲ ਸਿੱਖ ਹੀ ਲੈਣਾ ਹੈ। ਅਸੀਂ ਇਸ ਮੌਕੇ ਇੱਕ ਵਿਅਕਤੀ ਬਾਰੇ ਦੱਸਣ ਦੀ ਲੋੜ ਸਮਝਦੇ ਹਾਂ, ਜਿਹੜਾ ਏਡਜ਼ ਰੋਗ ਨਾਲ ਅੱਜ ਤੱਕ ਸਭ ਤੋਂ ਵੱਧ ਸਮੇਂ ਤੋਂ ਜਿੰਦਾ ਹੈ। ਪੁਰਤਗਾਲ ਦੇ ਵਸਨੀਕ, ਜਿਸ ਦਾ ਅਸਲ ਨਾਂਅ ਦੱਸਣ ਦੀ ਮਨਾਹੀ ਹੈ ਅਤੇ ਉਸ ਨੂੰ 'ਲਿਸਬਨ ਪੇਸ਼ੈਂਟ' ਕਿਹਾ ਜਾਂਦਾ ਹੈ, ਨੂੰ ਸੋਲਾਂ ਕੁ ਸਾਲ ਪਹਿਲਾਂ ਕਿਸੇ ਕਾਰਨ ਹਸਪਤਾਲ ਜਾਣਾ ਪਿਆ ਤਾਂ ਓਥੇ ਜਾਣ ਤੱਕ ਉਹ ਠੀਕ ਸੀ, ਪਰ ਅਗਲੇ ਦਿਨ ਟੈੱਸਟ ਰਿਪੋਰਟਾਂ ਵਿੱਚ ਉਹ ਏਡਜ਼ ਦੀ ਇਨਫੈਕਸ਼ਨ ਵਾਲਾ ਮਰੀਜ਼ ਐੱਚ ਆਈ ਵੀ ਪਾਜ਼ਿਟਿਵ ਬਣ ਗਿਆ। ਓਦੋਂ ਉਹ ਚੁਰਾਸੀ ਸਾਲਾਂ ਦਾ ਸੀ, ਪਰ ਉਸ ਨੇ ਹਿੰਮਤ ਨਹੀਂ ਹਾਰੀ ਤੇ ਉਸ ਨੂੰ ਸਿਹਤ ਸੰਭਾਲ ਲਈ ਹਰ ਕਿਸਮ ਦੀ ਸਲਾਹ ਦੇਣ ਤੱਕ ਦੀ ਡਾਕਟਰੀ ਮਦਦ ਵੀ ਮਿਲਦੀ ਰਹੀ। ਏਨੀ ਉਮਰ ਦੇ ਲੋਕ ਹੌਸਲਾ ਛੱਡ ਬੈਠਦੇ ਹਨ, ਪਰ ਇਸ ਕੇਸ ਵਾਲੇ ਚੁਰਾਸੀ ਸਾਲ ਉਮਰ ਦੇ ਵਿਅਕਤੀ ਨੇ ਹੌਸਲਾ ਨਹੀਂ ਛੱਡਿਆ ਅਤੇ ਨਤੀਜਾ ਇਹ ਹੋਇਆ ਕਿ ਪਿਛਲੇ ਸਾਲ ਸਤੰਬਰ ਦੀ ਉੱਨੀ ਤਰੀਕ ਨੂੰ ਉਸ ਨੇ ਆਪਣਾ ਸੌਵਾਂ ਸਾਲ ਪੂਰਾ ਕਰ ਲਿਆ ਹੈ। ਏਡਜ਼ ਦੇ ਵਿਸ਼ਾਣੂੰ ਐੱਚ ਆਈ ਵੀ ਤੋਂ ਪਾਜ਼ਿਟਿਵ ਸਾਬਤ ਹੋਣ ਮਗਰੋਂ ਸਭ ਤੋਂ ਵੱਧ ਸਮਾਂ ਜਿਊਣ ਦਾ ਰਿਕਾਰਡ ਅੱਜ ਉਸ ਬਜ਼ੁਰਗ ਦੇ ਨਾਂਅ ਹੈ। ਉਹ ਬਾਕੀ ਲੋਕਾਂ ਲਈ ਇੱਕ ਮਿਸਾਲ ਬਣ ਗਿਆ ਹੈ। ਏਡਜ਼ ਦੀ ਬਿਮਾਰੀ ਦੇ ਨਾਲ ਜੇ ਉਹ ਏਨਾ ਲੰਮਾ ਸਮਾਂ ਜਿੰਦਾ ਰਹਿ ਸਕਦਾ ਹੈ ਤਾਂ ਸਾਨੂੰ ਵੀ ਕੋਰੋਨਾ ਨਾਲ ਰਹਿਣ ਦਾ ਵੱਲ ਸਿੱਖਣਾ ਪਵੇਗਾ।
ਕੋਰੋਨਾ ਵਾਇਰਸ ਦੇ ਨਾਲ ਜਿਊਣ ਦਾ ਵੱਲ ਸਿੱਖਣ ਦੀ ਗੱਲ ਅਸੀਂ ਇਸ ਲਈ ਕਹੀ ਹੈ ਕਿ ਪਹਿਲਾਂ ਜਦੋਂ ਏਡਜ਼ ਦੇ ਹੁੰਦਿਆਂ ਜਿੰਦਾ ਰਹਿਣ ਵਾਲੀ ਗੱਲ ਅਸੀਂ ਦੱਸੀ ਤਾਂ ਕਈ ਲੋਕਾਂ ਨੂੰ ਗਲਤ ਲੱਗਾ ਸੀ। ਅੱਜ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਤੇ ਸੰਸਾਰ ਸਿਹਤ ਸੰਗਠਨ (ਡਬਲਿਊ ਐੱਚ ਓ) ਵਾਲੇ ਲੋਕ ਵੀ ਇਹੋ ਕਹਿ ਰਹੇ ਹਨ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੀਤੇ ਤੇਰਾਂ ਮਈ ਵਾਲੇ ਦਿਨ ਆਪਣੇ ਦੇਸ਼ ਵਿੱਚ ਲਾਕਡਾਊਨ ਵਿੱਚ ਢਿੱਲਾਂ ਦਾ ਐਲਾਨ ਕਰਦੇ ਸਮੇਂ ਕਿਹਾ ਹੈ ਕਿ ਆਸ ਹੈ ਕਿ ਕੋਰੋਨਾ ਵਾਇਰਸ ਦਾ ਇਲਾਜ ਲੱਭ ਪਵੇਗਾ, ਪਰ ਇਹ ਵੀ ਹੋ ਸਕਦਾ ਹੈ ਕਿ ਇਹ ਇਲਾਜ ਕਦੇ ਲੱਭੇ ਹੀ ਨਾ, ਫਿਰ ਵੀ ਜ਼ਿੰਦਗੀ ਨੇ ਚੱਲਦੇ ਰਹਿਣਾ ਹੈ। ਉਸ ਨੇ ਕਿਹਾ ਕਿ ਅਸੀਂ ਇਲਾਜ ਦਾ ਕੋਈ ਟੀਕਾ ਲੱਭਣ ਦੀ ਆਸ ਵਿੱਚ ਬੈਠੇ ਨਹੀਂ ਰਹਿ ਸਕਦੇ, ਲੋਕਾਂ ਨੂੰ ਕੁਝ ਢਿੱਲਾਂ ਦੇਣੀਆਂ ਪੈਣੀਆਂ ਹਨ। ਇਹ ਬਿਆਨ ਉਸ ਬੋਰਿਸ ਜਾਨਸਨ ਨੇ ਦਿੱਤਾ ਹੈ, ਜਿਹੜਾ ਖੁਦ ਕੋਵਿਡ-19 ਦਾ ਮਰੀਜ਼ ਬਣਿਆ ਅਤੇ ਆਖਰੀ ਹੱਦ ਤੱਕ ਜਾ ਕੇ ਜਾਨ ਬਚੀ ਹੈ। ਉਸ ਨੇ ਖੁਦ ਦੱਸਿਆ ਕਿ ਇੱਕ ਵੇਲੇ ਤਾਂ ਉਸ ਦੀ ਮੌਤ ਦਾ ਐਲਾਨ ਕਰਨ ਦੀ ਤਿਆਰੀ ਵੀ ਹੋ ਗਈ ਸੀ। ਇਹੋ ਜਿਹਾ ਕੌੜਾ ਸੱਚ ਭੁਗਤ ਚੁੱਕਾ ਆਗੂ ਜਦੋਂ ਇਹ ਗੱਲ ਕਹਿੰਦਾ ਹੈ ਤਾਂ ਹਵਾਈ ਸ਼ੋਸ਼ਾ ਨਹੀਂ ਛੱਡ ਰਿਹਾ, ਉਹ ਜੀਵਨ ਦੀ ਹਕੀਕਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲ ਰਿਹਾ ਹੈ। ਸੱਚਾਈ ਵੀ ਇਹੋ ਹੈ ਕਿ ਇਲਾਜ ਪਤਾ ਨਹੀਂ ਲੱਭੇਗਾ ਕਿ ਨਾ, ਪਰ ਜ਼ਿੰਦਗੀ ਧੜਕਦੇ ਰਹਿਣਾ ਮੰਗਦੀ ਹੈ। ਇਸ ਨੂੰ ਧੜਕਦੇ ਰੱਖਣ ਦੀ ਹਿੰਮਤ ਕਰਨੀ ਪੈਣੀ ਹੈ। ਸਾਰੀ ਦੁਨੀਆ ਇਸ ਵਾਇਰਸ ਦੇ ਨਾਲ-ਨਾਲ ਜਿਊਣ ਦੇ ਲਈ ਮਾਨਸਿਕ ਪੱਖੋਂ ਤਿਆਰ ਹੁੰਦੀ ਪਈ ਹੈ ਤਾਂ ਅਸੀਂ ਸਮਝਦੇ ਹਾਂ ਕਿ ਮਨੁੱਖੀ ਮਾਨਸਿਕਤਾ ਦੀ ਇਸ ਤਿਆਰੀ ਦੇ ਅਸਰ ਹੇਠ ਮਨੁੱਖੀ ਸਰੀਰ ਵੀ ਅੰਦਰੋ-ਅੰਦਰ ਇਸ ਵਾਇਰਸ ਨੂੰ ਆਪਣੇ ਕਿਸੇ ਖੂੰਜੇ ਵਿੱਚ ਟੰਗ ਕੇ ਆਪਣੇ ਅੰਦਰੋਂ ਹੀ ਇਸ ਨਾਲ ਲੜਨ ਦੀ ਸਮਰੱਥਾ ਦਾ ਨਵਾਂ ਰੂਪ ਵਿਕਸਤ ਕਰਨ ਲੱਗ ਜਾਣਗੇ। ਬਹੁਤ ਸਾਰੇ ਖਤਰਿਆਂ ਦੇ ਨਾਲ ਜੂਝਦੀ ਹੋਈ ਮਨੁੱਖਤਾ ਜੇ ਅੱਜ ਵਾਲੇ ਪੜਾਅ ਤੱਕ ਆਣ ਪਹੁੰਚੀ ਹੈ ਤਾਂ ਏਥੋਂ ਅੱਗੇ ਵੀ ਹਾਰ ਨਹੀਂ ਮੰਨਣ ਲੱਗੀ। ਜ਼ਿੰਦਗੀ ਹਾਰ ਨਹੀਂ ਮੰਨੇਗੀ।
ਕੋਰੋਨਾ ਦੀ ਮਾਰ ਮਗਰੋਂ ਸਮਾਜ ਨੂੰ ਫਿਰ 'ਉੱਤਮ ਖੇਤੀ' ਦਾ ਮੰਤਰ ਹੀ ਬਚਾ ਸਕਦੈ - ਜਤਿੰਦਰ ਪਨੂੰ
ਇਤਹਾਸ ਦਾ ਦੁਖਾਂਤ ਹੀ ਹੈ ਕਿ ਬੰਦਾ ਅੱਜ ਉਸ ਮੋੜ ਉੱਤੇ ਆ ਪਹੁੰਚਿਆ ਹੈ, ਜਿੱਥੇ ਖੁਦ ਆਪਣੇ ਪ੍ਰਛਾਵੇਂ ਤੋਂ ਵੀ ਡਰ ਲੱਗਣ ਲੱਗ ਪਿਆ ਹੈ। ਆਪਣੇ ਬਹੁਤ ਨੇੜੇ ਦੀ ਸਾਂਝ ਵਾਲੇ ਲੋਕਾਂ ਨਾਲ ਮਿਲਣ ਵੇਲੇ ਵੀ ਹੱਥ ਮਿਲਾਉਣ ਦੀ ਹਿੰਮਤ ਨਹੀਂ ਪੈਂਦੀ ਤੇ ਦੂਰੋਂ ਉਸ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜਾਂ ਨਮਸਤੇ ਕਹਿਣੀ ਪੈਂਦੀ ਹੈ। ਜਿਹੜਾ ਬੰਦਾ ਕੱਲ੍ਹ ਮਿਲਿਆ ਹੁੰਦਾ ਹੈ, ਅੱਜ ਉਸ ਨੂੰ ਮਿਲਣ ਵੇਲੇ ਮਨ ਵਿੱਚ ਇਹ ਸੋਚ ਆਉਂਦੀ ਹੈ ਕਿ ਇਹ ਕੱਲ੍ਹ ਕਿਸੇ ਹੋਰ ਨੂੰ ਮਿਲਿਆ ਹੋਇਆ ਤਾਂ ਪਤਾ ਨਹੀਂ ਕਿਸੇ ਕੋਲੋਂ ਬਿਮਾਰੀ ਦਾ ਗੱਫਾ ਨਾ ਲੈ ਆਇਆ ਹੋਵੇ। ਏਦਾਂ ਤਾਂ ਕਦੀ ਨਹੀਂ ਸੀ ਹੋਈ। ਮਾਨਸ ਜਾਤ ਇਸ ਵਕਤ ਉਸ ਔਝੜ ਵਿੱਚ ਪੈ ਗਈ ਹੈ, ਜਿਸ ਤੋਂ ਨਿਕਲਣ ਦਾ ਕੋਈ ਰਾਹ ਨਜ਼ਰ ਨਹੀਂ ਆ ਰਿਹਾ।
ਅਸਲੋਂ ਡਰਾਉਣੇ ਇਨ੍ਹਾਂ ਹਾਲਾਤ ਵਿੱਚ ਅਜੇ ਕੁਝ ਹੋਰ ਡਰਾਉਣ ਵਾਲਾ ਬਾਕੀ ਹੈ। ਸੰਸਾਰ ਭਰ ਦੇ ਆਰਥਿਕਤਾ ਦੇ ਮਾਹਰ ਕਹੀ ਜਾ ਰਹੇ ਹਨ ਕਿ ਪਹਿਲਾਂ ਇਸ ਬੀਮਾਰੀ ਨੇ ਬਹੁਤ ਬੁਰੀ ਤਰ੍ਹਾਂ ਝੰਜੋੜ ਦੇਣਾ ਹੈ ਤੇ ਫਿਰ ਇਸ ਦਾ ਕਾਰੋਬਾਰ ਤੇ ਰੁਜ਼ਗਾਰ ਨੂੰ ਏਦਾਂ ਦਾ ਝਟਕਾ ਲੱਗਣ ਵਾਲਾ ਹੈ ਕਿ ਸੋਚ ਕੇ ਤ੍ਰਾਹ ਨਿਕਲ ਜਾਂਦਾ ਹੈ। ਛੋਟੇ ਪੱਧਰ ਦਾ ਕਾਰੋਬਾਰ ਕਰਨ ਵਾਲੇ ਬਹੁਤ ਸਾਰੇ ਲੋਕਾਂ ਲਈ ਏਨੇ ਦਿਨਾਂ ਦਾ ਲਾਕਡਾਊਨ ਜਾਂ ਕਰਫਿਊ ਏਨਾ ਮਾਰੂ ਸਾਬਤ ਹੋਣ ਵਾਲਾ ਹੈ ਕਿ ਇਸ ਦੇ ਬਾਅਦ ਉਨ੍ਹਾਂ ਕੋਲੋਂ ਆਪਣਾ ਕੰਮ ਫਿਰ ਚਲਾਇਆ ਨਹੀਂ ਜਾ ਸਕਣਾ। ਭਾਰਤ ਦੀ ਮਾਰੂਤੀ ਕਾਰ ਕੰਪਨੀ ਇਹ ਮੰਗ ਕਰਨ ਵਾਲਿਆਂ ਵਿੱਚ ਸ਼ਾਮਲ ਸੀ ਕਿ ਉਨ੍ਹਾਂ ਨੂੰ ਕੰਮ ਚਲਾਉਣ ਦੀ ਆਗਿਆ ਦਿੱਤੀ ਜਾਵੇ, ਪਰ ਜਦੋਂ ਆਗਿਆ ਮਿਲੀ ਤਾਂ ਕੰਮ ਸ਼ੁਰੂ ਨਹੀਂ ਕਰ ਸਕੀ। ਪੈਸੇ ਦੀ ਉਸ ਕੋਲ ਕਮੀ ਨਹੀਂ, ਸਗੋਂ ਇਸ ਦਾ ਕਾਰਨ ਇਹ ਹੈ ਕਿ ਉਸ ਨਾਲ ਜੁੜਦੇ ਕਈ ਕੰਮ ਨਾਲ ਦੀਆਂ ਛੋਟੀਆਂ ਪ੍ਰਾਈਵੇਟ ਕੰਪਨੀਆਂ ਤੋਂ ਕਰਵਾਏ ਜਾਂਦੇ ਹਨ ਤੇ ਉਨ੍ਹਾਂ ਦੇ ਬਣਾਏ ਪੁਰਜ਼ੇ ਮਾਰੂਤੀ ਕਾਰਾਂ ਵਿੱਚ ਫਿੱਟ ਕੀਤੇ ਜਾਂਦੇ ਹਨ। ਉਹ ਛੋਟੀਆਂ ਕੰਪਨੀਆਂ ਏਨੇ ਲੰਮੇ ਬੰਦ ਪਿੱਛੋਂ ਕਾਰੋਬਾਰ ਚਲਾਉਣ ਜੋਗੀਆਂ ਹਾਲੇ ਨਹੀਂ ਹੋਈਆਂ ਅਤੇ ਨਤੀਜੇ ਵਜੋਂ ਮਾਰੂਤੀ ਦਾ ਕੰਮ ਵੀ ਠੱਪ ਵਰਗਾ ਹੈ। ਏਦਾਂ ਦੇ ਸਾਰੇ ਕਾਰੋਬਾਰਾਂ ਦੀ ਇੱਕ ਚੇਨ ਜਿਹੀ ਹੁੰਦੀ ਹੈ, ਉਸ ਲੜੀ ਦਾ ਇੱਕ ਕੁੰਡਾ ਵੀ ਜਦੋਂ ਠੀਕ ਤਰ੍ਹਾਂ ਕੰਮ ਨਹੀਂ ਕਰਦਾ ਤਾਂ ਬਾਕੀ ਸਾਰੀ ਚੇਨ ਉਤੇ ਏਹੋ ਜਿਹਾ ਅਸਰ ਪੈਂਦਾ ਹੈ ਕਿ ਉਹ ਅੱਗੇ ਨਹੀਂ ਤੁਰ ਸਕਦੀ। ਜਿਹੜੀ ਹਾਲਤ ਮਾਰੂਤੀ ਕੰਪਨੀ ਦੀ ਮੀਡੀਏ ਵਿੱਚ ਦੱਸੀ ਜਾ ਰਹੀ ਹੈ, ਦੁਨੀਆ ਦੇ ਕਈ ਦੇਸ਼ਾਂ ਵਿੱਚੋਂ ਏਸੇ ਤਰ੍ਹਾਂ ਦੀਆਂ ਰਿਪੋਰਟਾਂ ਕਈ ਵੱਡੀਆਂ-ਵੱਡੀਆਂ ਕਾਰਪੋਰੇਸ਼ਨਾਂ ਬਾਰੇ ਪੜ੍ਹਨ ਨੂੰ ਮਿਲ ਰਹੀਆਂ ਹਨ।
ਨੱਬੇ ਕੁ ਸਾਲ ਪਹਿਲਾਂ ਜਦੋਂ ਸੰਸਾਰ ਪੱਧਰ ਦਾ ਮੰਦਾ ਆਇਆ ਸੀ ਤਾਂ ਉਸ ਦੀ ਇੱਕ ਕਹਾਣੀ ਚਰਚਿਤ ਹੋਣ ਪਿੱਛੋਂ ਅੱਜ ਤੱਕ ਸੂਝਵਾਨ ਲੋਕਾਂ ਵੱਲੋਂ ਯਾਦ ਕੀਤੀ ਜਾਂਦੀ ਹੈ। ਇੱਕ ਬੱਚਾ ਕੜਾਕੇ ਦੀ ਠੰਢ ਵਿੱਚ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਅੰਗੀਠੀ ਬਾਲ ਲਈਏ, ਪਰ ਮਾਂ ਕਹਿੰਦੀ ਹੈ ਕਿ ਸਾਡੇ ਘਰ ਕੋਲਾ ਨਹੀਂ ਹੈ। ਬੱਚਾ ਕੋਲਾ ਨਾ ਹੋਣ ਦਾ ਕਾਰਨ ਪੁੱਛਦਾ ਹੈ ਤਾਂ ਮਾਂ ਕਹਿੰਦੀ ਹੈ ਕਿ ਇਸ ਲਈ ਕਿ ਕੋਲਾ ਬਹੁਤਾ ਹੋ ਗਿਆ ਹੈ। ਬੱਚਾ ਸਮਝ ਨਹੀਂ ਸੀ ਸਕਿਆ। ਫਿਰ ਮਾਂ ਨੇ ਇਸ ਗੱਲ ਦੀ ਵਿਆਖਿਆ ਕੀਤੀ ਕਿ ਤੇਰਾ ਬਾਪ ਇੱਕ ਕੋਲੇ ਦੀ ਖਾਣ ਦਾ ਮਜ਼ਦੂਰ ਹੈ, ਉਸ ਖਾਣ ਵਿੱਚੋਂ ਕੋਲਾ ਬਹੁਤ ਜ਼ਿਆਦਾ ਕੱਢ ਲਿਆ ਜਾਣ ਪਿੱਛੋਂ ਵਿਕ ਨਹੀਂ ਰਿਹਾ ਅਤੇ ਇਸ ਲਈ ਤੇਰੇ ਬਾਪ ਨੂੰ ਕੰਮ ਨਹੀਂ ਮਿਲ ਰਿਹਾ। ਕਿਉਂਕਿ ਕੋਲਾ ਬਹੁਤਾ ਹੋਣ ਕਾਰਨ ਤੇਰੇ ਬਾਪ ਨੂੰ ਕੰਮ ਨਹੀਂ ਮਿਲਦਾ, ਇਸ ਲਈ ਘਰ ਵਿੱਚ ਪੈਸੇ ਨਹੀਂ ਤੇ ਜ਼ਿਆਦਾ ਕੋਲਾ ਕੱਢਣ ਵਾਲੇ ਸਾਡੇ ਵਰਗੇ ਮਜ਼ਦੂਰਾਂ ਦੇ ਪਰਵਾਰ ਆਪਣੀ ਅੰਗੀਠੀ ਭਖਾਉਣ ਜੋਗਾ ਕੋਲਾ ਵੀ ਨਹੀਂ ਖਰੀਦ ਸਕਦੇ। ਓਦੋਂ ਸਥਿਤੀ ਵਧੇਰੇ ਮਾਲ ਬਣਨ ਦੇ ਬਾਅਦ ਵਿਕਰੀ ਦੇ ਮੰਦੇ ਦੀ ਸੀ, ਅੱਜ ਇਹ ਹੋ ਗਈ ਹੈ ਕਿ ਕਿਸੇ ਫੈਕਟਰੀ ਕੋਲ ਮਾਲ ਬਣਾਉਣ ਲਈ ਪਹਿਲਾਂ ਕੱਚਾ ਮਾਲ ਲੱਭਣਾ ਔਖਾ ਹੋ ਜਾਣਾ ਹੈ, ਕੱਚਾ ਮਾਲ ਮਿਲ ਗਿਆ ਤਾਂ ਅੱਗੇ ਆਮ ਆਦਮੀ ਦੀ ਖਰੀਦ ਸ਼ਕਤੀ ਏਨੀ ਨਹੀਂ ਰਹਿਣੀ ਕਿ ਉਸ ਮਾਲ ਨੂੰ ਧੜਾਧੜ ਖਰੀਦਣ ਵਾਲੇ ਗ੍ਰਾਹਕ ਭੱਜੇ ਆਉਣ। ਜਦੋਂ ਫੈਕਟਰੀਆਂ ਦਾ ਇਹ ਹਾਲ ਹੋਇਆ ਕਿ ਨਾ ਕੱਚਾ ਮਾਲ ਮਿਲਿਆ ਤੇ ਨਾ ਬਣਿਆ ਮਾਲ ਵੇਚਣ ਲਈ ਗ੍ਰਾਹਕ ਮਿਲੇ ਤਾਂ ਇਹ ਉਸ ਮੰਦੀ ਨਾਲੋਂ ਵੀ ਵੱਡੀ ਮੰਦੀ ਲਿਆਵੇਗਾ।
ਅਸੀਂ ਬਚਪਨ ਵਿੱਚ ਬਜ਼ੁਰਗਾਂ ਕੋਲੋਂ 'ਉੱਤਮ ਖੇਤੀ, ਮੱਧਮ ਵਪਾਰ, ਨਖਿਧ ਚਾਕਰੀ, ਭੀਖ ਦੁਆਰ' ਦਾ ਮੁਹਾਵਰਾ ਸੁਣਦੇ ਹੁੰਦੇ ਸਾਂ। ਫਿਰ ਹਾਲਾਤ ਬਦਲਦੇ ਗਏ। ਸਦੀਆਂ ਤੋਂ ਉੱਤਮ ਗਿਣੀ ਜਾਂਦੀ ਖੇਤੀ ਨਾਲੋਂ ਦੂਸਰੇ ਧੰਦਿਆਂ ਦਾ ਦਰਜ਼ਾ ਉੱਪਰ ਹੁੰਦਾ ਗਿਆ। ਪਹਿਲ ਸਰਕਾਰੀ ਨੌਕਰੀ ਨੂੰ ਦਿੱਤੀ ਜਾਣ ਲੱਗ ਪਈ ਤੇ ਜਿਨ੍ਹਾਂ ਦਾ ਆਪਣਾ ਕਾਰੋਬਾਰ ਸੀ, ਉਨ੍ਹਾਂ ਦੀ ਤਰੱਕੀ ਵੇਖ ਕੇ ਲੋਕ ਈਰਖਾ ਕਰਨ ਲੱਗ ਪਏ। ਹੈਸੀਅਤ ਵਿਖਾਉਣ ਦੀ ਮੁਕਾਬਲੇਬਾਜ਼ੀ ਵਿੱਚ ਕਿਸਾਨਾਂ ਦੇ ਪੁੱਤ ਵੀ ਉਨ੍ਹਾਂ ਚੀਜ਼ਾਂ ਦੀ ਖਰੀਦਾ-ਖਰਾਦੀ ਦੇ ਰਾਹ ਪੈ ਗਏ, ਜਿਨ੍ਹਾਂ ਦੇ ਬਿਨਾਂ ਸਰ ਸਕਦਾ ਸੀ ਤੇ ਇਸ ਖਿੱਚ ਦੇ ਖਿੱਚੇ ਕਿਸਾਨਾਂ ਨੂੰ ਬੈਂਕਾਂ ਵਾਲਿਆਂ ਨੇ ਇੱਕ-ਇੱਕ ਖੇਤ ਉੱਤੇ ਦੋ-ਤਿੰਨ ਥਾਂਈਂ ਕਰਜ਼ਾ ਦਿਵਾ ਕੇ ਹੋਰ ਨੀਵਾਣਾਂ ਦੇ ਰਾਹ ਪਾ ਦਿੱਤਾ। ਭਾਈਚਾਰੇ ਨਾਲ ਮਿਲ ਕੇ ਧੀਆਂ-ਭੈਣਾਂ ਦੇ ਵਿਆਹ ਕਰਨ ਦੀ ਥਾਂ ਮੈਰਿਜ ਪੈਲਿਸਾਂ ਵੱਲ ਤੁਰ ਪਏ ਅਤੇ ਮਾੜੇ ਤੋਂ ਮਾੜਾ ਕਿਸਾਨ ਵੀ ਆਪਣੇ ਨਾਲ ਪਰਵਾਸੀ ਕਾਮਾ ਰੱਖਣ ਲੱਗ ਪਿਆ। ਖੁਦਕੁਸ਼ੀਆਂ ਦੀ ਚਰਚਾ ਹੁੰਦੀ ਸੀ, ਪਰ ਕਿਸੇ ਕਿਸਾਨ ਜਥੇਬੰਦੀ ਨੇ ਇਹ ਹੋਕਾ ਨਹੀਂ ਸੀ ਦਿੱਤਾ ਕਿ ਚਾਦਰ ਵੇਖ ਕੇ ਪੈਰ ਪਸਾਰੀਏ ਤੇ ਭਾਈਚਾਰਕ ਸਾਂਝ ਦੀ ਪਿਰਤ ਫਿਰ ਆਪਣੇ ਸੱਭਿਆਚਾਰ ਦਾ ਅੰਗ ਬਣਾ ਲਈਏ ਤਾਂ ਸਾਡਾ ਬਚਾਅ ਹੋ ਸਕਦਾ ਹੈ। ਸਰਕਾਰਾਂ ਨੂੰ ਲੋਕਾਂ ਦੀ ਚਿੰਤਾ ਹੀ ਨਹੀਂ ਹੁੰਦੀ, ਹਾਕਮ ਤਾਂ ਸਿਰਫ ਰਾਜ ਕਰਨ ਲਈ ਅੱਗੇ ਆਉਂਦੇ ਹਨ ਤੇ ਆਪਣੇ ਨੇੜਲਿਆਂ ਤੇ ਚਹੇਤਿਆਂ ਨੂੰ ਮਲਾਈਦਾਰ ਅਹੁਦਿਆਂ ਦਾ ਗੱਫਾ ਵੰਡਣ ਤੋਂ ਅੱਗੇ ਵਧਣ ਦੀ ਲੋੜ ਹੀ ਘੱਟ ਸਮਝਦੇ ਹਨ। ਆਮ ਆਦਮੀ ਦਾ ਚੇਤਾ ਪੰਜ ਸਾਲਾਂ ਪਿੱਛੋਂ ਕੀਤਾ ਜਾਂਦਾ ਹੈ।
ਅਜੋਕਾ ਸਮਾਂ ਬਿਨਾਂ ਸ਼ੱਕ ਸਾਨੂੰ ਸਭ ਨੂੰ ਕੋਰੋਨਾ ਦੀ ਮਹਾਮਾਰੀ ਦਾ ਦੌਰ ਦਿੱਸਦਾ ਹੈ ਤੇ ਇਹ ਹੈ ਵੀ, ਪਰ ਇਸ ਦੇ ਨਾਲ ਜਿਹੜਾ ਅਗਲੇ ਦਿਨਾਂ ਵਿੱਚ ਆਰਥਿਕ ਮੰਦਵਾੜੇ ਤੇ ਬੇਰੁਜ਼ਗਾਰੀ ਦਾ ਦੈਂਤ ਰਾਹ ਰੋਕੀ ਖੜਾ ਦਿਖਾਈ ਦੇਂਦਾ ਹੈ, ਉਸ ਬਾਰੇ ਸੋਚਣ ਦਾ ਵੇਲਾ ਵੀ ਇਹੋ ਹੈ। ਦੁਨੀਆ ਦਾ ਤਜਰਬਾ ਦੱਸਦਾ ਹੈ ਕਿ ਜਦੋਂ ਸਾਰੇ ਰਾਹ ਬੰਦ ਹੁੰਦੇ ਦਿੱਸਦੇ ਹਨ, ਓਦੋਂ ਵੀ ਖੇਤੀ ਦਾ ਖੇਤਰ ਹਜ਼ਾਰ ਸੱਟਾਂ ਖਾਣ ਦੇ ਬਾਵਜੂਦ ਢਿੱਡ ਭਰਨ ਜੋਗਾ ਟਿਕਿਆ ਰਹਿੰਦਾ ਹੈ। ਅਸੀਂ ਅਫਗਾਨਿਸਤਾਨ ਦੀ ਵੀਹ ਤੋਂ ਵੱਧ ਸਾਲ ਰਾਤ-ਦਿਨ ਚੱਲਦੀ ਜੰਗ ਦਾ ਹਾਲ ਵੇਖਿਆ ਹੈ, ਕੋਈ ਫੈਕਟਰੀਆਂ ਚੱਲਣ ਦੀ ਖਬਰ ਨਹੀਂ ਆਉਂਦੀ, ਸਕੂਲ ਵੀ ਬੰਦ ਕੀਤੇ ਪਏ ਹਨ, ਪਰ ਏਨਾ ਲੰਮਾ ਸਮਾਂ ਓਥੋਂ ਦੇ ਪੇਂਡੂ ਲੋਕ ਆਪਣੇ ਖੇਤਾਂ ਵਿੱਚੋਂ ਲੋੜ ਜੋਗਾ ਅੰਨ ਪੈਦਾ ਕਰ ਕੇ ਜਿਊਣ ਦਾ ਜੁਗਾੜ ਕਰਦੇ ਰਹੇ ਹਨ। ਵੱਡੀਆਂ ਮਹਾਂਮਾਰੀਆਂ ਦੇ ਦੌਰ ਵਿੱਚ ਵੀ ਪਿੰਡਾਂ ਦੀ ਆਰਥਿਕਤਾ ਇਸ ਕਰ ਕੇ ਇੱਕ ਹੱਦ ਤੱਕ ਟਿਕੀ ਰਹਿੰਦੀ ਸੀ ਕਿ ਉਸ ਨੂੰ ਸ਼ਹਿਰੀ ਅਲਾਮਤਾਂ ਦੀ ਮਾਰ ਛੇਤੀ ਵਲ੍ਹੇਟੇ ਵਿੱਚ ਨਹੀਂ ਲੈ ਸਕਦੀ। ਜੰਗਲ ਨਾਲ ਜੁੜੀ ਆਦੀ ਵਾਸੀ ਆਬਾਦੀ ਦੀ ਬਹੁਤਾਤ ਵਾਲੇ ਝਾਰਖੰਡ, ਛੱਤੀਸਗੜ੍ਹ ਵਰਗੇ ਰਾਜਾਂ ਵਿੱਚ ਕੋਰੋਨਾ ਦੀ ਮਾਰ ਘੱਟ ਪੈ ਰਹੀ ਹੈ, ਖੁਸ਼ਹਾਲ ਗਿਣੇ ਜਾਂਦੇ ਮਹਾਰਾਸ਼ਟਰ ਅਤੇ ਗੁਜਰਾਤ ਵਰਗੇ ਰਾਜਾਂ ਦੀਆਂ ਸ਼ਹਿਰੀ ਬਸਤੀਆਂ ਵਿੱਚੋਂ ਮੌਤਾਂ ਅਤੇ ਚੀਕਾਂ ਦੀਆਂ ਕਹਾਣੀਆਂ ਦੀ ਗਿਣਤੀ ਕਰਨੀ ਵੀ ਔਖੀ ਹੋ ਜਾਂਦੀ ਹੈ। ਸਿਰਫ ਕੇਰਲਾ ਰਾਜ ਖੁਸ਼ਹਾਲੀ ਦੇ ਬਾਵਜੂਦ ਹਾਲੇ ਤੱਕ ਬਚਿਆ ਹੋਇਆ ਹੈ ਤਾਂ ਇਸ ਲਈ ਕਿ ਓਥੇ ਵਾਰੀ-ਵਾਰੀ ਰਾਜ ਕਰਦੀਆਂ ਦੋਵਾਂ ਮੁੱਖ ਸਿਆਸੀ ਧਿਰਾਂ ਨੇ ਵੱਖਰੀ ਕਿਸਮ ਦਾ ਮਾਹੌਲ ਬਣਾ ਰੱਖਿਆ ਹੈ, ਜਿਸ ਵਿੱਚ ਆਮ ਲੋਕ ਅਤੇ ਸਿਆਸੀ ਧਿਰਾਂ ਵਾਲੇ ਵੀ ਮੁਸ਼ਕਲਾਂ ਦੇ ਵਕਤ ਇਕੱਠੇ ਹੋ ਜਾਂਦੇ ਹਨ ਤੇ ਲੀਡਰਾਂ ਵਿੱਚ ਵੀ ਭਾਰਤ ਦੇ ਭ੍ਰਿਸ਼ਟਾਚਾਰ ਦੀ ਸੜ੍ਹਿਆਂਦ ਹਾਲੇ ਦੇਸ਼ ਦੇ ਪੱਧਰ ਤੱਕ ਨਹੀਂ ਪਹੁੰਚੀ।
ਕੋਰੋਨਾ ਦਾ ਕਹਿਰ ਕਦੋਂ ਮੁੱਕੇਗਾ, ਇਸ ਬਾਰੇ ਅਜੇ ਤੱਕ ਦੁਨੀਆ ਦਾ ਕੋਈ ਮਾਹਰ ਹਿੱਕ ਠੋਕ ਕੇ ਦਾਅਵਾ ਕਰਨ ਦੀ ਹਿੰਮਤ ਨਹੀਂ ਕਰ ਸਕਦਾ। ਫਿਰ ਵੀ ਆਸ ਹੈ ਕਿ ਕਦੇ ਨਾ ਕਦੇ ਤਾਂ ਇਹ ਦੌਰ ਮੁੱਕੇਗਾ ਹੀ। ਆਸ਼ਾਵਾਦੀ ਲੋਕਾਂ ਦੇ ਕੋਲ ਇੱਕੋ ਜ਼ੋਰਦਾਰ ਦਲੀਲ ਹੁੰਦੀ ਹੈ ਕਿ ਸਮੇਂ ਦਾ ਚੱਕਾ ਕਦੀ ਖੜੋਂਦਾ ਨਹੀਂ, ਇਹ ਚੱਲਦਾ ਰਹਿੰਦਾ ਹੈ, ਇਸ ਲਈ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਵੀ ਨਹੀਂ ਰਹਿਣ ਲੱਗੇ। ਅਸੀਂ ਵੀ ਇਹ ਆਸ ਰੱਖਦੇ ਹਾਂ ਕਿ ਇਹ ਦੌਰ ਖਤਮ ਹੋ ਜਾਵੇਗਾ, ਪਰ ਕਦੋਂ ਕੁ ਤੱਕ ਹੋਵੇਗਾ, ਇਹ ਕਹਿਣਾ ਔਖਾ ਹੈ। ਜਦੋਂ ਵੀ ਇਸ ਦੌਰ ਤੋਂ ਖਹਿੜਾ ਛੁੱਟੇਗਾ, ਉਸ ਦੇ ਬਾਅਦ ਸਾਡੇ ਜੀਵਨ ਦਾ ਹਰ ਖੇਤਰ ਇਸ ਤੋਂ ਵਲੂੰਧਰਿਆ ਜਾਣ ਕਾਰਨ ਪੈਰਾਂ ਸਿਰ ਖੜੋਣ ਨੂੰ ਲੰਮਾ ਸਮਾਂ ਲਵੇਗਾ, ਪਰ ਇੱਕੋ ਕਿਸਾਨੀ ਖੇਤਰ ਹੈ, ਜਿਸ ਨਾਲ ਜੁੜੇ ਲੋਕ ਪੁਰਾਣੀ ਲੀਹ ਉੱਤੇ ਛੇਤੀ ਆ ਸਕਦੇ ਹਨ। ਇੱਕ ਵਾਰ ਫਿਰ ਸਮੇਂ ਨੇ 'ਉੱਤਮ ਖੇਤੀ' ਦੇ ਅਖਾਣ ਨੂੰ ਸੱਚਾ ਸਾਬਤ ਕਰਨ ਦੇ ਹਾਲਾਤ ਪੈਦਾ ਕਰ ਦਿੱਤੇ ਹਨ। ਇਹੀ ਵਕਤ ਹੈ ਕਿ ਸਰਕਾਰਾਂ ਨੂੰ ਅਤੇ ਸਮਾਜੀ ਜਥੇਬੰਦੀਆਂ ਨਾਲ ਜੁੜੇ ਹੋਏ ਲੋਕਾਂ ਨੂੰ ਇਸ ਖੇਤਰ ਵੱਲ ਧਿਆਨ ਦੇਣਾ ਚਾਹੀਦਾ ਹੈ। ਖੇਤੀ ਬਚਾਉਣ ਦੇ ਨਾਲ ਕਈ ਕੁਝ ਬਚ ਜਾਵੇਗਾ। ਸਾਨੂੰ ਇਸ ਦਾ ਯਕੀਨ ਹੈ ਕਿ ਅਚੇਤ ਜਾਂ ਸੁਚੇਤ ਤੌਰ ਉੱਤੇ ਇਸ ਵੇਲੇ ਇਹੋ ਸੈਕਟਰ ਮਨੁੱਖਤਾ ਦੀ ਢਾਰਸ ਬਣ ਸਕਦਾ ਹੈ।
ਭਾਰਤ ਤੇ ਪੰਜਾਬ ਨੂੰ ਕੋਰੋਨਾ ਤੋਂ ਬਚਾਉਣ ਦੇ ਵਕਤ ਰਾਜਨੀਤੀ ਦਾ ਚੂਰਨ ਨਹੀਂ ਧੂੜਨਾ ਚਾਹੀਦਾ - ਜਤਿੰਦਰ ਪਨੂੰ
ਪੰਜਾਬ ਦੀ ਗੱਲ ਕਰੀਏ, ਭਾਰਤ ਦੀ ਜਾਂ ਸੰਸਾਰ ਦੀ, ਜਿਸ ਮੁਸੀਬਤ ਦਾ ਸਾਹਮਣਾ ਸਭ ਨੂੰ ਕਰਨਾ ਪੈ ਰਿਹਾ ਹੈ, ਏਦਾਂ ਦੀ ਮੁਸੀਬਤ ਪਹਿਲਾਂ ਕਦੇ ਮਨੁੱਖਤਾ ਦੇ ਇਤਹਾਸ ਵਿੱਚ ਆਈ ਨਹੀਂ ਸੁਣੀ ਗਈ। ਗੱਲ ਸਿਰਫ ਕੋਰੋਨਾ ਵਾਇਰਸ ਦੇ ਕਾਰਨ ਹੁੰਦੀਆਂ ਮੌਤਾਂ ਦੀ ਨਹੀਂ, ਸੰਸਾਰ ਦੇ ਇਤਹਾਸ ਵਿੱਚ ਇਹ ਵੀ ਕਦੇ ਨਹੀਂ ਵਾਪਰਿਆ ਕਿ ਇੱਕੋ ਵੇਲੇ ਧਰਤੀ ਦੇ ਚੜ੍ਹਦੇ ਤੋਂ ਲੈ ਕੇ ਲਹਿੰਦੇ ਸਿਰੇ ਤੱਕ ਹਰ ਦੇਸ਼ ਦੇ ਲੋਕ ਘਰਾਂ ਵਿੱਚ ਤੜੇ ਰਹਿਣ ਨੂੰ ਮਜਬੂਰ ਹੋਏ ਹੋਣ। ਪਿਛਲੇ ਸਮੇਂ ਵਿੱਚ ਜਦੋਂ ਵੀ ਕਦੇ ਮੁਸੀਬਤ ਪਈ, ਕੁਝ ਦੇਸ਼ਾਂ ਵਿੱਚ ਲੋਕਾਂ ਨੂੰ ਘਰਾਂ ਵਿੱਚ ਰਹਿਣ ਨੂੰ ਸਰਕਾਰਾਂ ਕਹਿੰਦੀਆਂ ਸਨ, ਪਰ ਸਮੁੱਚੇ ਸੰਸਾਰ ਵਿੱਚ ਕਿਸੇ ਥਾਂ ਲਾਕਡਾਊਨ ਤੇ ਕਿਸੇ ਥਾਂ ਕਰਫਿਊ, ਜਾਂ ਜਿੱਥੇ ਇਹ ਦੋਵੇਂ ਨਹੀਂ, ਓਥੇ ਬਾਹਲੀ ਲੋੜ ਤੋਂ ਬਿਨਾਂ ਘਰ ਤੋਂ ਨਾ ਨਿਕਲਣ ਦੀਆਂ ਹਦਾਇਤਾਂ ਕਦੇ ਨਹੀਂ ਸੀ ਸੁਣੀਆਂ ਗਈਆਂ। ਜਿਹੜੇ ਕੁਝ ਦੇਸ਼ ਆਪਣੇ ਲੋਕਾਂ ਨੂੰ ਖੁੱਲ੍ਹ ਵੀ ਦੇ ਰਹੇ ਹਨ, ਉਹ ਚੋਰਾਂ ਵਾਂਗ ਮੂੰਹ ਢੱਕ ਕੇ ਰੱਖਣ ਨੂੰ ਕਹਿੰਦੇ ਹਨ ਤੇ ਇਹ ਗੱਲ ਉਹ ਦੇਸ਼ ਵੀ ਕਹਿਣ ਨੂੰ ਮਜਬੂਰ ਹਨ, ਜਿਹੜੇ ਕੱਲ੍ਹ ਤੱਕ ਮੂੰਹ ਨੰਗਾ ਰੱਖਣ ਲਈ ਨਕਾਬ, ਹਿਜਾਬ ਜਾਂ ਬੁਰਕੇ ਦਾ ਵਿਰੋਧ ਕਰਦੇ ਸਨ। ਮੁਸ਼ਕਲ ਵਧ ਗਈ ਤਾਂ ਏਥੋਂ ਤੱਕ ਵੀ ਕਹਿਣਾ ਪੈ ਗਿਆ ਕਿ ਕਿਸੇ ਨਾਲ ਨਾ ਹੱਥ ਮਿਲਾਉ, ਨਾ ਗਲ ਲੱਗ ਕੇ ਮਿਲੋ ਅਤੇ ਆਪਣੇ ਲੋਕਾਂ ਨਾਲ ਵੀ ਕੁਝ ਫਾਸਲਾ ਰੱਖ ਕੇ ਬੋਲਿਆ ਤੇ ਬੈਠਿਆ ਕਰੋ। ਪਤੀ-ਪਤਨੀ ਦੋਵੇਂ ਜਣੇ ਸਕੂਟਰ ਜਾਂ ਮੋਟਰ ਸਾਈਕਲ ਉੱਤੇ ਕਿਤੇ ਇਕੱਠੇ ਨਹੀਂ ਜਾ ਸਕਦੇ ਅਤੇ ਵਿਆਹ ਜਾਂ ਮਰਗ ਦੇ ਮੌਕੇ ਕੋਈ ਕਿਸੇ ਨਾਲ ਜਾਣ ਜੋਗਾ ਨਹੀਂ ਰਿਹਾ। ਹਾਲਤ ਇਹ ਹੈ ਕਿ ਬਾਹਰ ਦਿਆਂ ਦੀ ਗੱਲ ਛੱਡੋ, ਕਿਸੇ ਹੋਮ ਡਿਲਿਵਰੀ ਵਾਲੇ ਤੋਂ ਕਿਸੇ ਨੇ ਕੀ ਲੈਣਾ, ਆਪਣੇ ਘਰ ਦੇ ਲੋਕਾਂ ਕੋਲੋਂ ਕੋਈ ਚੀਜ਼ ਫੜਨ ਵੇਲੇ ਵੀ ਬੰਦੇ ਦੇ ਮਨ ਦੀ ਕਿਸੇ ਨੁੱਕਰ ਵਿੱਚ ਸਹਿਮ ਦੀ ਬਿਜਲੀ ਲਿਸ਼ਕਣ ਲੱਗ ਜਾਂਦੀ ਹੈ।
ਇਹ ਅਸਲੋਂ ਅਲੋਕਾਰ ਹਾਲਾਤ ਹਨ। ਇਨ੍ਹਾਂ ਦੀ ਮਾਰ ਹੇਠ ਮਨੁੱਖਤਾ ਨੂੰ ਜਦੋਂ ਦਿਨ ਕੱਟਣੇ ਪੈਣੇ ਹਨ ਤਾਂ ਦਿਮਾਗ ਇਹ ਕਹਿੰਦਾ ਹੈ ਕਿ ਹਰ ਗੱਲ ਜਿਵੇਂ ਕਹੀ ਜਾਵੇ, ਮੰਨੀ ਜਾਵੋ, ਪਰ ਮਨ ਕਹਿੰਦਾ ਹੈ ਕਿ ਫਿਰ ਜ਼ਿੰਦਗੀ ਤਾਂ ਜ਼ਿੰਦਗੀ ਕੋਈ ਨਹੀਂ ਰਹਿਣੀ, ਇਹ ਤਾਂ ਦਿਨ ਪੂਰੇ ਕਰਨ ਵਾਲੀ ਗੱਲ ਹੋ ਜਾਵੇਗੀ। ਇਹ ਵੀ ਸੱਚਾਈ ਹੈ। ਹਾਲਾਤ ਦਾ ਜਦੋਂ ਕਿਸੇ ਕਿਸਮ ਦਾ ਕੋਈ ਤੋੜ ਹੀ ਨਹੀਂ ਦਿੱਸਦਾ ਤਾਂ ਮਨ ਕੌੜਾ ਕਰੀਏ ਜਾਂ ਨਾ, ਇਸ ਨੂੰ ਪ੍ਰਵਾਨ ਕਰਨਾ ਪੈਣਾ ਹੈ।
ਸਾਡੇ ਸਾਹਮਣੇ ਦੁਨੀਆ ਦਾ ਪਿਛਲੇ ਤਿੰਨ ਮਹੀਨਿਆਂ ਦਾ ਤਜਰਬਾ ਬਹੁਤ ਕਾਫੀ ਹੈ। ਜਿਹੜੇ ਦੇਸ਼ਾਂ ਵਿੱਚ ਲੋਕ ਹਰ ਗੱਲ ਵਿੱਚ ਬੰਧੇਜ ਨੂੰ ਮੰਨਦੇ ਗਏ, ਸਰਕਾਰੀ ਹਦਾਇਤਾਂ ਅਤੇ ਪਾਬੰਦੀਆਂ ਦੀ ਉਲੰਘਣਾ ਨਹੀਂ ਕੀਤੀ, ਉਨ੍ਹਾਂ ਦੇਸ਼ਾਂ ਵਿੱਚ ਇਹ ਬਿਮਾਰੀ ਬਹੁਤੀ ਨਹੀਂ ਵਧੀ ਤੇ ਮੌਤਾਂ ਵੀ ਘੱਟ ਹੋਈਆਂ ਹਨ, ਪਰ ਜਿਹੜੇ ਦੇਸ਼ਾਂ ਦੇ ਹਾਕਮਾਂ ਨੇ ਪਾਬੰਦੀਆਂ ਲਾਉਣ ਵਿੱਚ ਦੇਰੀ ਕੀਤੀ ਅਤੇ ਲੋਕਾਂ ਵੀ ਪੂਰੀ ਗੰਭੀਰਤਾ ਨਹੀਂ ਵਿਖਾਈ, ਉਨ੍ਹਾਂ ਨੂੰ ਭੁਗਤਣਾ ਪਿਆ ਹੈ। ਚੀਨ ਵਿੱਚ ਜਦੋਂ ਇਸ ਬਿਮਾਰੀ ਦਾ ਪਹਿਲੀ ਵਾਰ ਉਛਾਲਾ ਆਇਆ ਸੀ, ਉਹ ਇੱਕੋ ਝਟਕੇ ਨਾਲ ਸਮੁੱਚੇ ਇਲਾਕੇ ਨੂੰ ਲਾਕਡਾਊਨ ਕਰ ਕੇ ਫਿਰ ਇੱਕੋ ਮਹੀਨੇ ਵਿੱਚ ਇਸ ਨੂੰ ਰੋਕ ਲਾਉਣ ਵਿੱਚ ਸਫਲ ਹੋ ਗਿਆ, ਪਰ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਦੇ ਅਫਸਰ ਕਹਿੰਦੇ ਹਨ ਕਿ ਅਸੀਂ ਬਾਰਾਂ ਵਾਰੀ ਇਸ ਬਾਰੇ ਦੱਸਿਆ ਸੀ, ਕਿਸੇ ਚਿੰਤਾ ਨਹੀਂ ਕੀਤੀ। ਓਥੇ ਲਾਪਰਵਾਹੀ ਨੂੰ ਭੁਗਤਣਾ ਪੈ ਗਿਆ ਹੈ। ਸਾਰੀ ਦੁਨੀਆ ਦੇ ਜਿੰਨੇ ਲੋਕ ਕੋਰੋਨਾ ਨਾਲ ਮਾਰੇ ਗਏ ਹਨ, ਚੌਥੇ ਹਿੱਸੇ ਤੋਂ ਵੱਧ ਇਕੱਲੇ ਅਮਰੀਕਾ ਵਿੱਚ ਏਸੇ ਲਈ ਮਾਰੇ ਗਏ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੇਲੇ ਸਿਰ ਸੁੱਤਾ ਨਹੀਂ ਜਾਗਿਆ। ਇਟਲੀ ਨੇ ਵੀ ਚੀਨ ਵਿੱਚ ਕੋਰੋਨਾ ਦੇ ਉਛਾਲੇ ਤੇ ਉਸ ਦੇ ਵੂਹਾਨ ਸ਼ਹਿਰ ਨਾਲ ਆਪਣੇ ਲੋਂਬਾਰਡੀ ਸ਼ਹਿਰ ਦੇ ਸਰਗਰਮ ਆਵਾਜਾਈ ਦੇ ਸੰਬੰਧਾਂ ਦੇ ਬਾਵਜੂਦ ਵੇਲੇ ਸਿਰ ਉਹ ਕੁਝ ਨਹੀਂ ਕੀਤਾ, ਜਿਹੜਾ ਖੜੇ ਪੈਰ ਕਰਨਾ ਸੀ। ਇੰਜ ਹੀ ਵਕਤੋਂ ਖੁੰਝੇ ਦੇਸ਼ਾਂ ਵਾਲੀਆਂ ਹੋਰ ਸਰਕਾਰਾਂ ਦੇ ਲੋਕਾਂ ਨਾਲ ਹੋਇਆ ਹੈ। ਲੰਘਿਆ ਵਕਤ ਕਦੇ ਹੱਥ ਤਾਂ ਨਹੀਂ ਆਉਂਦਾ ਹੁੰਦਾ।
ਅਸੀਂ ਭਾਰਤ ਦੇ ਲੋਕ ਇਸ ਗੱਲੋਂ ਬਚੇ ਹੋਏ ਹਾਂ ਤੇ ਹਜ਼ਾਰ ਸਿਆਸੀ ਅਤੇ ਸਿਧਾਂਤਕ ਮੱਤਭੇਦਾਂ ਦੇ ਬਾਵਜੂਦ ਇਹ ਗੱਲ ਮੰਨਣੀ ਪਵੇਗੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਵੇਲੇ ਸਿਰ ਵਿਦੇਸ਼ ਤੋਂ ਆਉਂਦੇ ਰਾਹ ਬੰਦ ਕਰਨ ਦਾ ਸਖਤ ਫੈਸਲਾ ਕਰ ਲਿਆ ਤੇ ਦੇਸ਼ ਵਿੱਚ ਆਵਾਜਾਈ ਰੋਕਣ ਲਈ ਲਾਕਡਾਊਨ ਵੇਲੇ ਸਿਰ ਕਰ ਦਿੱਤਾ ਸੀ। ਸੰਸਾਰ ਦਾ ਰਿਕਾਰਡ ਦੱਸਦਾ ਹੈ ਕਿ ਅਮਰੀਕਾ ਅਤੇ ਭਾਰਤ ਦੋਵਾਂ ਦੇਸ਼ਾਂ ਵਿੱਚ ਇਸ ਮੁਸੀਬਤ ਦੀ ਸ਼ੁਰੂਆਤ ਲਗਭਗ ਇੱਕੋ ਵਕਤ ਹੋਈ ਸੀ। ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਤੀਹ ਜਨਵਰੀ ਨੂੰ ਪਹਿਲੇ ਕੇਸ ਦੀ ਹੋਂਦ ਮੰਨੀ ਸੀ ਤੇ ਪੋਸਟ ਮਾਰਟਮ ਦੀਆਂ ਬਾਅਦ ਵਿੱਚ ਆਈਆਂ ਰਿਪੋਰਟਾਂ ਮੁਤਾਬਕ ਪਹਿਲੀ ਮੌਤ ਇਸ ਦੇਸ਼ ਵਿੱਚ ਛੇ ਫਰਵਰੀ ਨੂੰ ਹੋਈ ਸਮਝੀ ਜਾਂਦੀ ਹੈ। ਭਾਰਤ ਵਿੱਚ ਵੀ ਪਹਿਲੇ ਕੋਰੋਨਾ ਕੇਸ ਦੀ ਹੋਂਦ ਤੀਹ ਜਨਵਰੀ ਨੂੰ ਪਤਾ ਲੱਗੀ, ਪਰ ਪਹਿਲੀ ਮੌਤ ਤੇਰਾਂ ਮਾਰਚ ਨੂੰ ਕਰਨਾਟਕਾ ਰਾਜ ਵਿੱਚ ਹੋਈ ਸੀ, ਜਦੋਂ ਤੱਕ ਅਮਰੀਕਾ ਦੇ ਬਾਈ ਲੋਕਾਂ ਦੀ ਮੌਤ ਹੋ ਚੁੱਕੀ ਸੀ। ਇਸ ਦਾ ਸਿੱਧਾ ਅਰਥ ਹੈ ਕਿ ਭਾਰਤ ਸਰਕਾਰ ਦੇ ਵੇਲੇ ਸਿਰ ਚੁੱਕੇ ਗਏ ਕਦਮਾਂ ਨੇ ਅਸਰ ਵਿਖਾਇਆ ਸੀ ਅਤੇ ਇਹੋ ਕਾਰਨ ਹੈ ਕਿ ਭਾਰਤ ਦੇ ਨਾਲ ਕੇਸਾਂ ਦਾ ਮੁੱਢ ਬੱਝਣ ਦੇ ਬਾਵਜੂਦ ਅੱਜ ਅਮਰੀਕਾ ਵਿੱਚ ਸੱਤਰ ਹਜ਼ਾਰ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ਤੇ ਭਾਰਤ ਵਿੱਚ ਅਜੇ ਤੱਕ ਬਾਰਾਂ ਸੌ ਤੋਂ ਕੁਝ ਉੱਪਰ ਹੋਈਆਂ ਹਨ। ਇਸ ਦਾ ਸਿਹਰਾ ਅਸੀਂ ਸਿਰਫ ਸਰਕਾਰ ਨੂੰ ਨਹੀਂ, ਲੋਕਾਂ ਨੂੰ ਵੀ ਦੇਣਾ ਚਾਹਾਂਗੇ, ਜਿਨ੍ਹਾਂ ਨੇ ਕਈ ਤੰਗੀਆਂ ਸਹਾਰ ਕੇ ਵੀ ਸਰਕਾਰ ਦੇ ਸਾਰੇ ਕਦਮਾਂ ਦਾ ਸਾਥ ਦਿੱਤਾ ਹੈ।
ਇਹੋ ਗੱਲ ਪੰਜਾਬ ਦੇ ਕੇਸ ਵਿੱਚ ਕਹਿਣੀ ਪੈਂਦੀ ਹੈ। ਮੱਤਭੇਦ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨਾਲ ਵੀ ਹਰ ਕਿਸੇ ਦੇ ਹੋ ਸਕਦੇ ਹਨ, ਪਰ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਾਉਣ ਵਿੱਚ ਰਾਜ ਸਰਕਾਰ ਦੀ ਭੂਮਿਕਾ ਅਤੇ ਪੰਜਾਬ ਦੇ ਲੋਕਾਂ ਦਾ ਸਹਿਯੋਗ ਵੀ ਸਿੱਟੇ ਕੱਢਣ ਵਾਲਾ ਰਿਹਾ ਹੈ। ਜਿਵੇਂ ਦੇਸ਼ ਦੇ ਮਾਮਲੇ ਵਿੱਚ ਸਭ ਤੋਂ ਵੱਧ ਪ੍ਰਭਾਵਤ ਦੇਸ਼ ਅਮਰੀਕਾ ਨਾਲ ਤੁਲਨਾ ਕੀਤਿਆਂ ਸਮੁੱਚਾ ਨਕਸ਼ਾ ਸਾਫ ਹੁੰਦਾ ਹੈ, ਇਵੇਂ ਹੀ ਭਾਰਤ ਵਿੱਚ ਸਾਰਿਆਂ ਤੋਂ ਵੱਧ ਪ੍ਰਭਾਵਤ ਰਾਜ ਮਹਾਰਾਸ਼ਟਰ ਨਾਲ ਪੰਜਾਬ ਦੀ ਤੁਲਨਾ ਕੀਤੀ ਤਾਂ ਗੱਲ ਸਮਝ ਪੈਂਦੀ ਹੈ। ਮਹਾਰਾਸ਼ਟਰ ਵਿੱਚ ਪਹਿਲੀ ਮੌਤ ਸਤਾਰਾਂ ਮਾਰਚ ਨੂੰ ਹੋਈ ਸੀ ਅਤੇ ਇਸ ਤੋਂ ਇੱਕ ਦਿਨ ਬਾਅਦ ਨਵਾਂ ਸ਼ਹਿਰ ਜ਼ਿਲੇ ਦੇ ਪਠਲਵਾ ਪਿੰਡ ਦੇ ਗਿਆਨੀ ਬਲਦੇਵ ਸਿੰਘ ਦੀ ਮੌਤ ਪੰਜਾਬ ਵਿੱਚ ਪਹਿਲੀ ਸੀ। ਸਾਫ ਹੈ ਕਿ ਦੋਵਾਂ ਰਾਜਾਂ ਨੂੰ ਇਕੱਠੀ ਮਾਰ ਪੈਣੀ ਸ਼ੁਰੂ ਹੋਈ, ਪਰ ਮਹਾਰਾਸ਼ਟਰ ਵਿੱਚ ਅੱਜ ਤੱਕ ਪੌਣੇ ਪੰਜ ਸੌ ਮੌਤਾਂ ਹੋ ਚੁੱਕੀਆਂ ਹਨ, ਪਰ ਪੰਜਾਬ ਵਿੱਚ ਇਸ ਵੇਲੇ ਤੱਕ ਵੀਹ ਮੌਤਾਂ ਤੋਂ ਮਾਰ ਅੱਗੇ ਨਹੀਂ ਵਧ ਸਕੀ। ਪਹਿਲੀ ਪਠਲਾਵੇ ਵਾਲੀ ਮੌਤ ਹੋਣ ਪਿੱਛੋਂ ਸਾਰੇ ਰਾਜ ਦੇ ਲੋਕਾਂ ਨੂੰ ਇਸ ਗੱਲ ਨਾਲ ਚਿੰਤਾ ਹੋ ਗਈ ਕਿ ਉਸ ਦੇ ਘਰ ਦੇ ਕੁਝ ਲੋਕ ਵੀ ਇਸ ਬਿਮਾਰੀ ਤੋਂ ਪ੍ਰਭਾਵਤ ਨਿਕਲੇ ਸਨ ਤੇ ਨਾਲ ਦੇ ਹੁਸ਼ਿਆਰਪੁਰ ਜ਼ਿਲੇ ਦੇ ਕੁਝ ਪਿੰਡਾਂ ਦੇ ਲੋਕਾਂ ਤੱਕ ਵੀ ਮਾਰ ਪਹੁੰਚੀ ਦੱਸੀ ਜਾਂਦੀ ਸੀ। ਬਾਅਦ ਵਿੱਚ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਦੇ ਦੋਵਾਂ ਜ਼ਿਲਿਆਂ ਵੱਲ ਸਾਰੀ ਤਾਕਤ ਝੋਕ ਕੇ ਇਸ ਤਰ੍ਹਾਂ ਕੰਮ ਕੀਤਾ ਗਿਆ ਕਿ ਉਨ੍ਹਾਂ ਵਿੱਚ ਬਿਮਾਰੀ ਅੱਗੇ ਨਹੀਂ ਵਧਣ ਦਿੱਤੀ ਗਈ ਤੇ ਜਿੰਨੇ ਬਾਕੀ ਜ਼ਿਲਿਆਂ ਵਿੱਚ ਇਸ ਦੀ ਲਾਗ ਪਹੁੰਚੀ ਸੀ, ਓਥੇ ਵੀ ਇਨ੍ਹਾਂ ਦੋ ਜ਼ਿਲਿਆਂ ਦਾ ਤਜਰਬਾ ਕੰਮ ਆਇਆ ਸੀ। ਚਿੰਤਾ ਤੋਂ ਬਾਹਰ ਅਜੇ ਵੀ ਪੰਜਾਬ ਨਹੀਂ ਕਿਹਾ ਜਾ ਸਕਦਾ, ਪਰ ਦੂਸਰਿਆਂ ਵਾਲਾ ਮਾੜਾ ਹਾਲ ਨਹੀਂ ਹੋਇਆ।
ਅਸੀਂ ਜਦੋਂ ਇਹ ਕਹਿ ਰਹੇ ਹਾਂ ਕਿ ਭਾਰਤ ਦੀ ਤੇ ਪੰਜਾਬ ਦੀ ਸਰਕਾਰ ਨੇ ਆਹ ਕਦਮ ਠੀਕ ਚੁੱਕੇ ਤੇ ਇਨ੍ਹਾਂ ਨਾਲ ਬਚਾਅ ਹੋਇਆ ਹੈ ਤਾਂ ਇਹ ਵੀ ਨਾਲ ਕਹਿੰਦੇ ਹਾਂ ਕਿ ਲੋਕਾਂ ਨੇ ਰਾਜਨੀਤਕ ਵਲਗਣਾਂ ਤੋਂ ਉੱਪਰ ਉੱਠ ਕੇ ਇਨ੍ਹਾਂ ਕਦਮਾਂ ਲਈ ਕੇਂਦਰ ਅਤੇ ਰਾਜ ਸਰਕਾਰ ਦਾ ਸਾਥ ਦਿੱਤਾ ਹੈ। ਮਾੜੀ ਗੱਲ ਇਹ ਹੋਈ ਹੈ ਕਿ ਇਹੋ ਜਿਹੇ ਮੌਕੇ ਵੀ ਰਾਜਸੀ ਆਗੂ ਆਪਣੀਆਂ ਆਦਤਾਂ ਨਹੀਂ ਸਨ ਛੱਡ ਸਕੇ। ਸਾਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਦਿਨ ਸਾਰੇ ਲੋਕਾਂ ਨੂੰ ਆਪੋ ਆਪਣੇ ਘਰਾਂ ਦੇ ਦਰਵਾਜ਼ੇ ਅੱਗੇ ਜਾਂ ਛੱਤਾਂ ਤੇ ਬਾਲਕੋਨੀਆਂ ਵਿੱਚ ਖੜੋ ਕੇ ਤਾੜੀਆਂ ਵਜਾਉਣ ਨੂੰ ਕਿਹਾ ਸੀ। ਜਿਨ੍ਹਾਂ ਨੂੰ ਠੀਕ ਲੱਗਾ, ਉਹ ਲੋਕ ਤਾੜੀਆਂ ਮਾਰਦੇ ਰਹੇ, ਬਾਕੀ ਨਾਲ ਨਹੀਂ ਸਨ ਰਲੇ, ਪਰ ਵਿਰੋਧ ਕਿਸੇ ਨਹੀਂ ਸੀ ਕੀਤਾ। ਫਿਰ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਕਿ ਇੱਕ ਦਿਨ ਸਾਰੇ ਲੋਕ ਘਰਾਂ ਅੱਗੇ ਦੀਵੇ ਜਗਾਉਣ। ਕਈ ਲੋਕ ਇਸ ਲਈ ਵੀ ਤਿਆਰ ਹੋ ਗਏ ਤੇ ਬਾਕੀਆਂ ਨੇ ਨਹੀਂ ਸੀ ਜਗਾਏ, ਪਰ ਵਿਰੋਧ ਕਿਸੇ ਨੇ ਨਹੀਂ ਕੀਤਾ। ਫਿਰ ਪੰਜਾਬ ਦੀ ਰਾਜਨੀਤੀ ਨੇ ਨਵਾਂ ਰੰਗ ਵਿਖਾ ਦਿੱਤਾ। ਕੇਂਦਰ ਸਰਕਾਰ ਪੰਜਾਬ ਨਾਲ ਧੱਕਾ ਕਰਦੀ ਹੈ ਅਤੇ ਇਸ ਦੇ ਜੀ ਐੱਸ ਟੀ ਬਕਾਏ ਦੀ ਚਾਰ ਹਜ਼ਾਰ ਕਰੋੜ ਤੋਂ ਵੱਧ ਦੀ ਰਕਮ ਦੱਬੀ ਬੈਠੀ ਹੈ। ਇਸ ਬਾਰੇ ਰੋਸ ਕੀਤਾ ਜਾਣਾ ਠੀਕ ਸੀ। ਹੋਇਆ ਇਹ ਕਿ ਪੰਜਾਬ ਕਾਂਗਰਸ ਨੇ ਇਸ ਰੋਸ ਲਈ ਲੋਕਾਂ ਨੂੰ ਘਰਾਂ ਉੱਤੇ ਤਿਰੰਗੇ ਝੰਡੇ ਝੁਲਾਉਣ ਦਾ ਸੱਦਾ ਦਿੱਤਾ ਤਾਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਪੰਜਾਬ ਦੀ ਸਰਕਾਰ ਦੇ ਵਿਰੁੱਧ ਵਰਤ ਰੱਖਣ ਵਾਸਤੇ ਐਲਾਨ ਕਰ ਦਿੱਤਾ। ਇਸ ਪਿੱਛੋਂ ਵੇਖੋ-ਵੇਖੀ ਆਮ ਆਦਮੀ ਪਾਰਟੀ ਨੇ ਵੀ ਆਪਣਾ ਪ੍ਰੋਗਰਾਮ ਦੇ ਦਿੱਤਾ। ਜਦੋਂ ਪ੍ਰਧਾਨ ਮੰਤਰੀ ਦੇ ਕਹਿਣ ਉੱਤੇ ਕਿਸੇ ਨੇ ਵਿਰੋਧ ਨਹੀਂ ਸੀ ਕੀਤਾ ਤਾਂ ਪੰਜਾਬ ਵਿੱਚ ਵੀ ਇਹ ਨੌਬਤ ਨਹੀਂ ਸੀ ਆਉਣੀ ਚਾਹੀਦੀ, ਜਿਸ ਨੇ ਮੰਨਣਾ ਸੀ, ਮੰਨ ਲੈਂਦਾ ਤੇ ਬਾਕੀ ਲੋਕ ਘਰੀਂ ਬੈਠੇ ਰਹਿੰਦੇ, ਪਰ ਇਹ ਨੌਬਤ ਦੋ ਕਾਰਨਾਂ ਕਰ ਕੇ ਆਈ ਹੈ। ਪਹਿਲਾ ਇਹ ਕਿ ਪੰਜਾਬ ਦੇ ਭਾਜਪਾ ਆਗੂਆਂ ਨੂੰ ਜਾਪਦਾ ਸੀ ਕਿ ਇਸ ਤਰ੍ਹਾਂ ਵਿਰੋਧ ਕਰ ਕੇ ਅਸੀਂ ਪਾਰਟੀ ਤੇ ਪ੍ਰਧਾਨ ਮੰਤਰੀ ਦੀ ਨਜ਼ਰ ਵਿੱਚ ਉੱਪਰ ਉੱਠ ਸਕਦੇ ਹਾਂ। ਦੂਸਰੀ ਗੱਲ ਵਿੱਚ ਕਾਂਗਰਸ ਪਾਰਟੀ ਤੋਂ ਗਲਤੀ ਹੋਈ ਸੀ। ਜਿਹੜਾ ਧੱਕਾ ਉਹ ਪੰਜਾਬ ਨਾਲ ਕਹਿ ਰਹੇ ਹਨ, ਉਹ ਸਿਰਫ ਪੰਜਾਬ ਦੇ ਕਾਂਗਰਸੀਆਂ ਨਾਲ ਨਹੀਂ, ਸਾਰੇ ਰਾਜ ਦੇ ਲੋਕਾਂ ਨਾਲ ਹੋ ਰਿਹਾ ਹੈ, ਇਸ ਲਈ ਇਹੋ ਜਿਹਾ ਰੋਸ ਪ੍ਰਗਟਾਵਾ ਕਰਨ ਦਾ ਐਲਾਨ ਕਾਂਗਰਸ ਪਾਰਟੀ ਵੱਲੋਂ ਨਹੀਂ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੋਣਾ ਚਾਹੀਦਾ ਸੀ। ਉਹ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਆਮ ਆਦਮੀ ਪਾਰਟੀ ਤੇ ਅਮਲ ਵਿੱਚ ਅਜੇ ਵੀ ਹੋਰ ਵਿਰੋਧੀ ਧਿਰਾਂ ਤੋਂ ਵੱਡੇ ਜਾਪਦੇ ਅਕਾਲੀ ਦਲ ਦੇ ਆਗੂਆਂ ਨਾਲ ਗੱਲ ਕਰ ਲੈਂਦੇ, ਬਾਕੀ ਪਾਰਟੀਆਂ ਨੂੰ ਵੀ ਭਰੋਸੇ ਵਿੱਚ ਲੈਣ ਦਾ ਯਤਨ ਕਰਦੇ ਤੇ ਫਿਰ ਇਹੋ ਸੱਦਾ ਜਦੋਂ ਮੁੱਖ ਮੰਤਰੀ ਵੱਲੋਂ ਹੁੰਦਾ ਤਾਂ ਹਮਾਇਤ ਵਿੱਚ ਝੰਡੇ ਝੁਲਾਏ ਜਾਂਦੇ ਜਾਂ ਨਾ, ਵਿਰੋਧ ਦਾ ਕੋਈ ਕਾਰਨ ਨਹੀਂ ਸੀ ਹੋਣਾ। ਕਰਫਿਊ ਲਾਉਣ ਦਾ ਵਿਰੋਧ ਜਦੋਂ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਤੇ ਭਾਜਪਾ ਦੋਵਾਂ ਨੇ ਨਹੀਂ ਕੀਤਾ ਤੇ ਸਰਬ ਪਾਰਟੀ ਮੀਟਿੰਗ ਵੇਲੇ ਕਮਿਊਨਿਸਟਾਂ ਸਮੇਤ ਸਾਰੀਆਂ ਧਿਰਾਂ ਨੇ ਵੀ ਸਰਕਾਰ ਦੇ ਕਦਮਾਂ ਦੀ ਹਮਾਇਤ ਕੀਤੀ ਸੀ ਤਾਂ ਇਸ ਕਦਮ ਵੇਲੇ ਵੀ ਉਨ੍ਹਾਂ ਦੀ ਹਮਾਇਤ ਲਈ ਜਾ ਸਕਦੀ ਸੀ। ਕਾਂਗਰਸ ਪਾਰਟੀ ਵੱਲੋਂ ਇਸ ਸੱਦੇ ਨਾਲ ਬੇਲੋੜਾ ਵਿਵਾਦ ਖੜਾ ਹੋ ਗਿਆ ਹੈ।
ਜੋ ਵੀ ਹੋਇਆ ਹੋਵੇ, ਅਸੀਂ ਇੱਕ ਵਾਰ ਫਿਰ ਇਹ ਕਹਾਂਗੇ ਕਿ ਰਾਜਨੀਤੀ ਅਤੇ ਇਸ ਦੇ ਬਖੇੜੇ ਆਪਣੀ ਥਾਂ ਹਨ ਤੇ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਨਜਿੱਠਣ ਦਾ ਮਾਮਲਾ ਵੱਖਰਾ ਹੈ। ਇਸ ਪੱਖੋਂ ਅੱਜ ਤੱਕ ਜਿੰਨਾ ਅਤੇ ਜਿਹੋ ਜਿਹਾ ਵੀ ਕੰਮ ਹੋਇਆ ਹੈ, ਉਹ ਕੇਂਦਰ ਸਰਕਾਰ ਨੇ ਕੀਤਾ ਤਾਂ ਭਾਰਤ ਦਾ ਬਚਾਅ ਹੋਇਆ ਤੇ ਪੰਜਾਬ ਸਰਕਾਰ ਨੇ ਪੰਜਾਬ ਦਾ ਬਚਾਅ ਕੀਤਾ ਹੈ, ਪਰ ਸਭ ਕੁਝ ਕਰ ਕੇ ਇਸ ਉੱਤੇ ਰਾਜਨੀਤੀ ਦਾ ਚੂਰਨ ਨਹੀਂ ਸੀ ਧੂੜਿਆ ਜਾਣਾ ਚਾਹੀਦਾ।
ਗੰਭੀਰਤਾ ਦੀ ਲੋੜ ਹੈ ਮਹਾਂਸ਼ਕਤੀਆਂ ਦੇ ਥੰਮ੍ਹ ਥਿੜਕਾ ਰਹੇ ਕੋਰੋਨਾ ਵਾਇਰਸ ਨਾਲ ਭਿੜਨ ਲਈ - ਜਤਿੰਦਰ ਪਨੂੰ
ਸੰਸਾਰ ਇੱਕ ਬਹੁਤ ਵੱਡੀ ਮੁਸੀਬਤ ਦੇ ਮੂੰਹ ਆਇਆ ਪਿਆ ਹੈ। ਇਹ ਮੁਸੀਬਤ ਕਾਬੂ ਵਿੱਚ ਆਉਣ ਦੀ ਥਾਂ ਹਰ ਨਵੇਂ ਦਿਨ ਨਾਲ ਵਧਦੀ ਜਾਂਦੀ ਜਾਪਦੀ ਹੈ। ਜੰਗਾਂ ਵਿਰੁੱਧ ਸਾਂਝੇ ਮੋਰਚੇ ਬਣਾਏ ਤਾਂ ਇਤਹਾਸ ਵਿੱਚੋਂ ਮਿਲ ਜਾਂਦੇ ਹਨ, ਪਰ ਇਸ ਵਾਰੀ ਇੱਕ ਅਣਦਿੱਸਦੇ ਦੁਸ਼ਮਣ, ਕੋਰੋਨਾ ਵਾਇਰਸ, ਨਾਲ ਜੰਗ ਲੜਨ ਲਈ ਸਾਂਝਾ ਮੋਰਚਾ ਨਹੀਂ ਬਣ ਸਕਿਆ ਤੇ ਦੇਸ਼ਾਂ ਦੀਆਂ ਸਰਕਾਰਾਂ ਆਪੋ-ਆਪਣੇ ਘੋੜੇ ਭਜਾਈ ਫਿਰਦੀਆਂ ਹਨ। ਦੁਨੀਆ ਦੀ ਇਕਲੌਤੀ ਮਹਾਂਸ਼ਕਤੀ ਹੋਣ ਦੇ ਭਰਮ ਵਿੱਚ ਫਸਿਆ ਅਮਰੀਕਾ ਇੱਕ ਅੱਥਰੇ ਸੁਭਾਅ ਵਾਲੇ ਰਾਸ਼ਟਰਪਤੀ ਦੀ ਅਗਵਾਈ ਹੇਠ ਦੁਨੀਆ ਵਿੱਚ ਕੋਰੋਨਾ ਦੀ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ। ਇਸ ਦੇ ਨਿਊ ਯਾਰਕ ਰਾਜ ਵਿੱਚ ਹੀ ਮੌਤਾਂ ਦੀ ਲੜੀ ਟੁੱਟਣ ਵਿੱਚ ਨਹੀਂ ਆ ਰਹੀ। ਸੰਸਾਰ ਭਰ ਦੇ ਲੋਕ ਅਮਰੀਕਾ ਵੱਲ ਵੇਖ ਰਹੇ ਹਨ, ਪਰ ਉਸ ਨਾਲ ਜੰਗਾਂ ਲੜਨ ਲਈ ਕਦੀ ਇਰਾਕ ਅਤੇ ਕਦੀ ਅਫਗਾਨਿਸਤਾਨ ਨੂੰ ਫੌਜਾਂ ਭੇਜਣ ਵਾਲੇ ਦੇਸ਼ ਵੀ ਇਸ ਵਕਤ ਉਸ ਵੱਲ ਵੇਖੇ ਬਿਨਾਂ ਆਪੋ-ਆਪਣੀ ਥਾਂ ਬਿਮਾਰੀ ਨਾਲ ਜੂਝ ਰਹੇ ਹਨ।
ਬਿਮਾਰੀ ਦਾ ਪਹਿਲਾ ਵੱਡਾ ਪ੍ਰਗਟਾਵਾ ਚੀਨ ਵਿੱਚ ਪਿਛਲੇ ਦਸੰਬਰ ਵਿੱਚ ਹੋਇਆ ਸੀ। ਓਦੋਂ ਦੁਨੀਆ ਦੇ ਕਿਸੇ ਵੀ ਦੇਸ਼ ਨੇ ਇਹ ਨਹੀਂ ਸੀ ਸੋਚਿਆ ਕਿ ਮੁਸੀਬਤ ਉਨ੍ਹਾਂ ਦੇ ਘਰ ਤੱਕ ਵੀ ਆ ਸਕਦੀ ਹੈ। ਫਿਰ ਜਦੋਂ ਇਹ ਉਨ੍ਹਾਂ ਦੇਸ਼ਾਂ ਵੱਲ ਨੂੰ ਆਉਣੀ ਸ਼ੁਰੂ ਹੋਈ ਤਾਂ ਇੱਕਦਮ ਵੱਜੀ ਸੱਟ ਨਾਲ ਓਥੋਂ ਦੀਆਂ ਸਰਕਾਰਾਂ ਦੇ ਥੰਮ੍ਹ ਥਿੜਕ ਗਏ। ਸੰਸਾਰ ਦੇ ਅਗਵਾਨੂੰ ਦੇਸ਼ ਅਖਵਾਉਣ ਵਾਲਿਆਂ ਵਿੱਚ ਜਦੋਂ ਬਿਮਾਰੀ ਪਹੁੰਚੀ ਤੇ ਪਹੁੰਚਦੇ ਸਾਰ ਸੱਥਰ ਵਿਛਾਉਣ ਲੱਗ ਪਈ ਤਾਂ ਓਥੋਂ ਦੀਆਂ ਸਰਕਾਰਾਂ ਨੇ ਆਪਣਾ ਘਰ ਸਾਂਭਣ ਦੀ ਥਾਂ ਇੱਕ ਨਵਾਂ ਕੂਟਨੀਤਕ ਮੋਰਚਾ ਖੋਲ੍ਹ ਲਿਆ ਕਿ ਚੀਨ ਨੇ ਸਾਨੂੰ ਇਸ ਬਾਰੇ ਵੇਲੇ ਸਿਰ ਨਹੀਂ ਦੱਸਿਆ। ਇਹ ਗੱਲ ਮੰਨੀ ਜਾਣ ਵਿੱਚ ਕਿਸੇ ਨੂੰ ਇਤਰਾਜ਼ ਨਾ ਵੀ ਹੋਵੇ ਕਿ ਚੀਨ ਨੇ ਵੇਲੇ ਸਿਰ ਸੰਸਾਰ ਭਰ ਵਿੱਚ ਡੌਂਡੀ ਨਹੀਂ ਪਿੱਟੀ, ਫਿਰ ਵੀ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਚੀਨ ਦੇ ਹਾਲਾਤ ਵੇਖ ਕੇ ਜਿਨ੍ਹਾਂ ਦੇਸ਼ਾਂ ਨੂੰ ਆਪਣੇ ਘਰ ਵਿੱਚ ਅਗੇਤੇ ਬਚਾਅ ਦੇ ਪ੍ਰਬੰਧ ਕਰ ਲੈਣੇ ਚਾਹੀਦੇ ਸਨ, ਉਨ੍ਹਾਂ ਨੇ ਏਦਾਂ ਦਾ ਕੁਝ ਕੀਤਾ ਹੀ ਨਹੀਂ। ਅਜੋਕੇ ਹਾਲ ਵਿੱਚ ਉਹ ਚੀਨ ਦੇ ਖਿਲਾਫ ਜੋ ਮਰਜ਼ੀ ਕਹਿ ਲੈਣ, ਆਪਣੇ ਲੋਕਾਂ ਵੱਲੋਂ ਪੁੱਛੇ ਜਾਂਦੇ ਸਵਾਲਾਂ ਤੇ ਮੁੱਦਿਆਂ ਦਾ ਵੀ ਕੋਈ ਜਵਾਬ ਤਾਂ ਦੇਣ। ਇਸ ਦੀ ਉਹ ਲੋੜ ਹੀ ਨਹੀਂ ਸਮਝਦੇ। ਉਲਟਾ ਇਹ ਹੈ ਕਿ ਅਮਰੀਕਾ ਦੀ ਨੈਸ਼ਨਲ ਇੰਸਟੀਚਿਊਟ ਆਫ ਅਲਰਜੀ ਦੇ ਡਾਇਰੈਕਟਰ ਡਾਕਟਰ ਐਂਥਨੀ ਫਾਊਸੀ ਤੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪਰੀਵੈਂਸ਼ਨ ਦੇ ਡਾਇਰੈਕਟਰ ਡਾਕਟਰ ਰੈੱਡਫੀਲਡ ਨੇ ਕੁਝ ਕਿਹਾ ਤਾਂ ਉਨ੍ਹਾਂ ਨੂੰ ਜਨਤਕ ਤੌਰ ਉੱਤੇ ਭੰਡਿਆ ਗਿਆ। ਅਮਰੀਕਾ ਦੀ ਬਾਇਓਮੈਡੀਕਲ ਐਡਵਾਂਸ ਰਿਸਰਚ ਅਥਾਰਟੀ ਦੇ ਡਾਇਰੈਕਟਰ ਰਿਕ ਬਰਾਈਟ ਨੂੰ ਨੌਕਰੀ ਤੋਂ ਹੀ ਕੱਢ ਦਿੱਤਾ ਅਤੇ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਰਿਕ ਬਰਾਈਟ ਨੂੰ ਜਾਣਦਾ ਤੱਕ ਨਹੀਂ। ਕਾਰਨ ਬੱਸ ਇਹ ਸੀ ਕਿ ਇਨ੍ਹਾਂ ਲੋਕਾਂ ਵੱਲੋਂ ਕਹੇ ਗਏ ਸ਼ਬਦ ਰਾਸ਼ਟਰਪਤੀ ਟਰੰਪ ਦੀ ਕੂਟਨੀਤੀ ਦੇ ਮੁਤਾਬਕ ਨਹੀਂ ਸੀ। ਉਸ ਦੀ ਕੂਟਨੀਤੀ ਤੇ ਦੇਸ਼ ਵਿਚ ਅਗਲੇ ਦਿਨੀਂ ਹੋਣ ਜਾ ਰਹੀ ਰਾਸ਼ਟਰਪਤੀ ਚੋਣ ਨੀਤੀ ਦੀਆਂ ਲੋੜਾਂ ਇਸ ਵੇਲੇ ਵੀ ਭਾਰੂ ਹਨ।
ਭਾਰਤ ਵਿੱਚ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਇਸ ਵਕਤ ਤੱਕ ਆਪਣੇ ਲੋਕਾਂ ਨੂੰ ਕੋਰੋਨਾ ਦੀ ਇਸ ਬਿਮਾਰੀ ਤੋਂ ਬਚਾਉਣ ਲਈ ਜਿੰਨੇ ਪ੍ਰਬੰਧ ਕਰ ਰਹੀਆਂ ਹਨ, ਆਮ ਤੌਰ ਉੱਤੇ ਉਹ ਠੀਕ ਹਨ। ਹਰ ਗੱਲ ਦੀ ਨੁਕਤਾਚੀਨੀ ਕਰਨ ਵਾਲੇ ਲੋਕਾਂ ਨੂੰ ਛੱਡ ਲਈਏ ਤਾਂ ਬਹੁਤੇ ਲੋਕਾਂ ਦੀ ਰਾਏ ਹੈ ਕਿ ਮੁੱਢ ਵਿੱਚ ਬੇਸ਼ੱਕ ਲਾਕਡਾਊਨ ਅਤੇ ਕਰਫਿਊ ਦੋਵੇਂ ਹੱਦੋਂ ਬਾਹਰੇ ਨੰਬਰ ਬਣਾਉਣ ਲਈ ਚੁੱਕੇ ਕਦਮ ਜਾਪਦੇ ਸਨ, ਸਮੇਂ ਨੇ ਸਾਬਤ ਕਰ ਦਿੱਤਾ ਕਿ ਇਹ ਕੁਝ ਨਾ ਕੀਤਾ ਜਾਂਦਾ ਤਾਂ ਜਿਹੜਾ ਹਾਲ ਮਹਾਰਾਸ਼ਟਰ ਦਾ ਹੋਇਆ ਹੈ, ਉਸ ਤੋਂ ਵੱਧ ਪੰਜਾਬ ਵਿੱਚ ਹੋ ਜਾਣਾ ਸੀ। ਭਾਰਤ ਵਿੱਚ ਬਿਮਾਰੀ ਅਜੇ ਤੱਕ ਵੀ ਓਨੀ ਬੁਰੀ ਤਰ੍ਹਾਂ ਪੈਰ ਨਹੀਂ ਪਸਾਰ ਸਕੀ, ਜਿੰਨੀ ਲਾਕਡਾਊਨ ਨਾ ਲੱਗਣ ਤੇ ਵਿਦੇਸ਼ੀ ਉਡਾਣਾਂ ਬੰਦ ਨਾ ਕਰਨ ਦੀ ਸੂਰਤ ਵਿੱਚ ਫੈਲ ਸਕਦੀ ਸੀ। ਪਹਿਲੇ ਦਿਨਾਂ ਵਿੱਚ ਪੁਲਸ ਦੀ ਸਖਤੀ ਦਾ ਲੋਕਾਂ ਦੀ ਬੇਇੱਜ਼ਤੀ ਕਰਨ ਵਾਲਾ ਪੁਰਾਣਾ ਢੰਗ ਕਿਸੇ ਨੂੰ ਵੀ ਪਸੰਦ ਨਹੀਂ ਸੀ, ਅਸੀਂ ਵੀ ਇਸ ਦੇ ਖਿਲਾਫ ਸਾਂ ਤੇ ਬਹੁਤ ਸਾਰੇ ਲੋਕਾਂ ਨੇ ਵੀ ਵੱਡੇ ਪੱਧਰ ਉੱਤੇ ਇਸ ਦਾ ਵਿਰੋਧ ਕੀਤਾ ਸੀ, ਪਰ ਜਦੋਂ ਇਸ ਤਰ੍ਹਾਂ ਦੀ ਸਖਤੀ ਤੋਂ ਰਾਜ ਸਰਕਾਰ ਨੇ ਵਰਜ ਦਿੱਤਾ, ਉਸ ਤੋਂ ਬਾਅਦ ਸਮਝਾਊ ਮੁਹਿੰਮ ਦਾ ਅਸਰ ਕੋਈ ਖਾਸ ਦਿਖਾਈ ਨਹੀਂ ਦੇ ਰਿਹਾ। ਕਿਸੇ ਨਾ ਕਿਸੇ ਬਹਾਨੇ ਲੋਕ ਅਜੇ ਵੀ ਬਾਜ਼ਾਰਾਂ ਵਿੱਚ ਨਿਕਲ ਪੈਂਦੇ ਹਨ ਤੇ ਅੱਗੇ ਜਾ ਕੇ ਢਾਣੀਆਂ ਬਣਾਉਣ ਤੋਂ ਗੁਰੇਜ਼ ਨਹੀਂ ਕਰਦੇ। ਭਾਰਤ ਵਿੱਚ ਦੋ ਮਾਰਚ ਨੂੰ ਪਹਿਲੀ ਵਾਰ ਤਿੰਨ ਕੇਸ ਪਤਾ ਲੱਗਣ ਦੇ ਨਾਲ ਸ਼ੁਰੂਆਤ ਹੋਈ ਤੇ ਬਾਰਾਂ ਮਾਰਚ ਨੂੰ ਪਹਿਲੀ ਮੌਤ ਹੋਈ ਸੀ। ਓਸੇ ਵਕਤ ਲਾਕਡਾਊਨ ਕਰ ਦੇਣ ਸਦਕਾ ਕੇਸਾਂ ਅਤੇ ਮੌਤਾਂ ਦੋਵਾਂ ਪੱਖਾਂ ਤੋਂ ਇਹ ਦੇਸ਼ ਕਾਫੀ ਹੱਦ ਤੱਕ ਬਚਿਆ ਹੋਇਆ ਹੈ। ਅਮਰੀਕਾ ਵਿੱਚ ਪਹਿਲੀ ਮਾਰਚ ਦੇ ਦਿਨ, ਭਾਰਤ ਤੋਂ ਛੇ ਦਿਨ ਪਹਿਲਾਂ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਹੋਈ ਸੀ ਤੇ ਫਿਰ ਉਹ ਕੋਰੋਨਾ ਦੀਆਂ ਮੌਤਾਂ ਦੇ ਮਾਮਲੇ ਵਿੱਚ ਦੁਨੀਆ ਦੇ ਸਾਰੇ ਦੇਸ਼ਾਂ ਨਾਲੋਂ ਵੱਧ ਪੀੜਤ ਦੇਸ਼ ਬਣਦਾ ਗਿਆ। ਉਸ ਦੇਸ਼ ਵਿੱਚ ਜਦੋਂ ਪੰਜਾਹ ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਸਨ, ਓਦੋਂ ਭਾਰਤ ਵਿੱਚ ਅੱਠ ਸੌ ਤੋਂ ਹੇਠਾਂ ਸਨ। ਵੇਲੇ ਸਿਰ ਚੁੱਕੇ ਗਏ ਕਦਮਾਂ ਨੇ ਬਚਾਅ ਕੀਤਾ ਤਾਂ ਦਿੱਸਦਾ ਹੀ ਹੈ।
ਸਾਡੇ ਪੰਜਾਬ ਵਿੱਚ ਇਸ ਦੌਰਾਨ ਵੀਹ ਤੋਂ ਘੱਟ ਮੌਤਾਂ ਹੋਈਆਂ ਅਤੇ ਕੇਸਾਂ ਦੀ ਗਿਣਤੀ ਤਿੰਨ ਸੌ ਤੱਕ ਪਹੁੰਚੀ ਹੈ ਤਾਂ ਏਥੇ ਵੀ ਸਰਕਾਰ ਅਤੇ ਬਾਕੀ ਸਭ ਧਿਰਾਂ ਦੇ ਸਹਿਯੋਗ ਦਾ ਅਸਰ ਮੰਨਿਆ ਜਾ ਸਕਦਾ ਹੈ। ਜਲੰਧਰ ਤੇ ਮੋਹਾਲੀ ਦੇ ਦੋ ਜ਼ਿਲਿਆਂ ਵਿੱਚ ਹਾਲਤ ਗੰਭੀਰ ਹੈ, ਪਰ ਜਿਹੜੇ ਨਵਾਂ ਸ਼ਹਿਰ ਤੋਂ ਬਿਮਾਰੀ ਸ਼ੁਰੂ ਹੋਈ ਸੀ, ਉਸ ਵੱਲੋਂ ਫਿਰ ਇੱਕ ਵੀ ਮੌਤ ਦੀ ਖਬਰ ਨਹੀਂ ਆਈ ਤੇ ਜਿਹੜੇ ਅਠਾਰਾਂ ਲੋਕ ਇਸ ਦੀ ਲਾਗ ਨਾਲ ਹਸਪਤਾਲ ਪਹੁੰਚੇ ਸਨ, ਉਨ੍ਹਾਂ ਨੂੰ ਠੀਕ ਕਰ ਕੇ ਘਰੀਂ ਭੇਜ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਦੇਸ਼ ਦੇ ਜਿਹੜੇ ਜ਼ਿਲੇ ਬਿਮਾਰੀ ਤੋਂ ਬਚੇ ਹੋਏ ਦੱਸੇ ਹਨ, ਉਨ੍ਹਾਂ ਵਿੱਚ ਨੌਂ ਜ਼ਿਲੇ ਪੰਜਾਬ ਦੇ ਦਰਜ ਹਨ। ਇਹ ਵੀ ਰਾਜ ਸਰਕਾਰ ਦੇ ਯਤਨਾਂ ਅਤੇ ਲੋਕਾਂ ਦੇ ਸਹਿਯੋਗ ਦਾ ਸਿੱਟਾ ਹੈ।
ਫਿਰ ਵੀ ਕੇਰਲਾ ਤੇ ਓਡੀਸ਼ਾ ਦੋ ਰਾਜਾਂ ਵਿੱਚ ਜਿਵੇਂ ਇਸ ਬਿਮਾਰੀ ਨੂੰ ਠੱਲ੍ਹਿਆ ਗਿਆ, ਉਸ ਦੀ ਹਰ ਕੋਈ ਦਾਦ ਦੇਂਦਾ ਹੈ। ਕੇਰਲਾ ਦੇ ਲੋਕ ਪੜ੍ਹੇ-ਲਿਖੇ ਅਤੇ ਡਿਸਿਪਲਿਨ ਮੰਨਣ ਵਾਲੇ ਹਨ। ਉਸ ਰਾਜ ਦੀ ਸਿਹਤ ਮੰਤਰੀ ਬੀਬੀ ਸ਼ੈਲਜਾ ਬਾਰੇ ਵੀ ਹਰ ਪਾਸਿਓਂ ਸਿਫਤਾਂ ਸੁਣਦੀਆਂ ਹਨ ਕਿ ਉਸ ਨੇ ਰਾਤ ਦਿਨ ਬਹੁਤ ਕੰਮ ਕੀਤਾ ਹੈ ਤੇ ਰਿਲੀਫ ਦੇ ਕੰਮਾਂ ਵਿੱਚ ਆਪਣੇ ਕਾਮਰੇਡਾਂ ਦੇ ਨਾਲ ਕਾਂਗਰਸੀਆਂ ਹੀ ਨਹੀਂ, ਭਾਜਪਾ ਅਤੇ ਆਰ ਐੱਸ ਐੱਸ ਵਾਲਿਆਂ ਨੂੰ ਵੀ ਜੋੜ ਕੇ ਨਤੀਜੇ ਕੱਢੇ ਹਨ। ਇਸ ਰਾਜ ਦੇ ਨਾਲ ਹੀ ਮਹਾਰਾਸ਼ਟਰ ਵਿੱਚ ਬਿਮਾਰੀ ਦੀ ਸ਼ੁਰੂਆਤ ਹੋਈ ਸੀ, ਓਥੇ ਇਹ ਸਤਰਾਂ ਲਿਖਣ ਤੱਕ ਮੌਤਾਂ ਦੀ ਗਿਣਤੀ ਤਿੰਨ ਸੌ ਟੱਪ ਚੁੱਕੀ ਹੈ ਤੇ ਕੇਰਲਾ ਵਿੱਚ ਮੁੱਢਲੇ ਦਿਨਾਂ ਵਿੱਚ ਹੋਈਆਂ ਤਿੰਨ ਮੌਤਾਂ ਤੋਂ ਅੱਗੇ ਨਹੀਂ ਵਧ ਸਕੀ। ਪਹਿਲਾਂ ਨਿਪਾਹ ਦੇ ਵਾਇਰਸ ਵੇਲੇ ਵੀ ਉਸ ਰਾਜ ਵਿੱਚ ਏਸੇ ਲਈ ਵੱਡਾ ਨੁਕਸਾਨ ਨਹੀਂ ਸੀ ਹੋਇਆ ਕਿ ਰਾਜ ਸਰਕਾਰ ਨੇ ਵੇਲੇ ਸਿਰ ਕਦਮ ਚੁੱਕੇ ਸਨ ਅਤੇ ਲੋਕਾਂ ਨੇ ਰਾਜਸੀ ਮੱਤਭੇਦ ਲਾਂਭੇ ਰੱਖ ਕੇ ਸਰਕਾਰ ਦਾ ਸਹਿਯੋਗ ਕੀਤਾ ਸੀ। ਓਡੀਸ਼ਾ ਵਿੱਚ ਮੁੱਖ ਮੰਤਰੀ ਨਵੀਨ ਪਟਨਾਇਕ ਮੀਡੀਏ ਵਿੱਚ ਖਾਸ ਝਲਕਦਾ ਨਹੀਂ, ਪਰ ਉਸ ਨੇ ਬਿਮਾਰੀ ਰੋਕਣ ਲਈ ਆਪਣੀ ਸਰਕਾਰ ਨੂੰ ਇਸ ਤਰ੍ਹਾਂ ਸਰਗਰਮ ਕੀਤਾ ਹੈ ਕਿ ਇਹ ਸਤਰਾਂ ਲਿਖਣ ਵੇਲੇ ਤੱਕ ਗੁਜਰਾਤ ਵਿੱਚ ਮੌਤਾਂ ਦੀ ਗਿਣਤੀ ਜਦੋਂ ਸਵਾ ਸੌ ਟੱਪ ਚੁੱਕੀ ਹੈ, ਮੱਧ ਪ੍ਰਦੇਸ਼ ਵਿੱਚ ਸੌ ਦੇ ਨੇੜੇ ਜਾ ਪਹੁੰਚੀ ਹੈ, ਓਡੀਸ਼ਾ ਵਿੱਚ ਸਿਰਫ ਨੱਬੇ ਕੇਸ ਤੇ ਇੱਕ ਮੌਤ ਤੋਂ ਬਿਮਾਰੀ ਅੱਗੇ ਨਹੀਂ ਵਧ ਸਕੀ। ਇਹ ਸਭ ਉਸ ਮੁੱਖ ਮੰਤਰੀ ਦੀ ਯੋਗ ਅਗਵਾਈ ਦਾ ਸਿੱਟਾ ਹੈ।
ਇਸ ਮੌਕੇ ਅਸੀਂ ਸਾਰੇ ਸੰਸਾਰ ਦੇ ਦ੍ਰਿਸ਼ ਉੱਤੇ ਵੀ ਝਾਤ ਮਾਰੀਏ ਤਾਂ ਸੰਕਟ ਦੇ ਸਮੇਂ ਸਭ ਤੋਂ ਲਾਪਰਵਾਹ ਕਿਸਮ ਦਾ ਵਿਹਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦਿਖਾਈ ਦੇਂਦਾ ਹੈ। ਉਸ ਨੇ ਪਹਿਲਾਂ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਸੀ ਕਿ ਲੱਖ-ਦੋ ਲੱਖ ਮੌਤਾਂ ਹੋਣ ਪਿੱਛੋਂ ਵੀ ਜੇ ਅਸੀਂ ਕੰਟਰੋਲ ਕਰ ਲਈਏ ਤਾਂ ਇਹ ਸਰਕਾਰ ਦੀ ਕਾਮਯਾਬੀ ਹੋਵੇਗੀ। ਕਹਿਣ ਤੋਂ ਭਾਵ ਕਿ ਸ਼ੁਰੂ ਵਿੱਚ ਹੀ ਉਸ ਨੇ ਲੋਕਾਂ ਨੂੰ ਲੱਖ-ਦੋ ਲੱਖ ਮੌਤਾਂ ਹੋਣ ਬਾਰੇ ਤਿਆਰ ਰਹਿਣ ਲਈ ਓਦੋਂ ਕਹਿ ਦਿੱਤਾ ਸੀ, ਜਦੋਂ ਅਜੇ ਉਸ ਦੇਸ਼ ਵਿੱਚ ਕੁੱਲ ਮੌਤਾਂ ਦੀ ਗਿਣਤੀ ਪੰਜ ਹਜ਼ਾਰ ਨਹੀਂ ਸੀ ਹੋਈ ਤੇ ਇਹੀ ਕਾਰਨ ਹੈ ਕਿ ਜਦੋਂ ਮੌਤਾਂ ਦੀ ਗਿਣਤੀ ਅੱਧੇ ਲੱਖ ਤੋਂ ਵੀ ਟੱਪ ਗਈ ਤਾਂ ਓਥੇ ਰੌਲਾ ਨਹੀਂ ਪਿਆ ਕਿ ਰਾਸ਼ਟਪਤੀ ਨੇ ਮੌਤਾਂ ਬਾਰੇ ਅਗੇਤਾ ਹੀ ਇੱਕ ਗੋਲ ਮਿਥ ਦਿੱਤਾ ਸੀ, ਜਿੱਥੋਂ ਤੱਕ ਸੋਚਣ ਦੀ ਬਹੁਤੀ ਲੋੜ ਨਹੀਂ ਸੀ ਰਹਿੰਦੀ। ਅੱਧਾ ਲੱਖ ਮੌਤਾਂ ਹੋਣ ਵਾਲੇ ਦਿਨ ਵੀ ਉਹ ਵਾਈਟ ਹਾਊਸ ਦੀ ਪ੍ਰੈੱਸ ਕਾਨਫਰੰਸ ਵਿੱਚ ਸੈਨੇਟਾਈਜ਼ਰ ਦੇ ਟੀਕੇ ਲਾਉਣ ਦੀ ਗੱਲ ਕਹਿੰਦਾ ਤੇ ਮਜ਼ਾਕ ਕਰਦਾ ਪਿਆ ਸੀ। ਸੰਸਾਰ ਭਰ ਦੀਆਂ ਕੁੱਲ ਮੌਤਾਂ ਦੇ ਚੌਥੇ ਹਿੱਸੇ ਤੋਂ ਵੱਧ ਜਿਹੜੇ ਦੇਸ਼ ਇਕੱਲੇ ਵਿੱਚ ਹੀ ਹੋਈਆਂ ਹੋਣ, ਉਸ ਦੇ ਰਾਸ਼ਟਰਪਤੀ ਨੂੰ ਤਾਂ ਰਾਤਾਂ ਨੂੰ ਨੀਂਦ ਨਹੀਂ ਆਉਣੀ ਚਾਹੀਦੀ, ਪਰ ਟਰੰਪ ਨੂੰ ਮਜ਼ਾਕ ਸੁੱਝਦੇ ਹਨ।
ਦੁਨੀਆ ਭਰ ਦੇ ਲੋਕਾਂ ਨੂੰ ਤਰੇਲੀਆਂ ਲਿਆ ਦੇਣ ਅਤੇ ਲਾਸ਼ਾਂ ਦੇ ਢੇਰ ਲਾ ਦੇਣ ਵਾਲੀ ਇਹੋ ਜਿਹੀ ਬਿਮਾਰੀ ਸੰਸਾਰ ਦੇ ਲੋਕਾਂ ਸਿਰ ਪਹਿਲੀ ਵਾਰ ਪਈ ਹੈ। ਇਸ ਨਾਲ ਸਿੱਝਣ ਲਈ ਸੰਜੀਦਗੀ ਦੀ ਲੋੜ ਹੈ। ਸੰਸਾਰ ਦੀ ਪੰਚਾਇਤ ਯੂ ਐੱਨ ਓ ਇਸ ਕੰਮ ਵਿੱਚ ਕੋਈ ਨਰੋਈ ਸਿਹਤ ਦੇਣ ਵਿੱਚ ਕਾਮਯਾਬ ਨਹੀਂ ਹੋਈ। ਉਸ ਵਿੱਚ ਵੀ ਕਮੀਆਂ ਹਨ। ਅਣਦਿੱਸਦੇ ਦੁਸ਼ਮਣ, ਵਾਇਰਸ, ਨਾਲ ਹੋ ਰਹੀ ਇਸ ਨਿਵੇਕਲੀ ਜੰਗ ਵਿੱਚ ਸਿਰੜ ਤੇ ਸੰਜੀਦਗੀ ਦੋਵਾਂ ਦੀ ਲੋੜ ਹੈ।
ਮਹਾਬਲੀ ਹੋਣ ਦੇ ਭਰਮ ਹੇਠ ਕੀਤੀਆਂ ਗਲਤੀਆਂ ਨੂੰ ਹੀ ਭੁਗਤਦਾ ਪਿਆ ਹੈ ਮਨੁੱਖ - ਜਤਿੰਦਰ ਪਨੂੰ
ਆਪਣੇ ਆਪ ਨੂੰ ਮਹਾਂਬਲੀ ਸਮਝਣ ਦਾ ਭਰਮ ਪਾਲ ਬੈਠੇ ਮਨੁੱਖ ਨੇ ਜੰਗਲਾਂ ਤੋਂ ਬਸਤੀਆਂ, ਫਿਰ ਸ਼ਹਿਰ ਤੇ ਉਸ ਦੇ ਬਾਅਦ ਇਸ ਧਰਤੀ ਤੋਂ ਉੱਪਰ ਪੁਲਾੜ ਵਿੱਚ ਵੀ ਅੱਡੇ ਜਾ ਬਣਾਏ ਹਨ। ਇਸ ਵਕਤ ਜਦੋਂ ਸੰਸਾਰ ਭਰ ਵਿੱਚ ਕੋਰੋਨਾ ਦੇ ਕਹਿਰ ਨਾਲ ਇਨਸਾਨੀਅਤ ਕੰਬ ਰਹੀ ਹੈ, ਸਪੇਸ ਵਿੱਚ ਮਨੁੱਖ ਦਾ ਬਣਾਇਆ ਸਟੇਸ਼ਨ ਓਦੋਂ ਵੀ ਕੰਮ ਕਰਦਾ ਪਿਆ ਹੈ ਤੇ ਸ਼ੁੱਕਰਵਾਰ ਸਤਾਰਾਂ ਅਪਰੈਲ ਵਾਲੇ ਦਿਨ ਓਥੋਂ ਤਿੰਨ ਆਸਟਰੋਨਾਟ ਧਰਤੀ ਉੱਤੇ ਵਾਪਸ ਆਏ ਹਨ। ਜਨਮ ਵੇਲੇ ਦੇ ਦੋ ਅਮਰੀਕਨ ਨਾਗਰਿਕ, ਇੱਕ ਕੁੜੀ ਜੈਸਿਕਾ ਮੀਰ ਅਤੇ ਦੂਸਰਾ ਐਂਡਰਿਊ ਮਾਰਗਨ ਸਨ ਤੇ ਤੀਸਰਾ ਰੂਸ ਵਾਲਿਆਂ ਦਾ ਸੋਯੂਜ਼ ਕਮਾਂਡਰ ਓਲੇਗ ਸਕਰੀਪੋਚਕਾ ਇਕੱਠੇ ਉਸ ਪੁਲਾੜ ਸਟੇਸ਼ਨ ਤੋਂ ਮੁੜੇ ਹਨ। ਜੈਸਿਕਾ ਅਤੇ ਸਕਰੀਪੋਚਕਾ ਓਥੇ ਦੋ ਸੌ ਪੰਜ ਦਿਨ ਗੁਜ਼ਾਰ ਕੇ ਆਏ ਅਤੇ ਐਂਡਰਿਊ ਦੋ ਸੌ ਬਹੱਤਰ ਦਿਨਾਂ ਪਿੱਛੋਂ ਮੁੜਿਆ ਹੈ। ਪੁਲਾੜ ਵਿੱਚ ਬਿਨਾਂ ਕਿਸੇ ਥੰਮ੍ਹੀ ਜਾਂ ਪਿੱਲਰ ਤੋਂ ਟਿਕੇ ਹੋਏ ਸਪੇਸ ਸਟੇਸ਼ਨ ਵਿੱਚ ਜਾਂਦੇ ਇਹ ਲੋਕ ਕਈ ਵਾਰੀ ਬਾਹਰ ਨਿਕਲਦੇ ਤੇ ਬਿਨਾਂ ਕਿਸੇ ਜਹਾਜ਼, ਪੈਰਾਸ਼ੂਟ ਜਾਂ ਪੌੜੀ ਤੋਂ ਖਾਲੀ ਪੁਲਾੜ ਵਿੱਚ ਸੈਰ ਕਰਦੇ ਹਨ ਤੇ ਕੁਦਰਤ ਦੀ ਵੱਖ-ਵੱਖ ਗ੍ਰਹਿਆਂ ਨੂੰ ਆਪੋ ਵਿੱਚ ਖਿੱਚਣ ਦੀ ਤਾਕਤ ਇਨ੍ਹਾਂ ਨੂੰ ਕਿਸੇ ਗ੍ਰਹਿ ਵੱਲ ਖਿਸਕਣ ਦੀ ਥਾਂ ਵਿਚਾਲੇ ਟਿਕਾ ਕੇ ਚਮਤਕਾਰ ਵਾਂਗ ਕੰਮ ਕਰਦੀ ਹੈ।
ਸੰਸਾਰ ਪੱਧਰ ਦੀ ਇੱਕ ਸੰਸਥਾ ਨੇ ਕੁਝ ਸਾਲ ਪਹਿਲਾਂ ਇਹ ਖੋਜ ਆਰੰਭ ਕਰ ਦਿੱਤੀ ਕਿ ਧਰਤੀ ਦੇ ਕੇਂਦਰ ਵਿੱਚ ਉਸ ਸ਼ਕਤੀ ਦਾ ਬਿੰਦੂ ਵੇਖਣਾ ਹੈ, ਜਿਹੜਾ ਸਭ ਚੀਜ਼ਾਂ ਨੂੰ ਆਪਣੇ ਵੱਲ ਖਿੱਚਦਾ ਹੈ। ਕੁਝ ਲੋਕਾਂ ਦਾ ਖਿਆਲ ਸੀ ਕਿ ਏਦਾਂ ਦੀ ਖੋਜ ਲਈ ਡੂੰਘੇ ਹੇਠਾਂ ਭੇਜੇ ਗਏ ਵਰਮੇ (ਡਰਿੱਲਜ਼) ਕਿਸੇ ਤਰ੍ਹਾਂ ਉਸ ਖਾਸ ਕੇਂਦਰ ਨਾਲ ਟਕਰਾਅ ਕੇ ਕੁਝ ਏਦਾਂ ਦੀ ਅਣਕਿਆਸੀ ਸਥਿਤੀ ਪੈਦਾ ਕਰ ਸਕਦੇ ਹਨ ਕਿ ਧਰਤੀ ਹੀ ਖਿੱਲਰ ਜਾਵੇ, ਜਿਸ ਨਾਲ ਮਨੁੱਖੀ ਜੀਵਨ ਦੀ ਹੋਂਦ ਵਾਸਤੇ ਖਤਰਾ ਹੋ ਸਕਦਾ ਹੈ। ਕਮਾਲ ਦੀ ਗੱਲ ਕਿ ਬੰਦਾ ਦੂਸਰੇ ਗ੍ਰਹਿਆਂ ਵਿਚਾਲੇ ਬਿਨਾਂ ਬੁਰਜੀਆਂ ਤੋਂ ਪੁਲਾੜ ਖੋਜ ਦਾ ਸਟੇਸ਼ਨ ਬਣਾਈ ਬੈਠਾ ਹੈ, ਧਰਤੀ ਦੀ ਧੁੰਨੀ ਤੱਕ ਜਾਣ ਲਈ ਵਰਮੇ ਮਾਰੀ ਜਾਂਦਾ ਹੈ ਤੇ ਸਮੁੰਦਰਾਂ ਦੀ ਤਹਿ ਤੱਕ ਜਾਣ ਲਈ ਕੋਈ ਕਸਰ ਨਹੀਂ ਛੱਡਦਾ, ਪਰ ਆਪਣੇ ਸਿਰ ਪੈਂਦੀਆਂ ਮਹਾਂਮਾਰੀਆਂ ਰੋਕਣ ਦੇ ਸਮਰੱਥ ਅਜੇ ਨਹੀਂ ਹੋ ਸਕਿਆ।
ਮਹਾਮਾਰੀਆਂ ਮਨੁੱਖ ਦੀ ਹੋਂਦ ਨਾਲ ਉਸ ਵੇਲੇ ਤੋਂ ਜੁੜੀਆਂ ਹਨ, ਜਦੋਂ ਅਜੇ ਇਹ ਬਿਨਾਂ ਕੱਪੜਿਆਂ ਤੋਂ ਜੰਗਲਾਂ ਦੇ ਜੀਵਾਂ ਵਾਂਗ ਘੁਮੰਤਰੀ ਜੀਵਨ ਗੁਜ਼ਾਰ ਰਿਹਾ ਸੀ। ਓਦੋਂ ਉਸ ਕੋਲ ਕਿਸੇ ਤਰ੍ਹਾਂ ਦੀ ਖੋਜ ਵੀ ਨਹੀਂ ਸੀ ਤੇ ਜਿਹੜਾ ਕਿਸੇ ਵੀ ਤਰ੍ਹਾਂ ਦਾ ਓਹੜ-ਪੋਹੜ ਇੱਕ ਜਣਾ ਕਰ ਲੈਂਦਾ ਸੀ, ਉਸ ਨੂੰ ਸੰਭਾਲੀ ਰੱਖਣ ਦਾ ਚੇਤੇ ਤੋਂ ਸਿਵਾ ਕੋਈ ਹੋਰ ਢੰਗ ਵੀ ਨਹੀਂ ਸੀ ਲੱਭਾ, ਕਿਉਂਕਿ ਓਦੋਂ ਤੱਕ ਨਾ ਲਿਖਣ ਲਈ ਸ਼ਬਦ ਸੁੱਝੇ ਸਨ ਤੇ ਨਾ ਅੱਖਰ ਬਣੇ ਸਨ। ਜਿਹੜੀਆਂ ਸੱਟਾਂ ਦਾ ਮਨੁੱਖ ਦੇ ਵੱਡੇ-ਵਡੇਰਿਆਂ ਨੂੰ ਸਾਹਮਣਾ ਕਰਨਾ ਪੈਂਦਾ ਰਿਹਾ, ਉਹ ਅਗਲੀਆਂ ਪੀੜ੍ਹੀਆਂ ਤੱਕ ਸੀਨਾ-ਬ-ਸੀਨਾ ਅੱਗੇ ਤੁਰਦੀਆਂ ਅਤੇ ਲੋੜ ਵੇਲੇ ਕੰਮ ਆਉਣ ਤੋਂ ਇਲਾਵਾ ਹੋਰ ਖੋਜਾਂ ਦਾ ਆਧਾਰ ਵੀ ਬਣਦੀਆਂ ਰਹੀਆਂ। ਕਿਸੇ ਵਕਤ ਟਾਹਣੀ ਤੋਂ ਛਾਲ ਮਾਰਨ ਵਾਲੇ ਕਿਸੇ ਬਾਂਦਰ ਜਾਂ ਚਿੰਪੈਂਜੀ ਨੇ ਜਦੋਂ ਇਹ ਵੇਖਿਆ ਕਿ ਇਸ ਨਾਲ ਟਾਹਣੀ ਹਿੱਲੀ ਸੀ ਤੇ ਸਿੱਟੇ ਵਜੋਂ ਕੁਝ ਫਲ ਡਿੱਗੇ ਸਨ, ਉਸ ਨੂੰ ਦੋਬਾਰਾ ਅਜ਼ਮਾਉਣ ਲਈ ਉਸ ਨੇ ਹੋਰ ਛਾਲਾਂ ਮਾਰੀਆਂ ਅਤੇ ਫਲ ਡਿੱਗੇ ਵੇਖ ਕੇ ਫਲ ਤੋੜਨ ਦਾ ਤਰੀਕਾ ਸਿੱਖ ਲਿਆ ਸੀ। ਸਹਿਜ ਸੁਭਾਅ ਕਿਸੇ ਫਲ ਦੀ ਛਿੱਲ ਜ਼ਖਮਾਂ ਉੱਤੇ ਲੱਗ ਜਾਣ ਨਾਲ ਉਸ ਕੋਲ ਇਸ ਤਰ੍ਹਾਂ ਜ਼ਖਮਾਂ ਉੱਤੇ ਫੈਹਾ ਲਾਉਣ ਦੀ ਅਕਲ ਪਹੁੰਚੀ ਸੀ ਤੇ ਕਿਸੇ ਖਾਸ ਫਲ ਖਾਧੇ ਤੋਂ ਅਚਾਨਕ ਹੋਏ ਕਿਸੇ ਫਾਇਦੇ ਨੇ ਉਸ ਨੂੰ ਬਿਮਾਰੀਆਂ ਲਈ ਏਦਾਂ ਦੇ ਨੁਸਖੇ ਵਰਤਣ ਦੇ ਰਾਹ ਤੋਰਿਆ ਹੋਵੇਗਾ। ਉਸ ਨੇ ਅਚਾਨਕ ਹੋਈ ਹਰ ਪ੍ਰਾਪਤੀ ਤੋਂ ਵੀ ਸਿੱਖਿਆ ਸੀ ਅਤੇ ਆਪਣੀਆਂ ਗਲਤੀਆਂ ਤੋਂ ਵੀ ਕੁਝ ਨਾ ਕੁਝ ਸਿੱਖਦਾ ਹੋਇਆ ਅੱਜ ਦੇ ਮੁਕਾਮ ਤੱਕ ਪਹੁੰਚਿਆ ਹੈ।
ਮਨੁੱਖੀ ਅਕਲ ਨੇ ਕਈ ਪੜਾਅ ਪਾਰ ਕੀਤੇ ਅਤੇ ਹਰ ਵਾਰੀ ਕੁਝ ਨਵਾਂ ਕੀਤਾ ਹੈ, ਪਰ ਇਹ ਗੱਲ ਯਾਦ ਨਹੀਂ ਸੀ ਰਹੀ ਕਿ ਉਸ ਦੇ ਨਾਲ-ਨਾਲ ਪਦਾਰਥ ਵੀ ਕਈ ਪੜਾਅ ਪਾਰ ਕਰਦਾ ਜਾ ਰਿਹਾ ਹੈ। ਇੱਕ ਫਲ ਦੀਆਂ ਕਈ ਕਿਸਮਾਂ ਬਣ ਜਾਣ ਵਾਂਗ ਇੱਕ ਪਦਾਰਥ ਨੂੰ ਵੱਖੋ-ਵੱਖ ਢੰਗਾਂ ਨਾਲ ਵਰਤੇ ਜਾਣ ਕਾਰਨ ਉਸ ਦੇ ਪ੍ਰਤੀਕਰਮ ਵਜੋਂ ਕਈ ਕਿਸਮਾਂ ਦੇ ਨਵੇਂ ਜੀਨ ਵੀ ਬਣਦੇ ਗਏ ਹਨ। ਸਿਆਣੇ ਆਖਦੇ ਹਨ ਕਿ ਕੁਝ ਸਮਾਂ ਲੰਘ ਜਾਵੇ ਤਾਂ ਆਪਣਾ ਜੂਠਾ ਪਾਣੀ ਵੀ ਪੀਣਾ ਮੂਰਖਤਾ ਹੋ ਸਕਦੀ ਹੈ। ਇਸ ਦਾ ਵੀ ਵਿਗਿਆਨਕ ਕਾਰਨ ਹੈ। ਕਦੀ ਅਸੀਂ ਗਿਲਾਸ ਵਿੱਚ ਪਾ ਕੇ ਦੁੱਧ ਰੱਖ ਦੇਈਏ ਤੇ ਦੂਸਰੇ ਦਿਨ ਤੱਕ ਪਿਆ ਰਹੇ ਤਾਂ ਫਿਰ ਉਹ ਦੁੱਧ ਨਹੀਂ ਰਹਿੰਦਾ, ਆਪਣੇ ਆਪ ਦਹੀਂ ਦੀ ਮੁੱਢਲੀ ਕਿਸਮ ਬਣ ਜਾਂਦਾ ਹੈ। ਚੀਜ਼ਾਂ ਜਿੱਦਾਂ ਆਪਸ ਵਿੱਚ ਤੱਤਾਂ ਦੇ ਮਿਲਣ ਨਾਲ ਬਦਲਦੀਆਂ ਹਨ, ਇੱਕ ਵਾਰੀ ਪਾਣੀ ਪੀਤੇ ਤੋਂ ਜਿਹੜਾ ਮਨੁੱਖੀ ਥੁੱਕ ਉਸ ਗਿਲਾਸ ਦੇ ਨਾਲ ਲੱਗ ਗਿਆ ਹੁੰਦਾ ਹੈ, ਉਸ ਵਿੱਚ ਗਏ ਤੱਤਾਂ ਨਾਲ ਉਸ ਪਾਣੀ ਉੱਤੇ ਵੀ ਡਾਕਟਰ ਪ੍ਰਤੀਕਿਰਿਆ ਚੱਲਣ ਦਾ ਦਾਅਵਾ ਕਰਦੇ ਹਨ। ਅਸੀਂ ਲੋਕ ਕਈ ਤਰ੍ਹਾਂ ਦੇ ਖੁਰਾਕੀ ਤੱਤ ਖਾਂਦੇ ਹਾਂ। ਪੁਰਾਣੇ ਸਮਿਆਂ ਤੋਂ ਭੋਜਨ ਛੱਤੀ ਪ੍ਰਕਾਰ ਦਾ ਕਿਹਾ ਜਾਂਦਾ ਹੈ, ਜਿਸ ਵਿੱਚ ਆਟਾ, ਪਾਣੀ ਤੇ ਲੂਣ ਆਦਿ ਤੋਂ ਤੁਰ ਕੇ ਜਿੰਨੇ ਵੀ ਤੱਤ ਹੋ ਸਕਦੇ ਹਨ, ਉਨ੍ਹਾਂ ਦੀ ਗਿਣਤੀ ਕੀਤੀ ਜਾਂਦੀ ਹੈ। ਏਨੇ ਤੱਤ ਪਕਾਏ ਜਾਣ ਵੇਲੇ ਵੀ ਇੱਕ ਦੂਸਰੇ ਨਾਲ ਘੁਲਦੇ ਹਨ ਤੇ ਫਿਰ ਪੇਟ ਦੇ ਅੰਦਰ ਜਾ ਕੇ ਵੀ ਘੁਲਦੇ ਹਨ ਤਾਂ ਜੀਵਨ ਦੇ ਤੱਤਾਂ ਤੋਂ ਕਦੇ ਕੋਈ ਨਵਾਂ ਜੀਨ ਲਾਹੇਵੰਦਾ ਪੈਦਾ ਹੋ ਸਕਦਾ ਹੈ ਅਤੇ ਕੋਈ ਨੁਕਸਾਨ ਕਰਨ ਵਾਲਾ ਵੀ। ਲਾਹੇਵੰਦ ਹੋਵੇ ਜਾਂ ਨੁਕਸਾਨ ਕਰਨ ਵਾਲਾ, ਇਨ੍ਹਾਂ ਦਾ ਇੱਕਦਮ ਪਤਾ ਨਹੀਂ ਲੱਗਦਾ ਤੇ ਅੰਦਰੋ-ਅੰਦਰੀ ਵਿਕਸਤ ਹੁੰਦੇ ਜੀਵਾਣੂ ਜਦੋਂ ਤਾਕਤ ਫੜ ਲੈਣ ਤਾਂ ਉਸ ਵਕਤ ਉਨ੍ਹਾਂ ਦਾ ਅਸਰ ਵੇਖ ਕੇ ਬੰਦਾ ਬੌਂਦਲ ਕੇ ਰਹਿ ਜਾਂਦਾ ਹੈ।
ਸਾਡੀ ਧਰਤੀ ਵਿੱਚ ਖੇਤੀ ਵਾਸਤੇ ਲਾਹੇਵੰਦ ਕੀੜੇ ਵੀ ਹਨ ਤੇ ਨੁਕਸਾਨ ਕਰਨ ਵਾਲੇ ਵੀ ਤੇ ਜਦੋਂ ਨੁਕਸਾਨ ਕਰਨ ਵਾਲੇ ਕੀੜਿਆਂ ਨੂੰ ਮਾਰਿਆ ਜਾਂਦਾ ਹੈ, ਖੇਤੀ ਵਿਗਿਆਨੀ ਕਹਿੰਦੇ ਹਨ ਕਿ ਇਸ ਤਰ੍ਹਾਂ ਵਾਰ-ਵਾਰ ਕਰਨ ਨਾਲ ਉਹ ਕੀੜੇ ਨਾਲ ਹੀ ਮਰਨ ਲੱਗਦੇ ਹਨ, ਜਿਹੜੇ ਖੇਤੀ ਲਈ ਲਾਹੇਵੰਦੇ ਹਨ। ਇਹੋ ਹਾਲਤ ਮਨੁੱਖ ਦੇ ਸਰੀਰ ਦੀ ਹੈ। ਬਿਮਾਰੀ ਕਾਰਨ ਜਦੋਂ ਅਸੀਂ ਦਵਾਈ ਲੈਂਦੇ ਹਾਂ, ਅੱਜਕੱਲ੍ਹ ਕੋਈ ਦਵਾਈ ਤੱਤ ਰੂਪ ਵਿੱਚ ਘੱਟ ਹੀ ਹੋਵੇਗੀ, ਬਹੁਤੀਆਂ ਦਵਾਈਆਂ ਇੱਕ ਤੋਂ ਵੱਧ ਤੱਤਾਂ ਵਾਲੀਆਂ ਹਨ ਤੇ ਜਦੋਂ ਅਸੀਂ ਇਲਾਜ ਲਈ ਖਾਂਦੇ ਹਾਂ ਤਾਂ ਲਾਹੇਵੰਦ ਤੱਤਾਂ ਨਾਲ ਬੇਲੋੜੇ ਤੱਤ ਵੀ ਸਰੀਰ ਵਿੱਚ ਚਲੇ ਜਾਂਦੇ ਹਨ। ਹਰ ਕੈਮੀਕਲ ਨੇ ਆਪਣਾ ਅਸਰ ਦਿਖਾਉਣਾ ਹੁੰਦਾ ਹੈ। ਬੇਲੋੜੇ ਤੱਤ ਪੇਟ ਅੰਦਰ ਜਾ ਕੇ ਜਿੱਦਾਂ ਦੇ ਅਸਰ ਦਿਖਾਉਂਦੇ ਹਨ, ਸਾਡੇ ਅਨਾਜ ਦੇ ਨਾਲ ਕੈਮੀਕਲ ਖਾਦਾਂ ਤੇ ਕੀਤੇ ਮਾਰ ਦਵਾਈਆਂ ਦੇ ਜਿਹੜੇ ਪੈਕੇਜ ਅਸੀਂ ਖਾ ਰਹੇ ਹਾਂ, ਉਸ ਦਾ ਅਸਰ ਵੀ ਹੁੰਦਾ ਹੈ। ਇਹ ਅਸਰ ਸਮਾਂ ਪਾ ਕੇ ਪਤਾ ਲੱਗਦਾ ਹੈ। ਬੀਤੇ ਸਮਿਆਂ ਵਿੱਚ ਜਿੰਨੀਆਂ ਵੀ ਮਹਾਮਾਰੀਆਂ ਪੈਦਾ ਹੋਈਆਂ, ਇਨ੍ਹਾਂ ਵਿੱਚੋਂ ਕੋਈ ਇੱਕ ਵੀ ਏਦਾਂ ਦੀ ਨਹੀਂ ਜਾਪਦੀ, ਜਿਹੜੀ ਜੰਗਲਾਂ ਵਿੱਚ ਇਨਸਾਨ ਦੇ ਘੁੰਮਣ ਵਾਲੇ ਸਮੇਂ ਤੋਂ ਸਰੀਰ ਵਿੱਚ ਜੜ੍ਹਾਂ ਜਮਾਈ ਬੈਠੀ ਹੋਵੇ। ਇਹ ਸਭ ਕਸੂਰ ਇਨਸਾਨ ਦਾ ਆਪਣਾ ਹੈ।
ਸਾਡੇ ਕੋਲ ਬੜੀ ਵਾਰ ਇਹ ਖਬਰਾਂ ਪੁੱਜਦੀਆਂ ਹਨ ਕਿ ਫਲਾਣੀ ਕੰਪਨੀ ਨੇ ਦਵਾਈ ਜਾਣਬੁੱਝ ਕੇ ਇਸ ਕਿਸਮ ਦੀ ਬਣਾਈ ਸੀ, ਤਾਂ ਕਿ ਲੋਕਾਂ ਉੱਤੇ ਇਸ ਬਾਰੇ ਚੁੱਪ-ਚੁਪੀਤੇ ਤਜਰਬਾ ਕੀਤਾ ਜਾ ਸਕੇ। ਕਰੋੜਾਂ ਕੀ, ਅਰਬਾਂ ਰੁਪਏ ਕਮਾਉਣ ਦੇ ਸਮਰੱਥ ਇਹ ਕੰਪਨੀਆਂ ਲਗਭਗ ਹਰ ਦੇਸ਼ ਦੇ ਆਗੂਆਂ ਦੀ ਜ਼ਮੀਰ ਨੂੰ ਸਿੱਧੇ ਜਾਂ ਟੇਢੇ ਤਰੀਕੇ ਨਾਲ ਖਰੀਦ ਜੋਗੇ ਪੈਸੇ ਖਰਚ ਕਰਦੀਆਂ ਹਨ। ਇਹੋ ਕਾਰਨ ਹੈ ਕਿ ਉਹ ਆਗੂ ਅੱਖੀਂ ਵੇਖ ਕੇ ਵੀ ਮੱਖੀ ਖਾਈ ਜਾਂਦੇ ਹਨ। ਜਿਹੜੀ ਦਵਾਈ ਆਮ ਲੋਕਾਂ ਵਾਸਤੇ ਖਤਰਨਾਕ ਹੈ, ਕਿਸੇ ਨਾ ਕਿਸੇ ਤਰ੍ਹਾਂ ਉਸ ਦੀ ਲਾਗ ਆਗੂਆਂ ਦੇ ਘਰਾਂ ਤੱਕ ਵੀ ਜਾਂਦੀ ਹੈ, ਪਰ ਪੈਸਾ ਜ਼ਮੀਰ ਅਤੇ ਭਵਿੱਖ ਦੋਵਾਂ ਤੋਂ ਅੱਖਾਂ ਚੁਰਾਉਣਾ ਸਿਖਾ ਦੇਂਦਾ ਹੈ। ਫਿਰ ਬੰਦਾ ਆਤਮ ਘਾਤੀ ਰਾਹੇ ਤੁਰੀ ਜਾਂਦਾ ਹੈ ਤੇ ਨਤੀਜੇ ਵਜੋਂ ਇੱਕ ਦਿਨ ਇਹੋ ਜਿਹਾ ਆ ਜਾਂਦਾ ਹੈ, ਜਦੋਂ ਕੀਤੀ ਹੋਈ ਭੁੱਲ ਸੁਧਾਰਨ ਦਾ ਵਕਤ ਵੀ ਨਹੀਂ ਰਹਿੰਦਾ ਤੇ ਉਸ ਦੀ ਕੀਤੀ ਭੁੱਲ ਸਿਰਫ ਉਸ ਨੂੰ ਨਹੀਂ, ਸਮੁੱਚੇ ਸਮਾਜ ਨੂੰ ਭੁਗਤਣੀ ਪੈ ਜਾਂਦੀ ਹੈ। ਮਹਾਂਸ਼ਕਤੀ ਹੋਣ ਜਾਂ ਮਹਾਂਸ਼ਕਤੀ ਬਣਨ ਦੇ ਸੁਫਨੇ ਵੇਖਣ ਵਾਲੇ ਦੇਸ਼ਾਂ ਦੇ ਹਾਕਮਾਂ ਤੇ ਵਿਗਿਆਨੀਆਂ ਨੇ ਪਿਛਲੇ ਸਮੇਂ ਵਿੱਚ ਜਿਹੜੀਆਂ ਭੁੱਲਾਂ ਕੀਤੀਆਂ, ਉਨ੍ਹਾਂ ਦਾ ਖਮਿਆਜ਼ਾ ਕਈ ਵਾਰ ਭੁਗਤ ਚੁੱਕਾ ਮਨੁੱਖ ਅੱਜ ਕੋਰੋਨਾ ਦੇ ਅਸਰ ਹੇਠ ਵੀ ਭੁਗਤ ਰਿਹਾ ਹੈ। ਮਹਾਬਲੀ ਹੋਣ ਦਾ ਜਿਹੜਾ ਭਰਮ ਇਸ ਨੂੰ ਕਦੀ ਐਟਮੀ ਜੰਗਾਂ ਦੇ ਨੇੜੇ ਲੈ ਜਾਂਦਾ ਹੈ, ਕਦੀ ਸਪੇਸ ਵਾਰ ਦੇ ਤਜਰਬੇ ਕਰਨ ਦੇ ਰਾਹ ਪਾਉਂਦਾ ਹੈ ਤੇ ਕਦੀ ਜੈਵਿਕ ਹਥਿਆਰ ਬਣਾਉਣ ਦੇ ਰਾਹ ਤੋਰਦਾ ਹੈ, ਉਹ ਕਿਸੇ ਦਿਨ ਸਾਰੀ ਦੁਨੀਆ ਦੀ ਤਬਾਹੀ ਦਾ ਸਬੱਬ ਬਣ ਸਕਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰ ਵੀ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਮੂਹਰੇ ਖੜੇ ਮਨੁੱਖ ਲਈ ਬਹਿਸ ਦਾ ਮੁੱਖ ਵਿਸ਼ਾ ਅਜੋਕੀ ਮਹਾਮਾਰੀ ਤੋਂ ਬਚਾਅ ਤੱਕ ਸੀਮਤ ਹੈ, ਸਮੁੱਚੀਆਂ ਮਹਾਮਾਰੀਆਂ ਤੋਂ ਬਚਾਅ ਦੀ ਚਰਚਾ ਨਹੀਂ ਹੁੰਦੀ।
ਬਹੁਤ ਬੁਰਾ ਹੈ ਮੌਤਾਂ ਬਾਰੇ ਸੰਵੇਦਨਾ ਅਤੇ ਜਿੰਦਾ ਰਹਿਣ ਦੀ ਇੱਛਾ ਦਾ ਮਰ ਜਾਣਾ - ਜਤਿੰਦਰ ਪਨੂੰ
ਟੈਲੀਵੀਜ਼ਨ ਸਕਰੀਨਾਂ ਉੱਤੇ ਖਬਰਾਂ ਦੇ ਸਿਰਲੇਖ ਦੌੜਦੇ ਜਾ ਰਹੇ ਹਨ। ਕੋਰੋਨਾ ਦੇ ਪੀੜਤਾਂ ਦੀ ਗਿਣਤੀ ਲਗਾਤਾਰ ਵਧੀ ਜਾਂਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਖਬਰਾਂ ਮੁੱਕ ਨਹੀਂ ਰਹੀਆਂ, ਪਰ ਲੋਕਾਂ ਦਾ ਇਨ੍ਹਾਂ ਵੱਲ ਧਿਆਨ ਨਹੀਂ। ਖਬਰਾਂ ਦਾ ਸਾਰ ਇਹ ਹੈ ਕਿ ਫਲਾਣੇ ਥਾਂ ਐਨੇ ਲੋਕ ਕੋਰੋਨਾ ਪਾਜ਼ਿਟਿਵ ਨਿਕਲੇ, ਦੇਸ਼ ਵਿੱਚ ਕੋਰੋਨਾ ਦੇ ਕੇਸਾਂ ਦਾ ਅੰਕੜਾ ਐਨੇ ਸੌ ਹੋਰ ਵਧ ਗਿਆ ਅਤੇ ਬੀਤੇ ਚੌਵੀ ਘੰਟਿਆਂ ਵਿੱਚ ਐਨੇ ਲੋਕ ਹੋਰ ਇਸ ਬਿਮਾਰੀ ਦੇ ਕਾਰਨ ਮਾਰੇ ਗਏ। ਫਿਰ ਇਹ ਖਬਰ ਚੱਲ ਪੈਂਦੀ ਹੈ ਕਿ ਫਲਾਣੇ ਥਾਂ ਲੋਕਾਂ ਨੂੰ ਲਾਕਡਾਊਨ ਦਾ ਅਰਥ ਸਮਝਾਉਣ ਗਈ ਪੁਲਸ ਨੂੰ ਪੱਥਰ ਵੱਜੇ ਅਤੇ ਫਲਾਣੇ ਰਾਜ ਦੇ ਫਲਾਣੇ ਸ਼ਹਿਰ ਵਿੱਚ ਪੁਲਸ ਨੇ ਲਾਕਡਾਊਨ ਦੌਰਾਨ ਘਰਾਂ ਤੋਂ ਨਿਕਲੇ ਲੋਕਾਂ ਦੀਆਂ ਇਸ ਤਰ੍ਹਾਂ ਕੰਨ ਫੜਾ ਕੇ ਉਨ੍ਹਾਂ ਤੋਂ ਬੈਠਕਾਂ ਕੱਢਵਾਈਆਂ ਤੇ ਡੰਗਰਾਂ ਵਾਂਗ ਕੁੱਟਿਆ ਹੈ। ਇਹ ਖਬਰ ਵੀ ਸੁਣਦੀ ਹੈ ਕਿ ਕਿਸੇ ਥਾਂ ਫਲਾਣੀ ਪਾਰਟੀ ਦਾ ਫਲਾਣਾ ਆਗੂ ਰਿਲੀਫ ਵੰਡਣ ਗਿਆ ਸੀ, ਉਸ ਨੇ ਲੋਕਾਂ ਨੂੰ ਮੂੰਹਾਂ ਉੱਤੇ ਬੰਨ੍ਹਣ ਲਈ ਮਾਸਕ ਵੰਡੇ ਸਨ, ਪਰ ਆਪ ਮਾਸਕ ਪਾਉਣ ਦੀ ਲੋੜ ਨਹੀਂ ਸੀ ਸਮਝੀ। ਇਸ ਪਿੱਛੋਂ ਅੱਕੇ ਹੋਏ ਲੋਕਾਂ ਅੱਗੇ ਸੰਸਾਰ ਭਰ ਦੇ ਦੇਸ਼ਾਂ ਵਿੱਚ ਹੁੰਦੀਆਂ ਮੌਤਾਂ ਦੇ ਅੰਕੜੇ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਹਨ, ਜਿਨ੍ਹਾਂ ਨੂੰ ਲੋਕ ਅਕੇਵੇਂ ਨਾਲ ਵੇਖਦੇ ਅਤੇ ਚੈਨਲ ਬਦਲ ਲੈਂਦੇ ਹਨ।
ਇਨ੍ਹਾਂ ਤੋਂ ਸਿਵਾ ਕੋਈ ਹੋਰ ਏਦਾਂ ਦੀ ਖਬਰ ਨਹੀਂ ਮਿਲਦੀ, ਜਿਹੜੀ ਕੁਝ ਵੱਖਰੀ ਕਹੀ ਜਾ ਸਕੇ। ਕੇਂਦਰ ਜਾਂ ਰਾਜ ਸਰਕਾਰ ਦੇ ਕਿਸੇ ਮੰਤਰੀ ਦਾ ਕੋਈ ਐਲਾਨ ਜਾਂ ਕੋਈ ਨਵਾਂ ਹੁਕਮ ਸੁਣਾਇਆ ਜਾਂਦਾ ਹੈ ਤਾਂ ਉਹ ਵੀ ਕੋਰੋਨਾ ਦੀ ਬਿਮਾਰੀ ਦੇ ਕਾਰਨ ਪੈਦਾ ਹੋਏ ਹਾਲਾਤ ਨਾਲ ਸੰਬੰਧਤ ਹੁੰਦਾ ਹੈ। ਇਸ ਦੌਰਾਨ ਕਰਫਿਊ ਜਾਰੀ ਰੱਖਣ ਦਾ ਫੈਸਲਾ ਆ ਗਿਆ। ਲੋਕਾਂ ਨੂੰ ਇਸ ਵਿੱਚ ਵੀ ਕੁਝ ਖਾਸ ਨਜ਼ਰ ਨਹੀਂ ਆਇਆ। ਕਰਫਿਊ ਹਟਾਉਣ ਦਾ ਫੈਸਲਾ ਹੁੰਦਾ ਤਾਂ ਵੱਖਰੀ ਖਬਰ ਹੋ ਸਕਦੀ ਸੀ, ਪਰ ਕਰਫਿਊ ਜਾਰੀ ਹੈ ਤੇ ਜਾਰੀ ਰਹਿਣਾ ਹੈ, ਇਸ ਵਿੱਚ ਖਾਸ ਗੱਲ ਹੀ ਕੁਝ ਨਹੀਂ। ਸੰਸਾਰ ਵਿੱਚ ਮੌਤਾਂ ਦੀ ਗਿਣਤੀ ਲੱਖ ਤੋਂ ਟੱਪ ਗਈ, ਆਮ ਲੋਕਾਂ ਨੇ ਇਸ ਉੱਤੇ ਵੀ ਹੈਰਾਨੀ ਨਹੀਂ ਵਿਖਾਈ। ਏਦਾਂ ਸੀ, ਜਿਵੇਂ ਪਹਿਲਾਂ ਹੀ ਪਤਾ ਸੀ।
ਆਖਰ ਲੋਕਾਂ ਨੂੰ ਇਸ ਵਿੱਚ ਕੁਝ ਖਾਸ ਕਿਉਂ ਨਹੀਂ ਜਾਪਦਾ? ਇਸ ਲਈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹਫਤਾ ਪਹਿਲਾਂ ਕਹਿ ਦਿੱਤਾ ਸੀ ਕਿ ਦੋ ਕੁ ਲੱਖ ਮੌਤਾਂ ਤੱਕ ਗੱਲ ਜਾ ਸਕਦੀ ਹੈ ਅਤੇ ਜੇ ਏਥੋਂ ਤੱਕ ਸੀਮਤ ਹੋ ਗਈ ਤਾਂ ਇਸ ਵਿੱਚ ਟਰੰਪ ਨੂੰ ਆਪਣੀ ਸਰਕਾਰ ਦੀ ਕਾਮਯਾਬੀ ਜਾਪਦੀ ਸੀ। ਜਦੋਂ ਟਰੰਪ ਨੇ ਇਹ ਗੱਲ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਹੀ, ਓਦੋਂ ਅਸੀਂ ਹੈਰਾਨ ਹੋਏ ਸਾਂ ਕਿ ਏਡੀ ਗੱਲ ਇਸ ਬੰਦੇ ਨੇ ਏਨੇ ਸਾਧਾਰਨ ਰੌਂਅ ਵਿੱਚ ਕਿਵੇਂ ਕਹਿ ਦਿੱਤੀ ਹੈ, ਪਰ ਇੱਕ ਹਫਤਾ ਬਾਅਦ ਇਸ ਦੇ ਅਰਥ ਸਮਝ ਆਏ ਹਨ। ਜਦੋਂ ਮੌਤਾਂ ਦੀ ਗਿਣਤੀ ਉਸ ਦੇ ਦੇਸ਼ ਵਿੱਚ ਅਜੇ ਹੋਣੀ ਨਹੀਂ ਸੀ ਸ਼ੁਰੂ ਹੋਈ, ਚੀਨ ਵਿੱਚ ਤੇ ਫਿਰ ਇਰਾਨ ਜਾਂ ਇਟਲੀ ਬਾਰੇ ਕਰਨੀ ਪੈਂਦੀ ਸੀ, ਓਦੋਂ ਸਭ ਦੁਨੀਆ ਦੇ ਨਾਲ ਅਮਰੀਕੀ ਲੋਕਾਂ ਨੂੰ ਵੀ ਸੈਂਕੜਾ ਪਾਰ ਕਰਨ ਤੇ ਫਿਰ ਹਜ਼ਾਰ ਦੀ ਹੱਦ ਟੱਪਣ ਨਾਲ ਹੈਰਾਨੀ ਹੋ ਸਕਦੀ ਸੀ। ਇਟਲੀ ਵਿੱਚ ਮੌਤਾਂ ਦੀ ਗਿਣਤੀ ਦਸ ਹਜ਼ਾਰ ਹੋਣ ਦੀ ਚਰਚਾ ਵੀ ਹੈਰਾਨੀ ਨਾਲ ਹੋਈ ਸੀ। ਜਿਸ ਤਰ੍ਹਾਂ ਦੀ ਹੈਰਾਨੀ ਇਟਲੀ ਵਿੱਚ ਮੌਤਾਂ ਦੀ ਗਿਣਤੀ ਇੱਕ ਹਜ਼ਾਰ ਤੇ ਫਿਰ ਦਸ ਹਜ਼ਾਰ ਟੱਪ ਜਾਣ ਨਾਲ ਹੋਈ ਸੀ, ਉਸ ਕਿਸਮ ਦੀ ਹੈਰਾਨੀ ਓਦੋਂ ਬਿਲਕੁਲ ਨਹੀਂ ਹੋਈ, ਜਦੋਂ ਮੌਤਾਂ ਦੀ ਗਿਣਤੀ ਅਮਰੀਕਾ ਵਿੱਚ ਦਸ ਹਜ਼ਾਰ ਨੂੰ ਟੱਪੀ ਅਤੇ ਫਿਰ ਓਦੋਂ ਵੀ ਨਹੀਂ ਹੋਈ, ਜਦੋਂ ਇੱਕ ਲੱਖ ਮੌਤਾਂ ਸੰਸਾਰ ਵਿੱਚ ਹੋਣ ਦੀ ਖਬਰ ਆਈ ਸੀ। ਓਦੋਂ ਸਾਨੂੰ ਸਮਝ ਪਈ ਕਿ ਟਰੰਪ ਨੇ ਆਪਣੇ ਲੋਕਾਂ ਨੂੰ ਅਗੇਤਾ ਇੱਕ ਵੱਡੇ ਮਾਨਸਿਕ ਹਲੂਣੇ ਲਈ ਤਿਆਰ ਕਰ ਲਿਆ ਸੀ ਕਿ ਮ੍ਰਿਤਕਾਂ ਦੀ ਗਿਣਤੀ ਸੰਸਾਰ ਭਰ ਵਿੱਚ ਕੀ, ਇਕੱਲੇ ਅਮਰੀਕਾ ਵਿੱਚ ਹੀ ਲੱਖ-ਦੋ ਲੱਖ ਤੱਕ ਜਾ ਸਕਦੀ ਹੈ। ਕਮਾਲ ਦੀ ਰਾਜਨੀਤਕ ਕਲਾਕਾਰੀ ਹੈ ਕਿ ਕੁਝ ਕੀਤਾ ਹੀ ਨਹੀਂ ਤੇ ਆਪਣੇ ਲੋਕਾਂ ਦੇ ਮਨਾਂ ਵਿੱਚੋਂ ਮਰਨ ਦਾ ਫਿਕਰ ਖਤਮ ਕਰ ਕੇ ਉਸ ਦੀ ਥਾਂ ਸੰਵੇਦਨਹੀਣਤਾ ਭਰ ਦਿੱਤੀ ਹੈ।
ਡੋਨਾਲਡ ਟਰੰਪ ਦੀ ਇਸ ਰਾਜਨੀਤਕ ਕਲਾਕਾਰੀ ਦਾ ਅਸਰ ਸਿਰਫ ਅਮਰੀਕੀ ਲੋਕਾਂ ਦੀ ਮਾਨਸਕਿਤਾ ਉੱਤੇ ਨਹੀਂ ਹੋਇਆ, ਸਾਰੀ ਦੁਨੀਆ ਦੇ ਉਨ੍ਹਾਂ ਲੋਕਾਂ ਦੀ ਮਾਨਸਿਕਤਾ ਉੱਤੇ ਹੋਇਆ ਹੈ, ਜਿਹੜੇ ਇਲੈਕਟਰਾਨਿਕ ਮੀਡੀਆ ਦੇ ਰਾਹੀਂ ਆਪਣੇ ਆਪ ਨੂੰ 'ਗਲੋਬਲ ਪਿੰਡ' ਦਾ ਨਾਗਰਿਕ ਸਮਝਣ ਦਾ ਭਰਮ ਪਾਲਣ ਲੱਗੇ ਹਨ। ਉਹ ਲੋਕ ਦੋ ਦਿਨ ਪਹਿਲਾਂ ਇਸ ਬਾਰੇ ਚਰਚਾ ਕਰਨ ਲੱਗੇ ਸਨ ਕਿ ਕੱਲ੍ਹ-ਪਰਸੋਂ ਤੱਕ ਇਹ ਗਿਣਤੀ ਲੱਖ ਟੱਪ ਜਾਵੇਗੀ। ਚਰਚਾ ਕਰਨ ਦਾ ਢੰਗ ਏਦਾਂ ਸੀ, ਜਿਵੇਂ ਕਿਸੇ ਕ੍ਰਿਕਟ ਪਲੇਅਰ ਦੇ ਬਾਰੇ ਚਰਚਾ ਕਰਦੇ ਹੋਣ ਕਿ ਹੋਰ ਦੋ ਮੈਚਾਂ ਤੱਕ ਉਸ ਵੱਲੋਂ ਬਣਾਏ ਰੰਨ ਦਾ ਸਕੋਰ ਐਨੇ ਹਜ਼ਾਰ ਨੂੰ ਪਾਰ ਕਰ ਜਾਵੇਗਾ। ਇਹੀ ਨਹੀਂ, ਉਹ ਲੋਕ ਸਗੋਂ ਇਹ ਚਰਚਾ ਕਰਦੇ ਵੀ ਵੇਖੇ ਜਾਣ ਲੱਗੇ ਸਨ ਕਿ ਦੁਨੀਆ ਦੇ ਐਨੇ ਦੇਸ਼ਾਂ ਵਿੱਚ ਇਹ ਮੁਸੀਬਤ ਪਹੁੰਚ ਗਈ ਹੈ ਤੇ ਐਨੇ ਕੁ ਬਾਕੀ ਰਹਿ ਗਏ ਹਨ ਅਤੇ ਇਸ ਬਾਰੇ ਉਹ ਸੋਚਣ ਨੂੰ ਵੀ ਤਿਆਰ ਨਹੀਂ ਸਨ ਕਿ ਇਸ ਨਾਲ ਇਨਸਾਨੀਅਤ ਦੀ ਹੋਂਦ ਨੂੰ ਖਤਰਾ ਬਣ ਗਿਆ ਹੋ ਸਕਦਾ ਹੈ।
ਜੀ ਹਾਂ, ਇਹ ਮੁੱਦਾ ਕੋਈ ਥੋੜ੍ਹੇ ਸਮੇਂ ਦੇ ਅਸਰ ਵਾਲਾ ਨਹੀਂ। ਜਿਹੀ ਜਿਹੀ ਬਿਮਾਰੀ ਉੱਠੀ ਹੈ, ਅਸੀਂ ਇਸ ਚਰਚਾ ਵਿੱਚ ਨਹੀਂ ਪੈ ਰਹੇ ਕਿ ਕਿਸੇ ਦੇਸ਼ ਨੇ ਕੋਈ ਜੈਵਿਕ ਹਥਿਆਰ, ਬਾਇਲੋਜੀਕਲ ਪਟਾਕਾ ਬਣਾ ਲਿਆ ਜਾਂ ਬਣਾਉਣ ਲਈ ਕੋਸ਼ਿਸ਼ ਕੀਤੀ ਹੈ, ਪਰ ਇਸ ਮੁਸੀਬਤ ਵਿੱਚੋਂ ਸਹਿਜ ਸੁਭਾਅ ਇਸ ਦਾ ਖਿਆਲ ਕਿਸੇ ਨੂੰ ਆ ਸਕਦਾ ਹੈ। ਅਜੇ ਤੱਕ ਕਿਸੇ ਦੇਸ਼ ਨੇ ਇਹੋ ਜਿਹੀ ਚੀਜ਼ ਨਹੀਂ ਵੀ ਬਣਾਈ ਤਾਂ ਐਟਮ ਬੰਬਾਂ ਤੋਂ ਵੱਧ ਮਾਰੂ ਇਹੋ ਜਿਹੀ ਖੁਰਾਫਾਤ ਕਿਸੇ ਸ਼ਰਾਰਤੀ ਮਨ ਵਿੱਚ ਭਲਕ ਨੂੰ ਆ ਸਕਦੀ ਹੈ। ਆਮ ਪ੍ਰਭਾਵ ਹੈ ਕਿ ਇਸ ਬਿਮਾਰੀ ਦਾ ਅਜੇ ਤੱਕ ਇਲਾਜ ਹੀ ਕੋਈ ਨਹੀਂ ਨਿਕਲਿਆ ਤੇ ਇਹ ਵੀ ਗੱਲ ਚੱਲਦੀ ਹੈ ਕਿ ਕੁਝ ਦੇਸ਼ਾਂ ਨੇ ਇਸ ਦਾ ਤੋੜ ਤਾਂ ਲੱਭ ਲਿਆ ਹੈ, ਪਰ ਕਿਸੇ ਨੂੰ ਦੱਸਿਆ ਨਹੀਂ। ਅਸੀਂ ਅਜੇ ਇਹ ਮੰਨ ਲੈਂਦੇ ਹਾਂ ਕਿ ਨਹੀਂ ਨਿਕਲਿਆ ਤੇ ਇਹ ਸੋਚਦੇ ਹਾਂ ਕਿ ਜੇ ਬਿਮਾਰੀ ਏਸੇ ਤਰ੍ਹਾਂ ਵਧਦੀ ਗਈ ਤੇ ਕੋਈ ਇਲਾਜ ਨਾ ਮਿਲਿਆ ਤਾਂ ਫਿਰ ਇਸ ਦੇ ਅੱਗੇ ਡੱਕਾ ਨਹੀਂ ਲੱਗ ਸਕਣਾ। ਉਸ ਹਾਲਤ ਵਿੱਚ ਇਨਸਾਨੀਅਤ ਦਾ ਬਣੇਗਾ ਕੀ?
ਸਾਡੇ ਲੋਕ ਤੇ ਸੰਸਾਰ ਦੇ ਲੋਕ, ਅਤੇ ਖਾਸ ਕਰ ਕੇ ਅਮਰੀਕਾ ਦੇ ਲੋਕ ਇਹੋ ਜਿਹੀ ਗੱਲ ਸੋਚਣ ਨੂੰ ਤਿਆਰ ਨਹੀਂ। ਜਦੋਂ ਉਹ ਏਨੀ ਗੱਲ ਵੀ ਸੋਚਣ ਨੂੰ ਤਿਆਰ ਨਹੀਂ ਤਾਂ ਉਹ ਆਪਣੇ ਦਿਮਾਗ ਦਾ ਪਾਣੀ ਇਹ ਗੱਲਾਂ ਸੋਚ ਕੇ ਵੀ ਕੱਢਣ ਨੂੰ ਤਿਆਰ ਨਹੀਂ ਹੋਣਗੇ ਕਿ ਜਿਹੜੀ ਬਿਮਾਰੀ ਨੂੰ ਚੀਨ ਦੀ ਦੱਸਿਆ ਜਾਂਦਾ ਸੀ, ਚੀਨੀ ਡਾਕਟਰਾਂ ਨੇ ਸੁਪਰ ਕੰਪਿਊਟਰ ਦੀ ਮਦਦ ਨਾਲ ਇਹ ਜੜ੍ਹ ਲੱਭ ਲਈ ਹੈ ਕਿ ਉਸ ਦਾ ਵਾਇਰਸ ਪਿਛਲੇ ਸਾਲ ਇੱਕ ਮਰੀਜ਼ ਦੀ ਕੈਟ ਸਕੈਨ ਵਿੱਚ ਅਮਰੀਕਾ ਦੇ ਨਾਰਥ ਕੈਰੋਲੀਨਾ ਸਟੇਟ ਦੇ ਇੱਕ ਹਸਪਤਾਲ ਵਿੱਚ ਵੀ ਦਿੱਸ ਪਿਆ ਸੀ। ਚੀਨੀ ਡਾਕਟਰਾਂ ਦੇ ਦਾਅਵੇ ਦਾ ਅਮਰੀਕਾ ਦੇ ਡਾਕਟਰਾਂ ਨੇ ਨਰਮ ਜਿਹੀ ਸੁਰ ਵਿੱਚ ਭਾਵੇਂ ਖੰਡਨ ਕੀਤਾ ਹੈ, ਪਰ ਇਸ ਨਾਲ ਸ਼ੱਕ ਪੈਦਾ ਹੋ ਗਿਆ ਹੈ ਕਿ ਪਿਛਲੇ ਸਾਲ ਜੇ ਸਚਮੁੱਚ ਏਦਾਂ ਦੇ ਵਾਇਰਸ ਦੀ ਕੋਈ ਸੂਹ ਮਿਲ ਗਈ ਸੀ ਤਾਂ ਦੁਨੀਆ ਸਾਹਮਣੇ ਇਸ ਲਈ ਨਹੀਂ ਆਈ ਕਿ ਗੱਲ ਦੱਬ ਦਿੱਤੀ ਗਈ ਸੀ। ਇਸ ਨੂੰ ਦੱਬਣ ਦਾ ਜ਼ਿਮੇਵਾਰ ਕੌਣ ਸੀ, ਇਹ ਚਰਚਾ ਕਿਸੇ ਪਾਸੇ ਨਹੀਂ ਚੱਲੀ। ਸੰਸਾਰ ਦੀ ਮਹਾਂਸ਼ਕਤੀ ਦਾ ਦਰਜਾ ਅਮਰੀਕਾ ਨੂੰ ਐਵੇਂ ਨਹੀਂ ਮਿਲਿਆ। ਇਸ ਮਹਾਂਸ਼ਕਤੀ ਨੂੰ ਰਾਸ਼ਟਰਪਤੀ ਨਹੀਂ ਚਲਾਉਂਦਾ। ਉਸ ਨੂੰ ਚਲਾਉਣ ਵਾਲੇ ਥਿੰਕ ਟੈਂਕ ਇਹ ਗੱਲ ਅਗੇਤੀ ਸੋਚ ਸਕਦੇ ਹਨ ਕਿ ਜਿਹੜੇ ਹਾਲਾਤ ਦਾ ਕੱਲ੍ਹ ਨੂੰ ਸਾਹਮਣਾ ਕਰਨਾ ਹੈ ਅਤੇ ਲੋਕਾਂ ਨੂੰ ਓਦੋਂ ਝਟਕਾ ਲੱਗਣਾ ਹੈ, ਉਸ ਬਾਰੇ ਅਗੇਤਾ ਹੀ ਉਨ੍ਹਾਂ ਨੂੰ ਤਿਆਰ ਕਰ ਲੈਣਾ ਚਾਹੀਦਾ ਹੈ। ਇੱਕ ਲੱਖ ਤੋਂ ਵੱਧ ਮੌਤਾਂ ਹੋਣ ਵਾਲੀ ਖਬਰ ਨੇ ਸੰਸਾਰ ਦੇ ਲੋਕਾਂ ਨੂੰ ਝੰਜੋੜਿਆ ਕਿਉਂ ਨਾ, ਇਸ ਦਾ ਕਾਰਨ ਟਰੰਪ ਦੀ ਟਿਪਣੀ ਵੀ ਹੋ ਸਕਦਾ ਹੈ।
ਪਾਸ਼ ਨੇ ਕਿਹਾ ਸੀ: ਬਹੁਤ ਹੀ ਖਤਰਨਾਕ ਹੁੰਦਾ ਹੈ ਸੁਫਨਿਆਂ ਦਾ ਮਰ ਜਾਣਾ, ਤੇ ਠੀਕ ਕਿਹਾ ਸੀ, ਪਰ ਇਸ ਤੋਂ ਵੀ ਬੁਰਾ ਹੋਵੇਗਾ ਲੋਕਾਂ ਅੰਦਰੋਂ ਜਿੰਦਾ ਹੋਣ ਦੀ ਸੰਵੇਦਨਾ ਜਾਂ ਜਿੰਦਾ ਰਹਿਣ ਦੀ ਲੋੜ ਦਾ ਮਰ ਜਾਣਾ। ਸ਼ਾਇਦ!