ਮਹਾਬਲੀ ਹੋਣ ਦੇ ਭਰਮ ਹੇਠ ਕੀਤੀਆਂ ਗਲਤੀਆਂ ਨੂੰ ਹੀ ਭੁਗਤਦਾ ਪਿਆ ਹੈ ਮਨੁੱਖ - ਜਤਿੰਦਰ ਪਨੂੰ
ਆਪਣੇ ਆਪ ਨੂੰ ਮਹਾਂਬਲੀ ਸਮਝਣ ਦਾ ਭਰਮ ਪਾਲ ਬੈਠੇ ਮਨੁੱਖ ਨੇ ਜੰਗਲਾਂ ਤੋਂ ਬਸਤੀਆਂ, ਫਿਰ ਸ਼ਹਿਰ ਤੇ ਉਸ ਦੇ ਬਾਅਦ ਇਸ ਧਰਤੀ ਤੋਂ ਉੱਪਰ ਪੁਲਾੜ ਵਿੱਚ ਵੀ ਅੱਡੇ ਜਾ ਬਣਾਏ ਹਨ। ਇਸ ਵਕਤ ਜਦੋਂ ਸੰਸਾਰ ਭਰ ਵਿੱਚ ਕੋਰੋਨਾ ਦੇ ਕਹਿਰ ਨਾਲ ਇਨਸਾਨੀਅਤ ਕੰਬ ਰਹੀ ਹੈ, ਸਪੇਸ ਵਿੱਚ ਮਨੁੱਖ ਦਾ ਬਣਾਇਆ ਸਟੇਸ਼ਨ ਓਦੋਂ ਵੀ ਕੰਮ ਕਰਦਾ ਪਿਆ ਹੈ ਤੇ ਸ਼ੁੱਕਰਵਾਰ ਸਤਾਰਾਂ ਅਪਰੈਲ ਵਾਲੇ ਦਿਨ ਓਥੋਂ ਤਿੰਨ ਆਸਟਰੋਨਾਟ ਧਰਤੀ ਉੱਤੇ ਵਾਪਸ ਆਏ ਹਨ। ਜਨਮ ਵੇਲੇ ਦੇ ਦੋ ਅਮਰੀਕਨ ਨਾਗਰਿਕ, ਇੱਕ ਕੁੜੀ ਜੈਸਿਕਾ ਮੀਰ ਅਤੇ ਦੂਸਰਾ ਐਂਡਰਿਊ ਮਾਰਗਨ ਸਨ ਤੇ ਤੀਸਰਾ ਰੂਸ ਵਾਲਿਆਂ ਦਾ ਸੋਯੂਜ਼ ਕਮਾਂਡਰ ਓਲੇਗ ਸਕਰੀਪੋਚਕਾ ਇਕੱਠੇ ਉਸ ਪੁਲਾੜ ਸਟੇਸ਼ਨ ਤੋਂ ਮੁੜੇ ਹਨ। ਜੈਸਿਕਾ ਅਤੇ ਸਕਰੀਪੋਚਕਾ ਓਥੇ ਦੋ ਸੌ ਪੰਜ ਦਿਨ ਗੁਜ਼ਾਰ ਕੇ ਆਏ ਅਤੇ ਐਂਡਰਿਊ ਦੋ ਸੌ ਬਹੱਤਰ ਦਿਨਾਂ ਪਿੱਛੋਂ ਮੁੜਿਆ ਹੈ। ਪੁਲਾੜ ਵਿੱਚ ਬਿਨਾਂ ਕਿਸੇ ਥੰਮ੍ਹੀ ਜਾਂ ਪਿੱਲਰ ਤੋਂ ਟਿਕੇ ਹੋਏ ਸਪੇਸ ਸਟੇਸ਼ਨ ਵਿੱਚ ਜਾਂਦੇ ਇਹ ਲੋਕ ਕਈ ਵਾਰੀ ਬਾਹਰ ਨਿਕਲਦੇ ਤੇ ਬਿਨਾਂ ਕਿਸੇ ਜਹਾਜ਼, ਪੈਰਾਸ਼ੂਟ ਜਾਂ ਪੌੜੀ ਤੋਂ ਖਾਲੀ ਪੁਲਾੜ ਵਿੱਚ ਸੈਰ ਕਰਦੇ ਹਨ ਤੇ ਕੁਦਰਤ ਦੀ ਵੱਖ-ਵੱਖ ਗ੍ਰਹਿਆਂ ਨੂੰ ਆਪੋ ਵਿੱਚ ਖਿੱਚਣ ਦੀ ਤਾਕਤ ਇਨ੍ਹਾਂ ਨੂੰ ਕਿਸੇ ਗ੍ਰਹਿ ਵੱਲ ਖਿਸਕਣ ਦੀ ਥਾਂ ਵਿਚਾਲੇ ਟਿਕਾ ਕੇ ਚਮਤਕਾਰ ਵਾਂਗ ਕੰਮ ਕਰਦੀ ਹੈ।
ਸੰਸਾਰ ਪੱਧਰ ਦੀ ਇੱਕ ਸੰਸਥਾ ਨੇ ਕੁਝ ਸਾਲ ਪਹਿਲਾਂ ਇਹ ਖੋਜ ਆਰੰਭ ਕਰ ਦਿੱਤੀ ਕਿ ਧਰਤੀ ਦੇ ਕੇਂਦਰ ਵਿੱਚ ਉਸ ਸ਼ਕਤੀ ਦਾ ਬਿੰਦੂ ਵੇਖਣਾ ਹੈ, ਜਿਹੜਾ ਸਭ ਚੀਜ਼ਾਂ ਨੂੰ ਆਪਣੇ ਵੱਲ ਖਿੱਚਦਾ ਹੈ। ਕੁਝ ਲੋਕਾਂ ਦਾ ਖਿਆਲ ਸੀ ਕਿ ਏਦਾਂ ਦੀ ਖੋਜ ਲਈ ਡੂੰਘੇ ਹੇਠਾਂ ਭੇਜੇ ਗਏ ਵਰਮੇ (ਡਰਿੱਲਜ਼) ਕਿਸੇ ਤਰ੍ਹਾਂ ਉਸ ਖਾਸ ਕੇਂਦਰ ਨਾਲ ਟਕਰਾਅ ਕੇ ਕੁਝ ਏਦਾਂ ਦੀ ਅਣਕਿਆਸੀ ਸਥਿਤੀ ਪੈਦਾ ਕਰ ਸਕਦੇ ਹਨ ਕਿ ਧਰਤੀ ਹੀ ਖਿੱਲਰ ਜਾਵੇ, ਜਿਸ ਨਾਲ ਮਨੁੱਖੀ ਜੀਵਨ ਦੀ ਹੋਂਦ ਵਾਸਤੇ ਖਤਰਾ ਹੋ ਸਕਦਾ ਹੈ। ਕਮਾਲ ਦੀ ਗੱਲ ਕਿ ਬੰਦਾ ਦੂਸਰੇ ਗ੍ਰਹਿਆਂ ਵਿਚਾਲੇ ਬਿਨਾਂ ਬੁਰਜੀਆਂ ਤੋਂ ਪੁਲਾੜ ਖੋਜ ਦਾ ਸਟੇਸ਼ਨ ਬਣਾਈ ਬੈਠਾ ਹੈ, ਧਰਤੀ ਦੀ ਧੁੰਨੀ ਤੱਕ ਜਾਣ ਲਈ ਵਰਮੇ ਮਾਰੀ ਜਾਂਦਾ ਹੈ ਤੇ ਸਮੁੰਦਰਾਂ ਦੀ ਤਹਿ ਤੱਕ ਜਾਣ ਲਈ ਕੋਈ ਕਸਰ ਨਹੀਂ ਛੱਡਦਾ, ਪਰ ਆਪਣੇ ਸਿਰ ਪੈਂਦੀਆਂ ਮਹਾਂਮਾਰੀਆਂ ਰੋਕਣ ਦੇ ਸਮਰੱਥ ਅਜੇ ਨਹੀਂ ਹੋ ਸਕਿਆ।
ਮਹਾਮਾਰੀਆਂ ਮਨੁੱਖ ਦੀ ਹੋਂਦ ਨਾਲ ਉਸ ਵੇਲੇ ਤੋਂ ਜੁੜੀਆਂ ਹਨ, ਜਦੋਂ ਅਜੇ ਇਹ ਬਿਨਾਂ ਕੱਪੜਿਆਂ ਤੋਂ ਜੰਗਲਾਂ ਦੇ ਜੀਵਾਂ ਵਾਂਗ ਘੁਮੰਤਰੀ ਜੀਵਨ ਗੁਜ਼ਾਰ ਰਿਹਾ ਸੀ। ਓਦੋਂ ਉਸ ਕੋਲ ਕਿਸੇ ਤਰ੍ਹਾਂ ਦੀ ਖੋਜ ਵੀ ਨਹੀਂ ਸੀ ਤੇ ਜਿਹੜਾ ਕਿਸੇ ਵੀ ਤਰ੍ਹਾਂ ਦਾ ਓਹੜ-ਪੋਹੜ ਇੱਕ ਜਣਾ ਕਰ ਲੈਂਦਾ ਸੀ, ਉਸ ਨੂੰ ਸੰਭਾਲੀ ਰੱਖਣ ਦਾ ਚੇਤੇ ਤੋਂ ਸਿਵਾ ਕੋਈ ਹੋਰ ਢੰਗ ਵੀ ਨਹੀਂ ਸੀ ਲੱਭਾ, ਕਿਉਂਕਿ ਓਦੋਂ ਤੱਕ ਨਾ ਲਿਖਣ ਲਈ ਸ਼ਬਦ ਸੁੱਝੇ ਸਨ ਤੇ ਨਾ ਅੱਖਰ ਬਣੇ ਸਨ। ਜਿਹੜੀਆਂ ਸੱਟਾਂ ਦਾ ਮਨੁੱਖ ਦੇ ਵੱਡੇ-ਵਡੇਰਿਆਂ ਨੂੰ ਸਾਹਮਣਾ ਕਰਨਾ ਪੈਂਦਾ ਰਿਹਾ, ਉਹ ਅਗਲੀਆਂ ਪੀੜ੍ਹੀਆਂ ਤੱਕ ਸੀਨਾ-ਬ-ਸੀਨਾ ਅੱਗੇ ਤੁਰਦੀਆਂ ਅਤੇ ਲੋੜ ਵੇਲੇ ਕੰਮ ਆਉਣ ਤੋਂ ਇਲਾਵਾ ਹੋਰ ਖੋਜਾਂ ਦਾ ਆਧਾਰ ਵੀ ਬਣਦੀਆਂ ਰਹੀਆਂ। ਕਿਸੇ ਵਕਤ ਟਾਹਣੀ ਤੋਂ ਛਾਲ ਮਾਰਨ ਵਾਲੇ ਕਿਸੇ ਬਾਂਦਰ ਜਾਂ ਚਿੰਪੈਂਜੀ ਨੇ ਜਦੋਂ ਇਹ ਵੇਖਿਆ ਕਿ ਇਸ ਨਾਲ ਟਾਹਣੀ ਹਿੱਲੀ ਸੀ ਤੇ ਸਿੱਟੇ ਵਜੋਂ ਕੁਝ ਫਲ ਡਿੱਗੇ ਸਨ, ਉਸ ਨੂੰ ਦੋਬਾਰਾ ਅਜ਼ਮਾਉਣ ਲਈ ਉਸ ਨੇ ਹੋਰ ਛਾਲਾਂ ਮਾਰੀਆਂ ਅਤੇ ਫਲ ਡਿੱਗੇ ਵੇਖ ਕੇ ਫਲ ਤੋੜਨ ਦਾ ਤਰੀਕਾ ਸਿੱਖ ਲਿਆ ਸੀ। ਸਹਿਜ ਸੁਭਾਅ ਕਿਸੇ ਫਲ ਦੀ ਛਿੱਲ ਜ਼ਖਮਾਂ ਉੱਤੇ ਲੱਗ ਜਾਣ ਨਾਲ ਉਸ ਕੋਲ ਇਸ ਤਰ੍ਹਾਂ ਜ਼ਖਮਾਂ ਉੱਤੇ ਫੈਹਾ ਲਾਉਣ ਦੀ ਅਕਲ ਪਹੁੰਚੀ ਸੀ ਤੇ ਕਿਸੇ ਖਾਸ ਫਲ ਖਾਧੇ ਤੋਂ ਅਚਾਨਕ ਹੋਏ ਕਿਸੇ ਫਾਇਦੇ ਨੇ ਉਸ ਨੂੰ ਬਿਮਾਰੀਆਂ ਲਈ ਏਦਾਂ ਦੇ ਨੁਸਖੇ ਵਰਤਣ ਦੇ ਰਾਹ ਤੋਰਿਆ ਹੋਵੇਗਾ। ਉਸ ਨੇ ਅਚਾਨਕ ਹੋਈ ਹਰ ਪ੍ਰਾਪਤੀ ਤੋਂ ਵੀ ਸਿੱਖਿਆ ਸੀ ਅਤੇ ਆਪਣੀਆਂ ਗਲਤੀਆਂ ਤੋਂ ਵੀ ਕੁਝ ਨਾ ਕੁਝ ਸਿੱਖਦਾ ਹੋਇਆ ਅੱਜ ਦੇ ਮੁਕਾਮ ਤੱਕ ਪਹੁੰਚਿਆ ਹੈ।
ਮਨੁੱਖੀ ਅਕਲ ਨੇ ਕਈ ਪੜਾਅ ਪਾਰ ਕੀਤੇ ਅਤੇ ਹਰ ਵਾਰੀ ਕੁਝ ਨਵਾਂ ਕੀਤਾ ਹੈ, ਪਰ ਇਹ ਗੱਲ ਯਾਦ ਨਹੀਂ ਸੀ ਰਹੀ ਕਿ ਉਸ ਦੇ ਨਾਲ-ਨਾਲ ਪਦਾਰਥ ਵੀ ਕਈ ਪੜਾਅ ਪਾਰ ਕਰਦਾ ਜਾ ਰਿਹਾ ਹੈ। ਇੱਕ ਫਲ ਦੀਆਂ ਕਈ ਕਿਸਮਾਂ ਬਣ ਜਾਣ ਵਾਂਗ ਇੱਕ ਪਦਾਰਥ ਨੂੰ ਵੱਖੋ-ਵੱਖ ਢੰਗਾਂ ਨਾਲ ਵਰਤੇ ਜਾਣ ਕਾਰਨ ਉਸ ਦੇ ਪ੍ਰਤੀਕਰਮ ਵਜੋਂ ਕਈ ਕਿਸਮਾਂ ਦੇ ਨਵੇਂ ਜੀਨ ਵੀ ਬਣਦੇ ਗਏ ਹਨ। ਸਿਆਣੇ ਆਖਦੇ ਹਨ ਕਿ ਕੁਝ ਸਮਾਂ ਲੰਘ ਜਾਵੇ ਤਾਂ ਆਪਣਾ ਜੂਠਾ ਪਾਣੀ ਵੀ ਪੀਣਾ ਮੂਰਖਤਾ ਹੋ ਸਕਦੀ ਹੈ। ਇਸ ਦਾ ਵੀ ਵਿਗਿਆਨਕ ਕਾਰਨ ਹੈ। ਕਦੀ ਅਸੀਂ ਗਿਲਾਸ ਵਿੱਚ ਪਾ ਕੇ ਦੁੱਧ ਰੱਖ ਦੇਈਏ ਤੇ ਦੂਸਰੇ ਦਿਨ ਤੱਕ ਪਿਆ ਰਹੇ ਤਾਂ ਫਿਰ ਉਹ ਦੁੱਧ ਨਹੀਂ ਰਹਿੰਦਾ, ਆਪਣੇ ਆਪ ਦਹੀਂ ਦੀ ਮੁੱਢਲੀ ਕਿਸਮ ਬਣ ਜਾਂਦਾ ਹੈ। ਚੀਜ਼ਾਂ ਜਿੱਦਾਂ ਆਪਸ ਵਿੱਚ ਤੱਤਾਂ ਦੇ ਮਿਲਣ ਨਾਲ ਬਦਲਦੀਆਂ ਹਨ, ਇੱਕ ਵਾਰੀ ਪਾਣੀ ਪੀਤੇ ਤੋਂ ਜਿਹੜਾ ਮਨੁੱਖੀ ਥੁੱਕ ਉਸ ਗਿਲਾਸ ਦੇ ਨਾਲ ਲੱਗ ਗਿਆ ਹੁੰਦਾ ਹੈ, ਉਸ ਵਿੱਚ ਗਏ ਤੱਤਾਂ ਨਾਲ ਉਸ ਪਾਣੀ ਉੱਤੇ ਵੀ ਡਾਕਟਰ ਪ੍ਰਤੀਕਿਰਿਆ ਚੱਲਣ ਦਾ ਦਾਅਵਾ ਕਰਦੇ ਹਨ। ਅਸੀਂ ਲੋਕ ਕਈ ਤਰ੍ਹਾਂ ਦੇ ਖੁਰਾਕੀ ਤੱਤ ਖਾਂਦੇ ਹਾਂ। ਪੁਰਾਣੇ ਸਮਿਆਂ ਤੋਂ ਭੋਜਨ ਛੱਤੀ ਪ੍ਰਕਾਰ ਦਾ ਕਿਹਾ ਜਾਂਦਾ ਹੈ, ਜਿਸ ਵਿੱਚ ਆਟਾ, ਪਾਣੀ ਤੇ ਲੂਣ ਆਦਿ ਤੋਂ ਤੁਰ ਕੇ ਜਿੰਨੇ ਵੀ ਤੱਤ ਹੋ ਸਕਦੇ ਹਨ, ਉਨ੍ਹਾਂ ਦੀ ਗਿਣਤੀ ਕੀਤੀ ਜਾਂਦੀ ਹੈ। ਏਨੇ ਤੱਤ ਪਕਾਏ ਜਾਣ ਵੇਲੇ ਵੀ ਇੱਕ ਦੂਸਰੇ ਨਾਲ ਘੁਲਦੇ ਹਨ ਤੇ ਫਿਰ ਪੇਟ ਦੇ ਅੰਦਰ ਜਾ ਕੇ ਵੀ ਘੁਲਦੇ ਹਨ ਤਾਂ ਜੀਵਨ ਦੇ ਤੱਤਾਂ ਤੋਂ ਕਦੇ ਕੋਈ ਨਵਾਂ ਜੀਨ ਲਾਹੇਵੰਦਾ ਪੈਦਾ ਹੋ ਸਕਦਾ ਹੈ ਅਤੇ ਕੋਈ ਨੁਕਸਾਨ ਕਰਨ ਵਾਲਾ ਵੀ। ਲਾਹੇਵੰਦ ਹੋਵੇ ਜਾਂ ਨੁਕਸਾਨ ਕਰਨ ਵਾਲਾ, ਇਨ੍ਹਾਂ ਦਾ ਇੱਕਦਮ ਪਤਾ ਨਹੀਂ ਲੱਗਦਾ ਤੇ ਅੰਦਰੋ-ਅੰਦਰੀ ਵਿਕਸਤ ਹੁੰਦੇ ਜੀਵਾਣੂ ਜਦੋਂ ਤਾਕਤ ਫੜ ਲੈਣ ਤਾਂ ਉਸ ਵਕਤ ਉਨ੍ਹਾਂ ਦਾ ਅਸਰ ਵੇਖ ਕੇ ਬੰਦਾ ਬੌਂਦਲ ਕੇ ਰਹਿ ਜਾਂਦਾ ਹੈ।
ਸਾਡੀ ਧਰਤੀ ਵਿੱਚ ਖੇਤੀ ਵਾਸਤੇ ਲਾਹੇਵੰਦ ਕੀੜੇ ਵੀ ਹਨ ਤੇ ਨੁਕਸਾਨ ਕਰਨ ਵਾਲੇ ਵੀ ਤੇ ਜਦੋਂ ਨੁਕਸਾਨ ਕਰਨ ਵਾਲੇ ਕੀੜਿਆਂ ਨੂੰ ਮਾਰਿਆ ਜਾਂਦਾ ਹੈ, ਖੇਤੀ ਵਿਗਿਆਨੀ ਕਹਿੰਦੇ ਹਨ ਕਿ ਇਸ ਤਰ੍ਹਾਂ ਵਾਰ-ਵਾਰ ਕਰਨ ਨਾਲ ਉਹ ਕੀੜੇ ਨਾਲ ਹੀ ਮਰਨ ਲੱਗਦੇ ਹਨ, ਜਿਹੜੇ ਖੇਤੀ ਲਈ ਲਾਹੇਵੰਦੇ ਹਨ। ਇਹੋ ਹਾਲਤ ਮਨੁੱਖ ਦੇ ਸਰੀਰ ਦੀ ਹੈ। ਬਿਮਾਰੀ ਕਾਰਨ ਜਦੋਂ ਅਸੀਂ ਦਵਾਈ ਲੈਂਦੇ ਹਾਂ, ਅੱਜਕੱਲ੍ਹ ਕੋਈ ਦਵਾਈ ਤੱਤ ਰੂਪ ਵਿੱਚ ਘੱਟ ਹੀ ਹੋਵੇਗੀ, ਬਹੁਤੀਆਂ ਦਵਾਈਆਂ ਇੱਕ ਤੋਂ ਵੱਧ ਤੱਤਾਂ ਵਾਲੀਆਂ ਹਨ ਤੇ ਜਦੋਂ ਅਸੀਂ ਇਲਾਜ ਲਈ ਖਾਂਦੇ ਹਾਂ ਤਾਂ ਲਾਹੇਵੰਦ ਤੱਤਾਂ ਨਾਲ ਬੇਲੋੜੇ ਤੱਤ ਵੀ ਸਰੀਰ ਵਿੱਚ ਚਲੇ ਜਾਂਦੇ ਹਨ। ਹਰ ਕੈਮੀਕਲ ਨੇ ਆਪਣਾ ਅਸਰ ਦਿਖਾਉਣਾ ਹੁੰਦਾ ਹੈ। ਬੇਲੋੜੇ ਤੱਤ ਪੇਟ ਅੰਦਰ ਜਾ ਕੇ ਜਿੱਦਾਂ ਦੇ ਅਸਰ ਦਿਖਾਉਂਦੇ ਹਨ, ਸਾਡੇ ਅਨਾਜ ਦੇ ਨਾਲ ਕੈਮੀਕਲ ਖਾਦਾਂ ਤੇ ਕੀਤੇ ਮਾਰ ਦਵਾਈਆਂ ਦੇ ਜਿਹੜੇ ਪੈਕੇਜ ਅਸੀਂ ਖਾ ਰਹੇ ਹਾਂ, ਉਸ ਦਾ ਅਸਰ ਵੀ ਹੁੰਦਾ ਹੈ। ਇਹ ਅਸਰ ਸਮਾਂ ਪਾ ਕੇ ਪਤਾ ਲੱਗਦਾ ਹੈ। ਬੀਤੇ ਸਮਿਆਂ ਵਿੱਚ ਜਿੰਨੀਆਂ ਵੀ ਮਹਾਮਾਰੀਆਂ ਪੈਦਾ ਹੋਈਆਂ, ਇਨ੍ਹਾਂ ਵਿੱਚੋਂ ਕੋਈ ਇੱਕ ਵੀ ਏਦਾਂ ਦੀ ਨਹੀਂ ਜਾਪਦੀ, ਜਿਹੜੀ ਜੰਗਲਾਂ ਵਿੱਚ ਇਨਸਾਨ ਦੇ ਘੁੰਮਣ ਵਾਲੇ ਸਮੇਂ ਤੋਂ ਸਰੀਰ ਵਿੱਚ ਜੜ੍ਹਾਂ ਜਮਾਈ ਬੈਠੀ ਹੋਵੇ। ਇਹ ਸਭ ਕਸੂਰ ਇਨਸਾਨ ਦਾ ਆਪਣਾ ਹੈ।
ਸਾਡੇ ਕੋਲ ਬੜੀ ਵਾਰ ਇਹ ਖਬਰਾਂ ਪੁੱਜਦੀਆਂ ਹਨ ਕਿ ਫਲਾਣੀ ਕੰਪਨੀ ਨੇ ਦਵਾਈ ਜਾਣਬੁੱਝ ਕੇ ਇਸ ਕਿਸਮ ਦੀ ਬਣਾਈ ਸੀ, ਤਾਂ ਕਿ ਲੋਕਾਂ ਉੱਤੇ ਇਸ ਬਾਰੇ ਚੁੱਪ-ਚੁਪੀਤੇ ਤਜਰਬਾ ਕੀਤਾ ਜਾ ਸਕੇ। ਕਰੋੜਾਂ ਕੀ, ਅਰਬਾਂ ਰੁਪਏ ਕਮਾਉਣ ਦੇ ਸਮਰੱਥ ਇਹ ਕੰਪਨੀਆਂ ਲਗਭਗ ਹਰ ਦੇਸ਼ ਦੇ ਆਗੂਆਂ ਦੀ ਜ਼ਮੀਰ ਨੂੰ ਸਿੱਧੇ ਜਾਂ ਟੇਢੇ ਤਰੀਕੇ ਨਾਲ ਖਰੀਦ ਜੋਗੇ ਪੈਸੇ ਖਰਚ ਕਰਦੀਆਂ ਹਨ। ਇਹੋ ਕਾਰਨ ਹੈ ਕਿ ਉਹ ਆਗੂ ਅੱਖੀਂ ਵੇਖ ਕੇ ਵੀ ਮੱਖੀ ਖਾਈ ਜਾਂਦੇ ਹਨ। ਜਿਹੜੀ ਦਵਾਈ ਆਮ ਲੋਕਾਂ ਵਾਸਤੇ ਖਤਰਨਾਕ ਹੈ, ਕਿਸੇ ਨਾ ਕਿਸੇ ਤਰ੍ਹਾਂ ਉਸ ਦੀ ਲਾਗ ਆਗੂਆਂ ਦੇ ਘਰਾਂ ਤੱਕ ਵੀ ਜਾਂਦੀ ਹੈ, ਪਰ ਪੈਸਾ ਜ਼ਮੀਰ ਅਤੇ ਭਵਿੱਖ ਦੋਵਾਂ ਤੋਂ ਅੱਖਾਂ ਚੁਰਾਉਣਾ ਸਿਖਾ ਦੇਂਦਾ ਹੈ। ਫਿਰ ਬੰਦਾ ਆਤਮ ਘਾਤੀ ਰਾਹੇ ਤੁਰੀ ਜਾਂਦਾ ਹੈ ਤੇ ਨਤੀਜੇ ਵਜੋਂ ਇੱਕ ਦਿਨ ਇਹੋ ਜਿਹਾ ਆ ਜਾਂਦਾ ਹੈ, ਜਦੋਂ ਕੀਤੀ ਹੋਈ ਭੁੱਲ ਸੁਧਾਰਨ ਦਾ ਵਕਤ ਵੀ ਨਹੀਂ ਰਹਿੰਦਾ ਤੇ ਉਸ ਦੀ ਕੀਤੀ ਭੁੱਲ ਸਿਰਫ ਉਸ ਨੂੰ ਨਹੀਂ, ਸਮੁੱਚੇ ਸਮਾਜ ਨੂੰ ਭੁਗਤਣੀ ਪੈ ਜਾਂਦੀ ਹੈ। ਮਹਾਂਸ਼ਕਤੀ ਹੋਣ ਜਾਂ ਮਹਾਂਸ਼ਕਤੀ ਬਣਨ ਦੇ ਸੁਫਨੇ ਵੇਖਣ ਵਾਲੇ ਦੇਸ਼ਾਂ ਦੇ ਹਾਕਮਾਂ ਤੇ ਵਿਗਿਆਨੀਆਂ ਨੇ ਪਿਛਲੇ ਸਮੇਂ ਵਿੱਚ ਜਿਹੜੀਆਂ ਭੁੱਲਾਂ ਕੀਤੀਆਂ, ਉਨ੍ਹਾਂ ਦਾ ਖਮਿਆਜ਼ਾ ਕਈ ਵਾਰ ਭੁਗਤ ਚੁੱਕਾ ਮਨੁੱਖ ਅੱਜ ਕੋਰੋਨਾ ਦੇ ਅਸਰ ਹੇਠ ਵੀ ਭੁਗਤ ਰਿਹਾ ਹੈ। ਮਹਾਬਲੀ ਹੋਣ ਦਾ ਜਿਹੜਾ ਭਰਮ ਇਸ ਨੂੰ ਕਦੀ ਐਟਮੀ ਜੰਗਾਂ ਦੇ ਨੇੜੇ ਲੈ ਜਾਂਦਾ ਹੈ, ਕਦੀ ਸਪੇਸ ਵਾਰ ਦੇ ਤਜਰਬੇ ਕਰਨ ਦੇ ਰਾਹ ਪਾਉਂਦਾ ਹੈ ਤੇ ਕਦੀ ਜੈਵਿਕ ਹਥਿਆਰ ਬਣਾਉਣ ਦੇ ਰਾਹ ਤੋਰਦਾ ਹੈ, ਉਹ ਕਿਸੇ ਦਿਨ ਸਾਰੀ ਦੁਨੀਆ ਦੀ ਤਬਾਹੀ ਦਾ ਸਬੱਬ ਬਣ ਸਕਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰ ਵੀ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਮੂਹਰੇ ਖੜੇ ਮਨੁੱਖ ਲਈ ਬਹਿਸ ਦਾ ਮੁੱਖ ਵਿਸ਼ਾ ਅਜੋਕੀ ਮਹਾਮਾਰੀ ਤੋਂ ਬਚਾਅ ਤੱਕ ਸੀਮਤ ਹੈ, ਸਮੁੱਚੀਆਂ ਮਹਾਮਾਰੀਆਂ ਤੋਂ ਬਚਾਅ ਦੀ ਚਰਚਾ ਨਹੀਂ ਹੁੰਦੀ।