Ujagar Singh

‘ਟੁੱਟੇ ਵਾਅਦਿਆਂ ਦੀ ਦਾਸਤਾਨ’ ਪੁਸਤਕ ਲੋਕ ਹਿਤਾਂ ਦੀ ਪਹਿਰੇਦਾਰ - ਉਜਾਗਰ ਸਿੰਘ

ਗੁਰਮੀਤ ਸਿੰਘ ਪਲਾਹੀ ਸਮਰੱਥ ਲੇਖਕ ਤੇ ਕਾਲਮ ਨਵੀਸ ਹੈ। ਉਸ ਦੀਆਂ ਇੱਕ ਦਰਜਨ ਪੁਸਤਕਾਂ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਟੁੱਟੇ ਵਾਅਦਿਆਂ ਦੀ ਦਾਸਤਾਨ’ ਪੁਸਤਕ ਗੁਰਮੀਤ ਸਿੰਘ ਪਲਾਹੀ ਦੇ ਚੋਣਵੇਂ ਲੇਖਾਂ ਨੂੰ ਇਕੱਤਰ ਕਰਕੇ ਪਰਵਿੰਦਰਜੀਤ ਸਿੰਘ ਨੇ ਸੰਪਾਦਿਤ ਕੀਤੀ ਹੈ। ਇਸ ਪੁਸਤਕ ਵਿੱਚ ਗੁਰਮੀਤ ਸਿੰਘ ਪਲਾਹੀ ਦੇ ਲਿਖੇ 56 ਲੇਖ ਸ਼ਾਮਲ ਹਨ। ਇਹ ਲੇਖ ਪੰਜਾਬੀ ਦੇ ਦੇਸ਼/ਪ੍ਰਦੇਸ਼ ਦੇ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਗਾਹੇ-ਵਗਾਹੇ ਪ੍ਰਕਾਸ਼ਤ ਹੋ ਚੁੱਕੇ ਹਨ। ਪਰਵਿੰਦਰਜੀਤ ਸਿੰਘ ਨੇ ਇਨ੍ਹਾਂ ਲੇਖਾਂ ਦੀ ਚੋਣ ਬੜੇ ਸੁਚੱਜੇ ਢੰਗ ਨਾਲ ਕੀਤੀ ਹੈ। ਇਸ ਪੁਸਤਕ ਦਾ ਨਾਮ ‘ਟੁੱਟੇ ਵਾਅਦਿਆਂ ਦੀ ਦਾਸਤਾਨ’ ਪੁਸਤਕ ਦੇ ਵਿਸ਼ੇ ਤੇ ਲੇਖਕ ਦੀ ਸਮਾਜ ਪ੍ਰਤੀ ਸੰਜੀਦਗੀ ਦੀ ਗਵਾਹੀ ਭਰਦਾ ਹੈ, ਭਾਵ ਸਰਕਾਰਾਂ ਦੇ ਕੀਤੇ ਵਾਅਦਿਆਂ ਦੇ ਵਫ਼ਾ ਨਾ ਹੋਣ ਦੀ ਪੋਲ ਖੋਲ੍ਹਦੀ ਹੈ। ਇਸ ਸਿਰਲੇਖ ਤੋਂ ਗੁਰਮੀਤ ਸਿੰਘ ਪਲਾਹੀ ਦੀ ਵਿਚਾਰਧਾਰਾ ਦਾ ਵੀ ਪ੍ਰਗਟਾਵਾ ਹੁੰਦਾ ਹੈ। ਇਹ ਲੇਖ ਮੁੱਢਲੇ ਤੌਰ ‘ਤੇ ਲੋਕਾਈ ਦੇ ਹਿੱਤਾਂ ਦੀ ਪਹਿਰੇਦਾਰੀ ਕਰਦੇ ਹਨ, ਖਾਸ ਤੌਰ ‘ਤੇ ਮਨੁੱਖੀ ਹੱਕਾਂ ਦੀ ਰੱਖਵਾਲੀ ਕਰਨ ਵਾਲੇ ਹਨ। ਪੰਜਾਬ ਵਿੱਚ ਬਹੁਤ ਸਾਰੇ ਚਿੰਤਕ/ਵਿਦਵਾਨ/ਬੁੱਧੀਜੀਵੀ/ਕਾਬਲ ਕਾਲਮ ਨਵੀਸ ਹਨ, ਜਿਹੜੇ ਸਮਾਜਿਕ ਵਿਸੰਗਤੀਆਂ ਬਾਰੇ ਲਿਖਦੇ ਰਹਿੰਦੇ ਹਨ ਪ੍ਰੰਤੂ ਇਨ੍ਹਾਂ ਵਿੱਚੋਂ ਆਟੇ ਵਿੱਚ ਲੂਣ ਦੀ ਤਰ੍ਹਾਂ ਬਹੁਤ ਥੋੜ੍ਹੇ ਹਨ, ਜਿਹੜੇ ਬੇਬਾਕੀ ਨਾਲ ਮਨੁੱਖੀ ਹੱਕਾਂ ਤੇ ਹੋ ਰਹੇ ਹਮਲਿਆਂ ਬਾਰੇ ਲਿਖਣ ਦਾ ਹੌਸਲਾ ਕਰਦੇ ਹਨ। ਗੁਰਮੀਤ ਸਿੰਘ ਪਲਾਹੀ ਉਨ੍ਹਾਂ ਵਿੱਚੋਂ ਇੱਕ ਅਜਿਹਾ ਚਿੰਤਕ ਹੈ, ਜਿਸਦੇ ਲੇਖ ਹਰ ਮਸਲੇ ‘ਤੇ ਲਗਪਗ ਹਰ ਰੋਜ਼ ਕਿਸੇ ਨਾ ਕਿਸੇ ਅਖ਼ਬਾਰ ਦਾ ਸ਼ਿੰਗਾਰ ਬਣਦੇ ਹਨ। ਉਹ ਬੜੀ ਦਲੇਰੀ ਨਾਲ ਸਰਕਾਰਾਂ ਦੀਆਂ ਕੁਰੀਤੀਆਂ, ਜੋਰ ਜ਼ੁਬਰਦਸਤੀਆਂ, ਅਣਗਹਿਲੀਆਂ ਤੇ ਲਾਪ੍ਰਵਾਹੀਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਰੱਖ ਦਿੰਦੇ ਹਨ। ਇਸ ਪੁਸਤਕ ਵਿੱਚ ਉਸਦੇ ਲਗਪਗ 20 ਲੇਖ ਕਿਸਾਨਾ/ਮਜ਼ਦੂਰਾਂ/ਮੁਲਾਜ਼ਮਾ ਦੀਆਂ ਸਮੱਸਿਆਵਾਂ ਅਤੇ ਸਰਕਾਰਾਂ ਵੱਲੋਂ ਉਨ੍ਹਾਂ ਦੇ ਹਿਤਾਂ ਦੀ ਕੀਤੀ ਜਾ ਰਹੀ ਅਣਵੇਖੀ ਨਾਲ ਸੰਬੰਧਤ ਹਨ। ਉਹ ਇਕੱਲੇ ਪੰਜਾਬ ਦੇ ਕਿਸਾਨਾ/ਮਜ਼ਦੂਰਾਂ/ਮੁਲਾਜ਼ਮਾ ਬਾਰੇ ਹੀ ਚਿੰਤਤ ਨਹੀਂ ਸਗੋਂ ਸਮੁੱਚੇ ਸੰਸਾਰ ਵਿੱਚ ਕਿਸਾਨ/ਮਜ਼ਦੂਰਾਂ/ਮੁਲਾਜ਼ਮਾ ਨਾਲ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਦਾ ਪਰਦਾ ਫ਼ਾਸ਼ ਕਰਦੇ ਹੋਏ, ਉਨ੍ਹਾਂ ਨੂੰ ਆਪਣੇ ਹੱਕਾਂ ਦੀ ਹਿਫ਼ਾਜ਼ਤ ਲਈ ਇੱਕਮੁੱਠ ਹੋ ਕੇ ਲੜਾਈ ਲੜ੍ਹਨ ਦੀ ਪ੍ਰੇਰਨਾ ਦਿੰਦੇ ਹਨ। ਸਰਕਾਰਾਂ ਨਾਲ ਰਲਕੇ ਵੱਡੇ ਕਾਰੋਬਾਰੀ ਕਿਸਾਨਾ ਦੇ ਜ਼ਮਹੂਰੀ ਹੱਕਾਂ ‘ਤੇ ਮਾਰੂ ਕਾਰਵਾਈਆਂ ਕਰ ਰਹੇ ਹਨ ਪ੍ਰੰਤੂ ਗੁਰਮੀਤ ਸਿੰਘ ਪਲਾਹੀ ਉਨ੍ਹਾਂ ਦੀਆਂ ਅਜਿਹੀਆਂ ਹਰਕਤਾਂ ਦੇ ਆਪਣੇ ਲੇਖਾਂ ਰਾਹੀਂ ਪਾਜ ਉਘੇੜਦੇ ਹਨ। ਇਸ ਪੁਸਤਕ ਵਿੱਚ ਕੋਈ ਅਜਿਹਾ ਭਖਦਾ/ਚਲੰਤ ਮਸਲਾ ਨਹੀਂ ਜਿਸ ਬਾਰੇ ਉਸਦਾ ਲੇਖ ਪ੍ਰਕਾਸ਼ਤ ਨਾ ਹੋਇਆ ਹੋਵੇ। ਉਹ ਭਖਦੇ/ਚਲੰਤ ਮਸਲਿਆਂ ਬਾਰੇ ਲਿਖਣ ਵਾਲਾ ਬੁੱਧੀਜੀਵੀ ਹੈ। ਖਾਸ ਤੌਰ ’ਤੇ ਬੇਰੋਜ਼ਗਾਰੀ, ਭ੍ਰਿਸ਼ਿਟਾਚਾਰ, ਵਾਤਾਵਰਨ, ਅਮਨ ਕਾਨੂੰਨ, ਪ੍ਰਦੂਸ਼ਣ, ਸਿਧਾਂਤਹੀਣ ਸਿਆਸਤਦਾਨ ਅਤੇ ਆਰਥਿਕ/ਸਮਾਜਿਕ/ਸਭਿਅਚਾਰਕ/ਮਾਨਸਿਕ ਸ਼ੋਸ਼ਣ ਉਸ ਦੇ ਲੇਖਾਂ ਦਾ ਵਿਸ਼ਾ ਬਣਦੇ ਰਹਿੰਦੇ ਹਨ। ਉਪਰੋਕਤ ਵਿਸ਼ਿਆਂ ’ਤੇ ਵੀ ਉਸਦੇ ਲਗਪਗ 25 ਲੇਖ ਹਨ। ਇਹ ਅਜਿਹੇ ਵਿਸ਼ੇ ਹਨ, ਜਿਨ੍ਹਾਂ ਦਾ ਮਾਨਵਤਾ ਦੀ ਸਿਹਤ ’ਤੇ ਖ਼ਤਰਨਾਕ ਅਸਰ ਪੈਂਦਾ ਹੈ। ਇਨ੍ਹਾਂ ਮੁੱਦਿਆਂ ਕਰਕੇ ਬਹੁਤ ਸਾਰੇ ਲੋਕ ਖੁਦਕਸ਼ੀਆਂ ਕਰ ਜਾਂਦੇ ਹਨ। ਗੁਰਮੀਤ ਸਿੰਘ ਪਲਾਹੀ ਇੱਕ ਸੰਜੀਦਾ ਕਾਲਮ ਨਵੀਸ ਹੈ, ਇਸ ਕਰਕੇ ਜਦੋਂ ਕੋਈ ਇਨ੍ਹਾਂ ਵਿਸ਼ਿਆਂ ਨਾਲ ਸੰਬੰਧਤ ਕਾਰਵਾਈ/ਘਟਨਾ ਵਾਪਰਦੀ ਹੈ ਤਾਂ ਗੁਰਮੀਤ ਸਿੰਘ ਪਲਾਹੀ ਦਾ ਮਨ ਉਸਨੂੰ ਇਨ੍ਹਾਂ ਲੋਕਾਂ ਦੇ ਹਿੱਤਾਂ ਦੀ ਰਖਵਾਲੀ ਲਈ ਲੇਖ ਲਿਖਣ ਲਈ ਤਾਕੀਦ ਕਰਦਾ ਹੈ, ਫਿਰ ਉਹ ਸਖ਼ਤ ਸ਼ਬਦਾਵਲੀ ਵਿੱਚ ਲੋਕਾਈ ਦੀ ਪ੍ਰਤੀਨਿਧਤਾ ਕਰਨ ਵਾਲੇ ਲੇਖ ਲਿਖਦਾ ਹੈ। ਸਮੁੱਚੇ ਸੰਸਾਰ ਵਿੱਚ ਹਰ ਰੋਜ਼ ਨਵੀਂਆਂ ਘਟਨਾਵਾਂ ਅਤੇ ਚਲੰਤ ਮਸਲਿਆਂ ਤੇ ਕਿੰਤੂ ਪ੍ਰੰਤੂ ਹੁੰਦਾ ਰਹਿੰਦਾ ਹੈ। ਗੁਰਮੀਤ ਸਿੰਘ ਪਲਾਹੀ ਦੀ ਖ਼ੂਬੀ ਹੈ ਕਿ ਉਹ ਹਰ ਘਟਨਾ ਬਾਰੇ ਆਪਣਾ ਪ੍ਰਤੀਕਮ ਲੇਖਾਂ ਰਾਹੀਂ ਦਿੰਦਾ ਹੈ। ਉਹ ਆਪਣਾ ਪ੍ਰਤੀਕਰਮ ਦੇਣ ਵਿੱਚ ਦੇਰੀ ਵੀ ਨਹੀਂ ਕਰਦਾ ਸਗੋਂ ਤੁਰੰਤ ਹੀ ਅਗਲੇ ਦਿਨ ਕਿਸੇ ਨਾ ਕਿਸੇ ਅਖ਼ਬਾਰ ਵਿੱਚ ਉਸਦਾ ਲੇਖ ਪ੍ਰਕਾਸ਼ਤ ਹੋਇਆ ਹੁੰਦਾ ਹੈ। ਉਸਦੀ ਜਾਣਕਾਰੀ ਦਾ ਦਾਇਰਾ ਵੀ ਵਿਸ਼ਾਲ ਹੈ, ਜੇ ਇਉਂ ਕਹਿ ਲਿਆ ਜਾਵੇ ਕਿ ਉਹ ਇੱਕ ਸੰਸਥਾ ਤੋਂ ਵੀ ਵੱਧ ਕੰਮ ਕਰ ਰਿਹਾ ਹੈ ਤਾਂ ਵੀ ਕੋਈ ਅਤਕਥਨੀ ਨਹੀਂ। ਇਹ ਪੁਸਤਕ ਪੜ੍ਹਦਿਆਂ ਉਸਦੇ ਗਿਆਨ, ਸਿਆਣਪ, ਵਿਚਾਰਧਾਰਾ ਅਤੇ ਸੂਝ ਦਾ ਪਤਾ ਲੱਗਦਾ ਹੈ। ਸਿਖਿਆ ਸ਼ਾਸਤਰੀ ਹੋਣ ਕਰਕੇ ਉਸ ਕੋਲ ਗਿਆਨ ਅਤੇ ਸ਼ਬਦਾਂ ਦਾ ਭੰਡਾਰ ਹੈ। ਉਸਨੂੰ ਸ਼ਬਦਾਂ ਦਾ ਜਾਦੂਗਰ ਵੀ ਕਿਹਾ ਜਾ ਸਕਦਾ ਹੈ। ਧਰਤੀ ਦੀ ਕੁੱਖ ਨੂੰ ਕੀਟਨਾਸ਼ਕ ਦਵਾਈਆਂ ਅਤੇ ਰਸਾਇਣਕ ਖਾਦਾਂ ਦੀ ਵਧੇਰੇ ਮਾਤਰਾ ਵਿੱਚ ਵਰਤੋਂ ਪਲੀਤ ਕਰ ਰਹੀਆਂ ਹਨ। ਜ਼ਮੀਨ ਵਿੱਚੋਂ ਪਾਣੀ ਦੀ ਵਧੇਰੇ ਵਰਤੋਂ ਵੀ ਚਿੰਤਾ ਦਾ ਵਿਸ਼ਾ ਹੈ। ਜ਼ਮੀਨਦੋਜ਼ ਪਾਣੀ ਵੀ ਪ੍ਰਦੂਸ਼ਤ ਹੋ ਰਿਹਾ ਹੈ। ਭਾਵ ਕੁਦਰਤੀ ਵਸੀਲਿਆਂ ‘ਤੇ ਮਾਰੂ ਅਸਰ ਪੈ ਰਿਹਾ ਹੈ। ਗੁਰਮੀਤ ਸਿੰਘ ਪਲਾਹੀ ਦੇ ਲਗਪਗ 10 ਲੇਖਾਂ ਵਿੱਚ ਇਨ੍ਹਾਂ ਪਲੀਤ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਤੋਂ ਪ੍ਰਹੇਜ਼ ਕਰਨ ਲਈ ਲੋਕਾਂ ਨੂੰ ਚੌਕਸ ਕੀਤਾ ਗਿਆ ਹੈ, ਕਿਉਂਕਿ ਇਨ੍ਹਾਂ ਨਾਲ ਇਨਸਾਨੀ ਜੀਵਨ ‘ਤੇ ਬੀਮਾਰੀਆਂ ਦਾ ਪ੍ਰਕੋਪ ਵੱਧ ਸਕਦਾ ਹੈ। ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਵੱਧ ਰਹੀਆਂ ਹਨ। ਜੇ ਇਉਂ ਕਹਿ ਲਿਆ ਜਾਵੇ ਕਿ ਗੁਰਮੀਤ ਸਿੰਘ ਪਲਾਹੀ ਲੋਕਾਈ ਦਾ ਪ੍ਰਤੀਨਿਧ ਬਣਕੇ ਵਿਚਰ ਰਿਹਾ ਹੈ ਤਾਂ ਵੀ ਕੋਈ ਗ਼ਲਤ ਗੱਲ ਨਹੀਂ, ਉਸਦੇ ਲੇਖਾਂ ਦੀ ਕੋਸ਼ਿਸ਼ ਲੋਕਾਈ ਦੇ ਹਿਤਾਂ ਦੀ ਪਹਿਰੇਦਾਰੀ ਕਰਨ ਦੀ ਹੁੰਦੀ ਹੈ। Çਲੰਗਕ ਨਾਬਰਾਬਰੀ, ਬੇਇਨਸਾਫ਼ੀ, ਹਿੰਸਾ ਵਰਗੀਆਂ ਘਿਨਾਉਣੀਆਂ ਹਰਕਤਾਂ ਬਾਰੇ ਵੀ ਗੁਰਮੀਤ ਸਿੰਘ ਪਲਾਹੀ ਲੇਖ ਲਿਖਦਾ ਹੈ, ਇਸ ਪੁਸਤਕ ਵਿੱਚ ਵੀ ਇਨ੍ਹਾਂ ਵਿਸ਼ਿਆਂ ਬਾਰੇ ਲੇਖ ਸ਼ਾਮਲ ਕੀਤੇ ਗਏ ਹਨ। ਮਨੀਪੁਰ ਵਿੱਚ ਲਗਾਤਾਰ ਹਿੰਸਾ ਹੋਣਾ ਤੇ ਦੋ ਸਮੁੱਦਾਇ ਦੀ ਖਾਨਾਜੰਗੀ ਨੂੰ ਰੋਕ ਨਾ ਸਕਣਾ ਮਾਨਵਤਾ ਦਾ ਘਾਣ ਕਰ ਹੋ ਰਿਹਾ ਹੈ ਪ੍ਰੰਤੂ ਕੇਂਦਰ ਸਰਕਾਰ ਘੂਕ ਸੁੱਤੀ ਪਈ ਹੈ। ਲੇਖਕ ਸਰਕਾਰ ਦੀ ਬੇਪ੍ਰਵਾਹੀ ਦਾ ਪੋਲ ਖੋਲ੍ਹਦਾ ਹੈ।
  ਬੇਸ਼ੱਕ ਇਸ ਪੁਸਤਕ ਵਿੱਚ ਸਮੁੱਚੇ ਸੰਸਾਰ ਵਿੱਚ ਵਾਪਰ ਰਹੀਆਂ ਘਟਨਾਵਾਂ ਅਤੇ ਚਲੰਤ ਮਸਲਿਆਂ ਬਾਰੇ ਲਿਖਿਆ ਗਿਆ ਹੈ ਪ੍ਰੰਤੂ ਲੇਖਕ ਪੰਜਾਬ ਬਾਰੇ ਥੋੜ੍ਹਾ ਜ਼ਿਆਦਾ ਹੀ ਚਿੰਤਤ ਲੱਗਦਾ ਹੈ। ਪੰਜਾਬ ਦੇ ਜਿਹੜੇ ਮੁੱਦਿਆਂ ਬਾਰੇ ਇਸ ਪੁਸਤਕ ਵਿੱਚ ਲੇਖ ਲਿਖੇ ਗਏ ਹਨ, ਉਨ੍ਹਾਂ ਵਿੱਚ ਮੁੱਖ ਤੌਰ ‘ਤੇ ਬੇਰੋਜ਼ਗਾਰੀ, ਗੈਂਗਸਟਰਵਾਦ, ਧਰਨੇ, ਅੰਦੋਲਨ, ਸਥਾਨਕ ਸਰਕਾਰਾਂ, ਲੋਕਤੰਤਰ,  ਘੱਟ ਗਿਣਤੀਆਂ ਨਾਲ ਜ਼ਿਆਦਤੀਆਂ, ਚੋਣਾਂ ਵਿੱਚ ਧਾਂਦਲੀਆਂ, ਦਲ ਬਦਲੀਆਂ ਦੀ ਪਰੰਪਰਾ, ਪਰਿਵਾਰਵਾਦ, ਮੁਫ਼ਤਖ਼ੋਰੀ, ਨਸ਼ੇ ਅਤੇ ਕਿਸਾਨੀ ਦੀ ਦੁਰਦਸ਼ਾ ਸ਼ਾਮਲ ਹਨ। ਇਹ ਸਾਰੇ ਵਿਸ਼ੇ ਪੰਜਾਬ ਦੀ ਆਰਥਿਕਤਾ ਅਤੇ ਭਾਈਚਾਰਕ ਸਾਂਝ ਨੂੰ ਖ਼ਤਮ ਕਰ ਰਹੇ ਹਨ। ਪੰਜਾਬ ਆਰਥਿਕ ਤੌਰ ‘ਤੇ ਖੋਖਲਾ ਹੋ ਗਿਆ ਹੈ। ਦਿਨ ਬਦਿਨ ਕਰਜ਼ੇ ਦੀ ਪੰਡ ਭਾਰੀ ਹੋ ਗਈ ਹੈ ਪ੍ਰੰਤੂ ਸਾਰੀਆਂ ਪਾਰਟੀਆਂ ਦੇ ਸਿਆਸਤਦਾਨ ਆਪੋ ਆਪਣੀ ਸਿਆਸਤ ਤਾਂ ਕਰ ਰਹੇ ਹਨ ਪ੍ਰੰਤੂ ਪੰਜਾਬ ਦੀ ਕਿਸੇ ਨੂੰ ਚਿੰਤਾ ਨਹੀਂ, ਇਸ ਚਿੰਤਾ ਦਾ ਪ੍ਰਗਟਾਵਾ ਲੇਖਕ ਦੇ ਲੇਖ ਕਰ ਰਹੇ ਹਨ। ਸਿਆਸਤਦਾਨ ਇੱਕ ਦੂਜੇ ‘ਤੇ ਦੂਸ਼ਣਬਾਜ਼ੀ ਕਰ ਰਹੇ ਹਨ, ਲੋਕਾਂ ਦੇ ਮੁੱਦਿਆਂ ਦੀ ਗੱਲ ਨਹੀਂ ਕਰਦੇ। ਇਸ ਤੋਂ ਇਲਾਵਾ ਸਰਕਾਰੀ ਮੁਲਾਜ਼ਮਾ ਵਿੱਚ ਬੇਚੈਨੀ ਦਫ਼ਤਰੀ ਕੰਮ ਕਾਜ਼ ਵਿੱਚ ਰੁਕਾਵਟ ਪਾ ਰਹੀ ਹੈ। ਪੰਚਾਇਤੀ ਚੋਣਾ ਵਿੱਚ ਲੋਕਤੰਤਰ ਦੀ ਭਾਵਨਾ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਹਨ। ਵਿਦਿਆਰਥੀਆਂ ਵਿਚਲੇ ਅਸੰਤੋਸ਼ ਬੇਰੋਜ਼ਗਾਰੀ ਕਾਰਨ ਹੈ। ਬੇਰੋਜ਼ਗਾਰੀ ਦੂਰ ਕਰਨ ਦੇ ਉਪਰਾਲੇ ਨਹੀਂ ਹੋ ਰਹੇ। ਪੰਜਾਬੀ ਪ੍ਰਵਾਸ ਕਰ ਰਹੇ ਹਨ। ਨਰਿੰਦਰ ਮੋਦੀ ਦੇ ਦਸ ਸਾਲਾਂ ਦੇ ਰਾਜ ਵਿੱਚ ਕੀਤੀਆਂ ਮਨਮਾਨੀਆਂ, ਆਰ.ਐਸ.ਐਸ. ਦੀਆਂ ਸਰਗਰਮੀਆਂ,  ਚੋਣਾਂ ਤੋਂ ਪਹਿਲਾਂ ਅਫਲਾਤੂਨੀ ਫ਼ੈਸਲੇ, ਲੋਕਤੰਤਰ, ਸੰਘੀ ਢਾਂਚੇ ਨੂੰ ਖ਼ਤਰਾ, ਸਿਖਿਆ ਪ੍ਰਣਾਲੀ ਦੇ ਵਾਦਵਿਵਾਦ ਆਦਿ ਸ਼ਾਮਲ ਹਨ। ਮੁੱਖ ਤੌਰ ‘ਤੇ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਖ਼ਤਮ  ਕਰਨਾ ਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਬਣਾਉਣਾ ਭਾਰਤੀ ਸੰਵਿਧਾਨ ਵਿੱਚ ਦਿੱਤੇ ਗਏ ਸੰਕਲਪ ਨੂੰ ਠੇਸ ਪਹੁਚਾਉਣਾ ਤੇ ਸੰਘੀ ਢਾਂਚੇ ਦੇ ਵਿਰੁੱਧ ਹੈ। ਲੋਕ ਹਿੱਤਾਂ ‘ਤੇ ਪਹਿਰਾ ਦੇਣ ਵਾਲੇ ਲੇਖ ਇਸ ਪੁਸਤਕ ਵਿੱਚ ਸ਼ਾਮਲ ਕੀਤੇ ਗਏ ਹਨ।
 256 ਪੰਨਿਆਂ, 300 ਰੁਪਏ ਕੀਮਤ ਵਾਲੀ ਇਹ ਪੁਸਤਕ ਪੰਜਾਬੀ ਵਿਰਸਾ ਟਰੱਸਟ ਪਿੰਡ ਪਲਾਹੀ, ਡਾਕਘਰ ਫਗਵਾੜਾ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ ਗੁਰਮੀਤ ਸਿੰਘ ਪਲਾਹੀ : 9815802070
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48@yahoo.com

ਮਨਜੀਤ ਬੋਪਾਰਾਏ ਦੀ 'ਕਾਫ਼ਿਰ ਹੀ ਪਵਿੱਤਰ ਮਨੁੱਖ' ਪੁਸਤਕ ਵਿਗਿਆਨਕ ਸੋਚ ਦੀ ਲਖਾਇਕ - ਉਜਾਗਰ ਸਿੰਘ

ਭਾਰਤੀ ਖਾਸ ਕਰਕੇ ਪੰਜਾਬੀ ਧਾਰਮਿਕ ਵਲੱਗਣਾਂ ਵਿੱਚ ਗੜੂੰਦ ਹੋਏ ਪਏ ਹਨ। ਇਥੇ ਹੀ ਵਸ ਨਹੀਂ ਸਗੋਂ ਕੱਟੜਤਾ ਵਿੱਚ ਵੀ ਗ੍ਰਸੇ ਹੋਏ ਹਨ, ਜਿਸ ਕਰਕੇ ਵਿਕਾਸ ਦੇ ਰਸਤੇ ਵਿੱਚ ਖੜ੍ਹੋਤ ਆ ਜਾਂਦੀ ਹੈ। ਇਸ ਦਾ ਖਮਿਆਜਾ ਪੰਜਾਬੀ ਭੁਗਤ ਰਹੇ ਹਨ। ਨੌਜਵਾਨ ਪੀੜ੍ਹੀ ਵਿੱਚ ਵਿਦਿਆ ਦਾ ਪਾਸਾਰ ਹੋਣ ਨਾਲ ਵਿਗਿਆਨਕ ਸੋਚ ਬਣਦੀ ਜਾ ਰਹੀ ਹੈ। ਮਨਜੀਤ ਬੋਪਾਰਾਏ ਜੋ ਖ਼ੁਦ ਵਿਗਿਆਨਕ ਸੋਚ ਦਾ ਮੁੱਦਈ ਹੈ ਤੇ ਦਲੀਲ ਨਾਲ ਗੱਲ ਕਰਨ ਦਾ ਸਮਰਥੱਕ ਹੈ, ਉਸਨੇ ਨੌਜਵਾਨਾਂ ਨੂੰ ਵਿਗਿਆਨਕ ਸੋਚ ਨਾਲ ਜੋੜਨ ਲਈ ਕੋਸ਼ਿਸ਼ ਕੀਤੀ ਹੈ। ਉਹ ਵਹਿਮਾ-ਭਰਮਾ ਤੇ ਅੰਧ-ਵਿਸ਼ਵਾਸ ਦੀ ਪਰੰਪਰਾ ਦਾ ਕੱਟੜ ਵਿਰੋਧੀ ਹੈ। ਮੁੱਢਲੇ ਤੌਰ 'ਤੇ ਉਹ ਇੱਕ ਬਿਹਤਰੀਨ ਇਨਸਾਨ ਹੈ। ਮਨੁੱਖਤਾ ਦੀ ਭਲਾਈ 'ਤੇ ਪਹਿਰਾ ਦੇਣਾ ਉਸਦੀ ਵਿਚਾਰਧਾਰਾ ਹੈ। ਵਹਿਮਾ-ਭਰਮਾ ਤੇ ਅੰਧ-ਵਿਸ਼ਵਾਸ  ਦੇ ਜਾਲ ਵਿੱਚ ਫਸੇ ਪੰਜਾਬੀਆਂ ਨੂੰ ਵਿਗਿਆਨਕ ਆਧਾਰ 'ਤੇ ਵਿਚਰਣ ਦੇ ਇਰਾਦੇ ਨਾਲ ਉਸਨੇ  ਇੱਕ ਪੁਸਤਕ 'ਜੋਤਿਸ਼ ਝੂਠ ਬੋਲਦਾ ਹੈ' ਲਿਖੀ ਸੀ, 'ਕਾਫ਼ਿਰ ਹੀ ਪਵਿੱਤਰ ਮਨੁੱਖ' ਉਸਦੀ ਇਸੇ ਲੜੀ ਵਿੱਚ ਦੂਜੀ ਪੁਸਤਕ ਹੈ। ਇਸ ਪੁਸਤਕ ਨੂੰ ਮਨਜੀਤ ਬੋਪਾਰਾਏ ਨੇ 27 ਅਧਿਆਇ ਵਿੱਚ ਵੰਡਿਆ ਹੈ। ਇਹ ਸਾਰੇ ਅਧਿਆਏ ਇੰਟਰਕਨੈਕਟਡ ਤੇ ਉਦਾਹਰਨਾਂ ਭਰਪੂਰ ਅਤੇ ਵਿਗਿਆਨਕ ਤੱਥਾਂ ਵਾਲੇ ਹਨ। ਲੇਖਕ ਨੇ ਇਸ ਪੁਸਤਕ ਵਿੱਚ ਲੋਕਾਂ ਨੂੰ ਸਮਝਾਉਣ ਲਈ ਖ਼ਰੀਆਂ-ਖ਼ਰੀਆਂ ਤੇ ਕੋਰੀਆਂ-ਕੋਰੀਆਂ ਗੱਲਾਂ ਕੀਤੀਆਂ ਹਨ। ਉਸਨੇ ਮਨੁੱਖਾਂ ਨੂੰ ਅੰਧ-ਵਿਸ਼ਵਾਸਾਂ ਵਿੱਚੋਂ ਕੱਢਣ ਲਈ ਤਰਕ ਨਾਲ ਕੁਦਰਤ ਅਤੇ ਰੱਬ ਦੇ ਵਖਰੇਵੇਂ ਨੂੰ ਸਮਝਾਇਆ ਹੈ। ਰੱਬ ਦੀ ਹੋਂਦ ਨੂੰ ਦਲੀਲਾਂ ਨਾਲ ਨਕਾਰਿਆ ਹੈ। ਅਗਿਆਨਤਾ ਅੰਧ-ਵਿਸ਼ਵਾਸ, ਕੱਟੜਪੰਥੀ, ਜ਼ੁਲਮ, ਅਪਰਾਧ, ਹਫੜਾ-ਦਫੜੀ ਅਤੇ ਭ੍ਰਿਸ਼ਟਾਚਾਰ ਦਾ ਆਧਾਰ ਬਣਦੀ ਹੈ। ਅਗਿਆਨਤਾ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ। ਮੁੱਢਲੇ ਤੌਰ 'ਤੇ ਮਨਜੀਤ ਬੋਪਾਰਾਏ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬੱਚਾ ਇੱਕ ਇਨਸਾਨ ਦੇ ਤੌਰ 'ਤੇ ਪੈਦਾ ਹੁੰਦਾ ਹੈ, ਪ੍ਰੰਤੂ ਅਸੀਂ ਉਸਨੂੰ ਮਨੁੱਖ ਬਣਾਉਣ ਦੀ ਥਾਂ ਹਿੰਦੂ, ਸਿੱਖ, ਈਸਾਈ, ਯਹੂਦੀ ਅਤੇ ਮੁਸਲਮਾਨ ਬਣਾ ਦਿੰਦੇ ਹਾਂ। ਮਾਪੇ ਹੀ ਬੱਚਿਆਂ ਨੂੰ ਅੰਧ-ਵਿਸ਼ਵਾਸਾਂ ਵਿੱਚ ਧਕੇਲਦੇ ਹਨ। ਧਾਰਮਿਕ ਲੋਕਾਂ ਦੇ ਦੋਹਰੇ ਕਿਰਦਾਰ ਦਾ ਦਲੀਲਾਂ ਨਾਲ ਭਾਂਡਾ ਭੰਨਿਆਂ ਹੈ। ਧਾਰਮਿਕ ਲੋਕ ਆਪ ਵੀ ਵਿਗਿਆਨਕ ਤਰੀਕਿਆਂ ਨਾਲ ਇਲਾਜ਼ ਕਰਵਾਉਂਦੇ ਹਨ, ਪ੍ਰੰਤੂ ਕਹਿੰਦੇ ਹਨ ਕਿ ਰੱਬ ਨੇ ਬਚਾਇਆ ਹੈ। ਇਸ ਪੁਸਤਕ ਦਾ ਮਕਸਦ ਵਿਗਿਆਨਕ ਸੋਚ ਵਾਲੇ ਚੰਗੇ ਮਨੁੱਖ ਦੀ ਸਿਰਜਣਾ ਕਰਨਾ ਹੈ। ਇਸ ਸਾਰੇ ਕੁਝ ਨੂੰ ਸਮਝਾਉਣ ਲਈ ਮਨਜੀਤ ਬੋਪਾਰਾਏ ਨੇ ਬ੍ਰਹਿਮੰਡ ਦੀ ਉਤਪਤੀ, ਖਣਿਜ ਦਾ ਵਿਕਾਸ ਧਰਤੀ 'ਤੇ ਜੀਵਨ ਦੀ ਉਤਪਤੀ ਤੇ ਗਿਆਨ ਵਿਗਿਆਨ ਦੇ ਵਿਕਾਸ ਦੀ ਪ੍ਰਗਤੀ ਦੀਆਂ ਪ੍ਰਸਥਿਤੀਆਂ ਬਾਰੇ ਜਾਣਕਾਰੀ ਦਿੰਦਿਆਂ, ਵਿਗਿਆਨਿਕ ਤਰਕ ਨਾਲ ਅੰਧ-ਵਿਸ਼ਵਾਸ ਨੂੰ ਅਗਿਆਨਤਾ ਦਾ ਮੁੱਖ ਕਾਰਨ ਕਿਹਾ ਹੈ, ਜਿਸ ਕਰਕੇ ਮਨੁੱਖ ਆਸਤਕ ਬਣਕੇ ਗੁੰਮਰਾਹ ਹੁੰਦਾ ਰਹਿੰਦਾ ਹੈ। ਪਹਿਲਾ ਅਧਿਆਏ ਵਧੀਆ ਮਨੁੱਖ ਬਣਨ ਲਈ ਤਸਦੀਕ ਕਰਦਾ ਹੈ ਕਿ ਜੀਵਨ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਦਿਆਨਤਦਾਰੀ ਦੇ ਗੁਣ ਹੋਣੇ ਜ਼ਰੂਰੀ ਹੁੰਦੇ ਹਨ। ਦੂਜਾ ਅਧਿਆਏ ਦੱਸਦਾ ਹੈ ਕਿ ਸੱਚ ਅਸਲੀਅਤ ਦਾ ਸਬੂਤ ਹੁੰਦਾ ਹੈ, ਸੱਚ ਗ਼ਲਤ ਅਤੇ ਠੀਕ ਵਿੱਚ ਅੰਤਰ ਵਰਣਨ ਕਰਦਾ ਹੈ, ਵਿਗਿਆਨਕ ਤਰਕ ਨਾਲ ਸੱਚ ਲੱਭਿਆ ਜਾ ਸਕਦਾ ਹੈ।  ਕੁਝ ਵੀ ਸਿੱਖਣ ਨੂੰ ਗਿਆਨ ਅਤੇ ਵਿਗਿਆਨ ਕਿਹਾ ਜਾ ਸਕਦਾ, ਪ੍ਰੰਤੂ ਇਸਦਾ ਆਧਾਰ ਤਰਕ ਹੁੰਦਾ ਹੈ। ਗਿਆਨ ਸੱਚ ਹੁੰਦਾ ਹੈ, ਗਿਆਨ ਤਰਤੀਬ ਬੰਦ ਪੜਤਾਲ ਕਰਨ ਨਾਲ ਆਉਂਦਾ ਹੈ, ਵਿਗਿਆਨਕ ਪਰਖ ਨਾਲ ਇਕੱਠੀ ਕੀਤੀ ਸੂਚਨਾ ਸਹੀ ਗਿਆਨ ਹੁੰਦਾ ਹੈ। ਵਿਗਿਆਨ ਸੱਚ ਜਾਨਣ ਦੀ ਤਰਕੀਬ ਹੈ। ਗਿਆਨ ਵਿਗਿਆਨ ਅਪਡੇਟ ਹੁੰਦਾ ਰਹਿੰਦਾ ਹੈ। 'ਆਜ਼ਾਦੀ ਦਾ ਰੋਲ' ਅਧਿਆਏ ਵਿੱਚ ਦੱਸਿਆ ਹੈ ਕਿ ਸੱਚ ਬੋਲਣਾ ਹੀ ਆਜ਼ਾਦੀ ਹੈ। ਆਜ਼ਾਦੀ ਤਿੰਨ ਤਰ੍ਹਾਂ ਰਾਸ਼ਟਰੀ, ਸਿਆਸੀ ਅਤੇ ਵਿਅਕਤੀਗਤ ਹੁੰਦੀ ਹੈ। ਆਜ਼ਾਦੀ ਦਾ ਅਰਥ ਸਵੈ-ਨਿਰਣਾ ਹੈ। ਕੁਦਰਤ ਦੇ ਭੇਦ ਖੋਲ੍ਹਣ ਵਿੱਚ ਆਜ਼ਾਦੀ ਦਾ ਮੁੱਖ ਰੋਲ ਹੈ। ਧਰਤੀ 'ਤੇ ਜੀਵਨ ਦੀ ਉਤਪਤੀ ਬਾਰੇ ਲੇਖਕ ਨੇ ਵਿਸਤਾਰ ਨਾਲ ਸ਼ੁਰੂ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਤੀਜੇ ਗ੍ਰਹਿ ਦੀ ਵੱਖ-ਵੱਖ ਸਮੇਂ ਵਿਗਿਆਨੀਆਂ ਦੀ ਖੋਜ ਬਾਰੇ ਜਾਣਕਾਰੀ ਦਿੱਤੀ ਹੈ। ਸੰਸਾਰ ਵਿੱਚ ਆਉਣ ਤੋਂ ਬਾਅਦ ਮਨੁੱਖ, ਪੰਛੀ, ਬਨਾਸਪਤੀ, ਦਿਨ-ਰਾਤ, ਧੁੱਪ-ਛਾਂ, ਜੋ ਕੁਝ ਵੇਖਦਾ ਹੈ ਤਾਂ ਉਸਦੇ ਮਨ ਵਿੱਚ ਸਵਾਲ ਉਠਦੇ ਹਨ, ਇਹ ਸਭ ਕੁਦਰਤ ਹੈ, ਕੁਦਰਤ ਆਪਣੇ ਆਪ ਇੱਕ ਅਯੂੱਬਾ ਹੈ, ਕੁਦਰਤ ਨੂੰ ਸਿਰਸ਼ਟੀ ਵੀ ਕਿਹਾ ਜਾਂਦਾ ਹੈ। ਕਈ ਲੋਕ ਕੁਦਰਤ ਨੂੰ ਰੱਬ ਕਹਿੰਦੇ ਹਨ। ਲੇਖਕ ਨੇ ਸਮਝਾਇਆ ਹੈ ਕਿ ਸ਼ਰਧਾ, ਵਿਸ਼ਵਾਸ ਅਤੇ ਭਰੋਸਾ ਹੀ ਕੁਦਰਤ ਨੂੰ ਰੱਬ ਦਾ ਦਰਜਾ ਦਿੰਦੇ ਸਨ, ਇਨ੍ਹਾਂ ਸਾਰਿਆਂ ਦੀ ਜੜ੍ਹ ਅੰਧ-ਵਿਸ਼ਵਾਸ ਹੈ, ਲੇਖਕ ਨੇ ਉਦਾਹਰਨਾਂ ਨਾਲ ਸਮਝਾਇਆ ਹੈ ਕਿ ਅੰਧ-ਵਿਸ਼ਵਾਸ ਦੀ ਕੋਈ ਪਰਿਭਾਸ਼ਾ ਨਹੀਂ ਹੈ, ਇਸਦਾ ਅਰਥ ਆਮ ਤੌਰ 'ਤੇ ਅਲੌਕਿਕ ਸ਼ਕਤੀਆਂ ਵਿੱਚ ਵਿਸ਼ਵਾਸ ਹੈ। ਰੱਬ ਬਾਰੇ ਹਰ ਧਰਮ ਦੀ ਵੱਖਰੀ ਪਰਿਭਾਸ਼ਾ ਹੈ, ਇਸਦਾ ਭਾਵ ਰੱਬ ਵੀ ਅਨੇਕ ਹਨ, ਅਸਲ ਵਿੱਚ ਰੱਬ ਕਾਲਨਿਕ ਹੈ, ਜੇ ਰੱਬ ਸਭ ਕੁਝ ਕਰਦਾ ਹੈ ਤਾਂ ਲੋਕਾਂ ਤੋਂ ਗ਼ਲਤ ਕੰਮ ਵੀ ਉਹ ਹੀ ਕਰਵਾਉਂਦਾ ਹੈ। ਪੁਜਾਰੀ ਸ਼ਰਧਾਲੂ ਅਤੇ ਰੱਬ ਦਰਮਿਆਨ ਵਿਚੋਲੇ ਦਾ ਕੰਮ ਕਰਦਾ ਹੈ, ਚੜ੍ਹਾਵਾ ਰੱਬ ਨੂੰ ਖ਼ੁਸ਼ ਕਰਨ ਲਈ ਚੜ੍ਹਾਉਂਦਾ ਹੈ, ਸ਼ਰਧਾਲੂ ਆਪਣੇ ਲਾਭ ਲਈ ਦੂਜੇ ਦਾ ਨੁਕਸਾਨ ਕਰ ਸਕਦਾ, ਇਸ ਲਈ ਰੱਬ ਨਿਰਪੱਖ ਨਹੀਂ ਹੋ ਸਕਦਾ। ਜੇ ਰੱਬ ਸਰਬ-ਸ਼ਕਤੀਮਾਨ, ਸਰਬ-ਉਪਕਾਰੀ, ਸਰਬ-ਗਿਆਨੀ ਤੇ ਯੁੱਗੋ ਯੁੱਗ ਅਟੱਲ ਹੈ ਤਾਂ ਹਨ੍ਹੇਰੀਆਂ, ਭੂਚਾਲ, ਬਿਮਾਰੀਆਂ ਨਾਲ ਲੋਕਾਂ ਨੂੰ ਕਿਉਂ ਮਾਰਦਾ ਹੈ। ਸਭ ਨੂੰ ਇੱਕੋ ਜਹੇ ਕਿਉਂ ਨਹੀਂ ਸਮਝਦਾ? ਇਸ ਤੋਂ ਇਲਾਵਾ ਅਨੇਕਾਂ ਅਜਿਹੇ ਕੁਕਰਮ ਹੋ ਰਹੇ ਹਨ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਕੌਣ ਲਵੇਗਾ? ਬੁਰਾਈ ਵੀ ਤਾਂ ਰੱਬ ਹੀ ਕਰਾਉਂਦਾ ਹੈ, ਜੇ ਉਹ ਸਰਬ-ਸ਼ਕਤੀਮਾਨ, ਸਰਬ-ਉਪਕਾਰੀ, ਸਰਬ-ਗਿਆਨੀ ਤੇ ਯੁੱਗੋ ਯੁੱਗ ਅਟੱਲ ਹੈ । ਸੰਸਾਰ ਦੇ ਸਾਰੇ ਧਰਮਾਂ ਵਿੱਚ ਇਸਤਰੀ ਨੂੰ ਬਰਾਬਰਤਾ ਦਾ ਦਰਜਾ ਪ੍ਰਾਪਤ ਨਹੀਂ, ਗੱਲਾਂ ਬਾਤਾਂ ਜਿਵੇਂ ਮਰਜ਼ੀ ਕਹੀ ਜਾਣ ਅਮਲੀ ਤੌਰ 'ਤੇ ਇਸਤਰੀ ਨੂੰ ਦੂਜੇ ਦਰਜੇ ਦੀ ਕਿਹਾ ਜਾਂਦਾ ਹੈ। ਭਰੂਣ ਹੱਤਿਆ, ਜਿਨਸੀ ਸ਼ੋਸ਼ਣ, ਦਾਜ, ਹਿੰਸਾ, ਅਧੀਨਤਾ ਅਤੇ ਹੋਰ ਬਹੁਤ ਸਾਰੀਆਂ ਸਮਾਜਿਕ ਬੰਦਸ਼ਾਂ ਵਿੱਚ ਜਕੜਿਆ ਹੋਇਆ ਹੈ, ਇਹ ਵੀ ਅੰਧ-ਵਿਸ਼ਵਾਸ ਕਰਕੇ ਹੈ। 84 ਲੱਖ ਜੂਨਾ ਵਾਲਾ ਢਕਵੰਜ ਵੀ ਡਰ ਦੀ ਭਾਵਨਾ ਕਰਕੇ ਹੈ।  ਅਲੌਕਿਕ, ਰਹੱਸਮਈ, ਦੈਵੀ ਵਰਤਾਰੇ ਸਭ ਡਰ ਕਰਕੇ ਬਣਾਏ ਗਏ ਹਨ। ਇਨ੍ਹਾਂ ਦਾ ਵਿਗਿਆਨ ਵਿੱਚ ਕੋਈ ਆਧਾਰ ਨਹੀਂ। ਭੂਤ ਪ੍ਰੇਤ ਸਭ ਕਾਲਪਨਿਕ ਗੱਲਾਂ ਹਨ। ਇਸ ਲਈ ਇਨ੍ਹਾਂ ਨੂੰ ਮੰਨਿਆਂ ਨਹੀਂ ਜਾ ਸਕਦਾ। ਬ੍ਰਹਿਮੰਡ ਕਿਸੇ 'ਕਰਤੇ' ਦੀ ਕਿਰਤ ਨਹੀਂ ਹੈ, ਸਗੋਂ ਰੱਬ 'ਮਨੁੱਖ' ਦੇ ਮਨ ਦੀ ਕਾਢ ਹੈ। 'ਰੱਬ ਨੂੰ ਮਨੁੱਖ ਨੇ ਹੀ ਬਣਾਇਆ ਹੈ, ਨਾ ਕਿ ਰੱਬ ਨੇ ਕੁਦਰਤ ਦੀ ਉਪਜ ਕੀਤੀ ਹੈ। 'ਬ੍ਰਹਿਮੰਡ/ਕੁਦਰਤ ਨੂੰ ਸਮਝਣ ਲਈ ਤਰਕਸ਼ੀਲ ਸਿਧਾਂਤ ਦੀ ਲੋੜ ਹੈ, ਸੂਝਵਾਨ ਅਤੇ ਸੂਖ਼ਮ ਦਿਮਾਗ਼ ਵਾਲੇ ਮਨੁੱਖ ਨੇ ਮਨੁੱਖਾਂ ਲਈ ਦੇਵਤਿਆਂ ਦੇ ਡਰ ਦੀ ਕਾਢ ਕੱਢੀ, ਦੇਵਤੇ/ਰੱਬ ਮਨੁੱਖਾਂ ਦੀਆਂ ਕਾਲਪਨਿਕ ਧਾਰਨਾਵਾਂ ਹਨ। ਦੇਵਤੇ/ਰੱਬ ਅਗਿਆਨਤਾ ਕਰਕੇ ਮਿਥਹਾਸਕ ਕਿੱਸਿਆਂ 'ਤੇ  ਅਧਾਰਤ ਹਨ, ਨਾ ਕਿ ਕਿਸੇ ਠੋਸ ਤਰਕ, ਨਿਰੀਖਣ ਅਤੇ ਸਬੂਤ 'ਤੇ ਅਧਾਰਤ। ਪੁਰਾਤਨ ਸਮੇਂ ਕੁਦਰਤ ਦੇ ਵਰਤਾਰੇ ਚਮਤਕਾਰ ਹੀ ਮੰਨੇ ਜਾਂਦੇ ਸਨ। 20ਵੀਂ ਸਦੀ ਵਿਗਿਆਨਕ ਯੁਗ ਸੀ। ਰੱਬ, ਦੇਵਤੇ, ਸਵਰਗ ਨਰਕ, ਭੂਤ-ਪ੍ਰੇਤ, ਚਮਤਕਾਰ, ਆਤਮਾ ਆਦਿ ਵੱਖ-ਵੱਖ ਧਾਰਮਿਕ ਗ੍ਰੰਥਾਂ ਵਿੱਚ ਹੀ ਮਿਲਦੇ ਹਨ, ਪ੍ਰੰਤੂ ਵਿਗਿਆਨ ਦੀਆਂ ਕਿਤਾਬਾਂ ਵਿੱਚ ਨਹੀਂ ਮਿਲਦੇ। ਤਰਕਸ਼ੀਲਤਾ ਮਨੁੱਖੀ ਸੋਚ ਦੀ ਦਲੀਲ ਭਰਪੂਰ ਉਹ ਪ੍ਰਕ੍ਰਿਆ ਹੈ, ਜੋ ਸਾਨੂੰ ਗ਼ਲਤ, ਸੱਚ ਅਤੇ ਝੂਠ ਵਿੱਚ ਫ਼ਰਕ ਸਮਝਾਉਣ ਦੇ ਕਾਬਲ ਬਣਾਉਂਦੀ ਹੈ। ਇਸ ਮੰਤਵ ਲਈ ਗੁਰੂ/ਟੀਚਰ/ਕੋਚ ਹੀ ਬੱਚੇ ਨੂੰ ਤੱਥਾਂ 'ਤੇ ਅਧਾਰਤ ਜਾਣਕਾਰੀ ਦੇ ਸਕਦੇ ਹਨ। ਸਾਇੰਸ ਦੇ ਯੁਗ ਨੂੰ ਵੇਖਦੇ ਹੋਏ, ਗਿਆਨ ਵਿਗਿਆਨ ਹੀ ਇਨ੍ਹਾਂ ਦਾ ਆਧਾਰ ਹੁੰਦਾ ਹੈ। ਮਨਜੀਤ ਬੋਪਾਰਾਏ ਨੇ ਸਾਬਤ ਕੀਤਾ ਹੈ ਕਿ ਜਿਹੜੇ ਦੇਸ਼ਾਂ ਵਿੱਚ ਧਾਰਮਿਕ ਅਕੀਦਾ ਜ਼ਿਆਦਾ ਲੋਕਾਂ ਵਿੱਚ ਹੈ, ਉਨ੍ਹਾਂ ਦਾ ਵਿਕਾਸ ਨਹੀਂ ਹੋ ਸਕਿਆ। ਇਸਦੇ ਉਲਟ ਜਿਹੜੇ ਦੇਸ਼ਾਂ ਦੇ ਲੋਕ ਘੱਟ ਧਾਰਮਿਕ ਹਨ, ਉਹ ਵਿਕਾਸ ਦੀਆਂ ਸਿਖ਼ਰਾਂ 'ਤੇ ਪਹੁੰਚੇ ਹਨ। ਉਨ੍ਹਾਂ ਵਿੱਚ ਆਸਟਰੇਲੀਆ, ਸਵੀਡਨ, ਜਰਮਨੀ, ਨਿਊਜ਼ੀਲੈਂਡ, ਲਕਜ਼ਮਬਰਗ, ਡੈਨਮਾਰਕ, ਕੈਨੇਡਾ, ਫਰਾਂਸ ਅਤੇ ਨੀਦਰਲੈਂਡ ਵਰਗੇ ਦੇਸ ਦੇਸ਼ ਸ਼ਾਮਲ ਹਨ। ਲੇਖਕ ਨੇ ਇਹ ਵੀ ਸਾਬਤ ਕੀਤਾ ਹੈ ਕਿ ਲੋਕਾਂ ਦਾ ਨੈਤਿਕ ਵਿਕਾਸ ਪਹਿਲਾਂ ਹੋਇਆ, ਧਰਮ ਬਾਅਦ ਵਿੱਚ ਆਏ ਹਨ। ਇਤਿਹਸ ਗਵਾਹੀ ਭਰਦਾ ਹੈ ਕਿ ਧਰਮਾਂ ਕਰਕੇ ਬਹੁਤੀਆਂ ਜੰਗਾਂ ਲੱਗੀਆਂ ਹਨ, ਕਿਉਂਕਿ ਧਾਰਮਿਕ ਅੱਤਵਾਦ ਇਨ੍ਹਾਂ ਲੜਾਈਆਂ ਦੀ ਜੜ੍ਹ ਰਿਹਾ ਹੈ। ਨਾਸਤਿਕ/ਆਸਤਿਕ ਦੇ 18 ਸੁਆਲ ਜਵਾਬ ਤੇਈਵੇਂ ਚੈਪਟਰ ਵਿੱਚ ਦਿੱਤੇ ਹਨ, ਇਨ੍ਹਾਂ ਦਾ ਸਾਰੰਸ਼ ਇਹ ਹੈ ਕਿ ਨਾਸਤਕ ਰੱਬ ਨੂੰ ਮੰਨਣ ਤੋਂ ਮੁਨਕਰ ਨਹੀਂ ਪ੍ਰੰਤੂ ਆਸਤਿਕ ਇਹ ਸਬੂਤ ਨਹੀਂ ਦੇ ਸਕਿਆ ਕਿ ਰੱਬ ਮੌਜੂਦ ਹੈ, ਜਿਹੜੀ ਚੀਜ਼ ਦੀ ਸਥਾਈ ਹੋਂਦ ਹੀ ਨਹੀਂ, ਅਸੀਂ ਉਸਨੂੰ ਮੰਨ ਕਿਵੇਂ ਸਕਦੇ ਹਾਂ। ਰੱਬ ਤਾਂ ਵਿਖਾਈ ਹੀ ਨਹੀਂ ਦਿੰਦਾ, ਸਥੂਲ ਹੀ ਨਹੀਂ ਹੈ। ਵਿਗਿਆਨਕ ਅਤੇ ਧਾਰਮਿਕ ਸੋਚ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ। ਕਾਲਪਨਿਕ, ਸ਼ਕਤੀਆਂ, ਭਗਤੀਆਂ (ਰੱਬ ਦੇਵਤੇ) ਬਿਨਾ ਸਬੂਤ ਹੁੰਦੇ ਹਨ। ਵਿਗਿਆਨਕ ਸੋਚ ਸਬੂਤਾਂ ਤੇ ਸਚਾਈ 'ਤੇ ਅਧਾਰਤ ਹੁੰਦੀ ਹੈ। ਇਹੋ ਦੋਹਾਂ ਵਿੱਚ ਅੰਤਰ ਹੈ। ਸੱਚ ਸਭ ਤੋਂ ਉਤਮ, ਮਹਾਨ ਅਤੇ ਮਹੱਤਵਪੂਰਨ ਹੁੰਦਾ ਹੈ। ਸੱਚ ਤੋਂ ਅੱਗੇ ਕੁਝ ਨਹੀਂ। ਧਾਰਮਿਕ ਸੋਚ ਸਚਾਈ ਤੋਂ ਦੂਰ ਕਾਲਪਨਿਕ ਹੁੰਦੀ ਹੈ। ਨਵੇਂ ਤੇ ਪੁਰਾਣੇ ਵਿਸ਼ਵਾਸਾਂ ਵਿੱਚ ਹਮੇਸ਼ਾ ਟਕਰਾਓ ਹੁੰਦਾ ਹੈ, ਕਿਉਂਕਿ ਪੁਰਾਣੇ ਵਿਸ਼ਵਾਸ ਸਾਡੀਆਂ ਭਾਵਨਾਵਾਂ ਤੇ ਕਦਰਾਂ-ਕੀਮਤਾਂ ਨਾਲ ਜੁੜੇ ਹੁੰਦੇ ਹਨ। ਨਵੇਂ ਵਿਚਾਰ ਮੌਜੂਦਾ ਗਿਆਨ, ਜਾਣਕਾਰੀ ਅਤੇ ਅਨੁਭਵਾਂ ਦੇ ਸੁਮੇਲ ਤੋਂ ਹੀ ਬਣਦੇ ਹਨ। ਗਿਆਨ ਅਤੇ ਵਿਗਿਆਨਕ ਤਰੱਕੀ ਪਿਛਲੀਆਂ ਖੋਜਾਂ ਨੂੰ ਅਨੁਕੂਲ ਬਣਾਉਣ ਅਤੇ ਜੋੜਨ ਦੇ ਨਤੀਜੇ ਵਜੋਂ ਹੁੰਦੀ ਹੈ। ਮਨੁੱਖ ਗਿਆਨ ਸਮੇਂ ਦੇ ਨਾਲ ਵਿਕਸਤ ਅਤੇ ਸੁਧਾਰਿਆ ਹੈ। ਕੁਦਰਤ ਦਾ ਨਿਯਮ ਤਬਦੀਲੀ ਦੀ ਪ੍ਰਕ੍ਰਿਅਿਾ ਵਿੱਚ ਨਿਰੰਤਰ ਸਿੱਖਣਾ, ਨਵੀਂ ਜਾਣਕਾਰੀ ਦੇ ਅਨੁਕੂਲ ਹੋਣਾ, ਨਵੇਂ ਹੁਨਰ ਅਤੇ ਨਵੇਂ ਮਾਹੌਲ ਦਾ ਵਿਕਾਸ ਹੁੰਦਾ ਰਹਿਣਾ ਸ਼ਾਮਲ ਹੈ। ਕੁਦਰਤ ਵਿੱਚ ਜੋ ਚੀਜ਼ਾਂ ਪੈਦਾ ਹੁੰਦੀਆਂ ਹਨ, ਉਹ ਕੁਦਰਤੀ ਸ਼ਕਤੀਆਂ ਨਾਲ ਬਣਦੀਆਂ ਹਨ। ਵਿਗਿਆਨ ਵਰਣਨ ਕਰਦਾ ਹੈ ਕਿ ਬ੍ਰਹਿਮੰਡ/ਕੁਦਰਤ ਕਿਵੇਂ ਸ਼ੁਰੂ ਹੋਈ। ਵਿਗਿਆਨ ਮੁਤਾਬਕ ਧਾਰਮਿਕ ਗ੍ਰੰਥਾਂ ਵਿੱਚ 'ਕਰਤੇ ਦੀ ਕਿਰਤ ਬ੍ਰਹਿਮੰਡ' ਦੇ ਦਾਅਵੇ ਅੰਧ-ਵਿਸ਼ਵਾਸ ਹੀ ਹਨ। ਕੁਦਰਤ ਗਿਆਨ ਵਿਗਿਆਨ ਦਾ ਦੂਜਾ ਰੂਪ ਹੈ। ਮਨੁੱਖ ਧਰਮਾ ਦੇ ਵਖਰੇਵੇਂ, ਵਰਗ, ਨਸਲ, ਰੰਗ, ਭਾਸ਼ਾਵਾਂ, ਲਿੰਗ, ਵੱਖਰੇ ਰੀਤੀ-ਰਿਵਾਜ, ਰਾਜਨੀਤਕ ਅਤੇ ਆਰਥਿਕ ਪੱਧਰ ਵਿਚਕਾਰ ਵੀ ਵੰਡਿਆ ਹੋਇਆ ਹੈ। ਵੱਖ-ਵੱਖ ਧਰਮਾਂ ਵਿਚਲੀ ਕੱਟੜਪੰਥੀ ਮਨੁੱਖਤਾ ਲਈ ਸਭ ਤੋਂ ਵੱਧ ਖ਼ਤਰਨਾਕ ਸਿੱਧ ਹੋਈ ਹੈ, ਇਸ ਸੰਬੰਧੀ ਪੁਸਤਕ ਦੇ 198 ਪੰਨੇ ਤੋਂ 211 ਤੱਕ ਦਾ ਵਿਸ਼ੇਸ਼ ਟੇਬਲ ਇਹ ਸਿੱਧ ਕਰਦਾ ਹੈ। 6 ਧਰਮਾਂ ਅਤੇ ਨਾਸਤਿਕ ਦੇ 18 ਨੁਕਤਿਆਂ ਦੀ ਸੰਖੇਪ ਵਿਆਖਿਆ ਅਤੇ ਵਿਸ਼ਲੇਸ਼ਣ ਇਹ ਸਿੱਧ ਕਰਦੇ ਹਨ ਕਿ ਸਾਰੇ ਧਰਮ ਗ੍ਰੰਥ ਵੱਖ-ਵੱਖ ਨਿਰਦੇਸ਼ ਦਿੰਦੇ ਹਨ, ਫਿਰ ਸਾਰੇ ਸੱਚੇ ਤੇ ਠੀਕ ਗਿਆਨ ਕਿਵੇਂ ਹੋਏ? ਸਾਰੇ ਧਰਮ ਇੱਕੋ ਰੱਬ ਨੂੰ ਮੰਨਦੇ ਹਨ। ਕਾਫ਼ਿਰ ਹੀ ਪਵਿੱਤਰ (ਸ਼ੁੱਧ) ਮਨੁੱਖ ਹੁੰਦਾ ਹੈ। ਪਵਿੱਤਰ ਦੇ ਸ਼ਬਦੀ ਅਰਥ ਹਨ ਸ਼ੁੱਧ, ਜਿਸ ਵਿੱਚ ਕੋਈ ਮਿਲਾਵਟ ਨਾ ਹੋਵੇ। ਇਸੇ ਤਰ੍ਹਾਂ ਮਨੁੱਖੀ ਮਨ/ਸੋਚ ਵੀ ਅੰਧ-ਵਿਸ਼ਵਾਸ ਰਹਿਤ ਸ਼ੁੱਧ/ਪਵਿੱਤਰ ਹੁੰਦੀ ਹੈ। ਵਹਿਮ-ਭਰਮ ਅਤੇ ਅੰਧ-ਵਿਸ਼ਵਾਸ ਇੱਕ ਤਰ੍ਹਾਂ ਮਾਨਸਿਕ ਪ੍ਰਦੂਸ਼ਣ ਹੀ ਹੁੰਦੇ ਹਨ। ਨਾਸਤਿਕ ਵਿਗਿਆਨਕ ਸੋਚ ਦਾ ਧਾਰਨੀ ਹੁੰਦਾ ਹੈ। ਇਸ ਲਈ 'ਕਾਫ਼ਿਰ ਨੂੰ ਹੀ ਪਵਿੱਤਰ ਮਨੁੱਖ' ਕਿਹਾ ਜਾ ਸਕਦਾ ਹੈ, ਕਿਉਂਕਿ ਵਿਗਿਆਨਕ ਵਿਧੀ ਇੱਕੋ ਇੱਕ ਭਰੋਸੇਮੰਦ ਤਰੀਕਾ ਹੈ। ਮਨਜੀਤ ਬੋਪਾਰਾਏ ਦੀ ਇਹ ਪੁਸਤਕ ਬਹੁਤ ਹੀ ਸਾਰਥਿਕ ਤੱਥਾਂ ਨਾਲ ਦਿੱਤੀ ਜਾਣਕਾਰੀ ਮਾਂਨਵਤਾ ਲਈ ਬੇਹੱਦ ਲਾਭਦਾਇਕ ਸਿੱਧ ਹੋਵੇਗੀ।
  ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48yahoo.com

ਡਾ.ਮਨਜੀਤ ਸਿੰਘ ਬੱਲ ਦੀ 'ਗੱਲਾਂ ਆਰ ਪਾਰ ਦੀਆਂ' ਪੁਸਤਕ ਮੁਹੱਬਤ ਦੀ ਦਾਸਤਾਂ - ਉਜਾਗਰ ਸਿੰਘ

ਡਾ.ਮਨਜੀਤ ਸਿੰਘ ਬੱਲ ਬਹੁ-ਵਿਧਾਵੀ ਤੇ ਬਹੁ-ਪੱਖੀ, ਭਾਵਨਾਵਾਂ ਦੇ ਵਹਿਣ ਵਿੱਚ ਗੋਤੇ ਲਾਉਣ ਵਾਲਾ ਸੰਵੇਦਨਸ਼ੀਲ ਲੇਖਕ ਹੈ। ਹੁਣ ਤੱਕ ਉਸ ਦੀਆਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿੱਚ ਤੇਰਾਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਪੜਚੋਲ ਅਧੀਨ 'ਗੱਲਾਂ ਆਰ ਪਾਰ ਦੀਆਂ' ਉਸ ਦੀ ਚੌਧਵੀਂ ਪੁਸਤਕ ਹੈ। ਇਸ ਪੁਸਤਕ ਵਿੱਚ ਵੱਖ-ਵੱਖ ਵਿਸ਼ਿਆਂ, ਮਾਨਵਤਾ ਦੇ ਆਪਸੀ ਰਿਸ਼ਤਿਆਂ ਦੀ ਮਨੋ-ਦਸ਼ਾ ਦਾ ਵਿਸ਼ਲੇਸ਼ਣ ਕਰਨ ਵਾਲੇ ਕੁਲ 36 ਲੇਖ ਹਨ। ਜਿਹੜੇ ਲੋਕਾਈ ਨੂੰ ਮੁਹੱਬਤ ਨਾਲ ਪਿਆਰ ਦੀਆਂ ਪੀਂਘਾਂ ਪਾ ਕੇ ਸੁਨਹਿਰਾ ਤੇ ਸੁਹਾਵਣਾ ਜੀਵਨ ਬਸਰ ਕਰਨ ਦੀ ਪ੍ਰੇਰਨਾ ਦਿੰਦੇ ਹਨ। ਇਹ ਲੇਖ ਮਾਨਵ ਕਦਰਾਂ ਕੀਮਤਾਂ ਵਿੱਚ ਆਧੁਨਿਕਤਾ ਦੀ ਪਿਉਂਦ ਕਰਕੇ ਆ ਰਹੀ ਗਿਰਾਵਟ ਦੀ ਗਵਾਹੀ ਭਰਦੇ ਹਨ। ਮੋਹ-ਮੁਹੱਬਤ ਸਰਹੱਦਾਂ ਦੀ ਵਲੱਗਣ ਤੋਂ ਬਾਹਰ ਦੀਆਂ ਬਾਤਾਂ ਹਨ। ਮੁਹੱਬਤ ਤਾਂ ਹਵਾ ਦੀਆਂ ਤਰੰਗਾਂ ਵਿੱਚ ਰੰਗੀਨੀ ਘੋਲਦੀ ਹੈ। ਇਸ ਪੁਸਤਕ ਦੀ ਸਭ ਤੋਂ ਵੱਡੀ ਖ਼ੂਬੀ ਇਹੋ ਹੈ ਕਿ ਪਿਆਰ ਦੀਆਂ ਪੀਂਘਾਂ ਪਾ ਕੇ ਉਨ੍ਹਾਂ ਨੂੰ ਬਰਕਰਾਰ ਰੱਖਣ ਦੀ ਤਾਕੀਦ ਕਰਦੀ ਹੈ। ਇਸ ਦੇ ਲੇਖ ਇੱਕ ਕਿਸਮ ਨਾਲ ਪੁਰਾਤਨ ਪਰੰਪਰਾਵਾਂ, ਰਹਿਣੀ-ਬਹਿਣੀ, ਕਾਰ-ਵਿਵਹਾਰ ਅਤੇ ਸ਼ਬਦਾਵਲੀ ਦੀ ਯਾਦ ਦਿਵਾਉਂਦੇ ਹਨ। ਇਹ ਲੇਖ ਡਾ.ਮਨਜੀਤ ਸਿੰਘ ਬੱਲ ਦੀ ਜ਼ਿੰਦਗੀ ਵਿੱਚ ਹੋਏ ਤਜ਼ਰਬਿਆਂ 'ਤੇ ਅਧਾਰਤ ਹਨ। ਜੇ ਇਹ ਕਹਿ ਲਿਆ ਜਾਵੇ ਕਿ ਡਾ.ਮਨਜੀਤ ਸਿੰਘ ਬੱਲ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਕਹਾਣੀ ਹੈ, ਤਾਂ ਵੀ ਕੋਈ ਅਤਕਥਨੀ ਨਹੀਂ, ਸਗੋਂ ਡਾ.ਮਨਜੀਤ ਸਿੰਘ ਬੱਲ ਆਪਣੀ ਜਦੋਜਹਿਦ ਨੂੰ ਲੋਕਾਈ ਦੀ ਜਦੋਜਹਿਦ ਵਿੱਚ ਬਦਲਣ ਦੇ ਸਮਰੱਥ ਹੋਇਆ ਹੈ। ਇਹ ਵੀ ਡਾ.ਮਨਜੀਤ ਸਿੰਘ ਬੱਲ ਦੀ ਵੱਡੀ ਪ੍ਰਾਪਤੀ ਹੈ। ਆਮ ਤੌਰ 'ਤੇ ਲੇਖ ਰੁੱਖੇ ਜਿਹੇ ਹੁੰਦੇ ਹਨ, ਪ੍ਰੰਤੂ ਇਸ ਪੁਸਤਕ ਦੇ ਲੇਖ ਤਾਂ ਫਸਟ ਪਰਸਨ ਵਿੱਚ ਹੋਣ ਕਰਕੇ ਕਹਾਣੀਆਂ ਦੀ ਤਰ੍ਹਾਂ ਦਿਲਚਸਪ ਬਣ ਗਏ ਹਨ, ਜਿਨ੍ਹਾਂ ਨੂੰ ਪੜ੍ਹਨ ਲਈ ਉਤਸੁਕਤਾ ਬਣੀ ਰਹਿੰਦੀ ਹੈ। ਲੇਖ ਪੜ੍ਹਦਿਆਂ ਕਈ ਵਾਰ ਆਮ ਜਿਹੀਆਂ ਗੱਲਾਂ ਤੇ ਘਟਨਾਵਾਂ ਲੱਗਦੀਆਂ ਹਨ, ਪ੍ਰੰਤੂ ਇਨ੍ਹਾਂ ਲੇਖਾਂ ਦੇ ਆਰਥ ਡੂੰਘੇ ਹਨ। ਸੌਖੀ ਜ਼ਿੰਦਗੀ ਜਿਉਣ ਲਈ ਤਹਿਜੀਬ, ਸਲੀਕਾ ਅਤੇ ਸੰਜੀਦਗੀ ਦਾ ਗੁਣ ਦੇਣ ਦੀ ਪ੍ਰੇਰਨਾ ਦੇਣ ਵਾਲੇ ਹਨ। ਪਹਿਲੇ ਭਾਗ ਵਿੱਚ 26 ਲੇਖ ਹਨ। ਡਾ.ਮਨਜੀਤ ਸਿੰਘ ਬੱਲ ਸਾਹਿਤਕ ਤੇ ਸੰਗੀਤਕ ਸੁਰਾਂ ਦਾ ਰਸੀਆ ਹੋਣ ਕਰਕੇ ਸ਼ਬਦਾਂ ਦਾ ਦਰਿਆ ਵਹਿਣ ਲਾ ਦਿੰਦੇ ਹਨ, ਜਿਨ੍ਹਾਂ ਦੀਆਂ ਤਰੰਗਾਂ ਵਿੱਚ ਪਾਠਕ ਮਸਤ ਹੋ ਜਾਂਦੇ ਹਨ। 'ਦੋ ਛਤੀਰੀਆਂ ਵਾਲਾ ਘਰ' ਉਸ ਸਮੇਂ ਦੀ ਸਾਂਝੇ ਪਰਿਵਾਰਾਂ ਦੀ ਸਾਧਾਰਣ ਤੇ ਸੰਤੁਸ਼ਟਤਾ ਵਾਲੀ ਰਹਿਣੀ ਬਹਿਣੀ ਦਾ ਦ੍ਰਿਸ਼ਟਾਂਤਿਕ ਪ੍ਰਗਟਾਵਾ ਕਰਦਾ ਹੈ। 'ਹੱਡੀਆਂ ਦੀ ਜੰਗ' ਐਮ.ਬੀ.ਬੀ.ਐਸ.ਸਮੇਂ ਵਿਦਿਆਰਥੀਆਂ ਦੀ ਸਿੱਖਿਆ ਲਈ ਕੀਤੀ ਜਾਂਦੀ ਜਦੋਜਹਿਦ ਦੀ ਦਾਸਤਾਂ ਹੈ। 'ਖ਼ੂਨ ਦਾ ਰਿਸ਼ਤਾ' ਲੇਖ ਇਨਸਾਨੀਅਤ ਦੀ ਦੁੱਖ ਸੁੱਖ ਵਿੱਚ ਬਾਂਹ ਫੜ੍ਹਨ ਦੀ ਪ੍ਰੇਰਨਾ ਦਿੰਦਾ ਹੈ। ਡਾ.ਮਨਜੀਤ ਸਿੰਘ ਵੱਲੋਂ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਖ਼ੂਨ ਦਾਨ ਕਰਨਾ ਸਾਬਤ ਕਰਦਾ ਹੈ ਕਿ ਬੰਦਾ ਬੰਦੇ ਦੀ ਦਾਰੂ ਬਣਦਾ ਹੈ। ਨਰਸ ਹਰਬੰਸ ਥਾਂਦੀ ਨੂੰ ਵਿਭਾਗ ਦੇ ਮੁੱਖੀ ਵੱਲੋਂ ਸ਼ਾਬਸ਼ ਦੇਣਾ ਗ਼ਲਤੀ ਦਾ ਅਸਿਧੇ ਢੰਗ ਨਾਲ ਅਹਿਸਾਸ ਕਰਵਾਉਣਾ ਬਿਹਤਰੀਨ ਵਿਵਹਾਰ ਹੈ। 'ਜਨਾਨਾ ਵਾਰਡ' ਲੇਖ ਛੋਟੇ ਵੱਡੇ ਅਹੁਦਿਆਂ ਵਾਲੀਆਂ ਇਸਤਰੀਆਂ ਦੀਆਂ ਇੱਕੋ ਜਿਹੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ। ਜਦੋਂ ਵਾਰਡ ਦਾ ਦਰਜਾ ਚਾਰ ਕਰਮਚਾਰੀ ਰੌਸ਼ਨ ਲਾਲ, ਡੱਗੀ ਵਾਲੀ ਸ਼ੀਲਾ ਵੱਲੋਂ ਗਾਇਨੀ ਵਾਰਡ ਵਿੱਚ ਔਰਤਾਂ ਨੂੰ ਸੂਟ ਵੇਚਣ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਵਾਡੀ ਮੈਡਮ ਨੂੰ ਲੈ ਕੇ ਆਉਂਦਾ ਹੈ ਤਾਂ ਸ਼ੀਲਾ ਨੂੰ ਉਥੋਂ ਹਟਾਉਣ ਦੀ ਥਾਂ ਵਾਡੀ ਮੈਡਮ ਖੁਦ ਸੂਟ ਪਸੰਦ ਕਰਨ ਲੱਗ ਜਾਂਦੀ ਹੈ। 'ਪਹਿਲੀ ਤਨਖ਼ਾਹ' ਲੇਖ ਵੀ ਨੌਜਵਾਨ ਨੌਕਰਸ਼ਾਹਾਂ ਦੀਆਂ ਆਰਥਿਕ ਤੰਗੀਆਂ ਤਰੁਸ਼ੀਆਂ ਅਤੇ ਦਿਲੀ ਇਛਾਵਾਂ ਦਾ ਵਿਸ਼ਲੇਸ਼ਣ ਹੈ। 'ਮੁਕਲਾਵਾ' ਨਵੇਂ ਵਿਆਹੇ ਜੋੜਿਆਂ ਦੇ ਸੰਗਾਊਪੁਣੇ ਨਾਲ ਲਾਭ ਹੋਣ ਦੀ ਥਾਂ ਨੁਕਸਾਨ ਹੋ ਸਕਦਾ ਹੈ। ਪਹਿਲੇ ਭਾਗ ਦੇ ਅੱਧੇ 13 ਲੇਖ ਦੇਸ਼ ਦੀ ਵੰਡ ਦੀ ਤ੍ਰਾਸਦੀ ਕਰਕੇ ਖ਼ੂਨ ਦੇ ਰਿਸ਼ਤਿਆਂ ਦੇ ਵੱਖ ਹੋਣ ਦਾ ਸੰਤਾਪ ਪ੍ਰਗਟ ਕਰਦੇ ਹਨ, ਇਨ੍ਹਾਂ ਲੇਖਾਂ ਵਿੱਚ 'ਬਨਾਰਸੀ ਸਾੜੀ' ਅਨਾਰਕਲੀ ਬਾਜ਼ਾਰ ਵਾਲਾ ਪਰਸ, 'ਡੱਬੀਆਂ ਵਾਲਾ ਖੇਸ' 'ਸ਼ੇਖ਼ ਬ੍ਰਹਮ' 'ਵੈਸਟ ਸਰਜੀਕਲ ਵਾਰਡ', 'ਲਾਹੌਰ ਦੀ ਆਮਨਾ', 'ਲਹਿੰਦੇ ਪੰਜਾਬ ਵਾਲ਼ੇ ਰਿਸ਼ਤੇ', 'ਮਾਮਾ ਗ਼ੁਲਾਮ ਰਸੂਲ', 'ਖ਼ੂਹੀ ਵਾਲੀ ਗੱਲ ਸੁਣਾ', 'ਉਮਰ ਭਰ ਦਾ ਪਛਤਾਵਾ', 'ਲਾਹੌਰ ਦਾ ਜੈਨ ਮੰਦਰ', 'ਭਗਤ ਸਿੰਘ ਚੌਕ ਲਾਹੌਰ', 'ਕਰਤਾਰਪੁਰ ਸਾਹਿਬ ਦਾ ਰੇਲ-ਲਿੰਕ' ਲੇਖ ਦੋਹਾਂ ਦੇਸ਼ਾਂ ਦੀ ਵੰਡ ਨਾਲ ਰਿਸ਼ਤਿਆਂ ਦੂਰੀ ਦੀ ਤ੍ਰਾਸਦੀ ਬਿਆਨ ਕਰਦੇ ਹਨ। ਆਂਦਰਾਂ ਦਾ ਮੋਹ ਕਿਵੇਂ ਹੰਝੂਆਂ ਦੀ ਨਦੀ ਲਿਆਉਂਦਾ ਹੈ। ਪਿਆਰ ਦੀਆਂ ਤੰਦਾਂ ਖੁਲ੍ਹਦੀਆਂ ਰਹਿੰਦੀਆਂ ਹਨ। ਪਾਕਿਸਤਾਨ ਵਿੱਚ ਧਾਰਮਿਕ ਕੱਟੜ ਲੋਕਾਂ ਦੇ ਨਾਲ ਹੀ ਕੁਝ ਧਾਰਮਿਕ ਸਦਭਾਵਨਾ ਵਾਲੇ ਸਿਆਣੇ ਲੋਕ ਵੀ ਰਹਿੰਦੇ ਵਿਖਾਏ ਗਏ ਹਨ, ਜਿਹੜੇ ਜੈਨ ਮੰਦਰ ਨੂੰ ਢਾਹੁਣ 'ਤੇ ਦੁੱਖੀ ਹੋਏ ਤੇ ਦੁਬਾਰਾ ਬਣਨ 'ਤੇ ਹੋਈ ਗ਼ਲਤੀ ਦਰੁਸਤੀ 'ਤੇ ਖ਼ੁਸ਼ ਹਨ। ਇਸੇ ਤਰ੍ਹਾਂ ਸਮਾਦਾਨ ਚੌਕ ਦਾ ਨਾਮ ਭਗਤ ਸਿੰਘ ਦੇ ਨਾਮ 'ਤੇ ਰੱਖਣ 'ਤੇ ਖ਼ੁਸ਼ ਹਨ। ਇਹ ਸਾਰੇ ਲੇਖ ਵੰਡ ਦੀ ਤ੍ਰਸਦੀ ਦੀ ਮੂੰਹ ਬੋਲਦੀ ਤਸਵੀਰ ਹਨ। ਡਾ.ਇਮਰਾਨ ਖੁਰਸ਼ੀਦ, ਸਰਫਰਾਜ, ਆਮਨਾ ਹਸਨ, ਅਨਵਰ ਬਾਰੂ, ਬੇਗ਼ਮ ਰਜੀਆ, ਮਾਜਿਦ ਬੁਖ਼ਾਰੀ, ਦੀਆਂ ਭਾਵਨਾਵਾਂ ਹੰਝੂਆਂ ਦੀ ਝੜੀ ਲਗਾ ਦਿੰਦੀਆਂ ਹਨ। 'ਵਾਹਗਾ ਵਾਰਡਰ ਰੀਟਰੀਟ' ਦੇਸ਼ ਭਗਤੀ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ। 'ਪਹੁ ਫ਼ੁਟਾਲਾ' 'ਚਾਨਣੀ ਰਾਤ ਤੇ ਕੁੱਤੇ' ਲੇਖਾਂ ਵਿੱਚ ਕੁਦਰਤ ਦੇ ਕਾਦਰ ਦੇ ਸਹਾਵਣੇ ਵਾਤਾਵਰਨ ਦੇ ਕਸੀਦੇ ਪੜ੍ਹੇ ਗਏ ਹਨ ਅਤੇ ਨਾਲ ਹੀ ਇਹ ਵੀ ਸੰਦੇਸ਼ ਦਿੱਤਾ ਗਿਆ ਹੈ ਕਿ ਕਾਰਵਾਂ ਚਲਦਾ ਰਹਿੰਦਾ ਹੈ ਕੁੱਤੇ ਭੌਂਕਦੇ ਰਹਿੰਦੇ ਹਨ, ਇਨ੍ਹਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਆਤਮ ਵਿਸ਼ਵਾਸ਼ ਨਾਲ ਚਲਦੇ ਰਹਿਣਾ ਚਾਹੀਦਾ ਹੈ। 'ਪੰਚਾਇਤੀ ਰੇਡੀਓ' ਪੁਰਾਣੇ ਸਮੇਂ ਦੇ ਸੰਚਾਰ ਪ੍ਰਣਾਲੀ ਦਾ ਵਿਵਰਣ ਦਿੰਦਾ ਹੈ ਤੇ 'ਸਾਲਮ ਜਹਾਜ' ਦਿਲਚਸਪ ਲੇਖ ਹੈ। 'ਮਰਨ ਤੋਂ ਬਾਅਦ ਜ਼ਿੰਦਗੀ' ਲੜਕੀ ਦੀ ਅਚਾਨਕ ਗੰਭੀਰ ਬਿਮਾਰੀ ਅਤੇ ਅੰਗ ਦਾਨ ਕਰਨ ਵਾਲੀ ਪ੍ਰਵਿਰਤੀ ਹਿਰਦੇਵੇਦਿਕ ਬ੍ਰਿਤਾਂਤ ਵਾਲਾ ਗੰਭੀਰ ਤੇ ਉਤਸ਼ਾਹਜਨਕ ਲੇਖ ਹੈ, ਜੋ ਆਉਣ ਵਾਲੀਆਂ ਪੀੜੀਆਂ ਲਈ ਮਾਰਗ ਦਰਸ਼ਕ ਬਣ ਸਕਦਾ ਹੈ। 'ਵਿਸਰਾ ਦੀ ਜਾਂਚ' ਝੂਠੀਆਂ ਖ਼ਬਰਾਂ ਦਾ ਪਰਦਾ ਫਾਸ਼ ਕਰਨ ਵਾਲਾ ਲੇਖ ਹੈ।
ਦੂਜੇ ਭਾਗ 'ਗੱਲਾਂ ਜ਼ਹੀਨ ਸ਼ਖ਼ਸ਼ੀਅਤਾਂ ਦੀਆਂ' ਵਿੱਚ 10 ਲੇਖ ਹਨ। ਇਹ ਲੇਖ ਵੀ ਡਾ.ਮਨਜੀਤ ਸਿੰਘ ਬੱਲ ਦੀ ਸਾਹਿਤਕ ਤੇ ਸੰਗੀਤਕ ਰੁਚੀ ਦਾ ਪ੍ਰਗਟਾਵਾ ਕਰਦੇ ਹਨ, ਕਿਉਂਕਿ ਇਨ੍ਹਾਂ ਲੇਖਾਂ ਵਿੱਚ ਪ੍ਰਸਿੱਧ ਲੇਖਕਾਂ, ਸੰਗੀਤਕਾਰਾਂ, ਸਾਹਿਤਕਾਰਾਂ ਦੇ ਜੀਵਨ 'ਤੇ ਝਾਤ ਪਾਈ ਗਈ ਹੈ। ਇਹ ਵੀ ਵੇਖਣ ਵਾਲੀ ਗੱਲ ਹੈ ਕਿ ਲੇਖਕ ਦੀ ਇਸ ਚੋਣ ਵਿੱਚ ਬਹੁਤੇ ਸਾਂਝੇ ਪੰਜਾਬ ਦੇ ਮਹਾਨ ਵਿਦਵਾਨ ਤੇ ਸੰਗੀਤਕਾਰ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਦੇਸ਼ ਦੀ ਵੰਡ ਦੇ 78 ਸਾਲ ਬਾਅਦ ਵੀ ਡਾ.ਮਨਜੀਤ ਸਿੰਘ ਬੰਲ ਦਾ ਲਹਿੰਦੇ ਪੰਜਾਬ ਨਾਲ ਮੋਹ ਉਸੇ ਤਰ੍ਹਾਂ ਬਰਕਰਾਰ ਹੈ। ਇਨ੍ਹਾਂ 10 ਲੇਖਾਂ ਵਿੱਚੋਂ 7 ਲੇਖ ਵੀ ਇਨ੍ਹਾਂ ਮਹਾਨ ਵਿਅਕਤੀਆਂ ਦੇ ਯੋਗਦਾਨ ਬਾਰੇ ਹਨ। ਬਾਕੀ ਤਿੰਨ ਲੇਖਾਂ ਵਿੱਚ ਦੋ ਉਸਦੇ ਆਪਣੇ ਦਾਦਾ ਅਤੇ ਪਿਤਾ ਬਾਰੇ ਹਨ, ਉਨ੍ਹਾਂ ਦੋਹਾਂ ਵਿੱਚ ਵੀ ਦਾਦਾ ਅਤੇ ਪਿਤਾ ਸੰਗੀਤ ਤੇ ਸੁਹਜ ਕਲਾ ਦੇ ਪ੍ਰੇਮੀ ਹੋਣ ਦਾ ਪ੍ਰਗਟਾਵਾ ਕਰਦੇ ਹਨ। ਆਖ਼ਰੀ ਲੇਖ ਡਾ.ਬੀਬੀ ਇੰਦਰਜੀਤ ਕੌਰ ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਉਸਤਤ ਵਿੱਚ ਲਿਖਿਆ ਹੋਇਆ ਹੈ। ਡਾ.ਮਨਜੀਤ ਸਿੰਘ ਆਪਣੇ ਕਿੱਤੇ ਦੇ ਨਾਲ ਹੀ ਸਾਹਿਤ ਅਤੇ ਸੰਗੀਤ ਦਾ ਪ੍ਰੇਮੀ ਹੋਣ ਦਾ ਪ੍ਰਗਟਾਵਾ ਵੀ ਹੋ ਜਾਂਦਾ ਹੈ। ਭਵਿਖ ਵਿੱਚ ਉਸ ਕੋਲੋਂ ਹੋਰ ਵਧੀਆ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਂਇਸ ਪੁਸਤਕ ਦੀ ਸ਼ਬਦਾਵਲੀ ਪਾਠਕ ਦੇ ਸਮਝ ਆਉਣ ਵਾਲੀ ਸਰਲ ਤੇ ਆਮ ਬੋਲ ਚਾਲ ਵਾਲੀ ਹੈ। ਸਬਦ ਪੜ੍ਹਕੇ ਉਸ ਹਾਲਤ ਬਾਰੇ ਆਪਣੇ ਆਪ ਜਾਣਕਾਰੀ ਹੋ ਜਾਂਦੀ ਹੈ, ਜਿਹੋ ਜਿਹੇ ਮੌਕੇ ਤੇ ਹਾਲਾਤ ਵਿੱਚ ਵਰਤੇ ਗਏ ਹਨ। ਪੁਸਤਕ ਵਿੱਚ ਵਰਤੀ ਗਈ ਸ਼ਬਦਾਵਲੀ, ਉਦਾਹਰਣ ਦੇ ਤੌਰ 'ਤੇ ਕਸੀਦਾ, ਹੇਕ, ਟੱਲ, ਵੱਡੀ, ਧਰੇਕਾਂ, ਛਤੀਰੀਆਂ, ਬਾਲੇ, ਬੂਹਾ, ਖੁਰਾ, ਕਪੜੇ-ਲੱਤੇ, ਡੋਹਣਾ, ਗੜਵੀਆਂ, ਵਹੀ, ਲਾਲਟੈਣ, ਗੁਰਬਤ ਸਰਲ ਅਤੇ ਦਿਹਾਤੀ ਲੋਕਾਂ ਵੱਲੋਂ ਆਮ ਬੋਲ ਚਾਲ ਵਿੱਚ ਵਰਤੀ ਜਾਂਦੀ ਹੈ। ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਡਾ.ਮਨਜੀਤ ਸਿੰਘ ਬਲ ਆਪਣਾ ਸੰਦੇਸ਼ ਦੇਣ ਵਿੱਚ ਸਫ਼ਲ ਹੋਇਆ ਹੈ। 131 ਪੰਨਿਆਂ, 350 ਰੁਪਏ ਕੀਮਤ ਵਾਲੀ ਇਹ ਪੁਸਤਕ ਡਰੀਮ ਬੁੱਕ ਪਬਲਿਸ਼ਿੰਗ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ ਡਾ.ਮਨਜੀਤ ਸਿੰਘ ਬੱਲ: 9872843491

ਦਵਿੰਦਰ ਬਾਂਸਲ ਟਰਾਂਟੋ ਦਾ ਕਾਵਿ ਸੰਗ੍ਰਹਿ ‘ਦੀਦ’ ਔਰਤ ਦੀ ਪੀੜਾ ਤੇ ਰੁਮਾਂਸਵਾਦ ਦਾ ਪ੍ਰਤੀਬਿੰਬ - ਉਜਾਗਰ ਸਿੰਘ 

ਦਵਿੰਦਰ ਬਾਂਸਲ ਪੰਜਾਬੀ ਦੀ ਸਥਾਪਤ ਕਵਿਤਰੀ ਹੈ। ਪਰਵਾਸ ਵਿੱਚ ਰਹਿੰਦੀ ਹੋਈ ਵੀ ਉਹ ਆਪਣੀ ਪੰਜਾਬੀ ਵਿਰਾਸਤ ਨਾਲ ਇਕੱਮਿੱਕ ਹੈ। ਉਸ ਦੇ ਹੁਣ ਤੱਕ ਤਿੰਨ ਕਾਵਿ ਸੰਗ੍ਰਹਿ ‘ਮੇਰੀਆਂ ਝਾਂਜਰਾਂ ਦੀ ਛਨ-ਛਨ’ (1998 ), ‘ਜੀਵਨ ਰੁੱਤ ਦੀ ਮਾਲਾ’ (2023) ਅਤੇ ‘ਸਵੈ ਦੀ ਪਰਕਰਮਾ’ (2023) ਪ੍ਰਕਾਸ਼ਤ ਹੋ ਚੁੱਕੇ ਹਨ।  ‘ਮੇਰੀਆਂ ਝਾਂਜਰਾਂ ਦੀ ਛਨ-ਛਨ’ ਕਾਵਿ ਸੰਗ੍ਰਹਿ ਦੇ ਤਿੰਨ ਐਡੀਸ਼ਨ ਛਪ ਚੁੱਕੇ ਹਨ। ਇਨ੍ਹਾਂ ਕਾਵਿ ਸੰਗ੍ਰਹਿਾਂ ਦੀ ਪ੍ਰਕਾਸ਼ਨਾ ਤੋਂ ਬਾਅਦ ਦਵਿੰਦਰ ਬਾਂਸਲ ਦੀ ਕਵਿਤਾ ਸਾਹਿਤਕ ਖੇਤਰ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੜਚੋਲ ਅਧੀਨ ‘ਦੀਦ’ ਉਸਦਾ ਚੌਥਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿੱਚ ਉਸਦੀਆਂ 56 ਛੋਟੀਆਂ-ਵੱਡੀਆਂ, ਖੁਲ੍ਹੀਆਂ ਕਵਿਤਾਵਾਂ ਹਨ। ਇਹ ਸਾਰੀਆਂ ਕਵਿਤਾਵਾਂ ਉਸਦੇ ਅੰਤਰੀਵ ਦੀ ਆਵਾਜ਼, ਇੱਕ ਕਿਸਮ ਨਾਲ ਦਵਿੰਦਰ ਬਾਂਸਲ ਦੀ ਰੂਹ ਦੀ ਖੁਰਾਕ ਹਨ, ਉਸਨੇ ਹਰ ਕਵਿਤਾ ਰੂਹ ਵਿੱਚ ਭਿੱਜਕੇ ਲਿਖੀ ਹੈ। ਉਸਨੇ ਸਮਾਜਿਕ ਤਾਣੇ-ਬਾਣੇ ਵਿੱਚ ਵਿਚਰਦਿਆਂ ਜੋ ਪ੍ਰਭਾਵ ਗ੍ਰਹਿਣ ਕੀਤੇ ਹਨ, ਉਨ੍ਹਾਂ ਨੂੰ ਕਵਿਤਾਵਾਂ ਦਾ ਰੂਪ ਦਿੱਤਾ ਹੈ। ਇਹ ਕਵਿਤਾਵਾਂ ਕਾਵਿਕ ਮਾਪ ਦੰਡਾਂ ਵਿੱਚ ਬੱਝਕੇ ਨਹੀਂ ਲਿਖੀਆਂ ਗਈਆਂ, ਸਗੋਂ ਕਵਿਤਰੀ ਦੇ ਮਨ ਮਸਤਕ ਵਿੱਚੋਂ ਆਪ ਮੁਹਾਰੇ ਨਿਕਲੀਆਂ ਹੋਈਆਂ ਵੱਖਰੇ ਰੰਗ ਵਿਖੇਰਦੀਆਂ ਹਨ। ਕਵਿਤਰੀ ਨੇ ਇਨ੍ਹਾਂ ਕਵਿਤਾਵਾਂ ਰਾਹੀਂ ਨਵੇਂ ਨਕਸ ਸਿਰਜੇ ਹਨ। ਦਵਿੰਦਰ ਬਾਂਸਲ ਦੀਆਂ ਕਵਿਤਾਵਾਂ ਬਹੁ-ਰੰਗੀ, ਬਹੁ-ਪਰਤੀ ਅਤੇ ਵਿਲੱਖਣ ਕਿਸਮ ਦੀਆਂ ਹਨ, ਜੋ ਦਰਿਆ ਦੇ ਵਹਿਣਾਂ ਦੇ ਵਹਾਅ ਦੀਆਂ ਤਰੰਗਾਂ ਭਾਸਦੀਆਂ ਹਨ। ਇਨ੍ਹਾਂ ਕਵਿਤਾਵਾਂ ਦੀ ਰਵਾਨਗੀ ਵੀ ਦਰਿਆ ਦੀਆਂ ਛੱਲਾਂ ਵਰਗੀ ਹੈ, ਜੋ ਰੰਗ ਵਿਰੰਗੀਆਂ ਲਹਿਰਾਂ ਦਾ ਰੂਪ ਧਰਨ ਕਰ ਲੈਂਦੀਆਂ ਹਨ। ਕਵਿਤਰੀ ਨੇ ਕਵਿਤਾਵਾਂ ਨੂੰ ਨਿਵੇਕਲੇ ਅੰਦਾਜ਼ ਵਿੱਚ ਪ੍ਰਗਟ ਕੀਤਾ ਹੈ, ਜੋ ਨਵੇਂ ਰੰਗ ਪੇਸ਼ ਕਰਦੀਆਂ ਹਨ। ਉਸਦੀਆਂ ਕਵਿਤਾਵਾਂ ਵਿੱਚ  ਵਿਸਮਾਦੀ ਰੰਗ ਵੀ ਵੇਖਣ ਨੂੰ ਮਿਲਦਾ ਹੈ। ਕਵਿਤਾਵਾਂ ਲਿਖਦੀ ਉਹ ਖੁਦ ਕਵਿਤਾ ਬਣਕੇ ਕਵਿਤਾ ਵਿੱਚ ਵਿਲੀਨ ਹੋ ਜਾਂਦੀ ਹੈ ਤੇ ਸੁੱਧ- ਬੁੱਧ ਖੋ ਬੈਠਦੀ ਹੈ। ਉਹ ਲਿਖਦੀ ਹੈ ਕਿ ਔਰਤ ਹੋਣਾ ਹੀ ਬਦਕਿਸਮਤੀ ਹੈ, ਬ੍ਰਿਹਾ, ਪੀੜਾਂ, ਦੁੱਖ-ਦਰਦ ਅਤੇ ਉਲਝਣਾਂ ਉਸਦੀ ਜ਼ਿੰਦਗੀ ਦਾ ਅਨਿਖੜਵਾਂ ਅੰਗ ਬਣੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਬਾਹਰ ਨਿਕਲਣ ਲਈ ਔਰਤ ਜਦੋਜਹਿਦ ਕਰਦੀ ਰਹਿੰਦੀ ਹੈ। ਪਹਿਲਾਂ ਮਾਪਿਆਂ ਦੇ ਘਰ ਦੀ ਕੈਦੀ ਬਣਕੇ ਉਨ੍ਹਾਂ ਦੇ ਘਰ ਦੀ ਉਸਾਰੀ ਕਰਦੀ ਹੈ ਤੇ ਫਿਰ ਪਤੀ ਦਾ ਘਰ ਸੰਵਾਰਦੀ, ਬਣਾਉਂਦੀ ਤੇ ਉਸਾਰਦੀ ਹੈ। ਬੁਢਾਪੇ ਵਿੱਚ ਪਹੁੰਚਦਿਆਂ ਉਹ ਬੱਚਿਆਂ ਦੇ ਤਿੜਕੇ ਘਰਾਂ ਨੂੰ ਸੰਭਾਲਦੀ ਹੋਈ, ਇਸ ਸੰਸਾਰ ਨੂੰ ਅਲਵਿਦਾ ਕਹਿੰਦੀ ਹੈ। ਉਸਦੀ ਜ਼ਿੰਦਗੀ ਵਿੱਚ ਟਿਕਾਅ ਨਹੀਂ ਹੁੰਦਾ, ਭਟਕਦੀ ਰਹਿੰਦੀ ਹੈ। ਬੱਚੇ ਪਦਾਰਥਵਾਦੀ ਹੋ ਕੇ ਮਾਪਿਆਂ ਦੀ ਜਾਇਦਾਦ ਵਲ ਨਿਗਾਹ ਰੱਖਦੇ ਹਨ। ਔਰਤਾਂ ਨੂੰ ਤਿਤਲੀਆਂ ਕਿਹਾ ਜਾਂਦਾ ਹੈ, ਪ੍ਰੰਤੂ ਉਨ੍ਹਾਂ ਉਪਰ ਭੌਰੇ ਤਿਲਮਾਲਉਂਦੇ ਹੋਏ ਰਸ ਚੂਸਕੇ ਆਨੰਦ ਮਾਣਦੇ  ਹਨ ਤੇ ਔਰਤ ਦਾ ਸਰੀਰ ਬਿਨਾ ਆਤਮਾ ਬਚ ਜਾਂਦਾ ਹੈ। ਔਰਤ ਆਪ ਹੀ ਮੋਹ ਮੁਹੱਬਤ ਦੀ ਲਾਲਸਾ ਵਿੱਚ ਫਸਦੀ ਹੋਈ ਬਰਬਾਦ ਹੋ ਜਾਂਦੀ ਹੈ। ਇਹ ਕੁਝ ਦਵਿੰਦਰ ਬਾਂਸਲ ਦੀਆਂ ਕਵਿਤਾਵਾਂ ਦਾ ਸਾਰੰਸ਼ ਹੈ। ਮੁੱਢਲੇ ਤੌਰ ‘ਤੇ ਉਹ ਇਸਤਰੀਆਂ ਦੇ ਭਾਵਨਾਵਾਂ ਵਿੱਚ ਵਹਿਣ ਅਤੇ ਮਰਦਾਂ ਵੱਲੋਂ ਉਨ੍ਹਾਂ ਨੂੰ ਲਲਚਾਈਆਂ ਨਜ਼ਰਾਂ ਨਾਲ ਵੇਖਣ ਉਪਰ ਤਿੱਖੇ  ਟਕੋਰੇ ਮਾਰਦੀ ਹੈ। ਉਨ੍ਹਾਂ ਦਾ ਮਾਸ ਨੋਚਕੇ ਦਰਿੰਦਗੀ ਦਾ ਜ਼ਿੰਦਾ ਨਾਚ ਕੀਤਾ ਜਾਂਦਾ ਹੈ, ਔਰਤ ਨਿਰਜਿੰਦ ਲਾਸ਼ ਬਣਕੇ ਵੀ ਬਰਦਾਸ਼ਤ ਕਰਦੀ ਰਹਿੰਦੀ ਹੈ। ਵਿਆਹ ਤੋਂ ਪਹਿਲਾਂ ਦੇ ਸਬਜਬਾਗ ਤੇ ਵਾਅਦੇ ਵਫ਼ਾ ਨਹੀਂ ਹੁੰਦੇ। ਭਲੇ ਸਮੇਂ ਹੁੰਦੇ ਸੀ, ਜਦੋਂ ਹਸਦੇ ਰਹਿੰਦੇ ਸੀ। ਅਸਲ ਵਿੱਚ ਉਦੋਂ ਸਮਝ ਹੀ ਨਹੀਂ ਹੁੰਦੀ ਸੀ। ਸਮਝ ਆਉਣ ਤੋਂ ਬਾਅਦ ਹਟਕੋਰੇ ਪੱਲੇ ਪੈ ਗਏ ਤੇ ਸਮਝ ਦੁਸ਼ਮਣ ਬਣ ਗਈ। ਕਵਿਤਰੀ ਕਹਿੰਦੀ ਹੈ ਕਿ ਭਲੇ ਵੇਲੇ ਆਉਣਗੇ, ਪ੍ਰੰਤੂ ਉਸਨੇ ਭਲੇ ਵੇਲੇ ਨਹੀਂ ਵੇਖੇ, ਉਹ ਆਪਣੀ ‘ਤਨ ਅਗਨ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦੀ ਹੈ:
 ਹੱਡੀਆਂ ਦਾ ਬਾਲਣ
ਖ਼ੂਨ ਦਾ ਤੇਲ
ਬਲਦੇ ਤਾਂ ਭਾਂਬੜ  ਬਲੇ
ਵੇਖੇ ਨਾ ਵੇਲੇ ਭਲੇ. . . .।
 ‘ਬੇਸਮਝੇ ਸਾਂ ਹੱਸਦੇ’ ਸਿਰਲੇਖ ਵਾਲੀ ਕਵਿਤਾ ਵਿੱਚ ਕਵਿਤਰੀ ਲਿਖਦੀ ਹੈ:
ਬੇਮਝੇ ਸਾਂ ਹੱਸਦੇ
ਸਮਝਦਾਰ ਹਾਂ ਤੰਗ
ਮੁੜ ਮੁੜ ਚੇਤੇ ਆਂਵਦੇ
ਬਾਲ ਉਮਰ ਦੇ ਰੰਗ
ਭੋਲੇ ਸਾਦੇ ਲੋਕ ਪਰ
ਦਿਲ ਦੇ ਸਨ ਅਮੀਰ
ਇੱਕ ਦਰ ਸੀ ਝੁਕਦੇ 
ਰਾਜਾ ਰੰਕ ਫ਼ਕੀਰ…….. ..
    ਔਰਤ ਆਜ਼ਾਦੀ ਭਾਲਦੀ ਹੈ, ਮਾਨਸਿਕ ਆਜ਼ਾਦੀ, ਪ੍ਰੰਤੂ ਕਈ ਇਸਤਰੀਆਂ ਨੂੰ ਖ਼ੁਸ਼ਾਮਦ ਰਾਹੀਂ ਵਰਗਲਾ ਲਿਆ ਜਾਂਦਾਂ ਹੈ, ਦਵਿੰਦਰ ਬਾਂਸਲ ਉਨ੍ਹਾਂ ਨੂੰ ਦ੍ਰਿੜ੍ਹਤਾ ਨਾਲ ਵਿਚਰਣ, ਹੌਸਲਾ ਰੱਖਣ ਅਤੇ ਆਪਣੇ ਵਿਅਤਿਤਵ ਨੂੰ ਸਮਤੁਲ ਰੱਖਕੇ ਗੁੰਝਲਦਾਰ ਉਲਝਣਾ ਨੂੰ ਸਾਫ਼ ਸੁਥਰੀ ਪਾਕਿ ਪਵਿਤਰ ਮੁਹੱਬਤ ਨਾਲ ਸੁਰ ਵਿੱਚ ਲਿਆਉਣ ਦੀ ਨਸੀਹਤ ਦਿੰਦੀ ਹੋਈ ਕਹਿੰਦੀ ਹੈ ਕਿ ਮੁੱਹੱਬਤ ਨਿਰ-ਸਵਾਰਥ, ਨਿਰ-ਉਚੇਚ ਅਤੇ ਨਿਰ-ਵਿਰੋਧ ਹੋਣੀ ਚਾਹੀਦੀ ਹੈ। ਆਧੁਨਿਕ ਜ਼ਮਾਨਾ ਆ ਗਿਆ, ਕੁਝ ਔਰਤਾਂ ਆਜ਼ਾਦੀ ਦਾ ਨਜ਼ਾਇਜ ਲਾਭ ਉਠਾਉਂਦੀਆਂ ਹਨ। ਚਾਰੇ ਪਾਸੇ ਝੂਠ ਦੇ ਪਸਾਰੇ ਨਾਲ ਮਾਰਕੀਟ ਦੀ ਵਸਤੂ ਬਣਨ ਦੀ ਥਾਂ ਸਿਆਣਪ ਦਾ ਮੁਜੱਸਮਾ ਬਣਕੇ ਵਿਚਰਨ ਨੂੰ ਤਰਜ਼ੀਹ ਦੇਣ ਦੀ ਤਾਕੀਦ ਕਰਦੀ ਹੈ। ਜ਼ਮਾਨੇ ਨਾਲ ਲੜਨ ਦੀ ਸਮਰੱਥਾ ਬਣਾਉਣ ਦੀ ਲੋੜ ਹੈ। ਕਵਿਤਰੀ ‘ਮਾਨਸਿਕ ਪੀੜ’ ਸਿਰਲੇਖ ਵਾਲੀ ਕਵਿਤਾ ਵਿੱਚ ਨਿਰਦਈ ਮਰਦ ਦੀ ਮਾਨਸਿਕਤਾ ਦਾ ਵਰਣਨ ਕਰਦੀ ਹੋਈ ਇਸਤਰੀਆਂ ਉਪਰ ਮਰਦਾਂ ਵੱਲੋਂ ਕੀਤੇ ਅਤਿਆਚਾਰਾਂ ਨੂੰ ਬਹੁਤ ਹੀ ਭਾਵਕਤਾ ਨਾਲ ਇਸਤਰੀਆਂ ਨੂੰ ਬਰਦਾਸ਼ਤ ਕਰਦਿਆਂ ਦਰਸਾਇਆ ਹੈ। ਇਸ ਕਵਿਤਾ ਦਾ ਭਾਵ ਹੈ ਕਿ ਇਸਤਰੀਆਂ ਨੂੰ ਇਨ੍ਹਾਂ ਜ਼ੁਲਮਾਂ ਨੂੰ ਹਰ ਰੋਜ਼ ਬਰਦਾਸ਼ਤ ਨਹੀਂ ਕਰਨਾ ਚਾਹੀਦਾ, ਸਗੋਂ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਹੈ। ਇਸਦੇ ਨਾਲ ਹੀ ਕਵਿਤਰੀ ਕਾਵਿ ਸੰਗ੍ਰਹਿ ਦੇ ਨਾਮ ਵਾਲੀ ‘ਦੀਦ’ ਕਵਿਤਾ ਵਿੱਚ ਲਿਖਦੀ ਹੈ ਕਿ ਔਰਤ ਭਾਵਨਾਵਾਂ ਵਿੱਚ ਵਹਿਣ ਵਾਲੀ ਮੋਮ ਦੀ ਮੂਰਤ ਹੈ, ਜਿਸ ਨਾਲ ਉਸਨੂੰ ਮੁਹੱਬਤ ਹੋ ਜਾਂਦੀ ਹੈ, ਉਸਦੀਆਂ ਤਲੀਆਂ ਥੱਲੇ ਹੱਥ ਦਿੰਦੀ ਹੋਈ ਪਿਆਰ ਦੀਆਂ ਪੀਂਘਾਂ ਝੂਟਣ ਸਮੇਂ ਆਪਾ ਖੋ ਬਹਿੰਦੀ ਹੈ।  ਇਸ ਕਵਿਤਾ ਦੇ ਦੋ ਬੰਦ ਔਰਤ ਦੀ ਮੁਹੱਬਤ ਵਾਲੀ ਭਾਵਨਾ ਦਾ ਪ੍ਰਗਟਾਵਾ ਕਰਦੇ ਹਨ ਕਿ ਔਰਤ ਮਰਦ ‘ਤੇ  ਕਿਵੇਂ ਲੱਟੂ ਹੋ ਜਾਂਦੀ ਹੈ:
 ਤੇਰੇ ਮੁੱਖ ਦਾ ਪਿਆ ਝਲਕਾਰਾ
ਚੰਨਾ ਵੇ ਸਾਡੀ ਹਉਂ ਟੁੱਟ ਗਈ।
 ਮੱਥੇ ਲੱਗਿਐਂ ਬੰਦੇ ਦੀ ਜੂਨੀ
ਤੂੰ ਅਸਲੋਂ ਫ਼ਕੀਰ ਮਹਿਰਮਾ।
       ਉਹ ਮਰਦ ਨੂੰ ਧੋਖੇ ਦੀ ਪੁਤਲੀ ਕਹਿੰਦੀ ਹੈ, ਪ੍ਰੰਤੂ ਬੇਇਖ਼ਲਾਕੀ ਸਭ ਤੋਂ ਭੈੜੀ ਚੀਜ਼ ਹੈ। ਮਰਦ ਨੂੰ ਬੇਇਖ਼ਲਾਕ ਨਹੀਂ ਹੋਣਾ ਚਾਹੀਦਾ, ਕਿਉਂਕਿ ਔਰਤ ਆਪਣਾ ਘਰ ਬਾਰ ਛੱਡਕੇ ਨਵੀਂ ਦੁਨੀਆਂ ਵਸਾਉਣ ਲਈ ਆਉਂਦੀ ਹੈ, ਉਸਦੀਆਂ ਭਾਵਨਾਵਾਂ ਦੀ ਕਦਰ ਕਰਨੀ ਬਣਦੀ ਹੈ, ਮਰਦ ਸਿਰਫ ਸਰੀਰਕ ਭੁੱਖ ਮਿਟਾਉਣ ਦੀ ਕਰਦਾ ਹੈ, ਉਸਦਾ ਨਿਰਾਦਰ ਨਹੀਂ ਕਰਨਾ ਚਾਹੀਦਾ, ਉਹ ਵਸਲ ਚਾਹੁੰਦੀ ਹੈ, ਮਰਦ ਔਰਤ ਦੀ ਰੂਹ ਦਾ ਕਤਲ ਕਰਦੈ, ਉਹ ਆਪਣਿਆਂ ਨਾਲ ਯੁੱਧ ਨਹੀਂ ਕਰ ਸਕਦੀ। ਮਰਦ ਤੇ ਔਰਤ ਦੋਹਾਂ ਨੂੰ ਹਓਮੈ ਦੀ ਤਿਲਾਂਜ਼ਲੀ ਦੇ ਕੇ ਇੱਕਮਿੱਕ ਹੋਣਾ ਚਾਹੀਦਾ ਹੈ, ਇੰਜ ਕਵਿਤਰੀ ਦੀਆਂ ਕਵਿਤਾਵਾਂ ਕਹਿੰਦੀਆਂ ਹਨ। ਹਾਰ ਸ਼ਿੰਗਾਰ ਨਾਲ ਔਰਤ ਸੁੰਦਰ ਵਿਖਾਈ ਤਾਂ ਦੇਵੇਗੀ, ਪ੍ਰੰਤੂ ਮਾਨਸਿਕ ਸ਼ਾਂਤੀ ਰੂਹ ਦੀ ਮੁਹੱਬਤ ਨਾਲ ਮਿਲਦੀ ਹੈ।  ਪਰਵਾਸ ਵਿੱਚ ਜ਼ਾਤ ਪਾਤ ਤੋਂ ਦੂਰ ਹੋ ਕੇ ਵਿਆਹ ਹੁੰਦੇ ਹਨ, ਪ੍ਰੰਤੂ ਤਲਾਕਾਂ ਦੀ ਮਾਤਰਾ ਜ਼ਿਆਦਾ ਹੈ। ਅਲ੍ਹੜ੍ਹ ਉਮਰ ਦੀਆਂ ਪਰਵਾਸ ਵਿੱਚ ਗਈਆਂ ਕੁਝ ਕੁੜੀਆਂ ਡਾਲਰਾਂ ਦੀ ਚਕਾਚੌਂਧ ਵਿੱਚ ਆਪਣੀ ਸਲੀਕੇ ਦੀ ਵਿਰਾਸਤ ਨੂੰ ਭੁੱਲ ਜਾਂਦੀਆਂ ਹਨ ਤੇ ਫਿਰ ਖੱਜਲ ਖ਼ਰਾਬ ਹੁੰਦੀਆਂ ਰਹਿੰਦੀਆਂ ਹਨ। ਔਰਤ ਨੂੰ ਆਪੇ ਦੀ ਪਛਾਣ ਕਰਕੇ ਆਨੰਦਮਈ ਜ਼ਿੰਦਗੀ ਜਿਉਣੀ ਚਾਹੀਦੀ ਹੈ। ਉਸ ਵਿੱਚ ਅਥਾਹ ਸ਼ਕਤੀ ਹੈ, ਪ੍ਰੰਤੂ ਔਰਤ ਆਪਣੀ ਸ਼ਕਤੀ ਦੀ ਪਛਾਣ ਕਰਨ ਦੀ ਥਾਂ ਥਿੜ੍ਹਕਦੀ ਰਹਿੰਦੀ ਹੈ। ਦਵਿੰਦਰ ਬਾਂਸਲ ਦਾ ਇਹ ਕਾਵਿ ਸੰਗ੍ਰਹਿ ਰੁਮਾਂਸਵਾਦੀ ਕਵਿਤਾ ਦਾ ਮੀਲ ਪੱਥਰ ਸਾਬਤ ਹੋਵੇਗਾ।
   80 ਪੰਨਿਆਂ, 150 ਰੁਪਏ, 10 ਡਾਲਰ, 5 ਪੌਂਡ ਕੀਮਤ ਵਾਲਾ ਕਾਵਿ ਸੰਗ੍ਰਹਿ ਪ੍ਰਿਥਮ ਪ੍ਰਕਾਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ : ਦਵਿੰਦਰ ਬਾਂਸਲ ਟਰਾਂਟੋ ਕੈਨੇਡਾ:4168045320
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48yahoo.com

ਆਰ ਕੇ ਨਰਾਇਣ ਦੇਗਾਈਡਨਾਵਲ ਦਾ ਪੰਜਾਬੀ ਰੂਪ : ਜਗਦੀਸ਼ ਰਾਏ ਕੁਲਰੀਆ - ਉਜਾਗਰ ਸਿੰਘ

ਅੰਗਰੇਜ਼ੀ ਦੇ ਸਾਹਿਤ ਅਕਾਦਮੀ ਇਨਾਮ ਜੇਤੂ ਨਾਵਲ ‘ ਦਾ ਗਾਈਡ’ ਦਾ ਪੰਜਾਬੀ ਵਿੱਚ ਅਨੁਵਾਦ ਜਗਦੀਸ਼ ਰਾਏ ਕੁਲਰੀਆ ਨੇ ‘ਗਾਈਡ’ ਸਿਰਲੇਖ ਅਧੀਨ ਕਰਕੇ ਪੰਜਾਬੀ ਪਾਠਕਾਂ ਦੀ ਝੋਲੀ ਵਿੱਚ ਪਾ ਕੇ ਵਿਲੱਖਣ ਸਿਰਜਨਾਤਮਿਕ ਕੰਮ ਕੀਤਾ ਹੈ। ਜਗਦੀਸ਼ ਰਾਏ ਕੁਲਰੀਆ ਦੇ ਅਨੁਵਾਦ ਦੀ ਕਮਾਲ ਇਹ ਹੈ ਕਿ ਨਾਵਲ ਦੇ ਪੰਜਾਬੀ ਰੂਪ ਨੂੰ ਪੜ੍ਹਕੇ ਇਉਂ ਮਹਿਸੂਸ ਹੁੰਦਾ ਹੈ, ਜਿਵੇਂ ਇਹ ਪੰਜਾਬੀ ਦਾ ਮੌਲਿਕ ਨਾਵਲ ਹੈ। ਜਗਦੀਸ਼ ਰਾਏ ਕੁਲਰੀਆ ਦੀ ਅਨੁਵਾਦ ਕਰਨ ਦੀ ਪ੍ਰਤਿਭਾ ਦੀ ਦਾਦ ਦੇਣੀ ਬਣਦੀ ਹੈ, ਕਿਉਂਕਿ ਉਸਨੇ ਪੁਰਾਤੱਤਵ ਨਾਲ ਸੰਬੰਧਤ ਚਿਤਰਕਾਰੀ, ਸੰਗੀਤ, ਨਿ੍ਰਤ ਅਤੇ ਅਦਾਕਾਰੀ ਦੀਆਂ ਬਾਰੀਕੀਆਂ ਨੂੰ ਬਾਖ਼ੂਬੀ ਨਾਲ ਪੰਜਾਬੀ ਰੂਪ ਦਿੱਤਾ ਹੈ। ਇਨ੍ਹਾਂ ਸੁਹਜਾਤਮਿਕ ਤੇ ਕਲਾਤਮਿਕ ਵਿਸ਼ਿਆਂ ਦੀ ਮੁਹਾਰਤ ਹਰ ਅਨੁਵਾਦਕ ਦੇ ਵਸ ਦੀ ਗੱਲ ਨਹੀਂ ਹੁੰਦੀ। ਇਹ ਨਾਵਲ ਗਿਆਰਾਂ ਚੈਪਟਰਾਂ ਵਿੱਚ ਵੰਡਿਆ ਹੋਇਆ ਹੈ। ਜਗਦੀਸ਼ ਰਾਏ ਕੁਲਰੀਆਂ ਨੇ ਬਹੁਤ ਹੀ ਸਰਲ ਸ਼ਬਦਾਵਲੀ, ਵਾਕ ਬਣਤਰ ਤੇ ਠੇਠ ਮਲਵਈ ਭਾਸ਼ਾ ਦੀ ਵਰਤੋਂ ਕਰਕੇ ਪਾਠਕਾਂ ਨੂੰ ਸੌਖਿਆਂ ਸਮਝਣ ਦੇ ਯੋਗ ਬਣਾ ਦਿੱਤਾ ਹੈ। ਬੁੱਤ-ਪੂਜਾ, ਗੱਪ-ਸ਼ੱਪ, ਚੁੰਦਿਆ, ਢਿਚਕ-ਮਿਚਕ, ਧੁੰਦਲੀ, ਰੇਹੜੀ, ਧੂੜ, ਤਿੱਖੜ ਧੁੱਪ, ਜੂਲਾ, ਘਰੂਟੇ ਆਦਿ ਸ਼ਬਦ ਵਰਤੇ ਗਏ ਹਨ, ਜਿਹੜੇ ਪਿੰਡਾਂ ਵਿੱਚ ਆਮ ਵਰਤੇ ਜਾਂਦੇ ਹਨ। ਭਾਵੇਂ ਨਾਵਲ ਵੱਖ-ਵੱਖ ਚੈਪਟਰਾਂ ਵਿੱਚ ਵੰਡਿਆ ਹੋਇਆ ਹੈ, ਪ੍ਰੰਤੂ ਲਗਾਤਾਰਤਾ ਦਰਿਆ ਦੇ ਵਹਿਣ ਦੀਆਂ ਲਹਿਰਾਂ ਦੀ ਤਰ੍ਹਾਂ ਤਰੰਗਾਂ ਪੈਦਾ ਕਰਦੀਆਂ ਹਨ। ਨਾਵਲ ਵਿੱਚ ਵਰਤੀਆਂ ਗਈਨੁਕਤਾਚੀਨੀ ਕੀਤੀ ਗਈ ਹੈ, ਨਖੱਟੂ ਕਿਸਮ ਦੇ ਕੰਮਚੋਰ ਪੜ੍ਹਨ ਵਿੱਚ ਦਿਲਚਸਪੀ ਨਾ ਲੈਣ ਵਾਲੇ ਬੱਚਿਆਂ ਦੇ ਕਿਰਦਾਰਾਂ ਬਾਰੇ ਵੀ ਦੱਸਿਆ ਗਿਆ ਹੈਗ਼ਰੀਬ ਲੋਕਾਂ ਦੀ ਸ਼ਰਾਬ ਪੀਣ ਦੀ ਲੱਤ, ਸੈਲਾਨੀਆਂ ਦੀ ਮਾਨਸਿਕਤਾ, ਗਾਈਡਾਂ ਦੀਆਂ ਚਾਲਾਂ, ਲੋਕਾਂ ਵਿੱਚ ਮਸ਼ਹੂਰ ਹੋਣ ਦਾ ਸ਼ੌਕ, ਛੋਟੇ ਦੁਕਾਨਦਾਰਾਂ ਦੀ ਤ੍ਰਾਸਦੀ ਅਤੇ ਆਪੇ ਦੀ ਪਛਾਣ ਦੀ ਜ਼ਰੂਰਤ ਬਾਰੇ ਵੀ ਵਿਸਤਾਰ ਨਾਲ ਲਿਖਿਆ ਗਿਆ ਹੈ। ਸੈਲਾਨੀ ਭਾਵੇਂ ਜਿਥੇ ਮਰਜ਼ੀ ਜਾਣਾ ਚਾਹੇ ਪ੍ਰੰਤੂ ਗਾਈਡ ਤੇ ਟੈਕਸੀ ਵਾਲੇ ਨੂੰ ਤਾਂ ਆਪਣੀ ਮਜ਼ਦੂਰੀ ਤੱਕ ਮਤਲਬ ਹੁੰਦਾ ਹੈ। ਰੁਮਾਂਸਵਾਦੀ ਪੱਖ ਵੀ ਨਾਵਲ ਨੂੰ ਦਿਲਚਸਪ ਬਣਾਉਂਦਾ ਹੈ ਕਿਉਂਕਿ ਜਾਤ ਬਿਰਾਦਰੀ ਦੀ ਮਾਨਸਿਕਤਾ ਪਤੀ ਪਤਨੀ ਰੋਜ਼ੀ ਅਤੇ ਮਾਰਕੋ ਪਾਤਰਾਂ ਰਾਹੀਂ ਉਨ੍ਹਾਂ ਦੀ ਵਿਚਾਰਧਾਰਾ ਦਾ ਟਕਰਾਓ ਪਰਿਵਾਰਿਕ ਸੰਬੰਧਾਂ ਵਿੱਚ ਖਟਾਸ ਪੈਦਾ ਕਰਦਾ ਹੈ। ਇਸ਼ਕ ਜਾਤ- ਬਿਰਾਦਰੀ, ਅਮੀਰ-ਗ਼ਰੀਬ ਦੇ ਪਾੜੇ ਨੂੰ ਨਹੀਂ ਵੇਖਦੀ, ਕਿਉਂਕਿ ਰਾਜੂ ਗਾਈਡ ਨੂੰ ਰੋਜ਼ੀ ਨਾਲ ਲਗਾਓ ਪੈਦਾ ਹੋ ਜਾਂਦਾ ਹੈ। ਉਹ ਬਣ ਸੰਵਰਕੇ ਰਹਿਣ ਲੱਗ ਜਾਂਦਾ ਹੈ। ਇਸ ਨਾਵਲ ਵਿੱਚ ਦੋ ਵਿਚਾਰਧਾਰਾਵਾਂ ਲਗਾਤਾਰ ਚਲਦੀਆਂ ਹਨ, ਇੱਕ ਪਾਸੇ ਰਾਜੂ ਗਾਈਡ ਦੇ ਤੌਰ ‘ਤੇ ਰੇਲਵੇ ਸਟੇਸ਼ਨ ‘ਤੇ ਆਪਣੀ ਦੁਕਾਨ ਕਰਦਾ ਹੈ, ਦੂਜੇ ਪਾਸੇ ਉਹੀ ਰਾਜੂ ਇੱਕ ਮੰਦਰ ਦਾ ਪੁਜਾਰੀ/ ਸਵਾਮੀ ਬਣਕੇ ਪਿੰਡ ਦੇ ਲੋਕਾਂ ਨੂੰ ਨਸੀਅਤ ਵੀ ਦਿੰਦਾ ਤੇ ਮੂਰਖ ਵੀ ਬਣਾਉਂਦਾ ਹੈ। ਉਹ ਕੋਈ ਵਿਦਵਾਨ ਨਹੀਂ ਸਗੋਂ ਅਟਕਲ ਪੱਚੂ ਮਾਰਕੇ ਸਮਾਂ ਲੰਘਾਉਂਦਾ ਹੈ, ਕਈ ਵਾਰ ਉਥੋਂ ਭੱਜਣ ਦਾ ਵੀ ਸੋਚ ਰਿਹਾ ਹੈ। ਅੰਨਿ੍ਹਆਂ ਵਿੱਚ ਕਾਣਾ ਰਾਜਾ ਹੈਪਿੰਡਾਂ ਦੇ ਲੜਾਈ ਝਗੜੇ ਵੀ ਆਮ ਜਿਹੀ ਗੱਲ ਹੈ, ਲੋਕ ਅਫਵਾਹਾਂ ਫੈਲਾਉਂਦੇ ਹਨ, ਸੋਕੇ ਨੂੰ ਰੱਬ ਦੀ ਕ੍ਰੋਪੀ ਮੰਨਦੇ ਹਨਇਸ ਨਾਵਲ ਦੀ ਕਹਾਣੀ ਤੋਂ ਸਪੱਸ਼ਟ ਹੁੰਦਾ ਹੈ ਕਿ ਪਿਆਰ ਪਾਗਲਪਣ ਦਾ ਦੂਜਾ ਨਾਮ ਹੈ, ਜਿਸ ਕਰਕੇ ਭਾਵਨਾਵਾਂ ਵਿੱਚ ਵਹਿਕੇ ਇਨਸਾਨ ਆਪਾ ਗੁਆ ਬੈਠਦਾ ਹੈਘਰ ਬਾਰ ਬਰਬਾਦ ਹੋ ਜਾਂਦਾ ਹੈ, ਜਿਵੇਂ ਮਰਾਕੋ ਅਤੇ ਰਾਜੂ ਨਾਲ ਵਾਪਰਿਆ ਹੈਰਾਜੂ ਨੂੰ ਪਹਿਲਾਂ ਹੀ ਪਾਲਾ ਖਾਈ ਜਾ ਰਿਹਾ ਸੀ ਕਿ ਉਹ ਪਿਆਰ ਦੇ ਚੱਕਰ ਵਿੱਚ ਪੈ ਕੇ ਆਪਣੇ ਪੈਰੀਂ ਕੁਹਾੜਾ ਮਾਰ ਰਿਹਾ ਹੈਆਪਣਾ ਧੰਦਾ ਖ਼ਤਮ ਕਰ ਰਿਹਾ ਹੈ। ਆਸ਼ਕ-ਮਸ਼ੂਕ ਹਮੇਸ਼ਾ ਹਰ ਭਵਿਖੀ ਨੁਕਸਾਨ ਨੂੰ ਅੱਖੋਂ ਪ੍ਰੋਖੇ ਕਰਕੇ ਪਿਆਰ ਦੇ ਸਮੁੰਦਰ ਵਿੱਚ ਬੇਪ੍ਰਵਾਹੀ ਨਾਲ ਛਾਲ ਮਾਰ ਦਿੰਦੇ ਹਨ। ਆਰਥਿਕ ਤੌਰ ‘ਤੇ ਵੀ ਭੱਠਾ ਬੈਠ ਜਾਂਦਾ ਹੈ। ਗ਼ਰੀਬੀ ਵਿੱਚ ਦੋਸਤ ਵੀ ਸਾਥ ਛੱਡ ਜਾਂਦੇ ਹਨ ਤੇ ਰਿਸ਼ਤੇਦਾਰ ਵੀ ਅੱਖਾਂ ਫੇਰ ਜਾਂਦੇ ਹਨ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਵਿਦਵਾਨ ਖੋਜੀ ਆਪਣੇ ਕੰਮ ਵਿੱਚ ਮਸਤ ਰਹਿੰਦੇ ਹਨ, ਉਨ੍ਹਾਂ ਨੂੰ ਪਤਨੀ ਅਤੇ ਪਰਿਵਾਰ ਦੀਆਂ ਭਾਵਨਾਵਾਂ ਦਾ ਧਿਆਨ ਨਹੀਂ ਹੁੰਦਾ, ਜਿਵੇਂ ਮਾਰਕੋ ਨੇ ਰੋਜ਼ੀ ਨੂੰ ਅਣਡਿਠ ਕੀਤਾ ਅਤੇ ਅਖੀਰ ਪਰਿਵਾਰ ਟੁੱਟ ਗਿਆ। ਪਤੀ ਪਤਨੀ ਨੂੰ ਇਕ ਦੂਜੇ ਦੀਆਂ ਭਾਵਨਾਵਾਂ ਅਨੁਸਾਰ ਵਿਚਰਣਾ ਚਾਹੀਦਾ ਹੈ। ਔਰਤ ਮਰਦ ਤੋਂ ਹਮੇਸ਼ਾ ਪਿਆਰ ਦੀ ਆਸ ਰੱਖਦੀ ਹੈ ਤੇ ਉਹ ਉਸਦੇ ਕਾਰਜ ਖੇਤਰ ਦੀ ਤਾਰੀਫ ਕਰਦਾ ਰਹੇ ਜਾਂ ਘੱਟੋ ਘੱਟ ਅਣਡਿਠ ਨਾ ਕਰੇ। ਰੋਜ਼ੀ ਤੇ ਮਾਰਕੋ ਦਾ ਵਿਆਹ ਅਸਫਲ ਹੋਣ ਤੋਂ ਇਹ ਕਹਾਵਤ ਵੀ ਸਾਬਤ ਹੋ ਜਾਂਦੀ ਹੈ ਕਿ ‘ਜੋੜੀਆਂ ਜੱਗ ਥੋੜ੍ਹੀਆਂ ਨਰੜ ਬਥੇਰੇ’। ਪਤੀ ਪਤਨੀ ਦਾ ਜੇ ਡਾਈਵੋਰਸ ਨਾ ਵੀ ਹੋਇਆ ਹੋਵੇ ਤੇ ਉਹ ਵੱਖਰੇ ਰਹਿਣ ਤਾਂ ਵੀ ਦੋਹਾਂ ਵਿੱਚ ਆਪਸੀ ਖਿਚ ਬਣੀ ਰਹਿੰਦੀ ਹੈ, ਭਾਵੇਂ ਉਹ ਜ਼ਾਹਰ ਨਾ ਕਰਦੇ ਹੋਣ। ਇਸ ਨਾਵਲ ਤੋਂ ਪਤਾ ਲੱਗਦਾ ਹੈ ਕਿ ਔਰਤ ਇੱਕ ਬੁਝਾਰਤ ਹੈ, ਉਸਨੂੰ ਸਮਝਣਾ ਮਰਦ ਦੇ ਵਸ ਵਿੱਚ ਨਹੀਂ ਹੁੰਦਾ, ਰੋਜ਼ੀ ਨੂੰ ਸਮਝਣਾ ਰਾਜੂ ਲਈ ਅਸੰਭਵ ਹੋ ਗਿਆ। ਏਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜੇਕਰ ਕਿਸੇ ਕਲਾਕਾਰ ਨੂੰ ਆਪਣੇ ਵਿਸ਼ੇ ਜਾਂ ਅਦਾਕਾਰੀ ਦੀ ਮੁਹਾਰਤ ਹੋਵੇ ਤੇ ਉਹ ਪੂਰਾ ਰਿਆਜ ਕਰਦਾ ਰਹੇ ਤਾਂ ਹਰ ਮੁਸ਼ਕਲ ਨੂੰ ਸਫਲਤਾ ਵਿੱਚ ਬਦਲ ਸਕਦਾ ਹੈ। ਰੋਜ਼ੀ/ਨਲਿਣੀ ਅਤੇ ਰਾਜੂ ਨੇ ਪਰਿਵਾਰ ਵੱਲੋਂ ਨਕਾਰਨ ਤੋਂ ਬਾਅਦ ਬੁਲੰਦੀਆਂ ਨੂੰ ਛੂਹ ਲਿਆ। ਆਪਣਾ ਖੁਸਿਆ ਵਕਾਰ ਮੁੜ ਬਹਾਲ ਕਰ ਲਿਆ ਤੇ ਉਨ੍ਹਾਂ ਦੇ ਪਿਆਰ ਨੂੰ ਵੀ ਬੂਰ ਪੈ ਗਿਆ। ਪ੍ਰੰੰਤੂ ਦੋਹਾਂ ਦੇ ਮਨਾ ਵਿੱਚ ਇੱਕ ਦੂਜੇ ਲਈ ਮੋਹ ਹੋਣ ਦੇ ਬਾਵਜੂਦ ਅੰਦਰੋ ਅੰਦਰੀ ਡਰ ਤੇ ਵਿਸਾਹ ਦੀ ਘਾਟ ਨੇ ਦੁਬਾਰਾ ਸ਼ੰਕਾ ਪੈਦਾ ਕਰ ਦਿੱਤੀ ਸੀ। ਜਦੋਂ ਛੋਟਾ ਆਦਮੀ ਵੱਡਾ ਬਣ ਜਾਂਦਾ ਹੈ ਤਾਂ ਉਹ ਪੈਰ ਵੀ ਜਲਦੀ ਰਾਜੂ ਦੀ ਤਰ੍ਹਾਂ ਛੱਡ ਜਾਂਦਾ ਹੈ। ਪੁਸਤਕ ਕਈ ਸਵਾਲ ਖੜ੍ਹੇ ਕਰਦੀ ਤੇ ਆਪ ਹੀ ਜਵਾਬ ਦਿੰਦੀ ਹੈ। ਜੋ ਕਰੇਗਾ ਸੋ ਭਰੇਗਾ, ਕਿਸੇ ਨੂੰ ਠੇਸ ਪਹੁੰਚਾਉਣ ਨਾਲ ਆਪ ਨੂੰ ਵੀ ਤਕਲੀਫ ਹੁੰਦੀ ਹੈ, ਆਦਮੀ ਤੀਵੀਂ ਜਦੋਂ ਕਿਸੇ ਮੁਸ਼ਕਲ ਵਿੱਚ ਹੋਣ ਤਾਂ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ, ਜੇ ਕੋਈ ਬੰਦਾ ਇਹ ਸਮਝੇ ਕਿ ਉਸ ਤੋਂ ਬਿਨਾ ਕੋਈ ਕੰਮ ਹੋ ਨਹੀਂ ਸਕਦਾ ਤਾਂ ਉਹ ਗ਼ਲਤਫ਼ਹਿਮੀ ਵਿੱਚ ਹੁੰਦੈ ਅਤੇ ਵਕੀਲ ਸਹੀ ਨੂੰ ਗ਼ਲਤ ਅਤੇ ਗ਼ਲਤ ਨੂੰ ਸਹੀ ਸਾਬਤ ਕਰ ਸਕਦੇ ਹਨ। ਰਾਜੂ ਦੀ ਉਹ ਹਾਲਤ ਸੀ, ਅਨੇਕਾਂ ਗੁਨਾਹ ਕਰਨ ਤੋਂ ਬਾਅਦ ਜੇਲ੍ਹ ਦੀ ਸਜ਼ਾ ਭੁਗਤਕੇ ਲੋਕਾਂ ਵੱਚ ਸ਼ਰਮ

248 ਪੰਨਿਆਂ, 300 ਰੁਪਏ ਕੀਮਤ ਵਾਲਾ ਇਹ ਨਾਵਲ ਮਾਨ ਬੁੱਕ ਸਟੋਰ ਪਬਲੀਕੇਸ਼ਨ, ਪਿੰਡ ਤੇ ਡਾਕਘਰ ਤੁੰਗਵਾਲੀ, ਜ਼ਿਲ੍ਹਾ ਬਠਿੰਡਾ ਨੇ ਪ੍ਰਕਾਸ਼ਤ ਕੀਤਾ ਹੈ।

ਸੰਪਰਕ ਜਗਦੀਸ਼ ਰਾਏ ਕੁਲਰੀਆ: 9417329033

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh48@yahoo.com

ਸੁਖਦੇਵ ਸਿੰਘ ਸ਼ਾਂਤ ਦੀ ਪੁਸਤਕ ‘ਗਿਆਰਾਂ ਭੱਟ ਸਾਹਿਬਾਨ’ ਮਨੁੱਖ ਤੋਂ ਸਿੱਖ ਬਣਨ ਲਈ ਮਾਰਗ ਦਰਸ਼ਕ - ਉਜਾਗਰ ਸਿੰਘ

ਸੁਖਦੇਵ ਸਿੰਘ ਸ਼ਾਂਤ ਸਿੱਖ ਵਿਚਾਰਧਾਰਾ ਨੂੰ ਲੋਕਾਈ ਤੱਕ ਪਹੁੰਚਾਉਣ ਲਈ ਪ੍ਰਤੀਬੱਧਤਾ ਨਾਲ ਪੁਸਤਕਾਂ ਲਿਖਕੇ ਮਨੁੱਖਤਾ ਨੂੰ ਜਾਗਰੂਕ ਕਰਨ ਵਿੱਚ ਵਿਲੱਖਣ ਯੋਗਦਾਨ ਪਾ ਰਿਹਾ ਹੈ। ਹੁਣ ਤੱਕ ਉਸ ਦੀਆਂ ਤੇਰਾਂ ਧਾਰਮਿਕ ਰੰਗ ਵਿੱਚ ਰੰਗੀਆਂ ਹੋਈਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਆਮ ਤੌਰ ‘ਤੇ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਬਾਣੀ ਬਾਰੇ ਹੀ ਬਹੁਤਾ ਸਾਹਿਤ ਲਿਖਿਆ ਗਿਆ ਹੈ, ਪ੍ਰੰਤੂ ਸੁਖਦੇਵ ਸਿੰਘ ਸ਼ਾਂਤ ਦੀ ਖ਼ੂਬੀ ਹੈ ਕਿ ਉਸਨੇ ਗੁਰੂ ਸਾਹਿਬ ਦੀ ਬਾਣੀ ਤੋਂ ਇਲਾਵਾ ਪਹਿਲਾਂ ਭਗਤਾਂ ਅਤੇ ਹੁਣ ਭੱਟ ਸਾਹਿਬਾਨ ਦੀ ਬਾਣੀ ਬਾਰੇ ਲਿਖਿਆ ਹੈ। ਇਸ ਲਈ ਉਹ ਵਧਾਈ ਦਾ ਪਾਤਰ ਹੈ। ‘ਗਿਆਰਾਂ ਭੱਟ ਸਾਹਿਬਾਨ’ ਉਸਦੀ ਚੌਧਵੀਂ ਪੁਸਤਕ ਹੈ। ਇਸ ਤੋਂ ਇਲਾਵਾ ਉਸਦੇ ਚਾਰ ਗੁਰਮਤਿ ਨਾਲ ਸੰਬੰਧਤ ਟ੍ਰੈਕਟ ਵੀ ਪ੍ਰਕਾਸ਼ਤ ਹੋ ਚੁੱਕੇ ਹਨ। ਇਸ ਪੁਸਤਕ ਨੂੰ ਉਸਨੇ ਚਾਰ ਅਧਿਆਇ ਵਿੱਚ ਵੰਡਿਆ ਹੈ। ਲੇਖਕ ਨੇ ‘ਗਿਆਰਾਂ ਭੱਟ ਸਾਹਿਬਾਨ’ ਦੇ ਸਵੱਈਏ ਅਰਥਾਤ ਭੱਟ-ਕਾਵਿ ਨੂੰ ਬਾਣੀ ਦਾ ਹੀ ਦਰਜਾ ਦਿੱਤਾ ਹੈ, ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੇ ਸਵੱਈਏ ਸ੍ਰੀ ਗੁਰੂ ਗ੍ਰੰਥ ਵਿੱਚ ਸ਼ਾਮਲ ਕਰਕੇ ਬਾਣੀ ਦਾ ਦਰਜਾ ਦੇ ਦਿੱਤਾ ਹੈ, ਭਾਵੇਂ ਇਹ ਸਵੱਈਏ ਗੁਰੂ ਸਾਹਿਬਾਨ ਦੀ ਉਸਤਤ ਵਿੱਚ ਹੀ ਕਹੇ ਗਏ ਹਨ। ਮੁਖ ਤੌਰ ‘ਤੇ ਸਵੱਈਏ ਛੰਦ ਦੀ ਵਰਤੋਂ ਕੀਤੀ ਗਈ ਹੈ, ਪ੍ਰੰਤੂ ਰਡ, ਝੋਲਨਾ ਅਤੇ ਸੋਰਠਾ ਛੰਦ ਵੀ ਵਰਤੇ ਗਏ ਹਨ। ਸਵੱਈਆਂ ਦੀ ਸਾਹਿਤਕ ਅਮੀਰੀ ਕਾਵਿ-ਅਲੰਕਾਰ, ਕਾਵਿ-ਰਸ, ਕਾਵਿ-ਰੂਪ, ਕਾਵਿ-ਛੰਦ ਅਤੇ ਅਖਾਣਾ-ਮੁਹਾਵਰਿਆਂ ਦੀ ਵਰਤੋਂ ਤੋਂ ਪਤਾ ਲੱਗਦੀ ਹੈ। ਪਹਿਲੇ ਅਧਿਆਇ ‘ਭੱਟ ਸਾਹਿਬਾਨ ਦੀ ਗਿਣਤੀ, ਉਨ੍ਹਾਂ ਦੇ ਮੁਖੀ ਅਤੇ ਸਵੱਈਏ ਉਚਾਰਨ ਦੇ ਸਮੇਂ-ਸਥਾਨ ਬਾਰੇ’ ਵਿੱਚ ਸੁਖਦੇਵ ਸਿੰਘ ਸ਼ਾਂਤ ਨੇ ਉਦਾਹਰਣਾ ਦੇ ਵੱਖ-ਵੱਖ ਵਿਦਵਾਨਾ ਦੀ ਜਾਣਕਾਰੀ ਦਾ ਅਧਿਐਨ ਕਰਨ ਤੋਂ ਬਾਅਦ ਇਹ ਸਾਬਤ ਕੀਤਾ ਹੈ ਕਿ ਭੱਟ ਸਾਹਿਬਾਨ ਦੀ ਗਿਣਤੀ ਗਿਆਰਾਂ ਹੀ ਹੈ, ਭਾਵੇਂ ਕਈ ਵਿਦਵਾਨਾ ਨੇ ਇਹ ਗਿਣਤੀ ਵੱਖਰੀ-ਵੱਖਰੀ ਦਿੱਤੀ ਹੈ, ਕਿਉਂਕਿ ਕਈ ਥਾਵਾਂ ਤੇ ਇੱਕੋ ਨਾਮ ਨੂੰ ਵੱਖ-ਵੱਖ ਤਰ੍ਹਾਂ ਲਿਖਿਆ ਗਿਆ ਹੈ, ਜਿਵੇਂ ਕਲਸਹਾਰ, ਕਲ੍ਹ ਅਤੇ ਟੱਲ ਲਿਖਿਆ ਹੈ। ਸਵੱਈਏ ਦੀ ਕੁਲ ਗਿਣਤੀ ਵੀ 123 ਦੱਸੀ ਹੈ। ਵੱਖ-ਵੱਖ ਭੱਟ ਸਾਹਿਬਾਨ ਨੇ ਵੱਖ-ਵੱਖ ਸਮੇਂ ਵੱਖ-ਵੱਖ ਗੁਰੂ ਸਾਹਿਬਾਨ ਦੀ ਪ੍ਰਸੰਸਾ ਵਿੱਚ ਸਵੱਈਏ ਲਿਖੇ ਤੇ ਲਿਖਤੀ ਰੂਪ ਵਿੱਚ ਸੰਭਾਲੇ। ਇਨ੍ਹਾਂ ਨੇ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਗੁਰੂ ਸਾਹਿਬਾਨ ਦੀ ਸਿਫ਼ਤ ਸਲਾਹ ਵਿੱਚ ਪਹਿਲਾਂ ਹੀ ਲਿਖੇ ਹੋਏ ਸਨ। ਪੰਜਵੇਂ ਗੁਰੂ ਸਾਹਿਬ ਨੂੰ ਗੋਇੰਦਵਾਲ ਸਾਹਿਬ ਵਿਖੇ ਹਾਜ਼ਰ ਹੋ ਕੇ ਪੜ੍ਹੇ, ਗਾਏ ਅਤੇ ਸੁਣਾਏ। ਭੱਟ ਕਲਸਹਾਰ ਜੀ, ਭੱਟ ਮਥੁਰਾ ਜੀ ਅਤੇ ਭੱਟ ਹਰਿਬੰਸ ਜੀ ਨੇ ਪੰਜਵੇਂ ਗੁਰੂ ਜੀ ਦੀ ਉਸਤਤ ਵਿੱਚ 21 ਸਵੱਈਆਂ ਦੀ ਰਚਨਾ ਕੀਤੀ ਸੀ। ਭੱਟ ਕਲਸਹਾਰ ਜੀ ਨੂੰ ਮੁਖ ਭੱਟ ਜੀ ਵਜੋਂ ਮੰਨਿਆਂ ਗਿਆ ਹੈ, ਕਿਉਂਕਿ ਉਸਨੇ ਸਭ ਤੋਂ ਵੱਧ 54 ਸ਼ਬਦ ਲਿਖੇ ਹਨ, ਪ੍ਰੰਤੂ ਸਭ ਤੋਂ ਪਹਿਲਾ ਭੱਟ ਭਿਖਾ ਜੀ ਸਨ। ਦੂਜਾ ਅਧਿਆਇ ‘ਗਿਆਰਾਂ ਭੱਟ ਸਾਹਿਬਾਨ ਦੇ ਜੀਵਨ ਸੰਬੰਧੀ’ ਹੈ। ਭੱਟ ਗੌੜ ਬ੍ਰਾਹਮਣ ਆਪਣੇ ਜਜਮਾਨਾ ਦੀਆਂ ਬੰਸਾਵਲੀਆਂ ਵਹੀਆਂ ਵਿੱਚ ਦਰਜ ਕਰਦੇ ਸਨ। ਬਹੁਤੇ ਸੁਲਤਾਨਪੁਰ ਲੋਧੀ ਆ ਕੇ ਵਸ ਗਏ। ਭੱਟ ਭਿਖਾ ਜੀ ਸੱਚ ਦੀ ਭਾਲ ਵਿੱਚ ਐਧਰ ਓਧਰ ਭੱਟਕਦੇ ਸ੍ਰੀ ਗੁਰੂ ਅਮਰ ਦਾਸ ਜੀ ਕੋਲ ਪਹੁੰਚ ਗਏ। ਉਥੇ ਰਹਿਕੇ ਉਸਨੇ ਗੁਰੂ ਜੀ ਦੀ ਸਿਫ਼ਤ ਵਿੱਚ ਸਵੱਈਏ ਲਿਖੇ।  
      ਪਹਿਲੇ 10 ਭੱਟ ਸਾਹਿਬਾਨ ਭੱਟ ਭਿਖਾ ਜੀ ਦੇ ਸੰਬੰਧੀ ਹੀ ਸਨ। ਭੱਟ ਨਲ੍ਹਾ ਦਾ ਸਿੱਧਾ ਸੰਬੰਧ ਨਹੀਂ ਸੀ। ਭੱਟ ਭਿਖਾ ਜੀ ਦੇ ਤਿੰਨ ਸਪੁੱਤਰ ਭੱਟ ਮਥੁਰਾ ਜੀ, ਭੱਟ ਜਾਲਪ ਜੀ ਤੇ ਭੱਟ ਕੀਰਤ ਜੀ ਸਨ, ਭੱਟ ਮਥੁਰਾ ਜੀ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਦਰਸ਼ਨਾ ਲਈ ਆਏ ਤੇ 20-25 ਸਾਲ ਦੀ ਉਮਰ ਵਿੱਚ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਸਤਤ ਵਿੱਚ ਸੱਤ-ਸੱਤ ਸਵੱਈਏ ਉਚਾਰੇ। ਭੱਟ ਜਾਲਪ ਜੀ ਨੇ ਵੀ ਗੋਇੰਦਵਾਲ ਸਾਹਿਬ ਰਹਿ ਕੇ ਸ੍ਰੀ ਗੁਰੂ ਅਮਰਦਾਸ ਜੀ ਦੀ ਸਿਫ਼ਤ ਵਿੱਚ ਪੰਜ ਸਵੱਈਏ ਉਚਾਰੇ। ਭੱਟ ਕੀਰਤ ਜੀ ਨੇ ਵੀ ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਬਾਰੇ ਚਾਰ-ਚਾਰ ਸਵੱਈਏ ਉਚਾਰੇ ਸਨ। ਇਸ ਲਈ ਇਨ੍ਹਾਂ ਦਾ ਸਮਾਂ ਗੁਰੂ ਸਾਹਿਬਾਨ ਵਾਲਾ ਹੀ ਹੈ। ਭੱਟ ਭਿਖਾ ਜੀ ਦੇ ਭਤੀਜੇ ਭੱਟ ਸਲ੍ਹ ਜੀ ਤੇ ਭੱਟ ਭਲ੍ਹ ਜੀ ਭੱਟ ਸੋਖਾ ਜੀ ਦੇ ਸਪੁੱਤਰ ਸਨ। ਭੱਟ ਸਲ੍ਹ ਜੀ ਨੇ ਸ੍ਰੀ ਗੁਰੂ ਅਮਰਦਾਸ ਸੰਬੰਧੀ ਇੱਕ ਸਵੱਈਆ ਅਤੇ ਸ੍ਰੀ ਗੁਰੂ ਰਾਮਦਾਸ ਜੀ ਬਾਰੇ ਦੋ ਸਵੱਈਏ ਉਚਾਰੇ ਸਨ। ਭੱਟ ਭਲ੍ਹ ਜੀ ਨੇ ਇੱਕ ਸਵੱਈਆ ਸ੍ਰੀ ਗੁਰੂ ਅਮਰਦਾਸ ਜੀ ਸੰਬੰਧੀ ਉਚਾਰਿਆ। ਭੱਟ ਬਲ੍ਹ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਪੰਜ ਸਵੱਈਏ ਉਚਾਰੇ। ਇਸੇ ਤਰ੍ਹਾਂ ਭੱਟ ਹਰਿਬੰਸ ਜੀ ਨੇ ਪੰਜਵੇਂ ਗੁਰੂ ਜੀ ਦੀ ਉਸਤਤ ਵਿੱਚ ਦੋ ਸਵੱਈਏ ਉਚਾਰੇ ਸਨ। ਭੱਟ ਕਲਸਹਾਰ ਜੀ ਨੇ ਪਹਿਲੇ ਗੁਰੂ ਤੋਂ ਲੈ ਕੇ ਪੰਜਵੇਂ ਗੁਰੂ ਸਾਹਿਬ ਤੱਕ 54, ਸਾਰੇ ਭੱਟ ਸਾਹਿਬਾਨ ਤੋਂ ਜ਼ਿਆਦਾ ਸਵੱਈਏ ਲਿਖੇ ਸਨ। ਭੱਟ ਗਯੰਦ ਜੀ ਨੇ ਚੌਥੇ ਗੁਰੂ ਦੀ ਉਸਤਤ ਵਿੱਚ ਤੇਰ੍ਹਾਂ ਸਵੱਈਏ ਉਚਾਰੇ ਸਨ। ਭੱਟ ਨਲ੍ਹ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ 16 ਸਵੱਈਏ ਲਿਖੇ ਤੇ ਉਚਾਰੇ ਸਨ।
      ਤੀਜਾ ਅਧਿਆਇ ‘ਗਿਆਰਾਂ ਭੱਟ ਸਾਹਿਬਾਨ ਦੀ ਬਾਣੀ ਦਾ ਵਿਸ਼ਾ-ਵਸਤ’ੂ ਹੈ, ਪੰਜ ਗੁਰੂ ਸਾਹਿਬਾਨ ਦੀ ਸਿਫ਼ਤ ਦੀ ਅੰਤਰੀਵੀ ਭਾਵਨਾ ਵਿੱਚ ਇੱਕ ਗੁਰੂ-ਜੋਤਿ ਸਤਿਗੁਰ ਭਾਵ ਇੱਕ ਵਾਹਿਗੁਰੂ ਦੀ ਜੋਤਿ ਦੀ ਸਿਫ਼ਤ ਹੀ ਹੈ। ਪੰਜ ਗੁਰੂ-ਵਿਅਕਤੀਆਂ ਦੇ ਰੂਪ ਵਿੱਚ ਇੱਕ ਹੀ ਗੁਰੂ-ਜੋਤਿ ਭਾਵ ਅਕਾਲ ਪੁਰਖ ਦੀ ਜੋਤਿ ਦੀ ਵਡਿਆਈ ਇਨ੍ਹਾਂ ਇੱਕ ਸੌ ਤੇਈ ਸਵੱਈਆਂ ਦਾ ਮੂਲ ਕੇਂਦਰੀ ਵਿਸ਼ਾ ਹੈ। ਇਸ ਮੂਲ ਵਿਸ਼ੇ ਦੇ ਅੰਤਰਗਤ ਹੀ ਕੁਝ ਗੁਰਮਤਿ ਸਿਧਾਂਤਾਂ ਸੰਬੰਧੀ ਵੀ ਸਾਨੂੰ ਅਨਮੋਲ ਦਿਸ਼ਾ-ਨਿਰਦੇਸ਼ ਪ੍ਰਾਪਤ ਹੁੰਦੇ ਹਨ। ਕੁੱਲ ਮਿਲਾਕੇ ਇਨ੍ਹਾਂ ਸਵੱਈਆਂ ਦੇ ਵਿਸ਼ਾ-ਵਸਤੂ ਨੂੰ ਵਿਚਾਰਨ ਲਈ ਅਸੀਂ ਅੱਠ ਨੁਕਤਿਆਂ, ਜਿਨ੍ਹਾਂ ਵਿੱਚ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ਼, ਗੁਰੂ ਸਾਹਿਬਾਨ ਗੁਰ-ਪਰਮੇਸ਼ਰ ਵਜੋਂ, ਨਾਮ ਅਤੇ ਨਾਮ-ਸਿਮਰਨ, ਨਾਮ-ਸਿਮਰਨ ਸੰਬੰਧੀ ਮਿਥਿਹਾਸਿਕ ਅਤੇ ਇਤਿਹਾਸਕ ਹਵਾਲੇ, ਅਵਤਾਰੀ ਮਹਾਂਪੁਰਸ਼ਾਂ ਦੀਆਂ ਉਦਾਹਰਣਾ ਰਾਹੀਂ ਗੁਰੂ ਸਾਹਿਬਾਨ ਦੀ ਉਸਤਤ, ਰਾਜ-ਯੋਗ/ਸਹਜ ਯੋਗ ਵਾਲੇ ਗੁਰਮਤਿ-ਮਾਰਗ ਦੀ ਸਿਫ਼ਤ, ਨੈਤਿਕਤਾ/ਸਦਾਚਾਰ ਦੇ ਪੱਖ ਤੋਂ ਗੁਰੂ ਸਾਹਿਬਾਨ ਦੇ ਜੀਵਨ ਦੀ ਉਸਤਤ ਅਤੇ ਸਿੱਖ ਰਹਿਤ ਮਰਯਾਦਾ ਨਾਲ ਸੰਬੰਧਤ ਕੁਝ ਸੰਕੇਤ ਵਿਸ਼ਾ-ਵਸਤੂ ਤੋਂ ਅਗਵਾਈ ਲੈ ਸਕਦੇ ਹਾਂ।
   ਚੌਥਾ ਅਧਿਆਇ ‘ਗਿਆਰਾਂ ਭੱਟ ਸਾਹਿਬਾਨ ਦੀ ਬਾਣੀ ਦਾ ਸਾਹਿਤਕ ਪੱਖ’ ਹੈ। ਭੱਟ ਸਾਹਿਬਾਨ ਆਪਣੇ ਆਪ ਨੂੰ ਕਵੀਆਣਿ, ਕਵਿ ਜਨ ਅਤੇ ਕਬਿ ਆਖਦੇ ਹਨ। ਉਨ੍ਹਾਂ ਨੇ ਆਪਣੀ ਬਾਣੀ ਉਚਾਰਨ ਲਈ ਪ੍ਰਸਿੱਧ ਛੰਦ ਸਵੱਈਏ ਦੀ ਵਰਤੋਂ ਕੀਤੀ ਹੈ। ਇਸ ਛੰਦ ਦੇ ਰੂਪ ਨੂੰ ਨਿਭਾਉਣ ਵਿੱਚ ਤਾਂ ਉਨ੍ਹਾਂ ਨੇ ਨਿਪੁੰਨਤਾ ਵਿਖਾਈ ਹੀ ਹੈ, ਇਸਦੇ ਨਾਲ ਹੀ ਗਿਆਰਾਂ ਭੱਟ ਸਾਹਿਬਾਨ ਨੇ ਬਾਣੀ ਨੂੰ ਅਲੰਕਾਰਾਂ, ਅਖਾਣਾ ਅਤੇ ਮੁਹਾਵਰਿਆਂ ਨਾਲ ਵੀ ਸ਼ਿੰਗਾਰਿਆ ਹੈ। ਸ਼ਬਦਾਵਲੀ ਦਾ ਰੰਗ ਵੀ ਨਿਵੇਕਲਾ ਹੈ। ਸਾਹਿਤਕ ਪੱਖ ਅਰਥਾਤ ਕਾਵਿ-ਕਲਾ ਦੇ ਪੱਖ ਤੋਂ ਭੱਟ ਸਾਹਿਬਾਨ ਵੱਲੋਂ ਉਚਾਰੇ ਗਏ ਸਵੱਈਏ ਇੱਕ ਅਨਮੋਲ ਖ਼ਜਾਨਾ ਹਨ, ਜਿਸ ਵਿੱਚ ਅਨੇਕ ਪ੍ਰਕਾਰ ਦੇ ਸਾਹਿਤਕ ਹੀਰੇ-ਮੋਤੀ ਭਰੇ ਪਏ ਹਨ। ਅਲੰਕਾਰਾਂ ਵਿੱਚ, ਸ਼ਬਦ ਅਲੰਕਾਰਾਂ ਵਿੱਚ, ਛੇਕ ਅਨੁਪ੍ਰਾਸ ਅਲੰਕਾਰ, ਸ਼ਰੁਤੀ ਅਨੁਪ੍ਰਾਸ ਅਲੰਕਾਰ, ਯਮਕ ਅਲੰਕਾਰ ਅਤੇ ਵੀਪਾਸਾ ਅਲੰਕਾਰ ਵਰਤੇ ਹਨ। ਅਰਥ ਅਲੰਕਾਰਾਂ ਵਿੱਚ ਦੀਪਕ ਅਲੰਕਾਰ, ਦੇਹਲੀ ਅਲੰਕਾਰ, ਅਰਥਾਵਿ੍ਰਤੀ ਅਲੰਕਾਰ, ਕਾਰਕ ਦੀਪਕ ਅਲੰਕਾਰ, ਮੁਦ੍ਰਾ ਅਲੰਕਾਰ, ਸਾਰ ਅਲੰਕਾਰ, ਅਨਨਯ ਅਲੰਕਾਰ, ਹੇਤੂ ਅਲੰਕਾਰ, ਵਕ੍ਰੋਕਤੀ/ਕਾਕੋਕਤੀ ਅਲੰਕਾਰ, ਯਥਾਸੰਖਯ ਅਲੰਕਾਰ, ਮੀਲਿਤ ਅਲੰਕਾਰ, ਉਪਮਾ ਅਲੰਕਾਰ, ਏਕਾਵਲੀ ਅਲੰਕਾਰ, ਸੁਸਿੱਧ ਅਲੰਕਾਰ, ਤਦਗੁਣ ਅਲੰਕਾਰ, ਪ੍ਰਮਾਣ ਅਲੰਕਾਰ ਅਤੇ ਮਾਨਵੀਕਰਨ ਅਲੰਕਾਰ ਹਨ। ਭੱਟ ਸਾਹਿਬਾਨ ਦੀ ਬਾਣੀ ਵਿੱਚੋਂ ਕੁਝ ਮੁਹਾਵਰੇ ਉਲਟੀ ਗੰਗਾ ਵਹਾਉਣਾ, ਸਿਰ ‘ਤੇ ਹੱਥ ਧਰਨਾ, ਸਿਰ ਨਿਵਾਉਣਾ ਆਦਿ ਹਨ। ਇਸੇ ਤਰ੍ਹਾਂ ਬਾਣੀ ਦੀ ਸ਼ਬਦਾਵਲੀ ਅਰਬੀ, ਫ਼ਾਰਸੀ, ਸੰਸਕ੍ਰਿਤਿ ਭਾਸ਼ਾਵਾਂ ਵਰਤੀਆਂ ਹਨ। ਕਾਵਿ ਰਸ-ਵਿੱਚ, ਸ਼ਾਂਤ-ਰਸ, ਬੀਰ-ਰਸ ਤੇ ਕਰੁਣਾ-ਰਸ। ਕਾਵਿ-ਛੰਦ ਵਿੱਚ ਰਡ, ਝੋਲਨਾ, ਸੋਰਠਾ, ਛੱਪਯ ਛੰਦ, ਰੋਲਾ ਛੰਦ, ਪੰਚਾਨਨ ਛੰਦ ਅਤੇ ਘਨਾਛਰੀ ਛੰਦ ਵਰਤੇ ਹਨ। ਸੁਖਦੇਵ ਸਿੰਘ ਸ਼ਾਂਤ ਇਸ ਵਡਮੁੱਲੀ ਪੁਸਤਕ ਦੀ ਰਚਨਾ ਕਰਨ ਲਈ ਵਧਾਈ ਦਾ ਪਾਤਰ ਹੈ। ਉਸ ਕੋਲੋਂ ਭਵਿਖ ਵਿੱਚ ਸਿੱਖ ਸੋਚ ਸੰਬੰਧੀ ਹੋਰ ਖੋਜੀ ਪੁਸਤਕਾਂ ਦੀ ਆਸ ਕੀਤੀ ਜਾ ਸਕਦੀ ਹੈ।
  198 ਪੰਨਿਆਂ, 350 ਰੁਪਏ ਕੀਮਤ ਵਾਲੀ ਇਹ ਪੁਸਤਕ ਸਿੰਘ ਬ੍ਰਦਰਜ਼ ਅੰਮ੍ਰਿਤਸਰ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ: ਸੁਖਦੇਵ ਸਿੰਘ ਸ਼ਾਂਤ: 919814901254, 0013174060002
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
  ujagarsingh48@yahoo.com

ਖ਼ਬਰਦਾਰ ਖ਼ਬਰਦਾਰ ਪੰਜਾਬੀਓ : ਬਰਸਾਤੀ ਮੌਸਮ ਆ ਗਿਆ - ਉਜਾਗਰ ਸਿੰਘ

ਬਰਸਾਤੀ ਮੌਸਮ ਪੰਜਾਬ ਦੇ ਕਿਸਾਨਾ, ਪੰਜਾਬ ਸਰਕਾਰ ਅਤੇ ਖਾਸ ਤੌਰ ‘ਤੇ ਪੰਜਾਬ ਰਾਜ ਬਿਜਲੀ ਬੋਰਡ ਲਈ ਸ਼ੁਭ ਸ਼ਗਨ ਹੁੰਦਾ ਹੈ। ਕਿਸਾਨਾ ਦੀ ਜ਼ੀਰੀ ਦੀ ਫ਼ਸਲ ਵਾਸਤੇ ਲੋੜੀਂਦਾ ਪਾਣੀ ਮਿਲ ਜਾਂਦਾ ਹੈ, ਬਿਜਲੀ ਬੋਰਡ ਲਈ ਬਿਜਲੀ ਦੀ ਖ਼ਪਤ ਘਟ ਜਾਂਦੀ ਹੈ। ਪਾਣੀ ਜ਼ਮੀਨ ਵਿਚ ਸਿੰਮਣ ਕਰਕੇ ਜ਼ਮੀਨਦੋਜ਼ ਪਾਣੀ ਦੀ ਸਤਹ ਵੱਧ ਜਾਂਦੀ ਹੈ, ਜਿਸ ਨਾਲ ਪੰਜਾਬੀਆਂ ਨੂੰ ਸੁਖ ਦਾ ਸਾਹ ਆਉਂਦਾ ਹੈ। ਖ਼ਬਰਦਾਰ ਹੋ ਜਾਓ ਪੰਜਾਬੀਓ ਬਰਸਾਤਾਂ ਆ ਗਈਆਂ। ਹਰ ਸਾਲ ਬਰਸਾਤਾਂ ਪੰਜਾਬੀਆਂ ਲਈ ਖ਼ਤਰੇ ਦੀ ਚੇਤਾਵਨੀ ਅਤੇ ਖ਼ੁਸ਼ੀ ਲੈ ਕੇ ਆਉਂਦੀਆਂ ਹਨ, ਕਿਉਂਕਿ ਵਧੇਰੇ ਮੀਂਹ ਪੈਣ ਨਾਲ ਹੜ੍ਹਾਂ ਦਾ ਖ਼ਤਰਾ ਬਣਿਆਂ ਰਹਿੰਦਾ ਹੈ ਅਤੇ ਮੌਸਮ ਸੁਹਾਵਣਾ ਵੀ ਹੋ ਜਾਂਦਾ ਹੈ। ਮੀਂਹ ਪਹਾੜਾਂ ਵਿੱਚ ਪੈਣ ਲਗਦਾ ਹੈ ਪ੍ਰੰਤੂ ਹੌਲ਼ ਮੈਦਾਨੀ ਇਲਾਕਿਆਂ ਵਾਲੇ ਪੰਜਾਬੀਆਂ ਨੂੰ ਪੈਣ ਲੱਗ ਜਾਂਦਾ ਹੈ। ਹਾਲਾਂਕਿ ਪੰਜਾਬ ਵਿੱਚ ਵਧੇਰੇ ਮੀਂਹ ਜੀਰੀ ਦੀ ਫਸਲ ਲਈ ਵਰਦਾਨ ਸਾਬਤ ਹੋ ਸਕਦਾ ਹੈ, ਪ੍ਰੰਤੂ ਪੰਜਾਬ ਸਰਕਾਰ ਦੇ ਸਿੰਜਾਈ, ਡਰੇਨੇਜ ਜੋ ਹੁਣ ਜਲਸ੍ਰੋਤ ਵਿਭਾਗ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਉਸ ਵਿਭਾਗ ਨੇ ਪਿੱਛਲੇ 50 ਸਾਲਾਂ ਤੋਂ ਆਪਣੀ ਬਰਸਾਤੀ ਨਾਲਿਆਂ, ਚੋਅ, ਰਜਵਾਹਿਆਂ ਅਤੇ ਦਰਿਆਵਾਂ ਦੀ ਬਰਸਾਤਾਂ ਤੋਂ ਪਹਿਲਾਂ ਸਾਫ਼ ਸਫ਼ਾਈ ਦੀ ਨੀਤੀ ਵਿੱਚ ਤਬਦੀਲੀ ਨਹੀਂ ਕੀਤੀ। ‘ਆਈ ਜੰਨ ਵਿਨ੍ਹੋ ਕੁੜੀ ਦੇ ਕੰਨ’  ਦੀ ਕਹਾਵਤ ਵਾਲੀ ਨੀਤੀ ਜਲ ਸ੍ਰੋਤ ਵਿਭਾਗ ਦੇ ਜ਼ਿਲਿ੍ਹਆਂ ਦੇ ਅਧਿਕਾਰੀਆਂ ਨੇ ਅਪਣਾਈ ਹੋਈ ਹੈ। ਵੈਸੇ ਤਾਂ ਸਾਫ਼ ਸਫਾਈ ਲਈ ਫ਼ੰਡ ਦੇਰੀ ਨਾਲ ਜ਼ਾਰੀ ਕੀਤੇ ਜਾਂਦੇ ਹਨ, ਪ੍ਰੰਤੂ ਜੇਕਰ ਬਦਕਿਸਮਤੀ ਨਾਲ ਸਰਕਾਰਾਂ ਦੀ ਚੰਗੀ ਨੀਤ ਕਰਕੇ ਸਹੀ ਸਮੇਂ ‘ਤੇ ਫ਼ੰਡ ਜ਼ਾਰੀ ਹੋ ਜਾਣ ਤਾਂ ਖੇਤਰੀ ਅਮਲਾ ਜਾਣ ਬੁੱਝਕੇ ਟੈਂਡਰ ਲਗਾਉਣ ਵਿੱਚ ਦੇਰੀ ਕਰ ਦਿੰਦਾ ਹੈ। ਟੈਂਡਰ ਲਗਾਉਣ ਵਿੱਚ ਦੇਰੀ ਸ਼ਾਇਦ ਇਸ ਕਰਕੇ ਕੀਤੀ ਜਾਂਦੀ ਹੈ ਕਿ ਬਰਸਾਤਾਂ ਸ਼ੁਰੂ ਹੋ ਜਾਣ, ਫਿਰ ਇਹ ਫ਼ੰਡ ਤੁਰਤ-ਫੁਰਤ ਖ਼ਰਚ ਕਰਨ ਵਿੱਚ ਕੋਈ ਔਖ ਨਾ ਹੋਵੇ। ਪਾਰਦਰਸ਼ੀ ਪ੍ਰਬੰਧਾਂ ਨਾਲ ਜਲਦਬਾਜ਼ੀ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਜ਼ੋਰ ਦਿੰਦਾ ਹੈ, ਕਿਉਂਕਿ ਉਸਦੀ ਜ਼ਿੰਮੇਵਾਰੀ ਲੋਕ ਹਿਤਾਂ ‘ਤੇ ਪਹਿਰਾ ਦੇਣ ਦੀ ਹੁੰਦੀ ਹੈ। ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨੀ ਜ਼ਰੂਰੀ ਹੁੰਦੀ ਹੈ। ਉਹ ਲੋਕਾਂ ਨੂੰ ਜਵਾਬਦੇਹ ਹੁੰਦੇ ਹਨ। ਹੋ ਰਹੀ ਬਰਸਾਤ ਸਮੇਂ ਜਲਦਬਾਜ਼ੀ ਵਿੱਚ ਕੀਤਾ ਗਿਆ ਕੰਮ ਪਾਣੀ ਦੇ ਵਹਾਅ ਦੇ ਨਾਲ ਹੀ ਰੁੜ੍ਹ ਜਾਂਦਾ ਹੈ। ਭਾਵ ਪੈਸਾ ਪਾਣੀ ਨਾਲ ਰੁੜ੍ਹ ਜਾਂਦਾ ਹੈ। ਅਧਿਕਾਰੀਆਂ ਦੀ ਜਵਾਬਦੇਹੀ ਨਿਸਚਤ ਨਹੀਂ ਹੋ ਸਕਦੀ, ਕਿਉਂਕਿ ਉਹ ਕਹਿ ਦੇਣਗੇ ਕਿ ਹੜ੍ਹ ਦਾ ਪਾਣੀ ਰੋੜ੍ਹਕੇ ਲੈ ਗਿਆ ਹੈ। ਇਹ ਪ੍ਰਣਾਲੀ ਕਿਸੇ ਇੱਕ ਸਰਕਾਰ ਦੇ ਸਮੇਂ ਦੀ ਨਹੀਂ ਹੈ, ਸਗੋਂ ਜਿਹੜੀ ਵੀ ਪਾਰਟੀ ਦੀ  ਸਰਕਾਰ ਹੁੰਦੀ ਹੈ, ਇੰਝ ਹੀ ਕਰਦੀ ਆ ਰਹੀ ਹੈ। ਟੈਂਡਰ ਲਗਾਉਣ ਵਿੱਚ ਦੇਰੀ ਕਿਉਂ ਹੁੰਦੀ ਹੈ? ਇਹ ਦੱਸਣ ਦੀ ਲੋੜ ਨਹੀਂ, ਸਮਝਣ ਤੇ ਮਹਿਸੂਸ ਕਰਨ ਦੀ ਹੈ, ਵੈਸੇ ਹੁਣ ਤੱਕ ਤੁਸੀਂ ਸਮਝ ਗਏ ਹੋਵੋਗੇ। 
    ਮੈਂ ਪਿਛਲੇ 33 ਸਾਲ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਨੌਕਰੀ ਕੀਤੀ ਹੈ, ਜਿਸ ਵਿੱਚੋਂ 28 ਸਾਲ ਜ਼ਿਲਿ੍ਹਆਂ ਵਿੱਚ ਨੌਕਰੀ ਕਰਦਾ ਰਿਹਾ ਹਾਂ, ਬਰਸਾਤਾਂ ਦੇ ਮੌਸਮ ਸਮੇਂ ਪੰਜਾਬ ਦੇ ਲੋਕਾਂ ਦੀ ਤ੍ਰਾਸਦੀ ਆਪਣੀ ਅੱਖੀਂ ਵੇਖਦਾ ਰਿਹਾ ਹਾਂ। ਲੋਕਾਂ ਦੇ ਘਰ ਢਹਿ ਢੇਰੀ ਹੋ ਜਾਂਦੇ ਹਨ, ਫ਼ਸਲਾਂ ਤਬਾਹ ਹੋ ਜਾਂਦੀਆਂ ਹਨ, ਜਾਨ ਮਾਲ ਦਾ ਨੁਕਸਾਨ ਹੁੰਦਾ ਹੈ। ਸੰਬੰਧਤ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਮਾਲ ਅਧਿਕਾਰੀ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਹੀ ਬਰਸਾਤੀ ਨਾਲਿਆਂ ਅਤੇ ਦਰਿਆਵਾਂ ਦੀ ਸਾਫ਼ ਸਫ਼ਾਈ ਲਈ ਮੌਕਾ ਵੇਖਣ ਜਾਂਦੇ ਹਨ। ਜਲ ਸ੍ਰੋਤ ਵਿਭਾਗ ਦੇ ਅਧਿਕਾਰੀ, ਮਾਲ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਹੁੰਦੇ ਹਨ। ਉਹ ਤਸਵੀਰਾਂ ਖਿਚਵਾ ਲੈਂਦੇ ਹਨ, ਅਗਲੇ ਦਿਨ ਅਖ਼ਬਾਰਾਂ ਵਿੱਚ ਖ਼ਬਰਾਂ ਲੱਗ ਜਾਂਦੀਆਂ ਹਨ ਕਿ ਹੜ੍ਹਾਂ ਦੇ ਬਚਾਓ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਚਿੰਤਤ ਹੈ ਤੇ ਯੋਗ ਕਾਰਵਾਈ ਕਰ ਰਿਹਾ ਹੈ। ਲੋਕਾਂ ਨੂੰ ਥੋੜ੍ਹੀ ਤਸੱਲੀ ਹੋ ਜਾਂਦੀ ਹੈ। ਅਮਲੀ ਤੌਰ ‘ਤੇ ਜਲ ਸ੍ਰੋਤ ਵਿਭਾਗ ਦੇ ਅਧਿਕਾਰੀ ਕਛੂਆ ਦੀ ਚਾਲ ਚਲਦੇ ਰਹਿੰਦੇ ਹਨ। ਜਲ ਸ੍ਰੋਤ ਵਿਭਾਗ ਦੇ ਅਧਿਕਾਰੀ ਇਕੋ ਗੱਲ ਕਹਿੰਦੇ, ਮੈਂ ਨੌਕਰੀ ਸਮੇਂ 28 ਸਾਲ ਸੁਣਦਾ ਰਿਹਾ ਹਾਂ ਕਿ ਜਲਦੀ ਹੀ ਮੁੱਖ ਦਫ਼ਤਰ ਤੋਂ ਫ਼ੰਡਾਂ ਦੀ ਤਜ਼ਵੀਜ ਭੇਜਕੇ ਮੰਗ ਕੀਤੀ ਜਾਵੇਗੀ, ਜਦੋਂ ਫੰਡ ਆ ਗਏ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਕਦੇ ਵੀ ਸਮੇਂ ਸਿਰ ਕੰਮ ਸ਼ੁਰੂ ਨਹੀਂ ਹੋਇਆ। ਪੰਜਾਬ ਵਿੱਚ ਸਤਲੁਜ, ਰਾਵੀ ਤੇ ਬਿਆਸ ਦਰਿਆ, ਘੱਗਰ ਤੇ ਟਾਂਗਰੀ ਸਭ ਤੋਂ ਵੱਧ ਨੁਕਸਾਨ ਕਰਦੇ ਹਨ। ਪੰਜਾਬ ਵਿੱਚ 850 ਤੋਂ ਉਪਰ ਚੋਅ, ਨਾਲੇ ਅਤੇ ਰਜਵਾਹੇ ਹਨ, ਜਿਨ੍ਹਾਂ ਦੀ ਲੰਬਾਈ 8136.76 ਕਿਲੋਮੀਟਰ ਹੈ। ਉਨ੍ਹਾਂ ਦੀ ਸਫ਼ਾਈ ਕਦੀਂ ਵੀ ਸਮੇਂ ਸਿਰ ਨਹੀਂ ਹੁੰਦੀ। ਉਹ ਪਾਣੀ ਦੇ ਵਹਾਅ ਵਿੱਚ ਰੁਕਾਵਟ ਪਾਉਂਦੇ ਹਨ ਤੇ ਹੜ੍ਹ ਦੀ ਸਥਿਤੀ ਬਣ ਜਾਂਦੀ ਹੈ। ਐਸਟੀਮੇਟ ਸਾਰਿਆਂ ਦੀ ਸਫ਼ਾਈ ਦਾ ਬਣਦਾ ਹੈ। ਹਰ ਸਾਲ ਧੂਸੀ ਬੰਧ ਟੁੱਟਦਾ ਹੈ ਤੇ ਮੁਰੰਮਤ ਕੀਤੀ ਜਾਂਦੀ ਹੈ, ਕੋਈ ਪੱਕਾ ਇਲਾਜ ਨਹੀਂ। ਮਾਲਵੇ ਵਿੱਚ ਘੱਗਰ ਅਤੇ ਟਾਂਗਰੀ ਸਭ ਤੋਂ ਵੱਧ ਨੁਕਸਾਨ ਕਰਦੇ ਹਨ। ਘੱਗਰ ਫ਼ਤਿਹਗੜ੍ਹ, ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲਿ੍ਹਆਂ ਵਿੱਚ ਹਰ ਸਾਲ ਕਹਿਰ ਮਚਾਉਂਦਾ ਹੈ। ਸਰਕਾਰਾਂ ਦੀ ਅਣਗਹਿਲੀ ਕਰਕੇ ਇਨ੍ਹਾਂ ਜ਼ਿਲਿ੍ਹਆਂ ਦੇ ਲੋਕ ਨੁਕਸਾਨ ਉਠਾਉਂਦੇ ਹਨ। 
    ਚੋਣਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦੇ ਸਿਆਸਤਦਾਨ ਲੰਬੇ ਸਮੇਂ ਤੋਂ ਮੈਂ ਇਹ ਕਹਿੰਦੇ ਸੁਣਦਾ ਆ ਰਿਹਾ ਹਾਂ ਕਿ ਤੁਸੀਂ ਵੋਟਾਂ ਸਾਨੂੰ ਪਾ ਦਿਓ, ਅਸੀਂ ਘੱਗਰ ਚੁੱਕ ਦਿਆਂਗੇ। ਇਹ ਬਿਆਨ ਸਾਰੀਆਂ ਪਾਰਟੀਆਂ ਨੇ ਦਿੱਤੇ ਹਨ ਤੇ ਸਾਰੇ ਹੀ ਖੋਖਲੇ ਸਾਬਤ ਹੋਏ ਹਨ, ਪ੍ਰਨਾਲਾ ਉਥੇ ਦਾ ਉਥੇ ਹੀ ਹੈ। ਨਾ ਘੱਗਰ ਚੁੱਕਿਆ ਗਿਆ ਹੈ ਅਤੇ ਨਾ ਹੀ ਹੜ੍ਹ ਆਉਣ ਤੋਂ ਬੰਦ ਹੋਏ ਹਨ। ਇਸ ਵਿੱਚ ਇਕੱਲੀ ਸਰਕਾਰ ਹੀ ਜ਼ਿੰਮੇਵਾਰ ਨਹੀਂ ਘੱਗਰ, ਨਾਲਿਆਂ, ਰਜਵਾਹਿਆਂ ਅਤੇ ਚੋਆਂ ਦੇ ਆਲੇ ਦੁਆਲੇ ਖੇਤਾਂ ਵਾਲੇ ਕਿਸਾਨ ਵੀ ਜ਼ਿੰਮੇਵਾਰ ਹਨ, ਕਿਉਂਕਿ ਉਨ੍ਹਾਂ ਨੇ ਇਨ੍ਹਾਂ ਵਿੱਚ ਕਬਜ਼ੇ ਕੀਤੇ ਹੋਏ ਹਨ। ਕੋਈ ਵੀ ਸਰਕਾਰ ਵੋਟਾਂ ਦੇ ਲਾਲਚ ਕਰਕੇ ਇਹ ਕਬਜ਼ੇ ਖਾਲ੍ਹੀ ਨਹੀਂ ਕਰਵਾਉਂਦੀ। ਹਾਲਾਂ ਕਿ ਉਨ੍ਹਾਂ ਕਿਸਾਨਾ ਨੂੰ ਵੀ ਪਤਾ ਹੁੰਦਾ ਹੈ ਕਿ ਇਨਕਰੋਚਮੈਂਟ ਦਾ ਨੁਕਸਾਨ ਉਨ੍ਹਾਂ ਦੇ ਘਰਾਂ ਅਤੇ ਫ਼ਸਲਾਂ ਨੂੰ ਵੀ ਹੋਵੇਗਾ, ਪ੍ਰੰਤੂ ਉਹ ਕਬਜ਼ੇ ਨਹੀਂ ਹਟਾਉਂਦੇ। ਇੱਕ ਕਿਸਮ ਨਾਲ ਸਾਰੀਆਂ ਸਰਕਾਰਾਂ ਦੀ ਅਣਗਹਿਲੀ ਦਾ ਨਤੀਜਾ ਪੰਜਾਬੀਆਂ ਨੂੰ ਭੁਗਤਣਾ ਪੈਂਦਾ ਹੈ। 
   ਸਤਲੁਜ ਯਮੁਨਾ Çਲੰਕ ਨਹਿਰ ਦਾ ਪ੍ਰਾਜੈਕਟ ਜਿਸ ਦਿਨ ਦਾ ਬਣਿਆਂ ਹੈ, ਉਸ ਦਿਨ ਤੋਂ ਹੀ ਪੰਜਾਬੀਆਂ ਲਈ ਸੰਤਾਪ ਦਾ ਮੁੱਖ ਕਾਰਨ ਬਣਿਆਂ ਹੋਇਆ ਹੈ। ਇਹ ਨਹਿਰ ਰੋਪੜ, ਫਤਿਹਗੜ੍ਹ ਅਤੇ ਪਟਿਆਲਾ ਜ਼ਿਲਿ੍ਹਆਂ ਦੇ ਇਲਾਕਿਆਂ ਵਿੱਚ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕਣ ਦਾ ਕੰਮ ਕਰ ਰਹੀ ਹੈ, ਜਿਸ ਕਰਕੇ ਹੜ੍ਹਾਂ ਦੀ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ, ਕਿਉਂਕਿ ਇਸ ਵਿੱਚ ਵੀ ਬਹੁਤ ਸਾਰਾ ਘਾਹ, ਬੂਟੀ ਅਤੇ ਦਰਖਤਾਂ ਦੇ ਝੁੰਡ ਹੋ ਗਏ ਹਨ। ਕਈ ਕਿਸਾਨਾ ਨੇ ਇਸਨੂੰ ਵਾਹ ਲਿਆ ਹੈ। ਇਹ ਮਰਿਆ ਹੋਇਆ ਸੱਪ ਪੰਜਾਬੀਆਂ ਦੇ ਗਲ ਅਜਿਹਾ ਪਿਆ ਜਿਸਦੇ ਲੱਥਣ ਦੀ ਕੋਈ ਆਸ ਨਹੀਂ ਲੱਗਦੀ। ਲੋਕਾਂ ਦੀ ਬਰਬਾਦੀ ਦਾ ਕਰਨ ਬਣ ਰਹੀ ਹੈ। ‘ਪਟਿਆਲਾ ਕੀ ਰਾਓ’ ਵਰਤਮਾਨ ਮੋਹਾਲੀ ਜ਼ਿਲ੍ਹੇ ਦੇ ਪਿੰਡ ਪੜ੍ਹਛ ਕੋਲੋਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚੋਂ ਨਿਕਲਦੀ ਹੈ। ਇਹ ਚੋਅ ਨਵਾਂ ਗਾਉਂ ਮੋਹਾਲੀ ਵੇਰਕਾ ਚੌਕ, ਚਪੜਚਿੜੀ, ਲਾਂਡਰਾਂ, ਝੰਜੇੜੀ, ਮਛਲੀ ਕਲਾਂ, ਝਾਮਪੁਰ, ਬਰਾਸ, ਚੋਲਟੀ ਖੇੜੀ, ਪਤਾਰਸੀ, ਮੀਆਂਪੁਰ, ਬਹਿਲੋਲਪੁਰ ਜੱਟਾਂ, ਨੰਦਪੁਰ ਕੇਸ਼ੋ ਪੰਜੋਲਾ, ਪੰਜੋਲੀ ਖੁਰਦ, ਪੰਜੋਲੀ ਕਲਾਂ ਹੁੰਦੀ ਹੋਈ ਪਟਿਆਲਾ ਜ਼ਿਲ੍ਹੇ ਦੇ ਦੌਲਤਪੁਰ ਪਿੰਡ ਕੋਲ ਪਹੁੰਚਕੇ ‘ਪਟਿਆਲਾ ਨਦੀ’ ਕਹਾਉਣ ਲੱਗ ਜਾਂਦੀ ਹੈ। ਇਸ ਤੋਂ ਪਹਿਲਾਂ ਇਹ ਦਰਿਆ ਦਾ ਰੂਪ ਹੀ ਹੁੰਦੀ ਹੈ, ਲਗਪਗ ਇੱਕ ਕਿਲੋਮੀਟਰ ਚੌੜੀ ਹੈ, ਇਸਦੇ ਆਲੇ ਦੁਆਲੇ ਕੋਈ ਬੰਧ ਨਹੀਂ ਹੈ। ਖੇਤਾਂ ਵਿੱਚ ਪਾਣੀ ਵਹਿੰਦਾ ਹੈ ਤੇ ਕਿਸਾਨਾ ਦੀ ਫਸਲ ਨੂੰ ਤਬਾਹ ਕਰਦਾ ਹੈ। ਦੌਲਤਪੁਰ ਕੋਲ ਆ ਕੇ ਨਦੀ ਬਣ ਜਾਂਦੀ ਹੈ। ਇਹ ਨਦੀ ਪਟਿਆਲਾ ਸ਼ਹਿਰ ਦੇ ਪੂਰਬੀ ਪਾਸੇ ਵੱਲੋਂ ਲੰਘਦੀ ਹੈ। ਹੁਣ ਇਸਦੇ ਦੋਹੀਂ ਪਾਸੀਂ ਕਾਲੋਨੀਆਂ ਬਣ ਗਈਆਂ। ਜਦੋਂ ਇਹ ਮੀਂਹ ਦਾ ਪਾਣੀ ਨਹੀਂ ਸਹਾਰਦੀ ਤਾਂ ਟੁੱਟ ਜਾਂਦੀ ਹੈ ਤੇ ਪਟਿਆਲਾ ਸ਼ਹਿਰ ਅਤੇ ਆਲੇ ਦੁਆਲੇ ਦੀਆਂ ਕਾਲੋਨੀਆਂ ਦੇ ਘਰ ਬਾਰ ਤਬਾਹ ਕਰ ਦਿੰਦੀ ਹੈ। ਇਸ ਨਦੀ ਦੀ ਸਫਾਈ ਦਾ ਕੰਮ ਜਲਸ੍ਰੋਤ ਵਿਭਾਗ ਕੋਲ ਹੈ, ਪ੍ਰੰਤੂ ਇਹ ਵਿਭਾਗ ਕਦੀ ਵੀ ਸੰਜੀਦਗੀ ਨਾਲ ਸਫਾਈ ਨਹੀਂ ਕਰਦਾ, ਜਿਸ ਕਰਕੇ ਪਟਿਆਲਵੀ ਹੜ੍ਹਾਂ ਦੌਰਾਨ ਘਰੋਂ ਬੇਘਰ ਹੋ ਜਾਂਦੇ ਹਨ। ਲੋਕ ਵੀ ਇਸ ਵਿੱਚ ਫਾਲਤੂ ਸਾਮਾਨ ਸੁੱਟ ਦਿੰਦੇ ਹਨ। 
   1993 ਅਤੇ 2023 ਵਿੱਚ ਪਟਿਆਲਾ ਨਦੀ ਦੇ ਪ੍ਰਕੋਪ ਕਰਕੇ ਪਟਿਆਲਵੀਆਂ ਨੂੰ ਅਨੇਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। 1993 ਵਿੱਚ ਤਾਂ ਜਾਨੀ ਅਤੇ ਪਸ਼ੂਆਂ ਦਾ ਕਾਫ਼ੀ ਨੁਕਸਾਨ ਹੋਇਆ ਸੀ। ਇਸ ਵਾਰ ਵੀ ਲੋਕ ਡਰੇ ਹੋਏ ਹਨ, ਹਾਲਾਂਕਿ ਹੜ੍ਹ ਦੇ ਆਸਾਰ ਨਹੀਂ ਹਨ। ਇੱਕ ਪਾਸੇ ਪਿੰਡਾਂ ਦੇ ਲੋਕ ਘੱਗਰ ਅਤੇ ਹੋਰ ਚੋਆਂ ਦੀ ਸਫ਼ਾਈ ਨਾ ਹੋਣ ਕਰਕੇ ਡਰ ਦੇ ਮਾਹੌਲ ਵਿੱਚੋਂ ਗੁਜਰ ਰਹੇ ਹਨ। ਸਰਕਾਰਾਂ ਪਿਛਲੇ ਤਜ਼ਰਬਿਆਂ ਤੋਂ ਵੀ ਸਬਕ ਨਹੀਂ ਸਿੱਖਦੀਆਂ। ਪਟਿਆਲਾ ਨਦੀ ਵਿੱਚ ਬੂਟੀ ਵੱਡੀ ਮਾਤਰਾ ਵਿੱਚ ਖੜ੍ਹੀ ਹੈ। ਬੀੜ ਮੋਤੀ ਬਾਗ ਕੋਲ ਜਿਹੜਾ ਜੂ ਹੈ, ਉਥੇ ਨਦੀ ‘ਤੇ ਛੋਟਾ ਪੁਲ ਹੋਣ ਕਰਕੇ ਪਾਣੀ ਰੁਕ ਜਾਂਦਾ ਹੈ, ਜਿਸ ਕਰਕੇ ਨਦੀ ਕਈ ਥਾਵਾਂ ਤੋਂ ਟੁੱਟਣ ਦਾ ਡਰ ਬਣ ਜਾਂਦਾ ਹੈ। ਕੁਝ ਦਰਖਤ ਖੜ੍ਹੇ ਹਨ, ਜਿਹੜੇ ਪਾਣੀ ਦੇ ਵਹਾਅ ਨੂੰ ਰੋਕਦੇ ਹਨ। ਇਹ ਦਰਖਤ ਕੱਟਣ ਅਤੇ ਪੁਲ ਚੌੜਾ ਕਰਨ ਲਈ ਭਾਰਤ ਸਰਕਾਰ ਦੇ ਜੰਗਲਾਤ ਵਿਭਾਗ ਦੀ ਜ਼ਰੂਰਤ ਸੀ। ਦੋ ਸਾਲ ਲੰਘ ਗਏ ਅਜੇ ਤੱਕ ਪ੍ਰਵਾਨਗੀ ਦੀ ਕੋਈ ੳੁੱਘ ਸੁੱਘ ਨਹੀਂ ਹੈ। ਚਲੋ ਇਹ ਤਾਂ ਵੱਖਰੀ ਗੱਲ ਹੈ ਪ੍ਰੰਤੂ ਪੁਲ ਦੇ ਮੂਹਰੇ ਮਿੱਟੀ ਜੰਮੀ ਹੋਈ ਹੈ, ਉਹ ਤਾਂ ਸਾਫ ਹੋ ਸਕਦੀ ਹੈ। ਉਸਦੀ ਵੀ ਸਫ਼ਾਈ ਨਹੀਂ ਹੋਈ, ਲੋਕਾਂ ਦਾ ਡਰ ਤਾਂ ਸਹੀ ਹੈ, ਪ੍ਰੰਤੂ ਇਹ ਵੀ ਹੋ ਸਕਦਾ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੜ੍ਹ ਨਾ ਆਉਣ। ਪਰ ਸਰਕਾਰ ਨੂੰ ਤਾਂ ਕੋਈ ਉਦਮ ਕਰਨਾ ਚਾਹੀਦਾ ਹੈ। ਇਸ ਵਾਰ ਇਹ ਪਤਾ ਲੱਗਾ ਹੈ ਕਿ ਜਲ ਸ੍ਰੋਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਦੀ ਦੀ ਸਫ਼ਾਈ ਲਈ ਟੈਂਡਰ ਲਗਾਉਣ ਵਿੱਚ ਦੇਰੀ ਕਰਨ ਕਰਕੇ ਜਲ ਸ੍ਰੋਤ ਵਿਭਾਗ ਨਦੀ ਦੀ ਸਫ਼ਾਈ ਐਨ.ਡੀ.ਆਰ.ਐਫ਼. ਤੋਂ ਕਰਵਾਉਣ ਲਈ ਸੋਚ ਰਿਹਾ ਹੈ, ਜੋ ਲੋਕਾਂ ਲਈ ਸੁਖ ਦਾ ਸਾਹ ਸਾਬਤ ਹੋਵੇਗ। ਜਲ ਸ੍ਰੋਤ ਵਿਭਾਗ ਦੇ ਅਧਿਕਾਰੀ ਹੱਥ ਮਲਦੇ ਰਹਿ ਜਾਣਗੇ, ਕਿਉਂਕਿ ਉਨ੍ਹਾਂ ਦੇ ਗੀਜੇ ਖਾਲੀ ਰਹਿ ਜਾਣਗੇ। ਹੁਣ ਜਲ ਸ੍ਰੋਤ ਵਿਭਾਗ ਨੇ ਪਟਿਆਲਵੀਆਂ ਦਾ ਮੂੰਹ ਮੁਲਾਹਜਾ ਰੱਖਣ ਲਈ ਪਟਿਆਲਾ ਨਦੀ ਦੀ ਥੋੜ੍ਹੀ ਬਹੁਤੀ ਸਫ਼ਾਈ ਸ਼ੁਰੂ ਕੀਤੀ ਹੈ। ਅਜਿਹੇ ਹਾਲਾਤ ਵਿੱਚ ਗ਼ੈਰ ਸੰਜੀਦਾ ਲੋਕ ਅਫ਼ਵਾਹਾਂ ਫ਼ੈਲਾਉਂਦੇ ਹਨ ਪ੍ਰੰਤੂ ਲੋਕਾਂ ਨੂੰ ਅਫ਼ਵਾਹਾਂ ‘ਤੇ ਵਿਸਵਾਸ਼ ਨਹੀਂ ਕਰਨਾ ਚਾਹੀਦਾ, ਸਗੋਂ ਹੌਸਲਾ ਰੱਖਕੇ ਚੇਤੰਨ ਰਹਿਣਾ ਚਾਹੀਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48@yahoo.com

ਗੁਰਪ੍ਰੀਤ ਸਿੰਘ ਜਖਵਾਲੀ ਦਾ ਕਾਵਿ ਸੰਗ੍ਰਹਿ ‘ਪੰਛੀ ਤੇ ਕੁਦਰਤ’ ਬੱਚਿਆਂ ਲਈ ਮਾਰਗ ਦਰਸ਼ਕ - ਉਜਾਗਰ ਸਿੰਘ

ਗੁਰਪ੍ਰੀਤ ਸਿੰਘ ਜਖਵਾਲੀ ਇੱਕ ਪੱਤਰਕਾਰ, ਬਾਲ ਕਵੀ ਤੇ ਮਿੰਨੀ ਕਹਾਣੀ ਲੇਖਕ ਹੈ। ਉਸਦੀਆਂ ਕਵਿਤਾਵਾਂ ਇੱਕ ਸਾਂਝੇ ਕਾਵਿ ਸੰਗ੍ਰਹਿ ‘ਕਲਮ ਕਾਫਲਾ’ ਵਿੱਚ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਅਖ਼ਬਾਰਾਂ ਅਤੇ ਬਾਲ ਰਸਾਲਿਆਂ ਵਿੱਚ ਵੀ ਪ੍ਰਕਾਸ਼ਤ ਹੁੰਦੀਆਂ ਰਹਿੰਦੀਆਂ ਹਨ।  ਉਸਦਾ ‘ਪੰਛੀ ਤੇ ਕੁਦਰਤ’ ਪਲੇਠਾ ਕਾਵਿ ਸੰਗ੍ਰਹਿ ਹੈ। ਗੁਰਪ੍ਰੀਤ ਸਿੰਘ ਜਖਵਾਲੀ ਦਾ ਬਾਲ ਕਾਵਿ ਸੰਗ੍ਰਹਿ ‘ਪੰਛੀ ਤੇ ਕੁਦਰਤ’ ਬੱਚਿਆਂ  ਲਈ ਮਾਰਗ ਦਰਸ਼ਕ ਸਾਬਤ ਹੋ ਸਕਦਾ ਹੈ। ਉਸਨੂੰ ਸਾਹਿਤਕ ਮਸ ਸਕੂਲ ਵਿੱਚ ਪੜ੍ਹਦਿਆਂ ਹੀ ਲੱਗ ਗਿਆ ਸੀ, ਪ੍ਰੰਤੂ ਅਮਲੀ ਰੂਪ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਹੀ ਦਿੱਤਾ ਗਿਆ। ਇਸ ਕਾਵਿ ਸੰਗ੍ਰਹਿ ਵਿੱਚ ਉਸਦੀਆਂ 61 ਕਵਿਤਾਵਾਂ ਅਤੇ 2 ਗੀਤ ਸ਼ਾਮਲ ਹਨ। ਬੱਚਿਆਂ ਨਾਲ ਸੰਬੰਧਤ ਰਚਨਾਵਾਂ ਲਿਖਣੀਆਂ ਮੁਸ਼ਕਲ ਹੁੰਦੀਆਂ ਹਨ, ਕਿਉਂਕਿ ਕਵੀ ਨੂੰ ਬਾਲਗ ਅਵਸਥਾ ‘ਚੋਂ ਨਿਕਲਕੇ ਬਾਲ ਅਵਸਥਾ ਵਿੱਚ ਪਹੁੰਚਣਾ ਪੈਂਦਾ ਹੈ। ਬਾਲ ਮਨ ਬਹੁਤ ਹੀ ਕੋਮਲ ਹੁੰਦੇ ਹਨ, ਉਨ੍ਹਾਂ ਨੂੰ ਜਿਸ ਪ੍ਰਕਾਰ ਢਾਲ ਲਿਆ ਜਾਵੇ ਬਿਲਕੁਲ ਉਸੇ ਤਰ੍ਹਾਂ ਹੋ ਜਾਂਦੇ ਹਨ। ਗੁਰਪ੍ਰੀਤ ਸਿੰਘ ਜਖਵਾਲੀ ਨੇ ਆਪਣੀਆਂ  ਕਵਿਤਾਵਾਂ/ਗੀਤਾਂ ਦੇ ਵਿਸ਼ੇ ਬਾਕਮਾਲ ਚੁਣੇ ਹਨ। ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ/ਗੀਤ ਬਾਲ ਮਨਾ ਤੇ ਗਹਿਰਾ ਪ੍ਰਭਾਵ ਪਾਉਣ ਵਾਲੇ ਹਨ। ਇਨ੍ਹਾਂ ਕਵਿਤਾਵਾਂ/ਗੀਤਾਂ ਦੇ ਵਿਸ਼ੇ ਇਨਸਾਨ ਦੇ ਰੋਜ਼ਾਨਾ ਜ਼ਿੰਦਗੀ ਵਿੱਚ ਕੰਮ ਆਉਣ ਵਾਲੇ ਹਨ। ਇਹ ਵਿਸ਼ੇ ਬਾਲਾਂ ਨੂੰ ਸਹੀ ਸੇਧ ਦੇਣ ਵਾਲੇ ਹਨ ਤਾਂ ਜੋ ਬੱਚੇ ਅਨੁਸਾਸ਼ਨ ਵਿੱਚ ਰਹਿੰਦੇ ਹੋਏ ਆਪਣੇ ਜੀਵਨ ਵਿੱਚ ਸਫ਼ਲ ਹੋ ਸਕਣ। ਵਿਸ਼ੇ ਵੀ ਵੰਨ-ਸਵੰਨੇ ਅਤੇ ਰੰਗ-ਬਿਰੰਗੇ ਹਨ, ਜਿਨ੍ਹਾਂ ਵਿੱਚ ਵਾਤਾਵਰਨ, ਪਾਣੀ, ਹਵਾ, ਰੁੱਖ, ਟ੍ਰੈਫਿਕ, ਕਾਨੂੰਨ, ਸਫਾਈ, ਸਿਹਤ, ਬਿਜਲੀ ਦੀ ਬਚਤ, ਪ੍ਰਕ੍ਰਿਤੀ, ਖੇਡਾਂ, ਸਭਿਆਚਾਰ, ਪੜ੍ਹਾਈ, ਅਧਿਆਪਕਾਂ ਦਾ ਸਤਿਕਾਰ, ਠੰਡ ਤੋਂ ਬਚਾਅ,  ਮੋਬਾਈਲਾਂ ਦੀ  ਦੁਰਵਰਤੋਂ ਆਦਿ ਸ਼ਾਮਲ ਹਨ। ਇਸ ਕਾਵਿ ਸੰਗ੍ਰਹਿ ਦੀ ਇੱਕ ਹੋਰ ਖ਼ੂਬੀ ਹੈ, ਕਵਿਤਾਵਾਂ/ਗੀਤਾਂ ਦੇ ਨਾਲ ਤਸਵੀਰਾਂ ਵੀ  ਦਿੱਤੀਆਂ ਗਈਆਂ ਹਨ, ਕਿਉਂਕਿ ਬੱਚੇ ਤਸਵੀਰਾਂ ਤੋਂ ਜ਼ਿਆਦਾ  ਪ੍ਰਭਾਵਤ ਹੁੰਦੇ ਹਨ।
   ‘ਪੰਛੀ ਤੇ ਕੁਦਰਤ’ ਕਾਵਿ ਸੰਗ੍ਰਹਿ ਵਿੱਚ ਭਾਵੇਂ ਨਿੱਕੀਆਂ-ਨਿੱਕੀਆਂ ਗੱਲਾਂ ਸੰਬੰਧੀ ਕਵਿਤਾਵਾਂ/ਗੀਤ ਲਿਖੇ ਗਏ ਹਨ, ਪ੍ਰੰਤੂ ਇਹ ਬਹੁਤ ਹੀ ਕੀਮਤੀ ਗੱਲਾਂ ਹੁੰਦੀਆਂ ਹਨ, ਜਿਹੜੀਆਂ ਬੱਚਿਆਂ ਨੂੰ ਸਾਰੀ ਉਮਰ ਸਫਲ ਜੀਵਨ ਜਿਓਣ ਵਿੱਚ ਸਹਾਈ ਹੋਣਗੀਆਂ। ‘ਮੇਰਾ ਪਿੰਡ’ ਤੇ ‘ਇਨਸਾਨੀਅਤ ਦਾ ਪਾਠ’ ਕਵਿਤਾਵਾਂ ਵਿੱਚ ਧਾਰਮਿਕ ਸਦਭਾਵਨਾ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਪਿੰਡਾਂ ਵਿੱਚ ਸਾਰੇ ਧਰਮਾ ਦੇ ਧਾਰਮਿਕ ਸਥਾਨ ਹੁੰਦੇ ਹਨ ਤੇ ਉਨ੍ਹਾਂ ਤੋਂ ਆਪਸੀ ਪਿਆਰ-ਮੁਹੱਬਤ ਦਾ ਸੰਦੇਸ਼ ਮਿਲਦਾ ਹੈ। ‘ਪੱਗ’ ਵਿੱਚ ਦਸਤਾਰ ਦੀ ਅਹਿਮੀਅਤ ਅਤੇ ਸਤਿਕਾਰ ਬਾਰੇ ਵਰਣਨ ਕੀਤਾ  ਗਿਆ ਹੈ। ਏਸੇ ਤਰ੍ਹਾਂ ‘ਸ਼ਰਾਬ’ ਸਿਰਲੇਖ ਵਾਲੀ ਕਵਿਤਾ ਵਿੱਚ ਨਸ਼ਿਆਂ ਦੇ ਨੁਕਸਾਨ ਬਾਰੇ  ਚਾਨਣਾ ਪਾਇਆ ਗਿਆ ਹੈ। ‘ਟਾਈਮ ਪੀਸ’, ‘ਸਮੇਂ ਦੀਆਂ  ਬਾਤਾਂ’, ‘ਇੱਕ ਮਿੰਟ’ ਤੇ ‘ਸਮਾਂ’ ਵਿੱਚ ਸਮੇਂ ਦੀ  ਕਦਰ, ‘ਬਿਲੀ ਦਾ ਮੂੰਹ’ ਲਾਲਚ, ਧੋਖੇ ਤੋਂ ਬਚਣ, ‘ਚੂਹੇ ਤੇ ਬਿੱਲੀ ਦੀ ਕਲਾਸ’ ਲੜਾਈ ਦੇ ਨੁਕਸਾਨ, ‘ਚਾਚੂ ਸੁਪਰ ਸਟਾਰ’ ‘ਮੇਰੇ ਪਾਪਾ’ ਤੇ ‘ਮਿਹਨਤ’ ਵਿੱਚ ਮਿਹਨਤ ਦੇ ਲਾਭ, ‘ਇਸ਼ਨਾਨ’ ਤੰਦਰੁਸਤੀ ਤੇ ਫੁਰਤੀ, ‘ਪਿਆਰਾ ਕੁੱਤਾ’ ਵਫ਼ਾਦਾਰੀ,  ‘ਸਾਈਕਲ’ ਤੇ ‘ਮੋਟਰ ਕਾਰ’ ਸਿਹਤਮੰਦ ਰਹਿਣ ਅਤੇ ਪੈਟਰੌਲ ਤੇ ਡੀਜ਼ਲ ਦੀ ਫ਼ਜ਼ੂਲ ਖ਼ਰਚੀ ਤੋਂ ਪ੍ਰਹੇਜ ਕਰਨ ਦੀ ਸਲਾਹ ਦਿੱਤੀ ਗਈ ਹੈ।  ‘ਅਖ਼ਬਾਰ’ ਕਵਿਤਾ ਵਿੱਚ ਪੜ੍ਹਨ ਦੀ ਤਾਕੀਦ ਵੀ ਕੀਤੀ ਗਈ ਹੈ ਤਾਂ ਜੋ ਬੱਚੇ ਸਾਹਿਤ ਨਾਲ ਜੁੜ ਸਕਣ ਤੇ ਪੜ੍ਹਾਈ ਕਰਨ ਦੀ  ਪ੍ਰਵਿਰਤੀ ਬਰਕਰਾਰ ਰਹੇ। ‘ਮਾਂ’  ਇਨਸਾਨੀ ਰਿਸ਼ਤਿਆਂ ਦੀ ਸਿੱਖਿਆ ਤੇ ਆਤਮ ਵਿਸ਼ਵਾਸ ਦਿੰਦੀ ਹੈ।‘ਸਿਲਾਈ ਮਸ਼ੀਨ’  ਹੱਥ ਨਾਲ ਘਰੇਲੂ ਕੰਮ ਕਰਨ ਦੀ  ਪ੍ਰ੍ਰੇਰਨਾ ਦਿੰਦੀ ਹੈ। ਕਵਿਤਾਵਾਂ ਰਾਹੀਂ ਖ਼ੂਨ ਦਾਨ ਕਰਨ ਅਤੇ ਦੀਵਾਲੀ ਵਰਗੇ ਹੋਰ ਤਿਓਹਾਰਾਂ ‘ਤੇ  ਵੀ  ਪ੍ਰਦੂਸ਼ਣ ਤੋਂ ਬਚਣ ਲਈ ਪਟਾਕੇ ਨਾ ਚਲਾਉਣਾ ਆਦਿ ਦੀਆਂ ਵਧੀਆ ਨਸੀਹਤਾਂ ਬੱਚਿਆਂ ਨੂੰ ਦਿੱਤੀਆਂ ਗਈਆਂ ਹਨ। ਲਗਪਗ ਸਾਰੀਆਂ ਕਵਿਤਾਵਾਂ/ਗੀਤ ਹੀ ਬੱਚਿਆਂ ਲਈ ਸਿੱਖਿਆਦਾਇਕ ਹਨ। ‘ਪਾਣੀ’ ਕਵਿਤਾ ਵਿੱਚ ਕਵੀ ਲਿਖਦਾ   ਹੈ-
 ਜੋ ਪਾਣੀ ਦੀ ਕਦਰ ਨਾ ਕਰਦੇ, ਘਾਣ ਉਹ ਕੁਦਰਤ ਦਾ ਕਰਦੇ।
ਪਾਣੀ ਜੇ ਅਸੀਂ  ਬਚਾਵਾਂਗੇ, ਲੰਮੀਆਂ ਉਮਰਾਂ ਪਾਵਾਂਗੇ।
ਆਓ ਸਾਰੇ ਸੌਂਹ ਇਹ ਖਾਈਏ, ਵੱਧ ਤੋਂ ਵੱਧ ਪਾਣੀ ਬਚਾਈਏ।
 ‘ਰੁੱਖ’ ਸਿਰਲੇਖ ਵਾਲੀ ਕਵਿਤਾ ਦੇ ਸ਼ਿਅਰ ਹਨ-
ਪੰਛੀਆਂ ਨੇ ਵੇਖੀਂ ਘਰ ਬਣਾਉਣੇ, ਗੀਤ ਖ਼ੁਸਹਾਲੀ ਦੇ ਰਲਕੇ ਗਾਉਣੇ।
ਧਰਤੀ ਪਾਣੀ ਦੇ ਇਹ ਰਾਖੇ, ਰੁੱਖ ਲਗਾਓ ਨੂਰ ਇਹ ਆਖੇ।
ਆਓ ਸਾਰੇ ਆਪਣਾ ਫ਼ਰਜ਼ ਨਿਭਾਈਏ, ਇੱਕ-ਇੱਕ ਰੁੱਖ ਜ਼ਰੂਰ ਲਗਾਈਏ।
  ਇਸ ਤੋਂ ਇਲਾਵਾ ਉਸ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਵਿਸ਼ਿਆਂ, ਜਿਨ੍ਹਾਂ ਵਿੱਚ ਭਰਿਸ਼ਟਾਚਾਰ, ਚੋਰੀ, ਠੱਗੀ, ਧੋਖਾ, ਫਰੇਬ, ਝੂਠ, ਫ਼ਰਜ਼ਾਂ, ਹੱਕਾਂ, ਮਨੁੱਖੀ ਅਧਿਕਾਰਾਂ ਅਤੇ ਇਨਸਾਫ਼ ਬਾਰੇ ਵੀ ਹਨ।  ਗੁਰਪ੍ਰੀਤ ਸਿੰਘ ਜਖਵਾਲੀ  ਦਾ ਸੰਬੰਧ ਪਿੰਡਾਂ ਨਾਲ ਹੋਣ ਕਰਕੇ ਉਹ ਦਿਹਾਤੀ ਬੱਚਿਆਂ ਦੀ ਮਾਨਸਿਕਤਾ ਨੂੰ                                                                    ਪੂਰੀ ਤਰ੍ਹਾਂ ਸਮਝਦਾ ਹੈ। ਉਸਦਾ ਜਨਮ ਪਟਿਆਲਾ ਜ਼ਿਲ੍ਹੇ ਦੇ ਪਿੰਡ ਜਖਵਾਲੀ ਵਿਖੇ 27 ਫਰਵਰੀ 1981 ਨੂੰ ਪਿਤਾ ਸ਼ਾਦੀ ਰਾਮ ਮਾਤਾ ਸਰਦਾਰ ਕੌਰ ਦੇ ਘਰ ਹੋਇਆ। ਹੁਣ ਇਹ ਪਿੰਡ ਫ਼ਤਿਹਗੜ੍ਹ ਜ਼ਿਲ੍ਹੇ ਵਿੱਚ ਹੈ।  ਉਸਦਾ ਵਿਆਹ ਮਨਦੀਪ ਕੌਰ ਢਿਲੋਂ ਨਾਲ ਹੋਇਆ, ਉਨ੍ਹਾਂ ਦੇ  ਤਿੰਨ ਬੱਚੇ ਗੁਰਮਹਿਕ ਢਿਲੋਂ, ਹਰਨੂਰ ਸਿੰਘ ਅਤੇ  ਅਵਲੀਨ ਢਿਲੋਂ ਹਨ। ਗੁਰਪ੍ਰੀਤ ਸਿੰਘ ਜਖਵਾਲੀ ਦੀਆਂ ਕਵਿਤਾਵਾਂ ਬੱਚਿਆਂ ਦੇ ਦਿਲਾਂ ਤੇ  ਸਿੱਧਾ ਅਸਰ ਕਰਨ ਵਾਲੀਆਂ ਹਨ। ਭਵਿਖ ਵਿੱਚ ਵੀ ਗੁਰਪ੍ਰੀਤ ਸਿੰਘ ਜਖਵਾਲੀ ਕੋਲੋਂ ਚੰਗੀਆਂ ਬਾਲ  ਕਵਿਤਾਵਾਂ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ।
     72 ਪੰਨਿਆਂ, 150 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਜੇ.ਪੀ.ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
   ਮੋਬਾਈਲ-94178 13072
 ujagarsingh48@yahoo.com

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ - ਉਜਾਗਰ ਸਿੰਘ

ਜਸਵਿੰਦਰ ਧਰਮਕੋਟ ਸੰਵੇਦਨਸ਼ੀਲ, ਆਸ਼ਾਵਾਦੀ, ਸਮਾਜਵਾਦੀ ਤੇ ਮਨੁੱਖੀ ਮਾਨਸਿਕਤਾ ਦਾ ਚਿਤੇਰਾ ਕਹਾਣੀਕਾਰ ਹੈ। ਉਸ ਦੀਆਂ ਦੋ ਪੁਸਤਕਾਂ ਇੱਕ ‘ਪਿਘਲਤਾ ਸੂਰਜ’ ਹਿੰਦੀ ਬਾਲ ਕਾਵਿ ਸ੍ਰੰਗ੍ਰਹਿ ਅਤੇ ਇੱਕ ਅਨੁਵਾਦ ਦੀ ਪੁਸਤਕ ‘ਰੁੱਖ ਕੀ ਹੈੈ’? ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਚਰਚਾ ਅਧੀਨ ਕਹਾਣੀ ਸੰਗ੍ਰਹਿ ‘ਮੈਲਾਨਿਨ’ ਉਸਦਾ ਪਲੇਠਾ ਕਹਾਣੀ ਸੰਗ੍ਰਹਿ ਹੈ। ਇਸ ਕਹਾਣੀ ਸੰਗ੍ਰਹਿ ਵਿੱਚ ਵੱਖੋ-ਵੱਖਰੇ ਰੰਗ ਵਿਖੇਰਦੀਆਂ 8 ਕਹਾਣੀਆਂ ਹਨ। ਕਹਾਣੀ ਸੰਗ੍ਰਹਿ ਦੇ ਸਿਰਲੇਖ ਵਾਲੀ ਅਤੇ ਬਾਕੀ 7 ਕਹਾਣੀਆਂ ਦੇ ਸਿਰਲੇਖ ਨਿਵੇਕਲੇ ਹਨ, ਜਿਸ ਕਰਕੇ ਪਾਠਕ ਦੇ ਮਨ ਵਿੱਚ ਇਸ ਕਹਾਣੀ ਸੰਗ੍ਰਹਿ ਨੂੰ ਪੜ੍ਹਨ ਦੀ ਉਤਸੁਕਤਾ ਪੈਦਾ ਹੋ ਜਾਂਦੀ ਹੈ। ਕਹਾਣੀਕਾਰ ਨੇ ਆਪਣਾ ਸਾਹਿਤਕ ਸਫ਼ਰ ਕਵਿਤਾ ਤੋਂ ਸ਼ੁਰੂ ਕੀਤਾ, ਇਸ ਲਈ ਉਸਦੀ ਵਾਰਤਕ ਰਵਾਨਗੀ ਵਾਲੀ,  ਕਾਵਿਮਈ, ਰਸਦਾਇਕ, ਸੁਗੰਧਤ ਤੇ ਦਿਲਚਸਪ ਹੈ। ਪਾਠਕ ਕਹਾਣੀ ਸ਼ੁਰੂ ਕਰਕੇ ਖ਼ਤਮ ਕੀਤੇ ਬਿਨਾ ਅੱਧ ਵਿਚਕਾਰ ਛੱਡ ਨਹੀਂ ਸਕਦਾ। ਉਸ ਦੀਆਂ ਲਗਪਗ ਸਾਰੀਆਂ ਕਹਾਣੀਆਂ ਹੀ ਪਾਤਰਾਂ ਦਾ ਮਨੋਵਿਸ਼ਲੇਸ਼ਣ ਕਰਦੀਆਂ ਹਨ। ਇਸ ਤੋਂ ਇਲਾਵਾ ਮਾਨਵਤਾ ਦੀ ਜ਼ਾਤ-ਪਾਤ, ਰੰਗ-ਰੂਪ, ਧਾਰਮਿਕ ਅਤੇ ਨਸਲੀ ਵਿਤਕਰਿਆਂ ਦੀ ਮਾਨਸਿਕਤਾ ਨੂੰ ਦਿ੍ਰਸ਼ਟਾਂਤਿਕ ਰੂਪ ਵਿੱਚ ਦਰਸਾਉਣ ਵਿੱਚ ਸਫ਼ਲ ਹੁੰਦੀਆਂ ਹਨ। ਅਧਿਆਪਨ ਦੇ ਕਿੱਤੇ ਵਿੱਚ ਹੋਣ ਕਰਕੇ ਉਸਦਾ ਤਜ਼ਰਬਾ ਵਿਸ਼ਾਲ ਹੈ, ਇਸ ਤਜ਼ਰਬੇ ਕਰਕੇ ਉਸ ਦੀਆਂ ਕਹਾਣੀਆਂ ਦੇ ਵਿਸ਼ੇ ਵੀ ਇਨਸਾਨ ਦੀ ਮਾਨਸਿਕਤਾ ਦੀ ਉਥਲ-ਪੁਥਲ ਨਾਲ ਸੰਬੰਧਤ ਹਨ। ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ‘ਸ਼ਾਲ’ ਵਿੱਚ ਇਨਸਾਨੀ ਰਿਸ਼ਤਿਆਂ ਦੇ  ਨਿੱਘ ਦੀ ਸੁਗੰਧ ਆਉਂਦੀ ਹੈ। ਜਾਤ-ਪਾਤ ਰਹਿਤ ਸਮਾਜ ਦੀ ਪ੍ਰਵਿਰਤੀ ਦਾ ਸੰਕਲਪ ਵਿਖਾਈ ਦਿੰਦਾ ਹੈ। ਇਸਦੇ ਨਾਲ ਹੀ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਹਾਲਾਤ ਵਿਗੜਨ ਨਾਲ ਰਿਸ਼ਤਿਆਂ ਵਿੱਚ ਤਣਾਓ ਅਤੇ ਨਫ਼ਰਤ ਦੇ ਬੀਜ ਉਗਮਣ ਲੱਗਦੇ ਹਨ। ਦੂਜੀ ਕਹਾਣੀ ਇਸ ਸੰਗ੍ਰਹਿ ਦੇ ਸਿਰਲੇਖ ‘ਮੈਲਾਨਿਨ’ ਹੈ, ਜਿਸ ਵਿੱਚ ਪੂਨਮ ਵਰਗੀਆਂ ਲੜਕੀਆਂ ਕਾਲੇ ਰੰਗ ਕਰਕੇ ਸਮਾਜ ਵੱਲੋਂ  ਅਣਡਿਠ ਕੀਤੀਆਂ ਜਾਂਦੀਆਂ ਹਨ, ਪ੍ਰੰਤੂ ਇਸ ਕਹਾਣੀ ਵਿੱਚ ਕਾਲੇ ਰੰਗ ਦਾ ਕਾਰਨ ਦਿਮਾਗ ਵਿੱਚ ਮੈਲਾਨਿਨ ਨਾਮ ਦੇ ਤਰਲ ਪਦਾਰਥ ਦੀ  ਵਧੇਰੇ ਮਾਤਰਾ ਦਾ ਹੋਣਾ ਹੁੰਦਾ ਦਰਸਾਇਆ ਗਿਆ ਹੈ। ਸਭਿਆ ਸਮਾਜ ਵਿੱਚ ਵੀ ਇਹ ਭੇਦ ਅਜੇ ਤੱਕ ਬਰਕਰਾਰ ਹੈ। ਪ੍ਰੰਤੂ ਵਿਕਸਤ  ਸ਼ਹਿਰਾਂ ਵਿੱਚ ਪੜ੍ਹੇ ਲਿਖੇ ਵਿਦਿਆਰਥੀਆਂ ਦੀ ਸੋਸਾਇਟੀ ਇਨ੍ਹਾਂ ਰੰਗਾਂ ਦੇ ਭੇਦ ਮਿਟਾ ਦਿੰਦੀ ਹੈ। ਜਿਵੇਂ ਪੂਨਮ ਆਪਣੇ ਦੋਸਤ ਪੈਂਗ ਦੀ ਜ਼ਿੰਦਗੀ ਆਪਣੀ ਕਿਡਨੀ ਦੇ ਕੇ ਬਚਾਉਂਦੀ ਹੈ ਅਤੇ  ਨਜ਼ੀਰ ਪੂਨਮ ਦਾ ਹੱਥ ਫੜ੍ਹਕੇ ਜ਼ਿੰਦਗੀ ਭਰ ਦਾ ਸਾਥੀ ਬਣ ਜਾਂਦਾ ਹੈ। ਇਥੇ ਰੰਗ ਤੇ ਜ਼ਾਤ-ਪਾਤ ਦੇ ਭੇਦ ਖ਼ਤਮ ਹੋ ਜਾਂਦੇ ਹਨ ਤੇ ਪੂਨਮ ਦੀ ਜ਼ਿੰਦਗੀ ਰੰਗੀਨ ਹੋ ਜਾਂਦੀ ਹੈ। ਤੀਜੀ ਕਹਾਣੀ ‘ਪਲੇਟੀ’ ਹੈ, ਜਿਸ ਵਿੱਚ ਕਹਾਣੀਕਾਰ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਧੁਨਿਕਤਾ ਦੇ ਸਮੇਂ ਵਿੱਚ ਬਹੁਤੀ ਭੱਜ ਦੌੜ, ਝੂਠੇ ਵਿਖਾਵੇ, ਸ਼ੋਸ਼ਲ ਮੀਡੀਆ ਦੀ ਵਧੇਰੇ ਵਰਤੋਂ, ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਪੰਜਾਬੀ ਤੋਂ ਪਿੱਠ ਮੋੜਨਾ, ਪੜ੍ਹਾਈ ਦਾ ਬੱਚਿਆਂ ਤੇ ਬੋਝ, ਪਾਸ ਹੋਣ ਦੀ  ਥਾਂ ਪੂਰੇ ਨੰਬਰ ਲੈਣ ਦੀ  ਹੋੜ, ਪ੍ਰਾਈਵੇਟ ਨੌਕਰੀਆਂ ਵਿੱਚ ਘੱਟ ਤਨਖ਼ਾਹਾਂ, ਅਣਗਹਿਲੀ ਦੀਆਂ ਘਟਨਾਵਾਂ ਅਤੇ ਨੌਕਰੀਆਂ ਵਿੱਚੋਂ ਕੱਢਣ ਦਾ ਡਰ ਆਦਿ ਮਹੱਤਵਪੂਰਨ ਗੱਲਾਂ/ਨੁਕਤਿਆਂ ਨੂੰ ਦਰਸਾਇਆ ਗਿਆ ਹੈ, ਜਿਨ੍ਹਾਂ ਦੇ ਬੋਝ ਕਰਕੇ ਇਨਸਾਨ ‘ਤੇ ਮਾਨਸਿਕ ਤਣਾਓ ਪੈਦਾ ਹੋ ਜਾਂਦਾ ਹੈ। ਇਸ ਕਹਾਣੀ ਵਿੱਚ ਰਵੀਸ਼ ਦੀ ਮਾਨਸਿਕਤਾ ਦਾ ਚਿਤਰਣ ਕੀਤਾ ਗਿਆ ਹੈ। ਅਜਿਹੇ  ਹਾਲਾਤ ਵਿੱਚ ਲੋਕ ਮਾਨਸਿਕ ਰੋਗੀ ਬਣ ਜਾਂਦੇ ਹਨ। ਚੌਥੀ ਕਹਾਣੀ ‘ਲੀਸੀਅਮ ਨਿਕੇਤਨ’ ਇਹ ਕਹਾਣੀ ਪਰਵਾਸ ਦੇ ਇੱਕ ਵਿਲੱਖਣ ਕਿਸਮ ਦੇ ਸਕੂਲ ਬਾਰੇ ਹੈ, ਜਿਥੇ ਲਾਵਾਰਿਸ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ। ਇਹ ਸਕੂਲ ਇੱਕ ਕਿਸਮ ਦਾ ਨਮੂਨੇ ਦਾ ਸਕੂਲ ਹੈ, ਜਿਸ ਵਿੱਚ ਵੱਖੋ -ਵੱਖਰੇ ਦੇਸ਼ਾਂ ਦੀਆਂ ਬੋਲੀਆਂ, ਸਭਿਆਚਾਰ, ਪਹਿਰਾਵੇ, ਧਰਮਾ ਬਾਰੇ ਪੜ੍ਹਾਇਆ ਜਾਂਦਾ ਹੈ, ਇਹ ਕਹਾਣੀ ਆਪਸੀ ਪਿਆਰ, ਸਹਿਹੋਂਦ, ਸਹਿਨਸ਼ੀਲਤਾ, ਧਰਮ ਨਿਪੇਖਤਾ, ਕੁਦਰਤ ਅਤੇ ਰੁੱਖਾਂ ਨਾਲ ਪਿਆਰ, ਭਾਈਚਾਰਾ ਅਤੇ ਸੰਕੀਰਨ ਸੋਚ ਤੋਂ ਕਿਨਾਰਾ ਕਰਨ ਦੀ ਸਿਖਿਆ ਦਿੰਦੀ ਹੈ। ਬਿਲਕੁਲ ਸ਼ਾਂਤੀ ਨਿਕੇਤਨ ਵਾਲੇ ਵਾਤਾਵਰਨ ਦਾ ਅਹਿਸਾਸ ਕਰਾਉਂਦੀ ਹੈ। ਇਹ ਕਹਾਣੀ ਅਧਿਆਪਕਾਂ, ਵਿਦਿਆਰਥੀਆਂ ਅਤੇ ਇਥੋਂ ਤੱਕ ਕਿ ਛੋਟੇ ਮੁਲਾਜ਼ਮਾ ਦੇ ਆਪਸੀ ਸਦਭਾਵਨਾ ਤੇ ਬਰਾਬਰਤਾ ਦੇ ਵਿਵਹਾਰ ਦਾ ਪ੍ਰਗਟਾਵਾ ਕਰਦੀ ਸਾਰਿਆਂ ਨੂੰ ਬਰਾਬਰ ਸਮਝਣ ਦੀ ਤਾਕੀਦ ਕਰਦੀ ਹੈ। ਪੰਜਵੀਂ ਕਹਾਣੀ ‘ਊਈ’ ਸਕੂਲਾਂ ਵਿੱਚ ਨਸ਼ਿਆਂ ਦੇ ਫੈਲੇ ਪ੍ਰਕੋਪ ਦੀ ਦਾਸਤਾਂ ਹੈ। ਕਿਸ ਪ੍ਰਕਾਰ ਨੌਜਵਾਨ ਕੁੜੀਆਂ ਵੀ ਗ਼ਲਤ ਸੰਗਤ ਵਿੱਚ ਪੈ ਕੇ ਕੁਰਾਹੇ ਪੈ ਜਾਂਦੀਆਂ ਹਨ। ਨੌਜਵਾਨ ਲੜਕੇ ਜਾਲ ਵਿਛਾਕੇ ਅੱਲ੍ਹੜ੍ਹ ਲੜਕੀਆਂ ਨੂੰ ਆਪਣੀ ਚੁੰਗਲ ਵਿੱਚ ਫਸਾ ਲੈਂਦੇ ਹਨ। ਸਕੂਲਾਂ ਦੇ ਲੜਕੇ ਲੜਕੀਆਂ ਆਪਣੇ ਮਾਪਿਆਂ ਨੂੰ ਵੀ ਧੋਖਾ ਦੇਣ ਲੱਗਿਆਂ ਹਿਚਕਚਾਉਂਦੇ ਨਹੀਂ। ਸਕੂਲਾਂ ਵਿੱਚ ਬੱਚੇ ਮੋਬਾਈਲ ਦੀ ਵਰਤੋਂ ਕਰਦੇ ਹਨ, ਜਿਹੜਾ ਉਨ੍ਹਾਂ ਦੇ ਭਵਿਖ ਲਈ ਖ਼ਤਨਾਕ ਸਾਬਤ ਹੁੰਦਾ ਹੈ, ਜਿਵੇਂ ਮਹਿਕ ਨਾਲ ਵਾਪਰਦਾ ਹੈ। ਤਮੰਨਾ ਵਰਗੀਆਂ ਚਾਲਾਕ ਕੁੜੀਆਂ ਨਵੀਂਆਂ ਦਾਖਲ ਹੋਈਆਂ ਮਹਿਕ ਵਰਗੀਆਂ ਅਣਭੋਲ ਲੜਕੀਆਂ ਨੂੰ ਗੁਮਰਾਹ ਕਰਕੇ ਨਸ਼ਿਆਂ ‘ਤੇ ਲਾ ਦਿੰਦੀਆਂ ਹਨ। ਕੁਝ ਅਧਿਆਪਕ ਵੀ ਇਨ੍ਹਾਂ ਲੜਕੇ ਲੜਕੀਆਂ ਨੂੰ ਆਪਣੇ ਜਾਲ ਵਿੱਚ ਫਸਾ ਲੈਣ ਦੀ ਕੋਸ਼ਿਸ਼  ਕਰਦੇ ਹਨ। ਅਧਿਆਪਕਾਂ ਅਤੇ ਬੱਚਿਆਂ ਦੇ ਕਿਰਦਾਰ ਵਿੱਚ ਆਈ ਗਿਰਾਵਟ ਇਸ ਕਹਾਣੀ ਵਿੱਚੋਂ ਝਲਕਦੀ ਹੈ।  ਮਾਪੇ ਫਿਰ ਵੀ ਬੱਚਿਆਂ ਨੂੰ ਪਿਆਰ ਕਰਦੇ  ਹਨ। ਊਈ ਕਹਾਣੀ ਇਹ ਵੀ ਸਿਖਿਆ ਦਿੰਦੀ ਹੈ ਕਿ  ਬੱਚਿਆਂ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਹੈ। ਪਰਵਾਸ ਦੀ ਜ਼ਿੰਦਗੀ ਵੀ ਕੰਡਿਆਂ ਦੀ ਸੇਜ ਹੈ। ਛੇਵੀਂ ਕਹਾਣੀ ‘ਬੱਕਲ ਮਾਈ ਸ਼ੂਅ’ ਨਛੱਤਰ ਡਰਾਇਵਰ ਦੀ ਨਸ਼ੇ ਤੇ ਵੈਲੀ ਦੀ ਆਦਤ ਨਾਲ ਪਰਿਵਾਰ ਦੀ ਆਰਥਿਕ ਮੰਦਹਾਲੀ ਨੂੰ ਦਰਸਾਉਂਦੀ ਹੋਈ ਉਸਦੇ ਪੁੱਤਰ ਮਨਕੀਰਤ ਦੀ ਮਾਨਸਿਕਤਾ ਚਿਤਰਣ ਕਰਦੀ ਹੋਈ ਮਤਰੇਈਆਂ ਮਾਵਾਂ ਦੇ ਵਿਵਹਾਰ ਦਾ ਪਰਦਾ ਫਾਸ਼ ਕਰਦੀ ਹੈ। ਕਿਰਨ ਵਰਗੀਆਂ ਲੜਕੀਆਂ ਪਰਿਵਾਰਾਂ ਦੀਆਂ ਆਰਥਿਕ ਮਜ਼ਬੂਰੀਆਂ ਕਰਕੇ ਆਪਣੇ ਸਪਨੇ ਪੂਰੇ ਨਹੀਂ ਕਰ ਸਕਦੀਆਂ ਤੇ ਉਨ੍ਹਾਂ ਦੇ ਪਤੀ ਬੇਸ਼ਰਮੀ ਨਾਲ ਕੁੱਟਦੇ ਮਾਰਦੇ ਹੋਏ ਚਰਿਤਰ ਤੇ ਸ਼ੱਕ ਕਰਨ ਲੱਗ ਜਾਂਦੇ ਹਨ। ਮਤਰੇਏ ਬੱਚਿਆਂ ਦਾ ਹਾਲ ਵੀ ਮਨਕੀਰਤ ਵਰਗਾ ਹੀ ਹੁੰਦਾ ਹੈ। ‘ਯਾਤਰਾ ਅਜੇ ਮੁੱਕੀ ਨਹੀਂ’ ਸੱਤਵੀਂ ਕਹਾਣੀ  ਵਿੱਚ ਦੋ ਪ੍ਰੇਮੀਆਂ ਏਕਰੂਪ ਅਤੇ  ਸੰਕਲਪ ਦੀ ਪ੍ਰੇਮ ਕਥਾ ਅਮੀਰ-ਗ਼ਰੀਬ ਅਤੇ ਜ਼ਾਤ-ਪਾਤ ਦੇ ਪਾੜੇ ਕਰਕੇ ਲੜਕੀ ਦੇ ਪਰਿਵਾਰ ਵੱਲੋਂ ਜਦੋਂ ਪ੍ਰਵਾਨ ਨਹੀਂ ਚੜ੍ਹਦੀ ਤਾਂ ਉਹ ਕੋਰਟ ਮੈਰਿਜ ਕਰਵਾਕੇ ਜ਼ਿੰਦਗੀ ਬਸਰ ਕਰਨ ਲੱਗ ਜਾਂਦੇ ਹਨ। ਪਰਵਾਸ ਵਿੱਚ ਸੈਟਲ ਹੋਣ ਦੇ ਸਪਨੇ ਸਿਰਜਦੇ ਹਨ। ਆਪੋ ਆਪਣੇ ਪ੍ਰੋਫੈਸ਼ਨ ਵਿੱਚ ਕੰਮ  ਕਰਨ ਲੱਗਦੇ ਹਨ, ਪ੍ਰੰਤੂ ਅਚਾਨਕ ਸੰਕਲਪ ਨੂੰ ਨਾਮੁਰਾਦ ਬਿਮਾਰੀ ਘੇਰ ਲੈਂਦੀ ਹੈ।  ਅਜਿਹੇ ਮੌਕੇ ‘ਤੇ ਪਰਵਾਸ ਤੋਂ ਸੰਕਲਪ ਦਾ ਪ੍ਰਾਜੈਕਟ ਪ੍ਰਵਾਨ ਹੋ ਜਾਂਦਾ ਹੈ। ਇਥੇ ਆ ਕੇ ਕਹਾਣੀ ਖ਼ਤਮ ਹੋ ਜਾਂਦੀ ਹੈ। ‘ਯਾਤਰਾ ਅਜੇ ਮੁੱਕੀ ਨਹੀਂ’ ਕਹਾਣੀ ਦਾ ਸਿੱਟਾ ਇਹ ਨਿਕਲਦਾ ਹੈ ਕਿ ਜੇਕਰ ਜ਼ਿੰਦਗੀ ਵਿੱਚ ਜਦੋਜਹਿਦ ਕੀਤੀ ਜਾਵੇ ਤਾਂ ਜ਼ਰੂਰ ਇੱਕ ਨਾ ਇੱਕ ਦਿਨ ਨਿਸ਼ਾਨੇ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਹਾਣੀ ਸੰਗ੍ਰਹਿ ਦੀ ਅੱਠਵੀਂ ਅਤੇ ਆਖ਼ਰੀ ਕਹਾਣੀ ‘ਆਖ਼ਰੀ ਛੁੱਟੀ’ ਵਿੱਚ  ਸਮਾਜਿਕ ਤਾਣੇ-ਬਾਣੇ ਦੀ ਗਿਰਾਵਟ ਜਿਸ ਵਿੱਚ ਗ਼ਰੀਬੀ, ਵਹਿਮ-ਭਰਮ, ਲੁੱਟ-ਖੋਹ, ਨਸ਼ਿਆਂ ਅਤੇ ਬੱਚਿਆਂ ਨੂੰ ਚੁੱਕ ਕੇ ਭਿਖਾਰੀ ਬਣਾਉਣ ਵਰਗੇ ਮਹੱਤਵਪੂਰਨ ਵਿਸ਼ਿਆਂ ਸੰਬੰਧੀ ਜਾਣਕਾਰੀ ਦੇ ਕੇ ਚਿੰਤਾ ਪ੍ਰਗਟਾਈ ਗਈ ਹੈ। ਭਵਿਖ ਵਿੱਚ  ਜਸਵਿੰਦਰ ਧਰਮਕੋਟ ਤੋਂ ਹੋਰ ਵਧੀਆ ਪ੍ਰੇਰਨਾਦਾਇਕ ਕਹਾਣੀਆਂ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ।
   112 ਪੰਨਿਆਂ, 225 ਰੁਪਏ ਕੀਮਤ ਵਾਲਾ ਇਹ ਕਹਾਣੀ ਸੰਗ੍ਰਹਿ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ।
ਸੰਪਰਕ  :  ਜਸਵਿੰਦਰ ਧਰਮਕੋਟ 8146257200
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48@yahoo.com

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ  ਸੁਮੇਲ - ਉਜਾਗਰ ਸਿੰਘ

ਅਵਤਾਰਜੀਤ ਮਾਨਸਿਕ ਉਲਝਣਾ ਅਤੇ ਸਮਾਜਿਕ ਸਰੋਕਾਰਾਂ ਦਾ ਚਿਤੇਰਾ ਸਥਾਪਤ ਸ਼ਾਇਰ ਹੈ। ਉਸ ਦੇ ਪੰਜ ਮੌਲਿਕ ਕਾਵਿ ਸੰਗ੍ਰਹਿ ਅਤੇ ਇੱਕ ਸੰਪਾਦਿਤ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ। ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਉਸਦੀ ਸੱਤਵੀਂ ਪੁਸਤਕ ਹੈ। ਇਸ ਵਿਚਲੀਆਂ ਖੁਲ੍ਹੀਆਂ ਵਿਚਾਰ ਪ੍ਰਧਾਨ ਕਵਿਤਾਵਾਂ ਹਨ। ਆਧੁਨਿਕਤਾ ਦੇ ਜ਼ਮਾਨੇ ਵਿੱਚ ਇਨਸਾਨ ਦੇ ਮਨ-ਮਸਤਕ ਵਿਚ ਅਨੇਕ ਵਿਚਾਰਾਂ ਦਾ ਪ੍ਰਵਾਹ ਲਗਾਤਰ ਉਠਦਿਆਂ, ਬੈਠਦਿਆਂ, ਤੁਰਦਿਆਂ, ਫਿਰਦਿਆਂ ਇੱਥੋਂ ਤੱਕ ਕਿ ਸੁਤਿਆਂ ਵੀ ਚਲਦਾ ਰਹਿੰਦਾ ਹੈ। ਅਵਤਾਰਜੀਤ ਅਜਿਹੀਆਂ ਪ੍ਰਸਥਿਤੀਆਂ ਦਾ ਚਿਤੇਰਾ ਸ਼ਾਇਰ ਹੈ। ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਕਾਵਿ ਸੰਗ੍ਰਹਿ ਵਿੱਚ ਉਸਨੇ ਆਪਣੇ ਨਿੱਜ ਦੇ ਸਾਧਨ ਰਾਹੀਂ ਫਸਟ ਪਰਸਨ ਵਿੱਚ ਸਮੁੱਚੀ ਮਾਨਵਤਾ ਦੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਇੱਕ ਕਿਸਮ ਨਾਲ ਲੋਕਾਈ ਦੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਭਾਵ ਜਨਰਲਾਈਜ਼ ਕਰ ਦਿੱਤਾ ਹੈ, ਜੋ ਉਸਦੀ ਪ੍ਰਾਪਤੀ ਹੈ। ਪੁਸਤਕ ਦਾ ਨਾਂ ਪੜ੍ਹਕੇ ਇਉਂ ਲੱਗਦਾ ਹੈ ਕਿ ਇਹ ਉਸਦੇ ਨਿੱਜ ਨਾਲ ਸੰਬੰਧਤ ਹੈ, ਪ੍ਰੰਤੂ ਇਸ ਵਿੱਚ ਭੋਰਾ ਵੀ ਸਚਾਈ ਨਹੀ ਹੈ, ਸਗੋਂ ਉਹ ਤਾਂ ਇਸ ਉਥਲ-ਪੁਥਲ ਨੂੰ ਲੋਕਾਈ ਦੀ ਪੀੜ ਵਿੱਚ ਬਦਲਣ ਵਿੱਚ ਸਫ਼ਲ ਹੋਇਆ ਹੈ। ਸ਼ਾਇਰ ਨੇ ਆਪਣੀਆਂ ਕਵਿਤਾਵਾਂ ਦੇ  ਵਿਸ਼ੇ ਸਮਾਜਿਕ ਤਾਣੇ-ਬਾਣੇ ਦੀਆਂ ਤ੍ਰਾਸਦੀਆਂ ਵਿੱਚੋਂ ਲਏ ਹਨ, ਜਿਵੇਂ ਬਿਰਧ ਆਸ਼ਰਮ, ਮੁਲਾਜ਼ਮਾ ਦੀ ਪਰਿਵਾਰ ਪਾਲਣ ਦੀ ਕਠਨਾਈੋ,  ਦਰਬਾਰੀਏ ਕਵੀੋ, ਮਨੁੱਖਤਾ ਵੱਲੋਂ ਨਫ਼ਰਤ ਵਿੱਚ ਜ਼ਹਿਰ, ਪੰਜਾਬ ਦੀ ਨਸਲਕੁਸ਼ੀੋ, ਕੁਰਬਾਨੀਆਂ, ਜਲਿ੍ਹਆਂ ਵਾਲੇ ਬਾਗ ਦੀ ਘਟਨਾ, ਰੋਟੀ ਦੀ ਭੁੱਖ, ਇਨਸਾਨ-ਇਨਸਾਨ ਦਾ ਦੁਸ਼ਮਣ, ਦਹਿਸ਼ਤਗਰਦੀ ਦੇ ਪ੍ਰਭਾਵ ਆਦਿ ਸ਼ਾਮਲ ਹਨ। ਉਹ ਕਵਿਤਾਵਾਂ ਸਿੰਬਾਲਿਕ ਢੰਗ ਨਾਲ ਲਿਖਦਾ ਹੈ। ਇਹੋ ਸ਼ਾਇਰ ਦੀ ਵਿਲੱਖਣ ਪ੍ਰਾਪਤੀ ਹੈ। ਇਸ ਕਾਵਿ ਸੰਗ੍ਰਹਿ ਵਿੱਚ 114 ਛੋਟੀਆਂ-ਵੱਡੀਆਂ ਕਵਿਤਾਵਾਂ ਹਨ। ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਦੋ  ਭਾਗਾਂ ਵਿੱਚ ਹਨ। ਪਹਿਲੇ ਭਾਗ ਦੀ ਪਹਿਲੀ ਕਵਿਤਾ ‘ਸੈਲਫ਼ੀ’ ਤੋਂ ਪਹਿਲਾਂ ਇਹ ਚਾਰ ਸਤਰਾਂ:  
ਜ਼ੁਰਤ ਕੀ ਏ ਵਕਤ ਦੀ, ਸਾਡੀ ਖੋਹ ਲਏ ਮੁਸਕਾਨ।
ਮੱਥਿਆਂ ਦੇ ਵਿੱਚ ਜਿੱਤ ਹੈ, ਸਾਡਾ ਮੁਹੱਬਤ ਚੋਣ ਨਿਸ਼ਾਨ।
  ਕਵੀ ਦੀ ਮਜ਼ਬੂਤ ਮਾਨਸਿਕਤਾ ਦਾ ਪ੍ਰਗਟਾਵਾ ਕਰਦੀਆਂ ਹੋਈਆਂ, ਮੁਹੱਬਤ ਦਾ ਸੰਦੇਸ਼ ਵੀ ਦਿੰਦੀਆਂ ਹਨ। ਭਾਵ ਮੁਹੱਬਤ ਹੀ ਸੰਸਾਰ ਵਿੱਚ ਅਜਿਹੀ ਭਾਵਨਾ ਹੈ, ਜਿਹੜੀ ਜ਼ਿੰਦਗੀ ਨੂੰ ਤਰੋ-ਤਾਜ਼ਾ ਰੱਖਦੀ ਹੋਈ ਮਹਿਕਣ ਲਗਾ ਸਕਦੀ ਹੈ। ਹਰ ਮੁਸੀਬਤ ਨੂੰ ਸਰ ਕਰ ਸਕਦੀ ਹੈ। ਇਹ ਸਤਰਾਂ ਇੱਕ ਕਿਸਮ ਨਾਲ ਇਹ ਵੀ ਸਾਬਤ ਕਰਦੀਆਂ ਹਨ ਕਿ  ਲੋਕਾਈ ਇਸ ਉਥਲ-ਪੁਥਲ ਦੇ ਬਾਵਜੂਦ ਵੀ ਬੁਲੰਦੀਆਂ ਨੂੰ ਛੂਹ ਸਕਦੀ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਵੀ ਆਸ਼ਾਵਾਦੀ ਹੈ। ਇਹ ਕਾਵਿ ਸੰਗ੍ਰਹਿ ਲਾਲਸਾਵਾਂ ਤੇ ਇਛਾਵਾਂ ਵਿੱਚ ਗ੍ਰਸੀ ਮਾਨਵਤਾ ਦੀ ਬਿਖਰੀ ਤੇ ਤਿੜਕੀ ਮਾਨਸਿਕਤਾ ਦਾ ਵਿਸ਼ਲੇਸ਼ਣ ਕਰਦਾ ਹੈ। ਕਵੀ ਰੁੱਖਾਂ ਰਾਹਂੀਂ ਮਨੁੱਖਾਂ ਦੇ ਦੁੱਖਾਂ ਦੀ ਗੱਲ ਕਰਦਾ ਹੈ। ਵਿਰੋਧ ਵੀ ਤਾਕਤ ਦਿੰਦਾ ਹੈ ਤੇ ਹਾਰ ਜਿੱਤ ਦੀ ਨਿਸ਼ਾਨਦੇਹੀ ਕਰਦਾ ਹੈ। ਅਸਫ਼ਲਤਾ ਨੂੰ ਇਨਸਾਨ ਭੁਲਾ ਨਹੀਂ ਸਕਦਾ, ਸਗੋਂ ਅਸਫ਼ਲਤਾ ਉਸਦੇ ਚੇਤਿਆਂ ਵਿੱਚ ਉਸਲਵੱਟੇ ਲੈਂਦੀ ਰਹਿੰਦੀ ਹੈ। ਛਲਾਵੇ ਗੁੰਮਰਾਹ ਨਹੀਂ ਕਰ  ਸਕਦੇ। ਸ਼ਹਿਰੀਕਰਨ ਨੇ ਦਿਹਾਤ ਨੂੰ ਨਿਗਲ ਲਿਆ ਹੈ, ਜਿਸ ਕਰਕੇ ਇਨਸਾਨ ਦੇ ਮਨ ਵਿੱਚ ਟਿਕਾਅ ਨਹੀਂ ਰਹਿੰਦਾ। ਸੰਸਾਰ ਦੀ ਸੋਚ ਵਿੱਚ ਬਦਲਾਅ ਆ ਰਿਹਾ ਹੈ, ਪੁੱਤਰ ਮੋਹ ਦੀ ਥਾਂ ਪੁੱਤਰੀ ਮੋਹ ਵੱਧ ਰਿਹਾ ਹੈ। ਨਸ਼ੇ ਤੇ ਪਰਵਾਸ ਚਿੰਤਾ ਦੇ ਵਿਸ਼ੇ ਹਨ। ਇਹ ਚਿੰਤਾ/ਦੁੱਖ ਮਜ਼ਬੂਤੀ ਬਖ਼ਸ਼ਦੇ ਹਨ। ਪੰਜਾਬ ਨੇ ਜ਼ਾਲਮਾ ਤੇ ਜ਼ੁਲਮ ਦੇ ਮੁਕਾਬਲੇ ਕਰਕੇ, ਜਿੱਤਾਂ ਪ੍ਰਾਪਤ ਕੀਤੀਆਂ ਹਨ, ਪ੍ਰੰਤੂ ਨਸ਼ਿਆਂ ਤੋਂ ਹਾਰ ਗਏ ਹਨ, ‘ਵਿਰਸੇ ‘ਚ ਪਈ ਬੰਦੂਕ ਕਿੱਥੇ ਹੈ’ ਸਿਰਲੇਖ ਵਾਲੀ ਕਵਿਤਾ ਪੰਜਾਬੀਆਂ ਦੀ ਸੋਚ ਦਾ ਪ੍ਰਗਟਾਵਾ ਕਰਦੀ ਉਨ੍ਹਾਂ ਦੀ ਵਰਤਮਾਨ ਸਥਿਤੀ ਦਾ ਵਰਣਨ ਕਰਦੀ ਹੈ-   
ਅਫ਼ਗਨੀ-ਅਬਦਾਲੀ ਵਰਗਿਆਂ ਤੇ ਤੈਮੂਰ, ਗਜ਼ਨਵੀ ਵਰਗਿਆਂ ਤੋਂ ਨਾ ਹਾਰ ਸਕੇ।
ਂ ਂ ਂ ਤੇ ਸਿਕੰਦਰ ਸ਼ਾਹਾਂ ਦੇ  ਨੇਜ਼ੇ, ਤਲਵਾਰਾਂ, ਬਰਛੇ, ਛਵੀਆਂ, ਛੁਰੀਆਂ ਨਾ ਸਾਨੂੰ ਮਾਰ ਸਕੇ।
ਇੱਕ ਢਾਈ ਇੰਚ ਸਰਿੰਜ ਦੀ ਸੂਈ ਨੇ ਅੱਜ ਮਾਰ ਦਿੱਤਾ ਸਾਨੂੰ।
     ਇਹ ਹੈ ਪੰਜਾਬ ਦੀ ਤ੍ਰਾਸਦੀ। ਪਰਵਾਸ, ਨਸ਼ਿਆਂ ਅਤੇ ਮਜ਼ਦੂਰਾਂ ਦੀ ਤ੍ਰਾਸਦੀ ਨਾਲ ਸੰਬੰਧਤ 30 ਕਵਿਤਾਵਾਂ ਹਨ। ਕਵਿਤਾਵਾਂ ਤੇ ਪੁਸਤਕਾਂ ਨੂੰ ਸ਼ਾਇਰ ਜੀਵਨ ਦਾ ਆਧਾਰ ਮੰਨਦਾ ਹੈ, ਕਿਉਂਕਿ ਉਸਨੇ ਲਗਪਗ 20 ਕਵਿਤਾਵਾਂ ਵਿੱਚ ਕਵਿਤਾ ਤੇ ਪੁਸਤਕਾਂ ਦੀ ਮਹੱਤਤਾ ਦਾ ਜ਼ਿਕਰ ਕੀਤਾ ਹੈ। ਗ਼ਰੀਬਾਂ ਦੀਆਂ ਬਸਤੀਆਂ, ਰੇਲ ਪਟੜੀਆਂ ‘ਤੇ  ਕੋਲਾ ਚੁਗਦੇ ਬੱਚੇ,  ਪਰਵਾਸ ਦੇ ਸਬਜ਼ਬਾਗ, ਕਰਜ਼ੇ, ਮਸ਼ੀਨਰੀ ਦੀ ਪੈਦਾ ਕੀਤੀ ਬੇਰੋਜ਼ਗਾਰੀ, ਜ਼ਿੰਦਗੀ ਦੀ ਤ੍ਰਾਸਦੀ ਬਿਆਨ ਕਰਦੀਆਂ ਹਨ। ਪਿਤਾ-ਮਾਤਾ ਦਿਵਸ ਦੇ ਮਕੜਜਾਲ ਵਿੱਚ ਪੰਜਾਬੀ ਫ਼ਸ ਗਏੇ, ਪ੍ਰੰਤੂ ਜੇਬ ਖਾਲ੍ਹੀ ਹੈ?ੈੈ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਮਾਨਸਿਕ ਜਦੋਜਹਿਦ ਦੀ ਦਾਸਤਾਂ ਵੀ ਹਨ। ਦੁਬਿਧਾ ਵਿੱਚੋਂ ਬਾਹਰ ਨਿਕਲਕੇ ਜ਼ਿੰਦਗੀ ਦਾ ਆਨੰਦ ਮਾਣਿਆਂ ਜਾ ਸਕਦਾ ਹੈ। ਆਪਣੇ ਪੈਰ ਨਾ ਛੱਡੋ, ਅਖ਼ੀਰ ਪੈਰਾਂ ਨੇ ਹੀ ਸਹਾਰਾ ਦੇਣਾ ਹੈ। ਆਪਣੀ ਪਛਾਣ ਕਰੋ, ਸਾਰਾ ਕੁਝ ਤੁਹਾਡੇ ਅੰਦਰ ਹੀ ਹੈ। ਮਹਿਫ਼ਲਾਂ ਤੋਂ ਬਿਨਾ ਵੀ ਜ਼ਿੰਦਗੀ ਮਾਣੀ ਜਾ ਸਕਦੀ ਹੈ। ਬੱਚੇ ਦੇ ਜਨਮ ਤੋਂ ਲੈ ਕੇ ਅਖ਼ੀਰ ਤੱਕ ਇਨਸਾਨ ਵਹਿਮਾਂ-ਭਰਮਾ ਵਿੱਚ ਜਕੜਿਆ ਰਹਿੰਦਾ ਹੈ, ਫਿਰ ਪਛਾਣ ਪੱਤਰਾਂ ਤੇ ਜ਼ਮੀਨਾ ਜਾਇਦਾਦਾਂ ਵੀ ਵੰਡ ਵੰਡਾਈ ਦਾ ਚੱਕਰ ਸ਼ੁਰੂ ਹੋ ਜਾਂਦਾ ਹੈ, ਪ੍ਰੰਤੂ ਇਨਸਾਨ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼  ਨਹੀਂ ਕਰਦਾ। ਮਨੁੱਖ ਵੀ ਗਮਲਿਆਂ ਦੇ ਪੌਦਿਆਂ ਦੀ ਤਰ੍ਹਾਂ ਪ੍ਰਫੁਲਤ ਨਹੀਂ ਹੁੰਦਾ, ਪ੍ਰਫ਼ੁਲਤ ਹੋਣ ਲਈ ਖੁਲ੍ਹੀ ਸੋਚ ਤੇ ਹਵਾ ਦੀ ਜ਼ਰੂਰਤ ਹੁੰਦੀ ਹੈ। ਮਾਸ ਨਾਲੋਂ ਨਹੁੰ ਤੋੜਨ ਦੀ ਜਿਵੇਂ ਤਕਲੀਫ ਹੁੰਦੀ ਹੈ, ਉਸੇ ਤਰ੍ਹਾਂ ਫ਼ੁੱਲ ਨੂੰ ਪੌਦੇ ਨਾਲੋਂ ਤੋੜਨ ‘ਤੇ ਹੁੰਦੀ ਹੈ। ਅਜਿਹੇ ਅਹਿਸਾਸ ਇਨਸਾਨ ਵਿੱਚ ਹੋਣੇ ਚਾਹੀਦੇ ਹਨ। ਅਹਿਸਾਸ ਤੇ ਭਾਵਨਾਵਾਂ ਅਸਮਾਨ ਦੀ ਉਡਾਰੀ ਲਗਾ ਦਿੰਦੇ ਹਨ। ਇਸੇ ਤਰ੍ਹਾਂ ਸਫ਼ਲ ਜੀਵਨ ਲਈ ਅਹਿਸਾਸਾਂ ਦਾ ਹੋਣਾ ਲਾਭਦਾਇਕ ਹੁੰਦਾ ਹੈ। ਪਾਣੀ ਜੀਵਨ ਹੈ ਤੇ ਪਿਆਸ ਜੀਵਨ ਦਾ ਮਾਰਗ ਹੈ। ਇਹ ਕਵਿਤਾਵਾਂ ਜਿਥੇ ਭਾਵਨਾਵਾਂ ਦੀ  ਗੱਲ ਕਰਦੀਆਂ ਹਨ, ਉਥੇ ਸਮਾਜਿਕ ਸਰੋਕਾਰਾਂ ਨਾਲ ਵੀ ਲਬਰੇਜ, ਕਵੀ ਦੀਆਂ ਕਵਿਤਾਵਾਂ ਕਹਿੰਦੀਆਂ ਹਨ। ਪਰਵਾਸ ਵਿੱਚ ਮਿਹਨਤ ਕਰਦੇ ਹਨ, ਪ੍ਰੰਤੂ ਆਪਣੇ ਦੇਸ ਵਿੱਚ ਡਿਗਨਟੀ ਆਫ ਲੇਬਰ ਨਹੀਂ ਹੈ। ਮੰਜ਼ਲ ਦੀ ਪ੍ਰਾਪਤੀ ਲਈ ਮਿਹਨਤ ਲਾਜ਼ਮੀ ਤੇ  ਫਿਰ ਆਨੰਦ ਹੀ ਆਨੰਦ ਹੈ। ਜ਼ਿੰਦਗੀ ਜਿਓਣ ਲਈ ਕਈ ਵੇਲਣ ਵੇਲਣੇ ਪੈਂਦੇ ਹਨ ਤੇ ਫਿਰ ਭਟਕਣਾ ਖ਼ਤਮ ਹੋ ਜਾਂਦੀ ਹੈ। ਖੰਡਰ ਵੀ ਸਭਿਅਤਾ ਦੀ ਅਮੀਰੀ ਦੀ ਨਿਸ਼ਾਨੀ ਹੁੰਦੇ ਹਨ। ਭੀੜਤੰਤਰ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਤੋਂ ਕੋਹਾਂ ਦੂਰ  ਹੁੰਦਾ ਹੈ। ਲੁਕਵੀਂ ਹਰ ਗੱਲ ਨੁਕਸਾਨਦਾਇਕ ਹੁੰਦੀ ਹੈ, ਲੁਕਵੇਂ ਗ਼ੈਰ ਇਖਲਾਕੀ ਸੰਬੰਧ ਅਣਮਨੁਖੀ ਤੇ ਗ਼ੈਰ ਕੁਦਰਤੀ ਵੀ ਹੁੰਦੇ ਹਨ। ਬ੍ਰਾਂਡਿਡ ਵਸਤਾਂ ਨੇ ਹੱਥ ਕਰਘਾ ਸਭਿਅਤਾ ਨੂੰ ਨਿਗਲ ਲਿਆ ਹੈ। ਪੰਜਾਬੀ ਗ਼ਰੀਬੀ, ਭੁੱਖਮਰੀ, ਬੇਰੋਜ਼ਗਾਰੀ, ਪਰਵਾਸ ਅਤੇ ਭੋਂ ਮਾਫ਼ੀਏ ਦੇ ਚੁੰਗਲ ਵਿੱਚ ਫਸਕੇ ਫ਼ਸਲਾਂ ਵਾਲੀਆਂ ਜ਼ਮੀਨਾਂ ਤੋਂ ਹੱਥ ਧੋ ਬੈਠਣਗੇ। ਪਰਜਤੰਤਰ ਪ੍ਰਣਾਲੀ ਦੀਆਂ ਖ਼ਾਮੀਆਂ ਦਾ ਇਵਜ਼ਾਨਾ ਭੁਗਤ ਰਹੇ ਹਾਂ, ਆਜ਼ਾਦੀ ਦੇ ਲਾਭ ਨਹੀਂ ਮਿਲ  ਰਹੇ, ਸਾਜ਼ਸਾਂ ਦਾ  ਸ਼ਿਕਾਰ ਹੋ ਰਹੇ ਹਾਂ। ਭਰਿਸ਼ਟਾਚਾਰ ਦਾ ਬੋਲਬਾਲਾ ਹੈ, ਵੋਟਾਂ ਮੌਕੇ ਵੋਟਰ ਵਿਕ ਜਾਂਦੇ ਹਨ, ਫਿਰ ਭਵਿਖ ਸੁਨਹਿਰਾ ਕਿਵੇਂ ਹੋਵੇਗਾ? ਸਾਡੀ ਮਾਨਸਿਕਤਾ ਦੀ ਤਰ੍ਹਾਂ ਗ਼ਰੀਬੀ ਤੇ ਅਮੀਰੀ ਦਾ ਪਾੜਾ ਵੱਧ ਰਿਹਾ ਹੈ। ਜੰਗ ਦਾ ਇਵਜਾਨਾ ਮਾਸੂਮਾ ਨੂੰ ਭਗਤਣਾ ਪੈਂਦਾ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਕਵਿਤਾਵਾਂ ਮੰਗਦੀਆਂ ਹਨ।
      ਦੂਜੇ  ਭਾਗ ਵਿੱਚ ਸ਼ਾਇਰ ਲਿਖਦਾ ਹੈ ਕਿ ਆਧੁਨਿਕ ਤਕਨੀਕ ਦੇ ਕੰਪਿਊਟਰ, ਮੋਬਾਈਲ ਅਤੇ ਲੈਪਟਾਪ ਦੇ ਉਪਕਰਨਾ ਦੇ ਆਉਣ ਨਾਲ ਇਨਸਾਨ ਇਨ੍ਹਾਂ ਦਾ ਗ਼ੁਲਾਮ ਹੋ ਗਿਆ ਹੈ। ਪੁਸਤਕਾਂ ਦੇ ਛਪਾਈ ‘ਤੇ ਵੀ ਅਸਰ ਹੋਇਆ ਹੈ। ਮਨੁੱਖ ਦਾ ਪੱਥਰ ਯੁੱਗ ਤੋਂ ਅਧੁਨਿਕ ਤਕਨੀਕ ਦੇ ਸਫਰ  ਦੀ ਦਾਸਤਾਂ ਹੈ। ਮਨੁੱਖ ਨੇ ਅਮੀਰ ਸਭਿਅਤਾ ਤੋਂ ਮੂੰਹ ਮੋੜ ਲਿਆ ਹੈ, ਉਪਕਰਨਾ ਦਾ ਕੈਦੀ ਬਣ ਗਿਆ।  ਸ਼ੋਸ਼ਲ ਮੀਡੀਆ ਝੂਠ ਦਾ ਪੁਲੰਦਾ ਹੈ, ਮਨੁੱਖ ਉਸ ਵਿੱਚ ਹੀ ਮਸਤ ਹੋ ਗਿਆ ਹੈ। ਸ਼ੀਸ਼ੇ ਦੇ ਜੰਗਲ ਵਿੱਚ ਮਨੁੱਖ ਐਸਾ ਉਲਝਿਆ ਨਾ ਤਾਂ ਉਸ ਵਿੱਚ ਰਹਿ ਸਕਦਾ ਅਤੇ ਨਾ ਹੀ ਬਾਹਰ ਆ ਸਕਦਾ। ਇਸਦੀ ਚਕਾ-ਚੌਂਧ ਤੇ ਚਮਕ-ਦਮਕ ਮਨੁੱਖ ਨੂੰ ਭੁਸਲਾ ਕੇ ਰੱਖਦੀ ਹੈ। ਇਸ ਵਿੱਚ ਹੀ ਉਲਝਿਆ ਹੋਇਆ, ਆਪਣੀ ਮਾਨਸਿਕਤਾ ਨੂੰ ਪੱਠੇ ਪਾਉਂਦਾ ਰਹਿੰਦਾ ਹੈ ਪ੍ਰੰਤੂ ਉਸ ਵਿਚੋਂ ਕੱਢਣ ਪਾਉਣ ਨੂੰ ਕੁਝ ਵੀ ਨਹੀਂ ਹੈ। ਸਵੇਰ ਤੋਂ ਸ਼ਾਮ ਤੱਕ ਸ਼ੀਸ਼ੇ ਦੇ ਜੰਗਲ ਵਿੱਚ ਸ਼ਰਮਸ਼ਾਰ ਹੋਇਆ ਘੁੰਮਣਘੇਰੀ ਵਿੱਚ ਪਿਆ ਰਹਿੰਦਾ ਹੈ। ਇਸ਼ਤਿਹਾਰਬਾਜ਼ੀ ਦਾ ਚਕਮਾ ਮਹਿੰਗੀਆਂ ਵਸਤਾਂ ਖ੍ਰੀਦਣ ਲਈ ਮੁਸ਼ਕਲ ਪੈਦਾ ਕਰ ਦਿੰਦਾ ਹੈ। ਨਮੋਸ਼ੀ, ਨਿਰਾਸਤਾ, ਚੁੱਪ, ਖ਼ੌਫ਼, ਖ਼ਾਮੋਸ਼ੀ  ਅਤੇ ਬੇਬਸੀ ਨੇ ਘੇਰਾ ਪਾਇਆ ਹੈ, ਇਨ੍ਹਾਂ ਵਿੱਚੋਂ ਬਾਹਰ ਦਾ ਰਸਤਾ ਲੱਭਣਾ ਵੀ ਔਖਾ ਹੋ ਜਾਂਦਾ ਹੈ। ਇਹ ਚੁਣੌਤੀਆਂ ਮਿਹਨਤ ਨਾਲ ਸਰ ਹੋਣਗੀਆਂ। ਭੂਤ ਨੂੰ ਭੁੱਲਕੇ ਭਵਿਖ ਨੂੰ ਰੌਸ਼ਨ  ਕਰੋ, ਦੂਜਿਆਂ ਦੇ ਨੁਕਸ ਕੱਢਣ ਦੀ ਥਾਂ ਆਪਣੇ ਵਿੱਚ ਸੁਧਾਰ ਕਰੋ, ਸੁਪਨੇ ਸਿਰਜੋ ਤਾਂ ਮੁਕੱਦਰ ਆਪ ਹੀ ਬਣ ਜਾਵੇਗਾ। ਅਵਤਾਰਜੀਤ ਤੋਂ ਭਵਿਖ ਵਿੱਚ ਹੋਰ ਬਾਕਮਾਲ ਕਵਿਤਾਵਾਂ ਦੀ  ਉਮੀਦ ਕੀਤੀ ਜਾ ਸਕਦੀ ਹੈ।  
 207 ਪੰਨਿਆਂ, 450 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਨਵਯੁਗ ਪਬਲਿਸ਼ਰਜ਼ ਨਵੀਂ ਦਿੱਲੀ ਨੇ ਪ੍ਰਕਸ਼ਤ ਕੀਤਾ ਹੈ।
ਸੰਪਰਕ:ਅਵਤਾਰਜੀਤ:9914203231
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
   ਮੋਬਾਈਲ-94178 13072
   ujagarsingh48@yahoo.com