Nirmal Singh Kandhalvi

ਹੱਥ ‘ਤੇ ਸਰ੍ਹੋਂ - ਨਿਰਮਲ ਸਿੰਘ ਕੰਧਾਲਵੀ

ਬਲਜੀਤ ਕੋਲ ਗਿਣਤੀ ਦੇ ਦਿਨਾਂ ਦੀ ਹੀ ਛੁੱਟੀ ਸੀ। ਕਈ ਕੰਮ ਉਹਨੇ ਕਰਨੇ ਸਨ। ਸਿਆਲ ਦੇ ਛੋਟੇ ਛੋਟੇ ਦਿਨ ਸਨ, ਇਕ ਅੱਧੇ ਰਿਸ਼ਤੇਦਾਰ ਨੂੰ ਮਿਲਣ ਗਿਆਂ ਹੀ ਸਾਰੀ ਦਿਹਾੜੀ ਲੰਘ ਜਾਂਦੀ ਸੀ। ਉਹਦੀ ਇਕ ਦੂਰੋਂ ਲਗਦੀ ਮਾਸੀ ਸੀ ਜਿਨ੍ਹਾਂ ਦਾ ਪਿੰਡ ਕੋਈ ਦਸ ਕੁ ਮੀਲਾਂ ਦੀ ਵਿੱਥ ‘ਤੇ ਸੀ। ਐਤਕੀਂ ਉਹ ਚਾਹੁੰਦਾ  ਸੀ ਕਿ ਉਸ ਨੂੰ ਨਾ ਮਿਲਣ ਜਾਵੇ ਪਰ ਉਹਦੀ ਮਾਂ ਨੇ ਜ਼ੋਰ ਪਾ ਕੇ ਉਹਨੂੰ ਜਾਣ ਲਈ ਇਕ ਕਿਸਮ ਦਾ ਮਜ਼ਬੂਰ ਹੀ ਕਰ ਦਿੱਤਾ ਸੀ। ਉਹਨੇ ਪ੍ਰੋਗਰਾਮ ਬਣਾਇਆ ਕਿ ਉਹ ਸਵੇਰੇ ਸਵੇਰੇ ਜਾ ਕੇ ਦੁਪਹਿਰ ਹੁੰਦੀ ਤੱਕ ਮੁੜ ਆਵੇਗਾ।
ਉਹ ਕਾਫ਼ੀ ਸਾਝਰੇ ਹੀ ਮਾਸੀ ਦੇ ਪਿੰਡ ਪਹੁੰਚ ਗਿਆ। ਧੁੱਪੇ ਵਿਹੜੇ ‘ਚ ਕੁਰਸੀਆਂ ਡਾਹ ਦਿੱਤੀਆਂ ਗਈਆਂ। ਮਾਸੀ ਨੇ ਰਸਮੀ ਜਿਹੀ ਰਾਜ਼ੀ-ਖ਼ੁਸ਼ੀ ਪੁੱਛਣ ਤੋਂ ਬਾਅਦ ਆਪਣੀਆਂ ਕਹਾਣੀਆਂ ਛੇੜ ਲਈਆਂ। ਆਪਣੇ ਮੁੰਡੇ ਹਰਪਾਲ ਨੂੰ ਬਾਹਰ ਭੇਜਣ ਲਈ ਉਹ ਬਲਜੀਤ ਦੀਆਂ ਸਲਾਹਾਂ ਲੈਣ ਲਗੀ। ਬਲਜੀਤ ਨੂੰ ਪਤਾ ਸੀ ਕਿ ਮਾਸੀ ਅਜੇ ਵੀ ਉਸ ਨਾਲ ਗੁੱਸੇ ਸੀ ਕਿਉਂਕਿ ਉਹਨੇ ਹਰਪਾਲ ਨੂੰ ਇੰਗਲੈਂਡ ਲੰਘਾਉਣ ਬਾਰੇ ਕੁਝ ਨਹੀਂ ਸੀ ਕੀਤਾ। ਮਾਸੀ ਨੂੰ ਭਾਵੇਂ ਪਤਾ ਵੀ ਸੀ ਕਿ ਬਲਰਾਜ ਨੂੰ ਇੰਗਲੈਂਡ ਜਾ ਕੇ ਕਾਫੀ ਔਕੁੜਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਮਾਸੀ ਨੂੰ ਇਨ੍ਹਾਂ ਗੱਲਾਂ ‘ਚ ਕੋਈ ਦਿਲਚਸਪੀ ਨਹੀਂ ਸੀ, ਉਹ ਅਪਣਾ ਹੀ ਰਾਗ਼ ਅਲਾਪੀ ਜਾਂਦੀ ਸੀ। ਬਲਜੀਤ ਨੇ ਮਾਸੀ ਨੂੰ ਵਿੰਗੇ ਟੇਢੇ ਢੰਗ ਨਾਲ਼ ਆਪਣੀਆਂ ਮਜ਼ਬੂਰੀਆਂ ਦੱਸੀਆਂ ਪਰ ਮਾਸੀ ਕਿੱਥੇ ਯਕੀਨ ਕਰਦੀ ਸੀ। ਮਾਸੀ ਲਈ ਤਾਂ ਇੰਗਲੈਂਡ ਵਿਚ ਸ਼ਹਿਦ ਦੀਆਂ ਨਦੀਆਂ ਅਤੇ ਸੋਨੇ ਦੇ ਪਹਾੜ ਸਨ। ਉਸ ਨੇ ਬੜੀਆਂ ਮਿਹਣਿਆਂ ਭਰੀਆਂ ਚਿੱਠੀਆਂ ਵੀ ਬਲਜੀਤ ਨੂੰ ਲਿਖ਼ੀਆਂ ਸਨ।
ਇਕੋ ਇਕ ਲੜਕਾ ਸੀ ਉਹਦਾ। ਜ਼ਮੀਨ ਜਾਇਦਾਦ ਵੀ ਚੰਗੀ ਸੀ। ਪਰ ਮਾਸੀ ਹਰ ਹਾਲਤ ਵਿਚ ਹਰਪਾਲ ਨੂੰ ਬਾਹਰ ਭੇਜਣ ‘ਤੇ ਤੁਲੀ ਹੋਈ ਸੀ। ਉਹਦੇ ਜੇਠ ਦਾ ਮੁੰਡਾ ਕਿਸੇ ਤਰ੍ਹਾਂ ਅਮਰੀਕਾ ਲੰਘ ਗਿਆ ਸੀ, ਬਸ ਉਦੋਂ ਤੋਂ ਮਾਸੀ ਦੇ ਦਿਮਾਗ਼ ਵਿਚ ਵਿਦੇਸ਼ ਦਾ ਭੂਤ ਬੈਠ ਗਿਆ ਸੀ।
ਪਿਛਲੇ ਸਾਲ ਬਲਜੀਤ ਨੂੰ ਇੰਗਲੈਂਡ ਵਿਚ ਹੀ ਪਤਾ ਲੱਗ ਗਿਆ ਸੀ ਕਿ ਹਰਪਾਲ ਚੋਰੀਂ ਇਟਲੀ ਨੂੰ ਜਾਂਦਾ ਹੋਇਆ ਰਾਹ ਵਿਚ ਹੀ ਪੁਲੀਸ ਦੇ ਹੱਥ ਆ ਗਿਆ ਸੀ ਤੇ ਉਹਨੀਂ ਜਹਾਜ਼ੇ ਚੜ੍ਹਾ ਕੇ ਡੀਪੋਰਟ ਕਰ ਦਿੱਤਾ ਸੀ। ਦਿੱਲੀ ਉੱਤਰਦਿਆਂ ਹੀ ਉਹਨੂੰ ਪੁਲਿਸ ਨੇ ਕਾਬੂ ਕਰ ਲਿਆ। ਕਾਫ਼ੀ ਖੱਜਲ ਖੁਆਰੀ ਅਤੇ ਪੰਡ ਰੁਪੱਈਆਂ ਦੀ ਲਾ ਕੇ ਉਹਦਾ ਪਿਉ ਉਹਨੂੰ ਛੁਡਵਾ ਕੇ ਲਿਆਇਆ ਸੀ। ਲੋਕ ਦੱਬਵੀਂ ਜ਼ੁਬਾਨ ਵਿਚ ਵਧਾਈਆਂ ਵੀ ਦਿੰਦੇ ਸਨ ਕਿ ਸ਼ੁਕਰ ਕਰੋ ਕਿ ਮੁੰਡਾ ਮਾਲਟਾ ਕਿਸ਼ਤੀ-ਕਾਂਡ ਵਰਗੇ ਹਾਦਸੇ ਵਿਚ ਆਪਣੀ ਜਾਨ ਨਹੀਂ ਸੀ ਗੰਵਾ ਬੈਠਾ। ਉਹਦਾ ਬਾਪ ਉਹਨੂੰ ਕਿਤੇ ਵੀ ਭੇਜ ਕੇ ਰਾਜ਼ੀ ਨਹੀਂ ਸੀ। ਪਰ ਮਾਂ ਪੁੱਤ ਇਕ ਪਾਸੇ ਤੇ ਬਾਪੂ ਇਕ ਪਾਸੇ।
ਬਲਜੀਤ ਨੇ ਆਪ ਕੋਈ ਗੱਲ ਨਾ ਛੇੜੀ ਉਹਨੂੰ ਪਤਾ ਸੀ ਕਿ ਮਾਸੀ ਨੇ ਇਸੇ ਬਹਾਨੇ ਉੇਹਨੂੰ ਫੇਰ ਮਿਹਣੇ ਮਾਰਨੇ ਸਨ। ਮਾਸੀ ਨੇ ਸਗੋਂ ਆਪ ਹੀ ਚਟਖ਼ਾਰੇ ਲਾ ਲਾ ਕੇ ਹਰਪਾਲ ਦੀ ਵਾਪਿਸ ਮੁੜਨ ਦੀ ਕਹਾਣੀ ਸੁਣਾਈ ਤੇ ਨਾਲ ਹੀ ਉਹਨੇ ਪੜਦੇ ਨਾਲ ਦੱਸਿਆ ਕਿ ਹਰਪਾਲ ਹੁਣ ਨਾਮ ਬਦਲ ਕੇ ਹੋਰ ਪਾਸਪੋਰਟ ਬਣਵਾ ਰਿਹਾ ਸੀ। ਮਾਸੀ ਨੂੰ ਹੁਣ ਬਸ ਇਕੋ ਚਿੰਤਾ ਵੱਢ ਵੱਢ ਖਾਂਦੀ ਸੀ ਕਿ ਏਨਾ ਚਿਰ ਹੋ ਗਿਆ ਸੀ ਪਾਸਪੋਰਟ ਬਣ ਕੇ ਨਹੀਂ ਸੀ ਆਇਆ ਅਜੇ।
ਉਹ ਸਾਰੇ ਚਾਹ ਪੀ ਰਹੇ ਸਨ ਕਿ ਬਾਹਰ ਗਲੀ ਚੋਂ ਆਵਾਜ਼ ਆਈ “ ਟੇਵੇ ਲੁਆ ਲਉ, ਪੱਤਰੀ ਪੜ੍ਹਾ ਲਉ, ਵਿਗੜੇ ਕਾਰਜ ਸੁਆਰ ਲਉ।” ਮਾਸੀ ਚਾਹ ਵਿਚੇ ਹੀ ਛੱਡ ਕੇ ਬਾਹਰਲੇ ਗੇਟ ਵਲ ਨੂੰ ਦੌੜੀ ਤੇ ਜੋਤਸ਼ੀ ਨੂੰ ਅੰਦਰ ਲੈ ਆਈ। ਜੋਤਸ਼ੀ ਨੇ ਆਪਣਾ ਸਾਈਕਲ ਕੰਧ ਨਾਲ ਖੜ੍ਹਾ ਕਰ ਦਿੱਤਾ ਅਤੇ ਬੜੇ ਆਰਾਮ ਨਾਲ ਮੰਜੇ ਉੱਪਰ ਬੈਠ ਗਿਆ ਅਤੇ ਉਹਨੇ ਸਾਰੇ ਚਿਹਰਿਆਂ ਉੱਪਰ ਇਕ ਪੜਚੋਲਵੀਂ ਨਜ਼ਰ ਸੁੱਟੀ। 
“ ਹਾਂ ਤੋ, ਮਾਤਾ ਜੀ ਕਿਆ ਕਸ਼ਟ ਹੈ,” ਜੋਤਸ਼ੀ ਨੇ ਆਪਣੀ ਐਨਕ ਦੀ ਡੰਡੀ ਠੀਕ ਕਰਦਿਆਂ ਪੁੱਛਿਆ।
ਬਲਜੀਤ ਦਾ ਜੀਅ ਕੀਤਾ ਕਿ ਉਹ ਜੋਤਸ਼ੀ ਤੋਂ ਪੁੱਛੇ ਪਈ ਭੜੂਆ ਜੇ ਤੈਂ ਘਰ ਵਾਲਿਆਂ ਤੋਂ ਹੀ ਕਸ਼ਟ ਪਤਾ ਕਰਨੈ ਫ਼ਿਰ ਤੂੰ ਜੋਤਸ਼ੀ ਕਾਹਦਾ ਐਂ? ਪਰ ਉਹ ਮਾਸੀ ਦੇ ਸੁਭਾਅ ਤੋਂ ਵਾਕਿਫ਼ ਸੀ ਜਿਸ ਕਰ ਕੇ ਉਹ ਚੁੱਪ ਹੀ ਰਿਹਾ। ਮਾਸੀ ਦੀ ਧਾਗੇ ਤਵੀਤਾਂ ਵਿਚ ਅਥਾਹ ਸ਼ਰਧਾ ਸੀ। ਉਹਨੂੰ ਯਾਦ ਸੀ ਕਿ ਇਕ ਵਾਰੀ ਨਿੱਕੇ ਹੁੰਦਿਆਂ ਉਹ ਜਦੋਂ ਮਾਸੀ ਦੇ ਕੋਲ ਆਇਆ ਹੋਇਆ ਸੀ ਤਾਂ ਇਕ ਦਿਨ ਉਹ ਵਾਲ ਖਿਲਾਰ ਕੇ ਖੇਲ੍ਹਣ ਲੱਗ ਪਈ ਸੀ। ਮਾਸੜ ਖੇਤੋਂ ਭੁੱਖਾ-ਭਾਣਾ ਮੁੜਿਆ ਤਾਂ ਮਾਸੀ ਕਹੇ ਉਹਦੇ ਨੇੜੇ ਨਾ ਕੋਈ ਆਵੇ, ਨਹੀਂ ਤਾਂ ਸਭ ਨੂੰ ਭਸਮ ਕਰ ਦਊ। ਮਾਸੜ ਨੇ ਅੱਗਾ ਦੇਖਿਆ ਨਾ ਪਿੱਛਾ ਧੈਂ ਧੈਂ ਕਰ ਕੇ ਪਰੈਣੀ ਨਾਲ ਮਾਸੀ ਧਾਫੜ ਦਿੱਤੀ। ਉਸ ਤੋਂ ਬਾਅਦ ਕਦੇ ਮਾਸੀ ਵਿਚ ਓਪਰੀ ਸ਼ੈਅ ਨਹੀਂ ਆਈ। ਪਰ ਜਿਵੇਂ ਚੋਰ ਚੋਰੀ ਤਾਂ ਛੱਡ ਦਿੰਦੈ ਪਰ ਹੇਰਾ ਫੇਰੀ ਨਹੀਂ ਛੱਡਦਾ, ਇਸੇ ਤਰ੍ਹਾਂ ਹੀ ਮਾਸੀ ਨੇ ਵੀ ਜੋਤਸ਼ੀਆਂ ਤੇ ਧਾਗੇ ਤਵੀਤਾਂ ਵਾਲਿਆਂ ਦਾ ਖਹਿੜਾ ਨਾ ਛੱਡਿਆ।
“ਪੰਡਤ ਜੀ, ਕਾਕੇ ਦੇ ਪਾਸਕੋਰਟ ਦੇ ਕੰਮ ‘ਚ ਕਿਸੇ ਔਂਤ ਜਾਣੇ ਨੇ ਕੁਸ ਕੀਤਾ ਹੋਇਐ, ਇਹ ਰੰਡੀਆਂ ਖਸਮਾਂ ਖਾਣੀਆਂ ਸਾਰਾ ਦਿਨ ਟੂਣੇ ਟਾਮਣ ਈ ਕਰਵਾਉਂਦੀਆਂ ਰਹਿੰਦੀਆਂ,” ਮਾਸੀ ਹੁਣ ਗੁਆਂਢੀਆਂ ਦੇ ਘਰ ਵਲ ਬਾਹਾਂ ਉਲਾਰ ਉਲਾਰ ਕੇ ਸਲਵਾਤਾਂ ਦੇਣ ਲੱਗ ਪਈ ਸੀ। 
ਜੋਤਸ਼ੀ ਨੂੰ ਬਣਿਆਂ ਬਣਾਇਆ ਮਸਾਲਾ ਮਿਲ ਰਿਹਾ ਸੀ ਪਰ ਉਹ ਡਰਦਾ ਵੀ ਸੀ ਕਿ ਜੇ ਉਹਦੇ ਬੈਠਿਆਂ ਬੈਠਿਆਂ ਦੋਨਾਂ ਟੱਬਰਾਂ ਵਿਚ ਲੜਾਈ ਹੋ ਗਈ ਤਾਂ ਕਿਤੇ ਉਹਦਾ ਆਪਣਾ ਹੀ ਛਿੱਤਰ- ਪੌਲਾ ਨਾ ਹੋ ਜਾਵੇ ਤੇ ਨਾਲੇ ਬਣੀ ਬਣਾਈ ਸਾਮੀ ਮਾਰੀ ਜਾਊ।
“ ਮਾਤਾ ਜੀ, ਸਾਡੇ ਕੋਲ ਹਰ ਮਰਜ਼ ਦਾ ਉਪਾਅ ਹੈਗਾ, ਉੱਚੀ ਬੋਲਿਆਂ ਦੇਵਤੇ ਨਾਰਾਜ਼ ਹੋ ਜਾਂਦੇ ਐ, ਲੋਕਾਂ ਨੇ ਭੈੜੇ ਕੰਮ ਕਰੀ ਜਾਣੇ ਐ ਤੇ ਅਸੀਂ ਲੋਕਾਂ ਦਾ ਭਲਾ ਕਰੀ ਜਾਣੈ,” ਜੋਤਸ਼ੀ ਢਿੱਡ ਵਿਚ ਵੜਦਾ ਜਾ ਰਿਹਾ ਸੀ। ਮਾਸੀ ਵੀ ਹੁਣ ਕੁਝ ਢਿੱਲੀ ਪੈ ਗਈ ਸੀ। ਜੋਤਸ਼ੀ ਖ਼ਾਲੀ ਕਾਗ਼ਜ਼ ‘ਤੇ ਲੀਕਾਂ ਮਾਰ ਮਾਰ ਖਾਨੇ ਬਣਾ ਰਿਹਾ ਸੀ।
“ ਮਾਤਾ ਜੀ, ਤੇਰੇ ਕਿਸੇ ਦੁਸ਼ਮਣ ਨੇ ਤੁਹਾਡੇ ਘਰ ‘ਤੇ ਚੌਵੀਏ ਦਾ ਟੂਣਾ ਕਰਵਾਇਆ ਹੋਇਐ, ਮੈਂ ਦੇਖ ਲਿਐ, ਇਹ ਟੂਣਾ ਬਹੁਤ ਨਹਿਸ਼ ਹੁੰਦੈ, ਬਣੇ ਬਣਾਏ ਕੰਮ ਵਿਗਾੜ ਦਿੰਦੈ,”  ਜੋਤਸ਼ੀ ਨੇ ਐਨਕਾਂ ਦੇ ਉਪਰੋਂ ਦੀ ਦੇਖਦਿਆਂ ਕਿਹਾ।
“ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਇਹਨਾਂ ਔਂਤ ਜਾਣੀਆਂ ‘ਤੇ। ਇਹ ਕਲਜੋਗਣਾਂ ਟੂਣੇ ਟਾਮਣ ਕਰਨ ਵਾਲੇ ਧਗੜਿਆਂ ਨੁੰ ਸਾਰਾ ਸਾਰਾ ਦਿਨ ਆਪਣੇ ਘਰੀਂ ਵਾੜ ਰਖਦੀਆਂ। ਪੰਡਤ ਜੀ, ਮਾਰੋ ਕੋਈ ਰੇਖ ‘ਚ ਮੇਖ, ਕੱਖ ਨਾ ਰਵ੍ਹੇ ਇਹਨਾਂ ਹੈਂਸਿਆਰੀਆਂ ਦਾ,” ਮਾਸੀ ਅਜੇ ਵੀ ਗਰਮ ਸੀ ਪਰ ਹੁਣ ਉਹ ਗੁਆਂਢੀਆਂ ਦੇ ਘਰ ਵਲ ਬਾਹਾਂ ਉਲਾਰ ਉਲਾਰ ਕੇ ਨਹੀਂ ਸੀ ਬੋਲ ਰਹੀ।
“ ਮਾਤਾ ਜੀ, ਸਬਰ ਰੱਖੋ ਸਬਰ, ਜਿਹੜਾ ਸਾਡੀ ਕਾਰ ਵਿਚ ਆ ਗਿਆ, ਉਹਦਾ ਅਸੀਂ ਵਾਲ ਵਿੰਗਾ ਨਈਂ ਹੋਣ ਦਿੰਦੇ,” ਜੋਤਸ਼ੀ ਦੇ ਚਿਹਰੇ ‘ਤੇ ਸਾਮੀ ਫ਼ਸ ਜਾਣ ਦਾ ਇਕ ਅਜਬ ਜਿਹਾ ਸਕੂਨ ਸੀ।
“ ਮਾਰ੍ਹਾਜ ਜੀ, ਇਹ ਚੌਵੀਆ ਕੀ ਹੁੰਦੈ ਜੀ?” ਮਾਸੀ ਨੇ ਜੋਤਸ਼ੀ ਤੋਂ ਆਪਣੀ ਸ਼ੰਕਾ ਨਵਿਰਤ ਕਰਨੀ ਚਾਹੀ। 
ਮਾਸੀ ਦੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਜੋਤਿਸ਼ੀ ਨੇ ਬੜੀ ਘੋਖ਼ਵੀਂ ਨਜ਼ਰ ਨਾਲ ਬਲਜੀਤ ਵਲ ਦੇਖਿਆ ਜਿਵੇਂ ਤਾੜ ਰਿਹਾ ਹੋਵੇ ਕਿ ਇਹ ਸੂਟ ਬੂਟ ਵਾਲਾ ਬੰਦਾ ਕਿਤੇ ਸ਼ਿਕਾਰ ਹੀ ਨਾ ਭਜਾ ਦੇਵੇ ਕਿਉਂਕਿ ਉਹ ਹੁਣ ਤੱਕ ਕੁਝ ਵੀ ਬੋਲਿਆ ਨਹੀਂ ਸੀ। ਜੋਤਸ਼ੀ ਨੂੰ ਬਲਜੀਤ ਦੀ ਚੁੱਪ ਅੰਦਰੋ ਅੰਦਰੀ ਬਹੁਤ ਤੰਗ ਕਰ ਰਹੀ ਸੀ ਜਿਵੇਂ ਇਹ ਬੰਦਾ ਅਚਾਨਕ ਵਿਸਫੋਟ ਕਰ ਕੇ ਉਸ ਦੀ ਸਾਰੀ ਖੇਡ ਖ਼ਰਾਬ ਕਰ ਦੇਵੇਗਾ। ਉਧਰ ਬਲਜੀਤ ਦੇ ਮਨ ਵਿਚ ਜੋਤਸ਼ੀ ਦੇ ਪਾਖੰਡ ਵਿਰੁੱਧ ਯੁੱਧ ਚਲ ਰਿਹਾ ਸੀ। ਉਹਦਾ ਮਨ ਤਾਂ ਕਰਦਾ ਸੀ ਕਿ ਜੋਤਸ਼ੀ ਦੀ ਪੋਲ ਖੋਲ੍ਹ ਦੇਵੇ ਪਰ ਦੂਜੇ ਪਾਸੇ ਮਾਸੀ ਦਾ ਪੱਕੀ ਇੱਟ ਵਰਗਾ ਵਿਸ਼ਵਾਸ਼। ਉਹਨੇ ਮਨ ਹੀ ਮਨ ਸੋਚਿਆ ਕਿ ਮਾਸੀ ਤਾਂ ਅੱਗੇ ਹੀ ਉਹਨੂੰ ਉਲਾਂਭੇ ਦਿੰਦੀ ਐ ਤੇ ਰੱਬ ਨਾ ਕਰੇ ਜੇ ਹਰਪਾਲ ਦੇ ਪਾਸਪੋਰਟ ਦਾ ਕੰਮ ਵਿਗੜ ਗਿਆ ਜਾਂ ਜੇ ਕੋਈ ਹੋਰ ਮਾਮਲਾ ਪੁੱਠਾ ਪੈ ਗਿਆ ਤਾਂ ਮਾਸੀ ਫਿਰ ਸਾਰੀ ਉਮਰ ਦਾ ਕਲੰਕ ਉੇਹਦੇ ਮੱਥੇ ‘ਤੇ ਹੀ ਥੱਪ ਦੇਵੇਗੀ। ਸੋ, ਲੰਮੀ ਸੋਚ ਕੇ ਉਹ ਚੁੱਪ ਹੀ ਰਿਹਾ।
“ ਮਾਤਾ ਜੀ, ਇਹ ਚੌਵੀਏ ਦਾ ਟੂਣਾ ਹੁੰਦੈ, ਇਹ ਟੂਣਾ ਚੌਵੀ ਦਿਨ ਵਗਦੇ ਪਾਣੀ ‘ਚ ਖੜ੍ਹੇ ਹੋ ਕੇ ਸਿੱਧ ਕਰਨਾ ਪੈਂਦੈ। ਜਿਸ ਬੰਦੇ ‘ਤੇ ਇਹ ਟੂਣਾ ਕੀਤਾ ਜਾਵੇ, ਉਸ ਦੇ ਹਰ ਕੰਮ ਵਿਘਨ ਪੈਂਦੇ ਆ ਫਿਰ,” ਇੰਨਾ ਕਹਿ ਕੇ ਜੋਤਸ਼ੀ ਨੇ ਫਿਰ ਬਲਜੀਤ ਵਲ ਦੇਖਿਆ ਜਿਵੇਂ ਪੂਰੀ ਤਸੱਲੀ ਕਰ ਲੈਣੀ ਚਾਹੁੰਦਾ ਹੋਵੇ ਕਿ ਉੇਹ ਉਹਦੇ ਕੰਮ ਵਿਚ ਦਖ਼ਲ ਨਹੀਂ ਦੇਵੇਗਾ।
“ ਪੰਡਤ ਜੀ ਇਹਦਾ ਕੋਈ ਉਪਾਅ?” ਮਾਸੀ ਕਾਹਲੀ ਪਈ ਹੋਈ ਸੀ।
“ਮਾਤਾ ਜੀ, ਜਿਹੜੇ ਰੱਬ ਨੇ ਮੁਸੀਬਤਾਂ ਪੈਦਾ ਕਰੀਆਂ, ਉਨ੍ਹਾਂ ਦੇ ਇਲਾਜ ਵੀ ਨਾਲ ਈ ਦੱਸੇ ਐ, ਬੱਸ ਉਪਾਅ ਕਰਵਾਉਣ ਵਾਲਾ ਪੂਰੀ ਸ਼ਰਧਾ ਰੱਖਦਾ ਹੋਵੇ, ਸ਼ੱਕ ਨਾ ਕਰੇ। 
ਮਾਤਾ ਜੀ, ਲਉ ਸੁਣੋ, ਮਜ਼ਬੂਤ ਜਿਹਾ ਕੱਪੜਾ ਲੈ ਕੇ ਛੇ ਗਿੱਠਾਂ ਇਕ ਪਾਸੇ ਨੂੰ ਅਤੇ ਚਾਰ ਗਿੱਠਾਂ ਇਕ ਪਾਸੇ ਨੂੰ ਮਿਣ ਕੇ ਉਹਦਾ ਥੈਲਾ ਬਣਾ ਕੇ ਕਣਕ ਨਾਲ ਜਾਂ ਆਟੇ ਨਾਲ ਭਰੋ, ਘਰੇ ਸੋਨੇ ਦੇ ਗਹਿਣੇ ਤਾਂ ਹੋਣੇ ਈਂ ਆਂ, ਸੋਨੇ ਦੀਆਂ ਜ਼ੰਜੀਰੀਆਂ ਹੋਣ ਜਿਹਨਾਂ ਦੀ ਲੰਬਾਈ ਚੌਵੀ ਇੰਚ ਹੋਵੇ। ਇਸ ਉਪਾਅ ‘ਚ ਮਾਤਾ ਜੀ ਚੌਵੀਏ ਦਾ ਪੂਰਾ ਹਿਸਾਬ  ਰੱਖਣਾ ਪੈਂਦੈ ਨਹੀਂ ਤਾਂ ਉਪਾਅ ਕਰਨ ਕਰਵਾਉਣ ਵਾਲੇ ਦੀ ਖ਼ੈਰ ਨਈਂ, ਹਾਂ ਸੱਚ, ਚੌਵੀ ਇੰਚ ਉੱਚੀ ਬਾਲਟੀ ਦੇਸੀ ਘਿਉ ਨਾਲ ਭਰੋ ਤੇ ਬਾਕੀ ਮੇਰੇ ‘ਤੇ ਛੱਡੋ,” ਜੋਤਸ਼ੀ ਨੇ ਵਿਹੜੇ ਦੇ ਦੂਜੇ ਬੰਨੇ ਮੱਝਾਂ ਬੰਨ੍ਹੀਆਂ ਦੇਖ ਕੇ ਘਿਉ ਦਾ ਆਰਡਰ ਵੀ ਨਾਲ ਹੀ ਕਰ ਦਿੱਤਾ ਸੀ।
ਬਸ ਫਿਰ ਕੀ ਸੀ ਮਾਸੀ ਭੰਬੀਰੀ ਹੋ ਗਈ। ਕੁਛ ਹੀ ਦੇਰ ‘ਚ ਉਹਨੇ ਸਾਰਾ ਸਾਮਾਨ ਤਿਆਰ ਕਰ ਕੇ ਜੋਤਸ਼ੀ ਦੇ ਸਾਈਕਲ ‘ਤੇ ਲਦਾ ਦਿੱਤਾ। ਜੋਤਸ਼ੀ ਨੇ ਤਾਂਬੇ ਦੇ ਇਕ ਤਵੀਤ ਵਿਚ ਕਾਗਜ਼ ਦੇ ਨਿੱਕੇ ਨਿੱਕੇ ਕੁਝ ਟੁਕੜੇ ਤੁੰਨੇ ਤੇ ਮਾਸੀ ਨੂੰ ਫੜਾ ਕੇ ਤਾਗੀਦ ਕੀਤੀ ਕਿ ਸਵੇਰੇ ਸੁੱਚੇ ਮੂੰਹ ਤਵੀਤ ਨੂੰ ਧੂਫ਼ ਦੇ ਕੇ ਕਾਕੇ ਦੇ ਡੌਲੇ ਨਾਲ ਬੰਨ੍ਹ ਦੇਵੇ । ਜੋਤਸ਼ੀ ਨੇ ਇਹ ਕਹਿ ਕੇ ਉਥੋਂ ਖਿਸਕਣ ਦੀ ਕੀਤੀ ਕਿ ਉਹਨੇ ਘਰ ਜਾ ਕੇ ਚੌਵੀਏ ਦੇ ਮੰਤਰ ਨੂੰ ਸਿੱਧ ਕਰਨ ਲਈ ਪਾਠ ਕਰਨਾ ਸੀ।
ਜੋਤਸ਼ੀ ਨੂੰ ਗਿਆਂ ਅਜੇ ਅੱਧਾ ਘੰਟਾ ਵੀ ਨਹੀਂ ਸੀ ਹੋਇਆ ਕਿ ਡਾਕੀਏ ਨੇ ਆ ਬੂਹਾ ਖੜਕਾਇਆ ਤੇ ਬੋਲਿਆ “ ਓਏ ਹਰਪਾਲ, ਓਏ ਹਰਪਾਲ, ਤੇਰੀ ਰਜਿਸਟਰੀ ਆ ਗਈ ਬਈ, ਮੈਨੂੰ ਲਗਦੈ ਇਹਦੇ ‘ਚ ਤੇਰਾ ਪਾਸਪੋਰਟ ਈ ਹੋਣੈ। ਪਾਸਪੋਰਟ ਦਫ਼ਤਰ ‘ਚ ਹੜਤਾਲ ਰਹੀ ਐ, ਇਸੇ ਕਰ ਕੇ ਲੇਟ ਹੋ ਗਿਐ ਬਈ।” 
ਹਰਪਾਲ, ਜੋ ਕਿ ਅਜੇ ਹੁਣੇ ਹੀ ਚੁਬਾਰੇ ਚੋਂ ਕੋਈ ਚੀਜ਼ ਲੈਣ ਗਿਆ ਸੀ ਦੁੜੰਗੇ ਮਾਰਦਾ ਹੋਇਆ ਆਇਆ ਤੇ ਉਹਨੇ ਆਉਂਦੇ ਨੇ ਡਾਕੀਏ ਦੇ ਹੱਥੋਂ ਰਜਿਸਟਰੀ ਲੈ ਕੇ ਇੰਜ ਪਾੜੀ ਜਿੱਦਾਂ ਆਵਾਰਾ ਕੁੱਤੇ ਪਿੰਡ ‘ਚ ਆਏ ਨਵੇਂ ਪਟਵਾਰੀ ਦਾ ਪਜਾਮਾ ਪਾੜਦੇ ਐ। ਰਜਿਸਟਰੀ ਵਿਚ ਪਾਸਪੋਰਟ ਹੀ ਸੀ।
ਮਾਸੀ ਇਕੋ ਗੱਲ ਕਹੀ ਜਾਂਦੀ ਸੀ, “ ਜੋਤਸ਼ੀ ਨੇ ਹੱਥ ‘ਤੇ ਸਰ੍ਹੋਂ ਜਮਾ ‘ਤੀ, ਜੋਤਸ਼ੀ ਨੇ ਹੱਥ ‘ਤੇ ਸਰ੍ਹੋਂ ਜਮਾ ‘ਤੀ।” 
ਨਿਰਮਲ ਸਿੰਘ ਕੰਧਾਲਵੀ

ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ - ਨਿਰਮਲ ਸਿੰਘ ਕੰਧਾਲਵੀ

ਹੈ ਸ਼ਾਂਤੀ ਦਾ ਅਵਤਾਰ,  ਮੇਰਾ ਅਰਜਨ ਗੁਰੂ।
ਹੈ ਸੱਚ ਦਾ ਪਹਿਰੇਦਾਰ, ਮੇਰਾ ਅਰਜਨ ਗੁਰੂ।
ਤਵੀ ਤੱਤੀ, ਰੇਤ ਤੱਤੀ, ਦੇਗ਼ਾ ਉਬਾਲ਼ੇ ਮਾਰਦਾ, 
ਅੰਦਰੋਂ ਸੀ ਠੰਢਾ ਠਾਰ, ਐਪਰ ਅਰਜਨ ਗੁਰੂ।
ਸੂਰਜ ਤਪੇਂਦਾ ਜੇਠ ਦਾ, ਸੀ ਹਰ ਸ਼ੈਅ ਸਾੜਦਾ, 
ਹਿਮਾਲਾ ਦੀ ਗੰਗਧਾਰ , ਐਪਰ ਅਰਜਨ ਗੁਰੂ। 
ਦੇਣ ਦੇ ਲਈ ਹੌਸਲਾ, ਨਿਮਾਣੇ ਨਿਤਾਣਿਆਂ ਨੂੰ,
ਧੀਰਜ ਦਾ ਇਕ ਅੰਬਾਰ, ਮੇਰਾ ਅਰਜਨ ਗੁਰੂ।
ਪੀੜ ਪੀਤੀ ਜਗਤ ਦੀ, ਤੱਤੀ ਤਵੀ ‘ਤੇ ਬੈਠ ਕੇ,
ਹੈ ਦੁਖੀਆਂ ਦਾ ਗ਼ਮਖਾਰ, ਮੇਰਾ ਅਰਜਨ ਗੁਰੂ।
ਡਿੱਠਾ ਨਾ ਕਿਧਰੇ ਹੋਰ, ਹਰਿਮੰਦਰ ਜੋ ਸਾਜਿਆ,
ਐਸਾ ਉਹ ਇਮਾਰਤਕਾਰ, ਮੇਰਾ ਅਰਜਨ ਗੁਰੂ।
ਅੰਮ੍ਰਿਤ ਭਰਿਆ ਥਾਲ, ਲੋਕਾਈ ਨੂੰ ਉਹ ਦੇ ਗਿਆ,
ਸੱਤ, ਸੰਤੋਖ ਅਤੇ ਵਿਚਾਰ, ਮੇਰਾ ਅਰਜਨ ਗੁਰੂ।
ਸਿਰੜ, ਸਿਦਕ,  ਸਦਾਕਤ ਦਾ ਉਹ ਮੁਜੱਸਮਾ,
ਹੈ ਬਾਣੀ ਦਾ ਸ਼ਾਹਸਵਾਰ, ਮੇਰਾ ਅਰਜਨ ਗੁਰੂ।
ਇਕੋ ਖੁਦਾ ਦਾ ਨੂਰ , ਸਭਨਾਂ ਵਿਚ ਉਹ ਦੇਖਦਾ, 
ਯਾਰ ਸੀ ਮੀਆਂ ਮੀਰ ਦਾ, ਮੇਰਾ ਅਰਜਨ ਗੁਰੂ।
ਕੋਹੜੀਆਂ ਦੇ ਬੰਨ੍ਹੇ ਪੱਟੀਆਂ, ਉਹ ਹੱਥੀਂ ਆਪਣੀਂ,
ਦੂਖ ਨਿਵਾਰਣਹਾਰ ਉਹ, ਮੇਰਾ ਅਰਜਨ ਗੁਰੂ।
ਜ਼ੁਲਮ ਕਰਨੇ ਵਾਲਿਆਂ ਦਾ, ਭਲਾ ਹਮੇਸ਼ਾ ਮੰਗਦਾ,
ਹੈ ਸਭ  ਨੂੰ  ਬਖ਼ਸ਼ਣਹਾਰ,  ਮੇਰਾ ਅਰਜਨ ਗੁਰੂ।
ਐਸੀ ਨਾ ਦੇਖੀ ਇੰਤਹਾ, ਜ਼ੁਲਮ ਦੀ ਪਹਿਲਾਂ ਕਦੇ,
ਸ਼ਹੀਦਾਂ ਦਾ ਸਿਰਦਾਰ ਤਾਂਹੀਂ, ਮੇਰਾ ਅਰਜਨ ਗੁਰੂ। 

ਕੱਚਾ ਵੀਜ਼ਾ, ਪੱਕਾ ਵੀਜ਼ਾ - ਨਿਰਮਲ ਸਿੰਘ ਕੰਧਾਲਵੀ

ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਤਾਜਪੋਸ਼ੀ ਸਮੇਂ ਭਾਜਪਾ ਦੇ ਦਫ਼ਤਰ ‘ਚ ਪ੍ਰਧਾਨ ਦੀ ਕੁਰਸੀ ਪਿੱਛੇ ਮਹਾਰਾਜਾ ਰਣਜੀਤ ਸਿੰਘ ਦੀ ਵੱਡੀ ਤਸਵੀਰ ਲਗਾਈ ਗਈ, ਭਾਵੇਂ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੇ ਹੋਰ ਨੇਤਾਵਾਂ ਦੀਆਂ ਤਸਵੀਰਾਂ ਵੀ ਸਨ ਪਰ ਉਹ ਛੋਟੇ ਫਰੇਮਾਂ ‘ਚ ਸਨ। ਨਵੇਂ ਪ੍ਰਧਾਨ ਨੇ ਪੰਜਾਬ ‘ਚ ਭਾਜਪਾ ਦੀ ਸਰਕਾਰ ਆਉਣ ‘ਤੇ ਬਿਨਾ ਕਿਸੇ ਨਾਲ ਵਿਤਕਰੇ ਦੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਵਾਅਦਾ ਕੀਤਾ ਤੇ ਪ੍ਰਧਾਨ ਮੰਤਰੀ ਮੋਦੀ ਦਾ ਨਾਅਰਾ ‘ਸਭ ਕਾ ਸਾਥ, ਸਭ ਕਾ ਵਿਕਾਸ’ ਦੇ ਨਾਅਰੇ ਵੀ ਲਾਏ। ਸੋਸ਼ਲ ਮੀਡੀਆ ‘ਤੇ ਇਸ ਪ੍ਰੋਗਰਾਮ ਦੀ ਵੀਡੀਓ ਦੇਖ ਕੇ ਮੈਨੂੰ ਇਕ ਕਹਾਣੀ ਯਾਦ ਆ ਗਈ।
ਦੋ ਦੋਸਤ ਇਕ ਕਾਰ ਹਾਦਸੇ ‘ਚ ਮਾਰੇ ਗਏ। ਜਦੋਂ ਉਹ ਧਰਮ ਰਾਜ ਦੇ ਪੇਸ਼ ਹੋਏ ਤਾਂ ਇਕ ਨੂੰ ਸਵਰਗ ਮਿਲਿਆ ਤੇ ਦੂਸਰੇ ਨੂੰ ਨਰਕ। ਸਵਰਗ ‘ਚ ਰਹਿਣ ਵਾਲਾ ਦੋਸਤ ਕਈ ਦਿਨ ਧਰਮ ਰਾਜ ਦੀਆਂ ਮਿੰਨਤਾਂ ਪਾਉਂਦਾ ਰਿਹਾ ਉਸ ਨੂੰ ਉਹਦੇ ਦੋਸਤ ਨਾਲ ਮਿਲਾਇਆ ਜਾਵੇ। ਧਰਮ ਰਾਜ ਸਿਆਸੀ ਬੰਦਿਆਂ ਵਾਂਗ ਇਕ ਕੰਨੋਂ ਸੁਣਦਾ ਤੇ ਦੂਜੇ ਪਾਸਿਉਂ ਕੱਢ ਦਿੰਦਾ। ਅਖੀਰ ਇਕ ਦਿਨ ਉਸ ਨੇ ਧਰਮ ਰਾਜ ਨੂੰ ਨਿਹੋਰਾ ਮਾਰਿਆ ਤੇ ਕਹਿਣ ਲੱਗਾ, “ ਮਹਾਰਾਜ ਜੀ, ਹੇਠਾਂ ਮਾਤ-ਲੋਕ ‘ਚ ਦੇਖੋ ਬਲਾਤਕਾਰੀ ਸਾਧ ਵੀ ਜਦੋਂ ਚਾਹੇ ਪੈਰੋਲ ਲੈ ਲੈਂਦੈ, ਅਸੀਂ ਤਾਂ ਸਵਰਗ ‘ਚ ਬੀਬੇ ਪੁੱਤ ਬਣ ਕੇ ਰਹਿੰਦੇ ਆਂ, ਕਦੀ ਕੋਈ ਕਾਨੂੰਨ ਨਹੀਂ ਤੋੜਿਆ, ਏਨਾ ਕੁ ਤਾਂ ਖਿਆਲ ਕਰੋ ਸਾਡਾ। ਸਿਰਫ਼ ਦੋਸਤ ਨੂੰ ਮਿਲਣ ਦੀ ਇੱਛਾ ਹੈ ਮੇਰੀ ਕੋਈ ਵੱਡੀ ਮੰਗ ਨਹੀਂ।” 
ਧਰਮ ਰਾਜ ਦਾ ਦਿਲ ਪਸੀਜ ਗਿਆ ਤੇ ਉਸ ਨੂੰ ਚਾਰ ਘੰਟਿਆਂ ਲਈ ਕੱਚਾ ਵੀਜ਼ਾ ਜਾਰੀ ਕਰ ਦਿਤਾ। ਦੋ ਸਿਪਾਹੀ ਜਦ ਉਸ ਨੂੰ ਉੱਥੇ ਲੈ ਕੇ ਗਏ ਤਾਂ ਬਾਹਰਲਾ ਵੱਡਾ ਦਰਵਾਜ਼ਾ ਖੁੱਲ੍ਹਦਿਆਂ ਹੀ ਅੰਦਰੋਂ ਤਰ੍ਹਾਂ ਤਰ੍ਹਾਂ ਦੀਆਂ ਖ਼ੁਸ਼ਬੂਆਂ ਆਈਆਂ। ਅੰਦਰ ਗਏ ਤਾਂ ਉਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਮਾਤ-ਲੋਕ ‘ਚ ਰਹਿੰਦਿਆਂ ਉਸ ਨੇ ਨਰਕ ਦਾ ਹੋਰ ਹੀ ਰੂਪ ਗਿਆਨੀਆਂ ਧਿਆਨੀਆਂ ਤੋਂ ਸੁਣਿਆਂ ਹੋਇਆ ਸੀ। ਇੱਥੇ ਤਾਂ ਲੋਕ ਪੱਬਾਂ ‘ਚ ਬੈਠੇ ਦਾਰੂ ਪੀ ਰਹੇ ਸਨ। ਇਕ ਪਾਸੇ ਗਾਣਾ- ਵਜਾਣਾ ਹੋ ਰਿਹਾ ਸੀ, ਭੰਗੜੇ ਪੈ ਰਹੇ ਸਨ। ਮੁਰਗ਼-ਮੁਸੱਲਮ ਭੁੰਨੇ ਜਾ ਰਹੇ ਸਨ। ਸਿਪਾਹੀ ਉਸ ਨੂੰ ਉਸ ਪੱਬ ‘ਚ ਲੈ ਗਏ ਜਿੱਥੇ ਉਸ ਦਾ ਦੋਸਤ ਬੈਠਾ ਦਾਰੂ ਦੀਆਂ ਚੁਸਕੀਆਂ ਲੈ ਰਿਹਾ ਸੀ। ਦੋਵੇਂ ਦੋਸਤ ਜੱਫੀਆਂ ਪਾ ਪਾ ਕੇ ਮਿਲੇ। ਖ਼ੂਬ ਗੱਲਾਂ ਬਾਤਾਂ ਕੀਤੀਆਂ। ਉਹਦੇ ਦੋਸਤ ਨੇ ‘ਨਰਕ’ ਦਾ ਟੂਰ ਕਰਵਾਇਆ ਉਸ ਨੂੰ। ਦੋਸਤ ਨੇ ਜਦ ਸਵਰਗ ਦੇ ਜੀਵਨ ਬਾਰੇ ਪੁੱਛਿਆ ਤਾਂ ਉਹ ਬੋਲਿਆ, “ ਕਿਹੜੇ ਸਵਰਗ ਦੀਆਂ ਗੱਲਾਂ ਪੁੱਛਦੈਂ ਭਰਾਵਾ, ਮੂੰਗੀ ਮਸਰੀ ਦੀ ਦਾਲ ਬਿਨਾਂ ਤੜਕੇ ਦੇ ਬਣਦੀ ਐ ਲੰਗਰ ‘ਚ ਰੋਜ਼, ਨਾ ਲਸਣ ਨਾ ਗੰਢਾ ਵਿਚ। ਸਵੇਰੇ ਮਾਲ਼ਾ ਫੜਾ ਦਿੰਦੇ ਐ, ਬਸ ਭਗਤੀ ਕਰੀ ਚਲੋ, ਕੀ ਕੀ ਦੱਸਾਂ ਤੈਨੂੰ।” 
ਪਤਾ ਹੀ ਨਾ ਲੱਗਾ ਚਾਰ ਘੰਟੇ ਕਦੋਂ ਬੀਤ ਗਏ। ਸਿਪਾਹੀਆਂ ਨੇ ਵਾਪਸ ਚਲਣ ਦਾ ਇਸ਼ਾਰਾ ਕੀਤਾ। ਜਿਉਂ ਜਿਉਂ ਵਾਪਸ ਜਾਣ ਦਾ ਸਮਾਂ ਹੋ ਰਿਹਾ ਸੀ ਉਹਦਾ ਦਿਲ ਘਟਦਾ ਜਾਂਦਾ ਸੀ। ਉਸ ਦਾ ਵਾਪਸ ਜਾਣ ਨੂੰ ਜੀਅ ਨਹੀਂ ਸੀ ਕਰਦਾ ਪਰ ਮਜਬੂਰੀ ਸੀ। ਵਾਪਸ ਪਹੁੰਚ ਕੇ ਉਸੇ ਦਿਨ ਤੋਂ ਉਹ ਧਰਮਰਾਜ ਦੇ ਖਹਿੜੇ ਪੈ ਗਿਆ ਕਿ ਉਹ ਇੱਥੇ ਸਵਰਗ ‘ਚ ਨਹੀਂ ਰਹਿਣਾ ਚਾਹੁੰਦਾ ਉਸ ਨੂੰ ਨਰਕ ਦਾ ਪੱਕਾ ਵੀਜ਼ਾ ਦਿਤਾ ਜਾਵੇ ਤਾਂ ਕਿ ਉਹ ਆਪਣੇ ਦੋਸਤ ਕੋਲ ਰਹਿ ਸਕੇ। ਉਸ ਨੂੰ ਬਹੁਤ ਰੋਕਿਆ ਗਿਆ ਪਰ ਉਹ ਨਾ ਮੰਨਿਆਂ। ਕਈ ਮਹੀਨਿਆਂ ਦੇ ਮਿੰਨਤਾਂ ਤਰਲਿਆਂ ਬਾਅਦ ਧਰਮ ਰਾਜ ਨੇ ਉਸ ਦੀ ਅਰਜ਼ੀ ਮੰਨਜ਼ੂਰ ਕਰ ਲਈ ਤੇ ਪੱਕੇ ਵੀਜ਼ੇ ਦੀ ਮੋਹਰ ਲਗਾ ਦਿਤੀ ਤੇ ਸਿਪਾਹੀ ਇਕ ਦਿਨ ਉਸ ਨੂੰ ‘ਨਰਕ’ ਵਲ ਲੈ ਤੁਰੇ। ਬਾਹਰਲਾ ਵੱਡਾ ਦਰਵਾਜ਼ਾ ਖੁੱਲ੍ਹਦਿਆਂ ਹੀ ਅੰਦਰੋਂ ਚੀਕਾਂ ਆਉਂਦੀਆਂ ਸੁਣੀਆਂ ਤੇ ਬੜਾ ਭੈੜਾ ਜਿਹਾ ਮੁਸ਼ਕ ਆਇਆ ਜਿਵੇਂ ਅੰਦਰ ਮਾਸ ਸੜ ਰਿਹਾ ਹੋਵੇ। ਉਹ ਅਜੇ ਜੱਕੋ-ਤੱਕੀ ‘ਚ ਹੀ ਸੀ ਅੰਦਰ ਜਾਵੇ ਕਿ ਨਾ, ਸਿਪਾਹੀਆਂ ਨੇ ਉਸ ਨੂੰ ਅੰਦਰ ਖਿੱਚ ਲਿਆ ਤੇ ਬਾਹਰਲਾ ਦਰਵਾਜ਼ਾ ਠੱਕ ਕਰਦਾ ਬੰਦ ਹੋ ਗਿਆ।  ਸਿਪਾਹੀਆਂ ਨੇ ਉਸ ਨੂੰ ਜਮਦੂਤਾਂ ਦੇ ਹਵਾਲੇ ਕਰ ਦਿਤਾ। ਉਹ ਚੀਕਾਂ ਮਾਰਨੀਆਂ ਚਾਹੁੰਦਾ ਸੀ ਪਰ ਉਹਦੀ ਆਵਾਜ਼ ਨਹੀਂ ਸੀ ਨਿਕਲ ਰਹੀ। ਹਰ ਪਾਸੇ ਚੀਕ-ਚਿਹਾੜੇ ਦੀਆਂ ਆਵਾਜ਼ਾਂ ਆ ਰਹੀਆਂ ਸਨ। ਹੋਰ ਅਗਾਂਹ ਹੋਏ ਤਾਂ ਉਸ ਨੂੰ ਜਮਦੂਤ ਦਿਸੇ ਜੋ ਨਰਕ ਵਾਸੀਆਂ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਰਹੇ ਸਨ। ਉਹ ਵਾਪਸ ਭੱਜਣ ਲੱਗਿਆ ਤਾਂ ਜਮਦੂਤਾਂ ਨੇ ਉਸ ਨੂੰ ਬਾਹਾਂ ਤੋਂ ਫੜ ਲਿਆ। ਬਾਹਰਲਾ ਵੱਡਾ ਦਰਵਾਜ਼ਾ ਤਾਂ ਪਹਿਲਾਂ ਹੀ ਬੰਦ ਹੋ ਚੁੱਕਿਆ ਸੀ। ਉਸ ਨੇ ਘਬਰਾਏ ਹੋਏ ਨੇ ਜਮਦੂਤਾਂ ਤੋਂ ਪੁੱਛਿਆ ਕਿ ਜਦੋਂ ਉਹ ਪਿਛਲੀ ਵਾਰੀ ਇੱਥੇ ਆਇਆ ਸੀ ਤਾਂ ਮਾਹੌਲ ਹੋਰ ਸੀ, ਹੁਣ ਇਹ ਕੀ ਮਾਜਰਾ ਹੈ? 
ਵੱਡਾ ਜਮਦੂਤ ਮੁਸਕੜੀਏਂ ਹੱਸਿਆ ਤੇ ਕਹਿਣ ਲੱਗਾ, “ ਉਹ ਸਾਡਾ ਪਬਲੀਸਿਟੀ ਡੀਪਾਰਟਮੈਂਟ ਸੀ।”
ਸੋ ਭਾਜਪਾ ਜੀ, ਤੁਸੀਂ ਵੀ ਕਿਤੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਪਬਲੀਸਿਟੀ ਲਈ ਤਾਂ ਨਹੀਂ ਵਰਤੀ।
ਨਿਰਮਲ ਸਿੰਘ ਕੰਧਾਲਵੀ

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ - ਨਿਰਮਲ ਸਿੰਘ ਕੰਧਾਲਵੀ

‘ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ’ ਗੁਰਬਾਣੀ ਦੀ ਇਹ ਤੁਕ ਆਪਣੇ ਆਪ ਹੀ ਇਸ ਦੇ ਅਰਥ ਬਿਆਨ ਕਰਦੀ ਹੈ। ਆਮ ਤੌਰ ‘ਤੇ ਵੀ ਕਹਿ ਦਿਤਾ ਜਾਂਦਾ ਹੈ ਕਿ ਜੋ ਬੀਜੋਗੇ ਉਹੀ ਵੱਢੋਗੇ। ਤਕਰੀਬਨ ਹਰੇਕ ਸਭਿਆਚਾਰ ‘ਚ ਇਹ ਵਿਚਾਰ ਪ੍ਰਗਟ ਕੀਤਾ ਜਾਂਦਾ ਹੈ ਕਿ ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ ਉਹੋ ਜਿਹਾ ਹੀ ਫਲ ਉਸ ਨੂੰ ਮਿਲਦਾ ਹੈ। 
ਇਸ ਸਬੰਧੀ ਇੱਥੇ ਮੈਂ ਆਪਣੇ ਨਾਲ ਵਾਪਰੀਆਂ ਦੋ ਘਟਨਾਵਾਂ ਦਾ ਜ਼ਿਕਰ ਕਰਨਾ ਚਾਹਾਂਗਾ, ਜਿਨ੍ਹਾਂ ਦਾ ਆਪਸ ਵਿਚ ਬਹੁਤ ਡੂੰਘਾ ਸਬੰਧ ਹੈ। ਪਹਿਲੀ ਘਟਨਾ ਤਾਂ ਅਜੇ ਚਾਰ ਹਫ਼ਤੇ ਪਹਿਲਾਂ ਯਾਨੀ ਕਿ 20 ਅਪ੍ਰੈਲ 2026 ਨੂੰ ਮੇਰੇ ਨਾਲ ਵਾਪਰੀ ਹੈ ਤੇ ਦੂਸਰੀ ਸੰਨ 1969 ਦੀ ਹੈ। ਦੋਨਾਂ ਘਟਨਾਵਾਂ ਦਾ ਜ਼ਿਕਰ ਪੜ੍ਹ ਕੇ ਪਾਠਕ ਇਨ੍ਹਾਂ ਦੇ ਆਪਸੀ ਸਬੰਧ ਬਾਰੇ ਸਮਝ ਜਾਣਗੇ। ਪਹਿਲਾਂ ਜ਼ਿਕਰ ਹੈ ਚਾਰ ਹਫ਼ਤੇ ਪਹਿਲਾਂ ਵਾਪਰੀ ਘਟਨਾ ਦਾ।
ਸੰਨ 2024 ‘ਚ ਮੇਰੇ ਦੋ ਸਟੈਂਟ ਪਏ ਸਨ ਪਰ ਦੋ ਸਾਲ ਦੇ ਵਿਚ ਵਿਚ ਹੀ ਦਿਲ ਦੀ ਉਹੋ ਹੀ ਤਕਲੀਫ਼ ਦੁਬਾਰਾ ਫੇਰ ਹੋ ਗਈ। ਮੈਂ ਕਾਰਡਿਆਲੋਜਿਸਟ ਨੂੰ ਕਿਹਾ ਕਿ ਉਹ ਮੇਰੀ ਬਾਈਪਾਸ ਸਰਜਰੀ ਕਰ ਦੇਣ। ਉਨ੍ਹਾਂ ਨੇ ਕੁਝ ਟੈਸਟ ਕੀਤੇ ਤੇ ਦੱਸਿਆ ਕਿ ਕੁਝ ਕਾਰਨਾਂ ਕਰ ਕੇ ਬਾਈਪਾਸ ਸਰਜਰੀ ਕਰਨੀ ਖ਼ਤਰੇ ਤੋਂ ਖ਼ਾਲੀ ਨਹੀਂ। ਮੈਂ ਕਿਹਾ ਕਿ ਮੈਂ ਕਿਸੇ ਸੀਨੀਅਰ ਕਾਰਡਿਆਲੋਜਿਸਟ ਨਾਲ ਮੁਲਾਕਾਤ ਕਰ ਕੇ ਉਸ ਦੀ ਵੀ ਰਾਇ ਲੈਣੀ ਚਾਹੁੰਦਾ ਹਾਂ। ਡਾਕਟਰ ਨੇ ਮੇਰਾ ਕੇਸ ਸੀਨੀਅਰ ਕਾਰਡਿਆਲੋਜਿਸਟ ਕੋਲ ਭੇਜ ਦਿਤਾ ਤੇ ਮੈਨੂੰ ਵੀ ਚਿੱਠੀ ਦੀ ਕਾਪੀ ਆ ਗਈ।। ਇਕ ਮਹੀਨਾ ਉਡੀਕ ਕੇ ਮੈਂ ਦਿਤੇ ਹੋਏ ਨੰਬਰ ‘ਤੇ ਫ਼ੂਨ ਕੀਤਾ। ਉਧਰੋਂ ਰਿਕਾਰਡ ਕੀਤਾ ਹੋਇਆ ਮੈਸੇਜ ਕਿ ਆਪਣਾ ਨਾਮ ਪਤਾ ਅਤੇ ਟੈਲੀਫ਼ੂਨ ਨੰਬਰ ਛੱਡੋ, ਤੁਹਾਨੂੰ ਵਾਪਸ ਫ਼ੂਨ ਕੀਤਾ ਜਾਵੇਗਾ। ਪਰ ਅਨੇਕਾਂ ਵਾਰੀ ਫ਼ੂਨ ਕਰਨ ਦੇ ਬਾਵਜੂਦ ਵੀ ਕਿਸੇ ਨੇ ਵਾਪਸੀ ਫ਼ੂਨ ਨਾ ਕੀਤਾ। ਤਿੰਨ ਮਹੀਨੇ ਲੰਘ ਗਏ। ਅਖੀਰ ਅੱਕ ਕੇ ਮੈਂ ਇਕ ਦਿਨ ਥੋੜ੍ਹੇ ਸਖ਼ਤ ਲਫ਼ਜ਼ਾਂ ‘ਚ ਸੁਨੇਹਾ ਛੱਡਿਆ ਤਾਂ 20 ਅਪ੍ਰੈਲ 2026 ਨੂੰ ਸਾਢੇ ਦਸ ਵਜੇ ਦਾ ਮੁਲਾਕਾਤ ਦਾ ਸਮਾਂ ਮਿਲ ਗਿਆ।
ਹਸਪਤਾਲਾਂ ‘ਚ ਅੱਜ ਕਲ ਕਾਰ ਪਾਰਕਿੰਗ ਦੀ ਬੜੀ ਮੁਸ਼ਕਿਲ ਆਉਂਦੀ ਹੈ, ਸੋ ਮੈਂ ਸੋਚਿਆ ਕਿ ਮੈਂ ਕਾਰ ਗੁਰਦੁਆਰਾ ਸਾਹਿਬ ਦੇ ਕਾਰ ਪਾਰਕ ’ਚ ਖੜ੍ਹੀ ਕਰ ਦੇਵਾਂਗਾ ਤੇ ਉੱਥੋਂ ਬੱਸ ਫੜ ਕੇ, ਹਸਪਤਾਲ ਚਲਿਆ ਜਾਵਾਂਗਾ ਜੋ ਕਿ ਸਿਰਫ਼ ਦੋ ਕੁ ਸਟਾਪ ਹੀ ਅੱਗੇ ਹੈ। ਉਸ ਦਿਨ ਬੱਸ ਪਾਸ ਪਤਾ ਨਹੀਂ ਕਿੱਥੇ ਰੱਖ ਲਿਆ, ਲੱਭਿਆ ਨਹੀਂ, ਸੋ ਵਿਚਾਰ ਬਦਲ ਲਿਆ ਕਿ ਕਾਰ ਹੀ ਲੈ ਜਾਣੀ ਹੈ, ਪੰਦਰਾਂ ਵੀਹ ਮਿੰਟ ਪਹਿਲਾਂ ਚਲਾ ਜਾਵਾਂਗਾ। ਤੀਸਰੀ ਵਾਰੀ ਫੇਰ ਵਿਚਾਰ ਬਦਲ ਲਿਆ ਕਿ ਅੱਜ ਕਾਰ ਵੀ ਨਹੀਂ ਲੈ ਕੇ ਜਾਣੀ, ਟੈਕਸੀ ‘ਤੇ ਜਾਵਾਂਗਾ। ਸੋ, ਟੈਕਸੀ ਆਰਡਰ ਕਰ ਦਿਤੀ। ਟੈਕਸੀ ਵਾਲ਼ਾ ਪੰਜ ਮਿੰਟ ਪਹਿਲਾਂ ਹੀ ਆ ਗਿਆ। ਮੈਂ ਜਾਣ ਲਈ ਬਿਲਕੁਲ ਤਿਆਰ ਬੈਠਾ ਸਾਂ ਕਿ ਅਚਾਨਕ ਛਾਤੀ ‘ਚ ਤੇਜ਼ ਦਰਦ ਨੇ ਆ ਦਬੋਚਿਆ। ਮੈਂ ਉਸੇ ਹਾਲਤ ‘ਚ ਹੀ 999 ਨੰਬਰ ਘੁਮਾ ਦਿਤਾ ਤੇ ਆਪਣੀ ਪੂਰੀ ਜਾਣਕਾਰੀ ਦੇਣ ‘ਚ ਕਾਮਯਾਬ ਰਿਹਾ। ਪੰਜ ਮਿੰਟ ਤੋਂ ਪਹਿਲਾਂ ਪਹਿਲਾਂ ਹੀ ਐਂਬੂਲੈਂਸ ਪਹੁੰਚ ਗਈ ਤੇ ਉਨ੍ਹਾਂ ਫ਼ਸਟ ਏਡ ਦਿਤੀ ਤੇ ਮੈਨੂੰ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਨੇ ਦੱਸਿਆ ਕਿ ਮੈਨੂੰ ਹਾਰਟ ਅਟੈਕ ਹੋਇਆ ਸੀ, ਗ਼ਨੀਮਤ ਇਹ ਰਹੀ ਕਿ ਬਹੁਤ ਜਲਦੀ ਫ਼ਸਟ ਏਡ ਮਿਲਣ ਕਰ ਕੇ ਬਚਾਅ ਹੋ ਗਿਆ ਸੀ ਨਹੀਂ ਮਸਲਾ ਗੰਭੀਰ ਵੀ ਹੋ ਸਕਦਾ ਸੀ, ਮਲਟੀਪਲ ਅਟੈਕ ਹੋ ਸਕਦੇ ਸਨ। ਖ਼ੈਰ, ਕੁਝ ਦਿਨ ਬਾਅਦ ਮੇਰੀ ਬਾਈਪਾਸ ਸਰਜਰੀ ਹੋ ਗਈ ਤੇ ਹੁਣ ਮੈਂ ਘਰ ਆ ਗਿਆ ਹਾਂ ਤੇ ਹੌਲ਼ੀ ਹੌਲ਼ੀ ਸਿਹਤਯਾਬ ਹੋ ਰਿਹਾ ਹਾਂ।
ਮੈਂ ਅਜੇ ਵੀ ਸੋਚੀ ਜਾ ਰਿਹਾ ਹਾਂ ਕਿ ਉਹ ਕਿਹੜੀ ਅਦਿੱਖ ਸ਼ਕਤੀ ਸੀ ਜਿਸ ਨੇ ਮੇਰੇ ਕੋਲੋਂ ਤਿੰਨ ਵਾਰੀ ਫ਼ੈਸਲਾ ਬਦਲਵਾਇਆ ਕਿ ਹਸਪਤਾਲ ਕਿਵੇਂ ਜਾਵਾਂ। ਜੇ ਮੈਂ ਕਾਰ ਵਿਚ ਜਾਂਦਾ, ਬੱਸ ਵਿਚ ਬੈਠਾ ਹੁੰਦਾ ਜਾਂ ਟੈਕਸੀ ‘ਚ ਜਾਂਦਿਆਂ ਰਾਹ ਵਿਚ ਇਹ ਭਾਣਾ ਵਾਪਰ ਜਾਂਦਾ ਤਾਂ ਕੀ ਮੈਨੂੰ ਇੰਨੀ ਜਲਦੀ ਫ਼ਸਟ-ਏਡ ਮਿਲ ਸਕਦੀ ਸੀ? ਕਾਰ ਚਲਾਉਂਦਿਆਂ ਹਾਰਟ ਅਟੈਕ ਹੋ ਜਾਂਦਾ ਤਾਂ ਹਾਦਸਾ ਵੀ ਹੋ ਸਕਦਾ ਸੀ। 
ਹੁਣ ਦੂਸਰੀ ਘਟਨਾ ਜੋ ਅੱਜ ਤੋਂ ਤਕਰੀਬਨ ਛਪੰਜਾ ਸਾਲ ਪਹਿਲਾਂ ਵਾਪਰੀ। ਲੁਧਿਆਣੇ ਗਵਰਨਮੈਂਟ ਕਾਲਜ ‘ਚ ਪੜ੍ਹਦਾ ਸਾਂ। ਲਾਲਾ ਸ਼ਾਮ ਲਾਲ ਦੇ ਮਕਾਨ ‘ਚ ਕਮਰਾ ਕਿਰਾਏ ‘ਤੇ ਲਿਆ ਹੋਇਆ ਸੀ। ਭਲੇ ਵੇਲਿਆਂ ‘ਚ ਲਾਲਾ ਜੀ ਨੇ ਰੋਪੜ ਜਿਲ੍ਹੇ ਦੇ ਇਕ ਪਿੰਡੋਂ ਆ ਕੇ ਚੰਗਾ ਖੁੱਲ੍ਹਾ-ਡੁੱਲ੍ਹਾ ਪਲਾਟ ਖ਼ਰੀਦ ਕੇ ਇਕ ਆਪਣੇ ਲਈ ਤੇ ਦੋ ਪੋਰਸ਼ਨ ਕਿਰਾਏ ‘ਤੇ ਦੇਣ ਲਈ ਉਸਾਰ ਲਏ ਸਨ। ਹਰੇਕ ਪੋਰਸ਼ਨ ‘ਚ ਦੋ ਛੋਟੇ ਛੋਟੇ ਕਮਰੇ ਅਤੇ ਇਕ ਛੋਟੀ ਜਿਹੀ ਰਸੋਈ ਸੀ। ਦੋ ਗੁਸਲਖ਼ਾਨੇ ਸਨ ਜੋ ਸਭ ਦੇ ਸਾਂਝੇ ਸਨ। ਮੈਨੂੰ ਦੋ ਕਮਰਿਆਂ ਦੀ ਲੋੜ ਨਹੀਂ ਸੀ, ਮੇਰੀ ਲਾਲਾ ਜੀ ਨਾਲ ਗੱਲ ਮੁੱਕ ਗਈ ਸੀ ਕਿ ਮੈਂ ਇਕ ਕਮਰਾ ਹੀ ਰੱਖਾਂਗਾ ਤੇ ਕਿਰਾਇਆ ਪੂਰੇ ਪੋਰਸ਼ਨ ਦਾ ਦੇਵਾਂਗਾ। ਲਾਲਾ ਜੀ ਖ਼ੁਸ਼ ਸਨ ਕਿ ਉਨ੍ਹਾਂ ਨੂੰ ਪੂਰੇ ਪੋਰਸ਼ਨ ਦਾ ਕਿਰਾਇਆ ਮਿਲ ਰਿਹਾ ਸੀ ਨਹੀਂ ਤਾਂ ਸ਼ਹਿਰਾਂ ‘ਚ ਇਕੱਲੇ ਬੰਦੇ ਨੂੰ ਛੇਤੀ ਕੀਤੇ ਮਾਲਕ ਮਕਾਨ ਕਮਰਾ ਕਿਰਾਏ ‘ਤੇ ਨਹੀਂ ਦਿੰਦੇ।
ਮਹੀਨੇ ਕੁ ਬਾਅਦ ਹੀ ਖਾਲੀ ਪਿਆ ਪੋਰਸ਼ਨ ਇਕ ਹਰਿਆਣਵੀ ਜੋੜੇ ਨੇ ਲੈ ਲਿਆ। ਬੰਦਾ ਬਿਜਲੀ ਮਹਿਕਮੇ ‘ਚ ਕੰਮ ਕਰਦਾ ਸੀ। ਉਹਦੇ ਘਰ ਵਾਲ਼ੀ ਹਰਿਆਣੇ ਦੇ ਕਿਸੇ ਬਹੁਤ ਹੀ ਪੇਂਡੂ ਇਲਾਕੇ ‘ਚੋਂ ਸੀ। ਉਸ ਦੀ ਭਾਸ਼ਾ ਸਾਨੂੰ ਕਿਸੇ ਨੂੰ ਵੀ ਸਮਝ ਨਾ ਪੈਂਦੀ। ਇਕ ਉਨ੍ਹਾਂ ਦਾ ਢਾਈ ਤਿੰਨ ਸਾਲ ਦਾ ਬੱਚਾ ਸੀ। ਪਗੜੀਧਾਰੀ ਬੰਦਿਆਂ ਤੋਂ ਪਤਾ ਨਹੀਂ ਉਸ ਜ਼ਨਾਨੀ ਨੂੰ ਕਿਉਂ ਏਨੀ ਨਫ਼ਰਤ ਸੀ? ਜਦੋਂ ਕਦੇ ਵੀ ਉਸ ਦੀ ਨਿਗਾਹ ਮੇਰੇ ‘ਤੇ ਪੈਂਦੀ ਤਾਂ ਬਸ ਉਹਦੀਆਂ ਅੱਖਾਂ ‘ਚ ਨਫ਼ਰਤ ਦੇ ਭਾਂਬੜ ਹੀ ਦਿਸਦੇ। ਮੈਂ ਹਮੇਸ਼ਾ ਉਸ ਤੋਂ ਨਜ਼ਰਾਂ ਚੁਰਾਉਂਦਾ ਰਹਿੰਦਾ। ਚੰਗੀ ਗੱਲ ਇਹ ਸੀ ਕਿ ਉਸ ਨੇ ਇਕ ਪੈਰ ‘ਚ ਝਾਂਜਰ ਪਾਈ ਹੋਈ ਸੀ ਤੇ ਪਤਾ ਲੱਗ ਜਾਂਦਾ ਸੀ ਕਿ ਉਹ ਵਿਹੜੇ ‘ਚ ਘੁੰਮ ਰਹੀ ਹੈ। ਮੈਂ ਬਹੁਤਾ ਸਮਾਂ ਤਾਂ ਆਪਣੇ ਕਮਰੇ ‘ਚ ਹੀ ਕਿਤਾਬਾਂ ‘ਚ ਖੁੱਭਿਆ ਰਹਿੰਦਾ ਸਾਂ। ਬਿਨਾਂ ਲੋੜ ਤੋਂ ਮੈਂ ਵਿਹੜੇ ‘ਚ ਵੀ ਨਾ ਨਿਕਲਦਾ।
ਇਕ ਦਿਨ ਮੈਂ ਕਾਲਜ ਤੋਂ ਆਇਆ ਤਾਂ ਉਹ ਵਿਹੜੇ ‘ਚ ਲੜਕੇ ਆਪਣੇ ਨੂੰ ਪੱਟਾਂ ‘ਚ ਪਾਈ ਡੁਸਕੀ ਜਾਵੇ। ਮਕਾਨ ਮਾਲਕਣ ਤੇ ਇਕ ਹੋਰ ਔਰਤ ਉਹਨੂੰ ਦਿਲਾਸਾ ਦੇਈ ਜਾਣ। ਪਤਾ ਨਹੀਂ ਕਿਉਂ ਮੈਂ ਹੌਸਲਾ ਕਰ ਕੇ ਨੇੜੇ ਹੋ ਕੇ ਦੇਖਿਆ ਤਾਂ ਲੜਕੇ ਦੇ ਚਿਹਰੇ ਦਾ ਰੰਗ ਬਦਲਿਆ ਹੋਇਆ ਸੀ। ਮੈਨੂੰ ਮਸਲਾ ਗੰਭੀਰ ਜਾਪਿਆ। ਮੈਂ ਉਸ ਨੂੰ ਕਿਹਾ ਕਿ ਉਹ ਮੇਰੇ ਨਾਲ ਸਾਈਕਲ ‘ਤੇ ਬੈਠੇ ਮੈਂ ਹਸਪਤਾਲ ਲੈ ਚਲਦਾ ਹਾਂ। ਪਹਿਲਾਂ ਤਾਂ ਉਹ ਹਿਚਕਚਾਈ ਪਰ ਦੂਜੀਆਂ ਔਰਤਾਂ ਦੇ ਕਹਿਣ ‘ਤੇ ਤਿਆਰ ਹੋ ਗਈ। ਉਨ੍ਹਾਂ ਦਿਨਾਂ ‘ਚ ਅੱਜ ਵਰਗੀਆਂ ਸਹੂਲਤਾਂ ਨਹੀਂ ਸਨ। ਲੈਂਡਲਾਈਨ ਫ਼ੂਨ ਵੀ ਕਿਤੇ ਕਿਤੇ ਹੀ ਹੁੰਦਾ ਸੀ, ਹਸਪਤਾਲ ਦਾ ਨੰਬਰ ਤਾਂ ਕੀਹਦੇ ਕੋਲ ਹੋਣਾ ਸੀ। ਵੈਸੇ ਵੀ ਸ਼ਹਿਰ ਵਿਚ ਹੀ ਲੋਕਲ ਕਾਲ ਮਿਲਾਉਣ ਨੂੰ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ। ਅੱਜ ਵਾਂਗ ਥਰੀਵੀਲ੍ਹਰ ਵੀ ਹਰਲ ਹਰਲ ਕਰਦੇ ਨਹੀਂ ਸਨ ਫਿਰਦੇ। ਜ਼ਿਆਦਾ ਕਰ ਕੇ ਰਿਕਸ਼ਾ ਹੀ ਵਰਤਿਆ ਜਾਂਦਾ ਸੀ ਤੇ ਉਹ ਵੀ ਮੇਨ ਸੜਕ ਤੋਂ ਮਿਲਣਾ ਸੀ ਜੋ ਇੱਥੋਂ ਦੂਰ ਸੀ।
ਉਨ੍ਹਾਂ ਦਿਨਾਂ ‘ਚ ਅੱਜ ਵਰਗਾ ਭੀੜ-ਭੜੱਕਾ ਨਹੀਂ ਸੀ ਹੁੰਦਾ ਸ਼ਹਿਰਾਂ ‘ਚ। ਨਾਲੇ ਮੇਰਾ ਤਾਂ ਉਹ ਰੋਜ਼ ਦਾ ਰੂਟ ਸੀ। ਜਿੰਨਾ ਹੋ ਸਕਦਾ ਸੀ ਮੈਂ ਤੇਜ਼ ਸਾਈਕਲ ਚਲਾਇਆ ਤੇ ਡੀ.ਐਮ.ਸੀ. ਹਸਪਤਾਲ ਦੀ ਐਮਰਜੈਂਸੀ ‘ਚ ਜਾ ਸਾਈਕਲ ਖਲ੍ਹਾਰਿਆ। ਇਕ ਡਾਕਟਰ ਕੁਝ ਲਿਖ ਰਿਹਾ ਸੀ ਅਤੇ ਦੋ ਨਰਸਾਂ ਗੱਲਾਂ ਕਰ ਰਹੀਆਂ ਸਨ। ਬੱਚੇ ਨੂੰ ਦੇਖਦਿਆਂ ਹੀ ਇਕ ਨਰਸ ਤੇ ਡਾਕਟਰ ਕਾਹਲੀ ਕਾਹਲੀ ਬੱਚੇ ਨੂੰ ਅੰਦਰ ਲੈ ਗਏ ਤੇ ਦੂਸਰੀ ਨਰਸ ਸਾਡੇ ਕੋਲੋਂ ਲੋੜੀਂਦੀ ਜਾਣਕਾਰੀ ਲੈ ਕੇ ਫਾਰਮ ਭਰਨ ਲੱਗ ਪਈ। 
ਬੱਚੇ ਦੀ ਮਾਂ ਰੋਈ ਜਾ ਰਹੀ ਸੀ ਤੇ ਨਰਸ ਉਸ ਨੂੰ ਤਸੱਲੀਆਂ ਦੇ ਰਹੀ ਸੀ। ਅੱਧੇ ਕੁ ਘੰਟੇ ਬਾਅਦ ਜਦ ਬੱਚੇ ਨੂੰ ਬਾਹਰ ਲਿਆਂਦਾ ਗਿਆ ਤਾਂ, ਉਹ ਬਿਲਕੁਲ ਠੀਕ-ਠਾਕ ਸੀ ਪਰ ਘਬਰਾਇਆ ਹੋਇਆ। ਡਾਕਟਰ ਨੇ ਦੱਸਿਆ ਕਿ ਬੱਚੇ ਦੀਆਂ ਦੋਵੇਂ ਨਾਸਾਂ ਵਿਚ ਛੋਲਿਆਂ ਦੀ ਦਾਲ਼ ਦੇ ਦਾਣੇ ਫ਼ਸੇ ਹੋਏ ਸਨ। ਇਕ ਨਾਸ ਦਾ ਸਾਹ ਤਾਂ ਦਾਣੇ ਨੇ ਬਿਲਕੁਲ ਬੰਦ ਕੀਤਾ ਹੋਇਆ ਸੀ ਤੇ ਦੂਜੀ ਨਾਸ ਰਾਹੀਂ ਥੋੜ੍ਹਾ ਥੋੜ੍ਹਾ ਹੀ ਸਾਹ ਆ ਰਿਹਾ ਸੀ। ਡਾਕਟਰ ਨੇ ਦੱਸਿਆ ਜੇ ਬੱਚੇ ਨੂੰ ਲਿਆਉਣ ਵਿਚ ਥੋੜ੍ਹੀ ਦੇਰ ਹੋਰ ਹੋ ਜਾਂਦੀ ਤਾਂ ਬੱਚੇ ਦੀ ਜਾਨ ਵੀ ਜਾ ਸਕਦੀ ਸੀ ਜਾਂ ਦਿਮਾਗ਼ ‘ਚ ਗੰਭੀਰ ਨੁਕਸ ਪੈ ਸਕਦਾ ਸੀ। ਮਾਂ ਨੇ ਦੱਸਿਆ ਕਿ ਉਸ ਨੇ ਦਾਲ਼ ਧੋ ਕੇ ਮੰਜੇ ਉੱਪਰ ਸੁੱਕਣੀ ਪਾਈ ਹੋਈ ਸੀ ਜਿੱਥੋਂ ਬੱਚੇ ਨੇ ਖੇਡਦਿਆਂ ਖੇਡਦਿਆਂ ਦਾਣੇ ਨਾਸਾਂ ‘ਚ ਫ਼ਸਾ ਲਏ ਸਨ।
ਉਹ ਔਰਤ ਜੋ ਮੈਨੂੰ ਦੇਖ ਕੇ ਹੀ ਨਫ਼ਰਤ ਉਗਲਦੀ ਸੀ, ਹੁਣ ਉਸ ਦੀ ਹਿੰਮਤ ਨਹੀਂ ਸੀ ਪੈ ਰਹੀ ਕਿ ਮੇਰੇ ਨਾਲ ਨਜ਼ਰਾਂ ਮਿਲਾਵੇ। ਸਾਈਕਲ ਦੇ ਪਿੱਛੇ ਬੈਠੀ ਉਹ ਰਲ਼ਵੀ ਮਿਲਵੀਂ ਭਾਸ਼ਾ ‘ਚ ਮੇਰਾ ਧੰਨਵਾਦ ਕਰੀ ਜਾ ਰਹੀ ਸੀ।
ਪਾਠਕ ਜਨੋਂ! ਉੱਪਰਲੀਆਂ ਦੋਵਾਂ ਘਟਨਾਵਾਂ ਵਿਚ ਮਿੰਟਾਂ ਸਕਿੰਟਾਂ ‘ਚ ਕੁਝ ਦਾ ਕੁਝ ਹੋ ਸਕਦਾ ਸੀ, ਜ਼ਿੰਦਗੀ ਅਤੇ ਮੌਤ।
ਜਿਸ ਦਿਨ ਦੀ ਮੇਰੇ ਨਾਲ ਹਾਰਟ-ਅਟੈਕ ਵਾਲ਼ੀ ਘਟਨਾ ਵਾਪਰੀ ਹੈ ਮੈਂ ਇਹੀ ਸੋਚੀ ਜਾਂਦਾ ਹਾਂ ਕਿ ਕੀ ਉਸ ਅਗੰਮ ਸ਼ਕਤੀ ਨੇ ਮੈਨੂੰ ਉਸ ਬੱਚੇ ਦੀ ਜ਼ਿੰਦਗੀ ਬਚਾਉਣ ‘ਚ ਆਪਣਾ ਯੋਗਦਾਨ ਪਾਉਣ ਬਦਲੇ ਹੀ ਮੇਰੀ ਜਾਨ ਬਚਾਈ ਹੈ। ਅੱਖ ਦੇ ਫੋਰ ‘ਚ ਹੀ ਐਂਬੂਲੈਂਸ ਦਾ ਆ ਜਾਣਾ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਸੀ। ਹਸਪਤਾਲ ਨੂੰ ਜਾਣ ਬਾਰੇ ਵਾਰ ਵਾਰ ਸਲਾਹ ਬਦਲਣੀ ਕਿ ਕਿਵੇਂ ਜਾਇਆ ਜਾਵੇ? ਟੈਕਸੀ ‘ਚ ਬੈਠਣ ਤੋਂ ਪਹਿਲਾਂ ਹੀ ਛਾਤੀ ‘ਚ ਦਰਦ ਹੋਣੀ। ਪਾਠਕ ਇਸ ਨੂੰ ਮੌਕਾ-ਮੇਲ ਵੀ ਕਹਿ ਸਕਦੇ ਹਨ ਕਿਉਂਕਿ ਰੋਜ਼ਾਨਾ ਸੈਂਕੜੇ ਹਾਦਸੇ ਵਾਪਰਦੇ ਹਨ ਜਿੱਥੇ ਮਿੰਟਾਂ ਸਕਿੰਟਾਂ ਦੇ ਫ਼ਰਕ ਨਾਲ ਜੀਵਨ ਬਚਦੇ ਹਨ ਅਤੇ ਖ਼ਤਮ ਹੁੰਦੇ ਹਨ। ਪਰ ਮੇਰਾ ਮਨ ਇਸ ਗੁਰਵਾਕ ਨੂੰ ਮੰਨਣ ਦੀ ਹੀ ਹਾਮੀ ਭਰਦਾ ਹੈ ਕਿ, ‘’ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ’’
ਨਿਰਮਲ ਸਿੰਘ ਕੰਧਾਲਵੀ

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ - ਨਿਰਮਲ ਸਿੰਘ ਕੰਧਾਲਵੀ

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ’ ਗੁਰਬਾਣੀ ਦੀ ਇਹ ਤੁਕ ਆਪਣੇ ਆਪ ਹੀ ਇਸ ਦੇ ਅਰਥ ਬਿਆਨ ਕਰਦੀ ਹੈ। ਆਮ ਤੌਰ ‘ਤੇ ਵੀ ਕਹਿ ਦਿਤਾ ਜਾਂਦਾ ਹੈ ਕਿ ਜੋ ਬੀਜੋਗੇ ਉਹੀ ਵੱਢੋਗੇ। ਤਕਰੀਬਨ ਹਰੇਕ ਸਭਿਆਚਾਰ ‘ਚ ਇਹ ਵਿਚਾਰ ਪ੍ਰਗਟ ਕੀਤਾ ਜਾਂਦਾ ਹੈ ਕਿ ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ ਉਹੋ ਜਿਹਾ ਹੀ ਫਲ ਉਸ ਨੂੰ ਮਿਲਦਾ ਹੈ। 

ਬੀਬੀਆਂ ਦਾ ਏ.ਟੀ.ਐੱਮ. - ਨਿਰਮਲ ਸਿੰਘ ਕੰਧਾਲਵੀ

ਦੀਵਾਨ ਦੀ ਸਮਾਪਤੀ ਤੋਂ ਬਾਅਦ ਬਾਬਾ ਜੀ ਆਪਣੇ ਸਾਜ਼ਿੰਦਿਆਂ ਨਾਲ ਕਾਰ ‘ਚ ਬੈਠੇ ਤੇ ਆਪਣੇ ਗੜਵਈ ਨੱਥਾ ਸਿੰਘ ਨੂੰ ਸੰਬੋਧਨ ਹੋ ਕੇ ਬੋਲੇ, “ਨੱਥਾ ਸਿਆਂ ਅੱਜ ਬੀਬੀਆਂ ਦੇ ਏ.ਟੀ.ਐਮ. ਵਲੋਂ ਕੰਮ ਢਿੱਲਾ ਜਿਹਾ ਹੀ ਰਿਹਾ, ਪਰਸ ਉਵੇਂ ਨਹੀਂ ਖੁੱਲ੍ਹੇ ਜਿੱਦਾਂ ਅੱਗੇ ਖੁੱਲ੍ਹਦੇ ਹੁੰਦੇ ਆ,” ਬਾਬਾ ਜੀ ਨੇ ਬੀਬੀਆਂ ਦੀ ਸੰਗਤ ਨੂੰ ਏ.ਟੀ.ਐਮ. ਦਾ ਨਾਮ ਦਿਤਾ ਹੋਇਆ ਸੀ ਕਿਉਂਕਿ ਬਾਬਾ ਜੀ ਜਦ ਕਥਾ ਵਖਿਆਨ ਵਿਚ ਝੂਠ ਸੱਚ ਦੇ ਗੱਪ ਗਪੌੜਿਆਂ ਵਾਲ਼ੀਆਂ ਕਹਾਣੀਆਂ, ਵਿਸ਼ੇਸ਼ ਕਰ ਕਿਸੇ ਬੀਬੀ ਦੇ ਪੁੱਤਰ ਨਾ ਹੋਣ ਕਰ ਕੇ ਬੜੇ ਰੋਣਹਾਕੇ ਅੰਦਾਜ਼ ‘ਚ ਸੁਣਾਉਂਦੇ ਤਾਂ ਬੀਬੀਆਂ ਦੇ ਪਰਸ ਆਪ-ਮੁਹਾਰੇ ਖੁੱਲ੍ਹਣ ਲਈ ਬੇਕਰਾਰ ਹੋ ਜਾਂਦੇ ਸਨ।
ਸਿਆਣੇ ਸੱਚ ਹੀ ਕਹਿੰਦੇ ਹਨ ਕਿ ਇਹ, ਪੀਰ, ਬਾਬੇ, ਕਰਨੀ ਵਾਲੇ ਮਹਾਂਪੁਰਸ਼ ਆਪ ਨਹੀਂ ਉਡਦੇ, ਇਨ੍ਹਾਂ ਨੂੰ ਉਡਾਉਣ ਵਾਲੇ ਇਨ੍ਹਾਂ ਦੇ ਚੇਲੇ- ਬਾਲਕੇ ਹੁੰਦੇ ਹਨ ਜੋ ਇਨ੍ਹਾਂ ਦੇ ਨਾਮ ਨਾਲ ਕਰਾਮਾਤੀ ਘਟਨਾਵਾਂ ਜੋੜਦੇ ਹਨ। ਉਨ੍ਹਾਂ ਕਹਾਣੀਆਂ ਵਿਚ ਕਿਸੇ ਵਿਅਕਤੀ ਦਾ ਨਾਮ, ਉਹਦਾ ਥਹੁ- ਟਿਕਾਣਾ ਆਦਿ ਨਹੀਂ ਦੱਸਿਆ ਹੁੰਦਾ ਬਸ ਕਹਾਣੀ ਇਉਂ ਹੁੰਦੀ ਹੈ ਕਿ ਇਕ ਪਿੰਡ ‘ਚ ਇਕ ਬੰਦੇ ਦੀ ਮੱਝ ਸਿਰਫ਼ ਕੱਟੇ ਹੀ ਦਿੰਦੀ ਸੀ, ਬਾਬਾ ਜੀ ਦੀ ਕਿਰਪਾ ਤੋਂ ਬਾਅਦ ਮੁੜ ਕੱਟਾ ਨਹੀਂ ਹੋਇਆ ਤੇ ਉਹ ਬੰਦਾ ਹੁਣ ਕੱਟੀਆਂ ਵੇਚ ਵੇਚ ਕੇ ਹੀ ਕਰੋੜਪਤੀ ਹੋ ਗਿਆ। ਕੌਣ ਨਹੀਂ ਬਣਨਾ ਚਾਹੇਗਾ ਕਰੋੜਪਤੀ ਬਈ? ਤੇ ਦੁਨੀਆਂ ਭੇਡ –ਚਾਲ ਦੀ ਤਰ੍ਹਾਂ ਲੱਗ ਤੁਰਦੀ ਐ ਮਗਰ। ਇੰਜ ਹੀ ਇਕ ਇਸ ਤਰ੍ਹਾਂ ਦਾ ਗਪੌੜ ਛੱਡਣਗੇ ਕਿ ਇਕ ਬੰਦੇ ਦਾ ਕੈਂਸਰ ਅਮਰੀਕਾ ਤੱਕ ਠੀਕ ਨਹੀਂ ਹੋਇਆ, ਬਾਬਾ ਜੀ ਦੀ ਇਕ ਨਜ਼ਰ ਸਵੱਲੀ ਹੋਈ, ਬਸ ਉਹ ਬੰਦਾ ਅੱਜ ਹੋਰ ਕੱਲ੍ਹ ਹੋਰ।
ਨੱਥਾ ਸਿਉਂ ਬੋਲਿਆ, “ ਬਾਬਾ ਜੀ, ਪੰਗਾ ਤਾਂ ਤੁਸੀਂ ਆਪ ਲਿਆ, ਏ.ਟੀ.ਐੱਮ. ‘ਚ ਪਾਸਕੋਡ ਹੀ ਗ਼਼ਲਤ ਪਾ ‘ਤਾ, ਕੀ ਲੋੜ ਸੀ ਭਗਤ ਧੰਨੇ ਜੱਟ ਦੀ ਗੱਲ ਛੇੜਨ ਦੀ?”
ਗੱਲ ਅਸਲ ‘ਚ ਇੰਜ ਹੋਈ ਕਿ ਆਰਤੀ ਦੀ ਕਥਾ ਕਰਦਿਆਂ ਜਦੋਂ ਤੁਕ ਆਈ ‘ਘਰ ਕੀ ਗੀਹਨ ਚੰਗੀ ਜਨ ਧਨਾ ਲੇਵੈ ਮੰਗੀ’ ਬਸ ਇਥੋਂ ਹੀ ਬਾਬਾ ਜੀ ਪੈ ਗਏ ਹੋਰ ਰਾਹੇ ਪਈ ਜੇ ਮਾੜੀਆਂ ਔਰਤਾਂ ਹੁੰਦੀਆਂ ਹਨ ਤਾਂ ਹੀ ਧੰਨੇ ਨੇ ਚੰਗੀ ਔਰਤ ਮੰਗੀ ਐ। ਬਾਬਾ ਜੀ ਜਾ ਵੜੇ ਆਪਣੀ ਜਵਾਨੀ ਦੇ ਦਿਨਾਂ ਵਿਚ। ‘ਕੱਲਾ ‘ਕੱਲਾ ਮੁੰਡਾ ਤੇ ਉਹ ਵੀ ਮਾਂ ਦਾ ਵਿਗਾੜਿਆ ਹੋਇਆ। ਹਰੇਕ ਨੂੰ ਟਿੱਚ ਜਾਣੇ। ਨਿੱਤ ਨਵੇਂ ਉਲਾਂਭੇ। ਧੀਆਂ ਭੈਣਾਂ ਦੀ ਇੱਜ਼ਤ ਨੂੰ ਕੱਖ ਨਾ ਜਾਣੇ। ਮਾਂ ਪਿਉ ਨੇ ਸੋਚਿਆ ਇਹਨੂੰ ਕਿੱਲੇ ਨਾਲ ਬੰਨ੍ਹ ਦੇਈਏ, ਆਪੇ ਸੁਧਰ ਜਾਵੇਗਾ। ਸੋ, ਇਹਨੂੰ ਦਸਵੀਂ ਫੇਲ੍ਹ ਢੱਗੇ ਨੂੰ ਬਾਰ੍ਹਵੀਂ ਪਾਸ ਕੁੜੀ ਨਾਲ ਵਿਆਹ ਦਿਤਾ। ਇਹਨੇ ਉਸ ਕੁੜੀ ਦਾ ਜਿਊਣਾ ਵੀ ਮੁਹਾਲ ਕਰ ਦਿਤਾ। ਉਸ ਨੇ ਟਿੱਲ ਲਾ ਲਿਆ ਇਹਨੂੰ ਸਹੀ ਰਾਸਤੇ ‘ਤੇ ਲਿਆਉਣ ਲਈ ਪਰ ਉਹਦੀ ਕੋਈ ਪੇਸ਼ ਨਾ ਗਈ। ਇਹ ਹਰੇਕ ਗੱਲ ‘ਚ ਉਸ ਨੂੰ ਹੀ ਦੋਸ਼ੀ ਠਹਿਰਾਇਆ ਕਰੇ। ਬਸ ਇਕੋ ਗੱਲ ਚਾਹੁੰਦਾ ਕਿ ਆਪ ਜੋ ਮਰਜ਼ੀ ਕਰੇ, ਪਤਨੀ ਰੱਬ ਵਾਂਗ ਉਹਦੀ ਪੂਜਾ ਕਰੇ। ਕਿਤੇ ਦੋ ਬੰਦਿਆਂ ‘ਚ ਬਹਿੰਦਾ ਤਾਂ ਔਰਤ ਜ਼ਾਤ ਨੂੰ ਹੀ ਭੰਡਦਾ ਰਹਿੰਦਾ।
ਔਖੇ ਸੌਖੇ ਦੋ ਕੁ ਸਾਲ ਲੰਘੇ ਤੇ ਅਖੀਰ ਛੱਡ ਛਡਾਈਆ ਹੋ ਗਿਆ ਤੇ ਇਹ ਘਰੋਂ ਨਿੱਕਲ ਕੇ ਪੰਜ ਸੱਤ ਸਾਲ ਡੇਰਿਆਂ ਆਦਿ ‘ਚ ਘੁੰਮਦਾ ਰਿਹਾ, ਰੂਪ ਬਦਲ ਲਿਆ ਤੇ ਵਾਜਾ ਵਜਾਉਣਾ, ਮਾੜੀ ਮੋਟੀ ਕਥਾ ਕਰਨੀ ਵੀ ਸਿੱਖ ਲਈ। ਇਕ ਦੋ ਸੱਜਣ ਮਿਲੇ ਜਿਨ੍ਹਾਂ ਨੇ ਇਸ ਨੂੰ ਸੰਗਤ ‘ਚੋਂ ਮਾਇਆ ਖਿੱਚਣ ਦੇ ਗੁਰ ਵੀ ਸਮਝਾ ਦਿਤੇ। ਇਕ ਡੇਰੇ ‘ਚੋਂ ਇਸ ਨੂੰ ਚੁਸਤ ਚਾਲਾਕ ਤੇ ਗੱਲਕਾਰ ਬੰਦਾ ਨੱਥਾ ਸਿੰਘ ਮਿਲ ਗਿਆ ਤੇ ਢੋਲਕੀ ਅਤੇ ਚਿਮਟੇ ਵਾਲਾ ਇਹਨੇ ਇਕ ਹੋਰ ਜਥੇ ‘ਚੋਂ ਖਿੱਚ ਲਏ। ਆਪਣੇ ਜੱਦੀ ਪਿੰਡ ਤੋਂ 80-90 ਮੀਲ ਦੂਰ ਹੌਲੀ ਹੌਲੀ ਆਪਣਾ ਪਰਚਾਰ ਦਾ ਜੁਗਾੜ ਫਿੱਟ ਕਰ ਲਿਆ ਤੇ ਕੰਮ ਵਾਹਵਾ ਚੱਲ ਨਿੱਕਲਿਆ।
 ਅੱਜ ਬਸ ਇਕੋ ਗ਼ਲਤੀ ਕਰ ਗਿਆ ਬਾਬਾ ਕਿ ‘ਮਾੜੀਆਂ’ ਔਰਤਾਂ ਨੂੰ ਨਿੰਦਦੇ ਨਿੰਦਦੇ ਉਸਨੇ ਐਕਸੀਲੇਟਰ ਪੂਰਾ ਹੀ ਦੱਬ ਰੱਖਿਆ। ਬਾਬਾ ਪੂਰਾ ਸਹਿਮਤ ਸੀ ਨੱਥਾ ਸਿੰਘ ਦੇ ਵਿਚਾਰ ਨਾਲ ਪਰ ਹੁਣ ਕੀ ਹੋ ਸਕਦਾ ਸੀ। ਬਾਬਾ ਹੁਣ ਸੋਚੀਂ ਪਿਆ ਹੋਇਆ ਸੀ ਕਿ ਕੱਲ੍ਹ ਨੂੰ ਹੋਣ ਵਾਲੇ ਪ੍ਰੋਗਰਾਮ ਵਿਚ ਬੀਬੀਆਂ ਦੇ ਏ.ਟੀ.ਐਮ.’ਚ ਕਿਹੜਾ ਪਾਸਕੋਡ ਪਾਵੇ ਕਿ ਅੱਜ ਵਾਲਾ ਘਾਟਾ ਵੀ ਪੂਰਾ ਹੋ ਜਾਵੇ। 

ਕੋਈ ਹਰਿਆ ਬੂਟ ਰਹਿਓ ਰੀ - ਨਿਰਮਲ ਸਿੰਘ ਕੰਧਾਲਵੀ

ਦੋ ਕੁ ਹਫ਼ਤੇ ਹੋਏ ਚੰਡੀਗੜ੍ਹ ਤੋਂ ਇਕ ਖ਼ਬਰ ਸੋਸ਼ਲ ਮੀਡੀਆ ‘ਤੇ ਬਹੁਤ ਨਸ਼ਰ ਹੋਈ। ਖ਼ਬਰ ਸੀ ਕਿ ਇਕ ਨੌਜਵਾਨ ਲੜਕੀ ਨੇ, ਜਿਸ ਨੇ ਡਾਕਟਰੀ ਪਾਸ ਕਰ ਕੇ, ਪਹਿਲੀ ਨੌਕਰੀ ‘ਤੇ ਪਹਿਲੇ ਦਿਨ ਹੀ ਅਸਤੀਫ਼ਾ ਦੇ ਦਿੱਤਾ ਸੀ। ਕਾਰਨ ਇਹ ਸੀ ਕਿ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਉਸ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਉਸ ਨੇ ਵੱਧ ਤੋਂ ਵੱਧ ਮਰੀਜ਼ਾਂ ਨੂੰ ਆਈ.ਸੀ.ਯੂ. ਵਿਚ ਭਰਤੀ ਕਰਨਾ ਹੈ। ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿਤਾ ਤੇ ਮਰੀਜ਼ਾਂ ਦੀ ਲੋੜ ਅਨੁਸਾਰ ਉਨ੍ਹਾਂ ਦਾ ਇਲਾਜ ਕਰਨ ਦੀ ਵਕਾਲਤ ਕੀਤੀ ਪਰ ਮਾਲਕਾਂ ਨੂੰ ਇਹ ਮੰਨਜ਼ੂਰ ਨਹੀਂ ਸੀ। ਇਸ ਡਾਕਟਰ ਬੱਚੀ ਨੇ ਉਸੇ ਵੇਲੇ ਅਸਤੀਫ਼ਾ ਦੇ ਦਿਤਾ, ਭਾਵੇਂ ਕਿ ਉਸ ਨੂੰ ਪਤਾ ਸੀ ਕਿ ਇਸ ਕਦਮ ਨਾਲ ਉਸ ਨੂੰ ਭਵਿੱਖ ਵਿਚ ਬਹੁਤ ਮੁਸ਼ਕਿਲਾਂ ਆ ਸਕਦੀਆਂ ਹਨ। ਇਸ ਬਾਰੇ ਬਹੁਤ ਚਰਚਾ ਹੋਈ ਤੇ ਬਹੁਤੇ ਲੋਕਾਂ ਨੇ ਬੱਚੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ।
ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਵਿਚ ਸਿਹਤ ਅਤੇ ਵਿਦਿਆ ਇਹ ਦੋ ਅਦਾਰੇ ਵੱਡੇ ਵੱਡੇ ਮਗਰਮੱਛਾਂ ਦੇ ਜਬਾੜਿਆਂ ਥੱਲੇ ਆ ਚੁੱਕੇ ਹਨ। ਪਿਛਲੇ ਸਾਲ ਵੀ ਇਕ ਵੀਡੀਓ ਬਹੁਤ ਨਸ਼ਰ ਹੋਈ ਸੀ ਜਿਸ ਵਿਚ ਦਰਸਾਇਆ ਗਿਆ ਸੀ ਕਿ ਇਨ੍ਹਾਂ ਵੱਡੇ ਵੱਡੇ ਹਸਪਤਾਲਾਂ ‘ਚ ਕਿਵੇਂ ਮਰੀਜ਼ ਦੇ ਪਰਵਾਰ ਵਾਲਿਆਂ ਦੀ ਪੁੱਠੀ ਰੰਬੀ ਨਾਲ ਖੱਲ ਉਤਾਰੀ ਜਾਂਦੀ ਹੈ। ਮਰੇ ਪਏ ਮਰੀਜ਼ ਨੂੰ ਆਕਸੀਜ਼ਨ ਲਗਾ ਕੇ ਮੋਟਾ ਬਿੱਲ ਬਣਾਇਆ ਜਾਂਦਾ ਹੈ। ਡਾਕਟਰਾਂ ਦੇ ਟਾਰਗੈੱਟ ਸੈੱਟ ਕੀਤੇ ਜਾਂਦੇ ਹਨ ਕਿ ਉਨ੍ਹਾਂ ਨੇ ਮਹੀਨੇ ਦੀ ਕਿੰਨੀ ਕਮਾਈ ਕਰ ਕੇ ਹਸਪਤਾਲ ਨੂੰ ਦੇਣੀ ਹੈ। ਜਿਹੜਾ ਡਾਕਟਰ ਟਾਰਗੈੱਟ ਪੂਰਾ ਨਹੀਂ ਕਰਦਾ ਉਸ ‘ਤੇ ਕਾਰਵਾਈ ਹੁੰਦੀ ਹੈ ਤੇ ਜੇ ਉਹ ਅਜੇ ਵੀ ਉਨ੍ਹਾਂ ਦੇ ਨਿਸ਼ਾਨੇ ਪੂਰੇ ਨਹੀਂ ਕਰਦਾ ਤਾਂ ਨੌਕਰੀ ਤੋਂ ਫ਼ਾਰਿਗ ਕਰ ਦਿਤਾ ਜਾਂਦਾ ਹੈ। ਦੇਖਣ ਵਾਲੀ ਇਹ ਗੱਲ ਵੀ ਹੈ ਕਿ ਕਿੰਨੇ ਡਾਕਟਰ ਆਪਣੀ ਆਤਮਾ ਨਾਲ ਸਮਝੌਤਾ ਕਰ ਕੇ ‘ਮਾਲਕਾਂ’ ਦੇ ਨਿਸ਼ਾਨੇ ਪੂਰੇ ਕਰਦੇ ਹੋਣਗੇ। ਪਹਿਲਾਂ ਤਾਂ ਡਾਕਟਰੀ ਦੀ ਪੜ੍ਹਾਈ ਉੱਪਰ ਹੀ ਕਰੋੜਾਂ ਦਾ ਖ਼ਰਚ ਹੁੰਦਾ ਹੈ, ਨੌਕਰੀ ਕਰ ਕੇ ਪਰਵਾਰ ਵਸਾਉਣਾ ਹੈ, ਮਾਪਿਆਂ ਦੀਆਂ ਉਮੀਦਾਂ ਅਲੱਗ, ‘ਹਾਇ ਰੇ ਇਨਸਾਨ ਕੀ ਮਜਬੂਰੀਆਂ’। 
ਕੌਣ ਨਹੀ ਜਾਣਦਾ ਕਿ ਆਪਣਾ ਮੋਟਾ ਬਿੱਲ ਬਣਾਉਣ ਲਈ ਚੰਗੀਆਂ ਭਲੀਆਂ ਗਰਭਵਤੀ ਬੀਬੀਆਂ ਦੇ ਪੇਟ ਚੀਰ ਚੀਰ ਕੇ ਇਹ ਹਸਪਤਾਲ ਉਨ੍ਹਾਂ ਨੂੰ ਸਾਰੀ ਉਮਰ ਵਾਸਤੇ ਹੋਰ ਸਰੀਰਕ ਮੁਸ਼ਕਿਲਾਂ ‘ਚ ਧੱਕ ਦਿੰਦੇ ਹਨ। ਪੰਜਾਬ ਵਿਚੋਂ ਹੀ ਅਜਿਹੀਆਂ ਹਜ਼ਾਰਾਂ ਕਹਾਣੀਆਂ ਮਿਲ ਜਾਣਗੀਆਂ ਜਿੱਥੇ ਇਨ੍ਹਾਂ ਵੱਡੇ ਹਸਪਤਾਲਾਂ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਵਾਰਾਂ ਨਾਲ ਕਿਵੇਂ ਖਿਲਵਾੜ ਕੀਤਾ ਹੈ। ਇਕ ਕੇਸ ਵਿਚ ਤਾਂ ਮਰੇ ਹੋਏ ਬੰਦੇ ਨੂੰ ਬੈੱਡ ਉੱਪਰ ਰੱਸੇ ਨਾਲ ਬੰਨ੍ਹਿਆਂ ਹੋਇਆ ਸੀ ਤਾਂ ਕਿ ਘਰ ਵਾਲੇ ਬਿੱਲ ਦਿਤੇ ਬਿਗ਼ੈਰ ਨਾ ਲੈ ਜਾਣ ਕਿਉਂਕਿ ਮੋਟੇ ਬਿੱਲ ਦਾ ਝਗੜਾ ਸੀ। ਕਿਸੇ ਐਮਰਜੰਸੀ ਵੇਲੇ ਨੇੜੇ ਦੇ ਹਸਪਤਾਲ ਵਾਲੇ ਬੇਲੋੜੇ ਟੈਸਟ ਕਰ ਕਰ ਕੇ ਕੀਮਤੀ ਸਮਾਂ ਬਰਬਾਦ ਕਰ ਦਿੰਦੇ ਹਨ ਤੇ ਆਪਣਾ ਬਿੱਲ ਬਣਾ ਕੇ ਕਹਿ ਦਿੰਦੇ ਹਨ ਕਿ ਹੁਣ ਮਰੀਜ਼ ਨੂੰ ਕਿਸੇ ਹੋਰ ਹਸਪਤਾਲ ਲੈ ਜਾਉ, ਜਦ ਨੂੰ ਮਰੀਜ਼ ਦੇ ਬਚਣ ਦੇ ਚਾਂਸ ਬਹੁਤ ਘਟ ਜਾਂਦੇ ਹਨ।
ਇਕ ਵਾਕਿਆ ਇੱਥੇ ਦੱਸਣਾ ਕੁਥਾਂ ਨਹੀਂ ਹੋਵੇਗਾ। ਇੰਗਲੈਂਡ ਤੋਂ ਇਕ ਬਜ਼ੁਰਗ਼ ਜੋੜਾ ਪੰਜਾਬ ਗਿਆ। ਮਾਈ ਬਿਮਾਰ ਹੋ ਗਈ। ਕਿਸੇ ਸੱਜਣ ਦੀ ਸਿਫ਼ਾਰਸ਼ ‘ਤੇ ਇਕ ਕਲਿਨਕ ‘ਚ ਭਰਤੀ ਕਰਾ ਦਿਤੀ ਗਈ। ਬਸ ਫੇਰ ਕੀ ਸੀ, ਡਾਕਟਰ ਪਰਚੀ ਤੇ ਪਰਚੀ ਲਿਖੀ ਜਾਣ ਦਵਾਈਆਂ ਵਾਸਤੇ। ਬਜ਼ੁਰਗ਼ ਸੋਚੇ ਪਈ ਏਨੇ ਟੀਕੇ, ਏਨੀਆਂ ਦਵਾਈਆਂ ਕੀ ਸਭ ਕੁਝ ਉਹਦੀ ਘਰ ਵਾਲੀ ਲਈ ਹੀ ਹਨ। ਉਹਨੇ ਸੋਚਿਆ ਝਗੜਾ ਕਰਨ ਨਾਲੋਂ ਇਨ੍ਹਾਂ ਤੋਂ ਛੁੱਟੀ ਲਈਏ। ਪਰ ਡਾਕਟਰ ਉਨ੍ਹਾਂ ਨੂੰ ਹੋਰ ਡਰਾਉਣ ਕਿ ਫਲਾਣੇ ਕਾਨੂੰਨ ਮੁਤਾਬਕ ਉਹ ਜਾ ਨਹੀਂ ਸਕਦੇ। 
ਬਜ਼ੁਰਗ਼ ਦਾ ਇਕ ਰਿਸ਼ਤੇਦਾਰ ਉੱਚ ਪੁਲਿਸ ਅਫ਼ਸਰ ਸੀ। ਕਿਸੇ ਤਰ੍ਹਾਂ ਉਹਦਾ ਨੰਬਰ ਲੱਭ ਕੇ ਉਸ ਨੂੰ ਫ਼ੂਨ ਕੀਤਾ ਤੇ ਸਾਰੀ ਗੱਲ ਦੱਸੀ। ਉਸ ਨੇ ਕੁਦਰਤੀਂ ਅਗਲੇ ਦਿਨ ਕਿਸੇ ਮੀਟਿੰਗ ਲਈ ਉਸੇ ਸ਼ਹਿਰ ਆਉਣਾ ਸੀ। ਉਹ ਜਦੋਂ ਆਇਆ ਤਾਂ ਇਕ ਵਾਰੀ ਤਾਂ ਭਾਜੜ ਪੈ ਗਈ ਹਸਪਤਾਲ ‘ਚ। ਬਜ਼ੁਰਗ਼ ਨੇ ਇਕ ਕੰਮ ਕੀਤਾ ਹੋਇਆ ਸੀ ਕਿ ਦਵਾਈਆਂ ਦੀਆਂ ਸਾਰੀਆਂ ਰਸੀਦਾਂ ਸੰਭਾਲ ਕੇ ਰੱਖੀਆਂ ਹੋਈਆਂ ਸਨ। ਪੁਲਿਸ ਅਫ਼ਸਰ ਵੀ ਦੰਗ ਰਹਿ ਗਿਆ ਦੇਖ ਕੇ ਕਿ ਤਿੰਨ ਚਾਰ ਦਿਨਾਂ ‘ਚ ਹੀ ‘ਟੋਕਰਾ’ ਦਵਾਈਆਂ ਦਾ ਡਾਕਟਰਾਂ ਨੇ ਮੰਗਵਾ ਲਿਆ ਸੀ। ਹਸਪਤਾਲ ਦੇ ਮਾਲਕਾਂ ਨੇ ਬੜੀਆਂ ਸਫ਼ਾਈਆਂ ਦਿਤੀਆਂ ਪਰ ਕੋਈ ਪੇਸ਼ ਨਾ ਗਈ। ਪੁਲਿਸ ਅਫ਼ਸਰ ਨੇ ਉਨ੍ਹਾਂ ਅੱਗੇ ਸ਼ਰਤ ਰੱਖੀ ਕਿ ਜੇ ਦੋ ਡਾਕਟਰਾਂ ਦਾ ਆਜ਼ਾਦ ਪੈਨਲ ਕਹਿ ਦੇਵੇ ਕਿ ਇਹ ਸਾਰੀਆਂ ਦਵਾਈਆਂ ਮਾਈ ਦੀ ਬਿਮਾਰੀ ਲਈ ਹਨ ਤਾਂ ਉਹ ਮੰਨ ਲੈਣਗੇ। 
ਅਖੀਰ ਹਸਪਤਾਲ ਵਾਲਿਆਂ ਨੇ ਹਾਰ ਮੰਨੀ।
ਦੁਨੀਆਂ ਦੀ ਚੌਥੀ ਵੱਡੀ ਅਰਥ-ਵਿਵਸਥਾ ਵਲ ਵਧ ਰਹੇ ਦੇਸ਼ ਨੂੰ ਕੀ ਲੋਕਾਂ ਦੀਆਂ ਇਹ ਮੁਸ਼ਕਿਲਾਂ ਨਹੀਂ ਦਿਸਦੀਆਂ? ਪਰ ਉਨ੍ਹਾਂ ਨੂੰ ਇਹ ਮੁਸ਼ਕਿਲਾਂ ਕਿਉਂ ਦਿਸਣਗੀਆਂ ਕਿਉਂਕਿ ਇਸ ਤੰਤਰ ਨੂੰ ਚਲਾਉਣੇ ਵਾਲੇ ਸਭ ਚੱਟੇ-ਵੱਟੇ ਇਕੋ ਹੀ ਹਨ।
ਨਿਰਮਲ ਸਿੰਘ ਕੰਧਾਲਵੀ  

ਮੇਰੀ ਜੰਗ - ਮਨਿੰਦਰ ਕੌਰ ਇੰਦੀ (ਯੂ.ਕੇ.)

ਜੀਣਾ ਕਿੰਨਾ ਵੀ ਔਖਾ ਹੋਵੇ
ਪਰ ਖੁਦ ਨੂੰ ਮਾਰਨਾ ਸੌਖਾ ਨਹੀਂ ਹੁੰਦਾ
ਸਮਝਾਵੇ ਕੋਈ ਹਾਏ! ਕਿਉਂ ਇਹ ਜੰਗ?
ਰੋਜ਼ੀ, ਰੋਟੀ ਤੋਂ ਵੱਧ ਕੀ ਏ ਮੇਰੀ ਮੰਗ?
ਕਿਸੇ ਕੋਨੇ ਉੱਤੇ ਕੌਣ ਬੈਠਾ?
ਜ਼ਮੀਨ ਦਾ ਕੁੱਲ ਮਾਪ ਕਿੱਡਾ?
ਪੂਰਾ ਇਲਮ ਵੀ ਮੈਨੂੰ ਕਿੱਥੇ ਇਸ ਦਾ
ਸੁਣਿਐ ਹੈ ਗੋਲ਼ ਆਕਾਰ ਇਸ ਦਾ
ਦੋ ਰੋਟੀਆਂ ਦਾ ਗੋਲ਼ ਜਾਂ ਤਿਰਛਾ ਆਕਾਰ ਨਾਪਣ ਵਿਚ
ਮੇਰੀ ਉਮਰ ਦਾ ਦਿਨ, ਕਿਰ ਜਾਂਦਾ ਬੇਸ਼ਕ ਦਿਨ
ਪਰ ਮੈਂ ਹਰ ਉੱਗਦੇ ਸੂਰਜ ਵਿਚੋਂ
ਉਮੀਦ ਦੀ ਕਿਰਨ ਨਵੀਂ ਫੜ ਲੈਨਾਂ 
ਜਿਊਣ ਦੀ ਜੱਦੋ-ਜਹਿਦ ਵਿਚ ਵੀ
ਹੱਸ ਲੈਨਾਂ, ਗਾ ਲੈਨਾਂ, ਨੱਚ ਲੈਨਾਂ
ਮੈਂ ਮਰ ਮਰ ਕੇ ਜੀ ਲੈਨਾਂ
ਤੇ ਜੀ ਜੀ ਕੇ ਮਰ ਲੈਨਾਂ
ਆਪਣੀ ਮਰਜ਼ੀ ਨਾਲ਼, ਸਿਰਫ਼ ਆਪਣੀ ਮਰਜ਼ੀ ਨਾਲ਼
ਮੈਨੂੰ ਹੱਕ ਹੈ ਜੀਣ ਦਾ...
ਪਰ ਤੁਹਾਨੂੰ ਕੀ ਹੱਕ ਹੈ,
ਮੇਰੀ ਹੱਕ ਦੀ ਰੋਟੀ ਦੇ ਟੁਕੜੇ ਕਰਨ ਦਾ
ਮੇਰੀ ਚਾਦਰ ਨੂੰ ਲੀਰੋ ਲੀਰ ਕਰਨ ਦਾ...?
ਮਰਨਾ ਸੱਚੀਂ ਸੌਖਾ ਨਹੀਂ
ਬੇਸ਼ੱਕ ਜੀਣਾ ਔਖਾ ਵੀ ਹੋਵੇ
ਮੈਥੋਂ ਤਾਂ ਰੋਟੀ ਦੀ ਗੋਲਾਈ ਵੀ ਮਾਪੀ ਨਹੀਂ ਜਾਂਦੀ
ਜ਼ਮੀਨ...ਕੁਰਸੀ ਤੇ ਜੰਗ ਮੈਨੂੰ ਕਿੱਥੋਂ ਸਮਝ ਆਉਣੇ?
ਮੈਂ ਆਮ ਆਦਮੀ ਹਾਂ....ਸਿਰਫ਼ ਆਮ
ਅਜ਼ਲ ਤੋਂ ਕਿਆਮਤ ਤੱਕ ਆਮ
ਜੀਣ ਦਿਓ ਮੈਨੂੰ ਸਿਰਫ਼ ਮੇਰੇ ਹੱਕ ਦੀ ਰੋਜ਼ੀ, ਰੋਟੀ ਲਈ।
ਮਨਿੰਦਰ ਕੌਰ ਇੰਦੀ (ਯੂ.ਕੇ.)

ਰਿਸਕ ਫੈਕਟਰ - ਨਿਰਮਲ ਸਿੰਘ ਕੰਧਾਲਵੀ 

ਪਤਾ ਨਹੀਂ ਉਸ ਕੋਲ ਕਿਹੜੀ ਗਿੱਦੜ-ਸਿੰਙੀ ਸੀ ਕਿ ਉਹ ਹਰ ਮਹਿਕਮੇ ‘ਚ ਹੀ ਚੂਹੇ ਵਾਂਗ ਜਾ ਵੜਦਾ ਸੀ। ਕਿਸੇ ਵੀ ਮਹਿਕਮੇ ‘ਚੋਂ ਕੰਮ ਕਰਵਾ ਕੇ ਦੇਣਾ ਉਸ ਦੇ ਖੱਬੇ ਹੱਥ ਦਾ ਕੰਮ ਸੀ ਤੇ ਹਰੇਕ ਕੰਮ ਦੇ ਉਸ ਨੇ ਰੇਟ ਬੰਨ੍ਹੇ ਹੋਏ ਸਨ, ਜਿਸ ਤਰ੍ਹਾਂ ਕਈ ਦੁਕਾਨਾਂ ਉੱਪਰ ਲਿਖਿਆ ਹੋਇਆ ਹੁੰਦਾ ਹੈ, ‘ਇਕ ਮੁੱਲ’ ਜਾਂ ਅੰਗਰੇਜ਼ੀ ਵਿਚ ‘ਫਿਕਸਡ ਰੇਟ’। ਰੇਟ ਵਾਸਤੇ ਸੌਦੇਬਾਜ਼ੀ ਕਰਨ ਵਾਲੇ ਦੀ ਤਾਂ ਉਹ ਛੋਈ ਹੀ ਲਾਹ ਦਿੰਦਾ ਸੀ ਤੇ ਅਗਲਾ ਦੁਬਾਰਾ ਹੌਸਲਾ ਹੀ ਨਹੀਂ ਸੀ ਕਰਦਾ ਕਹਿਣ ਦਾ।
ਨਵੀਂ ਆਈ ਇਸ ਸਰਕਾਰ ਨੇ ਦਿਨ ਰਾਤ ਭ੍ਰਿਸ਼ਟਾਚਾਰ ਦੇ ਖ਼ਾਤਮੇ ਦਾ ਰਾਗ਼ ਅਲਾਪਿਆ ਹੋਇਆ ਸੀ। ਸਰਕਾਰ ਨੇ ਤਾਂ ਸਗੋਂ ਆਉਂਦਿਆਂ ਹੀ ਆਪਣਾ ਹੀ ਇਕ ਮੰਤਰੀ ਰਿਸ਼ਵਤ ਦੇ ਦੋਸ਼ ਵਿਚ ਟੰਗ ਦਿਤਾ ਸੀ। ਕੁਝ ਲੋਕ ਇਸ ਨੂੰ ਸਰਕਾਰ ਦਾ ਮਹਿਜ਼ ਇਕ ਡਰਾਮਾ ਕਹਿ ਰਹੇ ਸਨ ਪਰ ਇਸ ਡਰਾਮੇ ਨੇ ਸਾਰੇ ਮਹਿਕਮੇ ਬਹੁਤ ਚੁਕੰਨੇ ਕਰ ਦਿਤੇ ਸਨ। 
ਸਰਕਾਰੀ ਕਰਮਚਾਰੀਆਂ ਸਮੇਤ ਇਹ ਸੱਜਣ ਵੀ ਅੱਜ ਕਲ ਪਾਣੀ ਨੂੰ ਵੀ ਪੁਣ ਕੇ ਪੀਣ ਲੱਗ ਪਿਆ ਸੀ। ਇਕ ਦਿਨ ਇਕ ਵਿਅਕਤੀ ਇਸ ਪਾਸ ਕਿਸੇ ਕੰਮ ਆਇਆ ਜਿਸ ਕੰਮ ਲਈ ਇਹ ਦਸ ਹਜ਼ਾਰ ਲੈਂਦਾ ਸੀ ਪਰ ਅੱਜ ਇਸ ਨੇ ਬਾਰਾਂ ਹਜ਼ਾਰ ਮੰਗੇ ਤਾਂ ਉਸ ਵਿਅਕਤੀ ਨੇ ਦਸ ਦੀ ਬਜਾਇ ਬਾਰਾਂ ਮੰਗਣ ਦਾ ਕਾਰਨ ਪੁੱਛਿਆ ਤਾਂ ਕਹਿੰਦਾ, “ ਓ ਭਰਾਵਾ ਹੁਣ 

ਕੋਈ ਹੈਗਾ ਏ ਤਾਂ ਦੱਸੋ - ਨਿਰਮਲ ਸਿੰਘ ਕੰਧਾਲਵੀ

ਵਾਰ ਦਿਤਾ ਪਰਵਾਰ, ਕਹਾਇਆ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ, ਗੁਰੂ ਦਸਮੇਸ਼ ਜੀ ਦਾ ਸਾਨੀ

ਦੁਖੀ ਆਏ  ਜਾਂ  ਦੁਆਰੇ,  ਗੁਰੂ  ਪਿਤਾ ਇਹ ਉਚਾਰੇ 
ਕੋਈ  ਹੋਵੇ  ਕੁਰਬਾਨ,  ਦੁਖ  ਇਹਨਾਂ  ਦੇ  ਨਿਵਾਰੇ
ਗੁਬਿੰਦ ਰਾਇ ਮੁਸਕਾਇਆ, ਉਹਨੇ ਇੰਜ ਫੁਰਮਾਇਆ
ਮੇਰੀ  ਕਰਿਉ  ਨਾ  ਚਿੰਤਾ,  ਜਾ  ਕੇ  ਦੇਵੋ ਕੁਰਬਾਨੀ
ਵਾਰ ਦਿੱਤਾ ਪਰਵਾਰ,  ਕਹਾਇਆ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ,  ਗੁਰੂ ਦਸਮੇਸ਼ ਜੀ ਦਾ ਸਾਨੀ

ਮੱਲਾਂ  ਜੰਗਾਂ  ਵਿਚ  ਮਾਰੇ,  ਆਕੀ  ਰਣ  ‘ਚ ਸੰਘਾਰੇ
ਨਿੱਠ  ਰਚੇ  ਉਹ  ਸਾਹਿਤ, ਕਦੀ  ਕਵੀਆਂ  ਨੂੰ ਤਾਰੇ
ਜਿੱਦਾਂ  ਵਾਹੀ  ਉਹਨੇ  ਤੇਗ਼, ਤੇਵੇਂ ਵਾਹੀ ਉਹਨੇ ਕਾਨੀ
ਵਾਰ  ਦਿਤਾ  ਪਰਵਾਰ, ਕਹਾਇਆ  ਪੁੱਤਰਾਂ ਦਾ ਦਾਨੀ
ਕੋਈ  ਹੈਗਾ  ਏ  ਤਾਂ ਦੱਸੋ, ਗੁਰੂ ਦਸਮੇਸ਼ ਜੀ ਦਾ ਸਾਨੀ

ਹੱਥੀਂ  ਸਾਜ  ਕੇ  ਪਿਆਰੇ,  ਗੁਰ  ਚੇਲਾ  ਉਹ  ਕਹਾਵੇ
‘ਕੱਲਾ  ਲੱਖ ‘ਨਾ  ਲੜਾ ਕੇ,  ਬਾਜ਼  ਚਿੜੀ  ਤੋਂ ਤੁੜਾਵੇ
ਕਰਨਾ  ਜ਼ੁਲਮਾਂ  ਦਾ  ਨਾਸ, ਇਹੋ  ਦਿਲ  ਵਿਚ  ਠਾਣੀ
ਵਾਰ  ਦਿਤਾ  ਪਰਵਾਰ  ਕਹਾਇਆ ਪੁੱਤਰਾਂ  ਦਾ  ਦਾਨੀ
ਕੋਈ  ਹੈਗਾ  ਏ ਤਾਂ  ਦੱਸੋ, ਗੁਰੂ  ਦਸਮੇਸ਼ ਜੀ ਦਾ ਸਾਨੀ

ਦੋ  ਵਾਰੇ  ਵਿਚ  ਚਮਕੌਰ,  ਦੋ  ਵਾਰ  ਦਿਤੇ  ਸਰਹਿੰਦ
ਲੋਕੀਂ  ਪੁੱਛਣ  ਪਏ  ਸਾਰੇ, ਇਹ ਕੌਣ ਕੀਹਦੇ  ਫਰਜੰਦ
ਮਾਤ  ਗੁਜਰੀ  ਨੇ  ਵਾਰੀ,  ਠੰਢੇ  ਬੁਰਜ   ਜ਼ਿੰਦਗਾਨੀ
ਕੁੱਲ ਦੁਨੀਆਂ  ਇਹ ਆਖੇ,  ਇਹ  ਸ਼ਹੀਦੀਆਂ  ਲਾਸਾਨੀ
ਵਾਰ  ਦਿਤਾ  ਪਰਵਾਰ,  ਕਹਾਇਆ  ਪੁੱਤਰਾਂ  ਦਾ ਦਾਨੀ

ਕਦੀ  ਮਖ਼ਮਲੀ  ਸੇਜਾਂ,  ਕਦੀ  ਟਿੰਡ  ਦਾ  ਸਰ੍ਹਾਣਾ
ਪੈਰ  ਕੰਡਿਆਂ  ਪਰੁੰਨ੍ਹੇ,  ਮਿੱਠਾ  ਮੰਨਦਾ  ਏ  ਭਾਣਾ
ਹੱਥ  ਫੜੀ  ਸ਼ਮਸ਼ੀਰ,  ਅਤੇ  ਬੁੱਲ੍ਹਾਂ  ਉੱਤੇ  ਬਾਣੀ
ਵਾਰ ਦਿਤਾ ਪਰਵਾਰ, ਕਹਾਇਆ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ, ਗੁਰੂ ਦਸਮੇਸ਼ ਜੀ ਦਾ ਸਾਨੀ

ਵਿਚ ਚਮਕੌਰ ਜੀਹਨੇ, ਅਜੀਤ ਜੁਝਾਰ ਨਾ ਸੰਭਾਲ਼ੇ
ਢਾਬ ਖਿਦਰਾਣੇ ਵਾਲੀ ਉੱਤੇ,  ਰੰਗ ਅਜਬ ਦਿਖਾਲੇ 
ਸਿਰ ਯੋਧਿਆਂ ਦੇ ਗੋਦੀ,  ਵਹਾਵੇ ਅੱਖਾਂ ਵਿਚੋਂ ਪਾਣੀ
ਵਾਰ ਦਿਤਾ ਪਰਵਾਰ, ਕਹਾਇਆ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ, ਗੁਰੂ ਦਸਮੇਸ਼ ਜੀ ਦਾ ਸਾਨੀ

ਘਰ  ਮਿਹਰਾਂ ਦੇ  ਆ ਕੇ,  ਗਲ਼  ਵਿਛੜੇ ਉਹ ਲਾਵੇ
ਮੂੰਹ  ਮੰਗੀਆਂ  ਮੁਰਾਦਾਂ,  ਫਿਰ  ਮਹਾਂ  ਸਿੰਘ  ਪਾਵੇ
ਕਦੀ  ਦੇਖੀ  ਨਾ  ਸੁਣੀ ਸੀ,  ਐਸੀ ਜੱਗ ‘ਤੇ ਕਹਾਣੀ
ਵਾਰ ਦਿਤਾ ਪਰਵਾਰ,  ਕਹਾਇਆ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ,  ਗੁਰੂ ਦਸਮੇਸ਼ ਜੀ ਦਾ ਸਾਨੀ
=============================