
ਹੱਥ ‘ਤੇ ਸਰ੍ਹੋਂ - ਨਿਰਮਲ ਸਿੰਘ ਕੰਧਾਲਵੀ
ਬਲਜੀਤ ਕੋਲ ਗਿਣਤੀ ਦੇ ਦਿਨਾਂ ਦੀ ਹੀ ਛੁੱਟੀ ਸੀ। ਕਈ ਕੰਮ ਉਹਨੇ ਕਰਨੇ ਸਨ। ਸਿਆਲ ਦੇ ਛੋਟੇ ਛੋਟੇ ਦਿਨ ਸਨ, ਇਕ ਅੱਧੇ ਰਿਸ਼ਤੇਦਾਰ ਨੂੰ ਮਿਲਣ ਗਿਆਂ ਹੀ ਸਾਰੀ ਦਿਹਾੜੀ ਲੰਘ ਜਾਂਦੀ ਸੀ। ਉਹਦੀ ਇਕ ਦੂਰੋਂ ਲਗਦੀ ਮਾਸੀ ਸੀ ਜਿਨ੍ਹਾਂ ਦਾ ਪਿੰਡ ਕੋਈ ਦਸ ਕੁ ਮੀਲਾਂ ਦੀ ਵਿੱਥ ‘ਤੇ ਸੀ। ਐਤਕੀਂ ਉਹ ਚਾਹੁੰਦਾ ਸੀ ਕਿ ਉਸ ਨੂੰ ਨਾ ਮਿਲਣ ਜਾਵੇ ਪਰ ਉਹਦੀ ਮਾਂ ਨੇ ਜ਼ੋਰ ਪਾ ਕੇ ਉਹਨੂੰ ਜਾਣ ਲਈ ਇਕ ਕਿਸਮ ਦਾ ਮਜ਼ਬੂਰ ਹੀ ਕਰ ਦਿੱਤਾ ਸੀ। ਉਹਨੇ ਪ੍ਰੋਗਰਾਮ ਬਣਾਇਆ ਕਿ ਉਹ ਸਵੇਰੇ ਸਵੇਰੇ ਜਾ ਕੇ ਦੁਪਹਿਰ ਹੁੰਦੀ ਤੱਕ ਮੁੜ ਆਵੇਗਾ।
ਉਹ ਕਾਫ਼ੀ ਸਾਝਰੇ ਹੀ ਮਾਸੀ ਦੇ ਪਿੰਡ ਪਹੁੰਚ ਗਿਆ। ਧੁੱਪੇ ਵਿਹੜੇ ‘ਚ ਕੁਰਸੀਆਂ ਡਾਹ ਦਿੱਤੀਆਂ ਗਈਆਂ। ਮਾਸੀ ਨੇ ਰਸਮੀ ਜਿਹੀ ਰਾਜ਼ੀ-ਖ਼ੁਸ਼ੀ ਪੁੱਛਣ ਤੋਂ ਬਾਅਦ ਆਪਣੀਆਂ ਕਹਾਣੀਆਂ ਛੇੜ ਲਈਆਂ। ਆਪਣੇ ਮੁੰਡੇ ਹਰਪਾਲ ਨੂੰ ਬਾਹਰ ਭੇਜਣ ਲਈ ਉਹ ਬਲਜੀਤ ਦੀਆਂ ਸਲਾਹਾਂ ਲੈਣ ਲਗੀ। ਬਲਜੀਤ ਨੂੰ ਪਤਾ ਸੀ ਕਿ ਮਾਸੀ ਅਜੇ ਵੀ ਉਸ ਨਾਲ ਗੁੱਸੇ ਸੀ ਕਿਉਂਕਿ ਉਹਨੇ ਹਰਪਾਲ ਨੂੰ ਇੰਗਲੈਂਡ ਲੰਘਾਉਣ ਬਾਰੇ ਕੁਝ ਨਹੀਂ ਸੀ ਕੀਤਾ। ਮਾਸੀ ਨੂੰ ਭਾਵੇਂ ਪਤਾ ਵੀ ਸੀ ਕਿ ਬਲਰਾਜ ਨੂੰ ਇੰਗਲੈਂਡ ਜਾ ਕੇ ਕਾਫੀ ਔਕੁੜਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਮਾਸੀ ਨੂੰ ਇਨ੍ਹਾਂ ਗੱਲਾਂ ‘ਚ ਕੋਈ ਦਿਲਚਸਪੀ ਨਹੀਂ ਸੀ, ਉਹ ਅਪਣਾ ਹੀ ਰਾਗ਼ ਅਲਾਪੀ ਜਾਂਦੀ ਸੀ। ਬਲਜੀਤ ਨੇ ਮਾਸੀ ਨੂੰ ਵਿੰਗੇ ਟੇਢੇ ਢੰਗ ਨਾਲ਼ ਆਪਣੀਆਂ ਮਜ਼ਬੂਰੀਆਂ ਦੱਸੀਆਂ ਪਰ ਮਾਸੀ ਕਿੱਥੇ ਯਕੀਨ ਕਰਦੀ ਸੀ। ਮਾਸੀ ਲਈ ਤਾਂ ਇੰਗਲੈਂਡ ਵਿਚ ਸ਼ਹਿਦ ਦੀਆਂ ਨਦੀਆਂ ਅਤੇ ਸੋਨੇ ਦੇ ਪਹਾੜ ਸਨ। ਉਸ ਨੇ ਬੜੀਆਂ ਮਿਹਣਿਆਂ ਭਰੀਆਂ ਚਿੱਠੀਆਂ ਵੀ ਬਲਜੀਤ ਨੂੰ ਲਿਖ਼ੀਆਂ ਸਨ।
ਇਕੋ ਇਕ ਲੜਕਾ ਸੀ ਉਹਦਾ। ਜ਼ਮੀਨ ਜਾਇਦਾਦ ਵੀ ਚੰਗੀ ਸੀ। ਪਰ ਮਾਸੀ ਹਰ ਹਾਲਤ ਵਿਚ ਹਰਪਾਲ ਨੂੰ ਬਾਹਰ ਭੇਜਣ ‘ਤੇ ਤੁਲੀ ਹੋਈ ਸੀ। ਉਹਦੇ ਜੇਠ ਦਾ ਮੁੰਡਾ ਕਿਸੇ ਤਰ੍ਹਾਂ ਅਮਰੀਕਾ ਲੰਘ ਗਿਆ ਸੀ, ਬਸ ਉਦੋਂ ਤੋਂ ਮਾਸੀ ਦੇ ਦਿਮਾਗ਼ ਵਿਚ ਵਿਦੇਸ਼ ਦਾ ਭੂਤ ਬੈਠ ਗਿਆ ਸੀ।
ਪਿਛਲੇ ਸਾਲ ਬਲਜੀਤ ਨੂੰ ਇੰਗਲੈਂਡ ਵਿਚ ਹੀ ਪਤਾ ਲੱਗ ਗਿਆ ਸੀ ਕਿ ਹਰਪਾਲ ਚੋਰੀਂ ਇਟਲੀ ਨੂੰ ਜਾਂਦਾ ਹੋਇਆ ਰਾਹ ਵਿਚ ਹੀ ਪੁਲੀਸ ਦੇ ਹੱਥ ਆ ਗਿਆ ਸੀ ਤੇ ਉਹਨੀਂ ਜਹਾਜ਼ੇ ਚੜ੍ਹਾ ਕੇ ਡੀਪੋਰਟ ਕਰ ਦਿੱਤਾ ਸੀ। ਦਿੱਲੀ ਉੱਤਰਦਿਆਂ ਹੀ ਉਹਨੂੰ ਪੁਲਿਸ ਨੇ ਕਾਬੂ ਕਰ ਲਿਆ। ਕਾਫ਼ੀ ਖੱਜਲ ਖੁਆਰੀ ਅਤੇ ਪੰਡ ਰੁਪੱਈਆਂ ਦੀ ਲਾ ਕੇ ਉਹਦਾ ਪਿਉ ਉਹਨੂੰ ਛੁਡਵਾ ਕੇ ਲਿਆਇਆ ਸੀ। ਲੋਕ ਦੱਬਵੀਂ ਜ਼ੁਬਾਨ ਵਿਚ ਵਧਾਈਆਂ ਵੀ ਦਿੰਦੇ ਸਨ ਕਿ ਸ਼ੁਕਰ ਕਰੋ ਕਿ ਮੁੰਡਾ ਮਾਲਟਾ ਕਿਸ਼ਤੀ-ਕਾਂਡ ਵਰਗੇ ਹਾਦਸੇ ਵਿਚ ਆਪਣੀ ਜਾਨ ਨਹੀਂ ਸੀ ਗੰਵਾ ਬੈਠਾ। ਉਹਦਾ ਬਾਪ ਉਹਨੂੰ ਕਿਤੇ ਵੀ ਭੇਜ ਕੇ ਰਾਜ਼ੀ ਨਹੀਂ ਸੀ। ਪਰ ਮਾਂ ਪੁੱਤ ਇਕ ਪਾਸੇ ਤੇ ਬਾਪੂ ਇਕ ਪਾਸੇ।
ਬਲਜੀਤ ਨੇ ਆਪ ਕੋਈ ਗੱਲ ਨਾ ਛੇੜੀ ਉਹਨੂੰ ਪਤਾ ਸੀ ਕਿ ਮਾਸੀ ਨੇ ਇਸੇ ਬਹਾਨੇ ਉੇਹਨੂੰ ਫੇਰ ਮਿਹਣੇ ਮਾਰਨੇ ਸਨ। ਮਾਸੀ ਨੇ ਸਗੋਂ ਆਪ ਹੀ ਚਟਖ਼ਾਰੇ ਲਾ ਲਾ ਕੇ ਹਰਪਾਲ ਦੀ ਵਾਪਿਸ ਮੁੜਨ ਦੀ ਕਹਾਣੀ ਸੁਣਾਈ ਤੇ ਨਾਲ ਹੀ ਉਹਨੇ ਪੜਦੇ ਨਾਲ ਦੱਸਿਆ ਕਿ ਹਰਪਾਲ ਹੁਣ ਨਾਮ ਬਦਲ ਕੇ ਹੋਰ ਪਾਸਪੋਰਟ ਬਣਵਾ ਰਿਹਾ ਸੀ। ਮਾਸੀ ਨੂੰ ਹੁਣ ਬਸ ਇਕੋ ਚਿੰਤਾ ਵੱਢ ਵੱਢ ਖਾਂਦੀ ਸੀ ਕਿ ਏਨਾ ਚਿਰ ਹੋ ਗਿਆ ਸੀ ਪਾਸਪੋਰਟ ਬਣ ਕੇ ਨਹੀਂ ਸੀ ਆਇਆ ਅਜੇ।
ਉਹ ਸਾਰੇ ਚਾਹ ਪੀ ਰਹੇ ਸਨ ਕਿ ਬਾਹਰ ਗਲੀ ਚੋਂ ਆਵਾਜ਼ ਆਈ “ ਟੇਵੇ ਲੁਆ ਲਉ, ਪੱਤਰੀ ਪੜ੍ਹਾ ਲਉ, ਵਿਗੜੇ ਕਾਰਜ ਸੁਆਰ ਲਉ।” ਮਾਸੀ ਚਾਹ ਵਿਚੇ ਹੀ ਛੱਡ ਕੇ ਬਾਹਰਲੇ ਗੇਟ ਵਲ ਨੂੰ ਦੌੜੀ ਤੇ ਜੋਤਸ਼ੀ ਨੂੰ ਅੰਦਰ ਲੈ ਆਈ। ਜੋਤਸ਼ੀ ਨੇ ਆਪਣਾ ਸਾਈਕਲ ਕੰਧ ਨਾਲ ਖੜ੍ਹਾ ਕਰ ਦਿੱਤਾ ਅਤੇ ਬੜੇ ਆਰਾਮ ਨਾਲ ਮੰਜੇ ਉੱਪਰ ਬੈਠ ਗਿਆ ਅਤੇ ਉਹਨੇ ਸਾਰੇ ਚਿਹਰਿਆਂ ਉੱਪਰ ਇਕ ਪੜਚੋਲਵੀਂ ਨਜ਼ਰ ਸੁੱਟੀ।
“ ਹਾਂ ਤੋ, ਮਾਤਾ ਜੀ ਕਿਆ ਕਸ਼ਟ ਹੈ,” ਜੋਤਸ਼ੀ ਨੇ ਆਪਣੀ ਐਨਕ ਦੀ ਡੰਡੀ ਠੀਕ ਕਰਦਿਆਂ ਪੁੱਛਿਆ।
ਬਲਜੀਤ ਦਾ ਜੀਅ ਕੀਤਾ ਕਿ ਉਹ ਜੋਤਸ਼ੀ ਤੋਂ ਪੁੱਛੇ ਪਈ ਭੜੂਆ ਜੇ ਤੈਂ ਘਰ ਵਾਲਿਆਂ ਤੋਂ ਹੀ ਕਸ਼ਟ ਪਤਾ ਕਰਨੈ ਫ਼ਿਰ ਤੂੰ ਜੋਤਸ਼ੀ ਕਾਹਦਾ ਐਂ? ਪਰ ਉਹ ਮਾਸੀ ਦੇ ਸੁਭਾਅ ਤੋਂ ਵਾਕਿਫ਼ ਸੀ ਜਿਸ ਕਰ ਕੇ ਉਹ ਚੁੱਪ ਹੀ ਰਿਹਾ। ਮਾਸੀ ਦੀ ਧਾਗੇ ਤਵੀਤਾਂ ਵਿਚ ਅਥਾਹ ਸ਼ਰਧਾ ਸੀ। ਉਹਨੂੰ ਯਾਦ ਸੀ ਕਿ ਇਕ ਵਾਰੀ ਨਿੱਕੇ ਹੁੰਦਿਆਂ ਉਹ ਜਦੋਂ ਮਾਸੀ ਦੇ ਕੋਲ ਆਇਆ ਹੋਇਆ ਸੀ ਤਾਂ ਇਕ ਦਿਨ ਉਹ ਵਾਲ ਖਿਲਾਰ ਕੇ ਖੇਲ੍ਹਣ ਲੱਗ ਪਈ ਸੀ। ਮਾਸੜ ਖੇਤੋਂ ਭੁੱਖਾ-ਭਾਣਾ ਮੁੜਿਆ ਤਾਂ ਮਾਸੀ ਕਹੇ ਉਹਦੇ ਨੇੜੇ ਨਾ ਕੋਈ ਆਵੇ, ਨਹੀਂ ਤਾਂ ਸਭ ਨੂੰ ਭਸਮ ਕਰ ਦਊ। ਮਾਸੜ ਨੇ ਅੱਗਾ ਦੇਖਿਆ ਨਾ ਪਿੱਛਾ ਧੈਂ ਧੈਂ ਕਰ ਕੇ ਪਰੈਣੀ ਨਾਲ ਮਾਸੀ ਧਾਫੜ ਦਿੱਤੀ। ਉਸ ਤੋਂ ਬਾਅਦ ਕਦੇ ਮਾਸੀ ਵਿਚ ਓਪਰੀ ਸ਼ੈਅ ਨਹੀਂ ਆਈ। ਪਰ ਜਿਵੇਂ ਚੋਰ ਚੋਰੀ ਤਾਂ ਛੱਡ ਦਿੰਦੈ ਪਰ ਹੇਰਾ ਫੇਰੀ ਨਹੀਂ ਛੱਡਦਾ, ਇਸੇ ਤਰ੍ਹਾਂ ਹੀ ਮਾਸੀ ਨੇ ਵੀ ਜੋਤਸ਼ੀਆਂ ਤੇ ਧਾਗੇ ਤਵੀਤਾਂ ਵਾਲਿਆਂ ਦਾ ਖਹਿੜਾ ਨਾ ਛੱਡਿਆ।
“ਪੰਡਤ ਜੀ, ਕਾਕੇ ਦੇ ਪਾਸਕੋਰਟ ਦੇ ਕੰਮ ‘ਚ ਕਿਸੇ ਔਂਤ ਜਾਣੇ ਨੇ ਕੁਸ ਕੀਤਾ ਹੋਇਐ, ਇਹ ਰੰਡੀਆਂ ਖਸਮਾਂ ਖਾਣੀਆਂ ਸਾਰਾ ਦਿਨ ਟੂਣੇ ਟਾਮਣ ਈ ਕਰਵਾਉਂਦੀਆਂ ਰਹਿੰਦੀਆਂ,” ਮਾਸੀ ਹੁਣ ਗੁਆਂਢੀਆਂ ਦੇ ਘਰ ਵਲ ਬਾਹਾਂ ਉਲਾਰ ਉਲਾਰ ਕੇ ਸਲਵਾਤਾਂ ਦੇਣ ਲੱਗ ਪਈ ਸੀ।
ਜੋਤਸ਼ੀ ਨੂੰ ਬਣਿਆਂ ਬਣਾਇਆ ਮਸਾਲਾ ਮਿਲ ਰਿਹਾ ਸੀ ਪਰ ਉਹ ਡਰਦਾ ਵੀ ਸੀ ਕਿ ਜੇ ਉਹਦੇ ਬੈਠਿਆਂ ਬੈਠਿਆਂ ਦੋਨਾਂ ਟੱਬਰਾਂ ਵਿਚ ਲੜਾਈ ਹੋ ਗਈ ਤਾਂ ਕਿਤੇ ਉਹਦਾ ਆਪਣਾ ਹੀ ਛਿੱਤਰ- ਪੌਲਾ ਨਾ ਹੋ ਜਾਵੇ ਤੇ ਨਾਲੇ ਬਣੀ ਬਣਾਈ ਸਾਮੀ ਮਾਰੀ ਜਾਊ।
“ ਮਾਤਾ ਜੀ, ਸਾਡੇ ਕੋਲ ਹਰ ਮਰਜ਼ ਦਾ ਉਪਾਅ ਹੈਗਾ, ਉੱਚੀ ਬੋਲਿਆਂ ਦੇਵਤੇ ਨਾਰਾਜ਼ ਹੋ ਜਾਂਦੇ ਐ, ਲੋਕਾਂ ਨੇ ਭੈੜੇ ਕੰਮ ਕਰੀ ਜਾਣੇ ਐ ਤੇ ਅਸੀਂ ਲੋਕਾਂ ਦਾ ਭਲਾ ਕਰੀ ਜਾਣੈ,” ਜੋਤਸ਼ੀ ਢਿੱਡ ਵਿਚ ਵੜਦਾ ਜਾ ਰਿਹਾ ਸੀ। ਮਾਸੀ ਵੀ ਹੁਣ ਕੁਝ ਢਿੱਲੀ ਪੈ ਗਈ ਸੀ। ਜੋਤਸ਼ੀ ਖ਼ਾਲੀ ਕਾਗ਼ਜ਼ ‘ਤੇ ਲੀਕਾਂ ਮਾਰ ਮਾਰ ਖਾਨੇ ਬਣਾ ਰਿਹਾ ਸੀ।
“ ਮਾਤਾ ਜੀ, ਤੇਰੇ ਕਿਸੇ ਦੁਸ਼ਮਣ ਨੇ ਤੁਹਾਡੇ ਘਰ ‘ਤੇ ਚੌਵੀਏ ਦਾ ਟੂਣਾ ਕਰਵਾਇਆ ਹੋਇਐ, ਮੈਂ ਦੇਖ ਲਿਐ, ਇਹ ਟੂਣਾ ਬਹੁਤ ਨਹਿਸ਼ ਹੁੰਦੈ, ਬਣੇ ਬਣਾਏ ਕੰਮ ਵਿਗਾੜ ਦਿੰਦੈ,” ਜੋਤਸ਼ੀ ਨੇ ਐਨਕਾਂ ਦੇ ਉਪਰੋਂ ਦੀ ਦੇਖਦਿਆਂ ਕਿਹਾ।
“ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਇਹਨਾਂ ਔਂਤ ਜਾਣੀਆਂ ‘ਤੇ। ਇਹ ਕਲਜੋਗਣਾਂ ਟੂਣੇ ਟਾਮਣ ਕਰਨ ਵਾਲੇ ਧਗੜਿਆਂ ਨੁੰ ਸਾਰਾ ਸਾਰਾ ਦਿਨ ਆਪਣੇ ਘਰੀਂ ਵਾੜ ਰਖਦੀਆਂ। ਪੰਡਤ ਜੀ, ਮਾਰੋ ਕੋਈ ਰੇਖ ‘ਚ ਮੇਖ, ਕੱਖ ਨਾ ਰਵ੍ਹੇ ਇਹਨਾਂ ਹੈਂਸਿਆਰੀਆਂ ਦਾ,” ਮਾਸੀ ਅਜੇ ਵੀ ਗਰਮ ਸੀ ਪਰ ਹੁਣ ਉਹ ਗੁਆਂਢੀਆਂ ਦੇ ਘਰ ਵਲ ਬਾਹਾਂ ਉਲਾਰ ਉਲਾਰ ਕੇ ਨਹੀਂ ਸੀ ਬੋਲ ਰਹੀ।
“ ਮਾਤਾ ਜੀ, ਸਬਰ ਰੱਖੋ ਸਬਰ, ਜਿਹੜਾ ਸਾਡੀ ਕਾਰ ਵਿਚ ਆ ਗਿਆ, ਉਹਦਾ ਅਸੀਂ ਵਾਲ ਵਿੰਗਾ ਨਈਂ ਹੋਣ ਦਿੰਦੇ,” ਜੋਤਸ਼ੀ ਦੇ ਚਿਹਰੇ ‘ਤੇ ਸਾਮੀ ਫ਼ਸ ਜਾਣ ਦਾ ਇਕ ਅਜਬ ਜਿਹਾ ਸਕੂਨ ਸੀ।
“ ਮਾਰ੍ਹਾਜ ਜੀ, ਇਹ ਚੌਵੀਆ ਕੀ ਹੁੰਦੈ ਜੀ?” ਮਾਸੀ ਨੇ ਜੋਤਸ਼ੀ ਤੋਂ ਆਪਣੀ ਸ਼ੰਕਾ ਨਵਿਰਤ ਕਰਨੀ ਚਾਹੀ।
ਮਾਸੀ ਦੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਜੋਤਿਸ਼ੀ ਨੇ ਬੜੀ ਘੋਖ਼ਵੀਂ ਨਜ਼ਰ ਨਾਲ ਬਲਜੀਤ ਵਲ ਦੇਖਿਆ ਜਿਵੇਂ ਤਾੜ ਰਿਹਾ ਹੋਵੇ ਕਿ ਇਹ ਸੂਟ ਬੂਟ ਵਾਲਾ ਬੰਦਾ ਕਿਤੇ ਸ਼ਿਕਾਰ ਹੀ ਨਾ ਭਜਾ ਦੇਵੇ ਕਿਉਂਕਿ ਉਹ ਹੁਣ ਤੱਕ ਕੁਝ ਵੀ ਬੋਲਿਆ ਨਹੀਂ ਸੀ। ਜੋਤਸ਼ੀ ਨੂੰ ਬਲਜੀਤ ਦੀ ਚੁੱਪ ਅੰਦਰੋ ਅੰਦਰੀ ਬਹੁਤ ਤੰਗ ਕਰ ਰਹੀ ਸੀ ਜਿਵੇਂ ਇਹ ਬੰਦਾ ਅਚਾਨਕ ਵਿਸਫੋਟ ਕਰ ਕੇ ਉਸ ਦੀ ਸਾਰੀ ਖੇਡ ਖ਼ਰਾਬ ਕਰ ਦੇਵੇਗਾ। ਉਧਰ ਬਲਜੀਤ ਦੇ ਮਨ ਵਿਚ ਜੋਤਸ਼ੀ ਦੇ ਪਾਖੰਡ ਵਿਰੁੱਧ ਯੁੱਧ ਚਲ ਰਿਹਾ ਸੀ। ਉਹਦਾ ਮਨ ਤਾਂ ਕਰਦਾ ਸੀ ਕਿ ਜੋਤਸ਼ੀ ਦੀ ਪੋਲ ਖੋਲ੍ਹ ਦੇਵੇ ਪਰ ਦੂਜੇ ਪਾਸੇ ਮਾਸੀ ਦਾ ਪੱਕੀ ਇੱਟ ਵਰਗਾ ਵਿਸ਼ਵਾਸ਼। ਉਹਨੇ ਮਨ ਹੀ ਮਨ ਸੋਚਿਆ ਕਿ ਮਾਸੀ ਤਾਂ ਅੱਗੇ ਹੀ ਉਹਨੂੰ ਉਲਾਂਭੇ ਦਿੰਦੀ ਐ ਤੇ ਰੱਬ ਨਾ ਕਰੇ ਜੇ ਹਰਪਾਲ ਦੇ ਪਾਸਪੋਰਟ ਦਾ ਕੰਮ ਵਿਗੜ ਗਿਆ ਜਾਂ ਜੇ ਕੋਈ ਹੋਰ ਮਾਮਲਾ ਪੁੱਠਾ ਪੈ ਗਿਆ ਤਾਂ ਮਾਸੀ ਫਿਰ ਸਾਰੀ ਉਮਰ ਦਾ ਕਲੰਕ ਉੇਹਦੇ ਮੱਥੇ ‘ਤੇ ਹੀ ਥੱਪ ਦੇਵੇਗੀ। ਸੋ, ਲੰਮੀ ਸੋਚ ਕੇ ਉਹ ਚੁੱਪ ਹੀ ਰਿਹਾ।
“ ਮਾਤਾ ਜੀ, ਇਹ ਚੌਵੀਏ ਦਾ ਟੂਣਾ ਹੁੰਦੈ, ਇਹ ਟੂਣਾ ਚੌਵੀ ਦਿਨ ਵਗਦੇ ਪਾਣੀ ‘ਚ ਖੜ੍ਹੇ ਹੋ ਕੇ ਸਿੱਧ ਕਰਨਾ ਪੈਂਦੈ। ਜਿਸ ਬੰਦੇ ‘ਤੇ ਇਹ ਟੂਣਾ ਕੀਤਾ ਜਾਵੇ, ਉਸ ਦੇ ਹਰ ਕੰਮ ਵਿਘਨ ਪੈਂਦੇ ਆ ਫਿਰ,” ਇੰਨਾ ਕਹਿ ਕੇ ਜੋਤਸ਼ੀ ਨੇ ਫਿਰ ਬਲਜੀਤ ਵਲ ਦੇਖਿਆ ਜਿਵੇਂ ਪੂਰੀ ਤਸੱਲੀ ਕਰ ਲੈਣੀ ਚਾਹੁੰਦਾ ਹੋਵੇ ਕਿ ਉੇਹ ਉਹਦੇ ਕੰਮ ਵਿਚ ਦਖ਼ਲ ਨਹੀਂ ਦੇਵੇਗਾ।
“ ਪੰਡਤ ਜੀ ਇਹਦਾ ਕੋਈ ਉਪਾਅ?” ਮਾਸੀ ਕਾਹਲੀ ਪਈ ਹੋਈ ਸੀ।
“ਮਾਤਾ ਜੀ, ਜਿਹੜੇ ਰੱਬ ਨੇ ਮੁਸੀਬਤਾਂ ਪੈਦਾ ਕਰੀਆਂ, ਉਨ੍ਹਾਂ ਦੇ ਇਲਾਜ ਵੀ ਨਾਲ ਈ ਦੱਸੇ ਐ, ਬੱਸ ਉਪਾਅ ਕਰਵਾਉਣ ਵਾਲਾ ਪੂਰੀ ਸ਼ਰਧਾ ਰੱਖਦਾ ਹੋਵੇ, ਸ਼ੱਕ ਨਾ ਕਰੇ।
ਮਾਤਾ ਜੀ, ਲਉ ਸੁਣੋ, ਮਜ਼ਬੂਤ ਜਿਹਾ ਕੱਪੜਾ ਲੈ ਕੇ ਛੇ ਗਿੱਠਾਂ ਇਕ ਪਾਸੇ ਨੂੰ ਅਤੇ ਚਾਰ ਗਿੱਠਾਂ ਇਕ ਪਾਸੇ ਨੂੰ ਮਿਣ ਕੇ ਉਹਦਾ ਥੈਲਾ ਬਣਾ ਕੇ ਕਣਕ ਨਾਲ ਜਾਂ ਆਟੇ ਨਾਲ ਭਰੋ, ਘਰੇ ਸੋਨੇ ਦੇ ਗਹਿਣੇ ਤਾਂ ਹੋਣੇ ਈਂ ਆਂ, ਸੋਨੇ ਦੀਆਂ ਜ਼ੰਜੀਰੀਆਂ ਹੋਣ ਜਿਹਨਾਂ ਦੀ ਲੰਬਾਈ ਚੌਵੀ ਇੰਚ ਹੋਵੇ। ਇਸ ਉਪਾਅ ‘ਚ ਮਾਤਾ ਜੀ ਚੌਵੀਏ ਦਾ ਪੂਰਾ ਹਿਸਾਬ ਰੱਖਣਾ ਪੈਂਦੈ ਨਹੀਂ ਤਾਂ ਉਪਾਅ ਕਰਨ ਕਰਵਾਉਣ ਵਾਲੇ ਦੀ ਖ਼ੈਰ ਨਈਂ, ਹਾਂ ਸੱਚ, ਚੌਵੀ ਇੰਚ ਉੱਚੀ ਬਾਲਟੀ ਦੇਸੀ ਘਿਉ ਨਾਲ ਭਰੋ ਤੇ ਬਾਕੀ ਮੇਰੇ ‘ਤੇ ਛੱਡੋ,” ਜੋਤਸ਼ੀ ਨੇ ਵਿਹੜੇ ਦੇ ਦੂਜੇ ਬੰਨੇ ਮੱਝਾਂ ਬੰਨ੍ਹੀਆਂ ਦੇਖ ਕੇ ਘਿਉ ਦਾ ਆਰਡਰ ਵੀ ਨਾਲ ਹੀ ਕਰ ਦਿੱਤਾ ਸੀ।
ਬਸ ਫਿਰ ਕੀ ਸੀ ਮਾਸੀ ਭੰਬੀਰੀ ਹੋ ਗਈ। ਕੁਛ ਹੀ ਦੇਰ ‘ਚ ਉਹਨੇ ਸਾਰਾ ਸਾਮਾਨ ਤਿਆਰ ਕਰ ਕੇ ਜੋਤਸ਼ੀ ਦੇ ਸਾਈਕਲ ‘ਤੇ ਲਦਾ ਦਿੱਤਾ। ਜੋਤਸ਼ੀ ਨੇ ਤਾਂਬੇ ਦੇ ਇਕ ਤਵੀਤ ਵਿਚ ਕਾਗਜ਼ ਦੇ ਨਿੱਕੇ ਨਿੱਕੇ ਕੁਝ ਟੁਕੜੇ ਤੁੰਨੇ ਤੇ ਮਾਸੀ ਨੂੰ ਫੜਾ ਕੇ ਤਾਗੀਦ ਕੀਤੀ ਕਿ ਸਵੇਰੇ ਸੁੱਚੇ ਮੂੰਹ ਤਵੀਤ ਨੂੰ ਧੂਫ਼ ਦੇ ਕੇ ਕਾਕੇ ਦੇ ਡੌਲੇ ਨਾਲ ਬੰਨ੍ਹ ਦੇਵੇ । ਜੋਤਸ਼ੀ ਨੇ ਇਹ ਕਹਿ ਕੇ ਉਥੋਂ ਖਿਸਕਣ ਦੀ ਕੀਤੀ ਕਿ ਉਹਨੇ ਘਰ ਜਾ ਕੇ ਚੌਵੀਏ ਦੇ ਮੰਤਰ ਨੂੰ ਸਿੱਧ ਕਰਨ ਲਈ ਪਾਠ ਕਰਨਾ ਸੀ।
ਜੋਤਸ਼ੀ ਨੂੰ ਗਿਆਂ ਅਜੇ ਅੱਧਾ ਘੰਟਾ ਵੀ ਨਹੀਂ ਸੀ ਹੋਇਆ ਕਿ ਡਾਕੀਏ ਨੇ ਆ ਬੂਹਾ ਖੜਕਾਇਆ ਤੇ ਬੋਲਿਆ “ ਓਏ ਹਰਪਾਲ, ਓਏ ਹਰਪਾਲ, ਤੇਰੀ ਰਜਿਸਟਰੀ ਆ ਗਈ ਬਈ, ਮੈਨੂੰ ਲਗਦੈ ਇਹਦੇ ‘ਚ ਤੇਰਾ ਪਾਸਪੋਰਟ ਈ ਹੋਣੈ। ਪਾਸਪੋਰਟ ਦਫ਼ਤਰ ‘ਚ ਹੜਤਾਲ ਰਹੀ ਐ, ਇਸੇ ਕਰ ਕੇ ਲੇਟ ਹੋ ਗਿਐ ਬਈ।”
ਹਰਪਾਲ, ਜੋ ਕਿ ਅਜੇ ਹੁਣੇ ਹੀ ਚੁਬਾਰੇ ਚੋਂ ਕੋਈ ਚੀਜ਼ ਲੈਣ ਗਿਆ ਸੀ ਦੁੜੰਗੇ ਮਾਰਦਾ ਹੋਇਆ ਆਇਆ ਤੇ ਉਹਨੇ ਆਉਂਦੇ ਨੇ ਡਾਕੀਏ ਦੇ ਹੱਥੋਂ ਰਜਿਸਟਰੀ ਲੈ ਕੇ ਇੰਜ ਪਾੜੀ ਜਿੱਦਾਂ ਆਵਾਰਾ ਕੁੱਤੇ ਪਿੰਡ ‘ਚ ਆਏ ਨਵੇਂ ਪਟਵਾਰੀ ਦਾ ਪਜਾਮਾ ਪਾੜਦੇ ਐ। ਰਜਿਸਟਰੀ ਵਿਚ ਪਾਸਪੋਰਟ ਹੀ ਸੀ।
ਮਾਸੀ ਇਕੋ ਗੱਲ ਕਹੀ ਜਾਂਦੀ ਸੀ, “ ਜੋਤਸ਼ੀ ਨੇ ਹੱਥ ‘ਤੇ ਸਰ੍ਹੋਂ ਜਮਾ ‘ਤੀ, ਜੋਤਸ਼ੀ ਨੇ ਹੱਥ ‘ਤੇ ਸਰ੍ਹੋਂ ਜਮਾ ‘ਤੀ।”
ਨਿਰਮਲ ਸਿੰਘ ਕੰਧਾਲਵੀ