ਬਦਲਦੇ ਵਰਤਾਰਿਆਂ ਨੂੰ ਸਮਝਣ ਦੀ ਲੋੜ - ਗੁਰਚਰਨ ਸਿੰਘ ਨੂਰਪੁਰ
ਤੇਜ਼ੀ ਨਾਲ ਬਦਲ ਰਹੀ ਦੁਨੀਆ ਦੇ ਇਸ ਦੌਰ ਵਿਚ ਮਨੁੱਖੀ ਵਿਵਹਾਰ, ਕਿਰਦਾਰ ਅਤੇ ਸਰੋਕਾਰ ਵੀ ਬਦਲ ਰਹੇ ਹਨ। ਮਨੁੱਖੀ ਸੱਭਿਅਤਾ ਦੇ ਜੇਕਰ ਮੁੱਢਲੇ ਦੌਰ ਨੂੰ ਸਮਝੀਏ ਤਾਂ ਪਤਾ ਲਗਦਾ ਹੈ ਕਿ ਦੁਨੀਆ ਭਰ ਵਿਚ ਸਲਤਨਤਾਂ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੱਖ-ਵੱਖ ਇਲਾਕਿਆਂ ਵਿਚ ਲੁਟੇਰੇ ਗਰੋਹ ਸਰਗਰਮ ਸਨ, ਜਿਸ ਵਿਚ ਕੁਝ ਲੋਕ ਇਕੱਠੇ ਹੋ ਕੇ ਪਹਿਲਾਂ ਆਪਣਾ ਗਰੋਹ ਬਣਾਉਂਦੇ ਫਿਰ ਉਹ ਆਪਣੇ ਇਲਾਕੇ ਵਿਚ ਆਪਣੀ ਸ਼ਕਤੀ ਵਧਾਉਂਦੇ ਜਾਂਦੇ। ਫਿਰ ਇਨ੍ਹਾਂ ਲੁਟੇਰਾ ਗਰੋਹਾਂ ਦੀਆਂ ਆਸਪਾਸ ਦੇ ਗਰੋਹਾਂ ਨਾਲ ਟੱਕਰਾਂ ਹੁੰਦੀਆਂ, ਇਨ੍ਹਾਂ ਭੇੜਾਂ ਵਿਚ ਜੇਤੂ ਰਹਿਣ ਵਾਲੇ ਦੀ ਸ਼ਕਤੀ ਹੋਰ ਵਧ ਜਾਂਦੀ ਤੇ ਉਹ ਆਪਣੇ ਇਲਾਕੇ ਦਾ ਹੋਰ ਵਿਸਥਾਰ ਕਰ ਲੈਂਦਾ। ਇਨ੍ਹਾਂ ਲੁਟੇਰੇ ਗਰੋਹਾਂ ਦੀਆਂ ਸਰਗਰਮੀਆਂ ਤੋਂ ਸਲਤਨਤਾਂ ਹੋਂਦ ਵਿਚ ਆਈਆਂ, ਰਾਜਭਾਗ ਬਣੇ। ਬੇਸ਼ੱਕ ਸਮਾਂ ਤੇ ਸਥਾਨ ਬਦਲਦੇ ਰਹੇ ਪਰ ਦੁਨੀਆ ਭਰ ਦੀਆਂ ਸਲਤਨਤਾਂ ਪਹਿਲਾਂ ਕਿਸੇ ਨਾ ਕਿਸੇ ਰੂਪ ਵਿਚ ਲੁਟੇਰੇ ਗਰੋਹਾਂ ਦੇ ਅੱਡੇ ਹੀ ਸਨ।
ਕਰੀਬ ਚਾਰ ਹਜ਼ਾਰ ਸਾਲ ਪਹਿਲਾਂ ਦੁਨੀਆ ਦੇ ਵੱਖ-ਵੱਖ ਖਿੱਤਿਆਂ ਵਿਚ ਸਲਤਨਤਾਂ ਦਾ ਮੁੱਢ ਬੱਝਣਾ ਸ਼ੁਰੂ ਹੋਇਆ। ਇਸ ਤੋਂ ਮਗਰੋਂ ਵੀ ਸਦੀਆਂ ਤੱਕ ਦੁਨੀਆ ਦੇ ਬਹੁਤ ਸਾਰੇ ਖਿੱਤੇ ਅਜਿਹੇ ਸਨ, ਜਿਥੇ ਰਹਿਣ ਵਾਲੇ ਲੋਕ ਨਹੀਂ ਜਾਣਦੇ ਸਨ ਕਿ ਉਹ ਕਿਸ ਰਾਜੇ ਦੀ ਪਰਜਾ ਹਨ। ਰਾਜ ਘਰਾਣਿਆਂ ਦੀ ਸਥਾਪਤੀ ਨਾਲ ਇਨ੍ਹਾਂ ਦੀਆਂ ਆਪਸੀ ਲੜਾਈਆਂ ਵੀ ਸ਼ੁਰੂ ਹੋਈਆਂ। ਇਨ੍ਹਾਂ ਲੜਾਈਆਂ ਦਾ ਮੁੱਖ ਕਾਰਨ ਜਿਥੇ ਆਪਣੇ ਰਾਜ ਦਾ ਵਿਸਥਾਰ ਕਰਨ ਦਾ ਲਾਲਚ ਹੁੰਦਾ ਸੀ, ਉੱਥੇ ਇਹ ਲੜਾਈਆਂ ਹਾਥੀਆਂ, ਘੋੜਿਆਂ ਸ਼ਾਸਤਰਾਂ ਅਤੇ ਔਰਤਾਂ ਨੂੰ ਹਥਿਆਉਣ ਲਈ ਵੀ ਲੜੀਆਂ ਜਾਂਦੀਆਂ ਸਨ। ਇਕ ਰਾਜਾ ਜਦੋਂ ਦੂਜੇ ਰਾਜ 'ਤੇ ਹਮਲਾ ਕਰਦਾ ਤਾਂ ਬਹੁਤ ਵੱਡੀ ਲੁਟੇਰੀ ਧਾੜ ਉਸ ਦੀ ਫੌਜ ਦੇ ਨਾਲ ਰਲ ਜਾਂਦੀ। ਭਾਰਤ 'ਤੇ ਵੱਖ-ਵੱਖ ਸਮਿਆਂ ਦੌਰਾਨ ਹਮਲੇ ਕਰਨ ਵਾਲੇ ਹਮਲਾਵਰਾਂ ਦੀ ਫੌਜ ਦੀ ਗਿਣਤੀ ਸੀਮਤ ਹੀ ਹੁੰਦੀ ਸੀ ਪਰ ਜਦੋਂ ਉਹ ਲੁੱਟ ਮਾਰ ਕਰਨ ਦੇ ਮਕਸਦ ਨਾਲ ਅੱਗੇ ਵੱਧਦੇ ਲੁਟੇਰੀਆਂ ਧਾੜਾਂ ਉਸ ਨਾਲ ਹੋ ਜਾਂਦੀਆਂ ਤੇ ਫੌਜ ਦੀ ਗਿਣਤੀ ਦੁਗਣੀ-ਚੌਗੁਣੀ ਹੋ ਜਾਂਦੀ।
ਵੱਖ-ਵੱਖ ਸਮਿਆਂ ਦੌਰਾਨ ਵੱਖ-ਵੱਖ ਧਰਮ ਹੋਂਦ ਵਿਚ ਆਏ। ਹਰ ਧਰਮ ਦੀ ਸ਼ੁਰੂਆਤ ਸੰਬੰਧਤ ਸਮੇਂ ਦੇ ਸਮਾਜ ਵਿਚ ਆਈਆਂ ਗਿਰਾਵਟਾਂ, ਬੁਰਾਈਆਂ, ਕੁਰੀਤੀਆਂ ਅਤੇ ਪਾਖੰਡਵਾਦ ਨੂੰ ਦੂਰ ਕਰਨ ਲਈ ਹੀ ਹੋਈ ਸੀ ਪਰ ਸਮਾਂ ਪਾ ਕੇ ਧਰਮ ਜਦੋਂ ਪੁਜਾਰੀ ਦੇ ਹੱਥ ਆਇਆ ਤਾਂ ਇਸ ਵਿਚ ਫਿਰਕੂਵਾਦ, ਲੋਭ ਲਾਲਚ ਅਤੇ ਕਈ ਤਰ੍ਹਾਂ ਦੀਆਂ ਬੁਰਾਈਆਂ ਪ੍ਰਵੇਸ਼ ਕਰ ਗਈਆਂ। ਰਾਜ ਪ੍ਰਬੰਧ ਭਾਵੇਂ ਕਿੰਨਾ ਵੀ ਜ਼ਾਲਮਾਨਾ ਅਤੇ ਲੋਕ ਵਿਰੋਧੀ ਹੁੰਦਾ ਇਸ ਨੂੰ ਚਲਦਾ ਰੱਖਣ ਲਈ ਪੁਜਾਰੀ ਵਰਗ ਰਾਜਿਆਂ ਮਹਾਰਾਜਿਆਂ ਨੂੰ ਪਰਮਾਤਮਾ ਦਾ ਰੂਪ ਦੱਸਦਾ। ਰਾਜਿਆਂ ਦੇ ਫੁਰਮਾਨ ਨੂੰ ਪ੍ਰਮਾਤਮਾ ਦਾ ਫੁਰਮਾਨ ਕਹਿ ਕੇ ਪ੍ਰਚਾਰਿਆ ਜਾਣ ਲੱਗਿਆ। ਇਕ ਰਾਜੇ ਦੀ ਦੂਜੇ ਰਾਜੇ ਨਾਲ ਹੁੰਦੀ ਖੂਨੀ ਲੜਾਈ ਕਤਲੇਆਮ ਨੂੰ ਧਰਮਯੁੱਧ ਦਾ ਨਾਂਅ ਦਿੱਤਾ ਗਿਆ ਅਤੇ ਰਾਜ ਲਈ ਲੜਦੇ ਲੋਕਾਂ ਦੀ ਮੌਤ ਨੂੰ ਸ਼ਹਾਦਤ ਆਖਿਆ ਜਾਣ ਲੱਗਿਆ।
ਜਿਥੇ ਸਦੀਆਂ ਤੱਕ ਰਾਜ ਘਰਾਣਿਆਂ ਦੀ ਰਾਖੀ ਲਈ ਲੋਕ ਜੰਗਾਂ ਯੁੱਧਾਂ ਦਾ ਖਾਜਾ ਬਣਦੇ ਰਹੇ ਉੱਥੇ ਇਤਿਹਾਸ ਦੇ ਲਹੂ ਭਿੱਜੇ ਬਾਬ ਉਨ੍ਹਾਂ ਲੱਖਾਂ ਲੋਕਾਂ ਦੀ ਗੱਲ ਵੀ ਕਰਦੇ ਹਨ ਜਿਹੜੇ ਧਰਮ ਕਰਮ ਦੇ ਨਾਂਅ 'ਤੇ ਕਤਲ ਕਰ ਦਿੱਤੇ ਗਏ। ਦੋ ਵਿਸ਼ਵ ਜੰਗਾਂ ਦੌਰਾਨ ਇੰਨੇ ਲੋਕ ਮਾਰੇ ਗਏ ਕਿ ਉਨ੍ਹਾਂ ਸਮਿਆਂ ਦੌਰਾਨ ਬਹੁਤ ਸਾਰੇ ਖਿੱਤੇ ਮਰਦ ਵਿਹੂਣੇ ਹੋ ਗਏ ਕੇਵਲ ਔਰਤਾਂ ਹੀ ਰਹਿ ਗਈਆਂ ਸਨ। ਸੰਨ 1947 ਵਿਚ ਸਾਡੇ ਮੁਲਕ ਦੀ ਧਰਮ ਦੇ ਨਾਂਅ 'ਤੇ ਹੋਈ ਵੰਡ ਵਿਚ 10 ਲੱਖ ਤੋਂ ਵੱਧ ਲੋਕ ਫਿਰਕੂ ਫ਼ਸਾਦ ਦੀ ਭੇਟ ਚੜ੍ਹੇ। ਵੰਡੇ ਜਾਣ ਮਗਰੋਂ ਦੋਹਾਂ ਮੁਲਕਾਂ ਦੇ ਲੋਕ ਅੱਜ ਤੱਕ ਉਨ੍ਹਾਂ ਵੇਲਿਆਂ ਨੂੰ ਯਾਦ ਕਰਕੇ ਰੋਂਦੇ ਹਨ। 1947 ਵਿਚ ਮਿਲੀ ਆਜ਼ਾਦੀ ਨੂੰ ਬਰਬਾਦੀ ਅਤੇ ਉਸ ਵੇਲੇ ਨੂੰ 'ਰੌਲਿਆਂ ਵੇਲਾ' ਆਖਦੇ ਹਨ। ਧਰਮ ਦੇ ਨਾਂਅ 'ਤੇ ਵੱਖ ਹੋ ਗਏ ਪਾਕਿਸਤਾਨ ਤੇ ਬੰਗਲਾ ਦੇਸ਼ ਦੇ ਆਮ ਲੋਕਾਂ ਦੇ ਦੁੱਖ ਘਟੇ ਨਹੀਂ ਬਲਕਿ ਉਹ ਵੀ ਸਾਡੇ ਮੁਲਕ ਦੇ ਆਮ ਲੋਕਾਂ ਵਾਂਗ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਸਮੱਸਿਆਵਾਂ ਤੋਂ ਪੀੜਤ ਹਨ ਅਤੇ ਇਹ ਸਮੱਸਿਆਵਾਂ ਹਰ ਦਿਨ ਵਿਕਰਾਲ ਰੂਪ ਲੈ ਰਹੀਆਂ ਹਨ। ਇਸ ਤੋਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਮਨੁੱਖ ਦੇ ਦੁੱਖਾਂ ਅਤੇ ਸਮੱਸਿਆ ਦੀ ਜੜ੍ਹ ਕਿਤੇ ਹੋਰ ਪਈ ਹੈ।
ਹਕੀਕਤ ਇਹ ਹੈ ਕਿ ਅੱਜ ਦਾ ਮਨੁੱਖ ਅੱਜ ਤੋਂ ਦੋ ਸਦੀਆਂ ਪਹਿਲਾਂ ਵਾਲਾ ਮਨੁੱਖ ਨਹੀਂ। ਉਸ ਦੀਆਂ ਲੋੜਾਂ ਬਦਲੀਆਂ ਹਨ। ਬਹੁਤ ਸਾਰੀਆਂ ਅਜਿਹੀਆਂ ਲੋੜਾਂ ਉਸ ਦੀ ਜ਼ਿੰਦਗੀ ਵਿਚ ਸ਼ਾਮਿਲ ਹੋ ਗਈਆਂ ਹਨ, ਜਿਨ੍ਹਾਂ ਬਗੈਰ ਹੁਣ ਉਸ ਦਾ ਜਿਊਣਾ ਸੰਭਵ ਨਹੀਂ ਜਾਪਦਾ। ਮਿਸਾਲ ਵਜੋਂ ਬਿਜਲੀ, ਇਹ ਅੱਜ ਦੇ ਮਨੁੱਖ ਦੇ ਜੀਵਨ ਲਈ ਜ਼ਰੂਰੀ ਲੋੜ ਬਣ ਗਈ ਹੈ। ਮਨੁੱਖ ਨਿਤਾਪ੍ਰਤੀ ਦੀਆਂ ਕਈ ਲੋੜਾਂ ਲਈ ਦੂਜਿਆਂ 'ਤੇ ਨਿਰਭਰ ਹੈ। ਉਸ ਦੇ ਵਿਕਾਸ ਕਰਨ ਅਤੇ ਜਿਊਂਦੇ ਰਹਿਣ ਲਈ ਉਸ ਦੀ ਜ਼ਰੂਰੀ ਲੋੜਾਂ ਦੀ ਪੂਰਤੀ ਬੇਹੱਦ ਜ਼ਰੂਰੀ ਹੈ। ਵਿਕਾਸ ਦੇ ਜਿਸ ਦੌਰ ਵਿਚੋਂ ਅਸੀਂ ਗੁਜ਼ਰ ਰਹੇ ਹਾਂ ਉੱਥੇ ਮਨੁੱਖ ਦੀਆਂ ਕਈ ਅਜਿਹੀਆਂ ਲੋੜਾਂ ਬਣ ਗਈਆਂ ਹਨ, ਜਿਨ੍ਹਾਂ ਬਗੈਰ ਸਾਵੇਂ ਪੱਧਰੇ ਜੀਵਨ ਦਾ ਕਿਆਸ ਨਹੀਂ ਕੀਤਾ ਜਾ ਸਕਦਾ।
ਅੱਜ ਸਾਨੂੰ ਸਮਝਣ ਦੀ ਲੋੜ ਇਹ ਹੈ ਕਿ ਮਨੁੱਖੀ ਲੋੜਾਂ ਦੀ ਪੂਰਤੀ ਲਈ ਵਰਤੇ ਜਾਂਦੇ ਸਾਧਨਾਂ 'ਤੇ ਪੂਰੀ ਦੁਨੀਆ ਵਿਚ ਕਾਰਪੋਰੇਸ਼ਨਾਂ ਕਾਬਜ਼ ਹੋ ਰਹੀਆਂ ਹਨ। ਅੱਜ ਦੀ ਦੁਨੀਆ ਦੇ ਦੇਸ਼ ਤੇ ਦੇਸ਼ਾਂ ਦੇ ਲੋਕ ਇਨ੍ਹਾਂ ਕਾਰਪੋਰੇਸ਼ਨਾਂ ਦੇ ਇਕ ਤਰ੍ਹਾਂ ਨਾਲ ਗ਼ੁਲਾਮ ਬਣਾਏ ਗਏ ਹਨ ਜਾਂ ਬਣਾਏ ਜਾ ਰਹੇ ਹਨ। ਇੱਕੀਵੀਂ ਸਦੀ ਦੀ ਦੁਨੀਆ ਦੀ ਗ਼ੁਲਾਮੀ ਹੁਣ ਉਹ ਗ਼ੁਲਾਮੀ ਨਹੀਂ ਜਿਸ ਵਿਚ ਇਕ ਖਿੱਤੇ ਦੀ ਪਰਜਾ ਕਿਸੇ ਤੋਂ ਸੱਤਾ ਪਾਉਣ ਲਈ ਸੰਘਰਸ਼ ਕਰਦੀ ਸੀ। ਬਲਕਿ ਇਹ ਅਜਿਹੀ ਇਕ ਅਦਿੱਖ ਗ਼ੁਲਾਮੀ ਦਾ ਵਰਤਾਰਾ ਹੈ ਜੋ ਪੂਰੀ ਦੁਨੀਆ ਵਿਚ ਚਲ ਰਿਹਾ ਹੈ ਅਤੇ ਬਹੁਗਿਣਤੀ ਨੂੰ ਇਸ ਦੀ ਸਮਝ ਆਉਣੀ ਅਜੇ ਬਾਕੀ ਹੈ। ਦੁਨੀਆ ਦਾ ਆਮ ਮਨੁੱਖ ਕਿਸ ਤਰ੍ਹਾਂ ਦਾ ਹੋਵੇ, ਕੀ ਖਾਵੇ ਕੀ ਪਾਵੇ, ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਬਸਰ ਕਰੇ, ਇਹ ਨਿਰਧਾਰਤ ਹੁਣ ਕਾਰਪੋਰੇਟ ਜਗਤ ਕਰ ਰਿਹਾ ਹੈ। ਵਿਸ਼ਵ ਵਪਾਰ ਸੰਗਠਨ ਦੀਆਂ ਨੀਤੀਆਂ ਨੂੰ ਹਰ ਮੁਲਕ ਵਿਚ ਲਾਗੂ ਕਰਨ ਦੀ ਕਵਾਇਦ ਚੱਲ ਰਹੀ ਹੈ। ਲੋਕ ਭਾਵੇਂ ਕਿਸੇ ਵੀ ਜਾਤ, ਧਰਮ, ਨਸਲ ਦੇ ਹੋਣ ਕੋਸ਼ਿਸ਼ ਇਹ ਹੈ ਕਿ ਜੰਗਲ, ਜ਼ਮੀਨ, ਖਣਿਜ ਪਦਾਰਥਾਂ ਦੇ ਸਰੋਤ, ਨਦੀਆਂ ਦਰਿਆ, ਬਿਜਲੀ, ਸੜਕਾਂ, ਨਹਿਰਾਂ ਜਨਤਕ ਹੱਥਾਂ ਵਿਚੋਂ ਖੋਹ ਲਈਆਂ ਜਾਣ। ਇਸ ਤੋਂ ਇਲਾਵਾ ਛੋਟੇ ਕਾਰੋਬਾਰੀਆਂ, ਦੁਕਾਨਦਾਰਾਂ, ਦਸਤਕਾਰਾਂ ਦੇ ਕਾਰੋਬਾਰ ਹਥਿਆਉਣ ਲਈ ਕਾਰਪੋਰੇਸ਼ਨਾਂ ਵਲੋਂ ਵੱਡੇ ਮਾਲ ਉਸਾਰ ਕੇ ਆਨਲਾਈਨ ਦੁਕਾਨਦਾਰੀ ਰਾਹੀਂ ਵੱਡੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਦੁਕਾਨਦਾਰਾਂ, ਦਸਤਕਾਰਾਂ ਅਤੇ ਕਿਸਾਨਾਂ ਦੀਆਂ ਔਲਾਦਾਂ ਨੂੰ ਕਰਿੰਦੇ ਬਣਾਏ ਜਾਣ ਦੀ ਕਵਾਇਦ ਪੂਰੀ ਦੁਨੀਆ ਵਿਚ ਚੱਲ ਰਹੀ ਹੈ। ਸਾਧਨ ਵਿਹੂਣੇ ਮਨੁੱਖ ਨੂੰ ਥੋੜ੍ਹੀਆਂ-ਥੋੜ੍ਹੀਆਂ ਨਿਗੁਣੀਆਂ ਖ਼ੈਰਾਂ ਪਾਈਆਂ ਜਾ ਰਹੀਆਂ ਹਨ। ਜੇਕਰ ਉਹ ਆਪਣੀ ਪੈਦਾ ਕੀਤੀ ਜਿਣਸ ਦਾ ਚੰਗਾ ਵਾਜਬ ਮੁੱਲ ਮੰਗਦਾ ਹੈ ਤਾਂ ਇਹ ਉਸ ਨੂੰ ਨਹੀਂ ਮਿਲਦਾ, ਜੇਕਰ ਉਹ ਆਪਣੀ ਪੜ੍ਹੀ ਲਿਖੀ ਔਲਾਦ ਲਈ ਸਰਕਾਰੀ ਨੌਕਰੀ ਮੰਗਦਾ ਹੈ ਤਾਂ ਉਸ ਨੂੰ ਪੁਲਿਸ ਬਲ ਦਾ ਪ੍ਰਯੋਗ ਕਰਕੇ ਰੋਕਿਆ ਜਾਂਦਾ ਹੈ ਪਰ ਬਿਨਾਂ ਮੰਗਿਆਂ ਕੁਝ ਚੀਜ਼ਾਂ ਉਸ ਅੱਗੇ ਪਰੋਸੀਆਂ ਜਾ ਰਹੀਆਂ ਹਨ। ਉਸ ਨੂੰ ਕੰਮ ਬਦਲੇ ਉਜਰਤ ਦੇਣ ਦੀ ਬਜਾਏ ਮੁਫ਼ਤ ਆਟਾ ਦਾਲ ਦਿੱਤੀ ਜਾ ਰਹੀ ਹੈ। ਮੁਫ਼ਤ ਬੱਸ ਪਾਸ ਜਾਰੀ ਕੀਤੇ ਜਾ ਰਹੇ ਹਨ। ਮੁਫ਼ਤ ਬਿਜਲੀ ਅਤੇ ਇੱਥੋਂ ਤੱਕ ਕਿ ਜੋ ਕਦੇ ਲੋਕਾਂ ਨੇ ਸੋਚਿਆ ਨਹੀਂ ਹੁੰਦਾ ਮੁਫ਼ਤ ਤੀਰਥ ਯਾਤਰਾ ਵਰਗੇ ਪ੍ਰਬੰਧਾਂ 'ਤੇ ਸਰਕਾਰਾਂ ਕੰਮ ਕਰਦੀਆਂ ਹਨ, ਇਹ ਸਭ ਕੁਝ ਕਿਸ ਲਈ ਹੋ ਰਿਹਾ ਹੈ? ਸਰਕਾਰਾਂ ਨੂੰ ਵਿਵੇਕਸ਼ੀਲ ਮਨੁੱਖਾਂ ਦੀ ਬਜਾਏ ਵਿਵੇਕਹੀਣ ਮਨੁੱਖਾਂ ਦੀ ਵਧੇਰੇ ਲੋੜ ਹੈ। ਦੁਨੀਆ ਦੇ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਸਭ ਪਾਸੇ ਇਹ ਪੂਰੀ-ਪੂਰੀ ਕੋਸ਼ਿਸ਼ ਹੈ ਕਿ ਸਾਧਨ ਸੰਪੰਨ ਮਨੁੱਖਾਂ ਦੀ ਬਜਾਏ ਚੰਗੇ ਕਰਿੰਦਿਆਂ ਦੀ ਦੁਨੀਆ ਪੈਦਾ ਕੀਤੀ ਜਾਵੇ। ਉਹ ਜਮਾਤ ਪੈਦਾ ਕੀਤੀ ਜਾਵੇ ਜੋ ਵਪਾਰ ਦੀ ਬੋਲੀ ਸਮਝਦੀ ਹੋਵੇ। ਜੋ ਬਿਨਾਂ ਹੀਲ ਹੁਜਤ ਆਪਣੀ ਖੈਰਾਤ ਲੈਣ ਤੇ ਸਰਕਾਰਾਂ ਦਾ ਧੰਨਵਾਦ ਕਰਨ। ਜੋ ਕਾਰਪੋਰੇਸ਼ਨਾਂ ਲਈ ਕੰਮ ਕਰਨ ਅਤੇ ਕੁਝ ਘੰਟੇ ਬੇਸਮੈਂਟਾਂ ਵਿਚ ਆਰਾਮ ਕਰਨ ਦੇ ਆਦੀ ਹੋਣ। 18-18 ਘੰਟੇ ਕੰਮ ਕਰਨ ਦੇ ਬਾਵਜੂਦ ਇਨ੍ਹਾਂ ਲੋਕਾਂ ਕੋਲ ਇੰਨੀ ਕੁ ਉਜਰਤ ਹੋਵੇ ਕਿ ਇਹ ਆਪਣੇ ਟੈਕਸ ਭਰ ਸਕਣ, ਮੋਬਾਇਲ ਡਾਟਾ ਖਰੀਦਣ, ਪਹਿਨਣ ਲਈ ਕੱਪੜਾ ਤੇ ਰੋਟੀ ਖਾਣ ਤੱਕ ਸੀਮਤ ਹੋ ਜਾਣ। ਇੱਥੇ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਇਹ ਅਦਿੱਖ ਗ਼ੁਲਾਮੀ ਕਿਸੇ ਇਕ ਧਰਮ ਫ਼ਿਰਕੇ ਲਈ ਨਹੀਂ ਬਲਕਿ ਸਭ ਤਰ੍ਹਾਂ ਦੇ ਲੋਕਾਂ ਨਾਲ ਇਸ ਵਿਚ ਬਰਾਬਰ ਦਾ ਵਿਵਹਾਰ ਕੀਤਾ ਜਾਵੇਗਾ। ਕਿਸੇ ਨਾਲ ਤੇਰ-ਮੇਰ ਨਹੀਂ ਹੋਵੇਗੀ। ਇਹ ਸਭ ਕੁਝ ਦੁਨੀਆ ਦੇ ਕਿਸੇ ਇਕ ਖਿੱਤੇ ਵਿਚ ਨਹੀਂ ਬਹੁਗਿਣਤੀ ਦੇਸ਼ਾਂ ਵਿਚ ਹੋ ਰਿਹਾ ਹੈ। ਇਸ ਸਾਰੀ ਖੇਡ ਦਾ ਇਕ ਦੂਜਾ ਪਾਸਾ ਵੀ ਹੈ, ਜਿਸ ਵਿਚ ਆਮ ਮਨੁੱਖ ਗ਼ੁਲਾਮ ਵੀ ਰਹੇ ਅਤੇ ਉਸ ਨੂੰ ਆਪਣੀ ਗ਼ੁਲਾਮੀ ਦਾ ਅਹਿਸਾਸ ਵੀ ਨਾ ਹੋਵੇ। ਇਹ ਬੜਾ ਜ਼ਰੂਰੀ ਹੈ ਕਿ ਜੇਕਰ ਉਸ ਕੋਲ ਵਿਹਲ ਹੈ ਤਾਂ ਉਹ ਧਰਮ ਕਰਮ ਦੇ ਕਾਰਜਾਂ ਵਿਚ ਉਲਝਿਆ ਰਹੇ। ਧਰਮ ਦੇ ਨਾਂਅ 'ਤੇ ਦੰਗੇ ਫਸਾਦ ਫ਼ਿਰਕਾਪ੍ਰਤੀ ਨੂੰ ਹਵਾ ਮਿਲਦੀ ਰਹੇ ਤਾਂ ਕਿ ਉਸ ਨੂੰ ਸਮਝ ਨਾ ਆਵੇ ਕਿ ਉਸ ਦੇ ਹਿੱਸੇ ਆਉਂਦੇ ਅੰਬਰ ਨੂੰ ਕਿਵੇਂ ਉਧਾਲ ਲਿਆ ਗਿਆ ਹੈ ਉਸ ਦੇ ਪੈਰਾਂ ਹੇਠਲੀ ਜ਼ਮੀਨ ਨੂੰ ਕਿਵੇਂ ਖਿਸਕਾਇਆ ਜਾ ਰਿਹਾ ਹੈ?
ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੀ ਅਦਿੱਖ ਗ਼ੁਲਾਮੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਲੋਕਾਂ ਵਿਚ ਧਰਮ ਦੇ ਨਾਂਅ 'ਤੇ ਵੰਡੀਆਂ ਪਾਉਣ ਵਾਲੀਆਂ ਤਾਕਤਾਂ ਦੀ ਪਹਿਚਾਣ ਕਰੀਏ। ਕਿਸਾਨ ਅੰਦੋਲਨ ਦੀ ਜਿੱਤ ਨੇ ਸਾਨੂੰ ਇਹ ਸਿਖਾਇਆ ਸੀ ਕਿ ਅਸੀਂ ਸ਼ਾਂਤਮਈ ਰਹਿ ਕੇ ਵਿਵੇਕਸ਼ੀਲ ਢੰਗ ਨਾਲ ਕਾਰਪੋਰੇਟ ਨੀਤੀਆਂ ਵਿਰੁੱਧ ਸੰਘਰਸ਼ ਕਰ ਸਕਦੇ ਹਾਂ। ਇਸ ਸਮੇਂ ਅਸੀਂ ਜਿਸ ਦੌਰ ਵਿਚੋਂ ਗੁਜ਼ਰ ਰਹੇ ਹਾਂ, ਸਾਨੂੰ ਵਿਵੇਕਸ਼ੀਲ ਹੋਣ ਦੀ ਲੋੜ ਹੈ। ਆਪਣੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦੇ ਕਾਰਨਾਂ ਨੂੰ ਜਾਨਣ ਦੀ ਜ਼ਰੂਰਤ ਹੈ। ਜਿੱਥੇ ਪੰਜਾਬੀਆਂ ਨੂੰ ਆਪਣੇ ਕਿਰਤ ਦੇ ਖਾਸੇ ਨਾਲ ਜੁੜਨ ਦੀ ਲੋੜ ਹੈ, ਉੱਥੇ ਉੱਚ ਵਿੱਦਿਆ ਹਾਸਲ ਕਰਕੇ ਆਪਣੇ ਕਿਰਦਾਰ ਬੁਲੰਦ ਕਰਨ ਦੀ ਵੱਡੀ ਲੋੜ ਹੈ। ਭਵਿੱਖ ਵਿਚ ਜਿਨ੍ਹਾਂ ਲੋਕਾਂ ਕੋਲ ਆਪਣੇ ਸਾਧਨ ਹੋਣਗੇ, ਗਿਆਨ ਦਾ ਖ਼ਜ਼ਾਨਾ ਹੋਵੇਗਾ ਅਤੇ ਵਿਗਿਆਨਕ ਸੋਚ ਹੋਵੇਗੀ ਉਹ ਲੋਕ ਦੁਨੀਆ ਦੇ ਮਾਲਿਕ ਹੋਣਗੇ। ਅਸੀਂ ਗਿਆਨ, ਵਿਗਿਆਨ ਅਤੇ ਕਿਰਦਾਰ ਦੀ ਬੁਲੰਦੀ ਦੇ ਸਿਰ 'ਤੇ ਆਪਣੀਆਂ ਸਮੱਸਿਆਵਾਂ ਦੀ ਥਾਹ ਪਾ ਕੇ ਇਨ੍ਹਾਂ ਤੋਂ ਨਿਜਾਤ ਪਾ ਸਕਦੇ ਹਾਂ। ਸਾਨੂੰ ਇਸ ਸਮੇਂ ਉੱਚ ਵਿੱਦਿਆ, ਗਿਆਨ, ਵਿਗਿਆਨ ਅਤੇ ਕਿਰਤ ਨਾਲ ਜੋੜਨ ਵਾਲੀ ਕ੍ਰਾਂਤੀ ਦੀ ਲੋੜ ਹੈ।
ਸੰਪਰਕ - ਜੀਰਾ, ਮੋ : 9855051099
ਇਸ ਤਰ੍ਹਾਂ ਸ਼ਹੀਦ ਹੋਇਆ ਸੁਕਰਾਤ - ਗੁਰਚਰਨ ਸਿੰਘ ਨੂਰਪੁਰ
ਸੁਕਰਾਤ ਨੇ ਦੁਨੀਆ ਭਰ ਦੇ ਲੋਕਾਂ ਨੂੰ ਸੰਵਾਦ ਰਚਾਉਣ ਦੀ ਜਾਂਚ ਦੱਸੀ। ਉਹ ਦੁਨੀਆ ਦਾ ਬਹੁਤ ਸਿਆਣਾ ਮਨੁੱਖ ਸੀ ਜਿਸ ਨੇ ਦਲੀਲਪੂਰਨ ਢੰਗ ਨਾਲ ਪ੍ਰਚੱਲਿਤ ਪ੍ਰਾਚੀਨ ਧਾਰਨਾਵਾਂ ਨੂੰ ਰੱਦ ਕੀਤਾ। ਮੌਤ ਦੀ ਅੱਖ ਵਿੱਚ ਅੱਖ ਪਾ ਕੇ ਜਿਉਣ ਅਤੇ ਪੁਰਾਤਨ ਰੂੜੀਵਾਦ ਨੂੰ ਕਟਹਿਰੇ ਵਿੱਚ ਖੜ੍ਹੇ ਕਰਨ ਵਾਲੀ ਤਾਕਤ ਦਾ ਪ੍ਰਤੀਕ ਹੈ ਸੁਕਰਾਤ। ਸੰਨ 470 ਈ. ਪੂਰਵ ਨੂੰ ਪੈਦਾ ਹੋਇਆ ਸੁਕਰਾਤ ਵਿਦਿਆਰਥੀ ਬਣਕੇ ਦੁਨੀਆ ਵਿੱਚ ਵਿਚਰਿਆ ਅਤੇ ਆਪਣੀ ਸ਼ਹਾਦਤ ਤੱਕ ਵੀ ਉਹ ਇੱਕ ਵਿਦਿਆਰਥੀ ਦੀ ਹੈਸੀਅਤ ਵਿੱਚ ਸੀ। ਉਸ ਦੀ ਇਸੇ ਖੂਬੀ ਨੇ ਉਸ ਨੂੰ ਸਾਰੀ ਦੁਨੀਆ ਵਿੱਚ ਮਸ਼ਹੂਰ ਕਰ ਦਿੱਤਾ। ਜਦੋਂ ਉਹ ਗਿਆਨ ਅਤੇ ਸੱਚ ਨੂੰ ਪਹੁੰਚਿਆ, ਜਦੋਂ ਯੂਨਾਨ ਵਿੱਚ ਉਸ ਦਾ ਬੜਾ ਨਾਂ ਸੀ ਤਾਂ ਇੱਕ ਦਿਨ ਉਹਨੇ ਆਪਣੇ ਚੇਲਿਆਂ ਨੂੰ ਕਿਹਾ ‘‘ਜਾਓ! ਸਾਰੇ ਏਥਨਜ਼ ਵਿੱਚ ਪ੍ਰਚਾਰ ਦਿਓ ਕਿ ਸੁਕਰਾਤ ਜਿੰਨਾ ਵੱਡਾ ਹੋਰ ਕੋਈ ਅਗਿਆਨੀ ਨਹੀਂ ਹੈ।’’ ਅਜਿਹਾ ਕਰਕੇ ਉਹ ਸੰਸਾਰ ਨੂੰ ਸਮਝਣ/ਜਾਣਨ ਦੀ ਤੀਬਰ ਇੱਛਾ ਦਾ ਪ੍ਰਤੀਕ ਬਣਕੇ ਦੁਨੀਆ ਵਿੱਚ ਮਸ਼ਹੂਰ ਹੋਇਆ।
ਸੁਕਰਾਤ ਦਾ ਬਾਪ ਬੁੱਤਘਾੜਾ ਸੀ। ਮਾਂ ਦਾਈ ਦਾ ਕੰਮ ਕਰਦੀ ਸੀ। ਬਚਪਨ ਵਿੱਚ ਸੁਕਰਾਤ ਆਪਣੇ ਪਿਤਾ ਨੂੰ ਬੁੱਤ ਬਣਾਉਂਦੇ ਦੇਖਦਾ ਤੇ ਹੈਰਾਨ ਹੁੰਦਾ ਤੇ ਕਲਾ ਸਬੰਧੀ ਸਵਾਲ ਖੜ੍ਹੇ ਕਰਦਾ। ਉਹ ਹੋਰ ਕਲਾਵਾਂ ਨਾਲ ਕੰਮ ਕਰਦੇ ਵਸਤਾਂ ਪੈਦਾ ਕਰਦੇ ਲੋਕਾਂ ਨੂੰ ਦੇਖਦਾ ਤਾਂ ਸੋਚਦਾ ਕਿ ਵਸਤਾਂ ਕਿੱਥੋਂ ਆਉਂਦੀਆਂ ਹਨ। ਉਹ ਘੁੰਮਿਆਰ ਨੂੰ ਘੜੇ ਬਣਾਉਂਦਿਆਂ ਘੰਟਿਆਂ ਬੱਧੀ ਦੇਖਦਾ ਰਹਿੰਦਾ। ਮਿੱਟੀ ਤੋਂ ਭਾਡਾਂ ਬਣੀ ਵਸਤੂ ਨੂੰ ਦੇਖ ਕੇ ਘੁੰਮਿਆਰ ਨੂੰ ਪੁੱਛਦਾ ਕਿ ਇਹ ਵਸਤੂ ਜੋ ਕੁਝ ਸਮਾਂ ਪਹਿਲਾਂ ਮਿੱਟੀ ਦੇ ਰੂਪ ਵਿੱਚ ਸੀ ਕਿੱਥੋਂ ਆਈ ਹੈ? ਆਪਣੀ ਸਮਝ ਨਾਲ ਉਹ ਕਿਆਸ ਕਰਦਾ ਕਿ ਇਹ ਵਸਤੂ ਮਨੁੱਖ ਦੀ ਚੇਤਨਾ ਤੋਂ ਪ੍ਰਗਟ ਹੋਈ ਹੈ ਅਤੇ ਚੇਤਨਾ ਨੂੰ ਵਿਸਥਾਰ ਦੇਣ ਲਈ ਗਿਆਨ ਬੜਾ ਜ਼ਰੂਰੀ ਹੈ। ਘੁੰਮਿਆਰ ਉਸ ਦੇ ਸਵਾਲਾਂ ਦੇ ਸਹੀ ਜਵਾਬ ਨਾ ਦੇ ਸਕਦਾ। ਗਿਆਨ ਦੀ ਤਲਾਸ਼ ਵਿੱਚ ਉਹ ਹਰ ਤਰ੍ਹਾਂ ਦੇ ਲੋਕਾਂ ਨਾਲ ਸੰਵਾਦ ਕਰਦਾ। ਹਜ਼ਾਰਾਂ ਦੀ ਤਾਦਾਦ ਵਿੱਚ ਨੌਜੁਆਨ ਉਸ ਦੇ ਮੁਰੀਦ ਹੋ ਗਏ। ਉਹ ਜਿੱਧਰ ਜਾਂਦਾ ਚੇਲਿਆਂ ਦੀ ਇੱਕ ਵੱਡੀ ਜਮਾਤ ਉਹਦੇ ਮਗਰ ਹੁੰਦੀ। ਸੁਕਰਾਤ ਜਿੱਥੇ ਖੜ੍ਹ ਕੇ ਬੋਲਦਾ ਲੋਕਾਂ ਦੀ ਭੀੜ ਉਸ ਦੁਆਲੇ ਇਕੱਠੀ ਹੋ ਜਾਂਦੀ। ਉਹ ਸਿਆਣੇ ਮਨੁੱਖਾਂ ਨਾਲ ਸੰਵਾਦ ਕਰਦਾ, ਸਵਾਲ ਉਠਾਉਂਦਾ। ਉਸ ਦੇ ਕੁਝ ਚੇਲੇ ਦੁਨੀਆ ਦੇ ਬੜੇ ਨਾਮੀ ਫਿਲਾਸਫਰ ਬਣੇ। ਪਲੈਟੋ ਵੀ ਇਨ੍ਹਾਂ ’ਚੋਂ ਇੱਕ ਸੀ ਜੋ ਅਫਲਾਤੂਨ ਦੇ ਨਾਮ ਨਾਲ ਵੀ ਮਸ਼ਹੂਰ ਹੋਇਆ। ਸੁਕਰਾਤ ਦੇ ਗਿਆਨ ਨੂੰ ਲਿਖਤੀ ਰੂਪ ਦੇਣ ਵਾਲਾ ਵੀ ਇਹੋ ਪਲੈਟੋ ਨਾਮ ਦਾ ਵਿਦਵਾਨ ਹੀ ਸੀ। ਸੁਕਾਰਤ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਪਲੈਟੋ ਨੇ ਦੁਨੀਆ ਭਰ ਦੀ ਰਾਜਨੀਤੀ ਸਬੰਧੀ ਉਸ ਸਮੇਂ ਬੜੇ ਦਲੀਲ ਪੂਰਨ ਵਿਚਾਰ ਦਿੱਤੇ। ਸੁਕਰਾਤ ਨਾਲ ਪਲੈਟੋ ਦੀ ਮਿਲਣੀ ਵੀ ਬੜੀ ਵਿਲੱਖਣ ਸੀ। ਇੱਕ ਦਿਨ ਸੁਕਰਾਤ ਆਪਣੇ ਚੇਲਿਆਂ ਨਾਲ ਇੱਕ ਨਗਰ ’ਚੋਂ ਲੰਘ ਰਿਹਾ ਸੀ ਕਿ ਉਸ ਦਾ ਸਾਹਮਣਾ ਪਲੈਟੋ ਨਾਲ ਹੋਇਆ। ਪਹਿਲੀ ਮਿਲਣੀ ਦੌਰਾਨ ਹੀ ਸੁਕਰਾਤ ਨੇ ਰੋਕ ਕੇ ਉਸ ਨੂੰ ਪੁੱਛਿਆ, “ਤੈਨੂੰ ਨੇਕੀ ਅਤੇ ਗਿਆਨ ਦੇ ਮਦਰੱਸੇ ਦਾ ਪਤਾ ਹੈ?”
ਪਲੈਟੋ ਜੋ ਉਦੋਂ ਭਰ ਜਵਾਨ ਸੀ ਅਤੇ ਉਸ ਨੇ ਸੁਕਰਾਤ ਦਾ ਨਾਮ ਸੁਣਿਆ ਹੋਇਆ ਸੀ, ਉਹ ਬੋਲਿਆ, “ਨਹੀਂ ਮਹਾਰਾਜ ਮੈਂ ਤਾਂ ਆਪ ਗਿਆਨ ਦੀ ਤਲਾਸ਼ ਵਿੱਚ ਹਾਂ।” ਸੁਕਰਾਤ ਨੇ ਆਪਣੇ ਚੇਲਿਆਂ ਨੂੰ ਸੰਬੋਧਤ ਹੁੰਦਿਆਂ ਕਿਹਾ, “ਮੈਨੂੰ ਇਹੋ ਜਿਹੇ ਹੰਸਾਂ ਦੀ ਲੋੜ ਹੈ ਜੋ ਗਿਆਨ ਦੀ ਤਲਾਸ਼ ਵਿੱਚ ਫਿਰ ਰਹੇ ਹੋਣ।” ਪਲੈਟੋ ਸੁਕਰਾਤ ਤੋਂ ਬੜਾ ਪ੍ਰਭਾਵਿਤ ਹੋਇਆ। ਜਵਾਨੀ ਦੀ ਉਮਰ ਵਿੱਚ ਉਸ ਨੇ ਗਿਆਨ ਪ੍ਰਾਪਤੀ ਨੂੰ ਆਪਣਾ ਮਿਸ਼ਨ ਬਣਾ ਲਿਆ। ਸ਼ਕਲ ਸੂਰਤ ਤੋਂ ਸੁਕਰਾਤ ਭਾਵੇਂ ਸੋਹਣਾ ਨਹੀਂ ਸੀ, ਪਰ ਆਪਣੇ ਵਿਚਾਰਾਂ ਦੀ ਸ਼ਕਤੀ ਨਾਲ ਉਹ ਸੋਚ ਵਿਚਾਰ ਕਰਨ ਵਾਲੇ ਹਜ਼ਾਰਾਂ ਲੋਕਾਂ ਨੂੰ ਕੀਲ ਲੈਣ ਦੀ ਤਾਕਤ ਰੱਖਦਾ ਸੀ। ਸੁਕਰਾਤ ਦੀ ਪ੍ਰਸਿੱਧੀ ਯੂਨਾਨ ਵਿੱਚ ਦੂਰ ਦੂਰ ਤੱਕ ਫੈਲ ਗਈ। ਕਰਮਕਾਂਡ ਕਰਨ ਵਾਲੀ ਪੁਜਾਰੀ ਜਮਾਤ ਉਸ ਨਾਲ ਈਰਖਾ ਕਰਨ ਲੱਗ ਪਈ। ਇੱਕ ਦਿਨ ਜਦੋਂ ਉਹ ਆਪਣੇ ਬਹੁਤ ਸਾਰੇ ਚੇਲਿਆਂ ਵਿੱਚ ਬੈਠਾ ਗਿਆਨ ਦੀਆਂ ਗੱਲਾਂ ਕਰ ਰਿਹਾ ਸੀ ਤਾਂ ਇੱਕ ਭਵਿੱਖ ਦੱਸਣ ਵਾਲਾ ਜੋਤਸ਼ੀ ਆ ਕੇ ਉਸ ਨੂੰ ਬੁਰਾ ਭਲਾ ਬੋਲਣ ਲੱਗ ਪਿਆ। ਉਸ ਨੇ ਸੁਕਰਾਤ ਦੇ ਚੇਲਿਆਂ ਨੂੰ ਸੰਬੋਧਤ ਹੁੰਦਿਆਂ ਕਿਹਾ, “ਜਿਸ ਬੰਦੇ ਨੂੰ ਤੁਸੀਂ ਗੁਰੂ ਮੰਨੀਂ ਬੈਠੇ ਹੋ ਇਸ ਦੇ ਨੱਕ ਤੋਂ ਪਤਾ ਚੱਲਦਾ ਹੈ ਕਿ ਇਹ ਕਰੋਧੀ ਹੈ। ਇਸ ਦੇ ਸਿਰ ਦੀ ਬਣਾਵਟ ਦੱਸਦੀ ਹੈ ਕਿ ਇਹ ਲਾਲਚੀ ਅਤੇ ਸਨਕੀ ਕਿਸਮ ਦਾ ਬੰਦਾ ਹੈ। ਇਸ ਦੇ ਬੁੱਲ੍ਹ ਤੋਂ ਪਤਾ ਚੱਲਦਾ ਹੈ ਕਿ ਇਹ ਆਉਣ ਵਾਲੇ ਸਮੇਂ ਵਿੱਚ ਦੇਸ਼ ਧ੍ਰੋਹੀ ਹੋਵੇਗਾ।” ਸੁਕਰਾਤ ਬਾਰੇ ਅਜਿਹੇ ਸ਼ਬਦ ਸੁਣ ਕੇ ਉਸ ਦੇ ਚੇਲੇ ਜੋਤਸ਼ੀ ਨੂੰ ਮਾਰਨ ਵਧੇ, ਪਰ ਸੁਕਰਾਤ ਨੇ ਉਨ੍ਹਾਂ ਨੂੰ ਰੋਕ ਦਿੱਤਾ। ਉਹਨੇ ਜੋਤਸ਼ੀ ਨੂੰ ਸਤਿਕਾਰ ਸਹਿਤ ਵਿਦਾ ਕਰਦਿਆਂ ਕਿਹਾ ‘ਤੁਹਾਡਾ ਧੰਨਵਾਦ ਤੁਸੀਂ ਮੇਰੀ ਸਰੀਰਿਕ ਭਾਸ਼ਾ ਪੜ੍ਹੀ।’ ਇੱਕ ਚੇਲੇ ਨੇ ਸੁਕਰਾਤ ਨੂੰ ਪੁੱਛਿਆ “ਜੋਤਸ਼ੀ ਜੋ ਬਕਵਾਸ ਕਰ ਰਿਹਾ ਸੀ ਕੀ ਉਹ ਸੱਚ ਹੈ? ਤੁਸੀਂ ਉਹੋ ਜਿਹੇ ਹੋ ਜਿਹੋ ਉਹ ਦੱਸ ਰਿਹਾ ਸੀ?” ਸੁਕਾਰਤ ਨੇ ਜਵਾਬ ਦਿੱਤਾ “ਸ਼ਕਲ ਸ਼ੂਰਤ ਤੋਂ ਮੈਂ ਅਜਿਹਾ ਹੀ ਹਾਂ ਜਿਹਾ ਕਿ ਉਹ ਬੋਲ ਰਿਹਾ ਸੀ, ਪਰ ਇਸ ਵਿਅਕਤੀ ਨੇ ਸਿਰਫ਼ ਮੇਰੀ ਦੇਹ ਭਾਸ਼ਾ ਪੜ੍ਹੀ ਹੈ। ਇਸ ਨੇ ਮੇਰੇ ਵਿਵੇਕ ਦੀ ਸ਼ਕਤੀ ’ਤੇ ਧਿਆਨ ਨਹੀਂ ਦਿੱਤਾ ਜਿਸ ਨਾਲ ਮੈਂ ਆਪਣੇ ਵਿਕਾਰਾਂ ਨੂੰ ਕਾਬੂ ਵਿੱਚ ਰੱਖਿਆ ਹੋਇਆ ਹੈ।”
ਉਸ ਦੀ ਪਹਿਲੀ ਘਰਵਾਲੀ ਦੀ ਮੌਤ ਹੋ ਗਈ ਤਾਂ ਵੱਡੀ ਉਮਰ ਵਿੱਚ ਉਸ ਦਾ ਜੀਨੀ ਨਾਮ ਦੀ ਔਰਤ ਨਾਲ ਦੁਬਾਰਾ ਵਿਆਹ ਹੋਇਆ ਜੋ ਉਸ ਤੋਂ 20 ਸਾਲ ਛੋਟੀ ਸੀ। ਜੀਨੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਬੜੀ ਲੜਾਕੀ ਔਰਤ ਸੀ। ਉਹ ਸੁਕਰਾਤ ਦੇ ਚੇਲਿਆਂ ਨੂੰ ਵੀ ਬੁਰਾ ਭਲਾ ਬੋਲਦੀ ਕਿ, “ਕੀ ਤੁਸੀਂ ਇਸ ਬੰਦੇ ਦੇ ਹਰ ਵੇਲੇ ਮਗਰ ਲੱਗੇ ਰਹਿੰਦੇ ਹੋ। ਇਹਨੂੰ ਤਾਂ ਆਪਣੇ ਘਰ ਚਲਾਉਣ ਦਾ ਵੀ ਪਤਾ ਨਹੀਂ? ਤੁਹਾਨੂੰ ਇਹ ਕੀ ਸਿਖਾ ਦੇਵੇਗਾ?” ਸੁਕਰਾਤ ਦੇ ਚੇਲੇ ਜੀਨੀ ਦੀ ਸ਼ਿਕਾਇਤ ਅਕਸਰ ਉਸ ਕੋਲ ਕਰਦੇ ਤਾਂ ਉਹ ਆਪਣੇ ਚੇਲਿਆਂ ਨੂੰ ਕਹਿੰਦਾ, “ਤੁਸੀਂ ਤਾਂ ਦੋ ਪਲ ਆਏ ਤੇ ਚਲੇ ਗਏ, ਉਸ ਬੰਦੇ (ਸੁਕਰਾਤ) ਦਾ ਜ਼ੇਰਾ ਵੇਖੋ ਜੋ ਉਸ ਨਾਲ ਰਹਿ ਰਿਹਾ ਹੈ।” ਸੁਕਰਾਤ ਆਪਣੀ ਪਤਨੀ ਬਾਰੇ ਅਕਸਰ ਕਿਹਾ ਕਰਦਾ ਸੀ ਕਿ ਜਦੋਂ ਉਹ ਗੁੱਸੇ ਵਿੱਚ ਹੁੰਦੀ ਹੈ ਤਾਂ ਮੈਂ ਆਪਣੇ ਸਬਰ ਦੇ ਜ਼ਬਤ ਨੂੰ ਪਰਖਦਾ ਹਾਂ। ਜਦੋਂ ਉਹ ਲਾਲ ਪੀਲੀ ਅੱਗ ਬਗੋਲਾ ਹੁੰਦੀ ਹੈ ਤਾਂ ਮੈਂ ਆਪਣੀ ਸ਼ਾਂਤੀ ਦੀ ਪ੍ਰੀਖਿਆ ਲੈਂਦਾ ਹਾਂ।
ਸੁਕਰਾਤ ਗਿਆਨ ਦਾ ਇੰਨਾ ਵੱਡਾ ਅਭਿਲਾਸ਼ੀ ਸੀ ਕਿ ਉਹ ਮੰਨਦਾ ਸੀ ਕਿ ਦੁਨੀਆ ਵਿੱਚ ਗਿਆਨ ਦੇ ਤੁਲ ਪਵਿੱਤਰ ਹੋਰ ਕੋਈ ਚੀਜ਼ ਨਹੀਂ ਹੈ। ਉਸ ਦਾ ਕਹਿਣਾ ਸੀ ਕਿ ‘ਜਿਸਮ ਦੀ ਮੌਤ ਵਿਚਾਰਾਂ ਦਾ ਖਾਤਮਾ ਨਹੀਂ ਹੁੰਦੀ। ਸਗੋਂ ਆਜ਼ਾਦੀ ਦਾ ਰਾਹ ਹੈ।’ ‘ਅਗਿਆਨਤਾ ਦਾ ਮੁਕਾਬਲਾ ਕਰਨਾ ਚਾਹੀਦਾ ਹੈ।’ ਰਾਜਨੀਤੀ ਬਾਰੇ ਉਹ ਕਿਹਾ ਕਰਦਾ ਸੀ ਕਿ “ਰਾਜਨੀਤੀ ਤਗੜਿਆਂ ਦਾ ਹੱਥ ਠੋਕਾ ਨਹੀਂ ਹੋਣੀ ਚਾਹੀਦੀ ਸਗੋਂ ਇਸ ਦਾ ਮਿਸ਼ਨ ਲੋਕ ਸੇਵਾ ਹੋਣਾ ਚਾਹੀਦਾ ਹੈ।”
ਲਗਭਗ 24 ਸੌ ਸਾਲ ਪਹਿਲਾਂ ਅਜਿਹੇ ਵਿਚਾਰ ਪੇਸ਼ ਕਰਨੇ ਕੋਈ ਛੋਟੀ ਮੋਟੀ ਗੱਲ ਨਹੀਂ ਸੀ। ਉਸ ਸਮੇਂ ਦੁਨੀਆ ਵਿੱਚ ਬਹੁ-ਦੇਵਵਾਦ ਦੀ ਵਿਚਾਰਧਾਰਾ ’ਤੇ ਆਧਾਰਿਤ ਧਰਮ ਪ੍ਰਚੱਲਿਤ ਸੀ। ਇੱਕੋ ਇੱਕ ਰੱਬ ਦੀ ਧਾਰਨਾ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ। ਲੋਕ ਮੀਂਹ, ਅੱਗ, ਪਾਣੀ,ਚੰਦ, ਸੂਰਜ, ਹਵਾ ਆਦਿ ਨੂੰ ਆਪਣੇ ਦੇਵਤੇ ਮੰਨਦੇ ਸਨ। ਮਨੁੱਖੀ ਸਮਝ ਦਾ ਇਹ ਇਤਿਹਾਸਕ ਦੌਰ ਲੰਮਾਂ ਸਮਾਂ ਦੁਨੀਆ ਦੇ ਲਗਭਗ ਹਰ ਖਿੱਤੇ ਵਿੱਚ ਰਿਹਾ ਹੈ। ਏਸ਼ੀਆਈ ਦੇਸ਼ਾਂ ਵਿੱਚ ਵੀ ਪੁਰਾਤਨ ਵੇਦਾਂ ਸ਼ਾਸਤਰਾਂ ਅਨੁਸਾਰ ਬਹੁਦੇਵਵਾਦ ’ਤੇ ਆਧਾਰਿਤ ਧਰਮ ਪ੍ਰਚੱਲਿਤ ਰਿਹਾ ਹੈ। ਵੱਖ ਵੱਖ ਕੁਦਰਤੀ ਸ਼ਕਤੀਆਂ ਨੂੰ ਮਨੁੱਖ ਨੇ ਵੱਖ ਵੱਖ ਦੇਵਤਿਆਂ ਵਜੋਂ ਸਥਾਪਤ ਕੀਤਾ ਅਤੇ ਉਨ੍ਹਾਂ ਦੀ ਪੂਜਾ ਵੀ ਕੀਤੀ ਜਾਂਦੀ ਸੀ। ਇਨ੍ਹਾਂ ਦੇਵਤਿਆਂ ਦੀ ਖੁਸ਼ੀ ਹਾਸਲ ਕਰਨ ਲਈ ਜਾਨਵਰਾਂ ਅਤੇ ਮਨੁੱਖਾਂ ਦੀਆਂ ਬਲੀਆਂ ਵੀ ਦਿੱਤੀਆਂ ਜਾਂਦੀਆਂ। ਸੁਕਰਾਤ ਧਰਮ ਕਰਮ ਦੇ ਨਾਮ ਹੇਠ ਹੁੰਦੀਆਂ ਅਜਿਹੀਆਂ ਵਹਿਸ਼ੀਆਨਾ ਕਾਰਵਾਈਆਂ ਦੀ ਸ਼ਰ੍ਹੇ ਬਾਜ਼ਾਰ ਮੁਖ਼ਾਲਫਤ ਕਰਦਾ। ਉਸ ਨੇ ਜਦੋਂ ਸੂਰਜ ਨੂੰ ਅੱਗ ਦਾ ਗੋਲਾ ਅਤੇ ਚੰਦ ਨੂੰ ਪੱਥਰ ਕਿਹਾ ਤਾਂ ਉਸ ਸਮੇਂ ਦੇ ਧਾਰਮਿਕ ਅਤੇ ਰਾਜਨੀਤਕ ਹਲਕਿਆਂ ਵਿੱਚ ਤਹਿਲਕਾ ਮੱਚ ਗਿਆ। ਉਸ ’ਤੇ ਨਾਸਤਿਕ ਹੋਣ ਦੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ। ਉਹ ਇੱਥੇ ਹੀ ਨਹੀਂ ਰੁਕਿਆ। ਉਸ ਸਮੇਂ ਦੀ ਨਿਆਂ ਪ੍ਰਣਾਲੀ ਨੂੰ ਉਸ ਨੇ ਆਪਣੇ ਤਰਕ ਅਤੇ ਵਿਵੇਕ ਰਾਹੀਂ ਕਟਹਿਰੇ ਵਿੱਚ ਖੜ੍ਹਾ ਕੀਤਾ। ਉਸ ਨੇ ਸਮੇਂ ਦੇ ਕਾਨੂੰਨ, ਅਦਾਲਤਾਂ ਦੀ ਕਾਰਜ ਪ੍ਰਣਾਲੀ ਨੂੰ ਸਮਝਿਆ ਤੇ ਇਨਸਾਫ਼ ਕਰਨ ਵਾਲਿਆਂ ਨੂੰ ਚੁਣੌਤੀ ਦਿੱਤੀ ਕਿ ਵੱਢੀ ਲੈ ਕੇ ਕੀਤਾ ਜਾਣ ਵਾਲਾ ਅਨਿਆਂ, ਨਿਆਂ ਕਿਵੇਂ ਹੋਇਆ? ਸੁਕਰਾਤ ਦਾ ਸਭ ਤੋਂ ਜ਼ਿਆਦਾ ਜ਼ੋਰ ਚੰਗੇ ਕਿਰਦਾਰ ’ਤੇ ਸੀ। ਉਸ ਨੇ ਕਾਨੂੰਨ ਦੇਣ ਵਾਲਿਆਂ ਨੂੰ ਪੁੱਛਿਆ ਕਿ ਜਿਸ ਵਿਅਕਤੀ ਦਾ ਆਪਣਾ ਕਿਰਦਾਰ ਠੀਕ ਨਹੀਂ ਉਹ ਨਿਆਂ ਕਿਵੇਂ ਕਰ ਸਕੇਗਾ? ਉਹ ਆਪ ਵੀ ਉੱਚੇ ਸੁੱਚੇ ਗੁਣਾਂ ਦਾ ਧਾਰਨੀ ਸੀ। ਸ਼ਾਨੋ ਸ਼ੌਕਤ ਤਿਆਗ ਕੇ ਉਸ ਨੇ ਸਾਦਾ ਜੀਵਨ ਬਤੀਤ ਕੀਤਾ। ਉਸ ਨੇ ਦ੍ਰਿੜਤਾ ਨਾਲ ਕਿਹਾ ਕਿ ਅਸਲੀ ਖੁਸ਼ੀ ਉਦੋਂ ਹਾਸਲ ਹੁੰਦੀ ਹੈ ਜਦੋਂ ਜ਼ਿੰਦਗੀ ਨੇਕ ਕੰਮਾਂ ਵਿੱਚ ਲਾਈ ਜਾਵੇ। ਸੁਕਰਾਤ ਸਮਝਦਾ ਸੀ ਕਿ ਨੇਕੀ ਹੀ ਸਭ ਤੋਂ ਉੱਤਮ ਭਲਾਈ ਹੈ ਅਤੇ ਨੇਕ ਬਣਨਾ ਉਸ ਦਾ ਮਿਸ਼ਨ ਸੀ। ਉਸ ਨੇ ਆਪਣੇ ਸਮੇਂ ਦੌਰਾਨ ਪ੍ਰਚੱਲਿਤ ਧਰਮ, ਅਦਬ, ਕਾਨੂੰਨ, ਰਾਜਨੀਤੀ ਅਤੇ ਸਮਾਜ ਦੇ ਵਿਸ਼ਿਆਂ ’ਤੇ ਬੜੇ ਦਲੀਲ ਪੂਰਨ ਸਵਾਲ ਖੜ੍ਹੇ ਕੀਤੇ। ਜਿੱਥੇ ਉਸ ਨੇ ਸੂਰਜ ਨੂੰ ਦੇਵਤੇ ਦੀ ਥਾਂ ਅੱਗ ਦਾ ਗੋਲਾ ਕਿਹਾ ਉੱਥੇ ਅਖੌਤੀ ਧਰਮ ਦੇ ਦਾਅਵੇਦਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਬਲੀਆਂ ਨੂੰ ਉਸ ਨੇ ਮਾਨਵਤਾ ਦੀ ਤੌਹੀਨ ਕਿਹਾ। ਉਹ ਅਜਿਹੀ ਤਰਕਪੂਰਨ ਦਲੀਲਬਾਜ਼ੀ ਕਰਦਾ ਕਿ ਸੁਣਨ ਵਾਲੇ ਦੰਗ ਰਹੇ ਜਾਂਦੇ। ਅਖੀਰ ਸੰਨ 399 ਈ. ਪੂਰਵ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ’ਤੇ ਤਿੰਨ ਇਲਜ਼ਾਮ ਲਾਏ ਗਏ 1.) ਸੁਕਰਾਤ ਨੌਜੁਆਨਾਂ ਨੂੰ ਵਿਗਾੜ ਰਿਹਾ ਹੈ ਅਜਿਹਾ ਕਰਨਾ ਸਮਾਜ ਲਈ ਖਤਰਨਾਕ ਹੈ। 2.) ਉਹ ਨਾਸਤਿਕ ਹੈ। 3.) ਉਹ ਦੇਵੀ ਦੇਵਤਿਆਂ ਦੀ ਹਸਤੀ ’ਤੇ ਸ਼ੱਕ ਕਰਦਾ ਹੈ।
ਉਸ ਸਮੇਂ ਅਜਿਹੇ ਜੁਰਮਾਂ ਦੀ ਸਜ਼ਾ ਮੌਤ ਸੀ। ਸੁਕਰਤ ਕਿਉਂਕਿ ਵੱਡਾ ਦਾਰਸ਼ਨਿਕ ਸੀ, ਉਸ ਨੂੰ ਕਿਹਾ ਗਿਆ ਕਿ ਜੇਕਰ ਉਹ ਦੇਸ਼ ਛੱਡ ਕੇ ਕਿਤੇ ਹੋਰ ਚਲਾ ਜਾਵੇ ਤਾਂ ਉਸ ਦੀ ਸਜ਼ਾ ਮੁਆਫ਼ ਕੀਤੀ ਜਾ ਸਕਦੀ ਹੈ, ਪਰ ਸੁਕਰਾਤ ਨੇ ਉਸ ਸਮੇਂ ਭਰੀ ਅਦਾਲਤ ਵਿੱਚ ਕਿਹਾ “ਮੈਂ ਤੁਹਾਡੇ ਜਾਹਲਾਂ ਤੋਂ ਜ਼ਿੰਦਗੀ ਦੀ ਭੀਖ ਕਿਉਂ ਮੰਗਾਂ? ਤੁਹਾਡੇ ਰਹਿਮ ’ਤੇ ਕਿਉਂ ਰਹਾਂ? ਤੁਹਾਡੇ ਲਈ ਕਸ਼ਟਦਾਇਕ ਮੈਂ ਨਹੀਂ ਹਾਂ, ਬਲਕਿ ਮੇਰੇ ਵਿਚਾਰ ਹਨ। ਇਸ ਲਈ ਜੇ ਹਿੰਮਤ ਹੈ ਤਾਂ ਆਪਣੇ ਵਿਚਾਰਾਂ ਦੀ ਕਾਟ ਨਾਲ ਮੇਰੇ ਵਿਚਾਰਾਂ ਨੂੰ ਖਤਮ ਕਰੋ। ਮੇਰੇ ਮਰਨ ਨਾਲ ਕੀ ਹੋਵੇਗਾ? ਮੇਰੇ ਵਿਚਾਰ ਤਾਂ ਸਗੋਂ ਹੋਰ ਤਗੜੇ ਹੋ ਜਾਣਗੇ।” ਸੀਮਤ ਬੁੱਧੀ ਰੱਖਣ ਵਾਲੇ ਕਾਨੂੰਨ ਦੇ ਰਾਖਿਆਂ ਕੋਲ ਉਸ ਦੀਆਂ ਦਲੀਲ ਪੂਰਨ ਗੱਲਾਂ ਦਾ ਕੋਈ ਜਵਾਬ ਨਹੀਂ ਸੀ। ਏਥਨਜ਼ ਦੀ ਕਰੀਟੀਅਸ ਹਕੂਮਤ ਨੇ ਉਸ ਨੂੰ ਜ਼ਹਿਰ ਦੇ ਕੇ ਮਾਰਨ ਦਾ ਹੁਕਮ ਦੇ ਦਿੱਤਾ। ਇਸ ਅਨਿਆਂ ਭਰੇ ਸਰਕਾਰੀ ਹੁਕਮਨਾਮੇ ਤੋਂ ਬਾਅਦ ਸੁਕਰਾਤ ਦੇ ਚੇਲਿਆਂ ਨੇ ਆਪਣੇ ਮਹਾਨ ਦਾਰਸ਼ਨਿਕ ਨੂੰ ਜੇਲ੍ਹ ’ਚੋਂ ਕਿਸੇ ਤਰ੍ਹਾਂ ਭਜਾ ਲੈ ਜਾਣ ਦੀ ਸਕੀਮ ਬਣਾਈ, ਪਰ ਜਦੋਂ ਇਸ ਗੱਲ ਦਾ ਪਤਾ ਸੁਕਰਾਤ ਨੂੰ ਲੱਗਾ ਤਾਂ ਉਸ ਨੇ ਕਿਹਾ ਕਿ “ਮੈਂ ਆਪਣਾ ਦੇਸ਼ ਛੱਡ ਕੇ ਕਿਉਂ ਜਾਵਾਂ? ਮੈਂ ਆਪਣੇ ਵਿਚਾਰਾਂ ’ਤੇ ਅਡੋਲ ਰਹਿ ਕੇ ਮਰਨਾ ਚਾਹੁੰਦਾ ਹਾਂ।” ਮੌਤ ਵਾਲੇ ਦਿਨ ਉਸ ਦੀ ਪਤਨੀ ਜੀਨੀ, ਬੱਚੇ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਉਸ ਦੇ ਚੇਲੇ ਉਸ ਨੂੰ ਮਿਲਣ ਆਏ। ਉਸ ਦੀ ਪਤਨੀ ਬੱਚੇ ਰੋਣ ਕੁਰਲਾਉਣ ਲੱਗੇ। ਸੁਕਰਾਤ ਨੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਤੇ ਆਪਣੇ ਕੁਝ ਚੇਲਿਆਂ ਨੂੰ ਕਿਹਾ ਕਿ ਇਨ੍ਹਾਂ ਨੂੰ ਘਰ ਛੱਡ ਆਓ।
ਜ਼ਹਿਰ ਘੋਟਿਆ ਜਾ ਰਿਹਾ ਸੀ। ਉਹ ਬੜੇ ਸਹਿਜ ਢੰਗ ਨਾਲ ਆਪਣੇ ਚੇਲਿਆਂ ਨਾਲ ਗੱਲਬਾਤ ਕਰ ਰਿਹਾ ਸੀ। ਗੱਲਾਂ ਕਰਦਿਆਂ ਕਰਦਿਆਂ ਸੁਕਰਾਤ ਨੇ ਜ਼ਹਿਰ ਘੋਟ ਰਹੇ ਜਲਾਦ ਨੂੰ ਪੁੱਛਿਆ “ਜ਼ਹਿਰ ਘੋਟਣ ਲਈ ਅਜੇ ਕਿੰਨੀ ਕੁ ਦੇਰ ਹੋਰ ਲੱਗੇਗੀ?” ਸੁਕਰਾਤ ਦੇ ਇੱਕ ਚੇਲੇ ਕਰਾਈਟੋ ਨੇ ਰੋਦਿਆਂ ਕਿਹਾ “ਕੀ ਕਰ ਰਹੇ ਹੋ, ਐਨੀ ਵੀ ਕੀ ਕਾਹਲੀ ਐ?” ਸੁਕਰਾਤ ਬੋਲਿਆ, “ਸਾਰੀ ਉਮਰ ਕੁਝ ਨਾ ਕੁਝ ਨਵਾਂ ਸਿੱਖਣ ਦਾ ਇਛੁੱਕ ਰਿਹਾ ਹਾਂ। ਅੱਜ ਮੌਤ ਬਾਰੇ ਜਾਣਨ ਦਾ ਮੌਕਾ ਮਿਲਿਆ ਹੈ ਤਾਂ ਤੀਬਰ ਇੱਛਾ ਹੋ ਰਹੀ ਹੈ ਕਿ ਇਸ ਬਾਰੇ ਵੀ ਜਾਣ ਲਵਾਂ।” ਜੇਲ੍ਹਰ ਦੀ ਦੇਖ ਰੇਖ ਹੇਠ ਜਲਾਦ ਨੇ ਜ਼ਹਿਰ ਦਾ ਪਿਆਲਾ ਉਸ ਨੂੰ ਫੜਾਇਆ। ਸੁਕਰਾਤ ਨੇ ਜਲਾਦ ਹੱਥੋਂ ਜ਼ਹਿਰ ਦਾ ਪਿਆਲਾ ਇੰਝ ਫੜ ਲਿਆ ਜਿਵੇਂ ਉਹ ਦੁੱਧ ਦਾ ਪਿਆਲਾ ਹੋਵੇ। ਬੜੇ ਸ਼ਾਂਤ ਚਿੱਤ ਨਾਲ ਜ਼ਹਿਰ ਪੀ ਲੈਣ ਮਗਰੋਂ ਸੁਕਰਾਤ ਨੇ ਵਿਚਾਰਾਂ ਦੀ ਲੜੀ ਅਗਾਂਹ ਤੋਰ ਲਈ। ਖਾਲੀ ਪਿਆਲਾ ਜ਼ਮੀਨ ’ਤੇ ਰੱਖ ਕੇ ਉਹ ਫਿਰ ਚੇਲਿਆਂ ਨਾਲ ਗੱਲਾਂ ਕਰਨ ਲੱਗ ਪਿਆ। ਜਲਾਦ ਨੇ ਸੁਕਰਾਤ ਨੂੰ ਕਿਹਾ “ਗੱਲਾਂ ਨਾ ਕਰੋ ਇਸ ਨਾਲ ਜ਼ਹਿਰ ਚੰਗੀ ਤਰ੍ਹਾਂ ਅਸਰ ਨਹੀਂ ਕਰਦਾ ਅਤੇ ਜ਼ਹਿਰ ਦੋ ਜਾਂ ਕਦੇ ਕਦੇ ਤਿੰਨ ਵਾਰ ਵੀ ਪੀਣਾ ਪੈਂਦਾ ਹੈ।” ਇਸ ’ਤੇ ਸੁਕਰਾਤ ਨੇ ਹੱਸ ਕੇ ਕਿਹਾ “ਜਦੋਂ ਜ਼ਹਿਰ ਹੀ ਪੀ ਲਿਆ ਤਾਂ ਫਿਰ ਇੱਕ ਜਾਂ ਦੋ ਵਾਰ ਪੀਣ ਵਿੱਚ ਕੀ ਹਰਜ?” ਉਸ ਦੀਆਂ ਲੱਤਾਂ ’ਤੇ ਜ਼ਹਿਰ ਦਾ ਅਸਰ ਹੋਇਆ ਤਾਂ ਉਸ ਨੇ ਕਿਹਾ ਮੇਰੀਆਂ ਲੱਤਾਂ ਸੌਂ ਰਹੀਆਂ ਹਨ। ਬੜੇ ਸ਼ਾਤ ਚਿੱਤ ਨਾਲ ਸਰੀਰ ’ਤੇ ਜ਼ਹਿਰ ਦੇ ਅਸਰ ਦੀ ਵਿਆਖਿਆ ਉਹ ਨਾਲੋ ਨਾਲ ਕਰਦਾ ਰਿਹਾ। ਕੁਝ ਦੇਰ ਬਾਅਦ ਜਦੋਂ ਉਸ ਦੀ ਆਵਾਜ਼ ਧੀਮੀ ਹੋਣ ਲੱਗੀ ਤਾਂ ਉਸ ਨੇ ਨੇੜੇ ਖੜ੍ਹੇ ਆਪਣੇ ਇੱਕ ਚੇਲੇ ਨੂੰ ਕਿਹਾ ਜਦੋਂ ਮੈਂ ਸੌਂ ਜਾਵਾਂ ਮੇਰੇ ਉੱਪਰ ਚਾਦਰ ਪਾ ਦੇਣੀ। ਇਸ ਤਰ੍ਹਾਂ ਦੁਨੀਆ ਦਾ ਇਹ ਪਹਿਲਾਂ ਮਨੁੱਖ ਸੀ ਜਿਸ ਨੇ ਬਹੁਦੇਵਵਾਦ ’ਤੇ ਤਰਕ ਕਰਦਿਆਂ ਇੱਕ (ਦੇਵ) ਰੱਬ ਦੀ ਕਲਪਨਾ ਕੀਤੀ, ਉਸ ਨੂੰ ਨਾਸਤਿਕ ਕਹਿ ਕੇ ਮਾਰ ਦਿੱਤਾ ਗਿਆ। ਦੁਨੀਆ ਭਰ ਦੇ ਲੱਖਾਂ ਲੇਖਕ, ਵਿਦਵਾਨ, ਦਾਰਸ਼ਨਿਕ, ਚਿੰਤਕ ਅਤੇ ਸੱਚ ’ਤੇ ਪਹਿਰਾ ਦੇਣ ਵਾਲੇ ਲੋਕ ਸੁਕਰਾਤ ਦਾ ਨਾਮ ਬੜੇ ਮਾਣ ਨਾਲ ਨਾਲ ਲੈਂਦੇ ਹਨ। ਉਹ ਸੱਚ ਅਤੇ ਨੇਕੀ ਦਾ ਮੁਜੱਸਮਾ ਸੀ ਜੋ ਆਪਣੇ ਵਿਚਾਰਾਂ ’ਤੇ ਅਡੋਲ ਰਹਿ ਕੇ ਸ਼ਹੀਦ ਹੋ ਗਿਆ। ਸੁਕਰਾਤ ਨੂੰ ਜ਼ਹਿਰ ਦੇਣ ਵਾਲਿਆਂ ਨੇ ਸਮਝ ਲਿਆ ਕਿ ਸੁਕਰਾਤ ਮਰ ਗਿਆ ਹੈ, ਪਰ ਸੁਕਰਾਤ ਕਦੇ ਮਰਿਆ ਨਹੀਂ। ਉਹ ਵਿਚਾਰਾਂ ਦੀ ਆਜ਼ਾਦੀ ਲਈ ਮਨੁੱਖਤਾ ਨੂੰ ਅੱਜ ਵੀ ਵੰਗਾਰਦਾ ਹੈ।
ਸੰਪਰਕ : 98550-51099
ਧੀਮੀ ਮੌਤ ਦੇ ਪ੍ਰਕੋਪ ਹੇਠ ਤਾਂ ਨਹੀਂ ਜਿਉਂ ਰਹੇ ਅਸੀਂ ? - ਗੁਰਚਰਨ ਸਿੰਘ ਨੂਰਪੁਰ
ਹੁਣ ਅਸੀਂ ਜਦੋਂ ਵੀ ਆਪਣੇ ਆਹਾਰ ਲਈ ਬਾਜ਼ਾਰ ਚੋਂ ਕੁਝ ਖਰੀਦਣ ਜਾਂਦੇ ਹਾਂ ਤਾਂ ਕੁਝ ਕੁ ਮਾਤਰਾ ਜ਼ਹਿਰ ਦੀ ਵੀ ਖ਼ਰੀਦ ਕੇ ਲਿਆਉਂਦੇ ਹਾਂ। ਮਨੁੱਖ ਦੇ ਲਾਲਚਾਂ ਖ਼ੁਦਗਰਜ਼ੀਆਂ ਅਤੇ ਮੁਨਾਫ਼ਿਆਂ ਦੀ ਬਦੌਲਤ ਅਸੀਂ ਸਾਰੇ ਧੀਮੀ ਮੌਤ ਮਰ ਰਹੇ ਹਾਂ ਅਤੇ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਾਂ। ਹਰ ਸਾਲ ਹਜ਼ਾਰਾਂ ਟਨ ਸਪਰੇਅ ਕੀਟਾਂ ਨੂੰ ਮਾਰਨ ਲਈ ਫ਼ਸਲਾਂ, ਅਨਾਜਾਂ ਅਤੇ ਫਲਾਂ 'ਤੇ ਕੀਤੀ ਜਾਂਦੀ ਹੈ। ਜ਼ਹਿਰਾਂ ਦੇ ਛਿੜਕਾਅ ਲਈ ਛੋਟੀਆਂ ਹੱਥ ਨਾਲ ਚੱਲਣ ਵਾਲੀਆਂ ਮਸ਼ੀਨਾਂ ਦਾ ਯੁੱਗ ਬੀਤ ਰਿਹਾ ਹੈ। ਹੁਣ ਦਵਾਈਆਂ ਦੇ ਛਿੜਕਾਅ ਲਈ ਹੈਲੀਕਾਪਟਰਾਂ ਦੀ ਵਰਤੋਂ ਹੋਣ ਲੱਗੀ ਹੈ। ਭਾਰਤ ਵਿਚ ਹੀ ਨਹੀਂ ਦੁਨੀਆ ਦੇ ਵਿਕਸਤ ਦੇਸ਼ਾਂ ਵਿਚ ਵੀ ਕੀਟਨਾਸ਼ਕਾਂ ਦੇ ਬੁਰੇ ਪ੍ਰਭਾਵਾਂ ਨੂੰ ਪ੍ਰਤੱਖ ਦੇਖਿਆ ਜਾ ਸਕਦਾ ਹੈ। ਅਨਾਜ, ਫਲ, ਸਬਜ਼ੀਆਂ ਭਵਿੱਖ ਵਿਚ ਅਮੀਰਾਂ ਲਈ ਹੋਰ ਤੇ ਗਰੀਬਾਂ ਲਈ ਹੋਰ ਹੋਣਗੀਆਂ। ਪੂਰੀ ਦੁਨੀਆ ਵਿਚ ਜੇਕਰ ਕੀਟਨਾਸ਼ਕ ਬਣਾਉਣ ਦਾ ਸਾਰਾ ਕਾਰੋਬਾਰ ਬੰਦ ਹੋ ਜਾਵੇ ਤਾਂ ਵੀ ਸਾਡੀ ਇਹ ਧਰਤੀ ਮਨੁੱਖਾਂ ਸਮੇਤ ਸਭ ਜੀਵਾਂ ਲਈ ਢੁੱਕਵੀਂ ਖ਼ੁਰਾਕ ਪੈਦਾ ਕਰਨ ਦੇ ਸਮਰੱਥ ਹੈ। ਵਿਕਸਿਤ ਦੇਸ਼ਾਂ ਸਮੇਤ ਦੁਨੀਆ ਦੇ ਹੋਰ ਮੁਲਕਾਂ ਵਿਚ ਵੀ ਜ਼ਹਿਰਾਂ ਦੀ ਖਪਤ ਦਾ ਵਰਤਾਰਾ ਆਮ ਕਿਉਂ ਹੋ ਗਿਆ ਹੈ? ਸਾਨੂੰ ਸਮਝਣਾ ਹੋਵੇਗਾ ਕਿ ਇਸ ਪਿੱਛੇ ਖਾਸ ਕਾਰਨ ਕੀ ਹਨ?
ਸੰਨ 1962 ਵਿਚ ਅਮਰੀਕੀ ਲੇਖਕਾ ਤੇ ਵਿਗਿਆਨੀ ਰਿਚਲ ਕਾਰਸਨ ਦੀ ਕਿਤਾਬ ਆਈ 'ਸਾਇਲੈਂਟ ਸਪਰਿੰਗ।' ਸਾਇਲੈਂਟ ਸਪਰਿੰਗ ਦਾ ਅਰਥ ਇਹ ਲਿਆ ਜਾਂਦਾ ਹੈ ਕਿ ਭਵਿੱਖ ਵਿਚ ਬਸੰਤ ਤਾਂ ਹੋਵੇਗੀ ਪਰ ਇਹ ਖਾਮੋਸ਼ ਹੋਵੇਗੀ। ਬਹਾਰ ਹੋਵੇਗੀ ਪਰ ਚਿੜੀਆਂ ਨਹੀਂ ਗਾਉਣਗੀਆਂ। ਇਸ ਕਿਤਾਬ ਨਾਲ ਪੂਰੀ ਦੁਨੀਆਂ ਵਿਚ ਤਹਿਲਕਾ ਮਚ ਗਿਆ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਡੀ ਡੀ ਟੀ ਅਤੇ ਹੋਰ ਕੀਟਨਾਸ਼ਕ ਵਰਤੋਂ ਵਿਚ ਲਿਆਂਦੇ ਗਏ। ਦੂਜੇ ਵਿਸ਼ਵ ਯੁੱਧ ਵਿਚ ਲੜਾਕੇ ਜਿੱਥੇ ਦੂਰ ਦੁਰਾਡੇ ਜੰਗਲੀ ਇਲਾਕਿਆਂ ਵਿਚ ਤੰਬੂ ਲਾ ਕੇ ਰਹਿੰਦੇ ਸਨ ਜਾਂ ਹੋਰ ਯੁੱਧ ਲੜਨ ਵਾਲੀਆਂ ਕਠਨ ਥਾਵਾਂ 'ਤੇ ਜਾਂਦੇ ਸਨ, ਉੱਥੇ ਉਹ ਮੱਛਰਾਂ, ਮੱਖੀਆਂ ਅਤੇ ਛੋਟੇ ਕੀੜੇ ਮਕੌੜਿਆਂ ਨੂੰ ਮਾਰਨ ਲਈ ਇਨ੍ਹਾਂ ਕੈਮੀਕਲਾਂ ਦੀ ਵਰਤੋਂ ਕਰਦੇ ਸਨ। ਸੰਨ 1945 ਵਿਚ ਯੁੱਧ ਖ਼ਤਮ ਹੋ ਗਿਆ ਤੇ ਇਹ ਵੱਡੀ ਰਸਾਇਣਕ ਸਨਅਤ ਅਤੇ ਇਸ ਦੀ ਪੈਦਾਵਾਰ ਪੂਰੀ ਤਰ੍ਹਾਂ ਬੇਲੋੜੀ ਹੋ ਗਈ। ਅਮਰੀਕਾ ਦੇ ਨੀਤੀ ਘਾੜਿਆਂ ਨੇ ਸੋਚਿਆ ਕਿ ਇੰਨਾ ਵੱਡਾ ਸਰਮਾਇਆ ਲਾ ਕੇ ਇਹ ਸਨਅਤ ਖੜ੍ਹੀ ਕੀਤੀ ਹੈ ਇਹ ਸਭ ਕੁਝ ਬਰਬਾਦ ਹੋ ਜਾਵੇਗਾ ਤਾਂ ਬੜੀ ਘਾਟੇ ਵਾਲੀ ਗੱਲ ਹੋਵੇਗੀ। ਸੋਚ ਵਿਚਾਰ ਮਗਰੋਂ ਮੁਨਾਫ਼ੇ ਦੀ ਹਵਸ ਨੇ ਇਸ ਨੂੰ ਰੋਜ਼ਾਨਾਂ ਜੀਵਨ ਦੀ ਲੋੜ ਬਣਾਉਣ ਦੀ ਖ਼ਤਰਨਾਕ ਖੇਡ ਖੇਡਣੀ ਸ਼ੁਰੂ ਕੀਤੀ। ਇਨ੍ਹਾਂ ਫੈਕਟਰੀਆਂ ਵਿਚ ਬਣਦੇ ਰਸਾਇਣਾਂ ਦੀ ਵਰਤੋਂ ਖੇਤਾਂ ਵਿਚਲੇ ਕੀਟ ਪਤੰਗੇ ਕੀੜੇ ਮਕੌੜਿਆਂ ਨੂੰ ਮਾਰਨ ਲਈ ਕੀਤੀ ਜਾਣ ਲੱਗੀ। ਕੁਝ ਹੀ ਸਾਲਾਂ ਵਿਚ ਇਹ ਪਹਿਲਾਂ ਨਾਲੋਂ ਹਜ਼ਾਰ ਗੁਣਾਂ ਵਧ ਇੱਕ ਵੱਡੀ ਸਨਅਤ ਬਣ ਗਈ। ਪੂਰੀ ਦੁਨੀਆਂ ਵਿਚ ਇਸ ਦਾ ਵੱਡੀ ਪੱਧਰ 'ਤੇ ਪ੍ਰਚਾਰ ਕੀਤਾ ਗਿਆ। ਪ੍ਰਚਾਰ ਇਹ ਵੀ ਕੀਤਾ ਗਿਆ ਕਿ ਇਨ੍ਹਾਂ ਰਸਾਇਣਕ ਸਪਰੇਆਂ ਨਾਲ ਫਸਲਾਂ ਦੀ ਪੈਦਾਵਾਰ ਵਧ ਰਹੀ ਹੈ। ਇਹ ਪ੍ਰਚਾਰ ਵੀ ਕੀਤਾ ਗਿਆ ਕਿ ਇਸ ਦਾ ਤੁਰੰਤ ਫਾਇਦਾ ਮਿਲ ਰਿਹਾ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਅਨਾਜ ਪੈਦਾ ਕਰਨ ਵਾਲੀ ਜੋ ਮਿੱਟੀ ਸੀ ਉਹ ਜ਼ਹਿਰੀਲੀ ਹੋ ਗਈ। ਸਾਡੀ ਭੋਜਨ ਲੜੀ ਪੂਰੀ ਤਰ੍ਹਾਂ ਗੜਬੜਾ ਗਈ। ਪੈਦਾਵਾਰ ਕੁਝ ਹੱਦ ਤੱਕ ਵਧ ਵੀ ਗਈ। ਪਰ ਭੋਜਨ ਲੜੀ ਵਿਚ ਜ਼ਹਿਰਾਂ ਦਾ ਪ੍ਰਵੇਸ਼ ਹੋ ਗਿਆ। ਰਿਚਲ ਨੇ ਆਪਣੀ ਕਿਤਾਬ ਵਿਚ ਪੂਰੀ ਦੁਨੀਆਂ ਨੂੰ ਦੱਸਿਆ ਕਿ ਰਸਾਇਣਕ ਜ਼ਹਿਰਾਂ ਦੀ ਪੈਦਾਵਾਰ ਕਰਕੇ ਅਸੀਂ ਸਾਰੇ ਇੱਕ ਧੀਮੀ ਮੌਤ ਵੱਲ ਵਧ ਰਹੇ ਹਾਂ। ਇਹ ਧਰਤੀ ਦੇ ਜੀਵਨ ਲਈ ਖ਼ਤਰਨਾਕ ਹੈ। ਇਹ ਕਿਤਾਬ ਜੋ ਅੱਜ ਦੇ ਸਮੇਂ ਵਿਚ ਪਹਿਲਾਂ ਨਾਲੋਂ ਵਧੇਰੇ ਸਾਰਥਕ ਹੈ ਦੇ ਛਪਣ ਮਗਰੋਂ ਰਿਚਲ ਨੂੰ ਰਸਾਇਣਕ ਸਨਅਤ ਵਲੋਂ ਮੌਤ ਦੀਆਂ ਧਮਕੀਆਂ ਮਿਲਣ ਲੱਗੀਆਂ। ਉਹਨੂੰ ਇਹ ਵੀ ਕਿਹਾ ਗਿਆ ਕਿ ਉਹ ਇੱਕ ਪਾਗਲ ਔਰਤ ਹੈ। ਉਸ ਸਮੇਂ ਦੇ ਰਾਸ਼ਟਰਪਤੀ ਜੌਹਨ ਕੈਨੇਡੀ ਨੇ ਖੁਦ ਉਹ ਕਿਤਾਬ ਪੜ੍ਹੀ। ਇਸ ਕਿਤਾਬ ਨੇ ਕਰੋੜਾਂ ਲੋਕਾਂ ਦੀ ਸੋਚ ਬਦਲੀ। ਅਮਰੀਕਾ ਅਤੇ ਯੂਰਪ ਵਿਚ ਇਸ ਸਮੇਂ ਜੋ ਵਾਤਾਵਰਨ ਦਾ ਚਿੰਤਨ ਸ਼ੁਰੂ ਹੋਇਆ ਉਸਦਾ ਸਰੋਤ ਰਿਚਲ ਕਾਰਸਨ ਦੀ ਇਹੋ ਕਿਤਾਬ ਹੈ। ਪ੍ਰਦੂਸ਼ਣ ਦੇ ਮਾਰੂ ਪ੍ਰਭਾਵ ਹੌਲੀ ਹੌਲੀ ਜਨ ਜੀਵਨ 'ਤੇ ਅਸਰ ਕਰਦੇ ਹਨ ਅਤੇ ਇਹ ਇੱਕ ਖਿੱਤੇ ਤੋਂ ਹੋਰ ਅਗਾਂਹ ਫੈਲਣ ਲਗਦੇ ਹਨ।
ਕੀਟਨਾਸ਼ਕਾਂ ਦੀ ਅੰਨ੍ਹੀ ਵਰਤੋਂ ਦਾ ਨਤੀਜਾ ਇਹ ਹੈ ਕਿ ਇਹ ਹੁਣ ਸਾਡੀ ਭੋਜਨ ਲੜੀ, ਮਨੁੱਖ ਅਤੇ ਹੋਰ ਜੀਵ ਜੰਤੂਆਂ, ਜਲਜੀਵਾਂ ਇੱਥੋਂ ਤੱਕ ਕਿ ਮਾਂ ਦੇ ਦੁੱਧ ਵਿਚ ਵੀ ਸ਼ਾਮਿਲ ਹੋ ਚੁੱਕੇ ਹਨ। ਕੀਟ ਨਾਸ਼ਕਾਂ ਦੀ ਅੰਨ੍ਹੀ ਵਰਤੋਂ ਬੱਚਿਆਂ ਦੇ ਦਿਮਾਗ ਅਤੇ ਸਰੀਰ 'ਤੇ ਵੱਖਰੀ ਵੱਖਰੀ ਤਰ੍ਹਾਂ ਦੇ ਪ੍ਰਭਾਵ ਪਾ ਰਹੀ ਹੈ, ਅੱਜ ਦੇ ਦੌਰ ਵਿਚ ਫਲ ਸਬਜ਼ੀਆਂ ਅਨਾਜ ਜੋ ਵੀ ਅਸੀਂ ਖਾ ਰਹੇ ਹਾਂ ਉਸ ਵਿਚ ਕੀਟ ਨਾਸ਼ਕਾਂ ਦੇ ਕੁਝ ਨਾ ਕੁਝ ਅੰਸ਼ ਜ਼ਰੂਰ ਹੁੰਦੇ ਹਨ। ਇਹ ਕੀਟਨਾਸ਼ਕ ਹੌਲੀ ਹੌਲੀ ਸਾਡੇ ਸਰੀਰ ਵਿਚ ਜਮ੍ਹਾਂ ਹੁੰਦੇ ਹਨ ਅਤੇ ਮਗਰੋਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਕਰਦੇ ਹਨ। ਕੀਟਨਾਸ਼ਕਾਂ ਨੂੰ ਛੁਹਣ, ਸੁੰਘਣ ਨਾਲ ਵੀ ਸਾਡੇ (ਸੈਂਟਰਲ ਨਰਵਸ ਸਿਸਟਮ) ਸਰੀਰ ਦੀ ਕੇਂਦਰੀ ਤੰਤਰ ਪ੍ਰਣਾਲੀ 'ਤੇ ਬੁਰੇ ਪ੍ਰਭਾਵ ਪੈਂਦੇ ਹਨ। ਇਸ ਨਾਲ ਸਰੀਰ ਦੇ ਮਹੱਤਵ ਪੂਰਨ ਅੰਗ ਜਿਵੇਂ ਫੇਫੜੇ, ਗੁਰਦੇ,ਦਿਲ, ਲਿਵਰ ਸਬੰਧੀ ਬਿਮਾਰੀਆਂ ਪੈਦਾ ਹੋਣ ਲਗਦੀਆਂ ਹਨ। ਇਸ ਨਾਲ ਕਈ ਤਰ੍ਹਾਂ ਦੇ ਕੈਂਸਰ ਵੀ ਪੈਦਾ ਹੋਣ ਲਗਦੇ ਹਨ। ਇੱਥੋਂ ਤੱਕ ਛੋਟੇ ਬੱਚਿਆਂ ਨੂੰ ਕੈਂਸਰ ਅਤੇ ਚਮੜੀਆਂ ਸਬੰਧੀ ਬਿਮਾਰੀਆਂ ਹੋਣ ਲਗਦੀਆਂ ਹਨ। ਪਿਛਲੇ ਕੁਝ ਦਹਾਕਿਆਂ ਤੋਂ ਕੀਟਨਾਸ਼ਕਾਂ ਦੀ ਵਰਤੋਂ ਕਈ ਗੁਣਾਂ ਵਧ ਗਈ ਹੈ। ਕੀਟਨਾਸ਼ਕਾਂ ਦੀ ਅੰਨ੍ਹੀ ਵਰਤੋਂ ਨੇ ਧਰਤੀ ਦੇ ਨਾਜ਼ੁਕ ਤਾਣੇ ਬਾਣੇ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ। ਇਸ ਨਾਲ ਕੀਟ ਪਤੰਗੇ ਫਸਲਾਂ ਲਈ ਸਹਿਯੋਗ ਕਰਨ ਵਾਲੇ ਛੋਟੇ ਜੀਵ ਜੰਤੂ ਵੀ ਹਾਨੀਕਾਰਕ ਕੀਟ ਪਤੰਗਾਂ ਤੋਂ ਇਲਾਵਾ ਫ਼ਸਲਾਂ ਲਈ ਪ੍ਰਭਾਵਿਤ ਹੋਏ ਹਨ। ਪਸ਼ੂ ਪੰਛੀ ਅਤੇ ਜਲ ਜੀਵ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇੱਕ ਬਰੀਕ ਗੱਲ ਜਿਸ ਨੂੰ ਸਮਝਿਆ ਨਹੀਂ ਜਾ ਰਿਹਾ ਉਹ ਇਹ ਹੈ ਕਿ ਪਰਾਂਗਣ ਕਰਨ ਵਾਲੇ ਜੀਵ ਜਿਵੇਂ ਮਧੂਮੱਖੀਆਂ ਤਿਤਲੀਆਂ ਕੀਟਨਾਸ਼ਕਾਂ ਦੀ ਅੰਨ੍ਹੀ ਵਰਤੋਂ ਨਾਲ ਵੱਡੀ ਗਿਣਤੀ ਵਿਚ ਮਰ ਜਾਂਦੇ ਹਨ। ਇਸ ਨਾਲ ਫਸਲਾਂ ਅਤੇ ਫਲਾਂ ਦੇ ਉਤਪਾਦਨ 'ਤੇ ਉਲਟਾ ਪ੍ਰਭਾਵ ਵੀ ਪੈਂਦਾ ਹੈ। ਦੂਜੀ ਸਮਝਣ ਵਾਲੀ ਗੱਲ ਇਹ ਹੈ ਕਿ ਖ਼ਤਰਨਾਕ ਕੀਟਨਾਸ਼ਕਾਂ ਦੇ ਛਿੜਕਾਅ ਦੇ ਬਾਵਜੂਦ ਵੀ ਕੁਝ ਕੀਟ ਪਤੰਗੇ ਕੁਝ ਵਿਸ਼ੇਸ਼ ਕਾਰਨਾਂ ਕਰਕੇ ਬਚੇ ਰਹਿ ਜਾਂਦੇ ਹਨ ਅਤੇ ਇਹ ਆਪਣੀ ਅਗਲੀ ਨਸਲ ਵਿਚ ਪ੍ਰਤੀਰੋਧਕ ਸ਼ਕਤੀ ਪੈਦਾ ਕਰ ਲੈਂਦੇ ਹਨ ਅਤੇ ਇਨ੍ਹਾਂ 'ਤੇ ਕੀਟਨਾਸ਼ਕ ਬੇਅਸਰ ਹੋਣ ਲਗਦੇ ਹਨ। ਕੀਟਨਾਸ਼ਕਾਂ ਦੇ ਹਵਾ ਵਿਚ ਮਿਲਦੇ ਅੰਸ਼ ਧਰਤੀ ਉਪਰਲੇ ਜੀਵਨ ਨੂੰ ਧੀਮੀ ਮੌਤ ਬਣ ਕੇ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ। ਮਿੱਟੀ ਵਿਚ ਪਏ ਇਨ੍ਹਾਂ ਦੇ ਅੰਸ਼ ਧਰਤੀ ਹੇਠਲੇ ਪਾਣੀ ਦੇ ਨਾਲ ਬਾਰਸ਼ਾਂ ਦੇ ਪਾਣੀ ਨਾਲ ਨਦੀਆਂ ਨਾਲਿਆਂ ਵਿਚ ਜਾ ਮਿਲਦੇ ਹਨ ਅਤੇ ਦਰਿਆਈ ਤੇ ਸਮੁੰਦਰੀ ਪਾਣੀਆਂ ਨੂੰ ਪ੍ਰਭਾਵਿਤ ਕਰ ਰਹੇ ਹਨ। ਪਾਣੀ ਦੇ ਪਲੀਤ ਹੋਣ ਨਾਲ ਮਨੁੱਖ ਸਮੇਤ ਦੂਜੇ ਜੀਅ ਜੰਤ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ।
ਸੰਨ 2011 ਤੱਕ ਕੇਰਲਾ ਪ੍ਰਦੇਸ਼ ਦੇ ਕਾਸਰਗੋੜ ਨਾਮੀ ਜ਼ਿਲੇ ਵਿਚ ਕਾਜੂਆਂ ਦੇ ਬਾਗਾਂ 'ਤੇ ਇੰਡੋਸਲਫਾਨ ਨਾਮਕ ਦਵਾਈ ਦਾ ਛਿੜਕਾਅ ਵੱਡੀ ਮਾਤਰਾ ਵਿਚ ਹੁੰਦਾ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਇੱਥੇ ਪੂਰੇ ਇਲਾਕੇ ਵਿਚ ਛੋਟੇ ਬੱਚਿਆਂ ਨੂੰ ਅਜੀਬੋ-ਗਰੀਬ ਬਿਮਾਰੀਆਂ ਹੋਣ ਲੱਗੀਆਂ। ਬੱਚੇ ਵਿਕਲਾਂਗ ਪੈਦਾ ਹੋਣ ਲੱਗੇ ਸਨ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਜ਼ਹਿਰੀਲੇ ਵਾਤਾਵਰਨ ਕਾਰਨ ਕਿੰਨੇ ਹੀ ਅਜਿਹੇ ਪੰਛੀ ਸਨ, ਜਿਨ੍ਹਾਂ ਤੋਂ ਪੰਜਾਬ ਦੀ ਧਰਤੀ ਅੱਜ ਵਿਰਵੀ ਹੋ ਗਈ ਹੈ। ਇੱਥੇ ਪਹਾੜੀ ਕਾਂ, ਬਾਜ, ਸ਼ਿਕਰੇ, ਇੱਲਾਂ, ਗਿਰਜਾਂ, ਉੱਲੂ, ਕਿੱਲੀ ਠੋਕੇ, ਗਟਾਰਾਂ, ਬਿਜੜੇ, ਹਰਿਅਲ ਆਦਿ ਹੋਰ ਕਿੰਨੇ ਹੀ ਪੰਛੀ ਸਨ ਜੋ ਨਹੀਂ ਦਿਸਦੇ ਜੇਕਰ ਦਿਸਦੇ ਵੀ ਹਨ ਤਾਂ ਵਿਰਲੇ ਟਾਵੇਂ ਨਜ਼ਰੀਂ ਪੈਂਦੇ ਹਨ। ਅਖੌਤੀ ਵਿਕਾਸ ਅਤੇ ਸਾਡੀਆਂ ਸਿਆਣਪਾਂ ਨੇ ਕਈ ਪਰਿੰਦਿਆਂ ਦਾ ਨਸਲਘਾਤ ਕਰ ਦਿੱਤਾ ਹੈ। ਸਾਡੀ ਵਿਰਾਸਤ ਤੇ ਫਲਸਫਾ ਸਾਨੂੰ ਸਰਬੱਤ ਦਾ ਭਲਾ ਮੰਗਣ ਦੀ ਤਾਗੀਦ ਕਰਦਾ ਹੈ। ਕੁਦਰਤ ਦਾ ਸਤਿਕਾਰ ਕਰਨਾ ਇਸ ਦੇ ਸਰੋਤਾਂ ਨੂੰ ਸੰਭਾਲਣਾ ਸਾਡੀ ਸੰਸਕ੍ਰਿਤੀ ਵਿਚ ਹੀ ਨਹੀਂ ਬਲਕਿ ਸਾਡੇ ਸੰਵਿਧਾਨ ਦੀ ਵੀ ਮੁੱਖ ਤਰਜੀਹ ਹੈ।
ਜ਼ਹਿਰਾਂ ਦਾ ਪ੍ਰਕੋਪ ਹੁਣ ਹਵਾ ਜਾਂ ਕੁਝ ਖਾਸ ਇਲਾਕਿਆਂ ਤੱਕ ਹੀ ਨਹੀਂ ਬਲਕਿ ਇਹ ਫੈਕਟਰੀਆਂ ਤੋਂ ਸ਼ੁਰੂ ਹੋ ਸਾਡੀਆਂ ਖਾਣੇ ਦੀਆਂ ਪਲੇਟਾਂ ਤੱਕ ਹੈ। ਸਮੇਂ ਦੀ ਮੰਗ ਹੈ ਕਿ ਅਸੀਂ ਜ਼ਹਿਰਾਂ ਤੋਂ ਮੁਕਤ ਖੇਤੀ ਕਰੀਏ। ਸਾਡੀਆਂ ਸਰਕਾਰਾਂ ਨੂੰ ਇਸ ਲਈ ਵੱਡੇ ਉਪਰਾਲੇ ਕਰਨੇ ਹੋਣਗੇ। ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਚੌਗਿਰਦੇ ਨੂੰ ਸ਼ੁੱਧ ਰੱਖਣ ਲਈ ਵਾਤਾਵਰਨ ਨੂੰ ਪਲੀਤ ਕਰਨ ਤੋਂ ਗੁਰੇਜ਼ ਕਰੀਏ। ਅੱਜ ਲੋੜ ਹੈ ਅਸੀਂ ਖੇਤਾਂ ਦੇ ਬੰਨਿਆਂ ਤੇ ਰੁੱਖ ਲਾਈਏ, ਇਹ ਰੁੱਖ ਵੱਡੇ ਹੋਣਗੇ ਤੇ ਪੰਛੀਆਂ ਨੂੰ ਬੁਲਾਵੇ ਦੇਣਗੇ। ਪੰਛੀ ਤੇ ਰੁੱਖ ਖੇਤੀ ਦੇ ਦੁਸ਼ਮਣ ਨਹੀਂ ਬਲਕਿ ਸਭ ਤੋਂ ਵੱਡੇ ਸਹਾਇਕ ਹਨ। ਪੰਛੀ ਫਸਲਾਂ ਨੂੰ ਪੈਣ ਵਾਲੀਆਂ ਸੁੰਡੀਆਂ ਖਾਂਦੇ ਹਨ। ਅੱਜ ਲੋੜ ਹੈ ਅਸੀਂ ਮਾਨਵਤਾ ਦੀ ਭਲਾਈ ਲਈ ਰਸਾਇਣਾਂ ਦੀ ਵਰਤੋਂ 'ਤੇ ਰੋਕ ਲਾਈਏ ਤੇ ਇਸ ਧਰਤੀ ਨੂੰ ਜੀਵ ਜੰਤੂਆਂ ਅਤੇ ਮਨੁੱਖਾਂ ਦੇ ਰਹਿਣ ਲਾਇਕ ਬਣਾਈਏ। ਰਸਾਇਣਾਂ ਅਤੇ ਕੀਟਨਾਸ਼ਕਾਂ ਤੋਂ ਬਗੈਰ ਵੀ ਚੰਗੀ ਨਰੋਈ ਖੇਤੀ ਹੋ ਸਕਦੀ ਹੈ ਜਿਨ੍ਹਾਂ ਨੇ ਯਤਨ ਕੀਤੇ ਹਨ ਉਹ ਇਸ ਵਿਚ ਸਫ਼ਲ ਵੀ ਹੋਏ ਹਨ। ਅੱਜ ਸੋਚਣ ਦੀ ਲੋੜ ਹੈ ਕਿ ਪੌਣ-ਪਾਣੀ ਤੇ ਹਵਾ ਨੂੰ ਪਲੀਤ ਕਰਕੇ ਅਸੀਂ ਆਪਣੇ ਪੈਰਾਂ 'ਤੇ ਆਪ ਕੁਹਾੜਾ ਤਾਂ ਨਹੀਂ ਮਾਰ ਰਹੇ?
ਸੰਪਰਕ - ਜ਼ੀਰਾ ਮੋ: - 98550-51099
ਕਰਾਮਾਤਾਂ ਦੇ ਬਾਜ਼ਾਰ ਵਿੱਚ ਲੁੱਟ ਹੁੰਦੇ ਲੋਕ - ਗੁਰਚਰਨ ਸਿੰਘ ਨੂਰਪੁਰ
ਇਕ ਸਮਾਗਮ ਵਿਚ ਇਕ ਗਾਉਣ ਵਾਲਾ ਸਦੀਆਂ ਪਹਿਲਾਂ ਹੋਏ ਆਪਣੇ ਧਾਰਮਿਕ ਰਹਿਬਰ ਨੂੰ ਵਾਜਾਂ ਮਾਰ ਰਿਹਾ ਸੀ ਕਿ 'ਆ ਕੇ ਵੇਖ ਦੁਨੀਆ ਦਾ ਕੀ ਹਾਲ ਹੋ ਗਿਆ ਹੈ, ਮਾੜਾ ਤਗੜੇ ਨੂੰ ਲੁੱਟ ਕੇ ਖਾ ਰਿਹਾ ਹੈ। ਨਿਆਂ ਇਨਸਾਫ਼ ਦੂਰ ਦੀ ਕੌਡੀ ਹੋ ਗਏ ਹਨ, ਇਥੇ ਮਾਰ ਧਾੜ ਹੈ, ਲੁੱਟ ਖਸੁੱਟ ਏ, ਤੂੰ ਦੁਬਾਰਾ ਆ, ਤੇ ਆ ਕੇ ਇਸ ਦੁਨੀਆਂ ਨੂੰ ਦਰੁਸਤ ਕਰ।'
ਇਸ ਰਚਨਾ ਮਗਰੋਂ ਇਕ ਸਿਆਣਾ ਬੁਲਾਰਾ ਬੋਲਿਆ ਤੇ ਉਸ ਨੇ ਆਖਿਆ, 'ਸਾਡੇ ਰਹਿਬਰ ਜੋ ਸਦੀਆਂ ਪਹਿਲਾਂ ਹੋ ਗਏ ਹਨ, ਉਨ੍ਹਾਂ ਨੇ ਹੁਣ ਨਹੀਂ ਆਉਣਾ। ਉਨ੍ਹਾਂ ਨੇ ਇਸ ਦੁਨੀਆਂ ਨੂੰ ਚੰਗਾ ਬਣਾਉਣ ਲਈ ਜੋ ਯੋਗਦਾਨ ਦਿੱਤਾ ਉਹ ਬਹੁਤ ਮਹਾਨ ਸੀ। ਉਹਨੂੰ ਵਿਸਾਰਿਆ ਨਹੀਂ ਜਾ ਸਕਦਾ। ਉਹ ਸਾਡੇ ਰਾਹ ਦਸੇਰੇ ਸਨ। ਉਨ੍ਹਾਂ ਦੇ ਸ਼ਬਦ ਅੱਜ ਦੀ ਸਾਡਾ ਮਾਰਗ ਦਰਸ਼ਨ ਕਰਦੇ ਹਨ ਪਰ ਸੱਚ ਇਹ ਆ ਕਿ ਉਨ੍ਹਾਂ ਨੇ ਹੁਣ ਨਹੀਂ ਆਉਣਾ। ਉਨ੍ਹਾਂ ਦੇ ਦੱਸੇ ਰਾਹ ਤੇ ਚੱਲ ਕੇ ਆਪ ਇਸ ਦੁਨੀਆਂ ਨੂੰ ਚੰਗਾ ਬਣਾਉਣ ਦਾ ਯਤਨ ਕਰੋ ਜਿਹਾ ਕਿ ਉਨ੍ਹਾਂ ਕਿਹਾ ਸੀ।'
ਜ਼ਮਾਨੇ ਦੇ ਹਰ ਦੌਰ ਵਿਚ ਸਮਾਜ ਦੀ ਬਹੁਗਿਣਤੀ ਨੂੰ ਕਿਸੇ ਨਾ ਕਿਸੇ ਕਰਾਮਾਤ ਦੀ ਉਡੀਕ ਹੁੰਦੀ ਹੈ। ਧਰਮ ਅਸਥਾਨਾਂ 'ਤੇ ਹਰ ਰੋਜ਼ ਪ੍ਰਾਰਥਨਾਵਾਂ, ਬੇਨਤੀਆਂ, ਅਰਜੋਈਆਂ, ਜੋਦੜੀਆਂ, ਅਰਦਾਸਾਂ ਹੁੰਦੀਆਂ ਹਨ। ਕੁਝ ਭੋਲੇ-ਭਾਲੇ ਲੋਕਾਂ ਨੂੰ ਕੁਝ ਚਲਾਕ ਲੋਕ ਆਪਣੇ ਧਰਮ ਨੂੰ ਦੂਜਿਆਂ ਦੇ ਮੁਕਾਬਲੇ ਵੱਧ ਕਰਾਮਾਤੀ ਦੱਸ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਵੀ ਕਰਵਾਉਂਦੇ ਹਨ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਵਿਰੋਧ ਵੀ ਹੁੰਦਾ ਹੈ ਪਰ ਸਮਾਜ ਵਿਚ ਅਜਿਹੇ ਵਰਤਾਰੇ ਚਲਦੇ ਰਹਿੰਦੇ ਹਨ। ਹਰ ਧਰਮ ਵਿਚ ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਧਰਮ ਵਿਚ ਵਿਸ਼ਵਾਸ ਬਹੁਤ ਜ਼ਰੂਰੀ ਹੈ। ਵਿਸ਼ਵਾਸ ਕਰਨ ਲਈ ਲੋਕ ਕਰਾਮਾਤ ਦੀ ਆਸ ਕਰਦੇ ਹਨ। ਬੇਸ਼ੱਕ ਕਿੰਨੇ ਵੀ ਵਿਗਿਆਨਕ ਢੰਗ ਨਾਲ ਸੋਚਣ ਵਾਲੇ ਧਾਰਮਿਕ ਲੋਕ ਹੋਣ ਉਨ੍ਹਾਂ 'ਚੋਂ ਬਹੁਗਿਣਤੀ ਦਾ ਕਰਾਮਾਤਾਂ ਵਿਚ ਪੱਕਾ ਵਿਸ਼ਵਾਸ ਹੁੰਦਾ ਹੈ।
ਇਸ ਸਮੇਂ ਕਰਾਮਾਤਾਂ ਦਾ ਬਾਜ਼ਾਰ ਇਕ ਵੱਡਾ ਕਾਰੋਬਾਰ ਬਣ ਗਿਆ ਹੈ। ਬਹੁਤ ਸਾਰੇ ਅਖੌਤੀ ਜੋਤਿਸ਼ੀ, ਸਾਧ ਸੰਤ ਅਤੇ ਆਪਣੇ-ਆਪ ਨੂੰ ਧਰਮ ਦੇ ਆਗੂ ਅਖਵਾਉਣ ਵਾਲੇ ਕਰਾਮਾਤਾਂ ਦੇ ਨਾਂਅ 'ਤੇ ਲੋਕਾਂ ਨੂੰ ਵਰਗਲਾਉਂਦੇ ਹਨ। ਕਿਸੇ ਨਾ ਕਿਸੇ ਢੰਗ ਨਾਲ ਆਪਣੇ ਡੇਰਿਆਂ 'ਤੇ ਭੀੜਾਂ ਇਕੱਠੀਆਂ ਕਰਦੇ ਹਨ। ਇਨ੍ਹਾਂ ਇਕੱਠੀਆਂ ਹੋਈਆਂ ਭੀੜਾਂ ਤੋਂ ਮੋਟਾ ਪੈਸਾ ਵਸੂਲਿਆ ਜਾਂਦਾ ਹੈ ਜਿਸ ਨਾਲ ਇਨ੍ਹਾਂ ਦੀਆਂ ਜਾਇਦਾਦਾਂ ਦਿਨਾਂ ਵਿਚ ਅੰਬਰਵੇਲ ਵਾਂਗ ਵਧਦੀਆਂ ਹਨ। ਸਾਡੇ ਭਾਰਤੀ ਲੋਕਾਂ ਦੀ ਬਹੁਗਿਣਤੀ ਕਈ ਤਰ੍ਹਾਂ ਦੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਦੀ ਸ਼ਿਕਾਰ ਹੈ। ਘਰਾਂ ਵਿਚ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਪ੍ਰੇਸ਼ਾਨੀਆਂ ਹਨ। ਪਰਿਵਾਰਕ ਰਿਸ਼ਤਿਆਂ ਵਿਚ ਉਹ ਨਿੱਘ ਨਹੀਂ ਜੋ ਹੋੋਇਆ ਕਰਦਾ ਸੀ ਜਾਂ ਹੋਣਾ ਚਾਹੀਦਾ ਹੈ। ਬਾਜ਼ਾਰ ਨੇ ਸਾਨੂੰ ਸਿਖਾਇਆ ਹੈ ਕਿ ਸਬਰ ਸੰਤੋਖ ਵਾਲਾ ਜੀਵਨ ਕੋਈ ਜੀਵਨ ਨਹੀਂ ਹੁੰਦਾ। ਅਸੀਂ ਸਟੇਟਸ ਲਈ ਜਿਊਣ ਲੱਗ ਪਏ ਹਾਂ। ਟੀ. ਵੀ. ਅਤੇ ਇੰਟਰਨੈੱਟ ਦੀ ਦੁਨੀਆ ਨੇ ਸਾਡੇ ਤੋਂ ਸੁਖ ਚੈਨ, ਸ਼ਾਂਤੀ, ਸਹਿਜ ਤੇ ਸਬਰ ਖੋਹ ਲਿਆ ਹੈ ਸਮਾਜ ਦੀ ਬਹੁਗਿਣਤੀ ਲਾਲਸਾਵਾਂ, ਖਾਹਿਸ਼ਾਂ ਦੇ ਵਿਸ਼ਾਲ ਮਾਰੂਥਲ ਵਿਚ ਜਿਵੇਂ ਭਟਕ ਰਹੀ ਹੈ। ਸਾਡੇ ਸਮਾਜ ਦੀ ਵੱਡੀ ਗਿਣਤੀ ਕਈ ਤਰ੍ਹਾਂ ਦੇ ਮਾਨਸਿਕ ਵਿਕਾਰਾਂ ਦੀ ਸ਼ਿਕਾਰ ਹੈ। ਉਦਾਸੀ, ਪ੍ਰੇਸ਼ਾਨੀ, ਕੁਝ ਚੰਗਾ ਨਾ ਲੱਗਣਾ, ਜੀਵਨ ਵਿਚੋਂ ਦਿਲਚਸਪੀ ਮੁੱਕ ਜਾਣਾ, ਮਨ ਕਾਹਲਾ ਪੈਣਾ, ਗੱਲ ਗੱਲ 'ਤੇ ਗੁੱਸਾ ਆਉਣਾ, ਜਾਂ ਰੋਣ ਆਉਣਾ, ਆਤਮ ਹੱਤਿਆ ਕਰਨ ਦੇ ਵਿਚਾਰ ਆਉਣੇ, ਖੁਸ਼ੀ ਨਾ ਆਉਣੀ, ਮਨ ਦਾ ਉਤਸ਼ਾਹ ਮੱਠਾ ਪੈ ਜਾਣਾ, ਮਨ ਨੂੰ ਚੈਨ ਟਿਕਾਅ ਨਾ ਆਉਣਾ ਆਦਿ ਕਈ ਮਾਨਸਿਕ ਵਿਕਾਰ ਹਨ ਇਨ੍ਹਾਂ ਤੋਂ ਸਮਾਜ ਦੀ ਵੱਡੀ ਗਿਣਤੀ ਪੀੜਤ ਹੈ। ਹਿਸਟੇਰੀਆ, ਡਿਮੈਨਸ਼ੀਆ, ਸਕੀਜ਼ੋਫਰੇਨੀਆ, ਮਾਸ ਹਿਸਟੇਰੀਆ ਅਤੇ ਹੋਰ ਮਾਨਸਿਕ ਵਿਕਾਰਾਂ ਦੇ ਸ਼ਿਕਾਰ ਲੋਕ ਧਰਮਾਂ ਦੇ ਅਖੌਤੀ ਰੱਬ ਨੂੰ ਮਿਲੇ ਹੋਏ ਸਿਆਣਿਆਂ, ਸਾਧਾਂ ਅੱਗੇ ਡਿੱਗਦੇ ਡੰਡੌਤਾਂ ਕਰਦੇ ਚੀਕਾਂ ਕੂਕਾਂ ਮਾਰਦੇ ਭੂਤਾਂ ਪ੍ਰੇਤਾਂ ਦਾ ਦੇ ਮਕੜਜਾਲ ਵਿਚੋਂ ਨਿਕਲਣ ਲਈ ਵਾਲ ਖਿਲਾਰ ਕੇ ਖੇਡਦੇ ਹਨ। ਇਨ੍ਹਾਂ ਵਿਚ 90 ਫ਼ੀਸਦੀ ਔਰਤਾਂ ਹੁੰਦੀਆਂ ਹਨ ਤਾਂ ਆਮ ਸਮਝ ਰੱਖਣ ਨੂੰ ਵਾਲੇ ਇਹ ਜ਼ਰੂਰ ਲਗਦਾ ਹੈ ਕਿ ਇਹ ਕਿਸੇ ਕਰਾਮਾਤੀ ਢੰਗ ਨਾਲ ਹੋ ਵਾਪਰ ਰਿਹਾ ਹੈ। ਜ਼ਰੂਰ ਹੀ ਇੱਥੇ ਕਿਸੇ ਸ਼ੈਤਾਨ ਦੀ ਆਤਮਾ ਨੇ ਆ ਕੇ ਇਨ੍ਹਾਂ ਮਾਨਸਿਕ ਰੋਗੀਆਂ ਦੇ ਵਿਹਾਰ ਨੂੰ ਬਦਲ ਦਿੱਤਾ ਹੈ ਤੇ ਕਿਸੇ ਪੈਗ਼ੰਬਰ ਦੀ ਪ੍ਰਾਰਥਨਾ ਕਰਨ ਵਾਲਾ ਉਹ ਸਾਰਾ ਪ੍ਰਪੰਚ ਰਚ ਰਿਹਾ ਅਖੌਤੀ ਸਿਆਣਾ ਹੁਣ ਕਰਾਮਾਤੀ ਢੰਗ ਨਾਲ ਇਨ੍ਹਾਂ ਨੂੰ ਠੀਕ ਕਰ ਦੇਵੇਗਾ। ਪਰ ਅਜਿਹਾ ਕੁਝ ਨਹੀਂ ਹੁੰਦਾ, ਹਕੀਕਤ ਇਹ ਹੈ ਕਿ ਇਹ ਲੋਕ ਘਰਾਂ ਦੀਆਂ ਵੱਖ ਵੱਖ ਮੁਸ਼ਕਲਾਂ ਸਮੱਸਿਆਵਾਂ ਤੋਂ ਪੀੜਤ ਹੋਏ ਮਾਨਸਿਕ ਰੋਗੀ ਬਣ ਜਾਂਦੇ ਹਨ। ਕੁਝ ਲੋਕਾਂ ਵਿਚ ਜੈਨੇਟਕਲੀ ਮਾਨਸਿਕ ਵਿਕਾਰ ਹੁੰਦੇ ਹਨ। ਅਜਿਹੀਆਂ ਥਾਵਾਂ ਜਿੱਥੇ ਭੂਤਾਂ ਕੱਢਣ ਦਾ ਪ੍ਰਪੰਚ ਰਚਿਆ ਗਿਆ ਹੁੰਦਾ ਹੈ ਉੱਥੇ ਆ ਕੇ ਇਹ ਲੋਕ ਇਕ ਤਰ੍ਹਾਂ ਨਾਲ ਮਾਸ ਹਿਸਟੀਰੀਆ ਦੇ ਪ੍ਰਭਾਵ ਹੇਠ ਚਲੇ ਜਾਂਦੇ ਹਨ ਅਤੇ ਖੇਡਣ ਲੱਗ ਪੈਂਦੇ ਹਨ। ਖੇਡ ਆਉਣ ਨਾਲ ਮਨ ਹਲਕਾ ਹੁੰਦਾ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿਸੇ ਨੂੰ ਬਹੁਤ ਵੱਡਾ ਦੁੱਖ ਹੋਵੇ ਤੇ ਉਹ ਰੋ-ਰੋ ਕੇ ਆਪਣਾ ਮਨ ਹਲਕਾ ਕਰ ਲਵੇ। ਇਸ ਤਰ੍ਹਾਂ ਵੱਡੀਆਂ ਭੀੜਾਂ ਵਿਚ ਜਦੋਂ ਕੁਝ ਲੋਕ ਵਾਲ ਖਿਲਾਰ ਕੇ ਖੇਡਦੇ ਹਨ ਤਾਂ ਇਕੱਠੀ ਹੋਈ ਭੀੜ ਹੋਰ ਸ਼ਰਧਾਵਾਨ ਹੋ ਜਾਂਦੀ ਹੈ। ਇਹ ਸਭ ਕੁਝ ਜਿਸ ਗ਼ੈਬੀ ਸ਼ਕਤੀਆਂ ਦਾ ਦਾਹਵਾ ਕਰਨ ਵਾਲੇ ਵਿਅਕਤੀ ਦੀ ਦੇਖਰੇਖ ਹੋ ਰਿਹਾ ਹੁੰਦਾ ਹੈ, ਉਹ ਲੋਕਾਂ ਵਿਚ ਆਪਣੇ ਆਪ ਨੂੰ ਵੱਡੇ ਜੇਤੂ ਅੰਦਾਜ਼ ਵਿਚ ਪੇਸ਼ ਕਰਦਾ ਹੈ ਜਿਵੇਂ ਭੂਤਾਂ ਪ੍ਰੇਤਾਂ ਕਾਲੀਆਂ ਤਾਕਤਾਂ ਉਸ ਦੀ ਮੁੱਠ ਵਿਚ ਹੋਣ ਤੇ ਕਿਸੇ ਰੱਬੀ ਸ਼ਕਤੀ ਨਾਲ ਉਹ ਪੀੜਤ ਲੋਕਾਂ ਦਾ ਕਰਾਮਾਤੀ ਢੰਗ ਨਾਲ ਭਲਾ ਕਰ ਰਿਹਾ ਹੋਵੇ। ਮਨੋਵਿਗਿਆਨਕ ਦ੍ਰਿਸ਼ਟੀ ਤੋਂ ਸਮਝਦਿਆਂ ਇਸ ਵਿਚ ਕੁਝ ਵੀ ਕਰਾਮਾਤੀ ਨਹੀਂ ਹੁੰਦਾ ਨਾ ਹੀ ਇਹ ਕੋਈ ਭੂਤਾਂ, ਬੁਰੀਆਂ ਆਤਮਾਵਾਂ ਜਾਂ ਕਿਸੇ ਸ਼ੈਤਾਨੀ ਤਾਕਤ ਕਰਕੇ ਰਿਹਾ ਹੁੰਦਾ ਹੈ। ਇੱਥੇ ਵਿਚਾਰਨਯੋਗ ਗੱਲ ਇਹ ਹੈ ਕਿ ਜੇਕਰ ਕਿਸੇ ਥਾਂ ਪਰਮਾਤਮਾ ਦੀ ਪ੍ਰਾਰਥਨਾ ਹੋ ਰਹੀ ਹੈ ਤਾਂ ਉੱਥੇ ਸ਼ੈਤਾਨ ਦੀ ਆਮਦ ਕਿਵੇਂ ਹੋ ਸਕਦੀ ਹੈ। ਫਿਰ ਅਸੀਂ ਕਹਾਂਗੇ ਕਿ ਪ੍ਰਮਾਤਮਾ ਦੀ ਹਸਤੀ ਤੋਂ ਸ਼ੈਤਾਨ ਦੀ ਹਸਤੀ ਤਾਕਤਵਰ ਹੋ ਗਈ ਜੋ ਪ੍ਰਮਾਤਮਾ ਲਈ ਕੀਤੇ ਜਾ ਰਹੇ ਸਮਾਗਮ ਵਿਚ ਆ ਕੇ ਵਿਘਨ ਪਾ ਰਹੀ ਹੈ। ਕੁਝ ਸ਼ਾਤਰ ਲੋਕ ਯੋਜਨਾਬੱਧ ਢੰਗ ਨਾਲ ਅਜਿਹੇ ਪ੍ਰੋਗਰਾਮ ਬਣਾ ਕੇ ਪੇਸ਼ ਕਰਦੇ ਹਨ ਕਿ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਅਕਸਰ ਕੁਝ ਸਾਧ ਬਾਬੇ ਕੁਝ ਸੈਲੇਬਿਰਟੀ ਹਸਤੀਆਂ ਨੂੰ ਆਪਣੇ ਪ੍ਰੋਗਰਾਮਾਂ ਵਿਚ ਬੁਲਾ ਕੇ ਆਪਣੇ ਵੱਡੇ ਧਰਮਾਤਮਾ ਹੋਣ ਦਾ ਪ੍ਰਚਾਰ ਕਰਨ ਦਾ ਪ੍ਰਪੰਚ ਰਚਦੇ ਹਨ। ਇਹ ਸਭ ਕੁਝ ਆਮ ਲੋਕਾਂ ਨੂੰ ਮੂਰਖ ਬਣਾ ਕੇ ਵੱਧ ਤੋਂ ਵੱਧ ਲੋਕਾਂ ਦੀ ਲੁੱਟ ਕਰਨ ਲਈ ਕੀਤਾ ਜਾਂਦਾ ਹੈ।
ਜਿਹੜੇ ਸਮਾਜਾਂ ਵਿਚ ਦੁੱਖਾਂ, ਮੁਸੀਬਤਾਂ, ਘਰੇਲੂ ਮਸਲਿਆਂ, ਕਲੇਸ਼ਾਂ ਅਤੇ ਬੇਕਾਰੀਮੁਸੀਬਤਾਂ, ਘਰੇਲੂ ਮਸਲਿਆਂ, ਕਲੇਸ਼ਾਂ ਅਤੇ ਬੇਕਾਰੀ ਦੀ ਭਰਮਾਰ ਹੋਵੇਗੀ ਉਸ ਸਮਾਜ ਵਿਚ ਉਪਰੋਕਤ ਕਿਸਮ ਦੇ ਵਿਕਾਰ ਜ਼ਿਆਦਾ ਹੋਣਗੇ। ਇਸ ਤਰ੍ਹਾਂ ਇਨ੍ਹਾਂ ਖਿੱਤਿਆਂ ਵਿਚ ਧਰਮ ਦੇ ਨਾਮ ਤੇ ਪਾਖੰਡ ਵੀ ਜ਼ਿਆਦਾ ਹੋਵੇਗਾ ਅਤੇ ਪਾਖੰਡ ਕਰਨ ਵਾਲੇ ਵੀ ਦੁੱਖਾਂ ਮੁਸੀਬਤਾਂ ਤੇ ਝੰਬੇ ਲੋਕਾਂ ਤੋਂ ਕਮਾਈਆਂ ਕਰ ਕੇ ਆਪਣੇ ਘਰ ਭਰਦੇ ਰਹਿਣਗੇ। ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਕਰਾਮਾਤਾਂ ਦੇ ਨਾਮ 'ਤੇ ਭੂਤਾਂ, ਪ੍ਰੇਤਾਂ ਨੂੰ ਕੱਢਣ ਦਾ ਢਕਵੰਜ ਕਰਨ ਵਾਲੇ ਮੁਸੀਬਤਾਂ ਭੋਗ ਰਹੇ ਲੋਕਾਂ ਤੋਂ ਕਮਾਈਆਂ ਕਰਦੇ ਹਨ। ਇਹ ਪਰਮਾਰਥ ਵਾਲਾ ਕੰਮ ਨਹੀਂ ਇਹ ਨਿਹਾਇਤ ਘਟੀਆ ਪੱਧਰ ਦਾ ਕਾਰੋਬਾਰ ਹੈ ਜਿਸ ਵਿਚ ਸੰਤਾਪ ਭੋਗ ਰਹੇ ਲੋਕਾਂ ਦਾ ਆਰਥਕ ਸ਼ੋਸ਼ਣ ਕੀਤਾ ਜਾਂਦਾ ਹੈ।
ਸਾਨੂੰ ਸਮਝਣ ਦੀ ਇਹ ਲੋੜ ਹੈ ਕਿ ਹਰ ਤਰ੍ਹਾਂ ਦੇ ਵਰਤਾਰਿਆਂ ਦੇ ਵਾਪਰਨ ਪਿੱਛੇ ਬਾਰੀਕ ਕਾਰਨ ਹੁੰਦੇ ਹਨ ਜੋ ਸਾਨੂੰ ਸੌਖਿਆਂ ਕਈ ਵਾਰ ਸਮਝ ਨਹੀਂ ਆਉਂਦੇ। ਦੂਜਾ ਸਾਡੇ ਅੰਦਰ ਸਦੀਆਂ ਤੋਂ ਬਣੀਆਂ ਅੰਧਵਿਸ਼ਵਾਸੀ ਧਾਰਨਾਵਾਂ ਵੀ ਇਕ ਵੱਡਾ ਕਾਰਨ ਹੁੰਦੀਆਂ ਹਨ। ਸਾਨੂੰ ਆਪਣੇ ਦੁੱਖਾਂ ਮੁਸੀਬਤਾਂ ਦੇ ਕਾਰਨਾਂ ਨੂੰ ਸਮਝ ਕੇ ਇਨ੍ਹਾਂ ਨੂੰ ਦੂਰ ਕਰਕੇ ਜ਼ਿੰਦਗੀ ਵਿਚ ਅੱਗੇ ਵਧਣ ਦੀ ਜੁਗਤ ਸਿੱਖਣੀ ਚਾਹੀਦੀ ਹੈ। ਉਹ ਲੋਕ ਜੋ ਮਨੁੱਖ ਦੀਆਂ ਮੁਸੀਬਤਾਂ ਨੂੰ ਕਿਸੇ ਸ਼ੈਤਾਨੀ ਸ਼ਕਤੀ ਨਾਲ ਜੋੜਦੇ ਹਨ ਤੋਂ ਕਰਾਮਾਤੀ ਢੰਗ ਨਾਲ ਦੁੱਖਾਂ ਦਾ ਨਿਵਾਰਨ ਕਰਾਉਣ ਦੀ ਬਜਾਏ ਸਾਨੂੰ ਆਪਣੀਆਂ ਮੁਸ਼ਕਲਾਂ ਦੇ ਮਨੋਵਿਗਿਆਨਕ ਕਾਰਨ ਖੋਜਣੇ ਚਾਹੀਦੇ ਹਨ। ਧਰਤੀ 'ਤੇ ਲੱਖਾਂ ਲੋਕ ਹਨ ਜੋ ਅੰਧਵਿਸ਼ਵਾਸ਼ਾਂ, ਕਰਾਮਾਤਾਂ, ਭੂਤਾਂ ਪ੍ਰੇਤਾਂ, ਬੁਰੀਆਂ ਆਤਮਾਵਾਂ, ਕਿਸਮਤ ਵਿਚ ਵਿਸ਼ਵਾਸ ਨਹੀਂ ਰੱਖਦੇ ਤੇ ਸਾਡੇ ਨਾਲੋਂ ਕਿਤੇ ਬਿਹਤਰ ਜ਼ਿੰਦਗੀ ਜਿਉਂਦੇ ਹਨ। ਲੱਖਾਂ ਲੋਕ ਹਨ ਜੋ ਅਖੌਤੀ ਸਾਧਾਂ ਸੰਤਾਂ, ਸੁਆਮੀਆਂ, ਜੋਤਸ਼ੀਆਂ, ਪੁਜਾਰੀਆਂ ਅੱਗੇ ਮੱਥੇ ਨਹੀਂ ਰਗੜਦੇ ਸਗੋਂ ਆਪਣੇ ਵਿਵੇਕ ਨਾਲ ਹਰ ਮੁਸ਼ਕਲ ਦਾ ਸਾਹਮਣਾ ਕਰਨ ਦੀ ਹਿੰਮਤ ਰੱਖਦੇ ਹਨ। ਇੱਧਰ ਅਸੀਂ ਹਾਂ ਕਿ ਅਸੀਂ ਜੇਕਰ ਉਨ੍ਹਾਂ ਮੁਲਕਾਂ ਵਿਚ ਜਾਣਾ ਵੀ ਹੈ ਤਾਂ ਵੀ ਅੰਧਵਿਸ਼ਵਾਸ ਦਾ ਆਸਰਾ ਲੈਂਦੇ ਹਾਂ। ਧਾਰਮਿਕ ਥਾਵਾਂ 'ਤੇ ਮੱਥੇ ਰਗੜ ਕੇ ਅਸੀਂ ਕਿਸੇ ਬਾਹਰਲੇ ਮੁਲਕ ਜਾਣ ਦਾ ਅਸ਼ੀਰਵਾਦ ਲੈਂਦੇ ਹਾਂ। ਅਸੀਂ ਕਦੇ ਇਹ ਅਰਦਾਸ ਬੇਨਤੀ ਨਹੀਂ ਕੀਤੀ ਕਿ ਹੇ ਰੱਬਾ ਇਸ ਮੁਲਕ ਵਿਚ ਵੀ ਵਿਕਸਤ ਮੁਲਕਾਂ ਜਿਹੇ ਚੰਗੇ ਹਾਲਾਤ ਪੈਦਾ ਕਰ ਦੇ ਤਾਂ ਕਿ ਸਾਨੂੰ ਬਾਹਰ ਹੋਰ ਮੁਲਕਾਂ ਦੀ ਖਾਕ ਨਾ ਛਾਨਣੀ ਪਵੇ। ਕੀ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਆਪਣੇ ਧੁਰ ਅੰਦਰੋਂ ਕਿਤੇ ਨਾ ਕਿਤੇ ਅਸੀਂ ਇਹ ਸਮਝ ਰਹੇ ਹੁੰਦੇ ਹਾਂ ਕਿ ਅਰਦਾਸ ਕਰਿਆਂ ਇਹ ਨਹੀਂ ਹੋ ਸਕਦਾ?
ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਸਦੀਆਂ ਪਹਿਲਾਂ ਹੋਏ ਸਾਡੇ ਰਹਿਨੁਮਾਵਾਂ ਨੇ ਹੁਣ ਮੁੜ ਕੇ ਕਦੇ ਨਹੀਂ ਆਉਣਾ। ਸਾਨੂੰ ਇਸ ਜੀਵਨ ਨੂੰ ਚੰਗਾ ਬਣਾਉਣ ਲਈ ਆਪ ਯਤਨ ਕਰਨੇ ਪੈਣੇ ਹਨ। ਇਕ ਵਿਅਕਤੀ ਜਾਂ ਪੂਰਾ ਸਮਾਜ ਜਦੋਂ ਜਦੋਂ ਵੀ ਆਪਣੀਆਂ ਸਮੱਸਿਆਵਾਂ ਨੂੰ ਕਿਸੇ ਕਰਾਮਾਤੀ ਵਰਤਾਰੇ ਨਾਲ ਜੋੜ ਦੇਵੇਗਾ ਓਦੋਂ ਉਹ ਸਮੱਸਿਆਵਾਂ ਦੇ ਹੱਲ ਲੱਭਣ ਤੋਂ ਭਟਕ ਜਾਵੇਗਾ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿਚ ਘਿਰ ਜਾਵੇਗਾ। ਧਰਤੀ ਦੇ ਜਿਸ ਖਿੱਤੇ ਵਿਚ ਅੰਧਵਿਸ਼ਵਾਸ, ਪਖੰਡ ਅਤੇ ਡੇਰਾਵਾਰ ਜਕੜ ਵਧੇਰੇ ਹੋਵੇਗੀ ਉਸ ਖਿੱਤੇ ਵਿਚ ਲੋਕਾਂ ਦੀਆਂ ਸਮੱਸਿਆਵਾਂ ਦੂਰ ਹੋਣ ਦੀ ਬਜਾਏ ਅੰਬਰਵੇਲ ਵਾਂਗ ਵਧਦੀਆਂ ਜਾਣਗੀਆਂ। ਅਸੀਂ ਇਸ ਸਮੇਂ ਉਸ ਦੌਰ ਵਿਚੋਂ ਗੁਜ਼ਰ ਰਹੇ ਹਾਂ ਜਿੱਥੇ ਮਜ਼੍ਹਬ ਦੇ ਨਾਮ 'ਤੇ ਪਖੰਡ ਕਰਨ ਵਾਲੇ ਅਤੇ ਰਾਜਨੀਤਕ ਲੋਕ ਇਨ੍ਹਾਂ ਦੋਹਾਂ ਤਰ੍ਹਾਂ ਦੇ ਮੰਚਾਂ ਤੋਂ ਮਨੁੱਖਤਾ ਦੇ ਦੁੱਖਾਂ ਨੂੰ ਵਕਤੀ ਤੌਰ 'ਤੇ ਦੂਰ ਕਰਨ ਦੀ ਨਿਰੰਤਰ ਡੁਗਡੁਗੀ ਵਜਾਈ ਜਾ ਰਹੀ ਹੈ। ਇਸ ਵਰਤਾਰੇ ਨੂੰ ਸਾਨੂੰ ਸਮਝਣ ਦੀ ਲੋੜ ਹੈ।
ਸਮਾਜ ਨੂੰ ਉਨ੍ਹਾਂ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਜੋ ਕਰਾਮਾਤੀ ਸ਼ਕਤੀਆਂ ਦਾ ਪ੍ਰਪੰਚ ਰਚ ਕੇ ਲੋਕਾਈ ਨੂੰ ਅੰਧਵਿਸ਼ਵਾਸਾਂ ਦੀ ਦਲਦਲ ਵਿਚ ਧੱਕ ਰਹੇ ਹਨ। ਅਜਿਹਾ ਕਰਕੇ ਇਕ ਤਰ੍ਹਾਂ ਨਾਲ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਸਾਡੀਆਂ ਮੁਸ਼ਕਲਾਂ ਸਮੱਸਿਆਵਾਂ ਕਿਸੇ ਗੰਦੇ ਅਤਿ ਮਾੜੇ ਨਿਜ਼ਾਮ ਦੀ ਦੇਣ ਨਹੀਂ ਬਲਕਿ ਇਹ ਸਾਡੀ ਮਾੜੀ ਕਿਸਮਤ ਕਰਕੇ ਹਨ। ਅਜਿਹੀ ਮਨੋਬਿਰਤੀ ਸਮਾਜ ਨੂੰ ਰੂੜੀਵਾਦੀ ਧਾਰਨਾਵਾਂ ਦੇ ਰਾਹ ਤੋਰਦੀ ਹੈ। ਸਾਡੇ ਸਮਾਜ ਨੂੰ ਵਿਵੇਕਸ਼ੀਲ ਬਣਨ ਦੀ ਲੋੜ ਹੈ ਅਸੀਂ ਵਿਗਿਆਨਕ ਸੋਚ ਦੇ ਧਾਰਨੀ ਬਣ ਕੇ ਆਪਣੀਆਂ ਸਮੱਸਿਆਵਾਂ ਤੋ ਨਿਜਾਤ ਪਾ ਸਕਦੇ ਹਾਂ।
- ਜ਼ੀਰਾ
ਮੋਬਾਈਲ : 98550-51099
ਕਿਤਾਬਾਂ ਦੀ ਕਰਾਮਾਤ - ਗੁਰਚਰਨ ਸਿੰਘ ਨੂਰਪੁਰ
ਕਈ ਸਦੀਆਂ ਦੇ ਯਤਨਾਂ ਮਗਰੋਂ ਮਨੁੱਖ ਅੱਖਰ ਬਣਤਰ ਤੱਕ ਪਹੁੰਚਿਆ। ਅੱਖਰਾਂ ਤੋਂ ਸ਼ਬਦ ਬਣੇ, ਸ਼ਬਦਾਂ ਤੋਂ ਵਾਕ ਤੇ ਵਾਕਾਂ ਤੋਂ ਪੋਥੀਆਂ ਤੇ ਗ੍ਰੰਥ ਬਣੇ। ਸ਼ਬਦ ਬਹੁਤ ਵੱਡੀ ਤਾਕਤ ਹੁੰਦੇ ਹਨ। ਸਾਡੇ ਗੁਰੂ ਸਾਹਿਬਾਨ ਨੇ ਸ਼ਬਦ ਨੂੰ ਸ਼ਬਦ-ਗੁਰੂ ਆਖ ਨੇ ਸਾਨੂੰ ਇਨ੍ਹਾਂ ਦੀ ਮਹਾਨਤਾ ਦਾ ਅਹਿਸਾਸ ਕਰਵਾਇਆ। ਕਿਹਾ ਜਾਂਦਾ ਹੈ ਕਿ ਪੱਥਰ ਖੁਰ ਜਾਂਦੇ ਹਨ, ਪਰ ਸ਼ਬਦ ਨਹੀਂ।
ਰਿਗਵੇਦ ਨੂੰ ਦੁਨੀਆਂ ਦਾ ਪਹਿਲਾ ਗ੍ਰੰਥ ਮੰਨਿਆ ਜਾਂਦਾ ਹੈ। 3500 ਤੋਂ 4000 ਸਾਲ ਪਹਿਲਾਂ ਰਿਗਵੇਦ ਦੀ ਰਚਨਾ ਪੰਜਾਬ ਵਿੱਚ ਹੋਈ। ਇਸ ਦਾ ਭਾਵ ਹੈ ਕਿ ਜਦੋਂ ਪੂਰੀ ਦੁਨੀਆਂ ਦੇ ਲੋਕ ਜੰਗਲਾਂ ਪਹਾੜਾਂ ਵਿੱਚ ਜਾਨਵਰਾਂ ਵਰਗਾ ਜੀਵਨ ਬਤੀਤ ਕਰ ਰਹੇ ਸਨ ਤਾਂ ਉਸ ਸਮੇਂ ਇੱਥੋਂ ਦੇ ਲੋਕਾਂ ਦੀ ਸ਼ਬਦ ਨਾਲ ਸਾਂਝ ਬਣ ਚੁੱਕੀ ਸੀ। ਪਹਿਲਾਂ ਮਨੁੱਖ ਨੇ ਪੱਥਰਾਂ ’ਤੇ ਲਿਖਣਾ ਸ਼ੁਰੂ ਕੀਤਾ, ਮਗਰੋਂ ਪੱਤਿਆਂ ’ਤੇ। ਜਦੋਂ ਉਸ ਨੂੰ ਕੱਪੜਾ ਬੁਣਨ ਦੀ ਜਾਚ ਆਈ ਤਾਂ ਉਹ ਕੱਪੜੇ ’ਤੇ ਲਿਖਣ ਲੱਗਾ। ਕਈ ਸਦੀਆਂ ਮਗਰੋਂ ਉਸ ਨੇ ਕਾਗਜ਼ ਦੀ ਖੋਜ ਕੀਤੀ ਤੇ ਕਿਤਾਬਾਂ ਹੋਂਦ ਵਿੱਚ ਆਈਆਂ।
ਸ਼ਬਦ ਦੀ ਸ਼ਕਤੀ ਕੀ ਹੈ? ਇਸ ਬਾਰੇ ਇੱਕ ਕਥਾ ਹੈ ਕਿ ਇੱਕ ਵਾਰ ਇੱਕ ਰਾਜਾ ਇੱਕ ਵਿਦਵਾਨ ਤੋਂ ਬੜਾ ਪ੍ਰਭਾਵਿਤ ਸੀ। ਉਸ ਨੇ ਕਿਹਾ ਕਿ ਮੈਨੂੰ ਕੋਈ ਅਜਿਹਾ ਮੰਤਰ ਦਿਓ ਜੋ ਹਰ ਸੰਕਟ ਵਿੱਚ ਕੰਮ ਆ ਸਕੇ। ਵਿਦਵਾਨ ਨੇ ਰਾਜੇ ਨੂੰ ਕਿਹਾ ਕਿ ਉਹ ਦੋ ਮਹੀਨੇ ਬਾਅਦ ਉਸ ਕੋਲ ਆਵੇ। ਜਦੋਂ ਰਾਜਾ ਦੁਬਾਰਾ ਗਿਆ ਤਾਂ ਵਿਦਵਾਨ ਨੇ ਇੱਕ ਅੰਗੂਠੀ ਦਿੰਦਿਆਂ ਰਾਜੇ ਨੂੰ ਕਿਹਾ, ‘‘ਇਹਦੇ ਨਗ ਦੇ ਹੇਠ ਇੱਕ ਕਾਗਜ਼ ਦੇ ਛੋਟੇ ਟੁਕੜੇ ’ਤੇ ਕੁਝ ਸ਼ਬਦ ਲਿਖੇ ਹਨ, ਇਹ ਸੰਕਟ ਸਮੇਂ ਤੁਹਾਡੀ ਅਗਵਾਈ ਕਰਨਗੇ। ਯਾਦ ਰੱਖਣਾ ਕਿ ਮੁੰਦਰੀ ਦੇ ਇਸ ਨਗ ਨੂੰ ਉਦੋਂ ਹੀ ਉਖਾੜਨਾ ਤੇ ਪੜ੍ਹਨਾ ਜਦੋਂ ਸਭ ਹੀਲੇ ਨਾਕਾਮ ਹੋ ਜਾਣ, ਪਹਿਲਾਂ ਨਹੀਂ।’’ ਸਮਾਂ ਬੀਤਿਆ ਕਈ ਸੰਕਟ ਸਮੱਸਿਆਵਾਂ ਆਈਆਂ ਤੇ ਚਲੀਆਂ ਗਈਆਂ, ਪਰ ਰਾਜੇ ਨੇ ਮੁੰਦਰੀ ਦਾ ਨਗ ਉਖਾੜ ਕੇ ਨਾ ਵੇਖਿਆ। ਫਿਰ ਇੱਕ ਸਮਾਂ ਅਜਿਹਾ ਆਇਆ ਜਦੋਂ ਗੁਆਂਢੀ ਰਾਜੇ ਨੇ ਉਸ ਦੇ ਰਾਜ ’ਤੇ ਹਮਲਾ ਕਰ ਦਿੱਤਾ। ਘਮਸਾਣ ਦਾ ਯੁੱਧ ਹੋਇਆ। ਰਾਜੇ ਦੀ ਫ਼ੌਜ ਗੁਆਂਢੀ ਫ਼ੌਜ ਅੱਗੇ ਹਾਰ ਗਈ। ਹਾਰ ਨੂੰ ਦੇਖਦਿਆਂ ਰਾਜਾ ਆਪਣੀ ਜਾਨ ਬਚਾਉਣ ਲਈ ਘੋੜੇ ’ਤੇ ਯੁੱਧ ਮੈਦਾਨ ਵਿੱਚੋਂ ਭੱਜ ਨਿਕਲਿਆ, ਪਰ ਦੁਸ਼ਮਣ ਦੀ ਫ਼ੌਜ ਨੂੰ ਪਤਾ ਲੱਗ ਗਿਆ। ਫ਼ੌਜ ਦੀ ਟੁਕੜੀ ਰਾਜੇ ਦਾ ਪਿੱਛਾ ਕਰਨ ਲੱਗੀ। ਪਹਾੜੀ ਇਲਾਕੇ ਵਿੱਚ ਰਾਜਾ ਦੁਸ਼ਮਣ ਦੀ ਫ਼ੌਜ ਤੋਂ ਬਚਦਾ ਇੱਕ ਪਹਾੜੀ ਰਸਤੇ ਦਾ ਮੋੜ ਮੁੜ ਗਿਆ। ਮੋੜ ਮੁੜਦਿਆਂ ਕੁਝ ਫਾਸਲੇ ’ਤੇ ਰਸਤਾ ਮੁੱਕ ਗਿਆ। ਅੱਗੇ ਡੂੰਘੀ ਖਾਈ ਸੀ। ਰਾਜੇ ਦਾ ਘੋੜਾ ਖਾਈ ਵਿੱਚ ਡਿੱਗਦਾ ਡਿੱਗਦਾ ਮਸਾਂ ਬਚਿਆ। ਦੁਸ਼ਮਣ ਫ਼ੌਜ ਪਿੱਛੇ ਆ ਰਹੀ ਸੀ। ਰਾਜੇ ਨੂੰ ਇਸ ਸਮੇਂ ਮੁੰਦਰੀ ਦਾ ਖ਼ਿਆਲ ਆਇਆ। ਉਸ ਨੇ ਛੁਰੀ ਦੀ ਨੋਕ ਨਾਲ ਮੁੰਦਰੀ ਦਾ ਨਗ ਉਖਾੜਿਆ। ਕਾਗਜ਼ ਕੱਢ ਕੇ ਪੜ੍ਹਿਆ। ਉਪਰ ਲਿਖਿਆ ਸੀ: ‘ਇਹ ਵਕਤ ਵੀ ਬੀਤ ਜਾਵੇਗਾ।’ ਇਨ੍ਹਾਂ ਸ਼ਬਦਾਂ ਨਾਲ ਰਾਜੇ ਅੰਦਰ ਵਿਲੱਖਣ ਊਰਜਾ ਦਾ ਸੰਚਾਰ ਹੋਇਆ। ਰਾਜੇ ਨੇ ਮੁੰਦਰੀ ਨੂੰ ਬੰਦ ਕਰਕੇ ਆਪਣੇ ਚੋਲੇ ਦੇ ਖੀਸੇ ਵਿੱਚ ਸੰਭਾਲ ਲਿਆ। ਦੁਸ਼ਮਣ ਦੀ ਫ਼ੌਜ ਮੋੜ ਮੁੜਨ ਦੀ ਬਜਾਏ ਅੱਗੇ ਲੰਘ ਗਈ। ਰਾਜੇ ਦੀ ਜਾਨ ਬਚ ਗਈ। ਕਈ ਮਹੀਨਿਆਂ ਦੀ ਮਿਹਨਤ ਮਗਰੋਂ ਉਸ ਨੇ ਲੁਕਵੀ ਥਾਂ ’ਤੇ ਆਪਣੀ ਫ਼ੌਜ ਨੂੰ ਸੰਗਠਿਤ ਕਰਨਾ ਸ਼ੁਰੂ ਕੀਤਾ। ਮਿੱਤਰ ਰਾਜਿਆਂ ਦੀ ਮਦਦ ਲਈ ਤੇ ਵੱਡੀ ਫ਼ੌਜ ਬਣਾ ਕੇ ਦੁਸ਼ਮਣ ਰਾਜੇ ਨੂੰ ਮੈਦਾਨ-ਏ-ਜੰਗ ਵਿੱਚ ਲਲਕਾਰਿਆ, ਯੁੱਧ ਵਿੱਚ ਜਿੱਤ ਪ੍ਰਾਪਤ ਕੀਤੀ ਤੇ ਆਪਣਾ ਰਾਜ ਭਾਗ ਮੁੜ ਹਾਸਲ ਕਰ ਲਿਆ। ਰਾਜਾ ਹੁਣ ਵੀ ਉਨ੍ਹਾਂ ਸ਼ਬਦਾਂ ‘ਇਹ ਸਮਾਂ ਵੀ ਬੀਤ ਜਾਵੇਗਾ’ ਨੂੰ ਕਦੇ ਕਦੇ ਪੜ੍ਹਦਾ। ਇਹ ਸ਼ਬਦ ਉਸ ਨੂੰ ਅਹਿਸਾਸ ਕਰਾਉਂਦੇ ਕਿ ਚੰਗਾ ਮਾੜਾ ਦੋਵੇਂ ਤਰ੍ਹਾਂ ਦਾ ਸਮਾਂ ਸਦਾ ਨਹੀਂ ਰਹਿਣਾ ਹੁੰਦਾ।
ਜ਼ਫ਼ਰਨਾਮੇ ਦੇ ਸ਼ਬਦਾਂ ਦੀ ਸ਼ਕਤੀ ਸੀ ਕਿ ਔਰੰਗਜ਼ੇਬ ਨੂੰ ਉਹਦੇ ਜ਼ੁਲਮ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਇੰਨੀ ਸ਼ਿੱਦਤ ਨਾਲ ਅਹਿਸਾਸ ਕਰਵਾਇਆ ਕਿ ਉਹ ਅੰਦਰੋਂ ਟੁੱਟ ਗਿਆ।
ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸ਼ਬਦਾਂ ਨਾਲ ਤੁਸੀਂ ਸਾਰਾ ਸੰਸਾਰ ਜਿੱਤ ਸਕਦੇ ਹੋ, ਪਰ ਤਲਵਾਰ ਨਾਲ ਨਹੀਂ। ਸ਼ਬਦ ਦੀ ਅਹਿਮੀਅਤ ਨੂੰ ਸਮਝ ਜਾਣ ਵਾਲੇ ਲੋਕ ਸਾਰੀ ਉਮਰ ਕਿਤਾਬਾਂ ਨਾਲ ਲਗਾਅ ਰੱਖਦੇ ਹਨ। ਚੰਗੀਆਂ ਕਿਤਾਬਾਂ ਪੜ੍ਹਨ ਨਾਲ ਸਾਡੀ ਸ਼ਖ਼ਸੀਅਤ ਵਿੱਚ ਬੁਲੰਦੀ ਆਉਣ ਲੱਗਦੀ ਹੈ।
ਕਿਤਾਬਾਂ ਦੀ ਮਹਾਨਤਾ ਬਾਰੇ ਲਿਖਦਿਆਂ ਵਿਦਵਾਨ ਜੇਮਜ਼ ਰਸਲ ਲਿਖਦਾ ਹੈ : ਕਿਤਾਬਾਂ ਤਾਂ ਸ਼ਹਿਦ ਦੀਆਂ ਮੱਖੀਆਂ ਵਾਂਗ ਹੁੰਦੀਆਂ ਹਨ ਜੋ ਫੁੱਲਾਂ ਦੇ ਬੂਰ ਨੂੰ ਇੱਕ ਦਿਮਾਗ਼ ਤੋਂ ਦੂਜੇ ਤੱਕ ਲੈ ਕੇ ਜਾਂਦੀਆਂ ਹਨ।
ਕਿਤਾਬਾਂ ਸਾਨੂੰ ਲੰਘ ਗਏ ਸਮਿਆਂ ਦੇ ਦਰਸ਼ਨ ਕਰਵਾਉਂਦੀਆਂ ਹਨ। ਸਦੀਆਂ ਪਹਿਲਾਂ ਹੋਏ ਲੋਕਾਂ ਨਾਲ ਮਿਲਵਾਉਂਦੀਆਂ ਹਨ। ਦੁਨੀਆਂ ਵਿੱਚ ਵਾਪਰੀਆਂ ਪ੍ਰਮੁੱਖ ਘਟਨਾਵਾਂ ਦੇ ਦ੍ਰਿਸ਼ ਸਾਡੀਆਂ ਅੱਖਾਂ ਅੱਗੇ ਪੇਸ਼ ਕਰਦੀਆਂ ਹਨ। ਅਰਬ ਦੀ ਇੱਕ ਬੜੀ ਦਿਲਚਸਪ ਕਹਾਵਤ ਹੈ, “ਕਿਤਾਬ ਜੇਬ੍ਹ ਵਿੱਚ ਰੱਖੇ ਬਾਗ਼ ਵਾਂਗ ਹੁੰਦੀ ਹੈ।”
ਕਿਤਾਬਾਂ ਅਨੇਕ ਤਰ੍ਹਾਂ ਦੀਆਂ ਹੁੰਦੀਆਂ ਹਨ, ਪਰ ਮੋਟੇ ਤੌਰ ’ਤੇ ਕਿਤਾਬਾਂ ਚਾਰ ਤਰ੍ਹਾਂ ਦੀਆਂ ਹੁੰਦੀਆਂ ਹਨ। ਇੱਕ ਉਹ ਕਿਤਾਬਾਂ ਜੋ ਅਸੀਂ ਆਪ ਵੀ ਨਹੀਂ ਪੜ੍ਹਦੇ ਤੇ ਮੁਫ਼ਤ ਵਿੱਚ ਕਿਸੇ ਹੋਰ ਨੂੰ ਫੜਾ ਦਿੰਦੇ ਹਾਂ। ਦੂਜੀਆਂ ਉਹ ਜੋ ਅਸੀਂ ਆਪ ਪੜ੍ਹਦੇ ਹਾਂ ਤੇ ਜਾਣਕਾਰਾਂ ਨੂੰ ਇਹ ਕਹਿ ਕੇ ਰੋਕ ਦਿੰਦੇ ਹਾਂ ਕਿ ਐਵੇਂ ਸਮਾਂ ਬਰਬਾਦ ਕਰਨ ਹੈ, ਇਸ ਲਈ ਨਾ ਪੜ੍ਹੋ। ਤੀਜੀਆਂ ਉਹ ਜੋ ਅਸੀਂ ਬੜੀ ਦਿਲਚਸਪੀ ਨਾਲ ਪੜ੍ਹਦੇ ਹਾਂ ਅਤੇ ਹੋਰ ਦੋਸਤਾਂ ਮਿੱਤਰਾਂ ਨੂੰ ਪੜ੍ਹਨ ਦੀ ਸਲਾਹ ਦਿੰਦੇ ਹਾਂ। ਚੌਥੀ ਕਿਸਮ ਦੀਆਂ ਉਹ ਕਿਤਾਬਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਪੜ੍ਹਦਿਆਂ ਪੜ੍ਹਦਿਆਂ ਡਰ ਲੱਗਦਾ ਹੈ ਕਿ ਕਿਤੇ ਇਹ ਕਿਤਾਬ ਜਲਦੀ ਖ਼ਤਮ ਨਾ ਹੋ ਜਾਵੇ। ਚੌਥੀ ਕਿਸਮ ਦੀਆਂ ਕਿਤਾਬਾਂ ਉਹ ਹੁੰਦੀਆਂ ਹਨ ਜੋ ਅਸੀਂ ਕਿਸੇ ਨੂੰ ਨਹੀਂ ਦਿੰਦੇ। ਜੇਕਰ ਕੋਈ ਮੰਗ ਕੇ ਲੈ ਵੀ ਜਾਵੇ ਤਾਂ ਦੁਬਾਰਾ ਆਪਣੀ ਲਾਇਬਰੇਰੀ ਵਿੱਚ ਖਰੀਦ ਕੇ ਰੱਖਣ ਤੱਕ ਸਾਨੂੰ ਚੈਨ ਨਹੀਂ ਆਉਂਦਾ।
ਪੰਜਾਬ ਉਨ੍ਹਾਂ ਮਹਾਂਪੁਰਸ਼ਾਂ ਦੀ ਧਰਤੀ ਹੈ ਜਿਨ੍ਹਾਂ ਨੇ ਆਪਣੀ ਬੌਧਿਕਤਾ ਨਾਲ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਸਾਡੇ ਦਸ ਗੁਰੂ ਸਾਹਿਬਾਨ ਇਸ ਧਰਤੀ ’ਤੇ ਵਿਚਰੇ ਅਤੇ ਆਪਣੀ ਵਿਚਾਰਧਾਰਾ ਰਾਹੀਂ ਸਮਾਜ ਨੂੰ ਬੜੀ ਵੱਡੀ ਦੇਣ ਦਿੱਤੀ। ਜੋ ਕਿਹਾ ਉਹ ਸਿਰਫ਼ ਕਿਹਾ ਹੀ ਨਹੀਂ ਸਗੋਂ ਕਰ ਕੇ ਵਿਖਾਇਆ। ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸਥਾਪਨਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਨੂੰ ਗੁਰੂ ਦਾ ਦਰਜਾ ਦਿੰਦਿਆਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਅਤੇ ਆਪ ਵੀ ਸ਼ਬਦ ਗੁਰੂ ਅੱਗੇ ਨਤਮਸਤਕ ਹੋਏ।
ਭਗਤ ਪੂਰਨ ਸਿੰਘ ਜੀ ਨੇ ਮਨੁੱਖਤਾ ਦੀ ਸੇਵਾ ਕਰਕੇ ਦੇਸ਼ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਆਪਣੀ ਮਿਸਾਲ ਕਾਇਮ ਕੀਤੀ। ਭਗਤ ਜੀ ਕਿਤਾਬਾਂ ਪੜ੍ਹਨ ਨੂੰ ਆਪਣਾ ਨੇਮ ਸਮਝਦੇ ਸਨ। ਸ਼ਬਦਾਂ ਦੀ ਤਾਕਤ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ। ਉਹ ਆਪ ਵੀ ਇੱਕ ਚੰਗੇ ਲੇਖਕ ਸਨ।
ਇੰਗਲੈਂਡ ਫਰਾਂਸ ਵਰਗੇ ਮੁਲਕਾਂ ਵਿੱਚ ਕਿਤਾਬਾਂ ਪੜ੍ਹਨ ਦਾ ਰਿਵਾਜ ਪਹਿਲਾਂ ਵੀ ਸਾਡੇ ਤੋਂ ਵੱਧ ਸੀ ਤੇ ਅੱਜ ਵੀ ਹੈ। ਕਈ ਮੁਲਕਾਂ ਵਿੱਚ ਜੇਕਰ ਬਸ ਵਿੱਚ ਪੰਜਾਹ ਯਾਤਰੀ ਸਫ਼ਰ ਕਰ ਰਹੇ ਹੁੰਦੇ ਸਨ ਤਾਂ ਇਨ੍ਹਾਂ ’ਚੋਂ ਚਾਲੀ ਕੋਈ ਨਾ ਕੋਈ ਕਿਤਾਬ ਜਾਂ ਮੈਗਜ਼ੀਨ ਪੜ੍ਹ ਰਹੇ ਹੁੰਦੇ ਸਨ। ਕਿਤਾਬਾਂ ਕਿਸੇ ਵੀ ਸਮਾਜ ਨੂੰ ਚੰਗਾ ਬਣਾਉਣ ਵਿੱਚ ਸਭ ਤੋਂ ਵੱਡਾ ਰੋਲ ਅਦਾ ਕਰਦੀਆਂ ਹਨ। ਅੱਜ ਜੇਕਰ ਸਾਡੀ ਨੌਜਵਾਨ ਪੀੜੀ ਦੂਜੇ ਮੁਲਕਾਂ ਵਿੱਚ ਆਪਣਾ ਭਵਿੱਖ ਤਲਾਸ਼ ਰਹੀ ਹੈ ਤਾਂ ਇਸ ਵਿੱਚ ਕਿਤੇ ਨਾ ਕਿਤੇ ਕਿਤਾਬਾਂ ਦਾ ਵੀ ਬਹੁਤ ਵੱਡਾ ਰੋਲ ਹੈ।
ਅਸੀਂ ਹੁਣ ਉਸ ਦੌਰ ਵਿੱਚ ਪ੍ਰਵੇਸ਼ ਕਰ ਗਏ ਹਾਂ ਜਿੱਥੇ ਅਨਪੜ੍ਹ ਹੀ ਨਹੀਂ, ਪੜ੍ਹੇ ਲਿਖੇ ਵੀ ਚੀਜ਼ਾਂ ਨੂੰ ਪੜ੍ਹਨ ਦੀ ਬਜਾਏ ਵੇਖਣ ਦੇ ਆਦੀ ਹੋਣ ਲੱਗ ਪਏ ਹਨ। ਹੁਣ ਅਸੀਂ ਖਬਰਾਂ ਪੜ੍ਹਦੇ ਘੱਟ ਤੇ ਸੁਣਦੇ ਵੇਖਦੇ ਜ਼ਿਆਦਾ ਹਾਂ। ਪੜ੍ਹਨ ਦਾ ਰੁਝਾਨ ਘਟ ਰਿਹਾ ਹੈ। ਇੰਟਰਨੈੱਟ ’ਤੇ ਈ ਬੁੱਕ ਦਾ ਰਿਵਾਜ ਵਧ ਰਿਹਾ ਹੈ। ਅਸੀਂ ਕਿਤਾਬਾਂ ਤੋਂ ਕੁਝ ਦੂਰ ਹੋ ਗਏ ਹਾਂ। ਇਸ ਸਭ ਕੁਝ ਦੇ ਬਾਵਜੂਦ ਕਿਤਾਬਾਂ ਦੀ ਸਾਰਥਿਕਤਾ ਬਣੀ ਰਹੇਗੀ। ਉਸ ਦਾ ਕਾਰਨ ਇਹ ਹੈ ਕਿ ਇੰਟਰਨੈੱਟ ’ਤੇ ਕਿਤਾਬ ਪੜ੍ਹਦਿਆਂ ਕਾਲ, ਮੈਸੈਜ, ਕੋਈ ਐਡ ਸਾਡੀ ਇਕਾਗਰਤਾ ਨੂੰ ਵਾਰ ਵਾਰ ਭੰਗ ਕਰਦੇ ਰਹਿੰਦੇ ਹਨ। ਸਕਰੀਨ ਦੀ ਰੌਸ਼ਨੀ ਵੀ ਸਾਡੀਆਂ ਅੱਖਾਂ ਨੂੰ ਪ੍ਰਭਾਵਿਤ ਕਰਦੀ ਹੈ, ਅੱਖਾਂ ਥੱਕਣ ਲੱਗਦੀਆਂ ਹਨ। ਇਸ ਲਈ ਕਿਤਾਬ ਪੜ੍ਹਨ ਲਈ ਲੋੜੀਂਦੀ ਇਕਾਗਰਤਾ ਇੰਟਰਨੈੱਟ ’ਤੇ ਨਹੀਂ ਬਣ ਸਕਦੀ।
ਕਿਤਾਬਾਂ ਪੜ੍ਹਨ ਲਈ ਚਾਹੀਦਾ ਹੈ ਕਿ ਅਸੀਂ ਕਿਤਾਬ ਪੜ੍ਹਨ ਲਈ ਘਰ ਵਿੱਚ ਲਾਇਬਰੇਰੀ ਬਣਾਉਣ ਦੇ ਨਾਲ ਨਾਲ ਆਪਣੇ ਪੜ੍ਹਨ ਲਈ ਸਮਾਂ ਅਤੇ ਇੱਕ ਥਾਂ ਨਿਰਧਾਰਤ ਕਰੀਏ। ਹਰ ਰੋਜ਼ ਕਿਸੇ ਕਿਤਾਬ ਦੇ ਦਸ ਬਾਰਾਂ ਪੰਨੇ ਪੜ੍ਹਨ ਨਾਲ ਅਸੀਂ ਆਪਣੇ ਅੰਦਰ ਹੁੰਦੀ ਤਬਦੀਲੀ ਨੂੰ ਮਹਿਸੂਸ ਕਰ ਸਕਦੇ ਹਾਂ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਪੜ੍ਹਨ ਲਈ ਅੱਧਾ ਘੰਟਾ ਜਾਂ ਇੱਕ ਘੰਟਾ ਰਾਖਵਾਂ ਰੱਖੀਏ। ਪੂਰਾ ਦਿਨ ਮੋਬਾਈਲ ਦੀ ਸਕਰੀਨ ’ਤੇ ਉਂਗਲਾਂ ਮਾਰ ਮਾਰ ਕੇ ਅਸੀਂ ਬਹੁਤ ਸਾਰਾ ਸਮਾਂ ਬਰਬਾਦ ਕਰ ਦਿੰਦੇ ਹਾਂ। ਬਹੁਤ ਸਾਰਾ ਡਾਟੇ ਦੇ ਰੂਪ ਵਿੱਚ ਫਜ਼ੂਲ ਕਚਰਾ ਅਸੀਂ ਆਪਣੇ ਦਿਮਾਗ਼ਾਂ ਵਿੱਚ ਭਰ ਰਹੇ ਹਾਂ। ਇਹ ਸਾਨੂੰ ਬੌਧਿਕ ਪੱਖ ਤੋਂ ਬੌਣਾ ਬਣਾ ਰਿਹਾ ਹੈ। ਚਾਹੀਦਾ ਇਹ ਹੈ ਕਿ ਅਸੀਂ ਆਪਣੀ ਸੋਚਣ ਦੇ ਢੰਗ ਨੂੰ ਵਿਗਿਆਨਕ ਬਣਾਉਣ ਲਈ ਚੰਗੀਆਂ ਕਿਤਾਬਾਂ ਪੜ੍ਹੀਏ।
ਇੱਕ ਵਾਰ ਕੇਰਲਾ ਜਾਣ ਦਾ ਮੌਕਾ ਮਿਲਿਆ। ਅਸੀਂ ਉੱਥੇ ਕਿਤਾਬਾਂ ਦੀਆਂ ਫੜੀਆਂ ਲੱਗੀਆਂ ਵੇਖੀਆਂ। ਇੱਕ ਬੱਸ ਵਿੱਚ ਸਫ਼ਰ ਕਰਦਿਆਂ ਇੱਕ 55-60 ਸਾਲ ਦੀ ਔਰਤ ਕਿਤਾਬਾਂ ਵੇਚਣ ਲਈ ਬੱਸ ’ਤੇ ਚੜ੍ਹ ਆਈ। ਇਹਦੇ ਕੋਲ ਨਗਾਂ ਰਾਸ਼ੀਆਂ ਵਾਲੀਆਂ ਕਿਤਾਬਾਂ ਜੰਤਰੀਆਂ ਨਹੀਂ ਸਨ ਸਗੋਂ ਵਿਸ਼ਵ ਦੇ ਪ੍ਰਸਿੱਧ ਲੇਖਕਾਂ ਦੀਆਂ ਜਗਤ ਪ੍ਰਸਿੱਧ ਕਿਤਾਬਾਂ ਸਨ। ਇੱਥੇ ਅਸੀਂ ਕਰਿਆਨੇ ਅਤੇ ਮੁਨਿਆਰੀ ਵਾਲੀਆਂ ਦੁਕਾਨਾਂ ਦੇ ਬਾਹਰ ਭੁਜੀਏ ਦੇ ਪੈਕਟਾਂ ਵਾਂਗ ਕਿਤਾਬਾਂ ਮੈਗਜ਼ੀਨ ਲਟਕਦੇ ਵੇਖੇ।
ਇੱਧਰ ਸਾਡੇ ਪੰਜਾਬੀ ਸਮਾਜ ਵਿੱਚ ਪੜ੍ਹਨ ਦੀ ਰੁਚੀ ਘਟ ਰਹੀ ਹੈ। ਟੀ.ਵੀ. ਚੈਨਲਾਂ ’ਤੇ ਅੰਧ-ਵਿਸ਼ਵਾਸ ਨਾਲ ਭਰਪੂਰ ਪ੍ਰੋਗਰਾਮਾਂ ਦਾ ਪ੍ਰਸਾਰਣ, ਮੋਬਾਈਲ ਇੰਟਰਨੈੱਟ ਅਤੇ ਮਸ਼ੀਨੀ ਕਲਚਰ ਦਾ ਵਿਕਾਸ ਵਰਗੇ ਇਸ ਦੇ ਕਈ ਕਾਰਨ ਹਨ। ਬਹੁਗਿਣਤੀ ਪੰਜਾਬੀ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਅਖ਼ਬਾਰ ਤਕ ਨਹੀਂ ਪੜ੍ਹਦੇ, ਕਿਤਾਬਾਂ ਪੜ੍ਹਨੀਆਂ ਦੂਰ ਦੀ ਗੱਲ ਹੈ। ਸਾਡੇ ਲੋਕ ਮੋਬਾਈਲ ’ਤੇ ਟਿਊਨਾਂ ਲਗਵਾ ਕੇ ਜਾਂ ਫਜ਼ੂਲ ਹੀ ਕਿਸੇ ਨਾਲ ਗੱਲਾਂ ਕਰਕੇ ਦਸ ਪੰਦਰਾਂ ਰੁਪਏ ਬਰਬਾਦ ਕਰ ਦੇਣਗੇ, ਪਰ ਦੋ-ਤਿੰਨ ਰੁਪਏ ਦਾ ਅਖ਼ਬਾਰ ਖਰੀਦਣਾ ਫਜ਼ੂਲ ਖਰਚ ਸਮਝਦੇ ਹਨ। ਧਨਾਢ ਲੋਕ ਘਰ ਬਣਾਉਂਦਿਆਂ ਵੇਖਾ ਵੇਖੀ ਘਰਾਂ ਵਿੱਚ ਪੂਜਾ ਰੂਮ ਤਾਂ ਬਣਾ ਲੈਣਗੇ, ਪਰ ਕਿਤਾਬਾਂ ਲਈ ਘਰਾਂ ਵਿੱਚ ਕੋਈ ਥਾਂ ਨਹੀਂ ਹੁੰਦੀ। ਲੋਕ-ਦਿਖਾਵਾ ਕਰਨ, ਫੋਕੀਆਂ ਰਸਮਾਂ, ਵਿਆਹਾਂ ਸ਼ਾਦੀਆਂ ਤੇ ਬੇਤਹਾਸ਼ਾ ਕਰਜ਼ਾ ਚੁੱਕ ਚੁੱਕ ਕੇ ਪੈਸਾ ਲਾਉਣ, ਉੱਚੇ ਮਹਿੰਗੇ ਘਰ ਉਸਾਰਨ ਅਤੇ ਮਹਿੰਗੀਆਂ ਗੱਡੀਆਂ ਖਰੀਦਣ ਵਿੱਚ ਸਾਡੇ ਲੋਕ ਇੱਕ ਦੂਜੇ ਤੋਂ ਵਧ ਕੇ ਔਖੇ ਹੋ ਕੇ ਵੀ ਪੈਸਾ ਲਾਉਣ ਲਈ ਤਿਆਰ ਰਹਿੰਦੇ ਹਨ। ਅਜਿਹੇ ਹੋਰ ਵੀ ਕਈ ਕੰਮ ਕਰਨ ਵਿੱਚ ਅਸੀਂ ਹਿੰਦੋਸਤਾਨ ਵਿੱਚੋਂ ਪਹਿਲੇ ਨੰਬਰ ’ਤੇ ਹਾਂ, ਪਰ ਬਹੁਗਿਣਤੀ ਲੋਕਾਂ ਦਾ ਕਿਤਾਬਾਂ ਦਾ ਬਜਟ ਜ਼ੀਰੋ ਫ਼ੀਸਦੀ ਹੁੰਦਾ ਹੈ।
ਅਖੌਤੀ ਬਾਬਿਆਂ, ਡੇਰਿਆਂ, ਜੋਤਸ਼ੀਆਂ, ਵਾਸਤੂ ਸ਼ਾਸਤਰੀਆਂ ਦਾ ਕਾਰੋਬਾਰ ਵੀ ਪੰਜਾਬ ਵਿੱਚ ਭਾਰਤ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਚਮਕ ਰਿਹਾ ਹੈ। ਦੂਜੇ ਸੂਬਿਆਂ ਖ਼ਾਸਕਰ ਬੰਗਾਲ ਤੋਂ ਅਖੌਤੀ ਕਾਲੇ ਇਲਮ ਦੇ ਮਾਹਿਰ ਇੱਥੇ ਆ ਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਪੰਜਾਬੀ ਲੋਕ ਆਪਣੀ ਲੁੱਟ ਕਰਵਾ ਕੇ ਉਨ੍ਹਾਂ ਨੂੰ ਮਾਲਾਮਾਲ ਕਰ ਰਹੇ ਹਨ। ਸਾਡੇ ਕੋਲ ਹਰ ਤਰ੍ਹਾਂ ਦੀਆਂ ਵਸਤਾਂ ਹਰ ਦਿਨ ਵਧ ਰਹੀਆਂ ਹਨ, ਪਰ ਬੌਧਿਕਤਾ ਪੱਖੋਂ ਅਸੀਂ ਕੰਗਾਲ ਹੋ ਰਹੇ ਹਾਂ। ਜਿੱਥੇ ਕਿਤਾਬਾਂ ਦਾ ਨਿਰਾਦਰ ਹੋਵੇਗਾ ਉੱਥੇ ਮਨੁੱਖਤਾ ਦਾ ਵੀ ਨਿਰਾਦਰ ਹੋਵੇਗਾ।
ਬੇਸ਼ੱਕ ਕਿਤਾਬਾਂ ਘੱਟ ਪੜ੍ਹੀਆਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਕਿਤਾਬਾਂ ਪਹਿਲਾਂ ਨਾਲੋਂ ਕਿਤੇ ਵੱਧ ਗਿਣਤੀ ਵਿੱਚ ਛਪ ਰਹੀਆਂ ਹਨ। ਕਿਤਾਬਾਂ ਦਾ ਘੜਮੱਸ ਹੈ। ਭੀੜ ਹੈ। ਕਿਤਾਬਾਂ ਪੜ੍ਹਨ ਦੀ ਖੇਚਲ ਕਰਨ ਵਾਲੇ ਕੁਝ ਕੁ ਲੋਕਾਂ ਨੂੰ ਕਿਤਾਬਾਂ ਦੀ ਚੋਣ ਕਰਨ ਵਿੱਚ ਬੜੀ ਮੁਸ਼ਕਿਲ ਆਉਂਦੀ ਹੈ। ਹਰ ਹਫ਼ਤੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਤਾਬਾਂ ਦਾ ਛਪਣਾ ਦੱਸਦਾ ਹੈ ਕਿ ਜ਼ਿਆਦਾਤਰ ਕਿਤਾਬਾਂ ਆਪਣੀ ਹਉਮੈਂ ਨੂੰ ਪੱਠੇ ਪਾਉਣ ਲਈ ਹੀ ਛਪਵਾਈਆਂ ਜਾਂਦੀਆਂ ਹਨ। ਇਸ ਮਗਰੋਂ ਇਨ੍ਹਾਂ ਨੂੰ ਰਿਲੀਜ਼ ਕਰਾਉਣ, ਇਨ੍ਹਾਂ ’ਤੇ ਗੋਸ਼ਟੀਆਂ ਕਰਨ ਦੀਆਂ ਖ਼ਬਰਾਂ ਲਗਵਾ ਕੇ ਮਨ ਨੂੰ ਠੰਢ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਮਾਗਮਾਂ ਮਗਰੋਂ ਇਨ੍ਹਾਂ ਨੂੰ ਵੰਡ ਦਿੱਤਾ ਜਾਂਦਾ ਹੈ। ਬਹੁਤ ਸਾਰੀਆਂ ਕਿਤਾਬਾਂ ਅਜਿਹੀਆਂ ਹਨ ਜੋ ਨਵੇਂ ਪਾਠਕਾਂ ਨੂੰ ਹੋਰ ਕਿਤਾਬਾਂ ਪੜ੍ਹਨ ਤੋਂ ਰੋਕ ਦਿੰਦੀਆਂ ਹਨ। ਇੱਥੇ ਪਾਠਕ ਨੂੰ ਚਾਹੀਦਾ ਹੈ ਕਿ ਉਹ ਨਿਰਾਸ਼ ਨਾ ਹੋਵੇ ਸਗੋਂ ਚੰਗੀਆਂ ਕਿਤਾਬਾਂ ਨੂੰ ਲੱਭਣ ਅਤੇ ਪੜ੍ਹਨ ਲਈ ਯਤਨਸ਼ੀਲ ਰਹੇ। ਸਾਹਿਤ ਸਭਾਵਾਂ ਅਤੇ ਪੁਸਤਕ ਮੇਲਿਆਂ ਵਿੱਚ ਜਾਵੇ। ਹੌਲੀ ਹੌਲੀ ਬਹੁਮੁੱਲੀਆਂ ਕਿਤਾਬਾਂ ਨਾਲ ਉਹਦੀ ਵਾਕਫ਼ੀ ਬਣ ਜਾਵੇਗੀ।
ਗੁਰਬਾਣੀ ਦਾ ਪਾਠ ਕਰਨ ਤੋਂ ਬਾਅਦ ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਉਸ ਵਿੱਚ ਬਿਬੇਕ ਦਾਨ ਮੰਗਦੇ ਹਾਂ ਜਿਸ ਦਾ ਭਾਵ ਹੈ ਸਾਡੀ ਸੋਚ ਵਿਚਾਰ ਕਰਨ ਦੀ ਸ਼ਕਤੀ ਵਧੇ। ਪਰ ਇਸ ਲਈ ਅਸੀਂ ਆਪ ਬਹੁਤ ਘੱਟ ਜ਼ਹਿਮਤ ਕਰਦੇ ਹਾਂ। ਚੰਗੀਆਂ ਅਖ਼ਬਾਰਾਂ, ਚੰਗੀਆਂ ਕਿਤਾਬਾਂ ਇਸ ਵਿੱਚ ਸਾਡੀਆਂ ਸਭ ਤੋਂ ਵੱਧ ਸਹਾਈ ਹੋ ਸਕਦੀਆਂ ਹਨ। ਇਸ ਤੋਂ ਇਲਾਵਾਂ ਚੰਗੀ ਸੋਚ ਰੱਖਣ ਵਾਲੇ ਸਾਹਿਤਕਾਰਾਂ, ਲੇਖਕਾਂ, ਵਿਦਵਾਨਾਂ, ਚਿੰਤਕਾਂ ਦੇ ਸਕੂਲਾਂ ਕਾਲਜਾਂ ਵਿੱਚ ਸੈਮੀਨਾਰ ਕਰਵਾਉਣੇ ਚਾਹੀਦੇ ਹਨ। ਸੋਚ ਵਿਚਾਰ ਦਾ ਵਿਕਾਸ ਅਤੇ ਆਪਣੇ ਇਤਿਹਾਸ, ਵਿਰਸੇ ਦੇ ਮਹਾਨ ਲੋਕਾਂ ਦੀਆਂ ਨਿੱਗਰ ਕਦਰਾਂ ਕੀਮਤਾਂ ਗ੍ਰਹਿਣ ਕਰ ਕੇ ਅਸੀਂ ਬੌਧਿਕ ਪੱਖ ਤੋਂ ਅੱਗੇ ਵਧ ਸਕਦੇ ਹਾਂ।
ਚੀਨ ਦੇ ਲੋਕ ਆਖਦੇ ਹਨ ਕਿ ‘ਕਿਤਾਬ ਅੰਦਰ ਸੋਨੇ ਦਾ ਘਰ ਪਿਆ ਹੁੰਦਾ ਹੈ।’ ਇਸੇ ਤਰ੍ਹਾਂ ਆਈਸਲੈਂਡ ਦੀ ਕਹਾਵਤ ਹੈ ‘ਕਿਤਾਬ ਵਿਹੂਣੇ ਹੋਣ ਨਾਲੋਂ ਜੁੱਤੀ ਵਿਹੂਣੇ ਹੋਣਾ ਬਿਹਤਰ ਹੈ।’ ਕਿਤਾਬਾਂ ਸਾਡੀ ਜ਼ਿੰਦਗੀ ਦੇ ਬਹੁਤ ਸਾਰੇ ਦੁੱਖਾਂ ਨੂੰ ਹਮੇਸ਼ਾ ਲਈ ਦੂਰ ਕਰਨ ਦੀ ਸਮਰੱਥਾ ਰੱਖਦੀਆਂ ਹਨ। ਹੰਗਰੀ ਦੇ ਲੋਕ ਆਖਦੇ ਹਨ ਕਿ ਕਿਤਾਬ ਖ਼ਾਮੋਸ਼ ਗੁਰੂ ਹੁੰਦੀ ਹੈ।
ਉਹ ਲੋਕ ਵਿਚਾਰੇ ਕਿੰਨੇ ਬਦਕਿਸਮਤ ਸਨ ਜੋ ਕਿਤਾਬਾਂ ਪੜ੍ਹਨ ਤੋਂ ਵਿਰਵੇ ਹੀ ਇਸ ਦੁਨੀਆਂ ਤੋਂ ਚਲੇ ਜਾਣਗੇ। ਆਓ! ਕਿਤਾਬਾਂ ਨਾਲ ਸਾਂਝ ਪਾਈਏ। ਘਰਾਂ ਤੇ ਦਿਲਾਂ ਵਿੱਚ ਕਿਤਾਬਾਂ ਨੂੰ ਥਾਂ ਦੇਈਏ।
ਸੰਪਰਕ : 98550-51099
ਕੁਦਰਤ ਵਿਰੋਧੀ ਵਿਕਾਸ ਅਤੇ ਜੀਵਨ ਦਾ ਸੰਘਰਸ਼ - ਗੁਰਚਰਨ ਸਿੰਘ ਨੂਰਪੁਰ
ਇੱਕ ਵਿਅਕਤੀ ਨੇ ਦੂਰ ਦੁਰਾਡੇ ਜੰਗਲੀ ਤੇ ਮਾਰੂਥਲੀ ਸਫ਼ਰ ’ਤੇ ਜਾਣਾ ਸੀ। ਉਹ ਸਫ਼ਰ ਲਈ ਲੋੜੀਂਦਾ ਸਾਮਾਨ ਇਕੱਠਾ ਕਰ ਰਿਹਾ ਸੀ। ਉਸ ਨੇ ਸੋਚਿਆ ਕਿ ਸਫ਼ਰ ਦੌਰਾਨ ਇਹ ਨਾ ਹੋਵੇ ਮਤੇ ਉਹ ਰਸਤੇ ਵਿੱਚ ਹੀ ਭਟਕ ਜਾਵੇ, ਇਹਦੇ ਲਈ ਬੜਾ ਜ਼ਰੂਰੀ ਹੈ ਕਿ ਉਸ ਕੋਲ ਦਿਸ਼ਾਵਾਂ ਦੇ ਗਿਆਨ ਲਈ ਇੱਕ ਕੰਪਾਸ ਹੋਵੇ। ਉਹ ਇੱਕ ਦੁਕਾਨਦਾਰ ਤੋਂ ਕੰਪਾਸ ਖਰੀਦਣ ਗਿਆ। ਉਹਨੇ ਜਦੋਂ ਕੰਪਾਸ ਵਾਲਾ ਟੀਨ ਦਾ ਡੱਬਾ ਖੋਲ੍ਹਿਆ ਤਾਂ ਕੰਪਾਸ ਦੀ ਸੂਈ ਤੋਂ ਇਲਾਵਾ ਇਸ ਵਿੱਚੋਂ ਇੱਕ ਛੋਟਾ ਜਿਹਾ ਸ਼ੀਸ਼ਾ ਵੀ ਨਿਕਲਿਆ। ਉਸ ਨੇ ਹੈਰਾਨੀ ਨਾਲ ਦੁਕਾਨਦਾਰ ਨੂੰ ਪੁੱਛਿਆ, ‘‘ਕੰਪਾਸ ਦੀ ਸੂਈ ਤਾਂ ਦਿਸ਼ਾਵਾਂ ਦਾ ਗਿਆਨ ਦੱਸਣ ਲਈ ਹੈ ਤਾਂ ਕਿ ਕੋਈ ਭਟਕ ਨਾ ਜਾਵੇ ਪਰ ਇਸ ਡੱਬੇ ਵਿੱਚ ਇਹ ਸ਼ੀਸ਼ਾ ਕਿਸ ਵਾਸਤੇ ਹੈ?’’
ਦੁਕਾਨਦਾਰ ਨੇ ਜਵਾਬ ਦਿੱਤਾ, ‘‘ਸ਼ੀਸ਼ਾ ਇਹ ਵੇਖਣ ਲਈ ਹੈ ਜੋ ਭਟਕ ਗਿਆ ਹੈ ਉਹ ਕੌਣ ਹੈ।’’
ਅੱਜ ਦੇ ਮਨੁੱਖ ਦੀ ਅਜਿਹੀ ਹੀ ਹਾਲਤ ਹੈ। ਅਸੀਂ ਮਨ ਦੀ ਭਟਕਣਾ ਦੇ ਦੌਰ ’ਚੋਂ ਗੁਜ਼ਰ ਰਹੇ ਹਾਂ। ਮਨੁੱਖ ਨੇ ਬੇਸ਼ੁਮਾਰ ਸਰੀਰਕ ਸੁਖ ਹਾਸਲ ਕਰ ਲਏ ਪਰ ਇਹਦੇ ਮਾਨਸਿਕ ਦੁੱਖਾਂ ਦਾ ਕੋਈ ਪਾਰਾਵਾਰ ਨਹੀਂ।
ਪਿਛਲੇ ਦੋ ਸੌ ਸਾਲਾਂ ਤੋਂ ਮਨੁੱਖ ਜਾਤੀ ਹਰ ਦਿਨ ਨਵੀਂ ਤੋਂ ਨਵੀਂ ਸਮੱਸਿਆ ਵਿੱਚ ਘਿਰ ਰਹੀ ਹੈ। ਵਿਗਿਆਨ ਕਿਸੇ ਇੱਕ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਦੋ ਨਵੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਇਹਦਾ ਸਭ ਤੋਂ ਵੱਡਾ ਕਾਰਨ ਵਿਗਿਆਨਕ ਖੋਜਾਂ ਨਹੀਂ ਸਗੋਂ ਵੱਡਾ ਕਾਰਨ ਇਹ ਹੈ ਕਿ ਸਾਡੀ ਸੋਚ ਵਿਗਿਆਨਕ ਨਹੀਂ। ਜਦੋਂ ਤੱਕ ਸਾਡੀ ਸੋਚ ਵਿਗਿਆਨਕ ਨਹੀਂ ਹੋਵੇਗੀ ਸਾਡੀਆਂ ਸਮੱਸਿਆਵਾਂ ਵਿਕਰਾਲ ਰੂਪ ਅਖਤਿਆਰ ਕਰਦੀਆਂ ਰਹਿਣਗੀਆਂ।
ਜੀਵਨ ਵਿੱਚ ਸੰਘਰਸ਼ ਯੁੱਗਾਂ ਤੋਂ ਚਲਦਾ ਆਇਆ ਹੈ ਅਤੇ ਚਲਦਾ ਰਹੇਗਾ। ਪ੍ਰਸਿੱਧ ਜੀਵ ਵਿਗਿਆਨੀ ਚਾਰਲਸ ਡਾਰਵਿਨ ਆਖਦਾ ਹੈ: ਜਿਉਂਦੇ ਰਹਿਣ ਲਈ ਜੀਵਨ ਵਿੱਚ ਸੰਘਰਸ਼ ਹੁੰਦਾ ਹੈ। ਇਸ ਸੰਘਰਸ਼ ਵਿੱਚ ਜੇਤੂ ਹੁੰਦੀਆਂ ਜੀਵ ਜਾਤੀਆਂ ਨੂੰ ਕੁਦਰਤ ਅਗਾਂਹ ਆਪਣੇ ਵਿਕਾਸ ਦਾ ਮੌਕਾ ਪ੍ਰਦਾਨ ਕਰਦੀ ਹੈ। ਮਨੁੱਖ ਜਾਤੀ ਦਾ ਜਿਉਂਦੇ ਰਹਿਣ ਲਈ ਸੰਘਰਸ਼ ਬਿਲਕੁਲ ਗ਼ੈਰ-ਵਿਗਿਆਨਕ ਹੈ। ਦੁਨੀਆਂ ਦੀ ਵੱਡੀ ਆਬਾਦੀ ਜੀਵਨ ਦੀਆਂ ਜ਼ਰੂਰੀ ਲੋੜਾਂ ਤੋਂ ਵਿਰਵੀ ਹੈ। ਵੱਡੀ ਗਿਣਤੀ ਲੋਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਘਿਰੇ ਹੋਏ ਹਨ। ਇੱਥੋਂ ਤੱਕ ਕਿ ਧਰਤੀ ਦੇ ਵੱਡੀ ਗਿਣਤੀ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਵੀ ਹੁਣ ਤੱਕ ਨਸੀਬ ਨਹੀਂ ਹੋਇਆ ਅਤੇ ਭਵਿੱਖ ਵਿੱਚ ਇਹ ਸੰਕਟ ਹੋਰ ਗਹਿਰਾ ਹੋ ਰਿਹਾ ਹੈ। ਵੱਡੀ ਗਿਣਤੀ ਲੋਕ ਗ਼ਰੀਬੀ, ਮੰਦਹਾਲੀ, ਬੇਕਾਰੀ ਦਾ ਜੀਵਨ ਭੋਗ ਰਹੇ ਹਨ। ਦੁਨੀਆਂ ਦਾ ਇੱਕ ਵੱਡਾ ਹਿੱਸਾ ਵੱਖ ਵੱਖ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੈ। ਬੱਚੇ ਵੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਦੁਨੀਆਂ ਭਰ ਵਿੱਚ ਵੱਡੀ ਗਿਣਤੀ ਵਿੱਚ ਨੌਜੁਆਨ ਨਸ਼ਿਆਂ ਦੇ ਨਰਕ ਵਿੱਚ ਗਰਕ ਰਹੇ ਹਨ। ਜੀਵਨ ਸੰਤਾਪ ਬਣ ਰਿਹਾ ਹੈ। ਦੂਜੇ ਪਾਸੇ ਦੁਨੀਆਂ ਦੇ ਕਿਸੇ ਨਾ ਕਿਸੇ ਖਿੱਤੇ ਵਿੱਚ ਜੰਗ ਯੁੱਧ ਚੱਲ ਹੀ ਰਿਹਾ ਹੁੰਦਾ ਹੈ। ਮਨੁੱਖ ਦੇ 4000 ਸਾਲਾਂ ਦੇ ਇਤਿਹਾਸ ਦੌਰਾਨ 4000 ਤੋਂ ਵੱਧ ਯੁੱਧ ਲੜੇ ਗਏ। ਅਖੌਤੀ ਸਭਿਅਕ ਮਨੁੱਖ ਅਜਿਹੇ ਜੰਗੀ ਸਾਜ਼ੋ ਸਾਮਾਨ ਦਾ ਮਾਲਕ ਹੈ ਜਿਸ ਨਾਲ ਕੁਝ ਮਿੰਟਾਂ ਵਿੱਚ ਹੀ ਪੂਰੀ ਧਰਤੀ ਤੋਂ ਜੀਵਨ ਦਾ ਖੁਰਾ ਖੋਜ ਮਿਟ ਸਕਦਾ ਹੈ ਤੇ ਮੁੜ ਹਜ਼ਾਰਾਂ ਸਾਲ ਇੱਥੇ ਜੀਵਨ ਦੇ ਪੈਦਾ ਹੋਣ ਦੀ ਸੰਭਾਵਨਾ ਨਹੀਂ ਰਹੇਗੀ। ਇਹ ਕਿਹੋ ਜਿਹਾ ਵਿਕਾਸ ਹੈ? ਧਰਤੀ ਦੀ ਅੱਧੀ ਆਬਾਦੀ ਭੁੱਖ ਨਾਲ ਇਸ ਲਈ ਮਰ ਰਹੀ ਹੈ ਕਿ ਮਨੁੱਖ ਨੂੰ ਮਾਰੇ ਜਾਣ ਲਈ ਬਣਾਏ ਜਾਣ ਵਾਲੇ ਸਾਜ਼ੋ-ਸਾਮਾਨ ’ਤੇ ਅਰਬਾਂ ਰੁਪਏ ਖਰਚ ਹੋ ਰਹੇ ਹਨ। ਇਹ ਪਾਗਲਪਣ ਨਹੀਂ ਤਾਂ ਹੋਰ ਕੀ ਹੈ? ਘਰ ਵਿੱਚ ਬੱਚਿਆਂ ਦੇ ਖਾਣ ਲਈ ਰੋਟੀ ਨਾ ਹੋਵੇ, ਪਰ ਘਰ ਦਾ ਮਾਲਕ ਬੰਦੂਕਾਂ ਖਰੀਦਦਾ ਫਿਰੇ, ਇਹ ਕਿੱਥੋਂ ਦੀ ਸਿਆਣਪ ਹੈ?
ਮਨੁੱਖੀ ਸੱਭਿਅਤਾ ਦਾ ਵਿਕਾਸ ਤਾਂ ਜੀਵਨ ਨੂੰ ਚੰਗੇਰਾ ਬਣਾਉਣ ਲਈ ਸੀ। ਜੀਵਨ ਨੂੰ ਚੰਗੇਰਾ ਬਣਾਉਣ ਦੀ ਯਾਤਰਾ ’ਤੇ ਨਿਕਲਿਆ ਮਨੁੱਖ ਜੀਵਨ ਲਈ ਹੋਰ ਸਾਧਨ ਖੋਜਦਾ ਖੋਜਦਾ ਆਪ ਗੁਆਚ ਤਾਂ ਨਹੀਂ ਗਿਆ? ਇਹ ਵਿਸ਼ਾ ਵਿਸ਼ਾਲ ਚਿੰਤਨ ਦੀ ਮੰਗ ਕਰਦਾ ਹੈ।
ਬਹੁਤ ਘੱਟ ਲੋਕਾਂ ਨੂੰ ਇਹ ਗਿਆਨ ਹੈ ਕਿ ਸਾਡੇ ਸੰਕਟਾਂ ਦੇ ਰਚਣਹਾਰੇ ਕੌਣ ਹਨ। ਇਸ ਤੋਂ ਵੀ ਬੁਨਿਆਦੀ ਗੱਲ ਇਹ ਹੈ ਕਿ ਬਹੁਗਿਣਤੀ ਮਨੁੱਖਾਂ ਨੂੰ ਆਪਣੇ ਸੰਕਟਾਂ ਦਾ ਗਿਆਨ ਨਹੀਂ। ਅਸੀਂ ਉਸ ਹਾਲਤ ਵਿੱਚ ਹਾਂ ਜਿਵੇਂ ਪੁਰਾਣੇ ਸਮੇਂ ਵਿੱਚ ਕਿਸੇ ਦਾ ਫੋੜਾ ਕੁਝ ਦਿਨ ਠੀਕ ਨਾ ਹੋਣ ਦੀ ਸੂਰਤ ਵਿੱਚ ਉਹ ਇਸ ’ਤੇ ਪੱਕੀ ਪੱਟੀ ਬੰਨ੍ਹ ਕੇ ਮੰਨ ਲੈਂਦਾ ਸੀ ਕਿ ਇਸ ਫੋੜੇ ਨੇ ਹੁਣ ਸਰੀਰ ਦੇ ਨਾਲ ਨਾਲ ਹੀ ਰਹਿਣਾ ਹੈ। ਇਸੇ ਤਰ੍ਹਾਂ ਅਸੀਂ ਧਰਤੀ ਵਾਸੀ ਮੁੱਠੀ ਭਰ ਮਨੁੱਖਾਂ ਵੱਲੋਂ ਸਿਰਜੀਆਂ ਸਮੱਸਿਆਵਾਂ, ਸੰਕਟਾਂ, ਦੁਸ਼ਵਾਰੀਆਂ ਵਿੱਚ ਰਹਿਣ ਦੇ ਆਦੀ ਬਣਾ ਦਿੱਤੇ ਗਏ ਹਾਂ।
ਆਪਣੇ ਘਰ, ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਲੱਖਾਂ ਲੋਕ ਪੀਣ ਵਾਲੇ ਪਾਣੀ ਦੇ ਸੰਕਟ ਤੋਂ ਪੀੜਤ ਹਨ। ਇੱਥੋਂ ਦੀ ਵੱਸੋਂ ਦਾ ਵੱਡਾ ਹਿੱਸਾ ਨਹਿਰਾਂ ਦਾ ਅਤਿ ਜ਼ਹਿਰੀਲਾ ਪਾਣੀ ਪੀਣ ਨਾਲ ਵੱਡੇ ਪੱਧਰ ’ਤੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਬਿਮਾਰੀਆਂ ਦੇ ਖਰਚੇ ਕਰਕੇ ਲੋਕਾਂ ਦੀ ਜ਼ਮੀਨ ਜਾਇਦਾਦ ਵਿਕ ਰਹੀ ਹੈ। ਬੱਚੇ ਵੀ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੋ ਰਹੇ ਹਨ। ਮਾਲਵੇ ਦੇ ਕਈ ਪਿੰਡਾਂ ਵਿੱਚ ਹਰ ਸਾਲ ਕੈਂਸਰ ਨਾਲ ਹਰ ਉਮਰ ਦੇ ਬੱਚਿਆਂ ਦੀ ਮੌਤਾਂ ਹੋ ਰਹੀਆਂ ਹਨ। ਲੱਖਾਂ ਲੋਕ ਇਸ ਸੰਤਾਪ ਨੂੰ ਭੋਗ ਰਹੇ ਹਨ, ਪਰ ਮੁੱਠੀ ਭਰ ਲੋਕ ਇਸ ਸਭ ਕੁਝ ਦੇ ਖ਼ਿਲਾਫ਼ ਬੋਲਦੇ ਹਨ। ਕੀ ਇਹ ਰੱਬੀ ਵਰਤਾਰਾ ਹੈ ਜਾਂ ਮੁੱਠੀ ਭਰ ਲੋਕਾਂ ਦੀਆਂ ਜੇਬਾਂ ਭਰਨ ਵਾਲਾ ਅਖੌਤੀ ਵਿਕਾਸ ਹੈ ਜੋ ਲੋਕਾਂ ਦੀਆਂ ਮੌਤਾਂ ਦਾ ਕਾਰਨ ਬਣ ਰਿਹਾ ਹੈ? ਹੁਣ ਵਕਤ ਆ ਗਿਆ ਹੈ ਕਿ ਅਸੀਂ ਇਸ ਬਾਰੇ ਫ਼ੈਸਲਾ ਕਰੀਏ।
ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਜਾਗਣਾ, ਉੱਠਣਾ ਤੇ ਬੋਲਣਾ ਪਵੇਗਾ ਕਿ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਦਾ ਕਾਰਨ ਬਣ ਰਿਹਾ ਅਖੌਤੀ ਵਿਕਾਸ ਸਾਨੂੰ ਹਰਗਿਜ਼ ਮਨਜ਼ੂਰ ਨਹੀਂ।
ਸਾਡੇ ਗੁਰੂ ਸਾਹਿਬਾਨ ਨੇ ਇਸ ਧਰਤੀ ’ਤੇ ਮਨੁੱਖਤਾ ਨੂੰ ਸਰਬੱਤ ਦੇ ਭਲੇ ਵਾਲਾ ਮਾਨਵਤਾ ਦਾ ਪੈਗਾਮ ਦਿੱਤਾ, ਪਰ ਅਸੀਂ ਆਪਣੀ ਧਰਤੀ ਦਾ ਵਿਨਾਸ਼ ਹੁੰਦਾ ਆਪਣੀ ਅੱਖੀਂ ਵੇਖ ਰਹੇ ਹਾਂ। ਜੀਵਨ ਦੀਆਂ ਕੜੀਆਂ ਇੱਕ ਦੂਜੀ ਨਾਲ ਜੁੜੀਆਂ ਹੁੰਦੀਆਂ ਹਨ। ਜਦੋਂ ਇਸ ਧਰਤੀ ਤੋਂ ਕਿਸੇ ਜੀਵ ਜਾਤੀ ਦਾ ਖ਼ਾਤਮਾ ਹੁੰਦਾ ਹੈ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਸਾਡਾ ਜੀਵਨ ਵੀ ਮਰ ਰਿਹਾ ਹੁੰਦਾ ਹੈ। ਇਸ ਦਾ ਭਾਵ ਇਹ ਹੈ ਕਿ ਧਰਤੀ ਦੀਆਂ ਜਿਊਣ ਹਾਲਤਾਂ ਦੇ ਕੁਝ ਹਿੱਸੇ ਦਾ ਖ਼ਾਤਮਾ ਹੋ ਗਿਆ ਹੈ। ਕੁਦਰਤ ਨੂੰ ਅਣਗੌਲਿਆਂ ਕਰ ਕੇ ਕੀਤੇ ਅਖੌਤੀ ਵਿਕਾਸ ਨੇ ਫ਼ਸਲੀ ਵਿਭਿੰਨਤਾ ਨੂੰ ਤਬਾਹ ਕਰ ਦਿੱਤਾ ਹੈ ਜਿਸ ਕਾਰਨ ਧਰਤੀ ’ਤੇ ਵੱਡੀ ਗਿਣਤੀ ਵਿੱਚ ਜਲ ਥਲੀ ਜੀਵਾਂ ਦੀਆਂ ਨਸਲਾਂ ਦਾ ਖਾਤਮਾ ਹੋ ਗਿਆ। ਪਿਛਲੇ ਕੁਝ ਦਹਾਕਿਆਂ ਵਿੱਚ ਕਈ ਤਰ੍ਹਾਂ ਦੀਆਂ ਚਿੜੀਆਂ, ਮੋਰ, ਪਪੀਹਾ, ਕਠਫੋੜਾ, ਚੁਗਲ, ਗਰੁੜ, ਹਰੀਅਲ, ਚਮਗਿੱਦੜ, ਤਿੱਤਰ, ਬਟੇਰ, ਗਿਰਝਾਂ, ਚਿੱਟੀ ਇੱਲ, ਬਾਜ਼ਾਂ ਦੀਆਂ ਕਈ ਨਸਲਾਂ, ਬਿਜੜਾ, ਲਾਲ ਰੰਗ ਦਾ ਕਾਂ, ਉੱਲੂ, ਤਿਲੀਅਰ, ਕਾਲੀ ਲੰਮੀ ਪੂਛ ਵਾਲੀ ਚਿੜੀ ਆਦਿ ਪੰਜਾਬ ਦੀ ਧਰਤੀ ਤੋਂ ਲਗਾਤਾਰ ਲੋਪ ਹੋ ਰਹੀਆਂ ਹਨ। ਕਲਕਲ ਵਗਦੇ ਦਰਿਆਵਾਂ ਵਿੱਚ ਕਦੇ ਕੱਛੂਕੁੰਮੇ, ਰੰਗ ਬਰੰਗੀਆਂ ਮੱਛੀਆਂ, ਮੁਰਗਾਬੀਆਂ, ਜਲਕੁਕੜੀਆਂ, ਬੱਤਖਾਂ, ਕਲਹੰਸ ਤੈਰਦੇ ਅਠਖੇਲੀਆਂ ਕਰਦੇ ਸਨ ਜੋ ਹੁਣ ਵੀਰਾਨ ਹੋ ਗਏ ਹਨ। ਪਿਛਲੇ ਦਿਨੀਂ ਹਰੀਕੇ ਨੇੜੇ ਸਤਿਲੁਜ ਦਰਿਆ ਕੰਢੇ ਜਾਣ ਦਾ ਮੌਕਾ ਮਿਲਿਆ। ਇੱਥੇ ਜਾ ਕੇ ਵੇਖਿਆ ਕਿ ਜਿਹੜੇ ਦਰਿਆਵਾਂ ’ਤੇ ਸਾਨੂੰ ਪੰਜਾਬੀਆਂ ਨੂੰ ਮਾਣ ਸੀ ਉਨ੍ਹਾਂ ਦਰਿਆਵਾਂ ਦੇ ਨੇੜੇ ਅਸੀਂ ਹੁਣ ਖੜ੍ਹ ਨਹੀਂ ਸਕਦੇ। ਉਨ੍ਹਾਂ ਦਾ ਗੰਦਾ ਸੰਘਣਾ ਕਾਲਾ ਪਾਣੀ ਦੂਰ ਤੱਕ ਮੁਸ਼ਕ ਮਾਰ ਰਿਹਾ ਹੈ। ਆਪਣੀ ਅਕਲ ਨੂੰ ਜਿੰਦਰੇ ਮਾਰ ਕੇ ਦਰਿਆਵਾਂ ਦੇ ਆਸ-ਪਾਸ ਬਸੇਰਾ ਰੱਖਣ ਵਾਲੀਆਂ ਅਨੇਕਾਂ ਜੀਵ ਜਾਤੀਆਂ ਨੂੰ ਖ਼ਤਮ ਕਰ ਕੇ ਅਸੀਂ ‘ਵਿਕਾਸ’ ਕੀਤਾ ਹੈ। ਸਾਡੀ ਹਾਲਤ ਬੜੀ ਅਜੀਬੋ ਗਰੀਬ ਬਣ ਗਈ ਹੈ:
ਵੇਲਾ ਸੀ ਕਦੇ ਅਸੀਂ ਮਾਲਕ ਹੁੰਦੇ ਸਾਂ ਦਰਿਆਵਾਂ ਦੇ,
ਅੱਜਕੱਲ੍ਹ ਸ਼ਹਿਰੋਂ ਭਾਅ ਪੁੱਛਦੇ ਹਾਂ ਬੋਤਲ ਵਾਲੇ ਪਾਣੀ ਦਾ।
ਅੱਜ ਦੁਨੀਆਂ ਭਰ ਵਿੱਚ ਲੱਖਾਂ ਲੋਕ ਸਰੀਰਕ ਤੇ ਮਾਨਸਿਕ ਸੰਕਟਾਂ ਦੇ ਸ਼ਿਕਾਰ ਹੋ ਗਏ ਹਨ। ਪੂਰੀ ਦੁਨੀਆਂ ਵਿੱਚ ਹੀ ਵਾਤਾਵਰਣ ਇਸ ਸਮੇਂ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਮਨੁੱਖ ਨੇ ਰੁੱਖਾਂ ਜੰਗਲਾਂ ਦਾ ਪਿਛਲੇ ਕੁਝ ਸਾਲਾਂ ਵਿੱਚ ਬੇਲਿਹਾਜ਼ ਹੋ ਕੇ ਖ਼ਾਤਮਾ ਕੀਤਾ ਹੈ। ਧਰਤੀ ’ਤੇ ਘਟ ਰਹੇ ਜੰਗਲਾਂ ਕਰਕੇ ਸਾਨੂੰ ਵੱਧ ਊਰਜਾ ਦੀ ਲੋੜ ਪੈ ਰਹੀ ਹੈ। ਧਰਤੀ ਦੇ ਗਰਮ ਖਿੱਤੇ ਵਧੇਰੇ ਗਰਮ ਹੋਣ ਕਰਕੇ ਵੱਧ ਗਿਣਤੀ ਵਿੱਚ ਏਸੀਆਂ, ਫਰਿੱਜਾਂ ਅਤੇ ਠੰਢਿਆਂ ਦੀ ਲੋੜ ਮਹਿਸੂਸ ਹੋਣ ਲੱਗੀ ਹੈ। ਇਸ ਜੀਵਨ ਸ਼ੈਲੀ ਵਿੱਚ ਅਗਾਂਹ ਸਾਨੂੰ ਵੱਧ ਬਿਜਲੀ ਦੀ ਲੋੜ ਅਤੇ ਵੱਧ ਬਿਜਲੀ ਪੈਦਾ ਕਰਨ ਲਈ ਵੱਧ ਕੋਲੇ ਦੀ ਲੋੜ ਹੈ। ਇਹਦਾ ਸਿੱਟਾ ਫਿਰ ਧਰਤੀ ਦੇ ਉਜਾੜੇ ਵਿੱਚ ਨਿਕਲਦਾ ਹੈ। ਇਸ ਲਈ ਫਿਰ ਵੱਧ ਜੰਗਲਾਂ ਦਾ ਕਟਾਅ, ਵੱਧ ਊਰਜਾ ਦੇ ਸਾਧਨਾਂ ਦੀ ਵਰਤੋਂ ਤੇ ਫਿਰ ਹੋਰ ਵੱਧ ਠੰਢੇ ਬਸੇਰਿਆਂ ਦੀ ਲੋੜ। ਵੱਧ ਅਕਲ ਦਾ ਮਾਣ ਕਰਦਾ ਅੱਜ ਦਾ ਮਨੁੱਖ ਉਸੇ ਟਾਹਣ ਨੂੰ ਵੱਢ ਰਿਹਾ ਹੈ ਜਿਸ ’ਤੇ ਆਪ ਬੈਠਾ ਹੈ।
ਜੀਵਨ ਲਈ ਤਬਾਹਕੁੰਨ ਹਾਲਾਤ ਪੈਦਾ ਕਰਨ ਵਾਲਾ ਗ਼ੈਰ-ਕੁਦਰਤੀ ਅਤੇ ਗ਼ੈਰ-ਵਿਗਿਆਨਕ ਵਿਕਾਸ ਮਾਡਲ ਹੁਣ ਮਨੁੱਖ ਦੇ ਸੰਕਟਾਂ ਦਾ ਵੱਡਾ ਕਾਰਨ ਬਣ ਗਿਆ ਹੈ। ਉਰਦੂ ਦਾ ਇੱਕ ਸ਼ਾਇਰ ਲਿਖਦਾ ਹੈ:
ਵਿਕਾਸ ਕੇ ਦੌਰ ਕੇ ਆਲਮ ਹੀ ਨਿਰਾਲੇ ਹੈਂ,
ਜ਼ਿਹਨੋਂ ਮੇਂ ਅੰਧੇਰਾ ਹੈ ਸੜਕੋਂ ਪੇ ਉਜਾਲੇ ਹੈਂ।
ਸਾਨੂੰ ਮਨਾਂ ਦੇ ਹਨੇਰਿਆਂ ਨੂੰ ਦੂਰ ਕਰਨ ਦੀ ਲੋੜ ਹੈ। ਸਾਡੀਆਂ ਸਰਕਾਰਾਂ ਅਤੇ ਆਮ ਲੋਕਾਂ ਨੂੰ ਵੀ ਇੱਧਰ ਉਚੇਚਾ ਧਿਆਨ ਦੇਣ ਦੀ ਲੋੜ ਹੈ। ਆਓ ਵਾਤਾਵਰਣ ਦੇ ਸੰਕਟ ਨੂੰ ਸਮਝੀਏ ਅਤੇ ਇਸ ਖ਼ਿਲਾਫ਼ ਆਵਾਜ਼ ਬੁਲੰਦ ਕਰੀਏ।
ਸੰਪਰਕ : 98550-51099
ਪੂੰਜੀਵਾਦ ਦੇ ਪੁੜਾਂ ਵਿਚ ਪਿਸ ਰਹੀ ਹੈ ਦੁਨੀਆ - ਗੁਰਚਰਨ ਸਿੰਘ ਨੂਰਪੁਰ
ਇਸ ਸਮੇਂ ਦੁਨੀਆ ਉਸ ਦੌਰ 'ਚੋਂ ਗੁਜ਼ਰ ਰਹੀ ਹੈ, ਜਿਸ ਵਿਚ ਮਨੁੱਖ ਦੀ ਆਜ਼ਾਦੀ ਦਾ ਦਾਇਰਾ ਹਰ ਦਿਨ ਸੁੰਗੜ ਰਿਹਾ ਹੈ। ਪੂੰਜੀਵਾਦ ਦੇ ਇਸ ਦੌਰ ਵਿਚ ਦੁਨੀਆ ਦੀ ਬਹੁਗਿਣਤੀ ਨੂੰ ਇਸ ਦਾ ਇਲਮ ਨਹੀਂ ਕਿ ਉਨ੍ਹਾਂ ਨੂੰ ਕੀ ਬਣਾਇਆ ਜਾ ਰਿਹਾ ਹੈ। ਲੋਕ ਧਰਮਾਂ ਦੇ ਨਾਂਅ 'ਤੇ ਲੜ ਰਹੇ ਹਨ, ਖੈਰਾਂ ਖੈਰਾਤਾਂ ਲਈ ਧਰਨੇ ਦੇ ਰਹੇ ਹਨ, ਇਕ ਫਿਰਕਾ ਕਿਸੇ ਹੋਰ ਦੂਜੇ ਫਿਰਕੇ ਪ੍ਰਤੀ ਆਪਣੀ ਭੜਾਸ ਕੱਢ ਰਿਹਾ ਹੈ। ਇਕ ਧਰਮ ਦੇ ਲੋਕ ਦੂਜੇ ਧਰਮਾਂ ਤੋਂ ਆਪਣੇ ਆਪ ਨੂੰ ਖ਼ਤਰਾ ਸਮਝ ਕੇ ਇਸ ਨੂੰ ਜਿਊਣ ਮਰਨ ਦਾ ਸਵਾਲ ਬਣਾ ਰਹੇ ਹਨ। ਲੋਕ ਆਪਸ ਵਿਚ ਲੜਦੇ ਰਹਿਣ। ਉਨ੍ਹਾਂ ਨੂੰ ਲੜਾਉਣ ਮਰਾਉਣ ਵਾਲਿਆਂ ਦੀ ਗਿਣਤੀ ਵਧਦੀ ਰਹੇ। ਇਹ ਵਰਤਾਰਾ ਸਮਾਜ ਦੇ ਹਰ ਵਰਗ, ਹਰ ਧਰਮ, ਹਰ ਫਿਰਕੇ ਦੇ ਲੋਕਾਂ ਲਈ ਬੇਹੱਦ ਘਾਤਕ ਹੁੰਦਾ ਹੈ ਅਤੇ ਪੂੰਜੀਵਾਦੀ ਤਾਕਤਾਂ ਲਈ ਕੰਮ ਕਰਨ ਦਾ ਇਹ ਸਭ ਤੋਂ ਢੁੱਕਵਾਂ ਸਮਾਂ ਹੁੰਦਾ ਹੈ। ਜੇਕਰ ਸਮਾਜ ਵਿਚ ਕਿਸੇ ਤਰ੍ਹਾਂ ਦੀ ਬੇਚੈਨੀ ਨਾ ਹੋਵੇ ਤਾਂ ਵਿਵਸਥਾ ਨੂੰ ਚਲਾਉਣ ਵਾਲੀਆਂ ਤਾਕਤਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਡਰ ਅਤੇ ਭੈਅ ਦਾ ਬਣਾਉਟੀ ਮਾਹੌਲ ਪੈਦਾ ਕੀਤਾ ਜਾਵੇ। ਅਜਿਹੀ ਸਥਿਤੀ ਵਿਚ ਆਮ ਲੋਕ ਧਰਮ ਕਰਮ ਦੇ ਨਾਂਅ 'ਤੇ ਲੜ ਕੇ ਆਪਣੀ ਤਾਕਤ ਆਪਸੀ ਲੜਾਈਆਂ ਵਿਚ ਖ਼ਰਚ ਕਰਦੇ ਰਹਿੰਦੇ ਹਨ। ਇਸ ਸਭ ਕੁਝ ਦੌਰਾਨ ਜਿਸ ਪਾਸੇ ਹਰ ਵਰਗ, ਹਰ ਧਰਮ ਦੇ ਲੋਕਾਂ ਦੀ ਗੁਲਾਮੀ ਦੇ ਰੱਸੇ-ਵੱਟੇ ਜਾ ਰਹੇ ਹੁੰਦੇ ਹਨ ਉਸ ਪਾਸੇ ਉਨ੍ਹਾਂ ਦਾ ਧਿਆਨ ਨਹੀਂ ਜਾਂਦਾ।
ਅਮਰੀਕੀ ਲੇਖਿਕਾ ਨਿਊਮੀ ਕਲੇਨ ਆਪਣੀ ਪ੍ਰਸਿੱਧ ਪੁਸਤਕ, 'ਸਦਮਾ ਮੱਤ' ਵਿਚ ਲਿਖਦੀ ਹੈ, 'ਜਦੋਂ ਲੋਕ ਵੱਖ-ਵੱਖ ਤਰ੍ਹਾਂ ਦੇ ਸਦਮਿਆਂ ਵਿਚ ਡਰ ਨਾਲ ਸਹਿਮੇ ਹੋਣ ਤਾਂ ਪੂੰਜੀਵਾਦ ਲਈ ਕੰਮ ਕਰਨ ਦਾ ਸਭ ਤੋਂ ਢੁੱਕਵਾਂ ਸਮਾਂ ਹੁੰਦਾ ਹੈ।'
ਇਸ ਸਮੇਂ ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ ਵਿਚ ਭੁੱਖਮਰੀ, ਗਰੀਬੀ ਮੰਦਹਾਲੀ ਵਧ ਰਹੀ ਹੈ ਅਤੇ ਦੂਜੇ ਪਾਸੇ ਮੁਨਾਫੇ ਦੀ ਅੰਨ੍ਹੀ ਦੌੜ ਵਿਚ ਧਰਤੀ ਦੇ ਪੌਣ ਪਾਣੀ ਨੂੰ ਬੁਰੀ ਤਰ੍ਹਾਂ ਨਾਲ ਤਬਾਹ ਕੀਤਾ ਜਾ ਰਿਹਾ ਹੈ। ਵਿਕਸਤ ਮੁਲਕਾਂ ਵਿਚ ਵੀ ਬੇਕਾਰੀ, ਟੈਕਸਾਂ ਅਤੇ ਕਰਜ਼ਿਆਂ ਦਾ ਮਕੜਜਾਲ ਹਰ ਦਿਨ ਆਮ ਲੋਕਾਂ ਲਈ ਕਹਿਰ ਬਣ ਰਿਹਾ ਹੈ। ਸਾਡੇ ਨੌਜਵਾਨ ਰੁਜ਼ਗਾਰ ਦੀ ਮੰਗ ਕਰਨ ਦੀ ਬਜਾਏ ਬਾਹਰਲੇ ਮੁਲਕਾਂ ਵਿਚ ਆਪਣਾ ਭਵਿੱਖ ਤਲਾਸ਼ ਰਹੇ ਹਨ। ਇਸ ਪੂੰਜੀਵਾਦੀ ਵਿਵਸਥਾ ਵਿਚ ਇੱਥੇ ਰਹਿ ਗਏ ਅਤੇ ਬਾਹਰਲੇ ਮੁਲਕਾਂ ਵਿਚ ਜਾ ਰਹੇ ਬੱਚਿਆਂ ਨੂੰ ਚੰਗੇ ਮਜ਼ਦੂਰਾਂ ਦੇ ਰੂਪ ਵਿਚ ਵੇਖਿਆ ਜਾਣ ਲੱਗਾ ਹੈ। ਭਾਵ ਪੂੰਜੀਵਾਦ ਨੂੰ ਇਸ ਸਮੇਂ ਸਭ ਤੋਂ ਵੱਧ ਲੋੜ ਚੰਗੇ ਮਜ਼ਦੂਰਾਂ ਦੀ ਹੈ। ਇਸ ਵਰਤਾਰੇ ਨੂੰ ਸਮਝਣ ਲਈ ਅਸੀਂ ਵੇਖ ਸਕਦੇ ਹਾਂ ਕਿ ਕਿਵੇਂ ਦੇਸ਼ ਵਿਚ ਉੱਚ ਵਿਦਿਅਕ ਅਦਾਰੇ ਖੰਡਰ ਹੋ ਰਹੇ ਹਨ। ਵੱਡੇ-ਵੱਡੇ ਕਾਲਜ ਯੂਨੀਵਰਸਿਟੀਆਂ ਦੀ ਥਾਂ 'ਤੇ ਸਕੂਲ ਬਣਨੇ ਸ਼ੁਰੂ ਹੋ ਗਏ ਹਨ। ਇਸ ਦਾ ਸਿੱਧਾ ਅਰਥ ਇਹ ਹੈ ਕਿ ਮਜ਼ਦੂਰਾਂ ਨੇ ਜਿੱਥੇ ਜਾ ਕੇ ਮਜ਼ਦੂਰੀ ਕਰਨੀ ਹੈ ਉੱਥੇ ਉਨ੍ਹਾਂ ਨੂੰ ਉਸ ਦੇਸ਼ ਦੀ ਭਾਸ਼ਾ ਆਉਂਦੀ ਹੋਣੀ ਚਾਹੀਦੀ ਹੈ। ਪੂੰਜੀਵਾਦੀ ਵਿਵਸਥਾ ਨੂੰ ਚੰਗੇ ਮਜ਼ਦੂਰਾਂ ਦੀ ਲੋੜ ਹੈ ਨਾ ਕਿ ਵਿਵੇਕਸ਼ੀਲ ਮਨੁੱਖਾਂ ਦੀ। ਬਲਕਿ ਵਿਵੇਕਸ਼ੀਲ ਮਨੁੱਖ ਵਿਵਸਥਾ ਲਈ ਖ਼ਤਰਾ ਬਣ ਸਕਦਾ ਹੈ। ਉੱਚ ਵਿਦਿਆ ਦਾ ਭੋਗ ਪਾ ਕੇ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ ਜਾ ਰਹੇ ਹਨ। ਦੁਨੀਆ ਭਰ ਵਿਚ ਮਜ਼ਦੂਰਾਂ ਦੀਆਂ ਯੂਨੀਅਨਾਂ ਜਾਂ ਤਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ ਜਾਂ ਉਹ ਸਾਹਸਤਹੀਣ ਬਣਾ ਦਿੱਤੀਆਂ ਗਈਆਂ ਹਨ। ਪਹਿਲਾਂ ਲੋਕ ਸਰਕਾਰੀ ਨੌਕਰੀਆਂ ਦੀ ਝਾਕ ਰੱਖਦੇ ਸਨ। ਪੂੰਜੀਵਾਦੀ ਕਾਰਪੋਰੇਸ਼ਨਾਂ ਨੇ ਜਨਤਕ ਅਦਾਰਿਆਂ 'ਤੇ ਕਾਬਜ਼ ਹੋ ਕੇ ਲੋਕਾਂ ਦੀ ਉਹ ਝਾਕ ਹੁਣ ਖ਼ਤਮ ਕਰ ਦਿੱਤੀ ਹੈ। ਇਸੇ ਹੀ ਸਮੇਂ ਦੌਰਾਨ ਪੂੰਜੀਵਾਦ ਦੇ ਬਗਲ ਬੱਚੇ ਤੇ ਸਾਡੇ ਰਾਜਸੀ ਆਕਾਵਾਂ ਨੇ ਲੋਕਾਂ ਵਿਚ ਇਹ ਆਸ ਜਗਾਈ ਕਿ ਪ੍ਰਾਈਵੇਟ ਕੰਪਨੀਆਂ ਆਪਣੇ ਕਾਰੋਬਾਰ ਕਰਨਗੀਆਂ ਤੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਉਹ ਆਸ ਵੀ ਹੁਣ ਟੁੱਟਣੀ ਸ਼ੁਰੂ ਹੋ ਗਈ ਹੈ। ਸਮਾਜ ਦੀ ਵੱਡੀ ਗਿਣਤੀ ਪੜ੍ਹ ਲਿਖ ਕੇ ਪਹਿਲਾਂ ਸਰਕਾਰੀ ਨੌਕਰੀ ਲੱਭਦੀ ਸੀ। ਫਿਰ ਉਨ੍ਹਾਂ ਨੂੰ ਪ੍ਰ੍ਰਾਈਵੇਟ ਨੌਕਰੀ ਦੀ ਆਸ ਬਣੀ। ਹੁਣ ਗੱਲ ਉਸ ਤੋਂ ਅਗਾਂਹ ਚਲੀ ਗਈ। ਹੁਣ ਪ੍ਰਾਈਵੇਟ ਕੰਪਨੀਆਂ ਨੇ ਕੰਮ ਲਈ ਅਜਿਹੀ ਜੁਗਤ ਲੱਭ ਲਈ ਜਿਸ ਨਾਲ ਕਿਸੇ ਕੰਮ ਦਾ ਠੇਕਾ ਕਿਸੇ ਇਕ ਮਜ਼ਦੂਰ ਨੂੰ ਦੇ ਦਿੱਤਾ ਜਾਂਦਾ ਹੈ, ਉਹ ਜਿਵੇਂ ਮਰਜ਼ੀ ਕੰਮ ਕਰਵਾਏ ਜਿੱਥੋਂ ਜਿਹੜੇ ਮਰਜ਼ੀ ਮਜ਼ਦੂਰ ਲੱਭ ਕੇ ਲਿਆਵੇ। ਇਹ ਨਵੀਂ ਦੁਨੀਆ ਵਿਚ ਮੁਲਾਜ਼ਮਾਂ/ਮਜ਼ਦੂਰਾਂ ਦੀ ਨਵੀਂ ਕਿਸਮ ਦੀ ਗੁਲਾਮੀ ਦਾ ਦੌਰ ਹੈ ਜਿਸ ਵਿਚ ਉਨ੍ਹਾਂ ਦੇ ਕਿਸੇ ਤਰ੍ਹਾਂ ਦੇ ਹੱਕ ਹਕੂਕ ਨਹੀਂ ਹੋਣਗੇ ਨਾ ਹੀ ਕੋਈ ਸੁਣਵਾਈ ਹੋਵੇਗੀ। ਪੈਨਸ਼ਨ ਤਾਂ ਦੂਰ ਦਿਹਾੜੀ ਦੀ ਵੀ ਗਰੰਟੀ ਨਹੀਂ ਹੋਵੇਗੀ। ਕੰਮ ਕਰਨ ਦੇ ਘੰਟਿਆਂ ਦਾ ਕੋਈ ਹਿਸਾਬ-ਕਿਤਾਬ ਨਹੀਂ। ਆਪਣੇ ਹੱਕਾਂ ਲਈ ਹੜਤਾਲਾਂ ਮੁਜ਼ਾਹਰੇ ਕਰਨੇ ਤਾਂ ਬੀਤੇ ਦੀਆਂ ਬਾਤਾਂ ਬਣ ਗਏ ਹਨ
ਵਿਕਸਿਤ ਮੁਲਕਾਂ ਵਿਚ ਵੀ ਇਕ ਛੋਟਾ ਜਿਹਾ ਘਰ ਲੈਣ ਵਾਲੇ ਲਈ ਗੁਲਾਮੀ ਦੀ ਅਜਿਹੀ ਵਿਵਸਥਾ ਸਿਰਜ ਦਿੱਤੀ ਜਾਂਦੀ ਹੈ, ਜਿਸ ਵਿਚ ਮਜ਼ਦੂਰਾਂ ਦੀ ਪੂਰੀ ਜ਼ਿੰਦਗੀ ਘਰ ਦੀਆਂ ਕਿਸ਼ਤਾਂ ਲਾਹੁੰਦਿਆਂ ਲੰਘ ਜਾਂਦੀ ਹੈ। ਦੂਜੇ ਪਾਸੇ ਪੂਰੀ ਦੁਨੀਆ ਦੀ ਅੱਧੀ ਦੌਲਤ 1 ਫ਼ੀਸਦੀ ਪੂੰਜੀਪਤੀਆਂ ਕੋਲ ਹੈ। ਹਰ ਪੁੱਠੇ ਸਿੱਧੇ ਢੰਗ ਨਾਲ ਪੈਸੇ ਨੂੰ ਇਕ -ਦੂਜੇ ਤੋਂ ਵੱਧ ਇਕੱਠਾ ਕਰਨ ਲਈ ਇਨ੍ਹਾਂ ਪੂੰਜੀਪਤੀਆਂ ਵਿਚ ਵੀ ਦੌੜ ਲੱਗੀ ਹੋਈ ਹੈ। ਕੋਸ਼ਿਸ਼ ਇਹ ਹੈ ਆਮ ਲੋਕ ਕਰਜ਼ਿਆਂ ਦੇ ਮਕੜਜਾਲ ਤੋਂ ਬਾਹਰ ਨਾ ਆਉਣ। ਸਾਰੀ-ਸਾਰੀ ਉਮਰ ਕਿਸ਼ਤਾਂ ਭਰਦੇ ਰਹਿਣ, ਉਨ੍ਹਾਂ ਨੂੰ ਰੋਟੀ, ਕੱਪੜੇ, ਬਿਜਲੀ, ਨੈੱਟਵਰਕ ਤੇ ਹੋਰ ਜ਼ਰੂਰੀ ਲੋੜਾਂ ਤੱਕ ਸੀਮਤ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਆਰਥਿਕ ਗੁਲਾਮੀ ਦੇ ਅਦ੍ਰਿਸ਼ ਸੰਗਲਾਂ ਨਾਲ ਨੂੜ ਕੇ ਪੂਰੀ ਦੁਨੀਆ ਨੂੰ ਇਕ ਅਦ੍ਰਿਸ਼ ਜੇਲ੍ਹ ਵਿਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਅਫ਼ਸੋਸ ਦੀ ਗੱਲ ਇਹ ਹੈ ਕਿ ਇਸ ਅਦ੍ਰਿਸ਼ ਗੁਲਾਮੀ ਦਾ ਅਹਿਸਾਸ ਦੁਨੀਆ ਦੇ 1 ਫ਼ੀਸਦੀ ਲੋਕਾਂ ਨੂੰ ਵੀ ਨਹੀਂ ਹੋ ਰਿਹਾ।
ਪੂੰਜੀਵਾਦੀ ਬਾਜ਼ਾਰਾਂ ਵਿਚ ਪੈਸੇ ਨੂੰ ਇਸ ਤਰ੍ਹਾਂ ਨਹੀਂ ਵੇਖਿਆ ਜਾਂਦਾ ਜਿਵੇਂ ਅਸੀਂ ਆਮ ਲੋਕ ਦੇਖਦੇ ਹਾਂ ਬਲਕਿ ਤਰਲ ਰੂਪ ਵਿਚ ਵੇਖਿਆ ਜਾਂਦਾ ਹੈ। ਇੱਥੇ ਪੈਸੇ ਨੂੰ ਚੋਗੇ ਦੇ ਰੂਪ ਵਿਚ ਵੇਖਿਆ ਜਾਂਦਾ ਹੈ। ਪੂੰਜੀਵਾਦ ਬਾਜ਼ਾਰ ਕਿੱਲੋਆਂ ਵਿਚ ਪੈਸਾ ਬੀਜਦਾ ਹੈ ਅਤੇ ਕਈ ਕੁਇੰਟਲਾਂ ਵਿਚ ਇਸ ਦੀ ਫ਼ਸਲ ਚੁੱਕਦਾ ਹੈ। ਬਹੁਤ ਸੋਚ ਸਮਝ ਕੇ ਪੈਸਾ ਕਿਸੇ ਇਕ ਖੇਤਰ ਵੱਲ ਵਹਾਇਆ ਜਾਂਦਾ ਹੈ ਅਤੇ ਫਿਰ ਲੋਕਾਂ ਵਿਚ ਵਹਾ ਦਿੱਤੇ ਗਏ ਇਸ ਸਰਮਾਏ ਨੂੰ ਦੁੱਗਣਾ-ਚੌਗੁਣਾ ਕਰਕੇ ਕਿਵੇਂ ਇਕ ਜਗ੍ਹਾ 'ਤੇ ਇਕੱਤਰ ਕੀਤਾ ਜਾਣਾ ਹੈ ਇਸ ਲਈ ਨੀਤੀਆਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਨੀਤੀਆਂ ਦੀ ਸਮਝ ਆਮ ਲੋਕਾਂ ਨੂੰ ਤਾਂ ਕੀ ਬਹੁਤੇ ਰਾਜਸੀ ਨੇਤਾਵਾਂ ਨੂੰ ਵੀ ਨਹੀਂ ਹੁੰਦੀ। ਜਦੋਂ ਤੱਕ ਲੋਕਾਂ ਨੂੰ ਸਮਝ ਪੈਂਦੀ ਹੈ ਉਦੋਂ ਤੱਕ ਖੇਤ ਚੁਗੇ ਜਾ ਚੁੱਕੇ ਹੁੰਦੇ ਹਨ, ਵਿਰਾਨ ਹੋ ਗਏ ਹੁੰਦੇ ਹਨ।
ਬਹੁਗਿਣਤੀ ਦੇਸ਼ਾਂ ਵਿਚ ਪੂੰਜੀਵਾਦੀ ਸਰਮਾਏ ਨਾਲ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ ਦੇ ਸਾਧਨਾਂ ਅਤੇ ਕਰਮ ਖੇਤਰਾਂ ਦੇ ਕਾਬਜ਼ ਹੋਣ ਦੀ ਕਵਾਇਦ ਚੱਲ ਰਹੀ ਹੈ। ਆਨ- ਲਾਈਨ ਬਾਜ਼ਾਰ ਨੇ ਹਰ ਤਰ੍ਹਾਂ ਦੀ ਦੁਕਾਨਦਾਰੀ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਬੜੀ ਜਲਦੀ ਦੁਕਾਨਾਂ ਦੇ ਮਾਲਕਾਂ ਦੀਆਂ ਔਲਾਦਾਂ ਆਨ- ਲਾਈਨ ਪੂੰਜੀਪਤੀਆਂ ਦੇ ਕਰਿੰਦੇ ਬਣ ਕੇ ਰਹਿ ਜਾਣਗੀਆਂ। ਆਨਲਾਈਨ ਰੋਟੀ ਦਾ ਬਾਜ਼ਾਰ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਵੱਡੀਆਂ ਕੰਪਨੀਆਂ ਸਾਮਾਨ ਦੀ ਡਲਿਵਰੀ ਕਰਨ ਵਾਲੇ ਹਲਕੇ ਹਵਾ ਵਿਚ ਉੱਡਣ ਵਾਲੇ ਰੋਬੋਟ ਤਿਆਰ ਕਰ ਰਹੀਆਂ ਹਨ। ਆਨਲਾਈਨ ਰੋਟੀ ਦੇ ਬਾਜ਼ਾਰ ਦੀ ਕੋਸ਼ਿਸ਼ ਰਹੇਗੀ ਕਿ ਮੁਫ਼ਤ ਦੇ ਮੋਬਾਇਲ ਫੋਨ ਵਾਂਗ ਬੜੀ ਸਸਤੀ ਰੋਟੀ ਨੂੰ ਬਾਜ਼ਾਰ ਵਿਚ ਉਤਾਰਿਆ ਜਾਵੇ ਜਦੋਂ ਤੁਸੀਂ ਘਰ ਦਾ ਚਕਲਾ-ਵੇਲਣਾ, ਤਵਾ-ਪਰਾਤ, ਦੌਰੀ-ਡੰਡਾ ਤੇ ਹੋਰ ਭਾਂਡੇ-ਟੀਂਡੇ ਵੇਚ ਦਿਓਗੇ ਤਾਂ ਮੁੜ ਇਸੇ ਰੋਟੀ ਤੋਂ ਤੁਹਾਡੇ ਨਾਲ ਪਿਛਲਾ ਹਿਸਾਬ-ਕਿਤਾਬ ਵੀ ਬਰਾਬਰ ਕਰ ਲਿਆ ਜਾਵੇਗਾ। ਇਹ ਸਭ ਤਰ੍ਹਾਂ ਦਾ ਵਾਣ ਰੱਸਾ ਆਮ ਮਨੁੱਖ ਦੀ ਗੁਲਾਮੀ ਨੂੰ ਹੋਰ ਪੀੜਾ ਕਰਨ ਲਈ ਵੱਟਿਆ ਜਾ ਰਿਹਾ ਹੈ।
ਇਸ ਵਿਵਸਥਾ ਵਿਚ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ ਕਿ ਸ਼ਾਇਦ ਜੋ ਵਰਤਾਰੇ ਚੱਲ ਰਹੇ ਹਨ ਉਹ ਕਿਸੇ ਇਕ ਫ਼ਿਰਕੇ ਜਾਂ ਇਕ ਧਰਮ ਨੂੰ ਨਿਸ਼ਾਨਾ ਬਣਾਉਣ ਲਈ ਹਨ ਪਰ ਪੂੰਜੀਵਾਦ ਦਾ ਕੋਈ ਧਰਮ ਨਹੀਂ ਹੁੰਦਾ। ਪੂੰਜੀਵਾਦ ਦੇ ਗਲਿਆਰਿਆਂ ਵਿਚ ਕਰਮ ਸਿੰਘ, ਕਰਮ ਚੰਦ ਤੇ ਕਰਮਦੀਨ ਸਭ ਨਾਲ ਇਕੋ ਜਿਹਾ ਸਲੂਕ ਕੀਤਾ ਜਾਵੇਗਾ। ਉਂਝ ਅਸੀਂ ਧਰਮਾਂ ਮਜ਼ਹਬਾਂ ਦੇ ਨਾਂਅ 'ਤੇ ਲੜੀ ਮਰੀ ਜਾਈਏ, ਮਾਰਧਾੜ ਚੱਲਦੀ ਰਹੇ, ਤੇ ਸਾਡਾ ਧਿਆਨ ਜੀਵਨ ਦੇ ਬੁਨਿਆਦੀ ਸਵਾਲਾਂ ਵੱਲ ਨਾ ਜਾਵੇ ਤਾਂ ਇਹ ਉਨ੍ਹਾਂ ਲਈ ਬੜੀ ਚੰਗੀ ਗੱਲ ਹੈ।
ਪੁਲਾੜ ਵਿਚ ਘੁੰਮ ਰਹੇ ਸੈਟੇਲਾਈਟ ਤੋਂ ਲੈ ਕੇ ਖਾਣੇ ਤੱਕ ਪੂੰਜੀਵਾਦੀ ਤਾਕਤਾਂ ਕਾਬਜ਼ ਹੋ ਰਹੀਆਂ ਹਨ। ਕੁਝ ਸਾਲ ਪਹਿਲਾਂ ਖੱਬੇ ਪੱਖੀ ਵਿਚਾਰਕ ਵਿਦਵਾਨ ਅਰਥਸ਼ਾਸਤਰੀ ਇਹ ਸੋਚਦੇ ਸਨ ਕਿ ਦੁਨੀਆ ਵਿਚ ਜਿਵੇਂ-ਜਿਵੇਂ ਵਿਗਿਆਨ ਦਾ ਪਾਸਾਰ ਹੋਵੇਗਾ ਮਨੁੱਖ ਦੀ ਗੁਲਾਮੀ ਦੇ ਸੰਗਲ ਉਵੇਂ-ਉਵੇਂ ਉਸੇ ਅਨੁਪਾਤ ਵਿਚ ਟੁੱਟਦੇ ਜਾਣਗੇ। ਪਰ ਉਨ੍ਹਾਂ ਦੀ ਇਹ ਧਾਰਨਾ ਗ਼ਲਤ ਸਾਬਤ ਹੋਈ ਹੈ। ਪੂੰਜੀਵਾਦੀ ਤਾਕਤਾਂ ਨੇ ਵਿਗਿਆਨਕ ਖੋਜਾਂ ਨੂੰ ਹੁਣ ਆਪਣੀਆਂ ਰਖੇਲਾਂ ਬਣਾ ਲਿਆ ਹੈ। ਖੋਜਾਂ ਕਰਨ ਵਾਲੇ ਦਿਮਾਗ਼ ਸਮਾਜ ਦੀ ਬਜਾਏ ਵੱਡੀਆਂ ਕਾਰਪੋਰੇਟ ਕੰਪਨੀਆਂ ਦੇ ਮੁਨਾਫ਼ਿਆਂ ਲਈ ਕੰਮ ਕਰਨ ਲੱਗੇ ਹਨ। ਪੂੰਜੀਵਾਦੀ ਤਾਕਤਾਂ ਅਜਿਹਾ ਸੰਸਾਰ ਸਿਰਜਣ ਦੀ ਕੋਸ਼ਿਸ਼ ਵਿਚ ਹਨ ਜਿੱਥੇ ਕਿਸਾਨ, ਦੁਕਾਨਦਾਰ, ਮੁਲਾਜ਼ਮ, ਕਾਰੋਬਾਰ ਕਰਨ ਵਾਲੇ ਲੋਕ ਨਾ ਹੋਣ ਬਲਕਿ ਇਹ ਲੋਕ ਕਾਰਪੋਰੇਸ਼ਨਾਂ ਦੇ ਗ਼ੁਲਾਮ ਤੇ ਕਰਿੰਦੇ ਹੋਣ। ਇਸ ਟੀਚੇ ਨੂੰ ਸੌਖਿਆਂ ਤਾਂ ਪੂਰਾ ਨਹੀਂ ਨਾ ਕੀਤਾ ਜਾ ਸਕਦਾ, ਇਸ ਨੂੰ ਪੂਰਾ ਕਰਨ ਲਈ ਪੂੰਜੀਵਾਦ ਨੂੰ ਪੂਰਾ-ਪੂਰਾ ਬਿਜਲਈ ਮੀਡੀਆ ਵੀ ਚਾਹੀਦਾ ਹੈ, ਪੂਰੀ ਧਰਤੀ ਚਾਹੀਦੀ ਹੈ, ਪਾਣੀ ਤੇ ਗਲਬੇ ਦੀ ਲੋੜ ਹੈ, ਲੋਹਾ, ਕੋਲਾ, ਜੰਗਲ, ਦਰਿਆ, ਰੇਲਾਂ, ਹਵਾਈ ਅੱਡੇ, ਮੋਬਾਈਲ ਨੈੱਟਵਰਕ, ਬੰਦਰਗਾਹਾਂ, ਪ੍ਰੈੱਸ, ਬਿਜਲੀ, ਸੜਕਾਂ, ਗੱਲ ਕੀ ਸਮੁੰਦਰ ਤੋਂ ਲੈ ਕੇ ਪੁਲਾੜ ਤੱਕ ਸਭ ਕੁਝ ਚਾਹੀਦਾ ਹੈ ਤੇ ਇਹ ਸਭ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ। ਇਸ ਵਿਵਸਥਾ ਨੂੰ ਜੇਕਰ ਨਹੀਂ ਚਾਹੀਦੇ ਤਾਂ ਵਿਵੇਕਸ਼ੀਲ ਮਨੁੱਖ ਨਹੀਂ ਚਾਹੀਦੇ। ਉਹ ਲੋਕ ਨਹੀਂ ਚਾਹੀਦੇ ਜੋ ਇਸ ਧਰਤੀ ਦੀ ਖੈਰ ਮੰਗਦੇ ਹੋਣ। ਅਜਿਹਾ ਕਰਨ ਵਾਲਿਆਂ 'ਤੇ ਦੇਸ਼ ਧਿਰੋਹੀ ਦੇ ਲੇਬਲ ਲਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਡੱਕਿਆ ਜਾਵੇਗਾ। ਪੂੰਜੀਵਾਦੀ ਵਿਵਸਥਾ ਨੂੰ ਉਹ ਲੋਕ ਨਹੀਂ ਚਾਹੀਦੇ ਜੋ ਸਮੁੱਚੀ ਮਾਨਵਤਾ ਦੇ ਹੱਕ ਹਕੂਕ ਦੀ ਗੱਲ ਕਰਦੇ ਹੋਣ। ਬਲਕਿ ਉਨ੍ਹਾਂ ਲੋਕਾਂ ਦੀ ਲੋੜ ਹੈ ਜੋ ਲੋਕਾਂ ਨੂੰ ਆਪਸੀ ਲੜਾਈਆਂ ਵਿਚ ਉਲਝਾ ਕੇ ਰੱਖਣ ਤਾਂ ਕਿ ਵਿਵੇਕਹੀਣ ਉਹ ਜਮਾਤਾਂ ਪੈਦਾ ਕੀਤੀਆਂ ਜਾਣ ਜੋ ਆਪਣੀ ਲੋਕ ਸ਼ਕਤੀ ਨੂੰ ਆਪਸੀ ਲੜਾਈ ਵਿਚ ਖ਼ਰਚੀ ਜਾਏ।
ਇਸ ਸਮੇਂ ਪੂਰੀ ਦੁਨੀਆ ਨੂੰ ਕਾਰਪੋਰੇਟ ਤਰਜੀਹਾਂ ਅਨੁਸਾਰ ਚਲਾਇਆ ਜਾ ਰਿਹਾ ਹੈ। ਇਸ 'ਤੇ ਚਲਦਿਆਂ ਇਕ ਅਜਿਹਾ ਭ੍ਰਿਸ਼ਟ ਨਿਜ਼ਾਮ ਪੈਦਾ ਕੀਤਾ ਗਿਆ ਹੈ ਜੋ ਧਰਤੀ-ਹਵਾ-ਪਾਣੀ ਨੂੰ ਬੇਕਿਰਕ ਹੋ ਕੇ ਬਰਬਾਦ ਕਰ ਰਿਹਾ ਹੈ। ਅਜਿਹਾ ਨਿਜ਼ਾਮ ਜਿਸ ਸਾਹਮਣੇ ਅਦਾਲਤਾਂ-ਕਚਹਿਰੀਆਂ ਦੇ ਕਾਨੂੰਨ ਨੇਮ ਗੋਡੇ ਟੇਕ ਲੈਂਦੇ ਹਨ। ਅਜਿਹਾ ਨਿਜ਼ਾਮ ਜਿਸ ਵਿਚ, ਜੇਕਰ ਲੋਕਾਂ ਨੇ ਲੋਕਤਾਂਤਰਿਕ ਢੰਗ ਨਾਲ ਆਪਣੀ ਰਾਜ ਕਰਦੀ ਧਿਰ ਨੂੰ ਬਦਲਣਾ ਵੀ ਹੈ ਤਾਂ ਘੁੰਮ-ਘੁਮਾ ਕੇ ਇਸ ਦਾ ਰਾਹ ਕਾਰਪੋਰੇਟ ਤਾਕਤਾਂ ਦੇ ਗਲਿਆਰਿਆਂ ਵਿਚੋਂ ਹੀ ਗੁਜ਼ਰਦਾ ਹੈ। ਇਸ ਨਿਜ਼ਾਮ 'ਤੇ ਚਲਦਿਆਂ ਦੁਨੀਆ ਭਰ ਵਿਚ ਭੁੱਖਮਰੀ, ਬੇਰੁਜ਼ਗਾਰੀ, ਗ਼ਰੀਬੀ ਮੰਦਹਾਲੀ, ਇਲਾਜ ਲਈ ਵਿਲਕਦੇ ਥੁੜਾਂ ਮਾਰੇ ਕਰੋੜਾਂ ਲੋਕਾਂ ਦੀ ਜੂਨ ਬਦ ਤੋਂ ਬਦਤਰ ਹੋ ਰਹੀ ਹੈ। ਪੂੰਜੀਵਾਦ ਦੀਆਂ ਲੋਕ ਮਾਰੂ ਨੀਤੀਆਂ ਨੂੰ ਸਮਝਣ ਲਈ ਲੋਕਾਂ ਨੂੰ ਜਾਗਣਾ, ਸਮਝਣਾ ਪਵੇਗਾ ਅਤੇ ਇਨ੍ਹਾਂ ਨੀਤੀਆਂ ਖਿਲਾਫ਼ ਲਾਮਬੰਦ ਹੋਣਾ ਹੋਵੇਗਾ।
ਜੀਰਾ, ਸੰਪਰਕ : 9855051099
ਵਕਤ ਖੁੰਝਿਆ : ਨਸ਼ਿਆਂ ਨੇ ਸਮੱਸਿਆਵਾਂ ਵਧਾਈਆਂ - ਗੁਰਚਰਨ ਸਿੰਘ ਨੂਰਪੁਰ
ਜਦੋਂ ਕਿਸੇ ਸਮੱਸਿਆ ਦਾ ਹੱਲ ਵਕਤ ਸਿਰ ਨਹੀਂ ਹੁੰਦਾ ਤਾਂ ਉਹ ਸਮੱਸਿਆ ਅਗਾਂਹ ਹੋਰ ਕਈ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਨਸ਼ਿਆਂ ਦੀ ਅੱਗ ਨਾਲ ਬਲ ਰਿਹਾ ਹੈ। ਘਰ ਟੁੱਟ ਰਹੇ ਹਨ। ਚੂੜਿਆਂ ਵਾਲੀਆਂ ਦੇ ਸੁਹਾਗ ਅਤੇ ਭੈਣਾਂ ਦੇ ਵੀਰ ਆਤਮਘਾਤ ਦੇ ਰਾਹ ਪੈ ਗਏ ਹਨ। ਹਰ ਪਿੰਡ ਸ਼ਹਿਰ ਵਿਚ ਮਾਵਾਂ ਦੇ ਵਿਰਲਾਪ ਹਨ। ਅਸੀਂ ਸੋਚਦੇ ਹਾਂ ਕਿ ਸਰਕਾਰਾਂ ਦੇ ਕੰਨ ਬੋਲੇ ਹੋ ਗਏ ਹਨ, ਉਨ੍ਹਾਂ ਨੂੰ ਇਹ ਵਿਰਲਾਪ ਸੁਣਦਾ ਨਹੀਂ ਪਰ ਹਕੀਕਤ ਇਹ ਨਹੀਂ। ਹਕੀਕਤ ਇਹ ਹੈ ਕਿ ਹੁਣ ਅਸੀਂ ਉਸ ਦੌਰ ਵਿਚ ਦਾਖ਼ਲ ਹੋ ਗਏ ਹਾਂ ਜਿੱਥੇ ਲੋਕਾਂ ਦੇ ਹਉਕਿਆਂ ਹੰਝੂਆਂ ਦੁੱਖਾਂ ਦਰਦਾਂ ਵਿਚੋਂ ਵੀ ਕਾਰੋਬਾਰ ਦੇਖਿਆ ਜਾਣ ਲੱਗ ਪਿਆ ਹੈ।
ਸੰਸਾਰ ਪ੍ਰਸਿੱਧ ਅਮਰੀਕੀ ਲੇਖਕ ਨਿਊਮੀ ਕਲੇਨ ਆਪਣੀ ਕਿਤਾਬ ‘ਸਦਮਾ ਸਿਧਾਂਤ’ (Shock 4octrine) ਵਿਚ ਲਿਖਦੀ ਹੈ ਕਿ ਅਵਾਮ ਨੂੰ ਨਿੱਸਲ ਕਰਕੇ ਰੱਖਣ ਲਈ ਸਮੇਂ ਸਮੇਂ ਅਨੁਸਾਰ ਸੋਚੀ ਸਮਝੀ ਰਣਨੀਤੀ ਤਹਿਤ ਅਜਿਹੇ ਸਦਮੇ ਦਿੱਤੇ ਜਾਂਦੇ ਹਨ ਕਿ ਲੋਕ ਸਾਹ-ਸਤਹੀਣ ਹੋ ਜਾਣ। ਲੋਕਾਂ ਦੀ ਅਣਖ, ਗੈਰਤ ਅਤੇ ਹੌਸਲਾ ਪਸਤ ਕਰਨ ਲਈ ਵੱਡੇ ਸਦਮੇ ਦਿੱਤੇ ਜਾਂਦੇ ਹਨ ਤਾਂ ਕਿ ਲੋਕ ਸਥਾਪਤੀ ਖ਼ਿਲਾਫ਼ ਆਵਾਜ ਨਾ ਉਠਾ ਸਕਣ। ਨਸ਼ਾ ਅਜਿਹਾ ਵੱਡਾ ਸਦਮਾ ਹੈ ਜਿਸ ਨਾਲ ਪੰਜਾਬ ਦੀ ਜਵਾਨੀ ਦਾ ਖਾਤਮਾ ਹੋ ਰਿਹਾ ਹੈ। ਹਰ ਰੋਜ਼ ਦੋ ਤਿੰਨ ਨੌਜੁਆਨਾਂ ਦੀਆਂ ਮੌਤਾਂ ਦੀਆਂ ਖਬਰਾਂ ਨਸ਼ਰ ਹੋ ਰਹੀਆਂ ਹਨ। ਉਂਜ, ਇਹ ਅਖਬਾਰੀ ਅੰਕੜੇ ਹਨ, ਹਕੀਕਤ ਇਸ ਤੋਂ ਕਿਤੇ ਭਿਆਨਕ ਹੈ। ਸਰਕਾਰ ਵੱਲੋਂ ਹੁਣ ਤੱਕ ਕੋਈ ਅਜਿਹੀ ਪਹਿਲ ਕਦਮੀ ਅਜੇ ਤੱਕ ਨਜ਼ਰ ਨਹੀਂ ਆਈ ਜਿਸ ਤੋਂ ਇਹ ਆਸ ਬੱਝਦੀ ਹੋਵੇ ਕਿ ਇਹ ਇਸ ਸਮੱਸਿਆ ਬਾਰੇ ਸੁਹਿਰਦ ਹੈ। ਲੋਕ ਹੁਣ ਨਸ਼ਿਆਂ ਦੇ ਛੋਟੇ ਮੋਟੇ ਸੌਦਾਗਰਾਂ ਨੂੰ ਆਪ ਫੜ ਕੇ ਪੁਲੀਸ ਹਵਾਲੇ ਕਰਨ ਲੱਗ ਪਏ ਹਨ।
ਪੰਜਾਬ ਦਾ ਭਲਾ ਚਾਹੁਣ ਵਾਲਾ ਹਰ ਬੰਦਾ ਸੋਚਦਾ ਹੈ ਕਿ ਸਰਕਾਰ ਨੂੰ ਨਸ਼ੇ ਵੇਚਣ ਵਾਲਿਆਂ ਨੂੰ ਫੜਨਾ ਚਾਹੀਦਾ ਹੈ, ਇਹੀ ਸ਼ਾਇਦ ਸਾਡਾ ਸਭ ਤੋਂ ਵੱਡਾ ਭੁਲੇਖਾ ਹੈ। ਇੱਥੇ ਵਿਚਾਰ ਕਰਨ ਵਾਲੇ ਦੋ ਸਵਾਲ ਹਨ : ਪਹਿਲਾ, ਜੇ ਪੰਜਾਬ ਦੀਆਂ ਜੇਲ੍ਹਾਂ ਵਿਚ ਹੀ ਨਸ਼ੇ ਬੰਦ ਨਹੀਂ ਹੋ ਰਹੇ ਤਾਂ ਪਿੰਡਾਂ ਸ਼ਹਿਰਾਂ ਵਿਚ ਕਿਵੇਂ ਹੋਣਗੇ? ਦੂਜਾ, ਕਿਹੜੇ ਲੋਕਾਂ ਜੇਲ੍ਹ ਭੇਜਿਆ ਜਾ ਰਿਹਾ ਹੈ ਅਤੇ ਸਜ਼ਾ ਕੀ ਮਿਲ ਰਹੀ ਹੈ? ਮੋਗਾ ਜ਼ਿਲ੍ਹੇ ਵਿਚ ਪੈਂਦੇ ਪਿੰਡ ਦੌਲੇਵਾਲਾ ਵਿਚ ਕੁਝ ਲੋਕ ਅਜਿਹੇ ਹਨ ਜਿਨ੍ਹਾਂ ਤੇ ਨਸ਼ਿਆਂ ਦੇ ਦਰਜਨਾਂ ਕੇਸ ਦਰਜ ਹੋਏ ਅਤੇ ਇਹ ਲੋਕ ਜਦੋਂ ਬਾਹਰ ਆਉਂਦੇ ਹਨ, ਦੁਬਾਰਾ ਇਹੀ ਕੰਮ ਕਰਦੇ ਹਨ। ਇਸ ਲਈ ਅਜਿਹੇ ਲੋਕਾਂ ਖ਼ਿਲਾਫ਼ ਹੁਣ ਸਿਰਫ ਪਰਚੇ/ਜੇਲ੍ਹਾਂ ਇਸ ਸਮੱਸਿਆ ਦਾ ਹੱਲ ਨਹੀਂ ਹੈ। ਨਾਲੇ ਵਿਵਸਥਾ ਇੰਨੀ ਨਿੱਘਰ ਗਈ ਹੈ ਕਿ ਅਸਲ ਦੋਸ਼ੀ ਨੂੰ ਤਾਂ ਸਜ਼ਾ ਨਹੀਂ ਦਿੱਤੀ ਜਾ ਰਹੀ।
ਪਿੰਡਾਂ ਵਿਚ ਹੁਣ ਦੇਖਾ-ਦੇਖੀ ਨਸ਼ਾ ਵਿਕਣ ਲੱਗ ਪਿਆ ਹੈ। ਉਹ ਲੋਕ ਜਿਨ੍ਹਾਂ ਕੋਲ ਚੰਗੀ ਜਾਇਦਾਦ ਹੈ, ਉਹ ਵੀ ਹੱਥ ਰੰਗਣ ਲਈ ਬੇਤਾਬ ਹਨ। ਹਰ ਦਿਨ ਨਸ਼ੇ ਦੇ ਵਿਕਰੇਤਾ ਵਧ ਰਹੇ ਹਨ। ਮੋਗਾ ਅਤੇ ਫਿਰੋਜ਼ਪੁਰ ਦੇ ਇਲਾਕੇ ਵਿਚ ਪਹਿਲਾਂ ਪਿੰਡ ਦੌਲੇਵਾਲਾ ਨੂੰ ਨਸ਼ਿਆਂ ਦੀ ਰਾਜਧਾਨੀ ਕਿਹਾ ਜਾਂਦਾ ਸੀ ਪਰ ਹੁਣ ਇਨ੍ਹਾਂ ਜ਼ਿਲ੍ਹਿਆਂ ਦੇ ਕਈ ਪਿੰਡ ਦੌਲੇਵਾਲਾ ਬਣ ਰਹੇ ਹਨ। ਇਸ ਸੂਰਤ ਵਿਚ ਹਾਲਾਤ ਬੜੀ ਭਿਆਨਕ ਹੋਵੇਗੀ, ਜਿਸ ਦਾ ਅਜੇ ਸਾਨੂੰ ਸ਼ਾਇਦ ਅੰਦਾਜ਼ਾ ਵੀ ਨਹੀਂ ਹੈ।
ਜਿਨ੍ਹਾਂ ਘਰਾਂ ਨੂੰ ਨਸ਼ੇ ਨੇ ਬਰਬਾਦ ਕੀਤਾ ਹੈ, ਉਨ੍ਹਾਂ ਦੀਆਂ ਕਹਾਣੀਆਂ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀਆਂ ਹਨ। ਬਹੁਤ ਸਾਰੇ ਅੱਲੜ ਉਮਰ ਦੇ ਮੁੰਡੇ ਇਕ ਦੋ ਵਾਰੀ ਸੁਆਦ ਦੇਖਣ ਕਾਰਨ ਹੀ ਨਸ਼ੇ ਦੀ ਆਦਤ ਦੇ ਸ਼ਿਕਾਰ ਹੋ ਗਏ। ਬਾਅਦ ਵਿਚ ਇਹਦੀ ਘਾਟ ਪੂਰੀ ਕਰਨ ਲਈ ਸਮੈਕ ਦੇ ਘੋਲ ਦੇ ਟੀਕੇ ਲਗਾ ਰਹੇ ਹਨ। ਟੀਕਾ ਲਾਉਣ ਵਾਲਾ ਨਸ਼ਈ ਬੜੀ ਜਲਦੀ ਮੌਤ ਦੇ ਮੂੰਹ ਵਿਚ ਜਾ ਪੈਂਦਾ ਹੈ। ਟੀਕੇ ਲਾਉਣ ਵਾਲੇ ਵੱਡੀ ਗਿਣਤੀ ਵਿਚ ਨੌਜੁਆਨ ਹੈਪੇਟਾਈਟਸ ਬੀ, ਹੈਪੇਟਾਈਟਸ ਸੀ ਅਤੇ ਐੱਚਆਈਵੀ ਦੇ ਸ਼ਿਕਾਰ ਬਣ ਰਹੇ ਹਨ। ਬਹੁਤ ਸਾਰੇ ਅਜਿਹੇ ਨੌਜੁਆਨ ਹਨ ਜਿਨ੍ਹਾਂ ਦਾ ਨਸ਼ੇ ਕਰਨ ਤੇ ਵੱਖਰਾ ਅਤੇ ਇਨ੍ਹਾਂ ਤੋਂ ਪੈਦਾ ਹੋਈਆਂ ਭਿਆਨਕ ਬਿਮਾਰੀਆਂ ਦੇ ਇਲਾਜ ਤੇ ਵੱਖਰਾ ਖਰਚ ਹੁੰਦਾ ਹੈ। ਭਿਆਨਕ ਰੋਗਾਂ ਤੋਂ ਪੀੜਤ ਇਹ ਨੌਜੁਆਨ ਇਨ੍ਹਾਂ ਬਿਮਾਰੀਆਂ ਨੂੰ ਅਗਾਂਹ ਹੋਰ ਲੋਕਾਂ ਤੱਕ ਫੈਲਾਉਣ ਦਾ ਕਾਰਨ ਵੀ ਬਣ ਰਹੇ ਹਨ।
ਗੋਲੀਆਂ-ਕੈਪਸੂਲ ਅਤੇ ਸਮੈਕ ਦੀ ਡੋਜ਼ ਲੈਣ ਵਾਲੇ ਨਸ਼ਈ ਜੋ ਖਾਸ ਤਰ੍ਹਾਂ ਦੇ ਮਨੋਵਿਕਾਰ ਦੇ ਸ਼ਿਕਾਰ ਹੋ ਜਾਂਦੇ ਹਨ, ਰੋਜ਼ਾਨਾ ਘਰਾਂ ਵਿਚ ਲੜਾਈਆਂ ਕਲੇਸ਼ ਕਰਦੇ ਹਨ, ਮਾਂ ਬਾਪ ਦੀ ਮਾਰ ਕੁੱਟ ਕਰਦੇ ਹਨ, ਅਜਿਹੇ ਜ਼ੁਲਮਾਂ ਦੇ ਸਤਾਏ ਮਾਂ ਬਾਪ ਪੱਲਿਓਂ ਪੈਸੇ ਖਰਚ ਕੇ ਇਨ੍ਹਾਂ ਨੂੰ ਨੌਜੁਆਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਰੱਖਣ ਵਿਚ ਆਪਣੀ ਭਲਾਈ ਸਮਝ ਰਹੇ ਹਨ। ਬਹੁਤ ਸਾਰੇ ਮਾਂ ਪਿਓ ਅਜਿਹੇ ਵੀ ਹਨ ਜੋ ਆਪਣੇ ਢਿੱਡੋਂ ਜਾਇਆਂ ਦੀ ਮੌਤ ਮੰਗਦੇ ਹਨ। ਪੰਜਾਬ ਵਿਚ ਕਦੇ ਅਜਿਹਾ ਸਮਾਂ ਨਹੀਂ ਆਇਆ, ਜਦੋਂ ਮਾਂ ਬਾਪ ਆਪਣੀ ਔਲਾਦ ਨੂੰ ਕੋਈ ਨਸ਼ਾ ਖਾਣ ਲਈ ਆਪ ਕਹਿਣ ਪਰ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਲੋਕ ਆਪਣੀ ਔਲਾਦ ਨੂੰ ਚਿੱਟੇ ਦੇ ਕਹਿਰ ਤੋਂ ਬਚਾਉਣ ਲਈ ਉਨ੍ਹਾਂ ਨੂੰ ਹੋਰ ਹਲਕੇ ਨਸ਼ੇ ਖਾਣ ਲਈ ਆਪ ਕਹਿ ਰਹੇ ਹਨ।
ਨਸ਼ਿਆਂ ਦਾ ਇਕ ਵੱਡਾ ਕਾਰਨ ਬੇਰੁਜਗਾਰੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ, ਜਿਵੇਂ ਖਾਣ ਪੀਣ ਵਾਲੀਆਂ ਚੀਜ਼ਾਂ ਵਿਚ ਆਏ ਵੱਡੇ ਬਦਲਾਓ, ਵੋਟਾਂ ਦੌਰਾਨ ਵਰਤਾਏ ਜਾਂਦੇ ਨਸ਼ਿਆਂ ਦੇ ਖੁੱਲ੍ਹੇ ਗੱਫੇ, ਗੈਰ ਮਿਆਰੀ ਤੇ ਬੋਝਲ ਸਿੱਖਿਆ, ਸਾਂਝੇ ਪਰਿਵਾਰਾਂ ਦਾ ਟੁੱਟਣਾ, ਨੌਜੁਆਨ ਪੀੜ੍ਹੀ ਲਈ ਰੋਲ ਮਾਡਲ ਦਾ ਸੰਕਟ, ਕਿਰਤ ਸਭਿਆਚਾਰ ਦਾ ਮਨਫੀ ਹੋ ਜਾਣਾ, ਦਿਖਾਵੇ ਦਾ ਰੁਝਾਨ, ਲੱਚਰ ਤੇ ਮਾੜੀਆਂ ਫਿਲਮਾਂ, ਅਸੱਭਿਅਕ ਗੀਤਾਂ ਦੀ ਅਸ਼ਲੀਲ ਸ਼ਬਦਾਵਲੀ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਫਿਲਮਾਂਕਣ, ਅਮੀਰੀ ਗਰੀਬੀ ਦਾ ਵਧਿਆ ਪਾੜਾ ਆਦਿ। ਇਹ ਕਾਰਨ ਰਲ ਕੇ ਨਸ਼ਿਆਂ ਨੂੰ ਮਹਾਂਮਾਰੀ ਬਣਾਉਂਦੇ ਹਨ।
ਉਧਰ, ਸਰਕਾਰਾਂ ਕੋਲ ਨੌਜੁਆਨਾਂ ਲਈ ਰੁਜ਼ਗਾਰ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੈ। ਇਸ ਵੇਲੇ ਉਨ੍ਹਾਂ ਸਾਹਮਣੇ ਇਲੈਕਟ੍ਰੌਨਿਕ ਮੀਡੀਆ ਵੱਲੋਂ ਚੈਨੇਲਾਈਜ਼ ਕੀਤਾ ਜਾ ਰਿਹਾ ਤਲਿਸਮੀ ਸੰਸਾਰ ਹੈ ਤੇ ਦੂਜੇ ਪਾਸੇ ਅਨਿਸ਼ਚਤਾ ਵਾਲਾ ਭਵਿੱਖ ਹੈ। ਜਵਾਨੀ ਨਿਰਾਸ਼ਾ ਦੇ ਆਲਮ ਵਿਚ ਹੈ। ਸਾਡੇ ਸੰਵਿਧਾਨ ਦੀ ਧਾਰਾ 47 ਵਿਚ ਇਹ ਗੱਲ ਸਾਫ ਕੀਤੀ ਗਈ ਹੈ ਕਿ ‘ਸਰਕਾਰ ਸ਼ਰਾਬ ਅਤੇ ਹੋਰ ਨਸ਼ਿਆਂ ਨੂੰ ਮਨੁੱਖਤਾ ਖ਼ਿਲਾਫ਼ ਸੰਗੀਨ ਜੁਰਮ ਮੰਨਦੇ ਹੋਏ ਇਸ ਉੱਤੇ ਪਾਬੰਦੀ ਲਗਾਏਗੀ।’
ਨਸ਼ਿਆਂ ਦੀ ਰੋਕਥਾਮ ਲਈ ਫੌਰੀ ਕਦਮ ਉਠਾਏ ਜਾਣੇ ਚਾਹੀਦੇ ਹਨ। ਨਸ਼ਈ ਲੋਕਾਂ ਦੇ ਇਲਾਜ ਦਾ ਪ੍ਰਬੰਧ ਹੋਵੇ ਅਤੇ ਨਸ਼ੇ ਦੀ ਵਿਕਰੀ ਤੇ ਇੱਕਸਾਰ ਰੋਕ ਲਾਈ ਜਾਣੀ ਚਾਹੀਦੀ ਹੈ। ਮਨੋਵਿਗਿਆਨ ਅਨੁਸਾਰ, ਜਦੋਂ ਬੱਚਿਆਂ ਖਾਸ ਕਰ ਨੌਜੁਆਨਾਂ ਨੂੰ ਘਰੋਂ ਪੂਰਾ ਪਿਆਰ ਨਹੀਂ ਮਿਲਦਾ ਤਾਂ ਉਹ ਨਸ਼ਿਆਂ ਵਰਗੇ ਮਾਨਸਿਕ ਵਿਕਾਰਾਂ ਦੇ ਸ਼ਿਕਾਰ ਹੋ ਜਾਂਦੇ ਹਨ। ਮਾਂ ਬਾਪ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨਾਲ ਦੋਸਤਾਨਾ ਸਬੰਧ ਬਣਾ ਕੇ ਰੱਖਣ। ਨੌਜੁਆਨਾਂ ਨੂੰ ਚਾਹੀਦਾ ਹੈ ਕਿ ਉਸ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੁਆਦ ਚੱਖਣ ਦੀ ਗਲਤੀ ਨਾ ਕਰਨ। ਸਾਨੂੰ ਵਿਆਹਾਂ ਸ਼ਾਦੀਆਂ ਮੌਕੇ ਸਵੇਰ ਤੋਂ ਸ਼ਾਮ ਤਕ ਬੱਚਿਆਂ, ਔਰਤਾਂ ਅਤੇ ਨੌਜੁਆਨਾਂ ਦੇ ਸਾਹਮਣੇ ਸ਼ਰਾਬ ਦੇ ਖੁੱਲ੍ਹੇ ਦੌਰ ਚਲਾਉਣ ਤੋਂ ਵੀ ਗੁਰੇਜ ਕਰਨਾ ਪਵੇਗਾ।
ਨਸ਼ੇ ਪੰਜਾਬ ਦੀ ਧਰਤੀ ਤੇ ਅਤਿਵਾਦ ਨਾਲੋਂ ਵੀ ਵੱਡੀ ਸਮੱਸਿਆ ਬਣ ਗਏ ਹਨ ਜੋ ਬੜੀ ਤੇਜ਼ੀ ਨਾਲ ਨੌਜੁਆਨੀ ਜੋ ਸਾਡਾ ਭਵਿੱਖ ਹੈ, ਨੂੰ ਖਤਮ ਕਰ ਰਹੇ ਹਨ। ਇਸ ਸਮੱਸਿਆ ਖ਼ਿਲਾਫ਼ ਸਾਰੀਆਂ ਧਿਰਾਂ ਨੂੰ ਰਲ-ਮਿਲ ਕੇ ਵੱਡੇ ਉਪਰਾਲੇ ਕਰਨ ਦੀ ਲੋੜ ਹੈ। ਪੰਜਾਬ ਦੀ ਧਰਤੀ ਬਾਬੇ ਨਾਨਕ ਦੀ ਧਰਤੀ ਹੈ। ਗੁਰੂ ਜੀ ਦਾ ਫਲਸਫਾ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦਾ ਹੈ। ਇਹ ਮਲਿਕ ਭਾਗੋਆਂ ਦੇ ਖ਼ਿਲਾਫ਼ ਅਤੇ ਭਾਈ ਲਾਲੋਆਂ ਦੇ ਹੱਕ ਵਿਚ ਖੜ੍ਹੇ ਹੋਣ ਦਾ ਫਲਸਫਾ ਹੈ। ਕਾਸ਼! ਵੱਡੀਆਂ ਕੁਰਸੀਆਂ ਤੇ ਬੈਠੇ ਲੋਕ ਅਤੇ ਅਸੀਂ ਸਭ ਇਸ ਫਲਸਫੇ ਨੂੰ ਸਮਝ ਸਕੀਏ।
ਸੰਪਰਕ : 98550-51099
ਆਓ, ਗਿਆਨ ਦੇ ਦੀਪਕ ਜਗਾਈਏ - ਗੁਰਚਰਨ ਸਿੰਘ ਨੂਰਪੁਰ
ਭਾਰਤੀ ਸੰਸਕ੍ਰਿਤੀ ਵਿੱਚ ਦੀਵੇ ਦਾ ਬੜਾ ਸਤਿਕਾਰ ਹੈ। ਪੁਰਾਣੇ ਵੇਲਿਆਂ ਵਿੱਚ ਹਨੇਰਾ ਉਤਰਦਿਆਂ ਹੀ ਦੀਵਾ ਬਾਲ ਕੇ ਘਰਾਂ ਨੂੰ ਰੌਸ਼ਨ ਕਰਨ ਦੇ ਨਾਲ ਨਾਲ ਦੀਵੇ ਦੀ ਲਾਟ ਨੂੰ ਸਿਜਦਾ ਵੀ ਕੀਤਾ ਜਾਂਦਾ ਸੀ। ਪੁਰਾਣੇ ਵੇਲਿਆਂ ਵਿੱਚ ਜਦੋਂ ਆਵਾਜਾਈ ਦੇ ਸਾਧਨ ਨਹੀਂ ਸਨ ਲੋਕ ਤੁਰ ਕੇ ਮੀਲਾਂ ਤੱਕ ਸਫ਼ਰ ਕਰਦੇ ਸਨ ਤਾਂ ਹਨੇਰੀਆਂ ਰਾਤਾਂ ਵਿੱਚ ਭੁੱਲੇ ਭਟਕੇ ਰਾਹੀਆਂ ਦੀ ਆਸ ਦੀਵੇ ਹੋਇਆ ਕਰਦੇ ਸਨ। ਇਹ ਸਮਝਿਆ ਜਾਂਦਾ ਸੀ ਕਿ ਜਿੱਥੇ ਦੀਵਾ ਬਲ ਰਿਹਾ ਹੈ, ਉੱਥੇ ਜ਼ਰੂਰ ਕੋਈ ਚੰਗੇ ਲੋਕ ਜਾਗ ਰਹੇ ਹੋਣਗੇ ਅਤੇ ਉਨ੍ਹਾਂ ਦਾ ਓਟ ਆਸਰਾ ਮਿਲ ਸਕਦਾ ਹੈ।
ਅੱਗ ਦੀ ਖੋਜ ਮਨੁੱਖ ਦੀ ਬਹੁਤ ਵੱਡੀ ਖੋਜ ਸੀ ਅਤੇ ਇਸ ਤੋਂ ਅਗਾਂਹ ਜਦੋਂ ਆਦਿ ਕਾਲ ਦੇ ਮਨੁੱਖ ਨੇ ਦੀਵੇ ਦੀ ਖੋਜ ਕਰ ਲਈ ਤਾਂ ਉਹ ਹਨੇਰੀਆਂ ਰਾਤਾਂ ਵਿੱਚ ਵੇਖਣ ਦੇ ਸਮਰੱਥ ਹੋ ਗਿਆ। ਜੀਵ ਵਿਕਾਸ ਦੀਆਂ ਖੋਜਾਂ ਦੱਸਦੀਆਂ ਹਨ ਕਿ ਆਦਿ ਕਾਲ ਦਾ ਮਨੁੱਖ ਡਰਾਕਲ ਜਿਹਾ ਜੀਵ ਸੀ। ਇਹ ਹਨੇਰੀਆਂ ਰਾਤਾਂ ਅਤੇ ਜੰਗਲੀ ਜੀਵਾਂ ਤੋਂ ਡਰ ਡਰ ਕੇ ਦਿਨ ਕੱਟਦਾ ਸੀ। ਖੂੰਖਾਰ ਜੰਗਲੀ ਜੀਵ ਅੱਗ ਤੋਂ ਡਰਦੇ ਹਨ, ਇਸ ਲਈ ਦੀਵੇ ਦੀ ਖੋਜ ਨੇ ਮਨੁੱਖੀ ਡਰ ਨੂੰ ਦੂਰ ਕਰਨ ਵਿੱਚ ਬੜੀ ਵੱਡੀ ਭੂਮਿਕਾ ਨਿਭਾਈ। ਇਹ ਸਮਝਿਆ ਜਾਣ ਲੱਗਿਆ ਕਿ ਬਲਦੇ ਦੀਵੇ ਵਿੱਚ ਕੋਈ ਅਲੌਕਿਕ ਸ਼ਕਤੀ ਹੈ ਜੋ ਕਾਲੀਆਂ ਤਾਕਤਾਂ ਨੂੰ ਮਾਤ ਦੇ ਸਕਦੀ ਹੈ। ਦੀਵਾ ਬਾਲਣਾ ਦੀਵੇ ਵਿੱਚ ਤੇਲ ਪਾਉਣਾ ਪੁੰਨ ਦਾ ਕਾਰਜ ਸਮਝਿਆ ਜਾਂਦਾ ਸੀ। ਅੱਜ ਵੀ ਵੱਖ ਵੱਖ ਰਸਮਾਂ ਤੇ ਪਰੰਪਰਾਵਾਂ ਵਿੱਚ ਦੀਵੇ ਬਾਲਣ ਦੇ ਕਈ ਵਿਸ਼ਵਾਸ ਸਾਡੇ ਸਮਾਜ ਵਿੱਚ ਸਦੀਆਂ ਤੋਂ ਚੱਲੇ ਆ ਰਹੇ ਹਨ। ਦੀਵਾਲੀ ਦੇ ਤਿਉਹਾਰ ਨੂੰ ਵੱਖ ਵੱਖ ਧਰਮਾਂ ਦੀਆਂ ਕੁਝ ਵੱਖ ਵੱਖ ਘਟਨਾਵਾਂ ਨਾਲ ਵੀ ਜੋੜਿਆ ਜਾਂਦਾ ਹੈ, ਪਰ ਕਿਤੇ ਨਾ ਕਿਤੇ ਇਸ ਦਾ ਸਬੰਧ ਉੱਤਰੀ ਭਾਰਤ ਦੇ ਰੁੱਤ ਚੱਕਰ ਨਾਲ ਵੀ ਜੁੜਦਾ ਹੈ। ਉੱਤਰੀ ਭਾਰਤ ਵਿੱਚ ਜਦੋਂ ਸਰਦ ਰੁੱਤ ਦੀ ਆਮਦ ’ਤੇ ਰਾਤਾਂ ਲੰਮੀਆਂ ਕੱਕਰ ਭਰੀਆਂ, ਵਧੇਰੇ ਸੰਘਣੇ ਹਨੇਰੇ ਵਾਲੀਆਂ ਹੋਣ ਲੱਗਦੀਆਂ ਹਨ ਤਾਂ ਦੀਵਿਆਂ ਦੀ ਮਹੱਤਤਾ ਹੋਰ ਵਧ ਜਾਂਦੀ ਹੈ।
ਦੀਵਾਲੀ ਦੀਵਿਆਂ ਦਾ ਤਿਉਹਾਰ ਹੈ ਅਤੇ ਦੀਵੇ ਦਾ ਧਰਮ ਹੈ ਕਿ ਉਹ ਹਨੇਰੇ ਖਿਲਾਫ਼ ਬਲਦਾ ਰਹੇ। ਅੱਜ ਸਾਨੂੰ ਹਨੇਰੀਆਂ ਰਾਤਾਂ ਨੂੰ ਰੌਸ਼ਨ ਕਰਨ ਲਈ ਦੀਵਿਆਂ ਦੀ ਲੋੜ ਭਾਵੇਂ ਨਹੀਂ ਰਹੀ। ਪਰ ਸਾਡੇ ਮਨਾਂ ਅੰਦਰ ਪਸਰੇ ਅੰਧਕਾਰ ਨੂੰ ਦੂਰ ਕਰਨ ਲਈ ਸਾਨੂੰ ਗਿਆਨ ਦੇ ਚਿਰਾਗਾਂ ਦੀ ਪਹਿਲਾਂ ਨਾਲੋਂ ਵੀ ਕਿਤੇ ਵੱਧ ਲੋੜ ਹੈ। ਮਨੁੱਖ ਬੇਸ਼ੱਕ ਵਿਕਾਸ ਕਰ ਰਿਹਾ ਹੈ, ਪਰ ਮਨਾਂ ਅੰਦਰਲੇ ਅੰਧਕਾਰ ਅੱਜ ਵੀ ਵਧ ਰਹੇ ਹਨ। ਅੱਜ ਸਾਡੇ ਮਨਾਂ ਅੰਦਰ ਵਿਖਾਵੇ ਦੀ ਮਨੋਬਿਰਤੀ ਬੜੀ ਪ੍ਰਬਲ ਹੋ ਗਈ ਹੈ। ਦੀਵਾਲੀ ਦੇ ਨਾਲ ਆਤਿਸ਼ਬਾਜ਼ੀ ਨੂੰ ਜੋੜ ਦਿੱਤਾ ਗਿਆ। ਸਾਡੇ ਧਰਮ ਅਸਥਾਨ ਜਿੱਥੋਂ ਲੋਕਾਈ ਨੂੰ ਮਾਨਵਤਾ ਦਾ ਪੈਗ਼ਾਮ ਮਿਲਣਾ ਹੁੰਦਾ ਹੈ, ’ਤੇ ਵੀ ਹੁਣ ਬੰਬ ਪਟਾਕੇ ਚਲਾ ਕੇ ਹਵਾ ਨੂੰ ਪਲੀਤ ਕਰਨ ਵਰਗੀਆਂ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਹਵਾ, ਮਿੱਟੀ ਤੇ ਪਾਣੀ ਨੂੰ ਸਾਫ਼ ਰੱਖਣ ਦਾ ਸਾਨੂੰ ਪੈਗ਼ਾਮ ਦਿੱਤਾ ਸੀ, ਉਨ੍ਹਾਂ ਦੇ ਉਸ ਪੈਗ਼ਾਮ ਦੀ ਅਵੱਗਿਆ ਉਨ੍ਹਾਂ ਦੇ ਨਾਮ ’ਤੇ ਹੀ ਕਰਨ ਲੱਗ ਪਏ ਹਾਂ। ਅਸੀਂ ਕਈ ਧਾਰਮਿਕ ਸਮਾਗਮਾਂ ’ਤੇ ਵੱਡੇ ਬੰਬ ਪਟਾਕੇ ਹਵਾ ਵਿੱਚ ਛੱਡ ਕੇ ਹਵਾ ਨੂੰ ਪਲੀਤ ਕਰਕੇ ਆਪਣੇ ਗੁਰੂ ਪ੍ਰਤੀ ਪਤਾ ਨਹੀਂ ਕਿਸ ਤਰ੍ਹਾਂ ਦੀ ਸ਼ਰਧਾ ਦਾ ਵਿਖਾਵਾ ਕਰਨਾ ਚਾਹੁੰਦੇ ਹਾਂ।
ਅੱਜ ਦਾ ਮਨੁੱਖ ਭਾਵੇਂ ਆਪਣੇ ਆਪ ਦਾ ਵਿਕਾਸ ਕਰਨ ਦਾ ਦਾਅਵਾ ਕਰਦਾ ਹੈ, ਪਰ ਹਕੀਕਤ ਇਹ ਹੈ ਕਿ ਅੱਜ ਵੀ ਸਾਡੇ ਮਨਾਂ ਵਿੱਚ ਕਈ ਤਰ੍ਹਾਂ ਦੇ ਅੰਧਕਾਰ ਪਸਰੇ ਹੋਏ ਹਨ। ਸਾਡਾ ਅਜੋਕਾ ਸਮਾਜ ਭਾਵੇਂ ਪੜ੍ਹ ਲਿਖ ਰਿਹਾ ਹੈ, ਵਿਗਿਆਨਕ ਤਕਨੀਕਾਂ ਦੀ ਵਰਤੋਂ ਅਸੀਂ ਹਰ ਪਲ ਕਰ ਰਹੇ ਹਾਂ, ਪਰ ਸਮਾਜ ਦੀ ਬਹੁਗਿਣਤੀ ਅਜੇ ਵੀ ਕਈ ਤਰ੍ਹਾਂ ਦੇ ਅੰਧਵਿਸ਼ਵਾਸਾਂ ਦੇ ਅੰਧਕਾਰ ਵਿੱਚ ਭਟਕ ਰਹੀ ਹੈ। ਅੰਧਵਿਸ਼ਵਾਸ ਦੀਆਂ ਹੱਟੀਆਂ ਪਾਈ ਬੈਠੇ ਕੁਝ ਅਜਿਹੇ ਲੋਕ ਹਨ ਜੋ ਮਨੁੱਖ ਦੀ ਅਗਿਆਨਤਾ ਤੋਂ ਮੋਟੀਆਂ ਕਮਾਈਆਂ ਕਰਦੇ ਹਨ। ਸਾਡੀਆਂ ਔਲਾਦਾਂ ਨੂੰ ਅਗਿਆਨੀ ਅਤੇ ਅੰਧਵਿਸ਼ਵਾਸ ਦੇ ਹਨੇਰਿਆਂ ਵਿੱਚ ਰੱਖਣ ਲਈ ਕਾਲੀਆਂ ਤਾਕਤਾਂ ਦੇ ਦਾਅਵੇਦਾਰ ਅੱਜ ਵੀ ਬੜੇ ਸਰਗਰਮ ਹਨ। ਸਾਨੂੰ ਗਿਆਨ ਵਿਗਿਆਨ ਦੇ ਪ੍ਰਕਾਸ਼ ਦੀ ਲੋੜ ਹੈ। ਸਮਾਜ ਵਿੱਚ ਭ੍ਰਿਸ਼ਟਾਚਾਰ, ਮਾਰਾਮਾਰੀ, ਗਰੀਬੀ ਤੇ ਮੰਦਹਾਲੀ ਦਾ ਗਲਬਾ ਵਧ ਰਿਹਾ ਹੈ। ਰਿਸ਼ਵਤਖੋਰੀ ਅਤੇ ਮਾੜੀਆਂ ਨੀਤੀਆਂ ਨਾਲ ਦੂਜੇ ਨੂੰ ਪਛਾੜ ਕੇ ਅੱਗੇ ਲੰਘਣ ਦੀ ਪ੍ਰਵਿਰਤੀ ਨੂੰ ਸਨਮਾਨਜਨਕ ਸਮਝਿਆ ਜਾਣ ਲੱਗ ਪਿਆ ਹੈ। ਪੜ੍ਹੇ ਲਿਖੇ ਕੁਲੀਨ ਵਰਗ ਦਾ ਕਿਰਦਾਰ ਇਹ ਹੈ ਇਹ ਆਪਣੀ ਜ਼ੁਬਾਨ, ਆਪਣੀ ਮਿੱਟੀ ਅਤੇ ਆਪਣੀਆਂ ਨਿੱਗਰ ਕਦਰਾਂ ਕੀਮਤਾਂ ਨੂੰ ਤਿਆਗਣ ਵਿੱਚ ਮਾਣ ਮਹਿਸੂਸ ਕਰ ਰਿਹਾ ਹੈ। ਅਸੀਂ ਬੇਸ਼ੱਕ ਪੜ੍ਹ ਲਿਖ ਗਏ ਹਾਂ, ਪਰ ਸਾਡੇ ਮਨਾਂ ਅੰਦਰਲਾ ਅੰਧਕਾਰ ਹੋਰ ਸੰਘਣਾ ਹੋ ਰਿਹਾ ਹੈ ਜੋ ਸਾਡੇ ਲਈ ਬੇਹੱਦ ਖਤਰਨਾਕ ਹੈ। ਸਮਾਜ ਵਿੱਚ ਅੰਧਵਿਸ਼ਵਾਸਾਂ, ਰੂੜੀਵਾਦੀ ਕਰਮਕਾਂਡਾਂ ਦਾ ਗਲਬਾ ਤੇਜ਼ੀ ਨਾਲ ਵਧ ਰਿਹਾ ਹੈ। ਸਮਾਜ ਵਿੱਚ ਗੁੰਡਾਗਰਦੀ, ਹਨੇਰਗਰਦੀ, ਹੁੱਲੜਬਾਜ਼ੀ ਲਗਾਤਾਰ ਵਧ ਰਹੀ ਹੈ। ਸੰਚਾਰ ਦੇ ਸਾਧਨ ਸਾਡੇ ਸਮਾਜ ਦੇ ਦੁੱਖਾਂ ਦਰਦਾਂ ਦੀ ਗੱਲ ਕਰਨ ਦੀ ਬਜਾਏ ਲੋਕਾਂ ਨੂੰ ਧਰਮਾਂ, ਜਾਤਾਂ ਪਾਤਾਂ, ਮੰਦਰਾਂ, ਮਸਜਿਦਾਂ ਦੇ ਝਗੜਿਆਂ ਵਿੱਚ ਉਲਝਾਅ ਕੇ ਸਮਾਜ ਵਿੱਚ ਪਈਆਂ ਵੰਡੀਆਂ ਨੂੰ ਹੋਰ ਵਧਾ ਰਹੇ ਹਨ। ਸਮਾਜ ਵਿੱਚ ਵਖਰੇਵੇਂ ਸਦੀਆਂ ਤੋਂ ਚੱਲੇ ਆ ਰਹੇ ਹਨ, ਪਰ ਇਨ੍ਹਾਂ ਨੂੰ ਫਿਰਕੂ ਰੰਗਤ ਦੇ ਕੇ ਆਪਣੀਆਂ ਰਾਜਨੀਤਕ ਰੋਟੀਆਂ ਸੇਕਣ ਦੀ ਪ੍ਰਵਿਰਤੀ ਅੱਜ ਦੇ ‘ਸਭਿਅਕ’ ਸਮਾਜ ਵਿੱਚ ਸਿਖਰਾਂ ’ਤੇ ਹੈ। ਮਨੁੱਖੀ ਹੱਕਾਂ ਦੀ ਲੜਾਈ ਲੜਨ ਵਾਲਿਆਂ ਤੇ ਮਾਨਵਤਾ ਦੀ ਗੱਲ ਕਰਨ ਵਾਲਿਆਂ ਦੇ ਕਤਲ ਹੋ ਰਹੇ ਹਨ। ਡਰ ਅਤੇ ਸਹਿਮ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਸਾਨੂੰ ਅੱਜ ਇਨ੍ਹਾਂ ਸਭ ਤਰ੍ਹਾਂ ਦੀਆਂ ਹਨੇਰੀਆਂ ਤਾਕਤਾਂ ਖਿਲਾਫ਼ ਦੇਸ਼ ਦੀ ਹਰ ਨੁੱਕਰੇ ਗਿਆਨ ਵਿਗਿਆਨ ਦੇ ਦੀਵੇ ਬਾਲਣ ਦੀ ਲੋੜ ਹੈ। ਇਹ ਧਰਤੀ ਜਿਸ ’ਤੇ ਸਾਡੀਆਂ ਔਲਾਦਾਂ ਨੇ ਵੀ ਰਹਿਣਾ ਹੈ, ਇਹ ਬੜਾ ਜ਼ਰੂਰੀ ਹੈ ਕਿ ਇੱਥੇ ਮਨੁੱਖ ਦੇ ਰਹਿਣ ਲਈ ਸਾਜਗਾਰ ਮਾਹੌਲ ਬਣਿਆ ਰਹੇ। ਹਰ ਤਰ੍ਹਾਂ ਦੇ ਅੰਧਕਾਰ ਖਿਲਾਫ਼, ਰੌਸ਼ਨ ਦਿਮਾਗ਼ਾਂ ਵਾਲੇ ਲੋਕਾਂ ਨੂੰ ਗਿਆਨ ਦੇ ਦੀਪ ਬਾਲਣ ਦੀ ਲੋੜ ਹੈ।
ਅਸੀਂ ਬੇਸ਼ੱਕ ਆਟੇ ਅਤੇ ਮਿੱਟੀ ਦੇ ਬਣੇ ਦੀਵਿਆਂ ਤੋਂ ਇਲੈੱਕਟ੍ਰਾਨਿਕ ਲੜੀਆਂ ਤੱਕ ਆ ਪਹੁੰਚੇ ਹਾਂ। ਪਰ ਸਾਡੇ ਕਿਰਦਾਰ ਦਿਨੋਂ ਦਿਨ ਬੌਣੇ ਹੋ ਗਏ ਹਨ। ਸਾਡੇ ਜੀਵਨ ਵਿੱਚੋਂ ਪਵਿੱਤਰਤਾ ਗਵਾਚ ਰਹੀ ਹੈ। ਅਸੀਂ ਦੀਵਾਲੀ ਵਰਗੇ ਪਵਿੱਤਰ ਤਿਉਹਾਰ ’ਤੇ ਵੱਡੇ ਪੱਧਰ ’ਤੇ ਪ੍ਰਦੂਸ਼ਣ ਫੈਲਾਅ ਕੇ ਹਵਾ ਨੂੰ ਗੰਦਾ ਕਰਨ ਲੱਗ ਪਏ ਹਾਂ। ਇਸ ਦਿਨ ਕਰੋੜਾਂ ਅਰਬਾਂ ਦੇ ਪਟਾਕੇ ਚਲਾ ਕੇ ਟਨਾਂ ਦੇ ਟਨ ਜ਼ਹਿਰੀਲੀਆਂ ਗੈਸਾਂ ਦਾ ਜ਼ਹਿਰ ਹਵਾਵਾਂ ਵਿੱਚ ਘੋਲ ਦਿੰਦੇ ਹਾਂ। ਧੂੰਏਂ ਨਾਲ ਭਰੀ ਹਵਾ ਵਿੱਚ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਸਾਨੂੰ ਆਪਣੇ ਤਿਉਹਾਰਾਂ ’ਤੇ ਜਸ਼ਨ ਮਨਾਉਣੇ ਚਾਹੀਦੇ ਹਨ, ਪਰ ਇਸ ਤਰ੍ਹਾਂ ਬੰਬ ਪਟਾਕੇ ਚਲਾ ਕੇ ਹਰਗਿਜ਼ ਨਹੀਂ। ਸਾਡਾ ਆਲਾ-ਦੁਆਲਾ ਦਿਨੋਂ ਦਿਨ ਪਲੀਤ ਹੋ ਰਿਹਾ ਹੈ। ਹਾਲਾਤ ਇਹ ਬਣ ਜਾਂਦੇ ਹਨ ਕਿ ਕਦੇ ਤਾਂ ਸਾਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਪੰਛੀ, ਜੀਵ ਜੰਤੂ ਅਤੇ ਵੱਡੇ ਛੋਟੇ ਜਾਨਵਰ ਉੱਚੀ ਆਵਾਜ਼ ਵਿੱਚ ਚਲਦੇ ਪਟਾਕਿਆਂ ਨਾਲ ਡਰ ਜਾਂਦੇ ਹਨ। ਰੁੱਖ, ਪੌਦੇ ਤੇ ਬਨਸਪਤੀ ਆਦਿ ਵੀ ਧੂੰਏ ਤੋਂ ਬੇਹੱਦ ਪ੍ਰਭਾਵਿਤ ਹੁੰਦੇ ਹਨ। ਸਾਨੂੰ ਇਹ ਵਿਚਾਰਨ ਦੀ ਲੋੜ ਹੈ ਕਿ ਇਹ ਧਰਤੀ ਕੇਵਲ ਮਨੁੱਖ ਦੇ ਰਹਿਣ ਲਈ ਨਹੀਂ ਹੈ, ਇਸ ’ਤੇ ਦੂਜੇ ਜੀਵਾਂ ਦਾ ਵੀ ਹੱਕ ਹੈ। ਨਵੰਬਰ ਵਿੱਚ ਜਦੋਂ ਤਾਪਮਾਨ ਕੁਝ ਘੱਟ ਹੋਣ ਲੱਗਦਾ ਹੈ ਤਾਂ ਧੂੰਏ ਅਤੇ ਗਰਦ ਦਾ ਗੁਬਾਰ ਵਿਸ਼ਾਲ ਇਲਾਕੇ ਨੂੰ ਕਈ ਦਿਨ ਆਪਣੀ ਗ੍ਰਿਫ਼ਤ ਵਿੱਚ ਲਈ ਰੱਖਦਾ ਹੈ। ਇਸ ਨਾਲ ਵੱਖ ਵੱਖ ਬਿਮਾਰੀਆਂ ਤੋਂ ਪੀੜਤ ਲੋਕਾਂ ਦੇ ਦੁੱਖ ਵਿੱਚ ਹੋਰ ਵਾਧਾ ਹੋ ਜਾਂਦਾ ਹੈ। ਧੂੰਏ ਦੇ ਗੁਬਾਰ ਨਾਲ ਪਸ਼ੂ ਤੇ ਪੰਛੀਆਂ ਸਮੇਤ ਮਨੁੱਖਾਂ, ਬੱਚਿਆਂ ਸਭ ਦੀ ਜ਼ਿੰਦਗੀ ਦੇ ਕੁਝ ਸਾਲ ਘੱਟ ਹੋ ਜਾਂਦੇ ਹਨ। ਜਦੋਂ ਅਸੀਂ ਪਟਾਕੇ ਚਲਾ ਕੇ ਹਵਾ ਨੂੰ ਗੰਦਾ ਕਰ ਰਹੇ ਹੁੰਦੇ ਹਾਂ ਤਾਂ ਸਾਡੇ ਆਸ ਪਾਸ ਕੋਈ ਸਾਹ ਦਮੇ ਦਾ ਮਰੀਜ਼ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੁੰਦਾ ਹੈ। ਆਓ, ਆਪਾਂ ਸਭ ਇਸ ਵਾਰ ਇਹ ਪ੍ਰਣ ਕਰੀਏ ਕਿ ਅਸੀਂ ਇਨ੍ਹਾਂ ‘ਮੌਤ ਵਰਗੇ ਦਿਨਾਂ’ ਦੀ ਸਿਰਜਣਾ ਕਰਨ ਦੇ ਹਿੱਸੇਦਾਰ ਨਹੀਂ ਬਣਾਂਗੇ।
ਸਾਨੂੰ ਚਾਹੀਦਾ ਹੈ ਕਿ ਇਸ ਦਿਨ ਅਸੀਂ ਫਜ਼ੂਲ ਖਰਚੀ ਕਰਨ ਦੀ ਬਜਾਏ ਲੋੜਵੰਦਾਂ ਦੇ ਕੰਮ ਆਈਏ। ਆਲੇ ਦੁਆਲੇ ਕੰਮ ਕਰਦੇ ਕਿਰਤੀ ਲੋਕਾਂ ਭਾਵੇਂ ਉਹ ਅਖ਼ਬਾਰ ਦੇ ਕੇ ਜਾਣ ਵਾਲਾ ਹੈ ਜਾਂ ਸਾਡੇ ਲਈ ਗੈਸ ਦੀ ਸਪਲਾਈ ਕਰਦਾ ਹੈ ਜਾਂ ਸਾਡੇ ਘਰ ਦੇ ਆਲੇ ਦੁਆਲੇ ਸਫ਼ਾਈ ਕਰਦਾ ਹੈ, ਉਸ ਨਾਲ ਦੀਵਾਲੀ ਦੀ ਖੁਸ਼ੀ ਸਾਂਝੀ ਕਰੀਏ। ਘਰਾਂ ਵਿੱਚ ਫੁੱਲ ਬੂਟੇ ਲਾਈਏ, ਪਟਾਕਿਆਂ ਦੀ ਬਜਾਏ ਗਮਲੇ ਅਤੇ ਕਿਤਾਬਾਂ ਖਰੀਦੀਏ। ਘਰ ਵਿੱਚ ਲੱਗੇ ਗਮਲਿਆਂ ਨੂੰ ਰੰਗ ਰੋਗਨ ਕਰੀਏ। ਨਵੇਂ ਬੂਟੇ ਲਾਈਏ। ਲੋੜਵੰਦਾਂ ਦੀ ਮਦਦ ਕਰੀਏ। ਚਾਰ ਪੰਜ ਹਜ਼ਾਰ ਰੁਪਏ ਦੇ ਪਟਾਕੇ ਖਰੀਦਣ ਨਾਲੋਂ ਉਸ ਬੱਚੇ ਦੀ ਮਦਦ ਕਰੀਏ ਜਿਸ ਨੂੰ ਕਿਤਾਬਾਂ ਕਾਪੀਆਂ ਦੀ ਲੋੜ ਹੈ। ਉਸ ਬੱਚੇ ਦੀ ਮਦਦ ਲਈ ਹੱਥ ਵਧਾਈਏ ਜੋ ਆਪਣੀ ਸਕੂਲ ਦੀ ਫੀਸ ਨਹੀਂ ਦੇ ਸਕਿਆ।
ਸਾਡੇ ਦੇਸ਼ ਦੀ ਮਿੱਟੀ ਦੇ ਜਾਏ ਸਦੀਆਂ ਤੋਂ ਹਨੇਰਗਰਦੀ ਖਿਲਾਫ਼ ਜੂਝਦੇ ਆਏ ਹਨ। ਅੱਜ ਸਾਡਾ ਪੰਜਾਬੀ ਸਮਾਜ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਸਾਨੂੰ ਅੰਧਕਾਰ ਦੇ ਖਿਲਾਫ਼ ਖੜ੍ਹੇ ਹੋਣ ਦੀ ਲੋੜ ਹੈ। ਇੱਥੋਂ ਦੇ ਦਾਨਿਸ਼ਵਰ, ਸਾਹਿਤਕਾਰ, ਵਿਦਵਾਨ, ਆਲਮ ਵੀ ਅੰਧਕਾਰ ਦੇ ਖਿਲਾਫ਼ ਸਮੇਂ ਸਮੇਂ ’ਤੇ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ। ਗੁਰੂ ਨਾਨਕ ਦੇਵ ਜੀ, ਭਗਤ ਕਬੀਰ ਸਾਹਿਬ ਅਤੇ ਬੁੱਲ੍ਹੇ ਸ਼ਾਹ ਵਰਗੇ ਦਰਵੇਸ਼ਾਂ ਨੇ ਕੱਟੜ ਰੂੜੀਵਾਦੀ ਧਾਰਨਾਵਾਂ ਖਿਲਾਫ਼ ਲੋਕਾਈ ਨੂੰ ਜਾਗਰੂਕ ਕੀਤਾ। ਗੁਰੂ ਨਾਨਕ ਦੇਵ ਜੀ ਦੇ ਆਗਮਨ ਦੀ ਭਾਈ ਗੁਰਦਾਸ ਜੀ ਨੇ ਉਸ ਸਮੇਂ ਸਮਾਜ ਵਿੱਚ ਪਏ ਹਨੇਰੇ ਖਿਲਾਫ਼ ਸੱਚ ਦਾ ਸੂਰਜ ਚੜ੍ਹਨ ਨਾਲ ਤੁਲਨਾ ਕੀਤੀ। ਅੱਜ ਵੀ ਹਨੇਰਗਰਦੀ ਖਿਲਾਫ਼ ਸਾਡੇ ਸਮਾਜ ਨੂੰ ਬਲਦੇ ਅੱਖਰਾਂ ਦੀ ਲੋੜ ਹੈ। ਸਾਨੂੰ ਇਸ ਦਿਨ ਅਹਿਦ ਕਰਨ ਦੀ ਲੋੜ ਹੈ ਕਿ ਅਸੀਂ ਆਪਣੇ ਮਨਾਂ ਦੇ ਨਾਲ ਨਾਲ ਇਸ ਸਮਾਜ ਵਿੱਚੋਂ ਅੰਧਕਾਰ ਦੂਰ ਕਰਨ ਲਈ ਵੀ ਯਤਨਸ਼ੀਲ ਹੋਵਾਂਗੇ। ਸਾਨੂੰ ਦੀਵਾਲੀ ਦੇ ਤਿਉਹਾਰ ’ਤੇ ਆਪਣੇ ਅੰਦਰ ਅਤੇ ਬਾਹਰ ਮਾਨਵਵਾਦੀ ਦ੍ਰਿਸ਼ਟੀ ਨਾਲ ਝਾਤ ਪਾਉਣ ਦੀ ਲੋੜ ਹੈ। ਆਓ, ਦੀਵਾਲੀ ਦੇ ਇਸ ਪਵਿੱਤਰ ਤਿਉਹਾਰ ’ਤੇ ਆਪਣੇ ਮਨਾਂ ਨੂੰ ਗਿਆਨ ਦੀ ਰੌਸ਼ਨੀ ਨਾਲ ਰੁਸ਼ਨਾਉਣ ਦੇ ਨਾਲ ਨਾਲ ਹਨੇਰਿਆਂ ਖਿਲਾਫ਼ ਬਲਦੇ ਰਹਿਣ ਦਾ ਸੰਕਲਪ ਕਰੀਏ।
ਸੰਪਰਕ : 98550-51099
ਪੰਜਾਬ ਦੇ ਚੌਗਿਰਦੇ ਨੂੰ ਗੈਸ ਚੈਂਬਰ ਨਾ ਬਣਨ ਦਿਓ - ਗੁਰਚਰਨ ਸਿੰਘ ਨੂਰਪੁਰ
ਸਾਡੀ ਸਾਡੀ ਲੋਕਧਾਰਾ ਵਿਚ ਪੰਜਾਬ ਨੂੰ 'ਛੇ ਰੁੱਤਾਂ ਦਾ ਦੇਸ਼' ਕਿਹਾ ਗਿਆ। ਇੱਥੇ ਹਰ ਦੋ ਮਹੀਨੇ ਬਾਅਦ ਰੁੱਤ ਬਦਲਦੀ ਹੈ। ਹਰ ਰੁੱਤ ਦੀ ਆਪਣੀ ਮਹੱਤਤਾ ਹੈ। ਬਾਰਹਮਾਹ ਦਾ ਗੁਰਬਾਣੀ ਵਿਚ ਵਿਸ਼ੇਸ਼ ਸਥਾਨ ਹੈ ਅਤੇ ਵੱਖ-ਵੱਖ ਸਮਿਆਂ ਦੌਰਾਨ ਕਈ ਲੇਖਕਾਂ ਤੇ ਕਵੀਆਂ ਨੇ ਵੀ ਬਾਰਹਮਾਹ ਦੀ ਰਚਨਾ ਕਰਦਿਆਂ ਦੇਸ਼ ਪੰਜਾਬ ਦੇ ਬਾਰਾਂ ਮਹੀਨਿਆਂ ਦੀ ਮਹੱਤਤਾ ਅਤੇ ਰੁੱਤਾਂ ਬਾਰੇ ਬੜੀ ਸ਼ਿੱਦਤ ਨਾਲ ਜ਼ਿਕਰ ਕੀਤਾ ਹੈ। ਅੱਸੂ-ਕੱਤਕ ਦੀ ਰੁੱਤ ਅਜਿਹੀ ਰੁੱਤ ਹੈ ਜਦੋਂ ਸਰਦੀਆਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ। ਦਿਨ ਨਿੱਕੇ ਤੇ ਰਾਤਾਂ ਵੱਡੀਆਂ ਹੋਣ ਲੱਗਦੀਆਂ ਹਨ। ਹਵਾ ਵਿਚ ਨਮੀ ਵਧਣ ਲੱਗਦੀ ਹੈ। ਹਾੜ੍ਹ, ਸਾਉਣ ਅਤੇ ਭਾਦੋਂ ਦੀ ਤਿੱਖੀ ਤੇ ਹੁੰਮਸ ਭਰੀ ਗਰਮੀ ਤੋਂ ਨਿਜਾਤ ਮਿਲਣ ਲੱਗਦੀ ਹੈ। ਇਸ ਮੌਸਮ ਦੌਰਾਨ ਦਿਨ ਵੇਲੇ ਅਜੇ ਕੁਝ ਗਰਮੀ ਹੁੰਦੀ ਹੈ ਤੇ ਰਾਤਾਂ ਠੰਢੀਆਂ ਹੋਣ ਲੱਗਦੀਆਂ ਹਨ।
ਪਿਛਲੇ ਕੁਝ ਅਰਸੇ ਤੋਂ ਅਸੀਂ ਹਰ ਸਾਲ ਨਵੰਬਰ ਦੇ ਮਹੀਨੇ ਦੌਰਾਨ ਆਪਣੇ ਆਲੇ ਦੁਆਲੇ ਨੂੰ ਗੈਸ ਚੈਂਬਰ ਵਿਚ ਤਬਦੀਲ ਕਰ ਲੈਂਦੇ ਹਾਂ। ਨਮੀ ਨਾਲ ਭਾਰੀ ਹੋਈ ਹਵਾ ਵਿਚ ਜਦੋਂ ਧੂੰਏਂ ਅਤੇ ਧੂੜ ਦੇ ਕਣ ਸੰਘਣੇ ਹੋਣ ਲਗਦੇ ਹਨ ਤਾਂ ਚਾਰ ਚੁਫੇਰੇ ਧੂੰਏਂ ਦੀ ਸੰਘਣੀ ਪਰਤ ਬਣ ਜਾਂਦੀ ਹੈ ਜਿਸ ਵਿਚ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ। ਕੁਝ ਅਰਸੇ ਤੋਂ ਹਵਾ ਦਾ ਪ੍ਰਦੂਸ਼ਣ ਸਾਡੇ ਲਈ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਵਿਸ਼ਵ ਪੱਧਰ 'ਤੇ ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਤ 20 ਸ਼ਹਿਰਾਂ ਦੀ ਜੋ ਸੂਚੀ ਬਣਾਈ ਹੈ, ਉਸ ਵਿਚ 14 ਭਾਰਤ ਦੇ ਸ਼ਹਿਰ ਹਨ। ਇਨ੍ਹਾਂ ਦਿਨਾਂ ਦੌਰਾਨ ਕਾਰਖ਼ਾਨਿਆਂ, ਭੱਠਿਆਂ ਦਾ ਧੂੰਆਂ, ਝੋਨੇ ਦੀ ਪਰਾਲੀ ਦਾ ਸੜਨਾ, ਤਿਉਹਾਰਾਂ ਦੌਰਾਨ ਚਲਾਏ ਜਾਣ ਵਾਲੇ ਪਟਾਕੇ, ਵਾਹਨਾਂ ਚੋਂ ਨਿਕਲਣ ਵਾਲਾ ਧੂੰਆਂ, ਵਿਆਹਾਂ-ਸ਼ਾਦੀਆਂ ਅਤੇ ਧਾਰਮਿਕ ਸਮਾਗਮਾਂ 'ਤੇ ਕੀਤੀ ਜਾਂਦੀ ਆਤਿਸ਼ਬਾਜ਼ੀ ਆਦਿ ਸਰਗਰਮੀਆਂ ਹਵਾ ਨੂੰ ਪ੍ਰਦੂਸ਼ਿਤ ਕਰਦੀਆਂ ਹਨ। ਹਵਾ ਵਿਚ ਤੈਰਦੇ P$2.5 ਪ੍ਰਦੂਸ਼ਕ ਕਣ ਜੋ 2.5 ਮਾਈਕ੍ਰੋਨ ਤੋਂ ਵੀ ਛੋਟੇ ਧੂੜ ਦੇ ਕਣ ਹੁੰਦੇ ਹਨ ਦੀ ਭਰਮਾਰ ਹਵਾ ਵਿਚ ਵਧ ਜਾਂਦੀ ਹੈ। ਪਲੀਤ ਹੋਏ ਆਲੇ-ਦੁਆਲੇ ਵਿਚ ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਇਹ ਪ੍ਰਦੂਸ਼ਿਤ ਕਣ ਫੇਫੜਿਆਂ ਰਾਹੀਂ ਸਾਡੇ ਖ਼ੂਨ ਵਿਚ ਜਾ ਮਿਲਦੇ ਹਨ ਜੋ ਸਾਡੇ ਸੋਚਣ ਸਮਝਣ ਦੀ ਸ਼ਕਤੀ 'ਤੇ ਅਸਰ ਅੰਦਾਜ਼ ਹੁੰਦੇ ਹਨ ਅਤੇ ਸਾਹ ਪ੍ਰਣਾਲੀ ਦੇ ਨਾਲ ਦਿਲ ਦੀ ਕਾਰਜ ਪ੍ਰਣਾਲੀ 'ਤੇ ਵੀ ਇਹ ਬੁਰਾ ਪ੍ਰਭਾਵ ਪਾਉਂਦੇ ਹਨ। ਦਿਲ ਅਤੇ ਛਾਤੀ ਨਾਲ ਸੰਬੰਧਿਤ ਰੋਗੀਆਂ ਦੀ ਮੌਤ ਦਰ ਇਨ੍ਹਾਂ ਦਿਨਾਂ ਵਿਚ ਸਾਲ ਦੇ ਬਾਕੀ ਮਹੀਨਿਆਂ ਨਾਲੋਂ ਵਧ ਜਾਂਦੀ ਹੈ। ਮਰਗ ਦੇ ਭੋਗਾਂ ਦੇ ਸੱਦੇ ਇਨ੍ਹਾਂ ਦਿਨਾਂ ਵਿਚ ਸਭ ਤੋਂ ਵੱਧ ਹੁੰਦੇ ਹਨ। ਜਿੱਥੇ ਇਸ ਅਰਸੇ ਦੌਰਾਨ ਹੋਣ ਵਾਲੀਆਂ ਮੌਤਾਂ ਚਿੰਤਾ ਦਾ ਵਿਸ਼ਾ ਹਨ ਉੱਥੇ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਇਸ ਸਮੇਂ ਦੌਰਾਨ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਹਰ ਵਰਗ ਦੇ ਲੋਕਾਂ ਦੀ ਸਿਹਤ 'ਤੇ ਇਨ੍ਹਾਂ 'ਮੌਤ ਦੇ ਦਿਨਾਂ' ਵਾਲੇ ਦਿਨਾਂ ਦੇ ਅਰਸੇ ਦਾ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਸ਼ਿਕਾਗੋ ਯੂਨੀਵਰਸਿਟੀ ਦੇ 'ਐਨਰਜੀ ਪਾਲਿਸੀ ਇੰਸਟੀਚਿਊਟ' ਦੀ ਪਿਛਲੇ ਅਰਸੇ ਦੌਰਾਨ ਆਈ ਇੱਕ ਰਿਪੋਰਟ ਵਿਚ ਕਿਹਾ ਗਿਆ ਕਿ ਉੱਤਰ ਭਾਰਤ ਦੇ ਲੋਕਾਂ ਦੀ ਸੰਘਣੇ ਪ੍ਰਦੂਸ਼ਣ ਵਾਲੀ ਹਵਾ ਵਿਚ ਸਾਹ ਲੈਣ ਕਾਰਨ ਬਾਕੀ ਦੁਨੀਆ ਦੇ ਮੁਕਾਬਲੇ 9 ਤੋਂ 10 ਸਾਲ ਉਮਰ ਘਟ ਸਕਦੀ ਹੈ।
ਇਹ ਨਹੀਂ ਕਿ ਕੇਵਲ ਭਾਰਤ ਵਿਚ ਹੀ ਪ੍ਰਦੂਸ਼ਣ ਦੀ ਸਮੱਸਿਆ ਹੈ, ਦੁਨੀਆ ਦੇ ਕੁਝ ਹੋਰ ਦੇਸ਼ ਵੀ ਹਨ ਜਿੱਥੇ ਵਿਕਾਸ ਦੇ ਮੰਜ਼ਰ ਨੇ ਜ਼ਿੰਦਗੀ ਆਜਾਬ ਬਣਾ ਦਿੱਤੀ ਹੈ। ਬ੍ਰਾਜ਼ੀਲ ਦੇ ਸ਼ਹਿਰ ਕਿਊਬਟਾਉ ਨੂੰ ਹਵਾ ਦੇ ਪ੍ਰਦੂਸ਼ਣ ਕਰਕੇ 'ਮੌਤ ਦੀ ਵਾਦੀ' ਆਖਿਆ ਜਾਣ ਲੱਗਿਆ ਹੈ। ਇਸੇ ਤਰ੍ਹਾਂ ਪਿਛਲੇ ਅਰਸੇ ਦੌਰਾਨ ਸਵਿਟਜ਼ਰਲੈਂਡ ਵਿਚ ਪਾਰਕਿੰਗ ਵਾਲੀਆਂ ਥਾਵਾਂ ਨੂੰ ਘਟਾਉਣਾ ਪਿਆ ਤਾਂ ਕਿ ਲੋਕ ਕਾਰਾਂ ਦਾ ਇਸਤੇਮਾਲ ਘੱਟ ਤੋਂ ਘੱਟ ਕਰਨ ਅਤੇ ਹਵਾ ਸਾਫ਼ ਰਹੇ। ਚੀਨ ਦੇ ਬੀਜਿੰਗ ਵਰਗੇ ਸ਼ਹਿਰਾਂ ਵਿਚ ਹਵਾ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਵਰਤੇ ਜਾਂਦੇ ਹਨ। । ਇਨ੍ਹਾਂ ਵਿਚ ਦੋ ਸੌ ਫੁੱਟ ਉੱਚਾ ਪਾਣੀ ਦਾ ਛਿੜਕਾਅ ਵਰਗੇ ਢੰਗ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾਂ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਦੁਨੀਆ ਭਰ ਦੇ ਵਿਗਿਆਨੀ ਮਸਨੂਈ ਬੱਦਲਾਂ ਨਾਲ ਮੀਹ ਪਵਾਉਣ ਦੀ ਕੋਸ਼ਿਸ਼ ਲਈ ਵੀ ਸਿਰਤੋੜ ਯਤਨ ਕਰ ਰਹੇ ਹਨ। ਭਾਰਤ ਦੀ ਰਾਜਧਾਨੀ ਦਿੱਲੀ ਤੋਂ ਇਲਾਵਾ ਪਾਕਿਸਤਾਨ ਦਾ ਲਾਹੌਰ ਸ਼ਹਿਰ ਸਭ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚ ਆਉਂਦਾ ਹੈ। ਦਿੱਲੀ ਵਿਚ ਵੀ ਸੜਕਾਂ ਨੇੜਲੇ ਰੁੱਖਾਂ 'ਤੇ ਪਾਣੀ ਦਾ ਛਿੜਕਾਅ ਕਰਕੇ ਹਵਾ ਨੂੰ ਸਾਫ਼ ਕਰਨ ਦੀਆਂ ਅਸਫ਼ਲ ਜਿਹੀਆਂ ਕੋਸ਼ਿਸ਼ਾਂ ਹਰ ਸਾਲ ਹੋਣ ਲੱਗੀਆਂ ਹਨ, ਪਰ ਇਹ ਸਭ ਕੁਝ ਇਸ ਮਸਲੇ ਦਾ ਕੋਈ ਠੋਸ ਜਾਂ ਸਦੀਵੀ ਹੱਲ ਨਹੀਂ ਹੈ। ਲੋੜ ਤਾਂ ਇਸ ਗੱਲ ਦੀ ਹੈ ਜਿਹੜੇ ਸੋਮਿਆਂ ਤੋਂ ਧੂੜ ਜਾਂ ਮਿੱਟੀ ਘੱਟੇ ਦੇ ਕਣ ਪੈਦਾ ਹੁੰਦੇ ਹਨ ਉਨ੍ਹਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਬੰਦ ਕਰਨ ਲਈ ਠੋਸ ਪ੍ਰੋਗਰਾਮ ਬਣਾਏ ਜਾਣ।
ਰੂਸ ਦਾ ਇੱਕ ਪ੍ਰਸਿੱਧ ਕਹਾਣੀਕਾਰ ਹੈ ਐਂਤੋਨ ਚੈਖਵ, ਉਸ ਦੀ ਇੱਕ ਪ੍ਰਸਿੱਧ ਕਹਾਣੀ ਹੈ ''ਖੋਲ ਵਿਚ ਰਹਿੰਦਾ ਆਦਮੀ" ਇਸ ਕਹਾਣੀ ਵਿਚ ਉਸ ਨੇ ਦੱਸਿਆ ਕਿ ਅਸੀਂ ਸਾਰੇ ਆਪਣੇ ਆਪਣੇ ਨਿਰਧਾਰਤ ਕੀਤੇ ਵੱਖ-ਵੱਖ ਪ੍ਰਕਾਰ ਦੇ ਖੋਲਾਂ ਵਿਚ ਰਹਿੰਦੇ ਹਾਂ। ਹੁਣ ਅਸੀਂ ਕਹਿ ਸਕਦੇ ਹਾਂ ਕਿ ਆਪਣੇ ਖੋਲ ਵਿਚ ਰਹਿੰਦਿਆਂ ਅਸੀਂ ਆਪਣੀ ਧਰਤੀ ਨੂੰ ਇੱਕ ਅਜਿਹਾ ਗੈਸ ਚੈਬਰ ਬਣਾਉਣ ਲਈ ਯਤਨਸ਼ੀਲ ਹਾਂ ਜਿਸ ਦੇ ਸਿਰਜਕ ਅਸੀਂ ਮਨੁੱਖ ਹਾਂ। ਅਤੇ ਇਸ ਚੈਂਬਰ ਵਿਚ ਸਾਡਾ ਹੁਣ ਦਮ ਘੁਟਣ ਲੱਗ ਪਿਆ ਹੈ। ਇਹ ਸਾਡੇ ਸਮਿਆਂ ਦਾ ਸੰਤਾਪ ਨਹੀਂ ਤਾਂ ਹੋਰ ਕੀ ਹੈ? ਅਸੀਂ ਆਪਣੇ ਕੀਤੇ ਨਾਲ ਹਵਾ ਨੂੰ ਏਨਾ ਪਲੀਤ ਕਰ ਦਿੰਦੇ ਹਾਂ ਕਿ ਛੋਟੇ-ਛੋਟੇ ਬੱਚਿਆਂ ਨੂੰ ਇਸ ਹਵਾ ਵਿਚ ਸਾਹ ਲੈਣ ਵਿਚ ਦਿੱਕਤ ਹੋਣ ਲੱਗਦੀ ਹੈ। ਸਰਕਾਰਾਂ ਨੂੰ ਇਨ੍ਹਾਂ ਦਿਨਾਂ ਵਿਚ ਛੁੱਟੀਆਂ ਕਰਨੀਆਂ ਪੈਂਦੀਆਂ ਹਨ। ਸਿਹਤ ਮੰਤਰਾਲੇ ਵਲੋਂ ਇਨ੍ਹਾਂ ਮੌਤ ਦੇ ਦਿਨਾਂ ਨੂੰ ਲੈ ਕੇ ਹੁਣ ਹਿਦਾਇਤਾਂ ਜਾਰੀ ਹੋਣ ਲੱਗੀਆਂ ਹਨ ਕਿ ਇਨ੍ਹਾਂ ਦਿਨਾਂ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲੋ। ਸਾਹ ਅਤੇ ਦਿਲ ਦੇ ਰੋਗੀ ਕਿਸੇ ਜ਼ਰੂਰੀ ਕੰਮ ਵੀ ਬਾਹਰ ਨਾ ਜਾਣ। ਇਨ੍ਹਾਂ ਮੌਤ ਦੇ ਦਿਨਾਂ ਦੌਰਾਨ ਜਦੋਂ ਚਾਰ ਚੁਫੇਰੇ ਘੱਟੇ-ਮਿੱਟੀ, ਧੂੰਏਂ ਅਤੇ ਅੱਗਾਂ ਦਾ ਆਲਮ ਹੁੰਦਾ ਹੈ ਪੰਛੀ ਇਸ ਪਲੀਤ ਹਵਾ ਵਿਚ ਉੱਡ ਨਹੀਂ ਸਕਦੇ। ਚਾਰ ਚੁਫ਼ੇਰੇ ਧੂਆਂ ਹੋਣ ਕਰਕੇ ਚੋਗਾ ਚੁਗਣ ਤੇ ਪਾਣੀ ਦੇ ਸੋਮੇ ਲੱਭਣ ਵਰਗੀਆਂ ਕਠਿਨਾਈਆਂ ਦਾ ਇਨ੍ਹਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਦਿਨਾਂ ਦੌਰਾਨ ਇਹ ਮਾਲੂਕ ਜਿੰਦਾਂ ਸਹਿਮ ਅਤੇ ਗਹਿਰੇ ਸਦਮੇ ਵਿਚ ਚਲੀਆਂ ਜਾਂਦੀਆਂ ਹਨ। ਕਈ ਤਰ੍ਹਾਂ ਦੇ ਪੰਛੀ ਇਨ੍ਹਾਂ ਦਿਨਾਂ ਦੌਰਾਨ ਮਰ ਜਾਂਦੇ ਹਨ। ਇਹ ਸਭ ਕੁਝ ਵੇਖ ਕੇ ਮਨੁੱਖ ਦੀ ਸੋਚ 'ਤੇ ਤਰਸ ਆਉਂਦਾ ਹੈ।
ਕਿੰਨੀ ਘੁਟਨ ਹੈ ਯਾਰੋ, ਬੁਲਾਓ ਕੁਝ ਹਵਾ ਦੇ ਬੁੱਲੇ,
ਰਾਤਾਂ ਨਿੱਖਰੀਆਂ ਹੋਵਣ, ਦਿਨਾਂ 'ਚੋਂ ਮਹਿਕ ਜਿਹੀ ਆਵੇ।
ਤਿਉਹਾਰਾਂ ਦਾ ਮੌਸਮ ਸ਼ੁਰੂ ਹੁੰਦਿਆਂ ਸਾਡੇ ਲੋਕ ਘਰਾਂ ਦੀ ਸਫ਼ਾਈ ਕਰਦੇ ਹਨ। ਸ਼ਾਇਦ ਸਾਨੂੰ ਹੁਣ ਇਹ ਸਮਝਣ ਦੀ ਲੋੜ ਹੈ ਕਿ ਸਫ਼ਾਈ ਦਾ ਅਰਥ ਘਰ ਦੇ ਕਮਰੇ ਤੇ ਵਿਹੜਾ ਸਾਫ ਕਰਨ ਤੱਕ ਹੀ ਸੀਮਤ ਨਹੀਂ ਬਲਕਿ ਜੇਕਰ ਅਸੀਂ ਚੰਗੀ ਜਿੰਦਗੀ ਬਸਰ ਕਰਨੀ ਹੈ ਤਾਂ ਸਾਡਾ ਆਲਾ-ਦੁਆਲਾ ਅਤੇ ਹਵਾ ਮਿੱਟੀ ਪਾਣੀ ਵੀ ਸਾਫ ਸੁਥਰਾ ਹੋਣੇ ਚਾਹੀਦੇ ਹਨ।
ਪਿਛਲੇ ਕੁਝ ਅਰਸੇ ਤੋਂ ਹਰ ਖੇਤਰ ਵਿਚ ਬੇਅਕਲੀ ਨਾਲ ਹੋਈ ਤਰੱਕੀ ਨਾਲ ਸਾਡਾ ਵਾਤਾਵਰਨ ਬਿਮਾਰ ਹੋ ਗਿਆ ਹੈ। ਬਿਮਾਰ ਵਾਤਾਵਰਨ ਵਿਚ ਤੰਦਰੁਸਤ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸਦੀਆਂ ਪਹਿਲਾਂ ਮਨੁੱਖ ਕੋਲ ਸਾਧਨ ਬੇਸ਼ੱਕ ਥੋੜ੍ਹੇ ਸਨ ਪਰ ਸਬਰ ਸੀ, ਸੰਤੋਖ ਸੀ। ਵਿਕਾਸ ਤੇ ਤਰੱਕੀ ਦੇ ਦੌਰ ਵਿਚ ਜ਼ਿੰਦਗੀ ਦੇ ਅਰਥ ਗਵਾਚ ਗਏ ਅਤੇ ਸਾਡੇ ਜ਼ਿਹਨ 'ਤੇ ਦਿਖਾਵੇ ਦੀ ਮਨੋਬਿਰਤੀ ਭਾਰੂ ਹੋ ਗਈ। ਹੁਣ ਤਾਂ ਧਾਰਮਿਕ ਸਰਗਰਮੀਆਂ ਵਿਚ ਵੀ ਦਿਖਾਵੇ ਦੀ ਪ੍ਰਵਿਰਤੀ ਪ੍ਰਵੇਸ਼ ਕਰ ਗਈ ਹੈ। ਧਰਮਿਕ ਸਮਾਗਮਾਂ ਦੌਰਾਨ ਸੜਕਾਂ 'ਤੇ ਵੱਧ ਤੋਂ ਵੱਧ ਪਟਾਕੇ ਚਲਾ ਕੇ ਵਿਖਾਉਣਾ ਜਿਵੇਂ ਸਮਾਗਮਾਂ ਦਾ ਹਿੱਸਾ ਬਣ ਗਿਆ ਹੈ। ਹੁਣ ਪ੍ਰਭਾਤ ਫੇਰੀਆਂ ਦੌਰਾਨ ਵੀ ਹਵਾ ਵਿਚ ਉੱਚੇ ਜਾ ਕੇ ਬਲਾਸਟ ਕਰਨ ਵਾਲੇ ਵੱਡੇ ਬੰਬ ਚਲਾਏ ਜਾਂਦੇ ਹਨ, ਉਸ ਮਹਾਨ ਗੁਰੂ ਦੇ ਨਾਮ 'ਤੇ ਵੀ ਜਿਸ ਨੇ ਹਵਾ ਪਾਣੀ ਅਤੇ ਮਿੱਟੀ ਸਾਫ਼ ਰੱਖਣ ਦੀ ਸਾਨੂੰ ਤਾਕੀਦ ਕੀਤੀ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਿਵਾਲੀ ਦੌਰਾਨ ਚਲਾਈ ਜਾਂਦੀ ਆਤਿਸ਼ਬਾਜ਼ੀ ਵਿਚ ਪਰਿਕਰਮਾਂ ਵਿਚ ਏਨਾ ਧੂੰਆਂ ਹੋ ਜਾਂਦਾ ਹੈ ਕਿ ਹੱਥ ਨੂੰ ਹੱਥ ਨਹੀਂ ਦਿਸਦਾ ਇੱਥੇ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ, ਆਤਿਸ਼ਬਾਜੀ ਚਲਾਉਣ ਦਾ ਸਮਾਂ ਕੁੱਝ ਘੱਟ ਕਰ ਦਿੱਤਾ ਗਿਆ ਹੈ। ਪਰ ਹਰਿਮੰਦਰ ਸਾਹਿਬ ਤੋਂ ਇਲਾਵਾ ਹੋਰ ਗੁਰਦੁਆਰਾ ਸਾਹਿਬਾਨ ਇੱਥੋਂ ਤੱਕ ਕਿ ਪਿੰਡਾਂ ਦੇ ਗੁਰਦੁਆਰਿਆਂ ਵਿਚ ਵੀ ਇਸ ਦਾ ਚਲਣ ਭਾਰੂ ਹੋ ਰਿਹਾ ਹੈ। ਇਹ ਸਭ ਸਾਨੂੰ ਸਾਡੇ ਧਰਮ ਸਾਡੀ ਸੰਸਕ੍ਰਿਤੀ ਜਾਂ ਸੱਭਿਆਚਾਰ ਨੇ ਨਹੀਂ ਦਿੱਤਾ ਬਲਕਿ ਬਾਜ਼ਾਰ ਨੇ ਸਾਡੇ ਅੱਗੇ ਪਰੋਸਿਆ ਹੈ। ਸਾਨੂੰ ਬਾਜ਼ਾਰੂ ਮਨੋਬਿਰਤੀ ਤਿਆਗ ਕੇ ਕੁਦਰਤ ਨਾਲ ਸਾਂਝ ਪਾਉਣ ਦੀ ਲੋੜ ਹੈ। ਮਨੁੱਖ ਰੂਹਾਨੀ ਸਬਰ ਸ਼ਾਂਤੀ ਤੋਂ ਤੋੜ ਵਿਛੋੜਾ ਕਰਕੇ ਵਿਖਾਵਾ ਕਰਕੇ ਆਪਣੇ ਅੰਦਰਲੇ ਖਾਲੀਪਣ ਨੂੰ ਭਰਨ ਦੀ ਕੋਸ਼ਿਸ਼ ਕਰਨ ਲੱਗਾ ਹੈ। ਹੁਣ ਸ਼ਾਇਦ ਇਹ ਵਕਤ ਆ ਗਿਆ ਹੈ ਕਿ ਅਸੀਂ ਆਪਣੀ ਧਰਤੀ ਦੇ ਹਵਾ ਪਾਣੀ ਨੂੰ ਬਚਾਈਏ ਫਜ਼ੂਲ ਖਰਚੇ ਅਤੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਨਿਜਾਤ ਪਾਉਣ ਦੇ ਰਾਹ ਤੁਰੀਏ। ਪੰਜਾਬ ਦੀ ਧਰਤੀ ਹਰੇ ਭਰੇ ਰੁੱਖਾਂ ਨਾਲ ਭਰਪੂਰ ਹੋਵੇ ਇਸ ਦੇ ਅਸਮਾਨ 'ਤੇ ਕਾਲਾ ਧੂੰਆਂ ਨਹੀਂ ਬਲਕਿ ਨੀਲੇ ਅਸਮਾਨ 'ਤੇ ਚਿੱਟੇ ਬੱਦਲਾਂ ਦੀ ਕਾਮਨਾ ਕਰੀਏ। ਜਿੱਥੇ ਅਸੀਂ ਅਤੇ ਸਾਡੇ ਮਾਸੂਮ ਬੱਚਿਆਂ ਨੇ ਸਾਹ ਲੈਣਾ ਹੈ। ਉਸ ਹਵਾ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਦਾ ਅਹਿਦ ਕਰੀਏ।
ਆਓ, ਇਸ ਵਾਰ ਆਪਣੇ ਰੰਗਲੇ ਪੰਜਾਬ ਨੂੰ ਜ਼ਹਿਰੀਲੀ ਹਵਾ ਦਾ ਚੈਂਬਰ ਨਾ ਬਣਨ ਦੇਈਏ। ਆਪਣੀ ਸਮਝ ਤੇ ਵਿਵੇਕ ਤੋਂ ਕੰਮ ਲਈਏ। ਹਰ ਤਰ੍ਹਾਂ ਪ੍ਰਦੂਸ਼ਣ ਅਤੇ ਹਵਾ ਵਿਚ ਧੂੰਏਂ ਦਾ ਜ਼ਹਿਰ ਘੋਲਣ ਤੋਂ ਗੁਰੇਜ ਕਰੀਏ। ਸਾਡੀਆਂ ਹਰ ਤਰ੍ਹਾਂ ਦੀਆਂ ਸਰਗਰਮੀਆਂ ਕੁਦਰਤ ਦੇ ਸਤਿਕਾਰ ਲਈ ਹੋਣੀਆਂ ਚਾਹੀਦੀਆਂ ਹਨ। ਪੰਜਾਬ ਇਸ ਸਮੇਂ ਪਾਣੀ ਅਤੇ ਵਾਤਾਵਰਨ ਦੇ ਗੰਭੀਰ ਸੰਕਟ ਦੇ ਮੋੜ 'ਤੇ ਖੜ੍ਹਾ ਹੈ। ਇਹ ਧਰਤੀ ਜੋ ਸਾਨੂੰ ਮਾਂ ਬਣ ਕੇ ਪਾਲਦੀ ਹੈ, ਦਾ ਮਾਣ ਸਤਿਕਾਰ ਕਰਨ ਦਾ ਹੁਨਰ ਸਿੱਖੀਏ।
- ਜ਼ੀਰਾ/ ਮੋ: 9855051099