ਕੁਦਰਤ ਵਿਰੋਧੀ ਵਿਕਾਸ ਅਤੇ ਜੀਵਨ ਦਾ ਸੰਘਰਸ਼ - ਗੁਰਚਰਨ ਸਿੰਘ ਨੂਰਪੁਰ
ਇੱਕ ਵਿਅਕਤੀ ਨੇ ਦੂਰ ਦੁਰਾਡੇ ਜੰਗਲੀ ਤੇ ਮਾਰੂਥਲੀ ਸਫ਼ਰ ’ਤੇ ਜਾਣਾ ਸੀ। ਉਹ ਸਫ਼ਰ ਲਈ ਲੋੜੀਂਦਾ ਸਾਮਾਨ ਇਕੱਠਾ ਕਰ ਰਿਹਾ ਸੀ। ਉਸ ਨੇ ਸੋਚਿਆ ਕਿ ਸਫ਼ਰ ਦੌਰਾਨ ਇਹ ਨਾ ਹੋਵੇ ਮਤੇ ਉਹ ਰਸਤੇ ਵਿੱਚ ਹੀ ਭਟਕ ਜਾਵੇ, ਇਹਦੇ ਲਈ ਬੜਾ ਜ਼ਰੂਰੀ ਹੈ ਕਿ ਉਸ ਕੋਲ ਦਿਸ਼ਾਵਾਂ ਦੇ ਗਿਆਨ ਲਈ ਇੱਕ ਕੰਪਾਸ ਹੋਵੇ। ਉਹ ਇੱਕ ਦੁਕਾਨਦਾਰ ਤੋਂ ਕੰਪਾਸ ਖਰੀਦਣ ਗਿਆ। ਉਹਨੇ ਜਦੋਂ ਕੰਪਾਸ ਵਾਲਾ ਟੀਨ ਦਾ ਡੱਬਾ ਖੋਲ੍ਹਿਆ ਤਾਂ ਕੰਪਾਸ ਦੀ ਸੂਈ ਤੋਂ ਇਲਾਵਾ ਇਸ ਵਿੱਚੋਂ ਇੱਕ ਛੋਟਾ ਜਿਹਾ ਸ਼ੀਸ਼ਾ ਵੀ ਨਿਕਲਿਆ। ਉਸ ਨੇ ਹੈਰਾਨੀ ਨਾਲ ਦੁਕਾਨਦਾਰ ਨੂੰ ਪੁੱਛਿਆ, ‘‘ਕੰਪਾਸ ਦੀ ਸੂਈ ਤਾਂ ਦਿਸ਼ਾਵਾਂ ਦਾ ਗਿਆਨ ਦੱਸਣ ਲਈ ਹੈ ਤਾਂ ਕਿ ਕੋਈ ਭਟਕ ਨਾ ਜਾਵੇ ਪਰ ਇਸ ਡੱਬੇ ਵਿੱਚ ਇਹ ਸ਼ੀਸ਼ਾ ਕਿਸ ਵਾਸਤੇ ਹੈ?’’
ਦੁਕਾਨਦਾਰ ਨੇ ਜਵਾਬ ਦਿੱਤਾ, ‘‘ਸ਼ੀਸ਼ਾ ਇਹ ਵੇਖਣ ਲਈ ਹੈ ਜੋ ਭਟਕ ਗਿਆ ਹੈ ਉਹ ਕੌਣ ਹੈ।’’
ਅੱਜ ਦੇ ਮਨੁੱਖ ਦੀ ਅਜਿਹੀ ਹੀ ਹਾਲਤ ਹੈ। ਅਸੀਂ ਮਨ ਦੀ ਭਟਕਣਾ ਦੇ ਦੌਰ ’ਚੋਂ ਗੁਜ਼ਰ ਰਹੇ ਹਾਂ। ਮਨੁੱਖ ਨੇ ਬੇਸ਼ੁਮਾਰ ਸਰੀਰਕ ਸੁਖ ਹਾਸਲ ਕਰ ਲਏ ਪਰ ਇਹਦੇ ਮਾਨਸਿਕ ਦੁੱਖਾਂ ਦਾ ਕੋਈ ਪਾਰਾਵਾਰ ਨਹੀਂ।
ਪਿਛਲੇ ਦੋ ਸੌ ਸਾਲਾਂ ਤੋਂ ਮਨੁੱਖ ਜਾਤੀ ਹਰ ਦਿਨ ਨਵੀਂ ਤੋਂ ਨਵੀਂ ਸਮੱਸਿਆ ਵਿੱਚ ਘਿਰ ਰਹੀ ਹੈ। ਵਿਗਿਆਨ ਕਿਸੇ ਇੱਕ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਦੋ ਨਵੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਇਹਦਾ ਸਭ ਤੋਂ ਵੱਡਾ ਕਾਰਨ ਵਿਗਿਆਨਕ ਖੋਜਾਂ ਨਹੀਂ ਸਗੋਂ ਵੱਡਾ ਕਾਰਨ ਇਹ ਹੈ ਕਿ ਸਾਡੀ ਸੋਚ ਵਿਗਿਆਨਕ ਨਹੀਂ। ਜਦੋਂ ਤੱਕ ਸਾਡੀ ਸੋਚ ਵਿਗਿਆਨਕ ਨਹੀਂ ਹੋਵੇਗੀ ਸਾਡੀਆਂ ਸਮੱਸਿਆਵਾਂ ਵਿਕਰਾਲ ਰੂਪ ਅਖਤਿਆਰ ਕਰਦੀਆਂ ਰਹਿਣਗੀਆਂ।
ਜੀਵਨ ਵਿੱਚ ਸੰਘਰਸ਼ ਯੁੱਗਾਂ ਤੋਂ ਚਲਦਾ ਆਇਆ ਹੈ ਅਤੇ ਚਲਦਾ ਰਹੇਗਾ। ਪ੍ਰਸਿੱਧ ਜੀਵ ਵਿਗਿਆਨੀ ਚਾਰਲਸ ਡਾਰਵਿਨ ਆਖਦਾ ਹੈ: ਜਿਉਂਦੇ ਰਹਿਣ ਲਈ ਜੀਵਨ ਵਿੱਚ ਸੰਘਰਸ਼ ਹੁੰਦਾ ਹੈ। ਇਸ ਸੰਘਰਸ਼ ਵਿੱਚ ਜੇਤੂ ਹੁੰਦੀਆਂ ਜੀਵ ਜਾਤੀਆਂ ਨੂੰ ਕੁਦਰਤ ਅਗਾਂਹ ਆਪਣੇ ਵਿਕਾਸ ਦਾ ਮੌਕਾ ਪ੍ਰਦਾਨ ਕਰਦੀ ਹੈ। ਮਨੁੱਖ ਜਾਤੀ ਦਾ ਜਿਉਂਦੇ ਰਹਿਣ ਲਈ ਸੰਘਰਸ਼ ਬਿਲਕੁਲ ਗ਼ੈਰ-ਵਿਗਿਆਨਕ ਹੈ। ਦੁਨੀਆਂ ਦੀ ਵੱਡੀ ਆਬਾਦੀ ਜੀਵਨ ਦੀਆਂ ਜ਼ਰੂਰੀ ਲੋੜਾਂ ਤੋਂ ਵਿਰਵੀ ਹੈ। ਵੱਡੀ ਗਿਣਤੀ ਲੋਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਘਿਰੇ ਹੋਏ ਹਨ। ਇੱਥੋਂ ਤੱਕ ਕਿ ਧਰਤੀ ਦੇ ਵੱਡੀ ਗਿਣਤੀ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਵੀ ਹੁਣ ਤੱਕ ਨਸੀਬ ਨਹੀਂ ਹੋਇਆ ਅਤੇ ਭਵਿੱਖ ਵਿੱਚ ਇਹ ਸੰਕਟ ਹੋਰ ਗਹਿਰਾ ਹੋ ਰਿਹਾ ਹੈ। ਵੱਡੀ ਗਿਣਤੀ ਲੋਕ ਗ਼ਰੀਬੀ, ਮੰਦਹਾਲੀ, ਬੇਕਾਰੀ ਦਾ ਜੀਵਨ ਭੋਗ ਰਹੇ ਹਨ। ਦੁਨੀਆਂ ਦਾ ਇੱਕ ਵੱਡਾ ਹਿੱਸਾ ਵੱਖ ਵੱਖ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੈ। ਬੱਚੇ ਵੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਦੁਨੀਆਂ ਭਰ ਵਿੱਚ ਵੱਡੀ ਗਿਣਤੀ ਵਿੱਚ ਨੌਜੁਆਨ ਨਸ਼ਿਆਂ ਦੇ ਨਰਕ ਵਿੱਚ ਗਰਕ ਰਹੇ ਹਨ। ਜੀਵਨ ਸੰਤਾਪ ਬਣ ਰਿਹਾ ਹੈ। ਦੂਜੇ ਪਾਸੇ ਦੁਨੀਆਂ ਦੇ ਕਿਸੇ ਨਾ ਕਿਸੇ ਖਿੱਤੇ ਵਿੱਚ ਜੰਗ ਯੁੱਧ ਚੱਲ ਹੀ ਰਿਹਾ ਹੁੰਦਾ ਹੈ। ਮਨੁੱਖ ਦੇ 4000 ਸਾਲਾਂ ਦੇ ਇਤਿਹਾਸ ਦੌਰਾਨ 4000 ਤੋਂ ਵੱਧ ਯੁੱਧ ਲੜੇ ਗਏ। ਅਖੌਤੀ ਸਭਿਅਕ ਮਨੁੱਖ ਅਜਿਹੇ ਜੰਗੀ ਸਾਜ਼ੋ ਸਾਮਾਨ ਦਾ ਮਾਲਕ ਹੈ ਜਿਸ ਨਾਲ ਕੁਝ ਮਿੰਟਾਂ ਵਿੱਚ ਹੀ ਪੂਰੀ ਧਰਤੀ ਤੋਂ ਜੀਵਨ ਦਾ ਖੁਰਾ ਖੋਜ ਮਿਟ ਸਕਦਾ ਹੈ ਤੇ ਮੁੜ ਹਜ਼ਾਰਾਂ ਸਾਲ ਇੱਥੇ ਜੀਵਨ ਦੇ ਪੈਦਾ ਹੋਣ ਦੀ ਸੰਭਾਵਨਾ ਨਹੀਂ ਰਹੇਗੀ। ਇਹ ਕਿਹੋ ਜਿਹਾ ਵਿਕਾਸ ਹੈ? ਧਰਤੀ ਦੀ ਅੱਧੀ ਆਬਾਦੀ ਭੁੱਖ ਨਾਲ ਇਸ ਲਈ ਮਰ ਰਹੀ ਹੈ ਕਿ ਮਨੁੱਖ ਨੂੰ ਮਾਰੇ ਜਾਣ ਲਈ ਬਣਾਏ ਜਾਣ ਵਾਲੇ ਸਾਜ਼ੋ-ਸਾਮਾਨ ’ਤੇ ਅਰਬਾਂ ਰੁਪਏ ਖਰਚ ਹੋ ਰਹੇ ਹਨ। ਇਹ ਪਾਗਲਪਣ ਨਹੀਂ ਤਾਂ ਹੋਰ ਕੀ ਹੈ? ਘਰ ਵਿੱਚ ਬੱਚਿਆਂ ਦੇ ਖਾਣ ਲਈ ਰੋਟੀ ਨਾ ਹੋਵੇ, ਪਰ ਘਰ ਦਾ ਮਾਲਕ ਬੰਦੂਕਾਂ ਖਰੀਦਦਾ ਫਿਰੇ, ਇਹ ਕਿੱਥੋਂ ਦੀ ਸਿਆਣਪ ਹੈ?
ਮਨੁੱਖੀ ਸੱਭਿਅਤਾ ਦਾ ਵਿਕਾਸ ਤਾਂ ਜੀਵਨ ਨੂੰ ਚੰਗੇਰਾ ਬਣਾਉਣ ਲਈ ਸੀ। ਜੀਵਨ ਨੂੰ ਚੰਗੇਰਾ ਬਣਾਉਣ ਦੀ ਯਾਤਰਾ ’ਤੇ ਨਿਕਲਿਆ ਮਨੁੱਖ ਜੀਵਨ ਲਈ ਹੋਰ ਸਾਧਨ ਖੋਜਦਾ ਖੋਜਦਾ ਆਪ ਗੁਆਚ ਤਾਂ ਨਹੀਂ ਗਿਆ? ਇਹ ਵਿਸ਼ਾ ਵਿਸ਼ਾਲ ਚਿੰਤਨ ਦੀ ਮੰਗ ਕਰਦਾ ਹੈ।
ਬਹੁਤ ਘੱਟ ਲੋਕਾਂ ਨੂੰ ਇਹ ਗਿਆਨ ਹੈ ਕਿ ਸਾਡੇ ਸੰਕਟਾਂ ਦੇ ਰਚਣਹਾਰੇ ਕੌਣ ਹਨ। ਇਸ ਤੋਂ ਵੀ ਬੁਨਿਆਦੀ ਗੱਲ ਇਹ ਹੈ ਕਿ ਬਹੁਗਿਣਤੀ ਮਨੁੱਖਾਂ ਨੂੰ ਆਪਣੇ ਸੰਕਟਾਂ ਦਾ ਗਿਆਨ ਨਹੀਂ। ਅਸੀਂ ਉਸ ਹਾਲਤ ਵਿੱਚ ਹਾਂ ਜਿਵੇਂ ਪੁਰਾਣੇ ਸਮੇਂ ਵਿੱਚ ਕਿਸੇ ਦਾ ਫੋੜਾ ਕੁਝ ਦਿਨ ਠੀਕ ਨਾ ਹੋਣ ਦੀ ਸੂਰਤ ਵਿੱਚ ਉਹ ਇਸ ’ਤੇ ਪੱਕੀ ਪੱਟੀ ਬੰਨ੍ਹ ਕੇ ਮੰਨ ਲੈਂਦਾ ਸੀ ਕਿ ਇਸ ਫੋੜੇ ਨੇ ਹੁਣ ਸਰੀਰ ਦੇ ਨਾਲ ਨਾਲ ਹੀ ਰਹਿਣਾ ਹੈ। ਇਸੇ ਤਰ੍ਹਾਂ ਅਸੀਂ ਧਰਤੀ ਵਾਸੀ ਮੁੱਠੀ ਭਰ ਮਨੁੱਖਾਂ ਵੱਲੋਂ ਸਿਰਜੀਆਂ ਸਮੱਸਿਆਵਾਂ, ਸੰਕਟਾਂ, ਦੁਸ਼ਵਾਰੀਆਂ ਵਿੱਚ ਰਹਿਣ ਦੇ ਆਦੀ ਬਣਾ ਦਿੱਤੇ ਗਏ ਹਾਂ।
ਆਪਣੇ ਘਰ, ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਲੱਖਾਂ ਲੋਕ ਪੀਣ ਵਾਲੇ ਪਾਣੀ ਦੇ ਸੰਕਟ ਤੋਂ ਪੀੜਤ ਹਨ। ਇੱਥੋਂ ਦੀ ਵੱਸੋਂ ਦਾ ਵੱਡਾ ਹਿੱਸਾ ਨਹਿਰਾਂ ਦਾ ਅਤਿ ਜ਼ਹਿਰੀਲਾ ਪਾਣੀ ਪੀਣ ਨਾਲ ਵੱਡੇ ਪੱਧਰ ’ਤੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਬਿਮਾਰੀਆਂ ਦੇ ਖਰਚੇ ਕਰਕੇ ਲੋਕਾਂ ਦੀ ਜ਼ਮੀਨ ਜਾਇਦਾਦ ਵਿਕ ਰਹੀ ਹੈ। ਬੱਚੇ ਵੀ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੋ ਰਹੇ ਹਨ। ਮਾਲਵੇ ਦੇ ਕਈ ਪਿੰਡਾਂ ਵਿੱਚ ਹਰ ਸਾਲ ਕੈਂਸਰ ਨਾਲ ਹਰ ਉਮਰ ਦੇ ਬੱਚਿਆਂ ਦੀ ਮੌਤਾਂ ਹੋ ਰਹੀਆਂ ਹਨ। ਲੱਖਾਂ ਲੋਕ ਇਸ ਸੰਤਾਪ ਨੂੰ ਭੋਗ ਰਹੇ ਹਨ, ਪਰ ਮੁੱਠੀ ਭਰ ਲੋਕ ਇਸ ਸਭ ਕੁਝ ਦੇ ਖ਼ਿਲਾਫ਼ ਬੋਲਦੇ ਹਨ। ਕੀ ਇਹ ਰੱਬੀ ਵਰਤਾਰਾ ਹੈ ਜਾਂ ਮੁੱਠੀ ਭਰ ਲੋਕਾਂ ਦੀਆਂ ਜੇਬਾਂ ਭਰਨ ਵਾਲਾ ਅਖੌਤੀ ਵਿਕਾਸ ਹੈ ਜੋ ਲੋਕਾਂ ਦੀਆਂ ਮੌਤਾਂ ਦਾ ਕਾਰਨ ਬਣ ਰਿਹਾ ਹੈ? ਹੁਣ ਵਕਤ ਆ ਗਿਆ ਹੈ ਕਿ ਅਸੀਂ ਇਸ ਬਾਰੇ ਫ਼ੈਸਲਾ ਕਰੀਏ।
ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਜਾਗਣਾ, ਉੱਠਣਾ ਤੇ ਬੋਲਣਾ ਪਵੇਗਾ ਕਿ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਦਾ ਕਾਰਨ ਬਣ ਰਿਹਾ ਅਖੌਤੀ ਵਿਕਾਸ ਸਾਨੂੰ ਹਰਗਿਜ਼ ਮਨਜ਼ੂਰ ਨਹੀਂ।
ਸਾਡੇ ਗੁਰੂ ਸਾਹਿਬਾਨ ਨੇ ਇਸ ਧਰਤੀ ’ਤੇ ਮਨੁੱਖਤਾ ਨੂੰ ਸਰਬੱਤ ਦੇ ਭਲੇ ਵਾਲਾ ਮਾਨਵਤਾ ਦਾ ਪੈਗਾਮ ਦਿੱਤਾ, ਪਰ ਅਸੀਂ ਆਪਣੀ ਧਰਤੀ ਦਾ ਵਿਨਾਸ਼ ਹੁੰਦਾ ਆਪਣੀ ਅੱਖੀਂ ਵੇਖ ਰਹੇ ਹਾਂ। ਜੀਵਨ ਦੀਆਂ ਕੜੀਆਂ ਇੱਕ ਦੂਜੀ ਨਾਲ ਜੁੜੀਆਂ ਹੁੰਦੀਆਂ ਹਨ। ਜਦੋਂ ਇਸ ਧਰਤੀ ਤੋਂ ਕਿਸੇ ਜੀਵ ਜਾਤੀ ਦਾ ਖ਼ਾਤਮਾ ਹੁੰਦਾ ਹੈ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਸਾਡਾ ਜੀਵਨ ਵੀ ਮਰ ਰਿਹਾ ਹੁੰਦਾ ਹੈ। ਇਸ ਦਾ ਭਾਵ ਇਹ ਹੈ ਕਿ ਧਰਤੀ ਦੀਆਂ ਜਿਊਣ ਹਾਲਤਾਂ ਦੇ ਕੁਝ ਹਿੱਸੇ ਦਾ ਖ਼ਾਤਮਾ ਹੋ ਗਿਆ ਹੈ। ਕੁਦਰਤ ਨੂੰ ਅਣਗੌਲਿਆਂ ਕਰ ਕੇ ਕੀਤੇ ਅਖੌਤੀ ਵਿਕਾਸ ਨੇ ਫ਼ਸਲੀ ਵਿਭਿੰਨਤਾ ਨੂੰ ਤਬਾਹ ਕਰ ਦਿੱਤਾ ਹੈ ਜਿਸ ਕਾਰਨ ਧਰਤੀ ’ਤੇ ਵੱਡੀ ਗਿਣਤੀ ਵਿੱਚ ਜਲ ਥਲੀ ਜੀਵਾਂ ਦੀਆਂ ਨਸਲਾਂ ਦਾ ਖਾਤਮਾ ਹੋ ਗਿਆ। ਪਿਛਲੇ ਕੁਝ ਦਹਾਕਿਆਂ ਵਿੱਚ ਕਈ ਤਰ੍ਹਾਂ ਦੀਆਂ ਚਿੜੀਆਂ, ਮੋਰ, ਪਪੀਹਾ, ਕਠਫੋੜਾ, ਚੁਗਲ, ਗਰੁੜ, ਹਰੀਅਲ, ਚਮਗਿੱਦੜ, ਤਿੱਤਰ, ਬਟੇਰ, ਗਿਰਝਾਂ, ਚਿੱਟੀ ਇੱਲ, ਬਾਜ਼ਾਂ ਦੀਆਂ ਕਈ ਨਸਲਾਂ, ਬਿਜੜਾ, ਲਾਲ ਰੰਗ ਦਾ ਕਾਂ, ਉੱਲੂ, ਤਿਲੀਅਰ, ਕਾਲੀ ਲੰਮੀ ਪੂਛ ਵਾਲੀ ਚਿੜੀ ਆਦਿ ਪੰਜਾਬ ਦੀ ਧਰਤੀ ਤੋਂ ਲਗਾਤਾਰ ਲੋਪ ਹੋ ਰਹੀਆਂ ਹਨ। ਕਲਕਲ ਵਗਦੇ ਦਰਿਆਵਾਂ ਵਿੱਚ ਕਦੇ ਕੱਛੂਕੁੰਮੇ, ਰੰਗ ਬਰੰਗੀਆਂ ਮੱਛੀਆਂ, ਮੁਰਗਾਬੀਆਂ, ਜਲਕੁਕੜੀਆਂ, ਬੱਤਖਾਂ, ਕਲਹੰਸ ਤੈਰਦੇ ਅਠਖੇਲੀਆਂ ਕਰਦੇ ਸਨ ਜੋ ਹੁਣ ਵੀਰਾਨ ਹੋ ਗਏ ਹਨ। ਪਿਛਲੇ ਦਿਨੀਂ ਹਰੀਕੇ ਨੇੜੇ ਸਤਿਲੁਜ ਦਰਿਆ ਕੰਢੇ ਜਾਣ ਦਾ ਮੌਕਾ ਮਿਲਿਆ। ਇੱਥੇ ਜਾ ਕੇ ਵੇਖਿਆ ਕਿ ਜਿਹੜੇ ਦਰਿਆਵਾਂ ’ਤੇ ਸਾਨੂੰ ਪੰਜਾਬੀਆਂ ਨੂੰ ਮਾਣ ਸੀ ਉਨ੍ਹਾਂ ਦਰਿਆਵਾਂ ਦੇ ਨੇੜੇ ਅਸੀਂ ਹੁਣ ਖੜ੍ਹ ਨਹੀਂ ਸਕਦੇ। ਉਨ੍ਹਾਂ ਦਾ ਗੰਦਾ ਸੰਘਣਾ ਕਾਲਾ ਪਾਣੀ ਦੂਰ ਤੱਕ ਮੁਸ਼ਕ ਮਾਰ ਰਿਹਾ ਹੈ। ਆਪਣੀ ਅਕਲ ਨੂੰ ਜਿੰਦਰੇ ਮਾਰ ਕੇ ਦਰਿਆਵਾਂ ਦੇ ਆਸ-ਪਾਸ ਬਸੇਰਾ ਰੱਖਣ ਵਾਲੀਆਂ ਅਨੇਕਾਂ ਜੀਵ ਜਾਤੀਆਂ ਨੂੰ ਖ਼ਤਮ ਕਰ ਕੇ ਅਸੀਂ ‘ਵਿਕਾਸ’ ਕੀਤਾ ਹੈ। ਸਾਡੀ ਹਾਲਤ ਬੜੀ ਅਜੀਬੋ ਗਰੀਬ ਬਣ ਗਈ ਹੈ:
ਵੇਲਾ ਸੀ ਕਦੇ ਅਸੀਂ ਮਾਲਕ ਹੁੰਦੇ ਸਾਂ ਦਰਿਆਵਾਂ ਦੇ,
ਅੱਜਕੱਲ੍ਹ ਸ਼ਹਿਰੋਂ ਭਾਅ ਪੁੱਛਦੇ ਹਾਂ ਬੋਤਲ ਵਾਲੇ ਪਾਣੀ ਦਾ।
ਅੱਜ ਦੁਨੀਆਂ ਭਰ ਵਿੱਚ ਲੱਖਾਂ ਲੋਕ ਸਰੀਰਕ ਤੇ ਮਾਨਸਿਕ ਸੰਕਟਾਂ ਦੇ ਸ਼ਿਕਾਰ ਹੋ ਗਏ ਹਨ। ਪੂਰੀ ਦੁਨੀਆਂ ਵਿੱਚ ਹੀ ਵਾਤਾਵਰਣ ਇਸ ਸਮੇਂ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਮਨੁੱਖ ਨੇ ਰੁੱਖਾਂ ਜੰਗਲਾਂ ਦਾ ਪਿਛਲੇ ਕੁਝ ਸਾਲਾਂ ਵਿੱਚ ਬੇਲਿਹਾਜ਼ ਹੋ ਕੇ ਖ਼ਾਤਮਾ ਕੀਤਾ ਹੈ। ਧਰਤੀ ’ਤੇ ਘਟ ਰਹੇ ਜੰਗਲਾਂ ਕਰਕੇ ਸਾਨੂੰ ਵੱਧ ਊਰਜਾ ਦੀ ਲੋੜ ਪੈ ਰਹੀ ਹੈ। ਧਰਤੀ ਦੇ ਗਰਮ ਖਿੱਤੇ ਵਧੇਰੇ ਗਰਮ ਹੋਣ ਕਰਕੇ ਵੱਧ ਗਿਣਤੀ ਵਿੱਚ ਏਸੀਆਂ, ਫਰਿੱਜਾਂ ਅਤੇ ਠੰਢਿਆਂ ਦੀ ਲੋੜ ਮਹਿਸੂਸ ਹੋਣ ਲੱਗੀ ਹੈ। ਇਸ ਜੀਵਨ ਸ਼ੈਲੀ ਵਿੱਚ ਅਗਾਂਹ ਸਾਨੂੰ ਵੱਧ ਬਿਜਲੀ ਦੀ ਲੋੜ ਅਤੇ ਵੱਧ ਬਿਜਲੀ ਪੈਦਾ ਕਰਨ ਲਈ ਵੱਧ ਕੋਲੇ ਦੀ ਲੋੜ ਹੈ। ਇਹਦਾ ਸਿੱਟਾ ਫਿਰ ਧਰਤੀ ਦੇ ਉਜਾੜੇ ਵਿੱਚ ਨਿਕਲਦਾ ਹੈ। ਇਸ ਲਈ ਫਿਰ ਵੱਧ ਜੰਗਲਾਂ ਦਾ ਕਟਾਅ, ਵੱਧ ਊਰਜਾ ਦੇ ਸਾਧਨਾਂ ਦੀ ਵਰਤੋਂ ਤੇ ਫਿਰ ਹੋਰ ਵੱਧ ਠੰਢੇ ਬਸੇਰਿਆਂ ਦੀ ਲੋੜ। ਵੱਧ ਅਕਲ ਦਾ ਮਾਣ ਕਰਦਾ ਅੱਜ ਦਾ ਮਨੁੱਖ ਉਸੇ ਟਾਹਣ ਨੂੰ ਵੱਢ ਰਿਹਾ ਹੈ ਜਿਸ ’ਤੇ ਆਪ ਬੈਠਾ ਹੈ।
ਜੀਵਨ ਲਈ ਤਬਾਹਕੁੰਨ ਹਾਲਾਤ ਪੈਦਾ ਕਰਨ ਵਾਲਾ ਗ਼ੈਰ-ਕੁਦਰਤੀ ਅਤੇ ਗ਼ੈਰ-ਵਿਗਿਆਨਕ ਵਿਕਾਸ ਮਾਡਲ ਹੁਣ ਮਨੁੱਖ ਦੇ ਸੰਕਟਾਂ ਦਾ ਵੱਡਾ ਕਾਰਨ ਬਣ ਗਿਆ ਹੈ। ਉਰਦੂ ਦਾ ਇੱਕ ਸ਼ਾਇਰ ਲਿਖਦਾ ਹੈ:
ਵਿਕਾਸ ਕੇ ਦੌਰ ਕੇ ਆਲਮ ਹੀ ਨਿਰਾਲੇ ਹੈਂ,
ਜ਼ਿਹਨੋਂ ਮੇਂ ਅੰਧੇਰਾ ਹੈ ਸੜਕੋਂ ਪੇ ਉਜਾਲੇ ਹੈਂ।
ਸਾਨੂੰ ਮਨਾਂ ਦੇ ਹਨੇਰਿਆਂ ਨੂੰ ਦੂਰ ਕਰਨ ਦੀ ਲੋੜ ਹੈ। ਸਾਡੀਆਂ ਸਰਕਾਰਾਂ ਅਤੇ ਆਮ ਲੋਕਾਂ ਨੂੰ ਵੀ ਇੱਧਰ ਉਚੇਚਾ ਧਿਆਨ ਦੇਣ ਦੀ ਲੋੜ ਹੈ। ਆਓ ਵਾਤਾਵਰਣ ਦੇ ਸੰਕਟ ਨੂੰ ਸਮਝੀਏ ਅਤੇ ਇਸ ਖ਼ਿਲਾਫ਼ ਆਵਾਜ਼ ਬੁਲੰਦ ਕਰੀਏ।
ਸੰਪਰਕ : 98550-51099