ਮਾਂ ਬਾਰੇ ਮੇਰਾ ਲੇਖ ਦੇ ਕੁੱਝ ਅੰਸ਼ ਹਾਂ ! ਇਹ ਰਵਾਇਤੀ ਲੇਖ ਨਹੀਂ ਹੈ - ਤਰਸੇਮ ਬਸ਼ਰ
ਸ਼ੁਕਰ ਹੈ ਬਹੱਤਰ ਸਾਲ ਦੀ ਉਮਰ ਵਿੱਚ ਵੀ ਮੇਰੀ ਮਾਂ ਦਾ ਇੱਕ ਵੀ ਵਾਲ ਸਫੇਦ ਨਹੀਂ ਹੈ ਨਹੀਂ ਤਾਂ ਸ਼ਾਇਦ ਮੇਰੀਆਂ ਉਦਾਸੀਆਂ ਹੋਰ ਡੂੰਘੇਰੀਆਂ ਹੋ ਜਾਂਦੀਆਂ ਪਰ ਮੇਰੀ ਮਾਂ ਹੁਣ ਬੁੱ਼ਢੀ ਹੋ ਗਈ ,ਉਹ ਪਹਿਲਾਂ ਵਾਂਗੂੰ ਹੁਣ ਤੁਰ ਫਿਰ ਨਹੀਂ ਸਕਦੀ ,ਕੁੱਬ ਪੈਂਦਾ ਹੈ ,ਸ਼ਰੀਰ ਹੱਡੀਆਂ ਦਾ ਢਾਂਚਾ ਮਾਤਰ ਰਹਿ ਗਿਆ ਹੈ । ਵੱਡਾ ਤਪ ਕੀਤਾ ਹੈ ਉਸਨੇ ਜਿੰਦਗੀ ਵਿੱਚ ਤੇ ਜਿੰਦਗੀ ਹੁਣ ਆਰਾਮ ਚਾਹੁੰਦੀ ਹੈ । ਜਾਣਦਾ ਮੈਂ ਵੀ ਹਾਂ ਪਰ ਇਸ ਸੱਚਾਈ ਤੋਂ ਮੁਨਕਰ ਹੋਣਾ ਚਾਹੁੰਦਾ ਹਾਂ, ਸਮੇਂ ਨੂੰ ਖੜ੍ਹਾ ਲੈਂਣਾ ਚਾਹੁੰਦਾ ਹਾਂ । ਮੈਨੂੰ ਯਾਦ ਹੈ ਮੈਂ ਇੱਕ ਵਾਰ ਕਿਹਾ ਸੀ ,''ਮੇਰੇ ਸਾਹਮਣੇ ਕੁੱਬ ਜਿਹੇ ਨਾਲ ਨਾ ਤੁਰਿਆ ਕਰ ,ਮੈਨੂੰ ਡਰ ਲੱਗਦਾ ਐ ।'' ਉਹ ਮੇਰੇ ਸਾਹਮਣੇ ਤੰਦਰੁਸਤ ਰਹਿਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ ਸਿੱਧਾ ਹੋ ਕੇ ਤੁਰਨ ਦੀ ਕੋਸ਼ਿਸ਼ ਕਰਦੀ ਹੈ । ਮੈਨੂੰ ਪਤਾ ਹੈ ਇੰਨ੍ਹੀ ਦਿਨੀ ਉਹ ਸੌਂਦੀ ਨਈ, ਪੈਂਦੀ ਨਈ ਕਿਉਂਕਿ ਮੈ ਤਨਾਓ ਵਿੱਚ ਹਾਂ , ਉਲਝਿਆ ਹਾਂ ।ਉਹ ਮੇਰੇ ਨਾਲ ਗੱਲ ਕਰਦੀ ਹੈ ਤੇ ਮੈਂ ਸੋਚ ਛੱਡਦਾ ਹਾਂ ਇਸ ਵਿਚਾਰੀ ਅਨਪੜ੍ਹ ਨੂੰ ਕੀ ਪਤਾ ਇੰਨਾ ਪੰਗਿਆਂ ਦਾ । ਉਹ ਆਥਣ ਸਵੇਰ ਮੇਰੇ ਕੋਲ ਜਰੂਰ ਆਉਂਦੀ ਹੈ ।ਮੇਰੇ ਚਿਹਰੇ ਨੂੰ ਦੇਖਦੀ ਹੈ, ਕਮਜ਼ੋਰ ਨਜ਼ਰ ਨਾਲ ਪੜ੍ਹਣ ਦੀ ਕੋਸ਼ਿਸ਼ ਕਰਦੀ ਹੈ ਤੇ ਵੱਡਾ ਯਤਨ ਕਰਦੀ ਹੈ ਕਿ ਮੈਂ ੳਸਦੀ ਚਿੰਤਾਂ ਨੂੰ ਨਾ ਪੜ੍ਹ ਸਕਾਂ । ਇੱਕ ਦਿਨ ਮੈਨੂੰ ਉਸਦਾ ਚਿਹਰਾ ਉਤਰਿਆ ਲੱਗਿਆ, ਚਿੰਤਤ ਲੱਗਿਆ ਤੇ ਕਿਸੇ ਅਨਹੋਣੇ ਡਰੋਂ ਅਖੀਰ ਕਹਿ ਹੀ ਬੈਠਾ ,'' ਤੂੰ ,ਠੀਕ ਰਹਿ ਮਾਂ ਠੀਕ ਤੇਰੇ ਬਗੈਰ ਮੈਂ ਵੀ ਮਰਜੂੰਗਾ ।''ਤੇ ਮਾਂ ਨੇ ਸਭ ਕੁੱਝ ਬਦਲ ਲਿਆ । ਜਿਵੇਂ ਪਹਿਲਾਂ ਵਾਂਗੂੰ ਤਾਕਤ ਦੇ ਟੀਕੇ ਲਵਾ ਲਏ ਹੋਣ ।ਮੇਰੇ ਘਰੇ ਹੁੰਦਿਆਂ ਉਹ ਮੰਜੇ ਤੇ ਨਹੀਂ ਪੈਂਦੀ ਸਗੋਂ ਕੁੱਝ ਨਾ ਕੁੱਝ ਕਰਦੀ ਰਹਿੰਦੀ ਹੈ ।ਬੜੇ ਸਾਲ ਮੈਂ ਇਸ ਭੁਲੇਖੇ ਵਿੱਚ ਰਿਹਾ ਹਾਂ ਕਿ ਮਾਂ ਅਨਪੜ੍ਹ ਹੈ ਤੇ ਮੈਂ ਇੱਕ ਲਿਖਾਰੀ ਉਹ ਮੈਨੂੰ ਸਮਝਣ ਤੋਂ ਅਸਮਰਥ ਹੈ ਪਰ ਕਿੰਨੀ ਛੋਟੀ ਸੋਚ ਸੀ ਮੇਰੀ ਤੇ ਮਾਂ ਦਾ ਕਲਾਵਾ ਕਿੰਨਾ ਵੱਡਾ ।ਛੋਟੇ ਹੁੰਦਿਆਂ ਤੋਂ ਮਾਂ ਉਸ ਵੇਲੇ ਤੱਕ ਰੋਟੀ ਨਹੀਂ ਸੀ ਖਾਂਦੀ ਜਦੋਂ ਤੱਕ ਅਸੀਂ ਦੋਵੇਂ ਭਰਾ ਰੋਟੀ ਨਾ ਖਾਂ ਲੈਂਦੇ ਤੇ ਹੁਣ ਵੀ ਓਹੀ ਹਾਲ ਹੈ । ਬਾਹਰ ਜਾਣ ਵੇਲੇ ਸ਼ਾਮ ਨੂੰ ਤੁਰਨਾ ਪੈਂਦਾ ਹੈ ਤੇ ਰਸਤੇ ਵਿੱਚ ਬੀਵੀ ਦਾ ਫੋਨ ਆਉਂਦਾ ਹੈ'' ਰੋਟੀ ਖਾ ਲੀ'' ।ਮੈਨੂੰ ਪਤਾ ਹੁੰਦਾ ਹੈ ਇਹ ਮੇਰੀ ਮਾਂ ਪੁੱਛ ਰਹੀ ਹੁੰਦੀ ਹੈ ।ਮੇਰਾ ਭਾਵੁਕ ਦਿਲ ,ਘਰ ਵਿੱਚ ਮੌਜੂਦ ਗੂੰਗੀ ਬੋਲੀ ਬੱਚੀ, ਛੋਟਾ ਜਿਹਾ ਅਗਮ (2)ਅਜਿਹੇ ਹਾਲਾਤ ਹਨ ਕੇ ਸਦੀਵੀ ਅਰਾਮ ਦੀ ਮੁੰਤਜ਼ਰ ਮੇਰੀ ਮਾਂ ਨੇ ਮੌਤ ਨੂੰ ਫਿਲਹਾਲ ਟਾਲ ਦਿੱਤਾ ਹੈ ਤੇ ਪਤਾ ਨਹੀਂ ਮੈਨੂੰ ਕਿਉਂ ਵਿਸ਼ਵਾਸ਼ ਹੈ ਕਿ ਉਹ ਅਜਿਹਾ ਕਰ ਸਕਦੀ ਹੈ ।ਮੈਂ ਸਵੇਰੇ ਉੱਠ ਕੇ ਕਦੇ ਉਹਦੇ ਕਮਰੇ ਵਿੱਚ ਉਹਨੂੰ ਦੇਖਣ ਨਹੀਂ ਜਾਂਦਾ ।ਮੈਨੂੰ ਪਤਾ ਹੈ ਉਸਨੇ ਮੇਰੇ ਫਿਕਰ ਵਿੱਚ ਮੌਤ ਨੂੰ ਦੂਰ ਦੂਰ ਤੱਕ ਟਾਲ ਰੱਖਿਆ ਹੈ ।ਮੈਂ ਕਿਤੇ ਵੀ ਰਹਾਂ ਕਿਸੇ ਤਰ੍ਹਾਂ ਵੀ ਰਹਾਂ ਉਹ ਰੱਬ ਵਾਂਗੂੰ ਮੇਰੇ ਨਾਲ ਹੁੰਦੀ ਹੈ । ਇਹ ਚਮਤਕਾਰ ਮੇਰੇ ਨਾਲ ਰੋਜ਼ ਹੁੰਦਾ ਹੈ ਪਰ ਮੈਂ ਇਸ ਚਮਤਕਾਰ ਨੂੰ ਕੈਦ ਨਹੀਂ ਕਰ ਸਕਦਾ ਦੇਖਦਾ ਜਰੂਰ ਹਾਂ ।
ਤਰਸੇਮ ਬਸ਼ਰ
m. no 99156-20944