ਕਵੀ 'ਤੇ ਕਵਿਤਾ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਕਦੀ ਕਹਿਣ ਤੇ ਕਵਿਤਾ ਜੇਕਰ,
ਕਵੀ ਆਈ 'ਤੇ ਆ ਹੀ ਜਾਵੇ,
ਰੋਕਣਾ ਉਸ ਨੂੰ ਬੜਾ ਹੀ ਔਖਾ,
ਕਿਸੇ ਵੀ ਕੀਮਤ ਕਿਸੇ ਵੀ ਦਾਅਵੇ।
ਉੱਤਰੀ ਇੱਕ ਦਿਨ ਮੈਨੂੰ ਵੀ ਜਦ,
ਐਸੀ ਕਾਹਲੀ ਜਿਹੀ ਇੱਕ ਕਵਿਤਾ,
ਬੰਦਾ ਇੱਕ ਅੜਿੱਕੇ ਆ ਗਿਆ,
ਜਿਸ 'ਤੇ ਜਾ ਦਾਗੀ ਮੈਂ ਕਵਿਤਾ।
ਚਲੇ ਜਾ ਰਹੇ ਸੀ ਕਿਸੇ ਰਸਤੇ,
ਜਦੋਂ ਇਹ ਵਾਕਿਆ ਸੀ ਹੋਇਆ,
ਜਦੋਂ ਮੈਂ ਪਹਿਲਾ ਮਿਸਰਾ ਉਸ ਨੂੰ,
ਝੱਟ ਸੁਣਾਉਣ ਲਈ ਸੀ ਛੋਹਿਆ।
ਮਿਸਰੇ 'ਤੇ ਉਸਦੀ ਵਾਹ ਵਾਹ ਨਾਲ,
ਮੇਰਾ ਹੌਸਲਾ ਹੋਰ ਵੀ ਵਧਿਆ,
ਕਵਿਤਾ ਦਾ ਅਗਲਾ ਸ਼ਿਅਰ ਮੈਂ,
ਪਹਿਲੇ ਦੇ ਨਾਲ ਹੀ ਝੱਟ ਜੜਿਆ।
ਸੁਣਨੇ ਵਾਲਾ ਐਨੇ ਚਿਰ ਵਿੱਚ,
ਦੋ ਕੁ ਕਦਮ ਪਿੱਛੇ ਰਹਿ ਗਿਆ,
ਮੈਂ ਖੂਬ ਵੇਗ ਵਿੱਚ ਆਕੇ,
ਸਾਰੀ ਆਪਣੀ ਕਵਿਤਾ ਕਹਿ ਗਿਆ।
ਪਰ ਕੋਈ ਦਾਦ ਵਾਲਾ ਹੋਰ ਜੁਮਲਾ,
ਨਾ ਸੁਣ ਮੈਨੂੰ ਹੋਈ ਹੈਰਾਨੀ,
ਪਿੱਛੇ ਮੁੜ ਕੇ ਜਦ ਮੈਂ ਦੇਖਿਆ,
ਗਾਇਬ ਸੀ ਮੇਰੇ ਰਾਹ ਦਾ ਜਾਨੀ।
ਅੱਗੇ ਪਿੱਛੇ ਦੇਖਣ 'ਤੇ ਵੀ,
ਜਦ ਉਹ ਮੈਨੂੰ ਮੁੜ ਨਾ ਲੱਭਿਆ,
ਹੈਰਾਨੀ ਜਿਹੀ ਦੇ ਆਲਮ ਵਿੱਚ,
ਮੈਂ ਇਕੱਲਾ ਹੀ ਅੱਗੇ ਨੂੰ ਵਧਿਆ।
ਪਹੁੰਚਿਆ ਇੱਕ ਪੰਡਾਲ ਦੇ ਵਿੱਚ,
ਜਿੱਥੇ ਕਵੀ ਦਰਬਾਰ ਸੀ ਲੱਗਿਆ,
ਖਚਾ ਖਚ ਭਰੇ ਇਸ ਪੰਡਾਲ ਵਿੱਚ,
ਬੈਠਣ ਨੂੰ ਥਾਂ ਮਸੀਂ ਸੀ ਲੱਭਿਆ।
ਸਟੇਜ ਤੋਂ ਇੱਕ ਨਾਮਵਰ ਕਵੀ,
ਕਵਿਤਾ ਆਪਣੀ ਸੁਣਾ ਰਿਹਾ ਸੀ,
ਨਾਲ ਨਾਲ ਆਪਣੇ ਉਹ ਸੋਹਲੇ,
ਖ਼ੁਦ ਹੀ ਉੱਚੀ ਗਾ ਰਿਹਾ ਸੀ।
ਬਹੁਤੀ ਦੇਰ ਉਸ ਦੀ ਇਹ ਨੀਤੀ,
ਮੈਂ ਸਹਿਣ ਨਾ ਕਰ ਸਕਿਆ,
ਖੜ੍ਹਾ ਹੋ ਕੇ ਮੈਂ ਉਸ ਦੇ ਅੱਗੇ,
ਕੁੱਛ ਕਹਿਣ ਲਈ ਅੱਗੇ ਵਧਿਆ।
ਬੇਨਤੀ ਕੀਤੀ ਭਾਈ ਸਾਹਿਬ ਜੀ,
ਆਪਣੇ ਸੋਹਲੇ ਹੀ ਨਾ ਗਾਵੋ,
ਤੁਹਾਡੀ ਧਾਕ ਖ਼ੁਦ ਹੀ ਬੱਝੇਗੀ,
ਸਿਰਫ ਆਪਣੀ ਕਵਿਤਾ ਹੀ ਸੁਣਾਵੋ।
ਤੱਤਾ ਜਿਹਾ ਕੁੱਛ ਹੋ ਕੇ ਉਸਨੇ,
ਮੇਰੇ ਵੱਲ ਕੁੱਝ ਇਵੇਂ ਸੀ ਤੱਕਿਆ,
ਜਿਵੇਂ ਕਿਸੇ ਕੰਡਿਆਲੀ ਵਾੜ 'ਚ,
ਬਿੱਲਾ ਹੋਵੇ ਕਸੂਤਾ ਫਸਿਆ।
ਕਹਿਣ ਲੱਗਾ ਤੈਨੂੰ ਕੀ ਪਤਾ ਹੈ,
ਕਿੰਨੀ ਬੜੀ ਮਸ਼ਹੂਰੀ ਹੈ ਮੇਰੀ,
ਮੈਨੂੰ ਬੜੇ ਇਨਾਮ ਮਿਲੇ ਹਨ,
ਹਰ ਪਾਸੇ ਚਰਚਾ ਹੈ ਮੇਰੀ।
ਮੇਰੀਆਂ 'ਤੇ ਕਵਿਤਾਵਾਂ ਲੋਕੀਂ,
ਥਾਂ ਥਾਂ ਉੱਤੇ ਗਾਉਂਦੇ ਫਿਰਦੇ,
ਮੇਰੇ ਸਿਰ 'ਤੇ ਕਈ ਲੋਕਾਂ ਦੇ,
ਕਾਰੋਬਾਰ ਵੀ ਬੜੇ ਨੇ ਗਿੜਦੇ।
ਇੰਨਾ ਸੁਣ ਕੇ ਮਹਿਫਲ ਦੇ ਵਿੱਚ,
ਐਸਾ ਹੜ੍ਹ ਹਾਸੇ ਦਾ ਆਇਆ,
ਕਵੀਆਂ ਵਿੱਚ ਕਵੀਆਂ ਨੂੰ ਦੇਖ ਕੇ,
ਮੇਰਾ ਦਿਲ ਹੋਰ ਵੀ ਘਬਰਾਇਆ।
ਇੰਨੇ ਕਵੀ ਇੰਨੀਆਂ ਕਵਿਤਾਵਾਂ,
ਹਰ ਇੱਕ ਦੇ ਪਿੱਛੇ ਢੇਰ ਕਿਤਾਬਾਂ,
ਕੌਣ ਪੜ੍ਹੇਗਾ ਦੂਜੇ ਦੇ ਕਿੱਸੇ,
ਜਿਸ ਦੇ ਖ਼ੁਦ ਨੇ ਬੇ ਹਿਸਾਬਾਂ।
ਤਰਸ ਆਇਆ ਮੈਨੂੰ ਉਨ੍ਹਾਂ ਉੱਤੇ,
ਜੋ ਦਿਨ ਰਾਤ ਨੇ ਲਿਖਦੇ ਜਾਂਦੇ,
ਫੇਰ ਆਪਣੀਆਂ ਕਿਤਾਬਾਂ ਵੇਚਣ ਲਈ,
ਲੋਕਾਂ ਅੱਗੇ ਤਰਲੇ ਨੇ ਪਾਂਦੇ।
ਨਾ ਜਾਣੇ ਇਸ ਦੁਨੀਆ ਉੱਤੇ,
ਕਿੰਨੇ ਵਾਹ ਵਾਹ ਲੱਭਦੇ ਲੱਭਦੇ,
ਸੁਪਨਿਆਂ ਵਾਂਗੂੰ ਸੁਪਨੇ ਹੋ ਗਏ,
ਅਣਜਾਣ ਰਾਹਾਂ ਦੇ ਘੱਟੇ ਫੱਕਦੇ।
ਕਈ ਸੁਪਨੇ ਵੀ ਹਕੀਕਤ ਲੱਗਦੇ,
ਕਈ ਹਕੀਕਤਾਂ ਸੁਪਨਿਆਂ ਵਰਗੀਆਂ,
ਸਮਝ ਤੋਂ ਬਾਹਰ ਨੇ ਕਈ ਕਹਾਣੀਆਂ,
ਜੋ ਕਈ ਨਦੀਆਂ ਵਾਂਗ ਨੇ ਵਗਦੀਆਂ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ