ਸੱਚ ਦੇ ਪਾਂਧੀ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਹਨੇਰੇ ਝੱਲਣ ਵਾਲਿਆਂ ਨੂੰ,
ਕਈ ਸੋਨ ਸਵੇਰੇ ਉਡੀਕਣਗੇ,
ਧਰਤੀ ਦੇ ਕਾਲ਼ੇ ਚਿਹਰੇ ਕੱਲ੍ਹ ਨੂੰ,
ਸ਼ੀਸ਼ੇ ਵਾਗੂੰ ਲਿਸ਼ਕਣਗੇ।

ਹਨੇਰੀਆਂ ਦੀ ਬੇਸ਼ਰਮੀ ਦੇਖ ਕੇ,
ਹੌਸਲੇ ਕਰ ਬੁਲੰਦ ਆਪਣੇ,
ਬੁਝਦੇ ਹੋਏ ਕਈ ਅਣਖੀ ਦੀਵੇ,
ਹਿੱਕ ਤਾਣ ਕੇ ਚਿਲਕਣਗੇ।

ਜ਼ੁਲਮਾਂ ਦੇ ਘਨਘੋਰ ਇਰਾਦੇ,
ਪਸਤ ਤਾਂ ਆਖਰ ਹੋਣੇ ਨੇ,
ਮਰਦ ਅਗੰਮੜੇ ਸੱਚ ਦੇ ਪਾਂਧੀ,
ਮੰਜ਼ਲਾਂ ਤੋਂ ਨਹੀਂ ਤਿਲਕਣਗੇ।

ਮਜਬੂਰੀ ਦੀਆਂ ਉੱਚੀਆਂ ਕੰਧਾਂ,
ਫੰਧਣੀਆਂ ਅਸੰਭਵ ਨਹੀਂ,
ਕੰਧਰਾਂ ਨੂੰ ਸਰ ਕਰਨੇ ਵਾਲੇ,
ਕੰਧਾਂ ਤੋਂ ਕੀ ਥਿੜਕਣਗੇ।

ਜੋ ਕਰਨਾ ਖੁੱਲ੍ਹ ਕੇ ਕਰਨਗੇ,
ਜੋ ਵੀ ਕਹਿਣਾ ਸਾਫ ਕਹਿਣਗੇ,
ਮੂੰਹ 'ਤੇ ਖਾਣੀ ਪੈ ਜਾਏ ਭਾਵੇਂ,
ਪਰ ਕਹਿਣੋਂ ਕਦੀ ਨਾ ਝਿਜਕਣਗੇ।

ਰੁੱਸੀਆ ਹੋਈਆਂ ਠੁੱਸ ਤਕਦੀਰਾਂ,
ਜ਼ੰਗ ਲੱਗੀਆਂ ਖ਼ਸਤਾ ਸ਼ਮਸ਼ੀਰਾਂ,
ਦਾ ਸਾਹਮਣਾ ਕਰਨੇ ਵਾਲੇ,
ਕਾਫਲਿਆਂ ਤੋਂ ਨਹੀਂ ਵਿਛੜਣਗੇ।

ਘੁੱਟ ਘੁੱਟ ਕਰਕੇ ਦਰਦਾਂ ਨੂੰ ਪੀਣਾ,
ਮਰਦਾਨਿਆਂ ਨੂੰ ਮੰਨਜ਼ੂਰ ਨਹੀਂ,
ਬਾਬੇ ਨਾਨਕ ਤੋਂ ਲੈ ਕੇ ਹਿੰਮਤ,
ਕੰਧਾਰੀਆਂ ਨਾਲ ਮੁੜ ਉਲਝਣਗੇ।

ਚੜ੍ਹਦੀ ਕਲਾ ਕਦੀ ਨਹੀਂ ਢਹਿੰਦੀ,
ਸੱਚ ਨੂੰ ਕੋਈ ਆਂਚ ਨਹੀਂ,
ਸਿਰਾਂ 'ਤੇ ਕੱਫਣ ਬੰਨ੍ਹਣ ਵਾਲੇ,
ਕੱਫਣਾਂ ਵਿੱਚ ਹੀ ਲਿਪਟਣਗੇ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ