Yadwinder-Singh

ਏਜਾਜ਼ ਅਹਿਮਦ ਨੂੰ ਚੇਤੇ ਕਰਦਿਆਂ - ਯਾਦਵਿੰਦਰ ਸਿੰਘ

ਏਜਾਜ਼ ਅਹਿਮਦ 81 ਵਰ੍ਹਿਆਂ ਦੀ ਉਮਰ ਭੋਗ ਕੇ 9 ਮਾਰਚ ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ। ਤੀਜੀ ਦੁਨੀਆ ਨਾਲ ਜੁੜੀ ਚਿੰਤਨ ਪਰੰਪਰਾ ਵਿਚ ਉਹ ਵੱਖਰੇ ਮੁਹਾਂਦਰੇ ਵਾਲਾ ਵਿਦਵਾਨ ਸੀ ਜਿਹਨੇ ਬਸਤੀਵਾਦ ਨੂੰ ਸਭਿਆਚਾਰਕ ਨੁਕਤੇ ਤੋਂ ਸਮਝਣ ਦੀ ਥਾਂ ਜਮਾਤੀ ਨਜ਼ਰੀਏ ਤੋਂ ਪਛਾਣਨ ਦਾ ਯਤਨ ਕੀਤਾ। ਉਸ ਦੀ ਧਾਰਨਾ ਸੀ ਕਿ ਉਤਰ-ਬਸਤੀਵਾਦ ਜਿਹਾ ਅਕਾਦਮਿਕ ਅਨੁਸ਼ਾਸਨ ਉਨ੍ਹਾਂ ਚਿੰਤਕਾਂ ਦੀ ਬਦੌਲਤ ਹੈ ਜਿਨ੍ਹਾਂ ਨੇ ਆਲਮੀ ਪੂੰਜੀ ਦੇ ਪਸਾਰ ਨੂੰ ਦਰਕਿਨਾਰ ਕਰ ਕੇ ਖ਼ੁਦ ਨੂੰ ਸਭਿਆਚਾਰਕ ਤਬਦੀਲੀ ਦੀ ਪੜ੍ਹਤ ਤੱਕ ਸੀਮਤ ਕਰ ਲਿਆ ਹੈ। ਤੀਜੀ ਦੁਨੀਆ ਦਾ ਸੰਕਲਪ ਅਮਰੀਕੀ ਅਕਾਦਮੀਆਂ ਵਿਚ ਕੰਮ ਕਰਦੇ ਏਸ਼ਿਆਈ ਮੂਲ ਦੇ ਉਨ੍ਹਾਂ ਵਿਦਵਾਨਾਂ ਦੀ ਕਾਢ ਹੈ ਜਿਨ੍ਹਾਂ ਲਈ ਪੂਰਬ ਉਸੇ ਤਰ੍ਹਾਂ ਕਰੀਅਰ ਹੈ ਜਿਵੇਂ ਬਸਤੀਵਾਦ ਦੌਰਾਨ ਪੱਛਮ ਵਾਸੀਆਂ ਲਈ ਸੀ।
     ਏਜਾਜ਼ ਅਹਿਮਦ ਦਾ ਜਨਮ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ਵਿਚ ਹੋਇਆ। ਦੇਸ਼ ਵੰਡ ਤੋਂ ਬਾਅਦ ਉਸ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ ਜਿੱਥੋਂ ਉਸ ਨੇ ਮੁੱਢਲੀ ਸਿੱਖਿਆ ਹਾਸਲ ਕੀਤੀ। ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਉਹ ਕਈ ਵਰ੍ਹੇ ਅਮਰੀਕਾ ਅਤੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਾਉਂਦਾ ਰਿਹਾ। 1980ਵਿਆਂ ਵਿਚ ਉਹ ਦਿੱਲੀ ਦੇ ਨਹਿਰੂ ਯਾਦਗਾਰੀ ਅਜਾਇਬਘਰ ਅਤੇ ਲਾਇਬ੍ਰੇਰੀ ਵਿਚ ਫੈਲੋ ਨਿਯੁਕਤ ਹੋਇਆ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਤੇ ਟੋਰਾਂਟੋ ਦੀ ਯਾਰਕ ਯੂਨੀਵਰਸਿਟੀ ਵਿਚ ਰਾਜਨੀਤੀ ਸ਼ਾਸਤਰ ਦਾ ਵਿਜ਼ਿਟਿੰਗ ਪ੍ਰੋਫ਼ੈਸਰ ਵੀ ਰਿਹਾ। ਇਸ ਤੋਂ ਇਲਾਵਾ ਉਹਨੇ ਫਰੰਟਲਾਈਨ ਰਸਾਲੇ ਦੇ ਸੰਪਾਦਕੀ ਸਲਾਹਕਾਰ ਵਜੋਂ ਸੇਵਾਵਾਂ ਵੀ ਨਿਭਾਈਆਂ। ਉਸ ਦੀ ਕਿਤਾਬ ‘ਇਨ ਥਿਊਰੀ’ ਦੁਨੀਆ ਭਰ ਵਿਚ ਮਕਬੂਲ ਹੋਈ ਅਤੇ ਉੱਤਰ-ਬਸਤੀਵਾਦੀ ਅਧਿਐਨ ਦੀ ਸਖ਼ਤ ਆਲੋਚਨਾ ਕਰਕੇ ਵਿਵਾਦ ਦਾ ਸਬੱਬ ਵੀ ਬਣੀ।
     ਏਜਾਜ਼ ਅਹਿਮਦ ਦੇ ਦੱਸਣ ਮੁਤਾਬਿਕ ਸਮਕਾਲੀ ਸਿਧਾਂਤਕਾਰੀ ਵਿਚ ‘ਉਤਰ’ ਅਗੇਤਰ ਵਾਲੇ ਚਿੰਤਨ ਦਾ ਬੋਲਬਾਲਾ ਹੈ। ਇਸ ਚਿੰਤਨ ਨਾਲ ਇਕ ਖ਼ਾਸ ਕਿਸਮ ਦੀ ਸਿਆਸਤ ਜੁੜੀ ਹੈ। ਇਸ ਤਹਿਤ ਜਿਹੜੇ ਪ੍ਰਵਚਨ ਉਸਾਰੇ ਗਏ ਹਨ, ਉਨ੍ਹਾਂ ਦਾ ਸੰਬੰਧ ਸਮਾਜਵਾਦ, ਮਾਰਕਸਵਾਦ, ਰਾਸ਼ਟਰਵਾਦ, ਧਰਮ ਨਿਰਪੇਖਵਾਦ ਅਤੇ ਇੱਥੋਂ ਤੱਕ ਕਿ ਇਤਿਹਾਸ ਅਤੇ ਵਿਚਾਰਧਾਰਾ ਜਿਹੇ ਸੰਕਲਪਾਂ ਦੇ ‘ਅੰਤ’ ਨਾਲ ਜੁੜਿਆ ਹੈ। ਇਹ ਚਿੰਤਨ ਇਨ੍ਹਾਂ ਤਿੰਨ ਵੱਡੇ ਪ੍ਰਾਜੈਕਟਾਂ ਦੀ ਅਪੂਰਨਤਾ ਨੂੰ ਅਧਾਰ ਬਣਾਉਂਦਾ ਹੈ ਜਿਨ੍ਹਾਂ ਨੇ ਵੀਹਵੀਂ ਸਦੀ ਵਿਚ ਮਨੁੱਖੀ ਮੁਕਤੀ ਦਾ ਨਵਾਂ ਮਾਡਲ ਸਿਰਜਿਆ : ਖੱਬੇ ਪੱਖੀ ਸਮਾਜਿਕ ਲੋਕਤੰਤਰ, ਬਸਤੀਵਾਦ ਵਿਰੋਧੀ ਰਾਸ਼ਟਰਵਾਦੀ ਅੰਦੋਲਨ ਅਤੇ ਸਮਾਜਵਾਦੀ ਨਿਜ਼ਾਮ ਦੀ ਸਥਾਪਨਾ।
     ਸਮਕਾਲੀ ਚਿੰਤਨ ਨੇ ਇਨ੍ਹਾਂ ਪ੍ਰਾਜੈਕਟਾਂ ਦੀ ਹਾਰ ਨੂੰ ਸਰਬ-ਵਿਆਪੀ ਸੱਚ ਮੰਨ ਕੇ ਆਪਣੀ ਵਿਆਖਿਆ ਉਸਾਰੀ ਹੈ। ਇਨ੍ਹਾਂ ਸਿਧਾਂਤਾਂ ਨਾਲ ਜੁੜੇ ਚਿੰਤਕਾਂ ਨੇ ਇਸ ਗੱਲ ਨੂੰ ਵਿਸਾਰ ਦਿੱਤਾ ਹੈ ਕਿ ਤੀਜੀ ਦੁਨੀਆ ਦੇ ਮੁਲਕਾਂ ਵਿਚ ਬਸਤੀਵਾਦ ਦੇ ਖ਼ਾਤਮੇ ਤੋਂ ਬਾਅਦ ਸਾਮਰਾਜਵਾਦ ਅਤੇ ਨਵਬਸਤੀਵਾਦ ਜਿਹੇ ਸਿਆਸੀ ਪ੍ਰਵਚਨ ਹੋਰ ਵੀ ਮਜ਼ਬੂਤ ਹੋਏ ਹਨ। ਏਜਾਜ਼ ਅਹਿਮਦ ਨੇ ਸਪਸ਼ਟ ਕੀਤਾ ਕਿ ਮਾਰਕਸੀ ਨੁਕਤੇ ਤੋਂ ਬਸਤੀਵਾਦੀ ਸ਼ੋਸ਼ਣ ਦਾ ਵਿਰੋਧ ਹਮੇਸ਼ਾ ਹੀ ਰਿਹਾ ਹੈ। ਇਸ ਵਿਰੋਧ ਨੂੰ ਦਰਕਿਨਾਰ ਕਰ ਕੇ ਉਤਰ-ਬਸਤੀਵਾਦੀ ਚਿੰਤਕਾਂ ਨੇ ਤੀਜੀ ਦੁਨੀਆ ਦਾ ਇਕਪਾਸੜ ਸੰਕਲਪ ਘੜਿਆ ਹੈ ਜੋ ਬਸਤੀਵਾਦ ਦੀ ਇਕਪੱਖੀ ਵਿਆਖਿਆ ਹੀ ਪੇਸ਼ ਕਰਦਾ ਹੈ।
      ਏਜਾਜ਼ ਅਹਿਮਦ ਵਿਸ਼ਵੀਕਰਨ ਨੂੰ ਸਰਮਾਏਦਾਰੀ ਨਿਜ਼ਾਮ ਦਾ ਹੀ ਵਿਕਸਤ ਪੜਾਅ ਮੰਨਦਾ ਹੈ। ਉਹਦੀ ਰਾਇ ਹੈ ਕਿ ਆਲਮੀ ਪੂੰਜੀ ਨੂੰ ਸੰਗਠਿਤ ਕਰਨ ਵਿਚ ਬਸਤੀਵਾਦ ਦੀ ਅਹਿਮ ਭੂਮਿਕਾ ਸੀ। ਬਸਤੀਵਾਦ ਦੌਰਾਨ ਵੱਖ-ਵੱਖ ਯੂਰਪੀ ਮੁਲਕਾਂ ਦੇ ਆਰਥਿਕ ਹਿੱਤ ਆਪੋ-ਆਪਣੀਆਂ ਬਸਤੀਆਂ ਤੱਕ ਸੀਮਤ ਸਨ ਅਤੇ ਤੀਜੀ ਦੁਨੀਆ ਦੇ ਮੁਲਕਾਂ ਦੇ ਆਜ਼ਾਦ ਹੋਣ ਤੋਂ ਬਾਅਦ ਆਲਮੀ ਪੂੰਜੀ ਨੇ ਅਮਰੀਕੀ ਅਗਵਾਈ ਹੇਠ ਖ਼ੁਦ ਨੂੰ ਸੰਗਠਿਤ ਕਰ ਲਿਆ। ਇਸ ਨਵੇਂ ਉਭਰੇ ਅਰਥਚਾਰੇ ਵਿਚ ਬਹੁਕੌਮੀ ਕੰਪਨੀਆਂ ਨੇ ਸਮੁੱਚੇ ਵਿਸ਼ਵ ਦੀ ਆਰਥਿਕਤਾ ਨੂੰ ਇਕਾਈ ਵਿਚ ਬੰਨ੍ਹਣ ਦੇ ਯਤਨ ਤੇਜ਼ ਕਰ ਦਿੱਤੇ। ਸਮਕਾਲੀ ਦੌਰ ਵਿਚ ਵਿਕਸਤ ਹੋਏ ਅਰਥਚਾਰੇ ਦੀ ਬਣਤਰ ਨੂੰ ਸਮਝੇ ਬਿਨਾਂ ਉਤਰ-ਬਸਤੀਵਾਦੀ ਸਮਾਜਾਂ ਨੂੰ ਨਹੀਂ ਸਮਝਿਆ ਜਾ ਸਕਦਾ।
     ਆਲਮੀ ਅਰਥਚਾਰੇ ਵਿਚ ਵਾਪਰੀ ਇਸ ਤਬਦੀਲੀ ਦਾ ਅਸਰ ਤੀਜੀ ਦੁਨੀਆ ਦੀ ਰਹਿਤਲ ’ਤੇ ਵੀ ਪਿਆ ਜਿਸ ਦੇ ਨਤੀਜੇ ਵਜੋਂ ਵੱਖ-ਵੱਖ ਨਸਲੀ ਤੇ ਸਭਿਆਚਾਰਕ ਅੰਤਰ-ਵਿਰੋਧ ਸਾਹਮਣੇ ਆਏ। ਉੱਤਰ-ਬਸਤੀਵਾਦੀ ਅਧਿਐਨ ਨੇ ਨਾ ਸਿਰਫ਼ ਅਜਿਹੇ ਸਭਿਆਚਾਰਕ ਅੰਤਰ-ਵਿਰੋਧਾਂ ਨੂੰ ਉਭਾਰਿਆ ਸਗੋਂ ਇਨ੍ਹਾਂ ਅੰਤਰ-ਵਿਰੋਧਾਂ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਵੀ ਕੀਤਾ। ਆਲਮੀ ਪੂੰਜੀ ਤੋਂ ਵਿਕਸਤ ਹੋਏ ਅਰਥਚਾਰੇ ਦੀਆਂ ਊਣਤਾਈਆਂ ’ਤੇ ਪਰਦਾ ਪਾਉਣ ਲਈ ਨਸਲੀ ਤੇ ਸਭਿਆਚਾਰਕ ਵਖਰੇਵਿਆਂ ਨੂੰ ਪਛਾਣਾਂ ਦੀ ਸਿਆਸਤ ਵਜੋਂ ਪੇਸ਼ ਕੀਤਾ ਗਿਆ। ਏਜਾਜ਼ ਅਹਿਮਦ ਦਾ ਇਤਰਾਜ਼ ਹੈ ਕਿ ਇਸ ਦੌਰ ਵਿਚ ਜਦੋਂ ਸਰਮਾਏ ਨੇ ਅਰਥਚਾਰੇ ਅਤੇ ਸਭਿਆਚਾਰਕ ਉਤਪਾਦਾਂ ਨੂੰ ਵੀ ਆਪਣੇ ਹਿੱਤਾਂ ਅਨੁਕੂਲ ਢਾਲ ਲਿਆ ਹੈ, ਉਸ ਸਮੇਂ ਉੱਤਰ-ਬਸਤੀਵਾਦੀ ਚਿੰਤਨ ਆਲਮੀ ਪੂੰਜੀ ਦੀ ਸਿਆਸਤ ਨੂੰ ਸਮਝਣ ਦੀ ਥਾਂ ਸਭਿਆਚਾਰਕ ਅਧਿਐਨ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਇਸ ਦੌਰ ਵਿਚ ਨਾਬਰੀ ਦਾ ਪ੍ਰਵਚਨ ਜਮਾਤ ਤੋਂ ਨਸਲੀ, ਧਾਰਮਿਕ ਤੇ ਅਜਿਹੀਆਂ ਹੋਰ ਪਛਾਣਾਂ ਵੱਲ ਖਿਸਕ ਗਿਆ ਹੈ। ਇਸ ਤਰ੍ਹਾਂ ਦਾ ਵਿਰੋਧ ਸਰਮਾਏਦਾਰੀ ਨਿਜ਼ਾਮ ਦੀ ਸਾਰਥਕਤਾ ’ਤੇ ਕੋਈ ਪ੍ਰਸ਼ਨ ਚਿੰਨ੍ਹ ਨਹੀਂ ਲਾਉਂਦਾ ਕਿਉਂਕਿ ਪੂੰਜੀਵਾਦ ਦੀ ਸਰਬਉੱਚਤਾ ਨੂੰ ਕਾਇਮ ਰੱਖਣ ਲਈ ਅਜਿਹੇ ਵਿਰੋਧਾਂ ਦਾ ਮੌਜੂਦ ਰਹਿਣਾ ਬੇਹੱਦ ਕਾਰਗਰ ਸਾਬਤ ਹੁੰਦਾ ਹੈ। ਇਸ ਤਰ੍ਹਾਂ ਦੇ ਵਿਰੋਧਾਂ ਨੂੰ ਇਸ ਲਈ ਉਭਾਰਿਆ ਜਾਂਦਾ ਹੈ ਤਾਂ ਜੋ ਪੂੰਜੀਵਾਦ ਨੂੰ ਲੋਕਤੰਤਰੀ ਦਿੱਖ ਦਿੱਤੀ ਜਾ ਸਕੇ। ਅਜਿਹਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਵਖਰੇਵਿਆਂ ਤੋਂ ਬਿਨਾਂ ਆਜ਼ਾਦੀ ਤੇ ਚੋਣ ਦੀ ਸੁਤੰਤਰਤਾ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ। ਅਜਿਹੀ ਭਰਮ ਸਿਰਜਣਾ ਮੰਡੀ ਦੀਆਂ ਮੁੱਢਲੀਆਂ ਲੋੜਾਂ ਵਿਚੋਂ ਇਕ ਹੈ।
       ਸਮਕਾਲੀ ਚਿੰਤਨ ਪਹਿਲੀ ਅਤੇ ਤੀਜੀ ਦੁਨੀਆ ਦੇ ਆਪਸੀ ਰਿਸ਼ਤਿਆਂ ਨੂੰ ਆਧਾਰ ਬਣਾਉਂਦਾ ਹੈ। ਹਕੀਕਤ ਇਹ ਹੈ ਕਿ ਸਮਕਾਲੀ ਵਿਸ਼ਵੀਕਰਨ ਦੇ ਦੌਰ ਵਿਚ ਪਹਿਲੀ ਤੇ ਤੀਜੀ ਦੁਨੀਆ ਦਾ ਵਿਚਾਰ ਕੋਈ ਖ਼ਾਸ ਪ੍ਰਸੰਗਿਕ ਨਹੀਂ ਰਿਹਾ। ਆਲਮੀ ਪੂੰਜੀ ਦੇ ਪਸਾਰ ਨੇ ਇਨ੍ਹਾਂ ਸਿਆਸੀ ਹੱਦਾਂ ਨੂੰ ਪੇਤਲਾ ਕਰ ਦਿੱਤਾ ਹੈ। ਏਜਾਜ਼ ਵੱਲੋਂ ਉਠਾਇਆ ਗਿਆ ਮੂਲ ਨੁਕਤਾ ਹੈ ਕਿ ਜੇਕਰ ਉੱਤਰ-ਬਸਤੀਵਾਦੀ ਚਿੰਤਨ ਸਚਮੁੱਚ ਬਸਤੀਵਾਦ ਅਤੇ ਇਸ ਤੋਂ ਬਾਅਦ ਦੇ ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਵਿਚ ਰਚਿਆ ਜਾ ਰਿਹਾ ਹੈ ਤਾਂ ਇਹਨੂੰ ਸਭ ਤੋਂ ਪਹਿਲਾਂ ਇਸ ਤੱਥ ਦਾ ਇਤਿਹਾਸਕ ਕਾਰਨ ਖੋਜਣਾ ਪਵੇਗਾ ਕਿ ਬਸਤੀਆਂ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਸਾਮਰਾਜਵਾਦ ਕਿਵੇਂ ਹੋਰ ਸ਼ਕਤੀਸ਼ਾਲੀ ਰੂਪ ਵਿਚ ਸੰਗਠਿਤ ਹੋਇਆ।
      ਐਡਵਰਡ ਸਈਦ ਦੀ ਪੁਸਤਕ ‘ਓਰੀਐਂਟਲਿਜ਼ਮ’ ਬਾਰੇ ਆਲੋਚਨਾਤਮਕ ਪਰਖ ਪੜਚੋਲ ਕਰਦਿਆਂ ਏਜਾਜ਼ ਅਹਿਮਦ ਨੇ ਪੂਰਬਵਾਦੀ ਪ੍ਰਵਚਨ ਨੂੰ ਮਾਰਕਸਵਾਦੀ ਨੁਕਤੇ ਤੋਂ ਵਿਚਾਰਿਆ ਹੈ। ਉਹਦੀ ਧਾਰਨਾ ਹੈ ਕਿ ਸਈਦ ਨੇ ਸਮੁੱਚੇ ਪੱਛਮ ਨੂੰ ਇਕੋ ਰੱਸੇ ਬੰਨ੍ਹ ਕੇ ਪੂਰਬਵਾਦ ਬਾਰੇ ਇਕਤਰਫ਼ਾ ਪ੍ਰਤੀਕਰਮ ਉਸਾਰਿਆ। ਉਨ੍ਹੀਵੀਂ ਸਦੀ ਦੌਰਾਨ ਬਸਤੀਆਂ ਅੰਦਰ ਪੂਰਬਵਾਦ ਦੇ ਵਿਰੋਧ ਵਿਚ ਸਿਰਜੇ ਗਏ ਬਿਆਨੀਏ ਦਾ ਸਈਦ ਦੀ ਪੁਸਤਕ ਵਿਚ ਕੋਈ ਜ਼ਿਕਰ ਨਹੀਂ। ਸਈਦ ਨੇ ਸਾਮਰਾਜਵਾਦ ਨੂੰ ਸਿਰਫ਼ ਸਭਿਆਚਾਰਕ ਨੁਕਤਾ ਨਿਗਾਹ ਤੋਂ ਪੇਸ਼ ਕਰ ਕੇ ਜਮਾਤੀ ਨੁਕਤੇ ਅਤੇ ਮਾਰਕਸਵਾਦ ਵੱਲੋਂ ਬਸਤੀਵਾਦ ਵਿਰੋਧੀ ਸੰਘਰਸ਼ਾਂ ਵਿਚ ਨਿਭਾਈ ਭੂਮਿਕਾ ਨੂੰ ਅਣਗੌਲਿਆ ਕੀਤਾ ਹੈ। ਸਈਦ ਨੇ ਸਮੁੱਚੇ ਪੱਛਮੀ ਚਿੰਤਨ ਨੂੰ ਕਟਹਿਰੇ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ, ਜਿਸ ਕਾਰਨ ਮਾਰਕਸਵਾਦ ਵੀ ਬਸਤੀਵਾਦ ਦਾ ਪਿਛਲੱਗ ਜਾਪਦਾ ਹੈ।
      ਅਹਿਮਦ ਦੀ ਧਾਰਨਾ ਹੈ ਕਿ ਪਛਾਣ ਦਾ ਮੁੱਦਾ ਸਾਰੀਆਂ ਸਭਿਅਤਾਵਾਂ ਵਿਚ ਪ੍ਰਮੁੱਖ ਰਿਹਾ ਹੈ। ਜੇਕਰ ਪੱਛਮ ਨੇ ਆਪਣੀ ਪਛਾਣ ਨੂੰ ਸਥਾਪਤ ਕਰਨ ਲਈ ਪੂਰਬ ਬਾਰੇ ਮਨੋਕਲਪਿਤ ਵਿਆਖਿਆ ਉਸਾਰੀ ਹੈ ਤਾਂ ਇਹਦਾ ਆਧਾਰ ਸਭਿਆਚਾਰਕ ਪ੍ਰਵਚਨ ਨਹੀਂ ਸਗੋਂ ਬਸਤੀਵਾਦੀ ਦੇਸ਼ਾਂ ਵਿਚ ਵਿਕਸਤ ਹੋਇਆ ਪੂੰਜੀਵਾਦ ਸੀ ਜਿਹੜਾ ਇਸ ਤਰ੍ਹਾਂ ਦੇ ਪੱਖਪਾਤੀ ਰਵੱਈਏ ਲਈ ਜ਼ਿੰਮੇਵਾਰ ਸੀ। ਤੀਜੀ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਲਈ ਸਿਰਫ਼ ਪੱਛਮ ਨੂੰ ਹੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਬਸਤੀਵਾਦ ਤੋਂ ਪਹਿਲਾਂ ਪੂਰਬੀ ਖਿੱਤਿਆਂ ਦੇ ਵਸਨੀਕ ਕਿਸੇ ਆਦਰਸ਼ਕ ਸੰਸਾਰ ਵਿਚ ਨਹੀਂ ਰਹਿ ਰਹੇ ਸਨ। ਉਹ ਜਾਤ, ਜਮਾਤ ਅਤੇ ਲਿੰਗ ਦੇ ਨੁਕਤੇ ਤੋਂ ਦਰਜੇਬੰਦੀਆਂ ਵਿਚ ਵੰਡੇ ਸਨ। ਪੂਰਵ-ਬਸਤੀਵਾਦੀ ਸਮੇਂ ਦੀਆਂ ਇਨ੍ਹਾਂ ਸਥਿਤੀਆਂ ਨੂੰ ਸਮਝੇ ਬਿਨਾਂ ਬਸਤੀਵਾਦ ਬਾਰੇ ਉਸਾਰਿਆ ਕੋਈ ਵੀ ਪ੍ਰਵਚਨ ਭੁਲੇਖਾਪਾਊ ਸਿੱਧ ਹੋ ਸਕਦਾ ਹੈ।
   ਏਜਾਜ਼ ਅਹਿਮਦ ਦੇ ਕਹਿਣ ਦਾ ਭਾਵ ਇਹ ਹੈ ਕਿ ਖੱਬੇਪੱਖੀ ਨਜ਼ਰ ਆਉਣ ਦੇ ਬਾਵਜੂਦ ਸਈਦ ਦੀ ਪੂਰਬਵਾਦੀ ਪੜ੍ਹਤ ਸਮਾਜਿਕ ਤਬਦੀਲੀ ਦੇ ਏਜੰਡੇ ਵਿਰੁੱਧ ਹੀ ਭੁਗਤ ਜਾਂਦੀ ਹੈ। ਸਈਦ ਪੂਰਬ ਬਾਰੇ ਪੱਛਮ ਵਾਸੀਆਂ ਵੱਲੋਂ ਉਸਾਰੇ ਗਿਆਨ ਨੂੰ ਬਸਤੀਵਾਦ ਦੇ ਇਤਿਹਾਸ ਅਤੇ ਖ਼ਾਸਕਰ ਪੂੰਜੀਵਾਦ ਦੇ ਪਸਾਰ ਤੋਂ ਤੋੜ ਕੇ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਉਹ ਸਾਹਿਤਕ ਅਤੇ ਵਿਚਾਰਧਾਰਕ ਪ੍ਰਵਚਨ ਨੂੰ ਪੇਸ਼ ਕਰਨ ਸਮੇਂ ਉਨ੍ਹਾਂ ਪਦਾਰਥਕ ਹਾਲਤਾਂ ਨੂੰ ਅੱਖੋਂ-ਪਰੋਖੇ ਕਰ ਦਿੰਦਾ ਹੈ ਜਿਨ੍ਹਾਂ ਨੇ ਬਸਤੀਵਾਦ ਦੇ ਪਣਪਣ ਲਈ ਲੋੜੀਂਦੀਆਂ ਸਥਿਤੀਆਂ ਪੈਦਾ ਕੀਤੀਆਂ।
       ‘ਇਨ ਥਿੳਰੀ’ ਪੁਸਤਕ ਵਿਚ ਛਪੇ ਲੇਖ ‘ਥਰਡ ਵਰਲਡ ਲਿਟਰੇਚਰ’ ਵਿਚ ਅਹਿਮਦ ਨੇ ਤੀਜੀ ਦੁਨੀਆ ਦੇ ਮੁਲਕਾਂ ਵਿਚ ਲਿਖੇ ਜਾਂਦੇ ਸਾਹਿਤ ਅਤੇ ਇਹਦੇ ਅੰਗਰੇਜ਼ੀ ਭਾਸ਼ਾ ਨਾਲ ਸੰਬੰਧਾਂ ਉੱਤੇ ਨਜ਼ਰਸਾਨੀ ਕੀਤੀ ਹੈ। ਉਹ ਦੱਸਦਾ ਹੈ ਕਿ ਤੀਜੀ ਦੁਨੀਆ ਦੀਆਂ ਜ਼ੁਬਾਨਾਂ ਵਿਚ ਰਚੇ ਸਾਹਿਤ ਦੇ ਵਿਸ਼ਲੇਸ਼ਣ ਲਈ ਅੰਗਰੇਜ਼ੀ ਜ਼ੁਬਾਨ ਵਿਚ ਲਿਖੇ ਸਾਹਿਤ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ ਜਦੋਂਕਿ ਤੀਜੀ ਦੁਨੀਆ ਨਾਲ ਸੰਬੰਧਤ ਖੇਤਰੀ ਜ਼ੁਬਾਨਾਂ ਦੀਆਂ ਲਿਖਤਾਂ ਨੂੰ ਅੱਖੋਂ-ਪਰੋਖੇ ਕਰ ਦਿੱਤਾ ਜਾਂਦਾ ਹੈ। ਮਸਲਨ ਫਰੈਡਰਿਕ ਜੇਮਸਨ ਦੀ ਧਾਰਨਾ ਹੈ ਕਿ ਤੀਜੀ ਦੁਨੀਆ ਦੀਆਂ ਲਿਖਤਾਂ ਇਨ੍ਹਾਂ ਖਿੱਤਿਆਂ ਦੀਆਂ ਕੌਮੀ ਪ੍ਰਤੀਕ ਕਥਾਵਾਂ ਹਨ। ਇਸ ਧਾਰਨਾ ’ਤੇ ਪ੍ਰਸ਼ਨ ਚਿੰਨ੍ਹ ਲਾਉਂਦਿਆਂ ਅਹਿਮਦ ਦੱਸਦਾ ਹੈ ਕਿ 1935 ਤੋਂ 1947 ਈ. ਤੱਕ ਦਾ ਸਮਾਂ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਸਭ ਤੋਂ ਅਹਿਮ ਸਮਾਂ ਹੈ। ਇਸ ਦੇ ਬਾਵਜੂਦ ਇਸ ਵਕਫ਼ੇ ਦੌਰਾਨ ਕੋਈ ਵੀ ਅਜਿਹੀ ਰਚਨਾ ਉਰਦੂ ਜ਼ੁਬਾਨ ਵਿਚ ਨਹੀਂ ਲਿਖੀ ਗਈ ਜਿਸ ਨੂੰ ਹਿੰਦੋਸਤਾਨ ਦੀ ਕੌਮੀ ਪ੍ਰਤੀਕ ਕਥਾ ਕਿਹਾ ਜਾ ਸਕੇ। ਜੇਮਸਨ ਦੇ ਵਾਕ ਨੂੰ ਉਲਟਾ ਕੇ ਅਹਿਮਦ ਕਹਿੰਦਾ ਹੈ ਕਿ ਅਮਰੀਕੀ ਅਕਾਦਮੀਆਂ ਦੇ ਬੁੱਧੀਜੀਵੀ ਉਨ੍ਹਾਂ ਰਚਨਾਵਾਂ ਨੂੰ ਹੀ ਤੀਜੀ ਦੁਨੀਆ ਦੇ ਬਿਰਤਾਂਤਾਂ ਵਜੋਂ ਪੇਸ਼ ਕਰਦੇ ਹਨ ਜੋ ਕੌਮੀ ਪ੍ਰਤੀਕ ਕਥਾਵਾਂ ਨਜ਼ਰ ਆਉਂਦੀਆਂ ਹੋਣ। ਸਾਹਿਤ ਦੀ ਸਿਰਜਣਾ ਕੋਈ ਸਿੱਧ-ਪੱਧਰਾ ਵਰਤਾਰਾ ਨਹੀਂ ਜਿਸ ਨੂੰ ਕੌਮੀ ਪ੍ਰਤੀਕ ਕਥਾ ਤੱਕ ਘਟਾ ਕੇ ਦੇਖਿਆ ਜਾਵੇ। ਤੀਜੀ ਦੁਨੀਆ ਹੀ ਨਹੀਂ ਸਗੋਂ ਸਾਰੇ ਵਿਸ਼ਵ ਦਾ ਸਾਹਿਤ ਵੀ ਕਿਸੇ ਇਕ ਸਮਾਜਿਕ-ਸਿਆਸੀ ਕਾਰਨ ਦੀ ਸਿੱਧੀ ਉਪਜ ਨਹੀਂ ਹੋ ਸਕਦਾ। ਭਾਵੇਂ ਇਹ ਸਮੁੱਚੇ ਸਮਾਜਿਕ ਤੇ ਸਿਆਸੀ ਵਰਤਾਰੇ ਦਾ ਕੇਂਦਰੀ ਕਾਰਨ ਹੀ ਕਿਉਂ ਨਾ ਹੋਵੇ। ਜੇਮਸਨ ਨੇ ਅਜਿਹਾ ਕਰ ਕੇ ਤੀਜੀ ਦੁਨੀਆ ਦੀਆਂ ਵਿਲੱਖਣਤਾਵਾਂ ਨੂੰ ਇਕੋ ਖਾਤੇ ਪਾ ਦਿੱਤਾ ਹੈ।
     ਇਸੇ ਤਰ੍ਹਾਂ ਡਾਇਸਪੋਰਾ ਅਧਿਐਨ ਦੀ ਵੀ ਆਪਣੀ ਸਿਆਸਤ ਹੈ। ਸਮਾਜਵਾਦ ਦੀ ਗ਼ੈਰ-ਮੌਜੂਦਗੀ ਵਿਚ ਪਰਵਾਸੀ ਚਿੰਤਕਾਂ ਲਈ ਕੋਈ ਮੁੱਦਾ ਨਹੀਂ ਬਚਿਆ ਜਿਸ ਕਾਰਨ ਉਨ੍ਹਾਂ ਤੀਜੀ ਦੁਨੀਆ ਦਾ ਸੰਕਲਪ ਘੜ੍ਹ ਕੇ ਨਾਬਰੀ ਦੀ ਸਿਆਸਤ ਦਾ ਯੂਟੋਪੀਆ (ਕਾਲਪਨਿਕ ਚਿੱਤਰ) ਉਸਾਰ ਲਿਆ। ਇਨ੍ਹਾਂ ਚਿੰਤਕਾਂ ਨੇ ਪਰਵਾਸ ਨੂੰ ਰੁਮਾਂਸਵਾਦੀ ਬਣਾ ਕੇ ਉਨ੍ਹਾਂ ਕੁਲੀਨ ਲੋਕਾਂ ਨਾਲ ਜੋੜ ਦਿੱਤਾ ਜੋ ਆਪਣੀ ਮਰਜ਼ੀ ਅਤੇ ਖ਼ੁਸ਼ੀ ਨਾਲ ਵਿਕਸਤ ਦੇਸ਼ਾਂ ਵਿਚ ਰਹਿ ਰਹੇ ਹਨ। ਇਹਦੇ ਉਲਟ ਹਕੀਕਤ ਇਹ ਹੈ ਕਿ ਇਨ੍ਹਾਂ ਲੋਕਾਂ ਕੋਲ ਜਲਾਵਤਨੀ ਦੇ ਦੁਖਾਂਤ ਦਾ ਕੋਈ ਨਿੱਜੀ ਅਨੁਭਵ ਨਹੀਂ ਹੈ।
     ਏਜਾਜ਼ ਅਹਿਮਦ ਨੇ ਬੇਸ਼ੱਕ ਆਪਣਾ ਆਖ਼ਰੀ ਸਮਾਂ ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਤੁਲਨਾਤਮਕ ਸਾਹਿਤ ਵਿਭਾਗ ਵਿਚ ਬਿਤਾਇਆ, ਪਰ ਉਹ ਹਮੇਸ਼ਾ ਹਿੰਦੋਸਤਾਨ ਪਰਤਣ ਲਈ ਉਤਾਵਲਾ ਰਿਹਾ। ਪਾਕਿਸਤਾਨੀ ਪਿਛੋਕੜ ਕਰਕੇ ਉਹਦੀ ਭਾਰਤੀ ਨਾਗਰਿਕਤਾ ਦਾ ਮਸਲਾ ਉਲਝਿਆ ਰਿਹਾ ਜਿਸ ਕਰਕੇ ਉਹ ਆਪਣੀ ਜਨਮ ਭੋਇੰ ’ਤੇ ਆਪਣਾ ਆਖ਼ਰੀ ਵਕਤ ਨਾ ਗੁਜ਼ਾਰ ਸਕਿਆ। ਪ੍ਰੋ. ਪ੍ਰਭਾਤ ਪਟਨਾਇਕ ਨੇ ‘ਦਿ ਹਿੰਦੂ’ ਵਿਚ ਛਪੇ ਲੇਖ ਵਿਚ ਲਿਖਿਆ ਹੈ ਕਿ ਅਮਰੀਕਾ ਵਿਚ ਬਿਤਾਏ ਇਹ ਅੱਠ ਵਰ੍ਹੇ ਏਜਾਜ਼ ਅਹਿਮਦ ਲਈ ਜਲਾਵਤਨੀ ਹੰਢਾਉਣ ਜਿਹੇ ਸਨ।
* ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ
   ਸੰਪਰਕ : 70420-73084