Sukhwinder Kaur Hariao

ਹੱਕ ਦੇ ਨਿਬੇੜੇ - ਸੁਖਵਿੰਦਰ ਕੌਰ’ਹਰਿਆਓ’



    ਜੰਗੀਰ ਸਿੰਓ ਉਮਰ ਪੱਖੋਂ ਅੱਸੀ ਸਾਲ ਦੇ ਨੇੜੇ-ਤੇੜੇ ਸੀ| ਤੁਰਨਾ ਫਿਰਨਾ ਲਈ ਉਸ ਲਈ ਔਖਾ ਸੀ| ਪਰ ਸੱਥ ਵਿੱਚ ਆ ਕੇ ਦੇਸ਼ ਦੇ ਵਿਗੜੇ ਹਲਾਤਾਂ ਬਾਅਦ ਪੁੱਛਦਾ ਰਹਿੰਦਾ| “ਸ਼ੇਰਾ ਮੈਂ ਦਿੱਲੀ ਤਾਂ ਨਹੀਂ ਜਾ ਸਕਿਆ, ਸਹੋਰੇ ਹੱਡ-ਪੈਰ ਜਾਵਬ ਦੇਈ ਜਾਂਦੇ ਆ ਪਰ ਮੇਰਾ ਦਿਲ ਜਾਣ ਨੂੰ ਬੜਾ ਕਰਦਾ ਐ| ਜਵਾਕ ਕਹਿੰਦੇ ਐ ਅਸੀਂ ਹੈਗੇ ਨਾ ਜਾਣ ਲਈ, ਤੁੰ ਘਰ ਰਹਿ ਕੇ ਖੇਤਾਂ ਵੱਲ ਧਿਆਨ ਰੱਖੀਂ| ਇੱਕ ਬੰਦਾ ਘਰ ਵੀ ਜਰੂਰੀ ਐ| ਓਏ ਨਾਜ਼ਰਾ ਦੱਸ ਖਾਂ ਦਿੱਲੀ ਦੀ ਕੋਈ ਖਬਰਸਾਰ ਕੀ ਐ| ਹੁਣ ਤਾਂ ਆ ਫੋਨਾਂ ‘ਚ ਤਾਂ ਬਿੰਦ-ਬਿੰਦ ਖਬਰਾਂ ਆਉਂਦੀਆਂ ਨੇ, ਜਵਾਕ ਦੱਸਦੇ ਸੀ”, ਜੰਗੀਰ ਸਿੰਓ ਨੇ ਖੂੰਡਾ ਥੱੜ੍ਹੇ ਤੇ ਰੱਖ ਕੇ ਬੈਠਦਿਆਂ ਹੋਇਆਂ ਕਿਹਾ|
     “ਕੀ ਦੱਸਾਂ ਤਾਇਆ ਲੋਕ ਤਾਂ ਰੋਲ ਕੇ ਰੱਖ ਦਿੱਤੇ ਐ| ਇੱਕ ਤਾਂ ਪੋਹ-ਮਾਘ ਦੀ ਠੰਡ ਤੇ ਮੀਂਹ…… ਬੜਾ ਔਖਾ ਹੋਇਆ ਪਿਆ| ਪਰ ਕਿਸਾਨ ਵੀਰ ਅਜੇ ਵੀ ਹਿੰਮਤ ਬੰਨ੍ਹੀ ਬੈਠੇ ਐ| ਰੋਜ਼ ਪੰਜਾਬ ਦੇ ਪੁੱਤ ਸ਼ਹੀਦ ਹੋ ਰਹੇ ਨੇ, ਪਰ ਐ ਮੋਦੀ ਦੇ ਭਗਤ ਕਹਿੰਦੇ ਕਿਸਾਨ ਤਾਂ ਸੈਰ-ਸਪਾਟੇ ਕਰਨ ਆਏ ਨੇ……ਲੰਗਰ ਛੱਕਣ ਆਏ ਐ”, ਨਾਜ਼ਰ ਨੇ ਉਦਾਸੀ ਨਾਲ ਜਵਾਬ ਦਿੱਤਾ|
     “ਓਏ ਇਨ੍ਹਾਂ ਕੰਜਰਾਂ ਨੂੰ ਕੋਈ ਪੁੱਛੇ ਲੰਗਰ ਤਾਂ ਅਸੀਂ ਛੱਕਾ ਕੇ ਤਾਂ ਹਜ਼ਾਰਾਂ ਭੁੱਖੇ ਢਿੱਡ ਭਰਦੇ ਐਂ| ਅੰਨਦਾਤੇ ਹਾਂ ਇਸ ਦੇਸ਼ ਦੇ…| ਘਰਾਂ ਦੇ ਘਰ ਉਜੜ ਰਹੇ ਐ| ਹੁਣ ਤਾਂ ਇਹ ਕੋਈ ਆਮ ਧਰਨਾ ਨਹੀਂ ਰਿਹਾ| ਇਹ ਵੱਕਤ ਕਿਸੇ ਸੰਤਾਪ ਜਾਂ ਹੱਲ਼ਿਆਂ ਤੋਂ ਘੱਟ ਨਹੀਂ ਐ| ਨਾਜ਼ਰਾ ਇਹ ਪੈਸੇ ਦੇ ਭੁੱਖੇ ਕੀ ਜਾਨਣ ਪੰਜਾਬ ਦੇ ਦਰਦ ਨੂੰ…| ਐਵੇਂ ਤਾਂ ਨਹੀਂ ਕਹਿੰਦੇ ਆਪਣੀ ਲੱਗੀ ਤਾਂ ਆਪ ਹੀ ਜਾਣੇ| ਦੁੱਖ ਤਾਂ ਬੜਾ ਹੁੰਦਾ ਐ ਪਰ ਵੱਕਤ ਸਦਾ ਮਾੜਾ ਨਹੀਂ ਰਹਿੰਦਾ, ਆਪਣਾ ਵੀ ਵੱਕਤ ਆਵੇਗਾ| ਫਿਰ ਵੇਖਾਂਗੇ ਇਹ ਕੁਰਬਾਨੀਆਂ ਐਵੇਂ ਨਹੀਂ ਜਾਣ ਦੇਵਾਂਗੇ| ਹੱਕ ਦੇ ਨਿਬੇੜੇ ਹੁਣ ਹੋਣ ਜਾਂ ਫਿਰ ਕੱਲ੍ਹ……”, ਜੰਗੀਰ ਸਿੰਓ ਦੇ ਚਿਹਰੇ ਤੇ ਰੋਹ, ਦਰਦ ਤੇ ਉਮੀਦ-ਹੌਂਸਲੇ ਦੇ ਸੱਤ ਰੰਗ ਇੱਕਠੇ ਉਭਰ ਕੇ ਇੱਕ ਵੰਗੱਰ ਬਣ ਰਹੇ ਸੀ|

-ਸੁਖਵਿੰਦਰ ਕੌਰ’ਹਰਿਆਓ’
ਉਭਾਵਾਲ, ਸੰਗਰੂਰ
84274-05492

ਸ਼ਹੀਦ - ਸੁਖਵਿੰਦਰ ਕੌਰ 'ਹਰਿਆਓ'

ਅਸੀਂ ਆਜ਼ਾਦੀ ਖਾਤਿਰ
ਮਿਟਣ ਵਾਲੇ
ਸ਼ਹੀਦ ਹਾਂ,
ਸਾਨੂੰ ਦਿੱਤੀ ਸੀ
ਬਦ-ਦੁਆ
ਰਾਜਨੀਤੀ ਨੇ,
ਤੁਸੀਂ ਜਲੋਂਗੇ
ਜਲਦੇ ਰਹੋਂਗੇ,
ਹਾਂ, ਅਸੀਂ ਜਲੇ ਜਰੂਰ
ਹਰ ਸਮੇਂ
ਹਾਕਮਾਂ ਦੀ ਹਿੱਕ 'ਤੇ
ਦੀਵਾ ਬਣ ਕੇ ਜਲੇ।

ਸੁਖਵਿੰਦਰ ਕੌਰ 'ਹਰਿਆਓ'
ਉਭਾਵਾਲ, ਸੰਗਰੂਰ
+91-8427405492

ਅੰਬਰਾਂ ਦੇ ਬਾਦਸ਼ਾਹ - ਸੁਖਵਿੰਦਰ ਕੌਰ 'ਹਰਿਆਓ'

ਦੇਖ ਕੇ ਸੱਤਾ ਦੀ
ਚਕਾ ਚੌਂਦ
ਕੋਈ ਚਿੱਟ ਕੱਪੜਿਆਂ
ਸ਼ਿੰਗਾਰਦਾ ਉੱਜਲੇ ਭਵਿੱਖ
ਵੱਲ ਤੁਰਦੇ ਕਦਮਾਂ ਨੂੰ
ਚਲੋ ਲੱਭੀਏ
ਰੌਸ਼ਨੀ ਦਾ ਸਿਰਨਾਵਾਂ
ਕਿਸੇ ਮਾਂ ਦੀਆਂ ਅੱਖਾਂ ਦੇ
ਤਾਰੇ ਬਣ ਜਾਂਦੇ
ਬਲਦੇ ਅੰਗਿਆਰਾਂ ਵਰਗੇ
ਹਥਿਆਰਾਂ ਦੇ ਸ਼ੌਰ ਵਿੱਚ
ਗੁੰਮ ਜਾਂਦੇ ਨੇ
ਸ਼ੰਗਨਾਂ ਦੇ ਗੀਤ
ਮਾਂ ਦੇ ਲਾਡਲੇ 'ਹਰਜਿੰਦਰ'
ਬਣ ਜਾਂਦੇ 'ਵਿੱਕੀ ਗੌਂਡਰ'
ਬੈਠ ਸੁਨਹਿਰੀ ਕੁਰਸੀ
ਚਿੱਟ ਕੱਪੜਿਆਂ ਸੋਚਦਾ
ਰਾਹ ਜਾਣ ਗਏ ਨੇ
ਚਾਨਣ ਦਾ
ਇਸ ਤੋਂ ਪਹਿਲਾਂ
ਸੂਰਜ ਬਣ ਚਮਕਣ
ਇਹਨਾਂ ਦਾ ਛਿੱਪਣਾ ਜਰੂਰੀ ਹੈ
ਗ੍ਰਹਿਣ ਲਾਉਂਦਾ
ਇਲਜ਼ਾਮਾਂ ਦਾ
ਲਾ ਕੇ ਜਾਲ ਸਾਜਿਸ਼ਾਂ ਦਾ
ਫਸਾ ਲੈਂਦਾ ਚੀਨੇ
ਕਬੂਤਰਾਂ ਵਰਗੇ
ਅੰਬਰਾਂ ਦੇ ਬਾਦਸ਼ਾਹਾਂ ਨੂੰ
ਤੇ ਹਜ਼ਾਰਾਂ ਸੁਪਨਿਆਂ
ਭਰੀ ਛਾਤੀ
ਛੱਲਣੀ ਹੁੰਦੀ ਗੋਲੀਆਂ ਨਾਲ
ਸਿਹਰਿਆਂ ਨਾਲ ਵੈਣ ਗੂੰਜਦੇ
ਨਿਮਾਣੇ ਅੰਮੜੀ  ਦੇ ਵਿਹੜੇ
ਮਾਵਾਂ ਦੇ ਜਾਇਓ
ਪਹਿਚਾਣ ਲਵੋ
ਆਪਣੇ ਸਿਰ 'ਤੇ ਧਰੇ
ਮੌਤ ਦੇ ਸਾਏ ਵਰਗੇ
ਹੱਥਾਂ ਨੂੰ
ਗਾਨੇ ਸਜਾਉਣ ਵਾਲੇ
ਹੱਥਾਂ ਵਿਚੋਂ ਸੁੱਟ ਕੇ
ਹਥਿਆਰਾਂ ਨੂੰ
ਪੂੰਝੋ ਮਾਂ ਦੀਆਂ
ਰਾਹ ਤੱਕਦੀ ਦੀਆਂ
ਅੰਨੀਆਂ ਅੱਖਾਂ ਵਿੱਚੋਂ ਅੱਥਰੂ
ਮੁੜ ਆਵੋ
ਰੱਖੜੀ ਵਾਲੇ ਗੁੱਟੋ
ਇੱਕ ਵਿੱਕੀ ਗੌਂਡਰ ਨੂੰ
ਮਾਰ ਕੇ ਪਤਾ ਨਹੀਂ
ਕਿੰਨੇ ਹੀ
ਗੌਂਡਰਾਂ ਦੇ ਜਨਮ ਦਾਤੇ
ਬਣ ਚੁੱਕੇ ਨੇ
ਇਹ ਦਹਿਸ਼ਤਾਂ ਦੇ ਵਾਰਸ
ਲਾਡਾਂ ਚਾਵਾਂ ਨਾਲ
ਪਾਲੇ ਓਹਦੇ ਸੂਰਜ ਵਰਗੇ
ਹਾੜੇ ਨਾ ਬਣਿਓ
ਕਿਸੇ ਹੱਥਾਂ ਦੀ ਕੱਠਪੁੱਤਲੀ
ਮਾਵਾਂ ਦੇ ਹੌਂਕੇ ਤੇ ਹੰਝੂ
ਮੁੱਕ ਜਾਣੇ
ਪਰ ਸ਼ਿਕਾਰੀਆਂ ਦੇ
ਨਿਸ਼ਾਨੇ ਤੇ ਗੋਲੀਆਂ
ਨਹੀਂ ਮੁੱਕਣੇ
ਮੁੜ ਆਵੋ
ਪਿੰਡ ਦੇ ਰਾਹ ਉਡੀਕਦੇ ਨੇ।

- ਸੁਖਵਿੰਦਰ ਕੌਰ 'ਹਰਿਆਓ'
ਉੱਭਾਵਾਲ, ਸੰਗਰੂਰ
+91-84274-05492

ਸੁੱਖ ਦਾ ਸਿਰਨਾਵਾਂ  - ਸੁਖਵਿੰਦਰ ਕੌਰ 'ਹਰਿਆਓ'

ਨਸੀਬ ਕੌਰ ਦਾ ਇੱਕਲਾ-ਇੱਕਲਾ ਪੁੱਤਰ ਤੇਜੀ ਜਦੋਂ ਤੋਂ ਗੱਭਰੂ ਹੋਇਆ ਤਾਂ ਉਸ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ। ਸ਼ਰਾਬ ਪੀਂਦੇ ਰਹਿਣਾ, ਵਿਹਲਾ ਰਹਿ ਕੇ ਆਪਣੀ ਮਾਂ ਤੋਂ ਪੈਸੇ ਖੋਹ ਕੇ ਲੈ ਜਾਣਾ ਤੇ ਐਸ਼ਾਂ 'ਤੇ ਉੱਡਾ ਦੇਣਾ ਉਸ ਦਾ ਰੋਜ਼ ਦਾ ਕੰਮ ਹੋ ਗਿਆ ਸੀ। ਪੁੱਤਰ ਦੇ ਨਾ ਸੁਧਰਨ ਦੀ ਉਮੀਦ ਵਿੱਚ ਨਸੀਬ ਕੌਰ ਨੇ ਤੇਜੀ ਦਾ ਵਿਆਹ ਕਰ ਦਿੱਤਾ।
     ਹੁਣ ਨੂੰਹ ਕੋਲ ਤਿੰਨ ਕੁ ਮਹੀਨਿਆਂ ਦੀ ਛੋਟੀ ਜਿਹੀ ਬੱਚੀ ਸੀ। ਬਸ ਤੇਜੀ ਦੇ ਉਹੀ ਹਾਲ ਹਿਲੇ ਸਨ। ਕੱਲ੍ਹ ਨੂੰ ਲੋਹੜੀ ਸੀ। ਜੀ ਨੇ ਲੋਹੜੀ 'ਤੇ ਪੀਣ ਖਾਤਿਰ ਸ਼ਹਿਰੋਂ ਮਹਿੰਗੀ ਸ਼ਰਾਬ ਲਿਆਉਣ ਲਈ ਆਪਣੀ ਮਾਂ ਤੋਂ ਪੈਸੇ ਮੰਗੇ। ਨਸੀਬ ਕੌਰ ਨੇ ਬਥੇਰਾ ਸਮਝਾਇਆ ਪਰ ਤੇਜੀ ਮਾਂ ਨੂੰ ਧੱਕਾ ਦੇ ਕੇ ਪੈਸੇ ਚੁੱਕ ਕੇ ਲੈ ਗਿਆ। ਉਸ ਦੀ ਨੂੰਹ ਨੇ ਨਸੀਬ ਕੌਰ ਨੂੰ ਉੱਠਾ ਕੇ ਮੰਜੇ 'ਤੇ ਬਿਠਾਇਆ ਤੇ ਰੋਂਦੀ ਦੇ ਹੰਝੂ ਪੂੰਝਦੀ ਨੇ ਗਲ਼ ਨਾਲ ਲਾਇਆ।
     ਲੋਹੜੀ ਵਾਲੇ ਦਿਨ ਨਸੀਬ ਕੌਰ ਦੇ ਘਰੋਂ ਢੋਲ ਤੇ ਨੱਚਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਤੇਜੀ ਘਰ ਪਹੁੰਚਿਆ। "ਬੇਬੇ ਆ ਕੀ ਆ? ਹੁਣੇ ਤਾਂ ਕੁੜੀ ਨੇ ਜਨਮ ਲਿਆ ਫਿਰ ਲੋਹੜੀ ਕਾਹਦੀ!", ਤੇਜੀ ਨੇ ਹੈਰਾਨ ਹੋ ਕੇ ਕਿਹਾ।
    "ਲੋਹੜੀ ਤੇ ਖੁਸ਼ੀਆਂ ਤਾਂ ਪੁੱਤ ਮੈਂ ਤੇਰੇ ਜਨਮ 'ਤੇ ਵੀ ਬੜੀਆਂ ਮਨਾਈਆਂ ਸੀ। ਪਰ ਇੱਕ ਦਿਨ ਵੀ ਤੂੰ ਸੁੱਖ ਨਾ ਦੇਖਣ ਦਿੱਤਾ। ਤੇਰੇ ਨਾਲੋਂ ਆ ਬੇਗਾਨੀ ਧੀ ਚੰਗੀ ਏ, ਜਿਹੜੀ ਸਹਾਰਾ ਦਿੰਦੀ ਆ। ਇਹ ਤਾਂ ਫਿਰ ਵੀ ਮੇਰੀ ਆਪਣੀ ਪੋਤੀ ਏ। ਬਥੇਰਾ ਸੁੱਖ ਦੇਊਗੀ। ਤੇਰੇ ਵਰਗੇ ਨਲਾਇਕ ਪੁੱਤਾਂ ਨਾਲੋਂ ਧੀਆਂ ਸੌ ਗੁਣੀ ਚੰਗੀਆਂ, ਜਿਹੜੀਆਂ ਨਸ਼ੇ ਤੇ ਐਸ਼ਾਂ ਖਾਤਿਰ ਮਾਵਾਂ ਨੂੰ ਕੁੱਟ ਕੇ ਨਹੀਂ ਜਾਂਦੀਆਂ। ਰੱਬ ਨਾ ਕਰੇ ਕਿਸੇ ਮਾਂ ਦੀ ਕੁੱਖੋਂ ਤੇਰਾ ਜਿਹਾ ਤੇਜੀ ਜਨਮ ਲਵੇ। ਮੈਨੂੰ ਤਾਂ ਰੱਬ ਨੇ ਧੀ ਨਹੀਂ ਦਿੱਤੀ, ਮੇਰੇ ਨਾਲੋਂ ਤੂੰ ਕਿਸਮਤ ਵਾਲਾ ਐਂ ਕਿ ਤੇਰੇ ਘਰ ਕੋਈ ਤੇਜੀ ਨਹੀਂ ਜੰਮਿਆ। ਮੈਂ ਤਾਂ ਪੁੱਤਾਂ ਨਾਲੋਂ ਵੱਧ ਕੇ ਲੋਹੜੀ ਮਨਾਊਗੀ ਪੋਤੀ ਦੀ। ਧੀਆਂ ਤਾਂ ਸੁੱਖ ਦਾ ਸਿਰਨਾਵਾਂ ਹੁੰਦੀਆਂ ਨੇ", ਨਸੀਬ ਕੌਰ ਨੇ ਕਿਹਾ ਤੇ ਤੇਜੀ ਨੀਵੀਂ ਪਾ ਕੇ ਪਰ੍ਹਾਂ ਨੂੰ ਤੁਰ ਗਿਆ।
 - ਸੁਖਵਿੰਦਰ ਕੌਰ 'ਹਰਿਆਓ'
ਉੱਭਾਵਾਲ, ਸੰਗਰੂਰ
 +91-8427405492

ਗੁਲਾਮਾਂ ਦਾ ਸਰਦਾਰ

ਥਾਣੇਦਾਰ ਹਾਕਮ ਸਿੰਘ ਦੀ ਡਿਊਟੀ ਉਸ ਦੇ ਸ਼ਹਿਰ ਵਿਚ ਪੈਂਦੇ ਪਿੰਡ ਮਾਜਰੀ ਦੇ ਅਗਾਹਵਧੂ ਤੇ ਸਬਜੀਆਂ ਦੀ ਕਾਸ਼ਤ ਵਿੱਚ ਪਹਿਲੇ ਨੰਬਰ ਤੇ ਆਏ ਕਿਸਾਨ ਜੈਮਲ ਸਿੰਘ ਦਾ ਆਜ਼ਾਦੀ ਦਿਹਾੜੇ 'ਤੇ ਮੁੱਖ ਮੰਤਰੀ ਵਲੋਂ ਸਨਮਾਨ ਕੀਤੇ ਜਾਣ ਦੀ ਸੂਚਨਾ ਪਹਿਚਾਉਣ ਦੀ ਲਾਈ ਗਈ ਸੀ। ਥਾਣੇਦਾਰ ਪਿੰਡ ਮਾਜਰੀ ਪਹੁੰਚਿਆ। ਕਿਸੇ ਤੋਂ ਉਸਨੇ ਕਿਸਾਨ ਜੈਮਲ ਸਿੰਘ ਦਾ ਘਰ ਪੁੱਛਿਆ। ਪਤਾ ਦੱਸਣ ਵਾਲੇ ਨੇ ਚਿੱਟੀ ਤਿੰਨ ਮੰਜਲੀ ਕੋਠੀ ਵੱਲ ਇਸ਼ਾਰਾ ਕੀਤਾ। ਥਾਣੇਦਾਰ ਹੈਰਾਨ ਸੀ ਕਿ ਇੱਕ ਕਿਸਾਨ ਇੰਨਾ ਅਮੀਰ...! ਸੋਚਦਿਆਂ-ਸੋਚਦਿਆਂ ਗੱਡੀ ਗੇਟ ਅੱਗੇ ਜਾ ਖੜੀ ਕੀਤੀ। ਅੰਦਰ ਏ.ਸੀ. ਰੂਮ 'ਚ ਮਹਿੰਗੇ ਸੋਫ਼ੇ 'ਤੇ ਕਿਸਾਨ ਜੈਮਲ ਸਿੰਘ ਅਖ਼ਬਾਰ ਪੜ੍ਹ ਰਿਹਾ ਸੀ। ਥਾਣੇਦਾਰ ਨੇ ਸ਼ਤਿ ਸ਼੍ਰੀ ਅਕਾਲ ਬੁਲਾਉਣ ਤੋਂ ਬਾਅਦ ਸਨਮਾਨਿਤ ਕੀਤੇ ਜਾਣ ਦੀ ਖ਼ਬਰ ਜੈਮਲ ਸਿੰਘ ਨੂੰ ਦਿੱਤੀ। ਜੈਮਲ ਸਿੰਘ ਖੁਸ਼ ਹੋ ਗਿਆ।
''ਜੈਮਲ ਸਿੰਘ ਜੀ ਕੁੱਝ ਸਾਲ ਪਹਿਲਾਂ ਤਾਂ ਇਹ ਕੋਠੀ 'ਤੇ ਸ਼ਾਨੋ-ਸ਼ੌਕਤ ਨਹੀਂ ਸੀ। ਫਿਰ ਕੀ ਚਮਤਕਾਰ ਹੋਇਆ?'', ਥਾਣੇਦਾਰ ਨੇ ਹੈਰਾਨੀ ਨਾਲ ਪੁੱਛਿਆ।
''ਆਓ ਦਿਖਾਵਾਂ'', ਕਹਿ ਕੇ ਕਿਸਾਨ ਜੈਮਲ ਸਿੰਘ ਥਾਣੇਦਾਰ ਨੂੰ ਖੇਤ ਵੱਲ ਲੈ ਤੁਰਿਆ। ਖੇਤ ਵਿੱਚ 40-50 ਦੇ ਕਰੀਬ ਮਜ਼ਦੂਰ ਸਿਰ ਸੁੱਟ ਕੇ ਕੰਮ ਕਰ ਰਹੇ ਸਨ। ਕੋਈ ਸਬਜੀਆਂ ਤੋੜ ਰਿਹਾ ਸੀ, ਕੋਈ ਛਾਂਟ ਰਿਹਾ ਸੀ ਤੇ ਕੋਈ ਸਬਜੀਆਂ ਥੈਲਿਆਂ 'ਚ ਭਰ ਰਿਹਾ ਸੀ।
''ਜੈਮਲ ਸਿੰਘ ਜੀ ਆਮਦਨ ਦੇ ਨਾਲ-ਨਾਲ ਖ਼ਰਚ ਵੀ ਤਾਂ ਕਾਫ਼ੀ ਆ ਜਾਂਦਾ ਹੋਵੇਗਾ, ਮਜ਼ਦੂਰਾਂ ਦੀ ਦਿਹਾੜੀ ਵੀ ਤਾਂ ਮਹਿੰਗੀ ਐ'', ਥਾਣੇਦਾਰ ਨੇ ਕਿਹਾ।
''ਨਹੀਂ...ਨਹੀਂ ਥਾਣੇਦਾਰ ਜੀ, ਇਹੀ ਤਾਂ ਮੇਰੀ ਤਰੱਕੀ ਦਾ ਭੇਤ ਐ। ਜੇਕਰ ਖ਼ਰਚਾ ਦੇਣਾ ਹੁੰਦਾ ਤਾਂ ਫਿਰ ਕਿੰਨੀ ਕੁ ਆਮਦਨੀ ਹੁੰਦੀ । ਆਪਣੀ ਪਹੁੰਚ ਵਧਿਆ ਹੈ। ਨਸ਼ੇ-ਪਤੇ ਤੇ ਸਾਰੇ ਗੁਲਾਮ ਬਣਾਏ ਹੋਏ ਐ। ਜੇਕਰ ਕੰਮ ਕਰਨਗੇ ਤਾਂ ਹੀ ਨਸ਼ਾ ਮਿਲੂ। ਨਸ਼ਾ ਕਿਹੜਾ ਆਪਾਂ ਪੈਸੇ ਲਾ ਕੇ ਖ੍ਰੀਦਣਾ ਐ, ਮੰਤਰੀ ਜੀ ਨਾਲ ਚੰਗੀ ਉਠਣੀ ਬੈਠਣੀ ਐ। ਵੋਟਾਂ ਵੇਲੇ ਆਪਾਂ ਉਹਨਾਂ ਦਾ ਕੰਮ ਸਾਰ ਦਿੰਨੇ ਆਂ, ਬਦਲੇ ਵਿੱਚ ਉਹ ਮੇਰੇ ਤੇ ਕਿਰਪਾ ਕਰਦੇ ਹਨ'', ਜੈਮਲ ਸਿੰਘ ਨੇ ਮੁੱਛਾਂ ਨੂੰ ਵੱਟ ਦਿੰਦਿਆਂ ਕਿਹਾ। ਥਾਣੇਦਾਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਜ਼ਾਦੀ ਦੇ ਦਿਹਾੜੇ 'ਤੇ ਸਨਮਾਨ ਕਿਸਦਾ ਹੋ ਰਿਹਾ ਹੈ ਇੱਕ ਅਗਾਹਵਧੂ ਕਿਸਾਨ ਦਾ......ਜਾਂ ਗੁਲਾਮਾਂ ਦੇ ਸਰਦਾਰ ਦਾ! ਥਾਣੇਦਾਰ ਮਜ਼ਦੂਰਾਂ ਦੇ ਚਿਹਰਿਆਂ ਵੱਲ ਗਹੁ ਨਾਲ ਤੱਕਣ ਲੱਗਿਆ ਜਿਵੇਂ ਉਹਨਾਂ ਦੀਆਂ ਅੱਖਾਂ ਵਿੱਚੋਂ ਆਪਣੇ ਸਵਾਲ ਦਾ ਜਵਾਬ ਭਾਲ ਰਿਹਾ ਹੋਵੇ।
- ਸੁਖਵਿੰਦਰ ਕੌਰ 'ਹਰਿਆਓ'
ਉੱਭਾਵਾਲ, ਸੰਗਰੂਰ
+91-84274-05492

ਰਾਜ ਨਹੀਂ ਸੇਵਾ - ਸੁਖਵਿੰਦਰ ਕੌਰ 'ਹਰਿਆਓ'

ਸਰਕਾਰ ਕਹਿੰਦੀ ਹਰੀ ਕ੍ਰਾਂਤੀ ਲਿਆਵਾਂਗੇ।
ਰੁੱਖ ਕੱਟ ਕੇ ਸਾਰੇ ਨਵੀਂ ਸੜਕ ਬਨਾਵਾਂਗੇ।

ਠੇਕੇ ਖੋਲ੍ਹ ਕੇ ਖਜ਼ਾਨਾ ਭਰਨਾ ਨੱਕੋ-ਨੱਕ,
ਘਰ ਦੀ ਕੋਈ ਕੱਢੇ ਕੇਸ ਉਸ ਤੇ ਪਾਵਾਂਗੇ।

ਪੋਸਟਿੰਗ ਤਾਂ ਹੋਣੀ ਚਾਚੇ-ਤਾਏ ਦੇ ਮੁੰਡੇ ਦੀ,
ਪੋਸਟਾਂ ਪੁਲਿਸ ਦੀਆਂ ਜਨਤਾ ਲਈ ਕਢਵਾਂਗੇ।

ਪੜ੍ਹਾਈ ਤੇ ਈ.ਟੀ.ਟੀ. ਦੇ ਸੁਪਨੇ ਵੇਖਣ ਵਾਲਿਆਂ,
ਨੂੰ ਕੋਰਸਾਂ ਤੋਂ ਬਾਅਦ ਟੈਂਕੀਆਂ 'ਤੇ ਚੜਾਵਾਂਗੇ।

ਕਰਾਂ ਦੇਈਏ ਜਮਾਨਤਾਂ ਪਹਿਲਾਂ ਕਾਕਿਆਂ ਦੀਆਂ,
ਫਿਰ ਜਨਤਾ ਨਾਲ ਰਲ ਕੇ ਮੋਮਬੱਤੀਆਂ ਜਲਾਵਾਂਗੇ।

ਮੋਦੀ ਕਹਿੰਦਾ ਨਵੇਂ ਨੋਟ ਚਲਾ ਠੱਗਾਂ ਨੂੰ ਫੜਾਂਗਾ,
ਠੱਗ ਕਹਿੰਦੇ ਅਸਲੀ ਇੱਕ ਨਕਲੀ ਦਸ ਬਣਾਵਾਂਗੇ।

ਮੋਟੇ ਪੈਸੇ ਲੇ ਕੇ ਕਰਾਂਗੇ ਭਰੂਣ ਹੱਤਿਆ ਨਿੱਤ,
ਨੰਨ੍ਹੀਆਂ ਛਾਂਵਾਂ ਨੂੰ ਧੁੱਪਾਂ ਤੋਂ ਅਸੀਂ ਬਚਾਵਾਂਗੇ।

ਕਰ ਨਾ ਫਿਕਰ ਪੁੱਤਾ ਵੋਟਾਂ ਦਾ ਰੱਬ ਦਾ ਆਸਰਾ ਮਿਲੂ,
ਜੇ ਹਾਰਦੇ ਵਿਖੇ ਤਾਂ ਕਿਸੇ ਡੇਰੇ ਜਾ ਕੇ ਡੇਰਾ ਲਾਵਾਂਗੇ।

ਸੋਚ ਤੇ ਜੋਸ਼ ਨੂੰ ਖਾ ਲਿਆ ਨਸ਼ਿਆਂ ਨੇ,
ਪੱਗ ਬੰਨ੍ਹ ਕਿਥੋਂ ਭਗਤ ਸਿੰਘ ਬਣ ਜਾਵਾਂਗੇ।

ਲਿਖਵਾ ਕੇ ਅਖ਼ਬਾਰ 'ਚ ਵਾਰਸ ਹਾਂ ਸ਼ਹੀਦਾਂ ਦੇ,
ਸਾਲ ਵਿੱਚ ਇੱਕ ਦਿਨ ਬੁੱਤ ਨੂੰ ਹਾਰ ਪਾ ਆਵਾਂਗੇ।

ਰੁਕੂ ਰਾਹ 'ਚ ਗੱਡੀ ਜੇ ਤਰੱਕੀਆਂ ਦੀ,
ਨੋਟਾਂ ਨੂੰ ਪੈਰ ਲਾ ਕੇ ਸਪੀਡ 'ਤੇ ਭਜਾਵਾਂਗੇ।

ਦਿਨ ਤੇ ਰਾਤ ਹੋਣੇ ਫਿਰ ਆਪਣੀ ਮੁੱਠੀ ਵਿੱਚ,
ਕਾਲੇ ਚੋਲੇ ਪਾ ਕੇ ਚਿੱਟੇ ਦਾ ਧੰਦਾ ਚਲਾਵਾਂਗੇ।

ਕੁੱਝ ਦਸ ਨੰਬਰੀਏ ਮਾਲ-ਪੱਤੇ ਤੇ ਰੱਖੇ ਚਮਚੇ ਨੇ,
ਵਿਚਾਰੀ ਜਨਤਾ ਨੂੰ ਲਾਰਿਆਂ ਨਾਲ ਪਰਚਾਵਾਂਗੇ।

'ਰਾਜ ਨਹੀਂ ਸੇਵਾ' ਹੈ ਅਸਲੀ ਸਾਡਾ ਮਕਸਦ,
ਬਣ ਕੇ ਮੰਤਰੀ ਸੇਵਾ ਆਪਣੀ ਖੂਬ ਕਰਾਵਾਂਗੇ।

- ਸੁਖਵਿੰਦਰ ਕੌਰ 'ਹਰਿਆਓ'

ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
+91-84274-05492