Shivcharan-Jaggi-Kussa

ਛੇ ਜੂਨ ‘ਤੇ ਵਿਸ਼ੇਸ਼ - ਆਦਮ-ਬੋਅ - ਸ਼ਿਵਚਰਨ ਜੱਗੀ ਕੁੱਸਾ

ਤੋਤੇ ਨੂੰ ਪਈ ਮੈਨਾਂ ਪੁੱਛਦੀ, ਕਿਉਂ ਸਾਰੀ ਕਾਇਨਾਤ ਹੈ ਰੁੱਸਗੀ..?
ਨਾ ਕੋਈ ਬੋਲੇ, ਨਾ ਕੋਈ ਹੱਸੇ, ਦਿਲ ਦੀ ਗੱਲ ਨਾ ਕੋਈ ਦੱਸੇ
ਨਾ ਕੋਈ ਝਰਨਾ ਕਲ-ਕਲ ਵਗਦਾ, ਨਾ ਸੀਤਲ ਕੋਈ ਪੌਣ ਵਗੇਂਦੀ
ਨਾ ਬਾਬਲ ਦੇ ਵਿਹੜੇ ਵਿੱਚ ਅੱਜ, ਧੀ-ਰਾਣੀ ਕੋਈ ਰਾਗ ਗਵੇਂਦੀ!
ਪੰਛੀ ਨੇ ਅੱਜ ਕਿਉਂ ਕੁਰਲਾਉਂਦੇ, ਲੱਗਦਾ ਹੈ ਕੁਛ ਕਹਿਣਾ ਚਾਹੁੰਦੇ?
ਕੋਇਲ ਵੀ ਅੱਜ ਕਿਉਂ ਵੈਣ ਜੇ ਪਾਵੇ, ਗਾਉਣਾ ਕਾਹਤੋਂ ਭੁੱਲਦੀ ਜਾਵੇ?
ਬੁਲਬੁਲ ਬੈਠੀ ਹੰਝੂ ਕੇਰੇ, ਲੱਗਦੈ ਭੁੱਲਗੀ ਖੁਸ਼ੀਆਂ ਖੇੜੇ
ਮੋਰ ਵੀ ਭੁੱਲਿਆ ਪੈਲ੍ਹਾਂ ਪਾਉਣੋ, ਕੁਦਰਤ ਭੁੱਲਗੀ ਨਾਦ ਵਜਾਉਣੋ
ਐਡੀ ਕੀ ਅੱਜ ਆਫ਼ਤ ਆ-ਗੀ? ਜੱਗ 'ਤੇ ਐਡੀ ਚੁੱਪ ਕਿਉਂ ਛਾਅ-ਗੀ?
ਹਵਾ ਕੀਰਨੇ ਪਾਉਂਦੀ ਵਗਦੀ, ਪਤਾ ਨੀ ਕੀ ਇਹਨੂੰ ਚੌਂਧੀ ਲੱਗ-ਗੀ?
ਨਾ ਕੋਈ ਕਾਗ ਸੁਨੇਹਾਂ ਦਿੰਦੇ, ਬੈਠ ਬਨੇਰੀਂ ਹੰਝੂ ਕੇਰਨ
ਘੋਰ ਉਦਾਸ ਚਕੋਰਾਂ ਵੀ ਅੱਜ, ਕਾਹਤੋਂ ਚੰਦ ਤੋਂ ਮੂੰਹ ਜਿਹਾ ਫੇਰਨ?
ਕੀ ਹੈ ਦੁਖੜਾ ਇਹਨਾਂ ਦਾ ਦੱਸ, ਕਿਉਂ ਸਾਰੇ ਇਹ ਦੁਖੀ ਨੇ ਹੋਏ?
ਚਿੜੀਆਂ ਵੀ ਨਾ ਚੂਕਦੀਆਂ ਅੱਜ, ਕਿਹੜੇ ਦਰਦ ਨੇ ਜਿਗਰ ਸਮੋਏ??
ਜਾਂ ਪ੍ਰਹਿਲਾਦ ਕੋਈ ਥੰਮ੍ਹ ਹੈ ਬੱਧਾ, ਜਾਂ ਗੁਰੂ ਦਾ ਲਾਲ ਕੋਈ ਫ਼ੜਿਆ?
ਜਾਂ ਕੋਈ ਤੱਤੀ ਤਵੀ ਬਿਠਾਇਆ, ਜਾਂ ਕੋਈ ਈਸਾ ਸੂਲ਼ੀ ਚੜ੍ਹਿਆ?
ਜਾਂ ਕੰਧਾਂ ਵਿੱਚ ਚਿਣ-ਤਾ ਕੋਈ, ਜਾਂ ਰਾਜਾ, ਜਾਂ ਬਲੀ ਕੋਈ ਮੋਇਆ?
ਜਾਂ ਕੋਈ ਸੂਰਜ ਟੁਕੜੇ ਕਰਤਾ, ਜਾਂ ਚੰਦਰਮਾਂ ਫੱਟੜ ਹੋਇਆ?
ਜਾਂ ਫਿਰ ਮੁੜ ਅਬਦਾਲੀ ਆਇਆ, ਮੱਸਾ ਰੰਘੜ ਕਿਸੇ ਨੇ ਤੱਕਿਆ?
ਜਾਂ ਫ਼ਿਰ ਨੰਨ੍ਹੇ ਬਾਲ ਦਾ ਦਿਲ ਅੱਜ, ਫ਼ੇਰ ਬਾਪ ਦੇ ਮੂੰਹ ਵਿੱਚ ਧੱਕਿਆ?
ਐਡੀ ਕੀ ਅਣਹੋਣੀ ਬੀਤੀ, ਐਨਾਂ ਸੋਗ ਕਿਉਂ ਜੱਗ ਨੇ ਕਰਿਆ?
ਜਾਂ ਕਿਸੇ ਵਿਧਵਾ ਮਾਤਾ ਦਾ, ਕੋਈ ਅਕੇਲਾ ਪੁੱਤਰ ਮਰਿਆ?.....
....ਜੱਗੋਂ ਤੇਰ੍ਹਵੀਂ ਹੋਗੀ ਮੈਨਾਂ? ਧਰਤੀ ਅਤੇ ਪਤਾਲ਼ ਹੈ ਰੋਂਦਾ
ਰੈਣਾਂ ਨੂੰ ਦਿਨ ਪੀੜ ਸੁਣਾਵੇ, ਸੀਨੇਂ ਤੱਤੀ ਸੀਖ ਪਰੋਂਦਾ
ਕਟਕ ਫੌਜ ਦੇ ਚੜ੍ਹ ਕੇ ਆਏ, ਦਿੱਲੀਓਂ ਚੱਲੀ ਧਾੜ ਨੀ ਮੈਨਾਂ
ਦੁੱਧ ਚੁੰਘਦੇ ਉਹਨਾ ਬੱਚੇ ਮਾਰੇ, ਸੀਨਾਂ ਹੋਇਆ ਭਰਾੜ੍ਹ ਨੀ ਮੈਨਾਂ
ਐਡਾ ਕਹਿਰ ਹਰਿਮੰਦਰ ਵਰ੍ਹਿਆ, ਗੋਲ਼ੇ ਦਾਗੇ, ਸੰਗਤ ਮਾਰੀ
ਆਦਮ ਨਾ ਅੱਜ ਰੱਬ ਤੋਂ ਡਰਦਾ, ਕਰਨੀ ਭਰਨੀ ਪੈਣੀ ਭਾਰੀ
ਕਿਸੇ ਦੇ ਹੱਥ ਵਿੱਚ ਜਾਮ ਛਲਕਦਾ, ਕੋਈ ਪਿਆ ਕਿਤੇ ਲੱਡੂ ਵੰਡੇ
ਦਿੱਲੀ ਘਰ ਚਿਰਾਗ ਪਏ ਬਲ਼ਦੇ, ਚੁੱਲ੍ਹੇ ਨੇ ਪਏ ਸਾਡੇ ਠੰਢੇ
ਬੰਦੇ ਨਾਲ਼ੋਂ ਪੰਛੀ ਚੰਗੇ, ਜਿਹੜੇ ਪੀੜ ਦਿਲਾਂ ਦੀ ਜਾਨਣ
ਕਈ ਜਿੰਨ ਦਿੱਲੀ ਵਿੱਚ ਬੈਠੇ, ਸੁਣ-ਸੁਣ ਖ਼ਬਰਾਂ ਖੁਸ਼ੀਆਂ ਮਾਨਣ
"ਆਦਮ ਬੋ - ਆਦਮ ਬੋ" ਕਰਦਾ, ਪਾਪੀ ਕੀ-ਕੀ ਪਾਪ ਕਮਾਉਂਦਾ,
ਤਖਤਾਂ ਦੇ ਓਸ ਤਖਤ ਦੇ ਅੱਗੇ, "ਜੱਗੀ ਕੁੱਸਾ" ਸੀਸ ਝੁਕਾਉਂਦਾ…
jaggikussa@yahoo.de

"ਵੋਟਾਂ ਵੇਲ਼ੇ ਦੋ ਉਂਗਲ਼ਾਂ ਜੀਆਂ ਕਾਹਤੋਂ ਖੜ੍ਹੀਆਂ ਕਰਦੇ ਐ..?" - ਸ਼ਿਵਚਰਨ ਜੱਗੀ ਕੁੱਸਾ

(ਵਿਅੰਗ)

ਅੜਿੱਕੇ' ਦਾ ਨਾਂ ਤਾਂ ਘਰਦਿਆਂ ਨੇ ਬਖਤੌਰ ਸਿਉਂ ਰੱਖਿਆ ਸੀ। ਪਰ ਹਰ ਗੱਲ ਵਿੱਚ ਬੁਰੀ ਤਰ੍ਹਾਂ ਨਾਲ ਟੰਗ ਅੜਾਉਣ ਕਰਕੇ, ਲੋਕਾਂ ਨੇ ਉਸ ਦਾ ਨਾਂ ਹੀ 'ਅੜਿੱਕਾ' ਪਾ ਲਿਆ ਸੀ। ਪਿੰਡਾਂ ਵਿੱਚ ਹਾਲ ਹੀ ਇਹ ਹੈ ਕਿ ਜੇ ਕਿਸੇ ਦਾ ਨਾਂ 'ਕੁਲਦੀਪ' ਹੋਵੇ, ਉਸ  ਨੂੰ 'ਮਾਣਕ' ਅਤੇ ਜੇ ਕਿਸੇ ਦਾ ਨਾਂ 'ਦੇਵ' ਹੋਵੇ ਤਾਂ ਉਸ ਨੂੰ 'ਥਰੀਕਿਆਂ ਵਾਲਾ' ਕਹਿਣ ਲੱਗ ਪੈਣਗੇ। ਤੀਮੀਂ ਤੋਂ ਛਿੱਤਰ ਖਾਣ ਵਾਲੇ ਦਾ ਨਾਂ 'ਸੂਰਮਾਂ', ਛੋਟੀ ਭਰਜਾਈ ਤੋਂ ਘੋਟਣੇ ਖਾਣ ਵਾਲੇ ਛੜੇ ਜੇਠ ਦਾ ਨਾਂ 'ਘੈਂਟ' ਅਤੇ ਮਾਸ਼ੂਕ ਤੋਂ ਚੱਪਲੀਆਂ ਖਾਣ ਵਾਲ਼ੇ ਦਾ ਨਾਂ 'ਚਾਪਲੀਨ' ਰੱਖ ਲੈਂਦੇ ਹਨ। ਪਿੰਡਾਂ ਵਿੱਚ ਨਾਂਵਾਂ ਦਾ ਇੱਕ ਆਪਣਾ ਹੀ 'ਇਤਿਹਾਸ' ਹੈ। ਜਿਵੇਂ ਮਾਲਵੇ ਵਿਚ ਕਹਾਵਤ ਹੈ, "ਬੁੜ੍ਹੀ ਮਰਗੀ ਨਖਾਸਣੇ ਨਾਲ, ਧੀ ਦਾ ਨਾਂ ਥੰਧੀ...!" ਕਈ ਬਾਈ ਸੋਚਣਗੇ ਬਈ ਇਹ 'ਨਖਾਸਣਾ' ਕੀ ਬਲਾਅ ਹੋਈ...? 'ਨਖਾਸਣੇ' ਦਾ ਮਤਲਬ 'ਖੁਸ਼ਕੀ' ਹੁੰਦਾ ਹੈ ਬਾਈ ਜੀ! ਨਾਵਾਂ ਬਾਰੇ ਕਦੇ ਫੇਰ ਵਿਸਥਾਰ ਕਰਾਂਗੇ। ਲੰਮੀ 'ਘਾਣੀ' ਐਂ...!

ਅੜਿੱਕਾ ਅਨਪੜ੍ਹ ਸੀ। ਨਸ਼ੇ ਪੂਰੇ ਟਿਕਾਅ ਕੇ ਕਰਦਾ ਸੀ। ਨਸ਼ੇ ਕਰਨੇ ਅਤੇ ਸੱਥ ਵਿੱਚ ਆ ਬੈਠਣਾ। ਪੜ੍ਹੇ-ਲਿਖਿਆਂ ਤੋਂ ਅਖ਼ਬਾਰਾਂ ਦੀਆਂ ਖ਼ਬਰਾਂ ਸੁਣਨੀਆਂ। ਖ਼ਬਰਾਂ ਸੁਣਦੇ - ਸੁਣਦੇ ਵਿੱਚ ਸੀ. ਬੀ. ਆਈ. ਦਾ ਨਾਂ ਕਿਤੇ ਨਾ ਕਿਤੇ ਜ਼ਰੂਰ ਆ ਜਾਣਾ। ਬੱਸ..! ਫਿਰ ਕੀ ਸੀ...? ਸੀ. ਬੀ. ਆਈ. ਦਾ ਭੂਤ ਅੜਿੱਕੇ ਨੂੰ ਅਜਿਹਾ ਨਸੂੜ੍ਹੇ ਦੀ ਗਿੜ੍ਹਕ ਵਾਂਗ ਚਿੰਬੜਿਆ, ਕਿ ਲਹਿਣ ਦਾ ਨਾਂ ਨਹੀਂ ਸੀ ਲੈਂਦਾ।
ਜੇ ਕਿਸੇ ਦੀ ਮੱਝ ਨੂੰ ਕੱਟੇ ਨੇ ਚੁੰਘ ਜਾਣਾ। ਅਗਲੇ ਨੇ 'ਬੂ-ਪਾਹਰਿਆ' ਤਾਂ ਕਰਨੀ ਹੀ ਸੀ..! ਤਾਂ ਅੜਿੱਕਾ ਬੜੇ ਮਜਾਜ ਨਾਲ ਕਹਿੰਦਾ, "ਇਹ ਤਾਂ ਭਾਈ ਅਣਹੋਣੀ ਐਂ। ਸਾਰਾ ਕਸੂਰ ਕੱਟੇ ਦਾ ਵੀ ਨਹੀਂ, ਸਾਜਿਸ਼ ਵਿੱਚ ਮੱਝ ਦੀ ਵੀ ਪੂਰੀ ਸ਼ਾਮਲ ਐ। ਹੈਂ ਬਈ ਸਹੁਰੇ ਦੀਏ! ਤੂੰ ਸਾਰਾ ਦੁੱਧ ਚੁੰਘਾਇਆ ਤਾਂ ਚੁੰਘਾਇਆ ਕਿਉਂ? ਮਾਲਕਾਂ ਦਾ ਵੀ ਖਿਆਲ ਕਰ, ਜਿਹੜੇ ਤੈਨੂੰ ਸਾਂਭਦੇ ਐ। ਕੱਟਾ ਤੇ ਮੱਝ ਦੋਨੋਂ ਦੋਸ਼ੀ! ਇਹਦੀ ਇਨਕੁਆਰੀ ਸੀ. ਬੀ. ਆਈ. ਤੋਂ ਕਰਵਾਓ, ਧੋਖਾਧੜੀ ਵੱਡੀ ਚਾਹੇ ਛੋਟੀ, ਜੁਰਮ ਐਂ! ਮੱਝ ਵੀ ਮੰਤਰੀਆਂ ਨਾਲੋਂ ਘੱਟ ਨਹੀਂ, ਉਹ ਬੋਟਾਂ ਲੈ ਕੇ ਦਿੱਲੀ ਜਾ ਵਜਦੇ ਐ ਤੇ ਇਹ ਪੱਠਾ-ਦੱਥਾ ਛਕ ਕੇ ਦੁੱਧ ਕੱਟੇ ਨੂੰ ਚੁੰਘਾ ਛੱਡਦੀ ਐ।" ਉਹ ਨਸ਼ੇ ਵਿੱਚ ਅਵਲ਼ੀਆਂ-ਸਵਲ਼ੀਆਂ ਮਾਰਨ ਲੱਗ ਪੈਂਦਾ।
ਜੇ ਅੜਿੱਕੇ ਦੇ ਘਰਵਾਲੀ ਉਸ ਨੂੰ ਜ਼ਮੀਨ ਵੇਚਣ ਤੋਂ ਜਾਂ ਨਸ਼ੇ ਕਰਨ ਤੋਂ ਵਰਜਦੀ, ਉਹ 'ਅਲੀ - ਅਲੀ' ਕਰਕੇ ਮਗਰ ਪੈ ਜਾਂਦਾ, "ਗੱਲ ਸੁਣ ਲੈ ਟਿਕਾਅ ਕੇ..! ਜਮੀਨ ਮੇਰੀ, ਨਸ਼ੇ ਮੈਂ ਖਰੀਦਦੈਂ, ਕਰਦਾ ਮੈਂ ਆਂ, ਤੂੰ ਮੇਰੇ 'ਤੇ ਕੋਈ ਸੀ. ਬੀ. ਆਈ. ਨੀ ਲੱਗੀ ਵੀ! ਜੇ ਮੁੜ ਕੇ ਮੇਰੀ ਗੱਲ ਵਿਚ ਦਖਲ ਦਿੱਤਾ, ਫੇਰ ਦੇਖ ਲੈ, ਤੂੰ ਮੇਰੇ 'ਤੇ ਕਰਫੂ ਤਾਂ ਨੀ ਲਾਉਣਾ? ਤੂੰ ਦੱਸ ਮੇਰੇ ਤੇ ਕੀ ਕਮਿਸ਼ਨ ਬਿਠਾਉਣੈਂ?"
ਇੱਕ ਦਿਨ ਡੋਗਰ ਦੀ ਬੱਕਰੀ ਗੁਆਚ ਗਈ। ਉਹਨਾਂ ਨੇ ਗੁਰਦੁਆਰੇ ਦੇ ਸਪੀਕਰ ਵਿੱਚ ਬੁਲਾ ਦਿੱਤਾ, "ਨੱਗਰ ਨਿਵਾਸੀਓ! ਡੋਗਰ ਦੀ ਬੱਕਰੀ ਗੁਆਚ ਗਈ ਐ, ਕਿਸੇ ਨੇ ਦੇਖੀ ਹੋਵੇ ਕ੍ਰਿਪਾ ਕਰਕੇ ਸੂਚਨਾਂ ਦੇਵੇ!"
ਅੜਿੱਕੇ ਦੀ ਛਿੱਟ ਲੱਗੀ ਹੋਈ ਸੀ। ਸੂਚਨਾਂ ਸੁਣਦਿਆਂ ਹੀ ਬੋਲਿਆ, "ਨੱਗਰ ਨਿਵਾਸੀ ਸੀ. ਬੀ. ਆਈ. ਐ...? ਬੱਕਰੀ ਕਿਸੇ  ਨੇ ਵੱਢ ਕੇ ਪਤੀਲੇ 'ਚ ਸਿੱਟਲੀ ਹੋਊ, ਕਰਤੀ ਹੋਊ ਘੜ੍ਹਿੱਚ, ਤੋਰਤੀ ਹੋਊ ਸੁਰਗਾਂ ਨੂੰ, ਹੋਰ ਬੱਕਰੀ ਨਾਲ ਕਿਹੜਾ ਕਿਸੇ ਨੇ ਫ਼ੇਰੇ ਲੈਣੇ ਸੀ...?"
-"ਯਾਰ ਨੀਂਹ ਪੱਥਰ ਰੱਖੇ ਨੂੰ ਸਾਲ ਹੋ ਗਿਆ, ਪਰ ਪਾਣੀ ਆਲੀ ਟੈਂਕੀ ਅਜੇ ਤੱਕ ਨਹੀਂ ਬਣੀ।" ਮਲਕੀਤ ਮਿਸਤਰੀ ਨੇ ਇੱਕ ਦਿਨ ਸੱਥ ਵਿਚ ਬੈਠ ਕੇ ਗੱਲ ਚਲਾਈ।
-"ਚਲੋ ਟੈਂਕੀ ਬਣੀ ਚਾਹੇ ਨਹੀਂ ਬਣੀਂ, ਜਿਹੜਾ ਨੀਂਹ ਆਲਾ ਪੱਥਰ ਜਿਆ ਲਾਇਐ ਉਹੀ ਵਧੀਐ, ਮਡੀਹਰ ਨੂੰ ਲੱਤਾਂ ਲਮਕਾ ਕੇ ਬੈਠਣ ਨੂੰ ਜਗਾਹ ਤਾਂ ਬਣਗੀ, ਮੰਤਰੀ ਜਿੰਨਾਂ ਕੁ ਦਿੰਦੇ ਐ, ਉਨੇ ਕੁ ਤੇ ਈ ਸਬਰ ਕਰਨਾਂ ਸਿੱਖੋ! ਜਾਂਦੇ ਚੋਰ ਦੀ ਤੜਾਗੀ ਈ ਬਹੁਤ ਹੁੰਦੀ ਐ, ਹੋਰ ਮੰਤਰੀ 'ਤੇ ਸੀ. ਬੀ. ਆਈ. ਤਾਂ ਬਿਠਾਉਣੋ ਰਹੇ!"
ਅੱਜ ਕੱਲ੍ਹ ਸਾਰੇ ਪੰਜਾਬ ਵਿੱਚ ਚੋਣਾਂ ਦਾ 'ਬਿਗਲ' ਵੱਜਿਆ ਹੋਇਆ ਸੀ। ਹਰ ਪਿੰਡ, ਹਰ ਘਰ ਅਤੇ ਹਰ ਸੱਥ ਵਿੱਚ ਚੋਣਾਂ ਦੀਆਂ ਗੱਲਾਂ ਹੀ ਹੋ ਰਹੀਆਂ ਸਨ।
-"ਚੋਣਾਂ ਦਾ ਮਤਬਲ ਪਤਾ ਕੀ ਹੁੰਦੈ...?" ਅੜਿੱਕੇ ਨੇ ਸੱਥ ਵਿਚ ਬੈਠੇ ਬੰਦਿਆਂ ਨੂੰ ਪੁੱਛਿਆ।
-"ਚੋਣਾਂ ਦਾ ਮਤਲਬ ਹੁੰਦੈ; ਵੋਟਾਂ... ਇਲੈਕਸ਼ਨ...!" ਕਿਸੇ ਨੇ ਕਿਹਾ।
-"ਨ੍ਹਾਅ...! ਜਮਾਂ ਗਲਤ..!" ਅੜਿੱਕਾ ਮੁਨੱਕਰ ਸੀ।
-"ਹੋਰ ਕੀ ਹੁੰਦੈ...?" ਕਾਮਰੇਡ ਵਿਅੰਗਮਈ ਹੱਸਿਆ।
-"ਚੋਣਾਂ ਦਾ ਮਤਬਲ ਹੁੰਦੈ, ਮੰਤਰੀਆਂ ਵੱਲੋਂ ਇਸ਼ਾਰਾ।" ਨਸ਼ੇ ਦੀ ਆੜ ਵਿੱਚ ਉਹ ਅਗਲੇ ਦੇ ਮੂੰਹ 'ਚ ਉਂਗਲ ਦੇਣ ਤੱਕ ਜਾਂਦਾ ਸੀ।
-"ਉਹ ਕਾਹਦਾ...?"
-"ਚੋਣਾਂ ਦਾ ਮਤਬਲ ਹੁੰਦੈ ਬਈ, "ਚੋਣੈਂ"...? ਬਈ, ਭਾਈ ਹੁਣ ਜੇ ਵੋਟਾਂ ਤੋਂ ਪਹਿਲਾਂ ਚੋਣੈਂ ਤਾਂ ਬੇਸ਼ੱਕ ਚੋਅ ਲਓ, ਨਹੀਂ ਮੈਂ ਮੁੜ ਕੇ ਡਾਹ ਨਹੀਂ ਦੇਣੀ, ਫੇਰ ਨਾ ਬਾਲਟੀ ਚੱਕੀ ਮੇਰੇ ਮਗਰ ਭੱਜੇ ਫਿਰਿਓ!"
ਸਾਰੇ ਹੱਸ ਪਏ।
-"ਹੱਸਣ ਦੀ ਗੱਲ ਨਹੀਂ, ਦੇਖ ਲਓ, ਬੋਟਾਂ ਤੋਂ ਪਹਿਲਾਂ ਹਰ 'ਮੀਦਬਾਰ ਰੋਜ ਦੋ ਸੌ ਕੋਹ ਬਾਟ ਕਰ ਦਿੰਦੈ, ਪੰਜਾਂ ਸਾਲਾਂ ਦਾ ਸਫ਼ਰ ਪਹਿਲਾਂ ਈ ਪੂਰਾ ਕਰ ਲੈਂਦੇ ਐ, ਫੇਰ ਬੋਟਾਂ ਤੋਂ ਬਾਅਦ ਬਾਵੇ ਅੰਗ ਨੀਂ ਆਉਂਦੇ, ਦਿੱਲੀ ਈ ਗੇੜਾ ਰੱਖਦੇ ਐ, ਜਿਵੇਂ...ਮੇਰੇ ਮੂੰਹੋਂ ਕੁਛ ਹੋਰ ਨਿਕਲ ਚੱਲਿਆ ਸੀ-।"
-"ਕੱਢ..! ਕੱਢ ਮੂੰਹੋਂ..! ਗੱਲ ਦਿਲ 'ਚ ਨਹੀਂ ਰੱਖੀਦੀ ਹੁੰਦੀ..!" ਕਾਮਰੇਡ ਨੇ ਅੜਿੱਕੇ ਦੀ ਬੱਤੀ ਉਗੀਸੀ।
-"ਜਿਵੇਂ ਦਿੱਲੀ ਜਾ ਕੇ 'ਨਵੇਂ ਦੁੱਧ' ਹੋਣਾਂ ਹੁੰਦੈ-।" ਉਸ ਨੇ ਗੱਲ ਪੂਰੀ ਕਰ ਮਾਰੀ।
ਮਡੀਹਰ ਵਿੱਚ ਹਾਸੜ ਪੈ ਗਈ।
-"ਜਾਂ ਫੇਰ ਕੰਨ ਨੂੰ ਲਾ ਕੇ ਕੋਹੜ ਕਿਰਲ੍ਹਾ ਜਿਆ, ਦੰਦੀਆਂ ਜੀਆਂ ਕੱਢੀ ਜਾਣਗੇ।" ਅੜਿੱਕੇ ਨੂੰ ਮੰਤਰੀਆਂ ਦੇ ਮੋਬਾਇਲ ਫ਼ੋਨਾਂ 'ਤੇ ਬਹੁਤੀ ਚਿੜ੍ਹ ਸੀ।
-"ਧਰਮਿੰਦਰ ਕਹਿੰਦੇ ਫ਼ੇਰ ਵੋਟਾਂ 'ਚ ਖੜ੍ਹ ਗਿਆ।" ਪਾੜ੍ਹੇ ਨੇ ਵੈਸੇ ਹੀ ਗੱਪ ਛੱਡਿਆ।
-"ਰਾਜਨੀਤੀ ਉਹਦੇ ਬੱਸ ਦਾ ਰੋਗ ਨਹੀਂ ਬਾਈ ਸਿਆਂ।" ਅੜਿੱਕੇ ਨੇ ਤੋੜ ਕੇ, ਦੋ ਟੁੱਕ ਫ਼ੈਸਲਾ ਦੇ ਦਿੱਤਾ।
-"ਕਿਉਂ ਉਹਦੇ ਛਪਾਕੀ ਲਿੱਕਲ਼ੀ ਐ?"
-"ਟੈਲੀਬੀਜਨ 'ਤੇ ਈ ਲੱਕ-ਲੁੱਕ ਹਿਲਾਈ ਜਾਂਦਾ, ਬਧੀਆ ਸੀ।"
-"ਕਾਹਤੋਂ...?"
-"ਹੇਲਾਂ ਬਾਹਮਣੀ ਨਾਲ ਇਸ਼ਕ ਮੁਸ਼ਕ ਕਰੀ ਜਾਂਦਾ, ਹੁਣ ਦੱਸੋ ਬਈ ਉਹ ਰਾਜ ਭਾਗ ਬੰਨੀਂ ਦੇਖੂ ਜਾਂ ਹੇਲਾਂ ਬਾਹਮਣੀ ਨੂੰ ਸੰਭਾਲੂ..?"
-"ਹੇਲਾਂ ਬਾਹਮਣੀ ਨਹੀਂ ਬਾਈ, ਹੇਮਾਂ ਮਾਲਿਨੀ ਕਹਿ..!"
-"ਕੁਛ ਹੋਇਆ...! ਕੀਤਾ ਤਾਂ ਕੁੱਤ ਪੌਅ ਈ ਐ..? ਆਹ ਆਪਣੇ ਪੰਜਾਬ ਦੇ ਵੱਡੇ ਮੰਤਰੀ ਦੀ ਗੱਲ ਈ ਲੈਲੋ...!" ਅੜਿੱਕਾ ਡੰਡ ਬੈਠਕਾਂ ਕੱਢਣ ਲੱਗ ਪਿਆ।
-"ਖੁੱਲ੍ਹ ਕੇ ਦੱਸ...।" ਕਾਮਰੇਡ ਉਸ ਨੂੰ ਗੇੜਾ ਪਾ ਕੇ ਸਟਾਰਟ ਹੀ ਰੱਖਦਾ ਸੀ। ਵੈਸੇ ਧੱਕਾ-ਸਟਾਰਟ ਅੜਿੱਕਾ ਵੀ ਨਹੀਂ ਸੀ। ਬੱਸ...! ਟੱਸ ਭੰਨਣ ਦੀ ਹੀ ਲੋੜ ਸੀ!
-"ਗੋਡੇ ਉਹਦੇ ਆਬਦੇ ਨਹੀਂ ਤੁਰਦੇ, ਜਣੇਪੇ ਵਾਲ਼ੀ ਤੀਮੀਂ ਵਾਂਗੂੰ ਦੋ ਬੰਦੇ ਫ਼ੜ ਕੇ ਤੋਰਦੇ ਐ, ਜੀਹਤੋਂ ਗੋਡਿਆਂ ਤੋਂ ਨਹੀਂ ਤੁਰਿਆ ਜਾਂਦਾ ਉਹ ਰਾਜ ਭਾਗ ਨੂੰ ਕਿਮੇਂ ਤੋਰਲੂ...? ਬਈ ਤੂੰ ਘਰੇ ਬੈਠ ਕੇ ਰਾਮ ਰਾਮ ਕਰ...! ਇੱਕ ਤਾਂ ਪਤੰਦਰ ਦੇ ਗੋਡੇ ਨੀ ਤੁਰਦੇ, ਦੂਜਾ ਗੋਡਿਆਂ ਤੱਕ ਸੁੱਥੂ ਦਾ ਨਾਲ਼ਾ ਲਮਕਾ-ਲੂ! ਪਤਾ ਨੀ ਜਾਣ ਕੇ ਕਰਦੈ?"
-"ਰਾਮ ਰਾਮ ਕਰੇ ਚਾਹੇ ਨਾ ਕਰੇ, ਦਿੱਲੀ ਵਾਲ਼ੇ ਤਾਂ ਰਾਮ ਮੰਦਰ - ਰਾਮ ਮੰਦਰ ਤਾਂ ਕਰੀ ਜਾਂਦੇ ਐ!" ਮਲਕੀਤ ਬਾਈ ਬੋਲਿਆ।
-"ਇੱਕ ਪੁਰਾਣਾ ਬਾਬਾ ਜਨਤਾ ਨੂੰ ਲਮਕਦਾ ਨਾਲ਼ਾ ਦਿਖਾ ਕੇ ਦੇਖ ਲੈ ਕਿੰਨੇ ਵਾਰੀ ਮੁੱਖ ਮੰਤਰੀ ਬਣ ਗਿਆ ਪਤੰਦਰ...!"
-"ਇਹ ਢੰਗ ਵੀ ਕਿਸੇ ਕਿਸੇ ਨੂੰ ਈ ਆਉਂਦੇ ਐ, ਜਣੇ ਖਣੇ ਦੇ ਵੱਸ ਦਾ ਰੋਗ ਨੀ ਇਹੇ...!"
ਅੱਧੇ ਕੁ ਹੱਸ ਪਏ ਅਤੇ ਅੱਧੇ ਕੁ ਚੁੱਪ ਰਹੇ।
-"ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਈ।" ਚੁੱਪ ਅੜਿੱਕੇ ਨੇ ਹੀ ਤੋੜੀ।
-"ਕਾਹਦੀ...?"
-"ਬੋਟਾਂ ਵੇਲੇ ਹੱਥ ਜੇ ਜੋੜਨ ਦੀ ਤਾਂ ਸਮਝ ਆਉਂਦੀ ਐ ਬਈ ਮਿੰਨਤ ਤਰਲਾ ਕਰਦੇ ਐ, ਪਰ ਇਹੇ ਜਿਹੜੀਆਂ ਸਹੇ ਦੇ ਕੰਨਾਂ ਮਾਂਗੂੰ ਦੋ ਉਂਗਲਾਂ ਜੀਆਂ ਖੜ੍ਹੀਆਂ ਕਰਦੇ ਐ, ਉਹ ਕਾਹਤੋਂ ਕਰਦੇ ਐ ਬਈ...?"
-"ਦੋ ਉਂਗਲਾਂ ਖੜ੍ਹੀਆਂ ਕਰਨੀਆਂ, ਜਿੱਤ ਦੀ ਨਿਸ਼ਾਨੀ ਹੁੰਦੀ ਐ।" ਪਾੜ੍ਹੇ ਨੇ ਦੱਸਿਆ।
-"ਬੋਟਾਂ ਅਜੇ ਪੈਣੀਐਂ, ਫੈਸਲੇ ਹੋਣੇ ਐਂ, ਇਹ ਜਿੱਤ ਦੀਆਂ ਉਂਗਲਾਂ ਪਹਿਲਾਂ ਈ ਖੜ੍ਹੀਆਂ ਕਰੀ ਜਾਂਦੇ ਐ, ਬਿਨਾਂ ਪਾਣੀਓਂ ਮੌਜੇ ਲਾਹੁੰਣ ਆਲੀ ਗੱਲ ਹੈ ਕਿ ਨਹੀਂ ਹੈ? ਉਂਗਲਾਂ ਤਾਂ ਖੜ੍ਹੀਆਂ ਕਰੀ ਜਾਂਦੇ ਐ, ਤੇ ਜੇ ਹਾਰਗੇ ਫੇਰ?"
-"ਫੇਰ ਉਂਗਲਾਂ ਥੱਲੇ ਕਰ ਲੈਣਗੇ, ਕੋਈ ਜੋਰ ਲੱਗਦੈ?" ਕਾਮਰੇਡ ਨੇ ਅਗਲਾ ਹੱਲ ਦੱਸਿਆ।
-"ਬਸ਼ੱਰਮੀਂ ਦੀ ਵੀ ਕੋਈ ਹੱਦ ਹੁੰਦੀ ਐ, ਬਾਈ।"
-"ਪਾੜ੍ਹਿਆ ਨਮਾਂ 'ਖਬਾਰ ਨੀ ਆਇਆ ਅੱਜ?" ਅੜਿੱਕੇ ਨੇ ਪੁੱਛਿਆ।
-"ਆਇਐ ਬਾਈ-।"
-"ਪੜ੍ਹਗਾਂ ਕੋਈ ਖਬਰ...! ਤੱਤੀ ਜੀ ਪੜ੍ਹੀਂ, ਠੰਢ ਜੀ ਲੱਗੀ ਜਾਂਦੀ ਐ!"
-"ਸੁਣਾ ਬਈ ਇਹਨੂੰ ਕੋਈ ਖਬਰ, ਕਰ ਗਰਮ ਪਾੜ੍ਹਿਆ...।" ਕਾਮਰੇਡ ਨੇ ਆਖਿਆ।
ਪਾੜ੍ਹੇ ਨੇ ਕੱਪੜੇ ਦੇ ਥਾਨ ਵਾਂਗ ਅਖ਼ਬਾਰ ਖੋਲ੍ਹ ਲਿਆ।
-"ਖਬਰ ਐ, ਅਮਰੀਕਾ ਦਾ ਰਾਸ਼ਟਰਪਤੀ ਸਾਈਕਲ ਤੋਂ ਡਿੱਗ ਪਿਆ, ਰਗੜਾਂ ਲੱਗੀਆਂ।" ਪਾੜ੍ਹੇ ਨੇ ਪੜ੍ਹ ਕੇ ਦੱਸਿਆ।
-"ਲੈ ਇਹ ਵੀ ਕੋਈ ਖਬਰ ਐ...? ਲੱਗੀਆਂ ਰਗੜਾਂ...! ਮੈਂ ਭੁੱਕੀ ਖਾ ਕੇ ਨੌਤੀ ਸੌ ਆਰੀ ਰੇਹੜ੍ਹੀ ਤੋਂ ਡਿੱਗਿਆ ਹੋਊਂਗਾ?" ਉਸ ਨੇ ਨੱਕ ਚਾੜ੍ਹਿਆ।
ਹਾਸੜ ਪੈ ਗਈ।
-"ਤੇਰੇ 'ਚ ਤੇ ਉਹਦੇ 'ਚ ਬਹੁਤ ਫਰਕ ਐ ਬਾਈ!"
-"ਕਿਉਂ ਉਹ ਕੋਈ ਉਤੋਂ ਡਿੱਗਿਐ...? ਅਸੀਂ ਟੁੱਕ ਨੀ ਖਾਂਦੇ? ਕੋਈ ਚੱਜ ਦੀ ਹੋਰ ਖਬਰ ਸੁਣਾ ਯਾਰ?"
-"ਸਾਧੂਆਂ ਨੂੰ ਵਿਟਾਮਿਨ ਵੰਡੇ, ਗੁੱਸੇ 'ਚ ਆਏ ਸਾਧ ਵਿਟਾਮਿਨ ਵੰਡਣ ਵਾਲਿਆਂ ਨਾਲ ਛਿੱਤਰੋ ਛਿੱਤਰੀ!"
-"ਛਿੱਤਰੋ ਛਿੱਤਰੀ ਹੋਣਾ ਈ ਸੀ...! ਉਹਨਾਂ ਨੂੰ ਵੰਡਣ ਦੀ ਕੀ ਲੋੜ ਸੀ? ਵੰਡਦੇ ਜੱਗਰ ਅਰਗਿਆਂ ਨੂੰ, ਜਿਹੜੇ ਆਏ ਸਾਲ ਜੁਆਕ ਪਾਥੀ ਮਾਂਗੂੰ ਪੱਥ ਧਰਦੇ ਐ-?"
ਹੱਸਦਾ ਕਾਮਰੇਡ ਲਾਮਾ-ਲੇਟ ਹੋ ਗਿਆ। ਮਡੀਹਰ ਵੱਖ ਹੱਸੀ ਜਾ ਰਹੀ ਸੀ।
-"ਮੈਨੂੰ ਹੋਰ ਸਮਝ ਨਹੀਂ ਲੱਗਦੀ, ਬਈ ਸਾਲ਼ੇ ਜੁਆਕ ਨੂੰ ਹਰ ਸਾਲ ਦੇਬਤੇ ਮਾਂਗੂੰ ਪ੍ਰਗਟ ਕਿਵੇਂ ਕਰ ਲੈਂਦੇ ਐ? ਖੁੱਡੇ 'ਚੋਂ ਕਬੂਤਰ ਕੱਢਣ ਮਾਂਗੂੰ ਪਤੰਦਰ ਜੁਆਕ ਕੱਢ ਦਿਖਾਉਂਦੇ ਐ!"
ਅੜਿੱਕੇ ਦੇ ਕਹਿਣ 'ਤੇ ਕਾਮਰੇਡ ਨੂੰ ਹੱਥੂ ਆਉਂਦਾ ਮਸਾਂ ਬਚਿਆ।
-"ਪ੍ਰਧਾਨ ਮੰਤਰੀ ਵੱਲੋਂ ਵਿਦੇਸ਼ੀ ਯਾਤਰਾ ਸੁਰੂ।" ਪਾੜ੍ਹੇ ਨੇ ਅਗਲੀ ਖਬਰ ਪੜ੍ਹੀ।
-"ਇਹ ਕੁੱਕੜ-ਛਿੱਦੀ ਜਿਆ ਕਿਸੇ ਨਾ ਕਿਸੇ ਪਾਸੇ ਨੂੰ ਜੱਕਾ ਜੋੜੀ ਈ ਰੱਖਦੈ!"
-"ਕਿਹੜਾ ਕੋਈ ਫਿਕਰ ਫਾਕਾ? ਵਿਹਲੀ ਰੰਨ ਪ੍ਰਾਹੁਣਿਆਂ ਜੋਗੀ! ਪਤਾ ਲੱਗੇ ਜੇ ਕਰਕੇ ਖਾਣਾ ਪਵੇ, ਫੇਰ ਦੇਖੀਏ ਜੱਕੇ ਕਿਮੇਂ ਜੁੜਦੇ ਐ?"
-"ਤਾਇਆ...! ਤੈਨੂੰ ਘਰੇ ਤਾਈ ਸੱਦਦੀ ਐ!" ਕਿਸੇ ਜੁਆਕ ਨੇ ਆ ਕੇ ਅੜਿੱਕੇ ਨੂੰ ਕਿਹਾ।
-"ਤਾਇਆ ਆਖਣ ਤੋਂ ਪਹਿਲਾਂ ਮੇਰੇ ਗੋਲੀ ਮਾਰ ਦਿੰਦਾ! ਤੂੰ ਸਾਲਿਆ ਚੱਪਣਾਂ ਜਿਆ! ਮੈਨੂੰ ਤਾਇਆ ਆਖਿਆ ਤਾਂ ਆਖਿਆ ਕਿਵੇਂ? ਮੈਂ ਤੇਰੇ ਪਿਉ ਨਾਲੋਂ ਪੂਰਾ ਸਾਲ ਛੋਟੈਂ, ਪਤੈ..? ਕੁੜੀ ਯਾਵ੍ਹੇ ਦਾ ਨਾਸਲ ਜਿਆ...! ਨਾਸਾਂ 'ਚ ਦੇ ਲਊ ਸਾਲਾ ਉਂਗਲ, ਜਿਵੇਂ ਕੋਈ ਖਜਾਨਾ ਪੱਟਣਾ ਹੁੰਦੈ..।"
-"ਜਾਹ ਸੁਣਿਆਂ ਗੱਲ, ਕੋਈ ਕੰਮ ਹੋਊ, ਜੁਆਕ ਦੇ ਗਲ ਈ ਪੈ ਗਿਆ।" ਕਾਮਰੇਡ ਬੋਲਿਆ।
-"ਨਹੀਂ ਕੌਮਨਸ਼ਟਾ..! ਇਹ ਤੇ ਇਹਦੀ ਮਾਂ ਮੈਨੂੰ ਜਾਣ ਕੇ ਤਪਾਉਂਦੇ ਐ! ਉਹ ਕਮੰਡਲੀ ਜੀ ਮੈਨੂੰ 'ਭਾਈ ਜੀ' ਆਖੂ, ਤੇ ਰਹਿੰਦੀ ਖੂੰਹਦੀ ਕਸਰ ਇਹ ਤਾਇਆ ਆਖ ਕੇ ਪੂਰੀ ਕਰ ਦਿੰਦੈ, ਸਾਲਾ ਚਾਪੜ ਜਿਆ!"
-"ਚੱਲ ਕੁਛ ਨਹੀ ਹੁੰਦਾ, ਜੁਆਕ ਨੂੰ ਮਾਫ਼ੀ ਬਖਸ਼।"
-"ਉਹ ਸਾਲੀ ਮੈਥੋਂ ਘੁੰਡ ਕੱਢ ਲਊ ਜਿਵੇਂ ਕੱਲ੍ਹ ਦੀ ਜੁਆਕੜੀ ਹੁੰਦੀ ਐ, ਇਹਦਾ ਪਿਉ ਓਦੂੰ ਚੰਦ ਐ, ਉਹ ਮੈਨੂੰ ਵੱਡਾ ਭਾਈ ਈ ਦੱਸੂ..! ਲੈ, ਕਰਲੋ ਗੱਲ...! ਇਹਨਾਂ ਦਾ ਤਾਂ ਸਾਰਾ ਆਵਾ ਈ ਊਤਿਆ ਵਿਐ, ਇੱਕ ਅੱਧਾ ਹੋਵੇ ਤਾਂ ਬੰਦਾ ਚੁੱਪ ਵੱਟ ਲੈਂਦੈ, ਜਿਹੋ ਜੀ ਨੰਦੋ ਬਾਹਮਣੀ ਉਹੋ ਜਿਆ ਘੁੱਦੂ ਜੇਠ, ਜੀਓ ਜੀ ਚੜ੍ਹਦਾ ਚੰਦ ਐ।"
-"ਜਾਹ ਜਾਇਆ ਹੁਣ, ਕਾਹਤੋਂ ਕਚੀਰ੍ਹਾ ਕਰਦੈਂ, ਬੰਤ ਕੁਰ ਉਡੀਕਦੀ ਹੋਊ?" ਕਾਮਰੇਡ ਨੇ ਅੜਿੱਕੇ ਨੂੰ ਠੰਢਾ ਕੀਤਾ।
-"ਬੰਤ ਕੁਰ ਸੀ. ਬੀ. ਆਈ. ਐ? ਉਹਦੇ ਵੀ ਲੈਨੈ ਝੱਗੇ ਦਾ ਮੇਚ ਜਾ ਕੇ, ਸੁਨੇਹਾਂ ਦੇ ਕੇ ਭੇਜੂ ਸਾਲੀ ਐਸ ਟੂਟਲ਼ ਨੂੰ, ਬਈ ਹੋਰ ਸਾਰਾ ਪਿੰਡ ਮਰ ਗਿਆ...?"
ਅੜਿੱਕਾ ਦੀਵੇ ਵਾਂਗ ਮੱਚਦਾ ਬੁੱਝਦਾ ਘਰ ਨੂੰ ਤੁਰ ਪਿਆ।
-"ਲੈ ਘਰੇ ਜਾ ਕੇ ਇਹਨੇ ਜਮਾਂ ਈ ਸੀਲ ਕੁੱਕੜ ਬਣ ਜਾਣੈਂ।" ਕਿਸੇ ਨੇ ਆਖਿਆ।
-"ਚੱਲ ਰਹਿਣ ਦੇ...! ਹੁਣ ਤੂੰ ਘਾਣੀ ਛੇੜਲੀ...!" ਕਾਮਰੇਡ ਨੇ ਉਸ ਨੂੰ ਬੋਲਣੋਂ ਰੋਕ ਦਿੱਤਾ।
ਅੜਿੱਕੇ ਬਿਨਾ ਸੱਥ 'ਭਾਂ-ਭਾਂ' ਕਰਨ ਲੱਗ ਪਈ ਸੀ! ਬੰਦਿਆਂ ਨਾਲ ਹੀ ਤਾਂ ਰੌਣਕ ਹੁੰਦੀ ਐ ਬਾਈ ਜੀ....!!
jaggikussa@yahoo.de

31 ਅਗਸਤ ਬਰਸੀ 'ਤੇ ਵਿਸ਼ੇਸ਼ : ਇੱਕ ਸੀ ਰਾਣੀ... - ਸ਼ਿਵਚਰਨ ਜੱਗੀ ਕੁੱਸਾ

ਰਾਜਕੁਮਾਰੀ ਡਿਆਨਾ ਦੀ ਇੱਕ ਅਜੀਬ ਅਤੇ ਅਧੂਰੀ ਕਹਾਣੀ ਹੈ। ਜੋ ਮੇਰੇ ਅੰਦਾਜ਼ੇ ਅਨੁਸਾਰ ਕਦੇ ਵੀ ਸੰਪੂਰਨ ਨਹੀਂ ਹੋ ਸਕੇਗੀ। ਉਸ ਦੀ ਨਿੱਕੀ ਜਿਹੀ ਜ਼ਿੰਦਗੀ ਵਿਚ ਬੜੀਆਂ ਭਿਆਨਕ ਹਵਾਵਾਂ ਵਗੀਆਂ ਅਤੇ ਕਈ ਖ਼ੌਫ਼ਨਾਕ ਝੱਖੜ ਝੁੱਲੇ। ਪਰ ਫਿਰ ਵੀ ਉਹ ਕਤਰਾ-ਕਤਰਾ ਜ਼ਿੰਦਗੀ ਨੂੰ ਘੁੱਟ-ਘੁੱਟ ਕੇ ਜਿਉਂਦੀ ਰਹੀ। ਡਿਆਨਾ ਇੱਕ ਮੱਧ-ਵਰਗੀ ਪ੍ਰੀਵਾਰ ‘ਚੋਂ ਉਠ ਕੇ ਕਿਸਮਤ ਆਸਰੇ “ਰਾਜਕੁਮਾਰੀ” ਬਣੀ। ਪਰ ਉਸ ਦਰਵੇਸ਼ ਕਿਸਮ ਦੀ ਡਿਆਨਾ ਨਾਲ ਜ਼ਿੰਦਗੀ ਨੇ ਕਦੇ ਵੀ ਵਫ਼ਾ ਨਾ ਕੀਤਾ। ਪ੍ਰਿੰਸ ਚਾਰਲਸ ਦੀ ਮੰਗੇਤਰ ਬਣਨ ਉਪਰੰਤ ਉਹ ਰਾਤੋ-ਰਾਤ ਸੰਸਾਰ ਪੱਧਰ ਦੇ ਮੀਡੀਆ ਵਿਚ ਚਰਚਿਤ ਹੋਈ।

ਇਤਨੇ ਵੱਡੇ ਘਰਾਣੇ ਦੀ ਨੂੰਹ ਬਣਨ ਤੋਂ ਬਾਅਦ ਵੀ ਉਹ ਪਤੀ ਦੇ ਪ੍ਰੇਮ ਵਿਚ ਭਟਕਦੀ ਰਹੀ, ਉਸ ਦੇ ਅਰਮਾਨ ਤਿੜਕ-ਤਿੜਕ ਟੁੱਟਦੇ ਰਹੇ ਅਤੇ ਭਾਵਨਾਵਾਂ ਲਹੂ-ਲੁਹਾਣ ਹੋ-ਹੋ ਕੇ ਮਰਦੀਆਂ ਰਹੀਆਂ। ਜ਼ਖਮੀ ਦਿਲ ਸਹਿਕਦਾ ਰਿਹਾ। ਤਰੇੜੋ-ਤਰੇੜੀ ਹੋਈ ਆਤਮਾ ਤੁਪਕਾ-ਤੁਪਕਾ ਹੋ ਕੇ ਚੋਂਦੀ ਰਹੀ ਤਾਂ ਉਸ ਨੇ ਪੱਥਰ ਦੇ ਮਹੱਲਾਂ ਵਿਚੋਂ ਬਾਹਰਲੀ ਕੋਮਲ ਦੁਨੀਆਂ ਵੱਲ ਝਾਤੀ ਮਾਰਨੀ ਸ਼ੁਰੂ ਕਰ ਦਿੱਤੀ। ਪਰ ਪੱਲੇ ਫਿਰ ਵੀ ਉਸ ਦੇ ਨਿਰਾਸ਼ਾ ਹੀ ਪਈ! ਨਿਰਾਸ਼ਾ ਉਸ ਦੀ ਸਕੀ-ਸਹੇਲੀ ਸੀ ਅਤੇ ਖੁਸ਼ੀ-ਆਸ ਨਿਰੀ ਸੌਕਣ! ਹਰ ਬੰਦੇ ਨੂੰ ਜ਼ਿੰਦਗੀ ਵਿਚ ਇਸ਼ਕ-ਪ੍ਰੇਮ ਨਸੀਬ ਹੁੰਦਾ ਹੈ, ਪਰ ਕਿਸੇ ਨੂੰ ਇਸ਼ਕ ਜਾਂ ਪ੍ਰੇਮ ਕਰਨਾ ਅਤੇ ਕਿਸੇ ਨੂੰ ਕਰਵਾਉਣਾ ਨਹੀਂ ਆਉਂਦਾ। ਕੋਈ ਮਾਣ-ਮੱਤੀ, ਕੋਈ ਮੂੜ੍ਹ-ਮੱਤੀ, ਕੋਈ ਆਪ-ਮੱਤੀ ਅਤੇ ਕੋਈ ਹਉਂ-ਮੱਤੀ...! ਕਈ ਐਹੋ ਜਿਹੀਆਂ ਨਿਰ-ਮੱਤੀਆਂ ਵੀ ਹੁੰਦੀਆਂ ਹਨ, ਜਿਹੜੀਆਂ ਆਖਦੀਆਂ ਹਨ, "ਅੱਧੀ ਤੇਰੀ ਆਂ ਮੁਲਾ੍ਹਜੇਦਾਰਾ - ਅੱਧੀ ਆਂ ਗਰੀਬ ਜੱਟ ਦੀ...!" ਅਰਥਾਤ ਇੱਕੋ ਸਮੇਂ ਦੋ ਬੇੜੀਆਂ ਵਿਚ ਪੈਰ! ਪਰ ਡਿਆਨਾ ਬੜੀ ਭੋਲ਼ੀ-ਭਾਲ਼ੀ ਸੀ, ਨਿਆਣ-ਮੱਤੀ...!

ਵਿਆਹੁਤਾ ਜ਼ਿੰਦਗੀ ਦੌਰਾਨ ਦੋ ਪੁੱਤਰਾਂ ਦੀ ਆਮਦ ਨੇ ਵੀ ਉਸ ਨੂੰ ਸੰਤੁਸ਼ਟ ਨਾ ਕੀਤਾ ਅਤੇ ਮ੍ਰਿਗ-ਤ੍ਰਿਸ਼ਨਾ ਵਿੱਚ ਭਟਕੀ ਉਹ ਰੋਹੀ-ਬੀਆਬਾਨ ਦੇ ਔਝੜ ਰਸਤੇ ਪੈ ਗਈ, ਇੱਕ ਤਰ੍ਹਾਂ ਨਾਲ ਬਿਖੜੇ ਪੈਂਡੇ! ਜਿਸ ਬਾਹਰਲੀ ਦੁਨੀਆਂ ਨੂੰ ਉਸ ਨੇ ਕੋਮਲ ਅਤੇ ਹੁਸੀਨ ਚਿਤਵਿਆ ਸੀ, ਉਹ ਵੀ ਉਸ ਲਈ ਮਲ੍ਹੇ-ਝਾੜੀਆਂ ਹੀ ਸਿੱਧ ਹੋਏ ਅਤੇ ਉਹ ਖੰਡਰਾਂ ਦਾ ਸਫ਼ਰ ਤਹਿ ਕਰ ਕੇ ਜਾਂ ਕਹੋ ਅਣਮਿਥੀ ਮੰਜ਼ਿਲ ਵਿਚਕਾਰ ਹੀ ਛੱਡ, 31 ਅਗਸਤ 1997 ਨੂੰ ਇਸ ਫ਼ਾਨੀ ਸੰਸਾਰ ਨੂੰ “ਅਲਵਿਦਾ” ਆਖ ਗਈ ਅਤੇ ਪਿੱਛੇ ਛੱਡ ਗਈ ਇੱਕ ਬਹੁਤ ਵੱਡਾ ਰਹੱਸ, ਜਿਹੜਾ ਸ਼ਾਇਦ “ਖੋਜੀਆਂ” ਲਈ ਇੱਕ “ਕਿਆਫ਼ਾ” ਹੀ ਬਣਿਆ ਰਹੇਗਾ! ਉਸ ਦੀ ਪ੍ਰੇਮ ਅਤੇ ਦੁਖਾਂਤ ਨਾਲ ਭਰਪੂਰ ਕਹਾਣੀ ਇੱਕੋ ਸਮੇਂ ਹੀ ਸ਼ੁਰੂ ਹੋਈ ਅਤੇ ਉਸ ਦੇ ਮਰਨ ਤੱਕ ਨਿਰੰਤਰ ਚਲਦੀ ਰਹੀ। ਉਸ ਦੇ ਤੁਰ ਜਾਣ ਤੋਂ ਬਾਅਦ ਬੜੀਆਂ ਹੀ ਹੈਰਾਨੀਜਨਕ ਗੱਲਾਂ ਸੁਣਨ ਅਤੇ ਦੇਖਣ ਨੂੰ ਮਿਲੀਆਂ।

ਡਿਆਨਾ ਦੀ ਪੱਕੀ ਦੋਸਤ ਅਤੇ ਪਾਕਿਸਤਾਨ ਦੇ ਪ੍ਰਸਿੱਧ ਕ੍ਰਿਕਟ ਖਿਡਾਰੀ ਇਮਰਾਨ ਖਾਨ ਦੀ (ਹੁਣ ਸਾਬਕਾ) ਪਤਨੀ ਜੇਮੀਨਾ ਗੋਲਡਸਮਿੱਥ ਦਾ ਕਹਿਣਾ ਹੈ, "ਡਿਆਨਾ ਦਾ ਇਸ਼ਕ ਇੱਕ ਪਾਕਿਸਤਾਨੀ ਮੂਲ ਦੇ ਹਾਰਟ-ਸ਼ਪੈਸ਼ਲਿਸਟ ਅਤੇ ਲੰਡਨ ਵਸਦੇ ਡਾ. ਹਸਨਤ ਖਾਨ ਨਾਲ ਤਕਰੀਬਨ ਦੋ ਸਾਲ ਲਗਾਤਾਰ ਚੱਲਿਆ। ਡਿਆਨਾ ਉਸ ਨਾਲ ਸ਼ਾਦੀ ਕਰਨਾ ਚਾਹੁੰਦੀ ਸੀ। ਉਹ ਹਮੇਸ਼ਾ ਦਾਅਵੇ ਨਾਲ ਇਹ ਹੀ ਕਹਿੰਦੀ ਰਹੀ ਕਿ ਡਾਕਟਰ ਹਸਨਤ ਖਾਨ ਉਸ ਦੀ ਜ਼ਿੰਦਗੀ ਦਾ ਬਿਹਤਰੀਨ ਪਾਰਟਨਰ ਹੋਵੇਗਾ। ਪਰ ਅਫ਼ਸੋਸ! ਉਸ ਦੀ ਇਹ ਖ਼ਾਹਿਸ਼ ਪੂਰੀ ਨਾ ਹੋ ਸਕੀ...!"

ਡਿਆਨਾ ਨੇ ਜੇਮੀਨਾ ਗੋਲਡਸਮਿੱਥ ਨੂੰ ਇਸ ਪ੍ਰਤੀ ਅਪੀਲ ਵੀ ਕੀਤੀ ਸੀ ਕਿ ਉਹ ਡਾ. ਹਸਨਤ ਖਾਨ ਨਾਲ ਸ਼ਾਦੀ ਬਾਰੇ ਗੱਲਬਾਤ ਕਰੇ ਅਤੇ ਲੋੜੀਂਦਾ ਸਹਿਯੋਗ ਦੇਵੇ। ਜਰਮਨ ਦੇ ਇੱਕ ਮਸ਼ਹੂਰ ਰਸਾਲੇ Bunte ਅਨੁਸਾਰ ਡਿਆਨਾ ਨੇ ਡੋਡੀ ਅਲ-ਫ਼ਾਇਦ ਨੂੰ ਸਿਰਫ਼ ਇੱਕ “ਸਤਰੰਜ” ਵਜੋਂ ਵਰਤਣਾ ਚਾਹਿਆ। ਅਰਥਾਤ ਡੋਡੀ ਅਲ-ਫ਼ਾਇਦ ਉਸ ਦਾ ਮਨ ਚਾਹਿਆ ਪ੍ਰੇਮੀ ਨਹੀਂ, ਸਗੋਂ ਮੌਕੇ ਦਾ ਹਥਿਆਰ ਸੀ! ਜਿਸ ਦੀ ਨੁਮਾਇਸ਼ ਕਰਕੇ ਉਹ ਡਾ. ਖਾਨ ਨੂੰ ਆਪਣੇ ਨੇੜੇ ਲਿਆਉਣਾ ਚਾਹੁੰਦੀ ਸੀ। ਡਿਆਨਾ ਦਾ ਅਨੁਮਾਨ ਸੀ ਕਿ ਜੇ ਉਹ ਆਪਣੇ ਆਪ ਨੂੰ ਡੋਡੀ ਦੀ ਪ੍ਰੇਮਿਕਾ ਹੋਣ ਦਾ ਵਿਖਾਵਾ ਕਰੇਗੀ ਤਾਂ ਸ਼ਾਇਦ 40 ਸਾਲਾ ਡਾ. ਖਾਨ ਉਸ ਨਾਲ ਜਲਦੀ ਸ਼ਾਦੀ ਰਚਾ ਲਵੇਗਾ। ਪਰ ਇਸ ਹਥਿਆਰ ਨੇ ਵੀ ਉਸ ਨਾਲ ਵਫ਼ਾਈ ਨਾ ਕੀਤੀ।  

ਡਿਆਨਾ ਅਤੇ ਡਾ. ਹਸਨਤ ਖ਼ਾਨ ਦਾ ਪ੍ਰੇਮ-ਕਿੱਸਾ ਕਿਸੇ ਤੋਂ ਛੁਪਿਆ ਹੋਇਆ ਨਹੀਂ। ਉਸ ਪ੍ਰੇਮ-ਪਿਆਸੀ ਰਾਜਕੁਮਾਰੀ ਨੇ ਹਸਨਤ ਖ਼ਾਨ ਨੂੰ ਪਾਉਣ ਲਈ ਕਿਹੜੀ-ਕਿਹੜੀ ਜੱਦੋਜਹਿਦ ਨਹੀਂ ਕੀਤੀ? ਕੀ-ਕੀ ਪਾਪੜ ਨਹੀਂ ਵੇਲੇ? ਇਸ ਬਾਰੇ ਪ੍ਰਸਿੱਧ ਲੇਡੀ ਜਰਨਲਿਸਟ ਸੈਲੀ ਬੈਡਲ ਨੇ ਐਲਸਾ ਬੋਕਰ ਦੀ ਡਿਆਨਾ ਨਾਲ ਕੀਤੀ ਇੰਟਰਵਿਊ ਦਾ ਵੀ ਜ਼ਿਕਰ ਕੀਤਾ ਹੈ।  

ਡਾ. ਹਸਨਤ ਖ਼ਾਨ ਨਾਲ ਡਿਆਨਾ ਦਾ ਪ੍ਰੇਮ-ਕਿੱਸਾ ਸਤੰਬਰ 1995 ਵਿਚ ਸ਼ੁਰੂ ਹੋਇਆ। ਉਹ ਇਕ ਵਾਰ “ਰੌਇਲ ਬਰੈਂਪਟਨ ਹੌਸਪੀਟਲ ਲੰਡਨ” ਗਈ। ਉਥੇ ਉਸ ਦੀ ਬਣਦੇ-ਤਣਦੇ, ਪਰ ਸ਼ਰਮਾਕਲ ਡਾ. ਹਸਨਤ ਖ਼ਾਨ ਨਾਲ ਜਾਣ ਪਹਿਚਾਣ ਹੋਈ। ਇੱਕ ਅਹਿਮ ਆਪਰੇਸ਼ਨ ਦੌਰਾਨ ਡਿਆਨਾ ਆਪਰੇਸ਼ਨ-ਥੀਏਟਰ ਵਿਚ ਹਾਜ਼ਰ ਸੀ ਅਤੇ ਡਾ. ਹਸਨਤ ਖ਼ਾਨ ਆਪਣੀ ਟੀਮ ਨਾਲ ਕਿਸੇ ਮਰੀਜ਼ ਦਾ ਆਪਰੇਸ਼ਨ ਕਰ ਰਿਹਾ ਸੀ। ਇਹ ਫ਼ੋਟੋ ਵੀ ਵਿਸ਼ਵ-ਪੱਧਰ ‘ਤੇ ਮੀਡੀਆ ਵੱਲੋਂ ਦਿਖਾਈ ਗਈ ਸੀ। ਬੱਸ! ਉਥੇ ਹੀ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਡਾਕਟਰ ਖ਼ਾਨ ‘ਤੇ ਮਰ-ਮਿਟੀ ਅਤੇ "ਨੈਟੀ" ਨੂੰ ਆਪਣਾ ਦਿਲ ਦੇ ਬੈਠੀ। ਹਸਨਤ ਖ਼ਾਨ ਨੂੰ ਉਸ ਦੇ ਯਾਰ-ਮਿੱਤਰ ਅਤੇ ਉਸ ਦੀ ਸਾਰੀ ਟੀਮ “ਨੈਟੀ” ਆਖ ਕੇ ਬੁਲਾਉਂਦੀ ਸੀ। ਜਰਮਨੀ ਦੇ ਮਾਸਿਕ ਪੱਤਰ ‘ਬੂੰਟੇ’ ਮੁਤਾਬਿਕ, "ਕਿਉਂਕਿ ਹਸਨਤ ਉਸ ਨਾਲ ਬਹੁਤੀ ਅੱਖ ਨਹੀਂ ਮਿਲਾਉਂਦਾ ਸੀ, ਇਸ ਕਰਕੇ ਉਹ ਉਸ ਨੂੰ ਆਕਰਸ਼ਤ ਕਰਨ ਲਈ ਸਲਵਾਰ-ਕਮੀਜ਼ ਪਹਿਨ ਕੇ ਵੀ ਉਸ ਦੇ ਸਾਹਮਣੇ ਆਈ, ਤਾਂ ਕਿ ਡਾ. ਖ਼ਾਨ ਦਾ ਧਿਆਨ-ਬਿੰਦੂ ਆਪਣੇ ਵੱਲ ਖਿੱਚਿਆ ਜਾ ਸਕੇ।"

ਜਦ ਉਹ ਡਾ. ਖ਼ਾਨ ਨੂੰ ਆਪਣੇ ਵੱਲ ਖਿੱਚਣ ਵਿਚ ਕਾਮਯਾਬ ਹੋ ਗਈ ਤਾਂ ਉਹ ਕਈ ਵਾਰ ਡਿਆਨਾ ਦੇ ਕਿੰਨਸਿੰਗਟਨ ਮਹੱਲ ਦੇ ਅਪਾਰਟਮੈਂਟ ਵਿੱਚ ਮਿਲੇ। ਇਸ ਅਪਾਰਟਮੈਂਟ ਵਿਚ ਡਾ. ਖ਼ਾਨ ਦੀ ਹਰ ‘ਸੁੱਖ-ਸਹੂਲਤ’ ਦਾ ਵਿਸ਼ੇਸ਼ ਤੌਰ ‘ਤੇ ‘ਖਿਆਲ’ ਰੱਖਿਆ ਗਿਆ! ਇੰਨ੍ਹਾਂ ਮਿਲਣੀਆਂ ਤੋਂ ਬਾਅਦ ਡਿਆਨਾ ਨੇ ਡਾ. ਖ਼ਾਨ ਨੂੰ “ਸ਼ਹਿਦ ਵਾਂਗ ਮਿੱਠਾ” ਬਿਆਨ ਕੀਤਾ। ਐਲਸਾ ਬੋਕਰ ਨੇ ਦੱਸਿਆ: ਡਾ. ਖ਼ਾਨ ਨੇ ਡਿਆਨਾ ਦੀਆਂ ਪ੍ਰੇਮ-ਭਾਵਨਾਵਾਂ ਦੀ ਤਰਜ਼ਮਾਨੀ ਕੀਤੀ ਅਤੇ ਉਹ ਮਾਨਸਿਕ ਤੌਰ ‘ਤੇ ਪੂਰੀ ਸੰਤੁਸ਼ਟ ਅਤੇ ਹਲਕੀ-ਹਲਕੀ ਸੀ। ਐਲਸਾ ਬੋਕਰ ਨੇ ਇਹ ਵੀ ਕਿਹਾ ਕਿ ਡਿਆਨਾ ਡਾਕਟਰ ਲਈ ਸਭ ਕੁਝ ਕਰਨ ਲਈ ਤਿਆਰ ਸੀ, ਇੱਥੋਂ ਤੱਕ ਕਿ ਉਹ ਉਸ ਲਈ ਇਸਲਾਮ ਧਰਮ ਕਬੂਲ ਕਰਨ ਲਈ ਵੀ ਰਾਜ਼ੀ ਹੋ ਗਈ ਸੀ।

ਡਿਆਨਾ ਨੇ ਖੁਦ ਬੋਕਰ ਨੂੰ ਦੱਸਿਆ ਕਿ ਮੈਂ ਆਪਣੀ ਜ਼ਿੰਦਗੀ ਦੀ ਮਨਚਾਹੀ ਮੰਜ਼ਿਲ ਪਾ ਲਈ ਹੈ। ਉਸ ਨੇ ਮੈਨੂੰ ਉਹ ਸਾਰਾ ਕੁਝ ਦਿੱਤਾ, ਜੋ ਮੈਨੂੰ ਚਾਹੀਦਾ ਸੀ।

ਫਿਰ ਡਿਆਨਾ ਨੇ ਇੱਕ ਘੋਰ ਵੱਡੀ ਗਲਤੀ ਕੀਤੀ। ਉਸ ਨੇ ਹਸਨਤ ਖ਼ਾਨ ਨੂੰ ਹਸਪਤਾਲ ਫ਼ੋਨ ਕੀਤਾ ਅਤੇ ਤੁਰੰਤ ਮਿਲਣ ਲਈ ਕਿਹਾ। ਉਸ ਨੇ ਇਹ ਵੀ ਦੁਹਰਾਇਆ ਕਿ ਮੈਂ ਤੇਰੇ ਨਾਲ ਹੁਣੇ ਹੀ ਮਿਲ ਕੇ ਗੱਲ ਕਰਨੀ ਹੈ, ਚਾਹੇ ਤੂੰ ਆਪਰੇਸ਼ਨ ਹੀ ਕਿਉਂ ਨਾ ਕਰ ਰਿਹਾ ਹੋਵੇਂ! ਉਸ ਨੇ ਉਸ ਨੂੰ ਪਾਗਲਪਨ ਦੀ ਹੱਦ ਤੱਕ ਪਾਉਣਾ ਚਾਹਿਆ। ਉਸ ਨੇ ਇਹ ਨਹੀਂ ਸੋਚਿਆ ਕਿ ਇਸ ਨਾਲ ਡਾæ ਖ਼ਾਨ ਦੇ ਕੈਰੀਅਰ ‘ਤੇ ‘ਪ੍ਰਸ਼ਨ-ਚਿੰਨ੍ਹ’ ਲੱਗ ਸਕਦਾ ਸੀ! ਡਿਆਨਾ ਨੇ ਹਸਪਤਾਲ ਦੇ ਪ੍ਰੋਫ਼ੈਸਰ ਕਰਿਸਟੀਅਨ ਬਿਰਨਾਰਡ ਨੂੰ ਵੀ ਫ਼ੋਨ ਕਰ ਕੇ ਪੁੱਛਿਆ ਕਿ ਕੀ ਉਹ ਹਸਨਤ ਖ਼ਾਨ ਨੂੰ ਸਾਊਥ ਅਫ਼ਰੀਕਾ ਦੇ ਪ੍ਰਮੁੱਖ ਸ਼ਹਿਰ ਕੈਪਸਟਾਡ ਵਿਚ ਜੌਬ ਨਹੀਂ ਦੇ ਸਕਦਾ? ਉਥੇ ਉਸ ਵਕਤ ਡਿਆਨਾ ਦਾ ਭਰਾ ਰਹਿ ਰਿਹਾ ਸੀ। ਇਸ ਬਾਰੇ ਜਦੋਂ ਡਾ. ਖ਼ਾਨ ਨੂੰ ਪਤਾ ਲੱਗਿਆ ਤਾਂ ਉਸ ਨੂੰ ਡਿਆਨਾ ਦਾ ਇਹ ਬੇਹੂਦਾ ਵਤੀਰਾ ਚੰਗਾ ਨਾ ਲੱਗਿਆ।

ਡਿਆਨਾ ਨੇ ਪ੍ਰੋਫ਼ੈਸਰ ਬਿਰਨਾਰਡ ਨੂੰ ਇਹ ਵੀ ਕਿਹਾ ਕਿ ਉਹ ਡਾ. ਖ਼ਾਨ ਨਾਲ ਸ਼ਾਦੀ ਕਰਕੇ ਕਈ ਧੀਆਂ ਜੰਮਣੀਆਂ ਚਾਹੁੰਦੀ ਹੈ। ਉਸ ਦੀਆਂ ਇਹਨਾਂ ‘ਕਮਲ਼ੀਆਂ’ ਗੱਲਾਂ ਕਾਰਨ ਡਾ. ਖ਼ਾਨ ਉਸ ਤੋਂ ਕਿਨਾਰਾ ਕਰਨ ਲੱਗ ਪਿਆ। ਐਲਸੇ ਬੋਕਰ ਅਨੁਸਾਰ ਡਿਆਨਾ ਦੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਉਹ ਮਈ 1997 ਵਿਚ ਡਾਕਟਰ ਨੂੰ ਦੱਸਣ ਤੋਂ ਬਗੈਰ ਹੀ ਪਾਕਿਸਤਾਨ ਚਲੀ ਗਈ। ਸਿਰਫ਼ ਖ਼ਾਨ ਦੇ ਮਾਂ-ਬਾਪ ਨੂੰ ਇਹ ਅਹਿਸਾਸ ਕਰਵਾਉਣ ਲਈ ਕਿ ਉਹ ਕਿਤਨੀ ਪਿਆਰੀ ਅਤੇ ਅੱਛੀ ਲੜਕੀ ਹੈ! ਉਸ ਨੇ ਪਾਕਿਸਤਾਨ ਦੇ ਰਵਾਇਤੀ ਕੱਪੜੇ ਵੀ ਬਣਵਾਏ ਅਤੇ ਉਥੋਂ ਦੇ ਸੰਸਕਾਰਾਂ ਨੂੰ ਗ੍ਰਹਿਣ ਵੀ ਕੀਤਾ। ਉਸ ਨੂੰ ਵਿਸ਼ਵਾਸ਼ ਸੀ ਕਿ ਜੇ ਖ਼ਾਨ ਦੇ ਮਾਪੇ ਰਾਜ਼ੀ ਹੋ ਗਏ ਤਾਂ ਉਹਨਾਂ ਦੀ ਸ਼ਾਦੀ ਦੇ ਰਾਹ ਵਿਚ ਕੋਈ ਰੋੜਾ ਨਹੀਂ ਰਹੇਗਾ। ਇਹਨਾਂ ਸਾਰੀਆਂ ਕਾਰਵਾਈਆਂ ਨੇ ਖ਼ਾਨ ਨੂੰ ਡਿਆਨਾ ਤੋਂ ਦੂਰ ਕਰ ਦਿੱਤਾ ਅਤੇ ਉਹ ਡਿਆਨਾ ਨੂੰ ‘ਕੌੜਨ’ ਲੱਗ ਪਿਆ। ਅਤੇ ਫਿਰ, ਜਦੋਂ ਡਿਆਨਾ ਦੇ ਪਾਕਿਸਤਾਨੀ ਟੂਰ ਦੀਆਂ ਫ਼ੋਟੋਆਂ ਟੀ.ਵੀ. ਅਤੇ ਅਖ਼ਬਾਰਾਂ ਵਿਚ ਆਈਆਂ ਤਾਂ ਡਾæ ਖ਼ਾਨ ਲਈ ਇਹ ਸਭ ਕੁਝ ਅਸਹਿ ਹੋ ਗਿਆ ਅਤੇ ਉਸ ਨੇ ਡਿਆਨਾ ਲਈ ਆਪਣੇ ਦਰਵਾਜ਼ੇ ਹਮੇਸ਼ਾ ਲਈ ਬੰਦ ਕਰ ਦਿੱਤੇ!

ਪਰ ਡਿਆਨਾ ਨੇ ਸਾਹਸ ਦਾ ਪੱਲਾ ਨਾ ਛੱਡਿਆ। ਉਸ ਨੇ ਪ੍ਰਸਿੱਧ ਕ੍ਰਿਕਟ ਖਿਡਾਰੀ ਅਤੇ ਆਪਣੀ ਸਹੇਲੀ ਜੇਮੀਨਾ ਗੋਲਡਸਮਿੱਥ ਦੇ ਪਤੀ ਇਮਰਾਨ ਖ਼ਾਨ ਨੂੰ ਵਿਚੋਲਗਿਰੀ ਲਈ ਮਨਾ ਲਿਆ। ਇਮਰਾਨ ਖ਼ਾਨ ਨੇ ਚੈਨਲ 5 ਨੂੰ ਬੜੇ ਹੀ ਦੁਖੀ ਹਿਰਦੇ ਨਾਲ ਦੱਸਿਆ, "ਅਜੇ ਮੈਂ ਹਸਨਤ ਖ਼ਾਨ ਨਾਲ ਗੱਲਬਾਤ ਕਰਨ ਲਈ ਵਿਚਾਰ ਬਣਾ ਹੀ ਰਿਹਾ ਸਾਂ ਕਿ ਬਾਜ਼ੀ ਬੀਤ ਗਈ...!"

ਬ੍ਰਿਹਾ-ਵਿਗੁੱਚੀ, ਪ੍ਰੇਮ ਦੀ ਤਲਾਸ਼ ਵਿਚ ਭਟਕਦੀ, ਧੁਖ਼ਦੀ ਡਿਆਨਾ ਆਖਰ ਸਦਾ ਲਈ ਤੁਰ ਗਈ। ਹਰ ਸਾਲ 31 ਅਗਸਤ ਨੂੰ ਪੈਰਿਸ ਦੇ Pariser pont de I'alma ਵਿਖੇ ਡਿਆਨਾ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਹੈ। ਜਿੱਥੇ ਉਹ, ਡੋਡੀ ਅਲ-ਫ਼ਾਇਦ ਅਤੇ ਕਾਰ ਡਰਾਈਵਰ ਹੈਨਰੀ ਪਾਲ ਨਾਲ ਦੁਰਘਟਨਾ ਦਾ ਸ਼ਿਕਾਰ ਹੋਈ ਸੀ। 31 ਅਗਸਤ 2000 ਨੂੰ ਪੈਰਿਸ ਵਿਖੇ ਡਿਆਨਾ ‘ਤੇ ਛਪੀ ਪੁਸਤਕ Princesse du Mond ਅਰਥਾਤ “ਦੁਨੀਆਂ ਦੀ ਰਾਜਕੁਮਾਰੀ” ਵੀ ਰਿਲੀਜ਼ ਕੀਤੀ ਗਈ ਸੀ। ਲੰਡਨ ਅਤੇ ਐਲਥੌਰਪ ਵਿਖੇ ਵੀ ਉਸ ਨੂੰ ਭਰੇ ਮਨਾਂ ਨਾਲ ਸ਼ਰਧਾਂਜਲੀ ਅਰਪਨ ਕੀਤੀ ਜਾਂਦੀ ਹੈ। ਉਹ ਦਰਵੇਸ਼ ਰਾਜਕੁਮਾਰੀ ਅਤੇ ਭੋਲ਼ੇ ਮਨ ਦੀ ਮੂਰਤ ਡਿਆਨਾ ਹਮੇਸ਼ਾ ਲੋਕਾਂ ਦੇ ਦਿਲਾਂ ਵਿਚ ਵਸਦੀ ਰਹੇਗੀ। ਅਕਾਲ ਪੁਰਖ਼ ਉਸ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ...!!

ਕਿਰਤ ਵਿੱਚ ਦਮ ਹੈ ਤਾਂ ਪਾਠਕ ਲੱਭ ਕੇ ਪੜ੍ਹਦੇ ਹਨ - ਸ਼ਿਵਚਰਨ ਜੱਗੀ ਕੁੱਸਾ

ਮੁਲਾਕਾਤੀ: ਹਰਵਿੰਦਰ ਧਾਲੀਵਾਲ (ਬਿਲਾਸਪੁਰ)

ਪੰਜਾਬੀ ਸਾਹਿਤਕ ਖੇਤਰ ਵਿੱਚ ਮਾਲਵਾ ਖਿੱਤੇ ਦੇ ਲੇਖਕਾਂ ਦਾ ਅਹਿਮ ਸਥਾਨ ਰਿਹਾ ਹੈ। ਇਸ ਖਿੱਤੇ ਨੇ ਉੱਚ ਕੋਟੀ ਦੇ ਨਾਵਲਕਾਰ ਪੈਦਾ ਕੀਤੇ। ਮਾਲਵੇ ਦੇ ਹੀ ਜੰਮਪਲ ਸ਼ਿਵਚਰਨ ਜੱਗੀ ਕੁੱਸਾ ਦਾ ਨਾਮ ਵੀ ਅੱਜ ਉਨ੍ਹਾਂ ਗਿਣਤੀ ਦੇ ਨਾਵਲਕਾਰਾਂ ਵਿੱਚ ਆਉਂਦਾ ਹੈ, ਜਿੰਨ੍ਹਾਂ ਨੇ ਲਿਖਣ ਲੱਗਿਆਂ ਆਪਣੇ ਮਨ-ਮਸਤਿਕ ਦੀਆਂ ਤਾਰਾਂ ਨੂੰ ਆਪਣੀ ਜੰਮਣ ਭੋਏਂ ਨਾਲ ਜੋੜੀ ਰੱਖਿਆ। ਕਿੰਨੇ ਹੀ ਵਰ੍ਹੇ ਹੋ ਗਏ ਉਸ ਨੂੰ ਵਿਦੇਸ਼ ਗਿਆਂ, ਪਰ ਉਹ ਅੱਜ ਵੀ "ਵਲੈਤੀਆ" ਨਹੀਂ ਬਣ ਸਕਿਆ। ਉਸ ਦਾ ਆਪ ਤੋਂ ਛੋਟਿਆਂ ਨੂੰ ਮੋਹ ਭਰੀ ਆਵਾਜ਼ ਵਿੱਚ "ਸ਼ੇਰਾ" ਕਹਿ ਕੇ ਸੰਬੋਧਨ ਕਰਨਾ, ਵੱਡੇ ਤੜਕੇ ਹਲ ਵਾਹ ਕੇ ਆਏ, ਮੁੜ੍ਹਕੇ ਨਾਲ ਭਿੱਜੇ ਖੱਦਰ ਦੇ ਕੁੜਤੇ ਵਾਲੇ ਬਾਪੂ ਦੀ ਯਾਦ ਦਿਵਾ ਦਿੰਦਾ ਹੈ। ਉਹ ਯਾਰਾਂ ਦਾ ਯਾਰ ਹੈ। ਉਸ ਦਾ ਸੁਭਾਅ ਦਰਵੇਸ਼ਾਂ ਜਿਹਾ ਹੈ। ਭਾਵੇਂ ਉਹ ਕਿਸੇ ਨੂੰ ਪਹਿਲੀ ਵਾਰ ਮਿਲੇ, ਪਰ ਲੱਗਦਾ ਹੀ ਨਹੀਂ ਕਿ ਪਹਿਲੀ ਵਾਰ ਮਿਲ ਰਿਹਾ ਹੈ। ਹਲੀਮੀ ਐਨੀ ਕਿ ਮੂਹਰਲਾ ਬੰਦਾ ਓਸੇ ਦਾ ਹੀ ਹੋ ਕੇ ਰਹਿ ਜਾਵੇ। ਉਂਝ ਵੇਖਣ ਨੂੰ ਉਸ ਦੇ ਚਿਹਰੇ ਉੱਪਰ ਇੱਕ ਸਖਤੀ ਜ਼ਰੂਰ ਰਹਿੰਦੀ ਹੈ। ਇਹ ਸ਼ਾਇਦ ਇਸ ਕਰਕੇ ਹੋਵੇ ਕਿ ਉਸ ਨੇ ਲੱਗਭਗ ਵੀਹ ਸਾਲ ਆਸਟਰੀਆ ਅਤੇ ਜਰਮਨ ਦੀ ਬਾਰਡਰ ਪੁਲਿਸ ਵਿੱਚ ਨੌਕਰੀ ਕੀਤੀ ਹੈ। ਸ਼ਿਵਚਰਨ ਨੂੰ ਘਰ ਵਾਲੇ ਅਤੇ ਦੋਸਤ-ਮਿੱਤਰ ਪਿਆਰ ਨਾਲ "ਜੱਗਾ" ਆਖਦੇ ਹਨ, ਪਰ 'ਜੱਗੇ' ਤੋਂ "ਜੱਗੀ ਕੁੱਸਾ" ਬਣਨ ਦਾ ਵਾਕਿਆ ਵੀ ਦਿਲਚਸਪ ਹੈ। ਆਓ ਕਰਦੇ ਹਾਂ ਉਨਾਂ ਨਾਲ ਕੁੱਝ ਗੱਲਾਂ-ਬਾਤਾਂ-

ਸਵਾਲ- ਕੁੱਸਾ ਸਾਹਿਬ, ਸ਼ੁਰੂ ਤੋਂ ਹੀ ਸ਼ੁਰੂ ਹੋ ਜਾਓ ?

- ਹਰਵਿੰਦਰ, ਸ਼ੇਰਾ, ਮੇਰਾ ਪਿੰਡ ਤੈਨੂੰ ਪਤਾ ਈ ਆ, ਤੇਰੇ ਗਵਾਂਢ 'ਚ ਹੀ ਹੈ, ਛੋਟਾ ਜਿਹਾ ਪਿੰਡ "ਕੁੱਸਾ"। ਮੋਗਾ ਜਿਲ੍ਹੇ 'ਚ ਪੈਂਦੈ। ਮੇਰਾ ਜਨਮ ਇਸੇ ਪਿੰਡ, ਪਿਤਾ ਪੰਡਤ ਬ੍ਰਹਮਾ ਨੰਦ ਦੇ ਘਰ, ਮਾਤਾ ਗੁਰਨਾਮ ਕੌਰ ਦੀ ਕੁੱਖੋਂ ਪਹਿਲੀ ਅਕਤੂਬਰ 1965 ਨੂੰ ਹੋਇਆ। ਦਸਵੀਂ ਤੱਕ ਦੀ ਪੜ੍ਹਾਈ ਗੁਰੂ ਨਾਨਕ ਖਾਲਸਾ ਸਕੂਲ ਤਖਤੂਪੁਰਾ ਵਿਖੇ ਕੀਤੀ। ਦਸਵੀਂ ਤੋਂ ਬਾਅਦ ਇੱਕ ਸਾਲ ਡੀ. ਐਮ. ਕਾਲਿਜ ਮੋਗਾ ਵਿਖੇ ਲਾਇਆ। ਉਪਰੰਤ ਉਚੇਰੀ ਪੜ੍ਹਾਈ ਲਈ ਆਸਟਰੀਆ ਚਲਾ ਗਿਆ, ਜਿੱਥੇ ਮਜ਼ਦੂਰੀ ਦੇ ਨਾਲ ਨਾਲ ਯੂਨੀਵਰਸਿਟੀ ਪੱਧਰ ਦੀ ਛੇ ਸਾਲ ਦੀ ਪੜ੍ਹਾਈ ਪੂਰੀ ਕੀਤੀ। 1986 ਤੋਂ 2006 ਤੱਕ ਆਸਟਰੀਆ ਅਤੇ ਜਰਮਨ ਬਾਰਡਰ ਪੁਲਿਸ ਵਿੱਚ ਨੌਕਰੀ ਕੀਤੀ ਅਤੇ ਅੱਜ ਕੱਲ੍ਹ ਲੰਡਨ (ਇੰਗਲੈਂਡ) ਵਿੱਚ ਰਹਿ ਰਿਹਾ ਹਾਂ।

ਸਵਾਲ- ਘਰਦਿਆਂ ਦੇ "ਜੱਗੇ" ਤੋਂ "ਜੱਗੀ ਕੁੱਸਾ" ਕਿਵੇਂ ਬਣੇ ?

- (ਮੁਸਕਰਾਉਂਦੇ ਹੋਏ) ਤੈਥੋਂ ਕੀ ਭੁੱਲਿਐ ਸ਼ੇਰਾ... ਪਰ ਚੱਲ ਦੱਸ ਦਿੰਦਾ ਹਾਂ। ਜਦੋਂ ਮੈਂ ਮੋਗੇ ਡੀ. ਐਮ. ਕਾਲਿਜ ਪੜ੍ਹਨ ਲੱਗਿਆ ਤਾਂ ਚੜ੍ਹਦੀ ਉਮਰ ਹੋਣ ਕਰਕੇ ਦਿਲ ਵਿੱਚ ਕਿਸੇ ਲਈ ਪਿਆਰ ਪਨਪਣਾ ਸੁਭਾਵਿਕ ਸੀ। ਮੇਰੇ ਨਾਲ ਕਿਸੇ ਹੋਰ ਪਿੰਡ ਦੀ ਇੱਕ ਕੁੜੀ ਪੜ੍ਹਦੀ ਸੀ। ਸੀ ਬਾਹਲੀ ਸੋਹਣੀ ਸੁਨੱਖੀ। ਉਸ ਨੂੰ ਮੇਰਾ ਜੱਗਾ ਨਾਮ ਪਸੰਦ ਨਹੀਂ ਸੀ। ਜਦ ਮੇਰੇ ਹਮਜਮਾਤੀਆਂ ਨੇ ਮੈਨੂੰ “ਜੱਗਾ” ਕਹਿ ਕੇ ਸੱਦਣਾ, ਤਾਂ ਉਸ ਨੇ ਬਹੁਤ ਖਿਝਣਾ। ਇੱਕ ਦਿਨ ਮੈਂ ਪੁੱਛ ਈ ਲਿਆ ਤਾਂ ਕਹਿੰਦੀ, ਮੈਨੂੰ ਤੇਰਾ ਜੱਗਾ ਨਾਮ ਉੱਕਾ ਈ ਪਸੰਦ ਨੀ। ਜੱਗਾ ਨਾਮ ਤਾਂ ਡਾਕੂਆਂ ਜਿਆਂ ਦਾ ਹੁੰਦੈ। ਮੈਖਿਆ, ਫੇਰ ਤੈਨੂੰ ਕਿਹੜਾ ਨਾਮ ਪਸੰਦ ਹੈ? ਕੀ ਆਖ ਕੇ ਬੁਲਾਵੇਂਗੀ? ਮਹਾਤਮਾ ਬੁੱਧ ਕਿ ਮਹਾਤਮਾ ਗਾਂਧੀ?? ਉਹ ਕੁਝ ਚਿਰ ਸੋਚ ਕੇ ਬੋਲੀ, "ਮੈਂ ਤੈਨੂੰ 'ਜੱਗੀ ਕੁੱਸਾ' ਕਿਹਾ ਕਰਾਂਗੀ!” ਮੈਂ ਉਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਤਾਂ ਨਾ ਬਣਾ ਸਕਿਆ, ਪਰ ਅੱਜ ਉਸ ਦੁਆਰਾ ਰੱਖੇ ਗਏ ਨਾਮ ਨਾਲ ਹੀ ਜਾਣਿਆ ਜਾਂਦਾ ਹਾਂ।

ਸਵਾਲ- ਲਿਖਣ ਦੀ ਲਗਨ ਕਿਵੇਂ ਲੱਗੀ ?


- ਅਸਲ ਵਿੱਚ ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ ਅਤੇ ਅੱਜ ਵੀ ਹੈ। ਜੇ ਤੁਸੀਂ ਪੜ੍ਹਦੇ ਨਹੀਂ ਤਾਂ ਲਿਖ ਨਹੀਂ ਸਕਦੇ। ਲਿਖਣ ਲਈ ਪੜ੍ਹਨਾ ਬੇਹੱਦ ਜ਼ਰੂਰੀ ਹੈ। ਪਹਿਲਾਂ ਕਿਤਾਬਾਂ ਪੜ੍ਹ ਕੇ ਗਿਆਨ ਇਕੱਠਾ ਕਰਨਾ ਪੈਂਦਾ ਹੈ। ਫਿਰ ਜੋ ਲਿਖਿਆ ਜਾਂਦਾ ਹੈ, ਉਹ ਸਹਿਜ ਸੁਭਾਅ ਲਿਖਿਆ ਜਾਂਦਾ ਹੈ ਅਤੇ ਪਾਠਕਾਂ ਦੀ ਨਜ਼ਰ ਵਿੱਚ ਪ੍ਰਵਾਨ ਚੜ੍ਹਦਾ ਹੈ। ਮੈਨੂੰ ਪੜ੍ਹਨ ਤੇ ਲਿਖਣ ਦੀ ਪ੍ਰੇਰਨਾ ਸਾਡੇ ਹੀ ਪਿੰਡ ਦੇ ਮਹਾਨ ਕ੍ਰਾਂਤੀਕਾਰੀ ਲੇਖਕ ਓਮ ਪ੍ਰਕਾਸ਼ ਕੁੱਸਾ ਨੇ ਦਿੱਤੀ। ਇੱਥੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਮਸ਼ਹੂਰ ਨਾਵਲਕਾਰ ਕਰਮਜੀਤ ਕੁੱਸਾ (ਸਵਰਗੀ) ਵੀ ਮੇਰੇ ਪਿੰਡ ਦਾ ਹੀ ਜੰਮਪਲ ਸੀ ਅਤੇ ਉਸ ਨੂੰ ਲਿਖਣ ਦੀ ਪ੍ਰੇਰਨਾ ਵੀ ਓਮ ਪ੍ਰਕਾਸ਼ ਜੀ ਨੇ ਹੀ ਦਿੱਤੀ ਸੀ। ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਮੈਂ ਆਪਣੇ ਪਿੰਡ ਦੇ ਨਾਵਲਕਾਰ ਕਰਮਜੀਤ ਕੁੱਸਾ ਤੋਂ ਲੈ ਕੇ ਪੰਜਾਬੀ ਦਾ ਕੋਈ ਵੀ ਲੇਖਕ ਪੜ੍ਹਨ ਵੱਲੋਂ ਨਹੀਂ ਛੱਡਿਆ। ਬਾਹਰ ਆ ਕੇ ਬਾਹਰਲੇ ਲੇਖਕ ਰਸੂਲ ਹਜ਼ਮਾਤੋਵ ਤੋਂ ਲੈ ਕੇ ਲਿਓ ਟਾਲਸਟਾਏ ਤੱਕ ਨਿੱਠ ਕੇ ਪੜ੍ਹਿਆ। ਆਸਟਰੀਆ ਦੇ ਜੰਮਪਲ ਅਤੇ ਪਿੱਛੋਂ ਜਰਮਨ ਦੇ ਡਿਕਟੇਟਰ ਬਣੇ ਆਡੋਲਿਫ਼ ਹਿਟਲਰ ਦੀ ਕਿਤਾਬ "ਮੇਰੀ ਜੰਗ" (ਮਾਈਨ ਕੰਫ) ਮੈਂ ਕਿੰਨੇ ਵਾਰ ਪੜ੍ਹ ਚੁੱਕਾ ਹਾਂ। ਪੜ੍ਹਨ ਦੇ ਇਸੇ ਜਨੂੰਨ ਵਿੱਚੋਂ ਹੀ ਲਿਖਣ ਦੇ ਸ਼ੌਕ ਨੇ ਜਨਮ ਲਿਆ। ਉਂਜ ਮੋਗੇ ਕਾਲਿਜ ਪੜ੍ਹਦਿਆਂ ਗਾਇਕ ਅਤੇ ਐਕਟਰ ਬਣਨ ਦੀਆਂ ਲੂਹਰੀਆਂ ਵੀ ਉਠੀਆਂ। ਏਥੇ ਪੜ੍ਹਦਿਆਂ ਹੀ ਮਨ ਨੂੰ ਅਜੇਹੀ ਠੇਸ ਵੀ ਲੱਗੀ ਕਿ ਸਭ ਕੁਝ ਛੱਡ-ਛੁਡਾ ਕੇ ਸਾਧ ਹੋਣ ਬਾਰੇ ਵੀ ਸੋਚ ਲਿਆ। ਪਰ ਆਖਰ ਨੂੰ ਵਾਹਿਗੁਰੂ ਨੇ ਕਿਰਪਾ ਕੀਤੀ ਅਤੇ ਲਿਖਣ ਵੱਲ ਨੂੰ ਤੋਰ ਲਿਆ।


ਸਵਾਲ- ਆਪਣੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਓ ?

- ਗੁਰੂ ਮਹਾਰਾਜ ਦੀ ਕਿਰਪਾ ਨਾਲ ਮੇਰੇ ਹੁਣ ਤੱਕ "ਜੱਟ ਵੱਢਿਆ ਬੋਹੜ ਦੀ ਛਾਵੇਂ" ਤੋਂ ਲੈ ਕੇ "ਕੁੱਲੀ ਯਾਰ ਦੀ ਸੁਰਗ ਦਾ ਝੂਟਾ" ਤੱਕ ਕੁੱਲ 22 ਨਾਵਲ ਛਪ ਚੁੱਕੇ ਹਨ। ਇਸ ਤੋਂ ਬਿਨਾਂ ਚਾਰ ਕਹਾਣੀ ਸੰਗ੍ਰਹਿ, ਚਾਰ ਵਿਅੰਗ ਸੰਗ੍ਰਹਿ, ਇੱਕ ਕਵਿਤਾ ਸੰਗ੍ਰਿਹ "ਤੇਰੇ ਤੋਂ ਤੇਰੇ ਤੱਕ" ਅਤੇ ਇੱਕ "ਸੱਚ ਆਖਾਂ ਤਾਂ ਭਾਂਬੜ ਮੱਚਦਾ" ਨਾਮ ਦਾ ਲੇਖ ਸੰਗ੍ਰਹਿ, ਜਿਸ ਵਿੱਚ ਯਾਸਰ ਅਰਾਫ਼ਾਤ ਤੋਂ ਲੈ ਕੇ ਸਦਾਮ ਹੁਸੈਨ ਬਾਰੇ ਲਿਖੇ ਹੋਏ ਲੇਖ ਸ਼ਾਮਿਲ ਕੀਤੇ ਹਨ। ਇਸ ਤੋਂ ਬਿਨਾਂ ਇੱਕ ਸੰਸਥਾ ਮੇਰੇ ਨਾਵਲਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਵਾ ਕੇ ਛਾਪ ਰਹੀ ਹੈ, ਜਿੰਨ੍ਹਾਂ ਵਿੱਚ; INTO THE MOONLESS NIGHT ਦੇ ਨਾਮ ਹੇਠ ਨਾਵਲ "ਤਰਕਸ਼ ਟੰਗਿਆ ਜੰਡ" ਦਾ ਅਨੁਵਾਦ,  THE LOST FOOTPRINTS ਦੇ ਨਾਮ ਹੇਠ "ਸੱਜਰੀ ਪੈੜ ਦਾ ਰੇਤਾ" ਨਾਵਲ ਦਾ ਅਨੁਵਾਦ, THE STRUGGLE FOR HONOUR ਦੇ ਨਾਮ ਹੇਠ "ਪੁਰਜਾ ਪੁਰਜਾ ਕਟਿ ਮਰੈ" ਨਾਵਲ ਦਾ ਅਨੁਵਾਦ ਅਤੇ OUTSIDE, SOMEWHERE, A LAMP BURNS ਦੇ ਨਾਮ ਹੇਠ "ਬਾਰ੍ਹੀਂ ਕੋਹੀਂ ਬਲ਼ਦਾ ਦੀਵਾ" ਨਾਵਲਾਂ ਦਾ ਅਨੁਵਾਦ ਹੋ ਚੁੱਕਾ ਹੈ ਅਤੇ ਕੁਛ ਬਾਕੀ ਨਾਵਲ ਅਜੇ ਅਨੁਵਾਦ ਹੋ ਰਹੇ ਹਨ। ਅਨੁਵਾਦ ਹੋ ਚੁੱਕੇ ਨਾਵਲ ਦੁਨੀਆਂ ਭਰ ਵਿਚ ਖਰੀਦਣ ਲਈ ਉਪਲੱਭਦ ਹਨ।

ਸਵਾਲ- ਤੁਹਾਡੇ ਜਿਆਦਾਤਰ ਨਾਵਲਾਂ ਦੇ ਨਾਮ ਲੰਮੇ-ਲੰਮੇ ਹਨ। ਜਿਵੇਂ ਬੂਟਾ ਸਿੰਘ ਸ਼ਾਦ ਦੇ ਜਿਆਦਾਤਰ ਨਾਵਲਾਂ ਦੇ ਹੁੰਦੇ ਸਨ ?

- ਠੀਕ ਕਿਹਾ ਸ਼ੇਰਾ। ਅਸਲ ਵਿੱਚ ਬਾਈ ਬੂਟਾ ਸਿੰਘ ਸ਼ਾਦ ਦੇ ਨਾਵਲਾਂ ਨਾਲ ਮੇਰੀ ਸਾਂਝ ਹੈ। ਮੋਗੇ ਕਾਲਿਜ ਪੜ੍ਹਦਿਆਂ ਬਾਈ ਸ਼ਾਦ ਦਾ ਨਾਵਲ "ਕੁੱਤਿਆਂ ਵਾਲੇ ਸਰਦਾਰ" ਪੜ੍ਹਿਆ ਸੀ ਅਤੇ ਮੈਂ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਓਸੇ ਵੇਲੇ ਹੀ ਮੇਰੇ ਮਨ ਵਿੱਚ ਕਿਧਰੇ ਲੇਖਕ ਬਣਨ ਦੇ ਸੁਪਨੇ ਨੇ ਜਨਮ ਲਿਆ ਸੀ। ਅੱਜ ਬੂਟਾ ਸਿੰਘ ਸ਼ਾਦ ਹੁਰੀਂ ਮੇਰੇ ਪਰਮ ਮਿੱਤਰ ਅਤੇ ਸਾਹਿਤਕ ਉਸਤਾਦ ਹਨ। ਮੇਰੇ ਨਾਵਲ ਮੇਰੇ ਲੋਕਾਂ ਨੇ ਪੜ੍ਹਨੇ ਹਨ, ਇਸ ਕਰਕੇ ਮੇਰੇ ਨਾਵਲਾਂ ਦੇ ਨਾਮ ਵੀ ਇਸ ਤਰ੍ਹਾਂ ਦੇ ਹੁੰਦੇ ਹਨ, ਜੋ ਲੋਕਾਂ ਨੂੰ ਆਪਣੇ ਆਪਣੇ ਲੱਗਣ।


ਸਵਾਲ- ਗੁਰਬਾਣੀ ਵਰਗੀ ਗੂੜ੍ਹ ਰਚਨਾ ਦੀ ਸਮਝ ਹਰ ਬੰਦੇ ਨੂੰ ਨਹੀਂ ਹੁੰਦੀ। ਤੁਹਾਡੇ ਬਹੁਤੇ ਨਾਵਲਾਂ ਵਿੱਚ ਬਹੁਤ ਵਾਰ ਗੁਰਬਾਣੀ ਦੀਆਂ ਤੁਕਾਂ ਦਾ ਹਵਾਲਾ ਦਿੱਤਾ ਗਿਆ ਹੈ। ਕੀ ਇਸਦਾ ਕੋਈ ਖਾਸ ਕਾਰਨ ਹੈ ?


- ਸ਼ੇਰਾ, ਜਿਹੋ ਜਿਹਾ ਬੀਜਿਆ ਜਾਂਦਾ ਹੈ, ਉਹੋ ਜਿਹਾ ਹੀ ਫ਼ਲ ਲੱਗਦਾ ਹੈ। ਇਹ ਸਵਾਲ ਮੈਨੂੰ ਹੋਰ ਵੀ ਕਈ ਮਿੱਤਰਾਂ ਨੇ ਪੁੱਛਿਆ ਹੈ ਕਿ ਤੁਸੀਂ ਪੰਡਤਾਂ ਦੇ ਮੁੰਡੇ ਹੋ ਕੇ ਗੁਰਬਾਣੀ ਨਾਲ ਐਨਾ ਪ੍ਰੇਮ ਕਿਵੇਂ ? ਗੱਲ ਜ਼ਾਤ-ਪਾਤ ਦੀ ਨਹੀਂ, ਸ਼ਰਧਾ ਦੀ ਹੁੰਦੀ ਹੈ।

ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੇਰੀ ਦਸਵੀਂ ਤੱਕ ਦੀ ਪੜ੍ਹਾਈ ਗੁਰੂ ਨਾਨਕ ਖਾਲਸਾ ਸਕੂਲ ਤਖਤੂਪੁਰਾ ਵਿੱਚ ਹੋਈ, ਜਿਥੇ ਪੰਜ ਸਾਲ ਸਿੱਖੀ ਦੇ ਮੂਲ ਸਿਧਾਂਤਾਂ ਦਾ ਬੜੀ ਬਾਰੀਕੀ ਨਾਲ ਅਧਿਐਨ ਕਰਨ ਦਾ ਮੌਕਾ ਮਿਲਿਆ। ਇਹ ਅਧਿਐਨ ਮੇਰੀ ਜਿੰਦਗੀ ਉੱਪਰ ਆਪਣੀ ਗੂੜ੍ਹੀ ਛਾਪ ਛੱਡ ਗਿਆ। ਜੋ ਤੁਹਾਡੇ ਅੰਦਰ ਹੈ, ਉਸ ਨੇ ਤੁਹਾਡੀਆਂ ਲਿਖਤਾਂ ਵਿੱਚੋਂ ਦੀ ਝਾਤੀ ਮਾਰਨੀ ਹੀ ਮਾਰਨੀ ਹੈ।


ਸਵਾਲ- ਤੁਹਾਡੀ ਲਿਖਣ ਸ਼ੈਲੀ ਪਾਠਕਾਂ ਵਿੱਚ ਕਿਸੇ ਲੋਕ ਗੀਤ ਵਾਂਗ ਪ੍ਰਵਾਨ ਚੜ੍ਹੀ ਹੈ। ਕੀ ਕਹਿਣਾ ਚਾਹੋਗੇ ? ਲਿਖਣ ਲਈ ਕਿੰਨਾ ਕੁ ਸਮਾਂ ਕੱਢ ਲੈਂਦੇ ਹੋ ?

- ਮੇਰੀ ਲਿਖਣ ਸ਼ੈਲੀ ਆਮ ਲੋਕਾਂ ਦੀ ਜੀਵਨ-ਸ਼ੈਲੀ ਨਾਲ ਮੇਲ ਖਾਂਦੀ ਹੈ, ਇਸੇ ਕਰਕੇ ਪਾਠਕ ਬੇਹੱਦ ਪਿਆਰ ਦਿੰਦੇ ਹਨ। ਮੈਂ ਵਲ-ਵਲੇਵੇਂ ਪਾ ਕੇ ਨਹੀਂ ਲਿਖਦਾ, ਅਤੇ ਨਾ ਹੀ ਕਦੇ ਘੁੰਡ ਜਿਹਾ ਕੱਢ ਕੇ ਲਿਖਿਆ ਹੈ। ਵੈਸੇ ਵੀ ਹਰ ਲੇਖਕ ਦਾ ਲਿਖਣ ਦਾ ਆਪਣਾ ਅੰਦਾਜ਼ ਹੁੰਦਾ ਹੈ। ਸੱਚੀ ਗੱਲ ਸਪੱਸ਼ਟ ਰੂਪ ਵਿੱਚ ਕਹਿਣੋਂ ਮੈਥੋਂ ਰੁਕਿਆ ਨਹੀਂ ਜਾਂਦਾ। ਸ਼ਾਇਦ ਕਈਆਂ ਨੂੰ ਠਾਹ ਸੋਟੇ ਵਾਂਗ ਵੱਜਦੀ ਵੀ ਹੋਵੇ? ਪਰ ਬਹੁਗਿਣਤੀ ਪਾਠਕ ਮੇਰੀ ਲਿਖਣ ਸ਼ੈਲੀ ਨੂੰ ਪਿਆਰ ਕਰਦੇ ਹਨ। ਬਾਕੀ ਜਦੋਂ ਕਿਸੇ ਲਿਖਣ ਪ੍ਰੋਜੈਕਟ 'ਤੇ ਕੰਮ ਚੱਲ ਰਿਹਾ ਹੁੰਦਾ ਹੈ, ਤਾਂ ਬਹੁਤ ਘੱਟ ਨੀਂਦ ਲੈਂਦਾ ਹਾਂ ਅਤੇ ਚੌਵੀ ਘੰਟਿਆਂ ਵਿੱਚ ਇੱਕ ਵਾਰ ਹੀ ਪ੍ਰਸ਼ਾਦਾ ਛੱਕਦਾ ਹਾਂ।


ਸਵਾਲ- ਜਿਆਦਾਤਰ ਲੇਖਕ ਵਿਸ਼ੇ ਦੇ ਦੁਹਰਾਓ ਤੋਂ ਬਚਣ ਦੀ ਕੋਸ਼ਿਸ ਕਰਦੇ ਹਨ। ਪੰਜਾਬ ਦੇ ਮਾੜੇ ਦੌਰ ਉੱਪਰ ਤੁਸੀਂ ਇੱਕ ਤੋਂ ਵੱਧ ਨਾਵਲ ਲਿਖੇ ਹਨ। ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ?

- ਵਿਸ਼ੇ ਦੇ ਦੁਹਰਾਓ ਤੋਂ ਤਾਂ ਮੈਂ ਵੀ ਹਮੇਸ਼ਾ ਬਚਣ ਦੀ ਕੋਸ਼ਿਸ ਕੀਤੀ ਹੈ। ਪਰ ਪੰਜਾਬ ਉੱਪਰ ਜੋ ਦਹਿਸ਼ਤਗਰਦੀ ਦੀ ਕਾਲੀ ਹਨ੍ਹੇਰੀ ਝੁੱਲੀ ਸੀ, ਉਸ ਦੀਆਂ ਘਟਨਾਵਾਂ ਨੂੰ ਇੱਕ ਰਚਨਾ ਵਿੱਚ ਸਮੇਟਣਾ ਘੜ੍ਹੇ ਵਿੱਚ ਸਮੁੰਦਰ ਬੰਦ ਕਰਨ ਵਾਂਗ ਔਖਾ ਸੀ। ਇਸ ਦੌਰ ਦੀ ਕਹਾਣੀ ਕਹਿੰਦੇ ਮੇਰੇ ਤਿੰਨ ਨਾਵਲ ਹਨ, ਨੰਬਰ ਇੱਕ, "ਪੁਰਜਾ ਪੁਰਜਾ ਕਟਿ ਮਰੈ," ਨੰਬਰ ਦੋ "ਤਵੀ ਤੋਂ ਤਲਵਾਰ ਤੱਕ" ਅਤੇ ਨੰਬਰ ਤਿੰਨ "ਬਾਰ੍ਹੀਂ ਕੋਹੀਂ ਬਲ੍ਹਦਾ ਦੀਵਾ"। ਤਿੰਨਾਂ ਨਾਵਲਾਂ ਦੀਆਂ ਘਟਨਾਵਾਂ ਵਿੱਚ ਤੁਹਾਨੂੰ ਦੁਹਰਾਓ ਨਹੀਂ ਮਿਲੇਗਾ। ਤਿੰਨਾਂ ਨਾਵਲਾਂ ਨੂੰ ਤੁਸੀਂ ਵਿਸ਼ੇ ਦੇ ਦੁਹਰਾਓ ਵਜੋਂ ਨਾ ਲੈ ਕੇ, ਭਾਗ ਪਹਿਲਾ, ਦੂਜਾ ਅਤੇ ਭਾਗ ਤੀਜਾ ਵਜੋਂ ਵੇਖ ਸਕਦੇ ਹੋ। ਜਦ "ਤਵੀ ਤੋਂ ਤਲਵਾਰ ਤੱਕ" ਲਿਖਣ ਤੋਂ ਬਾਅਦ ਵੀ ਏਦਾਂ ਲੱਗਿਆ ਕਿ ਹਾਲੇ ਇਸ ਦੌਰ ਬਾਰੇ ਬਹੁਤ ਕੁਝ ਹੈ, ਜੋ ਪਾਠਕਾਂ ਦੇ ਸਾਹਮਣੇ ਲਿਆਉਣ ਵੱਲੋਂ ਰਹਿ ਗਿਆ ਹੈ, ਤਾਂ ਮੈਨੂੰ ਤੀਜਾ ਨਾਵਲ "ਬਾਰ੍ਹੀਂ ਕੋਹੀਂ ਬਲ੍ਹਦਾ ਦੀਵਾ" ਲਿਖਣਾ ਪਿਆ। ਇਸੇ ਦੌਰ ਉੱਪਰ ਮੈਂ ਦੋ-ਤਿੰਨ ਕਹਾਣੀਆਂ ਵੀ ਲਿਖੀਆਂ ਹਨ। ਇੱਕ ਤਰਾਂ ਨਾਲ ਇਸ ਤਰਾਂ ਕਰਨਾ ਉਸ ਬੀਤੇ ਦੌਰ ਦੀ ਮੰਗ ਸੀ ਅਤੇ ਜੇ ਮੈਂ ਇਸ ਤਰਾਂ ਨਾ ਕਰਦਾ ਤਾਂ ਉਸ ਮਾੜੇ ਦੌਰ ਦੀ ਦਾਸਤਾਂ ਨਾਲ ਬੇਇਨਸਾਫ਼ੀ ਹੋਣੀ ਸੀ।


ਸਵਾਲ- ਤੁਸੀਂ ਆਪਣੀਆਂ ਰਚਨਾਵਾਂ ਵਿੱਚ ਹੋਰ ਕਿਹੜੇ ਕਿਹੜੇ ਵਿਸ਼ੇ ਛੂਹੇ ਹਨ ?

- ਜਿਹੜੇ-ਜਿਹੜੇ ਖੇਤਰਾਂ ਵਿੱਚ ਪੰਜਾਬੀਆਂ ਨੇ ਦੁੱਖ-ਤਕਲੀਫ਼ਾਂ ਝੱਲੀਆਂ ਜਾਂ ਝੱਲ ਰਹੇ ਹਨ, ਉਹ ਸਾਰੇ ਖੇਤਰ ਹੀ ਮੇਰੀਆਂ ਰਚਨਾਵਾਂ ਦਾ ਵਿਸ਼ਾ ਬਣਦੇ ਹਨ, ਕਿਓਂਕਿ ਸਾਰੇ ਪੰਜਾਬੀਆਂ ਨੂੰ ਮੈਂ ਆਪਣਾ ਪਰਿਵਾਰ ਹੀ ਮੰਨਦਾ ਹਾਂ। ਪਿਛਲੇ ਸਮੇਂ ਵਿੱਚ ਪੰਜਾਬੀਆਂ ਨੇ ਬਾਹਰ ਜਾਣ ਦੇ ਚੱਕਰ ਵਿੱਚ ਏਜੰਟਾਂ ਤੋਂ ਬਹੁਤ ਛਿੱਲ ਲੁਹਾਈ। ਇਨਾਂ ਏਜੰਟਾਂ ਦੇ ਧੱਕੇ ਚੜ੍ਹੇ ਕਈ ਮੁੰਡੇ ਤਾਂ ਵਿਚਾਰੇ ਆਪਣੀ ਜਾਨ ਤੋਂ ਹੱਥ ਧੋ ਬੈਠੇ। ਮੈਂ ਲੱਗਪੱਗ ਵੀਹ ਸਾਲ ਆਸਟਰੀਆ ਅਤੇ ਜਰਮਨ ਬਾਰਡਰ ਪੁਲਿਸ ਵਿੱਚ ਸੇਵਾ ਨਿਭਾਈ ਹੈ। ਬਾਰਡਰਾਂ ਉੱਪਰ ਫੜੇ ਜਾਂਦੇ ਮੁੰਡਿਆਂ ਦੀ ਦਾਸਤਾਂ ਸੁਣ ਕੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਸਨ। ਇਸੇ ਵਿਸ਼ੇ ਨੂੰ ਛੋਂਹਦਾ ਮੇਰਾ ਨਾਵਲ "ਤਰਕਸ਼ ਟੰਗਿਆ ਜੰਡ" ਹੈ। "ਰੂਹ ਲੈ ਗਿਆ ਦਿਲਾਂ ਦਾ ਜਾਨੀ" ਇੰਗਲੈਂਡ ਵਸਦੀਆਂ ਚਾਰ ਪੀੜ੍ਹੀਆਂ ਦਾ ਦੁਖਾਂਤ ਹੈ, ਸੋ ਇਸ ਵਿੱਚ ਪ੍ਰਵਾਸ ਦਾ ਹੇਰਵਾ, ਔਕੜਾਂ, ਮਜਬੂਰੀਆਂ ਅਤੇ ਪੀੜ੍ਹੀ ਦਰ ਪੀੜ੍ਹੀ ਵਿਰਾਸਤੀ ਖੋਰੇ ਦਾ ਘਾਟਾ ਦਰਸਾਇਆ ਹੈ। ਇਸੇ ਤਰਾਂ ਕੁਝ ਅਖੌਤੀ ਬਾਬਿਆਂ ਵੱਲੋਂ ਭੋਲੇ-ਭਾਲੇ ਪੰਜਾਬੀਆਂ ਨੂੰ ਧਰਮ ਦੇ ਚੱਕਰਾਂ ਵਿੱਚ ਪਾ ਕੇ ਲੁੱਟਣ ਦੇ ਵਿਸ਼ੇ 'ਤੇ ਵੀ "ਅੱਖੀਆਂ 'ਚ ਤੂੰ ਵਸਦਾ" ਨਾਵਲ ਲਿਖਿਆ ਹੈ। ਵੈਸੇ ਜੋ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰਦੇ ਹਨ, ਉਨਾਂ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ।


ਸਵਾਲ- ਹੁਣ ਦੇ ਦੌਰ ਦੀਆਂ ਸਾਹਿਤਕ ਸਭਾਵਾਂ ਜਾਂ ਸਾਹਿਤਕ ਸਮਾਗਮਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ?

- ਮੈਂ ਕਦੇ ਕਿਸੇ ਸਾਹਿਤ ਸਭਾ ਜਾਂ ਸਾਹਿਤਕ ਸਮਾਗਮ ਵਿੱਚ ਨਹੀਂ ਗਿਆ ਅਤੇ ਨਾ ਹੀ ਜਾਣਾ ਚਾਹੁੰਦਾ ਹਾਂ। ਸਿਰਫ, ਮੇਰੇ ਬਹੁਤ ਹੀ ਪੁਰਾਣੇ ਦੋਸਤ, "ਮੀਡੀਆ ਪੰਜਾਬ" ਜਰਮਨੀ ਵਾਲੇ ਬਲਦੇਵ ਸਿੰਘ ਬਾਜਵਾ ਦੇ ਸੱਦੇ ਉੱਤੇ, ਇੱਕ ਦੋਸਤ ਦੇ ਤੌਰ 'ਤੇ ਹਾਜ਼ਰੀ ਜ਼ਰੂਰ ਲਵਾਈ ਹੈ। ਸਾਰੀਆਂ ਤਾਂ ਨਹੀਂ, ਪਰ ਬਹੁਤੀਆਂ ਸਾਹਿਤ ਸਭਾਵਾਂ ਦਾ ਹਾਲ ਇਹ ਹੈ ਕਿ ਜੇ ਤੁਸੀਂ ਇਨਾਂ ਦੇ ਥੋੜ੍ਹਾ ਅੰਦਰ ਵੜ ਕੇ ਵੇਖੋਂ ਤਾਂ ਪਤਾ ਲੱਗੇਗਾ ਕਿ ਕਿਵੇਂ ਸਾਰਿਆਂ ਨੂੰ ਅਹੁਦੇਦਾਰੀਆਂ ਹਾਸਿਲ ਕਰਨ ਦੀ ਹੋੜ ਲੱਗੀ ਹੋਈ ਹੈ ਅਤੇ ਕਿਵੇਂ ਦੂਜਿਆਂ ਨੂੰ ਬਿਨਾ ਕਾਰਨ ਭੰਡ ਕੇ ਆਪਣੀ ਹਉਮੈਂ ਤੇ ਚੌਧਰ ਚਮਕਾਈ ਜਾਂਦੀ ਹੈ। ਈਰਖਾ, ਸਾੜੇ ਅਤੇ ਟੰਗਾਂ-ਖਿੱਚੂ ਬਿਰਤੀ ਦਾ ਬੋਲ-ਬਾਲਾ ਹੈ। ਮੈਨੂੰ ਇਹ ਗੱਲਾਂ ਬਿਲਕੁਲ ਵੀ ਚੰਗੀਆਂ ਨਹੀਂ ਲੱਗਦੀਆਂ। ਇੱਧਰ ਬਾਹਰ ਵੀ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਹੁੰਦੀਆਂ ਰਹਿੰਦੀਆਂ ਹਨ, ਸੱਦੇ ਵੀ ਆਉਂਦੇ ਹਨ, ਪਰ ਮੈਂ ਕਦੇ ਨਹੀਂ ਗਿਆ। ਧੰਨ ਗੁਰੂ ਨਾਨਕ ਪਾਤਿਸ਼ਾਹ ਦੀ ਕਿਰਪਾ ਨਾਲ, ਅੰਗਰੇਜ਼ੀ ਅਨੁਵਾਦਾਂ ਨੂੰ ਮਿਲਾ ਕੇ ਮੇਰੀਆਂ ਹੁਣ ਤੱਕ ਪੈਂਤੀ ਦੇ ਕਰੀਬ ਕਿਤਾਬਾਂ ਛਪ ਗਈਆਂ ਹਨ, ਪਰ ਮੈਂ ਅੱਜ ਤੱਕ ਇੱਕ ਵੀ ਕਿਤਾਬ ਨਾ ਆਪ ਰਿਲੀਜ਼ ਕੀਤੀ ਹੈ ਅਤੇ ਨਾ ਹੀ ਕਿਸੇ ਤੋਂ ਰਿਲੀਜ਼ ਕਰਵਾਈ ਹੈ। ਨਾ ਹੀ ਕਿਸੇ ਤੋਂ ਮੁੱਖ-ਬੰਦ ਲਿਖਾਉਣ ਲਈ ਲ੍ਹੇਲੜੀਆਂ ਕੱਢੀਆਂ ਤੇ ਨਾ ਹੀ ਕਿਸੇ ਨੂੰ ਰਿਵਿਊ ਕਰਨ ਲਈ ਗੋਡੇ ਘੁੱਟੇ। ਜੇ ਰਿਵਿਊ ਕਰਵਾਉਂਦੇ ਹਨ, ਤਾਂ ਮੇਰੇ ਪਬਲਿਸ਼ਰ ਕਿਤਾਬ ਦੀ ਪਬਲੀਸਿਟੀ ਲਈ ਖ਼ੁਦ ਕਰਵਾਉਂਦੇ ਹਨ। ਮੈਂ ਇਸ ਗੱਲ ਵਿੱਚ ਵਿਸ਼ਵਾਸ ਨਹੀਂ ਰੱਖਦਾ ਕਿ ਮਣਾਂ-ਮੂਹੀਂ ਪੈਸੇ ਖਰਚ ਕਰ ਕੇ ਕਿਤਾਬ ਰਿਲੀਜ਼ ਕਰਵਾਓ ਅਤੇ ਫਿਰ ਆਪਣੀ ਹੀ ਤਾਰੀਫ਼ ਸੁਣੋ। ਜੇ ਤੁਹਾਡੀ ਕਿਰਤ ਵਿੱਚ ਦਮ ਹੈ ਤਾਂ ਪਾਠਕਾਂ ਨੇ ਲੱਭ ਕੇ ਪੜ੍ਹ ਲੈਣੀ ਹੈ, ਉਸ ਨੂੰ ਇਨ੍ਹਾਂ ਸ਼ੋਸ਼ੇਬਾਜ਼ੀਆਂ ਦੀ ਲੋੜ ਨਹੀਂ। ਪਰ ਜੇ ਤੁਹਾਡੀ ਕਿਰਤ ਵਿੱਚ ਦਮ ਨਹੀਂ, ਤਾਂ ਜਿੰਨੇ ਮਰਜ਼ੀ ਸਮਾਗਮ ਕਰਵਾ ਲਵੋ, ਕੋਈ ਫ਼ਾਇਦਾ ਨਹੀਂ। ਇੱਕ ਗੱਲ ਹੋਰ ਵੀ ਹੈ, ਜਦੋਂ ਤੁਸੀਂ ਕਿਸੇ ਧੜ੍ਹੇ ਜਾਂ ਸਾਹਿਤਕ ਸੰਸਥਾ ਨਾਲ਼ ਜੁੜੇ ਹੋਏ ਹੋ, ਤੁਸੀਂ ਸੁਤੰਤਰਤਾ ਨਾਲ਼ ਨਹੀਂ ਲਿਖ ਸਕਦੇ, ਥੋਨੂੰ ਟੋਕਾ-ਟੋਕੀ ਹੀ ਕਰੀ ਜਾਂਦੇ ਨੇ। ਕਈ ਮੇਰੇ 'ਤੇ ਇਹ ਇਲਜ਼ਾਮ ਵੀ ਠੋਕੀ ਆਉਂਦੇ ਨੇ ਕਿ ਜੱਗੀ ਕੁੱਸਾ ਦੇ ਨਾਵਲਾਂ 'ਚ ਪੁਲ਼ਸ ਵਾਲ਼ੇ ਗਾਲ਼ਾਂ ਕੱਢਦੇ ਨੇ, ਇਹ ਓਹੀ ਲੇਖਕ ਨੇ, ਜਿੰਨ੍ਹਾਂ ਨੇ ਸੜਦੇ-ਬਲ਼ਦੇ ਪੰਜਾਬ ਦੇ ਮਸਲੇ ਬਾਰੇ, ਮਤਲਬ 1984 ਤੋਂ ਲੈ ਕੇ 1995 ਤੱਕ ਇੱਕ ਅੱਖਰ ਤੱਕ ਨਹੀਂ ਲਿਖਿਆ, ਜਦੋਂ ਪੰਜਾਬ ਦੀ ਜੁਆਨੀ ਨੂੰ ਕੋਹਿਆ ਜਾ ਰਿਹਾ ਸੀ। ਉਹਨਾਂ ਤਬਾਹ ਕੀਤੇ ਗਏ ਲੋਕਾਂ ਨੂੰ ਪੁੱਛ ਕੇ ਵੇਖੋ ਕਿ ਓਦੋਂ ਪੁਲ਼ਸ ਦੀ ਭਾਸ਼ਾ ਅਤੇ ਵਰਤਾਰਾ ਕੀ ਸੀ? ਅੱਜ ਦੇ ਮੌਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਪਰ ਓਸ ਵੇਲ਼ੇ ਜਦ "ਪੁਰਜਾ ਪੁਰਜਾ ਕਟਿ ਮਰੈ" ਵਰਗੇ ਮੇਰੇ ਨਾਵਲ ਆਏ, ਓਦੋਂ ਐਹੋ ਜਿਹਾ ਸੱਚ ਲਿਖਣਾ ਖੰਡੇ ਦੀ ਧਾਰ 'ਤੇ ਨੱਚਣ ਵਾਲ਼ੀ ਗੱਲ ਸੀ। ਜਦੋਂ ਪੰਜਾਬ ਵਿੱਚ ਪੂਰਾ ਗਦਰ ਮੱਚਿਆ ਹੋਇਆ ਸੀ, ਓਦੋਂ "ਪੁਰਜਾ ਪੁਰਜਾ ਕਟਿ ਮਰੈ", "ਤਵੀ ਤੋਂ ਤਲਵਾਰ ਤੱਕ" ਅਤੇ "ਬਾਰ੍ਹੀਂ ਕੋਹੀਂ ਬਲ਼ਦਾ ਦੀਵਾ" ਵਰਗੇ ਨਾਵਲ ਲਿਖੇ ਗਏ, ਨਾਲ਼ੇ ਠੋਕ ਕੇ ਲਿਖੇ ਗਏ, ਮੈਂ ਘੁੰਡ ਜਿਆ ਕੱਢ ਕੇ ਨੀ ਲਿਖਿਆ।

ਸਵਾਲ: ਤੁਹਾਡੇ ਨਾਵਲਾਂ ਵਿੱਚ ਦਾਰੂ ਦਾ ਜ਼ਿਕਰ ਵੀ ਆਉਂਦਾ ਹੈ, ਪੈੱਗ-ਸ਼ੈੱਗ ਵੀ ਲਾ ਲੈਂਦੇ ਹੋ?

-ਮੈਂ ਵੀ ਹੱਡ-ਮਾਸ ਦਾ ਬੰਦਾ ਹਾਂ ਸ਼ੇਰਾ, ਕੋਈ ਬ੍ਰਹਮ-ਗਿਆਨੀ ਥੋੜ੍ਹੋ ਹਾਂ? ਆਮ ਇਨਸਾਨ ਨਾਲੋਂ ਮੇਰੇ ਵਿੱਚ ਚਾਰ ਔਗੁਣ ਵੱਧ ਹੀ ਹੋਣਗੇ, ਘੱਟ ਨਹੀਂ! ਪਰ ਉਹਨਾਂ ਵਰਗਾ ਨਹੀਂ ਕਿ, “ਚੰਦਾ ਦੇਤੇ ਹੈਂ ਮਸਜ਼ਿਦ ਮੇਂ, ਦਾਰੂ ਪੀਤੇ ਹੈਂ ਮੈਅਖ਼ਾਨੇ ਮੇਂ, ਖ਼ੁਦਾ ਭੀ ਖ਼ਫ਼ਾ ਨਾ ਹੋ, ਔਰ ਸ਼ੈਤਾਨ ਭੀ ਰਾਜ਼ੀ ਰਹੇ....” ਮੇਰੇ ਪਾਤਰ ਆਪਣੀ ਰਵਾਇਤੀ ਭਾਸ਼ਾ ਬੋਲਦੇ ਨੇ, ਤੇ ਰਵਾਇਤੀ ਖਾਣਾ-ਦਾਣਾ ਖਾਂਦੇ ਨੇ
ਪਾਖੰਡੀ ਮੈਂ ਬਿਲਕੁਲ ਨਹੀਂ। ਜੋ ਲੋਕ "ਭਰੂਣ ਹੱਤਿਆ" ਦਾ ਰੌਲ਼ਾ ਪਾਉਂਦੇ ਨੇ, ਉਹੀ ਸਭ ਤੋਂ ਵੱਧ ਧੀਆਂ ਨੂੰ ਕੁੱਖਾਂ ਵਿੱਚ ਮਾਰਦੇ ਨੇ। ਜੋ
ਸੱਭਿਆਚਾਰ ਦਾ ਰੋਲ਼ਾ ਪਾਉਂਦੇ, ਸਭ ਤੋਂ ਜ਼ਿਆਦਾ ਅਸੱਭਿਅਤ ਓਹੀ ਨੇ। ਚੋਰ ਸਭ ਤੋਂ ਜ਼ਿਆਦਾ ਰੌਲ਼ਾ ਕਿਉਂ ਪਾਉਂਦਾ ਹੈ, ਕਿ ਮੈਂ ਖ਼ੁਦ ਨਾ ਨੰਗਾ ਹੋ ਜਾਵਾਂ। ਪਾਖੰਡੀਆਂ ਦਾ ਕੰਮ ਕੀ ਹੁੰਦੈ? ਯੇਹ, ਜੋ ਰੋਤੇ ਹੈਂ ਮੇਰੀ ਮਈਅਦ ਪਰ, ਅਬ ਜਿੰਦਾ ਹੋ ਕਰ ਉਠ ਜਾਊਂ, ਤੋ ਜੀਨਾ ਹਰਾਮ ਕਰ ਦੇਂ...

ਸਵਾਲ- ਤੁਸੀਂ ਫ਼ਿਲਮਾਂ ਦੇ ਲਈ ਵੀ ਲਿਖਿਐ ?

- ਹਾਂ ਸ਼ੇਰਾ... ਫਿਲਮ "ਸਾਡਾ ਹੱਕ" ਅਤੇ "ਤੂਫਾਨ ਸਿੰਘ" ਦੇ ਡਾਇਲਾਗ ਲਿਖੇ ਹਨ। "ਸਾਡਾ ਹੱਕ" ਦੇ ਡਾਇਲਾਗ ਲਿਖਣ ਲਈ ਮੇਰੀ, ਪੀ. ਟੀ. ਸੀ. ਪੰਜਾਬੀ ਨੇ 2014 ਲਈ ਬੈਸਟ ਡਾਇਲਾਗ ਰਾਈਟਰ ਵਜੋਂ ਚੋਣ ਕੀਤੀ ਸੀ। ਇਸ ਤੋਂ ਬਿਨਾਂ ਕਈ ਸ਼ੌਰਟ ਫ਼ਿਲਮਾਂ ਹਨ, ਜਿਨ੍ਹਾਂ ਵਿੱਚ "ਸੂਲੀ ਚੜ੍ਹਿਆ ਚੰਦਰਮਾ" ਅਤੇ "ਦਾ ਬਲੀਡਿੰਗ ਸੋਲ" ਵਰਗੀਆਂ ਫ਼ਿਲਮਾਂ ਹਨ। ਤਿੰਨ ਵੱਡੀਆਂ ਫ਼ਿਲਮਾਂ ਦਾ ਕੰਮ ਮੇਰੇ ਕੋਲ ਹੈ। ਹੁਣੇ-ਹੁਣੇ ਮੇਰੀ ਕਹਾਣੀ ਉਪਰ ਹਿੰਦੀ ਅਤੇ ਪੰਜਾਬੀ ਫ਼ਿਲਮ "ਪੁੱਠੇ ਪੈਰਾਂ ਵਾਲਾ" ਬਣ ਕੇ ਤਿਆਰ ਹੋਈ ਹੈ। ਟੀ. ਵੀ. ਚੈਨਲਾਂ ਨਾਲ ਸੀਰੀਅਲਾਂ ਦੀ ਵੀ ਗੱਲ ਚੱਲ ਰਹੀ ਹੈ।


ਸਵਾਲ - ਮਾਣ ਸਨਮਾਨਾਂ ਦੀ ਵੀ ਗੱਲ ਹੋ ਜਾਵੇ ਕੁੱਸਾ ਸਾਹਿਬ?

- ਸਭ ਤੋਂ ਵੱਡਾ ਸਨਮਾਨ, ਪਾਠਕਾਂ ਵੱਲੋਂ ਮਿਲਦਾ ਭਰਪੂਰ ਪਿਆਰ ਹੈ, ਜਿਸ ਦੀ ਮੈਨੂੰ ਕਦੇ ਤੋਟ ਨਹੀਂ ਆਈ। ਇਹ ਪਾਠਕਾਂ ਦੇ ਪਿਆਰ ਸਦਕਾ ਹੀ ਹੈ ਕਿ ਮੈਂ ਹਾਲੇ ਨਾਵਲ ਲਿਖ ਹੀ ਰਿਹਾ ਹੁੰਦਾ ਹਾਂ ਕਿ ਬਾਹਰਲੀਆਂ ਅਖ਼ਬਾਰਾਂ ਵਿੱਚ ਲੜੀਵਾਰ ਛਪਣ ਲਈ ਪਹਿਲਾਂ ਹੀ ਬੁੱਕ ਹੋ ਜਾਂਦਾ ਹੈ। ਹੋਰ, ਪ੍ਰੋਫੈਸਰ ਮੋਹਣ ਸਿੰਘ ਦੇ ਮੇਲੇ 'ਤੇ ਬਲਵੰਤ ਗਾਰਗੀ ਪੁਰਸਕਾਰ ਅਤੇ ਪੰਜਾਬੀ ਸੱਥ ਵੱਲੋਂ ਨਾਨਕ ਸਿੰਘ ਨਾਵਲਿਸਟ ਐਵਾਰਡ ਅਤੇ ਹੋਰ ਵੀ ਕਈ ਗੋਲਡ ਮੈਡਲ ਅਤੇ ਅਚੀਵਮੈਂਟ ਐਵਾਰਡ ਮਿਲੇ।


ਸਵਾਲ- ਅੱਜ ਕੱਲ੍ਹ ਕੀ ਲਿਖ ਰਹੇ ਹੋ ? ਅੱਗੇ ਕੀ ਯੋਜਨਾ ਹੈ ?

- ਅੱਜ ਕੱਲ੍ਹ ਇੱਕ ਨਵਾਂ ਨਾਵਲ ਲਿਖ ਰਿਹਾ ਸੀ, ਪਰ ਇੱਕ ਮੇਰੇ ਨਾਵਲ ਤੇ ਬਣਨ ਵਾਲੇ ਟੀæ ਵੀæ ਸੀਰੀਅਲ ਦਾ ਸਕਰੀਨ ਪਲੇ ਲਿਖਣ ਵਿੱਚ ਮਸ਼ਰੂਫ਼ ਹੋ ਗਿਆ। ਬੱਤੀ ਕੁ ਐਪੀਸੋਡ ਲਿਖ ਦਿੱਤੇ। ਅੱਗੇ ਬਾਕੀ ਯੋਜਨਾਵਾਂ ਬਾਰੇ ਸ਼ੇਰਾ, ਗੁਰੂ ਮਹਾਰਾਜ ਜਾਣੇ।
ਮੁਲਾਕਾਤੀ: ਹਰਵਿੰਦਰ ਧਾਲੀਵਾਲ (ਬਿਲਾਸਪੁਰ)

...ਜਦੋਂ ਮੈਨੂੰ ਵੀ ਸਾਹਿਤਕ ਚੋਣ ਲੜਨ ਦਾ 'ਹੀਂਗਣਾਂ' ਉਠਿਆ (ਵਿਅੰਗ) -  ਸ਼ਿਵਚਰਨ ਜੱਗੀ ਕੁੱਸਾ

...ਵੈਸੇ ਤਾਂ ਕੁਰਸੀ ਦਾ ਲਾਲਚ ਹਰ ਇੱਕ ਨੂੰ ਹੁੰਦੈ... ਪਰ 'ਪ੍ਰਧਾਨਗੀ' ਦਾ ਨਾਂ ਸੁਣ ਕੇ ਸਾਡੇ ਵੀ ਲੂਹਰੀਆਂ ਉਠੀਆਂ... ਜਿੱਤ ਦੇ ਨਾਂ ਨੂੰ ਕੁਤਕੁਤੀਆਂ ਨਿਕਲ਼ੀਆਂ... ਸੋਚਿਆ, ਜੇ ਮੈਂ ਚੋਣਾਂ ਜਿੱਤ ਗਿਆ, 'ਪੜ੍ਹੇ-ਲਿਖੇ' ਸਲੂਟਾਂ ਮਾਰਿਆ ਕਰਨਗੇ ਤੇ ਮੈਨੂੰ "ਪ੍ਰਧਾਨ ਜੀ - ਪ੍ਰਧਾਨ ਜੀ" ਕਰਦਿਆਂ ਦਾ ਮੂੰਹ ਸੁੱਕਿਆ ਕਰੇਗਾ... ਤੇ ਮੇਰੀ ਮੂਲ਼ੀ ਵਰਗੀ ਧੌਣ, ਬੋਹੜ ਦੇ ਮੁੱਛ ਵਰਗੀ ਹੋ ਜਾਉ... ਮੈਂ ਪੈਰਾਂ ਨਾਲ਼ 'ਖੁਰਗੋ' ਪੱਟੀ ਅਤੇ ਫਿਰ ਮਿੱਟੀ ਪਿਛਾਂਹ ਨੂੰ ਸੁੱਟੀ... ਗਰਦੋਗੋਰ ਹੋ ਗਈ ਦਿਸੀ... ਮੇਰਾ ਮਨ 'ਗਦ-ਗਦ' ਹੋ ਗਿਆ... ਕਿ ਮੇਰੇ ਦੋ ਪੈਰਾਂ ਦੀ ਮਿੱਟੀ ਨੇ ਹੀ 'ਗਰਦੋਗੋਰ' ਕਰ ਮਾਰੀ... ਪੰਜ-ਸੱਤ ਪੈਰ ਕੀ ਕਰਨਗੇ...? ਉਹ ਤਾਂ ਲਿਆ ਦੇਣਗੇ 'ਨ੍ਹੇਰੀ...! ਮੈਂ ਸੋਚਿਆ, ਅਜੇ ਤਾਂ ਰੱਬ ਨੇ ਮੇਰੇ ਸਿੰਗ ਨਹੀਂ ਲਾਏ, ਜੇ ਲਾਏ ਹੁੰਦੇ, ਤਾਂ ਸਿੰਗ ਮਿੱਟੀ ਜ਼ਰੂਰ ਚੁੱਕਦਾ...। ...ਮੈਂ ਵੀ ਪ੍ਰਧਾਨੀ ਦੀਆਂ ਚੋਣਾਂ ਲੜਨ ਦਾ ਤਹੱਈਆ ਕਰ ਲਿਆ..।
-"... ਤੈਨੂੰ ਤਾਂ ਤੇਰੇ ਜੁਆਕਾਂ ਨੇ ਵੋਟ ਨੀ ਪਾਉਣੀ... ਆਹ ਕੀ ਪੰਗਾ ਲੈ ਕੇ ਬਹਿ ਗਿਆ...?" ਮੇਰੇ ਘਰਵਾਲ਼ੀ ਬੋਲੀ... ਘਰ ਦਾ ਜੋਗੀ ਜੋਗੜਾ..ਤੇ ਬਾਹਰਲਾ ਜੋਗੀ ਸਿੱਧ .. ਇਹ ਗੱਲ ਲੋਕ ਐਵੇਂ ਨੀ ਆਖ ਗਏ.. ਸੋਚ ਕੇ ਮੈਂ ਚੋਣ ਲੜਨ ਦਾ ਐਲਾਨ ਕਰ ਦਿੱਤਾ...
-"ਕਦੇ ਘਰ ਦਾ ਡੱਕਾ ਤਾਂ ਸੰਵਾਰਿਆ ਨੀ, ਸਾਹਿਤਕ ਖੇਤਰ 'ਚ ਕੀ ਲੱਲ੍ਹਰ ਲਾ ਦੇਵੇਂਗਾ...? ਉਹਨਾਂ ਦੀਆਂ ਬੇੜੀਆਂ 'ਚ ਵੀ ਵੱਟੇ ਪਾਵੇਂਗਾ..।" ਉਹ ਫ਼ਿਰ ਬੋਲੀ..। ਮੇਰਾ ਦਿਲ ਕਰੇ ਮੱਥੇ 'ਚ ਇੱਟ ਮਾਰ ਕੇ 'ਟੀਕ' ਚਲਾ ਦਿਆਂ। ... ਮੇਰੀ ਸਿਰ-ਧੜ ਦੀ ਬਾਜ਼ੀ ਲੱਗੀ ਪਈ ਆ, ਤੇ ਇਹ...? ...ਇਹ ਗੱਲਾਂ ਕਰ-ਕਰ ਮੇਰੀ ਰੂਹ 'ਤੇ 'ਲੱਲ੍ਹੇ' ਪਾਈ, ਤੇ ਮੇਰਾ ਲਹੂ ਸੁਕਾਈ ਜਾ ਰਹੀ ਆ...। ... ਲੱਗਦੀ ਜੁੱਤੀ, ਨਾਰ ਕੁਪੱਤੀ ਦੇਵਣ ਦੁੱਖ ਹਮੇਸ਼ਾ...। ਯਮਲ੍ਹੇ ਬਾਬੇ ਦਾ ਗੀਤ ਸੋਚ ਕੇ ਚੁੱਪ ਵੱਟ ਲਈ...।
ਨਾਲ਼ੇ ਮੈਨੂੰ ਮਾਂ-ਬੋਲੀ ਨਾਲ਼ ਕੋਈ ਲਾਕਾ-ਦੇਕਾ ਹੈਨ੍ਹੀ...। ਮੈਂ ਤਾਂ ਮਾਂ-ਬੋਲੀ ਨੂੰ ਹਮੇਸ਼ਾ 'ਟਿੱਚ' ਸਮਝਿਐ...। ਬੱਸ ਮਾਂ-ਬੋਲੀ ਦੇ 'ਗੀਝੇ 'ਚ ਹੱਥ ਜ਼ਰੂਰ ਪਾਈ ਰੱਖਿਐ... ਮਤਲਬ ਪੂਰਾ 'ਲਾਹਾ' ਲਿਐ...। ਲਾਹਾ ਲਵਾਂ ਵੀ ਕਿਉਂ ਨ੍ਹਾ...? ਸਾਡੀ ਮਾਂ-ਬੋਲੀ ਜਿਉਂ ਹੋਈ...! ਜਦੋਂ 'ਸਾਹਿਤਕ ਚੋਣਾਂ' ਆਉਂਦੀਆਂ ਨੇ, ਤਾਂ ਮੈਨੂੰ ਮਾਂ-ਬੋਲੀ ਦੇ 'ਮਾੜੇ ਭਾਗਾਂ' ਦੀ 'ਯਾਦ' ਜਿਹੀ ਆਉਂਦੀ ਐ... ਇਸ ਦਾ ਹੇਜ ਜਿਹਾ 'ਜਾਗਦੈ'...। ..ਵੈਸੇ ਤਾਂ ਮੈਂ ਅਹੁਦੇ ਨੂੰ ਜੱਫਾ ਮਾਰ ਕੇ ਕਿਸੇ ਵੀ 'ਵਰਗ' ਨੂੰ ਨਖਰੇ ਹੇਠ ਨਹੀਂ ਲਿਆਉਂਦਾ...। ਪਰ ਚੋਣਾਂ ਵੇਲ਼ੇ ਪਤਾ ਨਹੀਂ ਇਹ ਵਰਗ ਕਿਉਂ ਮੈਨੂੰ 'ਆਪਣੇ-ਆਪਣੇ' ਜਿਹੇ 'ਲੱਗਣ' ਲੱਗ ਜਾਂਦੇ ਨੇ...? ਸਾਡੇ 'ਪੜ੍ਹਿਆਂ-ਲਿਖਿਆਂ' ਦੇ ਕੀ ਕਹਿਣੇ...? ਉਹ ਤਾਂ ਛੋਟੇ-ਮੋਟੇ ਅਹੁਦੇ ਦੇ ਲਾਲਚ 'ਚ ਆ ਕੇ ਮੇਰੇ ਵਰਗੇ ਦੇ 'ਔਗੁਣ' ਭੁੱਲ ਜਾਂਦੇ ਨੇ, ਤੇ ਉਸਤਤ ਦੇ ਅੰਬਾਰ ਲਾਉਂਦੇ ਰਹਿੰਦੇ ਨੇ...। ਕਿੱਧਰੇ ਲੇਖ, ਕਿੱਧਰੇ ਪੋਸਟਾਂ... ਕਿੱਧਰੇ ਮਸ਼ਹੂਰੀਆਂ... ਲਟਰਮ ਪਟਰਮ...। 'ਸਹਿਯੋਗੀ' ਜਿਉਂ ਹੋਏ...? ਮੈਂ ਲੋਹੇ ਦੇ ਥਣ ਵਾਂਗੂੰ ਆਕੜਿਆ ਰਹਿੰਨੈ...। ਬਿੱਲੀ ਦੇ ਭਾਗਾਂ ਨੂੰ ਮਸਾਂ ਤਾਂ ਛਿੱਕੂ ਟੁੱਟਿਐ...।
...ਕਈ ਗੱਲਾਂ ਸੋਚ-ਸੋਚ ਕੇ ਮੇਰਾ ਢਿੱਡ ਹੱਸਦੈ... ਕਿ ਕਿੰਨਾਂ ਸਮਾਂ ਹੋ ਗਿਆ ਮੈਨੂੰ ਅਹੁਦੇ ਮਾਣਦਿਆਂ... ਪਰ ਪ੍ਰਵਾਸੀ ਭਰਾਵਾਂ ਦਾ ਮੈਨੂੰ ਹੁਣ ਤੱਕ ਚੇਤਾ ਨੀ ਆਇਆ... ਤੇ ਨਾ ਮੈਂ ਕਿਸੇ ਪ੍ਰਵਾਸੀ ਨੂੰ ਵੋਟ ਪਾਊਣ ਦਾ ਅਧਿਕਾਰ ਦਿੱਤੈ... ਨਾ ਮੈਂ ਅੱਜ ਤੱਕ ਪੰਜਾਬ ਦੇ ਮਸਲਿਆਂ ਬਾਰੇ ਬੋਲਿਆ... ਤੇ ਨਾ ਪੰਜਾਬ ਦੇ ਹੱਕਾਂ ਬਾਰੇ ਮੂੰਹ ਖੋਲ੍ਹਿਆ... ਨਾ ਕਦੇ ਪੰਜਾਬ 'ਚ ਵਿਕਦੇ ਨਸ਼ਿਆਂ ਬਾਰੇ ਇੱਕ ਲਫ਼ਜ਼ ਲਿਖਿਆ... ਤੇ ਨਾ ਭ੍ਰਿਸ਼ਟਾਚਾਰ ਬਾਰੇ ਚੁੱਪ ਤੋੜੀ... ਨਾ ਰੇਤ ਮਾਫ਼ੀਆ ਬਾਬਤ ਮੌਨ ਵਰਤ ਭੰਗ ਕੀਤਾ... ਤੇ ਨਾ 'ਭੂ-ਮਾਫ਼ੀਆ' ਖ਼ਿਲਾਫ਼ ਲਿਖਣ ਦੀ ਜ਼ੁਅਰਤ ਕੀਤੀ... ਨਾ ਮੈਂ ਦਾਜ ਦੀ ਲਾਹਣਤ ਦਾ ਵਿਰੋਧ ਕੀਤਾ, ਤੇ ਨਾ ਕੁੱਖ 'ਚ ਮਰਨ ਵਾਲ਼ੀਆਂ ਧੀਆਂ ਪ੍ਰਤੀ ਕਾਗਜ਼ ਦੀ ਹਿੱਕ 'ਤੇ ਇੱਕ ਹੰਝੂ ਕੇਰਿਆ....। ... ਸਾਡੇ ਹਸਪਤਾਲ਼ਾਂ ਵਿੱਚ ਕੀ-ਕੀ ਨਹੀਂ ਹੁੰਦਾ..? ਦੁਨੀਆਂ ਨੂੰ ਪਤੈ...! ਪਰ ਮਜ਼ਾਲ ਐ ਅਸੀਂ ਇੱਕ ਲਾਈਨ ਵੀ ਲਿਖੀ ਹੋਵੇ...? ਜਾਂ ਕੁਛ ਬੋਲਿਆ ਹੋਵੇ...! ਕੀ ਕਰਾਂ...? ਕਿਵੇਂ ਬੋਲਾਂ..?? ਮੇਰਾ ਮੂੰਹ 'ਚੋਗ' ਨਾਲ਼ ਭਰਿਆ ਹੁੰਦੈ... ਮਨ ਕੁਰਸੀ ਰਾਣੀ 'ਤੇ ਮਰਿਆ ਹੁੰਦੈ...। ... ਕਿਸਾਨ ਮਰਨ, ਚਾਹੇ ਪੰਜਾਬੀ, ਮੈਂ ਕਾਹਤੋਂ ਬੋਲਾਂ...?? ਮੈਂ ਕਿਸਾਨਾਂ ਦਾ ਥੋੜ੍ਹੋ ਖਾਨੈ...? ਅਸੀਂ ਤਾਂ 'ਆਕਿਆਂ' ਦਾ ਖਾਈਦੈ... ਤੇ ਉਹਨਾਂ ਦਾ ਗੁਣ ਗਾਈਦੈ...। ਜੀਹਦੀ ਖਾਈਏ ਬਾਜਰੀ - ਉਸੇ ਦੀ ਭਰੀਏ ਹਾਜ਼ਰੀ...।
ਪਰ ਜਦੋਂ ਚੋਣਾਂ ਦਾ ਮੌਸਮ ਆਉਂਦੈ... ਤਾਂ ਸਹੁੰ ਮਾਤਾ ਦੀ, ਮੈਨੂੰ ਤਾਂ 'ਹੀਂਗਣਾਂ' ਛੁੱਟ ਪੈਂਦੈ...। ਮਸਤ ਊਠ ਵਾਂਗ ਤੜਾਫਾ ਜਿਹਾ ਮਾਰਨ ਨੂੰ ਦਿਲ ਕਰਦੈ...। ਉਤਨੇ ਜੋੜ-ਤੋੜ ਤਾਂ ਮੇਰੀ ਬੇਬੇ ਤਾਣਾ ਬੁਣਨ ਵੇਲ਼ੇ ਨੀ ਸੀ ਕਰਦੀ, ਜਿੰਨੇ ਜੋੜ-ਤੋੜ ਮੈਂ ਸਾਹਿਤਕ ਚੋਣਾਂ ਵੇਲ਼ੇ ਕਰਦੈਂ...। ਚੋਣਾਂ ਵੇਲ਼ੇ ਤਾਂ ਮੈਨੂੰ ਵਾਹਿਗੁਰੂ, ਅੱਲਾਹ, ਰਾਮ, ਹਾਲੇ ਲੂਈਆ ਭੁੱਲ ਜਾਂਦੇ ਨੇ... ਮੈਨੂੰ ਤਾਂ ਬੱਸ 'ਵੋਟ ਮੈਨੂੰ - ਵੋਟ ਮੈਨੂੰ' ਹੀ ਚੇਤੇ ਰਹਿ ਜਾਂਦੇ ਨੇ...ਤੇ ਮੈਂ "ਮਾਣਸ-ਬੂ - ਮਾਣਸ-ਬੂ" ਕਰਦਾ ਘਰੋਂ ਨਿਕਲ਼ ਤੁਰਦਾ ਹਾਂ...। ਬੱਸ, ਇੱਕ ਵਾਰੀ ਅਹੁਦਾ ਤੇ ਕੁਰਸੀ ਹੱਥ ਆ ਜਾਵੇ... ਫੇਰ ਛੱਡਣੀ ਕਿਹੜੇ ਭੜੂਏ ਨੇ ਹੈ...? ਸਿਆਸੀ ਲੀਡਰ ਤਾਂ ਅਣਪੜ੍ਹ ਅਤੇ ਭੋਲ਼ੇ-ਭਾਲ਼ੇ ਲੋਕਾਂ ਨੂੰ ਬੇਵਕੂਫ਼ ਬਣਾਉਂਦੇ ਨੇ.. ਤੇ ਸਾਡੇ ਵੱਲ ਦੇਖ ਲਵੋ ... ਅਸੀਂ 'ਪੜ੍ਹਿਆਂ-ਲਿਖਿਆਂ' ਨੂੰ 'ਵਖ਼ਤ' ਪਾਇਆ ਪਿਐ...। ਬੱਸ ਜੀ, ਅਸੀਂ ਐਲਾਨ ਕਰ ਦਿੱਤੈ... ਤੇ ਹੁਣ ਤਾਂ ਬੱਸ ਘੜ੍ਹਮੱਸ ਪਾਉਣਾ ਹੀ ਬਾਕੀ ਰਹਿ ਗਿਆ...। ਇੱਕ ਨਾਅਰਾ ਹੀ ਮਾਰਨੈਂ, ਕਿ ਭਾਈ, ਸਾਡੇ ਵਰਗਾ ਕੋਈ ਭਲਾ ਆਦਮੀਂ ਨਹੀਂ... ਜੇ ਆਪਦੀ ਪੰਜਾਬੀ ਮਾਂ-ਬੋਲੀ ਬਚਾਉਣੀ ਆਂ, ਤਾਂ ਵੋਟ ਸਾਨੂੰ ਪਾਇਓ...! ... ਜੇ ਲੋਕ ਦੁਚਿੱਤੀ 'ਚ ਹੋਏ, ਤਾਂ ਅਸੀਂ ਜ਼ਾਤ-ਪਾਤ ਵਾਲ਼ਾ 'ਪੱਤਾ' ਖੇਲਣੋਂ ਵੀ ਬਾਜ਼ ਨਹੀਂ ਆਵਾਂਗੇ... ਹੁਣ ਵਿਰੋਧੀ ਤਾਂ ਵਜਾਉਣਗੇ ਤੂਤੀ, ਤੇ ਅਸੀਂ ਖੜਕਾਵਾਂਗੇ ਨਗਾਰਾ...। ... ਅੱਧੀ ਆਂ ਗ਼ਰੀਬ ਜੱਟ ਦੀ, ਅੱਧੀ ਤੇਰੀ ਆਂ ਮੁਲ੍ਹਾਜੇਦਾਰਾ... ਇਹ ਗੱਲ ਅਸੀਂ ਸਿਆਸੀ ਲੋਕਾਂ ਦੇ ਕੰਨ ਵਿੱਚ ਕਹਿੰਦੇ ਤੁਰੇ ਜਾਂਦੇ ਹਾਂ...
ਮਾਂ-ਬੋਲੀ, ਤੇ ਪੰਜਾਬ ਦੇ ਸਿਧਾਂਤਾਂ ਤੋਂ ਅਸੀਂ ਬੱਕਲ਼ ਲੈਣੇ ਆਂ...? ਖਾਣ ਖਸਮਾਂ ਨੂੰ... ਸਾਡੀ ਜਾਣਦੀ ਆ ਜੁੱਤੀ....। ਇਹ ਗੱਲਾਂ ਸੋਚ ਅਸੀਂ ਮੋਟਾ ਪੈੱਗ ਚਾੜ੍ਹ ਲਿਆ... ਮੀਕਣ ਵਿਸਕੀ ਟੁੱਟਦੇ ਤਾਰੇ ਵਾਂਗ ਲੀਕ ਜਿਹੀ ਪਾਉਂਦੀ ਥੱਲੇ ਨੂੰ ਉੱਤਰੀ... ਤੇ ਸਾਡੇ ਅੰਦਰ ਨਿੱਘ ਜਿਹਾ ਭਰ ਗਿਆ... ਸਰੂਰ ਨਾਲ਼ ਸਾਨੂੰ ਸੁਰਗਾਂ ਦੇ ਝੂਟੇ ਆਉਣ ਲੱਗ ਪਏ ਅਤੇ ਰੁਮਕਦੀ ਪੌਣ ਸਾਨੂੰ ਲੋਰੀਆਂ ਦਿੰਦੀ ਲੱਗੀ....ਸ਼ੈਕਸਪੀਅਰ ਬਾਬੇ ਦਾ ਕਥਨ ਯਾਦ ਆਇਆ... "ਜੇ ਤੁਸੀਂ ਮੈਨੂੰ ਮੁਹੱਬਤ ਕਰਦੇ ਹੋ, ਤਾਂ ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਵਸੋਂਗੇ...। ਜੇ ਤੁਸੀਂ ਮੈਨੂੰ ਘ੍ਰਿਣਾ ਕਰਦੇ ਹੋ, ਤਾਂ ਮੈਂ ਹਮੇਸ਼ਾ ਤੁਹਾਡੇ ਦਿਮਾਗ ਉੱਪਰ ਛਾਇਆ ਰਹਾਂਗਾ...!" ਬੱਸ ਫ਼ਿਰ ਕੀ ਸੀ...? ਇੱਕ ਪੈੱਗ ਹੋਰ ਲਾ ਕੇ... ਬਾਬਾ ਵੇ ਕਲਾ ਮਰੋੜ... ਨੀ ਨਿੱਕੀਏ ਲਾ ਦੇ ਜੋਰ... ਵਾਲ਼ਾ ਗੀਤ ਸਾਡੇ ਮਨ 'ਚ ਖੌਰੂ ਪਾਉਣ ਲੱਗ ਪਿਆ...ਤੇ ਅਸੀਂ ਢੀਚਕ ਜਿਹਾ ਮਾਰਦੇ ਘਰੋਂ ਨਿਕਲ਼ ਤੁਰੇ ਅਤੇ ਅਗਲੀ 'ਯੁੱਧਨੀਤੀ' ਬਾਰੇ ਵਿਚਾਰ ਕਰਨ ਲਈ ਆਪਣੇ ਮਿੱਤਰ ਦਾ ਦਰਵਾਜਾ ਜਾ ਖੜਕਾਇਆ...। ਅੱਗਿਉਂ ਉਹ ਦੋ ਪੈੱਗ ਲਾ ਕੇ 'ਬਾਬੂ' ਬਣਿਆਂ ਬੈਠਾ ਸੀ... ਬੱਸ ਤੂੰ ਜਿੱਤ ਤੋਂ ਪਹਿਲਾਂ ਹੀ ਇਨਾਮਾਂ ਦਾ ਐਲਾਨ ਕਰ ਦੇ, ਤੈਨੂੰ ਇੱਕਵੰਜਾ ਹਜ਼ਾਰ ਦਾ...ਤੈਨੂੰ ਇੱਕ ਲੱਖ ਦਾ... ਦੇਖ ਤੈਨੂੰ ਕਿਵੇਂ ਧੜ੍ਹੱਲੇ ਨਾਲ਼ ਜਿਤਾਉਂਦੇ ਆ... ਉਸ ਦੀ 'ਉਸਾਰੂ ਸਕੀਮ' ਸੁਣ ਕੇ ਅਸੀਂ ਮੁਫ਼ਤ ਦਾ ਇੱਕ ਹੋਰ ਪੈੱਗ ਅੰਦਰ ਸੁੱਟਿਆ ਅਤੇ ਇਨਾਮ ਅਭਿਲਾਸ਼ੀਆਂ ਦੀ ਲਿਸਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ... ਹੁਣ ਮੇਰਾ ਮਨ ਬੱਕਰਾ ਬੁਲਾਉਣ ਨੂੰ ਕਰਦਾ ਸੀ... ਪਤਾ ਨਹੀਂ ਮੈਨੂੰ ਕਿਸ ਗੱਲ ਦਾ ਚਾਅ ਜਿਹਾ ਚੜ੍ਹਦਾ ਜਾ ਰਿਹਾ ਸੀ..? ਮੇਰਾ ਯਾਰ ਮੇਰੇ ਸਾਹਮਣੇ ਗੰਧਾਲ਼ੇ ਵਾਂਗ ਗੱਡਿਆ ਬੈਠਾ ਸੀ...। ਮੈਂ ਇਨਾਮ ਅਭਿਲਾਸ਼ੀ ਦਾ ਨਾਂ ਲਿਸਟ ਉਪਰ ਲਿਖਦਾ ਅਤੇ ਉਹ 'ਬਹੁਤ ਖ਼ੂਬ' ਆਖ ਕੇ ਮੈਨੂੰ 'ਥਾਪੜਾ' ਦਿੰਦਾ...। ਜਦੋਂ ਨੂੰ ਲਿਸਟ ਤਿਆਰ ਹੋਈ, ਉਦੋਂ ਨੂੰ ਸਾਨੂੰ ਦੋਵਾਂ ਨੂੰ ਇੱਕ ਦੇ ਦੋ-ਦੋ ਨਜ਼ਰ ਆਉਣ ਲੱਗ ਪਏ ਸਨ.. "ਚੋਣ ਜ਼ਿੰਦਾਬਾਦ ਬਾਈ... ਤੇ ਆਈ ਲਵ ਯੂ...!" ਆਖ ਕੇ ਮੈਂ ਮਾੜੇ ਕੱਟਰੂ ਵਾਂਗ ਕੁਰਸੀ 'ਤੇ ਟੇਢਾ ਹੋ ਗਿਆ...। ਮੇਰਾ ਦੋਸਤ ਮੈਨੂੰ ਕੁਝ ਆਖ ਰਿਹਾ ਸੀ...। ਪਰ ਮੈਨੂੰ ਸਿਰਫ਼ ਉਸ ਦੀ ਵੱਡੀ ਸਾਰੀ ਹਿੱਲਦੀ ਉਂਗਲ਼ ਹੀ ਦਿਖਾਈ ਦੇ ਰਹੀ ਸੀ, ਸੁਣ ਕੱਖ ਵੀ ਨਹੀਂ ਰਿਹਾ ਸੀ...।

ਨਾਵਲ: ਕੁੱਲੀ ਯਾਰ ਦੀ ਸੁਰਗ ਦਾ ਝੂਟਾ - ਸ਼ਿਵਚਰਨ ਜੱਗੀ ਕੁੱਸਾ

ਨਾਵਲ:

ਕੁੱਲੀ ਯਾਰ ਦੀ ਸੁਰਗ ਦਾ ਝੂਟਾ

ਸ਼ਿਵਚਰਨ ਜੱਗੀ ਕੁੱਸਾ

a Punjabi Novel:

Kulli Yaar Di Surg Da Jhoota

by

Shivcharan Jaggi Kussa

© Shivcharan Jaggi Kussa

ਇਸ ਨਾਵਲ ਵਿੱਚ ਪ੍ਰਕਾਸ਼ਿਤ ਹੋਣ ਵਾਲ਼ੇ ਨਾਂ, ਘਟਨਾਵਾਂ ਅਤੇ ਸਥਾਨ ਖਿਆਲੀ ਹਨ ਕਿਸੇ ਵੀ ਵਾਪਰੀ ਘਟਨਾ, ਨਾਂ ਜਾਂ ਸਥਾਨ ਨਾਲ ਕੋਈ ਲੈਣ ਦੇਣ ਜਾਂ ਵਾਹ ਵਾਸਤਾ ਨਹੀਂ ਅਗਰ ਕੋਈ ਨਾਂ, ਘਟਨਾ ਜਾਂ ਸਥਾਨ ਮੇਲ ਖਾ ਵੀ ਜਾਵੇ, ਤਾਂ ਲੇਖਕ ਜਾਂ ਪ੍ਰਕਾਸ਼ਿਕ ਜ਼ਿੰਮੇਵਾਰ ਨਹੀਂ!

ਸਮਰਪਣ

ਮੇਰੇ ਜਿਗਰੀ ਮਿੱਤਰ  ਅਤੇ

ਧੜ੍ਹੱਲੇਦਾਰ ਫ਼ਿਲਮ ਡਾਇਰੈਕਟਰ

ਸੁਖਮਿੰਦਰ ਧੰਜਲ  ਨੂੰ

ਵਿਸ਼ੇਸ਼ ਧੰਨਵਾਦ:

ਭੁਪਿੰਦਰ ਗਿੱਲ (ਆਸਟਰੇਲੀਆ)

ਮਨਮੋਹਣ ਸਿੰਘ ਭਿੰਡਰ (ਹਾਂਗ ਕਾਂਗ)

ਸ਼ਿਵਚਰਨ ਜੱਗੀ ਕੁੱਸਾ ਦੀਆਂ ਪੁਸਤਕਾਂ

ਨਾਵਲ:

1. ਪੁਰਜਾ ਪੁਰਜਾ ਕਟਿ ਮਰੈ

2. ਤਵੀ ਤੋਂ ਤਲਵਾਰ ਤੱਕ

3. ਬਾਰ੍ਹੀਂ ਕੋਹੀਂ ਬਲ਼ਦਾ ਦੀਵਾ

4. ਤਰਕਸ਼ ਟੰਗਿਆ ਜੰਡ

5. ਗੋਰਖ ਦਾ ਟਿੱਲਾ

6. ਜੱਟ ਵੱਢਿਆ ਬੋਹੜ ਦੀ ਛਾਵੇਂ

7. ਉੱਜੜ ਗਏ ਗਰਾਂ

8. ਬਾਝ ਭਰਾਵੋਂ ਮਾਰਿਆ

9. ਹਾਜੀ ਲੋਕ ਮੱਕੇ ਵੱਲ ਜਾਂਦੇ

10. ਏਤੀ ਮਾਰ ਪਈ ਕੁਰਲਾਣੇ

11. ਸੱਜਰੀ ਪੈੜ ਦਾ ਰੇਤਾ

12. ਰੂਹ ਲੈ ਗਿਆ ਦਿਲਾਂ ਦਾ ਜਾਨੀਂ

13. ਡਾਚੀ ਵਾਲ਼ਿਆ ਮੋੜ ਮੁਹਾਰ ਵੇ

14. ਜੋਗੀ ਉੱਤਰ ਪਹਾੜੋਂ ਆਏ

15. ਚਾਰੇ ਕੂਟਾਂ ਸੁੰਨੀਆਂ

16. ਬੋਦੀ ਵਾਲ਼ਾ ਤਾਰਾ ਚੜ੍ਹਿਆ

17. ਦਿਲਾਂ ਦੀ ਜੂਹ

18. ਟੋਭੇ ਫੂਕ

19. ਕੁੱਲੀ ਯਾਰ ਦੀ ਸੁਰਗ ਦਾ ਝੂਟਾ

ਕਹਾਣੀ-ਸੰਗ੍ਰਹਿ:

1. ਊਠਾਂ ਵਾਲ਼ੇ ਬਲੋਚ

2. ਤੂੰ ਸੁੱਤਾ ਰੱਬ ਜਾਗਦਾ

3. ਬੁੱਢੇ ਦਰਿਆ ਦੀ ਜੂਹ

4. ਰਾਜੇ ਸ਼ੀਂਹ ਮੁਕੱਦਮ ਕੁੱਤੇ

 

ਵਿਅੰਗ-ਸੰਗ੍ਰਹਿ:

1. ਕੁੱਲੀ ਨੀ ਫ਼ਕੀਰ ਦੀ ਵਿੱਚੋਂ

2. ਬੋਦੇ ਵਾਲ਼ਾ ਭਲਵਾਨ

 

ਲੇਖ-ਸੰਗ੍ਰਹਿ:

1. ਸੱਚ ਆਖਾਂ ਤਾਂ ਭਾਂਬੜ ਮੱਚਦੈ

English Novels:

1. Struggle for Honour

2. Outside, Somewhere, a Lamp Burns

3. The Lost Footprints

4. Into The Moonless Night

  ਇੱਕ ਦਿਨ ਆਥਣੇ ਜਿਹੇ ਜੈਬਾ ਪੱਠੇ ਵੱਢ ਰਿਹਾ ਸੀ। ਪ੍ਰੀਤ ਮੋਰਨੀਆਂ ਵਾਲ਼ਾ ਝੋਲ਼ਾ ਹੱਥ ਵਿੱਚ ਫ਼ੜੀ ਡਿੱਕਡੋਲੇ ਜਿਹੇ ਖਾਂਦਾ ਤੁਰਿਆ ਆ ਰਿਹਾ ਸੀ। ਜੈਬੇ ਨੇ ਦਾਤੀ ਸੁੱਟ ਡੰਡੀ 'ਤੇ ਤੁਰੇ ਆ ਰਹੇ ਪ੍ਰੀਤ ਨੂੰ ਗਹੁ ਨਾਲ਼ ਤੱਕਿਆ ਤਾਂ ਪ੍ਰੀਤ ਦੀ ਤੋਰ ਵਿੱਚ ਕੋਈ ਨਸ਼ਾ ਝੂਲ ਰਿਹਾ ਸੀ। ਹੈਰਾਨੀ ਨਾਲ਼ ਜੈਬੇ ਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ। ਪ੍ਰੀਤ ਨੇ ਅੱਜ ਤੱਕ ਕਿਸੇ ਨਸ਼ੇ ਨੂੰ ਹੱਥ ਤੱਕ ਨਹੀਂ ਲਾਇਆ ਸੀ। ਸੋਚਾਂ ਵਿੱਚ ਬੌਂਦਲ਼ਿਆ ਜੈਬਾ ਬੁਲਡੋਜਰ ਵਾਂਗ ਉਸ ਦੇ ਅੱਗੇ ਜਾ ਖੜ੍ਹਾ, "ਛੋਟੇ ਭਾਈ, ਕੁਛ ਖਾਧਾ ਪੀਤੈ ਅੱਜ..?" ਉਸ ਨੇ ਪ੍ਰੀਤ ਦਾ ਮੋਢਾ ਫ਼ੜ, ਝੰਜੋੜ ਕੇ ਪੁੱਛਿਆ।

-"ਬੈਲੀਆਂ ਨੇ ਬੈਲ ਕਮਾਉਣੇ ਬਾਈ ਜੈਬਿਆ... ਤੇ ਸਾਡੀ ਕਿਹੜਾ ਝੱਗੀ ਲਹਿ ਜਾਊ...!" ਉਸ ਨੇ ਬੱਕਰਾ ਬੁਲਾ ਕੇ ਬਾਂਹ ਉਪਰ ਚੁੱਕੀ ਤਾਂ ਪ੍ਰੀਤ ਦਾ ਸਰੀਰ ਡੋਲ ਗਿਆ। ਜੈਬੇ ਨੇ ਉਸ ਨੂੰ ਸੰਭਾਲ਼ ਲਿਆ, "ਓਏ ਇਹ ਕੀ ਕਰਨ ਲੱਗ ਪਿਆ ਖਸਮਾਂ ਨੂੰ ਖਾਣਿਆਂ? ਤਾਏ ਹੋਰੀਂ ਸਾਰੇ 'ਅੰਬਰਤਧਾਰੀ', ਤੇ ਤੂੰ ਆਹ ਕੀ ਲੱਛਣ ਕਰਨ ਲੱਗ ਪਿਆ..? ਤਾਇਆ ਤਾਈ ਤਾਂ ਦੇਖ ਕੇ ਸਾਹ ਖਿੱਚ ਜਾਣਗੇ..!"

-"ਅਜੇ ਤਾਂ ਆਹ ਪੀਣੀ ਐਂ ਬਾਈ...!" ਉਸ ਨੇ ਮੋਰਨੀਆਂ ਵਾਲ਼ੇ ਝੋਲ਼ੇ ਵਿੱਚੋਂ "ਸਪਰੇਅ ਵਾਲ਼ੀ ਦੁਆਈ" ਦੀ ਬੋਤਲ ਕੱਢ ਕੇ ਦਿਖਾਈ ਤਾਂ ਭੈਅ ਨਾਲ਼ ਜੈਬੇ ਦਾ ਅੰਦਰ ਹਿੱਲ ਗਿਆ, "ਓਏ ਗਵੱਜੀਆ, ਆਹ ਕੀ ਚੰਦ ਚਾੜ੍ਹਨ ਲੱਗਿਐਂ..? 'ਕੱਲਾ-'ਕੱਲਾ ਪੁੱਤ ਐਂ, ਹੁਣ ਬੁੱਢੇ ਵਾਰੇ ਮਾਪਿਆਂ ਨੂੰ ਆਹ ਫੱਟ ਦੇਵੇਂਗਾ..?" ਜੈਬੇ ਨੂੰ ਹੌਲ ਪੈਣ ਵਾਲ਼ਾ ਹੋਇਆ ਪਿਆ ਸੀ।

-"ਬੱਸ ਬਾਈ ਜੈਬਿਆ, ਹੁਣ ਯਾਰ ਗੱਡੀ ਚੜ੍ਹ ਜਾਣਗੇ... ਤੂੰ ਬੈਠੀ ਰੋਵੇਂਗੀ ਵਣਾਂ ਦੀ ਛਾਂਵੇਂ..!" ਉਹ ਨਸ਼ੇ ਵਿੱਚ ਕਵੀਸ਼ਰੀ ਕਰੀ ਜਾ ਰਿਹਾ ਸੀ। ਜੈਬੇ ਨੇ ਧੱਕਾ ਮਾਰ ਕੇ ਪ੍ਰੀਤ ਨੂੰ ਬਰਸੀਨ ਦੀ ਭਰੀ 'ਤੇ ਸੁੱਟ ਲਿਆ ਅਤੇ ਹੱਥੋਂ ਦੁਆਈ ਵਾਲ਼ੀ ਬੋਤਲ ਖੋਹ ਲਈ। ਪ੍ਰੀਤ ਬੋਤਲ ਖੋਹਣ ਪਿਆ ਤਾਂ ਜੈਬੇ ਨੇ ਗੁਆਂਢੀ ਖੇਤਾਂ ਵਾਲ਼ਿਆਂ ਨੂੰ ਅਵਾਜ਼ਾਂ ਮਾਰ ਕੇ ਲੋਕ ਇਕੱਠੇ ਕਰ ਲਏ ਅਤੇ ਪ੍ਰੀਤ ਨੂੰ ਖਿੱਚ ਧੂਹ ਕੇ ਘਰ ਲੈ ਆਂਦਾ। ਨਸ਼ੇ ਵਿੱਚ ਉਹ ਆਪਣਾ ਆਪ ਛੁਡਾ-ਛੁਡਾ ਕੇ ਭੱਜਦਾ ਸੀ। ਇਕਲੌਤੇ ਪੁੱਤ ਦੀ ਨਸ਼ਈ ਹਾਲਤ ਦੇਖ ਕੇ ਮਾਂ ਨੂੰ ਗਸ਼ ਪੈਣ ਵਾਲ਼ੀ ਹੋ ਗਈ ਅਤੇ ਸੱਜ ਵਿਆਹੀ ਪੁਨੀਤ ਢਿੱਡ 'ਚ ਮੁੱਕੀਆਂ ਦੇ ਕੇ ਬੈਠ ਗਈ।

 

ਇਸੇ ਨਾਵਲ ਵਿੱਚੋਂ.....

 "ਕੁੱਲੀ ਯਾਰ ਦੀ ਸੁਰਗ ਦਾ ਝੂਟਾ"

 

(ਨਾਵਲ)

 

ਸ਼ਿਵਚਰਨ ਜੱਗੀ ਕੁੱਸਾ

 

(ਕਾਂਡ 1)

 "ਕੁੱਲੀ ਯਾਰ ਦੀ ਸੁਰਗ ਦਾ ਝੂਟਾ,

ਮੈਂ ਅੱਗ ਲਾਵਾਂ ਮਹਿਲਾਂ ਨੂੰ...!"

 ਸਰਦੀਆਂ ਦੇ ਦਿਨ ਸਨ।

ਗੁਲਾਬੀ ਠੰਢ ਵਰ੍ਹਦੀ ਸੀ।

ਪਿਛਲੇ ਦਿਨਾਂ ਵਿੱਚ ਠਾਰੀ ਨੇ ਲੋਕਾਂ ਦੀਆਂ ਕੋਕੜਾਂ ਕਰ ਮਾਰੀਆਂ ਸਨ। ਸਾਰੀ ਰਾਤ ਅਤੇ ਅੱਧਾ ਦਿਨ ਧੁੰਦ ਪੈਂਦੀ ਸੀ। ਸੂਰਜ ਦੇਵਤਾ ਤਾਂ ਕਿਤੇ ਦੁਪਿਹਰ ਵੇਲ਼ੇ ਜਾ ਕੇ ਦਰਸ਼ਣ ਦਿੰਦਾ ਸੀ। ਪਰ ਐਨਾਂ ਸ਼ੁਕਰ ਸੀ ਕਿ ਬਰਫ਼ ਵਾਂਗ ਪੈਂਦੀ ਸਰਦੀ ਨੇ ਫ਼ਸਲਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਸੀ। ਇਸ ਗੱਲੋਂ ਜ਼ਿੰਮੀਦਾਰ ਕੁਝ ਹਲਕਾ ਅਤੇ ਸੌਖਾ ਮਹਿਸੂਸ ਕਰਦੇ ਸਨ। ਦਿਨੇ ਵੀ ਪਸ਼ੂਆਂ ਦੀ ਪਿੱਠ ਤੋਂ ਝੁੱਲ ਨਹੀਂ ਲਹਿੰਦਾ ਸੀ। ਠੰਢ ਨੇ ਲੋਕਾਂ ਦੀ ਬੱਸ ਕਰਵਾ ਦਿੱਤੀ ਸੀ।

ਪਰ ਅੱਜ ਦਿਨ ਬੜਾ ਨਿੱਘਾ ਅਤੇ ਸੁਹਾਵਣਾ ਸੀ।

ਤਿੱਖੀ ਨਿਕਲ਼ੀ ਧੁੱਪ ਪਿੰਡੇ ਤੋਂ ਚੂੰਢੀ ਭਰਦੀ ਸੀ। ਕਈ ਦਿਨਾਂ ਬਾਅਦ ਸੂਰਜ ਦੇ ਨਿੱਘ ਨੇ ਠਾਰੀ ਦਾ ਮੂੰਹ ਭੰਨਿਆਂ ਸੀ। ਸ਼ਹਿਰ ਦੀ ਵੱਖੀ ਵੱਲ ਪੈਂਦੀ ਨਹਿਰ ਦਾ ਪਾਣੀ ਕਿਸੇ ਰਮਣੀਕ ਝੀਲ ਦਾ ਭੁਲੇਖਾ ਪਾ ਰਿਹਾ ਸੀ। ਨਹਿਰ ਦੀ ਪਟੜੀ ਤੋਂ ਤੁਰਦੇ ਜੋਗਾ ਸਿੰਘ ਨੇ ਪੁਲ਼ 'ਤੇ ਆਣ ਕੇ ਪਿੰਡ ਜਾਣ ਵਾਲ਼ੀ ਬੱਸ ਫ਼ੜ ਲਈ। ਬੱਸ ਦੀਆਂ ਸਵਾਰੀਆਂ ਕੰਬਲ਼ ਜਾਂ ਟੋਟਿਆਂ ਦੀ ਬੁੱਕਲ਼ ਮਾਰੀ, ਖੰਭ ਜਿਹੇ ਘੁੱਟੀ ਬੈਠੀਆਂ ਸਨ।

ਰੋਡਵੇਜ਼ ਦੀ ਬੱਸ ਵਿੱਚ ਬੈਠਾ ਜੋਗਾ ਸਿੰਘ ਦੂਰ-ਦੂਰ ਤੱਕ ਪਸਰੀ ਹਰਿਆਵਲ ਨੂੰ ਤੱਕ ਸਰਸ਼ਾਰ ਹੋ ਰਿਹਾ ਸੀ। ਦੂਰ ਤੱਕ ਕਾਦਰ ਦੀ ਕੁਦਰਤ ਦੇ ਰੰਗ ਪੱਲਰੇ ਪਏ ਸਨ। ਕਣਕ ਦੇ ਬੂਟੇ ਬੱਲੀਆਂ ਦੀ ਕਲਗੀ ਲਾਈ ਖੜ੍ਹੇ ਹੱਸ ਰਹੇ ਸਨ। ਸਰ੍ਹੋਂ ਦੇ ਫ਼ੁੱਲ ਹਰਿਆਵਲ ਦੀ ਹਿੱਕ 'ਤੇ ਮਸਤੀ ਨਾਲ਼ ਝੂੰਮ ਰਹੇ ਸਨ, ਜਿਵੇਂ ਸੰਦਲੀ ਹੱਥਾਂ ਵਿੱਚ ਸੋਨੇ ਦੀਆਂ ਮੁੰਦਰੀਆਂ ਪਹਿਨੀਆਂ ਹੋਈਆਂ ਸਨ। ਬੱਸ ਦੀ ਬਾਰੀ ਵਿੱਚੋਂ ਆਇਆ ਹਵਾ ਦਾ ਬੁੱਲਾ ਜੋਗੇ ਨੂੰ ਇੱਕ ਤਰ੍ਹਾਂ ਨਾਲ਼ ਹੁਲ੍ਹਾਰਾ ਦੇ ਗਿਆ ਸੀ। ਫ਼ਸਲਾਂ ਦੀ ਮਹਿਕ ਨੇ ਜਿਵੇਂ ਉਸ ਦੇ ਜ਼ਿਹਨ ਅੰਦਰ ਕਿਸੇ ਚੰਦਨ ਦਾ ਛਿੜਕਾਅ ਕਰ ਦਿੱਤਾ ਸੀ। ਕਿਸੇ ਗ਼ੈਬੀ ਆਨੰਦ ਨਾਲ਼ ਉਸ ਨੇ ਸਾਹ ਉਪਰ ਖਿੱਚਿਆ। ਇੱਕ ਪਾਸੇ ਕਮਾਦ ਦੇ ਖੇਤ ਓਹਲਿਓਂ "ਭਗਵਾਨ ਤੇਰੀ ਕੁਦਰਤ" ਗਾਉਂਦੇ ਤਿੱਤਰ ਨੇ ਜੋਗੇ ਦੇ ਮਨ ਨੂੰ ਹੋਰ ਮਸਤੀ ਚਾੜ੍ਹ ਦਿੱਤੀ।

ਬੱਸ ਅੱਡੇ 'ਤੇ ਉੱਤਰ ਜੋਗਾ ਸਿੰਘ ਘਰ ਜਾਣ ਦੀ ਵਜਾਏ ਖੇਤ ਨੂੰ ਹੀ ਸਿੱਧਾ ਹੋ ਗਿਆ।

ਜੋਗੇ ਦਾ ਸੀਰੀ ਗੇਜਾ ਪੱਠੇ ਵੱਢੀ ਜਾ ਰਿਹਾ ਸੀ।

ਪੱਲੀ ਕੋਲ਼ੋਂ ਦਾਤੀ ਚੁੱਕ ਜੋਗੇ ਨੇ ਵੀ ਬਰਸੀਨ ਨੂੰ ਵਾਢਾ ਧਰ ਲਿਆ।

-"ਜਾ ਆਇਆ ਬਾਈ...?" ਗੇਜੇ ਨੇ ਮੀਸਣਾ ਜਿਹਾ ਹਾਸਾ ਹੱਸ ਕੇ ਜੋਗੇ ਨੂੰ ਪੁੱਛਿਆ। ਗੇਜਾ ਜੋਗੇ ਨਾਲ਼ ਲੰਮੇ ਸਮੇਂ ਤੋਂ ਸੀਰੀ ਚੱਲਿਆ ਆ ਰਿਹਾ ਸੀ। ਸੀਰੀ ਜਾਂ ਮਾਲਕ ਵਾਲ਼ੀ ਗੱਲ ਤਾਂ ਉਹਨਾਂ ਵਿੱਚ ਹੈ ਹੀ ਨਹੀਂ ਸੀ, ਉਹਨਾਂ ਦਾ ਤਾਂ ਭਰਾਵਾਂ ਵਾਲ਼ਾ ਪ੍ਰੇਮ ਸੀ। ਦੋਨੋਂ ਇੱਕ ਦੂਜੇ ਉਪਰ ਜਾਨ ਵਾਰਦੇ, ਇੱਕ ਦੂਜੇ ਲਈ ਲਹੂ ਡੋਲ੍ਹਦੇ ਸਨ।

-"ਹਾਂ, ਜਾ ਆਇਆ...!" ਜੋਗੇ ਨੇ ਹੁੰਗਾਰਾ ਰੂਹ ਨਾਲ਼ ਨਹੀਂ ਸੀ ਭਰਿਆ। ਹੁੰਗਾਰੇ ਵਿੱਚ ਗੜ੍ਹਕਾ ਨਹੀਂ ਸੀ। ਬੱਸ ਹੁੰਗਾਰਾ ਭਰ ਕੇ ਇੱਕ ਤਰ੍ਹਾਂ ਨਾਲ਼ ਵੇਲ਼ਾ ਪੂਰਾ ਜਿਹਾ ਹੀ ਕੀਤਾ ਸੀ।

-"ਪਈ ਮਿਹਨਤ ਪੱਲੇ ਕਿ ਨਹੀਂ...?"

-"ਜਿੰਨੀ ਆਸ ਉਮੀਦ ਨਾਲ਼ ਗਿਆ ਸੀ, ਓਨੀ ਨੀ ਪਈ..!"  ਬਰਸੀਨ ਦਾ ਰੁੱਗ ਸੁੱਟਦਿਆਂ ਜੋਗੇ ਨੇ ਬਾਂਹ ਨਾਲ਼ ਮੱਥਾ ਪੂੰਝਿਆ।

-"ਚਲੋ, ਜਾਂਦੇ ਚੋਰ ਦੀ ਤੜਾਗੀ ਈ ਸਹੀ..! ਹਾੜ੍ਹੀ ਤੱਕ ਤਾਂ ਕੰਮ ਚੱਲੂ..?"

-"ਹਾਂ, ਹਾੜ੍ਹੀ ਤੱਕ ਜਾਨ ਸੌਖੀ ਰਹੂ, ਅੱਗੇ ਰੱਬ ਰਾਖਾ..! ਔਹ ਲੀਲੀ ਛੱਤ ਆਲ਼ਾ..!"

-"ਜੱਟ ਦਾ ਤਾਂ ਹੁੰਦਾ ਈ ਰੱਬ ਐ ਬਾਈ ਜੋਗਾ ਸਿਆਂ...!"

-"ਯਾਰ ਗੇਜਿਆ, ਇੱਕ ਗੱਲ ਸਮਝ ਨੀ ਆਉਂਦੀ..!"

-"ਕੀ...?"

-"ਜੀਓ-ਜੀਅ ਜਿੰਮੀਦਾਰ ਨਾਲ਼ ਕਿਹੜਾ ਬੈਰ ਕੱਢਦੇ ਐ..? ਗੌਰਮਿੰਟ ਤੋਂ ਲੈ ਕੇ ਆੜ੍ਹਤੀਏ ਤੱਕ, ਸਾਰੇ ਕੰਜਰ ਝੱਗੇ ਲਾਹੁੰਣ ਨੂੰ ਪੈਂਦੇ ਐ..! ਇਉਂ ਜੱਟ ਕਿੰਨਾਂ ਕੁ ਚਿਰ ਕੱਟੂ..?"

-"ਆਪਾਂ 'ਕੱਲੇ ਥੋੜ੍ਹੋ ਐਂ ਬਾਈ ਜੋਗਿਆ..? ਸਾਰੀ ਦੁਨੀਆਂ ਦਾ ਆਹੀ ਹਾਲ ਐ...! ਜੀਹਨੂੰ ਮਰਜ਼ੀ ਐ ਹੱਥ ਲਾ ਕੇ ਦੇਖਲਾ, ਅੰਬਿਆ ਪਿਐ..! ਜੱਟ ਤਾਂ ਇਹਨਾਂ ਨੇ ਕੀਤਾ ਪਿਐ, ਖੱਸੀ...!"

-"ਨਾ ਤਾਂ ਜੱਟ ਨੂੰ ਡੀਜਲ ਦਿੰਦੇ ਐ, ਤੇ ਨਾ ਦਿੰਦੇ ਐ ਬਿਜਲੀ, ਖੇਤੀ ਜੱਟ ਇਹਨਾਂ ਦੀ ਮਾਂ ਦੇ ਘੜੁੱਕੇ ਨਾਲ਼ ਕਰੂ..?"

-"ਕਾਹਨੂੰ ਕਲ਼ਪੀ ਜਾਨੈਂ..? ਪੱਠੇ ਵੱਢ ਲਏ ਐ, ਆਥਣੇ ਘੁੱਟ ਲਾ ਕੇ ਰੰਗਾਂ 'ਚ ਹੋਵਾਂਗੇ, ਮੈਂ ਰਾਤ ਕੱਢ ਲਈਆਂ ਸੀ ਅੱਠ ਸੀਸੀਆਂ..!" ਗੇਜੇ ਨੇ ਉਸ ਨੂੰ ਠੰਢਾ ਕੀਤਾ।

-"ਬੱਲੇ...! ਬਾਹਲ਼ਾ ਈ ਤੱਤਾ ਨਿਕਲ਼ਿਆ..!" ਜੋਗੇ ਨੂੰ ਸਾਰੇ ਦੁੱਖ ਭੁੱਲ ਗਏ।

-"ਜਦੋਂ ਕੋਈ ਕੰਮ ਕਰਨਾ ਹੋਵੇ, ਸੱਜੇ ਨੂੰ ਖੱਬਾ ਥੋੜ੍ਹੋ ਉਡੀਕੀਦੈ..? ਫ਼ੇਰ ਤਾਂ ਓਸ ਗੱਲ ਦੇ ਆਖਣ ਮਾਂਗੂੰ, ਬਾਜ ਆਲ਼ੀ ਫ਼ੁਰਤੀ ਮਾਰੀਦੀ ਐ..!"

-"ਗੇਜਿਆ, ਅੱਜ ਮੈਨੂੰ ਹਾਸਾ ਬੜਾ ਆਇਆ...!" ਜੋਗੇ ਨੂੰ ਅਚਾਨਕ ਕਿਸੇ ਗੱਲ ਦਾ ਚੇਤਾ ਆ ਗਿਆ।

-"ਕਿਉਂ...?"

-"ਮੈਂ ਕਰਾੜਾਂ ਦੇ ਘੋਰਨੇ ਜੇ 'ਚ ਮੂਤਣ ਚਲਿਆ ਗਿਆ, ਜੀਹਨੂੰ ਕੰਜਰ ਦੇ 'ਟੌਲੈਟ' ਕਹਿੰਦੇ ਐ...!"

-"ਫ਼ੇਰ...!"

-"ਅੰਦਰ ਸਾਲਿਆਂ ਨੇ ਬਾਲਟੀ ਜਿੱਡਾ ਜੱਗ ਰੱਖਿਆ ਵਾ ਹੱਥ ਧੋਣ ਨੂੰ...! ਮੈਂ ਪੁੱਛਿਆ ਕਰਾੜਾ, ਟੌਲੈਟ 'ਚ ਜੰਗਲ ਪਾਣੀ ਆਲ਼ੇ ਹੱਥ ਧੋਨੇ ਐਂ, ਕਿ ਮੱਝ ਨੁਹਾਉਦੇ ਹੁੰਨੇ ਐਂ...?"

-"......................।" ਹੱਸਦੇ ਗੇਜੇ ਦੀਆਂ ਵੱਖੀਆਂ ਦੁਖਣ ਲੱਗ ਪਈਆਂ।

-"ਲਾਅਲੇ ਤਾਂ ਸਾਲ਼ੇ ਫ਼ੇਰ ਵੀ ਠੀਕ ਜੇ ਈ ਹੁੰਦੇ ਐ, ਚੌਗਾਠਾ ਤਾਂ ਬਾਈ ਸਿਆਂ ਲਾਲੀਆਂ ਦਾ ਵੱਡਾ ਹੁੰਦੈ, ਹੱਥ ਧੋਣ ਵਾਸਤੇ ਬਾਲਟੀ ਦੀ ਤਾਂ ਉਹਨਾਂ ਨੂੰ ਲੋੜ ਪੈਂਦੀ ਹੋਣੀ ਐਂ...!"

-"..........................।" ਦੋਨੋਂ ਫ਼ਿਰ ਹੱਸ ਪਏ।

-"ਅੱਜ ਦਿਨ ਦੇਖ ਕੈਸਾ ਲੱਗਿਐ..!"

-"ਸੂਰਜ ਦੇਵਤਾ ਕਈ ਦਿਨਾਂ ਬਾਅਦ ਦਿਆਲ ਹੋਇਐ..!"

ਅਜੇ ਉਹ ਗੱਲਾਂ ਕਰ ਹੀ ਰਹੇ ਸਨ ਕਿ ਗੁਆਂਢੀਆਂ ਦਾ ਮੁੰਡਾ ਉਹਨਾਂ ਦੇ ਸਿਰ 'ਤੇ ਆ ਖੜ੍ਹਾ।

-"ਚਾਚਾ, ਤੈਨੂੰ ਘਰੇ ਸੱਦੀਦੈ...!" ਮੁੰਡੇ ਨੇ ਜੋਗੇ ਨੂੰ ਸੁਨੇਹਾਂ ਦਿੱਤਾ।

-"ਕਿਉਂ...? ਚਾਚੇ ਤੋਂ ਮੱਝ ਨਵੇਂ ਦੁੱਧ ਕਰਵਾਉਣੀ ਐਂ..?" ਗੇਜਾ ਝਹੇਡ ਕਰਦਾ ਹੋਇਆ ਬੋਲਿਆ।

-"..............।" ਸੰਗਾਊ ਜਿਹਾ ਮੁੰਡਾ ਦੰਦੀਆਂ ਜਿਹੀਆਂ ਕੱਢ ਕੇ ਚੁੱਪ ਕਰ ਗਿਆ।

-"ਤੇਰੀ ਮਾਂ ਨੇ ਤਾਂ ਨੀ ਬੁਲਾਇਆ, ਭਤੀਜ...?" ਜੋਗਾ ਵੀ ਗੁੱਝੀ ਟਿੱਚਰ ਕਰ ਗਿਆ।

-"ਨਹੀਂ..!" ਉਸ ਨੇ ਸ਼ਰਮ ਨਾਲ਼ ਨੀਵੀਂ ਪਾ ਲਈ। ਉਸ ਦਾ ਮੂੰਹ ਲਾਲ ਝਰੰਗ ਹੋ ਗਿਆ ਸੀ।

-"ਤੇਰੀ ਮਾਂ ਦੀ ਬਿੱਲੀ ਅੱਖ ਵੀ ਬੰਦੇ ਦੇ ਭੂਰੀ ਕੀੜੀ ਮਾਂਗੂੰ ਲੜਦੀ ਐ...!"

-"......................।" ਮੁੰਡਾ ਮੁੜ ਹੱਸ ਕੇ ਨੀਂਵੀਂ ਪਾ ਗਿਆ। ਉਹ ਪੈਰ ਦੇ ਅੰਗੂਠੇ ਨਾਲ਼ ਧਰਤੀ ਖੁਰਲ਼ ਰਿਹਾ ਸੀ।

-"ਹੋਰ ਕੀਹਨੇ ਬੁਲਾਇਐ ਫ਼ੇਰ..?"

-"ਥੋਡੇ ਘਰੇ ਕੋਈ ਵਿਚੋਲਾ ਆਇਐ, ਬੇਬੇ ਨੇ ਸੱਦਿਐ...!"

-"ਓਹ ਬੱਲੇ...! ਤੇਰੇ ਮੂੰਹ ਘਿਉ ਸ਼ੱਕਰ, ਪੁੱਤ..!" ਗੇਜਾ ਦਾਤੀ ਸੁੱਟ ਕੇ ਖੜ੍ਹਾ ਹੋ ਗਿਆ, "ਕਿਸ਼ਤਾਂ 'ਚ ਗੱਲਾਂ ਤੂੰ ਦੱਸਦੈਂ, ਖਸਮਾਂ ਨੂੰ ਖਾਣਿਆਂ..! ਪਹਿਲਾਂ ਨਾ ਸਿੱਧੀ ਗੱਲ ਦੱਸੀ..? ਤੂੰ ਚੱਲ, ਅਸੀਂ ਆਉਨੇ ਐਂ...! ਨਾਲ਼ੇ ਆ ਕੇ ਤੇਰਾ ਮੂੰਹ ਮਿੱਠਾ ਕਰਵਾਉਨੇ ਆਂ...!"

-"...............................।"

-"ਜਿਉਂਦਾ ਰਹਿ ਜਿਉਣ ਜੋਕਰਿਆ...! ਆਬਦੀ ਮਾਂ ਨੂੰ ਕਹੀਂ ਦਿਉਰ ਦੇ ਸੁਰਮਾਂ ਪਾਉਣ ਆਸਤੇ ਤਿਆਰ ਰਹੇ...! ਕਲਕੱਤਿਓਂ ਪੱਖੀ ਤੇ ਦਿੱਲੀਓਂ ਸੁਰਮੇਦਾਣੀ ਲਿਆ ਕੇ ਦਿਆਂਗੇ...!"

-"ਤੇ ਨਾਲ਼ੇ ਸੰਵਾਅ ਕੇ ਦਿਆਂਗੇ ਫ਼ੁੱਲਾਂ ਆਲ਼ਾ ਗਰਾਰਾ...! ਦੇਖੀਂ ਫ਼ੇਰ, ਚੱਪਲਾਂ 'ਤੇ ਨਾਚ ਕਰਿਆ ਕਰੂ ਪੱਟ ਹੋਣੀਂ..!"

-"ਨਾਚ ਕੀ...? ਮੋਰ ਆਂਗੂੰ ਪੈਹਲ੍ਹ ਪਾਊ, ਪੈਹਲ੍ਹ...!"

-"ਮੈਖਿਆ ਸੱਪ ਮਾਂਗੂੰ ਮੇਹਲੂ...! ਜੇ ਮੇਮਾਂ ਦੇ ਦੇਸ਼ ਜੰਮੀਂ ਹੁੰਦੀ, ਪਰਲੋਂ ਲਿਆ ਦਿੰਦੀ...!"

-"ਤੇ ਹੁਣ ਕਿਹੜਾ ਘੱਟ ਐ...? ਦੇਖਣ ਆਲ਼ੇ ਦਾ ਕਾਲ਼ਜਾ ਕੱਢਦੀ ਐ...!"

ਹੱਸਦਾ ਅਤੇ ਸੰਗਦਾ ਮੁੰਡਾ ਤੁਰ ਗਿਆ।

-"ਲੈ ਬਾਈ ਜੋਗਿਆ, ਅਸੀਂ ਤਾਂ ਜਿਹੜੇ ਠੂਠੇ ਖਾਣੈਂ, ਓਸੇ ਈ ਖਾਣੈਂ, ਤੂੰ ਤਾਂ ਸੁੱਖ ਨਾ' ਕਰ ਤਿਆਰੀ ਸਿਹਰੇ ਬੰਨ੍ਹਣ ਦੀ..! ਹੋ ਸਕਦੈ ਤੇਰੇ ਨਾਲ਼ ਕਦੇ ਸਾਨੂੰ ਵੀ ਤਿੰਨ ਖੂੰਜੇ ਪਰਾਉਂਠੇ ਮਿਲ਼ ਜਿਆ ਕਰਨ, ਤਾਈ ਦੇ ਹੱਥਾਂ ਦੀਆਂ ਚੱਕੀ ਦੇ ਪੜੂਏ ਅਰਗੀਆਂ ਖਾ-ਖਾ ਕੇ ਤਾਂ ਸਾਲ਼ੀਆਂ ਜਾਭਾਂ ਘਸ ਗਈਆਂ..? ਜੀਭ 'ਤੇ ਅੱਟਣ ਪੈਗੇ..!"

-"ਪਿੰਡ ਬੱਝਿਆ ਨੀ, ਤੇ ਮੰਗਤੇ ਪਹਿਲਾਂ..!"

-"...............।" ਗੇਜਾ ਹੱਸ ਪਿਆ।

-"ਤੇਰੀ ਵੀ ਓਹ ਗੱਲ ਐ, ਅਖੇ ਸੂਤ ਨਾ ਪਤਾਣ, ਜੁਲਾਹੇ ਨਾ' ਠੇਂਗੋ ਠੇਂਗੀ..!"

-"ਸੂਤ ਪਤਾਣ ਕਾਹਤੋਂ ਨੀ..? ਜਿਹੜਾ ਵਿਚੋਲਾ ਆਇਐ, ਕੁਛ ਨਾ ਕੁਛ ਤਾਂ ਲੈ ਕੇ ਆਇਆ ਹੋਊ..? ਵਿਚੋਲਾ ਤਾਂ ਮਿੱਟੀ ਦਾ ਮਾਣ ਨੀ ਹੁੰਦਾ..! ਚੱਲ, ਚੱਲ ਕੇ ਮੂੰਹ ਸੁੰਘੀਏ..!" ਗੇਜੇ ਨੇ ਹਿੰਮਤ ਅਤੇ ਹੌਂਸਲੇ ਨਾਲ਼ ਪੱਠੇ ਰੇੜ੍ਹੀ ਵਿੱਚ ਲੱਦਣੇ ਸ਼ੁਰੂ ਕਰ ਦਿੱਤੇ। ਉਸ ਦੇ ਅੰਦਰ ਕੋਈ ਕੁਤਕੁਤੀ ਹੋਈ ਸੀ।

-"ਚੱਲ ਪੁੱਤ ਮੇਰਿਆ, ਹੋ ਖੜ੍ਹਾ..! ਅੱਜ ਬਾਈ ਦਾ ਘਰ ਵਸਣ ਲੱਗਿਐ...!" ਉਸ ਨੇ ਰੇੜ੍ਹੀ ਕੋਲ਼ ਬੈਠੇ ਵਹਿੜ੍ਹਕੇ ਦੇ ਪਰੈਣੀ ਦੀ ਪੋਲੀ ਜਿਹੀ ਹੁੱਝ ਮਾਰੀ, ਵਹਿੜ੍ਹਕਾ ਲੱਗਦੇ ਹੱਥ ਹੀ ਖੜ੍ਹਾ ਹੋ ਗਿਆ ਅਤੇ ਉਸ ਨੇ ਕੰਨ ਹਿਲਾਏ।

-"ਤੂੰ ਰੇੜ੍ਹੀ ਲੈ ਕੇ ਚੱਲ ਬਾਈ..! ਮੈਂ ਦੋ ਬੋਤਲਾਂ ਚੱਕ ਲਿਆਵਾਂ..! ਵਿਚੋਲੇ ਦਾ ਮੂੰਹ ਬਕਬਕਾ ਕਰਾਂਗੇ..!" ਉਹ ਖੇਤ ਵਾਲ਼ੇ ਕੋਠੇ ਵੱਲ ਨੂੰ ਭੱਜ ਲਿਆ।

-"ਅਖੇ ਜੁਆਕ ਦਾ ਪੱਜ, ਤੇ ਬਾਬੇ ਦਾ ਰੱਜ...! ਬਚੋਲੇ ਦਾ ਤਾਂ ਇੱਕ ਬਹਾਨਾ ਈ ਐ, ਕਮਲ਼ੇ ਤਾਂ ਆਪਾਂ ਹੋਣੈਂ...!"

-"ਤੂੰ ਤਾਂ ਜਾਣੀਂ ਜਾਣ ਐਂ, ਦਿਲਾਂ ਦੀਆਂ ਬੁੱਝਣ ਆਲ਼ਾ....।" ਭੱਜਿਆ ਜਾਂਦਾ ਗੇਜਾ ਹੱਸ ਪਿਆ।

-"ਛੇਤੀ ਆਜੀਂ...! ਕਿਤੇ 'ਕੱਲਾ ਈ ਡੁੱਘੂ ਨਾ ਲਾਉਣ ਲੱਗਪੀਂ..!" ਜੋਗੇ ਨੇ ਸੁਣਾਈ ਕੀਤੀ।

-"ਕਾਣੀਂ ਵੰਡ ਜਮਾਂ ਨੀ ਕਰਦਾ, ਬਾਈ..! ਤੇਰੀ ਗੈਰਹਾਜਰੀ 'ਚ ਤਿੱਪ ਨੀ ਅੰਦਰ ਜਾਊ..!" ਉਹ ਭੱਜਿਆ ਜਾਂਦਾ ਕਹਿ ਰਿਹਾ ਸੀ।

-"ਤੇਰਾ 'ਤਬਾਰ ਜਿਆ ਘੱਟ ਈ ਐ ਮੈਨੂੰ, ਦਾਰੂ ਦੇਖ ਕੇ ਕਦੇ-ਕਦੇ ਤੈਨੂੰ ਵੀ ਗਧੇ ਆਲ਼ਾ ਹੀਂਗਣਾਂ ਉਠ ਖੜ੍ਹਦੈ...!" ਜੋਗੇ ਨੇ ਰੇੜ੍ਹੀ ਤੋਰ ਲਈ। ਪਰ ਗੇਜੇ ਨੂੰ ਕੁਛ ਨਹੀਂ ਸੁਣਿਆਂ ਸੀ। ਉਹ ਦਾਰੂ ਦੇ ਚਾਅ ਵਿੱਚ ਦੁੜਕੀ ਚਾਲ ਦੂਰ ਨਿਕਲ਼ ਗਿਆ ਸੀ। ਘਰ ਦੀ ਕੱਢੀ ਦਾਰੂ ਉਸ ਨੂੰ ਘਿਉ ਵਾਂਗ ਲੱਗਦੀ ਸੀ।

ਘਰ ਪਹੁੰਚਣ ਤੋਂ ਪਹਿਲਾਂ ਹੀ ਗੇਜਾ ਜੋਗੇ ਦੀ ਰੇੜ੍ਹੀ ਨਾਲ਼ ਆ ਰਲ਼ਿਆ।

 

ਕਾਂਡ 2

ਸੁੱਤੀ ਪਈ ਨੂੰ ਹਿਚਕੀਆਂ ਆਈਆਂ,

ਖ਼ੈਰ ਹੋਵੇ ਸੱਜਣਾਂ ਦੀ...

ਜਦ ਉਹ ਘਰ ਪਹੁੰਚੇ ਤਾਂ ਫ਼ੁੱਫ਼ੜ ਮਹਿੰਗਾ ਸਿਉਂ ਬੇਬੇ ਨਾਲ਼ ਗੱਲੀਂ ਲੱਗਿਆ ਹੋਇਆ ਸੀ। ਕਰੜ-ਬਰੜੀ ਦਾਹੜੀ ਵਾਲ਼ੇ ਵਿਚੋਲੇ ਨੂੰ ਦਾਹੜੀ ਕਾਲ਼ੀ ਕਰਨ ਦੀ ਬਹੁਤੀ ਜਾਂਚ ਨਹੀਂ ਸੀ। ਅੱਘੜ੍ਹ-ਦੁਘੜ੍ਹੀ ਕਾਲ਼ੀ ਕੀਤੀ ਦਾਹੜੀ ਗਰਮੀਆਂ ਮੌਕੇ ਖੇਤ ਵਿੱਚ ਖੜ੍ਹੀ ਇੱਟਸਿੱਟ ਵਰਗੀ ਲੱਗਦੀ ਸੀ। ਉਸ ਦਾ ਘੁੱਟਿਆ ਜਿਹਾ ਮੂੰਹ ਬੰਦੂਕ ਦੇ ਬੁੱਗ ਵਰਗਾ ਸੀ।

-"ਤਕੜੈਂ ਫ਼ੁੱਫ਼ੜਾ...?" ਜੋਗੇ ਨੇ ਹੱਥ ਜੋੜ ਲਏ।

-"ਜਮਾਂ ਘੋੜ੍ਹਾ..! ਲੋਹੇ ਅਰਗਾ..! ਤੂੰ ਦੇਹ ਗੱਲ...? ਸਰੀਰ ਕੈਮ ਐਂ...??"

-"ਘਣ ਅਰਗਾ ਫ਼ੁੱਫ਼ੜਾ..! ਪੂਰਾ ਘਣ ਅਰਗਾ..!"

-"ਚਲੋ ਰੱਬ ਥੋਨੂੰ ਰਾਜੀ ਰੱਖੇ..! ਤੂੰ ਬਈ ਗੇਜਿਆ, ਬੋਲਦਾ ਈ ਨੀ...?" ਫ਼ੁੱਫ਼ੜ ਨੇ ਸ਼ਿਕਵਾ ਕੀਤਾ।

-"ਜਿੱਥੇ ਸਿਆਣੇ ਬੰਦੇ ਬੋਲਦੇ ਹੋਣ ਸਰਦਾਰਾ, ਓਥੇ ਮੇਰੇ ਅਰਗਾ ਸਿੱਧਰਾ ਕੀ ਬੋਲੂ..?" ਗੇਜੇ ਨੇ ਕਿਹਾ, "ਅਸੀਂ ਤਾਂ ਥੋਡੇ ਅਰਗੇ ਸਿਆਣਿਆਂ ਨੂੰ ਸੁਣਨ ਆਲ਼ੇ ਸਰੋਤੇ ਐਂ..!"

-"ਨ੍ਹਾ ਤੂੰ ਕਿਸੇ ਦੀ ਨੂੰਹ ਧੀ ਨਾਲ਼ੋਂ ਘੱਟ ਐਂ..? ਐਮੇ ਨੀ ਨਿੱਕੀਆਂ-ਨਿੱਕੀਆਂ ਗੱਲਾਂ ਸੋਚੀਦੀਆਂ..! ਜੱਜ ਬਣ ਕੇ ਰਹੀਏ..! ਜਿਵੇਂ ਕਿਸੇ ਮੀਰਜਾਦੇ ਨੂੰ ਉਹਦਾ ਮੁੰਡਾ ਕਹਿੰਦਾ ਅਖੇ ਬਾਪੂ, ਤੈਨੂੰ ਸਾਰਾ ਪਿੰਡ ਟਿੱਚ ਜਾਣਦੈ, ਓਹ ਕਹਿੰਦਾ ਪੁੱਤ ਵਹਿਮ ਨਾ ਮੰਨ, ਮੈਂ 'ਕੱਲਾ ਈ ਸਾਰੇ ਪਿੰਡ ਨੂੰ ਟਿੱਚ ਜਾਣਦੈਂ..! ਆਹ ਆਪਣੀ ਹਰ ਕੁਰ ਦੇਖਲਾ, ਉਮਰ ਦੇ ਪਿਛਲੇ ਪਹਿਰ ਵੀ ਨੱਕ 'ਤੇ ਮੱਖੀ ਨੀ ਬਹਿਣ ਦਿੰਦੀ, ਤੇਰੇ ਸਾਹਮਣੇ ਐਂ, ਮੈਂ ਇਹਦੇ ਨਾਲ਼ ਬੇਡਰ ਹੋ ਕੇ ਆਢਾ ਲਾਈ ਬੈਠੈਂ, ਸਾਡਾ ਜਿਗਰਾ ਵੀ ਦੇਖ, ਨਹੀਂ ਹਰ ਕੁਰ ਮਾਤਾ ਰਾਣੀ ਦੀ ਤਾਬ ਕੌਣ ਝੱਲੇ..? ਨਿਰੀ ਜੁਆਲਾ ਮੁਖੀ ਐ..!"

ਸਾਰੇ ਹੱਸ ਪਏ।

ਪਰ ਜੋਗੇ ਦੀ ਮਾਂ ਹਰ ਕੌਰ ਕੁੜੈਣ ਪੀਤੀ ਵਾਲ਼ਿਆਂ ਵਾਂਗ ਮੂੰਹ ਵੱਟੀ ਬੈਠੀ ਸੀ।

-"ਤੂੰ ਵੀ ਮਾੜਾ ਮੋਟਾ ਹੱਸ ਲੈਂਦੀ, ਮੂੰਹ ਦੀ 'ਪਰਾਟੀਸ' ਹੋ ਜਾਂਦੀ ਐ, ਹਰ ਕੁਰੇ..! ਤੂੰ ਤਾਂ ਮੂੰਹ ਬਾਹਲ਼ਾ ਈ ਘੁੱਗੂ ਅਰਗਾ ਕਰੀ ਬੈਠੀ ਐਂ..!" ਉਹ ਹਰ ਕੌਰ ਵੱਲ ਤਿਰਛਾ ਝਾਕਿਆ।

-"ਮੈਂ ਰੱਜੀ ਧਾਈ ਥੋਡੇ ਹੱਸਣ ਖੁਣੋਂ..! ਮੇਰਾ ਡਮਾਕ ਫ਼ਿਰਿਐ, ਮੈਂ ਬਿਨਾਂ ਗੱਲੋਂ ਜਾੜ੍ਹਾਂ ਜੀਆਂ ਕੱਢੀ ਜਾਵਾਂ..? ਥੋਨੂੰ ਤਾਂ ਨਾ ਚੜ੍ਹੀਦੀ, ਤੇ ਨਾ ਲੱਥੀਦੀ..! ਅਖੇ ਪਿੰਡ ਉਜੜਿਆ ਜਾਵੇ ਤੇ ਕਮਲ਼ੀ ਨੂੰ ਕੱਤਣ ਦੀ...!" ਹਰ ਕੌਰ ਬੋਲੀ।

ਹਰ ਕੌਰ ਅੜਬ ਸੁਭਾਅ ਦੀ "ਕੱਬੀ" ਔਰਤ ਸੀ। ਘਰਵਾਲ਼ਾ ਮਰਨ ਤੋਂ ਬਾਅਦ ਉਸ ਦਾ ਸੁਭਾਅ ਚਿੜਚਿੜਾ ਜਿਹਾ ਹੋ ਗਿਆ ਸੀ। ਆਂਢ-ਗੁਆਂਢ ਦਾ ਕੋਈ ਬੰਦਾ ਬੁੜ੍ਹੀ ਉਸ ਨਾਲ਼ ਛੇਤੀ ਕੀਤੇ ਗੱਲ ਕਰ ਕੇ ਰਾਜ਼ੀ ਨਹੀਂ ਸੀ। ਉਸ ਦਾ ਚਿਹਰਾ ਹਮੇਸ਼ਾ ਤਣਿਆਂ ਰਹਿੰਦਾ ਅਤੇ ਮੂੰਹ 'ਤੇ ਸਿੱਧੀ ਗਾਲ਼ ਲਿਖੀ ਹੋਈ ਸੀ। ਗੱਲ ਕਰਨ ਵਾਲ਼ੇ ਨੂੰ ਗੱਲੀਂ ਬਾਤੀਂ ਵੱਢਣ ਆਉਂਦੀ ਸੀ।

-"ਤੁਸੀਂ ਕੁਤਰੋ ਪੱਠੇ..! ਸਾਨੂੰ ਗੱਲ ਕਰਨ ਦਿਓ, ਤੂੰ ਚਾਹ ਪੀ ਵੇ..!" ਉਹ ਵਿਚੋਲੇ ਨੂੰ ਟੋਕਦੀ ਬੋਲੀ, "ਤੈਨੂੰ ਵੀ ਭਕਾਈ ਮਾਰਨ ਤੋਂ ਬਿਨਾ ਕੋਈ ਕੰਮ ਨੀ ਆਉਂਦਾ..!"

-"ਪੀਈ ਤਾਂ ਜਾਨੈਂ..! ਹੋਰ ਹੁਣ ਮੈਨੂੰ ਚਾਹ ਚੁੰਘਣੀ ਨਾਲ਼ ਤਾਂ ਨੀ ਦੇਣੀਂ...?" ਉਸ ਨੇ ਚਾਹ ਦਾ ਗਿਲਾਸ ਚੁੱਕ ਕੇ ਮੂੰਹ ਨੂੰ ਲਾ ਲਿਆ।

-"ਤੈਨੂੰ ਭਕਾਈ ਮਾਰਨ ਆਸਤੇ ਮੁੰਡੇ ਮਿਲ਼ਗੇ, ਤੇ ਤੂੰ ਬਾਂਦਰ ਮਾਂਗੂੰ ਲਾਚੜ ਗਿਆ, ਕੰਮ ਦੀ ਗੱਲ ਕਰ ਕੋਈ..!"

-"ਚੰਗਾ, ਮੈਂ ਕੀ ਕਹਿੰਦਾ ਸੀ..? ਇੱਕ ਤਾਂ ਤੂੰ ਛੋਤ ਲਾਹ ਕੇ ਤੂੰ ਮੈਨੂੰ ਗੱਲ ਭੁਲਾ ਦਿੰਨੀ ਐਂ...!"

-"ਛੱਡੀਦਾ ਤੈਨੂੰ ਮੱਝ ਥੱਲੇ ਐ, ਜਾ ਤੂੰ ਕੱਟੇ ਵੱਛਿਆਂ ਥੱਲੇ ਵੜਦੈਂ, ਹੜਬੋਕਾ...!"

-"ਚੰਗਾ ਮਾਤਾ ਰਾਣੀ ਹਰ ਕੁਰ ਜੀ, ਬੋਲਿਆ ਚੱਲਿਆ ਮਾਫ਼ ਕਰੋ...! ਜੈ ਮਾਤਾ ਦੀ...!"

-"ਚੱਲ ਗੱਲ ਤੋਰ ਅੱਗੇ...!"

-"ਕੀ ਗੱਲ ਕਰਦਾ ਸੀ ਮੈਂ...?"

-"ਕੁੜੀ ਦੇ ਟੱਬਰ ਦੀ ਗੱਲ ਕਰਦਾ ਸੀ, ਹੋਰ ਤੂੰ ਕਬੀਛਰੀ ਥੋੜ੍ਹੋ ਸੁਣਾਉਂਦਾ ਸੀ..?"

-"ਲੈ ਹਾਂ ਸੱਚ, ਹਰ ਕੁਰੇ, ਸਾਰਾ ਪ੍ਰੀਵਾਰ ਪਾਠ ਪੂਜਾ ਕਰਨ ਤੇ ਰੱਬ ਨੂੰ ਮੰਨਣ ਆਲ਼ਾ ਐ, ਪੂਰਾ ਧਾਰਮਿਕ ਟੱਬਰ..!"

-"ਵੇ ਧਾਰਮਿਕ ਟੱਬਰ ਤੋਂ ਮੈਂ ਕਿਹੜਾ ਹਵਨ ਕਰਾਉਣੈ, ਗੱਲਾਂ ਕੀ ਕਰੀ ਜਾਂਦੈ, ਔਤਾਂ ਦੇ ਜਾਣਾ..! ਤੂੰ ਕੋਈ ਲੈਣ ਦੇਣ ਦੀ ਗੱਲ ਕਰ..!" ਹਰ ਕੌਰ ਹੋਰ ਖਿਝ ਗਈ ਸੀ। ਉਸ ਨੇ ਵਿਚੋਲੇ ਵੱਲੋਂ ਮੂੰਹ ਵੱਟ ਕੇ ਬੁੱਲ੍ਹ ਟੇਰੇ।

-"ਤੂੰ ਮੈਨੂੰ ਵੱਢ ਖਾਣਿਆਂ ਮਾਂਗੂੰ ਘਰੂਟ ਮਾਰਨ ਕਿਉਂ ਆਉਨੀ ਐਂ..?"

-"ਵੇ ਥੇਹ ਹੋਣਿਆਂ, ਹੋਰ ਹੁਣ ਤੈਨੂੰ ਕੰਠਾ ਪਾਵਾਂ..? ਕੰਮ ਦੀ ਗੱਲ ਤਾਂ ਕੋਈ ਕਰਦਾ ਨੀ, ਹੋਰ ਈ ਝੁੱਗੀਆਂ 'ਚ ਬੱਟੇ ਮਾਰੀ ਜਾਨੈਂ..!"

-"ਲੈ ਸੁਣ..! ਕੰਨ ਕਰ ਕੋਲ਼ ਨੂੰ..!"

-"................।" ਹਰ ਕੌਰ ਨੇ ਧਿਆਨ ਓਧਰ ਕਰ ਲਿਆ।

-"ਸੌ ਹੱਥ ਰੱਸਾ ਸਿਰੇ 'ਤੇ ਗੰਢ..! 'ਕੱਲੀ-'ਕੱਲੀ ਕੁੜੀ, ਤੇ ਗਿਆਰਾਂ ਕਿੱਲੇ ਜ਼ਮੀਨ ਐਂ..!"

-"ਨ੍ਹੀ ਮਾਂ ਸਦਕੇ..! ਪਹਿਲਾਂ ਨਾ ਬੋਲਿਆ..? ਅਖੇ ਵਿਹਲਾ ਬਾਣੀਆਂ ਕੀ ਕੰਮ ਕਰੇ, ਐਧਰਲੇ ਬੱਟੇ ਔਧਰ ਧਰੇ..! ਹੁਣ ਕੀਤੈ ਜੀਅ ਖ਼ੁਸ਼..! ਹੋਰ ਈ ਉੱਘ ਦੀਆਂ ਪਤਾਲ਼ ਮਾਰੀ ਜਾਊ, ਲੈ ਕਰ ਮੂੰਹ ਮਿੱਠਾ..!" ਉਸ ਨੇ ਵਿਚੋਲੇ ਨੂੰ ਗੁੜ ਦੀ ਰੋੜੀ ਫ਼ੜਾਈ।

-"ਮੂੰਹ ਮਿੱਠਾ, ਗੁੜ ਨਾਲ਼ ਈ...?? ਐਦੂੰ ਤਾਂ ਤੂੰ ਮੇਰੇ ਗੋਲ਼ੀ ਮਾਰ ਦਿੰਦੀ..?" ਉਹ ਗੁੜ ਦੀ ਰੋੜੀ ਵੱਲ ਪਿਆਸੇ ਕਾਂ ਵਾਂਗ ਝਾਕਿਆ।

-"ਵੇ ਔਤਾਂ ਦੇ ਜਾਣਿਆਂ, ਮਾਣ ਦੀ ਤਾਂ ਜੁੱਤੀ ਵੀ ਬਥੇਰੀ ਹੁੰਦੀ ਐ..! ਨਾਲ਼ੇ ਗੁੜ ਤਾਂ ਸਾਰੀਆਂ ਮਠਿਆਈਆਂ ਨਾਲ਼ੋਂ ਮਿੱਠਾ ਹੁੰਦੈ..!"

-"ਤੈਨੂੰ ਕੁੜੀ ਨਾਲ਼ ਗਿਆਰਾਂ ਕਿੱਲੇ ਪੈਲ਼ੀ ਮਿਲ਼ਜੂ, ਪਰ ਕੱਟੇ ਨੂੰ ਵੀ ਮਣ ਦੁੱਧ ਦਾ ਕੋਈ ਫ਼ਾਇਦਾ ਹੋਊਗਾ ਕਿ ਮੇਰੇ ਪੱਲੇ ਬੱਸ ਛੜਾਂ ਤੇ ਲਿੱਬੜੀਆਂ ਪੂਛਾਂ ਈ ਐਂ..?"

-"ਵੇ ਖਸਮਾਂ ਨੂੰ ਖਾਣਿਆਂ...! ਸਾਰਾ ਘਰ ਬਾਰ ਈ ਤੇਰੈ, ਤੂੰ ਘਸਮੈਲ਼ੀਆਂ ਜੀਆਂ ਗੱਲਾਂ ਕਾਹਤੋਂ ਕਰੀ ਜਾਨੈਂ..? ਛੱਪ ਦੇਣੇ ਪੱਕ-ਠੱਕ ਕਰ, ਵਿਆਹ ਕਰੀਏ...! ਤੇਰਾ ਮੱਥਾ ਵੀ ਡੰਮੂੰਗੀ..!"

-"ਅਖੇ ਘਰ-ਬਾਰ ਤੇਰਾ, ਪਰ ਕੋਠੀ ਹੱਥ ਨਾ ਲਾਈਂ..! ਨ੍ਹਾਂ ਮੇਰਾ ਮੱਥਾ ਤੈਨੂੰ ਡੰਮ੍ਹਣ ਵਾਲ਼ਾ ਲੱਗਦੈ..?"

-"ਵੇ ਤੂੰ ਕੋਠੀ ਪੁਆ ਤਾਂ ਸਹੀ, ਚਾਹੇ ਭੰਗੜ੍ਹੇ ਪਾਈਂ ਤੇ ਚਾਹੇ ਪੱਟੀਂ ਖੁਰਗੋ..!"

-"ਕੋਠੀ ਤੇਰੀ ਹੋਊਗੀ, ਮੈਨੂੰ ਤਾਂ ਕਿਸੇ ਨੇ ਨਜਰ-ਵੱਟੂ ਆਲ਼ੀ ਥਾਂ ਵੀ ਨੀ ਲਾਉਣਾ...!"

-"ਤੂੰ ਮੋੜ੍ਹੀਆਂ 'ਚ ਡਾਂਗਾਂ ਨਾ ਮਾਰੀ ਜਾਇਆ ਕਰ...!"

-"ਮੁੰਡੇ ਨੂੰ ਵੀ ਪੁੱਛ ਲੈ, ਕਿਤੇ ਉਹ ਨਾ ਤੋਕੜ ਮੱਝ ਮਾਂਗੂੰ ਲੱਤ ਚੱਕ ਜੇ..?" ਵਿਚੋਲੇ ਨੇ ਡਰ ਦੱਸਿਆ।

-"ਖੌਂਸੜੇ...! ਖੌਂਸੜੇ ਨਾ ਖਾਊਗਾ..? ਵੇ ਮੇਰੇ ਮੂਹਰੇ ਤਾਂ ਕਦੇ ਉਹਦਾ ਪਿਉ ਨੀ ਸੀ ਕੁਸਕਿਆ, ਇਹਨੇ ਤਾਂ ਕੀ ਸਾਹ ਕੱਢਣੈਂ..? ਮੈਂ ਤਾਂ ਜੇ ਆਈ 'ਤੇ ਆ ਜਾਂ, ਸਰਾਲ਼ ਮਾਂਗੂੰ ਸਾਹ ਪੀਣ ਆਲ਼ੀ ਐਂ...!"

-"ਬਾਘਰੂ...! ਕਿਤੇ ਸੰਤ ਸਿਉਂ ਨੂੰ ਤੂੰ ਈ ਤਾਂ ਨੀ ਗੱਡੀ ਚਾੜ੍ਹਤਾ ਸੀ..?"

-"ਵੇ ਤੂੰ ਮੈਥੋਂ ਕਿਤੇ ਮੂੰਹ ਨਾ ਭੰਨਾ ਲੀਂ..! ਅਖੇ ਅੰਨ੍ਹਾਂ ਜੁਲਾਹਾ ਤੇ ਮਾਂ ਨਾਲ਼ ਮਛਕਰੀਆਂ..!"

-"ਜਿਸ ਹਿਸਾਬ ਨਾਲ਼ ਤੂੰ ਗੱਲਾਂ ਕਰਦੀ ਐਂ, ਚਰਜ ਵੀ ਕੋਈ ਨੀ..! ਗਲ਼ 'ਗੂਠਾ ਦੇ ਕੇ ਭੜ੍ਹੋਲੇ 'ਚ ਪਾਅਤਾ ਹੋਵੇ..?" ਉਸ ਨੇ ਤਰਕ ਮਾਰ ਕੇ ਵਿਅੰਗ ਨਾਲ਼ ਮੂੰਹ ਵਿੰਗਾ ਕਰ ਲਿਆ।

-"ਤੂੰ ਮੈਥੋਂ ਮੌਰ ਤਾਂ ਨੀ ਤੁੜਾਉਣੇ..?"

-"ਤੂੰ ਤੋੜ ਫੋੜ ਆਲ਼ੀਆਂ ਗੱਲਾਂ ਨਾ ਕਰਿਆ ਕਰ, ਕਦੇ ਸ਼ਾਂਤ ਵੀ ਰਹਿ ਪਿਆ ਕਰ..! ਮੁੰਡਿਆਂ ਨੇ ਪੱਠੇ ਕੁਤਰ ਲਏ ਐ, ਅੱਜ ਤਾਂ ਘੁੱਟ ਲਾ ਕੇ ਈ ਜਾਊਂ, ਤੇਰੀਆਂ ਖੁਸ਼ਕ ਜੀਆਂ ਗੱਲਾਂ ਨੇ ਮੇਰਾ ਤਾਂ ਅੰਦਰ ਖੁਰਚ ਸਿੱਟਿਆ, ਮੈਂ ਕਹਿੰਨੈਂ ਜਮਾਂ ਈ ਖੁਸ਼ਕੀ ਦੀ ਸਿੱਕਰੀ ਪਾ ਧਰੀ, ਅੱਜ ਤਾਂ ਪੈੱਗ ਸ਼ੈੱਗ ਲਾ ਕੇ ਈ ਪਾਊਂ ਚਾਲੇ..!"

-"ਫ਼ੇਰ ਜਾਣਾ ਖੇਹ ਖਾਣ ਐਂ...? ਅੱਜ ਐਥੇ ਈ ਰਹਿ'ਪਾ..!"

-"ਰਹਿ ਤਾਂ ਪਊਂਗਾ, ਜੇ ਸਾਬਤਾ ਈ ਤੋਰ ਦੇਂਗੀ..! ਵੱਢੂੰ-ਖਾਊਂ ਤਾਂ ਤੂੰ ਕਰੀ ਜਾਨੀ ਐਂ..! ਕਿਤੇ ਉਹ ਨਾ ਹੋਵੇ ਬਈ ਮੇਰੇ ਦਾਹ ਸਸਕਾਰ ਦਾ ਪ੍ਰਬੰਧ ਕਰਦੇ ਫ਼ਿਰਨ...?" ਉਹ ਹਰ ਕੌਰ ਵੱਲ ਟੇਢੀ ਨਜ਼ਰ ਝਾਕਿਆ।

ਹਰ ਕੌਰ ਨੂੰ ਸੁਣਿਆਂ ਨਹੀਂ ਸੀ। ਉਸ ਦਾ ਧਿਆਨ ਪੱਠੇ ਕੁਤਰ ਰਹੇ ਮੁੰਡਿਆਂ ਵੱਲ ਚਲਿਆ ਗਿਆ ਸੀ।

-"ਵੇ ਮੁੰਡਿਓ...!"

-"ਹਾਂ ਬੇਬੇ...?"

-"ਵੇ ਜੇ ਪੱਠੇ ਕੁਤਰ ਲਏ, ਐਹਨੂੰ ਦਿਓ ਮੂਤ ਪੀਣ ਨੂੰ, ਕਦੋਂ ਦਾ ਨੀਅਤ ਜੀ ਬੁੜ੍ਹਕਾਈ ਜਾਂਦੈ..!"

-"ਨੁਹਾ ਦਿਆਂਗੇ ਤਾਈ, ਨੁਹਾ..! ਤੂੰ ਕੋਈ ਖ਼ੁਸ਼ਖ਼ਬਰੀ ਤਾਂ ਕੱਢ ਮੂੰਹ 'ਚੋਂ..!" ਗੇਜਾ ਮਸ਼ੀਨ ਗੇੜਦਾ ਬੋਲਿਆ।

-"ਤੂੰ ਖ਼ੁਸ਼ਖ਼ਬਰੀ ਸੁੱਕੀ ਈ ਸੁਣਨ ਨੂੰ ਫ਼ਿਰਦੈਂ...?"

-"ਫ਼ੁੱਫ਼ੜਾ, ਤੇਰੀ ਜਾਨ ਨੂੰ ਲੱਡੂਆਂ ਦਾ ਘਾਟੈ..?"

-"ਲੱਡੂ ਤਾਂ ਹਰ ਕੁਰ ਈ ਬਥੇਰੇ ਖੁਆਦੂ ਮੈਨੂੰ, ਤੂੰ ਮੂੰਹ ਕੌੜਾ ਕਰਵਾਉਣ ਦੀ ਗੱਲ ਕਰ ..!"

-"ਦੇਖ ਕਿਮੇਂ ਲੱਲੀ ਲੱਗੀ ਐ ਰੁੜ੍ਹ ਜਾਣੇ ਬੋਕ ਨੂੰ..!"

-"ਤੇ ਲੱਲੀ ਲੱਗੇ ਨ੍ਹਾਂ..? ਮੈਂ ਐਮੇ ਈ ਛਿੱਤਰ ਘੜ੍ਹੀਸਦਾ ਫ਼ਿਰਦੈਂ...? ਕਦੇ ਉਹਨਾਂ ਦੀਆਂ ਲਾਅਲ਼ਾਂ ਚੱਟਦੈਂ, ਤੇ ਕਦੇ ਥੋਡੀਆਂ..! ਨ੍ਹਾ ਬਿਆਹ ਤੋਂ ਮਗਰੋਂ ਮੈਨੂੰ ਕਿਹੜਾ ਪਿਲਛਣ ਲੱਗਜੂ, ਹੈਂਅ..?" ਫ਼ੁੱਫ਼ੜ ਵੱਟ ਖਾ ਗਿਆ।

-"ਦੇਖ ਕਿਮੇ ਜਾਨ ਨਿਕਲਦੀ ਐ ਟੁੱਟੜੇ ਦੀ..!"

-"ਨ੍ਹਾ ਜਾਨ ਟੁੱਟੇ ਨਾ..? ਜੇ ਸਰੀਰ ਤੇਲ 'ਤੇ ਚੱਲਦਾ ਹੁੰਦਾ, ਤੂੰ ਤਾਂ ਉਹ ਵੀ ਨੀ ਸੀ ਪੁਆਉਣਾ ਹਰ ਕੁਰੇ, ਸੁੱਕਾ ਈ ਦੱਬੀ ਫ਼ਿਰਨਾ ਸੀ, ਚਾਹੇ ਵਿੱਚ ਦੀ ਧੂੰਆਂ ਨਿਕਲ਼ ਜਾਂਦਾ..!"

-"ਗੱਲਾਂ ਦੇਖ ਅੱਗ ਲੱਗੜੇ ਨੂੰ ਕਿੰਨੀਆਂ ਆਉਂਦੀਐਂ..! ਗੱਲੀਂ ਵਾਰੇ ਨੀ ਆਉਣ ਦਿੰਦਾ..!"

-"ਜੇ ਗੱਲਾਂ ਨਾ ਆਉਂਦੀਆਂ ਹੁੰਦੀਆਂ, ਤਾਂ ਲੋਕਾਂ ਦੇ ਟੂਟਲ਼ ਜੇ ਜੁਆਕ ਕਿਮੇ ਵਿਆਹੁੰਦਾ ਵਿਚੋਲਾ ਬਣ ਕੇ...? ਇਹ ਵੀ ਗੱਲਾਂ ਨਾਲ਼ ਈ ਵਿਆਹੇ ਜਾਂਦੇ ਐ, ਨਹੀਂ ਅਣਪੜ੍ਹ ਲਾਣਾ ਵਿਆਹੁੰਣਾ ਸੌਖਾ ਥੋੜ੍ਹੋ ਐ..?" ਫ਼ੁੱਫ਼ੜ ਕੋਝਾ ਵਾਰ ਕਰ ਗਿਆ।

-"..............।" ਹੱਡ 'ਤੇ ਵੱਜੀ ਕਰ ਕੇ ਹਰ ਕੌਰ ਚੁੱਪ ਕਰ ਗਈ।

ਪਸ਼ੂਆਂ ਨੂੰ ਪੱਠੇ ਪਾ ਕੇ ਉਹਨਾਂ ਨੇ ਬੋਤਲ ਖੋਲ੍ਹ ਲਈ।

ਤਿੰਨਾਂ ਵਿੱਚ ਗਿਲਾਸ ਘੁਕ ਰਿਹਾ ਸੀ।

ਸਾਗ ਵਾਲ਼ੀ ਕੌਲੀ ਗੇੜੀਂ ਪਈ ਹੋਈ ਸੀ।

ਪੈਂਦੀ ਸੱਟੇ ਉਹਨਾਂ ਨੇ ਇੱਕ ਬੋਤਲ ਸੂਤ ਧਰੀ।

-"ਇੱਕ ਅੱਧੀ ਹੋਰ ਕੱਢ, ਅਜੇ ਤਾਂ ਓਸ ਗੱਲ ਦੇ ਆਖਣ ਮਾਂਗੂੰ ਧਰਨ ਵੀ ਨੀ ਗਿੱਲੀ ਹੋਈ..!" ਫ਼ੁੱਫ਼ੜ ਦੀਆਂ ਅੱਖਾਂ ਵਿੱਚ ਨਸ਼ਾ ਡੋਲਣ ਲੱਗ ਪਿਆ, "ਨਾਲ਼ੇ ਜਾਹ ਕੋਈ ਦਾਲ਼ ਸਬਜ਼ੀ ਲਿਆ ਫ਼ੜ ਕੇ, ਸੁੱਕੀ ਤਾਂ ਖਸਮਾਂ ਨੂੰ ਖਾਣੀਂ ਆਰੀ ਮਾਂਗੂੰ ਵਾਂਢ ਕਰੀ ਜਾਂਦੀ ਐ...!"

-"ਬੇਬੇ....!" ਜੋਗੇ ਨੇ ਮਾਂ ਨੂੰ ਹਾਕ ਮਾਰੀ।

-"ਵੇ ਹੋਅ....?"

-"ਨਾਲ਼ ਖਾਣ ਨੂੰ ਦੇਹ ਕੁਛ...!"

-"ਬੇਬੇ ਤਾਂ ਮੈਂ ਕਹਿੰਨੈ ਤੈਨੂੰ ਕਿਤੇ ਬੋਤਾ ਨਾ ਭੁੰਨ ਦੇ.. ?"

ਫ਼ੁੱਫ਼ੜ ਦੇ ਕਹਿਣ 'ਤੇ ਸਾਰੇ ਹੱਸ ਪਏ।

-"ਤੂੰ ਹਟਜਾ ਲਿੱਚ-ਗੜਿੱਚੀਆਂ ਕਰਨੋਂ..!" ਹਰ ਕੌਰ ਸਾਗ ਦੀ ਬਾਟੀ ਚੁੱਕੀ ਅੰਦਰ ਆਉਂਦੀ ਹੋਈ ਬੋਲੀ।

-"ਹੁਣ ਮੈਂ ਕੀ ਲਿੱਚ-ਗੜਿੱਚੀ ਕੀਤੀ ਐ..? ਕਿਉਂ ਮੁੰਡਿਓ, ਮੈਂ ਬੋਲਿਐਂ ਕੁਛ...? ਨ੍ਹਾਂ ਦੱਸੋ ਬੋਲਿਐਂ..? ਹਰ ਕੁਰੇ, ਤੇਰਾ ਵੀ ਸ਼ੱਕੀ ਸੁਭਾਅ ਨੀ ਸੁਧਰਨਾ..!"

-"ਹੁਣ ਤਾਂ ਅੱਗੇ ਜਾ ਕੇ ਈ ਸੁਧਰੂ...!" ਉਸ ਨੇ ਬਾਟੀ ਉਹਨਾਂ ਅੱਗੇ ਰੱਖ ਦਿੱਤੀ।

-"ਕਿਉਂ ਢਹਿੰਦੀ ਕਲਾ ਆਲ਼ੀਆਂ ਗੱਲਾਂ ਕਰਦੀ ਹੁੰਨੀ ਐਂ..? ਅਜੇ ਤਾਂ ਨੂੰਹ ਦੇ ਹੱਥ ਦੇ ਗੁਲਗਲੇ ਛਕਣੇ ਐਂ, ਤੇ ਨਾਲ਼ੇ ਖਿਡਾਉਣੇ ਐਂ ਪੋਤੇ..!"

-"ਲੈ ਫ਼ੁੱਫ਼ੜਾ, ਨੂੰਹ ਦੇ ਗੁਲਗਲਿਆਂ ਦੇ ਨਾਂ ਨੂੰ ਅਗਲੀ ਸ਼ੀਸ਼ੀ...!" ਗੇਜੇ ਨੇ ਇੱਕ ਖੂੰਜਿਓਂ ਬੋਤਲ ਚੁੱਕ ਕੇ ਅੱਗੇ ਰੱਖ ਦਿੱਤੀ।

-"ਓਏ ਨਹੀਂ ਰੀਸਾਂ ਓਏ ਜਿਉਣ ਜੋਕਰਿਆ...!" ਉਸ ਨੇ ਬੋਤਲ ਝਿਣਕ ਕੇ ਮਣਕਾ ਬੰਨ੍ਹਿਆਂ, "ਵਾਰੇ ਬਲਿਹਾਰੇ ਜਾਵਾਂ ਤੇਰੇ..! ਜੇ ਥੋਡੇ ਅਰਗਾ ਜਿਗਰਾ ਹਰ ਕੁਰ ਦਾ ਹੁੰਦਾ, ਹੁਣ ਨੂੰ ਐਸ ਘਰੇ ਰੰਗ ਭਾਗ ਲੱਗੇ ਹੋਣੇ ਸੀ..!" ਜਾਂਦੀ ਹਰ ਕੌਰ ਦੀ ਪਿੱਠ ਵੱਲ ਦੇਖ ਕੇ ਫ਼ੁੱਫ਼ੜ ਬੋਲਿਆ। ਉਸ ਨੇ ਗਿੱਠ ਲੰਮੀ ਜੀਭ ਕੱਢੀ ਸੀ।

-"ਟਲ਼ਜਾ ਤੂੰ...!" ਹਰ ਕੌਰ ਵਿਹੜੇ ਵਿੱਚੋਂ ਬੋਲੀ, "ਮੈਂ ਮੱਥੇ 'ਚ ਇੱਟ ਮਾਰ ਕੇ ਟੀਕ ਚਲਾਦੂੰ..!"

-"ਹੋਰ ਤੂੰ ਕੀ ਕਰਨੈਂ...! ਤੇਰੀਆਂ ਆਹੀ ਗੱਲਾਂ ਮੈਨੂੰ ਹੌਲ ਪਾਉਂਦੀਆਂ ਰਹਿੰਦੀਐਂ, ਤਾਂ ਹੀ ਮੈਂ ਆਉਂਦਾ ਨੀ.. !"

-"ਫ਼ੁੱਫ਼ੜਾ ਲੜਾਈ ਝਗੜਾ ਛੱਡ, ਕੋਈ ਕੰਮ ਦੀ ਗੱਲ ਸੁਣਾ...!"

-"ਮੈਂ ਕਦੋਂ ਲੜਦੈਂ...? ਹਰ ਵੇਲ਼ੇ ਸੂਹਣ ਤਾਂ ਹਰ ਕੁਰ ਖੜ੍ਹੀ ਕਰੀ ਰੱਖਦੀ ਐ..! ਧੌਲ਼ੇ ਝਾਟੇ ਆਲ਼ੀ ਹੋਗੀ, ਲੜਾਈ ਝਗੜੇ ਬਿਨਾ ਹੋਰ ਕੁਛ ਨੀ ਆਉਂਦਾ.. ! ਪੈਂਦੀ ਸੱਟੇ ਟੋਕਰੇ ਹੇਠੋਂ ਲੜਾਈ ਕੱਢ ਲੈਂਦੀ ਐ... !"

ਗੇਜਾ ਪੈੱਗ ਪਾਉਣ ਲੱਗ ਪਿਆ।

-"ਜਦੋਂ ਕੋਈ ਗੱਲ ਕਰੀਏ, ਗਲ਼ ਘੁੱਟਣ ਆਉਂਦੀ ਐ..!"

-"ਬੁੜ੍ਹੀਆਂ ਦਾ ਮਾਜਨਾ ਈ ਕੁਛ ਐਸਾ ਹੁੰਦੈ ਫ਼ੁੱਫ਼ੜ ਸਿਆਂ...! ਲੈ ਚੱਕ, ਮਾਰ ਮੋਰਚਾ...!" ਗੇਜੇ ਨੇ ਦਾਰੂ ਦਾ ਗਿਲਾਸ ਫ਼ੁੱਫ਼ੜ ਦੇ ਹੱਥ ਦੇ ਦਿੱਤਾ। ਫ਼ੁੱਫ਼ੜ ਨੇ ਜਾੜ੍ਹ ਘੁੱਟ ਕੇ ਅੰਦਰ ਸੁੱਟਿਆ। ਟੁੱਟੇ ਤਾਰੇ ਵਾਂਗ ਲੀਕ ਪਾਉਂਦੀ ਦਾਰੂ ਥੱਲੇ ਉਤਰੀ।

-"ਹੌਲ਼ੀ ਮਰਲਾ, ਕੋਈ ਮਗਰ ਪਿਐ...?" ਵਿਹੜੇ ਵਿੱਚ ਬੈਠੀ ਹਰ ਕੌਰ ਬੋਲੀ। ਉਹ ਵਿਹੜੇ ਵਿੱਚ ਮੰਜੇ 'ਤੇ ਬੈਠੀ ਕੋਚਰ ਵਾਂਗ ਝਾਕ ਰਹੀ ਸੀ।

-"ਤੂੰ ਆਬਦੀ ਦੂਰਬੀਨ ਦੀ ਸ਼ਿਸ਼ਤ ਮੇਰੇ 'ਤੇ ਈ ਕਿਉਂ ਸਿੰਨ੍ਹੀਂ ਰੱਖਦੀ ਐਂ..? ਨਾਲ਼ੇ ਜਿਹੜਾ ਕੰਮ ਜਿੰਨੀ ਜਲਦੀ ਨਿੱਬੜਜੇ, ਓਹਦੇ ਨਾਲ਼ ਦੀ ਰੀਸ ਨੀ ਹੁੰਦੀ..!"

-"ਅਖੇ ਭੁੱਖੇ ਜੱਟ ਕਟੋਰਾ ਲੱਭਾ, ਪਾਣੀ ਪੀ-ਪੀ ਆਫ਼ਰਿਆ...!"

-"ਅਸੀਂ ਪਾਣੀ ਪੀ ਕੇ ਆਫ਼ਰਨ ਆਲ਼ੇ ਥੋੜ੍ਹੋ ਐਂ..? ਅਸੀਂ ਤਾਂ ਦਾਰੂ ਪੀ ਕੇ ਲਿਟਣ ਆਲ਼ੇ ਐਂ, ਕਿਉਂ ਬਈ ਸ਼ੇਰੋ..?"

-"ਸੋਲ਼ਾਂ ਆਨੇ ਸਹੀ ਕਿਹਾ ਫੱਫੜਾ...!" ਗੇਜਾ ਵੀ ਤੋਤਲਾ ਬੋਲਿਆ।

-"ਤੂੰ ਵੀ ਫ਼ੁੱਫ਼ੜ ਨੂੰ "ਫੱਫੜ" ਈ ਦੱਸਣ ਲੱਗ ਪਿਆ, ਜੇ ਹਰ ਕੁਰ ਨੇ ਸੁਣ ਲਿਆ, ਪੜਛੱਤੀ ਸਿਰ 'ਤੇ ਚੱਕਲੂ..!"

-"ਰੋਟੀ ਖਾਈਏ ਫ਼ੇਰ...?" ਜੋਗਾ ਵੀ ਦੇਸੀ ਦਾਰੂ ਨਾਲ਼ "ਬਾਬੂ" ਬਣਿਆਂ ਬੋਲਿਆ।

-"ਅਜੇ ਰੋਟੀ ਖਾਣ ਜੋਕਰੇ ਹੋ ਤਾਂ ਜਾਈਏ ਯਾਰ...! ਅਜੇ ਤਾਂ ਮਸਾਂ ਚਾਅ ਜਿਆ ਚੜ੍ਹਨ ਲੱਗਿਐ ਘੁੱਟ ਲਾ ਕੇ..!"

-"ਜਦੋਂ ਸਾਗ ਦੀ ਬਾਟੀ ਉਤੇ ਡੋਲ੍ਹ ਲਈ, ਇਹ ਤਾਂ ਓਦੋਂ ਖਾਣ ਜੋਕਰਾ ਹੋਊ..!" ਹਰ ਕੌਰ ਨੇ ਮੁੜ ਠੁਣਾਂ ਉਸ ਦੇ ਸਿਰ ਭੰਨਿਆਂ।

-"ਮੈਂ ਤਾਂ ਹਲੂੰਮਾਣ ਦੇਵਤਾ ਬਣ ਕੇ ਖੜ੍ਹਜਾਂ, ਤੂੰ ਤਾਂ ਫ਼ੇਰ ਵੀ ਘੋਰੜੂ ਮੇਰੇ 'ਤੇ ਈ ਵਜਾਉਣੈ..! ਤੇਰਾ ਕੋਈ 'ਲਾਜ ਨੀ ਹਰ ਕੁਰੇ..! ਰੱਬ ਜਾਣੇ ਤੇਰਾ ਮੇਰੇ ਨਾਲ਼ ਕੀ ਬੈਰ ਐ..? ਪਾ ਭੋਰਾ ਜਿਉਣ ਜੋਕਰਿਆ, ਨਕਾਲ਼ ਨੀ ਮਰਨ ਦੇਈਦਾ, ਨਹੀਂ ਸਾਰਾ ਕੀਤਾ ਕਰਾਇਆ ਖੂਹ 'ਚ ਪੈ ਜਾਂਦੈ..! ਹਰ ਕੁਰ ਤਾਂ ਮੇਰੀ ਜਾਨ ਲੈ ਕੇ ਦਮ ਲਊ..!"

-"ਹੁਕਮ ਕਰ ਫ਼ੁੱਫ਼ੜਾ..!" ਗੇਜੇ ਦੀ ਜਗਾਹ ਜੋਗੇ ਨੇ ਦਾਰੂ ਗਿਲਾਸ ਵਿੱਚ ਉਲੱਦ ਦਿੱਤੀ।

-"ਮੈਂ ਰੋਟੀਆਂ ਲਾਹ ਕੇ ਰੱਖ ਦਿੰਨੀ ਐਂ, ਜਦੋਂ ਡੱਫ਼ ਲਈ, ਆਪ ਈ ਖਾ ਲਿਓ, ਨਹੀਂ ਮੈਂ 'ਨ੍ਹੇਰੇ 'ਚ ਹੱਥ ਫ਼ੂਕੀ ਜਾਊਂਗੀ..!"

-"ਇਹ ਵਧੀਆ ਗੱਲ ਐ..! ਤੂੰ ਕੰਮ ਨਬੇੜ ਕੇ ਪੈ, ਸਾਡੀ ਚਿੰਤਾ ਨਾ ਕਰ..!"

ਉਹ ਦੇਰ ਰਾਤ ਤੱਕ ਦਾਰੂ ਪੀਂਦੇ ਰਹੇ।

 ਕਾਂਡ 3

 

ਸਵੇਰੇ ਫ਼ੁੱਫ਼ੜ ਤਰੋਤਾਜ਼ਾ ਸੀ।

ਰਾਤ ਦੀ ਪੀਤੀ ਦਾਰੂ ਉਸ ਦੇ ਭੋਰਾ ਯਾਦ ਨਹੀਂ ਸੀ।

ਹਰ ਕੌਰ ਨੇ ਚਾਹ ਲਿਆ ਕੇ ਉਸ ਦੇ ਕੋਲ਼ ਰੱਖ ਲਈ।

-"ਵੇ ਗੱਲ ਸੁਣ, ਸਾਡੇ ਪਿੰਡ ਆਲ਼ੀ ਤਪ ਕੌਰ ਦਾ ਕੀ ਹਾਲ ਐ, ਹੈ ਕੋਈ ਖ਼ਬਰਸਾਰ ਉਹਦੀ..?"

-"ਉਹਦਾ ਤਾਂ ਹਾਲ ਨਾ ਪੁੱਛ ਹਰ ਕੁਰੇ, ਕਲਜੁਗੀ ਔਲ਼ਾਦ ਨਿਕਲ਼ੀ ਓਹਦੀ ਤਾਂ...!"

-"ਬੂਹ ਮੈਂ ਮਰਜਾਂ, ਵੇ ਕੀ ਹੋਇਆ...? ਉਹ ਤਾਂ ਬਚਾਰੀ ਬਾਹਲ਼ੀ ਦਰਵੇਸ਼ਣੀ ਸੀ...!"

-"ਦਰਵੇਸ਼ਾਂ 'ਤੇ ਈ ਭੀੜ੍ਹਾਂ ਪੈਂਦੀਐਂ ਹਰ ਕੁਰੇ...! ਰੱਬ ਵੀ ਭਗਤਾਂ ਦੇ ਈ ਅੰਤਰੇ ਲੈਂਦੈ...!"

ਫ਼ੁੱਫ਼ੜ ਨੇ ਤਪ ਕੌਰ ਦੀ ਦਰਦ ਭਰੀ ਕਹਾਣੀ ਬਿਆਨ ਕਰਨੀ ਸ਼ੁਰੂ ਕਰ ਦਿੱਤੀ......

.....ਸ਼ਾਮ ਦਾ ਵੇਲ਼ਾ ਸੀ।

ਸਰਦੀਆਂ ਦਾ ਸੂਰਜ ਡੁੱਬਣ 'ਤੇ ਖੜ੍ਹਾ ਸੀ।

ਹੱਥ ਵਿਚ ਫ਼ਟੇ ਪੁਰਾਣੇ ਰੁਮਾਲ ਵਿੱਚ ਕੁਝ ਰੁਪਏ ਘੁੱਟੀ ਤਪ ਕੌਰ ਪਿੰਡ ਵਾਲ਼ੀ ਸੜਕ 'ਤੇ ਘੋਰ ਉਦਾਸ ਤੁਰੀ ਜਾ ਰਹੀ ਸੀ। ਉਸ ਦੀਆਂ ਜੋਤਹੀਣ ਅੱਖਾਂ ਵਿੱਚੋਂ ਬੇਕਦਰੇ ਹੰਝੂ ਵਗ ਕੇ ਸੁੱਕ ਚੁੱਕੇ ਸਨ। ਅੱਜ ਪਤਾ ਨਹੀਂ ਕਿੰਨੀ ਵਾਰ ਉਹ ਰੋਈ ਸੀ। ਹੁਣ ਵੀ ਉਸ ਦੇ ਮਨ ਵਿਚ ਕੋਈ ਵਿਰਲਾਪ ਚੱਲ ਰਿਹਾ ਸੀ, ਪਰ ਉਸ ਨੂੰ ਸੁਣਨ ਵਾਲ਼ਾ ਕੋਈ ਨਹੀਂ ਸੀ। ਆਥਣੇ ਪਿੰਡੋਂ ਕੋਈ ਬੱਸ ਨਹੀਂ ਜਾਂਦੀ ਸੀ, ਇਸ ਲਈ ਉਹ ਅਗਲੇ ਪਿੰਡ ਦੇ ਬੱਸ ਅੱਡੇ ਨੂੰ ਤੁਰ ਪਈ ਸੀ।

-"ਐਦੂੰ ਤਾਂ ਮੈਨੂੰ ਦਿੰਦਾ ਈ ਨਾ...! ਆਹ ਦਿਨ ਤਾਂ ਨਾ ਦੇਖਣੇ ਪੈਂਦੇ...?" ਉਸ ਨੇ ਮੂੰਹ ਉਪਰ ਨੂੰ ਚੁੱਕ ਕੇ ਪਤਾ ਨਹੀਂ ਕਿਸ ਨੂੰ ਉਲਾਂਭਾ ਦਿੱਤਾ ਸੀ। ਉਸ ਦਾ ਦੁਬਾਰਾ ਰੋਣ ਨਿਕਲ਼ ਗਿਆ। ਪਰ ਆਸਾ ਪਾਸਾ ਦੇਖ ਕੇ ਉਸ ਨੇ ਆਪਣੇ ਹੰਝੂ ਅੱਧੋਰਾਣੀ ਚੁੰਨੀ ਵਿਚ ਬੋਚ ਲਏ। ਭੈੜ੍ਹੇ ਜ਼ਮਾਨੇ ਤੋਂ ਵੀ ਉਹ ਡਰਦੀ ਸੀ। ਬਹੁਤਾ ਡਰ ਉਸ ਨੂੰ ਸ਼ਰੀਕਾਂ ਦੇ ਤਾਹਨਿਆਂ ਦਾ ਸੀ। ਜਿਹਨਾਂ ਦੇ ਮੂੰਹ ਵਿਚ ਕੈਂਚੀਆਂ ਚੱਲਦੀਆਂ, ਅਤੇ ਬੋਲ ਉਸਤਰਿਆਂ ਵਰਗੇ ਸਨ।

-"ਇਸ ਬੇਰਹਿਮ ਤੇ ਬੇਈਮਾਨ ਦੁਨੀਆਂ ਤੋਂ ਆਬਦਾ ਨੰਗ ਆਪ ਢਕਣਾ ਪੈਂਦੈ ਤਪ ਕੁਰੇ, ਇਹ ਨੀ ਟਿਕਣ ਦਿੰਦੀ ਕਿਸੇ ਨੂੰ...!" ਉਸ ਨੂੰ ਆਪਣੀ ਮਾਂ ਦੇ ਕਹੇ ਬੋਲ ਯਾਦ ਆਏ, ਜੋ ਕਈ ਵਰ੍ਹੇ ਪਹਿਲਾਂ ਰੱਬ ਦੇ ਚਰਨਾਂ ਵਿੱਚ ਜਾ ਬਿਰਾਜੀ ਸੀ। ਮਾਂ ਨੂੰ ਯਾਦ ਕਰ ਕੇ ਉਸ ਦਾ ਮਨ ਫ਼ਿਰ ਭਰ ਆਇਆ।

-"ਚੱਲਣੈਂ ਤਾਈ...?" ਪਿੰਡ ਦੇ ਕਿਸੇ ਮੁੰਡੇ ਨੇ ਜੀਪ ਬਰਾਬਰ ਰੋਕ ਕੇ ਪੁੱਛਿਆ।

ਤਪ ਕੌਰ ਦੀ ਸੋਚ ਟੁੱਟੀ ਅਤੇ ਉਹ ਚੁੱਪ ਚਾਪ ਜੀਪ ਵਿਚ ਚੜ੍ਹ ਗਈ।

-"ਤਾਈ ਕਿੱਧਰ ਨੂੰ...?"

-"ਜਿੱਧਰ ਨੂੰ ਰੱਬ ਲੈਜੂ ਪੁੱਤ..!" ਤਪ ਕੌਰ ਬੋਲੀ, "ਟੁੱਟੇ ਪੱਤਿਆਂ ਦਾ ਕੋਈ ਟਿਕਾਣਾ ਥੋੜ੍ਹੋ ਹੁੰਦੈ..? ਦੀਵੇ ਦੀ ਲਾਟ ਤਾਂ ਹਵਾ ਦੇ ਰਹਿਮ 'ਤੇ ਈ ਜਗਦੀ ਐ...!" ਉਸ ਦੇ ਮਨ ਕੀਰਨਾਂ ਪਾਇਆ।

-"ਐਨੀ ਕੁਵੇਲ਼ੇ...? ਸੁੱਖ ਐ ਤਾਈ...??" ਮੁੰਡੇ ਨੇ ਸੁਆਲ ਕੀਤਾ।

-"..............।" ਤਪ ਕੌਰ ਚੁੱਪ ਰਹੀ। ਪਰ ਮਨ ਉਸ ਦਾ ਫ਼ਿਰ ਭਰ ਆਇਆ ਸੀ। ਉਸ ਨੇ ਭਰੀਆਂ ਅੱਖਾਂ ਚੁੰਨੀ ਨਾਲ਼ ਸਾਫ਼ ਕਰ ਲਈਆਂ।

ਕੁਛ ਸੋਚ ਕੇ ਜੀਪ ਵਾਲ਼ਾ ਮੁੰਡਾ ਵੀ ਚੁੱਪ ਕਰ ਗਿਆ।

ਖੇਤਾਂ ਵਿਚ ਦੂਰ-ਦੂਰ ਤੱਕ ਹਰਿਆਲੀ ਪਸਰੀ ਹੋਈ ਸੀ।

ਛੁਪਦੇ ਸੂਰਜ ਦੀ ਲਾਲੀ ਫ਼ਸਲਾਂ ਨੂੰ ਸੂਹਾ ਜੋਬਨ ਚਾੜ੍ਹ ਰਹੀ ਸੀ।

ਪਰ ਤਪ ਕੌਰ ਦੇ ਮਨ ਵਿੱਚ ਹਨ੍ਹੇਰ ਛਾਇਆ ਹੋਇਆ ਸੀ।

ਮੋਗਾ-ਬਰਨਾਲ਼ਾ ਵਾਲ਼ੀ ਮੁੱਖ ਸੜਕ 'ਤੇ ਚੜ੍ਹ ਕੇ ਮੁੰਡੇ ਨੇ ਜੀਪ ਬੱਸ ਅੱਡੇ 'ਤੇ ਆ ਰੋਕੀ।

-"ਐਥੋਂ ਈ ਬੱਸ ਫ਼ੜਨੀਂ ਐਂ ਤਾਈ...?"

-"ਆਹੋ ਪੁੱਤ! ਜਿਉਂਦਾ ਵਸਦਾ ਰਹਿ ਜਿਉਣ ਜੋਕਰਿਆ...!"

ਜੀਪ 'ਚੋਂ ਉਤਰ ਕੇ ਉਸ ਨੇ ਸੜਕ 'ਤੇ ਨਜ਼ਰ ਮਾਰੀ। ਦੂਰ ਮੋੜ 'ਤੇ ਬੱਸ ਆ ਰਹੀ ਸੀ। ਬੈਠੀਆਂ ਸਵਾਰੀਆਂ ਬੱਸ ਨੂੰ ਦੇਖ ਕੇ ਉਠ ਖੜ੍ਹੀਆਂ।

-"ਰਾਹ ਦੀ ਕੋਈ ਸਵਾਰੀ ਨਾ ਹੋਵੇ ਬਈ...! ਬੱਸ ਬੱਧਣੀ ਤੋਂ ਉਰ੍ਹੇ ਨੀ ਰੁਕਣੀਂ...!" ਰੁਕਦੀ ਬੱਸ 'ਚੋਂ ਉਤਰਦਾ ਕੰਡਕਟਰ ਬੋਲਿਆ। ਮੂੰਹ ਵਿੱਚ ਉਸ ਨੇ ਵਿਸਲ ਤੁੰਨੀ ਹੋਈ ਸੀ।

-"ਬੁੱਟਰ ਤਾਂ ਰੋਕੇਂਗਾ ਨ੍ਹਾ ਪੁੱਤ...?" ਤਪ ਕੌਰ ਨੇ ਪੁੱਛਿਆ।

-"ਬੁੱਟਰ ਰੁਕੂਗੀ ਮਾਈ...! ਜਲਦੀ ਚੜ੍ਹ, ਟੈਮ ਨਾ ਖਰਾਬ ਕਰ, ਸਾਡੇ ਮਗਰ ਇੱਕ ਹੋਰ ਬੱਸ 'ਵਾਅਰ' ਮਾਂਗੂੰ ਚੜ੍ਹੀ ਆਉਂਦੀ ਐ, ਕਿਤੇ ਸਵਾਰੀਆਂ ਨਾ ਚੱਕ'ਲੇ ਸਾਡੀਆਂ....!"

ਤਪ ਕੌਰ ਧੁਰਲੀ ਜਿਹੀ ਮਾਰ ਕੇ ਚੜ੍ਹ ਗਈ ਅਤੇ ਬੱਸ ਤੁਰ ਪਈ।

-"ਦੇਖ ਕਿਵੇਂ ਅੱਗ ਲੱਗੀ ਐ ਮੰਨੋਂ ਦੇ ਜਾਣਿਆਂ ਨੂੰ...!" ਬਰਾਬਰ ਦੀ ਸੀਟ 'ਤੇ ਬੈਠੀ ਕਿਸੇ ਬੇਬੇ ਨੇ "ਬੂ-ਪਾਹਰਿਆ" ਕੀਤੀ। ਉਸ ਦਾ ਸਿਰ ਅਗਲੀ ਸੀਟ ਦੇ ਡੰਡਿਆਂ 'ਤੇ ਜਾ ਵੱਜਿਆ ਸੀ, "ਬਈ ਤੁਸੀਂ ਹੌਲ਼ੀ ਤੁਰਪੋ...! ਅੱਗੇ ਜਾ ਕੇ ਦੱਸੋ ਕੀ ਦੁਸਿਹਰੇ ਦਾ ਰਾਵਣ ਸਾੜਨੈਂ ਤੁਸੀਂ...!" ਬੇਬੇ "ਬੁੜ-ਬੁੜ" ਕਰੀ ਜਾ ਰਹੀ ਸੀ।

-"ਜੇ ਸਰੀਰ ਨਹੀਂ ਸਾਥ ਦਿੰਦਾ ਤਾਂ ਘਰੇ ਬੈਠਿਆ ਕਰ ਬੇਬੇ...! ਕਾਹਨੂੰ ਆਬਦੀ ਵੈਰਨ ਬਣਦੀ ਐਂ..?" ਕੰਡਕਟਰ ਨੇ ਟਾਂਚ ਕੀਤੀ।

-"ਵੇ ਤੂੰ ਮੈਥੋਂ ਖੌਂਸੜੇ ਨਾ ਖਾ ਲਈਂ, ਜਣਦਿਆਂ ਨੂੰ ਰੋਣਾਂ...!"

ਬੱਸ ਨੇ ਪੂਰੀ ਰਫ਼ਤਾਰ ਫ਼ੜ ਲਈ ਸੀ।

ਸੀਟ 'ਤੇ ਬੈਠੀ ਤਪ ਕੌਰ ਅਚਨਚੇਤ ਆਪਣੇ ਅਤੀਤ ਨਾਲ਼ ਜਾ ਜੁੜੀ।.....

.....ਅਜੇ ਕੱਲ੍ਹ ਦੀ ਗੱਲ ਸੀ, ਜਦ ਤਪ ਕੌਰ ਦੀ ਡੋਲੀ ਤੁਰੀ ਸੀ। ਚਾਹੇ ਤਪ ਕੌਰ ਦੇ ਮਾਂ-ਬਾਪ ਗ਼ਰੀਬ ਹੀ ਸਨ, ਪਰ ਮਨ ਦੀਆਂ ਇੱਛਾਵਾਂ ਨੂੰ ਕੌਣ ਠੱਲ੍ਹ ਸਕਿਐ...? ਮਨ ਵਿਚ ਸੁਪਨਿਆਂ, ਅਰਮਾਨਾਂ ਅਤੇ ਸਧਰਾਂ ਦੀ ਪੋਟਲੀ ਹਿੱਕ ਨਾਲ਼ ਘੁੱਟੀ ਤਪ ਕੌਰ ਸਹੁਰੀਂ ਆ ਗਈ। ਤਪ ਕੌਰ ਦੇ ਘਰਵਾਲ਼ਾ ਸੰਤ ਸਿੰਘ ਵਾਕਿਆ ਹੀ "ਸੰਤ" ਬੰਦਾ ਸੀ। ਨਾ ਕਿਸੇ ਦੀ ਚੰਗੀ ਅਤੇ ਨਾ ਮਾੜੀ! ਰੱਬ ਦੀ ਰਜ਼ਾ ਵਿਚ ਵਿਚਰਨ ਵਾਲ਼ਾ ਫ਼ਕੀਰ ਬਿਰਤੀ ਦਾ ਸਾਧੂ ਬੰਦਾ!

-"ਮੇਰੇ ਸਿਰ 'ਚ ਚਾਹੇ ਗਲ਼ੀਆਂ ਕਰੀ ਜਾਈਂ, ਕੋਈ ਪ੍ਰਵਾਹ ਨੀ...! ਚਿੜੀਆਂ ਦਾ ਦੁੱਧ ਮੰਗੇਂਗੀ, ਉਹ ਵੀ ਪੈਦਾ ਕਰ ਕੇ ਦਿਊਂਗਾ, ਪਰ ਸ਼ਰੀਕੇ ਕਬੀਲੇ 'ਚ ਮੈਨੂੰ ਕੋਈ ਉਲਾਂਭਾ ਖੱਟ ਕੇ ਨਾ ਦੇਈਂ, ਤੇਰੇ ਚਰਨਾਂ 'ਚ ਮੇਰੀ ਆਹੀ ਬੇਨਤੀ ਐ...!" ਪਹਿਲੀ ਰਾਤ ਉਸ ਨੇ ਇੱਕੋ-ਇੱਕ ਗੱਲ ਤਪ ਕੌਰ ਨੂੰ ਆਖੀ ਸੀ। ਤਪ ਕੌਰ ਚੁੱਪ ਰਹੀ, ਪਰ ਭੋਲ਼ੇ-ਭਾਲ਼ੇ ਪਤੀ-ਦੇਵ ਤੋਂ ਉਹ ਜਾਨ ਨਿਛਾਵਰ ਕਰਨ ਵਾਲ਼ੀ ਹੋ ਗਈ ਸੀ।

-"ਆਪਣਾ ਸੰਤ ਤਾਂ ਇਹਨੂੰ ਡੱਕਾ ਨੀ ਆਖਦਾ, ਪੂਛ-ਪੂਛ ਈ ਕਰਦਾ ਰਹਿੰਦੈ, ਐਕਣ ਤਾਂ ਇਹ ਸਿਰ 'ਤੇ ਚੜ੍ਹਜੂ...!" ਇੱਕ ਦਿਨ ਕੁਪੱਤੀ ਸੱਸ ਨੇ ਆਪਣੇ ਛੜੇ ਪੁੱਤ ਧੱਤੂ ਨੂੰ ਗੁੱਝਾ ਬੋਲ ਕੰਨ ਵਿਚ ਆਖਿਆ।

-"ਸਿਰ ਕਿਵੇਂ ਚੜ੍ਹਜੂ ਬੇਬੇ...? ਸਿਰ ਚੜ੍ਹੀ ਸਾਨੂੰ ਲਾਹੁੰਣੀ ਆਉਂਦੀ ਐ, ਅਸੀਂ ਕਿੱਕਰ ਤੋਂ ਕਾਟੋ ਲਾਹ ਲਈਏ, ਇਹ ਚਾਮਚੜਿੱਕ ਤਾਂ ਚੀਜ ਈ ਕੀ ਐ...? ਤੂੰ ਝੋਰਾ ਨਾ ਕਰਿਆ ਕਰ, ਜੇ ਚਿਰ-ਫ਼ਿਰ ਕਰੇ, ਤਾਂ ਦੱਸੀਂ, ਇਹਨੂੰ ਤਾਂ ਪੈਰ ਥੱਲੇ ਮਸਲ਼ ਦਿਆਂਗੇ...!" ਧੱਤੂ ਨੂੰ ਤਾਂ ਤਪ ਕੌਰ 'ਤੇ ਪਹਿਲਾਂ ਹੀ ਰੰਜ ਸੀ।

ਧੱਤੂ ਜਮਾਂਦਰੂ ਛੜਾ ਸੀ। ਇੱਕ ਲੱਤ ਵਿਚ ਬੱਜ ਅਤੇ ਅੱਖਾਂ 'ਚ ਭੈਂਗ ਹੋਣ ਕਾਰਨ ਕਿਸੇ ਰਿਸ਼ਤਾ ਕਰਵਾਉਣ ਵਾਲ਼ੇ ਨੇ ਲੱਤ ਨਾ ਲਾਈ ਅਤੇ ਸਰੀਰਕ ਢਾਂਚੇ ਦੀਆਂ ਜ਼ਰਬਾਂ ਤਕਸੀਮਾਂ ਵਿਚ ਧੱਤੂ ਛੜਾ ਹੀ ਰਹਿ ਗਿਆ। ਸਾਰੀ ਦਿਹਾੜ੍ਹੀ ਵਿਹਲਾ ਉਹ ਲੋਕਾਂ ਦੀਆਂ ਕੰਧਾਂ ਕੌਲ਼ਿਆਂ ਵਿਚ ਵੱਜਦਾ ਫ਼ਿਰਦਾ ਰਹਿੰਦਾ। ਹੁਣ ਜਦੋਂ ਦਾ ਉਸ ਦਾ ਛੋਟਾ ਭਰਾ ਸੰਤ ਵਿਆਹਿਆ ਗਿਆ ਸੀ, ਤਾਂ ਉਸ ਨੇ ਵਿਆਹ ਦੀ ਰਹਿੰਦੀ ਆਸ ਦੇ ਡੱਕੇ ਵੀ ਭੰਨ ਦਿੱਤੇ ਸਨ। ਦੋ ਕੁ ਦਿਨ ਉਸ ਨੇ ਤਪ ਕੌਰ ਨੂੰ ਬੜੇ ਚਾਅ ਨਾਲ਼ "ਸਤਿ ਸ੍ਰੀ ਅਕਾਲ" ਬੁਲਾਈ। ਪਰ ਜਦ ਤਪ ਕੌਰ "ਸਤਿ ਸ੍ਰੀ ਅਕਾਲ" ਤੋਂ ਅੱਗੇ ਨਾ ਵਧੀ, ਤਾਂ ਧੱਤੂ ਨੇ ਤਪ ਕੌਰ ਨਾਲ਼ ਖਾਰ ਖਾਣੀਂ ਅਤੇ ਈਰਖਾ ਕਰਨੀ ਸ਼ੁਰੂ ਕਰ ਦਿੱਤੀ।

-"ਕੰਜਰ ਦੀ ਅੱਖ ਈ ਨੀ ਮਿਲ਼ਾਉਂਦੀ...!" ਧੱਤੂ ਮਨ ਵਿਚ ਖਿਝਦਾ ਅਤੇ ਕੁੜ੍ਹਦਾ ਰਹਿੰਦਾ।

ਤਪ ਕੌਰ ਨੂੰ "ਉਮੀਦਵਾਰੀ" ਹੋਈ ਤਾਂ ਖ਼ਬਰ ਮਿਲ਼ਣ 'ਤੇ ਉਸ ਦਾ ਬਾਪ ਤਪ ਕੌਰ ਨੂੰ ਲੈਣ ਆ ਗਿਆ।

-"ਅਸੀਂ ਨੀ ਤੋਰਨੀ ਚੰਦ ਸਿਆਂ...! ਸਾਡਾ ਤਾਂ ਭਾਈ ਆਪ ਨੀ ਕੰਮ ਦਾ ਸਰਦਾ...!" ਖਰੂਦੀ ਸੱਸ ਨੇ ਚਿੱਟਾ ਹੀ ਜਵਾਬ ਦੇ ਦਿੱਤਾ।

-"ਚੇਤ ਕੁਰੇ, ਕੁੜੀ ਦਾ ਪੈਰ ਭਾਰੈ, ਰੀਤਾਂ ਰਵਾਇਤਾਂ ਮੁਤਾਬਿਕ ਕੁੜੀ ਦਾ ਪਹਿਲਾ ਜਣੇਪਾ ਤਾਂ ਪੇਕੀਂ ਹੋਣਾ ਚਾਹੀਦੈ, ਤੂੰ ਤਾਂ ਆਪ ਸਿਆਣੀਂ ਐਂ...! ਜੇ ਪਤਾ ਹੁੰਦਾ ਤੁਸੀਂ ਨਹੀਂ ਤੋਰਨੀ, ਤਾਂ ਕੁੜੀ ਦੀ ਬੇਬੇ ਇਹਨੂੰ ਨਿੱਕ-ਸੁੱਕ ਰਲ਼ਾ ਕੇ ਭੇਜ ਦਿੰਦੀ...!"

-"ਮੈਂ ਇੱਕ ਆਰੀ ਕਹਿਤਾ ਬਈ ਅਸੀਂ ਨਹੀਂ ਤੋਰਨੀ, ਜਿਹੜਾ ਨਿੱਕ-ਸੁੱਕ ਰਲ਼ਾ ਕੇ ਦੇਣੈ, ਫ਼ੇਰ ਦੇ ਜਾਈਂ..! ਤੂੰ ਕਿਹੜਾ ਸਿੰਘਾਪੁਰੋਂ ਆਉਣੈਂ, ਚੁੱਲ੍ਹੇ ਦੇ ਵੱਟੇ ਨਾਲ਼ ਤਾਂ ਤੂੰ ਬੈਠੈਂ...!" ਉਸ ਨੇ ਬੜੇ ਰੁੱਖੇ ਅੰਦਾਜ਼ ਵਿਚ ਕਿਹਾ।

-".................।" ਢੇਰੀ ਜਿਹੀ ਢਾਹ ਕੇ ਤਪ ਕੌਰ ਦਾ ਬਾਪ ਵਾਪਸ ਮੁੜ ਗਿਆ।

-"ਜੇ ਸਾਡੇ ਨਾਲ਼ ਬਣਾ ਕੇ ਰੱਖਦੀ, ਆਹ ਦੁਰਗਤੀਆਂ ਨਾ ਹੁੰਦੀਆਂ...!" ਧੱਤੂ ਨੇ ਤਪ ਕੌਰ ਨੂੰ ਗੱਲ ਰੜਕਾਈ।

ਪਰ ਤਪ ਕੌਰ ਕੰਨ ਲਪੇਟ ਕੇ ਅੰਦਰ ਵੜ ਗਈ। ਕੁਝ ਨਾ ਬੋਲੀ। ਉਹ ਧੱਤੂ ਨੂੰ ਮੱਥੇ ਵੀ ਲਾਉਣਾ ਨਹੀਂ ਚਾਹੁੰਦੀ ਸੀ।

ਉਸ ਰਾਤ ਤਪ ਕੌਰ ਰੱਜ ਕੇ ਰੋਈ। ਇਤਨੀ ਸ਼ਾਇਦ ਉਹ ਜ਼ਿੰਦਗੀ 'ਚ ਪਹਿਲੀ ਵਾਰ ਰੋਈ ਸੀ।

-"ਅਜੇ ਵੀ ਮੌਕੈ...! ਛੱਡ ਦੇ ਹਿੰਡ...! ਸੌਖੀ ਰਹੇਂਗੀ, ਮੈਨੂੰ ਕੋਈ ਕੋਹੜ੍ਹ ਨੀ ਹੋਇਆ...!" ਧੱਤੂ ਦੀ ਮਾਰੂ ਨੀਅਤ ਉਸ ਨੂੰ ਸ਼ਿਕਾਰ ਵਾਂਗ ਤਾੜ ਰਹੀ ਸੀ।

-".............।" ਤਪ ਕੌਰ ਨੇ ਆਪਣੀ ਫ਼ੌਲ਼ਾਦੀ ਚੁੱਪ ਨਾ ਤੋੜੀ।

-"ਤੇਰੀ ਧੌਣ 'ਚੋਂ ਵੀ ਨਖਰੇ ਆਲ਼ਾ ਕਿੱਲਾ ਕੱਢਣਾ ਪੈਣੈਂ, ਲੱਤਾਂ ਦੇ ਭੂਤ ਬਾਤਾਂ ਨਾਲ਼ ਕਾਹਨੂੰ ਮੰਨਦੇ ਐ...?" ਧੱਤੂ ਦੀਆਂ ਅੱਖਾਂ ਦਾ ਭੈਂਗ ਡੁਬਕ੍ਹੀਆਂ ਲਾਉਣ ਲੱਗ ਪਿਆ।

ਤਪ ਕੌਰ ਅੰਦਰ ਵੜ ਗਈ। ਉਸ ਨੇ ਫ਼ਿਰ ਮੂੰਹ ਨਾ ਖੋਲ੍ਹਿਆ।

ਤਪ ਕੌਰ ਦੇ ਦਿਨ ਪੂਰੇ ਹੋ ਗਏ।

ਸਵੇਰ ਦੀ ਉਹ ਸੁੰਡੀ ਵਾਂਗ ਤੜਪੀ ਜਾ ਰਹੀ ਸੀ। ਮਾਂ ਦੇ ਕਹਿਣ 'ਤੇ ਸੰਤ ਸਿੰਘ ਪਿੰਡ ਦੀ ਦਾਈ ਨੂੰ ਬੁਲਾ ਲਿਆਇਆ। ਦਾਈ ਨੇ ਆ ਕੇ ਸਰ੍ਹੋਂ ਦੇ ਤੇਲ ਨਾਲ਼ ਪੇਟ ਮਲ਼ਿਆ।

-"ਸੰਤ ਤੇ ਧੱਤੂ ਹੋਰੀਂ, ਸਾਰੇ ਮੇਰੇ ਹੱਥਾਂ 'ਚ ਜੰਮੇਂ ਐਂ ਪੁੱਤ...!" ਪੇਟ ਮਲ਼ਦੀ ਭੋਲ਼ੀ-ਭਾਲ਼ੀ ਦਾਈ ਤਪ ਕੌਰ ਨੂੰ ਆਖ ਰਹੀ ਸੀ।

-"ਇਹਨੂੰ ਪੇਕੀਂ ਕਿਉਂ ਨਾ ਭੇਜਿਆ ਚੇਤੋ...?" ਦਾਈ ਨੇ ਤਪ ਕੌਰ ਦੀ ਸੱਸ ਨੂੰ ਸੁਆਲ ਕੀਤਾ, "ਪਹਿਲਾ ਜਣੇਪਾ ਤਾਂ ਭੈਣੇ ਪੇਕੀਂ ਹੁੰਦੈ...!"

-"ਪੇਕਿਆਂ ਤੋਂ ਕੋਈ ਲੈਣ ਈ ਨੀ ਆਇਆ, ਮੈਂ ਕਿਹੜੇ ਖੂਹ 'ਚ ਛਾਲ਼ ਮਾਰਦੀ...?" ਸੱਸ ਨੇ ਠੁਣਾਂ ਪੇਕਿਆਂ ਸਿਰ ਭੰਨਿਆਂ। ਉਹ ਅੱਕਿਆਂ ਵਾਂਗ ਬੋਲਦੀ ਸੀ।

ਦਾਈ ਚੁੱਪ ਹੋ ਗਈ।

ਸੱਸ ਦੀ ਨਿਰੋਲ ਝੂਠੀ ਗੱਲ ਤਪ ਕੌਰ ਦਾ ਸੀਨਾਂ ਦੋਫ਼ਾੜ ਕਰ ਗਈ। ਉਹ ਜਣੇਪਾ ਪੀੜਾਂ ਦੇ ਪੱਜ ਬੁੱਕੋ-ਬੁੱਕ ਅੱਥਰੂ ਕੇਰ ਰਹੀ ਸੀ।

ਜਦ ਸੂਰਜ ਛੁਪਿਆ ਤਾਂ ਜੰਮਣ-ਪੀੜਾਂ ਨੇ ਤਪ ਕੌਰ ਅੰਦਰ ਜੁਆਲਾ-ਮੁਖੀ ਮਚਾ ਦਿੱਤੀ। ਅੰਦਰ ਦਰਦਾਂ ਦਾ ਲਾਵਾ ਮੱਚਿਆ ਤਾਂ ਉਸ ਦੀਆਂ ਚੀਕਾਂ ਨੇ ਕੰਧਾਂ ਕੰਬਣ ਲਾ ਦਿੱਤੀਆਂ। ਬਾਹਰ ਬੈਠਾ ਧੱਤੂ ਉਸ ਦੀਆਂ ਚੀਕਾਂ ਸੁਣ ਕੇ ਬਾਗੋ-ਬਾਗ ਹੋਈ ਜਾ ਰਿਹਾ ਸੀ। ਸੰਤ ਸਿੰਘ ਹੱਥ ਜੋੜੀ ਅਤੇ ਅੱਖਾਂ ਮੀਟੀ ਬੈਠਾ ਸੀ।

-"ਚੇਤ ਕੁਰੇ, ਡਾਕਦਾਰ ਨੂੰ ਬੁਲਾਓ..! ਟੀਕਾ ਲੱਗ ਕੇ ਜੁਆਕ ਛੇਤੀ ਹੋਜੂ...!" ਦਾਈ ਨੇ ਸੱਸ ਨੂੰ ਕਿਹਾ।

ਸੱਸ ਧੱਤੂ ਹੋਰਾਂ ਕੋਲ਼ ਬੈਠਕ ਵਿਚ ਆ ਗਈ।

-"ਜਾਹ ਵੇ ਧੱਤੂ ਡਾਕਦਾਰ ਨੂੰ ਬੁਲਾ ਕੇ ਲਿਆ..!" ਚੇਤ ਕੌਰ ਨੇ ਕਿਹਾ ਤਾਂ ਸੰਤ ਸਿੰਘ ਉਠ ਖੜ੍ਹਿਆ।

-"ਮੈਂ ਜਾਨੈਂ ਬੇਬੇ, ਬਾਈ ਨੂੰ ਬੈਠਾ ਰਹਿਣ ਦੇ...!" ਸੰਤ ਨੇ ਧੱਤੂ ਦੀ ਲੰਗੜੀ ਲੱਤ ਦਾ ਖਿਆਲ ਕਰ ਕੇ ਕਿਹਾ।

-"ਤੂੰ ਰਹਿਣ ਦੇ ਸੰਤ...! ਮੈਂ ਜਾਨੈਂ...!" ਧੱਤੂ ਬਾਹਰ ਨਿਕਲ਼ ਗਿਆ। ਉਹ ਨਵੇਂ ਦੁੱਧ ਹੋਣ ਵਾਲ਼ੀ ਮੱਝ ਵਾਂਗ ਲੰਗੜੀ ਲੱਤ ਘੁੰਮਾਉਂਦਾ ਜਾ ਰਿਹਾ ਸੀ। ਨਾ ਤਾਂ ਉਸ ਨੇ ਡਾਕਟਰ ਦੇ ਜਾਣਾ ਸੀ, ਅਤੇ ਨਾ ਹੀ ਗਿਆ। ਉਹ ਦੇਸੀ ਦਾਰੂ ਦੀ ਬੋਤਲ ਖਰੀਦ, ਘਰ ਆ ਗਿਆ।

-"ਡਾਕਦਾਰ ਦੀ ਤਾਂ ਮਾਸੀ ਮਰਗੀ ਬੇਬੇ...! ਮਕਾਣ ਗਿਆ ਹੋਇਐ...!" ਉਸ ਨੇ ਦੱਸਿਆ।

ਤਪ ਕੌਰ ਦਾ ਬੁਰਾ ਹਾਲ ਸੀ। ਉਸ ਦਾ ਜਿਵੇਂ ਦੂਸਰਾ ਜਨਮ ਹੋ ਰਿਹਾ ਸੀ।

-"ਇਉਂ ਤਾਂ ਚੇਤ ਕੁਰੇ ਬਹੂ ਦੀ ਜਾਨ ਨੂੰ ਖਤਰਾ ਹੋਜੂ...! ਇਹਨੂੰ ਸ਼ਹਿਰ ਲੈਜੋ...!" ਦਾਈ ਨੇ ਹਮਦਰਦੀ ਪ੍ਰਗਟਾਈ।

-"ਕਰਦੀ ਆਂ ਮੈਂ ਗੱਲ ਧੱਤੂ ਨਾਲ਼...!" ਚੇਤ ਕੌਰ ਬਾਹਰ ਨਿਕਲ਼ ਗਈ।

ਧੱਤੂ ਚਾਰ ਪੈੱਗ ਲਾ ਕੇ "ਰਾਠ" ਬਣਿਆਂ ਬੈਠਾ ਸੀ।

-"ਭਾਗੋ ਤਾਂ ਕਹਿੰਦੀ ਇਹਨੂੰ ਸ਼ਹਿਰ ਲੈਜੋ...!" ਉਸ ਨੇ ਤਿਰਛੀ ਨਜ਼ਰ ਨਾਲ਼ ਧੱਤੂ ਵੱਲ ਦੇਖਿਆ।

-"ਸ਼ਹਿਰ ਲਿਜਾਣ ਵਾਸਤੇ ਤਾਂ ਟਰਾਲੀ ਜਾਂ ਕਾਰ ਦਾ ਢਾਣਸ ਕਰਨਾ ਪਊ ਬੇਬੇ...! ਮੈਂ ਡਾਕਦਾਰ ਵੱਲ ਫ਼ੇਰ ਗੇੜਾ ਮਾਰਦੈਂ, ਮਕਾਣ ਗਿਆ ਓਥੇ ਬੈਠਾ ਥੋੜ੍ਹੋ ਰਹੂ, ਕੀ ਐ ਮੁੜ ਈ ਆਇਆ ਹੋਵੇ...?" ਧੱਤੂ ਨੇ ਕਿਹਾ, "ਨਾਲ਼ੇ ਸੰਤ ਓਦੋਂ ਦਾ ਪਾਠ ਕਰੀ ਜਾਂਦੈ, ਇਹਦਾ ਬਾਬਾ ਵੀ ਕੋਈ ਨਾ ਕੋਈ ਰੰਗ ਦਿਖਾਊ...!" ਉਸ ਨੇ ਕੌੜਾ ਜਿਹਾ ਹੱਸ ਕੇ ਸੰਤ ਸਿੰਘ 'ਤੇ ਵਿਅੰਗ ਕਸਿਆ। ਪਰ ਸੰਤ ਕੁਝ ਨਾ ਬੋਲਿਆ।

ਧੱਤੂ ਨੇ ਤੂੜੀ ਵਾਲ਼ੇ ਅੰਦਰ ਵੜ ਕੇ ਇੱਕ ਪੈੱਗ ਹੋਰ ਅੰਦਰ ਸੁੱਟਿਆ ਅਤੇ ਖੰਘੂਰਾ ਮਾਰ ਕੇ ਬਾਹਰ ਨਿਕਲ਼ ਗਿਆ।

ਰਾਤ ਅੱਧੀ ਹੋ ਚੁੱਕੀ ਸੀ।

ਚੀਕ-ਚੀਕ ਕੇ ਤਪ ਕੌਰ ਦਾ ਗਲ਼ਾ ਘਗਿਆ ਗਿਆ ਸੀ। ਉਸ ਅੰਦਰੋਂ ਅਵਾਜ਼ ਨਹੀਂ ਨਿਕਲ਼ ਰਹੀ ਸੀ।

ਅੱਧੀ ਰਾਤੋਂ ਬਾਅਦ ਧੱਤੂ ਡਾਕਟਰ ਨੂੰ ਲੈ ਕੇ ਆਇਆ।

ਅਜੇ ਉਹ ਦਰਵਾਜੇ ਅੰਦਰ ਦਾਖ਼ਲ ਹੋਏ ਹੀ ਸਨ ਕਿ ਤਪ ਕੌਰ ਦੀ ਜਾਨ ਛੁੱਟ ਗਈ। ਬੱਚਾ ਹੋ ਗਿਆ। ਪਰ ਦਾਈ ਹੈਰਾਨ ਸੀ ਕਿ ਬੱਚਾ ਰੋਇਆ ਨਹੀਂ ਸੀ। ਉਸ ਨੇ ਬੱਚੇ ਦੇ ਦੋ-ਤਿੰਨ ਥਪੇੜੇ ਜਿਹੇ ਮਾਰੇ, ਪਰ ਬੱਚਾ ਨਾ ਰੋਇਆ। ਦਾਈ ਨੇ ਬੱਚਾ ਚੁੱਕਿਆ ਅਤੇ ਲੈਂਪ ਕੋਲ਼ ਲੈ ਗਈ। ਬੱਚਾ ਪੀਲ਼ਾ ਜ਼ਰਦ ਸੀ।

ਸੱਸ ਵੀ ਭੱਜ ਕੇ ਲੈਂਪ ਕੋਲ਼ ਆਈ।

-"ਮਰੀ ਵੀ ਬੱਚੀ ਹੋਈ ਐ...!" ਦਾਈ ਨੇ ਦੁੱਖ ਜਿਹੇ ਨਾਲ਼ ਚੇਤ ਕੌਰ ਨੂੰ ਦੱਸਿਆ।

ਮਰੀ ਹੋਈ ਬੱਚੀ ਜੰਮੀ ਦੇਖ ਕੇ ਸੱਸ ਨੇ ਮੂੰਹ ਘੁੱਟ ਲਿਆ।

ਤਪ ਕੌਰ ਕਿਸੇ ਚੰਗੀ ਖ਼ਬਰ ਦੀ ਆਸ ਵਿਚ ਸੀ। ਕੰਨ ਉਸ ਦੇ ਦਾਈ ਵੱਲ ਲੱਗੇ ਹੋਏ ਸਨ।

-"ਜਿਹੋ ਜੀ ਨੀਤ ਸੀ, ਓਹੋ ਜੀ ਮੁਰਾਦ ਪਾ ਲਈ ਕੁਲੈਹਣੀ ਨੇ, ਮਰੀ ਵੀ ਕੁੜੀ ਜੰਮ ਕੇ ਸਿੱਟਤੀ...!" ਸੱਸ ਦੇ ਬੋਲਾਂ ਦਾ ਬਾਣ ਉਸ ਦੇ ਕਾਲ਼ਜੇ ਵੱਜਿਆ ਅਤੇ ਉਸ ਦੀ ਧਾਹ ਨਿਕਲ਼ ਗਈ। ਉਸ ਨੇ ਮੂੰਹ 'ਤੇ ਰਜਾਈ ਲੈ ਲਈ। ਜਿਸਮਾਨੀ ਪੀੜਾਂ ਉਹ ਕਾਫ਼ੀ ਹੱਦ ਤੱਕ ਭੁੱਲ ਗਈ ਸੀ।

-"ਡਾਕਦਾਰ ਨੂੰ ਆਖ ਬਹੂ ਦੇ ਧੁਣਖਵਾਅ ਦਾ ਟੀਕਾ ਲਾਦੂ, ਬਥੇਰਾ ਵਖਤ ਭਰਿਐ ਬਿਚਾਰੀ ਨੇ...!" ਦਾਈ ਨੇ ਆਖਿਆ।

ਸੱਸ ਜਿੰਨ ਵਾਂਗ ਬਾਹਰ ਆਈ।

-"ਮਰੀ ਵੀ ਕੁੜੀ ਜੰਮੀ ਐਂ...!" ਉਸ ਨੇ ਸੰਤ ਸਿੰਘ ਨੂੰ ਸੁਣਾ ਕੇ ਕਿਹਾ।

ਡਾਕਟਰ ਨੇ ਲੰਬਾ ਸਾਹ ਲੈ ਕੇ ਦੁੱਖ ਵਿਚ ਨੀਂਵੀਂ ਸੁੱਟ ਲਈ।

ਸੰਤ ਸਿੰਘ ਅਹਿਲ ਬੈਠਾ ਸੀ। ਉਸ ਦੇ ਮਨ 'ਤੇ ਕੋਈ ਅਸਰ ਨਹੀਂ ਹੋਇਆ ਸੀ।

-"ਜਾਹ ਓਹਦੇ ਧੁਣਖਵਾਅ ਦਾ ਸੂਆ ਲਾ ਦੇ ਪੁੱਤ..!" ਚੇਤ ਕੌਰ ਨੇ ਡਾਕਟਰ ਨੂੰ ਕਿਹਾ।

-"ਧੁਣਖਵਾਅ ਦਾ ਸੂਆ ਲਾਉਣ ਨੂੰ ਓਹਦੇ ਕਸੀਆ ਵੱਜਿਐ...? ਰਹਿਣ ਦੇ...! ਬਾਧੂ ਖਰਚੇ ਦਾ ਘਰ...!" ਧੱਤੂ ਖਿਝ ਕੇ ਬੋਲਿਆ।

-"ਧੁਣਖਵਾਅ ਦਾ ਟੀਕਾ ਮੈਂ ਲਾ ਜਾਨੈਂ ਬਾਈ, ਪੰਜੀ ਨਾ ਦੇਈਂ...!" ਤਰਸ ਦੀ ਮੂਰਤ ਬਣਿਆਂ ਡਾਕਟਰ ਬੋਲਿਆ।

-"ਤੇਰੀ ਕਿਹੜੀ ਮਾਸੀ ਗੁਜਰ ਗਈ ਇੰਦਰ...?" ਚੇਤ ਕੌਰ ਨੇ ਡਾਕਟਰ ਨੂੰ ਪੁੱਛਿਆ।

-"ਮੇਰੀ ਤਾਂ ਕੋਈ ਮਾਸੀ ਨੀ ਗੁਜਰੀ, ਤਾਈ..। ਸਾਰੀਆਂ ਚੜ੍ਹਦੀ ਕਲਾ 'ਚ ਐ...।" ਡਾਕਟਰ ਨੇ ਕਿਹਾ ਤਾਂ ਧੱਤੂ ਮਾਂ ਵੱਲ ਪਿਆਸੇ ਕਾਂ ਵਾਂਗ ਝਾਕਿਆ। ਸੰਤ ਨੇ ਗੱਲ ਸੁਣ ਕੇ ਸਿਰ ਉਪਰ ਚੁੱਕਿਆ, ਅਤੇ ਉਹ ਫ਼ਿਰ ਹੱਥ ਜੋੜ ਕੇ ਬੈਠ ਗਿਆ। ਚੇਤ ਕੌਰ ਦੇ ਮਨ 'ਤੇ ਕੋਈ ਅਸਰ ਨਾ ਹੋਇਆ। ਉਹ ਬੇਕਿਰਕ ਪੁੱਤ ਦੀ ਚਾਲ ਸਮਝ ਗਈ ਸੀ।

ਡਾਕਟਰ ਨੇ ਇੱਕ ਟੀਕਾ ਤਾਕਤ ਦਾ ਅਤੇ ਇੱਕ ਧੁਣਖਵਾਅ ਦਾ ਲਾਇਆ ਅਤੇ ਬਿਨਾ ਪੈਸੇ ਲਿਆਂ ਚਲਿਆ ਗਿਆ।

ਬੋਤਲ ਵਿਚੋਂ ਰਹਿੰਦੀ ਦਾਰੂ ਧੱਤੂ ਨੇ ਸੂਤ ਧਰੀ।

ਰਾਤ ਨੂੰ ਘਰ ਦੇ ਇੱਕ ਪਾਸੇ ਟੋਆ ਪੁੱਟ ਕੇ ਧੀ-ਧਿਆਣੀ ਨੂੰ ਦਫ਼ਨਾ ਦਿੱਤਾ ਗਿਆ। ਤਪ ਕੌਰ ਨੂੰ ਧੀ ਦਾ ਮੂੰਹ ਤੱਕ ਨਹੀਂ ਵਿਾਖਾਇਆ ਸੀ। ਉਹ ਸਬਰ ਸੰਤੋਖ ਆਸਰੇ ਘੁੱਟ ਵੱਟੀ ਪਈ ਸੀ। ਤਨ ਦੀ ਕਮਜ਼ੋਰੀ ਕਾਰਨ ਉਸ ਤੋਂ ਹਿੱਲਿਆ ਨਹੀਂ ਜਾ ਰਿਹਾ ਸੀ।

ਉਪਰੋਥਲ਼ੀ ਤਪ ਕੌਰ ਤਿੰਨ ਵਾਰ ਗਰਭਵਤੀ ਹੋਈ ਅਤੇ ਹਰ ਵਾਰ ਉਸ ਨਾਲ਼ ਓਹੀ ਹਾਲ ਹੁੰਦਾ ਰਿਹਾ। ਹਰ ਵਾਰ ਸੱਸ ਉਸ ਨੂੰ ਪੇਕੀਂ ਨਾ ਜਾਣ ਦਿੰਦੀ, ਉਸ ਦਾ ਜਣੇਪਾ ਸਹੁਰੀਂ ਹੀ ਹੁੰਦਾ ਅਤੇ ਬੱਚਾ ਮਰਿਆ ਹੋਇਆ ਜੰਮਦਾ! ਤਿੰਨ ਧੀਆਂ ਜੰਮੀਆਂ ਅਤੇ ਤਿੰਨੇ ਹੀ ਮਰੀਆਂ ਹੋਈਆਂ ਜੱਗ 'ਤੇ ਆਈਆਂ।

ਜਦ ਚੌਥੀ ਵਾਰ ਤਪ ਕੌਰ ਨੂੰ ਬੱਚਾ-ਬੱਚੀ ਹੋਣ ਵਾਲ਼ਾ ਹੋਇਆ ਤਾਂ ਤਪ ਕੌਰ ਨੇ ਸੰਤ ਸਿੰਘ ਨੂੰ ਆਪਣੇ ਮਨ ਦੀ ਖ਼ਾਹਿਸ਼ ਦੱਸੀ।

-"ਮੈਂ ਇਸ ਵਾਰੀ ਬੱਚਾ ਪੇਕੀਂ ਜੰਮਣਾ ਚਾਹੁੰਨੀ ਆਂ, ਜੇ ਤੂੰ ਮੈਨੂੰ ਪੇਕੀਂ ਛੱਡ ਆਵੇਂ...? ਕਿਸਮਤ ਹਰ ਵਾਰੀ ਆਪਣੇ ਨਾਲ਼ ਧੱਕਾ ਕਰਦੀ ਐ, ਕੀ ਐ ਥਾਂ ਬਦਲਣ ਨਾਲ਼ ਆਪਣੇ ਨਛੱਤਰ ਵੀ ਸਿੱਧੇ ਹੋ ਜਾਣ...?" ਰੱਬੀ ਰੂਹ ਸੰਤ ਸਿੰਘ ਨੇ ਫ਼ੱਟ "ਹਾਂ" ਕਰ ਦਿੱਤੀ ਅਤੇ ਮੂੰਹ ਹਨ੍ਹੇਰੇ ਸਾਈਕਲ 'ਤੇ ਚੜ੍ਹ ਤਪ ਕੌਰ ਨੂੰ ਪੇਕੀਂ ਛੱਡ ਆਇਆ।

ਮਾਂ ਅਤੇ ਧੱਤੂ ਨੇ ਝੱਜੂ ਪਾ ਲਿਆ।

-"ਤੂੰ ਸਾਲ਼ਿਆ ਮਾਂਊਂਆਂ ਜਿਆ ਕੇਰਾਂ ਈ ਪਟਿਆਲ਼ੇ ਆਲ਼ਾ ਭੂਪਾ ਬਣ ਤੁਰਿਆ, ਬੇਬੇ ਨੂੰ ਤਾਂ ਪੁੱਛ ਲੈਂਦਾ...?" ਧੱਤੂ ਪ੍ਰੇਤ ਵਾਂਗ ਟੱਪਿਆ। ਪਰ ਸੰਤ ਸਿੰਘ 'ਤੇ ਕੋਈ ਅਸਰ ਨਾ ਹੋਇਆ। ਉਹ ਆਪਣੇ ਸੁਭਾਅ ਅਨੁਸਾਰ ਮਸਤ ਹੀ ਰਿਹਾ।

ਤਪ ਕੌਰ ਦੇ ਮਨ ਦੀ ਮੁਰਾਦ ਪੂਰੀ ਹੋਈ। ਉਸ ਨੇ ਲੋਗੜ ਵਰਗੇ ਮੁੰਡੇ ਨੂੰ ਜਨਮ ਦਿੱਤਾ। ਤਪ ਕੌਰ ਨੇ ਦਸ ਵਾਰ ਧਰਤੀ ਨੂੰ ਨਮਸਕਾਰ ਕੀਤੀ। ਉਸ ਦਾ ਪਿਆਰ ਦਾ ਨਾਂ "ਲੋਟਣ" ਰੱਖਿਆ ਗਿਆ।

-"ਜਿਹੋ ਜੀ ਆਪ ਐ, ਓਹੋ ਜਿਆ ਮੁੰਡਾ ਜੰਮਿਆਂ ਹੋਊ...!" ਖ਼ੁਸ਼ੀ ਜਾਂ ਕੋਈ ਸ਼ਗਨ ਕਰਨ ਦੀ ਵਜਾਏ ਸੱਸ ਨੇ ਖ਼ਬਰ ਮਿਲਣ 'ਤੇ ਖੁੰਧਕ ਵਿਚ ਬੁੱਲ੍ਹ ਟੇਰੇ।

ਸ਼ਾਮ ਨੂੰ ਧੱਤੂ ਦਾਰੂ ਦੀਆਂ ਦੋ ਬੋਤਲਾਂ ਲੈ ਕੇ ਘਰ ਆਇਆ।

-"ਲੈ ਬਈ ਸੰਤ...! ਸਾਰੀ ਉਮਰ ਮੈਂ ਤੈਨੂੰ ਸੁਆਲ ਨੀ ਪਾਇਆ, ਪਰ ਅੱਜ ਤੈਨੂੰ ਮੇਰੀ ਗੱਲ ਮੰਨਣੀ ਪਊ ਛੋਟੇ ਭਾਈ..!"

-"ਬੋਲ...?" ਸੰਤ ਸਹਿਜ ਸੁਭਾਅ ਬੋਲਿਆ।

-"ਅੱਜ ਮੈਨੂੰ ਭਤੀਜ ਹੋਏ ਦੀ ਐਨੀ ਖ਼ੁਸ਼ੀ ਐ, ਸੇਰ ਖ਼ੂਨ ਵਧ ਗਿਆ ਮੇਰਾ...! ਅੱਜ ਮੇਰੇ ਨਾਲ਼ ਨਿੱਕਾ ਵੀਰ ਬਣ ਕੇ ਪੈੱਗ ਪੀਅ...!"

-"ਤੈਨੂੰ ਪਤੈ ਬਈ ਮੈਂ ਤਾਂ ਕਦੇ ਪੀਤੀ ਨੀ...!"

-"ਅੱਜ ਪੀਅ ਨਾ ਫ਼ੇਰ...! ਕਰ ਖ਼ੁਸ਼ੀ ਸਾਂਝੀ...!" ਉਸ ਨੇ ਬੋਤਲ ਅੱਗੇ ਰੱਖ ਦਿੱਤੀ।

ਸੰਤ ਕੁਝ ਨਾ ਬੋਲਿਆ। ਆਦਤ ਅਨੁਸਾਰ ਚੁੱਪ ਹੀ ਰਿਹਾ।

-"ਆਪਣੇ ਘਰ ਦੀ ਜੜ੍ਹ ਲੱਗੀ ਐ, ਲੈ ਖ਼ੁਸ਼ੀ 'ਚ ਚੱਕ ਪੈੱਗ...!" ਉਸ ਨੇ ਦਾਰੂ ਦਾ ਭਰਿਆ ਗਿਲਾਸ ਸੰਤ ਦੇ ਮੂੰਹ ਨੂੰ ਲਾ ਦਿੱਤਾ।

ਬਿਨਾ ਕਿਸੇ ਹੀਲ ਹੁੱਜਤ ਦੇ ਸੰਤ ਗਿਲਾਸ ਖਿੱਚ ਗਿਆ। ਕਦੇ ਦਾਰੂ ਨਾ ਪੀਤੀ ਹੋਣ ਕਾਰਨ ਦਾਰੂ ਨੇ ਉਸ ਨੂੰ ਪੱਠਾ ਲਾ ਦਿੱਤਾ। ਹੱਥੂ ਆਉਣ ਨਾਲ਼ ਉਸ ਦਾ ਸਾਹ ਬੰਦ ਹੋ ਗਿਆ। ਸਾਗ ਦਾ ਕੌਲਾ ਉਸ ਨੇ ਸੰਤ ਅੱਗੇ ਕੀਤਾ, ਤਾਂ ਸੰਤ ਨੇ ਉਂਗਲ਼ ਨਾਲ਼ ਬਾਹਵਾ ਸਾਗ ਚੱਟ ਲਿਆ।

ਸੰਤ ਨੂੰ ਲੋਰ ਜਿਹੀ ਤਾਂ ਆਈ। ਪਰ ਉਹ ਬੋਲਿਆ ਕੁਝ ਨਹੀਂ ਸੀ। "ਬੱਸ ਇੱਕ ਹੋਰ - ਬੱਸ ਇੱਕ ਹੋਰ" ਕਰਦੇ ਧੱਤੂ ਨੇ ਸੰਤ ਨੂੰ ਪੌਣੀ ਬੋਤਲ ਪਿਆ ਦਿੱਤੀ। ਆਖਰੀ ਪੈੱਗ ਪੀਂਦਾ ਸੰਤ ਓਥੇ ਹੀ ਲੁੜਕ ਗਿਆ। ਧੱਤੂ ਨੇ ਉਸ ਦੇ ਸਿਰ ਹੇਠ ਸਿਰ੍ਹਾਣਾ ਅਤੇ ਉਪਰ ਖੇਸ ਦੇ ਦਿੱਤਾ।

-"ਵੇ ਧੱਤੂ, ਸੰਤ ਨੂੰ ਵੀ ਰੋਟੀ ਫ਼ੜਾ ਦੇ ਪੁੱਤ...!" ਬੇਬੇ ਨੇ ਕਿਹਾ।

-"ਉਹ ਅੱਜ ਖ਼ੁਸ਼ੀ 'ਚ ਟੱਲੀ ਐ ਬੇਬੇ...! ਓਹਨੇ ਨੀ ਰੋਟੀ ਖਾਣੀ...!" ਦਾਰੂ ਨਾਲ਼ ਬਾਬੂ ਬਣਿਆਂ ਧੱਤੂ ਰੋਟੀ ਦੀ ਬੁਰਕੀ ਕੌਲੀ ਦੀ ਵਜਾਏ ਮੰਜੇ 'ਤੇ ਹੀ ਘਸਾਈ ਜਾ ਰਿਹਾ ਸੀ। ਅੱਧ ਪਚੱਧ ਰੋਟੀ ਖਾ ਕੇ ਉਸ ਨੇ ਭਾਂਡੇ ਮੰਜੇ ਹੇਠ ਕਰ ਦਿੱਤੇ ਅਤੇ ਪੈਣ ਸਾਰ ਘੁਰਾੜ੍ਹੇ ਮਾਰਨ ਲੱਗ ਪਿਆ।

ਸਵੇਰੇ ਜਦ ਬੇਬੇ ਸੰਤ ਨੂੰ ਚਾਹ ਦਾ ਗਿਲਾਸ ਦੇਣ ਗਈ ਤਾਂ ਸੰਤ ਦਾ ਮੂੰਹ ਅੱਡਿਆ ਹੋਇਆ ਅਤੇ ਅੱਖਾਂ ਖੜ੍ਹੀਆਂ ਸਨ।

ਦੇਖ ਕੇ ਬੇਬੇ ਦੀ ਭੁੱਬ ਨਿਕਲ਼ ਗਈ। ਉਸ ਦਾ ਕੀਰਨਾ ਪਿੰਡ ਦੀ ਜੂਹ ਤੱਕ ਸੁਣਿਆਂ ਸੀ।

ਧੱਤੂ ਜਾ ਕੇ ਤਪ ਕੌਰ ਨੂੰ ਲੈ ਆਇਆ। ਤਪ ਕੌਰ ਦੇ ਨਾਲ਼ ਪੇਕਿਆਂ ਤੋਂ ਮਕਾਣ ਵੀ ਆਈ ਸੀ।

ਸੰਤ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ। ਜਿਹੜਾ ਥੋੜਾ ਬਹੁਤਾ ਸੁਖ ਅਰਾਮ ਤਪ ਕੌਰ ਦੇ ਕਰਮਾਂ ਵਿੱਚ ਸੀ, ਉਹ ਵੀ ਅੱਜ ਸੰਤ ਸਿੰਘ ਦੀ ਚਿਖ਼ਾ ਨਾਲ਼ ਸੜ ਕੇ ਸੁਆਹ ਹੋ ਗਿਆ ਸੀ। ਆਸਾਂ ਉਮੀਦਾਂ ਦਾ ਜਨਾਜਾ ਚੁੱਕੀ ਅਤੇ ਨਵ-ਜੰਮੇ ਪੁੱਤਰ ਨੂੰ ਗਲ਼ ਲਾਈ ਉਹ ਘਰ ਆ ਗਈ ਸੀ। ਆਪਣਾ ਭਵਿੱਖ ਉਸ ਨੇ ਕੁੱਛੜ ਚੁੱਕਿਆ ਹੋਇਆ ਸੀ।

-"ਦਿਲ ਹੌਲ਼ਾ ਨਾ ਕਰੀਂ ਤਪੋ...! ਹੋਇਆ ਤੇਰਾ ਸ਼ੇਰ ਦਿਨਾਂ 'ਚ ਜੁਆਨ...! ਸਾਰੇ ਗਮ ਭੁੱਲ ਜਾਣਗੇ..!" ਤੁਰਦੀ ਮਾਂ ਨੇ ਤਪ ਕੌਰ ਨੂੰ ਦਿਲਾਸਾ ਦਿੱਤਾ ਸੀ। ਪਰ ਤਪ ਕੌਰ ਨਾ ਬੋਲੀ।

ਸੰਤ ਸਿੰਘ ਤਾਂ ਜੱਗੋਂ ਕੂਚ ਕਰ ਗਿਆ ਸੀ। ਪਰ ਧੱਤੂ ਨੇ ਹੁਣ ਹੋਰ ਅੱਤ ਚੁੱਕ ਲਈ ਸੀ ਅਤੇ ਤਪ ਕੌਰ ਦਾ ਜਿਉਣਾ ਦੁੱਭਰ ਕਰ ਦਿੱਤਾ ਸੀ। ਪਰ ਹੁਣ ਸਬਰ ਨੂੰ ਸਿਰੜ ਬਣਾ ਕੇ ਤਪ ਕੌਰ ਨੇ ਲੱਕ ਬੰਨ੍ਹ ਲਿਆ ਅਤੇ ਅੰਦਰੋਂ ਕਰੜੀ ਹੋ ਗਈ। ਉਸ ਨੂੰ ਪਤਾ ਸੀ ਕਿ ਕਰਾਰੇ ਹੱਥਾਂ ਬਿਨਾ ਵੈਰੀ ਨੇ ਵਧੀਕੀਆਂ ਕਰਨੋਂ ਬਾਜ ਨਹੀਂ ਆਉਣਾ ਸੀ। ਕਿਉਂਕਿ ਧੱਤੂ ਹੁਣ ਉਸ ਦੇ ਨਾਲ਼ ਬਹੁਤਾ ਹੀ ਖਹਿ-ਖਹਿ ਕੇ ਲੰਘਣ ਲੱਗ ਪਿਆ ਸੀ।

ਸ਼ਾਮ ਨੂੰ ਧੱਤੂ ਦੀ ਮਾਸੀ ਨੇ ਗੇੜਾ ਮਾਰਿਆ। ਉਹ ਤਪ ਕੌਰ ਦੇ ਮੁੰਡੇ ਅਤੇ ਤਪ ਕੌਰ ਨਾਲ਼ ਬਹੁਤੀ ਹੀ ਹਮਦਰਦੀ ਜਿਹੀ ਦਿਖਾ ਰਹੀ ਸੀ।

ਰੋਟੀ ਖਾਣ ਤੋਂ ਬਾਅਦ ਮਾਸੀ ਤਪ ਕੌਰ ਦੇ ਮੁੰਡੇ ਲੋਟਣ ਨੂੰ ਗੋਦੀ ਵਿਚ ਲਈ ਬੈਠੀ ਸੀ। ਧੱਤੂ ਕਿਸੇ ਗ਼ੈਬੀ ਖ਼ੁਸ਼ੀ ਵਿਚ ਵਾਰ-ਵਾਰ ਤੂੜੀ ਵਾਲ਼ੇ ਅੰਦਰ ਜਾ ਕੇ ਰੂੜੀ-ਮਾਰਕਾ ਦਾ ਪੈੱਗ ਚਾੜ੍ਹਦਾ ਸੀ। ਪਰ ਅੱਜ ਦਾਰੂ ਉਸ ਨੂੰ ਕੌੜੀ ਨਹੀਂ ਲੱਗ ਰਹੀ ਸੀ, ਸਗੋਂ ਹੁਲ੍ਹਾਰਾ ਦੇ ਰਹੀ ਸੀ।

-"ਤਪ ਕੁਰੇ...!"

-"ਹਾਂ ਮਾਸੀ ਜੀ...?"

-"ਉਰ੍ਹੇ ਆ ਪੁੱਤ...! ਬੈਠ ਮੇਰੇ ਕੋਲ਼ੇ, ਕੋਈ ਕਬੀਲਦਾਰੀ ਦੀ ਗੱਲ ਕਰੀਏ...!" ਮਾਸੀ ਬੋਲੀ।

-"ਚਾਰ ਕੁ ਭਾਂਡੇ ਧੋਣ ਆਲ਼ੇ ਰਹਿਗੇ ਮਾਸੀ ਜੀ, ਨਬੇੜ ਕੇ ਆਈ, ਨਹੀਂ ਰਾਤ ਨੂੰ ਕੁੱਤੇ ਬਿੱਲੇ ਮੂੰਹ ਪਾਉਣਗੇ...!" ਉਹ ਧੱਤੂ ਵੱਲ ਚੋਰ ਅੱਖ ਝਾਕ ਕੇ ਬੋਲੀ।

-"ਕਰ ਲੈ ਜਿਹੜੇ ਖੇਖਣ ਕਰਨੇ ਐਂ, ਇੱਕ ਨਾ ਇੱਕ ਦਿਨ ਤਾਂ ਪੰਜਾਲ਼ੀ ਹੇਠ ਆਵੇਂਗੀ..!" ਧੱਤੂ ਦਾ ਮਨ ਬੋਲਿਆ।

-"ਭਾਂਡੇ ਮੈਂ ਧੋ ਲੈਨੀ ਐਂ ਤਪ ਕੁਰੇ...! ਤੂੰ ਸੁਣ ਲੈ ਆਬਦੀ ਮਾਸੀ ਦੀ ਗੱਲ...! ਕਿੱਡੀ ਦੂਰੋਂ ਚੱਲ ਕੇ ਆਈ ਐ..!" ਸੱਸ ਨੇ ਕਿਹਾ। ਪਹਿਲੀ ਵਾਰ ਸੱਸ ਇਤਨੇ ਨਰਮ ਸ਼ਬਦਾਂ ਨਾਲ਼ ਸੰਬੋਧਨ ਹੋਈ ਸੀ।

ਹੈਰਾਨ ਹੋਈ ਤਪ ਕੌਰ ਧੱਤੂ ਦੀ ਮਾਸੀ ਦੀ ਪੈਂਦ ਆ ਬੈਠੀ।

-"ਰੱਬ ਦਾ ਕੀਤਾ ਕੋਈ ਮੋੜ ਨੀ ਸਕਦਾ ਧੀਏ ਮੇਰੀਏ...! ਡਾਢੇ ਰੱਬ ਅੱਗੇ ਕਾਹਦਾ ਜੋਰ...?"

-"...............।" ਤਪ ਕੌਰ ਸੁਣ ਰਹੀ ਸੀ।

-"ਤੁਰ ਗਿਆਂ ਦੇ ਨਾਲ਼ ਨੀ ਮਰਿਆ ਜਾਂਦਾ, ਜਿਉਂਦੇ ਜੀਆਂ ਨੂੰ ਵੀਹ ਅੱਕ ਚੱਬਣੇ ਪੈਂਦੇ ਐ...!"

-"..............।"

-"ਦੇਖ, ਆਪਣਾ ਲੋਟਣ ਰਤੀ ਭਰ ਜੁਆਕ ਐ, ਛੋਰ੍ਹ ਦੇ ਸਿਰ ਤੋਂ ਬਾਪ ਦੀ ਛਾਂ ਜਾਂਦੀ ਲੱਗੀ...! ਬਾਪੂ ਤਾਂ ਬੱਚੇ ਦੇ ਸਿਰ 'ਤੇ ਧੁੱਪ ਨੀ ਜਰਦਾ, ਕੁਛ ਹੋਰ ਨਾ ਕੋਲ਼ੇ ਹੋਵੇ, ਤਾਂ ਹੱਥ ਦੀ ਛਾਂ ਕਰ ਲੈਂਦੈ...!"

-".............।"

-"ਜੇ ਮੇਰੀ ਮੰਨੇ ਤਾਂ ਆਪਣੇ ਧੱਤੂ ਨੂੰ ਸਿਰ ਧਰਲਾ...! ਘਰ ਦਾ ਜੀਅ ਐ, ਨਾਲ਼ੇ ਉਹਦਾ ਘਰ ਵਸਜੂ, ਤੇ ਨਾਲ਼ੇ ਐਸ ਜੁਆਕ ਨੂੰ ਪਿਉ ਆਲ਼ਾ ਸਹਾਰਾ ਮਿਲ਼ਜੂ...!"

ਮਾਸੀ ਦੀ ਗੱਲ ਸੁਣ ਕੇ ਤਪ ਕੌਰ ਸੁੰਨ ਹੋ ਗਈ। ਉਸ ਨੂੰ ਮਾਸੀ ਤੋਂ ਇਹ ਕਦਾਚਿੱਤ ਆਸ ਨਹੀਂ ਸੀ ਕਿ ਉਹ ਐਡਾ ਮੂੰਗਲ਼ਾ ਕੱਛ ਵਿੱਚੋਂ ਕੱਢ ਮਾਰੇਗੀ। ਉਸ ਦਾ ਸਾਰਾ ਸਰੀਰ "ਝਰਨ-ਝਰਨ" ਕਰੀ ਜਾ ਰਿਹਾ ਸੀ।

-"ਬੋਲ ਪੁੱਤ...! ਜੇ ਤੀਮੀਂ ਦਾ ਸਿਰ ਨੰਗਾ ਹੋਵੇ, ਤਾਂ ਬੀਹ 'ਕੁੱਤੇ-ਬਿੱਲੇ' ਲਾਲ਼ਾਂ ਸਿੱਟਦੇ ਮਗਰ ਲੱਗ ਤੁਰਦੇ ਐ, ਜੇ ਖਸਮ ਸਿਰ 'ਤੇ ਹੋਵੇ, ਅਗਲਾ ਭੈਅ ਮੰਨਦੈ..!" ਮਾਸੀ ਘੋਟ-ਘੋਟ ਬੋਲ ਰਹੀ ਸੀ। ਉਸ ਦਾ ਮਾਤਾ ਦੇ ਦਾਗਾਂ ਨਾਲ਼ ਖਾਧਾ ਮੂੰਹ ਤਪ ਕੌਰ ਨੂੰ ਜਿਵੇਂ ਡਰਾਉਣ ਆ ਰਿਹਾ ਸੀ।

-"ਨਾਲ਼ੇ ਧੱਤੂ ਬਿਚਾਰਾ ਬਿਗਾਨਾ ਥੋੜ੍ਹੋ ਐ...? ਆਬਦਾ ਖ਼ੂਨ ਐਂ...! ਸਿਆਣੇ ਐਵੇਂ ਨੀ ਆਖਦੇ, ਬਈ ਆਬਦਾ ਮਾਰੂ, ਛਾਂਵੇਂ ਸਿੱਟੂ...!" ਚੌਂਕੇ ਵਿਚੋਂ ਬੇਬੇ ਭਾਂਡੇ ਸਾਂਭਦੀ ਬੋਲੀ।

-"ਮਾਸੀ ਜੀ...!" ਤਪ ਕੌਰ ਨੇ ਕਾਫ਼ੀ ਦੇਰ ਬਾਅਦ ਮੂੰਹ ਖੋਲ੍ਹਿਆ, "ਜਿਹੜੀ ਚੀਜ਼ ਨੂੰ ਅੱਖਾਂ ਨੀ ਝੱਲਦੀਆਂ, ਉਹਨੂੰ ਜੀਭ ਕੀ ਝੱਲੂ...? ਮੈਨੂੰ ਸਾਰੀ ਉਮਰ ਰੰਡੇਪਾ ਕੱਟਣਾ ਮਨਜੂਰ ਐ, ਪਰ ਮੈਂ ਕਿਸੇ ਨੂੰ ਸਿਰ ਨੀ ਧਰਨਾ, ਆਪਣੀਆਂ ਬਣੀਆਂ ਆਪਣੇ ਸਿਰ 'ਤੇ ਕੱਟੂੰ...!"

-".............।" ਸੁਣ ਕੇ ਸਭ ਨੂੰ ਸਕਤਾ ਮਾਰ ਗਿਆ। ਮੂੰਹ ਸਿਉਂਤੇ ਗਏ। ਘਰ ਵਿੱਚ ਇੱਕ ਤਰ੍ਹਾਂ ਨਾਲ਼ 'ਹਾੜ' ਬੋਲਣ ਲੱਗ ਪਿਆ। ਪਰ ਧੱਤੂ ਦੇ ਸਿਰ ਵਿੱਚ ਬਿਜਲੀਆਂ ਕੜਕੀ ਜਾ ਰਹੀਆਂ ਸਨ। ਉਸ ਦੀਆਂ ਮੌਲੇ ਦੇ ਸਿੰਗਾਂ ਵਾਂਗ ਅਕੜਾਈਆਂ ਮੁੱਛਾਂ ਹੁਣ ਗਿੱਲੀ ਸੁੱਥਣ ਵਾਂਗ ਥੱਲੇ ਡਿੱਗ ਪਈਆਂ ਸਨ।

-"ਲੈ, ਸਾਲ਼ੀ ਕਿਵੇਂ ਨੰਬਰਦਾਰਨੀ ਬਣੀ ਫ਼ਿਰਦੀ ਐ...!" ਧੱਤੂ ਨੇ ਦਿਲ 'ਚ ਉਸ ਨੂੰ ਗਾਲ਼ ਕੱਢੀ।

ਮਾਸੀ ਕੋਲ ਕਹਿਣ ਲਈ ਕੁਝ ਵੀ ਬਚਿਆ ਨਹੀਂ ਸੀ।

ਉਹ ਚੁੱਪ ਕਰ ਗਈ।

ਸੱਸ ਦੇ ਅੰਦਰੋਂ ਵੀ ਵਟਣੇ ਉਠੇ।

ਅਗਲੇ ਦਿਨ ਬੇਬੇ ਮਾਸੀ ਨੂੰ ਬੱਸ ਚੜ੍ਹਾਉਣ ਬੱਸ ਅੱਡੇ ਨੂੰ ਤੁਰ ਗਈ ਅਤੇ ਤਪ ਕੌਰ ਮੱਝਾਂ ਨੂੰ ਪੱਠੇ ਪਾ ਰਹੀ ਸੀ।

ਧੱਤੂ ਦੀ ਅਜੇ ਰਾਤ ਦੀ ਪੀਤੀ ਨਹੀਂ ਉਤਰੀ ਸੀ ਅਤੇ ਉਤੋਂ ਉਸ ਨੇ ਇੱਕ ਪੈੱਗ ਸਵੇਰੇ ਹੀ ਅੰਦਰ ਸੁੱਟ ਲਿਆ ਸੀ।

ਦਾਰੂ ਲਾਟ ਵਾਂਗ ਸਾੜ ਪਾਉਂਦੀ ਹਲ਼ਕ 'ਚੋਂ ਥੱਲੇ ਉਤਰੀ ਸੀ।

-"ਤੇਰੇ ਆਲ਼ੇ ਖਸਮ ਨੇ ਦਾਰੂ ਦੇ ਪੈੱਗ 'ਚ ਇੱਕ ਗੋਲ਼ੀ ਸਟਿੱਕਣੀ ਦੀ ਨੀ ਸੀ ਝੱਲੀ, ਰਾਤੋ ਰਾਤ ਰੰਡੀ ਕਰ ਗਿਆ ਸੀ ਤੈਨੂੰ, ਹੁਣ ਕਿਤੇ ਉਹ ਨਾ ਹੋਵੇ, ਬਈ ਤੇਰੀ ਆਕੜ ਭੰਨਣ ਖਾਤਰ ਤੇਰਾ ਪੁੱਤ ਵੀ ਗੱਡੀ ਚਾੜ੍ਹਨਾ ਪਵੇ...!" ਦਾਰੂ ਦੇ ਨਸ਼ੇ 'ਚ ਧੱਤੂ ਨੇ "ਅਜੀਬ" ਅਕਾਸ਼ਬਾਣੀ ਕੀਤੀ। ਭਿਆਨਕ ਗੱਲ ਨੇ ਤਪ ਕੌਰ ਦਾ ਲਹੂ ਪੀਅ ਲਿਆ। ਉਹ ਪਥਰਾਈਆਂ ਅੱਖਾਂ ਨਾਲ਼ ਸਿੱਧੀ ਸਲੋਟ ਧੱਤੂ ਵੱਲ ਝਾਕ ਰਹੀ ਸੀ। ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਜ਼ਾਲਮ ਧੱਤੂ ਨੇ ਫ਼ਕੀਰ ਤਬੀਅਤ ਸੰਤ ਨੂੰ "ਕੁਛ" ਦੇ ਕੇ ਮਾਰਿਆ ਹੋਵੇਗਾ...?

ਤਪ ਕੌਰ ਬਰਸੀਨ ਨਾਲ਼ ਲਿੱਬੜੇ ਹੱਥੀਂ ਮੁੰਡੇ ਨੂੰ ਚੁੱਕ ਸਿੱਧੀ ਸਰਪੰਚ ਕੋਲ਼ ਚਲੀ ਗਈ।

-"ਸਰਪੈਂਚਾ, ਜੇ ਮੇਰਾ ਧਰਮ ਦਾ ਭਰਾ ਐਂ, ਤਾਂ ਮੈਨੂੰ ਅੱਡ ਕਰਵਾ ਦੇ...! ਅੱਗੇ ਧੱਤੂ ਜਲਾਦ ਨੇ ਮੇਰੇ ਸਿਰ ਦਾ ਸਾਂਈਂ ਲੈ ਲਿਆ, ਹੁਣ ਕਿਤੇ ਉਹਦੀ ਬੇਈਮਾਨੀ ਦੀ ਬਿਜਲੀ ਮੇਰੇ ਪੁੱਤ 'ਤੇ ਨਾ ਡਿੱਗ ਪਵੇ...!"

ਸਰਪੰਚ ਨੇ ਸ਼ਾਮ ਤੱਕ ਤਪ ਕੌਰ ਦਾ ਬਾਪ ਬੁਲਾ ਲਿਆ ਅਤੇ ਪੰਚਾਇਤ ਇਕੱਠੀ ਕਰ, ਤਪ ਕੌਰ ਦਾ ਸਮਾਨ ਵੰਡ ਦਿੱਤਾ।

-"ਜੇ ਤਪ ਕੁਰ ਨੂੰ ਤੰਗ ਪ੍ਰੇਸ਼ਾਨ ਕੀਤੈ, ਤਾਂ ਸੰਤ ਦੇ ਕਤਲ ਦੀ ਰਪਟ ਮੈਂ ਠਾਣੇ ਦਿਊਂਗਾ, ਦਫ਼ਾ ਤਿੰਨ ਸੌ ਦੋ ਦੇ ਤਹਿਤ ਫ਼ਾਂਸੀ ਦੀ ਸਜ਼ਾ ਹੋਊਗੀ, ਨਹੀਂ ਉਮਰ ਕੈਦ ਤਾਂ ਵੱਟ 'ਤੇ ਪਈ ਐ, ਆਬਦਾ ਪੜ੍ਹਿਆ ਵਿਚਾਰ ਲਈਂ, ਸਾਰੀ ਜ਼ਿੰਦਗੀ ਸੀਖਾਂ ਪਿੱਛੇ ਨਿਕਲੂ, ਸੱਚ ਪੁਲ਼ਸ ਨੇ ਆਪੇ ਕੁੱਟ ਕੇ ਹੱਡਾਂ 'ਚੋਂ ਕੱਢ ਲੈਣੈ...! ਹੁਣ ਤਪ ਕੌਰ ਥੋਡੀ ਨਹੀਂ, ਸਾਰੇ ਪਿੰਡ ਦੀ ਇੱਜ਼ਤ ਐਂ..!" ਤੁਰਦੇ ਧੱਤੂ ਨੂੰ ਸਰਪੰਚ ਨੇ ਅਗਲੇ ਸੱਚ ਤੋਂ ਜਾਣੂੰ ਕਰਵਾਇਆ। ਸੁਣ ਕੇ ਡਰ ਦੀ ਝਰਨਾਹਟ ਸਾਰੇ ਸਰੀਰ ਨੂੰ ਚੜ੍ਹ ਗਈ ਅਤੇ ਧੱਤੂ ਨੂੰ ਮੁੜ੍ਹਕਾ ਆ ਗਿਆ।

ਤਪ ਕੌਰ ਨੇ ਕਮਰਕੱਸਾ ਕਰ ਕੇ ਤਪੱਸਿਆ ਵਾਂਗ ਆਪਣਾ ਪੁੱਤਰ ਪਾਲ਼ਣਾ ਸ਼ੁਰੂ ਕਰ ਦਿੱਤਾ।

ਪੇਟ ਬੰਨ੍ਹ ਅਤੇ ਆਪਣੀਆਂ ਖਾਹਿਸ਼ਾਂ ਨੂੰ ਜਿੰਦਰਾ ਮਾਰ ਪੁੱਤ ਨੂੰ ਬੀ.ਏ. ਕਰਵਾ ਦਿੱਤੀ।

ਪਰ ਮਾੜੀ ਕਿਸਮਤ ਤਪ ਕੌਰ ਦੀ! ਉਸ ਦੀ ਤਪੱਸਿਆ ਰਾਸ ਨਾ ਆਈ ਅਤੇ ਉਸ ਦਾ ਨਾਲਾਇਕ ਪੁੱਤਰ ਮਾੜੀ ਸੰਗਤ ਵਿੱਚ ਪੈ ਕੇ ਨਸ਼ਿਆਂ 'ਤੇ ਲੱਗ ਗਿਆ। ਤਪ ਕੌਰ ਨੇ ਬਥ੍ਹੇਰਾ ਜਾਭਾਂ ਦਾ ਭੇੜ੍ਹ ਕੀਤਾ, ਹੱਥ ਜੋੜੇ, ਵਾਸਤੇ ਪਾਏ, ਪਰ ਪ੍ਰਨਾਲ਼ਾ ਥਾਂ ਦਾ ਥਾਂ ਸਿਰ ਹੀ ਰਿਹਾ। ਲੋਟਣ ਦੀਆਂ ਆਦਤਾਂ ਨਾ ਬਦਲੀਆਂ, ਸਗੋਂ ਦਿਨ-ਬ-ਦਿਨ ਵਿਗੜਦੀਆਂ ਹੀ ਗਈਆਂ। ਉਹ ਆਪਣੀਆਂ ਮਰੀਆਂ ਧੀਆਂ ਨੂੰ ਯਾਦ ਕਰ-ਕਰ ਮਣ-ਮਣ ਰੋਂਦੀ। ਜਿਹੜੇ ਪੁੱਤ ਨੂੰ ਪਾਣੀ ਦੀ ਜਗਾਹ ਉਸ ਨੇ ਖ਼ੂਨ ਦੀਆਂ ਘੁੱਟਾਂ ਨਾਲ਼ ਪਾਲ਼ਿਆ, ਉਹ ਹੀ ਉਸ ਦੀਆਂ ਸਧਰਾਂ ਅਤੇ ਅਰਮਾਨਾਂ ਨੂੰ ਕੁਚਲ਼ਦਾ ਹੋਇਆ, ਜ਼ਾਲਮ ਬਣ ਤੁਰਿਆ ਅਤੇ ਨਸ਼ੇ ਲਈ ਪੈਸੇ ਮੰਗਦਾ ਅਤੇ ਪੈਸੇ ਖਾਤਰ ਉਸ ਦੀ ਧੂਹ-ਘੜ੍ਹੀਸ ਕਰਦਾ। ਪਰ ਲੋਕ-ਲਾਜ ਦੇ ਡਰੋਂ ਉਹ ਸਾਰਾ ਦੁਰਵਿਵਹਾਰ ਛੁਪਾਈ ਰੱਖਦੀ।

ਅੱਜ ਤਾਂ ਉਸ ਦੀ ਜ਼ਿੰਦਗੀ ਦੀ ਅਖੀਰ ਹੀ ਹੋ ਗਈ ਸੀ, ਜਦ ਉਸ ਦਾ ਲਹੂ ਦੀਆਂ ਘੁੱਟਾਂ ਪਿਆ-ਪਿਆ ਕੇ ਪਾਲ਼ਿਆ ਲਾਡਲਾ ਪੁੱਤਰ ਨਸ਼ੇ ਲਈ ਉਸ ਦੀ ਗੁੱਤ ਨੂੰ ਚਿੰਬੜ ਗਿਆ ਅਤੇ ਪਹਿਲਾਂ ਥੱਪੜ, ਫ਼ੇਰ ਮੁੱਕੇ ਅਤੇ ਫ਼ੇਰ ਲੱਤਾਂ ਨਾਲ਼ ਕੁੱਟਣ ਡਹਿ ਪਿਆ।

-"ਮੈਥੋਂ ਪੈਸੇ ਲਕੋ ਕੇ ਦੱਸ ਕਿਹੜੇ ਯਾਰ ਦੀਆਂ ਰੀਝਾਂ ਪੂਰੀਆਂ ਕਰਨੀਐਂ...?" ਉਸ ਨੇ ਮੁੜ ਥੱਪੜਾਂ ਅਤੇ ਮੁੱਕੀਆਂ ਦਾ ਮੀਂਹ ਵਰ੍ਹਾ ਦਿੱਤਾ। ਪੁੱਤ ਦੇ ਬੋਲਾਂ ਦਾ ਅਗਨ-ਬਾਣ ਤਪ ਕੌਰ ਦੀ ਰੂਹ ਝੁਲ਼ਸ ਗਿਆ ਅਤੇ ਉਸ ਦੀ ਜ਼ਿੰਦਗੀ ਦੀਆਂ ਪੱਤੀਆਂ ਮੱਚ ਸੜ ਗਈਆਂ।

ਧਰਤੀ 'ਤੇ ਪਈ ਤਪ ਕੌਰ ਜਾਰੋ-ਜਾਰ ਰੋਈ ਜਾ ਰਹੀ ਸੀ। ਉਸ ਦੇ ਹੰਝੂ "ਤਰਿੱਪ-ਤਰਿੱਪ" ਕੰਨਾਂ 'ਤੇ ਡੁੱਲ੍ਹੀ ਜਾ ਰਹੇ ਸਨ।

ਸਾਰਾ ਦਿਨ ਉਹ ਹਾਲੋਂ ਬੇਹਾਲ ਰੋਂਦੀ ਰਹੀ।

ਉਸ ਦੀ ਰੂਹ ਵੈਰਾਨ ਹੋਈ ਪਈ ਸੀ।

ਅਖੀਰ ਦਿਨ ਡੁਬਦੇ ਨਾਲ਼ ਉਸ ਨੇ ਸੰਦੂਕ ਦੇ ਉਪਰ ਬੰਨ੍ਹ ਕੇ ਰੱਖੇ ਵੀਹ ਰੁਪਈਏ ਚੁੱਕੇ ਅਤੇ ਨਾਲ਼ ਦੇ ਪਿੰਡ ਦੇ ਬੱਸ ਅੱਡੇ ਨੂੰ ਤੁਰ ਪਈ। ਉਸ ਦਾ ਜੀਅ ਪੁੱਛਿਆ ਹੀ ਜਾਣਦਾ ਸੀ। ਉਹ ਸੁੱਕੇ ਖ਼ੂਹ ਦੀ ਮੌਣ ਵਾਂਗ ਸੁੰਨ-ਮਸਾਣ ਅਤੇ ਉਜੜੀ-ਉਜੜੀ ਸੀ।.......

-"ਬੂਹ ਮੈਂ ਮੱਚਗੀ, ਗੰਦੀ 'ਲ਼ਾਦ ਵੀ ਨਾ ਹੋਵੇ ਕਿਸੇ ਦੇ...!" ਹਰ ਕੌਰ ਦੇ ਚਾਹ ਲੰਘਣੋਂ ਹਟ ਗਈ ਸੀ।

-"ਓਹਦੇ ਤਾਂ ਬੁਰੇ ਹਾਲ ਈ ਐ ਹਰ ਕੁਰੇ..! ਪੁੱਤ ਦੀਆਂ ਵਧੀਕੀਆਂ ਨੂੰ ਦਿਲ 'ਤੇ ਲਾ-ਗੀ..!"

-"ਫ਼ੇਰ ਹੁਣ ਕਿੱਥੇ ਰਹਿੰਦੀ ਐ...?"

-"ਪੇਕੀਂ ਦਿਨ ਕਟੀ ਕਰਦੀ ਐ ਬਿਚਾਰੀ...! ਹੋਰ ਉਹਨੇ ਕਿੱਥੇ ਜਾਣੈਂ..? ਪੇਕੇ ਸਤਿਯੁਗੀ ਸੀਗੇ, ਜਿਹਨਾਂ ਨੇ ਉਹਨੂੰ ਆਸਰਾ ਦਿੱਤਾ...!" ਫ਼ੁੱਫ਼ੜ ਅਤੀਅੰਤ ਦੁਖੀ ਹੋਇਆ ਪਿਆ ਸੀ।

 

ਕਾਂਡ 4

 ਫ਼ੁੱਫ਼ੜ ਮਹਿੰਗਾ ਸਿੰਘ ਦੀ ਭੱਜ-ਨੱਠ ਰੰਗ ਲਿਆਈ।

ਸਾਰਾ ਕੰਮ ਸੁੱਖ ਸਾਂਦ ਨਾਲ਼ ਸਿਰੇ ਚੜ੍ਹ ਗਿਆ।

ਜੋਗੇ ਦਾ ਰਿਸ਼ਤਾ ਅਨੂਪ ਕੌਰ ਨਾਲ਼ "ਪੱਕਾ" ਹੋ ਗਿਆ। ਹਰ ਕੌਰ ਦੀ ਵੀ ਵਿਹੜੇ ਵਿੱਚ ਅੱਡੀ ਨਹੀਂ ਲੱਗਦੀ ਸੀ। ਕਿਸੇ ਦਿਨ ਉਹ ਇਸ ਘਰ ਵਿੱਚ ਨੂੰਹ ਬਣ ਕੇ ਆਈ ਸੀ, ਤੇ ਹੁਣ ਰੱਬ ਨੇ ਅਪਰ ਅਪਾਰ ਕਿਰਪਾ ਕੀਤੀ ਸੀ, ਉਸ ਦੇ ਘਰ ਨੂੰਹ ਆਉਣ ਵਾਲ਼ੀ ਸੀ। ਚਾਹੇ ਉਹ ਸੁਭਾਅ ਦੀ ਕਿੰਨੀ ਵੀ ਅੜਬ ਅਤੇ ਸਖ਼ਤ ਸੀ, ਪਰ ਅੱਜ ਉਹ ਰੱਬ ਅੱਗੇ ਸ਼ੁਕਰਾਨੇ ਵਜੋਂ ਲਿਫ਼ੀ ਪਈ ਸੀ। ਉਸ ਨੇ ਵੀ ਜੁਆਨੀ ਤੋਂ ਲੈ ਕੇ ਹੁਣ ਤੱਕ ਸੰਤਾਪ ਹੀ ਹੰਢਾਇਆ ਸੀ। ਉਸ ਦੇ ਪਤੀ ਸੰਤਾ ਸਿੰਘ ਦਾ ਜੁਆਨੀ ਵੇਲ਼ੇ ਕਤਲ ਹੋ ਗਿਆ ਸੀ ਅਤੇ ਹਰ ਕੌਰ ਨੂੰ ਅੜਬਾਈ ਕਰਨੀ ਪਈ ਸੀ, ਨਹੀਂ ਤਾਂ ਹੰਕਾਰ ਨਾਲ਼ ਆਫ਼ਰੇ ਸ਼ਰੀਕਾਂ ਨੇ ਉਸ ਨੂੰ ਕਿਹੜਾ ਸ਼ਾਂਤੀ ਨਾਲ਼ ਜਿਉਣ ਦੇਣਾ ਸੀ...?

.....ਅਸਲ ਵਿੱਚ ਹਰ ਕੌਰ ਦੇ ਘਰਵਾਲ਼ਾ ਸੰਤਾ ਸਿੰਘ ਵਾਕਿਆ ਹੀ "ਭਗਤ" ਬੰਦਾ ਸੀ। ਫ਼ੱਕਰ, ਫ਼ਕੀਰ ਅਤੇ ਸਾਧੂ ਸੁਭਾਅ ਦਾ "ਕੂੰਨਾਂ" ਬੰਦਾ! ਵਲ਼-ਫ਼ੇਰ ਵਾਲ਼ੀ ਲਕੀਰ ਤਾਂ ਰੱਬ ਨੇ ਉਸ ਵਿੱਚ ਪਾਈ ਹੀ ਨਹੀਂ ਸੀ। ਹਰ ਕੌਰ ਅਤੇ ਸੰਤ ਸਿੰਘ ਦੇ ਵਿਆਹ ਨੂੰ ਅਜੇ ਛੇ ਕੁ ਮਹੀਨੇ ਹੀ ਹੋਏ ਸਨ ਕਿ ਹਰ ਕੌਰ ਦੇ ਸਹੁਰੇ ਹਜਾਰਾ ਸਿੰਘ ਦਾ ਕਤਲ ਹੋ ਗਿਆ। ਹਜਾਰਾ ਸਿੰਘ ਕਹੀ 'ਤੇ ਟੁੱਕ ਧਰ ਕੇ ਖਾਣ ਵਾਲ਼ਾ "ਘੈਂਟ" ਅਤੇ "ਝੰਡੇ ਹੇਠਲਾ" ਬੰਦਾ ਸੀ। ਉਹ ਆਪਣੇ ਪੁੱਤ ਸੰਤਾ ਸਿੰਘ ਨੂੰ ਹਮੇਸ਼ਾ ਠ੍ਹੋਕਰਦਾ ਰਹਿੰਦਾ, "ਨੀਵੀਂ ਜੀ ਸਿੱਟ ਕੇ, ਮਾਊਂ ਜਿਆ ਬਣ ਕੇ ਨਾ ਤੁਰਿਆ ਕਰ ਓਏ..! ਬੰਦਿਆਂ ਮਾਂਗੂੰ ਹਿੱਕ ਕੱਢ ਕੇ ਤੁਰਿਆ ਕਰ, ਪਤਾ ਲੱਗੇ ਬਈ ਕੋਈ ਮਰਦ ਬੱਚਾ ਬੀਹੀ 'ਚ ਆਉਂਦੈ, ਤੁਰਦੇ ਬੰਦੇ ਨਾਲ਼ ਧਰਤੀ ਹਿੱਲੇ, ਤਾਂ ਨਜਾਰਾ ਆਉਂਦੈ..!" ਹਜਾਰਾ ਸਿੰਘ ਅਕਸਰ ਸੰਤ ਸਿੰਘ ਨੂੰ ਆਖਦਾ, ਪਰ ਸੰਤਾ ਸਿੰਘ ਦੰਦੀਆਂ ਜਿਹੀਆਂ ਕੱਢ ਕੇ ਚੁੱਪ ਵੱਟ ਜਾਂਦਾ। ਉਹ ਬਾਪ ਮੂਹਰੇ ਤਾਂ ਕੀ, ਕਿਸੇ ਅੱਗੇ ਵੀ ਨਹੀਂ ਬੋਲਿਆ ਸੀ।

-"ਹਜਾਰਾ ਸਿਆਂ, ਇਹ ਤੇਰੇ 'ਤੇ ਤਾਂ ਗਿਆ ਨੀ, ਤੁਸੀਂ ਤਾਂ ਸਾਰਾ ਖ਼ਾਨਦਾਨ ਅੱਗ ਉਗਲ਼ਣ ਆਲ਼ੇ ਸੀ, ਇਹ ਗਊ ਦਾ ਜਾਇਆ ਜਿਆ ਪਤਾ ਨੀ ਕੀਹਦੇ 'ਤੇ ਗਿਐ..?" ਤਾਇਆ ਬਖਤੌਰਾ ਆਖਦਾ।

-"ਇਹ ਆਬਦੀ ਮਾਂ 'ਤੇ ਗਿਐ, ਬਖਤੌਰਿਆ..! ਉਹ ਬਚਾਰੀ ਜਮਾਂ ਰੱਬ ਦੀ ਭਗਤਣੀ ਸੀ..!"

-"ਉਹਦਾ ਕੀ ਮੁੱਲ ਸੀ..? ਜਮਾਂ ਈ ਦਰਵੇਸ਼ਣੀ ਸੀ..! ਲੈ ਕੀ ਬੁੱਝੀਏ..? ਇੰਦ ਕੁਰ ਜਮਾਂ ਰੱਬ ਦਾ ਜੀਅ ਸੀ, ਕਦੇ ਕੀੜੀ 'ਤੇ ਪੈਰ ਨੀ ਧਰਿਆ ਹੋਣਾ ਬਚਾਰੀ ਨੇ, ਬਿਮਾਰੀ ਦੇਖ ਕੀ ਆ ਚਿੰਬੜੀ...!"

-"ਪਤਾ ਨੀ ਰੱਬ ਦਿਆਂ ਰੰਗਾਂ ਦਾ, ਬੇਲੀਆ..!"

-"ਤੂੰ ਤਾਂ ਇਲਾਜ ਵਾਲ਼ੀ ਵੀ ਕਸਰ ਨੀ ਛੱਡੀ ਹਜਾਰਾ ਸਿਆਂ, ਬੱਸ ਬਿਚਾਰੀ ਲਿਖਾ ਕੇ ਈ ਥੋੜ੍ਹੀ ਲਿਆਈ ਸੀ..!"

-"ਪਰ ਬਖਤੌਰ ਸਿਆਂ, ਤੀਮੀਂ ਬਿਨਾ ਘਰ ਮੂਧਾ ਵੱਜ ਜਾਂਦੈ, ਤੀਮੀਂ ਘਰੇ ਹੋਵੇ, ਖੇਤ ਫ਼ਿਰਦੇ ਬੰਦੇ ਨੂੰ ਕੋਈ ਚਿੰਤਾ ਨੀ ਰਹਿੰਦੀ, ਸਿਰੋਂ ਸਰਦਾਰ ਬਣ ਤੁਰਿਆ ਫ਼ਿਰਦੈ..! 'ਕੱਲੇ ਬੰਦੇ ਨੂੰ ਛੱਤੀ ਫ਼ਿਕਰ..!"

-"ਝੋਰਾ ਕਾਹਦਾ ਕਰਦੈਂ..? ਤੇਰਾ ਸ਼ੇਰ ਹੁਣ ਸੁੱਖ ਨਾ' ਜੁਆਨ ਐਂ, ਘਰੇ ਨੂੰਹ ਆਈ ਵੀ ਐ, ਕੱਲ੍ਹ ਨੂੰ ਰੱਬ ਪੋਤਾ ਦੇ-ਦੂ..! ਦਿਨਾਂ ਜਾਂਦਿਆਂ ਨੂੰ ਕੀ ਲੱਗਦੈ..? ਅੱਖ ਦੇ ਫ਼ੋਰ ਨਾਲ਼ ਸਮਾਂ ਬੀਤ ਜਾਂਦੈ..!"

ਅਜੇ ਉਹ ਗੱਲਾਂ ਹੀ ਕਰ ਰਹੇ ਸਨ ਕਿ ਗੁਆਂਢੀ ਮੁੰਡੇ ਨੇ ਇੱਕ ਅਜੀਬ ਹੀ ਖ਼ਬਰ ਆ ਸੁਣਾਈ।

-"ਤਾਇਆ, ਟਾਂਡੇ ਭੰਨਾਂ ਦਾ ਜੁਗਾੜੂ ਥੋਡਾ ਇੰਜਣ ਲੱਦੀ ਜਾਂਦੈ...!"

-"ਓਹਦੀ ਮਾਂ ਦੀ ਕੰਢੀ ਇੰਜਣ ਲੱਦ'ਦੇ ਦੀ...! ਇਹ ਘਸਮੈਲ਼ਾ ਜਿਆ ਮਰੂ ਕਦੇ ਮੇਰੇ ਹੱਥੋਂ, ਖਹਿਣੋਂ ਨੀ ਹਟਦਾ..! ਓਏ ਸੰਤਿਆ, ਜਾਹ ਲਿਆ ਓਏ ਚੱਕ ਕੇ ਮੇਰਾ ਟਕੂਆ, ਅੱਜ ਜਾਂ ਓਹ ਨਲ਼ੀਚੋਚਲ਼ ਨੀ, ਜਾਂ ਮੈਂ ਨੀ..!" ਬਾਪੂ ਦੇ ਵਿਗੜੇ ਤੌਰ ਦੇਖ ਕੇ ਸੰਤਾ ਕੰਬਣ ਲੱਗ ਪਿਆ।

-"ਕਮਲ਼ ਨਾ ਮਾਰ ਹਜਾਰਿਆ..! ਆਬਦੇ ਜੁਆਕ ਦਾ ਖਿਆਲ ਕਰ, ਤੇਰੇ ਬਿਨਾਂ ਇਹਦਾ ਹੈ ਵੀ ਕੌਣ..? ਸਮਾਈ ਕਰ..!" ਸਿਆਣੇ ਬਖਤੌਰੇ ਨੇ ਹਜਾਰਾ ਸਿੰਘ ਨੂੰ ਮੱਤ ਦਿੱਤੀ।

-"ਚੁੱਪ ਵੱਟੀ ਤੋਂ ਸ਼ਰੀਕ ਹੋਰ ਉਤੇ ਚੜ੍ਹਨਗੇ ਬਖਤੌਰਿਆ, ਮੈਨੂੰ ਅੱਜ ਕੱਟਾ ਕੱਟੀ ਕੱਢ ਈ ਲੈਣ ਦੇ, ਜੇ ਅੱਜ ਨਾ ਮੂੰਹ ਭਮਾਏ, ਕੱਲ੍ਹ ਨੂੰ ਇਹ ਜੁਆਕ ਦੇ ਨਾਸੀਂ ਧੂੰਆਂ ਲਿਆਉਣਗੇ...!" ਹਜਾਰਾ ਸਿੰਘ ਸਿਰਤੋੜ ਖੇਤਾਂ ਨੂੰ ਦੌੜ ਪਿਆ। ਹਰਫ਼ਲ਼ਿਆ ਸੰਤਾ ਵੀ ਉਸ ਦੇ ਮਗਰ ਭੱਜਿਆ ਜਾ ਰਿਹਾ ਸੀ।

-"ਤੂੰ ਮੇਰੇ ਮਗਰ ਕਿਉਂ ਤੁਰਿਆ ਆਉਨੈ, ਚੱਲ ਮੁੜ ਘਰ ਨੂੰ...!" ਗੁੱਸੇ ਵਿੱਚ ਦਧਨ ਹੋਏ ਹਜਾਰਾ ਸਿੰਘ ਨੇ ਸੰਤੇ ਨੂੰ ਦਬਕਾ ਮਾਰ ਕੇ ਮੋੜ ਦਿੱਤਾ। ਉਹ ਨਹੀਂ ਚਾਹੁੰਦਾ ਸੀ ਕਿ ਉਸ ਦਾ ਇਕਲੌਤਾ ਪੁੱਤ ਕਿਸੇ ਲੜਾਈ ਵਿੱਚ ਨਾਲ਼ ਹੋਵੇ। ਬਾਪੂ ਤੋਂ ਡਰਦਾ, ਆਖਾ ਮੰਨ ਸੰਤਾ ਵਾਪਸ ਮੁੜ ਗਿਆ। ਉਸ ਨੂੰ ਬਾਪੂ ਦੇ ਚਿਹਰੇ ਤੋਂ ਚੰਡਾਲ ਦਿਸਿਆ ਅਤੇ ਭੈਅ ਆਇਆ ਸੀ।

ਜਦ ਹਜਾਰਾ ਸਿੰਘ ਨੇ ਖੇਤ ਜਾ ਕੇ ਦੇਖਿਆ ਤਾਂ ਟਾਂਡੇ ਭੰਨਾਂ ਦਾ ਜੁਗਾੜੂ ਇੰਜਣ ਲੱਦ ਕੇ ਰੇੜ੍ਹੀ ਪਹੀ 'ਤੇ ਲਈ ਜਾ ਰਿਹਾ ਸੀ। ਉਸ ਨੇ ਇੰਜਣ ਵਾਲ਼ੇ ਕੋਠੇ ਵਿੱਚੋਂ "ਸੇਲਾ" ਧੂਹ ਲਿਆ।

-"ਓਏ ਦੱਲੀ ਦਿਆ ਪੁੱਤਾ...! ਤੈਨੂੰ ਪਤਾ ਨੀ ਤੂੰ ਕੀਹਦੇ ਨਾਲ਼ ਪੰਗੇ ਲੈਨੈ..?" ਹਜਾਰਾ ਸਿੰਘ ਨੇ ਹੱਥ ਲੰਮਾਂ ਸੇਲਾ ਪਹੀ 'ਤੇ ਜਾ ਗੱਡਿਆ, "ਸਾਲ਼ਿਆਂ ਨਾ ਤੂੰ ਤਿੰਨਾਂ 'ਚ, ਤੇ ਨਾ ਤੇਰ੍ਹਾਂ 'ਚ..!"

-"......................।" ਜੁਗਾੜੂ ਮੱਟਰ ਬਣਿਆਂ ਰੇੜ੍ਹੀ ਹੱਕੀ ਗਿਆ। ਪਰ ਮੂੰਹੋਂ ਕੁਛ ਨਾ ਬੋਲਿਆ।

-"ਇਹਨੂੰ ਲੱਦੀ ਜਾਨੈਂ, ਜਿਵੇਂ ਬਾਪੂ ਆਲ਼ਾ ਹੁੰਦੈ, ਇਹ ਇੰਜਣ ਕੀਹਨੂੰ ਪੁੱਛ ਕੇ ਲੱਦਿਐ ਓਏ ਮਾਂ ਦਿਆ ਯਾਰਾ..?"

-"..........................।" ਜੁਗਾੜੂ ਫ਼ਿਰ ਚੁੱਪ ਰਿਹਾ।

ਉਸ ਦੀ ਸ਼ੈਤਾਨੀ ਚੁੱਪ ਨੇ ਹਜਾਰਾ ਸਿਉਂ ਨੂੰ ਹੋਰ ਵੱਟ ਚਾੜ੍ਹ ਦਿੱਤਾ। ਉਹ ਰੇੜ੍ਹੀ ਦੇ ਅੱਗੇ ਹੋ ਗਿਆ ਅਤੇ ਬਲ਼ਦ ਦੀ ਨੱਥ ਫ਼ੜ, ਬੁਸ਼ਕਰ ਮਾਰ ਕੇ ਬਲ਼ਦ ਰੋਕ ਲਿਆ, "ਬੱਸ ਬਈ ਗਊ ਮਾਤਾ ਦੇ ਜਾਇਆ, ਆਪਣਾ ਤੇਰੇ ਨਾਲ਼ ਕੋਈ ਵੈਰ ਨੀ..!" ਹਜਾਰਾ ਸਿੰਘ ਨੇ ਬਲ਼ਦ ਦਾ ਮੱਥਾ ਪਲ਼ੋਸਦਿਆਂ ਕਿਹਾ।

ਗੁੱਗਲ਼ ਹੋਇਆ ਬੈਠਾ ਜੁਗਾੜੂ ਛਾਲ਼ ਮਾਰ ਕੇ ਥੱਲੇ ਉੱਤਰ ਆਇਆ ਅਤੇ ਲੈਂਦੇ ਹੱਥ ਡੱਬ ਵਿੱਚੋਂ ਦੇਸੀ ਪਸਤੌਲ ਕੱਢ ਕੇ ਹਜਾਰਾ ਸਿਉਂ 'ਤੇ ਫ਼ਾਇਰ ਕਰ ਦਿੱਤਾ। ਨਾਲ਼ੀ ਵਿੱਚੋਂ ਹੱਥ ਲੰਮੀ ਲਾਟ ਨਿਕਲੀ। ਗੋਲ਼ੀ ਨੇ ਜਿਵੇਂ ਅਸਮਾਨ ਪਾੜ ਦਿੱਤਾ ਸੀ। ਖੇਤਾਂ ਵਿੱਚ ਦੜੇ ਬੈਠੇ ਤਿੱਤਰਾਂ ਦੀ ਡਾਰ "ਫ਼ੁਰਰ" ਕਰ ਕੇ ਅੰਬਰ ਨੂੰ ਉਡ ਗਈ। ਹਜਾਰਾ ਸਿਉਂ ਭੁਆਟਣੀ ਖਾ ਕੇ ਖੇਤ ਵਿੱਚ ਡਿੱਗਿਆ। ਉਸ ਦੀਆਂ ਅੱਖਾਂ ਅੱਗੇ ਹਨ੍ਹੇਰ ਛਾਅ ਗਿਆ ਸੀ। ਵਾਤਾਵਰਣ ਕਾਲ਼ਸ ਵਿੱਚ ਬਦਲਦਾ ਲੱਗਿਆ।

-"ਤੈਨੂੰ ਪਤਾ ਨੀ ਬਈ ਮੈਂ ਦੂਰੋਂ ਮਾਰਨ ਆਲ਼ਾ ਵੀ ਕੋਲ਼ੇ ਰੱਖਦਾ ਹੁੰਨੈ..?" ਜੁਗਾੜੂ ਵਿਅੰਗ ਨਾਲ਼ ਬੋਲਿਆ। ਗੋਲ਼ੀ ਵੱਜਣ ਦੇ ਬਾਵਜੂਦ ਵੀ ਅਥਾਹ ਫ਼ੱਟੜ ਹੋਇਆ ਹਜਾਰਾ ਸਿੰਘ ਉਠਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੀ ਛਾਤੀ ਵਿੱਚੋਂ ਖ਼ੂਨ ਦਾ ਪਰਨਾਲ਼ਾ ਵਗ ਤੁਰਿਆ ਸੀ। ਗੀਝੇ ਵਿੱਚੋਂ ਇੱਕ ਰੌਂਦ ਹੋਰ ਕੱਢ ਕੇ ਜੁਗਾੜੂ ਨੇ ਪਸਤੌਲ ਵਿੱਚ ਚਾੜ੍ਹ ਲਿਆ ਅਤੇ ਪੀੜ ਨਾਲ਼ ਤੜਫ਼ਦੇ ਹਜਾਰਾ ਸਿੰਘ ਵੱਲ ਸਿੰਨ੍ਹ ਕੇ ਬੋਲਿਆ, "ਤੂੰ 'ਕੱਲੇ ਇੰਜਣ ਦੀ ਗੱਲ ਕਰਦੈਂ...? ਅਸੀਂ ਤਾਂ ਤੇਰਾ ਸਾਰਾ ਖੇਤ ਵਾਹੁੰਣੈ, ਬਾਈ ਸਿਆਂ..! ਲੈ, ਕਰ ਤਿਆਰੀ ਅਗਲੇ ਮੁਲਕ ਦੀ, ਐਸ ਮੁਲਕ 'ਚ ਤੇਰਾ ਵੀਜਾ ਖਤਮ ਹੋ ਗਿਆ...!" ਤੇ ਜੁਗਾੜੂ ਨੇ ਘੋੜ੍ਹਾ ਦੱਬ ਦਿੱਤਾ। ਹਜਾਰਾ ਸਿੰਘ ਦੀ ਛਾਤੀ ਭਰਾੜ੍ਹ ਹੋ ਗਈ ਅਤੇ ਉਸ ਦਾ ਸਿਰ ਇੱਕ ਪਾਸੇ ਨੂੰ ਲੁੜਕ ਗਿਆ। ਬਰੋਟੇ 'ਤੇ ਬੈਠੇ ਪੰਛੀਆਂ ਨੇ ਕਾਂਵਾਂਰੌਲ਼ੀ ਮਚਾ ਦਿੱਤੀ।

ਦਿਨ ਦਿਹਾੜ੍ਹੇ ਹਜਾਰਾ ਸਿੰਘ ਦਾ ਕਤਲ ਹੋਇਆ ਸੁਣ ਕੇ ਪਿੰਡ ਵਿੱਚ ਹਾਹਾਕਾਰ ਮੱਚ ਗਈ।

ਸਾਰੇ ਪਿੰਡ ਨੂੰ ਜਿਵੇਂ ਸਕਤਾ ਮਾਰ ਗਿਆ ਸੀ, ਜਾਂ ਦੰਦਲ਼ ਪੈ ਗਈ ਸੀ। ਜੁਗਾੜੂ ਵੱਲੋਂ ਇਹ ਹਿੰਮਤ ਨਹੀਂ ਇੱਕ "ਹਿਮਾਕਤ" ਸੀ। ਕਿਸੇ ਪੇਂਡੂ ਭਰਾ ਦਾ ਇੰਜਣ ਬਿਨਾ ਪੁੱਛੇ ਚੁੱਕ ਲਿਜਾਣਾ ਕਿੱਧਰਲੀ ਭਦਰਕਾਰੀ ਸੀ..?  ਸਾਰਾ ਪਿੰਡ "ਥੂਹ-ਥੂਹ" ਕਰਦਾ ਸੀ, ਪਰ ਦੁਸ਼ਮਣੀ ਪੈਣ ਦੇ ਡਰੋਂ ਕੋਈ ਖੁੱਲ੍ਹ ਕੇ ਨਹੀਂ ਬੋਲ ਰਿਹਾ ਸੀ। ਵਸਦੇ ਰਸਦੇ ਪਿੰਡ ਵਿੱਚ ਕੌਣ ਆਖੇ ਕਿ ਆ ਬੈਲ, ਮੁਝੇ ਮਾਰ..? ਜਾਂ ਜਾਂਦੀਏ ਬਲਾਏ ਦੁਪਿਹਰਾ ਕੱਟ ਜਾ...?? ਦਹਿਸ਼ਤ ਮਾਰਿਆ ਸਾਰਾ ਪਿੰਡ ਚੁੱਪ ਸੀ।

ਸੰਤਾ ਸਿਉਂ ਰੋਂਦਾ ਧਾਹ ਨਹੀਂ ਧਰਦਾ ਸੀ। ਥਮਲ੍ਹੇ ਵਰਗਾ ਉਸ ਦਾ ਬਾਪੂ ਇੱਕ ਪਲ ਵਿੱਚ ਮਿੱਟੀ ਹੋ ਗਿਆ ਸੀ। ਇੱਕੋ-ਇੱਕ ਬਾਪੂ ਹੀ ਤਾਂ ਉਸ ਦਾ ਆਸਰਾ ਸੀ। ਬਾਪੂ ਨੇ ਹੀ ਤਾਂ ਉਸ ਨੂੰ ਮਾਂ ਅਤੇ ਬਾਪ ਦਾ ਸਾਂਝਾ ਪਿਆਰ ਦਿੱਤਾ ਸੀ। ਰੀਝਾਂ ਅਤੇ ਲਾਡਾਂ ਨਾਲ਼ ਪਾਲ਼ਿਆ ਸੀ, ਤੇ ਬਾਪੂ ਹੁਣ ਅੱਖ ਦੇ ਫ਼ੋਰ ਵਿੱਚ "ਝਾਅਤ" ਆਖ ਤੁਰ ਗਿਆ ਸੀ। ਸੰਤਾ ਸਿੰਘ ਦੇ ਹੰਝੂ "ਪਰਲ਼-ਪਰਲ਼" ਡਿੱਗੀ ਜਾ ਰਹੇ ਸਨ। ਹਜਾਰਾ ਸਿੰਘ ਦਾ ਮੂੰਹ ਖੁੱਲ੍ਹਾ ਸੀ ਅਤੇ ਅੱਧ ਖੁੱਲ੍ਹੀਆਂ ਅੱਖਾਂ ਪਥਰਾਈਆਂ ਹੋਈਆਂ ਸਨ। ਜਿਵੇਂ ਇਕਲੌਤੇ ਪੁੱਤ ਦੇ ਵਿਯੋਗ ਵਿੱਚ ਪੱਥਰ ਹੋ ਗਈਆਂ ਸਨ।

ਸਾਰਾ ਪਿੰਡ ਹਜਾਰਾ ਸਿੰਘ ਦੀ ਲਾਸ਼ ਕੋਲ਼ ਘੇਰਾ ਘੱਤੀ ਖੜ੍ਹਾ ਸੀ।

ਲਾਸ਼ ਥੱਲੇ ਖ਼ੂਨ ਦਾ ਛੱਪੜ ਲੱਗ ਗਿਆ ਸੀ।

ਮੱਖੀਆਂ ਭਿਣਕ ਰਹੀਆਂ ਸਨ।

-"ਲਾਸ਼ ਨੂੰ ਪਿੰਡ ਤਾਂ ਲੈ ਕੇ ਚੱਲੋ..!" ਬਖਤੌਰ ਨੇ ਕਿਹਾ।

-"ਚਲੋ ਪਾਓ ਹੱਥ...!" ਕੋਈ ਪਿੰਡ ਦਾ ਬੰਦਾ ਬੋਲਿਆ।

-"ਇਹ ਚਿੱਟੇ ਦਿਨ ਹੋਏ ਕਤਲ ਦਾ ਕੇਸ ਐ, ਪੁਲ਼ਸ ਨੂੰ ਖ਼ਬਰ ਕਰੋ, ਨਹੀਂ ਪੁਲ਼ਸ ਸਾਰੇ ਪਿੰਡ ਨੂੰ ਗਧੀ ਗੇੜ 'ਚ ਪਾਈ ਫ਼ਿਰੂ..!" ਪਿੰਡ ਦੇ ਸਰਪੰਚ ਨੇ ਸਿਆਣਪ ਨਾਲ਼ ਜ਼ਿੰਮੇਵਾਰੀ ਸਮਝਦਿਆਂ ਕਿਹਾ।

-"ਤੂੰ ਭੇਜ ਕਿਸੇ ਨੂੰ ਸਰਪੈਂਚਾ..! ਸਾਡੇ ਤਾਂ ਕਿਸੇ ਨੇ ਆਖੇ ਨੀ ਲੱਗਣਾ..!" ਬਖਤੌਰ ਨੇ ਕਿਹਾ।

-"ਜਾਹ ਕਾਕੂ, ਤੂੰ ਜਾਹ ਠਾਣੇ...!" ਸਰਪੰਚ ਨੇ ਚੌਂਕੀਦਾਰ ਨੂੰ ਕਿਹਾ।

-"ਸਤਿ ਬਚਨ...!" ਆਖ ਚੌਂਕੀਦਾਰ ਸਾਈਕਲ ਚੁੱਕ ਠਾਣੇ ਦੇ ਰਾਹ ਪੈ ਗਿਆ।

ਕਰੀਬ ਘੰਟੇ ਕੁ ਬਾਅਦ ਪੁਲੀਸ ਪਹੁੰਚ ਗਈ।

ਠਾਣੇਦਾਰ ਕਿੱਕਰ ਸਿੰਘ ਨੇ ਵਕੂਏ ਵਾਲ਼ੀ ਜਗਾਹ ਦਾ ਜਾਇਜ਼ਾ ਲਿਆ।

-"ਦੋਸ਼ੀ ਕੌਣ ਐਂ...?" ਠਾਣੇਦਾਰ ਦਾ ਸੁਆਲ ਇੱਟ ਵਾਂਗ ਸਾਰੇ ਪਿੰਡ ਦੇ ਕਪਾਲ਼ 'ਚ ਆ ਪਿਆ।

-"................।" ਸਾਰਾ ਪਿੰਡ ਨੀਵੀਂ ਪਾ ਗਿਆ।

-"ਮੈਂ ਪੁੱਛਿਐ ਇਸ ਦਾ ਕਤਲ ਕੀਹਨੇ ਕੀਤੈ..?" ਠਾਣੇਦਾਰ ਨੇ ਨਾਸਾਂ 'ਚੋਂ ਫ਼ੁੰਕਾਰਾ ਮਾਰਿਆ।

-"....................।" ਫ਼ਿਰ ਕੋਈ ਨਾ ਬੋਲਿਆ।

ਸਾਰੇ ਪਿੰਡ ਵਿੱਚੋਂ ਕੋਈ ਵੀ ਦੁਸ਼ਮਣੀ ਮੁੱਲ ਨਹੀਂ ਲੈਣੀ ਚਾਹੁੰਦਾ ਸੀ।

-"ਕੁੜੀ ਯਾਹਵਾ ਸਾਰਾ ਪਿੰਡ ਈ ਅੰਨ੍ਹੈਂ....?" ਠਾਣੇਦਾਰ ਨੂੰ ਚੇਹ ਚੜ੍ਹ ਗਈ, "ਦਿਨ ਦਿਹਾੜ੍ਹੇ ਪਿੰਡ ਵਿੱਚ ਖ਼ੂਨ ਹੋ ਗਿਆ, ਸਾਰੇ ਪਿੰਡ 'ਚੋਂ ਕਿਸੇ ਨੇ ਵੀ ਨੀ ਦੇਖਿਆ..?" ਉਸ ਨੇ ਜੀਪ 'ਤੇ ਡੰਡਾ ਖੜਕਾਇਆ। ਅੱਖਾਂ ਦੇ ਲਾਲ ਡੋਰੇ ਹੋਰ ਭਿਆਨਕ ਹੋ ਗਏ।

-".....................।" ਸਾਰਾ ਪਿੰਡ ਚੁੱਪ ਸੀ।

-"ਕਿਉਂ ਇਹਨਾਂ ਨੂੰ ਵੰਝ 'ਤੇ ਚੜ੍ਹਾਈ ਫ਼ਿਰਦੈਂ, ਸਰਦਾਰਾ...? ਕਤਲ ਮੈਂ ਕੀਤੈ...!" ਭੀੜ੍ਹ ਪਿੱਛੋਂ ਜੁਗਾੜੂ ਅੱਗੇ ਆ ਕੇ ਬੋਲਿਆ ਤਾਂ ਇੱਕ ਹੋਰ ਸੰਨਾਟਾ ਛਾ ਗਿਆ। ਠਾਣੇਦਾਰ ਦਾ ਪਾਰਾ ਵੀ ਕੁਝ ਥੱਲੇ ਆ ਗਿਆ। ਸਾਰਾ ਪਿੰਡ ਇੱਕ ਟੱਕ ਜੁਗਾੜੂ ਵੱਲ ਦੇਖ ਰਿਹਾ ਸੀ। ਜੁਗਾੜੂ ਹਿੱਕ ਤਾਣੀਂ ਠਾਣੇਦਾਰ ਅੱਗੇ ਥੰਮ੍ਹ ਬਣਿਆਂ ਖੜ੍ਹਾ ਸੀ।

-"ਭੈਣ ਦਿਆ ਖਸਮਾਂ...! ਸਾਲ਼ਿਆ ਬੰਦਾ ਮਾਰਨ ਨੂੰ ਮਿੰਟ ਨੀ ਲਾਇਆ, ਤੇਰੇ ਕੀ ਉਹ ਪੈਰ ਲਤੜਦਾ ਸੀ..?"

-"ਅਦਬ ਨਾਲ਼ ਬੋਲ ਸਰਦਾਰਾ, ਅਦਬ ਨਾਲ਼..!" ਜੁਗਾੜੂ ਜੇਤੂ ਵਾਂਗ ਹੱਥ ਅੱਗੇ ਕਰ ਦਿੱਤੇ, "ਹੱਥਕੜੀ ਲਾ ਤੇ ਆਬਦੀ ਬਣਦੀ ਕਾਰਵਾਈ ਕਰ, ਪਰ ਵੀਰਾ ਜੀ ਬਣ ਕੇ ਗਾਲ਼ ਨਾ ਕੱਢੀਂ, ਕਿਤੇ ਉਹ ਨਾ ਹੋਵੇ, ਬਈ ਮੈਨੂੰ ਇੱਕ ਅੱਧਾ ਹੋਰ ਬੱਕਰੇ ਮਾਂਗੂੰ ਅਲ਼ੱਦ ਕੇ ਸਿੱਟਣਾ ਪਵੇ, ਦਸ ਕਤਲ ਕੀਤਿਆਂ ਤੋਂ ਵੀ ਫ਼ਾਂਸੀ ਇੱਕ ਵਾਰੀ ਹੁੰਦੀ ਐ ਜਿਉਣ ਜੋਕਰਿਆ, ਤੈਨੂੰ ਤਾਂ ਕਾਨੂੰਨਾਂ ਦਾ ਜਾਅਦੇ ਪਤਾ ਹੋਣੈਂ..!" ਜੁਗਾੜੂ ਦੀਆਂ ਸੱਪ ਵਰਗੀਆਂ ਸੇਹਲੀਆਂ ਵਲ਼ ਖਾ ਗਈਆਂ।

-"ਕੰਜਰਾ...! ਕਰਨੇ ਕਤਲ, ਤੇ ਦਿਖਾਉਣੀਆਂ ਧੌਂਸਾਂ..? ਚੱਲ ਲਾ ਓਏ ਹੱਥਕੜੀ ਇਹਨੂੰ..!" ਠਾਣੇਦਾਰ ਨੇ ਸਿਪਾਹੀ ਨੂੰ ਇਸ਼ਾਰਾ ਕੀਤਾ, "ਲਾਅਸ਼ ਪੋਸਟ ਮਾਰਟਮ ਵਾਸਤੇ ਭੇਜਣੀ ਐਂ ਸਰਪੈਂਚਾ, ਕਿਸੇ ਟਰੈਕਟਰ ਟਰਾਲੀ ਦਾ ਪ੍ਰਬੰਧ ਕਰੋ..!"

-"ਆਪਣੇ ਆਲ਼ੀ ਈ ਲੈ ਆਓ ਸਰਪੈਂਚਾ, ਟਰੈਗਟ ਟਰਾਲੀ ਖਾਤਰ ਕਿੱਥੇ ਕਿਸੇ ਦੇ ਹਾੜ੍ਹੇ ਕੱਢਦੇ ਫ਼ਿਰੋਂਗੇ..? ਗੁਆਂਢੀ ਬੰਦੇ ਦੀ ਲਾਸ਼ ਐ, ਰੋਲਣੀਂ ਥੋੜ੍ਹੋ ਐ..?" ਹੱਥਕੜੀਆਂ ਵਿੱਚ ਜਕੜਿਆ ਜੁਗਾੜੂ ਬੋਲਿਆ। ਉਸ ਦੀਆਂ ਨਿੱਡਰਤਾ ਭਰੀਆਂ ਬੇਸ਼ਰਮ ਹਰਕਤਾਂ 'ਤੇ ਸਾਰਾ ਪਿੰਡ ਦੰਗ ਸੀ।

-"ਤੂੰ ਲਾਸ਼ ਦੇ ਨਾਲ਼ ਈ ਆਜੀਂ, ਸਰਪੈਂਚਾ..!" ਜੀਪ 'ਚ ਬੈਠਦੇ ਠਾਣੇਦਾਰ ਨੇ ਕਿਹਾ।

ਜੁਗਾੜੂ ਨੂੰ ਲੈ ਕੇ ਪੁਲੀਸ ਤੁਰ ਗਈ।

ਸੰਤੇ ਨੂੰ ਲੈ ਕੇ ਬਖਤੌਰ ਪਿੰਡ ਆ ਗਿਆ।

ਉਹ ਰੋਂਦਾ ਧਾਹ ਨਹੀਂ ਧਰਦਾ ਸੀ।

-"ਬੱਸ ਪੁੱਤ...! ਰੋ ਨਾ..!! ਅੱਜ ਤੋਂ ਤੇਰਾ ਬਾਪੂ, ਮੈਂ..!" ਬਖਤੌਰ ਨੇ ਸੰਤੇ ਦੇ ਮੋਢੇ 'ਤੇ ਹੱਥ ਰੱਖਿਆ।

ਜਦ ਲਾਅਸ਼ ਪੋਸਟ ਮਾਰਟਮ ਤੋਂ ਬਾਅਦ ਪਿੰਡ ਆਈ ਤਾਂ ਸਾਰੇ ਪਿੰਡ ਨੂੰ ਜਿਵੇਂ ਹੌਲ ਪੈ ਗਿਆ ਸੀ।

ਜਦੋਂ ਹਜਾਰਾ ਸਿੰਘ ਦਾ ਦਾਹ ਸਸਕਾਰ ਕੀਤਾ ਗਿਆ ਤਾਂ ਸਾਰਾ ਪਿੰਡ ਸੁੰਨ ਹੋਇਆ ਖੜ੍ਹਾ ਸੀ। ਬਖਤੌਰ ਸੰਤੇ ਦੇ ਮੋਢੇ 'ਤੇ ਹੱਥ ਰੱਖੀ ਧਰਵਾਸ ਬਣਿਆਂ ਹੋਇਆ ਸੀ। ਹਰ ਕੌਰ ਸਦਮੇਂ ਵਿੱਚ ਸਿਲ਼-ਪੱਥਰ ਹੋਈ ਖੜ੍ਹੀ ਸੀ।

ਰਾਤ ਨੂੰ ਦੋ ਪੈੱਗ ਲਾ ਕੇ ਠਾਣੇਦਾਰ ਨੇ ਜੁਗਾੜੂ ਨੂੰ ਬਾਹਰ ਕੱਢ ਲਿਆ।

-"ਹਾਂ ਬਈ, ਹੁਣ ਬੋਲ...? ਪਿੰਡ ਦੇ ਸਾਹਮਣੇ ਤਾਂ ਤੂੰ ਬੜਾ ਜਿਉਣਾ ਮੌੜ ਬਣਿਆਂ ਖੜ੍ਹਾ ਸੀ, ਹੁਣ ਦੱਸ..? ਕੀ ਵੈਰ ਸੀ ਤੇਰਾ ਮਕਤੂਲ ਨਾਲ਼...?"

-"ਸਰਦਾਰਾ, ਤੂੰ ਵੀ ਜੱਟ ਭਰਾ ਐਂ, ਜੱਟ ਹਿੱਕ 'ਚ ਵੱਜੀ ਗੋਲ਼ੀ ਜਰ ਲਊ, ਪਰ ਸ਼ਰੀਕ ਦਾ ਖੰਘੂਰਾ ਨੀ ਜਰਦਾ...! ਉਹ ਤਾਂ ਹਥਿਆਰ ਦਾ ਪ੍ਰਬੰਧ ਈ ਪਛੇਤਾ ਹੋਇਆ, ਨਹੀਂ ਘੁੱਗਾ ਤਾਂ ਕਦੋਂ ਦਾ ਚਿੱਤ ਕੀਤਾ ਹੋਣਾ ਸੀ..!"

-"................।" ਠਾਣੇਦਾਰ ਚੁੱਪ ਸੀ। ਕਿਸੇ ਸੋਚ ਵਿੱਚ ਪਿਆ ਹੋਇਆ ਸੀ।

-"ਓਹਦੀ ਖੰਘੂਰਾ ਮਾਰਨ ਦੀ ਆਦਤ ਨੀ ਸੀ ਜਾਂਦੀ, ਮੇਰੇ ਤਾਂ ਨਿੱਤ ਹਿੱਕ 'ਤੇ ਸੱਪ ਲਿਟਦਾ ਸੀ ਸਰਦਾਰਾ..! ਮੈਂ ਤਾਂ ਵੱਜਦੇ ਖੰਘੂਰੇ ਦੀ ਸੰਘੀ ਦੱਬਣੀ ਸੀ, ਦੱਬਤੀ, ਹੁਣ ਤੂੰ ਆਪਣਾ ਕਾਰਜ ਕਰ..!" ਉਸ ਨੇ ਠਾਣੇਦਾਰ ਨੂੰ ਸਹੀ ਅਤੇ ਖਰੀਆਂ ਹੀ ਸੁਣਾ ਦਿੱਤੀਆਂ।

ਸਿਰ ਮਾਰਦਾ ਠਾਣੇਦਾਰ ਦਫ਼ਤਰ ਆ ਵੜਿਆ।

-"ਕੀ ਗੱਲ ਹੋਗੀ, ਸਰਕਾਰ..? ਬਹੁਤੇ ਹੀ ਪ੍ਰੇਸ਼ਾਨ ਲੱਗਦੇ ਓਂ...?" ਮੁਣਸ਼ੀ ਨੇ ਪੁੱਛਿਆ। ਦੇਸੀ ਦਾਰੂ ਅੰਦਰ ਸੁੱਟ ਕੇ ਉਹ ਰੰਗਾਂ 'ਚ ਹੋਇਆ ਬੈਠਾ ਸੀ। ਉਸ ਨੂੰ ਤਾਂ ਹੁਣ ਕੰਧਾਂ ਵੀ ਭਰਜਾਈਆਂ ਨਜ਼ਰ ਆਉਂਦੀਆਂ ਸਨ।

-"ਔਸ ਟੂਟਲ਼ ਜੇ ਜੱਟ ਦੀਆਂ ਤੂੰ ਗੱਲਾਂ ਨੀ ਸੁਣੀਆਂ..?"

-"ਸੁਣੀਆਂ ਕਿਉਂ ਨੀ..? ਸਾਰੀਆਂ ਈ ਸੁਣੀਐਂ...!" ਮੁਣਸ਼ੀ ਮਸ਼ੀਨ ਵਾਂਗ ਬੋਲਿਆ।

-"ਗੱਲ ਕੋਈ ਤਣ ਪੱਤਣ ਈ ਨੀ ਲਾਉਂਦਾ..!"

-"ਆਪਾਂ ਲਾ ਕੇ ਕਰਨਾ ਵੀ ਕੀ ਐ, ਹਜੂਰ..? ਉਹ ਮੁੱਕਰਦਾ ਥੋੜ੍ਹੋ ਐ..? ਇਕਬਾਲ ਤਾਂ ਕਰਦੈ ਨ੍ਹਾਂ..? ਲੋੜੀਂਦੀਆਂ ਦਫ਼ਾਵਾਂ ਲਾਓ, ਤੇ ਉਹਨੂੰ ਇਲਾਕਾ ਮਜਿਸਟਰੇਟ ਦੇ ਪੇਸ਼ ਕਰ ਕੇ ਅਗਲਾ ਰਾਹ ਦਿਖਾਓ..! ਮੈਨੂੰ ਤਾਂ ਪਤਾ ਲੱਗਿਐ ਬਈ ਮਕਤੂਲ ਦਾ ਵਾਰਿਸ ਈ ਕੋਈ ਨੀ ਚੱਜ ਦਾ..!"

-"ਇੱਕ ਮੁੰਡਾ ਐ, ਓਹ ਕਿਸੇ ਕੰਮ ਦਾ ਨੀ..!" ਠਾਣੇਦਾਰ ਨੇ ਦੱਸਿਆ, "ਨਹੀਂ ਅਗਲਾ ਨੋਟਾਂ ਦਾ ਥੱਬਾ ਪੈਰਾਂ 'ਚ ਮਾਰਦੈ, ਬਈ ਚੱਕੋ ਜੀ ਤੇ ਦਿਖਾਓ ਤਰਾਰੇ..!"

-"ਫ਼ੇਰ ਆਪਾਂ ਜ਼ਰੂਰੀ ਛਮਕ-ਮੋਲ਼ੀਆਂ 'ਚ ਹੱਥ ਪਾਉਣੈਂ...? ਦਫ਼ਾਵਾਂ ਲਾ ਕੇ ਪਰਚਾ ਕੱਟੋ, ਤੇ ਅੱਗੇ ਤੋਰੋ, ਜਦੋਂ ਚਾਰ ਦਿਨ ਜੇਲ੍ਹ 'ਚ ਕੱਟੇ, ਆਪੇ ਧਰਨ ਟਿਕਾਣੇ ਆ ਜਾਊਗੀ..! ਚਾਰ ਦਿਨਾਂ 'ਚ ਐਹੇ ਜੇ ਦਾ ਬਲੱਡ ਘਟਣ ਲੱਗ ਪੈਂਦੈ...!" ਮੁਣਸ਼ੀ ਮੁਫ਼ਤੀ ਦੀ ਦਾਰੂ ਦੇ ਨਸ਼ੇ 'ਚ "ਨੇਕ ਸਲਾਹਾਂ" ਦੇ ਰਿਹਾ ਸੀ।

-"ਇਹ ਸਾਲ਼ਾ ਆਬਦੇ ਜਾਣੇ ਗਾਊਂਡਰ ਬਣਨ ਨੂੰ ਫ਼ਿਰਦੈ, ਤੇ ਜੱਜ ਨੇ ਇਹਨੂੰ ਵੀਹ ਸਾਲ ਨੂੰ ਠੋਕ ਦੇਣੈ..!"

-"ਫ਼ੇਰ ਆਪਣੇ ਕੰਨੋਂ ਕੀ ਮੈਲ਼ ਜਾਂਦੀ ਐ..? ਪਵੇ ਢੱਠੇ ਖੂਹ 'ਚ..! ਜਿਹੜਾ ਕਰੂ, ਆਪੇ ਭਰੂ..! ਥੋਡੀ ਤਾਂ ਉਹ ਗੱਲ ਐ, ਬਈ ਪਿੰਡ 'ਚ ਕਿਸੇ ਦੀ ਜੰਨ ਤੁਰੀ ਜਾਵੇ, ਤੇ ਵਿਚਾਰਾ ਜੁਲਾਹਾ ਦੋਵੇਂ ਹੱਥ ਜੋੜੀ ਖੜ੍ਹਾ, ਅਖੇ ਮੇਰੇ ਪਿੰਡ ਦੀ ਇੱਜਤ ਜਾ ਰਹੀ ਐ..! ਜੀਹਦੀਆਂ ਅੱਖਾਂ ਦੁਖਣਗੀਆਂ, ਆਪੇ ਪੱਟੀ ਬੰਨੂੰ ਸਰਦਾਰ ਜੀ, ਤੁਸੀਂ ਦਿਲ 'ਤੇ ਕਾਹਤੋਂ ਕਿਉਂ ਲਾਈ ਐ..? ਟੈਣਸ਼ਣ ਲੈਣ ਨਾਲ਼ ਦਿਲ ਦੀਆਂ ਬਿਮਾਰੀਆਂ ਲੱਗਦੀਐਂ..! ਨ੍ਹੋਅ ਚਿੰਤਾ ਐਂਡ ਨ੍ਹੋਅ ਟੈਣਸ਼ਣ...!"

-"ਤੂੰ ਪੈੱਗ ਪਾਅ, ਮੈਨੂੰ ਇੱਕ ਗੱਲ ਚੇਤੇ ਆਗੀ...!" ਠਾਣੇਦਾਰ ਨੇ ਮੁਣਸ਼ੀ ਨੂੰ ਕਿਹਾ।

-"ਆਹ ਕੀਤੀ ਐ ਨ੍ਹਾਂ ਲੱਖ ਰੁਪਈਏ ਦੀ ਗੱਲ...? ਪੈੱਗ ਲਓ...!" ਮੁਣਸ਼ੀ ਹੁਕਮ ਦੀ ਤਾਮੀਲ ਕਰਦਾ ਹੋਇਆ, ਪੈੱਗ ਪਾਉਣ ਲੱਗ ਪਿਆ।

-"ਲਓ, ਚੱਕੋ ਤੇ ਸੁਣਾਓ ਪ੍ਰਬਚਨ...!"

-"ਤੈਨੂੰ ਪਤੈ ਬਈ ਮੇਰੇ ਕਾਫ਼ੀ ਰਿਸ਼ਤੇਦਾਰ ਇੰਗਲੈਂਡ 'ਚ ਰਹਿੰਦੇ ਐ, ਓਥੇ ਇੱਕ ਵਾਰੀ ਆਪਣੇ ਦੇਸੀ ਬੰਦਿਆਂ ਦੀ ਲੜਾਈ ਹੋਗੀ, ਤੇ ਲੜਾਈ ਹੋਈ ਵੀ ਬੜੀ ਖ਼ਤਰਨਾਕ..!"

-"ਅੱਛਾ...?"

-"ਚਲੋ, ਕੇਸ ਅਦਾਲਤ ਚਲਿਆ ਗਿਆ..!"

-"ਜਾਣਾ ਈ ਸੀ..!"

-"ਜੱਜ ਨੇ ਪੁੱਛਿਆ ਬਈ ਲੜਾਈ ਦਾ ਮੁੱਢ ਕਿੱਥੋਂ ਬੱਝਿਆ, ਮਤਲਬ ਅਸਲ ਕਾਰਨ ਕੀ ਸੀ..? ਤੇ ਆਪਣਾ ਦੇਸੀ ਬਾਈ ਦੂਜੇ ਦੇਸੀ ਵੱਲ ਉਂਗਲ਼ ਕਰ ਕੇ ਜੱਜ ਨੂੰ ਕਹਿੰਦਾ, ਅਖੇ ਜੀ ਇਹ ਮੈਨੂੰ ਦੇਖ ਕੇ ਮੁੱਛ ਨੂੰ ਵੱਟ ਦਿੰਦਾ ਸੀ, ਮੈਥੋਂ ਜਰਿਆ ਨਾ ਗਿਆ, ਤੇ ਮੈਂ ਅੰਨ੍ਹੇ ਆਲ਼ਾ ਜੱਫਾ ਮਾਰ ਕੇ ਥੱਲੇ ਸਿੱਟ ਲਿਆ...! ਜੱਜ ਵਿਚਾਰਾ ਗੋਰਾ..! ਓਸ ਗੋਰੇ ਜੱਜ ਨੂੰ ਇਹ ਸਮਝ ਨਾ ਲੱਗੇ ਬਈ ਅਗਲੇ ਨੂੰ ਦੇਖ ਕੇ ਮੁੱਛ ਨੂੰ ਵਟਾ ਦੇਣ ਨਾਲ਼ ਕਿਹੜੀ ਪਰਲੋਂ ਆ ਗਈ ਸੀ, ਜਾਂ ਮੁੱਛ ਨੂੰ ਵੱਟ ਦੇਣਾ ਕਿਹੜਾ ਅਪਰਾਧ ਸੀ, ਪਰ ਉਹਨੂੰ ਵਿਚਾਰੇ ਗੋਰੇ ਨੂੰ ਸਾਡੇ ਪੰਜਾਬੀਆਂ ਦੇ ਰੌਲ਼ੇ-ਗੌਲ਼ੇ ਦਾ ਕੀ ਪਤਾ..?"

-"ਉਹਨੂੰ ਇਹ ਨੀ ਨ੍ਹਾਂ ਪਤਾ ਬਈ ਇਹ ਪਤੰਦਰ ਗੰਨਾਂ ਨੀ ਦਿੰਦੇ, ਗੁੜ ਦੀ ਭੇਲੀ ਦੇ ਦਿੰਦੇ ਐ...?" ਮੁਣਸ਼ੀ ਉਚੀ-ਉਚੀ ਹੱਸ ਪਿਆ।

-"ਆਪਣੇ ਲੋਕ ਚਾਹੇ ਮੰਗਲ਼ ਗ੍ਰਹਿ 'ਤੇ ਚਲੇ ਜਾਣ, ਇਹਨਾਂ ਦੀਆਂ ਘੀਸੀ ਕਰਨ ਆਲ਼ੀਆਂ ਆਦਤਾਂ ਨੀ ਜਾਣੀਆਂ, ਇਹਨਾਂ ਦੇ ਤਾਂ ਓਹੀ ਗੁੱਡੀਆਂ ਤੇ ਓਹੀ ਪਟੋਲ੍ਹੇ ਰਹਿਣੇ ਐਂ..! ਜਿਵੇਂ ਕਿਸੇ ਤੀਮੀਂ ਨੇ ਆਬਦੇ ਯੱਭਲ਼ ਜੇ ਖਸਮ ਨੂੰ ਆਖਿਆ ਸੀ, ਲੋਕੀ ਚੰਦ ਉਤੇ ਪਹੁੰਚ ਗਏ ਭੋਲ਼ਿਆ ਵੇ ਚੰਨਾਂ, ਤੇਰੀ ਓਹੀ ਹਲ਼ ਪੰਜਾਲ਼ੀ, ਤੇਰਾ ਓਹੀ ਕੌਲੀ ਛੰਨਾਂ...! ਆਪਣੇ ਆਲ਼ੇ ਪੜ੍ਹ-ਪੜ੍ਹ ਕੇ ਚਾਹੇ ਕੜ੍ਹ ਜਾਣ, ਪਰ ਬਿਸਕੁਟ ਇਹਨਾਂ ਨੇ ਚਾਹ 'ਚ ਡਬੋ ਕੇ ਈ ਖਾਣੇ ਐਂ...!" ਮੁਣਸ਼ੀ ਹੱਸਿਆ।

-".................।" ਠਾਣੇਦਾਰ ਵੀ ਹੱਸ ਪਿਆ।

-"ਆਪਣੇ ਬੰਦਿਆਂ ਨੇ ਜੁੱਤੀ ਚਾਹੇ ਬਾਹਰਲੀ ਪਾਈ ਵੀ ਹੋਵੇ, ਪਰ ਤੁਰਨਾ ਪਤੰਦਰਾਂ ਨੇ ਖੁੱਸੇ ਆਲ਼ੀ ਤੋਰ ਈ ਹੁੰਦੈ..!"

-"...................।" ਦੋਨੋਂ ਉਚੀ-ਉਚੀ ਹੱਸ ਪਏ।

-"ਸਾਡੇ ਇੱਕ ਰਿਸ਼ਤੇਦਾਰ ਨੇ ਜਰਮਨੀ 'ਚ ਮੇਮ ਨਾਲ਼ ਵਿਆਹ ਕਰਵਾ ਲਿਆ, ਸਾਡੀ ਭੂਆ ਨੱਕ ਵੱਟੇ, ਅਖੇ ਮੇਮ ਪਤਾ ਨੀ ਕਿਹੜੀ ਜਾਤ ਕੁਜਾਤ ਦੀ ਹੋਣੀ ਐਂ, ਅਖੇ ਮੈਂ ਤਾਂ ਸੁਣਿਐਂ ਬਈ ਮੇਮਾਂ ਤਾਂ ਟੁੱਟ ਪੈਣੀਆਂ ਜੰਗਲ-ਪਾਣੀ ਆਲ਼ੇ ਹੱਥ ਈ ਨੀ ਧੋਂਦੀਆਂ, ਲੈ ਦੱਸੋ ? ਬਈ ਤੂੰ ਓਹਦੇ ਕੋਲ਼ੋਂ ਚੁੱਲ੍ਹਾ ਚੌਂਕਾ ਕਰਵਾਉਣੈ..? ਅਗਲੀ ਧੋਵੇ, ਨਾ ਧੋਵੇ..?" ਮੁਣਸ਼ੀ ਨੇ ਦੋ ਪੈੱਗ ਹੋਰ ਪਾ ਲਏ।

-"ਹੁਣ ਇਹਦਾ ਕੀ ਕਰੀਏ...?" ਠਾਣੇਦਾਰ ਪੈੱਗ ਚੁੱਕ ਕੇ ਅਸਲ ਗੱਲ ਵੱਲ ਆਇਆ।

-"ਥੋਨੂੰ ਦੱਸਿਆ ਤਾਂ ਹੈ..! ਇਕਬਾਲੀਆ ਬਿਆਨ ਦੇ ਆਧਾਰ 'ਤੇ ਦਫ਼ਾ ਤਿੰਨ ਸੌ ਦੋ ਲਾ ਕੇ ਪਰਚਾ ਕੱਟੋ ਤੇ ਜੱਜ ਦੇ ਪੇਸ਼ ਕਰ ਕੇ ਫ਼ਾਰਗ ਹੋਵੋ....! ਜਿਹੜੇ ਤਿਲ਼ਾਂ 'ਚ ਤੇਲ ਈ ਨੀ, ਉਹਨਾਂ ਨੂੰ ਛੱਟਣ ਦਾ ਕੀ ਫ਼ਾਇਦਾ..?"

-"ਇਹਦੇ ਤਿਲ਼ਾਂ 'ਚ ਤੇਲ ਹੈਗਾ, ਪਤਾ ਨੀ ਨਹੀਂ ਹੈਗ੍ਹਾ, ਪਰ ਜੋ ਗੱਲ ਮੈਨੂੰ ਸਰਪੈਂਚ ਦੱਸ ਕੇ ਗਿਐ, ਇਹਦੀ ਭਰਜਾਈ ਆਬਦੇ ਮਿਸ਼ਨ 'ਚ ਕਾਮਯਾਬ ਹੋਗੀ, ਇਹ ਨਿਕਲ਼ਿਆ ਸਿਰੇ ਦਾ ਮੂਰਖ, ਭੈਣ ਦਾ ਗੜਦੁੰਬਾ..!" ਠਾਣੇਦਾਰ ਨੇ ਇੱਕ ਅਜੀਬ ਅਕਾਸ਼ਬਾਣੀ ਮੁਣਸ਼ੀ ਨੂੰ ਸੁਣਾਈ।

-"ਉਹ ਮਿਸ਼ਨ ਕਿਹੜੈ...?"

-"ਇਹ ਸਾਲ਼ਾ ਹੈਗਾ ਮਹਾਂ ਬੇਵਕੂਫ਼, ਲੋਲ੍ਹਾ ਤੇ ਲਾਈਲੱਗ...! ਲੀਰ ਦਾ ਫ਼ਕੀਰ..! ਇਹਦੀ ਨਿੱਕੀ ਭਰਜਾਈ ਹੈਗੀ ਚੰਟ, ਪੂਰੀ ਚਤਰ ਤੇ ਸੱਤਾਂ ਪੱਤਣਾਂ ਦੀ ਤਾਰੂ..! ਉਹ ਇਹਨੂੰ ਮਹੀਨੇ ਕੁ ਦੀ ਪਾਊਡਰ ਆਲ਼ੀਆਂ ਕੱਛਾਂ ਸੁੰਘਾਉਂਦੀ ਆਉਂਦੀ ਸੀ, ਤੇ ਇਹ ਕੱਛਾਂ ਦੀ ਵਾਸ਼ਨਾ 'ਚ ਹੋਇਆ ਪਿਆ ਸੀ ਕਮਲ਼ਾ..! ਓਹਨੇ ਇਹਨੂੰ ਰੇਤ ਕੇ ਅਗਲੇ ਦਾ ਕਤਲ ਕਰਵਾ ਧਰਿਆ ਬਈ ਆਪੇ ਜੇਲ੍ਹ 'ਚ ਰੁਲ਼ਦਾ ਖੁਲ਼ਦਾ ਮਰਜੂ, ਤੇ ਇਹਦੇ ਹਿੱਸੇ ਦੀ ਜ਼ਮੀਨ ਸਾਂਭਾਂਗੇ ਅਸੀਂ..! ਇਹ ਸਾਲ਼ਾ ਧੱਫ਼ੇ ਦਾ ਢੋਲ ਐ, ਇਹਨੇ ਆਬਦਾ ਦਿਮਾਗ ਤਾਂ ਵਰਤਿਆ ਨੀ, ਭਰਜਾਈ ਮੂਹਰੇ ਗੱਬਰ ਸਿਉਂ ਬਣਨ ਦੇ ਮਾਰੇ ਨੇ ਬਿਨਾਂ ਗੱਲੋਂ ਅਗਲੇ ਦੀ ਜਾਨ ਲੈ ਲਈ, ਅਖੇ ਮੈਨੂੰ ਖੰਘੂਰੇ ਮਾਰਦਾ ਸੀ, ਬਈ ਸਾਲ਼ਿਆ ਖੰਘੂਰੇ ਈ ਮਾਰਦਾ ਸੀ, ਟੰਬਾ ਤਾਂ ਨੀ ਮਾਰਿਆ..?...!" ਦਾਰੂ ਦੇ ਨਸ਼ੇ ਵਿੱਚ ਠਾਣੇਦਾਰ ਨੇ ਸਾਰਾ ਰਾਜ ਉਜਾਗਰ ਕਰ ਦਿੱਤਾ।

-"ਆਪਣੇ ਠਾਣੇਦਾਰ ਕੁੰਢਾ ਸਿਉਂ ਮਾਂਗੂੰ..! ਉਹਨੂੰ ਵੀ ਖੰਘੂਰੇ ਜੇ ਮਾਰਨ ਦੀ ਬੁਰੀ ਬਾਣ ਸੀ, ਦਾਰੂ ਪੀ ਕੇ ਤਾਂ ਪਤੰਦਰ ਹਟਦਾ ਈ ਨੀ ਸੀ, ਸੁੱਕੇ ਜੇ ਖੰਘੂਰੇ ਈ ਮਾਰੀ ਜਾਂਦਾ ਸੀ..! ਬਰੇਕ ਈ ਨੀ ਸੀ ਲਾਉਂਦਾ ਮੁਫ਼ਤ ਦੀ ਪੀ ਕੇ..!"

ਅਗਲੇ ਦਿਨ ਦਫ਼ਾ ਤਿੰਨ ਸੌ ਦੋ ਲਾ ਕੇ ਜੁਗਾੜੂ ਨੂੰ ਇਲਾਕਾ ਮਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਦੋਸ਼ੀ ਦੇ ਇਕਬਾਲੀਆ ਬਿਆਨ ਉਪਰ ਕਿਸੇ ਰਿਮਾਂਡ ਦੀ ਜ਼ਰੂਰਤ ਨਹੀਂ ਸੀ। ਬਿਆਨ ਕਲਮਬੱਧ ਕਰ ਕੇ ਜੱਜ ਨੇ ਜੁਗਾੜੂ ਨੂੰ ਜੇਲ੍ਹ ਭੇਜ ਦਿੱਤਾ।

 

ਕਾਂਡ 5

 

ਅੱਜ ਮੌਸਮ ਬੜਾ ਸੁਹਾਵਣਾ ਸੀ।

ਸ਼ਾਮ ਦਾ ਮੌਕਾ ਸੀ। ਸੰਤਾ ਸਿਉਂ ਖੇਤ ਕੱਸੀ ਦਾ ਪਾਣੀ ਲਾ ਰਿਹਾ ਸੀ, ਦੂਰ ਵੱਟ 'ਤੇ ਇੱਕ ਪਾਸੇ ਬਖਤੌਰ ਸਿਉਂ ਬੈਠਾ ਸੀ। ਅਚਾਨਕ ਕਾਕੂ ਚੌਂਕੀਦਾਰ ਨੇ ਉਹਨਾਂ ਕੋਲ਼ ਸਾਈਕਲ ਆ ਰੋਕਿਆ। ਚੜ੍ਹੇ ਸਾਹ ਤੋਂ ਲੱਗਦਾ ਸੀ ਕਿ ਉਸ ਨੇ ਸਾਈਕਲ ਬਹੁਤ ਤੇਜ਼ ਚਲਾਇਆ ਸੀ।

-"ਬਾਹਲ਼ਾ ਈ ਸਾਹੋ ਸਾਹ ਹੋਇਆ ਫ਼ਿਰਦੈਂ ਕਾਕੂ, ਸੁੱਖ ਐ..?" ਭਗਵਾਨ ਨੇ ਪੁੱਛਿਆ।

-"ਸੰਤਾ ਸਿਆਂ, ਮਾੜਾ ਜਿਆ ਉਰ੍ਹੇ ਹੋ ਕੇ ਮੇਰੀ ਗੱਲ ਸੁਣ..!" ਕਾਕੂ ਨੇ ਹੱਥ ਹਿਲਾ ਕੇ ਕਿਹਾ, "ਤੂੰ ਵੀ ਨੇੜੇ ਆ ਜਾਹ ਬਖਤੌਰ ਸਿਆਂ..!"

ਸੰਤੇ ਦੇ ਨਾਲ਼ ਬਖਤੌਰ ਸਿਉਂ ਵੀ ਕੋਲ਼ ਆ ਗਿਆ।

-"ਮੈਨੂੰ ਸਰਪੈਂਚ ਨੇ ਭੇਜਿਐ...!" ਕਾਕੂ ਬੜਾ ਧੀਮਾਂ ਬੋਲਿਆ।

-"ਦੱਸ...?" ਬਖਤੌਰ ਦੀ ਤੇਜ਼ ਤਰਾਰ ਅੱਖ ਚੌਂਕੀਦਾਰ ਨੂੰ ਪੜ੍ਹਨ ਦਾ ਯਤਨ ਕਰ ਰਹੀ ਸੀ। ਪਰ ਕਿਸੇ ਗੱਲ ਦਾ ਸਿਰਾ ਹੱਥ ਨਹੀਂ ਆ ਰਿਹਾ ਸੀ।

-"ਜੁਗਾੜੂ ਬਰੀ ਹੋ ਕੇ ਘਰੇ ਆ ਗਿਆ..! ਆਬਦਾ ਬਚਾ ਰੱਖ..! ਅੱਬਲ ਤਾਂ ਚਾਰ ਦਿਨ ਕਿਸੇ ਪਾਸੇ ਟਿੱਭ ਜਾ..! ਵੈਰੀ ਤੇ ਹਲ਼ਕੇ ਕੁੱਤੇ ਦਾ ਵਿਸਾਹ ਨੀ ਖਾਈਦਾ ਹੁੰਦਾ..!" ਚੌਂਕੀਦਾਰ ਨੇ ਸੰਤਾ ਸਿਉਂ ਵੱਲ ਮੂੰਹ ਕਰ ਕੇ ਦੱਸਿਆ ਤਾਂ ਦੋਹਾਂ ਦੇ ਥੰਮ੍ਹ ਹਿੱਲ ਗਏ। ਸੰਤੇ ਦੇ ਮੱਥੇ ਤੋਂ ਕੱਚੀ ਤਰੇਲ਼ੀ ਦੀ ਛੱਲ ਫ਼ੁੱਟੀ।

-"ਤਿੰਨਾਂ ਮਹੀਨਿਆਂ 'ਚ ਈ ਘਰੇ ਕਿਵੇਂ ਆ ਗਿਆ..?" ਬਖਤੌਰ ਨੂੰ ਕੋਈ ਲੱਲ ਨਹੀਂ ਲੱਗ ਰਿਹਾ ਸੀ। ਉਸ ਦਾ ਦਿਮਾਗ ਖੱਲਾਂ ਖੂੰਜਿਆਂ ਵਿੱਚ ਹੱਥ ਮਾਰਦਾ ਫ਼ਿਰਦਾ ਸੀ, "ਸੰਤਾ ਸਿਆਂ, ਤੂੰ ਕਿਆਰਿਆਂ ਵਿੱਚ ਪਾਣੀ ਖੁੱਲ੍ਹਾ ਛੱਡ, ਤੇ ਚੱਲ ਸਰਪੈਂਚ ਨੂੰ ਮਿਲ਼ਦੇ ਆਂ ਚੱਲ ਕੇ, ਤਿੰਨਾਂ ਮਹੀਨਿਆਂ 'ਚ ਬੰਦਾ ਖੋਟੇ ਪੈਸੇ ਮਾਂਗੂੰ ਘਰ ਆਜੇ, ਆਹ ਤਾਂ ਲੋਹੜ੍ਹਾ ਐ ਭੈੜ੍ਹਿਆ...!" ਬਖਤੌਰ ਕਿਆਰੇ ਦੇ ਖੂੰਜੇ ਰੱਖੀ ਜੁੱਤੀ ਕਾਹਲ਼ੀ ਨਾਲ਼ ਪੈਰਾਂ ਵਿੱਚ ਅੜਾਉਣ ਲੱਗ ਪਿਆ।

ਸੰਤੇ ਨੇ ਵੱਟਾਂ ਵੱਢ ਪਾਣੀ ਖੁੱਲ੍ਹਾ ਛੱਡ ਦਿੱਤਾ ਅਤੇ ਪੈਰ ਧੋ ਕੇ ਜੁੱਤੀ ਪਾ ਲਈ।

ਬਾਪੂ ਦੇ ਜਾਣ ਵਾਲ਼ੇ ਫ਼ੱਟ ਉਪਰ ਅੱਜ ਫ਼ਿਰ ਇੱਕ ਵਾਰ ਰੰਦਾ ਵੱਜ ਗਿਆ ਸੀ।

ਜੁੱਤੀ ਪਾਉਂਦੇ ਦੇ ਉਸ ਦੇ ਹੱਥ ਕੰਬ ਰਹੇ ਸਨ। ਬਾਪੂ ਦੇ ਕਾਤਲ ਨੂੰ ਜੇਲ੍ਹ ਤੋਰ ਕੇ ਉਹ ਤਾਂ ਸੁਖ ਦਾ ਸਾਹ ਲਈ ਬੈਠਾ ਸੀ। ਉਸ ਨੂੰ ਕੀ ਪਤਾ ਸੀ ਕਿ ਵੈਰੀ ਹਿੱਲਦੀ ਕੰਧ ਵਾਂਗ ਮੁੜ ਉਤੇ ਆ ਡਿੱਗੇਗਾ..?

-"ਘਬਰਾ ਨਾ ਪੁੱਤ ਸੋਹਣਿਆਂ...! ਜਿੰਨੀ ਕੁ ਜੋਕਰਾ ਹਾਂ, ਸਿਰ ਤੋਂ ਲੈ ਕੇ ਪੈਰਾਂ ਤੱਕ ਤੇਰੇ ਨਾਲ਼ ਐਂ...!" ਬਖਤੌਰ ਨੇ ਸੰਤੇ ਨੂੰ ਕਿਹਾ।

-"................।" ਪਰ ਸੰਤਾ ਸਿੰਘ ਚੁੱਪ ਸੀ। ਖ਼ਬਰ ਸੁਣ ਕੇ ਉਸ ਦਾ ਤੌਅਰ ਚੁੱਕਿਆ ਗਿਆ ਸੀ।

-"ਇੱਕ ਗੱਲ ਐ ਸੰਤਾ ਸਿਆਂ...!" ਉਸ ਨੂੰ ਚੁੱਪ ਦੇਖ ਕੇ ਬਖਤੌਰ ਸਿਉਂ ਬੋਲਿਆ।

-"..................।" ਸੰਤਾ ਨਾ ਬੋਲਿਆ।

-"ਆਪਾਂ ਵੀ ਇੱਕ ਅੱਧਾ ਹਥਿਆਰ ਹੱਥ ਹੇਠ ਕਰੀਏ, ਦੁਸ਼ਮਣ ਦਾ ਪਤਾ ਨੀ ਹੁੰਦਾ..!"

ਉਹ ਰਵਾਂ-ਰਵੀਂ ਸਰਪੰਚ ਕੋਲ਼ ਪਹੁੰਚ ਗਏ।

ਸਰਪੰਚ ਵੀ ਦੁਬਿਧਾ ਜਿਹੀ ਵਿੱਚ ਦੁਖੀ ਜਿਹਾ ਬੈਠਾ ਸੀ।

-"ਆਹ ਕੀ ਲੋਹੜ੍ਹਾ ਵੱਜਿਆ ਸਰਪੈਂਚਾ..? ਥਮਲ੍ਹੇ ਅਰਗਾ ਬੰਦਾ ਮਾਰ ਕੇ ਅਗਲਾ ਤੀਜੇ ਮ੍ਹੀਨੇ ਘਰੇ ਆ ਵੱਜੇ ਅਲੋਕਾਰ ਨੀ..?" ਬਖਤੌਰ ਨੇ ਨਿਰਾਸ਼ਾ ਭਿੱਜੇ ਗੁੱਸੇ ਦਾ ਇਜ਼ਹਾਰ ਸਰਪੰਚ ਕੋਲ਼ ਕੀਤਾ।

-"ਗੱਲਾਂ ਕਈ ਐ ਬਖਤੌਰ ਸਿਆਂ..!" ਸਰਪੰਚ ਜਿਵੇਂ ਖੂਹ 'ਚੋਂ ਬੋਲਿਆ ਸੀ।

-".................।" ਬਖਤੌਰ ਨੇ ਸੁਆਲੀਆ ਨਜ਼ਰਾਂ ਸਰਪੰਚ ਦੇ ਮੂੰਹ ਉਪਰ ਗੱਡ ਰੱਖੀਆਂ ਸਨ।

-"ਪਹਿਲੀ ਗੱਲ ਤਾਂ ਆਪਣੇ ਕੇਸ ਨੂੰ ਪੁਲ਼ਸ ਨੇ ਈ ਸਹੀ ਤਰੀਕੇ ਨਾਲ਼ ਨੀ ਚੱਕਿਆ..! ਨਾ ਸਬੂਤ ਪੇਸ਼ ਕੀਤੇ, ਤੇ ਨਾ ਕੋਈ ਗਵਾਹ ਖੜ੍ਹਾ ਕੀਤਾ, ਨਾ ਕੋਈ ਹਥਿਆਰ ਪੇਸ਼ ਕੀਤਾ, ਤੇ ਨਾ ਮੁਜਰਮ ਦੇ ਪੈਰਾਂ ਦੇ ਨਿਸ਼ਾਨ ਚੱਕੇ..! ਅਦਾਲਤ ਦਾ ਸਾਰਾ ਦਾਰੋਮਦਾਰ ਗਵਾਹਾਂ ਤੇ ਸਬੂਤਾਂ 'ਤੇ ਹੁੰਦੈ, ਜਦੋਂ ਅਦਾਲਤ ਕੋਲ਼ ਨਾ ਸਬੂਤ ਨਾ ਗਵਾਹ, ਓਹ ਸਜ਼ਾ ਕਿਹੜੇ ਆਧਾਰ 'ਤੇ ਦਿੰਦੀ..? ਜੱਜ ਨੇ ਅਗਲੇ ਦੇ ਰੱਸੇ ਲਾਹ'ਤੇ..! ਤੇ ਅਗਲਾ ਦਣ-ਦਣਾਉਂਦਾ ਘਰੇ ਆ ਵੱਜਿਆ...!"

-"ਪਰ ਉਹ ਤਾਂ ਪੁਲ਼ਸ ਕੋਲ਼ੇ ਸਾਰੇ ਪਿੰਡ ਦੇ ਸਾਹਮਣੇ ਆਪ ਮੰਨਿਆਂ ਸੀ ਬਈ ਕਤਲ ਮੈਂ ਕੀਤੈ..!" ਬਖਤੌਰ ਪਿੱਟਣ ਵਾਲ਼ਿਆਂ ਵਾਂਗ ਬੋਲ ਰਿਹਾ ਸੀ।

-"ਪਰ ਇਹ ਤਾਂ ਜੱਜ 'ਤੇ ਮੁਨੱਸਰ ਐ ਨ੍ਹਾਂ, ਬਈ ਉਹ ਇਸ ਇਕਬਾਲੀਆ ਬਿਆਨ ਨੂੰ ਕਿੰਨੀ ਕੁ ਗੰਭੀਰਤਾ ਨਾਲ਼ ਲੈਂਦੈ, ਦੂਜੀ ਗੱਲ ਇਹ ਐ ਬਈ ਇਹਦੇ ਵਕੀਲ ਨੇ ਕੋਈ ਡਾਕਟਰੀ ਰਿਪੋਰਟ ਦਿੱਤੀ ਸੀ, ਬਈ ਮੇਰੇ ਮੁਵੱਕਲ ਦੀ ਦਿਮਾਗੀ ਹਾਲਤ ਠੀਕ ਨੀ, ਆਪਣੇ ਵੱਲੋਂ ਵੀ ਕੋਈ ਨਿੱਗਰ ਪੈਰਵਾਹੀ ਨੀ ਹੋਈ, ਓਹ ਸਾਰੀਆਂ ਗੱਲਾਂ ਦੋਸ਼ੀ ਦੇ ਹੱਕ 'ਚ ਗਈਆਂ ਤੇ ਅਗਲਾ ਛੁੱਟ ਕੇ ਖੋਟੇ ਪੈਸੇ ਮਾਂਗੂੰ ਘਰੇ ਆ ਗਿਆ...!"

-".................।" ਬਖਤੌਰ ਸਿਉਂ ਲੰਮਾਂ ਸਾਹ ਖਿੱਚ ਕੇ ਬੈਠ ਗਿਆ। ਉਸ ਦੇ ਨਾਲ਼ ਸੰਤਾ ਢੇਰੀ ਜਿਹੀ ਢਾਹ ਕੇ, ਮੁਰਕੜੀ ਜਿਹੀ ਮਾਰੀ ਬੈਠਾ ਸੀ।

-"ਚਿੰਤਾ ਤਾਂ ਮੈਨੂੰ ਇਹ ਲੱਗੀ ਵੀ ਐ, ਬਈ ਕਿਤੇ ਆਪਣੇ ਸੰਤਾ ਸਿਉਂ ਦਾ ਨਾ ਕੋਈ ਨਛਕਾਨ ਕਰਦੇ, ਸਾਡੇ ਕੋਲ਼ੋਂ ਤਾਂ ਅਜੇ ਹਜਾਰਾ ਸਿਉਂ ਦਾ ਫ਼ੱਟ ਨੀ ਭਰਿਆ ਗਿਆ, ਬਰਾਬਰ ਦਾ ਭਾਈ ਮਰ ਗਿਆ...!" ਬਖਤੌਰ ਦਾ ਮਨ ਭਰ ਆਇਆ, "ਪਰਬਤ ਅਰਗਾ ਬੰਦਾ ਮਿਲਟ 'ਚ...!" ਬਖਤੌਰ ਕੋਲ਼ੋਂ ਗੱਲ ਨਾ ਪੂਰੀ ਹੋਈ, ਉਸ ਦੀਆਂ ਅੱਖਾਂ ਨੱਕੋ ਨੱਕ ਭਰੀਆਂ ਹੋਈਆਂ ਸਨ।

-"ਦਿਲ 'ਤੇ ਨਾ ਲਾ ਬਾਈ ਬਖਤੌਰ ਸਿਆਂ..! ਆਪਾਂ ਕਰਦੇ ਐਂ ਕੋਈ ਬੰਦੋਬਸਤ..! ਪਰ ਇੱਕ ਗੱਲ ਐ..!" ਸਰਪੰਚ ਨੇ ਅਗਲੀ ਗੱਲ ਵੱਲ ਇਸ਼ਾਰਾ ਕੀਤਾ।

-".................।" ਬਖਤੌਰ ਨੇ ਭਿੱਜੀਆਂ ਨਜ਼ਰਾਂ ਉਪਰ ਚੁੱਕੀਆਂ।

-"ਸਿਆਣੇ ਕਹਿੰਦੇ ਹੁੰਦੇ ਐ, ਬਈ ਹਲ਼ਕੇ ਕੁੱਤੇ, ਖਰੂਦੀ ਸਾਹਣ ਤੇ ਵਿਗੜੇ ਬੰਦੇ ਦਾ ਕਦੇ ਵਿਸਾਹ ਨੀ ਖਾਈਦਾ..!"

-"ਫ਼ੇਰ ਆਬਦੇ ਬਚਾਓ ਵਾਸਤੇ ਕਿਸੇ ਹਥਿਆਰ ਦਾ ਢਾਣਸ ਕਰੀਏ...?"

-"ਹਥਿਆਰ ਦਾ ਢਾਣਸ ਤਾਂ ਕਰ ਦਿਆਂਗੇ, ਪਰ ਲੋੜ ਪੈਣ 'ਤੇ ਸੰਤਾ ਚਲਾ ਵੀ ਲਉ..?" ਸਰਪੰਚ ਨੇ ਅਗਲੀ ਗੱਲ ਵੱਲ ਇਸ਼ਾਰਾ ਕੀਤਾ।

-"..................।" ਬਖਤੌਰ ਨੇ ਸੰਤੇ ਵੱਲ ਦੇਖਿਆ। ਉਹ ਪੱਥਰ ਹੋਇਆ ਚੁੱਪ ਵੱਟੀ ਬੈਠਾ ਸੀ।

-"ਸਰਪੈਂਚਾ ਹੋਰ ਨਾ ਕੰਮ ਕਰੀਏ..?" ਬਖਤੌਰ ਨੂੰ ਕੋਈ ਨਵੀਂ ਗੱਲ ਸੁੱਝੀ ਸੀ।

-"ਕੀ...?"

-"ਆਪਾਂ ਠਾਣੇ ਦਰਖ਼ਾਸਤ ਨਾ ਦੇ ਦੇਈਏ ਬਈ ਸੰਤੇ ਨੂੰ ਜੁਗਾੜੂ ਤੋਂ ਖ਼ਤਰੈ, ਤੇ ਉਹ ਇਹਨੂੰ ਕੋਈ ਨਛਕਾਨ ਪੁਚਾ ਸਕਦੈ..? ਜਦੋਂ ਪੁਲ਼ਸ ਨੇ ਜਮਾਨਤਾਂ ਕਰਵਾ ਦਿੱਤੀਆਂ, ਜੁਗਾੜੂ ਆਪੇ ਡਰ ਮੰਨੂੰ..?"

-"ਓਏ ਭੋਲ਼ਿਆ ਬਾਈ, ਜਦੋਂ ਕੁੱਤੀ ਹੈ ਈ ਚੋਰਾਂ ਦੀ, ਓਹਨਾਂ ਤੋਂ ਕਿਹੜੇ ਭਲੇ ਦੀ ਆਸ ਰੱਖੀਏ..? ਦਰਖ਼ਾਸਤ ਦੇ ਦਿੰਨੇ ਐਂ, ਪਰ ਆਬਦੇ ਆਪ ਨੂੰ ਫ਼ੋਕਾ ਧਰਵਾਸ ਦੇਣਾ, ਤੇ ਡੁੱਬਦੀ ਬੇੜੀ ਦੇ ਰਹਿਮ 'ਤੇ ਹੱਥ ਜੋੜ ਕੇ ਬੈਠੇ ਰਹਿਣਾ ਮਹਾਂ ਮੂਰਖਤਾਈ ਐ..!"

-"ਪਰ ਇਹਦਾ ਕੋਈ ਹੱਲ ਤਾਂ ਕੱਢਣਾ ਪਊ, ਸਰਪੈਂਚਾ..! ਮਰਦਾ ਕੀ ਨੀ ਕਰਦਾ..? ਹੱਲ ਕੱਢੇ ਬਿਨਾਂ ਤਾਂ ਨੀ ਸਰਨਾਂ..!"

-"ਆਪਣੇ ਪਿੰਡ ਆਲ਼ੇ ਸਕੂਲ 'ਚ ਸ਼ੈੱਡ ਪੈਂਦੈ, ਮੈਂ ਹੁਣ ਜਾਣੈ ਸਕੂਲ ਨੂੰ, ਤੂੰ ਆਥਣੇ ਆ ਮੇਰੇ ਕੋਲ਼ੇ, ਓਦੋਂ ਤੱਕ ਹੱਲ ਕੱਢਦੇ ਐਂ ਕੋਈ..!" ਸਰਪੰਚ ਨੇ ਆਖਿਆ।

-"ਚੰਗਾ..!"

-"ਬਖਤੌਰ ਸਿਆਂ, ਤੂੰ ਅਜੇ ਸੰਤਾ ਸਿਉਂ ਨੂੰ 'ਕੱਲਾ ਨਾ ਛੱਡੀਂ, ਸਮੇਂ ਦਾ ਮੂੰਹ ਸੁੰਘਦੇ ਐਂ, ਬਈ ਤਿੰਨ ਮਹੀਨੇ ਜੇਲ੍ਹ 'ਚ ਰਹਿਣ ਤੋਂ ਬਾਅਦ ਕੁਛ ਬੰਦਾ ਵੀ ਬਣਿਆਂ, ਜਾਂ ਓਹੀ ਰੰਘੜ੍ਹਊ ਧੌਣ 'ਚ ਅੜਾਈ ਫ਼ਿਰਦੈ..?"

-"ਸਿਆਣੇ ਕਹਿੰਦੇ ਨੀ ਹੁੰਦੇ..? ਬਈ ਰੱਸੀ ਮੱਚ ਜਾਂਦੀ ਐ, ਪਰ ਵੱਟ ਨੀ ਜਾਂਦਾ, ਊਤ ਲੋਕ ਛੇਤੀ ਕੀਤੇ ਸਿੱਧੇ ਥੋੜ੍ਹੋ ਹੁੰਦੇ ਐ..? ਇਹ ਕੁੱਤੇ ਦੀਆਂ ਪੂਛਾਂ ਵੰਝਲੀ 'ਚ ਪਾਈਆਂ ਸਿੱਧੀਆਂ ਹੋਣ ਵਾਲ਼ੀਆਂ ਨੀ, ਸਰਪੈਂਚਾ..! ਇਹਨਾਂ ਵਾਸਤੇ ਤਾਂ ਕੋਈ ਜੁਗਤ ਈ ਲੜਾਉਣੀ ਪਊ..! ਜਾਂ ਫ਼ੇਰ ਅੱਡੀਆਂ ਦਾ ਜੋਰ ਲਾ ਕੇ ਜੜੋਂ ਈ ਖਿੱਚਣੀਆਂ ਪੈਣਗੀਆਂ...।" ਬਖਤੌਰ ਘੋਰ ਨਿਰਾਸ਼ਾ ਵਿੱਚੋਂ ਬੋਲ ਰਿਹਾ ਸੀ।

-"ਬਾਹਲ਼ਾ ਕਲਪ ਨਾ ਬਖਤੌਰ ਸਿਆਂ, ਆਥਣੇ ਕਰਦੇ ਐਂ ਕੋਈ ਵਿਚਾਰ..!"

-"ਚੱਲ ਬਈ ਸ਼ੇਰ ਬੱਗਿਆ...!" ਬਖਤੌਰ ਨੇ ਸੰਤੇ ਦੀ ਪਿੱਠ ਥਾਪੜੀ।

ਸੰਤਾ ਮਰੇ ਜਿਹੇ ਮਨ ਨਾਲ਼ ਉਠ ਕੇ ਖੜ੍ਹਾ ਹੋ ਗਿਆ।

-"ਢਿੱਲਾ ਜਿਆ ਕਾਹਨੂੰ ਹੁੰਨੈ ਸੰਤਾ ਸਿਆਂ..? ਤੇਰੇ ਵੱਜਣ ਆਲ਼ੀ ਗੋਲ਼ੀ, ਪਹਿਲਾਂ ਮੇਰੀ ਹਿੱਕ 'ਚ ਦੀ ਲੰਘੂ..!" ਬਖਤੌਰ ਨੇ ਸਾਰੇ ਜੋਰ ਨਾਲ਼ ਹਿੱਕ 'ਚ ਧੱਫਾ ਮਾਰਿਆ।

ਉਹ ਆਪਣੇ-ਆਪਣੇ ਰਸਤੇ ਪੈ ਗਏ।

ਸਕੂਲ ਦੇ ਦਰਵਾਜੇ ਵਿੱਚ ਹੀ ਸਰਪੰਚ ਨੂੰ ਜੁਗਾੜੂ ਦੀ ਭਰਜਾਈ ਤੇਜ ਕੌਰ ਮਿਲ਼ ਪਈ। ਉਹ ਅੱਖ ਦੀ ਬੇਈਮਾਨ ਅਤੇ ਮੂੰਹ ਦੀ ਮਿੱਠੀ ਸੀ। ਤੇਜ ਕੌਰ ਦਾ ਲੋਹੜ੍ਹੇ ਦਾ ਰੰਗ ਰੂਪ ਦੁਹਾਈ ਬਣਿਆਂ ਪਿਆ ਸੀ। ਮੋਟੀਆਂ ਅੱਖਾਂ ਵਿੱਚ ਪਾਇਆ ਸੁਰਮਾਂ ਦੇਖਣ ਵਾਲ਼ੇ ਨੂੰ ਗਸ਼ ਪਾਉਂਦਾ ਸੀ।

-"ਚਾਚਾ ਜੀ, ਸਤਿ ਸ੍ਰੀ ਅਕਾਲ..!" ਉਸ ਨੇ ਸਰਪੰਚ ਨੂੰ ਹੱਥ ਜੋੜੇ।

-"ਸਤਿ ਸ੍ਰੀ ਅਕਾਲ ਭਾਈ ਬੀਬਾ, ਠੀਕ ਓਂ..?"

-"ਹਾਂ ਜੀ ਠੀਕ ਆਂ..!"

-"ਤੁਸੀਂ ਜੁਗਾੜੂ ਦੇ...?"

-"ਜੀ ਹਾਂ, ਮੈਂ ਉਹਨਾਂ ਦੀ ਨਿੱਕੀ ਭਰਜਾਈ ਆਂ ਜੀ...!"

-"ਵੱਡੇ ਘਰ ਜਾ ਕੇ ਸੁਧਰਿਆ ਕੁਛ...? ਕਿ ਅਜੇ ਵੀ ਓਹੋ ਜਿਆ ਈ ਐ...??"

-"ਨਹੀਂ ਜੀ, ਹੁਣ ਤਾਂ ਕੁਛ ਠੀਕ ਐ..!"

-"ਚਲੋ ਸ਼ੁਕਰ ਐ ਭਾਈ ਬੀਬਾ..! ਮਾਰਿਆ ਤਾਂ ਸਹੁਰੇ ਨੇ ਕਮਲ਼ ਈ, ਬਿਨਾ ਕਸੂਰ ਬੰਦਾ ਮਾਰ'ਤਾ, ਹੁਣ ਸਮਝਾ ਕੇ ਰੱਖਿਓ ਭਾਈ, ਕੁਛ ਨੀ ਪਿਆ ਇਹਨਾਂ ਗੱਲਾਂ 'ਚ, ਬਾਧੂ ਉਜਾੜੇ ਨੂੰ ਈ ਥਾਂ ਐਂ..!"

-"ਨਹੀਂ ਹੁਣ ਤਾਂ ਕੁਛ ਸੁਧਾਰ ਹੋਇਐ, ਚਾਚਾ ਜੀ..!"

-"ਕਲੇਸ਼ਾਂ 'ਚ ਕੀ ਰੱਖਿਐ ਭਾਈ, ਤੁਸੀਂ ਪੜ੍ਹੇ ਲਿਖੇ, ਸਿਆਣੇ ਓਂ, ਬੱਸ ਉਹਨੂੰ ਸਿਆਣਾ ਬਣਾ ਕੇ ਰੱਖੋ, ਕਲੇਸ਼ਾਂ 'ਚ ਉਲਝੇ ਘਰਾਂ ਦੇ ਤਾਂ ਚੁੱਲ੍ਹਿਆਂ 'ਚ ਘਾਹ ਉਗ ਆਉਂਦੈ..!" ਆਖ ਸਰਪੰਚ ਸਕੂਲ ਅੰਦਰ ਚਲਿਆ ਗਿਆ।

ਤੇਜ ਕੌਰ ਬੜੀ ਤੇਜੀ ਨਾਲ਼ ਘਰ ਆ ਗਈ।

ਜੁਗਾੜੂ ਮੰਜੇ 'ਤੇ ਸਿਰ ਜਿਹਾ ਸੁੱਟੀ ਪਿਆ ਸੀ।

-"ਕੀੜਿਆਂ ਆਲ਼ੇ ਕੁੱਤੇ ਵਾਂਗੂੰ ਕਾਹਤੋਂ ਸਿਰ ਜਿਆ ਸਿੱਟੀ ਪਿਐਂ, ਭਾਈ ਜੀ..?" ਉਸ ਨੇ ਜੁਗਾੜੂ ਨੂੰ ਹਿਲਾਇਆ।

-"ਨਹੀਂ, ਊਂ ਈਂ ਪਿਐਂ..!" ਉਸ ਨੇ ਬੜਾ ਜੋਰ ਲਾ ਕੇ ਅੱਖਾਂ ਪੱਟੀਆਂ।

-"ਜੇਲ੍ਹ 'ਚ ਜਾ ਕੇ ਤਾਂ ਲੋਕ ਮੋਢਿਆਂ ਉਤੋਂ ਦੀ ਥੁੱਕਣ ਲੱਗ ਜਾਂਦੇ ਐ, ਤੂੰ ਚਾਰ ਦਿਨ ਜੇਲ੍ਹ 'ਚ ਜਾ ਕੇ ਜਮਾਂ ਈ ਖੱਸੀ ਜਿਆ ਹੋ ਗਿਆ..?" ਤੇਜ ਕੌਰ ਨੇ ਉਸ ਦੀ ਮਰਦਾਨਗੀ ਨੂੰ "ਆਰ" ਲਾਈ।

-"......................।" ਜੁਗਾੜੂ ਪਿਆ-ਪਿਆ ਇੱਕ ਦਮ ਤੇਜ ਕੌਰ ਵੱਲ ਝਾਕਿਆ। ਜਿਵੇਂ ਉਸ ਦੇ ਸਰੀਰ ਨੂੰ ਕੋਈ ਕਰੰਟ ਲੱਗਿਆ ਸੀ। ਨਿੱਖਰੀ ਤਿੱਖਰੀ ਭਰਜਾਈ ਨੂੰ ਦੇਖ ਕੇ ਉਸ ਦੀਆਂ ਅੱਖਾਂ ਬੈਟਰੀ ਵਾਂਗ ਜਗੀਆਂ ਸਨ।

-"ਕਿਹੋ ਜੀਆਂ ਗੱਲਾਂ ਕਰੀ ਜਾਨੀਂ ਐਂ...?" ਉਹ ਪਿਆਸੇ ਕਾਂ ਵਾਂਗ ਛੋਟੀ ਭਰਜਾਈ ਵੱਲ ਝਾਕਿਆ। ਭਰਜਾਈ ਦਾ ਸਰੀਰ ਦੋ ਗਜ ਫ਼ਾਸਲੇ ਤੋਂ ਵੀ ਭੱਠ ਵਾਂਗ ਸੇਕ ਮਾਰ ਰਿਹਾ ਸੀ।

-"ਲੈ ਫ਼ੜ ਪੈਸੇ, ਜਾਹ ਠੇਕੇ ਤੋਂ ਲਿਆ ਬੋਤਲ, ਤੇ ਗੜ੍ਹਕੇ ਨਾਲ਼ ਪੀਅ...! ਮੇਰੇ ਤੇ ਤੇਰੇ ਭਰਾ ਦੇ ਹੁੰਦਿਆਂ ਤੂੰ ਸੁੱਕੇ ਸੋੜ੍ਹੇ ਥੋੜ੍ਹੋ ਮਰਨੈਂ..? ਜਾਹ ਲਿਆ ਬੋਤਲ, ਤੇ ਦੋ ਪੈੱਗ ਲਾ ਕੇ ਟੱਸ ਫ਼ੜ, ਕੰਨ ਜੇ ਨਾ ਸਿੱਟ...!" ਭਰਜਾਈ ਨੇ ਛਾਤੀਆਂ ਦੇ ਸੰਨ੍ਹ 'ਚੋਂ ਹਾਥੀ ਦੇ ਕੰਨ ਜਿੱਡੇ ਨੋਟ ਕੱਢ ਕੇ ਫ਼ੜਾਏ। ਉਸ ਦੇ ਤਰਕ ਜਿਹੀ ਮਾਰਨ 'ਤੇ ਜੁਗਾੜੂ ਛਾਲ਼ ਮਾਰ ਕੇ ਮੰਜੇ ਤੋਂ ਉਠਿਆ, ਜਿਵੇਂ ਉਸ ਦੀ ਪਿੱਠ ਹੇਠ ਕੋਈ ਸੱਪ ਆ ਗਿਆ ਸੀ। ਭਰਜਾਈ ਦੀ ਤਿੱਖੀ ਤਰਕ ਬੜੀ ਜ਼ਹਿਰੀਲੀ ਸੀ। ਭਰਜਾਈ ਦੇ ਹੱਥੋਂ ਨੋਟ ਉਸ ਨੇ ਉਂਗਲ਼ਾਂ ਦਾ ਚਿਮਟਾ ਬਣਾ ਕੇ ਫ਼ੜੇ। ਨਿੱਕੀ ਭਰਜਾਈ ਦੀ ਤਰਕ ਉਸ ਦੇ ਨਸ਼ਤਰ ਵਾਂਗ ਵੱਜੀ ਸੀ।

ਜੁਗਾੜੂ ਸੀ ਕਿ ਕੋਈ ਬਲਾਅ..? ਉਹ ਫ਼ੁਰਤੀ ਨਾਲ਼ ਬੋਤਲ ਲੈ ਕੇ ਮੁੜ ਆਇਆ। ਉਸ ਦੇ ਆਉਣ ਤੱਕ ਭਰਜਾਈ ਨੇ ਸਾਗ ਨੂੰ ਲਸਣ, ਹਰੀ ਮਿਰਚ ਅਤੇ ਅਧਰਕ ਦਾ ਤੜਕਾ ਲਾ ਦਿੱਤਾ ਸੀ। ਉਪਰ ਹਰਾ ਧਨੀਆਂ ਛਿੜਕ ਦਿੱਤਾ ਸੀ।

-"ਲੈ ਚੱਕ..! ਹੁਣੇ ਤੜਕਾ ਲਾਇਐ..! ਐਸ਼ਾਂ ਕਰ ਤੇ ਬੁੱਲੇ ਵੱਢ..!" ਉਹ ਸਾਗ ਦੀ ਬਾਟੀ ਅਤੇ ਪਾਣੀ ਦਾ ਜੱਗ ਜੁਗਾੜੂ ਅੱਗੇ ਰੱਖਦੀ ਬੋਲੀ।

-"ਕੋਈ ਗਿਲਾਸ ਵੀ ਲਿਆ ਦੇ..! ਕਿ ਬੁੱਕ ਨਾਲ਼ ਈ ਪੀ'ਲਾਂ...?" ਉਸ ਨੇ ਬੋਤਲ ਦਾ ਗਲ਼ ਕੁੱਕੜ ਵਾਂਗ ਮਰੋੜਿਆ। ਦਾਰੂ ਦੀ ਬੋਤਲ ਨੇ ਉਸ ਅੰਦਰ ਕਿਸੇ ਹੌਂਸਲੇ ਦਾ ਸੰਚਾਰ ਕਰ ਦਿੱਤਾ ਸੀ।

-"ਗਿਲਾਸ ਕੀ..? ਜਾਨ ਮੰਗ ਜਾਨ, ਭਾਈ ਜੀ..! ਤੇਰੀ ਜਾਨ ਨੂੰ ਕਾਹਦਾ ਘਾਟੈ...?" ਉਹ ਮੱਖੀ ਵਾਂਗੂੰ "ਭਿਣਨ-ਭਿਣਨ" ਕਰਦੀ ਵਾਪਸ ਮੁੜ ਗਈ।

-"ਜਾਨ ਤੇਰੀ ਐਂਵੇਂ ਆਈ ਐ..?"

-"ਅੱਜ ਸਕੂਲ 'ਚ ਮੈਨੂੰ ਸਰਪੈਂਚ ਮਿਲ਼ਿਆ ਸੀ..!" ਤੇਜ ਕੌਰ ਨੇ ਅਸਲ ਗੱਲ ਦੱਸੀ।

-"...............।" ਜੁਗਾੜੂ ਨੇ ਗਿਲਾਸ ਦਾਰੂ ਦਾ ਭਰ ਕੇ ਧਰਤੀ ਮਾਤਾ ਨੂੰ ਛਿੱਟਾ ਦਿਤਾ ਅਤੇ ਸ਼ਰਬਤ ਦੇ ਪਾਣੀ ਵਾਂਗ ਸੂਤ ਗਿਆ। ਘਰ ਦੀ ਦਾਰੂ ਨੇ ਉਸ ਨੂੰ ਪੱਠਾ ਲਾ ਦਿੱਤਾ ਸੀ। ਉਸ ਨੇ ਧੁੜਧੁੜੀ ਜਿਹੀ ਲੈ ਕੇ ਸਾਗ ਦਾ ਚਮਚਾ ਮੂੰਹ ਵਿੱਚ ਪਾਇਆ। ਜਾੜ੍ਹ ਹੇਠ ਆਈ ਹਰੀ ਮਿਰਚ ਦੀ ਕੁੜੱਤਣ ਨਾਲ਼ ਉਸ ਦਾ ਮੂੰਹ ਆਪਣੇ ਆਪ ਖੁੱਲ੍ਹ ਗਿਆ।

-"ਬੋਲਦਾ ਸੀ ਕੁਛ...?" ਉਹ ਮੂੰਹ ਬਕਬਕਾ ਜਿਹਾ ਬਣਾਈ ਬੈਠਾ ਸੀ।

-"ਬੋਲਣਾ ਤਾਂ ਕੀ ਸੀ..? ਸਮਝੌਤੀਆਂ ਜੀਆਂ ਦਿੰਦਾ ਸੀ, ਇਹ ਕੰਮ ਮਾੜੇ ਐ ਭਾਈ, ਉਹਨੂੰ ਸਮਝਾਓ ਭਾਈ, ਲੜਾਈ ਝਗੜ੍ਹਿਆਂ 'ਚ ਕੁਛ ਨੀ ਪਿਆ ਭਾਈ..!" ਗੱਲਾਂ ਕਰਦੀ ਤੇਜ ਕੌਰ ਨਾਲ਼ ਦੀ ਨਾਲ਼ ਜੁਗਾੜੂ ਦਾ ਚਿਹਰਾ ਪੜ੍ਹ ਰਹੀ ਸੀ। ਪਰ ਜੁਗਾੜੂ ਨੇ ਕੋਈ ਤਰਾਰਾ ਨਹੀਂ ਦਿਖਾਇਆ ਸੀ। ਕੋਈ ਕਰੜਾ ਜਵਾਬ ਨਹੀਂ ਦਿੱਤਾ ਸੀ।

-"ਕਹਿ ਜਿੰਨ੍ਹਾਂ ਨੇ ਸੁੱਥਣਾਂ ਸੁਆਈਐਂ, ਦੂਜੇ ਕੰਮ ਵਾਸਤੇ ਥਾਂ ਪਹਿਲਾਂ ਰੱਖੇ ਐ..!"

-"ਮੈਂ ਤਾਂ ਕਹਿਤਾ...!"

-"ਕੀ ਕਹਿਤਾ...?" ਜੁਗਾੜੂ ਨੇ ਇੱਕ ਗਿਲਾਸ ਹੋਰ ਭਰ ਲਿਆ।

-"ਬਈ ਬੰਦਾ ਜਿਹੜਾ ਕੁਛ ਕਰਦੈ, ਆਬਦੇ ਸਿਰ 'ਤੇ ਈ ਕਰਦੈ...!" ਤੇਜ ਕੌਰ ਨੇ ਸਰਾਸਰ ਝੂਠ ਬੋਲਿਆ। ਉਹ ਜੁਗਾੜੂ ਦੀ ਬੁਝੀ ਧੂਣੀਂ 'ਤੇ ਭੂਕਣੇ ਨਾਲ਼ ਫ਼ੂਕ ਮਾਰਨਾ ਚਾਹੁੰਦੀ ਸੀ।

-"ਮੇਰੀ ਤਾਂ ਅੰਦਰ ਕਿਸੇ ਕੰਜਰ ਨੇ ਬਾਤ ਨੀ ਪੁੱਛੀ, ਮੈਂ ਤਾਂ ਆਬਦੇ ਸਿਰ 'ਤੇ ਛੁੱਟ ਕੇ ਆਇਐਂ..!" ਜੁਗਾੜੂ ਨੇ ਲੱਠ ਵਰਗਾ ਉਲਾਂਭਾ ਭਰਜਾਈ ਦੇ ਪੈਰੀਂ ਵਗਾਹ ਮਾਰਿਆ।

-"ਲੈ, ਦੋ ਵਾਰੀ ਤਾਂ ਮੈਂ ਤੇਰੀ ਮੁਲਾਕਾਤ ਕਰਨ ਗਈ ਆਂ..!" ਭਰਜਾਈ ਅੰਦਰੋਂ ਥਿੜਕੀ। ਪਰ ਤੁਰੰਤ ਸੰਭਲ਼ ਗਈ। ਉਸ ਨੇ ਸੋਚਿਆ ਤੱਕ ਨਹੀਂ ਸੀ ਕਿ ਜੁਗਾੜੂ ਉਖੜੀ ਕੁਹਾੜ੍ਹੀ ਵਾਂਗ ਮੱਥੇ 'ਚ ਵੱਜੇਗਾ?

-"ਤੇਰੀ ਗੱਲ ਨੀ ਕਰਦਾ ਭਰਜਾਈਏ...! ਮੰਨੋ ਪੈਣੇ ਲੋਕਾਂ ਦੀ ਗੱਲ ਕਰਦੈਂ, ਤੂੰ ਤਾਂ ਆਬਦੇ ਆਪ ਨੂੰ ਮੱਲੋਮੱਲੀ ਵਿੱਚ ਘਸੋੜ ਲੈਨੀਂ ਐਂ, ਤੂੰ ਉਹਨਾਂ ਕੰਜਰਾਂ ਨਾਲ਼ ਮਿਲ਼ਗੀ...? ਤੂੰ ਸੌ ਗੁਣਾਂ ਦੀ ਗੁਥਲੀ, ਤੇ ਲੋਕ ਸਾਲ਼ੇ ਗੰਦ ਦੇ ਬੋਰੇ..! ਤੂੰ ਉਹਨਾਂ ਨਾਲ਼ ਮਿਲਗੀ...?"

-"ਮੈਂ ਤਾਂ ਤੇਰੇ ਸਾਹੀਂ ਸਾਹ ਲੈਨੀਂ ਐਂ, ਦੁਨੀਆਂ ਸੌ ਗੱਲਾਂ ਕਰਦੀ ਊਝਾਂ ਲਾਉਂਦੀ ਐ, ਪਰ ਮੇਰੇ ਕੋਈ ਕੰਜਰ ਜੁੱਤੀ ਦੇ ਯਾਦ ਨੀ, ਮੈਂ ਮਾਰਦੀ ਆਂ ਢਾਕ ਤੋਂ ਦੀ ਦੁਨੀਆਂ ਨੂੰ..!"

-"ਤੇ ਮੈਂ ਕਿਹੜਾ ਕਦੇ ਕੋਈ ਫ਼ਰਕ ਰੱਖਿਐ ਲਾਣੇਦਾਰਨੀਏਂ..? ਲਹੂ ਡੋਲ੍ਹਣ ਨੂੰ ਮੈਂ ਤਿਆਰ ਰਹਿੰਨੈਂ, ਤੂੰ ਹੁਕਮ ਕਰ, ਮੈਂ ਸਾਰਾ ਪਿੰਡ ਮਾਰ ਦਿਆਂ..!" ਉਸ ਨੇ ਕਸੀਸ ਵੱਟ ਕੇ ਗਿਲਾਸ ਅੰਦਰ ਸੁੱਟਿਆ। ਨਸ਼ੇ ਦੀ ਲੋਰ ਨੇ ਉਸ ਨੂੰ ਸੱਤਰੰਗੀ ਪੀਂਘ ਵਾਲ਼ਾ ਹੁਲ੍ਹਾਰਾ ਦਿੱਤਾ, "ਬੱਸ ਤੂੰ ਨਾ ਪਿੱਛਾ ਦੇਈਂ ਭਾਬੋ, ਤੇਰੇ ਇੱਕ ਇਸ਼ਾਰੇ 'ਤੇ ਮੈਂ ਸਾਰੀ ਦੁਨੀਆਂ ਫ਼ਨਾਂਹ ਕਰਦੂੰ..!"

-"ਲੈ, ਇੱਕ ਪੈੱਗ ਮੇਰੇ ਹੱਥ ਦਾ ਵੀ ਪੀਅ..!" ਉਸ ਨੇ ਪੌਣਾ ਗਿਲਾਸ ਕਰ ਕੇ ਜੁਗਾੜੂ ਦੇ ਹੱਥ ਫ਼ੜਾ ਦਿੱਤਾ।

-"ਤੇਰੇ ਆਖੇ ਤੋਂ ਤਾਂ ਮੈਂ ਮੌਹਰਾ ਵੀ ਪੀ ਜਾਊਂ, ਭਾਬੋ...! ਤੂੰ ਹੁਕਮ ਤਾਂ ਕਰ ਕੇ ਦੇਖ...!" ਉਸ ਨੇ ਗਿਲਾਸ ਖਾਲੀ ਕਰ ਦਿੱਤਾ। ਉਸ ਦੀਆਂ ਅੱਖਾਂ ਦਾ ਰੰਗ "ਜੋਗੀਆਂ" ਹੋ ਗਿਆ ਸੀ। ਜੰਗਲੀ ਬੋਤੇ ਵਾਂਗ ਉਹ ਮੰਜੇ 'ਤੇ ਹੀ ਤੜਾਫ਼ੇ ਜਿਹੇ ਮਾਰਨ ਲੱਗ ਪਿਆ। ਫ਼ਿਰ ਉਹ ਉਠ ਕੇ ਜੰਗਲੀ ਬੋਤੇ ਵਾਂਗ ਬੁੱਕਿਆ। ਤੇਜ ਕੌਰ ਨੇ ਉਸ ਦੇ ਮੂੰਹ 'ਤੇ ਹੱਥ ਰੱਖ ਕੇ ਮਸਾਂ ਚੁੱਪ ਕਰਵਾਇਆ।

-"ਕਿਉਂ ਝੱਜੂ ਪਾਇਐ...? ਲੋਕਾਂ ਨੂੰ ਤਮਾਸ਼ਾ ਦਿਖਾਉਣੈ...?" ਤੇਜ ਕੌਰ ਦਾ ਹੱਥ ਜੁਗਾੜੂ ਦੇ ਮੂੰਹ 'ਚੋਂ ਡਿੱਗੀ ਝੱਗ ਨਾਲ਼ ਲਿੱਬੜ ਗਿਆ ਸੀ।

-"ਤੇਰੀ ਖਾਤਰ ਤਾਂ ਮੈਂ ਖੂਹ 'ਚ ਡਿੱਗਣ ਨੂੰ ਤਿਆਰ ਬਰ ਤਿਆਰ ਐਂ, ਭਾਬੋ ਮੇਰੀਏ..!"

-"ਖੂਹ 'ਚ ਡਿੱਗਣ ਨੂੰ ਮੈਂ ਜਮਾਂ ਨੀ ਆਖਦੀ..!"

-"ਖਾਤੇ 'ਚ ਡਿੱਗ ਪੈਂਨੈ..?"

-"ਵੇ ਫ੍ਹੋਅਟ...!"

-"ਹੋਰ ਦੱਸ ਕੀ ਕਰਾਂ...? ਤੇਰੀ ਖਾਤਰ ਮੈਂ ਫ਼ਾਕੜਾਂ ਹੋਜਾਂ..!"

-"ਕਹਿੰਦੇ ਨੀ ਹੁੰਦੇ..? ਪੁੱਤਰ ਜੰਮੇਂ ਨਲਾਇਕ ਨਾ, ਧੀ ਅੰਨ੍ਹੀ ਚੰਗੀ..!"

-"ਨਲੈਕ...?"

-"ਤੇ ਹੋਰ ਤੂੰੰ ਜਣਦਿਆਂ ਦਾ ਸਿਰ ਐਂ...?" ਤੇਜ ਕੌਰ ਖਿਝੀ ਪਈ ਸੀ।

-"ਇੱਕ ਜੱਫ਼ੀ ਪਾ ਲੈ, ਚਾਹੇ ਮੇਰੀ ਬਲੀ ਲੈ ਲਈਂ...!"

-"ਲੈ...! ਤੂੰ ਵੀ ਕੀ ਯਾਦ ਕਰੇਂਗਾ..!" ਤੇਜ ਕੌਰ ਨੇ ਉਸ ਨੂੰ ਪਿੱਛੋਂ ਜੱਫ਼ੀ ਪਾ ਲਈ।

-"ਅਖੇ ਬੱਕਰੀ ਨੇ ਦਿੱਤਾ ਦੁੱਧ, ਤੇ ਓਹ ਵੀ ਮੀਂਗਣਾਂ ਘੋਲ਼ ਕੇ...! ਜੱਫ਼ੀ ਪਾਈ, ਤੇ ਉਹ ਵੀ ਪਿੱਛੋਂ..? ਵੇਲ਼ਾ ਜਿਆ ਪੂਰਾ ਨਾ ਕਰ, ਜੇ ਪਾਉਣੀਂ ਐਂ ਤਾਂ ਸਾਹਮਣੇ ਆ ਕੇ ਪਾਅ...! ਹਿੱਕ 'ਚ ਵੱਜ ਟਿਕਾਅ ਕੇ..! ਅੱਖਾਂ ਜੀਆਂ ਨਾ ਪੂੰਝ...!"

ਤੇਜ ਕੌਰ ਅੱਗੇ ਆ ਗਈ ਅਤੇ ਉਸ ਨੇ ਜੁਗਾੜੂ ਨੂੰ ਘੁੱਟ ਕੇ ਗਲਵਕੜੀ ਵਿੱਚ ਜਕੜ ਲਿਆ।

-"ਐਹਨਾਂ ਗੱਲਾਂ ਨੂੰ ਤਾਂ ਮੈਂ ਜੁੱਗੜਿਆਂ ਦਾ ਤਰਸੀ ਜਾਨੈਂ, ਭਾਬੋ...! ਮੈਂ ਤਾਂ ਗਲਵਕੜੀ ਨੂੰ ਤਰਸ ਗਿਆ..!"

-"ਹੁਣ ਤਾਂ ਰੱਜ ਆ ਗਿਆ...?"

-"ਇੱਕ ਹੋਰ ਪਾ ਲੈ, ਫ਼ੇਰ ਦੁੱਖ ਟੁੱਟਣਗੇ ਜੁੱਗਾਂ ਜੁਗਾਂਤਰਾਂ ਦੇ...!"

ਤੇਜ ਕੌਰ ਨੇ ਇੱਕ ਵਾਰ ਫ਼ਿਰ ਗਲਵਕੜੀ ਪਾ ਲਈ।

-"ਭਾਬੋ...!"

-"ਬੋਲ...?"

-"ਇੱਕ ਗੱਲ ਆਖਾਂ...?"

-"ਵੀਹ ਆਖ...!" ਉਹ ਉਸ ਨੂੰ ਘੁੱਟੀ ਖੜ੍ਹੀ ਸੀ।

-"ਪੂਰੀ ਕਰੇਂਗੀ...?"

-"ਅੱਗੇ ਕਦੇ ਮੁੱਕਰੀ ਐਂ...? ਤੇਰਾ ਹਰ ਕੰਮ ਅੱਧ ਬੋਲ ਨੀ ਕੀਤਾ..?"

-"ਮੈਨੂੰ ਸਾਕ ਕਦੋਂ ਕਰਵਾਉਣੈ...?"

-"............................।" ਗੱਲ ਸੁਣ ਕੇ ਤੇਜ ਕੌਰ ਨੂੰ ਭੁਆਂਟਣੀ ਆਈ।

-"ਤੈਨੂੰ ਮੇਰੇ ਹੁੰਦਿਆਂ ਟੋਟ ਐ ਕਾਸੇ ਦੀ...?"

-"ਆਬਦੀ ਤੀਮੀਂ ਤਾਂ ਫ਼ੇਰ ਆਬਦੀ ਈ ਹੁੰਦੀ ਐ ਨ੍ਹਾਂ..?"

-"ਤੂੰ ਬਿਗਾਨਿਆਂ ਵਾਲ਼ੀ ਗੱਲ ਜੀ ਕਰ ਕੇ ਮੇਰਾ ਦਿਲ ਨਾ ਤੋੜਿਆ ਕਰ ਭਾਈ ਜੀ, ਦੱਸ ਮੈਂ ਕਦੇ ਕਿਸੇ ਗੱਲੋਂ ਤੇਰਾ ਹੱਥ ਫ਼ੜਿਐ..? ਤੂੰ ਪਾਣੀ ਮੰਗਦੈਂ, ਤੈਨੂੰ ਦੁੱਧ ਹਾਜਰ ਕਰੀਦੈ...!"

-"ਐਨੇ ਮਹੀਨਿਆਂ ਬਾਅਦ ਮੈਂ ਜੇਲ੍ਹ 'ਚੋਂ ਆਇਐਂ, ਤੇ ਤੂੰ....!" ਜੁਗਾੜੂ ਨੇ ਅਜੇ ਗੱਲ ਵੀ ਪੂਰੀ ਨੀ ਸੀ ਕੀਤੀ, ਤੇਜ ਕੌਰ ਨੇ ਉਸ ਦੇ ਮੂੰਹ 'ਤੇ ਹੱਥ ਰੱਖ ਲਿਆ।

-"ਚੱਲ ਅੰਦਰ...!" ਉਸ ਨੇ ਬਾਹਰਲੇ ਦਰਵਾਜੇ ਦਾ ਕੁੰਡਾ ਲਾ ਦਿੱਤਾ ਅਤੇ ਬਾਂਹ ਫ਼ੜ ਕੇ ਜੁਗਾੜੂ ਨੂੰ ਅੰਦਰ ਲੈ ਤੁਰੀ। ਉਸ ਦੇ ਦਿਲ ਦੀ ਧੜ੍ਹਕਣ ਤੇਜ਼ ਹੋ ਗਈ ਸੀ। ਜੁਗਾੜੂ ਵੀ ਬੋਤੇ ਵਾਂਗ ਪੁਲਾਂਘਾਂ ਪੁੱਟਦਾ ਧੁੱਸ ਦੇਈ ਆ ਰਿਹਾ ਸੀ।

ਸਵਾਤ ਦਾ ਦਰਵਾਜਾ ਭੇੜ੍ਹ ਕੇ ਜੁਗਾੜੂ ਨੇ ਭਰਜਾਈ ਨੂੰ ਚੱਭਾ ਮਾਰਿਆ ਅਤੇ ਚਰ੍ਹੀ ਦੀ ਪੂਲੀ ਵਾਂਗ ਥੱਲੇ ਧਰ ਲਈ।

ਕਮਰੇ ਅੰਦਰ ਲੋਰ ਦਾ ਤੁਫ਼ਾਨ ਉਠਿਆ ਅਤੇ ਸਮਾਂ ਪਾ ਕੇ ਸ਼ਾਂਤ ਹੋ ਗਿਆ।

-"ਚੱਲ ਲੀੜੇ ਪਾ ਕੇ ਬਾਹਰ ਚੱਲ, ਕੋਈ ਆ ਨਾ ਜਾਵੇ...!"

ਜੁਗਾੜੂ ਕੱਪੜੇ ਪਾ ਕੇ ਬਾਹਰ ਨਿਕਲ਼ ਗਿਆ। ਹੁਣ ਉਸ ਦੇ ਸਰੀਰ ਵਿੱਚ ਉਤਨਾ ਬਲ ਨਹੀਂ ਸੀ, ਜਿੰਨਾਂ ਉਹ ਪਹਿਲਾਂ ਫ਼ੁੰਕਾਰੇ ਮਾਰਦਾ ਸੀ।

ਪਿੱਛੇ ਹੀ ਤੇਜ ਕੌਰ ਬਾਹਰ ਆ ਗਈ।

-"ਮੰਗ ਕੀ ਮੰਗਦੀ ਐਂ, ਭਾਬੋ..?" ਉਹ ਪੈੱਗ ਪਾਉਂਦਾ ਬੋਲਿਆ।

-"ਮੈਂ ਕੀ ਮੰਗਣੈਂ..? ਕਾਸੇ ਦੀ ਲੋੜ ਨੀ, ਤੇਰਾ ਦਿੱਤਾ ਸਭ ਕੁਛ ਐ..!"

-"ਨਹੀਂ..! ਮੰਗ ਕੀ ਮੰਗਦੀ ਐਂ, ਓਹੀ ਹਾਜ਼ਰ ਕਰੂੰ..!"

-"ਵੇ ਮੈਂ ਕੀ ਮੰਗਣੈਂ ਕਮਲ਼ਿਆ..? ਸੱਤੇ ਖ਼ੈਰਾਂ..!"

-"ਨਹੀਂ ਭਾਬੋ...! ਤੀਸਰਾ ਬਚਨ ਐਂ, ਮੰਗ..!"

-"ਜੋ ਮੰਗਿਆ ਦੇਵੇਂਗਾ..?"

-"ਤੈਨੂੰ ਬਚਨ ਦਿੱਤਾ, ਜੋ ਬੱਤੀ ਦੰਦਾਂ 'ਚੋਂ ਕੱਢੇਂਗੀ, ਓਹੀ ਦਿਊਂਗਾ...!"

-"ਪੱਕੀ ਗੱਲ ਐ...?"

-"ਇੱਟ ਅਰਗੀ ਪੱਕੀ...!"

-"ਪੱਕਾ ਬਚਨ...!"

-"ਮਰਦਾਂ ਆਲ਼ਾ ਬਚਨ ਭਾਬੋ...! ਮਰਦਾਂ ਆਲ਼ਾ ਬਚਨ...!"

-"ਹਜਾਰੇ ਦੇ ਸੰਤੇ ਨੂੰ ਪਾਰ ਬੁਲਾ ਦੇ..!"

-"ਹਜਾਰੇ ਦੇ ਸੰਤੇ ਨੂੰ..?" ਜੁਗਾੜੂ ਦੇ ਹੱਥ ਢਿੱਲੇ ਪੈ ਗਏ।

-"ਹਾਂ...!"

-".........................।" ਉਸ ਨੇ ਭਰਜਾਈ ਦਾ ਚਿਹਰਾ ਗਹੁ ਨਾਲ਼ ਤੱਕਿਆ। ਭਰਜਾਈ ਦਾ ਚਿਹਰਾ ਉਸ ਨੂੰ ਕਿਸੇ ਬੁੱਚੜ ਵਰਗਾ ਲੱਗਿਆ ਅਤੇ ਉਹ ਫ਼ੌਲਾਦੀ ਚੁੱਪ ਧਾਰ ਗਿਆ।

-"ਬੱਸ...? ਆਹੀ ਬਚਨ ਸੀ..?" ਭਰਜਾਈ ਦਾ ਚਿਹਰਾ ਪੱਥਰ ਬਣਿਆਂ ਪਿਆ ਸੀ। ਉਸ ਨੇ ਜਿੰਨ ਵਰਗਾ ਮੂੰਹ ਖੋਲ੍ਹ ਕੇ ਮਿਹਣੇ ਵਰਗਾ ਸੁਆਲ ਕੀਤਾ।

-"ਪਰ ਕਿਉਂ..? ਓਹਨੇ ਕਿਹੈ ਤੈਨੂੰ ਕੁਛ..?"

-"ਹੁਣ ਗੱਲਾਂ ਈ ਪੁੱਛੀ ਜਾਵੇਂਗਾ, ਜਾਂ ਆਬਦੇ ਕੀਤੇ ਬਚਨ 'ਤੇ ਵੀ ਪੱਕਾ ਰਹੇਂਗਾ..? ਓਦੋਂ ਤਾਂ ਤੀਸਰੇ ਬਚਨ ਦੀ ਰਟ ਲਾਈ ਫ਼ਿਰਦਾ ਸੀ, ਜਿਵੇਂ ਅਕਬਰ ਬਾਦਸ਼ਾਹ ਹੁੰਨੈਂ..!" ਉਹ ਕੌੜਾ ਜਿਹਾ ਮੁਸਕੁਰਾਈ।

-"ਕੰਮ ਥੋੜ੍ਹਾ ਜਿਆ ਠੰਢਾ ਨਾ ਪੈ ਲੈਣ ਦੀਏ..? ਹੁਣੇ ਹੁਣੇ ਤਾਂ ਹਜਾਰੇ ਦਾ ਗੁੱਗਾ ਪੂਜ ਕੇ ਹਟੇ ਐਂ..!"

-"ਵੇ ਪਸ਼ੂਆ..! ਅੱਗੇ ਕਿਹੜਾ ਉਹਨਾਂ ਨੇ ਤੇਰੀ ਕੰਧ ਢਾਅਤੀ..? ਜਿਹੋ ਜਿਆ ਉਹਨਾਂ ਨੇ ਅੱਗੇ ਲੱਲ੍ਹਰ ਲਾਅਤਾ, ਓਹੋ ਜਿਆ ਈ ਹੁਣ ਲਾ ਦੇਣਗੇ, ਨਾਲ਼ੇ ਹੁਣ ਕਿਹੜਾ ਕੋਈ ਮਗਰ ਆਉਣ ਆਲ਼ਾ ਰਹੂ..?"

-"ਸੰਤੇ ਵਾਸਤੇ ਤੇਰੀ ਭੈਣ ਦਾ ਰਿਸ਼ਤਾ ਨੀ ਸੀ ਲਿਆ ਹਜਾਰੇ ਕਿਆਂ ਨੇ, ਤੂੰ ਉਹ ਕਿੜ੍ਹ ਕੱਢਦੀ ਐਂ, ਭਾਬੋ..! ਮੈਂ ਸਾਰੀ ਹੀਰ ਜਾਣਦੈਂ, ਕਮਲ਼ਾ ਮੈਂ ਜਮਾਂ ਨੀ, ਮੈਨੂੰ ਤਾਂ ਤੂੰ ਰਿਸ਼ਤਾ ਕਰਵਾਇਆ ਨੀ, ਮੈਂ ਤਾਂ ਬੋਤੇ ਦੀ ਪੂਛ ਅਰਗਾ ਲੰਡਾ ਈ ਡੱਕ-ਡੱਕ ਵੱਜਦਾ ਫ਼ਿਰਦੈਂ...!"

-"ਤੂੰ ਇਹ ਕੰਮ ਸਿਰੇ ਲਾਅ, ਜਿੱਦਣ ਬਰੀ ਹੋ ਕੇ ਆ ਗਿਆ, ਓਦਣ ਈ ਰਿਸ਼ਤਾ ਲਿਆਦੂੰ..!"

-"ਪੱਕੀ ਗੱਲ ਐ...?"

-"ਓਹ...ਹੋਅ.....! ਬੇ'ਤਬਾਰੀ ਜੀ ਨਾ ਕਰਿਆ ਕਰ..!" ਤੇਜ ਕੌਰ ਨੇ ਬੁੱਲ੍ਹ ਟੇਰੇ।

-"ਲੈ ਫ਼ੇਰ ਅੱਜ ਰਾਤ ਨੂੰ ਈ ਲੈ ਕੰਡਾ ਕੱਢਿਆ...!"

-"ਰਾਤ ਕੀਹਦੀ ਮਾਂ ਨੂੰ ਆਈ..? ਤੂੰ ਪੈੱਗ ਸ਼ੈਗ ਲਾ ਕੇ ਖੇਤ ਈ ਜਾ ਦੱਬ, ਅਗਲਾ ਹੁਣੇ ਰੇੜ੍ਹੀ ਲੈ ਕੇ ਪੱਠਿਆਂ ਨੂੰ ਗਿਐ..!"

-"ਤੂੰ ਦੇਖਿਐ...?"

-"ਜੇ ਦੇਖਿਐ, ਤਾਂ ਹੀ ਤਾਂ ਆਖਦੀ ਐਂ..! ਵੈਰੀ ਨੂੰ ਆਵੇਸਲ਼ੇ ਨੂੰ ਈ ਦੱਬੀਏ..! ਤੂੰ ਇੱਕ ਅੱਧਾ ਪੈੱਗ ਲਾ, ਬਾਹਲ਼ੀ ਨਾ ਅਜੇ ਪੀਂਵੀਂ, ਆ ਕੇ ਚਾਹੇ ਸਾਰੀ ਪੀ ਲਈਂ, ਇੱਕ ਬੋਤਲ ਦੇ ਪੈਸੇ ਤੈਨੂੰ ਹੋਰ ਦੇ ਦਿੰਨੀ ਆਂ...! ਆਹ ਲੈ ਫ਼ੜ..!" ਉਸ ਨੇ ਕੁਝ ਨੋਟ ਉਸ ਦੀ ਮੁੱਠੀ ਵਿੱਚ ਦੇ ਦਿੱਤੇ।

-"ਹੁਣ ਬਾਹਰ ਨੀ ਪੀਣੀ, ਕੰਮ ਕਰ ਕੇ ਘਰੇ ਆ ਕੇ ਪੀਣੀ ਐਂ...!"

-"ਮੈਂ ਤੇਰੇ ਤੋਂ ਨਾਬਰ ਐਂ...? ਚੱਲ ਓਏ ਭਗਤਾ..! ਪੁਗਾ ਭਾਬੋ ਨੂੰ ਦਿੱਤੇ ਬੋਲ, ਕਰ ਪੂਰੇ ਬਚਨ, ਲਿਆ ਇੱਕ ਤਕੜਾ ਜਿਆ ਰੱਸਾ ਫ਼ੜਾ ਕੇਰਾਂ..! ਜੇ ਕੋਈ ਹਥਿਆਰ ਚੱਕਿਆ, ਲੋਕ ਸ਼ੱਕ ਕਰਨਗੇ, ਰੱਸਾ ਹੱਥ 'ਚ ਹੋਊ ਤਾਂ ਲੋਕ ਸੋਚਣਗੇ ਬਈ ਪੱਠਿਆਂ ਨੂੰ ਚੱਲਿਐ..!"

-"ਸਿਆਣਾ ਹੋ ਗਿਆ ਤੂੰ..! ਨਾਲ਼ੇ ਕਿਸੇ ਕੋਲ਼ ਭਾਫ਼ ਨੀ ਕੱਢਣੀ, ਬੱਸ ਕੰਮ ਕਰ ਕੇ ਛੱਪ ਦੇਣੇ ਆਜੀਂ..! ਆਹ ਲੈ ਰੱਸਾ, ਤੇ ਆਹ ਫ਼ੜ ਦਾਤੀ...!"

-"ਮਾਸਟਰ ਕਦੋਂ ਆਊ...?" ਜੁਗਾੜੂ ਆਪਣੇ ਛੋਟੇ ਭਰਾ ਨੂੰ "ਮਾਸਟਰ" ਹੀ ਆਖਦਾ ਸੀ।

-"ਉਹ ਤਾਂ ਸਕੂਲ ਬੰਦ ਹੋਏ ਤੋਂ ਆਊ..! ਅੱਜ ਚੈਹਾ ਪੈਣੈਂ ਸਕੂਲ 'ਚ, ਸਕੂਲ ਤੋਂ ਬਾਅਦ ਅੱਜ ਘੁੱਟ ਲਾਉਣਗੇ ਵੀ ਓਥੇ..! ਉਹ ਤਾਂ ਅੱਜ ਲੇਟ ਈ ਆਊ..!"

ਜੁਗਾੜੂ ਨੇ ਇੱਕ ਪੂਰਾ ਗਿਲਾਸ ਭਰ ਕੇ ਅੰਦਰ ਸੁੱਟਿਆ ਅਤੇ ਰੱਸਾ ਅਤੇ ਦਾਤੀ ਲੈ ਬਾਹਰ ਨਿਕਲ਼ ਗਿਆ।

ਤੇਜ ਕੌਰ ਕਿਸੇ ਵਿਸ਼ੇਸ਼ ਲਹਿਜੇ ਨਾਲ਼ ਜਾਂਦੇ ਜੁਗਾੜੂ ਨੂੰ ਤੱਕ ਰਹੀ ਸੀ। ਜੁਗਾੜੂ ਉਸ ਲਈ ਦੇਵਤਾ ਸੀ, ਜਿਸ ਨੇ ਉਸ ਦੇ ਸਾਰੇ ਧੋਣੇ ਧੋ ਦੇਣੇ ਸਨ। ਸ਼ਰੀਕ ਨੂੰ ਮਾਰ ਕੇ ਜਦ ਜੁਗਾੜੂ ਨੇ ਸਾਰੀ ਉਮਰ ਲਈ ਅੰਦਰ ਚਲਿਆ ਜਾਣਾ ਸੀ ਤਾਂ ਜੁਗਾੜੂ ਦੀ ਸਾਰੀ ਜ਼ਮੀਨ ਤੇਜ ਕੌਰ ਅਤੇ ਉਸ ਦੇ ਘਰਵਾਲ਼ੇ ਨੇ ਹੀ ਭੋਰ-ਭੋਰ ਖਾਣੀਂ ਸੀ। ਜੁਗਾੜੂ ਤਾਂ ਉਸ ਲਈ ਇੱਕ "ਖਾਣ" ਸੀ, ਜਿਸ ਵਿੱਚੋਂ ਸੋਨਾ ਨਹੀਂ, ਝੋਟੇ ਦੇ ਸਿਰ ਵਰਗੀ ਉਪਜਾਊ ਪੈਲ਼ੀ ਹੀ ਨਿਕਲਣੀ ਸੀ।

 ਕਾਂਡ 6

 ਸਰਦੀਆਂ ਦਾ ਸੂਰਜ ਅਸਮਾਨ ਵਿੱਚ ਕੂੰਗੜਿਆ ਜਿਹਾ ਖੜ੍ਹਾ ਸੀ।

ਦਾਰੂ ਨਾਲ਼ "ਟੁੰਨ" ਹੋਇਆ ਜੁਗਾੜੂ ਕੰਧਾਂ ਕੌਲਿਆਂ ਵਿੱਚ ਵੱਜਦਾ ਜਾ ਰਿਹਾ ਸੀ। ਲੋਕ ਉਸ ਨੂੰ ਦੇਖ ਕੇ ਪਾਸਾ ਵੱਟ ਰਹੇ ਸਨ। ਕੋਈ ਵੀ ਕਬੀਲਦਾਰ ਬੰਦਾ ਕਲੇਸ਼ੀ ਜਿਹੇ ਬੰਦੇ ਨਾਲ਼ ਕਲਾਮ ਨਹੀਂ ਕਰਨਾ ਚਾਹੁੰਦਾ ਸੀ। ਬਿਨਾ ਕਿਸੇ ਕਾਰਨ ਤੋਂ ਭਰਜਾਈ ਦੀ "ਚੁੱਕ" ਵਿੱਚ ਆ ਕੇ ਜੁਗਾੜੂ ਨੇ ਘਰਾਂ 'ਚੋਂ ਸ਼ਰੀਕ ਹਜਾਰਾ ਸਿੰਘ ਦਾ ਕਤਲ ਕਰ ਦਿੱਤਾ ਸੀ, ਇਸ ਲਈ ਲੋਕ ਹੁਣ ਜੁਗਾੜੂ ਨੂੰ ਘੱਟ ਹੀ ਮੂੰਹ ਲਾਉਂਦੇ ਸਨ।

ਸੰਤਾ ਸਿੰਘ ਬਰਸੀਨ ਵੱਢ ਕੇ ਰੇੜ੍ਹੀ ਵਿੱਚ ਸੁੱਟ ਰਿਹਾ ਸੀ।

ਉਸ ਦੇ ਬਿਲਕੁਲ ਨਜ਼ਦੀਕ ਜਾ ਕੇ ਦਾਰੂ ਨਾਲ਼ ਰੱਜੇ ਜੁਗਾੜੂ ਨੇ ਬੱਕਰਾ ਬੁਲਾਇਆ ਅਤੇ ਫ਼ਿਰ ਲਲਕਾਰਾ ਮਾਰਿਆ।

ਸਾਊ ਜਿਹੇ ਸੰਤੇ ਦਾ ਕਾਲ਼ਜਾ ਨਿਕਲ਼ ਗਿਆ। ਉਸ ਨੇ ਪੱਠਿਆਂ ਦਾ ਥੱਬਾ ਰੇੜ੍ਹੀ ਵਿੱਚ ਸੁੱਟ ਕੇ ਜਦ ਗਹੁ ਨਾਲ਼ ਤੱਕਿਆ ਤਾਂ ਜੰਗਲੀ ਗੈਂਡੇ ਵਰਗਾ ਜੁਗਾੜੂ ਧੁੱਸ ਦੇਈ ਸੰਤੇ ਵੱਲ ਨੂੰ ਲਪਕਿਆ ਆ ਰਿਹਾ ਸੀ। ਸੰਤੇ ਦੇ ਹੋਸ਼ ਜਵਾਬ ਦੇ ਗਏ ਅਤੇ ਉਹ ਪੈਰ ਤੋਂ ਹੀ ਸਿਰਤੋੜ ਇੰਜਣ ਵਾਲ਼ੇ ਕੋਠੇ ਵੱਲ ਨੂੰ ਭੱਜ ਤੁਰਿਆ। ਪਰ ਭੂਸਰੇ ਸਾਹਣ ਵਰਗਾ ਜੁਗਾੜੂ ਬਰਸੀਨ ਦੇ ਕਿਆਰੇ ਵਿੱਚ ਦੀ ਟੇਢ ਦੇ ਕੇ ਉਸ ਦੇ ਸਾਹਮਣੇ ਜਾ ਖੜ੍ਹਾ। ਜੁਗਾੜੂ ਦੀਆਂ ਅੱਖਾਂ ਵਿੱਚੋਂ ਰੱਤ ਚੋਅ ਰਹੀ ਸੀ। ਦੋਨਾਲ਼ੀ ਬੰਦੂਕ ਵਰਗੀਆਂ ਨਾਸਾਂ 'ਤੋਂ ਫ਼ਰਾਟੇ ਵੱਜ ਰਹੇ ਸਨ।

-"ਭੱਜ ਕਿੱਧਰ ਭੱਜਦੈਂ...!" ਉਸ ਨੇ ਰੱਸੇ ਨੂੰ ਨਾਗਵਲ਼ ਪਾ ਕੇ ਸੰਤੇ ਦੇ ਗਲ਼ ਵਿੱਚ ਸੁੱਟ ਲਿਆ। ਸੰਤੇ ਦੀਆਂ ਅੱਖਾਂ ਅੱਗੇ ਭੂਚਾਲ਼ ਆ ਗਿਆ ਅਤੇ ਧਰਤੀ ਘੁਕਦੀ ਦਿਸੀ।

-"ਨ੍ਹਾਂ ਭੱਜ ਹੁਣ....?" ਜੁਗਾੜੂ ਨੇ ਰੱਸੇ ਨੂੰ ਕਸੀਸ ਵੱਟ ਕੇ ਕਸਾਅ ਪਾਇਆ ਤਾਂ ਸੰਤੇ ਦਾ ਸਾਹ ਬੰਦ ਹੋ ਗਿਆ ਅਤੇ ਅੱਖਾਂ ਅੱਗੇ ਹਨ੍ਹੇਰ ਛਾਉਂਦਾ ਲੱਗਿਆ। ਉਸ ਨੇ ਬਚਾਓ ਲਈ ਹੱਥ-ਪੈਰ ਜਿਹੇ ਮਾਰੇ, ਪਰ ਨੌਂ ਗਜੇ ਜੁਗਾੜੂ ਕੋਲੋਂ ਫ਼ਕੀਰ ਜਿਹਾ ਬੰਦਾ ਸੰਤਾ ਕਿਸ ਤਰ੍ਹਾਂ ਬਚ ਸਕਦਾ ਸੀ?

-"ਤੇਰਾ ਮੇਰੇ ਨਾਲ਼ ਵੈਰ ਕੀ ਐ...?" ਸੰਤ ਸਿਉਂ ਨੇ ਆਖਰੀ ਤਾਣ ਲਾ ਕੇ ਜੁਗਾੜੂ ਨੂੰ ਪੁੱਛਿਆ। ਉਸ ਦੇ ਗਲ਼ ਵਿੱਚੋਂ ਘੱਗੀ ਜਿਹੀ ਅਵਾਜ਼ ਨਿਕਲ਼ੀ।

-"ਕੋਈ ਨੀ...! ਜਮ੍ਹਾਂ ਈ ਕੋਈ ਬੈਰ ਨੀ ਬਾਈ ਸਿਆਂ...! ਬੱਸ ਨਿੱਕੀ ਭਾਬੋ ਦਾ ਹੁਕਮ ਐਂ...! ਓਸੇ ਦਾ ਹੁਕਮ ਗਜਾਉਣੈਂ...!" ਉਸ ਨੇ ਰੱਸੇ ਨੂੰ ਹੋਰ ਕਸਾਅ ਪਾਇਆ ਅਤੇ ਸੰਤੇ ਦਾ ਸਾਹ ਬੰਦ ਹੋਣ ਕਾਰਨ ਨਾਲ਼ ਦੀ ਨਾਲ਼ ਹੀ ਲੁੜਕ ਗਿਆ।

-"ਲੈ ਨਿੱਕੀਏ ਭਰਜਾਈਏ...! ਪੁਗਾ'ਤੇ ਆਪਣੇ ਬਚਨ..! ਚੜ੍ਹਾ ਦਿੱਤੇ ਤੇਰੇ ਬੋਲਾਂ 'ਤੇ ਫ਼ੁੱਲ..! ਚੱਕਲਾ ਆ ਕੇ ਆਬਦਾ ਦੁਸ਼ਮਣ ਸੰਤਾ ਸਿਉਂ...! ਆਹ ਪਿਐ ਬੱਕਰੇ ਮਾਂਗੂੰ 'ਕੱਠਾ ਕੀਤਾ...!" ਉਹ ਸੰਤੇ ਦੀ ਲਾਅਸ਼ ਘੜ੍ਹੀਸ ਕੇ ਕੱਚੇ ਰਾਹ 'ਤੇ ਲੈ ਆਇਆ ਸੀ।

-"ਦੇਖ ਭਾਬੋ...! ਪਾਅ ਦਰਸ਼ਣ ਆਬਦੇ ਬੈਰੀ ਦੇ, ਚਾੜ੍ਹਤਾ ਗੱਡੀ...!" ਜੁਗਾੜੂ ਅਸਮਾਨ ਵੱਲ ਬਾਹਾਂ ਉਲਾਰ-ਉਲਾਰ ਕੇ ਗਰਜ ਰਿਹਾ ਸੀ।

-"ਓਏ ਇਹ ਕੀ ਕਹਿਰ ਢਾਅ ਦਿੱਤਾ ਓਏ ਜਾਲਮਾਂ....!" ਦੂਰੋਂ ਤਾਇਆ ਬਖਤੌਰ ਸਿਰਤੋੜ ਭੱਜਿਆ ਆ ਰਿਹਾ ਸੀ।

ਸਾਰਾ ਪਿੰਡ ਇਕੱਠਾ ਹੋ ਗਿਆ ਸੀ।

ਸੰਤੇ ਦੀ ਲਾਅਸ਼ ਸ਼ਾਂਤ, ਅਹਿਲ ਪਈ ਸੀ।

-"ਮੈਂ ਤੇਰੀ ਰੱਖਿਆ ਨੀ ਕਰ ਸਕਿਆ ਓਏ ਸ਼ੇਰਾ...! ਤੇਰਾ ਤਾਇਆ ਲਲੈਕ ਨਿਕਲਿਆ..! ਤੇਰਾ ਤਾਇਆ ਬੋਲਾਂ ਦਾ ਕੱਚਾ ਨਿਕਲਿਆ...!"

ਤਾਇਆ ਬਖਤੌਰ ਦਰਵੇਸ਼ ਜਿਹੇ ਸੰਤੇ ਦੀ ਲਾਅਸ਼ 'ਤੇ ਪਿਆ ਵਿਰਲਾਪ ਕਰ ਰਿਹਾ ਸੀ।

ਦੂਰ ਠੇਕੇ 'ਤੇ ਖੜ੍ਹ ਕੇ ਜੁਗਾੜੂ ਬੋਤਲ ਖਰੀਦ ਰਿਹਾ ਸੀ। ਦਿਨ ਦਿਹਾੜ੍ਹੇ ਕੀਤਾ ਖ਼ੂਨ ਉਸ ਦੇ ਸਿਰ ਨੂੰ ਚੜ੍ਹਿਆ ਹੋਇਆ ਸੀ। ਪਿੰਡ ਵਿੱਚ ਤੜਥੱਲ ਮੱਚਿਆ ਪਿਆ ਸੀ। ਜੁਗਾੜੂ ਨੇ ਤਿੰਨ-ਚਾਰ ਮਹੀਨਿਆਂ ਵਿੱਚ ਹੀ ਇੱਕ ਘਰ ਦੇ ਦੋ ਬੰਦੇ "ਪਾਰ" ਬੁਲਾ ਦਿੱਤੇ ਸਨ। ਤੇ ਉਹ ਵੀ ਬੇਕਸੂਰ ਅਤੇ ਨਿਹੱਥੇ...! ਸਾਰੇ ਪਿੰਡ ਦੇ ਦੰਦ ਜੁੜੇ ਪਏ ਸਨ।

ਠੇਕੇ ਦੇ ਅੰਦਰ ਬੈਠਾ ਠੇਕੇ ਦਾ ਮਾਲਕ ਲਾਲਾ ਜੁਗਾੜੂ ਨੂੰ ਦੇਖ-ਦੇਖ ਜੁਲਾਹੇ ਦੀ ਤਾਣੀ ਵਾਂਗੂੰ ਕੰਬੀ ਜਾ ਰਿਹਾ ਸੀ।

-"ਸੀਸੀ ਕੱਢ...! ਦੇਖ-ਦੇਖ ਮੂਤੀ ਕਿਉਂ ਜਾਨੈਂ ਸਾਲ਼ਿਆ...?" ਉਸ ਨੇ ਬਾਣੀਏਂ ਦੇ ਅੱਗੇ ਨੋਟ ਇਸ ਤਰ੍ਹਾਂ ਸੁੱਟੇ, ਜਿਵੇਂ ਮੌਲੇ ਬਲ਼ਦ ਅੱਗੇ ਕੜਬ ਸਿੱਟੀਦੀ ਹੈ!

-"ਮੇਰੇਆਰ ਡਰ ਤਾਂ ਲੱਗਦਾ ਈ ਐ, ਤੂੰ ਤਾਂ ਮਿੰਟ 'ਚ ਬੰਦਾ ਮਾਰਤਾ...! ਤੇਰੇ ਵਰਗੇ ਤੋਂ ਤਾਂ ਰਾਮ ਬਚਾਏ...! ਏ ਆਹ ਚੱਕ ਆਬਦੀ ਚੀਜ਼, ਤੇ ਖਹਿੜ੍ਹਾ ਛੱਡ..!" ਉਸ ਨੇ ਬੋਤਲ ਜੁਗਾੜੂ ਹੱਥ ਦੇ ਕੇ ਖਿੜਕੀ ਬੰਦ ਕਰ ਲਈ ਅਤੇ "ਰਾਮ-ਨਾਮ" ਜਪਣ ਲੱਗ ਪਿਆ।

ਜੁਗਾੜੂ ਨੇ ਬੋਤਲ ਦਾ ਡੱਟ ਦੰਦਾਂ ਨਾਲ਼ ਤੋੜਿਆ ਅਤੇ ਮੂੰਹ ਲਾ ਕੇ ਅੱਧੀ ਬੋਤਲ ਸੂਤ ਧਰੀ।

-"ਪੁਗਾ ਦਿੱਤੇ ਬਚਨ ਭਾਬੋ ਤੇਰੇ...!" ਉਹ ਮੁੜ ਸੰਤੇ ਦੀ ਲਾਅਸ਼ ਕੋਲ਼ ਆ ਗਿਆ।

-"ਖ਼ਬਰਦਾਰ ਹੋਜਾ ਹੁਣ...! ਜੇ ਮੇਰੇ ਬੰਦੇ ਨੂੰ ਦੇ ਸਰੀਰ ਨੂੰ ਹੱਥ ਲਾਇਆ, ਗੋਲ਼ੀ ਬਣ ਕੇ ਵਿਚ ਦੀ ਨਿਕਲਜੂੰ...!" ਦੂਰੋਂ ਸੰਤਾ ਸਿੰਘ ਦੇ ਘਰਵਾਲ਼ੀ ਹਰ ਕੌਰ ਨੇ ਹੋਕਰਾ ਮਾਰਿਆ। ਉਸ ਦੇ ਹੱਥ ਵਿੱਚ ਸੇਲੇ ਵਾਲ਼ੀ ਡਾਂਗ ਸੀ ਅਤੇ ਉਸ ਨੇ ਸਿਰ 'ਤੇ ਮੜਾਸਾ ਮਾਰਿਆ ਹੋਇਆ ਸੀ। ਦੂਰੋਂ ਉਹ ਕਿਸੇ ਮਰਦ ਦਾ ਭੁਲੇਖਾ ਪਾਉਂਦੀ ਸੀ।

-"ਤਾਇਆ ਜੀ, ਪੁਲ਼ਸ ਲੈ ਕੇ ਆਓ, ਇਹਨੂੰ ਹਰਾਮਦੇ ਨੂੰ ਮੈਂ ਰੋਕਦੀ ਆਂ...!" ਹਰ ਕੌਰ ਨੇ ਬਖਤੌਰ ਨੂੰ ਕਿਹਾ।

-"ਪੁਲ਼ਸ ਤਾਂ ਆਗੀ ਭਾਈ...!" ਪਿੱਛੋਂ ਸਰਪੰਚ ਬੋਲਿਆ।

ਹਰ ਕੌਰ ਦੀ ਹਿੰਮਤ ਦੇਖ ਕੇ ਪਿੰਡ ਦੀ ਮੁੰਡੀਹਰ ਨੇ ਜੁਗਾੜੂ ਨੂੰ ਘੇਰ ਲਿਆ। ਉਹ ਪਾੜ 'ਚ ਫ਼ੜੇ ਚੋਰ ਵਾਂਗ ਝਾਕ ਰਿਹਾ ਸੀ। ਚਾਰ ਚੁਫ਼ੇਰਿਓਂ ਘਿਰਿਆ ਦੇਖ ਕੇ ਉਸ ਦੀ ਬੇਮੋਖੀ ਪੀਤੀ ਦਾਰੂ ਲਹਿ ਗਈ ਸੀ।

-"ਇਹਨੂੰ ਹਰਾਮ ਦੇ ਤੁਖਮ ਨੂੰ ਮੂਧਾ ਪਾਓ, ਇਹਦੀਆਂ ਮੁੱਛਾਂ ਪੱਟ ਕੇ ਇਹਦੀ ..... 'ਚ ਦਿਓ ਇਹਦੀ ਮਾਂ ਦੇ .... ਦਿੱਤਾ! ਇਹਨੇ ਵੀ ਬੜੇ ਵੀਰਵਾਰ ਲੰਘਾਏ ਐ...!" ਠਾਣੇਦਾਰ ਨੇ ਜੀਪ 'ਚੋਂ ਉਤਰਦਿਆਂ ਕਿਹਾ। ਇਹ ਠਾਣੇਦਾਰ ਨਵਾਂ ਹੀ ਬਦਲ ਕੇ ਆਇਆ ਸੀ ਅਤੇ ਆਪਣੇ ਸਖ਼ਤ ਸੁਭਾਅ ਲਈ ਮਸ਼ਹੂਰ ਸੀ। ਸਰਪੰਚ ਨੇ ਉਸ ਨੂੰ ਜੁਗਾੜੂ ਬਾਰੇ ਸਾਰਾ ਕੁਝ ਦੱਸ ਦਿੱਤਾ ਸੀ।

ਕੁਝ ਪਲਾਂ ਵਿੱਚ ਹੀ ਸਿਪਾਹੀਆਂ ਨੇ ਜੁਗਾੜੂ ਦਾ ਮੋਰ ਬਣਾ ਦਿੱਤਾ।

ਉਹ ਛੁਰੀਆਂ ਥੱਲੇ ਪਏ ਸੂਰ ਵਾਂਗ ਮਿਆਂਕ ਰਿਹਾ ਸੀ।

-"ਬੋਲ...! ਬੋਲ ਉਹਨੂੰ ਕਿਉਂ ਮਾਰਿਆ ਹਰਾਮ ਦਿਆ...?" ਠਾਣੇਦਾਰ ਖ਼ੁਦ ਡੰਡਾ ਲੈ ਕੇ ਝੰਬਣ ਡਹਿ ਪਿਆ। ਜੁਗਾੜੂ ਦੇ ਹੱਡ ਗੋਡਿਆਂ 'ਤੇ ਵਰ੍ਹਦੇ ਡੰਡੇ "ਟੱਕ-ਟੱਕ" ਦੀ ਅਵਾਜ਼ ਕਰਦੇ ਸਨ ਅਤੇ ਜੁਗਾੜੂ ਦਾ ਅੜਾਹਟ ਕੰਧਾਂ ਨਾਲ਼ ਵੱਜ-ਵੱਜ ਮੁੜਦਾ ਸੀ।

-"ਐਨਾਂ ਨਾ ਮਾਰ ਸਰਦਾਰਾ, ਮਰ ਜਾਊਂਗਾ...!" ਜੁਗਾੜੂ ਹੱਥ ਜੋੜੀ ਕੰਬੀ ਜਾ ਰਿਹਾ ਸੀ। ਉਸ ਦੀਆਂ ਉਂਗਲ਼ਾਂ ਸੁੱਜ ਕੇ ਪਾਥੀ ਬਣ ਗਈਆਂ ਸਨ।

-"ਤੇਰੀ ਭੈਣ ਦਾ ਸਾਕ ਲੈਲਾਂ, ਤੈਨੂੰ ਮਾਰਾਂ ਨਾ ਤਾਂ ਹੋਰ ਤੈਨੂੰ ਨਿਉਂਦਾ ਦੇਵਾਂ..? ਭੈਣ ਦਿਆਂ ਘੜੁੱਕਿਆ ਬਿਨਾਂ ਗੱਲੋਂ ਦਰਵੇਸ਼ ਬੰਦਾ ਮਾਰ ਕੇ ਪਰ੍ਹਾਂ ਕੀਤਾ..!"

-"ਮੈਥੋਂ ਗਲਤੀ ਹੋਗੀ ਸਰਦਾਰਾ...! ਮੈਨੂੰ ਬਖ਼ਸ਼, ਮੈਂ ਮਰਜੂੰਗਾ...!" ਉਹ ਹੱਥ ਜੋੜ ਕੇ ਵਾਸਤੇ ਘੱਤ ਰਿਹਾ ਸੀ।

-"ਸਾਲ਼ਿਆ ਤੂੰ ਦੱਸਦਾ ਕਿਉਂ ਨੀ...? ਸੰਤਾ ਸਿਉਂ ਨੂੰ ਤੂੰ ਕਾਹਤੋਂ ਮਾਰਿਆ..?" ਸਰਪੰਚ ਬੋਲਿਆ। ਉਸ ਦੇ ਅੰਦਰੋਂ ਵੀ ਵਟਣੇਂ ਉਠੀ ਜਾ ਰਹੇ ਸਨ।

-"ਮੈਨੂੰ ਤਾਂ ਮੇਰੀ ਨਿੱਕੀ ਭਰਜਾਈ ਨੇ ਨੀ ਟਿਕਣ ਦਿੱਤਾ, ਸਰਪੈਂਚਾ..! ਉਹਨੇ ਈ ਮੇਰੇ ਗਿੱਟੇ ਸੋਟੀ ਲਾਈ ਰੱਖੀ, ਅੱਗੇ ਮੈਥੋਂ ਬਿਚਾਰਾ ਹਜਾਰਾ ਮਰਵਾ ਕੇ ਰੱਖਤਾ...!" ਉਹ ਉਚੀ-ਉਚੀ ਰੋਣ ਲੱਗ ਪਿਆ।

-"ਸੰਤੇ ਨੂੰ ਕਿਉਂ ਮਾਰਿਆ...?" ਠਾਣੇਦਾਰ ਦਾ ਡੰਡਾ ਜੁਗਾੜੂ ਦੇ ਸਿਰ 'ਤੇ ਘੁਕ ਰਿਹਾ ਸੀ।

-"ਮੈਨੂੰ ਤਾਂ ਆਪ ਨੀ ਪਤਾ ਸਰਦਾਰਾ...! ਮੇਰਾ ਤਾਂ ਇਹਨਾਂ ਜਿਉਣ ਜੋਕਰਿਆਂ ਨਾਲ਼ ਕੋਈ ਬੈਰ ਨੀ ਸੀ, ਮੇਰੀ ਨਿੱਕੀ ਭਰਜਾਈ ਕਹਿੰਦੀ ਸੰਤੇ ਨੂੰ ਮਾਰ ਦੇ, ਤੈਨੂੰ ਸਾਕ ਲਿਆ ਕੇ ਦਿਊਂਗੀ, ਮੈਂ ਤਾਂ ਉਹਦੀਆਂ ਗੱਲਾਂ 'ਚ ਆ ਗਿਆ..! ਹਾੜ੍ਹੇ, ਚਾਹੇ ਫ਼ਾਹੇ ਲਾ ਦਿਓ, ਪਰ ਐਨਾਂ ਮਾਰੋ ਨਾ ਵੀਰ ਬਣ ਕੇ, ਮੇਰੇ ਤਾਂ ਚਿੱਬ ਪੈਗੇ ਸਰੀਰ 'ਚ, ਤੇ ਮਾਸ ਚਿਲੂੰ-ਚਿਲੂੰ ਕਰੀ ਜਾਂਦੈ...!" ਉਸ ਨੇ ਮੁੜ ਸੁੱਜੇ ਹੱਥ ਜੋੜ ਦਿੱਤੇ। ਡੰਡਿਆਂ ਦਾ ਭੰਨਿਆਂ ਉਹ "ਭੁੱਟ-ਭੁੱਟ" ਬੋਲੀ ਜਾ ਰਿਹਾ ਸੀ। ਇਸ ਹੋਣ ਵਾਲ਼ੇ ਸਲੂਕ ਬਾਰੇ ਤਾਂ ਉਸ ਨੇ ਕਦੇ ਸੋਚਿਆ ਹੀ ਨਹੀਂ ਸੀ।

-"ਤੇਜ ਕੁਰ ਨੇ ਸਾਕ ਦਾ ਲਾਲਚ ਦਿੱਤਾ, ਤੇ ਤੂੰ ਸਾਕ ਦੇ ਲਾਲਚ 'ਚ ਸਾਧੂ ਵਰਗਾ ਬੰਦਾ ਮਾਰਤਾ..?" ਸਰਪੰਚ ਦੁੱਖ ਦੇ ਨਾਲ਼-ਨਾਲ਼ ਦੰਗ ਵੀ ਬਹੁਤਾ ਸੀ।

-"ਕੁੱਤਾ ਭੌਂਕਦੈ ਸਰਪੈਂਚ ਸਾਹਬ..! ਮੈਂ ਇਹਨੂੰ ਕੁਛ ਨੀ ਕਿਹਾ, ਮੈਂ ਤਾਂ ਇਹਨੂੰ ਕਦੇ ਦੇਹਲ਼ੀ ਨੀ ਚੜ੍ਹਨ ਦਿੱਤਾ ਜਹਾਨ ਦੀ ਜੂਠ ਨੂੰ, ਹੁਣ ਛਿੱਤਰ ਪੈਂਦਿਆਂ ਤੋਂ ਬਚਣ ਵਾਸਤੇ ਮੇਰਾ ਨਾਂ ਬਕੀ ਜਾਂਦੈ ਔਤਾਂ ਦੇ ਜਾਣਾ..!" ਇੱਕ ਖੂੰਜੇ ਤੋਂ ਤੇਜ ਕੌਰ ਅੱਗੇ ਹੋ ਕੇ ਬੋਲੀ।

-"ਦੁੱਧ ਧੋਤੀ ਤੂੰ ਵੀ ਹੈਨ੍ਹੀ ਭਾਈ..! ਤੇਰੀਆਂ ਵੀ ਮੈਨੂੰ ਬਥੇਰੀਆਂ ਕਨਸੋਆਂ ਮਿਲ਼ਦੀਆਂ ਰਹੀਐਂ, ਸਾਰੇ ਟਟਬੈਰ ਤੇਰੇ ਖੜ੍ਹੇ ਕੀਤੇ ਵੇ ਐ..! ਤੂੰ ਈ ਇਹਦੀ ਪੂਛ ਨੂੰ ਵੱਟ ਚਾੜ੍ਹੀ ਰੱਖਿਐ, ਨਹੀਂ ਇਹਦਾ ਹਜਾਰੇ ਕੇ ਟੱਬਰ ਨਾਲ਼ ਕੀ ਬੈਰ ਸੀ..?"

-"ਹਜਾਰੇ ਕੇ ਟੱਬਰ ਨੇ ਇਹਦੀ ਭੈਣ ਦਾ ਰਿਸ਼ਤਾ ਨੀ ਸੀ ਲਿਆ ਸਰਪੈਂਚਾ, ਸਾਰੇ ਪਿੰਡ ਨੂੰ ਪਤੈ, ਓਦੋਂ ਦੀ ਮੈਨੂੰ ਟਿਕਣ ਨੀ ਸੀ ਦਿੰਦੀ, ਪਿਉ ਪੁੱਤ ਮਰਵਾ ਕੇ ਦਮ ਲਿਆ, ਤੇ ਹੁਣ ਸੱਚੀ ਬਣਦੀ ਐ..!" ਜੁਗਾੜੂ ਜੁਆਕ ਵਾਂਗ ਬਿਲਕੀ ਜਾ ਰਿਹਾ ਸੀ।

-"ਸਰਪੈਂਚ ਸਾਹਬ, ਲਾਅਸ਼ ਪੋਸਟ ਮਾਰਮ ਵਾਸਤੇ ਸ਼ਹਿਰ ਲੈ ਆਓ...! ਚੱਲ ਤੂੰ ਵੀ ਜੀਪ 'ਚ ਬੈਠ ਨੀ..!" ਠਾਣੇਦਾਰ ਤੇਜ ਕੌਰ ਨੂੰ ਕੌੜਿਆ।

-"ਇਹਨੂੰ ਵੀ ਜੀਪ 'ਚ ਲੱਦੋ...!" ਠਾਣੇਦਾਰ ਨੇ ਬੜੀ ਖੁੰਦਕ ਨਾਲ਼ ਸਿਪਾਹੀਆਂ ਨੂੰ ਇਸ਼ਾਰਾ ਕੀਤਾ।

-"ਮੈਂ ਕਿਉਂ ਜੀਪ 'ਚ ਬੈਠਾਂ ਠਾਣੇਦਾਰਾ..? ਮੇਰਾ ਕੀ ਕਸੂਰ ਐ..? ਨ੍ਹਾਂ ਮੈਂ ਕੀ ਗੁਨਾਂਹ ਕਰਤਾ..?" ਭਮੱਤਰੀ ਤੇਜ ਕੌਰ ਬੋਲੀ। ਉਸ ਨੂੰ ਭੱਜਣ ਨੂੰ ਕੋਈ ਰਾਹ ਨਹੀਂ ਲੱਭਦਾ ਸੀ। ਇਸ ਗਲ਼ ਪੈਣ ਵਾਲ਼ੀ ਬਲਾਅ ਬਾਰੇ ਤਾਂ ਉਸ ਨੇ ਕਦੇ ਸੁਪਨੇ ਵਿੱਚ ਵੀ ਚਿਤਵਿਆ ਨਹੀਂ ਸੀ। ਰੋਜੇ ਬਖਸ਼ਾਉਂਦੀ ਤੇਜ ਕੌਰ ਦੇ ਤਾਂ ਨਮਾਜਾਂ ਗਲ਼ ਆ ਪਈਆਂ ਸਨ।

-"ਗੁਨਾਂਹ ਕੱਲ੍ਹ ਨੂੰ ਅਦਾਲਤ ਜਾ ਕੇ ਦੱਸਾਂਗੇ...!" ਠਾਣੇਦਾਰ ਬੋਲਿਆ।

-"ਚੱਲ ਬੈਠ...! ਨਹੀਂ ਸਾਨੂੰ ਧੱਕੇ ਨਾਲ਼ ਚੜ੍ਹਾਉਣਾ ਪਊ...!" ਹੌਲਦਾਰ ਨੇ ਕਿਹਾ।

-"ਵੇ ਪਿੰਡਾ..! ਥੋਡੇ ਪਿੰਡ ਦੀ ਤੀਮੀ ਮਾਨੀ ਨੂੰ ਠਾਣੇ ਲੈ ਚੱਲੇ ਐ, ਥੋਨੂੰ ਕੋਈ ਸ਼ਰਮ ਹਯਾ ਨੀ ਆਉਂਦਾ..?" ਉਸ ਨੇ ਸਾਰੇ ਪਿੰਡ ਦੀ ਅਣਖ ਨੂੰ ਲਲਕਾਰਿਆ।

-"ਆਦਮਖੋਰੇ, ਤੂੰ ਪਿੰਡ 'ਚ ਕਤਲ 'ਤੇ ਕਤਲ ਕਰਵਾਈ ਚੱਲ, ਪਿੰਡ ਤੇਰੀ ਇੱਜਤ ਬਚਾਉਣ ਵਾਸਤੇ ਭੱਜਿਆ ਫ਼ਿਰੇ...? ਸ਼ਰਮ ਹਯਾ ਤਾਂ ਤੈਨੂੰ ਚਾਹੀਦਾ ਸੀ, ਅਗਲਿਆਂ ਦਾ ਘਰ ਉਜਾੜ ਕੇ ਧਰਤਾ...!"

-"ਘਰ ਵੀ ਸਾਧੂ ਮਹਾਤਮਾਂ ਵਰਗੇ ਬੰਦਿਆਂ ਦੇ ਉਜਾੜੇ ਡੈਣ ਨੇ...!" ਬਖਤੌਰ ਬੋਲਿਆ।

ਪੁਲੀਸ ਦੀ ਜੀਪ ਜੇਠ ਭਰਜਾਈ ਨੂੰ ਲੱਦ ਕੇ ਲੈ ਗਈ।

ਸਰਪੰਚ ਹੋਰੀਂ ਸੰਤਾ ਸਿਉਂ ਦੀ ਲਾਅਸ਼ ਪੋਸਟ ਮਾਰਟਮ ਲਈ ਤੁਰਨ ਲੱਗੇ ਤਾਂ ਹਰ ਕੌਰ ਅੱਗੇ ਆ ਗਈ।

-"ਮੈਂ ਵੀ ਲਾਅਸ਼ ਦੇ ਨਾਲ਼ ਜਾਣੈਂ, ਤਾਇਆ ਜੀ..!" ਉਸ ਨੇ ਬਖਤੌਰ ਸਿੰਘ ਨੂੰ ਆਖਿਆ।

-"ਤੈਨੂੰ ਬੱਚਾ ਬੱਚੀ ਹੋਣ ਆਲ਼ੇ ਪੁੱਤ, ਕਮਲ਼ ਨਾ ਮਾਰ..! ਹਜਾਰਾ ਸਿਉਂ ਦੀ ਕੁਲ਼, ਉਹਦੀ ਅਗਲੀ ਪੀੜ੍ਹੀ ਦਾ ਖਿਆਲ ਕਰ, ਘਰ ਨੂੰ ਜਾਹ, ਅਸੀਂ ਹੈ ਤਾਂ ਹੈਗੇ..?"

-"ਨਾਲ਼ੇ ਹੁਣ ਤੂੰ ਨਾਲ਼ ਕੀ ਕਰਨ ਜਾਣੈਂ ਸ਼ੇਰਾ..? ਸੰਤਾ ਸਿਉਂ ਤਾਂ ਹੁਣ ਮਿੱਟੀ ਐ...!" ਤਾਇਆ ਬਖਤੌਰ ਫ਼ਿੱਸ ਪਿਆ।

-".................।" ਤਾਏ ਬਖਤੌਰ ਦੀ ਵੈਰਾਗ ਵਾਲ਼ੀ ਹਾਲਤ ਦੇਖ ਕੇ ਹਰ ਕੌਰ ਚੁੱਪ ਵੱਟ ਗਈ।

ਲਾਅਸ਼ ਵਾਲ਼ੀ ਟਰਾਲੀ ਤੁਰ ਗਈ।

ਸਾਰਾ ਪਿੰਡ ਹਰਾਸਿਆ ਜਿਹਾ ਖੜ੍ਹਾ ਸੀ।

......ਉਸ ਦਿਨ ਤੋਂ ਬਾਅਦ ਹਰ ਕੌਰ ਨੇ ਆਪਣਾ ਲੱਕ ਬੰਨ੍ਹ ਲਿਆ ਸੀ। ਤਾਇਆ ਬਖਤੌਰ ਅਤੇ ਸਾਰਾ ਪਿੰਡ ਉਸ ਦੀ ਮੱਦਦ ਕਰਦਾ ਸੀ। ਦਿਨ ਪੂਰੇ ਹੋਣ 'ਤੇ ਹਰ ਕੌਰ ਨੇ ਇੱਕ ਨਿੱਗਰ ਪੁੱਤ ਨੂੰ ਜਨਮ ਦਿੱਤਾ, ਜਿਸ ਦਾ ਨਾਂ "ਜੋਗਾ ਸਿੰਘ" ਰੱਖਿਆ।

.....ਤੇ ਅੱਜ ਮੁੱਦਤਾਂ ਬਾਅਦ ਹਰ ਕੌਰ ਦੇ ਘਰ ਕਿਸੇ ਖ਼ੁਸ਼ੀ ਨੇ ਪੈਰ ਪਾਉਣੇ ਸਨ। ਇਕਲੌਤੇ ਪੁੱਤਰ ਦਾ ਵਿਆਹ ਹੋਣਾ ਸੀ। ਭਰ ਜੁਆਨ ਉਮਰ ਤੋਂ ਲੈ ਕੇ ਹਰ ਕੌਰ ਨੇ ਬੁੜ੍ਹਾਪਾ ਕੱਟਿਆ ਸੀ। ਸਾਰੀ ਉਮਰ ਉਸ ਨੇ ਜੱਦੋਜਹਿਦ ਨਾਲ਼ ਤਵੇ 'ਤੇ ਪਈ ਨੇ ਕੱਟੀ ਸੀ ਅਤੇ ਲੱਖਾਂ ਔਖਾਂ ਨਾਲ਼ ਦੋ ਹੱਥ ਕਰਦਿਆਂ ਉਸ ਦਾ ਸੁਭਾਅ ਚਿੜਚੜਾ ਜਿਹਾ ਹੋ ਗਿਆ ਸੀ। ਉਹ ਹਰ ਵਕਤ ਅੱਕਿਆਂ ਵਾਂਗ ਝਾਕਦੀ ਅਤੇ ਮੱਥੇ 'ਤੇ ਕੁੱਤੇ ਵਾਲ਼ੀ ਤਿਊੜੀ ਪਾਈ ਰੱਖਦੀ। ਸਾਰੀ ਜ਼ਿੰਦਗੀ ਉਸ ਨੇ ਕਿਸੇ ਨੂੰ ਖੰਘਣ ਨਹੀਂ ਦਿੱਤਾ ਸੀ। ਪਿੰਡ ਦਾ ਕੋਈ ਬੰਦਾ ਅੱਖ ਵਿੱਚ ਪਾਇਆ ਨਹੀਂ ਰੜਕਿਆ ਸੀ। ਜੁਗਾੜੂ ਅਤੇ ਉਸ ਦੀ ਭਰਜਾਈ ਤੇਜ ਕੌਰ ਦੇ ਖ਼ਿਲਾਫ਼ ਠੋਕ ਕੇ ਅਗਵਾਹੀਆਂ ਦਿੱਤੀਆਂ ਸਨ ਅਤੇ ਸਿਰ 'ਤੇ ਮੜਾਸਾ ਮਾਰ ਕੇ ਮੁਕੱਦਮੇਂ ਦੀ ਪੂਰੀ ਪੈਰਵਾਹੀ ਕੀਤੀ ਸੀ। ਹਰ ਕੌਰ ਨੇ ਉਤਨਾ ਚਿਰ ਦਮ ਨਹੀਂ ਲਿਆ ਸੀ, ਜਦ ਤੱਕ ਜੁਗਾੜੂ ਨੂੰ ਫ਼ਾਂਸੀ ਅਤੇ ਉਸ ਦੀ ਭਰਜਾਈ ਤੇਜ ਕੌਰ ਨੂੰ ਵੀਹ ਸਾਲ ਦੀ ਸਜ਼ਾ ਨਹੀਂ ਬੋਲ ਗਈ।

 

ਕਾਂਡ 7

 

ਜੋਗਾ ਸਿੰਘ ਦਾ ਵਿਆਹ ਹੋ ਗਿਆ।

ਸਾਰੀ ਜ਼ਿੰਦਗੀ ਦੁੱਖਾਂ ਮੁਸੀਬਤਾਂ ਨਾਲ਼ ਸੰਘਰਸ਼ ਕਰਦੀ ਹਰ ਕੌਰ ਨੂੰ ਹੁਣ ਕੋਈ ਵੀ ਖ਼ੁਸ਼ੀ ਖ਼ੁਸ਼ ਨਹੀਂ ਸੀ ਕਰਦੀ। ਉਸ ਦੇ ਖੁਸ਼ਕ ਅਤੇ ਲੜਾਕੇ ਜਿਹੇ ਸੁਭਾਅ ਤੋਂ ਲੋਕ ਭੈਅ ਖਾਂਦੇ। ਕਲੇਸ਼ ਗਲ਼ ਪੈਣ ਦੇ ਡਰੋਂ ਛੇਤੀ ਕੀਤੇ ਕੋਈ ਹਰ ਕੌਰ ਨਾਲ਼ ਗੱਲ ਨਾ ਕਰਦਾ।

ਜਦ ਜੋਗਾ ਸਿੰਘ ਡੋਲੀ ਲੈ ਕੇ ਪਹੁੰਚਿਆ ਤਾਂ ਵਿਆਹ ਦੇ ਚਾਅ ਵਿੱਚ ਕੁੜੀਆਂ-ਕੱਤਰੀਆਂ ਵਿਆਹ ਦੇ ਗੀਤ ਗਾ ਰਹੀਆਂ ਸਨ;

-"ਪਾਣੀ ਵਾਰ ਨੀ ਬੰਨੇ ਦੀਏ ਮਾਏ, ਬੰਨਾਂ ਬੰਨੀਂ ਬਾਰ ਖੜ੍ਹੇ...!"

-"ਸੁੱਖਾਂ ਸੁਖਦੀ ਨੂੰ ਇਹ ਦਿਨ ਆਏ, ਬੰਨਾਂ ਬੰਨੀਂ ਬਾਰ ਖੜ੍ਹੇ....!!"

ਹਰ ਕੌਰ ਨੇ ਪਾਣੀ ਵਾਰ ਕੇ ਪੀਤਾ। ਹਰ ਕੋਈ ਹਰ ਕੌਰ ਨੂੰ ਵਧਾਈਆਂ ਦੇ ਰਿਹਾ ਸੀ।

-"ਵਧਾਈਆਂ ਹਰ ਕੁਰੇ...! ਸੋਹਣੀ ਸੁਣੱਖੀ ਨੂੰਹ, ਤੇ ਰਾਜਾ ਘਰ ਮਿਲ਼ਿਐ...!"

-"ਲੈਣ-ਦੇਣ ਨਾਲ਼ ਘਰ ਭਰ'ਤਾ ਅਗਲਿਆਂ ਨੇ ਤੇਰਾ, ਕਿਸੇ ਗੱਲ ਦੀ ਕਸਰ ਨੀ ਛੱਡੀ!"

-"ਨੂੰਹ ਨਾਲ਼ ਬਣਾ ਕੇ ਰੱਖੀਂ...! ਐਹੋ ਜੇ ਅੰਗ-ਸਾਕ ਕਿਛਮਤ ਨਾਲ਼ ਮਿਲ਼ਦੇ ਐ...!"

ਔਰਤਾਂ ਭਾਂਤ-ਭਾਂਤ ਦੇ ਬਚਨ ਬਿਲਾਸ ਕਰ ਰਹੀਆਂ ਸਨ। ਪਰ ਹਰ ਕੌਰ ਫ਼ੌਲਾਦੀ ਚੁੱਪ ਧਾਰੀ ਫ਼ਿਰਦੀ ਸੀ।

-"ਦੇਖ ਮੇਰੀਆਂ ਮੇਰੀਆਂ ਮਾਵਾਂ ਬਣ ਕੇ ਕਿਵੇਂ ਮੱਤਾਂ ਦਿੰਦੀਐਂ ਮੇਰੇ ਪਿਉ ਦੀਆਂ ਰੰਨਾਂ...! ਜਿਵੇਂ ਬਾਹਲ਼ੀਆਂ ਈ ਸਿਆਣੀਆਂ ਹੁੰਦੀਐਂ...!" ਉਸ ਨੇ ਬੁੜ੍ਹੀਆਂ ਦੀਆਂ ਗੱਲਾਂ ਸੁਣ ਕੇ ਅੰਦਰੋਂ ਭੜ੍ਹਾਸ ਕੱਢੀ ਸੀ। ਪਰ ਮੂੰਹੋਂ ਚੁੱਪ ਸੀ।

ਇੱਕ ਪਾਸੇ ਬੰਦੇ ਦਾਰੂ ਝੋਈ ਬੈਠੇ ਸਨ।

ਗੇਜਾ ਲਾਹਣ ਪੀ ਕੇ ਮੰਜੇ 'ਤੇ "ਮੰਤਰੀ" ਬਣਿਆਂ ਬੈਠਾ ਸੀ। ਉਸ ਦੇ ਨੀਲਾ ਕੁੜਤਾ, ਗੁਲਾਬੀ ਚਾਦਰਾ ਅਤੇ ਖੱਟੀ ਪੱਗ ਬੰਨ੍ਹੀ ਹੋਈ ਸੀ। ਅੱਖਾਂ ਵਿੱਚ ਸੁਰਮੇਂ ਦੀਆਂ ਖਿੱਚੀਆਂ ਧਾਰੀਆਂ ਨਸ਼ੇ ਕਾਰਨ ਖਿੱਲਰ ਗਈਆਂ ਸਨ। ਉਹ ਰੋਹੀ 'ਚ ਗੁਆਚੀ ਭੇਡ ਵਰਗਾ ਲੱਗਦਾ ਸੀ।

-"ਗੇਜਿਆ ਦਾਰੂ ਬੜੀ ਖੱਟਰ ਐ ਬਈ...! ਧਰਮ 'ਨਾ ਅੰਦਰ ਖੌਰੂ ਪੱਟਦੀ ਜਾਂਦੀ ਐ...!" ਮਾਮਾ ਬੋਲਿਆ।

-"ਮੈਂ ਤੇ ਜੋਗੇ ਬਾਈ ਨੇ ਪੂਰੀ ਮਿਹਨਤ ਨਾ' ਕੱਢੀ ਐ ਮਾਮਾ...! ਐਨ੍ਹ ਪੂਰਾ ਨਿੱਕ-ਸੁੱਕ ਪਾ ਕੇ..! ਗਿਣਦੀ ਜਾਂਦੀ ਐ ਨ੍ਹਾਂ ਗੰਡੇ..?" ਦਾਰੂ ਦੀ ਸਿਫ਼ਤ ਸੁਣ ਕੇ ਗੇਜੇ ਦੀ ਛਾਤੀ ਗਜ ਚੌੜੀ ਹੋ ਗਈ ਸੀ।

-"ਗੇਜਾ ਆਪ ਕਿਹੜਾ ਘੱਟ ਐ..? ਆਪ ਵੀ ਨਹਿੰਗਾਂ ਦੇ ਬਰਛੇ ਵਰਗੈ...! ਚੁੱਪ ਚੁਪੀਤਾ ਬੰਦੇ ਦੇ ਵਿਚ ਦੀ ਨਿਕਲ਼ਦੈ...!" ਇੱਕ ਹੋਰ ਮਹਿਮਾਨ ਬੋਲਿਆ।

-"ਅਸੀਂ ਤਾਂ ਅੱਖਾਂ 'ਚ ਅੱਖਾਂ ਪਾ ਕੇ ਬੰਦਾ ਭਸਮ ਕਰ ਦੇਈਏ, ਡਰਦਾ ਤਾਂ ਸਾਡਾ ਕੋਈ ਮੂਤ ਨੀ ਉਲੰਘਦਾ, ਸਰਦਾਰਾ...!" ਗੇਜਾ ਤੋਤਲਾ ਬੋਲਿਆ। ਉਹ ਦਾਰੂ ਦੇ ਨਸ਼ੇ ਨਾਲ਼ ਗਰੜਪੌਂਕ ਬਣਿਆਂ ਬੈਠਾ ਸੀ।

-"ਬੜਾ ਪ੍ਰੇਮ ਐਂ ਇਹਦਾ ਤੇ ਆਪਣੇ ਜੋਗੇ ਦਾ...! ਸੀਰੀ ਮਾਲਕ ਆਲ਼ਾ ਤਾਂ ਕੋਈ ਰਿਸ਼ਤਾ ਈ ਨੀ, ਭਰਾਂਵਾਂ ਆਲ਼ਾ ਨਾਤੈ...!" ਮਾਮਾ ਬੋਲਿਆ।

-"ਰੱਬ ਇਹਨਾਂ ਨੂੰ ਰਾਜੀ ਰੱਖੇ...!"

ਅਨੂਪ ਕੌਰ ਅੰਮ੍ਰਿਤਧਾਰੀ ਕੁੜੀ ਸੀ। ਉਹ ਹਰ ਕੌਰ ਨੂੰ ਹਰ ਤਰ੍ਹਾਂ ਨਾਲ਼ ਖ਼ੁਸ਼ ਰੱਖਣ ਦੀ ਕੋਸ਼ਿਸ਼ ਕਰਦੀ। ਪਰ ਹਰ ਕੌਰ ਦਾ ਘੁੱਟੇ ਜਿਹੇ ਮੂੰਹ 'ਤੇ ਕਦੇ ਮੁਸਕੁਰਾਹਟ ਨਾ ਆਈ।

ਛੇ ਮਹੀਨੇ ਬੀਤੇ ਤਾਂ ਅਚਾਨਕ ਫ਼ੁੱਫ਼ੜ ਮਹਿੰਗਾ ਸਿੰਘ ਆ ਗਿਆ।

ਹਰ ਕੌਰ ਪੀੜ੍ਹੀ ਖਿੱਚ ਕੇ ਕੋਲ਼ ਬੈਠ ਗਈ। ਉਹ ਪੀੜ੍ਹੀ 'ਤੇ ਬੈਠੀ ਸੂਤ ਉਟੇਰ ਰਹੀ ਸੀ।

-"ਅਨੂਪ ਕੁਰੇ...!"

-"ਹਾਂ ਬੀਜੀ...?"

-"ਚਾਹ ਬਣਾ ਪੁੱਤ, ਦੇਖ ਤੇਰਾ ਫ਼ੁੱਫ਼ੜ ਆਇਐ...!"

-"ਬਣਾਉਨੀ ਆਂ ਬੀਜੀ...!"

-"ਖੁਸ਼ ਐਂ ਹਰ ਕੁਰੇ...?"

-"ਅਜੇ ਤੱਕ ਤਾਂ ਖ਼ੁਸ਼ ਈ ਆਂ...!"

-"ਨੂੰਹ ਤੰਗ ਫ਼ੰਗ ਤਾਂ ਨੀ ਕਰਦੀ...?"

-"ਮੈਨੂੰ ਤੰਗ ਫੰਗ ਕਰ ਕੇ ਕਿਸੇ ਨੇ ਮਰਨੈਂ..? ਮੈਂ ਤਾਂ ਜੀਓ-ਜੀਅ ਨੂੰ ਸੂਈ ਦੇ ਨੱਕੇ ਵਿੱਚ ਦੀ ਕੱਢ ਕੇ ਰੱਖਦੀ ਐਂ...!"

-"ਬਖਸ਼ ਮਾਲਕਾ..!" ਉਸ ਨੇ ਮੂੰਹ ਵਿੱਚ ਹੀ ਕਿਹਾ, "ਬਾਹਲ਼ਾ ਵੀ ਨੱਕੇ 'ਚੋਂ ਨਾ ਕੱਢ...! ਪੋਤੇ ਤੈਨੂੰ ਏਸੇ ਨੂੰਹ ਨੇ ਦੇਣੇ ਐਂ...! ਪੋਤੇ ਦੇਣ ਆਲ਼ੀ ਕੋਈ ਪ੍ਰਲੋਕ 'ਚੋਂ ਨੀ ਆ ਜਾਣੀ, ਸੋਨੇ ਦੀ ਮੁਰਗੀ ਨੂੰ ਕਦੇ ਮਾਰੀਦਾ ਨੀ ਹੁੰਦਾ..! ਬਾਕੀ ਤੂੰ ਆਪ ਈ ਸਿਆਣੀ ਐਂ, ਤੇਰੇ ਨਾਲ਼ੋਂ ਤਾਂ ਜੱਗ 'ਤੇ ਕੋਈ ਸਿਆਣਾ ਹੋ ਨੀ ਸਕਦਾ..!" ਉਹ ਗੱਲਾਂ ਹੱਡ 'ਤੇ ਮਾਰੀ ਆ ਰਿਹਾ ਸੀ।

-"ਤੂੰ ਹਰ ਗੱਲ ਨਾਲ਼ ਝੇਡ ਨਾ ਕਰਿਆ ਕਰ..! ਬੱਚਾ-ਬੱਚੀ ਹੋਣ ਆਲ਼ੈ, ਕਿਤੇ ਕੋਈ ਪੱਥਰ ਨਾ ਜੰਮ ਕੇ ਧਰਦੇ...?"

ਅਨੂਪ ਕੌਰ ਚਾਹ ਲੈ ਕੇ ਆ ਗਈ।

-"ਸਤਿ ਸ੍ਰੀ ਅਕਾਲ ਫ਼ੁੱਫ਼ੜ ਜੀ...!"

-"ਸਾਸਰੀਕਾਲ ਭਾਈ...! ਠੀਕ ਐਂ...?"

-"ਹਾਂ ਜੀ ਫ਼ੁੱਫ਼ੜ ਜੀ...!"

-"ਪੋਤਾ ਦੇ-ਦੇ ਆਪਣੀ ਸੱਸ ਨੂੰ ਐਤਕੀਂ, ਖਰਸ ਪਏ ਬੋਤੇ ਮਾਂਗੂੰ ਬਾਹਲ਼ੇ ਢਿੱਲੇ ਜੇ ਬੁੱਲ੍ਹ ਕਰੀ ਫ਼ਿਰਦੀ ਐ...!"

-"ਤੂੰ ਕਿਤੇ ਮੈਥੋਂ ਖੌਂਸੜੇ ਨਾ ਖਾਲੀਂ...!"

-"ਨ੍ਹਾਂ ਮੈਂ ਕੋਈ ਮਾੜੀ ਗੱਲ ਕੀਤੀ ਐ...?" ਉਸ ਨੇ ਚਾਹ ਦੇ ਗਿਲਾਸ ਨੂੰ ਹੱਥ ਪਾ ਲਿਆ, "ਪੋਤਾ ਦੇਣ ਦੀ ਸ਼ਿਫ਼ਾਰਸ਼ ਈ ਕੀਤੀ ਐ..! ਤੇਰੇ ਸਾਹਮਣੇ ਮੈਂ ਰੱਬ ਬਣ ਕੇ ਵੀ ਖੜ੍ਹਜਾਂ, ਤੂੰ ਮੈਨੂੰ ਫ਼ੇਰ ਵੀ ਗਾਲ਼ਾਂ ਈ ਕੱਢਣੀਐਂ..!"

-"ਅੱਜ ਕਿੱਧਰੋਂ ਆਇਐਂ...?" ਹਰ ਕੌਰ ਨੇ ਪੁੱਛਿਆ।

-"ਮਿੱਤ ਸਿਉਂ ਦੇ ਮੁੰਡੇ ਨੂੰ ਮੈਂ ਰਿਸ਼ਤਾ ਨੀ ਸੀ ਕਰਵਾਇਆ...?"

-"ਆਹੋ...!"

-"ਉਹ ਵਿਚਾਰਾ ਮੁੰਡਾ ਪੂਰਾ ਹੋ ਗਿਆ...!"

-"ਬੂਹ ਮੈਂ ਮਰਜਾਂ...!" ਹਰ ਕੌਰ ਨੇ ਸੱਚ ਹੀ ਦਰਦ ਮੰਨਿਆਂ, "ਪ੍ਰਮਾਤਮਾ ਕਿਸੇ ਧੀ ਪੁੱਤ ਦਾ ਦੁੱਖ ਨਾ ਦਿਖਾਵੇ..! ਤੂੰ ਵੀ ਕਦੇ ਚੱਜ ਦੀ ਖਬਰ ਨੀ ਦਿੰਦਾ..! ਬੱਸ ਤਬਾਹੀ ਆਲ਼ੇ ਕਹਾਣੇ ਸੁਣਾਉਂਦਾ ਰਹਿੰਨੈਂ...!"

-"ਮੈਂ ਆਬਦੇ ਕੋਲ਼ੋਂ ਜੋੜ-ਜੋੜ ਥੋੜ੍ਹੋ ਸੁਣਾਈ ਜਾਨੈਂ...? ਜੋ ਬੀਤਦੀ ਐ ਉਹ ਸੁਣਾਉਨੈਂ....! ਕੀ ਦੱਸਾਂ ਹਰ ਕੁਰੇ...? ਮਿੱਤ ਸਿਉਂ ਦੀ ਨਿੱਕੀ ਜੀ ਪੋਤੀ ਨੇ ਤਾਂ ਸਾਰੀ ਦੁਨੀਆਂ ਰੁਆਤੀ...! ਉਹ ਕਿਹੜੀ ਅੱਖ ਸੀ, ਜਿਹੜੀ ਸਿੱਲ੍ਹੀ ਨੀ ਸੀ ਹੋਈ...!" ਮਹਿੰਗਾ ਸਿਉਂ ਨੇ ਕਹਾਣੀ ਦੱਸਣੀ ਸ਼ੁਰੂ ਕੀਤੀ......

.............ਜਦ ਵੀ ਪ੍ਰੀਤ ਜੈਲਦਾਰਾਂ ਦੇ "ਕਾਕਿਆਂ" ਨੂੰ ਜਿਪਸੀਆਂ ਅਤੇ ਬੁਲਿਟ ਮੋਟਰ ਸਾਈਕਲਾਂ 'ਤੇ ਘੁੰਮਦੇ ਦੇਖਦਾ, ਤਾਂ ਉਸ ਦੇ ਅੰਦਰੋਂ ਹਾਉਕੇ ਦੇ ਨਾਲ਼-ਨਾਲ਼ ਇੱਕ ਚੀਸ ਵੀ ਉਠਦੀ, "ਕਾਸ਼! ਮੇਰਾ ਬਾਪੂ ਵੀ ਇਹਨਾਂ ਦੇ ਪਿਉ ਵਾਂਗੂੰ ਅਮੀਰ ਹੁੰਦਾ...!"  ਉਹ ਪੱਠੇ ਵੱਢਦਾ ਹੱਥ ਵਾਲ਼ੀ ਦਾਤੀ ਖੇਤ ਵਿੱਚ ਗੱਡ ਕੇ ਸੜਕ ਵੱਲ ਦੇਖਣ ਲੱਗ ਜਾਂਦਾ। ਜੈਲਦਾਰ ਦੇ ਅਮੀਰ 'ਕਾਕੇ' ਨਿੱਤ ਨਵਾਂ ਕੋਈ "ਸ਼ੋਸ਼ਾ" ਕਰਦੇ। ਕਦੇ ਕੋਈ ਨਵਾਂ ਹਥਿਆਰ ਲਿਆ ਕੇ ਉਸ ਦੀ ਪ੍ਰਦਸ਼ਨੀ ਕਰਦੇ ਅਤੇ ਕਦੇ ਕੋਈ ਨਵਾਂ ਟਰੈਕਟਰ ਲਿਆ ਕੇ, ਟਰੈਕਟਰ ਉਪਰ ਲੱਗੀ ਟੇਪ ਰਿਕਾਰਡਰ ਦੀ ਅਵਾਜ਼ "ਫ਼ੁੱਲ" ਛੱਡ ਕੇ ਪਿੰਡ ਵਿੱਚ ਭਲਵਾਨੀ ਗੇੜਾ ਦਿੰਦੇ। ਉਹਨਾਂ ਦੀਆਂ ਸ਼ੋਸ਼ੇਬਾਜ਼ੀਆਂ ਦੇਖ ਕੇ ਪਿੰਡ ਦੀ ਮੁੰਡੀਹਰ ਝੁਰਦੀ ਰਹਿੰਦੀ।

-"ਚੋਰ ਨੂੰ ਖਾਂਦੇ ਨੂੰ ਨਾ ਦੇਖੀਏ ਪੁੱਤ...! ਚੋਰ ਦੇ ਲਿਵਤਰੇ ਪੈਂਦੇ ਦੇਖੀਏ..!! ਚੋਰਾਂ ਦੇ ਸੌ ਦਿਨਾਂ ਬਾਅਦ ਇੱਕ ਦਿਨ ਸਾਧ ਦਾ ਵੀ ਜ਼ਰੂਰ ਆਉਣਾ ਹੁੰਦੈ..!" ਤਜ਼ਰਬਿਆਂ ਦੀ ਮੂਰਤ ਬਾਪੂ ਅਸਮਾਨੀਂ ਸੁਪਨਿਆਂ ਵਿੱਚ ਉਲ਼ਝਦੇ ਜਾਂਦੇ ਪੁੱਤ ਨੂੰ ਬੰਨ੍ਹ ਮਾਰ ਕੇ ਰੋਕਣ ਦਾ ਯਤਨ ਕਰਦਾ।

-"ਯਾਦ ਰੱਖੀਂ ਬਾਪੂ..! ਆ ਲੈਣ ਦੇ ਸਾਡੇ ਵੀ ਦਿਨ, ਜੇ ਸੱਚੇ ਪਾਤਿਸ਼ਾਹ ਨੇ ਦਿਨ ਫ਼ੇਰੇ, ਸਾਰੇ ਪਿੰਡ ਨਾਲ਼ੋਂ ਉਚੀ ਕੋਠੀ ਪਾ ਕੇ ਦਿਖਾਊਂਗਾ..!"

-"ਦਸਾਂ ਨਹੁੰਆਂ ਦੀ ਕਿਰਤ ਕਮਾਈ ਅਰਗੀ ਰੀਸ ਨੀ ਹੁੰਦੀ ਪੁੱਤ, ਨੀਂਦ ਬੜੀ ਸੋਹਣੀ ਆਉਂਦੀ ਐ..! ਆਪਣੇ ਗੁਰੂ ਆਪਾਂ ਨੂੰ ਐਵੇਂ ਨੀ ਸਿੱਖਿਆ ਦੇ ਗਏ; ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥ ਨ ਜਾਈ।। ਜਿਸ ਨੋ ਆਪ ਖੁਆਏ ਕਰਤਾ ਖੁਸਿ ਲਏ ਚੰਗਿਆਈ।।" ਪਰ ਬੱਗੀ ਦਾੜ੍ਹੀ ਵਾਲ਼ੇ ਗੁਣੀ-ਗਿਆਨੀ ਬਾਪੂ ਦੀ ਸਿੱਖਿਆ ਜੁਆਨ ਹੁੰਦੇ ਆ ਰਹੇ ਪ੍ਰੀਤ ਦੇ ਪੱਲੇ ਘੱਟ ਹੀ ਪੈਂਦੀ। ਉਹ ਦਿਮਾਗ 'ਤੇ ਚੜ੍ਹੇ ਸੁਪਨਿਆਂ ਨਾਲ਼ ਹੀ ਘੋਲ਼ ਕਰਦਾ ਰਹਿੰਦਾ।

ਇੱਕ ਦਿਨ ਪ੍ਰੀਤ ਅਤੇ ਸੀਰੀ ਜੈਬਾ ਗੋਡੇ-ਗੋਡੇ ਖੜ੍ਹੀ ਕਣਕ ਨੂੰ ਪਾਣੀ ਲਾ ਰਹੇ ਸਨ।

-"ਪਾੜ੍ਹਿਆ, ਵਿਆਹ-ਵੂਹ ਕਦੋਂ ਦਿਖਾਉਣੈਂ..?" ਨੱਕਾ ਮੋੜਦੇ ਜੈਬੇ ਨੇ ਪ੍ਰੀਤ ਨੂੰ ਚਾਣਚੱਕ ਛੇੜਿਆ।

-"ਵੇਲ਼ਾ ਤਾਂ ਆਬਦਾ ਨੀ ਪੂਰਾ ਹੁੰਦਾ ਬਾਈ ਜੈਬਿਆ, ਅਗਲੀ ਨੂੰ ਕੀ ਪੀਂਘ ਝੁਟਾ ਦਿਆਂਗੇ..?"

-"ਜਿਵੇਂ ਬਾਣੀਏਂ ਨੀ ਗੱਲੀਂ ਬਾਤੀਂ ਅਗਲੇ ਤੋਂ ਹੱਟੀ ਵਾਰਨ ਜਾਂਦੇ..? ਅਸੀਂ ਤੇਰੇ ਤੋਂ ਆਪਣਾ 'ਸੀਰ' ਵਾਰ ਦਿਆਂਗੇ ਪਾੜ੍ਹਿਆ, ਜਿੱਥੇ ਮਰਜੀ ਐ ਝੋਕ ਕੇ ਦੇਖ ਲਈਂ, ਆਪਾਂ ਕਿਹੜਾ ਭਾਨੋਂ ਨੂੰ ਤੁੰਗਲ਼ ਕਰਵਾ ਕੇ ਦੇਣੇ ਐਂ..?"

-"...................।" ਪ੍ਰੀਤ ਉਚੀ-ਉਚੀ ਹੱਸ ਪਿਆ।

-"ਯਾਰ ਦੀ ਗੱਲ ਨੂੰ ਲੱਲੂ-ਪੰਜੂ ਨਾ ਸਮਝ..! ਤੇਰੇ ਘਰ ਦਾ ਨੂਣ ਖਾਧੈ, ਤੂੰ ਵਿਆਹ ਕਰਵਾ, ਜਾਹ ਮੈਂ ਪੂਰੇ ਸਾਲ ਦੇ ਸੀਰ ਦੇ ਪੈਸੇ ਨੀ ਲੈਂਦਾ..!"

-"..............।" ਪ੍ਰੀਤ ਹੱਸੀ ਜਾ ਰਿਹਾ ਸੀ। ਉਹ ਜੈਬੇ ਦੀ ਦਰਿਆ-ਦਿਲੀ ਦਾ ਵੀ ਕਾਇਲ ਸੀ। ਜੈਬਾ ਦੁਨੀਆਂ ਵਿੱਚ 'ਕੱਲੀ ਜਾਨ ਸੀ। ਉਸ ਦੇ ਮਾਂ-ਬਾਪ ਛੋਟੇ ਹੁੰਦੇ ਦੇ ਹੀ ਸਵਰਗ ਸਿਧਾਰ ਗਏ ਸਨ। ਉਹ ਨਿੱਕਾ ਹੁੰਦਾ ਹੀ ਪ੍ਰੀਤ ਕਿਆਂ ਨਾਲ਼ ਸੀਰੀ ਆ ਰਲ਼ਿਆ ਸੀ, ਅਤੇ ਹੁਣ ਤੱਕ ਨਾਲ਼ ਨਿਭਦਾ ਆ ਰਿਹਾ ਸੀ।

-"ਜੇ ਜੇਬੋਂ ਨੰਗ ਐਂ, ਨੀਤ ਦੇ ਨੰਗ ਨੀ ਛੋਟੇ ਭਾਈ..! ਯਾਰ ਨੂੰ ਭਾਂਵੇਂ ਸੁਹਾਗੇ ਦੀ ਥਾਂ ਸਿੱਟਲੀਂ, ਸੀਅ ਨੀ ਕਰੂੰਗਾ...!" ਉਸ ਨੇ ਵੱਡਾ ਸਾਰਾ ਹੱਥ ਛਾਤੀ 'ਤੇ ਮਾਰਿਆ। ਛਾਤੀ ਛੱਜ ਵਾਂਗ ਖੜਕੀ।

-"ਮੇਰਾ ਇੱਕ ਕੰਮ ਕਰ ਬਾਈ ਜੈਬਿਆ..!"

-"ਬੋਲ..?"

-"ਮੈਂ ਜਾਣਾ ਚਾਹੁੰਨੈ ਬਾਹਰ, ਤੂੰ ਕਿਵੇਂ ਨਾ ਕਿਵੇਂ ਬਾਪੂ ਨੂੰ ਮਨਾ...!"

-"ਛੋਟੇ ਭਾਈ ਸਿਆਣੇ ਕਹਿੰਦੇ ਹੁੰਦੇ ਐ, ਬਾਹਰ ਦੀ ਝਾਕ ਨਾ ਰੱਖੀਏ, ਘਰ ਅੱਧੀ ਚੰਗੀ..!"

-"ਮੈਂ ਤੈਨੂੰ ਕੀ ਕੰਮ ਕਿਹੈ, ਤੂੰ ਤਾਂ ਕਵੀਸ਼ਰੀ ਕਰਨ ਲੱਗ ਪਿਆ, ਬਾਈ..?"

-"ਆਬਦੀ ਪੜ੍ਹਾਈ ਤਾਂ ਪੂਰੀ ਕਰ ਲੈ, ਫ਼ੇਰ ਤਾਏ ਨੂੰ ਬਾਹਰ ਵਾਸਤੇ ਵੀ ਮਨਾਲਾਂਗੇ..!"

-"ਪੜ੍ਹ ਕੇ ਕਿਹੜਾ ਤਸੀਲਦਾਰ ਲੱਗ ਜਾਣੈ..? ਖੇਤਾਂ 'ਚ ਈ ਨੱਕੇ ਮੋੜਨੇ ਐਂ...!"

-"..............।" ਸਿਰੇ ਦੀ ਸੱਚਾਈ ਸੁਣ ਕੇ ਜੈਬਾ ਚੁੱਪ ਵੱਟ ਗਿਆ।

ਪ੍ਰੀਤ ਚੱਲਦੀ ਮੋਟਰ ਵੱਲ ਚਲਿਆ ਗਿਆ। ਜੈਬਾ ਕਿਆਰੇ ਦਾ ਸਿਰਾ ਦੇਖਣ ਤੁਰਾ ਪਿਆ।

-"ਓਏ ਤੂੰ ਕਿੱਧਰੋਂ ਭੱਜਿਆ ਆਉਨੈਂ ਬਰੀ ਦਿਆ ਤਿਔਰਾ..?" ਜੈਬੇ ਨੇ ਗੁਆਂਢੀਆਂ ਦੇ ਮੁੰਡੇ ਨੂੰ ਪੁੱਛਿਆ। ਉਹ ਕਿਆਰੋ-ਕਿਆਰੀ ਭੱਜਿਆ ਆ ਰਿਹਾ ਸੀ।

-"ਪ੍ਰੀਤ ਚਾਚੇ ਨੂੰ ਦੇਖਣ ਆਲ਼ੇ ਆਏ ਐ, ਉਹਨੂੰ ਘਰੇ ਸੱਦਿਐ...!"

-"ਓਹ ਬੱਲੇ ਭਤੀਜ...! ਕਿੱਡੀ ਖੁਸ਼ੀ ਦੀ ਖ਼ਬਰ ਸੁਣਾਈ ਐ, ਆ ਤੈਨੂੰ ਗੁੜ ਖੁਆਵਾਂ..!" ਜੈਬਾ ਜੁਆਕ ਨੂੰ ਮੋਟਰ ਵਾਲ਼ੀ ਕੋਠੜੀ ਵੱਲ ਨੂੰ ਲੈ ਤੁਰਿਆ।

ਤੌੜੇ ਵਿੱਚੋਂ ਘੁਲ੍ਹਾੜੀ ਵਾਲ਼ਾ ਗੁੜ ਕੱਢ ਕੇ ਜੈਬੇ ਨੇ ਮੁੰਡੇ ਅੱਗੇ ਕੀਤਾ।

-"ਲੈ ਕਰ ਮੂੰਹ ਮਿੱਠਾ, ਕਿੱਡੀ ਵਧੀਆ ਖ਼ਬਰ ਦਿੱਤੀ ਐ ਭਤੀਜ ਤੂੰ..!"

-"ਘਰ ਦਾ ਗੁੜ ਖੁਆ ਕੇ ਜੁਆਕ ਨੂੰ ਮੋਕ ਨਾ ਲਾਅਦੀਂ ਬਾਈ..!"

-"ਓਏ ਕੁਛ ਨੀ ਹੁੰਦਾ ਜੱਟ ਦੇ ਪੁੱਤ ਨੂੰ, ਕਿੱਧਰੇ ਨੀ ਲੱਗਦੀ ਇਹਨੂੰ ਮੋਕ..! ਇਹਨੇ ਤਾਂ ਖ਼ਬਰ ਈ ਬੱਤੀ ਸੁਲੱਖਣੀ ਦਿੱਤੀ ਐ, ਚੱਕ ਪੁੱਤ, ਖਾਅ ਤੇ ਕੱਢ ਕੁੱਖਾਂ..!"

-"ਸਾਨੂੰ ਵੀ ਦੱਸ ਦੇ ਬਾਈ..? ਅਸੀਂ ਵੀ ਭੋਰਾ ਖ਼ੁਸ਼ ਹੋ ਲਈਏ..!" ਪ੍ਰੀਤ ਬੋਲਿਆ।

-"ਤੂੰ ਮੂੰਹ ਹੱਥ ਧੋ ਤੇ ਘਰੇ ਚੱਲ, ਤੈਨੂੰ ਦੇਖਣ ਆਲ਼ੇ ਆਏ ਐ..! ਅਸੀਂ ਤਾਂ ਰਹਿਗੇ, ਜਿਹੋ ਜੇ ਸੀਗੇ, ਤੂੰ ਤਾਂ ਕਬੀਲਦਾਰਾਂ 'ਚ ਬਹਿੰਦਾ ਹੋ..!" ਸੁਣ ਕੇ ਪ੍ਰੀਤ ਨੇ ਜੈਬੇ ਦੇ ਗੋਡੇ ਫ਼ੜ ਲਏ, "ਬਾਈ ਜੈਬਿਆ, ਮੈਨੂੰ ਬਚਾਅ...! ਮੈਂ ਨੀ ਅਜੇ ਵਿਆਹ ਕਰਵਾਉਣਾ..!"

-"ਤੂੰ ਕਮਲ਼ ਨਾ ਮਾਰ..! ਜਾਹ ਮੂੰਹ ਹੱਥ ਧੋ, ਤੇ ਚੱਲ..!" ਜੈਬੇ ਨੇ ਪ੍ਰੀਤ ਵਾਲ਼ੀ ਕਹੀ ਫ਼ੜ ਕੇ ਇੱਕ ਪਾਸੇ ਰੱਖ ਦਿੱਤੀ, "ਵਿਹੜੇ ਆਇਆ ਚਾਨਣ ਨੀ ਧੱਕੀਦਾ..!"

-"ਯਾਰ ਬਾਈ, ਆਪ ਤਾਂ ਕਿਸੇ ਤਣ-ਪੱਤਣ ਲੱਗੇ ਨੀ, ਅਗਲੀ ਨੂੰ ਵੀ ਪਰੁੰਨ੍ਹ ਕੇ ਧਰ ਦਿਆਂਗੇ..!"

-"ਸੋਚੀਂ ਪਿਆ, ਤੇ ਬੰਦਾ ਗਿਆ..! ਸੱਜੇ ਨੂੰ ਖੱਬਾ ਨਾ ਦੇਖ, ਚੱਲ..!" ਜੈਬੇ ਨੇ ਮੋਟਰ ਬੰਦ ਕਰ ਦਿੱਤੀ ਅਤੇ ਪ੍ਰੀਤ ਨੂੰ ਖਿੱਚ ਕੇ ਘਰ ਲੈ ਗਿਆ।

ਧੀ ਦੇ ਮਾਪੇ ਸੋਹਣੇ ਸੁਣੱਖੇ ਪ੍ਰੀਤ ਨੂੰ ਦੇਖਣ ਸਾਰ ਹੀ ਕਾਇਲ ਹੋ ਗਏ ਅਤੇ ਰਿਸ਼ਤਾ ਪੱਕਾ ਕਰ ਦਿੱਤਾ। ਪਰ ਪ੍ਰੀਤ ਇਸ ਰਿਸ਼ਤੇ ਤੋਂ ਮੁਨੱਕਰ ਸੀ। ਉਸ ਨੇ ਘਰ ਵਿੱਚ ਕਲੇਸ਼ ਖੜ੍ਹਾ ਕਰ ਲਿਆ।

-"ਮੈਂ ਵਿਆਹ-ਵੂਹ ਕੋਈ ਨੀ ਕਰਵਾਉਣਾ, ਮੈਂ ਤਾਂ ਬਾਹਰ ਜਾਣੈਂ..!" ਉਸ ਨੇ ਲਕੀਰ ਖਿੱਚ ਦਿੱਤੀ। ਸਭ ਨੂੰ ਸੱਪ ਸੁੰਘ ਗਿਆ। ਕਈ ਦਿਨ "ਘੈਂਸ-ਘੈਂਸ" ਹੁੰਦੀ ਰਹੀ। ਅਖੀਰ ਉਸ ਦੀ ਮਾਂ ਨੇ ਪੁੱਤ ਅੱਗੇ ਹੱਥ ਜੋੜੇ, "ਤੂੰ ਇੱਕ ਆਰੀ ਵਿਆਹ ਕਰਵਾ ਲੈ ਪੁੱਤ, ਤੇਰੇ ਪਿਉ ਨੂੰ ਮਨਾਉਣਾ ਮੇਰਾ ਕੰਮ, ਮੈਂ ਤੋਰੂੰ ਤੈਨੂੰ ਬਾਹਰ...!"

-"..................।" ਪ੍ਰੀਤ ਚੁੱਪ ਸੀ।

-"ਨਾਲ਼ੇ ਤੇਰਾ ਸਹੁਰਾ ਕਹਿੰਦਾ ਸੀ, ਉਹਨਾਂ ਦੇ ਪੰਜਾਹ ਜੀਅ ਕਨੇਡੇ ਐ, ਉਹ ਤੇਰੀ ਮੱਦਤ ਵੀ ਕਰ ਦੇਣਗੇ..!" ਆਖਣ 'ਤੇ ਸੁੱਕੀ ਵੇਲ ਨੂੰ ਪਾਣੀ ਮਿਲਣ ਵਾਂਗ ਪ੍ਰੀਤ ਨੇ ਸਿਰ ਉਚਾ ਚੁੱਕਿਆ ਅਤੇ ਨਜ਼ਰਾਂ ਰਾਹੀਂ ਸਹਿਮਤੀ ਹੋ ਗਈ।

ਗਿਣਤੀ ਦੇ ਹਫ਼ਤਿਆਂ ਵਿੱਚ ਪ੍ਰੀਤ ਦਾ ਵਿਆਹ ਹੋ ਗਿਆ।

ਲਗਰ ਵਰਗੀ ਸੋਹਣੀ ਕੁੜੀ ਪੁਨੀਤ, ਪ੍ਰੀਤ ਦੀ ਹਮਸਫ਼ਰ ਬਣ ਘਰ ਆ ਗਈ। ਸੁੰਨਾਂ ਅਤੇ ਧੁਆਂਖਿਆ ਵਿਹੜਾ ਜਿਵੇਂ ਚਾਨਣ ਅਤੇ ਖੇੜਿਆਂ ਨਾਲ਼ ਭਰ ਗਿਆ ਸੀ। ਪ੍ਰੀਤ ਦੇ ਮਾਂ-ਬਾਪ ਦੇ ਵੀ ਧਰਤੀ ਪੈਰ ਨਹੀਂ ਲੱਗਦੇ ਸਨ। ਕਮਲ਼ਾ ਹੋਇਆ ਜੈਬਾ ਗਈ ਰਾਤ ਤੱਕ ਲਾਹਣ ਪੀਂਦਾ ਅਤੇ ਬੱਕਰੇ ਦੀਆਂ ਸੈਂਖੀਆਂ ਚੂਸਦਾ ਰਿਹਾ ਸੀ।

ਤਿੰਨ ਕੁ ਮਹੀਨੇ ਤਾਂ ਸੁੱਖ ਸਾਂਦ ਨਾਲ਼ ਬੀਤ ਗਏ। ਪਰ ਤੀਜੇ ਮਹੀਨੇ ਬਾਅਦ ਹੀ ਪ੍ਰੀਤ ਨੂੰ ਬਾਹਰ ਜਾਣ ਵਾਲ਼ਾ ਹੀਂਗਣਾ ਫ਼ਿਰ ਛੁੱਟ ਪਿਆ। ਮਾਂ ਨੇ ਫ਼ਿਰ ਹਾੜ੍ਹੇ ਕੱਢੇ, ਪੁਨੀਤ ਦਾ ਵੇਰਵਾ ਦੇ ਕੇ ਵਾਸਤੇ ਪਾਏ। ਪਰ ਪ੍ਰੀਤ ਇੱਕੋ ਗੱਲ 'ਤੇ ਅੜਿਆ ਰਿਹਾ, "ਥੋਡੇ ਕਹਿਣ 'ਤੇ ਮੈਂ ਆਪਣਾ ਵਾਅਦਾ ਪੂਰਾ ਕੀਤਾ, ਹੁਣ ਤੁਸੀਂ ਆਪਣਾ ਵਾਅਦਾ ਪੂਰਾ ਕਰੋ..!" ਪ੍ਰੀਤ ਦੀ ਅੜੀ 'ਤੇ ਸਾਰਾ ਟੱਬਰ ਦੁਖੀ ਸੀ। ਪ੍ਰੀਤ ਦੀ ਮਾਂ ਨੇ ਆਪਣੀ ਨੂੰਹ ਨੂੰ ਝੰਜੋੜਿਆ, "ਪੁਨੀਤ, ਤੂੰ ਈ ਕੁਛ ਕਹਿ ਕੇ ਦੇਖ'ਲਾ ਪੁੱਤ, ਸਾਡੀ ਆਖੀ ਤਾਂ ਹੁਣ ਉਹ ਮੰਨਦਾ ਨੀ..!" ਪਰ ਨੂੰਹ ਨੇ ਵੀ ਹੱਥ ਖੜ੍ਹੇ ਕਰ ਦਿੱਤੇ, "ਬੀਜੀ, ਮੈਂ ਤਾਂ ਪਹਿਲਾਂ ਈ ਕਹਿ ਕੇ ਦੇਖ ਚੁੱਕੀ ਐਂ, ਗੱਲ ਈ ਨੀ ਸੁਣਦੇ..!" ਸੱਜ ਵਿਆਹੀ ਦੇ ਅੰਦਰੋਂ ਵੀ ਧੁਖਦੀਆਂ ਰੀਝਾਂ ਦਾ ਧੂੰਆਂ ਨਿਕਲ਼ਿਆ। ਉਸ ਨੇ ਬਲ਼ਦੀ ਚਿਖ਼ਾ ਵਾਂਗ ਹਾਉਕਾ ਲਿਆ। ਬੇਵੱਸ ਨੂੰਹ ਦੀਆਂ ਭਰੀਆਂ ਅੱਖਾਂ ਦੇਖ, ਸੱਸ ਚੁੱਪ ਕਰ ਗਈ।

ਤਣਾਓ ਭਰੇ ਮਾਹੌਲ ਵਿੱਚ ਹਫ਼ਤਾ ਹੋਰ ਲੰਘ ਗਿਆ।

ਇੱਕ ਦਿਨ ਆਥਣੇ ਜਿਹੇ ਜੈਬਾ ਪੱਠੇ ਵੱਢ ਰਿਹਾ ਸੀ। ਪ੍ਰੀਤ ਮੋਰਨੀਆਂ ਵਾਲ਼ਾ ਝੋਲ਼ਾ ਹੱਥ ਵਿੱਚ ਫ਼ੜੀ ਡਿੱਕਡੋਲੇ ਜਿਹੇ ਖਾਂਦਾ ਤੁਰਿਆ ਆ ਰਿਹਾ ਸੀ। ਜੈਬੇ ਨੇ ਦਾਤੀ ਸੁੱਟ ਡੰਡੀ 'ਤੇ ਤੁਰੇ ਆ ਰਹੇ ਪ੍ਰੀਤ ਨੂੰ ਗਹੁ ਨਾਲ਼ ਤੱਕਿਆ ਤਾਂ ਪ੍ਰੀਤ ਦੀ ਤੋਰ ਵਿੱਚ ਕੋਈ ਨਸ਼ਾ ਝੂਲ ਰਿਹਾ ਸੀ। ਹੈਰਾਨੀ ਨਾਲ਼ ਜੈਬੇ ਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ। ਪ੍ਰੀਤ ਨੇ ਅੱਜ ਤੱਕ ਕਿਸੇ ਨਸ਼ੇ ਨੂੰ ਹੱਥ ਤੱਕ ਨਹੀਂ ਲਾਇਆ ਸੀ। ਸੋਚਾਂ ਵਿੱਚ ਬੌਂਦਲ਼ਿਆ ਜੈਬਾ ਬੁਲਡੋਜਰ ਵਾਂਗ ਉਸ ਦੇ ਅੱਗੇ ਜਾ ਖੜ੍ਹਾ, "ਛੋਟੇ ਭਾਈ, ਕੁਛ ਖਾਧਾ ਪੀਤੈ ਅੱਜ..?" ਉਸ ਨੇ ਪ੍ਰੀਤ ਦਾ ਮੋਢਾ ਫ਼ੜ, ਝੰਜੋੜ ਕੇ ਪੁੱਛਿਆ।

-"ਬੈਲੀਆਂ ਨੇ ਬੈਲ ਕਮਾਉਣੇ ਬਾਈ ਜੈਬਿਆ... ਤੇ ਸਾਡੀ ਕਿਹੜਾ ਝੱਗੀ ਲਹਿ ਜਾਊ...!" ਉਸ ਨੇ ਬੱਕਰਾ ਬੁਲਾ ਕੇ ਬਾਂਹ ਉਪਰ ਚੁੱਕੀ ਤਾਂ ਪ੍ਰੀਤ ਦਾ ਸਰੀਰ ਡੋਲ ਗਿਆ। ਜੈਬੇ ਨੇ ਉਸ ਨੂੰ ਸੰਭਾਲ਼ ਲਿਆ, "ਓਏ ਇਹ ਕੀ ਕਰਨ ਲੱਗ ਪਿਆ ਖਸਮਾਂ ਨੂੰ ਖਾਣਿਆਂ? ਤਾਏ ਹੋਰੀਂ ਸਾਰੇ ਅੰਬਰਤਧਾਰੀ, ਤੇ ਤੂੰ ਆਹ ਕੀ ਲੱਛਣ ਕਰਨ ਲੱਗ ਪਿਆ..? ਤਾਇਆ ਤਾਈ ਤਾਂ ਦੇਖ ਕੇ ਸਾਹ ਖਿੱਚ ਜਾਣਗੇ..!"

-"ਅਜੇ ਤਾਂ ਆਹ ਪੀਣੀ ਐਂ ਬਾਈ...!" ਉਸ ਨੇ ਮੋਰਨੀਆਂ ਵਾਲ਼ੇ ਝੋਲ਼ੇ ਵਿੱਚੋਂ ਸਪਰੇਅ ਵਾਲ਼ੀ ਦੁਆਈ ਦੀ ਬੋਤਲ ਕੱਢ ਕੇ ਦਿਖਾਈ ਤਾਂ ਭੈਅ ਨਾਲ਼ ਜੈਬੇ ਦਾ ਅੰਦਰ ਹਿੱਲ ਗਿਆ, "ਓਏ ਗਵੱਜੀਆ, ਆਹ ਕੀ ਚੰਦ ਚਾੜ੍ਹਨ ਲੱਗਿਐਂ..? 'ਕੱਲਾ-'ਕੱਲਾ ਪੁੱਤ ਐਂ, ਹੁਣ ਬੁੱਢੇ ਵਾਰੇ ਮਾਪਿਆਂ ਨੂੰ ਆਹ ਫੱਟ ਦੇਵੇਂਗਾ..?" ਜੈਬੇ ਨੂੰ ਹੌਲ ਪੈਣ ਵਾਲ਼ਾ ਹੋਇਆ ਪਿਆ ਸੀ।

-"ਬੱਸ ਬਾਈ ਜੈਬਿਆ, ਹੁਣ ਯਾਰ ਗੱਡੀ ਚੜ੍ਹ ਜਾਣਗੇ... ਤੂੰ ਬੈਠੀ ਰੋਵੇਂਗੀ ਵਣਾਂ ਦੀ ਛਾਂਵੇਂ..!" ਉਹ ਨਸ਼ੇ ਵਿੱਚ ਕਵੀਸ਼ਰੀ ਕਰੀ ਜਾ ਰਿਹਾ ਸੀ। ਜੈਬੇ ਨੇ ਧੱਕਾ ਮਾਰ ਕੇ ਪ੍ਰੀਤ ਨੂੰ ਬਰਸੀਨ ਦੀ ਭਰੀ 'ਤੇ ਸੁੱਟ ਲਿਆ ਅਤੇ ਹੱਥੋਂ ਦੁਆਈ ਵਾਲ਼ੀ ਬੋਤਲ ਖੋਹ ਲਈ। ਪ੍ਰੀਤ ਬੋਤਲ ਖੋਹਣ ਪਿਆ ਤਾਂ ਜੈਬੇ ਨੇ ਗੁਆਂਢੀ ਖੇਤਾਂ ਵਾਲ਼ਿਆਂ ਨੂੰ ਅਵਾਜ਼ਾਂ ਮਾਰ ਕੇ ਲੋਕ ਇਕੱਠੇ ਕਰ ਲਏ ਅਤੇ ਪ੍ਰੀਤ ਨੂੰ ਖਿੱਚ ਧੂਹ ਕੇ ਘਰ ਲੈ ਆਂਦਾ। ਨਸ਼ੇ ਵਿੱਚ ਉਹ ਆਪਣਾ ਆਪ ਛੁਡਾ-ਛੁਡਾ ਕੇ ਭੱਜਦਾ ਸੀ। ਇਕਲੌਤੇ ਪੁੱਤ ਦੀ ਨਸ਼ਈ ਹਾਲਤ ਦੇਖ ਕੇ ਮਾਂ ਨੂੰ ਗਸ਼ ਪੈਣ ਵਾਲ਼ੀ ਹੋ ਗਈ ਅਤੇ ਸੱਜ ਵਿਆਹੀ ਪੁਨੀਤ ਢਿੱਡ 'ਚ ਮੁੱਕੀਆਂ ਦੇ ਕੇ ਬੈਠ ਗਈ।

-"ਤਾਇਆ, ਇਹਦਾ ਬਾਹਰਲਾ ਜੁਗਾੜ ਕਰੋ, ਪਿੱਛਾ ਆਪਾਂ ਰਲ਼ ਮਿਲ਼ ਕੇ ਸਾਂਭ ਲਵਾਂਗੇ..!" ਹਾਲਾਤਾਂ ਤੋਂ ਹਾਰ ਕੇ ਜੈਬੇ ਨੇ ਮਿੱਤ ਸਿੰਘ ਨੂੰ ਕਿਹਾ, "ਗਿਆ ਵੇਲ਼ਾ ਹੱਥ ਨੀ ਆਉਂਦਾ, ਪਿੱਛੋਂ ਅੱਕਾਂ 'ਚ ਡਾਂਗਾਂ ਮਾਰਨ ਨਾਲ਼ ਕੁਛ ਨੀ ਹੋਣਾ, ਵੇਲ਼ਾ ਸਾਂਭ ਤਾਇਆ..!"

-"..............।" ਥਮਲ੍ਹੇ ਵਰਗੇ ਜਿਗਰੇ ਵਾਲ਼ਾ ਮਿੱਤ ਸਿੰਘ ਚੁੱਪ ਸੀ।

-"ਹਰਖ ਦਾ ਮਾਰਿਆ ਧੀ ਪੁੱਤ ਨਰਕ 'ਚ ਪੈ ਜਾਂਦੈ..! ਆਪਾਂ ਜਿਹੜੇ ਠੂਠੇ ਖਾਣੈ, ਓਸੇ ਈ ਖਾਣੈ ਤਾਇਆ, ਤੂੰ ਇਹਦਾ ਬੰਨ੍ਹ-ਸੁੱਬ ਕਰ, ਮੇਰਾ ਚਾਹੇ ਸਾਲ ਦਾ ਸੀਰ ਨਾ ਦੇਈਂ, ਮੇਰੇ ਕਿਹੜਾ ਪੱਪੂ ਹੋਰੀਂ ਰੋਂਦੇ ਐ..!"

ਭਲੇ ਵੇਲ਼ਿਆਂ ਵਿੱਚ ਮਿੱਤ ਸਿੰਘ ਨੇ ਪ੍ਰੀਤ ਨੂੰ "ਚੋਰ-ਮੋਰੀਆਂ" ਰਾਹੀਂ ਕੈਨੇਡਾ ਵੜਦਾ ਕਰ ਦਿੱਤਾ।

-"ਲੈ ਮੈਂ ਆਬਦਾ ਫ਼ਰਜ਼ ਨਿਭਾਅ ਦਿੱਤਾ, ਹੁਣ ਤੂੰ ਆਬਦੇ ਫ਼ਰਜ ਨਾ ਭੁੱਲਜੀਂ, ਜਿਉਣ ਜੋਕਰਿਆ..!" ਤੁਰਦੇ ਪੁੱਤ ਨੂੰ ਮਿੱਤ ਸਿੰਘ ਨੇ ਹਿੱਕ 'ਤੇ ਪੱਥਰ ਰੱਖ ਕੇ ਆਖਿਆ ਸੀ। ਮਨ ਪ੍ਰੀਤ ਦਾ ਵੀ ਭਰਿਆ ਹੋਇਆ ਸੀ। ਅੱਖਾਂ ਭਿੱਜੀਆਂ ਹੋਈਆਂ ਸਨ।

-"ਇੱਕ ਗੱਲ ਯਾਦ ਰੱਖੀਂ..! ਰਾਤ ਨੂੰ ਖਾਣਾ, ਤੇ ਸਵੇਰ ਨੂੰ ਗੰਦ ਬਣ ਜਾਣਾ..! ਵਿਗੜਦਾ ਆਬਦਾ ਹੁੰਦੈ, ਤੇ ਮੂੰਹ ਕਾਲ਼ਸ ਲੋਕ ਦਿੰਦੇ ਐ, ਤੇ ਦੂਜੇ ਪਾਸੇ ਬਣਦਾ ਆਬਦਾ ਹੁੰਦੈ, ਤੇ ਬੱਲੇ-ਬੱਲੇ ਲੋਕ ਕਰਦੇ ਐ, ਇਹ ਦੇਖ ਲਈਂ ਬਈ ਤੂੰ ਕਿਹੜੇ ਪਾਸੇ ਤੁਰਨੈ ਸ਼ੇਰ ਬੱਗਿਆ..!"

ਦੋ ਮਹੀਨੇ ਰੁਲ਼ਦਾ-ਖੁਲ਼ਦਾ ਪ੍ਰੀਤ ਕੈਨੇਡਾ ਦੇ ਸ਼ਹਿਰ 'ਸਰੀ' ਪਹੁੰਚ ਗਿਆ। ਬਿਗਾਨਾ ਮੁਲਕ ਅਤੇ ਬਿਗਾਨੇ ਲੋਕ! ਉਹ ਧਰਤੀ, ਜਿੱਥੇ ਲੋਕ ਅੱਤ ਦੇ ਨਜ਼ਦੀਕੀਆਂ ਦੇ ਸਸਕਾਰ ਵੀ ਛੁੱਟੀ ਵਾਲ਼ੇ ਦਿਨ ਕਰਦੇ ਸਨ। ਮਸ਼ੀਨਾਂ ਨਾਲ਼ ਮਸ਼ੀਨ ਹੋਈ ਦੁਨੀਆਂ। ਤੇਜ਼ ਰੌਸ਼ਨੀਆਂ ਵਿੱਚ ਚੁੰਧਿਆਈਆਂ ਨਜ਼ਰਾਂ, ਕੰਮਾਂ-ਕਾਰਾਂ ਅਤੇ ਮੌਰਗੇਜਾਂ ਦੇ ਖੋਖਲ਼ੇ ਕੀਤੇ ਹੋਏ ਦਿਮਾਗ! ਇੱਕ-ਦੂਜੇ ਤੋਂ ਅੱਗੇ ਲੰਘਣ ਦੀ ਦੌੜ ਵਿੱਚ ਮਸ਼ਰੂਫ਼ ਹੋਏ ਲੋਕ! ਪ੍ਰੀਤ ਦੀ ਕਦੇ ਦਿਹਾੜੀ ਲੱਗ ਜਾਂਦੀ, ਕਦੇ ਉਹ ਵਿਹਲਾ ਮੱਖੀਆਂ ਮਾਰਦਾ। ਜਦ ਉਸ ਨੂੰ ਕੋਈ ਕੰਮ ਨਾ ਮਿਲ਼ਦਾ ਤਾਂ ਉਹ ਗੁਰੂ ਘਰ ਜਾ ਕੇ ਹਾਜ਼ਰੀ ਦੇ ਨਾਲ਼-ਨਾਲ਼ ਢਿੱਡ ਵੀ ਭਰ ਆਉਂਦਾ। ਉਸ ਦੇ ਨਾਲ਼ ਦੇ ਮੁੰਡੇ ਛੁੱਟੀ ਵਾਲ਼ੇ ਦਿਨ ਬੋਤਲਾਂ ਲਿਆ ਕੇ ਖ਼ੂਬ ਦਾਰੂ ਪੀਂਦੇ, ਮੁਰਗੇ ਰਾੜ੍ਹਦੇ, ਪਰ ਪ੍ਰੀਤ ਡਬਲਰੋਟੀ ਅਤੇ ਦਾਲ਼ ਨਾਲ਼ ਕਾਲ਼ਜਾ ਧਾਫ਼ੜ ਕੇ ਚੁੱਪ-ਚਾਪ ਸੌਂ ਜਾਂਦਾ। ਨਾਲ਼ ਦੇ ਮੁੰਡੇ ਉਸ ਦੀ ਖਿੱਲੀ ਉਡਾਉਂਦੇ, "ਇਹ ਤਾਂ ਹੱਥ ਘੁੱਟ ਬੰਦੈ..! ਸਿਰੇ ਦਾ ਸੂਮ..!"

-"ਇਹ ਤਾਂ ਰੁਪਈਏ 'ਤੇ ਲੀਰ ਫ਼ੇਰ ਕੇ ਰੱਖਣ ਆਲ਼ਾ ਮਹਾਂਪੁਰਖ ਐ ਬਾਈ...!"

-"ਇਹਦੀਆਂ ਗੱਲਾਂ ਗਾਂਹਾਂ...!"

-"ਕਿਉਂ ਮਗਜਮਾਰੀ ਕਰਦੇ ਐਂ, ਅਗਲੇ ਨੇ ਹਿੱਕ 'ਤੇ ਧਰ ਕੇ ਲਿਜਾਣਾ ਹੋਊ...?" ਨਾਲ਼ ਦੇ ਮੁੰਡੇ ਉਸ 'ਤੇ ਅਵਾਜ਼ੇ ਕਸਦੇ। ਚੋਭਾਂ ਲਾਉਂਦੇ। ਪਰ ਪ੍ਰੀਤ ਚੁੱਪ ਹੀ ਰਹਿੰਦਾ।

ਤਿੰਨ ਦਿਨ ਤੋਂ ਪ੍ਰੀਤ ਨੂੰ ਕੋਈ ਕੰਮ ਨਹੀਂ ਮਿਲ਼ਿਆ ਸੀ। ਉਹ ਗੁਰ ੂਘਰ ਤੋਂ ਲੰਗਰ ਛਕ ਕੇ ਘੋਰ ਉਦਾਸ ਤੁਰਿਆ ਆ ਰਿਹਾ ਸੀ। ਸਾਹਮਣਿਓਂ ਉਸ ਨੂੰ ਅੰਗਰੇਜ਼ੀ ਮਾਹੌਲ ਦੀ ਪੁੱਠ ਚੜ੍ਹੀ ਵਾਲ਼ਾ ਪੰਜਾਬੀ ਮੁੰਡਾ ਮਿਲ਼ ਪਿਆ। ਵਾਲ਼ਾਂ ਦੀ ਕੰਨਾਂ ਉਪਰੋਂ ਉਸਤਰੇ ਨਾਲ਼ ਮੁਰੱਬੇਬੰਦੀ ਜਿਹੀ ਕਰਵਾ ਕੇ ਉਪਰਲੇ ਵਾਲ਼ ਉਸ ਨੇ ਕੁੱਕੜ ਦੀ ਕਲਗੀ ਵਾਂਗ ਖੜ੍ਹੇ ਕੀਤੇ ਹੋਏ ਸਨ ਅਤੇ ਹੱਥਾਂ ਦੀਆਂ ਤਕਰੀਬਨ ਸਾਰੀਆਂ ਉਂਗਲ਼ਾਂ ਵਿੱਚ ਛਾਪਾਂ ਪਾਈਆਂ ਹੋਈਆਂ ਸਨ। ਗਲ਼ ਵਿੱਚ ਸੋਨੇ ਦੀ ਮੋਟੀ ਸੰਗਲ਼ੀ ਅਤੇ ਹਿੱਕ ਉਪਰ ਸ਼ੇਰ ਖੁਣਵਾਇਆ ਹੋਇਆ ਸੀ।

-"ਕੀ ਹਾਲ ਨੇ ਬਰੱਦਰ..?" ਉਹ ਪ੍ਰੀਤ ਨੂੰ ਬੜੀ ਅਪਣੱਤ ਨਾਲ਼ ਮਿਲ਼ਿਆ। ਪਰ ਪ੍ਰੀਤ ਸੋਚਾਂ ਵਿੱਚ ਡੁੱਬਿਆ ਕੋਲ਼ ਦੀ ਲੰਘ ਚੱਲਿਆ। ਉਸ ਨੇ ਇਸ ਲੜਕੇ ਨੂੰ ਕਦੇ ਦੇਖਿਆ ਤੱਕ ਨਹੀਂ ਸੀ।

-"ਗੱਲ ਤਾਂ ਸੁਣ'ਜਾ ਭਰਾਵਾ..!" ਉਸ ਦੇ ਕਹਿਣ 'ਤੇ ਪ੍ਰੀਤ ਰੁਕ ਗਿਆ।

-"ਕੰਮ ਚਾਹੀਦੈ...?" ਉਹ ਸੋਨੇ ਦੀ ਮੋਟੀ ਮੁੰਦਰੀ ਨੂੰ ਉਂਗਲ਼ ਵਿੱਚ ਘੁੰਮਾਉਂਦਾ ਬੋਲਿਆ।

-"...............।" ਪ੍ਰੀਤ ਅਜੇ ਵੀ ਚੁੱਪ ਸੀ।

-"ਮੇਰਾ ਨਾਂ ਡੈਬੀ ਆ...! ਸੱਤੇ ਦਿਨ ਕੰਮ, ਤੇ ਸਾਡੀ ਕੰਪਨੀ ਪੱਕਾ ਵੀ ਕਰਵਾਊ...!" ਮਿਲਾਉਣ ਲਈ ਉਸ ਨੇ ਪ੍ਰੀਤ ਵੱਲ ਹੱਥ ਵਧਾਇਆ।

-"..............।" ਪ੍ਰੀਤ ਰੱਬ ਦੇ ਸ਼ੁਕਰਾਨੇ ਵਜੋਂ ਅਸਮਾਨ ਵੱਲ ਝਾਕ ਰਿਹਾ ਸੀ। ਉਸ ਨੂੰ ਆਸ ਨਹੀਂ ਸੀ ਕਿ ਰੱਬ ਛੱਪਰ ਪਾੜ ਕੇ ਦੇ ਦੇਵੇਗਾ।

ਉਸ ਦਿਨ ਤੋਂ ਪ੍ਰੀਤ ਦਾ ਕੰਮ ਖੁੱਲ੍ਹਾ-ਡੁੱਲ੍ਹਾ ਸ਼ੁਰੂ ਹੋ ਗਿਆ। ਡੈਬੀ ਪ੍ਰੀਤ ਦੀ ਜ਼ਿੰਦਗੀ ਵਿੱਚ ਕੀ ਆਇਆ, ਦਿਨ-ਬ-ਦਿਨ ਪ੍ਰੀਤ ਦੀਆਂ ਲਹਿਰਾਂ-ਬਹਿਰਾਂ ਹੁੰਦੀਆਂ ਤੁਰੀਆਂ ਜਾ ਰਹੀਆਂ ਸਨ। ਕੀਮਤੀ ਘਰ ਅਤੇ ਮਹਿੰਗੀਆਂ ਕਾਰਾਂ ਘਰੇ ਆ ਖੜ੍ਹੀਆਂ। ਪਤਾ ਨਹੀਂ ਪ੍ਰੀਤ ਦੇ ਹੱਥ ਕਿਹੜੀ ਗਿੱਦੜਸਿੰਗੀ ਆ ਗਈ ਸੀ, ਉਹ ਪੈਸੇ ਵਿੱਚ ਖੇਡਣ ਲੱਗ ਪਿਆ ਸੀ। ਉਸ ਦੇ ਨਾਲ਼ ਦੇ ਮੁੰਡੇ ਹੈਰਾਨ ਸਨ। ਉਹ ਰਾਤ ਨੂੰ ਦਾਰੂ ਪੀਂਦੇ ਗੱਲਾਂ ਸਾਂਝੀਆਂ ਕਰਦੇ, "ਪ੍ਰੀਤ ਕੰਜਰ ਡਰੱਗ ਡੀਲਰਾਂ ਨਾਲ਼ ਰਲ਼ ਗਿਆ..!"

-"ਫ਼ੇਰ ਤੈਨੂੰ ਕੀ...? ਜੀਹਦਾ ਸਿਰ ਦੁਖੂ, ਆਪੇ ਪੱਟੀ ਬੰਨੂ..! ਅਖੇ ਤੂੰ ਕੌਣ, ਕਹਿੰਦਾ ਮੈਂ ਖਾਹ-ਮਖਾਹ..!"

ਮੁੰਡੇ ਉਸ ਨੂੰ ਲੈ ਕੇ ਕਚ੍ਹੀਰਾ ਕਰਦੇ।

-"ਬਾਪੂ, ਮਾਰ ਜਿਹੜੀ ਪੈਲ਼ੀ ਦਾ ਸੌਦਾ ਮਾਰਦੈਂ, ਪੈਸੇ ਮੈਂ ਭੇਜੂੰ..!" ਰਾਤ ਨੂੰ ਪੈੱਗ ਲਾ ਕੇ ਪ੍ਰੀਤ ਨੇ ਬਾਪੂ ਨੂੰ ਫ਼ੋਨ 'ਤੇ ਕਿਹਾ।

-"ਪੁੱਤ, ਕੜਬਚੱਬਾਂ ਦਾ ਮੁੰਡਾ ਪੰਜ ਸਾਲ ਹੋਗੇ ਬਾਹਰ ਗਏ ਨੂੰ, ਉਹਦੇ ਅਜੇ ਤੱਕ ਪੈਰ ਨੀ ਲੱਗੇ, ਆਨਾਂ ਨੀ ਭੇਜਿਆ ਘਰਦਿਆਂ ਨੂੰ, ਪੱਚੀ ਲੱਖ ਲਾ ਕੇ ਭੇਜਿਐ ਵਿਚਾਰਿਆਂ ਨੇ...!"

-"ਆਬਦੀ-ਆਬਦੀ ਕਿਸਮਤ ਹੁੰਦੀ ਐ, ਬਾਪੂ..!"

-"ਤੂੰ ਕਿਤੇ ਕੋਈ ਐਰਾ-ਗੈਰਾ ਕੰਮ ਤਾਂ ਨੀ ਕਰਨ ਲੱਗ ਪਿਆ...?" ਬਾਪੂ ਨੇ ਅੰਦਰਲਾ ਡਰ ਉਜਾਗਰ ਕੀਤਾ।

-"ਨਹੀਂ ਬਾਪੂ..! ਕੋਈ ਨੀ ਕਰਦਾ, ਤੁਸੀਂ ਆਪ ਈ ਕਹਿੰਦੇ ਹੁੰਦੇ ਸੀ ਕਿ ਕੰਮ ਕੋਈ ਵੀ ਮਾੜਾ ਨੀ ਹੁੰਦਾ..!"

-"ਫ਼ਰਕ ਤਾਂ ਕੋਈ "ਬਾਪੂ" ਤੇ "ਮਾਂ ਦੇ ਖਸਮ" 'ਚ ਵੀ ਨੀ ਹੁੰਦਾ, ਪਰ ਬੋਲਣ ਵਾਲ਼ਾ ਸੰਕੋਚ ਕਰਦੈ..!"

-"...............।" ਪ੍ਰੀਤ ਨਿਰੁੱਤਰ ਹੋ ਗਿਆ।

-"ਪੁੱਤ, ਦਸਾਂ ਨਹੁੰਆਂ ਦੀ ਕਿਰਤ 'ਚ ਬਰਕਤ ਹੁੰਦੀ ਐ, ਤੇ ਨਾਲ਼ੇ ਜੱਗ ਸਲ਼ਾਹੁਤਾ ਕਰਦੈ..!"

-"ਤੁਸੀਂ ਫ਼ਿਕਰ ਨਾ ਕਰੋ ਬਾਪੂ ਜੀ..! ਥੋਨੂੰ ਕੋਈ ਉਲਾਂਭਾ ਨੀ ਆਊ, ਬੀਜੀ ਨਾਲ਼ ਗੱਲ ਕਰਵਾ ਦਿਓ...!"

ਬਾਪੂ ਨੇ ਫ਼ੋਨ ਅੱਗੇ ਫ਼ੜਾ ਦਿੱਤਾ।

-"ਪੁੱਤ, ਕੋਈ ਮਾੜਾ ਧੰਦਾ ਨਾ ਵਿੱਢ-ਲੀਂ, ਪੁਨੀਤ ਬਾਰੇ ਵੀ ਸੋਚੀਂ, ਉਹਦਾ ਪੈਰ ਭਾਰੈ...!"

-"ਓਹ ਬੱਲੇ...! ਫ਼ੇਰ ਤਾਂ ਵਧਾਈਆਂ ਬੀਜੀ..!" ਖ਼ੁਸ਼ੀ ਨਾਲ਼ ਲੱਟੂ ਹੋਏ ਪ੍ਰੀਤ ਨੇ ਬੋਤਲ ਮੂੰਹ ਨੂੰ ਲਾ ਲਈ।

ਪੁਨੀਤ ਦੇ ਦਿਨ ਪੂਰੇ ਹੋਣ 'ਤੇ ਉਸ ਨੇ ਇੱਕ ਸੋਹਣੀ ਸੁਣੱਖੀ ਬੱਚੀ ਨੂੰ ਜਨਮ ਦਿੱਤਾ। ਹਰੇ ਕਾਗਜ਼ 'ਤੇ ਜਿਵੇਂ ਸੋਨੇ ਦੀ ਡਲ਼ੀ ਪਈ ਸੀ। ਬੱਚੀ ਦਾ ਨਾਂ "ਗੁਰਅੰਮ੍ਰਿਤ" ਰੱਖਿਆ ਗਿਆ। ਸੁੰਨੇ ਪਏ ਘਰ ਵਿੱਚ ਕਿਲਕਾਰੀਆਂ ਵੱਜਣ ਲੱਗ ਪਈਆਂ ਅਤੇ ਘਰ ਦੀਆਂ ਕੁਮਲ਼ਾਈਆਂ ਵੇਲਾਂ ਖ਼ੁਸ਼ੀਆਂ ਨਾਲ਼ ਟਹਿਕ ਪਈਆਂ।

ਪ੍ਰੀਤ ਨੇ ਪੰਜਾਂ ਸਾਲਾਂ ਵਿੱਚ ਪੱਚੀ ਏਕੜ ਦਾ ਟੱਕ ਖਰੀਦ ਮਾਰਿਆ ਅਤੇ ਅਸਮਾਨ ਛੂੰਹਦੀ ਕੋਠੀ ਖੜ੍ਹੀ ਕਰ ਲਈ। ਇਲਾਕੇ ਵਿੱਚ ਗੱਲਾਂ ਹੋਣ ਲੱਗ ਪਈਆਂ। ਪਰ ਸੰਤ ਕੌਰ ਅਤੇ ਮਿੱਤ ਸਿੰਘ ਵਿੱਚ ਕੋਈ ਮੜਕ ਨਾ ਆਈ। ਉਹ ਸਾਧੂ ਸੁਭਾਅ ਵਿੱਚ ਹੀ ਵਿਚਰਦੇ ਰਹੇ। ਗੁਰਅੰਮ੍ਰਿਤ ਦੀ ਉਮਰ ਪੰਜ ਸਾਲ ਤੋਂ ਉਪਰ ਹੋ ਗਈ ਸੀ। ਹੁਣ ਉਹ 'ਪਾਪਾ' ਨੂੰ ਯਾਦ ਕਰਦੀ। ਪੁਨੀਤ ਉਸ ਨੂੰ ਮੋਬਾਇਲ ਫ਼ੋਨ 'ਤੇ ਫ਼ੋਟੋ ਲਾਹ-ਲਾਹ ਕੇ ਦਿੰਦੀ, "ਆਹ ਕਮਰਾ ਤੇਰੇ ਪਾਪਾ ਜੀ ਦਾ ਪੁੱਤ, ਤੇ ਆਹ ਕਮਰਾ ਮੇਰੀ ਗੁਰਅੰਮ੍ਰਿਤ ਦਾ...!" ਉਹ ਮੋਬਾਇਲ 'ਤੇ ਫ਼ੋਟੋ ਦਿਖਾ-ਦਿਖਾ ਕੇ ਆਖਦੀ।

-"ਨਹੀਂ ਮਾਂ..! ਮੈਂ ਤਾਂ ਪਾਪਾ ਵਾਲ਼ੇ ਕਮਰੇ 'ਚ ਪਾਪਾ ਕੋਲ਼ ਹੀ ਪਊਂਗੀ..!"

-"ਚੰਗਾ ਮੇਰੀ ਪਟਰਾਣੀ...! ਪਾਪਾ ਕੋਲ਼ ਪੈ ਜਾਇਆ ਕਰੀਂ..! ਹੋਰ ਦੱਸੋ ਪਟਰਾਣੀ ਜੀ..? ਹੋਰ ਕੋਈ ਸੇਵਾ..??" ਪੁਨੀਤ ਨੇ ਕਿਹਾ ਤਾਂ ਗੁਰਅੰਮ੍ਰਿਤ ਚੁੱਪ ਕਰ ਗਈ। ਮਾਸੂਮ ਚਿਹਰੇ ਦੀ ਮਾਸੂਮੀਅਤ ਆਪਣੀ ਮਿਸਾਲ ਆਪ ਸੀ।

-"ਆਬਦੇ ਪਾਪਾ ਜੀ ਨੂੰ ਕਹਿ ਕੇ ਹੁਣ ਸਾਨੂੰ ਮਿਲ਼ ਜਾਣ ਤੇ ਤੈਨੂੰ ਤੇ ਪੁਨੀਤ ਨੂੰ ਨਾਲ਼ ਲੈ ਜਾਣ..!" ਦਾਦੀ ਸੰਤ ਕੌਰ ਨੇ ਕਿਹਾ।

-"ਅੱਜ ਕਹੇਂਗਾ ਨ੍ਹਾ ਪੁੱਤ..?" ਰੋਟੀ ਖਾਂਦਾ ਮਿੱਤ ਸਿੰਘ ਬੋਲਿਆ, ਤਾਂ ਗੁਰਅੰਮ੍ਰਿਤ ਨੇ 'ਹਾਂ' ਵਿੱਚ ਸਿਰ ਹਿਲਾਇਆ।

ਹੁਣ ਘਰ ਵਾਲ਼ਾ ਫ਼ੋਨ ਤਕਰੀਬਨ ਗੁਰਅੰਮ੍ਰਿਤ ਹੀ ਚੁੱਕਦੀ। ਜਦ ਫ਼ੋਨ ਵੱਜਦਾ ਤਾਂ ਉਹ ਭੱਜੀ ਜਾਂਦੀ ਅਤੇ ਫ਼ੋਨ ਜਾ ਚੁੱਕਦੀ।

-"ਪਾਪਾ, ਹੁਣ ਤੁਸੀਂ ਆਜੋ...!" ਅਗਲੇ ਦਿਨ ਗੁਰਅੰਮ੍ਰਿਤ ਨੇ ਪਾਪਾ ਨੂੰ ਫ਼ੋਨ 'ਤੇ ਕਿਹਾ।

-"ਲੈ ਆ ਗਿਆ ਪੁੱਤ ਫ਼ੇਰ, ਕੱਲ੍ਹ ਨੂੰ ਟਿਕਟ ਕਰਵਾਉਨੈਂ, ਮੇਰੇ ਪੁੱਤੂ ਨੇ ਕਿਤੇ ਨਿੱਤ-ਨਿੱਤ ਕਹਿਣੈ...? ਲਿਆ ਦਾਦਾ ਜੀ ਨਾਲ਼ ਗੱਲ ਕਰਵਾ...!" ਗੁਰਅੰਮ੍ਰਿਤ ਨੇ ਫ਼ੋਨ ਦਾਦਾ ਜੀ ਨੂੰ ਫ਼ੜਾ ਦਿੱਤਾ।

-"ਹਾਂ ਪੁੱਤ..?" ਮਿੱਤ ਸਿੰਘ ਫ਼ੋਨ ਫ਼ੜ ਕੇ ਬੋਲਿਆ।

-"ਬਾਪੂ ਜੀ, ਕੱਲ੍ਹ ਨੂੰ ਤੁਸੀਂ ਖੁੱਲ੍ਹੀ-ਡੁੱਲ੍ਹੀ ਨਵੀਂ ਗੱਡੀ ਕਢਵਾਓ, ਮੈਂ ਥੋਨੂੰ ਆਉਣ ਦਾ ਦਿਨ ਦੱਸਦੈਂ..! ਤੇ ਜਦੋਂ ਮੈਂ ਆਵਾਂ, ਏਅਰਪੋਰਟ 'ਤੇ ਬਾਈ ਜੈਬੇ ਨੂੰ ਨਾਲ਼ ਜ਼ਰੂਰ ਲੈ ਕੇ ਆਇਓ..!"

-"ਚੰਗਾ ਪੁੱਤ...! ਫ਼ੇਰ ਡਰੈਵਰ ਨਾਲ਼ 'ਕੱਲਾ ਜੈਬਾ ਈ ਆ ਜਾਊਗਾ, ਮੈਂ ਕੀ ਕਰਨੈਂ, ਵਾਧੂ ਲੰਮੇ ਸਫ਼ਰ 'ਚ ਔਖਾ ਹੋਊਂਗਾ..!"

-"ਜਿਵੇਂ ਚੰਗਾ ਲੱਗੇ, ਕਰ ਲਿਓ ਬਾਪੂ..! ਜੈਬਾ ਮੈਨੂੰ ਆਪਣਾ ਸੀਰੀ ਨੀ, ਆਪਣੇ ਘਰ ਦਾ ਮੈਂਬਰ ਤੇ ਵੱਡਾ ਭਰਾ ਈ ਲੱਗਦੈ..!"

-"ਅਸੀਂ ਕਿਹੜਾ ਉਹਨੂੰ ਓਪਰਾ ਸਮਝਦੇ ਐਂ ਪੁੱਤ..? ਜੈਬਾ ਤਾਂ ਸਾਨੂੰ ਕਦੇ ਬਿਗਾਨਾ ਲੱਗਿਆ ਈ ਨੀ..! ਬਥੇਰਾ ਦੁਖਦੇ ਸੁਖਦੇ ਕੰਮ ਆਇਐ ਜਿਉਣ ਜੋਕਰਾ..!"

ਤੀਜੇ ਦਿਨ ਨਵੀਂ ਗੱਡੀ ਘਰ ਆ ਗਈ।

ਹਫ਼ਤੇ ਬਾਅਦ ਪ੍ਰੀਤ ਨੇ ਦਿੱਲੀ ਆ ਉਤਰਨਾ ਸੀ।

ਮਿਥੇ ਦਿਨ 'ਤੇ ਪ੍ਰੀਤ ਦਿੱਲੀ ਆ ਉਤਰਿਆ। ਇੱਧਰੋਂ ਜੈਬਾ ਅਤੇ ਡਰਾਈਵਰ ਪਹੁੰਚੇ ਹੋਏ ਸਨ। ਪ੍ਰੀਤ ਖਾ ਪੀ ਕੇ ਪੂਰਾ ਦੁੜਕ ਗਿਆ ਸੀ। ਉਸ ਦੀ ਮੂਲ਼ੀ ਵਰਗੀ ਧੌਣ ਬੋਹੜ ਦੇ ਮੁੱਛ ਵਰਗੀ ਹੋ ਗਈ ਸੀ। ਸਰੀਰ ਪੂਰਾ ਭਰ ਗਿਆ ਸੀ। ਆਉਣ ਸਾਰ ਉਸ ਨੇ ਜੈਬੇ ਨੂੰ ਗਲਵਕੜੀ ਪਾ ਲਈ। ਜੈਬਾ ਪ੍ਰੀਤ ਅੱਗੇ ਛਿਲਕਾਂ ਦਾ ਘੋੜ੍ਹਾ ਜਿਹਾ ਹੀ ਲੱਗਦਾ ਸੀ।

-"ਜੱਟ ਦੀ ਕੁਤਕੁਤੀ ਆਲ਼ੀ ਗੱਲ ਨਾ ਕਰੀਂ ਨਿੱਕੇ ਭਾਈ...!" ਜੈਬਾ ਪ੍ਰੀਤ ਦੀ ਗਲਵਕੜੀ 'ਚ ਘੁੱਟਿਆ ਬੋਲ ਰਿਹਾ ਸੀ।

-".....................।" ਪ੍ਰੀਤ ਉਚੀ-ਉਚੀ ਹੱਸ ਪਿਆ।

-"ਕੀੜੀ ਨੂੰ ਤਾਂ ਤੱਕਲ਼ੇ ਦਾ ਦਾਗ ਈ ਬਥੇਰਾ ਹੁੰਦੈ..!" ਜੈਬੇ ਦੇ ਕਹਿਣ 'ਤੇ ਡਰਾਈਵਰ ਵੀ ਹੱਸ ਪਿਆ।

-"ਇਹ ਮੇਰਾ ਵੱਡਾ ਬਾਈ ਅਜੈਬ ਸਿੰਘ..! ਆਪਣੇ ਖੇਤਾਂ ਦਾ ਰਾਜਾ ਤੇ ਸਾਰੇ ਕਾਰੋਬਾਰ ਦਾ ਕਰਤਾ ਧਰਤਾ..!" ਪ੍ਰੀਤ ਅਜੇ ਵੀ ਜੈਬੇ ਨੂੰ ਗਲਵਕੜੀ ਵਿੱਚ ਘੁੱਟੀ ਖੜ੍ਹਾ ਸੀ।

-"ਐਨਾਂ ਭਾਰ ਨਾ ਚੜ੍ਹਾ ਛੋਟੇ ਭਾਈ, ਜੈਬੇ ਨੂੰ ਜੈਬਾ ਈ ਰਹਿਣ ਦੇ..! ਮੈਨੂੰ ਆਬਦਾ ਸੀਰੀ ਈ ਰਹਿਣ ਦੇ..!"

-"ਇਹ ਗੱਲ ਆਖ ਕੇ ਸਾਨੂੰ ਨੀਂਵਾਂ ਨਾ ਕਰ ਬਾਈ ਜੈਬਿਆ..! ਤੂੰ ਮੇਰੀ ਹਿੱਕ ਦਾ ਵਾਲ਼ ਤੇ ਦੁਖ ਸੁਖ ਦਾ ਸਾਂਝੀ..!"

-"ਚੱਲ, ਕੁਵੇਲ਼ਾ ਨਾ ਕਰ, ਬੈਠ ਗੱਡੀ 'ਚ..!" ਜੈਬੇ ਨੇ ਕਿਹਾ।

-"ਹੁਣ ਤਾਂ ਦਿਨ ਚੜ੍ਹਨੈਂ ਬਾਈ..! ਕੁਵੇਲ਼ਾ ਨੀ, ਹੁਣ ਤਾਂ ਸਵੇਰਾ ਈ ਹੋਊ..!" ਪ੍ਰੀਤ ਹੱਸ ਪਿਆ।

ਸਮਾਨ ਗੱਡੀ ਵਿੱਚ ਰੱਖ ਸਾਰੇ ਗੱਡੀ ਵਿੱਚ ਬੈਠ ਤੁਰ ਪਏ।

-"ਨੱਪ ਦੇ ਕਿੱਲੀ ਬਾਈ, ਜਾਗਰਾ..!" ਪ੍ਰੀਤ ਨੇ ਪਿੰਡ ਦੇ ਡਰਾਈਵਰ ਨੂੰ ਕਿਹਾ।

-"ਹੌਲ਼ੀ ਰੱਖੀਂ, ਮ੍ਹਾਤੜ ਦੇ ਤਾਂ ਐਸ ਉਮਰ ਹੱਡ ਵੀ ਨੀ ਜੁੜਨੇ..!" ਜੈਬਾ ਬੋਲਿਆ।

-"ਆਹ ਚੱਕ ਡਰ ਚੱਕ ਦੁਆਈ ਯਾਰ..! ਪਹਿਲਾਂ ਜੈਬੇ ਬਾਈ ਦਾ ਡਰ ਲਾਹੀਏ..!" ਪ੍ਰੀਤ ਨੇ ਬੋਤਲ ਦਾ ਗਲ਼ ਕੁੱਕੜ ਵਾਂਗ ਮਰੋੜਿਆ ਅਤੇ ਲੰਡਾ ਪੈੱਗ ਪਾ ਕੇ ਜੈਬੇ ਨੂੰ ਫ਼ੜਾ ਦਿੱਤਾ।

-"ਆਹ ਤਾਂ ਬਾਹਲ਼ਾ ਬਾਈ, ਮੈਂ ਊਂ ਨਾ ਲੜਾਕੇ ਜਹਾਜ ਮਾਂਗੂੰ ਮੂਧੇ ਮੂੰਹ ਜਾ ਡਿੱਗਾਂ..!"

-"ਇਹ ਬਾਹਰਲੀ ਐ ਬਾਈ ਜੈਬਿਆ, ਖਰਾਬ ਨੀ ਕਰਦੀ..! ਚੱਕ ਦੇ ਕਸੀਸ ਵੱਟ ਕੇ..!"

ਜੈਬੇ ਨੇ ਜਾੜ੍ਹ ਘੁੱਟ ਕੇ ਪੈੱਗ ਖਾਲੀ ਕਰ ਦਿੱਤਾ।

ਸੂਰਜ ਵਾਹਵਾ ਚੜ੍ਹ ਆਇਆ ਸੀ। ਉਹ ਖਾਂਦੇ-ਪੀਂਦੇ ਅਤੇ ਹਾਸਾ-ਠੱਠਾ ਕਰਦੇ ਰਾਜਪੁਰੇ ਆ ਗਏ। ਰਾਜਪੁਰੇ ਆ ਕੇ ਉਹਨਾਂ ਨੇ ਰੋਟੀ ਖਾਧੀ ਅਤੇ ਅੱਗੇ ਚਾਲੇ ਪਾ ਦਿੱਤੇ। ਹੁਣ ਉਹ ਸਰੂਰ ਵਿੱਚ ਹੋਏ ਹੁਣ ਟੇਪ ਰਿਕਾਰਡਰ ਦੇ ਨਾਲ਼ ਗਾ ਰਹੇ ਸਨ। ਜੈਬਾ ਵੀ ਲੋਰ ਵਿੱਚ ਸਿਰ ਹਿਲਾ ਰਿਹਾ ਸੀ।

-"ਬਾਈ ਜੈਬਿਆ, ਗੱਡੀ ਤੂੰ ਚਲਾ..!" ਸ਼ਰਾਬੀ ਪ੍ਰੀਤ ਨੇ ਕਿਹਾ।

-"ਓਏ ਅਸੀਂ ਟਰੈਗਟ ਚਲਾਉਣ ਆਲ਼ੇ ਵਲੈਤੀ ਗੱਡੀਆਂ ਕਿੱਥੋਂ ਚਲਾ ਲਵਾਂਗੇ...? ਤੂੰ ਜਾਗਰ ਨੂੰ ਈ ਦੱਬੀ ਜਾਣ ਦੇ..!"

-"ਨਹੀਂ ਬਾਈ ਜੈਬਿਆ, ਤੂੰ ਚਲਾ..!" ਉਹ ਨਸ਼ੇ ਦੀ ਲੋਰ 'ਚ ਇੱਕੋ ਰਟ ਲਾਈ ਜਾ ਰਿਹਾ ਸੀ।

-"ਪਿੰਡ ਕੋਲ਼ੇ ਜਾ ਕੇ ਫ਼ੜਾ ਦਿਆਂਗੇ ਪ੍ਰੀਤ, ਬੱਸ ਥੋੜ੍ਹੀ ਵਾਟ ਈ ਰਹਿਗੀ..!"

ਉਹ ਦਾਰੂ ਪੀਂਦੇ ਤੁਰੇ ਆਏ।

ਪਿੰਡ ਦੀ ਜੂਹ ਕੋਲ਼ ਆ ਕੇ ਪ੍ਰੀਤ ਖਹਿੜ੍ਹੇ ਪੈ ਗਿਆ, "ਜਾਗਰਾ, ਗੱਡੀ ਜੈਬੇ ਬਾਈ ਨੂੰ ਫ਼ੜਾ, ਹੁਣ ਤਾਂ ਪਿੰਡ ਦੀ ਜੂਹ ਵੀ ਆਉਣ ਵਾਲ਼ੀ ਐ..!"

ਜਾਗਰ ਨੇ ਗੱਡੀ ਰੋਕ ਲਈ।

ਸਾਰਿਆਂ ਨੇ ਸੜਕ ਦੇ ਕੰਢੇ ਖੜ੍ਹ ਇੱਕ-ਇੱਕ ਪੈੱਗ ਹੋਰ ਲਾਇਆ ਅਤੇ ਇੱਕ ਲੰਡਾ ਪੈੱਗ ਜਾਗਰ ਨੂੰ ਵੀ ਲੁਆ ਦਿੱਤਾ।

-"ਚੱਲ ਬਾਈ ਜੈਬਿਆ, ਫ਼ੜ ਗੱਡੀ..! ਚਲਾਉਣ ਦਾ ਢੰਗ ਤੈਨੂੰ ਜਾਗਰ ਬਾਈ ਦੱਸੀ ਚੱਲੂ..!"  ਪੈੱਗ ਪੀ ਕੇ ਪ੍ਰੀਤ ਅਮਰੂਦ ਦੀ ਫ਼ਾੜੀ ਮੂੰਹ ਵਿੱਚ ਪਾਉਂਦਾ ਬੋਲਿਆ। ਸਾਰੇ ਗੱਡੀ ਵਿੱਚ ਬੈਠ ਗਏ ਅਤੇ ਗੱਡੀ ਤੁਰ ਪਈ।

ਜੈਬਾ ਸਟੇਅਰਿੰਗ 'ਤੇ ਬੈਠਾ ਸੀ। ਜਾਗਰ ਉਸ ਨੂੰ ਚਲਾਉਣ ਦਾ ਢੰਗ ਦੱਸ ਰਿਹਾ ਸੀ। ਫ਼ੁੱਲ ਅਵਾਜ਼ ਵਿੱਚ ਟੇਪ ਵੱਜ ਰਹੀ ਸੀ। ਪ੍ਰੀਤ ਸੀਟ 'ਤੇ ਬੈਠਾ ਹੀ ਨਾਚ ਕਰ ਰਿਹਾ ਸੀ ਨਸ਼ੇ ਨਾਲ਼ ਉਸ ਦਾ ਚਿਹਰਾ ਭੰਗਰੂੰਣਾ ਜਿਹਾ ਹੋ ਗਿਆ ਸੀ। ਜ਼ੁਬਾਨ ਥਿੜਕਣ ਲੱਗ ਪਈ ਸੀ। ਸ਼ਰਾਬੀ ਜੈਬਾ ਗੱਡੀ ਦੀਆਂ ਬਲ਼ਦ ਮੂਤਣੀਆਂ ਪੁਆਉਂਦਾ ਜਾ ਰਿਹਾ ਸੀ। ਸੜਕ 'ਤੇ ਆਉਂਦੇ ਲੋਕ ਉਸ ਨੂੰ ਹਾਰਨ ਮਾਰ ਕੇ ਸਾਵਧਾਨ ਕਰਦੇ ਤਾਂ ਉਹ ਸਾਰੇ ਲਲਕਾਰੇ ਮਾਰਨ ਲੱਗ ਪੈਂਦੇ ਅਤੇ ਅਗਲੇ ਗੱਡੀ ਪਾਸੇ ਦੀ ਲੰਘਾ ਕੇ ਲੈ ਜਾਂਦੇ।

-"ਆ ਗਈ ਮਿੱਤਰਾਂ ਦੇ ਪਿੰਡ ਦੀ ਜੂਹ...!" ਆਪਣੇ ਪਿੰਡ ਦੇ ਨਾਮ ਦਾ ਬੋਰਡ ਪੜ੍ਹ ਕੇ ਪ੍ਰੀਤ ਬੋਲਿਆ ਤਾਂ ਜਾਗਰ ਨੇ "ਬਚੀਂ ਬਾਈ - ਬਚੀਂ ਬਾਈ" ਦਾ  ਰੌਲ਼ਾ ਮਚਾਇਆ। ਪੱਥਰ ਲੱਦੀ ਆ ਰਿਹਾ ਟਰੱਕ ਸਿੱਧਾ ਪ੍ਰੀਤ ਹੋਰਾਂ ਦੀ ਗੱਡੀ ਵਿੱਚ ਆ ਵੱਜਿਆ ਅਤੇ ਤਕਰੀਬਨ ਅੱਧਾ ਕਿੱਲਾ ਗੱਡੀ ਨੂੰ ਸੜਕ 'ਤੇ ਧੱਕੀ ਗਿਆ। ਗੱਡੀ ਸੜਕ ਕਿਨਾਰੇ ਲੱਗੇ ਵੱਡੇ ਬੋਹੜ ਨਾਲ਼ ਜਾ ਟਕਰਾਈ। ਭਾਰਾ ਪੱਥਰ ਲੱਦਿਆ ਹੋਣ ਕਾਰਨ ਟਰੱਕ ਦੇ ਵੀ ਬਰੇਕ ਨਹੀਂ ਸਨ ਲੱਗ ਰਹੇ। ਪ੍ਰੀਤ ਹੋਰਾਂ ਦੀ ਗੱਡੀ ਵਿੱਚ ਚੀਕ ਚਿਹਾੜਾ ਮੱਚ ਗਿਆ ਸੀ। ਜਦ ਟਰੱਕ ਰੁਕਿਆ ਤਾਂ ਘਬਰਾਏ ਡਰਾਈਵਰ ਨੇ ਕਾਹਲ਼ੀ ਨਾਲ਼ ਉੱਤਰ ਕੇ ਹਾਲਾਤਾਂ ਦਾ ਮੋਟਾ ਜਿਹਾ ਜਾਇਜ਼ਾ ਲਿਆ। ਚੀਕਾਂ-ਰੌਲ਼ੀ ਬੰਦ ਹੋ ਗਈ ਸੀ, ਜੈਬਾ ਅਤੇ ਪ੍ਰੀਤ ਮਰ ਚੁੱਕੇ ਸਨ, ਜਦ ਕਿ ਜਾਗਰ ਡਰਾਈਵਰ ਅਜੇ ਸਹਿਕ ਰਿਹਾ ਸੀ। ਟਰੱਕ ਚਾਲਕ ਦੀਆਂ ਅੱਖਾਂ ਅੱਗੇ ਭੂਚਾਲ਼ ਆ ਗਿਆ ਅਤੇ ਉਹ ਹਨ੍ਹੇਰੀ ਵਾਂਗ ਟਰੱਕ ਵੱਲ ਨੂੰ ਦੌੜਿਆ, ਟਰੱਕ ਬੈਕ ਕੀਤਾ ਅਤੇ ਪੱਤੇ ਤੋੜ ਗਿਆ।

ਸੜਕ ਉਪਰ ਲੰਘਦੇ ਲੋਕ ਹੌਲ਼ੀ-ਹੌਲ਼ੀ ਰੁਕਣ ਲੱਗ ਪਏ ਅਤੇ ਇਕੱਠ ਬੱਝ ਗਿਆ।

ਕਿਸੇ ਦੇ ਖ਼ਬਰ ਕਰਨ 'ਤੇ ਪੁਲੀਸ ਵੀ ਪਹੁੰਚ ਗਈ। ਡਰਾਈਵਰ ਨੂੰ ਹਸਪਤਾਲ਼ ਪਹੁੰਚਾਇਆ ਗਿਆ ਅਤੇ ਪਹਿਚਾਣ ਹੋਣ 'ਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਬੁਲਾ ਲਿਆ। ਸ਼ਨਾਖ਼ਤ ਕਰਵਾ ਕੇ ਲਾਸ਼ਾਂ ਪੋਸਟ ਮਾਰਟਮ ਲਈ ਹਸਪਤਾਲ਼ ਨੂੰ ਤੋਰ ਦਿੱਤੀਆਂ ਗਈਆਂ।

ਜਿਉਂ-ਜਿਉਂ ਪਿੰਡ ਵਿੱਚ ਦੁਖਦਾਈ ਖ਼ਬਰ ਫ਼ੈਲਦੀ ਗਈ, ਤਿਉਂ-ਤਿਉਂ ਪਿੰਡ ਦੇ ਚੁੱਲ੍ਹੇ ਬਲਣੇ ਬੰਦ ਹੁੰਦੇ ਗਏ। ਸਾਰੇ ਪਿੰਡ ਨੂੰ ਜਿਵੇਂ ਸਕਤਾ ਮਾਰ ਗਿਆ ਸੀ। ਜਿਵੇਂ ਪਿੰਡ ਵਿੱਚ ਕੋਈ "ਦੈਂਤ" ਫ਼ਿਰ ਗਿਆ ਸੀ, ਜਿਸ ਨੇ ਪਿੰਡ ਉਜਾੜ ਦਿੱਤਾ ਸੀ। ਪਿੰਡ ਦੇ ਲੋਕ ਜਿਵੇਂ 'ਗੁੰਗੇ-ਬੋਲ਼ੇ' ਸਨ। ਕੋਈ ਕਿਸੇ ਨਾਲ਼ ਗੱਲ ਨਹੀਂ ਕਰ ਰਿਹਾ ਸੀ।

ਪੋਸਟ ਮਾਰਟਮ ਤੋਂ ਬਾਅਦ ਜਦ ਲਾਸ਼ਾਂ ਪਿੰਡ ਪਹੁੰਚੀਆਂ ਤਾਂ ਪਹਿਲਾਂ ਹੁਬਕੀਆਂ, ਫ਼ੇਰ ਧਾਹਾਂ ਅਤੇ ਫ਼ਿਰ ਕੀਰਨੇ ਉਚੇ ਉਠੇ। ਆਪਣੀ ਮਾਂ ਪੁਨੀਤ ਕੌਰ ਕੋਲ਼ ਗੁਰਅੰਮ੍ਰਿਤ ਚੁੱਪ-ਚਾਪ ਮੂਕ ਦਰਸ਼ਕ ਬਣੀ ਬੈਠੀ ਸੀ। ਉਸ ਦੇ ਹੱਥ ਵਿੱਚ ਕੁਝ ਫ਼ੋਟੋਆਂ ਫ਼ੜੀਆਂ ਹੋਈਆਂ ਸਨ, ਜੋ ਉਸ ਨੇ ਆਪਣੇ ਪਾਪਾ ਜੀ ਨੂੰ ਦਿਖਾਉਣੀਆਂ ਸਨ। ਪਰ ਉਸ ਮਾਸੂਮ ਨੂੰ ਕੀ ਪਤਾ ਸੀ ਕਿ ਉਸ ਦੇ ਪਾਪਾ ਤਾਂ ਉਸ ਦੁਨੀਆਂ ਵਿੱਚ ਜਾ ਬਿਰਾਜੇ ਸਨ, ਜਿੱਥੋਂ ਅੱਜ ਤੱਕ ਕੋਈ ਮੁੜਿਆ ਨਹੀਂ ਸੀ।

ਪ੍ਰੀਤ ਦੀ ਲਾਸ਼ ਵਿਹੜੇ ਵਿੱਚ ਪਈ ਸੀ। ਪ੍ਰੀਤ ਦੀ ਮਾਂ ਅਤੇ ਪੁਨੀਤ ਵਿਰਲਾਪ ਕਰ ਰਹੀਆਂ ਸਨ। ਬੱਚੀ ਗੁਰਅੰਮ੍ਰਿਤ ਇੱਕ ਪਾਸੇ ਖੜ੍ਹੀ ਫ਼ੋਟੋ ਦਿਖਾਉਣ ਦੀ ਆਸ ਨਾਲ਼ ਖੜ੍ਹੀ ਸੀ। ਪਰ ਉਸ ਦਾ ਮੌਕਾ ਨਹੀਂ ਲੱਗ ਰਿਹਾ ਸੀ, ਅਤੇ ਨਾ ਹੀ ਉਸ ਦੀ ਕੋਈ ਸੁਣ ਰਿਹਾ ਸੀ। ਉਹ ਕਦੇ ਮਾਂ, ਕਦੇ ਦਾਦੀ ਅਤੇ ਕਦੇ ਦਾਦੇ ਦੇ ਅੱਗੇ ਜਾ ਕੇ ਪਾਪਾ ਦੇ ਕਮਰੇ ਦੀਆਂ ਫ਼ੋਟੋ ਲਹਿਰਾ ਰਹੀ ਸੀ।

ਜੈਬੇ ਦੇ ਤਾਏ ਦਾ ਮੁੰਡਾ ਜੈਬੇ ਦੀ ਲਾਸ਼ ਲੈਣ ਆਇਆ ਤਾਂ ਮਿੱਤ ਸਿੰਘ ਨੇ ਮਨ ਭਰ ਕੇ ਕਿਹਾ, "ਜੈਬਾ ਸਾਡੇ ਘਰ ਦਾ ਜੀਅ ਸੀ ਪੁੱਤਰਾ, ਮੈਂ ਆਪਣੇ ਹੱਥੀਂ ਉਹਦਾ ਸਸਕਾਰ ਕਰੂੰਗਾ..!" ਸੁਣ ਕੇ ਜੈਬੇ ਦੇ ਤਾਏ ਦਾ ਮੁੰਡਾ ਹੱਥ ਜੋੜ ਕੇ ਖੜ੍ਹ ਗਿਆ, "ਸ਼ਾਬਾਸ਼ੇ ਸਰਦਾਰਾ..! ਮੈਨੂੰ ਤਾਂ ਇਹਦੀ ਚਿੰਤਾ ਖਾਈ ਜਾਂਦੀ ਸੀ, ਬਈ 'ਕੱਲੀ ਜਾਨ ਦਾ ਸਸਕਾਰ ਕੌਣ ਕਰੂ..?"

-"ਜੈਬਾ ਕਦੇ 'ਕੱਲੀ ਜਾਨ ਨੀ ਸੀ ਸ਼ੇਰਾ, ਜੈਬਾ ਸਾਡੇ ਟੱਬਰ ਦਾ ਜੀਅ ਸੀ..! ਕੀ ਹੋ ਗਿਆ ਐਡਾ ਭਾਣਾ ਵਾਪਰ ਗਿਆ, ਬਥੇਰਾ ਦੁੱਖਾਂ ਸੰਕਟਾਂ 'ਚ ਸਾਡੇ ਨਾਲ਼ ਵਗਿਐ ਜਿਉਣ ਜੋਕਰਾ, ਕਿੰਨਾ ਮੋਹ ਸੀ ਇਹਦਾ ਤੇ ਆਪਣੇ ਪ੍ਰੀਤ ਦਾ, ਔਹ ਦੇਖ'ਲਾ, ਮੌਤ ਵੀ 'ਕੱਠੇ ਈ ਲਿਖਾ ਕੇ ਲਿਆਏ ਸੀ...!" ਮਿੱਤ ਸਿਉਂ ਉਚੀ-ਉਚੀ ਰੋ ਪਿਆ। ਰੋਂਦਾ ਦਾਦਾ ਗੁਰਅੰਮ੍ਰਿਤ ਤੋਂ ਸਹਾਰਿਆ ਨਾ ਗਿਆ, ਉਸ ਨੇ ਮਿੱਤ ਸਿਉਂ ਦਾ ਮੋਢਾ ਆ ਨੱਪਿਆ। ਭਿੱਜੀਆਂ ਅੱਖਾਂ ਮਿੱਤ ਸਿਉਂ ਨੇ ਉਪਰ ਚੁੱਕੀਆਂ ਤਾਂ ਪੋਤਰੀ ਹੱਥ ਵਿੱਚ ਪ੍ਰੀਤ ਵਾਲ਼ੇ ਕਮਰੇ ਦੀਆਂ ਫ਼ੋਟੋ ਚੁੱਕੀ ਖੜ੍ਹੀ ਸੀ। ਫ਼ੋਟੋ ਦੇਖ ਕੇ ਮਿੱਤ ਸਿਉਂ ਹੋਰ ਭਾਵੁਕ ਹੋ ਗਿਆ। ਉਸ ਨੇ ਹੰਝੂਆਂ ਨਾਲ਼ ਚੋਂਦੀਆਂ ਅੱਖਾਂ ਦੱਬ ਲਈਆਂ।

-"ਬਾਬਾ ਜੀ..!" ਗੁਰਅੰਮ੍ਰਿਤ ਦਾਦੇ ਦੀ ਬੁੱਕਲ਼ ਵਿੱਚ ਵੜ ਗਈ।

-"ਹਾਂ ਪੁੱਤ...?"

-"ਤੁਸੀਂ ਰੋਨੇ ਕਿਉਂ ਆਂ..?"

-"ਦੇਖ ਪੁੱਤ, ਤੇਰਾ ਜੈਬਾ ਤਾਇਆ, ਤੇ ਤੇਰਾ ਪਾਪਾ ਆਪਾਂ ਨੂੰ ਛੱਡ ਕੇ ਤੁਰ ਗਏ...!" ਤੇ ਉਹ ਪੋਤਰੀ ਨੂੰ ਘੁੱਟ ਕੇ ਭੁੱਬੀਂ ਰੋ ਪਿਆ।

-"ਤੇ ਫ਼ੇਰ ਕੀ ਹੋ ਗਿਆ..?" ਪੋਤਰੀ ਨੇ ਭੋਲ਼ੇ-ਭਾਅ ਹੀ ਕਿਹਾ ਤਾਂ ਮਿੱਤ ਸਿੰਘ ਨੇ ਭਿੱਜੀਆਂ ਅੱਖਾਂ ਉਪਰ ਚੁੱਕੀਆਂ।

-"ਥੋਡੇ ਕੋਲ਼ ਮੈਂ ਹੈ ਤਾਂ ਹੈਗ੍ਹੀ..!" ਉਸ ਨੇ ਦਾਦੇ ਦੇ ਹੰਝੂ ਪੂੰਝੇ ਤਾਂ ਬਲ਼ਦੀ ਹਿੱਕ 'ਤੇ ਜਿਵੇਂ ਸੀਤ ਪਾਣੀ ਦਾ ਛਿੜਕਾਅ ਹੋ ਗਿਆ ਸੀ। ਮਾਸੂਮ ਪੋਤਰੀ ਦੇ ਦੋ ਮਿੱਠੇ ਬੋਲਾਂ ਨੇ ਹਿਰਦੇ ਦੀ ਪੀੜ ਕਾਫ਼ੀ ਹੱਦ ਤੱਕ ਚੂਸ ਲਈ ਸੀ। ਨਿਰਬਲ ਜਿਹਾ ਬੈਠਾ ਮਿੱਤ ਸਿੰਘ ਪੋਤਰੀ ਨੂੰ ਚੁੱਕ ਕੇ ਖੜ੍ਹਾ ਹੋ ਗਿਆ, "ਚਲੋ ਬਈ, ਸਸਕਾਰ ਦਾ ਪ੍ਰਬੰਧ ਕਰੀਏ..! ਕੁਵੇਲ਼ਾ ਨਾ ਕਰੋ..!" ਮਿੱਤ ਸਿੰਘ ਦੇ ਬੋਲਾਂ ਵਿੱਚ ਹੁਣ ਥਿੜਕਾਅ ਨਹੀਂ, ਸਹਿਜ ਸੀ।

-"ਐਵੇਂ ਦੁਨੀਆਂ ਧੀਆਂ ਨੂੰ ਕੁੱਖਾਂ 'ਚ ਮਾਰੀ ਤੁਰੀ ਜਾਂਦੀ ਐ, ਇਹਨਾਂ ਅਰਗਾ ਆਸਰਾ ਕਿਹੜੈ..?" ਉਹ ਪੋਤਰੀ ਨੂੰ ਹਿੱਕ ਨਾਲ਼ ਲਾਈ ਸਸਕਾਰ ਦੀ ਤਿਆਰੀ ਕਰਦੇ ਮੁੰਡਿਆਂ ਦੇ ਅੱਗੇ ਲੱਗ ਤੁਰਿਆ।............

-"....................।" ਹਰ ਕੌਰ ਦੀਆਂ ਅੱਖਾਂ ਵਿੱਚੋਂ ਹੰਝੂ "ਤਰਿੱਪ-ਤਰਿੱਪ" ਚੋਈ ਜਾ ਰਹੇ ਸਨ

-"ਜੀਹਦਾ ਜੁਆਨ ਪੁੱਤ ਕਹਿਰ ਦੀ ਮੌਤ ਮਰਜੇ, ਉਹਦਾ ਹਾਲ ਦੇਖਲਾ ਕੀ ਹੋਊ...?" ਫ਼ੁੱਫ਼ੜ ਮਹਿੰਗਾ ਸਿੰਘ ਖ਼ੁਦ ਦੁਖੀ ਬੈਠਾ ਸੀ।

ਆਥਣੇ ਫ਼ੁੱਫ਼ੜ ਚਲਾ ਗਿਆ।

ਅਨੂਪ ਕੌਰ ਪਾਠ-ਪੂਜਾ ਕਰਨ ਵਾਲ਼ੀ, ਰੱਬੀ ਬਿਰਤੀ ਵਾਲ਼ੀ ਕੁੜੀ ਸੀ। ਰੱਬ ਦੀ ਰਜ਼ਾ ਅਤੇ ਭਾਣੇ 'ਚ ਰਹਿਣ ਵਾਲ਼ੀ ਔਰਤ! ਜਦ ਕਿ ਜੋਗਾ ਸਿੰਘ ਹਰ ਰੋਜ਼ ਦਾ ਪਿਆਕੜ ਸੀ। ਦਾਰੂ ਪੀਤੀ ਬਿਨਾ ਤਾਂ ਜੋਗਾ ਸਿੰਘ ਨੂੰ ਨੀਂਦ ਨਹੀਂ ਆਉਂਦੀ ਸੀ ਅਤੇ ਸੁਰਤ ਸੰਭਲਣ ਤੋਂ ਲੈ ਕੇ ਅੱਜ ਤੱਕ ਉਸ ਨੇ ਕਦੇ ਨਾਗਾ ਵੀ ਨਹੀਂ ਪਾਇਆ ਸੀ। ਅਨੂਪ ਕੌਰ ਹਰ ਰੋਜ਼ ਰੱਬ ਅੱਗੇ ਹੱਥ ਜੋੜਦੀ ਅਤੇ ਜੋਗਾ ਸਿੰਘ ਦੀ ਸ਼ਰਾਬ ਛੁਡਾਉਣ ਲਈ ਅਰਜੋਈਆਂ ਕਰਦੀ।

ਰਾਤ ਨੂੰ ਹਰ ਕੌਰ ਰੋਟੀ ਖਾ ਕੇ ਮੰਜੇ ਵਿੱਚ ਵੜ ਗਈ।

ਅਨੂਪ ਕੌਰ ਕੀਰਤਨ ਸੋਹਿਲੇ ਦਾ ਪਾਠ ਕਰ ਕੇ ਗੁਟਕਾ ਸਾਹਿਬ ਟਾਂਡ ਉਪਰ ਰੱਖ, ਜੋਗਾ ਸਿੰਘ ਕੋਲ਼ ਮੰਜੇ 'ਤੇ ਆ ਪਈ।

ਜੋਗਾ ਸਿੰਘ ਪੈੱਗ-ਸ਼ੈੱਗ ਲਾਈ ਕਰਾਰਾ ਜਿਹਾ ਹੋਇਆ, ਰੰਗਾਂ ਵਿੱਚ ਪਿਆ ਸੀ।

ਖੂੰਜੇ ਇੱਕ ਪਾਸੇ ਲਾਲਟੈਣ ਜਗ ਰਹੀ ਸੀ

-"ਬੀਜੀ, ਮੁੰਡਾ-ਮੁੰਡਾ ਕਰਦੇ ਰਹਿੰਦੇ ਐ..!" ਅਨੂਪ ਕੌਰ ਨੇ ਬੜੀ ਸੰਖੇਪ ਗੱਲ ਆਖੀ।

-"ਫ਼ੇਰ ਕੀ ਮਾੜਾ ਕਹਿੰਦੀ ਐ...? ਠੀਕ ਈ ਤਾਂ ਕਹਿੰਦੀ ਐ ਬੇਬੇ...! ਮੁੰਡਾ ਚਾਹੀਦੈ, ਮੁੰਡਾ...!! ਤੇ ਉਹ ਵੀ ਘਣ ਵਰਗਾ...!! ਜਿਹੜਾ ਜੰਮਦਾ ਈ ਨੱਕੇ ਮੋੜੇ...!" ਉਸ ਨੇ ਬੜੇ ਗੜ੍ਹਕੇ ਨਾਲ਼ ਕਿਹਾ।

-"ਤੁਸੀਂ ਆਪਦੀ ਦਾਰੂ ਛੱਡ ਕੇ ਅਰਦਾਸ ਕਰਿਆ ਕਰੋ, ਗੁਰੂ ਸਾਹਿਬਾਨ ਸਭ ਕੁਛ ਬਖ਼ਸ਼ਣਗੇ..!" ਅਨੂਪ ਕੌਰ ਨੇ ਬੜੀ ਮਾਸੂਮੀਅਤ ਨਾਲ਼ ਆਖਿਆ।

-".................।" ਜੋਗਾ ਸਿੰਘ ਵੱਟ ਖਾ ਗਿਆ। ਉਸ ਨੇ ਖਰੂਦੀ ਸਾਹਣ ਵਾਂਗ ਪਾਸਾ ਮਾਰਿਆ।

-"ਤੂੰ ਬਾਹਲ਼ੀ ਸੰਤਣੀਂ ਬਣ ਕੇ ਮੇਰੀ ਦਾਰੂ ਦੇ ਰਾਹ 'ਚ ਰੋੜਾ ਨਾ ਬਣਿਆਂ ਕਰ..! ਸੁਣ ਗਿਆ..?? ਆਬਦੀਆਂ ਗੁਣੀ-ਗਿਆਨੀ ਗੱਲਾਂ ਆਬਦੇ ਕੋਲ਼ੇ ਰੱਖਿਆ ਕਰ..!"

-"........................।" ਅਨੂਪ ਕੌਰ ਚੁੱਪ ਵੱਟ ਗਈ।

ਇੱਕ ਪਾਸੇ ਲਾਲਟੈਣ ਭੜ੍ਹੱਕ ਕੇ ਬੰਦ ਹੋ ਗਈ।

ਦਿਨ ਚੜ੍ਹਦਾ ਰਿਹਾ ਅਤੇ ਛੁਪਦਾ ਰਿਹਾ।

ਧੁੱਪ ਛਾਂ ਅਤੇ ਪ੍ਰਛਾਂਵੇਂ ਹਨ੍ਹੇਰੇ ਵਿੱਚ ਬਦਲਦੇ ਰਹੇ।

ਅਨੂਪ ਕੌਰ ਦੇ ਦਿਨ ਪੂਰੇ ਹੋ ਗਏ। ਅਨੂਪ ਕੌਰ ਨੂੰ ਜੰਮਣ ਪੀੜਾਂ ਸ਼ੁਰੂ ਹੋ ਗਈਆਂ।

ਪਿੰਡ ਦੀ ਦਾਈ ਨ੍ਹਾਮੋਂ ਬੁਲਾ ਲਈ ਗਈ।

-"ਜੋਰ ਲਾ ਪੁੱਤ...! ਜੋਰ ਲਾ ਪੂਰਾ...!!"

ਬੈਠਕ ਅੰਦਰੋਂ ਦਾਈ ਦੀ ਅਵਾਜ਼ ਆ ਰਹੀ ਸੀ। ਅਨੂਪ ਕੌਰ ਦਾ ਬੁਰਾ ਹਾਲ ਸੀ। ਉਹ ਦਰਦ ਨਾਲ਼ ਮੰਜੇ 'ਤੇ ਸੱਪ ਵਾਂਗ ਮੇਹਲ ਰਹੀ ਸੀ। ਉਸ ਦੇ ਮੱਥੇ ਤੋਂ ਪਸੀਨਾਂ ਧਰਾਲ਼ਾਂ ਬਣ ਵਗ ਰਿਹਾ ਸੀ ਅਤੇ ਵਾਲ਼ ਮੱਥੇ 'ਤੇ ਉਲ਼ਝੇ ਪਏ ਸਨ। ਦਾਈ ਉਸ ਦਾ ਢਿੱਡ ਮਲ਼ ਰਹੀ ਸੀ ਅਤੇ ਕਦੇ ਕੋਈ ਹੋਰ ਬੰਨ੍ਹ-ਸੁੱਬ ਕਰ ਰਹੀ ਸੀ।

ਸਵੇਰ ਦੇ ਤਿੰਨ ਵਜੇ ਤੱਕ ਅਨੂਪ ਕੌਰ ਪੀੜਾਂ ਦੀ ਸੂਲ਼ੀ ਚੜ੍ਹੀ ਰਹੀ।

ਅਖੀਰ ਅਨੂਪ ਕੌਰ ਦਾ ਛੁਟਕਾਰਾ ਹੋਇਆ, ਸਵੇਰੇ ਤਿੰਨ ਵਜੇ ਜਾ ਕੇ ਬੱਚੇ ਦਾ ਜਨਮ ਹੋਇਆ। ਕਿਲਕਾਰੀ ਵੱਜੀ ਤਾਂ ਅਨੂਪ ਕੌਰ ਦੀ ਜਾਨ ਛੁੱਟੀ।

-"ਕੀ ਹੋਇਐ ਅੰਮਾਂ ਜੀ...?" ਹਰ ਕੌਰ ਨੇ ਨ੍ਹਾਮੋਂ ਨੂੰ ਪੁੱਛਿਆ ਅਤੇ ਕਿਸੇ ਤਾਂਘ ਅਤੇ ਕਾਹਲ਼ੀ ਨਾਲ਼ ਉਹ ਦੇਖਣ ਲਈ ਅਹੁਲ਼ੀ।

-"ਧੀ ਧਿਆਣੀ ਆਈ ਐ, ਹਰ ਕੁਰੇ...! ਪੋਤੀ ਦਿੱਤੀ ਐ ਤੈਨੂੰ ਰੱਬ ਨੇ...! ਕਹਿੰਦੇ ਹੁੰਦੇ ਐ ਓਹੀ ਨਾਰ ਸੁਲੱਖਣੀ, ਜੀਹਨੇ ਪਹਿਲਾਂ ਜਾਈ ਲੱਛਮੀਂ...!" ਨ੍ਹਾਮੋਂ ਦਾਈ ਨੇ ਸੜੀ-ਬਲ਼ੀ ਹਰ ਕੌਰ ਦੀਆਂ ਬਾਂਹਾਂ ਉਤੇ ਨਵਜੰਮੀ ਬੱਚੀ ਰੱਖ ਦਿੱਤੀ।

ਹਰ ਕੌਰ ਨੇ ਬੱਚੀ ਨੂੰ ਦੇਖ ਕੇ ਫ਼ੇਰ ਨੱਕ ਚਾੜ੍ਹਿਆ।

-"ਕਿੰਨੀ ਸੋਹਣੀ ਧੀ ਐ...!" ਨ੍ਹਾਮੋਂ ਬੋਲੀ।

-"......................।" ਹਰ ਕੌਰ ਨੇ ਬੁੱਲ੍ਹ ਟੇਰ ਕੇ ਮੂੰਹ ਸਕੋੜ ਲਿਆ।

ਨ੍ਹਾਮੋਂ ਨਵਜੰਮੀ ਬੱਚੀ ਨੂੰ ਕੜ੍ਹਾਹੀਏ 'ਚ ਗਰਮ ਪਾਣੀਂ ਪਾ ਕੇ ਨਹਾਉਣ ਲੱਗ ਪਈ।

-"ਹਰ ਕੁਰੇ...!" ਨ੍ਹਾਮੋਂ ਬੋਲੀ।

-"ਹਾਂ ਬੇਬੇ...?"

-"ਕੁੜੀ ਦਾ ਤਾਂ ਭਾਈ ਇੱਕ ਹੱਥ ਕਮਜੋਰ ਲੱਗਦੈ...!" ਨ੍ਹਾਮੋਂ ਨੇ ਅਜੀਬ ਹੀ ਭਾਖਿਆ ਦਿੱਤੀ।

-"ਮੈਨੂੰ ਤਾਂ ਪਹਿਲਾਂ ਈ ਪਤਾ ਸੀ, ਬਈ ਕੋਈ ਲੂਲ੍ਹਾ-ਲੰਗੜਾ ਈ ਜੰਮੂੰ...!" ਹਰ ਕੌਰ ਕਚੀਲ ਵਾਂਗ ਬੋਲੀ।

-"ਇਹਦਾ 'ਲਾਜ ਕਰਵਾਉਣਾ ਪਊ..!"

-"ਲਾਜ ਨੂੰ ਮੈਂ ਇਹਨੂੰ ਕਿਤੇ ਬਾਹਰਲੇ ਮੁਲਕ ਨਾ ਲੈਜਾਂ...!"

-"ਧੀ ਧਿਆਣੀ ਐਂ, ਇਉਂ ਨਾ ਬੋਲ ਹਰ ਕੁਰੇ..!"

-"ਨ੍ਹਾਂ ਧੀ ਧਿਆਣੀ ਨੂੰ ਮੈਂ ਚਿੱਠੀ ਪਾ ਕੇ ਸੱਦਿਆ ਸੀ...?"

-".................।" ਨ੍ਹਾਮੋਂ ਚੁੱਪ ਕਰ ਗਈ।

-"ਪੱਥਰ ਜੰਮ ਕੇ ਗਿੱਲੀ ਮਿੱਟੀ ਦਾ ਪੋਚਾ ਫ਼ੇਰਤਾ ਸਾਡੀਆਂ ਰੀਝਾਂ 'ਤੇ...!" ਉਹ ਬਾਹਰ ਬੈਠਕ ਵਿੱਚ ਬੈਠੇ ਜੋਗਾ ਸਿੰਘ ਹੋਰਾਂ ਵੱਲ ਤੁਰ ਪਈ।

ਬਾਹਰਲੀ ਬੈਠਕ ਵਿਚ ਸੀਰੀ ਗੇਜਾ ਅਤੇ ਜੋਗਾ ਸਿੰਘ ਦਾਰੂ ਪੀ ਰਹੇ ਸਨ।

ਹਰ ਕੌਰ ਹਨ੍ਹੇਰੀ ਵਾਂਗ ਉਹਨਾਂ ਕੋਲ਼ ਆਈ।

-"ਕੁੜੀ ਜੰਮ ਕੇ ਧਰ'ਤੀ...! ...ਤੇ ਉਹ ਵੀ ਲੁੰਜੀ...!!"

-"..................।" ਗੇਜੇ ਅਤੇ ਜੋਗਾ ਸਿੰਘ ਨੂੰ ਜਿਵੇਂ ਸੱਪ ਸੁੰਘ ਗਿਆ। ਉਹ ਤਾਂ ਅੱਜ ਪੁੱਤ ਦੀ ਆਸ ਲਾ ਕੇ ਦਾਰੂ ਨਾਲ਼ ਕਮਲ਼ੇ ਹੋਏ ਪਏ ਸਨ।

-"ਲਾਹਣ ਪੀ ਕੇ ਦੰਦੀਆਂ ਜੀਆਂ ਨਾ ਕੱਢੋ..! ਹੁਣ ਤੁਸੀਂ ਸੋਚੋ, ਬਈ ਇਹਤੋਂ ਬੱਜੋਰੱਤੀ ਤੋਂ ਖਹਿੜ੍ਹਾ ਕਿਵੇਂ ਛੁਡਾਉਣੈ...!" ਆਖ ਹਰ ਕੌਰ ਬੜੀ ਤੇਜੀ ਨਾਲ਼ ਵਾਪਸ ਚਲੀ ਗਈ।

-"ਆਹ ਤਾਂ ਰੱਬ ਨੇ ਕੋਈ ਵੈਰ ਕੱਢਿਐ ਬਾਈ ਜੋਗਿਆ...! ਕੁੜੀ ਮੱਥੇ ਮਾਰੀ, ਤੇ ਉਹ ਵੀ ਅੱਧੋਰਾਣੀ..!"

-"ਹਾਏ ਓਏ ਰੱਬਾ....!" ਸੁਣ ਕੇ ਸ਼ਰਾਬੀ ਜੋਗਾ ਉਚੀ-ਉਚੀ ਰੋਣ ਲੱਗ ਪਿਆ।

ਅਨੂਪ ਕੌਰ ਨਿਢਾਲ਼ ਅਤੇ ਨਿਰਬਲ ਹੋਈ ਚੁੱਪ ਚਾਪ ਮੰਜੇ 'ਤੇ ਪਈ ਸੀ। ਇੱਕ ਪਾਸੇ ਨਵਜੰਮੀ ਧੀ ਪਈ ਸੀ। ਧੀ ਵੱਖੀ ਨਾਲ਼ ਲੱਗੀ ਉਸ ਨੂੰ ਅਜੀਬ ਜਿਹਾ ਨਿੱਘ ਦੇ ਰਹੀ ਸੀ। ਜਿਵੇਂ ਹਰੇ ਰੰਗ ਦੇ ਕਾਗਜ਼ ਉਪਰ ਸੋਨੇ ਦੀ ਡਲ਼ੀ ਪਈ ਸੀ। ਧੀ ਦੇ ਨਿੱਕੇ-ਨਿੱਕੇ ਸਾਹ ਉਸ ਨੂੰ ਅਜੀਬ ਆਨੰਦ ਦੇ ਰਹੇ ਸਨ।

-"ਮੈਂ ਦੁਪਿਹਰੇ ਫ਼ੇਰ ਆਊਂਗੀ ਨੂੰਹ ਰਾਣੀਏਂ...! ਤੂੰ ਅਜੇ ਮੰਜੇ ਤੋਂ ਨਾ ਉਠੀਂ, ਹਵਾ ਨਾ ਲੱਗਜੇ ਤੈਨੂੰ...! ਆ ਕੇ ਤੇਰਾ ਢਿੱਡ ਮਲੂੰਗੀ..!" ਨ੍ਹਾਮੋਂ ਉਠ ਕੇ ਤੁਰ ਗਈ।

ਅਨੂਪ ਕੌਰ ਕੁਝ ਨਹੀਂ ਬੋਲੀ। ਉਸ ਦਾ ਸਰੀਰ ਜਿਸਮਾਨੀ ਪੀੜ ਨਾਲੋਂ ਮਾਨਸਿਕ ਤੌਰ 'ਤੇ ਜ਼ਿਆਦਾ ਵਿੰਨ੍ਹਿਆਂ ਪਿਆ ਸੀ।

ਇੱਕ ਪਾਸੇ ਹਰ ਕੌਰ ਰੁੱਸਿਆਂ ਵਾਂਗ ਬੈਠੀ ਸੀ।

ਉਹ ਨਵਜੰਮੀਂ ਪੋਤਰੀ ਵੱਲ ਡੈਣ ਵਾਂਗ ਝਾਕਦੀ ਸੀ।

ਅਗਲੇ ਦਿਨ ਗੇਜਾ ਅਤੇ ਜੋਗਾ ਖੇਤ ਚੁੱਪ ਚਾਪ ਪੱਠੇ ਵੱਢ ਰਹੇ ਸਨ। ਉਹਨਾਂ 'ਚੋਂ ਕੋਈ ਕਿਸੇ ਨਾਲ਼ ਗੱਲ ਨਹੀਂ ਕਰ ਰਿਹਾ। ਜਿਵੇਂ ਉਹ ਇੱਕ-ਦੂਜੇ ਨਾਲ਼ ਲੜੇ ਹੋਏ ਸਨ। ਉਹਨਾਂ ਪੱਠੇ ਇਕੱਠੇ ਕੀਤੇ ਅਤੇ ਰੇੜ੍ਹੀ ਵਿੱਚ ਲੱਦ ਘਰ ਨੂੰ ਤੁਰ ਪਏ। ਕਿਸੇ ਨੂੰ ਕੋਈ ਗੱਲ ਨਹੀਂ ਸੁੱਝ ਰਹੀ ਸੀ। ਜਿਵੇਂ ਉਹ ਗੂੰਗੇ-ਬੋਲ਼ੇ ਸਨ।

ਉਹਨਾਂ ਨੇ ਪੱਠੇ ਕੁਤਰ ਕੇ ਪਸ਼ੂਆਂ ਨੂੰ ਪਾਏ ਅਤੇ ਬਾਹਰਲੇ ਰਾਹ ਵਾਲ਼ੀ ਬੈਠਕ ਵਿੱਚ ਆ ਬੈਠੇ। ਲਾਲਟੈਣ ਬਾਲ਼ ਕੇ ਉਹਨਾਂ ਨੇ ਬੋਤਲ ਖੋਲ੍ਹ ਦਾਰੂ ਝੋਅ ਲਈ।

ਬਿੰਡੇ ਬੋਲ ਰਹੇ ਸਨ। ਪੈੱਗ ਚੱਲ ਰਹੇ ਸਨ। ਜੋਗਾ ਸਿੰਘ ਦਾਰੂ ਪੀਂਦਾ-ਪੀਂਦਾ ਵਿੱਚ ਦੀ ਰੋਣ ਲੱਗ ਜਾਂਦਾ ਸੀ ਅਤੇ ਫ਼ਿਰ ਉਸ ਨੂੰ ਪਤਾ ਨਹੀਂ ਕੀ ਸੁੱਝਿਆ, ਉਸ ਨੇ ਕਰੋਧ ਨਾਲ਼ ਬੋਤਲ ਚੁੱਕ ਕੰਧ ਨਾਲ਼ ਮਾਰੀ। ਬੋਤਲ ਕੀਚਰਾਂ ਹੋ ਗਈ ਅਤੇ ਕੱਚ ਦੇ ਟੁਕੜੇ ਦੂਰ-ਦੂਰ ਤੱਕ ਖਿੱਲਰ ਗਏ।

-"ਰੋਣਾਂ ਮਰਦਾਂ ਨੂੰ ਮਿਹਣਾਂ ਬਾਈ, ਕੋਈ ਹੁਕਮ ਕਰ, ਤੇਰੇ ਲਈ ਫ਼ਾਹੇ ਲੱਗਣ ਨੂੰ ਤਿਆਰ ਐਂ...!"

-"ਬੇਬੇ ਬਹੁਤ ਦੁਖੀ ਐ ਗੇਜਿਆ...! ਉਸ ਨੇ ਸਾਰੀ ਉਮਰ ਕੋਈ ਸੁਖ ਨੀ ਦੇਖਿਆ, ਹੁਣ ਆਹ ਪੋਤੇ ਆਲ਼ੀ ਮਾੜੀ ਜੀ ਆਸ ਜੀ ਬੱਝੀ ਸੀ, ਤੇ ਉਹ ਵੀ...!" ਉਹ ਮੁੜ ਅੱਖਾਂ 'ਤੇ ਬਾਂਹ ਰੱਖ ਕੇ ਰੋਣ ਲੱਗ ਪਿਆ।

-"ਦੁਖੀ ਤਾਂ ਸਾਰੇ ਈ ਐਂ...! ਮੈਂ ਤਾਂ ਸੋਚਿਆ ਸੀ ਪੁੱਤ ਹੋਊ, ਭੰਗੜ੍ਹੇ ਪਾ ਕੇ ਸ਼ਰੀਕਾਂ ਦਾ ਕਾਲ਼ਜਾ ਫ਼ੂਕਾਂਗੇ...!!" ਗੇਜਾ ਬੋਲਿਆ।

-"ਸਾਰਾ ਕੁਛ ਧਰਿਆ ਧਰਾਇਆ ਰਹਿ ਗਿਆ, ਮੈਥੋਂ ਬੇਬੇ ਦਾ ਦੁੱਖ ਜਰਿਆ ਨੀ ਜਾਂਦਾ, ਗੇਜਿਆ...!" ਜੋਗੇ ਦੇ ਹਾਉਕੇ ਹੋਰ ਉਚੇ ਹੋ ਗਏ।

-"..............।" ਇੱਕ ਚੁੱਪ ਛਾ ਗਈ।

-"ਗੇਜਿਆ...!"

-"ਹਾਂ ਬਾਈ...?"

-"ਮੇਰਾ ਇੱਕ ਕੰਮ ਕਰ...!"

-"ਬੋਲ...?"

-"ਇੱਕ ਬੋਝ ਲਾਹ ਸਿਰ ਤੋਂ...!!"

-"ਤੂੰ ਇੱਕ ਇਸ਼ਾਰਾ ਕਰ, ਚਿੜੀਆਂ ਦਾ ਦੁੱਧ ਹਾਜਰ ਕਰੂੰ, ਬਾਈ...! ਰੋੜਾ ਮਾਰ ਕੇ ਸੂਰਜ ਥੱਲੇ ਸਿੱਟਲੂੰ...!" ਉਹ ਦਾਰੂ ਨਾਲ਼ ਰੱਜਿਆ ਸੂਰਮਾਂ ਬਣਿਆਂ ਬੈਠਾ ਸੀ।

-"ਏਸ ਜੁਆਕੜੀ ਦਾ ਕੰਮ ਨਬੇੜ...!" ਲਾਲਟੈਣ ਦੇ ਚਾਨਣ ਵਿਚ ਜੋਗਾ ਸਿੰਘ ਦਾ ਚਿਹਰਾ, ਕਿਸੇ ਜਿੰਨ ਦਾ ਚਿਹਰਾ ਜਾਪਦਾ ਸੀ।

-"ਤੇਰਾ ਮਤਲਬ.....ਜਮਾਂ ਈ ਕੰਮ ਘੜਿੱਚ..?" ਉਸ ਨੇ ਇਸ਼ਾਰੇ ਨਾਲ਼ ਆਪਣੀ ਧੌਣ 'ਤੇ ਪੁੱਠਾ ਅੰਗੂਠਾ ਫ਼ੇਰ ਕੇ ਰਮਜ਼ ਪੁੱਛੀ। ਗੇਜੇ ਦਾ ਚਿਹਰਾ ਵੀ ਪ੍ਰੇਤ ਵਰਗਾ ਲੱਗਦਾ ਸੀ।

-"ਆਹੋ...!! ਰੁਪਈਆ ਪੰਜ ਹਜ਼ਾਰ ਦਿਊਂਗਾ...! ਆਹ ਫ਼ੜ ਬੋਤਲ...!"

-"ਤੂੰ ਗੋਲ਼ੀ ਮਾਰ ਰੁਪਈਆਂ ਨੂੰ...! ਯਾਰੀ ਐ, ਛੋਲਿਆਂ ਦਾ ਵੱਢ ਨੀ, ਬਾਈ..! ਕੰਮ ਅੱਜ ਈ ਨਬੇੜ ਦਿੰਨੇ ਐਂ..! ਇੱਕ ਦੋ ਦਿਨਾਂ ਦੇ ਜੁਆਕ ਦਾ ਪਾਪ ਨੀ ਲੱਗਦਾ, ਉਹਨੂੰ ਕਿਹੜਾ ਕੋਈ ਸੁਰਤ ਹੁੰਦੀ ਐ..?"

ਜੋਗਾ ਸਿੰਘ ਜਮਦੂਤ ਵਾਂਗ ਉਠਿਆ।

ਲਾਲਟੈਣ ਦੇ ਚਾਨਣ ਵਿਚ ਉਹ ਬਿਕਰਾਲ਼ ਰੂਪ ਧਾਰੀ ਖੜ੍ਹਾ ਸੀ।

-"ਚੱਲ...! ਜਦੋਂ ਕੋਈ ਕੰਮ ਨਬੇੜਨਾ ਹੋਵੇ, ਤਾਂ ਸੱਜੇ ਨੂੰ ਖੱਬਾ ਨੀ ਉਡੀਕੀਦਾ, ਬਾਈ..!" ਦਾਰੂ ਨਾਲ ਰੱਜੇ ਉਹ ਬਾਹਰਲੇ ਰਾਹ ਵਾਲ਼ੀ ਬੈਠਕ ਵਿੱਚੋਂ ਉਠ ਘਰ ਆ ਗਏ।

ਨਿੱਕੀ ਜਿਹੀ ਬੱਚੀ ਅਨੂਪ ਕੌਰ ਦੇ ਨਾਲ਼ ਮੰਜੇ 'ਤੇ ਪਈ ਸੀ। ਜਿਵੇਂ ਸੁੱਕੇ ਪੱਤਿਆਂ ਵਿੱਚ ਗੇਂਦੇ ਦਾ ਫ਼ੁੱਲ ਖਿੜਿਆ ਹੁੰਦੈ। ਅਨੂਪ ਕੌਰ ਦੀਆਂ ਅੱਖਾਂ ਬੰਦ ਸਨ। ਇੱਕ ਪਾਸੇ ਮੱਧਮ ਜਿਹਾ ਦੀਵਾ ਜਗ ਰਿਹਾ ਸੀ।

ਜਦ ਦੀਵੇ ਦੇ ਚਾਨਣ ਵਿੱਚ ਜੋਗਾ ਸਿੰਘ ਨੇ ਫ਼ੁੱਲ ਵਰਗੀ ਬੱਚੀ ਨੂੰ ਚੁੱਕਿਆ ਤਾਂ ਅਨੂਪ ਕੌਰ ਦੀ "ਪਟੱਕ" ਦੇਣੇ ਅੱਖ ਖੁੱਲ੍ਹ ਗਈ। ਬੁਰੀਆਂ ਨੀਅਤਾਂ ਅਤੇ ਖ਼ੂਨੀ ਇਰਾਦੇ ਭਾਂਪ ਕੇ ਅਨੂਪ ਕੌਰ ਅੱਭੜਵਾਹੇ ਉਠ ਕੇ ਬੈਠ ਗਈ। ਉਹ ਜੋਗਾ ਸਿੰਘ ਦਾ ਚੰਡਾਲ਼ ਚਿਹਰਾ ਦੇਖ ਕੇ ਕੰਬੀ ਜਾ ਰਹੀ ਸੀ।

ਜਦ ਉਹ ਬੱਚੀ ਨੂੰ ਲੈ ਕੇ ਤੁਰਨ ਲੱਗਿਆ ਤਾਂ ਅਨੂਪ ਕੌਰ ਨੇ ਕੰਧ ਬਣ ਕੇ ਉਸ ਦਾ ਰਾਹ ਰੋਕ ਲਿਆ।

-"ਇਹਨੂੰ ਅੱਧੀ ਰਾਤੋਂ ਕਿੱਧਰ ਲੈ ਕੇ ਚੱਲੇ ਹੋ...?" ਉਸ ਦੇ ਸਰੀਰ ਦਾ ਲੂੰ-ਕੰਡਾ ਖੜ੍ਹਾ ਸੀ।

-"ਇਹਦਾ ਭੋਗ ਪਾਉਣ...!"

ਅਨੂਪ ਕੌਰ ਨੇ ਹੱਥ ਜੋੜ ਲਏ।

-"ਨਾ ਸਰਦਾਰਾ...! ਇਹਨੇ ਅਜੇ ਵਿਚਾਰੀ ਨੇ ਜੱਗ ਦਾ ਦੇਖਿਆ ਈ ਕੀ ਐ..? ਨਾ ਪਾਪ ਕਰ...!!"

-"ਓਏ ਪਰ੍ਹਾਂ ਮਰ..! ਸਾਲ਼ੀ ਪਾਪ ਦੀ...!" ਜੋਗਾ ਸਿੰਘ ਨੇ ਅਨੂਪ ਕੌਰ ਧੱਕਾ ਦੇ ਕੇ ਪਾਸੇ ਕਰ ਦਿੱਤੀ।

-"ਬੀਜੀ.....! ਰੋਕੋ ਇਹਨਾਂ ਨੂੰ...! ਦੇਖੋ ਕੀ ਅਨਰਥ ਕਰਨ ਚੱਲੇ ਐ...!" ਅਨੂਪ ਕੌਰ ਨੇ ਚੁੰਨੀ ਦਾ ਪੱਲਾ ਅੱਡ ਕੇ ਸੱਸ ਹਰ ਕੌਰ ਨੂੰ ਵਾਸਤਾ ਪਾਇਆ। ਨਾਲ ਉਹ ਜਾਰੋ-ਜਾਰ ਰੋ ਰਹੀ ਸੀ।

-"..................।" ਸੱਸ ਹਰ ਕੌਰ ਨੇ ਕੌੜਾ ਜਿਹਾ ਝਾਕ ਕੇ ਮੂੰਹ ਪਾਸੇ ਕਰ ਲਿਆ।

ਜਦ ਸੱਸ ਨੇ ਕੋਈ ਗ਼ੌਰ ਨਾ ਕੀਤੀ ਤਾਂ ਅਨੂਪ ਕੌਰ ਮੁੜ ਜੋਗਾ ਸਿੰਘ ਕੋਲ਼ ਚਲੀ ਗਈ।

-"ਨਾ ਸਰਦਾਰਾ, ਇਹ ਅਨਰਥ ਨਾ ਕਰ...! ਜੇ ਤੂੰ ਕਹੇਂ ਤਾਂ ਮੈਂ ਆਬਦੀ ਧੀ ਨੂੰ ਲੈ ਕੇ ਪੇਕੀਂ ਚਲੀ ਜਾਨੀ ਐਂ..! ਆਪੇ ਔਖੀ ਸੌਖੀ ਪਾਲ਼ ਲਊਂਗੀ, ਤੁਹਾਡੇ 'ਤੇ ਬੋਝ ਨੀ ਬਣਨ ਦਿੰਦੀ...!" ਉਸ ਨੇ ਉਸ ਕੋਲੋਂ ਕੁੜੀ ਲੈਣੀ ਚਾਹੀ।

-"ਓਏ ਦਫ਼ਾ ਹੋ...! ਸਾਲ਼ੀ ਕੁੱਤਿਆਂ ਦੀ..!" ਜੋਗਾ ਸਿੰਘ ਨੇ ਉਸ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ। ਉਹ ਰੋਂਦੀ ਕੁਰਲਾਉਂਦੀ ਧਰਤੀ 'ਤੇ ਜਾ ਡਿੱਗੀ। ਉਸ ਦਾ ਸਿਰ ਪਾਵੇ ਨਾਲ਼ ਵੱਜ ਸੁੰਨ ਹੋ ਗਿਆ ਸੀ। ਇੱਕ ਪਾਸੇ ਹਰ ਕੌਰ ਬੜੇ ਅਰਾਮ ਨਾਲ਼ ਦੁੱਧ ਪੀ ਰਹੀ ਸੀ। ਉਸ ਦੇ ਦਿਮਾਗ 'ਤੇ ਕੋਈ ਅਸਰ ਨਹੀਂ ਸੀ।

ਜੋਗਾ ਸਿੰਘ ਨੇ ਬੱਚੀ ਸ਼ਰਾਬੀ ਗੇਜੇ ਨੂੰ ਜਾ ਫ਼ੜਾਈ।

-"ਲੈ ਚੱਕ ਗੇਜਿਆ...! ਤੇ ਪੂਰ ਇਹਦਾ ਸੰਖ ਲੀਰ ਜੀ ਦਾ...!"

-".........................।" ਗੇਜੇ ਨੇ ਦਾਰੂ ਦੀ ਭਰੀ ਬੋਤਲ ਡੱਬ ਵਿੱਚ ਟੰਗ ਕੇ ਕੁੜੀ ਫ਼ੜ ਲਈ।

ਕੁੜੀ ਰੋਣ ਲੱਗ ਪਈ।

ਧੀ ਰੋਣ 'ਤੇ ਮਾਂ ਅਨੂਪ ਕੌਰ ਨੂੰ ਹੌਲ ਪਿਆ।

-"ਕੰਮ ਅਧੂਰਾ ਨਾ ਰਹਿ'ਜੇ...! ਟੰਚ ਕਰ ਕੇ ਮੁੜਨੈਂ...!"

-"ਮੈਂ ਕਹਿੰਨੈ ਜਿੱਧਰੋਂ ਆਈ ਐ, ਗੋਲ਼ੀ ਮਾਂਗੂੰ ਓਧਰੇ ਈ ਜਾਊ ਛੂਕਦੀ, ਬਾਈ..! ਵਹਿਮ ਨਾ ਮੰਨ...!!" ਸ਼ਰਾਬੀ ਗੇਜੇ ਨੇ ਬੁੱਕਲ਼ 'ਚ ਕੁੜੀ ਲਕੋਂਦਿਆਂ ਕਿਹਾ।

ਬੇਵੱਸ ਅਤੇ ਮਜਬੂਰ ਅਨੂਪ ਕੌਰ ਗੇਜੇ ਦੇ ਪੈਰਾਂ ਵਿੱਚ ਆ ਡਿੱਗੀ।

ਉਸ ਨੇ ਚੁੰਨੀ ਦਾ ਪੱਲੜਾ ਅੱਡ ਲਿਆ।

-"ਨਾ ਵੇ ਵੀਰਾ ਗੇਜਿਆ...! ਨਾ ਐਨਾਂ ਕਹਿਰ ਢਾਹ...! ਰੱਬ ਤੋਂ ਡਰ, ਰੱਬ ਤੋਂ..!"

-"ਜੇ ਰੱਬ ਸਾਡੇ ਨਾਲ਼ ਬੈਰ ਕੱਢੂ, ਤਾਂ ਅਸੀਂ ਕਿਹੜਾ ਭਲੀ ਗੁਜ਼ਾਰਾਂਗੇ, ਭਰਜਾਈਏ..? ਜੇ ਬਾਈ ਨੂੰ ਮੁੰਡਾ ਦੇ ਦਿੰਦਾ, ਅਸੀਂ ਵੀ ਚੰਡਾਲ਼ ਨਾ ਬਣਦੇ...!" ਗੇਜਾ ਰੱਬ ਬਣਿਆਂ ਖੜ੍ਹਾ ਸੀ।

-"ਹਰ ਜੀਅ ਆਬਦੀ ਕਿਸਮਤ ਲਿਖਵਾ ਕੇ ਲਿਆਉਂਦੈ ਵੀਰਾ...! ਨਾ ਰੱਬ ਦੇ ਸ਼ਰੀਕ ਬਣੋਂ...!" ਉਸ ਨੇ ਵਾਸਤਾ ਪਾਇਆ।

-"ਪਹਿਲਾਂ ਰੱਬ ਸਾਡਾ ਸ਼ਰੀਕ ਬਣਦੈ...! ਸ਼ਰੀਕ ਬਣਨ ਦੀ ਸਾਡੀ ਵਾਰੀ ਤਾਂ ਬਾਅਦ 'ਚ ਆਈ ਐ...! ਕੀ ਘਸਦਾ ਸੀ ਜੇ ਬਾਈ ਦੇ ਘਰੇ ਪੁੱਤ ਭੇਜ ਦਿੰਦਾ..?"

ਕਰੋਧੀ ਹੋਏ ਜੋਗਾ ਸਿੰਘ ਨੇ ਅਨੂਪ ਕੌਰ ਨੂੰ ਵਾਲ਼ਾਂ ਤੋਂ ਫ਼ੜ ਖੜ੍ਹੀ ਕਰ ਲਿਆ।

-"ਸੁਣ ਧਿਆਨ ਨਾਲ਼ ਮੇਰੀ ਗੱਲ...! ਜੇ ਹੁਣ ਸਾਡੇ ਕੰਮ 'ਚ ਦਖ਼ਲ ਦਿੱਤੈ, ਨਾਲ਼ ਈ ਤੈਨੂੰ ਪਾਰ ਬੁਲਾ ਦਿਆਂਗੇ...!" ਉਸ ਨੇ ਡਰਾਵਾ ਦਿੱਤਾ।

ਅਨੂਪ ਕੌਰ ਕਿਸੇ ਸ਼ੀਹਣੀਂ ਵਾਂਗ ਬਿਫ਼ਰ ਕੇ ਖੜ੍ਹ ਗਈ।

-"ਬੁਲਾ ਵੈਰੀਆ...! ਬੁਲਾ ਪਾਰ ਮੈਨੂੰ...!! ਮੈਂ ਤਾਂ ਚਾਹੁੰਨੀ ਐਂ ਤੂੰ ਮੈਨੂੰ ਪਾਰ ਬੁਲਾਵੇਂ...! ਤੇਰੇ ਵਰਗੇ ਦੈਂਤ ਦੇ ਘਰੇ ਮੈਂ ਰਹਿਣਾ ਵੀ ਨੀ ਚਾਹੁੰਦੀ...! ਬੁਲਾ ਪਾਰ ਮੈਨੂੰ...!!" ਉਹ ਕਰੋਧ ਅਤੇ ਬੇਵੱਸੀ ਨਾਲ਼ ਹਿੱਕ 'ਚ ਧੱਫ਼ੇ ਮਾਰਨ ਲੱਗ ਪਈ।

-"ਬੇਬੇ...! ਆਹ ਫ਼ੜ ਇਹਨੂੰ...! ਡਮਾਕ ਹਿੱਲ ਗਿਆ ਇਹਦਾ...!!" ਜੋਗੇ ਨੇ ਮਾਂ ਨੂੰ ਕਿਹਾ।

ਸਾਹਣ ਵਾਂਗ ਭੂਸਰੀ ਹਰ ਕੌਰ ਅੱਗੇ ਆ ਗਈ।

ਕਰੋਧ ਨਾਲ਼ ਉਸ ਦੀਆਂ ਨਾਸਾਂ ਵਿੱਚੋਂ ਠੂੰਹੇਂ ਡਿੱਗ ਰਹੇ ਸਨ।

-"ਕੀ ਲੱਛਣ ਫ਼ੜਿਐ ਨ੍ਹੀ ਤੂੰ...? ਕਾਹਦਾ ਝੱਜੂ ਪਾਇਐ...?? ਆਹ ਲੀਰ ਜੀ ਪਿੱਛੇ ਕੀ ਇਹਨੇ ਯੱਭ ਖੜ੍ਹਾ ਕੀਤੈ..! ਜਾਹ ਵੇ ਗੇਜਿਆ, ਲੈਜਾ ਇਹਨੂੰ, ਦਾਰੂ ਪੀ ਕੇ ਕਿਵੇਂ ਗਟਰ-ਗਟਰ ਝਾਕੀ ਜਾਂਦੈ ਔਤਾਂ ਦੇ ਜਾਣਾਂ, ਬਲੱਜ...!"

-"...................।" ਗੇਜਾ ਬੱਚੀ ਨੂੰ ਲੈ ਕੇ ਤੁਰਨ ਲੱਗਿਆ ਤਾਂ ਕੁੜੀ ਮੁੜ ਰੋਣ ਲੱਗ ਪਈ।

ਧੀ ਦੇ ਵੈਰਾਗ ਵਿੱਚ ਅਨੂਪ ਕੌਰ ਦੀਆਂ ਲੇਰਾਂ ਨਿਕਲ਼ ਗਈਆਂ।

-"ਇਹ ਨਾ ਸੋਚੀਂ ਮੇਰੀ ਬੱਚੀ, ਕਿ ਤੇਰੀ ਮਾਂ ਨੇ ਤੈਨੂੰ ਬਚਾਉਣ ਦੀ ਕੋਸ਼ਿਸ਼ ਨੀ ਕੀਤੀ...! ਡਾਢਿਆਂ ਮੂਹਰੇ ਮੈਂ ਬੇਵੱਸ ਹਾਂ ਮੇਰੀ ਬੱਚੀ, ਬੇਵੱਸ ਹਾਂ...!!! ਮੈਨੂੰ ਮੁਆਫ਼ ਕਰੀਂ ਮੇਰੀਏ ਧੀਏ...! ਨਿਰਬਲ ਤੇ ਨਿਤਾਣੀਂ ਮਾਂ ਨੂੰ ਮੁਆਫ਼ ਕਰੀਂ...! ਤੇਰਾ ਰਾਖਾ ਤਾਂ ਹੁਣ ਕਰਤਾਰ ਈ ਐ...!" ਉਹ ਗੇਜੇ ਦੀ ਬੁੱਕਲ਼ ਵਿੱਚ ਜਾਂਦੀ ਕੁੜੀ ਨੂੰ ਆਖ, ਵਿਰਲਾਪ ਕਰ ਰਹੀ ਸੀ।

ਗੇਜਾ ਕੁੜੀ ਨੂੰ ਲੈ ਤੁਰ ਗਿਆ।

ਜੋਗਾ ਬੈਠਕ ਵਿੱਚ ਬੈਠ ਫ਼ਿਰ ਦਾਰੂ ਪੀਣ ਲੱਗ ਪਿਆ।

ਅਨੂਪ ਕੌਰ ਹਨ੍ਹੇਰੇ ਵਿਹੜ੍ਹੇ ਵਿੱਚ ਬੈਠੀ ਰੋਈ ਜਾ ਰਹੀ ਸੀ।

ਅਨੂਪ ਕੌਰ ਦੀ ਬੁਝਦੀ ਆਸ ਵਾਂਗ ਪਿਛਲੇ ਕਮਰੇ ਵਿੱਚ ਲਾਲਟੈਣ ਦੀ ਬੱਤੀ ਵੀ ਬੁਝਦੀ ਜਾ ਰਹੀ ਸੀ।

-"ਐਥੇ ਹੁਣ ਕਾਹਦੇ ਸਿਆਪੇ ਕਰਨ ਬਹਿਗੀ ਨੀ...? ਚੱਲ ਅੰਦਰ...!! ਅੱਧੀ ਰਾਤੋਂ ਕੀ ਲੋਕਾਂ ਨੂੰ ਤਮਾਸ਼ਾ ਦਿਖਾਉਣ ਲੱਗੀ ਐ ਗੱਦੋਂ ਦੇ ਜਾਣੀਂ..!" ਹਰ ਕੌਰ ਨੇ ਦਬਕਾ ਮਾਰਿਆ।

ਅਨੂਪ ਕੌਰ ਧਰਾਲ਼ੀਂ ਰੋਂਦੀ ਸੋਚ ਰਹੀ ਸੀ। .....ਸਦੀਆਂ ਤੋਂ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਤੁਰੀ ਆ ਰਹੀ ਹੈ..! ਅਨੰਤ ਕਲਾ ਭਰਪੂਰ, ਦੀਨ ਦੁਨੀ ਦੇ ਮਾਲਕ, ਧੰਨ ਗੁਰੂ ਨਾਨਕ ਪਾਤਿਸ਼ਾਹ ਤਾਂ "ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।" ਆਖ ਕੇ ਨਾਰੀ ਦੇ ਹੱਕ 'ਚ ਅਵਾਜ਼ ਬੁਲੰਦ ਕਰ ਗਏ, ਪਰ ਔਰਤ ਨੇ ਔਰਤ ਦਾ ਸੱਤਿਆਨਾਸ ਕਰਨ ਵਿੱਚ ਕੋਈ ਕਸਰ ਬਾਕੀ ਨੀ ਛੱਡੀ...!

ਅਨੂਪ ਕੌਰ ਦਾ ਇੱਕ ਵਾਰ ਫ਼ੇਰ ਰੋਣ ਨਿਕਲ਼ ਗਿਆ।

 

ਕਾਂਡ 8

 ਕਹਿਰ ਦੀ ਹਨ੍ਹੇਰੀ ਰਾਤ ਸੀ।

ਬਿਖੜੇ ਪੈਂਡੇ ਦਾ ਕੱਚਾ ਰਸਤਾ ਅਤੇ ਡਰਾਉਣੀ ਰਾਤ "ਸਾਂ-ਸਾਂ" ਕਰਦੀ ਸੱਪ ਵਾਂਗ ਛੂਕ ਰਹੀ ਸੀ।

ਗੇਜਾ ਇੱਕ ਹੱਥ ਵਿਚ ਬੱਚੀ ਚੁੱਕੀ, ਦੂਜੇ ਹੱਥ ਨਾਲ਼ ਬੋਤਲ 'ਚੋਂ ਦਾਰੂ ਪੀਂਦਾ ਜਾ ਰਿਹਾ ਸੀ। ਟਿਕੀ ਰਾਤ ਵਿੱਚ ਕੁੜੀ ਰੋ ਰਹੀ ਸੀ। ਦੂਰ ਪਿੰਡ ਵਿਚ ਕਿਤੇ-ਕਿਤੇ ਬੱਤੀ ਜਗਦੀ ਦਿਖਾਈ ਦਿੰਦੀ ਸੀ। ਕੁੜੀ ਰੋਣੋਂ ਬੰਦ ਨਹੀਂ ਹੋ ਰਹੀ ਸੀ।

-"ਧੀ ਧਿਆਣੀਏਂ, ਲੱਗਦੈ ਆਬਦੀ ਮਾਂ ਦਾ ਦਰੇਗ ਤੂੰ ਵੀ ਬਹੁਤ ਕਰਦੀ ਐਂ...!" ਗੇਜੇ ਨੇ ਕਿਹਾ।

ਬੱਚੀ ਹੋਰ ਉਚੀ-ਉਚੀ ਰੋਣ ਲੱਗ ਪਈ।

-"ਬੱਸ ਪਹੁੰਚ ਗਏ ਸਮਝ...! ਰੋ ਨਾਂ...! ਹੁਣ ਤਾਂ ਦੰਦਾਂ 'ਚ ਜੀਭ ਐ...!"

ਕੁੜੀ ਰੋਣੋਂ ਬੰਦ ਨਹੀਂ ਹੁੰਦੀ ਸੀ। ਸ਼ਾਇਦ ਸਰਦੀ ਨਾਲ਼ ਬਿਲਕ ਰਹੀ ਸੀ।

-"ਲੱਗਦੈ ਸਹੁਰੀ ਨੂੰ ਠਾਰੀ ਲੱਗਦੀ ਹੋਣੀਂ ਐਂ...! ਹੈਗਾ 'ਲਾਜ ਠਾਰੀ ਦਾ ਵੀ ਆਪਣੇ ਕੋਲ਼ੇ ਧੀਏ-ਧਿਆਣੀਏਂ...!!" ਉਸ ਨੇ ਡੱਬ 'ਚ ਦਿੱਤੀ ਬੋਤਲ ਕੱਢ ਲਈ।

-"ਠਾਰੀ ਨੂੰ ਤਾਂ ਮਾਰਾਂਗੇ ਆਪਾਂ ਬੁੜ੍ਹਕਾ ਕੇ....! ਰੋਲ਼ ਦਿਆਂਗੇ ਠਾਰੀ ਨੂੰ ਤਾਂ ਆਪਾਂ...! ਠਾਰੀ ਆਪਣੇ ਨੇੜੇ ਕਿਵੇਂ ਆਜੂ....?? ਲੈ ਧੀਏ, ਤੋਲ਼ਾ ਕੁ ਸਿੱਟ ਅੰਦਰ....!! ਇਹ ਤਾਂ ਦੁਆਈ ਐ ਇੱਕ...!"

ਗੇਜੇ ਨੇ ਕੁੜੀ ਦੇ ਮੂੰਹ ਨੂੰ ਬੋਤਲ ਲਾ ਕੇ ਦਾਰੂ ਦੀਆਂ ਘੁੱਟਾਂ ਪਿਆ ਦਿੱਤੀਆਂ।

ਕੁੜੀ ਚੁੱਪ ਕਰ ਗਈ।

-"ਕਰਗੀ ਨ੍ਹਾਂ ਚੁੱਪ ਧੀਏ ਮੇਰੀਏ...? ਦੁਨੀਆਂ ਕਮਲ਼ੀ ਥੋੜ੍ਹੋ ਐ, ਜਿਹੜੀ ਇਹਨੂੰ ਪੀਂਦੀ ਐ...? ਇਹ ਤਾਂ ਦੁੱਖ ਤੋੜ ਔਸ਼ਧੀ ਐ...! ਪਤਾ ਨੀ ਧਾਰਮਿਕ ਲੋਕ ਇਹਨੂੰ ਪੀਣਾ ਪਾਪ ਕਿਉਂ ਸਮਝਦੇ ਐ...?" ਉਸ ਨੇ ਦੋ ਘੁੱਟਾਂ ਆਪ ਵੀ ਅੰਦਰ ਸੁੱਟ ਲਈਆਂ ਅਤੇ ਟਿਕੀ ਰਾਤ ਵਿੱਚ ਰਾਹ ਲੱਭਦਾ ਅੱਗੇ ਤੁਰ ਪਿਆ।

ਰਾਤ ਟਿਕੀ ਹੋਈ ਸੀ।

ਬਿੰਡੇ ਟਿਆਂਕ ਰਹੇ ਸਨ।

ਦੂਰ ਖੇਤ ਵਿੱਚ ਇੱਕ ਟਟੀਹਰ੍ਹੀ ਚੀਕ ਰਹੀ ਸੀ।

ਗੇਜਾ ਦਾਰੂ ਨਾਲ਼ ਟੁੰਨ ਹੋਇਆ ਵਾਟ ਵੱਢਦਾ ਜਾ ਰਿਹਾ ਸੀ।

ਨਸ਼ੇ ਨਾਲ਼ ਗੇੜੇ ਖਾਂਦਾ ਗੇਜਾ ਨਹਿਰ ਦੀ ਪਟੜੀ 'ਤੇ ਪਹੁੰਚ ਗਿਆ।

-"ਲੈ ਧੀ ਧਿਆਣੀਏਂ...! ਤੇਰੇ ਨਾਲ਼ ਆਪਣਾ ਐਨਾਂ ਕੁ ਈ ਨਾਤਾ ਸੀ...! ਜਾਹ, ਰੱਬ ਤੇਰਾ ਭਲਾ ਕਰੇ...!"

-"................।" ਕੁੜੀ ਚੁੱਪ ਸੀ। ਰੋਂਦੀ ਵੀ ਨਹੀਂ ਸੀ। ਸ਼ਾਇਦ ਦਾਰੂ ਦੀ ਘੂਕੀ ਨਾਲ਼ ਸੌਂ ਗਈ ਸੀ?

-"ਹੈਂਅ...? ਇਹ ਤਾਂ ਬਚਾਰੀ ਸਤਜੁਗੀ ਬੋਲਦੀ ਵੀ ਨੀ...?? ਕਿਤੇ ਸਹੁਰੀ ਠਾਰੀ ਨਾਲ਼ ਤਾਂ ਨੀ ਮਰਗੀ...? ਚੰਗਾ ਭਾਈ, ਜਾਹ ਆਬਦੇ ਦੇਸ਼ ਨੂੰ....!! ਹੁਣ ਸਾਡੇ ਅਰਗੇ ਬੁੱਚੜਾਂ ਦੇ ਮੁਲਕ ਨਾ ਆਈਂ, ਨਹੀਂ ਮੈਨੂੰ ਈ ਫ਼ੇਰ ਕੋਈ ਢਾਣਸ ਕਰਨਾ ਪਊ...! ਸਰਦਾਰ ਲੋਕ ਆਪ ਪਾਪ ਨੀ ਕਰਦੇ, ਮੇਰੇ ਅਰਗੇ ਗਰੀਬਾਂ ਤੋਂ ਕਰਵਾਉਂਦੇ ਐ, ਧੀਏ...! ਹੁਣ ਨਾ ਬੁੱਚੜਖਾਨਿਆਂ ਵੱਲ ਫ਼ੇਰਾ ਪਾਈਂ..! ਜਮ੍ਹਾਂ ਮੂੰਹ ਨਾ ਕਰੀਂ ਐਧਰ ਨੂੰ...! ਲੈ ਹੁਣ ਬੋਲ ਬਾਘਰੂ...! ਰੱਬ ਤੈਨੂੰ ਚੰਗੀ ਜੂਨ 'ਚ ਪਾਵੇ, ਧੀਏ..! ਵਾਅਅਖਰੂ....!!" ਉਸ ਨੇ ਬੱਚੀ ਨੂੰ ਨਹਿਰ ਦੀ ਪਟੜੀ ਦੀਆਂ ਝਾੜ੍ਹੀਆਂ ਵਿੱਚ ਦੀ, ਪਾਣੀ ਵੱਲ ਨੂੰ ਚਲਾ ਮਾਰਿਆ। ਗੇਜੇ ਦੇ ਕੰਨ ਬੋਲ਼ੇ ਹੋ ਚੁੱਕੇ ਸਨ। ਬੱਚੀ ਚਲਾ ਕੇ ਮਾਰਨ ਤੋਂ ਬਾਅਦ ਉਸ ਨੇ ਦੋਨੋਂ ਹੱਥ ਝਾੜੇ ਅਤੇ ਡੱਬ 'ਚੋਂ ਬੋਤਲ ਕੱਢ ਕੇ ਦਾਰੂ ਦੀਆਂ ਘੁੱਟਾਂ ਭਰ ਪਿੱਛੇ ਮੁੜ ਪਿਆ।

ਦਾਰੂ ਦਾ ਰੱਜਿਆ ਗੇਜਾ ਪਤਾ ਨਹੀਂ ਕਦੋਂ ਆ ਕੇ ਸੁੱਤਾ ਸੀ।

ਅਗਲੇ ਦਿਨ ਗੇਜਾ ਅਤੇ ਜੋਗਾ ਸਿੰਘ ਖੇਤ ਪੱਠੇ ਵੱਢ ਰਹੇ ਸਨ।

-"ਰਾਤ ਕੰਮ ਕਰਤਾ ਸੀ, ਟੰਚ...?" ਜੋਗੇ ਨੇ ਗੇਜੇ ਨੂੰ ਪੁੱਛਿਆ।

-"ਵੱਢ'ਤਾ ਸੀ ਫ਼ਸਤਾ ਬਾਈ...! ਕਰ'ਤਾ ਤੈਨੂੰ ਸੁਰਖ਼ਰੂ...!!"

-"ਕਿਸੇ ਨੇ ਦੇਖਿਆ ਤਾਂ ਨੀ ਤੈਨੂੰ...?"

-"ਦੇਖਣਾ ਮੈਨੂੰ ਕੀਹਨੇ ਸੀ...? ਪਰਲੋਂ ਅਰਗੀ ਤਾਂ 'ਨ੍ਹੇਰੀ ਰਾਤ ਸੀ...!"

-"......................।" ਪਤਾ ਨਹੀਂ ਕੀ ਸੋਚ ਕੇ ਜੋਗਾ ਚੁੱਪ ਕਰ ਗਿਆ?

-"ਚੱਲ ਪੱਠੇ ਲੱਦ, ਬੇਬੇ ਕਹਿੰਦੀ ਸੀ ਅੱਜ ਜੋਤਾਂ ਆਲ਼ੇ ਸੰਤਾਂ ਦੇ ਜਾਣੈਂ...!"

-"ਕੋਈ ਸੱਤਸੰਗ ਐ...?"

-"ਭੰਡਾਰਾ ਨੀ ਹੁੰਦਾ ਹਰ ਸਾਲ...?"

-"ਮੈਂ ਤਾਂ ਭੁੱਲ ਈ ਗਿਆ ਸੀ...!"

ਉਹ ਪੱਠੇ ਲੱਦ ਘਰ ਆ ਗਏ ਅਤੇ ਬੇਬੇ ਨੂੰ ਲੈ ਸੰਤਾਂ ਦੇ ਡੇਰੇ ਪਹੁੰਚ ਗਏ। ਸੰਤ ਅਨੋਖ ਅਲੱਖ ਜੋਤਾਂ ਵਾਲ਼ੇ ਦੇ ਡੇਰੇ ਵਿੱਚ ਬੜੀ ਗਹਿਮਾਂ ਗਹਿਮੀਂ ਸੀ। ਡੇਰੇ 'ਤੇ ਕਮਾਂਡੋ ਅਤੇ ਪੁਲੀਸ ਦਾ ਸਖ਼ਤ ਪਹਿਰਾ ਸੀ ਅਤੇ ਸੰਗੀਨਾਂ ਵਾਲ਼ੇ ਡੇਰੇ ਦੇ ਕੋਨੇ-ਕੋਨੇ ਵਿੱਚ ਖੜ੍ਹੇ ਸਨ।

ਅਚਾਨਕ ਗਰਦੋਗੋਰ ਉਠੀ।

ਡੇਰੇ ਵਿੱਚ ਦੋ ਵੱਖੋ-ਵੱਖ ਪਾਰਟੀਆਂ ਦੇ ਲੀਡਰ ਪਹੁੰਚ ਗਏ। ਕਮਾਂਡੋ ਅਤੇ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਸੀ। ਉਹ ਲੋਕਾਂ ਨੂੰ ਫ਼ੜ-ਫ਼ੜ ਇੱਕ ਪਾਸੇ ਕਰਦੇ ਸਨ। ਦੋਨੋਂ ਲੀਡਰ ਅੱਗੜ-ਪਿੱਛੜ ਸੰਤ ਜੀ ਦੇ ਆਸਣ ਕੋਲ਼ ਪਹੁੰਚੇ ਅਤੇ ਡੰਡਾਉਤ ਕਰ ਕੇ ਸੰਤਾਂ ਨੂੰ ਮੱਥਾ ਟੇਕਿਆ।

ਸੰਤਾਂ ਨੇ ਜੋਤ ਉੱਪਰੋਂ ਦੀ ਮੋਰ ਦੇ ਖੰਭਾਂ ਵਾਲ਼ਾ ਚਵਰ ਲੰਘਾ ਕੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ।

-"ਮਹਾਂਪੁਰਖੋ..! ਅਗਲੀ ਇਲੈਕਸ਼ਨ ਸਿਰ 'ਤੇ ਹੈ, ਸਿਰ 'ਤੇ ਹੱਥ ਰੱਖਿਓ...!"

-"..................।" ਸੰਤ ਜੀ ਡੂੰਘੀ ਸੋਚ ਵਿੱਚ ਮੁਸਕੁਰਾਏ।

-"ਦੇਖੋ....! ਤੁਸੀਂ ਦੋਨੋਂ ਹੀ ਮੇਰੇ ਅਜ਼ੀਜ਼ ਹੋ...! ਤੁਸੀਂ ਦੋਨੋਂ ਆਪਸ ਵਿੱਚ ਦੋਸਤ ਵੀ ਹੋ ਤੇ ਰਿਸ਼ਤੇਦਾਰ ਵੀ...!" ਸੰਤ ਜੀ ਪਹਿਲੇ ਲੀਡਰ ਨੂੰ ਸੰਬੋਧਿਤ ਹੋਏ।

-"ਜੀ.....!" ਲੀਡਰ ਕਿਸੇ ਆਗਿਆਕਾਰ ਵਿਦਿਆਰਥੀ ਵਾਂਗ ਹੱਥ ਜੋੜੀ ਬੈਠਾ ਸੀ।

-"ਤੁਹਾਡੇ 'ਚੋਂ ਕਿਸੇ ਪਾਰਟੀ ਦੀ ਸਰਕਾਰ ਬਣੇ, ਤੁਸੀਂ ਇੱਕ-ਦੂਜੇ ਨੂੰ ਠਿੱਬੀ ਨੀ ਲਾਉਣੀ...! ਰਲ਼-ਮਿਲ਼ ਕੇ ਰਹਿਣੈਂ...! ਜੋਤਾਂ ਵਾਲ਼ੇ ਬ੍ਰਹਮ ਗਿਆਨੀ ਭਲੀ ਕਰਨਗੇ...!! ਪ੍ਰਲੋਕ 'ਚ ਬੈਠਿਆਂ ਨੂੰ ਉਹਨਾਂ ਨੂੰ ਸਭ ਕੁਛ ਨਜ਼ਰ ਆਉਂਦੈ..! ਉਹ ਜਾਣੀ ਜਾਣ ਮਹਾਂਪੁਰਖ਼ ਨੇ ਭਾਈ.. !"

-"ਸਤਿ ਬਚਨ...!" ਦੋਨੋਂ ਲੀਡਰਾਂ ਨੇ ਅਦਬ ਵਿੱਚ ਸਿਰ ਝੁਕਾਇਆ।

ਸੰਤ ਜੀ ਨੇ ਉਹਨਾਂ ਨੂੰ ਆਪਣੇ ਲੋਟੇ ਵਿਚੋਂ "ਚਰਨਾਂਮਤ" ਦਿੱਤਾ।

ਚਰਨਾਂਮਤ ਅਤੇ ਆਸ਼ੀਰਵਾਦ ਲੈ ਕੇ ਲੀਡਰ ਚਾਲੇ ਪਾ ਗਏ।

ਲੀਡਰਾਂ ਦੇ ਚਾਲੇ ਪਾਉਣ ਉਪਰੰਤ ਆਮ ਸ਼ਰਧਾਲੂਆਂ ਨੂੰ ਡੇਰੇ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਗਈ। ਹਰ ਕੌਰ ਅਤੇ ਜੋਗਾ ਸਿੰਘ ਵੀ ਉਹਨਾਂ ਸ਼ਰਧਾਲੂਆਂ ਦੇ ਵਿੱਚ ਸਨ।

ਹਰ ਕੌਰ ਸਿੱਧੀ ਸੰਤਾਂ ਦੇ ਆਸਣ ਵਾਲ਼ੇ ਕਮਰੇ ਅੰਦਰ ਚਲੀ ਗਈ।

ਪਹਿਰੇਦਾਰ ਉਸ ਨੂੰ ਬੇਰੋਕ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ।

ਸੰਤ ਜੀ ਦੁੱਧ ਚਿੱਟੇ ਆਸਣ ਉਪਰ ਬਿਰਾਜਮਾਨ ਸਨ। ਕੋਲ਼ ਮੋਰ ਦੇ ਖੰਭਾਂ ਵਾਲ਼ਾ ਚਵਰ ਪਿਆ ਸੀ। ਇੱਕ ਪਾਸੇ ਚਰਨਾਂਮਤ ਵਾਲ਼ਾ ਲੋਟਾ ਅਤੇ ਇੱਕ ਪਾਸੇ ਖੂੰਜੇ ਵੱਡੀ ਜੋਤ ਜਗ ਰਹੀ ਸੀ। ਅਤਰ ਫੁਲੇਲਾਂ ਕਾਰਨ ਅੰਦਰੋਂ ਸੁਗੰਧੀ ਦੀਆਂ ਲਪਟਾਂ ਆ ਰਹੀਆਂ ਸਨ।

ਹਰ ਕੌਰ ਸੰਤ ਜੀ ਦੇ ਪੈਰਾਂ 'ਤੇ ਡੰਡਾਉਤ ਕਰਦੀ ਉਚੀ-ਉਚੀ ਰੋ ਪਈ।

ਜੋਗਾ ਸਿੰਘ ਚੁੱਪ ਚਾਪ ਹੱਥ ਜੋੜੀ ਖੜ੍ਹਾ ਸੀ।

ਸੰਤ ਜੀ ਸ਼ਾਂਤ ਸਨ। ਚੁੱਪ ਸਨ। ਸੰਗਤ ਚੁੱਪ ਚਾਪ ਮੂਕ ਦਰਸ਼ਕ ਬਣੀ ਖੜ੍ਹੀ ਸੀ।

ਅਖੀਰ ਜਦੋਂ ਹਰ ਕੌਰ ਦਾ ਰੋਣਾ ਕੁਝ ਠੱਲ੍ਹਿਆ ਤਾਂ ਸੰਤ ਜੀ ਨੇ ਲੋਟੇ ਵਿੱਚੋਂ ਚਰਨਾਂਮਤ ਦਾ ਛਿੱਟਾ ਉਸ ਦੇ ਸਿਰ 'ਤੇ ਮਾਰਿਆ ਅਤੇ ਫ਼ੇਰ ਮੋਰ ਦੇ ਖੰਭਾਂ ਦਾ ਚਵਰ ਸਿਰ ਨੂੰ ਛੁਹਾਇਆ।

-"ਭਾਈ ਹਰ ਕੁਰੇ....? ਰੋਂਦੇ ਕਿਉਂ ਹੋ....??"

-"ਤੁਸੀਂ ਜਾਣੀ-ਜਾਣ ਮਹਾਂਪੁਰਖੋ...! ਤੁਸੀਂ ਧੰਨ...! ਤੁਸੀਂ ਦਿਲਾਂ ਦੀਆਂ ਬਾਤਾਂ ਬੁੱਝਣ ਵਾਲ਼ੇ ਮੇਰੇ ਮਾਲਕ...!" ਉਹ ਓਸੇ ਤਰ੍ਹਾਂ ਚਰਨਾਂ 'ਤੇ ਪਈ ਬੋਲੀ।

-"ਪਰ ਸੰਗਤਾਂ ਨੂੰ ਵੀ ਪਤਾ ਲੱਗੇ, ਭਾਈ...! ਸਾਡੀ ਜਾਣੀ-ਜਾਣਤਾ ਨੂੰ ਛੱਡੋ, ਆਪਣੇ ਮੁੱਖੋਂ ਫ਼ੁਰਮਾਨ ਕਰ ਕੇ ਸੰਗਤਾਂ ਨੂੰ ਦੱਸੋ..!"

-"ਮੇਰੇ ਘਰ ਚਰਨ ਪਾਓ ਮਹਾਂਪੁਰਖੋ....! ਮੈਨੂੰ ਪੋਤਾ ਚਾਹੀਦੈ...!!" ਉਹ ਓਸੇ ਤਰ੍ਹਾਂ ਚਰਨਾਂ ਵਿੱਚ ਪਈ ਸੀ।

-"...................।" ਸੰਤ ਜੀ ਮੁਸਕੁਰਾ ਪਏ।

-"ਪ੍ਰਲੋਕ ਵਾਲ਼ੇ ਮਹਾਂਪੁਰਖ ਕਿਰਪਾ ਕਰਨਗੇ...! ਪੁੱਤਰ ਵੀ ਅਵੱਸ਼ ਹੋਵੇਗਾ, ਭਾਈ..! ਅਵੱਸ਼ ਹੋਵੇਗਾ..!"

-"ਚਰਨ ਦੱਸੋ ਕਦੋਂ ਪਾਓਂਗੇ...?"

-"ਬੀਰ ਸਿੰਘ...!" ਸੰਤਾਂ ਨੇ ਆਪਣੇ ਚੇਲੇ ਨੂੰ ਹਾਕ ਮਾਰੀ।

-"ਜੀ ਮਹਾਰਾਜ...!" ਚੇਲਾ ਹਾਜ਼ਰ ਸੀ।

-"ਆਉਂਦੀ ਪੁੰਨਿਆਂ ਨੂੰ ਆਪਣਾ ਕਿਤੇ ਸਮਾਗਮ ਤਾਂ ਨੀ...?"

ਚੇਲਾ ਡਾਇਰੀ ਦੇਖਣ ਲੱਗ ਪਿਆ।

-"ਨਹੀਂ ਮਹਾਰਾਜ...! ਕੋਈ ਸਮਾਗਮ ਨਹੀਂ...!"

-"ਡਾਇਰੀ ਉਪਰ ਬੀਬੀ ਹਰ ਕੁਰ ਦਾ ਨਾਮ ਲਿਖ ਦਿਓ...!"

-"ਸਤਿ ਬਚਨ ਮਹਾਰਾਜ...!"

-"ਆਉਂਦੀ ਪੁੰਨਿਆਂ ਨੂੰ ਦਰਸ਼ਣ ਕਰਾਂਗੇ, ਭਾਈ...!"

-"ਧੰਨ ਹੋ ਮਹਾਂਪੁਰਖੋ...! ਕੋਟ-ਕੋਟ ਧੰਨਵਾਦ...!"

ਉਡੀਕਦੀ ਹਰ ਕੌਰ ਨੂੰ ਪੁੰਨਿਆਂ ਦਾ ਦਿਨ ਮਸਾਂ ਆਇਆ। ਹਰ ਕੌਰ ਦਾ ਘਰ ਸ਼ਿੰਗਾਰਿਆ ਹੋਇਆ ਸੀ। ਵਿਹੜ੍ਹੇ ਵਿੱਚ ਰੰਗ-ਬਿਰੰਗੀਆਂ ਝੰਡੀਆਂ ਲੱਗੀਆਂ ਹੋਈ ਸਨ। ਹਰ ਕੌਰ ਦੀ ਵਿਹੜ੍ਹੇ ਵਿਚ ਅੱਡੀ ਨਹੀਂ ਸੀ ਲੱਗਦੀ। ਅੱਜ ਜੋਗਾ ਸਿੰਘ ਅਤੇ ਗੇਜਾ ਵੀ ਘਰ ਹੀ ਸਨ। ਪਰ ਅੱਜ ਉਹਨਾਂ ਨੇ ਸ਼ਰਾਬ ਨਹੀਂ ਸੀ ਪੀਤੀ। ਟੁੱਟੇ ਹੋਏ ਨਸ਼ੇ ਕਾਰਨ ਉਹਨਾਂ ਦੇ ਮੂੰਹ ਧੁਆਂਖੇ ਜਿਹੇ ਪਏ ਸਨ ਅਤੇ ਉਹ ਦੁਖੀ ਜਿਹੇ ਬਾਹਰਲੀ ਬੈਠਕ ਵਿੱਚ ਬੈਠੇ ਸਨ।

-"ਅੱਜ ਮਹਾਂਪੁਰਖਾਂ ਨੇ ਆਪਣੇ ਘਰੇ ਚਰਨ ਪਾਉਣੇ ਐਂ...! ਤੂੰ ਆਬਦਾ ਗਾਤਰਾ ਲਾਹ ਦੇ ਅੱਜ ਦਾ ਦਿਨ..! ਮਹਾਂਪੁਰਖ ਇਹਨੂੰ ਚੰਗਾ ਨੀ ਸਮਝਦੇ..!" ਹਰ ਕੌਰ ਨੇ ਅਨੂਪ ਕੌਰ ਨੂੰ ਕਿਹਾ।

-".................।" ਅਨੂਪ ਕੌਰ ਨੇ ਘੋਰ ਹੈਰਾਨ ਹੋ ਕੇ ਸੱਸ ਵੱਲ ਦੇਖਿਆ।

-"ਆਨੇ ਜੇ ਕੀ ਕੱਢਦੀ ਐਂ...? ਸੁਣਿਆਂ ਨੀ ਤੈਨੂੰ...??" ਹਰ ਕੌਰ ਨੂੰਹ ਨੂੰ ਕੌੜੀ।

-"ਬੀਜੀ, ਇਹ ਤੁਸੀਂ ਕੀ ਕਹਿ ਰਹੇ ਓਂ...? ਸ੍ਰੀ ਸਾਹਿਬ ਤਾਂ ਅੰਮ੍ਰਿਤਧਾਰੀ ਦੇ ਸਰੀਰ ਤੋਂ ਮਰ ਕੇ ਵੀ ਵੱਖ ਨੀ ਹੁੰਦੀ, ਨਾਲ਼ ਈ ਸਸਕਾਰ ਕਰਦੇ ਐ...!"

-"ਤੇਰੇ ਵਰਗੀ ਜ਼ਿੱਦੀ ਕੱਟੜਪੰਥੀ ਨੇ ਮੇਰੇ ਟੱਬਰ ਦੀਆਂ ਬੇੜੀਆਂ 'ਚ ਵੀ ਵੱਟੇ ਪਾਏ ਵੇ ਐ..! ਨਹੀਂ ਹੁਣ ਨੂੰ ਗਲੋਟੇ ਵਰਗਾ ਪੋਤਾ ਮੇਰੀ ਬੁੱਕਲ਼ 'ਚ ਹੋਣਾ ਸੀ..।" ਹਰ ਕੌਰ ਨੇ ਠੁਣਾਂ ਅਨੂਪ ਕੌਰ ਸਿਰ ਹੀ ਭੰਨਿਆਂ।

-"ਬੀਜੀ, ਇਹ ਜੋ ਤੁਸੀਂ ਕਰ ਰਹੇ ਹੋ, ਇਹ ਆਡੰਬਰ ਐ...! ਧੰਨ ਗੁਰੂ ਨਾਨਕ ਪਾਤਿਸ਼ਾਹ ਨੇ "ਉਏ ਹਰਿ ਕੇ ਸੰਤ ਨ ਆਖੀਐ, ਬਾਨਾਰਸ ਕੇ ਠਗ" ਦੱਸਿਐ ਇਹਨਾਂ ਨੂੰ...! ਦਾਤਾਂ ਦੇਣ ਵਾਲ਼ਾ ਅਕਾਲ ਪੁਰਖ ਐ, "ਦੱਦਾ ਦਾਤਾ ਏਕੁ ਹੈ ਸਬ ਕਉ ਦੇਵਨਹਾਰ।।" ਜਪੁਜੀ ਸਾਹਿਬ ਵਿਚ ਫ਼ੁਰਮਾਇਐ, "ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ।।"

-"ਮੈਂ ਤੇਰਾ ਕੋਈ ਉਪਦੇਸ਼ ਨੀ ਸੁਣਨਾ...! ਜੇ ਨਹੀਂ ਲਾਹੁੰਣਾਂ ਤਾਂ ਆਬਦਾ ਗਾਤਰਾ ਢਕ ਕੇ ਰੱਖੀਂ..! ਨ੍ਹਾਂ ਤੂੰ ਗਾਤਰੇ ਦੀ ਕੋਈ ਨੁਮਾਇਸ਼ ਲਾਉਣੀਂ ਐਂ..? ਤੇਰੇ ਬਾਬੇ ਨੇ ਕਿਹੈ ਬਈ ਗਾਤਰਾ ਲੋਕਾਂ ਨੂੰ ਦਿਖਾ-ਦਿਖਾ ਕੇ ਪਾਇਓ..???"

ਅਚਾਨਕ ਬਾਹਰੋਂ ਗੱਡੀਆਂ ਦੀ ਘੂਕ ਸੁਣਾਈ ਦਿੱਤੀ ਤਾਂ ਹਰ ਕੌਰ ਬਾਹਰ ਚੱਕਵੇਂ ਪੈਰੀਂ ਬਾਹਰ ਨੂੰ ਤੁਰ ਪਈ।

-"ਵੇ ਜੋਗਿਆ....!"

-"ਹੋਅ ਬੇਬੇ...?"

-"ਲੱਗਦੈ ਮਹਾਂਪੁਰਖ ਆ ਗਏ..!" ਉਹ ਖ਼ੁਸ਼ ਹੋਈ ਬੋਲੀ।

-"................।" ਗੇਜਾ ਅਤੇ ਜੋਗਾ ਸਿੰਘ ਬੈਠਕ 'ਚੋਂ ਬਾਹਰ ਆ ਗਏ।

-"ਆ ਜਾ ਬਾਬਾ..! ਗੜ੍ਹੀ ਦੇ ਜਾਣਿਆਂ ਤੂੰ ਤਾਂ ਅੱਜ ਸਾਡੀ ਦਾਰੂ ਨੂੰ ਬੰਨ੍ਹ ਮਾਰ'ਤਾ..!" ਗੇਜਾ ਮੂੰਹ ਵਿੱਚ ਹੀ ਬੋਲਿਆ, "ਛੱਪ ਦੇ ਕੇ ਆ ਮੇਰਾ ਬੀਰ, ਤੇ ਗਰਨ ਦੇ ਕੇ ਚਾਲੇ ਪਾਅ, ਅਸੀਂ ਵੀ ਮੂੰਹ ਕੌੜਾ ਕਰਨ ਜੋਕਰੇ ਹੋਈਏ..!"

"ਸੰਤ ਜੀ" ਦੇ ਹਥਿਆਰਬੰਦ ਬਾਡੀਗਾਰਡਾਂ ਦੀਆਂ ਚਾਰ ਗੱਡੀਆਂ ਵੀਹੀ ਵਿਚ ਆ ਲੱਗੀਆਂ।

ਇੱਕ ਘੜ੍ਹਮੱਸ ਜਿਹਾ ਮੱਚ ਗਿਆ ਸੀ।

ਹਰ ਕੌਰ ਸਰਦਲ 'ਤੇ ਚੋਣ ਲਈ ਸਰ੍ਹੋਂ ਦਾ ਤੇਲ ਚੁੱਕੀ ਖੜ੍ਹੀ ਸੀ। ਜੋਗਾ ਸਿੰਘ ਅਤੇ ਗੇਜਾ ਨਾਲ਼ ਹੱਥ ਜੋੜੀ ਖੜ੍ਹੇ ਸਨ। ਅਨੂਪ ਕੌਰ ਪਿਛਲੇ ਵਿਹੜ੍ਹੇ ਵਿਚ ਥਮਲ੍ਹੇ ਨਾਲ਼ ਖੜ੍ਹੀ ਸਾਰਾ "ਆਡੰਬਰ" ਦੇਖ ਰਹੀ ਸੀ।

ਸੰਤ ਜੀ ਆਪਣੀ ਆਲੀਸ਼ਾਨ ਕਾਰ ਵਿੱਚੋਂ ਨਿਕਲ਼ੇ ਤਾਂ ਗੇਜੇ ਅਤੇ ਜੋਗਾ ਸਿੰਘ ਉਹਨਾਂ ਦੇ ਚਰਨਾਂ ਉਪਰ ਆਪਣਾ ਪਰਨਾਂ ਮਾਰ ਕੇ ਚਰਨ ਝਾੜ੍ਹੇ।

ਸੰਤ ਦਰਵਾਜੇ ਅੱਗੇ ਆਏ ਤਾਂ ਹਰ ਕੌਰ ਤੇਲ ਚੋਂਦੀ ਧਾਰਨਾ ਗਾਉਣ ਲੱਗ ਪਈ;

"ਆਓ ਮਹਾਂਪੁਰਖੋ, ਜੀ ਆਇਆਂ ਨੂੰ...! ਆਓ ਮੇਰੇ ਦਿਉਤਿਓ, ਜੀ ਆਇਆਂ ਨੂੰ..!!"

ਸੰਤ ਜੀ ਗੇਜੇ ਹੋਰਾਂ ਵਾਲ਼ੀ ਬੈਠਕ ਵਿੱਚ "ਸਜ" ਗਏ।

ਬੈਠਕ ਵਿੱਚ ਚਾਰੇ ਪਾਸੇ ਦੇਸੀ ਘਿਉ ਦੀਆਂ ਜੋਤਾਂ ਹੀ ਜੋਤਾਂ ਜਗ ਰਹੀਆਂ ਸਨ।

ਧੂਫ਼ ਦਾ ਧੂੰਆਂ ਸੱਪ ਵਾਂਗ ਅਸਮਾਨ ਨੂੰ ਚੜ੍ਹਦਾ ਸੀ।

-"ਮਾਤਾ ਜੀ..!" ਸੰਤ ਜੀ ਹਰ ਕੌਰ ਨੂੰ ਸੰਬੋਧਨ ਹੋਏ।

-"ਜੀ ਮਹਾਂਪੁਰਖੋ...?"

-"ਸਮਾਂ ਸਾਡੇ ਕੋਲ਼ ਬਹੁਤ ਘੱਟ ਐ...! ਜਲਦੀ ਦਹੀਂ ਲਿਆਓ ਭਾਈ...!!"

-"ਸਤਿ ਬਚਨ ਜੀ...!!"

ਹਰ ਕੌਰ "ਦੰਮ-ਦੰਮ" ਕਰਦੀ ਅੰਦਰ ਚਲੀ ਗਈ।

ਗੇਜਾ ਅਤੇ ਜੋਗਾ ਸਿੰਘ ਸੰਤ ਜੀ ਕੋਲ਼ ਹੱਥ ਜੋੜੀ ਖੜ੍ਹੇ ਸਨ।

-"ਬੈਠੋ ਭਾਈ ਜੋਗਾ ਸਿੰਘ..! ਬਾਕੀ ਸੰਗਤ ਨੂੰ ਬਾਹਰ ਬਿਠਾ ਦਿਓ..!"

-"ਸਤਿ ਬਚਨ ਸੰਤ ਜੀ..!" ਜੋਗਾ ਸਿੰਘ ਨੇ ਇਸ਼ਾਰੇ ਨਾਲ਼ ਸੰਗਤ ਨੂੰ ਬਾਹਰ ਕੱਢ ਦਿੱਤਾ ਅਤੇ ਆਪ ਸੰਤ ਜੀ ਦੇ ਕੋਲ਼ ਬੈਠ ਗਿਆ।

ਹਰ ਕੌਰ ਦਹੀਂ ਦਾ ਕਟੋਰਾ ਲੈ ਕੇ ਆ ਗਈ।

-"ਦਰਵਾਜਾ ਬੰਦ ਕਰ ਦਿਓ ਭਾਈ, ਤੇ ਸੰਗਤ ਨੂੰ ਬੇਨਤੀ ਕਰੋ, ਚੁੱਪ ਦਾ ਦਾਨ ਬਖਸ਼ੇ..!"

ਹਰ ਕੌਰ ਨੇ ਬਾਹਰ ਝਾਕ ਕੇ "ਰੌਲ਼ਾ ਬੰਦ ਕਰੋ ਭਾਈ...!" ਆਖ ਕੇ ਦਰਵਾਜਾ ਬੰਦ ਕਰ ਲਿਆ।

ਹੁਣ ਕਮਰੇ ਅੰਦਰ ਸੰਤ ਜੀ, ਜੋਗਾ ਸਿੰਘ, ਗੇਜਾ ਅਤੇ ਹਰ ਕੌਰ ਸਨ।

ਸੰਤ ਜੀ ਨੇ ਆਪਣੇ ਉਪਰ ਚਿੱਟਾ ਚਾਦਰਾ ਲੈ ਕੇ ਦਹੀਂ ਵਿਚਕਾਰ ਰੱਖ ਲਿਆ ਅਤੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ। ਜੋਗਾ ਸਿੰਘ, ਗੇਜਾ ਅਤੇ ਹਰ ਕੌਰ ਅੱਖਾਂ ਬੰਦ ਕਰੀ, ਮੰਤਰ ਮੁਘਧ ਹੋਏ ਬੈਠੇ ਸਨ। ਕੁਝ ਪਲਾਂ ਬਾਅਦ ਮੰਤਰ ਖ਼ਤਮ ਹੁੰਦੇ ਹੀ ਸੰਤ ਜੀ ਨੇ ਚਾਦਰੇ ਦਾ ਝੁੰਬ ਲਾਹ ਦਿੱਤਾ।

-"ਇਹ ਦਹੀਂ ਨੂੰਹ ਰਾਣੀਂ ਨੂੰ ਸਵੇਰੇ ਮੂੰਹ ਹਨ੍ਹੇਰੇ ਖਾਣ ਨੂੰ ਦੇਣੈ, ਮਾਤਾ ਜੀ..! ਗੋਦ ਨੂੰ ਭਾਗ ਲੱਗਣਗੇ, ਪੁੱਤਰ ਨਾਲ਼ ਗੋਦ ਭਰੇਗੀ..!!"

-"ਸਤਿ ਬਚਨ..! ਧੰਨ ਭਾਗ..!" ਹਰ ਕੌਰ ਨੇ ਦਹੀਂ ਦਾ ਕਟੋਰਾ ਫ਼ੜ ਕੇ ਮੱਥੇ ਨੂੰ ਲਾਇਆ।

ਸੰਤ ਜੀ ਦੇ ਜਾਣ ਤੋਂ ਬਾਅਦ ਜੋਗਾ ਸਿੰਘ ਅਤੇ ਗੇਜੇ ਨੇ ਦਾਰੂ ਝੋਅ ਲਈ।

-"ਝੱਗੇ ਲਹਿ ਚੱਲੇ ਸੀ ਬਿਨਾ ਪੀਤੀ ਤੋਂ...!" ਗੇਜੇ ਨੇ ਲੰਡਾ ਪੈੱਗ ਹਲ਼ਕਿਆਂ ਵਾਂਗ ਅੰਦਰ ਸੁੱਟਿਆ।

-".................।" ਜੋਗਾ ਉਚੀ-ਉਚੀ ਹੱਸ ਪਿਆ।

-"ਆਪਣੀ ਬੁੜ੍ਹੀ ਵੀ ਕੇਰਾਂ ਈ ਧਰਮਰਾਜ ਬਣ ਤੁਰਦੀ ਐ, ਬਈ ਜੇ ਬਾਬੇ ਨੂੰ ਬੁਲਾਉਣੈ, ਤੂੰ ਤੜਕੇ ਜਾਂ ਦੁਪਿਹਰੇ ਬੁਲਾ, ਆਥਣੇ ਦਾਰੂ ਦੇ ਟੈਮ ਬੁਲਾ ਕੇ ਬਹਿਗੀ...!"

-"ਚੱਲ ਹੁਣ ਲਾਹ ਲੈ ਡੰਝਾਂ...!"

-"ਉਹ ਤਾਂ ਲਾਹ ਈ ਲੈਣੀਐਂ..! ਪਰ ਬਾਈ ਜੋਗਿਆ, ਬਾਹਲ਼ਾ ਬਾਬੇ ਦੇ ਦਹੀਂ 'ਤੇ ਵੀ ਨਾ ਰਹੀਂ..! ਆਪ ਵੀ ਕੋਈ ਹੱਥ ਪੱਲਾ ਹਿਲਾਈਂ...!" ਗੇਜੇ ਨੇ ਪੈੱਗ ਪੀ ਕੇ ਗਿਲਾਸ ਥੱਲੇ ਰੱਖਿਆ ਅਤੇ ਅਚਾਰ ਦੀ ਫ਼ਾੜੀ ਮੂੰਹ 'ਚ ਪਾਉਂਦਾ ਬੋਲਿਆ।

-".................।" ਪੈੱਗ ਪਾਉਂਦਾ ਜੋਗਾ ਸਿੰਘ ਗੇਜੇ ਦੀ ਗੱਲ 'ਤੇ ਉਚੀ-ਉਚੀ ਹੱਸ ਪਿਆ।

-"ਤੇਰੀਆਂ ਗੱਲਾਂ ਵੀ ਧਰਨ ਹਿਲਾਊ ਹੁੰਦੀਐਂ, ਬਾਈ ਗੇਜਿਆ...!"

ਦੇਰ ਰਾਤ ਤੱਕ ਉਹ ਦਾਰੂ ਪੀਂਦੇ ਰਹੇ ਅਤੇ ਗੇਜਾ ਰੋਟੀ ਲੈ ਕੇ ਘਰ ਚਲਿਆ ਗਿਆ।

ਅੱਧੀ ਰਾਤ ਟਿਕੀ ਹੋਈ ਸੀ। ਬਿੰਡੇ ਬੋਲ ਰਹੇ ਸਨ। ਸਾਰਾ ਜੱਗ ਜਹਾਨ ਨੀਂਦ ਵਿਚ ਡੁੱਬਿਆ ਹੋਇਆ ਸੀ। ਦੂਰ ਗਲ਼ੀ ਵਿੱਚ ਕਿਤੇ ਕੁੱਤਾ ਭੌਂਕਣ ਦੀ ਅਵਾਜ਼ ਆਉਂਦੀ ਸੀ। ਦੂਰ ਕਿਸੇ ਕਿੱਕਰ ਉਪਰ ਕੋਈ ਗਿਰਝ ਚੀਕ ਰਹੀ ਸੀ। ਕਿਤੇ ਕੋਈ ਉਲੂ "ਘੂੰਅ-ਘੂੰਅ" ਕਰਦਾ ਸੀ।

ਦਾਰੂ ਨਾਲ਼ ਰੱਜਿਆ ਗੇਜਾ ਘੁਰਾੜ੍ਹੇ ਮਾਰ ਰਿਹਾ ਸੀ।

ਗੇਜੇ ਨੂੰ ਇੱਕ ਭੈੜ੍ਹਾ ਅਤੇ ਡਰਾਉਣਾ ਸੁਪਨਾ ਆਇਆ। ਝਾੜ੍ਹੀਆਂ ਵਿੱਚ ਸੁੱਟੀ ਕੁੜੀ ਗੇਜੇ ਦੀ ਹਿੱਕ 'ਤੇ ਪਈ ਸੀ। ...ਤੇ ਫ਼ਿਰ ਉਹ ਕੁੜੀ ਅਚਾਨਕ ਉਠ ਕੇ ਗੇਜੇ ਦੀ ਹਿੱਕ 'ਤੇ ਬੈਠ ਗਈ। ਉਸ ਦੀਆਂ ਕਰੋਧੀ ਅੱਖਾਂ ਵਿੱਚੋਂ ਲਹੂ ਫ਼ੁੱਟ ਪਿਆ ਸੀ। ਗੇਜਾ ਮੁੜ੍ਹਕੋ-ਮੁੜ੍ਹਕੀ ਹੋਇਆ ਪਿਆ, ਭੱਜਣ ਲਈ ਲੱਤਾਂ ਜਿਹੀਆਂ ਚਲਾ ਰਿਹਾ ਸੀ। ਫ਼ਿਰ ਕੁੜੀ ਇੱਕ ਪਾਸਿਓਂ ਦੰਦਿਆਂ ਵਾਲ਼ੀ ਵੱਡੀ ਦਾਤਰ ਚੁੱਕ ਕੇ ਗੇਜੇ ਦਾ ਗਲ਼ ਚੀਰਨ ਲੱਗ ਪਈ। ਉਸ ਦੀ ਗਰਦਨ ਲਹੂ ਲੁਹਾਣ ਹੋ ਗਈ, ਖ਼ੂਨ ਧਰਾਲ਼ੀਂ ਵਗਣ ਲੱਗ ਪਿਆ ਅਤੇ ਅਚਾਨਕ ਕੋਲ਼ ਖੜ੍ਹਾ ਬੋਤਾ ਕਿਸੇ ਪਰਬਤ ਵਾਂਗ ਗੇਜੇ ਦੇ ਉਪਰ ਆ ਡਿੱਗਿਆ। ਗੇਜੇ ਦੀ ਚੰਘਿਆੜ੍ਹ ਨਿਕਲ਼ੀ। ਉਹ ਪਿੱਟ ਉਠਿਆ।

-"ਓਏ ਬਹੁੜ੍ਹੀ ਓਏ...! ਮਾਰਤਾ ਓਏ ਲੋਕੋ..! ਮਾਰਤਾ ਓਏ ਜੁਆਕੜੀ ਨੇ...!! ਓਏ ਫ਼ੜੋ ਓਏ ਇਹਨੂੰ...! ਓਏ ਫ਼ੜ ਲਓ ਓਏ ਰੱਬ ਦਾ ਵਾਸਤਾ, ਮੈਨੂੰ ਤਾਂ ਲਹੂ ਲੁਹਾਣ ਕਰਤਾ ਸਹੁਰੀ ਨੇ...!!!!" ਗੇਜਾ ਸੁੱਤਾ ਪਿਆ ਰੌਲ਼ਾ ਪਾਉਣ ਲੱਗ ਪਿਆ।

ਗੇਜੇ ਦੇ ਘਰਵਾਲ਼ੀ ਫ਼ੱਤੋ ਨੇ ਗੇਜੇ ਨੂੰ ਦੱਬ ਕੇ ਹਲੂਣਿਆਂ।

ਗੇਜੇ ਦੀ ਅੱਖ ਖੁੱਲ੍ਹੀ। ਉਹ ਘਬਰਾਇਆ ਅਤੇ ਭਮੱਤਰਿਆ ਜਿਹਾ ਹਨ੍ਹੇਰੇ ਵਿਚ ਝਾਕਿਆ। ਉਸ ਦਾ ਸਰੀਰ ਪਸੀਨੇ ਨਾਲ਼ ਗੜੁੱਚ ਸੀ।

-"ਵੇ ਕੀ ਹੋ ਗਿਆ ਤੈਨੂੰ...??" ਫੱਤੋ ਕੋਲ਼ ਖੜ੍ਹੀ ਕੰਬੀ ਜਾ ਰਹੀ ਸੀ। ਡਰਾਉਣੀਆਂ ਜਿਹੀਆਂ ਚੰਘਿਆੜ੍ਹਾਂ ਸੁਣ ਕੇ ਉਸ ਦਾ ਕਾਲ਼ਜਾ ਨਿਕਲ਼ ਗਿਆ ਸੀ।

-"ਕੁਛ ਨੀ, ਪੈ ਜਾ...!!" ਉਸ ਨੇ ਇੱਕ ਤਰ੍ਹਾਂ ਫੱਤੋ ਨੂੰ ਤੋੜ ਕੇ ਸੁੱਟਿਆ।

-"ਕਾਹਦੀ ਜੁਆਕੜੀ ਜੀ ਮਾਰੀ ਐ...? ਇਹ ਤਾਂ ਸਹੁਰੀ ਹਿੱਕ 'ਤੇ ਚੜ੍ਹ ਕੇ ਡਰਾਉਣ ਲੱਗਪੀ...!!" ਗੇਜੇ ਦਾ ਮਨ ਬੋਲਿਆ। ਉਹ ਵੱਡਾ ਸਾਰਾ "ਵਾਹਿਗੁਰੂ" ਆਖ ਕੇ ਫ਼ਿਰ ਪੈ ਗਿਆ।

ਸਵੇਰੇ-ਸਵੇਰੇ ਮੂੰਹ ਹਨ੍ਹੇਰੇ ਗੁਰਦੁਆਰੇ ਦਾ ਪਾਠੀ ਬੋਲਿਆ, ਤਾਂ ਹਰ ਕੌਰ ਸੰਤ ਜੀ ਵਾਲ਼ਾ ਦਹੀਂ ਲੈ ਕੇ ਨੂੰਹ ਅਨੂਪ ਕੌਰ ਦੇ ਦੁਆਲ਼ੇ ਹੋ ਗਈ। ਪਰ ਅਨੂਪ ਕੌਰ ਕਰਮ-ਕਾਂਡ ਵਾਲ਼ਾ ਦਹੀਂ ਖਾਣਾ ਨਹੀਂ ਸੀ ਚਾਹੁੰਦੀ। ਉਹ ਸੱਸ ਨੂੰ ਟਰਕਾਉਣਾ ਚਾਹੁੰਦੀ ਸੀ।

-"ਬੀਜੀ, ਚਮਚਾ ਵੀ ਦੇ ਦਿੰਦੇ..?"

-".............।" ਹਰ ਕੌਰ ਚਮਚਾ ਲੈਣ ਗਈ ਤਾਂ ਅਨੂਪ ਕੌਰ ਅੱਖ ਬਚਾ ਕੇ "ਧੰਨ ਗੁਰੂ ਨਾਨਕ ਪਾਤਿਸ਼ਾਹ" ਆਖ ਦਹੀਂ ਇੱਕ ਪਾਸੇ ਡੋਲ੍ਹ ਦਿੱਤਾ। ਜਦ ਹਰ ਕੌਰ ਚਮਚਾ ਲੈ ਕੇ ਆਈ ਤਾਂ ਅਨੂਪ ਕੌਰ ਨੇ ਮੂੰਹ ਹਨ੍ਹੇਰੇ ਚਮਚੇ ਨਾਲ਼ ਦਹੀਂ ਖਾਣ ਦਾ ਵਿਖਾਵਾ ਜਿਹਾ ਕੀਤਾ ਅਤੇ ਮੁੜ ਕਟੋਰੀ ਧੋਣ ਨਲ਼ਕੇ 'ਤੇ ਚਲੀ ਗਈ।

ਗੁਰਦੁਆਰੇ ਦੇ ਸਪੀਕਰ ਵਿੱਚੋਂ ਸ਼ਬਦ ਚੱਲ ਰਿਹਾ ਸੀ:

-"ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ।।

ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ।।"

ਵੈਰਾਗ ਵਿਚ ਅਨੂਪ ਕੌਰ ਦੀਆਂ ਅੱਖਾਂ ਭਰ ਆਈਆਂ।

 ਕਾਂਡ 9

 ਖੇਤ ਟਿਊਬਵੈੱਲ ਚੱਲ ਰਿਹਾ ਸੀ।

ਚਲ੍ਹੇ ਵਿੱਚ ਚਾਂਦੀ ਰੰਗੇ ਪਾਣੀ ਦੀ ਧਾਰ ਡਿੱਗ ਰਹੀ ਸੀ। ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਉਂਦੀ ਸੀ। ਜੋਗਾ ਸਿੰਘ ਚਲ੍ਹੇ ਕੋਲ਼ ਘੁੱਗੂ ਜਿਹਾ ਹੋਇਆ ਬੈਠਾ ਸੀ। ਗੇਜਾ ਅਜੇ ਨੱਕਾ ਮੋੜ ਕੇ ਵਾਪਸ ਆਇਆ ਹੀ ਸੀ। ਅਚਾਨਕ ਬਾਗੋ-ਬਾਗ ਹੋਈ ਹਰ ਕੌਰ ਆ ਗਈ। ਕਿਸੇ ਖ਼ੁਸ਼ੀ ਵਿਚ ਉਹ ਉਡੀ ਫ਼ਿਰਦੀ ਸੀ।

-"ਕੀ ਗੱਲ ਤਾਈ? ਬਾਹਲ਼ੇ ਈ ਕੁੱਤੇ ਜੇ ਫ਼ੇਲ੍ਹ ਕਰੀ ਫ਼ਿਰਦੀ ਐਂ..?" ਮੋਢਿਓਂ ਕਹੀ ਲਾਹ ਕੇ ਰੱਖਦਾ ਹੋਇਆ ਗੇਜਾ ਟਿੱਚਰ ਜਿਹੀ ਨਾਲ਼ ਬੋਲਿਆ।

-"ਵੇ ਮੈਨੂੰ ਤਾਂ ਅੱਜ ਬਾਹਲ਼ੀ ਈ ਖ਼ੁਸ਼ੀ ਐ, ਪੁੱਤ...! ਮੇਰਾ ਤਾਂ ਅੱਜ ਧਰਤੀ 'ਤੇ ਪੈਰ ਨੀ ਲੱਗਦਾ..!! ਚਿੱਤ ਕਰਦੈ ਰਾਗਟ ਬਣ ਕੇ ਅਸਮਾਨ ਨੂੰ ਉਡ'ਜਾਂ...!"

-"ਸਾਨੂੰ ਵੀ ਦੱਸ ਤਾਈ..! ਅਸੀਂ ਵੀ ਜਾੜ੍ਹ ਤੱਤੀ ਕਰਨ ਆਲ਼ੇ ਬਣੀਏਂ..!"

-"ਹੋਰ ਤੂੰ ਕੀ ਕਰਨੈਂ...? ਮੂਤ ਪੀਣ ਤੋਂ ਬਿਨਾ ਥੋਨੂੰ ਕੋਈ ਕੰਮ ਈ ਨੀ ਆਉਂਦਾ...??"

-"ਸਾਡੀ ਗੱਲ ਘੱਟੇ ਈ ਪਾਅ'ਤੀ ਤਾਈ...! ਖ਼ੁਸ਼ੀ ਵੀ ਸਾਂਝੀ ਕਰ...!"

-"ਵੇ ਆਪਣੇ ਘਰ 'ਤੇ ਜੋਤਾਂ ਵਾਲ਼ੇ ਸੰਤਾਂ ਦੀ ਕਿਰਪਾ ਦ੍ਰਿਸ਼ਟੀ ਹੋਗੀ..! ਆਪਣੀ ਅਨੂਪ ਕੁਰ ਦਾ ਪੈਰ ਭਾਰੈ..!"

ਗੇਜੇ ਨੇ "ਜੈ ਜੋਤਾਂ ਵਾਲ਼ੇ ਸੰਤ ਅਨੂਪ ਅਲੱਖ ਜੀ ਦੀ" ਆਖ ਡੇਕ ਦੇ ਮੁੱਢੋਂ ਬੋਤਲ ਕੱਢ ਲਈ।

-"ਦੇਖ ਔਤਾਂ ਦੇ ਜਾਣੇ ਨੂੰ ਕਿਵੇਂ ਹਲ਼ਕ ਉਠ ਖੜ੍ਹਿਆ...!"

-"ਤਾਈ ਕਦੇ ਘੁੱਟ ਲਾ ਕੇ ਦੇਖ..! ਦੇਖ ਕਿਵੇਂ ਸੁਰਗਾਂ ਦੇ ਝੂਟੇ ਆਉਂਦੇ ਐ, ਨਾਲ਼ੇ ਸਾਰਾ ਪਿੰਡ ਮਿੱਤਰਾਂ ਦਾ ਲੱਗੂ...!"

-"ਵੇ ਤੂੰ ਮੈਥੋਂ ਕਿਤੇ ਲਿਵਤਰੇ ਨਾ ਖਾ ਲਈਂ...! ਅਖੇ ਅੰਨ੍ਹਾਂ ਜੁਲਾਹਾ ਮਾਂ ਨੂੰ ਮਛਕਰੀਆਂ..!"

ਅਖੀਰ ਸਾਰੇ ਪ੍ਰੀਵਾਰ ਦੀਆਂ ਆਸਾਂ ਨੂੰ ਬੂਰ ਪਿਆ! ਅਨੂਪ ਕੌਰ ਨੇ ਇੱਕ ਸੋਹਣੇ-ਸੁਣੱਖੇ ਅਤੇ ਤੰਦਰੁਸਤ ਪੁੱਤਰ ਨੂੰ ਜਨਮ ਦਿੱਤਾ। ਘਰ 'ਤੇ ਖ਼ੁਸ਼ੀਆਂ ਖੇੜਿਆਂ ਦੀ ਭਰਮਾਰ ਹੋ ਗਈ! ਸਾਰਾ ਪ੍ਰੀਵਾਰ ਖੇੜੇ ਵਿਚ ਆ ਗਿਆ!

ਗੇਜਾ ਅਤੇ ਜੋਗਾ ਸਿੰਘ ਇੱਕ-ਦੂਜੇ ਨੂੰ ਵਧਾਈਆਂ ਦਿੰਦੇ, ਆਪਸ ਵਿਚ ਜੱਫ਼ੀਆਂ ਪਾ-ਪਾ ਮਿਲ਼ ਰਹੇ ਸਨ।

-"ਬਾਈ ਅੱਜ ਰੂੜੀ-ਮਾਰਕਾ ਨੀ, ਅੱਜ 'ਇੰਗਲਿਸ' ਪੀਣੀਂ ਐਂ! ਇੰਗਲਿਸ..!!" ਗੇਜਾ ਬੋਲਿਆ।

-"ਗੇਜਿਆ...! ਤੂੰ ਮੇਰੀ ਹਿੱਕ ਦਾ ਵਾਲ਼...! ਜਾਨ ਮੰਗ, ਜਾਨ ਹਾਜ਼ਰ ਕਰੂੰਗਾ..!"

ਅੰਦਰ ਅਨੂਪ ਕੌਰ ਮੰਜੇ 'ਤੇ ਪਈ ਧੰਨ ਸ਼੍ਰੀ ਗੁਰੂ ਨਾਨਕ ਪਾਤਿਸ਼ਾਹ ਦਾ ਸ਼ੁਕਰਾਨਾ ਕਰ ਰਹੀ ਸੀ।

ਦੂਜੇ ਕਮਰੇ ਵਿਚ ਹਰ ਕੌਰ ਪੋਤੇ ਨੂੰ ਬੁੱਕਲ਼ 'ਚ ਲਈ ਬੈਠੀ ਸੀ। ਮੁੰਡੇ ਦਾ ਨਾਂ ਯਾਦਵਿੰਦਰ ਸਿੰਘ ਰੱਖਿਆ, ਪਰ ਜੋਗਾ ਸਿੰਘ ਉਸ ਨੂੰ "ਗੋਗੀ" ਹੀ ਆਖ ਕੇ ਬੁਲਾਉਂਦਾ।

0 0 0 0 0

 

ਦਿਨਾਂ ਜਾਂਦਿਆਂ ਨੂੰ ਕੀ ਲੱਗਦੈ...? ਦਿਨ, ਹਫ਼ਤੇ, ਮਹੀਨੇ ਅਤੇ ਫ਼ਿਰ ਸਾਲ ਬੀਤਦੇ ਗਏ ਅਤੇ ਗੋਗੀ ਉਡਾਰ ਹੁੰਦਾ ਗਿਆ। ਹੁਣ ਤਾਂ ਜਦ ਜੋਗਾ ਅਤੇ ਗੇਜਾ ਰਾਤ ਨੂੰ ਦਾਰੂ ਪੀਂਦੇ ਹੁੰਦੇ ਤਾਂ ਗੋਗੀ ਦੰਦੀਆਂ ਜਿਹੀਆਂ ਕੱਢਦਾ ਉਹਨਾਂ ਦੇ ਕੋਲ਼ ਆ ਖੜ੍ਹਦਾ। ਜੋਗਾ ਸਿੰਘ ਦਾਰੂ ਦਾ ਡੱਟ ਭਰ ਕੇ ਉਸ ਦੇ ਮੂੰਹ ਨੂੰ ਲਾ ਦਿੰਦਾ। ਗੋਗੀ ਦਾਰੂ ਦਾ ਡੱਟ ਪੀ ਕੇ ਘਸਮੈਲ਼ਾ ਜਿਹਾ ਮੂੰਹ ਕਰਦਾ ਅਤੇ ਧੁੜਧੜ੍ਹੀ ਜਿਹੀ ਲੈਂਦਾ।

-"ਆਪਣੀ ਤਾਂ ਸਾਰੀ ਉਮਰ ਕੁੱਤੇ ਕੰਮਾਂ 'ਚ ਲੰਘ'ਗੀ, ਪਰ ਇਹਨੂੰ ਪੁੱਠੀ ਬਹਿਵਤ ਨਾ ਪਾ, ਬਾਈ...! ਇਹ ਆਪਾਂ ਨੂੰ ਈ ਤੰਗ ਕਰੂ..!" ਗੇਜੇ ਨੇ ਸਿਆਣਪ ਭਰੀ ਗੱਲ ਜੋਗੇ ਨੂੰ ਆਖੀ।

-"ਓਏ ਕੁਛ ਨੀ ਹੁੰਦਾ ਗੇਜਿਆ...! ਕੋਈ ਲੱਤ ਨੀ ਟੁੱਟਦੀ...! ਜੇ ਜੱਟ ਦਾ ਪੁੱਤ ਦਾਰੂ ਨਾ ਪੀਊ, ਹੋਰ ਮੰਦਰ ਦਾ ਪੁਜਾਰੀ ਬਣੂੰ...?? ਲੈ ਗੋਗੀ, ਇੱਕ ਹੋਰ ਸਿੱਟ ਅੰਦਰ ਪੁੱਤ, ਠਾਰੀ ਐ...!" ਉਹ ਅੱਖਾਂ ਮੀਚ ਕੇ ਇੱਕ ਡੱਟ ਹੋਰ ਚਾੜ੍ਹ ਜਾਂਦਾ।

-"ਤੇ ਹੁਣ ਮਾਰ ਇੱਕ ਲਲਕਰਾ..!" ਜੋਗੇ ਦੇ ਕਹਿਣ 'ਤੇ ਗੋਗੀ "ਬੁਰਰਰਰਰਰਾਅ" ਆਖ ਲਲਕਾਰਾ ਮਾਰਦਾ।

ਲਲਕਾਰਾ ਸੁਣ ਕੇ ਹਰ ਕੌਰ ਅੰਦਰ ਆਈ।

-"ਅੱਜ ਇਹ ਲਾਲਿਆਂ ਦੇ ਮੁੰਡੇ ਨੂੰ ਕੁੱਟ ਆਇਆ..!" ਹਰ ਕੌਰ ਨੇ ਦੱਸਿਆ।

-"ਓਹ ਬੱਲੇ...! ਘੜ੍ਹ'ਤਾ ਲਾਅਲਾ...?" ਜੋਗਾ ਸਿੰਘ ਖੁਸ਼ ਹੁੰਦਾ ਬੋਲਿਆ।

-"ਘੜ੍ਹ'ਤਾ..!"

-"ਇਹਨੂੰ ਚਮਲ੍ਹਾ ਨਾ...! ਕੰਨ ਖਿੱਚ ਇਹਦੇ, ਇਹ ਤਾਂ ਬਾਹਲ਼ੀ ਔਲੋ ਕਰਨ ਲੱਗ ਪਿਆ..!"

-"ਓਏ ਕੁਛ ਨੀ ਹੁੰਦਾ ਬੇਬੇ...! ਕੁੱਟ ਖਾ ਕੇ ਆਉਣਾ ਮਿਹਣਾ ਹੁੰਦੈ ਜੱਟ ਨੂੰ...! ਪਾ ਦਿਆ ਕਰ ਪੁੜਪੁੜੀ 'ਚ ਚਿੱਬ ਪੁੱਤ..! ਡਰਨਾ ਨੀ ਕਿਸੇ ਲੰਡੇ ਲਾਟ ਤੋਂ...!"

-"ਨਾ ਇਹਨੂੰ ਸਿਰ ਚੜ੍ਹਾਈ ਜਾਹ...! ਦੁਖੀ ਕਰੂ ਤੈਨੂੰ..!!"

-"ਕੋਈ ਨੀ ਗੋਲ਼ੀ ਵੱਜਦੀ, ਬੇਬੇ..! ਬਾਹਲ਼ੀ ਮਗਜਮਾਰੀ ਨਾ ਕਰਿਆ ਕਰ..!"

ਅਗਲੇ ਦਿਨ ਜੋਗਾ ਸਿੰਘ ਖੇਤ ਨੂੰ ਤੁਰਿਆ ਜਾ ਰਿਹਾ ਸੀ।

ਸੱਥ ਵਿਚ ਅੱਧਾ ਪਿੰਡ ਇਕੱਠਾ ਹੋਇਆ ਬੈਠਾ ਸੀ।

-"ਆਹ ਹਰੀ ਕ੍ਰਾਂਤੀ ਨੇ ਤਾਂ ਦੁਨੀਆਂ ਦੇ ਦਿਨ ਈ ਫ਼ੇਰਤੇ..! ਕਿੱਧਰੇ ਨਵੇਂ ਟਰੈਗਟ, ਕਿੱਧਰੇ ਮੋਟਰ ਛੈਂਕਲ, ਕਿਧਰੇ ਜਿਪਸੀਆਂ, ਮੈਖਿਆ ਦੁਨੀਆਂ ਨੂੰ ਸੁਰਤ ਆਗੀ, ਸਾਨੂੰ ਛੈਂਕਲ ਨੀ ਸੀ ਜੁੜਿਆ...!" ਬਾਬਾ ਬੋਹੜ ਸਿੰਘ ਨੇ ਕਿਹਾ।

-"ਦਿਨਾਂ ਫ਼ਿਰਿਆਂ ਦਾ ਤਾਂ ਵੀਹਾਂ-ਪੱਚੀਆਂ ਸਾਲਾਂ ਬਾਅਦ ਜਾ ਕੇ ਪਤਾ ਲੱਗੂ, ਬਾਬਾ..!" ਹਜੂਰ ਸਿੰਘ ਫ਼ੌਜੀ ਨੇ ਕਿਹਾ।

-"ਓਹ ਕਿਵੇਂ...?"

-"ਯੂਰੀਆ ਪਾ-ਪਾ ਦੁਨੀਆਂ ਨੇ ਵਾਹੁੰਣ-ਬੀਜਣ ਆਲ਼ੀ ਪੈਲ਼ੀ ਜ਼ਹਿਰ ਬਣਾ ਲੈਣੀ ਐਂ..! ਤੇ ਜਦੋਂ ਧਰਤੀ ਜ਼ਹਿਰੀਲੀ ਹੋਗੀ, ਪਾਣੀ ਵੀ ਜ਼ਹਿਰੀਲਾ ਹੋਊ, ਤੇ ਜਦ ਲੋਕ ਉਹ ਪਾਣੀ ਫ਼ਸਲਾਂ ਨੂੰ ਲਾਉਣਗੇ, ਜਾਂ ਆਪ ਪੀਣਗੇ, ਤਾਂ ਕੈਂਸਰ ਤੇ ਪੀਲ਼ੀਏ ਵਰਗੀਆਂ ਘਾਤਕ ਬਿਮਾਰੀਆਂ ਲੱਗਣਗੀਆਂ..!"

-"ਇੱਕ ਵਾਰੀ ਤਾਂ ਦੁਨੀਆਂ ਦੀ ਪੈਸੇ ਆਲ਼ੀ ਭੁੱਖ ਨਿਕਲ਼ਗੀ...! ਕੋਠੀਆਂ ਖੜ੍ਹੀਆਂ ਹੋਗੀਆਂ..!"

-"ਭੱਠ ਪਿਆ ਸੋਨਾਂ, ਜਿਹੜਾ ਕੰਨਾਂ ਨੂੰ ਖਾਵੇ...! ਜਿਹੜੇ ਅੱਜ ਹਰੀ ਕ੍ਰਾਂਤੀ ਦੇ ਗੁਣ ਗਾਉਂਦੇ ਐ, ਕੱਲ੍ਹ ਨੂੰ ਓਹੀ ਕਰਜ਼ੇ ਦੇ ਮਾਰੇ ਖ਼ੁਦਕਸ਼ੀਆਂ ਕਰਨਗੇ..! ਮੇਰੀ ਅੱਜ ਦੀ ਗੱਲ ਲਿਖ ਲਿਓ, ਦੁਨੀਆਂ ਚਾਦਰ ਦੇਖ ਕੇ ਪੈਰ ਨੀ ਪਸਾਰਦੀ..!" ਗਿਆਨੀ ਨੇ ਹਜੂਰ ਸਿੰਘ ਦੇ ਹੱਕ 'ਚ ਵੋਟ ਭੁਗਤਾਈ।

-"................।" ਸੁਣ ਕੇ ਬਾਬਾ ਬੋਹੜ ਸਿੰਘ ਚੁੱਪ ਵੱਟ ਗਿਆ। ਉਸ ਨੂੰ ਲੱਗਿਆ ਕਿ ਫ਼ੌਜੀ ਅਤੇ ਗਿਆਨੀ ਝੂਠ ਬੋਲ ਰਹੇ ਸਨ।

ਦਿਨ ਹੋਰ ਫ਼ਿਰਦੇ ਗਏ।

ਮੌਸਮ ਬਦਲਦੇ ਰਹੇ।

ਸੀਰੀ ਗੇਜਾ ਅਤੇ ਜੋਗਾ ਸਿੰਘ ਦੀਆਂ ਦਾਹੜ੍ਹੀਆਂ ਵਿੱਚੋਂ ਹੁਣ ਬੱਗੀ ਭਾਅ ਮਾਰਨ ਲੱਗ ਪਈ ਸੀ ਅਤੇ ਗੋਗੀ ਕਾਲਜ ਜਾਣ ਲੱਗ ਪਿਆ ਸੀ।

ਗੇਜਾ ਖੇਤ ਝੋਨੇ ਵਿਚੋਂ ਕੱਖ ਕੱਢ ਰਿਹਾ ਸੀ।

ਦੂਰ-ਦੂਰ ਤੱਕ ਹਰੇਵਾਈ ਪੱਲਰੀ ਪਈ ਸੀ।

-"ਲੈ ਦਿੱਤਾ ਸ਼ੇਰ ਬੱਗੇ ਨੂੰ ਮੋਟਰ ਛੈਂਕਲ...?" ਹੱਥ ਵਿਚ ਫ਼ੜੇ ਕੱਖ ਪਰ੍ਹੇ ਚਲਾ ਕੇ ਮਾਰਦਾ ਹੋਇਆ ਬੋਲਿਆ।

-"ਲੈ'ਤਾ...! ਕਹਿੰਦਾ ਕਾਲਜ ਜਾਂਦੇ ਦੀ ਟੌਹਰ ਨੀ ਬਣਦੀ...!"

-"ਕਹਿ ਤੇਰੀ ਟੌਹਰ 'ਚ ਕਸਰ ਨਾ ਰਹਿ'ਜੇ, ਅਸੀਂ ਤਾਂ ਜਿਹੜੇ ਠੂਠੇ ਖਾਣੈਂ, ਓਸੇ ਈ ਖਾਣੈਂ...!"

-"ਆਪਣੇ ਖਾਨਦਾਨ 'ਚੋਂ ਕਿਸੇ ਨੇ ਕਾਲਜ ਦਾ ਮੂੰਹ ਨੀ ਸੀ ਦੇਖਿਆ, ਸ਼ੁਕਰ ਐ ਪੁੱਤ ਨੇ ਲੀਹ ਤੋੜੀ ਐ, ਅਸੀਂ ਤਾਂ ਬਲ਼ਦਾਂ ਦੀਆਂ ਪੂਛਾਂ ਮਰੋੜਨ ਜੋਕਰੇ ਈ ਰਹੇ ਸਾਰੀ ਉਮਰ...!" ਜੋਗਾ ਸਿੰਘ ਨੇ ਧਰਤੀ ਨੂੰ ਨਮਸ਼ਕਾਰ ਕੀਤੀ।

-"ਸਹੀ ਕਿਹਾ ਬਾਈ...! ਅਸੀਂ ਤਾਂ ਘੀਸੀ ਕਰਨ ਆਲ਼ੇ ਈ ਰਹਿ ਜਾਣੈਂ..!"

-"ਆਪਾਂ ਵੀ ਦੋਨਾਲ਼ੀ ਬੰਦੂਖ ਲਿਆਂਦੀ...!" ਜੋਗਾ ਸਿੰਘ ਨੇ ਇੱਕ ਨਵੀਂ ਖ਼ਬਰ ਸੁਣਾਈ।

-"ਕੀ ਥੁੜਿਆ ਪਿਆ ਸੀ...?" ਗੇਜਾ ਕੱਖ ਪਰ੍ਹਾਂ ਸੁੱਟ ਕੇ ਬੜੀ ਗੰਭੀਰਤਾ ਨਾਲ਼ ਜੋਗਾ ਸਿੰਘ ਵੱਲ ਝਾਕਿਆ।

-"ਮੈਂ ਸੋਚਿਆ ਜਿੱਥੇ ਕੱਟਿਆਂ ਦੇ, ਓਥੇ ਵੱਛਿਆਂ ਦੇ..! ਜਿੱਥੇ ਮੋਟਰ ਛੈਂਕਲ 'ਤੇ ਲੱਗ ਗੇ, ਓਥੇ ਹੋਰ ਸਹੀ, ਰੀਝ ਤਾਂ ਪੂਰੀ ਕਰ ਲਈਏ..!"

-"ਹਥਿਆਰ ਮਾੜਾ ਈ ਹੁੰਦੈ ਬਾਈ...! ਜੱਟ ਤਾਂ ਸੁਹਾਗੇ 'ਤੇ ਨੀ ਮਾਣ ਹੁੰਦਾ...!"

-"ਯਾਰ ਕਦੋਂ ਦਾ ਲਸੰਸ ਬਣਾ ਕੇ ਰੱਖਿਆ ਵਾ ਸੀ, ਸੋਚਿਆ ਹੁਣ ਇਹ ਘੁੱਸਾ ਵੀ ਕੱਢ ਈ ਦੇਈਏ...!"

-"......................।" ਗੇਜਾ ਚੁੱਪ ਵੱਟ ਗਿਆ।

ਅਗਲੇ ਦਿਨ ਗੋਗੀ ਮੋਟਰ ਸਾਈਕਲ 'ਤੇ ਚੜ੍ਹ ਕਾਲਜ ਜਾ ਰਿਹਾ ਸੀ। ਅਚਾਨਕ ਪਾਰਕ ਵਾਲ਼ੇ ਪਾਸਿਓਂ ਡਾਲੀ ਨਿਕਲ਼ ਆਈ ਤਾਂ ਗੋਗੀ ਨੇ ਮੋਟਰ ਸਾਈਕਲ ਉਸ ਦੇ ਅੱਗੇ ਲਾ ਕੇ ਖੜ੍ਹਾ ਕਰ ਦਿੱਤਾ। ਕੁੜੀ ਦਾ ਦਿਲ ਹਿੱਕ ਵਿੱਚ ਹਥੌੜ੍ਹੇ ਵਾਂਗ ਵੱਜ ਰਿਹਾ ਸੀ। ਉਹ ਮੋਟਰ ਸਾਈਕਲ ਖੜ੍ਹਾ ਕਰ, ਢਾਕਾਂ 'ਤੇ ਹੱਥ ਰੱਖ ਕੁੜੀ ਦੇ ਅੱਗੇ ਜਾ ਖੜ੍ਹਿਆ। ਸੁੰਨਸਾਨ ਜਗਾਹ 'ਤੇ ਇੱਕ ਤਰ੍ਹਾਂ ਨਾਲ਼ ਹਾੜ ਬੋਲ ਰਿਹਾ ਸੀ।

-"ਇਹ ਕੀ ਬਦਤਮੀਜ਼ੀ ਐ, ਗੋਗੀ...!" ਡਾਲੀ ਬੋਲੀ।

-"ਜੋਗੀ ਤੇਰੇ ਦਰ 'ਤੇ ਖ਼ੈਰ ਮੰਗਣ ਆਇਐ, ਖਾਲੀ ਨਾ ਮੋੜੀਂ, ਡਾਲੀ..!" ਗੋਗੀ ਜਿਵੇਂ ਝੋਲ਼ੀ ਅੱਡੀ ਖੜ੍ਹਾ ਸੀ।

-"ਤੈਨੂੰ ਕਾਲਜ ਵਿੱਚ ਵੀ ਕਿੰਨੀ ਵਾਰੀ ਕਿਹੈ ਬਈ ਮੇਰਾ ਰਾਹ ਨਾ ਰੋਕਿਆ ਕਰ..! ਤੂੰ ਹਟਦਾ ਨੀ ਬਦਮਾਸ਼ੀਆਂ ਕਰਨੋਂ..?"

-"ਜਦ ਕੁਰਬਾਨੀ ਦੇ ਰਾਹ 'ਤੇ ਆਈਏ, ਤਾਂ ਪੱਟ ਦਾ ਮਾਸ ਵੀ ਖੁਆ ਦੇਈਦੈ, ਤੇ ਜੇ ਅੜੀ 'ਤੇ ਆ ਜਾਈਏ, ਭਰਾੜ੍ਹ ਵੀ ਕਰ ਦਿੰਨੇ ਐਂ, ਨਖਰੋ..!" ਗੋਗੀ ਨੇ ਤਿਰਛਾ ਝਾਕ ਕੇ ਕੁੜੀ ਦੀ ਬਾਂਹ ਫ਼ੜ ਲਈ।

-"ਤੇਰੇ ਵਰਗਾ ਬੇਸ਼ਰਮ ਮੈਂ ਅੱਜ ਤੱਕ ਨੀ ਦੇਖਿਆ..!"

-"....ਤੇ ਅੱਜ ਤੋਂ ਬਾਅਦ ਦੇਖੇਂਗੀ ਵੀ ਨੀ..!" ਸੁਣ ਕੇ ਕੁੜੀ ਦੇ ਸਾਹ ਸੂਤੇ ਗਏ, "ਜੇ ਉਂਗਲ਼ੀ ਨਾਲ਼ ਘਿਉ ਨਾ ਨਿਕਲ਼ੇ, ਤਾਂ ਕਈ ਵਾਰ ਕੜਛੀ ਨਾਲ਼ ਕੱਢਣਾ ਪੈਂਦੈ, ਜਿੰਨਾਂ ਚਿਰ ਤੇਰੀ ਅੜ ਨੀ ਭੰਨਦਾ, ਤੇਰੇ ਵੀ ਵਲ਼ ਨੀ ਨਿਕਲ਼ਣੇ...!" ਉਸ ਨੇ ਕੁੜੀ ਦੀ ਚੁੰਨੀ ਲਾਹ ਕੇ ਕੁੜੀ ਦੇ ਗਲ਼ ਵਿੱਚ ਪਾ ਲਈ ਅਤੇ ਜਬਰੀ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ।

ਗੋਗੀ ਦੀ ਬਦਨੀਤ ਦੇਖ ਕੇ ਕੁੜੀ ਬੇਵੱਸਾਂ ਵਾਂਗ ਪਾਰਕ ਵੱਲ ਦੌੜ ਪਈ।

ਗੋਗੀ ਕੁੜੀ ਦੇ ਪਿੱਛੇ ਵੱਟ 'ਤੇ ਦੌੜਿਆ ਅਤੇ ਝਿੜ੍ਹੀ ਵਰਗੀ ਪਾਰਕ ਦੇ ਵੱਡੇ ਦਰੱਖ਼ਤ ਹੇਠ ਬੱਕਰੇ ਵਾਂਗ ਢਾਹ ਲਿਆ। ਮਿਰਗਣੀ ਭੇੜ੍ਹੀਏ ਦੇ ਜਾਬੜ੍ਹੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਵਿੱਚ ਤਾਣ ਲਾ ਰਹੀ ਸੀ। ਪਰ ਨਿਰਬਲ ਸੀ।

-"ਛੱਡ ਦੇ ਕੁੱਤਿਆ, ਹਰਾਮਜ਼ਾਦਿਆ...!"

-"ਅਸੀਂ ਸੱਪ ਦੇ ਸਿਰ 'ਚੋਂ ਮਣੀਂ ਕੱਢ ਲਈਏ, ਤੂੰ ਕਿਹੜੇ ਬਾਗ ਦੀ ਮੂਲ਼ੀ ਐਂ...?" ਉਸ ਕੁੜੀ ਦੇ ਮੂੰਹ ਕੋਲ਼ ਮੂੰਹ ਕਰ ਕੇ ਆਖਿਆ। ਉਸ ਦੇ ਮੱਥੇ ਤੋਂ ਪਸੀਨਾਂ ਧਰਾਲ਼ੀਂ ਵਹਿ ਰਿਹਾ ਸੀ।

ਬੇਵੱਸ ਹੋ ਕੇ ਡਾਲੀ ਆਖਰ ਤਰਲਿਆਂ 'ਤੇ ਉਤਰ ਆਈ।

-"ਹਾੜ੍ਹੇ-ਹਾੜ੍ਹੇ ਗੋਗੀ, ਇਹ ਦੁਰਗਤੀ ਨਾ ਕਰ..! ਮੈਂ ਤੇਰੇ ਅੱਗੇ ਹੱਥ ਜੋੜਦੀ ਐਂ, ਤੇਰੇ ਪੈਰੀਂ ਪੈਨੀਂ ਆਂ..!" ਉਸ ਨੇ ਸੱਚ ਹੀ ਹੱਥ ਜੋੜੇ, "ਹੋਰ ਤੇਰੀ ਹਰ ਗੱਲ ਮੰਨੂੰਗੀ, ਪਰ ਆਹ ਕਹਿਰ ਨਾ ਕਰ...!"

-"ਕੱਢ ਲਏ ਨ੍ਹਾਂ ਸਾਰੇ ਵਿੰਗ-ਵਲ਼...? ਹੋਗੀ ਨ੍ਹਾਂ ਸੱਪ ਵਾਂਗੂੰ ਸਿੱਧੀ...?? ਬਣਗੀ ਨ੍ਹਾਂ ਤੱਕਲ਼ਾ...??"

ਅਚਾਨਕ ਡਾਲੀ ਦੀ ਹਿਰਦੇਵੇਧਕ ਚੀਕ ਨਿਕਲ਼ੀ ਅਤੇ ਦਰੱਖ਼ਤਾਂ ਤੋਂ ਪੰਛੀਆਂ ਦੀ ਡਾਰ "ਫ਼ੁਰਰ" ਕਰ ਕੇ ਉਡੀ।

ਕੁੜੀ ਭਰੇ ਜੱਗ ਜਹਾਨ ਵਿੱਚ ਉਜੜ ਚੁੱਕੀ ਸੀ। ਉਸ ਦੇ ਥੱਲੇ ਖ਼ੂਨ ਦਾ ਛੱਪੜ ਲੱਗ ਗਿਆ ਸੀ।

ਦੁਪਿਹਰੋਂ ਬਾਅਦ ਗੋਗੀ ਦਾ ਦੋਸਤ ਭੁਪਿੰਦਰ ਖੇਤ ਕੰਮ ਕਰਦੇ ਜੋਗਾ ਸਿੰਘ ਅਤੇ ਗੇਜੇ ਕੋਲ਼ ਪਹੁੰਚਿਆ। ਉਸ ਨੇ ਕਈ ਗੱਲਾਂ ਜੋਗਾ ਸਿੰਘ ਨੂੰ ਕੰਨ ਵਿਚ ਦੱਸੀਆਂ ਤਾਂ ਜੋਗਾ ਸਿੰਘ ਦੇ ਔਸਾਣ ਮਾਰੇ ਗਏ, ਸੁਰਤ ਬੌਂਦਲ਼ ਗਈ। ਉਹ ਖੇਤ ਵਿੱਚ ਕਹੀ ਸੁੱਟ ਪੈਰ ਤੋਂ ਹੀ ਦੌੜ ਪਿਆ।

ਜਦ ਜੋਗਾ ਸਿੰਘ ਠਾਣੇ ਪਹੁੰਚਿਆ ਤਾਂ ਦਿਨ ਢਲ਼ ਗਿਆ ਸੀ।

ਦੂਰੋਂ ਕੋਨੇ ਵਾਲ਼ੀ ਹਵਾਲਾਤ ਵਿੱਚ ਉਸ ਨੇ ਗੋਗੀ ਨੂੰ ਖੜ੍ਹੇ ਤੱਕਿਆ ਤਾਂ ਜੋਗਾ ਸਿੰਘ ਦਾ ਸੀਤ ਨਿਕਲ਼ ਗਿਆ। ਇਕਲੌਤਾ ਪੁੱਤ ਸਲਾਖਾਂ ਪਿੱਛੇ ਤਾੜਿਆ ਦੇਖ ਕੇ ਜੋਗਾ ਸਿੰਘ ਦੀ ਧਾਹ ਨਿਕਲਣ ਵਾਲ਼ੀ ਹੋ ਗਈ। ਉਹ ਸਿੱਧਾ ਠਾਣੇਦਾਰ ਅੱਗੇ ਜਾ ਪੇਸ਼ ਹੋਇਆ। ਦਾਹੜ੍ਹੀ ਰੱਸੀ ਨਾਲ਼ ਬਹੁਤੀ ਕਸੀ ਹੋਣ ਕਰ ਕੇ ਉਸ ਦੇ ਮੂੰਹ 'ਤੇ ਛਿੱਕਲ਼ੀ ਚਾੜ੍ਹੀ ਦਾ ਭੁਲੇਖਾ ਪੈਂਦਾ ਸੀ। ਜੋਗਾ ਸਿੰਘ ਦੇ ਜੋੜੇ ਹੱਥ ਕੰਬ ਰਹੇ ਸਨ।

-"ਸਰਦਾਰ ਜੀ, ਜੋ ਹੁਕਮ ਕਰੋਂਗੇ, ਹਾਜ਼ਰ ਕਰੂੰਗਾ, ਪਰ ਮੇਰੀ ਦੁਹਾਈ ਐ, ਮੁੰਡੇ ਨੂੰ ਕੁੱਟਿਓ ਮਾਰਿਓ ਨਾ..!"

-".................।" ਠਾਣੇਦਾਰ ਸਿਰ ਤੋਂ ਲੈ ਕੇ ਪੈਰਾਂ ਤੱਕ ਉਸ ਨੂੰ ਗਹਿਰੀ ਨਜ਼ਰ ਨਾਲ਼ ਤਾੜਿਆ।

-"ਤੂੰ ਕੀਹਦਾ ਕੁਛ ਐਂ...?" ਠਾਣੇਦਾਰ ਦੀਆਂ ਅੱਖਾਂ ਵਿੱਚੋਂ ਜਿਵੇਂ ਅੰਗਿਆਰ ਝੜ੍ਹੇ ਸਨ।

-"ਮੈਂ ਜੀ ਔਸ ਲਟਕੇ ਦਾ ਬਾਪ ਐਂ...!" ਉਸ ਨੇ ਹਵਾਲਾਤ ਵਿੱਚ ਖੜ੍ਹੇ ਗੋਗੀ ਵੱਲ ਹੱਥ ਕਰ ਕੇ ਦੱਸਿਆ।

-"ਜੋ ਹਾਲਤ ਤੇਰੇ ਬੁੱਚੜ ਮੁੰਡੇ ਨੇ ਕੁੜੀ ਦੀ ਕੀਤੀ ਐ, ਓਹਦੇ ਬਾਰੇ ਕੀ ਕਹੇਂਗਾ ਚੌਰਿਆ..? ਕੁੜੀ ਤਾਂ ਕੰਜਰ ਨੇ ਮਰਨ ਆਲ਼ੀ ਕਰਤੀ, ਪਤਾ ਨੀ ਬਚੂਗੀ, ਪਤਾ ਨੀ ਨਾਲ਼ ਦਫ਼ਾ ਤਿੰਨ ਸੌ ਦੋ ਹੋਰ ਲੱਗ ਜਾਣੀ ਐਂ...!"

-"ਸਰਦਾਰ ਜੀ, ਮੁੰਡੇ ਤੋਂ ਗਲਤੀ ਹੋ ਗਈ, ਮੁਆਫ਼ੀ ਮੈਂ ਮੰਗਦੈਂ...! 'ਕੱਲਾ-'ਕੱਲਾ ਪੁੱਤ ਐ ਜੀ, ਬਖਸ਼ੋ ਸਰਕਾਰ..! ਆਹ ਲਓ ਮੈਂ ਹੱਥ ਜੋੜਦੈਂ..!"

-"ਧੀ ਆਬਦੀ ਦਿਆ ਖਸਮਾਂ, ਹੱਥ ਜੋੜਨ ਨਾਲ਼ ਨੀ, ਹੱਥ ਪੈਰ ਹਿਲਾਉਣ ਨਾਲ਼ ਕੁਛ ਬਣੂੰ...!" ਮੁਣਸ਼ੀ ਬੋਲਿਆ।

-"ਤੁਸੀਂ ਹੁਕਮ ਕਰੋ ਸਰਕਾਰ, ਮੈਂ ਚਿੜੀਆਂ ਦਾ ਦੁੱਧ ਲਿਆ ਕੇ ਦੇਣ ਨੂੰ ਤਿਆਰ ਐਂ, ਪਰ ਮੇਰੇ ਪੁੱਤ ਨੂੰ ਫ਼ੁੱਲ ਦੀ ਨਾ ਲਾਇਓ, ਸਹੁੰ ਗਊ ਦੀ ਮਸਾਂ ਦੋਜਕਾਂ ਨਾਲ਼ ਪਾਲ਼ਿਐ...!" ਜੋਗਾ ਸਿੰਘ ਦੇ ਕਹਿਣ 'ਤੇ ਮੁਣਸ਼ੀ ਰਹੱਸਮਈ ਨਜ਼ਰ ਨਾਲ਼ ਠਾਣੇਦਾਰ ਵੱਲ ਝਾਕਿਆ। ਉਹਨਾਂ ਦੀ ਅੱਖ ਨਾਲ਼ ਅੱਖ ਮਿਲ਼ੀ ਅਤੇ ਕੋਈ "ਗੁਪਤ ਸੰਧੀ" ਹੋ ਕੇ "ਸਿੱਧੀ ਯਾਰੀ" ਪੈ ਗਈ।

ਪੀੜਤ ਕੁੜੀ ਦੇ ਪਿੰਡ ਵਿਚ ਹਾਹਾਕਾਰ ਮੱਚ ਗਈ ਸੀ। ਵੱਖੋ-ਵੱਖ ਸਿਆਸੀ ਪਾਰਟੀਆਂ ਦੀਆਂ ਕਾਰਾਂ ਪੀੜਤ ਕੁੜੀ ਦੇ ਘਰ ਆ ਜਾ ਰਹੀਆਂ ਹਨ, ਕਦੇ ਕਿਸੇ ਪਾਰਟੀ ਦਾ ਲੀਡਰ ਮੌਕਾ ਸਾਂਭਣ ਆ ਵੜਦਾ, ਅਤੇ ਕਦੇ ਕਿਸੇ ਪਾਰਟੀ ਦਾ ਲੀਡਰ ਆਪਣੇ ਲਾਮ-ਲਸ਼ਕਰ ਸਮੇਤ ਕਾਫ਼ਲੇ ਸਮੇਤ ਆ ਖੜ੍ਹਦਾ। ਸਾਰੇ ਮਤਲਬੀ ਲੀਡਰ ਆਪਣੇ-ਆਪਣੇ ਅੰਦਾਜ਼ ਵਿਚ ਮੇਲਾ ਲੁੱਟਣ ਦੀ "ਤਾਕ" ਵਿੱਚ ਸਨ। ਅਗਲੀਆਂ ਚੋਣਾਂ ਸਿਰ 'ਤੇ ਸਨ, ਜਿਸ ਕਰ ਕੇ ਵਗਦੀ ਗੰਗਾ ਵਿੱਚ "ਹੱਥ ਸੁੱਚੇ" ਕੀਤੇ ਜਾ ਰਹੇ ਸਨ।

ਪੰਚਾਇਤ ਇਕੱਠੀ ਹੋਈ ਬੈਠੀ ਸੀ।

ਸਾਰਾ ਪਿੰਡ ਹਾਜ਼ਰ ਸੀ।

-"ਇਹ ਮੌਕਾ ਪ੍ਰਸਤ ਲੀਡਰ ਸਭ ਖੱਸੀ ਲੁੰਗ-ਲਾਣੈਂ...! ਜੇ ਇਹਨਾਂ ਲੀਡਰਾਂ 'ਚ ਦਮ ਹੁੰਦਾ, ਪੁਲ਼ਸ ਦੋਸ਼ੀ ਨੂੰ ਪੈਸੇ ਲੈ ਕੇ ਨੀ ਸੀ ਛੱਡਦੀ...!" ਪੰਚਾਇਤ ਮੈਂਬਰ ਅਤੀ-ਅੰਤ ਤਪਿਆ ਹੋਇਆ ਬੋਲਿਆ।

-"ਜੇ ਦੋਸ਼ੀ ਪੁਲ਼ਸ ਨੇ ਪੈਸੇ ਲੈ ਕੇ ਛੱਡ'ਤਾ, ਅਸੀਂ ਤਾਂ ਨੀ ਬਖ਼ਸ਼ਣਾਂ..! ਅਸੀਂ ਤਾਂ ਅਗਲੇ ਦਾ ਸਿਵਾ ਮਚਾ ਕੇ ਦਮ ਲਵਾਂਗੇ..!!" ਪਿੰਡ ਦਾ ਇੱਕ ਤੱਤਾ ਨੌਜਵਾਨ ਭੱਠ ਦੇ ਛੋਲੇ ਵਾਂਗ ਬੁੜ੍ਹਕਿਆ।

-"ਜੇ ਕੁੜੀ ਦਾ ਪਿਉ ਗ਼ਰੀਬ ਐ, ਓਹਨੇ ਬਾਕੀ ਸਾਰਾ ਪਿੰਡ ਵੀ ਮਰਿਆ ਈ ਸਮਝ ਲਿਆ...?" ਇੱਕ ਹੋਰ ਚੋਬਰ ਤੋਂ ਵੀ ਰਿਹਾ ਨਾ ਗਿਆ।

-"ਭੇਜ ਸਰਪੈਂਚਾ ਸੁਨੇਹਾਂ...! ਜਾਂ ਤਾਂ ਕੁੜੀ ਨਾਲ਼ ਵਿਆਹ ਕਰੇ, ਨਹੀਂ ਦੁਸ਼ਟ ਨੂੰ ਗੱਡੀ ਅਸੀਂ ਆਪ ਚਾੜ੍ਹਾਂਗੇ...!"

-"ਸ਼ਾਂਤੀ ਰੱਖੋ...! ਸੁਨੇਹਾਂ ਅੱਜ ਈ ਪਹੁੰਚ ਜਾਊ...!!" ਸਰਪੰਚ ਨੇ ਮੱਚਦੀ ਅੱਗ 'ਤੇ ਪਾਣੀ ਦਾ ਛਿੱਟਾ ਮਾਰਿਆ।

-"ਉਰ੍ਹੇ ਆ ਜੰਗੀਰ...!" ਸਰਪੰਚ ਨੇ ਚੌਂਕੀਦਾਰ ਨੂੰ ਕੁਝ ਸਮਝਾਇਆ

ਸਰਪੰਚ ਦਾ ਸੁਨੇਹਾਂ ਲੈ ਕੇ ਚੌਂਕੀਦਾਰ ਸਾਈਕਲ 'ਤੇ ਚੜ੍ਹ ਗਿਆ।

ਜੋਗਾ ਸਿੰਘ ਘੋਰ ਉਦਾਸੀ ਵਿੱਚ ਵਿਹੜ੍ਹੇ ਵਿੱਚ ਪਾਗਲਾਂ ਵਾਂਗ ਫਿਰ ਰਿਹਾ ਸੀ। ਹੁਣ ਉਹ ਖ਼ਤਰਾ ਭਾਂਪ ਕੇ ਆਪਣੀ ਬੰਦੂਕ ਅੱਠੇ ਪਹਿਰ ਹੱਥ ਵਿੱਚ ਰੱਖਦਾ। ਪਿੰਡ ਦੇ ਲੋਕ ਗੁੱਝੇ ਅਵਾਜ਼ੇ ਕਸਦੇ, "ਦੇਖ ਸਾਲ਼ਾ ਡਰਦਾ ਕਿਵੇਂ ਟੰਬਾ ਚੱਕੀ ਫ਼ਿਰਦੈ..!" ਬੰਦੂਕ ਨੂੰ ਲੋਕ ਵਿਅੰਗ ਨਾਲ਼ "ਟੰਬਾ" ਹੀ ਦੱਸਦੇ।

-"ਸਰਦਾਰ ਜੀ ਘਰੇ ਈ ਓਂ...?" ਚੌਂਕੀਦਾਰ ਦੀ ਅਵਾਜ਼ ਨੇ ਜਿਵੇਂ ਉਸ ਨੂੰ ਡਰਾ ਦਿੱਤਾ ਸੀ।

-"ਤੂੰ ਕੌਣ ਐਂ ਭਾਈ...?" ਜੋਗਾ ਸਿੰਘ ਅੰਦਰੋਂ ਕੰਬਿਆ ਹੋਇਆ ਸੀ।

-"ਮੈਂ ਪੀੜਤ ਕੁੜੀ ਦੇ ਪਿੰਡੋਂ ਆਇਐਂ, ਸਰਦਾਰਾ...!"

-".....................।" ਜੋਗਾ ਸਿੰਘ ਘੁੱਟਾਂਬਾਟੀ ਚੌਂਕੀਦਾਰ ਵੱਲ ਝਾਕ ਰਿਹਾ ਸੀ।

-"ਸਾਰਾ ਪਿੰਡ ਇੱਕ ਮੋਰੀ ਲੰਘ ਗਿਐ, ਸਰਦਾਰ ਸਾਅਬ...! ਸਰਪੈਂਚ ਸਾਅਬ ਨੇ ਮੈਨੂੰ ਆਪ ਥੋਡੇ ਕੋਲ਼ੇ ਭੇਜਿਐ...! ਕੰਮ ਬਹੁਤਾ ਖਰਾਬ ਹੋ ਗਿਆ...! ਮੇਰੀ ਮੰਨੋਂ, ਮੁੰਡੇ ਦਾ ਕੁੜੀ ਨਾਲ਼ 'ਨੰਦ ਕਾਰਜ ਕਰ ਦਿਓ, ਨਹੀਂ ਸਾਰਾ ਪਿੰਡ ਮੁੰਡੇ ਦੀ ਜਾਨ ਮਗਰ ਹੱਥ ਧੋ ਕੇ ਪੈ ਜਾਊਗਾ, ਖਿਲਾਰਾ ਬਾਹਵਾ ਪੈ ਗਿਆ...!"

-".......................।" ਜੋਗਾ ਸਿੰਘ ਚੁੱਪ ਚਾਪ, ਘੋਰ ਦੁਬਿਧਾ ਵਿਚ ਫ਼ਸਿਆ ਸੁਣ ਰਿਹਾ ਸੀ। ਉਸ ਦੇ ਮੱਥੇ ਨੂੰ ਮੁੜ੍ਹਕਾ ਆ ਗਿਆ।

-"ਲੋਕਾਂ ਦੇ ਏਕੇ ਮੂਹਰੇ ਤਾਂ ਵੱਡੀਆਂ ਵੱਡੀਆਂ ਸਰਕਾਰਾਂ ਨੀ ਟਿਕਦੀਆਂ, ਸਰਦਾਰਾ..! ਗਿਆ ਵੇਲ਼ਾ ਹੱਥ ਨੀ ਆਉਂਦਾ ਹੁੰਦਾ...! ਫ਼ੇਰ ਲੀਹ ਕੁੱਟਣ ਦਾ ਕੋਈ ਫ਼ਾਇਦਾ ਨੀ ਹੋਣਾਂ...! ਮੇਰਾ ਕੰਮ ਸੀ ਸੁਨੇਹਾਂ ਪਹੁੰਚਾਉਣਾ, ਬਾਕੀ ਥੋਡੀ ਮਰਜ਼ੀ...!"

ਉਹਨਾਂ ਦੀ ਗੁਫ਼ਤਗੂ ਸੁਣ ਕੇ ਹਰ ਕੌਰ ਕੋਲ਼ ਆ ਗਈ।

ਉਹ ਜਿਵੇਂ ਇੱਕ ਦਿਨ ਵਿੱਚ ਹੀ ਬਿਰਧ ਹੋ ਗਈ ਸੀ।

-"ਸਲਾਹ ਤਾਂ ਕੁੜੀ ਦੀ ਵੀ ਵਿੱਚ ਹੋਣੀਂ ਐਂ, ਹੁਣ ਦੋਸ਼ ਸਾਰਾ ਮੇਰੇ ਪੋਤੇ ਸਿਰ ਮੜ੍ਹ'ਤਾ..?" ਹਰ ਕੌਰ ਨੇ ਅਵੱਲੀ ਗੱਲ ਹੀ ਸੁਣਾਈ।

-"ਤੂੰ ਚੁੱਪ ਰਹਿ ਬੇਬੇ...! ਹੋਰ ਨਾ ਬੇੜੀਆਂ 'ਚ ਵੱਟੇ ਪਾਅ'ਦੀਂ...!" ਜੋਗਾ ਸਿੰਘ ਖਿਝ ਕੇ ਹਰ ਕੌਰ ਨੂੰ ਪਿਆ।

-"ਮੈਂ ਨਾ ਥੋਨੂੰ ਕਦੇ ਚੰਗੀ ਲੱਗੀ...।" ਹਰ ਕੌਰ ਵੱਟ ਖਾ ਕੇ ਮੁੜ ਗਈ।

-"ਬੇਬੇ, ਨਵੀਂ ਕੰਗ ਨਾ ਖੜ੍ਹੀ ਕਰਦੀਂ ਕੋਈ, ਕਿਰਪਾ ਕਰ ਕੇ ਚੁੱਪ ਦਾ ਦਾਨ ਬਗਸ਼, ਮੈਂ ਅੱਗੇ ਬਥੇਰ੍ਹਾ ਦੁਖੀ ਐਂ...!"

-"ਤੇ ਮੈਂ ਤਾਂ ਗਿੱਧਾ ਪਾਉਂਦੀ ਫ਼ਿਰਦੀ ਹੋਊਂਗੀ..? ਨ੍ਹਾਂ ਮੈਂ ਨੀ ਦੁਖੀ...? ਤੈਨੂੰ ਕਿੰਨਾਂ ਕਿਹਾ ਸੀ ਬਈ ਇਹਨੂੰ ਸਿਰ ਨਾ ਚਾੜ੍ਹ, ਇਹ ਤੈਨੂੰ ਤੰਗ ਕਰੂ, ਮੇਰੀ ਮੰਨੀ ਕਿਸੇ ਕੰਜਰ ਨੇ...?" ਬੇਬੇ ਆਪਣੀ ਜਗਾਹ ਬਥੇਰੀ ਤੰਗ ਸੀ।

-"ਬਾਈ ਸਿਆਂ, ਬੈਠ, ਚਾਹ ਪੀਅ...!" ਜੋਗਾ ਸਿੰਘ ਨੇ ਚੌਂਕੀਦਾਰ ਵੱਲ ਮੂੰਹ ਕੀਤਾ।

ਚੌਂਕੀਦਾਰ ਮੰਜੇ 'ਤੇ ਬੈਠ ਗਿਆ।

-"ਸਰਦਾਰਾ, ਜਿਹੜੀ ਗੱਲ ਦਾ ਟਿਕ-ਟਿਕਾਅ ਹੋ ਜੇ, ਓਹਦੇ ਨਾਲ਼ ਦੀ ਰੀਸ ਨੀ ਹੁੰਦੀ, ਪਿੱਛੋਂ ਪਛਤਾਉਣ ਨਾਲ਼ ਕੁਛ ਨੀ ਬਣਦਾ ਹੁੰਦਾ...!"

-"ਮਿੱਤਰ ਪਿਆਰਿਆ, ਉਹਨਾਂ ਨੂੰ ਆਖ ਵਿਆਹ ਦੀ ਤਿਆਰੀ ਕਰਨ..! ਸਾਡੀ ਪੂਰੀ ਸਹਿਮਤੀ ਐ, ਨਾਲ਼ੇ ਸਰਪੈਂਚ ਸਾਹਬ ਦਾ ਕਿਹਾ ਸਿਰ ਮੱਥੇ, ਮੈਂ 'ਲਾਕੇ ਦੀ ਸੰਗਤ ਕੋਲ਼ੋਂ ਨਾਬਰ ਥੋੜ੍ਹੋ ਐਂ, ਪਟੜੀਫ਼ੇਰ ਵਰਤਣੈਂ...!"

ਚਾਹ ਪੀ ਕੇ ਚੌਂਕੀਦਾਰ ਰਾਹ ਪੈ ਗਿਆ।

ਗੋਗੀ ਅਤੇ ਡਾਲੀ ਦਾ ਵਿਆਹ ਹੋ ਗਿਆ। ਵਿਆਹ ਬਿਲਕੁਲ ਸਾਦਾ ਹੋਇਆ ਸੀ। ਪੰਜ ਬੰਦੇ ਬਰਾਤ ਦੇ ਗਏ ਅਤੇ ਆਨੰਦ ਕਾਰਜ ਪੜ੍ਹਾ ਕੇ ਕੁੜੀ ਨੂੰ ਲੈ ਕੇ ਘਰ ਆ ਗਏ।

ਰਾਤ ਦਾ ਵੇਲ਼ਾ ਸੀ।

ਸੱਸ ਅਨੂਪ ਕੌਰ ਡਾਲੀ ਨੂੰ ਦੁੱਧ ਦਾ ਗਿਲਾਸ ਪਿਆ ਕੇ ਚਲੀ ਗਈ। ਉਹ ਬਿਲਕੁਲ ਚੁੱਪ ਸੀ। ਪਰ ਉਸ ਨੇ ਦੋ ਕੁ ਵਾਰ ਬੜੇ ਮੋਹ ਨਾਲ਼ ਡਾਲੀ ਨੂੰ ਘੁੱਟ ਕੇ ਆਪਣੇ ਨਾਲ਼ ਲਾਇਆ ਸੀ।

ਸਜੀ-ਧਜੀ ਡਾਲੀ ਸੁਹਾਗ ਰਾਤ ਵਾਲ਼ੇ ਕਮਰੇ ਵਿਚ ਘੁੰਡ ਕੱਢੀ ਬੈਠੀ ਕਿਸੇ ਸ਼ਮ੍ਹਾਂ ਵਾਂਗ ਬਲ਼ ਰਹੀ ਸੀ।

ਰਾਤ ਕਾਫ਼ੀ ਹੋ ਚੁੱਕੀ ਸੀ। ਕਾਨਸ 'ਤੇ ਪਿਆ ਟਾਈਮ-ਪੀਸ ਰਾਤ ਦੇ ਗਿਆਰਾਂ ਵਜਾ ਰਿਹਾ ਸੀ। ਸਾਰਾ ਜੱਗ ਜਹਾਨ ਗੂੜ੍ਹੀ ਨੀਂਦ ਵਿਚ ਡੁੱਬ ਚੁੱਕਾ ਸੀ। ਪਰ ਗੋਗੀ ਅਜੇ ਤੱਕ ਨਹੀਂ ਬਹੁੜਿਆ ਸੀ।

ਬਾਹਰ ਟਿਕੀ ਰਾਤ ਵਿਚ ਬਿੰਡੇ ਬੋਲ ਰਹੇ ਸਨ।

ਦੂਰ ਖੇਤਾਂ ਵਿੱਚ ਕਿਤੇ ਟਟੀਹਰ੍ਹੀ ਦੀ ਅਵਾਜ਼ ਸੁਣਾਈ ਦਿੰਦੀ ਸੀ।

ਡਾਲੀ ਨੇ ਬਾਹਰਲਾ ਪਰਦਾ ਚੁੱਕ ਕੇ ਬਾਹਰ ਦੇਖਿਆ। ਦੂਰ-ਦੂਰ ਤੱਕ ਹਨ੍ਹੇਰਾ ਪਸਰਿਆ ਪਿਆ ਸੀ। ਕਿਤੇ-ਕਿਤੇ ਕਿਸੇ ਮੋਟਰ 'ਤੇ ਕੋਈ ਮੱਧਮ ਜਿਹਾ ਬੱਲ੍ਹਬ ਜਗ ਰਿਹਾ ਸੀ ਅਤੇ ਦੂਰ ਰੋਹੀ ਵਿੱਚ ਕਿਸੇ ਕੁੱਤੇ ਦੇ ਰੋਣ ਦੀ ਅਵਾਜ਼ ਆ ਰਹੀ ਸੀ।

ਅਚਾਨਕ ਬੈਠਕ ਦੇ ਦਰਵਾਜੇ ਨੂੰ ਠੁੱਡ ਵੱਜਿਆ ਤਾਂ ਡਾਲੀ ਦਾ ਕਾਲ਼ਜਾ ਨਿਕਲ਼ ਗਿਆ।

ਗੋਗੀ ਦਾਰੂ ਵਿੱਚ ਪੂਰਾ ਧੁੱਤ ਸੀ। ਨਸ਼ੇ ਨਾਲ਼ ਉਸ ਦੀਆਂ ਅੱਖਾਂ ਸਾਹਣ ਵਾਂਗ ਪੁੱਠੀਆਂ ਹੋਈਆਂ ਪਈਆਂ ਸਨ। ਉਸ ਤੋਂ ਸਿੱਧਾ ਖੜ੍ਹਾ ਨਹੀਂ ਹੋਇਆ ਜਾ ਰਿਹਾ ਸੀ। ਉਸ ਨੇ ਆਪਣੀ ਪਿੱਠ ਨਾਲ਼ ਹੀ ਦਰਵਾਜਾ ਬੰਦ ਕੀਤਾ ਅਤੇ ਡਿੱਗਦਾ ਢਹਿੰਦਾ ਡਾਲੀ ਵਾਲ਼ੇ ਬੈੱਡ 'ਤੇ ਆ ਡਿੱਗਿਆ।

-"ਬਹੁਤ ਖ਼ੁਸ਼ ਹੋਵੇਂਗੀ ਅੱਜ...??" ਉਹ ਸਾਰਾ ਮੂੰਹ ਖੋਲ੍ਹ ਕੇ ਜਿੰਨ ਵਾਂਗ ਹੱਸਿਆ, "ਸੋਚਦੀ ਹੋਵੇਂਗੀ ਮੇਰੀ ਪਿੱਠ ਲਾਅਤੀ ਤੂੰ...?"

-"....................।" ਉਸ ਦੇ ਮੂੰਹ 'ਚੋਂ ਡਾਲੀ ਨੂੰ ਅਜੀਬ ਜਿਹੀ ਬੂਅ ਆਈ ਤਾਂ ਉਸ ਨੇ ਸਾਹ ਥਾਂ 'ਤੇ ਹੀ ਘੁੱਟ ਲਿਆ।

-"ਬਹੁਤ ਖ਼ੁਸ਼ ਹੋਵੇਂਗੀ ਮੇਰੇ ਨਾਲ਼ ਵਿਆਹ ਕਰਕੇ..?" ਸ਼ਰਾਬੀ ਗੋਗੀ ਦਾ ਬੁੱਚੜ ਜਿਹਾ ਮੂੰਹ ਡਾਲੀ ਨੂੰ ਜਿਵੇਂ ਖਾਣ ਆ ਰਿਹਾ ਸੀ। ਉਸ ਨੇ ਕਰੋਧ ਨਾਲ਼ ਡਾਲੀ ਦੀ ਸ਼ਗਨਾਂ ਵਾਲ਼ੀ ਚੁੰਨੀ ਲਾਹ ਕੇ ਉਸ ਦੇ ਗਲ਼ ਦੁਆਲ਼ੇ ਲਪੇਟ ਲਈ।

-"ਨਿੱਤ ਤੇਰੇ ਓਹ ਬਦਲੇ ਲਊਂਗਾ, ਤੂੰ ਧਰਤੀ 'ਤੇ ਨੱਕ ਰਗੜੇਂਗੀ...! ਬੁਰਕ ਮਾਰ-ਮਾਰ ਨਿੱਤ ਚੂੰਡਿਆ ਕਰੂੰਗਾ ਤੈਨੂੰ...! ਗਿਣ-ਗਿਣ ਕੇ ਬਦਲੇ ਲਊਂਗਾ ਤੇਰੇ...!"

-".................।" ਡਾਲੀ ਦੀਆਂ ਖਾਨਿਓਂ ਗੁਆਚ ਗਈਆਂ। ਉਹ ਪੱਥਰ ਹੋਈਆਂ ਨਜ਼ਰਾਂ ਨਾਲ਼ ਗੋਗੀ ਵੱਲ ਦੇਖ ਰਹੀ ਸੀ।

-"ਅੱਖਾਂ ਜੀਆਂ ਕੀ ਕੱਢਦੀ ਐਂ...? ਡਰਾਉਨੀ ਐਂ ਮੈਨੂੰ...?? ਨ੍ਹਾਂ ਮੈਨੂੰ ਡਰਾਉਨੀ ਐਂ ਤੂੰ..???" ਗੋਗੀ ਨੇ ਡਾਲੀ ਨੂੰ ਵਾਲ਼ਾਂ ਤੋਂ ਫ਼ੜ ਕੇ ਪੰਜ-ਸੱਤ ਥੱਪੜ ਜੜ ਦਿੱਤੇ। ਡਾਲੀ ਦਾ ਸ਼ਿੰਗਾਰ ਖਿੰਡ-ਪੁੰਡ ਗਿਆ ਅਤੇ ਨੱਕ ਵਿੱਚੋਂ ਖ਼ੂਨ ਵਗ ਪਿਆ। ਉਸ ਦੀਆਂ ਅੱਖਾਂ ਵਿੱਚ ਹੰਝੂ ਕੰਮ ਰਹੇ ਸਨ।

ਗੋਗੀ ਨੇ ਮੁੜ ਉਸ ਨੂੰ ਵਾਲ਼ਾਂ ਤੋਂ ਫ਼ੜ ਲਿਆ।

-"ਅੱਜ ਤਾਂ ਮਹੂਰਤ ਜਿਆ ਈ ਕੀਤੈ, ਟਰੇਲਰ ਜਿਆ ਈ ਦਿਖਾਇਐ...! ਕੱਲ੍ਹ ਤੋਂ ਫ਼ਿਲਮ ਸ਼ੁਰੂ ਹੋਊਗੀ..!" ਤੇ ਉਹ ਟੇਢਾ ਹੋ ਕੇ ਘੁਰਾੜ੍ਹੇ ਮਾਰਨ ਲੱਗ ਪਿਆ।

ਅਗਲੇ ਦਿਨ ਸਵੇਰੇ ਹਰ ਕੌਰ ਨੇ ਜੋਗਾ ਸਿੰਘ ਨੂੰ ਅਚਾਨਕ ਖੇਤ ਜਾਂਦੇ ਨੂੰ ਰੋਕ ਲਿਆ।

-"ਵੇ ਸੁਣਿਐਂ, ਜੋਤਾਂ ਵਾਲ਼ੇ ਮਹਾਂਪੁਰਖਾਂ 'ਤੇ ਕੋਈ ਕੇਸ ਦਰਜ ਹੋ ਗਿਆ..?" ਹਰ ਕੌਰ ਨੇ ਜੋਗਾ ਸਿੰਘ ਨੂੰ ਦੱਸਿਆ।

-"ਉਹਨੂੰ ਕੀ ਹੋਣੈਂ ਬੇਬੇ..? ਬਥੇਰੀ ਦੁਨੀਆਂ ਉਹਦੇ ਮਗਰ ਐ...!"

-"ਵੇ ਜਾ ਕੇ ਪਤਾ ਤਾਂ ਕਰ, ਫ਼ੇਰ ਵੀ ਆਪਣੇ ਕਿੰਨੇ ਸਹਿਯੋਗੀ ਐ...!"

ਜੋਗਾ ਸਿੰਘ ਬੇਬੇ ਦੇ ਕਹੇ ਸੰਤਾਂ ਦੇ ਡੇਰੇ ਨੂੰ ਤੁਰ ਪਿਆ। ਡੇਰੇ ਜਾ ਕੇ ਉਸ ਨੂੰ ਕਿਸੇ ਇਜਾਜ਼ਤ ਦੀ ਤਾਂ ਲੋੜ ਹੀ ਨਹੀਂ ਸੀ। ਸਾਰੇ ਡੇਰੇ ਨੂੰ ਪਤਾ ਸੀ ਕਿ ਜੋਗਾ ਸਿੰਘ ਦਾ ਸਾਰਾ ਪ੍ਰੀਵਾਰ ਡੇਰੇ ਦਾ ਕਿੰਨਾਂ ਸ਼ਰਧਾਲੂ ਸੀ। ਸੰਤ ਜੀ ਦੇ ਨਿੱਜੀ ਚੇਲੇ ਨੇ ਜੋਗਾ ਸਿੰਘ ਨੂੰ ਬਿਨਾ ਕੁਝ ਪੁੱਛੇ ਸੁਣੇ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ।

ਜਦ ਜੋਗਾ ਸਿੰਘ ਅੰਦਰ ਪਹੁੰਚਿਆ ਤਾਂ ਸੰਤ ਮੁੱਖ ਮੰਤਰੀ ਨਾਲ਼ ਫ਼ੋਨ 'ਤੇ ਗੱਲ ਕਰ ਰਹੇ ਸਨ।

-"ਪੈਰੀਂ ਪੈਣਾਂ ਮਹਾਂਪੁਰਖੋ...! ਪ੍ਰਣਾਮ..!! ਚਰਨ ਵੰਦਨਾਂ...!!" ਮੁੱਖ ਮੰਤਰੀ ਬਾਬੇ ਦੇ ਪੈਰੀਂ ਪਿਆ ਖੜ੍ਹਾ ਸੀ।

-"ਜਿਉਂਦੇ ਵਸਦੇ ਰਹੋ ਭਾਈ..! ਠੀਕ ਹੋ...??"

-"ਆਪ ਜੀ ਦੀ ਦਇਆ ਹੈ ਮਹਾਂਪੁਰਖੋ...! ਤੁਸੀਂ ਹੁਕਮ ਕਰੋ, ਕਿਵੇਂ ਯਾਦ ਕੀਤਾ ਅੱਜ...??"

-"ਥੋਨੂੰ ਪਤਾ ਈ ਐ ਭਾਈ, ਆਪਣੇ 'ਤੇ ਓਹ ਨਾਬਾਲਿਗ ਕੁੜੀ ਨਾਲ਼ ਬਲਾਤਕਾਰ ਦਾ ਕੇਸ ਜਿਆ ਦਰਜ ਹੋ ਗਿਆ ਸੀ..!"

-"ਉਹ ਤਾਂ ਮੀਡੀਆ ਨੇ ਪੱਟੀ ਨੀ ਬੱਝਣ ਦਿੱਤੀ ਮਹਾਂਪੁਰਖੋ, ਨਹੀਂ ਆਪਾਂ ਕੇਸ ਦਰਜ਼ ਹੋਣ ਦਿੰਦੇ ਸੀ..? ਉਹ ਤਾਂ ਮੀਡੀਆ ਨੇ ਸਿੰਗ ਮਿੱਟੀ ਚੱਕ ਲਈ...!" ਮੁੱਖ ਮੰਤਰੀ ਨੇ ਬੇਵੱਸੀ ਜ਼ਾਹਿਰ ਕੀਤੀ।

-"ਖ਼ੈਰ...! ਸਾਧੂ ਆਪਣਾ ਤੇ ਬਿੱਛੁ ਆਪਣਾ ਕਾਰਜ ਨੀ ਛੱਡਦੇ, ਅਗਲੇ ਹਫ਼ਤੇ ਮੇਰੀ ਪੇਸ਼ੀ ਐ...!"

-"ਜੀ....!"

-"ਆਪਣੇ ਵਾਲ਼ਾ ਕੇਸ ਜੱਜ ਗੁਰਜੋਤ ਸਿਉਂ ਕੋਲ਼ ਐ, ਤੈਨੂੰ ਪਤੈ ਬਈ ਗੁਰਜੋਤ ਸਿਉਂ ਗੁਰਸਿੱਖ ਅੰਮ੍ਰਿਤਧਾਰੀ ਤੇ ਗੁਰਬਾਣੀ ਦਾ ਪੈਰੋਕਾਰ ਐ, ਤੇ ਡੇਰੇ ਵਾਲ਼ੇ ਸਾਰੇ ਮਹਾਂਪੁਰਖਾਂ ਨੂੰ ਨਫ਼ਰਤ ਕਰਦੈ, ਉਹਨਾਂ ਨੂੰ ਚੋਰ ਈ ਦੱਸਦੈ...!"

-"ਮੇਰੇ ਲਈ ਕੀ ਹੁਕਮ ਐਂ ਗਰੀਬ ਨਿਵਾਜ...??"

-"ਤੁਸੀਂ ਜੱਜ ਗੁਰਜੋਤ ਸਿਉਂ ਦੇ ਕੰਨ ਖਿੱਚੋ...! ਉਹ ਆਪਣੇ ਕੇਸ 'ਚ ਅੜਿੱਕਾ ਨਾ ਬਣੇ...!"

-"ਕੰਨ ਕੀ...? ਮੈਂ ਉਹਨੂੰ ਮੋਟੇ ਅੱਖਰਾਂ 'ਚ ਈ ਸਮਝਾ ਦਿੰਨੈਂ ਮਹਾਂਪੁਰਖੋ..! ਪਰ ਤੁਸੀਂ ਵੀ ਆਉਂਦੀ ਇਲੈਕਸ਼ਨ 'ਚ ਸਾਡੇ ਸਿਰ 'ਤੇ ਹੱਥ ਰੱਖਿਓ, ਐਤਕੀਂ ਵਿਰੋਧੀ ਪਾਰਟੀ ਅੱਡੀ ਚੋਟੀ ਦਾ ਜੋਰ ਲਾਈ ਆਉਂਦੀ ਐ..!"

-"ਕਮਲ਼ੀ ਗੱਲ...! ਨ੍ਹਾਂ ਸਿਰ 'ਤੇ ਹੱਥ ਅੱਗੇ ਨੀ ਰੱਖਿਆ...?"

-"ਰੱਖਿਐ ਮਹਾਂਪੁਰਖੋ, ਰੱਖਿਐ...! ਪਰ ਜਦੋਂ ਦੇ ਆਹ ਨਵੀਂ ਪਾਰਟੀ ਵਾਲ਼ੇ ਖੜ੍ਹੇ ਹੋਏ ਐ, ਜਨਤਾ ਝੰਡੇ ਚੱਕ ਕੇ ਇਹਨਾਂ ਮਗਰ ਤੁਰਪੀ, ਸਾਡੀ ਤਾਂ ਨੀਂਦ ਹਰਾਮ ਕੀਤੀ ਪਈ ਐ ਖਸਮਾਂ ਨੂੰ ਖਾਣਿਆਂ ਨੇ...!!"

-"ਨਿਸ਼ਚਿੰਤ ਹੋਜਾ, ਨਿਸ਼ਚਿੰਤ...! ਤੂੰ ਆਪਣਾ ਕੰਮ ਕਰ, ਮੈਂ ਆਪਣਾ ਕੰਮ ਕਰੂੰ...!" ਸੰਤ ਨੇ ਤਾੜਨਾ ਕਰਨ ਵਾਲ਼ਿਆਂ ਵਾਂਗ ਕਿਹਾ।

-"ਸਤਿ ਬਚਨ ਮਹਾਂਪੁਰਖੋ...!"

ਫ਼ੋਨ ਕੱਟੇ ਗਏ।

ਜੋਗਾ ਸਿੰਘ ਦੁੱਧ ਛਕ ਕੇ ਅਤੇ ਆਸ਼ੀਰਵਾਦ ਲੈ ਕੇ ਆ ਗਿਆ।

 

0 0 0 0 0

 

 

ਅਜੇ ਜੱਜ ਗੁਰਜੋਤ ਸਿੰਘ ਅਜੇ ਦਫ਼ਤਰੋਂ ਘਰ ਜਾਣ ਦੀ ਤਿਆਰੀ ਵਿੱਚ ਹੀ ਸੀ ਕਿ ਅਚਾਨਕ ਫ਼ੋਨ ਖੜਕ ਪਿਆ। ਜੱਜ ਗੁਰਜੋਤ ਸਿੰਘ ਨੇ ਫ਼ੋਨ ਚੁੱਕ ਲਿਆ।

-"ਜੱਜ, ਸਰਦਾਰ ਗੁਰਜੋਤ ਸਿੰਘ ਜੀ ਬੋਲ ਰਹੇ ਨੇ...?" ਮੁੱਖ ਮੰਤਰੀ ਦੇ ਪੀ.ਏ. ਨੇ ਪੁੱਛਿਆ।

-"ਜੀ ਜਨਾਬ...! ਜੱਜ ਗੁਰਜੋਤ ਸਿੰਘ ਬੋਲ ਰਿਹੈਂ ਜੀ...!"

-"ਜੱਜ ਸਾਹਿਬ, ਸੀ. ਐੱਮ. ਸਾਹਿਬ ਆਪ ਨਾਲ਼ ਗੱਲ ਕਰਨਾ ਚਾਹੁੰਦੇ ਨੇ..!"

-"ਕਰਵਾਓ ਜਨਾਬ...!"

ਪੀ.ਏ. ਨੇ ਮੁੱਖ ਮੰਤਰੀ ਨੂੰ ਫ਼ੋਨ ਫ਼ੜਾ ਦਿੱਤਾ।

-"ਸਤਿ ਸ੍ਰੀ ਅਕਾਲ ਜੱਜ ਸਾਹਿਬ...!" ਮੁੱਖ ਮੰਤਰੀ ਘਿਉ ਸਿੱਧੀ ਉਂਗਲ਼ ਨਾਲ਼ ਕੱਢਣ ਦਾ ਹੀ ਆਦੀ ਸੀ।

-"ਸਤਿ ਸ੍ਰੀ ਅਕਾਲ ਸੀ.ਐੱਮ. ਸਾਹਿਬ...!"

-"ਸੰਤ ਅਨੋਖ ਅਲੱਖ ਜੋਤਾਂ ਵਾਲ਼ੇ ਮਹਾਂਪੁਰਖਾਂ ਦਾ ਕੇਸ ਤੁਹਾਡੇ ਕੋਲ਼ ਈ ਐ...?"

-"ਜੀ ਜਨਾਬ...! ਮੇਰੇ ਕੋਲ਼ ਹੀ ਐ...!!"

-"ਜੱਜ ਸਾਹਿਬ, ਸੰਤ ਮਹਾਂਪੁਰਖਾਂ ਦਾ ਵਾਲ਼ ਵੀ ਵਿੰਗਾ ਨੀ ਹੋਣਾ ਚਾਹੀਦਾ, ਖਿਆਲ ਰੱਖਣਾ, ਅਸੀਂ ਤੇਰਾ ਖਿਆਲ ਰੱਖਾਂਗੇ..!" ਮੁੱਖ ਮੰਤਰੀ ਨੇ ਇੱਕ ਤਰ੍ਹਾਂ ਨਾਲ਼ ਗੁੱਝਾ ਹੁਕਮ ਦਾ ਮਰੋੜਾ ਚਾੜ੍ਹਿਆ।

-"ਸੀ. ਐੱਮ. ਸਾਹਿਬ, ਬਾਬੇ ਨੇ ਨਾਬਾਲਿਗ ਕੁੜੀ ਨਾਲ਼ ਬਲਾਤਕਾਰ ਕੀਤੈ, ਤੇ ਸਾਡੇ ਕੋਲ਼ ਸਬੂਤ ਵੀ ਮੌਜੂਦ ਨੇ ਤੇ ਗਵਾਹ ਵੀ...!" ਜੱਜ ਗੁਰਜੋਤ ਸਿੰਘ ਦੇ ਕਹਿਣ 'ਤੇ ਮੁੱਖ ਮੰਤਰੀ ਤੈਸ਼ ਵਿੱਚ ਆ ਗਿਆ।

-"ਤੂੰ ਗੋਲ਼ੀ ਮਾਰ ਗਵਾਹਾਂ ਤੇ ਸਬੂਤਾਂ ਨੂੰ...! ਮੈਂ ਮਹਾਂਪੁਰਖ ਤੇਰੇ ਤੋਂ ਬਰੀ ਲੈਣੇ ਐਂ, ਨਹੀਂ ਆਪਦਾ ਬੋਰੀਆਂ ਬਿਸਤਰਾ ਬੰਨ੍ਹ ਕੇ ਰੱਖ...!"

-"ਜਿੰਨਾਂ ਚਿਰ ਨੌਕਰੀ ਕੀਤੀ ਐ, ਕਾਨੂੰਨ, ਇਨਸਾਫ਼ ਅਤੇ ਇਮਾਨਦਾਰੀ ਦੇ ਦਾਇਰੇ 'ਚ ਰਹਿ ਕੇ ਕੀਤੀ ਐ ਸੀ. ਐੱਮ. ਸਾਹਿਬ...! ਜੇ ਤੁਸੀਂ ਕਿਸੇ ਦੀ ਕਦਰ ਨਹੀਂ ਪਾ ਸਕਦੇ, ਤਾਂ ਘੱਟੋ ਘੱਟ ਜ਼ਲੀਲ ਤਾਂ ਨਾ ਕਰੋ...?"

-"ਓਹ ਯੂ ਸ਼ੱਟ ਅੱਪ...!! ਦੋ ਕੌਡੀ ਦਾ ਜੱਜ, ਮੇਰੇ ਸਾਹਮਣੇ ਜ਼ੁਬਾਨ ਚਲਾਉਂਨੈ...?"

-"ਬਿਹੇਵ ਯੂਅਰਸੈਲਫ਼ ਸੀ. ਐੱਮ. ਸਾਹਿਬ...! ਮੈਂ ਐਹੋ ਜਿਹੇ ਸਿਸਟਮ ਵਿੱਚ ਕੰਮ ਹੀ ਨਹੀਂ ਕਰਨਾ, ਮੇਰਾ ਅਸਤੀਫ਼ਾ..!" ਜੱਜ ਨੇ ਫ਼ੋਨ ਕੱਟ ਦਿੱਤਾ।

ਪੂਰਾ ਖ਼ੁਸ਼ ਹੋ ਕੇ ਮੁੱਖ ਮੰਤਰੀ ਨੇ ਜੋਤਾਂ ਵਾਲ਼ੇ ਸੰਤ ਜੀ ਨੂੰ ਫ਼ੋਨ ਮਿਲ਼ਾ ਲਿਆ।

-"ਲਓ ਮਹਾਂਪੁਰਖੋ..! ਨਾ ਰਹੂਗਾ ਬਾਂਸ, ਤੇ ਨਾ ਵੱਜੂਗੀ ਬਾਂਸੁਰੀ..! ਆਪਾਂ ਜੱਜ ਦਾ ਪੱਤਾ ਈ ਕੱਟ ਮਾਰਿਆ..!"

-"ਸ਼ਾਬਾਸ਼...! ਵਧੀਆ ਕੀਤਾ...! ਚਾਰ ਅੱਖਰ ਗੁਰਬਾਣੀ ਦੇ ਪੜ੍ਹ ਕੇ ਬਾਹਲ਼ਾ ਈ ਬ੍ਰਹਮ-ਗਿਆਨੀ ਬਣਦਾ ਸੀ..!"

-"ਤੋਰ'ਤਾ ਘਰ ਨੂੰ...! ਹੁਣ ਚਿੰਤਾ ਮੁਕਤ ਹੋ ਜਾਓ...!! ਸਾਡੇ ਹੁੰਦੇ ਥੋਨੂੰ ਕੋਈ ਫ਼ਿਕਰ ਹੋਵੇ..? ਇਹ ਤਾਂ ਹੋ ਈ ਨੀ ਸਕਦਾ ਮਹਾਂਪੁਰਖੋ..!"

ਘੋਰ ਪ੍ਰੇਸ਼ਾਨੀ ਵਿੱਚ ਜੱਜ ਘਰ ਪਹੁੰਚਿਆ।

ਘਰਵਾਲ਼ੀ ਜਪਨਾਮ ਕੌਰ ਨੇ ਪਾਣੀ ਦਾ ਗਿਲਾਸ ਫ਼ੜਾਇਆ।

-"ਕੀ ਗੱਲ...? ਅੱਜ ਐਨੇ ਚੁੱਪ ਜਿਹੇ ਕਿਉਂ ਹੋ...? ਸਿਹਤ ਠੀਕ ਐ..?" ਜਪਨਾਮ ਕੌਰ ਨੇ ਫ਼ਿਕਰ ਕੀਤਾ।

-"ਅੱਜ ਭ੍ਰਿਸ਼ਟ ਸਿਸਟਮ ਨਾਲ਼ ਟੱਕਰ ਹੋਗੀ, ਮੈਂ ਅਸਤੀਫ਼ਾ ਦੇ ਕੇ ਘਰ ਆ ਗਿਆ..!" ਉਸ ਨੇ ਪਾਣੀ ਪੀ ਕੇ ਗਿਲਾਸ ਵਾਪਸ ਕਰ ਦਿੱਤਾ।

-"ਵਧੀਆ ਕੀਤਾ...! ਸਾਰੀ ਉਮਰ ਕੰਮ ਈ ਤਾਂ ਨੀ ਕਰੀ ਜਾਣਾ..!! ਬਥੇਰਾ ਕੰਮ ਕਰ ਲਿਆ, ਹੁਣ ਅਰਾਮ ਕਰੋ..!!"

ਅਚਾਨਕ ਜਪੁਜੀ ਅੰਦਰ ਆਈ। ਉਹ ਬਹੁਤ ਖ਼ੁਸ਼ ਸੀ ਅਤੇ ਉਸ ਦੇ ਹੱਥ ਵਿੱਚ ਕੁਝ ਕਾਗਜ਼ ਅਤੇ ਲੱਡੂਆਂ ਦਾ ਡੱਬਾ ਫ਼ੜਿਆ ਹੋਇਆ ਸੀ।

-"ਡੈਡੀ ਜੀ...!" ਉਹ ਬੱਚੇ ਵਾਂਗ ਬਾਪ ਦੀ ਬੁੱਕਲ਼ ਵਿਚ ਆ ਵੜੀ।

-"ਠੀਕ ਐਂ ਪੁੱਤ...?"

-"ਚੜ੍ਹਦੀ ਕਲਾ..! ਗੁਰੂ ਕਿਰਪਾ...! ਲਓ ਪਹਿਲਾਂ ਲੱਡੂ ਖਾਓ...!!"

-"ਲੱਡੂ...? ਕਿਹੜੀ ਖ਼ੁਸ਼ੀ ਵਿੱਚ...?" ਬਾਪੂ ਹੈਰਾਨ ਸੀ।

-"ਮੇਰੀ ਸਿਲੈਕਸ਼ਨ ਹੋ ਗਈ, ਤੁਹਾਡੀ ਧੀ ਵੀ ਅੱਜ ਜੱਜ ਬਣਗੀ, ਯੂਅਰ ਆਨਰ...!" ਉਸ ਨੇ ਵਿਅੰਗ ਨਾਲ਼ ਕਹਿੰਦੀ ਨੇ ਬਾਪ ਦੇ ਮੂੰਹ ਵਿੱਚ ਲੱਡੂ ਪਾਇਆ।

-"ਤੇ ਤੁਹਾਡਾ ਬਾਪ ਅਸਤੀਫ਼ਾ ਦੇ ਆਇਆ, ਮੀ ਲਾਰਡ...!!" ਗੁਰਜੋਤ ਸਿੰਘ ਲੱਡੂ ਖਾਂਦਾ ਬੋਲਿਆ।

-"ਧੰਨ ਗੁਰੂ ਨਾਨਕ ਪਾਤਿਸ਼ਾਹ ਕਿੱਡੇ ਮਿਹਰਵਾਨ ਐਂ...! ਬਾਪ ਨੇ ਅਸਤੀਫ਼ਾ ਦਿੱਤਾ, ਧੀ ਨੂੰ ਅਹੁਦਾ ਬਖ਼ਸ਼ ਦਿੱਤਾ..।" ਮਾਂ ਨੇ ਧਰਤੀ ਨੂੰ ਹੱਥ ਲਾ ਕੇ ਨਮਸ਼ਕਾਰ ਕੀਤੀ।

-"ਥੋਨੂੰ ਸਾਰੀ ਉਮਰ ਜੱਜਪੁਣਾ ਸੁੱਖ ਕੇ ਤਾਂ ਨਹੀਂ ਸੀ ਦਿੱਤਾ, ਯੂਅਰ ਆਨਰ..? ਹੁਣ ਤੁਸੀਂ ਆਪਣੀ ਹਾਈ ਕਮਾਂਡ ਨਾਲ਼ ਜ਼ਿੰਦਗੀ ਦਾ ਲੁਤਫ਼ ਲਓ, ਤੇ ਕੰਮ ਥੋਡੀ ਧੀ ਕਰੂਗੀ...!" ਜਪੁਜੀ ਬਹੁਤ ਖ਼ੁਸ਼ ਸੀ। ਉਸ ਨੇ ਆਪਣੀ ਮਾਂ ਵੱਲ ਹੱਥ ਕਰ ਕੇ "ਹਾਈ ਕਮਾਂਡ" 'ਤੇ ਪੂਰਾ ਜੋਰ ਦਿੱਤਾ ਸੀ।

ਅਗਲੀ ਸਵੇਰ ਅਖ਼ਬਾਰ ਵਾਲ਼ਾ ਅਖ਼ਬਾਰ ਸੁੱਟ ਗਿਆ। ਜੱਜ ਨਹਾ ਰਿਹਾ ਸੀ। ਜਪੁਜੀ ਦੀ ਮਾਂ ਜਪਨਾਮ ਕੌਰ ਰਸੋਈ ਵਿੱਚ ਨਾਸ਼ਤਾ ਤਿਆਰ ਕਰ ਰਹੀ ਸੀ। ਜਪੁਜੀ ਨੇ ਅਖ਼ਬਾਰ ਜਾ ਚੁੱਕਿਆ। ਅਖ਼ਬਾਰ ਦੇ ਮੁੱਖ ਪੰਨੇ ਉੱਪਰ ਉੱਪਰ ਮੋਟੀ ਸੁਰਖੀ ਸੀ;

"ਪਾਕਿਸਤਾਨੀ ਅੱਤਿਵਾਦੀਆਂ ਨਾਲ਼ ਮੁਕਾਬਲਾ ਕਰਦਾ ਫ਼ੌਜੀ ਅਫ਼ਸਰ ਰਮਣੀਕ ਸਿੰਘ ਸ਼ਹੀਦ"

ਖ਼ਬਰ ਦੇ ਐਨ੍ਹ ਵਿਚਕਾਰ ਰਮਣੀਕ ਸਿੰਘ ਦੀ ਦਸਤਾਰ ਵਾਲ਼ੀ ਫ਼ੋਟੋ ਲੱਗੀ ਹੋਈ ਸੀ। ਜਪੁਜੀ ਹੱਥੋਂ ਅਖ਼ਬਾਰ ਛੁੱਟ ਗਿਆ ਅਤੇ ਉਸ ਦੀਆਂ ਅੱਖਾਂ ਨੱਕੋ-ਨੱਕ ਭਰ ਆਈਆਂ। ਉਹ ਵਾਪਸ ਆ ਕੇ ਬੈੱਡ 'ਤੇ "ਧੜ੍ਹੰਮ" ਕਰ ਕੇ ਡਿੱਗ ਪਈ ਅਤੇ ਰਮਣੀਕ ਨਾਲ਼ ਜੁੜੀ ਤੰਦ ਉਸ ਨੂੰ ਅਤੀਤ ਵਿੱਚ ਖਿੱਚ ਕੇ ਲੈ ਗਈ.....

....ਜਪੁਜੀ ਅਤੇ ਰਮਣੀਕ ਕਾਲਜ ਦੀ ਪਾਰਕ ਵਿੱਚ ਸਰੂ ਦੇ ਬੂਟੇ ਕੋਲ਼ ਹੀ ਆ ਕੇ ਬੈਠਦੇ ਸਨ। ਇਹ ਸਰੂ ਦਾ ਬੂਟਾ "ਰਮਣੀਕ ਜੀ" ਨੂੰ ਕੁਦਰਤ ਦੇ ਕੁਝ ਜ਼ਿਆਦਾ ਹੀ ਕਰੀਬ ਜਾਪਦਾ।

-"ਨਿੱਕੀ-ਨਿੱਕੀ ਗੱਲ ਦਾ ਗੁੱਸਾ ਨੀ ਕਰੀਦਾ, ਗੁੱਸਾ ਚੰਡਾਲ ਹੁੰਦੈ, ਤੇ ਸਿਹਤ ਲਈ ਵੀ ਮਾੜੈ...!!" ਰਮਣੀਕ ਜੀ ਨੇ ਜਪੁਜੀ ਦੇ ਨੱਕ ਦੀ ਕਰੂੰਬਲ਼ ਘੁੱਟਦਿਆਂ ਕਿਹਾ। ਪਰ ਜਪੁਜੀ ਉਂਗਲ਼ 'ਤੇ ਚੁੰਨੀ ਲਪੇਟਦੀ, ਭਰੀ-ਪੀਤੀ ਚੁੱਪ ਸੀ।

-"ਇੱਕ ਤਾਂ ਤੇਰੇ 'ਚ ਚਮਚਾ ਕੁ ਖ਼ੂਨ ਦਾ ਐ, ਸਾਲ਼ਾ ਛੇਤੀ ਉਬਲ਼ ਜਾਂਦੈ...!"

-"................।" ਰਮਣੀਕ ਦੀ ਵਿਅੰਗਮਈ ਗੱਲ 'ਤੇ ਜਪੁਜੀ ਦਾ ਹਾਸਾ ਨਿਕਲ਼ ਗਿਆ।

-"ਤਿੰਨ ਦਿਨ ਦੇ ਸੀ ਕਿੱਥੇ...? ਨਾ ਕੋਈ ਟੈਲੀਫ਼ੋਨ ਨਾ ਸੁਨੇਹਾਂ...?" ਉਸ ਨੇ ਗੁਲਾਬੀ ਬੁੱਲ੍ਹ ਟੇਰੇ।

-"ਤੈਨੂੰ ਦੱਸਿਆ ਤਾਂ ਸੀ..? ਬਈ ਬਾਪੂ ਜੀ ਨੇ ਆਰਮੀ ਦੇ ਹੈੱਡ ਕੁਆਰਟਰ ਸੱਦ ਲਿਆ ਸੀ, ਦੱਸਣ ਦਾ ਸਮਾਂ ਈ ਨੀ ਮਿਲ਼ਿਆ...!" ਰਮਣੀਕ ਨੇ ਸਪੱਸ਼ਟੀਕਰਣ ਦਿੱਤਾ।

-"................।" ਜਪੁਜੀ ਫ਼ਿਰ ਮੂੰਹ ਵੱਟ ਕੇ ਖੜ੍ਹ ਗਈ।

-"ਚਲੋ ਹੁਣ ਮੁਆਫ਼ ਵੀ ਕਰ ਦਿਓ ਬਾਬਾ ਜੀ...! ਮੈਂ ਥੋਡੀ ਕੈਲੀ ਗਊ...!" ਰਮਣੀਕ ਨੇ ਹੱਥ ਜੋੜ ਲਏ।

-".....................।" ਜਪੁਜੀ ਚੁੱਪ ਸੀ।

-"ਤੇਰੇ ਇਹ ਦਬਕੇ ਕਦੇ ਸਾਡੀ ਜਾਨ ਲੈ ਕੇ ਰਹਿਣਗੇ...!" ਰਮਣੀਕ ਨੇ ਕਿਹਾ ਤਾਂ ਜਪੁਜੀ ਨੇ ਉਸ ਦੇ ਮੂੰਹ 'ਤੇ ਹੱਥ ਰੱਖ ਦਿੱਤਾ।

-"ਜਪੁਜੀ.....!" ਮਾਂ ਦੀ ਅਵਾਜ਼ ਸੀ। ਮਾਂ ਦੀ ਅਵਾਜ਼ ਨਾਲ਼ ਜਪੁਜੀ ਦੀ ਸੁਰਤੀ ਟੁੱਟੀ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਕਣੀਆਂ ਵਾਂਗ ਡਿੱਗ ਰਹੇ ਸਨ।

-"ਆਈ ਮਾਂ....!!" ਬੈੱਡ ਉਪਰੋਂ ਉਠ ਕੇ ਜਪੁਜੀ ਨੇ ਹੰਝੂ ਪੂੰਝ ਲਏ।

-"ਨਾਸ਼ਤਾ ਤਿਆਰ ਐ, ਬੇਟੇ...!"

ਜਪੁਜੀ ਨਾ ਚਾਹੁੰਦੀ ਹੋਈ ਵੀ ਨਾਸ਼ਤੇ ਦੇ ਮੇਜ ਵੱਲ ਨੂੰ ਤੁਰ ਪਈ।

 

ਕਾਂਡ 10

 ਖੇਤ ਟਿਊਬਵੈੱਲ ਚੱਲ ਰਿਹਾ ਸੀ।

ਜੋਗਾ ਸਿੰਘ ਪੈਂਦੀ ਧਾਰ ਵਾਲ਼ੇ ਚਲ੍ਹੇ ਕੋਲ਼ ਬੈਠਾ ਸੀ ਅਤੇ ਗੇਜਾ ਨੱਕਾ ਮੋੜ ਕੇ ਕੋਲ਼ ਆ ਗਿਆ।

-"ਬਾਈ ਜੋਗਿਆ, ਮੈਂ ਰਾਤ ਇੱਕ ਹੋਰ ਗੱਲ ਸੁਣੀਂ ਐਂ...!"

-"ਕੀ....?" ਜੋਗਾ ਗੁਟਾਹਰ ਵਾਂਗ ਝਾਕਿਆ।

-"ਜਿਹੜਾ ਬਾਬਾ ਆਪਣੇ ਘਰੇ ਆਇਆ ਸੀ-!"

-"ਜੋਤਾਂ ਵਾਲ਼ੇ ਮਹਾਂਪੁਰਖ....??"

-"ਆਹੋ...!"

-"ਕੀ ਹੋ ਗਿਆ...?"

-"ਕਹਿੰਦੇ ਉਹ ਬਲਾਤਕਾਰ ਦੇ ਕੇਸ 'ਚ ਫ਼ਸ ਗਿਆ...!"

-"ਕੌਣ ਕਹਿੰਦੈ...?"

-"ਰਾਤ ਪਾੜ੍ਹਾ ਗੱਲਾਂ ਕਰਦਾ ਸੀ..! ਕਹਿੰਦਾ 'ਖ਼ਬਾਰ ਦੀ ਖ਼ਬਰ ਐ...!"

-"ਕਹਿੰਦੇ ਨੀ ਹੁੰਦੇ..? ਬਈ ਵਿਹਲਾ ਬਾਣੀਆਂ ਕੀ ਕੰਮ ਕਰੇ, ਐਧਰਲੇ ਵੱਟੇ ਔਧਰ ਧਰੇ..! ਲੋਕ ਐਂਵੇਂ ਗੱਲਾਂ ਬਣਾਉਂਦੇ ਐ...! ਨਾਲ਼ੇ ਪਾੜ੍ਹੇ ਅਰਗੇ ਤਾਂ ਵਿਹਲੇ ਐ, ਨਾ ਨੂੰਹ ਲਿਆਉਣੀ ਤੇ ਨਾ ਧੀ ਤੋਰਨੀ, ਸਾਰੀ ਦਿਹਾੜ੍ਹੀ ਗੱਲਾਂ ਬਣਾਉਣ 'ਤੇ ਈ ਐ...!"

-"ਬਾਈ ਜੋਗਿਆ, ਜੇ ਕਿਤੇ ਧੂੰਆਂ ਨਿਕਲ਼ਦੈ, ਤਾਂ ਇਹਦਾ ਮਤਬਲ ਥੱਲੇ ਕਿਤੇ ਨਾ ਕਿਤੇ ਅੱਗ ਵੀ ਬਲ਼ਦੀ ਐ..! ਕੋਈ ਨਿੱਕੀ ਗੱਲ ਹੋਊ ਤਾਂ ਹੀ ਅਗਲਾ ਵੱਡੀ ਬਣਾਊ...?"

-"ਪਰ ਬਾਬੇ ਨੂੰ ਹੋਣਾ ਵੀ ਕੀ ਐ...? ਮੰਤਰੀ-ਸ਼ੰਤਰੀ ਤਾਂ ਉਹਦੇ ਪੈਰਾਂ 'ਚ ਲਿਟਦੇ ਫ਼ਿਰਦੇ ਐ...!"

-"ਅਗਲੇ ਹਫ਼ਤੇ ਪੇਸ਼ੀ ਦੱਸਦੇ ਐ, ਦੇਖੀ ਜਾਂਦੀ ਐ...!" ਗੇਜਾ ਬੋਲਿਆ।

ਜੋਤਾਂ ਵਾਲ਼ੇ ਬਾਬੇ ਦੀ ਪੇਸ਼ੀ ਦੀ ਤਾਰੀਕ ਆ ਗਈ।

ਜਪੁਜੀ ਦੀ ਅਦਾਲਤ ਲੱਗੀ ਹੋਈ ਸੀ। ਜਦ ਜੋਤਾਂ ਵਾਲ਼ਾ ਬਾਬਾ ਕਾਫ਼ਲੇ ਦੀ ਸ਼ਕਲ ਵਿਚ ਅਦਾਲਤ ਦੇ ਕੰਪਲੈਕਸ ਦੇ ਬਾਹਰ ਪਹੁੰਚਿਆ ਤਾਂ ਲੋਕ ਉਸ ਦੇ ਪੈਰਾਂ ਵਿਚ ਪ੍ਰਣਾਮ ਕਰਨ ਨੂੰ ਉਲਰ ਪਏ। ਭਾਂਤ-ਭਾਂਤ ਦੇ ਫ਼ੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ। ਇੱਕ ਮੀਰਜ਼ਾਦਾ ਅਤੇ ਉਸ ਦਾ ਮੁੰਡਾ ਬਾਹਰ ਖੜ੍ਹੇ ਦੇਖ ਰਹੇ ਸਨ।

-"ਦੁਨੀਆਂ ਵੀ ਆਪਣੀ ... ਮੇਰੇ ਮੂੰਹੋਂ ਕੁਛ ਹੋਰ ਨਿਕਲ਼ ਚੱਲਿਆ ਸੀ...! ਪੁੱਛਣਾ ਹੋਵੇ, ਬਈ ਥੋਡਾ ਸਾਧ ਬਲਾਤਕਾਰ ਦੀ ਪੇਸ਼ੀ ਭੁਗਤਣ ਚੱਲਿਐ ਕਿ ਚੀਨ ਦੀ ਜੰਗ ਜਿੱਤ ਕੇ ਆਇਐ...??" ਮੀਰਜ਼ਾਦੇ ਨੇ ਆਪਮੁਹਾਰੇ ਹੀ ਕਿਹਾ।

-"ਛਿੱਕਲ਼ੀ ਦੇ ਸੁਆਦ ਦਾ ਬਣਾਉਣ ਵਾਲ਼ੇ ਨੂੰ ਨੀਂ, ਓਸ ਪਸ਼ੂ ਨੂੰ ਬਹੁਤਾ ਪਤਾ ਹੁੰਦੈ, ਜੀਹਦੇ ਮੂੰਹ 'ਤੇ ਚਾੜ੍ਹੀ ਹੁੰਦੀ ਐ...! ਅਗਲੇ ਨੇ ਇਹਨਾਂ ਸਾਧਾਂ ਨੇ ਸ਼ਰਧਾਲੂਆਂ ਦੀ ਅਕਲ 'ਤੇ ਛਿੱਕਲ਼ੀ ਚਾੜ੍ਹੀ ਐ, ਬਾਪੂ...!" ਮੀਰਜ਼ਾਦੇ ਦਾ ਮੁੰਡਾ ਬੋਲਿਆ।

-"ਸ਼ੇਰ ਦੇ ਜਬਾੜ੍ਹੇ 'ਚੋਂ ਬੱਕਰੀ ਛੁਡਾ ਕੇ ਪਤਾ ਨੀ ਤਾਂ ਅਗਲਾ ਪੁੰਨ ਕਰਦੈ, ਤੇ ਪਤਾ ਨੀ ਸ਼ੇਰ ਦਾ ਭੋਜਨ ਖੋਹ ਕੇ ਪਾਪ ਕਰਦੈ...? ਇਹਨਾਂ ਸ਼ਰਧਾਲੂਆਂ ਦਾ ਵੀ ਕੁਛ ਆਹੀ ਹਾਲ ਐ...! ਐਸ ਫ਼ਿੱਟੇ ਸਾਹਣ ਨੇ ਸ਼ਰੇਆਮ ਕੁੜੀ ਦੀ ਖੇਹ-ਖਰਾਬੀ ਕੀਤੀ ਐ, ਪਰ ਇਹ ਲੋਕ ਉਹਨੂੰ ਹਰਦੂ ਲਾਹਣਤ ਦੇਣ ਦੀ ਥਾਂ ਫ਼ੁੱਲਾਂ ਦੀ ਬਰਖਾ ਕਰੀ ਜਾਂਦੇ ਐ, ਇਸ ਦੇਸ਼ ਦਾ ਭਲਾ ਕਿਹੜੇ ਸੰਨ੍ਹ 'ਚ ਹੋਊ...?"

-"ਦੂਜੇ ਦੇ ਘਰੇ ਲੱਗੀ ਬਸੰਤਰ ਦਿਸਦੀ ਐ ਬਾਪੂ...! ਕਾਲ਼ਜਾ ਤਾਂ ਓਦੋਂ ਨਿਕਲ਼ਦੈ, ਜਦੋਂ ਆਬਦੇ ਬਨੇਰੇ ਨੂੰ ਆ ਪੈਂਦੀ ਐ...!"

-"ਚੌਧਰ ਸਭ ਤੋਂ ਪਹਿਲਾਂ ਅਕਲ ਨੂੰ ਮਾਰਦੀ ਐ...!"

ਕਈ ਬੀਬੀਆਂ ਅਤੇ ਬੰਦੇ ਬਾਬੇ ਦੇ ਪੈਰਾਂ ਵਿੱਚ ਅਜੇ ਵੀ ਲਿਟ ਰਹੇ ਸਨ।

ਆਸ਼ੀਰਵਾਦ ਮੰਗ ਰਹੇ ਸਨ।

-"ਕਰੋ ਪਾਰ-ਉਤਾਰਾ...!"

-"ਬਖਸ਼ੋ ਆਸ਼ੀਰਵਾਦ...!!"

-"ਕੱਟੋ ਸਾਡੀ ਚੁਰਾਸੀ...!!!" ਦੀਆਂ ਅਵਾਜ਼ਾਂ ਆ ਰਹੀਆਂ ਸਨ।

ਬਾਬੇ ਦੇ ਸ਼ਰਧਾਲੂ ਬਾਬੇ ਉਪਰੋਂ ਫ਼ੁੱਲਾਂ ਦੀ ਵਰਖਾ ਕਰ ਰਹੇ ਸਨ।

ਫ਼ਿੱਟਿਆ ਬਾਬਾ ਸਰਕਾਰੀ ਸਾਹਣ ਵਾਂਗ ਛੂਕਦਾ ਸਭ ਨੂੰ ਆਸ਼ੀਰਵਾਦ ਦਿੰਦਾ ਜਾ ਰਿਹਾ ਸੀ। ਉਸ ਦੇ ਅੱਗੇ ਪਿੱਛੇ ਇਲਾਕੇ ਦੀ ਹਥਿਆਰਬੰਦ ਪੁਲੀਸ ਤੁਰੀ ਆ ਰਹੀ ਸੀ। ਬਾਬੇ ਦੇ ਨਿੱਜੀ ਬਾਡੀਗਾਰਡ ਵੀ ਨਾਲ਼-ਨਾਲ਼ ਚੱਲ ਰਹੇ ਸਨ।

ਬਾਬਾ ਅਦਾਲਤ ਵਿੱਚ ਦਾਖਲ ਹੋਇਆ ਤਾਂ ਉਸ ਦੇ ਬਾਡੀਗਾਰਡ ਆਸੇ ਪਾਸੇ ਕੰਧਾਂ ਨਾਲ਼ ਇੱਕ ਧਿਰ ਬਣ ਕੇ ਖੜ੍ਹ ਗਏ। ਬਲਾਤਕਾਰ ਹੋਣ ਵਾਲ਼ੀ ਮਾਲੂਕ ਕੁੜੀ ਬਾਬੇ ਅਤੇ ਉਸ ਦੇ ਬਾਡੀਗਾਰਡਾਂ ਨੂੰ ਦੇਖ-ਦੇਖ ਕੰਬੀ ਜਾ ਰਹੀ ਸੀ ਅਤੇ ਵਾਰ-ਵਾਰ ਕੰਬਦੇ ਹੱਥ ਹੱਥ ਗੋਡਿਆਂ ਵਿੱਚ ਲੈਂਦੀ ਸੀ। ਕੁੜੀ ਦਾ ਖ਼ੁਦ ਡਰਿਆ ਬਾਪ ਧਰਵਾਸ ਵਜੋਂ ਉਸ ਦੇ ਸਿਰ 'ਤੇ ਹੱਥ ਰੱਖੀ ਬੈਠਾ ਸੀ।

ਕੇਸ ਦੀ ਸੁਣਵਾਈ ਸ਼ੁਰੂ ਹੋਈ।

ਸਰਕਾਰੀ ਨੇ ਵਕੀਲ ਸਾਰਾ ਕੇਸ ਪੜ੍ਹ ਕੇ ਸੁਣਾਇਆ।

-"ਮੀ ਲਾਰਡ...! ਸੰਤ ਅਨੋਖ ਅਲੱਖ, ਉਰਫ਼ ਜੋਤਾਂ ਵਾਲ਼ੇ ਬਾਬਾ ਜੀ ਨੇ ਆਪਣੇ ਡੇਰੇ ਵਿਚ ਸ਼ਰੇਆਮ ਇੱਕ ਨਾਬਾਲਿਗ ਲੜਕੀ ਅਨੀਤਾ ਕੁਮਾਰੀ ਨਾਲ਼ ਵਾਰ-ਵਾਰ ਬਲਾਤਕਾਰ ਕੀਤਾ, ਉਸ ਨੂੰ ਚੁੱਪ ਰਹਿਣ ਲਈ ਡਰਾਇਆ ਧਮਕਾਇਆ ਅਤੇ ਕਈ ਲਾਲਚ ਵੀ ਦਿੱਤੇ ਗਏ...। ਨਤੀਜੇ ਵਜੋਂ ਪੀੜਤ ਕੁੜੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਅਤੇ ਫ਼ਿਰ ਬਿਮਾਰ ਹੋ ਗਈ...। ਅਜੇ ਵੀ ਸੰਤ ਜੀ ਦੇ ਪੈਰੋਕਾਰ, ਪੀੜਤ ਕੁੜੀ ਅਤੇ ਉਸ ਦੇ ਪ੍ਰੀਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਕੇਸ ਵਾਪਸ ਲੈਣ ਲਈ ਦਬਾਅ ਪਾ ਰਹੇ ਹਨ...।"

ਪੀੜਤ ਕੁੜੀ ਦੇ ਮਾਂ-ਬਾਪ ਨੇ ਡਰਦਿਆਂ ਨੀਂਵੀਂ ਪਾ ਲਈ।

ਨਮੋਸ਼ੀ ਵੀ ਉਹਨਾਂ ਕੋਲ਼ੋਂ ਝੱਲ ਨਹੀਂ ਹੁੰਦੀ ਸੀ।

-"ਔਬਜੈਕਸ਼ਨ ਮੀ ਲਾਰਡ...! ਮੇਰੇ ਅਜ਼ੀਜ਼ ਵਕੀਲ ਦੋਸਤ ਕੋਲ਼ ਇਹਨਾਂ ਗੱਲਾਂ ਦਾ ਕੋਈ ਸਬੂਤ ਨਹੀਂ ਕਿ ਅਨੀਤਾ ਕੁਮਾਰੀ ਨਾਲ਼ ਸੰਤ ਅਨੋਖ ਅਲੱਖ ਜੀ ਨੇ ਬਲਾਤਕਾਰ ਕੀਤਾ, ਜਾਂ ਸੰਤ ਜੀ ਵੱਲੋਂ ਉਸ ਨੂੰ ਡਰਾਇਆ ਜਾਂ ਧਮਕਾਇਆ ਜਾ ਰਿਹਾ ਹੈ...। ਹਰ ਦੋਸ਼ ਸਬੂਤ ਮੰਗਦਾ ਹੈ ਅਤੇ ਲਗਾਏ ਹੋਏ ਹਰ ਦੋਸ਼ ਨੂੰ ਅਦਾਲਤ ਸਾਹਮਣੇ ਸਾਬਤ ਕਰਨਾ ਹੁੰਦਾ ਹੈ...!"

-"ਮੀ ਲਾਰਡ...! ਜਿਵੇਂ ਆਮ ਕਿਹਾ ਜਾਂਦੈ ਕਿ ਤਕੜੇ ਦਾ ਸੱਤੀਂ ਵੀਹੀਂ ਸੌ...! ਓਸੇ ਤਰ੍ਹਾਂ ਮੌਕੇ ਦੇ ਤਮਾਮ ਗਵਾਹ ਦੋਸ਼ੀ ਧਿਰ ਨੇ ਲਾਲਚ ਜਾਂ ਧਮਕੀਆਂ ਦੇ ਕੇ ਮੁਕਰਾ ਲਏ...! ਹੁਣ ਸਿਰਫ਼ ਪੀੜਤ ਕੁੜੀ ਦੇ ਬਿਆਨ ਹੀ ਸਾਬਤ ਕਰ ਸਕਦੇ ਹਨ ਕਿ ਕੇਸ ਦੀ ਅਸਲੀਅਤ ਕੀ ਹੈ...? ਮੈਂ ਅਦਾਲਤ ਤੋਂ ਇਜਾਜ਼ਤ ਚਾਹੁੰਗਾ, ਕਿ ਪੀੜਤ ਲੜਕੀ ਨੂੰ ਕਟਿਹਰੇ ਵਿੱਚ ਬੁਲਾ ਕੇ ਸਾਰੀ ਅਸਲੀਅਤ ਉਸ ਤੋਂ ਜਾਣੀਂ ਜਾਵੇ...!"

-"ਇਜਾਜ਼ਤ ਹੈ...!"

-"ਆਓ ਬੇਟੇ...!" ਸਰਕਾਰੀ ਵਕੀਲ ਨੇ ਪੀੜਤ ਕੁੜੀ ਨੂੰ ਕਟਿਹਰੇ ਵਿੱਚ ਆਉਣ ਲਈ ਇਸ਼ਾਰਾ ਕੀਤਾ।

ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੁੜੀ ਕੰਬਦੀ ਅਤੇ ਡੋਲਦੀ ਕਟਿਹਰੇ ਵਿੱਚ ਆ ਹਾਜ਼ਰ ਹੋਈ। ਸਰਕਾਰੀ ਵਕੀਲ ਨੇ ਉਸ ਨੂੰ ਸਹਾਰਾ ਦਿੱਤਾ। ਬਾਬੇ ਦੇ ਨਿੱਜੀ ਬਾਡੀਗਾਰਡ ਅਤੇ ਸ਼ਰਧਾਲੂ ਪੀੜਤ ਕੁੜੀ ਨੂੰ "ਵੱਢ ਖਾਣੀਆਂ" ਨਜ਼ਰਾਂ ਨਾਲ਼ ਘੂਰ ਰਹੇ ਸਨ।

-"ਬੋਲੋ ਬੇਟੇ...! ਜੋ ਤੁਹਾਡੇ ਨਾਲ਼ ਕੁਕਰਮ ਹੋਇਆ, ਉਹ ਕਟਿਹਰੇ ਵਿੱਚ ਖੜ੍ਹੇ ਸੰਤ ਅਨੋਖ ਅਲੱਖ ਉਰਫ਼ ਜੋਤਾਂ ਵਾਲ਼ੇ ਬਾਬੇ ਨੇ ਹੀ ਕੀਤਾ...?"

-"...................।" ਨੀਂਵੀਂ ਪਾਈ ਅਤੇ ਕੰਬਦੀ ਕੁੜੀ ਨੇ "ਹਾਂ" ਵਿੱਚ ਸਿਰ ਹਿਲਾਇਆ। ਉਸ ਦੇ ਰੁੱਖੇ ਵਾਲ਼ ਸਪੋਲ਼ੀਆਂ ਵਾਂਗ ਹਿੱਲਦੇ ਸਨ।

-"ਬੋਲ ਕੇ ਦੱਸੋ ਬੇਟੇ...! ਤੁਹਾਡੇ ਨਾਲ਼ ਬਲਾਤਕਾਰ ਸੰਤ ਅਨੋਖ ਅਲੱਖ ਨੇ ਹੀ ਕੀਤਾ...??" ਸਰਕਾਰੀ ਵਕੀਲ ਨੇ ਦੁਬਾਰਾ ਪੁਸ਼ਟੀ ਕਰਨ ਲਈ ਪੁੱਛਿਆ।

-"ਹਾਂ ਜੀ...!" ਕੰਬਦੀ ਕੁੜੀ ਨੇ ਮਰਿਆ ਜਿਹਾ "ਹਾਂ ਜੀ" ਦਾ ਉੱਤਰ ਦਿੱਤਾ।

ਗੱਲ ਸੰਤ ਪੱਖੀ ਵਕੀਲ ਨੇ ਆਪਣੇ ਹੱਥ ਲੈ ਲਈ।

-"ਅਨੀਤਾ ਕੁਮਾਰੀ ਜੀ, ਤੁਸੀਂ ਅਦਾਲਤ ਨੂੰ ਇਹ ਦੱਸੋ, ਕਿ ਤੁਹਾਡੇ ਕਹਿਣ ਮੁਤਾਬਿਕ ਸੰਤ ਜੀ ਨੇ ਤੁਹਾਡੇ ਨਾਲ਼ ਬਲਾਤਕਾਰ ਕੀਤਾ, ਕੀ ਤੁਸੀਂ ਦੱਸ ਸਕਦੇ ਹੋ ਕਿ ਕੀ ਇਹ ਸੱਚ ਹੀ ਬਲਾਤਕਾਰ ਸੀ...? ਕੀ ਇਸ ਕੇਸ ਵਿਚ ਤੁਹਾਡੀ ਆਪਣੀ ਸਹਿਮਤੀ ਨਹੀਂ ਸੀ...?"

-".......................।" ਕੰਬਦੀ ਕੁੜੀ ਸਿਰ ਸੁੱਟ ਕੇ ਰੋਣ ਲੱਗ ਪਈ।

ਪਬਲਿਕ ਵਿੱਚ ਬੈਠੇ ਕੁੜੀ ਦੇ ਬਾਪ ਨੇ ਵੀ ਬੇਵੱਸੀ ਵਿੱਚ ਹਾਉਕੇ ਵਰਗਾ ਸਾਹ ਲਿਆ ਅਤੇ ਸਿਰ ਸੁੱਟ ਕੇ ਰੋਣ ਲੱਗ ਪਿਆ।

-"ਅਨੀਤਾ ਕੁਮਾਰੀ ਜੀ, ਕੀ ਤੁਸੀਂ ਦੱਸ ਸਕਦੇ ਹੋ ਕਿ ਸੰਤ ਜੀ ਨੇ ਬਲਾਤਕਾਰ ਕਿਸ ਢੰਗ, ਕਿਸ ਪੋਜ਼ੀਸ਼ਨ ਵਿਚ ਕੀਤਾ...??"

-"...............।" ਕੁੜੀ ਉਚੀ-ਉਚੀ ਰੋਣ ਲੱਗ ਪਈ।

-"ਕੀ ਸੰਤ ਜੀ ਨਾਲ਼ ਤੁਸੀਂ ਆਪਣੀ ਇੱਛਾ ਨਾਲ਼ ਹਮਬਿਸਤਰ ਨਹੀਂ ਹੋਏ...?" ਸੰਤ ਦੇ ਵਕੀਲ ਨੇ ਬੇਹੂਦੇ ਸੁਆਲਾਂ ਦੀ ਝੜੀ ਲਾਈ ਤਾਂ ਕੁੜੀ ਅਦਾਲਤ ਦੇ ਕਟਿਹਰੇ ਵਿੱਚ ਹੋਰ ਰੋਣ ਕੁਰਲਾਉਣ ਲੱਗ ਪਈ।

-"ਪੀੜਤ ਨੂੰ ਬਿਆਨਾਂ ਵਿੱਚ ਉਲ਼ਝਾਇਆ ਅਤੇ ਵਰਗਲ਼ਾਇਆ ਜਾ ਰਿਹਾ ਹੈ, ਮੀ ਲਾਰਡ...! ਉਸ ਨੂੰ ਦਿਸ਼ਾਹੀਣ ਕਰਨ ਲਈ ਬਿਆਨ ਉਸ ਉਪਰ ਠੋਸੇ ਜਾ ਰਹੇ ਹਨ...!" ਸਰਕਾਰੀ ਵਕੀਲ ਤੈਸ਼ ਵਿੱਚ ਆ ਗਿਆ। ਸੰਤ ਦਾ ਪੱਖੀ ਵਕੀਲ ਕੁਝ ਬੋਲਣ ਲੱਗਿਆ ਤਾਂ ਜੱਜ ਜਪੁਜੀ ਨੇ ਰੋਕ ਦਿੱਤਾ

-"ਸਟੌਪ ਇੱਟ....!! ਪੀੜਤ ਬੀਬੀ 'ਤੇ ਮਾਨਸਿਕ ਤਸ਼ੱਦਦ ਬੰਦ ਕਰੋ...!!"

ਗੱਲ ਸਰਕਾਰੀ ਵਕੀਲ ਨੇ ਆਪਣੇ ਹੱਥ ਲੈ ਲਈ।

-"ਯੂਅਰ ਆਨਰ...! ਅਗਰ ਆਪਾਂ ਪਿਛਲੀਆਂ ਗਵਾਹੀਆਂ 'ਤੇ ਬਾਰੀਕੀ ਨਾਲ਼ ਗ਼ੌਰ ਕਰੀਏ, ਤਾਂ ਪ੍ਰਤੱਖ ਪਤਾ ਚੱਲਦਾ ਹੈ ਕਿ ਸੰਤ ਅਨੋਖ ਅਲੱਖ ਨੇ ਪੀੜਤ ਅਨੀਤਾ ਕੁਮਾਰੀ ਨੂੰ ਆਪਣੇ ਡੇਰੇ ਵਿੱਚ ਰੱਖ, ਉਸ ਨਾਲ਼ ਕੁਕਰਮ ਕੀਤਾ, ਵਾਰ-ਵਾਰ ਅਤੇ ਵਹਿਸ਼ੀਆਂ ਵਾਂਗ ਬੜੀ ਬੇਰਹਿਮੀਂ ਨਾਲ਼ ਕੁਕਰਮ ਕੀਤਾ..! ਦੋਸ਼ੀ ਧਿਰ ਜਰਵਾਣੀਂ ਹੋਣ ਕਾਰਨ ਲਾਲਚ ਅਤੇ ਧਮਕੀਆਂ ਨਾਲ਼ ਕਈ ਗਵਾਹ ਮੁਕਰਾਏ ਅਤੇ ਕਈ ਭਜਾਏ ਗਏ...! ਪੀੜਤ ਧਿਰ ਦੇ ਗ਼ਰੀਬ ਹੋਣ ਦਾ ਪੂਰਾ-ਪੂਰਾ ਫ਼ਾਇਦਾ ਉਠਾਇਆ ਗਿਆ, ਹਾਲਾਂ ਕਿ ਪੀੜਤ ਧਿਰ ਨੂੰ ਲਾਲਚ ਵੀ ਬਥੇਰੇ ਦਿੱਤੇ ਗਏ ਮੀ ਲਾਰਡ...! ਵੱਡੇ-ਵੱਡੇ ਮੰਤਰੀ ਇਹਨਾਂ ਸੰਤ ਬਾਬਿਆਂ ਦੀ ਮੁੱਠੀ ਵਿੱਚ ਹਨ, ਜਿੰਨ੍ਹਾਂ ਦੇ ਸਿਰ 'ਤੇ ਇਹਨਾਂ ਨੇ ਕਾਨੂੰਨ ਨੂੰ ਆਪਣੀ "ਨਾਚੀ" ਅਤੇ "ਰਖੇਲ" ਬਣਾ ਕੇ ਰੱਖਿਆ ਹੋਇਆ ਹੈ...! ਕਾਨੂੰਨ ਨੂੰ ਦਰੜਨ ਲੱਗੇ ਇਹ ਇਸੇ ਲਈ ਕਿਰਕ ਨਹੀਂ ਕਰਦੇ, ਕਿਉਂਕਿ ਪੁਲੀਸ ਅਤੇ ਪ੍ਰਸ਼ਾਸਨ ਢਾਲ਼ ਬਣ ਕੇ ਇਹਨਾਂ ਦੀ ਰੱਖਿਆ ਕਰਦਾ ਹੈ..! ਇਹ ਕੁਛ ਪਿਛਲੇ ਗਵਾਹਾਂ ਦੀਆਂ ਸਟੇਟਮੈਂਟਸ ਨੇ ਮੀ ਲਾਰਡ..! ਤੇ ਇਹ ਨੇ ਪੀੜਤ ਧਿਰ ਨੂੰ ਲਾਲਚ ਦੇਣ ਦੇ ਸਬੂਤ..!" ਸਰਕਾਰੀ ਵਕੀਲ ਨੇ ਕਈ ਕਾਗਜ਼ ਜੱਜ ਜਪੁਜੀ ਅੱਗੇ ਪੇਸ਼ ਕੀਤੇ।

ਜਪੁਜੀ ਪੇਸ਼ ਕੀਤੇ ਗਏ ਸਬੂਤਾਂ 'ਤੇ ਨਜ਼ਰ ਮਾਰਨ ਲੱਗ ਪਈ।

ਪੀੜਤ ਕੁੜੀ ਨਿਰਬਲ ਹੋ ਅਦਾਲਤ ਦੇ ਕਟਿਹਰੇ ਵਿੱਚ ਪੈਰਾਂ ਭਾਰ ਬੈਠ ਗਈ।

ਉਹ ਅਜੇ ਵੀ ਕੰਬੀ ਜਾ ਰਹੀ ਸੀ।

ਬਾਬੇ ਦੇ ਬਾਡੀਗਾਰਡ ਕੁੜੀ ਵੱਲ ਗਹਿਰੀ ਨਜ਼ਰ ਨਾਲ਼ ਤੱਕ ਰਹੇ ਸਨ। ਕੁੜੀ ਦੀ ਮਾਂ ਢਿੱਡ ਵਿੱਚ ਮੁੱਕੀਆਂ ਦੇਈ ਬੈਠੀ ਸੀ ਅਤੇ ਬਾਪ ਠੱਕੇ ਦੀ ਮਾਰੀ ਬੱਕਰੀ ਵਾਂਗ ਕੂੰਗੜਿਆ ਜਿਹਾ ਬੈਠਾ ਸੀ। ਉਸ ਦੀਆਂ ਅੱਖਾਂ ਝੁਕੀਆਂ ਹੋਈਆਂ ਸਨ।

ਜਪੁਜੀ ਨੇ ਬੋਲਣਾ ਸ਼ੁਰੂ ਕੀਤਾ।

-"ਗਵਾਹਾਂ ਦੇ ਬਿਆਨਾਂ ਦੀ ਸਮੀਖਿਆ ਅਤੇ ਪੀੜਤ ਕੁੜੀ ਦੇ ਬਿਆਨ ਇਹ ਸਾਫ਼ ਸਿੱਧ ਕਰਦੇ ਹਨ ਕਿ ਪੀੜਤ ਕੁੜੀ ਅਨੀਤਾ ਕੁਮਾਰੀ ਨਾਲ਼ ਬਲਾਤਕਾਰ ਹੋਇਆ, ਅਤੇ ਕਈ ਵਾਰ ਹੋਇਆ...! ਅਦਾਲਤ "ਸੋ ਕਾਲਡ" ਸੰਤ ਅਨੋਖ ਅਲੱਖ ਉਰਫ਼ ਜੋਤਾਂ ਵਾਲ਼ੇ ਬਾਬੇ ਨੂੰ ਦਫ਼ਾ 376 ਦੇ ਤਹਿਤ ਦਸ ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਉਂਦੀ ਹੈ...!"

ਅਦਾਲਤ ਦਾ ਫ਼ੈਸਲਾ ਸੁਣ ਕੇ ਸੰਨਾਟਾ ਛਾ ਗਿਆ।

ਕਟਿਹਰੇ ਵਿੱਚ ਖੜ੍ਹੇ "ਬਾਬੇ" ਦੀਆਂ ਅੱਖਾਂ ਵਿੱਚੋਂ ਚੰਗਿਆੜੇ ਫ਼ੁੱਟੇ। ਉਸ ਨੇ ਤ੍ਰਿਸਕਾਰ ਨਜ਼ਰਾਂ ਨਾਲ਼ ਆਪਣੇ ਵਕੀਲ ਵੱਲ ਦੇਖਿਆ। ਪਰ ਵਕੀਲ ਅੱਖ ਚੁਰਾ ਰਿਹਾ ਸੀ। ਉਸ ਦੀ ਤਿਲ੍ਹਕਦੀ-ਤਿਲ੍ਹਕਦੀ ਨਜ਼ਰ ਸੰਤ ਦੇ ਸਿਰ ਉਪਰੋਂ ਦੀ ਲੰਘ ਜਾਂਦੀ।

ਪੀੜਤ ਕੁੜੀ ਉਸੇ ਤਰ੍ਹਾਂ ਅਦਾਲਤ ਦੇ ਕਟਿਹਰੇ ਵਿਚ ਪੈਰਾਂ ਭਾਰ ਬੈਠੀ ਸੀ।

ਸਿਪਾਹੀਆਂ ਨੇ "ਸੰਤ ਜੀ" ਨੂੰ ਹੱਥਕੜੀ ਜੜ ਲਈ।

ਅਦਾਲਤ ਦੇ ਬਾਹਰ ਬਾਬੇ ਦੇ ਪੈਰੋਕਾਰਾਂ ਵੱਲੋਂ ਨਾਅਰੇਬਾਜ਼ੀ ਸ਼ੁਰੂ ਹੋ ਗਈ।

-"ਸੰਤ ਬਾਬਾ ਅਨੋਖ ਅਲੱਖ ਜੀ ਜੋਤਾਂ ਵਾਲ਼ੇ...!"

-"ਜ਼ਿੰਦਾਬਾਦ - ਜ਼ਿੰਦਾਬਾਦ...!!"

-"ਅਦਾਲਤੀ ਪ੍ਰਸ਼ਾਸਨ...!"

-"ਮੁਰਦਾਬਾਦ...!"

-"ਅਦਾਲਤੀ ਪ੍ਰਸ਼ਾਸਨ...!"

-"ਮੁਰਦਾਬਾਦ...!"

ਪੁਲੀਸ ਦੀ ਭਾਰੀ ਸੁਰੱਖਿਆ ਹੇਠ ਸੰਤ ਜੀ ਜੇਲ੍ਹ ਵਾਲ਼ੀ ਗੱਡੀ ਵੱਲ ਲਿਜਾਏ ਜਾ ਰਹੇ ਸਨ। ਸ਼ਰਧਾਲੂ ਅਜੇ ਵੀ ਬਾਬਾ ਜੀ ਦੇ ਪੈਰਾਂ ਵਿਚ ਲਿਟ ਰਹੇ ਸਨ। ਫ਼ੁੱਲਾਂ ਦੀ ਵਰਖ਼ਾ ਹੋ ਰਹੀ ਸੀ। ਦੂਰ ਮਿਰਾਸੀ ਅਤੇ ਉਸ ਦਾ ਮੁੰਡਾ ਫ਼ੇਰ ਤੱਕ ਰਹੇ ਸਨ।

-"ਜੇ ਅਲੌਕਿਕ ਕੌਤਕ ਦੇਖਣੇ ਹੋਣ, ਤਾਂ ਹਿੰਦੋਸਤਾਨ 'ਚ ਈ ਦੇਖੇ ਜਾ ਸਕਦੇ ਐ, ਪੁੱਤਰਾ...! ਕਿਸੇ ਹੋਰ ਦੇਸ਼ 'ਚ ਤਾਂ ਸ਼ਾਇਦ ਮੁਸ਼ਕਿਲ ਐ...!" ਮਿਰਾਸੀ ਨੇ ਆਪਣੇ ਮੁੰਡੇ ਨੂੰ ਕਿਹਾ, "ਦੇਖ ਸਰਕਾਰੀ ਸਾਹਣ ਕਿਵੇਂ ਆਫ਼ਰਿਆ ਜਾਂਦੈ...!"

ਪਰ ਹੁਣ ਸੰਤ ਚੁੱਪ ਸੀ।

ਉਦਾਸ ਸੀ।

ਨਿਰਾਸ਼ ਸੀ।

ਉਸ ਦੇ ਨਿੱਜੀ ਬਾਡੀਗਾਰਡ ਅਜੇ ਵੀ ਅੱਗੇ ਪਿੱਛੇ ਚੱਲ ਰਹੇ ਸਨ।

ਜੇਲ੍ਹ ਕਰਮਚਾਰੀ ਅਤੇ ਪੁਲੀਸ ਵਾਲ਼ੇ ਸ਼ਰਧਾਲੂਆਂ ਨੂੰ ਬੜੀ ਔਖ ਨਾਲ਼ ਪਾਸੇ ਕਰ ਰਹੇ ਸਨ। ਪ੍ਰੈੱਸ ਵਾਲ਼ੇ ਕੈਮਰੇ ਫ਼ੜੀ ਅੱਗੇ ਆ ਬਹੁੜੇ।

-"ਸੰਤ ਜੀ ਇਸ ਸਜ਼ਾ ਬਾਰੇ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ...??"

-".......................।" ਪਰ ਸੰਤ ਜੀ ਕੈਮਰਿਆਂ ਦੇ ਮੂੰਹ 'ਤੇ ਹੱਥ ਰੱਖਦੇ, ਮੂੰਹ ਪਰ੍ਹੇ ਕਰ ਗਏ।

 

ਕਾਂਡ 11

 ਸਰਦੀਆਂ ਦਾ ਸੂਰਜ ਬੜੀ ਤੇਜ਼ੀ ਨਾਲ਼ ਥੱਲੇ ਨੂੰ ਜਾ ਰਿਹਾ ਸੀ। ਗੇਜਾ ਖੇਤ ਬਰਸੀਨ ਵੱਢ ਰਿਹਾ ਸੀ। ਦਾਤੀ ਦੀ "ਕਰਚ-ਕਰਚ" ਸਾਫ਼ ਸੁਣਾਈ ਦਿੰਦੀ ਸੀ। ਦੂਰ ਕਿਤੇ ਚੱਲਦੇ ਇੰਜਣ ਦਾ ਘੁੱਗੂ ਸੁਣਾਈ ਦਿੰਦਾ ਸੀ। ਦੂਜੇ ਪਿੰਡ ਕਿਸੇ ਬਨੇਰੇ 'ਤੇ ਵੱਜਦੇ ਸਪੀਕਰ ਦੀ ਮੱਧਮ ਅਵਾਜ਼ ਕੰਨਾਂ ਵਿੱਚ ਰਸ ਘੋਲ਼ਦੀ ਸੀ। ਇੱਕ ਪਾਸੇ ਕਮਾਦ ਦੇ ਓਹਲੇ ਕਿਤੇ ਤਿੱਤਰ ਬੋਲ ਰਿਹਾ ਸੀ।

ਪਿੰਡ ਦਾ ਨੰਬਰਦਾਰ ਵੱਟੋ-ਵੱਟ ਤੁਰਿਆ ਆ ਰਿਹਾ ਸੀ।

ਨੰਬਰਦਾਰ ਦੇ ਹੱਥ ਵਿਚ ਦਾਤੀ ਅਤੇ ਪੱਲੀ ਫ਼ੜੀ ਹੋਈ ਸੀ।

ਗੇਜਾ ਚੌਂਧੀ ਲੱਗੀ ਵਾਲ਼ਿਆਂ ਵਾਂਗ ਨੰਬਰਦਾਰ ਨੂੰ ਗਹੁ ਨਾਲ਼ ਦੇਖਣ ਲੱਗ ਪਿਆ। ਅਚਾਨਕ ਨੰਬਰਦਾਰ ਵਿੱਚੋਂ ਗੇਜੇ ਨੂੰ ਇੱਕ ਖੂੰਖ਼ਾਰ ਬੱਚੀ ਦਿਸਣ ਲੱਗ ਪਈ। ਗੇਜਾ ਹੋਰ ਗਹੁ ਨਾਲ਼ ਤੱਕਦਾ "ਥਰ-ਥਰ" ਕੰਬਣ ਲੱਗ ਪਿਆ।

ਜਿਉਂ-ਜਿਉਂ ਲੜਕੀ ਹੋਰ ਨਜ਼ਦੀਕ ਆਉਂਦੀ ਜਾਂਦੀ ਸੀ, ਗੇਜੇ ਦਾ ਕਾਂਬਾ ਹੋਰ ਤੇਜ਼ੀ ਫ਼ੜਦਾ ਜਾ ਰਿਹਾ ਸੀ।

ਕੁੜੀ ਦੀਆਂ ਨਜ਼ਰਾਂ ਬਿਕਰਾਲ਼ ਸਨ ਅਤੇ ਹੱਥ ਵਿਚ ਦੰਦਿਆਂ ਵਾਲ਼ਾ ਦਾਤਨੁਮਾਂ ਦਾਹ ਸੀ। ਹਮੇਸ਼ਾ ਵਾਂਗ ਕੁੜੀ ਦੇ ਰੁੱਖੇ ਵਾਲ਼ ਜਟੂਰੀਆਂ ਬਣੇ ਸੱਪ ਵਾਂਗ ਮੇਲ੍ਹ ਰਹੇ ਸਨ ਅਤੇ ਹੱਥਾਂ ਦੇ ਗਿੱਠ-ਗਿੱਠ ਨਹੁੰ ਖ਼ੂਨ ਨਾਲ਼ ਗੜੁੱਚ ਸਨ।

ਕੰਬਦੇ ਗੇਜੇ ਦਾ ਮੂਤ ਕੱਛੇ ਵਿੱਚੋਂ ਲੱਤਾਂ ਭਿਆਉਣ ਲੱਗ ਪਿਆ।

ਜਦ ਬੱਚੀ ਨੌਂ ਗਜੇ ਕੱਦ ਨਾਲ਼ ਗੇਜੇ ਦੇ ਉਪਰ ਆ ਚੜ੍ਹੀ, ਤਾਂ ਗੇਜਾ ਹੱਥਲੀ ਦਾਤੀ ਸੁੱਟ ਕੇ ਰੌਲ਼ਾ ਪਾਉਂਦਾ ਸਿਰਤੋੜ ਦੌੜ ਪਿਆ।

-"ਓਏ ਖਾ ਲਿਆ ਓਏ ਮੈਨੂੰ...! ਬਚਾਓ ਓਏ ਪਿੰਡਾ...! ਓਏ ਫ਼ੜੋ ਓਏ ਦੁਸ਼ਮਣੋਂ ਇਹਨੂੰ...! ਹੁਣ ਨੀ ਛੱਡਦੀ ਓਏ, ਬਹੁੜ੍ਹੀ...!!!!"

ਗੇਜਾ ਫ਼ਸਲਾਂ ਵਿੱਚ ਦੀ ਡਰੇ ਬੋਤੇ ਵਾਂਗ ਗੋਲ਼ੀ ਬਣਿਆਂ ਜਾ ਰਿਹਾ ਸੀ।

ਅੱਗਿਓਂ ਪਿੰਡ ਦਾ ਕੋਈ ਹੋਰ ਬੰਦਾ ਖਾਲ਼ੋ-ਖਾਲ਼ ਤੁਰਿਆ ਆ ਰਿਹਾ ਸੀ, ਉਸ ਦੇ ਹੱਥ ਵਿੱਚ ਵੀ ਦਾਤੀ ਅਤੇ ਪੱਲੀ ਚੱਕੀ ਹੋਈ ਸੀ। ਉਹ ਬੰਦਾ ਵੀ ਗੇਜੇ ਨੂੰ ਬਿਕਰਾਲ਼ ਬੱਚੀ ਦਾ ਰੂਪ ਦਿਸਣ ਲੱਗ ਪਿਆ ਤਾਂ ਗੇਜਾ ਰੌਲ਼ਾ ਪਾਉਂਦਾ ਇੱਕ ਪਿਛਲਖੁਰੀ ਭੱਜ ਪਿਆ।

-"ਓਏ ਬਚਾ ਲਓ ਓਏ...! ਮਾਰਦੂ ਓਏ ਵੈਰੀਓ ਅੱਜ ਮੈਨੂੰ...!! ਅੱਜ ਤਾਂ ਬੁਰੀ ਧਾਰੀ ਫ਼ਿਰਦੀ ਐ, ਮਾਰਦੂ ਮੈਨੂੰ..!"

ਨੰਬਰਦਾਰ ਨੇ ਹਾਲ ਦੁਹਾਈ ਮਚਾਉਂਦੇ ਗੇਜੇ ਨੂੰ ਭੁਆਟਣੀਂ ਦੇ ਕੇ ਥੱਲੇ ਸੁੱਟ ਲਿਆ। ਨੰਬਰਦਾਰ ਦੇ ਹੱਥ ਵਾਲ਼ੀ ਦਾਤੀ ਗੇਜੇ ਦੇ ਗਲ਼ ਕੋਲ਼ ਆ ਗਈ।

-"ਨਾ ਮਾਰ ਪੁੱਤ ਮੈਨੂੰ...! ਮੈਥੋਂ ਗਲਤੀ ਹੋਗੀ ਧੀਏ...!! ਨਾ ਮਾਰ ਮੈਨੂੰ, ਮੈਂ ਤੇਰੀ ਕੈਲ਼ੀ ਗਊ...! ਮੇਰੇ ਮੂੰਹ ਘਾਹ, ਬਖ਼ਸ਼ ਮੈਨੂੰ...!"

ਬੱਕੜਵਾਹ ਕਰਦੇ ਗੇਜੇ ਦੇ ਅਚਾਨਕ ਪਾਣੀ ਦੀ ਬਾਲਟੀ ਮੂੰਹ 'ਤੇ ਆ ਪਈ।

ਉਸ ਨੇ ਸਿਰ ਝਟਕ ਕੇ ਕੁਝ ਸੁਰਤ ਫ਼ੜੀ। ਤਾਣੀਂ ਵਾਂਗ ਕੰਬਦੇ ਹੱਥਾਂ ਨਾਲ਼ ਮੂੰਹ ਸਾਫ਼ ਕਰਦਾ ਗੇਜਾ ਪਾਸੇ ਖੜ੍ਹੇ ਲੋਕਾਂ ਵੱਲ ਸ਼ੁਦਾਈਆਂ ਵਾਂਗ ਦੇਖ ਰਿਹਾ ਸੀ।

-"ਬਚ ਗਿਆ ਮੈਂ...? ...ਓਏ ਮੈਂ ਬਚ ਗਿਆ...!!!! ਕਿੱਧਰ ਗਈ ਸਹੁਰੀ..? ...ਹਾਂ ਮੈਂ ਬਚ ਗਿਆ..!!" ਉਹ ਪਾਗਲਾਂ ਵਾਂਗ ਆਸੇ ਪਾਸੇ ਝਾਕਦਾ, ਉਚੀ-ਉਚੀ ਹੱਸਿਆ ਅਤੇ ਫ਼ਿਰ ਹੋਰ ਉਚੀ ਹੱਸਦਾ ਹੋਇਆ ਫ਼ਸਲ ਵਿੱਚ ਲਿਟਣ ਲੱਗ ਪਿਆ। ਉਹ ਖੇਤ ਵਿੱਚ ਪਿਆ ਸਾਈਕਲ ਚਲਾਉਣ ਵਾਲ਼ਿਆਂ ਵਾਂਗ ਲੱਤਾਂ ਚਲਾ ਰਿਹਾ ਸੀ।

ਪਾਣੀ ਦੀ ਇੱਕ ਹੋਰ ਬਾਲਟੀ ਉਸ ਦੇ ਮੂੰਹ 'ਤੇ ਆ ਪਈ। ਉਭੜਵਾਹਿਆਂ ਵਾਂਗ ਗੇਜੇ ਨੇ ਮੂੰਹ ਸਾਫ਼ ਕੀਤਾ ਅਤੇ ਅੱਡੀਆਂ ਅੱਖਾਂ ਨਾਲ਼ ਆਸੇ-ਪਾਸੇ ਦੇਖਿਆ। ਨੰਬਰਦਾਰ ਅਤੇ ਪਿੰਡ ਦਾ ਇੱਕ ਹੋਰ ਬੰਦਾ ਸਾਹਮਣੇ ਖੜ੍ਹੇ ਸਨ।

-"ਤੈਨੂੰ ਹੋਇਆ ਕੀ ਐ ਓਏ ਕੁੜੀ ਯ੍ਹਾਅਵੇ ਦਿਆ...?? ਕਿਉਂ ਉੱਧ-ਮੂਲ਼ ਖੜ੍ਹਾ ਕੀਤੈ...??" ਨੰਬਰਦਾਰ ਨੇ ਗੇਜੇ ਨੂੰ ਲਲਕਾਰਨ ਵਾਂਗ ਕਿਹਾ।

-"ਇਹਦਾ ਤਾਂ ਨਿੱਤ ਦਾ ਈ ਆਹ ਕੰਮ ਐਂ ਨੰਬਰਦਾਰਾ...! ਇਹਦਾ ਡਮਾਕ ਹੱਲ ਗਿਆ...!" ਦੂਜੇ ਨੇ ਕਿਹਾ।

-"ਇਹ ਤਾਂ ਐਕਣ ਕਰਦੈ, ਜਿਵੇਂ ਸੱਚੀਂ ਇਹਦੇ ਡਮਾਕ 'ਚ ਫ਼ਰਕ ਪੈ ਗਿਆ ਹੁੰਦੈ...!" ਨੰਬਰਦਾਰ ਘੋਖਵੀਂ ਨਜ਼ਰ ਨਾਲ਼ ਉਸ ਵੱਲ ਤੱਕ ਰਿਹਾ ਸੀ।

-"ਬੰਦਾ ਬਣ'ਜਾ ਗੇਜਿਆ...! ਨਹੀਂ ਅੰਬਰਸਰੋਂ ਬਿਜਲੀਆਂ ਲਵਾਉਣੀਆਂ ਪੈਣਗੀਆਂ, ਤੇਰੀ ਫ਼ੱਤੋ ਤਾਂ ਅੱਗੇ ਸਾਹ-ਸਤ ਛੱਡੀ ਫ਼ਿਰਦੀ ਐ..! ਕਮਲ਼ਾ ਹੋਇਆ ਸੁਣ ਕੇ ਤਾਂ ਉਹ ਵੀ ਕਮਲ਼ੀ ਹੋਜੂ..! ਜੁਆਕਾਂ ਦਾ ਖਿਆਲ ਕਰ..!"

-"ਨ੍ਹਾਂ ਤੈਨੂੰ ਅਚਾ ਕੀ ਐ ਓਏ...? ਸਾਲ਼ਿਆ ਮੁਤਰ-ਮੁਤਰ ਝਾਕਦੈਂ, ਜਿਵੇਂ ਟੂਣਾਂ ਟੱਪਿਆ ਹੁੰਨੈ...!" ਨੰਬਰਦਾਰ ਨੇ ਕਰੜਾ ਹੋ ਕੇ ਕਿਹਾ।

-"..................।" ਗੇਜਾ ਸਾਅਫ਼ਾ ਲਪੇਟਦਾ ਚੁੱਪ-ਚਾਪ ਛੁਪਦੇ ਸੂਰਜ ਦੀ ਟਿੱਕੀ ਵੱਲ ਦੇਖਦਾ ਓਧਰ ਨੂੰ ਤੁਰ ਪਿਆ।

-"ਓਏ ਮਾਂ ਦਿਆ ਖਸਮ ਚੰਦਾ, ਖਾਲੀ ਤੁਰ ਚੱਲਿਆ, ਆਬਦੇ ਕੁਛ ਲੱਗਦੇ ਪੱਠੇ ਤਾਂ ਲੈ ਜਾ ਚੱਕ ਕੇ...!!"

-".................।" ਪਰ ਗੇਜੇ ਨੂੰ ਕੁਝ ਨਹੀਂ ਸੁਣਿਆਂ ਅਤੇ ਉਹ ਕਮਲ਼ਿਆਂ ਵਾਂਗ ਵਾਹੋ-ਦਾਹੀ ਛਿਪਦੀ ਵੱਲ ਨੂੰ ਦੌੜ ਪਿਆ।

-"ਇਹਨੇ ਸਾਲ਼ੇ ਨੇ ਕੋਈ ਨਸ਼ਾ ਪੱਤਾ ਤਾਂ ਨੀ ਖਾਧਾ, ਜਿਹੜਾ ਸਿੱਧਾ ਸਲੋਟ ਈ ਝਾਕੀ ਜਾਂਦੈ...?"

-"ਰੱਬ ਜਾਣੇਂ...!"

 

0 0 0 0 0

 

ਜੇਲ੍ਹ ਭੇਜਣ ਤੋਂ ਬਾਅਦ ਮੁੱਖ ਮੰਤਰੀ ਦਾ ਪੀ.ਏ. ਜੇਲ੍ਹ ਵਿੱਚ "ਸੰਤ ਬਾਬਾ ਜੀ" ਦੀ ਮੁਲਾਕਾਤ ਨੂੰ ਆਇਆ।

-"ਮਹਾਂਪੁਰਖੋ, ਤੁਹਾਨੂੰ ਸਜ਼ਾ ਦੇਣ ਵਾਲ਼ੀ ਕੁੜੀ ਪਤਾ ਕੌਣ ਸੀ...?" ਉਸ ਨੇ ਬੜੇ ਸ਼ਾਂਤਮਈ ਅੰਦਾਜ਼ ਨਾਲ਼ ਰਹੱਸ ਦੱਸਿਆ।

-"ਕੌਣ ਸੀ...??" ਜੇਲ੍ਹ ਦੀਆਂ ਸਲਾਖਾਂ ਪਿੱਛੇ ਫ਼ਸੇ ਸੰਤ ਜੀ ਚੁਗਲ ਵਾਂਗ ਝਾਕ ਰਹੇ ਸਨ।

-"ਇਹ ਓਸੇ ਜੱਜ ਗੁਰਜੋਤ ਸਿੰਘ ਦੀ ਬੇਟੀ ਹੈ, ਜਿਸ ਨੇ ਥੋਡੇ ਕੇਸ ਕਰ ਕੇ ਅਸਤੀਫ਼ਾ ਦਿੱਤਾ ਸੀ...!"

-"ਤੁਸੀਂ ਸਾਰੇ ਨਾਲਾਇਕ ਓਂ...! ਦੁਨੀਆਂ ਭਰ ਦੇ ਟੂਟਲ਼...!! ਹੁਣ ਆ ਕੇ ਦੱਸਣ ਡਹਿ ਗਿਐਂ, ਓਦੋਂ ਨੀ ਸੀ ਪਤਾ...?? ਸੱਪ ਦੇ ਖੱਡ 'ਚ ਵੜਨ ਪਿੱਛੋਂ ਹੁਣ ਲੀਹ ਕੁੱਟਣ ਦਾ ਕੀ ਫ਼ਾਇਦਾ...?"

-"ਮਹਾਂਪੁਰਖੋ, ਡੁੱਬੀ ਤਾਂ 'ਤਾਂ' ਜੇ ਸਾਹ ਨਾ ਆਇਆ...! ਸਾਨੂੰ ਕਾਹਨੂੰ ਪਤਾ ਸੀ ਗਰੀਬ ਨਿਵਾਜ਼...? ਜੇ ਪਤਾ ਹੁੰਦਾ ਇਹਦੇ ਪਿਉ ਵਾਂਗੂੰ ਵੱਟੋ-ਵੱਟ ਨਾ ਪਾ ਲੈਂਦੇ...?" ਉਹ ਸੰਤ ਦੇ ਕਾਫ਼ੀ ਨੇੜੇ ਹੋ ਕੇ ਬੋਲਿਆ, "ਜੇ ਹੁਕਮ ਕਰੋਂ ਤਾਂ ਹੁਣ ਗੱਡੀ ਚਾੜ੍ਹ ਦੇਈਏ...?"

-"ਹੁਣ ਤਾਂ ਦੁਨੀਆਂ ਭਰ ਦੇ ਮੀਡੀਆ ਦੀ ਉਂਗਲ਼ ਸਿੱਧੀ ਸਾਡੇ ਵੱਲ ਆਊਗੀ, ਕਦੇ ਡਮਾਕ ਵੀ ਵਰਤ ਲਿਆ ਕਰੋ..! ਕੱਲ੍ਹ ਦੀ ਛੋਕਰੀ ਸਾਡੀਆਂ ਜੜ੍ਹਾਂ 'ਚ ਬਹਿਗੀ...! ਕਦੇ ਸਾਡੇ ਵੱਲ ਕਿਸੇ ਨੇ ਅੱਖ ਭਰ ਕੇ ਗੱਲ ਕਰਨ ਦੀ ਹਿੰਮਤ ਨੀ ਸੀ ਕੀਤੀ, ਤੇ ਹੁਣ ਮੀਡੀਆ ਦੇ ਦੁੱਕੀ-ਤਿੱਕੀ ਬੰਦੇ ਮੋਢਿਆਂ ਤੋਂ ਦੀ ਥੁੱਕਦੇ ਫ਼ਿਰਦੇ ਐ...!" ਸੰਤ ਨੇ ਘੋਰ ਨਿਰਾਸ਼ਾ ਵਿੱਚ ਸਿਰ ਸੁੱਟ ਲਿਆ। ਕਦੇ ਉਸ ਦੇ ਹੁਕਮ ਬਿਨਾ ਇਸ ਇਲਾਕੇ ਵਿੱਚ ਪੱਤਾ ਨਹੀਂ ਹਿੱਲਦਾ ਸੀ, ਤੇ ਹੁਣ ਇਹ ਸਜ਼ਾ ਉਸ ਲਈ ਡੁੱਬ ਮਰਨ ਦੇ ਬਰਾਬਰ ਸੀ।

-"ਸੀ. ਐੱਮ. ਸਾਹਿਬ ਨੇ ਸਾਰੇ ਜੇਲ੍ਹ ਪ੍ਰਸ਼ਾਸਨ ਨੂੰ ਗੁਪਤ ਤੇ ਸਖ਼ਤ ਹਦਾਇਤਾਂ ਚਾੜ੍ਹ ਦਿੱਤੀਐਂ, ਅੰਦਰ ਤੁਹਾਨੂੰ ਕੰਡੇ ਜਿੰਨੀ ਤਕਲੀਫ਼ ਨੀ ਹੋਉਗੀ, ਟੀ.ਵੀ. ਤੋਂ ਲੈ ਕੇ ਮੋਬਾਇਲ ਫ਼ੋਨਾਂ ਤੱਕ ਸਾਰੀ ਸੁਖ-ਸਹੂਲਤ ਮਿਲੂਗੀ...! ਥੋਡਾ ਤਾਂ ਐਥੇ ਐਨਾਂ ਜੀਅ ਲੱਗੂਗਾ ਕਿ ਜਾਣ ਨੂੰ ਦਿਲ ਨੀ ਕਰਨਾ, ਮਹਾਂਪੁਰਖੋ...!" ਉਸ ਨੇ ਫ਼ੇਰ ਨੇੜੇ ਹੋ ਕੇ ਜਾੜ੍ਹਾਂ ਜਿਹੀਆਂ ਕੱਢੀਆਂ।

-".................।" ਜਦ ਸੰਤ ਉਸ ਵੱਲ ਕੁਣੱਖਾ ਝਾਕਿਆ ਤਾਂ ਉਹ ਚੁੱਪ ਕਰ ਕੇ ਪਿੱਛੇ ਹਟ ਗਿਆ।

ਰਾਤ ਨੂੰ ਸੱਚ ਹੀ ਸੰਤ ਜੀ ਦੇ ਸਾਰਾ ਜੇਲ੍ਹ ਪ੍ਰਸ਼ਾਸਨ ਅੱਗੇ ਪਿੱਛੇ ਫ਼ਿਰ ਰਿਹਾ ਸੀ। ਬਾਬੇ ਦੇ ਸੈੱਲ ਵਿੱਚ ਵੱਡਾ ਰੰਗਦਾਰ ਟੀ.ਵੀ. ਚੱਲ ਰਿਹਾ ਸੀ। ਸੰਤ ਜੀ ਅੱਗੇ ਵਿਸਕੀ ਦੀ ਬੋਤਲ ਅਤੇ ਤੰਦੂਰੀ ਮੁਰਗਾ ਪਿਆ ਸੀ। ਸੰਤ ਜੀ ਪੈੱਗ ਲਾ ਕੇ ਟੀ.ਵੀ. ਦੇ ਚੈਨਲ ਬਦਲ ਰਿਹਾ ਸੀ। ਪਰ ਕਿਸੇ ਚੈਨਲ ਵਿੱਚ ਉਸ ਦਾ ਮਨ ਨਹੀਂ ਖੁੱਭ ਰਿਹਾ ਸੀ। ਉਹ ਅਵਾਜ਼ਾਰ ਜਿਹਾ ਹੋਇਆ ਦੁਖੀ ਜਿਹਾ ਬੈਠਾ ਸੀ।

 

0 0 0 0 0

 

ਖੇਤ ਜੋਗਾ ਸਿੰਘ ਨਵਾਂ-ਨਕੋਰ ਟਰੈਕਟਰ ਚਲਾ ਰਿਹਾ ਸੀ। ਅਚਾਨਕ ਗੁਆਂਢੀਆਂ ਦਾ ਮੁੰਡਾ ਇੱਕ ਮਨਹੂਸ ਖ਼ਬਰ ਲੈ ਕੇ ਪਹੁੰਚਿਆ।

-"ਚਾਚਾ...! ਓਹ ਚਾਚਾ...!!" ਘਬਰਾਇਆ ਮੁੰਡਾ ਹਾਕਾਂ ਮਾਰ ਰਿਹਾ ਸੀ। ਪਰ ਟਰੈਕਟਰ ਦੇ ਖੜਕੇ ਵਿੱਚ ਜੋਗਾ ਸਿੰਘ ਨੂੰ ਅਵਾਜ਼ ਨਹੀਂ ਸੁਣੀ ਸੀ।

-" ਓਏ ਕੀ ਗੱਲ ਐ ਭਤੀਜ??" ਸੀਰੀ ਗੇਜੇ ਨੇ ਅੱਗੇ ਹੋ ਕੇ ਮੁੰਡੇ ਨੂੰ ਪੁੱਛਿਆ।

-"ਚਾਚੇ ਕੇ ਗੋਗੀ ਨੇ ਅੰਮਾਂ ਮਾਰਤੀ...!" ਮੁੰਡੇ ਦੇ ਮੂੰਹ 'ਚੋਂ ਜਿਵੇਂ ਲਾਂਬੂ ਨਿਕਲ਼ਿਆ ਸੀ।

-"...................।" ਗੇਜੇ ਦੇ ਸਿਰ 'ਚ ਧਮਾਕਾ ਹੋਇਆ।

ਮਨਹੂਸ ਖ਼ਬਰ ਸੁਣ ਕੇ ਉਸ ਦਾ ਤਣ-ਪੱਤਣ ਹਿੱਲ ਗਿਆ ਸੀ।

-"ਗੋਗੀ ਨੇ ਅੰਮਾਂ ਨੂੰ....?????? ਕਿਉਂ...??" ਗੇਜੇ ਦੇ ਸਿਰ ਵਿੱਚ ਬੰਬ ਚੱਲੀ ਜਾ ਰਹੇ ਸਨ।

-"ਪਤਾ ਨੀ...!!" ਤੇ ਮੁੰਡਾ ਪੁੱਠੇ ਪੈਰੀਂ ਭੱਜ ਗਿਆ ਅਤੇ ਗੇਜਾ ਜੋਗਾ ਸਿੰਘ ਦੇ ਟਰੈਕਟਰ ਅੱਗੇ ਜਾ ਖੜ੍ਹਾ ਅਤੇ ਹਿਰਦੇਵੇਧਕ ਖ਼ਬਰ ਦੇ ਦਿੱਤੀ। ਸੁਣ ਕੇ ਜੋਗਾ ਸਿੰਘ ਦੇ ਥੰਮ੍ਹ ਹਿੱਲ ਗਏ। ਉਹ ਵਾਹੋ-ਦਾਹੀ ਟਰੈਕਟਰ ਭਜਾ ਕੇ ਘਰ ਪਹੁੰਚ ਗਏ। ਬੇਬੇ ਕੰਧ ਕੋਲ਼ ਟੇਢੀ ਹੋਈ ਪਈ ਸੀ। ਇੱਕ ਪਾਸੇ ਅਨੂਪ ਕੌਰ ਬੈਠੀ ਰੋ ਰਹੀ ਸੀ। ਸਾਰਾ ਪਿੰਡ ਇਕੱਠਾ ਹੋਇਆ ਖੜ੍ਹਾ ਸੀ। ਪਰ ਬੋਲ ਕੋਈ ਨਹੀਂ ਸੀ ਰਿਹਾ। ਗੋਗੀ ਘਰ ਨਹੀਂ ਸੀ, ਸ਼ਾਇਦ ਦਾਦੀ ਦਾ ਕਤਲ ਕਰ ਕੇ ਪੱਤਰੇ ਵਾਚ ਗਿਆ ਸੀ। ਜੋਗਾ ਸਿੰਘ ਦੀ ਸੁੱਧ-ਬੁੱਧ ਮਾਰੀ ਜਾ ਚੁੱਕੀ ਸੀ। ਮਾਂ ਜਹਾਨੋਂ ਕੂਚ ਕਰ ਗਈ ਸੀ ਅਤੇ ਪੁੱਤ....? ਜੇ ਪੁਲੀਸ ਨੇ ਫ਼ੜ ਲਿਆ, ਫ਼ੇਰ ਕੀ ਹੋਊ...?? ਸੋਚ ਕੇ ਜੋਗਾ ਸਿੰਘ ਦਾ ਹਿਰਦਾ ਕੰਬਿਆ। ਇੱਕੋ ਇੱਕ ਪੁੱਤਰ ਜੱਗੋਂ ਖੱਟਿਐ ਜੋਗਾ ਸਿਆਂ...! ਰੱਬ ਨਾ ਕਰੇ, ਜੇ ਇਹਨੂੰ ਕੋਈ ਹੀਮ-ਕੀਮ ਹੋ ਗਈ, ਕਿਹੜੇ ਪਾਸੇ ਜਾਵੇਂਗਾ...? ਤੂੰ ਤਾਂ ਉਜੜ ਜਾਵੇਂਗਾ...! ਬੇਬੇ ਤਾਂ ਮਰਨ ਵਾਲ਼ੀ ਗਈ, ਮਰ..! ਹੁਣ ਤੂੰ ਗੋਗੀ ਪੁੱਤ ਬਾਰੇ ਸੋਚ...! ਨਹੀਂ ਤੇਰੀ ਕੁਲ਼ ਉਜੜ ਜਾਊ...!

-"ਨੂਪ ਕੁਰੇ...!" ਜੋਗਾ ਸਿੰਘ ਨੇ ਆਪਣੀ ਘਰਵਾਲ਼ੀ ਨੂੰ ਹਾਕ ਮਾਰੀ।

ਅਨੂਪ ਕੌਰ ਹਾਜ਼ਰ ਸੀ।

-"ਬੇਬੇ ਦਾ 'ਸ਼ਨਾਨ ਕਰਾਓ...! ਛੇਤੀ ਕਰੋ...!"

-"ਗੇਜਿਆ...!"

-"ਹਾਂ ਬਾਈ...!"

-"ਸਸਕਾਰ ਦਾ ਪ੍ਰਬੰਧ ਕਰੋ ਬਾਈ...!"

ਗੇਜਾ ਪੈਰ ਤੋਂ ਹੀ ਰੇਸ ਫ਼ੜ ਗਿਆ। ਉਸ ਨੂੰ ਪਤਾ ਸੀ ਕਿ ਕੰਮ ਬਹੁਤ ਹੀ ਖਰਾਬ ਹੋ ਗਿਆ ਸੀ ਅਤੇ ਹੁਣ ਜਿਤਨੀ ਜਲਦੀ ਹੋ ਸਕੇ, ਵੇਲ਼ਾ ਸੰਭਾਲਣਾ ਪੈਣਾ ਸੀ।

ਬੁੜ੍ਹੀਆਂ ਨੇ ਬੇਬੇ ਦਾ ਇਸ਼ਨਾਨ ਕਰਵਾ ਦਿੱਤਾ ਅਤੇ ਨੇੜੇ ਦੇ ਰਿਸ਼ਤੇਦਾਰ ਬੁਲਾ ਕੇ ਬੇਬੇ ਦੀ ਅਰਥੀ ਨੂੰ "ਦਾਗ" ਦੇ ਦਿੱਤਾ। ਕਾਹਲ਼ੀ ਅੱਗ ਮਿੰਟਾਂ ਵਿੱਚ ਭਾਂਬੜ ਬਣ ਗਈ ਅਤੇ ਲਾਟਾਂ ਅਸਮਾਨ ਛੂਹਣ ਲੱਗ ਪਈਆਂ। ਬਿਰਧ ਹਰ ਕੌਰ ਦਾ ਸਿਵਾ ਬਲ਼ ਰਿਹਾ ਸੀ। ਸਾਰੇ ਆਸੇ ਪਾਸੇ ਢੇਰੀ ਜਿਹੀ ਢਾਹੀ ਖੜ੍ਹੇ ਸਨ। ਗੋਗੀ ਕਿਤੇ ਨਜ਼ਰ ਨਹੀਂ ਆ ਰਿਹਾ ਸੀ। ਪਤਾ ਨਹੀਂ ਉਹ ਕਿਹੜੀ ਕੂਟੀਂ ਚੜ੍ਹ ਗਿਆ ਸੀ..?

ਸਸਕਾਰ ਤੋਂ ਬਾਅਦ ਅਤੇ ਪਿੰਡ ਦੇ ਗੁਰਦੁਆਰੇ ਵਿੱਚ ਮੱਥਾ ਟੇਕਣ ਤੋਂ ਬਾਅਦ ਪਿੰਡ ਦੇ ਲੋਕ ਤਾਂ ਚਲੇ ਗਏ। ਜੋਗਾ ਸਿੰਘ ਦੇ ਪ੍ਰੀਵਾਰਕ ਮੈਂਬਰ ਸਾਰੇ ਭੁੰਜੇ ਧਰਤੀ 'ਤੇ ਹੀ ਪੱਟੀ ਵਿਛਾਈ ਬੈਠੇ ਸਨ। ਬੇਬੇ ਬਿਨਾ ਜੋਗਾ ਸਿੰਘ ਨੂੰ ਘਰ ਸੁੰਨਾਂ ਨਜ਼ਰ ਆ ਰਿਹਾ ਸੀ। ਅਨੂਪ ਕੌਰ ਦੂਰ ਰਸੋਈ ਦੀ ਕੰਧ ਨਾਲ਼ ਮੱਖੀ ਵਾਂਗ ਲੱਗੀ ਬੈਠੀ ਸੀ। ਉਸ ਦੇ ਕੋਲ਼ ਨੂੰਹ ਡਾਲੀ ਘੋਰ ਉਦਾਸ ਬੈਠੀ ਸੀ। ਗੋਗੀ ਅਜੇ ਵੀ ਗਾਇਬ ਸੀ।

ਜੋਗਾ ਸਿੰਘ ਉਠ ਕੇ ਬੈਠਕ ਵਿੱਚ ਚਲਿਆ ਗਿਆ।

ਪਿੱਛੇ ਹੀ ਗੇਜਾ ਆ ਗਿਆ।

-"ਗੇਜਿਆ ਬੋਤਲ ਕੱਢ...! ਬੇਬੇ ਤਾਂ ਮੇਰੇ ਮਨ ਤੋਂ ਨੀ ਉੱਤਰਦੀ...!"

ਗੇਜਾ ਤੂੜੀ ਵਿੱਚ ਦੱਬੀ ਬੋਤਲ ਕੱਢ ਲਿਆਇਆ।

ਬੋਤਲ ਦੇ ਮੂੰਹ ਵਿੱਚੋਂ ਮੱਕੀ ਦਾ ਗੁੱਲ ਕੱਢਦੇ ਗੇਜੇ ਨੇ ਇੱਕ ਨਵੀਂ ਹੀ ਗੱਲ ਤੋਰੀ।

-"ਲੈ ਕੀ ਮੰਨੀਏਂ...? ਪੋਤੀ ਨੂੰ ਤਾਈ ਨੇ ਨਹਿਰ 'ਚ ਸੁਟਵਾ ਦਿੱਤਾ, ਤੇ ਜਿਹੜੇ ਪੋਤੇ ਦੀ ਖ਼ੁਸ਼ੀ ਕਰਦੀ ਸੀ, ਓਸੇ ਪੋਤੇ ਨੇ....!" ਗੱਲ ਗੇਜੇ ਤੋਂ ਪੂਰੀ ਨਾ ਹੋਈ। ਉਸ ਨੇ ਮਜੌਰਾਂ ਦੀ ਮਾਂ ਵਾਂਗ ਬੈਠੇ ਜੋਗਾ ਸਿੰਘ ਵੱਲ ਦੇਖਿਆ।

-"ਸਮਝ ਨੀ ਆਉਂਦੀ, ਓਹਨੇ ਕੰਜਰ ਨੇ ਬੇਬੇ ਨੂੰ ਮਾਰਿਆ ਕਿਉਂ...?"

ਡਾਲੀ ਨਲ਼ਕੇ ਤੋਂ ਅਨੂਪ ਕੌਰ ਲਈ ਪਾਣੀ ਦੀ ਬਾਲਟੀ ਭਰਨ ਆਈ ਤਾਂ ਜੋਗਾ ਸਿੰਘ ਨੇ ਹਾਕ ਮਾਰ ਲਈ।

-"ਡਾਲੀ ਪੁੱਤ..!"

-"ਹਾਂ ਬਾਪੂ ਜੀ...!"

-"ਉਰ੍ਹੇ ਆ ਪੁੱਤ...!"

ਡਾਲੀ ਉਹਨਾਂ ਕੋਲ਼ ਅੰਦਰ ਆ ਗਈ।

-"ਆਪਣੇ ਗੋਗੀ ਨੇ ਬੇਬੇ ਕਾਹਤੋਂ ਮਾਰਤੀ...?"

-".................।" ਡਾਲੀ ਦੀਆਂ ਅੱਖਾਂ ਭਰ ਆਈਆਂ।

ਉਸ ਨੇ ਨੀਵੀਂ ਪਾ ਲਈ।

-"ਬੋਲ ਪੁੱਤ...!" ਗੇਜਾ ਬੋਲਿਆ।

-"ਨਸ਼ਾ ਕਰਨ ਵਾਸਤੇ ਬੇਬੇ ਜੀ ਤੋਂ ਉਹਨਾਂ ਦੇ ਕੰਨਾਂ ਦੀਆਂ ਡੰਡੀਆਂ ਮੰਗਦੇ ਸੀ, ਬੇਬੇ ਜੀ ਨੇ "ਨਾਂਹ" ਕਰ'ਤੀ..! ਫ਼ੇਰ ਇਹਨਾਂ ਨੇ ਬੇਬੇ ਜੀ ਨੂੰ ਧੱਕਾ ਮਾਰਿਆ ਤੇ ਬੇਬੇ ਜੀ ਕੰਧ ਨਾਲ਼ ਵੱਜ ਕੇ ਡਿੱਗ ਪਏ ਤੇ ਨਾਲ਼ ਦੀ ਨਾਲ਼ ਪੂਰੇ ਹੋਗੇ...!" ਡਾਲੀ ਦੀਆਂ ਅੱਖਾਂ ਵਿੱਚੋਂ ਹੰਝੂ ਚੱਲ ਪਏ। ਬਿਰਧ ਬੇਬੇ ਦੀ ਹੁੰਦੀ ਦੁਰਗਤੀ ਉਸ ਤੋਂ ਸਹਾਰੀ ਨਹੀਂ ਗਈ ਸੀ। ਪਰ ਉਹ ਬੇਵੱਸ ਸੀ।

ਡਾਲੀ ਨੇ ਅੱਖਾਂ ਵਿੱਚੋਂ ਵਰ੍ਹਦੇ ਅੱਥਰੂ ਪੂੰਝੇ ਅਤੇ ਬਾਲਟੀ ਚੁੱਕ ਮੁੜ ਗਈ।

-"ਜੋ ਹੋ ਗਿਆ, ਓਹਦੇ 'ਤੇ ਮਿੱਟੀ ਪਾਓ ਬਾਈ...! ਜੇ ਪੁਲ਼ਸ ਨੂੰ ਪਤਾ ਲੱਗ ਗਿਆ, ਐਂਮੇ ਖੁਰਗੋ ਪੱਟੂ, ਤੇ ਨਾਲ਼ੇ ਅੱਡੂ ਮੂੰਹ...! ਉਹਨਾਂ ਦੇ ਮੂੰਹ ਭਰਨੇ ਕਿਹੜਾ ਸੌਖੇ ਐ...?"

ਉਹ ਪੀਂਦੇ ਰਹੇ ਅਤੇ ਬੇਬੇ ਨੂੰ ਯਾਦ ਕਰਦੇ ਰਹੇ।

ਵਿੱਚ-ਵਿੱਚ ਜੋਗਾ ਕਈ ਵਾਰ ਰੋਇਆ ਵੀ।

ਦੇਰ ਰਾਤ ਗਈ ਗੇਜਾ ਰੋਟੀ ਲੈ ਕੇ ਘਰ ਚਲਿਆ ਗਿਆ। ਰਾਤ ਅੱਧੀ ਹੋ ਚੁੱਕੀ ਸੀ। ਗੇਜਾ ਗੂੜ੍ਹੀ ਨੀਂਦ ਸੁੱਤਾ ਹੋਇਆ ਘੁਰਾੜੇ ਮਾਰ ਰਿਹਾ ਸੀ। ਰਤੀ ਭਰ ਬਾਲੜੀ ਮੁੜ ਉਸ ਦੀ ਹਿੱਕ 'ਤੇ ਆ ਬੈਠੀ।

-"ਚਾਚਾ, ਮੈਂ ਤੈਨੂੰ ਲੈਣ ਆਈ ਐਂ...! ਚੱਲ ਚੱਲੀਏ...!! ਬਹੁਤ ਕੁਵੇਲ਼ਾ ਹੋ ਗਿਆ...!" ਫੁੱਲ ਵਰਗੀ ਬਾਲੜੀ ਬੋਲੀ। ਸੁੱਤੇ ਪਏ ਗੇਜੇ ਦੀ ਹਿੱਕ 'ਤੇ ਬੈਠੀ ਕੁੜੀ ਦਾ ਅਕਾਰ ਅਤੇ ਭਾਰ ਵਧਣ ਲੱਗ ਗਿਆ ਅਤੇ ਉਹ ਆਦਮ ਕੱਦ ਵਾਲ਼ੀ ਡਰਾਉਣੀ ਚੁੜੇਲ ਬਣ ਗਈ। ਉਸ ਦਾ ਚਿਹਰਾ ਬਿਕਰਾਲ਼ ਹੋ ਗਿਆ ਅਤੇ ਉਸ ਦੀਆਂ ਅੱਖਾਂ ਵਿਚੋਂ ਖ਼ੂਨ ਚੋਅ ਰਿਹਾ ਸੀ। ਸਿਰ ਦੇ ਵਾਲ਼ ਸਪੋਲ਼ੀਏ ਬਣ ਗੇਜੇ ਦੇ ਸਰੀਰ ਉਪਰ ਮੇਲ੍ਹਣ ਲੱਗ ਪਏ।

-"ਚੱਲ ਚਾਚਾ, ਮੈਂ ਤੈਨੂੰ ਲੈਣ ਆਈ ਐਂ, ਚੱਲ ਤਿਆਰ ਹੋ...!! ਕੁਵੇਲ਼ਾ ਨਾ ਕਰ...!" ਕੁੜੀ ਫ਼ਿਰ ਬੋਲੀ। ਜਦ ਗੇਜੇ ਨੇ ਕੋਈ ਹੁੰਗਾਰਾ ਨਾ ਭਰਿਆ ਤਾਂ ਕੁੜੀ ਨੇ ਵੱਡੇ-ਵੱਡੇ ਹੱਥਾਂ ਨਾਲ਼ ਗੇਜੇ ਦਾ ਗਲ਼ ਘੁੱਟਣਾ ਸ਼ੁਰੂ ਕਰ ਦਿੱਤਾ। ਇੱਕ ਤਰ੍ਹਾਂ ਨਾਲ਼ ਸਿਕੰਜਾ ਕਸਿਆ ਗਿਆ ਅਤੇ ਗੇਜੇ ਦਾ ਸਾਹ ਬੰਦ ਹੋ ਗਿਆ। ਗੇਜੇ ਦੀਆਂ ਚੀਕਾਂ ਨੇ ਆਂਢ-ਗੁਆਂਢ ਸਿਰ 'ਤੇ ਚੁੱਕ ਲਿਆ।

-"ਓਏ ਮਾਰਤਾ ਓਏ ਪਿੰਡਾ...! ਓਏ ਬਚਾਓ ਓਏ ਮੈਨੂੰ...!! ਘੁੱਟਤਾ ਓਏ ਮੇਰਾ ਗਲ਼...!! ਓਏ ਫ਼ੜੋ ਓਏ ਕੋਈ ਇਹਨੂੰ ਸਹੁਰੀ ਨੂੰ, ਕਾਰਾ ਨਾ ਕਰਦੇ...!! ਪਾੜਤਾ ਓਏ ਮੈਨੂੰ ਸਹੁਰੀ ਕਮਲ਼ੀ ਨੇ...!" ਜਦ ਗੇਜੇ ਨੇ ਕਮਲ਼ਿਆਂ ਵਾਂਗ ਰੌਲ਼ਾ ਪਾਇਆ ਤਾਂ ਸੁੱਤੀ ਪਈ ਫ਼ੱਤੋ ਇੱਕ ਦਮ ਡਰ ਕੇ ਉਠੀ ਅਤੇ ਦਧਨ ਹੋਈ ਨੇ ਗੇਜੇ ਦੇ ਮੰਜੇ ਨੂੰ ਲੱਤ ਮਾਰੀ।

-"ਫ਼ੋੜੀ ਕਢਾਵਾ ਸੌਣ ਵੀ ਨੀ ਦਿੰਦਾ, ਮੇਰਾ ਭਤੀਜਾ...! ਨ੍ਹਾਂ ਕੀ ਨਿੱਤ ਸੂਲ਼ ਹੁੰਦੈ ਵੇ ਤੈਨੂੰ...?? ਗੜ੍ਹੀ ਦੇ ਜਾਣਿਆਂ, ਨਾ ਲਾਹਣ ਮਰਿਆ ਡੱਫ਼ਿਆ ਕਰ..!! ਕਿਵੇਂ ਪੜਛੱਤੀ ਸਿਰ 'ਤੇ ਚੱਕਦੈ ਪਲੇਗ ਪੈਣਾਂ, ਮੇਰੇ ਪਿਉ ਦਾ ਸਾਲ਼ਾ...! ਹੁਣ ਪੀ ਕੇ ਆਈਂ ਲਾਹਣ, ਦਿਊਂ ਤੇਰੇ ਹਲ਼ਕ 'ਚ ਕੁੱਢਣ..!"

-"ਚੁੱਪ ਕਰ...! ਦਾਬਾ ਜਿਆ ਆ ਗਿਆ ਸੀ, ਸੌਂ ਜਾ...!!!" ਗੇਜੇ ਨੇ ਫੱਤੋ ਨੂੰ ਗੁੱਝਾ ਦਬਕਾ ਮਾਰਿਆ।

-"ਨ੍ਹਾਂ ਕਸਾਈਆਂ ਦੇ ਜਾਣਿਆਂ, ਸੌਂ ਮੈਂ ਸੱਤਾਂ ਚੁੱਲ੍ਹਿਆਂ ਦੀ ਸੁਆਹ 'ਚੋਂ ਜਾਂਵਾਂ...? ਸਾਰੀ ਸਾਰੀ ਰਾਤ ਤਾਂ ਅੜਾਹਟ ਪਾਈ ਰੱਖਦੈਂ...! ਕਿਵੇਂ ਜੀਓ ਜੀਅ ਦਾ ਬੈਰੀ ਬਣਿਐਂ ਮੰਨੋਂ ਦੇ ਜਾਣਾ...!! ਅਸੀਂ ਵੀ ਸਵੇਰੇ ਮੱਚਣਾਂ, ਕੰਮ 'ਤੇ ਜਾਣਾਂ ਹੁੰਦੈ...! ਹੁਣ ਰੌਲ਼ਾ ਪਾਈਂ, ਲਾਊਂ ਤੈਨੂੰ ਲਾਂਬੂ ਜਿਉਂਦੇ ਨੂੰ...!"

ਗੇਜਾ ਛੋਤ ਜਿਹੀ ਲੁਹਾ ਕੇ "ਵਾਹਿਗੁਰੂ" ਆਖ ਕੇ ਫ਼ਿਰ ਪੈ ਗਿਆ।

ਤੀਜੇ ਦਿਨ ਜੋਗਾ ਸਿੰਘ ਸ਼ਹਿਰ ਦੇ ਆੜ੍ਹਤੀਏ ਕੋਲ਼ ਜਾ ਬੈਠਾ।

-"ਪਰਸੋਂ ਬੇਬੇ ਪੂਰੀ ਹੋਗੀ ਸੇਠ ਜੀ...!" ਉਸ ਨੇ ਸੇਠ ਨੂੰ ਦੱਸਿਆ ਤਾਂ ਸੇਠ ਦੀ ਧੌਣ ਕੋਟੀ ਵਿੱਚ ਨੂੰ ਵੜ ਗਈ।

-"ਹਰੇ ਰਾਮ...! ਮਾਤਾ ਰਾਣੀ ਬੇਬੇ ਜੀ ਦੀ ਆਤਮਾਂ ਨੂੰ ਸ਼ਾਂਤੀ ਬਖਸ਼ੇ..!!"

-"ਸੇਠ ਜੀ ਕੁਛ ਪੈਸਿਆਂ ਦੀ ਲੋੜ ਐ, ਬੇਬੇ ਦਾ "ਹਕਾਮਾ" ਕਰਨੈਂ..!"

-"ਰਾਮ ਤੇਰਾ ਭਲਾ ਕਰੇ, ਪੈਸੇ ਤਾਂ ਤੇਰਾ ਮੁੰਡਾ ਗੋਗੀ ਅੱਗੇ ਈ ਬਥੇਰੇ ਲੈ ਚੁੱਕਿਐ...! ਸਹੁੰ ਮਾਤਾ ਦੀ, ਮੋੜਿਆ ਅੱਜ ਤੱਕ ਇੱਕ ਧੇਲਾ ਨੀ..! ਮੈਂ ਤਾਂ "ਦਾਵਾ" ਕਰਨ ਦੀ ਸੋਚੀ ਬੈਠਾ ਸੀ, ਪਰ ਤੇਰੇ ਮੂੰਹ ਨੂੰ ਚੁੱਪ ਰਿਹੈਂ...!" ਸੇਠ ਗੋਲ਼ ਗਾਂਧੀ ਐਨਕ ਉਪਰੋਂ ਜੋਗਾ ਸਿੰਘ ਦਾ ਚਿਹਰਾ ਨਿਹਾਰ ਰਿਹਾ ਸੀ।

-"ਗੋਗੀ ਪੈਸੇ ਲਈ ਬੈਠੈ...? ਤੂੰ ਉਹਨੂੰ ਦਿੱਤੇ ਕਿਉਂ...? ਮੈਨੂੰ ਕਿਉਂ ਨਾ ਪੁੱਛਿਆ...??" ਜੋਗਾ ਸਿੰਘ ਨੂੰ ਚੱਕਰ ਆਇਆ। ਜੋਗਾ ਸਿੰਘ ਦੇ ਕੰਨਾਂ ਵਿਚ ਬਿੰਡੇ ਟਿਆਂਕਣ ਲੱਗ ਪਏ। ਸੇਠ ਨੇ ਤਕੀਏ ਹੇਠੋਂ ਵਹੀ ਕੱਢ ਲਈ।

-"ਰਾਮ ਤੇਰਾ ਭਲਾ ਕਰੇ, ਲੈ ਆਹ ਦੇਖ...! ਥਾਂ-ਥਾਂ ਦਸਤਖ਼ਤ ਕੀਤੇ ਐ ਕਿ ਨਹੀਂ...?? ਪੁੱਤ ਤਾਂ ਅਕਸਰ ਤੇਰਾ ਈ ਐ ਨ੍ਹਾਂ...? ਸੱਠ ਹਜ਼ਾਰ ਲਈ ਬੈਠੈ...!"

-"ਸੱਠ ਹਜਾਰ...?" ਸੁਣ ਕੇ ਜੋਗਾ ਸਿੰਘ ਸੁੰਨ ਹੋ ਗਿਆ।

-"ਪੂਰੇ ਸੱਠ ਹਜ਼ਾਰ...! ਜੇ ਆਉਂਦੀ ਹਾੜ੍ਹੀ ਨੂੰ ਮੇਰੀ ਰਕਮ ਨਾ ਮੁੜੀ, ਮੈਂ ਦਾਵਾ ਠੋਕ ਦੇਣੈਂ ਜੋਗਾ ਸਿਆਂ..! ਫ਼ੇਰ ਮੈਨੂੰ ਦੋਸ਼ ਨਾ ਦੇਈਂ, ਜਿੰਨਾਂ ਨ੍ਹਾਤੀ ਓਨਾਂ ਈ ਪੁੰਨ...!" ਸੇਠ ਦੀ ਗੱਲ ਸੁਣ ਕੇ ਜੋਗਾ ਸਿੰਘ ਡਿੱਗਣ ਵਾਲ਼ਾ ਹੋ ਗਿਆ।

ਰਾਤ ਨੂੰ ਗੇਜਾ ਅਤੇ ਜੋਗਾ ਦੋਨੋਂ ਦੇਸੀ ਦੀ ਬੋਤਲ ਖੋਲ੍ਹੀ ਬੈਠੇ ਸਨ।

ਜੋਗਾ ਸਿੰਘ ਨੇ ਗੋਗੀ ਦੇ ਪੈਸਿਆਂ ਵਾਲ਼ੀ ਗੱਲ ਗੇਜੇ ਨਾਲ਼ ਸਾਂਝੀ ਕੀਤੀ।

-"ਸੱਠ ਹਯਾਰ....??" ਗੇਜੇ ਹੱਥੋਂ ਪੈੱਗ ਛਲਕਿਆ ਅਤੇ ਪੱਗ ਦਾ ਲੜ ਢਿਲ਼ਕ ਗਿਆ। ਪੱਗ ਦਾ ਖੁੱਲ੍ਹਿਆ ਪੇਚ ਉਸ ਨੇ ਮੁੜ ਟੰਗ ਲਿਆ।

-"ਹਾਂ....!" ਜੋਗਾ ਸਿੰਘ ਨੇ ਸਿਰ ਹਿਲਾਇਆ।

-"ਸੱਠ ਹਯਾਰ ਲਾਇਆ ਕਿੱਥੇ...? ਨਾਲ਼ੇ ਇਹਨੂੰ ਚਾਹੀਦੇ ਕਾਹਦੇ ਵਾਸਤੇ ਸੀ...? ਸੱਠ ਹਯਾਰ ਤਾਂ ਸਾਲ਼ੀ ਡੀਕ੍ਹਰੀ 'ਕੱਠੀ ਨੀ ਹੁੰਦੀ, ਤੇ ਇਹ ਉੜਦੂ ਲਾ ਗਿਆ...?"

-".....................।"

-"ਇਹਦੀ ਸਹੁਰੇ ਦੀ ਮੱਤ ਨੂੰ ਕੀ ਹੋਇਐ...? ਅੱਗੇ ਓਹਨੇ ਤਾਈ ਨਾਲ਼ ਜੱਗੋਂ ਤੇਰ੍ਹਵੀਂ ਕਰਤੀ, ਨਾਲ਼ੇ ਦੇਖ-ਦੇਖ ਜਿਉਂਦੀ ਸੀ, ਸਾਹੀਂ ਸਾਹ ਲੈਂਦੀ ਸੀ ਬਚਾਰੀ...!"

-"...................।" ਜੋਗਾ ਸਿੰਘ ਨੇ ਪੈੱਗ ਇੱਕ ਦਮ ਅੰਦਰ ਸੁੱਟਿਆ। ਫ਼ੇਰ ਉਸ ਨੇ ਅਚਾਰ ਮੂੰਹ ਵਿਚ ਪਾਇਆ। ਅਚਾਰੀ ਮਿਰਚ ਅੱਜ ਉਸ ਨੂੰ ਕੌੜੀ ਨਹੀਂ ਲੱਗ ਰਹੀ ਸੀ।

-"ਬਾਈ ਇੱਕ ਗੱਲ ਆਖਾਂ...?"

-"ਆਖ...!"

-"ਹਲਕੇ ਕੁੱਤੇ, ਤੇ ਵਿਗੜੀ ਔਲ਼ਾਦ ਦਾ ਵਿਸਾਹ ਨੀ ਖਾਈਦਾ ਬਾਈ ਜੋਗਿਆ...! ਢੰਗ ਨਾਲ਼ ਗੱਲ ਕਰੀਂ..! ਕਿਤੇ ਉਹ ਨਾ ਹੋਵੇ ਬਈ ਤੇਰੇ ਵੀ ਗਲ਼ ਨੂੰ ਚਿੰਬੜ'ਜੇ...!"

ਉਹ ਦੇਰ ਰਾਤ ਗਈ ਤੱਕ ਪੀਂਦੇ ਅਤੇ ਦੁੱਖ ਰੋਂਦੇ ਰਹੇ।

ਅਗਲੇ ਦਿਨ ਸਵੇਰੇ ਗੋਗੀ ਘਰ ਆ ਬਹੁੜਿਆ। ਨਸ਼ੇ ਵਿੱਚ ਉਹ ਧੁੱਤ ਸੀ। ਪਤਾ ਨਹੀਂ ਉਸ ਨੇ ਕਿਹੜਾ ਨਸ਼ਾ ਕਰ ਰੱਖਿਆ ਸੀ, ਉਸ ਦੀਆਂ ਅੱਖਾਂ ਖਰੂਦੀ ਸਾਹਣ ਵਾਂਗ ਚੜ੍ਹੀਆਂ ਹੋਈਆਂ  ਸਨ। ਦੇਖ ਕੇ ਡਾਲੀ ਥਰ-ਥਰ ਕੰਬਣ ਲੱਗ ਪਈ।

-"ਡਾਲੀ...!" ਗੋਗੀ ਦੀ ਅਵਾਜ਼ ਨਾਲ਼ ਡਾਲੀ ਹੋਰ ਵੀ ਹਿੱਲ ਗਈ।

-"ਜੀ...?" ਉਹ ਚੀਚ ਵਹੁਟੀ ਵਾਂਗ ਖੰਭ ਜਿਹੇ ਘੁੱਟ ਗਈ।

-"ਅੰਦਰ ਆ...!" ਗੋਗੀ ਦੀ ਡਾਂਗ ਦੀ ਹੁੱਝ ਵਰਗੀ ਅਵਾਜ਼ ਸੀ।

ਖਰਵੀਂ ਅਵਾਜ਼ ਦੀ ਡੋਰ ਨਾਲ਼ ਬੱਝੀ ਡਾਲੀ ਤੁਰੰਤ ਅੰਦਰ ਜਾ ਵੜੀ।

ਗੋਗੀ ਖੜ੍ਹਾ ਅਲ਼ਕ ਵਹਿੜ੍ਹਕੇ ਵਾਂਗ ਝੂਲ ਰਿਹਾ ਸੀ।

-"ਜਾਹ ਆਬਦੇ ਪਿਉ ਕੰਜਰ ਤੋਂ ਪੈਸੇ ਲੈ ਕੇ ਆ..! ਜੇ ਨਾ ਲੈ ਕੇ ਆਈ, ਮਾਰ ਕੇ ਦੱਬ-ਦੂੰ...!!" ਉਸ ਨੇ ਧੱਕਾ ਮਾਰ ਕੇ ਡਾਲੀ ਨੂੰ ਘਰੋਂ ਬਾਹਰ ਕਰ ਦਿੱਤਾ। ਡਾਲੀ ਕੌਲ਼ੇ ਨਾਲ਼ ਖੜ੍ਹੀ ਕੰਬੀ ਜਾ ਰਹੀ ਸੀ। ਰੌਲ਼ਾ ਸੁਣ ਕੇ ਅਨੂਪ ਕੌਰ ਬਾਹਰ ਆ ਗਈ ਅਤੇ ਉਸ ਨੇ ਗੋਗੀ ਅੱਗੇ ਹੱਥ ਜੋੜੇ।

-"ਟਿਕਜਾ ਵੇ ਪੁੱਤ...! ਟਿਕਜਾ ਹੁਣ..! ਅੱਗੇ ਈ ਬਥੇਰ੍ਹੀ ਜਾਹ ਜਾਂਦੀ ਕਰਤੀ ਤੂੰ...! ਬਿਰਧ ਮਾਤਾ ਨੂੰ ਮਾਰ ਕੇ ਸਬਰ ਨੀ ਆਇਆ ਤੈਨੂੰ...? ਟਿਕ ਜਾ ਹੁਣ..! ਸਮਾਈ ਕਰ, ਨਾ ਬਦਲੇ ਲੈ ਜੀਓ-ਜੀਅ ਦੇ...! ਅੱਤ ਤੇ ਰੱਬ ਦਾ ਵੈਰ ਹੁੰਦੈ...!"

-"ਨਾਲ਼ੇ ਬੀਜੀ, ਮੇਰਾ ਪਿਉ ਗ਼ਰੀਬ ਐ, ਉਹ ਵਿਚਾਰਾ ਕਿੱਥੋਂ ਦਿਊ...?? ਹਾੜ੍ਹੇ-ਹਾੜ੍ਹੇ ਐਨਾਂ ਜ਼ੁਲਮ ਨਾ ਕਰੋ ਮੇਰੇ 'ਤੇ..! ਉਪਰ ਰੱਬ ਦੇਂਹਦੈ..!"

-"ਰੱਬ...?? ਕਿਹੜਾ ਰੱਬ...??" ਉਸ ਨੇ ਡਾਲੀ ਦੀ ਗਰਦਨ ਜਕੜ ਲਈ। ਉਸ ਦੀ ਸ਼ਰਾਬੀ ਜ਼ੁਬਾਨ ਮੂੰਹ ਵਿੱਚ "ਡੱਕ-ਡੱਕ" ਵੱਜ ਰਹੀ ਸੀ।

-".................।" ਡਾਲੀ ਬੱਗੀ ਫ਼ੂਸ ਹੋਈ ਖੜ੍ਹੀ ਸੀ।

-"ਦੱਸ ਰੱਬ ਨੇੜੇ ਹੁੰਦੈ ਕਿ ਚੁਪੇੜ..?" ਉਸ ਨੇ ਡਾਲੀ ਦੇ ਚੁਪੇੜ ਕੱਢ ਮਾਰੀ। ਡਾਲੀ ਦੀ ਗੱਲ੍ਹ ਸੁੰਨ ਹੋ ਗਈ ਅਤੇ ਉਹ ਕੰਧ ਨਾਲ਼ ਜਾ ਵੱਜੀ।

-"ਵੇ ਤੂੰ ਇਹਦੇ 'ਤੇ ਨਾ ਕਹਿਰ ਢਾਅ, ਦੁਸ਼ਟਾ...! ਕਿਸੇ ਦੀ ਹਾਅ ਲੈ ਕੇ ਬਹਿਜੂ ਤੈਨੂੰ...!" ਅਨੂਪ ਕੌਰ ਦਾ ਹਿਰਦਾ ਪਿੱਪਲ਼ ਦੇ ਪੱਤੇ ਵਾਂਗ ਕੰਬੀ ਜਾ ਰਿਹਾ ਸੀ।

-"ਤੂੰ ਚੁੱਪ ਰਹਿ ਬੁੜ੍ਹੀਏ...!" ਉਹ ਅਨੂਪ ਕੌਰ ਨੂੰ ਵੀ ਹੀਂਜਰ ਕੇ ਆਇਆ, "ਮੈਨੂੰ ਪੈਸੇ ਚਾਹੀਦੇ ਐ, ਕਿਤੋਂ ਲਿਆ ਕੇ ਦੇਵੇ...!"

-"ਤੇ ਜਿਹੜੇ ਆੜ੍ਹਤੀਏ ਤੋਂ ਸੱਠ ਹਜ਼ਾਰ ਲੈ ਕੇ ਆਇਐਂ, ਉਹ ਕਿਹੜੇ ਅਸਮੇਧ ਜੱਗ 'ਤੇ ਲਾਅਤੇ...?" ਬਾਹਰੋਂ ਅਚਾਨਕ ਅੰਦਰ ਆਉਂਦੇ ਜੋਗਾ ਸਿੰਘ ਨੇ ਪੁੱਛਿਆ। ਜੋਗਾ ਸਿੰਘ ਦੇ ਹੱਥ ਵਿੱਚ ਦੋਨਾਲ਼ੀ ਬੰਦੂਕ ਫ਼ੜੀ ਹੋਈ ਸੀ।

-".................।" ਗੋਗੀ ਕੁਣੱਖੀਆਂ ਨਜ਼ਰਾਂ ਨਾਲ਼ ਪਿਉ ਵੱਲ ਝਾਕਿਆ।

-"ਬੋਲ ਕੇ ਦੱਸ...? ਜਿਹੜੇ ਆੜ੍ਹਤੀਏ ਤੋਂ ਸੱਠ ਹਜ਼ਾਰ ਫ਼ੜਿਐ, ਓਹ ਕਿੱਧਰ ਗਏ ਓਏ..?"

-"ਆਪਦੀ ਐਸ਼ ਲਈ ਵਰਤੇ ਐ...! ਖੜਮਸਤੀ ਕੀਤੀ ਐ...!!" ਉਸ ਨੇ ਹਿੱਕ 'ਤੇ ਹੱਥ ਮਾਰ ਕੇ ਦੱਸਿਆ। ਉਹ ਅਲ਼ਕ ਵਹਿੜ੍ਹਕੇ ਵਾਂਗ ਝੂਲ ਰਿਹਾ ਸੀ।

-"ਐਸ਼ ਨੂੰ ਕੰਜਰਾ ਤੂੰ ਟਾਟੇ ਦਾ ਮੁੰਡੈਂ...?"

-"ਬਾਹਲ਼ਾ ਬਕਵਾਸ ਨਾ ਕਰ, ਬੁੜ੍ਹਿਆ..! ਜਿੰਨਾਂ 'ਨ੍ਹਾਤੀ ਓਨਾਂ ਈ ਪੁੰਨ..! ਮੇਰਾ ਹਿੱਸਾ ਮੈਨੂੰ ਵੰਡ ਦੇ, ਮੈਂ ਨੀ ਥੋਡੇ ਨਾਲ਼ ਰਹਿਣਾ...!" ਉਸ ਨੇ ਅਜੀਬ ਹੀ ਅਕਾਸ਼ਬਾਣੀ ਕੀਤੀ। ਸਿਰੇ ਦੀ ਸੁਣਾਈ।

-"..................।" ਜੋਗਾ ਸਿੰਘ ਅਤੇ ਅਨੂਪ ਕੌਰ ਦੇ ਸਿਰ 'ਚ ਧਮਾਕਾ ਹੋਇਆ। ਉਹਨਾਂ ਨੂੰ ਧਰਤੀ ਘੁਕਦੀ ਦਿਸੀ। ਕਿਸੇ ਨੂੰ ਅਜਿਹੀ ਕੋਈ ਉਮੀਦ ਨਹੀਂ ਸੀ ਕਿ ਅਚਾਨਕ ਗੋਗੀ ਕੱਛ ਵਿੱਚੋਂ ਮੂੰਗਲ਼ਾ ਕੱਢ ਮਾਰੇਗਾ।

-"ਮੈਂ ਜਿਉਂਦੇ ਜੀਅ ਆਬਦੇ ਹੱਥ ਜਮਾਂ ਨੀ ਵਢਾਉਂਦਾ...! ਬੁੜ੍ਹਾਪੇ 'ਚ ਜਿਹੜੀ ਤੂੰ ਸਾਡੀ ਸੇਵਾ ਕਰਨੀ ਐਂ, ਓਹ ਤਾਂ ਸਾਨੂੰ ਦਿਸੀ ਜਾਂਦੈ..!"

-"ਸੇਵਾ ਨੂੰ ਤੂੰ ਕੋਈ ਲੂਲ੍ਹਾ-ਲੰਗੜੈਂ...?? ਬਲਡੋਜਰ ਵਰਗਾ ਤਾਂ ਪਿਐਂ, ਸਿੱਧਾ ਹੋ ਕੇ ਮੇਰਾ ਹਿੱਸਾ ਮੈਨੂੰ ਦੇ-ਦੇ, ਨਹੀਂ ਪੜ੍ਹਿਆ ਵਿਚਾਰ ਲੈ, ਦਾਹੜੀ ਜੀ ਪੱਟ ਕੇ ਹੱਥ 'ਚ ਦੇ-ਦੂੰ..!" ਉਸ ਨੇ ਬਾਪ ਨੂੰ ਡਰਾਇਆ।

-"ਕੁੱਤੇ ਦਿਆ ਹੱਡਾ, ਅੱਗੇ ਤੂੰ ਡੰਡੀਆਂ ਖਾਤਰ ਬੇਬੇ ਮਾਰਤੀ, ਹੁਣ ਮੈਨੂੰ ਧਮਕੀਆਂ ਦਿੰਨੈਂ...? ਮੈਂ ਤੇਰੇ ਪ੍ਰਾਣ ਕੱਢਲੂੰ....!" ਜੋਗਾ ਸਿੰਘ ਕਰੋਧ ਨਾਲ਼ ਸੜ ਉਠਿਆ। ਉਸ ਦਾ ਜੰਮਿਆਂ ਕੱਲ੍ਹ ਦਾ ਛੋਕਰਾ ਉਸ ਨੂੰ ਦਬਕਾੜੇ ਮਾਰ ਰਿਹਾ ਸੀ।

-"ਖੜ੍ਹ ਓਏ ਬੁੜ੍ਹਿਆ...! ਤੂੰ ਵੀ ਬਾਜ ਨੀ ਆਉਂਦਾ, ਤੇਰਾ ਵੀ ਤੇਰੀ ਬੁੜ੍ਹੀ ਵਾਂਗੂੰ ਪੂਜਦੈਂ ਅੱਜ ਗੁੱਗਾ...!" ਗੁੱਸੇ ਨਾਲ਼ ਦਧਨ ਹੋਇਆ ਗੋਗੀ ਲਲਕਾਰਾ ਮਾਰ ਕੇ ਅੰਦਰ ਵੜ ਗਿਆ ਅਤੇ ਲਿਸ਼ਕਦੀ ਤਲਵਾਰ ਚੁੱਕ ਕੇ ਜੋਗਾ ਸਿੰਘ ਵੱਲ ਦੌੜਿਆ।

-"ਵੇ ਹਾੜ੍ਹੇ ਵੇ...! ਨਾ ਵੇ ਡਹਿ-ਡਹਿ ਮਰੋ...! ਵੇ ਰੋਕੋ ਵੇ ਕੋਈ..!" ਅਨੂਪ ਕੌਰ ਚੀਕਦੀ ਉਸ ਦੇ ਪਿੱਛੇ ਦੌੜੀ।

ਘਬਰਾਈ ਡਾਲੀ ਨੇ ਕੰਨਾਂ 'ਤੇ ਹੱਥ ਧਰ ਲਏ ਅਤੇ ਫ਼ਿਰ ਉਹ ਡਾਡਾਂ ਮਾਰ ਕੇ ਰੋਣ ਲੱਗ ਪਈ।

-"ਰੱਬ ਦਾ ਵਾਸਤਾ ਵੇ ਤੂੰ ਰੁਕ ਜਾਹ...! ਅਜੇ ਤਾਂ ਬੇਬੇ ਜੀ ਦਾ ਸਿਵਾ ਵੀ ਠੰਢਾ ਨੀ ਹੋਇਆ, ਪੁੱਤ..! ਨਾ ਕਰਮ ਪ੍ਰਤਿਆ ...!" ਅਨੂਪ ਕੌਰ ਦੁਹਾਈ ਦੇ ਰਹੀ ਸੀ। ਪਰ ਗੋਗੀ ਨੰਗੀ ਤਲਵਾਰ ਲੈ ਕੇ ਬਾਪ ਦੇ ਉਪਰ ਜਾ ਚੜ੍ਹਿਆ।

-"ਬਚੀਂ ਬਾਈ...! ਇਹਦੇ ਮਾਰ ਇੱਕ ਫ਼ੈਰ ਫ਼ਰਾਂ 'ਚ...! ਨਹੀਂ ਤੈਨੂੰ ਮਾਰਦੂ ਇਹੇ..!" ਗੇਜਾ ਪਿੱਟਣ ਵਾਂਗ ਬੋਲਿਆ।

ਅਚਾਨਕ ਜੋਗਾ ਸਿੰਘ ਦੀ ਬੰਦੂਕ ਵਿਚੋਂ ਗੋਲੀ ਚੱਲੀ ਤਾਂ ਸਾਹਣ ਵਾਂਗ ਉਤੇ ਚੜ੍ਹਦੇ ਆ ਰਹੇ ਗੋਗੀ ਦੇ ਹੱਥੋਂ ਤਲਵਾਰ ਛੁੱਟ ਗਈ ਅਤੇ ਉਸ ਦੀਆਂ ਅੱਖਾਂ ਖੜ੍ਹ ਗਈਆਂ। ਬੰਦੂਕ ਦੀ ਨਾਲ਼ੀ ਵਿੱਚੋਂ ਧੂੰਆਂ ਧੂਫ਼ ਵਾਂਗ ਨਿਕਲ ਰਿਹਾ ਸੀ। ਗੋਗੀ ਭਰਾੜ੍ਹ ਹੋਈ ਛਾਤੀ ਨੂੰ ਘੁੱਟੀ ਖੜ੍ਹਾ ਸੀ। ਦਰਦ ਨਾਲ਼ ਉਹ ਪਲ-ਪਲ ਕਮਾਨੀ ਵਾਂਗ ਦੂਹਰਾ ਹੁੰਦਾ ਜਾ ਰਿਹਾ ਸੀ। ਡਿੱਗਦੇ ਗੋਗੀ ਨੂੰ ਅਨੂਪ ਕੌਰ ਨੇ ਆ ਜੱਫ਼ਾ ਮਾਰਿਆ ਅਤੇ ਧਰਤੀ 'ਤੇ ਡਿੱਗਣ ਤੋਂ ਪਹਿਲਾਂ ਹੀ ਸਿਰ ਬੋਚ ਲਿਆ।

ਪਲਾਂ ਵਿੱਚ ਵਾਪਰੇ ਕਾਂਡ ਨਾਲ਼ ਮੂੰਹ 'ਚ ਉਂਗਲ਼ਾਂ ਪਾਈ ਡਾਲੀ ਖੜ੍ਹੀ ਕੰਬੀ ਜਾ ਰਹੀ ਸੀ।

ਅਖੀਰ ਗੋਗੀ ਸਪਾਲ਼ ਧਰਤੀ 'ਤੇ ਵਿਛ ਗਿਆ। ਉਸ ਨੂੰ ਡਿੱਗਦਾ ਦੇਖ ਸੀਰੀ ਗੇਜਾ ਪਹਿਲਾਂ ਤਾਂ ਉਚੀ-ਉਚੀ ਰੋਣ ਲੱਗ ਪਿਆ ਅਤੇ ਰੋਂਦਾ-ਰੋਂਦਾ ਮੁੜ ਪਾਗਲਾਂ ਵਾਂਗ ਉਚੀ-ਉਚੀ ਹੱਸਣ ਲੱਗ ਪਿਆ।

ਘਰ ਵਿੱਚ ਚੀਕ-ਚਿਹਾੜਾ ਮੱਚਿਆ ਹੋਇਆ ਸੀ।

ਸਾਰੇ ਪਿੰਡ ਵਿੱਚ ਤੜਥੱਲ ਮੱਚ ਗਿਆ ਕਿ ਜੋਗਾ ਸਿੰਘ ਨੇ ਆਪਣੇ ਇਕਲੌਤੇ ਪੁੱਤਰ ਨੂੰ ਗੋਲ਼ੀ ਮਾਰ ਕੇ ਮਾਰ ਦਿੱਤਾ।

ਲੋਕ ਭਾਂਤ-ਭਾਂਤ ਦੀਆਂ ਗੱਲਾਂ ਕਰ ਰਹੇ ਸਨ।

ਕਿਸੇ ਦੋਖੀ ਨੇ ਜਾ ਠਾਣੇ ਖ਼ਬਰ ਕੀਤੀ ਅਤੇ ਠਾਣਾ ਚੜ੍ਹ ਕੇ ਉਹਨਾਂ ਦੇ ਪਿੰਡ ਢੇਰੀ ਹੋ ਗਿਆ।

 

ਕਾਂਡ 12

 

ਮੁਕੱਦਮੇਂ ਦੀ ਤਾਰੀਕ ਨਿਕਲ਼ ਆਈ।

ਜੱਜ ਜਪੁਜੀ ਦੀ ਅਦਾਲਤ ਲੱਗੀ ਹੋਈ ਸੀ।

ਸੀਰੀ ਗੇਜਾ ਅਤੇ ਜੋਗਾ ਸਿੰਘ ਅਦਾਲਤ ਦੇ ਕਟਿਹਰੇ ਵਿੱਚ ਸਿਰ ਸੁੱਟੀ ਖੜ੍ਹੇ ਸਨ।

ਵਕੀਲਾਂ ਦੀ ਜ਼ਿਰਾਹ ਸੁਣਨ ਤੋਂ ਬਾਅਦ ਜੱਜ ਜਪੁਜੀ ਨੇ ਬੋਲਣਾ ਸ਼ੁਰੂ ਕੀਤਾ।

-"ਮੇਰਾ ਖ਼ਿਆਲ ਐ, ਜਿੰਨਾਂ ਚਿਰ ਅਸੀਂ ਮਕਤੂਲ ਦੀ ਮਾਤਾ ਦਾ ਪੱਖ ਨਹੀਂ ਸੁਣ ਲੈਂਦੇ, ਆਪਾਂ ਕੇਸ ਦੀ ਤਹਿ ਤੱਕ ਨਹੀਂ ਪਹੁੰਚ ਸਕਦੇ, ਅਗਲੀ ਪੇਸ਼ੀ 'ਤੇ ਮਕਤੂਲ ਦੀ ਮਾਤਾ ਨੂੰ ਪੇਸ਼ ਕੀਤਾ ਜਾਵੇ...!"

ਅਦਾਲਤ ਉਠ ਗਈ ਅਤੇ ਦੋਸ਼ੀਆਂ ਨੂੰ "ਲੌਕ-ਅੱਪ" ਵਿੱਚ ਭੇਜ ਦਿੱਤਾ ਗਿਆ।

-"ਜੱਜ ਬੀਬੀ ਨੇ ਅਗਲੀ ਪੇਸ਼ੀ 'ਤੇ ਭਰਜਾਈ ਨੂੰ ਗਵਾਹੀ ਦੇਣ ਲਈ ਬੁਲਾਇਐ..?" ਗੇਜੇ ਨੇ ਗੱਲ ਤੋਰੀ।

-"ਹੁਣ ਤਾਂ ਕੁਛ ਹੋਈ ਜਾਵੇ ਗੇਜਿਆ...! ਤੇਰੇ ਬਾਈ ਦਾ ਘਰ ਉੱਜੜ ਗਿਆ..! ਇੱਕੋ ਇੱਕ ਜੁਆਕ ਜੱਗੋਂ ਖੱਟਿਆ ਸੀ, ਮਾੜੇ ਕਰਮਾਂ ਨੂੰ ਉਹ ਵੀ...।" ਜੋਗਾ ਸਿੰਘ ਨੇ ਧੁਖਦੀ ਚਿਖ਼ਾ ਵਰਗਾ ਹਾਉਕਾ ਛੱਡਿਆ।

-"ਤੇਰੀ ਖਾਤਰ ਫ਼ਾਕੜਾਂ ਹੋਜੂੰ ਬਾਈ, 'ਦਾਸ ਕਾਹਨੂੰ ਹੁੰਨੈਂ...? ਮੈਂ ਤਾਂ ਭਰਜਾਈ ਦੀ ਗਵਾਹੀ ਬਾਰੇ ਚਿੰਤਾ ਕਰਦਾ ਸੀ, ਬਈ ਕਿਤੇ ਬੇੜੀ 'ਚ ਸੁਰਾਖ ਨਾ ਕਰਦੇ..?"

-".........................।" ਜੋਗਾ ਸਿੰਘ ਚੁੱਪ ਸੀ।

-"ਮੈਨੂੰ ਲੱਗਦੈ ਆਪਾਂ ਨੂੰ ਧੀ-ਧਿਆਣੀ ਦਾ ਪਾਪ ਮਾਰੀ ਜਾਂਦੈ, ਬਾਈ...! ਮੈਨੂੰ ਤਾਂ ਸਹੁਰੀ ਸਾਰੀ-ਸਾਰੀ ਰਾਤ ਨੀ ਸੌਣ ਦਿੰਦੀ, ਮਰਜਾਣੀ ਪਉਡੇ ਲਾ ਕੇ ਹਿੱਕ 'ਤੇ ਆ ਚੜ੍ਹਦੀ ਐ, ਮਸਾਂ ਰੌਲ਼ਾ-ਰੂਲ਼ਾ ਪਾ ਕੇ ਖਹਿੜ੍ਹਾ ਛੁਡਾਉਨੈਂ...! ਫ਼ੱਤੋ ਅੱਡ ਅੱਕੀ ਪਈ ਐ...! ਕਿਸੇ ਨੂੰ ਦੱਸਣ ਜੋਕਰੇ ਵੀ ਨੀ...!"

ਆਥਣੇ ਜੋਗਾ ਸਿੰਘ ਦਾ ਫ਼ੁੱਫ਼ੜ ਮਹਿੰਗਾ ਸਿੰਘ ਉਹਨਾਂ ਦੀ ਮੁਲਾਕਾਤ ਨੂੰ ਆ ਗਿਆ। ਹੁਣ ਫ਼ੁੱਫ਼ੜ ਦੀ ਉਹ "ਤੜ੍ਹ" ਨਹੀਂ ਸੀ। ਹੁਣ ਉਹ ਬੁੱਢਾ ਹੋ ਗਿਆ ਸੀ। ਅੱਗੇ ਵਾਂਗ ਬੜ੍ਹਕ ਜਿਹੀ ਨਹੀਂ ਸੀ ਮਾਰਦਾ, ਹੁਣ ਤਾਂ ਛਿੱਤਰ ਜਿਹੇ ਘੜ੍ਹੀਸ ਕੇ ਤੁਰਦਾ ਸੀ। ਫ਼ੁੱਫ਼ੜ ਨੂੰ ਦੇਖ ਕੇ ਜੋਗਾ ਸਿੰਘ ਬੇਹੱਦ ਖ਼ੁਸ਼ ਹੋ ਗਿਆ।

-"ਓਏ ਆ ਬਈ ਫ਼ੁੱਫ਼ੜਾ...! ਰੂਹਾਂ ਖ਼ੁਸ਼ ਕਰਤੀਆਂ ਤੂੰ ਤਾਂ ਆ ਕੇ...!" ਜੋਗਾ ਸਿੰਘ ਸੱਚ ਹੀ ਬਾਗੋਬਾਗ ਹੋ ਗਿਆ। ਫ਼ੁੱਫ਼ੜ ਜਿਵੇਂ ਉਸ ਡੁੱਬਦੇ ਲਈ ਤਿਣਕਾ "ਸਹਾਰਾ" ਬਣ ਕੇ ਆਇਆ ਸੀ।

-"ਪਰ ਮੈਂ ਨੀ ਖ਼ੁਸ਼...!" ਫ਼ੁੱਫ਼ੜ ਕੁਝ ਬਿੱਟਰਿਆ ਜਿਹਾ ਲੱਗਿਆ। ਉਹ ਕੁੜੈਣ ਪੀਤੀ ਵਾਂਗ ਮੂੰਹ ਕਰੀ ਫ਼ਿਰਦਾ ਸੀ।

-"ਕਿਉਂ...?"

-"ਤੈਨੂੰ ਪਤਾ ਈ ਐ...! ਤੂੰ ਕੋਈ ਗੱਲ ਭੁੱਲਿਐਂ ਕਿਤੇ..? ਅਨੂਪ ਕੁਰ ਦੇ ਮੈਥੋਂ ਮੱਥੇ ਨੀ ਲੱਗਿਆ ਜਾਂਦਾ, ਜਦੋਂ ਦੀ ਉਹ ਥੋਡੇ ਘਰੇ ਆਈ ਐ, ਓਹਨੇ ਬਿਚਾਰੀ ਨੇ ਕੋਈ ਸੁਖ ਦਾ ਦਿਨ ਨੀ ਦੇਖਿਆ...!"

-"..............।" ਜੋਗਾ ਸਿੰਘ ਨੇ ਨੀਂਵੀਂ ਪਾ ਲਈ। ਗੱਲ ਫ਼ੁੱਫ਼ੜ ਦੀ ਸੋਲ੍ਹਾਂ ਆਨੇ ਸੱਚ ਸੀ।

-"ਅੱਜ ਕਿਵੇਂ ਗੇੜੇ ਮਾਰੇ ਫ਼ੁੱਫ਼ੜਾ...?" ਗੱਲ ਬਦਲਣ ਲਈ ਜੋਗੇ ਦੇ ਨਾਲ਼ ਬੈਠਾ ਗੇਜਾ ਬੋਲਿਆ।

-"ਓਏ ਕਾਹਦੇ ਗੇੜੇ ਐ ਸ਼ੇਰਾ...! ਮਾੜੀ 'ਲ਼ਾਦ ਵੀ ਨਾ ਰੱਬ ਕਿਸੇ ਨੂੰ ਦੇਵੇ, ਮੈਂ ਤਾਂ ਕੈਲੇ ਤੇ ਜੈਲੋ ਨੂੰ ਮਿਲ਼ ਕੇ ਆਇਐਂ...!" ਫ਼ੁੱਫ਼ੜ ਨੇ ਅੰਦਰਲੀ ਭੜ੍ਹਾਸ ਬਾਹਰ ਕੱਢੀ, "ਬੜਾ ਧੱਕਾ ਕੀਤਾ ਓਹਦੇ ਮੁੰਡੇ ਨੇ ਉਹਨਾਂ ਦੋਨਾਂ ਨਾਲ਼...!" ਫ਼ੁੱਫ਼ੜ ਨੇ ਕੈਲੇ ਅਤੇ ਜੈਲੋ ਦੀ "ਰਾਮ ਕਹਾਣੀ" ਦੱਸਣੀ ਸ਼ੁਰੂ ਕਰ ਦਿੱਤੀ....

.......ਘੋਰ ਸਰਦੀਆਂ ਦੀ ਰੁੱਤ ਸੀ।

ਸਵੇਰੇ ਚਾਰ ਵਜੇ ਦਾ ਸਮਾਂ ਸੀ।

ਬਾਹਰ ਖੇਤਾਂ ਵਿੱਚ ਧੁੰਦ ਪਈ ਹੋਈ ਸੀ। ਠੰਡੀ ਸੀਤ ਹਵਾ ਵਗ ਰਹੀ ਸੀ। ਕੜਾਕੇ ਦੀ ਸਰਦੀ ਨਾਲ਼ ਠਰੀਆਂ ਗਲ਼ੀਆਂ ਸੁੱਤੀਆਂ ਹੋਈਆਂ ਸਨ।  ਗਲ਼ੀ ਦੇ ਲੰਡਰ ਕੁੱਤੇ ਖੁੰਢਾਂ ਓਹਲੇ, ਝੋਨੇ ਦੀ ਪਰਾਲ਼ੀ ਪਿੱਛੇ ਜਾਂ ਕੱਚੀਆਂ ਕੰਧਾਂ ਦੀ ਆੜ ਵਿੱਚ ਘੋਰਨੇ ਬਣਾਈ ਨੀਂਦ ਵਿੱਚ ਡੁੱਬੇ ਹੋਏ ਸਨ। ਕਿਤੇ ਕਿਸੇ ਠਰੀ ਟਟੀਹਰ੍ਹੀ ਦੀ ਅਵਾਜ਼ ਆਉਂਦੀ ਸੀ, ਜੋ ਸ਼ਾਇਦ ਆਪਣੇ ਆਂਡਿਆਂ ਦੀ ਰਾਖੀ ਬੈਠੀ ਹੋਣ ਦਾ ਅਹਿਸਾਸ ਕਰਵਾ ਰਹੀ ਸੀ।

ਨੀਂਦ ਨਾਲ਼ ਊਂਘਦੀ ਜੈਲੋ ਨੇ ਛਿਟੀਆਂ ਦੀ ਅੱਗ ਬਾਲ਼ ਕੇ ਚੁੱਲ੍ਹੇ ਉਪਰ ਚਾਹ ਧਰ ਲਈ। ਠਾਰੀ ਨਾਲ਼ ਉਸ ਦੇ ਅੰਗ-ਪੈਰ ਵੀ ਬਰਫ਼ ਬਣੇ ਪਏ ਸਨ। ਜੈਲਾ ਨਲ਼ਕੇ ਤੋਂ ਮੂੰਹ ਧੋ ਕੇ "ਠੁਰ-ਠੁਰ" ਕਰਦਾ ਚੁੱਲ੍ਹੇ ਮੂਹਰੇ ਆ ਬੈਠਾ।

-"ਠੰਢ ਕਾਹਦੀ ਐ, ਕਹਿਰ ਐ, ਕਹਿਰ...!" ਉਸ ਨੇ ਭੂਰੇ ਦੀ ਬੁੱਕਲ਼ ਹੋਰ ਕਸ ਲਈ। ਹੱਥ ਸੇਕਣ ਲਈ ਉਸ ਨੇ ਚੁੱਲ੍ਹੇ ਦੀ ਅੱਗੇ ਅੱਗੇ ਫ਼ੈਲਾਅ ਦਿੱਤੇ।

-"ਤੈਨੂੰ ਕਿਹਾ ਸੀ ਦਸਤਾਨੇ ਲੈਲਾ, ਇੱਥੇ ਤਾਂ ਜਾ-ਵੱਢੇ ਪੰਜ-ਪਾਂਜੇ ਪੂਰੇ ਈ ਨੀ ਹੋਣੇ, ਜੇ ਠੰਢ ਲੱਗ'ਗੀ, ਓਨੇ ਜੈ-ਖਾਣੇ ਡਾਕਦਾਰ ਨੇ ਝਾੜ ਲੈਣੇ ਐਂ...।" ਉਬਲ਼ਦੀ ਚਾਹ ਦਾ ਪਤੀਲ੍ਹਾ ਜੈਲੋ ਨੇ ਥੱਲੇ ਲਾਹ ਲਿਆ। ਉਸ ਦੀਆਂ ਉਂਗਲ਼ਾਂ ਲੂਹੀਆਂ ਗਈਆਂ ਸਨ। ਪਰ ਉਸ ਨੇ ਮੱਚਦੀਆਂ ਦੋ ਉਂਗਲ਼ਾਂ ਮੂੰਹ ਵਿੱਚ ਲੈ ਲਈਆਂ।

-"ਕੋਈ ਲੀੜਾ ਜਾਂ ਪੋਣਾਂ ਕੋਲ਼ੇ ਰੱਖ ਲਿਆ ਕਰ..? ਨਿੱਤ ਹੱਥ ਬਾਲਣ ਦਾ ਕੋਈ ਚਾਅ ਐ ਤੈਨੂੰ..?" ਕੈਲੇ ਨੇ ਕਿਹਾ। ਉਸ ਨੂੰ ਜੈਲੋ 'ਤੇ ਤਰਸ ਜਿਹਾ ਆਇਆ ਸੀ। ਪਰ ਜੈਲੋ ਕੁਛ ਨਾ ਬੋਲੀ, ਸਗੋਂ ਚੁੱਪ ਚਾਪ ਗਿਲਾਸ ਵਿੱਚ ਚਾਹ ਪਾਉਣ ਲੱਗ ਪਈ।

-"ਮੈਂ ਕਿਹਾ ਸੀ, ਦਸਤਾਨੇ ਲੈ-ਲਾ..! ਦੁੱਧ ਢੋਂਦੇ ਨੇ ਸੀਤ 'ਚ ਦਰ-ਦਰ ਫ਼ਿਰਨੈ, ਹੱਥਾਂ ਨੂੰ ਤਾਂ 'ਰਾਮ ਰਹੂ...?"

-"ਓਏ ਕੁਛ ਨੀ ਹੁੰਦਾ...! ਪੁੱਤ ਨੂੰ ਪੜ੍ਹਾ ਕੇ ਚੰਗੀ ਨੌਕਰੀ 'ਤੇ ਲਾਉਣੈ, ਸਾਰੇ ਦਸਤਾਨੇ ਵਿੱਚੇ ਈ ਆ ਜਾਣਗੇ..! ਤੂੰ ਮੇਰਾ ਫ਼ਿਕਰ ਨਾ ਕਰਿਆ ਕਰ...! ਆਪਣੀ ਚਮੜੀ ਤਾਂ ਮਛਕ ਵਰਗੀ ਸਖਤ ਐ ਲਾਣੇਦਾਰਨੀਏਂ...!" ਜੈਲੇ ਨੇ ਗਰਮ-ਗਰਮ ਚਾਹ ਦਾ ਗਿਲਾਸ ਮੂੰਹ ਨੂੰ ਲਾ ਲਿਆ। ਕੈਲਾ ਪਿਛਲੇ ਤਿੰਨ ਸਾਲਾਂ ਤੋਂ ਦੁੱਧ ਇਕੱਠਾ ਕਰ ਕੇ ਸ਼ਹਿਰ ਪਾਉਣ ਦਾ ਕੰਮ ਕਰ ਰਿਹਾ ਸੀ। ਬਿੱਲੂ ਉਸ ਦਾ 'ਕੱਲਾ-'ਕੱਲਾ ਪੁੱਤ ਸੀ। ਮਸਾਂ ਅਰਦਾਸਾਂ ਕਰ-ਕਰ ਰੱਬ ਤੋਂ ਲਿਆ ਸੀ। ਜੈਲੋ ਲੋਕਾਂ ਦੇ ਘਰੀਂ ਕੰਮ ਧੰਦਾ ਕਰ ਦਿੰਦੀ ਅਤੇ ਕੈਲਾ ਦੁੱਧ ਪਾ ਕੇ ਚੰਗੀ ਬਸਰ ਕਰ ਰਹੇ ਸਨ। ਕੈਲੇ ਦੀ ਇੱਕ ਹੀ ਸਧਰ ਸੀ ਕਿ ਇਕਲੌਤੇ ਪੁੱਤ ਬਿੱਲੂ ਨੂੰ ਆਪਦੇ ਵਾਂਗ ਧੱਕੇ-ਧੋੜ੍ਹੇ ਨਹੀਂ ਖਾਣ ਦੇਣੇ, ਪੜ੍ਹਾ ਲਿਖਾ ਕੇ ਵੱਡਾ ਅਫ਼ਸਰ ਬਣਾਉਣਾ ਹੈ...! ਜਦ ਕੈਲਾ ਪਿੰਡ ਵਿੱਚੋਂ ਦੁੱਧ ਇਕੱਠਾ ਕਰਨ ਤੁਰ ਜਾਂਦਾ ਤਾਂ ਬਿੱਲੂ ਨੂੰ ਕਾਲਜ ਤੋਰ ਕੇ ਜੈਲੋ ਲੋਕਾਂ ਦੇ ਘਰੀਂ ਕੰਮ ਕਰਨ ਤੁਰ ਪੈਂਦੀ। ਉਹ ਚਾਰ ਘਰਾਂ ਦਾ ਕੰਮ ਕਰਦੀ ਸੀ। ਘਰ ਦਾ ਸਾਰਾ ਖਰਚਾ ਜੈਲੋ ਤੋਰਦੀ ਸੀ, ਜਦ ਕਿ ਬਿੱਲੂ ਦਾ ਖਰਚਾ ਕੈਲਾ ਚਲਾਉਂਦਾ ਸੀ। ਇਤਨੀ ਕਰੜੀ ਮਿਹਨਤ ਦੇ ਬਾਵਜੂਦ ਵੀ ਨਾ ਕਦੇ ਮਾਂ ਅਤੇ ਨਾ ਬਾਪ ਕੈਲੇ ਨੇ ਮੱਥੇ ਵੱਟ ਪਾਇਆ ਸੀ। ਉਹ ਬਿੱਲੂ ਨੂੰ ਦੇਖ-ਦੇਖ ਜਿਉਂਦੇ ਸਨ। ਉਹਨਾਂ ਦੀ ਜ਼ਿੰਦਗੀ ਦਾ ਮਕਸਦ ਹੀ ਸਿਰਫ਼ ਇੱਕ ਬਿੱਲੂ ਸੀ, ਜਿਸ ਨੂੰ ਉਹ ਟੀਸੀ 'ਤੇ ਪਹੁੰਚਿਆ ਦੇਖਣਾ ਚਾਹੁੰਦੇ ਸਨ।

-"ਐਨਾਂ ਕੱਕਰ ਪੈਂਦੈ, ਕਿਤੇ ਠੰਢ ਨਾ ਲੱਗ'ਜੇ ਤੈਨੂੰ...?"

-"ਕੁਛ ਨੀ ਲੱਗਦਾ...! ਮੈਂ ਐਨਾਂ ਵੀ ਕੂਲ਼ਾ ਨੀ..! ਪੁੁੱਤ ਦੀ ਜਿੰਦਗੀ ਬਣਾਉਣੀ ਆਂ, ਪੁੱਤ ਵੀ ਪਿਉ ਨੂੰ ਯਾਦ ਕਰੂ..?"

ਚੌਂਕੇ ਦੇ ਨਾਲ਼ ਦੀ ਸਵਾਤ 'ਚੋਂ ਪੁੱਤ ਦੇ ਘੁਰਾੜੇ ਸੁਣਾਈ ਦਿੰਦੇ ਸਨ।

-"ਘੁਰਾੜੇ ਦੇਖ ਕਿਵੇਂ ਮਾਰਦੈ, ਜਿਵੇਂ ਕੱਸੀ ਦਾ ਪਾਣੀ ਲਾ ਕੇ ਆਇਆ ਹੁੰਦੈ, ਲਿਆ ਘੁੱਟ ਕੁ ਚਾਹ ਹੋਰ ਪਾਅ, ਠਾਰੀ ਬਹੁਤ ਐ, ਜਾਂਵਾਂ ਮੈਂ..!" ਸਾਈਕਲ ਨਾਲ਼ ਦੁੱਧ ਵਾਲ਼ੇ ਢੋਲ ਟੰਗਦਾ ਕੈਲਾ ਹੱਸ ਪਿਆ।

-"ਤੂੰ ਹੌਲ਼ੀ ਬੋਲ, ਕਿਤੇ ਜੁਆਕ ਨੂੰ ਜਗਾ ਨਾ ਦੇਈਂ, ਉਹਨੇ ਪੜ੍ਹਨਾ ਹੁੰਦੈ...! ਇੱਕ ਤੇਰਾ ਸੰਘ ਵੱਡੈ...!" ਉਹ ਚਾਹ ਦਾ ਗਿਲਾਸ ਫ਼ੜਾਉਂਦੀ ਹੋਈ ਬੋਲੀ।

-"................................।" ਕੈਲੇ ਨੇ ਚਾਹ ਦਾ ਗਿਲਾਸ ਫ਼ੜ ਲਿਆ।

-"ਅੱਜ ਦਸਤਾਨੇ ਲੈ ਆਈਂ, ਫ਼ੇਰ ਵੇਲ਼ਾ ਹੱਥ ਨੀ ਆਉਂਦਾ ਹੁੰਦਾ, ਆਬਦੇ ਕਰਮ ਨੀ ਪ੍ਰਤਿਆਈਦੇ ਹੁੰਦੇ..!"

-"ਆਹ ਫ਼ੜ ਗਿਲਾਸ, ਤੇ ਮੈਂ ਚੱਲਿਆ...!" ਉਸ ਨੇ ਸਾਈਕਲ ਸਟੈਂਡ ਤੋਂ ਲਾਹ ਕੇ "ਸਤਿਨਾਮ - ਵਾਹਿਗੁਰੂ ਜੀ" ਆਖ ਤੋਰ ਲਿਆ।

ਚਾਹ ਦੀ ਗਰਮਾਇਸ਼ ਨਾਲ਼ ਕੈਲੇ ਨੇ ਘਰ-ਘਰ ਤੋਂ ਦੁੱਧ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ।

ਪਿੰਡ ਦੀ ਗਲ਼ੀ-ਗਲ਼ੀ ਘੁੰਮ ਕੇ ਦੁੱਧ ਇਕੱਠਾ ਕਰਨਾ ਉਸ ਦਾ ਨਿੱਤ ਦਾ 'ਨੇਮ' ਸੀ। ਪਿੰਡ ਦੇ ਪੱਚੀ ਕੁ ਘਰ ਉਸ ਕੋਲ਼ ਦੁੱਧ ਪਾਉਂਦੇ ਸਨ। ਉਹ ਇੱਕ ਘਰ ਤੋਂ ਦੁੱਧ ਮਿਣ ਕੇ ਡਰੰਮ ਵਿੱਚ ਪਾਉਂਦਾ, ਢੱਕਣ ਬੰਦ ਕਰਦਾ ਅਤੇ ਅਗਲੇ ਘਰ ਅੱਗੇ ਜਾ ਕੇ ਟੱਲੀ ਮਾਰ ਦਿੰਦਾ।

-"ਚਾਹ ਬਣੀ ਪਈ ਐ, ਕੈਲਿਆ..! ਪੀ ਲੈ, ਪਾਅਲ਼ਾ ਬਹੁਤ ਐ..!" ਪਿੰਡ 'ਚੋਂ ਲੱਗਦੀ ਤਾਈ ਦੁੱਧ ਪਾਉਂਦੀ ਹੋਈ ਬੋਲੀ।

-"ਗੁਰੂ ਬਾਹਲ਼ਾ ਦੇਵੇ ਤਾਈ...! ਹੁਣ ਸਰੀਰ ਭਖ਼ਿਆ ਵਿਐ, ਜੇ ਚਾਹ ਪੀਣ ਬਹਿ ਗਿਆ, ਇਹ ਫ਼ੇਰ ਠਰ-ਜੂ, ਮੈਂ ਰੁੜ੍ਹਿਆ ਈ ਚੰਗੈਂ..!" ਸਟੈਂਡ ਲਾਹ ਕੇ ਕੈਲੇ ਨੇ ਸਾਈਕਲ ਤੋਰ ਲਿਆ।

ਦੁੱਧ ਇਕੱਠਾ ਕਰ ਕੇ ਕੈਲਾ ਸ਼ਹਿਰ ਨੂੰ ਸਾਈਕਲ ਦੱਬੀ ਜਾ ਰਿਹਾ ਸੀ। ਠੰਢੀ ਸੀਤ ਹਵਾ ਸਰੀਰ ਦੇ ਵਿੱਚ ਦੀ ਨਿਕਲ਼ਦੀ ਸੀ। ਤੇਜ਼ ਸਾਈਕਲ ਨਾਲ਼ ਦੁੱਧ ਵਾਲ਼ੇ ਡਰੰਮ ਖੜਕ ਰਹੇ ਸਨ। ਕੋਈ ਟਾਂਵਾਂ-ਟਾਂਵਾਂ ਬੰਦਾ ਉਸ ਨੂੰ ਮਿਲ਼ਦਾ। ਪਰ ਕੈਲਾ ਆਪਣੀ ਮਸਤੀ ਵਿੱਚ "ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ, ਔਖੇ ਵੇਲ਼ੇ ਕੰਮ ਆਊਗਾ....!" ਗਾਉਂਦਾ ਸ਼ਹਿਰ ਦੇ ਨੇੜੇ ਪਹੁੰਚ ਗਿਆ ਅਤੇ ਉਸ ਨੇ ਭੱਲੇ ਹਲਵਾਈ ਦੀ ਦੁਕਾਨ ਕੋਲ਼ ਸਾਈਕਲ ਰੋਕ ਲਿਆ।

-"ਹੁਣ ਤੂੰ ਸਿਆਣਾ ਹੋ ਗਿਆ ਕੈਲਾ ਸਿਆਂ, ਮੁੰਡੇ ਨੂੰ ਆਖ ਤੇਰੀ ਮੱਦਤ ਕਰਿਆ ਕਰੇ...!" ਦੁੱਧ ਦਾ ਪਤੀਲਾ ਭੱਠੀ 'ਤੇ ਰੱਖਦਾ ਹੋਇਆ ਭੱਲਾ ਦੁੱਧ ਪੁਆਉਣ ਲਈ ਭਾਂਡਾ ਲੱਭਣ ਲੱਗ ਪਿਆ।

-".................।" ਕੈਲਾ ਹੱਸ ਪਿਆ।

-"ਸਾਡੇ ਸਾਰੀ ਉਮਰ ਦੁੱਧ ਢੋਂਦਿਆਂ ਦੇ ਅੱਟਣ ਪੈਗੇ, ਕੀ ਖੱਟਿਆ? ਠੂਠੇ ਨਾਲ਼ ਕੁਨਾਲ਼ ਖੜਕਦਾ ਰਿਹੈ, ਜੈਲੋ ਦੇ ਤੁੰਗਲ਼ ਨੀ ਬਣੇ, ਮੁੰਡਾ ਤਾਂ ਆਪਣਾ ਕਿਸੇ ਚੰਗੀ ਨੌਕਰੀ 'ਤੇ ਲੱਗੂ ਭੱਲਾ ਸਿਆਂ, ਓਹਤੋਂ ਆਹ ਧੰਦ ਨੀ ਪਿਟਵਾਉਣਾ..! ਇਹ ਧੰਦ ਪਿੱਟਣ ਨੂੰ ਆਪਾਂ ਥੋੜ੍ਹੇ ਐਂ...? ਸਾਰੀ ਉਮਰ ਨਿਕਲ਼ ਗਈ ਖਪਦਿਆਂ ਨੂੰ, ਇਸ ਕਿੱਤੇ 'ਚੋਂ ਆਪਾਂ ਨੂੰ ਤਾਂ ਕੋਈ ਉਠ ਘੋੜ੍ਹਾ ਮਿਲ਼ਿਆ ਨੀ, ਪੁੱਤ ਕੀ ਉਡਣ ਕਟੋਲ੍ਹਾ ਬਣਾ ਲਊ...?"

-"ਵਧੀਆ ਸੋਚ ਐ, ਰੱਬ ਤੇਰੀ ਮਨੋਂ-ਕਾਮਨਾ ਪੂਰੀ ਕਰੇ...!" ਭੱਲਾ ਹਲਵਾਈ ਦੁੱਧ 'ਚ ਖੁਰਚਣਾ ਫ਼ੇਰਦਾ ਹੋਇਆ ਬੋਲਿਆ।

ਅਜੇ ਕੈਲਾ ਦੁੱਧ ਪਾ ਕੇ ਤੁਰਨ ਹੀ ਲੱਗਿਆ ਸੀ ਕਿ ਅਚਾਨਕ ਦੁੜੰਗੇ ਮਾਰਦਾ ਇੱਕ ਫ਼ਕੀਰ ਆ ਬਹੁੜਿਆ।

-"ਅਸੀਂ ਕਮਲ਼ੇ ਈ ਚੰਗੇ ਆਂ, ਜੀ ਅਸੀਂ ਕਮਲ਼ੇ ਈ ਚੰਗੇ ਆਂ...! ਤੈਨੂੰ ਕਮਲ਼ਾ-ਕਮਲ਼ਾ ਆਖਦੇ, ਤੂੰ ਆਹੋ-ਆਹੋ ਆਖ, ਬਈ ਅਸੀਂ ਕਮਲ਼ੇ ਈ ਚੰਗੇ ਆਂ, ਜੀ ਅਸੀਂ ਕਮਲ਼ੇ ਈ ਚੰਗੇ ਆਂ...!" ਮਸਤੀ ਵਿੱਚ ਫ਼ਕੀਰ ਨੱਚਦਾ-ਟੱਪਦਾ ਅਤੇ ਗਾਉਂਦਾ ਅੱਗੇ ਲੰਘ ਗਿਆ।

-"ਲੈ, ਐਹਨੂੰ ਸਾਰਿਆਂ ਨਾਲ਼ੋਂ ਮੌਜ ਐ, ਨਾ ਫ਼ਿਕਰ ਨਾ ਫ਼ਾਕਾ, ਨਾ ਨੂੰਹ ਲਿਆਉਣੀ ਤੇ ਨਾ ਧੀ ਤੋਰਨੀ..!" ਮਸਤਾਨੇ ਫ਼ਕੀਰ ਵੱਲ ਦੇਖ ਕੇ ਕੈਲਾ ਬੋਲਿਆ।

-"ਇਹ ਫ਼ਕੀਰੀ ਤਾਂ ਸਭ ਤੋਂ ਔਖੀ ਐ ਕੈਲਾ ਸਿਆਂ, ਇਹ ਤਿਆਗ ਵੀ ਕੋਈ-ਕੋਈ ਕਰ ਸਕਦੈ..!" ਭੱਲੇ ਨੇ ਕਿਹਾ।

ਦੁਪਿਹਰ ਹੋਣ ਤੱਕ ਕੈਲਾ ਵਿਹਲਾ ਹੋ ਗਿਆ।

-"ਰੱਬ ਨਾ' ਚਲਾਕੀਆਂ ਤੂੰ ਕਰਿਆ ਨਾ ਕਰ, ਰੱਬ ਤਾਂ ਓਏ ਮਿੱਤਰਾ ਓਏ ਰੱਬ ਹੁੰਦਾ ਐ...!" ਕੈਲਾ ਪਤਾ ਨਹੀਂ ਕਿਸ ਖ਼ੁਸ਼ੀ ਵਿੱਚ ਸਾਈਕਲ 'ਤੇ ਚੜ੍ਹਿਆ ਗਾਉਂਦਾ ਆ ਰਿਹਾ ਸੀ। ਦੁੱਧ ਵਾਲ਼ੇ ਢੋਲ ਖੜਕਦੇ ਆਉਂਦੇ ਸਨ।

ਘਰ ਜਾ ਕੇ ਉਸ ਨੇ ਢੋਲ ਲਾਹ ਕੇ ਨਲ਼ਕੇ ਕੋਲ਼ ਰੱਖਣੇ ਸ਼ੁਰੂ ਕਰ ਦਿੱਤੇ।

ਮੱਦਦ ਕਰਨ ਲਈ ਜੈਲੋ ਨੇ ਸਾਈਕਲ ਫ਼ੜ ਲਿਆ।

-"ਤੂੰ ਟੁੱਕ ਦੀ ਬੁਰਕੀ ਖਾਅਲਾ, ਸਵੇਰੇ ਮੂੰਹ 'ਨ੍ਹੇਰੇ ਦਾ ਘਰੋਂ ਨਿਕਲਿਆ ਵਿਐਂ, ਡਰੰਮ ਕਾਲਜੋਂ ਆ ਕੇ ਬਿੱਲੂ ਧੋਅ-ਦੂ..!" ਜੈਲੋ ਸਾਈਕਲ ਨੂੰ ਕੰਧ ਨਾਲ਼ ਲਾਉਂਦੀ ਹੋਈ ਬੋਲੀ।

-"ਜੇ ਰੋਟੀ ਦੋ ਮਿਲਟ ਅੜਕ ਕੇ ਖਾ ਲਊਂ, ਫ਼ੇਰ ਕਿਹੜਾ ਮੇਰੀ ਪਿਲਛਣ ਬੰਦ ਹੋ-ਜੂ...? ਕਮਲ਼ੀ ਐਂ ਤੂੰ...! ਜਮਾਂ ਈ ਯਧ ਕਮਲ਼ੀ...!! ਬਿੱਲੂ ਆਪਣਾ ਡਰੰਮ ਧੋਣ ਆਸਤੇ ਐ...? ਬਿੱਲੂ ਸਿਉਂ ਤਾਂ ਆਪਣਾ ਕੁਰਸੀ 'ਤੇ ਬੈਠ ਕੇ ਹੁਕਮ ਚਲਾਇਆ ਕਰੂ ਹੁਕਮ ਲਾਣੇਦਾਰਨੀਏਂ, ਮੈਂ ਐਂਵੇਂ ਨੀ ਅੱਧੀ ਰਾਤੋਂ ਉਠਦਾ, ਪੁੱਤ ਤੋਂ ਡੱਕਾ ਤੋੜ ਕੇ ਦੂਹਰਾ ਨੀ ਕਰਵਾਉਣਾ, ਆਪਣੀ ਬੁੜ੍ਹੇ ਹੋਇਆਂ ਦੀ ਸੇਵਾ ਕਰਿਆ ਕਰੂਗਾ, ਤੂੰ ਦੇਖੇਂਗੀ...!" ਉਹ ਨਲ਼ਕੇ 'ਤੇ ਡਰੰਮ ਧੋਂਦਾ ਹੋਇਆ ਬੋਲਿਆ।

-"ਆਂਢ-ਗੁਆਂਢ ਨੂੰ ਨਾ ਸੁਣਾਇਆ ਕਰ...! ਲੋਕਾਂ ਦਾ ਹੌਕਾ ਲੈ ਬਹਿੰਦੈ..!" ਜੈਲੋ ਡਰਿਆਂ ਵਾਂਗ ਬੋਲੀ ਅਤੇ ਭਾਂਡਿਆਂ ਵਾਲ਼ੀ ਟੋਕਰੀ 'ਚੋਂ ਥਾਲ਼ੀ ਅਤੇ ਕੌਲੀ ਚੁੱਕ ਰੋਟੀ ਪਾਉਣ ਜਾ ਲੱਗੀ।

ਕੈਲੇ ਨੇ ਦੁੱਧ ਵਾਲ਼ੇ ਡਰੰਮ ਧੋ ਕੇ ਮੂਧੇ ਮਾਰ ਦਿੱਤੇ ਅਤੇ ਰੋਟੀ ਦੁਆਲ਼ੇ ਆ ਬੈਠਾ।

ਭੁੱਖ ਨਾਲ਼ ਉਸ ਦੀਆਂ ਕੋਕੜਾਂ ਹੋਈਆਂ ਪਈਆਂ ਸਨ।

-"ਅਚਾਰ ਵੀ ਦੇ-ਦੇ ਭੋਰਾ..! ਭੁੱਖ ਤਾਂ ਬਦਲੇ ਲਈ ਜਾਂਦੀ ਐ..!"

-"ਭੁੱਖ ਨੂੰ ਕੀ ਦੋਸ਼ ਐ...? ਟਿੱਕੀ ਨਿਕਲਣ ਤੋਂ ਪਹਿਲਾਂ ਤਾਂ ਤੂੰ ਪਿੰਡੋਂ ਨਿਕਲ਼ ਜਾਨੈਂ..!" ਜੈਲੋ ਕੁੱਜੇ ਵਿੱਚੋਂ ਅਚਾਰ ਕੱਢਦੀ ਹੋਈ ਬੋਲੀ। ਪਰ ਜੈਲਾ ਰੋਟੀ ਖਾਂਦਾ ਰਿਹਾ। ਉਹ ਕੁਛ ਨਾ ਬੋਲਿਆ।

-"ਅੱਜ ਬਿੱਲੂ ਦੇ ਜੁੱਤੀ ਪੁਆ ਲਿਆ, ਉਹਦੀ ਜੁੱਤੀ ਦਾ ਤਲ਼ਾ ਟੁੱਟ ਗਿਆ...!"

-"ਆ ਲੈਣ ਦੇ, ਪੁਆ ਲਿਆਊਂਗਾ...!"

ਜਦ ਬਿੱਲੂ ਕਾਲਿਜ ਤੋਂ ਆਇਆ ਤਾਂ ਕੈਲੇ ਨੇ ਉਸ ਨੂੰ ਤਾੜਨਾ ਕਰਨ ਵਾਲ਼ਿਆਂ ਵਾਂਗ ਕਿਹਾ।

-"ਰੋਟੀ ਖਾ ਪੁੱਤ, ਤੇ ਚੱਲ ਤੇਰੇ ਜੁੱਤੀ ਪੁਆ ਕੇ ਲਿਆਵਾਂ..!"

-"ਕੱਲ੍ਹ ਨੂੰ ਸਹੀ ਬਾਪੂ, ਅੱਜ ਰਹਿਣ ਦੇ....!"

-"ਜਦੋਂ ਕੋਈ ਕੰਮ ਕਰਨਾ ਹੋਵੇ, ਸੱਜਾ ਖੱਬਾ ਨਾ ਦੇਖੀਏ ਸ਼ੇਰਾ..! ਕੱਲ੍ਹ ਨੂੰ ਕੋਈ ਹੋਰ ਰੱਬ ਆਜੂ..? ਚੱਲ ਮੇਰਾ ਪੁੱਤ..! ਜਿਹੜਾ ਕੰਮ ਕਰਨੈਂ, ਨਬੇੜਿਆ ਈ ਚੰਗੈ...!" ਬਿੱਲੂ ਬਾਪੂ ਦੇ ਸਾਈਕਲ ਪਿੱਛੇ ਬੈਠ ਗਿਆ।

-"ਲੈ ਬਈ ਮਿੱਤਰਾ, ਜੁੱਤੀ ਦਿਖਾ ਕੋਈ ਮੇਰੇ ਸਰਦਾਰ ਪੁੱਤ ਵਾਸਤੇ...!" ਕੈਲੇ ਨੇ ਜਾਣਕਾਰ ਦੁਕਾਨਦਾਰ ਨੂੰ ਕਿਹਾ। ਹਰ ਰੋਜ਼ ਤਾਂ ਉਹ ਇੱਧਰ ਦੀ ਲੰਘਦਾ ਸੀ।

-"ਆ ਜਾਹ ਭਤੀਜ...! ਲੈ ਕਰ ਫ਼ਿੱਟ...!"

ਬਿੱਲੂ ਨੇ ਕਈ ਜੁੱਤੀਆਂ ਪਾ-ਪਾ ਦੇਖੀਆਂ।

-"ਲੈ ਆਹ ਪੂਰੀ ਮੇਚ ਐ...!"

-"ਫ਼ਿੱਟ ਐ ਨ੍ਹਾਂ..?" ਜੁੱਤੀਆਂ ਵਾਲੇ ਨੇ ਪੁੱਛਿਆ।

-"ਹੁਣ ਦੇਖ ਲੈ ਪੁੱਤ, ਤੈਨੂੰ ਤੁਰਦੇ ਨੂੰ ਤੰਗ ਨਾ ਕਰੇ, ਪੂਰੀ ਨਿਸ਼ਾ ਕਰ ਕੇ ਦੇਖਲਾ...!"

-"ਨਹੀਂ ਠੀਕ ਆ ਬਾਪੂ...!"

-"ਪਸਿੰਦ ਵੀ ਐ ਨ੍ਹਾਂ...?"

-"ਹਾਂ ਬਾਪੂ...!"

-"ਚੱਲ ਲੈ ਫ਼ੇਰ...!" ਕੈਲਾ ਗੀਝੇ 'ਚੋਂ ਪੈਸੇ ਕੱਢਣ ਲੱਗ ਪਿਆ।

-"ਜੁੱਤੀ ਤੇਰੀ ਵੀ ਟੁੱਟੀ ਪਈ ਐ, ਕੈਲਾ ਸਿਆਂ...! ਤੂੰ ਵੀ ਲੈ'ਲਾ, ਨਾ ਐਨੀ ਕਿਰਸ ਕਰਿਆ ਕਰ..!" ਦੁਕਾਨਦਾਰ ਬੋਲਿਆ

-"ਯਾਰ ਅਸੀਂ ਕਿਹੜਾ ਮੋਰਨੀ ਦੀ ਚਾਲ ਤੁਰਨੈਂ...? ਆਪਣੀ ਲੱਤ ਤਾਂ ਛੈਂਕਲ 'ਤੇ ਈ ਰਹਿਣੀ ਐਂ, ਨਾਲ਼ੇ ਮੈਂ ਐਨਾਂ ਵੀ ਸੋਹਲ ਨੀ'ਗਾ, ਅਜੇ ਕੰਮ ਚੱਲਦੈ, ਚੱਲੀ ਜਾਣ ਦੇ, ਜਦੋਂ ਜਮਾਂ ਈ ਜਬਾਬ ਦੇ ਗਈ, ਓਦੋਂ ਦੇਖ'ਲਾਂਗੇ...!" ਕੈਲੇ ਨੇ ਬੇਧਿਆਨਾ ਹੋ ਕੇ ਉਤਰ ਦਿੱਤਾ।

-"ਕਿਉਂ ਪੁੱਤ, ਹੋਰ ਤਾਂ ਨੀ ਲੈਣਾ ਕੁਛ..?"

-"ਨਹੀਂ ਬਾਪੂ...!"

-"ਜਾਨ ਮੰਗ ਜਾਨ ਵੀ ਮਿਲੂ, ਪੁੱਤ...!"

-"................।" ਬਿੱਲੂ ਸ਼ਰਮ ਜਿਹੀ ਨਾਲ਼ ਨੀਵੀਂ ਪਾ ਗਿਆ।

ਉਹ ਸਾਈਕਲ 'ਤੇ ਚੜ੍ਹ ਪਿੰਡ ਆ ਗਏ।

ਸੂਰਜ ਚੜ੍ਹਦਾ ਰਿਹਾ, ਛੁਪਦਾ ਰਿਹਾ।

ਦਿਨ, ਹਫ਼ਤੇ, ਮਹੀਨੇ ਅਤੇ ਫ਼ਿਰ ਸਾਲ ਗੁਜ਼ਰਦਿਆਂ ਪੂਰੇ ਸੱਤ ਸਾਲ ਬੀਤ ਗਏ।

ਬਿੱਲੂ ਨੇ ਪੜ੍ਹਾਈ ਪੂਰੀ ਕਰ ਲਈ ਅਤੇ ਬੈਂਕ ਦੀ ਚੰਗੀ ਨੌਕਰੀ 'ਤੇ ਵੀ ਲੱਗ ਗਿਆ। ਕਾਲਜ ਸਮੇਂ ਤੋਂ ਹੀ ਇੱਕ ਕੁੜੀ ਸੋਨੀ ਨਾਲ਼ ਉਸ ਦੀ ਬਾਹਵਾ ਮੱਤ ਮਿਲ਼ਦੀ ਸੀ। ਸੋਨੀ ਬੜੀ ਖ਼ੂਬਸੂਰਤ ਕੁੜੀ ਸੀ। ਤਿੱਖੇ ਨੈਣ ਨਕਸ਼, ਚਿਹਰੇ ਉਪਰ ਕੁਦਰਤੀ ਮੁਸਕੁਰਾਹਟ, ਪਤਲਾ ਛਮਕ ਵਰਗਾ ਸਰੀਰ, ਤਲਵਾਰ ਵਰਗਾ ਤਿੱਖਾ ਨੱਕ, ਨਿੱਤਰੀ ਸ਼ਰਾਬ ਵਰਗੀਆਂ ਨਸ਼ੀਲੀਆਂ ਅੱਖਾਂ, ਠੂੰਹੇਂ ਦੇ ਡੰਗ ਵਰਗੀ ਟੇਢੀ ਤੱਕਣੀ, ਮਿਰਗ ਵਰਗੀ ਚਾਲ, ਝੂਟੇ ਖਾਂਦਾ ਕਮਾਨੀਦਾਰ ਲੱਕ, ਕਟਾਰ ਵਰਗੇ ਭਰਵੱਟੇ ਅਤੇ ਹਿੱਕ 'ਤੇ ਗਿੱਧਾ ਪਾਉਂਦੀ ਭਰਵੀਂ ਛਾਤੀ...! ਸੰਗਤਰੇ ਦੀਆਂ ਫ਼ਾੜੀਆਂ ਵਰਗੇ ਬੁੱਲ੍ਹ ਦੇਖਣ ਵਾਲ਼ੇ ਦਾ ਈਮਾਨ ਡਾਵਾਂਡੋਲ ਕਰ ਮਾਰਦੇ ਸਨ। ਉਸ ਦੇ ਕਾਲ਼ੀਆਂ ਘਟਾਵਾਂ ਵਰਗੇ ਕਾਲ਼ੇ ਕੇਸ ਚੰਦਰਮਾਂ ਵਰਗੇ ਗੋਰੇ ਮੁੱਖ ਨੂੰ ਨਜ਼ਰ ਲੱਗਣ ਦੇ ਡਰੋਂ ਪਰਦਾ ਕਰੀ ਰੱਖਦੇ। ਗੱਲ ਕੀ, ਬਣੀ ਤਣੀ ਇੰਦਰ ਦੇਵਤਾ ਦੀ ਅਪੱਸਰਾ ਸੀ, ਸੋਨੀ...! ਬਿੱਲੂ ਅਤੇ ਸੋਨੀ ਦੋਨੋਂ ਇੱਕ ਦੂਜੇ ਵਿੱਚ ਰੁਚੀ ਵੀ ਕਾਫ਼ੀ ਰੱਖਦੇ ਸਨ। ਰੱਬ ਵੱਲੋਂ ਹੁਣ ਉਹ ਇੱਕੋ ਬੈਂਕ ਵਿੱਚ ਨੌਕਰੀ ਕਰਦੇ ਸਨ। ਪੂਰਾ ਨਾਮ ਤਾਂ ਸੋਨੀ ਦਾ ਹਰਜਿੰਦਰ ਸੀ, ਪਰ ਸਾਰਾ ਟੱਬਰ ਉਸ ਨੂੰ ਲਾਡ ਨਾਲ਼ "ਸੋਨੀ" ਆਖ ਕੇ ਬੁਲਾਉਂਦਾ ਸੀ। ਸੋਨੀ ਦਾ ਬਾਪ ਸੋਨੀ ਨੂੰ ਕਿਸੇ "ਵੱਡੇ ਘਰ" ਵਿਆਹੁੰਣਾ ਚਾਹੁੰਦਾ ਸੀ, ਪਰ ਧੀ ਦੀ ਹਰ ਖ਼ਾਹਿਸ਼ ਪੂਰੀ ਕਰਨ ਉਪਰ ਆਇਆ ਬਾਪੂ ਕਿਸੇ ਗੱਲੋਂ ਉਸ ਦਾ ਕੁਮਲ਼ਾਇਆ ਮੁੱਖ ਵੀ ਦੇਖ ਨਹੀਂ ਸਕਦਾ ਸੀ। ਇਸ ਕਰ ਕੇ ਉਹ ਸੋਨੀ ਦੀ ਹਰ ਗੱਲ ਮੰਨਣ ਲਈ ਤਿਆਰ ਸੀ। ਕਿਸੇ ਲੰਡੇ ਲਾਟ ਦੀ ਪ੍ਰਵਾਹ ਨਾ ਕਰਨ ਵਾਲ਼ਾ ਸੋਨੀ ਦਾ ਬਾਪ, ਸੋਨੀ ਲਈ ਕੋਈ ਵੀ ਕੁਰਬਾਨੀ ਹੱਸ ਕੇ ਦੇ ਸਕਦਾ ਸੀ।

ਸੋਨੀ ਖਾਂਦੇ-ਪੀਂਦੇ ਖਾਨਦਾਨ ਨਾਲ਼ ਸਬੰਧ ਰੱਖਦੀ ਸੀ। ਬਾਪ ਸੱਤਰ ਏਕੜ ਦਾ ਮਾਲਕ ਸੀ ਅਤੇ ਬਾਰਾਂ ਉਸ ਦੀਆਂ ਬੱਸਾਂ ਚੱਲਦੀਆਂ ਸਨ। ਤਿੰਨ ਵਾਰ ਸਰਪੰਚ ਰਹਿ ਚੁੱਕਿਆ ਸੋਨੀ ਦਾ ਬਾਪ ਘੁਮੰਡ ਸਿੰਘ ਇੱਕ ਵਾਰ ਐੱਮ. ਐੱਲ. ਏ. ਦੀ ਚੋਣ ਵੀ ਲੜ ਚੁੱਕਿਆ ਸੀ। ਲਾਡਲੀ ਧੀ ਸੋਨੀ ਨੂੰ ਉਹ ਪੜ੍ਹਾਉਣਾ ਨਹੀਂ ਚਾਹੁੰਦਾ ਸੀ, ਪਰ ਧੀ ਦੀ ਜ਼ਿਦ ਅੱਗੇ ਉਸ ਨੂੰ ਹਥਿਆਰ ਸੁੱਟਣੇ ਪਏ ਸਨ। ਉਹ ਸੋਨੀ ਦਾ ਉਦਾਸ ਮੂੰਹ ਨਹੀਂ ਦੇਖ ਸਕਦਾ ਸੀ। ਹੋਰ ਤਾਂ ਹੋਰ, ਸੋਨੀ ਦਾ ਬਾਪ ਸੋਨੀ ਦੀ ਖੁਸ਼ੀ ਲਈ ਕੋਈ ਵੀ ਕਦਮ ਉਠਾ ਸਕਦਾ ਸੀ।

ਇੱਕ ਦਿਨ ਦੁਪਿਹਰੇ ਜਦ ਕੈਲਾ ਘਰ ਆਇਆ ਤਾਂ ਜੈਲੋ ਨੇ ਉਸ ਨੂੰ ਇੱਕ ਅਵੱਲੀ ਹੀ ਖ਼ਬਰ ਦਿੱਤੀ, "ਬਿੱਲੂ ਕਈ ਦਿਨਾਂ ਦਾ ਤੇਰੇ ਨਾਲ਼ ਕੋਈ ਗੱਲ ਕਰਨਾ ਚਾਹੁੰਦੈ...!" ਜੈਲੋ ਬੋਲੀ।

-"ਐਹੋ ਜੀ ਕਿਹੜੀ ਗੱਲ ਐ....? ਜੇ ਕਰਨੀ ਸੀ ਤਾਂ ਕਰ ਲੈਂਦਾ, ਰੋਕਿਆ ਕੀਹਨੇ ਸੀ...? ਕਿ ਕੋਈ ਪੱਤਰੀ ਖੁੱਲ੍ਹਵਾਉਣੀ ਐਂ...?" ਕੈਲਾ ਮਜ਼ਾਕੀਆ ਲਹਿਜੇ ਵਿੱਚ ਬੋਲਿਆ। ਜਦੋਂ ਦਾ ਬਿੱਲੂ ਬੈਂਕ ਵਿੱਚ ਨੌਕਰੀ 'ਤੇ ਲੱਗਿਆ ਸੀ, ਕੈਲੇ ਦੇ ਧਰਤੀ 'ਤੇ ਪੈਰ ਨਹੀਂ ਲੱਗਦੇ ਸਨ। ਉਹ ਕਿਸੇ ਗ਼ੈਬੀ ਖ਼ੁਸ਼ੀ ਆਸਰੇ ਅੰਬਰੀਂ ਉਡਾਰੀਆਂ ਮਾਰਦਾ ਰਹਿੰਦਾ ਅਤੇ ਸਾਈਕਲ 'ਤੇ ਚੜ੍ਹਿਆ, "ਜਿਹੜਾ ਪਾਣੀਆਂ 'ਚ ਪੱਥਰਾਂ ਨੂੰ ਤਾਰਦਾ, ਮੈਨੂੰ ਵੀ ਤੂੰ ਤਾਰੀਂ ਦਾਤਿਆ....!" ਗਾਉਂਦਾ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਰਹਿੰਦਾ।

-"ਉਹ ਵਿਆਹ ਕਰਵਾਉਣਾ ਚਾਹੁੰਦੈ...!" ਰਾਤ ਨੂੰ ਰੋਟੀ ਫ਼ੜਾਉਂਦੀ ਜੈਲੋ ਨੇ "ਅਸਲ" ਗੱਲ ਤੋਂ ਪਰਦਾ ਚੁੱਕਿਆ।

-"ਹੈਂ...? ਕੀ ਕਿਹਾ...??"

-"ਸਹੀ ਸੁਣਿਐਂ ਤੈਨੂੰ...! ਵਿਆਹ ਕਰਵਾਉਣਾ ਚਾਹੁੰਦੈ...!"

-"ਬੜਾ ਗਵੱਜੀ ਨਿਕਲ਼ਿਆ...! ਕਿਤੇ ਚੋਰੀ-ਚੋਰੀ ਬੁੱਕਲ਼ 'ਚ ਗੁੜ ਭੋਰਦਾ ਰਿਹੈ...?"

-"ਆਹੋ..! ਤੇਰੇ ਅਰਗਾ ਢੋਰ ਥੋੜ੍ਹੋ ਐ...? ਮੈਨੂੰ ਤਾਂ ਕੁੜੀ ਦੀ ਫੋਟੂ ਵੀ ਦਿਖਾਈ ਐ, ਬਲਾਅ ਸੋਹਣੀ ਐਂ...!"

-"ਸਾਡੇ ਆਲ਼ੇ ਜਮਾਨੇ ਈ ਸਹੁਰੇ ਕੁਛ ਹੋਰ ਸੀ, ਬੁੜ੍ਹੀ ਕੁੜੀ ਦੇਖ ਕੇ ਗੋਡੇ ਕੰਬਣ ਲੱਗ ਜਾਂਦੇ ਸੀ, ਅੱਜ ਕੱਲ੍ਹ ਦੇ ਕੰਜਰ ਬੜੇ ਤੱਤੇ ਐ, ਭੁੱਬਲ਼ ਤੋਂ ਦੀ ਲਿਟਦੇ ਐ..!"

-"ਹਾਂਜੀ...!"

-"ਆਹ 'ਹਾਂਜੀ' ਤਾਂ ਤੂੰ ਮੈਨੂੰ ਪਹਿਲੀ ਆਰੀ ਕਿਹੈ, ਫ਼ੇਰ ਆਖੀਂ...!!"

-"ਅੱਗੇ ਤੋਂ ਨਹੀਂ ਕਹਿੰਦੀ...!"

-"ਕਿਉਂ ਪਟਰੋਲ ਮੱਚਦੈ...?"

-"ਇੱਕ ਤਾਂ ਬੂਝੜ ਬੰਦੇ ਨੂੰ ਅੰਦਰੋਂ ਖੁਰਚ-ਖੁਰਚ ਕੇ "ਹਾਂਜੀ" ਕਹੀਏ, ਤੇ ਦੂਜਾ ਅੱਗਿਓਂ ਗੁਣ ਵੀ ਨਾ ਪਾਵੇ, ਅੱਗੇ ਤੋਂ ਹਾਂਜੀ ਕਹਿੰਦੀ ਐ ਮੇਰੀ, ਜੁੱਤੀ!"

-"ਅੱਜ ਚੌਧਰੀ ਗਿਆ ਕਿੱਧਰ ਐ...?" ਅਚਾਨਕ ਰੋਟੀ ਖਾਂਦੇ ਕੈਲੇ ਨੂੰ ਅਚਾਨਕ ਬਿੱਲੂ ਯਾਦ ਆਇਆ।

-"ਆਬਦੀ ਵਿਆਹ ਆਲ਼ੀ ਨੂੰ ਈ ਮਿਲਣ ਗਿਆ ਹੋਣੈ..?" ਜੈਲੋ ਮੀਸਣਾ ਹਾਸਾ ਹੱਸੀ।

-"ਅੱਛਾ ਜੀ....! ਤਾਂ ਗੱਲ ਖ਼ਤਰੇ ਆਲ਼ੀ ਸੂਈ ਤੱਕ ਪਹੁੰਚੀ ਪਈ ਐ...?"

-"ਆਹੋ, ਲੱਗਦਾ ਤਾਂ ਇਸੇ ਤਰ੍ਹਾਂ ਈ ਐਂ...!"

-"ਫੇਰ ਆਪਾਂ ਨੂੰ ਕੀ...? ਜਦੋਂ ਮੀਆਂ-ਬੀਵੀ ਰਾਜੀ, ਤਾਂ ਕੀ ਕਹੂਗਾ ਕਾਜੀ...?"

ਅਗਲੇ ਦਿਨ ਜਦ ਕੈਲਾ ਦੁੱਧ ਪਾ ਕੇ ਮੁੜਿਆ ਤਾਂ ਬਿੱਲੂ ਘਰ ਹੀ ਬੈਠਾ ਸੀ।

-"ਸੁਣਾਓ ਜੀ ਡਿਪਟੀ ਸਾਅਬ...? ਅੱਜ ਗਏ ਨੀ ਡਿਔਟੀ 'ਤੇ...?" ਕੈਲਾ ਸਾਈਕਲ ਖੜ੍ਹਾ ਕਰਦਾ ਬੋਲਿਆ।

-"ਗਿਆ ਸੀ ਬਾਪੂ...!" ਬਿੱਲੂ ਇਤਨਾ ਆਖ ਕੇ ਚੁੱਪ ਜਿਹੀ ਵੱਟ ਗਿਆ।

ਅੱਗੇ ਗੱਲ ਕਰਨ ਨੂੰ ਕੁਝ ਸੁੱਝਿਆ ਹੀ ਨਹੀਂ ਸੀ।

-"ਤੇਰੇ ਨਾਲ ਗੱਲ ਨੀ ਸੀ ਕਰਨੀ....? ਤਾਂ ਸਵੱਖਤੇ ਆ ਗਿਆ...!" ਜੈਲੋ ਨੇ ਗੱਲ ਸਾਂਭਣ ਲਈ ਕਿਹਾ ਤਾਂ ਬਿੱਲੂ ਲਾਲ ਝਰੰਗ ਹੋ ਗਿਆ। ਉਸ ਦੀਆਂ ਗੱਲ੍ਹਾਂ ਅਤੇ ਕੰਨਾਂ ਦੀਆਂ ਪੇਪੜੀਆਂ ਵਿੱਚੋਂ ਜਿਵੇਂ ਰੱਤ ਚੋਣ ਲੱਗ ਪਈ ਸੀ।

-"ਕਰ ਪੁੱਤ, ਕਰ...! ਹੁਕਮ ਕਰ...! ਤੇਰੀ ਖ਼ੁਸ਼ੀ ਦੀ ਖਾਤਰ ਤਾਂ ਮੈਂ ਜਿੰਦ ਵੇਚ ਦਿਆਂ...!"

-"ਇਹ ਕਹਿੰਦੈ ਬਈ ਥੋਨੂੰ ਆਪ ਜਾ ਕੇ ਕੁੜੀ ਵਾਲ਼ਿਆਂ ਨਾਲ਼ ਗੱਲ ਕਰਨੀ ਪੈਣੀਂ ਐਂ...!" ਜੈਲੋ ਨੇ ਅੱਗਾ ਵਲ਼ਿਆ।

-"ਆਉਂਦੇ ਤਾਂ ਪਹਿਲਾਂ ਕੁੜੀ ਆਲ਼ੇ ਹੁੰਦੇ ਐ....! ਬਦਲਦੇ ਦਿਨਾਂ ਦੀ ਹੌਂਕ ਨਾਲ਼ ਹੁਣ ਰਿਵਾਜ ਬਦਲ ਗਿਆ ਹੋਣੈਂ, ਕਿਉਂ ਡਿਪਟੀ ਸਾਅਬ...?" ਕੈਲੇ ਨੇ ਮਖੌਲ ਵਿੱਚ ਟਾਂਚ ਕੀਤੀ।

-"ਤੂੰ ਗੋਲ਼ੀ ਮਾਰ ਰਿਵਾਜਾਂ ਦੇ....! ਆਪਾਂ ਚੱਲਾਂਗੇ...!" ਜੈਲੋ ਨੇ ਆਪ ਹੀ ਫ਼ੈਸਲਾ ਸੁਣਾ ਦਿੱਤਾ।

-"ਮੈਂ ਕਦੋਂ ਕਿਹੈ ਬਈ ਨਹੀਂ ਜਾਣਾਂ...? ਹੈਅ ਗੱਦਾਂ ਯੱਧੀ...! ਤੂੰ ਬਿਨਾ ਗੱਲੋਂ ਗਲ਼ ਥਾਣੀਂ ਪਜਾਮਾ ਨਾ ਲਾਹਿਆ ਕਰ...! ਮੈਂ ਤਾਂ ਆਬਦੇ ਸ਼ੇਰ ਦੀ ਖਾਤਰ ਫ਼ਾਹਾ ਲੈ-ਲੂੰ...! ਤੂੰ ਕੜ੍ਹੀ ਘੋਟਣ ਆਲ਼ੀਆਂ ਗੱਲਾਂ ਨਾ ਕਰਿਆ ਕਰ ਮੇਰੇ ਕੋਲ਼ੇ...!" ਉਸ ਨੇ ਕਸੀਸ ਵੱਟ ਕੇ ਸਾਈਕਲ ਨਾਲੋਂ ਦੁੱਧ ਵਾਲ਼ਾ ਖਾਲੀ ਢੋਲ ਲਾਹੁੰਦਿਆਂ ਕਿਹਾ।

-"...............।" ਬਿੱਲੂ ਅੰਦਰੋਂ ਬਾਗੋ-ਬਾਗ, ਪਰ ਮੂੰਹੋਂ ਚੁੱਪ ਸੀ।

-"ਤੇਰੀ ਖਾਤਰ ਤਾਂ ਮੈਂ ਲਾਮ 'ਤੇ ਜਾਣ ਨੂੰ ਤਿਆਰ ਐਂ ਪੁੱਤ, ਦੱਸ ਕਿੱਦਣ ਜਾਣੈਂ...?"

-"ਪਰਸੋਂ ਬਾਪੂ...!"

-"ਦੁਪਿਹਰੋਂ ਬਾਅਦ ਈ ਜਾ ਹੋਊ ਪੁੱਤ...!"

-"ਹਾਂਜੀ, ਪਰਸੋਂ ਆਥਣੇ ਜਾਣੈ...!" ਬਿੱਲੂ ਹੱਥ ਮਲ਼ਦਾ ਬੋਲਿਆ।

-"ਤੇ ਜਾਣਾ ਕਿੱਥੇ ਐ...?"

-"ਕਿੱਥੇ ਆਖ...!" ਜੈਲੋ ਨੇ ਬੁੱਲ੍ਹ ਟੇਰੇ।

-"ਅਤਾ-ਪਤਾ ਤਾਂ ਪੁੱਛਣਾ ਈ ਐਂ, ਤੂੰ ਵਿੱਚ ਆਬਦਾ ਘੋਰੜੂ ਕਿਉਂ ਖੜਕਾਉਣ ਲੱਗ ਪੈਨੀਂ ਐਂ..?"

-"ਉਹਨਾਂ ਦੀ ਕੋਠੀ ਈ ਚੱਲਾਂਗੇ ਜੀ...!"

-"ਤੂੰ ਨ੍ਹਾਹ-ਧੋ ਲਈਂ...! ਖੁਰੜੇ ਖਰੜੇ ਮਾਂਜ-ਲੀਂ ਝਾਂਵੇਂ ਨਾਲ਼...! ਫ਼ੇਰ ਵੀ ਪੁੱਤ ਦੀ ਮਾਂ ਐਂ...!" ਕੈਲਾ ਅਜੀਬ ਖ਼ੁਸ਼ੀ ਵਿੱਚ ਜੈਲੋ ਨੂੰ ਬੋਲਿਆ, "ਕਿਤੇ ਤੇਰੇ 'ਚੋਂ ਨਾ ਖੱਟਾ ਜਿਆ ਮੁਛਕ ਨਾ ਆਈ ਜਾਵੇ...! ਇਹਦੇ ਭੈੜ੍ਹੇ ਜੇ ਮੁਛਕ ਨਾਲ਼ ਤਾਂ ਪੁੱਤ ਆਪਣੀਆਂ ਮੱਝਾਂ ਦੁੱਧੋਂ ਭੱਜਗੀਆਂ ਸੀ...!" ਕੈਲਾ "ਖ਼ੀਂ-ਖ਼ੀਂ" ਕਰ ਕੇ ਹੱਸਿਆ।

-"ਵੇ ਫ਼ੋਟ੍ਹ...! ਕਿਵੇਂ ਜੁਆਕ ਬਣਿਆਂ ਫ਼ਿਰਦੈ, ਚੌਰਾ...!"

ਬਿੱਲੂ ਹੱਸੀ ਜਾ ਰਿਹਾ ਸੀ।

ਪਰ ਉਸ ਦਾ ਦਿਲ ਦੁਬਿਧਾ ਜਿਹੀ ਵਿੱਚ ਪਿਆ ਹੋਇਆ ਸੀ ਕਿ ਕਿਤੇ ਸੋਨੀ ਦਾ ਅਮੀਰ ਅਤੇ ਮੂੰਹ ਫ਼ੱਟ ਬਾਪ ਮੇਰੇ ਗ਼ਰੀਬ ਮਾਂ-ਬਾਪ ਦੀ ਬੇਇੱਜ਼ਤੀ ਨਾ ਕਰ ਦੇਵੇ...? ਕਿੰਨੇ ਦੁੱਖ ਅਤੇ ਕਿੰਨੀਆਂ ਤਕਲੀਫ਼ਾਂ ਝੱਲ ਕੇ ਪਾਲ਼ਿਆ ਸੀ ਉਸ ਨੂੰ ਮਾਂ-ਬਾਪ ਨੇ...! ਕਿੰਨੀਆਂ ਸਧਰਾਂ ਦੀਆਂ ਫ਼ਸਲਾਂ ਖੜ੍ਹੀਆਂ ਲਹਿਰਾ ਰਹੀਆਂ ਸਨ ਉਹਨਾਂ ਦੇ ਚਾਅਵਾਂ ਦੇ ਖੇਤ ਵਿੱਚ...! ਕਿੰਨੇ ਹੁਸੀਨ ਸੁਪਨੇ ਕਿੱਕਲੀਆਂ ਪਾ ਰਹੇ ਸਨ ਉਹਨਾਂ ਦੇ ਜ਼ਿਹਨ ਵਿੱਚ...! ਕਿਤੇ ਸੋਨੀ ਦਾ ਬਾਪ ਸਾਰੀਆਂ ਸਧਰਾਂ ਅਤੇ ਸੁਪਨਿਆਂ ਦਾ ਮਲ਼ੀਆਮੇਟ ਨਾ ਕਰ ਦੇਵੇ...? ਉਸ ਦਾ ਦਿਲ ਫ਼ੜੇ ਕਬੂਤਰ ਵਾਂਗ "ਫ਼ੜ-ਫ਼ੜ" ਕਰ ਰਿਹਾ ਸੀ।

ਤੀਜੇ ਦਿਨ ਸ਼ਾਮ ਨੂੰ ਉਹ ਤਿਆਰ ਹੋ ਕੇ ਘੁਮੰਡ ਸਿੰਘ ਦੀ ਕੋਠੀ ਪਹੁੰਚ ਗਏ। ਕੋਠੀ ਕੀ, ਕੋਈ ਕਿਲ੍ਹਾ ਮਹਿਸੂਸ ਹੁੰਦਾ ਸੀ। ਇੱਕ ਪਾਸੇ ਭਾਂਤ-ਭਾਂਤ ਦੇ ਫ਼ੁੱਲ-ਬੂਟਿਆਂ ਵਾਲ਼ੀ ਫ਼ੁੱਲਵਾੜੀ ਹੱਸ ਰਹੀ ਸੀ ਅਤੇ ਦੂਜੇ ਪਾਸੇ ਪੁਰਾਣੀ ਹਵੇਲੀ ਉਪਰ ਲੋਹੇ ਦੀ ਮੋਰਨੀ ਘੁਕ ਰਹੀ ਸੀ। ਪੁਰਾਣੀ ਹਵੇਲੀ ਅਤੇ ਨਵੀਂ ਕੋਠੀ ਦਾ ਸੁਮੇਲ ਕਿਸੇ ਪੁਰਾਣੇ ਖਾਨਦਾਨੀ ਪ੍ਰੀਵਾਰ ਦੀ ਗਵਾਹੀ ਭਰ ਰਹੇ ਸਨ।

ਕੈਲੇ ਨੇ ਦਰਵਾਜਾ ਖੜਕਾਇਆ।

ਸ਼ੇਰਾਂ ਵਰਗੇ ਦੋ ਬੁਲੀ ਕੁੱਤੇ ਭੌਂਕੇ ਤਾਂ ਸਾਰਿਆਂ ਦਾ ਤਰਾਹ ਨਿਕਲ਼ ਗਿਆ। ਡਰ ਨਾਲ਼ ਦਿਲਾਂ ਦੇ ਮੋਰਚੇ ਹਿੱਲ ਗਏ। ਪਰ ਉਹ ਜਲਦੀ ਹੀ ਸੰਭਲ਼ ਗਏ।

-"ਓਏ ਜੈਬਿਆ...!" ਅੰਦਰੋਂ ਕਿਸੇ ਦੀ ਨਗਾਰੇ ਵਰਗੀ ਅਵਾਜ਼ ਖੜਕੀ।

-"ਜੀ ਸਰਦਾਰ ਜੀ...?" ਨੌਕਰ ਅਵਾਜ਼ ਨਾਲ਼ ਟੰਗਿਆ ਹੀ ਭੱਜਿਆ ਆਇਆ।

-"ਓਏ ਆਹ ਫ਼ੜ ਓਏ ਕਤੀੜ੍ਹਾਂ ਨੂੰ...! ਕਿਸੇ ਦੀ ਜਾਹ ਜਾਂਦੀ ਨਾ ਕਰ ਦੇਣ, ਨਾਲ਼ੇ ਦੇਖ ਕੌਣ ਆਇਐ...?"

-"ਜੀ ਸਰਦਾਰ...!" ਨੌਕਰ ਇੱਕ ਦਮ ਬਾਹਰ ਆਇਆ।

-"ਸਰਦਾਰ ਬਲਵਿੰਦਰ ਸਿੰਘ ਜੀ ਆਏ ਐ ਜੀ...!" ਨੌਕਰ ਨੇ ਖ਼ਬਰ ਦਿੱਤੀ ਤਾਂ "ਸਰਦਾਰ ਬਲਵਿੰਦਰ ਸਿੰਘ ਜੀ" ਸੁਣ ਕੇ ਕੈਲੇ ਦੇ ਸਾਰੇ ਦੁੱਖ ਟੁੱਟ ਗਏ ਅਤੇ ਜ਼ਿੰਦਗੀ ਦੇ ਸਾਰੇ ਗ਼ਿਲੇ-ਸ਼ਿਕਵੇ ਕਾਫ਼ੂਰ ਵਾਂਗ ਉਡ ਗਏ। ਤਪਦੇ ਮਾਰੂਥਲ ਵਿੱਚ ਜਿਵੇਂ ਸੀਤ ਹਵਾ ਦਾ ਕੋਈ ਬੁੱਲਾ ਆਇਆ ਸੀ। ਕੈਲੇ ਨੂੰ ਮਹਿਸੂਸ ਹੋਇਆ ਕਿ ਅੱਜ ਬਿੱਲੂ ਨੇ "ਸਰਦਾਰ ਬਲਵਿੰਦਰ ਸਿੰਘ ਜੀ" ਅਖਵਾ ਕੇ ਉਸ ਦੀ ਸਾਰੀ ਮਿਹਨਤ ਦਾ ਮੁੱਲ ਇੱਕ ਪਲ ਵਿੱਚ ਮੋੜ ਦਿੱਤਾ ਸੀ। ਕੈਲੇ ਨੂੰ ਆਪਣੇ ਪੈਰ ਧਰਤੀ ਤੋਂ ਉਚੇ ਉਠੇ ਲੱਗੇ। ਦਿਲ ਵਿੱਚ ਕੋਈ ਕੁਤਕੁਤੀ ਹੋਈ।

-"ਆਜੋ ਸਰਦਾਰ ਜੀ, ਲੰਘ ਆਓ...! ਜੀ ਆਇਆਂ ਨੂੰ..!! ਆਓ, ਤਸ਼ਰੀਫ਼ ਰੱਖੋ...!"  ਨੌਕਰ ਸਤਿਕਾਰ ਵਿੱਚ ਲਿਫ਼ਿਆ ਖੜ੍ਹਾ ਸੀ। ਕੈਲੇ ਅਤੇ ਜੈਲੋ ਦੇ ਖ਼ੁਸ਼ੀ ਵਿੱਚ ਕੁਤਕੁਤੀਆਂ ਨਿਕਲ਼ੀ ਜਾ ਰਹੀਆਂ ਸਨ। ਬਿੱਲੂ ਚੁੱਪ ਅਤੇ ਹੈਰਾਨ ਸੀ ਕਿ ਅੰਦਰੋਂ ਨਾ ਤਾਂ ਸੋਨੀ ਅਤੇ ਨਾ ਹੀ ਕਿਸੇ ਹੋਰ ਪ੍ਰੀਵਾਰ ਦੇ ਮੈਂਬਰ ਨੇ "ਆਓ ਭਗਤ" ਕੀਤੀ ਸੀ।

-"ਅੰਦਰ ਲੰਘ ਜਾਓ ਸਰਦਾਰ ਜੀ...! ਵੱਡੇ ਸਰਦਾਰ ਸਾਹਿਬ ਅੰਦਰ ਈ ਨੇ..!"

ਖ਼ੁਸ਼ੀ ਨਾਲ਼ ਗੜੁੱਚ ਉਹ ਅੰਦਰ ਲੰਘ ਗਏ।

ਉਹਨਾਂ ਦੀ ਰੂਹ ਅਜੀਬ ਸਕੂਨ ਨਾਲ਼ ਭਿੱਜੀ ਪਈ ਸੀ।

ਅੰਦਰ ਘੁਮੰਡ ਸਿੰਘ ਦਿਨ ਖੜ੍ਹੇ ਹੀ ਬੋਤਲ ਖੋਲ੍ਹੀ ਬੈਠਾ ਸੀ। ਉਸ ਦੀਆਂ ਡਰਾਉਣੀਆਂ ਜਿਹੀਆਂ ਅੱਖਾਂ ਵਿੱਚ ਲਾਲ ਡੋਰੇ ਦੁਸ਼ਮਣ ਵਾਂਗ ਤਣੇਂ ਖੜ੍ਹੇ ਸਨ ਅਤੇ ਪਾਟੇ ਢੋਲ ਵਰਗੀ ਅਵਾਜ਼ ਕਾਲ਼ਜਾ ਕੱਢਦੀ ਸੀ।

-"ਓਏ ਆਜੋ ਬਈ ਆਜੋ...! ਬੈਠੋ...!!" ਉਸ ਨੇ ਵੱਡੇ ਸੋਫ਼ੇ ਤੋਂ ਪਾਸਾ ਮਾਰਿਆ ਤਾਂ ਸੋਫ਼ੇ ਦੀਆਂ ਚੂਲ਼ਾਂ ਚੀਕੀਆਂ।

-"ਮੈਂ ਤਾਂ ਸੋਚਿਆ ਕੋਈ ਮੰਗਤਿਆਂ ਦੀ ਟੋਲੀ ਆਗੀ...!" ਉਸ ਨੇ ਬੋਤਲ ਦੇ ਮੂੰਹ ਨੂੰ ਗਿਰਝ ਦੀ ਧੌਣ ਵਾਂਗ ਹੱਥ ਪਾਇਆ। ਉਸ ਦੀ ਅਜੀਬ ਜਿਹੀ ਗੱਲ ਸੁਣ ਕੇ ਸਾਰੇ ਠਠੰਬਰ ਗਏ।

-"ਓਏ ਜੈਬਿਆ...!" ਉਸ ਨੇ ਨੌਕਰ ਨੂੰ ਫ਼ਿਰ ਅਵਾਜ਼ ਮਾਰੀ।

-"ਜੀ ਸਰਦਾਰ...?"

-"ਸੋਨੀ ਹੋਰੀਂ ਅਜੇ ਮੁੜੀਆਂ ਕਿ ਨਹੀਂ...?"

-"ਆਉਣ ਆਲ਼ੀਐਂ ਸਰਦਾਰ...!"

-"ਓਏ ਮੈਂ ਪੁੱਛਿਐ ਆਈਆਂ ਕਿ ਨਹੀਂ...? ਜੋ ਪੁੱਛੀਦੈ, ਓਸੇ ਦਾ ਉਤਰ ਮੋੜਿਆ ਕਰ...! ਆਬਦੇ ਕੋਰੜੇ ਛੰਦ ਨਾ ਸੁਣਾਉਣ ਲੱਗ ਪਿਆ ਕਰ..!"

-"ਨਹੀਂ ਜੀ, ਅਜੇ ਤੱਕ ਤਾਂ ਆਈਆਂ ਨਹੀਂ...!"

-"ਛੱਡੀਦੈ ਮੱਝ ਥੱਲੇ ਐ, ਜਾ ਝੋਟੇ ਥੱਲੇ ਵੜਦੈ ਖਸਮਾਂ ਨੂੰ ਖਾਣਾ...!" ਘੁਮੰਡ ਸਿੰਘ ਨੇ ਵਿਸਕੀ ਦਾ ਗਿਲਾਸ ਸ਼ਰਬਤ ਵਾਂਗੂੰ ਖਿੱਚ ਲਿਆ। ਕੈਲਾ ਅਤੇ ਜੈਲੋ ਕਚੂਚ ਜਿਹੇ ਹੋਏ ਬਿੱਲੂ ਵੱਲ ਝਾਕ ਰਹੇ ਸਨ ਕਿ ਇੱਥੇ ਤਾਂ ਉਹਨਾਂ ਦੀ ਕਿਸੇ ਨੇ ਬਾਤ ਤੱਕ ਨਹੀਂ ਪੁੱਛੀ ਸੀ..? ਨਹੀਂ ਤਾਂ ਕੁੜੀ ਵਾਲ਼ੇ ਘਰ ਮੁੰਡੇ ਵਾਲ਼ਿਆਂ ਨੂੰ ਲੋਕ ਅੱਖਾਂ 'ਤੇ ਬਿਠਾ ਲੈਂਦੇ ਨੇ, ਹੱਥੀਂ ਛਾਂਵਾਂ ਕਰਦੇ ਨੇ...! ਪਰ ਪੁੱਤ ਦੀ ਖ਼ੁਸ਼ੀ ਲਈ ਉਹ ਚੁੱਪ ਵੱਟੀ ਬੈਠੇ, ਤਮਾਸ਼ਾ ਜਿਹਾ ਦੇਖ ਰਹੇ ਸਨ। ਬਿੱਲੂ ਨੂੰ ਵੀ ਹਾਲਾਤ ਸੁਖਾਂਵੇਂ ਨਹੀਂ ਜਾਪ ਰਹੇ ਸਨ। ਉਸ ਨੂੰ ਅੰਦਰੋ-ਅੰਦਰੀ ਅੱਚਵੀ ਜਿਹੀ ਲੱਗੀ ਪਈ ਸੀ। ਉਸ ਨੂੰ ਮਹਿਸੂਸ ਹੋਇਆ ਕਿ ਉਹ ਜੰਗਲੀ ਰਿੱਛ ਕੋਲ਼ ਆ ਬੈਠਾ ਸੀ। ਪਰ ਸਹੁਰਾ ਸਾਹਿਬ ਨੂੰ ਕਿਸੇ ਦੀ ਕੋਈ ਲੱਜ ਜਾਂ ਸ਼ਰਮ ਨਹੀਂ ਸੀ। ਉਸ ਦੇ ਸਾਹਮਣੇ ਬੋਤਲ ਬਾਰੂਦ ਬਣਦੀ ਜਾ ਰਹੀ ਸੀ।

-"ਓਏ ਜੈਬਿਆ....!"

-"ਜੀ ਸਰਦਾਰ...!"

-"ਓਏ ਐਹਨਾਂ ਦਾ ਵੀ ਹਾਲ ਚਾਲ ਪੁੱਛਲਾ...! ਇਹ ਤਾਂ ਇਉਂ ਬੈਠੇ ਐ, ਜਿਵੇਂ ਲਾਗ ਮੰਗਣ ਆਏ ਹੁੰਦੇ ਐ...!" ਘੁਮੰਡ ਸਿੰਘ ਗੱਲੀਂ ਬਾਤੀਂ ਉਹਨਾਂ ਦੀ ਅਹੀ-ਤਹੀ ਫ਼ੇਰੀ ਆ ਰਿਹਾ ਸੀ। ਪਰ ਸਾਰੇ ਕਠੋਰ ਚੁੱਪ ਵੱਟੀ ਬੈਠੇ ਸਨ।

-"ਚਾਹ ਬਣਾਵਾਂ ਜੀ...?" ਜੈਬੇ ਨੇ ਕੈਲੇ ਨੂੰ ਪੁੱਛਿਆ।

-"ਚਾਹ ਈ ਬਣਾ ਦੇ ਇਹਨਾਂ ਨੂੰ...! ਹੋਰ ਤਾਂ ਮੈਂ ਇਹਨਾਂ ਨੂੰ ਕਿਤੇ ਪੰਜ ਸੌ ਦੀ ਬੋਤਲ 'ਚੋਂ ਕਿਤੇ ਪੈੱਗ ਨਾ ਦੇ ਦਿਆਂ...!" ਉਸ ਨੇ ਕੈਲੇ ਵੱਲ ਝਾਕ ਕੇ ਉਸ ਦਾ ਮੌਜੂ ਬਣਾਇਆ।

ਸੁਣ ਅਤੇ ਦੇਖ ਕੇ ਬਿੱਲੂ ਨੇ ਕਸੀਸ ਵੱਟ ਲਈ।

ਘੁਮੰਡ ਸਿੰਘ ਖਰੂਦੀਆਂ ਵਾਂਗ ਦਾਰੂ ਪੀ ਜਾ ਰਿਹਾ ਸੀ।

ਬਿੱਲੂ ਰੱਬ ਅੱਗੇ ਅਰਦਾਸਾਂ ਕਰ ਰਿਹਾ ਸੀ ਕਿ ਸੋਨੀ ਅਤੇ ਉਸ ਦੀ ਮਾਂ ਜਲਦੀ ਆ ਜਾਣ। ਹੁਣ ਉਸ ਦਾ ਘੁਮੰਡ ਸਿੰਘ ਕੋਲ਼ ਬੈਠਣ ਨੂੰ ਮਨ ਨਹੀਂ ਕਰਦਾ ਸੀ। ਅਚਾਨਕ ਰੱਬ ਨੇ ਬਿੱਲੂ ਦੀ ਫ਼ਰਿਆਦ ਸੁਣੀ। ਕਾਰ ਦਾ ਹਾਰਨ ਵੱਜਿਆ। ਬਿੱਲੂ ਨੇ ਕੁਝ ਹਲਕਾ ਜਿਹਾ ਮਹਿਸੂਸ ਕੀਤਾ।

-"ਬੀਬੀ ਜੀ ਹੋਰੀਂ ਆ ਗਏ, ਸਰਦਾਰ ਜੀ...!" ਨੌਕਰ ਮੇਜ਼ ਉਪਰ ਚਾਹ ਰੱਖਦਾ ਬੋਲਿਆ।

-"ਆ ਗਏ ਤਾਂ ਠੀਕ ਐ, ਮੈਂ ਕਿਹੜਾ ਵੱਟਾਂ ਪੁਆਉਣੀਐਂ ਉਹਨਾਂ ਤੋਂ...! ਉਹਨਾਂ ਨੂੰ ਐਹਨਾਂ ਬਾਰੇ ਦੱਸ ਦੇ..!" ਘੁਮੰਡ ਸਿੰਘ ਕੈਲੇ ਹੋਰਾਂ ਵੱਲ ਹੱਥ ਕਰ ਕੇ ਬੋਲਿਆ।

ਸੋਨੀ ਅੰਦਰ ਆ ਗਈ।

ਉਸ ਦੇ ਹੱਥਾਂ ਵਿੱਚ ਖ਼ਰੀਦਾ ਫ਼ਰੋਖ਼ਤ ਵਾਲ਼ੇ ਬੈਗ ਫ਼ੜੇ ਹੋਏ ਸਨ। ਉਸ ਨੇ ਆਉਣਸਾਰ ਸਭ ਨੂੰ "ਸ਼ੱਸ਼ੀਕਾਲ" ਕਿਹਾ ਅਤੇ ਬਿੱਲੂ ਵੱਲ ਝਾਕ ਕੇ ਮੁੜ ਬਾਹਰ ਨਿਕਲ਼ ਗਈ। ਬਿੱਲੂ ਉਠ ਕੇ ਮਗਰ ਹੀ ਚਲਿਆ ਗਿਆ ਅਤੇ ਸੋਨੀ ਨਾਲ਼ ਸਮਾਨ ਚੁਕਵਾਉਣ ਲੱਗ ਪਿਆ। ਜੈਲੋ ਅਤੇ ਕੈਲੇ ਨੂੰ ਇਹ ਗੱਲ ਚੰਗੀ ਨਾ ਲੱਗੀ। ਆਖਰਕਾਰ ਮੁੰਡਾ ਪਹਿਲੀ ਵਾਰ ਸਹੁਰੀਂ ਆਇਆ ਸੀ। ਉਸ ਦਾ ਹੱਥ-ਪੜੱਥੀ ਕਰਵਾਉਣ ਦਾ ਕੀ ਕੰਮ...? ਉਸ ਦੀ ਤਾਂ ਸੇਵਾ ਹੋਣੀਂ ਚਾਹੀਦੀ ਸੀ..? ਪਰ ਇੱਥੇ ਤਾਂ ਹੋਰ ਈ ਗੁੱਡੀਆਂ ਤੇ ਹੋਰ ਈ ਪਟੋਲ੍ਹੇ...! ਜੈਲੋ ਬੈਠੀ ਸੋਚ ਰਹੀ ਸੀ।

-"ਬੈਠੇ ਗਟਰ-ਗਟਰ ਕੀ ਝਾਕੀ ਜਾਨੇ ਐਂ...? ਚੱਕ ਲਓ, ਪੀ ਲੋ ਚਾਹ..! ਕਿ ਮਹੂਰਤ ਉਡੀਕਦੇ ਐਂ...?" ਘੁਮੰਡ ਸਿੰਘ ਨੇ ਮੁੜ ਦਾਰੂ ਦਾ ਗਿਲਾਸ ਭਰ ਲਿਆ। ਘੁੱਟਾਂਬਾਟੀ ਝਾਕਦਿਆਂ ਕੈਲੇ ਅਤੇ ਜੈਲੋ ਨੇ ਚਾਹ ਚੁੱਕ ਲਈ। ਹੁਣ ਉਹਨਾਂ ਦਾ ਇੱਥੋਂ "ਬੂਅ" ਕਰ ਕੇ ਨਿਕਲ਼ ਜਾਣ ਨੂੰ ਜੀਅ ਕਰਦਾ ਸੀ। ਉਹਨਾਂ ਦੇ ਚਾਹ ਪੀਂਦਿਆਂ ਹੀ ਘੁਮੰਡ ਸਿੰਘ ਦੇ ਘਰਵਾਲ਼ੀ ਅੰਦਰ ਆਈ ਅਤੇ ਸਿੱਧੀ ਅੰਦਰ ਚਲੀ ਗਈ। ਉਸ ਨੇ ਕਿਸੇ ਨਾਲ਼ ਜ਼ੁਬਾਨ ਤੱਕ ਨਹੀਂ ਸਾਂਝੀ ਕੀਤੀ ਸੀ। ਇਸ ਗੱਲ ਨੇ ਜੈਲੋ ਨੂੰ ਹੋਰ ਪਸ਼ੇਮਾਨ ਕਰ ਮਾਰਿਆ ਕਿ ਮੁੰਡੇ ਦੀ ਸੱਸ ਨੇ ਤਾਂ ਅੱਖ ਪੱਟ ਕੇ ਵੀ ਨਹੀਂ ਦੇਖਿਆ ਸੀ, "ਵੈਰੀ ਆਵੇ ਚੱਲ ਕੇ, ਪੀਹੜ੍ਹੀ ਦੇਈਏ ਡਾਹ, ਨਾ ਉਸ ਫ਼ਿੱਕਾ ਬੋਲੀਏ, ਤੇ ਨਾ ਆਖੀਏ ਜਾਹ...!" ਜੈਲੋ ਨੇ ਤਾਂ ਆਪਣੀ ਮਾਂ ਤੋਂ ਅਜਿਹਾ ਕੁਛ ਸਿੱਖਿਆ ਸੀ। ਪਰ ਇੱਥੇ ਤਾਂ ਕਿਸੇ ਨੂੰ ਅਕਲ ਤੱਕ ਨਹੀਂ ਸੀ। ਕੁੜੀ ਵੀ ਦਿਖਾਲ਼ੀ ਜਿਹੀ ਦੇ ਕੇ ਕਿਤੇ ਜਾ ਛਿਤਮ ਹੋਈ ਮੁੜ ਕੇ  ਨਹੀਂ ਬਹੁੜ੍ਹੀ...! ਉਹ ਤਾਂ ਸਗੋਂ ਬਿੱਲੂ ਨੂੰ ਵੀ ਨਾਲ਼ ਲੈ ਗਈ ਸੀ...! ਜੈਲੋ ਸੋਚਾਂ ਵਿੱਚ ਘਿਰੀ, ਸਿਲ਼-ਪੱਥਰ ਹੋਈ ਬੈਠੀ ਸੀ।

ਕੈਲਾ ਵੀ ਕੀੜਿਆਂ ਵਾਲ਼ੇ ਕੁੱਤੇ ਵਾਂਗ ਸਿਰ ਜਿਹਾ ਸੁੱਟੀ ਬੈਠਾ ਸੀ। ਉਹ ਜੈਲੋ ਦੀ ਮਾਨਸਿਕ ਹਾਲਤ ਭਲੀ-ਭਾਂਤ ਸਮਝਦਾ ਸੀ। ਪਰ ਬੇਵੱਸ ਅਤੇ ਲਾਚਾਰ ਸੀ। ਉਹ ਆਪਣੇ ਇਕਲੌਤੇ ਪੁੱਤਰ ਦਾ ਦਿਲ ਨਹੀਂ ਤੋੜਨਾ ਚਾਹੁੰਦਾ ਸੀ। ਨਹੀਂ ਤਾਂ ਉਹ ਦੋਨਾਂ ਨੂੰ ਬਾਂਹੋਂ ਫ਼ੜ ਕੇ ਬਾਹਰ ਲੈ ਤੁਰਦਾ। ਪੁੱਤ ਦੀ ਖ਼ੁਸ਼ੀ ਲਈ ਉਹ ਆਪਣੀ ਹਰ ਰੀਝ ਦੀ ਕੁਰਬਾਨੀ ਦੇ ਸਕਦਾ ਸੀ।

-"ਲੋਕਾਂ ਦੇ ਭਾਂਡੇ-ਭੂੰਡੇ ਮਾਂਜਦੀ ਹੁੰਨੀ ਐਂ...? ਹੱਥ ਬਾਹਲ਼ੇ ਈ ਕਾਲ਼ੇ ਜੇ ਐ ਤੇਰੇ...?" ਘੁਮੰਡ ਸਿਉਂ ਜੈਲੋ ਵੱਲ ਝਾਕ ਕੇ ਉਜੱਡਾਂ ਵਾਂਗ ਬੋਲਿਆ, "ਭੂੰਡਾਂ ਦੀ ਖੱਖਰ ਅਰਗੇ ਹੱਥ ਐ ਤੇਰੇ..!" ਉਸ ਦੀ ਬਦ-ਮਗਜੀ ਸੁਣ ਕੇ ਜੈਲੋ ਦਾ ਤਰਾਹ ਨਿਕਲ਼ ਗਿਆ। ਪਰ ਉਹ ਇਸ ਬੇਇੱਜ਼ਤੀ ਨੂੰ ਪਾਣੀ ਵਾਂਗ ਪੀ ਗਈ। ਸ਼ੁਕਰ ਸੀ ਕਿ ਬਿੱਲੂ ਸੋਨੀ ਨਾਲ਼ ਬਾਹਰ ਸੀ ਅਤੇ ਉਸ ਨੇ ਸੁਣਿਆਂ ਨਹੀਂ ਸੀ। ਇਹ ਗੱਲਾਂ ਸੁਣ-ਸੁਣ ਕੇ ਪਾਣੀ ਕੈਲੇ ਦੇ ਸਿਰ ਉਪਰੋਂ ਦੀ ਵਗਦਾ ਜਾ ਰਿਹਾ ਸੀ। ਪਰ ਪਤਾ ਨਹੀਂ ਕਿਉਂ ਉਹ ਸਬਰ ਸੰਤੋਖ ਦੀ ਘੁੱਟ ਵੱਟੀ ਬੈਠਾ ਸੀ। ਜੈਲੋ ਵੀ ਵਾਰ-ਵਾਰ ਉਸ ਦਾ ਪੈਰ ਜਿਹਾ ਦੱਬਦੀ ਆ ਰਹੀ ਸੀ ਅਤੇ ਚੁੱਪ ਰਹਿਣ ਲਈ ਵਾਸਤੇ ਘੱਤ ਰਹੀ ਸੀ। ਪਰ ਮਾਨਸਿਕ ਪੱਖੋਂ ਉਹ ਪਾਣੀ ਵਿੱਚ ਬੈਠਦੇ ਜਾ ਰਹੇ ਸਨ।

ਅਖੀਰ ਉਹਨਾਂ ਨੂੰ ਓਦੋਂ ਸੁਖ ਦਾ ਸਾਹ ਆਇਆ, ਜਦ ਸੋਨੀ, ਉਸ ਦੀ ਮਾਂ ਅਤੇ ਬਿੱਲੂ ਅੰਦਰ ਆ ਗਏ।

-"ਚਾਹ ਪਾਣੀ ਪੀ ਲਿਆ...?" ਸੋਨੀ ਦੀ ਮਾਂ ਨੇ ਜੈਲੋ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਘੋਖ ਕੇ ਪੁੱਛਿਆ। ਉਸ ਨੇ ਜੈਲੋ ਵੱਲ ਇਉਂ ਦੇਖਿਆ ਸੀ, ਜਿਵੇਂ ਕਸਾਈ ਬੱਕਰੇ ਨੂੰ ਪੂਛੋਂ ਚੁੱਕ ਕੇ ਹਾੜਦੈ!

-"ਭੈਣ ਜੀ ਪੀਅ ਲਿਆ...!" ਉਹ ਮੁਰਗੀ ਵਾਂਗ ਕੂੰਗੜੀ ਜਿਹੀ ਬੈਠੀ ਸੀ।

-"ਆ ਜਾ ਸੋਨੀ, ਮੇਰੇ ਕੋਲ਼ ਬਹਿਜਾ ਪੁੱਤ...!" ਉਸ ਦੀ ਮਾਂ ਨੇ ਆਪਣੀ ਧੀ ਨੂੰ ਬਿੱਲੂ ਕੋਲੋਂ ਉਠਾ ਲਿਆ।

ਕੁੜੀ ਆ ਕੇ ਮਾਂ ਕੋਲ਼ ਬੈਠ ਗਈ।

-"ਇਹ ਐ ਮੇਰੀ ਧੀ ਸੋਨੀ..! ਇਹ ਤੇ ਬਿੱਲੂ ਇੱਕ ਦੂਜੇ ਨੂੰ ਪਸਿੰਦ ਕਰਦੇ ਐ, ਤੇ ਅਸੀਂ ਧੀ ਦੀ ਖ਼ੁਸ਼ੀ ਲਈ ਹਰ ਖੂਹ ਪੱਟ ਸਕਦੇ ਐਂ...!" ਉਹ ਜਿਵੇਂ ਦੱਸ ਨਹੀਂ ਰਹੀ ਸੀ, ਡਾਂਟ ਰਹੀ ਸੀ।

-"ਕੀ ਨਾਂ ਐਂ ਭਾਈ ਸਾਅਬ ਤੇਰਾ...?" ਘੁਮੰਡ ਸਿੰਘ ਬੇਦਮਾਗਿਆਂ ਵਾਂਗ ਬੋਲਿਆ।

-"ਜੀ ਕਰਨੈਲ ਸਿਉਂ...!"

-"ਕਹਿੰਦੇ ਤਾਂ ਤੈਨੂੰ "ਕੈਲਾ" ਈ ਐ ਨ੍ਹਾਂ...?" ਉਸ ਨੇ ਮੂੰਹ ਬਘਿਆੜ੍ਹ ਵਾਂਗ ਖੋਲ੍ਹ ਕੇ ਕਿਹਾ।

-"ਹਾਂਜੀ, ਲੋਕ ਕੈਲਾ ਈ ਆਖਦੇ ਐ...!"

-"ਤੇ ਫ਼ੇਰ ਕਰਨੈਲ ਸਿਉਂ ਆਲ਼ੀ ਪੂਛ ਨਾਲ਼ ਕਿਉਂ ਟੰਗੀ ਫ਼ਿਰਦੈਂ...? ਸਾਡੇ 'ਤੇ ਰੋਅਬ ਪਾਉਣ ਆਸਤੇ...?" ਉਸ ਨੇ ਬਿੱਲੀ ਦੀ ਪੂਛ ਵਰਗੀ ਮੁੱਛ ਨੂੰ ਪੂਣੀਂ ਵਾਂਗ ਵੱਟ ਦਿੱਤਾ ਅਤੇ ਕੈਲੇ ਵੱਲ ਤਿਰਛਾ ਝਾਕਿਆ।

-"ਨਹੀਂ ਜੀ.... ਮੈਂ ਤਾਂ...!" ਉਸ ਨੂੰ ਕੋਈ ਟਿਕਾਣੇ ਦੀ ਕੋਈ ਗੱਲ ਨਹੀਂ ਔੜ ਰਹੀ ਸੀ। ਕੈਲਾ ਵਾੜ ਵਿੱਚ ਫ਼ਸੇ ਬਿੱਲੇ ਵਾਂਗ ਝਾਕ ਰਿਹਾ ਸੀ ਅਤੇ ਉਸ ਦੇ ਮੱਥੇ ਨੂੰ ਮੁੜ੍ਹਕਾ ਆ ਗਿਆ ਸੀ।

-"ਸਿਆਣਾ ਕਾਂ ਪਤੈ ਕਾਸ 'ਤੇ ਡਿੱਗਦਾ ਹੁੰਦੈ..?" ਘੁਮੰਡ ਸਿੰਘ ਨੇ ਪਤਾ ਨਹੀਂ ਇਹ ਗੱਲ ਕੈਲੇ ਨੂੰ ਕਿਉਂ ਕਹੀ ਸੀ? ਕੈਲਾ ਡਰੀ ਬਿੱਲੀ ਵਾਂਗ ਹੋਰ ਛਹਿ ਗਿਆ, ਕਿ ਹੁਣ ਪਤਾ ਨੀ ਕਿਹੜੀ ਗੱਲ ਉਖੜੀ ਕੁਹਾੜ੍ਹੀ ਵਾਂਗ ਮੱਥੇ ਵਿੱਚ ਮਾਰੇਗਾ?

-"..................।" ਕੈਲਾ ਨਿਰੁੱਤਰ ਸੀ।

-"ਓਹੀ ਹਾਲ ਮੇਰੀ ਕੁੜੀ ਦਾ ਐ...!" ਘੁਮੰਡ ਸਿੰਘ ਨੇ ਅਗਲਾ ਵਾਰ ਕਰਨ ਲਈ ਕਾਰਤੂਸ ਚਾੜ੍ਹਿਆ, "ਇਹਨੂੰ ਕਰੋੜਾਂਪਤੀ ਮੁੰਡਿਆਂ ਦੀ ਦੱਸ ਪਾਈ, ਪਰ ਇਹ ਮੈਂ ਨਾ ਮਾਨੂੰ ਆਲ਼ੀ ਅੜੀ 'ਤੇ ਅੜੀ ਰਹੀ, ਕਹਿੰਦੀ ਵਿਆਹ ਕਰਵਾਉਣੈਂ ਤਾਂ ਬਿੱਲੂ ਨਾਲ਼ ਈ ਕਰਵਾਉਣੈ, ਤੇ ਮੈਂ ਆਬਦੀ ਧੀ ਦੇ ਮੱਥੇ ਦਾ ਮੁੜ੍ਹਕਾ ਵੀ ਨੀ ਜਰਦਾ...! ਤੇਰੇ ਵਰਗੇ ਤਾਂ ਮੇਰੀ ਮੂਤ ਧਾਰ ਦੇ ਰੋੜ੍ਹੇ ਵੇ ਐਂ ਕੈਲਿਆ, ਪਰ ਧੀ ਦੀ ਖ਼ੁਸ਼ੀ ਵਾਸਤੇ ਮੈਨੂੰ ਇਹ ਹੂਲ਼ਾ ਵੀ ਫ਼ੱਕਣਾ ਪਊ, ਤੇ ਨਹੀਂ ਤੇਰਾ ਮੇਰਾ ਕੀ ਮੇਲ...? ਕਿੱਥੇ ਰਾਜਾ ਭੋਜ, ਤੇ ਕਿੱਥੇ ਗੰਗੂ ਤੇਲੀ...!" ਸੁਣ ਕੇ ਕੈਲੇ ਦੇ ਦਿਮਾਗ ਦੀਆਂ ਨਾੜਾਂ "ਟੱਸ-ਟੱਸ" ਕਰਨ ਲੱਗ ਪਈਆਂ। ਪਰ ਉਹ ਅੰਦਰੋਂ ਚੱਕੀ ਵਾਂਗ ਪਿਸਦਾ ਵੀ ਚੁੱਪ ਸੀ। ਜੈਲੋ ਨੇ ਵੀ ਪਰਬਤ ਵਰਗੀ ਚੁੱਪ ਧਾਰੀ ਹੋਈ ਸੀ। ਬਿੱਲੂ ਦੇ ਮਨ ਦੀ ਹਾਲਤ ਵੀ ਪਤਲੀ ਹੀ ਸੀ। ਪਤਾ ਨਹੀਂ ਉਹਨਾਂ ਨੂੰ ਕਿਸ ਗੱਲ ਦੀ "ਝੇਪ" ਸੀ, ਜਿਸ ਕਰ ਕੇ ਉਹ ਉਠ ਕੇ ਤੁਰੇ ਨਹੀਂ ਸਨ?

-"ਅਗਲੇ ਮਹੀਨੇ ਦੀ ਪੰਜ ਤਰੀਕ ਨੂੰ ਸਮਾਰਟ ਪੈਲਿਸ 'ਚ ਵਿਆਹੁੰਣ ਆਜੋ, ਜੇ ਕੋਈ ਮੰਗ ਐ ਤਾਂ ਅੱਜ ਦੱਸ ਦਿਓ...!" ਘੁਮੰਡ ਸਿੰਘ ਨੇ ਹੁਕਮ ਕੀਤਾ।

-"ਵਿਆਹ ਤੋਂ ਬਾਅਦ ਕੁੜੀ ਮੁੰਡਾ ਸਾਡੇ ਕੋਲ਼ੇ ਰਹਿਣਗੇ, ਤੇ ਅਸੀਂ ਆਪੇ ਕੋਠੀ ਲੈ ਕੇ ਦਿਆਂਗੇ...!" ਰਹਿੰਦੀ ਕਸਰ ਕੁੜੀ ਦੀ ਮਾਂ ਨੇ ਕੱਢ ਦਿੱਤੀ, "ਵਿਆਹ ਤੋਂ ਬਾਅਦ ਤੁਸੀਂ ਇਹ ਨਾ ਸੋਚਿਓ ਬਈ ਸਾਡੀ ਕੁੜੀ ਥੋਡੇ "ਚਰਨੀਂ" ਹੱਥ ਲਾਊਗੀ, ਜਾਂ ਥੋਡੀਆਂ ਲਾਅਲ਼ਾਂ ਚੱਟੂਗੀ, ਥੋਡੇ ਭਾਂਡੇ ਧੋਊਗੀ...!"

-"ਜੇ ਕੋਈ ਹੀਲ ਹੁੱਜਤ ਕੀਤੀ ਐ ਤਾਂ ਗੱਤਲ਼ੇ 'ਚ ਵੀ ਪੈਣਗੀਆਂ..!" ਪਤਾ ਨਹੀਂ ਕਿਸ ਖੂੰਜਿਓਂ ਸੋਨੀ ਦਾ ਚੜ੍ਹਦਾ ਚੰਦ ਭਰਾ ਵੀ ਨਿਕਲ਼ ਆਇਆ। ਉਸ ਦੀ ਖੋਦੀ ਬੋਕ ਦਾਹੜ੍ਹੀ ਸਾਰਿਆਂ ਨੂੰ ਡਰਾ ਰਹੀ ਸੀ। ਉਸ ਦੀ ਠਾਹ ਸੋਟਾ ਗੱਲ ਨੇ ਸਾਰਿਆਂ ਦੀ ਤਹਿ ਲਾ ਦਿੱਤੀ। ਬਿੱਲੂ ਕਚੂਚ ਹੋਇਆ ਬੈਠਾ ਸੀ। ਲੋਕ ਸੋਨੀ ਦੇ ਇਸ ਭਰਾ ਨੂੰ "ਭੜਥੂ" ਦੇ ਨਾਂ ਨਾਲ਼ ਜ਼ਿਆਦਾ ਜਾਣਦੇ ਸਨ।

-"ਇਹ ਬਟੇਰ ਜਿਆ ਇੱਕ ਛਿੱਤਰ ਦੀ ਤਾਂ ਮਾਰ ਐ, ਇਹ ਹੀਲ ਹੁੱਜਤ ਕੀ ਕਰੂ...? ਇਹਨੇ ਹੀਲ ਹੁੱਜਤ ਕਰ ਕੇ ਬੂਥਾ ਭੰਨਵਾਉਣੈ..?" ਘੁਮੰਡ ਸਿੰਘ ਨੇ ਸੋਫ਼ੇ 'ਤੇ ਪਾਸਾ ਮਾਰ ਕੇ ਸਾਰੀ ਕਸਰ ਪੂਰੀ ਕਰ ਦਿੱਤੀ, "ਬੈਠਾ ਤਾਂ ਦੇਖ ਕਿਵੇਂ ਐਂ, ਜਿਵੇਂ ਸਰਾਧ ਛਕਣ ਆਇਆ ਹੁੰਦੈ...!"

-"ਜੈਲੋ...!" ਕੈਲਾ ਬੋਲਿਆ।

-"...................।" ਜੈਲੋ ਇੱਕ ਦਮ ਡਰਿਆਂ ਵਾਂਗ ਝਾਕੀ। ਉਹ ਨਹੀਂ ਚਾਹੁੰਦੀ ਸੀ ਕਿ ਕੰਮ ਵਿਗੜੇ।

-"ਚੱਲ ਉਠ....!" ਉਸ ਨੇ ਜੈਲੋ ਦੀ ਬਾਂਹ ਫ਼ੜ ਲਈ ਅਤੇ ਅੱਗੜ ਪਿੱਛੜ ਬਾਹਰ ਨਿਕਲ਼ ਆਏ।

ਬਿੱਲੂ ਵਿੱਚ ਹਿੰਮਤ ਨਹੀਂ ਸੀ ਕਿ ਮਾਂ-ਬਾਪ ਨੂੰ ਰੋਕ ਲਵੇ? ਜਾਂ ਸਭ ਕਾਸੇ ਨੂੰ ਠੁੱਡ ਮਾਰ ਕੇ ਨਾਲ਼ ਹੀ ਤੁਰ ਪਵੇ..??

ਫ਼ਿਰ ਬਿੱਲੂ ਦਾ ਵਿਆਹ ਕਿਸ ਦਿਨ ਹੋਇਆ...? ਕੈਲੇ ਅਤੇ ਜੈਲੋ ਵਿੱਚੋਂ ਕਿਸੇ ਨੂੰ ਵੀ ਪਤਾ ਨਹੀਂ ਸੀ। ਪਰ ਉਸ ਦਿਨ ਤੋਂ ਬਾਅਦ ਨਾ ਤਾਂ ਬਿੱਲੂ ਘਰ ਆਇਆ ਸੀ ਅਤੇ ਨਾ ਹੀ ਕਿਸੇ ਨੂੰ ਆਸ ਸੀ। ਜੋ ਕਹਿਣਾ ਸੀ, ਘੁਮੰਡ ਸਿੰਘ ਅਤੇ ਉਸ ਦਾ ਮੁੰਡਾ ਭੜਥੂ ਕਹਿ ਹੀ ਚੁੱਕੇ ਸਨ। ਕੋਠੀ ਲੈ ਕੇ ਦੇਣ ਦਾ ਵੇਰਵਾ ਪਾ ਕੇ ਸੋਨੀ ਦੀ ਮਾਂ ਨੇ ਵੀ ਉਹਨਾਂ ਲਈ ਦਰਵਾਜੇ ਬੰਦ ਕਰ ਮਾਰੇ ਸਨ।

ਕਈ ਦਿਨ ਜੈਲੋ ਅਤੇ ਕੈਲਾ ਆਪਸ ਵਿੱਚ ਨਾ ਬੋਲੇ।

ਬੋਲਣ ਨੂੰ ਰਹਿ ਵੀ ਕੀ ਗਿਆ ਸੀ...? ਇੱਕੋ ਇੱਕ ਪੁੱਤ, ਜਿਸ ਨੂੰ ਖ਼ੂਨ ਦੀਆਂ ਘੁੱਟਾਂ ਪਿਆ-ਪਿਆ ਕੇ ਪਾਲ਼ਿਆ, ਉਹ ਤਾਂ ਸੋਨੀ ਦੇ ਮੋਹ ਵਿੱਚ ਜਮਾਂ ਹੀ "ਕਮਲ਼ਾ" ਹੋ ਕੇ ਮੂੰਹ ਵਿੱਚ ਘੁੰਗਣੀਆਂ ਪਾ ਗਿਆ ਸੀ...। ਇਸ ਗੱਲ ਦਾ ਜੈਲੋ ਅਤੇ ਕੈਲੇ ਨੂੰ ਬਹੁਤ ਝੋਰਾ ਸੀ। ਪਰ ਜ਼ਿੰਦਗੀ ਤਾਂ ਕਿਵੇਂ ਨਾ ਕਿਵੇਂ ਕੱਟਣੀ ਹੀ ਸੀ...? ਦਿਨ ਤਾਂ ਤੋੜਨੇ ਹੀ ਸੀ..! ਉਹ ਪੁੱਤ ਦੇ ਵਿਆਹ ਦਾ ਪਤਾ ਹੋਣ ਦੇ ਬਾਵਜੂਦ ਵੀ ਕਿਸੇ ਕੋਲ਼ ਭਾਫ਼ ਤੱਕ ਨਹੀਂ ਕੱਢਦੇ ਸਨ। ਚੋਰ ਦੀ ਮਾਂ ਕੋਠੀ 'ਚ ਮੂੰਹ ਵਾਲ਼ੀ ਗੱਲ ਉਹਨਾਂ ਨਾਲ਼ ਹੋਈ ਪਈ ਸੀ! ਜੈਲੋ ਤਾਂ ਨੂੰਹ ਦੀ ਕਲਪਨਾ ਕਰ ਕੇ ਇੱਕ ਤਰ੍ਹਾਂ ਨਾਲ਼ ਸਵਰਗ ਜਾ ਪਹੁੰਚਦੀ ਸੀ, ਪਰ ਇਸ ਜੱਗੋਂ ਤੇਰ੍ਹਵੀਂ ਬਾਰੇ ਤਾਂ ਉਸ ਨੇ ਕਦੇ ਸੋਚਿਆ ਤੱਕ ਨਹੀਂ ਸੀ...। ਉਸ ਨੂੰ ਕੀ ਪਤਾ ਸੀ ਕਿ ਨੂੰਹ ਲਿਆਉਂਦੀ-ਲਿਆਉਂਦੀ ਉਹ ਤਾਂ ਇਕਲੌਤੇ ਪੁੱਤ ਵੱਲੋਂ ਵੀ ਹੱਥ ਧੋ ਬੈਠੇਗੀ...?

ਸਾਰੀ-ਸਾਰੀ ਰਾਤ ਜੈਲੋ ਨੂੰ ਨੀਂਦ ਨਾ ਆਉਂਦੀ। ਕੈਲੇ ਦੇ ਜਾਗ ਜਾਣ ਦੇ ਡਰੋਂ ਉਹ ਸਾਰੀ-ਸਾਰੀ ਰਾਤ ਪਾਸਾ ਵੀ ਨਾ ਪਰਤਦੀ। ਮੰਜੇ ਦੀ ਬਾਹੀ ਨਾਲ਼ ਲੱਗੀ ਪਈ ਰਹਿੰਦੀ। ਕੈਲੇ ਦੇ ਦੁੱਧ ਲਿਜਾਣ ਤੋਂ ਬਾਅਦ ਸਿੱਧੀ ਗੁਰਦੁਆਰੇ ਜਾ ਬੈਠਦੀ ਅਤੇ ਭਰੇ ਮਨ ਨਾਲ਼ ਗੁਰਬਾਣੀ ਜਾਂ ਕੀਰਤਨ ਸਰਵਣ ਕਰਦੀ ਰਹਿੰਦੀ। ਕਦੇ-ਕਦੇ ਵੈਰਾਗ ਵਿੱਚ ਆ ਕੇ ਰੋ ਵੀ ਪੈਂਦੀ। ਪਰ ਹੰਝੂਆਂ ਨੂੰ ਮੈਲ਼ੀ ਚੁੰਨੀ ਵਿੱਚ ਹੀ ਬੋਚ ਲੈਂਦੀ, ਥੱਲੇ ਨਾ ਡੁੱਲ੍ਹਣ ਦਿੰਦੀ। ਕੈਲਾ ਵੀ ਜਿਵੇਂ ਦਿਨਾਂ 'ਚ ਬੁੱਢਾ ਹੋ ਗਿਆ ਸੀ। ਹੁਣ ਉਹ ਮੌਲੇ ਬਲ਼ਦ ਵਾਂਗ ਆਪਣੇ ਆਪ ਨੂੰ ਧੁੂਹ ਕੇ ਕੰਮ ਕਰ ਰਿਹਾ ਸੀ।

ਇੱਕ ਦਿਨ ਦੁੱਧ ਪਾਉਣ ਆਏ ਕੈਲੇ ਨੂੰ ਭੱਲੇ ਹਲਵਾਈ ਨੇ ਮਿਹਣੇ ਭਰਿਆ ਉਲਾਂਭਾ ਦਿੱਤਾ;

-"ਗੁਰੂ ਭਲੀ ਕਰੇ ਕੈਲਾ ਸਿਆਂ, ਹੁਣ ਤਾਂ ਕਿੰਨੀਆਂ ਪਾਰਟੀਆਂ ਹੋਗੀਆਂ ਤੇਰੇ ਸਿਰ, ਇੱਕ ਮੁੰਡੇ ਦੇ ਵਿਆਹ ਦੀ ਪਾਰਟੀ, ਇੱਕ ਮੁੰਡਾ ਬੈਂਕ ਮੈਨੇਜਰ ਬਣੇ ਦੀ ਪਾਰਟੀ, ਇੱਕ ਤੇਰੇ ਪੁੱਤ ਦੀ ਕੋਠੀ ਪਾਈ ਦੀ ਪਾਰਟੀ, ਨੂੰਹ ਵੀ ਬੈਂਕ 'ਚ ਲੱਗੀ ਮਿਲ਼ਗੀ, ਇਹ ਜਮ੍ਹਾਂ ਹੋਈਆਂ ਪਾਰਟੀਆਂ ਦੇਣੀਆਂ ਕਦੋਂ ਐਂ...?"

-"ਪੋਤਾ ਹੋਏ ਤੋਂ...!" ਉਹ ਮਸ਼ੀਨ ਵਾਂਗ ਉਭੜਵਾਹੇ ਬੋਲਿਆ, "ਹੁਣ ਪੋਤਾ ਹੋਏ ਤੋਂ ਸਾਰੀਆਂ ਪਾਰਟੀਆਂ 'ਕੱਠੀਆਂ ਈ ਦੇਵਾਂਗੇ ਭੱਲਾ ਸਿਆਂ, ਪਾਲਟੀਆਂ ਤੇਰੇ ਨਾਲ਼ੋਂ ਚੰਗੀਐਂ..? ਤੂੰ ਮੂੰਹੋਂ ਤਾਂ ਕੱਢ..!" ਅਥਾਹ ਖ਼ੁਸ਼ੀ ਵਿੱਚ ਕੈਲਾ ਬੋਲਿਆ।

-"ਹੁਣ ਤੂੰ ਵੀ ਸ਼ਹਿਰ ਆ ਕੇ ਪੁੱਤ ਆਲ਼ੀ ਕੋਠੀ 'ਚ ਈ ਰਹਿਣ ਲੱਗ'ਜਾ, ਛੱਡ ਦੁੱਧ ਪਾਉਣ ਦਾ ਖਹਿੜਾ, ਬਹੁਤ ਮਿਹਨਤ ਮੁਸ਼ੱਕਤ ਕੀਤੀ ਐ ਤੂੰ, ਪੁੱਤ ਦੀ ਜ਼ਿੰਦਗੀ ਬਣਾ'ਤੀ, ਹੁਣ ਅਖ਼ੀਰਲੀ ਉਮਰੇ 'ਰਾਮ ਕਰ ਲੈ..!"

-"ਪੁੱਤਾਂ-ਧੀਆਂ ਦੀ ਖਾਤਰ ਸਾਰਾ ਜੱਗ ਕਰਦੈ ਭੱਲਾ ਸਿਆਂ, ਮੈਂ ਕਿਹੜਾ 'ਕੱਲੇ ਨੇ ਕੀਤੈ..?"

-"ਸੁਣਿਐਂ ਪਿੰਡ ਆਲ਼ਾ ਮਕਾਨ ਤਾਂ ਤੂੰ ਵੇਚਤਾ..?"

-"ਆਹੋ...! ਮੁੰਡੇ ਨੂੰ ਪੈਸੇ ਚਾਹੀਦੇ ਸੀ ਕੋਠੀ ਵਾਸਤੇ, ਓਹਦੇ ਕਰ ਕੇ ਮਕਾਨ ਵੇਚਣਾ ਪੈ ਗਿਆ, ਜਦੋਂ ਮਾਲਕ ਕਹੂ ਖਾਲੀ ਕਰ ਦਿਆਂਗੇ...! ਨਾਲ਼ੇ ਆਪਾਂ ਮਕਾਨ ਕਿਹੜਾ ਹਿੱਕ 'ਤੇ ਧਰ ਕੇ ਲੈ ਜਾਣਾਂ ਸੀ...? ਮੁੰਡੇ ਦਾ ਈ ਸੀ, ਉਹਦੇ ਲੇਖੇ ਲਾਅਤਾ..!" ਅੰਦਰਲੀ ਘਾਤਕ ਅਤੇ ਮਾਰੂ ਗੱਲ ਕੈਲਾ ਛੁਪਾਅ ਗਿਆ।

-"ਇਹ ਤਾਂ ਤੇਰੀ ਗੱਲ ਸਹੀ ਐ, ਪਰ ਰਹਿਣ ਆਸਤੇ ਆਲ੍ਹਣਾਂ ਤਾਂ ਚਾਹੀਦੈ ਕੈਲਾ ਸਿਆਂ...! ਆਪਦੇ ਟਿਕਾਣੇ ਤਾਂ ਚਿੜੀ ਜਨੌਰ ਵੀ ਬਣਾਉਂਦੇ ਐ..!"

-"ਟਿਕਾਣਾ ਆਪਣਾ, ਮੁੰਡੇ ਕੋਲ਼ੇ ਰਹਾਂਗੇ ਭੱਲਾ ਸਿਆਂ, ਜਿੱਥੇ ਆਬਦੀ 'ਲ਼ਾਦ, ਓਥੇ ਈ ਆਲ੍ਹਣਾਂ, ਚਾਹੇ ਸ਼ਹਿਰ ਰਹਿਣ ਨੂੰ ਮੇਰੀ ਵੱਢੀ ਰੂਹ ਨੀ ਕਰਦੀ, ਪਰ ਜੁਆਕਾਂ ਨਾਲ਼ ਈ ਮੇਲਾ ਐ ਭਰਾਵਾ..!" ਉਹ ਉਪਰੋਂ ਉਪਰੋਂ ਗੱਲ ਬੋਚੀ ਆ ਰਿਹਾ ਸੀ। ਨਾਲ਼ੇ ਉਸ ਨੂੰ ਭਲੀ ਭਾਂਤ ਪਤਾ ਸੀ ਕੀਹਨੇ ਕੋਠੀ ਵਿੱਚ ਰੱਖਣਾ ਸੀ, ਤੇ ਕਿਸ ਨੇ ਰਹਿਣਾ ਸੀ..?

ਆਥਣ ਹੁੰਦੇ ਤੱਕ ਕੈਲਾ ਪਿੰਡ ਆ ਗਿਆ।

ਗਰਮ ਦੁੱਧ ਦਾ ਗਿਲਾਸ ਜੈਲੋ ਕੈਲੇ ਨੂੰ ਲਿਆ ਫ਼ੜਾਇਆ। ਕੈਲਾ ਮੰਜੇ 'ਤੇ ਮੁਰਕੜੀ ਜਿਹੀ ਮਾਰੀ ਬੈਠਾ ਆਪਣੀਆਂ ਪਿੰਜਣੀਆਂ ਆਪ ਹੀ ਦੱਬ ਰਿਹਾ ਸੀ। ਉਸ ਦੀਆਂ ਲੱਤਾਂ ਵਿੱਚੋਂ ਕੜੱਲ ਉਠੀ ਜਾ ਰਹੇ ਸਨ। ਸਰੀਰ ਜਿਵੇਂ ਟੁੱਟਿਆ ਭੱਜਿਆ ਪਿਆ ਸੀ।

-"ਅੱਜ ਸਹੁਰੇ ਛੈਂਕਲ ਨੇ ਲਹੂ ਪੀ ਲਿਆ, ਪਹਿਲਾਂ ਅਗਲਾ ਟੈਰ ਪੈਂਚਰ ਹੋ ਗਿਆ, ਜਦੋਂ ਉਹ ਲੁਆ ਕੇ ਅੱਗੇ ਤੁਰਿਆ ਤਾਂ ਵੀਹ ਕੁ ਕਿੱਲੇ ਅੱਗੇ ਜਾ ਕੇ ਪਿਛਲੇ ਦਾ ਭੜ੍ਹਾਕਾ ਪੈ ਗਿਆ, ਮਸਾਂ ਧੂਹ ਕੇ ਸ਼ਹਿਰ ਲੈ ਕੇ ਗਿਆ, ਨਾੜਾਂ 'ਕੱਠੀਆਂ ਹੋਈਆਂ ਪਈਐਂ...!" ਉਸ ਨੇ ਧੁੰਨੀ ਕੋਲ਼ੋਂ ਢਿੱਡ ਦੱਬਿਆ।

-"ਕਦੇ-ਕਦਾਈਂ ਮੱਥੇ ਈ ਕੋਈ ਐਹੋ ਜਿਆ ਚੰਦਰਾ ਲੱਗਦੈ, ਸਾਰੀ ਦਿਹਾੜੀ ਈ ਖੱਜਲ਼ ਹੁੰਦਿਆਂ ਦੀ ਲੰਘ ਜਾਂਦੀ ਐ..!"

-"ਬਿੱਲੂ ਨੀ ਆਇਆ...?"

-"ਬਿੱਲੂ ਅੱਗੇ ਕਦੋਂ ਆਉਂਦਾ ਹੁੰਦੈ...?" ਜੈਲੋ ਨੇ ਧੁਖ਼ਦੀ ਚਿਤਾ ਵਾਂਗ ਹਾਉਕਾ ਲਿਆ, "ਬਿਗਾਨੀ ਧੀ ਨੇ ਆ ਕੇ ਪਤਾ ਨੀ ਕੀ ਸਿਰ ਘੋਲ਼ ਕੇ ਪਾਅ'ਤਾ, ਬੱਤੀ ਨੀ ਵਾਹੁੰਦਾ ਹੁਣ, ਮੈਨੂੰ ਤਾਂ ਇਉਂ ਲੱਗਦੈ ਬਈ ਆਪਾਂ ਓਹਦੇ ਮਗਰ ਲੱਗ ਕੇ ਮਕਾਨ ਵੇਚਣ ਆਲ਼ੀ ਬੜੀ ਬੱਜਰ ਗਲਤੀ ਕੀਤੀ, ਜਿਹੜੀ ਨੂੰਹ ਆਪਾਂ ਨੂੰ ਅੱਜ ਮੱਥੇ ਲਾ ਕੇ ਰਾਜੀ ਨੀ, ਕੱਲ੍ਹ ਨੂੰ ਕਦੋਂ ਪੂੜੇ ਦਿਊ ਓਹੋ...??"

-"ਐਨਾਂ ਮਾੜਾ ਨੀ ਸੋਚੀਦਾ...! ਦਿਲ ਰੱਖੀਦੈ...! ਰੱਬ-ਰੱਬ ਕਰਿਆ ਕਰ..! ਫ਼ੇਰ ਵੀ ਆਬਦੇ ਐ, ਸਿਆਣੇ ਕਹਿੰਦੇ ਐ, ਆਬਦਾ ਮਾਰੂ, ਛਾਂਵੇਂ ਸਿੱਟੂ..!"

-"ਮੈਨੂੰ ਤਾਂ ਓਹਨਾਂ ਦੇ ਚਾਲੇ ਦੇਖ ਕੇ ਡਰ ਆਉਂਦੈ, ਨਾਲ਼ੇ ਕਦੇ ਫ਼ਿੱਟ੍ਹੇ ਮੂੰਹ ਨੀ ਆਖੀ ਕਦੇ, ਦੇਖ-ਦੇਖ ਜਿਉਨੇ ਆਂ...!"

ਦੁੱਧ ਪੀ ਕੇ ਕੈਲੇ ਨੇ ਗਿਲਾਸ ਥੱਲੇ ਰੱਖ ਦਿੱਤਾ।

-"ਲਿਆ ਗਿਲਾਸ ਮੈਨੂੰ ਫ਼ੜਾ ਈ ਦੇਹ, ਧੋ ਦਿਆਂ, ਨਹੀਂ ਰਾਤ ਨੂੰ ਕੁੱਤੇ-ਬਿੱਲੇ ਮੂੰਹ ਪਾਉਣਗੇ...!"

-"ਕੱਲ੍ਹ ਨੂੰ ਧੋ ਲਈਂ, ਛੱਡ, ਪੈ'ਜਾ ਹੁਣ, 'ਰਾਮ ਕਰ ਲਿਆ ਕਰ...! ਆਪਾਂ ਕਿਸੇ ਦਾ ਕੁਛ ਦੇਣਾ ਨੀ..! ਜੀਹਦਾ ਦੇਣਾ ਸੀ, ਦੇਤਾ..!"

-"ਅਰਾਮ ਮੈਨੂੰ ਕਰਮਾਂ 'ਚ ਦਿਸਦਾ ਨੀ ਡੁੱਬੜਾ...!" ਉਸ ਦਾ ਮਨ ਭਰ ਆਇਆ। ਉਹ ਸਾਰੀ ਦਿਹਾੜ੍ਹੀ ਭਰੀ-ਪੀਤੀ ਫ਼ਿਰਦੀ ਰਹਿੰਦੀ ਸੀ।

-"ਗੱਲ ਬਾਹਲ਼ੀ ਦਿਲ 'ਤੇ ਲਾ ਲੈਨੀ ਐਂ, ਐਨੀ ਨਾ ਦਿਲ 'ਤੇ ਲਾਇਆ ਕਰ...!! ਸੌਂ ਜਾ...!"

ਅਗਲੀ ਸਵੇਰ ਮੂੰਹ ਹਨ੍ਹੇਰੇ ਜੈਲੋ ਅਤੇ ਕੈਲਾ ਚੁੱਲ੍ਹੇ ਅੱਗੇ ਬੈਠੇ ਚਾਹ ਪੀ ਰਹੇ ਸਨ। ਕੋਈ ਕਿਸੇ ਨਾਲ਼ ਬੋਲ ਨਹੀਂ ਸੀ ਰਿਹਾ। ਉਹ ਓਪਰਿਆਂ ਵਾਂਗ ਬੈਠੇ ਸਨ। ਜਿਵੇਂ ਸੱਤ ਬਿਗਾਨੇ ਜਾਂ ਇੱਕ ਦੂਜੇ ਨਾਲ਼ ਰੁੱਸੇ ਹੋਏ ਸਨ। ਜੈਲੋ ਕਿਸੇ ਸੋਚ ਵਿਚ ਡੁੱਬੀ ਬਲ਼ਦੀ ਅੱਗ ਵਿੱਚ ਨਿੱਕੇ-ਨਿੱਕੇ ਡੱਕੇ ਸੁੱਟੀ ਜਾ ਰਹੀ ਸੀ। ਚੁੱਲ੍ਹੇ ਵਿੱਚ ਬਲ਼ਦੀ ਅੱਗ ਵਾਂਗ ਉਸ ਦੇ ਦਿਲ ਵਿੱਚ ਵੀ ਕੋਈ ਭਾਂਬੜ ਮੱਚ ਰਿਹਾ ਸੀ।

ਚਾਹ ਬਣੀ ਤੋਂ ਜੈਲੋ ਨੇ ਕੈਲੇ ਨੂੰ ਚਾਹ ਦਾ ਗਿਲਾਸ ਫ਼ੜਾ ਦਿੱਤਾ।

ਉਹ ਚੁੱਪ ਚਾਪ ਚਾਹ ਪੀਣ ਲੱਗ ਗਿਆ।

-"ਜੇ ਕਹੇਂ ਤਾਂ ਮੈਂ ਅੱਜ ਬਿੱਲੂ ਹੋਰਾਂ ਕੋਲ਼ ਜਾ ਆਂਵਾਂ...? ਮੇਰਾ ਤਾਂ ਡੁੱਬੜਾ ਜੀਅ ਨੀ ਲੱਗਦਾ...!" ਉਸ ਨੇ ਤੁਰਦੇ ਕੈਲੇ ਨੂੰ ਪੁੱਛਿਆ। ਉਸ ਦਾ ਮੁੜ ਮਨ ਭਰ ਆਇਆ ਸੀ। ਪਰ ਉਸ ਨੇ ਜਾਬਤਾ ਬਣਾ ਰੱਖਿਆ ਸੀ।

-"ਜਾਣਾ ਐਂ ਤਾਂ ਜਾਇਆ, ਪਰ ਬੁੱਸ-ਬੁੱਸ ਨਾ ਕਰ, ਅੰਮ੍ਰਿਤ ਵੇਲੈ, ਦਿਲ ਨੀ ਹੌਲ਼ਾ ਕਰੀਦਾ, ਸੁੱਖ ਮੰਗੀਦੀ ਐ..!" ਆਖ ਕੈਲੇ ਨੇ ਸਾਈਕਲ ਤੋਰ ਲਿਆ। ਦਿਲ ਉਸ ਦਾ ਵੀ ਰੋਹੀ-ਬੀਆਬਾਨ ਬਣਿਆਂ ਹੋਇਆ ਸੀ।

ਹਾਜ਼ਰੀ ਰੋਟੀ ਖਾ ਕੇ ਜੈਲੋ ਨੇ ਸ਼ਹਿਰ ਵਾਲ਼ੀ ਬੱਸ ਫ਼ੜ ਲਈ ਅਤੇ ਬਿੱਲੂ ਦੀ ਕੋਠੀ ਪਹੁੰਚ ਗਈ।

ਬਿੱਲੂ ਦੀ ਆਲੀਸ਼ਾਨ ਕੋਠੀ ਅੱਗੇ ਅੰਗਰੇਜ਼ੀ ਵਿੱਚ "ਸਰਦਾਰ ਬਲਵਿੰਦਰ ਸਿੰਘ" ਦੇ ਨਾਮ ਦੀ ਪਲੇਟ ਲੱਗੀ ਹੋਈ ਸੀ। ਪਲੇਟ ਦੇ ਹੇਠ "ਡੋਰ-ਬੈੱਲ" ਦਾ ਬਟਨ ਲੱਗਿਆ ਹੋਇਆ ਸੀ। ਜੈਲੋ ਕੋਠੀ ਦੇ ਵੱਡੇ ਗੇਟ ਅੱਗੇ ਖੜ੍ਹੀ ਜੱਕਾਂ-ਤੱਕਾਂ ਜਿਹੀਆਂ ਕਰ ਰਹੀ ਸੀ। ਉਸ ਨੂੰ ਕੋਠੀ ਦੇ ਦਰਵਾਜੇ ਕੋਲ਼ ਖੜ੍ਹੀ ਗੁਆਂਢਣ ਨੇ ਦੇਖ ਲਿਆ।

-"ਕੋਈ ਨੀ ਘਰੇ, ਕਿਤੇ ਹੋਰ ਜਾ ਕੇ ਮੰਗ ਭੈਣੇ...! ਹੱਟੀ-ਕੱਟੀ ਪਈ ਐਂ, ਕੋਈ ਕੰਮ ਨੀ ਕੀਤਾ ਜਾਂਦਾ...?" ਬਿੱਲੂ ਦੀ ਗੁਆਂਢਣ ਨੇ ਗਲਤੀ ਨਾਲ਼ ਜੈਲੋ ਨੂੰ "ਭਿਖਾਰਨ" ਸਮਝ ਲਿਆ।

-"ਮੈਂ ਮੰਗਤੀ ਨੀ ਭੈਣੇ, ਮੈਂ ਤਾਂ ਐਸ ਕੋਠੀ ਦੇ ਮਾਲਕ ਬਿੱਲੂ ਦੀ ਮਾਂ ਐਂ...!"

-"...................।" ਗੁਆਂਢਣ ਫ਼ਿੱਕੀ ਜਿਹੀ ਪੈ ਗਈ।

-"ਮੈਂ ਤੈਨੂੰ ਕਦੇ ਦੇਖਿਆ ਨੀ ਭੈਣੇ, ਮਾਫ਼ ਕਰ ਮੈਨੂੰ...! ਉਹ ਤਾਂ ਦੋਨੋਂ ਜੀਅ ਡਿਊਟੀ ਗਏ ਐ, ਆਥਣੇ ਆਉਣਗੇ...!"

ਜੈਲੋ ਬਿਨਾ ਕੁਝ ਦੱਸੇ-ਪੁੱਛੇ ਵਾਪਸ ਮੁੜ ਪਈ।

ਰਾਤ ਪੈ ਗਈ ਸੀ।

ਭਾਂਡੇ ਟੀਂਡੇ ਸਾਂਭ ਕੇ ਜੈਲੋ ਨੇ ਬਲ਼ਦੀ ਲੱਕੜ ਦੀ ਅੱਗ ਨੂੰ ਸੁਆਹ ਵਿੱਚ ਦੱਬ ਦਿੱਤਾ। ਕੈਲਾ ਮੰਜੀ ਡਾਹੀ ਚੌਂਕੇ ਦੇ ਇੱਕ ਪਾਸੇ ਬੈਠਾ ਸੀ।

-"ਮੈਨੂੰ ਲੱਗਦੈ ਆਪਾਂ ਮਕਾਨ ਵੇਚ ਕੇ ਬਹੁਤ ਵੱਡੀ ਗਲਤੀ ਕੀਤੀ...!" ਜੈਲੋ ਬੋਲੀ।

-"ਕਿਉਂ...? ਪੁੱਤ ਨੂੰ ਕੋਠੀ ਆਸਤੇ ਪੈਸੇ ਚਾਹੀਦੇ ਸੀ, ਕੀ ਕਰਦੇ...? ਤੂੰ ਫ਼ੇਰ ਆਬਦਾ ਘੋਰੜੂ ਚਲਾ ਲਿਆ...!"

-"ਜਿਹੜੀ ਥਾਂ ਅੱਜ ਮੈਂ ਦੇਖ ਕੇ ਆਈ ਐਂ, ਉਹ ਜਗਾਹ ਆਪਣੇ ਰਹਿਣ ਆਲ਼ੀ ਹੈਨੀ, ਓਥੇ ਤਾਂ ਆਪਣੇ ਅਰਗਿਆਂ ਨੂੰ ਮੰਗਤੇ ਸਮਝਦੇ ਐ...!"

ਜੈਲੋ ਦੀ ਮਾਸੂਮ ਗੱਲ 'ਤੇ ਕੈਲਾ ਉਚੀ-ਉਚੀ ਹੱਸ ਪਿਆ।

-"ਨ੍ਹਾਹ-ਧੋ ਕੇ ਜਾਣਾ ਸੀ, ਤੂੰ ਤਾਂ ਇਉਂ ਤੁਰਪੀ, ਜਿਵੇਂ ਕਪਾਹ ਚੁਗਣ ਚੱਲੀ ਹੁੰਨੀ ਐਂ...!"

-"ਸੋਚਿਆ ਆਬਦੇ ਨੂੰਹ-ਪੁੱਤ ਐ, ਓਥੇ ਤਾਂ ਹੋਰ ਈ ਗੁੱਡੀਆਂ ਤੇ ਹੋਰ ਈ ਪਟੋਲ੍ਹੇ, ਮੈਨੂੰ ਤਾਂ ਡੁੱਬੜਾ ਇਉਂ ਲੱਗਿਆ, ਜਿਵੇਂ ਮੈਂ ਕਿਸੇ ਹੋਰ ਈ ਧਰਤੀ 'ਤੇ ਪਹੁੰਚਗੀ ਹੁੰਨੀ ਆਂ...! ਓਥੇ ਤਾਂ ਆਪਣੇ ਪਿੰਡ ਆਲ਼ੇ ਗੁਰਦੁਆਰੇ ਮਾਂਗੂੰ ਲੋਹੜ੍ਹੇ ਦੀ ਸਫ਼ਾਈ ਤੇ ਫ਼ੁੱਲ ਬੂਟੇ ਵੀ ਬਲ੍ਹਾਈ ਲੱਗੇ ਵੇ ਐ...!"

ਕੈਲਾ ਹੱਸੀ ਜਾ ਰਿਹਾ ਸੀ।

-"ਅੱਗੇ ਨੂੰ ਨ੍ਹਾਹ-ਧੋ ਕੇ ਜਾਈਂ, ਅਗਲੇ ਚੋਰਨੀ ਸਮਝ ਕੇ ਪੁਲ਼ਸ ਨਾ ਬੁਲਾ ਲੈਣ...!"

ਦਰਵਾਜੇ ਦੇ ਵੱਲੋਂ ਇੱਕ ਅਵਾਰਾ ਕੁੱਤਾ ਆ ਵੜਿਆ।

-"ਐਹਨੂੰ ਬਾਹਰ ਕੱਢ ਕੇ ਬਾਰ ਦਾ ਕੁੰਡਾ ਲਾ...!"

-"ਹੱਟ ਕਤੀੜ੍ਹੇ...! ਚੱਲ ਤੇਰੀ ....!" ਉਠ ਕੇ ਕੈਲੇ ਨੇ ਕੁੱਤੇ ਨੂੰ ਦਬਕਾ ਮਾਰਿਆ।

ਕੁੱਤਾ ਤੁਰੰਤ ਬਾਹਰ ਨਿਕਲ਼ ਗਿਆ।

-"ਕੱਲ੍ਹ ਨੂੰ ਆਥਣੇ ਆਪਾਂ ਚੱਲਾਂਗੇ....! ਕੱਲ੍ਹ ਨੂੰ ਸਾਬਣ-ਸੂਬਣ ਲਾ ਕੇ ਨ੍ਹਾਹ ਲੀਂ, ਝਾਂਵੇਂ ਨਾਲ਼ ਗਿੱਟਿਆਂ ਤੋਂ ਮੈਲ਼ ਵੀ ਲਾਹ ਲੀਂ, ਨੂੰਹ ਨੂੰ ਮੁਛਕ ਨਾ ਆ'ਜੇ ਤੇਰੇ 'ਚੋਂ..! ਤੇਰੇ 'ਚੋਂ ਤਾਂ ਹੌਂਕ ਵੀ ਭੈੜ੍ਹੀ ਜੀ ਆਉਂਦੀ ਹੁੰਦੀ ਐ, ਸੁੰਘ ਕੇ ਬੰਦਾ ਮੂਰਛਤ ਹੋ'ਜੇ...!" ਉਹ ਦਰਵਾਜਾ ਬੰਦ ਕਰ ਕੇ ਆਉਂਦਾ ਟਿੱਚਰ ਨਾਲ਼ ਬੋਲਿਆ। ਕਦੇ-ਕਦੇ ਉਹ ਹਾਲਾਤਾਂ ਦੇ ਮਾਰੇ ਹੋਏ ਵੀ ਸਾਂਅਵੇਂ ਜਿਹੇ ਹੋ ਤੁਰਦੇ ਸਨ।

-"ਵੇ ਫ਼ੋਟ੍ਹ, ਤੈਨੂੰ ਤਾਂ ਮੈਂ ਸਾਰੀ ਉਮਰ ਚੰਗੀ ਨੀ ਲੱਗੀ...!" ਜੈਲੋ ਵੱਟ ਖਾ ਗਈ।

ਕੈਲਾ ਹੋਰ ਉਚੀ ਹੱਸ ਪਿਆ।

ਅਗਲੇ ਦਿਨ ਕੈਲਾ ਅਤੇ ਜੈਲੋ ਦੋਨੋਂ ਬਿੱਲੂ ਦੀ ਕੋਠੀ ਦੇ ਮੁੱਖ ਦਰਵਾਜੇ ਅੱਗੇ ਦੰਗ ਜਿਹੇ ਹੋਏ, ਆਚੰਭੇ ਜਿਹੇ ਵਿਚ ਖੜ੍ਹੇ ਸਨ। ਕੈਲੇ ਨੇ ਨਾਂ ਵਾਲ਼ੀ ਪਲੇਟ ਨੂੰ ਬੜੀ ਰੀਝ ਨਾਲ਼ ਦੇਖਿਆ। ਫ਼ਿਰ ਉਸ ਉਪਰ ਬੜੀ ਹਸਰਤ ਨਾਲ਼ ਹੱਥ ਫ਼ੇਰਿਆ। ਉਸ ਨੇ ਦੋ-ਤਿੰਨ ਵਾਰ "ਡੋਰ-ਬੈੱਲ" ਵਜਾਈ।

-"ਸੁਣਿਐਂ...? ਸੁੱਚ ਐਥੋਂ ਦੱਬਦੈਂ, ਤੇ "ਟੰਗ-ਦੂੰ - ਟੰਗ-ਦੂੰ" ਅੰਦਰ ਹੁੰਦੀ ਐ...!" ਉਹ ਖ਼ੁਸ਼ੀ ਨਾਲ਼ ਬਾਂਵਰਾ ਹੋਇਆ ਜੈਲੋ ਨੂੰ ਬੋਲਿਆ।

ਕਾਫ਼ੀ ਦੇਰ ਬਾਅਦ ਉਹਨਾਂ ਦੀ ਨੂੰਹ ਨੇ ਵੱਡਾ ਗੇਟ ਨਹੀਂ, ਨਿੱਕੀ ਜਿਹੀ ਗੇਟੀ ਖੋਲ੍ਹੀ।

-"ਡੋਰ-ਬੈੱਲ ਸਿਰਫ਼ ਇੱਕ ਵਾਰ ਵਜਾਈ ਜਾਂਦੀ ਐ, ਕਮਲ਼ਿਆਂ ਵਾਂਗੂੰ ਸੌ ਵਾਰੀ ਨੀ..! ਜੇ ਵੱਡੇ ਲੋਕਾਂ ਨੂੰ ਮਿਲ਼ਣ ਆਉਣਾ ਹੁੰਦੈ, ਤਾਂ ਉਹਨਾਂ ਵਰਗੇ ਤੌਰ-ਤਰੀਕੇ ਵੀ ਸਿੱਖੋ...!" ਨੂੰਹ ਦੇ ਮੂੰਹੋਂ ਕਰੋਧ ਦਾ ਲਾਂਬੂ ਨਿਕਲ਼ਿਆ। ਉਸ ਨੇ ਉਹਨਾਂ ਨੂੰ "ਸਤਿ ਸ੍ਰੀ ਅਕਾਲ" ਤੱਕ ਨਹੀਂ ਬੁਲਾਈ ਸੀ। ਦੋਨੋਂ ਸਾਹ ਘੁੱਟੀ ਅੰਦਰ ਲੰਘ ਗਏ। ਕੋਠੀ ਬੜੀ ਵਿਸ਼ਾਲ ਸੀ। ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਕਿਹੜੇ ਪਾਸੇ ਜਾਣ?

ਨੂੰਹ ਨੇ ਅੰਦਰ ਜਾ ਕੇ ਬਿੱਲੂ ਨੂੰ ਅਵਾਜ਼ ਮਾਰੀ।

-"ਬਿੱਲ ਜੀ..! ਬਿੱਲ ਡਾਰਲਿੰਗ..!!"

-"ਜੀ ਸਰਕਾਰ...? ਫ਼ੁਰਮਾਓ ਜਨਾਬ...?? ਹੁਕਮ ਮੋਤੀਆਂ ਆਲ਼ਿਓ...???" ਉਹ ਅੰਦਰੋਂ ਚਾਪਲੂਸੀ ਭਰੀ ਅਵਾਜ਼ ਵਿੱਚ ਬੋਲਿਆ।

-"ਤੁਹਾਡੇ ਮੰਮ-ਡੈਡ ਆਏ ਨੇ, ਕਾਈਂਡਲੀ ਇਹਨਾਂ ਨੂੰ ਰਿਸੀਵ ਕਰੋ, ਸਵੀਟ ਹਾਰਟ..!"

-"...........।" ਬਿੱਲੂ ਦੰਗ ਰਹਿ ਗਿਆ। ਉਹ ਹੱਕਾ-ਬੱਕਾ ਹੋਇਆ ਖਲਾਅ ਵਿੱਚ ਝਾਕ ਰਿਹਾ ਸੀ। ਉਹ ਭਮੱਤਰਿਆਂ ਵਾਂਗ ਬਾਹਰ ਆਇਆ। ਬਾਪੂ ਅਤੇ ਬੇਬੇ ਵਿਸ਼ਾਲ ਕੋਠੀ ਦੇ ਲਾਅਨ ਵਿੱਚ ਖੜ੍ਹੇ ਸਨ। ਜਦ ਉਸ ਨੇ ਵਿਹੜ੍ਹੇ ਵੱਲ ਦੇਖਿਆ ਤਾਂ ਬਾਪੂ ਦੀ ਭਿੱਜੀ ਅਤੇ ਟੁੱਟੀ ਜੁੱਤੀ ਨਾਲ਼ ਬਾਹਰਲੇ ਚਿੱਕੜ ਦੀਆਂ ਪੈੜਾਂ ਅੰਦਰ ਕਮਰੇ ਤੱਕ ਆ ਗਈਆਂ ਸਨ।

-"ਜੇ ਕੋਈ ਕੰਮ ਸੀ, ਤੁਸੀਂ ਮੈਨੂੰ ਸੁਨੇਹਾਂ ਭੇਜ ਦੇਣਾ ਸੀ, ਮੈਂ ਆ ਕੇ ਮਿਲ਼ ਜਾਂਦਾ, ਥੋਨੂੰ ਤਾਂ ਕੋਠੀਆਂ ਵਿੱਚ ਵੜਨਾ ਵੀ ਨੀ ਆਉਂਦਾ, ਦੇਖੋ ਕਿਵੇਂ ਪਸ਼ੂਆਂ ਵਾਂਗੂੰ ਗਾਰਾ ਅੰਦਰ ਲਿਆ ਸਿੱਟਿਆ...! ਥੋਨੂੰ ਲੋਕਾਂ ਨੂੰ ਅਕਲ ਕਦੋਂ ਆਊ..? ਦੁਨੀਆਂ ਚੰਦ 'ਤੇ ਪਹੁੰਚ ਗਈ, ਤੇ ਤੁਸੀਂ ਓਥੇ ਈ ਖੁਰ-ਵੱਢ ਕਰਦੇ ਫ਼ਿਰਦੇ ਐਂ..!" ਗੁੱਸੇ ਨਾਲ਼ ਉਹ ਬੜਾ ਔਖਾ ਬੋਲਿਆ।

-"..............।" ਮਾਂ-ਬਾਪ ਸੁਣ ਕੇ ਸੁੰਨ ਹੋ ਗਏ।

ਉਹ ਠੱਗਿਆਂ ਵਾਂਗ ਇੱਕ-ਦੂਜੇ ਵੱਲ ਤੱਕ ਰਹੇ ਸਨ।

-"ਡੋਰ-ਬੈੱਲ ਵੀ ਮੂਰਖ਼ਾਂ ਵਾਂਗੂੰ ਵਜਾਈ ਜਾਂਦੇ ਸੀ, ਡਾਰਲਿੰਗ...! ਅੱਜ ਮੈਨੂੰ ਆਪਣੀ ਗੁਆਂਢਣ ਕਹਿੰਦੀ, ਕੁੜ੍ਹੇ ਮੈਂ ਤਾਂ ਤੇਰੀ ਸੱਸ ਨੀ ਪਛਾਣੀ, ਮੈਂ ਤਾਂ ਸੋਚਿਆ ਕੋਈ ਮੰਗਤੀ ਆ'ਗੀ...।" ਸੱਸ ਵੱਲ ਹੱਥ ਕਰ ਕੇ ਨੂੰਹ ਬਾਂਵਰਿਆਂ ਵਾਂਗ ਉਚੀ-ਉਚੀ ਹੱਸ ਪਈ।

-"ਇਹ ਕੋਠੀ ਮੇਰੀ 'ਕੱਲੇ ਦੀ ਨੀ ਬਾਪੂ, ਇਹਦੇ 'ਤੇ ਥੋਡੀ ਨੂੰਹ, ਸੋਨੀ ਦੇ ਪੈਸੇ ਵੀ ਲੱਗੇ ਐ...!" ਉਹਨਾਂ ਵੱਲ ਰੁੱਖਾ ਜਿਹਾ ਝਾਕਦਾ ਬਿੱਲੂ ਬੋਲਿਆ।

-"ਪਾ ਲਏ ਦਰਸ਼ਣ ਇਹਨਾਂ ਦੇ...? ਹੋ ਗਈ ਨਿਹਾਲ...? ਕੱਟੇ ਗਏ ਪਾਪ..? ਜੀਅ ਨੀ ਨ੍ਹਾਂ ਲੱਗਦਾ ਸੀ ਤੇਰਾ ਇਹਨਾਂ ਬਿਨਾ...? ਲੈ, ਮਾਰ ਲੈ ਸਲੂਟ ਇਹਨਾਂ ਨੂੰ...! ਪਾ ਲੈ ਸਲਾਮੀ...! ਚੋਪੜ ਲੈ ਸਿੰਗ...!" ਝੂਠਾ ਜਿਹਾ ਪੈ ਕੇ ਕੈਲੇ ਨੇ ਜੈਲੋ ਵੱਲ ਰੱਤੀਆਂ ਅੱਖਾਂ ਕਰ ਕੇ ਪੁੱਛਿਆ।

-".....................।" ਜੈਲੋ ਨਿਰੁੱਤਰ ਸੀ।

-"ਚੱਲ ਤੁਰ ਹੁਣ...! ਖ਼ਬਰਦਾਰ ਜੇ ਮੁੜ ਕੇ ਐਧਰ ਮੂੰਹ ਕੀਤਾ...!" ਤੇ ਜੈਲੋ ਦੀ ਬਾਂਹ ਫ਼ੜ ਕੇ ਕੈਲਾ ਕੋਠੀ ਤੋਂ ਬਾਹਰ ਹੋ ਗਿਆ।

ਨੂੰਹ ਅਤੇ ਬਿੱਲੂ ਉਹਨਾਂ ਜਾਂਦਿਆਂ ਨੂੰ ਅਜੀਬ ਨਜ਼ਰ ਨਾਲ਼ ਦੇਖ ਰਹੇ ਸਨ।

ਸਾਰੀ ਦਿਹਾੜ੍ਹੀ ਕੈਲੇ ਅਤੇ ਜੈਲੋ ਨੂੰ ਅੱਚਵੀ ਲੱਗੀ ਰਹੀ। ਉਹਨਾਂ ਨੂੰ ਅਜੇ ਤੱਕ ਸੱਚ ਨਹੀਂ ਆ ਰਿਹਾ ਸੀ ਕਿ ਜੋ ਕੁਛ ਬਿੱਲੂ ਬੋਲਿਆ ਸੀ, ਉਹ ਸੱਚ ਸੀ...? ਬਿਗਾਨੀ ਧੀ 'ਤੇ ਉਹਨਾਂ ਨੂੰ ਕੋਈ ਮਾਣ ਨਹੀਂ ਸੀ, ਪਰ ਸਕੇ ਪੁੱਤ ਨੇ ਵੀ ਜੁੱਤੀ ਦੀ ਨੋਕ 'ਤੇ ਮਾਰਿਆ ਸੀ।

ਮੂੰਹ ਹਨ੍ਹੇਰਾ ਹੋ ਗਿਆ ਸੀ।

ਕੈਲੋ ਨੇ ਰੋਟੀ ਲਾਹ ਕੇ ਰੱਖ ਲਈ ਸੀ, ਪਰ ਖਾਣ ਨੂੰ ਕਿਸੇ ਦੀ ਵੱਢੀ ਰੂਹ ਨਹੀਂ ਕਰਦੀ ਸੀ। ਕੈਲਾ ਮੰਜੀ 'ਤੇ ਬਿਮਾਰਾਂ ਵਾਂਗ ਮੁਰਕੜੀ ਜਿਹੀ ਮਾਰੀ ਪਿਆ ਸੀ। ਇੱਕ ਪਾਸੇ ਲਾਲਟੈਣ ਜਗ ਰਹੀ ਸੀ। ਘੋਰ ਉਦਾਸ ਜੈਲੋ ਚੌਂਕੇ ਵਿੱਚ ਚੱਕਣ-ਧਰਨ ਕਰ ਰਹੀ ਸੀ।

ਅਚਾਨਕ ਦਰਵਾਜੇ 'ਤੇ "ਠੱਕ-ਠੱਕ" ਹੋਈ।

ਹਰੀ ਬਾਣੀਆਂ ਅਤੇ ਉਸ ਦਾ ਮੁਨੀਮ ਕੱਛ ਵਿੱਚ ਲਾਲ ਵਹੀ ਦੱਬੀ ਕੈਲੇ ਦੇ ਅੰਦਰ ਆ ਧਮਕੇ।

-"ਕੀ ਗੱਲ...? ਸਿਹਤਾਂ ਤਾਂ ਠੀਕ ਐ ਨ੍ਹਾਂ ਕੈਲਾ ਸਿਆਂ...?" ਗਾਂਧੀ ਮਾਰਕਾ ਐਨਕ ਉਪਰੋਂ ਮੱਕਾਰੀ ਤੱਕਣੀ ਤੱਕਦਾ ਹੋਇਆ ਬਾਣੀਆਂ ਬਿੰਡੇ ਵਾਂਗ ਟਿਆਂਕਿਆ।

-"ਹਾਂ...!" ਉਸ ਨੇ ਪਏ ਨੇ ਹੀ ਸਿਰ ਹਿਲਾਇਆ, "ਹਾਲ ਠੀਕ ਈ ਨੇ ਲਾਲਾ ਜੀ...!"

-"ਮਾਤਾ ਰਾਣੀ ਭਲੀ ਕਰੇ, ਫ਼ੇਰ ਏਨਾਂ ਢੇਰੀ ਜੀ ਢਾਹੀ ਕਾਹਤੋਂ ਪਿਐਂ...? ਉਠ..! ਉਠ ਕੇ ਬੈਠ, ਜੁਆਨ ਬੰਦੈਂ, ਬੋਲ ਜੈ ਮਾਤਾ ਦੀ, ਉਠ ਖੜ੍ਹਾ ਹੋ...!"

-".......................।" ਕੈਲਾ "ਹਾਏ" ਕਹਿੰਦਾ ਉਠ ਕੇ ਬੈਠ ਗਿਆ।

ਮੁਨੀਮ ਨੇ ਵਹੀ ਪੱਟਾਂ 'ਤੇ ਰੱਖ ਕੇ ਖੋਲ੍ਹ ਲਈ।

-"ਸਹੁੰ ਲਾਟਾਂ ਆਲ਼ੀ ਦੀ, ਕੁਵੇਲ਼ੇ ਆਉਣ ਨੂੰ ਜੀਅ ਨੀ ਸੀ ਕਰਦਾ, ਕੀ ਕਰਾਂ...? ਮਜਬੂਰੀ ਆ, ਆਪਣਾ ਮਕਾਨ ਛੱਡਣ ਦੀ ਤਰੀਕ ਨੇੜੇ ਆਉਂਦੀ ਜਾਂਦੀ ਐ, ਤੁਸੀਂ ਮੁੰਡੇ ਦੀ ਕੋਠੀ ਕਦੋਂ ਜਾਣੈ...?"

-"ਕਿਹੜੀ ਤਰੀਕ ਬਣਦੀ ਐ ਸੇਠ ਜੀ....?"

-"ਭੋਲਾ ਰਾਮ....! ਰਾਮ ਭਲੀ ਕਰੇ, ਕਿਹੜੀ ਤਰੀਕ ਬਣਦੀ ਐ..? ਦੱਸ ਸਰਦਾਰ ਕੈਲਾ ਸਿਉਂ ਨੂੰ ਮੇਰੇਆਰ...!"

-"ਤਰੀਕ ਕਿਹੜੀ ਬਣਦੀ ਐ ਜੀ...? ਲੈ ਦੇ ਕੇ ਮਹੀਨੇ ਛੇ ਐ ਤੇਰੇ ਕੋਲ਼ੇ ਕੈਲਾ ਸਿਆਂ...!" ਮੁਨੀਮ ਨੇ ਦੱਸਿਆ।

-"ਸਹੁੰ ਪਹਾੜਾਂ ਆਲ਼ੀ ਦੀ, ਮਹੀਨੇ ਕੁੱਲ ਛੇ ਐਂ ਕੈਲਾ ਸਿਆਂ, ਮਹੀਨਾਂ ਮੈਂ ਤੈਨੂੰ ਆਬਦੇ ਵੱਲੋਂ ਹੋਰ ਦਿੱਤਾ, ਤੂੰ ਚਿੰਤਾ ਕਾਹਦੀ ਕਰਦੈਂ...? ਆਪਾਂ ਫ਼ੇਰ ਵੀ ਭਰਾ ਐਂ, ਸਾਰੀ ਉਮਰ ਮੋਢੇ ਨਾਲ਼ ਮੋਢਾ ਜੋੜ ਕੇ ਵਰਤੇ ਐਂ, ਨਾਲ਼ੇ ਅੱਗੇ ਕਿਹੜਾ ਨਹੀਂ ਵਰਤਣਾ...? ਰਾਮ ਭਲੀ ਕਰੇ, ਜੇ ਹੋਰ ਅੱਗਾ ਪਿੱਛਾ ਕਰਨਾ ਹੋਇਆ, ਬੱਸ ਹੁਕਮ ਕਰੀਂ...!"

-"ਨਹੀਂ ਸੇਠ ਜੀ, ਅੱਗੋਂ ਕੀ ਤੇ ਪਿੱਛੋਂ ਕੀ...? ਮੇਰਾ ਕਿਤੇ ਵਸੇਬਾ ਹੋਵੇ ਜਾਂ ਨਾ ਹੋਵੇ, ਸੱਤ ਮਹੀਨਿਆਂ ਬਾਅਦ ਘਰ ਖਾਲੀ ਹੋਊਗਾ..!"

-"ਜੈ ਲਾਟਾਂ ਆਲ਼ੀ ਦੀ, ਲੈ ਭੋਲਾ ਰਾਮ, ਲਾਟਾਂ ਆਲ਼ੀ ਦੀ ਜੈ ਹੋਗੀ..! ਲੁਆ 'ਗੂਠਾ ਤੇ ਚੱਲ ਚੱਲੀਏ, ਹੋਗੀ ਲਾਟਾਂ ਆਲ਼ੀ ਦੀ ਜੈ...!"

ਭੋਲਾ ਰਾਮ ਨੇ ਲਿਖਾ-ਪੜ੍ਹਤੀ ਵਾਲ਼ੀ ਵਹੀ ਅੱਗੇ ਕਰ ਦਿੱਤੀ ਅਤੇ ਕੈਲੇ ਨੇ ਅੰਗੂਠਾ ਛਾਪ ਦਿੱਤਾ। ਅੰਗੂਠਾ ਲਾਉਣ ਵੇਲ਼ੇ ਕੈਲੇ ਨੂੰ ਇੰਜ ਮਹਿਸੂਸ ਹੋਇਆ, ਜਿਵੇਂ ਉਸ ਨੇ ਆਪਣੇ ਗਲ਼ 'ਗੂਠਾ ਦਿੱਤਾ ਹੋਵੇ?

ਉਹ ਵਹੀ ਚੁੱਕ ਘਰੋਂ ਬਾਹਰ ਹੋ ਗਏ।

ਕੈਲਾ ਮੰਜੀ 'ਤੇ ਪਿਆ ਨਹੀਂ, ਇੱਕ ਤਰ੍ਹਾਂ ਨਾਲ਼ ਡਿੱਗ ਪਿਆ।

ਉਸ ਨੂੰ ਹਰਾਸਿਆ ਦੇਖ ਕੇ ਜੈਲੋ ਮੂੰਹ 'ਤੇ ਚੁੰਨੀ ਲੈ ਡੁਸਕਣ ਲੱਗ ਪਈ।

ਰੋਟੀ ਦੋਹਾਂ ਵਿੱਚੋਂ ਕਿਸੇ ਨੇ ਵੀ ਨਾ ਖਾਧੀ। ਚੁੱਪ ਚਾਪ ਮੰਜੇ ਉਪਰ ਪੈ ਗਏ। ਨੀਂਦ ਦੋਹਾਂ ਦੇ ਨੇੜੇ-ਤੇੜੇ ਵੀ ਨਹੀਂ ਸੀ।

-"ਲੈ, ਆਹ ਦਿਨ ਵੀ ਦੇਖਣੇ ਸੀ...!" ਹਾਲਾਤਾਂ ਦਾ ਸਤਾਇਆ ਅਤੇ ਅਤੀਅੰਤ ਦੁਖੀ ਕੈਲਾ ਬੋਲਿਆ।

-"ਟੁੱਟੜੇ ਰੱਬ ਨੇ ਆਹ ਦਿਨ ਦੇਖਣ ਵਾਸਤੇ ਈ ਜਿਉਂਦਾ ਰੱਖਿਆ ਸੀ ਸਾਨੂੰ..? ਪੁੱਤ ਨੂੰ ਐਸ਼ ਕਰਵਾਉਂਦੇ ਕਰਵਾਉਂਦੇ ਅਸੀਂ ਤਾਂ ਆਪ ਟੱਪਰੀਵਾਸ ਬਣ ਕੇ ਬਹਿਗੇ..!" ਜੈਲੋ ਨੇ ਅੰਦਰ ਬਲ਼ਦੀ ਭੜ੍ਹਾਸ ਬਾਹਰ ਕੱਢੀ।

ਦੋਨਾਂ ਇਕੱਠਿਆਂ ਨੇ ਹਾਉਕਾ ਲਿਆ।

ਘਰ ਵਿੱਚੋਂ ਖੁਸ਼ੀਆਂ ਖੰਭ ਲਾ ਕੇ ਉਡ ਗਈਆਂ ਸਨ ਅਤੇ ਸੋਗ ਦਾ ਵਾਸ ਹੋ ਗਿਆ ਸੀ। ਦੋਨੋਂ ਜੀਅ ਕੀੜਿਆਂ ਵਾਲ਼ੇ ਕੁੱਤੇ ਵਾਂਗ ਅੰਦਰੋਂ ਨਾ ਨਿਕਲ਼ਦੇ। ਪੁੱਤ ਦੇ ਬੇਮੁੱਖ ਹੋਣ ਕਰ ਕੇ ਉਹਨਾਂ ਦੇ ਦਿਲ ਟੁੱਟ ਗਏ ਸਨ। ਸੰਜੋਏ ਸੁਪਨੇ ਚਕਨਾਚੂਰ ਹੋ ਗਏ ਸਨ। ਹੁਣ ਨਾ ਉਹਨਾਂ ਨੂੰ ਖਾਣ ਦੀ ਅਤੇ ਨਾ ਪੀਣ ਦੀ ਕੋਈ ਸੁਰਤ ਸੀ। ਸਿਹਤ ਵੀ ਦਿਨੋਂ-ਦਿਨ ਜਵਾਬ ਦਿੰਦੀ ਜਾਂਦੀ ਸੀ।

ਪਰ ਕੁਝ ਮਹੀਨਿਆਂ ਬਾਅਦ ਉਹਨਾਂ ਦੀ ਤਪਦੀ ਭੁੱਜਦੀ ਦੇਹਲ਼ੀ ਅੰਦਰ ਵੀ ਸੀਤ ਹਵਾ ਦਾ ਇੱਕ ਬੁੱਲਾ ਆਇਆ। ਗਰਮੀਆਂ ਦੀ ਤਪਾੜ ਵਿੱਚ ਝੁਲ਼ਸੀ ਵੇਲ ਨੂੰ ਪਾਣੀ ਮਿਲਣ ਵਾਂਗ ਜੈਲੋ ਦੇ ਹੌਸਲੇ ਨੇ ਖੰਭ ਝਿਣਕੇ। ਬਿੱਲੂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਸੀ। ਸੁਣ ਕੇ ਜੈਲੋ ਨੂੰ ਖੰਭ ਲੱਗ ਗਏ। ਉਸ ਦੇ ਸਰੀਰ ਅੰਦਰ ਜਿਵੇਂ ਨਵੇਂ ਖ਼ੂਨ ਦਾ ਸੰਚਾਰ ਹੋ ਗਿਆ ਸੀ। ਉਹ ਨਵੀਂ ਨਰੋਈ ਹੋ ਗਈ ਸੀ।

-"ਖੁਰਕ ਪਈ ਆਲ਼ੇ ਕੁੱਤੇ ਮਾਂਗੂੰ ਨਿਸਲ਼ ਜਿਆ ਹੋ ਕੇ ਨਾ ਪੈ..! ਮੈਨੂੰ ਸੀਧਾ ਪੱਤਾ ਲਿਆ ਕੇ ਦੇਹ, ਰੱਬ ਨੇ ਸਾਨੂੰ ਪੋਤਾ ਬਗਸ਼ਿਐ, ਮੈਂ ਨੂੰਹ ਨੂੰ ਪੰਜੀਰੀ ਰਲ਼ਾ ਕੇ ਦੇਣੀਂ ਐਂ...!" ਮੌਲੇ ਬਲ਼ਦ ਨੂੰ ਪੂਛੋਂ ਫ਼ੜ ਕੇ ਉਠਾਉਣ ਵਾਂਗ ਜੈਲੋ ਨੇ ਬਾਹੋਂ ਫ਼ੜ ਕੈਲੇ ਨੂੰ ਬੈਠਾ ਕਰ ਲਿਆ। ਉਹ ਕਮਲ਼ਿਆਂ ਵਾਂਗ ਸਿੱਧਾ ਸਲੋਟ ਹੀ ਜੈਲੋ ਵੱਲ ਝਾਕ ਰਿਹਾ ਸੀ।

-"ਕੀ ਕਿਹੈ..? ਪੋਤਾ ਹੋਇਐ...?"

-"ਆਹੋ...! ਵਧਾਈਆਂ ਤੈਨੂੰ...! ਆਪਣੀ ਕੁਲ਼ ਦੀ ਵੇਲ ਵਧੀ ਐ, ਜਾਹ ਸੀਧਾ ਲਿਆ ਕੇ ਦੇਹ ਮੈਨੂੰ..! ਹਰੀ ਬਾਣੀਆਂ ਆਪੇ ਦੱਸ ਦਿਊ ਪੰਜੀਰੀ 'ਚ ਕੀ-ਕੀ ਪੈਂਦਾ ਹੁੰਦੈ, ਜਾਹ ਬਗਜਾ ਛੇਤੀ...!"

-"ਤੈਨੂੰ ਕੀਹਨੇ ਦੱਸਿਐ...?" ਉਹ ਊਧ-ਮਧੂਣਾਂ ਜਿਹਾ ਹੋਇਆ ਅੱਖਾਂ ਜੈਲੋ ਦੇ ਚਿਹਰੇ 'ਤੇ ਗੱਡੀ ਬੈਠਾ ਸੀ। ਉਸ ਦਾ ਚਿਹਰਾ ਜ਼ਰਦ ਹੋਇਆ ਪਿਆ ਸੀ, ਜਿਵੇਂ ਟੀ.ਬੀ. ਦਾ ਮਰੀਜ਼ ਹੋਵੇ।

-"ਮੈਨੂੰ ਬੁੱਟਰ ਆਲ਼ੀ ਨਰਸ ਨੇ ਦੱਸਿਐ...! ਹੁਣ ਬੈਠਾ ਕੀ ਕਰਦੈਂ..? ਮਸਾਂ ਤਾਂ ਆਹ ਦਿਨ ਆਇਐ, ਸੁੱਖਾਂ ਸੁੱਖ ਕੇ ਲਿਐ ਸ਼ੇਰ ਬੱਗਾ...। ਟੱਬਰਾਂ 'ਚ ਬੀਹ ਝਮੇਲੇ ਹੁੰਦੇ ਐ, ਜਾਹ ਕਰ ਹਿੰਮਤ, ਲਿਆ ਖੁੱਲ੍ਹਾ ਡੁੱਲ੍ਹਾ ਸਮਾਨ, ਬਣਾ ਕੇ ਦੇਵਾਂ ਨੂੰਹ ਰਾਣੀ ਨੂੰ ਮਣ ਪੰਜੀਰੀ...!"

ਕੈਲਾ ਗਿੱਟੇ ਜਿਹੇ ਘੜ੍ਹੀਸਦਾ ਹਰੀ ਬਾਣੀਏਂ ਦੀ ਦੁਕਾਨ ਨੂੰ ਤੁਰ ਪਿਆ।

ਉਸ ਦੇ ਅੰਦਰੋਂ ਸਾਹ-ਸਤ ਅਤੇ ਉਤਸ਼ਾਹ ਖਤਮ ਸੀ। ਪਰ ਉਹ ਕੋਈ ਕੌੜਾ ਉਤਰ ਦੇ ਕੇ ਜੈਲੋ ਦੀ ਖ਼ੁਸ਼ੀ ਉਪਰ ਸੁਆਹ ਨਹੀਂ ਧੂੜਨਾ ਚਾਹੁੰਦਾ ਸੀ। ਸ਼ਗਨਾਂ ਵਾਲ਼ੇ ਦਿਨ ਕੋਈ ਬੁਰੀ ਗੱਲ ਮੂੰਹੋਂ ਨਹੀਂ ਕੱਢਣਾ ਚਾਹੁੰਦਾ ਸੀ। ਉਸ ਦੀ ਆਸ ਵਾਲ਼ੀ ਤੰਦ ਟੁੱਟ ਚੁੱਕੀ ਸੀ ਅਤੇ ਉਹ ਸਮਝਦਾ ਸੀ ਕਿ ਜੈਲੋ ਔਰਤ ਹੋਣ ਕਰ ਕੇ ਚਾਅ ਵਿੱਚ ਜ਼ਿਆਦਾ ਹੀ ਭਾਵੁਕ ਹੋ ਗਈ ਸੀ। ਪਰ ਉਹ ਜੈਲੋ ਦੀ ਖ਼ੁਸ਼ੀ ਵਿੱਚ ਭੰਗਣਾਂ ਨਹੀਂ ਪਾਉਣਾ ਚਾਹੁੰਦਾ ਸੀ। ਪਰ ਆਪ ਉਹ ਅੰਦਰੋਂ ਕੱਚ ਵਾਂਗ ਤਿੜਕਿਆ ਪਿਆ ਸੀ।

-"ਆ ਬਈ ਕੈਲਾ ਸਿਆਂ, ਜੀ ਆਏ ਦੇ, ਕਿਵੇਂ ਦਰਸ਼ਣ ਦਿੱਤੇ...?" ਹਰੀ ਬਾਣੀਆਂ ਬੜੇ ਆਦਰ ਨਾਲ਼ ਮਿਲ਼ਿਆ। ਉਹ ਉਂਗਲ਼ਾਂ ਮਸਲ਼ ਕੇ ਨਜ਼ਰਾਂ ਦੀ ਦੂਰਬੀਨ ਨਾਲ਼ ਕੈਲੇ ਦਾ ਅੰਦਰ ਫ਼ਰੋਲਣਾ ਚਾਹੁੰਦਾ ਸੀ।

-"ਪੋਤਾ ਹੋਇਐ...! ਪੰਜੀਰੀ ਦਾ ਸਮਾਨ ਚਾਹੀਦੈ...!"

-"ਲੈ ਫ਼ੇਰ ਤਾਂ ਵਧਾਈਆਂ...! ਸੁੱਖ ਨਾਲ਼ ਦਾਦਾ ਬਣਿਐਂ, ਪੀੜ੍ਹੀ ਅੱਗੇ ਵਧੀ ਐ, ਢਿੱਲੇ ਜੇ ਬੁੱਲ੍ਹ ਕਾਹਨੂੰ ਕਰੀ ਫ਼ਿਰਦੈਂ...? ਤੂੰ ਜੋ ਚਾਹੀਦੈ, ਮੂੰਹੋਂ ਕੱਢ...! ਭੋਲਾ ਰਾਮ....!"

-"ਹਾਂਜੀ....?" ਭੋਲਾ ਰਾਮ ਹਾਜ਼ਰ ਸੀ।

-"ਪਹਿਲਾਂ ਤਾਂ ਕੈਲਾ ਸਿਉਂ ਨੂੰ ਦੇਹ ਵਧਾਈਆਂ, ਇਹ ਕਰਮਾਂ ਆਲ਼ਾ ਪੋਤਰੇ ਦਾ ਦਾਦਾ ਬਣਿਐਂ, ਤੇ ਫ਼ੇਰ ਦੇਹ ਇਹਨੂੰ ਪੰਜੀਰੀ ਦਾ ਸਮਾਨ, ਬਦਾਮ, ਨਿਉਜੇ, ਮਗਜ, ਸਾਰਾ ਕੁਛ ਖੁੱਲ੍ਹਾ ਡੁੱਲ੍ਹਾ ਦੇ-ਦੇ...! ਬੱਸ ਕਿਸੇ ਗੱਲੋਂ ਹੱਥ ਨਾ ਘੁੱਟੀਂ..!"

-"ਵਧਾਈਆਂ ਸਰਦਾਰ ਕੈਲਾ ਸਿਆਂ...!"

-"ਸਵਾ ਵਧਾਈਆਂ ਮੁਨੀਮ ਜੀ...! ਰੱਬ ਸਭ ਨੂੰ ਵਧਾਵੇ..!" ਉਸ ਨੇ ਖੁੱਸੀ ਜਿਹੀ ਅਵਾਜ਼ ਵਿੱਚ ਕਿਹਾ।

ਮੁਨੀਮ ਨੇ ਸਾਰਾ ਸਮਾਨ ਕੱਢ ਕੇ ਕੈਲੇ ਦੇ ਹੱਥ ਫ਼ੜਾ ਦਿੱਤਾ।

-"ਆਹ ਫ਼ੜ ਪੰਜ ਸੌ ਰੁਪੱਈਆ...!" ਹਰੀ ਬਾਣੀਆਂ ਨੋਟ ਫ਼ੜਾਉਂਦਾ ਹੋਇਆ ਬੋਲਿਆ, "ਨਾਲ਼ੇ ਤਾਂ ਅੱਜ ਕਰਲੀਂ ਮੂੰਹ ਕੌੜਾ, ਤੇ ਨਾਲ਼ੇ ਦੇਵੀ ਮਾਤਾ ਭਲੀ ਕਰੇ, ਪੋਤਰੇ ਨੂੰ ਦੇ ਆਈਂ ਸ਼ਗਨ...! ਸ਼ਗਨਾਂ ਮੌਕੇ ਹੱਥ ਨੀ ਘੁੱਟੀਦਾ, ਮਾਇਆ ਤਾਂ ਆਉਂਦੀ ਜਾਂਦੀ ਰਹਿੰਦੀ ਐ...!" ਕੈਲਾ ਸੋਚ ਰਿਹਾ ਸੀ ਕਿ ਆਪਣਿਆਂ ਨਾਲੋਂ ਤਾਂ ਹਰੀ ਬਾਣੀਆਂ ਹੀ ਚੰਗਾ ਸੀ। ਜਿਹੜਾ ਅੜੇ-ਥੁੜੇ ਕੰਮ ਤਾਂ ਆਉਂਦੈ!

ਰਾਹ ਵਿੱਚ ਰੁਕ ਕੇ ਉਸ ਨੇ ਇੱਕ ਬੋਤਲ ਲੈ ਲਈ ਅਤੇ ਘਰ ਨੂੰ ਤੁਰ ਪਿਆ।

ਪੰਜੀਰੀ ਦਾ ਸਾਰਾ ਸਮਾਨ ਉਸ ਨੇ ਜੈਲੋ ਨੂੰ ਜਾ ਫ਼ੜਾਇਆ।

ਜੈਲੋ ਚੁੱਲ੍ਹਾ-ਚੌਂਕਾ ਸਾਫ਼ ਕਰ ਕੇ ਹਟੀ ਸੀ।

-"ਮੈਂ ਇੱਕ ਦੋ ਪੈਗ ਲਾ ਲਵਾਂ...?" ਕੈਲੇ ਨੇ ਜੈਲੋ ਦੀ ਇਜਾਜ਼ਤ ਜਿਹੀ ਮੰਗੀ।

-"ਚਾਹੇ ਦਸ ਲਾਅ...! ਚਾਹੇ ਪੂਰੀ ਬੋਤਲ ਪੀਅ...! ਰੱਬ ਨੇ ਖੁਸ਼ੀ ਦਿੱਤੀ ਐ, ਚਾਹੇ ਡਰੰਮ ਲਿਆ, ਜੱਗ ਭਰ-ਭਰ ਪੀਅ...!" ਜੈਲੋ ਨੇ ਬੇਬਾਕ ਕਿਹਾ। ਵੈਸੇ ਜੈਲੋ ਨੂੰ ਪਤਾ ਸੀ ਕਿ ਕੈਲਾ ਦਾਰੂ ਦਾ ਪਿਆਕੜ ਨਹੀਂ ਸੀ। ਕਦੇ ਕਦਾਈਂ ਵਿਆਹ ਸ਼ਾਦੀ ਵੇਲ਼ੇ ਹੀ ਪੀਂਦਾ ਸੀ। ਹੁਣ ਤਾਂ ਕਿੰਨੇ ਸਾਲਾਂ ਤੋਂ ਉਸ ਨੇ ਕਦੇ ਮੂੰਹ 'ਤੇ ਨਹੀਂ ਧਰੀ ਸੀ।

ਜੈਲੋ ਨੇ ਕੈਲੇ ਨੂੰ ਗੜਬੀ ਵਿੱਚ ਪਾਣੀ ਅਤੇ ਗਿਲਾਸ ਧੋ ਕੇ ਦੇ ਦਿੱਤਾ।

ਨਾਲ਼ ਅੰਬ ਅਤੇ ਅਦਰਕ ਦਾ ਅਚਾਰ ਰੱਖ ਗਈ।

-"ਖੁੱਲ੍ਹ ਕੇ ਪੀਅ...! ਲਾਹ ਡੰਝਾਂ ਅੱਜ...! ਸੁੱਖ ਨਾ' ਪੋਤੇ ਦਾ ਦਾਦਾ ਬਣਿਐਂ, ਨੰਗਾ ਨੱਚ...! ਇਹ ਖੁਸ਼ੀਆਂ ਕਿਤੇ ਰੋਜ-ਰੋਜ ਆਉਂਦੀਐਂ...?"

ਕੈਲੇ ਨੇ ਗਿਲਾਸ ਭਰ ਕੇ ਅੰਦਰ ਸੁੱਟਿਆ।

ਕੁਝ ਚਿਰ ਬਾਅਦ ਉਸ ਨੂੰ ਵਿਹੜਾ ਬਾਘੀਆਂ ਪਾਉਂਦਾ ਜਾਪਿਆ। ਹਵਾ ਕਲੋਲ ਕਰਦੀ ਅਤੇ ਕੁਤਕੁਤੀਆਂ ਕੱਢਦੀ ਪ੍ਰਤੀਤ ਹੋਈ। ਉਸ ਨੇ ਇੱਕ ਹੋਰ ਪੈਗ ਅੰਦਰ ਸੁੱਟਿਆ ਤਾਂ ਉਸ ਨੂੰ ਸਾਰਾ ਬ੍ਰਹਿਮੰਡ ਲੋਰੀਆਂ ਦਿੰਦਾ ਅਤੇ ਹਵਾ ਦਾ ਬੁੱਲਾ ਨਾਲ਼ ਖਹਿੰਦਾ ਲੱਗਿਆ।

-"ਲੈ ਆਹ ਕਦੇ ਯਾਦ ਸੀ ਬਈ ਮੈਂ ਵੀ ਕਦੇ ਦਾਦਾ ਜੀ ਬਣੂੰਗਾ...?" ਕੈਲੇ ਨੇ ਪੰਜੀਰੀ ਬਣਾਉਂਦੀ ਜੈਲੋ ਨੂੰ ਅਚਨਚੇਤ ਕਿਹਾ। ਖ਼ੁਸ਼ੀ ਉਸ ਅੰਦਰ ਮੋਰ ਬਣ ਪੈਹਲ੍ਹਾਂ ਪਾ ਰਹੀ ਸੀ।

-"ਕਿਹੜੀਆਂ ਗੱਲਾਂ ਕਰੀ ਜਾਨੈਂ ਤੂੰ...? ਜਦੋਂ ਪੁੱਤ ਵਿਆਹਿਐ, ਦਾਦਾ ਤਾਂ ਬਣਨਾ ਈ ਸੀ, ਅਸੀਂ ਰੱਬ ਦੇ ਮਾਂਹ ਥੋੜ੍ਹੋ ਮਾਰੇ ਸੀ...? ਬੜਾ ਬੇਅੰਤ ਐ ਮੇਰਾ ਰੱਬ...!" ਉਹ ਪੰਜੀਰੀ ਬਣਾਉਂਦੀ ਰੱਬ ਦਾ ਨਾਂ ਜਪਣ ਲੱਗ ਪਈ।

-"ਤੂੰ ਤਾਂ ਰੱਬ ਨੂੰ ਕਦੇ ਢਾਕ ਤੋਂ ਦੀ ਨੀ ਸੀ ਮਾਰਿਆ, ਅੱਜ ਰੱਬ ਨੂੰ ਕਿਵੇਂ ਵਾ-ਵਰੋਲ਼ਾ ਬਣਾਈ ਫ਼ਿਰਦੀ ਐਂ...?" ਦਾਰੂ ਦੇ ਨਸ਼ੇ ਨਾਲ਼ ਤੋਤਾ ਬਣਿਆਂ ਕੈਲਾ "ਖ਼ੀਂ-ਖ਼ੀਂ" ਕਰ ਕੇ ਹੱਸਿਆ।

-"ਜਦੋਂ ਖ਼ੁਸ਼ੀਆਂ ਬਗਸ਼ਦੈ, ਜਪਾਂ ਨਾ...?" ਉਹ ਫ਼ੇਰ ਜਪਣ ਲੱਗ ਪਈ।

-"ਰੋਟੀ ਰਾਟੀ ਦਾ ਜੁਗਾੜ ਹੋਊ ਅੱਜ...? ਕਿ ਪੋਤੇ ਦੀ ਖੁਸ਼ੀ 'ਚ ਭੁੱਖੇ ਮਾਰਨ ਦਾ ਇਰਾਦੈ..??"

-"ਕੱਲੀ ਰੋਟੀ ਨੀ, ਤਿੰਨ ਮੇਲ ਦਾ ਪ੍ਰਛਾਦ ਬਣਾ ਕੇ ਖੁਆਊਂ, ਮਾੜੀ ਜੀ ਜਰੈਂਦ ਕਰ, ਨਾਸਾਂ 'ਤੇ ਦੀਵਾ ਨਾ ਬਾਲ...਼!"

-"ਬਖਸ਼ ਮਾਲਕਾ...! ਨਾਸਾਂ 'ਤੇ ਦੀਵਾ ਬਾਲ਼ ਕੇ ਮੈਂ ਮਰਨੈਂ...?" ਉਸ ਨੇ ਬੋਤਲ ਦੇ ਗਲ਼ ਨੂੰ ਹੱਥ ਪਾ ਲਿਆ। ਉਸ ਦੀ ਮੋਟੀ ਜ਼ੁਬਾਨ ਮੂੰਹ ਵਿੱਚ "ਡੱਕ-ਡੱਕ" ਵੱਜਣ ਲੱਗ ਪਈ ਸੀ। ਜਦੋਂ ਨੂੰ ਜੈਲੋ ਨੇ ਪ੍ਰਛਾਦ ਬਣਾ ਕੇ ਲਿਆਂਦਾ ਤਾਂ ਕੈਲਾ ਘੁਰਾੜ੍ਹਿਆਂ ਦੀ ਚੱਕੀ ਪੀਸੀ ਜਾ ਰਿਹਾ ਸੀ।

-"ਲੈ...! ਕਿਮੇਂ ਲਾਮਾਂ-ਲੇਟ ਹੋਇਆ ਪਿਐ...!" ਜੈਲੋ ਦੇ ਮੂੰਹ 'ਤੇ ਮੁਸਕੁਰਾਹਟ ਆ ਗਈ।

-"ਨ੍ਹਾਂ ਤੂੰ ਮੈਨੂੰ ਸ਼ਰਾਬੀ ਸਮਝਦੀ ਐਂ...?" ਕੈਲਾ ਰੇਲ ਦੇ ਕੰਨ ਵਾਂਗ ਉਠ ਕੇ ਬੈਠ ਗਿਆ, "ਮੈਂ ਤਾਂ ਗੇਲਣ ਪੀ ਕੇ 'ਔਟ' ਨਾ ਹੋਵਾਂ...! ਮੈਂ ਤਾਂ ਤੇਰੇ ਨਾਲ਼ ਖੇਡਾਂ ਕਰਦਾ ਸੀ...!" ਉਸ ਨੇ ਰਹਿੰਦੀ ਬੋਤਲ ਗਿਲਾਸ ਵਿੱਚ ਉਲ਼ੱਦ ਲਈ।

-"ਲੈ ਦੇਖ ਨੀ ਕਿਮੇਂ ਲ੍ਹੋਲੀ ਬਣਾਉਂਦੈ ਮੈਨੂੰ...! ਖੇਡਾਂ ਕਰਨ ਦੀ ਆਹ ਤੇਰੀ ਕੋਈ ਉਮਰ ਐ..?" ਜੈਲੋ ਹੱਸ ਪਈ।

-"ਲ੍ਹੋਲੀ...?? ਬਣੀਂ ਬਣਾਈ ਨੂੰ ਕੀ ਬਣਾਉਣੈਂ...?"

-"ਨ੍ਹੀ ਫ੍ਹੋਟ...! ਤੂੰ ਹੁਣ ਪ੍ਰਛਾਦ ਖਾਣੈਂ ਕਿ ਨਹੀਂ...?"

-"ਖਾਣਾ ਕਿਉਂ ਨੀ...? ਖਾਊਂਗਾ...!" ਉਸ ਨੇ ਕੌਲਾ ਫ਼ੜ ਕੇ ਮੰਜੇ 'ਤੇ ਰੱਖ ਲਿਆ ਅਤੇ ਪੈਗ ਚੁੱਕ ਕੇ ਅੰਦਰ ਡੋਲ੍ਹ ਲਿਆ।

ਜੈਲੋ ਰਾਤ ਤੱਕ ਪਤਾ ਨਹੀਂ ਕੀ-ਕੀ ਬਣਾਉਂਦੀ ਰਹੀ?

ਕੈਲਾ ਰੋਟੀਆਂ ਅਤੇ ਪ੍ਰਛਾਦ ਛਕ ਕੇ ਘੁਰਾੜ੍ਹਿਆਂ ਦੇ ਘਰਾਟ ਜੋੜੀ ਫ਼ਿਰਦਾ ਰਿਹਾ। ਕਦੇ-ਕਦੇ ਕੁਛ ਬੋਲਣ ਲੱਗ ਜਾਂਦਾ ਅਤੇ ਕਦੇ-ਕਦੇ ਗਧੇ ਵਾਂਗ ਫ਼ਰਾਟਾ ਜਿਹਾ ਵੀ ਮਾਰਦਾ, ਪਤਾ ਨਹੀਂ ਕਿਸ ਨੂੰ ਗਾਲ਼ ਕੱਢਦਾ?

-"ਉਠ ਖੜ੍ਹ ਹੁਣ...! ਬਥੇਰਾ ਸੌਂ ਲਿਆ...!" ਸਵੇਰ ਹੋਈ ਤਾਂ ਜੈਲੋ ਚਾਹ ਲਈ ਕੈਲੇ ਦੇ ਸਿਰਹਾਣੇ ਖੜ੍ਹੀ ਸੀ।

ਕੈਲਾ ਉਠ ਕੇ ਨਲ਼ਕੇ 'ਤੇ ਮੂੰਹ ਧੋਣ ਚਲਿਆ ਗਿਆ।

-"ਇੱਕ ਗੱਲ ਆਖਾਂ...?" ਜੈਲੋ ਨੇ ਮੂੰਹ ਧੋ ਕੇ ਆਏ ਕੈਲੇ ਨੂੰ ਚਾਹ ਦਿੰਦਿਆਂ  ਕਿਹਾ।

-"ਆਖ...!" ਉਸ ਨੇ ਚਾਹ ਦਾ ਗਿਲਾਸ ਫ਼ੜ ਲਿਆ।

-"ਆਖਾ ਨਾ ਮੋੜੀਂ ਮੇਰਾ ਅੱਜ...!"

-"ਨਹੀਂ ਮੋੜਦਾ...!" ਉਸ ਨੇ ਚਾਹ ਦੀ ਘੁੱਟ ਭਰੀ।

-"ਅੱਜ ਭਾਨੇ ਕੀ ਕਾਰ ਲੈ ਚੱਲ ਕਿਰਾਏ 'ਤੇ...! ਆਪਣਾ ਬਿੱਲੂ ਮਸੂਸ ਨਾ ਕਰੇ...? ਫ਼ੇਰ ਵੀ ਪੋਤੇ ਦੀ ਪੰਜੀਰੀ ਲੈ ਕੇ ਚੱਲੇ ਐਂ, ਬਥੇਰੇ ਕਮਾਏ ਤੇ ਬਥੇਰੇ ਗੁਆਏ...! ਉਹਦੇ ਰਿਸ਼ਤੇਦਾਰ ਹੈਗ੍ਹੇ ਐ ਤਕੜੇ...! ਠੁੱਕ ਆਲ਼ੇ...! ਆਪਣੇ ਪੁੱਤ ਦੀ ਬੇਇੱਜ਼ਤੀ ਨਾ ਹੋਜੇ..!"

-"ਕਾਰ ਲੈ ਚੱਲਦੇ ਐਂ...! ਸ਼ੇਰ ਪੁੱਤ ਦੀ ਪਿੱਠ ਥੋੜ੍ਹੋ ਲੱਗਣ ਦੇਣੀਂ ਐਂ...? ਸਾਰੀ ਉਮਰ ਪੁੱਤ ਦੇ ਲੇਖੇ ਈ ਲਾਈ ਐ, ਅੱਜ ਤੋਂ ਪੋਤੇ ਦੇ ਲੇਖੇ ਵੀ ਸਹੀ...!" ਉਹ ਚਾਹ ਪੀ ਕੇ ਕਿਰਾਏ ਦੀ ਗੱਡੀ ਕਹਿਣ ਚਲਿਆ ਗਿਆ। ਪਰ ਜਾਂਦਾ-ਜਾਂਦਾ ਰਾਹ ਵਿੱਚੋਂ ਮੁੜ ਆਇਆ।

-"ਚੱਲਣਾ ਕਿੰਨੇ ਕੁ ਵਜੇ ਐ...?" ਕੈਲੇ ਨੇ ਪੁੱਛਿਆ।

-"ਤੂੰ ਆ ਕੇ ਨ੍ਹਾਅ ਲੈ, ਤੇ ਮੈਂ ਵੀ ਤੇਰੇ ਆਉਂਦੇ ਨੂੰ ਪਿੰਡੇ ਪਾਣੀ ਪਾ-ਲੂੰ, ਤੇ ਬੱਸ ਤੁਰ ਚੱਲਾਂਗੇ..! ਤੇਰੇ ਆਉਂਦੇ ਨੂੰ ਮੈਂ ਤੇਰੇ ਲੀੜੇ ਕੱਢ ਦਿੰਨੀ ਆਂ...!"

ਜੈਲੋ ਪਾਣੀ ਗਰਮ ਕਰ ਕੇ ਨਹਾਉਣ ਲੱਗ ਪਈ।

ਨਹਾ ਕੇ ਉਸ ਨੇ ਕੈਲੇ ਵਾਸਤੇ ਵੀ ਪਾਣੀ ਗਰਮ ਕਰ ਦਿੱਤਾ ਅਤੇ ਆਪ ਕੱਪੜੇ-ਲੱਤੇ ਅਤੇ ਨਿੱਕ-ਸੁੱਕ ਕੱਢਣ ਲੱਗ ਪਈ ਜੋ ਉਸ ਨੇ ਪੰਜੀਰੀ ਦੇ ਨਾਲ਼ ਲੈ ਕੇ ਜਾਣਾ ਸੀ। ਸੱਸ ਵੇਲ਼ੇ ਦੀ ਨਵੀਂ ਵਲਟੋਹੀ ਉਸ ਨੇ ਕਈ ਵਾਰ ਮਾਂਜੀ ਅਤੇ ਪੰਜੀਰੀ ਉਸ ਵਿੱਚ ਪਾ ਲਈ ਅਤੇ ਉਸ ਦੇ ਗਲ਼ ਉਪਰ ਖੰਮ੍ਹਣੀਂ ਬੰਨ੍ਹ ਦਿੱਤੀ।

ਨਹਾ-ਧੋ ਕੇ ਦੋਨੋਂ ਤਿਆਰ ਸਨ।

ਕਾਰ ਵੀ ਆ ਪਹੁੰਚੀ।

-"ਆਪਾਂ ਗੁਰਦੁਆਰੇ ਮੱਥਾ ਟੇਕ ਕੇ ਚੱਲਣੈਂ ਭਾਈ...!" ਜੈਲੋ ਡਰਾਈਵਰ ਨੂੰ ਆਖਿਆ।

-"ਚੰਗਾ ਚਾਚੀ...!"

-"ਆ ਤੂੰ ਸਮਾਨ ਰਖਵਾ ਮੇਰੇ ਨਾਲ਼...!" ਜੈਲੋ ਕੈਲੇ ਨੂੰ ਬੋਲੀ।

ਕੈਲੇ ਨੇ ਸਾਰਾ ਸਮਾਨ ਕਾਰ ਵਿੱਚ ਰਖਵਾ ਦਿੱਤਾ।

ਸਮਾਨ ਰੱਖਣ ਤੋਂ ਬਾਅਦ ਉਹ ਗੁਰਦੁਆਰੇ ਨੂੰ ਚੱਲ ਪਏ।

ਗੁਰੂ ਘਰ ਜਾ ਕੇ ਜੈਲੋ ਨੇ ਲੰਮੀ ਪੈ ਕੇ ਮੱਥਾ ਟੇਕਿਆ ਅਤੇ ਪਤਾ ਨਹੀਂ ਕੀ-ਕੀ ਸੁੱਖਾਂ ਮੰਗੀਆਂ। ਜਦ ਉਹ ਮੱਥਾ ਟੇਕ ਕੇ ਉਠੀ ਤਾਂ ਉਸ ਦੀਆਂ ਅੱਖਾਂ ਵਿੱਚ ਗੁਰੂ ਵੈਰਾਗ ਜਲ-ਥਲ ਹੋਇਆ ਪਿਆ ਸੀ। ਬਾਹਰ ਆ ਕੇ ਉਸ ਨੇ ਸ਼ੁਕਰਾਨੇਂ ਦੇ ਹੰਝੂ ਪੂੰਝ ਲਏ। ਗੁਰੂ ਦੀ ਸਰਦਲ 'ਤੇ ਆ ਕੇ ਜੈਲੋ ਨੇ ਮੁੜ ਮੱਥਾ ਟੇਕਿਆ ਅਤੇ ਕਾਰ ਵਿੱਚ ਬੈਠ ਗਈ।

ਹਸਪਤਾਲ਼ ਪਹੁੰਚ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਨੂੰਹ ਰਾਣੀਂ ਨੂੰ ਛੁੱਟੀ ਮਿਲ਼ ਗਈ ਸੀ ਅਤੇ ਉਹ ਘਰ ਜਾ ਚੁੱਕੇ ਸਨ।

ਜੈਲੋ ਦੀ ਹਦਾਇਤ ਉਪਰ ਕਾਰ ਕੋਠੀ ਨੂੰ ਸਿੱਧੀ ਹੋ ਗਈ।

-"ਟੱਲੀ ਇੱਕ ਵਾਰੀ ਮਾਰੀਂ...! ਪਿਛਲੀ ਵਾਰੀ ਕਮਲ਼ਿਆਂ ਮਾਂਗੂੰ ਦੱਬੀ ਗਿਆ ਸੀ ਅਖੇ "ਟੰਗ-ਦੂੰ - ਟੰਗ-ਦੂੰ" ਕਰਦੀ ਐ...!" ਕੋਠੀ ਪਹੁੰਚਣ 'ਤੇ ਜੈਲੋ ਨੇ ਕੈਲੇ ਨੂੰ ਕੰਨ ਜਿਹੇ ਕੀਤੇ।

-"ਚੰਗਾ...!" ਕੈਲੇ ਨੇ ਬੋਚ ਕੇ ਘੰਟੀ ਮਾਰੀ।

-"ਵੱਜੀ ਨੀ ਚਾਚਾ, ਇੱਕ ਆਰੀ ਹੋਰ ਦੱਬ...!" ਡਰਾਈਵਰ ਬੋਲਿਆ।

-"ਖੜਕਾ ਜਿਆ ਤਾਂ ਮੈਨੂੰ ਵੀ ਨੀ ਸੁਣਿਆਂ...!" ਉਸ ਨੇ ਇੱਕ ਵਾਰ ਫ਼ਿਰ ਬਟਨ ਦੱਬਿਆ।

-"ਲੈ ਹੁਣ ਵੱਜੀ ਐ...!" ਡਰਾਈਵਰ ਬੋਲਿਆ।

ਕੈਲਾ ਕਰੜਾ ਜਿਹਾ ਹੋ ਕੇ ਖੜ੍ਹ ਗਿਆ।

ਦਰਵਾਜਾ ਕਿਸੇ ਓਪਰੀ ਜਿਹੀ ਔਰਤ ਨੇ ਖੋਲ੍ਹਿਆ।

-"ਦੱਸੋ...?" ਉਸ ਨੇ ਅੱਧਾ ਦਰਵਾਜਾ ਖੋਲ੍ਹ ਕੇ ਪੁੱਛਿਆ।

-"ਅਸੀਂ ਬਿੱਲੂ ਦੇ ਮਾਂ-ਬਾਪ ਐਂ ਭਾਈ ਬੀਬਾ, ਪੋਤਰੇ ਦੀ ਪੰਜੀਰੀ ਲੈ ਕੇ ਆਏ ਆਂ...!" ਕੈਲੇ ਨੇ ਸਾਰੀ ਨਿਮਰਤਾ ਖੁਰਚ ਕੇ ਕੱਢੀ।

-"ਇੱਕ ਮਿੰਟ ਰੁਕੋ...!" ਉਹ ਦਰਵਾਜਾ ਬੰਦ ਕਰ ਕੇ ਅੰਦਰ ਚਲੀ ਗਈ।

-"ਮਾੜਾ ਜਿਆ ਉਰ੍ਹੇ ਹੋਜਾ, ਅਗਲੀ ਤੇਲ ਚੋਣ ਆਸਤੇ ਸਰ੍ਹੋਂ ਦਾ ਤੇਲ ਲੈਣ ਗਈ ਹੋਊ...!" ਜੈਲੋ ਖ਼ੁਸ਼ੀ ਵਿੱਚ ਮਸਤਾਨੀ ਹੋਈ ਪਈ ਸੀ। ਉਸ ਦੇ ਸਬਰ ਦਾ ਬੰਨ੍ਹ ਟੁੱਟਿਆ ਪਿਆ ਸੀ। ਉਸ ਦਾ ਦਿਲ ਕਰਦਾ ਸੀ ਕਿ ਉਹ ਹਵਾ ਦੇ ਝੌਂਕੇ ਵਾਂਗ ਅੰਦਰ ਜਾਵੇ, ਅਤੇ ਸੁੱਖਾਂ ਲੱਧੀ ਦੇ ਪੋਤਰੇ ਨੂੰ ਘੁੱਟ ਕੇ ਕਾਲ਼ਜੇ ਨਾਲ਼ ਲਾ ਲਵੇ। ਪਰ ਉਸ ਦੀ ਉਡੀਕ ਦੀਆਂ ਘੜ੍ਹੀਆਂ ਲੰਮੀਆਂ ਅਤੇ ਹੋਰ ਲੰਮੀਆਂ ਹੁੰਦੀਆਂ ਜਾ ਰਹੀਆਂ ਸਨ।

ਕੈਲਾ ਪਿੱਛੇ ਹਟ ਗਿਆ।

ਉਹ ਕਰੀਬ ਅੱਧਾ ਘੰਟਾ ਕਾਰ ਕੋਲ਼ ਖੜ੍ਹੇ ਰਹੇ, ਕੋਈ ਨਾ ਬਹੁੜਿਆ।

-"ਇੱਕ ਵਾਰ ਫ਼ੇਰ ਮਾਰਾਂ...?" ਕੈਲਾ ਨਿਰਾਸ਼ਾ ਵਿੱਚ ਘਿਰ ਗਿਆ।

-"ਮਾਰ ਚਾਚਾ, ਮਾਰ...! ਊਂ ਘਰ ਇਹੀ ਐ...?"

-"ਘਰ ਤਾਂ ਆਹੀ ਐ ਸ਼ੇਰਾ...! ਆਹ ਕੀ ਲਿਖਿਐ...?" ਕੈਲੇ ਨੇ ਨਾਮ ਵਾਲ਼ੀ ਪਲੇਟ 'ਤੇ ਉਂਗਲ ਰੱਖ ਕੇ ਪੁੱਛਿਆ।

-"ਸਰਦਾਰ ਬਲਵਿੰਦਰ ਸਿੰਘ...!" ਡਰਾਈਵਰ ਨੇ ਪੜ੍ਹ ਕੇ ਦੱਸਿਆ।

-"ਬੱਸ ਫ਼ੇਰ...! ਆਪਣੇ ਬਿੱਲੂ ਦਾ ਨਾਂ ਈ ਸਰਦਾਰ ਬਲਵਿੰਦਰ ਸਿੰਘ ਐ...!" ਉਸ ਨੇ ਇੱਕ ਵਾਰ ਫ਼ਿਰ ਘੰਟੀ ਦੱਬੀ ਤਾਂ ਬਿੱਲੂ ਦੀ ਬਘਿਆੜ੍ਹੀ ਸੱਸ "ਅਲੀ-ਅਲੀ" ਕਰ ਕੇ ਮਗਰ ਪੈ ਗਈ।

-"ਕੀ ਗੱਲ ਐ...? ਕਾਹਦਾ ਰੌਲ਼ਾ ਪਾਇਐ ਤੁਸੀਂ...? ਥੋਨੂੰ ਅਕਲ ਨੀ..? ਵਾਰ-ਵਾਰ ਘੰਟੀਆਂ ਦੱਬੀ ਤੁਰੇ ਆਉਂਦੇ ਓਂ...? ਸ਼ਹਿਰ ਵਿੱਚ ਜੇ ਕੋਈ ਇੱਕ ਘੰਟੀ ਮਾਰੀ ਤੋਂ ਦਰਵਾਜਾ ਨਾ ਖੋਲ੍ਹੇ, ਤਾਂ ਦੂਜੀ ਵਾਰ ਨੀ ਮਾਰਦੇ, ਚੁੱਪ ਕਰ ਕੇ ਤੁਰ ਜਾਂਦੇ ਐ, ਢੋਰ ਲਾਣਿਆਂ...!" ਉਸ ਨੇ ਮੂੰਹੋਂ ਪਤਾ ਨਹੀਂ ਕੀ-ਕੀ ਕੱਢ ਮਾਰਿਆ। ਉਸ ਦੇ ਮੂੰਹੋਂ ਡਿੱਗੇ ਉਸਤਰੇ ਦੇਖ ਕੇ ਸਾਰੇ ਸੁੰਨ ਹੋ ਗਏ।

-"ਸ਼ਗਨਾਂ ਦੇ ਦਿਨ ਐਂ ਕੁੜਮਣੀਏਂ...! ਅਸੀਂ ਤਾਂ ਨੂੰਹ ਰਾਣੀਂ ਵਾਸਤੇ ਪੰਜੀਰੀ ਲੈ ਕੇ ਆਏ ਸੀ, ਤੇ ਨਾਲ਼ੇ ਦੇਖਣ ਆਏ ਸੀ ਆਪਣਾ ਪੋਤਾ...!" ਜੈਲੋ ਕਾਰ ਵਿੱਚੋਂ ਉਤਰ ਕੇ ਬੜੀ ਅਪਣੱਤ ਨਾਲ਼ ਬੋਲੀ।

-"ਉਹਨੂੰ ਨੀ ਥੋਡੀ ਪੰਜੀਰੀ ਦੀ ਜ਼ਰੂਰਤ...! ਅਸੀਂ ਜੰਗਲੀ ਲੋਕ ਥੋੜ੍ਹੋ ਐਂ...? ਪੰਜੀਰੀ 'ਚ ਪਤਾ ਨੀ ਖੇਹ ਸੁਆਹ ਪਾ ਕੇ ਲਿਆਂਦਾ ਹੋਊ..? ਤੇਰੇ ਅਰਗੀ ਦਾ ਕੀ ਇਤਬਾਰ, ਸੈਂਖੀਆ ਈ ਪਾ ਕੇ ਦੇ-ਦੇ..!" ਸੁਣ ਕੇ ਸਾਰਿਆਂ ਦੇ ਹਰਾਸ ਮਾਰੇ ਗਏ। ਕੁੜਮਣੀ ਬਿਨਾ ਗੱਲੋਂ ਸੂਈ ਕੁੱਤੀ ਵਾਂਗ ਗਲ਼ ਨੂੰ ਆਉਂਦੀ ਸੀ।

-"ਸਾਨੂੰ ਇੱਕ ਆਰੀ ਸਾਡੇ ਪੋਤੇ ਦੇ ਦਰਸ਼ਣ ਤਾਂ ਪੁਆ ਦੇ ਭੈਣੇ, ਅਸੀਂ ਚੁੱਪ ਚਾਪ ਤੁਰਜਾਂਗੇ...! ਹਾੜ੍ਹੇ-ਹਾੜ੍ਹੇ ਇੱਕ ਆਰੀ ਪੋਤਾ ਦਿਖਾ ਦੇ..! ਸਾਡੀ ਜੜ੍ਹ ਬੁਨਿਆਦ ਐ ਕੁੜਮਣੀਏਂ..! ਸਾਡੀ ਕੁਲ਼ ਦਾ ਚਿਰਾਗ ਐ..! ਸਾਡੀ ਪੀੜ੍ਹੀ ਅੱਗੇ ਤੁਰੀ ਐ..!" ਜੈਲੋ ਦੀ ਸਧਰ ਅਤੇ ਰੀਝ ਹੁਣ ਤਰਲਾ ਬਣੀਂ ਖੜ੍ਹੀ ਸੀ।

-"ਬਿੱਲ...! ਬਿੱਲ ਬੇਟੇ...!! ਜ਼ਰਾ ਬਾਹਰ ਆਣਾ...!" ਉਸ ਨੇ ਬਿੱਲੂ ਨੂੰ ਅਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਸੱਸ ਦੀ ਅਵਾਜ਼ ਨਾਲ਼ ਟੰਗਿਆ ਬਿੱਲੂ ਛੱਪ ਦੇਣੇ ਬਾਹਰ ਆ ਗਿਆ।

-"ਲੈ, ਆ ਗਿਆ ਜਿਉਣ ਜੋਕਰਾ...! ਲੈ ਪੁੱਤ, ਚੱਕ ਧੜ੍ਹੀ ਪੰਜੀਰੀ ਸਾਡੀ ਨੂੰਹ ਆਸਤੇ...! ਸਾਡੀ ਕੁਲ਼ ਅੱਗੇ ਵਧੀ ਐ, ਸਾਡਾ ਵੀ ਭਾਈ ਕੋਈ ਫ਼ਰਜ਼ ਬਣਦੈ...! ਆਹ ਲੈ ਪੁੱਤ...!" ਜੈਲੋ ਨੇ ਪੰਜੀਰੀ ਵਾਲ਼ੀ ਵਲਟੋਹੀ ਚੁੱਕ ਕੇ ਬਿੱਲੂ ਅੱਗੇ ਕਰ ਦਿੱਤੀ। ਪਰ ਬਿੱਲੂ ਦੀ ਵਜਾਇ ਉਸ ਦੀ ਸੱਸ ਨੇ ਪੰਜੀਰੀ ਵਾਲ਼ੀ ਵਲਟੋਹੀ ਫ਼ੜ ਕੇ ਵੀਹੀ ਵਿੱਚ ਵਗਾਹ ਮਾਰੀ। ਦੇਖ ਕੇ ਉਹਨਾਂ ਦੇ ਦੰਦ ਜੁੜ ਗਏ। ਕੈਲਾ ਅਤੇ ਜੈਲੋ ਠਠੰਬਰੇ ਖੜ੍ਹੇ ਸਨ। ਡਰਾਈਵਰ ਪੱਥਰ ਬਣਿਆਂ ਬੈਠਾ ਸੀ। ਉਸ ਨੂੰ ਆਸ ਉਮੀਦ ਨਹੀਂ ਸੀ ਕਿ ਬਿੱਲੂ ਦੀ ਸੱਸ ਇਉਂ ਉਖੜੀ ਕੁਹਾੜ੍ਹੀ ਵਾਂਗ ਮੱਥੇ ਵਿੱਚ ਵੱਜੇਗੀ...? ਦੂਜਾ ਗੁੱਸਾ ਸਭ ਨੂੰ ਬਿੱਲੂ 'ਤੇ ਆ ਰਿਹਾ ਸੀ, ਜਿਹੜਾ ਮਾਊਂ ਜਿਹਾ ਬਣਿਆਂ "ਮੁਤਰ-ਮੁਤਰ" ਝਾਕੀ ਜਾ ਰਿਹਾ ਸੀ। ਮੂੰਹੋਂ ਉਸ ਦੇ ਇੱਕ ਲਫ਼ਜ਼ ਵੀ ਨਹੀਂ ਨਿਕਲ਼ਿਆ ਸੀ, ਜਾਂ ਕੱਢਣ ਦੀ ਹਿੰਮਤ ਨਹੀਂ ਸੀ। ਕੈਲੇ ਦਾ ਸਾਰਾ ਸੁਆਦ ਕਿਰਕਰਾ ਹੋ ਗਿਆ ਸੀ। ਗਲ਼ੀ ਵਿੱਚ ਡੁੱਲ੍ਹੀ ਪੰਜੀਰੀ ਦੇਖ ਕੇ ਜੈਲੋ ਨੂੰ ਗਸ਼ ਪੈਣ ਵਾਲ਼ੀ ਹੋ ਗਈ ਸੀ। ਸਾਰੀ ਰਾਤ ਲਾ ਕੇ ਉਸ ਨੇ ਕਿੰਨੀ ਰੀਝ ਨਾਲ਼ ਅਤੇ ਨਾਮ ਜਪਦੀ ਨੇ ਪੰਜੀਰੀ ਬਣਾਈ ਸੀ, ਕਿੰਨੇ ਮੇਵੇ ਪਾਏ ਸਨ, ਪਰ ਕੁੜਮਣੀਂ ਨੇ ਪਲ ਵਿੱਚ ਗਲ਼ੀ ਵਿੱਚ ਖਿਲਾਰ ਦਿੱਤੀ ਸੀ। ਜੈਲੋ ਦਾ ਸਰੀਰ "ਝਰਨ-ਝਰਨ" ਕਰੀ ਜਾ ਰਿਹਾ ਸੀ।

-"ਮਾਂ ਦਿਆ ਲੱਕੜਾ ਤੂੰ ਵੀ ਬੋਲ-ਪਾ ਕੁਛ...! ਘੁੱਗੂ ਬਣਿਆਂ ਖੜ੍ਹੈਂ...?" ਕੈਲਾ ਜ਼ਿੰਦਗੀ ਵਿੱਚ ਪਹਿਲੀ ਵਾਰ ਬਿੱਲੂ ਨੂੰ ਰੁੱਖਾ ਬੋਲਿਆ ਸੀ।

-"ਥੋਨੂੰ ਕਿੰਨੀ ਵਾਰੀ ਕਿਹੈ ਬਈ ਐਥੇ ਨਾ ਆਇਆ ਕਰੋ...? ਜਦੋਂ ਥੋਨੂੰ ਕੋਈ ਚਾਹੁੰਦਾ ਨੀ, ਫੇਰ ਐਥੇ ਮਿੱਟੀ ਕੱਢਣ ਆਉਨੇ ਓਂ...?? ਵਾਰ-ਵਾਰ ਆ ਕੇ ਬੇਇਜ਼ਤੀ ਕਰਵਾਉਨੇ ਓਂ, ਛੋਤ ਲੁਹਾਈ ਬਿਨਾ ਸਰਦਾ ਨੀ ਥੋਡਾ...?" ਉਸ ਦੇ ਕੁਰੱਖ਼ਤ ਬੋਲ ਕੈਲੇ ਦੇ ਦਿਲ ਵਿੱਚ ਪਾੜ ਪਾ ਗਏ।

-"ਲੈ ਹੁਣ ਨੀ ਆਉਂਦੇ...!" ਕੈਲੇ ਨੇ ਧੱਕ ਕੇ ਜੈਲੋ ਨੂੰ ਗੱਡੀ ਵਿੱਚ ਵਾੜ ਦਿੱਤਾ।

-"ਇੱਕ ਆਖਰੀ ਗੱਲ ਸੁਣ ਲੈ...!" ਕੈਲਾ ਗੁੱਸੇ ਵਿੱਚ ਸੜ ਉਠਿਆ ਸੀ।

-"ਵੇ ਚੁੱਪ ਵੀ ਕਰ, ਵੇ ਵੈਰੀਆ..! ਹੁਣ ਤੂੰ ਕੁਛ ਹੋਰ ਨਾ ਕੁਛ ਮੂੰਹੋਂ ਕੱਢ ਮਾਰੀਂ...!" ਜੈਲੋ ਨੇ ਉਸ ਦੇ ਮੂੰਹ ਅੱਗੇ ਹੱਥ ਕਰਨਾ ਚਾਹਿਆ।

-"ਤੂੰ ਪਰ੍ਹੇ ਮਰ ਵੱਡੀ ਹੇਜਲੀ...!" ਕੈਲੇ ਨੇ ਉਸ ਦਾ ਹੱਥ ਚਲਾ ਕੇ ਮਾਰਿਆ, ਜੋ ਕਾਰ ਦੀ ਤਾਕੀ ਨਾਲ਼ ਵੱਜ ਕੇ ਸੁੰਨ ਹੋ ਗਿਆ।

-"ਸੁਣ ਮੇਰੀ ਗੱਲ...!" ਕੈਲਾ ਮੁੜ ਹਰਖ਼ ਨਾਲ਼ ਬੋਲਿਆ, "ਜੇ ਅਸੀਂ ਮਰ ਗਏ, ਜਮ੍ਹਾਂ ਨਾ ਚੱਕਣ ਆਈਂ, ਤੇ ਜੇ ਤੂੰ ਮਰ ਗਿਆ, ਅਸੀਂ ਨੀ ਚੱਕਣ ਆਉਂਦੇ, ਆਪਣੀ ਅੱਜ ਤੋਂ ਸਾਸਰੀਕਾਲ ਐ...!" ਉਸ ਨੇ ਡਰਾਈਵਰ ਨੂੰ ਤੁਰਨ ਦਾ ਇਸ਼ਾਰਾ ਕਰ ਦਿੱਤਾ।

-"...................।" ਬਿੱਲੂ ਬਰਫ਼ 'ਚ ਲੱਗਿਆ ਖੜ੍ਹਾ ਸੀ।

-"ਹੁਣ ਐਸ ਧੁੰਨਲ਼ ਗਾਂ ਦੀਆਂ ਕੱਛਾਂ ਈ ਸੁੰਘੀਂ...!" ਉਸ ਨੇ ਬਿੱਲੂ ਦੀ ਸੱਸ ਵੱਲ ਹੱਥ ਕਰ ਕੇ ਕਿਹਾ, "ਮਾਪਿਆਂ 'ਚੋਂ ਤਾਂ ਸਾਲ਼ਿਆ ਤੈਨੂੰ ਮੁਛਕ ਆਉਂਦੈ...! ਚੱਲ ਬਈ..!" ਕੈਲੇ ਦੇ ਆਖਣ 'ਤੇ ਡਰਾਈਵਰ ਨੇ ਕਾਰ ਮੋੜ ਲਈ।

ਜੈਲੋ ਭਿੱਜੀਆਂ ਅੱਖਾਂ ਨਾਲ਼ ਦੂਰ ਤੱਕ ਗਲ਼ੀ ਵਿੱਚ ਡੁੱਲ੍ਹੀ ਪੰਜੀਰੀ ਵੱਲ ਤੱਕ ਕੇ ਝੂਰ ਰਹੀ ਸੀ।

ਉਸ ਦੀਆਂ ਅੱਖਾਂ ਵਿੱਚ ਹੰਝੂ ਕੰਬ ਰਹੇ ਸਨ। ਦਿਲ ਪੁੱਛਿਆ ਹੀ ਜਾਣਦਾ ਸੀ।

-"ਚਾਚਾ ਵਲਟੋਹੀ ਨਾ ਚੱਕ ਲਈਏ...?" ਡਰਾਈਵਰ ਨੇ ਕੈਲੇ ਨੂੰ ਪੁੱਛਿਆ।

-"ਪਈ ਰਹਿਣ ਦੇ ਸ਼ੇਰਾ...! ਜਿੱਧਰ ਗਿਆ ਬਾਣੀਆਂ, ਤੇ ਓਧਰ ਗਿਆ ਬਜਾਰ, ਇਹਦੇ ਬਿਨਾ ਕੀ ਥੁੜਿਆ ਪਿਐ...?" ਕੈਲੇ ਦਾ ਗਲ਼ ਸੁੱਕ ਗਿਆ ਸੀ। ਜੈਲੋ ਜਿਵੇਂ ਅੱਜ ਲੁੱਟੀ-ਪੱਟੀ ਗਈ ਸੀ। ਉਸ ਨੂੰ ਧਰਤੀ ਵਿਹਲ੍ਹ ਨਹੀਂ ਦਿੰਦੀ ਸੀ। ਉਸ ਦਾ ਦਿਲ ਕਰਦਾ ਸੀ ਕਿ ਉਹ ਕੋਈ ਰਾਕਟ ਬਣ ਅਸਮਾਨ ਨੂੰ ਚੜ੍ਹ ਜਾਵੇ। ਇਸ ਦੁਨੀਆਂ ਤੋਂ ਉਸ ਦਾ ਮਨ ਅੱਕ ਗਿਆ ਸੀ। ਉਸ ਨੂੰ ਕੈਲੇ 'ਤੇ ਵੀ ਅਥਾਹ ਤਰਸ ਆ ਰਿਹਾ ਸੀ, ਜਿਸ ਨੇ ਕਦੇ ਦਿਨ ਦੇਖਿਆ ਨਾ ਰਾਤ! ਬਿੱਲੂ ਦੇ ਸਾਹਾਂ ਵਿੱਚ ਸਾਹ ਲਿਆ ਸੀ ਅਤੇ ਮੂੰਹੋਂ ਕੱਢ ਕੇ ਬੁਰਕੀ ਦਿੱਤੀ ਸੀ, ਉਸ ਦਾ ਅੱਜ ਕਿੰਨਾਂ ਅਪਮਾਨ ਹੋ ਗਿਆ ਸੀ!

-"ਇਹਨੂੰ ਕਹਿੰਦੇ ਐ ਪੁੱਤ ਲਹੂ ਚਿੱਟਾ ਹੋਣਾ...!" ਜੈਲੋ ਨੇ ਡਾਂਗ ਜਿੱਡਾ ਹਾਉਕਾ ਲਿਆ। ਉਸ ਨੇ ਪਿੰਡ ਦੇ ਡਰਾਈਵਰ ਨੂੰ ਕਿਹਾ।

ਦੁੱਖ ਅਤੇ ਕਿਸੇ ਸੋਚ ਵਿੱਚ ਡਰਾਈਵਰ ਬੁੱਤ ਬਣਿਆਂ ਬੈਠਾ ਸੀ। ਉਸ ਨੂੰ ਕੁਝ ਸੁੱਝ ਨਹੀਂ ਰਿਹਾ ਸੀ ਕਿ ਕੀ ਕਹੇ...? ਉਸ ਨੂੰ ਬਿੱਲੂ 'ਤੇ ਰਹਿ-ਰਹਿ ਕੇ ਗੁੱਸਾ ਆ ਰਿਹਾ ਸੀ।

-"ਠੇਕੇ ਕੋਲ਼ੇ ਪੈਰ ਮਲ਼ੀਂ ਮਾੜਾ ਜਿਆ...!"

-"ਕੋਈ ਨਾ ਚਾਚਾ...! ਆਉਣ ਵਾਲ਼ੈ...!"

ਠੇਕੇ 'ਤੇ ਰੁਕ ਕੇ ਕੈਲੇ ਨੇ ਦੋ ਬੋਤਲਾਂ ਲੈ ਲਈਆਂ। ਜੈਲੋ ਮੱਥੇ ਉਪਰ ਹੱਥ ਰੱਖੀ ਬੈਠੀ ਸੀ। ਉਸ ਦੀਆਂ ਪੁੜਪੁੜੀਆਂ "ਟੱਸ-ਟੱਸ" ਕਰੀ ਜਾ ਰਹੀਆਂ ਸਨ। ਅੱਜ ਉਹ ਜਿਵੇਂ ਜ਼ਿੰਦਗੀ ਦੀ ਬਾਜ਼ੀ ਹਾਰ ਗਈ ਸੀ। ਅੱਜ ਉਸ ਦੀ ਹਿੰਮਤ ਅਤੇ ਉਤਸ਼ਾਹ ਦਾ ਅੰਤ ਹੋ ਗਿਆ ਸੀ।

ਸਾਰੇ ਪਿੰਡ ਵਿੱਚ ਬਿੱਲੂ ਅਤੇ ਉਸ ਦੀ ਸੱਸ ਦੇ ਵਰਤਾਰੇ ਨੂੰ ਲੈ ਕੇ "ਥੂਹ-ਥੂਹ" ਹੋ ਰਹੀ ਸੀ। ਸਾਰੇ ਪਿੰਡ ਨੂੰ ਪਤਾ ਸੀ ਕਿ ਕੈਲੇ ਅਤੇ ਜੈਲੋ ਨੇ ਬਿੱਲੂ ਨੂੰ ਕਿਹੜੀਆਂ ਮੁਸੀਬਤਾਂ ਨਾਲ਼ ਪਾਲ਼ਿਆ ਸੀ। ਪਰ ਬਿੱਲੂ ਨੇ ਤਾਂ ਕੋਈ ਗੁਣ ਨਹੀਂ ਸੀ ਜਾਣਿਆਂ! ਉਹ ਤਾਂ ਘਰਵਾਲ਼ੀ ਅਤੇ ਸਹੁਰਿਆਂ ਦਾ ਹੋ ਕੇ ਹੀ ਰਹਿ ਗਿਆ ਸੀ। ਸਾਰਾ ਪਿੰਡ ਕੈਲੇ ਅਤੇ ਜੈਲੋ ਨਾਲ਼ ਹਮਦਰਦੀ ਰੱਖਦਾ ਸੀ। ਇਲਾਕੇ ਵਿੱਚ ਵੀ ਇਸ ਗੱਲ ਦੀ ਚਰਚਾ ਛਿੜ ਪਈ ਸੀ। ਲੋਕ ਬਿੱਲੂ ਅਤੇ ਉਸ ਦੇ ਸਹੁਰੇ ਪ੍ਰੀਵਾਰ ਨੂੰ ਦੁਰਕਾਰ ਰਹੇ ਸਨ।

ਜੈਲੋ ਜਿਵੇਂ ਦਿਨਾਂ ਵਿੱਚ ਹੀ ਹਾਰ ਗਈ ਸੀ।

ਲੋਕਾਂ ਦੇ ਘਰਾਂ ਵਿੱਚ ਕੰਮ ਤਾਂ ਉਸ ਨੇ ਕੀ ਕਰਨਾ ਸੀ, ਉਹ ਹੁਣ ਸ਼ਰਮ ਦੀ ਮਾਰੀ ਘਰੋਂ ਬਾਹਰ ਨਾ ਨਿਕਲ਼ਦੀ।

ਨਮੋਸ਼ੀ ਨੇ ਉਸ ਨੂੰ ਹੀਣ-ਭਾਵਨਾ ਦੇ ਵੱਸ ਪਾ ਦਿੱਤਾ ਸੀ।

ਕੈਲੇ ਨੇ ਆਪਣਾ ਦੁੱਧ ਵਾਲ਼ਾ ਕਿੱਤਾ ਨਾ ਛੱਡਿਆ। ਹੋਰ ਕਰਦਾ ਵੀ ਕੀ...?? ਗਰੀਬੜੇ ਕੋਲ਼ ਕੋਈ ਹੋਰ ਹੀਲਾ-ਵਸੀਲਾ ਵੀ ਤਾਂ ਨਹੀਂ ਸੀ। ਜੋ ਕੁਝ ਸੀ, ਉਹ ਇਕਲੌਤੇ, ਪਰ ਨਾਲਾਇਕ ਪੁੱਤਰ ਉਪਰ ਕੁਰਬਾਨ ਕਰ ਦਿੱਤਾ ਸੀ। ਮਕਾਨ ਛੱਡਣ ਦੇ ਦਿਨ ਕਿਸੇ "ਵਾਅਰ" ਵਾਂਗ ਮਾਰੋ-ਮਾਰ ਕਰਦੇ ਚੜ੍ਹੇ ਆ ਰਹੇ ਸਨ। ਮਕਾਨ ਛੱਡਣ ਦਾ ਦਿਨ ਤਾਂ ਕੈਲੇ ਅਤੇ ਜੈਲੋ ਨੂੰ ਵੀ ਚੇਤੇ ਸੀ। ਛੇ-ਸੱਤ ਮਹੀਨਿਆਂ ਦਾ ਇਹ ਗੇੜ ਉਹਨਾਂ ਅੰਦਰ ਕਿਸੇ ਕਸੀਰ ਵਾਂਗ ਧਸਿਆ ਪਿਆ ਸੀ।

ਇੱਕ ਦਿਨ ਸ਼ਾਮ ਨੂੰ ਦਰਵਾਜਾ ਖੜਕਿਆ ਤਾਂ ਕੈਲੇ ਦਾ ਦਿਲ ਹਥੌੜ੍ਹੇ ਵਾਂਗ ਛਾਤੀ ਵਿੱਚ ਵੱਜਣ ਲੱਗ ਪਿਆ।

ਹਰੀ ਬਾਣੀਆਂ ਅਤੇ ਭੋਲਾ ਰਾਮ ਮੁਨੀਮ ਅੰਦਰ ਲੰਘ ਆਏ।

-"ਰਾਮ-ਰਾਮ ਕੈਲਾ ਸਿਆਂ...!"

-"ਰਾਮ-ਰਾਮ ਸੇਠ ਜੀ...!"

-"ਸਿਹਤਾਂ ਕਾਇਮ ਐਂ...?"

-"ਕਾਇਮ ਈ ਐਂ ਸੇਠ ਜੀ ਜਿਹੜੇ ਤੁਰੇ ਫ਼ਿਰਦੇ ਐਂ...!"

-"ਮੁੰਡੇ ਨੇ ਤਾਂ ਭਾਈ ਬਲਾਈ ਧੱਕਾ ਕੀਤਾ ਥੋਡੇ ਨਾਲ਼...? ਸਹੁੰ ਲਾਟਾਂ ਆਲ਼ੀ ਦੀ, ਜਦੋਂ ਦਾ ਸੁਣਿਐਂ, ਜਾਣੀਂ ਦੀ ਜੀਅ ਖੁੱਸੀ ਜਾਂਦੈ...!"

-"ਲੈਣੇ ਦੇਣੇ ਦੇ ਸਰਬੰਧ ਐ ਸੇਠ ਜੀ...! ਕੀ ਕਰ ਸਕਦੇ ਐਂ..? ਪਿਛਲੇ ਜਨਮ ਦੇ ਕੋਈ ਮਾੜੇ ਕਰਮ ਕੀਤੇ ਵੇ ਸੀ, ਜਿਹੜੇ ਅੱਗੇ ਆਈ ਜਾਂਦੇ ਐ..!"

-"ਭਾਈ ਕੈਲਾ ਸਿਆਂ, ਮਾਤਾ ਰਾਣੀ ਤੇਰਾ ਭਲਾ ਕਰੇ, ਆਪਣਾ ਕੌਲ-ਕਰਾਰ ਤਾਂ ਯਾਦ ਐ ਨ੍ਹਾਂ ਤੇਰੇ..?"

-"ਜਮਾਂ ਯਾਦ ਐ ਸੇਠ ਜੀ...!"

-"ਆਹ ਹਫ਼ਤਾ ਮੈਂ ਤੈਨੂੰ ਹੋਰ ਦਿੱਤਾ..! ਆਪਣਾ ਪੁਰਾਣਾ ਵਿਹਾਰ ਐ, ਐਂ ਟੁੱਟ ਥੋੜ੍ਹੋ ਜਾਣਾ ਹੁੰਦੈ..? ਮੂੰਹ ਮੁਲ੍ਹਾਜਾ ਵੀ...!"

-"ਤੁਸੀਂ ਚਿੰਤਾ ਨਾ ਕਰੋ ਸੇਠ ਜੀ, ਅਗਲੇ ਹਫ਼ਤੇ ਮਕਾਨ ਥੋਡੇ ਹਵਾਲੇ...! ਆ ਕੇ ਸਾਂਭ ਲਿਓ...!"

-"ਸ਼ਾਬਾਸ਼ੇ ਭਾਈ ਕੈਲਾ ਸਿਆਂ, ਸ਼ਾਬਾਸ਼ੇ...! ਤੂੰ ਐਂ ਜ਼ੁਬਾਨ ਦਾ ਖਰਾ ਤੇ ਨਰ ਬੰਦਾ..! ਲਾਟਾਂ ਆਲ਼ੀ ਭਲੀ ਕਰੇ...! ਚੱਲ ਭੋਲਾ ਰਾਮ, ਬੋਲ ਜੈ ਲਾਟਾਂ ਆਲ਼ੀ ਦੀ...! ਜੈ ਹੋਗੀ ਮਾਤਾ ਰਾਣੀ ਦੀ..!"

ਉਹ ਇੱਕ-ਦੂਜੇ ਦੇ ਪੈਰ ਵੱਢਦੇ ਬਾਹਰ ਨਿਕਲ਼ ਗਏ।

ਕੈਲੇ ਨੂੰ ਜਿਵੇਂ ਸੱਪ ਸੁੰਘ ਗਿਆ।

ਜੈਲੋ ਵੀ ਸਾਹ ਜਿਹੇ ਘੁੱਟੀ ਖੜ੍ਹੀ ਸੀ।

ਖ਼ੂਨ ਉਸ ਦੀਆਂ ਨਾੜਾਂ ਵਿੱਚ ਜਿਵੇਂ ਸੁੱਕ ਗਿਆ ਸੀ।

-"ਘਰ ਤਾਂ ਆਪਾਂ ਨੂੰ ਖਾਲੀ ਕਰਨਾ ਪੈਣੈ, ਚਾਹੇ ਹਫ਼ਤੇ ਨੂੰ ਕਰ ਦੇਈਏ, ਤੇ ਚਾਹੇ ਕਰੀਏ ਦਸਾਂ ਦਿਨਾਂ ਨੂੰ, ਇੱਕ ਨਾ ਇੱਕ ਦਿਨ ਤਾਂ ਘਰ ਛੱਡਣਾ ਈ ਪੈਣੈ...! ਬੱਕਰੇ ਦੀ ਮਾਂ ਕਿੰਨਾ ਕੁ ਚਿਰ ਸੁੱਖ ਮਨਾਊ...?" ਕੈਲੇ ਨੇ ਆਸ ਦੇ ਆਖਰੀ ਡੱਕੇ ਵੀ ਭੰਨ ਲਏ।

-"ਪਰ ਜਾਂਵਾਂਗੇ ਕਿੱਥੇ...??" ਜੈਲੋ ਅੱਗੇ ਪਰਬਤ ਜਿੱਡੀ ਮੁਸੀਬਤ ਸੀ।

-"ਕੋਠੀ 'ਚ ਤਾਂ ਆਪਣਾ ਜਿਉਣਾ ਦੁੱਭਰ ਹੋਜੂਗਾ, ਉਹ ਤਾਂ ਅੰਦਰ ਵੜਿਆ ਨੀ ਜਰਦੇ, ਰਹਿਣ ਤਾਂ ਕਿੱਥੇ ਜਰਿਆ...? ਜੈਲੋ, ਸਾਰੀ ਉਮਰ ਗ਼ਰੀਬੀ ਜ਼ਰੂਰ ਕੱਟ ਲਈ, ਪਰ ਅਣਖ਼ ਨੀ ਗੁਆਈ...!"

-"ਪਰ ਰੈਣ-ਬਸੇਰਾ ਕਿੱਥੇ ਕਰਾਂਗੇ...? ਦਿਹਾੜੇ ਤਾਂ ਤੋੜਨੇ ਈ ਐ ਨ੍ਹਾਂ...? ਜਿਉਂਦੇ ਜੀਆਂ ਤੋਂ ਛੱਡਿਆ ਵੀ ਕੁਛ ਨੀ ਜਾਂਦਾ...!"

-"ਜਿੱਥੇ ਅੱਜ-ਕੱਲ੍ਹ ਸਾਰੇ ਰੁਲ਼ਦੇ-ਖੁਲ਼ਦੇ ਬਜ਼ੁਰਗ ਜਾਂਦੇ ਐ...!"

-"ਓਹ ਕਿੱਥੇ...?" ਜੈਲੋ ਦਾ ਮੂੰਹ ਅੱਡਿਆ ਹੋਇਆ ਸੀ।

-"ਬਿਰਧ ਆਸ਼ਰਮ...! ਹਿੱਕ 'ਤੇ ਪੱਥਰ ਰੱਖ ਕੇ ਬਿਰਧ ਆਸ਼ਰਮ ਜਾ ਵੜਾਂਗੇ, ਹੋਰ ਕੋਈ ਰਾਹ ਹੈਨ੍ਹੀ...!"

-"ਹੁਣ ਆਪਾਂ ਬਿਰਧ ਆਸ਼ਰਮ ਰਹਾਂਗੇ...?" ਜੈਲੋ ਦੀ ਅੱਖ ਵਿੱਚੋਂ ਬੇਮੁਹਾਰਾ ਹੰਝੂ ਡਿੱਗਿਆ। ਬੇਕਦਰਾ ਹੰਝੂ!

-"ਨਹੀਂ ਤਾਜ ਮਹਿਲ 'ਚ ਮੰਜਾ ਡਾਹ ਲੈਨੇ ਆਂ..? ਵਿਹਲਾ ਤਾਂ ਪਿਐ...!" ਉਹ ਖਿਝ ਕੇ ਜੈਲੋ ਨੂੰ ਪਿਆ।

-"......................।" ਜੈਲੋ ਚੁੱਪ ਵੱਟ ਗਈ।

ਤੀਜੇ ਦਿਨ ਟਿਕੀ ਰਾਤ ਉਹ ਦੋ ਕੁ ਪੋਟਲ਼ੀਆਂ ਆਪਣੇ ਸਾਈਕਲ ਦੇ ਦੁੱਧ ਵਾਲ਼ੇ ਡਰੰਮਾਂ 'ਤੇ ਰੱਖ ਘਰ ਛੱਡ ਕੇ ਤੁਰ ਪਿਆ। ਜੈਲੋ ਆਪਣੇ ਸਿਰ 'ਤੇ ਕੱਪੜਿਆਂ ਦੀ ਬੋਰੀ ਰੱਖੀ ਅਤੇ ਹੱਥ ਵਿੱਚ ਲਾਲਟੈਨ ਫ਼ੜੀ ਕੈਲੇ ਦੇ ਸਾਈਕਲ ਪਿੱਛੇ ਤੁਰੀ ਜਾ ਰਹੀ ਸੀ। ਰਾਤ ਦਾ ਸਮਾਂ ਕੈਲੇ ਨੇ ਇਸ ਲਈ ਚੁਣਿਆਂ ਸੀ ਕਿ ਕੋਈ ਉਹਨਾਂ ਨੂੰ ਪਿੰਡ ਛੱਡਦਾ ਦੇਖ ਨਾ ਲਵੇ। ਜੇ ਕੋਈ ਦੇਖੇਗਾ, ਤਾਂ ਸੁਆਲ ਵੀ ਜ਼ਰੂਰ ਪੁੱਛੇਗਾ, ਕਿਸੇ ਸੁਆਲ ਦਾ ਉੱਤਰ ਦੇਣ ਦੀ ਕੈਲੇ ਵਿੱਚ ਨਾ ਤਾਂ ਸਮਰੱਥਾ, ਅਤੇ ਨਾ ਹੀ ਹਿੰਮਤ ਸੀ। ਉਹ ਦੱਬਵੇਂ ਪੈਰੀਂ ਕੱਚੀ ਸੜਕ 'ਤੇ ਬੜੀ ਧੀਮੀ ਚਾਲ ਤੁਰੇ ਜਾ ਰਹੇ ਸਨ। ਕਿੱਥੇ ਜਾ ਕੇ ਰਹਾਂਗੇ...? ਪਰਬਤ ਵਰਗਾ ਸੁਆਲ ਜੈਲੋ ਦੇ ਦਿਲ ਵਿੱਚ ਮੁੜ ਖੌਰੂ ਪਾਉਣ ਲੱਗ ਪਿਆ! ਜਰਵਾਣਿਆਂ ਦੀ ਕੋਠੀ ਨਾਲ਼ੋਂ ਕਿਸੇ ਕੁੱਲੀ ਵਿੱਚ ਦਿਨ ਕਟੀ ਕਰ ਲੈਣੀਂ ਮਨਜ਼ੂਰ ਹੈ, ਪਰ ਰਹਿਣਾ ਅਣਖ ਦੇ ਨਾਲ਼ ਹੈ...! ਨਾਲ਼ੇ ਮੇਰੇ ਸਤਿਜੁਗੀ ਕੈਲੇ ਦਾ ਸਾਥ ਮੈਂ ਥੋੜ੍ਹੋ ਛੱਡੂੰਗੀ...? ਗਾਉਣ ਆਲ਼ੇ ਗਾਉਂਦੇ ਨੀ ਸੀ ਹੁੰਦੇ, "ਕੁੱਲੀ ਯਾਰ ਦੀ ਸੁਰਗ ਦਾ ਝੂਟਾ, ਮੈਂ ਅੱਗ ਲਾਵਾਂ ਮਹਿਲਾਂ ਨੂੰ...?" ਮੈਂ ਤਾਂ ਆਬਦੇ ਦੁਖ-ਸੁਖ ਦੇ ਸਾਥੀ ਕੈਲੇ ਦੇ ਨਾਲ਼ ਹੀ ਰਹੂੰ...! ਜਿੱਥੇ ਲੈਜੂਗਾ, ਮੇਰੇ ਲਈ ਤਾਂ ਓਹੀ ਸੁਰਗ ਐ...! ਗ਼ਰੂਰ ਭਰੇ ਲੋਕਾਂ ਦੀਆਂ ਕੋਠੀਆਂ ਦਾ ਮੈਨੂੰ ਕੀ ਭਾਅ..? ਭੱਠ ਪਿਆ ਸੋਨਾਂ, ਜਿਹੜਾ ਕੰਨਾਂ ਨੂੰ ਖਾਵੇ...! ਜੈਲੋ ਸੋਚਦੀ ਜਾ ਰਹੀ ਸੀ।

ਦੂਰ-ਦੂਰ ਤੱਕ ਸੁੰਨੀ ਸੜਕ ਹਨ੍ਹੇਰੇ ਨਾਲ਼ ਭਰੀ ਹੋਈ ਸੀ। ਕੈਲਾ ਅਤੇ ਜੈਲੋ ਦੋਨੋਂ ਗੂੜ੍ਹੇ ਹੁੰਦੇ ਹਨ੍ਹੇਰੇ ਵਿੱਚ ਗੁੰਮ ਹੁੰਦੇ ਜਾ ਰਹੇ ਸਨ। ਉਹਨਾਂ ਦੀਆਂ ਪਿੱਠਾਂ ਹੀ ਨਜ਼ਰ ਆਉਂਦੀਆਂ ਸਨ। ਜਦ ਉਹ ਪਿੰਡ ਦੀ ਜੂਹ ਟੱਪਣ ਲੱਗੇ ਤਾਂ ਕੈਲੇ ਨੇ ਇੱਕ ਪਲ ਦਮ ਮਾਰ ਕੇ ਪਿੱਛੇ ਮੁੜ ਕੇ ਤੱਕਿਆ। ਹਨ੍ਹੇਰੇ ਵਿੱਚ ਡੁੱਬਿਆ ਪਿੰਡ ਨਜ਼ਰ ਨਾ ਆਇਆ। ਉਸ ਨੂੰ ਹੌਲ ਜਿਹਾ ਪਿਆ। ਉਸ ਨੂੰ ਮਹਿਸੂਸ ਹੋਇਆ ਕਿ ਪਿੰਡ ਮਰ ਗਿਆ ਸੀ, ਜਾਂ ਪਿੰਡ ਨਿੱਘਰ ਗਿਆ ਸੀ। ਉਹ ਹਾਉਕੇ ਵਰਗਾ ਲੰਮਾਂ ਸਾਹ ਲੈ ਕੇ ਅੱਗੇ ਤੁਰ ਪਿਆ।

ਜਦ ਪਿੰਡ ਦੀ ਜੂਹ ਪਾਰ ਕਰਨ ਲੱਗਿਆ ਤਾਂ ਉਸ ਦਾ ਹਿਰਦਾ ਡੋਲ ਗਿਆ। ਬਚਪਨ ਤੋਂ ਲੈ ਹੁਣ ਤੱਕ ਉਸ ਦਾ ਇਸ ਪਿੰਡ ਨਾਲ਼ ਕਿੰਨਾਂ ਮੋਹ ਰਿਹਾ ਸੀ। ਤੇ ਅੱਜ...? ਅੱਜ ਸੱਤ ਬਿਗਾਨਾ ਬਣ ਕੇ, ਨਿਰਮੋਹਾ ਹੋ ਕੈਲਾ ਪਿੰਡ ਦੀ ਜੂਹ ਛੱਡ ਚੱਲਿਆ ਸੀ। ਇਸ ਹੇਰਵੇ ਦੇ ਅਹਿਸਾਸ ਕਾਰਨ ਉਸ ਦੇ ਚਿੱਤ ਨੂੰ ਕੁਛ ਹੋਣ ਲੱਗ ਪਿਆ। ਅਚਾਨਕ ਕਿਸੇ ਕਾਰ ਦੀਆਂ ਬੱਤੀਆਂ ਜਗੀਆਂ। ਜੂਹ ਵਿੱਚ ਜਿਵੇਂ ਦਿਨ ਚੜ੍ਹ ਗਿਆ ਸੀ। ਕੈਲਾ ਅੱਖਾਂ ਅੱਗੇ ਹੱਥ ਕਰ ਕੇ ਗੱਡੀ ਵੱਲ ਦੇਖਣ ਲੱਗ ਪਿਆ। ਹਨ੍ਹੇਰੀ ਰਾਤ ਵਿੱਚ ਉਸ ਦੀਆਂ ਅੱਖਾਂ ਚੁੰਧਿਆ ਗਈਆਂ ਸਨ। ਉਸ ਨੂੰ ਗੱਡੀ ਕੋਲ਼ ਖੜ੍ਹੇ ਤਿੰਨ ਬੰਦਿਆਂ ਦੇ ਝੌਲ਼ੇ ਜਿਹੇ ਅਕਸ ਦਿਖਾਈ ਦਿੱਤੇ। ਪਰ ਚਾਨਣ ਦੇ ਪਿੱਛੇ ਖੜ੍ਹੇ ਬੰਦਿਆਂ ਵਿੱਚੋਂ ਕੋਈ ਪਹਿਚਾਣ ਨਾ ਆਇਆ।

ਜਦ ਉਸ ਨੇ ਥੋੜ੍ਹਾ ਅੱਗੇ ਹੋ ਕੇ ਪਛਾਣ ਕੱਢਣੀ ਚਾਹੀ ਤਾਂ ਕੋਈ ਜਾਣੀ ਪਹਿਚਾਣੀ ਅਵਾਜ਼ ਉਸ ਦੇ ਕੰਨੀਂ ਪਈ।

-"ਕੈਲਾ ਸਿਆਂ ਸਾਸਰੀਕਾਲ...!"

-"....................।" ਕੈਲਾ ਚੁੱਪ ਸੀ। ਹੈਰਾਨ ਸੀ।

-"ਜਿੰਨਾਂ ਮਰਜ਼ੀ ਐ ਜੋਰ ਲਾ ਲੈ, ਪਰ ਪਿੰਡੋਂ ਤੈਨੂੰ ਨਿਕਲ਼ਣ ਨੀ ਦਿੰਦੇ...!" ਭੱਲੇ ਹਲਵਾਈ ਦੀ ਅਵਾਜ਼ ਸੀ।

-".........................।" ਕੈਲਾ ਨਿਰੁੱਤਰ ਖੜ੍ਹਾ ਸੀ।

-"ਮੈਂ ਮਾਰ ਆਇਐਂ ਹਰੀ ਬਾਣੀਏਂ ਦੀ ਵਹੀ 'ਤੇ ਕਾਟਾ..! ਚੱਲ ਮੁੜ ਪਿੱਛੇ...! ਦਾਦੇ ਪੜਦਾਦੇ ਦਾ ਜੱਦੀ ਘਰ ਤੇਰੇ ਕੋਲ਼ੋਂ ਕੌਣ ਲੈ ਲਊ ਯਾਰ..? ਚੱਲ, ਜਾ ਕੇ ਸਾਂਭ ਆਬਦਾ ਘਰ ਬਾਰ...!" ਭੱਲੇ ਹਲਵਾਈ ਦੀ ਅਗਲੀ ਗੱਲ ਸੁਣ ਕੇ ਕੈਲੇ ਦੀਆਂ ਅੱਖਾਂ ਵਿੱਚ ਹੰਝੂ ਥਰਕਣ ਲੱਗ ਪਏ।

-"ਓਏ ਮੈਂ ਤੇਰਾ ਦੇਣ ਕਿੱਥੇ ਦਿਊਂਗਾ ਓਏ ਭੱਲਿਆ ਭਰਾਵਾ...?" ਉਹ ਭੱਲੇ ਦੇ ਪੈਰੀਂ ਹੱਥ ਲਾਉਣ ਨੂੰ ਅੱਗੇ ਹੋਇਆ। ਪਰ ਭੱਲੇ ਨੇ ਉਸ ਦੇ ਹੱਥ ਰਾਹ ਵਿੱਚ ਹੀ ਬੋਚ ਲਏ ਅਤੇ ਘੁੱਟ ਕੇ ਹਿੱਕ ਨਾਲ਼ ਲਾ ਲਿਆ।

-"ਤੂੰ ਸਾਡੇ ਨਾਲ਼ ਸਾਰੀ ਉਮਰ ਰਤੀ ਭਰ ਬੇਈਮਾਨੀ ਨੀ ਕੀਤੀ, ਹੁਣ ਅਸੀਂ ਆਬਦੇ ਹੱਥੋਂ ਆਬਦਾ ਇਮਾਨਦਾਰ ਭਰਾ ਗੁਆ ਲਈਏ..? ਚੱਲ ਮੁੜ ਪਿੱਛੇ...! ਸਾਂਭ ਆਬਦਾ ਘਰ ਬਾਰ, ਤੇਰਾ ਸਾਰਾ ਖਾਤਾ ਸਾਫ਼ ਐ, ਵਸ ਰਸ, ਬੁੱਲੇ ਵੱਢ ਤੇ ਐਸ਼ਾਂ ਕਰ...!"

-"..........................।" ਕੈਲੇ ਅਤੇ ਜੈਲੋ ਦੀਆਂ ਅੱਖਾਂ ਵਿੱਚੋਂ ਗੰਗਾ ਜਮਨਾ ਵਗੀ ਜਾ ਰਹੀਆਂ ਸਨ। ਭੱਲਾ ਉਸ ਲਈ ਰੱਬ ਬਣ ਕੇ ਬਹੁੜਿਆ ਸੀ।

-"ਚਲੋ ਓਏ ਮੁੰਡਿਓ...! ਫ਼ੜੋ ਸਮਾਨ ਕੈਲਾ ਸਿਉਂ ਦਾ ਤੇ ਰੱਖੋ ਗੱਡੀ 'ਚ..!" ਭੱਲੇ ਦੇ ਹੁਕਮ 'ਚ ਬੱਝੇ ਮੁੰਡੇ ਸਮਾਨ ਰੱਖਣ ਲੱਗ ਪਏ। ਭਿੱਜੀਆਂ ਅੱਖਾਂ ਨਾਲ਼ ਕੈਲੇ ਨੇ ਅਸਮਾਨ ਵੱਲ ਨਜ਼ਰ ਮਾਰੀ। ਤਾਰਿਆਂ ਨੂੰ ਗੋਦੀ ਚੁੱਕੀ ਚੰਦਰਮਾਂ ਹੱਸ ਰਿਹਾ ਸੀ। ਕੱਚੇ ਰਾਹ 'ਤੇ ਖੜ੍ਹੇ ਕੈਲੇ ਨੇ ਜਦ ਮੁੜ ਕੇ ਪਿੰਡ ਵੱਲ ਦੇਖਿਆ ਤਾਂ ਦੂਰ ਪਿੰਡ ਦੀਆਂ ਬੱਤੀਆਂ ਜਗਮਗਾ ਰਹੀਆਂ ਸਨ। ਉਸ ਨੇ ਜੈਲੋ ਦੀ ਬਾਂਹ ਫ਼ੜ ਕੇ ਪਿੰਡ ਵੱਲ ਮੋੜ ਲਿਆ। ਪਿੰਡ ਦੀ ਜੂਹ ਉਸ ਨੂੰ ਕਲ਼ਾਵਾ ਮਾਰਦੀ ਪ੍ਰਤੀਤ ਹੋਈ।....

.....ਗੇਜਾ ਅਤੇ ਜੋਗਾ ਸਿੰਘ ਸੁੰਨ ਹੋਏ ਸੁਣ ਰਹੇ ਸਨ।

-"ਕਈ ਵਾਰੀ ਆਬਦੇ ਬੈਰੀ ਬਣ ਜਾਂਦੇ ਐ, ਤੇ ਬਿਗਾਨੇ...? ਤੂੰ ਸੁਣਿਆਂ ਈ ਐਂ, ਬਈ ਕਿਵੇਂ ਟੱਪਰੀਵਾਸ ਬਣਦੇ ਬਚਾਏ ਐ ਸਤਿਜੁਗੀ ਲੋਕਾਂ ਨੇ...!"

 

ਕਾਂਡ 13

 

ਹਫ਼ਤੇ ਬਾਅਦ ਫ਼ਿਰ ਅਦਾਲਤ ਲੱਗੀ।

ਅਨੂਪ ਕੌਰ ਨੂੰ ਅਵਾਜ਼ ਪਈ, "ਅਨੂਪ ਕੌਰ ਹਾਜ਼ਰ ਹੋ.....!"

ਅਨੂਪ ਕੌਰ ਅੱਗੇ ਆਈ ਅਤੇ ਉਸ ਨੂੰ ਇੱਕ ਪੁਲੀਸ ਕਰਮਚਾਰੀ ਨੇ ਅਦਾਲਤ ਦੇ ਕਟਿਹਰੇ ਤੱਕ ਅਗਵਾਈ ਦਿੱਤੀ।

ਅਨੂਪ ਕੌਰ ਦਾ ਚਿਹਰਾ ਵੈਰਾਨ ਸੀ।

ਅੱਖਾਂ ਬੁਝੀਆਂ ਹੋਈਆਂ ਸਨ।

ਜ਼ਰਦ ਚਿਹਰੇ 'ਤੇ ਵਗ ਚੁੱਕੇ ਹੰਝੂ ਸੁੱਕ ਚੁੱਕੇ ਸਨ।

ਉਸ ਦੀਆਂ ਅੱਖਾਂ ਵਿੱਚੋਂ ਜਿਵੇਂ ਰੋਹੀ ਬੀਆਬਾਨ ਦਿਸ ਰਿਹਾ ਸੀ।

-"ਅਨੂਪ ਕੌਰ ਜੀ, ਕੀ ਤੁਸੀਂ ਆਪਣੇ ਪੁੱਤਰ ਦਾ ਕਤਲ ਹੁੰਦਾ ਅੱਖੀਂ ਦੇਖਿਆ...?" ਸਰਕਾਰੀ ਵਕੀਲ ਨੇ ਸਿੱਧਾ ਸੁਆਲ ਇੱਟ ਵਾਂਗ ਮੱਥੇ ਵਿੱਚ ਮਾਰਿਆ।

ਅਨੂਪ ਕੌਰ ਦਾ ਰੋਕਿਆ ਹੜ੍ਹ ਵਹਿ ਤੁਰਿਆ। ਪਹਿਲਾਂ ਹਾਉਕੇ, ਫ਼ਿਰ ਹਾਅਵੇ ਅਤੇ ਫ਼ਿਰ ਭੁੱਬਾਂ ਸ਼ੁਰੂ ਹੋ ਗਈਆਂ।

-"ਮੈਂ ਇੱਕ ਨਹੀਂ, ਕਈ ਕਤਲ ਹੁੰਦੇ ਦੇਖੇ ਐ, ਭਰਾਵਾ...!" ਉਹ ਹੋਰ ਉਚੀ ਬਿਲਕਣ ਲੱਗ ਪਈ।

ਅਨੂਪ ਕੌਰ ਦਾ ਬਿਆਨ ਸੁਣ ਕੇ ਅਦਾਲਤ ਵਿੱਚ ਇੱਕ ਸੰਨਾਟਾ ਛਾ ਗਿਆ।

ਸਾਹ ਚੱਲਦੇ ਵੀ ਸਾਫ਼ ਸੁਣਾਈ ਦਿੰਦੇ ਸਨ।

ਲੋਕ ਇੱਕ-ਦੂਜੇ ਵੱਲ ਹੈਰਾਨੀ ਨਾਲ਼ ਝਾਕਦੇ ਸਨ।

-"ਇਹ ਬੰਦਾ ਆਬਦੇ ਪਾਪਾਂ ਦੀ ਸਜ਼ਾ ਭੁਗਤਦੈ ਪੁੱਤ...!" ਅਨੂਪ ਕੌਰ ਕੁਝ ਸੰਭਲ਼ ਕੇ ਬੋਲੀ। ਉਸ ਦੀ ਉਂਗਲ਼ ਜੋਗਾ ਸਿੰਘ ਵੱਲ ਸੀ, "ਸੁਰਗ ਨਰਕ ਸਾਰੇ ਐਥੇ ਈ ਐ....! ਸੁਰਗ ਨਰਕ ਰੱਬ ਨੇ ਕਿਤੇ ਅਸਮਾਨ 'ਚ ਨੀ ਬਣਾਏ ਵੇ, ਸਾਰਾ ਕੁਛ ਐਥੇ ਈ ਐ...! ਮੇਰਾ ਬੰਦਾ ਤਾਂ ਆਬਦੀਆਂ ਕੀਤੀਆਂ ਦੀ ਸਜ਼ਾ ਭੁਗਤਦੈ..!" ਉਹ ਮੁੜ ਰੋਣ ਲੱਗ ਪਈ।

ਜੱਜ ਜਪੁਜੀ ਸਮੇਤ ਸਾਰੀ ਅਦਾਲਤ ਸਾਹ ਰੋਕ ਕੇ ਸੁਣ ਰਹੀ ਸੀ।

ਤੇ ਅਨੂਪ ਕੌਰ ਫ਼ੇਰ ਚੁੰਨੀ ਨਾਲ਼ ਅੱਖਾਂ ਪੂੰਝਦੀ ਨੇ ਬੋਲਣਾ ਸ਼ੁਰੂ ਕੀਤਾ।

-"ਮੇਰੇ ਬੰਦੇ ਨੇ ਮੇਰੀ ਬਲੂੰਗੜੀ ਜੀ ਧੀ, ਮੇਰੇ ਜਿਗਰ ਦਾ ਟੁਕੜਾ ਜੰਮਣ ਸਾਰ ਈ ਮੇਰੀ ਬੁੱਕਲ਼ 'ਚੋਂ ਖੋਹ ਕੇ ਨਹਿਰ 'ਚ ਸਿੱਟ ਕੇ ਮਾਰ'ਤੀ...! ਤੇ ਮੈਨੂੰ ਕਦੇ ਸਾਹ ਨੀ ਕੱਢਣ ਦਿੱਤਾ, ਦਬਕੇ ਮਾਰ ਕੇ ਚੁੱਪ ਕਰਵਾ ਦਿੱਤਾ..! ਇਹ ਆਬਦੇ ਕੀਤੇ ਦੀ ਸਜ਼ਾ ਭੁਗਤਦੈ ਪੁੱਤ.... ਕੀਤੇ ਦੀ ਸਜ਼ਾ ਭੁਗਤਦੈ...! ਹਾਏ ਰੱਬਾ..!" ਅਨੂਪ ਕੌਰ ਕਟਿਹਰੇ ਦੀ ਬਾਹੀ 'ਤੇ ਸਿਰ ਰੱਖ ਕੇ ਰੋਣ ਲੱਗ ਪਈ।

-"ਅਦਾਲਤ ਪੁਲੀਸ ਨੂੰ ਲੜਕੀ ਮਾਰਨ ਵਾਲ਼ੇ ਕੇਸ ਦੀ ਤਫ਼ਤੀਸ਼ ਕਰਨ ਦਾ ਹੁਕਮ ਦਿੰਦੀ ਹੈ...। ਦੋ ਹਫ਼ਤੇ ਤੱਕ ਰਿਪੋਰਟ ਪੇਸ਼ ਕੀਤੀ ਜਾਵੇ, ਓਦੋਂ ਤੱਕ ਇਹ ਕੇਸ ਪੈਂਡਿੰਗ ਰੱਖਿਆ ਜਾਵੇਗਾ..!"

ਅਦਾਲਤ ਉਠ ਗਈ।

ਅਨੂਪ ਕੌਰ ਅਜੇ ਵੀ ਕਹਿਰੇ ਦੀ ਬਾਹੀ 'ਤੇ ਸਿਰ ਰੱਖੀ ਹੁਬਕੀਆਂ ਲੈ-ਲੈ ਰੋਈ ਜਾ ਰਹੀ ਸੀ।

ਕੇਸ ਦੀ ਤਫ਼ਤੀਸ਼ ਸ਼ੁਰੂ ਹੋ ਗਈ।

ਜੋਗਾ ਸਿੰਘ ਅਤੇ ਸੀਰੀ ਗੇਜੇ ਦੀ ਬਿਆਨਬਾਜ਼ੀ ਸ਼ੁਰੂ ਹੋ ਗਈ।

-"ਕੁੜੀ ਮਾਰੀ ਕਾਹਤੋਂ...? ਇੱਕ ਦਿਨ ਦੀ ਬੱਚੀ ਥੋਨੂੰ ਕੀ ਕਹਿੰਦੀ ਸੀ...??" ਠਾਣੇਦਾਰ ਨੇ ਪਹਿਲਾ ਸੁਆਲ ਦਾਗਿਆ।

-"ਕੁੜੀ ਮੈਂ ਮਾਰੀ ਐ ਸਰਦਾਰ ਜੀ...! ਜੋਗੇ ਬਾਈ ਦਾ ਤਾਂ ਐਂਵੇਂ ਨਾਂ ਈ ਬੱਦੂ ਐ...!!" ਗੇਜਾ ਬੋਲਿਆ।

-"ਪਰ ਮਾਰੀ ਕਿਉਂ...?" ਠਾਣੇਦਾਰ ਦਾ ਰਵੱਈਆ ਸਖ਼ਤ ਹੋ ਗਿਆ। ਉਸ ਦੇ ਮੱਥੇ ਦੀ ਫਿਫਟੀ ਸੱਪ ਵਾਂਗ ਜੀਭਾਂ ਕੱਢਦੀ ਸੀ। ਵਾਲ਼ਾਂ ਨਾਲ਼ ਭਰੀਆਂ ਨਾਸਾਂ 'ਚੋਂ ਸਾਹ ਅੜ-ਅੜ ਕੇ ਬਾਹਰ ਆ ਰਿਹਾ ਸੀ।

-"ਕੁੜੀਆਂ ਨੂੰ ਹਿੰਦੋਸਤਾਨ 'ਚ ਕਿਉਂ ਮਾਰਿਆ ਜਾਂਦੈ, ਸਰਦਾਰਾ...?" ਜੋਗਾ ਸਿੰਘ ਨੇ ਉਲਟਾ ਸੁਆਲ ਪੁੱਛਿਆ, "ਨਾ ਤਾਂ ਏਥੇ ਧੀਆਂ ਦੀ ਇੱਜ਼ਤ ਦਾ ਕੋਈ ਬਾਲੀਵਾਰਸ ਐ, ਤੇ ਦੂਜਾ ਵਿਆਹ ਵੇਲ਼ੇ ਦਾਜ ਦਾ ਸੱਪ ਕੱਢ ਲੈਂਦੇ ਐ...! ਜੇ ਸਾਡੇ ਸਮਾਜ 'ਚ ਦਾਜ ਦੀ ਲਾਹਣਤ ਨਾ ਹੁੰਦੀ, ਧੀਆਂ ਨੂੰ ਕੋਈ ਨਾ ਮਾਰਦਾ...!"

-"...................।" ਠਾਣੇਦਾਰ ਸੱਚ ਮੰਨ ਕੇ ਚੁੱਪ ਵੱਟ ਗਿਆ।

ਗੱਲ ਗੇਜੇ ਨੇ ਆਪਣੇ ਹੱਥ ਲੈ ਲਈ।

-"ਗੱਲ ਨੱਕ ਦੀ ਸੇਧ ਨੂੰ ਮੈਂ ਸਿੱਧੀ ਦੱਸਦੈਂ ਠਾਣੇਦਾਰ ਸਾਹਿਬ...! ਬਾਈ ਨੇ ਤਾਂ ਸਿਰਫ਼ ਉਂਗਲ਼ ਈ ਕੀਤੀ ਸੀ, ਕੁੜੀ ਤਾਂ ਮੈਂ ਮਾਰੀ ਐ..!"

-"ਓਹ ਕਿਵੇਂ...?"

-"ਠਾਰੀ ਸੀਗੀ ਜਨਾਬ...! ਕੁੜੀ ਰੋਣੋਂ ਨੀ ਸੀ ਹਟਦੀ, ਮੇਰੇ ਕੋਲ਼ੇ ਦੇਸੀ ਦਾਰੂ ਦੀ ਬੋਤਲ ਸੀ, ਮੈਂ ਸੋਚਿਆ ਠੰਢ ਲੱਗਦੀ ਐ ਵਿਚਾਰੀ ਨੂੰ, ਮੈਂ ਚਾਰ ਤੁਪਕੇ ਉਹਨੂੰ ਦਾਰੂ ਦੇ ਪਿਆ'ਤੇ...! ਮੈਨੂੰ ਲੱਗਦੈ ਦਾਰੂ ਰਤੀ ਭਰ ਬੱਚੀ ਨੇ ਸਹਾਰੀ ਨੀ, ਤੇ ਸੁਆਸ ਤਿਆਗ'ਗੀ..!"

-"ਕੁੜੀ ਸਿੱਟੀ ਕਿੱਥੇ..?"

-"ਬੱਧਣੀਂ ਆਲ਼ੀ ਨਹਿਰ ਦੀਆਂ ਝਾੜੀਆਂ 'ਚ ਚਲਾ ਕੇ ਮਾਰੀ ਸੀ ਜੀ..!"

-"ਇੱਕ ਗੱਲ ਜ਼ਰੂਰ ਐ...!" ਠਾਣੇਦਾਰ ਦੇ ਆਖਣ 'ਤੇ ਦੋਵਾਂ ਨੇ ਸਿਰ ਸੱਪ ਵਾਂਗ ਚੁੱਕੇ।

-"ਜੱਟ ਵੈਰ ਕੱਢਣ ਲਈ ਕਤਲ ਤਾਂ ਬਥ੍ਹੇਰੇ ਕਰਦੇ ਆਏ ਐ, ਪਰ ਥੋਡੇ ਵਰਗਾ ਬੇਕਿਰਕ ਬੰਦਾ ਮੈਂ ਅੱਜ ਤੱਕ ਨੀ ਦੇਖਿਆ, ਜੀਹਨੇ ਬਿਨਾ ਵੈਰ ਧੀ-ਧਿਆਣੀ ਮਾਰ ਦਿੱਤੀ...!" ਠਾਣੇਦਾਰ ਦੀਆਂ ਤ੍ਰਿਸਕਾਰ ਨਜ਼ਰਾਂ ਉਹਨਾਂ ਦੇ ਵਿੱਚ ਦੀ ਸੇਹ ਦੇ ਤੱਕਲ਼ੇ ਵਾਂਗ ਲੰਘ ਗਈਆਂ।

-"........................।" ਦੋਨਾਂ ਨੇ ਇੱਕ ਦੂਜੇ ਵੱਲ ਦੇਖ ਕੇ ਨੀਂਵੀਂ ਪਾ ਲਈ।

ਤਫ਼ਤੀਸ਼ ਦੀ ਫ਼ਾਈਲ ਮੁਕੰਮਲ ਕਰ ਕੇ ਠਾਣੇਦਾਰ ਅਦਾਲਤ ਨੂੰ ਤੁਰ ਪਿਆ। ਅਦਾਲਤ ਪਹੁੰਚ ਕੇ ਉਸ ਨੇ ਦਰਵਾਜੇ 'ਤੇ ਦਸਤਕ ਦਿੱਤੀ ਅਤੇ ਸਰਕਾਰੀ ਵਕੀਲ ਦੇ ਜਾ ਹਾਜ਼ਰ ਹੋਇਆ।

ਠਾਣੇਦਾਰ ਤਫ਼ਤੀਸ਼ ਵਾਲ਼ੀ ਫ਼ਾਈਲ ਸਰਕਾਰੀ ਵਕੀਲ ਅੱਗੇ ਜਾ ਰੱਖੀ।

-"ਲੜਕੀ ਵਾਲ਼ੇ ਕੇਸ ਦੀ ਤਫ਼ਤੀਸ਼ ਮੁਕੰਮਲ ਹੋ ਗਈ, ਸਰ..!"

-"ਵੈਰ੍ਹੀ ਗੁੱਡ...! ਥੈਂਕ-ਯੂ...!!" ਸਰਕਾਰੀ ਵਕੀਲ ਨੇ ਸਰਸਰੀ ਜਿਹੀ ਨਜ਼ਰ ਮਾਰ ਕੇ ਕਿਹਾ।

ਠਾਣੇਦਾਰ ਹੱਥ ਮਿਲ਼ਾ ਕੇ ਬਾਹਰ ਆ ਗਿਆ।

ਸਰਕਾਰੀ ਵਕੀਲ ਨੇ ਫ਼ਾਈਲ ਜਪੁਜੀ ਦੇ ਹਵਾਲੇ ਜਾ ਕੀਤੀ।

ਜਪੁਜੀ ਨੇ ਫ਼ਾਈਲ ਫੜ ਕੇ ਬਾਰੀਕੀ ਨਾਲ਼ ਪੜ੍ਹਨੀ ਸ਼ੁਰੂ ਕਰ ਦਿੱਤੀ। ਫ਼ਾਈਲ ਪੜ੍ਹਦੀ ਦੇ ਉਸ ਦੇ ਚਿਹਰੇ ਦੇ ਹਾਵ-ਭਾਵ ਬਦਲ ਰਹੇ ਸਨ। ਅੱਖਾਂ ਦਾ ਰੰਗ ਗੇਰੂ ਹੋ, ਚਿਹਰਾ ਤਣ ਗਿਆ ਸੀ। ਉਸ ਨੇ ਪਰਸ ਚੁੱਕਿਆ ਅਤੇ ਘਰ ਨੂੰ ਤੁਰ ਪਈ।

ਮਾਂ-ਬਾਪ ਬੈਠੇ ਟੀ.ਵੀ. ਦੇਖ ਰਹੇ ਸਨ।

ਆਉਣ ਸਾਰ ਜਪੁਜੀ ਨੇ ਗੁੱਸੇ ਵਿੱਚ ਆਪਣਾ ਪਰਸ ਸੋਫ਼ੇ ਉਪਰ ਚਲਾ ਕੇ ਮਾਰਿਆ।

-"ਕੀ ਗੱਲ ਪੁੱਤ, ਅੱਜ ਪ੍ਰੇਸ਼ਾਨ ਜੀ ਲੱਗਦੀ ਐਂ...? ਕੀ ਗੱਲ ਐ..??" ਜਪਨਾਮ ਕੌਰ ਨੇ ਪੁੱਛਿਆ।

ਜਪੁਜੀ ਨੇ ਫ਼ਾਈਲ ਮਾਂ ਦੇ ਅੱਗੇ ਸੁੱਟ ਦਿੱਤੀ।

-"ਦੇਖੋ ਦੁਨੀਆਂ ਕਿੰਨੀ ਗਰਕਣ 'ਤੇ ਆਈ ਪਈ ਐ...! ਮੈਂ ਇੱਕ ਕੇਸ ਦੀ ਤਫ਼ਤੀਸ਼ ਕਰਨ ਵਾਸਤੇ ਪੁਲੀਸ ਦੀ ਡਿਊਟੀ ਲਾਈ ਸੀ, ਅੱਜ ਉਸ ਕੇਸ ਦੀ ਰਿਪੋਰਟ ਆਈ ਐ, ਇੱਕ ਦਿਨ ਦੀ ਨਵਜੰਮੀ ਬੱਚੀ ਮਾਂ ਕੋਲ਼ੋਂ ਚੁੱਕ, ਬੱਧਣੀਂ ਵਾਲ਼ੀ ਨਹਿਰ ਦੀਆਂ ਝਾੜ੍ਹੀਆਂ 'ਚ ਲਿਜਾ ਸੁੱਟੀ...!"

-"ਬੱਧਣੀਂ ਵਾਲ਼ੀ ਨਹਿਰ ਦੀਆਂ ਝਾੜ੍ਹੀਆਂ...??" ਬਾਪ ਗੁਰਜੋਤ ਸਿੰਘ ਦੇ ਜ਼ਿਹਨ ਵਿੱਚ ਤੋਪਾਂ ਚੱਲਣ ਲੱਗ ਪਈਆਂ। ਉਸ ਦਾ ਮੱਥਾ ਠਣਕਿਆ ਅਤੇ ਉਸ ਨੇ ਇੱਕ ਦਮ ਆਪਣੀ ਘਰਵਾਲ਼ੀ ਜਪਨਾਮ ਕੌਰ ਵੱਲ ਰਹੱਸਮਈ ਦੇਖਿਆ।

ਘਰਵਾਲੀ ਦਾ ਸਰੀਰ ਵੀ ਝੂਠਾ ਜਿਹਾ ਪਿਆ ਹੋਇਆ ਸੀ। ਉਹਨਾਂ ਦੋਵਾਂ ਦੇ ਕੰਨਾਂ ਵਿਚ ਨਾਦ ਵੱਜਣ ਲੱਗ ਪਏ ਅਤੇ ਸੁਰਤ ਅਤੀਤ ਨਾਲ਼ ਜਾ ਜੁੜੀ।....

.....ਸੂਰਜ ਦੀ ਪਹਿਲੀ ਕਿਰਨ ਨੇ ਧਰਤੀ ਮਾਤਾ ਨੂੰ ਨਮਸ਼ਕਾਰ ਕੀਤੀ। ਜੱਜ ਗੁਰਜੋਤ ਸਿੰਘ ਦੀ ਕਾਰ ਨਹਿਰ ਦੀ ਕੱਚੀ ਪਟੜੀ ਉਪਰ ਬੜੀ ਧੀਮੀਂ ਚਾਲ ਆ ਰਹੀ ਸੀ, ਪਰ ਫ਼ਿਰ ਵੀ ਕਾਰ ਪਿੱਛੇ ਧੂੜ ਉਠ ਰਹੀ ਸੀ। ਦੂਰ ਕਿਸੇ ਗੁਰਦੁਆਰਾ ਸਾਹਿਬ ਵਿੱਚੋਂ ਜਪੁਜੀ ਸਾਹਿਬ ਦਾ ਪਾਠ ਚੱਲ ਰਿਹਾ ਸੀ, "ਗੁਰਾ ਇਕ ਦੇਹਿ ਬੁਝਾਈ।। ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ।।"

ਅਚਾਨਕ ਉਹਨਾਂ ਨੂੰ ਝਾੜ੍ਹੀ ਦੇ ਕੋਨੇਂ 'ਚੋਂ ਬੱਚੇ ਦੇ ਰੋਣ ਦੀ ਅਵਾਜ਼ ਸੁਣੀ।

ਡਰਾਈਵਰ, ਜਪਨਾਮ ਕੌਰ ਅਤੇ ਜੱਜ ਗੁਰਜੋਤ ਸਿੰਘ ਹੈਰਾਨ ਜਿਹੇ ਹੋ ਕੇ ਇੱਕ-ਦੂਜੇ ਵੱਲ ਝਾਕੇ।

-"ਗੁਰਜੀਤ, ਗੱਡੀ ਰੋਕ...!" ਗੁਰਜੋਤ ਸਿੰਘ ਨੇ ਕਿਹਾ।

ਡਰਾਈਵਰ ਨੇ ਨਹਿਰ ਦੇ ਕੰਢੇ ਗੱਡੀ ਰੋਕ ਲਈ।

ਜੱਜ ਗੁਰਜੋਤ ਸਿੰਘ ਅਤੇ ਉਸ ਦੀ ਘਰਵਾਲ਼ੀ ਨੇ ਉੱਤਰ ਕੇ ਆਸੇ ਪਾਸੇ ਦੇਖਿਆ।

ਝਾੜ੍ਹੀ ਦੇ ਓਹਲੇ ਮੂਧਾ ਪਿਆ ਇੱਕ ਨਵਜੰਮਿਆਂ ਬੱਚਾ ਰੋ ਰਿਹਾ ਸੀ।

ਜੱਜ ਨੇ ਬੱਚੇ ਨੂੰ ਜਾ ਚੁੱਕਿਆ ਤਾਂ ਬੱਚਾ ਚੁੱਪ ਕਰ ਗਿਆ।

-"ਬੱਚੀ ਐ...! ਕੋਈ ਦੁਸ਼ਟ ਔਰਤ ਧੀ ਜੰਮ ਕੇ ਸਿੱਟ ਗਈ...!" ਸਤਿਯੁਗੀ ਜੱਜ ਨੇ ਬੱਚੀ ਨੂੰ ਗਲ਼ ਲਾ ਲਿਆ।

ਗੁਰਦੁਆਰੇ ਵਿੱਚੋਂ ਫ਼ਿਰ ਜਪੁਜੀ ਸਾਹਿਬ ਦੀ ਪਾਉੜੀ ਕੰਨਾਂ ਵਿਚ ਪਈ;

"ਸੁਣਿਐ ਸਰਾ ਗੁਣਾ ਕੇ ਗਾਹ।।

ਸੁਣਿਐ ਸੇਖ ਪੀਰ ਪਾਤਿਸਾਹ।।

ਸੁਣਿਐ ਅੰਧੇ ਪਾਵਹਿ ਰਾਹੁ।।

ਸੁਣਿਐ ਹਾਥ ਹੋਵੈ ਅਸਗਾਹੁ।।

ਨਾਨਕ ਭਗਤਾ ਸਦਾ ਵਿਗਾਸੁ।।

ਸੁਣਿਐ ਦੂਖ ਪਾਪ ਕਾ ਨਾਸ।।"

 

ਜੱਜ ਦੀ ਕਾਰ ਠਾਣੇ ਪਹੁੰਚ ਗਈ।

ਜਾਣਕਾਰ ਠਾਣੇਦਾਰ ਨੇ ਜੱਜ ਨੂੰ ਪਹਿਚਾਣ ਕੇ ਸੈਲੂਟ ਮਾਰਿਆ।

-"ਸਾਨੂੰ ਇਹ ਬੱਚੀ ਬੱਧਣੀਂ ਵਾਲ਼ੀ ਨਹਿਰ ਦੀ ਪਟੜੀ ਦੀਆਂ ਝਾੜ੍ਹੀਆਂ 'ਚੋਂ ਮਿਲ਼ੀ ਐ, ਜੇ ਕੋਈ ਬੱਚੀ ਦੀ ਭਾਲ਼ 'ਚ ਆਇਆ, ਤਾਂ ਬੱਚੀ ਮੇਰੇ ਘਰੋਂ ਆ ਕੇ ਲੈ ਜਾਵੇ...!" ਗੁਰਜੋਤ ਸਿੰਘ ਬੋਲਿਆ।

-"ਗੁਸਤਾਖ਼ੀ ਮੁਆਫ਼ ਜੱਜ ਸਾਹਿਬ, ਜਿਸ ਕਲ਼ਜੁਗੀ ਨੇ ਇਹਨੂੰ ਵਿਚਾਰੀ ਬਾਲੜੀ ਨੂੰ ਬੋਝ ਸਮਝ ਕੇ ਕੁੱਤੇ ਬਿੱਲਿਆਂ ਲਈ ਝਾੜ੍ਹੀਆਂ 'ਚ ਚਲਾ ਮਾਰਿਆ, ਓਹ ਲੈਣ ਕਿੱਥੋਂ ਆਊ...?"

-"ਫ਼ੇਰ ਮੈਂ ਇਹਨੂੰ ਮੈਂ ਪਾਲੂੰਗਾ...! ਮੈਂ ਪਾਲੂੰਗਾ ਧੀਏ ਤੈਨੂੰ...! ਅੱਜ ਤੋਂ ਤੂੰ ਗੁਰਜੋਤ ਸਿੰਘ ਦੀ ਧੀ...! ਜਦ ਇਹ ਬੱਚੀ ਮਿਲ਼ੀ, ਓਦੋਂ ਜਪੁਜੀ ਸਾਹਿਬ ਦਾ ਪਵਿੱਤਰ ਪਾਠ ਚੱਲ ਰਿਹਾ ਸੀ, ਮੈਂ ਇਹਦਾ ਕਰਮਾਂ ਵਾਲ਼ੀ ਦਾ ਨਾਂ ਵੀ "ਜਪੁਜੀ" ਹੀ ਰੱਖੂੰਗਾ...! ਚੱਲ ਧੀਏ ਮੇਰੀਏ...!" ਉਸ ਨੇ ਬੱਚੀ ਨੂੰ ਸੀਨੇਂ ਨਾਲ਼ ਲਾ ਲਿਆ। ਬੱਚੀ ਵੀ ਰੋਣੋਂ ਚੁੱਪ ਕਰ ਗਈ ਸੀ।

 

ਕਾਂਡ 14

 ਦਿਨਾਂ ਬੀਤਦਿਆਂ ਨੂੰ ਕੀ ਲੱਗਦੈ...? ਪਲ, ਘੰਟੇ, ਦਿਨ, ਹਫ਼ਤੇ, ਮਹੀਨੇ ਅਤੇ ਸਾਲ ਬੀਤ ਗਏ। ਗੁਰਜੋਤ ਸਿੰਘ ਦੀ ਦੇਖ ਰੇਖ ਹੇਠ ਜਪੁਜੀ ਵੱਡੀ ਹੋ ਗਈ। ਜੱਜ ਗੁਰਜੋਤ ਸਿੰਘ ਅਤੇ ਉਸ ਦੇ ਘਰਵਾਲ਼ੀ ਜਪਨਾਮ ਕੌਰ ਜਪੁਜੀ ਨੂੰ ਸਕੂਲ ਦਾਖਲ ਕਰਵਾਉਣ ਗਏ।

ਪ੍ਰਿੰਸੀਪਲ ਦਫ਼ਤਰ ਵਿੱਚ ਸੀ।

-"ਬੇਟੇ, ਮੈਡਮ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਓ..!"

-"ਸਤਿ ਸ੍ਰੀ ਅਕਾਲ, ਮੈਡਮ...!" ਜਪੁਜੀ ਨੇ ਸਲੀਕੇ ਨਾਲ਼ ਹੱਥ ਜੋੜ ਲਏ।

-"ਸਤਿ ਸ੍ਰੀ ਅਕਾਲ ਬੇਟੇ...! ਆਹ ਲਓ ਸਰ, ਫ਼ਾਰਮ ਭਰ ਦਿਓ...!!" ਪ੍ਰਿੰਸੀਪਲ ਨੇ ਗੁਰਜੋਤ ਸਿੰਘ ਅੱਗੇ ਫ਼ਾਰਮ ਰੱਖ ਦਿੱਤੇ। ਗੁਰਜੋਤ ਸਿੰਘ ਨੇ ਫ਼ਾਰਮ ਭਰ ਕੇ ਮੈਡਮ ਨੂੰ ਫ਼ੜਾ ਦਿੱਤੇ ਅਤੇ ਮੈਡਮ ਚੈੱਕ ਕਰਨ ਲੱਗ ਪਈ।

-"ਤੁਸੀਂ ਪਿਤਾ ਦਾ ਨਾਂ ਨਹੀਂ ਲਿਖਿਆ, ਸਰ..!"

-"ਓਹ ਮੁਆਫ਼ ਕਰਨਾ, ਦਿਸਿਆ ਨਹੀਂ...! ਲਿਆਓ ਲਿਖ ਦਿੰਨੈਂ..!!"

ਜੱਜ ਦੁਬਾਰਾ ਫ਼ਾਰਮ ਭਰਨ ਲੱਗ ਪਿਆ।

-"ਪਿਤਾ ਦਾ ਨਾਂ ਕਿਉਂ ਲਿਖਿਆ ਜਾਂਦੈ, ਮੈਡਮ...?" ਜਪੁਜੀ ਨੇ ਮੈਡਮ ਨੂੰ ਸੁਆਲ ਕੀਤਾ।

-"ਬੇਟੇ, ਜਦ ਬੱਚੀ ਕੁਆਰੀ ਹੁੰਦੀ ਹੈ ਤਾਂ ਬਾਪ ਦਾ ਨਾਂ ਲਿਖਿਆ ਜਾਂਦੈ, ਜਦ ਵਿਆਹੀ ਜਾਂਦੀ ਹੈ, ਤਾਂ ਪਤੀ ਦਾ ਨਾਂ ਲਿਖਿਆ ਜਾਂਦੈ..!" ਮੈਡਮ ਬੋਲੀ।

-"ਫ਼ੇਰ ਕੁੜੀ ਦੀ ਆਪਣੀ ਤਾਂ ਕੋਈ ਪਹਿਚਾਣ ਨਾ-ਨ੍ਹਾਂ ਹੋਈ...?"

-"ਅਜੇ ਤੂੰ ਨਿਆਣੀਂ ਐਂ ਬੇਟੇ...! ਜਦ ਸਿਆਣੀਂ ਹੋ ਗਈ, ਸਭ ਕੁਛ ਪਤਾ ਚੱਲ ਜਾਊਗਾ...!"

ਸ਼ਾਮ ਨੂੰ ਜਪੁਜੀ ਦੀ ਮਾਂ ਜਪਨਾਮ ਕੌਰ ਜਪੁਜੀ ਦੇ ਸਿਰ ਵਿਚ ਤੇਲ ਲਾ ਰਹੀ ਹੈ।

ਜਪੁਜੀ ਨੇ ਮਾਂ ਨੂੰ ਅਵੱਲਾ ਹੀ ਸੁਆਲ ਕੀਤਾ।

-"ਮਾਂ...!"

-"ਹਾਂ ਬੇਟਾ ਜੀ...?"

-"ਕੁੜੀ ਬਾਪ ਦੇ ਘਰ ਪਰਾਇਆ ਧਨ, ਤੇ ਸਹੁਰੇ ਘਰ ਬਿਗਾਨੇ ਘਰ ਦੀ ਧੀ, ਫ਼ੇਰ ਕੁੜੀ ਦਾ ਤਾਂ ਕੋਈ ਆਪਣਾ ਘਰ ਨਾ-ਨ੍ਹਾਂ ਹੋਇਆ...?"

-"ਦੇਖ, ਹੈ ਤਾਂ ਭੋਰਾ ਕੁ ਚੋਚਲੀ ਜੀ, ਤੇ ਗੱਲਾਂ ਦੇਖ ਕਿਵੇਂ ਵੱਡੇ-ਵਡੇਰਿਆਂ ਆਲ਼ੀਆਂ ਕਰਦੀ ਐ, ਮੇਰੀ ਅੰਮਾਂ...!" ਜਪਨਾਮ ਕੌਰ ਨੇ ਗੱਲ ਹਾਸੇ ਪਾ ਲਈ।

-"...................।" ਜਪੁਜੀ ਕੁਝ ਸੋਚਦੀ ਚੁੱਪ ਹੋ ਗਈ।....

 

0 0 0 0 0

 

.....ਜੱਜ ਗੁਰਜੋਤ ਸਿੰਘ ਅਤੇ ਉਸ ਦੀ ਪਤਨੀ ਜਪਨਾਮ ਕੌਰ ਘਰ ਬੈਠੇ ਆਪਸ ਵਿਚ ਗੱਲਾਂ ਕਰ ਰਹੇ ਸਨ।

-"ਸਰਦਾਰ ਜੀ, ਜੇ ਕਿਤੇ ਜਪੁਜੀ ਨੂੰ ਪਤਾ ਲੱਗ ਗਿਆ ਕਿ ਉਹ ਸਾਡੀ ਆਪਣੀ ਧੀ ਨਹੀਂ, ਤੇ ਸਾਨੂੰ ਉਹ ਨਹਿਰ ਦੀਆਂ ਝਾੜ੍ਹੀਆਂ 'ਚੋਂ ਮਿਲ਼ੀ ਸੀ, ਫ਼ੇਰ ਕੀ ਹੋਊ...? ਮੇਰਾ ਤਾਂ ਦਿਲ ਕੰਬੀ ਜਾਂਦੈ...!"

-"................।" ਜੱਜ ਪ੍ਰੇਸ਼ਾਨੀ ਵਿਚ ਹੱਥ ਮਲ਼, ਲੰਮਾਂ ਸਾਹ ਲੈ ਕੇ ਚੁੱਪ ਕਰ ਗਿਆ।

-"ਚਾਹੇ ਜਪੁਜੀ ਨੂੰ ਮੈਂ ਢਿੱਡੋਂ ਜਨਮ ਨੀ ਦਿੱਤਾ, ਪਰ ਓਸ ਦੇ ਸਾਹ 'ਚ ਸਾਹ ਲਿਐ, ਮੇਰਾ ਤਾਂ ਦਿਲ ਡਰੀ ਜਾਂਦੈ ਸਰਦਾਰ ਜੀ..!"

ਅਚਾਨਕ ਦਰਵਾਜਾ ਖੁੱਲ੍ਹਿਆ।

ਜਪੁਜੀ ਦੀਆਂ ਅੱਖਾਂ ਨੱਕੋ-ਨੱਕ ਭਰੀਆਂ ਹੋਈਆਂ ਸਨ।

ਉਸ ਨੇ ਮਾਂ-ਬਾਪ ਦੀ ਸਾਰੀ ਵਾਰਤਾ ਸੁਣ ਲਈ ਸੀ

ਉਹ ਮਾਂ ਦੀ ਗੋਦ ਵਿੱਚ ਡਿੱਗ ਪਈ।

ਪਾਣੀਂ ਉਸ ਦੀਆਂ ਅੱਖਾਂ 'ਚੋਂ "ਤਰਿੱਪ-ਤਰਿੱਪ" ਵਗ ਰਿਹਾ ਸੀ।

ਮਾਂ ਦੀਆਂ ਅੱਖਾਂ ਵੀ ਵਗ ਪਈਆਂ।

-"ਮਾਰਨ ਵਾਲ਼ੇ ਨਾਲ਼ੋਂ ਰੱਖਣ ਵਾਲ਼ਾ ਬਲੀ ਹੁੰਦੈ, ਮਾਂ...! ਤੁਸੀਂ ਤਾਂ ਮੇਰੇ ਲਈ ਮਹਾਂਬਲੀ ਹੋ..!! ਮੇਰੇ ਰੱਬ..!!" ਉਸ ਨੇ ਵੈਰਾਗਮਈ ਕਿਹਾ। ਮਾਂ-ਧੀ ਇੱਕ-ਦੂਜੀ ਨੂੰ ਗਲਵਕੜੀ ਵਿੱਚ ਲੈ ਕੇ ਰੋਣ ਲੱਗ ਪਈਆਂ। ਭਾਵੁਕ ਹੋਏ ਜੱਜ ਦੀਆਂ ਅੱਖਾਂ ਵੀ ਭਰ ਆਈਆਂ।

ਅਗਲੇ ਦਿਨ ਜੀਅ ਲਾਉਣ ਲਈ ਗੁਰਜੋਤ ਸਿੰਘ ਪਿੰਡ ਗੇੜਾ ਮਾਰਨ ਚਲਿਆ ਗਿਆ।

ਪਿੰਡ ਦੀ ਸੱਥ ਵਿੱਚ ਅੱਧਾ ਪਿੰਡ ਬੋਹੜ ਹੇਠ ਇਕੱਠਾ ਹੋਇਆ ਬੈਠਾ ਸੀ।

ਭਾਂਤ-ਭਾਂਤ ਦੇ ਵਿਚਾਰ ਅਤੇ ਬਚਨ-ਬਿਲਾਸ ਚੱਲ ਰਹੇ ਸਨ।

-"ਅੱਜ ਤੋਂ ਵੀਹ ਬਾਈ ਸਾਲ ਪਹਿਲਾਂ ਜਦੋਂ ਲੋਕ "ਹਰੀ ਕ੍ਰਾਂਤੀ" ਦੇ ਸੋਹਿਲੇ ਗਾਉਣੋਂ ਨੀ ਸੀ ਹਟਦੇ, ਓਦੋਂ ਮੈਂ ਕਿਹਾ ਸੀ ਕਿ ਹਰੀ ਕ੍ਰਾਂਤੀ ਦੇ ਸੁਆਦ ਦਾ ਥੋਨੂੰ ਵੀਹ-ਪੱਚੀ ਸਾਲ ਬਾਅਦ ਜਾ ਕੇ ਪਤਾ ਲੱਗੂਗਾ...! ਲਓ, ਲੈ ਲਓ ਸੁਆਦ, ਕਿਧਰੇ ਕੈਂਸਰ, ਕਿਧਰੇ ਪੀਲੀਆ, ਦੂਸ਼ਤ ਪਾਣੀ ਪੀ-ਪੀ ਜੁਆਨੀ ਨਿਪੁੰਸਕ ਹੋਈ ਜਾਂਦੀ ਐ, ਪੰਜਾਬ 'ਚ ਅਪਾਹਜ ਬੱਚੇ ਜੰਮੀ ਜਾਂਦੇ ਐ, ਅਗਲੀ ਪੀੜ੍ਹੀ ਦਾ ਤਾਂ ਭੋਗ ਪੈਂਦਾ ਜਾਂਦੈ ਨ੍ਹਾਂ...? ਪੰਜਾਬ ਦੀ ਧਰਤੀ ਤੇ ਪਾਣੀਂ ਜ਼ਹਿਰੀਲਾ ਕਰ ਮਾਰਿਆ..!" ਗਿਆਨੀ ਆਪਣਾ ਗਿਆਨ ਘੋਟ ਰਿਹਾ ਸੀ।

-"ਆਹ ਖੁੰਬਾਂ ਵਾਂਗੂੰ ਉਗੇ ਬਾਬੇ ਕਿਹੜਾ ਕੈਂਸਰ ਜਾਂ ਪੀਲ਼ੀਏ ਤੋਂ ਘੱਟ ਐ...? ਜਿੰਨੀਆਂ ਲੋਕਾਂ 'ਚ ਇਹਨਾਂ ਨੇ ਵੰਡੀਆਂ ਪਾਈਐਂ, ਕੋਈ ਕਹਿੰਦੈ ਨਾਮ ਸ਼ਬਦ ਲਓ, ਕੋਈ ਕਹਿੰਦੈ ਕੋਤਰੀ ਚਲਾਓ, ਕੋਈ ਕੰਨ 'ਚ ਬੀਜ ਮੰਤਰ ਦੇਈ ਜਾਂਦੈ, ਦੁਨੀਆਂ ਦੇ ਆਪਸੀ ਭਾਈਚਾਰੇ ਦਾ ਸੱਤਿਆਨਾਸ ਕਰਤਾ...!" ਸਾਬਕਾ ਸਰਪੈਂਚ ਨੇ ਆਪਣੀ ਭੜ੍ਹਾਸ ਕੱਢੀ।

-"ਜਦੋਂ ਖਾੜਕੂ ਵਿਚਰਦੇ ਸੀ, ਓਦੋਂ ਕੋਈ ਅੱਖ 'ਚ ਪਾਇਆ ਨੀ ਸੀ ਰੜਕਦਾ, ਸਾਰੇ ਈ ਬਿੱਲੀ ਮਾਂਗੂੰ ਭੜ੍ਹੋਲਿਆਂ ਪਿੱਛੇ ਜਾ ਲੁਕੇ ਸੀ, ਹੁਣ ਕੁੱਕੜਾਂ ਮਾਂਗੂੰ ਬਨੇਰਿਆਂ 'ਤੇ ਹੋ-ਹੋ ਬਾਂਗਾਂ ਦਿੰਦੇ ਐ...!" ਨਿਹੰਗ ਸਿੰਘ ਬੋਲਿਆ।

-"ਸਾਨੂੰ ਗੁਰੂ ਮਹਾਰਾਜ ਦਾ ਇੱਕ ਸ਼ਬਦ ਯਾਦ ਐ, ਜੀਹਨੂੰ ਅਸੀਂ ਵਾਰ-ਵਾਰ ਦੁਹਰਾਈ ਜਾਨੇ ਐਂ, "ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।" ਪਰ ਸਭ ਤੋਂ ਵੱਧ ਧੀਆਂ ਆਪਣੇ ਪੰਜਾਬ 'ਚ ਮਾਰੀਆਂ ਜਾਂਦੀਐਂ...! ਜੇ ਜੱਗ ਜਣਨੀਂ ਹੀ ਨਾ ਰਹੀ, ਅਗਲੀਆਂ ਪੀੜ੍ਹੀਆਂ ਕਿੱਥੋਂ ਆਉਣਗੀਆਂ...?" ਮਾਸਟਰ ਨੇ ਕਿਹਾ।

-"ਕਿਸੇ ਧੀ-ਧਿਆਣੀਂ ਦਾ ਵਿਆਹ ਹੁੰਦਾ ਸੀ, ਸਾਰੇ ਪਿੰਡ ਨੂੰ ਚਾਅ ਚੜ੍ਹ ਜਾਂਦਾ ਸੀ, ਤੇ ਸਾਰਾ ਪਿੰਡ ਭੱਜਿਆ ਫ਼ਿਰਦਾ ਸੀ, ਕੋਈ ਦੁੱਧ ਚੱਕੀ ਆਉਂਦਾ ਸੀ, ਕੋਈ ਮੰਜੇ ਬਿਸਤਰੇ 'ਕੱਠੇ ਕਰਦਾ ਫ਼ਿਰਦਾ ਸੀ, ਲੋਕ ਰਲ਼ ਮਿਲ਼ ਕੇ ਧੀ ਧਿਆਣੀ ਵਿਆਹ ਦਿੰਦੇ ਸੀ, ਆਹ ਮੈਰਿਜ ਪੈਲਸ ਕਲਚਰ ਨੇ ਰੀਤੀ-ਰਿਵਾਜਾਂ, ਤੇ ਆਪਸੀ ਭਾਈਚਾਰੇ ਦਾ ਈ ਭੋਗ ਪਾਅ'ਤਾ...!" ਪੰਚਾਇਤ ਮੈਂਬਰ ਬੋਲਿਆ।

-"ਅੱਗੇ ਪਿੰਡ 'ਚ ਕਿਸੇ ਦੇ ਆਖੰਡ ਪਾਠ ਹੋਣਾਂ, ਸਾਰਾ ਪਿੰਡ ਸ਼ਰਧਾ ਨਾਲ਼ ਸੇਵਾ ਕਰਦਾ, ਤੇ ਪਿੰਡ ਵਾਲ਼ੇ ਦੁੱਧ ਦੀ ਨਹਿਰ ਵਗਾ ਦਿੰਦੇ ਸੀ, ਹੁਣ ਤਾਂ ਭਾਈ ਪਾਠ ਕਰੇ-ਕਰਾਏ ਮਿਲ਼ਣ ਲੱਗ'ਪੇ...!"

-"ਤੇ ਆਹ ਗਾਇਕ ਤਬਕਾ...?? ਇਹਨਾਂ ਨੇ ਨਸ਼ਿਆਂ ਤੇ ਹਥਿਆਰਾਂ ਦੇ ਐਨੇ ਗੁਣ ਗਾਇਨ ਕੀਤੇ, ਸਾਰੀ ਜੁਆਨੀ ਨੂੰ ਹੀ ਕੁਰਾਹੇ ਨੂੰ ਧੱਕ ਦਿੱਤਾ...!" ਪਾੜ੍ਹਾ ਆਪਣੀ ਰਮਜ਼ ਦੱਸ ਗਿਆ।

-"ਸਰਕਾਰਾਂ ਵੀ ਲਉਢੀ ਦੇਣੀਆਂ ਕੁਛ ਨੀ ਕਰਦੀਆਂ...!" ਅਮਲੀ ਦੀ ਅੱਖ ਸ਼ਾਇਦ ਹੁਣ ਖੁੱਲ੍ਹੀ ਸੀ।

-"....ਤੇ ਅਸੀਂ ਕੀ ਕਰਦੇ ਐਂ..?" ਮਾਸਟਰ ਨੂੰ ਅਮਲੀ ਦੀ ਦਲਿੱਦਰ ਗੱਲ 'ਤੇ ਗੁੱਸਾ ਆ ਗਿਆ,  "ਸਾਨੂੰ ਵੀ ਦੋਸ਼ ਦੇਣ ਤੋਂ ਬਿਨਾਂ ਕੁਛ ਨੀ ਆਉਂਦਾ...! ਆਪਣੀ ਆਲ਼ਸ, ਨਾਲਾਇਕੀ ਤੇ ਦਲਿੱਦਰੀ ਦਾ ਸੱਪ ਸਰਕਾਰਾਂ ਦੇ ਗਲ਼ 'ਚ ਸੁੱਟ ਕੇ ਅਸੀਂ ਸੁਰਖ਼ਰੂ ਹੋ ਜਾਨੇ ਐਂ...! ਜੇ ਸਰਕਾਰਾਂ ਕੁਛ ਨਹੀਂ ਕਰਦੀਆਂ, ਤਾਂ ਸਾਡਾ ਕੋਈ ਵੀ ਫ਼ਰਜ਼ ਨੀ ਬਣਦਾ...? ਡੁੱਬਦੇ ਬੇੜੇ ਦੇ ਰਹਿਮ 'ਤੇ ਹੱਥ ਜੋੜ ਕੇ ਬੈਠੇ ਰਹਿਣਾ, ਇਹ ਕਿੰਨੀ ਕੁ ਅਕਲਮੰਦੀ ਐ...?" ਮਾਸਟਰ ਦੇ ਗੁੱਸੇ ਦੀ ਸੂਈ ਖ਼ਤਰੇ ਵਾਲ਼ੇ ਨਿਸ਼ਾਨ 'ਤੇ ਪਹੁੰਚ ਗਈ।

-"ਐਤਕੀਂ ਸਰਕਾਰ ਨੂੰ ਭੁੱਕੀ ਤੇ ਡੋਡਿਆਂ ਦੀ ਬਾਤ ਜਰੂਰ ਪਾਈਂ ਮਾਹਟਰ ਸਾਅਬ..! ਸਾਡੇ ਬਾਰੇ ਵੀ ਸੋਚ ਲਿਆ ਕਰੋ..!"

-"ਨਸ਼ਾ ਬੰਦੇ ਨੂੰ ਬੇਗ਼ੈਰਤ ਤੇ ਆਲ਼ਸੀ ਬਣਾਉਂਦੈ ਅਮਲੀਆ...! ਛੱਡ ਦੇ ਇਹਨਾਂ ਨੂੰ...!!"

-"ਹੋਰ ਕੁਛ...? ਮੈਂ ਭੁੱਕੀ ਤੇ ਡੋਡਿਆਂ ਦੀ ਬਾਤ ਪਾਉਣ ਨੂੰ ਕਿਹੈ, ਉਪਦੇਸ਼ ਦੇਣ ਨੂੰ ਨੀ ਮਾਹਟਰ ਜੀ..! ਉਪਦੇਸ਼ ਤਾਂ ਖਿੜੇ ਨਸ਼ੇ 'ਚ ਮੈਂ ਆਪ ਵੀ ਬਥੇਰਾ ਦੇ ਲੈਨੈਂ..!"

-"ਇਹ ਐ ਸਾਡੇ ਗੁਰੂਆਂ-ਪੀਰਾਂ ਦੀ ਧਰਤੀ ਦੇ ਹੋਣਹਾਰ ਪੁੱਤਰ...! ਕੋਹੜ੍ਹੀ ਕਿਸੇ ਥਾਂ ਦੇ...!" ਮਾਸਟਰ ਨੇ ਊਂਘਦੇ ਅਮਲੀ ਵੱਲ ਹੱਥ ਕਰ ਕੇ ਕਿਹਾ।

ਜਦ ਜੱਜ ਗੁਰਜੋਤ ਸਿੰਘ ਸੱਥ ਵਿੱਚ ਪਹੁੰਚਿਆ ਤਾਂ ਸਾਰੇ ਅਦਬ ਵਜੋਂ ਖੜ੍ਹੇ ਹੋ ਗਏ।

ਜੱਜ ਹੋਣ ਕਾਰਨ ਸਾਰੇ ਪਿੰਡ ਵਾਲ਼ੇ ਉਸ ਦਾ ਸਤਿਕਾਰ ਕਰਦੇ ਸਨ।

 

0 0 0 0 0

 

ਅੱਧੀ ਰਾਤ ਦਾ ਮੌਕਾ ਸੀ।

ਸੀਰੀ ਗੇਜਾ ਅਤੇ ਜੋਗਾ ਸਿੰਘ "ਲੌਕ-ਅੱਪ" ਵਿਚ ਬੰਦ ਸਨ। ਸਾਰੀ ਜੇਲ੍ਹ ਗੂੜ੍ਹੀ ਨੀਂਦ ਵਿਚ ਡੁੱਬੀ ਹੋਈ ਸੀ। ਜੇਲ੍ਹ ਦੇ ਵਾਰਡ ਵਿੱਚ ਸੰਤਰੀ ਪਹਿਰਾ ਦੇ ਰਿਹਾ ਸੀ। ਆਪਣੇ ਸੈੱਲ ਵਿਚ ਜੋਗਾ ਸਿੰਘ ਅਤੇ ਬਾਕੀ ਕੈਦੀ ਘੂਕ ਸੁੱਤੇ ਪਏ ਸਨ।

ਸੀਰੀ ਗੇਜਾ ਸੁੱਤਾ ਪਿਆ ਅੱਚਵੀ ਲੱਗੀ ਵਾਲ਼ਿਆਂ ਵਾਂਗੂੰ ਕਰ ਰਿਹਾ ਸੀ। ਗੇਜੇ ਨੂੰ ਸੁਪਨੇ ਵਿੱਚ ਨਿੱਕੀ ਜਿਹੀ ਬੱਚੀ ਉਸ ਦੀ ਹਿੱਕ 'ਤੇ ਚੜ੍ਹਦੀ ਆ ਰਹੀ ਦਿਸੀ। ਅਚਾਨਕ ਕੁੜੀ ਨੇ ਸਰਾਲ਼ ਦਾ ਰੂਪ ਧਾਰਨ ਕਰ ਲਿਆ। ਕੁੜੀ ਦੇ ਮੱਥੇ ਉਪਰ ਤਿੰਨ ਅੱਖਾਂ ਕਿਸੇ ਮਣੀ ਵਾਂਗ ਲਿਸ਼ਕ ਰਹੀਆਂ ਸਨ ਅਤੇ ਉਸ ਦੇ ਹੱਥ ਵਿੱਚ ਕਿਸੇ ਜਾਨਵਰ ਦੀ ਵੱਢੀ ਹੋਈ ਪੂਛ ਫ਼ੜੀ ਹੋਈ ਸੀ। ਪੂਛ ਲਹੂ ਲੁਹਾਣ ਸੀ। ਉਸ ਨੇ ਹੱਥ ਵਿੱਚ ਫ਼ੜੀ ਵੱਢੀ ਹੋਈ ਪੂਛ ਗੇਜੇ ਦੀ ਧੌਣ ਦੁਆਲ਼ੇ ਵਲ਼ਣੀ ਸ਼ੁਰੂ ਕਰ, ਗਲ਼ ਘੁੱਟਣਾਂ ਸ਼ੁਰੂ ਕਰ ਦਿੱਤਾ....

ਡਰੇ ਗੇਜੇ ਦੀ ਲੇਰ ਨਿਕਲ਼ੀ।

-"ਓਏ ਬਹੁੜੀ ਓਏ...! ਮਾਰਤਾ ਓਏ ਮੈਨੂੰ...!! ਓਏ ਫ਼ੜੋ ਓਏ ਇਹਨੂੰ ਜੁਆਕੜੀ ਨੂੰ...!!! ਬਹੁੜ੍ਹੀ ਓਏ ਰੱਬਾ...!!!! ਖਾ ਲਿਆ ਓਏ ਮੇਰਿਓ ਸਾਲ਼ਿਓ...!"

ਗੇਜੇ ਦਾ ਬਰੜਾਹਟ ਸੁਣ ਕੇ ਜੇਲ੍ਹ ਦੇ ਸਾਰੇ ਕੈਦੀ ਉਠ ਕੇ ਬੈਠ ਗਏ।

-"ਐਹਨੇ ਬੜੇ ਤੰਗ ਕੀਤੇ ਐਂ ਯਾਰ...!" ਇੱਕ ਕੈਦੀ ਕਰੋਧ ਵਿੱਚ ਦਧਨ ਹੋਇਆ ਬੋਲਿਆ।

-"ਕਦੇ ਇਹਦੇ ਆਲ਼ਾ ਛੋਪ ਕੱਤਣਾ ਪਊ, ਇਹਦਾ ਨਿੱਤ ਦਾ ਈ ਕੰਮ ਐਂ...!" ਦੂਜਾ ਵੀ ਅੱਕਿਆ ਪਿਆ ਸੀ।

-"ਨਾ ਸੌਂਦੈ, ਤੇ ਨਾ ਸੌਣ ਦਿੰਦੈ..!" ਤੀਜਾ ਉਠ ਕੇ ਘੜ੍ਹੇ ਵਿੱਚੋਂ ਪਾਣੀ ਪੀਣ ਚਲਿਆ ਗਿਆ।

-"ਚੁੱਪ ਕਰ ਕੇ ਪੈਜੋ ਓਏ...!" ਸੰਤਰੀ ਨੇ ਬੇਥ੍ਹਵਾ ਦਬਕਾੜਾ ਮਾਰਿਆ।

-"ਪਹਿਲਾਂ ਔਹਨੂੰ ਆਬਦੇ ਭਣੋਈਏ ਨੂੰ ਕਿਸੇ ਡਾਕਦਾਰ ਦੇ ਲੈ ਕੇ ਜਾਹ..! ਉਹ ਨੀ ਸਾਡੀ ਅੱਖ ਲੱਗਣ ਦਿੰਦਾ ਸਾਰੀ ਰਾਤ...!" ਪਹਿਲੇ ਕੈਦੀ ਨੇ ਸੰਤਰੀ ਨੂੰ ਕੋਰੜਾ ਛੰਦ ਸੁਣਾਇਆ।

ਸੰਤਰੀ ਨੇ ਗੇਜੇ ਵਾਲ਼ੇ ਸੈੱਲ ਦੀਆਂ ਸੀਖਾਂ 'ਤੇ ਡੰਡਾ ਮਾਰਿਆ। ਗੇਜਾ "ਵਾਹਿਗੁਰੂ" ਆਖਦਾ ਉਠ ਕੇ ਬੈਠ ਗਿਆ।

ਅਗਲੇ ਦਿਨ ਜਪੁਜੀ ਮਾਂ ਦੇ ਸਿਰਹਾਣੇ ਆਣ ਬੈਠੀ।

-"ਮਾਂ...!"

-"ਹਾਂ ਪੁੱਤ...!" ਜਪਨਾਮ ਕੌਰ ਨੇ ਉਤਰ ਦਿੱਤਾ।

-"ਜੇ ਤੂੰ ਗੁੱਸਾ ਨਾ ਕਰੇਂ ਇੱਕ ਗੱਲ ਪੁੱਛਣੀਂ ਐ...!"

-"ਪੁੱਛ ਪੁੱਤ...!" ਕਹਿਣ ਨੂੰ ਤਾਂ ਜਪਨਾਮ ਕੌਰ ਨੇ ਆਖ ਦਿੱਤਾ। ਪਰ ਅੰਦਰੋਂ ਉਸ ਦਾ ਹਿਰਦਾ ਸੁੱਕੇ ਪੱਤੇ ਵਾਂਗ ਕੰਬਿਆ ਸੀ।

-"ਮੈਂ ਆਪਣੀ ਜਨਮ ਦੇਣ ਵਾਲ਼ੀ ਮਾਂ ਨੂੰ ਮਿਲਣਾ ਚਾਹੁੰਨੀ ਐਂ..!"

ਅਚਾਨਕ ਬਾਪੂ ਜੀ ਵੀ ਆ ਗਏ।

-"ਇਹਦੇ 'ਚ ਪੁੱਛਣ ਵਾਲ਼ੀ ਕਿਹੜੀ ਗੱਲ ਐ, ਪੁੱਤ...? ਗੱਡੀ ਭੇਜ ਕੇ ਐਥੇ ਈ ਮੰਗਵਾ ਲੈਨੇ ਆਂ..!" ਬਾਪੂ ਗੁਰਜੋਤ ਸਿੰਘ ਨੇ ਉਸ ਦੀ ਮੁਸ਼ਕਿਲ ਪਲ ਵਿੱਚ ਹੱਲ ਕਰ ਦਿੱੱਤੀ।

ਗੁਰਜੋਤ ਸਿੰਘ ਨੇ ਡਰਾਈਵਰ ਨੂੰ ਹਦਾਇਤਾਂ ਦੇ ਕੇ ਤੋਰ ਦਿੱਤਾ ਅਤੇ ਉਹ ਅਨੂਪ ਕੌਰ ਨੂੰ ਗੱਡੀ ਵਿੱਚ ਬਿਠਾ ਲਿਆਇਆ।

ਗੱਡੀ ਗੁਰਜੋਤ ਸਿੰਘ ਦੇ ਘਰ ਅੱਗੇ ਆ ਰੁਕੀ।

ਡਰਾਈਵਰ ਨੇ ਦਰਵਾਜਾ ਖੋਲ੍ਹਿਆ ਤਾਂ ਜਪੁਜੀ ਦੀ ਜਨਮ ਦੇਣ ਵਾਲ਼ੀ ਮਾਂ ਅਨੂਪ ਕੌਰ ਉਤਰੀ। ਉਹ ਓਪਰਿਆਂ ਅਤੇ ਬਾਂਵਰਿਆਂ ਵਾਂਗ ਆਸੇ-ਪਾਸੇ ਝਾਕ ਰਹੀ ਸੀ। ਜੱਜ ਉਸ ਦਾ ਹੱਥ ਫ਼ੜ ਕੇ ਅੰਦਰ ਲੈ ਆਇਆ।

-"ਵੀਰ ਜੀ, ਮੈਨੂੰ ਐਥੇ ਕਿਉਂ ਬੁਲਾਇਐ...?" ਉਹ ਡਰਿਆਂ ਵਾਂਗ ਬੋਲੀ।

-"ਆਓ...! ਅੰਦਰ ਆਓ...! ਬੈਠ ਕੇ ਗੱਲ ਕਰਦੇ ਆਂ, ਭੈਣ ਜੀ..!" ਗੁਰਜੋਤ ਸਿੰਘ ਨੇ ਕਿਹਾ। ਅਨੂਪ ਕੌਰ ਸੁਆਲੀਆ ਨਜ਼ਰਾਂ ਨਾਲ਼ ਚਿਹਰੇ ਨਿਹਾਰ ਰਹੀ ਸੀ। ਸ਼ਾਇਦ ਕੋਈ ਪਹਿਚਾਣ ਕੱਢ ਰਹੀ ਸੀ।

-"ਤੁਹਾਡੀ ਇੱਕ ਧੀ ਥੋਡੇ ਸੀਰੀ ਨੇ ਨਹਿਰ 'ਚ ਸੁੱਟ ਦਿੱਤੀ ਸੀ ਨ੍ਹਾਂ..?" ਜਪਨਾਮ ਕੌਰ ਨੇ ਗੱਲ ਤੋਰੀ।

-"...............।" ਅਨੂਪ ਕੌਰ ਨੇ ਕੰਬਦਾ ਸਿਰ "ਹਾਂ" ਵਿੱਚ ਹਿਲਾਇਆ।

-"ਥੋਨੂੰ ਥੋਡੀ ਓਹੀ ਧੀ ਮਿਲ਼ਾਉਣ ਵਾਸਤੇ ਐਥੇ ਬੁਲਾਇਐ, ਭੈਣ ਜੀ...!"

-"ਉਹ ਮਰੀ ਨੀ ਸੀ....?? ... ਉਹ ਜਿਉਂਦੀ ਐ...????" ਅਨੂਪ ਕੌਰ ਦਾ ਮੂੰਹ ਅੱਡਿਆ ਹੋਇਆ ਸੀ ਅਤੇ ਅੱਖਾਂ ਮਿਰਗ ਤ੍ਰਿਸ਼ਨਾ ਬਣ ਗਈਆਂ ਸਨ।

-"ਜਿਸ ਨੂੰ ਰੱਬ ਰੱਖੇ, ਮਾਰੇ ਕੌਣ ਭੈਣ ਜੀ...? ਆਹ ਦੇਖੋ, ਥੋਡੀ ਜਿਉਂਦੀ ਜਾਗਦੀ ਧੀ...!"

-"ਥੋਡੀ ਧੀ ਅੱਜ ਕੱਲ੍ਹ ਜੱਜ ਐ...!" ਜਪਨਾਮ ਕੌਰ ਨੇ ਕਿਹਾ।

-"..................।" ਅਨੂਪ ਕੌਰ ਨੇ ਬੜੀ ਹਸਰਤ ਨਾਲ਼ ਧੀ ਵੱਲ ਦੇਖਿਆ। ਉਸ ਦੇ ਜ਼ਿਹਨ ਵਿਚ ਖ਼ੁਸ਼ੀ ਦੀਆਂ ਘੰਟੀਆਂ ਖੜਕੀਆਂ। ਅੱਖਾਂ ਵਿਚ ਆਏ ਅੱਥਰੂਆਂ ਕਾਰਨ ਉਸ ਨੂੰ ਧੀ ਦਾ ਚਿਹਰਾ ਧੁੰਦਲਾ ਨਜ਼ਰ ਆ ਰਿਹਾ ਸੀ।

ਜਪੁਜੀ ਨੇ ਅਨੂਪ ਕੌਰ ਨੂੰ ਗਲਵਕੜੀ ਵਿੱਚ ਘੁੱਟ ਲਿਆ ਅਤੇ ਦੋਨਾਂ ਦੀਆਂ ਧਾਹਾਂ ਨਿਕਲ਼ ਗਈਆਂ।

-"ਧੀਏ ਮੁਆਫ਼ ਕਰੀਂ ਮਾਂ ਨੂੰ...! ਤੇਰੀ ਮਾਂ ਨਿਰਬਲ ਤੇ ਬੇਵੱਸ ਸੀ, ਤੇਰੀ ਰਾਖੀ ਨੀ ਕਰ ਸਕੀ, ਤੈਨੂੰ ਬਚਾ ਨੀ ਸਕੀ ਧੀਏ...!! ਡਾਢਿਆਂ ਨੇ ਮੇਰੀ ਪੇਸ਼ ਨੀ ਜਾਣ ਦਿੱਤੀ, ਮੁਆਫ਼ ਕਰ ਮੈਨੂੰ...!" ਅਨੂਪ ਕੌਰ ਜਪੁਜੀ ਦੇ ਗਲ਼ ਲੱਗੀ ਵੈਰਾਗ ਵਿਚ ਬੋਲ ਰਹੀ ਸੀ, "ਜੇ ਮੇਰੇ 'ਚ ਬਲ ਹੁੰਦਾ, ਤਾਂ ਤੈਨੂੰ ਜ਼ਰੂਰ ਬਚਾਉਂਦੀ ਧੀਏ...! ਡਾਢੇ ਜੱਗ ਨੇ ਤੇਰੀ ਮਾਂ ਦੀ ਕੋਈ ਪੇਸ਼ ਨੀ ਜਾਣ ਦਿੱਤੀ...! ਤਕੜੇ ਦਾ ਹਮੇਸ਼ਾ ਸੱਤੀਂ ਵੀਹੀਂ ਸੌ ਰਿਹੈ, ਧੀਏ..!" ਉਹ ਜਪੁਜੀ ਦੇ ਗਲ਼ ਲੱਗੀ ਰੋਈ ਜਾ ਰਹੀ ਸੀ।

-"ਥੋਡੀ ਧੀ ਜਿਉਂਦੀ-ਜਾਗਦੀ, ਹਰੀ ਕਾਇਮ, ਥੋਡੇ ਸਾਹਮਣੇ ਐਂ ਭੈਣ ਜੀ, ਹੁਣ ਦਿਲ ਹੌਲ਼ਾ ਨਾ ਕਰੋ..!" ਜੱਜ ਅਤੇ ਜਪਨਾਮ ਕੌਰ ਦੀਆਂ ਅੱਖਾਂ ਵੀ ਛਲਕ ਪਈਆਂ ਸਨ।

ਦੇਰ ਰਾਤ ਤੱਕ ਉਹ ਸਾਰੇ ਗੱਲਾਂ ਕਰਦੇ ਰਹੇ।

ਪਹੁ ਫ਼ਟਦੀ ਨਾਲ਼ ਦੂਰ ਕਿਤੇ ਕੁੱਕੜ ਨੇ ਬਾਂਗ ਦਿੱਤੀ।

ਸਵੇਰ ਦਾ ਸੂਰਜ ਚੜ੍ਹ ਆਇਆ ਸੀ।

ਜੱਜ ਦੀ ਗੱਡੀ ਜੇਲ੍ਹ ਦੇ ਗੇਟ ਅੱਗੇ ਆ ਕੇ ਰੁਕੀ।

ਅੱਗੇ-ਅੱਗੇ ਅਨੂਪ ਕੌਰ ਜਾ ਰਹੀ ਸੀ ਅਤੇ ਬਾਕੀ ਸਾਰੇ ਉਸ ਦੇ ਪਿੱਛੇ ਆ ਰਹੇ ਸਨ।

ਇੱਕ ਪਾਸੇ ਜੋਗਾ ਸਿੰਘ ਸੀਖਾਂ ਨੂੰ ਹੱਥ ਪਾਈ ਖੜ੍ਹਾ ਸੀ। ਪਿੱਛੇ ਕੰਧ ਨਾਲ਼ ਗੇਜਾ ਟੇਢ ਪਰਨੇਂ ਪਿਆ ਸੀ।

ਅਨੂਪ ਕੌਰ ਨੂੰ ਦੇਖ ਕੇ ਜੋਗਾ ਸਿੰਘ ਨੇ ਉਦਾਸੀ ਵਿੱਚ ਲੰਮਾਂ ਸਾਹ ਲਿਆ ਅਤੇ ਮੁੜ ਨੀਂਵੀਂ ਸੁੱਟ ਲਈ।

-"ਸ਼ੁਕਰ ਐ ਰੱਬ ਨੇ ਤੇਰੇ ਹੱਥ 'ਚ ਕੋਈ ਕਲਮ ਨਹੀਂ ਫ਼ੜਾਈ, ਨਹੀਂ ਤਾਂ ਤੂੰ ਕਾਲ਼ੇ ਲੇਖ ਲਿਖਣ ਵਾਲ਼ੀ ਕਸਰ ਬਾਕੀ ਨੀ ਸੀ ਛੱਡਣੀਂ, ਸਰਦਾਰਾ...!" ਅਨੂਪ ਕੌਰ ਦੀ ਗੱਲ ਸੁਣ ਕੇ ਜੋਗਾ ਸਿੰਘ ਨੇ ਸਿਰ ਉਪਰ ਚੁੱਕਿਆ।

ਗੇਜਾ ਵੀ ਸਿੱਧਾ ਹੋ ਕੇ ਉਹਨਾਂ ਦੀਆਂ ਗੱਲਾਂ ਧਿਆਨ ਨਾਲ਼ ਸੁਣਨ ਲੱਗ ਪਿਆ। ਉਹ ਅਨੂਪ ਕੌਰ ਵੱਲ ਕੋਚਰ ਵਾਂਗ ਟਿਕਟਿਕੀ ਲਾ ਕੇ ਝਾਕ ਰਿਹਾ ਸੀ।

-"ਜਿਹੜੀ ਧੀ ਤੂੰ ਖੋਹ ਕੇ ਮਾਰਨ ਦੀ ਅੜੀ ਕੀਤੀ ਸੀ, ਮੈਂ ਉਹਨੂੰ ਨਾਲ਼ ਲੈ ਕੇ ਆਈ ਆਂ, ਸਰਦਾਰਾ..! ਮੇਰੇ ਗੁਰੂ ਨਾਨਕ ਪਾਤਿਸ਼ਾਹ ਨੇ ਉਹਨੂੰ ਬਚਾ ਲਿਆ ਸੀ...!" ਅਨੂਪ ਕੌਰ ਨੇ ਅਜੀਬ ਹੀ ਭਾਖਿਆ ਦਿੱਤੀ।

-"ਪਰ ਉਹ ਤਾਂ ਮਰਗੀ ਸੀ...!" ਜੋਗਾ ਸਿੰਘ ਪਿਆਸੇ ਕਾਂ ਵਾਂਗ ਝਾਕਿਆ।

-"ਨਾਨਕ ਨਾਮੁ ਹਰਿ ਮਨਿ ਵਸੈ ਭਾਈ ਤਿਸੁ ਬਿਘਨੁ ਨ ਲਾਗੈ ਕੋਇ।। ਤੂੰ ਤਾਂ ਮਾਰਨ ਦੀ ਬਥੇਰੀ ਕੋਸ਼ਿਸ਼ ਕੀਤੀ, ਪਰ ਮੈਂ ਧੰਨ ਗੁਰੂ ਨਾਨਕ ਪਾਤਿਸ਼ਾਹ ਦੇ ਚਰਨ ਨਹੀਂ ਛੱਡੇ..! ਦੇਖ ਲੈ ਦੁਨੀਆਂ ਦੇ ਕਰਤਾ ਨੇ ਉਹਨੂੰ ਹੱਥ ਦੇ ਕੇ ਰੱਖ ਲਿਆ...!"

-"ਇਹ ਕੀ ਕਹੀ ਜਾਨੀ ਐਂ..?" ਜੋਗਾ ਸਿੰਘ ਘੋਰ ਹੈਰਾਨ ਸੀ।

-"ਸਹੀ ਕਹਿੰਨੀ ਆਂ ਸਰਦਾਰਾ...! ਰੱਬ ਨੇ ਮੇਰੀ ਕੁੱਖ ਦੀ ਲਾਜ ਰੱਖੀ..! ਆਹ ਦੇਖ..!" ਅਨੂਪ ਕੌਰ ਦੇ ਬੋਲਣ 'ਤੇ ਇੱਕ ਪਾਸਿਓਂ ਨਿਕਲ਼ ਕੇ ਜਪੁਜੀ ਅੱਗੇ ਆ ਗਈ। ਦੇਖ ਕੇ ਜੋਗਾ ਸਿੰਘ ਦੀਆਂ ਅੱਖਾਂ ਪਥਰਾ ਗਈਆਂ।

-"ਮੇਰੀ ਧੀ ਜੱਜ....??" ਜੋਗਾ ਸਿੰਘ ਬੇਸੁੱਧ ਜਿਹਾ ਹੋਇਆ ਖੜ੍ਹਾ ਸੀ।

-"ਜੀ...! ਤੁਹਾਡੀ ਧੀ, ਜੱਜ...!" ਜਪੁਜੀ ਨੇ ਉਤਰ ਦਿੱਤਾ।

-"ਪੁੱਤ......!" ਜੋਗਾ ਸਿੰਘ ਉਤਸੁਕਤਾ ਵਿੱਚ ਆ ਗਿਆ। ਪਰ ਜਪੁਜੀ ਨੇ ਇਸ਼ਾਰੇ ਨਾਲ਼ ਬੋਲਣ ਤੋਂ ਰੋਕ ਦਿੱਤਾ।

-"ਇੱਕ ਦਿਨ ਤੁਸੀਂ ਮੇਰੇ ਲੇਖਾਂ 'ਚ ਮੌਤ ਲਿਖਣੀ ਚਾਹੀ ਸੀ, ਤੇ ਹੁਣ ਇਨਸਾਫ਼ ਦੀ ਕੁਰਸੀ 'ਤੇ ਬਹਿ ਕੇ ਮੈਨੂੰ ਤੁਹਾਡੇ ਲੇਖ ਲਿਖਣੇ ਪੈਣੇ ਐਂ..!" ਜਪੁਜੀ ਬੋਲੀ।

-"ਮੈਨੂੰ ਮੁਆਫ਼ ਕਰ ਦੇ ਧੀਏ...! ਮੁਆਫ਼ ਕਰਦੇ...!! ਮੇਰੀ ਅਕਲ 'ਤੇ ਪੜਦਾ ਪੈ ਗਿਆ ਸੀ, ਮੁਆਫ਼ ਕਰ ਦੇ..!" ਜੋਗਾ ਸਿੰਘ ਨੇ ਹੱਥ ਜੋੜ ਲਏ। ਉਹ ਰੋਂਦਾ ਸੀਖਾਂ ਨਾਲ਼ ਸਿਰ ਮਾਰ ਰਿਹਾ ਸੀ, "ਬਹੁਤ ਹੋਗੀ ਮੇਰੇ ਮੂੰਹ ਨਾਲ਼..!"

ਸਾਰਾ ਬ੍ਰਿਤਾਂਤ ਸੁਣ ਕੇ ਗੇਜਾ ਆਪਣੇ ਆਪ ਨੂੰ ਹਲਕਾ ਜਿਹਾ ਮਹਿਸੂਸ ਕਰ ਰਿਹਾ ਸੀ। ਉਸ ਦੇ ਉਜੜੇ ਵੈਰਾਨ ਚਿਹਰੇ 'ਤੇ ਰੌਣਕ ਪਰਤ ਆਈ ਸੀ। ਉਸ ਦੇ ਮਨ ਉਤੋਂ ਮਣਾਂ-ਮੂੰਹੀਂ ਬੋਝ ਇੱਕ ਪਲ ਵਿੱਚ ਉਤਰ ਗਿਆ ਸੀ। ਉਹ ਕਮਲ਼ਿਆਂ ਵਾਂਗ ਉਠ ਕੇ ਸੀਖਾਂ ਕੋਲ਼ ਆ ਗਿਆ। ਉਸ ਦੇ ਮੂੰਹ ਉਪਰ ਅਜੀਬ ਜਿਹੀ ਮੁਸਕਾਨ ਸੀ। ਉਹ ਬੜੀ ਹਸਰਤ ਨਾਲ਼ ਜਪੁਜੀ ਵੱਲ ਦੇਖ ਰਿਹਾ ਸੀ।

ਅੱਧੇ ਕੁ ਘੰਟੇ ਬਾਅਦ ਉਹ ਵਾਪਸ ਪਰਤ ਗਏ।

ਅਜੇ ਉਹ ਘਰ ਵੜੇ ਹੀ ਸਨ ਕਿ ਕਿਸੇ ਦਾ ਫ਼ੋਨ ਆ ਗਿਆ। ਫ਼ੋਨ ਸੁਣ ਕੇ ਜਪਨਾਮ ਕੌਰ ਸੁੰਨ ਹੋ ਕੇ ਬੈਠ ਗਈ।

-"ਕੀ ਹੋ ਗਿਆ...?" ਗੁਰਜੋਤ ਸਿੰਘ ਨੇ ਪੁੱਛਿਆ।

-"ਸੁਮੀਤ ਨੀ ਸੀ ਵਿਆਹਿਆ ਆਪਣਾ...?"

-"ਆਹੋ...!"

-"ਉਹਨਾਂ ਨਾਲ਼ ਤਾਂ ਬਲ੍ਹਾਈ ਵੱਡਾ ਧੋਖਾ ਹੋਇਐ ਸਰਦਾਰ ਜੀ...!" ਉਹ ਰੋਣ ਲੱਗ ਪਈ।

-"ਫ਼ੇਰ ਵੀ, ਹੋਇਆ ਕੀ..? ਰੋਣ ਕਿਉਂ ਲੱਗ ਪਈ..? ਗੱਲ ਦੱਸ ਖਾਂ..!" ਗੁਰਜੋਤ ਨੇ ਉਸ ਨੂੰ ਧਰਵਾਸ ਦਿੱਤਾ।

....ਅਸਲ ਵਿੱਚ ਸੁਮੀਤ ਜਪਨਾਮ ਕੌਰ ਦਾ ਭਾਣਜਾ ਸੀ। ਸੁਮੀਤ ਦਾ ਸਾਰਾ ਪ੍ਰੀਵਾਰ ਬੜੇ ਸ਼ਾਂਤਮਈ ਢੰਗ ਨਾਲ਼ ਕੈਨੇਡਾ ਰਹਿ ਰਿਹਾ ਸੀ। ਸੁਮੀਤ ਦਾ ਬਾਪ ਰਤਨ ਸਿੰਘ ਆਰਮੀ ਵਿੱਚ ਡਾਕਟਰ ਸੀ ਅਤੇ ਮਾਂ ਨੇ ਵੀ ਮੈਡੀਕਲ ਦੀ ਡਿਗਰੀ ਲਈ ਹੋਈ ਸੀ। ਬੜਾ ਸਾਊ ਅਤੇ ਕੂੰਨਾਂ ਟੱਬਰ ਸੀ। ਭਲੇ ਵੇਲ਼ਿਆਂ ਵਿੱਚ "ਪੁਆਇੰਟ ਸਿਸਟਿਮ" 'ਤੇ ਕੈਨੇਡਾ ਆ ਗਿਆ। ਓਦੋਂ ਸੁਮੀਤ ਹੋਰੀਂ ਅਜੇ ਛੋਟੇ-ਛੋਟੇ ਹੀ ਸਨ। ਕੈਨੇਡਾ ਆਣ ਕੇ ਪੜ੍ਹੇ ਅਤੇ ਕੈਨੇਡੀਅਨ ਸੱਭਿਆਚਾਰ ਵਿੱਚ ਵੱਡੇ ਹੋਏ। ਪਰ ਸੁਮੀਤ ਦੇ ਮਾਂ-ਬਾਪ ਨੇ ਲੋਕਾਂ ਵਾਂਗੂੰ ਕੈਨੇਡਾ ਵਾਲ਼ਾ ਅਫ਼ਰੇਵਾਂ ਨਹੀਂ ਕੀਤਾ, ਧਰਤੀ ਨਾਲ਼ ਹੀ ਜੁੜੇ ਰਹੇ। ਹਰ ਸਾਲ ਬੱਚਿਆਂ ਨੂੰ ਲੈ ਕੇ ਪੰਜਾਬ ਜਾਂਦੇ ਅਤੇ ਪੰਜਾਬ ਦੀਆਂ ਵੱਖ-ਵੱਖ ਥਾਂਵਾਂ ਦਿਖਾਉਂਦੇ। ਉਹਨਾਂ ਦੇ ਮਨ ਵਿੱਚ ਸੀ ਕਿ ਬੱਚੇ ਆਪਣੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ਼ ਜੁੜੇ ਰਹਿਣ! ਸੁਮੀਤ ਦੇ ਬਾਪ ਦਾ ਦਸਵੰਧ ਇੱਕ ਤਰ੍ਹਾਂ ਨਾਲ ਬੱਚਿਆਂ ਦੇ ਭਵਿੱਖ ਉਪਰ ਹੀ ਖਰਚ ਹੋ ਰਿਹਾ ਸੀ। ਉਸ ਨੇ ਸਾਰੀ ਉਮਰ ਭਾਰਤੀ ਫ਼ੌਜ ਵਿੱਚ ਡਾਕਟਰੀ ਕੀਤੀ ਸੀ, ਫ਼ਿਰ ਵਕਤ ਪਾ ਕੇ ਕੈਨੇਡਾ ਆ ਵਸਿਆ ਸੀ, ਪਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਉਸ ਨੇ ਹੱਥੋਂ ਨਹੀਂ ਗੁਆਈ ਸੀ। ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਆਪਣਾ ਵਿਰਸਾ, ਆਪਣੀ ਜ਼ਿੰਦਗੀ ਦੀ ਅਣਮੁੱਲੀ ਪੂੰਜੀ ਸਮਝਦਾ ਸੀ।

ਜਦ ਅਕਤੂਬਰ ਦੇ ਸੁਹਾਵਣੇ ਮੌਸਮ ਵਿੱਚ ਸੁਮੀਤ ਹੋਰਾਂ ਦਾ ਬਾਪ ਕੈਨੇਡਾ ਤੋਂ ਪੰਜਾਬ ਆਇਆ ਤਾਂ ਸੁਮੀਤ ਨੂੰ ਜੁਆਨ ਦੇਖ ਕੇ ਰਿਸ਼ਤੇਦਾਰਾਂ ਨੇ ਰਿਸ਼ਤੇ ਲਈ ਗੇੜੇ ਦੇਣੇ ਸ਼ੁਰੂ ਕਰ ਦਿੱਤੇ। ਸੁਮੀਤ ਦਾ ਬਾਪ ਵੀ ਸੁਮੀਤ ਨੂੰ ਕਿਸੇ ਪੰਜਾਬੀ ਸੱਭਿਆਚਾਰ ਵਿੱਚ ਰੰਗੀ ਕੁੜੀ ਨਾਲ਼ ਵਿਆਹੁੰਣਾ ਚਾਹੁੰਦਾ ਸੀ। ਕੈਨੇਡਾ ਵਿੱਚੋਂ ਸੁਮੀਤ ਨੂੰ ਬਥੇਰੇ ਰਿਸ਼ਤੇ ਆ ਚੁੱਕੇ ਸਨ, ਪਰ ਸੁਮੀਤ ਦੇ ਬਾਪ ਰਤਨ ਸਿੰਘ ਨੇ ਲੱਤ ਨਾ ਲਾਈ। ਉਹ ਕੈਨੇਡੀਅਨ ਰਿਸ਼ਤਿਆਂ ਨੂੰ ਨੱਕ ਬੁੱਲ੍ਹ ਮਾਰਦਾ ਰਿਹਾ।

ਇੱਕ ਸ਼ਾਮ ਰਤਨ ਸਿੰਘ ਅਤੇ ਉਸ ਦਾ ਬੇਲੀ ਹਰਜੀਤ ਗਿੱਲ ਬੋਤਲ ਖੋਲ੍ਹੀ ਬੈਠੇ ਸਨ।

-"ਮੈਂ ਤਾਂ ਆਬਦੇ ਸ਼ੇਰ ਨੂੰ ਕਿਸੇ ਖਾਲਸ ਪੰਜਾਬਣ ਕੁੜੀ ਨਾਲ਼ ਵਿਆਹੂੰਗਾ..! ਬੁਰਸ਼ਿਆਂ ਜਿੱਡੇ ਜਿੱਡੇ ਮੇਰੇ ਪੋਤੇ ਜੰਮਣਗੇ