ਬੰਗਲਾਦੇਸ਼ ਬਣਨ ਵੇਲੇ ਦੇ ਸ਼ਾਨਦਾਰ ਪਲ - ਲੈਫਟੀਨੈਂਟ ਜਨਰਲ (ਰਿਟਾ.) ਐਸ.ਐਸ. ਮਹਿਤਾ'
ਚੰਡੀਗੜ੍ਹ ਵਿਚ ਹੁਣੇ ਜਿਹੇ ਕਰਾਏ ਗਏ 'ਮਿਲਟਰੀ ਲਿਟਰੇਚਰ ਫੈਸਟੀਵਲ' ਦੀ ਸ਼ੁਰੂਆਤ ਵਿਚ ਯੋਗਦਾਨ ਪਾਉਂਦਿਆਂ ਤੋਪਖਾਨੇ ਦੇ ਉੱਘੇ ਅਫ਼ਸਰ ਤੇ ਇਤਿਹਾਸਕਾਰ ਲੈਫ਼ਟੀਨੈਂਟ ਜਨਰਲ ਬਲਜੀਤ ਸਿੰਘ ਨੇ 'ਵੈੰਨ ਸੋਲਜਰਜ਼ ਵੀਲਡ ਦਿ ਪੈੱਨ' ਸਿਰਲੇਖ ਨਾਲ ਇਕ ਲੇਖ (ਦਿ ਟ੍ਰਿਬਿਊਨ, 6 ਦਸੰਬਰ) ਲਿਖਿਆ ਸੀ। ਲੇਖ ਵਿਚ ਉਨ੍ਹਾਂ ਬ੍ਰਿਗੇਡੀਅਰ ਦਰਸ਼ਨ ਖੁੱਲਰ, ਜਿਨ੍ਹਾਂ ਸ਼ਾਨਦਾਰ ਜੂਨੀਅਰ ਅਫ਼ਸਰ ਵਜੋਂ 1962 ਦੀ ਭਾਜੜ ਸਮੇਂ ਚੀਨ ਦੇ ਕਰਾਰੇ ਹਮਲੇ ਦਾ ਸਾਹਮਣਾ ਕੀਤਾ ਸੀ, ਦੇ ਇਨ੍ਹਾਂ ਸ਼ਬਦਾਂ ਦਾ ਜ਼ਿਕਰ ਕੀਤਾ, ''ਭਾਰਤ 1962 ਵਿਚ ਚੀਨ ਨੂੰ ਹਰਾ ਸਕਦਾ, ਜਾਂ ਘੱਟੋ-ਘੱਟ ਕਰਾਰੀ ਟੱਕਰ ਦੇ ਸਕਦਾ ਸੀ ਜੇ ਇਸ ਕੋਲ ਮੌਕੇ ਨੂੰ ਸੰਭਾਲ ਸਕਣ ਵਾਲਾ ਇਕ ਮਹਾਨ ਜਰਨੈਲ ਅਤੇ ਕੁਝ ਵਧੀਆ ਬ੍ਰਿਗੇਡੀਅਰ ਹੁੰਦੇ।'' ਭਾਰਤੀ ਫੌਜ ਨੇ 1971 ਵਿੱਚ ਅਜਿਹਾ ਕਰ ਵਿਖਾਇਆ।
16 ਦਸੰਬਰ 1971 ਵਾਲੇ ਦਿਨ ਪਾਕਿਸਤਾਨ ਦੇ ਪੂਰਬੀ ਹਿੱਸੇ ਦੇ ਮਲੀਆਮੇਟ ਹੋਣ ਨਾਲ, ਬਹਾਦਰ ਨਵਾਂ ਦੇਸ਼ ਭਾਵ ਬੰਗਲਾਦੇਸ਼ (ਬੰਗਲਾਦੇਸ਼ੀਆਂ ਦੀ ਬੇਰੋਕ-ਟੋਕ ਸਹਾਇਤਾ ਨਾਲ) ਹੋਂਦ ਵਿਚ ਆਇਆ। ਅਜਿਹਾ ਚਮਤਕਾਰ ਠੀਕ ਸਮੇਂ 'ਤੇ ਚਾਣਚਕ ਲੈਣੇ ਪਏ ਦੂਰਦਰਸ਼ੀ ਫ਼ੈਸਲੇ ਕਾਰਨ ਵਾਪਰਿਆ। ਇਹ ਹੈਰਾਨ ਕਰ ਦੇਣ ਵਾਲਾ ਵਰਤਾਰਾ, ਉਹ ਵੀ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਤੇ ਜੰਗ ਦੇ ਦੌਰਾਨ ਸਰਕਾਰ, ਫ਼ੌਜ ਤੇ ਵਿਦੇਸ਼ ਵਿਭਾਗ ਦੇ ਅਫ਼ਸਰ ਦੇ ਗੂੜ੍ਹੇ ਤਾਲਮੇਲ ਅਤੇ ਭਾਰਤੀ ਫ਼ੌਜ ਦੇ ਤਿੰਨਾਂ ਵਿੰਗਾਂ ਦੇ ਅੰਦਰੂਨੀ ਸਹਿਯੋਗ ਕਾਰਨ ਸੰਭਵ ਹੋ ਸਕਿਆ। ਇਸ ਵਿਲੱਖਣ ਸਿਆਸੀ, ਡਿਪਲੋਮੈਟਿਕ ਅਤੇ ਫ਼ੌਜੀ ਪੈਂਤੜੇਬਾਜ਼ੀ ਨਾਲ ਜੰਗ ਲਈ ਤਿਆਰੀ ਮੁਕੰਮਲ ਹੋ ਗਈ ਜਿਸ ਨੇ ਮਿਥਿਆ ਟੀਚਾ ਹਾਸਲ ਕਰ ਵਿਖਾਇਆ।
ਇਸ ਕਾਰਗੁਜ਼ਾਰੀ ਤੋਂ ਘਟਨਾਕ੍ਰਮ ਨਾਲ ਜੁੜੇ ਤੇ ਉਲਝੇ ਹੋਏ ਪੱਛਮੀ ਦੇਸ਼ਾਂ, ਮੀਡੀਆ ਤੇ ਇੱਥੋਂ ਤੱਕ ਕਿ ਦੁਸ਼ਮਣ ਵੀ ਸੁੰਨ ਹੋ ਕੇ ਰਹਿ ਗਏ, ਅਤੇ ਇਹ ਸਭ ਕੁਝ ਪੇਸ਼ੇਵਾਰਾਨਾ ਸ਼ਖਸੀਅਤਾਂ ਅਤੇ ਸ਼ਾਨਦਾਰ ਔਰਤ, ਭਾਵ ਪ੍ਰਧਾਨ ਮੰਤਰ ਇੰਦਰਾ ਗਾਂਧੀ ਦੀ ਬਦੌਲਤ ਹੋਇਆ। ਵਹਿਸ਼ੀਪੁਣੇ 'ਤੇ ਮਨੁੱਖੀ ਕਦਰਾਂ ਕੀਮਤਾਂ ਦੀ ਜਿੱਤ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਭਾਰਤ ਨੇ ਆਪਣੇ ਕਰੋੜਾਂ ਲੋਕਾਂ ਲਈ ਸਾਧਨ ਸੀਮਤ ਹੋਣ ਦੇ ਬਾਵਜੂਦ, ਕਰੀਬ ਇਕ ਕਰੋੜ ਬੰਗਲਾਦੇਸ਼ੀਆਂ ਲਈ ਮਨੁੱਖੀ ਸਹਾਇਤਾ ਬਗੈਰ ਕਿਸੇ ਸ਼ਰਤ ਦਿੱਤੀ। ਇਕ ਪਾਸੇ ਪੱਛਮੀ ਪਾਕਿਸਤਾਨੀਆਂ ਨੇ 'ਅਪਰੇਸ਼ਨ ਸਰਚਲਾਈਟ' ਤਹਿਤ ਹੱਤਿਆਵਾਂ, ਬਲਾਤਕਾਰ ਅਤੇ ਲੁੱਟਾਂ-ਖੋਹਾਂ ਕੀਤੀਆਂ, ਇਸ ਦੇ ਉਲਟ, ਬੇਹਥਿਆਰੇ ਸਥਾਨਕ ਵਸਨੀਕਾਂ ਲਿੰਗ, ਉਮਰ ਤੇ ਕਿੱਤੇ ਦੇ ਵਿਤਕਰੇ ਬਗੈਰ ਆਪਸੀ ਸਹਿਯੋਗ ਦਾ ਉੱਦਮ ਕੀਤਾ। ਪੀੜਤ ਹੋਣ ਵਾਲਿਆਂ ਦੀ ਗਿਣਤੀ ਤੀਹ ਲੱਖ ਤੋਂ ਵੱਧ ਸੀ। ਪੱਛਮੀ ਪਾਕਿਸਤਾਨੀਆਂ ਦੀ ਯੋਜਨਾ ਵਿਆਪਕ ਤਬਾਹੀ ਅਤੇ ਬਲਾਤਕਾਰਾਂ ਰਾਹੀਂ ਜਨ ਅੰਕੜਿਆਂ ਵਿਚ ਤਬਦੀਲੀ ਲਿਆਉਣਾ ਸੀ। ਬੰਗਲਾਦੇਸ਼ੀ ਅੱਜ ਵੀ ਮਾਣ ਨਾਲ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਇਕ ਵੀ ਭਾਰਤੀ ਫ਼ੌਜੀ ਬਲਾਤਕਾਰ ਜਾਂ ਛੇੜਛਾੜ ਦੀ ਘਟਨਾ ਵਿਚ ਸ਼ਾਮਿਲ ਨਹੀਂ ਸੀ। ਜਰਨੈਲ ਸੈਮ ਮਾਣਕਸ਼ਾਹ ਦੀ 'ਹੱਥ ਜੇਬਾਂ ਵਿਚ' ਪਾ ਕੇ ਰੱਖਣ ਦੀ ਤਾਕੀਦ ਅਤੇ ਸਾਡੇ ਜੰਗ ਦੇ ਮੈਦਾਨ ਵਿਚ ਸਾਡੀ ਫ਼ੌਜ ਦੇ ਪੁਰਾਣੇ ਲੋਕਾਚਾਰ 'ਨਾਮ, ਨਮਕ, ਨਿਸ਼ਾਨ' ਜਾਦੂ ਦੀ ਤਰ੍ਹਾਂ ਕੰਮ ਕਰ ਗਏ ਸਨ। ਅਫਸਰਾਂ ਨੇ ਮਿਸਾਲ ਬਣ ਕੇ ਅਗਵਾਈ ਕੀਤੀ ਅਤੇ ਫ਼ੌਜੀ ਜਵਾਨ ਉਨ੍ਹਾਂ ਦੇ ਪਦ-ਚਿੰਨ੍ਹਾਂ 'ਤੇ ਚੱਲੇ। ਫ਼ੌਜੀ ਰਾਜ ਉਪਰ ਲੋਕਤੰਤਰ ਦੀ ਤਾਕਤ ਇਸ ਦੀ ਗਵਾਹ ਬਣੀ ਜਦੋਂ ਪੂਰੇ ਵਿਸ਼ਵ ਨੂੰ ਵਿਸ਼ਵਾਸ ਹੋ ਗਿਆ ਕਿ ਭਾਰਤ ਲੋਕਤੰਤਰ ਵਿੱਚ ਪੂਰੀ ਤਰ੍ਹਾਂ ਵਿਸ਼ਵਾਸ ਰੱਖਦਾ ਹੈ। ਲੋਕਤੰਤਰ ਦੀ ਅੰਦਰੂਨੀ ਸ਼ਕਤੀ ਦਾ ਪ੍ਰਗਟਾਵਾ ਉਦੋਂ ਹੁੰਦਾ ਹੈ ਜਦੋਂ ਜੰਗ ਦੇ ਮੈਦਾਨ ਵਿਚ ਲੜ ਰਹੇ ਜਵਾਨ ਨੂੰ ਬੁਨਿਆਦੀ ਤਿੱਕੜੀ- ਆਪਣੇ ਨਾਗਰਿਕਾਂ ਦਾ ਸਮਰਥਨ, ਆਪਣੀ ਚੁਣੀ ਹੋਈ ਸਿਵਲੀਅਨ ਸਰਕਾਰ ਅਤੇ ਫ਼ੌਜੀ ਕਮਾਂਡਰਾਂ ਦੀ ਯੋਗ ਅਗਵਾਈ ਦਾ ਤਜਰਬਾ ਹੁੰਦਾ ਹੈ। ਇਸ ਮਿਸ਼ਰਨ ਤੇ ਹਮਾਇਤ ਦੇ ਨੈਤਿਕ ਆਯਾਮ ਇਕ ਦੂਜੇ ਨੂੰ ਗਲੇ ਲਗਾਉਣ (ਭਾਵ ਦੇਸ਼ ਦੇ ਨਾਗਿਰਕਾਂ ਤੇ ਸੈਨਿਕਾਂ ਵਿਚਕਾਰਲਾ ਦੁਵੱਲਾ ਪਿਆਰ) ਦਾ ਅਹਿਸਾਸ ਕਰਾਉਂਦੇ ਹਨ। ਜੇ ਇਹੋ ਜਿਹਾ ਮਿਲਵਰਤਣ ਹੋਵੇ ਤਾਂ ਕਿਸੇ ਵੀ ਉਦੇਸ਼ ਦੀ ਪ੍ਰਾਪਤੀ ਪਹੁੰਚ ਤੋਂ ਬਾਹਰ ਨਹੀਂ ਹੁੰਦੀ। ਜਦੋਂ ਤੱਕ ਤੁਸੀਂ ਲੋਕਤੰਤਰੀ ਨਹੀਂ, ਤੁਸੀਂ ਇਸ ਦਾ ਅਹਿਸਾਸ ਹੀ ਨਹੀਂ ਕਰ ਸਕਦੇ।
ਜਿਥੋਂ ਤੱਕ ਜਿੱਤ ਦਾ ਸਬੰਧ ਹੈ, ਚਾਰ ਸਿਧਾਂਤਾਂ ਵਿਚੋਂ ਦਬਾਅ ਪਾਉਣ ਵਾਲੀ ਪੈਂਤੜੇਬਾਜ਼ੀ ਸਭ ਤੋਂ ਵੱਧ ਅਹਿਮੀਅਤ ਰੱਖਦੀ ਹੈ। ਪੈਂਤੜੇਬਾਜ਼ੀ ਵਿੱਚ, ਉਦੇਸ਼ ਦੀ ਪ੍ਰਾਪਤੀ ਲਈ ਛੁਪੀ ਹੋਈ ਫ਼ਿਲਾਸਫ਼ੀ ਤਹਿਤ ਪੂਰੀ ਤਾਕਤ ਤੇ ਵਿਸ਼ਵਾਸ ਨਾਲ ਕਾਰਵਾਈ ਕਰਨਾ ਜ਼ਰੂਰੀ ਹੁੰਦਾ ਹੈ। ਦੋਸ਼ ਮੁਕਤੀ ਮਿਲਣ ਦੀ ਭਾਵਨਾ ਨਾਲ ਰੁਕਾਵਟਾਂ ਨੂੰ ਦੂਰ ਕਰਨ ਵਾਲਾ ਰਵੱਈਆ ਆਪਣੀ ਪੁਜ਼ੀਸ਼ਨ ਅਨਿਆਸੰਗਤ ਬਣਾ ਦਿੰਦਾ ਹੈ। ਸਾਡੇ ਲਈ ਪੈਂਤੜੇਬਾਜ਼ੀ ਦੇ ਨਤੀਜੇ ਥਲ ਸੈਨਾ ਮੁਖੀ ਮਾਣਕਸ਼ਾਹ ਦੀ ਸਾਫ਼ਗੋਈ ਨਾਲ ਉਸ ਵੇਲੇ ਸ਼ੁਰੂ ਹੋ ਗਏ ਸਨ ਜਦੋਂ ਪ੍ਰਧਾਨ ਮੰਤਰੀ ਨੇ ਅਪਰੇਸ਼ਨ ਦੀ ਤਿਆਰੀ ਸਬੰਧੀ ਉਨ੍ਹਾਂ ਕੋਲੋਂ ਪੁੱਛਿਆ ਸੀ। ਸਾਫ਼ ਸਪਸ਼ਟ ਸੱਚ ਨੂੰ ਕਬੂਲਦਿਆਂ ਸਿਆਸੀ ਅਤੇ ਕੌਮੀ ਲੀਡਰਸ਼ਿੱਪ ਦੇ ਸਾਰੇ ਤੱਤ ਜਿੱਤ ਸੰਭਵ ਬਣਾਉਣ ਲਈ ਸਾਂਝੀ ਪੈਂਤੜੇਬਾਜ਼ੀ ਅਖ਼ਤਿਆਰ ਕਰਨ ਲਈ ਤਿਆਰ ਹੋ ਗਏ ਸਨ। ਅਜਿਹਾ ਕਰਦਿਆਂ ਸਿਆਸੀ, ਕੂਟਨੀਤਕ ਤੇ ਫ਼ੌਜੀ ਤੱਤ ਆਪਸ ਵਿਚ ਇਕ ਹੋ ਗਏ ਸਨ। ਇਸ ਵਿਸ਼ਾਲ ਯਤਨ ਲਈ ਕੁਝ ਚੰਗੇ ਵਿਅਕਤੀਆਂ ਦੀ ਲੋੜ ਸੀ। ਇਸ ਵਾਰ ਸਾਡੇ ਕੋਲ ਲੈਫ਼ਟੀਨੈਂਟ ਜਨਰਲ ਸਾਗਤ ਸਿੰਘ, ਜੀਓਸੀ 4 ਕੋਰ ਅਤੇ ਮੇਜਰ ਜਨਰਲ ਜੇਐੱਫ਼ਆਰ ਜੈਕਬ ਵਰਗੇ ਉੱਚਤਮ ਸਟਾਫ਼ ਅਧਿਕਾਰੀ ਸਨ ਜਿਸ ਨੇ ਪਾਕਿ ਫ਼ੌਜ ਨੂੰ ਆਤਮ ਸਮਰਪਣ ਲਈ ਗੱਲਬਾਤ ਰਾਹੀਂ ਰਾਜ਼ੀ ਕੀਤਾ। ਉਨ੍ਹਾਂ ਚਾਣਕਿਆ ਦੇ ਇਸ ਵਿਸ਼ਵਾਸ ਨੂੰ ਜਾਇਜ਼ ਸਾਬਤ ਕੀਤਾ ਕਿ ਯੁੱਧ ਦੌਰਾਨ ਜੰਗ ਕਰਨ ਵਾਲਿਆਂ ਦੀ ਸ਼ਖ਼ਸੀਅਤਾਂ ਦਾ ਰੋਲ ਬਹੁਤ ਅਹਿਮ ਹੁੰਦਾ ਹੈ।
ਕੋਰੋਨੇਸ਼ਨ ਬਰਿੰਜ (ਮੇਘਨਾ ਦਰਿਆ ਉਪਰ ਇਕਲੌਤਾ ਪੁਲ) ਨੂੰ ਕਬਜ਼ੇ ਵਿਚ ਲੈਣ ਦਾ ਯਤਨ ਨਾਕਾਮ ਹੋਣ ਬਾਅਦ ਜੰਗ ਯਜਨਾਵਾਂ ਵਿਚ ਸੋਧ ਕਰਨਾ ਲਾਜ਼ਮੀ ਹੋ ਗਿਆ। ਇਸ ਉੱਪਰ ਕਬਜ਼ਾ ਨਾ ਕਰ ਸਕਣਾ ਅਪਰੇਸ਼ਨਾਂ ਲਈ ਤਬਾਹਕੁਨ ਹੋ ਸਕਦਾ ਸੀ। ਇਉਂ ਲੱਗਦਾ ਸੀ, ਇਹ ਨਾਕਾਮੀ ਪਾਕਿਸਤਾਨ ਦੀ ਸੰਘਰਸ਼ਮਈ ਮਾਨਸਿਕਤਾ ਸਾਡੀਆਂ ਪਾਕਿ ਫ਼ੌਜੀਆਂ ਹਥਿਆਰ ਸੁਟਵਾਉਣ ਦੀ ਯੋਜਨਾ 'ਤੇ ਪਾਣੀ ਫੇਰ ਦੇਵੇਗੀ। ਪ੍ਰੰਤੂ ਜਨਰਲ ਸਾਗਤ ਦਾ ਦਿਮਾਗ ਨਵਾਂ ਹੱਲ ਲੱਭ ਰਿਹਾ ਸੀ। ਉਸ ਨੇ ਪੁਲ ਨਸ਼ਟ ਹੋਣ ਕਾਰਨ ਆਈ ਨਿਰਾਸ਼ਤਾ, ਨੁਕਸਾਨ ਤੇ ਡਰ ਉਪਰ ਕਾਬੂ ਪਾਇਆ ਅਤੇ ਨਵਾਂ ਮੌਕਾ ਤਾਲਾਸ਼ ਲਿਆ। ਉਸ ਨੇ ਫ਼ੌਜ ਨੂੰ ਮੇਘਨਾ ਦਰਿਆ ਨੂੰ ਹੈਲੀਕਾਪਟਰਾਂ ਅਤੇ ਟੈਂਕਾਂ ਰਾਹੀਂ ਉੱਤਰ ਵੱਲੋਂ ਤੰਗੇਲ ਦੇ ਨੇੜਿਓਂ ਪਾਰ ਕਰਾਇਆ ਅਤੇ ਗਜ਼ਬ ਭਰੀ ਗਤੀ ਨਾਲ ਢਾਕਾ ਵੱਲ ਵਧਣ ਦਾ ਫੈਸਲਾ ਲਿਆ ਜੋ ਉਸ ਵੇਲੇ ਜੰਗ ਦਾ ਕੇਂਦਰ ਬਿੰਦੂ ਸੀ। ਫੌਜ ਦੀ ਸਮੁੱਚੀ ਲੀਡਰਸ਼ਿਪ ਨੇ ਸ਼ੁਰੂਆਤੀ ਥੋੜ੍ਹੀ ਹਿਚਕਿਚਾਹਟ ਦੇ ਬਾਅਦ ਉਦੋਂ ਇਸ ਨਵੇਂ ਨਜ਼ਰੀਏ ਨੂੰ ਪ੍ਰਵਾਨ ਕਰ ਲਿਆ ਜਦੋਂ 4 ਕੋਰ ਦੀ ਅਗਵਾਈ ਕਰਨ ਵਾਲਾ ਫੌਜੀ ਅਮਲਾ ਕਠਿਨ ਚੁਣੌਤੀਆਂ ਨੂੰ ਪਾਰ ਕਰਦਾ ਹੋਇਆ ਟੈਂਕਾਂ ਸਮੇਤ ਦਰਿਆ ਪਾਰ ਕਰ ਗਿਆ।
ਇਹ ਸਿਆਸੀ ਸਿਆਣਪ ਦਾ ਚਤੁਰ ਪ੍ਰਗਟਾਵਾ ਸੀ ਕਿ ਭਾਰਤ ਨੇ ਕਬਜ਼ਾ ਕਾਇਮ ਕਰਨ ਨਾਲੋਂ ਬੰਗਲਾਦੇਸ਼ ਨੂੰ ਆਜ਼ਾਦੀ ਦਿਵਾਉਣ ਨੂੰ ਆਪਣੇ ਅੰਤਿਮ ਸਿਧਾਂਤ ਵਜੋਂ ਇਸਤੇਮਾਲ ਕੀਤਾ ਤੇ ਸਾਰੇ ਸੰਸਾਰ ਨੇ ਭਾਰਤ ਦੀ ਜਿੱਤ ਨੂੰ ਸਲਾਮ ਕੀਤਾ। ਇਹ ਰਣਨੀਤੀ ਸਮੇਂ ਦੀ ਸਹੀ ਪਰਖ ਅਤੇ ਸਦਭਾਵਨਾ ਪੈਦਾ ਕਰਨ ਵਾਲੀ ਸੀ। ਭਾਰਤੀ ਹਥਿਆਰਬੰਦ ਫੌਜਾਂ ਨਿਰਧਾਰਤ 90 ਦਿਨਾਂ ਅੰਦਰ ਢਾਕਾ ਛੱਡ ਕੇ ਦੇਸ਼ ਪਰਤ ਆਈਆਂ ਜਿਸ ਦੀ ਕਾਰਗੁਜ਼ਾਰੀ ਦੀ ਹਰ ਪਾਸੇ ਤੋਂ ਸ਼ਲਾਘਾ ਹੋਈ। ਭਾਰਤ ਨੇ ਬੰਗਲਾਦੇਸ਼ ਨਾਲ ਕੀਤੇ ਵਾਅਦੇ ਨੂੰ ਪੂਰੀ ਤਰ੍ਹਾਂ ਨਿਭਾਇਆ। ਪਾਕਿਸਤਾਨ ਦੇ 93000 ਕੈਦੀਆਂ ਨਾਲ ਮਾਨਵੀ ਸਲੂਕ ਕਰਦਿਆਂ, ਜੈਨੇਵਾ ਕਨਵੈਨਸ਼ਨ ਪ੍ਰਤੀ, ਅਤੇ ਵਿਸ਼ਵ ਨਾਲ ਕੀਤੀ ਵਚਨਬੱਧਤਾ ਨਿਭਾਈ।
'ਨਿਉਯਾਰਕ ਟਾਈਮਜ਼' ਦੇ ਰਿਪੋਰਟਰ ਸਿਡਨੀ ਸ਼ਾਂਬਰਗ ਨੇ ਆਪਣੀ ਰਿਪੋਰਟ ਵਿਚ ਜ਼ਿਕਰ ਕੀਤਾ ਕਿ '4 ਗਾਰਡਜ਼' (ਲੈਫਟੀਨੈਂਟ ਕਰਨਲ ਹਿੰਮਤ ਸਿੰਹ ਦੀ ਅਗਵਾਈ ਹੇਠ) ਦੇ ਮੇਘਨਾ ਦਰਿਆ ਹੈਲੀਕਾਪਟਰਾਂ ਰਾਹੀਂ ਪਾਰ ਕਰਨ ਬਾਅਦ ਉਹ ਕਿਵੇਂ 'ਪੀ ਟੀ-76 ਟੈਂਕ ਉਪਰ ਬੈਠ ਕੇ 13 ਦਸੰਬਰ ਨੂੰ ਢਾਕਾ ਦੇ ਬਾਹਰਵਾਰ ਪਹੁੰਚਿਆ, ਅਤੇ 5 (ਇੰਡੀ) ਆਰਮਡ ਸਕੁਐਡਰਨ 63 ਕੈਵਿਲਰੀ ਟੈਂਕ ਅਗਲੇ ਦਿਨ ਪਹੁੰਚ ਗਏ।
ਉੱਘਾ ਵਿਦਵਾਨ ਪ੍ਰਤਾਪ ਭਾਨੂੰ ਮਹਿਤਾ ਲਿਖਦਾ ਹੈ, ''1971 ਵਿਚ ਭਾਰਤ ਦੇ ਪੂਰਬੀ ਪਾਕਿਸਤਾਨ ਵਿਚ ਦਖ਼ਲ ਦੇਣ ਦੇ ਕਈ ਕਾਰਨ ਸਨ, ਜਿਨ੍ਹਾਂ ਵਿਚੋਂ ਇਕ ਕਾਰਨ, ਜੋ ਵਿਅਪਕ ਪੱਧਰ 'ਤੇ ਜਾਇਜ਼ ਮੰਨਿਆ ਗਿਆ, ਉਹ ਸੀ ਨਸਲਕੁਸ਼ੀ ਖ਼ਿਲਾਫ਼ ਮਾਨਵਵਾਦੀ ਦਖ਼ਲ। ਇਹ ਦੁਨੀਆਂ ਵਿਚ ਅਜਿਹੀਆਂ ਸਫ਼ਲ ਕਾਰਵਾਈਆਂ ਵਿਚੋਂ ਇਕ ਸੀ। ਭਾਰਤ ਨੇ ਇਹ ਦਖਲ ਬਹੁਤ ਪ੍ਰਭਾਵਕਾਰੀ ਢੰਗ ਨਾਲ ਦਿੱਤਾ ਜਿਸ ਨੂੰ ਅਸੀਂ ਹੁਣ 'ਰੱਖਿਆ ਦੀ ਜ਼ਿੰਮੇਵਾਰੀ' ਸਿਧਾਂਤ ਕਹਿੰਦੇ ਹਾਂ।
ਗੈਰੀ ਜੇ ਬਾਸ ਨੇ ਆਪਣੀ ਪੁਸਤਕ 'ਦਿ ਬਲੱਡ ਟੈਲੀਗ੍ਰਾਮ' ਵਿੱਚ ਲਿਖਿਆ ਹੈ,'' ਵਿਸ਼ਵ ਸਿਆਸਤ ਅੰਦਰ ਸਾਹਸ ਭਰੇ ਏਸ਼ੀਆ ਯੁੱਗ ਦੀ ਆਮਦ ਨਾਲ ਮਨੁੱਖੀ ਅਧਿਕਾਰਾਂ ਦਾ ਭਵਿੱਖ ਜ਼ਿਆਦਾਤਰ ਏਸ਼ੀਆ ਦੀਆਂ ਵੱਡੀਆਂ ਮਹਾਨ ਤਾਕਤਾਂ, ਜਿਵੇਂ ਚੀਨ ਤੇ ਭਾਰਤ ਦੇ ਸੱਭਿਆਚਾਰਾਂ, ਸੰਸਥਾਵਾਂ ਅਤੇ ਵਿਚਾਰਧਾਰਾਵਾਂ ਉਪਰ ਨਿਰਭਰ ਕਰੇਗਾ।''
ਇਸ ਤਰ੍ਹਾਂ ਭਾਰਤ ਦਾ ਬੰਗਾਲੀਆਂ ਦੀ ਹਿਜਰਤ ਪ੍ਰਤੀ ਲੋਕਤੰਤਰੀ ਹੁੰਗਾਰਾ ਇਸ ਉਪ ਮਹਾਂਦੀਪ ਦੇ ਇਤਿਹਾਸ ਲਈ ਮਹੱਤਵਪੂਰਨ ਪਲ ਹੀ ਨਹੀਂ ਸੀ, ਸਗੋਂ ਇਹ ਵਿਖਾਉਣ ਦਾ ਮੌਕਾ ਸੀ ਕਿ ਸਭ ਤੋਂ ਵਿਸ਼ਾਲ ਲੋਕਤੰਤਰ ਦੇਸ਼ ਕਿਵੇਂ ਆਪਣੀ ਵਿਦੇਸ਼ ਨੀਤੀ ਬਣਾਉਂਦਾ ਤੇ ਮਨੁੱਖੀ ਅਧਿਕਾਰਾਂ ਨੂੰ ਕਿੰਨੀ ਤਰਜੀਹ ਦਿੰਦਾ ਹੈ। ਭਾਰਤ ਦੀ ਮਨੁੱਖੀ ਕਦਰਾਂ ਕੀਮਤਾਂ ਤਹਿਤ ਗੁਆਂਢੀ ਦੇਸ਼ ਨੂੰ ਸੰਕਟ ਵਿਚੋਂ ਕੱਢਣ ਦੀ ਕਾਰਵਾਈ ਦੀ ਸਫਲਤਾ ਨੂੰ ਵੀਹਵੀਂ ਸਦੀ ਦੇ ਅਸਾਧਾਰਨ ਕਾਰਨਾਮਿਆਂ ਵਿਚ ਦਰਜ ਕੀਤਾ ਜਾਣਾ ਚਾਹੀਦਾ ਹੈ।
'ਲੇਖਕ 1971 ਵਿੱਚ ਢਾਕਾ ਜਾਣ ਵਾਲੀ ਟੈਂਕ ਕਾਨਵਾਈ ਦਾ ਸਕੁਐਡਰਨ ਕਮਾਂਡਰ ਸੀ। ਉਹ ਪੱਛਮੀ ਕਮਾਂਡ ਦੇ ਆਰਮੀ ਕਮਾਂਡਰ ਵਜੋਂ ਰਿਟਾਇਰ ਹੋਇਆ।
'ਪੰਜਾਬੀ ਟ੍ਰਿਬਿਊਨ' 'ਚੋਂ ਧੰਨਵਾਦ ਸਹਿਤ ।
16 Dec. 2018