Rashid Kidvayee

ਕਾਂਗਰਸ ਦੇ ਪਤਨ ਦੀ ਕਹਾਣੀ - ਰਸ਼ੀਦ ਕਿਦਵਈ

ਜਾਪਦਾ ਹੈ ਕਿ ਪੰਜ ਵਿਧਾਨ ਸਭਾਈ ਚੋਣਾਂ ਦੇ ਨਤੀਜਿਆਂ ਨੇ ਕਾਂਗਰਸ ਲਈ ਮੌਤ ਦੀ ਘੰਟੀ ਵਜਾ ਦਿੱਤੀ ਹੈ। ਦੇਸ਼ ਦੀ ਇਸ ਸਭ ਤੋਂ ਪੁਰਾਣੀ ਪਾਰਟੀ ਕੋਲ ਬੀਤੇ ਸਾਲ ਅਪਰੈਲ-ਮਈ 2021 ਵਿੱਚ ਹੋਈਆਂ ਕੇਰਲ, ਅਸਾਮ, ਪੱਛਮੀ ਬੰਗਾਲ, ਤਾਮਿਲਨਾਡੂ ਅਤੇ ਪੁਡੂਚੇਰੀ ਵਿਧਾਨ ਸਭਾਵਾਂ ਦੀਆਂ ਚੋਣਾਂ ਤੋਂ ਬਾਅਦ ਪੰਜਾਬ, ਉੱਤਰਾਖੰਡ, ਮਨੀਪੁਰ, ਗੋਆ ਅਤੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੀ ਤਿਆਰੀ ਕਰਨ ਲਈ ਕਰੀਬ 11 ਮਹੀਨਿਆਂ ਦਾ ਵਕਤ ਸੀ। ਇਸ ਦੇ ਬਾਵਜੂਦ ਪਾਰਟੀ ਦੇ ਅਸਲੀ ਮੁਖੀ ਮੰਨੇ ਜਾਂਦੇ ਰਾਹੁਲ ਗਾਂਧੀ ਨੇ ਇਸ ਮੁਤੱਲਕ ਕੁਝ ਖ਼ਾਸ ਨਹੀਂ ਕੀਤਾ। ਜੁਲਾਈ 2021 ਤੱਕ ਉਨ੍ਹਾਂ ਕਰੋਨਾ ਦੀ ਦੂਜੀ ਲਹਿਰ ਕਾਰਨ ਆਪਣੇ ਆਪ ਨੂੰ ਇਕਾਂਤਵਾਸ ਵਿੱਚ ਰੱਖਿਆ। ਇਸ ਤੋਂ ਬਾਅਦ ਰਾਹੁਲ ਨੇ ਪੰਜਾਬ ਵਿੱਚ ਤਜਰਬੇ ਕਰਨੇ ਸ਼ੁਰੂ ਕੀਤੇ, ਪਰ ਕਾਫ਼ੀ ਲਾਪ੍ਰਵਾਹੀ ਨਾਲ ਅਤੇ ਇੰਜ ਉਨ੍ਹਾਂ ਇਹ ਸੂਬਾ ਬਹੁਤ ਹੀ ਉਤਸ਼ਾਹੀ ਤੇ ਕਾਹਲੀ ਪਈ ਆਮ ਆਦਮੀ ਪਾਰਟੀ ਕੋਲ ਗੁਆ ਲਿਆ।
        ਰਾਹੁਲ ਨੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ, ਜਿਨ੍ਹਾਂ ਨੂੰ ਪਿਆਰ ਨਾਲ ਪੀਕੇ ਵੀ ਆਖਿਆ ਜਾਂਦਾ ਹੈ, ਦੀਆਂ ਸੇਵਾਵਾਂ ਲੈਣ ਦਾ ਮੌਕਾ ਵੀ ਖੁੰਝਾ ਦਿੱਤਾ। ਹੋ ਸਕਦਾ ਹੈ ਕਿ ਪੀਕੇ ਉਨ੍ਹਾਂ ਲਈ ਪੰਜਾਬ ਵਿੱਚ ਸੱਤਾ ਬਚਾਈ ਰੱਖਣ ਅਤੇ ਨਾਲ ਹੀ ਗੋਆ ਤੇ ਉੱਤਰਾਖੰਡ ਦੀ ਸੱਤਾ ਭਾਜਪਾ ਤੋਂ ਖੋਹਣ ਵਿੱਚ ਸਹਾਈ ਹੁੰਦੇ। ਇਸ ਦੀ ਥਾਂ ਰਾਹੁਲ ਨੇ ਅਚਨਚੇਤੀ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਜਦੋਂ ਅਗਲੇ ਦਾਅਵੇਦਾਰ ਨਵਜੋਤ ਸਿੰਘ ਸਿੱਧੂ ਵਧੀਆ ਪ੍ਰਸ਼ਾਸਨ, ਨਸ਼ਾ ਤੇ ਰੇਤ ਮਾਫ਼ੀਆ, ਪਾਰਦਰਸ਼ਤਾ ਅਤੇ ਬੇਅਦਬੀ ਆਦਿ ਨੂੰ ਮੁੱਖ ਚੋਣ ਮੁੱਦੇ ਬਣਾਉਣ ਲਈ ਪੂਰੇ ਤਿਆਰ ਸਨ ਤਾਂ ਰਾਹੁਲ ਨੇ ਇਹ ਯਕੀਨੀ ਬਣਾਇਆ ਕਿ ਸਿੱਧੂ ਦੀ ਭਾਸ਼ਣਬਾਜ਼ੀ ਤੇ ਪ੍ਰਚਾਰ ਦਾ ਹੁਨਰ ਅੱਗੇ ਨਾ ਵਧ ਸਕੇ।
        ਕੈਪਟਨ ਅਮਰਿੰਦਰ ਸਿੰਘ ਦੇ ਉਤਰਾਧਿਕਾਰੀ ਦੀ ਕੀਤੀ ਗਈ ਚੋਣ ਵਿੱਚ ਸਿੱਧੂ ਨੂੰ ਲਾਂਭੇ ਕਰਦਿਆਂ ‘ਦਲਿਤ ਪੱਤਾ’ ਖੇਡਿਆ ਗਿਆ। ਇਸ ਤਹਿਤ 111 ਦਿਨਾਂ ਲਈ ਮੁੱਖ ਮੰਤਰੀ ਬਣਾਏ ਗਏ ਚਰਨਜੀਤ ਸਿੰਘ ਚੰਨੀ ਨੂੰ ਇੱਕ ਤਰ੍ਹਾਂ ਮਾਸਟਰ-ਸਟਰੋਕ ਵਜੋਂ ਦਿਖਾਇਆ ਗਿਆ, ਪਰ ਪੰਜਾਬ ਦੇ ਹੁਸ਼ਿਆਰ ਤੇ ਸਿਆਣੇ ਵੋਟਰ ਇਸ ਪਿੱਛੇ ਛੁਪੀ ਅਸਲ ਮਨਸ਼ਾ ਨੂੰ ਸਮਝਣ ਵਿੱਚ ਸਫਲ ਰਹੇ। ਚੰਨੀ ਨੂੰ ਨਾ ਤਾਂ ਕੋਈ ਗ਼ਰੀਬ ਬੰਦਾ ਸਮਝਿਆ ਜਾਂਦਾ ਸੀ ਤੇ ਨਾ ਹੀ ਯੋਗ ਪ੍ਰਸ਼ਾਸਕ। ਇਸ ਦੌਰਾਨ ਉਨ੍ਹਾਂ ਉੱਤੇ ਭ੍ਰਿਸ਼ਟਾਚਾਰ, ਕੁਨਬਾਪਰਵਰੀ ਅਤੇ ਬੇਹਿਸਾਬੀ ਜਾਇਦਾਦ ਦੀਆਂ ਬਾਤਾਂ ਪੈਂਦੀਆਂ ਰਹੀਆਂ ਅਤੇ ਇਨ੍ਹਾਂ ਨੇ ਕਾਂਗਰਸ ਨੂੰ ਵੀ ਘੇਰ ਲਿਆ। ਦਰਅਸਲ, 10 ਮਾਰਚ ਤੋਂ ਪਹਿਲੇ ਛੇ ਮਹੀਨਿਆਂ ਦੌਰਾਨ ਪੰਜਾਬ ਵਿੱਚ ਕਾਂਗਰਸ ਪਾਰਟੀ ਇੱਕ ਤਰ੍ਹਾਂ ਅਸੰਤੁਸ਼ਟ ਆਗੂਆਂ ਦੀ ਸਭਾ ਜਾਪਦੀ ਸੀ, ਜਿਹੜੇ ਸਵੈ-ਮਾਰੂ ਰਉਂ ਵਿੱਚ ਹੋਣ। ਸੂਬਾਈ ਕਾਂਗਰਸ ਵਿੱਚ ਆਖ਼ਰ ਹਰ ਕੋਈ ਨਾਖ਼ੁਸ਼ ਹੋਣ ਵਿੱਚ ਹੀ ਖ਼ੁਸ਼ ਸੀ। ਇਸ ਦੌਰਾਨ ਪੰਜਾਬ ਤਬਦੀਲੀ ਲਈ ਤਰਸ ਰਿਹਾ ਸੀ, ਜਿਸ ਦਾ ਲਾਹਾ ‘ਆਪ’ ਨੇ ਲਿਆ। ਸਿੱਧੂ ਵੀ ਤਬਦੀਲੀ ਦੇ ਹਾਮੀ ਸਨ, ਪਰ ਉਨ੍ਹਾਂ ਦੀ ਸੋਚ ਅਤੇ ਪ੍ਰੋਗਰਾਮ ਦਾ ਕੋਈ ਇਸਤੇਮਾਲ ਨਹੀਂ ਕੀਤਾ ਗਿਆ।
        ਕਾਂਗਰਸ ਲਈ ਭਾਜਪਾ ਦੀਆਂ ਲਖਨਊ (ਯੂਪੀ), ਦੇਹਰਾਦੂਨ (ਉੱਤਰਾਖੰਡ), ਇੰਫਾਲ (ਮਨੀਪੁਰ) ਵਿਚਲੀਆਂ ਜ਼ੋਰਦਾਰ ਜਿੱਤਾਂ ਦੇ ਮੁਕਾਬਲੇ ‘ਆਪ’ ਵੱਲੋਂ ਦਿੱਲੀ ਤੋਂ ਬਾਹਰ ਦਰਜ ਕੀਤੀ ਗਈ ਚੋਣ ਸਫਲਤਾ ਜ਼ਿਆਦਾ ਵੱਡੀ ਸਿਰਦਰਦੀ ਹੈ। ‘ਆਪ’ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਗਾਮੀ 24 ਮਹੀਨਿਆਂ ਦੌਰਾਨ ਕਾਂਗਰਸ ਦੇ ਰੰਗ ਵਿੱਚ ਭੰਗ ਪਾਉਣ ਦਾ ਕੰਮ ਹੀ ਕਰਨਗੇ। ‘ਆਪ’ ਵੱਲੋਂ ਹੁਣ ਆਪਣਾ ਆਧਾਰ ਪੰਜਾਬ ਤੇ ਦਿੱਲੀ ਤੋਂ ਬਾਹਰ ਵਧਾਉਣ ਲਈ ਪੂਰਾ ਜ਼ੋਰ ਲਾਇਆ ਜਾਵੇਗਾ, ਜਿਸ ਲਈ ਉਸ ਦਾ ਪਹਿਲਾ ਨਿਸ਼ਾਨਾ ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਸੂਬੇ ਹੋਣਗੇ, ਜਿੱਥੇ ਇਸ ਸਾਲ ਦੇ ਅਖ਼ੀਰ ਜਾਂ 2023 ਦੀ ਸ਼ੁਰੂਆਤ ਵਿੱਚ ਵਿਧਾਨ ਸਭਾਈ ਚੋਣਾਂ ਹੋਣ ਵਾਲੀਆਂ ਹਨ।
         ਚੋਣਾਂ ਵਾਲੇ ਸੂਬਿਆਂ ਪੰਜਾਬ, ਉੱਤਰਾਖੰਡ ਅਤੇ ਮਨੀਪੁਰ ਵਿੱਚ ਕਾਂਗਰਸ ਦੇ ਚੋਣ ਪ੍ਰਬੰਧਕਾਂ ਵਜੋਂ ਕੀਤੀ ਗਈ ਚੋਣ ਨੇ ਬਹੁਤ ਸਾਰੇ ਸਵਾਲ ਪਿੱਛੇ ਛੱਡ ਦਿੱਤੇ। ਪੰਜਾਬ ਕਾਂਗਰਸ ਦੇ ਜਥੇਬੰਦਕ ਮਾਮਲਿਆਂ ਨੂੰ ਨਵੰਬਰ 2021 ਤੱਕ ਹਰੀਸ਼ ਰਾਵਤ ਦੇਖ ਰਹੇ ਸਨ, ਜਦੋਂ ਉਨ੍ਹਾਂ ਸੋਨੀਆ ਗਾਂਧੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਜਥੇਬੰਦਕ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ ਤਾਂ ਕਿ ਉਹ ਉੱਤਰਾਖੰਡ ਦੀਆਂ ਚੋਣਾਂ ਵੱਲ ਧਿਆਨ ਦੇ ਸਕਣ। ਰਾਵਤ ਦੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹੁੰਦਿਆਂ ਸਿੱਧੂ, ਸੁਨੀਲ ਜਾਖੜ ਅਤੇ ਹੋਰ ਆਗੂਆਂ ਨਾਲ ਵਧੀਆ ਸਬੰਧ ਸਨ। ਬਾਅਦ ਵਿੱਚ ਉਨ੍ਹਾਂ ਦੀ ਥਾਂ ਰਾਜਸਥਾਨ ਦੇ ਰਾਜ ਮੰਤਰੀ ਹਰੀਸ਼ ਚੌਧਰੀ ਨੂੰ ਇੰਚਾਰਜ ਲਾਇਆ ਗਿਆ। ਉੱਤਰਾਖੰਡ ਦੇ ਇੰਚਾਰਜ ਵਜੋਂ ਸੋਨੀਆ ਗਾਂਧੀ ਨੇ ਦਿੱਲੀ ਦੇ ਘੱਟ ਚਰਚਿਤ ਸਿਆਸਤਦਾਨ ਦੇਵੇਂਦਰ ਯਾਦਵ ਨੂੰ ਨਿਯੁਕਤ ਕੀਤਾ। ਚੋਣ ਤਿਆਰੀਆਂ ਦੇ ਔਖੇ ਮਾਮਲਿਆਂ ਨਾਲ ਸਿੱਝਣ ਲਈ ਯਾਦਵ ਤੇ ਚੌਧਰੀ ਪੂਰੇ ਨਾ ਸਾਬਤ ਹੋਏ। ਉਨ੍ਹਾਂ ਕੋਲ ਪਾਰਟੀ ਦੇ ਆਪਸ ਵਿੱਚ ਲੜ ਰਹੇ ਧੜਿਆਂ ਦਰਮਿਆਨ ਤਵਾਜ਼ਨ ਬਿਠਾਉਣ ਲਈ ਲੋੜੀਂਦੀ ਮੁਹਾਰਤ ਦੀ ਕਮੀ ਸੀ। ਜਦੋਂ ਵੀ ਸਿੱਧੂ ਲੋਹੇ-ਲਾਖੇ ਹੋਏ ਜਾਂ ਜਾਖੜ ਨੇ ਕੋਈ ਅਜਿਹੀ ਟਿੱਪਣੀ ਕੀਤੀ ਜਿਹੜੀ ਸਿਆਸੀ ਤੌਰ ’ਤੇ ਨੁਕਸਾਨਦੇਹ ਸਾਬਤ ਹੋਈ ਤਾਂ ਇਸ ਦੌਰਾਨ ਖ਼ਾਸਕਰ ਸੋਨੀਆ ਮੂਕ ਦਰਸ਼ਕ ਬਣੀ ਰਹੀ। ਸ਼ਾਇਦ ਸੋਨੀਆ ਇਸ ਦੌਰਾਨ ਰਾਹੁਲ ਤੇ ਪ੍ਰਿਅੰਕਾ ਨੂੰ ਪੂਰੀ ਖੁੱਲ੍ਹ ਦੇਣੀ ਚਾਹੁੰਦੀ ਸੀ, ਪਰ ਨਿਰਪੱਖਤਾ ਤੇ ਉਦਾਸੀਨਤਾ ਦਾ ਇਹ ਤਰੀਕਾ ਮਾਰੂ ਸਾਬਤ ਹੋਇਆ।
       ਹੁਣ ਕਾਂਗਰਸ ਦਾ ਕੀ ਬਣੇਗਾ? ਕਾਂਗਰਸ ਦੇ ਅੰਦਰੂਨੀ ਅਸੰਤੁਸ਼ਟ ਅਤੇ ਬਾਗ਼ੀ, ਪਾਰਟੀ ਲੀਡਰਸ਼ਿਪ ਦੀ ਅਥਾਰਿਟੀ ਉੱਤੇ ਸਵਾਲ ਉਠਾਉਣ ਲਈ ਰਾਸ਼ਟਰਪਤੀ ਦੀ ਚੋਣ ਦੀ ਉਡੀਕ ਵਿੱਚ ਹਨ। ਰਾਸ਼ਟਰਪਤੀ ਚੋਣ ਦਾ ਦੇਸ਼ ਦੀ ਸਿਆਸੀ ਹੋਣੀ ਨੂੰ ਬਦਲ ਦੇਣ ਦਾ ਪੁਰਾਣਾ ਇਤਿਹਾਸ ਹੈ। ਜਦੋਂ ਅਹੁਦੇ ’ਤੇ ਬਿਰਾਜਮਾਨ ਰਾਸ਼ਟਰਪਤੀ ਜ਼ਾਕਿਰ ਹੁਸੈਨ ਦਾ 3 ਮਈ, 1969 ਨੂੰ ਇੰਤਕਾਲ (ਦੇਹਾਂਤ) ਹੋਇਆ ਤਾਂ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸ ਅਹੁਦੇ ਲਈ ਵੀਵੀ ਗਿਰੀ ਦੀ ਹਮਾਇਤ ਕਰ ਕੇ ਆਪਣੀ ਹੀ ਪਾਰਟੀ ਦੇ ਪ੍ਰਬੰਧਾਂ ਨੂੰ ਹੈਰਾਨ-ਪਰੇਸ਼ਾਨ ਕਰ ਕੇ ਰੱਖ ਦਿੱਤਾ ਸੀ। ਕਾਂਗਰਸ ਨੇ ਅਧਿਕਾਰਤ ਤੌਰ ’ਤੇ ਸਾਰੇ ਪਾਰਟੀ ਮੈਂਬਰਾਂ ਨੂੰ ਨੀਲਮ ਸੰਜੀਵਾ ਰੈਡੀ ਨੂੰ ਵੋਟ ਪਾਉਣ ਲਈ ਵ੍ਹਿਪ ਜਾਰੀ ਕੀਤਾ ਸੀ, ਪਰ ਦੂਜੇ ਪਾਸੇ ਇੰਦਰਾ ਗਾਂਧੀ ਨੇ ਪਾਰਟੀ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਆਪਣੀ ‘ਜ਼ਮੀਰ’ ਦੀ ਆਵਾਜ਼ ਮੁਤਾਬਕ ਵੋਟ ਪਾਉਣ ਦੀ ਅਪੀਲ ਕਰ ਦਿੱਤੀ। ਸਿੱਟੇ ਵਜੋਂ ਵੀਵੀ ਗਿਰੀ ਚੁਣੇ ਗਏ ਅਤੇ ਇਸ ਤੋਂ ਬਾਅਦ ਇੰਦਰਾ ਗਾਂਧੀ ਨੂੰ ਕਾਂਗਰਸ ਵਿੱਚੋਂ ਕੱਢ ਦਿੱਤਾ ਗਿਆ। ਆਗਾਮੀ ਜੁਲਾਈ ਵਿੱਚ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਵਿੱਚ ਕਾਂਗਰਸ ਜਾਂ ਸਮੁੱਚੀ ਵਿਰੋਧੀ ਧਿਰ ਸ਼ਾਇਦ ਰਾਸ਼ਟਰਪਤੀ ਚੋਣ ਦੇ ਨਤੀਜੇ ’ਤੇ ਅਸਰਅੰਦਾਜ਼ ਹੋਣ ਦੀ ਹਾਲਤ ਵਿੱਚ ਨਾ ਹੋਵੇ। ਪਰ ਇਸ ਦੇ ਬਾਵਜੂਦ ਇਸ ਨਾਲ ਕਾਂਗਰਸ ਦੇ ਅਸੰਤੁਸ਼ਟਾਂ ਨੂੰ ਗਾਂਧੀਆਂ ਨੂੰ ਨੁਕਸਾਨ ਪਹੁੰਚਾਉਣ ਤੇ ਸੱਟ ਮਾਰਨ ਦਾ ਮੌਕਾ ਜ਼ਰੂਰ ਮਿਲੇਗਾ।
        ਸੋਨੀਆ ਗਾਂਧੀ ਨੇ 1998 ਵਿੱਚ ਸਰਗਰਮ ਸਿਆਸਤ ਵਿੱਚ ਸ਼ਾਮਲ ਹੋਣ ਤੋਂ ਬਾਅਦ ਦਿੱਤੀਆਂ ਆਪਣੀਆਂ ਲੜੀਵਾਰ ਇੰਟਰਵਿਊਜ਼ ਵਿੱਚ ਵਾਰ-ਵਾਰ ਇਹੋ ਆਖਿਆ ਸੀ ਕਿ ਉਨ੍ਹਾਂ ਦਾ ਸਿਆਸਤ ਵਿੱਚ ਆਉਣ ਦਾ ਮਕਸਦ ਕਾਂਗਰਸ ਦੀ ਆਨ-ਸ਼ਾਨ ਵਾਪਸ ਲਿਆਉਣਾ ਤੇ ਬਹਾਲ ਕਰਨਾ ਹੀ ਹੈ। ਇਹ ਜ਼ਿੰਮੇਵਾਰੀ 24 ਸਾਲਾਂ ਤੱਕ ਨਿਭਾਉਣ ਤੋਂ ਬਾਅਦ ਹੁਣ ਜ਼ਰੂਰਤ ਹੈ ਕਿ ਸੋਨੀਆ ਵੱਲੋਂ ਕਿਸੇ ਹੋਰ, ਕਿਸੇ ਗ਼ੈਰ-ਗਾਂਧੀ ਨੂੰ ਇਹ ਟੀਚਾ ਹਾਸਲ ਕਰਨ ਦਾ ਮੌਕਾ ਦਿੱਤਾ ਜਾਵੇ। ਸਿਆਸਤ ਵਿੱਚ ਸਮੇਂ ਅਤੇ ਮੌਕੇ ਦੀ ਹਮੇਸ਼ਾਂ ਬਹੁਤ ਅਹਿਮੀਅਤ ਹੁੰਦੀ ਹੈ। ਇਸ ਤੋਂ ਪਹਿਲਾਂ ਕਿ ਪਾਰਟੀ ਦਾ ਕੋਈ ਆਮ ਵਰਕਰ ਸੋਨੀਆ ਤੇ ਉਸ ਦੇ ਬੱਚਿਆਂ ਨੂੰ ਇਹ ਆਖਣ ਦਾ ਜੇਰਾ ਕਰੇ ਕਿ ਹੁਣ ‘ਇਹ ਕੰਮ (ਪਾਰਟੀ ਦੀ ਅਗਵਾਈ) ਤੁਹਾਡੇ ਵੱਸ ਦਾ ਨਹੀਂ ਰਿਹਾ’, ਜ਼ਰੂਰੀ ਹੈ ਕਿ ਸੋਨੀਆ ਗਾਂਧੀ ਵੱਲੋਂ ਪਹਿਲਾਂ ਹੀ ਪਾਰਟੀ ਦੀ ਅਗਵਾਈ ਕਿਸੇ ਹੋਰ ਨੂੰ ਸੌਂਪਣ ਬਾਰੇ ਸੋਚਿਆ ਜਾਵੇ।
(ਲੇਖਕ ਸੀਨੀਅਰ ਕਾਲਮਨਵੀਸ ਹੈ)