Rajpal Singh

ਗੌਰੀ ਲੰਕੇਸ਼ ਨੂੰ ਯਾਦ ਕਰਦਿਆਂ - ਰਾਜ ਪਾਲ ਸਿੰਘ

3 ਸਾਲ ਪਹਿਲਾਂ, 5 ਸਤੰਬਰ 2017 ਨੂੰ ਤਰਕਸ਼ੀਲ ਅਤੇ ਅਗਾਂਹਵਧੂ ਸੋਚ ਦੀ ਧਾਰਨੀ ਗੌਰੀ ਲੰਕੇਸ਼ ਨੂੰ ਉਸ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਉਸਦੇ ਕਾਤਲ ਰੂੜ੍ਹੀਵਾਦੀ ਅਤੇ ਕੱਟੜ ਧਾਰਮਿਕ ਸੋਚ ਨਾਲ ਸਬੰਧ ਰਖਦੇ ਨੇ ਜਿਨ੍ਹਾਂ ਦੀਆਂ ਤਾਰਾਂ ਇੱਕ ਫਿਰਕੂ ਸੰਗਠਨ ਸਨਾਤਨ ਸੰਸਥਾ ਨਾਲ ਜੁੜਦੀਆਂ ਹਨ। ਕਤਲ ਅਤੇ ਕਤਲ ਦੀ ਸਾਜਿਸ਼ ਵਿੱਚ ਸ਼ਾਮਲ ਬਹੁਤੇ ਵਿਅਕਤੀ ਫੜ੍ਹੇ ਜਾ ਚੁੱਕੇ ਹਨ, ਇੱਕ ਕਾਤਲ ਰਾਜੇਸ਼ ਇਸੇ ਸਾਲ ਜਨਵਰੀ ਵਿੱਚ ਹੀ ਝਾਰਖੰਡ ਵਿਚੋਂ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਕਾਤਲਾਂ ਜੋ ਡਾਇਰੀ ਬਰਾਮਦ ਹੋਈ ਹੈ ਉਸ ਅਨੁਸਾਰ 34 ਵਿਅਕਤੀ ਉਨ੍ਹਾਂ ਦੀ ਹਿੱਟ ਲਿਸਟ ਵਿੱਚ ਸ਼ਾਮਲ ਸਨ ਅਤੇ ਗੌਰੀ ਦਾ ਨਾਂ ਉਸ ਲਿਸਟ ਵਿੱਚ ਦੂਜੇ ਨੰਬਰ ਉੱਤੇ ਸੀ। ਇਸ ਗਰੁੱਪ ਵੱਲੋਂ ਪਹਿਲਾਂ ਮਹਾਂਰਾਸ਼ਟਰ ਦੇ ਤਰਕਸ਼ੀਲ ਆਗੂ ਨਰਿੰਦਰ ਦਬੋਲਕਰ, ਗੋਬਿੰਦ ਪਨਸਾਰੇ ਅਤੇ ਕਰਨਾਟਕ ਦੇ ਬੁੱਧੀਜੀਵੀ ਲੇਖਕ ਐੱਮ. ਐੱਮ. ਕਲਬੁਰਗੀ ਦੇ ਵੀ ਕਤਲ ਕੀਤੇ ਗਏ ਸਨ। ਫੋਰੈਂਸਿਕ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਕਲਬੁਰਗੀ ਅਤੇ ਗੌਰੀ ਨੂੰ ਮਾਰਨ ਲਈ ਵਰਤੀ ਜਾਣ ਵਾਲੀ ਤਾਂ ਗੰਨ ਵੀ ਇਕੋ ਹੀ ਸੀ। ਹੋ ਸਕਦਾ ਹੈ ਚੱਲ ਰਹੇ ਮੁਕੱਦਮੇ ਵਿੱਚ ਉਨ੍ਹਾਂ ਨੂੰ ਕੋਈ ਸਜਾ ਹੋ ਜਾਵੇ ਪਰ ਕਾਤਲਾਂ ਨੂੰ ਅਸਲ ਸਜਾ ਤਦ ਹੀ ਮਿਲੇਗੀ ਜਦ ਲੋਕ ਆਪਣੇ ਮਨਾਂ ਵਿਚੋਂ ਉਨਾਂ ਦੀ ਫਿਰਕੂ ਸੋਚ ਨੂੰ ਲਾਹ ਮਾਰਣਗੇ।
      ਛੋਟੇ ਕੱਦ ਵਾਲੀ ਗੌਰੀ ਇੱਕ ਵੱਡੀ ਸ਼ਖ਼ਸੀਅਤ ਸੀ। ਉਸਦੇ ਅੰਦਰ ਸਮਾਜ ਅਤੇ ਰਾਜਨੀਤੀ ਵਿੱਚ ਚਲਦੀ ਹਰ ਬੁਰਾਈ ਖਿਲਾਫ਼ ਭਿੜ ਜਾਣ ਦੀ ਅਥਾਹ ਤਾਕਤ ਅਤੇ ਦਲੇਰੀ ਸੀ। ਇਹ ਗੁਣ ਉਸਨੂੰ ਆਪਣੇ ਪਰਿਵਾਰਕ ਵਿਰਸੇ ਵਿਚੋਂ ਪ੍ਰਾਪਤ ਹੋਇਆ। ਉਸ ਦਾ ਦਾਦਾ ਰਮਾਇਣ ਪੜ੍ਹਦਾ ਹੁੰਦਾ ਸੀ ਪਰ ਉਸ ਨੇ ਆਪਣੇ ਬੇਟੇ, ਭਾਵ ਗੌਰੀ ਦੇ ਪਿਤਾ ਦਾ ਨਾਮ ਲੰਕੇਸ਼ ਰੱਖਿਆ, ਜਿਸਦਾ ਅਰਥ ਲੰਕਾ ਦਾ ਰਾਜਾ ਰਾਵਣ ਹੈ। ਗੌਰੀ ਦਾ ਪਿਤਾ ਪੀ. ਲੰਕੇਸ਼ ਖ਼ੁਦ ਸੋਸ਼ਲਿਸਟ ਵਿਚਾਰਾਂ ਵਾਲਾ, ਨਾਸਤਿਕ, ਜ਼ਿੰਦਗੀ ਨੂੰ ਖੁੱਲ੍ਹ ਕੇ ਜਿਉਣ ਵਾਲਾ ਅਤੇ ਵਿਚਾਰਧਾਰਕ ਵਿਰੋਧੀਆਂ ਨਾਲ ਕੋਈ ਲਿਹਾਜ਼ ਨਾ ਪਾਲਣ ਵਾਲਾ ਸ਼ਖਸ ਸੀ। ਪੀ. ਲੰਕੇਸ਼ ਬੰਗਲੌਰ ਦੇ ਸੈਂਟਰਲ ਕਾਲਜ ਵਿੱਚ ਅੰਗਰੇਜੀ ਦਾ ਪ੍ਰੋਫੈਸਰ ਸੀ, ਪਰ ਉਹ ਪ੍ਰੋਫੈਸਰਾਂ ਵਾਲੀ ਸ਼ਾਂਤ ਜ਼ਿੰਦਗੀ ਜਿਉਣ ਲਈ ਨਹੀਂ ਬਣਿਆ ਸੀ। ਕਾਲਜ ਦੀ ਆਰਾਮਦਾਇਕ ਨੌਕਰੀ ਛੱਡ ਕੇ ਉਸ ਨੇ ਫਿਲਮਾਂ ਬਣਾਈਆਂ ਅਤੇ ਅਖ਼ਬਾਰਾਂ ਵਿੱਚ ਕਾਲਮ ਲਿਖ ਕੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਰਾਹ ਚੁਣਿਆ। 1979 ਵਿੱਚ ਉਸ ਨੇ ਪਰਜਾਵਾਣੀ ਨਾਂ ਦੇ ਅਖ਼ਬਾਰ ਵਿੱਚ ਰੈਗੂਲਰ ਕਾਲਮ ਲਿਖਣਾ ਸ਼ੁਰੂ ਕੀਤਾ ਜੋ ਬਹੁਤ ਹਰਮਨ ਪਿਆਰਾ ਹੋਇਆ, ਫਿਰ ਉਸ ਨੇ ਆਪਣੇ ਵਿਚਾਰਾਂ ਨੂੰ ਖੁੱਲ੍ਹ ਕੇ ਪ੍ਰਗਟਾਉਣ ਲਈ 'ਲੰਕੇਸ਼ ਪੱਤਰਿਕਾ' ਨਾਮ ਦਾ ਆਪਣਾ ਹਫਤਾਵਾਰੀ ਅਖ਼ਬਾਰ ਸ਼ੁਰੂ ਕੀਤਾ ਜੋ ਬਹੁਤ ਵੱਡੀ ਗਿਣਤੀ ਵਿੱਚ ਛਪਦਾ ਸੀ।
       ਗੌਰੀ ਨੇ ਜਿੱਥੇ ਗਲਤ ਵਰਤਾਰਿਆਂ ਖਿਲਾਫ਼ ਲੜ੍ਹਨ ਵਾਲਾ ਗੁਣ ਆਪਣੇ ਪਰਿਵਾਰਕ ਵਿਰਸੇ ਵਿਚੋਂ ਪ੍ਰਾਪਤ ਕੀਤਾ, ਉਥੇ ਤਰਕਸ਼ੀਲ ਵਿਚਾਰਾਂ ਦੀ ਪਕਿਆਈ ਉਸਨੂੰ ਨੈਸ਼ਨਲ ਕਾਲਜ ਬੰਗਲੌਰ ਵਿੱਚ ਪੜ੍ਹਾਈ ਦੌਰਾਨ ਹਾਸਲ ਹੋਈ। ਇਸ ਕਾਲਜ ਵਿੱਚ ਡਾ. ਕਵੂਰ ਦਾ ਨੇੜਲਾ ਸਾਥੀ ਐੱਚ. ਨਰਸਿਮ੍ਹਾ ਪ੍ਰਿੰਸੀਪਲ ਰਹਿ ਕੇ ਗਿਆ ਸੀ। ਸ਼੍ਰੀ ਨਰਸਿਮ੍ਹਾ ਨੇ ਸਾਂਈ ਬਾਬੇ ਨੂੰ ਵਾਰ ਵਾਰ ਚੈਲਿੰਜ ਕਰਕੇ ਭਜਾਇਆ ਸੀ, ਜਿਸਦਾ ਜ਼ਿਕਰ ਡਾ. ਕਵੂਰ ਦੀ ਪੁਸਤਕ 'ਤੇ ਦੇਵਪੁਰਸ਼ ਹਾਰ ਗਏ' ਵਿੱਚ ਵੀ ਆਉਂਦਾ ਹੈ। ਗੌਰੀ ਦੇ ਕਾਲਜ ਵਿੱਚ ਦਾਖਲ ਹੋਣ ਸਮੇਂ ਐੱਚ. ਨਰਸਿਮ੍ਹਾ ਬੰਗਲੌਰ ਯੂਨੀਵਰਸਿਟੀ ਦੇ ਵੀ. ਸੀ. ਦੇ ਅਹੁਦੇ ਉੱਤੇ ਚਲੇ ਗਏ ਸਨ, ਪਰ ਉਨ੍ਹਾਂ ਦੇ ਤਰਕਸ਼ੀਲ ਵਿਚਾਰਾਂ ਦਾ ਉਥੋਂ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਉੱਤੇ ਬਹੁਤ ਅਸਰ ਸੀ। ਸੋ ਘਰੇਲੂ ਅਤੇ ਵਿਦਿਅਕ ਮਾਹੌਲ ਨੇ ਗੌਰੀ ਨੂੰ ਪੂਰੀ ਤਰ੍ਹਾਂ ਤਰਕਸ਼ੀਲ ਅਤੇ ਆਪਣੇ ਵਿਚਾਰਾਂ 'ਤੇ ਦ੍ਰਿੜਤਾ ਨਾਲ ਖੜ੍ਹਨ ਵਾਲੀ ਸ਼ਖ਼ਸੀਅਤ ਬਣਾ ਦਿੱਤਾ।
        ਗੌਰੀ ਦੀ ਕਾਲਜ ਪੜ੍ਹਦੇ ਸਮੇਂ ਚਿਦਾਨੰਦ ਰਾਜਘੱਟਾ ਨਾਂ ਦੇ ਬਹੁਤ ਜ਼ਹੀਨ ਲੜਕੇ ਨਾਲ ਦੋਸਤੀ ਹੋਈ (ਰਾਜਘੱਟਾ ਉਸਦੇ ਪਿੰਡ ਦਾ ਨਾਮ ਸੀ)। ਚਿਦਾਨੰਦ ਵੀ ਤਰਕਸ਼ੀਲ ਅਤੇ ਨਾਸਤਿਕ ਵਿਚਾਰਾਂ ਦਾ ਸੀ, ਦੋਵੇਂ ਪੱਤਰਕਾਰੀ ਦੇ ਖੇਤਰ ਵਿੱਚ ਦਿਲਚਸਪੀ ਰਖਦੇ ਸਨ। ਸੋ ਵਿਚਾਰਾਂ ਦੀ ਸਾਂਝ ਦੇ ਆਧਾਰ 'ਤੇ 1985 ਵਿੱਚ, ਉਨ੍ਹਾਂ ਨੇ ਸਾਢੇ ਪੰਦਰਾਂ ਰੁਪਏ ਖਰਚ ਕੇ, ਕੋਰਟ ਵਿੱਚ ਸ਼ਾਦੀ ਕਰਵਾ ਲਈ। ਵਿਆਹ ਤੋਂ ਬਾਅਦ ਇਸ ਜੋੜੀ ਨੇ ਜੋ ਪਹਿਲੀ ਚੀਜ ਖਰੀਦੀ ਉਹ ਕੋਈ ਗਹਿਣੇ ਜਾਂ ਸਾੜ੍ਹੀਆਂ ਨਹੀਂ ਸਨ, ਬਲਕਿ ઠਗਿਆਨ ਦਾ ਭੰਡਾਰ ''ਐਨਸਾਈਕਲੋਪੀਡੀਆ ਬ੍ਰਿਟੈਨਿਕਾ" ਸੀ ਜੋ ਉਸ ਸਮੇਂ 10 ਹਜਾਰ ਰੁਪਏ ਦਾ ਮਿਲਦਾ ਸੀ। ਦੋਵੇਂ ਜਣੇ ਦਿੱਲੀ ਆ ਕੇ ਵੱਡੇ ਅਖ਼ਬਾਰਾਂ ਵਿੱਚ ਕੰਮ ਕਰਨ ਲੱਗੇ, ਗੌਰੀ 'ਟਾਈਮਜ਼ ਆਫ਼ ਇੰਡੀਆ' ਵਿੱਚ ਅਤੇ ਚਿਦਾਨੰਦ 'ਟੈਲੀਗ੍ਰਾਫ' ਵਿੱਚ। ਪਰ ਵਿਆਹ ਤੋਂ ਕੁਝ ਸਾਲ ਬਾਅਦ ਦੋਹਾਂ ਨੂੰ ਮਹਿਸੂਸ ਹੋਣ ਲੱਗਾ ਕਿ ਉਨ੍ਹਾਂ ਦੇ ਸੁਭਾਵਾਂ ਵਿੱਚ ਬਹੁਤ ਅੰਤਰ ਹੈ। ਗੌਰੀ ਆਪਣੇ ਵਿਚਾਰਾਂ ਪ੍ਰਤੀ ਬਹੁਤ ਸਖਤ ਸੀ ਜਦ ਕਿ ਚਿਦਾਨੰਦ ਦੂਸਰਿਆਂ ਦੀਆਂ ਭਾਵਨਾਵਾਂ ਅਤੇ ਮਾਹੌਲ ਅਨੁਸਾਰ ਝੁਕ ਜਾਂਦਾ ਸੀ। ਜਿਵੇਂ ਚਿਦਾਨੰਦ ਆਪਣੀ ਮਾਂ ਨੂੰ ਖੁਸ਼ ਕਰਨ ਲਈ, ਉਸਦੇ ਕਹਿਣ ਉੱਤੇ ਸਾਈਂ ਬਾਬੇ ਦੇ ਆਸ਼ਰਮ ਵੀ ਚਲਾ ਗਿਆ। ਚਾਹੇ ਉਥੇ ਉਸ ਨੇ ਕੋਈ ਪੂਜਾ ਵਗੈਰਾ ਨਹੀਂ ਕੀਤੀ ਪਰ ਗੌਰੀ ਤਾਂ ਅਜਿਹਾ ਕੁਝ ਬਿਲਕੁਲ ਬਰਦਾਸ਼ਤ ਹੀ ਨਹੀਂ ਕਰ ਸਕਦੀ ਸੀ। ਉਹ ਵਿਚਾਰਾਂ ਵਿੱਚ ਅਸਪਸ਼ਟਤਾ ਅਤੇ ਦ੍ਰਿੜਤਾ ਦੀ ਘਾਟ ਲਈ ਚਿਦਾਨੰਦ ਦਾ ਮਖੌਲ ਉਡਾਉਂਦੀ ਸੀ। ਗੌਰੀ ਠੀਕ ਅਤੇ ਗਲਤ ਵਿਚਕਾਰ ਲਾਈਨ ਖਿੱਚ ਕੇ ਖੜ੍ਹਨ ਵਾਲੀ ਸ਼ਖ਼ਸੀਅਤ ਸੀ, ਜਦ ਕਿ ਚਿਦਾਨੰਦ ਠੀਕ ਦੇ ਹੱਕ ਵਿੱਚ ਸਟੈਂਡ ਲੈਣ ਦੀ ਬਜਾਏ, ਅਜਿਹੇ ਸੁਭਾਅ ਦਾ ਮਾਲਕ ਸੀ ਜਿਸ ਨੂੰ ਆਮ ਭਾਸ਼ਾ ਵਿੱਚ 'ਐਡਜਸਟਮੈਂਟ' ਕਰਨਾ ਕਿਹਾ ਜਾਂਦਾ ਹੈ। ਸੋ ਪੰਜ ਕੁ ਸਾਲ ਬਾਅਦ ਉਨ੍ਹਾਂ ਨੇ ਫੈਸਲਾ ਕੀਤਾ ਕਿ ਸਾਨੂੰ ਇਹੋ ਜਿਹੇ ਮੁੱਦਿਆਂ ਉੱਤੇ ਬਹਿਸ ਕਰਦੇ ਰਹਿਣ ਦੀ ਬਜਾਏ ਵੱਖ ਵੱਖ ਹੋ ਜਾਣਾ ਚਾਹੀਦਾ ਹੈ। ਜਿਸ ਤਰ੍ਹਾਂ ਸਾਦਾ ਢੰਗ ਨਾਲ ਉਨ੍ਹਾਂ ਨੇ ਵਿਆਹ ਕਰਵਾਇਆ ਸੀ ਉਸੇ ਸਾਦਾ ਢੰਗ ਨਾਲ ਉਹ ਤਲਾਕ ਦੀ ਅਰਜੀ ਦੇ ਕੇ ਅਲੱਗ ਹੋ ਗਏ। ਉਸ ਤੋਂ ਬਾਅਦ ਚਿਦਾਨੰਦ ਅਮਰੀਕਾ ਚਲਿਆ ਗਿਆ ਜਿੱਥੇ ਉਹ ਟਾਈਮਜ਼ ਆਫ਼ ਇੰਡੀਆ ਅਖ਼ਬਾਰ ਦੇ ਵਿਦੇਸ਼ ਬਿਓਰੋ ਲਈ ਕੰਮ ਕਰਦਾ ਰਿਹਾ। ਜਦ ਕਿ ਗੌਰੀ ਬੰਗਲੌਰ ਵਾਪਿਸ ਆ ਗਈ ਅਤੇ ਵਿਆਹੁਤਾ ਬੰਧਨ ਤੋਂ ਮੁਕਤ ਹੋ ਕੇ ਪੂਰੀ ਤਰ੍ਹਾਂ ਬੌਧਿਕ ਅਤੇ ਸਮਾਜਿਕ ਸਰਗਰਮੀਆਂ ਨੂੰ ਸਮਰਪਿਤ ਹੋ ਗਈ। ਇਥੇ ਉਹ ਟਾਈਮਜ਼ ਆਫ਼ ਇੰਡੀਆ ਨੂੰ ਛੱਡ ਕੇ 'ਸੰਡੇ' ਮੈਗਜ਼ੀਨ ਲਈ ਕੰਮ ਕਰਨ ਲੱਗੀ। ਜ਼ਿਕਰਯੋਗ ਹੈ ਕਿ ਤਲਾਕ ਤੋਂ ਬਾਅਦ ਵੀ ਉਹ ਵੱਖ ਵੱਖ ਮੁੱਦਿਆਂ ਉਤੇ ਈਮੇਲਾਂ ਅਤੇ ਫੋਨ ਰਾਹੀਂ ਵਿਚਾਰ ਵਟਾਂਦਰੇ ਅਤੇ ਬਹਿਸਾਂ ਕਰਦੇ ਰਹੇ, ਇੱਕ ਦੂਜੇ ਦੇ ਨਿੱਜੀ ਮਸਲਿਆਂ ਬਾਰੇ ਰਾਏ ਦਿੰਦੇ ਰਹੇ, ਲੋੜ ਪੈਣ 'ਤੇ ਇੱਕ ਦੂਜੇ ਦੇ ਪਰਿਵਾਰਾਂ ਦੇ ਕੰਮ ਵੀ ਆਉਂਦੇ ਰਹੇ। ਚਿਦਾਨੰਦ ਦੀ ਵਿਦੇਸ਼ੀ ਮੂਲ ਦੀ ਦੂਸਰੀ ਪਤਨੀ ਮੈਰੀ ਬਰੀਡਿੰਗ ਤਾਂ ਗੌਰੀ ਤੋਂ ਬਹੁਤ ਹੀ ਪ੍ਰਭਾਵਿਤ ਸੀ। ਇਸੇ ਕਰਕੇ ਉਹ ਗੌਰੀ ਦੇ ਕਤਲ ਉਪਰੰਤ ਲਿਖੀ ਆਪਣੀ ਇੱਕ ਲਿਖਤ ਵਿੱਚ ਕਹਿੰਦੀ ਹੈ ૶''ਮੈਂ ਚਾਹੁੰਦੀ ਹਾਂ ਕਿ ਮੇਰੀ ਲੜਕੀ ਉਸ ਨੂੰ ਰੋਲ-ਮਾਡਲ ਵਜੋਂ ਮੰਨੇ, ਮੇਰੀ ਲੜਕੀ ਉਸ ਵਾਂਗ ਹੀ ਮਜਬੂਤ ਅਤੇ ਆਜਾਦ ਵਿਚਾਰਾਂ ਵਾਲੀ ਹੋਵੇ।''
 
- 0  ૶

ਜਨਵਰੀ 2000 ਵਿੱਚ ਗੌਰੀ ਦੇ ਪਿਤਾ ਪੀ. ਲੰਕੇਸ਼ ਦਾ ਦਿਹਾਂਤ ਹੋ ਗਿਆ। ਗੌਰੀ ਉਸ ਵਕਤ ਦਿੱਲੀ ਵਿਖੇ ਸੀ। ਜਦ ਉਹ ਘਰ ਪਹੁੰਚੀ ਤਾਂ ਰਿਸ਼ਤੇਦਾਰਾਂ ਵੱਲੋਂ ਰੂੜ੍ਹੀਵਾਦੀ ਧਾਰਮਿਕ ਰਸਮਾਂ ਕੀਤੀਆਂ ਜਾ ਰਹੀਆਂ ਸਨ। ਗੌਰੀ ਅਤੇ ਉਸਦੀ ਭੈਣ ਨੇ ਇਸ ਸਭ ਕਾਸੇ ਨੂੰ ਤੁਰੰਤ ਰੋਕਿਆ ਅਤੇ ਕਿਹਾ ਕਿ ਸਾਡੇ ਪਿਤਾ ਨੇ ਕਦੇ ਪਾਠ ਪੂਜਾ ਨਹੀਂ ਕੀਤੀ ਸੀ, ਕਦੇ ਉਹ ਮੰਦਰ ਵਗੈਰਾ ਨਹੀਂ ਗਿਆ ਸੀ, ਹਰ ਤਰ੍ਹਾਂ ਦੇ ਅੰਧਵਿਸ਼ਵਾਸਾਂ, ਰਸਮਾਂ ਅਤੇ ਅਰਦਾਸਾਂ ਕਰਨ ਦਾ ਉਹ ਸਖਤ ਵਿਰੋਧੀ ਸੀ, ਅਸੀਂ ਉਸ ਦੀ ਮਿਰਤਕ ਦੇਹ ਨਾਲ ਅਜਿਹਾ ਨਹੀਂ ਹੋਣ ਦਿਆਂਗੀਆਂ। ਰਿਸ਼ਤੇਦਾਰਾਂ ਦੀ ਨਾਰਾਜ਼ਗੀ ਦੀ ਪਰਵਾਹ ਨਾ ਕਰਦਿਆਂ ਦੋਹਾਂ ਭੈਣਾਂ ਨੇ ਕੋਈ ਧਾਰਮਿਕ ਰਸਮ ਨਾ ਹੋਣ ਦਿੱਤੀ।
      ਇਸ ਉਪਰੰਤ ਪਿਤਾ ਵਾਲੇ ਅਖ਼ਬਾਰ ਬਾਰੇ ਕੋਈ ਫੈਸਲਾ ਲੈਣ ਦਾ ਮਸਲਾ ਸੀ। ਗੌਰੀ ਪਹਿਲਾਂ ਇਸ ਨੂੰ ਜਾਰੀ ਰੱਖਣ ਜਾਂ ਬੰਦ ਕਰਨ ਬਾਰੇ ਦੋਚਿੱਤੀ ਵਿੱਚ ਸੀ। ਪਰ ਅਖ਼ਬਾਰ ਨਾਲ ਜੁੜੇ ਕੁਝ ਲੋਕਾਂ ਨੇ ਕਿਹਾ ਕਿ ਇਸਨੂੰ ਜਾਰੀ ਰੱਖਿਆ ਜਾਵੇ ਨਹੀਂ ਤਾਂ ਉਹ ਬੇਰੁਜ਼ਗਾਰ ਹੋ ਜਾਣਗੇ। ਸੋ ਗੌਰੀ ਲੰਕੇਸ਼ ਨੇ ਇਸ ਦੀ ਸੰਪਾਦਨਾ ਦਾ ਕੰਮ ਸੰਭਾਲ ਲਿਆ। ਗੌਰੀ ਦੇ ਭਰਾ ਇੰਦਰਜੀਤ ਕੋਲ ਇਸ ਅਖ਼ਬਾਰ ਦੇ ਮਾਲਕੀ ਅਤੇ ਪ੍ਰਕਾਸ਼ਕੀ ਅਧਿਕਾਰ ਸਨ। ਗੌਰੀ ਨੇ ਓਦੋਂ ਤੱਕ ਕੇਵਲ ਅੰਗਰੇਜ਼ੀ ਵਿੱਚ ਹੀ ਲਿਖਿਆ ਸੀ ਅਤੇ ਕੰਨੜ ਵਿੱਚ ਲਿਖਣ ਦਾ ਉਸਦਾ ਕੋਈ ਤਜਰਬਾ ਨਹੀਂ ਸੀ, ਪਰ ਉਸ ਨੇ ਸਖਤ ਮਿਹਨਤ ਕਰਕੇ ਕੰਨੜ ਭਾਸ਼ਾ ਵਿੱਚ ਮੁਹਾਰਤ ਹਾਸਲ ਕੀਤੀ। ਗੌਰੀ ਦੀ ਬੇਬਾਕ ਸ਼ੈਲੀ ਨੇ ਉਸਦੇ ਬਹੁਤ ਸਾਰੇ ਪ੍ਰਸੰਸਕ ਅਤੇ ਵਿਰੋਧੀ ਪੈਦਾ ਕੀਤੇ। ਉਹ ਰੂੜ੍ਹੀਵਾਦੀ ਵਿਚਾਰਾਂ ਅਤੇ ਹਿੰਦੂਤਵਵਾਦੀ ਤਾਕਤਾਂ ਖਿਲਾਫ਼ ਬਹੁਤ ਜੋਰਦਾਰ ਢੰਗ ਨਾਲ ਲਿਖਦੀ ਸੀ।
       ਗੌਰੀ ਦੀ ਜ਼ਿੰਦਗੀ ਵਿੱਚ ਵੱਡਾ ਮੋੜ 2004-05 ਦੌਰਾਨ ਆਇਆ। ਜੂਨ 2004 ਵਿੱਚ ਪ੍ਰੇਮ ਨਾਂ ਹੇਠ ਕੰਮ ਕਰ ਰਹੇ ਨਕਸਲੀ ਆਗੂ ਨੇ ਜੰਗਲ ਵਿੱਚ ਕਿਸੇ ਗੁਪਤ ਟਿਕਾਣੇ ਉੱਤੇ ਕੁਝ ਚੋਣਵੇਂ ਪੱਤਰਕਾਰਾਂ ਨੂੰ ਬੁਲਾਕੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਸ ਨੇ ਖਾਣਾਂ ਖੋਦਣ ਦੇ ਕੁਝ ਨਵੇਂ ਪ੍ਰੋਜੈਕਟਾਂ ਨਾਲ ਕਬਾਇਲੀਆਂ ਦੇ ਉਜਾੜੇ ਬਾਰੇ ਗੱਲ ਕੀਤੀ। ਇਸ ਤਰ੍ਹਾਂ ਸੱਦੇ ਗਏ ਪੱਤਰਕਾਰਾਂ ਵਿੱਚ ਗੌਰੀ ਵੀ ਸ਼ਾਮਲ ਸੀ। ਉਥੇ ਜਾ ਕੇ ਗੌਰੀ ਨੂੰ ਪਤਾ ਚੱਲਿਆ ਕਿ 'ਪ੍ਰੇਮ' ਨਾਂ ਦਾ ਇਹ ਨਕਸਲੀ ਆਗੂ ਅਸਲ ਵਿੱਚ ਉਸਦੇ ਕਾਲਜ ਦੇ ਦਿਨਾਂ ਦਾ ਜਮਾਤੀ ਰਿਹਾ ਸਾਕੇਤ ਰਾਜਨ ਹੈ। ਇਸ ਸਾਕੇਤ ਰਾਜਨ ਨੇ ਦਿੱਲੀ ਦੇ ਇੰਡੀਅਨ ਇੰਸਟੀਚਿਊਟ ਆਫ਼ ਮਾਸ ਕਮਿਊਨੀਕੇਸ਼ਨ ਦੇ ਡਿਪਲੋਮੇ ਵਿਚੋਂ ਗੋਲਡ ਮੈਡਲ ਪ੍ਰਾਪਤ ਕੀਤਾ ਸੀ। ਗੌਰੀ ਉਸ ਵਰਗੇ ਬੁੱਧੀਮਾਨ ਲੜਕੇ ਦੇ ਕਬਾਇਲੀ ਲੋਕਾਂ ਪ੍ਰਤੀ ਸਮਰਪਣ ਤੋਂ ਬਹੁਤ ਪ੍ਰਭਾਵਿਤ ਹੋਈ। ਜਦ ਗੌਰੀ ਅਤੇ ਹੋਰ ਪੱਤਰਕਾਰਾਂ ਨੇ ਪ੍ਰੈਸ ਵਿੱਚ ਕਬਾਇਲੀ ਲੋਕਾਂ ਉੱਤੇ ਪੈਣ ਵਾਲੇ ਮਾੜੇ ਅਸਰਾਂ ਦੀ ਗੱਲ ਉਭਾਰੀ ਤਾਂ ਕਰਨਾਟਕ ਦੇ ਉਸ ਸਮੇਂ ਦੇ ਮੁੱਖ ਮੰਤਰੀ ਧਰਮ ਸਿੰਘ (ਜੋ ਪੁਰਾਣਾ ਸੋਸ਼ਲਿਸਟ ਸੀ) ਨੇ ਨਕਸਲੀਆਂ ਨਾਲ ਗੱਲਬਾਤ ਕਰਨ ਲਈ ਇੱਕ ਟੀਮ ਬਣਾਈ ਜਿਸ ਵਿੱਚ ਗੌਰੀ ਦਾ ਮੁੱਖ ਰੋਲ ਹੋਣਾ ਸੀ। ਪਰ ਪੁਲੀਸ ਇਸ ਮਾਮਲੇ ਵਿੱਚ ਵੱਖਰੇ ਰਾਹ ਉੱਤੇ ਤੁਰੀ ਹੋਈ ਸੀ। ਇਸ ਤੋਂ ਪਹਿਲਾਂ ਕੋਈ ਗੱਲਬਾਤ ਹੁੰਦੀ ਪੁਲੀਸ ਨੇ ਸਾਕੇਤ ਨੂੰ ਇੱਕ ਝੂਠੇ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ। ਇਸ ਘਟਨਾ ਨੇ ਗੌਰੀ ਨੂੰ ਬਹੁਤ ਡੂੰਘਾ ਸਦਮਾ ਪਹੁੰਚਾਇਆ। ਉਸ ਨੇ ਤਹਿਲਕਾ ਵਰਗੇ ਮੈਗਜ਼ੀਨਾਂ ਵਿੱਚ ਇਸ ਦੇ ਖਿਲਾਫ਼ ਜੋਰਦਾਰ ਆਰਟੀਕਲ ਲਿਖੇ, ਪਰ ਉਸ ਦੇ ਭਰਾ ਇੰਦਰਜੀਤ ਨੇ, ਅਖ਼ਬਾਰ ਦੇ ਪ੍ਰਕਾਸ਼ਕ ਦੀ ਹੈਸੀਅਤ ਵਿੱਚ, ਸਾਕੇਤ ਅਤੇ ਨਕਸਲੀ ਲਹਿਰ ਬਾਰੇ ਗੌਰੀ ਵੱਲੋਂ ਲਿਖੇ ਗਏ ਲੇਖ 'ਲੰਕੇਸ਼ ਪੱਤਰਿਕਾ' ਵਿੱਚ ਛਾਪੇ ਜਾਣ ਤੋਂ ਰੋਕ ਦਿੱਤੇ। ਗੌਰੀ ਪਹਿਲਾਂ ਵੀ ਇੰਦਰਜੀਤ ਨਾਲ ਵਿਰੋਧ ਦੇ ਰਾਹ ਪਈ ਹੋਈ ਸੀ। ਅਸਲ ਵਿੱਚ ਇੰਦਰਜੀਤ ਨੇ ਪੱਤਰਕਾਰਾਂ ਦੇ ਕੋਟੇ ਵਿਚੋਂ ਆਪਣੇ ਲਈ ਇੱਕ ਸਸਤਾ ਪਲਾਟ ਅਲਾਟ ਕਰਵਾ ਲਿਆ ਸੀ ਅਤੇ ਫਿਰ ਵਿਧਾਨ ਪ੍ਰੀਸ਼ਦ ਵਿੱਚ ਨਾਮਜ਼ਦਗੀ ਲਈ ਕੋਸ਼ਿਸ਼ਾਂ ਕਰ ਰਿਹਾ ਸੀ। ਗੌਰੀ ਅਜਿਹੇ ਲਾਭ ਲੈਣ ਦੇ ਸਖਤ ਖਿਲਾਫ਼ ਸੀ ਅਤੇ ਇਸ ਨੂੰ ਆਪਣੇ ਪਿਤਾ ਦੀ ਵਿਰਾਸਤ ਦੇ ਉਲਟ, ਘਟੀਆ ਕਦਮ ਸਮਝਦੀ ਸੀ। ਉਸ ਨੂੰ ਪਤਾ ਸੀ ਕਿ ਹੁਣ ਭਰਾ ਦੀ ਮਾਲਕੀ ਵਾਲੇ ਅਖ਼ਬਾਰ 'ਲੰਕੇਸ਼ ਪੱਤਰਿਕਾ' ਵਿਚੋਂ ਉਸ ਨੂੰ ਕਦੇ ਵੀ ਕੱਢਿਆ ਜਾ ਸਕਦਾ ਹੈ, ਸੋ ਉਸਨੇ 'ਗੌਰੀ ਲੰਕੇਸ਼ ਪੱਤਰਿਕਾ' ਨਾਮ ਹੇਠ ਪਹਿਲਾਂ ਹੀ ਨਵਾਂ ਅਖ਼ਬਾਰ ਰਜਿਸਟਰਡ ਕਰਵਾ ਲਿਆ ਸੀ। ਜਦ ਭਰਾ ਨੇ ਉਸ ਨੂੰ 'ਲੰਕੇਸ਼ ਪੱਤਰਿਕਾ' ਵਿਚੋਂ ਸੱਚਮੁੱਚ ਕੱਢ ਦਿੱਤਾ ਤਾਂ ਉਸ ਨੇ ਨਾਲ ਦੀ ਨਾਲ ਹੀ 'ਗੌਰੀ ਲੰਕੇਸ਼ ਪੱਤਰਿਕਾ' ਰਾਹੀਂ ਆਪਣੀ ਕਲਮ ਵਾਹੁਣੀ ਸ਼ੁਰੂ ਕਰ ਦਿੱਤੀ ਅਤੇ ਪੁਰਾਣੇ ਸਾਰੇ ਬੰਦੇ ਗੌਰੀ ਵਾਲੇ ਅਖ਼ਬਾਰ ਨਾਲ ਜੁੜ ਗਏ।
       ਇਸੇ ਦੌਰਾਨ ਕਰਨਾਟਕ ਵਿੱਚ ਹਿੰਦੂਤਵੀ ਤਾਕਤਾਂ ਦੀ ਚੜ੍ਹਤ ਹੋਣ ਲੱਗੀ। 2008 ਵਿੱਚ, ਕਰਨਾਟਕ ਵਿੱਚ, ਪਹਿਲੀ ਵਾਰ ਯੇਦੀਰੱਪਾ ਦੀ ਅਗਵਾਈ ਹੇਠ ਬੀ.ਜੇ.ਪੀ. ਦੀ ਸਰਕਾਰ ਬਣੀ। ਯੇਦੀਰੱਪਾ ਸਿਰੇ ਦਾ ਅੰਧਵਿਸ਼ਵਾਸ਼ੀ ਅਤੇ ਕੱਟੜ ਧਾਰਮਿਕ ਬੰਦਾ ਸੀ। ਉਸਦੀ ਸਰਕਾਰ ਬਣਨ ਨਾਲ ਰੂੜ੍ਹੀਵਾਦੀ ਅਤੇ ਫਿਰਕਾਪ੍ਰਸਤ ਤਾਕਤਾਂ ਦੀ ਚੜ੍ਹ ਮੱਚੀ। ਔਰਤਾਂ ਦੇ ਪਹਿਰਾਵੇ 'ਤੇ, ਉਨ੍ਹਾਂ ਦੇ ਘੁੰਮਣ ਫਿਰਨ ਦੀ ਆਜਾਦੀ ਉੱਤੇ, ਅੰਤਰਜਾਤੀ ਅਤੇ ਅੰਤਰ-ਧਾਰਮਿਕ ਵਿਆਹਾਂ ਉੱਤੇ ਕੱਟੜਵਾਦੀਆਂ ਵੱਲੋਂ ਹਮਲੇ ਹੋਣ ਲੱਗੇ। ਗੌਰੀ ਲੰਕੇਸ਼ ਨੇ ਆਪਣੇ ਅਖ਼ਬਾਰ ਵਿੱਚ ਇਨ੍ਹਾਂ ਕਾਰਵਾਈਆਂ ਦਾ ਡਟ ਕੇ ਵਿਰੋਧ ਕੀਤਾ ਅਤੇ ਖ਼ੁਦ ਇਨ੍ਹਾਂ ਦੇ ਖਿਲਾਫ਼ ਕੀਤੇ ਜਾਂਦੇ ਮੁਜਾਹਰਿਆਂ ਵਿੱਚ ਸ਼ਾਮਲ ਹੋਈ। ਹਿੰਦੂਤਵੀ ਆਗੂਆਂ ਵੱਲੋਂ ਉਸਦੇ ਖਿਲਾਫ਼ ਕਰਨਾਟਕ ਦੀਆਂ ਵੱਖ ਵੱਖ ਥਾਵਾਂ ਉੱਤੇ ਕੇਸ ਦਰਜ ਕਰਵਾਏ ਗਏ ਤਾਂ ਜੋ ਉਹ ਅਦਾਲਤਾਂ ਵਿੱਚ ਹੀ ਉਲਝੀ ਰਹੇ। ਕੱਟੜਵਾਦੀਆਂ ਵੱਲੋਂ ਉਸ ਦੇ ਖਿਲਾਫ਼ ਸੋਸ਼ਲ ਮੀਡੀਆ ਉੱਤੇ ਬਹੁਤ ਭੱਦੀ ਪ੍ਰਚਾਰ ਮੁਹਿੰਮ ਚਲਾਈ ਗਈ ਪਰ ਗੌਰੀ ਅਜਿਹੇ ਹਮਲਿਆਂ ਨਾਲ ਕਦੋਂ ਰੁਕਣ ਵਾਲੀ ਸੀ। ਸੋ ਉਸ ਨੂੰ ਝੁਕਾਉਣ ਵਿੱਚ ਅਸਫਲ ਰਹਿਣ 'ਤੇ ਰੂੜ੍ਹੀਵਾਦੀ ਫਿਰਕਾਪ੍ਰਸਤਾਂ ਨੇ 5 ਸਤੰਬਰ 2017 ਨੂੰ ਉਸ ਨੂੰ ਸ਼ਹੀਦ ਕਰ ਦਿੱਤਾ। ਇਸ ਕਤਲ ਦੇ ਖਿਲਾਫ਼ ਨਾ ਸਿਰਫ ਭਾਰਤ ਵਿੱਚ, ਬਲਿਕ ਦੁਨੀਆ ਭਰ ਵਿੱਚ ਇਸਦੀ ਭਰਪੂਰ ਨਿੰਦਾ ਹੋਈ। ਬੰਗਲੌਰ ਵਿੱਚ ਇਸ ਕਤਲ ਦੇ ਖਿਲਾਫ਼ 25000 ਲੋਕਾਂ ਨੇ ਰੋਸ ਮੁਜਾਹਰਾ ਕੀਤਾ। ਗੌਰੀ ਲੰਕੇਸ਼ ਚਾਹੇ ਸਾਡੇ ਵਿਚਕਾਰ ਨਹੀਂ ਰਹੀ ਪਰ ਉਸਦੇ ਵਿਚਾਰ ਅਤੇ ਉਨ੍ਹਾਂ ਵਿਚਾਰਾਂ ਉੱਤੇ ਦ੍ਰਿੜਤਾ ਨਾਲ ਕਾਇਮ ਰਹਿਣ ਦੀ ਇੱਕ ਸ਼ਾਨਦਾਰ ਮਿਸਾਲ ਵਜੋਂ, ਉਹ ਹਮੇਸ਼ਾ ਸਾਡੇ ਲਈ ਪ੍ਰੇਰਣਾ ਸ੍ਰੋਤ ਬਣੀ ਰਹੇਗੀ।

ਅਜੋਕੇ ਦੌਰ ਦਾ ਪੰਜਾਬੀ ਚਿੰਤਨ - ਰਾਜਪਾਲ ਸਿੰਘ

ਵਕਤ ਦੇ ਨਾਲ ਨਾਲ ਹਰ ਸਮਾਜ ਕਈ ਤਰ੍ਹਾਂ ਦੇ ਦੌਰਾਂ ਵਿਚੋਂ ਲੰਘਦਾ ਹੈ। ਇਕ ਦੌਰ ਲਹਿਰਾਂ ਦਾ ਦੌਰ ਹੁੰਦਾ ਹੈ ਜਦ ਜਨਸਮੂਹ ਅਤੇ ਉਨ੍ਹਾਂ ਵਿਚੋਂ ਪੈਦਾ ਹੋਏ ਆਗੂਆਂ ਨੂੰ ਇਕ ਨਿਸ਼ਾਨਾ ਦਿਸਦਾ ਤੇ ਉਨ੍ਹਾਂ ਨੂੰ ਜਾਪਦਾ ਹੁੰਦਾ ਹੈ ਕਿ ਜੇ ਅਸੀਂ ਉਹ ਨਿਸ਼ਾਨਾ ਹਾਸਲ ਕਰ ਲਈਏ ਤਾਂ ਸਾਡੀਆਂ ਸਾਰੀਆਂ ਮੁਸ਼ਕਿਲਾਂ ਦੂਰ ਹੋ ਜਾਣਗੀਆਂ, ਸਮਾਜ ਸਹੀ ਰਸਤੇ 'ਤੇ ਚੱਲ ਪਵੇਗਾ। ਇਹ ਨਿਸ਼ਾਨਾ ਚੱਲ ਰਹੇ ਪ੍ਰਬੰਧ ਵਿਚ ਕਿਸੇ ਸੁਧਾਰ ਤੋਂ ਲੈ ਕੇ ਰਾਜਨੀਤਕ ਆਜ਼ਾਦੀ, ਕਿਸੇ ਤਾਨਾਸ਼ਾਹ ਹਾਕਮ ਦੇ ਜ਼ੁਲਮ ਤੋਂ ਛੁਟਕਾਰਾ ਜਾਂ ਕਿਸੇ ਸਥਾਪਿਤ ਪ੍ਰਬੰਧ ਨੂੰ ਪੂਰੀ ਤਰ੍ਹਾਂ ਬਦਲ ਕੇ ਨਵਾਂ ਪ੍ਰਬੰਧ ਸਥਾਪਿਤ ਕਰਨ ਤੀਕ ਹੋ ਸਕਦਾ ਹੈ। ਇਸ ਦੌਰ ਵਿਚ ਨਿਸ਼ਾਨਾ ਸਪਸ਼ਟ ਹੁੰਦਾ ਹੈ; ਇਸ ਨੂੰ ਹਾਸਲ ਕਰਨ ਵਾਲੇ ਰਾਹ ਬਾਰੇ ਵਾਦ-ਵਿਵਾਦ ਚਲਦੇ ਹਨ, ਪਰ ਵੱਡੇ ਸਿਧਾਂਤਕ ਮੱਤਭੇਦ ਨਹੀਂ ਹੁੰਦੇ, ਜੋ ਮੱਤਭੇਦ ਹੁੰਦੇ ਵੀ ਹਨ ਉਹ ਲਹਿਰ ਦੇ ਉਤਸ਼ਾਹ ਕਾਰਨ ਦਬ ਜਾਂਦੇ ਹਨ। ਵੱਖ ਵੱਖ ਦੇਸ਼ਾਂ ਵਿਚ ਆਜ਼ਾਦੀ ਦੀਆਂ ਲਹਿਰਾਂ, ਸਮਾਜਵਾਦੀ ਸਮਾਜ ਲਈ ਲਹਿਰਾਂ, ਧਾਰਮਿਕ ਰਾਜ ਸਥਾਪਿਤ ਕਰਨ ਲਈ ਲਹਿਰਾਂ ਆਦਿ ਇਸ ਦੀਆਂ ਆਮ ਉਦਾਹਰਣਾਂ ਹਨ।
      ਲਹਿਰ ਤੋਂ ਬਾਅਦ ਸਮਾਜ ਕੁਝ ਸਮਾਂ ਉਸ ਲਹਿਰ ਦੇ ਆਸ਼ਿਆਂ ਨੂੰ ਹਾਸਲ ਕਰਨ ਲਈ ਨਿੱਠ ਕੇ ਕੰਮ ਕਰਦਾ ਹੈ। ਇਸ ਦੌਰ ਦੀਆਂ ਨਿਸ਼ਾਨੀਆਂ ਭਾਰਤ ਵਿਚ ਆਜ਼ਾਦੀ ਤੋਂ ਬਾਅਦ ਦੇ ਕੁਝ ਸਾਲਾਂ ਦੌਰਾਨ ਜਾਂ ਸਮਾਜਵਾਦੀ ਇਨਕਲਾਬ ਲਿਆਉਣ ਵਾਲੇ ਦੇਸ਼ਾਂ ਦੇ ਮੁੱਢਲੇ ਦੌਰ ਵਿਚ ਦੇਖੀਆਂ ਜਾ ਸਕਦੀਆਂ ਹਨ। ਨਵੇਂ ਜੋਸ਼ ਨਾਲ ਮਿਥੇ ਨਿਸ਼ਾਨਿਆਂ ਵਿਚੋਂ ਕੁਝ ਹਾਸਲ ਕਰ ਲਿਆ ਜਾਂਦਾ ਹੈ ਪਰ ਚਿਤਵਿਆ ਹੋਇਆ ਸਾਰਾ ਕੁਝ ਹਾਸਲ ਨਹੀਂ ਹੁੰਦਾ ਕਿਉਂਕਿ ਸਮੇਂ ਨਾਲ ਸਥਿਤੀਆਂ ਬਦਲ ਜਾਂਦੀਆਂ ਹਨ, ਅਮਲ ਵਿਚੋਂ ਨਵੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ, ਸਮਾਜ ਵਿਚ ਨਵੀਂ ਪੀੜ੍ਹੀ ਅੱਗੇ ਆ ਜਾਂਦੀ ਹੈ ਜਿਸ ਵਿਚ ਪਹਿਲੀ ਲਹਿਰ ਪ੍ਰਤੀ ਉਹ ਭਾਵਨਾਤਮਿਕ ਲਗਾਅ ਨਹੀਂ ਹੁੰਦਾ। ਹੌਲੀ ਹੌਲੀ ਸਮਾਜ ਵਿਚ ਖੜੋਤ ਆ ਜਾਂਦੀ ਹੈ। ਇਸ ਖੜੋਤ ਨੂੰ ਤੋੜਨ ਲਈ ਸਮਾਜ ਵਿਚ ਫਿਰ ਚਿੰਤਨ/ਮੰਥਨ ਦਾ ਦੌਰ ਚਲਦਾ ਹੈ।
       ਪੰਜਾਬ ਅੱਜਕੱਲ੍ਹ ਇਸੇ ਚਿੰਤਨ/ਮੰਥਨ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਕਿਉਂਕਿ ਇਹ ਹੁਣ ਤਕ ਆਜ਼ਾਦੀ, ਸਮਾਜਵਾਦੀ, ਧਾਰਮਿਕ ਅਤੇ ਸੁਧਾਰਕ, ਹਰ ਤਰ੍ਹਾਂ ਦੀਆਂ ਲਹਿਰਾਂ ਦੇ ਦੌਰ ਵਿਚੋਂ ਲੰਘ ਚੁੱਕਾ ਹੈ ਅਤੇ ਹੁਣ ਹਰ ਖੇਤਰ ਵਿਚ ਖੜੋਤ ਦਾ ਸ਼ਿਕਾਰ ਹੈ। ਰਾਜਨੀਤਕ ਖੇਤਰ ਵਿਚ ਪਾਰਟੀਆਂ ਬਣ ਤੇ ਟੁੱਟ ਰਹੀਆਂ ਹਨ, ਲੇਖ ਅਤੇ ਕਿਤਾਬਾਂ ਲਿਖੀਆਂ/ਪੜ੍ਹੀਆਂ ਜਾ ਰਹੀਆਂ ਹਨ, ਸੋਸ਼ਲ ਮੀਡੀਆ 'ਤੇ ਭਖਵੀਆਂ ਬਹਿਸਾਂ ਹੋ ਰਹੀਆਂ ਹਨ, ਹਰ ਵਿਚਾਰ ਅਤੇ ਹਰ ਵਰਤਾਰੇ ਨੂੰ ਪੜਚੋਲਵੀਂ ਨਿਗ੍ਹਾ ਨਾਲ ਦੇਖਿਆ ਪਰਖਿਆ ਜਾ ਰਿਹਾ ਹੈ, ਸਰਵੇਖਣ ਹੋ ਰਹੇ ਹਨ, ਸਿਧਾਂਤ ਪੇਸ਼ ਹੋ ਰਹੇ ਹਨ। ਪਰ ਇਸ ਚਿੰਤਨ ਵਿਚੋਂ ਕੋਈ ਸਪਸ਼ਟ ਸੇਧ ਜਾਂ ਅਜਿਹੇ ਸਾਰਥਿਕ ਸਿੱਟੇ ਨਿਕਲ ਕੇ ਸਾਹਮਣੇ ਨਹੀਂ ਆ ਰਹੇ ਜੋ ਲੋਕਾਂ ਦੇ ਵਿਸ਼ਾਲ ਹਿੱਸਿਆਂ ਨੂੰ ਆਪਣੇ ਵੱਲ ਖਿੱਚ ਸਕਣ। ਸੋ ਸਵਾਲ ਪੈਦਾ ਹੁੰਦਾ ਹੈ ਕਿ ਮੌਜੂਦਾ ਦੌਰ ਦਾ ਚਿੰਤਨ ਸਮਾਜ ਨੂੰ ਕੋਈ ਸੇਧ ਦੇਣ ਜਾਂ ਨਵੇਂ ਸਮਿਆਂ ਦੀਆਂ ਸਮੱਸਿਆਵਾਂ ਦੇ ਹੱਲ ਪੇਸ਼ ਕਰਨ ਵਿਚ ਸਫਲ ਕਿਉਂ ਨਹੀਂ ਹੋ ਰਿਹਾ? ਚੱਲ ਰਹੇ ਚਿੰਤਨ/ਮੰਥਨ ਦੇ ਅਮਲ 'ਤੇ ਝਾਤੀ ਮਾਰਦਿਆਂ ਇਸ ਵਿਚ ਕੁਝ ਅਜਿਹੇ ਰੁਝਾਨ ਦਿਸਦੇ ਹਨ ਜਿਨ੍ਹਾਂ ਕਰਕੇ ਇਹ ਸਮਾਜ ਨੂੰ ਕੋਈ ਸਾਰਥਿਕ ਸੂਝ ਅਤੇ ਅਗਵਾਈ ਦੇਣ ਦੇ ਸਮਰੱਥ ਨਹੀਂ ਹੋ ਰਿਹਾ।
       ਪਹਿਲੀ ਗੱਲ ਤਾਂ ਪੰਜਾਬੀ ਚਿੰਤਨ ਭਵਿੱਖ-ਮੁਖੀ ਹੋਣ ਦੀ ਥਾਂ ਭੂਤ-ਮੁਖੀ ਹੈ। ਵਰਤਮਾਨ ਸਮੇਂ ਦੀਆਂ ਸਮੱਸਿਆਵਾਂ ਦੇ ਹੱਲ ਬੀਤੇ ਸਮੇਂ ਵਿਚੋਂ ਲੱਭੇ ਜਾ ਰਹੇ ਹਨ। ਬੀਤੇ ਸਮਿਆਂ ਦੇ ਬਿਲਕੁਲ ਵੱਖਰੀਆਂ ਜੀਵਨ ਹਾਲਤਾਂ ਵਿਚ ਪੈਦਾ ਹੋਏ ਵਿਚਾਰਾਂ ਨੂੰ ਅੱਜ ਦੇ ਆਧੁਨਿਕ ਜੀਵਨ ਲਈ ਰਾਹ ਦਸੇਰਾ ਮੰਨ ਰਹੇ ਹਾਂ। ਧਰਮ ਤੋਂ ਅਗਵਾਈ ਲੈਣ ਵਾਲਿਆਂ ਨੇ ਤਾਂ ਆਪਣੇ ਮੋਢੀਆਂ ਦੇ ਸੈਂਕੜੇ ਸਾਲ ਪਹਿਲਾਂ ਕਹੇ ਬਚਨਾਂ ਨੂੰ ਸਦੀਵੀ ਸੱਚ ਮੰਨਣਾ ਹੀ ਹੋਇਆ, ਇਸ ਕੰਮ ਵਿਚ ਅਗਾਂਹਵਧੂ ਕਹਾਉਣ ਵਾਲੇ ਵੀ ਪਿਛਾਂਹ ਵੱਲ ਹੀ ਦੇਖ ਰਹੇ ਹਨ। ਉਹ ਸਮਾਜ ਨੂੰ ਬਦਲਣ ਲਈ ਕਦੇ ਬਿਲਕੁਲ ਵੱਖਰੇ ਸਮਾਜ ਵਿਚ ਸੌ ਸਾਲ ਪਹਿਲਾਂ ਅਪਣਾਈਆਂ ਗਈਆਂ ਜੁਗਤਾਂ ਨੂੰ ਅੱਜ ਵਰਤਣਾ ਚਾਹੁੰਦੇ ਹਨ ਅਤੇ ਕਦੇ ਕਿਸੇ ਹੋਰ ਮੁਲਕ ਵਿਚ 70 ਸਾਲ ਪਹਿਲਾਂ ਵਾਪਰੇ ਦੀ ਨਕਲ ਕਰਨਾ ਚਾਹੁੰਦੇ ਹਨ। ਬਿਨਾਂ ਇਹ ਸਮਝੇ ਕਿ ਅੱਜ ਦੀ ਦੁਨੀਆ ਬਹੁਤ ਵੱਖਰੀ ਹੈ। ਜਿੰਨੀ ਤੇਜ਼ੀ ਨਾਲ ਦੁਨੀਆ ਬਦਲ ਰਹੀ ਹੈ ਇਸ ਨੂੰ ਸਮਝਣ ਲਈ ਤਾਂ 20 ਸਾਲ ਪਹਿਲਾਂ ਘੜੀਆਂ ਜੁਗਤਾਂ ਵੀ ਕੰਮ ਨਹੀਂ ਆਉਣੀਆਂ, ਸੌ-ਡੇਢ ਸੌ ਸਾਲ ਪਹਿਲਾਂ ਤਾਂ ਹਾਲਾਤ ਬਿਲਕੁਲ ਹੀ ਹੋਰ ਸਨ। ਇਉਂ ਅੱਜ ਦੇ ਬਹੁਤੇ ਲੇਖਕ ਸੌ ਸਾਲ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰ ਰਹੇ ਹਨ, ਪਰ ਉਹ ਭੁੱਲ ਜਾਂਦੇ ਹਨ ਕਿ ਸੌ ਸਾਲ ਪਹਿਲਾਂ ਵੀ ਪ੍ਰੋ. ਪੂਰਨ ਸਿੰਘ ਉਸ ਤੋਂ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰ ਰਿਹਾ ਸੀ (ਪੰਜਾਬ ਨੂੰ ਕੂਕਾਂ ਮੈਂ)। ਯਾਨੀ ਸੌ ਸਾਲ ਪਹਿਲਾਂ ਵਾਲੇ ਪੰਜਾਬ ਤੋਂ ਵੀ ਪ੍ਰੋ. ਪੂਰਨ ਸਿੰਘ ਵਰਗਾ ਚਿੰਤਕ ਕਵੀ ਦੁਖੀ ਸੀ। ਅਤੇ ਉਸ ਤੋਂ ਪਹਿਲਾਂ ਬੁੱਲ੍ਹੇ ਸ਼ਾਹ ਵੀ ਆਪਣੇ ਸਮੇਂ ਬਾਰੇ ਕਹਿੰਦਾ ਸੀ ਕਿ ਉਲਟੇ ਹੋਰ ਜ਼ਮਾਨੇ ਆਏ। ਸ਼ਾਇਦ ਇਸ ਸੋਚ ਦੀਆਂ ਜੜ੍ਹਾਂ ਪੁਰਾਤਨ ਭਾਰਤੀ ਧਾਰਮਿਕ ਚਿੰਤਨ ਵਿਚ ਪਈਆਂ ਹਨ ਜੋ ਮੰਨਦਾ ਹੈ ਕਿ ਪਹਿਲਾਂ ਸਤਯੁਗ ਸੀ, ਉਸ ਤੋਂ ਬਾਅਦ ਤ੍ਰੇਤਾ, ਫਿਰ ਦੁਆਪਰ ਅਤੇ ਹੁਣ ਕਲਯੁੱਗ ਹੈ ਅਤੇ ਇਨ੍ਹਾਂ ਵਿਚੋਂ ਬਾਅਦ ਵਾਲਾ ਹਰ ਯੁੱਗ ਪਹਿਲੇ ਨਾਲੋਂ ਮਾੜਾ ਹੀ ਆਇਆ, ਯਾਨੀ ਕਿ ਮਨੁੱਖੀ ਸਮਾਜ ਵਿਕਾਸ ਦੀ ਬਜਾਏ ਵਿਨਾਸ਼ ਵੱਲ ਜਾ ਰਿਹਾ ਹੈ। ਇਹ ਸੋਚ ਹੀ ਵਰਤਮਾਨ ਦੀਆਂ ਸਮੱਸਿਆਵਾਂ ਨਾਲ ਦੋ ਹੱਥ ਕਰਨ ਦੀ ਬਜਾਏ ਬੀਤੇ ਦਾ ਹੇਰਵਾ ਪੈਦਾ ਕਰਦੀ ਹੈ। ਭਵਿੱਖ ਬਾਰੇ ਸੋਹਣੇ ਸੁਪਨੇ ਲੈਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਦੀ ਬਜਾਏ ਭੂਤਕਾਲ ਵੱਲ ਮੁੜਨ ਨੂੰ ਆਦਰਸ਼ ਮੰਨਦੀ ਹੈ। ਇਸ ਤਰ੍ਹਾਂ ਇਹ ਭੂਤ-ਮੁਖੀ ਪਹੁੰਚ ਕੁਝ ਨਵਾਂ ਸੋਚਣ ਅਤੇ ਨਵੇਂ ਵਿਚਾਰਾਂ ਨੂੰ ਅਪਨਾਉਣ ਤੋਂ ਇਨਕਾਰੀ ਹੋਈ ਰਹਿੰਦੀ ਹੈ। ਅਸਲ ਵਿਚ ਕੋਈ ਵੀ ਸਮਾਂ ਸਮੱਸਿਆਵਾਂ ਤੋਂ ਮੁਕਤ ਨਹੀਂ ਹੁੰਦਾ। ਜੋ ਪਹਿਲੇ ਸਮਿਆਂ ਵਿਚ ਦੁੱਖ ਤਕਲੀਫ਼ਾਂ ਸਨ ਉਹ ਅੱਜ ਨਹੀਂ ਹਨ ਅਤੇ ਜੋ ਅੱਜ ਹਨ ਉਹ ਭਵਿੱਖ ਵਿਚ ਨਹੀਂ ਹੋਣਗੀਆਂ ਕਿਉਂਕਿ ਮਨੁੱਖ ਆਖ਼ਰ ਹਰ ਸਮੱਸਿਆ ਦਾ ਹੱਲ ਲੱਭ ਹੀ ਲੈਂਦਾ ਹੈ।
       ਪੰਜਾਬੀ ਚਿੰਤਕਾਂ/ਲੇਖਕਾਂ ਵਿਚੋਂ ਗੁਰਬਖਸ਼ ਸਿੰਘ ਪ੍ਰੀਤਲੜੀ ਇਸ ਆਮ ਰੁਝਾਨ ਦੇ ਉਲਟ ਇਕ ਅਜਿਹਾ ਚਿੰਤਕ ਸੀ ਜਿਸ ਨੇ ਭਵਿੱਖਮੁਖੀ ਸੁਪਨੇ ਲਏ। ਉਹ ਹੀ ਅਜਿਹਾ ਲੇਖਕ ਸੀ ਜੋ ਪਹਿਲਾਂ ਵਰਣਨ ਕੀਤੀ ਆਮ ਪ੍ਰਚੱਲਿਤ ਧਾਰਨਾ ਦੇ ਉਲਟ ਦੁਨੀਆ ਨੂੰ ਬਿਹਤਰ ਹੋ ਰਹੀ ਤਸੱਵਰ ਕਰਦਾ ਸੀ। ਇਸੇ ਕਰਕੇ ਉਹ ਇਕ ਥਾਂ ਲਿਖਦਾ ਹੈ, ''ਉਸ ਦੀਆਂ ਅੱਖਾਂ ਹੀ ਤੋੜ ਉਮਰ ਤੀਕ ਕੰਮ ਕਰਨਗੀਆਂ ਜੋ ਦੁਨੀਆ ਨੂੰ ਸੁਹਣੀ ਤੋਂ ਸੁਹਣੇਰੀ ਹੁੰਦੀ ਤਕਦਾ ਹੈ।''
       ਮੌਜੂਦਾ ਚਿੰਤਨ ਦਾ ਦੂਸਰਾ ਮਸਲਾ ਆਪਣੇ ਵਿਚਾਰਾਂ ਨੂੰ ਅੰਤਿਮ ਸੱਚ ਮੰਨਣ ਦਾ ਹੈ। ਇਕ ਦੂਜੇ ਨਾਲ ਸੰਵਾਦ ਕਰਕੇ ਸਿੱਖਣ ਸਿਖਾਉਣ ਦੀ ਬਜਾਏ ਦੂਜੇ ਨੂੰ ਗ਼ਲਤ ਸਿੱਧ ਕਰਕੇ ਆਪਣਾ ਲੋਹਾ ਮੰਨਵਾਉਣ ਦਾ ਰੁਝਾਨ ਭਾਰੂ ਰਹਿੰਦਾ ਹੈ। ਇਸ ਦੀਆਂ ਜੜ੍ਹਾਂ ਵੀ ਧਾਰਮਿਕ ਸੋਚ ਦੀ ਜਕੜ ਵਿਚ ਪਈਆਂ ਹਨ। ਕਦੇ ਧਾਰਮਿਕ ਲੋਕ ਸ਼ਾਸਤਾਰਥ ਕਰਦੇ ਸਨ, ਉੱਥੇ ਕਿਸੇ ਸਚਾਈ 'ਤੇ ਪਹੁੰਚਣ ਦੀ ਬਜਾਏ ਦੂਜੇ ਨੂੰ ਬਹਿਸ ਵਿਚ ਹਰਾਉਣਾ ਮੁੱਖ ਮੰਤਵ ਹੁੰਦਾ ਸੀ। ਬਹਿਸ ਦੀ ਇਹ ਪਰੰਪਰਾ ਧਾਰਮਿਕ ਖੇਤਰ ਵਿਚੋਂ ਨਿਕਲ ਕੇ ਹੁਣ ਰਾਜਨੀਤਕ ਅਤੇ ਅਕਾਦਮਿਕ ਖੇਤਰ ਵਿਚ ਆ ਗਈ ਹੈ। ਪੁਰਾਣੇ ਸ਼ਾਸਤਾਰਥ ਵਾਲੀਆਂ ਬਹਿਸਾਂ ਦੇ ਸਟੀਕ ਨਮੂਨੇ ਅੱਜਕੱਲ੍ਹ ਖੱਬੇ ਪੱਖੀ ਗਰੁੱਪਾਂ ਦੀਆਂ ਬਹਿਸਾਂ ਵਿਚੋਂ ਆਮ ਦੇਖੇ ਜਾ ਸਕਦੇ ਹਨ। ਬਹੁਤੇ ਚਿੰਤਕ ਇਕਹਿਰੀ ਲੜੀ ਦਾ ਤਰਕ ਉਸਾਰ ਕੇ ਬਹਿਸ ਕਰਦੇ ਹਨ ਜੋ ਦੂਜਿਆਂ ਨੂੰ ਗਲਤ ਸਿੱਧ ਕਰਨ ਵਿਚ ਤਾਂ ਬਹੁਤ ਕੰਮ ਆਉਂਦਾ ਹੈ, ਪਰ ਅੱਜ ਦੀਆਂ ਬਹੁਪਰਤੀ ਅਤੇ ਗੁੰਝਲਦਾਰ ਸਮੱਸਿਆਵਾਂ ਦਾ ਹੱਲ ਲੱਭਣ ਵਿਚ ਸਹਾਈ ਨਹੀਂ ਹੁੰਦਾ।
       ਕਿਸੇ ਵੀ ਸਾਰਥਿਕ ਬਹਿਸ ਵਿਚਾਰ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਵਿਚਾਰ ਕਰਤਾ ਇਹ ਮੰਨ ਕੇ ਚੱਲਣ ਕਿ ਸੰਪੂਰਨ ਸਚਾਈ ਕਿਸੇ ਕੋਲ ਨਹੀਂ ਹੁੰਦੀ, ਹਰ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਕੋਲ ਸਚਾਈ ਦਾ ਇਕ ਟੋਟਾ ਹੁੰਦਾ ਹੈ ਅਤੇ ਦੂਜਿਆਂ ਕੋਲ ਹੋਰ ਟੋਟੇ ਹੋ ਸਕਦੇ ਹਨ। ਸੰਵਾਦ ਦਾ ਮਕਸਦ ਇਹ ਸਾਰੇ ਟੁਕੜੇ ਇਕੱਠੇ ਕਰ ਕੇ ਪੂਰਨ ਸਚਾਈ ਦੇ ਵੱਧ ਤੋਂ ਵੱਧ ਨਜ਼ਦੀਕ ਪਹੁੰਚਣਾ ਹੁੰਦਾ ਹੈ। ਪਰ ਜਦ ਆਪਣੇ ਅਧੂਰੇ ਸੱਚ ਨੂੰ ਸੰਪੂਰਨ ਮੰਨ ਕੇ ਬਹਿਸ ਕੀਤੀ ਜਾਂਦੀ ਹੈ ਤਾਂ ਉਹ ਮਸਲਿਆਂ ਦੇ ਹੱਲ ਵੱਲ ਅੱਗੇ ਵਧਣ ਦੀ ਬਜਾਏ ਬਹਿਸ ਕਰਨ ਦੀ ਕਲਾ ਦਾ ਪ੍ਰਗਟਾਵਾ ਮਾਤਰ ਰਹਿ ਜਾਂਦਾ ਹੈ। ਸਾਡੇ ਬਹੁਤ ਸਾਰੇ ਵਿਦਵਾਨ ਇਸ ਕਲਾ ਦੇ ਤਾਂ ਬਹੁਤ ਮਾਹਿਰ ਹਨ ਜਿਸ ਨਾਲ ਉਹ ਆਪਣੀ ਗੱਲ ਜਚਾ ਜਾਂਦੇ ਹਨ ਪਰ ਉਹ ਪਾਠਕ/ਸਰੋਤੇ ਦੀ ਸਮਝ ਵਿਚ ਕੋਈ ਵਾਧਾ ਨਹੀਂ ਕਰਦੇ। ਇਸੇ ਕਰਕੇ ਉਨ੍ਹਾਂ ਦੇ ਵਿਚਾਰਾਂ ਦਾ ਅਸਰ ਸਥਾਈ ਨਹੀਂ ਹੁੰਦਾ।
       ਤੀਜਾ ਨੁਕਤਾ ਵਿਦਵਾਨਾਂ ਅਤੇ ਆਮ ਲੋਕਾਂ ਵਿਚਕਾਰ ਬਹੁਤ ਵੱਡੀ ਖਾਈ ਦਾ ਹੋਣਾ ਹੈ। ਆਮ ਲੋਕਾਂ ਦੇ ਵਿਚਾਰ ਆਪਣੇ ਜੀਵਨ ਤਜਰਬੇ ਵਿਚੋਂ ਬਣਦੇ ਹਨ ਜਦੋਂਕਿ ਵਿਦਵਾਨਾਂ ਦੇ ਵਿਚਾਰ ਉਨ੍ਹਾਂ ਵੱਲੋਂ ਪੜ੍ਹੀਆਂ ਕਿਤਾਬਾਂ ਵਿਚੋਂ ਬਣੇ ਹੁੰਦੇ ਹਨ। ਦੋਵਾਂ ਦਾ ਆਪੋ ਆਪਣਾ ਮਹੱਤਵ ਹੈ, ਪਰ ਜੇ ਦੋਵਾਂ ਦਾ ਆਪਸੀ ਤਾਲਮੇਲ ਨਹੀਂ ਹੁੰਦਾ ਤਾਂ ਇਹ ਸਮਾਜ ਦੇ ਵਿਕਾਸ ਵਿਚ ਕੋਈ ਚੰਗੀ ਭੂਮਿਕਾ ਨਹੀਂ ਨਿਭਾ ਸਕਦੇ। ਜੇ ਭਾਰਤ ਵਿਚ ਵਿਗਿਆਨ ਦਾ ਵਿਕਾਸ ਨਹੀਂ ਹੋਇਆ ਤਾਂ ਇਸ ਪਿੱਛੇ ਵੀ ਇਹ ਤੀਜਾ ਨੁਕਤਾ ਹੀ ਕਾਰਜਸ਼ੀਲ ਸੀ। ਭਾਰਤ ਵਿਚ ਜਾਤਪਾਤੀ ਪ੍ਰਬੰਧ ਹੋਣ ਕਰਕੇ ਜੋ ਲੋਕ ਕਿੱਤਾਮਈ ਅਮਲ ਵਿਚ ਪਏ ਹੋਏ ਸਨ ਜਿਵੇਂ ਕਿਸਾਨ, ਲੁਹਾਰ, ਤਰਖਾਣ, ਚਮਾਰ, ਠਠਿਆਰ ਆਦਿ ਉਨ੍ਹਾਂ ਦੀ ਪਹੁੰਚ ਕਿਤਾਬੀ ਗਿਆਨ ਤਕ ਨਹੀਂ ਸੀ ਅਤੇ ਜਿਹੜੇ ਲੋਕ ਗ੍ਰੰਥ ਪੜ੍ਹਦੇ ਸਨ, ਬੌਧਿਕ ਸੋਚ ਵਿਚਾਰ ਕਰਦੇ ਸਨ, ਉਹ ਬ੍ਰਾਹਮਣ ਲੋਕ ਪੈਦਾਵਾਰ ਦੇ ਅਮਲ ਤੋਂ ਟੁੱਟੇ ਹੋਏ ਸਨ। ਇਸ ਕਰਕੇ ਬ੍ਰਾਹਮਣ ਵਰਗ ਲੋਕਾਂ ਦੇ ਜੀਵਨ ਦੀਆਂ ਅਸਲ ਸਮੱਸਿਆਵਾਂ ਨੂੰ ਸੰਬੋਧਿਤ ਨਾ ਹੋ ਕੇ ਬ੍ਰਹਮ ਅਤੇ ਆਤਮਾ ਆਦਿ ਬਾਰੇ ਸ਼ਬਦ ਜਾਲ ਘੜ੍ਹਨ ਵਿਚ ਲੱਗਾ ਰਿਹਾ ਅਤੇ ਕਿਰਤੀ ਵਰਗ ਆਪਣੀ ਕਿਰਤ ਦੇ ਤਜਰਬਿਆਂ ਵਿਚੋਂ ਸਿਧਾਂਤ ਨਾ ਘੜ ਸਕਿਆ ਅਤੇ ਨਾ ਹੀ ਆਪਣੇ ਅਮਲੀ ਗਿਆਨ ਨੂੰ ਲਿਖਤੀ ਰੂਪ ਦੇ ਕੇ ਦੂਰ ਨੇੜੇ ਦੇ ਹੋਰ ਲੋਕਾਂ ਨਾਲ ਸਾਂਝਾ ਕਰ ਸਕਿਆ। ਵਿਗਿਆਨ ਇਨ੍ਹਾਂ ਦੋਵਾਂ ਦੇ ਜੋੜਮੇਲ ਵਿਚੋਂ ਹੀ ਵਿਕਸਤ ਹੁੰਦਾ ਹੈ ਜਿਵੇਂ ਪੱਛਮੀ ਦੇਸ਼ਾਂ ਵਿਚ ਹੋਇਆ।
       ਇਹ ਪਾੜਾ ਅੱਜ ਵੀ ਏਨਾ ਹੀ ਤਿੱਖਾ ਹੈ ਚਾਹੇ ਇਸ ਦਾ ਰੂਪ ਬਦਲ ਗਿਆ ਹੈ। ਵੱਖ ਵੱਖ ਖੇਤਰਾਂ ਵਿਚੋਂ ਅਨੇਕਾਂ ਉਦਾਹਰਣਾਂ ਲਈਆਂ ਜਾ ਸਕਦੀਆਂ ਹਨ। ਕਾਲਜਾਂ, ਯੂਨੀਵਰਸਿਟੀਆਂ ਦੀ ਪੜ੍ਹਾਈ ਜ਼ਿੰਦਗੀ ਅਤੇ ਸਮਾਜ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਦੇ ਯੋਗ ਨਹੀਂ ਕਰ ਰਹੀ, ਤਕਨੀਕੀ ਕਾਲਜਾਂ ਅਤੇ ਸੰਸਥਾਵਾਂ ਦੀ ਸਿਖਲਾਈ ਕਿਸੇ ਮਿਸਤਰੀ ਦੀ ਸਾਧਾਰਨ ਵਰਕਸ਼ਾਪ ਵਿਚ ਸਿੱਖੇ ਕੰਮ ਦੀ ਬਰਾਬਰੀ ਨਹੀਂ ਕਰ ਰਹੀ। ਇਸ ਪ੍ਰਸੰਗ ਵਿਚ ਇਕ ਹੋਰ ਉਦਾਹਰਣ ਅੰਗਰੇਜ਼ੀ ਭਾਸ਼ਾ ਪ੍ਰਤੀ ਪਹੁੰਚ ਦੀ ਹੈ, ਜਦ ਸਾਡੇ ਵਿਦਵਾਨ ਲੋਕ ਮੈਮਰੀ ਕਾਰਡ ਨੂੰ ਯਾਦ-ਪੱਤਾ ਕਹਿਣ ਲਈ ਜ਼ੋਰ ਲਾ ਰਹੇ ਹਨ; ਲੇਖਕ, ਸਰਕਾਰ ਤੋਂ ਸਖ਼ਤ ਕਾਨੂੰਨਾਂ ਦੀ ਮੰਗ ਲਈ ਧਰਨੇ ਲਾ ਰਹੇ ਹੁੰਦੇ ਹਨ ਅਤੇ ਨੇਤਾਗਿਰੀ ਦੇ ਇਛੁੱਕ ਕੁਝ ਹੋਰ ਲੋਕ ਨੇਮਪਲੇਟਾਂ ਅਤੇ ਸਾਈਨ ਬੋਰਡਾਂ ਉੱਤੇ ਕਾਲੀਆਂ ਕੂਚੀਆਂ ਫੇਰ ਰਹੇ ਹੁੰਦੇ ਹਨ ਤਾਂ ਉਨ੍ਹਾਂ ਦੇ ਆਪਣੇ ਬੱਚੇ ਅੰਗਰੇਜ਼ੀ ਵਿਚ ਮੁਹਾਰਤ ਹਾਸਲ ਕਰਨ ਲਈ ਆਈਲੈੱਟਸ ਸੈਂਟਰਾਂ ਦੀਆਂ ਪੌੜੀਆਂ ਚੜ੍ਹ ਰਹੇ ਹੁੰਦੇ ਹਨ ਅਤੇ ਆਮ ਲੋਕ ਆਪਣੇ ਬੱਚਿਆਂ ਨੂੰ 'ਚੰਗੇ ਅੰਗਰੇਜ਼ੀ ਸਕੂਲ' ਵਿਚ ਦਾਖਲ ਕਰਵਾਉਣ ਲਈ ਜੁੱਤੀਆਂ ਤੁੜਾ ਰਹੇ ਹੁੰਦੇ ਹਨ। ਕਹਿਣ ਦਾ ਭਾਵ ਕਿ ਵਿਦਵਾਨ ਲੋਕ ਜਾਂ ਤਾਂ ਆਮ ਲੋਕਾਂ ਨੂੰ ਮਾਤ ਭਾਸ਼ਾ ਦਾ ਮਹੱਤਵ ਸਮਝਾ ਨਹੀਂ ਸਕੇ ਜਾਂ ਉਹ ਖ਼ੁਦ ਅੰਗਰੇਜ਼ੀ ਵਰਗੀ ਭਾਸ਼ਾ ਦੇ ਮਹੱਤਵ ਅਤੇ ਲੋੜ ਨੂੰ ਸਮਝ ਨਹੀਂ ਸਕੇ। ਚਿੰਤਕਾਂ ਅਤੇ ਲੋਕਾਂ ਦੀ ਸੋਚ ਵਿਚਲਾ ਅਜਿਹਾ ਪਾੜਾ ਹੋਰ ਵੀ ਬਹੁਤ ਖੇਤਰਾਂ ਵਿਚ ਦੇਖਿਆ ਜਾ ਸਕਦਾ ਹੈ। ਸੰਖੇਪ ਵਿਚ ਕਹਿਣਾ ਹੋਵੇ ਤਾਂ ਪੰਜਾਬੀ ਚਿੰਤਨ ਨੂੰ ਸਹੀ ਦਿਸ਼ਾ ਦੇਣ ਲਈ ਭਵਿੱਖਮੁਖੀ ਸੋਚ, ਸੰਵਾਦ ਵਾਲੀ ਪਹੁੰਚ ਅਤੇ ਬੌਧਿਕ ਕਾਰਜ ਨੂੰ ਜ਼ਿੰਦਗੀ ਦੇ ਅਮਲ ਨਾਲ ਜੋੜਨ ਦੀ ਲੋੜ ਹੈ। ਫਿਰ ਹੀ ਪੰਜਾਬੀ ਚਿੰਤਨ ਹਾਲਾਤ ਉੱਤੇ ਰੁਦਨ ਕਰਨ ਅਤੇ ਆਮ ਲੋਕਾਂ ਵਿਚ ਨਿਰਾਸ਼ਾ ਭਰਨ ਦੀ ਬਜਾਏ ਉਨ੍ਹਾਂ ਵਿਚ ਕੁਝ ਕਰਨ ਵਾਲਾ ਉਤਸ਼ਾਹ ਭਰਨ ਦੇ ਸਮਰੱਥ ਹੋ ਸਕੇਗਾ।

ਸੰਪਰਕ : 98767-10809