Rabairo

ਫਾਦਰ ਸਟੇਨ ਦੀ ਅਨਿਆਂ ਪੂਰਨ ਗ੍ਰਿਫ਼ਤਾਰੀ ਦਾ ਸਵਾਲ - ਜੂਲੀਓ ਰਿਬੈਰੋ

ਜੀਸਸਵਾਦੀ (Jesuit) ਸਿਖਿਆ ਦੀ ਪੈਦਾਵਾਰ ਹੋਣ ਦੇ ਨਾਤੇ ਜੀਸਸਵਾਦੀ ਪਾਦਰੀਆਂ ਪ੍ਰਤੀ ਮੈਂ ਹਮੇਸ਼ਾ ਨਰਮਗੋਸ਼ਾ ਰਿਹਾ ਹਾਂ। ਫਾਦਰ ਸਟੇਨ ਸਵਾਮੀ ਦੀ ਗ੍ਰਿਫ਼ਤਾਰੀ ਨੇ ਮੈਨੂੰ ਪ੍ਰੇਸ਼ਾਨ ਕਰ ਕੇ ਰੱਖ ਦਿੱਤਾ। ਜੀਸਸਵਾਦੀ ਸਟੇਨ ਦਾ ਜਨਮ ਤਾਮਿਲ ਨਾਡੂ ਵਿਚ ਹੋਇਆ ਸੀ ਤੇ ਉਨ੍ਹਾਂ ਰਾਂਚੀ ਨੂੰ ਆਪਣੀ ਕਰਮਭੂਮੀ ਬਣਾਇਆ ਜਿੱਥੇ ਉਹ ਆਦਿਵਾਸੀਆਂ ਦੇ ਹਿੱਤਾਂ ਲਈ ਕੰਮ ਕਰਦੇ ਸਨ। ਮੈਨੂੰ ਸਮਝ ਨਹੀਂ ਆ ਰਹੀ ਕਿ ਕਿਵੇਂ 83 ਸਾਲਾਂ ਦਾ ਕੋਈ ਬੰਦਾ ਮੇਰੇ ਅਤੇ ਉਹਦੇ ਵੀ ਮੁਲਕ ਲਈ ਅਲਾਮਤ ਜਾਂ ਖ਼ਤਰਾ ਬਣ ਗਿਆ ਹੈ। ਮੈਨੂੰ ਇਸ ਅੰਦਰ ਕੋਈ ਅਲੋਕਾਰੀ ਗੱਲ ਨਹੀਂ ਲੱਗ ਰਹੀ ਕਿ ਕੀ ਉਹ ਮਾਓਵਾਦੀਆਂ ਦੇ ਹਮਦਰਦ ਸਨ, ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਹਿੰਸਾ ਨਾਲ ਕੋਈ ਵੀ ਮਸਲਾ ਹੱਲ ਨਹੀਂ ਹੁੰਦਾ। ਦਹਿਸ਼ਤਗਰਦਾਂ ਵਾਂਗ ਬਾਗ਼ੀ ਵੀ ਕਦੇ ਵੀ ਸਰਕਾਰਾਂ ਦਾ ਤਖ਼ਤਾ ਉਲਟਾਉਣ ਦੇ ਆਪਣਾ ਨਿਸ਼ਾਨਾ ਹਾਸਲ ਕਰਨ ਵਿਚ ਕਾਮਯਾਬ ਨਹੀਂ ਹੋ ਸਕੇ ਪਰ ਜਿਨ੍ਹਾਂ ਨਾ-ਇਨਸਾਫ਼ੀਆਂ ਖਿਲਾਫ਼ ਉਹ ਲੜਦੇ ਸਨ, ਉਨ੍ਹਾਂ ਦੀ ਕਸਕ ਮੇਰੇ ਵਰਗੇ ਉਨ੍ਹਾਂ ਲੋਕਾਂ ਨੂੰ ਵੀ ਓਨੀ ਹੀ ਹੁੰਦੀ ਸੀ ਜਿਨ੍ਹਾਂ ਨੂੰ ਉਨ੍ਹਾਂ (ਬਾਗ਼ੀਆਂ) ਖਿਲਾਫ਼ ਲੜਨ ਲਈ ਭੇਜਿਆ ਜਾਂਦਾ ਸੀ।
         ਸੋ, ਜੇ ਉਹ ਇਨ੍ਹਾਂ ਬੇਇਨਸਾਫ਼ੀਆਂ ਖਿਲਾਫ਼ ਈਸਾਈ ਅਤੇ ਗਾਂਧੀਵਾਦੀ ਤੌਰ ਤਰੀਕਿਆਂ ਨਾਲ ਲੜਦਾ ਹੈ ਤਾਂ ਇਸ ਤੋਂ ਕਿਸੇ ਨੂੰ ਹੈਰਾਨ ਪ੍ਰੇਸ਼ਾਨ ਨਹੀਂ ਹੋਣਾ ਚਾਹੀਦਾ। ਸੁਸਾਇਟੀ ਆਫ਼ ਜੀਸਸ ਜਿਸ ਨਾਲ ਜੁੜੇ ਪਾਦਰੀਆਂ ਨੂੰ ਜੀਸਸਵਾਦੀ ਆਖਿਆ ਜਾਂਦਾ ਹੈ, ਦੀ ਸਥਾਪਨਾ ਬਾਸਕ (Basque) ਖੇਤਰ ਦੇ ਇਕ ਕੁਲੀਨ ਸੇਂਟ ਇਗਨੇਸੀਅਸ (Ignatius of Loyala) ਨੇ ਉਨ੍ਹਾਂ ਵੇਲਿਆਂ ਵਿਚ ਕੀਤੀ ਸੀ, ਜਦੋਂ ਜਰਮਨੀ ਤੇ ਯੂਰੋਪ ਦੇ ਹੋਰਨਾਂ ਮੁਲਕਾਂ ਵਿਚ ਸੁਧਾਰਵਾਦੀ ਈਸਾਈਆਂ ਵਲੋਂ ਕੈਥੋਲਿਕ ਚਰਚ ਦੀ ਘੇਰਾਬੰਦੀ ਕੀਤੀ ਹੋਈ ਸੀ। ਉਨ੍ਹਾਂ ਵੇਲਿਆਂ ਵਿਚ ਜੀਸਸਵਾਦੀ ਪੋਪ ਵੱਲੋਂ ਵਿੱਢੀ ਸੁਧਾਰਵਾਦੀ ਲਹਿਰ ਦੀ ਟਾਕਰਾ ਮੁਹਿੰਮ ਦਾ ਹਿਰਾਵਲ ਦਸਤਾ ਸਨ। ਜੀਸਸਵਾਦੀ ਵਿਵਸਥਾ ਦਾ ਰਾਹ ਦਰਸਾਊ ਸਿਧਾਂਤ ਸੀ ਕਿ ਉਹ ਦੁਨੀਆ ਵਿਚ ਸਰਗਰਮ ਜੀਵਨ ਬਿਤਾਉਣਗੇ ਜੋ ਉਨ੍ਹਾਂ ਨੂੰ ਸੰਨਿਆਸ ਤੇ ਬੰਦਗੀ ਵਿਚ ਜ਼ਿੰਦਗੀ ਜਿਊਣ ਵਾਲੀਆਂ ਹੋਰਨਾਂ ਈਸਾਈ ਪਾਦਰੀ ਸੰਪਰਦਾਵਾਂ ਨਾਲੋਂ ਨਿਖੇੜਦੀ ਸੀ।
      ਹਾਲੀਆ ਸਮਿਆਂ ਅੰਦਰ ਦੱਖਣੀ ਅਮਰੀਕਾ 'ਚ ਆਰਕਬਿਸ਼ਪ ਹੈਲਡਰ ਕੈਮਾਰਾ (Arcbishop Helder Camara) ਸਣੇ ਕੁਝ ਪਾਦਰੀਆਂ ਦੀਆਂ ਉਦਾਹਰਨਾਂ ਮਿਲੀਆਂ ਹਨ ਜਿਨ੍ਹਾਂ ਨੇ ਸੇਵਾ ਦੇ ਸੰਕਲਪ ਨੂੰ ਇੰਨੀ ਬੁਲੰਦੀ ਉੱਤੇ ਪਹੁੰਚਾ ਦਿੱਤਾ ਹੈ ਕਿ ਖ਼ੁਦ ਚਰਚ ਦੇ ਅਹਿਲਕਾਰ ਵੀ ਦੰਗ ਰਹਿ ਗਏ ਹਨ। ਇਹ ਉਸ ਮੁਕਤੀ ਪੰਥ ਦੇ ਅਲੰਬਰਦਾਰ ਹਨ ਜਿਨ੍ਹਾਂ ਦੇ ਦਿਲ ਚੁਣੀਆਂ ਹੋਈਆਂ ਉਨ੍ਹਾਂ ਸਰਕਾਰਾਂ ਦੇ ਗ਼ਰੀਬ ਗੁਰਬਿਆਂ ਤੇ ਕੀਤੀਆਂ ਜਾਂਦੀਆਂ ਵਧੀਕੀਆਂ ਤੋਂ ਪਸੀਜਦੇ ਹਨ ਜੋ ਬਹੁਤ ਸਾਰੇ ਸਮਾਜੀ-ਰਾਜਸੀ ਪ੍ਰਣਾਲੀਆਂ ਵਿਚ ਨਿਹਿਤ ਆਰਥਿਕ ਸ਼ੋਸ਼ਣ ਦੀ ਪੁਸ਼ਤਪਨਾਹੀ ਕਰਦੀਆਂ ਹਨ। ਬ੍ਰਾਜ਼ੀਲ ਸਰਕਾਰ ਨੇ ਆਰਕਬਿਸ਼ਪ ਕੈਮਾਰਾ ਨੂੰ ਉਸੇ ਤਰ੍ਹਾਂ ਨਿਸ਼ਾਨਾ ਬਣਾਇਆ ਸੀ ਜਿਵੇਂ ਹੁਣ ਭਾਰਤ ਵਿਚ ਫਾਦਰ ਸਟੇਨ ਨੂੰ ਬਣਾਇਆ ਗਿਆ ਹੈ।
       ਫਾਦਰ ਸਟੇਨ ਆਦਿਵਾਸੀਆਂ ਦੇ ਹੱਕਾਂ ਲਈ ਲੜਦਾ ਹੈ ਜੋ ਜੰਗਲਾਂ ਵਿਚ ਰਹਿੰਦੇ ਹਨ। ਕਾਰਪੋਰੇਟ ਘਰਾਣੇ ਸਰਕਾਰਾਂ ਦੀ ਮਦਦ ਨਾਲ ਇਹ ਜੰਗਲ ਹੜੱਪ ਰਹੇ ਹਨ। ਜੇ ਫਾਦਰ ਸਟੇਨ ਨੇ ਸ਼ਾਂਤਮਈ ਸੰਘਰਸ਼ ਦੀ 'ਲਛਮਣ ਰੇਖਾ' ਉਲੰਘੀ ਹੁੰਦੀ ਤਾਂ ਉਸ ਦੇ ਉਤਲੇ ਪਾਦਰੀਆਂ ਨੇ ਹੀ ਉਸ ਨੂੰ ਡੱਕ ਦੇਣਾ ਸੀ। ਮੈਂ ਇਹ ਗੱਲ ਪੂਰੇ ਭਰੋਸੇ ਨਾਲ ਆਖ ਸਕਦਾ ਹਾਂ ਕਿ ਉਸ ਨੂੰ ਰਾਜ ਖਿਲਾਫ਼ ਲੜਾਈ ਵਿੱਢਣ ਦਾ ਸੁਫਨਾ ਵੀ ਨਹੀਂ ਆ ਸਕਦਾ।
      ਇਹ ਕਹਿਣਾ ਕਿ ਭੀਮਾ ਕੋਰੇਗਾਓਂ ਕੇਸ ਵਿਚ ਉਸ ਦੀ ਮਿਲੀਭਗਤ ਸੀ, ਵੀ ਨਿਰੀ ਬੇਥਵੀ ਗੱਲ ਹੈ। ਭਲਾ ਕਿਸੇ ਬਜ਼ੁਰਗ ਈਸਾਈ ਪਾਦਰੀ ਦਾ ਮਹਾਰਾਸ਼ਟਰ ਵਿਚ ਦਲਿਤਾਂ ਅਤੇ ਮਰਾਠਿਆਂ ਦੇ ਝਗੜੇ ਨਾਲ ਕੀ ਲੈਣਾ ਦੇਣਾ ਹੋ ਸਕਦਾ ਹੈ? ਉਸ ਨੇ ਆਖਿਆ ਕਿ ਉਹ ਕਦੇ ਭੀਮਾ ਕੋਰੇਗਾਓਂ ਨਹੀਂ ਗਿਆ ਤੇ ਮੈਨੂੰ ਉਸ ਦੀ ਗੱਲ ਉੱਤੇ ਯਕੀਨ ਹੈ। ਕਰੀਬ 200 ਸਾਲ ਪਹਿਲਾਂ ਈਸਟ ਇੰਡੀਆ ਕੰਪਨੀ ਦੀ ਫ਼ੌਜ ਨੇ ਪੇਸ਼ਵਾ ਦੀ ਅਗਵਾਈ ਵਾਲੀ ਮਰਾਠਾ ਫ਼ੌਜ ਨੂੰ ਧੂੜ ਚਟਾਈ ਸੀ। ਕੰਪਨੀ ਦੀ ਫ਼ੌਜ ਦਾ ਇਕ ਦਸਤਾ ਮਹਾਰਾਂ ਦਾ ਸੀ। ਪਿਛਲੇ ਕੁਝ ਸਾਲਾਂ ਤੋਂ ਇਸ ਲੜਾਈ ਦੀ ਸਾਲਗਿਰ੍ਹਾ ਨੂੰ ਮਰਾਠਿਆਂ ਉੱਤੇ ਦਲਿਤਾਂ ਦੀ ਜਿੱਤ ਦੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ। 2016 ਵਿਚ ਜਦੋਂ ਭੀਮਾ ਕੋਰੇਗਾਓਂ ਯੁੱਧ ਦੀ ਦੂਜੀ ਸ਼ਤਾਬਦੀ ਸਮਾਗਮ ਮਨਾਏ ਜਾ ਰਹੇ ਸਨ ਤਾਂ ਆਰਐੱਸਐੱਸ ਦੇ ਪ੍ਰਚਾਰਕ ਭਿੜੇ ਗੁਰੂਜੀ ਨੇ ਆਸ ਪਾਸ ਦੇ ਖੇਤਰਾਂ ਵਿਚ ਸਾਈਕਲ ਉੱਤੇ ਘੁੰਮ ਘੁੰਮ ਕੇ ਟਾਕਰਾ ਮੁਹਾਜ਼ ਖੜ੍ਹਾ ਕਰ ਦਿੱਤਾ। ਮਹਾਰਸ਼ਟਰ ਵਿਚ ਉਦੋਂ ਭਾਜਪਾ ਦੀ ਸਰਕਾਰ ਸੀ। ਸਰਕਾਰ ਨੇ ਸ਼ਤਾਬਦੀ ਸਮਾਗਮ ਤੋਂ ਇਕ ਦੋ ਦਿਨ ਪਹਿਲਾਂ ਪ੍ਰਬੰਧਕਾਂ ਖਿਲਾਫ਼ ਸਖ਼ਤੀ ਵਰਤੀ ਅਤੇ ਉਨ੍ਹਾਂ ਖਿਲਾਫ਼ ਦੇਸ਼ਧ੍ਰੋਹ, ਫ਼ਿਰਕਿਆਂ ਵਿਚਕਾਰ ਵੈਰ ਵਿਰੋਧ ਭੜਕਾਉਣ ਦੇ ਦੋਸ਼ਾਂ ਤਹਿਤ ਮੁਲਕ ਦੇ ਦਰਜਨ ਭਰ ਖੱਬੇ-ਪੱਖੀ ਬੁੱਧੀਜੀਵੀਆਂ ਖਿਲਾਫ਼ ਕੇਸ ਦਰਜ ਕਰ ਦਿੱਤੇ।
      ਫਾਦਰ ਸਟੇਨ ਦਾ ਨਾਂ ਗ਼ੈਰਰਸਮੀ ਢੰਗ ਨਾਲ ਉਠਿਆ ਸੀ ਅਤੇ ਕੁਝ ਸਾਲ ਚੁੱਪ ਚੈਨ ਰਹੀ ਪਰ ਫਿਰ ਅਚਾਨਕ ਉਨ੍ਹਾਂ ਨੂੰ ਉਨ੍ਹਾਂ ਦੇ ਕੰਪਿਊਟਰ ਵਿਚੋਂ ਮਿਲੇ ਮਾਓਵਾਦੀਆਂ ਦੇ ਇਕ ਸੰਦੇਸ਼ ਬਾਰੇ ਪੁੱਛਗਿੱਛ ਲਈ ਬੁਲਾਇਆ ਗਿਆ। ਕੌਮੀ ਜਾਂਚ ਏਜੰਸੀ ਪਿਛਲੇ ਚਾਰ ਸਾਲਾਂ ਤੋਂ ਖੱਬੇ-ਪੱਖੀ ਕਾਰਕੁਨਾਂ ਖਿਲਾਫ਼ ਸਬੂਤ ਜੁਟਾਉਣ ਵਿਚ ਕਾਫੀ ਭੱਜ ਨੱਸ ਕਰ ਰਹੀ ਹੈ। ਰੁਕ ਰੁਕ ਕੇ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ, ਦਰਜਨ ਤੋਂ ਵੱਧ ਖੱਬੇ-ਪੱਖੀ ਬੁੱਧੀਜੀਵੀਆਂ ਜਿਨ੍ਹਾਂ ਸਰਕਾਰ ਪੱਖੀਆਂ ਵਲੋਂ 'ਅਰਬਨ ਨਕਸਲੀ' ਕਿਹਾ ਜਾਂਦਾ ਹੈ, ਦੀ ਨਜ਼ਰਬੰਦੀ ਵਿਚ ਵਾਧਾ ਕਰਵਾਇਆ ਜਾ ਰਿਹਾ ਹੈ।
       ਪਾਦਰੀ ਸਟੇਨ ਤੇ ਹੋਰਨਾਂ 'ਅਰਬਨ ਨਕਸਲੀਆਂ' ਖਿਲਾਫ਼ ਪੁਲੀਸ ਤੇ ਐੱਨਆਈਏ ਵਲੋਂ ਇਕੱਤਰ ਕੀਤੇ ਸਬੂਤਾਂ ਬਾਰੇ ਮੈਨੂੰ ਕੋਈ ਇਲਮ ਨਹੀਂ। ਮੈਂ ਸਿਰਫ ਇੰਨਾ ਜਾਣਦਾ ਹਾਂ ਕਿ ਪਹਿਲਾਂ ਪਹਿਲ ਇਨ੍ਹਾਂ ਖਿਲਾਫ਼ ਦੋਸ਼ ਇਹ ਸੀ ਕਿ ਉਨ੍ਹਾਂ ਸਾਡੇ ਪ੍ਰਧਾਨ ਮੰਤਰੀ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਮੁੜ ਕੇ ਇਸ ਫ਼ਰਜ਼ੀ ਕਹਾਣੀ ਦਾ ਕਦੇ ਜ਼ਿਕਰ ਹੀ ਨਹੀਂ ਕੀਤਾ ਗਿਆ। ਹੁਣ ਇਹ ਦੋਸ਼ ਲਾ ਦਿੱਤਾ ਗਿਆ ਹੈ ਕਿ ਇਨ੍ਹਾਂ ਨੇ ਹਥਿਆਰਾਂ ਦੇ ਇਸਤੇਮਾਲ ਜ਼ਰੀਏ ਸਰਕਾਰ ਦਾ ਤਖ਼ਤਾ ਪਲਟਾਉਣ ਦੀ ਸਾਜ਼ਿਸ਼ ਘੜੀ ਸੀ।
      ਅਖ਼ਬਾਰਾਂ ਵਿਚ ਆਈਆਂ ਕੁਝ ਖ਼ਬਰਾਂ ਅਤੇ ਅਦਾਲਤਾਂ ਵਿਚ ਹਿਰਾਸਤੀ ਪੁੱਛ ਪੜਤਾਲ ਲਈ ਰਿਮਾਂਡ ਵਾਧੇ ਦੀਆਂ ਦਿੱਤੀਆਂ ਅਰਜ਼ੀਆਂ ਵਿਚੋਂ ਜੋ ਕੁਝ ਛਣ ਕੇ ਸਾਹਮਣੇ ਆਇਆ, ਉਸ ਤੋਂ ਪਤਾ ਲੱਗ ਰਿਹਾ ਹੈ ਕਿ ਮੁਲਜ਼ਮਾਂ ਖਿਲਾਫ਼ ਸਬੂਤ ਉਨ੍ਹਾਂ ਦੇ ਕੰਪਿਊਟਰਾਂ ਤੇ ਮਿਲੇ ਸੰਦੇਸ਼ਾਂ ਤੱਕ ਹੀ ਸੀਮਿਤ ਹਨ। ਪਾਦਰੀ ਕੋਲੋਂ ਕੋਈ ਹਥਿਆਰ ਜਾਂ ਪੱਤਰ ਨਹੀਂ ਮਿਲੇ ਤੇ ਨਾ ਹੀ ਉਸ ਦੇ ਖਿਲਾਫ਼ ਆਦਿਵਾਸੀ ਖੇਤਰਾਂ ਜਾਂ ਹੋਰਨੀਂ ਥਾਈ ਠਾਹਰ ਸਮੇਂ ਕਿਸੇ ਗ਼ੈਰਕਾਨੂੰਨੀ ਸਰਗਰਮੀ ਵਿਚ ਸ਼ਾਮਲ ਹੋਣ ਦਾ ਕੋਈ ਰਿਕਾਰਡ ਮਿਲਿਆ।
       ਝਾਰਖੰਡ ਦੇ ਲੋਕ ਤੇ ਉੱਥੋਂ ਦੇ ਮੁੱਖ ਮੰਤਰੀ ਖੁੱਲ੍ਹ ਕੇ ਫਾਦਰ ਸਟੇਨ ਦੇ ਹੱਕ ਵਿਚ ਬੋਲੇ ਹਨ। ਸਾਫ਼ ਜ਼ਾਹਿਰ ਹੈ ਕਿ ਉਸ ਨੇ ਆਮ ਲੋਕਾਂ ਦੇ ਦਿਲ ਵਿਚ ਜਗ੍ਹਾ ਬਣਾਈ ਹੋਈ ਸੀ, ਕਿਉਂਕਿ ਉਸ ਦੇ ਨਿਰਸਵਾਰਥ ਕੰਮਾਂ ਅਤੇ ਚੰਗਿਆਈਆਂ ਕਰ ਕੇ ਲੋਕਾਂ ਦੀ ਜ਼ਿੰਦਗੀ ਵਿਚ ਤਬਦੀਲੀ ਆਈ ਸੀ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲਿਆ ਸੀ। ਆਦਿਵਾਸੀ ਸੁਭਾਅ ਤੇ ਪਾਲਣ ਪੋਸ਼ਣ ਪੱਖੋਂ ਬਹੁਤ ਹੀ ਸਾਦਾ ਲੋਕ ਹਨ ਅਤੇ ਉਹ ਆਪਣੇ ਗੁਜ਼ਰ ਬਸਰ ਲਈ ਮੈਦਾਨੀ ਖੇਤਰਾਂ ਵਿਚ ਰਹਿੰਦੇ ਮੁਹੱਜ਼ਬ ਲੋਕਾਂ ਤੇ ਕਾਫੀ ਟੇਕ ਰੱਖਦੇ ਹਨ। ਮੈਦਾਨੀ ਖੇਤਰਾਂ ਦੇ ਲੋਕ ਆਦਿਵਾਸੀਆਂ ਦੀ ਸਾਦਗੀ ਦਾ ਨਾਜਾਇਜ਼ ਫਾਇਦਾ ਉਠਾਉਂਦੇ ਰਹੇ ਹਨ ਤੇ ਲੰਮੇ ਸਮੇਂ ਤੋਂ ਚਲੀਆਂ ਆ ਰਹੀਆਂ ਬੇਇਨਸਾਫ਼ੀਆਂ ਹੁਣ ਉਸ ਖੇਤਰ ਵਿਚ ਸਿਰ ਚੜ੍ਹ ਕੇ ਬੋਲ ਰਹੀਆਂ ਹਨ ਜਿਸ ਨੂੰ ਅਸੀਂ 'ਮਾਓਵਾਦੀ ਲਾਂਘੇ' ਵਜੋ ਜਾਣਦੇ ਹਾਂ ਤੇ ਇਸ ਵਿਚ ਨੇਪਾਲ ਨਾਲ ਲਗਦੇ ਸਰਹੱਦੀ ਖੇਤਰਾਂ ਤੋਂ ਲੈ ਕੇ ਆਂਧਰਾ ਪ੍ਰਦੇਸ਼ ਤੱਕ ਦੇ ਇਲਾਕੇ ਆਉਂਦੇ ਹਨ। ਜਿਨ੍ਹਾਂ ਨੂੰ 'ਅਰਬਨ ਨਕਸਲੀ' ਕਰਾਰ ਦਿੱਤਾ ਜਾ ਰਿਹਾ ਹੈ, ਇਹ ਉਹੀ ਖੱਬੇ-ਪੱਖੀ ਕਾਰਕੁਨ ਹਨ ਜਿਨ੍ਹਾਂ ਨੇ ਇਨ੍ਹਾਂ ਦੱਬੇ ਕੁਚਲੇ ਲੋਕਾਂ ਦਾ ਕਾਜ਼ ਆਪਣੇ ਹੱਥਾਂ ਵਿਚ ਲੈ ਲਿਆ ਹੈ। ਜਦੋਂ ਉਹ ਇਨ੍ਹਾਂ ਦੱਬੇ ਕੁਚਲੇ ਲੋਕਾਂ ਦੀ ਗੱਲ ਕਰਦੇ ਹਨ ਤਾਂ ਉਸ ਵਿਚ ਰੋਹ ਆਉਣਾ ਸੁਭਾਵਿਕ ਹੈ। ਇਸ ਦਾ ਜਵਾਬ ਇਹ ਹੋਣਾ ਚਾਹੀਦਾ ਹੈ ਕਿ ਬੇਇਨਸਾਫ਼ੀਆਂ ਨੂੰ ਮੁਖ਼ਾਤਬ ਹੋਇਆ ਜਾਵੇ ਨਾ ਕਿ ਆਦਿਵਾਸੀਆਂ ਦੇ ਹੱਕਾਂ ਲਈ ਅਹਿੰਸਕ ਢੰਗ ਨਾਲ ਲੜਨ ਵਾਲਿਆਂ ਨੂੰ ਇਸ ਤਰ੍ਹਾਂ ਦਬਾਇਆ ਜਾਵੇ। ਉਂਜ, ਜੇ ਐੱਨਆਈਏ ਕੋਲ ਕੋਈ ਐਸਾ ਸਬੂਤ ਹੈ ਕਿ ਪਾਦਰੀ ਨੇ ਹਿੰਸਕ ਸਰਗਰਮੀਆਂ ਵਿਚ ਹਿੱਸਾ ਲਿਆ ਸੀ ਤਾਂ ਉਸ ਨੂੰ ਇਹ ਦੋਸ਼ ਸਿੱਧ ਕਰਨੇ ਚਾਹੀਦੇ ਹਨ ਪਰ ਜਦੋਂ ਤੁਸੀਂ ਆਦਿਵਾਸੀਆਂ ਨੂੰ ਉਨ੍ਹਾਂ ਦੇ ਜ਼ਖ਼ਮਾਂ ਉੱਤੇ ਮੱਲ੍ਹਮ ਲਾਉਣ ਵਾਲੇ ਅਜਿਹੇ ਸਰਪ੍ਰਸਤਾਂ ਤੋਂ ਵਾਂਝੇ ਕਰ ਦਿਓਗੇ ਤਾਂ ਇਕ ਦਿਨ ਇਹ ਜ਼ਖ਼ਮ ਨਾਸੂਰ ਬਣ ਜਾਣਗੇ ਤੇ ਇਸ ਨਾਲ ਅੱਗੋਂ ਹੋਰ ਨਾਇਨਸਾਫ਼ੀਆਂ ਹੋਣਗੀਆਂ ਤੇ ਇਸ ਤਰ੍ਹਾਂ ਬਗ਼ਾਵਤ ਦਾ ਰਾਹ ਪੱਧਰਾ ਹੋ ਜਾਵੇਗਾ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਸ ਨੂੰ ਮੁਲਕ ਦੀ ਸੁਰੱਖਿਆ ਲਈ ਸਭ ਤੋਂ ਵੱਡੀ ਚੁਣੌਤੀ ਆਖਿਆ ਸੀ।
'ਲੇਖਕ ਸਾਬਕਾ ਆਈਪੀਐੱਸ ਅਫਸਰ ਹੈ।