Prem-Maan

ਸ਼ਬਦ-ਚਿੱਤ੍ਰ : ਮਜ਼ਾਕ ਨਾਲ ਆਪਣੇ ਆਪ ਨੂੰ ਮਹਾਂ ਫ਼ਰਾਡ ਕਹਿਣ ਵਾਲਾ ਅਮਰੀਕ ਗਿੱਲ - ਪ੍ਰੇਮ ਮਾਨ

""ਮੈਂ ਐਵੇਂ ਤੇਰੇ ਨਾਲ ਚਾਰ-ਪੰਜ ਮਿੰਟ ਇਕ ਬਹੁਤ ਇਮਪੌਰਟੈਂਟ (important) ਗੱਲ ਕਰਨੀ ਐ। ਬੱਸ ਸਿਰਫ਼ ਚਾਰ-ਪੰਜ ਮਿੰਟ।’’ ਇਕ ਦਿਨ ਅਮਰੀਕ ਗਿੱਲ ਦਾ ਮੁੰਬਈ ਤੋਂ ਫ਼ੋਨ ਆਇਆ। ਸਾਡੇ ਨਿਊ ਯਾਰਕ ਵਿਚ ਸ਼ਾਮ ਦਾ ਇਕ ਵੱਜਿਆ ਹੋਣਾ ਅਤੇ ਹਿੰਦੁਸਤਾਨ ਵਿਚ ਰਾਤ ਦੇ ਸਾਢੇ ਦਸ ਵੱਜੇ ਹੋਣੇ ਹਨ।
"ਅਮਰੀਕ, ਜਿੰਨੀ ਦੇਰ ਮਰਜ਼ੀ ਗੱਲ ਕਰ। ਮੈਂ ਘਰ ਹੀ ਹਾਂ। ਤੇਰੇ ਨਾਲ ਗੱਲ ਕਰ ਕੇ ਹਮੇਸ਼ਾ ਖੁਸ਼ੀ ਹੁੰਦੀ ਐ।’’ ਮੈਂ ਕਿਹਾ।
"ਤੈਨੂੰ ਸਰਸਵਤੀ ਇਨਾਮ ਦਾ ਪਤਾ?’’
"ਮੈਂ ਸੁਣਿਆਂ ਹੋਇਆ ਪਰ ਡੀਟੇਲ (detail) ਵਿਚ ਇਸ ਬਾਰੇ ਨਹੀਂ ਪਤਾ।’’
"ਇਹ ਬਿਰਲਾ ਕੰਪਨੀ ਵਲੋਂ ਹਰ ਸਾਲ ਕਈ ਭਾਸ਼ਾਵਾਂ ‘ਚੋਂ ਵਧੀਆ ਕਿਤਾਬ ਨੂੰ ਦਿੱਤਾ ਜਾਂਦਾ। ਪੰਦਰਾਂ ਲੱਖ ਰੁਪਏ ਦੇ ਕਰੀਬ ਹੈ। ਡਾ. ਹਰਿਭਜਨ ਸਿੰਘ, ਗੁਰਦਿਆਲ ਸਿੰਘ, ਅਤੇ ਸੁਰਜੀਤ ਪਾਤਰ ਨੂੰ ਮਿਲ ਚੁੱਕਾ। ਬਿਰਲਾ ਦਾ ਹੀ ਇਕ ਹੋਰ ਇਨਾਮ ਐ ਰਿਆਸ ਇਨਾਮ। ਇਹ ਚਾਰ ਲੱਖ ਰੁਪਏ ਦੇ ਕਰੀਬ ਹੈ।’’
"ਐਤਕੀਂ ਇਨ੍ਹਾਂ ‘ਚੋਂ ਕੋਈ ਤੈਨੂੰ ਮਿਲ ਰਿਹਾ?’’ ਮੈ ਹੱਸਦਿਆਂ ਪੁੱਛਿਆ।
"ਨਹੀਂ, ਮੈਨੂੰ ਨਹੀਂ ਮਿਲ ਰਿਹਾ। ਮੈਂ ਤਾਂ ਇਸ ਦੀ ਜਿਊਰੀ ਵਿਚ ਹਾਂ। ਕੋਈ 100 ਤੋਂ ਵੱਧ ਮੈਂਬਰ ਹਨ ਇਸ ਦੀ ਜਿਊਰੀ ਵਿਚ। ਕਈ ਭਾਸ਼ਾਵਾਂ ਦੀਆਂ ਕਿਤਾਬਾਂ ਵਿਚਾਰੀਆਂ ਜਾਂਦੀਆਂ ਹਨ। ਮੈਨੂੰ ਕੱਲ੍ਹ ਹੀ ਉਨ੍ਹਾਂ ਦੀ ਚਿੱਠੀ ਆਈ ਸੀ। ਮੈਂ ਕਿਸੇ ਕਿਤਾਬ ਅਤੇ ਲੇਖਕ ਨੂੰ ਵੀ ਇਨ੍ਹਾਂ ਇਨਾਮਾਂ ਲਈ ਨਾਮੀਨੇਟ (nominate) ਕਰ ਸਕਦਾਂ।’’
"ਵਾਹ! ਕਮਾਲ ਐ। ਸਾਡਾ ਯਾਰ ਇਸ ਵੇਲੇ ਸਿਖ਼ਰਾਂ ਤੇ ਹੈ।’’
"ਅਸਲ ਵਿਚ ਮੈਂ ਤੇਰੀ ਕਿਤਾਬ ‘ਅੰਦਰੇਟੇ ਦਾ ਜੋਗੀ’ ਪੜ੍ਹੀ ਐ। ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਕਿ ਬਹੁਤ ਵਧੀਆ ਕਿਤਾਬ ਐ। ਮੈਨੂੰ ਬਹੁਤ ਪਸੰਦ ਆਈ ਐ। ਮੈਂ ਇਹ ਕਿਤਾਬ ਇਨ੍ਹਾਂ ਇਨਾਮਾਂ ਲਈ ਨਾਮੀਨੇਟ ਕਰਨੀ ਐ।’’ ਅਮਰੀਕ ਨੇ ਮੇਰੀ ਕਿਤਾਬ ਪੜ੍ਹੀ ਸੀ ਜੋ ਮੈਂ ਉਸ ਨੂੰ ਭੇਜੀ ਸੀ ਅਤੇ ਉਹ ਉਸ ਬਾਰੇ ਆਪਣਾ ਪ੍ਰਤੀਕਰਮ ਵੀ ਮੈਨੂੰ ਪਹਿਲਾਂ ਦੱਸ ਚੁੱਕਾ ਸੀ।
"ਅਮਰੀਕ, ਮੈਂ ਤਾਂ ਬਹੁਤ ਛੋਟਾ ਜਿਹਾ ਲੇਖਕ ਹਾਂ। ਮੇਰੀ ਕਿਤਾਬ ਨੂੰ ਇਨਾਮ ਕਿਸ ਨੇ ਦੇਣਾ। ਉੱਥੇ ਤਾਂ ਵੱਖ ਵੱਖ ਭਾਸ਼ਾਵਾਂ ਤੋਂ ਵੱਡੇ ਵੱਡੇ ਲਿਖਾਰੀਆਂ ਦੀਆਂ ਕਿਤਾਬਾਂ ਆਉਣੀਆਂ। ਨਾਲੇ ਆਪਣੀ ਕਿਹੜੀ ਕੋਈ ਸਿਫ਼ਾਰਸ਼ ਐ। ਹਿੰਦੁਸਤਾਨ ਵਿਚ ਤਾਂ ਸਭ ਕੁਝ ਸਿਫ਼ਾਰਸ਼ ਨਾਲ ਹੀ ਹੁੰਦਾ। ਆਪਾਂ ਕਿਹੜੇ ਜੁਗਾੜੀਏ ਆਂ। ਜੁਗਾੜ ਕਰਨਾ ਤਾਂ ਮੈਂ ਜ਼ਿੰਦਗੀ ਵਿਚ ਸਿੱਖਿਆ ਹੀ ਨਹੀਂ।’’
"ਤੂੰ ਪਹਿਲਾਂ ਵੀ ਦੋ ਕਿਤਾਬਾਂ ਛਪਵਾਈਆਂ। ਤੇਰੀਆਂ ਅੰਗਰੇਜ਼ੀ ਵਿਚ ਵੀ ਕਿਤਾਬਾਂ ਹਨ। ਇਨਾਮ ਨਾ ਮਿਲੂ ਨਾ ਸਹੀ। ਤੇਰਾ ਅਤੇ ਤੇਰੀ ਕਿਤਾਬ ਦਾ ਨਾਂ ਅਖ਼ਬਾਰਾਂ ਵਿਚ ਆ ਜਾਊ। ਤੇਰੀ ਫ਼ੋਟੋ ਅਖ਼ਬਾਰਾਂ ਵਿਚ ਛਪ ਜਾਊ। ਚਰਚਾ ਹੋ ਜਾਊ।’’
"ਅਮਰੀਕ, ਆਪਾਂ ਇਨ੍ਹਾਂ ਗੱਲਾਂ ਤੋਂ ਕੀ ਲੈਣਾ। ਸਾਧਾਂ ਨੂੰ ਸੁਆਦਾਂ ਨਾਲ ਕੀ ।’’
"ਤੂੰ ਮੈਨੂੰ ਆਪਣੀ ਸਾਰੀ ਇਨਫਰਮੇਸ਼ਨ ਭੇਜ ਦੇ। ਆਪਣਾ ਬਾਇਓ ਡੈਟਾ, ਈਮੇਲ ਐਡਰੈੱਸ, ਜਨਮ ਤਾਰੀਖ਼, ਘਰ ਦਾ ਐਡਰੈੱਸ। ਮੈਂ ਨਾਮੀਨੇਸ਼ਨ ਫ਼ਾਰਮ ਭਰ ਦਿਆਂਗਾ।’’
"ਅਮਰੀਕ, ਰਹਿਣ ਦੇ ਯਾਰ। ਐਵੇਂ ਮੈਨੂੰ ਇਨਾਮਾਂ ਪਿੱਛੇ ਨੱਠਣ ਦਾ ਭੁਸ ਨਾ ਪਾ। ਇਨਾਮਾਂ ਦਾ ਲੱਗਿਆ ਨਸ਼ਾ ਫਿਰ ਛੁੱਟਣਾ ਨਹੀਂ। ਫਿਰ ਮੈਂ ਤੈਨੂੰ ਕਹਿਣਾ ਕਿ ਹੁਣ ਤੂੰ ਮੈਨੂੰ ਭਾਸ਼ਾ ਵਿਭਾਗ ਦੇ ਇਨਾਮ ਲਈ ਵੀ ਨਾਮੀਨੇਟ ਕਰ। ਫਿਰ ਗਿਆਨ ਪੀਠ ਇਨਾਮ ਲਈ ਵੀ। ਫਿਰ ਪਦਮ ਵਿਭੂਸ਼ਨ ਇਨਾਮ ਲਈ ਵੀ। ਫਿਰ ਮੈਂ ਕਹਿਣਾ, ਅਮਰੀਕ ਹੁਣ ਸਿਫ਼ਾਰਸ਼ ਵੀ ਲੱਭ। ਇਹ ਇਨਾਮ ਸਿਫ਼ਾਰਸ਼ ਤੋਂ ਬਗੈਰ ਤਾਂ ਮਿਲਣੇ ਨਹੀਂ। ਸਾਹਿਤ ਅਕੈਡਮੀ ਇਨਾਮ ਵੈਸੇ ਹੀ ਮੈਨੂੰ ਨਹੀਂ ਮਿਲ ਸਕਦਾ ਹਿੰਦੁਸਤਾਨ ਤੋਂ ਬਾਹਰ ਰਹਿੰਦਾ ਹੋਣ ਕਰ ਕੇ।’’ ਮੈਂ ਅਮਰੀਕ ਨਾਲ ਮਜ਼ਾਕ ਕੀਤੇ।
"ਤੂੰ ਭਾਸ਼ਾ ਵਿਭਾਗ ਦੇ ਇਨਾਮ ਲਈ ਵੀ ਜ਼ਰੂਰ ਅਪਲਾਈ ਕਰ ਦੇਵੀਂ। ਮੈਨੂੰ ਆਪਣੀ ਇਨਫਰਮੇਸ਼ਨ ਛੇਤੀ ਭੇਜ ਦੇਵੀਂ। ਮੈਂ ਸਰਸਵਤੀ ਅਤੇ ਰਿਆਸ ਇਨਾਮਾਂ ਲਈ ਫ਼ਾਰਮ ਭਰ ਦਿਆਂਗਾ।’’ ਅਮਰੀਕ ਨੇ ਫਿਰ ਮੈਨੂੰ ਮਜਬੂਰ ਕੀਤਾ।
ਉਸ ਦਿਨ ਚਾਰ-ਪੰਜ ਮਿੰਟ ਦੀ ਥਾਂ ਅਸੀਂ ਦੋ ਘੰਟਿਆਂ ਤੋਂ ਵੱਧ ਫ਼ੋਨ ਤੇ ਗੱਲਾਂ ਕੀਤੀਆਂ।
    ਕੁਝ ਦਿਨਾਂ ਬਾਦ ਅਮਰੀਕ ਦਾ ਫਿਰ ਫ਼ੋਨ ਆਇਆ। ਕਹਿੰਦਾ, "ਸਰਸਵਤੀ ਇਨਾਮ ਲਈ ਨਾਮੀਨੇਟ ਕਰਨ ਦੀ ਤਾਰੀਖ਼ ਲੰਘ ਗਈ ਹੈ। ਅਗਲੇ ਸਾਲ ਨਾਮੀਨੇਟ ਕਰ ਦਿਆਂਗਾ। ਇਸੇ ਕਿਤਾਬ ਤੇ ਤੈਨੂੰ 10 ਸਾਲ ਨਾਮੀਨੇਟ ਕੀਤਾ ਜਾ ਸਕਦਾ ਹੈ।’’ ਅਸਲ ਵਿਚ ਕੋਵਿਡ-19 ਦਾ ਮੁੰਬਈ ਵਿਚ ਬਹੁਤ ਬੁਰਾ ਹਾਲ ਹੋਣ ਕਰ ਕੇ ਅਮਰੀਕ ਕੋਲ ਨਾਮੀਨੇਟ ਕਰਨ ਵਾਲੀ ਡਾਕ ਬਹੁਤ ਦੇਰ ਨਾਲ ਪਹੁੰਚੀ ਸੀ। ਮੈਂ ਸੋਚਿਆ, ਵਧੀਆ ਹੋਇਆ, ਬਚਾਅ ਹੋ ਗਿਆ। ਐਵੇਂ ਇਨਾਮਾਂ ਪਿੱਛੇ ਨੱਠ ਕੇ ਜ਼ਲੀਲ ਹੋਣ ਵਾਲੀ ਗੱਲ ਹੈ।
                                                          *****
ਅਮਰੀਕ ਬਹੁਤ ਸੱਚਾ-ਸੁੱਚਾ ਇਨਸਾਨ ਹੈ। ਜ਼ਿੰਦਗੀ ਵਿਚ ਅੱਜ ਵਾਲੇ ਮੁਕਾਮ ਤੇ ਪਹੁੰਚ ਕੇ ਵੀ ਉਹ ਬਹੁਤ ਸਧਾਰਨ ਜ਼ਿੰਦਗੀ ਬਤੀਤ ਕਰਦਾ ਹੈ ਅਤੇ ਨਿਮਰਤਾ ਨਾਲ ਰਹਿੰਦਾ ਹੈ। ਜਿਨ੍ਹਾਂ ਦੋਸਤਾਂ ਜਾਂ ਇਕ-ਦੋ ਰਿਸ਼ਤੇਦਾਰਾਂ ਨੇ ਲੋੜ ਵੇਲੇ ਉਸ ਦਾ ਸਾਥ ਦਿੱਤਾ, ਉਹ ਉਨ੍ਹਾਂ ਨੂੰ ਨਹੀਂ ਭੁੱਲਦਾ। ਉਸ ਦੇ ਪੁਰਾਣੇ ਦੋਸਤ ਹਾਲੇ ਵੀ ਦੋਸਤ ਹਨ। ਅਮਰੀਕ ਕਹਿੰਦਾ ਹੈ ਕਿ ਮੁਕੇਰੀਆਂ ਦਾ ਕੁਲਦੀਪ ਮੋਚੀ ਹਾਲੇ ਵੀ ਉਸ ਦਾ ਦੋਸਤ ਹੈ ਅਤੇ ਉਹ ਹੁਣ ਵੀ ਕੁਲਦੀਪ ਦੇ ਘਰ ਜਾ ਕੇ ਖਾਣਾ ਖਾ ਆਉਂਦਾ ਹੈ। ਮੁਕੇਰੀਆਂ ਵਿਚ ਅਮਰੀਕ ਦਾ ਇਕ ਹੋਰ ਦੋਸਤ ਅਰੁਨੇਸ਼ ਸ਼ਾਕਿਰ ਹੈ ਜੋ ਐਮ.ਐਲ.ਏ. ਅਤੇ ਮਨਿਸਟਰ ਰਿਹਾ ਹੈ। ਅਮਰੀਕ ਥੋੜ੍ਹੇ ਕੀਤੇ ਦੋਸਤੀਆਂ ਤੋੜਦਾ ਨਹੀਂ। ਅਮਰੀਕ ਕਹਿੰਦਾ ਹੈ ਕਿ ਜੇ ਉਸ ਦੇ ਰਿਸ਼ਤੇਦਾਰ ਕਹਿਣ ਕਿ ਉਹ ਹੁਣ ਵੱਡਾ ਬੰਦਾ ਬਣ ਗਿਆ ਹੈ ਅਤੇ ਉਨ੍ਹਾਂ ਦੇ ਨਿਆਣਿਆਂ ਨੂੰ ਹੀਰੋ ਬਣਾ ਦੇਵੇਗਾ, ਇਹ ਨਹੀਂ ਹੋ ਸਕਦਾ।
        ਅਮਰੀਕ ਜਦੋਂ ਗੱਲਾਂ ਕਰਦਾ ਹੈ ਤਾਂ ਇੰਜ ਲਗਦਾ ਜਿਵੇਂ ਉਹ ਕਿਸੇ ਡਰਾਮੇ ਜਾਂ ‌ਫ਼ਿਲਮ ਵਿਚ ਕਿਸੇ ਪਾਤਰ ਦਾ ਰੋਲ ਨਿਭਾ ਰਿਹਾ ਹੋਵੇ। ਕਈ ਵਾਰੀ ਉਹ ਗੱਲਾਂ ਕਰਦਾ ਕਿਸੇ ਕਹਾਣੀ ਜਾਂ ਵਾਕਿਆ ਦਾ ਜ਼ਿਕਰ ਕਰੇ ਤਾਂ ਉਸ ਵਿਚ ਮਸਾਲਾ ਅਤੇ ਗਾਲ਼ਾਂ ਭਰ ਕੇ ਉਸ ਨੂੰ ਕਿਸੇ ਫ਼ਿਲਮ ਵਾਂਗ ਖ਼ੂਬਸੂਰਤ ਬਣਾ ਦਿੰਦਾ ਹੈ। ਉਹ ਮਜ਼ਾਕੀਆ ਵੀ ਬਹੁਤ ਹੈ। ਮਜ਼ਾਕ ਕਰ ਕੇ ਖ਼ੂਬ ਹੱਸਦਾ ਹੈ। ਅਮਰੀਕ ਆਪਣੇ ਆਪ ਨੂੰ ਮਹਾਂ ਫ਼ਰਾਡ ਅਤੇ ਨਾਲਾਇਕ ਆਦਿ ਆਖਣ ਦਾ ਮਜ਼ਾਕ ਆਮ ਹੀ ਕਰਦਾ ਹੈ। ਇਸ ਦੀਆਂ ਹੇਠ ਲਿਖੀਆਂ ਕੁਝ ਉਦਾਹਰਨਾਂ ਹਨ :
-- ਅਮਰੀਕ ਜਦੋਂ ਆਪਣੀ ਅਤੇ ਉਨ੍ਹਾਂ ਸਭ ਇਨਾਮਾਂ ਦੀ ਗੱਲ ਕਰਦਾ ਹੈ ਜੋ ਉਸ ਨੂੰ ਮਿਲੇ ਹਨ ਤਾਂ ਕਹਿੰਦਾ ਹੈ, "ਇਹ ਸਭ ਇਨਾਮ ਫ਼ਰਾਡ ਹਨ। ਮੈਂ ਆਪ ਬਹੁਤ ਵੱਡਾ ਫ਼ਰਾਡ ਹਾਂ। ...’’ ਫਿਰ ਉਹ ਉੱਚੀ ਉੱਚੀ ਹੱਸਦਾ ਹੈ।
-- "ਸਾਡੇ (ਮਨਸੂਰਪੁਰ ਵਿਚ) ਘਰੋਂ ਗੁਰਦਵਾਰੇ ਦਾ ਨਿਸ਼ਾਨ ਸਾਹਿਬ ਦਿਸਦਾ ਸੀ। ਜਦੋਂ ਮੇਰੀ (ਪਹਿਲੀ) ਮੰਗਣੀ ਟੁੱਟੀ ਤਾਂ ਮੇਰੀ ਮਾਂ ਘਰ ਵਿਚ ਖੜ੍ਹ ਕੇ ਨਿਸ਼ਾਨ ਸਾਹਿਬ ਵੱਲ ਮੂੰਹ ਕਰ ਕੇ ਅਤੇ ਹੱਥ ਜੋੜ ਕੇ ਕਹਿੰਦੀ ਹੁੰਦੀ ਸੀ, ਰੱਬਾ, ਤੂੰ ਮੈਨੂੰ ਇਕੋ ਪੁੱਤ ਦਿੱਤਾ, ਉਹ ਵੀ ਖੋਤਾ, ਗਧਾ, ਬੇਵਕੂਫ਼, ਤੇ ਨਾਲਾਇਕ ਦਿੱਤਾ।’’
-- "ਜਦੋਂ ਮੈਂ ਹੁਸ਼ਿਆਰਪੁਰ ਪੜ੍ਹਾਉਂਦਾ ਸੀ ਤਾਂ ਮੈਂ (ਆਪਣੀ ਮੰਗੇਤਰ) ਰੂਪ ਨੂੰ ਤਿੰਨ ਵਾਰੀ ਚੰਡੀਗੜ੍ਹ ਮਿਲਣ ਗਿਆ ਸੀ। ਮੈਂ ਉਸ ਨੂੰ ਮਿਲ ਕੇ ਮਿੰਨਤਾਂ ਕੀਤੀਆਂ, ਊਂਅ ਊਂਅ ਊਂਅ ਕਰ ਕੇ ਰੋਇਆ ਵੀ ਕਿ ਮੈਥੋਂ ਤੇਰੇ ਬਗੈਰ ਰਹਿ ਨਹੀਂ ਹੋਣਾ। ਉਹ ਕਹਿੰਦੀ ਤੂੰ ਮੈਨੂੰ ਹੁਣ ਬਿਲਕੁਲ ਨਾ ਮਿਲਿਆ ਕਰ। ਉਹ ਸੋਚਦੀ ਸੀ ਕਿ ਇਹ ਖੋਤਾ, ਨਾਲਾਇਕ, ਬੇਵਕੂਫ਼ ਮੇਰਾ ਪਿੱਛਾ ਹੀ ਨਹੀਂ ਛੱਡਦਾ। ਫਿਰ ਜਦੋਂ ਵੀ ਉਸ ਨੇ ਮੈਨੂੰ ਦੇਖਣਾ ਉਸ ਦੇ ਚਿਹਰੇ ਦਾ ਰੰਗ ਬਿਲਕੁਲ ਪੀਲਾ ਹੋ ਜਾਣਾ।’’
-- "ਮੇਰਾ ਪਿਉ ਇੰਗਲੈਂਡ ਤੋਂ ਵਾਪਸ ਆਇਆ। ਉਦੋਂ ਮੇਰੀ ਮੰਗਣੀ ਹੋ ਚੁੱਕੀ ਸੀ। ਮੇਰਾ ਪਿਉ ਅਤੇ ਬਾਬਾ ਮੇਰੀ ਮੰਗੇਤਰ ਦੇ ਘਰ ਗਏ ਅਤੇ ਉਸ ਦੇ ਪਿਉ ਨੂੰ ਕਹਿੰਦੇ, ਸਾਡਾ ਮੁੰਡਾ ਤਾਂ ਨਿਰਾ ਗਧਾ ਹੈ, ਨਿਰਾ ਖੋਤਾ, ਭੈਣ ... ਬੇਵਕੂਫ਼, ਨਾਲਾਇਕ, ਫ਼ਰਾਡ। ਤੁਸੀਂ ਆਪਣੀ ਕੁੜੀ ਉਹਦੇ ਨਾਲ ਕਿੱਦਾਂ ਮੰਗ ਦਿੱਤੀ? ਅਸੀਂ ਨਹੀਂ ਉਸ ਦੇ ਜ਼ਿੰਮੇਵਾਰ। ਹਾਲੇ ਵੀ ਸੋਚ ਲਵੋ। ਇਹ ਮੰਗਣੀ ਠੀਕ ਨਹੀਂ। ਉਹ ਭੈਣ ... ਤੁਹਾਡੀ ਕੁੜੀ ਦੇ ਮੁਕਾਬਲੇ ‘ਚ ਬਿਲਕੁਲ ਨਾਲਾਇਕ ਹੈ। ਅਸੀਂ ਉਸ ਨੂੰ ਇੰਗਲੈਂਡ ਵੀ ਨਹੀਂ ਲਿਜਾਣਾ ਅਤੇ ਜ਼ਮੀਨ ਵੀ ਨਹੀਂ ਦੇਣੀ। ...’’ ਫਿਰ ਅਮਰੀਕ ਕਹਿੰਦਾ ਹੈ, "ਮੈਂ ਅਜੇ ਵੀ ਬੇਵਕੂਫ਼ ਹਾਂ। ਅਜੇ ਵੀ ਬਹੁਤ ਗਲਤੀਆਂ ਕਰਦਾਂ।’’ ਫਿਰ ਉਹ ਹੱਸਦਾ ਹੈ।
-- ਅਮਰੀਕ ਹੱਸਦਾ ਮਜ਼ਾਕ ਕਰਦਾ ਹੈ, "ਮੈਂ ਦੋਸਤਾਂ ਨੂੰ ਕਹਿੰਦਾ ਹਾਂ, ਸਾਡਾ ਸਾਰਾ ਪਰਵਾਰ ਹੀ ਫ਼ਰਾਡ ਹੈ। ਮੇਰੇ ਤੇ ਇਤਬਾਰ ਨਾ ਕਰਿਓ। ਤੁਹਾਡੇ ਘਰੋਂ ਜੇ ਹੋਰ ਕੁਝ ਨਾ ਲੱਭਾ ਤਾਂ ਮੈਂ ਪਲੇਟਾਂ ਹੀ ਚੁੱਕ ਕੇ ਲੈ ਜਾਣੀਆਂ।’’
-- ਅਮਰੀਕ ਹੱਸਦਾ ਮਜ਼ਾਕ ਕਰਦਾ ਕਹਿੰਦਾ ਹੈ, "ਮੇਰਾ ਬਾਬਾ ਮੈਨੂੰ ਕਹਿੰਦਾ ਸੀ, ਤੂੰ ਗਧਾ ਏਂ, ਤੂੰ ਬੇਵਕੂਫ਼ ਏਂ। ਤੂੰ ਮੱਝਾਂ ਚਾਰਨ ਲੈ ਕੇ ਜਾਂਦਾਂ ਪਰ ਉਨ੍ਹਾਂ ਵੱਲ ਧਿਆਨ ਨਹੀਂ ਰੱਖਦਾ। ਮੱਝਾਂ ਖੇਤਾਂ ਵਿਚ ਜਾ ਵੜਦੀਆਂ ਪਰ ਤੂੰ ਉਨ੍ਹਾਂ ਨੂੰ ਮੋੜਦਾ ਹੀ ਨਹੀਂ। ਤੂੰ ਕਿਸੇ ਸੋਚਾਂ ਵਿਚ ਹੀ ਪਿਆ ਰਹਿੰਦਾਂ।’’
-- ਅਮਰੀਕ ਦੀ ਇਕ ਭੂਆ, ਜਿਸ ਦਾ ਨਾਂ ਦੀਸ਼ੋ ਸੀ, ਵੀ ਉਨ੍ਹਾਂ ਨਾਲ ਹੀ ਮਨਸੂਰਪੁਰ ਰਹਿੰਦੀ ਸੀ। ਅਮਰੀਕ ਹੱਸਦਾ ਕਹਿੰਦਾ ਹੈ, "ਮੇਰੀ ਭੂਆ ਲਲਿਤਾ ਪਵਾਰ (ਐਕਟ੍ਰੈੱਸ) ਵਰਗੀ ਸੀ। ਇਕ ਅੱਖੋਂ ਕਾਣੀ। ਟੇਢੀ ਜਿਹੀ। ਉਹ ਪੁਆੜੇ ਪਾਉਣੀ ਸੀ। ਉਸ ਨੇ ਮੇਰੀ ਮਾਤਾ ਨੂੰ ਬਹੁਤ ਪਰੇਸ਼ਾਨ ਕੀਤਾ ਸੀ।’’
-- ਅਮਰੀਕ ਦੇ ਮੁੰਬਈ ਜਾਣ ਤੋਂ ਬਾਅਦ, ਜਦੋਂ ਅਮਰੀਕ ਦੀ ਮਾਤਾ ਪਹਿਲੀ ਵਾਰੀ ਅਮਰੀਕ ਨਾਲ ਜਹਾਜ਼ ਵਿਚ ਪੰਜਾਬ ਤੋਂ ਮੁੰਬਈ ਗਈ ਤਾਂ ਉਹ ਤਾਕੀ ਕੋਲ ਬੈਠੀ ਸੀ। ਜਦੋਂ ਜਹਾਜ਼ ਉੱਪਰ ਚਲੇ ਗਿਆ ਤਾਂ ਮਾਤਾ ਅਮਰੀਕ ਨੂੰ ਪੁੱਛਣ ਲੱਗੀ, "ਅਮਰੀਕ, ਇਹ ਜਹਾਜ਼ ਸਵਰਗ ਵਿਚੋਂ ਹੋ ਕੇ ਜਾਂਦਾ? ... ਮੈਂ ਸੋਚਦੀ ਆਂ ਜੇ ਇਹ ਸਵਰਗ ‘ਚੋਂ ਹੋ ਕੇ ਜਾਂਦਾ ਤਾਂ ਤੇਰੇ ਭਾਪੇ ਦੇ ਦਰਸ਼ਨ ਹੀ ਕਰ ਲਵਾਂ।’’ ਅਮਰੀਕ ਨੇ ਜਵਾਬ ਦਿੱਤਾ, "ਇਹ ਜਹਾਜ਼ ਸਵਰਗ ‘ਚੋਂ ਹੋ ਕੇ ਨਹੀਂ ਜਾਂਦਾ। ਸਵਰਗ ਤਾਂ ਬਹੁਤ ਉੱਪਰ ਹੈ। ਨਾਲੇ ਭਾਪਾ ਤਾਂ ਜਿਹੋ ਜਿਹਾ ਬੰਦਾ ਸੀ, ਉਹ ਤਾਂ ਨਰਕ ਵਿਚ ਹੋਣਾ। ਭੁੱਲ ਜਾ ਉਸ ਨੂੰ। ਉਸ ਨੇ ਤੈਨੂੰ ਇੰਨੇ ਦੁੱਖ ਦਿੱਤੇ ਸੀ।’’
-- ਇਕ ਦਿਨ ਅਮਰੀਕ ਨੇ ਮੈਨੂੰ ਵਟਸਐਪ ਤੇ ਫ਼ੋਨ ਕੀਤਾ ਅਤੇ ਜਦੋਂ ਅਸੀਂ ਗੱਲਾਂ ਕਰ ਰਹੇ ਸੀ ਤਾਂ ਅਚਾਨਕ ਫ਼ੋਨ ਦਾ ਕੁਨੈਕਸ਼ਨ ਟੁੱਟ ਗਿਆ। ਮੈਂ ਉਸ ਨੂੰ ਮੋੜਵਾਂ ਫ਼ੋਨ ਵਟਸਐਪ ਤੇ ਦੋ ਵਾਰੀ ਕੀਤਾ ਪਰ ਉਸ ਨੇ ਜਵਾਬ ਨਾ ਦਿੱਤਾ। ਫਿਰ ਦੋ ਕੁ ਮਿੰਟਾਂ ਬਾਅਦ ਉਸ ਦਾ ਫ਼ੋਨ ਆ ਗਿਆ। ਮੈਂ ਕਿਹਾ ਕਿ ਮੈਂ ਤੈਨੂੰ ਫ਼ੋਨ ਕੀਤਾ ਸੀ ਪਰ ਤੂੰ ਜਵਾਬ ਹੀ ਨਹੀਂ ਦਿੱਤਾ। ਅੱਗਿਓਂ ਅਮਰੀਕ ਕਹਿੰਦਾ, "ਤੂੰ ਮੈਨੂੰ ਫ਼ੋਨ ਨਾ ਕਰਿਆ ਕਰ। ਜਦੋਂ ਮੇਰਾ ਫ਼ੋਨ ਚਿੜੀ ਚਿੜੀ ਕਰਦਾ ਤਾਂ ਮੈਨੂੰ ਨਹੀਂ ਪਤਾ ਲਗਦਾ ਕਿ ਕਿਹੜਾ ਬਟਨ ਦੱਬਣਾ। ਮੈਂ ਪੰਜਾਬੀ ਦੀ ਐਮ.ਏ. ਆਂ। ਮੈਨੂੰ ਇਹ ਗੱਲਾਂ ਨਹੀਂ ਆਉਂਦੀਆਂ।’’ ਅਤੇ ਅਸੀਂ ਦੋਵੇਂ ਹੱਸਦੇ ਰਹੇ।
                                                       *****
1968-1970 ਵਿਚ ਜਦੋਂ ਮੈਂ ਗੌਰਮਿੰਟ ਕਾਲਜ ਹੁਸ਼ਿਆਰਪੁਰ ਵਿਖੇ ਅਰਥ ਸ਼ਾਸਤਰ ਦੀ ਐਮ.ਏ. ਕਰਦਾ ਸੀ ਤਾਂ ਅਮਰੀਕ ਇਸੇ ਕਾਲਜ ਵਿਚ ਬੀ.ਏ. ਵਿਚ ਪੜ੍ਹਦਾ ਸੀ। ਅਮਰੀਕ ਉਨ੍ਹੀਂ ਦਿਨੀਂ ਮਿਲਿਆ ਸੀ ਪਰ ਸਾਡੀ ਬਹੁਤੀ ਦੋਸਤੀ ਨਹੀਂ ਸੀ ਹੋਈ। ਫਿਰ ਜਦੋਂ ਮੈਂ 1971 ਵਿਚ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਪੜ੍ਹਾਉਣ ਦੀ ਨੌਕਰੀ ਲੈ ਲਈ ਤਾਂ ਦੋ ਸਾਲਾਂ ਬਾਅਦ ਅਮਰੀਕ ਵੀ ਪੰਜਾਬ ਯੂਨੀਵਰਸਿਟੀ ਵਿਚ ਪੰਜਾਬੀ ਦੀ ਐਮ.ਏ. ਕਰਨ ਆ ਲੱਗਿਆ। ਉਥੇ ਸਾਡੀ ਦੋਸਤੀ ਬਹੁਤ ਵਧ ਗਈ। ਅਮਰੀਕ ਮੇਰੀ ਉਮਰ ਦਾ ਹੀ ਹੈ ਪਰ ਉਹ ਪੜ੍ਹਾਈ ਵਿਚ ਕੁਝ ਸਾਲ ਇਸ ਲਈ ਪਿੱਛੇ ਸੀ ਕਿਉਂਕਿ ਉਸ ਨੇ ਕੁਝ ਸਾਲ ਸਕੂਲ ਦੀ ਪੜ੍ਹਾਈ ਛੱਡ ਦਿੱਤੀ ਸੀ। ਉਹ ਮੈਨੂੰ ਸਾਈਕਲ ‘ਤੇ ਮਿਲਣ ਆਉਂਦਾ। ਬਹੁਤੀ ਵਾਰ ਉਦਾਸ ਮੂਡ ਵਿਚ ਹੀ ਹੁੰਦਾ ਸੀ। ਮੈਂ ਸੋਚਦਾ, ਸ਼ਾਇਦ ਘਰੇਲੂ ਮੁਸ਼ਕਿਲਾਂ ਕਾਰਨ ਉਦਾਸ ਰਹਿੰਦਾ ਹੋਵੇਗਾ। ਉਹ ਆਪਣੀ ਮਾਤਾ ਅਤੇ ਘਰ ਦੀ ਗਰੀਬੀ ਬਾਰੇ ਆਮ ਹੀ ਗੱਲਾਂ ਕਰਦਾ ਹੁੰਦਾ ਸੀ। ਬਾਅਦ ਵਿਚ ਇਸ ਉਦਾਸੀ ਦਾ ਹੋਰ ਕਾਰਨ ਵੀ ਪਤਾ ਲੱਗਾ।
        ਤਿੰਨ ਸਾਲ ਗੌਰਮਿੰਟ ਕਾਲਜ ਹੁਸ਼ਿਆਰਪੁਰ ਵਿਚ ਪੜ੍ਹਨ ਤੋਂ ਬਾਅਦ ਅਮਰੀਕ ਆਪਣੇ ਪਿੰਡ ਦੇ ਨੇੜੇ ਮੁਕੇਰੀਆਂ ਕਾਲਜ ਵਿਚ ਪੜ੍ਹਨ ਜਾ ਲੱਗਾ ਜੋ ਉਸ ਵੇਲੇ ਨਵਾਂ ਨਵਾਂ ਖੁੱਲ੍ਹਿਆ ਸੀ। ਮੁਕੇਰੀਆਂ ਕਾਲਜ ਵਿਚ ਪੜ੍ਹਨ ਵੇਲੇ ਉਸੇ ਕਾਲਜ ਵਿਚ ਮੁਕੇਰੀਆਂ ਦੇ ਇਕ ਅਫ਼ਸਰ ਦੀ ਲੜਕੀ ਰੂਪ (ਮੈਂ ਇੱਥੇ ਇਸ ਲੜਕੀ ਦਾ ਛੋਟਾ ਨਾਂ ਹੀ ਵਰਤ ਰਿਹਾਂ, ਪੂਰਾ ਨਾਂ ਜਾਣ-ਬੁੱਝ ਕੇ ਨਹੀਂ ਵਰਤ ਰਿਹਾ) ਵੀ ਅਮਰੀਕ ਨਾਲ ਪੜ੍ਹਦੀ ਸੀ। ਅਮਰੀਕ ਅਤੇ ਰੂਪ ਹਾਈ ਸਕੂਲ ਵਿਚ ਵੀ ਇਕੱਠੇ ਪੜ੍ਹੇ ਸਨ। ਦੋਵੇਂ ਇਕ ਦੂਜੇ ਨੂੰ ਜਾਣਦੇ ਸਨ। ਰੂਪ ਦੇ ਮਾਤਾ-ਪਿਤਾ ਨੇ ਅਮਰੀਕ ਦੀ ਮਾਤਾ ਨੂੰ ਮਿਲ ਕੇ ਰੂਪ ਦੀ ਮੰਗਣੀ ਅਮਰੀਕ ਨਾਲ ਕਰ ਦਿੱਤੀ। ਮੁਕੇਰੀਆਂ ਕਾਲਜ ਤੋਂ ਬੀ.ਏ. ਕਰਨ ਤੋਂ ਬਾਅਦ ਰੂਪ ਪੰਜਾਬ ਯੂਨੀਵਰਸਿਟੀ ਵਿਚ ਅੰਗਰੇਜ਼ੀ ਦੀ ਐਮ.ਏ. ਕਰਨ ਲੱਗ ਪਈ ਸੀ। ਅਮਰੀਕ ਨੇ ਅਰਥ ਸ਼ਾਸਤਰ ਦੀ ਐਮ.ਏ. ਕਰਨੀ ਚਾਹੀ ਪਰ ਉਸ ਨੂੰ ਪੰਜਾਬ ਯੂਨੀਵਰਸਿਟੀ ਵਿਚ ਦਾਖ਼ਲਾ ਨਾ ਮਿਲਿਆ। ਅਮਰੀਕ ਬਹੁਤ ਨਿਰਾਸ਼ ਹੋਇਆ। ਉਹ ਵਾਪਸ ਹੁਸ਼ਿਆਰਪੁਰ ਚਲੇ ਗਿਆ ਜਿੱਥੇ ਉਸ ਨੇ ਆਪਣੇ ਦੋਸਤ ਮੋਹਣ ਚੌਧਰੀ ਦੀ ਮਦਦ ਨਾਲ ਇਕ ਸਕੂਲ ਵਿਚ ਪੜ੍ਹਾਉਣ ਦੀ ਨੌਕਰੀ ਲੈ ਲਈ। ਕੁਝ ਦੋਸਤਾਂ ਨੇ ਅਮਰੀਕ ਨੂੰ ਪੰਜਾਬੀ ਦੀ ਐਮ.ਏ. ਕਰਨ ਦਾ ਸੁਝਾ ਦਿੱਤਾ। ਅਮਰੀਕ ਨੂੰ ਇਸ ਵਾਸਤੇ ਬੀ.ਏ. ਦੇ ਪੰਜਾਬੀ ਦੇ ਦੋ ਪੇਪਰ ਦੇਣੇ ਪੈਣੇ ਸਨ ਕਿਉਂਕਿ ਉਸ ਨੇ ਬੀ.ਏ. ਵਿਚ ਪੰਜਾਬੀ ਦਾ ਮਜ਼ਮੂਨ ਨਹੀਂ ਸੀ ਰੱਖਿਆ। ਸਕੂਲ ਵਿਚ ਪੜ੍ਹਾਉਂਦਿਆਂ ਉਸ ਨੇ ਬੀ.ਏ. ਦੇ ਪੰਜਾਬੀ ਦੇ ਇਮਤਿਹਾਨ ਦੇ ਦਿੱਤੇ ਅਤੇ ਅਗਲੇ ਸਾਲ ਪੰਜਾਬ ਯੂਨੀਵਰਸਿਟੀ ਵਿਚ ਐਮ.ਏ. ਪੰਜਾਬੀ ਵਿਚ ਦਾਖ਼ਲਾ ਲੈ ਲਿਆ। ਪੰਜਾਬ ਯੂਨੀਵਰਸਿਟੀ ਨੇ ਉਸ ਨੂੰ ਥੋੜ੍ਹੀ ਜਿਹੀ ਸਕਾਲਰਸ਼ਿਪ ਵੀ ਦਿੱਤੀ ਸੀ। ਜਦੋਂ ਅਮਰੀਕ ਨੂੰ ਅਰਥ ਸ਼ਾਸਤਰ ਦੀ ਐਮ.ਏ. ਵਿਚ ਦਾਖ਼ਲਾ ਨਾ ਮਿਲਿਆ ਤਾਂ ਰੂਪ ਦੇ ਮਾਤਾ-ਪਿਤਾ ਨੇ ਅਮਰੀਕ ਦੀ ਮਾਤਾ ਨੂੰ ਮਿਲ ਕੇ ਉਨ੍ਹਾਂ ਦੀ ਮੰਗਣੀ ਤੋੜ ਦਿੱਤੀ। ਅਮਰੀਕ ਨੂੰ ਇਸ ਘਟਨਾ ਨੇ ਬਹੁਤ ਨਿਰਾਸ਼ ਕਰ ਦਿੱਤਾ ਸੀ। ਉਹ ਉਦਾਸ ਰਹਿਣ ਲੱਗ ਪਿਆ ਸੀ।
    ਜਦੋਂ ਅਮਰੀਕ ਹੁਸ਼ਿਆਰਪੁਰ ਸਕੂਲ ਵਿਚ ਪੜ੍ਹਾਉਂਦਾ ਸੀ ਤਾਂ ਉਸ ਦੇ ਦੋਸਤਾਂ ਨੇ ਕਿਹਾ ਕਿ ਉਹ ਚੰਡੀਗੜ੍ਹ ਜਾ ਕੇ ਖ਼ੁਦ ਰੂਪ ਨੂੰ ਮਿਲ ਕੇ ਉਸ ਨਾਲ ਗੱਲ ਕਰੇ। ਅਮਰੀਕ ਤਿੰਨ ਵਾਰੀ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਗਿਆ ਸੀ ਰੂਪ ਨਾਲ ਗੱਲ ਕਰਨ ਲਈ ਪਰ ਰੂਪ ਨੇ ਕਿਹਾ ਸੀ ਕਿ ਉਹ ਉੱਥੇ ਹੀ ਵਿਆਹ ਕਰਵਾਏਗੀ ਜਿੱਥੇ ਉਸ ਦੇ ਮਾਂ-ਪਿਓ ਕਹਿਣਗੇ। ਰੂਪ ਨੇ ਇਹ ਵੀ ਕਿਹਾ ਸੀ ਕਿ ਉਹ ਹਿੰਦੁਸਤਾਨ ਤੋਂ ਬਾਹਰ ਪੀ.ਐੱਚ.ਡੀ. ਕਰਨ ਜਾਵੇਗੀ। ਉਸ ਨੇ ਅਮਰੀਕ ਨੂੰ ਕਿਹਾ ਸੀ ਕਿ ਉਹ ਉਸ ਨੂੰ ਮਿਲਣ ਨਾ ਆਇਆ ਕਰੇ| ਜਦੋਂ ਅਮਰੀਕ ਰੂਪ ਨੂੰ ਆਖ਼ਰੀ ਵਾਰੀ ਚੰਡੀਗੜ੍ਹ ਮਿਲਣ ਗਿਆ ਤਾਂ ਅਮਰੀਕ ਨੇ ਰੂਪ ਨੂੰ ਕਿਹਾ ਕਿ ਕੀ ਉਹ ਕੁਝ ਦੂਰ ਤੱਕ ਉਸ ਦੇ ਨਾਲ ਤੁਰ ਕੇ ਜਾਵੇਗੀ। ਰੂਪ ਨੇ ਆਪਣੀਆਂ ਸਹੇਲੀਆਂ ਨਾਲ ਕਿਤੇ ਜਾਣਾ ਸੀ ਪਰ ਉਹ ਅਮਰੀਕ ਨਾਲ ਪੰਜਾਬ ਯੂਨੀਵਰਸਿਟੀ ਦੇ ਪੀ.ਜੀ.ਆਈ. ਵੱਲ ਦੇ ਗੇਟ ਤੱਕ ਤੁਰਨ ਲਈ ਮੰਨ ਗਈ। ਉਹ ਦੋਵੇਂ ਉਸ ਗੇਟ ਤੱਕ ਇਕੱਠੇ ਤੁਰ ਕੇ ਗਏ ਅਤੇ ਕੁਝ ਗੱਲਾਂ ਵੀ ਕੀਤੀਆਂ। ਗੇਟ ਤੇ ਜਾ ਕੇ ਦੋਹਾਂ ਨੇ ਇਕ ਦੂਜੇ ਨੂੰ ਅਲਵਿਦਾ ਕਿਹਾ ਅਤੇ ਸ਼ੁੱਭ ਇੱਛਾਵਾਂ ਭੇਟ ਕੀਤੀਆਂ ਅਤੇ ਹਮੇਸ਼ਾ ਲਈ ਜੁਦਾ ਹੋ ਗਏ। ਅਮਰੀਕ ਉੱਥੇ ਖੜ੍ਹਾ ਰੂਪ ਨੂੰ ਜਾਂਦੀ ਨੂੰ ਦੇਖਦਾ ਰਿਹਾ। ਕੁਝ ਦੂਰ ਜਾ ਕੇ ਰੂਪ ਨੇ ਅਮਰੀਕ ਵੱਲ ਮੁੜ ਕੇ ਦੇਖਿਆ। ਅਮਰੀਕ ਅੱਥਰੂ ਭਰੀਆਂ ਅੱਖਾਂ ਨਾਲ ਵਾਪਸ ਆ ਗਿਆ ਅਤੇ ਉਸ ਨੂੰ ਉਹ ਦ੍ਰਿਸ਼ ਕਦੇ ਵੀ ਨਹੀਂ ਭੁੱਲਿਆ।
       "ਮੈਂ ਚੰਡੀਗੜ੍ਹ ਕਈ ਵਾਰੀ ਰੂਪ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕਦੇ ਵੀ ਜਵਾਬ ਨਾ ਦਿੱਤਾ। ਉਹ ਕਹਿੰਦੀ ਸੀ ਕਿ ਮੈਂ ਉਸ ਨਾਲ ਗੱਲ ਨਾ ਕਰਾਂ। ਮੈਂ ਉਸ ਤੋਂ ਦੂਰ ਰਹਾਂ। ... ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ। ਮੈਂ ਕਈ ਵਾਰੀ ਮੁਕੇਰੀਆਂ ਉਸ ਦੇ ਘਰ ਵੀ ਗਿਆ ਸੀ। ਉਸ ਦੇ ਮਾਤਾ-ਪਿਤਾ ਘਰ ਹੀ ਹੁੰਦੇ ਸੀ। ਅਸੀਂ ਪਰਵਾਰ ਨਾਲ ਬੈਠ ਕੇ ਕਾਫ਼ੀ ਕਾਫ਼ੀ ਦੇਰ ਗੱਲਾਂ ਵੀ ਕੀਤੀਆਂ ਸਨ। ਅਸੀਂ ਇਕ ਦੂਜੇ ਨੂੰ ਪਸੰਦ ਕਰਦੇ ਸੀ। ਇਕ ਦੂਜੇ ਨੂੰ ਮਿਲ ਕੇ ਖ਼ੁਸ਼ੀ ਹੁੰਦੀ ਸੀ। ...’’ ਇਕ ਵਾਰੀ ਅਮਰੀਕ ਮੈਨੂੰ ਦੱਸ ਰਿਹਾ ਸੀ।
       ਕੁਝ ਦੇਰ ਠਹਿਰ ਕੇ ਉਹ ਫਿਰ ਬੋਲਿਆ, "ਕੁੜਮਾਈ ਵੇਲੇ ਉਨ੍ਹਾਂ ਨੇ ਮੈਨੂੰ ਸੋਨੇ ਦਾ ਕੜਾ ਦਿੱਤਾ ਸੀ ਅਤੇ ਕੁਝ ਕੱਪੜੇ ਦਿੱਤੇ ਸਨ। ਜਦੋਂ ਕੁੜਮਾਈ ਟੁੱਟ ਗਈ ਤਾਂ ਮੈਂ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਸੋਨੇ ਦਾ ਕੜਾ ਮੋੜ ਆਇਆ। ਮੈਂ ਕਿਹਾ ਕਿ ਆਪਣਾ ਕੜਾ ਵਾਪਸ ਲੈ ਲਓ ਪਰ ਕੱਪੜੇ ਮੈਂ ਪਾ ਲਏ ਸਨ ਅਤੇ ਪਾਟ ਗਏ ਹਨ।’’ ਮੈਨੂੰ ਇਹ ਸੁਣ ਕੇ ਹਾਸਾ ਆ ਗਿਆ ਅਤੇ ਅਮਰੀਕ ਵੀ ਹੱਸ ਪਿਆ।
      ਜਦੋਂ ਅਮਰੀਕ ਪੰਜਾਬ ਯੂਨੀਵਰਸਿਟੀ ਵਿਚ ਐਮ.ਏ. ਕਰ ਰਿਹਾ ਸੀ ਅਤੇ ਉਸ ਦੀ ਕੁੜਮਾਈ ਟੁੱਟਣ ਕਾਰਨ ਉਹ ਬਹੁਤ ਉਦਾਸ ਸੀ ਤਾਂ ਉਸ ਨੇ ਕਈ ਦਰਦ-ਭਰੀਆਂ ਕਵਿਤਾਵਾਂ ਲਿਖ ਕੇ ਅਮੀਰੂਪ ਦੇ ਨਾਂ ਹੇਠ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਛਪਵਾਈਆਂ ਸਨ। ਕੁਝ ਦੋਸਤਾਂ ਨੇ ਮਜ਼ਾਕੀਆ ਤੌਰ ਤੇ ਅਮਰੀਕ ਨੂੰ ਕਿਹਾ ਸੀ ਕਿ ਅਮੀਰੂਪ ਦੀ ਥਾਂ ਜੇ ਉਹ ਅਮਰੂਦ ਨਾਂ ਰੱਖ ਲੈਂਦਾ ਤਾਂ ਵਧੀਆ ਸੀ। ਇਹ ਕਹਾਣੀ ਦੱਸਦਾ ਹੋਇਆ ਉਹ ਖ਼ੂਬ ਹੱਸਦਾ ਹੈ।
       ਅਮਰੀਕ ਅਨੁਸਾਰ ਉਸ ਦਾ ਪਿਤਾ ਬੀ.ਏ. ਪਾਸ ਸੀ ਅਤੇ ਜ਼ਿਲ੍ਹਾ ਅਫ਼ਸਰ ਸੀ। ਉਹ ਰਿਸ਼ਵਤ ਬਹੁਤ ਲੈਂਦਾ ਸੀ ਅਤੇ ਐਸ਼ ਦੀ ਜ਼ਿੰਦਗੀ ਬਤੀਤ ਕਰਦਾ ਸੀ। ਉਹ ਔਰਤਾਂ ਦਾ ਬਹੁਤ ਸ਼ੌਕੀਨ ਸੀ। ਫਿਰ ਉਹ ਰਿਸ਼ਵਤ ਲੈਂਦਾ ਫੜਿਆ ਗਿਆ ਅਤੇ ਉਸ ਨੂੰ ਡਿਮੋਟ (demote) ਕਰ ਦਿੱਤਾ ਗਿਆ। ਉਸ ਤੋਂ ਛੇਤੀ ਬਾਅਦ ਹੀ ਉਹ ਇੰਗਲੈਂਡ ਚਲੇ ਗਿਆ। ਉਸ ਵੇਲੇ ਅਮਰੀਕ ਛੇਵੀਂ ਵਿਚ ਪੜ੍ਹਦਾ ਸੀ। ਅਮਰੀਕ ਦਾ ਪਿਤਾ ਅਮਰੀਕ ਦੀ ਮਾਤਾ ਨੂੰ ਕੁੱਟਦਾ ਵੀ ਹੁੰਦਾ ਸੀ। ਅਮਰੀਕ ਅਨੁਸਾਰ ਉਸ ਦੀ ਮਾਤਾ ਉੱਚੀ-ਲੰਬੀ ਅਤੇ ਪਤਲੇ (slim) ਸਰੀਰ ਦੀ ਬਹੁਤ ਸੋਹਣੀ ਔਰਤ ਸੀ। ਉਹ ਖਾਣਾ ਬਹੁਤ ਸੁਆਦੀ ਬਣਾਉਂਦੀ ਸੀ। ਉਹ ਬਹੁਤ ਵਧੀਆ ਔਰਤ ਸੀ। ਸਾਰਾ ਪਿੰਡ ਉਸ ਦੀ ਇੱਜ਼ਤ ਕਰਦਾ ਸੀ।  ਜਦੋਂ ਅਮਰੀਕ ਛੋਟਾ ਸੀ ਤਾਂ ਉਸ ਦੀ ਮਾਤਾ ਉਸ ਨੂੰ ਗੁਰਦਵਾਰੇ ਗੁਰਪੁਰਬ ਤੇ ਗਾਉਣ ਲਈ ਧਾਰਮਿਕ ਗਾਣੇ ਲਿਖ ਕੇ ਦਿੰਦੀ ਸੀ। ਅਮਰੀਕ ਹੱਸਦਾ ਕਹਿੰਦਾ ਹੈ ਕਿ ਉਸ ਦੀ ਮਾਤਾ ਮਿਊਜ਼ਿਕ ਡਾਇਰੈਕਟਰ ਸੀ। ਅਮਰੀਕ ਕਹਿੰਦਾ ਹੈ ਕਿ ਉਸ ਦੀ ਮਾਤਾ ਦਰੀਆਂ ਬੁਣਨ ਅਤੇ ਸਵੈਟਰਾਂ ਦੇ ਡਿਜ਼ਾਈਨ ਬਣਾ ਕੇ ਬੁਣਨ ਵਿਚ ਬਹੁਤ ਨਿਪੁੰਨ ਸੀ। ਪਿੰਡ ਦੀਆਂ ਕੁੜੀਆਂ ਉਸ ਦੀ ਮਾਤਾ ਕੋਲੋਂ ਇਹ ਕਲਾ ਸਿੱਖਣ ਆਉਂਦੀਆਂ ਸਨ। ਮਾਤਾ ਬਹੁਤ ਸੁਚੱਜੀ ਔਰਤ ਸੀ।
     ਅਮਰੀਕ, ਉਸ ਦੀ ਛੋਟੀ ਭੈਣ, ਅਤੇ ਮਾਤਾ ਮੁਕੇਰੀਆਂ ਨੇੜੇ ਆਪਣੇ ਪਿੰਡ ਮਨਸੂਰਪੁਰ ਰਹਿੰਦੇ ਸਨ ਅਤੇ ਅਮਰੀਕ ਦਾ ਬਾਬਾ ਵੀ ਉਨ੍ਹਾਂ ਨਾਲ ਹੀ ਰਹਿੰਦਾ ਸੀ। ਬਾਬਾ ਬਹੁਤ ਕੱਬਾ ਅਤੇ ਜ਼ਾਲਮ ਸੀ। ਅਮਰੀਕ ਦੇ ਪਿਤਾ ਦੇ ਇੰਗਲੈਂਡ ਨੂੰ ਜਾਣ ਤੋਂ ਛੇਤੀ ਬਾਅਦ ਬਾਬੇ ਨੇ ਅਮਰੀਕ ਦੀ ਮਾਤਾ ਨੂੰ ਘਰੋਂ ਕੱਢ ਦਿੱਤਾ ਸੀ। ਮਾਤਾ ਆਪਣੀ ਛੋਟੀ ਬੇਟੀ ਨੂੰ ਲੈ ਕੇ ਗੜ੍ਹਸ਼ੰਕਰ ਕੋਲ ਪਿੰਡ ਭੱਜਲਾਂ ਆਪਣੇ ਪੇਕੇ ਘਰ ਆਪਣੇ ਭਰਾ ਤਾਰਾ ਸਿੰਘ ਢਿੱਲੋਂ ਕੋਲ ਰਹਿਣ ਲੱਗ ਪਈ ਸੀ। ਬਾਬਾ ਅਮਰੀਕ ਤੋਂ ਖੇਤਾਂ ਵਿਚ ਕਾਫ਼ੀ ਕੰਮ ਕਰਾਉਂਦਾ ਸੀ। ਅਮਰੀਕ ਸਕੂਲ ਵਿਚ ਪੜ੍ਹਨ ਜਾਂਦਾ ਸੀ। ਅੱਠਵੀਂ ਜਮਾਤ ਪਾਸ ਕਰਨ ਤੋਂ ਬਾਅਦ ਬਾਬੇ ਨੇ ਅਮਰੀਕ ਨੂੰ ਸਕੂਲ ਤੋਂ ਹਟਾ ਲਿਆ ਸੀ। ਕਈ ਸਾਲ ਅਮਰੀਕ ਸਕੂਲ ਨਹੀਂ ਸੀ ਗਿਆ ਸਗੋਂ ਬਾਬੇ ਨਾਲ ਖੇਤਾਂ ਵਿਚ ਹੀ ਕੰਮ ਕਰਦਾ ਸੀ। ਅਮਰੀਕ ਨੇ ਕਈ ਸਾਲ ਆਪਣੀ ਮਾਂ ਅਤੇ ਛੋਟੀ ਭੈਣ ਦੇਖੀਆਂ ਵੀ ਨਹੀਂ ਸਨ ਅਤੇ ਉਸ ਨੂੰ ਉਨ੍ਹਾਂ ਦੀ ਖ਼ਬਰ-ਸਾਰ ਵੀ ਕਦੇ ਨਹੀਂ ਸੀ ਮਿਲੀ। ਜਦੋਂ ਅਮਰੀਕ ਥੋੜ੍ਹਾ ਵੱਡਾ ਹੋਇਆ ਤਾਂ ਉਸ ਦੀ ਮਨਸੂਰਪੁਰ ਦੇ ਸਰਪੰਚ ਬੁੱਧ ਸਿੰਘ ਨਾਲ ਕਾਫ਼ੀ ਵਾਕਫੀ ਹੋ ਗਈ ਅਤੇ ਉਹ ਬੁੱਧ ਸਿੰਘ ਦੇ ਘਰ ਵੀ ਆਉਣ-ਜਾਣ ਲੱਗ ਪਿਆ। ਇਕ ਦਿਨ ਅਮਰੀਕ ਨੇ ਬੁੱਧ ਸਿੰਘ ਦੇ ਘਰ ਇਕ ਅਲਮਾਰੀ ਵਿਚ ਪਈਆਂ ਪੰਜਾਬੀ ਦੀਆਂ ਬਹੁਤ ਸਾਰੀਆਂ ਕਿਤਾਬਾਂ ਦੇਖੀਆਂ। ਅਮਰੀਕ ਨੇ ਉਨ੍ਹਾਂ ਕਿਤਾਬਾਂ ਬਾਰੇ ਪੁੱਛਿਆ ਤਾਂ ਬੁੱਧ ਸਿੰਘ ਕਹਿਣ ਲੱਗਾ ਕਿ ਬੀ.ਡੀ.ਓ. ਨੇ ਸਾਰੇ ਸਰਪੰਚਾਂ ਨੂੰ ਬਹੁਤ ਸਾਰੀਆਂ ਕਿਤਾਬਾਂ ਦਿੱਤੀਆਂ ਸਨ ਪਿੰਡਾਂ ਵਿਚ ਲਾਇਬਰੇਰੀਆਂ ਬਣਾਉਣ ਲਈ ਪਰ ਬੁੱਧ ਸਿੰਘ ਇਸ ਝੰਜਟ ਵਿਚ ਨਹੀਂ ਸੀ ਪੈਣਾ ਚਾਹੁੰਦਾ ਕਿ ਲੋਕਾਂ ਨੂੰ ਪੜ੍ਹਨ ਲਈ ਕਿਤਾਬਾਂ ਦੇਵੇ ਅਤੇ ਉਨ੍ਹਾਂ ਦਾ ਹਿਸਾਬ ਰੱਖੇ। ਅਮਰੀਕ ਨੇ ਬੁੱਧ ਸਿੰਘ ਨੂੰ ਪੁੱਛ ਕੇ ਇਕ ਕਿਤਾਬ ਪੜ੍ਹਨ ਲਈ ਲੈ ਲਈ। ਅਮਰੀਕ ਅਨੁਸਾਰ ਇਹ ਪਹਿਲੀ ਸਾਹਿਤਕ ਕਿਤਾਬ ਜੋ ਉਸ ਨੇ ਪੜ੍ਹੀ ਉਹ ਗੋਰਕੀ ਦਾ ਨਾਵਲ ‘ਮਾਂ’ ਸੀ। ਅਮਰੀਕ ਨੂੰ ਉਸ ਵੇਲੇ ਇਹ ਨਹੀਂ ਸੀ ਪਤਾ ਕਿ ਗੋਰਕੀ ਕੌਣ ਹੈ। ਉਸ ਤੋਂ ਬਾਅਦ ਅਮਰੀਕ ਨੇ ਬੁੱਧ ਸਿੰਘ ਦੀ ਅਲਮਾਰੀ ਵਿਚੋਂ ਲਿਜਾ ਕੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ। ਬੁੱਧ ਸਿੰਘ ਨੂੰ ਅਮਰੀਕ ਹੁਰਾਂ ਦੇ ਘਰ ਦੀ ਹਾਲਤ ਦਾ ਸਭ ਪਤਾ ਸੀ। ਹੌਲੀ ਹੌਲੀ ਬੁੱਧ ਸਿੰਘ ਨੇ ਅਮਰੀਕ ਨੂੰ ਕਿਹਾ ਕਿ ਉਹ ਦੁਬਾਰਾ ਸਕੂਲ ਵਿਚ ਪੜ੍ਹਨ ਲੱਗ ਜਾਵੇ। ਅਮਰੀਕ ਆਪਣੇ ਬਾਬੇ ਤੋਂ ਡਰਦਾ ਸੀ ਪਰ ਬੁੱਧ ਸਿੰਘ ਨੇ ਅਮਰੀਕ ਨੂੰ ਕਿਹਾ ਕਿ ਉਸ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ। ਇਸ ਤਰ੍ਹਾਂ ਅਮਰੀਕ ਕੁਝ ਸਾਲਾਂ ਬਾਅਦ ਦੁਬਾਰਾ ਸਕੂਲ ਦਾਖ਼ਲ ਹੋ ਗਿਆ ਸੀ। ਦਾਖ਼ਲੇ ਦੇ ਪੈਸੇ ਵੀ ਬੁੱਧ ਸਿੰਘ ਨੇ ਹੀ ਦਿੱਤੇ ਸਨ। ਕੁਝ ਦੇਰ ਬਾਅਦ ਬੁੱਧ ਸਿੰਘ ਨੇ ਅਮਰੀਕ ਨੂੰ ਕਿਹਾ ਕਿ ਉਹ ਨਾਨਕੀਂ ਜਾ ਕੇ ਆਪਣੀ ਮਾਤਾ ਨੂੰ ਮਿਲ ਕੇ ਆਵੇ ਜਿਸ ਨੂੰ ਅਮਰੀਕ ਨੇ ਕਈ ਸਾਲਾਂ ਤੋਂ ਨਹੀਂ ਸੀ ਦੇਖਿਆ। ਅਮਰੀਕ ਆਪਣੀ ਮਾਤਾ ਨੂੰ ਆਪਣੇ ਨਾਨਕੀਂ ਮਿਲਣ ਗਿਆ। ਅਮਰੀਕ ਜਦੋਂ ਮਾਤਾ ਨੂੰ ਮਿਲਣ ਗਿਆ ਤਾਂ ਮਾਤਾ ਨੇ ਅਮਰੀਕ ਨੂੰ ਨਹੀਂ ਸੀ ਪਛਾਣਿਆਂ। ਅਮਰੀਕ ਨੇ ਦੱਸਿਆ ਤਾਂ ਦੋਵੇਂ ਇਕ ਦੂਜੇ ਦੇ ਗਲ਼ ਲੱਗ ਕੇ ਖ਼ੂਬ ਰੋਏ। ਜਦੋਂ ਅਮਰੀਕ ਨੇ ਆਪਣੀ ਛੋਟੀ ਭੈਣ ਬਾਰੇ ਪੁੱਛਿਆ ਤਾਂ ਮਾਤਾ ਨੇ ਦੱਸਿਆ ਕਿ ਉਹ ਬਹੁਤ ਬਿਮਾਰ ਹੋ ਗਈ ਸੀ ਅਤੇ ਉਨ੍ਹਾਂ ਕੋਲ ਬੇਟੀ ਦਾ ਇਲਾਜ ਕਰਾਉਣ ਲਈ ਪੈਸੇ ਨਹੀਂ ਸਨ। ਬੇਟੀ ਦੀ ਬਿਮਾਰੀ ਨਾਲ ਮੌਤ ਹੋ ਗਈ ਸੀ। ਅਮਰੀਕ ਹੁਣ ਵੀ ਜਦੋਂ ਆਪਣੀ ਮਾਤਾ ਅਤੇ ਛੋਟੀ ਭੈਣ ਬਾਰੇ ਗੱਲਾਂ ਕਰਦਾ ਹੈ ਤਾਂ ਬਹੁਤ ਭਾਵੁਕ ਹੋ ਜਾਂਦਾ ਹੈ। ਅਮਰੀਕ ਜਦੋਂ ਮਾਤਾ ਨੂੰ ਦੂਜੀ ਵਾਰੀ ਮਿਲਣ ਗਿਆ ਤਾਂ ਉਹ ਮਾਤਾ ਨੂੰ ਮਜਬੂਰ ਕਰ ਕੇ ਆਪਣੇ ਨਾਲ ਹੀ ਪਿੰਡ ਨੂੰ ਲੈ ਆਇਆ। ਅਮਰੀਕ ਦੇ ਪਿਤਾ ਨੇ ਇੰਗਲੈਂਡ ਤੋਂ ਅਮਰੀਕ ਅਤੇ ਉਸ ਦੀ ਮਾਤਾ ਲਈ ਕਦੇ ਕੋਈ ਪੈਸੇ ਨਹੀਂ ਸਨ ਭੇਜੇ।
    ਅਮਰੀਕ ਦਾ ਬਾਬਾ ਅਤੇ ਇਕ ਭੂਆ ਦੀਸ਼ੋ (ਜੋ ਬਹੁਤਾ ਸਮਾਂ ਮਨਸੂਰਪੁਰ ਹੀ ਰਹਿੰਦੀ ਸੀ) ਸਾਰੀ ਜ਼ਮੀਨ ਤੇ ਕਬਜ਼ਾ ਕਰੀ ਬੈਠੇ ਸਨ ਅਤੇ ਅਮਰੀਕ ਅਤੇ ਉਸ ਦੀ ਮਾਤਾ ਨੂੰ ਬਹੁਤ ਘੱਟ ਗੁਜ਼ਾਰੇ ਜੋਗੇ ਪੈਸੇ ਹੀ ਦਿੰਦੇ ਸਨ। ਜਦੋਂ ਅਮਰੀਕ ਹੁਸ਼ਿਆਰਪੁਰ ਪੜ੍ਹਦਾ ਸੀ, ਉਸ ਦੇ ਬਾਬੇ ਦੀ ਮੌਤ ਹੋ ਗਈ ਸੀ, ਪਰ ਜ਼ਮੀਨ ਤੇ ਕਬਜ਼ਾ ਭੂਆ ਹੁਰਾਂ ਨੇ ਹੀ ਕੀਤਾ ਹੋਇਆ ਸੀ। ਜਦੋਂ ਅਮਰੀਕ ਮੁਕੇਰੀਆਂ ਕਾਲਜ ਵਿਚ ਪੜ੍ਹਨ ਆ ਲੱਗਾ ਤਾਂ ਉਸ ਨੇ ਸਰਪੰਚ ਬੁੱਧ ਸਿੰਘ ਨਾਲ ਇਸ ਬਾਰੇ ਗੱਲ ਕੀਤੀ ਤਾਂ ਬੁੱਧ ਸਿੰਘ ਨੇ ਅਮਰੀਕ ਨੂੰ ਆਪਣੇ ਹਿੱਸੇ ਦੀ ਜ਼ਮੀਨ ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਸਲਾਹ ਦਿੱਤੀ। ਅਮਰੀਕ ਆਪਣੇ ਫੁੱਫੜ ਤੋਂ ਡਰਦਾ ਸੀ ਜਿਸ ਨੇ ਇਕ ਕਤਲ ਕੇਸ ਵਿਚ ਜੇਲ੍ਹ ਵੀ ਕੱਟੀ ਸੀ। ਬੁੱਧ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਅਮਰੀਕ ਦੇ ਨਾਲ ਖੜ੍ਹਨਗੇ ਅਤੇ ਉਸ ਨੂੰ ਡਰਨ ਦੀ ਲੋੜ ਨਹੀਂ। ਇਸ ਤਰ੍ਹਾਂ ਅਮਰੀਕ ਨੇ ਜ਼ਬਰਦਸਤੀ ਆਪਣੇ ਹਿੱਸੇ ਦੀ ਸਾਢੇ ਤਿੰਨ ਏਕੜ ਜ਼ਮੀਨ ਤੇ ਕਬਜ਼ਾ ਕਰ ਲਿਆ ਸੀ। ਪਿੰਡ ਦੀ ਪੰਚਾਇਤ ਨੇ ਪੂਰੀ ਤਰ੍ਹਾਂ ਅਮਰੀਕ ਦਾ ਸਾਥ ਦਿੱਤਾ ਸੀ। ਇਹ ਕਬਜ਼ਾ ਅਮਰੀਕ ਨੇ ਬੀ.ਏ. ਦੀ ਪੜ੍ਹਾਈ ਖ਼ਤਮ ਕਰਨ ਵੇਲੇ ਕੀਤਾ ਸੀ। ਇਸ ਜ਼ਮੀਨ ਤੋਂ ਆਉਂਦੇ ਠੇਕੇ ਨਾਲ ਅਮਰੀਕ ਦੇ ਮਾਤਾ ਦਾ ਗੁਜ਼ਾਰਾ ਹੋਈ ਜਾਂਦਾ ਸੀ ਅਤੇ ਕੁਝ ਐਮ.ਏ. ਦੀ ਪੜ੍ਹਾਈ ਵਿਚ ਅਮਰੀਕ ਦੀ ਮਦਦ ਹੋ ਜਾਂਦੀ ਸੀ।
    ਜਦੋਂ ਅਮਰੀਕ ਨੇ ਮੈਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਦੂਜਾ ਵਿਆਹ ਕਰਾ ਲਿਆ ਸੀ ਤਾਂ ਮੈਂ ਸੋਚਿਆ ਕਿ ਸ਼ਾਇਦ ਉਸ ਨੇ ਇਹ ਵਿਆਹ ਇੰਗਲੈਂਡ ਜਾ ਕੇ ਕਰਾਇਆ ਸੀ। ਮੈਂ ਉਤਸੁਕਤਾ ਨਾਲ ਪੁੱਛਿਆ, "ਉਹ ਔਰਤ ਇੰਡੀਅਨ ਹੈ ਜਿਸ ਨਾਲ ਤੇਰੇ ਪਿਤਾ ਨੇ ਦੂਜਾ ਵਿਆਹ ਕਰਾਇਆ ਸੀ?’’
        "ਇੰਡੀਅਨ ਹੈ। ਹੋਰ ਉਸ ਨਾਲ ਕਿਸੇ ਮੇਮ ਨੇ ਵਿਆਹ ਕਰਾਉਣਾ ਸੀ? ਮੇਮਾਂ ਤਾਂ ਬਹੁਤ ਇੰਟੈਲੀਜੈਂਟ ਹੁੰਦੀਆਂ।’’ ਇਹ ਕਹਿ ਕੇ ਅਮਰੀਕ ਆਪਣੇ ਟਰੇਡ-ਮਾਰਕ ਉੱਚੀ ਉੱਚੀ ਹਾਸੇ ਵਿਚ ਹੱਸਣ ਲੱਗ ਪਿਆ। ਫਿਰ ਉਹ ਕਹਿੰਦਾ, "ਸਾਡੇ ਤਾਂ ਘਰ ਵਿਚ ਹੀ ਵਿਲਨ (villain) ਹਨ, ਬਾਹਰੋਂ ਥੋੜ੍ਹੋ ਲੈਣ ਜਾਣੇ ਹਨ।’’ ਅਮਰੀਕ ਅਨੁਸਾਰ ਉਸ ਦੀ ਮਤਰੇਈ ਮਾਂ ਪਿੱਛਿਓਂ ਕਰਨਾਲ ਦੀ ਸੀ। ਉਸ ਨੇ ਆਪਣੇ ਬੇਟੇ ਦਾ ਵਿਆਹ ਆਪਣੇ ਭਰਾ ਦੀ ਕੁੜੀ ਨਾਲ ਕਰ ਦਿੱਤਾ ਸੀ ਸਿਰਫ਼ ਆਪਣੇ ਭਰਾ ਦੀ ਬੇਟੀ ਨੂੰ ਇੰਗਲੈਂਡ ਸੱਦਣ ਲਈ। ਇਹ ਬੇਟਾ ਕਤਲ ਕੇਸ ਵਿਚ ਜੇਲ੍ਹ ਦੀ ਸਜ਼ਾ ਭੁਗਤ ਚੁੱਕਾ ਸੀ। ਅਮਰੀਕ ਦੇ ਪਿਤਾ ਨੇ ਅਮਰੀਕ ਦੀ ਮਾਤਾ ਨੂੰ ਤਲਾਕ ਦਿੱਤੇ ਬਗੈਰ ਹੀ ਇੰਗਲੈਂਡ ਜਾਣ ਤੋਂ ਪਹਿਲਾਂ ਕਰਨਾਲ ਕੋਲ ਰਹਿੰਦੀ ਇਕ ਅਧਿਆਪਕਾ ਨਾਲ ਦੂਜਾ ਵਿਆਹ ਕਰਾ ਲਿਆ ਸੀ ਅਤੇ ਫਿਰ ਉਹ ਦੋਵੇਂ ਇਕੱਠੇ ਹੀ ਇੰਗਲੈਂਡ ਚਲੇ ਗਏ ਸੀ।
     ਅਮਰੀਕ ਨੂੰ ਜਦੋਂ ‘ਹਮ ਦਿਲ ਦੇ ਚੁਕੇ ਸਨਮ’ ਫ਼ਿਲਮ ਦੇ ਡਾਇਲਾਗ ਲਿਖਣ ਲਈ Indian International Film Award (IIFA) ਮਿਲਿਆ ਤਾਂ ਇਸ ਦਾ ਸਮਾਗਮ ਲੰਡਨ ਹੋਇਆ ਸੀ। ਅਮਰੀਕ ਇਕ ਹੋਟਲ ਵਿਚ ਠਹਿਰਿਆ ਹੋਇਆ ਸੀ। ਅਮਰੀਕ ਦੇ ਪਿਤਾ ਅਤੇ ਪਿਤਾ ਦੇ ਦੂਜੇ ਵਿਆਹ ਦੇ ਬੱਚਿਆਂ ਨੂੰ ਕਿਸੇ ਤਰ੍ਹਾਂ ਇਸ ਦੀ ਜਾਣਕਾਰੀ ਮਿਲ ਗਈ। ਉਨ੍ਹਾਂ ਨੇ ਹੋਟਲ ਵਿਚ ਆ ਕੇ ਹੇਠੋਂ ਅਮਰੀਕ ਨੂੰ ਫ਼ੋਨ ਕੀਤਾ ਕਿ ਉਹ ਹੋਟਲ ਵਿਚ ਆਏ ਹਨ ਅਤੇ ਉਸ ਨੂੰ ਮਿਲਣਾ ਚਾਹੁੰਦੇ ਹਨ। ਅਮਰੀਕ ਨੇ ਉਨ੍ਹਾਂ ਨੂੰ ਉੱਪਰ ਕਮਰੇ ਵਿਚ ਆਉਣ ਲਈ ਕਿਹਾ। ਅਮਰੀਕ ਦੀ ਭੈਣ ਕਹਿਣ ਲੱਗੀ, "ਭਾਅ ਜੀ, ਇਕ ਗੱਲ ਹੋਰ। ਡੈਡੀ ਜੀ ਵੀ ਸਾਡੇ ਨਾਲ ਹਨ।’’ ਅਮਰੀਕ ਨੇ ਉਸ ਨੂੰ ਕਿਹਾ ਕਿ ਡੈਡੀ ਉਸ ਨੂੰ ਮਿਲਣ ਨਹੀਂ ਆ ਸਕਦਾ। ਸਿਰਫ਼ ਭੈਣ ਭਰਾ ਆ ਸਕਦੇ ਹਨ। ਜੇ ਡੈਡੀ ਵੀ ਆ ਗਿਆ ਤਾਂ ਅਮਰੀਕ ਸਾਰਿਆਂ ਨੂੰ ਵਾਪਸ ਭੇਜ ਦੇਵੇਗਾ। ਇਸ ਤਰ੍ਹਾਂ ਅਮਰੀਕ ਨੂੰ ਮਿਲਣ ਸਿਰਫ਼ ਉਸ ਦੇ ਭੈਣ-ਭਰਾ ਹੀ ਆਏ।
    ਜਦੋਂ ਅਮਰੀਕ ਦੇ ਪਿਤਾ ਦੀ ਇੰਗਲੈਂਡ ਵਿਚ ਮੌਤ ਹੋਈ ਤਾਂ ਅਮਰੀਕ ਦੇ ਰਿਸ਼ਤੇਦਾਰ ਕਹਿਣ ਲੱਗੇ ਕਿ ਅਮਰੀਕ ਨੂੰ ਉਸ ਦੇ ਸੰਸਕਾਰ ਤੇ ਜ਼ਰੂਰ ਜਾਣਾ ਚਾਹੀਦਾ ਹੈ। ਅਮਰੀਕ ਨਹੀਂ ਸੀ ਜਾਣਾ ਚਾਹੁੰਦਾ ਪਰ ਅਮਰੀਕ ਦੇ ਰਿਸ਼ਤੇਦਾਰਾਂ ਦੇ ਬਹੁਤ ਮਜਬੂਰ ਕਰਨ ਤੇ ਅਮਰੀਕ ਚਲੇ ਗਿਆ। ਅਮਰੀਕ ਸੰਸਕਾਰ ਦੀ ਕਹਾਣੀ ਸੁਣਾਉਂਦਾ ਕਹਿੰਦਾ ਹੈ, "ਸੰਸਕਾਰ ਵੇਲੇ ਪਿਤਾ ਇਕ ਬਕਸੇ ਵਿਚ ਬੰਦ ਸੀ। ਬਕਸਾ ਇਕ ਬੈਲਟ ਤੇ ਪਿਆ ਸੀ। ਫ਼ੈਸਲਾ ਹੋਇਆ ਸੀ ਕਿ ਮੈਂ ਅਤੇ ਮੇਰਾ ਮਤਰੇਆ ਭਰਾ ਦੋਵੇਂ ਹੀ ਰਲ਼ ਕੇ ਬਟਨ ਦੱਬਾਂਗੇ ਅਤੇ ਜਦੋਂ ਬਟਨ ਦੱਬਿਆ ਜਾਵੇਗਾ ਤਾਂ ਬਕਸਾ ਬੈਲਟ ਤੇ ਤੁਰਨ ਨਾਲ ਅੱਗ ਦੀ ਲਾਟ ਵਿਚ ਜਾ ਪਵੇਗਾ। ਗੋਰੇ ਇੰਚਾਰਜ ਨੇ ਮੈਨੂੰ ਸਮਝਾਇਆ ਕਿ ਉਹ (ਗੋਰਾ) ਆਪਣੀ ਬਾਂਹ ਉੱਪਰ ਕਰੇਗਾ। ਜਦੋਂ ਉਹ ਬਾਂਹ ਪੂਰੀ ਹੇਠਾਂ ਸੁੱਟ ਲਵੇ ਤਾਂ ਦੋਵੇਂ ਭਰਾ ਰਲ਼ ਕੇ ਬਟਨ ਦੱਬ ਦੇਣਾ। ਮੇਰੇ ਵਿਚ ਮੇਰੇ ਬਾਬੇ ਅਤੇ ਪਿਤਾ ਵਾਲੀ ਕਮੀਨਗੀ ਦਾ ਕੀੜਾ ਉੱਭਰ ਆਇਆ। ਹਾਲੇ ਗੋਰੇ ਨੇ ਬਾਂਹ ਥੋੜ੍ਹੀ ਜਿਹੀ ਹੀ ਹੇਠਾਂ ਕੀਤੀ ਸੀ ਕਿ ਮੈਂ ਬਟਨ ਦੱਬ ਦਿੱਤਾ। ਮੇਰੀ ਮਤਰੇਈ ਮਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਬਕਸੇ ਨੂੰ ਰੋਕਣ ਲਈ ਕਿਉਂਕਿ ਉਸ ਦੇ ਪੁੱਤਰ ਨੂੰ ਬਟਨ ਦੱਬਣ ਦਾ ਮੌਕਾ ਨਹੀਂ ਸੀ ਮਿਲਿਆ ਪਰ ਬਕਸਾ ਅੱਗੇ ਜਾ ਚੁੱਕਾ ਸੀ। ਜਦੋਂ ਮੈਨੂੰ ਮੇਰੇ ਰਿਸ਼ਤੇਦਾਰਾਂ ਨੇ ਪੁੱਛਿਆ ਕਿ ਮੈਂ ਬਟਨ ਪਹਿਲਾਂ ਕਿਉਂ ਦੱਬ ਦਿੱਤਾ ਤਾਂ ਮੈਂ ਕਿਹਾ ਕਿ ਮੈਂ ਨਰਵਸ (nervous) ਹੋ ਗਿਆ ਸੀ। ਮੇਰੇ ਅੰਦਰ ਪਿਓ ਪ੍ਰਤੀ ਮੋਹ ਪੈਦਾ ਹੋ ਗਿਆ ਸੀ। ਮੈਨੂੰ ਪਤਾ ਹੀ ਨਹੀਂ ਲੱਗਾ ਕਿ ਬਟਨ ਕਦੋਂ ਦੱਬਿਆ ਗਿਆ।’’ ਇਹ ਕਹਿ ਕੇ ਅਮਰੀਕ ਜ਼ੋਰ ਜ਼ੋਰ ਦੀ ਹੱਸਿਆ। ਮੈਨੂੰ ਵੀ ਖ਼ੂਬ ਹਾਸਾ ਆਇਆ। ਹੁਣ ਵੀ ਮੈਨੂੰ ਜਦੋਂ ਉਸ ਦੀ ਇਹ ਗੱਲ ਯਾਦ ਆਉਂਦੀ ਹੈ ਤਾਂ ਹਾਸਾ ਆ ਜਾਂਦਾ ਹੈ।
    ਅਮਰੀਕ ਕਹਿੰਦਾ ਹੈ, "ਜਦੋਂ ਮੈਂ ਆਪਣੇ ਪਿਤਾ ਦੇ ਸੰਸਕਾਰ ਤੇ ਇੰਗਲੈਂਡ ਗਿਆ ਸੀ ਤਾਂ ਉੱਥੇ ਮੇਰੇ ਪਿਤਾ ਦਾ ਇਕ (ਕਾਲੇ ਰੰਗ ਦਾ) ਦੋਸਤ ਮਿਲਿਆ ਜਿਸ ਦਾ ਨਾਂ ਜਾਰਜ ਸੀ। ਉਹ ਮੈਨੂੰ ਕਹਿੰਦਾ ਮੈਂ ਤੇਰੇ ਨਾਲ ਬੈਠ ਕੇ ਗੱਲ ਕਰਨੀ ਹੈ। ਜਦੋਂ ਅਸੀਂ ਉਸ ਦੇ ਘਰ ਬੈਠੇ ਤਾਂ ਉਸ ਨੇ ਦੱਸਿਆ ਕਿ ਮੇਰੇ ਪਿਤਾ ਦੀ ਇਕ ਮਾਸ਼ੂਕ ਵੀ ਸੀ ਜਿਸ ਦਾ ਨਾਂ ਬੀਬੋ ਸੀ। ਉਹ ਮੁਸਲਮਾਨ ਸੀ ਅਤੇ ਨੇੜਲੇ ਸ਼ਹਿਰ ਵਿਚ ਰਹਿੰਦੀ ਸੀ। ਮੇਰਾ ਪਿਤਾ ਉਸ ਨੂੰ ਲੁਕ-ਛਿਪ ਕੇ ਹੋਟਲਾਂ ਵਿਚ ਮਿਲਦਾ ਹੁੰਦਾ ਸੀ। ਜਾਰਜ ਨੇ ਦੱਸਿਆ ਕਿ ਬੀਬੋ ਮੈਨੂੰ ਮਿਲਣਾ ਚਾਹੁੰਦੀ ਹੈ। ਮੇਰੇ ਪਿਤਾ ਨੇ ਬੀਬੋ ਨੂੰ ਮੇਰੇ ਬਾਰੇ ਦੱਸਿਆ ਹੋਇਆ ਸੀ। ਇਸ ਤਰ੍ਹਾਂ ਮੈਂ ਬੀਬੋ ਨੂੰ ਮਿਲਿਆ। ਬਹੁਤ ਵਧੀਆ ਔਰਤ ਸੀ। ... ਬੀਬੋ ਨੇ ਮੈਨੂੰ ਦੱਸਿਆ ਕਿ ਮੇਰਾ ਪਿਤਾ ਕਈ ਵਾਰੀ ਉਸ ਨੂੰ ਨਾਲ ਲੈ ਕੇ ਜਿੱਥੇ ਵੀ ਮੇਰੀ ਫ਼ਿਲਮ ਲੱਗੀ ਹੋਵੇ ਦੇਖਣ ਜਾਂਦਾ ਸੀ। ਬੀਬੋ ਨੇ ਦੱਸਿਆ ਕਿ ਮੇਰਾ ਪਿਤਾ ਮੈਨੂੰ ਬਹੁਤ ਪਿਆਰ ਕਰਦਾ ਸੀ। ਮੇਰੀ ਮਤਰੇਈ ਮਾਂ ਨੇ ਮੇਰੇ ਪਿਉ ਨੂੰ ਬਹੁਤ ਤੰਗ ਕੀਤਾ ਸੀ। ... ਬੀਬੋ ਨੇ ਮੇਰੇ ਦੋਵੇਂ ਹੱਥ ਫੜ੍ਹ ਕੇ ਆਪਣੇ ਮੂੰਹ ਨਾਲ ਲਾ ਲਏ ਅਤੇ ਉਹ ਬਹੁਤ ਰੋਈ ਸੀ। ...’’
       ਅਮਰੀਕ ਅਤੇ ਉਸ ਦੀ ਮਾਤਾ ਨੇ ਅਤਿ ਦੀ ਗਰੀਬੀ ਦੇਖੀ ਸੀ। ਜਦੋਂ ਅਮਰੀਕ ਗੌਰਮਿੰਟ ਕਾਲਜ ਹੁਸ਼ਿਆਰਪੁਰ ਬੀ.ਏ. ਦੀ ਪੜ੍ਹਾਈ ਲਈ ਦਾਖ਼ਲ ਹੋਇਆ ਤਾਂ ਉਸ ਕੋਲ ਆਰਥਿਕ ਸਹਾਇਤਾ ਦਾ ਕੋਈ ਸਾਧਨ ਨਹੀਂ ਸੀ। ਉਸ ਦਾ ਪਿਤਾ ਇੰਗਲੈਂਡ ਤੋਂ ਕੋਈ ਮਦਦ ਨਹੀਂ ਸੀ ਕਰਦਾ ਅਤੇ ਉਹ ਕਹਿੰਦਾ ਸੀ ਕਿ ਪੈਸੇ ਬਾਬੇ ਤੋਂ ਲੈ ਜੋ ਸਾਰੀ ਜ਼ਮੀਨ ਸਾਂਭਦਾ ਸੀ। ਬਾਬਾ ਕਹਿੰਦਾ ਸੀ ਕਿ ਪੈਸੇ ਆਪਣੇ ਪਿਤਾ ਕੋਲੋਂ ਲੈ ਜਿਸ ਨੇ ਤੈਨੂੰ ਜਨਮ ਦਿੱਤਾ। ਅਮਰੀਕ ਦੇ ਪਿਤਾ ਨੇ ਹੁਸ਼ਿਆਰਪੁਰ ਵਿਚ ਇਕ ਦੁਕਾਨ ਮੁੱਲ ਖ਼ਰੀਦੀ ਸੀ ਜਦੋਂ ਉਹ ਹੁਸ਼ਿਆਰਪੁਰ ਨੌਕਰੀ ਕਰਦਾ ਸੀ। ਉਸ ਦੁਕਾਨ ਦੇ ਉੱਪਰ ਇਕ ਰਿਹਾਇਸ਼ ਵਾਲਾ ਕਮਰਾ ਸੀ। ਦੁਕਾਨ ਅਮਰੀਕ ਦੇ ਪਿਤਾ ਨੇ ਆਪਣੇ ਇਕ ਦੋਸਤ ਨੂੰ ਕਿਰਾਏ ਤੇ ਦਿੱਤੀ ਸੀ ਜਿਸ ਨੇ ਉੱਥੇ ਕਿਤਾਬਾਂ ਦੀ ਦੁਕਾਨ ਪਾ ਲਈ ਸੀ। ਇਸ ਦੁਕਾਨ ਤੋਂ ਮਹੀਨੇ ਦਾ 40 ਰੁਪਏ ਕਿਰਾਇਆ ਆਉਂਦਾ ਸੀ। ਅਮਰੀਕ ਨੇ ਦੁਕਾਨ ਵਾਲੇ ਨਾਲ ਗੱਲ ਕੀਤੀ ਅਤੇ ਕਿਰਾਇਆ ਆਪ ਲੈਣ ਲੱਗ ਪਿਆ। ਪਰ ਹੁਸ਼ਿਆਰਪੁਰ ਰਹਿਣ ਲਈ 40 ਰੁਪਏ ਮਹੀਨੇ ਨਾਲ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਸੀ। ਅਮਰੀਕ ਆਪਣੀ ਮਾਤਾ ਨੂੰ ਵੀ ਆਪਣੇ ਕੋਲ ਹੁਸ਼ਿਆਰਪੁਰ ਲੈ ਗਿਆ ਸੀ।  ਹੁਸ਼ਿਆਰਪੁਰ ਇਕ ਆਦਮੀ ਮਲਾਇਆ ਰਾਮ ਦਸ-ਗਿਆਰਾਂ ਰਿਕਸ਼ਿਆਂ ਦਾ ਮਾਲਕ ਸੀ ਅਤੇ ਉਹ ਲੋਕਾਂ ਨੂੰ ਚਲਾਉਣ ਲਈ ਰਿਕਸ਼ੇ ਕਿਰਾਏ ਤੇ ਦਿੰਦਾ ਸੀ। ਅਮਰੀਕ ਨੇ ਉਸ ਤੋਂ ਕਿਰਾਏ ਤੇ ਲੈ ਕੇ ਡੇਢ ਕੁ ਸਾਲ ਹੁਸ਼ਿਆਰਪੁਰ ਰਿਕਸ਼ਾ ਚਲਾਇਆ ਆਪਣਾ ਗੁਜ਼ਾਰਾ ਕਰਨ ਲਈ। ਇਸ ਤੋਂ ਬਾਅਦ ਮਲਾਇਆ ਰਾਮ ਨੇ ਅਮਰੀਕ ਨੂੰ ਆਪਣੇ ਰਿਕਸ਼ਿਆਂ ਦਾ ਹਿਸਾਬ ਕਿਤਾਬ ਰੱਖਣ ਦੀ ਨੌਕਰੀ ਦੇ ਦਿੱਤੀ। ਉਸ ਦੀ ਜ਼ਿੰਦਗੀ ਦੀਆਂ ਇਹੋ ਜਿਹੀਆਂ ਕਹਾਣੀਆਂ ਸੁਣ ਕੇ ਤੁਸੀਂ ਉਸ ਦੀ ਮਿਹਨਤ ਦੀ ਦਾਦ ਹੀ ਦੇ ਸਕਦੇ ਹੋ ਕਿ ਕਿਸ ਤਰ੍ਹਾਂ ਪੜ੍ਹਨ ਦੀ ਇੱਛਾ ਨੂੰ ਪੂਰਾ ਕਰਨ ਲਈ ਉਸ ਨੇ ਰਿਕਸ਼ਾ ਚਲਾਉਣ ਵਿਚ ਵੀ ਕੋਈ ਬੇਇੱਜ਼ਤੀ ਨਹੀਂ ਸੀ ਸਮਝੀ। ਅਮਰੀਕ ਦਾ ਸਿਰੜ ਅਤੇ ਉਸ ਦੀ ਸਖ਼ਤ ਮਿਹਨਤ ਹੀ ਉਸ ਨੂੰ ਉਸ ਮੁਕਾਮ ਤੇ ਲੈ ਕੇ ਗਈਆਂ ਹਨ ਜਿੱਥੇ ਉਹ ਅੱਜ ਬੈਠਾ ਹੈ।
        ਇਕ ਵਾਰੀ ਗੌਰਮਿੰਟ ਕਾਲਜ ਹੁਸ਼ਿਆਰਪੁਰ ਦੀਆਂ ਗੱਲਾਂ ਹੋਈਆਂ ਤਾਂ ਮੈਂ ਅਮਰੀਕ ਨੂੰ ਪੁੱਛਿਆ ਕਿ ਉਸ ਨੂੰ ਉੱਥੇ ਅਰਥ ਸ਼ਾਸਤਰ ਕਿਹੜੇ ਪ੍ਰੋਫੈਸਰਾਂ ਨੇ ਪੜ੍ਹਾਇਆ ਸੀ। ਅਮਰੀਕ ਨੇ ਦੱਸਿਆ ਕਿ ਉਸ ਨੂੰ ਅਰਥ ਸ਼ਾਸਤਰ ਪ੍ਰੋਫੈਸਰ ਸੁਰੇਸ਼ ਸੇਠ, ਬਲਰਾਜ ਸਿੰਘ ਬੈਂਸ, ਅਤੇ ਮੈਡਮ ਮਨੋਰਮਾ ਨੇ ਪੜ੍ਹਾਇਆ ਸੀ। ਸੁਰੇਸ਼ ਸੇਠ, ਜਿਹੜਾ ਕਿ ਹਿੰਦੀ ਦਾ ਬਹੁਤ ਵਧੀਆ ਲੇਖਕ ਹੈ, ਮੇਰਾ ਵੀ ਐਮ.ਏ. ਵਿਚ ਪ੍ਰੋਫੈਸਰ ਰਿਹਾ ਸੀ। ਅਸੀਂ ਦੋਵੇਂ ਇਸ ਗੱਲ ਤੇ ਸਹਿਮਤ ਸੀ ਕਿ ਪ੍ਰੋਫੈਸਰ ਸੇਠ ਬਹੁਤ ਹੀ ਵਧੀਆ ਇਨਸਾਨ ਅਤੇ ਵਧੀਆ ਅਧਿਆਪਕ ਸੀ। ਪ੍ਰੋਫੈਸਰ ਬਲਰਾਜ ਸਿੰਘ ਬੈਂਸ ਅਤੇ ਮੈਡਮ ਮਨੋਰਮਾ ਤੋਂ ਮੈਂ ਨਹੀਂ ਸੀ ਪੜ੍ਹਿਆ। ਇਹ ਦੋਵੇਂ ਹੀ ਐਮ.ਏ. ਨੂੰ ਜਿਹੜੇ ਮਜ਼ਮੂਨ ਪੜ੍ਹਾਉਂਦੇ ਸਨ ਮੈਂ ਉਹ ਨਹੀਂ ਸੀ ਲਏ ਪਰ ਮੈਂ ਉਨ੍ਹਾਂ ਨੂੰ ਜਾਣਦਾ ਸੀ। ਪ੍ਰੋਫੈਸਰ ਬਲਰਾਜ ਸਿੰਘ ਬੈਂਸ ਤਾਂ ਹਫ਼ਤੇ ਵਿਚ ਚਾਰ ਕਲਾਸਾਂ ਵਿਚੋਂ ਮਸਾਂ ਇਕ ਕਲਾਸ ਹੀ ਲਾਉਂਦਾ ਸੀ। ਅਸੀਂ ਦੋਵੇਂ ਹੀ ਇਸ ਗੱਲ ਤੇ ਵੀ ਸਹਿਮਤ ਹੋਏ ਕਿ ਪ੍ਰੋਫੈਸਰ ਬਲਰਾਜ ਸਿੰਘ ਬੈਂਸ ਤਾਂ ਪੂਰਾ ਫੁਕਰਾ ਸੀ ਜੋ ਵਿਦਿਆਰਥੀਆਂ ਨਾਲ ਮੋਟਰਸਾਈਕਲ ਤੇ ਬੈਠ ਕੇ ਸ਼ਹਿਰ ਵਿਚ ਘੁੰਮਦਾ ਰਹਿੰਦਾ ਸੀ ਅਤੇ ਪੜ੍ਹਾਉਂਦਾ ਘੱਟ ਹੀ ਸੀ। ਉਸ ਵੇਲੇ ਇਸੇ ਕਾਲਜ ਵਿਚ ਗੁਰਦਿਆਲ ਸਿੰਘ ਡੀ.ਪੀ. ਸੀ ਜੋ ਪ੍ਰੋਫੈਸਰ ਬਲਰਾਜ ਸਿੰਘ ਬੈਂਸ ਦਾ ਬਹੁਤ ਗੂੜ੍ਹਾ ਦੋਸਤ ਸੀ। ਇਹ ਦੋਵੇਂ ਹੀ ਵਿਦਿਆਰਥੀਆਂ ਨਾਲ ਮੋਟਰਸਾਈਕਲਾਂ ਤੇ ਘੁੰਮਦੇ ਰਹਿੰਦੇ ਸੀ। ਅਮਰੀਕ ਨੇ ਦੱਸਿਆ ਕਿ ਉਸ ਦਾ ਇਸ ਕਾਲਜ ਦਾ ਇਕ ਜਮਾਤੀ ਸੁਰਿੰਦਰ ਰੀਹਲ ਕੈਲਗਰੀ ਰਹਿੰਦਾ ਹੈ। ਇਕ ਵਾਰੀ ਉਹ ਵਾਪਸ ਹਿੰਦੁਸਤਾਨ ਆਇਆ ਤਾਂ ਅਮਰੀਕ ਵੀ ਮੁੰਬਈ ਤੋਂ ਉਸ ਨੂੰ ਮਿਲਣ ਆ ਗਿਆ। ਉਨ੍ਹਾਂ ਨੇ ਹੁਸ਼ਿਆਰਪੁਰ ਦੇ ਬੱਸ ਅੱਡੇ ਦੇ ਨੇੜੇ ਇਕ ਹੋਟਲ ਬੁੱਕ ਕਰਾ ਲਿਆ। ਉੱਥੇ ਹੀ ਉਨ੍ਹਾਂ ਨੇ ਪ੍ਰੋਫੈਸਰ ਬਲਰਾਜ ਸਿੰਘ ਬੈਂਸ ਅਤੇ ਗੁਰਦਿਆਲ ਸਿੰਘ ਨੂੰ ਵੀ ਬੁਲਾ ਲਿਆ। ਸੁਰਿੰਦਰ ਰੀਹਲ ਨੇ ਵਧੀਆ ਸ਼ਰਾਬ ਲੈ ਆਂਦੀ। ਗੁਰਦਿਆਲ ਸਿੰਘ ਅਤੇ ਪ੍ਰੋਫੈਸਰ ਬਲਰਾਜ ਸਿੰਘ ਬੈਂਸ ਕੁਝ ਜ਼ਿਆਦਾ ਸ਼ਰਾਬ ਪੀ ਕੇ ਇਕ ਦੂਜੇ ਨਾਲ ਲੜਨ ਲੱਗ ਪਏ। ਦੋਹਾਂ ਨੇ ਇਕ ਦੂਜੇ ਨੂੰ ਵਾਲਾਂ ਤੋਂ ਫੜ੍ਹ ਲਿਆ ਅਤੇ ਮੁੱਕੀਓ-ਮੁੱਕੀ ਹੋ ਗਏ। ਅਮਰੀਕ ਅਤੇ ਸੁਰਿੰਦਰ ਨੇ ਦੋਹਾਂ ਨੂੰ ਮਸਾਂ ਛੁਡਾਇਆ ਅਤੇ ਇਕੱਲੇ ਇਕੱਲੇ ਨੂੰ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ। ਬਾਅਦ ਵਿਚ ਸੁਰਿੰਦਰ ਕਹਿੰਦਾ ਕਿ ਉਸ ਦਾ ਉਸ ਹੋਟਲ ਵਿਚ ਸੌਣ ਨੂੰ ਜੀਅ ਨਹੀਂ ਕਰਦਾ। ਇਸ ਤਰ੍ਹਾਂ ਅੱਧੀ ਰਾਤ ਨੂੰ ਇਹ ਦੋਵੇਂ ਟਾਂਡੇ ਕੋਲ ਸੁਰਿੰਦਰ ਦੇ ਸਹੁਰੇ ਘਰ ਜਾ ਕੇ ਸੁੱਤੇ।
    ਅਮਰੀਕ ਅਨੁਸਾਰ ਭਾਵੇਂ ਉਸ ਨੂੰ ਜਨਮ ਦੇਣ ਵਾਲਾ ਪਿਓ ਹੋਰ ਸੀ ਜੋ ਇੰਗਲੈਂਡ ਜਾ ਵਸਿਆ ਸੀ ਅਤੇ ਜਿਸ ਨੇ ਅਮਰੀਕ ਅਤੇ ਉਸ ਦੀ ਮਾਤਾ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ ਪਰ ਉਸ ਦਾ ਅਸਲੀ ਪਿਓ ਬਲਵੰਤ ਗਾਰਗੀ ਸੀ ਜਿਸ ਨਾਲ ਉਸ ਨੇ ਕਈ ਸਾਲ ਬਿਤਾਏ ਸਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਦੀ ਐਮ.ਏ. ਕਰਦਿਆਂ ਅਮਰੀਕ ਦੀ ਗਾਰਗੀ ਨਾਲ ਕਾਫ਼ੀ ਜਾਣਕਾਰੀ ਹੋ ਗਈ ਸੀ। ਉਸ ਵੇਲੇ ਗਾਰਗੀ ਪੰਜਾਬ ਯੂਨੀਵਰਸਿਟੀ ਵਿਚ ਥੀਏਟਰ ਦਾ ਪ੍ਰੋਫੈਸਰ ਸੀ। ਗਾਰਗੀ ਰਿਟਾਇਰ ਹੋ ਕੇ ਦਿੱਲੀ ਜਾ ਕੇ ਆਪਣੇ ਘਰ ਵਿਚ ਰਹਿਣ ਲੱਗ ਪਿਆ ਸੀ। ਅਮਰੀਕ ਵੀ ਤਿੰਨ-ਚਾਰ ਸਾਲ ਗਾਰਗੀ ਨਾਲ ਦਿੱਲੀ ਉਸ ਦੇ ਘਰ ਹੀ ਰਿਹਾ ਸੀ। ਅਮਰੀਕ ਉਨ੍ਹਾਂ ਦਿਨਾਂ ਵਿਚ ਦਿੱਲੀ ਨੈਸ਼ਨਲ ਸਕੂਲ ਆਫ਼ ਡਰਾਮਾ ਵਿਚ ਐਕਟਿੰਗ ਅਤੇ ਡਾਇਰੈਕਸ਼ਨ ਦੀ ‌ਤਿੰਨ ਸਾਲਾਂ ਦੀ ਡਿਗਰੀ ਕਰ ਰਿਹਾ ਸੀ। ਅਮਰੀਕ ਕਹਿੰਦਾ ਹੈ ਕਿ ਉਹ ਗਾਰਗੀ ਦਾ ਪੀ.ਏ. ਵੀ ਸੀ ਅਤੇ ਨੌਕਰ ਵੀ ਸੀ। ਅਮਰੀਕ ਗਾਰਗੀ ਦੀਆਂ ਲਿਖਤਾਂ ਨੂੰ ਗੁਰਮੁਖੀ ਵਿਚ ਲਿਖਦਾ ਸੀ ਕਿਉਂਕਿ ਗਾਰਗੀ ਗੁਰਮੁਖੀ ਵਿਚ ਬਹੁਤਾ ਤੇਜ਼ ਨਹੀਂ ਸੀ ਲਿਖ ਸਕਦਾ। ਗਾਰਗੀ ਬੋਲਦਾ ਰਹਿੰਦਾ ਸੀ ਅਤੇ ਅਮਰੀਕ ਲਿਖਦਾ ਰਹਿੰਦਾ ਸੀ। ਅਮਰੀਕ ਅਨੁਸਾਰ ਗਾਰਗੀ ਬਹੁਤ ਅਮੀਰ ਸੀ, ਕਮਾਲ ਦਾ ਆਦਮੀ ਸੀ, ਅਤੇ ਸ਼ਾਨਦਾਰ ਇਨਸਾਨ ਸੀ। ਗਾਰਗੀ ਦੇ ਨਾਲ ਅਮਰੀਕ ਦਿੱਲੀ ਦੇ ਵਧੀਆ ਲੇਖਕਾਂ ਅਤੇ ਹੋਰ ਲੋਕਾਂ ਨੂੰ ਮਿਲਿਆ ਸੀ। ਅਮਰੀਕ ਦਾ ਕਹਿਣਾ ਹੈ ਕਿ ਉਹ ਗਾਰਗੀ ਦੇ ਪੈਰੀਂ ਹੱਥ ਲਾਉਂਦਾ ਸੀ ਪਰ ਹੋਰ ਕਿਸੇ ਦੇ ਵੀ ਪੈਰੀਂ ਹੱਥ ਨਹੀਂ ਸੀ ਲਾਉਂਦਾ - ਪ੍ਰੋਡਿਊਸਰ ਡਾਇਰੈਕਟਰ ਗੁਲਜ਼ਾਰ ਦੇ ਵੀ ਨਹੀਂ ਜਿਸ ਦੇ ਅਮਰੀਕ ਬਹੁਤ ਨੇੜੇ ਰਿਹਾ ਹੈ। ਅਮਰੀਕ ਕਹਿੰਦਾ ਹੈ ਕਿ ਜਦੋਂ ਵੀ ਖੁਸ਼ਵੰਤ ਸਿੰਘ ਗਾਰਗੀ ਦੇ ਘਰ ਕਿਸੇ ਵੀ ਪਾਰਟੀ ਤੇ ਆਉਂਦਾ ਸੀ ਤਾਂ ਉਹ ਆਪਣੇ ਲਈ ਸ਼ਰਾਬ ਨਾਲ ਲੈ ਕੇ ਆਉਂਦਾ ਸੀ। ਖੁਸ਼ਵੰਤ ਸਿੰਘ ਦੀ ਪਤਨੀ ਬਹੁਤ ਚੰਗੀ, ਪੜ੍ਹੀ-ਲਿਖੀ, ਅਤੇ ਵਧੀਆ ਆਦਤਾਂ ਵਾਲੀ ਔਰਤ ਸੀ ਪਰ ਸਖ਼ਤ ਬਹੁਤ ਸੀ। ਖੁਸ਼ਵੰਤ ਸਿੰਘ ਕੋਲ ਇਕ ਚਾਂਦੀ ਦੀ ਬੋਤਲ ਸੀ ਜਿਸ ਵਿਚ ਤਿੰਨ ਪੈੱਗ ਪੈਂਦੇ ਸਨ। ਖੁਸ਼ਵੰਤ ਸਿੰਘ ਦੀ ਪਤਨੀ ਪਾਰਟੀ ਤੇ ਜਾਣ ਵੇਲੇ ਇਸ ਬੋਤਲ ਵਿਚ ਦੋ ਪੈੱਗ ਹੀ ਪਾ ਕੇ ਲਿਆਉਂਦੀ ਸੀ ਅਤੇ ਖੁਸ਼ਵੰਤ ਸਿੰਘ ਨੂੰ ਦੋ ਪੈੱਗ ਤੋਂ ਵੱਧ ਨਹੀਂ ਸੀ ਪੀਣ ਦਿੰਦੀ। ਉਹ ਖੁਸ਼ਵੰਤ ਸਿੰਘ ਨੂੰ ਹਮੇਸ਼ਾ ਸ਼ਾਮ ਦੇ 9:00 ਵਜੇ ਖਾਣਾ ਖਾਣ ਲਈ ਕਹਿੰਦੀ ਸੀ।
        ਅਮਰ ਸਿੰਘ ਸ਼ੌਂਕੀ, ਜੋ ਕਿਸੇ ਵੇਲੇ ਬਹੁਤ ਮਸ਼ਹੂਰ ਢਾਡੀ ਅਤੇ ਗਾਇਕ ਸੀ ਅਤੇ ਜਿਸ ਦੇ ਗਾਏ ਗੀਤ ਬਹੁਤ ਹੀ ਮਸ਼ਹੂਰ ਸਨ, ਅਮਰੀਕ ਦੀ ਮਾਤਾ ਦੇ ਤਾਏ ਦਾ ਲੜਕਾ ਸੀ। ਅਸਲ ਵਿਚ ਉਸ ਦਾ ਨਾਂ ਅਮਰ ਸਿੰਘ ਢਿੱਲੋਂ ਸੀ ਪਰ ਉਸ ਨੇ ਆਪਣਾ ਤਖ਼ੱਲਸ ਸ਼ੌਂਕੀ ਰੱਖ ਲਿਆ ਸੀ। ਜਦੋਂ ਅਮਰੀਕ ਪੰਜਾਬੀ ਦੀ ਐਮ. ਏ. ਕਰਦਾ ਸੀ ਤਾਂ ਇਕ ਦਿਨ ਉਹ ਆਪਣੇ ਨਾਨਕੀਂ ਗਿਆ। ਅਮਰ ਸਿੰਘ ਸ਼ੌਂਕੀ ਨੇ ਅਮਰੀਕ ਨੂੰ ਪੁੱਛਿਆ ਕਿ ਉਹ ਕੀ ਕਰਦਾ ਸੀ। ਅਮਰੀਕ ਦੇ ਦੱਸਣ ਤੇ ਕਿ ਉਹ ਪੰਜਾਬੀ ਦੀ ਐਮ.ਏ. ਕਰ ਰਿਹਾ ਸੀ, ਅਮਰ ਸਿੰਘ ਸ਼ੌਂਕੀ ਕਹਿਣ ਲੱਗੇ, "ਐਮ.ਏ. ਕਰ ਕੇ ਆ ਜਾਵੀਂ। ਤੈਨੂੰ ਮਾਹਿਲਪੁਰ ਕਾਲਜ ਵਿਚ ਪੜ੍ਹਾਉਣ ਦੀ ਨੌਕਰੀ ਦੇ ਦੇਵਾਂਗੇ। ਕਮੇਟੀ ਦੇ ਮੈਂਬਰ ਮੇਰੇ ਵਾਕਫ਼ ਹਨ।’’ ਪਰ ਅਮਰੀਕ ਦੀ ਇੱਛਾ ਪ੍ਰੋਫੈਸਰ ਬਣਨ ਦੀ ਨਹੀਂ ਸੀ ਸਗੋਂ ਫ਼ਿਲਮਾਂ ਵਿਚ ਜਾਣ ਦੀ ਸੀ। ਅਮਰੀਕ ਅਨੁਸਾਰ, ਅਮਰ ਸਿੰਘ ਸ਼ੌਂਕੀ ਸ਼ਰਾਬ ਪੀਣ ਦਾ ਬਹੁਤ ਸ਼ੌਕੀਨ ਸੀ। ਇਕ ਵਾਰੀ ਅਮਰੀਕ ਨਾਨਕੀਂ ਗਿਆ ਸ਼ੌਂਕੀ ਹੁਰਾਂ ਦੇ ਘਰ ਗਿਆ। ਅਮਰ ਸਿੰਘ ਸ਼ੌਂਕੀ ਸ਼ਰਾਬ ਪੀ ਰਹੇ ਸਨ। ਉਨ੍ਹਾਂ ਨੇ ਅਮਰੀਕ ਨੂੰ ਕਿਹਾ, "ਜਾ ਆਪਣੀ ਮਾਮੀ ਤੋਂ ਇਕ ਕੌਲੀ ਲਿਆ।’’ ਅਮਰੀਕ ਰਸੋਈ ਵਿਚ ਜਾ ਕੇ ਮਾਮੀ ਤੋਂ ਇਕ ਕੌਲੀ ਲੈ ਆਇਆ। ਸ਼ੌਂਕੀ ਹੁਰਾਂ ਨੇ ਉਸ ਕੌਲੀ ਵਿਚ ਥੋੜ੍ਹੀ ਸ਼ਰਾਬ ਪਾਈ ਅਤੇ ਕੁਝ ਪਾਣੀ ਪਾ ਕੇ ਅਮਰੀਕ ਨੂੰ ਦਿੱਤਾ ਅਤੇ ਪੀਣ ਲਈ ਕਿਹਾ। ਅਮਰੀਕ ਨੇ ਉਸ ਨੂੰ ਸੁੰਘ ਕੇ ਝੁਣਝੁਣੀ ਲਈ। ਸ਼ੌਂਕੀ ਸਾਹਿਬ ਕਹਿਣ ਲੱਗੇ, "ਬਹੁਤ ਵਧੀ‌ਆ ਚੀਜ਼ ਹੈ। ਫੱਟੇ ਚੱਕ ਦੇ।’’ ਫਿਰ ਅਮਰੀਕ ਨੇ ਸ਼ਰਾਬ ਦੇ ਫੱਟੇ ਚੁੱਕ ਦਿੱਤੇ। ਇਹ ਪਹਿਲੀ ਵਾਰੀ ਸੀ ਜਦੋਂ ਅਮਰੀਕ ਨੇ ਸ਼ਰਾਬ ਪੀਤੀ ਸੀ।
    ਅਮਰੀਕ ਦੱਸਦਾ ਹੈ ਕਿ ਇਕ ਵਾਰੀ ਜਦੋਂ ਉਹ ਐਮ.ਏ. ਕਰ ਰਿਹਾ ਸੀ ਤਾਂ ਇਕ ਪ੍ਰੋਫੈਸਰ ਨੇ ਵਾਰੀ ਵਾਰੀ ਸਾਰੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਉਹ ਜ਼ਿੰਦਗੀ ਵਿਚ ਕੀ ਬਣਨਾ ਚਾਹੁੰਦੇ ਸਨ। ਵਿਦਿਆਰਥੀਆਂ ਨੇ ਆਪਣੇ ਆਪਣੇ ਵਿਚਾਰ ਦੱਸੇ। ਜਦੋਂ ਅਮਰੀਕ ਦੀ ਵਾਰੀ ਆਈ ਤਾਂ ਉਸ ਨੇ ਕਿਹਾ ਕਿ ਉਹ ਫ਼ਿਲਮ ਡਾਇਰੈਕਟਰ ਬਣਨਾ ਚਾਹੁੰਦਾ ਹੈ। ਇਸ ਤੇ ਸਾਰੀ ਕਲਾਸ ਹੱਸ ਪਈ। ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਅਮਰੀਕ ਦੀ ਮਿਹਨਤ, ਸਿਰੜ, ਅਤੇ ਸੰਘਰਸ਼ ਇਕ ਦਿਨ ਉਸ ਨੂੰ ਇਸ ਮੰਜ਼ਲ ਤੇ ਪਹੁੰਚਾ ਦੇਣਗੇ। ਇਸੇ ਖ਼ਾਹਿਸ਼ ਅਤੇ ਟੀਚੇ ਕਾਰਨ ਅਮਰੀਕ ਨੇ ਪੰਜਾਬੀ ਦੀ ਐਮ.ਏ. ਕਰਨ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਵਿਚ ਇਕ ਸਾਲ ਦਾ ਥੀਏਟਰ ਵਿਚ ਡਿਪਲੋਮਾ ਕਰਨ ਲਈ ਦਾਖ਼ਲਾ ਲੈ ਲਿਆ ਸੀ ਭਾਵੇਂ ਡਾ. ਦੀਪਕ ਮਨਮੋਹਨ ਸਿੰਘ ਅਮਰੀਕ ਨੂੰ ਪੰਜਾਬੀ ਵਿਚ ਪੀ.ਐੱਚ.ਡੀ. ਕਰਨ ਲਈ ਪ੍ਰੇਰਤ ਕਰਦੇ ਸਨ। ਉਨ੍ਹਾਂ ਦਿਨਾਂ ਵਿਚ ਬਲਵੰਤ ਗਾਰਗੀ ਥੀਏਟਰ ਵਿਭਾਗ ਦਾ ਮੁਖੀ ਸੀ। ਅਮਰੀਕ ਨੇ ਉਸ ਵੇਲੇ ਗਾਰਗੀ ਵਲੋਂ ਡਾਇਰੈਕਟ ਅਤੇ ਪ੍ਰੋਡਿਊਸ ਕੀਤੇ ਨਾਟਕ ‘ਕੇਸਰੋ‘ ਵਿਚ ਖਲਨਾਇਕ ਦਾ ਰੋਲ ਕੀਤਾ ਸੀ ਅਤੇ ਕੁਝ ਹੋਰ ਨਾਟਕਾਂ ਵਿਚ ਵੀ ਭਾਗ ਲਿਆ ਸੀ। ਅਮਰੀਕ ਅਨੁਸਾਰ ਉਸ ਦੇ ਇਸ ਸ਼ੌਕ ਨੇ ਰੂਪ ਨਾਲ ਮੰਗਣੀ ਟੁੱਟਣ ਦੇ ਦੁੱਖ ਨੂੰ ਘੱਟ ਕਰਨ ਵਿਚ ਮਦਦ ਕੀਤੀ ਸੀ। ਜਦੋਂ ਅਮਰੀਕ ਦਿੱਲੀ ਚਲੇ ਗਿਆ ਸੀ ਅਤੇ ਗਾਰਗੀ ਨਾਲ ਹੀ ਰਹਿੰਦਾ ਸੀ ਤਾਂ ਉਸ ਨੇ ਗਾਰਗੀ ਵਲੋਂ ਦੂਰਦਰਸ਼ਨ ਟੀ.ਵੀ. ਵਾਸਤੇ ਲਿਖੇ, ਡਾਇਰੈਕਟ ਕੀਤੇ, ਅਤੇ ਪ੍ਰੋਡਿਊਸ ਕੀਤੇ ਸੀਰੀਅਲ ‘ਸਾਂਝਾ ਚੁੱਲ੍ਹਾ’ ਵਿਚ ਵੀ ਇਕ ਰੋਲ ਕੀਤਾ ਸੀ। ਇਸ ਸੀਰੀਅਲ ਦੇ 15 ਕੁ ਐਪੀਸੋਡ ਬਣਾਏ ਗਏ ਸਨ। ਫਿਰ ਅਮਰੀਕ ਨੇ ਗਾਰਗੀ ਵਲੋਂ ਬਣਾਏ ਗਏ ਇਕ ਹੋਰ ਸੀਰੀਅਲ ਵਿਚ ਵੀ ਕੰਮ ਕੀਤਾ ਸੀ। ਸ਼ਾਇਦ ਉਸ ਸੀਰੀਅਲ ਦਾ ਨਾਂ ‘ਫ਼ਾਤਿਮਾ ਬੇਗ਼ਮ’ ਸੀ। ਬੰਬਈ ਰਹਿੰਦਿਆਂ ਅਮਰੀਕ ਨੇ ਓਮ ਪੁਰੀ ਦੇ ਗਰੁੱਪ ਵਲੋਂ ਕੀਤੇ ਇਕ ਪਲੇਅ ਵਿਚ ਵੀ ਰੋਲ ਕੀਤਾ ਸੀ ਜਿਸ ਦੇ ਵੱਖ ਵੱਖ ਥਾਵਾਂ ਤੇ ਕੋਈ 90 ਦੇ ਕਰੀਬ ਸ਼ੋਅ ਕੀਤੇ ਗਏ ਸਨ। ਇਸ ਪਲੇਅ ਦਾ ਸ਼ੋਅ ਡੁਬਈ ਵਿਚ ਵੀ ਕੀਤਾ ਗਿਆ ਸੀ। ਜਦੋਂ ਅਮਰੀਕ ਮੁਕੇਰੀਆਂ ਸਕੂਲ ਵਿਚ ਪੜ੍ਹਦਾ ਸੀ ਤਾਂ ਉੱਥੇ ਰਮੇਸ਼ ਸ਼ਰਮਾ ਹਿੰਦੀ ਦਾ ਟੀਚਰ ਸੀ। ਅਮਰੀਕ ਨੇ ਉਸ ਨਾਲ ਵੀ ਕੁਝ ਡਰਾਮਿਆਂ ਵਿਚ ਐਕਟਿੰਗ ਕੀਤੀ ਸੀ।
    ਜਿਨ੍ਹਾਂ ਦਿਨਾਂ ਵਿਚ ਅਮਰੀਕ ਪੰਜਾਬ ਯੂਨੀਵਰਸਿਟੀ ਵਿਚ ਪੰਜਾਬੀ ਦੀ ਐਮ.ਏ. ਕਰ ਰਿਹਾ ਸੀ ਉਨ੍ਹਾਂ ਦਿਨਾਂ ਵਿਚ ਹੀ ਜਗਤਾਰ ਅਤੇ ਅਮਿਤੋਜ ਉੱਥੇ ਪੰਜਾਬੀ ਦੀ ਪੀ.ਐੱਚ.ਡੀ. ਕਰ ਰਹੇ ਸਨ। ਇਹ ਦੋਵੇਂ ਅਮਰੀਕ ਦੇ ਦੋਸਤ ਸਨ। ਅਮਿਤੋਜ ਤਾਂ ਅਮਰੀਕ ਦਾ ਯਾਰ ਸੀ। ਅਮਰੀਕ ਅਮਿਤੋਜ ਦੀ ਤਾਰੀਫ਼ ਕਰਦਾ ਕਹਿੰਦਾ ਹੈ, "ਅਮਿਤੋਜ ਬਹੁਤ ਵੱਡੇ ਦਿਲ ਵਾਲਾ ਦੋਸਤ ਸੀ। ਘਰੋਂ ਬਹੁਤ ਅਮੀਰ ਸੀ। ਕਈ ਵਾਰੀ ਉਹ ਮੈਨੂੰ ਪਿੰਡ ਜਾਣ ਲਈ ਕਿਰਾਏ ਦੇ ਪੈਸੇ ਦਿੰਦਾ ਹੁੰਦਾ ਸੀ। ਕਈ ਵਾਰੀ ਉਸ ਨੇ ਸ਼ਰਾਬ ਪੀ ਕੇ ਮੇਰੇ ਕਮਰੇ ਵਿਚ ਪਈ ਤੇਰੀ ਗ਼ਜ਼ਲਾਂ ਦੀ ਕਿਤਾਬ ਵਿਚੋਂ ਗ਼ਜ਼ਲਾਂ ਪੜ੍ਹਨੀਆਂ। ਬਹੁਤ ਵਧੀਆ ਇਨਸਾਨ ਸੀ। ਅਮਿਤੋਜ ਕਹਿੰਦਾ ਸੀ ਕਿ ਗ਼ਜ਼ਲ ਪੜ੍ਹਨ ਨਾਲ ਸ਼ਰਾਬ ਜ਼ਰੂਰ ਪੀਣੀ ਚਾਹੀਦੀ ਹੈ। ... ਜੇ ਮੈਂ ਜਗਤਾਰ ਨੂੰ ਤੇਰੀਆਂ ਗ਼ਜ਼ਲਾਂ ਸੁਣਾਉਣੀਆਂ ਤਾਂ ਉਸ ਨੇ ਕਹਿਣਾ, ‘ਛੱਡ ਯਾਰ, ਕੋਈ ਹੋਰ ਗੱਲ ਕਰ।’ ਜਗਤਾਰ ਵਿਚ ਅੜਵਾਈ ਬਹੁਤ ਸੀ। ਉਸ ਨੂੰ ਬਹੁਤ ਘੱਟ ਬੰਦੇ ਪਸੰਦ ਸਨ। ..’’
    ਇਕ ਲੜਕੀ ਅਮਰੀਕ ਨਾਲ ਐਮ.ਏ. ਕਰ ਰਹੀ ਸੀ ਜਿਸ ਨੂੰ ਮੈਂ ਸੁਜੀਤ ਦਾ ਨਾਂ ਦਿਆਂਗਾ ਭਾਵੇਂ ਉਸ ਦਾ ਨਾਂ ਥੋੜ੍ਹਾ ਵੱਡਾ ਸੀ। ਅਮਰੀਕ ਉਸ ਲੜਕੀ ਦੀ ਬਹੁਤ ਤਾਰੀਫ਼ ਕਰਦਾ ਹੈ ਕਿ ਉਹ ਸੁਭਾਅ ਦੀ ਬੇਹੱਦ ਚੰਗੀ ਸੀ ਅਤੇ ਸੋਹਣੀ ਵੀ ਬਹੁਤ ਸੀ। ਉਹ ਯੂਨੀਵਰਸਿਟੀ ਦੀ ਗਿੱਧਾ ਟੀਮ ਵਿਚ ਸੀ। ਅਮਰੀਕ ਅਤੇ ਸੁਜੀਤ ਬਹੁਤ ਚੰਗੇ ਦੋਸਤ ਸਨ ਅਤੇ ਕਈ ਵਾਰੀ ਉਹ ਕੌਫ਼ੀ ਜਾਂ ਲੰਚ ਲਈ ਵੀ ਇਕੱਠੇ ਚਲੇ ਜਾਂਦੇ ਸਨ। ਸੁਜੀਤ ਨੇ ਦਾਰਾ ਸਿੰਘ ਦੀ ਫ਼ਿਲਮ ‘ਸਵਾ ਲਾਖ ਸੇ ਏਕ ਲੜਾਊਂ’ ਵਿਚ ਇਕ ਰੋਲ ਵੀ ਕੀਤਾ ਸੀ। ਜਦੋਂ ਰੂਪ ਨਾਲ ਮੰਗਣੀ ਟੁੱਟਣ ਵੇਲੇ ਅਮਰੀਕ ਬਹੁਤ ਉਦਾਸ ਸੀ ਤਾਂ ਸੁਜੀਤ ਦੀ ਦੋਸਤੀ ਨੇ ਅਮਰੀਕ ਨੂੰ ਬਹੁਤ ਹੌਸਲਾ ਅਤੇ ਸਕੂਨ ਦਿੱਤਾ ਸੀ। ਅਮਰੀਕ ਅਤੇ ਸੁਜੀਤ ਦੋਵੇਂ ਸਿਰਫ਼ ਦੋਸਤ ਹੀ ਸਨ ਭਾਵੇਂ ਅਮਰੀਕ ਸੁਜੀਤ ਨੂੰ ਪਸੰਦ ਕਰਦਾ ਸੀ ਪਰ ਕਹਿ ਨਹੀਂ ਸੀ ਸਕਿਆ। ਅਮਰੀਕ ਨੂੰ ਲਗਦਾ ਕਿ ਸੁਜੀਤ ਵੀ ਉਸ ਨੂੰ ਪਸੰਦ ਕਰਦੀ ਸੀ ਪਰ ਉਹ ਕਹਿ ਨਹੀਂ ਸੀ ਸਕੀ। ਅਮਰੀਕ ਅਤੇ ਸੁਜੀਤ ਐਮ.ਏ. ਦੇ ਦੂਜੇ ਸਾਲ ਵਿਚ ਇਕੱਠੇ ਪੜ੍ਹੇ ਸਨ। ਐਮ.ਏ. ਕਰਨ ਤੋਂ ਛੇਤੀ ਬਾਅਦ ਸੁਜੀਤ ਵਿਆਹ ਕਰਾ ਕੇ ਕੈਨੇਡਾ ਚਲੇ ਗਈ ਸੀ। ਕੁਝ ਸਾਲ ਅਮਰੀਕ ਨੂੰ ਸੁਜੀਤ ਦੇ ਖ਼ਤ ਆਉਂਦੇ ਰਹੇ ਪਰ ਕਈ ਸਾਲਾਂ ਤੋਂ ਇਨ੍ਹਾਂ ਦਾ ਸੰਪਰਕ ਟੁੱਟ ਗਿਆ ਹੈ। ਅਮਰੀਕ ਚਾਹੁੰਦਾ ਹੈ ਕਿ ਕਿੰਨਾ ਚੰਗਾ ਹੋਵੇ ਜੇ ਉਹ ਸੁਜੀਤ ਨੂੰ ਲੱਭ ਕੇ ਪਤਾ ਕਰ ਸਕੇ ਕਿ ਉਸ ਦੀ ਜ਼ਿੰਦਗੀ ਖੁਸ਼ੀਆਂ ਭਰੀ ਹੈ। ਸੁਜੀਤ ਫ਼ਿਲਮਾਂ ਵਿਚ ਜਾਣਾ ਚਾਹੁੰਦੀ ਸੀ ਪਰ ਉਸ ਦੇ ਮਾਤਾ-ਪਿਤਾ ਨਹੀਂ ਸੀ ਮੰਨੇ।
    ਅਮਰੀਕ ਅਨੁਸਾਰ, ਚੰਡੀਗੜ੍ਹ ਰਹਿੰਦਿਆਂ ਗਾਰਗੀ ਨੂੰ ਆਪਣੀ ਇਕ ਵਿਦਿਆਰਥਣ ਅਤੇ ਨਾਟਕਾਂ ਦੀ ਨਾਇਕਾ ਰਾਣੀ ਨਾਲ ਇਸ਼ਕ ਹੋ ਗਿਆ ਸੀ। ਰਾਣੀ ਸੋਚਦੀ ਸੀ ਕਿ ਗਾਰਗੀ ਉਸ ਨੂੰ ਫ਼ਿਲਮਾਂ ਵਿਚ ਕੰਮ ਲੈ ਦੇਵੇਗਾ ਕਿਉਂਕਿ ਯਸ਼ ਚੋਪੜਾ ਅਤੇ ਦੇਵ ਆਨੰਦ ਵਰਗੇ ਫ਼ਿਲਮ ਇੰਡਸਟਰੀ ਦੇ ਕਈ ਵੱਡੇ ਵੱਡੇ ਡਾਇਰੈਕਟਰ, ਪ੍ਰੋਡਿਊਸਰ, ਅਤੇ ਐਕਟਰ ਚੰਡੀਗੜ੍ਹ ਆ ਕੇ ਗਾਰਗੀ ਕੋਲ ਠਹਿਰਦੇ ਸਨ। ਗਾਰਗੀ ਰਾਣੀ ਨੂੰ ਵਰਤਦਾ ਰਿਹਾ ਪਰ ਫ਼ਿਲਮਾਂ ਵਿਚ ਕੰਮ ਨਾ ਦੁਆ ਸਕਿਆ। ਸਾਲ ਕੁ ਬਾਅਦ ਰਾਣੀ ਗਾਰਗੀ ਨੂੰ ਛੱਡ ਗਈ। ਜਦੋਂ ਗਾਰਗੀ ਦੀ ਅਮਰੀਕਨ ਪਤਨੀ ਜੀਨੀ ਨੂੰ ਗਾਰਗੀ ਅਤੇ ਰਾਣੀ ਦੇ ਸੰਬੰਧਾਂ ਦਾ ਪਤਾ ਲੱਗਾ ਤਾਂ ਉਸ ਨੇ ਚੰਡੀਗੜ੍ਹ ਦੇ ਇਕ ਅਮੀਰ ਆਦਮੀ ਚੌਹਾਨ ਕੋਲ ਸੈਕਟਰੀ ਦੀ ਨੌਕਰੀ ਲੈ ਲਈ ਅਤੇ ਫਿਰ ਉਸ ਨਾਲ ਹੀ ਰਹਿਣ ਲੱਗ ਪਈ। ਫਿਰ ਜੀਨੀ ਨੇ ਚੌਹਾਨ ਨਾਲ ਹੀ ਵਿਆਹ ਕਰਾ ਲਿਆ ਅਤੇ ਦੋਵੇਂ ਜੀਨੀ ਦੀ ਬੇਟੀ ਜੰਨਤ ਗਾਰਗੀ ਨੂੰ ਲੈ ਕੇ ਅਮਰੀਕਾ ਚਲੇ ਗਏ। ਗਾਰਗੀ ਹਰ ਸਾਲ ਅਮਰੀਕਾ ਜਾ ਕੇ ਜੀਨੀ ਅਤੇ ਆਪਣੀ ਬੇਟੀ ਜੰਨਤ ਗਾਰਗੀ ਨੂੰ ਮਿਲਦਾ ਰਿਹਾ। ਗਾਰਗੀ ਅਤੇ ਜੀਨੀ ਦਾ ਬੇਟਾ ਮਨੂੰ ਗਾਰਗੀ ਮੁੰਬਈ ਫ਼ਿਲਮਾਂ ਵਿਚ ਕੰਮ ਕਰਦਾ ਸੀ। ਗਾਰਗੀ ਆਪਣੇ ਆਖ਼ਰੀ ਦਿਨਾਂ ਵਿਚ ਉਸ ਕੋਲ ਹੀ ਰਿਹਾ ਸੀ। ਗਾਰਗੀ ਦੀ ਮੌਤ ਤੋਂ ਬਾਅਦ ਮਨੂੰ ਵੀ ਅਮਰੀਕਾ ਚਲੇ ਗਿਆ ਸੀ ਅਤੇ ਉਹ ਹਾਲੀਵੁੱਡ ਵਿਚ ਫ਼ਿਲਮਾਂ ਪ੍ਰੋਡਿਊਸ ਅਤੇ ਡਾਇਰੈਕਟ ਕਰਦਾ ਹੈ। ਜਦੋਂ ਗਾਰਗੀ ਦੀ ਮੁੰਬਈ ਵਿਚ ਮੌਤ ਹੋਈ ਤਾਂ ਉਸ ਦੀ ਦੇਹ ਨੂੰ ਅਮਰੀਕ, ਮਨੂੰ, ਅਤੇ ਜੰਨਤ ਜਹਾਜ਼ ਵਿਚ ਦਿੱਲੀ ਲੈ ਕੇ ਗਏ ਕਿਉਂਕਿ ਗਾਰਗੀ ਦੀ ਇੱਛਾ ਸੀ ਕਿ ਉਸ ਦਾ ਸੰਸਕਾਰ ਦਿੱਲੀ ਕੀਤਾ ਜਾਵੇ।
    ਅਮਰੀਕ ਦੱਸਦਾ ਹੈ ਕਿ ਬਲਵੰਤ ਗਾਰਗੀ ਨੂੰ ਕੀਰਤਨ ਸੁਣਨ ਦਾ ਬਹੁਤ ਸ਼ੌਕ ਸੀ। ਉਹ ਭਾਈ ਸਮੁੰਦ ਸਿੰਘ ਹੁਰਾਂ ਦੇ ਕੀਰਤਨ ਦਾ ਬਹੁਤ ਪ੍ਰਸੰਸਕ ਸੀ। ਘਰ ਵਿਚ ਵੀ ਗਾਰਗੀ ਭਾਈ ਸਮੁੰਦ ਸਿੰਘ ਦੀਆਂ ਕੈਸਟਾਂ ਲਾ ਕੇ ਸੁਣਦਾ ਹੁੰਦਾ ਸੀ। ਬੰਗਲਾ ਸਾਹਿਬ ਗੁਰਦਵਾਰਾ ਗਾਰਗੀ ਦੇ ਘਰ ਤੋਂ ਨੇੜੇ ਹੀ ਸੀ ਅਤੇ ਉਹ ਕਈ ਵਾਰੀ ਪੈਦਲ ਤੁਰ ਕੇ ਹੀ ਇਸ ਗੁਰਦਵਾਰੇ ਕੀਰਤਨ ਸੁਣਨ ਜਾਂਦਾ ਸੀ। ਕਈ ਵਾਰੀ ਗਾਰਗੀ ਗੁਰਦੁਆਰੇ ਜਾ ਕੇ ਬਾਹਰ ਵਿਹੜੇ ਵਿਚ ਹੀ ਬੈਠ ਜਾਂਦਾ ਸੀ ਅਤੇ ਮੱਥਾ ਟੇਕਣ ਅੰਦਰ ਨਹੀਂ ਸੀ ਜਾਂਦਾ। ਕਈ ਵਾਰੀ ਉਹ ਅੰਦਰ ਜਾ ਕੇ ਮੱਥਾ ਟੇਕ ਆਉਂਦਾ ਸੀ। ਜਦੋਂ ਵੀ ਬਲਵੰਤ ਗਾਰਗੀ ਨੇ ਗੁਰਦਵਾਰੇ ਕੀਰਤਨ ਸੁਣਨ ਜਾਣਾ ਹੋਵੇ ਤਾਂ ਉਹ ਅਮਰੀਕ ਨੂੰ ਕਹਿੰਦਾ ਸੀ, „Can we go to listen some music?’’ ਉਹ ਇਹ ਨਹੀਂ ਸੀ ਕਹਿੰਦਾ ਕਿ ਚੱਲ ਆਪਾਂ ਕੀਰਤਨ ਸੁਣਨ ਚੱਲੀਏ। ਬਲਵੰਤ ਗਾਰਗੀ ਦਾ ਰੱਬ ਵਿਚ ਵਿਸ਼ਵਾਸ ਨਹੀਂ ਸੀ ਪਰ ਉਹ ਬਾਣੀ ਦੀ ਕਦਰ ਕਰਦਾ ਸੀ ਅਤੇ ਕਈ ਵਾਰੀ ਚਾਰ-ਪੰਜ ਘੰਟੇ ਗੁਰਦਵਾਰੇ ਬੈਠਾ ਕੀਰਤਨ ਸੁਣਦਾ ਰਹਿੰਦਾ ਸੀ। ਗਾਰਗੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸਲੋਕਾਂ ਦਾ ਬਹੁਤ ਪ੍ਰਸੰਸਕ ਸੀ। ਉਸ ਨੂੰ ਭਗਤ ਰਵਿਦਾਸ ਅਤੇ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਵੀ ਬਹੁਤ ਪਸੰਦ ਸਨ। ਉਹ ਇਹ ਵੀ ਕਹਿੰਦਾ ਸੀ ਕਿ ਨਾਨਕ ਤੋਂ ਵੱਡਾ ਕਵੀ ਕੋਈ ਨਹੀਂ। ਗਾਰਗੀ ਆਪ ਮਿੱਠਾ ਘੱਟ ਖਾਂਦਾ ਸੀ। ਕਈ ਵਾਰੀ ਗੁਰਦੁਆਰੇ ਤੋਂ ਲਿਆ ਪ੍ਰਸ਼ਾਦ ਉਹ ਬਾਹਰ ਬੱਚਿਆਂ ਨੂੰ ਦੇ ਦਿੰਦਾ ਸੀ।
    ਇਕ ਵਾਰੀ ਗਾਰਗੀ ਅਮਰੀਕ ਨੂੰ ਕਹਿਣ ਲੱਗਾ, "ਤੂੰ ਤਾਂ ਫ਼ਕੀਰ ਬੰਦਾਂ। ਦਰਵੇਸ਼ ਏਂ। ਤੂੰ ਗਲਤੀਆਂ ਨਹੀਂ ਕਰਦਾ। ਮੈਂ 70-72 ਸਾਲਾਂ ਦਾ ਹੋ ਗਿਆਂ। ਮੈਂ ਲਗਾਤਾਰ ਗਲਤੀਆਂ ਕਰਦਾਂ। ਮੈਂ ਆਪਣੇ ਆਪ ਨੂੰ ਹਰ ਗਲਤੀ ਤੋਂ ਬਾਅਦ ਕਹਿੰਦਾਂ ਕਿ ਇਹ ਮੇਰੀ ਆਖ਼ਰੀ ਗਲਤੀ ਹੈ। ਪਰ ਪੰਜਾਂ ਮਿੰਟਾਂ ਬਾਅਦ ਮੈਂ ਫਿਰ ਗਲਤੀ ਕਰਦਾਂ। ...’’
                                                         *****

    ਜਦੋਂ ਅਮਰੀਕ ਨੂੰ ਨੈਸ਼ਨਲ ਸਕੂਲ ਆਫ਼ ਡਰਾਮਾ ਵਿਚ ਦਾਖ਼ਲਾ ਮਿਲ ਗਿਆ ਅਤੇ ਉਹ ਦਿੱਲੀ ਚਲੇ ਗਿਆ ਤਾਂ ਸਾਰੇ ਪਿੰਡ ਵਿਚ ਇਸ ਦੀ ਖ਼ਬਰ ਫੈਲ ਗਈ। ਪਿੰਡ ਦੀ ਇਕ ਔਰਤ ਅਮਰੀਕ ਦੀ ਮਾਤਾ ਨੂੰ ਮਿਲਣ ਆਈ ਅਤੇ ਕਹਿੰਦੀ : "ਮੈਂ ਆ ਕੀ ਸੁਣਿਆਂ? ਜੱਟਾਂ ਦਾ ਮੁੰਡਾ ਹੋ ਕੇ ਅਮਰੀਕ ਨੱਚਿਆ ਕਰੂ? ਪੈਰਾਂ ‘ਚ ਘੁੰਗਰੂ ਪਾ ਕੇ ?’’ ਇਹ ਸੁਣ ਕੇ ਅਮਰੀਕ ਦੀ ਮਾਤਾ ਨਿਰਾਸ਼ ਹੋ ਗਈ। ਉਸ ਨੇ ਅਮਰੀਕ ਨੂੰ ਇਸ ਬਾਰੇ ਪੁੱਛਿਆ। ਅਮਰੀਕ ਨੇ ਮਾਤਾ ਨੂੰ ਨੈਸ਼ਨਲ ਸਕੂਲ ਆਫ਼ ਡਰਾਮਾ ਦੀ ਡਿਗਰੀ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ ਦੇ ਪੈਸੇ ਮਿਲਿਆ ਕਰਨਗੇ।
"ਅੱਛਾ, ਫਿਰ ਤਾਂ ਮੈਂ ਗੁਰਦਵਾਰੇ ਪ੍ਰਸ਼ਾਦ ਕਰਾਊਂ।’’ ਮਾਤਾ ਕਹਿਣ ਲੱਗੀ।
    ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਡਿਗਰੀ ਪੂਰੀ ਕਰ ਕੇ ਅਮਰੀਕ ਆਪਣੀ ਕਿਸਮਤ ਅਜ਼ਮਾਉਣ ਮੁੰਬਈ ਚਲੇ ਗਿਆ। ਅਮਰੀਕ ਜਦੋਂ ਮੁੰਬਈ ਗਿਆ ਸੀ ਤਾਂ ਉਸ ਦੀ ਜੇਬ ਵਿਚ ਸਿਰਫ਼ 40 ਕੁ ਰੁਪਏ ਸਨ। ਅਮਰੀਕ ਨੇ ਮੁੰਬਈ ਵਿਚ ਕੰਮ ਲੈਣ ਲਈ ਅਤੇ ਸਫ਼ਲ ਹੋਣ ਲਈ ਗਾਰਗੀ ਤੋਂ ਕੋਈ ਸਹਾਇਤਾ ਨਹੀਂ ਸੀ ਲਈ। ਜਦੋਂ ਅਮਰੀਕ ਰੇਲ ਗੱਡੀ ਰਾਹੀਂ ਮੁੰਬਈ ਪਹੁੰਚਿਆ ਤਾਂ ਉਸ ਨੂੰ ਫ਼ਿਲਮਾਂ ਵਿਚ ਫ਼ੋਟੋਗਰਾਫ਼ੀ ਕਰਦਾ ਮਨਮੋਹਨ ਸਿੰਘ ਸਟੇਸ਼ਨ ਤੋਂ ਲੈਣ ਆਇਆ ਅਤੇ ਉਸ ਨੇ ਅਮਰੀਕ ਨੂੰ ਕੁਝ ਮਹੀਨੇ ਆਪਣੇ ਘਰ ਰੱਖਿਆ। ਅੱਜ ਵੀ ਅਮਰੀਕ ਮਨਮੋਹਨ ਸਿੰਘ ਦੀਆਂ ਬਹੁਤ ਸਿਫ਼ਤਾਂ ਕਰਦਾ ਹੈ। ਹੌਲੀ ਹੌਲੀ ਅਮਰੀਕ ਨੂੰ ਫ਼ਿਲਮਾਂ ਵਿਚ ਸਹਾਇਕ ਡਾਇਰੈਕਟਰ ਦੀ ਨੌਕਰੀ ਮਿਲ ਗਈ। ਅਮਰੀਕ ਨੇ ਮੁੰਬਈ ਵਿਚ ਸਫ਼ਲ ਹੋਣ ਲਈ ਬਹੁਤ ਔਖੇ ਦਿਨ ਦੇਖੇ ਅਤੇ ਬੇਹੱਦ ਮਿਹਨਤ ਕੀਤੀ। ਉਸ ਨੇ ਗੁਲਜ਼ਾਰ ਨਾਲ ‘ਲਿਬਾਸ’ ਫ਼ਿਲਮ ਵਿਚ ਸਹਾਇਕ ਡਾਇਰੈਕਟਰ ਦਾ ਕੰਮ ਕੀਤਾ। ਅਮਰੀਕ ਨੇ ਗੁਲਜ਼ਾਰ ਦੀ ਫ਼ਿਲਮ ‘ਮਾਚਸ’ ਵਿਚ ਛੋਟਾ ਜਿਹਾ ਐਕਟਿੰਗ ਦਾ ਰੋਲ ਵੀ ਕੀਤਾ ਸੀ। ਅਮਰੀਕ ਨੇ ਕਈ ਹੋਰ ਡਾਇਰੈਕਟਰਾਂ ਨਾਲ ਵੀ ਸਹਾਇਕ ਡਾਇਰੈਕਟਰ ਦਾ ਕੰਮ ਕੀਤਾ ਜਿਵੇਂ ਡਾਇਰੈਕਟਰ ਸਾਗਰ ਸਰਹੱਦੀ ਨਾਲ ਮੁੱਖ ਸਹਾਇਕ ਡਾਇਰੈਕਟਰ ਦੇ ਤੌਰ ਤੇ ਕੰਮ ਕੀਤਾ। ਉਸ ਨੇ ਗੋਬਿੰਦ ਨਿਹਲਾਨੀ ਨਾਲ ਵੀ ਦੋ ਫ਼ਿਲਮਾਂ ਵਿਚ ਸਹਾਇਕ ਡਾਇਰੈਕਟਰ ਦੇ ਤੌਰ ਤੇ ਕੰਮ ਕੀਤਾ। ਪਰ ਅਮਰੀਕ ਜ਼ਿਆਦਾ ਮਸ਼ਹੂਰ ਫ਼ਿਲਮਾਂ ਦੇ ਡਾਇਲਾਗ ਲਿਖਣ ਲਈ ਹੋਇਆ ਹੈ। ਸਭ ਤੋਂ ਪਹਿਲਾਂ ਅਮਰੀਕ ਨੇ ਪੰਜਾਬੀ ਫ਼ਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਡਾਇਲਾਗ ਲਿਖੇ। ਹੁਣ ਤੱਕ ਅਮਰੀਕ ਨੇ 44 ਦੇ ਕਰੀਬ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੇ ਡਾਇਲਾਗ ਲਿਖੇ ਹਨ। ਇਨ੍ਹਾਂ ਵਿਚੋਂ ਕਈ ਫ਼ਿਲਮਾਂ ਦੇ ਉਸ ਨੇ ਸਕਰੀਨ ਪਲੇਅ ਅਤੇ ਕਹਾਣੀਆਂ ਵੀ ਲਿਖੀਆਂ ਹਨ। ਉਸ ਨੇ ‘ਹਮ ਦਿਲ ਦੇ ਚੁਕੇ ਸਨਮ,’ ‘ਜੀਤ,’ ਅਤੇ ‘ਨਿਸ਼ਬਦ’ ਵਰਗੀਆਂ ਮਸ਼ਹੂਰ ਫ਼ਿਲਮਾਂ ਦੇ ਡਾਇਲਾਗ ਲਿਖੇ ਹਨ। ਉਸ ਦੀਆਂ ਤਿੰਨ ਫ਼ਿਲਮਾਂ ਨੂੰ ਨੈਸ਼ਨਲ ਅਵਾਰਡ ਮਿਲ ਚੁੱਕੇ ਹਨ। ਅਮਰੀਕ ਨੂੰ ‘ਜੀਤ’ ਅਤੇ ‘ਹਮ ਦਿਲ ਦੇ ਚੁਕੇ ਸਨਮ’ ਫ਼ਿਲਮਾਂ ਲਈ ਡਾਇਲਾਗ ਲਿਖਣ ਲਈ ਫ਼ਿਲਮ-ਫੇਅਰ ਇਨਾਮ ਮਿਲੇ ਸਨ। ਅਮਰੀਕ ਨੂੰ ਹੋਰ ਵੀ ਕਈ ਇਨਾਮ ਮਿਲੇ ਹਨ। ਅਮਰੀਕ ਤਿੰਨ ਵਾਰੀ ਵੱਖ ਵੱਖ ਸਾਲਾਂ ਵਿਚ ਨੈਸ਼ਨਲ ਫ਼ਿਲਮ ਜਿਊਰੀ ਦਾ ਮੈਂਬਰ ਰਿਹਾ ਹੈ ਜਿਸ ਵਿਚ ਵੱਖ ਵੱਖ ਭਾਸ਼ਾਵਾਂ ਦੀਆਂ ਫ਼ਿਲਮਾਂ ਨੂੰ ਇਨਾਮਾਂ ਲਈ ਵਿਚਾਰਿਆ ਜਾਂਦਾ ਹੈ ਅਤੇ ਇਨਾਮ ਦਿੱਤੇ ਜਾਂਦੇ ਹਨ।
    ਫ਼ਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਡਾਇਲਾਗ ਲਿਖਣ ਲਈ ਅਮਰੀਕ ਨੂੰ ਸਿਰਫ਼ ਪੰਜ ਹਜ਼ਾਰ ਰੁਪਏ ਮਿਲੇ ਸਨ। ਪਰ ਹੁਣ ਪੰਜਾਬੀ ਦੀਆਂ ਫ਼ਿਲਮਾਂ ਦੇ ਡਾਇਲਾਗ ਲਿਖਣ ਲਈ ਅਮਰੀਕ ਨੂੰ ਸਭ ਤੋਂ ਵੱਧ ਪੈਸੇ ਮਿਲਦੇ ਹਨ। ਜੇ ਹਿੰਦੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਜਿੰਨੇ ਪੈਸੇ ਇਕ ਫ਼ਿਲਮ ਦੇ ਡਾਇਲਾਗ ਲਿਖਣ ਲਈ ਅਮਰੀਕ ਨੂੰ ਮਿਲਦੇ ਹਨ ਉਨ੍ਹਾਂ ਨੂੰ ਜੇ ਨਕਦੀ ਰੂਪ ਵਿਚ ਘਰ ਲੈ ਕੇ ਆਉਣਾ ਹੋਵੇ ਤਾਂ ਕਈ ਬੋਰੀਆਂ ਭਰ ਕੇ ਗੱਡੇ ਤੇ ਲੱਦ ਕੇ ਲਿਆਉਣੇ ਪੈਣਗੇ। ਪਰ ਅੱਜ ਕੱਲ੍ਹ ਤਾਂ ਇਹ ਪੈਸੇ ਇਕ ਪੇਪਰ ਦੇ ਰੂਪ ਵਿਚ ਹੀ ਮਿਲਦੇ ਹਨ ਜਿਸ ਨੂੰ ਅਸੀਂ ਬੈਂਕ ਚੈੱਕ ਕਹਿੰਦੇ ਹਾਂ।
    ਅਮਰੀਕ ਦਾ ਕਹਿਣਾ ਹੈ ਕਿ ਇਕ ਸਮੇਂ ਉਹ ਤਿੰਨ ਫ਼ਿਲਮਾਂ ਦੇ ਡਾਇਲਾਗ ਲਿਖ ਰਿਹਾ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਉਹ ਤਿੰਨ ਨਾਵਲਾਂ ਤੇ ਇਕੋ ਵਾਰੀ ਕੰਮ ਕਰ ਰਿਹਾ ਹੋਵੇ। ਪਰ ਨਾਵਲ ਦੇ ਲੇਖਕ ਨੇ ਨਾਵਲ ਆਪਣੇ ਢੰਗ ਨਾਲ ਲਿਖਣਾ ਹੁੰਦਾ, ਜੋ ਜੀਅ ਕਰੇ ਲਿਖ ਲਵੇ। ਫ਼ਿਲਮ ਦੇ ਡਾਇਲਾਗ ਲਿਖਣੇ ਔਖੇ ਹਨ। ਇਹ ਕਮਰਸ਼ੀਅਲ ਪੱਖ ਤੋਂ ਲਿਖੇ ਜਾਂਦੇ ਹਨ। ਪ੍ਰੋਡਿਊਸਰ ਅਤੇ ਡਾਇਰੈਕਟਰ ਦਾ ਮਕਸਦ ਹੈ ਪੈਸਾ ਕਮਾਉਣਾ ਅਤੇ ਫ਼ਿਲਮ ਤੋਂ ਉਨ੍ਹਾਂ ਨੂੰ ਪੈਸਾ ਬਣਨਾ ਚਾਹੀਦਾ ਹੈ। ਡਾਇਲਾਗ ਇਸੇ ਮਕਸਦ ਨੂੰ ਧਿਆਨ ਵਿਚ ਰੱਖ ਕੇ ਲਿਖੇ ਜਾਂਦੇ ਹਨ। ਜੇ ਫ਼ਿਲਮ ਫ਼ੇਲ੍ਹ ਹੋ ਜਾਵੇ ਤਾਂ ਲੇਖਕ ਦਾ ਕੰਮ ਠੱਪ ਹੋ ਸਕਦਾ ਹੈ।
    ਅਮਰੀਕ ਨੇ ਅਮਿਤਾਭ ਬਚਨ ਦੀ ਫ਼ਿਲਮ ‘ਨਿਸ਼ਬਦ’ ਲਈ ਡਾਇਲਾਗ ਲਿਖੇ ਸਨ। ਇਹ ਫ਼ਿਲਮ ਬਹੁਤ ਮਨੋਵਿਗਿਆਨਕ ਫ਼ਿਲਮ ਸੀ। ਡਾਇਲਾਗ ਵੀ ਮਨੋਵਿਗਿਆਨਕ ਸਨ। ਅਮਿਤਾਭ ਬਚਨ ਅਮਰੀਕ ਦੇ ਲਿਖੇ ਡਾਇਲਾਗ ਤੋਂ ਬਹੁਤ ਖ਼ੁਸ਼ ਹੋਇਆ ਸੀ। ਅਮਿਤਾਭ ਅਮਰੀਕ ਨਾਲ ਹਮੇਸ਼ਾ ਪੰਜਾਬੀ ਵਿਚ ਗੱਲ ਕਰਦਾ ਹੈ। ਇਕ ਵਾਰੀ ਅਮਿਤਾਭ ਬਚਨ ਅਤੇ ਅਮਰੀਕ ਕੇਰਲਾ ਵਿਚ ਇਕ ਫ਼ਿਲਮ ਦੀ ਸ਼ੂਟਿੰਗ ਲਈ ਦੋ ਮਹੀਨੇ ਰਹੇ। ਪ੍ਰੋਡਿਊਸਰ ਕਹਿੰਦਾ ਸੀ ਅੰਗਰੇਜ਼ੀ ਵਿਚ ਬੋਲੋ ਪਰ ਇਹ ਦੋਵੇਂ ਪੰਜਾਬੀ ਵਿਚ ਹੀ ਗੱਲਾਂ ਕਰਦੇ ਰਹੇ। ਅਮਿਤਾਭ ਬਚਨ ਡਾਇਰੈਕਟਰ ਰਾਮ ਗੋਪਾਲ ਵਰਮਾ ਨੂੰ ਕਹਿੰਦਾ ਸੀ, "ਮੈਂ ਅੱਧਾ ਸਰਦਾਰ ਹਾਂ। ਅਮਰੀਕ ਪੂਰਾ ਸਰਦਾਰ ਹੈ। ਮਸਾਂ ਤਾਂ ਪੰਜਾਬੀ ਬੋਲਣ ਦਾ ਮੌਕਾ ਮਿਲਦਾ।’’ ਅਮਿਤਾਭ ਬਚਨ ਦਾ ਨਾਨਾ ਪੂਰਾ ਸਿੱਖ ਸੀ।
    ਅਮਰੀਕ ਜਦੋਂ ਫ਼ਿਲਮਾਂ ਦੀਆਂ ਜਾਂ ਫ਼ਿਲਮ ਹਸਤੀਆਂ ਦੀਆਂ ਗੱਲਾਂ ਸੁਣਾਉਂਦਾ ਹੈ ਤਾਂ ਉਹ ਮਿਰਚ-ਮਸਾਲੇ ਦਾ ਵਧੀਆ ਤੜਕਾ ਲਾ ਕੇ ਇਨ੍ਹਾਂ ਗੱਲਾਂ ਨੂੰ ਬਹੁਤ ਮਜ਼ੇਦਾਰ ਬਣਾਉਣ ਦਾ ਆਦੀ ਹੈ। ਉਹ ਰਾਜ ਕਪੂਰ, ਸਾਹਿਰ ਲੁਧਿਆਣਵੀ, ਸਾਗਰ ਸਰਹੱਦੀ, ਗੋਵਿੰਦ ਨਿਹਲਾਨੀ, ਸੰਜੇ ਲੀਲਾ ਭੰਸਾਲੀ, ਕਿਦਾਰ ਸ਼ਰਮਾ, ਸ਼ਲਿੰਦਰ, ਅਮਿਤਾਭ ਬਚਨ, ਆਨੰਦ ਬਖ਼ਸ਼ੀ, ਅਤੇ ਹੋਰ ਬਹੁਤ ਸਾਰੀਆਂ ਹਸਤੀਆਂ ਬਾਰੇ ਬਹੁਤ ਜਾਣਕਾਰੀ ਵਾਲੀਆਂ ਅਤੇ ਮਜ਼ੇਦਾਰ ਗੱਲਾਂ ਘੰਟਿਆਂ ਬੱਧੀ ਸੁਣਾਉਂਦਾ ਰਹੇਗਾ। ਇਕ ਦਿਨ ਉਹ ਦੱਸ ਰਿਹਾ ਸੀ ਕਿ ਆਨੰਦ ਬਖ਼ਸ਼ੀ, ਜਿਸ ਨੇ ਬਹੁਤ ਸਾਰੀਆਂ ਫ਼ਿਲਮਾਂ ਲਈ ਖ਼ੂਬਸੂਰਤ ਗੀਤ ਲਿਖੇ ਸਨ, ਗੁਰੂ ਨਾਨਕ ਨੂੰ ਬਹੁਤ ਵੱਡਾ ਕਵੀ ਮੰਨਦਾ ਸੀ। ਉਹ ਜਪੁਜੀ ਸਾਹਿਬ ਦਾ ਪਾਠ ਕਰਦਾ ਹੁੰਦਾ ਸੀ। ਉਹ ਮੰਜੇ ਤੇ ਬੈਠ ਕੇ ਗੀਤ ਲਿਖਦਾ ਹੁੰਦਾ ਸੀ। ਅਮਰੀਕ ਨੇ ਉਸ ਦੇ ਘਰ ਉਸ ਨਾਲ ਸ਼ਰਾਬ ਵੀ ਪੀਤੀ ਸੀ। ਆਨੰਦ ਬਖ਼ਸ਼ੀ ਫ਼ੌਜ (ਨੇਵੀ) ਵਿਚੋਂ ਹੌਲਦਾਰ ਰਿਟਾਇਰ ਹੋਇਆ ਸੀ ਅਤੇ ਫ਼ਿਲਮਾਂ ਵਿਚ ਸਫ਼ਲ ਹੋਣ ਲਈ ਉਸ ਨੂੰ ਬਹੁਤ ਸੰਘਰਸ਼ ਕਰਨਾ ਪਿਆ ਸੀ। ਰਾਜ ਕਪੂਰ ਬਾਰੇ ਗੱਲ ਕਰਦਿਆਂ ਉਹ ਕਹਿੰਦਾ ਹੈ ਕਿ ਰਾਜ ਕਪੂਰ ਦੀਆਂ ਅੱਖਾਂ ਬਹੁਤ ਸ਼ਾਰਪ (sharp) ਸਨ ਅਤੇ ਜਦੋਂ ਉਹ ਤੁਹਾਡੇ ਵੱਲ ਦੇਖਦਾ ਸੀ ਤਾਂ ਤੁਹਾਡੇ ਅੰਦਰ ਧੁੱਸ ਜਾਂਦਾ ਸੀ। ਅਮਰੀਕ ਹੱਸ ਕੇ ਕਹਿੰਦਾ ਹੈ, "ਮੈਨੂੰ ਇਹ ਕਹਾਣੀਆਂ ਸੁਣਾ ਕੇ ਸੁਆਦ ਆਉਂਦਾ ਹੈ।’’
    ਅਮਰੀਕ ਕਹਿੰਦਾ ਹੈ, "ਫ਼ਿਲਮ ਦੇ ਖੇਤਰ ਵਿਚ ਕੋਈ ਕਿਸੇ ਦਾ ਦੋਸਤ ਨਹੀਂ। ਸਿਰਫ਼ ਜਾਣਕਾਰ ਹਨ। ਮੇਰਾ ਵੀ ਫ਼ਿਲਮਾਂ ਵਿਚ ਕੋਈ ਦੋਸਤ ਨਹੀਂ। ਵਾਕਫ਼ ਬਹੁਤ ਸਾਰੇ ਹਨ।’’ ਜਾਵੇਦ ਅਖ਼ਤਰ ਦੀ ਗੱਲ ਕਰਦਿਆਂ ਉਹ ਦੱਸਦਾ ਹੈ ਕਿ ਇਹ ਸਭ ਨੂੰ ਪਤਾ ਕਿ ਜਾਵੇਦ ਅਖ਼ਤਰ ਖੱਬੇ ਪੱਖੀ ਹੈ। ਉਸ ਦਾ ਰੱਬ ਵਿਚ ਕੋਈ ਯਕੀਨ ਨਹੀਂ। ਪਰ ਤੁਸੀਂ ਹਮੇਸ਼ਾ ਉਸ ਦੇ ਹੱਥ ਵਿਚ ਕੜਾ ਪਾਇਆ ਦੇਖੋਗੇ। ਅਮਰੀਕ ਅਨੁਸਾਰ ਜਾਵੇਦ ਅਖ਼ਤਰ ਸਟੇਜ ਤੇ ਆਪਣਾ ਕਲਾਮ ਪੇਸ਼ ਕਰਨ ਵਿਚ ਸਭ ਤੋਂ ਵਧੀਆ ਹੈ। ਗੁਲਜ਼ਾਰ ਆਮ ਤੌਰ ਤੇ ਕਵੀ ਦਰਬਾਰਾਂ ਵਿਚ ਨਹੀਂ ਜਾਂਦਾ ਭਾਵੇਂ ਉਸ ਨੂੰ ਸੱਦੇ ਬਹੁਤ ਆਉਂਦੇ ਹਨ। ਕਦੇ ਕਦੇ ਉਹ ਚੋਣਵੇਂ ਕਵੀ ਦਰਬਾਰਾਂ ਵਿਚ ਜਾਂਦਾ ਹੈ ਅਤੇ ਉਸ ਦੇ ਪੈਸੇ ਠੋਕ ਕੇ ਲੈਂਦਾ ਹੈ।
    ਅਮਰੀਕ ਭਾਵੇਂ ਸਾਹਿਰ ਲੁਧਿਆਣਵੀ ਨੂੰ ਕਦੇ ਮਿਲਿਆ ਨਹੀਂ ਕਿਉਂਕਿ ਸਾਹਿਰ ਦੀ ਮੌਤ ਅਮਰੀਕ ਦੇ ਮੁੰਬਈ ਜਾਣ ਤੋਂ ਕੁਝ ਦੇਰ ਪਹਿਲਾਂ ਹੋ ਗਈ ਸੀ ਪਰ ਅਮਰੀਕ ਨੂੰ ਸਾਹਿਰ ਦੀਆਂ ਬਹੁਤ ਸਾਰੀਆਂ ਕਹਾਣੀਆਂ ਦੀ ਜਾਣਕਾਰੀ ਹੈ ਜੋ ਉਸ ਨੇ ਕੁਝ ਫ਼ਿਲਮੀ ਹਸਤੀਆਂ ਤੋਂ ਸੁਣੀਆਂ ਹੋਈਆਂ ਹਨ। ਜਦੋਂ ਯਸ਼ ਚੋਪੜਾ ਨੇ ਫ਼ਿਲਮ ‘ਕਭੀ ਕਭੀ’ ਬਣਾਉਣੀ ਸੀ ਤਾਂ ਉਸ ਨੇ ਸਾਹਿਰ ਨੂੰ ਗੀਤ ਲਿਖਣ ਲਈ ਕਿਹਾ। ਮਿਊਜ਼ਿਕ ਡਾਇਰੈਕਟਰ ਲਈ ਲਕਸ਼ਮੀ ਕਾਂਤ-ਪਿਆਰੇ ਲਾਲ ਨੂੰ ਲੈਣਾ ਸੀ। ਯਸ਼ ਚੋਪੜਾ ਅਤੇ ਸਾਹਿਰ ਲਕਸ਼ਮੀ ਕਾਂਤ-ਪਿਆਰੇ ਲਾਲ ਨੂੰ ਮਿਲਣ ਗਏ। ਸਾਹਿਰ ਨੇ ਆਪਣਾ ਪੁਰਾਣਾ ਗੀਤ ‘ਕਭੀ ਕਭੀ ਦਿਲ ਮੇਂ ਖ਼ਿਆਲ ਆਤਾ ਹੈ’ ਲਕਸ਼ਮੀ ਕਾਂਤ-ਪਿਆਰੇ ਲਾਲ ਨੂੰ ਦਿੱਤਾ ਅਤੇ ਉਸ ਦੀ ਟਿਊਨ ਬਣਾਉਣ ਨੂੰ ਕਿਹਾ। ਲਕਸ਼ਮੀ ਕਾਂਤ-ਪਿਆਰੇ ਲਾਲ ਨੇ ਕਿਹਾ ਕਿ ਇਹ ਤਾਂ ਖੁੱਲ੍ਹੀ ਕਵਿਤਾ ਹੈ ਅਤੇ ਇਸ ਦੀ ਟਿਊਨ ਨਹੀਂ ਬਣ ਸਕਦੀ, ਕੋਈ ਹੋਰ ਗੀਤ ਲੈਅ ਵਿਚ ਲਿਖ ਕੇ ਲਿਆਓ। ਸਾਹਿਰ ਗੁੱਸੇ ਵਿਚ ਆ ਕੇ ਬਾਹਰ ਨਿਕਲ ਗਿਆ। ਯਸ਼ ਚੋਪੜਾ ਵੀ ਮਗਰ ਹੀ ਬਾਹਰ ਆ ਗਿਆ ਅਤੇ ਸਾਹਿਰ ਨੂੰ ਖੜ੍ਹਾ ਕਰ ਕੇ ਪੁੱਛਿਆ ਕਿ ਫਿਰ ਕਿਸ ਨੂੰ ਮਿਊਜ਼ਿਕ ਡਾਇਰੈਕਟਰ ਲਿਆ ਜਾਵੇ? ਸਾਹਿਰ ਨੇ ਖ਼ਿਯਾਮ ਦਾ ਨਾਂ ਪੇਸ਼ ਕੀਤਾ ਜੋ ਪਿੱਛਿਓਂ ਨਵਾਂ ਸ਼ਹਿਰ ਕੋਲ ਦੇ ਪਿੰਡ ਰਾਹੋਂ ਦਾ ਜੰਮ-ਪਲ ਸੀ ਪਰ ਹਾਲੇ ਇੰਨਾ ਮਸ਼ਹੂਰ ਨਹੀਂ ਸੀ। ਖ਼ਿਯਾਮ ਦੀ ਪਤਨੀ ਦਾ ਨਾਂ ਜਗਜੀਤ ਕੌਰ ਸੀ। ਯਸ਼ ਚੋਪੜਾ ਅਤੇ ਸਾਹਿਰ ਉਸੇ ਵੇਲੇ ਖ਼ਿਯਾਮ ਦੇ ਦਫ਼ਤਰ ਚਲੇ ਗਏ ਅਤੇ ਉਸ ਨੂੰ ਉਹੀ ‘ਕਭੀ ਕਭੀ’ ਵਾਲੀ ਕਵਿਤਾ ਦੇ ਕੇ ਟਿਊਨ ਬਣਾਉਣ ਲਈ ਕਿਹਾ। ਖ਼ਿਯਾਮ ਨੇ ਉਸ ਕਵਿਤਾ ਦੀ ਬਹੁਤ ਤਾਰੀਫ਼ ਕੀਤੀ ਅਤੇ ਥੋੜ੍ਹੇ ਮਿੰਟਾਂ ਵਿਚ ਹੀ ਉਸ ਦੀ ਖ਼ੂਬਸੂਰਤ ਟਿਊਨ ਬਣਾ ਦਿੱਤੀ। ਇਸ ਤਰ੍ਹਾਂ ਇਸ ਫ਼ਿਲਮ ਵਿਚ ਲਕਸ਼ਮੀ ਕਾਂਤ-ਪਿਆਰੇ ਲਾਲ ਦੀ ਥਾਂ ਖ਼ਿਯਾਮ ਨੂੰ ਮਿਊਜ਼ਿਕ ਡਾਇਰੈਕਟਰ ਲਿਆ ਗਿਆ ਸੀ।
    ਗੋਵਿੰਦ ਨਿਹਲਾਨੀ ਨੇ ਭੀਸ਼ਮ ਸਾਹਨੀ ਦੇ ਨਾਵਲ ‘ਤਮਸ’ ਤੇ ਟੀ.ਵੀ. ਫ਼ਿਲਮ ਬਣਾਉਣੀ ਚਾਹੀ ਸੀ। ਉਸ ਫ਼ਿਲਮ ਦੇ ਸਕਰੀਨ ਪਲੇਅ ਗੋਵਿੰਦ ਨਿਹਲਾਨੀ ਨੇ ਆਪ ਲਿਖੇ ਸਨ ਅਤੇ ਡਾਇਲਾਗ ਲਿਖਣ ਲਈ ਭੀਸ਼ਮ ਸਾਹਨੀ ਨੂੰ ਆਖਿਆ ਸੀ। ਪਰ ਉਨ੍ਹਾਂ ਦਿਨਾਂ ਵਿਚ ਭੀਸ਼ਮ ਸਾਹਨੀ ਦਿੱਲੀ ਇਕ ਹਸਪਤਾਲ ਵਿਚ ਬਿਮਾਰ ਪਿਆ ਸੀ। ਉਸ ਨੇ ਕਿਹਾ ਕਿ ਡਾਇਲਾਗ ਕਿਸੇ ਹੋਰ ਤੋਂ ਲਿਖਾ ਲਓ। ਗੋਵਿੰਦ ਨਿਹਲਾਨੀ ਨੇ ਅਮਰੀਕ ਨੂੰ ਇਸ ਫ਼ਿਲਮ ਦੇ ਡਾਇਲਾਗ ਲਿਖਣ ਲਈ ਕਿਹਾ। ਅਮਰੀਕ ਦੇ ਲਿਖੇ ਡਾਇਲਾਗ ਭੀਸ਼ਮ ਸਾਹਨੀ ਨੂੰ ਭੇਜੇ ਗਏ ਉਸ ਦੀ ਮਨਜ਼ੂਰੀ ਲੈਣ ਲਈ। ਭੀਸ਼ਮ ਸਾਹਨੀ ਨੇ ਅਮਰੀਕ ਦੇ ਲਿਖੇ ਡਾਇਲਾਗ ਦੀ ਬਹੁਤ ਤਾਰੀਫ਼ ਕੀਤੀ ਅਤੇ ਕਿਹਾ ਕਿ ਉਹ ਫ਼ਿਲਮ ਬਣਾ ਸਕਦੇ ਹਨ। ਜਿਵੇਂ ਆਮ ਕੀਤਾ ਜਾਂਦਾ ਹੈ, ਫ਼ਿਲਮ ਵਾਸਤੇ ਇਸ ਨਾਵਲ ਨੂੰ ਕਾਫ਼ੀ ਤਬਦੀਲ ਕੀਤਾ ਗਿਆ ਸੀ।
        ਅਮਰੀਕ ਨੇ ਸੰਜੇ ਲੀਲਾ ਭੰਸਾਲੀ ਦੀ ਬਹੁਤ ਸਫ਼ਲ ਹੋਈ ਫ਼ਿਲਮ ‘ਹਮ ਦਿਲ ਦੇ ਚੁਕੇ ਸਨਮ‘ ਲਈ ਡਾਇਲਾਗ ਲਿਖੇ ਸਨ। (ਅਸਲ ਵਿਚ ਸੰਜੇ ਦੀ ਮਾਤਾ ਦਾ ਨਾਂ ਲੀਲਾ ਸੀ ਜੋ ਸੰਜੇ ਨੇ ਆਪਣੇ ਨਾਂ ਨਾਲ ਲਾ ਲਿਆ ਸੀ।) ਅਮਰੀਕ ਅਨੁਸਾਰ, ਸੰਜੇ ਲੀਲਾ ਭੰਸਾਲੀ ਦੇ ਪਿਤਾ ਦੀ ਬੰਬਈ ਵਿਚ ਕੱਪੜੇ ਦੀ ਇਕ ਛੋਟੀ ਜਿਹੀ ਦੁਕਾਨ ਸੀ। ਉਸ ਦੀ ਦੁਕਾਨ ਦੇ ਨੇੜੇ ਹੀ ਨਾਜ਼ ਬਿਲਡਿੰਗ ਸੀ ਜਿੱਥੇ ਫ਼ਿਲਮ ਡਿਸਟਰੀਬਿਊਟਰਾਂ ਦੇ ਦਫ਼ਤਰ ਸਨ। ਸੰਜੇ ਲੀਲਾ ਦਾ ਪਿਤਾ ਇਨ੍ਹਾਂ ਡਿਸਟਰੀਬਿਊਟਰਾਂ ਕੋਲ ਜਾ ਕੇ ਬਹਿੰਦਾ ਸੀ ਅਤੇ ਉਨ੍ਹਾਂ ਨਾਲ ਸ਼ਰਾਬ ਪੀਂਦਾ ਸੀ ਅਤੇ ਉਨ੍ਹਾਂ ਨਾਲ ਉਸ ਦੀ ਦੋਸਤੀ ਵੀ ਸੀ। ਸੰਜੇ ਲੀਲਾ ਦਾ ਪਿਤਾ ਗੁਜਰਾਤੀ ਫ਼ਿਲਮਾਂ ਪ੍ਰੋਡਿਊਸ ਕਰਨ ਵਾਸਤੇ ਪੈਸੇ ਵੀ ਦਿੰਦਾ ਸੀ। ਉਸ ਨੇ ਦੋ-ਤਿੰਨ ਫ਼ਿਲਮਾਂ ਆਪ ਵੀ ਪ੍ਰੋਡਿਊਸ ਕੀਤੀਆਂ ਸਨ ਜੋ ਫ਼ੇਲ੍ਹ ਹੋ ਗਈਆਂ ਸਨ। ਇਸ ਤੋਂ ਬਾਅਦ ਉਹ ਕਰਜ਼ੇ ਥੱਲੇ ਇੰਨਾ ਆ ਗਿਆ ਕਿ ਉਸ ਦੀ ਦੁਕਾਨ ਅਤੇ ਘਰ ਵਿਕ ਗਏ। ਘਰ ਦੀ ਹਾਲਤ ਖ਼ਰਾਬ ਹੋ ਗਈ। ਸੰਜੇ ਲੀਲਾ ਹਾਲੇ ਛੋਟਾ ਹੀ ਸੀ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ। ਸੰਜੇ ਲੀਲਾ ਅਤੇ ਉਸ ਦੀ ਭੈਣ ਨੂੰ ਉਨ੍ਹਾਂ ਦੀ ਮਾਤਾ ਨੇ ਹੀ ਪਾਲਿਆ ਸੀ। ਸੰਜੇ ਲੀਲਾ ਦੀ ਭੈਣ ਨੇ ਵੱਡੀ ਹੋ ਕੇ ਫ਼ਿਲਮ ਐਡਿਟਿੰਗ ਦਾ ਕੋਰਸ ਕਰ ਲਿਆ ਅਤੇ ਫ਼ਿਲਮਾਂ ਵਿਚ ਕੰਮ ਕਰਨ ਲੱਗ ਪਈ। ਫਿਰ ਸੰਜੇ ਲੀਲਾ ਨੇ ਵੀ ਫ਼ਿਲਮ ਐਡਿਟਿੰਗ ਦਾ ਕੋਰਸ ਕਰ ਲਿਆ ਅਤੇ ਫ਼ਿਲਮਾਂ ਵਿਚ ਕੰਮ ਕਰਨ ਲੱਗ ਪਿਆ। ‘ਖ਼ਾਮੋਸ਼ੀ ਦਾ ਮਿਊਜ਼ੀਕਲ’ ਸੰਜੇ ਲੀਲਾ ਦੀ ਪਹਿਲੀ ਫ਼ਿਲਮ ਸੀ। ਸੰਜੇ ਲੀਲਾ ਭੰਸਾਲੀ ਖੁਸ਼ਵੰਤ ਸਿੰਘ ਦੇ ਨਾਵਲ ‘ਟਰੇਨ ਟੂ ਪਾਕਿਸਤਾਨ’ ਤੇ ਫ਼ਿਲਮ ਬਣਾਉਣੀ ਚਾਹੁੰਦਾ ਸੀ। ਅਮਰੀਕ ਨੇ ‘ਜੀਤ’ ਫ਼ਿਲਮ ਦੇ ਡਾਇਲਾਗ ਲਿਖੇ ਸਨ ਅਤੇ ਉਹ ਫ਼ਿਲਮ ਬਹੁਤ ਸਫ਼ਲ ਰਹੀ ਸੀ। ਉਸ ਵੇਲੇ ਤੱਕ ਅਮਰੀਕ 12-13 ਫ਼ਿਲਮਾਂ ਦੇ ਡਾਇਲਾਗ ਲਿਖ ਚੁੱਕਾ ਸੀ ਅਤੇ ਉਸ ਨੂੰ ਕਈ ਫ਼ਿਲਮਾਂ ਲਈ ਇਨਾਮ ਵੀ ਮਿਲੇ ਸਨ। ਸੰਜੇ ਲੀਲਾ ਨੂੰ ਅਮਰੀਕ ਦਾ ਡਾਇਲਾਗ ਲਿਖਣ ਦਾ ਕੰਮ ਬਹੁਤ ਪਸੰਦ ਸੀ ਕਿਉਂਕਿ ਸੰਜੇ ਲੀਲਾ ਕਹਿੰਦਾ ਸੀ ਕਿ ਅਮਰੀਕ ਦੀ ਲਿਖਤ ਵਿਚ ਡਰਾਮਾ ਅਤੇ ਲਿਰੀਸਿਜ਼ਮ ਬਹੁਤ ਹੈ। ਉਸ ਨੇ ਅਮਰੀਕ ਨਾਲ ਗੱਲ ਕੀਤੀ। ਸੰਜੇ ਲੀਲਾ ਨੂੰ ‘ਟਰੇਨ ਟੂ ਪਾਕਿਸਤਾਨ’ ਲਈ ਪ੍ਰੋਡਿਊਸਰ ਦੀ ਲੋੜ ਸੀ। ਅਮਰੀਕ ਅਤੇ ਸੰਜੇ ਲੀਲਾ ਦੋਵੇਂ ਧਰਮਿੰਦਰ ਕੋਲ ਗਏ ਅਤੇ ਧਰਮਿੰਦਰ ਇਸ ਫ਼ਿਲਮ ਨੂੰ ਪ੍ਰੋਡਿਊਸ ਕਰਨ ਲਈ ਮੰਨ ਗਿਆ। ਧਰਮਿੰਦਰ ਨੇ ਇਸ ਤੋਂ ਪਹਿਲਾਂ ਕੁਝ ਫ਼ਿਲਮਾਂ ਪ੍ਰੋਡਿਊਸ ਕੀਤੀਆਂ ਸਨ। ਇਸ ਫ਼ਿਲਮ ਲਈ ਖੁਸ਼ਵੰਤ ਸਿੰਘ ਤੋਂ ਮਨਜ਼ੂਰੀ ਲੈਣ ਲਈ ਸੰਜੇ ਲੀਲਾ, ਅਮਰੀਕ, ਧਰਮਿੰਦਰ, ਅਤੇ ਧਰਮਿੰਦਰ ਦਾ ਬੇਟਾ ਬਾਬੀ ਦਿਉਲ ਦਿੱਲੀ ਖੁਸ਼ਵੰਤ ਸਿੰਘ ਨੂੰ ਮਿਲਣ ਗਏ, ਪਰ ਖੁਸ਼ਵੰਤ ਸਿੰਘ ਨੇ ਦੱਸਿਆ ਕਿ ਉਸ ਨੇ ‘ਟਰੇਨ ਟੂ ਪਾਕਿਸਤਾਨ’ ਨਾਵਲ ਤੇ ਫ਼ਿਲਮ ਬਣਾਉਣ ਦੇ ਅਧਿਕਾਰ ਕਿਸੇ ਹੋਰ ਨੂੰ ਪਹਿਲਾਂ ਹੀ ਦੇ ਦਿੱਤੇ ਸਨ। ਇਸ ਤਰ੍ਹਾਂ ਇਸ ਫ਼ਿਲਮ ਨੂੰ ਬਣਾਉਣ ਵਾਲੀ ਗੱਲ ਰਹਿ ਗਈ। ਫਿਰ ਸੰਜੇ ਲੀਲਾ ਨੇ ‘ਹਮ ਦਿਲ ਦੇ ਚੁਕੇ ਸਨਮ’ ਫ਼ਿਲਮ ਡਾਇਰੈਕਟ ਕੀਤੀ ਅਤੇ ਉਸ ਫ਼ਿਲਮ ਦੇ ਡਾਇਲਾਗ ਲਿਖਣ ਲਈ ਅਮਰੀਕ ਨੂੰ ਚੁਣਿਆਂ। ਇਸ ਤੋਂ ਬਾਅਦ ਜੋ ਹੋਇਆ ਅਤੇ ਸੰਜੇ ਲੀਲਾ ਭੰਸਾਲੀ ਅਤੇ ਅਮਰੀਕ ਦੀ ਜ਼ਿੰਦਗੀ ਵਿਚ ਜੋ ਪਰਿਵਰਤਨ ਆਇਆ ਉਹ ਫ਼ਿਲਮ ਇੰਡਸਟਰੀ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ ਵਿਚ ਲਿਖਿਆ ਪਿਆ ਹੈ। ਇਹ ਫ਼ਿਲਮ ਬੇਹੱਦ ਸਫ਼ਲ ਰਹੀ ਅਤੇ ਇਸ ਫ਼ਿਲਮ ਨੇ ਬਹੁਤ ਸਾਰੇ ਇਨਾਮ ਜਿੱਤੇ। ਅਮਰੀਕ ਨੂੰ ਵੀ ਇਸ ਫ਼ਿਲਮ ਦੇ ਡਾਇਲਾਗ ਲਿਖਣ ਲਈ ਇਨਾਮ ਮਿਲੇ।
        ਪੰਜਾਬੀ ਫ਼ਿਲਮ ‘ਕਿਰਪਾਨ’ ਦੀ ਕਹਾਣੀ, ਸਕਰੀਨ ਪਲੇਅ, ਅਤੇ ਡਾਇਲਾਗ ਅਮਰੀਕ ਨੇ ਹੀ ਲਿਖੇ ਸਨ। ਇਹ ਫ਼ਿਲਮ ਡਾਇਰੈਕਟ ਵੀ ਅਮਰੀਕ ਨੇ ਹੀ ਕੀਤੀ ਸੀ। ਅਮਰੀਕ ਨੂੰ ਉਮੀਦ ਸੀ ਕਿ ਲੋਕ ਇਸ ਫ਼ਿਲਮ ਨੂੰ ਪਸੰਦ ਕਰਨਗੇ ਪਰ ਇਹ ਫ਼ਿਲਮ ਉਤਨੀ ਸਫ਼ਲ ਨਹੀਂ ਸੀ ਰਹੀ ਜਿੰਨੀ ਅਮਰੀਕ ਨੂੰ ਆਸ ਸੀ। ਅਮਰੀਕ ਹੱਸ ਕੇ ਕਹਿੰਦਾ ਹੈ ਕਿ ਜਦੋਂ ਕੋਈ ਫ਼ਿਲਮ ਫ਼ੇਲ੍ਹ ਹੋ ਜਾਵੇ ਤਾਂ ਪ੍ਰੋਡਿਊਸਰ ਤੁਹਾਡੇ ਕੰਮ ਤੇ ਖੁਸ਼ ਨਹੀਂ ਹੁੰਦਾ ਅਤੇ ਤੁਹਾਡੀ ਸਾਰੀ ਕਲਾ ਜਾਂਦੀ ਰਹਿੰਦੀ ਹੈ।
    ਅਮਰੀਕ ਮੈਨੂੰ ਦੱਸ ਰਿਹਾ ਸੀ ਕਿ ਹਰ ਫ਼ਿਲਮ ਦੇ ਤਿੰਨ ਮਹੱਤਵ-ਪੂਰਨ ਅੰਸ਼ ਹੁੰਦੇ ਹਨ: ਕਹਾਣੀ, ਸਕਰੀਨ ਪਲੇਅ, ਅਤੇ ਡਾਇਲਾਗ। ਫ਼ਿਲਮ ਦੀ ਸਫ਼ਲਤਾ ਇਨ੍ਹਾਂ ਤਿੰਨਾਂ ਚੀਜ਼ਾਂ ਤੇ ਨਿਰਭਰ ਕਰਦੀ ਹੈ। ਫ਼ਿਲਮ ਦੀ ਕਹਾਣੀ ਵਧੀਆ ਹੋਣੀ ਚਾਹੀਦੀ ਹੈ ਜੋ ਦਰਸ਼ਕਾਂ ਦਾ ਧਿਆਨ ਖਿੱਚ ਸਕੇ। ਇਹ ਬਹੁਤ ਜ਼ਰੂਰੀ ਹੈ। ਸਕਰੀਨ ਪਲੇਅ ਫ਼ਿਲਮ ਦੇ ਹਰ ਸੀਨ ਨੂੰ ਦਰਸਾਉਂਦਾ ਹੈ। ਅਮਰੀਕ ਅਨੁਸਾਰ ਪੁਰਾਣੀਆਂ ਫ਼ਿਲਮਾਂ ਵਿਚ ਆਮ ਤੌਰ ਤੇ 35 ਤੋਂ 40 ਸੀਨ ਹੁੰਦੇ ਸਨ, ਪਰ ਅੱਜ ਕੱਲ੍ਹ ਨਵੀਆਂ ਫ਼ਿਲਮਾਂ ਵਿਚ ਲਗਭਗ 70 ਤੋਂ 100 ਸੀਨ ਹੁੰਦੇ ਹਨ। ਜੇ ਫ਼ਿਲਮ ਵਿਚ ਥੋੜ੍ਹੇ ਸੀਨ ਹੋਣ ਤਾਂ ਫ਼ਿਲਮ ਦੀ ਰਫ਼ਤਾਰ ਹੌਲੀ (slow) ਹੋ ਜਾਂਦੀ ਹੈ। ਜੇ ਫ਼ਿਲਮ ਵਿਚ ਜ਼ਿਆਦਾ ਸੀਨ ਹੋਣ ਤਾਂ ਫ਼ਿਲਮ ਦੀ ਰਫ਼ਤਾਰ ਤੇਜ਼ (fast) ਹੋ ਜਾਂਦੀ ਹੈ। ਇਕ ਸੀਨ ਦੀ ਲੰਬਾਈ ਛੋਟੀ ਵੀ ਹੋ ਸਕਦੀ ਹੈ ਅਤੇ ਲੰਬੀ ਵੀ। ਇਕ ਸੀਨ ਸਿਰਫ਼ ਇਕ ਲਾਈਨ ਦਾ ਵੀ ਹੋ ਸਕਦਾ ਹੈ ਅਤੇ ਬਹੁਤ ਲੰਬਾ ਵੀ। ਡਾਇਲਾਗ ਵੀ ਫ਼ਿਲਮ ਦੀ ਸਫ਼ਲਤਾ ਲਈ ਬਹੁਤ ਮਹੱਤਵਪੂਰਨ ਹਨ। ਚੰਗੇ ਡਾਇਲਾਗ ਫ਼ਿਲਮ ਦੀ ਜਾਨ ਹੁੰਦੇ ਹਨ। ਕਿਸੇ ਵੀ ਫ਼ਿਲਮ ਦੀ ਸਫ਼ਲਤਾ ਇਨ੍ਹਾਂ ਤਿੰਨਾਂ ਗੱਲਾਂ ਤੇ ਹੀ ਨਿਰਭਰ ਕਰਦੀ ਹੈ। ਅਮਰੀਕ ਅਨੁਸਾਰ ਡਾਇਲਾਗ ਲਿਖਣ ਦੇ ਸਭ ਤੋਂ ਵੱਧ ਪੈਸੇ ਮਿਲਦੇ ਹਨ। ਉਸ ਤੋਂ ਘੱਟ ਪੈਸੇ ਸਕਰੀਨ ਪਲੇਅ ਲਿਖਣ ਦੇ ਮਿਲਦੇ ਹਨ। ਸਭ ਤੋਂ ਘੱਟ ਪੈਸੇ ਕਹਾਣੀ ਲਿਖਣ ਦੇ ਮਿਲਦੇ ਹਨ।
    ਇਕ ਵਾਰੀ ਅਮਰੀਕ ਦੀ ਅਤੇ ਮੇਰੀ ਸਾਹਿਤ ਬਾਰੇ ਗੱਲ ਹੋਈ ਤਾਂ ਅਮਰੀਕ ਕਹਿੰਦਾ, "ਗੁਰੂ ਨਾਨਕ ਨੇ ਪੰਜਾਬੀ ਵਿਚ ਲਿਖਿਆ। ਆਮ ਲੋਕਾਂ ਦੀ ਭਾਸ਼ਾ ਵਰਤੀ। ਸੰਸਕ੍ਰਿਤ ਵਿਚ ਨਹੀਂ ਲਿਖਿਆ। ... ਰਾਜ ਕਪੂਰ ਵੀ ਕਹਿੰਦਾ ਸੀ ਕਿ ਆਮ ਲੋਕਾਂ ਦੀ ਭਾਸ਼ਾ ਵਰਤੋ। ... ਜੇ ਕਿਸੇ ਫ਼ਿਲਮ ਵਿਚ ਇਕ ਹੀਰੋਇਨ ਇਕ ਹੀਰੋ ਨੂੰ ਕਹੇ ‘ਮੈਂ ਤੁਝੇ ਅਤਿਅੰਤ ਪਿਆਰ ਕਰਤੀ ਹੂੰ’ ਤਾਂ ਬਹੁਤ ਸਾਰੇ ਦਰਸ਼ਕਾਂ ਨੂੰ ਸ਼ਾਇਦ ਇਹ ਸਮਝ ਹੀ ਨਾ ਆਵੇ। ਜੇ ਇਹ ਹੀਰੋਇਨ ਕਹੇ ‘ਮੈਂ ਤੁਝੇ ਬਹੁਤ ਪਿਆਰ ਕਰਤੀ ਹੂੰ’ ਤਾਂ ਸਾਰੇ ਦਰਸ਼ਕਾਂ ਨੂੰ ਸਮਝ ਆ ਜਾਵੇਗਾ। ... ਜਿੰਨੀ ਸੌਖੀ ਭਾਸ਼ਾ ਵਿਚ ਡਾਇਲਾਗ ਲਿਖੇ ਜਾਣ ਵਧੀਆ ਹੈ। ...’’
      ਅਮਰੀਕ ਫ਼ਿਲਮਾਂ ਦੇ ਸੰਬੰਧ ਵਿਚ ਕਈ ਮੁਲਕਾਂ ਵਿਚ ਗਿਆ ਹੈ ਪਰ ਕੈਨੇਡਾ ਅਤੇ ਇੰਗਲੈਂਡ ਤਾਂ ਉਹ ਬਹੁਤ ਵਾਰੀ ਗਿਆ ਹੈ। ਇਕ ਵਾਰੀ ਅਮਰੀਕ ਟੋਰਾਂਟੋ ਵਿਚ ਹੋਏ ਫ਼ਿਲਮ ਫ਼ੈਸਟੀਵਲ ਤੇ ਓਮ ਪੁਰੀ ਦੇ ਨਾਲ ਜਿਊਰੀ ਮੈਂਬਰ ਬਣ ਕੇ ਵੀ ਗਿਆ ਸੀ। ਇਕ ਵਾਰੀ ਜਦੋਂ ਉਸ ਨੂੰ ਇੰਗਲੈਂਡ ਵਿਚ ਇਕ ਇਨਾਮ ਦਿੱਤਾ ਗਿਆ ਤਾਂ ਹਿੰਦੁਸਤਾਨ ਵਾਪਸ ਆ ਕੇ ਉਹ ਸਭ ਤੋਂ ਪਹਿਲਾਂ ਗਾਰਗੀ ਨੂੰ ਮਿਲਣ ਗਿਆ। ਕੈਨੇਡਾ ਅਤੇ ਇੰਗਲੈਂਡ ਵਿਚ ਉਸ ਦੇ ਕਈ ਰਿਸ਼ਤੇਦਾਰ ਰਹਿੰਦੇ ਹਨ। ਇੰਗਲੈਂਡ ਵਿਚ ਉਸ ਦਾ ਪਿਤਾ ਆਪਣੀ ਦੂਜੀ ਪਤਨੀ ਨਾਲ ਰਹਿੰਦਾ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਵੀ ਰਹਿੰਦੇ ਸਨ। ਉੱਥੇ ਹੀ ਅਮਰੀਕ ਦੀ ਇਕ ਭੂਆ ਅਤੇ ਉਸ ਦਾ ਟੱਬਰ ਰਹਿੰਦਾ ਸੀ। ਕੈਨੇਡਾ ਵਿਚ ਅਮਰੀਕ ਦਾ ਚਾਚਾ ਅਤੇ ਉਸ ਦਾ ਟੱਬਰ ਰਹਿੰਦਾ ਸੀ। ਅਮਰੀਕ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਕੈਨੇਡਾ ਜਾਂ ਇੰਗਲੈਂਡ ਗਿਆ ਹੈ, ਉਹ ਰਿਸ਼ਤੇਦਾਰਾਂ ਨੂੰ ਘੱਟ ਹੀ ਮਿਲਿਆ ਹੈ। ਉਹ ਹਰ ਥਾਂ ਹੋਟਲਾਂ ਵਿਚ ਹੀ ਰਿਹਾ ਹੈ ਅਤੇ ਕਈ ਵਾਰੀ ਆਪਣੇ ਰਿਸ਼ਤੇਦਾਰਾਂ ਨੂੰ ਦੱਸਦਾ ਵੀ ਨਹੀਂ ਕਿ ਉਹ ਉੱਥੇ ਆਇਆ ਹੋਇਆ ਹੈ। ਜਦੋਂ ਉਹ ਲੰਡਨ ਜਾਂਦਾ ਹੈ ਤਾਂ ਉਹ ਵਿਹਲਾ ਸਮਾਂ ਕੁਝ ਫ਼ਿਲਮਾਂ ਅਤੇ ਪਲੇਅ ਦੇਖ ਕੇ ਬਿਤਾਉਂਦਾ ਹੈ। ਜਦੋਂ ਅਮਰੀਕ ਦਾ ਫ਼ਿਲਮ ਇੰਡਸਟਰੀ ਵਿਚ ਕਾਫ਼ੀ ਨਾਂ ਬਣ ਗਿਆ ਤਾਂ ਉਸ ਦੇ ਸਾਰੇ ਰਿਸ਼ਤੇਦਾਰ ਉਸ ਨੂੰ ਫ਼ੋਨ ਕਰਨ ਲੱਗ ਪਏ ਜਿਨ੍ਹਾਂ ਨੇ ਪਹਿਲਾਂ ਕਦੇ ਉਸ ਨਾਲ ਗੱਲ ਵੀ ਨਹੀਂ ਸੀ ਕੀਤੀ। ਉਸ ਦਾ ਪਿਤਾ ਅਤੇ ਪਿਤਾ ਦੇ ਦੂਜੇ ਵਿਆਹ ਦੇ ਬੱਚੇ ਵੀ ਉਸ ਨੂੰ ਮਿਲਣ ਦੀ ਇੱਛਾ ਰੱਖਦੇ ਸਨ ਜਿਨ੍ਹਾਂ ਨੂੰ ਉਹ ਇੰਗਲੈਂਡ ਗਿਆ ਥੋੜ੍ਹੀ ਵਾਰੀ ਮਿਲਿਆ ਵੀ ਹੈ।
                                                      *****
ਅਮਰੀਕ ਦੇ ਵਿਆਹ ਦੀ ਕਹਾਣੀ ਵੀ ਅਜੀਬ ਹੈ। ਜਦੋਂ ਅਮਰੀਕ ਦਿੱਲੀ ਦੇ ਨੈਸ਼ਨਲ ਸਕੂਲ ਆਫ਼ ਡਰਾਮਾ ਵਿਚ ਡਿਗਰੀ ਕਰ ਰਿਹਾ ਸੀ ਤਾਂ ਉਸ ਸਕੂਲ ਦੇ ਨੇੜੇ ਹੀ ਇਕ ਬੈਂਕ ਵਿਚ ਰਸ਼ਪਿੰਦਰ ਰਸ਼ਿਮ ਕੰਮ ਕਰਦੀ ਸੀ। ਇਕ ਦਿਨ ਅਚਾਨਕ ਹੀ ਉੱਥੇ ਅਮਰੀਕ ਨੂੰ ਆਪਣੀ ਇਕ ਵਾਕਫ਼ ਔਰਤ ਨਾਲ ਰਸ਼ਪਿੰਦਰ ਮਿਲ ਪਈ। ਉਹ ਔਰਤ ਅਮਰੀਕ ਅਤੇ ਰਸ਼ਪਿੰਦਰ ਦੋਹਾਂ ਦੀ ਵਾਕਫ਼ ਸੀ। ਉਸ ਨੇ ਇਨ੍ਹਾਂ ਦੋਹਾਂ ਦੀ ਜਾਣਕਾਰੀ ਇਕ ਦੂਜੇ ਨਾਲ ਕਰਾਈ। ਉਸ ਤੋਂ ਬਾਅਦ ਇਹ ਦੋਵੇਂ ਮਿਲਣ ਲੱਗ ਪਏ। ਉਨ੍ਹਾਂ ਦਿਨਾਂ ਵਿਚ ਰਸ਼ਪਿੰਦਰ ਕਹਾਣੀਆਂ ਲਿਖਦੀ ਸੀ ਜੋ ਨਾਗਮਣੀ ਵਿਚ ਛਪਦੀਆਂ ਸਨ। ਇਨ੍ਹਾਂ ਦੋਹਾਂ ਦੀਆਂ ਸਾਹਿਤਕ ਰੁਚੀਆਂ ਨੇ ਹੀ ਸ਼ਾਇਦ ਇਕ-ਦੂਜੇ ਨੂੰ ਆਪਣੇ ਵੱਲ ਖਿੱਚਿਆ। ਫਿਰ ਅਮਰੀਕ ਦੇ ਮੁੰਬਈ ਜਾਣ ਤੋਂ ਬਾਅਦ ਜਦੋਂ ਇਨ੍ਹਾਂ ਨੇ ਵਿਆਹ ਕਰਾਉਣ ਬਾਰੇ ਸੋਚਿਆ ਤਾਂ ਰਸ਼ਪਿੰਦਰ ਦੀ ਵੱਡੀ ਭੈਣ ਨੇ ਆਪਣੇ ਮਾਤਾ-ਪਿਤਾ ਨਾਲ ਅਮਰੀਕ ਅਤੇ ਰਸ਼ਪਿੰਦਰ ਦੇ ਵਿਆਹ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਇਹ ਦੋਵੇਂ ਇਕ ਦੂਜੇ ਨੂੰ ਚਾਹੁੰਦੇ ਹਨ। ਇਸ ਤੋਂ ਬਾਅਦ ਅਮਰੀਕ ਰਸ਼ਪਿੰਦਰ ਦੇ ਮਾਤਾ-ਪਿਤਾ ਨੂੰ ਅੰਮ੍ਰਿਤਸਰ ਮਿਲਣ ਗਿਆ। ਅਮਰੀਕ ਹੱਸਦਾ ਕਹਿੰਦਾ ਹੈ, "ਰਸ਼ਪਿੰਦਰ ਦੇ ਪਿਤਾ ਨੇ ਮੈਨੂੰ ਇੰਟਰਵਿਊ ਲਈ ਸੱਦਿਆ ਸੀ।’’ ਜਦੋਂ ਅਮਰੀਕ ਰਸ਼ਪਿੰਦਰ ਦੇ ਮਾਤਾ-ਪਿਤਾ ਨੂੰ ਮਿਲਣ ਗਿਆ ਤਾਂ ਉਹ ਪਰਮਿੰਦਰਜੀਤ ਅਤੇ ਡਾ. ਕੁਲਵੰਤ ਸ਼ੇਰਗਿੱਲ (ਜੋ ਡਾ. ਕਰਨੈਲ ਸ਼ੇਰਗਿੱਲ ਦਾ ਭਰਾ ਸੀ) ਨੂੰ ਆਪਣੇ ਨਾਲ ਲੈ ਗਿਆ। ਅਮਰੀਕ ਹੱਸਦਾ ਕਹਿੰਦਾ ਹੈ, "ਮੈਂ ਪਰਮਿੰਦਰਜੀਤ ਅਤੇ ਕੁਲਵੰਤ ਨੂੰ ਮੌਰਲ ਸਪੋਰਟ (moral support) ਲਈ ਨਾਲ ਲੈ ਕੇ ਗਿਆ ਸੀ।’’
        "ਬਾਕੀ ਗੱਲਾਂ ਤਾਂ ਸਭ ਠੀਕ ਹਨ ਪਰ ਆਪਾਂ ਦੋਵੇਂ ਪਰਵਾਰ ਗਿੱਲ ਹਾਂ। ਮੇਰੇ ਰਿਸ਼ਤੇਦਾਰਾਂ ਨੇ ਕਹਿਣਾ ਤੁਹਾਨੂੰ ਹੋਰ ਗੋਤ ਦਾ ਮੁੰਡਾ ਹੀ ਨਾ ਲੱਭਿਆ।’’ ਕੁਝ ਗੱਲਾਂ ਕਰਨ ਤੋਂ ਬਾਅਦ ਰਸ਼ਪਿੰਦਰ ਦੇ ਪਿਤਾ ਜੀ ਨੇ ਕਿਹਾ।
"ਦੇਖੋ ਜੀ ਮੇਰੇ ਕੋਲ ਪੱਕੀ ਨੌਕਰੀ ਨਹੀਂ। ਮੈਂ ਗਰੀਬ ਪਰਵਾਰ ਦਾ ਮੁੰਡਾਂ। ਮੈਨੂੰ ਕਿਸੇ ਹੋਰ ਨੇ ਤਾਂ ਆਪਣੀ ਲੜਕੀ ਦੇਣੀ ਨਹੀਂ। ਜੇ ਗਿੱਲ ਮੇਰੀ ਮਦਦ ਨਾ ਕਰਨਗੇ ਤਾਂ ਹੋਰ ਕੌਣ ਕਰੇਗਾ?’’ ਅਮਰੀਕ ਨੇ ਜਵਾਬ ਦਿੱਤਾ ਸੀ। ਹੁਣ ਅਮਰੀਕ ਇਹ ਕਹਾਣੀ ਦੱਸਦਾ ਹੱਸਦਾ ਹੈ।
    ਰਸ਼ਪਿੰਦਰ ਦੇ ਪਿਤਾ ਜੀ ਕੁਝ ਦੇਰ ਸੋਚਦੇ ਰਹੇ ਅਤੇ ਫਿਰ ਉਨ੍ਹਾਂ ਨੇ ਇਸ ਵਿਆਹ ਲਈ ਹਾਂ ਕਰ ਦਿੱਤੀ। ਉਸੇ ਦਿਨ ਉਨ੍ਹਾਂ ਨੇ ਅਮਰੀਕ ਨੂੰ ਸ਼ਗਨ ਦੇ 500 ਰੁਪਏ ਦਿੱਤੇ। ਉਸੇ ਸ਼ਾਮ ਉੱਥੋਂ ਆ ਕੇ ਅਮਰੀਕ, ਪਰਮਿੰਦਰਜੀਤ, ਅਤੇ ਕੁਲਵੰਤ ਨੇ ਉਨ੍ਹਾਂ 500 ਰੁਪਇਆਂ ਦੀ ਸ਼ਰਾਬ ਪੀਤੀ ਅਤੇ ਪਾਰਟੀ ਕੀਤੀ।
    ਜਦੋਂ ਅਮਰੀਕ ਦਾ ਵਿਆਹ ਹੋਇਆ ਤਾਂ ਉਸ ਨੇ ਆਪਣੇ ਪਿਤਾ ਨੂੰ ਇੰਗਲੈਂਡ ਤੋਂ ਨਹੀਂ ਸੀ ਸੱਦਿਆ। ਪਿੰਡ ਦੇ ਕੁਝ ਲੋਕ ਕਹਿਣ ਲੱਗੇ ਕਿ ਅਮਰੀਕ ਨੂੰ ਆਪਣੇ ਪਿਤਾ ਨੂੰ ਸੱਦ ਲੈਣਾ ਚਾਹੀਦਾ ਸੀ ਕਿਉਂਕਿ ਵਿਆਹ ਵਿਚ ਪਿਤਾ ਦਾ ਹੋਣਾ ਜ਼ਰੂਰੀ ਹੈ। ਅਮਰੀਕ ਨੇ ਉਨ੍ਹਾਂ ਲੋਕਾਂ ਨੂੰ ਕਿਹਾ, "ਤੁਸੀਂ ਸ਼ੁਕਰ ਕਰੋ ਮੇਰਾ ਵਿਆਹ ਹੋਣ ਲੱਗਾ। ਪਿਤਾ ਦਾ ਕੀ ਹੈ? ਆਪਾਂ ਗੁਰਦਵਾਰੇ ਤੋਂ ਕੋਈ ਸੋਹਣਾ ਜਿਹਾ ਬਜ਼ੁਰਗ ਲੈ ਆਵਾਂਗੇ। ਉਸ ਨੂੰ ਵਧੀਆ ਜਿਹੇ ਕੱਪੜੇ ਪੁਆ ਲਵਾਂਗੇ ਤੇ ਉਸ ਨੂੰ ਪਿਉ ਬਣਾ ਲਵਾਂਗੇ। ਵਿਆਹ ਤੋਂ ਬਾਅਦ ਉਸ ਨੂੰ 5000 ਰੁਪਏ ਦੇ ਕੇ ਵਾਪਸ ਤੋਰ ਦਿਆਂਗੇ।’’
    ਅਮਰੀਕ ਦੀ ਪਤਨੀ ਰਸ਼ਪਿੰਦਰ ਰਸ਼ਿਮ ਬਹੁਤ ਵਧੀਆ ਕਹਾਣੀਕਾਰ ਹੈ। ਉਸ ਦੀਆਂ ਕਹਾਣੀਆਂ ਸਿਰਜਣਾ, ਨਾਗਮਣੀ, ਅਤੇ ਪ੍ਰਵਚਨ ਵਰਗੇ ਮੈਗਜ਼ੀਨਾਂ ਵਿਚ ਛਪੀਆਂ ਹਨ। ਰਸ਼ਪਿੰਦਰ ਦਾ ਇਕ ਨਾਵਲ ਅਤੇ ਕਹਾਣੀਆਂ ਦੀਆਂ ਪੰਜ ਕਿਤਾਬਾਂ ਛਪ ਚੁੱਕੀਆਂ ਹਨ। ਉਸ ਨੇ ਭਗਵਤੀ ਚਰਨ ਵਰਮਾ ਦੇ ਹਿੰਦੀ ਨਾਵਲ ‘ਭੂਲੇ ਵਿਸਰੇ ਚਿਤਰ’ ਦਾ ਅਤੇ ਗੁਲਜ਼ਾਰ ਦੀ ਕਹਾਣੀਆਂ ਦੀ ਕਿਤਾਬ ‘ਰਾਵੀ ਪਾਰ’ ਦਾ ਵੀ ਪੰਜਾਬੀ ਵਿਚ ਅਨੁਵਾਦ ਕੀਤਾ ਹੈ। ਰਸ਼ਪਿੰਦਰ ਨੇ ਮਨੋਜ ਦਾਸ ਦੀਆਂ ਕਹਾਣੀਆਂ ਦਾ ਅਨੁਵਾਦ ਵੀ ਕੀਤਾ ਹੈ ਅਤੇ ‘ਮਨੋਜ ਦਾਸ ਦੀਆਂ ਕਹਾਣੀਆਂ’ ਕਿਤਾਬ ਛਪਵਾਈ ਹੈ। ਰਸ਼ਪਿੰਦਰ ਨੂੰ ਭਾਸ਼ਾ ਵਿਭਾਗ ਵਲੋਂ ਅਤੇ ਨਵਾਂ ਜ਼ਮਾਨਾ ਵਲੋਂ ਇਨਾਮ ਮਿਲ ਚੁੱਕੇ ਹਨ। ਅਮਰੀਕ ਰਸ਼ਪਿੰਦਰ ਦੀ ਬੇਹੱਦ ਤਾਰੀਫ਼ ਕਰਦਾ ਹੈ। ਉਨ੍ਹਾਂ ਦੀ ਬੇਟੀ ਆਸਾਵਰੀ ਉਨ੍ਹਾਂ ਨਾਲ ਹੀ ਮੁੰਬਈ ਰਹਿੰਦੀ ਹੈ ਅਤੇ ਇਕ ਅਮਰੀਕਨ ਕੰਪਨੀ ਲਈ ਕੰਮ ਕਰਦੀ ਹੈ।
       ਬਲਵੰਤ ਗਾਰਗੀ ਦੀ ਮੌਤ ਤੋਂ ਬਾਅਦ ਅਮਰੀਕ ਗਿੱਲ ਨੇ ਉਸ ਬਾਰੇ ਇਕ ਬਹੁਤ ਵਧੀਆ ਲੇਖ "ਗਾਰਗੀ-ਦ-ਗਰੇਟ’’ ਲਿਖਿਆ ਸੀ ਜੋ ਸਮਦਰਸ਼ੀ ਮੈਗਜ਼ੀਨ ਦੇ ਅਕਤੂਬਰ-ਨਵੰਬਰ 2003 ਅੰਕ ਵਿਚ ਛਪਿਆ ਸੀ। ਇਹ ਲੇਖ ਪਾਠਕਾਂ ਵਲੋਂ ਇੰਨਾ ਪਸੰਦ ਕੀਤਾ ਗਿਆ ਸੀ ਕਿ ਬਾਅਦ ਵਿਚ ਇਹ ਕਈ ਥਾਵੀਂ ਛਪਿਆ ਸੀ। ਕੁਝ ਸਾਲਾਂ ਬਾਅਦ ਸਮਦਰਸ਼ੀ ਦੇ ਇਕ ਹੋਰ ਅੰਕ ਵਿਚ ਵੀ ਇਸ ਨੂੰ ਦੁਬਾਰਾ ਛਾਪਿਆ ਗਿਆ ਸੀ। ਇੰਨਾ ਵਧੀਆ ਲੇਖ ਕਿਸੇ ਪੰਜਾਬੀ ਲੇਖਕ ਤੇ ਸ਼ਾਇਦ ਹੀ ਕਦੇ ਲਿਖਿਆ ਗਿਆ ਹੋਵੇ। ਅਮਰੀਕ ਗਿੱਲ ਇਸ ਲੇਖ ਨੂੰ ਆਪਣੇ ਡਰਾਮੈਟਿਕ ਢੰਗ ਨਾਲ ਆਪਣੇ ਐਕਟਿੰਗ ਵਾਲੇ ਸਟਾਈਲ ਵਿਚ ਪੜ੍ਹਨ ਲਈ ਮਸ਼ਹੂਰ ਹੈ। ਅਮਰੀਕ ਕਹਿੰਦਾ ਹੈ, "ਮੈਂ ਆਪਣੇ ਬਾਪੂ ਬਾਰੇ ਲਿਖੇ ਲੇਖ ਨੂੰ ਵੱਖ ਵੱਖ ਥਾਵਾਂ ਤੇ ਪੜ੍ਹ ਕੇ ਬਹੁਤ ਸਾਰੇ ਪੈਸੇ ਕਮਾਏ ਹਨ।’’ ਅਮਰੀਕ ਗਾਰਗੀ ਨੂੰ ਬਾਪੂ ਕਹਿੰਦਾ ਹੈ। ਅਮਰੀਕ ਕਹਿੰਦਾ ਹੈ ਕਿ ਗਾਰਗੀ ਨੇ ਉਸ ਨੂੰ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾਇਆ, ਰੋਟੀ ਖਾਣੀ ਅਤੇ ਸ਼ਰਾਬ ਪੀਣੀ ਸਿਖਾਈ। ਗਾਰਗੀ ਸ਼ਰਾਬ ਦਾ ਇਕ ਗਲਾਸ ਲੈ ਕੇ ਬਹੁਤ ਦੇਰ ਬੈਠਾ ਰਹਿੰਦਾ ਸੀ।
       ਜਦੋਂ ਅਮਰੀਕ ਨੇ ਗਾਰਗੀ ਬਾਰੇ ਇਹ ਲੇਖ ਲਿਖਿਆ ਤਾਂ ਉਸ ਨੇ ਡਾ. ਸਤਿੰਦਰ ਨੂਰ ਨੂੰ ਭੇਜਿਆ। ਲੇਖ ਪੜ੍ਹ ਕੇ ਡਾ. ਨੂਰ ਨੇ ਅਮਰੀਕ ਨੂੰ ਦਿੱਲੀ ਸਾਹਿਤ ਅਕੈਡਮੀ ਦੀ ਮੀਟਿੰਗ ਵਿਚ ਆ ਕੇ ਉਹ ਲੇਖ ਪੜ੍ਹਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅਮਰੀਕ ਨੂੰ ਮੁੰਬਈ ਤੋਂ ਦਿੱਲੀ ਦਾ ਜਹਾਜ਼ ਦਾ ਟਿਕਟ ਦਿੱਤਾ ਅਤੇ ਕੁਝ ਹੋਰ ਸੇਵਾ ਵੀ ਕੀਤੀ। ਜਦੋਂ ਸੁਰਜੀਤ ਪਾਤਰ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਅਮਰੀਕ ਨੂੰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣੇ ਆ ਕੇ ਉਹ ਲੇਖ ਪੜ੍ਹਨ ਲਈ ਸੱਦਾ ਦਿੱਤਾ। ਅਕੈਡਮੀ ਨੇ ਦਿੱਲੀ ਤੋਂ ਲੁਧਿਆਣੇ ਆਉਣ ਦਾ ਕਿਰਾਇਆ ਅਤੇ ਹੋਟਲ ਵਿਚ ਠਹਿਰਨ ਦਾ ਪ੍ਰਬੰਧ ਕੀਤਾ। ਅਮਰੀਕ ਨੂੰ ਯਾਦ ਨਹੀਂ ਕਿ ਉਸ ਨੂੰ ਕੁਝ ਪੈਸੇ ਵੀ ਦਿੱਤੇ ਗਏ ਸਨ ਕਿ ਨਹੀਂ।
      ਅਮਰੀਕ ਅਨੁਸਾਰ, ਪੰਜਾਬ ਸਰਕਾਰ ਨੇ ਕੁਝ ਸਾਲ ਪਹਿਲਾਂ ਗਾਰਗੀ ਬਾਰੇ ਉਸ ਦੀ 100 ਸਾਲਾ ਸ਼ਤਾਬਦੀ ਤੇ ਇਕ ਬਹੁਤ ਵੱਡਾ ਸਮਾਗਮ ਕਰਨਾ ਸੀ। ਕਿਸੇ ਨੇ ਸਰਕਾਰ ਦੇ ਮੁੱਖ ਸਕੱਤਰ ਨੂੰ ਕਿਹਾ ਕਿ ਗਾਰਗੀ ਬਾਰੇ ਅਮਰੀਕ ਆਪਣਾ ਲਿਖਿਆ ਲੇਖ ਬਹੁਤ ਵਧੀਆ ਢੰਗ ਨਾਲ ਪੇਸ਼ ਕਰਦਾ ਹੈ, ਉਸ ਨੂੰ ਸਮਾਗਮ ਤੇ ਬੁਲਾਓ। ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੇ ਅਮਰੀਕ ਨੂੰ ਫ਼ੋਨ ਕੀਤਾ ਅਤੇ ਆਉਣ ਲਈ ਸੱਦਾ ਦਿੱਤਾ।
"ਤੁਸੀਂ ਮੈਨੂੰ ਮੁਆਵਜ਼ਾ ਕੀ ਦੇਵੋਗੇ?’’ ਅਮਰੀਕ ਨੇ ਪੁੱਛਿਆ।
"ਅਸੀਂ ਤੈਨੂੰ ਆਉਣ ਜਾਣ ਦੀ ਹਵਾਈ ਜਹਾਜ਼ ਦੀ ਟਿਕਟ ਦੇਵਾਂਗੇ ਅਤੇ ਚੰਡੀਗੜ੍ਹ ਹੋਟਲ ਵਿਚ ਰਹਿਣ ਦਾ ਪ੍ਰਬੰਧ ਕਰਾਂਗੇ।’’ ਮੁੱਖ ਸਕੱਤਰ ਦਾ ਜਵਾਬ ਸੀ।
"ਪੈਸੇ ਕਿੰਨੇ ਦੇਵੋਗੇ?’’ ਅਮਰੀਕ ਨੇ ਪੁੱਛਿਆ।
"ਪੈਸੇ?’’ ਮੁੱਖ ਸਕੱਤਰ ਨੇ ਹੈਰਾਨ ਹੋ ਕੇ ਪੁੱਛਿਆ। ਉਹ ਸ਼ਾਇਦ ਸੋਚਦੇ ਸੀ ਕਿ ਅਮਰੀਕ ਮੁਫ਼ਤ ਵਿਚ ਹੀ ਆ ਜਾਵੇਗਾ।
"ਹਾਂ, ਪੈਸੇ ਕਿੰਨੇ ਦਿਓਗੇ?’’ ਅਮਰੀਕ ਨੇ ਫਿਰ ਕਿਹਾ।
"ਅਸੀਂ ਤੁਹਾਨੂੰ ਪੰਦਰਾਂ ਹਜ਼ਾਰ ਰੁਪਏ ਦੇ ਦਿਆਂਗੇ।’’ ਸਕੱਤਰ ਨੇ ਕੁਝ ਦੇਰ ਸੋਚਣ ਤੋਂ ਬਾਅਦ ਕਿਹਾ।
"ਪੰਦਰਾਂ ਹਜ਼ਾਰ ਨਾਲ ਮੈਂ ਨਹੀਂ ਆ ਸਕਦਾ।’’
"ਤੁਸੀਂ ਕਿੰਨੇ ਪੈਸੇ ਚਾਹੁੰਦੇ ਹੋ?’’ ਹੈਰਾਨ ਹੋਏ ਸਕੱਤਰ ਨੇ ਪੁੱਛਿਆ।
"ਘੱਟੋ ਘੱਟ ਇਕ ਲੱਖ ਰੁਪਏ।’’ ਅਮਰੀਕ ਦਾ ਜਵਾਬ ਸੀ।
ਅਖੀਰ 75,000 ਰੁਪਏ ਵਿੱਚ ਸੌਦਾ ਹੋਇਆ।
    ਅਮਰੀਕ ਨੇ ਗਾਰਗੀ ਬਾਰੇ ਲਿਖਿਆ ਇਹ ਲੇਖ ਕੈਨੇਡਾ ਵਿਚ ਵੈਨਕੂਵਰ, ਕੈਲਗਰੀ, ਐਡਮਿੰਟਨ ਅਤੇ ਕਈ ਹੋਰ ਥਾਵੀਂ ਵੀ ਪੜ੍ਹਿਆ ਹੈ ਅਤੇ ਡਾਲਰ ਕਮਾਏ ਹਨ।
     "ਅਸੀਂ ਤਾਂ ਕੰਜਰੀਆਂ ਹਾਂ। ਹਰ ਠੁਮਕੇ ਦੇ ਪੈਸੇ ਲੈਂਦੇ ਹਾਂ। ਅੱਖਾਂ ਵੀ ਝਮਕਾਉਂਦੇ ਹਾਂ। ਮੁਫ਼ਤ ਵਿਚ ਨਾਚ ਨਹੀਂ ਕਰਦੇ।’’ ਅਮਰੀਕ ਨੇ ਮੈਨੂੰ ਆਪਣਾ ਟਰੇਡ-ਮਾਰਕ ਹਾਸਾ ਹੱਸ ਕੇ ਇਕ ਵਾਰੀ ਦੱਸਿਆ ਸੀ।
    ਅਮਰੀਕ ਨੇ ਭਾਰਤ ਸਰਕਾਰ ਦੇ ਕਹਿਣ ਤੇ ਭਗਤ ਸਿੰਘ ਤੇ ਲਾਈਟ ਐਂਡ ਸਾਊਂਡ ਸ਼ੋਅ ਲਿਖਿਆ ਅਤੇ ਡਾਇਰੈਕਟ ਕੀਤਾ ਸੀ ਜੋ ਦਿੱਲੀ ਦੀ ਫ਼ਿਰੋਜ਼ ਸ਼ਾਹ ਕੋਟਲਾ ਗਰਾਊਂਡ ਵਿਚ ਹੋਇਆ ਸੀ। ਇਸ ਸ਼ੋਅ ਤੇ ਸਰਕਾਰ ਨੇ ਢਾਈ ਕਰੋੜ ਰੁਪਏ ਖ਼ਰਚੇ ਸਨ। ਇਸ ਸ਼ੋਅ ਨੂੰ ਦੇਖਣ ਲਈ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਵੀ ਆਏ ਸਨ। ਬਾਅਦ ਵਿਚ ਡਾ. ਮਨਮੋਹਨ ਸਿੰਘ ਨੇ ਅਮਰੀਕ ਨੂੰ ਸੁਨੇਹਾ ਭੇਜ ਕੇ ਇਕ ਦਿਨ ਆਪਣੇ ਦਫ਼ਤਰ ਵਿਚ ਸੱਦਿਆ ਸੀ ਜਿੱਥੇ ਉਹ ਅਮਰੀਕ ਨਾਲ ਲਗਭਗ ਇਕ ਘੰਟਾ ਗੱਲਾਂ ਕਰਦੇ ਰਹੇ ਸਨ।
    ਅਮਰੀਕ ਨੇ 2013 ਦੁਆਲੇ ਕੂਕਾ ਲਹਿਰ ਬਾਰੇ ਵੀ ਦਿੱਲੀ ਦੀ ਫ਼ਿਰੋਜ਼ ਸ਼ਾਹ ਕੋਟਲਾ ਗਰਾਊਂਡ ਵਿਚ ਲਾਈਟ ਐਂਡ ਸਾਊਂਡ ਸ਼ੋਅ ਕੀਤਾ ਸੀ ਜੋ ਉਸ ਨੇ ਹੀ ਲਿਖਿਆ ਅਤੇ ਡਾਇਰੈਕਟ ਕੀਤਾ ਸੀ। ਇਸ ਸ਼ੋਅ ਦੀ ਤਿਆਰੀ ਲਈ ਅਮਰੀਕ ਨੇ ਭੈਣੀ ਸਾਹਿਬ ਇਕ ਮਹੀਨਾ ਰਹਿ ਕੇ ਤਿਆਰੀ ਕੀਤੀ ਸੀ। ਫਿਰ ਮੁੰਬਈ ਅਤੇ ਦਿੱਲੀ ਰਹਿ ਕੇ ਤਿਆਰੀ ਕੀਤੀ ਸੀ। ਇਸ ਸ਼ੋਅ ਲਈ ਵੀ ਭਾਰਤ ਸਰਕਾਰ ਨੇ ਹੀ ਸਾਰਾ ਖ਼ਰਚ ਕੀਤਾ ਸੀ।
                                                      *****
      ਅਮਰੀਕ ਪੰਜਾਬੀ ਦੇ ਅਨੇਕਾਂ ਲੇਖਕਾਂ ਦਾ ਜਾਣਕਾਰ ਹੈ। ਕੁਝ ਇਕ ਨਾਲ ਉਸ ਦੀ ਗੂੜ੍ਹੀ ਦੋਸਤੀ ਵੀ ਰਹੀ ਹੈ। ਡਾ. ਸਤਿੰਦਰ ਸਿੰਘ ਨੂਰ ਅਮਰੀਕ ਦਾ ਦੋਸਤ ਬਣ ਗਿਆ ਸੀ। ਜਦੋਂ ਡਾ. ਨੂਰ ਸਾਹਿਤ ਅਕੈਡਮੀ ਦਾ ਕਨਵੀਨਰ ਸੀ ਤਾਂ ਉਸ ਨੇ ਅਮਰੀਕ ਨੂੰ ਸਾਹਿਤ ਅਕੈਡਮੀ ਦੀ ਕਮੇਟੀ ਦਾ ਮੈਂਬਰ ਵੀ ਕਈ ਸਾਲ ਰੱਖਿਆ ਸੀ । ਅਮਰੀਕ ਕਹਿੰਦਾ ਹੈ ਕਿ ਉਹ ਡਾ. ਨੂਰ ਦਾ ਚੇਲਾ ਹੈ। ਉਹ ਡਾ. ਨੂਰ ਨੂੰ ਇਕ ਬਹੁਤ ਵੱਡਾ ਪਾਲਿਟੀਸ਼ਨ ਕਹਿੰਦਾ ਹੈ। ਅਮਰੀਕ ਇਕ ਵਾਰੀ ਦਿੱਲੀ ਇਕ ਫ਼ਿਲਮ ਦੀ ਸ਼ੂਟਿੰਗ ਲਈ ਆਇਆ ਹੋਇਆ ਸੀ। ਫ਼ਿਲਮ ਦੀ ਹੀਰੋਇਨ ਕਰੀਨਾ ਕਪੂਰ ਅਤੇ ਹੀਰੋ ਰਿਤਿਕ ਰੌਸ਼ਨ ਵੀ ਆਏ ਹੋਏ ਸਨ ਅਤੇ ਸਾਰੇ ਇਕ ਹੋਟਲ ਵਿਚ ਠਹਿਰੇ ਹੋਏ ਸਨ। ਡਾ. ਨੂਰ ਅਮਰੀਕ ਨੂੰ ਹੋਟਲ ਵਿਚ ਮਿਲਣ ਆਇਆ ਤਾਂ ਉਸ ਦੇ ਨਾਲ ਪਾਕਿਸਤਾਨੀ ਲੇਖਕ ਫ਼ਖਰ ਜ਼ਿਮਾਨ ਵੀ ਸੀ। ਜਦ ਫ਼ਖਰ ਜ਼ਿਮਾਨ ਨੂੰ ਪਤਾ ਲੱਗਾ ਕਿ ਕਰੀਨਾ ਕਪੂਰ ਅਤੇ ਰਿਤਿਕ ਰੌਸ਼ਨ ਵੀ ਉਸੇ ਹੋਟਲ ਵਿਚ ਸਨ ਜਿੱਥੇ ਅਮਰੀਕ ਸੀ ਤਾਂ ਉਹ ਅਮਰੀਕ ਦੇ ਮਗਰ ਪੈ ਗਿਆ ਕਿ ਉਹ ਉਸ ਨੂੰ ਉਨ੍ਹਾਂ ਦੋਹਾਂ ਨਾਲ ਮਿਲਾਵੇ। ਅਮਰੀਕ ਫ਼ਖ਼ਰ ਜ਼ਿਮਾਨ ਨੂੰ ਨਾਲ ਲੈ ਕੇ ਕਰੀਨਾ ਕਪੂਰ ਅਤੇ ਰਿਤਿਕ ਰੌਸ਼ਨ ਦੇ ਕਮਰਿਆਂ ਵਿਚ ਗਿਆ ਜਿੱਥੇ ਫ਼ਖਰ ਜ਼ਿਮਾਨ ਨੇ ਉਨ੍ਹਾਂ ਨਾਲ ਬਹੁਤ ਸਾਰੀਆਂ ਫ਼ੋਟੋ ਖਿਚਾਈਆਂ। ਫ਼ੋਟੋ ਖਿਚਾ ਕੇ ਫ਼ਖਰ ਜ਼ਿਮਾਨ ਬੇਹੱਦ ਖ਼ੁਸ਼ ਸੀ।
    ਕੁਝ ਸਾਲ ਪਹਿਲਾਂ ਅਮਰੀਕ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਸ ਵੇਲੇ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਫ਼ੋਨ ਕੀਤਾ ਅਤੇ ਇਕ ਸਾਲ ਲਈ ਵਿਜ਼ਟਿੰਗ ਪ੍ਰੋਫੈਸਰ ਦੀ ਨੌਕਰੀ ਦੀ ਪੇਸ਼ਕਸ਼ ਕੀਤੀ। ਅਮਰੀਕ ਨੂੰ ਯਕੀਨ ਨਾ ਆਇਆ। ਉਸ ਨੇ ਸੋਚਿਆ ਕਿ ਸ਼ਾਇਦ ਕੋਈ ਉਸ ਨਾਲ ਮਜ਼ਾਕ ਕਰ ਰਿਹਾ ਹੈ। ਅਮਰੀਕ ਨੇ ਡਾ. ਨੂਰ ਨੂੰ ਇਸ ਬਾਰੇ ਫ਼ੋਨ ਕੀਤਾ। ਡਾ. ਨੂਰ ਨੇ ਕਿਹਾ ਕਿ ਇਹ ਸੱਚ ਹੈ ਕਿਉਂਕਿ ਜਦੋਂ ਡਾ. ਜਸਪਾਲ ਸਿੰਘ ਨੇ ਅਮਰੀਕ ਨੂੰ ਫ਼ੋਨ ਕੀਤਾ ਸੀ ਤਾਂ ਡਾ. ਨੂਰ ਉਸ ਕੋਲ ਹੀ ਬੈਠਾ ਸੀ। ਅਮਰੀਕ ਦੱਸਦਾ ਹੈ ਕਿ ਜਦੋਂ ਉਹ ਪਹਿਲੇ ਦਿਨ ਕਲਾਸ ਵਿਚ ਪੜ੍ਹਾਉਣ ਗਿਆ ਤਾਂ ਉਸ ਦੀਆਂ ਲੱਤਾਂ ਕੰਬ ਰਹੀਆਂ ਸਨ ਕਿਉਂਕਿ ਉਸ ਨੇ ਤਾਂ ਕਦੇ ਵੀ ਪੜ੍ਹਾਇਆ ਨਹੀਂ ਸੀ। ਜਦੋਂ ਉਸ ਨੇ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਉਹ ਫ਼ਿਲਮ ਇੰਡਸਟਰੀ ਬਾਰੇ ਗੱਲਾਂ ਕਰਨ ਵਿਚ ਇੰਨਾ ਮਗਨ ਹੋ ਗਿਆ ਕਿ ਉਸ ਨੂੰ ਸਮੇਂ ਦਾ ਪਤਾ ਹੀ ਨਾ ਲੱਗਾ। ਕਾਫ਼ੀ ਦੇਰ ਬਾਅਦ ਉਸ ਨੇ ਵਿਦਿਆਰਥੀਆਂ ਤੋਂ ਪੁੱਛਿਆ ਕਿ ਪੀਰੀਅਡ ਕਦੋਂ ਖ਼ਤਮ ਹੋਣਾ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਪੀਰੀਅਡ ਤਾਂ ਕਦੋਂ ਦਾ ਖ਼ਤਮ ਹੋ ਗਿਆ ਹੈ। ਮੈਨੂੰ ਉਮੀਦ ਹੈ ਕਿ ਅਮਰੀਕ ਦੇ ਉਨ੍ਹਾਂ ਵਿਦਿਆਰਥੀਆਂ ਲਈ ਅਮਰੀਕ ਨਾਲ ਬਿਤਾਇਆ ਉਹ ਸਾਲ ਹਮੇਸ਼ਾ ਯਾਦ ਰਹੇਗਾ।
      ਇਕ ਦਿਨ ਗੱਲਾਂ ਗੱਲਾਂ ਵਿਚ ਦਿੱਲੀ ਵਸਦੀ ਪੰਜਾਬੀ ਦੀ ਇਕ ਵੱਡੀ ਕਹਾਣੀਕਾਰ ਲੇਖਕਾ ਦੀ ਗੱਲ ਚੱਲ ਪਈ। ਅਮਰੀਕ ਕਹਿੰਦਾ, "ਜਦੋਂ ਫ਼ਿਲਮ ‘ਹਮ ਦਿਲ ਦੇ ਚੁਕੇ ਸਨਮ’ ਬਹੁਤ ਸਫ਼ਲ ਹੋਈ ਤਾਂ ਉਸ ਤੋਂ ਕੁਝ ਚਿਰ ਬਾਅਦ ਉਹ ਮੈਨੂੰ ਇਕ ਪਾਰਟੀ ਵਿਚ ਮਿਲੀ। ਉਸ ਨੇ ਫ਼ਿਲਮ ਦੀ ਤਾਰੀਫ਼ ਕੀਤੀ। ਫਿਰ ਕਹਿੰਦੀ ਆਪਣਾ ਹੱਥ ਅੱਗੇ ਕਰ। ਮੈਂ ਆਪਣਾ ਹੱਥ ਅੱਗੇ ਕਰ ਦਿੱਤਾ। ਉਸ ਨੇ ਮੇਰਾ ਹੱਥ ਫੜ੍ਹ ਕੇ ਚੁੰਮ ਲਿਆ ਅਤੇ ਮੇਰੇ ਹੱਥ ਤੇ ਉਸ ਦੇ ਬੁੱਲ੍ਹਾਂ ਦੀ ਸੁਰਖ਼ੀ ਲੱਗ ਗਈ। ਉਹ ਕਹਿੰਦੀ, ‘ਮੈਂ ਤੇਰੇ ਹੱਥ ਤੇ ਆਪਣਾ ਨਾਂ ਲਿਖ ਦਿੱਤਾ। ਇਸ ਨੂੰ ਮਟੇਵੀਂ ਨਾ। ਸਾਂਭ ਕੇ ਰੱਖੀਂ।’ ਫਿਰ ਕਹਿੰਦੀ, ‘ਤੂੰ ਮੇਰੀ ਕਿਸੇ ਕਹਾਣੀ ਤੇ ਫ਼ਿਲਮ ਨਹੀਂ ਬਣਾਈ। ਹੁਣ ਤੂੰ ਵੱਡਾ ਬੰਦਾ ਬਣ ਗਿਆਂ। ਮੈਂ ਤਾਂ ਤੈਨੂੰ ਉਦੋਂ ਤੋਂ ਜਾਣਦੀ ਹਾਂ ਜਦੋਂ ਤੂੰ ਗਾਰਗੀ ਦੇ ਭਾਂਡੇ ਮਾਂਜਦਾ ਹੁੰਦਾ ਸੀ।’ ...’’  ਇਹ ਕਹਾਣੀ ਅਮਰੀਕ ਉਸ ਲੇਖਕਾ ਦੀ ਸਾਂਗ ਲਾ ਕੇ ਦੱਸਦਾ ਹੈ। ਫਿਰ ਅਮਰੀਕ ਦੱਸਣ ਲੱਗਾ ਕਿ ਇਕ ਵਾਰੀ ਇਹ ਲੇਖਕਾ ਗਾਰਗੀ ਨੂੰ ਮਿਲਣ ਆਈ ਸੀ। ਇਹ ਗਾਰਗੀ ਦੀ ਵਧੀਆ ਦੋਸਤ ਸੀ। ਅਮਰੀਕ ਨੇ ਚਾਹ ਬਣਾ ਕੇ ਲਿਆਂਦੀ। ਇਸ ਲੇਖਕਾ ਨੇ ਗਾਰਗੀ ਨੂੰ ਕੁਝ ਇੰਜ ਕਿਹਾ ਜਿਵੇਂ ਮੈਂ ਗਾਰਗੀ ਦਾ ਨੌਕਰ ਹੋਵਾਂ। ਗਾਰਗੀ ਕਹਿੰਦਾ, "ਇਹ ਮੇਰਾ ਸਕੱਤਰ ਹੈ, ਨੌਕਰ ਨਹੀਂ। ਇਹ ਮੇਰੀਆਂ ਲਿਖਤਾਂ ਨੂੰ ਪੰਜਾਬੀ ਵਿਚ ਲਿਖਦਾ।’’ ਇਸ ਲੇਖਕਾ ਬਾਰੇ ਅਮਰੀਕ ਕਹਿੰਦਾ ਹੈ, "ਇਹ ਔਰਤ ਬਹੁਤ ਜ਼ਬਰਦਸਤ ਹੈ। ਇਹ ਤਾਂ ਅਸਮਾਨ ਤੋਂ ਤਾਰੇ ਤੋੜ ਲਿਆਵੇ। ਜੇ ਤੁਹਾਨੂੰ ਮਿਲੇਗੀ ਤਾਂ ਇਹ ਦੇਖੇਗੀ ਕਿ ਤੁਸੀਂ ਕਿਹੜੇ ਕਿਹੜੇ ਅਮੀਰ ਲੋਕਾਂ ਅਤੇ ਅਫ਼ਸਰਾਂ ਨੂੰ ਮਿਲਦੇ ਹੋ। ਇਕ ਵਾਰੀ ਇਸ ਲੇਖਕਾ ਨੇ ਗਾਰਗੀ ਨੂੰ ਆਪਣੇ ਦੋਸਤ ਮੰਤਰੀ ਤੋਂ ਇਸ ਦਾ ਇਕ ਕੰਮ ਕਰਾਉਣ ਲਈ ਕਿਹਾ। ਗਾਰਗੀ ਕਹਿੰਦਾ, ਮੈਂ ਦੋਸਤੀਆਂ ਖ਼ਰਚਦਾ ਨਹੀਂ। ਮੈਂ ਦੋਸਤੀ ਨੂੰ ਖ਼ਰਚ ਕੇ ਖ਼ਤਮ ਨਹੀਂ ਕਰਨਾ ਚਾਹੁੰਦਾ।’’
    ਜਦੋਂ ਅਮਰੀਕ ਨੂੰ ਮਈ-ਦਸੰਬਰ 2020 ਦਾ ‘ਰਾਗ’ ਮੈਗਜ਼ੀਨ ਦਾ ਅੰਕ ਮਿਲਿਆ ਤਾਂ ਦੂਜੇ ਦਿਨ ਉਸ ਦਾ ਫ਼ੋਨ ਆਇਆ। ਉਸ ਨੇ ਮੇਰੀ ਕਹਾਣੀ ‘ਤੁਰ੍ਹਲੇ ਵਾਲੀ ਪੱਗ’ ਪੜ੍ਹੀ ਸੀ ਜੋ ਪਹਿਲਾਂ ‘ਵਾਹਗਾ’ ਮੈਗਜ਼ੀਨ ਵਿਚ ਵੀ ਛਪ ਚੁੱਕੀ ਸੀ। ਉਹ ਇਸ ਕਹਾਣੀ ਦੀਆਂ ਤਾਰੀਫ਼ਾਂ ਕਰਨੋਂ ਨਾ ਹਟੇ। ਡਾ. ਹਰਚੰਦ ਸਿੰਘ ਬੇਦੀ ਹੁਰਾਂ ਦੀ ਲਿਖੀ ਸਮੀਖਿਆ ਦੀ ਵੀ ਕਾਫ਼ੀ ਤਾਰੀਫ਼ ਕੀਤੀ। ਕਈ ਦੇਰ ਕਹਾਣੀ ਦੀਆਂ ਤਾਰੀਫ਼ਾਂ ਕਰਨ ਤੋਂ ਬਾਅਦ ਕਹਿੰਦਾ, "ਇਸ ਕਹਾਣੀ ਤੇ ਬਹੁਤ ਵਧੀਆ ਫ਼ਿਲਮ ਬਣ ਸਕਦੀ ਐ। ਮੈਂ ਦੇਖਦਾਂ ਜੇ ਕੋਈ ਪ੍ਰੋਡਿਊਸਰ ਮਿਲ ਗਿਆ ਤਾਂ। ਇਸ ਤੇ 10 ਕਰੋੜ ਦਾ ਖ਼ਰਚ ਆਉਣਾ ਪਰ ਇਹ ਫ਼ਿਲਮ 100 ਕਰੋੜ ਦੀ ਆਮਦਨ ਦੇ ਸਕਦੀ ਐ।’’ ਅਮਰੀਕ ਨੇ ਕੁਝ ਦੇਰ ਆਪਣੇ ਵਿਚਾਰ ਵੀ ਪਰਗਟ ਕੀਤੇ ਕਿ ਕਿਵੇਂ ਇਸ ਕਹਾਣੀ ਤੇ ਖ਼ੂਬਸੂਰਤ ਫ਼ਿਲਮ ਬਣ ਸਕਦੀ ਹੈ। "ਰੇਸ਼ਮਾ ਦੇ ਪਿਆਰ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਪੇਸ਼ ਕੀਤਾ ਜਾ ਸਕਦਾ। ਅਖ਼ੀਰ ਤੇ ਬਾਪੂ ਦੇ ਸਿਰ ਤੇ ਪੱਗ ਰੱਖਣ ਦੇ ਸੀਨ ਨੂੰ ਬਹੁਤ ਹੀ ਭਾਵੁਕ ਬਣਾਇਆ ਜਾ ਸਕਦਾ।’’ ਉਸ ਨੇ ਪੂਰੇ ਵਿਸਥਾਰ ਨਾਲ ਦੱਸਿਆ ਕਿ ਇਹ ਸੀਨ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ। ਕਹਾਣੀ ਦੀਆਂ ਗੱਲਾਂ ਕਰਦਿਆਂ ਗੱਲ ਮਸ਼ਹੂਰ ਫ਼ਿਲਮੀ ਫ਼ੋਟੋਗਰਾਫ਼ਰ ਅਤੇ ਡਾਇਰੈਕਟਰ ਮਨਮੋਹਨ ਸਿੰਘ ਤੇ ਆ ਗਈ। ਅਮਰੀਕ ਨੇ ਉਸ ਦੀ ਬਹੁਤ ਤਾਰੀਫ਼ ਕੀਤੀ। "ਮਨਮੋਹਨ ਸਿੰਘ ਵਰਗਾ ਫ਼ਿਲਮ ਇੰਡਸਟਰੀ ਵਿਚ ਕੋਈ ਵੀ ਫ਼ੋਟੋਗਰਾਫ਼ਰ ਨਹੀਂ। ਅਸਲ ਵਿਚ ਉਹ ਸਿਨਮੈਟੋਗਰਾਫ਼ਰ (Cinematographer) ਹੈ। ਬਹੁਤ ਹੀ ਵਧੀਆ ਫ਼ੋਟੋਗਰਾਫ਼ਰ ਅਤੇ ਡਾਇਰੈਕਟਰ ਹੈ। ਮੈਂ ਜਦੋਂ ਬੰਬਈ ਗਿਆ ਤਾਂ ਉਹ ਹੀ ਮੈਨੂੰ ਰੇਲਵੇ ਸਟੇਸ਼ਨ ਤੋਂ ਲੈਣ ਆਇਆ ਸੀ। ਉਸ ਨੇ ਮੈਨੂੰ ਆਪਣੇ ਵੱਡੇ ਸਾਰੇ ਘਰ ਵਿਚ ਕਈ ਮਹੀਨੇ ਰੱਖਿਆ ਸੀ। ਉਦੋਂ ਉਹ ‘ਕੱਲਾ ਹੀ ਸੀ। ... ਮੈਂ ਉਸ ਦਾ ਨਮਕ ਖਾਧਾ। ਮੈਂ ਉਸ ਦੇ ਖ਼ਿਲਾਫ਼ ਕਦੇ ਕੋਈ ਗੱਲ ਨਹੀਂ ਕਰਦਾ। ... ਅਸੀਂ ਉਸ ਨੂੰ ਮਨ ਜੀ ਕਹਿੰਦੇ ਆਂ। ਮਨ ਜੀ ਬਹੁਤ ਸ਼ਰੀਫ਼ ਆਦਮੀ ਐ। ਉਸ ਦਾ ਸਰਸੇ ਬਹੁਤ ਵੱਡਾ ਫ਼ਾਰਮ ਹੈ। ਅੱਜ ਕੱਲ੍ਹ ਉਹ ਬਹੁਤਾ ਉੱਥੇ ਹੀ ਰਹਿੰਦਾ।’’
    ਗੱਲਾਂ ਕਰਦਿਆਂ ਕਰਦਿਆਂ ਉਸ ਨੇ ਪੰਜਾਬੀ ਦੇ ਮਰਹੂਮ ਲਿਖਾਰੀ ਸੁਖਬੀਰ ਦੀ ਗੱਲ ਛੇੜ ਲਈ ਅਤੇ ਕਹਿਣ ਲੱਗਾ, "ਸੁਖਬੀਰ ਨੂੰ ਪੜ੍ਹਨਾ ਬਹੁਤ ਔਖਾ ਹੈ। ਉਸ ਦਾ ਨਾਵਲ ਪੜ੍ਹਨ ਤੋਂ ਪਹਿਲਾਂ ਸਿਰ ਦਰਦ ਦੀ ਗੋਲੀ ਖਾਣੀ ਪੈਂਦੀ ਹੈ।’’ ਅਸੀਂ ਦੋਵੇਂ ਹੱਸ ਪਏ।
    ਗੱਲਾਂ ਕਰਦਿਆਂ ਕਰਦਿਆਂ ਉਹ ਕਹਿਣ ਲੱਗਾ, "ਮੈਂ ਬਹੁਤ ਸਧਾਰਨ ਆਦਮੀ ਆਂ। ਅੰਦਰੋਂ ਬਾਹਰੋਂ ਇੱਕੋ। ਕੋਈ ਚਲਾਕੀ ਨਹੀਂ ਕਰਦਾ। ਕੋਈ ਹੇਰਾ ਫੇਰੀ ਨਹੀਂ ਕਰਦਾ। ਪਰ ਜੇ ਕੋਈ ਮੇਰੇ ਨਾਲ ਚਲਾਕੀ ਕਰੇ ਤਾਂ ਮੈਂ ਉਸ ਨਾਲ ਭੈੜਾ ਵੀ ਬਣ ਜਾਂਦਾਂ। ... ਕਈ ਵਾਰੀ ਵੱਡੀਆਂ ਵੱਡੀਆਂ ਮੀਟਿੰਗਾਂ ਵਿਚ ਜਿੱਥੇ ਅਮਿਤਾਭ ਬਚਨ ਵਰਗੇ ਲੋਕ ਹੁੰਦੇ ਹਨ ਮੈਂ ਬੇਧਿਆਨਾ ਚਪਲਾਂ ਪਾ ਕੇ ਹੀ ਚਲੇ ਜਾਂਦਾਂ। ਕਈ ਵਾਰੀ ਮੇਰੀ ਇਕ ਜਰਾਬ ਪੈਂਟ ਦੇ ਅੰਦਰ ਹੁੰਦੀ ਹੈ ਅਤੇ ਇਕ ਬਾਹਰ। ਮੈਨੂੰ ਪਤਾ ਹੀ ਨਹੀਂ ਲਗਦਾ। ਕਈ ਵਾਰੀ ਮੇਰੀ ਬੇਟੀ ਮੇਰੀਆਂ ਜਰਾਬਾਂ ਠੀਕ ਕਰਦੀ ਹੈ। ...’’
        ਅਮਰੀਕ ਜਦੋਂ ਵੀ ਕਿਸੇ ਨੂੰ ਫ਼ੋਨ ਕਰਦਾ ਹੈ ਤਾਂ ਬਹੁਤਾ ਸਮਾਂ ਉਹ ਆਪ ਹੀ ਬੋਲਦਾ ਹੈ ਅਤੇ ਦੂਜੇ ਪਾਸੇ ਵਾਲੇ ਨੂੰ ਬਹੁਤ ਘੱਟ ਬੋਲਣ ਦਿੰਦਾ। ਗੱਲਾਂ ਵਿਚੋਂ ਗੱਲਾਂ ਕੱਢਣ ਦੀ ਕਲਾ ਵਿਚ ਉਹ ਮਾਹਿਰ ਹੈ। ਉਸ ਕੋਲ ਜ਼ਿੰਦਗੀ ਦੀਆਂ ਬੇਸ਼ੁਮਾਰ ਕਹਾਣੀਆਂ ਹਨ। ਉਹ ਫ਼ਿਲਮਾਂ ਬਾਰੇ ਅਤੇ ਫ਼ਿਲਮੀ ਹਸਤੀਆਂ ਬਾਰੇ ਘੰਟਿਆਂ ਬੱਧੀ ਗੱਲਾਂ ਕਰਦਾ ਰਹੇਗਾ। ਉਸ ਦੀ ਯਾਦਦਾਸ਼ਤ ਕਮਾਲ ਦੀ ਹੈ। ਇਕ ਵਾਰੀ ਅਮਰੀਕ ਦਾ ਫ਼ੋਨ ਆਇਆ ਤਾਂ ਅਸੀਂ ਕੋਈ ਡੇਢ ਘੰਟਾ ਗੱਲਾਂ ਕੀਤੀਆਂ ਪਰ ਉਸ ਨੇ ਮੈਨੂੰ ਮਸਾਂ 10 ਕੁ ਮਿੰਟ ਹੀ ਬੋਲਣ ਦਿੱਤਾ। ਅਖੀਰ ਤੇ ਉਹ ਕਹਿੰਦਾ, "ਅੱਜ ਮੈਂ ਆਪਣੀਆਂ ਪਰਸਨਲ ਗੱਲਾਂ ਕਰ ਕੇ ਜ਼ਿਆਦਾ ਹੀ ਖਲਾਰਾ ਪਾ ਲਿਆ। ਸਾਨੂੰ ਫ਼ਿਲਮ ਲੇਖਕਾਂ ਨੂੰ ਬੋਲਣ ਦੀ ਬਹੁਤ ਆਦਤ ਹੈ।’’ ਅਤੇ ਫਿਰ ਉਹ ਉੱਚੀ ਉੱਚੀ ਹੱਸ ਪਿਆ ਜਿਵੇਂ ਉਹ ਆਮ ਹੱਸਦਾ ਹੀ ਹੈ। ਹਰ ਵਾਰੀ ਜਦੋਂ ਉਹ ਫ਼ੋਨ ਕਰਦਾ ਹੈ ਤਾਂ ਇਕ ਘੰਟੇ ਤੋਂ ਲੈ ਕੇ ਤਿੰਨ ਘੰਟੇ ਤੱਕ ਗੱਲ ਹੁੰਦੀ ਹੈ। ਅਮਰੀਕ ਕੋਲ ਕਹਾਣੀਆਂ ਸੁਣਾਉਣ ਅਤੇ ਗੱਲਾਂ ਕਰਨ ਦੀ ਕੋਈ ਘਾਟ ਨਹੀਂ ਹੁੰਦੀ। ਉਹ ਆਪਣੀ ਜ਼ਿੰਦਗੀ ਦੀਆਂ ਅਤੇ ਫ਼ਿਲਮ ਜਗਤ ਦੀਆਂ ਕਹਾਣੀਆਂ ਘੰਟਿਆਂ ਬੱਧੀ ਸੁਣਾਈ ਜਾਵੇਗਾ ਜਿਹੜੀਆਂ ਬਹੁਤ ਦਿਲਚਸਪ ਹੁੰਦੀਆਂ ਹਨ। ਅਮਰੀਕ ਦੀਆਂ ਗੱਲਾਂ ਸੁਣਨ ਵਿਚ ਮਜ਼ਾ ਵੀ ਹੈ ਅਤੇ ਉਨ੍ਹਾਂ ਤੋਂ ਮੈਂ ਸਿੱਖਦਾ ਵੀ ਬਹੁਤ ਹਾਂ।
                                                        *****
ਜਿਵੇਂ ਮੈਂ ਪਹਿਲਾਂ ਦੱਸਿਆ, ਅਮਰੀਕ ਨੇ ਪੰਜਾਬ ਯੂਨੀਵਰਸਿਟੀ ਤੋਂ ਪੰਜਾਬੀ ਦੀ ਐਮ.ਏ. ਕੀਤੀ ਸੀ। ਇਕ ਵਾਰੀ ਮੈਂ ਉਸ ਨੂੰ ਪੁੱਛਿਆ, "ਪੰਜਾਬੀ ਦੇ ਉਸ ਵੇਲੇ ਕਿਹੜੇ ਪ੍ਰੋਫੈਸਰ ਤੈਨੂੰ ਵਧੀਆ ਲੱਗੇ।’’ ਉਸ ਦਾ ਜਵਾਬ ਸੀ, "ਡਾ. ਕੇਸਰ ਬਹੁਤ ਹੀ ਵਧੀਆ ਟੀਚਰ ਸੀ। ਬਹੁਤ ਵਧੀਆ ਪੜ੍ਹਾਉਂਦਾ ਸੀ। ... ਡਾ. ਦੀਪਕ ਮਨਮੋਹਨ ਸਿੰਘ ...’’ ਅਮਰੀਕ ਕੁਝ ਕਹਿੰਦਾ ਕਹਿੰਦਾ ਰੁਕ ਗਿਆ। ਕੁਝ ਸਕਿੰਟਾਂ ਬਾਅਦ ਬੋਲਿਆ, "ਡਾ. ਦੀਪਕ ਮਨਮੋਹਨ ਸਿੰਘ ਵੀ ਬਹੁਤ ਵਧੀਆ ਅਧਿਆਪਕ ਸੀ। ਉਹ ਕਵਿਤਾ ਦਾ ਮਜ਼ਮੂਨ ਪੜ੍ਹਾਉਂਦਾ ਸੀ। ਵਿਦਿਆਰਥੀ ਉਸ ਨੂੰ ਬਹੁਤ ਪਸੰਦ ਕਰਦੇ ਸੀ। ਉਹ ਵਿਦਿਆਰਥੀਆਂ ਦਾ ਦੋਸਤ ਸੀ। ਵਿਦਿਆਰਥੀਆਂ ਦੀ ਬਹੁਤ ਮਦਦ ਕਰਦਾ ਸੀ। ਉਸ ਦੇ ਘਰ ਕੁੜੀਆਂ ਮੁੰਡਿਆਂ ਦੀ ਰੌਣਕ ਲੱਗੀ ਰਹਿੰਦੀ ਸੀ। ਕੋਈ ਕੁੜੀ ਚਾਹ ਬਣਾ ਰਹੀ ਹੁੰਦੀ। ਕੋਈ ਦਾਲ ਬਣਾ ਰਹੀ ਹੁੰਦੀ। ਕੋਈ ਸਬਜ਼ੀ ਬਣਾ ਰਹੀ ਹੁੰਦੀ। ਕੋਈ ਮੁਰਗੇ ਨੂੰ ਤੁੜਕਾ ਲਾ ਰਹੀ ਹੁੰਦੀ। ... ਮੈਂ ਉਦੋਂ ਬਹੁਤ ਗਰੀਬ ਸੀ। ਡਾ. ਦੀਪਕ ਮਨਮੋਹਨ ਸਿੰਘ ਨੇ ਮੈਨੂੰ ਕਈ ਵਾਰੀ ਕੱਪੜੇ ਵੀ ਮੁੱਲ ਲੈ ਕੇ ਦਿੱਤੇ ਸੀ। ਇਕ ਵਾਰੀ ਮੈਂ ਉਸ ਤੋਂ ਪਿੰਡ ਮਾਂ ਨੂੰ ਮਿਲਣ ਜਾਣ ਲਈ ਕਿਰਾਏ ਦੇ ਪੈਸੇ ਵੀ ਲੈ ਕੇ ਗਿਆ ਸੀ। ਦੋਹਾਂ ਪਾਸਿਆਂ ਦੇ ਕਿਰਾਏ ਦੇ। ...’’ ਅਮਰੀਕ ਦੇ ਦਿਲ ਵਿਚ ਡਾ. ਦੀਪਕ ਮਨਮੋਹਨ ਸਿੰਘ ਲਈ ਬੇਹੱਦ ਸਤਿਕਾਰ ਹੈ।
       ਕੁਝ ਸਾਲ ਪਹਿਲਾਂ ਪੰਜਾਬ ਯੂਨੀਵਰਸਿਟੀ ਨੇ 100 ਸਾਲਾ ਉਤਸਵ ਮਨਾਇਆ ਤਾਂ ਉਨ੍ਹਾਂ ਨੇ ਉਸ ਸਮੇਂ ਯੂਨੀਵਰਸਿਟੀ ਦੇ ਪੁਰਾਣੇ 100 ਵਿਦਿਆਰਥੀਆਂ ਦਾ ਸਨਮਾਨ ਕੀਤਾ। ਅਮਰੀਕ ਹੱਸ ਕੇ ਕਹਿੰਦਾ, "ਉਸ ਮੌਕੇ ਸਨਮਾਨ ਲੈਣ ਲਈ ਮੇਰਾ ਵੀ ਦਾਅ ਲੱਗ ਗਿਆ ਸੀ।’’
    ਇਕ ਦਿਨ ਅਮਰੀਕ ਮੈਨੂੰ ਕਹਿਣ ਲੱਗਾ, "ਜੋ ਮੈਂ ਕਹਿੰਦਾਂ, ਉਹ ਸਾਰਾ ਕੁਝ ਨਾ ਲਿਖੀਂ। ਮੈਂ ਤੇਰੇ ਨਾਲ ਗੱਲਾਂ ਕਰਦਾ ਕਈਆਂ ਨੂੰ ਗਾਲ਼ਾਂ ਵੀ ਕੱਢਦਾਂ। ਤੂੰ ਇਹ ਸਾਰੀਆਂ ਗੱਲਾਂ ਲਿਖ ਕੇ ਭਸੂੜੀ ਨਾ ਪਾ ਦੇਵੀਂ। ਮੈਨੂੰ ਮਰਵਾ ਨਾ ਦੇਵੀਂ।’’ ਅਤੇ ਅਸੀਂ ਦੋਵੇਂ ਹੱਸ ਪਏ।
      ਮੈਨੂੰ ਅਮਰੀਕ ਦੀ ਦੋਸਤੀ ਤੇ ਮਾਣ ਹੈ। ਮੈਂ ਆਪਣੇ ਇਸ ਦੋਸਤ ਲਈ ਇਹੋ ਅਰਦਾਸ ਕਰਦਾ ਹਾਂ ਕਿ ਇਸ ਨੂੰ ਹੋਰ ਵੀ ਸਫ਼ਲਤਾ ਮਿਲੇ।
*****