Nishan Likhari

ਵਿਅੰਗ : ਢੱਟਾ ਅਤੇ ਪਾਲੀ - ਨਿਸ਼ਾਨ ਲਿਖਾਰੀ

ਪਾਲੀ ਹਰ ਰੋਜ਼ ਸ਼ਹਿਰੋਂ ਕੰਮ ਤੋਂ ਆਪਣੇ ਪਿੰਡ ਨੂੰ ਬੰਬੂਕਾਟ 'ਤੇ ਜਾਂਦਾ ਹੈ। ਇੱਕ ਦਿਨ ਹਰ ਰੋਜ਼ ਦੀ ਤਰ੍ਹਾਂ ਸ਼ਹਿਰੋਂ ਪਿੰਡ ਨੂੰ ਜਾ ਰਿਹਾ ਸੀ, ਅਚਾਨਕ ਪਿੰਡ ਦੇ ਮੋੜ 'ਤੇ ਇੱਕ ਢੱਟਾ ਪਾਲੀ ਦੇ ਬੰਬੂਕਾਟ ਦੇ ਮੂਹਰੇ ਆ ਗਿਆ ਤੇ ਕਹਿਣ ਲੱਗਾ, 'ਅੱਜ ਨਹੀਂ ਜਾਣ ਦੇਣਾ ਤੈਨੂੰ......'। ਅੱਗੋਂ ਪਾਲੀ ਕਹਿੰਦਾ, 'ਭਾਈ ਕਿਉਂ ਨਹੀਂ ਜਾਣ ਦੇਣਾ......ਮੈਂ ਕੀ ਵਿਗਾੜਿਆ ਤੇਰਾ?'
ਢੱਟਾ ਕਹਿੰਦਾ, 'ਨਾ ਤਾਂ ਤੁਸੀਂ ਸਾਨੂੰ ਕਿਸੇ ਰੇਹੜੀ ਤੋਂ ਕੁਝ ਖਾਣ ਦਿੰਦੇ ਹੋ 'ਤੇ ਨਾ ਹੀ ਕਿਸੇ ਦੇ ਗੱਟੇ ਨੂੰ ਮੂੰਹ ਮਾਰਨ ਦਿੰਦੇ ਹੋ। ਝੱਟ ਰੌਲਾ ਪਾ ਦਿੰਦੇ ਹੋ 'ਓ ਤੇਰਾ ਸਮਾਨ ਖਾ ਗਿਆ ਉਏ'। ਜੇ ਅਸੀਂ ਕਿਸੇ ਦੇ ਖੇਤ 'ਚ ਵੜਦੇ ਹਾਂ ਤਾਂ ਰੱਬ ਜਿੱਡੀ ਡਾਂਗ ਲੈ ਕੇ ਮਗਰ ਭੱਜ ਪੈਂਦੇ ਹੋ। ਡਾਂਗ ਦੇ ਡਰ ਨਾਲ ਅਸੀਂ ਜਦੋਂ ਕੰਡਿਆਲੀ ਤਾਰ ਨਾਲ ਲਹੂ-ਲੁਹਾਣ ਹੋ ਕੇ ਬਾਹਰ ਨੂੰ ਭੱਜਦੇ ਹਾਂ ਤਾਂ ਫਿਰ ਵੀ ਡਾਂਗ ਲੈ ਕੇ ਉਨਾ ਚਿਰ ਮਗਰ ਭੱਜਦੇ ਹੋ ਜਿੰਨਾ ਚਿਰ ਅਸੀਂ ਕਿਸੇ ਦੂਜੇ ਦੇ ਖੇਤ 'ਚ ਨਹੀਂ ਵੜ ਜਾਂਦੇ। ਚਲੋ ਜੇ ਅਸੀਂ ਵੜ ਹੀ ਗਏ ਹਾਂ ਤਾਂ ਤੁਹਾਨੂੰ ਕੀ......ਝੱਟ ਫੋਨ ਖੜਕਾ ਦਿੰਦੇ ਹੋ 'ਤੇਰੀ ਫ਼ਸਲ ਦੀ ਕਟਾਈ ਪਸ਼ੂ ਕਰ ਰਹੇ ਆ' 'ਤੇ ਅਗਲਾ ਵੀ ਫਿਰ ਡਾਂਗ ਆਲਾ ਤਰੀਕਾ ਹੀ ਅਪਣਾਉਂਦਾ ਐ'। ਪਾਲੀ ਗੱਲ ਸੁਣੀ ਗਿਆ ਪਰ ਕੁਝ ਨਾ ਬੋਲਿਆ।
ਇੰਨੇ ਨੂੰ ਢੱਟਾ ਭਰੇ ਹੋਏ ਮਨ ਨਾਲ ਕਹਿੰਦਾ, 'ਸਭ ਤੋਂ ਵੱਡਾ ਧੱਕਾ ਤੁਸੀਂ ਸਾਡੇ ਨਾਲ ਉਦੋਂ ਕਰਦੇ ਹੋ ਜਦੋਂ ਸਾਡੇ ਹਿੱਸੇ ਦਾ ਪੈਸਾ ਤੇ ਰਾਸ਼ਣ, ਤੁਸੀਂ ਗਊਸ਼ਾਲਾ ਆਲੇ ਰਿਕਸ਼ੇ ਵਾਲੇ ਨੂੰ ਦਾਨ ਕਰ ਦਿੰਦੇ ਹੋ, ਜਿਸਦਾ ਸਾਰਾ ਪੈਸਾ ਗਊਸ਼ਾਲਾ ਦੇ ਪ੍ਰਧਾਨ ਦੀ ਜੇਬ 'ਚ ਇਉਂ ਜਾ ਵੱਜਦਾ ਹੈ, ਜਿਵੇਂ ਅੱਜ ਮੈਂ ਤੇਰੇ ਵਿੱਚ ਵੱਜਣਾ ਐ। ਬਸ ਫਿਰ ਕੀ ਸੀ...ਢੱਟੇ ਨੇ ਠਾਹ ਦੇਣੇ ਪਾਲੀ ਨੂੰ ਟੱਕਰ ਮਾਰੀ। ਪਾਲੀ ਬੱਬੂਕਾਟ ਸਮੇਤ ਧੜਾਅ ਦੇਣੀ ਡਿੱਗਿਆ। ਉਸ ਦੀ ਬਾਂਹ ਦੀ ਹੱਡੀ ਦੋਫਾੜ ਕਰਤੀ। ਅਖੀਰ ਵਿਚ ਪਾਲੀ ਨੂੰ ਕਹਿੰਦਾ, '...ਆਪਦੀ ਸਰਕਾਰ ਨੂੰ ਕਹੋ ਜਾਂ ਤਾਂ ਸਾਡੀ ਜੂਨ 'ਚ ਕੋਈ ਸੁਧਾਰ ਕਰੇ, ਜਾਂ ਫਿਰ ਸਾਡੀ ਜੂਨ ਬਦਲਣ ਵਾਲਾ ਯੰਤਰ ਚਲਾਵੇ......ਨਹੀਂ ਤਾਂ ਅਸੀਂ ਇਹ ਵਿੱਚ ਵੱਜਣ ਵਾਲਾ ਸੰਘਰਸ਼ ਹੋਰ ਵੀ ਤੇਜ਼ ਕਰਾਂਗੇ...'।

ਨਿਸ਼ਾਨ ਲਿਖਾਰੀ
ਨੇੜੇ ਕੁਟੀ ਮੋੜ, ਗੁਰੁ ਹਰਸਹਾਏ
ਫ਼ਿਰੋਜ਼ਪੁਰ-152022
+91-9781045672