Navkiran Natt

ਗੁਰਦਾਸ ਮਾਨ ਦੇ ਉਦਰੇਵੇਂ ਵਾਲਾ ਪੰਜਾਬ ਅਤੇ ਔਰਤ - ਨਵਕਿਰਨ ਨੱਤ

ਪਿਛਲੇ ਮਹੀਨੇ ਹਿੰਦੀ ਦਿਵਸ ਮੌਕੇ ਮੁਲਕ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਆਇਆ ਕਿ ਪੂਰੇ ਮੁਲਕ ਦੀ ਇੱਕ ਭਾਸ਼ਾ ਹੋਣੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਮੁਲਕ ਨੂੰ ਬਾਹਰਲੀਆਂ ਭਾਸ਼ਾਵਾਂ ਤੋਂ ਖ਼ਤਰਾ ਹੋ ਸਕਦਾ ਹੈ, ਇਹ ਭਾਸ਼ਾ ਹੈ ਹਿੰਦੀ। ਇਸ ਬਿਆਨ ਤੋਂ ਬਾਅਦ ਮੁਲਕ ਦੇ ਸਾਰੇ ਹਲਕਿਆਂ ਅੰਦਰ ਬਹਿਸ ਸ਼ੁਰੂ ਹੋ ਗਈ। ਕਈਆਂ ਨੇ ਹਿੰਦੀ ਨੂੰ ਪੂਰੇ ਮੁਲਕ ਦੀ ਸਾਂਝੀ ਭਾਸ਼ਾ ਬਣਾਉਣ ਦੇ ਵਿਚਾਰ ਦੀ ਮੁਖ਼ਾਲਫ਼ਤ ਕੀਤੀ ਅਤੇ ਕਈਆਂ ਨੇ ਇਸ ਦੇ ਹੱਕ ਵਿਚ ਬਿਆਨ ਦਿੱਤੇ।
ਪੰਜਾਬ ਵਿਚ ਜਿੱਥੇ ਜ਼ਿਆਦਾਤਰ ਹਿੱਸੇ ਵਿਚ ਇਸ ਵਿਚਾਰ ਦਾ ਵਿਰੋਧ ਹੋਇਆ, ਉੱਥੇ ਗਾਇਕ ਗੁਰਦਾਸ ਮਾਨ ਨੇ ਗ੍ਰਹਿ ਮੰਤਰੀ ਦੇ ਇਸ ਬਿਆਨ ਨਾਲ ਸਹਿਮਤੀ ਪ੍ਰਗਟਾਈ। ਫਿਰ ਤਾਂ ਲਾਜ਼ਿਮ ਸੀ ਕਿ ਉਹਨੂੰ ਵੀ ਇਸ ਵਿਰੋਧ ਦਾ ਸੇਕ ਝੱਲਣਾ ਪੈਂਦਾ ਪਰ ਉਹਨੇ ਕੈਨੇਡਾ ਵਿਚ ਆਪਣੇ ਸ਼ੋਅ ਦੌਰਾਨ ਵਿਖਾਵਾਕਾਰੀਆਂ ਨੂੰ ਗ਼ਲਤ ਸ਼ਬਦ ਬੋਲੇ ਜਿਸ ਕਾਰਨ ਮਸਲਾ ਹੋਰ ਭੜਕ ਗਿਆ। ਭਾਰਤ ਆਉਣ ਤੋਂ ਬਾਅਦ ਇੱਕ ਵੀਡੀਓ ਵਿਚ ਗੁਰਦਾਸ ਮਾਨ ਨੇ ਬਹੁਤ ਘੁੰਮਾ-ਫਿਰਾ ਕੇ ਮੁਆਫੀ ਤਾਂ ਮੰਗ ਲਈ ਪਰ ਸੋਸ਼ਲ ਮੀਡੀਆ ਉੱਤੇ ਕਈ ਦਿਨ ਇਹ ਮੁੱਦਾ ਚਰਚਾ ਦਾ ਵਿਸ਼ਾ ਰਿਹਾ। ਕਈ ਲੋਕਾਂ ਦਾ ਆਪਣੇ ਇਸ ਪਸੰਦੀਦਾ ਗਾਇਕ ਪ੍ਰਤੀ ਮੋਹਭੰਗ ਵੀ ਹੋਇਆ। ਉਂਜ, ਸਾਰੇ ਮਸਲੇ ਵਿਚ ਚੰਗੀ ਗੱਲ ਇਹ ਹੋਈ ਕਿ ਲੋਕ ਆਪਣੇ ਪਸੰਦੀਦਾ ਸਟਾਰ ਦੀ ਆਲੋਚਨਾ ਬਾਰੇ ਕਾਫੀ ਗ੍ਰਹਿਣਸ਼ੀਲ ਹੋਏ।
ਕੁੜੀ ਹੋਣ ਦੇ ਨਾਤੇ ਜਦੋਂ ਵੀ ਮੈਂ ਗੁਰਦਾਸ ਮਾਨ ਦੇ ਗਾਣੇ ਸੁਣਦੀ ਹਾਂ ਤਾਂ ਇਹ ਇਤਰਾਜ਼ਯੋਗ ਲੱਗਦੇ ਹਨ। ਇਕ ਗਾਣੇ ਦੇ ਬੋਲ ਹਨ : 'ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ, ਕੰਨਾਂ ਵਿਚ ਕੋਕਰੂ ਤੇ ਵਾਲੀਆਂ ਵੀ ਗਈਆਂ' ਪਰ ਸਚਾਈ ਇਹ ਹੈ ਕਿ ਮੈਂ ਜਾਂ ਕੋਈ ਵੀ ਹੋਰ ਕੁੜੀ ਸੂਫ ਦਾ ਘੱਗਰਾ ਪਾ ਕੇ ਅਤੇ ਫੁਲਕਾਰੀ ਦੀ ਬੁੱਕਲ ਮਾਰ ਕੇ, ਉੱਤੋਂ ਘੁੰਡ ਕੱਢ ਕੇ ਨਾ ਤਾਂ ਕਾਰ ਚਲਾ ਸਕਦੀ ਹੈ, ਨਾ ਸਕੂਟਰ ਅਤੇ ਨਾ ਹੀ ਰੋਜ਼ਮੱਰਾ ਦਾ ਕੋਈ ਹੋਰ ਕੰਮ ਕਰ ਸਕਦੀ ਹੈ। ਫਿਰ ਇਹ ਹਾਲ ਦੁਹਾਈ ਕਿਉਂ?
   ਅੰਗਰੇਜ਼ੀ ਦੇ ਸ਼ਬਦ ਹਨ ਕਲਚਰਲ ਨੋਸਟੈਲਜੀਆ (cultural nostalgia) ਜਿਸ ਦਾ ਮਤਲਬ ਹੈ, ਪੁਰਾਣੇ ਸਭਿਆਚਾਰ, ਰੀਤੀ ਰਿਵਾਜਾਂ ਬਾਰੇ ਕਿਸੇ ਇਨਸਾਨ ਦੀ ਭਾਵਨਾਤਮਿਕ ਤਾਂਘ ਜਾਂ ਉਦਰੇਵਾਂ, ਤੇ ਤਾਂਘ ਜਾਂ ਉਦਰੇਵਾਂ ਸਿਰਫ ਉਨ੍ਹਾਂ ਲੰਘ ਚੁੱਕੇ ਮੌਕਿਆਂ ਜਾਂ ਸਮਿਆਂ ਦੀ ਹੁੰਦੀ ਹੈ ਜੋ ਇਨਸਾਨ ਲਈ ਸਕਾਰਾਤਮਕ ਜਾਂ ਸੁਖਾਵੇਂ ਬੀਤੇ ਹੋਣ। ਸਮਾਜ ਦਾ ਇੱਕ ਹਿੱਸਾ ਹਮੇਸ਼ਾਂ ਇਸ ਸਭਿਆਚਾਰਕ ਉਦਰੇਵੇਂ (ਕਲਚਰਲ ਨੋਸਟੈਲਜੀਆ) ਦਾ ਸ਼ਿਕਾਰ ਰਹਿੰਦਾ ਹੈ। ਜ਼ਿਆਦਾਤਰ ਕੇਸਾਂ ਵਿਚ ਇਹ ਹਿੱਸਾ ਸਮਾਜਿਕ ਅਸਰ-ਰਸੂਖ ਤੇ ਖਾਸ ਰੁਤਬਾ ਰੱਖਣ ਵਾਲੇ ਵਰਗ ਦਾ ਹੁੰਦਾ ਹੈ ਜਿਸ ਨੂੰ ਅੰਗਰੇਜ਼ੀ ਵਿਚ ਪ੍ਰਿਵਲਿਜਡ (privileged) ਕਿਹਾ ਜਾਂਦਾ ਹੈ। ਪੰਜਾਬੀ ਸਮਾਜ ਵਿਚ ਭਾਰਤ ਦੇ ਬਾਕੀ ਹਿੱਸਿਆਂ ਵਾਂਗ ਔਰਤਾਂ ਨੂੰ ਘੁੰਡ ਵਿਚੋਂ ਨਿਕਲ ਕੇ ਖੁੱਲ੍ਹੇਆਮ ਸੜਕਾਂ 'ਤੇ ਆਉਣ, ਆਪਣੀ ਮਰਜ਼ੀ ਦੇ ਕੱਪੜੇ ਪਾਉਣ, ਨੌਕਰੀ ਕਰਕੇ ਪੈਸੇ ਕਮਾ ਕੇ ਆਪਣੇ ਪੈਰਾਂ ਸਿਰ ਖੜ੍ਹਨ ਅਤੇ ਇਸ ਸਮਾਜ ਦਾ ਅਹਿਮ ਹਿੱਸਾ ਬਣਨ ਵਿਚ ਸਦੀਆਂ ਲੱਗੀਆਂ ਹਨ। ਸਦੀਆਂ ਦੀ ਗ਼ੁਲਾਮੀ ਤੋਂ ਬਾਅਦ ਮਿਲੀ ਇਸ ਅਜ਼ਾਦੀ ਨੂੰ ਮਾਨਣ ਵਾਲੀਆਂ ਔਰਤਾਂ ਜਾਂ ਕੁੜੀਆਂ ਲਈ ਘੁੰਡ ਬਾਰੇ ਹਰਗਿਜ਼ ਕੋਈ ਉਦਰੇਵਾਂ ਨਹੀਂ ਹੋ ਸਕਦਾ, ਜਦੋਂ ਤੱਕ ਉਹ ਆਪ ਇਸ ਪਿੱਤਰ ਸੱਤਾ ਵਾਲੀ ਸੋਚ ਦੀਆਂ ਗ਼ੁਲਾਮ ਨਾ ਹੋਣ। ਹਾਂ, ਗੁਰਦਾਸ ਮਾਨ ਵਰਗੇ ਉੱਚੀ ਜਾਤ ਅਤੇ ਜਮਾਤ ਦੇ ਮਰਦਾਂ ਲਈ ਸੱਚਮੁੱਚ ਇਹ ਉਦਰੇਵਾਂ ਹੋ ਸਕਦਾ ਜਿਨ੍ਹਾਂ ਨੂੰ ਔਰਤ ਦੇ ਆਜ਼ਾਦ ਹੋਣ ਨਾਲ ਆਪਣਾ ਵਿਸ਼ੇਸ਼ ਹੱਕ ਖੁੱਸਦਾ ਜਾਪਦਾ ਹੋਵੇ।
ਇੱਕ ਹੋਰ ਖਾਸ ਗੱਲ ਇਹ ਕਿ ਸਭਿਆਚਾਰਕ ਉਦਰੇਵਾਂ ਕਦੀ ਇੱਕ-ਅੱਧੀ ਗੱਲ ਵਿਚ ਨਹੀਂ ਝਲਕਦਾ ਹੁੰਦਾ ਸਗੋਂ ਪੂਰੇ ਪੈਕੇਜ ਵਿਚ ਆਉਂਦਾ ਹੈ। ਪੁਰਾਣੇ ਸਮਿਆਂ ਦਾ ਸਾਫ਼-ਸੁਥਰਾ ਹਵਾ-ਪਾਣੀ ਅਤੇ ਵਾਤਾਵਰਨ ਅਤੇ ਇਸ ਦੇ ਨਤੀਜੇ ਵਜੋਂ ਵਧੀਆ ਸਿਹਤ ਤੇ ਲੰਮੀਆਂ ਉਮਰਾਂ ਨੂੰ ਯਾਦ ਕਰਨਾ ਤੇ ਉਸ ਦੀ ਪ੍ਰਸ਼ੰਸਾ ਕਰਨਾ ਵੀ ਇਸੇ ਸਭਿਆਚਾਰਕ ਉਦਰੇਵੇਂ ਦਾ ਹਿੱਸਾ ਹੈ ਜੋ ਗੁਰਦਾਸ ਮਾਨ ਦੇ ਇੱਕ ਹੋਰ ਗੀਤ 'ਖੜ੍ਹ ਕੇ ਦੇਖ ਜਵਾਨਾਂ, ਬਾਬੇ ਭੰਗੜਾ ਪਾਉਂਦੇ ਨੇ' ਵਿਚ ਸਾਫ਼ ਦੇਖਣ ਨੂੰ ਮਿਲਦਾ ਹੈ। ਪੁਰਾਣੇ ਵੇਲਿਆਂ ਦੀਆਂ ਕੁੱਝ ਚੰਗੀਆਂ ਗੱਲਾਂ ਤੇ ਕੁੱਝ ਬੁਰੀਆਂ ਗੱਲਾਂ ਨੂੰ ਮਿਲਾ ਕੇ ਇਹ ਪੈਕੇਜ ਬਣਦਾ ਹੈ ਪਰ ਇਹ ਸਭ ਕੁਝ ਤੈਅ ਅੱਜ ਦੇ ਸਮੇਂ ਵਿਚ ਜੀਅ ਰਹੇ ਲੋਕਾਂ ਨੇ ਕਰਨਾ ਹੁੰਦਾ ਹੈ ਕਿ ਉਨ੍ਹਾਂ ਨੇ ਕਿਹੜੀਆਂ ਚੰਗੀਆਂ ਚੀਜ਼ਾਂ ਨੂੰ ਫੜ ਕੇ ਰੱਖਣਾ ਹੈ ਅਤੇ ਕਿਹੜੇ ਬੁਰੇ ਰੀਤੀ-ਰਿਵਾਜਾਂ ਨੂੰ ਜੜ੍ਹੋਂ ਪੁੱਟਣਾ ਹੈ। ਸਭ ਪੁਰਾਣੇ ਰਿਵਾਜਾਂ ਅਤੇ ਗੱਲਾਂ ਨੂੰ ਹਮੇਸ਼ਾਂ ਮਹਾਨ ਬਣਾ ਕੇ ਦੇਖਣਾ ਅਤੇ ਹਰ ਨਵੀਂ ਚੀਜ਼ ਨੂੰ ਨਿੰਦਣਾ ਗ਼ਲਤ ਹੈ, ਜਿਵੇਂ ਮੌਜੂਦਾ ਦੌਰ ਦੇ ਪ੍ਰੇਮੀ ਜੋੜਿਆਂ ਬਾਰੇ 'ਕਿਰਾਏ ਤੇ ਲਈ ਗਈ ਹੀਰ' ਵਰਗੇ ਸ਼ਬਦ ਵਰਤਣਾ ਅਤੇ ਸਿਰਫ਼ ਪੁਰਾਣੇ ਸਮੇਂ ਦੇ ਪਿਆਰ ਨੂੰ ਮਹਾਨ ਕਰਕੇ ਦੇਖਣਾ।
ਜਦੋਂ ਔਰਤਾਂ ਦੇ ਪੱਖ ਤੋਂ ਗੁਰਦਾਸ ਮਾਨ ਦੇ ਗਾਣਿਆਂ ਦੀ ਗੱਲ ਹੋ ਰਹੀ ਹੋਵੇ ਤਾਂ ਕੁੱਝ ਲੋਕਾਂ ਨੂੰ ਉਸ ਦਾ ਗਾਣਾ 'ਕੁੜੀਏ ਕਿਸਮਤ ਪੁੜੀਏ, ਤੈਨੂੰ ਇੰਨਾ ਪਿਆਰ ਦੇਵਾਂ' ਦੀ ਯਾਦ ਆਉਣੀ ਸੁਭਾਵਿਕ ਹੈ ਪਰ ਇਸ ਬਾਰੇ ਮੇਰੇ ਕੁੱਝ ਸਵਾਲ ਹਨ। ਜਦੋਂ ਵੀ ਔਰਤ ਦੇ ਹੱਕ ਦੀ ਗੱਲ ਕਰਨੀ ਹੋਵੇ ਤਾਂ ਕੀ ਉਸ ਨੂੰ ਹਮੇਸ਼ਾਂ ਵਿਚਾਰੀ ਅਤੇ ਤਰਸ ਦੀ ਪਾਤਰ ਬਣਾ ਕੇ ਸੰਬੋਧਤ ਕਰਨਾ ਜ਼ਰੂਰੀ ਹੈ? ਕੀ ਸਮਾਜ ਕੁੜੀ ਨੂੰ ਉਸ ਦੇ ਹਿੱਸੇ ਦੀ ਦੁਨੀਆ ਨਹੀਂ ਦੇ ਸਕਦਾ ਜਿੱਥੇ ਉਹ ਬਿਨਾ ਰੋਕ-ਟੋਕ ਅਤੇ ਬੰਦਿਸ਼ਾਂ ਦੇ ਆਜ਼ਾਦ ਜ਼ਿੰਦਗੀ ਜੀਅ ਸਕੇ?
ਗੁਰਦਾਸ ਮਾਨ ਦਾ ਸਾਲ 2017 ਵਿਚ ਰਿਲੀਜ਼ ਹੋਇਆ ਗੀਤ 'ਪੰਜਾਬ' ਅਤੇ ਇਸ ਦੀ ਵੀਡੀਓ, ਦੋਨੋਂ ਹੀ ਬਹੁਤ ਇਤਰਾਜ਼ਯੋਗ ਹਨ। ਇਸ ਗੀਤ ਦੀ ਵੀਡੀਓ ਵਿਚ ਗੁਰਦਾਸ ਮਾਨ ਕਥਾਵਾਚਕ ਦੀ ਭੂਮਿਕਾ ਵਿਚ ਹਨ ਅਤੇ ਪੰਜਾਬ ਦੇ ਅੱਜ ਤੋਂ ਬੀਤੇ ਕੱਲ ਵਿਚ, ਤੇ ਉੱਥੋਂ ਭਗਤ ਸਿੰਘ ਨੂੰ ਨਾਲ ਲੈ ਕੇ ਫਿਰ ਅੱਜ ਦੇ ਵਕਤ ਤੇ ਆਉਂਦੇ ਹਨ। ਨਾਲ ਹੀ ਭਗਤ ਸਿੰਘ ਤੋਂ ਵਾਅਦਾ ਲੈਂਦੇ ਹਨ ਕਿ ਉਹ ਪੰਜਾਬ ਦੇ ਮੌਜੂਦਾ ਹਾਲਾਤ ਦੇਖ ਕੇ ਆਪਣਾ ਫਾਂਸੀ ਚੜ੍ਹਨ ਦਾ ਫੈਸਲਾ ਬਦਲੇਗਾ ਨਹੀਂ। ਹੁਣ ਤੱਕ ਜਿੰਨਾ ਭਗਤ ਸਿੰਘ ਨੂੰ ਜਾਂ ਉਸ ਬਾਰੇ ਪੜ੍ਹਿਆ ਤੇ ਜਾਣਿਆ ਹੈ, ਉਸ ਤੋਂ ਇਹ ਗੱਲ ਸਹਿਜੇ ਹੀ ਕਹੀ ਜਾ ਸਕਦੀ ਹੈ ਕਿ ਅੱਜ ਪੂੰਜੀਵਾਦ ਨੇ ਸਾਡੇ ਮੁਲਕ ਅਤੇ ਪੰਜਾਬ ਦੇ ਜੋ ਹਾਲਾਤ ਬਣਾ ਦਿੱਤੇ ਹਨ, ਉਸ ਬਾਰੇ ਖ਼ਦਸ਼ਾ ਭਗਤ ਸਿੰਘ ਨੂੰ ਬਾਖੂਬੀ ਸੀ। ਸ਼ਾਇਦ ਇਸੇ ਲਈ ਭਗਤ ਸਿੰਘ ਨੇ ਕਿਹਾ ਸੀ - ਮੇਰੀ ਲੜਾਈ ਸਿਰਫ ਅੰਗਰੇਜ਼ਾਂ ਨੂੰ ਮੁਲਕ ਵਿਚੋਂ ਬਾਹਰ ਕੱਢਣ ਤੱਕ ਸੀਮਿਤ ਨਹੀਂ ਬਲਕਿ ਮੇਰੀ ਲੜਾਈ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਮਨੁੱਖ ਹੱਥਂਂ ਮਨੁੱਖ ਦੀ ਲੁੱਟ ਖਤਮ ਨਹੀਂ ਹੋ ਜਾਂਦੀ।
ਦੂਜੀ ਗੱਲ, ਸਕੂਲ ਪੜ੍ਹਦਿਆਂ ਜਦੋਂ ਵੀ ਭਗਤ ਸਿੰਘ ਤੇ ਲੇਖ ਲਿਖਦੇ ਸੀ ਤਾਂ ਸਾਨੂੰ ਹਮੇਸ਼ਾਂ ਇਹ ਗੱਲ ਦੱਸੀ ਜਾਂਦੀ ਸੀ ਕਿ ਇੱਕ ਵਾਰੀ ਭਗਤ ਸਿੰਘ ਛੋਟਾ ਹੁੰਦਾ ਆਪਣੇ ਪਿਤਾ ਨਾਲ ਖੇਤਾਂ 'ਚ ਗਿਆ ਅਤੇ ਖੇਡਦੇ ਖੇਡਦੇ ਛਟੀਆਂ ਮਿੱਟੀ 'ਚ ਗੱਡਣ ਲੱਗਾ। ਜਦੋਂ ਭਗਤ ਸਿੰਘ ਦੇ ਪਿਤਾ ਨੇ ਪੁੱਛਿਆ ਕਿ ਉਹ ਕੀ ਕਰ ਰਿਹਾ ਹੈ ਤਾਂ ਭਗਤ ਸਿੰਘ ਨੇ ਜਵਾਬ ਦਿੱਤਾ ਕਿ ਬੰਦੂਕਾਂ ਬੀਜ ਰਿਹਾ ਹਾਂ, ਵੱਡਾ ਹੋ ਕੇ ਇਨ੍ਹਾਂ ਨਾਲ ਅੰਗਰੇਜ਼ਾਂ ਨੂੰ ਮੁਲਕ ਵਿਚੋਂ ਮਾਰ ਭਜਾਊਂਗਾ। ਫਾਂਸੀ 'ਤੇ ਚੜ੍ਹਨਾ ਭਗਤ ਸਿੰਘ ਦਾ ਟੀਚਾ ਨਹੀਂ ਸੀ ਬਲਕਿ ਫਾਂਸੀ ਦੀ ਸਜ਼ਾ ਤਾਂ ਉਸ ਦੀ ਲੜਾਈ ਦੇ ਰਸਤੇ ਦੀ ਰੁਕਾਵਟ ਸੀ ਜਿਸ ਤੋਂ ਭਗਤ ਸਿੰਘ ਡਰ ਕੇ ਭੱਜਿਆ ਨਹੀਂ ਅਤੇ ਕੁਰਬਾਨ ਹੋ ਗਿਆ।
ਹੈਰਾਨੀ ਦੀ ਗੱਲ ਇਹ ਹੈ ਕਿ 'ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ' ਵਰਗੇ ਗੀਤ ਨਾਲ ਪ੍ਰਸਿੱਧੀ ਪਾਉਣ ਵਾਲੇ ਗੁਰਦਾਸ ਮਾਨ ਆਪਣੇ ਗੀਤ 'ਪੰਜਾਬ' ਵਿਚ ਸ਼ਰਾਬ ਪੀ ਰਹੀਆਂ ਔਰਤਾਂ ਨੂੰ ਨਿੰਦ ਰਹੇ ਹਨ ਤੇ ਸਿਗਰਟਾਂ ਨਾਲ ਛਾਤੀਆਂ ਦਾ ਦੁੱਧ ਸੁੱਕਣ ਦੀ ਗੱਲ ਕਰਦੇ ਹਨ। ਅਜਿਹੀ ਕਿਹੜੀ ਸ਼ਰਾਬ ਹੈ ਜੋ ਮਰਦਾਂ ਲਈ ਤਾਂ ਬਹੁਤ ਮਹਾਨ ਹੈ ਪਰ ਔਰਤਾਂ ਲਈ ਮਾੜੀ ਹੈ? ਜੇ ਕੋਈ ਕਹੇ ਕਿ ਸ਼ਰਾਬ ਸਿਗਰਟ ਸਿਹਤ ਲਈ ਮਾੜੀਆਂ ਚੀਜ਼ਾਂ ਹਨ, ਇਨ੍ਹਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਤਾਂ ਤਰਕ ਸਮਝ ਆਉਂਦਾ ਹੈ ਪਰ ਜਦੋਂ ਇਹ ਸਿਰਫ਼ ਔਰਤਾਂ ਲਈ ਮਾੜੀਆਂ ਕਰਾਰ ਦਿੱਤੀਆਂ ਜਾਂਦੀਆਂ ਹਨ ਤਾਂ ਇਸ ਗੱਲ ਪਿਛਲੀ ਪਿੱਤਰ ਸੱਤਾ ਵਾਲੀ/ਮਰਦ ਪ੍ਰਧਾਨ ਸੋਚ ਸਾਫ ਝਲਕਦੀ ਹੈ। ਇੱਕ ਗੱਲ ਹੋਰ, ਬੇਸ਼ੱਕ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਪਰ ਉਸ ਨੂੰ ਪਾਲਣਾ ਸਿਰਫ ਔਰਤ ਦਾ ਕੰਮ ਨਹੀਂ ਬਲਕਿ ਸਾਂਝੀ ਜ਼ਿੰਮੇਵਾਰੀ ਹੈ। ਫਿਰ ਗ਼ਲਤ ਪਾਲਣ-ਪੋਸ਼ਣ ਦਾ ਭਾਂਡਾ ਸਿਰਫ਼ ਔਰਤ ਦੇ ਸਿਰ 'ਤੇ ਕਿਉਂ ਭੰਨਿਆ ਜਾਂਦਾ ਹੈ?
ਗੁਰਦਾਸ ਮਾਨ ਦੀ ਆਵਾਜ਼ ਤੇ ਸੁਰ ਬੇਸ਼ੱਕ ਸੋਹਣੇ ਹਨ ਪਰ ਕੋਈ ਕਲਾਕਾਰ ਲੋਕਾਂ ਲਈ ਨਾਇਕ/ਸਟਾਰ ਉਦੋਂ ਬਣਦਾ ਹੈ ਜਦੋਂ ਉਹ ਲੋਕਾਂ ਦੇ ਹੱਕ ਜਾਂ ਉਨ੍ਹਾਂ ਦੇ ਪੱਖ ਦੀ ਗੱਲ ਕਰੇ। ਕੁੜੀ ਹੋਣ ਦੇ ਨਾਤੇ ਮੇਰੇ ਲਈ ਉਸ ਨੂੰ 'ਪੰਜਾਬ ਦਾ ਮਾਣ' ਮੰਨ ਸਕਣਾ ਸੰਭਵ ਨਹੀਂ ਕਿਉਂਕਿ ਮੈਂ ਅਗਾਂਹਵਧੂ ਅਤੇ ਔਰਤਾਂ ਦੀ ਤਰੱਕੀ ਪਸੰਦ ਕਰਨ ਵਾਲੇ ਪੰਜਾਬ ਵਿਚ ਯਕੀਨ ਰੱਖਦੀ ਹਾਂ।

ਸੰਪਰਕ : 78376-70991