Navdeep-Soori

ਹਵਾ ਬੀਜੋਗੇ ਤਾਂ ਝੱਖੜ ਵੱਢੋਗੇ - ਨਵਦੀਪ ਸੂਰੀ

ਭਾਜਪਾ ਦੀ ਤਰਜਮਾਨ ਨੂਪੁਰ ਸ਼ਰਮਾ (ਜੋ ਹੁਣ ਮੁਅੱਤਲ ਹੈ) ਅਤੇ ਦਿੱਲੀ ਭਾਜਪਾ ਦੇ ਮੀਡੀਆ ਸੈੱਲ ਦੇ ਮੁਖੀ ਨਵੀਨ ਕੁਮਾਰ ਜਿੰਦਲ (ਜਿਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ) ਵਲੋਂ ਪੈਗੰਬਰ ਮੁਹੰਮਦ ਸਾਹਿਬ ਬਾਰੇ ਕੀਤੀਆਂ ਘਿਨਾਉਣੀਆਂ ਟਿੱਪਣੀਆਂ ਨਾਲ ਬਿਨਾਂ ਸ਼ੱਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੇ ਖਾੜੀ ਮੁਲਕਾਂ ਨਾਲ ਭਾਰਤ ਦੇ ਸਬੰਧ ਮਜ਼ਬੂਤ ਕਰਨ ਲਈ ਕੀਤੇ ਯਤਨਾਂ ਨੂੰ ਗਹਿਰਾ ਧੱਕਾ ਵੱਜਿਆ ਹੈ। ਮੈਂ ਜਦੋਂ 2016-19 ਤੱਕ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤ ਦਾ ਰਾਜਦੂਤ ਸੀ ਤਾਂ ਉਦੋਂ ਇਸ ਤਬਦੀਲੀ ਨੂੰ ਆਪਣੇ ਅੱਖੀਂ ਤੱਕਿਆ ਸੀ ਅਤੇ ਇਸ ਦਾ ਇਹ ਹਸ਼ਰ ਹੁੰਦਾ ਦੇਖ ਕੇ ਦੁੱਖ ਹੁੰਦਾ ਹੈ। ਪੰਜ ਜੂਨ ਨੂੰ 24 ਘੰਟਿਆਂ ਦੇ ਵਕਫ਼ੇ ਵਿਚ ਕਤਰ, ਕੁਵੈਤ ਅਤੇ ਇਰਾਨ ਵਿਚਲੇ ਭਾਰਤੀ ਰਾਜਦੂਤਾਂ ਨੂੰ ਵਿਦੇਸ਼ ਵਿਭਾਗ ਤਲਬ ਕੀਤਾ ਗਿਆ ਅਤੇ ਸਖ਼ਤ ਰੋਸ ਦਰਜ ਕਰਾਇਆ ਗਿਆ ਜੋ ਆਮ ਤੌਰ ’ਤੇ ਭੜਕਾਊ ਬਿਆਨਾਂ ਦੀ ਕੀਤੀ ਜਾਂਦੀ ਨੁਕਤਾਚੀਨੀ ਤੋਂ ਕਿਤੇ ਸਖ਼ਤ ਕਾਰਵਾਈ ਗਿਣੀ ਜਾਂਦੀ ਹੈ। ਕਤਰ ਤੇ ਕੁਵੈਤ ਨੇ ਮੰਗ ਕੀਤੀ ਕਿ ਦੋਸ਼ੀ ਜਨਤਕ ਤੌਰ ’ਤੇ ਮੁਆਫ਼ੀ ਮੰਗਣ, ਨਾਲ ਹੀ ਆਖਿਆ, “ਇਸਲਾਮ ਬਾਰੇ ਹਊਆ ਪੈਦਾ ਕਰਨ ਵਾਲੀਆਂ (ਇਸਲਾਮੋਫੋਬੀਆ) ਇਸ ਕਿਸਮ ਦੀਆਂ ਟਿੱਪਣੀਆਂ ਨੂੰ ਜੇ ਇਵੇਂ ਹੀ ਖੁੱਲ੍ਹ ਦਿੱਤੀ ਜਾਂਦੀ ਰਹੀ ਤਾਂ ਇਨ੍ਹਾਂ ਨਾਲ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ ਅਤੇ ਇਸ ਨਾਲ ਮੁਤੱਸਬ ਹੋਰ ਜ਼ਿਆਦਾ ਵਧ ਸਕਦਾ ਹੈ।”
      ਹਾਲੀਆ ਸਾਲਾਂ ਦੌਰਾਨ ਭਾਰਤ ਨਾਲ ਖੜੋਂਦਾ ਰਿਹਾ ਅਤੇ ਸੰਵਿਧਾਨ ਦੀ ਧਾਰਾ 370 ਦੀ ਮਨਸੂਖੀ ਤੋਂ ਬਾਅਦ ਹਮਾਇਤ ਜੁਟਾਉਣ ਲਈ ਕੀਤੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਡੱਕਦਾ ਰਿਹਾ ਸਾਊਦੀ ਅਰਬ ਵੀ ਇਸ ਘਟਨਾਕ੍ਰਮ ਲਈ ਬਿਆਨ ਜਾਰੀ ਕਰਨ ਲਈ ਮਜਬੂਰ ਹੋਇਆ ਹੈ। ਪਾਕਿਸਤਾਨ ਅਤੇ ਓਆਈਸੀ ਨੇ ਵੀ ਆਸ ਮੂਜਬ ਗੱਲਾਂ ਕੀਤੀਆਂ ਹਨ ਪਰ ਇਨ੍ਹਾਂ ਨੂੰ ਬਹੁਤੀ ਤਵੱਜੋ ਦੇਣ ਦੀ ਲੋੜ ਨਹੀਂ ਹੈ।
        ਬਹਰਹਾਲ, ਓਮਾਨ ਵਰਗੇ ਮੁਲਕ ਦੀ ਗੱਲ ਲੈ ਲਓ ਜਿਸ ਨੇ 2018 ਵਿਚ ਪ੍ਰਧਾਨ ਮੰਤਰੀ ਦੇ ਦੌਰੇ ਵੇਲੇ ਦੁਕਮ ਬੰਦਰਗਾਹ ’ਤੇ ਭਾਰਤੀ ਜਲ ਸੈਨਾ ਲਈ ਸਹੂਲਤਾਂ ਦੇ ਬੰਦੋਬਸਤ ਲਈ ਸਮਝੌਤਾ ਸਹੀਬੰਦ ਕੀਤਾ ਸੀ ਅਤੇ ਜਿੱਥੇ ਪ੍ਰਧਾਨ ਮੰਤਰੀ ਇਕ ਪੁਰਾਣੇ ਸ਼ਿਵ ਮੰਦਰ ਵਿਚ ਮੱਥਾ ਟੇਕਣ ਗਏ ਸਨ। ਉੱਥੋਂ ਦੇ ਵੱਡੇ ਮੁਫ਼ਤੀ ਦੇ ਟਵਿਟਰ ’ਤੇ ਸਾਢੇ ਤਿੰਨ ਲੱਖ ਫਾਲੋਅਰ ਹਨ ਅਤੇ ਲੰਘੀ ਚਾਰ ਜੂਨ ਨੂੰ ਉਹ ਬਿਆਨ ਜਾਰੀ ਕਰਨ ਵਾਲਿਆਂ ਵਿਚ ਮੁਫ਼ਤੀ ਵੀ ਸ਼ਾਮਲ ਸਨ ਜਿਸ ਵਿਚ ਨੂਪੁਰ ਸ਼ਰਮਾ ਦੀਆਂ ਟਿੱਪਣੀਆਂ ਨੂੰ ‘ਸਾਰੇ ਮੁਸਲਮਾਨਾਂ ਖਿਲਾਫ਼ ਜੰਗ’ ਕਰਾਰ ਦਿੱਤਾ ਗਿਆ ਸੀ ਅਤੇ ਸਾਰੀਆਂ ਭਾਰਤੀ ਵਸਤਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਹੈ ਤੇ ਜਲਦੀ ਹੀ ਇਹ ਅਰਬ ਜਗਤ ਅੰਦਰ ਟਵਿਟਰ ’ਤੇ ਟ੍ਰੈਂਡ ਹੋਣ ਲੱਗ ਪਿਆ ਸੀ। ਕੁਝ ਰਿਪੋਰਟਾਂ ਤੋਂ ਸੰਕੇਤ ਮਿਲਿਆ ਕਿ ਸਾਊਦੀ ਅਰਬ ਅਤੇ ਬਹਿਰੀਨ ਵਿਚ ਕੁਝ ਸੁਪਰਸਟੋਰਾਂ ਨੇ ਇਸ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ, ਕੁਝ ਹੋਰਨਾਂ ਨੇ ਆਪਣੇ ਕੂੜੇਦਾਨਾਂ ’ਤੇ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਲਾ ਕੇ ਜਾਂ ਉਨ੍ਹਾਂ ’ਤੇ ਕਾਲਖ ਮਲ਼ ਕੇ ਗੁੱਸਾ ਜ਼ਾਹਿਰ ਕੀਤਾ।
       ਦੁਵੱਲੇ ਸਬੰਧਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਿਆਂ ਕੁਵੈਤ, ਕਤਰ ਅਤੇ ਸਾਊਦੀ ਅਰਬ ਨੇ ਇਸ ਮੁੱਦੇ ਨੂੰ ਮੁਖ਼ਾਤਬ ਹੋਣ ਲਈ ਭਾਜਪਾ ਦੇ ਚੁੱਕੇ ਕਦਮਾਂ ਦਾ ਨੋਟਿਸ ਲਿਆ ਅਤੇ ਇਸ ਪਾਰਟੀ ਦੇ ਜਾਰੀ ਕੀਤੇ ਇਸ ਬਿਆਨ ਨੂੰ ਪ੍ਰਵਾਨ ਕੀਤਾ ਹੈ ਕਿ “ਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਆਪਣੀ ਪਸੰਦ ਦੇ ਕਿਸੇ ਵੀ ਧਰਮ ਦਾ ਪਾਲਣ ਕਰਨ ਅਤੇ ਕਿਸੇ ਵੀ ਧਰਮ ਦਾ ਮਾਣ ਸਤਿਕਾਰ ਕਰਨ ਦਾ ਹੱਕ ਦਿੰਦਾ ਹੈ।” ਖਿੱਤੇ ਵਿਚਲੇ ਸਾਡੇ ਸਫ਼ੀਰਾਂ ਸਾਹਮਣੇ ਇਹ ਵੱਡਾ ਕੰਮ ਹੈ ਕਿ ਜਿੱਥੇ ਉਹ ਸਾਡੀ ਤਹਿਜ਼ੀਬੀ ਵਿਰਾਸਤ ਨੂੰ ਉਭਾਰਨ ਦਾ ਯਤਨ ਕਰਨ, ਉੱਥੇ ਮੁੱਠੀ ਭਰ ਸ਼ਰਾਰਤੀ ਅਨਸਰਾਂ (fringe elements) ਦੀਆਂ ਟਿੱਪਣੀਆਂ ਨੂੰ ਵੀ ਸਪੱਸ਼ਟ ਕਰਨ।
       ਹੁਣ ਕਿਉਂਕਿ ਸੋਸ਼ਲ ਮੀਡੀਆ ’ਤੇ ਤੂਫ਼ਾਨ ਉਠਿਆ ਹੋਇਆ ਹੈ ਤੇ ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਵੀ ਇਸ ਦੀ ਜ਼ੱਦ ਵਿਚ ਆ ਗਏ ਹਨ ਜਿਸ ਕਰ ਕੇ ਕੁਝ ਪ੍ਰਤੀਕਰਮਾਂ ’ਤੇ ਝਾਤ ਮਾਰਨ ਦੀ ਲੋੜ ਹੈ:
1) ਕੁਵੈਤ ਅਤੇ ਕਤਰ ਦੇ ਵਿਦੇਸ਼ ਵਿਭਾਗਾਂ ਦੇ ਅਰਬੀ ਭਾਸ਼ਾ ਵਿਚ ਜਾਰੀ ਟਵੀਟਾਂ ਰਾਹੀਂ ਉਨ੍ਹਾਂ ਦੇ ਬਿਆਨਾਂ ਦੀ ਉਨ੍ਹਾਂ ਦੇ ਨਾਗਰਿਕਾਂ ਨੇ ਵਿਆਪਕ ਹਮਾਇਤ ਕੀਤੀ ਹੈ। ਅਰਬੀ ਵਿਚ ਆਏ ਕੁਝ ਕੁ ਕਥਨਾਂ ਵਿਚ ਸਿੱਧੇ ਜਾਂ ਅਸਿੱਧੇ ਢੰਗ ਨਾਲ ਭਾਰਤ ਦੀ ਨੁਕਤਾਚੀਨੀ ਕੀਤੀ ਗਈ ਹੈ।
2) ਇਨ੍ਹਾਂ ਮੁਲਕਾਂ ਵਿਚਲੇ ਵਸਦੇ ਬਹੁਤ ਸਾਰੇ ਪਰਵਾਸੀ ਭਾਰਤੀਆਂ ਨੇ ਆਪਣੇ ਮੇਜ਼ਬਾਨ ਮੁਲਕ ਦੇ ਪੈਂਤੜੇ ਦੀ ਪ੍ਰੋੜਤਾ ਕੀਤੀ ਹੈ ਜੋ ਜਾਂ ਤਾਂ ਮੇਜ਼ਬਾਨ ਮੁਲਕ ਦੇ ਸਨਮਾਨ ਕਰ ਕੇ ਹੈ, ਜਾਂ ਫਿਰ ਇਸ ਚਿੰਤਾ ਕਰ ਕੇ ਵੀ ਹੋ ਸਕਦਾ ਹੈ ਕਿ ਇਸ ਕਿਸਮ ਦੇ ਘਟਨਾਕ੍ਰਮਾਂ ਦਾ ਉਨ੍ਹਾਂ ਦੀ ਆਪਣੀ ਬਹਿਬੂਤੀ ’ਤੇ ਕਿਹੋ ਜਿਹਾ ਅਸਰ ਪੈ ਸਕਦਾ ਹੈ।
3) ਭਾਰਤ ਦੀ ਤਰਫ਼ੋਂ ਵੀ ਕਾਫ਼ੀ ਸੰਖਿਆ ਵਿਚ ਆਏ ਟਰੋਲਾਂ ਵਿਚ ਖਾੜੀ ਮੁਲਕਾਂ ਅੰਦਰ ਲੋਕਤੰਤਰ ਦੀ ਘਾਟ, ਤੇਲ ਉਪਰ ਨਿਰਭਰਤਾ ਜਿਹੇ ਨੁਕਤਿਆਂ ਨੂੰ ਲੈ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਕ ਵਾਰ ਕਤਰ ਦੀ ਸਹਾਇਕ ਵਿਦੇਸ਼ ਮੰਤਰੀ ਲੋਲਵ੍ਹਾ ਅਲ ਖ਼ਤਰ ਦੀ ਟਵਿਟਰ ਟਾਈਮਲਾਈਨ ਵੀ ਨਿਸ਼ਾਨੇ ’ਤੇ ਆ ਗਈ ਸੀ ਜਦੋਂ ਉਸ ਨੇ ਆਪਣੀ ਸਰਕਾਰ ਦੇ ਬਿਆਨ ਨੂੰ ਰੀ-ਟਵੀਟ ਕੀਤਾ ਸੀ। 2010 ਵਿਚ ਚਿੱਤਰਕਾਰ ਐੱਮਐੱਫ ਹੁਸੈਨ ਨੂੰ ਭਾਰਤ ’ਚੋਂ ਜਬਰੀ ਦੇਸ਼ ਨਿਕਾਲਾ ਦੇਣ ਬਾਅਦ ਕਤਰ ਵਲੋਂ ਨਾਗਰਿਕਤਾ ਦਿੱਤੇ ਜਾਣ ਦੇ ਵਾਰ ਵਾਰ ਹਵਾਲੇ ਬੱਝਵੀਂ ਮੁਹਿੰਮ ਦਾ ਹਿੱਸਾ ਜਾਪਦੇ ਸਨ।
4) ਭਾਜਪਾ ਨੂੰ ਖ਼ੁਦ ਵੀ ਇਨ੍ਹਾਂ ਅਨਸਰਾਂ (fringe elements) ਦੇ ਰੋਸ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਇਸ ਦੀਆਂ ਕਈ ਮੋਹਰੀ ਆਵਾਜ਼ਾਂ ਨੇ ਸਰਕਾਰ ਉੱਤੇ ਕਮਜ਼ੋਰ ਹੋਣ ਅਤੇ ‘ਇਸਲਾਮੀਆਂ ਸਾਹਮਣੇ ਗੋਡੇ ਟੇਕਣ’ ਦੇ ਦੋਸ਼ ਲਾਏ ਜਾ ਰਹੇ ਸਨ।
       ਇਸ ਕੂਟਨੀਤਕ ਨਾਕਾਮੀ ਨੂੰ ਘਟਾ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਇਹ ਉਦੋਂ ਵਾਪਰਿਆ ਹੈ ਜਦੋਂ ਰਾਸ਼ਟਰਪਤੀ ਵੈਂਕੱਈਆ ਨਾਇਡੂ ਕਤਰ ਦੇ ਅਧਿਕਾਰਤ ਦੌਰੇ ’ਤੇ ਸਨ ਅਤੇ ਕੁਝ ਦਿਨ ਬਾਅਦ ਇਰਾਨ ਦੇ ਵਿਦੇਸ਼ ਮੰਤਰੀ ਦੀ ਪਹਿਲੀ ਯਾਤਰਾ ਹੋਣ ਵਾਲੀ ਸੀ। ਇਹ ਘਟਨਾਕ੍ਰਮ ਉਸ ਸਮੇਂ ਸਾਹਮਣੇ ਆਇਆ ਜਦੋਂ ਊਰਜਾ ਦੀ ਸੁਰੱਖਿਆ ਲਈ ਭਾਰਤ ਦੀ ਤਲਾਸ਼ ਸਿਰ ਚੜ੍ਹ ਕੇ ਬੋਲ ਰਹੀ ਹੈ, ਜਦੋਂ ਅਸੀਂ ਆਪਣੇ ਬੁਨਿਆਦੀ ਢਾਂਚੇ ਵਿਚ ਖਾੜੀ ਦੇ ਮੁਲਕਾਂ ਦੇ ਦੌਲਤਖ਼ਾਨਿਆਂ ਰਾਹੀਂ ਅਰਬਾਂ ਡਾਲਰਾਂ ਦਾ ਨਿਵੇਸ਼ ਕਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ, ਜਦੋਂ ਅੱਸੀ ਲੱਖ ਭਾਰਤੀ ਲੋਕ ਆਪਣੀ ਰੋਜ਼ੀ ਰੋਟੀ ਲਈ ਖਾੜੀ ਦੇ ਮੁਲਕਾਂ ਵਿਚ ਰਹਿ ਰਹੇ ਹਨ, ਜਦੋਂ ਅਸੀਂ ‘ਗਲਫ਼ ਕੋਆਪਰੇਸ਼ਨ ਕੌਂਸਲ’ ਨਾਲ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਕਰ ਰਹੇ ਹਾਂ।
ਇਸ ਕਰ ਕੇ ਆਪਣੇ ਪੈਰੀਂ ਆਪ ਕੁਹਾੜੀ ਮਾਰਨ ਤੋਂ ਬਚਿਆ ਜਾਣਾ ਚਾਹੀਦਾ ਸੀ ਪਰ ਸੱਤਾਧਾਰੀ ਪਾਰਟੀ ਇਨ੍ਹਾਂ ਉਭਰ ਰਹੇ ਰੁਝਾਨਾਂ ਪ੍ਰਤੀ ਅੱਖਾਂ ਬੰਦ ਕਰ ਕੇ ਬੈਠੀ ਹੋਈ ਸੀ। 2015 ਵਿਚ ਲੋਕ ਸਭਾ ਮੈਂਬਰ ਤੇਜਸਵੀ ਸੂਰੀਆ ਦੀ ਮੁਸਲਿਮ ਔਰਤਾਂ ਬਾਰੇ ਨਿੰਦਣਯੋਗ ਟਿੱਪਣੀ ਅਤੇ ਹਾਲ ਹੀ ਵਿਚ ਆਸਟਰੇਲੀਆ ਦੌਰੇ ਮੌਕੇ ਉਸ ਦੇ ਇਸਲਾਮੀ ਹਊਆ ਦਰਸਾਉਣ (ਇਸਲਾਮੋਫੋਬੀਆ) ਵਾਲੀਆਂ ਟਿੱਪਣੀਆਂ ਇਸ ਕਿਸਮ ਦੀਆਂ ਢੇਰਾਂ ਮਿਸਾਲਾਂ ਵਿਚੋਂ ਮਹਿਜ਼ ਇਕ ਹੈ।
       ਉਂਝ, ਪਾਰਟੀ ਦੇ ਕੁਝ ਹਿੱਸੇ ਸਪੱਸ਼ਟ ਰੂਪ ਵਿਚ ਮਹਿਸੂਸ ਕਰਦੇ ਹਨ ਕਿ ਉਹ ਇੰਨੇ ਚਲਾਕ ਹਨ ਕਿ ਇਕੋ ਵੇਲੇ ਸ਼ਿਕਾਰ ਤੇ ਸ਼ਿਕਾਰੀ, ਦੋਵਾਂ ਨਾਲ ਦੌੜ ਸਕਦੇ ਹਨ, ਇਹ ਵੀ ਕਿ ਘਰੋਗੀ ਰਾਜਨੀਤੀ ਵਿਚ ਧਾਰਮਿਕ ਧਰੁਵੀਕਰਨ ਦਾ ਚੋਣਾਂ ਵਿਚ ਭਰਵਾਂ ਲਾਹਾ ਲਿਆ ਜਾ ਸਕਦਾ ਹੈ, ਉਧਰ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਫ਼ੀਰ ਖਾੜੀ ਦੇ ਮੁਸਲਿਮ ਮੁਲਕਾਂ ਨੂੰ ਪਰਚਾਉਣ ਲੱਗੇ ਹੋਏ ਹਨ।
       ਸ਼ਾਇਦ ਉਹ ਅੰਦਰੋਂ ਇਹ ਹਕੀਕਤ ਪ੍ਰਵਾਨ ਨਹੀਂ ਕਰਦੇ ਕਿ ਅਸੀਂ ਅੰਤਰ-ਨਿਰਭਰ ਦੁਨੀਆ ਵਿਚ ਜੀਅ ਰਹੇ ਹਾਂ ਜਿੱਥੇ ਸ਼ਬਦ ਤੇ ਵੀਡੀਓਜ਼ ਸਰਹੱਦਾਂ ਦੀਆਂ ਮੁਹਤਾਜ ਨਹੀਂ ਹਨ, ਜਿੱਥੇ ਆਈਐੱਸਆਈ ਅਤੇ ਹੋਰ ਏਜੰਸੀਆਂ ਯਤੀ, ਤੇਜਸਵੀ ਜਾਂ ਨੂਪੁਰ ਦੇ ਹਰ ਬਿਆਨ ਨੂੰ ਪੂਰੀ ਦੁਨੀਆ ਵਿਚ ਫੈਲਾਉਣਗੀਆਂ, ਤੇ ਨਾ ਹੀ ਸਾਡੇ ਛਾਤੀਆਂ ਠੋਰਨ ਵਾਲੇ ਟੈਲੀਵਿਜ਼ਨ ਯੋਧਿਆਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਹ ਕਿਵੇਂ ਕੌਮੀ ਹਿੱਤਾਂ ਦੀ ਜੱਖਣਾ ਪੁੱਟ ਰਹੇ ਹਨ ਅਤੇ ਸਾਡੇ ਮੁਲਕ ਦੇ ਵਿਰੋਧੀਆਂ ਦੇ ਹੱਥਾਂ ਵਿਚ ਖੇਡ ਰਹੇ ਹਨ।
       ਚੰਗੀ ਗੱਲ ਇਹ ਹੈ ਕਿ ਭਾਜਪਾ ਲੀਡਰਸ਼ਿਪ ਨੇ ਇਸ ਘਟਨਾ (ਨੂਪੁਰ ਕਾਂਡ) ਦੇ ਸਬੰਧ ਵਿਚ ਤਟਫਟ ਕਾਰਵਾਈ ਕੀਤੀ ਹੈ ਪਰ ਮੇਰਾ ਖ਼ਦਸ਼ਾ ਇਹ ਹੈ ਕਿ ਇਹ ਕਦਮ ਮਾਮੂਲੀ ਹੈ ਤੇ ਪੁੱਟਣ ਵਿਚ ਵੀ ਕਾਫ਼ੀ ਸਮਾਂ ਲਾ ਦਿੱਤਾ ਗਿਆ। ਜੇ ਅਮਰੀਕਾ ਵਿਚ ਡੋਨਲਡ ਟਰੰਪ ਦੇ ਆਧਾਰ ਨੂੰ ਖੋਰਾ ਲਾਉਣ ਲਈ ਟੀ ਪਾਰਟੀ ਵਾਲੇ ‘ਅਨਸਰਾਂ’ (fringe) ਨੂੰ ਇਕ ਦਹਾਕਾ ਲੱਗ ਗਿਆ ਸੀ ਤਾਂ ਇਸ ਮਾਮਲੇ ਵਿਚ ਸਾਡੇ ਵਾਲੇ ‘ਅਨਸਰ’ (fringe) ਵੀ ਬਹੁਤਾ ਪਿੱਛੇ ਨਹੀਂ। ਹੋ ਸਕਦਾ ਹੈ, ਆਖ਼ਰਕਾਰ ਪਿਛਲੇ ਕੁਝ ਦਿਨਾਂ ਦੀਆਂ ਘਟਨਾਵਾਂ ਨਾਲ ਪਾਰਟੀ ਦੀਆਂ ਅੱਖਾਂ ਖੁੱਲ੍ਹ ਜਾਣ। ਹੋ ਸਕਦਾ ਹੈ, ਉਹ ਮੁਲਕ ਵਿਚਲੀਆਂ ਸੂਝਵਾਨ ਆਵਾਜ਼ਾਂ ਨੂੰ ਉਵੇਂ ਹੀ ਸੁਣਨ ਲੱਗ ਪਵੇ ਜਿਵੇਂ ਇਹ ਆਪਣੇ ਅਰਬ ਮਿੱਤਰਾਂ ਨੂੰ ਸੁਣਦੀ ਹੈ। ਹੋ ਸਕਦਾ ਹੈ, ਪਾਰਟੀ ਦੇ ਆਈਟੀ ਸੈੱਲ ਦਾ ਮੁਖੀ ਆਪਣੇ ਦਸਤਿਆਂ ਨੂੰ ਨੱਥ ਪਾ ਕੇ ਰੱਖ ਸਕੇ, ਜਾਂ ਹੋ ਸਕਦਾ ਹੈ, ਉਹ ਘੋੜਾ ਵੀ ਆਪਮੁਹਾਰਾ ਹੋ ਚੁੱਕਿਆ ਹੈ ਅਤੇ ਹੁਣ ਸਾਡੇ ਲਈ ਝੱਖੜਾਂ ਦਾ ਸਾਹਮਣਾ ਕਰਨ ਦਾ ਵੇਲਾ ਆਉਣ ਵਾਲਾ ਹੈ।
* ਲੇਖਕ ਮਿਸਰ ਤੇ ਸੰਯੁਕਤ ਅਰਬ ਅਮੀਰਾਤ ਵਿਚ ਭਾਰਤ ਦਾ ਰਾਜਦੂਤ ਰਿਹਾ ਹੈ ਅਤੇ ਓਬਜ਼ਰਵਰ ਰਿਸਰਚ ਫਾਊਂਡੇਸ਼ਨ ਦਾ ਖ਼ਾਸ ਫੈਲੋ ਹੈ। ਉਸ ਨੇ ਆਪਣੇ ਦਾਦੇ ਨਾਵਲਕਾਰ ਨਾਨਕ ਸਿੰਘ ਦੇ ਪੰਜਾਬ ਵੰਡ ਬਾਰੇ ਨਾਵਲ ‘ਖ਼ੂਨ ਦੇ ਸੋਹਿਲੇ’ ਅਤੇ ਜੱਲਿਆਂਵਾਲੇ ਬਾਗ਼ ਬਾਰੇ ਕਾਵਿ-ਪੁਸਤਕ ‘ਖ਼ੂਨੀ ਵਿਸਾਖੀ’ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਹੈ।