Narinder Sohal

ਅੱਤਵਾਦ ਦੀ ਦਹਿਸ਼ਤ ਹੇਠ ਗੁਜ਼ਾਰੇ ਦਿਨਾਂ ਦੀ ਦਾਸਤਾਨ – ਨਰਿੰਦਰ ਸੋਹਲ

ਜਦੋਂ ਵੀ ਪੰਜਾਬ ਦੇ ਹਾਲਤਾਂ ਨੂੰ ਲੈ ਕੇ ਚਰਚਾ ਛਿੜਦੀ ਹੈ ਤਾਂ ਕਾਲੇ ਦਿਨਾਂ ਵਾਲੇ ਹਾਲਾਤ ਅੱਖਾਂ ਅੱਗਿਓਂ ਗੁਜ਼ਰਨ ਲੱਗਦੇ ਹਨ। ਪੰਜਾਬ ਦਾ ਉਸ ਦੌਰ ਨੇ ਬਹੁਤ ਨੁਕਸਾਨ ਕੀਤਾ, ਘਰਾਂ ਦੇ ਘਰ ਤਬਾਹ ਹੋ ਗਏ। ਲੋਕ ਬਹੁਤ ਹੀ ਭਿਆਨਕ ਹਾਲਾਤਾਂ ਵਿੱਚੋ ਦੀ ਗੁਜ਼ਰ ਰਹੇ ਸਨ। ਘਰਾਂ ਵਿੱਚ ਅੱਤਵਾਦੀਆਂ ਤੇ ਪੁਲਿਸ ਦੋਵਾਂ ਦੀ ਆਮਦ ਮਾੜੀ ਸਮਝੀ ਜਾਂਦੀ ਸੀ ਕਿਉਂਕਿ ਦੋਵੇਂ ਪਾਸੇ ਤੋਂ ਹੀ ਗੋਲੀ ਦਾ ਖ਼ਤਰਾ ਸੀ। ਜਿਥੇ ਅੱਤਵਾਦੀ ਬੇਕਸੂਰਾਂ ਨੂੰ ਗੋਲੀਆਂ ਨਾਲ ਭੁੰਨ ਰਹੇ ਸਨ, ਉਥੇ ਪੁਲਿਸ ਵੀ ਇਹੋ ਕੁੱਝ ਕਰਨ 'ਤੇ ਉਤਾਰੂ ਹੋ ਚੁੱਕੀ ਸੀ। ਹਜ਼ਾਰਾਂ ਬੇਕਸੂਰ ਨੌਜਵਾਨਾਂ ਨੂੰ ਪੁਲਿਸ ਨੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਮੁਕਾ ਦਿੱਤਾ। ਹਰ ਰੋਜ਼ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿੱਚ ਗਹਿਗੱਚ ਮੁਕਾਬਲੇ ਚੱਲ ਰਹੇ ਸਨ। ਪਰ ਇਹ ਸਮਾਂ ਵੀ ਕਈਆਂ ਨੂੰ ਬਹੁਤ ਰਾਸ ਆ ਰਿਹਾ ਸੀ। ਉਹ ਅੱਤਵਾਦ ਦੀ ਆੜ 'ਚ ਆਪਣਿਆਂ ਦਾ ਹੀ ਨੁਕਸਾਨ ਕਰਨ ਲਈ ਉਤਾਰੂ ਹੋ ਚੁੱਕੇ ਸਨ। ਕਈ ਪਰਿਵਾਰ ਅੱਤਵਾਦੀਆਂ ਤੇ ਲੁਟੇਰਿਆਂ ਦੋਵਾਂ ਦਾ ਸ਼ਿਕਾਰ ਬਣੇ। ਅਜਿਹੀ ਹੀ ਇੱਕ ਘਟਨਾ ਦਾ ਜ਼ਿਕਰ ਕਰਨ ਲੱਗੀ ਹਾਂ ਜੋ ਸਾਡੇ ਘਰ ਉਤੇ 21 ਜੁਲਾਈ 1987 ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਾਡੇ ਪਰਿਵਾਰ ਨਾਲ ਵਾਪਰੀ। ਅੱਤਵਾਦੀਆਂ ਨੇ ਹਮਲਾ ਕਰਕੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਸ਼ਹੀਦ ਕਰ ਦਿੱਤਾ ਸੀ। ਜਿਸ ਵਿੱਚ ਸਾਡੇ ਪਿਤਾ ਕਾਮਰੇਡ ਸਵਰਨ ਸਿੰਘ ਸੋਹਲ, ਮਾਤਾ, ਦਾਦੀ, ਭੈਣ ਤੇ ਘਰੇਲੂ ਕਾਮਾ ਸ਼ਾਮਲ ਸਨ। ਅਸੀਂ ਦੋ ਭੈਣਾਂ ਜ਼ਖ਼ਮੀ ਵੀ ਹੋਈਆਂ। ਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਹੀ ਬਿਖ਼ਰ ਗਿਆ ਸੀ। ਸਾਡਾ ਦਾਦਾ ਇਸ ਸਦਮੇ ਕਾਰਨ ਜਲਦੀ ਹੀ ਵਿਛੋੜਾ ਦੇ ਗਿਆ। ਵੱਡੀ ਭੈਣ ਦਾ ਵਿਆਹ ਕਰ ਦਿੱਤਾ ਗਿਆ ਤੇ ਇੱਕ ਭੈਣ ਨੂੰ ਨੌਕਰੀ ਮਿਲਣ ਕਾਰਨ, ਉਹ ਸ਼ਹਿਰ ਰਹਿਣ ਲੱਗ ਪਈ। ਭਰਾ ਤੇ ਛੋਟੀ ਭੈਣ ਹੋਸਟਲ ਭੇਜ ਦਿੱਤੇ ਗਏ ਸਨ। ਅਖੀਰ ਘਰ ਵਿੱਚ ਮੈਂ ਤੇ ਮੇਰੀ ਭੂਆ ਦਾ ਪਰਿਵਾਰ ਹੀ ਰਹਿ ਗਏ ਸਾਂ ( ਫੁਫੜ ਦੀ ਮੌਤ ਕਾਰਨ ਭੂਆ ਆਪਣੇ ਤਿੰਨ ਬੱਚਿਆਂ ਨਾਲ ਸਾਡੇ ਕੋਲ ਹੀ ਰਹਿੰਦੇ ਸਨ)। ਮੇਰਾ ਉਸ ਘਰ ਵਿੱਚ ਰਹਿਣ ਨੂੰ ਦਿਲ ਤਾਂ ਨਹੀਂ ਕਰਦਾ ਸੀ ਪਰ ਮਜ਼ਬੂਰੀ ਕਾਰਨ ਰਹਿਣਾ ਪਿਆ।

ਇੱਕ ਰਾਤ ਅਸੀਂ ਬੱਚੇ 'ਪਰਚੀਆਂ ਦੀ ਖੇਡ' ਖੇਡਣ ਤੋਂ ਬਾਅਦ ਜਦੋਂ ਸੌਣ ਲੱਗੇ ਤਾਂ ਅਚਾਨਕ ਬਾਹਰੋਂ ਸਾਡੇ ਪਰਵਾਸੀ ਮਜਦੂਰ ਦੀ ਚੀਕ ਸੁਣਾਈ ਦਿੱਤੀ। ਸਾਡੇ ਦਿਲ ਕੰਬ ਗਏ, ਅਸੀਂ ਉਹ ਕਮਰਾ ਛੱਡ ਜਲਦੀ ਨਾਲ ਦੂਜੇ ਕਮਰੇ ਵਿੱਚ ਚਲੇ ਗਏ ( ਦੋਵਾਂ ਕਮਰਿਆਂ ਵਿੱਚ ਆਉਣ ਜਾਣ ਲਈ ਇੱਕ ਛੋਟਾ ਦਰਵਾਜ਼ਾ ਸੀ)। ਕਮਰਾ ਬਦਲਣ ਦਾ ਕਾਰਨ ਇਹ ਸੀ ਕਿ ਸੌਣ ਤੋਂ ਪਹਿਲਾਂ ਮੈਂ ਉਸ ਕਮਰੇ ਦੇ ਪਿੱਛਲੇ ਪਾਸੇ ਖੜਕਾ ਸੁਣਿਆ ਸੀ ਤੇ ਭੂਆ ਨੂੰ ਦੱਸਿਆ ਵੀ ਸੀ। ਪਰ ਭੂਆ ਨੇ ਕਿਹਾ ਕਿ ਕੋਈ ਕੁੱਤਾ ਵਗੈਰਾ ਹੋਣਾ। ਅਸਲ ਵਿੱਚ ਸਾਡਾ ਘਰ ਖੇਤਾਂ ਵਿੱਚ ਸੀ ਤੇ ਪਿਛਲੇ ਪਾਸੇ ਪਰਾਲੀ ਰੱਖੀ ਹੋਈ ਸੀ, ਜਿਸ ਉਤੇ ਕੁੱਤਿਆਂ ਦਾ ਬੈਠਣਾ ਆਮ ਸੀ। ਜਿਸ ਕਮਰੇ ਵਿੱਚ ਹੁਣ ਅਸੀਂ ਸ਼ਰਨ ਲਈ ਸੀ, ਉਥੇ ਇੱਕ ਹੀ ਮੰਜਾ ਅਤੇ ਇੱਕ ਹੀ ਰਜਾਈ ਪਈ ਸੀ। ਮੈਂ ਅਤੇ ਭੂਆ ਦੇ ਬੱਚੇ ਉਸ ਰਜਾਈ ਵਿੱਚ ਦੁਬਕ ਗਏ। ਬਾਹਰ ਕਿਸੇ ਨੇ ਦਰਵਾਜੇ ਨੂੰ ਬਹੁਤ ਜੋਰ ਦੀ ਠੁੱਡ ਮਾਰਿਆ, ਜੋ ਇੰਜ ਮਹਿਸੂਸ ਹੋਇਆ ਜਿਵੇਂ ਬੰਬ ਚੱਲਿਆ ਹੋਵੇ। ਭੂਆ ਨੇ ਡਰਦਿਆਂ ਪੁੱਛਿਆ ‘ਕੌਣ ਏਂ? ਉਹਨਾਂ ਨੇ ਦਰਵਾਜਾ ਖੋਹਲਣ ਲਈ ਕਿਹਾ। ਡਰਦਿਆਂ-ਡਰਦਿਆਂ ਭੂਆ ਨੇ ਦਰਵਾਜਾ ਖੋਹਲਿਆ ਤਾਂ ਦੋ ਆਦਮੀ ਜਿੰਨਾਂ ਦੇ ਮੂੰਹ ਸਿਰ ਬੰਨ੍ਹੇ ਹੋਏ ਸਨ ਅੰਦਰ ਆਏ। ਟਾਰਚ ਜਗਾਉਂਦੇ-ਬਝਾਉਂਦੇ ਇਹਨਾਂ ਬੰਦਿਆਂ ਦੀਆਂ ਸਿਰਫ ਅੱਖਾਂ ਹੀ ਦਿਖਾਈ ਦਿੰਦੀਆਂ ਸਨ। ਅਸੀਂ ਡਰਦੇ ਡਰਦੇ ਰਜਾਈ ਦੀ ਇੱਕ ਨੁੱਕਰ ਚੁੱਕ ਕੇ ਬਸ ਏਨਾ ਹੀ ਵੇਖ ਸਕੇ। ਸਾਨੂੰ ਲੱਗਾ ਅੱਜ ਫਿਰ ਮੌਤ ਸਾਡੇ ਸਿਰ ‘ਤੇ ਖੜੀ ਹੈ ਤੇ ਹੁਣ ਸਾਨੂੰ ਕੋਈ ਨਹੀਂ ਬਚਾ ਸਕਦਾ। ਉਹਨਾਂ ਭੂਆ ਕੋਲੋਂ ਪੈਸੇ ਮੰਗੇ ਤੇ ਕਿਹਾ ਕਿ "ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਸਾਡੇ ਹਥਿਆਰ ਗੁਵਾਚ ਗਏ ਹਨ, ਅਸੀਂ ਹੋਰ ਹਥਿਆਰ ਖਰੀਦਣੇ ਨੇ।" ਉਹਨਾਂ ਟਰੰਕ, ਪੇਟੀ, ਸੰਦੂਕ ਸਭ ਦੀ ਫਰੋਲਾ-ਫਰਾਲੀ ਕਰਾਈ ਤੇ ਜਿੰਨੇ ਵੀ ਪੈਸੇ ਮਿਲੇ ਲੈ ਲਏ, ਇਥੋਂ ਤੱਕ ਕਿ ਮੇਰੇ ਟਰੰਕ ਵਿੱਚਲੇ 10 ਰੁਪਏ ਵੀ ਨਾ ਛੱਡੇ। ਇੱਕ ਖੇਸ ਵੀ ਚੁੱਕ ਲਿਆ ਤੇ ਚਲੇ ਗਏ, ਪਰ ਸਾਡੇ ‘ਤੇ ਛੱਡ ਗਏ ਇੱਕ ਹੋਰ ਦਹਿਸ਼ਤ। ਅਸੀਂ ਡਰਦੇ ਸਾਰੀ ਰਾਤ ਕਮਰੇ ਵਿਚੋਂ ਬਾਹਰ ਨਹੀਂ ਨਿਕਲੇ ਤੇ ਅੰਦਰ ਹੀ ਪਿਸ਼ਾਬ ਕਰਦੇ ਰਹੇ। ਦਿਨ ਚੜਿਆ ਤਾਂ ਭੂਆ ਨੇ ਸਾਨੂੰ ਚਾਹ ਦੇ ਕੇ, ਪਹਿਲਾਂ ਕਮਰੇ ਵਿੱਚ ਜਲਦੀ ਜਲਦੀ ਗੋਹਾ ਫੇਰਿਆ ਤਾਂ ਕਿ ਬੋ ਨਾ ਆਵੇ। ਮੈਂ ਬਹੁਤ ਡਰ ਚੁੱਕੀ ਸੀ ਤੇ ਇਥੇ ਰਹਿਣਾ ਨਹੀਂ ਚਾਹੁੰਦੀ ਸੀ। ਮੈਂ ਆਪਣੇ ਸਾਰੇ ਕੱਪੜੇ ਇੱਕ ਲਿਫਾਫੇ ‘ਚ ਪਾ ਲਏ ਕਿ ‘ਹੁਣ ਇੱਥੇ ਨਹੀਂ ਰਹਿਣਾ।’ ਅਸੀਂ ਪਿੰਡ ਦੇ ਦੁਜੇ ਪਾਸੇ ਕਾਮਰੇਡ ਕੁੰਦਨ ਲਾਲ (ਮੇਰੇ ਪਾਪਾ ਦੇ ਗੁਰੂ ਤੇ ਦੋਸਤ, ਕਾਮਰੇਡ ਦਵਿੰਦਰ ਸੋਹਲ ਦੇ ਪਿਤਾ ਜੀ) ਦੇ ਘਰ ਚਲੇ ਗਏ ਤੇ ਮੈਂ ਆਪਣੇ ਕੱਪੜੇ ਵੀ ਨਾਲ ਲੈ ਗਈ। ਮੈਂ ਕਾਮਰੇਡ ਕੁੰਦਨ ਲਾਲ ਨੂੰ ਕਿਹਾ ਕਿ ‘ਬਾਪੂ ਮੈਂ ਨੀਂ ਹੁਣ ਉਸ ਘਰ ਵਿੱਚ ਰਹਿਣਾ।’ ਉਹਨਾਂ ਮੈਨੂੰ ਹੌਸਲਾ ਦਿੱਤਾ ਤੇ ਸਾਰਾ ਦਿਨ ਆਪਣੇ ਘਰ ਰੱਖਿਆ। ਸ਼ਾਮ ਨੂੰ ਉਹਨਾਂ ਕਿਹਾ ਕਿ ‘ਰਵੇਲ ਸਿੰਘ (ਮੇਰਾ ਨਾਗੋਕੇ ਵਾਲਾ ਫੁੱਫੜ, ਸਾਬਕਾ ਫੌਜੀ, ਜਿੰਨ੍ਹਾਂ ਨੂੰ ਬਾਅਦ ‘ਚ ਅੱਤਵਾਦੀਆਂ ਨੇ ਅਗਵਾ ਕਰਕੇ ਸ਼ਹੀਦ ਕਰ ਦਿੱਤਾ ਸੀ) ਬੰਦੂਕ ਲੈ ਕੇ ਆ ਰਿਹਾ ਤੁਸੀਂ ਘਰ ਚੱਲੋ।’ ਬਿਨਾਂ ਮਨ ਮੰਨੇ ਮੈਨੂੰ ਫਿਰ ਉਸ ਘਰ ਜਾਣਾ ਪਿਆ। ਰਾਤ ਨੂੰ ਜਦ ਦੁਬਾਰਾ ਬਾਹਰ ਖੜਕਾ ਹੋਇਆ ਤਾਂ ਮੇਰੇ ਫੁੱਫੜ ਨੇ ਅੰਦਰੋਂ ਆਵਾਜ ਦਿੱਤੀ ‘ਕੌਣ ਏਂ? ਤਾਂ ਉਹ ਭੱਜ ਗਏ। ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਅਗਲੇ ਦਿਨ ਇਹ ਫੈਸਲਾ ਕੀਤਾ ਗਿਆ ਕਿ ਰਾਤ ਨੂੰ ਘਰ ਵਿੱਚ ਸਿਰਫ ਕਾਮਾ ਤੇ ਫੁੱਫੜ ਹੀ ਰਿਹਣਗੇ। ਅਸੀਂ ਗੁਆਂਢ ਸ਼ਰੀਕੇ ਚੋਂ ਲੱਗਦੇ ਤਾਏ ਦੇ ਘਰ ਰਾਤਾਂ ਗੁਜਾਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਦਾ ਘਰ ਵੀ ਖੇਤਾਂ ਵਿੱਚ, ਸਾਡੇ ਘਰ ਨਾਲ਼ੋਂ ਕੁੱਝ ਹਟਵਾਂ ਸੀ। ਅਸੀਂ ਸ਼ਾਮ ਨੂੰ ਵੇਲੇ ਨਾਲ ਰੋਟੀ ਖਾ ਕੇ ਉਹਨਾਂ ਦੇ ਘਰ ਚਲੇ ਜਾਣਾ ਤੇ ਦਿਨ ਚੜ੍ਹਦੇ ਹੀ ਆ ਜਾਣਾ। ਇਸੇ ਤਰ੍ਹਾਂ ਦਿਨ ਗੁਜ਼ਰ ਰਹੇ ਸਨ ਕਿ ਇੱਕ ਸ਼ਾਮ ਪੀਟਰ ਰੇਹੜੇ ਸਮੇਤ ਤਾਈ ਬਹੁਤ ਘਬਰਾਈ ਹੋਈ ਸਾਡੇ ਘਰ ਆਈ। ਉਹਨਾਂ ਦਾ ਛੋਟਾ ਬੇਟਾ ਵੀ ਨਾਲ ਸੀ। ਉਸਨੇ ਆਉਂਦਿਆਂ ਭੂਆ ਨੂੰ ਕਿਹਾ ਕਿ ‘ਅਸੀਂ ਝਬਾਲ ਤੋਂ ਆ ਰਹੇ ਸਾਂ ਕਿ ਰਸਤੇ ਵਿੱਚ “ਮੁਕਾਬਲਾ” ਹੋ ਰਿਹਾ ਸੀ, ਮੇਰੇ ਮੁੰਡੇ ਨੂੰ ਗੋਲੀ ਵੱਜ ਚੱਲੀ ਸੀ,ਅਸੀਂ ਮਸਾਂ ਜਾਨ ਬਚਾ ਕੇ ਆਏ ਹਾਂ, ਤੁਸੀਂ ਜਲਦੀ ਨਾਲ ਰੋਟੀ ਖਾ ਕੇ ਸਾਡੇ ਘਰ ਆਜੋ।’

ਇਹ ਸੁਣ ਕੇ ਮੇਰੀਆਂ ਤਾਂ ਲੱਤਾਂ ਹੀ ਜੁਵਾਬ ਦੇ ਗਈਆਂ। ਪਰ ਭੂਆ ਨੇ ਜਲਦੀ-ਜਲਦੀ ਕੰਮ ਸਮੇਟਣਾ ਸ਼ੁਰੂ ਕਰ ਦਿੱਤਾ। ਭੂਆ ਜਦੋਂ ਮੈਨੂੰ ਅੰਦਰੋਂ ਕੁੱਝ ਲੈ ਆਉਣ ਨੂੰ ਕਹਿੰਦੀ ਤਾਂ ਮੈਂ ਮਨ ਹੀ ਮਨ ਭੂਆ ਨੂੰ ਕੋਸਦੀ ਕਿਉਂਕਿ ਉਹਨਾਂ ਕਮਰਿਆਂ ‘ਚ ਵੜਦਿਆਂ ਤਾਂ ਮੈਨੂੰ ਦਿਨੇ ਹੀ ਡਰ ਲੱਗਦਾ ਸੀ। ਜਦੋਂ ਅਸੀਂ ਕੰਮ ਨਿਬੇੜ ਕੇ ਤਾਏ ਦੇ ਘਰ ਵੱਲ ਤੁਰੀਆਂ ਤਾਂ ਹਨੇਰਾ ਉਤਰ ਚੁੱਕਾ ਸੀ। ਖੇਤਾਂ ਵਿੱਚ ਹਰ ਪਾਸੇ ਪਾਣੀ ਲੱਗਾ ਹੋਇਆ ਸੀ। ਜਦੋਂ ਅਸੀਂ ਕਾਹਲੀ-ਕਾਹਲੀ ਕਦਮ ਪੁੱਟਦੇ ਜਾ ਰਹੇ ਸੀ ਕਿ ਅਚਾਨਕ ਪੁਲਿਸ ਵੱਲੋਂ ਛੱਡੇ ਰਾਕਟ ਲਾਂਚਰ ਨੇ ਚਾਰ-ਚੁਫੇਰੇ ਮਨਾਂ ਮੂੰਹੀਂ ਚਾਨਣ ਕਰ ਦਿੱਤਾ। ਸਾਡੇ ਸਭ ਦੇ ਸਾਹ ਰੁਕ ਗਏ ਤੇ ਲੱਗਾ ਕਿ ਹੁਣ ਉਹਨਾਂ ਸਾਨੂੰ ਦੇਖ ਲਿਆ, ਹੁਣ ਅਸੀਂ ਨਹੀਂ ਬਚਦੇ। ਲੱਤਾਂ ਭਾਰ ਨਹੀਂ ਸੀ ਚੁੱਕ ਰਹੀਆਂ, ਅਸੀਂ ਡਿੱਗਦੇ ਢਹਿੰਦੇ ਜਦ ਤਾਏ ਦੇ ਘਰ ਪਹੁੰਚੇ ਤਾਂ ਕਮਰ ਤੱਕ ਚਿੱਕੜ ਨਾਲ ਲਿੱਬੜ ਚੁੱਕੇ ਸੀ। ਤਾਈ ਨੇ ਸਾਨੂੰ ਬਦਲਣ ਲਈ ਹੋਰ ਕੱਪੜੇ ਦੇ ਦਿੱਤੇ। ਬੇਸ਼ੱਕ ਅਸੀਂ ਬਚ ਕੇ ਆਉਣ ਦਾ ਸ਼ੁਕਰ ਮਨਾ ਰਹੇ ਸੀ ਪਰ ਡਰ ਅੰਦਰੋਂ ਨਹੀਂ ਨਿਕਲ ਰਿਹਾ ਸੀ। ਇਸ ਤਰ੍ਹਾਂ ਰੋਜ ਰਾਤ ਨੂੰ ਕਿਸੇ ਦੇ ਘਰ ਜਾ ਕੇ ਸੌਣਾ ਚੰਗਾ ਨਹੀਂ ਸੀ ਲੱਗਦਾ। ਅਖੀਰ ਮੈਂ ਵੀ ਆਪਣੀ ਛੋਟੀ ਭੈਣ ਕੋਲ ਪਟਿਆਲੇ ਚਲੀ ਗਈ ਤੇ ਭੂਆ ਨੇ ਅੰਮ੍ਰਿਤਸਰ ਵਿੱਚ ਇੱਕ ਮਕਾਨ ਲੈ ਲਿਆ। ਇਸ ਤਰ੍ਹਾਂ ਸਾਡਾ ਆਪਣਾ ਘਰ ਹਮੇਸ਼ਾ ਹਮੇਸ਼ਾ ਲਈ ਛੁੱਟ ਗਿਆ। ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਜਿਸ ਨੇ ਸਾਨੂੰ ਘਰੋਂ ਬੇਘਰ ਹੋਣ ਲਈ ਮਜਬੂਰ ਕੀਤਾ ਸੀ, ਉਹ ਸ਼ਰੀਕੇ ਵਿਚੋਂ ਹੀ ਸੀ। ਅੱਤਵਾਦ ਦੀ ਆੜ ਹੇਠ ਇਹ ਸਭ ਵੀ ਆਮ ਚੱਲ ਰਿਹਾ ਸੀ। ਪੰਜਾਬ ਵਿੱਚ ਕਤਲ, ਅਗਵਾ, ਲੁੱਟਮਾਰ ਅਤੇ ਫਿਰੌਤੀਆਂ ਦੀ ਹਨੇਰੀ ਆਈ ਹੋਈ ਸੀ। ਲੋਕ ਦਿਨ ਢਲਦੇ ਹੀ ਕੁੰਡੇ ਮਾਰ ਕੇ ਅੰਦਰ ਵੜ ਜਾਂਦੇ ਸਨ। ਜੇ ਕਿਤੇ ਡਾਕੀਆ ਜਾਂ ਕੋਈ ਅਣਜਾਣ ਦਰਵਾਜ਼ਾ ਖੜਕਾ ਦੇਂਦਾ ਤਾਂ ਘਰ ਵਿੱਚ ਮਾਤਮ ਛਾ ਜਾਂਦਾ ਕਿ ਕਿਤੇ ਫਿਰੌਤੀ ਦੀ ਚਿੱਠੀ ਤਾਂ ਨਹੀਂ ਆ ਗਈ। ਬੇਸ਼ੱਕ ਉਹ ਦੌਰ ਗੁਜ਼ਰ ਗਿਆ ਹੈ ਪਰ ਜੋ ਨਿਸ਼ਾਨ ਦੇ ਗਿਆ, ਉਹ ਮਿਟਾਏ ਨਹੀਂ ਜਾ ਸਕਦੇ। ਅੱਜ ਜਦੋਂ ਕੋਈ ਪੰਜਾਬ ਵਿੱਚ ਮੁੜ ਹਾਲਾਤ ਖਰਾਬ ਹੋਣ ਬਾਰੇ ਚਿੰਤਾ ਜਿਤਾਉਂਦਾ ਤਾਂ, ਉਸ ਦੌਰ ਵੱਲੋਂ ਮਿਲੇ ਜ਼ਖ਼ਮ ਰਿਸਣ ਲੱਗਦੇ ਹਨ। ਪੰਜਾਬ ਨੇ ਬਹੁਤ ਕੁੱਝ ਖੋਹਿਆ ਹੈ, ਜਿਸਦੀ ਅੱਜ ਤੱਕ ਭਰਪਾਈ ਨਹੀਂ ਹੋ ਸਕੀ। ਅਸੀਂ ਉਸ ਸਮੇਂ ਆਪਣੇ ਮਾਪੇ ਹੀ ਨਹੀਂ ਗੁਵਾਏ ਸਗੋਂ ਆਪਣਾ ਘਰ, ਬਚਪਨ, ਖੁਸ਼ੀਆਂ ਸਭ ਕੁੱਝ ਗਵਾ ਦਿੱਤਾ। ਸਾਡੀ ਨਵੀਂ ਪੀੜ੍ਹੀ ਨੂੰ ਉਹਨਾਂ ਹਾਲਾਤਾਂ ਦਾ ਉਹ ਅਹਿਸਾਸ ਨਹੀਂ ਹੋ ਸਕਦਾ, ਜੋ ਆਪਣੇ ਪਿੰਡੇ 'ਤੇ ਹੰਢਾਉਣ ਵਾਲਿਆਂ ਨੂੰ ਹੋ ਸਕਦਾ ਹੈ। ਅਸੀਂ ਕਦੇ ਨਹੀਂ ਚਾਹੁੰਦੇ ਕਿ ਉਹ ਦੌਰ ਦੁਬਾਰਾ ਆਵੇ, ਜਿਸ ਵਿੱਚ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਹੋਣ ਜਾਂ ਬੱਚੇ ਅਨਾਥ ਹੋਣ। ਇਸ ਲਈ ਸਾਡੀ ਜੁੰਮੇਵਾਰੀ ਬਣਦੀ ਹੈ ਕਿ ਆਪਣੀ ਭਾਈਚਾਰਕ ਸਾਂਝ ਨੂੰ ਆਂਚ ਵੀ ਨਾ ਆਉਣ ਦੇਈਏ। ਸ਼ਾਲਾ ਨਵਾਂ ਸਾਲ ਇਸ ਸਾਂਝ ਨੂੰ ਹੋਰ ਮਜ਼ਬੂਤ ਕਰੇ ਤੇ ਨਫ਼ਰਤਾਂ ਨੂੰ ਪਛਾੜਨ ਵਿੱਚ ਸਹਾਈ ਹੋਵੇ।

ਸੰਪਰਕ : 9464113255