Mariam-Fayaz

ਕੀ ਹੋਇਆ - ਸੱਯਦਾ ਮਰੀਅਮ ਫੈਯਾਜ਼

ਕੋਈ ਹੱਸਦਾ ਹੱਸਦਾ ਰੋਇਆ
ਹਰ ਕੋਈ ਪੁੱਛੇ ਇਹਨੂੰ ਕੀ ਹੋਇਆ
ਗੱਲ ਟੁਰ ਪਈ ਸੱਜਣਾਂ ਦੀ
ਅੰਦਰ ਇਦ੍ਹੇ ਫਿਰ ਕੋਈ ਮੋਇਆ
ਦਰਦਾਂ ਨੇ ਲਾ ਲਈ ਭੀੜ ਜਿਹੀ
ਦਿਲ ਦਾ ਬੂਹਾ ਝੱਟ ਉਸ ਢੋਇਆ
ਯਾਦਾਂ ਮਾਰਨ ‘ਵਾਜ਼ਾਂ’ ਉੱਚੀਆਂ
ਕੋਈ ਡਰ ਕੇ ਜਾ ਪਰ੍ਹਾਂ ਖਲੋਇਆ
ਵਾਂਝ ਕਿਸਮਤ ਦਾ ਗਿਆ ਵਾਂਝਿਆ
ਦੁਨੀਆਂ ਨੇ ਤਾਂ ਕੁਝ ਨਹੀਂ ਖੋਹਿਆ
ਜਦ ਉਹ ਬਹੁਤਾ ਰੋਇਆ, 
ਨੀਰ ਵੀ ਥੱਕ ਕੇ ਆਖਣ ਲੱਗੇ
ਕੰਮ ਕਿਹੜਾ ਤੈਂ ਇਹ ਛੋਹਿਆ
ਰੱਬ ਜਾਣੇ ਉਹ ਕਿਸ ਹਾਲ ‘ਚ ਹੋਵੇ
ਇਹ ਸੋਚਾਂ ਮੈਂ ਸੋਚ ਸੋਚ ਕੇ
ਅੱਧ ਜਵਾਨੀ ਬੁੱਢਾ ਹੋਇਆ