Malwindejit-Singh-Waraich

ਸਤਲੁਜ ਦੇ ਹਮਸਫ਼ਰ-ਆਜ਼ਾਦੀ ਦੇ ਪਰਵਾਨੇ - ਮਲਵਿੰਦਰਜੀਤ ਸਿੰਘ ਵੜੈਚ

(ਸ਼ਹੀਦ ਭਗਤ ਸਿੰਘ ਅਤੇ ਉਨ੍ਹਾˆ ਦੇ ਸਾਥੀਆਂ ਦੇ ਇਨਸਾਨੀ ਪੱਖ ਨੂੰ ਜਾਨਣ ਲਈ ਇਹ ਜਰੂਰ ਲੇਖ ਪੜ੍ਹੋ)
ਆਪਣੀ ਫ਼ਾਂਸੀ ਤੋਂ ਤਿੰਨ ਦਿਨ ਪਹਿਲਾਂ 20 ਮਾਰਚ 1931 ਨੂੰ ਪੰਜਾਬ ਦੇ ਗਵਰਨਰ ਨੂੰ ਸ਼ਹੀਦ ਸੁਖਦੇਵ, ਭਗਤ ਸਿੰਘ ਤੇ ਰਾਜ ਗੁਰੂ ਵੱਲੋˆ, ਭਗਤ ਸਿੰਘ ਦੁਆਰਾ ਲਿਖ ਭੇਜੀ ਚਿੱਠੀ ਦਾ ਤੱਤਸਾਰ ਇਹ ਸੀ ਕਿ ਇਹ ਇਨਕਲਾਬੀ ਜਦੋਜਹਿਦ, ਜਿਸ ਵਿੱਚ ਅਸੀਂ ਸ਼ਾਮਲ ਹੋਏ ਹਾਂ, ਨਾ ਸਾਡੇ ਤੋਂ ਸ਼ੁਰੂ ਹੋਈ ਤੇ ਨਾ ਹੀ ਸਾਡੇ ਮਰ ਜਾਣ ਨਾਲ ਖ਼ਤਮ ਹੋਵੇਗੀ, ਤੇ ਜਿੰਨਾ ਚਿਰ ਨਾ-ਬਰਾਬਰੀ ਤੇ ਗ਼ੁਲਾਮੀ ਦਾ ਮਲੀਆਮੇਟ ਨਹੀˆ ਹੋ ਜਾਂਦਾ, ਇਹ ਜੰਗ ਨਿਰੰਤਰ ਜਾਰੀ ਰਹੇਗੀ। ਚਿੱਠੀ ਦਾ ਮੂਲ ਮੁੱਦਾ ਇਹ ਸੀ ਕਿ ਤੁਹਾਡੀ ਅਦਾਲਤ ਨੇ ਸਾਨੂੰ ਬਾਦਸ਼ਾਹ ਵਿਰੁੱਧ ਜੰਗ ਛੇੜਨ ਦਾ ਦੋਸ਼ੀ ਗਰਦਾਨ ਕੇ ਮੌਤ ਦੀ ਸਜ਼ਾ ਸੁਣਾਈ ਹੈ। ਜੇ ਵਾਕਈ ਤੁਸੀਂ ਆਪਣੀ ਅਦਾਲਤ ਦੇ ਫ਼ਰਮਾਨ ਦਾ ਪਾਲਣ ਕਰ ਰਹੇ ਹੋ ਤਾਂ ਫਿਰ ਸਾਨੂੰ ਜੰਗੀ ਕੈਦੀ ਹੋਣ ਦੀ ਹੈਸੀਅਤ ਵਿੱਚ ਫ਼ਾਂਸੀ ਨਾ ਚੜ੍ਹਾ ਕੇ ਗੋਲੀਆਂ ਨਾਲ ਉਡਾ ਦਿਉ। 23-24 ਮਾਰਚ 1931 ਦੀ ਅੰਨ੍ਹੀ-ਬੋਲੀ ਰਾਤ ਨੂੰ, ਤਿੰਨ ਆਜ਼ਾਦੀ ਪਰਵਾਨਿਆਂ ਦਾ ਚੋਰੀ-ਚੋਰੀ ਸਤਲੁਜ ਨਦੀ ਕੰਢੇ ਸਮੂਹਿਕ ਅੰਤਮ ਸੰਸਕਾਰ ਕਰਦਿਆਂ ਹੋਇਆਂ ਬੇਦਰਦ ਜਾਬਰਾਂ ਦੇ ਕਿਤੇ ਚਿੱਤ ਚੇਤੇ ਵੀ ਨਹੀˆ ਹੋਵੇਗਾ ਕਿ ਜਿੱਥੇ ਅਸੀਂ ਇਨ੍ਹਾਂ ਤਿੰਨਾਂ ਨੂੰ ਸਦਾ-ਚਿਰ ਜੀਵਤ ਕਰ ਰਹੇ ਹਾਂ, ਉੱਥੇ ਆਪਣਾ 200 ਸਾਲਾਂ ਦੀ ਰਾਜ-ਧੌਂਸ ਦਾ ਭੋਗ ਪਾ ਰਹੇ ਹਾਂ ਅਤੇ ਜਿਸ ਦੀ ਅੰਤਿਮ ਕਿਰਿਆ ਸਿਰਫ਼ ਡੇਢ ਦਹਾਕੇ ਵਿੱਚ ਹੀ ਸੰਪੰਨ ਹੋ ਜਾਵੇਗੀ।
       ਵਕਤ, ਮੁਕਾਮ, ਪਰਿਵਾਰ ਪੱਖੋˆ, ਪਹਿਲਾਂ ਜਨਮ ਹੁੰਦਾ ਹੈ ਸੁਖਦੇਵ ਦਾ, 19 ਫਰਵਰੀ 1907 ਨੂੰ ਲੁਧਿਆਣਾ ਸ਼ਹਿਰ ਦੇ ਨੌਘਰਾ ਮੁਹੱਲੇ, ਮਾਤਾ ਸ੍ਰੀਮਤੀ ਰਲੀ ਦੇਵੀ, ਪਿਤਾ ਲਾਲਾ ਰਾਮ ਲਾਲ ਥਾਪਰ ਦੇ ਘਰ ਵਿੱਚ। ਸਿਰਫ਼ ਤਿੰਨ ਸਾਲਾਂ ਦੇ ਹੋਣ 'ਤੇ, ਪਿਤਾ ਜੀ ਦੇ ਗੁਜ਼ਰ ਜਾਣ ਉਪਰੰਤ, ਇਹ ਲਾਇਲਪੁਰ (ਹੁਣ ਫੈਸਲਾਬਾਦ, ਪਾਕਿਸਤਾਨ) ਆਪਣੇ ਤਾਇਆ ਜੀ, ਲਾਲਾ ਚਿੰਤ ਰਾਮ ਜੀ ਕੋਲ ਹੀ ਰਹੇ, ਜਿੱਥੇ ਇਨ੍ਹਾਂ ਦਾ ਮੇਲ ਭਗਤ ਸਿੰਘ ਨਾਲ ਹੋਇਆ ਸੀ। ਭਗਤ ਸਿੰਘ ਦਾ ਜਨਮ ਸੁਖਦੇਵ ਦੇ ਜਨਮ ਤੋਂ, ਕੋਈ ਸੱਤ ਕੁ ਮਹੀਨੇ ਪਿੱਛੋਂ ਪਿੰਡ ਚੱਕ ਨੰਬਰ 105 ਬੰਗਾ, ਜ਼ਿਲ੍ਹਾ ਲਾਇਲਪੁਰ, ਮਾਤਾ ਸ੍ਰੀਮਤੀ ਵਿੱਦਿਆਵਤੀ, ਪਿਤਾ ਸ. ਕਿਸ਼ਨ ਸਿੰਘ ਦੇ ਘਰ 28 ਸਤੰਬਰ 1907 ਵਿੱਚ ਹੋਇਆ। ਇਨ੍ਹਾਂ ਤੋਂ ਪਿੱਛੋਂ `ਭਾਈ ਕਾਹਲਾ ਜੀ` ਅਰਥਾਤ ਸ਼ਿਵ ਰਾਮ ਰਾਜ ਗੁਰੂ ਦਾ ਜਨਮ, ਮਾਤਾ ਸ੍ਰੀਮਤੀ ਪਾਰਵਤੀ ਬਾਈ, ਪਿਤਾ ਹਰੀ ਰਾਜ ਗੁਰੂ, ਪਿੰਡ ਖੈੜ (ਹੁਣ ਰਾਜ ਗੁਰੂਨਗਰ), ਪੂਨਾ (ਮਹਾਰਾਸ਼ਟਰ) `ਚ ਮਿਤੀ 24 ਅਗਸਤ 1908 ਨੂੰ ਹੋਇਆ ਸੀ।
ਆਪਣੇ ਦੇਸ਼ ਦੀਆˆ ਸਨਅਤਾˆ ਲਈ ਕਪਾਹ ਵਗੈਰਾ ਜਿਹੇ ਕੱਚੇ ਮਾਲ ਦੀ ਲੋੜ ਦੀ ਪੂਰਤੀ ਲਈ ਲਾਇਲਪੁਰ ਇਲਾਕੇ ਦੇ ਬੰਜਰ ਪਰ ਉਪਜਾਊ ਧਰਤੀ ਨੂੰ ਅੰਗਰੇਜ਼ ਹਾਕਮ ਵੱਲੋਂ ਵਿਉਂਤਿਆ, ਨਹਿਰਾਂ ਨੇ ਭਾਗ ਲਾਏ। ਜ਼ਿਮੀਂਦਾਰਾਂ ਦੇ ਪਰਿਵਾਰ ਵੱਡੀ ਗਿਣਤੀ ਵਿੱਚ, ਜੱਦੀ ਪਿੰਡਾਂ ਦੀ ਸੌੜੀ ਮਾਲਕੀ ਤੋਂ ਅੱਕੇ ਹੋਏ ਉੱਥੇ ਜਾ ਬਿਰਾਜੇ, ਜਿਨ੍ਹਾਂ ਵਿੱਚ ਪਿੰਡ ਖਟਕੜ ਕਲਾਂ, ਜ਼ਿਲ੍ਹਾ ਜਲੰਧਰ ਵਾਸੀ ਸ. ਅਰਜਨ ਸਿੰਘ ਵੀ ਸ਼ਾਮਲ ਸਨ ਅਤੇ ਉਨ੍ਹਾਂ ਨਾਲ ਉਨ੍ਹਾਂ ਦੇ ਪੁੱਤਰ ਸ. ਕਿਸ਼ਨ ਸਿੰਘ (ਭਗਤ ਸਿੰਘ ਦੇ ਪਿਤਾ ਜੀ) ਵੀ ਸਨ। ਇਸ ਨੌ-ਆਬਾਦ ਧਰਤੀ ਨੇ ਜਿੱਥੇ ਸਾਮਰਾਜੀ ਕਾਰਖ਼ਾਨਿਆਂ ਦੀ ਕੁੱਖ ਹਰੀ ਕਰਨ ਵਿੱਚ ਯੋਗਦਾਨ ਪਾਇਆ, ਉੱਥੇ ਨਾਲ ਹੀ ਇਹ, ਇਹਦਾ ਮਲੀਆਮੇਟ ਕਰਨ ਵਾਲੀ ਪੌਦ ਵਾਸਤੇ ਵੀ ਉਪਜਾਊ ਸਿੱਧ ਹੋਈ। 1905 `ਚ ਅੰਗਰੇਜ਼ੀ ਸਰਕਾਰ ਦੇ ਬੰਗਾਲ ਦੀ ਵੰਡ 'ਪਾੜੋ ਤੇ ਰਾਜ ਕਰੋ' ਦੇ ਫੈਸਲੇ ਦੀ ਚਾਲ ਨੂੰ ਸਮਝਦਿਆਂ, ਪਹਿਲੀ ਵਾਰ ਵਿਦੇਸ਼ੀ ਰਾਜ ਵਿਰੁੱਧ ਦੇਸ਼-ਵਿਆਪੀ ਜਨਤਕ ਵਿਰੋਧ ਦੀ ਸ਼ੁਰੂਆਤ ਹੋਈ, ਅਤੇ ਪੰਜਾਬ ਵਿੱਚ ਪਹਿਲੀ ਵਾਰ ਵਿਦੇਸ਼ੀ ਸਰਕਾਰ ਵਿਰੁੱਧ ਲੋਕ ਰੋਹ ਦੀ ਸ਼ੁਰੂਆਤ ਹੋਈ।
      ਇਸ ਵਾਵਰੋਲੇ ਦੀ ਲਪੇਟ ਵਿੱਚ ਭਗਤ ਸਿੰਘ ਦੇ ਪਿਤਾ ਜੀ ਨੂੰ ਗ੍ਰਿਫਤਾਰੀ ਤੋਂ ਬਚਣ ਲਈ ਨੇਪਾਲ ਜਾਣਾ ਪਿਆ। ਚਾਚਾ ਜੀ, ਸ. ਅਜੀਤ ਸਿੰਘ ਨੂੰ ਜਲਾਵਤਨ ਕਰਕੇ ਬਰਮਾ ਵਿੱਚ ਨਜ਼ਰਬੰਦ ਕੀਤਾ ਗਿਆ ਅਤੇ ਛੋਟੇ ਚਾਚਾ ਜੀ, ਸ. ਸਵਰਨ ਸਿੰਘ ਨੂੰ ਬੰਦੀਖ਼ਾਨੇ ਵਿੱਚ ਸੁੱਟ ਦਿੱਤਾ ਗਿਆ। ਲਾਇਲਪੁਰ ਦੀ ਉਪਜਾਊ ਧਰਤੀ `ਚ ਸੁਖਦੇਵ ਤੇ ਭਗਤ ਸਿੰਘ ਦਾ ਪਾਲਣ-ਪੋਸ਼ਣ ਹੋਇਆ ਹੈ। ਭਾਵੇਂ ਕਿ ਇਹ ਸਾਰਾ ਕੁਝ ਉਨ੍ਹਾਂ ਦੇ ਜਨਮ ਜਾਂ ਹੋਸ਼ ਸੰਭਾਲਣ ਤੋਂ ਪਹਿਲਾਂ ਹੀ ਵਾਪਰਿਆ ਹੈ, ਪਰ ਇਸ ਦੌਰ ਦੀਆਂ ਪੈੜਾਂ ਅਲੋਪ ਨਹੀਂ ਸੀ ਹੋਈਆਂ ਤੇ 'ਪਗੜੀ ਸੰਭਾਲ ਉਏ ਜੱਟਾ` ਦੇ ਦਿਲ ਹਿਲਾਊ ਗੀਤ ਦੀ ਗੂੰਜਾਰ ਅਜੇ ਵੀ ਨਾ ਸਿਰਫ ਲੋਕ ਮਨਾਂ 'ਤੇ ਭਾਰੂ ਸੀ, ਬਲਕਿ ਹਰੇਕ ਦੀ ਜ਼ੁਬਾਨ 'ਤੇ ਵੀ ਸਹਿਜੇ ਹੀ ਆਉਂਦੀ ਰਹਿੰਦੀ ਸੀ। ਉੱਧਰ ਪੂਨੇ ਦੀ ਧਰਤੀ, ਜਿੱਥੇ ਉਨ੍ਹੀਵੀˆ ਸਦੀ ਦੇ ਅੰਤਲੇ ਸਾਲਾਂ ਵਿੱਚ ਤਿੰਨ ਚਾਪੇਕਰ ਵੀਰ- ਦਮੋਦਰ, ਬਾਲ ਕ੍ਰਿਸ਼ਨ, ਵਾਸੂਦੇਵ ਤੇ ਇਨ੍ਹਾਂ ਦੇ ਨੇੜਲੇ ਸਾਥੀ ਰਾਨੇਡੇ ਨੇ ਸ਼ਹਾਦਤ ਦੀਆਂ ਪਿਰਤਾਂ ਪਾਈਆਂ ਸਨ, ਤੇ ਗ਼ਦਰ ਲਹਿਰ ਵੇਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਅਮਰੀਕਾ ਤੋਂ ਪਰਤੇ ਸਾਥੀ ਵਿਸ਼ਨੂੰ ਗਣੇਸ਼ ਪਿੰਗਲੇ ਨੇ ਪੰਜਾਬ-ਮਹਾਰਾਸ਼ਟਰ ਦੀ ਸ਼ਹੀਦੀ ਪਰੰਪਰਾ `ਤੇ ਫੁੱਲ ਚਾੜ੍ਹੇ ਸਨ। ਫਿਰ ਸ਼ਿਵ ਰਾਮ ਰਾਜ ਗੁਰੂ ਪਹੁੰਚ ਜਾਂਦੇ ਹਨ ਬਨਾਰਸ ਦੇ ਪ੍ਰਸਿੱਧ ਧਾਰਮਿਕ ਸ਼ਹਿਰ ਵਿੱਚ, ਬਤੌਰ ਡਰਿੱਲ/ਗਤਕਾ ਮਾਸਟਰ ਦੇ। ਉਧਰ ਇਨਕਲਾਬੀ ਪਾਰਟੀ ਨੂੰ ਦਿੱਲੀ ਵਿੱਚ ਕਿਸੇ 'ਐਕਸ਼ਨ' ਲਈ ਇਕ ਕਾਰਕੁੰਨ ਦੀ ਥੁੜ੍ਹ ਸੀ। ਕਿਸੇ ਭਰੋਸੇਯੋਗ ਸਾਥੀ ਦੀ ਨਿਸ਼ਾਨਦੇਹੀ 'ਤੇ ਸ਼ਿਵ ਵਰਮਾ ਜੀ ਜਾ ਪਹੁੰਚਦੇ ਹਨ ਬਨਾਰਸ `ਚ। ਸ਼ਿਵ ਰਾਮ ਜੀ ਨੂੰ ਨਾਲ ਲੈ ਆਉਂਦੇ ਹਨ ਆਪਣੇ ਹੋਸਟਲ ਵਿੱਚ। ਇਹ ਹੋਸਟਲ ਵੀ ਇਨਕਲਾਬੀਆਂ ਦੀ ਇਕ ਤਰ੍ਹਾਂ ਨਾਲ ਠਾਹਰ ਜਿਹੀ ਸੀ, ਜਿੱਥੇ ਭਗਤ ਸਿੰਘ, ਸੁਖਦੇਵ ਤੇ ਹੋਰ ਮਫਰੂਰ ਸਾਥੀ ਠਹਿਰਿਆ ਕਰਦੇ ਸਨ। ਇਕ ਵਾਰੀ ਆਗਰੇ ਵਿੱਚ 1929 ਦੇ ਸ਼ੁਰੂ ਵਿੱਚ ਲਗਪਗ ਸਾਰੇ ਹੀ ਸਾਥੀ ਹਾਸਾ-ਮਜ਼ਾਕ ਕਰ ਰਹੇ ਸਨ ਤੇ ਵਿਸ਼ਾ ਸੀ, "ਕੌਣ ਕਿਵੇਂ ਫੜਿਆ ਜਾਏਗਾ ਤੇ ਫੜੇ ਜਾਣ 'ਤੇ ਕੀ ਕਰੇਗਾ?“ ਇਹ ਹਜ਼ਰਤ (ਰਾਜ ਗੁਰੂ) ਤਾਂ ਸੁੱਤੇ ਹੀ ਫੜੇ ਜਾਣਗੇ। ਇਨ੍ਹਾਂ ਦੀ ਅੱਖ ਹਵਾਲਾਤ ਵਿੱਚ ਹੀ ਖੁੱਲ੍ਹੇਗੀ ਅਤੇ ਇਹ ਪਹਿਰੇਦਾਰ ਨੂੰ ਪੁੱਛਣਗੇ…"ਕੀ ਮੈˆ ਸਚਮੁੱਚ ਹੀ ਫੜਿਆ ਗਿਆ ਹਾਂ ਜਾਂ ਸੁਪਨਾ ਵੇਖ ਰਿਹਾ ਹਾਂ।"
      …ਤੇ ਹੋਇਆ ਵੀ ਲਗਪਗ ਇੰਜ ਹੀ, ਜਨਾਬ 30 ਸਤੰਬਰ, 1929 ਦੀ ਰਾਤ ਨੂੰ 3 ਵਜੇ ਸੁੱਤੇ ਹੋਏ ਹੀ ਪਲਾਟ ਨੰਬਰ 20, ਤਿਲਕ ਰੋਡ, ਪੂਨਾ ਤੋਂ ਅਸਲੇ ਸਮੇਤ ਗ੍ਰਿਫ਼ਤਾਰ ਹੋਏ। ਹਾਂ, ਤੇ ਜਦੋਂ ਇਨ੍ਹਾਂ ਨੂੰ ਪਹਿਲੀ ਵਾਰੀ ਅਕਤੂਬਰ 1929 ਨੂੰ ਲਾਹੌਰ ਦੇ ਸਪੈਸ਼ਲ ਮੈਜਿਸਟਰੇਟ ਮੂਹਰੇ ਪੁਲੀਸ ਨੇ ਰਿਮਾਂਡ ਲੈਣ ਲਈ ਪੇਸ਼ ਕੀਤਾ ਤਾਂ ਪੈਂਦੇ ਹੀ ਮੈਜਿਸਟਰੇਟ ਨੇ ਕਿਹਾ, "ਨਾਮ ਤੋ ਤੁਮਹਾਰਾ ਰਾਜ ਗੁਰੂ ਹੈ ਔਰ ਇਲਜ਼ਾਮ ਤੁਮ ਪਰ ਯਹ ਹੈ?" "ਹਾਂ, ਮੇਰਾ ਕਾਮ ਹੈ ਰਾਜਾ ਕੋ ਸ਼ਿਕਸ਼ਾ ਦੇਨਾ" ਜਵਾਬ ਸੀ ਰਾਜ ਗੁਰੂ ਦਾ। ਹਾˆ, ਤੇ ਭਗਤ ਸਿੰਘ ਕਿਸੇ ਸਿਨੇਮਾ ਹਾਲ ਵਿੱਚ ਫੜੇ ਜਾਣਗੇ। ਫੜੇ ਜਾਣ 'ਤੇ ਪੁਲੀਸ ਵਾਲਿਆਂ ਨੂੰ ਕਹਿਣਗੇ ਜੀ ਹਾਂ ਜੇ ਸਾਨੂੰ ਫੜ ਲਿਆ ਤਾਂ ਕੀ ਗਜ਼ਬ ਹੋ ਗਿਆ। ਫਿਲਮ ਤਾਂ ਪੂਰੀ ਦੇਖ ਲੈਣ ਦਿਉ। …ਖੈਰ, ਉਨ੍ਹਾਂ ਨੇ ਤਾਂ ਆਤਮ ਸਮਰਪਣ ਕੀਤਾ ਦਿੱਲੀ ਅਸੈਂਬਲੀ ਵਿੱਚ 8.4.1929 ਨੂੰ ਬੀ.ਕੇ. ਦੱਤ ਨਾਲ, ਪਰ ਫਿਲਮ ਦੇ ਭੂਤ ਨੇ ਇਨ੍ਹਾਂ ਨੂੰ ਸਾਂਡਰਸ ਦੇ ਕਤਲ ਤੋਂ ਐਨ ਪਹਿਲਾਂ ਭਾਵ 17.12.1928 ਦੀ ਪਿਛਲੀ ਰਾਤ 'ਕਾਕੋਰੀ ਡੇਅ' ਸਮਾਗਮ ਤੋˆ ਪਰਤਦੇ ਹੋਏ 'ਟੋਮ ਕਾਕਾ ਕੀ ਕੁਟੀਆ' ਵੇਖਣ ਦੀ ਐਨੀ ਜ਼ਬਰਦਸਤ ਤਲਬ ਹੋਈ ਕਿ ਸਾਥੀ ਭਗਵਾਨ ਦਾਸ ਲਾਹੌਰ ਤੋਂ ਜ਼ਬਰਦਸਤੀ ਰਾਤ ਦੇ ਖਾਣੇ ਲਈ ਦਿੱਤੀਆਂ ਚੁਆਨੀਆਂ ਖੋਹ ਕੇ ਸਿਨੇਮਾ ਹਾਲ ਜਾ ਕੇ ਫਿਲਮ ਦੀ ਟਿਕਟ ਖਰੀਦੀ ਤੇ ਫਿਲਮ ਦੇਖਣ ਉਪਰੰਤ ਹੀ ਰਾਤੀ ਨੀਂਦ ਆਈ।
     ਬਾਕੀ ਰਹੀ ਗੱਲ ਸੁਖਦੇਵ ਹੋਰਾਂ ਦੀ ਪਤਾ ਨਹੀਂ ਕਿਸੇ ਕਾਰਨ ਇਨ੍ਹਾਂ ਬਾਰੇ ਕੋਈ ਅਜਿਹੀ ਭਵਿੱਖਬਾਣੀ ਨਹੀˆ ਸੀ ਕੀਤੀ ਗਈ।…ਹਾਂ ਭਗਤ ਸਿੰਘ ਨੇ ਆਜ਼ਾਦ ਨੂੰ ਹਾਸੀ-ਮਜ਼ਾਕ ਕਰਦੇ ਹੋਏ ਕਿਹਾ, "ਪੰਡਤ ਜੀ! ਫੜੇ ਜਾਣ 'ਤੇ ਤੁਹਾਡੇ ਲਈ ਦੋ ਰੱਸਿਆਂ ਦੀ ਲੋੜ ਪਵੇਗੀ।" …ਤਾਂ ਆਜ਼ਾਦ ਕਹਿਣ ਲੱਗੇ, "ਦੇਖ ਫਾਂਸੀ ਚਾੜ੍ਹੇ ਜਾਣ ਦਾ ਸ਼ੌਕ ਮੈਨੂੰ ਨਹੀਂ ਹੈ। ਉਹ ਤੈਨੂੰ ਮੁਬਾਰਕ ਹੋਵੇ, ਰੱਸਾ-ਫੱਸਾ ਤੇਰੇ ਗਲੇ ਲਈ ਹੈ। ਜਦ ਤੱਕ ਇਹ 'ਬਮਤੁਲ ਬੁਖਾਰਾ' (ਮਾਉਜਰ) ਮੇਰੇ ਕੋਲ ਹੈ, ਕਿਸ ਨੇ ਮਾਂ ਦਾ ਦੁੱਧ ਪੀਤਾ ਹੈ, ਜੋ ਮੈਨੂੰ ਜਿੰਦੇ ਨੂੰ ਫੜ ਲੈ ਜਾਏ।" ਆਗਰੇ ਆਪਣੇ ਨਿਵਾਸ ਦੌਰਾਨ ਸਾਰੇ ਹੀ ਕਦੇ-ਕਦੇ ਸ਼ਾਮੀਂ ਸੈਰ-ਸਪਾਟੇ ਲਈ ਤਾਜ ਮਹਿਲ ਜਾਂਦੇ ਸਨ। ਇਕ ਦਿਨ ਰਾਜਗੁਰੂ ਉੱਥੋਂ ਜਦੋਂ ਪਰਤੇ ਤਾਂ ਉਨ੍ਹਾਂ ਨੂੰ ਸ਼ਾਇਰੀ ਦਾ ਦੌਰਾ ਪੈ ਗਿਆ ਤੇ ਕਾਗਜ਼ ਪੈਨਸਿਲ ਲੈ ਕੇ ਇਕ ਸ਼ੇਅਰ ਲਿਖ ਮਾਰਿਆ :
"ਅਬ ਤੱਕ ਨਹੀਂ ਮਾਲੂਮ ਥਾ ਇਸ਼ਕ ਕਿਆ ਚੀਜ਼ ਹੈ,
ਰੋਜ਼ੇ ਕੋ ਦੇਖ ਕਰ ਮੇਰੇ ਭੀ ਇਸ਼ਕ ਨੇ ਬਲਵਾ ਕਿਆ।"
     ਵਿਜੈ ਕੁਮਾਰ ਸਿਨਹਾ ਤਾਂ 'ਇਸ਼ਕ ਨੇ ਬਲਵਾ ਕਿਆ, ਇਸ਼ਕ ਨੇ ਬਲਵਾ ਕਿਆ' ਚੀਖਦਿਆਂ ਉਛਲ ਪਏ ਤੇ ਦੱਤ ਇਨ੍ਹਾਂ ਦਾ ਮੂੰਹ ਦੇਖਦੇ ਰਹਿ ਗਏ। ਭਗਤ ਸਿੰਘ ਨੇ ਆਪਣੀ ਜੇਬ ਵਿੱਚੋਂ ਪਿਸਤੌਲ ਕੱਢਿਆ ਅਤੇ ਨਾਲੀ ਵੱਲ ਤੋਂ ਇਸ ਨੂੰ ਫੜ ਕੇ ਰਾਜ ਗੁਰੂ ਵੱਲ ਵਧਾ ਕੇ ਬੋਲੇ, ``ਤੂੰ ਮੈਨੂੰ ਜੀਉਂਦਾ ਨਹੀਂ ਰਹਿਣ ਦੇਣਾ ਤਾਂ ਲੈ ਮਾਰਦੇ, ਨਹੀਂ ਤਾਂ ਇਹ ਵਾਅਦਾ ਕਰ ਕਿ ਫਿਰ ਕਦੀ ਸ਼ੇਰ, ਚੀਤਾ, ਭੇੜੀਆ, ਕੁੱਤਾ ਕੁਝ ਨਹੀˆ ਬਣਾਏਂਗਾ।" ਵਿਚਾਰੇ ਰਾਜ ਗੁਰੂ ਦੰਗ ਰਹਿ ਗਏ। ਫਿਰ ਸ਼ਾਇਦ ਹੀ ਉਨ੍ਹਾਂ ਕਦੇ ਹਿੰਦੀ ਜਾਂ ਹਿੰਦੁਸਤਾਨੀ ਵਿੱਚ ਕਾਵਿ ਰਚਨਾ ਰਚੀ ਹੋਵੇ, ਮਰਾਠੀ ਦੀ ਰਾਮ ਜਾਣੇ। ਉਧਰ ਸੁਖਦੇਵ ਤੇ ਉਸ ਦੇ ਲੰਗੋਟੀਏ ਯਾਰ ਭਗਤ ਸਿੰਘ ਇਨ੍ਹਾਂ ਦਾ ਮੁੱਖ 'ਸ਼ੁਗਲ' ਲਾਹੌਰ ਦੀ ਪ੍ਰਸਿੱਧ ਦਵਾਰਕਾ ਦਾਸ ਲਾਇਬਰੇਰੀ ਦੇ ਇਨ੍ਹਾਂ ਦੇ ਹਮਉਮਰ ਲਾਇਬਰੇਰੀਅਨ, ਰਾਜਾ ਰਾਮ ਸ਼ਾਸਤਰੀ ਨੂੰ ਛੇੜਨਾ ਤੇ ਤੰਗ ਕਰਨਾ। ਅੱਧੀ ਰਾਤੀਂ ਸ਼ਾਸਤਰੀ ਜੀ ਦੇ ਬਿਲਕੁਲ ਤੰਗ ਜਿਹੇ ਕਮਰੇ ਦਾ ਦਰਵਾਜ਼ਾ ਖੜਕਾਉਣਾ ਤੇ ਦਰਵਾਜ਼ਾ ਖੁੱਲ੍ਹਣ 'ਤੇ ਬੂਟ ਜੁੱਤੀ ਲਾਹ ਕੇ ਮੇਜ਼ਬਾਨ ਦੇ ਬਿਸਤਰੇ 'ਤੇ ਉਹ ਦੇ ਦੋਹੀˆ ਪਾਸੇ ਪਹਿਲੀ ਨਿੱਠ ਕੇ ਬੈਠਣਾ ਤੇ ਫਿਰ ਲੇਟ ਕੇ ਤਦ ਸ਼ਾਸਤਰੀ ਨੇ ਤੰਗ ਆ ਕੇ ਮੰਜਾ ਛੱਡ ਕੇ ਹੇਠਾਂ ਲੇਟ ਜਾਣਾ। ਪ੍ਰਾਹੁਣਿਆਂ ਨੇ ਇਕ-ਦੂਜੇ ਨੂੰ ਮੁਖਾਤਬ ਹੋ ਕੇ ਕਹਿਣਾ, "ਇਸ ਵਿੱਚ ਰੱਤੀ ਵੀ ਸ਼ੱਕ ਨਹੀਂ ਕਿ ਰਾਜਾ ਰਾਮ ਆਪਣੇ ਦੋਸਤਾਂ (ਭਾਵ ਸਾਨੂੰ) ਕਿੰਨਾ ਪਿਆਰ ਕਰਦਾ ਹੈ, ਵਿਚਾਰਾ!“ ਰਾਜਾ ਰਾਮ ਨੇ ਅੱਗ ਬਿਗੋਲੇ ਹੋ ਕੇ ਕਹਿਣਾ, "ਵੇਖੋ ਨਾਲੇ ਮੇਰਾ ਮੰਜਾ-ਬਿਸਤਰਾ ਖੋਹ ਲਿਐ ਉੱਤੋਂ ਝੇਡਾਂ ਕਰਦੇ ਨੇ।" ਐਨੇ ਨੂੰ ਪ੍ਰਾਹੁਣਿਆਂ ਵਿੱਚੋˆ ਇਕ ਨੇ ਕਹਿਣਾ, "ਭਾਈ ਸਮਾਜਵਾਦ ਕਹਿੰਦਾ ਹੈ ਮਿਲ ਕੇ ਆਨੰਦ ਲਵੋ" ਤੇ ਮੰਜਾ ਚੁੱਕ ਕੇ ਤਿੰਨੇ ਹੀ ਥੱਲੇ ਘਰਾੜੇ ਮਾਰਦੇ ਸੌਂ ਜਾਂਦੇ।
      ਅਪਰੈਲ 1929 ਵਿੱਚ ਅਸੈਂਬਲੀ ਵਿੱਚ ਧਮਾਕਾ ਕਰਕੇ ਜਦੋਂ ਇਨਕਲਾਬੀ ਪਾਰਟੀ ਨੇ ਵੱਡਾ ਮੋੜ ਕੱਟਣਾ ਸੀ ਤਾਂ ਰਾਜ ਗੁਰੂ ਨੂੰ ਪਤਾ ਲੱਗਾ ਕਿ ਭਗਤ ਸਿੰਘ ਉਹਦੀ ਬਜਾਏ ਦੱਤ ਨੂੰ ਨਾਲ ਲੈ ਜਾ ਰਿਹਾ ਹੈ ਤਾਂ ਉਹਦੀ ਨੀਂਦਰ ਹਰਾਮ ਹੋ ਗਈ ਕਿਉਂਕਿ ਸਾਰਿਆਂ ਨੂੰ ਲੱਗਦਾ ਸੀ ਕਿ ਅਸੈਂਬਲੀ ਕਾਾਂਡ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਵੇਗੀ। ਰਾਜ ਗੁਰੂ ਨੂੰ ਹਮੇਸ਼ਾ ਹੀ ਇਹ ਤੌਖਲਾ ਰਹਿੰਦਾ ਸੀ ਕਿ ਭਗਤ ਸਿੰਘ ਉਸ ਨੂੰ ਦਾਅ ਲਾ ਕੇ ਖੁਦ ਪਹਿਲਾਂ ਫਾਂਸੀ ਚੜ੍ਹ ਜਾਵੇਗਾ। ਸੋ ਉਹ ਭੱਜਾ-ਭੱਜਾ ਆਜ਼ਾਦ ਹੋਰਾਂ ਕੋਲ ਸਿਫਾਰਸ਼ ਪੁਆਉਣ ਲਈ ਪਹੁੰਚਿਆ। ਜਦ ਉਹਨੂੰ ਦੱਸਿਆ ਗਿਆ ਕਿ ਆਤਮ ਸਮਰਪਣ ਉਪਰੰਤ ਅਦਾਲਤੀ ਬਿਆਨ ਅੰਗਰੇਜ਼ੀ ਵਿੱਚ ਹੀ ਦੇਣਾ ਹੈ ਤਾਂ ਰਾਜ ਗੁਰੂ ਨੇ ਜਵਾਬ ਦਿੱਤਾ ਕਿ ਮੈਨੂੰ ਭਾਵੇˆ ਕਿੰਨਾ ਹੀ ਲੰਮਾ ਬਿਆਨ ਅੰਗਰੇਜ਼ੀ ਵਿੱਚ ਲਿਖ ਕੇ ਦੇ ਦਿਉ, ਮੈˆ ਤੋਤੇ ਵਾਂਗ ਰਟ ਲਵਾਂਗਾ, ਪਰ ਫਿਰ ਵੀ 'ਵੇਚਾਰੇ' ਦਾ ਕੰਮ ਨਹੀˆ ਬਣਿਆ। ਇਹ ਵੱਖਰੀ ਗੱਲ ਹੈ ਕਿ ਇਸ ਤੋˆ ਪਹਿਲਾˆ ਭਾਵ 17 ਦਸੰਬਰ, 1928 ਨੂੰ ਸਾਂਡਰਸ ਦੇ ਕਤਲ ਮੌਕੇ ਕਤਲ ਦੀ ਜ਼ਿੰਮੇਵਾਰੀ ਭਗਤ ਸਿੰਘ ਨੂੰ ਸੌਂਪੀ ਗਈ ਸੀ ਤੇ ਰਾਜ ਗੁਰੂ ਨੇ ਕੇਵਲ ਭਗਤ ਸਿੰਘ ਦੀ ਹਿਫਾਜ਼ਤ ਹੀ ਕਰਨੀ ਸੀ, ਪਰ ਭਾਈ ਕਾਹਲਾ ਗੋਲੀ ਚਲਾਉਣੋਂ ਰਹਿ ਨਾ ਸਕਿਆ ਤੇ ਪੈਂਦੀ ਸੱਟੇ ਸਾਂਡਰਸ 'ਤੇ ਗੋਲੀ ਦਾਗ਼ ਦਿੱਤੀ। ਉੱਧਰ ਪਾਰਟੀ ਭਗਤ ਸਿੰਘ ਦੀ ਕੁਰਬਾਨੀ ਦੇਣਾ ਨਹੀਂ ਸੀ ਚਾਹੁੰਦੀ ਤੇ ਸੈਂਟਰਲ ਕਮੇਟੀ ਮੀਟਿੰਗ ਵਿੱਚ ਅਜਿਹਾ ਹੀ ਫੈਸਲਾ ਲਿਆ ਗਿਆ। ਸੁਖਦੇਵ ਉਸ ਮੀਟਿੰਗ ਵਿੱਚ ਹਾਜ਼ਰ ਨਹੀਂ ਸੀ। ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਦਿੱਲੀ ਪਹੁੰਚ ਕੇ ਆਪਣੇ ਜਿਗਰੀ ਦੋਸਤ ਭਗਤ ਸਿੰਘ ਨਾਲ ਮਿਹਣੋ-ਮਿਹਣੀ ਹੋ ਕੇ ਉਸ ਨੂੰ ਮਜਬੂਰ ਕੀਤਾ ਕਿ ਉਹ ਕਮੇਟੀ ਕੋਲੋਂ ਖੁਦ ਨੂੰ ਹੀ ਭੇਜੇ ਜਾਣ ਦੀ ਮੋਹਰ ਲੁਆਏ ਤੇ ਹੋਇਆ ਵੀ ਇੰਜ ਹੀ-ਧੰਨ ਅਜਿਹੀ ਦੋਸਤੀ ਤੇ ਧੰਨ ਅਜਿਹਾ ਸਾਥ!
       ਸੁਖਦੇਵ ਦਾ ਮੀਰੀ ਗੁਣ ਇਹ ਸੀ ਕਿ ਇਹ ਪਰਿਵਾਰ ਦੇ ਕਰਤਾ-ਧਰਤਾ ਵਾਂਗ ਹਰੇਕ ਸਾਥੀ ਦੀ ਛੋਟੀ-ਵੱਡੀ ਲੋੜ ਨੂੰ ਕਦੇ ਅੱਖੋˆ-ਪਰੋਖੇ ਨਹੀਂ ਸੀ ਕਰਦਾ ਤੇ ਵਸੀਲੇ ਜੁਟਾਉਣ ਦਾ ਧਨੀ ਸੀ, ਜਿਸ ਦੀ ਮੁੱਖ ਮਿਸਾਲ ਹੈ-ਭਗਤ ਸਿੰਘ, ਰਾਜ ਗੁਰੂ ਤੇ ਆਜ਼ਾਦ ਨੂੰ ਲਾਹੌਰੋˆ ਬਾਹਰ ਇੰਜ ਲੈ ਜਾਣਾ ਜਿਵੇਂ ਮੱਖਣ ਵਿੱਚੋਂ ਵਾਲ ਕੱਢੀਦਾ ਹੈ। ਪੈਸੇ ਮੰਗੇ ਦੁਰਗਾ 'ਭਾਬੀ' ਸੁਪਤਨੀ ਭਗਵਤੀ ਚਰਨ ਵੋਹਰਾ ਤੋਂ, ਤੇ ਇਸ ਵੀਰਾਂਗਣਾਂ ਨੇ ਨਾ ਸਿਰਫ ਆਪਣੀ ਬਲਕਿ ਆਪਣੇ ਤਿੰਨ ਸਾਲਾ ਬੇਟੇ ਦੀ ਜਾਨ ਦੀ ਬਾਜ਼ੀ ਲਾ ਕੇ ਭਗਤ ਸਿੰਘ ਦੀ ਸੁਪਤਨੀ ਦਾ ਡਰਾਮਾ ਖੇਡ ਕੇ 20 ਦਸੰਬਰ, 1928 ਨੂੰ ਰਾਜ ਗੁਰੂ ਸਮੇਤ ਗੱਡੀ ਫੜ ਕੇ ਉਨ੍ਹਾਂ ਨੂੰ ਲਾਹੌਰੋˆ ਬਾਹਰ ਕੱਢਿਆ। ਇਸ ਸਾਰੀ ਯੋਜਨਾ ਪਿੱਛੇ ਸੁਖਦੇਵ ਦਾ ਹੀ ਦਿਮਾਗ ਸੀ। ਉਧਰ ਆਜ਼ਾਦ ਨੂੰ ਆਪਣੀ ਮਾਤਾ, ਧਰਮ ਭੈਣ ਤੇ (ਪੰਡਤ) ਕਿਸ਼ੋਰੀ ਲਾਲ ਸਮੇਤ 25 ਦਸੰਬਰ, 1928 ਨੂੰ ਮਥੁਰਾ ਭੇਜ ਦਿੱਤਾ। ਸੁਖਦੇਵ 'ਤੇ ਜਥੇਬੰਦਕ ਦੇ ਤੌਰ 'ਤੇ ਲਾਹੌਰ ਸਾਜ਼ਿਸ਼ ਕੇਸ ਦੇ ਜੱਜਾਂ ਨੇ ਇਹ ਟਿੱਪਣੀ ਕੀਤੀ ਸੀ ਕਿ ਸਾਜ਼ਿਸ਼ ਦਾ ਦਿਮਾਗ ਇਹੀ ਸੀ ਤੇ ਭਗਤ ਸਿੰਘ ਇਸ ਦੀ ਸੱਜੀ ਬਾਂਹ ਵਾਂਗ ਸੀ।
      ਸੁਖਦੇਵ ਦੀ ਗ੍ਰਿਫ਼ਤਾਰੀ 15 ਅਪਰੈਲ, 1929 ਨੂੰ ਲਾਹੌਰ ਦੀ ਕਸ਼ਮੀਰ ਬਿਲਡਿੰਗ 'ਚ ਸਥਿਤ 'ਬੰਬ ਫੈਕਟਰੀ' ਤੋਂ  ਹੋਈ ਸੀ ਕਿਉਂਕਿ ਅਲਮਾਰੀ ਵਿੱਚ ਇਕ 'ਲਾਈਵ ਬੰਬ' ਪਿਆ ਹੋਇਆ ਸੀ। ਇਸ ਨੇ ਸੂਝ-ਬੂਝ ਤੋਂ ਕੰਮ ਲੈਂਦਿਆਂ ਪੁਲੀਸ ਪਾਰਟੀ ਨੂੰ ਇਸ ਬਾਰੇ ਸੁਚੇਤ ਕਰ ਦਿੱਤਾ ਸੀ। ਗ੍ਰਿਫਤਾਰੀ ਪਿੱਛੋਂ ਜੇਲ੍ਹ ਜੀਵਨ ਦੌਰਾਨ ਇਸ ਜਥੇਬੰਦੀ ਨੇ ਆਪਣੇ 'ਅਮਲਾਂ ਰਾਹੀਂ ਪ੍ਰਚਾਰ' ਵਾਲੀ ਰਣਨੀਤੀ ਅਨੁਸਾਰ ਸਿਆਸੀ ਕੈਦੀਆਂ ਲਈ ਸਨਮਾਨਜਨਕ ਸੁੱਖ-ਸਹੂਲਤਾਂ ਤੇ ਵਰਤਾਉ ਖਾਤਰ ਲੰਮੀਆਂ ਭੁੱਖ ਹੜਤਾਲਾਂ ਕੀਤੀਆਂ ਤੇ ਅਕਹਿ ਕਸ਼ਟ ਖਿੜੇ ਮੱਥੇ ਪ੍ਰਵਾਨ ਕੀਤੇ। ਇਸ ਦੌਰਾਨ ਇਨ੍ਹਾਂ ਦਾ ਅਨਮੋਲ ਸਾਥੀ, 'ਬੰਬ ਮਾਸਟਰ' ਜਤਿਨ ਦਾਸ ਨਾਥ 63 ਦਿਨਾਂ ਦੀ ਭੁੱਖ ਹੜਤਾਲ ਉਪਰੰਤ 13 ਸਤੰਬਰ, 1929 ਨੂੰ ਆਪਣੀ ਜਾਨ ਦੇਸ਼ ਤੋਂ ਵਾਰ ਗਿਆ।
       ਅਖੀਰ, ਜਿਵੇˆ ਕਿ ਪਹਿਲਾˆ ਹੀ ਪ੍ਰਤੱਖ ਦਿਸਦਾ ਸੀ, 7 ਅਕਤੂਬਰ 1930 ਨੂੰ ਬਾਦਸ਼ਾਹ ਵਿਰੁੱਧ ਜੰਗ ਵਿੱਢਣ ਅਤੇ ਸਾਂਡਰਸ ਦੇ ਕਤਲ ਲਈ ਭਗਤ ਸਿੰਘ ਤੇ ਰਾਜਗੁਰੂ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਮਿੱਥ ਕੇ ਤੇ ਸੁਖਦੇਵ ਨੂੰ ਅਜਿਹੀ ਸਾਜ਼ਿਸ਼ ਦਾ 'ਰਚਣਹਾਰਾ' ਦੇ ਇਲਜ਼ਾਮ ਵਿਚ ਫਾਂਸੀ ਦੀਆਂ ਸਜ਼ਾਵਾਂ ਸੁਣਾਈਆਂ। ਆਉਂਦੇ ਚਾਰ-ਪੰਜ ਮਹੀਨੇ ਕਾਨੂੰਨੀ ਨੁਕਤਿਆਂ 'ਤੇ ਪਾਈਆਂ ਗਈਆਂ ਪਟੀਸ਼ਨਾਂ ਲੇਖੇ ਲੱਗੇ। ਇਨਕਲਾਬੀ ਤਾਂ ਕਿਸੇ ਕਿਸਮ ਦੀ ਅਪੀਲ ਆਪਣੇ ਵੱਲੋਂ ਕਰਨ ਦਾ ਸੁਪਨਾ ਵੀ ਨਹੀਂ ਸੀ ਲੈ ਸਕਦੇ, ਪਰ ਸੁਹਿਰਦ ਵਕੀਲਾਂ ਨੇ ਆਪਣੇ ਤੌਰ `ਤੇ ਸਪੈਸ਼ਲ ਟ੍ਰਿਬਿਊਨਲ ਵਾਲੇ 'ਆਰਡੀਨੈਂਸ' ਨੂੰ ਜਿਹੜਾ ਕਿ 1915 ਵਾਲੇ ਗਦਰੀ ਮੁਕੱਦਮਿਆਂ ਵਾਂਗ 'ਨਾ ਵਕੀਲ, ਨਾ ਦਲੀਲ, ਨਾ ਅਪੀਲ' ਦੀ ਨਕਲ ਸੀ, ਇਸ ਆਧਾਰ 'ਤੇ ਚੈਲੰਜ ਕੀਤਾ ਸੀ ਕਿ ਅਜਿਹਾ ਕਾਲਾ ਕਾਨੂੰਨ ਸਿਰਫ ਐਮਰਜੈਂਸੀ ਹਾਲਤ ਵਿਚ ਹੀ ਲਾਗੂ ਕੀਤਾ ਜਾ ਸਕਦੈ, ਜਿਸ ਦਾ ਕੋਈ ਨਾਮ ਨਿਸ਼ਾਨ ਵੀ ਮੌਜੂਦ ਨਹੀਂ ਸੀ। ਉਧਰ ਦੇਸ਼ ਵਿਚ ਇਨ੍ਹਾਂ ਦੀ ਫਾਂਸੀ ਨੂੰ ਲੈ ਕੇ ਸਰਕਾਰ ਤੂਫਾਨ ਉੱਠਣ ਦੇ ਪਹਿਲੇ ਦਿਨ ਤੋˆ ਹੀ ਘਬਰਾਈ ਹੋਣ ਕਰਕੇ ਦਸੰਬਰ 1930 ਤੋਂ ਹੀ ਪੇਸ਼ਬੰਦੀਆਂ ਦਾ ਉਲੇਖ ਸਰਕਾਰੀ ਮਿਸ਼ਲਾਂ ਵਿਚੋਂ ਮਿਲਦਾ ਹੈ। ਖਾਸ ਕਰਕੇ ਪੰਜਾਬ ਅਤੇ ਪੰਜਾਬ ਦੇ ਸ਼ਹਿਰ ਲਾਹੌਰ ਵਿਚ ਤਾਂ ਇਉਂ ਲਗਦਾ ਸੀ ਕਿ ਕਿਤੇ ਜਨਤਾ ਦਾ ਹੜ੍ਹ ਜੇਲ੍ਹ ਨੂੰ ਹੀ ਨਾ ਢਾਹ ਦੇਵੇ। ਸੋ 17-18 ਮਾਰਚ ਦੀ ਰਾਤ ਨੂੰ ਪੰਜਾਬ ਸਰਕਾਰ ਦੀ ਤਜਵੀਜ਼ 'ਤੇ ਫੈਸਲਾ ਲਿਆ ਗਿਆ ਕਿ ਇਨ੍ਹਾਂ ਤਿੰਨਾਂ ਨੂੰ ਮਿਥੀ ਤਾਰੀਖ, ਭਾਵ 24 ਮਾਰਚ, 1931 ਦੀ ਬਜਾਏ 12 ਘੰਟੇ ਪਹਿਲਾਂ ਹੀ ਸ਼ਹੀਦ ਕਰਕੇ ਇਸ ਦਾ ਐਲਾਨ 24 ਤਾਰੀਖ ਸਵੇਰ ਤੱਕ ਨਾ ਕੀਤਾ ਜਾਏ।
       ਨਿਯਮਾਂ ਅਨੁਸਾਰ ਫਾਂਸੀ ਤੋਂ ਇਕ ਦਿਨ ਪਹਿਲਾਂ ਇਨ੍ਹਾਂ ਦੇ ਪਰਿਵਾਰਾˆ ਨੂੰ ਆਖਰੀ ਮੁਲਾਕਾਤ, ਜੋ 23 ਮਾਰਚ ਸਵੇਰੇ ਨੂੰ ਹੋਣੀ ਨਿਸਚਿਤ ਸੀ, ਨਾ ਹੋ ਸਕੀ ਕਿਉਂਕਿ ਜੇਲ੍ਹ ਅਧਿਕਾਰੀ ਸਿਰਫ 'ਪਹਿਲੀ ਸ਼੍ਰੇਣੀ' ਦੇ ਰਿਸ਼ਤੇਦਾਰਾਂ- ਭਾਵ ਮਾਂ-ਬਾਪ, ਭੈਣ-ਭਰਾ ਨੂੰ ਹੀ ਮੁਲਾਕਾਤ ਦੀ ਇਜਾਜ਼ਤ ਦੇ ਰਹੇ ਸਨ ਅਤੇ ਦੂਜੇ ਰਿਸ਼ਤੇਦਾਰਾਂ ਜਿਵੇˆ ਭਗਤ ਸਿੰਘ ਦੀਆਂ ਚਾਚੀਆਂ, ਦਾਦਾ-ਦਾਦੀ, ਸੁਖਦੇਵ ਦੇ ਪਿਤਾ ਸਮਾਨ ਤਾਇਆ, ਲਾਲਾ ਚਿੰਤ ਰਾਮ ਜੀ ਆਦਿ ਨੂੰ ਇਸ ਮੁਲਾਕਾਤ ਤੋਂ ਵਿਰਵਾ ਰੱਖਣ 'ਤੇ ਤੁਲੇ ਹੋਏ ਸਨ। ਜੇਲ੍ਹ ਅਧਿਕਾਰੀਆਂ ਦੀ ਇਸ ਜ਼ਿਆਦਤੀ ਵਿਰੁੱਧ ਤਿੰਨਾਂ ਦੇ ਪਰਿਵਾਰਾਂ ਨੇ ਇਸ ਮੁਲਾਕਾਤ ਦਾ ਮੁਕੰਬਲ ਬਾਈਕਾਟ ਹੀ ਕਰ ਦਿੱਤਾ। ਰਾਜ ਗੁਰੂ ਦੇ ਮਾਤਾ ਜੀ ਜੋ ਪੂਨੇ ਤੋਂ ਇਸ ਮਕਸਦ ਲਈ ਚਲ ਕੇ ਆਏ ਸਨ, ਉਨ੍ਹਾਂ ਵੀ ਬੇਟੇ ਦਾ ਆਖਰੀ ਵੇਲੇ ਮੂੰਹ ਦੇਖਣ ਦਾ ਸੰਕਲਪ ਤਿਆਗ ਦਿੱਤਾ।
       ਇਨ੍ਹਾਂ ਸ਼ਹੀਦਾˆ ਦੇ ਸਾਥੀਆਂ ਦੀ ਆਖਰੀ ਮੁਲਾਕਾਤ ਇਨ੍ਹਾਂ ਨਾਲ ਦਸੰਬਰ 1930 ਵਿਚ ਹੀ ਹੋ ਚੁੱਕੀ ਸੀ, ਜਦੋˆ ਉਮਰ ਕੈਦੀਆਂ ਤੇ ਘੱਟ ਕੈਦ ਦੀਆਂ ਸਜ਼ਾਵਾਂ ਵਾਲਿਆਂ ਨੂੰ ਲਾਹੌਰ ਜੇਲ੍ਹ ਤੋਂ ਬਦਲ ਕੇ ਦੇਸ਼ ਦੀਆਂ ਦੂਜੀਆਂ ਜੇਲ੍ਹਾਂ ਵਿਚ ਭੇਜ ਦਿੱਤਾ ਗਿਆ ਸੀ। ਇਨ੍ਹਾˆ ਦੇ ਨੇੜਲੇ ਸਾਥੀ ਤੇ ਦੋਸਤ, ਸ਼ਿਵ ਵਰਮਾ ਅਨੁਸਾਰ, "ਜੇਲ੍ਹ ਦਾ ਵੱਡਾ ਦਰੋਗਾ ਆਪਣੇ ਪੂਰੇ ਲਾਮ-ਲਸ਼ਕਰ ਨਾਲ ਸਾਨੂੰ ਨਾਲ ਲੈ ਕੇ ਫਾਟਕ ਵੱਲ ਚੱਲ ਪਿਆ। ਕੁਝ ਦੂਰ ਚੱਲ ਕੇ ਉਸ ਨੇ ਪੁੱਛਿਆ, "ਆਪਣੇ ਸਾਥੀਆਂ ਨੂੰ ਮਿਲੋਗੇ?“ … ਇਸ ਨਰਮ ਦਿਲੀ ਲਈ ਧੰਨਵਾਦ ਲੈ ਕੇ ਉਸ ਨੇ ਫਾਂਸੀ ਵਾਲੇ ਅਹਾਤੇ ਦਾ ਫਾਟਕ ਖੁੱਲ੍ਹਵਾਇਆ ਅਤੇ ਸਾਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਕੋਠੜੀਆਂ ਸਾਹਮਣੇ ਲੈ ਜਾ ਕੇ ਖੜ੍ਹਾ ਕਰ ਦਿੱਤਾ। ਜ਼ਿੰਦਗੀ ਵਿਚ ਇਹ ਸਾਥੀ ਦੇਖਣ ਨੂੰ ਨਹੀਂ ਮਿਲਣੇ, ਇਸ ਸੋਚ ਨਾਲ ਸਾਡੇ ਚਿਹਰੇ ਉਦਾਸ ਸਨ। ਉਨ੍ਹਾਂ ਤੋਂ ਆਖਰੀ ਵਿਦਾਈ ਲੈ ਕੇ ਜਦੋˆ ਅਸੀˆ ਚੱਲਣ ਲੱਗੇ ਤਾਂ ਸਾਡੇ ਵਿਚੋਂ ਇਕ ਸਾਥੀ, ਜੈਦੇਰ ਕਪੂਰ ਨੇ ਭਗਤ ਸਿੰਘ ਨੂੰ ਪੁੱਛਿਆ, "ਸਰਦਾਰ ਤੁਸੀਂ ਸ਼ਹੀਦ ਹੋਣ ਜਾ ਰਹੇ ਹੋ। ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਹਾਨੂੰ ਇਸ ਦਾ ਅਫਸੋਸ ਤਾਂ ਨਹੀਂ ਹੈ?“
      ਸਵਾਲ ਸੁਣ ਕੇ ਪਹਿਲਾਂ ਤਾਂ ਸਰਦਾਰ ਠਹਾਕਾ ਮਾਰ ਕੇ ਹੱਸਿਆ, ਫਿਰ ਗੰਭੀਰ ਹੋ ਕੇ ਬੋਲਿਆ, "ਇਨਕਲਾਬ ਦੇ ਰਾਹ 'ਤੇ ਕਦਮ ਰੱਖਦਿਆਂ ਮੈˆ ਸੋਚਿਆ ਸੀ ਕਿ ਜੇ ਮੈˆ ਆਪਣਾ ਜੀਵਨ ਦੇ ਕੇ ਦੇਸ਼ ਦੇ ਕੋਨੇ-ਕੋਨੇ ਤੱਕ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰੇ ਪਹੁੰਚਾ ਸਕਾਂ ਤਾˆ ਮੈਂ ਸਮਝਾਂਗਾ ਕਿ ਮੈਨੂੰ ਆਪਣੇ ਜੀਵਨ ਦਾ ਮੁੱਲ ਮਿਲ ਗਿਆ ਹੈ। ਅੱਜ ਫਾਂਸੀ ਦੀ ਇਸ ਕੋਠੜੀ ਵਿਚ ਲੋਹੇ ਦੀਆਂ ਸੀਖਾਂ ਪਿੱਛੋˆ ਬੈਠ ਕੇ ਵੀ ਮੈਂ ਕਰੋੜਾਂ ਦੇਸ਼ ਵਾਸੀਆਂ ਦੇ ਮੂੰਹੋˆ ਗੂੰਜਦੀ ਉਸ ਨਾਅਰੇ ਦੀ ਆਵਾਜ਼ ਸੁਣ ਸਕਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਮੇਰਾ ਇਹ ਨਾਅਰਾ ਆਜ਼ਾਦੀ ਦੇ ਸੰਘਰਸ਼ ਦੀ ਚਾਲਕ ਸ਼ਕਤੀ ਦੇ ਰੂਪ ਵਿਚ ਸਾਮਰਾਜੀਆਂ 'ਤੇ ਵਾਰ ਕਰਦਾ ਰਹੇਗਾ।" ਫਿਰ ਕੁਝ ਰੁਕ ਕੇ ਆਪਣੀ ਸੁਭਾਵਿਕ ਮੁਸਕਰਾਹਟ ਵਿਚ ਉਸ ਨੇ ਕਿਹਾ, "ਐਨੀˆ ਛੋਟੀ ਜ਼ਿੰਦਗੀ ਦਾ ਮੁੱਲ ਹੋਰ ਹੋ ਵੀ ਕੀ ਸਕਦਾ ਹੈ?"।
ਸੰਪਰਕ : 0172-2556314

ਸ਼ਹੀਦੀ ਦਿਵਸ 'ਤੇ ਵਿਸ਼ੇਸ਼ : ਸ਼ਹੀਦ ਊਧਮ ਸਿੰਘ ਦੀ ਜੀਵਨ ਯਾਤਰਾ - ਮਲਵਿੰਦਰ ਜੀਤ ਸਿੰਘ ਵੜੈਚ

ਊਧਮ ਸਿੰਘ ਅਨੁਸਾਰ ਉਹ ਪਟਿਆਲਾ ਰਿਆਸਤ ਦੇ ਸੁਨਾਮ ਸ਼ਹਿਰ 'ਚ ਪੈਦਾ ਹੋਇਆ ਸੀ। ਉਹ ਦੱਸਦਾ ਹੈ ਕਿ ਉਸ ਨੇ ਕੋਈ ਤਾਲੀਮ ਹਾਸਲ ਨਹੀਂ ਸੀ ਕੀਤੀ। ਉਸ ਨੇ ਛੋਟੀ ਉਮਰੇ ਹੀ ਇਲੈਕਟਰੀਸ਼ਨ ਦਾ ਕਿੱਤਾ ਅਪਣਾਇਆ ਅਤੇ ਆਪਣੇ ਭਾਰਤੀ ਦੋਸਤਾਂ-ਮਿੱਤਰਾਂ ਨਾਲ ਹਿੰਦੋਸਤਾਨ ਅੰਦਰ ਵਿਚਰਿਆ। ਉਹ ਪਹਿਲੀ ਵਾਰ ਵਤਨੋਂ ਬਾਹਰ 1918 ਵਿੱਚ ਮੋਬਾਸਾ, ਪੂਰਬੀ ਅਫਰੀਕਾ ਗਿਆ। ਇੱਥੇ ਉਸ ਨੇ ਮੋਟਰ ਮਕੈਨਿਕ ਵਜੋਂ ਨੈਰੋਬੀ ਵਿੱਚ ਇੱਕ ਜਰਮਨ ਕੰਪਨੀ ਵਿੱਚ ਕੰਮ ਕੀਤਾ। ਉਸ ਨੂੰ ਠੀਕ ਤਰ੍ਹਾਂ ਚੇਤਾ ਤਾਂ ਨਹੀਂ, ਪਰ ਇਹ ਡੇਢ ਕੁ ਸਾਲ ਦੇ ਕਰੀਬ ਹੋ ਸਕਦੈ। ਉਥੋਂ ਉਸ ਨੂੰ ਗ਼ੈਰ ਹਾਜ਼ਰ ਰਹਿਣ ਕਰਕੇ ਨੌਕਰੀਉਂ ਕੱਢ ਦਿੱਤਾ ਗਿਆ ਸੀ।
       ਉਹ ਜੂਨ 1919 ਦੇ ਨੇੜ-ਤੇੜ ਦੇਸ਼ ਪਰਤਿਆ ਅਤੇ ਭਾਰਤ ਵਿੱਚ ਕਈ ਥਾਈਂ ਘੁੰਮਿਆ-ਫਿਰਿਆ। ਇਸ ਦੌਰਾਨ ਉਸ ਨੇ ਅੰਮ੍ਰਿਤਸਰ ਵਿੱਚ ਸਥਿਤ ਆਪਣੇ ਮਕਾਨ ਨੂੰ ਵੇਚ ਕੇ 11,000/- ਰੁਪਏ ਦੀ ਰਕਮ ਵਸੂਲੀ। 1921 'ਚ ਉਹ ਇੰਗਲੈਂਡ ਪਹੁੰਚ ਕੇ ਡੋਵਰ (Dover) ਬੰਦਰਗਾਹ 'ਤੇ ਜਹਾਜ਼ੋਂ ਉੱਤਰਿਆ ਅਤੇ 2-3 ਮਹੀਨਿਆਂ ਪਿੱਛੋਂ ਨਿਊਯਾਰਕ, ਅਮਰੀਕਾ ਲਈ ਚੱਲ ਪਿਆ। ਉਹ ਦੱਸਦੈ ਕਿ ਉਸ ਨੇ ਛੇ ਮਹੀਨੇ ਫੋਰਡ ਕਾਰ ਕੰਪਨੀ 'ਚ ਬਤੌਰ 'ਟੂਲ ਮੇਕਰ' (Tool Maker) ਕੰਮ ਕੀਤਾ ਤੇ ਫਿਰ ਆਪਣੀ ਮਰਜ਼ੀ ਨਾਲ ਹੀ ਉਥੋਂ ਕੈਲੇਫ਼ੋਰਨੀਆ ਚਲਾ ਗਿਆ। ਉਥੇ ਉਹ ਦੋ-ਢਾਈ ਸਾਲ ਦੋ-ਤਿੰਨ ਛੋਟੀਆਂ-ਮੋਟੀਆਂ ਮੋਟਰ ਕੰਪਨੀਆਂ 'ਚ ਕੰਮ ਕਰਦਾ ਰਿਹਾ। 1927 'ਚ ਉਹ ਅਮਰੀਕਾ ਤੋਂ ਪੰਜਾਬ ਚਲਾ ਗਿਆ, ਜਿੱਥੇ ਉਹ ਕੁਝ ਕੁ ਹਫ਼ਤੇ ਠਹਿਰਿਆ। ਇਸ ਦੌਰਾਨ ਉਸ ਨੂੰ ਭਾਰਤੀ ਆਰਮਜ਼ ਐਕਟ ਤਹਿਤ ਇੱਕ ਰਿਵਾਲਵਰ, ਅਸਲਾ ਅਤੇ ਬੰਬ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਪੰਜ ਸਾਲ ਅੰਮ੍ਰਿਤਸਰ 'ਚ ਸਜ਼ਾ ਭੁਗਤਣ ਪਿੱਛੋਂ ਉਹ 1931 'ਚ ਰਿਹਾਅ ਹੋਇਆ। ਉਹ ਦੱਸਦਾ ਹੈ ਜੇਲ੍ਹ ਬੰਦੀ ਦੌਰਾਨ ਉਸ ਨੂੰ ਤਿੰਨ ਵਾਰੀ ਅੰਦੋਲਨ/ਹੜਤਾਲ (Agitation) ਕਰਨ ਬਦਲੇ ਕੋੜੇ ਮਾਰੇ ਗਏ। ਇਸ ਦੌਰਾਨ ਉਸ ਨੂੰ ਇੱਕ ਜੇਲ੍ਹ ਤੋਂ ਦੂਸਰੀ 'ਚ ਭੇਜ ਦਿੱਤਾ ਜਾਂਦਾ।
         ਰਿਹਾਈ ਪਿੱਛੋਂ ਉਹ ਸਿਹਤਯਾਬੀ ਲਈ ਸ੍ਰੀਨਗਰ, ਕਸ਼ਮੀਰ ਚਲਾ ਗਿਆ, ਕਿਉਂਕਿ ਜੇਲ੍ਹ ਬੰਦੀ ਦੌਰਾਨ ਉਸ ਦੀ ਸਿਹਤ 'ਚ ਬਹੁਤ ਨਿਘਾਰ ਆ ਗਿਆ ਸੀ। ਉਥੇ ਉਹ ਇੱਕ ਸਾਲ ਰਿਹਾ ਤੇ ਅੰਮ੍ਰਿਤਸਰ ਵਾਲੇ ਮਕਾਨ ਨੂੰ ਵੇਚ ਕੇ ਵੱਟੀ ਹੋਈ ਰਕਮ 'ਤੇ ਗੁਜ਼ਾਰਾ ਕੀਤਾ।
      1934 ਤੱਕ ਉਹ ਭਾਰਤ 'ਚ ਘੁੰਮਿਆ-ਫਿਰਿਆ ਅਤੇ ਫਿਰ ਇਟਲੀ ਚਲਾ ਗਿਆ। ਉਥੇ ਦੋ-ਤਿੰਨ ਮਹੀਨੇ ਰਹਿ ਕੇ ਉਹ ਫ਼ਰਾਂਸ, ਸਵਿਟਜ਼ਰਲੈਂਡ, ਆਸਟ੍ਰੀਆ ਹੁੰਦਾ ਹੋਇਆ 1934 ਦੇ ਅਖੀਰ 'ਚ ਇੰਗਲੈਂਡ ਪਹੁੰਚ ਗਿਆ। ਉਥੇ ਉਹ ਤਕਰੀਬਨ ਇੱਕ ਸਾਲ ਰਿਹਾ, ਜਿਸ ਦੌਰਾਨ ਉਸ ਨੇ ਆਪਣੀ ਉਪਰ ਦੱਸੀ ਰਕਮ ਦੇ ਸਿਰ 'ਤੇ ਕਾਰ ਖਰੀਦੀ।
       1936 'ਚ ਉਹ ਰੂਸ ਗਿਆ, ਜਿੱਥੇ ਉਹ ਲੈਨਿਨਗਰਾਡ ਮਾਸਕੋ ਵਿੱਚ 42 ਦਿਨ ਠਹਿਰਨ ਪਿੱਛੋਂ ਪੋਲੈਂਡ, ਲਾਤਵੀਆ (Latvia) ਅਤੇ ਐਸਟੋਨੀਆ (Estonia) 'ਚ ਤਿੰਨ ਮਹੀਨੇ ਬਿਤਾ ਕੇ 1937 'ਚ ਇੰਗਲੈਂਡ ਵਾਪਸ ਆ ਗਿਆ। ਉਹ ਕਹਿੰਦਾ ਹੈ ਕਿ ਉਹ ਕਰੀਬ ਦੋ ਜਾਂ ਤਿੰਨ ਮਹੀਨੇ ਮੈਨੋਰ ਹਾਊਸ, ਨਾਰਥੋਲਟ ਵਿੱਚ ਰਿਹਾ ਅਤੇ ਇੱਕ ਮਹੀਨੇ ਦੇ ਲਗਪਗ ਡੈਨਹਮ ਸਥਿਤ ਫਿਲਮ ਸਟੂਡਿਉ 'ਚ ਕ੍ਰਾਊਡ ਵਰਕ ਭਾਵ ਐਕਸਟ੍ਰਾ ਦਾ ਕਾਰਜ ਕੀਤਾ। ਫਿਰ ਉਹ ਜਰਮਨੀ ਗਿਆ, ਜਿਥੇ ਬਰਲਿਨ ਤੇ ਕੋਲੋਨ 'ਚ ਮਹੀਨਾ ਕੁ ਰਹਿ ਕੇ ਪੋਲੈਂਡ ਚਲਾ ਗਿਆ। ਉਥੋਂ ਦਸਾਂ ਦਿਨਾਂ ਲਈ ਰੂਸ ਚਲਾ ਗਿਆ ਤੇ ਫਿਰ ਲਾਤਵੀਆ (Latvia) ਤੇ ਕਈ ਮਹੀਨੇ ਲਈ ਰਿਗਾ (Riga) ਗਿਆ। ਉਥੇ ਰਹਿੰਦਿਆਂ ਉਸ ਕੋਲ ਕੋਈ ਕੰਮ ਨਹੀਂ ਸੀ। 1938 ਨੂੰ ਕ੍ਰਿਸਮਸ ਦੇ ਕਰੀਬ ਉਹ ਇੰਗਲੈਂਡ ਵਾਪਸ ਆ ਗਿਆ। ਪੰਜ ਮਹੀਨੇ ਤੱਕ ਉਸ ਨੇ ਮੈਸਰਜ਼ ਵਿੰਪੇ 'ਚ ਠੇਕੇਦਾਰ ਵਜੋਂ ਬਤੌਰ ਤਰਖਾਣ (carpenter) ਗ੍ਰੇਟ ਚੈਸਿੰਗਟਨ ਗਲਾਉਸਟਰਸ਼ਾਇਰ ਦੇ ਆਰਏਐੱਫ ਸਟੇਸ਼ਨ 'ਚ ਕੰਮ ਕੀਤਾ। ਇਸ ਮਗਰੋਂ ਉਸ ਨੇ ਸਰ ਲਿੰਡੇ ਪਾਰਕਿਨਸਨ ਐਂਡ ਕੰਪਨੀ ਦੇ ਬਾਉਰਨਮਾਊਥ ਨੇੜੇ ਕੈਂਪ 'ਚ ਕੰਮ ਕੀਤਾ। ਉਸ ਨੇ ਬਤੌਰ ਤਰਖਾਣ ਕੋਈ ਦੋ ਕੁ ਮਹੀਨੇ ਨੌਕਰੀ ਕੀਤੀ।
      ਅਦਾਲਤੀ ਰਿਕਾਰਡ ਅਨੁਸਾਰ, ''ਸ਼ੇਰ ਸਿੰਘ, ਊਧਮ ਸਿੰਘ, ਉਧੈ ਸਿੰਘ, ਫਰੈਂਕ ਬਰਾਜ਼ਿਲ ਦੇ ਪਾਸਪੋਰਟ ਦਾ ਨੰਬਰ 52753 ਹੈ, ਜੋ 20 ਮਾਰਚ 1933 ਨੂੰ ਲਾਹੌਰ ਤੋਂ ਊਧਮ ਸਿੰਘ ਦੇ ਨਾਂ 'ਤੇ ਜਾਰੀ ਕੀਤਾ ਗਿਆ ਸੀ। ਇਹ ਤਿੰਨ ਸਾਲ ਦੀ ਉਮਰ 'ਚ ਹੀ ਅਨਾਥ ਹੋ ਗਿਆ ਸੀ। ਇਸ ਦਾ ਪਾਲਣ-ਪੋਸ਼ਣ ਖਾਲਸਾ ਕਾਲਜ ਨਾਲ ਸਬੰਧਿਤ ਸਿੱਖ ਅਨਾਥ ਘਰ ਵਿੱਚ ਹੋਇਆ। ਬਾਅਦ ਵਿੱਚ ਇਹ ਵਾਹਵਾ ਘੁੰਮਿਆ-ਫਿਰਿਆ ਵੀ।
      ਊਧਮ ਸਿੰਘ ਬਾਰੇ ਸਪੈਸ਼ਲ ਬ੍ਰਾਂਚ ਦੇ ਇੰਸਪੈਕਟਰ ਵਾਈਟਹੈੱਡ ਵੱਲੋਂ ਵੱਖ-ਵੱਖ ਵਸੀਲਿਆਂ ਤੋਂ ਇਕੱਠੀ ਕੀਤੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ :
       ਊਧਮ ਸਿੰਘ ਨੇ ਬਸਰੇ 'ਚ ਡੇਢ ਸਾਲ ਫ਼ੌਜ ਦੀ ਨੌਕਰੀ ਕੀਤੀ ਤੇ ਪੂਰਬੀ ਅਫਰੀਕਾ 'ਚ ਦੋ ਸਾਲ। ਫਿਰ ਇਹ ਕੁਝ ਮਹੀਨਿਆਂ ਲਈ ਹਿੰਦੋਸਤਾਨ ਮੁੜ ਗਿਆ। ਉਥੋਂ ਇਹ ਕਿਸੇ ਪ੍ਰੀਤਮ ਸਿੰਘ ਨਾਲ ਲੰਡਨ ਨੂੰ ਰਵਾਨਾ ਹੋ ਗਿਆ। ਫਿਰ ਇਹ ਦੋਵੇਂ ਹੀ ਮੈਕਸੀਕੋ ਥਾਣੀਂ ਹੁੰਦੇ ਹੋਏ ਅਮਰੀਕਾ ਨੂੰ ਚਲੇ ਗਏ। ਇਸ ਨੇ ਦੋ ਸਾਲ ਕੈਲੇਫੋਰਨੀਆ ਤੇ ਕੁਝ ਮਹੀਨੇ ਡੈਟਰਾਇਟ ਅਤੇ ਸ਼ਿਕਾਗੋ 'ਚ ਕੰਮ ਕੀਤਾ। ਉਥੋਂ ਇਹ ਪੂਰਬੀ ਨਿਊਯਾਰਕ ਚਲਾ ਗਿਆ, ਜਿੱਥੇ ਇਹ ਪੰਜ ਸਾਲ ਰਿਹਾ। ਇਸ ਨੇ ਕਈ ਅਮਰੀਕੀ ਸਮੁੰਦਰੀ ਜਹਾਜ਼ਾਂ ਦੇ ਸਫ਼ਰ ਕੀਤੇ। ਇਹ ਸਫ਼ਰ ਇਸ ਨੇ ਪੋਰਟੋਰਾਈਕਨ (Portorican) ਵਜੋਂ ਕੀਤੇ, ਕਿਉਂਕਿ ਹਿੰਦੀਆਂ ਨੂੰ ਅਮਰੀਕੀ ਜਹਾਜ਼ਾਂ ਵਿੱਚ ਨੌਕਰੀ ਨਹੀਂ ਸੀ ਦਿੱਤੀ ਜਾਂਦੀ। ਇਸ ਕੋਲ ਪੋਰਟੋਰੀਕੋ ਦੇ ਨਾਗਰਿਕ ਫਰੈਂਕ ਬਰਾਜ਼ਿਲ ਦੇ ਨਾਂ ਹੇਠ ਜਹਾਜ਼ਰਾਨੀ ਦਾ ਸਰਟੀਫਿਕੇਟ ਵੀ ਸੀ। ਨਿਊਯਾਰਕ ਤੋਂ ਜਹਾਜ਼ ਰਾਹੀਂ ਇਹ ਫਰਾਂਸ ਆਇਆ ਤੇ ਫਿਰ ਬੈਲਜੀਅਮ, ਜਰਮਨੀ ਹੁੰਦਾ ਹੋਇਆ ਲਿਥੋਏਨੀਆ ਦੇ ਸ਼ਹਿਰ ਵਿਲਨਾ ਪਹੁੰਚ ਗਿਆ। ਫਿਰ ਇਹ ਹੰਗਰੀ, ਪੋਲੈਂਡ, ਸਵਿਟਜ਼ਰਲੈਂਡ, ਇਟਲੀ, ਫਰਾਂਸ ਆਦਿ ਤੋਂ ਹੁੰਦਾ ਹੋਇਆ ਅਮਰੀਕਾ ਵਾਪਿਸ ਚਲਾ ਗਿਆ। ਕੁਝ ਮਹੀਨੇ ਉਥੇ ਕੰਮ ਕਰਕੇ ਇਸ ਨੇ ਫਿਰ ਜਹਾਜ਼ ਦੀ ਨੌਕਰੀ ਕਰ ਲਈ ਅਤੇ ਭੂ-ਮੱਧ ਸਾਗਰ ਦੀਆਂ ਕਈ ਬੰਦਰਗਾਹਾਂ 'ਤੇ ਗਿਆ। ਫਿਰ ਸ.ਸ. ਜਲਾਪਾ ਨਾਂ ਦੇ ਜਹਾਜ਼ 'ਤੇ ਤਰਖਾਣ ਵਜੋਂ ਨੌਕਰੀ ਕੀਤੀ। ਇਸੇ ਜਹਾਜ਼ ਰਾਹੀਂ ਇਹ 1927 'ਚ ਕਰਾਚੀ ਪੁੱਜਾ ਤੇ ਇੱਥੋਂ ਇਹ ਕਲਕੱਤਾ ਚਲਾ ਗਿਆ।
       ਅਮਰੀਕਾ 'ਚ ਰਹਿੰਦਿਆਂ ਇਹ ਗ਼ਦਰ ਪਾਰਟੀ ਦੇ ਅਸਰ ਹੇਠ ਆ ਗਿਆ ਸੀ। ਇਸ ਨੇ ਗ਼ਦਰ ਪਾਰਟੀ ਦਾ ਬਾਗ਼ੀਆਨਾ ਸਾਹਿਤ ਕਾਫੀ ਪੜ੍ਹਿਆ। 27 ਜੁਲਾਈ 1927 ਨੂੰ ਇਸ ਕੋਲੋਂ ਇਤਰਾਜ਼ਯੋਗ ਕਾਰਡ ਫੜ੍ਹੇ ਗਏ, ਜਿਸ ਕਾਰਨ ਜ਼ੁਰਮਾਨਾ ਹੋ ਗਿਆ।
      30 ਜੁਲਾਈ 1927 ਨੂੰ ਅੰਮ੍ਰਿਤਸਰ 'ਚ ਇਸ ਨੂੰ ਫਿਰ ਬਿਨਾਂ ਇਜਾਜ਼ਤ ਦੇ ਹਥਿਆਰ (ਦੋ ਰਿਵਾਲਵਰ, ਇੱਕ ਪਿਸਤੌਲ ਅਤੇ 'ਗ਼ਦਰ ਦੀ ਗੂੰਜ' ਨਾਮੀ ਪਰਚਾ) ਰੱਖਣ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਅਸਲਾ ਐਕਟ ਦੀ ਧਾਰਾ 20 ਤਹਿਤ ਇਸ ਉੱਤੇ ਮੁਕੱਦਮਾ ਚਲਾਇਆ ਗਿਆ ਤੇ ਪੰਜ ਸਾਲ ਬਾਮੁਸ਼ੱਕਤ ਕੈਦ ਦੀ ਸਜ਼ਾ ਹੋਈ। ਇਸ ਨੇ ਬਿਆਨ ਦਿੱਤਾ ਸੀ ਕਿ ਇਹ ਗੋਰਿਆਂ ਨੂੰ ਮਾਰਨਾ ਚਾਹੁੰਦਾ ਸੀ ਤੇ ਬਾਲਸ਼ਵਿਕਾਂ ਦਾ ਹਮਾਇਤੀ ਹੈ। ਮਗਰੋਂ 23 ਅਕਤੂਬਰ 1931 ਨੂੰ ਜੇਲ੍ਹ 'ਚੋਂ ਰਿਹਾਅ ਹੋ ਗਿਆ।
      1933 ਨੂੰ ਇਹ ਆਪਣੇ ਪਿੰਡ ਸੁਨਾਮ ਗੇੜਾ ਮਾਰ ਕੇ ਵਲੈਤ ਵੱਲ ਚਲ ਪਿਆ। 1934 'ਚ 9, ਐਡਲਰ ਸਟ੍ਰੀਟ, ਕਮੱਰਸ਼ੀਅਲ ਰੋਡ, ਪੂਰਬੀ ਲੰਡਨ ਵਿੱਚ ਰਹਿਣ ਲੱਗ ਪਿਆ।
       ਊਧਮ ਸਿੰਘ ਨੇ 5 ਜੁਲਾਈ 1934 ਨੂੰ ਲੰਡਨ 'ਚ ਹੀ ਆਪਣੇ ਲਾਹੌਰ ਤੋਂ ਜਾਰੀ ਹੋਏ ਪਾਸਪੋਰਟ ਨੰਬਰ-52753 'ਤੇ ਮੋਹਰ ਲੁਆਉਣ ਲਈ ਅਰਜ਼ੀ ਦਿੱਤੀ ਸੀ। ਇਸ ਨੇ ਆਪਣਾ ਪਤਾ 4 ਬੈਸਟ ਲੇਨ, ਕੈਂਟਰਬਰੀ ਕੈਂਟ ਦਿੱਤਾ ਸੀ ਤੇ ਕਿਹਾ ਸੀ ਕਿ ਉਹ ਖੇਡਾਂ ਦੇ ਸਾਮਾਨ ਦਾ ਕਾਰੋਬਾਰ ਕਰਦਾ ਹੈ। ਉਸ ਨੇ ਐਲਾਨ ਕੀਤਾ ਕਿ ਉਹ ਮੋਟਰਸਾਈਕਲ ਲੈ ਕੇ ਜਰਮਨੀ, ਬੈਲਜੀਅਮ ਅਤੇ ਪੋਲੈਂਡ ਤੋਂ ਰੂਸ, ਰੂਸ ਤੋਂ ਹੁੰਦਾ ਹੋਇਆ ਓਡੇਸਾ, ਜਿੱਥੋਂ ਉਹ ਕੌਂਨਸਟੈਂਟੀਪੋਲ ਦੇ ਰਸਤੇ ਹਿੰਦੋਸਤਾਨ ਲਈ ਜਹਾਜ਼ ਫੜੇਗਾ। ਇਹ ਭਾਵੇਂ ਅਜੀਬ ਲੱਗੇ, ਪਰ ਥੋੜ੍ਹਾ ਚਿਰ ਪਹਿਲਾਂ ਹੀ ਇਸ ਦੀ ਬਾਂਹ ਟੁੱਟ ਗਈ ਸੀ ਤੇ ਉਸ ਵੇਲੇ ਇਹ ਬਾਗ਼ੀ ਸੁਰ ਦਾ ਹਿੰਦੋਸਤਾਨੀ ਨਹੀਂ ਸੀ ਲੱਗਿਆ, ਇਸ ਕਰਕੇ ਕੋਈ ਇਤਰਾਜ਼ ਨਹੀਂ ਹੋਇਆ।
      12 ਮਈ 1936 ਨੂੰ ਇਸ ਨੇ 4, ਡਿਊਕ ਸਟ੍ਰੀਟ, ਸਪਿਟਲਫੀਲਡ, ਪੂਰਬੀ ਲੰਡਨ ਵਾਲੇ ਪਤੇ ਤੋਂ ਹਾਲੈਂਡ, ਜਰਮਨ, ਪੋਲੈਂਡ, ਆਸਟਰੀਆ, ਹੰਗਰੀ ਤੇ ਇਟਲੀ ਨੂੰ ਜਾਣ ਦੀ ਇਜਾਜ਼ਤ ਮੰਗੀ, ਜੋ ਕਿ ਮਨਜ਼ੂਰ ਕਰ ਲਈ ਗਈ।
       ਮਗਰੋਂ 16 ਮਈ 1936 ਨੂੰ ਇਸ ਨੇ ਬਰਲਿਨ ਤੋਂ ਹੋਰ ਦੇਸ਼ਾਂ ਨੂੰ ਜਾਣ ਦੀ ਆਗਿਆ ਮੰਗੀ ਲਈ, ਜਿਸ ਵਿੱਚ ਪੂਰਬੀ ਯੂਰਪ ਅਤੇ ਸੋਵੀਅਤ ਯੂਨੀਅਨ ਵੀ ਸ਼ਾਮਿਲ ਸੀ, ਪਰ ਉਸ ਦੀ ਇਸ ਦਰਖ਼ਾਸਤ ਨੂੰ ਇਸ ਆਧਾਰ 'ਤੇ ਖ਼ਾਰਜ ਕਰ ਦਿੱਤਾ ਗਿਆ ਕਿ ਇਹ ਮਨਜ਼ੂਰੀ ਲੰਡਨ ਤੋਂ ਇਜਾਜ਼ਤ ਲਏ ਬਿਨਾਂ ਨਹੀਂ ਮਿਲ ਸਕਦੀ।
        25 ਜੂਨ 1936 ਨੂੰ ਇਹ ਲੈਨਿਨਗ੍ਰਾਡ ਤੋਂ ਪਰਤਿਆ ਤੇ ਕਿਸੇ ਗੋਰੀ ਨਾਲ ਲੰਡਨ ਦੇ ਵੈਸਟ ਐਂਡ ਇਲਾਕੇ ਵਿੱਚ ਰਹਿਣ ਲੱਗ ਪਿਆ। ਕਦੇ-ਕਦੇ ਫਿਲਮ ਸਟੂਡੀਓ 'ਚ ਐਕਸਟਰਾ ਵਜੋਂ ਕੰਮ ਵੀ ਕਰਦਾ। ਕਈ ਵਾਰ ਰਿਪੋਰਟ ਮਿਲੀ ਸੀ ਕਿ ਇਹ ਗਰਮ ਖ਼ਿਆਲਾਂ ਦਾ ਸੀ ਤੇ ਦਾਅਵਾ ਕਰਦਾ ਹੁੰਦਾ ਸੀ ਕਿ ਉਹ ਚੋਰੀ-ਛਿਪੇ ਹਿੰਦੋਸਤਾਨ ਹਥਿਆਰ ਭੇਜ ਦੇਵੇਗਾ।
       ਅਗਸਤ 1936 ਵਿੱਚ ਊਧਮ ਸਿੰਘ ਨੂੰ ਲੰਡਨ ਵਿੱਚ ਹੀ ਧੱਕੇ ਨਾਲ ਪੈਸੇ ਮੰਗਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ। ਜਿਊਰੀ ਪਹਿਲੇ ਮੁਕੱਦਮੇ 'ਚ ਇਸ ਨਾਲ ਸਹਿਮਤ ਨਹੀਂ ਸੀ ਹੋਈ, ਪਰ ਇਹ ਦੂਜੀ ਵਾਰ ਬਰੀ ਹੋ ਗਿਆ। ਇਸ ਨੂੰ ਲੰਡਨ 'ਚ ਗਰਮ ਖ਼ਿਆਲੀਆਂ ਦੀਆਂ ਮੀਟਿੰਗਾਂ 'ਚ ਆਂਉਦੇ-ਜਾਂਦੇ ਨੂੰ ਵੀ ਕਦੇ ਨਹੀਂ ਸੀ ਦੇਖਿਆ।
      ਨੈਸ਼ਨਲ ਰਜਿਸਟਰੇਸ਼ਨ ਵਾਲੇ ਦਿਨ ਇਹ ਮੁਹੰਮਦ ਸਿੰਘ ਆਜ਼ਾਦ ਦੇ ਨਾਂ ਲੜੀ ਨੰ: EOAK/305/7 ਹੇਠ ਦਰਜ ਹੋਇਆ ਸੀ। ਇਸ ਨੇ ਆਪਣਾ ਕਿੱਤਾ ਤਰਖਾਣ ਤੇ ਜਨਮ ਤਾਰੀਖ਼ 23 ਅਕਤੂਬਰ 1905 ਦੱਸੀ ਸੀ। ਉਸ ਨੇ ਪਤਾ 581 ਵਿਮਬੋਰਨ ਰੋਡ, ਬੋਰਨਮਾਊਥ ਲਿਖਾਇਆ।''
      ਵਾਰਦਾਤ ਤੋਂ ਅਗਲੇ ਦਿਨ (ਭਾਵ 14 ਮਾਰਚ 1940) ਨੂੰ ਪੁਲੀਸ ਕੋਲ ਦਿੱਤਾ ਬਿਆਨ : ''ਬਿਆਨ ਮੁਹੰਮਦ ਸਿੰਘ ਆਜ਼ਾਦ, ਉਮਰ 38 ਸਾਲ, ਵਾਸੀ 8 ਮੋਰਿੰਟਨ ਟੈਰਿਸ, ਰਿਜੈਂਟ ਪਾਰਕ, ਕਿੱਤਾ ਇੰਜਨੀਅਰ ...... ਜਦੋਂ ਮੀਟਿੰਗ ਖ਼ਤਮ ਹੋਈ ਤਾਂ ਮੈਂ ਆਪਣਾ ਪਿਸਤੌਲ ਜੇਬ 'ਚੋਂ ਕੱਢਿਆ ਤੇ ਗੋਲੀ ਚਲਾ ਦਿੱਤੀ, ਜਿਵੇਂ ਕੰਧ 'ਤੇ ਚਲਾਈਦੀ ਹੈ। ਮੈਂ ਆਪਣਾ ਰੋਸ ਪ੍ਰਗਟ ਕਰਨ ਲਈ ਹੀ ਗੋਲੀ ਚਲਾਈ ਸੀ। ਬਰਤਾਨਵੀ ਸਾਮਰਾਜ ਦੀ ਛਤਰ-ਛਾਇਆ ਹੇਠ ਮੈਂ ਹਿੰਦੋਸਤਾਨ ਵਿੱਚ ਲੋਕਾਂ ਨੂੰ ਭੁੱਖ ਨਾਲ ਮਰਦੇ ਵੇਖਿਆ ਹੈ। ਮੈਂ ਪਿਸਤੌਲ ਤਿੰਨ ਵਾਰ ਚਲਾਇਆ ਤੇ ਇਸ ਦਾ ਮੈਨੂੰ ਕੋਈ ਦੁੱਖ ਵੀ ਨਹੀਂ ਹੈ। ਮੈਨੂੰ ਕਿਸੇ ਸਜ਼ਾ ਦੀ ਕੋਈ ਪਰਵਾਹ ਨਹੀਂ ਹੈ - ਦਸ ਸਾਲ, ਵੀਹ ਸਾਲ ਜਾਂ ਪੰਜਾਹ ਸਾਲ ਦੀ ਸਜ਼ਾ ਤੇ ਭਾਵੇਂ ਫਾਂਸੀ ਵੀ ਹੋ ਜਾਵੇ। ਮੈਂ ਤਾਂ ਆਪਣਾ ਫਰਜ਼ ਪੂਰਾ ਕੀਤਾ ਹੈ। ਪਰ ਮੇਰਾ ਮਕਸਦ ਕਿਸੇ ਦੀ ਜਾਨ ਲੈਣਾ ਨਹੀਂ ਸੀ, ਮੇਰਾ ਮਤਲਬ ਤਾਂ ਆਪਣਾ ਰੋਸ ਜ਼ਾਹਰ ਕਰਨਾ ਸੀ।
''ਮੈਂ ਇਹ ਬਿਆਨ ਪੜ੍ਹ ਲਿਆ ਹੈ ਤੇ ਇਹ ਬਿਲਕੁਲ ਠੀਕ ਹੈ।
ਸਹੀ/-
ਮੁਹੰਮਦ ਸਿੰਘ ਆਜ਼ਾਦ''
      ਭਾਵੇਂ ਊਧਮ ਸਿੰਘ ਦੀ ਸੋਚ ਬਾਰੇ ਵੱਖੋ-ਵੱਖ ਧਾਰਨਾਵਾਂ ਨੇ ਪਰ ਉਹ ਗ਼ਦਰ ਪਾਰਟੀ ਦੀ ਵਿਚਾਰਧਾਰਾ ਨੂੰ ਪਰਨਾਇਆ ਤੇ ਇਨਕਲਾਬੀ ਨਜ਼ਰੀਏ ਦਾ ਧਾਰਨੀ ਹੀ ਸੀ।
      13 ਮਾਰਚ 1940 ਨੂੰ ਸਰ ਮਾਈਕਲ ਓ-ਡਵਾਇਰ ਦੀ ਹੱਤਿਆ ਮਗਰੋਂ ਖ਼ੁਦ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕਰਦਿਆਂ ਉਸ ਨੇ ਹਰੇਕ ਪੜਾਅ 'ਤੇ ਹਿੱਕ ਠੋਕ ਕੇ ਆਪਣੇ ਜ਼ੁਰਮ ਦਾ ਕੇਵਲ ਇਕਬਾਲ ਹੀ ਨਹੀਂ ਕੀਤਾ, ਬਲਕਿ ਭਗਤ ਸਿੰਘ ਵਰਗੇ ਸ਼ਹੀਦਾਂ ਵਾਂਗ ਆਪਣੇ ਕਾਰਨਾਮੇ ਦੀ ਇਤਿਹਾਸਿਕ ਪ੍ਰਸੰਗ ਵਿੱਚ ਪ੍ਰਤੱਖ ਵਿਆਖਿਆ ਵੀ ਕੀਤੀ, ਜਿਸ ਆਧਾਰ 'ਤੇ ਉਸ ਦੀ ਭੂਮਿਕਾ ਮਦਨ ਲਾਲ ਢੀਂਗਰਾ, ਕਰਤਾਰ ਸਿੰਘ ਸਰਾਭਾ ਅਤੇ ਭਗਤ ਸਿੰਘ ਜਿਹੇ ਪਰਵਾਨਿਆਂ ਵਾਲੀ ਹੀ ਹੈ। ਜਿਵੇਂ ਆਪਣੇ ਅਦਾਲਤੀ ਬਿਆਨ 'ਚ ਉਸ ਨੇ ਦੱਸਿਆ:
      ''ਮੈਂ ਕਿਸੇ ਮਕਸਦ ਲਈ ਮਰ ਰਿਹਾ ਹਾਂ, ਅਸੀਂ ਅੰਗਰੇਜ਼ਾਂ ਦੀ ਅਧੀਨਤਾ ਹੇਠ ਜੂਨ ਭੋਗ ਰਹੇ ਹਾਂ। ਮੈਂ ਮਰਨ ਤੋਂ ਡਰਦਾ ਨਹੀਂ, ਸਗੋਂ ਮੈਨੂੰ ਤਾਂ ਇਸ ਮਰਨ 'ਤੇ ਮਾਨ ਹੈ ਕਿ ਮੈਂ ਆਪਣੀ ਮਾਤ-ਭੂਮੀ ਨੂੰ ਆਜ਼ਾਦ ਕਰਾਉਣ ਲਈ ਮਰਾਂਗਾ। ਮੈਨੂੰ ਆਸ ਹੈ ਕਿ ਮੇਰੇ ਦੇਸ਼ ਵਾਸੀ ਮੇਰੇ ਰਾਹ 'ਤੇ ਚੱਲ ਕੇ ਤੁਹਾਨੂੰ (ਅੰਗਰੇਜ਼ਾਂ ਨੂੰ) ਹਲਕੇ ਕੁੱਤਿਆਂ ਵਾਂਗ ਭਜਾ ਦੇਣਗੇ ਤੇ ਮੇਰਾ ਦੇਸ਼ ਆਜ਼ਾਦ ਹੋ ਜਾਏਗਾ।''
      ਉਸ ਨੇ ਆਪਣੀ ਗ੍ਰਿਫ਼ਤਾਰੀ ਤੋਂ ਅਗਲੇ ਦਿਨ ਪੁਲੀਸ ਕੋਲ ਦਰਜ ਕਰਾਏ ਬਿਆਨ ਵਿੱਚ ਵੀ ਸਪਸ਼ਟ ਤੌਰ 'ਤੇ ਕਿਹਾ, ''ਮੇਰਾ ਮਕਸਦ ਕਿਸੇ ਦੀ ਜਾਣ ਲੈਣਾ ਨਹੀਂ ਸੀ, ਮੇਰਾ ਮਕਸਦ ਤਾਂ ਆਪਣਾ ਰੋਸ ਜ਼ਾਹਰ ਕਰਨਾ ਸੀ।''
      ਉਕਤ ਤੱਥਾਂ ਦੇ ਮੱਦੇਨਜ਼ਰ ਕਿਹਾ ਜਾ ਸਕਦਾ ਹੈ ਕਿ ਊਧਮ ਸਿੰਘ 13 ਅਪਰੈਲ 1919 ਨੂੰ ਜੱਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਵੇਲੇ ਪੂਰਬੀ ਅਫ਼ਰੀਕਾ ਵਿੱਚ ਸੀ, ਭਾਵ ਉਹ ਉਸ ਦਿਨ ਅੰਮ੍ਰਿਤਸਰ ਵਿੱਚ ਮੌਜੂਦ ਨਹੀਂ ਸੀ ਅਤੇ ਉਸ ਵਿੱਚ ਬਾਗ਼ੀਆਨਾ ਸੋਚ ਅਮਰੀਕਾ 'ਚ ਰਹਿੰਦਿਆਂ ਗ਼ਦਰ ਪਾਰਟੀ ਦੇ ਅਸਰ ਹੇਠ ਹੀ ਪਨਪੀ ਸੀ।

'ਬਾਇਓਗ੍ਰਾਫੀ ਸ਼ਹੀਦ ਊਧਮ ਸਿੰਘ', ਮਲਵਿੰਦਰ ਜੀਤ ਸਿੰਘ ਵੜੈਚ
ਸਰੋਤ : ਗਿਆਨੀ (ਨਾਵਲਕਾਰ) ਕੇਸਰ ਸਿੰਘ ਕੈਨੇਡਾ
ਸੰਪਰਕ :  mjswaraich29@gmail.com