ਉਜਾੜਾ - ਮਲਕੀਤ ਹਰਦਾਸਪੁਰੀ
ਪੁਰਖਿਆਂ ਸੀ ਜੋ ਬਾਗ਼ ਲਗਾਇਆ,
ਨਾਲ਼ ਖੂਨ ਦੇ ਸਿੰਜ-ਸਿੰਜ ਕੇ।
ਉਹਦੇ ਟਾਹਣੀਆਂ ਪੱਤੇ ਫੁੱਲ ਲਤਾੜੇ,
ਪੈਰਾਂ ਹੇਠਾਂ ਮਿੱਧ-ਮਿੱਧ ਕੇ।
ਜੜ੍ਹਾਂ ਹੱਥੀਂ ਪੱਟ ਕੇ ਬਾਗ਼ ਦੀਆਂ,
ਪੁਰਖਿਆਂ ਦੇ ਮੁੱਲ ਪਾਏ ਮੱਕਾਰਾਂ।
ਬੁੱਧ-ਨਾਮਦੇਵ ਦਾ ਬਾਗ਼ ਉਜਾੜਤਾ,
ਭ੍ਰਿਸ਼ਟ ਲੀਡਰਾਂ ਠੱਗ ਗੱਦਾਰਾਂ.......
ਦੁਸ਼ਮਣ ਨੇ ਜਦ ਬੋਲੀ ਲਾਈ,
ਗੱਦਾਰਾਂ ਦੀਆਂ ਜ਼ਮੀਰਾਂ ਦੀ।
ਲਹਿਰ ਪੁਰਖਿਆਂ ਦੀ ਹੋਈ ਮਿੱਟੀ,
ਬਦਲ ਗਈਆਂ ਤਕਦੀਰਾਂ ਵੀ।
ਮਨੂੰਵਾਦ ਨਾਲ ਪਾ ਕੇ ਸਾਂਝਾਂ,
ਪਿੱਠ ਵਿੱਚ ਮਾਰੀਆਂ ਤੇਜ਼ ਕਟਾਰਾਂ।
ਰਵਿਦਾਸ-ਕਬੀਰ ਦਾ ਬਾਗ਼ ਉਜਾੜਤਾ,
ਭ੍ਰਿਸ਼ਟ ਲੀਡਰਾਂ ਠੱਗ ਗੱਦਾਰਾਂ.......
ਜਦ ਹਾਥੀ ਤੋਂ ਗਣੇਸ਼ ਹੋ ਗਏ,
ਬ੍ਰਹਮਾ, ਵਿਸ਼ਨੂ, ਮਹੈਸ਼ ਹੋ ਗਏ।
ਖ਼ੂਨ ਦੀ ਹੋਲੀ ਖੇਡਣ ਵਾਲੇ,
ਦੁਸ਼ਮਣ ਵੀ ਦਰਵੇਸ਼ ਹੋ ਗਏ।
ਫਿਰ ਜੈ ਸ੍ਰੀ ਰਾਮ ਦੇ ਨਾਅਰੇ ਲਾਏ,
ਮਿਲ ਕੇ ਦੁਸ਼ਮਣ ਨਾਲ ਗੱਦਾਰਾਂ।
ਨਾਨਕ-ਗੋਬਿੰਦ ਦਾ ਬਾਗ਼ ਉਜਾੜਤਾ,
ਭ੍ਰਿਸ਼ਟ ਲੀਡਰਾਂ ਠੱਗ ਗੱਦਾਰਾਂ.......
ਆਪਣੇ ਚੁਣ-ਚੁਣ ਬਾਹਰ ਸੁੱਟੇ,
ਪਰ ਦੁਸ਼ਮਣ ਬੜਾ ਅਜ਼ੀਜ਼ ਰਿਹਾ।
ਲਹਿਰ ਪੁਰਖਿਆਂ ਦੀ ਨੂੰ ਲੀਡਰਾਂ,
ਬਾਪ ਦੀ ਸਮਝ ਜਗੀਰ ਲਿਆ।
ਅਜਗਰ ਨੂੰ ਦੇ ਸੱਦਾ ਘਰ ਵਿੱਚ,
ਰਲ਼ ਗਏ ਸੱਪ ਸੱਪਾਂ ਦੀਆਂ ਡਾਰਾਂ।
ਪੈਰੀਅਰ-ਫੂਲੇ ਦਾ ਬਾਗ਼ ਉਜਾੜਤਾ,
ਭ੍ਰਿਸ਼ਟ ਲੀਡਰਾਂ ਠੱਗ ਗੱਦਾਰਾਂ.......
ਕਾਡਰ ਜਦ ਬੰਦ ਕੀਤੇ ਜਾਂਦੇ,
ਵਿਚਾਰਧਾਰਾ ਦਾ ਕਤਲ ਹੁੰਦਾ ਏ।
ਇਤਿਹਾਸ ਤੋਂ ਵਾਂਝੇ ਲੋਕਾਂ ਅੰਦਰ,
ਦੁਸ਼ਮਣ ਦਾ ਫਿਰ ਦਖ਼ਲ ਹੁੰਦਾ ਏ।
ਫਿਰ ਮਹਾਂਭਾਰਤ, ਰਾਮਾਇਣ ਨੇ ਚੱਲਦੇ।
ਕੁੱਲੀਆਂ ਬਸਤੀਆਂ ਵਿੱਚ ਬਜ਼ਾਰਾਂ।
ਭੀਮ ਰਾਓ -ਸਾਹੂ ਦਾ ਬਾਗ਼ ਉਜਾੜਤਾ,
ਭ੍ਰਿਸ਼ਟ ਲੀਡਰਾਂ ਠੱਗ ਗੱਦਾਰਾਂ.......
ਸਾਲਾਂ ਬੱਧੀ ਦੀਦਿਆਂ ਸਾਹਮਣੇ,
ਲਹਿਰ ਦੀ ਹੁੰਦੀ ਰਹੀ ਤਬਾਈ।
ਸ਼ਰੇਆਮ ਰਿਹਾ ਬਾਗ਼ ਉਜੜਦਾ,
ਭਗਤਾਂ ਦੇ ਵੀ ਸਮਝ ਨਾਂ ਆਈ।
ਲਾਲਚ ਵਿੱਚ ਹੋਏ ਅੰਨ੍ਹੇ ਲੀਡਰ,
ਜਿੱਤਾਂ ਬਦਲ ਗਈਆਂ ਵਿੱਚ ਹਾਰਾਂ।
ਬਾਬੂ ਮੰਗੂ ਰਾਮ ਦਾ ਬਾਗ਼ ਉਜਾੜਤਾ,
ਭ੍ਰਿਸ਼ਟ ਲੀਡਰਾਂ ਠੱਗ ਗੱਦਾਰਾਂ......
ਜਿਹੜੇ ਸਿਰ ਕੁਚਲਣਾਂ ਚਾਹੁੰਦੇ ਸਾਡਾ,
ਉਹਨਾਂ ਦੇ ਨਾਲ ਕਾਹਦੀ ਯਾਰੀ।
ਸੀਮਤ ਰਹੇ ਨਾਂ ਯਾਰੀ ਤੱਕ ਇਹਨਾਂ,
ਸੌਂਪ ਦਿੱਤੀ ਸਾਰੀ ਸਰਦਾਰੀ।
ਅਭਿਮਾਨ ਤੇ ਦੀਨ ਈਮਾਨ ਸਭ,
ਵੇਚਿਆ ਕੌਮ ਦਿਆਂ ਸਰਦਾਰਾਂ।
ਕਾਸ਼ੀ ਰਾਮ ਦਾ ਬਾਗ਼ ਉਜਾੜਤਾ,
ਭ੍ਰਿਸ਼ਟ ਲੀਡਰਾਂ ਠੱਗ ਗੱਦਾਰਾਂ.......
ਯੋਧੇ ਸੰਤਾਂ ਨੂੰ ਵੀ ਗ਼ਲਤੀਆਂ,
ਦੇ ਖਮਿਆਜੇ ਭੁਗਤਣੇ ਪੈਂਦੇ,
ਆਸਤੀਨ ਦੇ ਸੱਪ ਕਦੇ ਨਾਂ,
ਬੁੱਕਲਾਂ ਵਿੱਚ ਦਿਖਾਈ ਪੈਂਦੇ।
ਆਖ਼ਰ ਨੂੰ ਡੰਗ ਮਾਰ ਦਿੰਦੇ ਨੇ,
ਕਰਨ ਤਬਾਹੀ ਪਾਉਣ ਉਜਾੜਾ।
ਗੁਰਨਾਮ ਸਿੰਘ ਦਾ ਬਾਗ਼ ਉਜਾੜਤਾ,
ਭ੍ਰਿਸ਼ਟ ਲੀਡਰਾਂ ਠੱਗ ਗੱਦਾਰਾਂ.......
ਲੰਕਾ ਤੇ ਕਬਜ਼ਾ ਕਰਨੇ ਦੇ ਲਈ,
ਦੁਸ਼ਮਣ ਹੱਥ ਭਵੀਸ਼ਨ ਆਇਆ।
ਸਰਬਨਾਸ਼ ਜਿੰਨ ਲਹਿਰ ਦਾ ਕੀਤਾ,
ਰੱਜ-ਰੱਜ ਤੇਲ ਜੜ੍ਹਾਂ ਵਿੱਚ ਪਾਇਆ।
ਹਰਦਾਸਪੁਰੀ ਸੱਤ ਪਾਲ ਇਹ ਸੋਚਣ,
ਆਉਣਗੀਆਂ ਮੁੜ ਕਦੋਂ ਬਹਾਰਾਂ।
ਸ਼ੰਗਾਰਾ ਰਾਮ ਦਾ ਬਾਗ਼ ਉਜਾੜਤਾ,
ਭ੍ਰਿਸ਼ਟ ਲੀਡਰਾਂ ਠੱਗ ਗੱਦਾਰਾਂ .......
ਮਲਕੀਤ ਹਰਦਾਸਪੁਰੀ, ਗਰੀਸ ।