ਮਾਂ ਦੀ ਮਮਤਾ - ਕੁਲਵੰਤ ਕੌਰ ਚੰਨ ਫਰਾਂਸ
ਮਾਂ ਸਿੱਦਕੇ ,ਮਾਂ ਵਾਰੀ , ਮਾਂ ਤਰ ਗਈ , ਧੀਆਂ ਪੁੱਤਰਾਂ ਨੂੰ ਚੁੰਮ ਚੁੰਮ ਸੀਨੇ ਲਾਉਂਦੀ ਮਾਂ ਦੇ ਪਿਆਰ ਦਾ ਨਿੱਘ ਕਰਮਾਂ ਵਾਲਿਆਂ ਤਾਂ ਸਭ ਨੇ ਮਾਨਿਆ ਹੈ । ਮਾਂ ਦੀ ਮਿੱਠੀ ਬੋਲੀ ਸਾਡੇ ਕੰਨਾਂ ਵਿਚ ਅੱਜ ਵੀ ਗੂੰਜਦੀ ,ਪਿਆਰ ਦਾ ਤੁਫਾਨ ਲਿਆ ਸਾਨੂੰ ਵਿਰਸੇ ਅਪਣੀ ਮਿੱਠੀ ਤੇ ਪਿਆਰੀ ਮਾਂ ਬੋਲੀ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਦੀ ਹੈ । ਜਦੋਂ ਮਾਂ ਦੇ ਪੇਟ ਵਿਚ ਬੱਚਾ ਖੇਲਦਾ ਤਾਂ ਮਾਂ ਪਿਆਰ ਨਾਲ ਹੱਥ ਫੇਰਦੀ ਤੇ ਆਖਦੀ ਮਾਂ ਸਿੱਦਕੇ ਮਾਂ ਵਾਰੀ ਆਪਣੀ ਬੋਲੀ ਵਿਚ ਹੀ ਵਾਰਨੇ ,ਬਲਿਹਾਰਨੇ ਲਏ ਭਾਂਵੇ ਡੁੱਚ ਭਾਵੇਂ ਫਰੈਂਚ ਜਾਂ ਸਪੈਨਿਸ਼ ,ਪਰ ਸਾਡੀ ਮਾਂ ਦੀ ਗੜੂਤੀ ਕੀ ਹੈ ? ਪੰਜਾਬੀ ਬੋਲੀ ,ਮਾਂ ਦਾ ਪਹਿਲਾ ਬੋਲ ਪੰਜਾਬੀ ਦਾ ਅਸੀਂ ਵਿਸਰ ਗਏ ਹਾਂ ,ਪੰਜਾਬੀ ਬੋਲਣ ਲਈ ਸ਼ਰਮ ਕਰਦੇ ਹਾਂ , ਪੰਜਾਬੀ ਵਿਚ ਬੋਲਣ ਵਾਲੇ ਨੂੰ ਅਨਪੜ੍ਹ ਤੇ ਗਵਾਰ ਸਮਝ ਲੈਂਦੇ ਹਾਂ ।
ਮੇਰੇ ਕੋਲ ਜੰਮੂ ਕੁਝ ਬੱਚੇ ਪੰਜਾਬੀ ਪੜ ਰਹੇ ਸਨ ,ਅਚਾਨਕ ਬਿੰਦੂ ਹੱਥ ਵਿਚ ਕਾਪੀ ਪੈਨਸਿਲ ਤੇ ਇਕ ਪੰਜਾਬੀ ਕਾਇਦਾ ਫੜੀ , ਆਂਟੀ ਜੀ ਸਤਿ ਸ੍ਰੀ ਆਕਾਲ ਜੀ ਆਓ ਬੇਟੇ ' ਆਂਟੀ ਜੀ ਮੈਨੂੰ ਵੀ ਪੰਜਾਬੀ ਪੜਾਓ ' ਬੇਟੇ ਤੁਸੀਂ ਜੰਮੂ ਵਿਚੋਂ ਮਿਸ ਪੰਜਾਬਣ ਚੁਣੇ ਗਏ ਸੀ ' ਜੀ ਆਂਟੀ ਜੀ ਬੋਲਦੀ ਅੱਖਾਂ ਵਿਚ ਅੱਥਰੂ ਭਰ ਬੋਲੀ ,ਆਂਟੀ ਜੀ ਮੈਂ ਸਭਨਾਂ ਨੂੰ ਪਿੱਛੇ ਪਛਾੜਦੀ 7ਵੇਂ ਨੰਬਰ ਤੇ ਪਹੁੰਚ ਗਈ !!!! ਹੁਣ ਸਾਨੂੰ ਇਕ ਇਕ ਗੀਤ ਜੋ ਪੰਜਾਬੀ ਵਿਚ ਹੀ ਟਾਈਪ ਸੀ ਪੇਪਰ ਮਿਲੇ ਕਿਸੇ ਨੇ ਕਿਸੇ ਨੂੰ ਨਹੀ ਪੁੱਛਣਾ ਜਾਂ ਦੱਸਣਾ ਸੀ , ਇੱਕਲੇ ਇਕੱਲੇ ਕਮਰਿਆਂ ਵਿਚ ਸਾਨੂੰ ਰੱਖਿਆ ,ਮੈਂ ਸਾਰੀ ਰਾਤ ਰੋਂਦੀ ਤੇ ਸੋਚਦੀ
ਰਹੀ , ਮੈਨੂੰ ਪੰਜਾਬੀ ਪੜਨੀ ਲਿਖਣੀਂ ਨਹੀਂ ਆਉਂਦੀ ਸੀ , ਸੋ ਮੈਂ ਆਊਟ ਹੋ ਗਈ ਮੁਕਾਬਲੇ ਵਿਚੋਂ ! ਜੇਕਰ ਪੰਜਾਬੀ ਆਉਂਦੀ ਤਾਂ ਮੈਂ ਜ਼ਰੂਰ ਜਿੱਤ ਜਾਣਾ ਸੀ ।ਅੱਜ ਉਹ ਪੰਜਾਬੀ ਲਿੱਖ ਪੜ ਸਕਦੀ ਹੈ ।
ਬੜੇ ਚਾਵਾਂ ਨਾਲ ਆਸਟ੍ਰੇਲੀਆ ਅਪਣੀ ਬੇਟੀ ਕੋਲ ਜਾਣ ਲਈ ਤਿਆਰ ਹੋ ,ਮਾਂ ਨੇ ਫਰਾਂਸ ਤੋਂ ਕਿਤੇ ਮੱਕੀ ਦਾ ਆਟਾ , ਪੀਜ਼ੇ ਦੇ ਤੇਲ ਦੀਆਂ ਬੋਤਲਾਂ ,ਬਦਾਮ ਅਖਰੋਟ ,ਹੋਰ ਨਿੱਕ ਸੁੱਕ ਇੱਕਠਾ ਕਰ 24 ਘੰਟਿਆਂ ਦਾ ਸਫ਼ਰ ਕਰਕੇ ਐਡਲੀਡ ਏਅਰਪੋਰਟ ਅਸਟ੍ਰੇਲੀਆ ਪਹੁੰਚੇ , ਸਮਾਨ ਦੀ ਚੈਕਿੰਗ ਹੋ ਰਹੀ ਸੀ ,ਸਾਡੀ ਵਾਰੀ ਆਈ ਤਾਂ ਅਟੈਚੀ ਖੋਲ੍ਹਿਆ ਤਾਂ ਉਹਨਾਂ ਸਾਰੇ ਪੈਕਟ ਆਟੇ,ਡਰਾਈ ਫਰੂਟ , ਪੀਜ਼ੇ ਦੇ ਤੇਲ ਦੀਆਂ ਬੋਤਲਾਂ ਕੱਢ ਬਾਹਰ ਰੱਖ ਦਿੱਤੀਆਂ ਤੇ ਵੱਡੇ ਅਫਸਰ ਨੂੰ ਬੁਲਾ ਲਿਆ । ਇਕ ਆਦਮੀਂ ਤੇ ਔਰਤ ਨਾਲ ਇਕ ਵੱਡਾ ਕੁੱਤਾ ਸੀ ਆਏ ਵੇਖ !!!!!!! ਸਰਦਾਰ ਜੀ ਬੋਲਣ ਲੱਗੇ ਹੁਣ ਪਤਾ ਨਹੀਂ ਕਿੰਨਾ ਜ਼ੁਰਮਾਨਾ ਲਗਾਉਣ ਗੇ , ਤੇ ਸਜਾ ਵੀ ਹੋ ਸਕਦੀ ਹੈ । ਸਾਰਾ ਸਮਾਨ ਵੇਖ ਜਦੋਂ ਦੋਨਾਂ ਮੇਰੇ ਵੱਲ ਵੇਖਿਆ ਤਾਂ ਮੈਂ ਪੰਜਾਬੀ ਵਿਚ "ਰੱਖ ਲਵੋ ਜੀ ਸਾਰੀਆਂ ਮਾਂ ਦੀਆਂ ਧੀ ਵਾਸਤੇ ਲਿਆਉਂਦੀਆ ਚੀਜ਼ਾਂ ,ਮੇਰੀ ਕੁੜੀ ਨੂੰ ਮੱਕੀ ਦੀ ਰੋਟੀ ਨਹੀਂ ਬਨਾਉਣੀ ਆਉਂਦੀ ਮੈਂ ਬਣਾ ਕੇ ਖੁਆਉਣੀ ਸੀ । ਇਥੇ ਮੇਰੀ ਕੁੜੀ ਆਖਦੀ ਪੀਜ਼ੇ ਦਾ ਇਹ ਤੇਲ ਨਹੀਂ ਮਿਲਦਾ ,ਰੱਖ ਲਵੋ ਰੱਖ ਲਵੋ ਬੋਲ ਰਹੀ ਸੀ####
ਉਧਰ ਉਹਨਾਂ ਦੋਨਾਂ ਨੇ ਹੁਣ ਆਪਣੇ ਹੱਥੀਂ ਸਾਰਾ ਸਮਾਨ ਸਾਡੀ ਅਟੈਚੀ ਵਿਚ ਰੱਖ , ਤਾਲਾ ਲਗਾ ਦੂਜੇ ਜਿੰਨਾ ਰੋਕਿਆ ਸੀ ਸਾਨੂੰ ,ਸਾਡੇ ਸਮਾਨ ਦੀ ਟਰਾਲੀ ਗੱਡੀ ਤੱਕ ਛੱਡਣ ਵਾਸਤੇ ਇਸ਼ਾਰਾ ਕਰ ਦਿਤਾ । ਹੁਣ ਟਰਾਲੀ ਦੇ ਪਿੱਛੇ ਪਿੱਛੇ ਸਰਦਾਰ ਜੀ ਮੇਰੇ ਦੁਆਲੇ ਹੋਏ ਹੁਣ ਤੈਨੂੰ ਪਤਾ ਲੱਗੇਗਾ ! ਜਦੋਂ ਜੁਰਮਾਨਾ ਲਗਾਇਆ,ਸਜ਼ਾ ਵੀ ਹੋ ਸਕਦੀ ਬੋਲ ਰਹੇ ਸਨ ਕਿ ਵੇਖਿਆ ਸਾਹਮਣੇ ਧੀ ਜਵਾਈ ਤੇ ਸਾਡੀ ਬੜੀ ਪਿਆਰੀ ਤਿੰਨ ਸਾਲ ਦੀ ਦੋਹਤੀ ਪ੍ਰਨੀਤ ਹੱਥ ਵਿਚ ਬਰਗਰ ਫੜੀ ਨਾਨੂ ਜੀ ਨਾਨੀ ਜੀ ਵੈਲਕੰਮ ਆਖਦੀ ਦੋੜੀ ,ਸਰਦਾਰ ਜੀ ਕਹਿਣ ਵਾਹ ਅੱਜ ਤੇ ਤੇਰੀ ਪੰਜਾਬੀ ਬੋਲੀ , ਤੇ 'ਮਾਂ ਦੀ ਮਮਤਾ' ਕਮਾਲ ਕਰ ਗਈ।
ਪਰਦੇਸੀ ਸੱਜਣਾ - ਕੁਲਵੰਤ ਕੌਰ ਚੰਨ ਫਰਾਂਸ
ਵਿਚ ਪ੍ਰਦੇਸਾਂ ਸੱਜਣਾ ਜਦੋਂ ਲਾਏ ਸੀ ਡੇਰੇ
ਚਾਰੇ ਪਾਸੇ ਗ਼ਮਾਂ ਨੇ ਸਾਨੂੰ ਪਾਏ ਸੀ ਘੇਰੇ
ਵਿਚ ਪ੍ਰਦੇਸਾਂ ਸੱਜਣਾ..............
ਆਈ ਸੀ ਬਹਾਰ ਗਲੇ ਵਿਚ ਮੇਡੀਂਆ ਪਾਈਆਂ ਤਨਹਾਈ ਗਲ ਲੱਗ ਕੇ ਰੋਈ ਵਾਂਗ ਸ਼ੁਦਾਈਆਂ , ਚਾਅ ਘੂੰਘਟ ਵਿਚੋਂ ਬੋਲਦੇ ਖ਼ਿਜ਼ਾਂ ਪਈ ਸਮਝਾਵੇ ਅੱਖੀਆਂ ਛਹਿਬਰ ਲਾ ਦਿਤੀ ਧੜਕਨ ਮੂੰਹ ਛੁਪਾਵੇ ,ਪਿਆਰ ਦੇ ਚਰਚੇ ਚਲ ਪਏ ਨੇ ਤੇਰੇ ਮੇਰੇ
ਵਿਚ ਪ੍ਰਦੇਸਾਂ ਸੱਜਣਾ ਜਦੋਂ ਲਾਏ...........
ਅਧਮੋਏ ਹਾਰ ਸ਼ਿੰਗਾਰ ਰੋਏ ਹਾਸੇ ਸੀ ਕੰਬਦੇ
ਤਾਹਨੇ ਮਿਹਣੇ ਕੋਲੋਂ ਹੱਸ ਹੱਸ ਪਏ ਸੀ ਲੰਘਦੇ
ਗਲਵੱਕੜੀ ਸੋਚ ਨੇ ਪਾਈਂ ਹੋਈ ਸੀ ਵਕਤ ਦੇ ਨਾਲ , ਪਿਆਰ ਪਿਆ ਸੀ ਰੋਂਵਦਾ ਸਾਡਾ ਵੇਖ ਕੇ ਹਾਲ , ਨਜ਼ਰਾਂ ਨੀਵੀਆਂ ਪਾ ਕੇ ਤੱਕਣ ਘਰ ਵਲ ਮੇਰੇ ਵਿਚ ਪ੍ਰਦੇਸਾਂ ਸੱਜਣਾ .................
ਵਕਤ ਵੀ ਕਰੇ ਮਜ਼ਾਕ ਝੂਠੀਆਂ ਦਏ ਤਸੱਲੀਆਂ
ਹੱਥੀਂ ਮਹਿੰਦੀ ਰੰਗਲੀ ਪੈਰੀਂ ਭਾਂਬੜ ਬਲੀਆਂ
ਮਹਿੰਦੀ ਛਾਲੇ ਪਾ ਦਿਤੇ ਅੱਗ ਪਈ ਸੇਕ ਮਚਾਵੇ
ਚੁੱਪ ਕਰ ਕੱਢ ਨਾ ਵਾਜ ਪਈ ਕਾਲੀ ਰਾਤ ਡਰਾਵੇ 'ਕੁਲਵੰਤ' ਕਿਵੇਂ ਪਈ ਤੜਫਦੀ ਸੋਚੀ ਤੂੰ ਚੰਨਾ ਮੇਰੇ .....................
ਵਿਚ ਪ੍ਰਦੇਸਾਂ ਸੱਜਣਾ ਜਦੋਂ ਲਾਏ ਸੀ ਡੇਰੇ
ਚਾਰੇ ਪਾਸੇ ਗ਼ਮਾਂ ਨੇ ਸਾਨੂੰ ਪਾਏ ਸੀ ਘੇਰੇ
ਕੋਸਲ ਆਫ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ ਕਨੇਡਾ ਦੀ ਪਹਿਲੀ ਕਾਨਫਰੰਸ ਜ਼ੂਮ ਐਪ ਤੇ ਹੋਈ - ਕੁਲਵੰਤ ਕੌਰ ਚੰਨ ਫਰਾਂਸ
ਕਲ ਜ਼ੂਮ ਐਪ ਤੇ ਚੈਅਰਮੈਨ ਤੇ ਪ੍ਰਧਾਨ ਸ੍ਰੀ ਰੋਸ਼ਨ ਪਾਠਕ ਜੀ ਨੇ ਕੁਝ ਚੁਣੀਦੇ ਮੈਂਬਰਾਂ ਤੇ ਪ੍ਰੈਜ਼ੀਡੈਂਟਾਂ ਨੂੰ ਸੱਦਾ ਪੱਤਰ ਦਿਤਾ ਪੰਜਾਬ,ਹਰਿਆਣਾ, ਦਿੱਲੀ,ਬਟਾਲਾ , ਜੰਮੂ ਕਸ਼ਮੀਰ ਤੇ ਫਰਾਂਸ ਤੋਂ ਜੁੜੇ ।ਇੰਡੀਆ ਦੇ ਸਵੇਰੇ ਨੌਂ ਵਜੇ ਤੇ ਕਨੇਡਾ ਦੇ ਰਾਤੀਂ 10-30 ਵਜੇ ਸਨ । । ਸਭਨਾਂ ਬਹੁਤ ਸਾਥ ਦਿੱਤਾ ਠੀਕ ਵਕਤ ਇੱਕਠੇ ਹੋਏ । ਸੰਸਥਾਂ ਦੀ ਸਕੱਤਰ ਮਨਪ੍ਰੀਤ ਕੌਰ ਗੋਡ ਹੋਰਾਂ ਨੇ ਬਾਖੂਬੀ ਅਪਣੀ ਜਿੰਮੇਵਾਰੀ ਸੰਭਾਲਦੇ ਹੋਏ , ਚੈਅਰਮੈਨ ਜੀ ਨੂੰ ਸਭਨਾਂ ਦੇ ਰੁਬਰੂ ਕਰਾਇਆ , ਉਨ੍ਹਾਂ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਬਾਅਦ ਅਪਣੇ ਬਾਰੇ ਦੱਸਿਆ ਤੇ ਇਹ ਸੰਸਥਾ ਦਾ ਮਨੋਰਥ ਕੀ ਹੈ ,ਪੰਜਾਬੀ ਮਾਂ ਬੋਲੀ , ਵਿਰਸੇ ਬਾਰੇ , ਤੇ ਦੁਨੀਆਂ ਵਿਚ ਸ਼ਾਂਤੀ ਕਿਵੇਂ ਲਿਆ ਸਕੀਏ ਸੰਸਥਾ ਦਾ ਮੇਨ ਮਕਸਦ ਹੈ, ਤੇ ਸਭਨਾਂ ਨੂੰ ਅਪਣੇ ਆਪ ਨੂੰ, ਨਾਮ ਅਹੁਦੇ ਦੱਸਣ ਲਈ ਕਿਹਾ ਗਿਆ ।ਸਭ ਤੋਂ ਪਹਿਲਾਂ ਚੰਨ ਹੋਰਾਂ ਦੇ ਗੀਤ ਨਾਲ ਸ਼ੁਰੂ ਕੀਤੀ ਅਪਣਾ ਅਹੁਦਾ ਅਤੇ ਕੀ ਕੀ ਕਰਦੇ ਹਨ ਉਨ੍ਹਾਂ ਸਭ ਦੱਸਿਆ । ਆਸ਼ਾ ਰਾਣੀ ਸ਼ਰਮਾਂ ਜੀ ਪਟਿਆਲੇ ਤੋਂ ਅਪਣੇ ਬਾਰੇ ਦੱਸਣ ਤੋਂ ਬਾਅਦ ਇਕ ਗੀਤ 'ਹਰ ਮਿਲੇ ਸ਼ਖਸ਼ ਦੀ ਇਤਲਾਹ ਢੁੰਡਦੀ ਹਾਂ ਮੈਂ' ਸੁਣਾਇਆ ।ਦੀਪ ਕੁਮਾਰ ਰੱਤੀ ਜੀ ਅਪਣੇ ਬਹੁਮੁੱਲੇ ਵਿਚਾਰ ਦੱਸੇ ,ਜਿਥੇ ਜਿਵੇਂ ਡਿਊਟੀ ਲੱਗੀ ਦਿੱਲ ਨਾਲ ਨਿਭਾਵਾਂਗੇ , ਸ੍ਰ ਅਵਤਾਰ ਸੰਧੂ ਜੀ ਦੁਨੀਆਂ ਵਿਚ ਪਿਆਰ ਸ਼ਾਂਤੀ ਦਾ ਸੰਦੇਸ਼ਾ ਰਲ ਮਿਲ ਪਹੁੰਚਾਉਣਾ ਚਾਹੀਦਾ ਹੈ ।ਸ੍ਰੀ ਪਾਠਕ ਜੀ ਮਨਪ੍ਰੀਤ ਕੌਰ ਗੋਡ, ਕੁਲਵੰਤ ਕੌਰ ਚੰਨ ਫਰਾਂਸ ਜੰਮੂ , ਆਸ਼ਾ ਰਾਣੀ ਸ਼ਰਮਾਂ, ਅਵਤਾਰ ਸਿੰਘ ਸੰਧੂ , ਕੁਲਦੀਪ ਰੱਤੀ, ਦਰਸ਼ਨ ਕੌਰ, ਬਲਜੀਤ ਕੌਰ ਬੰਬੇ, ਸੁਖਵਿੰਦਰ ਸਿੰਘ ਲੁਧਿਆਣਾ, ਰਤਨਦੀਪ ਕੌਰ , ਸੁਰਿੰਦਰ ਕੌਰ ਬਾੜਾ ,ਚਰਨਜੀਤ ਕੌਰ , ਸੁਖਵਿੰਦਰ ਸਿੰਘ ਸਰਸਾ, ਸੁਰਿੰਦਰ ਕੌਰ ਸੈਣੀ,ਹਰਕੀਰਤ ਕੌਰ,ਬਲਬੀਰ ਕੌਰ ,ਜਮੀਲ ਜੀ, ਹਰਿੰਦਰਪਾਲ ਸਿੰਘ, ਮਨਿੰਦਰ ਜੀਤ ਕੌਰ, ਰਣਜੀਤ ਸਿੰਘ ,ਪ੍ਰਵੀਨ ਕੌਰ,ਗੁਰਯੋਧ ਸਿੰਘ ਅੰਬਾਲਾ,ਕੁਲਵੀਰ ਸਿੰਘ ਜੀ ਮੀਟਿੰਗ ਵਿਚ ਹਾਜ਼ਰੀ ਲਗਾਈ । ਮਹੀਨੇ ਵਿਚ ਦੋ ਵਾਰੀ ਪੰਦਰਾਂ ਦਿਨਾਂ ਬਾਅਦ ਜ਼ੂਮ ਐਪ ਤੇ ਮੀਟਿੰਗ ਹੋਇਆ ਕਰੇਗੀ ਗੀਤ ਸੰਗੀਤ , ਵਿਚਾਰਾਂ ਵੀ ਹੋਇਆ ਕਰਨਗੀਆਂ ।ਅਖੀਰ ਵਿਚ ਪਾਠਕ ਜੀ ਹੋਰਾਂ ਕਿਸਾਨਾਂ ਵਾਸਤੇ ਸਰਕਾਰਾਂ ਨੂੰ ਬਹੁਤ ਸੋਹਣੇ ਢੰਗ ਨਾਲ ਆਪਣਾ ਗੁੱਸਾ ਵੀ ਜ਼ਾਹਿਰ ਕਰਦੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਤੇ ਖੁਸ਼ੀ ਖੁਸ਼ੀ ਕਿਸਾਨ ਵੀਰ ਅਪਣੇ ਪਰਵਾਰਾਂ ਨਾਲ ਘਰਾਂ ਵਿਚ ਬੈਠਣ।ਸਭ ਦਾ ਧੰਨਵਾਦ ਕੀਤਾ । ਮਨਪ੍ਰੀਤ ਕੌਰ ਗੋਡ ਬਾਖੂਬੀ ਸਟੇਜ ਸੰਭਾਲੀ ।ਪਹਿਲੀ ਹੀ ਮੀਟਿੰਗ ਯਾਦਗਾਰੀ ਬਣ ਗਈ ।
ਨਵੇਂ ਸਾਲ ਦਾ ਸਵਾਗਤ ਕਿਵੇਂ ਕਰੀਏ - ਕੁਲਵੰਤ ਕੌਰ ਚੰਨ ਫਰਾਂਸ
2020 ਤੋਂ ਲੈ ਵਿਦਾਇਗੀ 2021 ਖੁਸ਼ੀਆਂ ਤੂੰ ਲਿਆਈ ਵੇ ,ਮਾਰ ਕਰੋਨਾ ਦੂਰ ਭਜਾਈਂ ਦੁਨੀਆਂ ਵਿਚ ਠੰਡ ਵਰਤਾਈ ਵੇ.......
ਡਰਦੀ ਡਰਦੀ ਨਵੇਂ ਸਾਲ ਵੇ ਸਤਿ ਸ੍ਰੀ ਆਕਾਲ ,ਨਮਸਤੇ ਆਦਾਬ ਬੁਲਾਉਂਦੀ ਹਾਂ ਬਦਲੇ ਦੇ ਵਿਚ ਕੁਝ ਥੋੜਾ ਜਿਹਾ ਮੈਂ ਤੇਥੋਂ ਕੁਝ ਚਾਹੁੰਦੀ ਹਾਂ.............
ਭਾਈਚਾਰਾ ਤੇ ਪਿਆਰ ਵਧਾਈ, ਜਾਤਾਂ ਪਾਤਾਂ ਤੋਂ ਦੂਰ ਕਰੀ , ਰੱਬਾ ਸੋਝੀ ਨੂੰਂ ਪਾਈ ਮੇਹਰਾਂ ਭਰਿਆ ਸਿਰ ਹੱਥ ਧਰੀ...........
ਨਫ਼ਰਤ ਤੇ ਬੇਦਰਦੀ ਵਾਲਾ ਆਣ ਕਰੋਨਾ ਸਾੜ ਦਈ ਬੇਰਿਹਮੀ ਵਾਲਾ ਫਾੜ ਕੇ ਖਾਤਾ ਫਿਰ ਕੁਰਸੀ ਤੇ ਆਣ੍ਰ ਬਹੀਂ ........
ਦੁਨੀਆਂ ਇਕ ਪਰਵਾਰ ਬਣਾਕੇ ਚੰਗੇ ਪਾਸੇ ਸਭ ਨੂੰ ਲਾਈ ਬਣੇ ਬੈਠੇ ਜ਼ਿੰਦਗੀ ਦੇ ਦੁਸ਼ਮਣ ਜ਼ਿੰਦਗੀ ਦਾ ਮਤਲਬ ਸਮਝਾਈ.......
ਕਰ ਬੇਦੋਸ਼ ਮਾਸੂਮਾਂ ਨਾਲ ਵਾਇਦਾ,ਆ ਕੇ ਠੰਡ ਵਰਤਾਏਂਗਾ ਗੋਦੀ ਵਿੱਚ ਬਿਠਾ ਸਭਨਾਂ ਨੂੰ ਪਿਆਰ ਦੇ ਗੀਤ ਸੁਣਾਏਗਾ......
ਹੱਥ ਜੋੜ ਸਭਨਾਂ ਦੇ ਵਲੋਂ'ਕੁਲਵੰਤ'ਵੀ ਰੱਬਾ ਤੈਨੂੰ ਕਹਿੰਦੀ ਹਾਂ ਦੁਨੀਆਂ ਵੇਹੜੇ ਖੁਸ਼ੀਆਂ ਲਿਆਇਆ ਤਾਂ ਨਵੇਂ ਸਾਲ ਵਧਾਈ ਲੈਂਦੀ ਹਾਂ
ਅੱਜ ਤੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦਾ ਸ਼ਹੀਦੀ ਹਫਤਾ ਸ਼ੁਰੂ ਹੈ - ਕੁਲਵੰਤ ਕੌਰ ਚੰਨ
ਅੱਜ ਤੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦਾ ਸ਼ਹੀਦੀ ਹਫਤਾ ਸ਼ੁਰੂ ਹੈ । ਸ਼ਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਹਫ਼ਤੇ ਨੂੰ 'ਕੁਲਵੰਤ' ਕੌਰ ਚੰਨ ਫਰਾਂਸ ਦਾ ਲਿਖਿਆ ਹੋਇਆ ਗੀਤ ਚਾਰੇ ਲਾਲਾਂ ਦੇ ਪਵਿੱਤਰ ਚਰਨਾਂ ਵਿਚ ਕਬੂਲ ਹੋਵੇ ਜੀ
ਗੋਬਿੰਦ ਨੇ ਬਣਾਈਆਂ ਦੋ ਦੋ ਪੁੱਤਾਂ ਦੀਆਂ ਜੋੜੀਆਂ , ਮਾਂਵਾਂ ਨੇ ਵੀ ਗਾਈਆਂ ਅੱਜ ਰੱਜ ਰੱਜ ਘੋੜੀਆਂ ਗੋਬਿੰਦ ਨੇ ਬਣਾਈਆਂ ਦੋ ਦੋ............
ਵੱਡਿਆਂ ਦੀ ਜੰਞ ਚਲੀ ਛੱਡ ਮਹਿਲ ਮਾੜੀਆਂ , ਦੋਵਾਂ ਦੀਆਂ ਇਕੋ ਘਰੋਂ ਆਉਣੀਆਂ ਨੇ ਲਾੜੀਆਂ , ਲਾੜਿਆਂ ਦੇ ਨਾਲ ਸੱਜੇ ਪੰਜ ਪੰਜ ਸਾਂਝੀ ਚੱਲੇ , ਲੱਖ ਲੱਖ ਮੇਲੀਆ ਨੂੰ ਮਿਲਣਗੇ ਕੱਲੇ ਕੱਲੇ , ਜੰਗ ਦੇ ਮੈਦਾਨ ਵਿੱਚ , ਵੰਡਣੀਆਂ ਲੋਹੜੀਆਂ
ਗੋਬਿੰਦ ਨੇ ਬਣਾਈਆਂ......
ਘੋੜਿਆਂ ਦੇ ਖੰਡੇ ਟੰਗੇ ਕਿੰਨਾ ਕੁਝ ਕਹਿ ਗਏ , ਦੱਸਦੇ ਨੇ ਕਿੰਨੇ ਗਾਟੇ ਬਾਗੀਆਂ ਦੇ ਲਹਿ ਗਏ , ਨੂਰ ਵੇਖ ਹੀਰਿਆਂ ਦਾ ਦੁਸ਼ਮਣ ਅੱਗੇ ਨੱਸੇ , ਮਾਏ ਤੇਰੇ ਦੋਵੇਂ ਲਾਲ ਦਾਦਾ ਸੀ ਦੇ ਕੋਲ ਵੱਸੇ, ਚੜੀਆਂ ਜਵਾਨੀਆਂ ਸ਼ਹੀਦਾਂ ਨਾਮ ਜੋੜੀਆਂ
ਗੋਬਿੰਦ ਨੇ ਬਣਾਈਆਂ.......
ਸਰਸਾ ਇਹ ਚੰਦਰੀ ਨੇ ਹੋਰ ਡਾਢੇ ਕਾਰੇ ਕੀਤੇ , ਖਵਰੇ ਕਿਹੜੇ ਜਨਮਾਂ ਦੇ ਬੱਚਿਆਂ ਤੋਂ
ਵੈਰ ਲੀਤੇ , ਤੋਤਲੀਆਂ ਬੋਲੀਆਂ ਤੇ ਜਿੰਦਾਂ ਨੇ ਮਸੂਮ ਜਿਹੀਆਂ ,ਕਦੀ ਦਾਦੀ ਵੇਖਦੇ ਤੇ ਕਦੀ ਮਾਵਾਂ ਪਿੱਛੇ ਰਹੀਆਂ
ਪਿੰਡ ਦੀ ਥਾਂ ਗੰਗੂ ਵਾਗਾਂ ਨੀਹਾਂ ਵਲ ਮੋੜੀਆਂ ਗੋਬਿੰਦ ਨੇ ਬਣਾਈਆਂ...........
ਵੇਖਣੇ ਨੂੰ ਨਿੱਕੇ ਤੇ ਬੁਲੰਦ ਨੇ ਇਰਾਦੇ ਤਿੱਖੇ ਸੂਬਾ ਸਰਹੰਦ ਤੇ ਜਲਾਦ ਰੰਗ ਪੈ ਗਏ ਫਿੱਕੇ
ਵੇਖ ਕੇ ਤਸੀਹਾ ਏਡਾ ਪੋਣਾਂ ਵੀ ਬੇਹੋਸ਼ ਹੋਈਆਂ ਲੱਗ 'ਕੁਲਵੰਤ' ਗਲ ਕੰਧਾਂ ਛੰਮ ਛੰਮ ਰੋਈਆਂ , ਵਾਰ ਸਰਬੰਸ ਮਿਸਾਲਾਂ ਜੱਗ ਉਤੇ ਛੋੜੀਆਂ
ਗੋਬਿੰਦ ਨੇ ਬਣਾਈਆਂ ਦੋ ਦੋ ਪੁੱਤਾਂ ਦੀਆਂ ਜੋੜੀਆਂ , ਮਾਵਾਂ ਨੇ ਗਾਈਆਂ ਅੱਜ ਰੱਜ ਰੱਜ ਘੋੜੀਆਂ