Karamjit Singh

ਸਿੱਖ ਸੰਸਥਾਵਾਂ, ਸਿਆਸਤ ਅਤੇ ਅਕਾਲ ਤਖ਼ਤ  - ਕਰਮਜੀਤ ਸਿੰਘ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਇਤਿਹਾਸਕ ਅਤੇ ਸਤਿਕਾਰਤ ਸੰਸਥਾ ਅੱਜ ਕੱਲ੍ਹ ਆਪਣੇ ਆਪ ਨੂੰ ਸੁਤੰਤਰ ਤੌਰ ਤੇ ਸਥਾਪਤ ਕਰਨ ਦੇ ਯਤਨ ਕਰ ਰਹੀ ਹੈ। ਇਸ ਦਿਸ਼ਾ ਵਿਚ ਜਥੇਦਾਰ ਹਰਪ੍ਰੀਤ ਸਿੰਘ ਦਾ ਰੋਲ ਅਤੇ ਸੁਚੇਤ ਯਤਨ ਮਹੱਤਵਪੂਰਨ ਹਨ ਜੋ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਬਣਦਾ ਰਿਸ਼ਤਾ ਬਣਾਈ ਰੱਖਣਾ ਚਾਹੁੰਦੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਸੰਸਥਾਵਾਂ ਤੇ ਜਥੇਬੰਦੀਆਂ ਦੀ ਗੱਲ ਵੀ ਧਿਆਨ ਨਾਲ ਸੁਣ ਰਹੇ ਹਨ ਜੋ ਇੱਕ ਜਾਂ ਦੂਜੇ ਕਾਰਨਾਂ ਕਰਕੇ ਲਗਾਤਾਰ ਇਹ ਮਹਿਸੂਸ ਕਰਦੀਆਂ ਆ ਰਹੀਆਂ ਹਨ ਕਿ ਜਥੇਦਾਰ ਦੀ ਮਹਾਨ ਸੰਸਥਾ ਸਮੁੱਚੇ ਪੰਥ ਨੂੰ ਸਮਰਪਿਤ ਹੋਣ ਦੀ ਥਾਂ ਇੱਕ ਵਿਸ਼ੇਸ਼ ਧਿਰ ਦੀਆਂ ਇੱਛਾਵਾਂ ਤੇ ਨੀਤੀਆਂ ਮੁਤਾਬਕ ਹੀ ਚੱਲ ਰਹੀ ਹੈ। ਦਿਲਚਸਪ ਹਕੀਕਤ ਇਹ ਹੈ ਕਿ ਇਸ ਨਵੀਂ ਤਬਦੀਲੀ ਪਿੱਛੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਖਾਮੋਸ਼ ਹਮਾਇਤ ਵੀ ਹਾਸਲ ਹੈ। ਕਾਰਨ? ਸਮੁੱਚੇ ਪੰਥ ਅੰਦਰ ਬਦਲ ਰਹੇ ਹਾਲਾਤ ਵੀ ਇਸ ਦੇ ਕਾਰਨ ਹਨ ਅਤੇ ਮਜਬੂਰੀਆਂ ਵੀ ਹਕੀਕਤ ਹਨ।
     ਜਥੇਦਾਰ ਹਰਪ੍ਰੀਤ ਸਿੰਘ ਨੇ ਜੰਮੂ ਕਸ਼ਮੀਰ ਵਿਚ ਧਾਰਾ 370 ਖ਼ਤਮ ਹੋਣ ਪਿੱਛੋਂ ਕਸ਼ਮੀਰ ਦੇ ਹਾਲਾਤ ਅਤੇ ਕਸ਼ਮੀਰ ਦੇ ਲੋਕਾਂ ਦੇ ਦੁੱਖਾਂ ਦਰਦਾਂ ਨਾਲ ਸਾਂਝ ਪ੍ਰਗਟ ਕਰਨ ਬਾਰੇ ਜੋ ਬਿਆਨ ਜਾਰੀ ਕੀਤਾ, ਉਹ ਅਕਾਲੀ ਦਲ ਦੀਆਂ ਨੀਤੀਆਂ ਅਤੇ ਪੁਜ਼ੀਸ਼ਨਾਂ ਤੋਂ ਬਿਲਕੁਲ ਵੱਖਰਾ ਤੇ ਹੈਰਾਨ ਕਰਨ ਵਾਲਾ ਸੀ। ਇਸ ਅਹਿਮ ਤੇ ਭਖਦੇ ਮੁੱਦੇ ਉੱਤੇ ਭਾਵੇਂ ਅਕਾਲੀ ਦਲ ਨੇ ਇੱਕ ਤਰ੍ਹਾਂ ਨਾਲ ਪਾਰਟੀ ਦੀਆਂ ਇਤਿਹਾਸਕ ਤੇ ਸੁਤੰਤਰ ਰਵਾਇਤਾਂ ਤੋਂ ਉਲਟ ਜਾ ਕੇ ਭਾਜਪਾ ਦੀ ਪੁਜ਼ੀਸ਼ਨ ਦੀ ਹੀ ਪੁਸ਼ਟੀ ਕੀਤੀ ਪਰ ਜਥੇਦਾਰ ਨੇ ਇਹ ਸਪੱਸ਼ਟ ਸੰਕੇਤ ਦੇ ਦਿੱਤਾ ਕਿ ਮਾਨਵੀ ਕਦਰਾਂ ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅਕਾਲ ਤਖਤ ਆਪਣੀਆਂ ਇਤਿਹਾਸਿਕ ਰਵਾਇਤਾਂ ਦੀ ਪਾਲਣਾ ਜ਼ਰੂਰ ਕਰੇਗਾ।
      ਅਕਾਲ ਤਖ਼ਤ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਵੱਲੋਂ ਸਮੇਂ ਸਮੇਂ ਸਿੱਖ ਪੰਥ ਨੂੰ ਹਿੰਦੂ ਧਰਮ ਦਾ ਹਿੱਸਾ ਕਹਿਣ ਦੀ ਪਹੁੰਚ, ਨੀਤੀ ਤੇ ਰਵੱਈਏ ਦਾ ਵੀ ਸਖ਼ਤ ਨੋਟਿਸ ਲਿਆ ਅਤੇ ਇਥੋਂ ਤੱਕ ਆਖ ਦਿੱਤਾ ਕਿ ਆਰਐੱਸਐੱਸ ਆਪਣੀ ਇਸ ਪਹੁੰਚ ਨਾਲ ਦੇਸ਼ ਨੂੰ ਜੋੜਨ ਦੀ ਥਾਂ ਤੋੜਨ ਵੱਲ ਵਧ ਰਹੀ ਹੈ। ਜਦੋਂ ਹਰਿਆਣਾ ਦੇ ਮੁੱਖ ਮੰਤਰੀ ਨੇ ਕਸ਼ਮੀਰ ਵਿਚ ਧਾਰਾ ਖ਼ਤਮ ਹੋਣ ਦੀ ਘਟਨਾ ਨੂੰ ਕਸ਼ਮੀਰੀ ਕੁੜੀਆਂ ਨਾਲ ਵਿਆਹ ਕਰਨ ਦੀ ਖੁੱਲ੍ਹ ਨਾਲ ਜੋੜਿਆ ਤਾਂ ਅਕਾਲ ਤਖ਼ਤ ਦੇ ਜਥੇਦਾਰ ਨੇ ਚਿਤਾਵਨੀ ਤੱਕ ਦੇ ਦਿੱਤੀ ਕਿ ਕਸ਼ਮੀਰੀ ਬੀਬੀਆਂ ਵੱਲ ਕਿਸੇ ਨੂੰ ਅੱਖ ਨਹੀਂ ਪੁੱਟਣ ਦੇਵਾਂਗੇ ਅਤੇ ਸਿੱਖ ਆਪਣੀਆਂ ਰਵਾਇਤਾਂ ਮੁਤਾਬਕ ਇਸ ਮੁੱਦੇ ਤੇ ਬੀਬੀਆਂ ਦੀ ਰਾਖੀ ਲਈ ਆਪਣੀ ਇਤਿਹਾਸਕ ਜ਼ਿੰਮੇਵਾਰੀ ਨਿਭਾਉਣਗੇ।
      ਪੰਜਾਬੀ ਬੋਲੀ ਦੀ ਅਹਿਮੀਅਤ ਅਤੇ ਇਸ ਨੂੰ ਹਰ ਸ਼ੋਹਬੇ ਵਿਚ ਲਾਗੂ ਕਰਨ ਦੇ ਸਵਾਲ ਨੂੰ ਲੈ ਕੇ ਜਥੇਦਾਰ ਇੱਥੋਂ ਤੱਕ ਗੰਭੀਰ ਹੋ ਗਏ ਕਿ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਆਪਣੇ ਵਿਸ਼ੇਸ਼ ਸੰਦੇਸ਼ ਵਿਚ ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਹਰ ਘਰ ਪੰਜਾਬੀ ਨੂੰ ਆਪਣੀ ਟਕਸਾਲ ਬਣਾਏ, ਜਦਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਨੇ ਸੱਤਾ ਉੱਤੇ ਰਹਿੰਦਿਆਂ ਖੁੱਲ੍ਹ ਕੇ ਇਹੋ ਜਿਹੇ ਮੁੱਦਿਆਂ ਤੇ ਵਿਚਾਰ ਪ੍ਰਗਟ ਕਰਨ ਦੀ ਥਾਂ ਅਕਸਰ ਚੁੱਪ ਦੀ ਰਣਨੀਤੀ ਹੀ ਅਪਣਾਈ ਤਾਂ ਜੋ ਸਮਾਂ ਆਉਣ ਤੇ ਕਿਸੇ ਦੂਜੀ ਧਿਰ ਦਾ ਵੋਟ ਬੈਂਕ ਕਿਤੇ ਖੁੱਸ ਨਾ ਜਾਏ।
       ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸਮੇਂ ਸਮੇਂ ਅਤੇ ਉਤੋੜਿਤੀ ਆਏ ਕੁਝ ਬਿਆਨਾਂ ਦਾ ਗੰਭੀਰ ਵਿਸ਼ਲੇਸ਼ਣ ਇਸ ਗੱਲ ਦਾ ਇਸ਼ਾਰਾ ਹੈ ਕਿ ਉਹ ਸਿੱਖ ਪੰਥ ਦੀਆਂ ਰਾਜਸੀ ਪਾਰਟੀਆਂ ਤੇ ਜਥੇਬੰਦੀਆਂ ਨਾਲ 'ਨਾ ਬਹੁਤ ਹੀ ਨੇੜਤਾ' ਅਤੇ 'ਨਾ ਬਹੁਤੀ ਦੂਰੀ' ਦੀ ਰਣਨੀਤੀ ਉੱਤੇ ਚੱਲਣਾ ਚਾਹੁੰਦੇ ਹਨ। ਧੜੇਬੰਦੀਆਂ ਵਿਚ ਬੁਰੀ ਤਰ੍ਹਾਂ ਉਲਝੇ ਖਾਲਸਾ ਪੰਥ ਦੇ ਅਜੋਕੇ ਹਾਲਾਤ ਨੂੰ ਦੇਖਦਿਆਂ ਉਹ ਇਸ ਨਾਜ਼ੁਕ ਸੰਤੁਲਨ ਨੂੰ ਜੇ ਲੰਮੇ ਅਰਸੇ ਤੱਕ ਕਾਇਮ ਰੱਖਦੇ ਹਨ ਤਾਂ ਇਸ ਨਾਲ ਨਾ ਕੇਵਲ ਜਥੇਦਾਰ ਦੀ ਆਜ਼ਾਦ ਹਸਤੀ ਅਤੇ ਹੈਸੀਅਤ ਸਥਾਪਿਤ ਹੋਵੇਗੀ ਸਗੋਂ ਜਥੇਦਾਰ ਦੀ ਨਿਰਪੱਖ ਅਤੇ ਸੁਹਿਰਦ ਨੀਤੀ ਕਿਸੇ ਵੀ ਸੰਕਟ ਦੀ ਘੜੀ ਵਿਚ ਸੰਵਾਦ ਦੀ ਟੁੱਟ ਚੁੱਕੀ ਰਵਾਇਤ ਦੀ ਬਹਾਲੀ ਦਾ ਰਾਹ ਵੀ ਪੱਧਰਾ ਕਰੇਗੀ।
      ਪਿਛਲੇ ਲੰਮੇ ਅਰਸੇ ਤੋਂ, ਵਿਸ਼ੇਸ਼ ਕਰ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉੱਤੇ ਹੋਏ ਹਮਲੇ ਪਿੱਛੋਂ ਸਿੱਖ ਜਥੇਬੰਦੀਆਂ ਵਿਚ ਕਈ ਮੁੱਦਿਆਂ ਨੂੰ ਲੈ ਕੇ ਟਕਰਾਅ ਦੀ ਹਾਲਤ ਖਤਰਨਾਕ ਸਥਿਤੀ ਅਖ਼ਤਿਆਰ ਕਰ ਰਹੀ ਹੈ। ਇਸ ਟਕਰਾਅ ਨੂੰ ਖ਼ਤਮ ਕਰਨ ਲਈ ਜਥੇਦਾਰ ਬਹੁਤ ਸੰਜਮ, ਸਿਆਣਪ ਅਤੇ ਨਿਰਪੱਖ ਹੋ ਕੇ ਚੱਲ ਰਹੇ ਹਨ। ਸਿੱਖ ਪੰਥ ਵਿਚ ਇਸ ਸਮੇਂ ਮੋਟੇ ਤੌਰ ਤੇ ਦੋ ਧਾਰਾਵਾਂ- ਡੇਰਾ ਕਲਚਰ ਤੇ ਮਿਸ਼ਨਰੀ ਕਲਚਰ, ਆਹਮੋ-ਸਾਹਮਣੇ ਹੋ ਗਏ ਹਨ। ਸਿੱਖ ਧਰਮ ਨਾਲ ਜੁੜੇ ਰਾਜਨੀਤਕ ਹਲਕਿਆਂ ਦਾ ਕਹਿਣਾ ਹੈ ਕਿ ਇੱਕ ਧਿਰ ਜਦੋਂ ਸਿਧਾਂਤਕ ਮਸਲਿਆਂ ਦੀ ਵਿਆਖਿਆ ਕਰਦੀ ਹੈ ਤਾਂ ਉਹ ਵਿਆਖਿਆ ਵਿਗਿਆਨਕ ਤਰਕ ਦੇ ਨੇੜੇ ਚਲੇ ਜਾਂਦੀ ਹੈ ਜਦਕਿ ਦੂਜੀ ਧਿਰ ਸ਼ਰਧਾ ਤੇ ਵਿਸ਼ਵਾਸ ਨੂੰ ਸਿੱਖੀ ਦੀ ਵਿਆਖਿਆ ਦਾ ਆਧਾਰ ਬਣਾਉਂਦੀ ਹੈ। ਸੋਸ਼ਲ ਮੀਡੀਆ ਤੇ ਇਹ ਬਹਿਸ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਇਸ ਸਬੰਧ ਵਿਚ ਸਿੱਖ ਦਾਨਿਸ਼ਵਰ ਵੀ ਕੋਈ ਬਣਦਾ ਰੋਲ ਨਹੀਂ ਨਿਭਾ ਰਹੇ ਸਗੋਂ ਕਈ ਵਾਰ ਤਾਂ ਇਉਂ ਵੀ ਲੱਗਦਾ ਹੈ ਕਿ ਉਹ ਕਈ ਸਿਧਾਂਤਕ ਮੁੱਦਿਆਂ ਤੇ ਖੁਦ ਵੀ ਵੰਡੇ ਹੋਏ ਹਨ। ਇਸੇ ਤਰ੍ਹਾਂ ਸਿੱਖ ਇਤਿਹਾਸ ਤੇ ਸਿੱਖ ਧਰਮ ਨਾਲ ਜੁੜੀਆਂ ਪੁਸਤਕਾਂ ਤੇ ਪੁਰਾਤਨ ਸਰੋਤਾਂ ਦੀ ਵਿਆਖਿਆ ਬਾਰੇ ਵੀ ਵੱਖ ਵੱਖ ਧਿਰਾਂ ਦੀ ਸਮਝ ਅਤੇ ਪਹੁੰਚ ਇੱਕ ਦੂਜੇ ਨਾਲ ਟਕਰਾਉਂਦੀ ਹੈ। ਹਾਲ ਵਿਚ ਹੀ ਭਾਈ ਸੰਤੋਖ ਸਿੰਘ ਦੀ ਚਰਚਿਤ ਕਿਰਤ ਸੂਰਜ ਪ੍ਰਕਾਸ਼ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਲਿਆਂਦਾ ਗਿਆ ਹੈ।
      ਸਿੱਖ ਪ੍ਰਚਾਰਕਾਂ ਵਿਚ ਵੀ ਕਈ ਮੁੱਦਿਆਂ ਬਾਰੇ ਗੰਭੀਰ ਸਹਿਮਤੀ ਨਹੀਂ ਹੁੰਦੀ ਅਤੇ ਜਿਹੜੇ ਵਿਵਾਦਗ੍ਰਸਤ ਮਸਲਿਆਂ ਦਾ ਅੰਦਰ ਬੈਠ ਕੇ ਹੱਲ ਲੱਭਣਾ ਚਾਹੀਦਾ ਹੈ, ਉਹ ਸਟੇਜ ਤੇ ਖੁੱਲ੍ਹੇਆਮ ਅਤੇ ਗੈਰ ਜ਼ਿੰਮੇਵਾਰਾਨਾ ਢੰਗ ਨਾਲ ਪ੍ਰਚਾਰੇ ਜਾ ਰਹੇ ਹਨ। ਇਸ ਨਾਲ ਸੰਗਤਾਂ ਵਿਚ ਕਈ ਤਰ੍ਹਾਂ ਦੇ ਭੁਲੇਖੇ ਖੜ੍ਹੇ ਹੋ ਗਏ ਹਨ।
       ਉਪਰੋਕਤ ਹਾਲਾਤ ਦੀ ਰੌਸ਼ਨੀ ਵਿਚ ਅਕਾਲ ਤਖਤ ਦਾ ਰੋਲ ਤੇ ਪ੍ਰਭਾਵ ਬਹੁਤ ਮਹੱਤਵਪੂਰਨ ਹੋ ਗਿਆ ਹੈ ਅਤੇ ਜਥੇਦਾਰ ਹਰਪ੍ਰੀਤ ਸਿੰਘ ਹਰ ਖੇਤਰ ਦੇ ਧਾਰਮਿਕ ਤੇ ਰਾਜਨੀਤਕ ਵਿਦਵਾਨਾਂ ਦੀ ਸਲਾਹ ਤੇ ਸੁਝਾਅ ਵੀ ਮੰਗ ਰਹੇ ਹਨ ਤਾਂ ਜੋ ਸਭ ਧਿਰਾਂ ਦੀ ਸਰਬ ਸਹਿਮਤੀ ਨਾਲ ਕਿਸੇ ਫ਼ੈਸਲੇ ਉੱਤੇ ਪਹੁੰਚਿਆ ਜਾਵੇ। ਉਨ੍ਹਾਂ ਦੀ ਧਾਰਨਾ ਹੈ ਕਿ ਗੰਭੀਰ ਮੁੱਦਿਆਂ ਦੀ ਵਿਆਖਿਆ 'ਸਿੱਖ ਵਿਵੇਕ' ਦੇ ਨਿਯਮ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ ਜਿਸ ਵਿਚ ਦਲੀਲ ਤੇ ਸ਼ਰਧਾ ਦਾ ਉੱਚ ਕੋਟੀ ਦਾ ਮਿਲਾਪ ਹੋਵੇ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਕਈ ਇਤਿਹਾਸਕ ਸਰੋਤ ਅਜਿਹੇ ਹਨ ਜਿਨ੍ਹਾਂ ਵਿਚ ਕੁਝ ਇਹੋ ਜਿਹੀਆਂ ਗੱਲਾਂ ਕੀਤੀਆਂ ਗਈਆਂ ਹਨ ਜੋ ਸਿੱਖ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀਆਂ ਪਰ ਹੋਰ ਬਹੁਤ ਸਾਰੇ ਪੱਖਾਂ ਤੋਂ ਉਨ੍ਹਾਂ ਪੁਸਤਕਾਂ ਤੇ ਸਰੋਤਾਂ ਦੀ ਇਤਿਹਾਸਕ ਅਤੇ ਸਿਧਾਂਤਕ ਅਹਿਮੀਅਤ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਾਨੂੰ ਕਿਸੇ ਵੀ ਦਸਤਾਵੇਜ਼ ਜਾਂ ਪੁਸਤਕ ਨੂੰ ਉਸ ਦੇ ਸਮੁੱਚ ਵਿਚ ਰੱਖ ਕੇ ਹੀ ਪਰਖਣਾ ਚਾਹੀਦਾ ਹੈ ਅਤੇ ਜਲਦਬਾਜ਼ੀ ਵਿਚ ਕੋਈ ਫੈਸਲਾ ਜਾਂ ਜਨਤਕ ਟਿੱਪਣੀਆਂ ਕਰਨ ਤੋਂ ਹਰ ਹਾਲ ਗੁਰੇਜ਼ ਕਰਨਾ ਚਾਹੀਦਾ ਹੈ।
      ਪੰਥ ਦੀ ਅਜੋਕੀ ਹਾਲਤ ਨੂੰ ਦੇਖਦਿਆਂ ਉਹ ਮਾਰਚ ਦੇ ਮਹੀਨੇ ਹੋਲੇ ਮਹੱਲੇ ਮੌਕੇ ਵੱਡਾ ਸਮਾਗਮ ਕਰ ਰਹੇ ਹਨ ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਕਮੇਟੀਆਂ ਦੇ ਤਮਾਮ ਮੈਂਬਰ ਸ਼ਾਮਲ ਹੋਣਗੇ। ਪੰਜ ਦਿਨਾਂ ਤੱਕ ਚੱਲਣ ਵਾਲੇ ਇਸ ਸਮਾਗਮ ਵਿਚ ਹਰ ਮੈਂਬਰ ਨੂੰ ਖੁੱਲ੍ਹ ਕੇ ਬੋਲਣ ਦਾ ਨਾ ਕੇਵਲ ਮੌਕਾ ਦਿੱਤਾ ਜਾਵੇਗਾ ਸਗੋਂ ਭਵਿੱਖ ਦਾ ਕੋਈ ਏਜੰਡਾ ਤਿਆਰ ਕਰਨ ਲਈ ਬਹਿਸ ਨੂੰ ਬਾਕਾਇਦਾ ਰਿਕਾਰਡ ਵੀ ਕੀਤਾ ਜਾਵੇਗਾ।
       ਇਹੀ ਨਹੀਂ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਸ ਮਹਾਨ ਸੰਸਥਾ ਦੇ ਪ੍ਰਸਾਰ ਅਤੇ ਪ੍ਰਭਾਵ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਨ ਲਈ ਵਿਸ਼ੇਸ਼ ਸਕੱਤਰੇਤ ਕਾਇਮ ਕਰਨ ਦਾ ਵੀ ਮਨ ਬਣਾ ਲਿਆ ਹੈ ਜੋ ਦਰਬਾਰ ਸਾਹਿਬ ਕੰਪਲੈਕਸ ਵਿਚ ਛੇਤੀ ਹੀ ਸਥਾਪਤ ਕੀਤਾ ਜਾਵੇਗਾ। ਇਸ ਸਬੰਧ ਵਿਚ ਹਰਪ੍ਰੀਤ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸਿੱਖ ਆਗੂਆਂ ਨਾਲ ਵਿਚਾਰ ਵੀ ਕਰਨ ਦਾ ਇਰਾਦਾ ਰੱਖ ਰੱਖਦੇ ਹਨ। ਇੰਜ ਅਕਾਲ ਤਖਤ ਗੁਰਬਾਣੀ, ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਰੌਸ਼ਨੀ ਵਿਚ ਸਰਬੱਤ ਦੇ ਭਲੇ ਦੇ ਸਿਧਾਂਤ ਉੱਤੇ ਚੱਲ ਕੇ ਖਾਲਸਾ ਪੰਥ ਅਤੇ ਸਮੁੱਚੀ ਮਾਨਵਤਾ ਲਈ ਰਾਹ ਦਸੇਰਾ ਬਣਨ ਲਈ ਸਰਗਰਮ ਹੋ ਰਿਹਾ ਜਾਪਦਾ ਹੈ।

ਸੰਪਰਕ : 99150-91063