Kanwalbir Singh Pannu

ਸ਼ਹੀਦੀ ਦਿਵਸ 'ਤੇ ਵਿਸ਼ੇਸ਼ : ਕਾਕੋਰੀ ਕਾਂਡ ਦੇ ਸ਼ਹੀਦ - ਕੰਵਲਬੀਰ ਸਿੰਘ ਪੰਨੂ

ਦੇਸ਼ ਨੂੰ ਅੰਗਰੇਜ਼ੀ ਰਾਜ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਅਣਗਿਣਤ ਦੇਸ਼ ਭਗਤਾਂ ਨੇ ਅਸਹਿ ਤੇ ਅਕਹਿ ਤਸੀਹੇ ਝੱਲੇ। ਇਸ ਦੌਰਾਨ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਵੱਖ ਵੱਖ ਆਜ਼ਾਦੀ ਲਹਿਰਾਂ ਚੱਲੀਆਂ। ਅਜਿਹੀ ਹੀ ਇੱਕ ਅਜ਼ਾਦੀ ਲਹਿਰ ਸੀ 'ਗ਼ਦਰ ਪਾਰਟੀ'। ਇਸ ਦਾ ਆਰੰਭ 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਦੌਰਾਨ ਭਾਰਤ ਤੋਂ ਬਾਹਰ ਕੈਨੇਡਾ ਤੇ ਅਮਰੀਕਾ ਦੀ ਧਰਤੀ 'ਤੇ ਰੋਜ਼ੀ-ਰੋਟੀ ਅਤੇ ਚੰਗੇ ਭਵਿੱਖ ਲਈ ਗਏ ਭਾਰਤੀਆਂ ਦੁਆਰਾ ਕੀਤਾ ਗਿਆ। ਪਾਰਟੀ ਦਾ ਮੁੱਖ ਮਕਸਦ ਦੇਸ਼ ਦੀ ਮੁਕੰਮਲ ਅਜ਼ਾਦੀ ਅਤੇ ਗੈਰ ਫਿਰਕੂ ਰਾਜ ਦੀ ਸਥਾਪਨਾ ਕਰਨਾ ਸੀ। ਇਹ ਉਹ ਸਮਾਂ ਸੀ ਜਦੋਂ ਕਾਂਗਰਸ ਪਾਰਟੀ ਆਜ਼ਾਦੀ ਦੀ ਥਾਂ ਕੁੱਝ ਰਿਆਇਤਾਂ ਹੀ ਮੰਗ ਰਹੀ ਸੀ ਤੇ ਇਸ ਨੇ ਡੇਢ ਦਹਾਕੇ ਬਾਅਦ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਸੀ। ਗ਼ਦਰੀ ਦੇਸ਼ ਭਗਤਾਂ ਨੂੰ 1915 ਵਿੱਚ ਭਾਵੇਂ ਪੂਰੀ ਕਾਮਯਾਬੀ ਨਾ ਮਿਲੀ ਪਰ ਉਨ੍ਹਾਂ ਵੱਲੋਂ/ਦੁਆਰਾ ਸ਼ੁਰੂ ਕੀਤੀ ਗਈ ਲਹਿਰ ਸਮੇਂ ਨਾਲ ਰੰਗ ਲਿਆਈ। ਗ਼ਦਰੀ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੇ ਝੱਲੇ ਕਸ਼ਟਾਂ ਨੇ ਭਾਰਤੀ ਲੋਕਾਂ ਵਿੱਚ ਪੂਰਨ ਆਜ਼ਾਦੀ ਦੀ ਮੱਧਮ ਹੋ ਚੁੱਕੀ ਭਾਵਨਾ ਨੂੰ ਚੰਗਿਆੜੀ ਲਾ ਕੇ ਤੇਜ਼ ਕਰ ਦਿੱਤਾ। ਨਤੀਜੇ ਵਜੋਂ ਕ੍ਰਾਂਤੀਕਾਰੀ ਨੌਜਵਾਨਾਂ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸੰਗਠਨ ਕਾਇਮ ਕਰ ਕੇ ਅੰਗਰੇਜ਼ੀ ਸਰਕਾਰ ਵਿਰੁੱਧ ਹਥਿਆਰਬੰਦ ਕਾਰਵਾਈਆਂ ਰਾਹੀਂ ਸੰਘਰਸ਼ ਕੀਤਾ ਅਤੇ ਹੱਸਦੇ ਹੋਏ ਫਾਂਸੀਆਂ ਦੇ ਰੱਸੇ ਗਲਾਂ ਵਿੱਚ ਪਾਏ। ਇਹੋ ਜਿਹਾ ਹੀ ਇੱਕ ਸੰਗਠਨ 'ਹਿੰਦੋਸਤਾਨ ਰੀਪਬਲਿਕਨ ਐਸੋਸੀਏਸ਼ਨ ਸੀ। 1928 ਵਿੱਚ ਇਸ ਦਾ ਨਾਂ ਬਦਲ ਕੇ 'ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ' ਰੱਖ ਦਿੱਤਾ ਗਿਆ। ਇਸ ਸੰਗਠਨ ਨੇ 1936 ਤੱਕ ਅੰਗਰੇਜ਼ਾਂ ਵਿਰੱਧ ਮਹੱਤਵਪੂਰਨ ਕਾਰਵਾਈਆਂ ਕੀਤੀਆਂ ਅਤੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜਬੂਰ ਕਰ ਦਿੱਤਾ। ਇਸ ਸੰਗਠਨ ਦੀ ਇੱਕ ਮਹੱਤਵਪੂਰਨ ਕਾਰਵਾਈ 9-10 ਅਗਸਤ 1925ਈ. ਦੀ ਰਾਤ ਨੂੰ ਕਾਕੋਰੀ ਲਾਗੇ ਰੇਲਗੱਡੀ ਨੂੰ ਰੋਕ ਸਰਕਾਰੀ ਖ਼ਜ਼ਾਨਾ ਲੁੱਟਣ ਦੀ ਸੀ।
      ਫਰਵਰੀ 1922 ਦੇ ਸ਼ੁਰੂ ਵਿੱਚ ਨਾ ਮਿਲਵਰਤਨ ਅੰਦੋਲਨ ਦੌਰਾਨ ਮੁਜ਼ਾਹਰਾਕਾਰੀ ਕਿਸਾਨ ਮਾਰੇ ਗਏ ਤਾਂ ਮਹਾਤਮਾ ਗਾਂਧੀ ਨੇ ਉਸੇ ਵੇਲੇ ਅੰਦੋਲਨ ਬੰਦ ਕਰਨ ਦਾ ਐਲਾਨ ਕਰ ਦਿੱਤਾ। ਇਸ ਸਬੰਧੀ ਕਾਂਗਰਸ ਵਰਕਿੰਗ ਕਮੇਟੀ ਨਾਲ ਕੋਈ ਸਲਾਹ ਨਾ ਕੀਤੀ। 1922 ਦੇ ਕਾਂਗਰਸ ਪਾਰਟੀ ਦੇ ਗਯਾ ਸੰਮੇਲਨ ਦੌਰਾਨ ਰਾਮ ਪ੍ਰਸਾਦ ਬਿਸਮਿਲ ਤੇ ਸਾਥੀਆਂ ਨੇ ਗਾਂਧੀ ਜੀ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਪਰ ਗਾਂਧੀ ਜੀ ਨੇ ਆਪਣਾ ਫੈਸਲਾ ਵਾਪਸ ਨਾ ਲਿਆ। ਨਤੀਜੇ ਵਜੋਂ ਕਾਂਗਰਸ ਦੋ ਧੜਿਆਂ ਵਿੱਚ ਵੰਡੀ ਗਈ। ਨੌਜਵਾਨਾਂ ਨੇ ਰਾਮ ਪ੍ਰਸਾਦ ਬਿਸਮਿਲ ਤੇ ਸਚਿੰਦਰ ਨਾਥ ਸਨਿਹਾਲ ਦੀ ਲੀਡਰਸ਼ਿਪ ਹੇਠ ਆਪਣਾ ਕ੍ਰਾਂਤੀਕਾਰੀ ਦਲ ਕਾਇਮ ਕਰ ਲਿਆ।
      1923 ਵਿੱਚ ਇਨ੍ਹਾਂ ਨੇ ਲਾਲਾ ਹਰਦਿਆਲ ਤੇ ਹੋਰ ਬੰਗਾਲੀ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਪਾਰਟੀ ਦਾ ਸੰਵਿਧਾਨ ਬਣਾ ਲਿਆ। 3 ਅਕਤੂਬਰ 1924 ਨੂੰ ਕਾਨ੍ਹਪੁਰ ਵਿੱਚ ਇਸ ਦਲ ਦੀ ਵਿਸ਼ੇਸ਼ ਇਕੱਤਰਤਾ ਸਚਿੰਦਰ ਨਾਥ ਸਨਿਆਲ ਦੀ ਅਗਵਾਈ ਹੇਠ ਹੋਈ। ਸਚਿੰਦਰ ਨਾਥ ਸਨਿਆਲ ਉਹ ਕ੍ਰਾਂਤੀਕਾਰੀ ਨੌਜਵਾਨ ਸਨ, ਜਿਹੜੇ ਬਨਾਰਸ ਸਾਜਿਸ਼ ਕੇਸ ਵਿੱਚ 1914 ਤੋਂ 1920 ਤੱਕ (ਅੰਡੇਮਾਨ ਦੀ ਸੈਲੂਲਰ ਜੇਲ੍ਹ) ਕਾਲੇ ਪਾਣੀ ਦੀ ਜੇਲ੍ਹ ਵਿੱਚ ਕੈਦ ਕੱਟ ਕੇ ਆਏ ਸਨ। ਉਥੇ ਉਨ੍ਹਾਂ ਦਾ ਮੇਲ ਗ਼ਦਰੀ ਦੇਸ਼ ਭਗਤਾਂ ਬਾਬਾ ਸੋਹਣ ਸਿੰਘ ਭਕਨਾ, ਬਾਬਾ ਵਿਸਾਖਾ ਸਿੰਘ ਆਦਿ ਨਾਲ ਹੋ ਚੁੱਕਾ ਸੀ। ਕਾਨ੍ਹਪੁਰ ਦੀ ਮੀਟਿੰਗ ਦੌਰਾਨ ਹੀ ਇਸ ਕ੍ਰਾਂਤੀਕਾਰੀ ਦਲ ਦਾ ਨਾਂ 'ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ' ਰੱਖਿਆ ਗਿਆ। ਸਚਿੰਦਰ ਨਾਥ ਸਨਿਆਲ ਤੇ ਜੋਗੇਸ਼ ਚੈਟਰਜੀ ਨੂੰ ਪਾਰਟੀ ਦੇ ਵਿਸਥਾਰ ਦੀ ਜ਼ਿੰਮੇਵਾਰੀ ਦਿੱਤੀ ਗਈ। ਛੇਤੀ ਹੀ ਆਗਰਾ, ਕਾਨ੍ਹਪੁਰ, ਲਖਨਊ, ਇਲਾਹਬਾਦ, ਬਨਾਰਸ, ਸਹਾਰਨਪੁਰ ਤੇ ਸ਼ਾਹਜਹਾਨਪੁਰ ਆਦਿ ਸ਼ਹਿਰਾਂ ਵਿੱਚ ਪਾਰਟੀ ਦੀਆਂ ਸ਼ਾਖਾਵਾਂ ਕਾਇਮ ਹੋ ਗਈਆਂ। ਪਾਰਟੀ ਦੇ ਪ੍ਰਮੁੱਖ ਮੈਂਬਰ ਰਾਮ ਪ੍ਰਸਾਦ ਬਿਸਮਿਲ, ਭਗਤ ਸਿੰਘ, ਸੁਖਦੇਵ, ਰੌਸ਼ਨ ਸਿੰਘ, ਰਾਜਿੰਦਰ ਲਹਿਰੀ, ਅਸ਼ਫਾਕ ਉੱਲਾ ਖਾਂ ਆਦਿ ਸਨ। ਜਨਵਰੀ 1925 ਵਿੱਚ ਪਾਰਟੀ ਨੇ ਘੋਸ਼ਣਾ ਪੱਤਰ ਜਾਰੀ ਕੀਤਾ, ਜਿਸ ਵਿੱਚ ਭਾਰਤ ਦੀ ਮੁਕੰਮਲ ਆਜ਼ਾਦੀ ਲਈ ਹਥਿਆਰਬੰਦ ਕ੍ਰਾਂਤੀ ਦਾ ਐਲਾਨ ਕੀਤਾ ਗਿਆ।
      ਕ੍ਰਾਂਤੀਕਾਰੀਆਂ ਨੂੰ ਸੰਘਰਸ਼ ਲਈ ਹਥਿਆਰ ਖਰੀਦਣ ਲਈ ਪੈਸੇ ਦੀ ਲੋੜ ਸੀ। ਇਸ ਕੰਮ ਲਈ ਜਥੇਬੰਦੀ ਵੱਲੋਂ ਸ਼ਾਹੂਕਾਰਾਂ ਜਾਂ ਅਤਿਆਚਾਰੀ ਜ਼ਿਮੀਂਦਾਰਾਂ ਨੂੰ ਲੁੱਟਣ ਦੀ ਜਗ੍ਹਾ ਸਰਕਾਰੀ ਖ਼ਜ਼ਾਨੇ ਲੁੱਟਣ ਨੂੰ ਪਹਿਲ ਦਿੱਤੀ ਜਾਣ ਲੱਗੀ। ਇਸੇ ਯੋਜਨਾ ਤਹਿਤ ਰਾਮ ਪ੍ਰਸਾਦ ਬਿਸਮਿਲ ਦੀ ਅਗਵਾਈ ਹੇਠ ਰਾਜਿੰਦਰ ਲਹਿਰੀ, ਸਚਿੰਦਰ ਨਾਥ ਬਖਸ਼ੀ, ਚੰਦਰ ਸ਼ੇਖਰ ਆਜ਼ਾਦ, ਕੇਸ਼ਵ ਚਕਰਵਰਤੀ, ਬਨਵਾਰੀ ਲਾਲ ਰਾਏ, ਅਸ਼ਫਾਕ ਉੱਲਾ ਖਾਂ ਤੇ ਮੁਰਾਰੀ ਲਾਲ ਨੇ 9 ਅਗਸਤ 1925 ਦੀ ਰਾਤ ਨੂੰ ਸਹਾਰਨਪੁਰ ਤੋਂ ਲਖਨਊ ਜਾ ਰਹੀ ਰੇਲਗੱਡੀ ਨੂੰ ਕਾਕੋਰੀ ਦੇ ਸਥਾਨ 'ਤੇ ਰੋਕ ਕੇ ਇਸ ਵਿੱਚ ਰੱਖਿਆ ਸਰਕਾਰੀ ਖ਼ਜ਼ਾਨਾ ਲੁੱਟ ਲਿਆ। 9 ਅਗਸਤ ਰਾਤ ਨੂੰ ਜਦੋਂ ਰੇਲ ਕਾਕੋਰੀ ਸਟੇਸ਼ਨ 'ਤੇ ਰੁਕੀ ਤਾਂ ਤਿੰਨ ਕ੍ਰਾਂਤੀਕਾਰੀ ਸਚਿੰਦਰ ਨਾਥ ਬਖਸ਼ੀ, ਅਸ਼ਫਾਕ ਉੱਲਾ ਖਾਂ ਤੇ ਰਾਜਿੰਦਰ ਲਹਿਰੀ ਟਿਕਟਾਂ ਲੈ ਕੇ ਦੂਜੇ ਦਰਜੇ ਅਤੇ ਬਾਕੀ ਤੀਸਰੇ ਦਰਜੇ ਵਿੱਚ ਸਵਾਰ ਹੋ ਗਏ। ਕਾਕੋਰੀ ਤੋਂ ਕੁੱਝ ਦੂਰ ਜਾਣ 'ਤੇ ਹੀ ਦੂਜੇ ਦਰਜੇ ਵਾਲਿਆਂ ਨੇ ਗੱਡੀ ਦੀ ਜੰਜੀਰ ਖਿੱਚ ਦਿੱਤੀ। ਗੱਡੀ ਰੁੱਕਣ 'ਤੇ ਸਾਰੇ ਕ੍ਰਾਂਤੀਕਾਰੀ ਗਾਰਡ ਦੇ ਡੱਬੇ ਕੋਲ ਗਏ ਤੇ ਡੱਬੇ 'ਚੋਂ ਖ਼ਜ਼ਾਨੇ ਵਾਲਾ ਸੰਦੂਕ ਹੇਠਾਂ ਸੁੱਟ ਲਿਆ। ਸ਼ੈਣੀਆਂ-ਹਥੌੜਿਆਂ ਨਾਲ ਤੋੜਨ ਲੱਗੇ ਪਰ ਸਫਲਤਾ ਨਾ ਮਿਲੀ। ਅੰਤ ਜ਼ੋਰਦਾਰ ਕੁਹਾੜੇ ਦੇ ਵਾਰ ਨਾਲ ਅਸ਼ਫਾਕ ਉੱਲਾ ਖਾਂ ਨੇ ਸੰਦੂਕ ਤੋੜ ਦਿੱਤਾ। ਕ੍ਰਾਂਤੀਕਾਰੀਆਂ ਦਾ ਮਕਸਦ ਮੁਸਾਫਿਰਾਂ ਨੂੰ ਮਾਰਨਾ ਜਾਂ ਲੁੱਟਣਾ ਨਹੀਂ ਸੀ। ਦੋ ਕ੍ਰਾਂਤੀਕਾਰੀ ਰੇਲ ਲਾਈਨ ਤੋਂ ਦੂਰ ਘਾਹ ਵਿੱਚ ਖਲੋ ਕੇ ਪੰਜ-ਪੰਜ ਮਿੰਟ ਬਾਅਦ ਗੋਲੀ ਚਲਾਉਂਦੇ ਰਹੇ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਜਦੋਂ ਤੱਕ ਸਾਹਮਣਿਓਂ ਕੋਈ ਗੋਲੀ ਨਾ ਚਲਾਵੇ, ਓਨਾ ਚਿਰ ਸਿੱਧੀ ਫਾਇਰਿੰਗ ਨਹੀਂ ਕਰਨੀ।
     ਖ਼ਜ਼ਾਨੇ ਵਾਲਾ ਸਦੂੰਕ ਤੋੜ ਕੇ ਖ਼ਜ਼ਾਨੇ ਦੀ 14,000 ਰੁਪਏ ਦੀ ਰਕਮ ਨੂੰ ਤਿੰਨ ਪੰਡਾਂ ਵਿੱਚ ਬੰਨ੍ਹ ਕੇ ਨੌਜਵਾਨ ਬਿਨਾਂ ਰੋਕ-ਟੋਕ ਲਖਨਊ ਵੱਲ ਚਲੇ ਗਏ। ਉਸ ਗੱਡੀ ਵਿੱਚ 14 ਮੁਸਾਫਿਰਾਂ ਕੋਲ ਰਾਇਫਲਾਂ ਸਨ ਤੇ ਦੋ ਅੰਗਰੇਜ਼ ਫੌਜੀ ਅਸਲੇ ਸਮੇਤ ਸਨ। ਸਾਰੇ ਸ਼ਾਂਤ ਰਹੇ ਕਿਉਂਕਿ ਦਲ ਦੇ ਆਗੂ ਨੇ ਰੇਲ ਦੇ ਰੁਕਣ ਤੋਂ ਪਹਿਲਾਂ ਹੀ ਉੱਚੀ ਆਵਾਜ਼ ਵਿੱਚ ਕਹਿ ਦਿੱਤਾ ਸੀ, ''ਅਸੀਂ ਮੁਸਾਫਿਰਾਂ ਨੂੰ ਕੁੱਝ ਨਹੀਂ ਕਹਾਂਗੇ, ਸਿਰਫ ਸਰਕਾਰੀ ਖ਼ਜ਼ਾਨਾ ਹੀ ਲੈ ਕੇ ਜਾਵਾਂਗੇ ਕਿ ਉਹ ਗੱਡੀ ਤੋਂ ਹੇਠਾਂ ਨਾ ਉਤਰਨ।'' ਇਸ ਤਰ੍ਹਾਂ 10 ਨੌਜਵਾਨਾਂ ਜਿਨ੍ਹਾਂ 'ਚੋਂ ਬਹੁਤਿਆਂ ਦੀ ਉਮਰ 20-22 ਸਾਲ ਸੀ, ਨੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ। ਲੋਕ ਸੋਚਦੇ ਸਨ ਕਿ ਇਸ ਕਾਰਵਾਈ ਵਿੱਚ ਘੱਟੋ-ਘੱਟ 40 ਆਦਮੀ ਸ਼ਾਮਲ ਹੋਣਗੇ।
      ਕਈ ਦਿਨ ਤੱਕ ਪੁਲੀਸ ਨੂੰ ਇਸ ਘਟਨਾ ਦੀ ਕੋਈ ਕੋਈ ਉੱਘ-ਸੁੱਘ ਨਾ ਲੱਗੀ। ਆਖਰ ਮਹੀਨੇ ਪਿੱਛੋਂ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਹੋਈਆਂ। 44 ਨੌਜਵਾਨ ਨੂੰ ਫੜਿਆ ਗਿਆ। ਅੰਤ ਮਾਮਲਾ ਬਕਾਇਦਾ 4 ਜਨਵਰੀ 1926 ਨੂੰ ਸ਼ੁਰੂ ਹੋਇਆ। 15 ਨੌਜਵਾਨਾਂ ਨੂੰ ਪਹਿਲੀ ਪੁੱਛਗਿੱਛ ਦੌਰਾਨ ਹੀ ਛੱਡ ਦਿੱਤਾ ਗਿਆ, ਦੋ ਵਾਅਦਾ ਮੁਆਫ ਬਣ ਗਏ। ਬਾਕੀ ਕ੍ਰਾਂਤੀਕਾਰੀਆਂ 'ਚੋਂ ਦੋ ਨੂੰ ਸਪੈਸ਼ਲ ਮੈਜਿਸਟਰੇਟ ਵੱਲੋਂ ਛੱਡ ਦਿੱਤਾ ਗਿਆ। 24 ਨੌਜਵਾਨਾਂ 'ਤੇ ਕੇਸ ਚਲਾਇਆ ਗਿਆ, ਜਿਨਾਂ 'ਚੋਂ ਚੰਦਰ ਸ਼ੇਖਰ ਆਜ਼ਾਦ, ਅਸ਼ਫਾਕ ਉੱਲਾ ਖਾਂ ਤੇ ਸਚਿੰਦਰ ਨਾਥ ਬਖਸ਼ੀ ਫਰਾਰ ਕਰਾਰ ਦਿੱਤੇ ਗਏ। 21 ਮਈ 1926 ਨੂੰ ਮੁਕੱਦਮੇ ਦੀ ਸੁਣਵਾਈ ਲਖਨਊ ਸੈਸ਼ਨ ਕੋਰਟ ਦੇ ਸਪੈਸ਼ਲ ਜੱਜ ਕੋਲ ਸ਼ੁਰੂ ਹੋਈ। ਸਾਲ ਕੇਸ ਚੱਲਿਆ। 6 ਅਪਰੈਲ 1927 ਨੂੰ ਸੈਸ਼ਨ ਜੱਜ ਨੇ ਆਪਣੈ ਫ਼ੈਸਲੇ ਰਾਹੀਂ ਰਾਮ ਪ੍ਰਸਾਦ ਬਿਸਮਿਲ ਤੇ ਰਾਜਿੰਦਰ ਲਹਿਰੀ ਨੂੰ ਫਾਂਸੀ ਦੀ ਸਜ਼ਾ ਤੇ ਬਾਕੀਆਂ ਨੂੰ ਲੰਮੀ ਕੈਦ ਦੀਆਂ ਸਜ਼ਾਵਾਂ ਸੁਣਾਈਆਂ। ਹਰਿਗੋਵਿੰਦ ਤੇ ਸਚਿੰਦਰ ਨਾਥ ਬਖਸ਼ੀ ਛੱਡ ਦਿੱਤੇ। ਸੈਸ਼ਨ ਜੱਜ ਨੇ ਨਾਲ ਹੀ ਕਿਹਾ ਕਿ ਫਾਂਸੀ ਦੀ ਸਜ਼ਾ ਚੀਫ ਕੋਰਟ ਦੀ ਆਗਿਆ ਨਾਲ ਹੋਵੇਗੀ। ਇਸੇ ਦੌਰਾਨ ਅਸ਼ਫਾਕ ਉੱਲਾ ਖਾਂ ਵੀ ਫੜੇ ਗਏ। 22 ਅਗਸਤ 1927 ਨੂੰ ਚੀਫ ਕੋਰਟ ਨੇ ਫੈਸਲਾ ਸੁਣਾ ਦਿੱਤਾ। ਚਾਰ ਨੌਜਵਾਨਾਂ ਰਾਮ ਪ੍ਰਸਾਦ ਬਿਸਮਿਲ, ਰਾਜਿੰਦਰ ਨਾਥ ਲਹਿਰੀ, ਅਸ਼ਫਾਕ ਉੱਲਾ ਖਾਂ ਤੇ ਰੌਸ਼ਨ ਸਿੰਘ ਨੂੰ ਫਾਂਸੀ ਦੀ ਸਜ਼ਾ ਤੇ ਯੋਗੇਸ਼ ਚੈਟਰਜੀ, ਗੋਵਿੰਦਚਰਨ ਕਾਰ, ਮੁਕੰਦੀਲਾਲ, ਸਚਿੰਦਰ ਨਾਥ ਸਨਿਆਲ ਨੂੰ ਉਮਰ ਕੈਦ, ਕਾਲੇ ਪਾਣੀ ਤੇ ਬਾਕੀ 9 ਜਣਿਆਂ ਨੂੰ 5 ਤੋਂ 10 ਸਾਲ ਦੀਆਂ ਸਜ਼ਾਵਾਂ ਦੇ ਦਿੱਤੀਆਂ।
     ਅੰਤ 17 ਦਸੰਬਰ 1927 ਨੂੰ ਰਾਜਿੰਦਰ ਨਾਥ ਲਹਿਰੀ ਗੌਂਡਾ ਜੇਲ੍ਹ ਵਿੱਚ ਅਤੇ ਦੋ ਦਿਨ ਬਾਅਦ 19 ਦਸੰਬਰ ਨੂੰ ਰੌਸ਼ਨ ਸਿੰਘ ਨੈਨੀ (ਇਲਾਹਬਾਦ), ਅਸ਼ਫਾਕ ਉੱਲਾ ਖਾਂ ਫੈਜਾਬਾਦ ਜੇਲ੍ਹ ਤੇ ਰਾਮ ਪ੍ਰਸਾਦ ਬਿਸਮਿਲ ਗੋਰਖਪੁਰ ਜੇਲ੍ਹ ਵਿੱਚ ਹੱਸਦੇ ਹੋਏ ਫਾਂਸੀ ਦੇ ਰੱਸਿਆਂ ਨੂੰ ਆਪਣਿਆਂ ਗਲਾਂ ਵਿੱਚ ਪਾ ਕੇ ਦੇਸ਼ ਦੀ ਆਜ਼ਾਦੀ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਕੇ ਕੀਤਾ ਵਾਅਦਾ ਨਿਭਾਅ ਗਏ :


ਅਪਨੇ ਹੀ ਹਾਥੋਂ ਸੇ ਸਿਰ ਕਟਾਨਾ ਹੈ ਹਮੇਂ,
ਮਾਦਰੇ ਹਿੰਦ ਕੋ ਸਰ ਭੇਂਟ ਚੜਾਨਾ ਹੈ ਹਮੇਂ।

ਲੋੜ ਹੈ ਇਹੋ ਜਿਹੇ ਸੂਰਬੀਰ ਨੌਜਵਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦੀ, ਉਨ੍ਹਾਂ ਦੇ ਪਰਿਵਾਰਿਕ ਵਾਰਸਾਂ ਦੀ ਸਾਰ ਲੈਣ ਅਤੇ ਦੇਸ਼ ਪ੍ਰਤੀ ਲਏ ਗਏ ਉਨ੍ਹਾਂ ਦੇ ਅਧੂਰੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਰਲ ਮਿਲ ਕੇ ਉਪਰਾਲੇ ਕਰਨ ਦੀ।

ਸੰਪਰਕ : 98766-98068