ਕਾਲੇਪਾਣੀ ਦਾ ਫਰਿਸ਼ਤਾ ਡਾ. ਦੀਵਾਨ ਸਿੰਘ – ਜਸਵੰਤ ਸਿੰਘ ਜ਼ਫਰ
ਪੱਛਮੀ ਪੰਜਾਬ ਦੇ ਸਿਆਲਕੋਟ ਜ਼ਿਲ੍ਹੇ ਦੇ ਗੋਲਤੀਆਂ ਪਿੰਡ ਵਿਖੇ 1897 ਵਿਚ ਜਨਮੇ ਦੀਵਾਨ ਸਿੰਘ ਦੇ ਬਚਪਨ ਵਿਚ ਹੀ ਉਸ ਦੇ ਮਾਪੇ ਚਲਾਣਾ ਕਰ ਗਏ, ਚਾਚੇ ਅਤੇ ਦਾਦੀ ਨੇ ਪਾਲਿਆ, ਪੜ੍ਹਾਇਆ। ਨਾਲ ਦੇ ਪਿੰਡ ਦੇ ਸਕੂਲ ਤੋਂ ਮੁੱਢਲੀ ਸਿੱਖਿਆ ਉਪਰੰਤ ਇਸਾਈ ਮਿਸ਼ਨਰੀਆਂ ਵੱਲੋਂ ਡਸਕੇ ਵਿਖੇ ਚਲਾਏ ਜਾਂਦੇ ਸਕਾਚ ਮਿਡਲ ਸਕੂਲ ਵਿੱਚ ਦਾਖਲਾ ਲਿਆ। ਪੜ੍ਹਾਈ ਦੇ ਨਾਲ ਨਾਲ ਉਸ ਭਾਸ਼ਣ ਮੁਕਾਬਲਿਆਂ, ਡਿਬੇਟ ਅਤੇ ਨਾਟਕਾਂ ਵਿਚ ਵੀ ਹਿੱਸਾ ਲਿਆ, ਸਕੂਲ ਦਾ ਸਿਤਾਰਾ ਬਣ ਗਿਆ। ਉਸ ਨੂੰ ਇਸਾਈਆਂ ਵਿਚ ਜਾਤੀ ਵਿਤਕਰਾ ਨਾ ਹੋਣਾ ਬਹੁਤ ਚੰਗਾ ਲੱਗਦਾ। ਉਸ ਦੇ ਦਿਲ ਨੂੰ ਪ੍ਰਭੂ ਯਸੂ ਮਸੀਹ ਦੀਆਂ ਦੁਖੀਆਂ ਦੁਖਿਆਰਿਆਂ ਪ੍ਰਤੀ ਕਰੁਣਾ ਦੀਆਂ ਕਥਾਵਾਂ ਵੀ ਬਹੁਤ ਟੁੰਬਦੀਆਂ ਸਨ। ਬਾਲਕ ਦੀਵਾਨ ਸਿੰਘ ਇਹ ਪ੍ਰਭਾਵ ਘਰਦਿਆਂ ਨਾਲ ਸਾਂਝੇ ਕਰਦਾ ਤਾਂ ਉਨ੍ਹਾਂ ਨੂੰ ਸ਼ੰਕਾ ਹੁੰਦਾ, ‘‘ਮੁੰਡਾ ਕਿਤੇ ਇਸਾਈ ਹੀ ਨਾ ਬਣ ਜਾਵੇ!’’ ਇਸੇ ਡਰੋਂ ਉਸ ਨੂੰ ਅਗਲੀਆਂ ਜਮਾਤਾਂ ਵਿਚ ਪੜ੍ਹਨ ਲਈ ਸਿਆਲਕੋਟ ’ਚ ਨਵੇਂ ਖੁੱਲ੍ਹੇ ਖਾਲਸਾ ਹਾਈ ਸਕੂਲ ਵਿਚ ਦਾਖਲ ਕਰਾ ਦਿੱਤਾ ਗਿਆ। ਇਸ ਦੌਰਾਨ ਵੀ ਉਸ ਦੀ ਦੁਖੀਆਂ ਰੋਗੀਆਂ ਪ੍ਰਤੀ ਸੇਵਾ ਦੀ ਭਾਵਨਾ ਪ੍ਰਬਲ ਹੁੰਦੀ ਰਹੀ। ਇਸ ਲਈ ਉਹ ਡਾਕਟਰੀ ਦੀ ਪੜ੍ਹਾਈ ਲਈ ਆਗਰੇ ਦੇ ਮੈਡੀਕਲ ਕਾਲਜ ਵਿਚ ਪੜ੍ਹਨ ਚਲਾ ਗਿਆ। ਇੱਥੋਂ ਦੇ ਇਤਿਹਾਸਕ ਸਥਾਨਾਂ ਨੇ ਉਸ ਨੂੰ ਇਤਿਹਾਸ ਅਤੇ ਵੱਖ ਵੱਖ ਧਰਮਾਂ ਦੇ ਅਧਿਐਨ ਦੀ ਚੇਟਕ ਲਾ ਦਿੱਤੀ।
ਚਾਰ ਸਾਲ ਡਾਕਟਰੀ ਦੀ ਪੜ੍ਹਾਈ ਪੂਰੀ ਕਰਕੇ 1919 ਵਿਚ ਇੰਡੀਅਨ ਮੈਡੀਕਲ ਸਰਵਿਸਜ਼ ਤਹਿਤ ਫ਼ੌਜ ਵਿਚ ਡਾਕਟਰ ਵਜੋਂ ਨੌਕਰੀ ਸ਼ੁਰੂ ਕੀਤੀ। ਪਹਿਲੀ ਨਿਯੁਕਤੀ ਰਾਵਲਪਿੰਡੀ ਵਿਖੇ ਹੋਈ। ਉਹ ਵੱਖ ਵੱਖ ਜਾਤਾਂ ਤੇ ਮਜ਼ਹਬਾਂ ਦੇ ਮਰੀਜ਼ਾਂ ਦੀ ਦੇਖਭਾਲ ਸਰਕਾਰੀ ਡਾਕਟਰ ਦੀ ਬਜਾਏ ਸੇਵਾਦਾਰ ਵਾਂਗ ਬਿਨਾਂ ਵਿਤਕਰੇ ਕਰਦੇ। ਜਦੋਂ ਲਾਹੌਰ ਨਿਯੁਕਤੀ ਹੋਈ ਤਾਂ ਵੱਡੇ ਕਵੀਆਂ, ਲੇਖਕਾਂ ਅਤੇ ਚਿੰਤਕਾਂ ਨਾਲ ਮੇਲ ਮਿਲਾਪ ਦੇ ਮੌਕੇ ਮਿਲੇ। ਮਹਾਤਮਾ ਗਾਂਧੀ ਦੇ ਸਮਰਥਕ ਵਿਚਾਰਵਾਨਾਂ ਦੀ ਸੰਗਤ ਨਾਲ ਉਹ ਪੂਰਨ ਸਵਰਾਜ ਦੇ ਵਿਚਾਰ ਦੇ ਧਾਰਨੀ ਬਣ ਗਏ। ਆਪਣੀ ਨੌਕਰੀ ਦੇ ਸਮੇਂ ਤੋਂ ਬਾਅਦ ਸਥਾਨਕ ਲੋਕਾਂ ਦਾ ਸੇਵਾ ਭਾਵਨਾ ਨਾਲ ਮੁਫ਼ਤ ਇਲਾਜ ਕਰਦੇ, ਦਵਾ ਦਾਰੂ ਦਾ ਕੋਈ ਪੈਸਾ ਨਾ ਲੈਂਦੇ। ਉਹ ਮਹਾਤਮਾ ਗਾਂਧੀ ਅਤੇ ਸ੍ਰੀ ਜਵਾਹਰ ਲਾਲ ਨਹਿਰੂ ਦੀਆਂ ਦੇਸ਼ ਦੀ ਆਜ਼ਾਦੀ ਬਾਰੇ ਲਿਖਤਾਂ ਪੜ੍ਹਦੇ ਤੇ ਹੋਰਾਂ ਨੂੰ ਪੜ੍ਹਾਉਂਦੇ।
ਜਦੋਂ ਡਗਸ਼ਈ ਵਿਖੇ ਨਿਯੁਕਤ ਸਨ ਤਾਂ ਇੱਥੇ ਇੰਗਲੈਂਡ ਦੇ ਸ਼ਹਿਜ਼ਾਦੇ ਦੀ ਆਮਦ ਨੂੰ ਲੈ ਕੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਡਾਕਟਰ ਦੀਵਾਨ ਸਿੰਘ ਨੇ ਨਾ ਕੇਵਲ ਇਸ ਵਿਚ ਹਿੱਸਾ ਲਿਆ ਸਗੋਂ ਪੂਰਨ ਸਵਰਾਜ ਦੀ ਹਮਾਇਤ ਵਿਚ ਭਾਸ਼ਣ ਵੀ ਦਿੱਤਾ। ਨਤੀਜਾ, ਨੌਕਰੀ ਤੋਂ ਮੁਅੱਤਲੀ, ਗ੍ਰਿਫ਼ਤਾਰੀ ਅਤੇ ਮੁਕੱਦਮਾ। ਪਰ ਉਨ੍ਹਾਂ ਦੀ ਹਰਮਨ ਪਿਆਰਤਾ ਕਾਰਨ ਕਿਸੇ ਨੇ ਉਨ੍ਹਾਂ ਵਿਰੁੱਧ ਗਵਾਹੀ ਨਾ ਦਿੱਤੀ। ਅਦਾਲਤ ਨੂੰ ਬਰੀ ਕਰਨਾ ਪਿਆ ਅਤੇ ਸਰਕਾਰ ਨੂੰ ਉਨ੍ਹਾਂ ਦੀ ਨੌਕਰੀ ਬਹਾਲ ਕਰਨੀ ਪਈ ਪਰ ਸਜ਼ਾ ਦੇ ਤੌਰ ’ਤੇ ਤਬਾਦਲਾ ਦੂਰ ਰੰਗੂਨ (ਬਰਮਾ, ਹੁਣ ਯੈਗੌਂਨ, ਮਿਆਂਮਾਰ) ਵਿਖੇ ਕਰ ਦਿੱਤਾ। ਇਸ ਸਜ਼ਾ ਨਾਲ ਅੰਗਰੇਜ਼ ਸਰਕਾਰ ਦੇ ਸੀਨੇ ਠੰਢ ਨਹੀਂ ਪਈ ਕਿਉਂਕਿ ਡਾ. ਦੀਵਾਨ ਸਿੰਘ ਸਰਕਾਰੀ ਨੌਕਰੀ ਦੇ ਨਾਲ ਨਾਲ ਪ੍ਰਾਈਵੇਟ ਰੋਗੀਆਂ ਦੀ ਸੱਚੇ ਸਿੱਖ ਵਾਂਗ ਜੀਅ ਜਾਨ ਨਾਲ ਸੇਵਾ ਕਰ ਕੇ ਰੂਹਾਨੀ ਆਨੰਦ ’ਚ ਰਹਿੰਦੇ। ਸਰਕਾਰ ਦੀ ਏਨੀ ਕੁ ਸਖ਼ਤੀ ਉਨ੍ਹਾਂ ਅੰਦਰਲੇ ਦੇਸ਼ ਪ੍ਰੇਮ ਅਤੇ ਆਜ਼ਾਦੀ ਪ੍ਰੇਮ ਨੂੰ ਖ਼ਤਮ ਨਾ ਕਰ ਸਕੀ। ਉਨ੍ਹਾਂ ਦੀ ਬਦਲੀ ਦੂਰ ਦੇ ਟਾਪੂ ਅੰਡੇਮਾਨ ਵਿਖੇ ਕਰ ਦਿੱਤੀ।
ਸਫ਼ੈਦ ਕੁੜਤੇ ਅਤੇ ਖੁੱਲ੍ਹੇ ਸਫ਼ੈਦ ਪਜਾਮੇ ਵਾਲੇ ਡਾ. ਦੀਵਾਨ ਸਿੰਘ ਦਾ ਕਾਲੇਪਾਣੀ ਟਾਪੂ ’ਤੇ ਉਤਾਰਾ ਇਕ ਫਰਿਸ਼ਤੇ ਵਾਂਗ ਹੋਇਆ। ਉਨ੍ਹਾਂ ਦੇਖਿਆ ਕਿ ਚੀਫ ਕਮਿਸ਼ਨਰ ਤੋਂ ਲੈ ਕੇ ਹੇਠਲੇ ਸਿਪਾਹੀ ਤੱਕ ਦਾ ਆਮ ਲੋਕਾਂ ਪ੍ਰਤੀ ਸਲੂਕ ਵਧੀਆ ਨਹੀਂ ਸੀ। ਆਮ ਲੋਕ ਜ਼ਿਅਦਾਤਰ ਅੰਡੇਮਾਨ (ਕਾਲੇਪਾਣੀ) ਦੀਆਂ ਸਜ਼ਾਵਾਂ ਕੱਟ ਚੁੱਕੇ ਸਾਬਕਾ ਕੈਦੀ ਸਨ। ਇੱਥੋਂ ਦੇ ਗੁਰਦੁਆਰੇ ਵਿਚ ਵੀ ਸਿਰਫ਼ ਪੁਲੀਸ ਅਤੇ ਦੂਸਰੇ ਸਰਕਾਰੀ ਅਫ਼ਸਰਾਂ ਤੇ ਕਰਮਚਾਰੀਆਂ ਨੂੰ ਹੀ ਵੜਨ ਦੀ ਆਗਿਆ ਸੀ। ਇਸ ਗੱਲ ਨੇ ਡਾਕਟਰ ਕਾਲੇਪਾਣੀ ਦੇ ਮਨ ਨੂੰ ਬਹੁਤ ਪੀੜਤ ਕੀਤਾ ਕਿ ਗੁਰਦੁਆਰਾ ਕੀ ਤੇ ਵਿਤਕਰਾ ਕੀ? ਉਨ੍ਹਾਂ ਸਭ ਨੂੰ ਨਾਲ ਲੈ ਕੇ ਗੁਰਦੁਆਰਾ ਉਸਾਰਨ ਦਾ ਫ਼ੈਸਲਾ ਕੀਤਾ। ਉਸਾਰੀ ਨਿਰੋਲ ਕਾਰ ਸੇਵਾ ਰਾਹੀਂ ਹੋਈ। ਕਿਸੇ ਮਿਸਤਰੀ ਜਾਂ ਮਜ਼ਦੂਰ ਨੇ ਕੋਈ ਉਜ਼ਰਤ ਨਹੀਂ ਲਈ। ਡਿਪਟੀ ਕਮਿਸ਼ਨਰ ਦੀ ਆਗਿਆ ਨਾਲ ਸਜ਼ਾਵਾਂ ਕੱਟ ਰਹੇ ਬਹੁਤ ਸਾਰੇ ਕੈਦੀਆਂ ਨੇ ਵੀ ਪ੍ਰੇਮ ਸਹਿਤ ਇਸ ਕਾਰਜ ਵਿਚ ਹਿੱਸਾ ਲਿਆ। ਸਰਕਾਰੀ ਇਮਾਰਤਾਂ ਦੀ ਉਸਾਰੀ ਤੋਂ ਬਚੀ ਰਹਿੰਦ-ਖੂੰਹਦ ਲੱਕੜ ਇਸ ਦੀ ਵਰਤੋਂ ਵਿਚ ਲਿਆਂਦੀ ਗਈ (ਗੁਰਦੁਆਰੇ ਦੇ ਖੁੱਲ੍ਹੇ ਵਰਾਂਡੇ ਦੀਆਂ ਜੋੜਾਂ ਵਾਲੀਆਂ ਲੱਕੜ ਦੀਆਂ ਥੰਮੀਆਂ ਅੱਜ ਵੀ ਇਸ ਗੱਲ ਦੀ ਗਵਾਹੀ ਭਰਦੀਆਂ ਹਨ)। ਉਸਾਰੀ ਦੇ ਹੋਰ ਸਾਮਾਨ ਲਈ ਪੈਸੇ ਚਾਹੀਦੇ ਸਨ। ਡਾ. ਕਾਲੇਪਾਣੀ ਨੇ ਕਦੇ ਕਿਸੇ ਮਰੀਜ਼ ਤੋਂ ਇਲਾਜ ਦਾ ਇਕ ਪੈਸਾ ਨਹੀਂ ਸੀ ਲਿਆ। ਉਨ੍ਹਾਂ ਨੇ ਹਰੇਕ ਨੂੰ ਆਪਣੀ ਸ਼ਰਧਾ ਅਤੇ ਸਮਰੱਥਾ ਅਨੁਸਾਰ ਯੋਗਦਾਨ ਪਾਉਣ ਲਈ ਕਿਹਾ। ਇਕ ਸਾਲ ਵਿਚ ਇਮਾਰਤ ਤਿਆਰ ਹੋ ਗਈ। ਪ੍ਰਬੰਧਕੀ ਕਮੇਟੀ ਵਿਚ 11 ਸਿੱਖ, 10 ਹਿੰਦੂ, 2 ਮੁਸਲਮਾਨ ਅਤੇ ਇੱਕ ਇਸਾਈ ਭਾਈਚਾਰੇ ਨਾਲ ਸਬੰਧਿਤ ਸੱਜਣ ਰੱਖੇ ਗਏ। ਪੋਰਟ ਬਲੇਅਰ ਦਾ ਇਹ ਗੁਰਦੁਆਰਾ ਗੁਰਬਾਣੀ ਪਾਠ, ਕਥਾ, ਕੀਰਤਨ ਦੇ ਨਾਲ ਨਾਲ ਸਾਂਝੇ ਤਿਉਹਾਰ ਮਨਾਉਣ ਅਤੇ ਸਾਂਝੀਆਂ ਸਭਾਵਾਂ ਕਰਨ ਵਾਲਾ ਸਥਾਨ ਬਣ ਗਿਆ।
ਡਾ. ਦੀਵਾਨ ਸਿੰਘ ਕਾਲੇਪਾਣੀ ਦਾ ਅਗਲਾ ਟੀਚਾ ਅੰਡੇਮਾਨ ਵਿਚ ਵਿਦਿਆ ਦੇ ਪਸਾਰ ਲਈ ਮੁੰਡੇ ਕੁੜੀਆਂ ਲਈ ਸਾਂਝਾ ਸਕੂਲ ਤਿਆਰ ਕਰਨਾ ਸੀ ਜਿਸ ਵਿਚ ਦੂਰ ਦੁਰਾਡੇ ਦੇ ਬੱਚਿਆਂ ਦੇ ਠਹਿਰਨ ਲਈ ਹੋਸਟਲ ਦਾ ਪ੍ਰਬੰਧ ਵੀ ਹੋਵੇ। ਉਨ੍ਹਾਂ ਦਾ ਦ੍ਰਿੜ੍ਹ ਵਿਚਾਰ ਸੀ ਕਿ ਸਿੱਖਿਆ ਆਪਣੀ ਬੋਲੀ ਵਿਚ ਦਿੱਤੀ ਜਾਣੀ ਚਾਹੀਦੀ ਹੈ। ਪਹਿਲਾਂ ਹਿੰਦੀ ਮਾਧਿਅਮ ਸਕੂਲ ਸ਼ੁਰੂ ਕੀਤਾ। ਫਿਰ ਪੰਜਾਬੀ, ਤਾਮਿਲ, ਬੰਗਾਲੀ ਅਤੇ ਉਰਦੂ ਸਕੂਲ ਸ਼ੁਰੂ ਕੀਤੇ। ਕੰਮਕਾਜੀ ਬਾਲਗਾਂ ਲਈ ਈਵਨਿੰਗ ਸਕੂਲ ਚਲਾਇਆ। ਮੁਟਿਆਰਾਂ ਨੂੰ ਸਿਲਾਈ-ਕਢਾਈ ਅਤੇ ਹੋਰ ਹੁਨਰ ਸਿਖਾਉਣ ਵਾਲਾ ਵੋਕੇਸ਼ਨ ਸਕੂਲ ਸਥਾਪਤ ਕੀਤਾ। ਇੰਜ ਪੋਰਟ ਬਲੇਅਰ ਦੇ ਗੁਰਦੁਆਰੇ ਦੀ ਛਤਰ ਛਾਇਆ ਹੇਠ ਕਈ ਸਕੂਲ ਚੱਲਣ ਲੱਗੇ। ਗੁਰਦੁਆਰੇ ਦੇ ਨਾਲ ਲੱਗਦੀ ਜ਼ਮੀਨ ਵਿਚ ਮੁੰਡੇ ਕੁੜੀਆਂ ਦੇ ਖੇਡਣ ਲਈ ਵਿਸ਼ਾਲ ਮੈਦਾਨ ਤਿਆਰ ਕਰਾਇਆ। ਇਕ ਲਾਇਬ੍ਰੇਰੀ ਵੀ ਸਥਾਪਤ ਕੀਤੀ ਜਿਸ ਨੂੰ ਬਾਅਦ ਵਿਚ ਦੂਰ ਦਰਾਜ਼ ਲੋਕਾਂ ਤੱਕ ਪਹੁੰਚਣ ਵਾਲੀ ਚਲਦੀ ਫਿਰਦੀ ਲਾਇਬ੍ਰੇਰੀ ਬਣਾਇਆ ਗਿਆ। ਇੰਜ ਬੜੇ ਥੋੜ੍ਹੇ ਸਮੇਂ ਵਿਚ ਪੋਰਟ ਬਲੇਅਰ ਦਾ ਗੁਰਦੁਆਰਾ ਧਾਰਮਿਕ ਸਰਗਰਮੀਆਂ ਦੇ ਨਾਲ ਨਾਲ ਇਲਾਕੇ ਵਿਚ ਸਮਾਜਿਕ, ਸੱਭਿਆਚਾਰਕ ਅਤੇ ਵਿਦਿਅਕ ਕ੍ਰਾਂਤੀ ਦਾ ਧੁਰਾ ਬਣ ਗਿਆ। ਆਪਣੀ ਬੋਲੀ ਅਤੇ ਸਾਹਿਤ ਪ੍ਰਤੀ ਲਗਾਓ ਤੇ ਪ੍ਰੇਮ ਹੋਣ ਦੇ ਨਤੀਜੇ ਵਜੋਂ ਡਾ. ਦੀਵਾਨ ਸਿੰਘ ਨੇ ਪੰਜਾਬੀ ਸੋਸਾਇਟੀ ਦਾ ਗਠਨ ਕੀਤਾ। ਉਨ੍ਹਾਂ ਦੀ ਸ਼ਾਇਰੀ ਦੀ ਕਿਤਾਬ ‘ਵਗਦੇ ਪਾਣੀ’ ਛਪੀ ਅਤੇ ਆਪਣੇ ਨਾਂ ਨਾਲ ਕਾਲੇਪਾਣੀ ਤਖ਼ੱਲਸ ਲਿਖਣਾ ਸ਼ੁਰੂ ਕੀਤਾ। ਉਨ੍ਹਾਂ ਦੀਆਂ ਲਿਖਤਾਂ ਇਧਰਲੇ ਪੰਜਾਬੀ ਅਖ਼ਬਾਰਾਂ ਰਸਾਲਿਆਂ ਵਿਚ ਛਪਦੀਆਂ ਤਾਂ ਉਨ੍ਹਾਂ ਦਾ ਚਿੱਤ ਬਹੁਤ ਖ਼ੁਸ਼ ਹੁੰਦਾ। ਗਾਂਧੀ ਨਹਿਰੂ ਬਾਰੇ ਉਨ੍ਹਾਂ ਦੀਆਂ ਲਿਖਤਾਂ ਕਾਰਨ ਉਨ੍ਹਾਂ ਨੂੰ ਇਕ ਵਾਰ ਪੁੱਛਗਿੱਛ ਲਈ ਸਜ਼ਾ ਕੇਂਦਰ ਵੀ ਲਿਜਾਇਆ ਗਿਆ।
ਅੰਗਰੇਜ਼ੀ ਸਰਕਾਰ ਅਤੇ ਅਫ਼ਸਰਾਂ ਦਾ ਉਨ੍ਹਾਂ ਪ੍ਰਤੀ ਰਵੱਈਆ ਬੜਾ ਜਟਿਲ ਭਾਂਤ ਦਾ ਸੀ। ਪੇਸ਼ੇ ਪ੍ਰਤੀ ਸਿਖਰ ਦੀ ਸੁਹਿਰਦਤਾ ਅਤੇ ਯੋਗਤਾ ਕਰਕੇ ਉਨ੍ਹਾਂ ਦੀ ਕਦਰ ਅਤੇ ਆਦਰ ਕਰਦੇ। ਆਪਣੇ ਲੋਕਾਂ ਵਿਚ ਵਿਦਿਆ, ਬਰਾਬਰੀ ਅਤੇ ਸਾਂਝ ਦਾ ਸੰਚਾਰ ਕਰਨ ਕਰਕੇ ਉਨ੍ਹਾਂ ਨੂੰ ਨਫ਼ਰਤ ਕਰਦੇ। ਜਨਤਾ ਵਿਚ ਉਨ੍ਹਾਂ ਦੀ ਹਰਮਨ ਪਿਆਰਤਾ ਕਰਕੇ ਉਨ੍ਹਾਂ ਨਾਲ ਈਰਖਾ ਕਰਦੇ। ਵਿਹਲੇ ਸਮੇਂ ਵਿਚ ਆਪਣੀ ਬੋਲੀ ਵਿਚ ਕੁਝ ਨਾ ਕੁਝ ਲਿਖਦੇ (ਸਾਹਿਤ ਸਿਰਜਨਾ) ਰਹਿਣ ਕਰਕੇ ਉਨ੍ਹਾਂ ਤੋਂ ਭੈਅ ਖਾਂਦੇ। ਗੁਰਦੁਆਰੇ ਦੇ ਹਰ ਐਤਵਾਰੀ ਦੀਵਾਨ ਤੋਂ ਬਾਅਦ ਉਹ ਦੂਰ ਨੇੜੇ ਦੇ ਦੋ-ਤਿੰਨ ਪਿੰਡਾਂ ਵਿਚ ਲੋਕਾਂ ਨਾਲ ਮੇਲ ਮਿਲਾਪ ਲਈ ਜਾਂਦੇ। ਦੂਜੀ ਆਲਮੀ ਜੰਗ ਦੌਰਾਨ ਜਦ ਹਿੰਦੋਸਤਾਨ ਵਿਚਲੇ ਬਰਤਾਨਵੀ ਹਾਕਮਾਂ ਨੇ ਇਹ ਭਾਂਪ ਲਿਆ ਕਿ ਉਹ ਅੰਡੇਮਾਨ ਨੂੰ ਜਪਾਨੀਆਂ ਤੋਂ ਬਚਾ ਨਹੀਂ ਸਕਦੇ ਤਾਂ ਉਨ੍ਹਾਂ ਉੱਥੇ ਤਾਇਨਾਤ ਸਾਰੇ ਅਮਲੇ ਨੂੰ ਟਾਪੂ ਛੱਡ ਆਉਣ ਦਾ ਆਦੇਸ਼ ਦਿੱਤਾ, ਪਰ ਦੀਵਾਨ ਸਿੰਘ ਉੱਥੋਂ ਦੇ ਲੋਕਾਂ ਨਾਲ ਜਿਊਣ-ਮਰਨ ਦੀ ਸਾਂਝ ਬਣਾ ਚੁੱਕੇ ਸਨ। ਉਨ੍ਹਾਂ ਔਖੇ ਸਮੇਂ ਸਥਾਨਕ ਲੋਕਾਂ ਦੇ ਅੰਗ-ਸੰਗ ਰਹਿਣ ਦਾ ਫ਼ੈਸਲਾ ਕੀਤਾ।
ਤੇਈ ਮਾਰਚ 1942 ਨੂੰ ਜਪਾਨੀ ਸੈਨਾ ਨੇ ਅੰਡੇਮਾਨ ਦੀ ਧਰਤੀ ’ਤੇ ਪੈਰ ਰੱਖਿਆ ਅਤੇ ਤਿੰਨ ਦਿਨ ਵਿਚ ਮੁਕੰਮਲ ਕਬਜ਼ਾ ਜਮਾ ਲਿਆ। ਲੋਕਾਂ ਨੇ ਤੁਰੰਤ ਸਰਬਸੰਮਤੀ ਨਾਲ ਡਾ. ਦੀਵਾਨ ਸਿੰਘ ਨੂੰ ਆਪਣਾ ਬੁਲਾਰਾ ਮਿਥ ਲਿਆ। ਉਨ੍ਹਾਂ ਦੀ ਅਗਵਾਈ ਵਿਚ ਮਿਲੇ ਡੈਲੀਗੇਸ਼ਨ ਨੂੰ ਜਪਾਨੀ ਕਮਾਂਡਰ ਨੇ ਕਿਹਾ ਕਿ ਉਹ ਏਸ਼ਿਆਈ ਦੇਸ਼ਾਂ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਸਹਿਯੋਗ ਦਿੱਤਾ ਜਾਵੇ। ਡਾ. ਸਾਹਿਬ ਨੂੰ ਵੀ ਆਪਣੇ ਲੋਕਾਂ ਦੀ ਦਸ਼ਾ ਸੁਧਾਰਨ ਹਿਤ ਪਰਸਪਰ ਸਹਿਯੋਗ ਦਾ ਰਸਤਾ ਠੀਕ ਲੱਗਾ। ਮੀਟਿੰਗ ਉਪਰੰਤ ਉਨ੍ਹਾਂ ਆਪਣੇ ਲੋਕਾਂ ਨੂੰ ਕਿਹਾ, ‘‘ਜਪਾਨੀ ਵੀ ਸਾਡੇ ਵਾਂਗ ਏਸ਼ੀਅਨ ਹਨ, ਅੰਗਰੇਜ਼ ਬਾਹਰਲੇ ਹਨ। ਅਸੀਂ ਹੁਣ ਤੱਕ ਲੰਮੀ ਜੱਦੋਜਹਿਦ ਦੇ ਬਾਵਜੂਦ ਆਪਣੇ ਆਪ ਨੂੰ ਆਜ਼ਾਦ ਕਰਾਉਣ ਵਿਚ ਸਫ਼ਲ ਨਹੀਂ ਹੋ ਸਕੇ। ਇਨ੍ਹਾਂ ਨੇ ਆਜ਼ਾਦੀ ਲਈ ਸਾਡੀ ਮੱਦਦ ਕਰਨ ਦਾ ਵਾਅਦਾ ਕੀਤਾ ਹੈ। ਇਸ ਲਈ ਅਸੀਂ ਇਨ੍ਹਾਂ ’ਤੇ ਭਰੋਸਾ ਕਰਦੇ ਹੋਏ ਇਨ੍ਹਾਂ ਨਾਲ ਸਹਿਯੋਗ ਕਰਾਂਗੇ ਪਰ ਯਾਦ ਰੱਖੋ ਕਿ ਸਾਨੂੰ ਆਜ਼ਾਦੀ ਕਿਸੇ ਨੇ ਥਾਲੀ ਵਿਚ ਪਰੋਸ ਕੇ ਨਹੀਂ ਦੇਣੀ। ਸਾਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣਾ ਤੇ ਅੱਗੇ ਵਧਣਾ ਪੈਣਾ ਹੈ। ਆਜ਼ਾਦੀ ਲਈ ਹਰ ਕੁਰਬਾਨੀ ਲਈ ਤਿਆਰ ਹੋਣਾ ਪੈਣਾ ਹੈ।’’ ਅਗਲੀਆਂ ਘਟਨਾਵਾਂ ਗਵਾਹ ਹਨ ਕਿ ਜਾਪਾਨੀਆਂ ਨੂੰ ਇਹ ਰੜਕਵੇਂ ਬੋਲ ਬਹੁਤ ਚੁੱਭੇ ਪਰ ਪੈਰ ਜਮਾਉਣ ਲਈ ਉਨ੍ਹਾਂ ਦਾ ਸਹਿਯੋਗ ਅਤੇ ਸਹਾਇਤਾ ਜ਼ਰੂਰੀ ਸੀ। ਉਨ੍ਹਾਂ ਨੂੰ ਚੀਫ ਮੈਡੀਕਲ ਅਫ਼ਸਰ ਹੋਣ ਦੇ ਨਾਲ ਨਾਲ ਰੈੱਡ ਕਰਾਸ, ਅਮਨ ਕਮੇਟੀ, ਲੋਕ ਭਲਾਈ ਵਿਭਾਗ ਆਦਿ ਦੇ ਮੁਖੀ ਬਣਾਇਆ ਗਿਆ। ਉਨ੍ਹਾਂ ਇਹ ਸਵੀਕਾਰ ਕਰ ਲਿਆ ਕਿ ਉਹ ਆਪਣੇ ਲੋਕਾਂ ਦੇ ਜੀਵਨ ਸੁਧਾਰਨ ਵਿਚ ਯੋਗਦਾਨ ਪਾ ਸਕਣਗੇ।
ਇਹ ਸਭ ਥੋੜ੍ਹੀ ਦੇਰ ਹੀ ਠੀਕ ਠਾਕ ਚੱਲਿਆ। ਆਪਣੀ ਹਕੂਮਤ ਸਥਾਪਤ ਕਰਨ ਦੀ ਮਨਸ਼ਾ ਨਾਲ ਜਪਾਨੀਆਂ ਨੇ ਦਮਨ ਸ਼ੁਰੂ ਕਰ ਦਿੱਤਾ। ਬਦਮਾਸ਼ਾਂ ਦੀ ਸਰਪ੍ਰਸਤੀ ਕਰਨ, ਔਰਤਾਂ ਨੂੰ ਬੇਇੱਜ਼ਤ ਕਰਨ, ਲੋਕਾਂ ਦੀਆਂ ਜਾਇਦਾਦਾਂ ਸਾੜਨ, ਕੁੜੀਆਂ ਨੂੰ ਦੇਹ ਵਪਾਰ ਲਈ ਮਜਬੂਰ ਕਰਨ ਵਰਗੀਆਂ ਘਟਨਾਵਾਂ ਆਮ ਹੋਣ ਲੱਗੀਆਂ। ਡਾ. ਦੀਵਾਨ ਸਿੰਘ ਇਨ੍ਹਾਂ ਗੱਲਾਂ ਦਾ ਵਿਰੋਧ ਕਰਦੇ, ਰੋਸ ਜਤਾਉਂਦੇ ਪਰ ਕੋਈ ਅਸਰ ਨਾ ਹੁੰਦਾ। ਉਨ੍ਹਾਂ ਇੰਡੀਅਨ ਇੰਡੀਪੈਂਡੈਂਸ ਲੀਗ ਦੀ ਸਥਾਨਕ ਸ਼ਾਖਾ, ਆਜ਼ਾਦ ਹਿੰਦ ਫ਼ੌਜ ਦੀ ਟੁਕੜੀ ਅਤੇ ਸਥਾਨਕ ਸੇਵਾ ਸੰਮਤੀ ਗਠਿਤ ਕੀਤੀਆਂ। ਗੁਰਦੁਆਰੇ ਵਿਚ ਰਾਸ਼ਟਰੀ ਮਹੱਤਵ ਦੇ ਦਿਹਾੜੇ ਮਨਾਉਣੇ, ਕਵੀ ਦਰਬਾਰ ਕਰਾਉਣੇ ਅਤੇ ਹੋਰ ਸਰਗਰਮੀਆਂ ਜਾਰੀ ਰੱਖੀਆਂ। ਜਪਾਨੀਆਂ ਨੂੰ ਇਹ ਕਾਰਵਾਈਆਂ ਹਰਗਿਜ਼ ਨਹੀਂ ਸਨ ਭਾਉਂਦੀਆਂ। ਖਿਝੇ ਹੋਏ ਜਪਾਨੀ ਹਾਕਮਾਂ ਨੇ ਪਹਿਲਾਂ ਉਨ੍ਹਾਂ ਨੂੰ ਗੁਰਦੁਆਰੇ ਦੀ ਇਮਾਰਤ ਜਪਾਨੀਆਂ ਦੇ ਵਿਲਾਸ ਲਈ ਕੋਰੀਆ ਤੋਂ ਲਿਆਂਦੀਆਂ ਸੁੰਦਰੀਆਂ ਦੀ ਰਿਹਾਇਸ਼ ਵਾਸਤੇ ਖਾਲੀ ਕਰਨ ਅਤੇ ਫਿਰ ਆਪਣੇ ਸਟਾਕ ਵਿਚਲੀਆਂ ਸਾਰੀਆਂ ਦਵਾਈਆਂ ਸਿਰਫ਼ ਜਪਾਨੀਆਂ ਦੇ ਇਲਾਜ ਲਈ ਵਰਤਣ ਦਾ ਹੁਕਮ ਦਿੱਤਾ। ਉਨ੍ਹਾਂ ਨੇ ਦੋਵੇਂ ਹੁਕਮ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਆਖ਼ਰੀ ਇਮਤਿਹਾਨ ਵਜੋਂ ਜਪਾਨੀਆਂ ਨੇ ਉਨ੍ਹਾਂ ਨੂੰ ਹਿੰਦੋਸਤਾਨੀ ਆਗੂਆਂ ਖ਼ਿਲਾਫ਼ ਲਿਖ ਕੇ ਦਿੱਤਾ ਭਾਸ਼ਣ ਰੇਡੀਓ ਪੀਨਾਂਗ ਤੋਂ ਪੜ੍ਹਨ ਲਈ ਕਿਹਾ। ਉਨ੍ਹਾਂ ਇਸ ਤੋਂ ਵੀ ਇਨਕਾਰ ਕਰਨਾ ਹੀ ਸੀ। ਜਪਾਨੀਆਂ ਨੇ ਉਨ੍ਹਾਂ ’ਤੇ ਆਪਣਾ ਵਿਰੋਧੀ ਅਤੇ ਦੁਸ਼ਮਣ ਹੋਣ ਦਾ ਪੱਕਾ ਠੱਪਾ ਲਾ ਦਿੱਤਾ। ਇਸ ਸਾਰੀ ਘਟਨਾ ਲੜੀ ਵਿਚ ਇਕ ਹਿੰਦੋਸਤਾਨੀ ਬੰਦੇ ਦਾ ਸਰਗਰਮ ਸਾਜ਼ਿਸ਼ੀ ਹੱਥ ਸੀ ਜੋ ਉਨ੍ਹਾਂ ਦੀ ਥਾਂ ਆਪ ਚੀਫ ਮੈਡੀਕਲ ਅਫ਼ਸਰ ਲੱਗਣਾ ਚਾਹੁੰਦਾ ਸੀ।
ਆਖ਼ਰ ਡਾ. ਦੀਵਾਨ ਸਿੰਘ ’ਤੇ ਜਾਸੂਸੀ ਕਰਨ ਦਾ ਦੋਸ਼ ਲਾ ਕੇ 23 ਅਕਤੂਬਰ 1943 ਨੂੰ ਗ੍ਰਿਫ਼ਤਾਰ ਕਰਕੇ ਉਸੇ ਸੈਲਿਊਲਰ ਜੇਲ੍ਹ ਦੀ ਇਕ ਕਾਲ ਕੋਠੜੀ ਵਿਚ ਡੱਕ ਦਿੱਤਾ ਜਿਸ ਦਾ ਉਨ੍ਹਾਂ ਕੋਲ ਬਤੌਰ ਚੀਫ ਮੈਡੀਕਲ ਅਫ਼ਸਰ ਚਾਰਜ ਸੀ। ਘੋਰ ਅਣਮਨੁੱਖੀ ਤਸ਼ੱਦਦ ਦਾ ਸਿਲਸਿਲਾ ਸ਼ੁਰੂ ਹੋਇਆ। ਪੁੱਠੇ ਲਟਕਾ ਕੇ ਬਿਜਲੀ ਦੇ ਝਟਕੇ ਲਾਏ। ਦਾਹੜੀ ਅਤੇ ਕੇਸਾਂ ਦਾ ’ਕੱਲਾ ’ਕੱਲਾ ਵਾਲ ਨੋਚਿਆ। ਜਗਦੀਆਂ ਮੋਮਬੱਤੀਆਂ ਨਾਲ ਚਮੜੀ ਸਾੜੀ ਗਈ। ਲੋਹੇ ਦੀ ਕੁਰਸੀ ’ਤੇ ਬਿਠਾ ਕੇ ਹੇਠਾਂ ਅੱਗ ਬਾਲ਼ੀ ਗਈ। ਇਹ ਸਾਰਾ ਕੁਝ ਉਨ੍ਹਾਂ ਨੂੰ ਉਹ ਜੁਰਮ ਕਬੂਲ ਕਰਾਉਣ ਦੇ ਨਾਂ ’ਤੇ ਚੱਲਦਾ ਰਿਹਾ ਜੋ ਉਨ੍ਹਾਂ ਕਦੇ ਕੀਤਾ ਨਹੀਂ ਸੀ। ਉਨ੍ਹਾਂ ਇੰਨਾ ਭਿਆਨਕ ਤਸ਼ੱਦਦ ਸਿਦਕੀ ਸਿੱਖ ਵਾਂਗ ਅਡੋਲ ਰਹਿ ਕੇ ਝੱਲਿਆ। ਸਰੀਰ ਦੀਆਂ ਸਾਰੀਆਂ ਹੱਡੀਆਂ ਟੁੱਟ ਗਈਆਂ ਪਰ ਕਦੀ ਹਾਏ ਹਾਏ, ਜਾਂ ਮਰ ਗਿਆ ਦੀ ਬਜਾਏ ਉਨ੍ਹਾਂ ਦੇ ਮੂੰਹੋਂ ਸਿਰਫ਼ ਵਾਹ-ਹੇ-ਗੁਰੂ ਹੀ ਨਿਕਲਿਆ। ਲਗਪਗ 80 ਦਿਨ ਤਸੀਹੇ ਸਹਿੰਦਾ 14 ਜਨਵਰੀ 1944 ਨੂੰ ਗੁਰੂ ਦਾ ਸਿੱਖ ਸਚਾਈ, ਭਲਾਈ, ਆਜ਼ਾਦੀ, ਬਰਾਬਰੀ ਦੇ ਆਦਰਸ਼ਾਂ ਲਈ ਸ਼ਹੀਦ ਹੋ ਗਿਆ।
ਉਸ ਗੁਰਦੁਆਰੇ ਦਾ ਨਾਂ ਹੁਣ ਗੁਰਦੁਆਰਾ ਡਾ. ਦੀਵਾਨ ਸਿੰਘ ਹੈ। ਇੱਥੇ ਸਾਰੇ ਭਾਈਚਾਰਿਆਂ ਦੀ ਸੰਗਤ ਜੁੜਦੀ, ਬਾਣੀ ਸੁਣਦੀ ਤੇ ਸ਼ਬਦ ਪੜ੍ਹਦੀ ਹੈ। ਖਾਲਸਾ ਸਕੂਲ ਹੁਣ ਬਾਰ੍ਹਵੀਂ ਜਮਾਤ ਤੱਕ ਹੈ। ਇੱਥੇ ਬੰਗਾਲੀ, ਤਾਮਿਲ ਅਤੇ ਹੋਰ ਸੱਭਿਆਚਾਰਾਂ ਦੇ ਬੱਚੇ ਪੰਜਾਬੀ ਨੂੰ ਤੀਸਰੀ ਭਾਸ਼ਾ ਦੇ ਤੌਰ ’ਤੇ ਬੜੇ ਚਾਅ ਨਾਲ ਪੜ੍ਹਦੇ ਹਨ। ਗੁਰਦੁਆਰੇ ਦੇ ਪ੍ਰਬੰਧਕ ਅਤੇ ਸੰਗਤ, ਸਕੂਲ ਦੇ ਅਧਿਆਪਕ ਅਤੇ ਬੱਚੇ ਸਭ ਡਾ. ਦੀਵਾਨ ਸਿੰਘ ਦੇ ਪਿਆਰ ਵਿਚ ਭਿੱਜੇ ਪ੍ਰਤੀਤ ਹੁੰਦੇ ਹਨ। ਹਵਾਈ ਅੱਡਾ ਭਾਵੇਂ ਕਿਸੇ ਹੋਰ ਦੇ ਨਾਂ ’ਤੇ ਹੈ ਪਰ ਹਵਾਵਾਂ ਵਿਚ ਨਾਂ ਡਾ. ਦੀਵਾਨ ਸਿੰਘ ਦਾ ਘੁਲਿਆ ਹੋਇਆ ਹੈ। ਇੱਥੋਂ ਦੀ ਮਿੱਟੀ ਦਾ ਕਣ ਕਣ ਅੱਜ ਵੀ ਉਸ ਫਰਿਸ਼ਤੇ ਨੂੰ ਯਾਦ ਕਰਦਾ ਹੈ।
ਸੰਪਰਕ : 96461-01116