Harshwinder

ਅਮਰੀਕਾ-ਚੀਨ ਵਿਚਕਾਰ ਵਧਦਾ ਤਣਾਅ ਆਲਮੀ ਅਮਨ ਲਈ ਖ਼ਤਰਾ - ਹਰਸ਼ਵਿੰਦਰ

ਅਮਰੀਕੀ ਸਾਮਰਾਜ ਇਸ ਸਮੇਂ ਆਪਣੇ ਪੱਛਮੀ ਸਹਿਯੋਗੀਆਂ ਨਾਲ ਮਿਲ ਕੇ ਯੂਕਰੇਨ ਅੰਦਰ ਪਰੌਕਸੀ (ਲੁਕਵੀਂ) ਜੰਗ ਲੜ ਰਿਹਾ ਹੈ। ਇਸ ਜੰਗ ਰਾਹੀਂ ਜਿੱਥੇ ਉਸ ਵੱਲੋਂ ਰੂਸ ਦਾ ਲੱਕ ਤੋੜਨ ਦੇ ਯਤਨ ਜਾਰੀ ਹਨ ਉੱਥੇ ਉਸਨੇ ਪੂਰਬੀ ਯੂਰਪ ਵਿੱਚ ਆਪਣੇ ਪ੍ਰਭਾਵ ਨੂੰ ਵਧਾਇਆ ਹੈ। ਅਮਰੀਕਾ ਨੇ ਨਾਟੋ ਰਾਹੀਂ ਰੂਸ ਖਿਲਾਫ ਜੋ ਸਫਬੰਦੀ ਕੀਤੀ ਹੈ ਉਸਨੂੰ ਉਹ ਹੁਣ ਚੀਨ ਖਿਲਾਫ ਸੇਧਤ ਕਰਨ ਵਿੱਚ ਰੁੱਝਿਆ ਹੋਇਆ ਹੈ। ਜਿੱਥੇ ਰੂਸ ਖਿਲਾਫ ਜੰਗ ਵਿੱਚ ਯੂਕਰੇਨ ਨੂੰ ਧੁਰਾ ਬਣਾਇਆ ਗਿਆ ਉੱਥੇ ਹੁਣ ਚੀਨ ਖਿਲਾਫ ਤਾਇਵਾਨ ਨੂੰ ਹਥਿਆਰ ਬਣਾ ਕੇ ਚੀਨ ਨੂੰ ਘੇਰਨ ਦੀਆਂ ਤਿਆਰੀਆਂ ਤੇਜ਼ ਹੋ ਰਹੀਆਂ ਹਨ।
       ਰੂਸ-ਯੂਕਰੇਨ ਜੰਗ ਵਿੱਚ ਚੀਨ ਦੁਆਰਾ ਰੂਸ ਦੀ ਗੁੱਝੀ ਮੱਦਦ ਕਾਰਨ ਅਮਰੀਕਾ ਆਪਣੇ ਸਹਿਯੋਗੀਆਂ ਨੂੰ ਚੀਨ ਉੱਤੇ ਨਵੀਆਂ ਪਾਬੰਦੀਆਂ ਮੜ੍ਹਨ ਦੇ ਫੁਰਮਾਨ ਦੇ ਰਿਹਾ ਹੈ। ਬੀਤੀ 24 ਫਰਵਰੀ ਨੂੰ ਜੀ-7 ਦੇਸ਼ਾਂ ਦੀ ਮੀਟਿੰਗ ਦਾ ਬਿਆਨ ਸੀ : ‘ਤੀਜੀ ਦੁਨੀਆਂ ਦੇ ਦੇਸ਼ ਰੂਸ ਨੂੰ ਮਾਲੀ ਮੱਦਦ ਪ੍ਰਦਾਨ ਕਰਨੀ ਬੰਦ ਕਰਨ ਜਾਂ ਫਿਰ ਗੰਭੀਰ ਸਿੱਟਿਆਂ ਦਾ ਸਾਹਮਣਾ ਕਰਨ।’ ਇਸ ਦੇ ਨਾਲ ਹੀ ਪੱਛਮੀ ਮੀਡੀਆ ਵੱਖ-ਵੱਖ ਰਿਪੋਰਟਾਂ ਰਾਹੀਂ ਕੋਵਿਡ ਨੂੰ ‘ਚੀਨੀ ਲੈਬਾਂ ਤੋਂ ਲੀਕ ਵਾਇਰਸ’ ਵਜੋਂ ਪੇਸ਼ ਕਰਕੇ ਇਸ ਮਹਾਂਮਾਰੀ ਦਾ ਦੋਸ਼ ਚੀਨ ਸਿਰ ਮੜ੍ਹ ਰਿਹਾ ਹੈ। ਇਸ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਅਮਰੀਕਾ, ਰੂਸ ਦੇ ਨਾਲ-ਨਾਲ ਦੁਨੀਆਂ ਸਾਹਮਣੇ ਚੀਨ ਦਾ ਅਕਸ ਦਾਗ਼ਦਾਰ ਕਰਨ ਵਿੱਚ ਰੁਝਿਆ ਹੋਇਆ ਹੈ। ਇਸਦੇ ਉਲਟ ਚੀਨ ਵਿਸ਼ਵ-ਸ਼ਾਂਤੀ, ਪਛੜੇ ਮੁਲਕਾਂ ਨੂੰ ਸਸਤੇ ਕਰਜ਼ੇ ਦੇਣ ਅਤੇ ਤਰੱਕੀ ਦੇ ਨਾਂ ਹੇਠ ਆਪਣੀ ਵਿਸ਼ਵ ਮੰਡੀ ਦਾ ਵਿਸਤਾਰ ਕਰਨ ਲਈ ਹਮਲਾਵਰ ਹੋ ਕੇ ਸਾਹਮਣੇ ਆ ਰਿਹਾ ਹੈ।
ਏਸ਼ੀਆ, ਮੱਧ ਏਸ਼ੀਆ ਅਤੇ ਵੱਖ-ਵੱਖ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਚੀਨ ਦੇ ਲਗਾਤਾਰ ਵੱਧਦੇ ਰਸੂਖ ਕਾਰਨ ਅਮਰੀਕਾ ਲਈ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਚੀਨ ਹੈ। ਚੀਨ ਨੂੰ ਘੇਰਨ ਲਈ ਜਿੱਥੇ ਤਾਇਵਾਨ ਪ੍ਰਮੁੱਖ ਮੋਹਰਾ ਹੈ ਉੱਥੇ ਹਿੰਦ-ਪ੍ਰਸ਼ਾਂਤ ਮਹਾਂਸਾਗਰ ਉੱਤੇ ਸਦਾ ਅਮਰੀਕਾ ਦੀ ਅੱਖ ਰਹੀ ਹੈ। ਇਸਦਾ ਸਪੱਸ਼ਟ ਸੰਕੇਤ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਜੇ ਬਲਿੰਕਨ ਕੁਆਡ ਦੀ ਹਾਲੀਆ ਮੀਟਿੰਗ ਵਿੱਚ ਦਿੰਦਾ ਹੈ। ਉਸਦਾ ਬਿਆਨ ਹੈ ਕਿ, ‘‘ਸਾਡੇ ਲਈ ਭਵਿੱਖ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਹੈ। ਇਸ ਪੂਰੇ ਖਿੱਤੇ ਨਾਲ ਸਾਡੀ ਨੇੜਤਾ, ਫਿਰ ਚਾਹੇ ਉਹ ਕੁਆਡ ਜ਼ਰੀਏ ਹੋਵੇ ਜਾਂ ਕਿਸੇ ਹੋਰ ਤਰੀਕੇ ਨਾਲ, ਵਿਆਪਕ ਤੇ ਡੂੰਘੀ ਹੈ।’’ ਇਸ ਨਾਲ ਸਪੱਸ਼ਟ ਹੋ ਜਾਂਦਾ ਹੈ ਕਿ ਉਸਦਾ ਮੁੱਖ ਵਿਰੋਧੀ ਚੀਨ ਹੈ। ਕੂਟਨੀਤਿਕ ਬਿਆਨਾਂ ਤੋਂ ਇਲਾਵਾ ਹਰ ਮੁਹਾਜ਼ ‘ਤੇ ਹੀ ਵਸ਼ਿੰਗਟਨ-ਪੇਈਚਿੰਗ ਟਕਰਾਅ ਨਜ਼ਰ ਆਉਂਦਾ ਹੈ। ਤਰਜੀਹੀ ਖ਼ਰੀਦ ਸ਼ਕਤੀ (purchasing power priority) ਵਜੋਂ ਚੀਨ ਦਾ ਸੰਸਾਰ ਅਰਥ-ਵਿਵਸਥਾਵਾਂ ਵਿੱਚ ਪਹਿਲਾ ਸਥਾਨ ਹੈ ਅਤੇ ਚੀਨ ਉਭਰ ਰਹੀ ਸਾਮਰਾਜੀ ਸ਼ਕਤੀ ਹੈ ਜਿਹੜੀ ਅਮਰੀਕਾ ਨੂੰ ਹਰ ਤਰੀਕੇ ਚੁਣੌਤੀ ਦੇ ਰਹੀ ਹੈ। ਚੀਨ, ਅਮਰੀਕਾ ਲਈ ਆਰਥਿਕ-ਵਪਾਰਕ ਜੰਗ ਤੇ ਟੈੱਕ (ਤਕਨੀਕੀ) ਜੰਗ ਤੋਂ ਇਲਾਵਾ ਅਮਰੀਕੀ ਡਾਲਰ ਨੂੰ ਚੁਣੌਤੀ, ਚੀਨੀ ਜਾਸੂਸੀ ਗੁਬਾਰੇ ਵੱਲੋਂ ਅਮਰੀਕੀ ਅਸਮਾਨ ’ਤੇ ਚੱਕਰ ਕੱਟਣੇ, ਆਰਟੀਫਿਸ਼ਲ ਇੰਟੈਲੀਜੈਂਸ, ਸਪੇਸ ਜੰਗ ਅਤੇ ਪੁਲਾੜ ਦੀਆਂ ਖੋਜਾਂ ਤੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਅਮਰੀਕਾ, ਚੀਨ ਖਿਲਾਫ ਸਿੱਧੀ ਵਪਾਰਕ ਜੰਗ ਤੋਂ ਬਾਅਦ ਹੁਣ ਆਪਣੇ ਸੰਗੀਆਂ ਨਾਲ ਮਿਲ ਕੇ ਯੂਕਰੇਨ ਜੰਗ ਦੇ ਚੱਲਦਿਆਂ ਇਸਦਾ ਮੁਹਾਣ ਚੀਨ ਖਿਲਾਫ ਮੋੜ ਰਿਹਾ ਹੈ।
ਚੀਨ ਦੂਜੇ ਪਾਸੇ ਯੂਕਰੇਨ ਜੰਗ ਵਿੱਚ ਵਿਚੋਲਾ ਬਣ ਕੇ ਖ਼ੁਦ ਨੂੰ ‘ਸ਼ਾਂਤੀਪਸੰਦ ਨਿਰਮਾਤਾ’ ਵਜੋਂ ਪੇਸ਼ ਕਰਨਾ ਚਾਹੁੰਦਾ ਹੈ ਅਤੇ ਇਸ ਪਹਿਲਕਦਮੀ ’ਤੇ ਦੁਨੀਆਂ ਦੇ ਬਹੁਤੇ ਦੇਸ਼ ਉਸਦਾ ਸਮਰਥਨ ਕਰਦੇ ਹਨ। ਦੱਖਣੀ ਅਫਰੀਕਾ, ਚੀਨ ਅਤੇ ਰੂਸ ਨਾਲ ਯੂਕਰੇਨ ਯੁੱਧ ਦੀ ਪਹਿਲੀ ਵਰ੍ਹੇਗੰਢ ਮੌਕੇ ਸਾਂਝੀ ਫੌਜੀ ਸਿਖਲਾਈ ਕਰਦਾ ਹੈ। ਇਸ ਸ਼ਾਂਤੀ ਯੋਜਨਾ ਤੇ ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਵੀ ਚੀਨੀ ਰਾਸ਼ਟਰਪਤੀ ਨੂੰ ਮਿਲਣਾ ਚਾਹੁੰਦਾ ਹੈ ਪਰ ਅਮਰੀਕੀ ਵਿਦੇਸ਼ ਮੰਤਰਾਲੇ ਦਾ ਕੁਆਡ ਮਿਲਣੀ ਦਾ ਬਿਆਨ ਹੈ, ‘ਅਸੀਂ ਮੌਜੂਦਾ ਸਥਿਤੀ ਨੂੰ ਬਦਲਣ ਦੀ ਕਿਸੇ ਵੀ ਇਕਤਰਫ਼ਾ ਕੋਸ਼ਿਸ਼ ਦਾ ਵਿਰੋਧ ਕਰਦੇ ਹਾਂ। ਇਹ ਸਾਰੀਆਂ ਚੀਜ਼ਾਂ ਹਿੰਦ-ਪ੍ਰਸ਼ਾਂਤ ਸਹਿਤ ਹੋਰਨਾਂ ਖੇਤਰਾਂ ਵਿੱਚ ਸ਼ਾਂਤੀ, ਸਥਿਰਤਾ ਤੇ ਖ਼ੁਸ਼ਹਾਲੀ ਬਣਾਈ ਰੱਖਣ ਲਈ ਜ਼ਰੂਰੀ ਹਨ।’ ਇੱਕ ਪਾਸੇ ਅਮਰੀਕਾ ਖ਼ੁਦ ਨੂੰ ਸ਼ਾਂਤੀ ਦੇ ਰਖਵਾਲੇ ਵਜੋਂ ਪੇਸ਼ ਕਰ ਰਿਹਾ ਹੈ ਤੇ ਦੂਜੇ ਪਾਸੇ ਯੂਕਰੇਨ ਜੰਗ ‘ਚ ਰੂਸ ਖਿਲਾਫ ਹਾਈਬ੍ਰਿਡ ਜੰਗ, ਸਾਈਬਰ ਜੰਗ ਤੇ ਨਾਟੋ ਨੂੰ ਹਥਿਆਰ ਬਣਾ ਕੇ ਪਰੌਕਸੀ ਜੰਗ ਰਾਹੀਂ ਸੰਸਾਰ ਅਮਨ ਤੇ ਖੁਸ਼ਹਾਲੀ ਨੂੰ ਭੰਗ ਕਰ ਰਿਹਾ ਹੈ। ਭਾਰਤ-ਚੀਨ ਅਤੇ ਤਾਇਵਾਨ-ਚੀਨ ਸਰਹੱਦੀ ਵਿਵਾਦ ਨੂੰ ਤੂਲ ਦੇ ਕੇ ਏਸ਼ੀਆ ਅੰਦਰ ਨਵੇਂ ਜੰਗੀ ਖੇਤਰ ਤੇ ਖਤਰੇ ਖੜ੍ਹੇ ਕਰ ਰਿਹਾ ਹੈ।
        ਅਮਰੀਕਾ ਇਕ ਪਾਸੇ ‘ਇੱਕ ਚੀਨ ਨੀਤੀ’ ਦਾ ਸਮਰਥਨ ਕਰਨ ਦਾ ਵਿਖਾਵਾ ਕਰਦਾ ਹੈ ਤੇ ਦੂਜੇ ਪਾਸੇ ਤਾਇਵਾਨ ਵਿੱਚ ਦਖ਼ਲਅੰਦਾਜ਼ੀ ਕਰਕੇ ਦੋਗਲੀ ਕਾਰਵਾਈ ਕਰ ਰਿਹਾ ਹੈ। ਅਸਲ ਵਿੱਚ ਅਮਰੀਕਾ, ਚੀਨ ਨੂੰ ਘੇਰਨ ਲਈ ਤਾਈਵਾਨ ‘ਚ ਆਪਣਾ ਫੌਜੀ ਹਵਾਈ ਅੱਡਾ ਸਥਾਪਿਤ ਕਰਨਾ ਚਾਹੁੰਦਾ ਹੈ। ਯੁੱਧਨੀਤਿਕ ਅਤੇ ਸਮੁੰਦਰੀ ਆਵਾਜਾਈ ਦੇ ਪੱਖ ਤੋਂ ਤਾਇਵਾਨ ਹੀ ਅਜਿਹੀ ਥਾਂ ਹੈ ਜੋ ਹਿੰਦ-ਪ੍ਰਸ਼ਾਤ ਮਹਾਂਸਾਗਰ ਵਿੱਚ ਅਮਰੀਕੀ ਚੌਧਰ ਲਈ ਮਹੱਤਵਪੂਰਨ ਹੈ। ਇਸੇ ਤਰ੍ਹਾਂ ਪਿੱਛੇ ਜਿਹੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੀ ਤਾਈਪੇ ਦੀ ਫੇਰੀ ਨੇ ਦੋਹਾਂ ਮੁਲਕਾਂ ਦਰਮਿਆਨ ਇਸ ਤਰ੍ਹਾਂ ਦਾ ਤਣਾਅ ਲਿਆ ਦਿੱਤਾ ਜੋ ਪਿਛਲੇ ਤੀਹ ਸਾਲਾਂ ਵਿੱਚ ਨਹੀ ਦੇਖਿਆ ਗਿਆ ਸੀ। ਪੇਲੋਸੀ ਦੀ ਯਾਤਰਾ ਨੂੰ ਚੀਨੀ ਰਾਸ਼ਟਰਪਤੀ ਨੇ ‘ਅੱਗ ਨਾਲ ਖੇਡਣ’ ਬਰਾਬਰ ਦੱਸਿਆ। ਇਸ ਫੇਰੀ ਤੋਂ ਬਾਅਦ ਤਾਈਵਾਨ ਸਰਕਾਰ ਵਿਰੁੱਧ ਸਾਈਬਰ ਹਮਲੇ ਵਧੇ ਅਤੇ ਤਾਇਵਾਨੀ ਉਤਪਾਦਾਂ ਉੱਪਰ ਚੀਨ ਨੇ ਪਾਬੰਦੀ ਲਗਾਈ। ਅਮਰੀਕੀ ਸੰਗੀ ਕੁਆਡ ਦੇਸ਼ ਖਾਸਕਰ ਜਪਾਨ, ਪੇਲੋਸੀ ਦੀ ਫੇਰੀ ‘ਤੇ ਚੀਨ ਨੂੰ ਕੋਸਦੇ ਨਜ਼ਰ ਆਏ। ਸਿੱਟੇ ਵਜੋਂ ਜਪਾਨ ਨੂੰ ਚੀਨ ਦੀਆਂ ਬੈਲਿਸਟਿਕ ਮਿਜ਼ਾਈਲਾਂ ਜੋ ਜਾਪਾਨ ਦੇ ਵਿਸ਼ੇਸ਼ ਆਰਥਿਕ ਖੇਤਰ ਵਿੱਚ ਆ ਗਈਆਂ ਸਨ, ਦਾ ਸੇਕ ਝੱਲਣਾ ਪਿਆ। ਕੁਆਡ ਹਿੰਦ-ਪ੍ਰਸ਼ਾਂਤ ਮਹਾਂਸਾਗਰ ਵਿੱਚ ਅਮਰੀਕੀ ਦਾਬੇ ਦੇ ਹਮਾਇਤੀ ਵਜੋਂ ਵਿਚਰ ਰਿਹਾ ਹੈ।
      ਅਮਰੀਕਾ ਵੱਲੋਂ ਤਾਈਵਾਨੀ ਸੈਨਾ ਨੂੰ ਸਿਖਲਾਈ ਦੇਣ ਲਈ 100 ਅਮਰੀਕੀ ਫੌਜੀ ਤੇ 61.90 ਕਰੋੜ ਡਾਲਰ ਮੁੱਲ ਦੇ ਐੱਫ-16 ਲੜਾਕੂ ਜਹਾਜ਼ ਭੇਜੇ ਜਾ ਰਹੇ ਹਨ। ਅਕਤੂਬਰ ਮਹੀਨੇ ਅਮਰੀਕਾ ਨੇ ਰੂਸ ‘ਤੇ ਥੋਪੀਆਂ ਪਾਬੰਦੀਆਂ ਵਿੱਚ ਤਾਈਵਾਨ ਨੂੰ ਮੂਹਰੇ ਲਾ ਕੇ ਚੀਨ ’ਤੇ ਪਾਬੰਦੀਆਂ ਲਾਉਣ ਦੀ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ। ਤਾਈਵਾਨ ਭਾਵੇਂ ਛੋਟਾ ਜਿਹਾ ਟਾਪੂ ਹੈ ਪਰ ਇਸਦੀ ਭੂਗੋਲਿਕ ਸਥਿਤੀ, ਭੂ-ਸਿਆਸੀ ਤੇ ਵਪਾਰਕ ਮਹੱਤਤਾ ਤੇ ਚੀਨ ਖਿਲਾਫ ਟੈੱਕ ਜੰਗ ਵਿੱਚ ਅਮਰੀਕਾ ਲਈ ਖਾਸ ਅਹਿਮੀਅਤ ਹੈ। 2016 ਵਿੱਚ ਜਦ ਡੈਮਕੋਰੇਟਿਕ ਪ੍ਰੋਗਰੈਸਿਵ ਪਾਰਟੀ ਦੀ ਸਾਈ ਇੰਗ-ਵੈੱਨ ਨੇ 70 ਸਾਲਾਂ ਤੋਂ ਚੱਲ ਰਹੇ ਕੌਮਨਤਾਂਗ ਪਾਰਟੀ ਦੀ ਅਗਵਾਈ ਵਾਲੇ ਪ੍ਰੋ-ਯੂਨੀਫਿਕੇਸ਼ਨ ਗਠਜੋੜ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਤਾਂ ਇਸ ਨੂੰ ਅਮਰੀਕਾ ਦੀ ਜਿੱਤ ਤੇ ਚੀਨ ਦੀ ਹਾਰ ਵਜੋਂ ਦੇਖਿਆ ਗਿਆ ਸੀ। ਰਾਸ਼ਟਰਪਤੀ ਸਾਈ ਇੰਗ-ਵੈਨ ‘ਤਾਇਵਾਨ ਰਾਸ਼ਟਰਵਾਦ’ ਦੀ ਹਾਮੀ ਹੈ ਅਤੇ ਪੇਈਚਿੰਗ ਦੀ ਭੂਮਿਕਾ ਨੂੰ ਤਾਇਵਾਨ ਵਿੱਚ ਦਖਲਅੰਦਾਜ਼ੀ ਵਜੋਂ ਦੇਖਦੀ ਹੈ। ਇਸੇ ਕਰਕੇ ਅਮਰੀਕਾ ਅਤੇ ਜਪਾਨ ਨਾਲ ਸੁਰੱਖਿਆ ਪੱਖ ਤੋਂ ਝੁਕਾਅ ਰੱਖਦੀ ਹੈ।
      ਸੰਸਾਰ ਆਰਥਿਕਤਾ ਵਿੱਚ ਸਾਊਦੀ ਅਰਬ ਨੂੰ ਇੱਕ ਮੱਹਤਵਪੂਰਨ ਖਿਡਾਰੀ ਵਜੋਂ ਦੇਖਿਆ ਜਾਂਦਾ ਹੈ ਜੋ ਆਪਣੇ ਤੇਲ ਰਾਹੀਂ ਦੁਨੀਆਂ ਦੀ ਆਰਥਿਕਤਾ ਵਿੱਚ 10 ਫੀਸਦੀ ਹਿੱਸਾ ਪਾਉਂਦਾ ਹੈ, ਜਦਕਿ ਤਾਇਵਾਨ ਦੁਨੀਆਂ ਨੂੰ 90% ਸਭ ਤੋਂ ਸੁਧਰੇ ਹੋਏ (advanced) ਸੈਮੀਕੰਡਕਟਰ ਕੰਪਿਊਟਰ ਚਿਪਸ ਮੁਹੱਈਆ ਕਰਵਾਉਂਦਾ ਹੈ। ਅੱਜ ਸੰਸਾਰ ਮੰਡੀ ਵਿੱਚ ਕੰਪਿਊਟਰ ਚਿਪਸ ਅਹਿਮ ਇਨਪੁਟਸ ਹਨ, ਨਾ ਸਿਰਫ ਡਾਟਾਸੈਂਟਰਾਂ ਅਤੇ ਸਮਾਰਟਫੋਨਾਂ ਲਈ, ਬਲਕਿ ਕਾਰਾਂ ਅਤੇ ਘਰਾਂ ਦੇ ਸਮਾਨ ਜਿਵੇਂ ਵਾਸ਼ਿੰਗ ਮਸ਼ੀਨਾਂ ਆਦਿ ਲਈ ਵੀ। ਜਦੋਂ ਤੋਂ ਸੰਸਾਰ ਆਰਥਿਕਤਾ ਵਿੱਚ ਤੇਜ਼ੀ ਨਾਲ ਡਿਜੀਟਾਈਜ਼ੇਸ਼ਨ ਹੋ ਰਹੀ ਹੈ ਤਾਂ ਇਸਦੀ ਚਿੱਪਾਂ ‘ਤੇ ਨਿਰਭਰਤਾ ਹੋਰ ਵੀ ਵਧਦੀ ਜਾ ਰਹੀ ਹੈ। ਸੁਰੱਖਿਆ ਮਾਹਰ ਭੂ-ਸਿਆਸੀ ਅਤੇ ਅੰਤਰ-ਰਾਸ਼ਟਰੀ ਸੁਰੱਖਿਆ ਦੇ ਲਿਹਾਜ਼ ਨਾਲ ਸੈਮੀਕੰਡਕਟਰਾਂ ਨੂੰ ‘ਨਵੇਂ ਤੇਲ’ ਵਜੋਂ ਦੇਖ ਰਹੇ ਹਨ।
       ਇਸਦੇ ਨਾਲ ਹੀ ਭਾਰਤ-ਚੀਨ ਸਰਹੱਦੀ ਵਿਵਾਦ ਵੀ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਭਾਵੇਂ ਰੂਸ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਸੁਧਾਰਨ ਦੀ ਗੱਲ ਕਰਦਾ ਹੈ ਪਰ ਰੂਸ ਅਜੇ ਉਸ ਸਥਿਤੀ ਵਿੱਚ ਨਹੀ ਹੈ। ਇਸਦੇ ਉਲਟ ਅਮਰੀਕਾ ਦੇ ਬਿਆਨ ਵਿਵਾਦ ਭੜਕਾਉਣ ਵਾਲੇ ਹਨ। ਅਮਰੀਕਾ ਦੇ ਸਾਬਕਾ ਰੱਖਿਆ ਮੰਤਰੀ ਜਨਰਲ ਜਿਮ ਮੈਟਿਸ ਨੇ ਖਦਸ਼ਾ ਜ਼ਾਹਰ ਕੀਤਾ ਕਿ ਚੀਨ ਇਸ ਗੱਲ ‘ਤੇ ਨਜ਼ਰ ਰੱਖ ਰਿਹਾ ਹੈ ਕਿ ਜੇ ਯੂਕਰੇਨ ‘ਚ ਰੂਸੀ ਹਮਲਾ ਸਫਲ ਹੁੰਦਾ ਹੈ ਤਾਂ ਉਹ ਅਸਲ ਰੇਖਾ ਪਾਰ ਕਰਕੇ ਭਾਰਤ ‘ਤੇ ਹਮਲਾ ਕਰ ਸਕਦਾ ਹੈ। ਜਦ ਜਨਰਲ ਮੈਟਿਸ ਨੂੰ ਪੁੱਛਿਆ ਗਿਆ ਕਿ ਕੀ ਅਮਰੀਕਾ ਚੀਨ ਨਾਲ ਨਜਿੱਠਣ ਲਈ ਤਿਆਰ ਹੈ, ਤਾਂ ਉਨ੍ਹਾਂ ਕਿਹਾ, ‘ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਤਿਆਰ ਹੈ।’ ਉਨ੍ਹਾਂ ਕਿਹਾ, ‘ਅਸੀਂ ਯੂਕਰੇਨ ਦੇ ਸਮਰਥਨ ਵਿੱਚ ਹਾਂ ਕਿਉਂਕਿ ਚੀਨ ਸਭ ਕੁਝ ਦੇਖ ਰਿਹਾ ਹੈ। ਜੇ ਰੂਸ ਉਸ ਦੇਸ਼ (ਯੂਕਰੇਨ) ਦੀ ਪ੍ਰਭੂਸੱਤਾ ਦਾ ਉਲੰਘਣ ਕਰਨ ਵਿੱਚ ਸਫਲ ਹੁੰਦਾ ਹੈ ਤਾਂ ਚੀਨ ਐੱਲਏਸੀ ਦੇ ਨਾਲ ਭਾਰਤ ਜਾਂ ਦੱਖਣੀ ਚੀਨ ਸਾਗਰ ਵਿੱਚ ਵੀਅਤਨਾਮ ਜਾਂ ਫਿਲੀਪੀਨਜ਼ ਵਿਰੁੱਧ ਕਦਮ ਚੁੱਕਣ ਲਈ ਕਿਉਂ ਨਹੀਂ ਤਿਆਰ ਹੋਵੇਗਾ।’
       ਤਾਇਵਾਨ ਵਿੱਚ ਅਮਰੀਕੀ ਦਖਲਅੰਦਾਜ਼ੀ ਚੀਨ ਦੇ ਅੰਦਰੂਨੀ, ਸਰਹੱਦੀ ਤੇ ਸੁਰੱਖਿਆ ਮਾਮਲੇ ਵਿੱਚ ਦਖ਼ਲ ਹੈ ਜੋ ਕਿ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਹੈ। ਅਮਰੀਕਾ ਦੇ ਆਪਣੇ ਪੁਰਾਣੇ ਵਿਰੋਧੀ ਰੂਸ ਤੇ ਚੀਨ ਨਾਲ ਉਸ ਦੇ ਟਕਰਾਅ ਕਾਰਨ ਰੂਸ ਅਤੇ ਚੀਨ ਦੀ ਆਪਸੀ ਨੇੜਤਾ ਹੋਰ ਵਧੇਗੀ, ਜੋ ਅਮਰੀਕਾ ਲਈ ਵੱਡੀ ਚੁਣੌਤੀ ਸਾਬਤ ਹੋ ਸਕਦੇ ਹਨ। ਪੇਈਚਿੰਗ ਨੂੰ ਵੀ ਹਮਲਾਵਰ ਰੁਖ ਅਪਣਾਉਣ ਦੀ ਥਾਂ ਤਾਇਵਾਨ ਵਿੱਚ ਫੌਜੀ ਗਤੀਵਿਧੀਆਂ ਹੌਲੀ-ਹੌਲੀ ਘੱਟ ਕਰਕੇ ਤਾਈਵਾਨੀ ਲੋਕਾਂ ਦੇ ਦਿਲ ਅਤੇ ਦਿਮਾਗ ਜਿੱਤਣੇ ਚਾਹੀਦੇ ਹਨ। ਤਾਈਵਾਨੀ ਹਾਕਮਾਂ ਨੂੰ ਆਪਣੇ ਲੋਕਾਂ ਨੂੰ ਜੰਗ ‘ਚ ਨਹੀਂ ਝੋਕਣਾ ਚਾਹੀਦਾ। ਅਮਰੀਕਾ ਨੂੰ ਵੀ ਤਾਇਵਾਨ ਨੂੰ ਦੂਸਰਾ ਯੂਕਰੇਨ ਬਣਾਉਣ ਤੋਂ ਬਾਝ ਆਉਣਾ ਚਾਹੀਦਾ ਹੈ।
ਸੰਪਰਕ : +61414101993