ਕਹਾਣੀ : ਸੋਫ਼ੀ ਜਵਾਈ - ਹਰਪ੍ਰੀਤ ਕੌਰ ਘੁੰਨਸ
ਆਪਣੀ ਪੜ੍ਹੀ ਲਿਖੀ ਧੀ ਸ਼ੁਭਦੀਪ ਲਈ ਉਸਦਾ ਪਿਤਾ ਬਲਜੀਤ ਉੱਚੀ ਥਾਂ ਦੇ ਰਿਸ਼ਤੇ ਦੀ ਝਾਕ ਵਿੱਚ ਸੀ ਜੋ ਇੱਕ ਪ੍ਰਾਈਵੇਟ ਸੈਕਟਰ ਵਿੱਚ ਨੌਕਰੀ ਕਰਦੀ ਸੀ। ਪਰ ਰਿਸ਼ਤੇ 'ਚ ਹਰ ਵਾਰ ਕੋਈ ਨਾ ਕੋਈ ਕੱਚ ਰਹਿ ਜਾਂਦੀ। ਕਿਉਂਕਿ ਪਿਓ ਦੀ ਇੱਛਾ ਸੀ ਕਿ ਉਹ ਵੱਧ ਜ਼ਮੀਨ ਭਾਲੇ। ਪਰ ਸ਼ੁਭਦੀਪ ਚਾਹੁੰਦੀ ਸੀ ਕਿ ਜ਼ਮੀਨ ਬੇਸ਼ੱਕ ਘੱਟ ਹੋਵੇ ਪਰ ਮੁੰਡਾ ਪੜ੍ਹਿਆ-ਲਿਖਿਆ ਅਤੇ ਕੰਮ-ਕਾਰ 'ਤੇ ਲੱਗਿਆ ਹੋਵੇ। ਬੇਸ਼ੱਕ ਨੌਕਰੀ ਸਰਕਾਰੀ ਦੀ ਬਜਾਏ ਪ੍ਰਾਈਵੇਟ ਹੀ ਕਿਉਂ ਨਾ ਹੋਵੇ।
ਉਧਰ ਅੱਜ ਬਲਜੀਤ ਕਿਸੇ ਪਿੰਡ ਮੁੰਡਾ ਵੇਖ ਕੇ ਆਇਆ ਸੀ ਜਿਸਨੂੰ 25 ਕਿੱਲੇ ਜ਼ਮੀਨ ਆਉਂਦੀ ਸੀ ਅਤੇ ਮੁੰਡਾ ਬਾਰਾਂ ਜਮਾਤਾਂ ਕਰਕੇ ਖੇਤੀ ਵਿੱਚ ਪੈ ਗਿਆ ਸੀ।
ਬਲਜੀਤ ਨੇ ਘਰ ਆ ਕੇ ਆਪਣੀ ਪਤਨੀ ਨੂੰ ਕਿਹਾ," ਤਕੜਾ ਘਰ ਐ, ਸੁੱਖ ਨਾਲ ਕੋਠੀ ਵੀ ਸੋਹਣੀ ਪਾਈ ਹੋਈ ਐ। ਮੁੰਡੇ ਨੂੰ ਬੈਲ ਵੀ ਨਹੀਂ ਕੋਈ, ਪੜਤਾਲ ਕਰਾਈ ਐ ਕਮਾਊ ਪੁੱਤ ਐ ਮਾਪਿਆਂ ਦਾ। ਬਾਰਾਂ ਜਮਾਤਾਂ ਪੜ੍ਹਿਆ ਹੋਇਆ। ਮੈਨੂੰ ਤਾਂ ਫਿੱਟ ਆ ਗਿਆ ਥਾਂ।" ਉਸਦੀ ਪਤਨੀ ਨੇ ਕਿਹਾ, "ਬਾਕੀ ਸਭ ਤਾਂ ਠੀਕ ਏ ਜੀ, ਪਰ ਕੁੜੀ ਆਪਣੀ ਡਬਲ ਐੱਮ.ਏ. ਐ। ਮੁੰਡਾ ਬਾਰਾਂ ਪੜ੍ਹਿਆ, ਕੋਈ ਮੇਲ ਹੀ ਨਹੀਂ ਬਣਦਾ। ਨਾਲੇ ਥੋਨੂੰ ਪਤਾ ਵੀ ਸ਼ੁਭਦੀਪ ਪੜ੍ਹਿਆ-ਲਿਖਿਆ ਵਰ ਚਾਹੁੰਦੀ ਆ, ਕਿਸੇ ਕੰਮ ਕਾਰ 'ਤੇ ਲੱਗਿਆ ਹੋਇਆ।" ਬਲਜੀਤ ਕੜਕਦੀ ਅਵਾਜ 'ਚ ਬੋਲਿਆ," ਜੱਟ ਦੇ ਪੁੱਤ ਨੂੰ ਕੀ ਲੋੜ ਸੀ ਪੜ੍ਹ ਕੇ ਕਿਸੇ ਦਾ ਨੌਕਰ ਲੱਗਣ ਦੀ?" ਐਨੀ ਜ਼ਮੀਨ ਐ ਸੁੱਖ ਨਾਲ ਨੌਕਰੀ ਤੋਂ ਕੰਮ ਮੂਹਰੇ ਜਾਂਦਾ। ਨਾਲੇ ਕਹਿ ਦੇਈਂ ਸ਼ੁਭਦੀਪ ਨੂੰ ਵੀ ਮੁੰਡੇ ਵਾਲੇ ਆਉਂਦੇ ਬੁੱਧਵਾਰ ਨੂੰ ਵੇਖਣ ਆਉਣਗੇ, ਘਰੇ ਰਹੇ।"
ਜਦੋਂ ਸ਼ੁਭਦੀਪ ਦੀ ਮਾਂ ਨੇ ਇਹ ਸਾਰੀ ਗੱਲ ਆਪਣੀ ਕੁੜੀ ਨੂੰ ਦੱਸੀ ਤਾਂ ਉਹ ਬੋਲੀ," ਮੰਮੀ ਤੁਹਾਨੂੰ ਪਤਾ ਮੈਨੂੰ ਕਿਹੋ-ਜਿਹਾ ਰਿਸ਼ਤਾ ਚਾਹੀਦਾ। ਤੁਸੀਂ ਪਾਪਾ ਨਾਲ ਗੱਲ ਕਰੋ ਮੈਂ ਨਹੀਂ ਕਰਾਉਣਾ ਉੱਥੇ ਵਿਆਹ।" "ਪੁੱਤ ਕਿਉਂ ਕਮਲ ਮਾਰਦੀ ਏਂ, ਤੈਨੂੰ ਪਤਾ ਤੇਰੇ ਪਿਓ ਦੇ ਸੁਭਾਅ ਦਾ,ਕਲੇਸ਼ ਪਊ ਘਰੇ, ਉਹਨੇ ਮੰਨਣਾ ਤਾਂ ਹੈਨੀ।" "ਮਾਂ ਜੇ ਆਹੀ ਕੁਝ ਕਰਨਾ ਸੀ ਮੈਨੂੰ ਐਨਾ ਪੜ੍ਹਾਉਣ ਦੀ ਕੀ ਲੋੜ ਸੀ ? ਏਦੂੰ ਤਾਂ ਮੈਨੂੰ ਰੱਬ ਨੇ ਗਰੀਬ ਘਰੇ ਜਨਮ ਦਿੱਤਾ ਹੁੰਦਾ, ਸਾਹ ਤਾਂ ਮਰਜੀ ਦੇ ਲੈ ਸਕਦੀ। ਪਤਾ ਨਹੀਂ ਮੇਰੇ ਵਰਗੀਆਂ ਕਿੰਨੀਆਂ ਦੀਆਂ ਰੀਝਾਂ ਸੋਨੇ ਦੇ ਪਿੰਜਰਿਆਂ 'ਚ ਦਮ ਤੋੜ ਦਿੰਦੀਆਂ ਨੇ। ਤੁਸੀਂ ਬੋਲ ਦਿਓ ਪਾਪਾ ਨੂੰ ਆ ਜਾਣ ਵੇਖਣ ਵਾਲੇ, ਮੈਂ ਘਰ ਰਹੂੰ।" ਇਹ ਬੋਲ ਕੇ ਸ਼ੁਭਦੀਪ ਅੱਖਾਂ ਪੂੰਝਦੀ ਸ਼ੈਂਕ 'ਤੇ ਮੂੰਹ ਧੋਣ ਚਲੀ ਗਈ। ਬੁੱਧਵਾਰ ਨੂੰ ਸ਼ੁਭਦੀਪ ਨੂੰ ਵੇਖਣ ਵਾਲੇ ਆਏ। ਰਸਮੀ ਗੱਲ-ਬਾਤ ਤੋਂ ਬਾਅਦ ਮੁੰਡੇ ਵਾਲੇ ਰਿਸ਼ਤੇ ਲਈ ਹਾਂ ਕਰ ਦਿੰਦੇ ਹਨ ਅਤੇ ਜਾਂਦੇ ਕੁੜਮਾਈ ਵੀ ਕਰ ਗਏ ਜਿਵੇਂ ਘਰੋਂ ਮਿਥ ਕੇ ਆਏ ਹੋਣ। ਸ਼ੁਭਦੀਪ ਨੂੰ ਛੱਡ ਕੇ ਪੂਰੇ ਘਰ ਵਿੱਚ ਖੁਸ਼ੀ ਦੀ ਰੌਣਕ ਸੀ।
ਸ਼ੁਭਦੀਪ ਮਨ ਹੀ ਮਨ ਸੋਚਦੀ ਹੈ ਕਿ ਕਾਸ਼!ਉਹ ਖੁੱਲ੍ਹ ਕੇ ਵਿਰੋਧ ਕਰ ਸਕਦੀ ਜਾਂ ਉਸਦੇ ਪਿਤਾ ਉਸਦੀ ਗੱਲ ਨੂੰ ਸਮਝ ਪਾਉਂਦੇ।
ਕੁੱਝ ਦਿਨਾਂ ਬਾਅਦ ਸ਼ੁਭਦੀਪ ਦੇ ਮੰਗੇਤਰ ਦਾ ਫ਼ੋਨ ਆਉਣਾ ਸ਼ੁਰੂ ਹੋ ਗਿਆ। ਗੱਲ ਬਾਤ ਤੋਂ ਸ਼ੁਭਦੀਪ ਨੂੰ ਸੁਖਰਾਜ ਦਾ ਸੁਭਾਅ ਵਧੀਆ ਲੱਗਿਆ। ਸੁਖਰਾਜ ਉਸਦੀ ਮਨ ਵਿੱਚ ਬਣਾਈ ਹੋਈ ਤਸਵੀਰ ਤੋੰ ਬਿਲਕੁਲ ਵੱਖਰਾ ਸੀ। ਪਸੰਦ ਮੁਤਾਬਕ ਵਰ ਨਾ ਹੋਣ ਕਾਰਨ ਉਸਦੀ ਦਿਲ ਵਿੱਚ ਮੰਗੇਤਰ ਪ੍ਰਤੀ ਵਧੀ ਦੂਰੀ ਹੌਲੀ-ਹੌਲੀ ਮਿਟਣ ਲੱਗੀ।
ਉਹ ਖ਼ੁਦ ਨੂੰ ਕਹਿੰਦੀ ਕਿ ਉਸਨੇ ਐਵੇਂ ਘੱਟ ਪੜ੍ਹਿਆ ਅਤੇ ਖੇਤੀ ਵਾਲਿਆਂ ਪ੍ਰਤੀ ਗਲਤ ਧਾਰਨਾ ਬਣਾਈ ਹੋਈ ਸੀ ਕਿ ਅੱਜ ਸੰਕੀਰਣ ਸੋਚ ਦੇ ਮਾਲਕ ਹੁੰਦੇ ਹਨ। ਪਰ ਉਸਦਾ ਮੰਗੇਤਰ ਤਾਂ ਬੜੀ ਹੀ ਵਿਲੱਖਣ ਸੋਚ ਵਾਲਾ ਵਿਅਕਤੀ ਹੈ। ਚੁੱਪ ਚੁਪ ਰਹਿਣ ਵਾਲੀ ਕੁੜੀ ਕੁੱਝ ਦਿਨਾਂ ਬਾਅਦ ਮਾਪਿਆਂ ਨੂੰ ਹੱਸਦੀ ਨਜ਼ਰ ਆਉਣ ਲੱਗੀ। ਖ਼ੂਬ ਪੈਸਾ ਪਾਣੀ 'ਚ ਵਹਾਉਂਦਿਆ ਬਲਜੀਤ ਨੇ ਆਪਣੀ ਕੁੜੀ ਦਾ ਵਿਆਹ ਕੀਤਾ। ਸਹੁਰਾ ਪਰਿਵਾਰ ਵੀ ਅੱਗੋਂ ਚੰਗਾ ਟੱਕਰਿਆ। ਸ਼ੁਭਦੀਪ ਨੂੰ ਹੁਣ ਕਿਸੇ ਪ੍ਰਕਾਰ ਦੀ ਕੋਈ ਸ਼ਿਕਾਇਤ ਨਹੀਂ ਸੀ। ਉਹ ਆਪਣੇ ਸਹੁਰੇ ਘਰ ਪਤੀ ਨਾਲ ਖੁਸ਼ ਸੀ।
ਸ਼ੁਭਦੀਪ ਵਿਆਹ ਬਾਦ ਜਦੋਂ ਪਹਿਲੀ ਵਾਰ ਪਤੀ ਨਾਲ ਪੇਕੇ ਘਰ ਮਿਲਣ ਆਈ ਤਾਂ ਨਵੇਂ ਪ੍ਰਾਹੁਣੇ ਦੇ ਸਵਾਗਤ ਦੀ ਖੁਸ਼ੀ 'ਚ ਪੱਬਾਂ ਭਾਰ ਹੋਏ ਉਸਦਾ ਭਰਾ ਅਤੇ ਪਿਤਾ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਸਨ। ਬਲਜੀਤ ਨੇ ਆਪਣੇ ਪੁੱਤਰ ਦੀਪੇ ਨੂੰ ਕਿਹਾ,"ਸ਼ਹਿਰੋਂ ਵਧੀਆ ਜਿਹੀ ਸ਼ਰਾਬ ਲੈ ਆ,ਮੀਟ ਘਰੇ ਬਣਾ ਲਵਾਂਗੇ, ਉਝ ਘਰ ਦੀ ਦਾਰੂ ਵੀ ਪਈ ਐ। ਪ੍ਰਾਹੁਣਾ ਪਹਿਲੀ ਵਾਰ ਘਰ ਆ ਰਿਹਾ।" ਪਿਤਾ ਦੀ ਗੱਲ ਮੰਨ ਕੇ ਦੀਪਾ ਸ਼ਰਾਬ ਲੈਣ ਚਲਿਆ ਗਿਆ। ਉਧਰ ਪ੍ਰੇਸ਼ਾਨ ਹੋਈ ਮਨਜੀਤ ਘਰਵਾਲੇ ਨੂੰ ਕੋਸਦੀ ਹੋਈ ਬੋਲੀ,"ਜੀ ਕਿਉਂ ਵਿੱਢ ਲਗਾਉਂਦੇ ਹੋ? ਵੈਸ਼ਨੂੰ ਮੁੰਡਾ ਲੱਭਦਿਆਂ ਨੇ ਤਾਂ ਵਿਆਹ ਦੋ ਵਰ੍ਹੇ ਲੇਟ ਕੀਤਾ ਕੁੜੀ ਦਾ। ਜੇ ਜਵਾਈ ਨੂੰ ਦਾਰੂ ਦੀ ਆਦਤ ਪੈ ਗਈ ਤਾਂ ਔਖਾ ਆਪਣੀ ਕੁੜੀ ਨੂੰ ਹੀ ਕਰੁ।"
"ਤੂੰ ਬਹੁਤਾ ਨਾ ਬੋਲਿਆ ਕਰ, ਬੰਦਿਆਂ ਦੀ ਗੱਲ 'ਚ ਬੁੜੀਆਂ ਦਾ ਕੀ ਕੰਮ? ਜਾਹ ਜਾ ਕੇ ਰੋਟੀ ਟੁੱਕ ਦਾ ਦੇਖ। ਅੱਜ ਛਿੰਦੀ ਅਤੇ ਉਸਦਾ ਪ੍ਰਾਹੁਣਾ ਵੀ ਆ ਰਹੇ ਨੇ।" ਮਨਜੀਤ ਦੁਖੀ ਹੋਈ ਰਸੋਈ ਵੱਲ ਨੂੰ ਚੱਲ ਪਈ।
ਛਿੰਦੀ ਸ਼ੁਭਦੀਪ ਦੇ ਚਾਚੇ ਦੀ ਕੁੜੀ ਸੀ ਜਿਸਦਾ ਦੋ ਵਰ੍ਹੇ ਪਹਿਲਾਂ ਵਿਆਹ ਹੋਇਆ ਸੀ। ਸ਼ੁਭਦੀਪ ਆਪਣੇ ਪਤੀ ਨਾਲ ਘਰ ਆਈ ਤਾਂ ਜਿਵੇਂ ਘਰ ਵਿੱਚ ਰੌਣਕ ਹੀ ਆ ਗਈ ਸੀ।"ਧੀਏ ਤੇਰੇ ਬਿਨਾ ਘਰ ਸੁੰਨਾ ਹੋਇਆ ਪਿਆ ਸੀ," ਮਾਂ ਨੇ ਧੀ ਨੂੰ ਗਲੇ ਲਗਾਉਂਦਿਆਂ ਕਿਹਾ। ਮੰਮੀ ਜੀ "ਹੁਣ ਤੁਹਾਡੀ ਧੀ ਨੇ ਓਥੇ ਰੌਣਕ ਲਗਾ ਰੱਖੀ ਐ",ਸੁਖਰਾਜ ਨੇ ਹੱਸਦਿਆਂ ਕਿਹਾ।
ਇਹ ਸੁਣ ਕੇ ਸਾਰੇ ਜਣੇ ਹੱਸ ਪਏ।
ਛਿੰਦੀ,ਸ਼ੁਭਦੀਪ ਅਤੇ ਮਨਜੀਤ ਚਾਹ-ਪਾਣੀ ਪੀਣ ਪਿੱਛੋਂ ਰਸੋਈ ਵਿੱਚ ਚਲੀਆਂ ਗਈਆਂ। "ਜੀਜਾ ਬੜਾ ਖਿਆਲ ਰੱਖਦਾ ਤੇਰਾ", ਛਿੰਦੀ ਨੇ ਸ਼ੁਭਦੀਪ ਨੂੰ ਟਿੱਚਰ ਕਰਦਿਆਂ ਕਿਹਾ। ਸ਼ੁਭਦੀਪ ਨੇ ਹੱਸ ਕੇ ਜਵਾਬ ਦਿੱਤਾ," ਹਾਂ ਛਿੰਦੀਏ, ਤੇਰਾ ਜੀਜਾ ਤਾਂ ਹੀ ਐਨਾ ਖਿਆਲ ਰੱਖਦਾ।" "ਤੇਰੇ ਸੱਸ ਸਹੁਰਾ ਚੰਗੇ ਐ ਪੁੱਤ ?" ਮਨਜੀਤ ਨੇ ਸ਼ੁਭਦੀਪ ਨੂੰ ਪੁੱਛਿਆ। "ਹਾਂ ਮੰਮੀ, ਬਹੁਤ ਚੰਗੇ ਨੇ ਅੱਜ ਦੀ ਘੜੀ ਤਾਂ ਬਾਕੀ ਕੱਲ੍ਹ ਕਿਹਨੇ ਵੇਖਿਆ।"
ਮਨਜੀਤ ਨੇ ਕਿਹਾ,"ਪੁੱਤ ਆਪਣੇ ਸਿਰ 'ਤੇ ਵੀ ਹੁੰਦਾ,ਵੱਡਿਆਂ ਦਾ ਮਾਣ-ਇੱਜਤ ਕਰੋ ਤਾਂ ਕਦੇ ਘਰਾਂ 'ਚ ਫ਼ਰਕ ਨਹੀਂ ਪੈਂਦੇ, ਦੇਖ ਤੇਰੀ ਦਾਦੀ ਤੇ ਮੇਰਾ ਕਿੰਨਾ ਪਿਆਰ ਸੀ। ਕਦੇ ਸੱਸ ਮੈਨੂੰ ਲੱਗੀ ਹੀ ਨਹੀਂ ਸੀ ਤੇਰੀ ਦਾਦੀ।" ਮੰਮੀ ਤੁਸੀਂ ਸਹੀ ਕਹਿੰਦੇ ਹੋ ਸ਼ੁਭਦੀਪ ਨੇ ਜਵਾਬ ਦਿੱਤਾ।
ਏਨੇ ਨੂੰ ਅੰਦਰੋਂ ਦੀਪਾ ਰਸੋਈ 'ਚ ਮੀਟ ਲੈਣ ਲਈ ਆ ਗਿਆ। ਮੇਜ਼ 'ਤੇ ਬੋਤਲਾਂ ਖੁੱਲ੍ਹ ਚੁੱਕੀਆਂ ਸਨ। ਸ਼ੁਭਦੀਪ ਨੇ ਕਿਹਾ," ਮੰਮੀ ਵੀਰੇ ਅਤੇ ਪਾਪਾ ਨੇ ਆਹ ਕੀ ਕਰਿਆ, ਇਹ ਤਾਂ ਸ਼ਰਾਬ ਪੀਂਦੇ ਨਹੀਂ, ਫਿਰ ਇਹ ਸਭ ਕਿਉਂ ਕਰਿਆ।" ਧੀਏ ਹੰਭ ਗਈ ਬੋਲ ਬੋਲ ਕੇ,ਨਹੀਂ ਮੰਨਦੇ ਮੇਰੀ, ਜੋ ਚਿੱਤ ਆਉਂਦਾ ਕਰੀ ਜਾਣ, ਕੀ ਵਾਹ ਚਲਦੀ ਐ।
ਲੰਮਾ ਸਮਾਂ ਖੇਤੀ ਦੀਆਂ ਗੱਲਾਂ ਚਲਦੀਆਂ ਰਹੀਆਂ। ਦੀਪੇ ਨੇ ਪੈੱਗ ਬਣਾਏ। ਛਿੰਦੀ ਦੇ ਪ੍ਰਾਹੁਣੇ ਨੇ ਸੁਖਰਾਜ ਨੂੰ ਕਿਹਾ, "ਚੱਕ ਸਾਢੂਆ, ਕਰ ਸ਼ੁਰੂਆਤ। "ਬਾਈ ਜੀ, ਮੈਂ ਵੈਸ਼ਨੂੰ ਬੰਦਾ, ਮੈਂ ਨਹੀਂ ਪੀਂਦਾ ਸ਼ਰਾਬ", ਸੁਖਰਾਜ ਨੇ ਨਿਮਰਤਾ ਸਹਿਤ ਕਿਹਾ। ਉਹ ਇਹ ਕਿਹੜਾ ਬਾਈ ਨਸ਼ਾ ਕੋਈ, "ਪੀ ਲਵੋ,ਪੀ ਲਵੋ ਦੀਪੇ ਨੇ ਕਿਹਾ।" "ਲਗਦਾ ਸਾਲੀ ਨੇ ਜਾਂਦਿਆਂ ਹੀ ਡਰਾ ਲਿਆ, ਕੁ ਮਾਂ ਨੇ ਸਿਖਾ ਕੇ ਤੋਰਿਆ," ਦੋ ਪੈੱਗ ਖਿੱਚ ਚੁੱਕੇ ਛਿੰਦੀ ਦੇ ਪ੍ਰਾਹੁਣੇ ਨੇ ਮਸਕਰੀ ਕਰਦਿਆਂ ਕਿਹਾ। ਲਗਾ ਲੈ ਇੱਕ ਅੱਧਾ ਪੈੱਗ ਪੁੱਤ, ਏਦੇ ਬਿਨ ਭਲਾ ਕਾਹਦੀ ਸੇਵਾ ਪ੍ਰਾਹੁਣੇ ਦੀ। ਇਸ ਤਰ੍ਹਾਂ ਸਾਰਿਆਂ ਨੇ ਜ਼ੋਰ ਪਾ ਕੇ ਸੁਖਰਾਜ ਨੂੰ ਨਾ ਨਾ ਕਰਦੇ ਨੂੰ ਧੱਕੇ ਨਾਲ ਦੋ ਪੈੱਗ ਲਗਵਾ ਦਿੱਤੇ।
ਸੁਖਰਾਜ ਅਤੇ ਸ਼ੁਭਦੀਪ ਦੂਜੇ ਦਿਨ ਵਾਪਸ ਚਲੇ ਗਏ। ਸੁਖਰਾਜ ਨੂੰ ਰਸਤੇ 'ਚ ਸ਼ੁਭਦੀਪ ਨੇ ਕਿਹਾ, "ਜੀ ਮੈਂ ਨਰਾਜ਼ ਹਾਂ, ਤੁਸੀਂ ਕਿਉਂ ਪੀਤੀ ਸ਼ਰਾਬ ? ਸੁਖਰਾਜ ਨੇ ਕਿਹਾ," ਸਹੁੰ ਲੱਗੇ ਸ਼ੁਭ ਮੈਂ ਤਾਂ ਕਦੇ ਹੱਥ ਨਹੀਂ ਸੀ ਲਾਇਆ ਦਾਰੂ ਨੂੰ,ਉਹ ਤਾਂ ਸਾਰੇ ਜਿਆਦਾ ਜੋਰ ਪਾਉਣ ਲੱਗ ਗਏ ਤਾਂ ਪੀ ਲਈ। ਅੱਗੇ ਤੋਂ ਨਹੀਂ ਪੀਂਦਾ।" ਨਿਮਰਤਾ ਭਰਿਆ ਜਵਾਬ ਸੁਣ ਕੇ ਸ਼ੁਭਦੀਪ ਦੀ ਨਰਾਜ਼ਗੀ ਪਲਾਂ 'ਚ ਦੂਰ ਹੋ ਗਈ। ਪਰ ਸਿਆਣੇ ਕਹਿੰਦੇ ਨੇ ਜਿਹਦੇ ਹਲਕ 'ਚ ਦੀ ਇੱਕ ਵਾਰ ਲੰਘ ਜਾਵੇ, ਉਹਨੂੰ ਕਾਹਨੂੰ ਛੱਡ ਦੀ ਐ ਇਹ।"
ਸੁਖਰਾਜ ਵਿਆਹ ਸ਼ਾਦੀਆਂ 'ਚ ਜਾਂਦਾ, ਦਾਰੂ ਤੋਂ ਦੂਰ ਰਹਿੰਦਾ, ਪਰ ਦਾਰੂ ਮੱਲੋ-ਮੱਲੀ ਉਸਨੂੰ ਆਪਣੇ ਵੱਲ ਖਿੱਚਦੀ। ਹੌਲੀ- ਹੌਲੀ ਉਸਨੇ ਸ਼ੁਭਦੀਪ ਤੋੰ ਚੋਰੀ ਇੱਕ ਅੱਧਾ ਪੈੱਗ ਵਿਆਹ ਸ਼ਾਦੀ 'ਚ ਲਗਾ ਲੈਦਾ।
ਪਰ ਕਈ ਮਹੀਨਿਆਂ 'ਚ ਉਸਦੀ ਇਹ ਆਦਤ ਵਿਗੜ ਗਈ। ਹੁਣ ਉਹ ਸ਼ੁਭਦੀਪ ਦੇ ਸਾਹਮਣੇ ਹੀ ਸ਼ਰਾਬ ਪੀਂਦਾ। ਜੇ ਸ਼ੁਭਦੀਪ ਰੋਕਦੀ ਤਾਂ ਉਸ ਨੂੰ ਅਵਾ-ਤਵਾ ਬੋਲਦਾ।
ਕਮਾਊ ਪੁੱਤ ਨੇ ਵਿਆਹ ਦੇ ਦੋ ਸਾਲਾਂ ਅੰਦਰ ਖੇਤੀ ਕਰਨੀ ਵੀ ਛੱਡ ਦਿੱਤੀ। ਪੈਲੀ ਠੇਕੇ 'ਤੇ ਦੇ ਦਿੰਦਾ ਅਤੇ ਆਪ ਦੋਸਤਾਂ ਨਾਲ ਇੱਧਰ-ਉੱਧਰ ਫਿਰਦਾ ਰਹਿੰਦਾ। ਕਿਸੇ ਗੁਆਂਢਣ ਨੇ ਸ਼ੁਭਦੀਪ ਦੀ ਸੱਸ ਨੂੰ ਦੱਸਿਆ ਕਿ ਕਹਿੰਦੇ ਨੇ ਸੁਖਰਾਜ ਪਰਸੋਂ ਸੱਥ 'ਚ ਦਾਰੂ ਪੀ ਕੇ ਡਿੱਗਿਆ ਪਿਆ ਸੀ। ਇਹ ਸੁਣ ਕੇ ਸ਼ੁਭਦੀਪ ਦੀ ਸੱਸ ਗੁੱਸੇ 'ਚ ਬੋਲੀ, "ਭੈਣੇ ਪੁੱਤ ਤਾਂ ਵਥੇਰਾ ਲਾਇਕ ਸੀ ਮੇਰਾ, ਸਹੁਰੇ ਮਾੜੇ ਟੱਕਰਗੇ। ਸਾਡਾ ਮੁੰਡਾ ਸਾਡੇ ਹੱਥੋਂ ਵੀ ਗਿਆ।
ਸ਼ੁਭਦੀਪ ਬੜੀ ਦੁਖੀ ਸੀ ਕਿਉਂਕਿ ਦਾਰੂ ਕਰਕੇ ਉਸਦੀ ਹੱਸਦੀ ਵੱਸਦੀ ਜ਼ਿੰਦਗੀ ਦੀ ਗੱਡੀ ਲੀਹ ਤੋੰ ਉੱਤਰਦੀ ਜਾ ਰਹੀ ਸੀ। ਕਈ ਕਈ ਦਿਨ ਸੁਖਰਾਜ ਘਰੇ ਦਿਨੇ ਹੀ ਦਾਰੂ ਪੀ ਲੈਂਦਾ। ਇੱਕ ਦਿਨ ਇਹ ਸਾਰੀ ਗੱਲ ਸੁਖਦੀਪ ਨੇ ਆਪਣੇ ਪਾਪਾ ਨੂੰ ਦੱਸੀ। ਹਰਖੇ ਹੋਏ ਬਲਜੀਤ ਨੇ ਆਪਣੀ ਪਤਨੀ ਨੂੰ ਕਿਹਾ ਕਿ ਜੇ ਉਹਦੇ ਆਹੀ ਲੱਛਣ ਰਹੇ ਆਪਾਂ ਕੁੜੀ ਲੈ ਆਵਾਂਗੇ। "ਆਹ ਗੱਲ ਓਦੋਂ ਸੋਚਦੇ ਜਦੋਂ ਆਉਂਦੇ ਨੂੰ ਮੀਟ ਸ਼ਰਾਬਾਂ ਧਰਦੇ ਸੀ, ਕਿਹੜੇ ਮੂੰਹ ਨਾਲ ਜਾਵੋਂਗੇ ਪਿਓ-ਪੁੱਤ ਕੁੜੀ ਨੂੰ ਲੈਣ।" ਮਨਜੀਤ ਬੜੇ ਗੁੱਸੇ 'ਚ ਭਰੇ ਗੱਚ ਨਾਲ ਬੋਲੀ।
ਸੁਖਰਾਜ ਜੇ ਨਾ ਪੀਂਦਾ ਤਾਂ ਕਈ ਕਈ ਦਿਨ ਲੰਘਾ ਵੀ ਲੈਂਦਾ। ਸੁਖਰਾਜ ਨੇ ਤਿੰਨ ਮਹੀਨੇ ਦਾਰੂ ਨਾ ਪੀਤੀ। ਸ਼ੁਭਦੀਪ ਦੇ ਨਾਲ- ਨਾਲ ਪੇਕਾ ਪਰਿਵਾਰ ਵੀ ਖ਼ੁਸ਼ ਸੀ ਕਿ ਸਭ ਠੀਕ ਹੋ ਰਿਹਾ। ਏਨੇ ਨੂੰ ਦੀਪੇ ਦੀ ਕੁੜਮਾਈ ਲਾਗਲੇ ਪਿੰਡ ਦੀ ਕੁੜੀ ਨਾਲ ਤਹਿ ਹੋ ਗਈ। ਸੁਖਰਾਜ ਪਤਨੀ ਨਾਲ ਸਾਲੇ ਦੀ ਰੋਕ 'ਤੇ ਪ੍ਰਾਹੁਣਿਆਂ ਵਾਲੀ ਠਾਠ-ਬਾਠ ਨਾਲ ਪਹੁੰਚਿਆ। ਸ਼ੁਭਦੀਪ ਨੂੰ ਡਰ ਸੀ ਕਿ ਕਿਤੇ ਏਥੇ ਨਾ ਦਾਰੂ ਪੀ ਲਵੇ ਸੁਖਰਾਜ। ਉਸਨੇ ਆਪਣੇ ਪਿਓ ਅਤੇ ਭਰਾ ਨੂੰ ਕਿਹਾ ਕਿ ਸੁਖਰਾਜ ਨੂੰ ਦਾਰੂ ਨਾ ਧਰਿਓ, ਇਹਦੀ ਪੀਣੀ ਫਿਰ ਕਈ-ਕਈ ਦਿਨ ਬੰਦ ਨਹੀਂ ਹੁੰਦੀ। ਦੀਪੇ ਨੇ ਕਿਹਾ, "ਕੋਈ ਨਾ ਭੈਣੇ ਖੁਸ਼ੀ ਦਾ ਦਿਨ ਆ ਅੱਜ ਪੀ ਲੈਣਦੇ ਅੱਗੇ ਤੋਂ ਮੈਂ ਆਪ ਹੀ ਨਹੀਂ ਕਹਿੰਦਾ।" ਬਲਜੀਤ ਬੋਲਿਆ," ਕੋਈ ਨਾ ਪੁੱਤ ਕੁਝਨੀ ਹੁੰਦਾ ਐਨੇ ਕੁ ਨਾਲ, ਕੱਲਾ ਪ੍ਰਾਹੁਣਾ ਜੇ ਰੁੱਸ ਗਿਆ ਫਿਰ ਔਖਾ ਕਰੂ।"ਹਟਿਆ ਹਟਾਇਆ ਸੁਖਰਾਜ ਤਿੰਨ ਚਾਰ ਪੈੱਗ ਇਕੱਠੇ ਖਿੱਚ ਗਿਆ। ਮਨਜੀਤ ਨੇ ਕਿਹਾ,"ਰੁਕ ਜੋ ਪੁੱਤ ਸਵੇਰੇ ਚਲੇ ਜਾਇਓ, ਮੇਰੇ ਚਿੱਤ ਨੂੰ ਤੁੰਮਣੀ ਜਿਹੀ ਲੱਗਦੀ ਐ।" ਸੁਖਰਾਜ ਨੇ ਕਿਹਾ," ਮੰਮੀ ਫਿਕਰ ਨਾ ਕਰੋ, ਬਥੇਰਾ ਦਿਨ ਪਿਆ,ਮੰਮੀ ਢਿੱਲੀ ਐ ਰੋਟੀ ਟੁੱਕ ਕਰਨਾ ਹੋਊ ਸ਼ੁਭਦੀਪ ਨੇ ਜਾ ਕੇ।" "ਪੁੱਤ ਮਰਜੀ ਆ ਥੋਡੀ ਹੌਲੀ ਜਾਇਓ," ਮਨਜੀਤ ਨੇ ਕਿਹਾ। ਸ਼ੁਭਦੀਪ ਅਤੇ ਸੁਖਰਾਜ ਚਲੇ ਗਏ। ਰਸਤੇ ਵਿੱਚ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਟਾਹਲੀ ਵਿੱਚ ਜਾ ਵੱਜੀ। ਜਿਸ ਵਿੱਚ ਸ਼ੁਭਦੀਪ ਅਤੇ ਉਸਦੇ ਪਤੀ ਦੀ ਮੌਤ ਹੋ ਗਈ। ਜਦੋਂ ਇਸ ਦੁਰਘਟਨਾ ਦਾ ਸ਼ੁਭਦੀਪ ਦੇ ਪੇਕੇ ਘਰ ਪਤਾ ਲੱਗਿਆ ਤਾਂ ਖੁਸ਼ੀਆਂ ਭਰੇ ਮਾਹੌਲ 'ਚ ਚੀਕ- ਚਿਹਾੜਾ ਪੈ ਗਿਆ। ਬਲਜੀਤ ਅਤੇ ਦੀਪੇ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਉਹਨਾਂ ਨੇ ਸ਼ੁਭਦੀਪ ਅਤੇ ਸੁਖਰਾਜ ਦਾ ਹੱਥੀਂ ਕਤਲ ਕੀਤਾ ਹੋਵੇ। ਸਾਰੇ ਪਿੰਡ 'ਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਕੋਈ ਸੁਖਰਾਜ ਨੂੰ ਅਤੇ ਕੋਈ ਬਲਜੀਤ ਅਤੇ ਦੀਪੇ ਨੂੰ ਲਾਹਨਤਾਂ ਪਾਉਂਦਾ। ਦੁਰਘਟਨਾ ਦੇ ਜਿੰਮੇਵਾਰ ਪਿਓ-ਪੁੱਤ ਨੂੰ ਸਿਰ ਚੁੱਕ ਕੇ ਤੁਰਨਾ ਔਖਾ ਹੋ ਗਿਆ ਸੀ। ਇਸ ਘਟਨਾ ਤੋਂ ਦੋ ਕੁ ਮਹੀਨੇ ਬਾਅਦ ਦੀਪੇ ਨੂੰ ਸ਼ੁਭਦੀਪ ਸੁਪਨੇ ਵਿੱਚ ਦਿਖਾਈ ਦਿੱਤੀ। ਸ਼ੁਭਦੀਪ ਨੇ ਕਿਹਾ," ਵੀਰੇ ਥੋਡੀ ਤੇ ਪਾਪਾ ਦੀ ਦਾਰੂ ਪਿਓ-ਧੀ ਅਤੇ ਭੈਣ- ਭਰਾ ਦੇ ਪਿਆਰ 'ਤੇ ਭਾਰੀ ਪੈ ਗਈ। "ਮੈਂ ਨਹੀਂ ਚਾਹੁੰਦੀ ਕਿ ਇਹ ਮੇਰੀ ਮਾਂ ਅਤੇ ਆਉਣ ਵਾਲੀ ਭਾਬੀ 'ਤੇ ਭਾਰੀ ਪਵੇ।" ਦੀਪਾ ਅੱਖ ਖੁੱਲ੍ਹਣ 'ਤੇ ਉੱਚੀ-ਉੱਚੀ ਰੋਣ ਲੱਗਾ।
ਦੋਵੇਂ ਪਿਓ ਪੁੱਤ ਮਨਜੀਤ ਨੂੰ ਬਿਨਾਂ ਕੁੱਝ ਦੱਸੇ ਕਿਤੇ ਚਲੇ ਗਏ। ਮਨਜੀਤ ਸ਼ਾਮ ਤੱਕ ਰਾਹ ਦੇਖਦੀ ਰਹੀ। ਸ਼ਾਮ ਨੂੰ ਦੋਵੇਂ ਪਿਓ- ਪੁੱਤ ਅੰਮ੍ਰਿਤ ਛਕ ਕੇ ਗਾਤਰੇ ਪਾ ਕੇ ਘਰ ਪਹੁੰਚੇ। ਮਨਜੀਤ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਹ ਮਨ ਹੀ ਮਨ ਕਹਿਣ ਲੱਗੀ ਕਿ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸਨੂੰ ਭੁੱਲਿਆ ਨਹੀਂ ਕਹਿੰਦੇ। ਦਾਰੂ ਕਾਰਨ ਘਰੇ ਬਣੇ ਨਰਕ ਦੀ ਜਗ੍ਹਾ ਪਾਠ ਅਤੇ ਵਾਹਿਗੁਰੂ ਦੇ ਨਾਮ ਨੇ ਲੈ ਲਈ।
ਹਰਪ੍ਰੀਤ ਕੌਰ ਘੁੰਨਸ
ਪਿੰਡ ਤੇ ਡਾਕ ਘੁੰਨਸ
ਜਿਲ੍ਹਾ ਬਰਨਾਲਾ