Haripal

ਪੰਡੋਰਾ ਕਾਗ਼ਜ਼ਾਤ : ਦੁਨੀਆ ਭਰ ਦੇ ਧਨ ਕੁਬੇਰਾਂ ਦੀ ਕਥਾ   - ਹਰੀਪਾਲ

ਦੁਨੀਆ ਭਰ ਵਿਚ ਲੋਕ ਭੁੱਖਮਰੀ, ਗਰੀਬੀ, ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਕੰਮ ਕਰਨ ਵਾਲ਼ੇ ਲੋਕ ਦਿਨ ਰਾਤ ਦੀ ਪਰਵਾਹ ਕੀਤੇ ਬਿਨਾ ਭੱਜੇ ਫਿਰਦੇ ਹਨ, ਫਿਰ ਵੀ ਲੋਕਾਂ ਤੋਂ ਬਿੱਲ ਹੀ ਮਸਾਂ ਭਰੇ ਜਾਂਦੇ ਹਨ। ਕੰਮ ਕਰਨ ਵਾਲ਼ੇ ਲੋਕਾਂ ਤੋਂ ਆਪਣੇ ਪਰਿਵਾਰਾਂ ਕੋਲ ਬੈਠਣ ਦਾ ਕੀਮਤੀ ਸਮਾਂ ਵੀ ਖੋਹ ਲਿਆ ਗਿਆ ਹੈ। ਦੁਨੀਆ ਭਰ ਦੇ ਪੱਚੀ ਫ਼ੀਸਦ ਚੁੱਲ੍ਹੇ ਸਿਰਫ ਦਿਨ ਵਿਚ ਇੱਕ ਅੱਧੀ ਵਾਰ ਹੀ ਤਪਦੇ ਹਨ। ਪ੍ਰਾਈਵੇਟ ਸਕੂਲਾਂ ਦੇ ਦੁਕਾਨ-ਨੁਮਾ ਬਿਜ਼ਨਸ ਨੇ ਸਰਕਾਰੀ ਸਕੂਲ ਸਿਸਟਮ ਫੇਲ੍ਹ ਕਰ ਦਿੱਤਾ ਹੈ, ਜਾਂ ਕਰ ਰਿਹਾ ਹੈ। ਹਸਪਤਾਲ਼ ਵੀ ਗਰੀਬ ਲੋਕਾਂ ਦੇ ਵੱਸ ਦਾ ਰੋਗ ਨਹੀਂ ਰਹੇ। ਤੀਹ ਪੈਂਤੀ ਹਜ਼ਾਰ ਲੋਕ ਹਰ ਰੋਜ਼ ਭੁੱਖ ਨਾਲ਼ ਮਰ ਰਹੇ ਹਨ। ਹਰ ਸਾਲ ਲੱਖਾਂ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਬਹੁਤ ਜਗ੍ਹਾ ਔਰਤਾਂ ਆਪਣਾ ਸਰੀਰ ਵੇਚ ਕੇ ਬੱਚਿਆਂ ਦਾ ਢਿੱਡ ਭਰਦੀਆਂ ਹਨ। ਬਲਾਤਕਾਰ, ਮਾਰ-ਧਾੜ, ਚੋਰੀ-ਚਕਾਰੀ, ਗੁੰਡਾਗਰਦੀ ਪ੍ਰਧਾਨ ਹੋ ਰਹੀ ਹੈ। ਕਿਤੇ ਲੋਕ ਹੜ੍ਹ ਨਾਲ਼ ਮਰ ਰਹੇ ਹਨ ਅਤੇ ਕਿਤੇ ਸੋਕੇ ਨਾਲ਼। ਇਸ ਸਭ ਕਾਸੇ ਦੇ ਜ਼ਿੰਮੇਵਾਰ ਉਹ ਲੋਕ ਹਨ ਜੋ ਲੋਕ ਕਰੋੜਾਂ ਦੀ ਆਮਦਨ ਹੋਣ ਦੇ ਬਾਵਜੂਦ ਟੈਕਸ ਨਹੀਂ ਦਿੰਦੇ ਸਗੋਂ ਪੈਸੇ ਦੇ ਜ਼ੋਰ ਨਾਲ਼ ਰਾਜਭਾਗ ਤੇ ਵੀ ਕਾਬਜ਼ ਹੋ ਰਹੇ ਹਨ। ਲੋਕਾਂ ਦਾ ਪੈਸਾ ਚੋਰੀ ਕਰਕੇ, ਲੋਕਾਂ ਤੇ ਰਾਜ ਕਰਦੇ ਹਨ ਅਤੇ ਹੋਰ ਪੈਸਾ ਇਕੱਠਾ ਕਰਨ ਲਈ ਆਪਣੀਆਂ ਬਣਾਈਆਂ ਕਠਪੁਤਲੀ ਸਰਕਾਰਾਂ ਤੋਂ ਕਾਨੂੰਨ ਵੀ ਬਣਵਾ ਰਹੇ ਹਨ। ਲੋਕਤੰਤਰ ਨੂੰ ਇਹਨਾਂ ਲੋਕਾਂ ਨੇ ਮਜ਼ਾਕ ਬਣਾ ਦਿੱਤਾ ਹੈ ਅਤੇ ਸੰਵਿਧਾਨ ਨੂੰ ਇਹ ਲੋਕ ਮੋਮ ਦੇ ਪੁਤਲੇ ਤੋਂ ਵੱਧ ਕੁਝ ਨਹੀ ਸਮਝਦੇ। ਹੁਣੇ ਹੁਣੇ ਸਾਹਮਣੇ ਆਈਆਂ ਪੰਡੋਰਾ ਪੇਪਰਜ਼ ਦੀਆਂ ਫਾਈਲਾਂ ਤੋਂ ਤੁਸੀਂ ਇਹਨਾਂ ਲੋਕਾਂ ਦੇ ਕੰਮ ਦੇਖ ਸਕਦੇ ਹੋ। ਗਰੀਬੀ ਲਈ ਇਹ ਲੋਕ ਗਰੀਬਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਹਨ ਪਰ ਗਰੀਬ ਲੋਕ ਆਲ਼ਸੀ ਨਹੀਂ ਹਨ, ਉਂਜ, ਇਹਨਾਂ ਧਨ ਕੁਬੇਰਾਂ ਨੇ ਗਰੀਬਾਂ ਤੋਂ ਸਾਰੇ ਹੀਲੇ ਵਸੀਲੇ ਖੋਹ ਲਏ ਹਨ ਅਤੇ ਸਮਾਜ ਦਾ ਸੰਤੁਲਨ ਹੀ ਵਿਗਾੜ ਦਿੱਤਾ ਹੈ। ਆਓ ਜ਼ਰਾ ਪੰਡੋਰਾ ਪੇਪਰਾਂ ਤੇ ਝਾਤ ਮਾਰੀਏ ਤੇ ਦੇਖੀਏ ਕਿ ਇਹ ਲੋਕ ਦੌਲਤ ਇਕੱਠੀ ਕਰਨ ਲਈ ਕਿਸ ਹੱਦ ਤੱਕ ਜਾ ਸਕਦੇ ਹਨ।
        ਪੰਡੋਰਾ ਪੇਪਰਜ ਸਾਡੇ ਸਮਿਆਂ ਦੀ ਸਭ ਤੋਂ ਮਹਿੰਗੀ ਟੈਕਸ ਹੈਵਨ ਫਾਈਲਾਂ ਦੀ ਰਿਪੋਰਟ ਹੈ। ਇਹ ਪਨਾਮਾ ਪੇਪਰ ਅਤੇ ਪੈਰਾਡਾਈਜ਼ ਪੇਪਰਾਂ ਦੀਆਂ ਸੰਯੁਕਤ ਫਾਈਲਾਂ ਹਨ, ਇਸ ਕਰਕੇ ਇਹਨਾਂ ਦਾ ਨਾਂ ਪੰਡੋਰਾ ਪੇਪਰ ਪਿਆ ਹੈ। ਇਹ ਰਿਪੋਰਟ ਦੱਸਦੀ ਹੈ ਕਿ 330 ਸਿਆਸੀ ਲੋਕ, 90 ਦੇਸ਼ ਅਤੇ 35 ਦੇ ਕਰੀਬ ਦੇਸ਼ਾਂ ਦੇ ਮੁਖੀ ਜਾਂ ਸਾਬਕਾ ਸ਼ਾਸਕ, ਰਾਜਦੂਤ, ਪ੍ਰਧਾਨਾਂ ਦੇ ਸਲਾਹਕਾਰ, ਫੌਜਾਂ ਦੇ ਜਰਨੈਲ ਅਤੇ ਸੈਂਟਰਲ ਬੈਂਕ ਦੇ ਗਵਰਨਰ ਤੱਕ ਇਸ ਫਰਾਡ ਵਿਚ ਸ਼ਾਮਿਲ ਹਨ।
     ਆਈਸੀਆਈਜੇ (ਇੰਟਰਨੈਸ਼ਨਲ ਕੰਸਟੋਰੀਅਮ ਆਫ ਇਨਵੈਸਟੀਗੇਟਿਵ ਜਰਨਲਿਟਸ ਜਿਸ ਦਾ ਹੈੱਡਆਫਿਸ ਵਾਸ਼ਿੰਗਟਨ ਡੀਸੀ ਵਿਚ ਹੈ) 14 ‘ਆਫ ਸ਼ੋਰ’ (ਆਪਣੇ ਮੁਲਕ ਦੀਆਂ ਹੱਦਾਂ ਤੋਂ ਬਾਹਰ) ਸਰਵਿਸ ਪ੍ਰੋਵਾਈਡਰ ਦੀ ਇਨਵੈਸਟੀਗੇਸ਼ਨ ਕਰਕੇ ਇਹ ਰਿਪੋਰਟ ਛਾਪੀ। ਇਹ ਸਰਵਿਸ ਪਰੋਵਾਈਡਰ ਕੰਪਨੀਆਂ ਇਹਨਾਂ ਟੈਕਸ ਚੋਰਾਂ ਨੂੰ ਸ਼ੈੱਲ ਕੰਪਨੀਆਂ ਦੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਪੈਸੇ ਦੀ ਅਦਲਾ-ਬਦਲੀ ਨੂੰ ਸੌਖਾ ਕਰਵਾਉਂਦੀਆਂ ਸਨ।
         ਲੇਖ ਅੱਗੇ ਤੋਰਨ ਤੋਂ ਪਹਿਲਾਂ ਪਾਠਕਾਂ ਨੂੰ ਸ਼ੈੱਲ ਕੰਪਨੀਆਂ ਵਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ ਕਿ ਇਹ ਕੰਪਨੀਆਂ ਕਿਵੇਂ ਕੰਮ ਕਰਦੀਆਂ ਹਨ।
      ਸ਼ੈੱਲ ਕੰਪਨੀਆਂ ਕੀ ਹਨ, ਇੱਕ ਉਦਾਹਰਣ ਨਾਲ਼ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਫਰਜ਼ ਕਰੋ, ਤੁਸੀਂ ਕੈਨੇਡਾ ਵਿਚ ਰਹਿ ਰਹੇ ਹੋ, ਭਾਵ ਕੈਨੇਡੀਅਨ ਹੋ, ਤੇ ਤੁਹਾਡੀ ਕੰਪਨੀ ਦਾ ਲਾਭ 10 ਲੱਖ ਡਾਲਰ ਹੋ ਗਿਆ ਹੈ। ਤੁਹਾਨੂੰ ਪਤਾ ਹੈ ਕਿ ਦਸ ਲੱਖ ਤੇ ਟੈਕਸ ਬਹੁਤ ਦੇਣਾ ਪਵੇਗਾ ਅਤੇ ਤੁਸੀਂ ਐਨਾ ਟੈਕਸ ਨਹੀਂ ਦੇਣਾ ਚਾਹੁੰਦੇ। ਤੁਸੀਂ ਬਲੀਜ (ਇੱਕ ਦੇਸ਼ ਦਾ ਨਾਂ ਜਿੱਥੇ ਟੈਕਸ ਦਰ ਜ਼ੀਰੋ ਫ਼ੀਸਦ ਹੈ) ਵਿਚ ਕੰਪਨੀ ਰਜਿਸਟਰ ਕਰਵਾ ਦਿੰਦੇ ਹੋ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਉਸ ਦੇ ਅਹੁਦੇਦਾਰ ਥਾਪ ਦਿੰਦੇ ਹੋ। ਇਹ ਕੰਪਨੀ ਸਿਰਫ ਕਾਗਜ਼ਾਂ ਵਿਚ ਹੈ, ਇਸ ਦੀ ਕੋਈ ਭੌਤਿਕ ਹੋਂਦ ਨਹੀਂ, ਬੱਸ ਤੁਸੀਂ ਇਸ ਕੰਪਨੀ ਦੇ ਨਾਂ ਤੇ ਮੇਲਬੌਕਸ ਲਿਆ ਹੈ। ਹੁਣ ਤੁਸੀਂ ਆਪਣੇ ਲਾਭ ਵਿਚੋਂ 8 ਲੱਖ ਡਾਲਰ ਇਸ ਕੰਪਨੀ ਦੇ ਖਾਤੇ ਵਿਚ ਪਾ ਦਿੰਦੇ ਹੋ। ਇਸ 8 ਲੱਖ ਤੇ ਤੁਹਾਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ ਕਿਉਂਕਿ ਤੁਸੀਂ ਇਹ ਵਿਦੇਸ਼ ਜਾਂ ‘ਆਫ ਸ਼ੋਰ’ ਪੂੰਜੀ ਨਿਵੇਸ਼ ਕੀਤਾ ਹੈ ਅਤੇ ਕੈਨੇਡਾ ਵਿਚ ਤੁਹਾਨੂੰ ਸਿਰਫ ਦੋ ਲੱਖ ਡਾਲਰ '
ਤੇ ਹੀ ਟੈਕਸ ਦੇਣਾ ਪਵੇਗਾ। ਹੁਣ ਤੁਸੀਂ ਆਪਣੀ ਬਲੀਜ ਵਾਲ਼ੀ ਕੰਪਨੀ ਦੇ ਨਾਂ ਤੇ ਕੈਨੇਡਾ ਵਿਚ ਪਰਾਪਰਟੀ ਖਰੀਦ ਲੈਂਦੇ ਹੋ, ਤੁਹਾਨੂੰ ਕੋਈ ਟੈਕਸ ਨਹੀਂ ਪਵੇਗਾ ਕਿਉਂਕਿ ਦੂਜੇ ਦੇਸ਼ ਦੀ ਕੰਪਨੀ ਨੇ ਕੈਨੇਡਾ ਵਿਚ ਪੈਸਾ ਨਿਵੇਸ਼ ਕੀਤਾ ਹੈ ਜੋ ਅਸਲ ਵਿਚ ਤੁਹਾਡਾ ਹੀ ਪੈਸਾ ਹੈ। ਇਸ ਤਰ੍ਹਾਂ ਤੁਸੀਂ ਅੱਠ ਲੱਖ ਡਾਲਰ ਤੇ ਦਿੱਤਾ ਜਾਣ ਵਾਲ਼ਾ ਟੈਕਸ ਬਚਾ ਲਿਆ। ਇਹ ਸਭ ਭਾਵੇਂ ਗੈਰ ਕਨੂੰਨੀ ਨਹੀਂ ਹੈ ਪਰ ਅਨੈਤਿਕ ਤਾਂ ਹੈ। ਹੁਣ ਸਰਕਾਰ ਨੇ ਤਾਂ ਆਪਣਾ ਟੈਕਸ ਪੂਰਾ ਕਰਨਾ ਹੈ, ਫਿਰ ਸਰਕਾਰ ਆਮ ਲੋਕਾਂ ਤੇ ਟੈਕਸ ਦਾ ਹੋਰ ਬੋਝ ਪਾਉਂਦੀ ਹੈ ਜਿਸ ਨਾਲ਼ ਆਮ ਗਰੀਬ ਲੋਕ ਹੋਰ ਗਰੀਬ ਹੋ ਰਹੇ ਹਨ। ਅੱਠ ਘੰਟੇ ਹਰ ਰੋਜ਼ ਤੇ 40 ਘੰਟੇ ਕੰਮ ਕਰਨ ਦੀ ਜਿਹੜੀ ਜਿੱਤ ਅਸੀਂ ਜਿੱਤੀ ਸੀ, ਉਹ ਤਾਂ ਕਦ ਦੀ ਖਤਮ ਹੋ ਚੁੱਕੀ ਹੈ। ਹੁਣ ਤਾਂ ਲੋਕ ਹਫਤੇ ਦੇ ਸੱਤਰ ਜਾਂ ਅੱਸੀ ਘੰਟੇ ਕੰਮ ਕਰਦੇ ਹਨ, ਤਾਂ ਕਿਤੇ ਜਾ ਕੇ ਵੇਲ਼ਾ ਪੂਰਾ ਹੁੰਦਾ ਹੈ। ਰਿਟਾਇਰ ਹੋਏ ਲੋਕ ਵੀ ਪਾਰਟ ਟਾਈਮ ਨੌਕਰੀਆਂ ਲੱਭਦੇ ਫਿਰਦੇ ਹਨ ਕਿਉਂਕਿ ਪੈਨਸ਼ਨ ਨਾਲ਼ ਗੁਜ਼ਾਰਾ ਨਹੀਂ ਹੁੰਦਾ।
        ਹੁਣ ਇਹਨਾਂ ਫਾਈਲਾਂ ਤੋਂ ਪਤਾ ਲੱਗਿਆ ਕਿ 45 ਦੇਸ਼ਾਂ ਦੇ 130 ਅਰਬਪਤੀ ਜਿਨ੍ਹਾਂ ਵਿਚ ਇਕੱਲੇ ਰੂਸ ਦੇ 46 ਅਰਬਪਤੀ ਹਨ, ਨੇ ਸ਼ੈੱਲ ਕੰਪਨੀਆਂ ਬਣਾ ਕੇ ਆਪਣੇ ਮੁਲਕਾਂ ਦਾ ਟੈਕਸ ਚੋਰੀ ਕੀਤਾ ਹੈ। ਇਹਨਾਂ ਵਿਚ ਮੁੱਖ ਨਾਂ ਜਿਵੇਂ ਇੰਗਲੈਂਡ ਦਾ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ, ਰੂਸ ਦਾ ਪ੍ਰਧਾਨ ਵਲਾਦੀਮੀਰ ਪੂਤਿਨ, ਜੌਰਡਨ ਦਾ ਰਾਜਾ, ਅਨਿਲ ਅੰਬਾਨੀ, ਸਚਿਨ ਤੇਂਦੂਲਕਰ, ਪੌਪ ਸਟਾਰ ਸ਼ਕੀਰਾ ਦੇ ਨਾਂ ਵਰਨਣ ਯੋਗ ਹਨ। ਆਈਸੀਆਈਜੇ ਨੇ 150 ਮੀਡੀਆ ਸਹਿਯੋਗੀਆਂ ਨਾਲ਼ ਰਲ ਕੇ ਪੱਤਰਕਾਰੀ ਦੇ ਖੇਤਰ ਵਿਚ ਇਤਿਹਾਸ ਰਚਿਆ ਹੈ। ਲੱਗਭੱਗ 2 ਸਾਲ ਆਈਸੀਆਈਜੇ ਨੇ 600 ਪੱਤਰਕਾਰਾਂ ਦੀ ਮਦਦ ਨਾਲ਼ 117 ਦੇਸ਼ਾਂ ਦੇ ਅਮੀਰਾਂ ਦੀ ਪੜਤਾਲ਼ ਕੀਤੀ। ਰਿਪੋਰਟਰਾਂ ਨੇ ਕਲਿਫਸਾਈਡ ਮੈਨਸ਼ਨ ਕੈਲੀਫੋਰਨੀਆ, ਡੋਮੀਨੀਕਨ ਰਿਪਬਲਿਕ ਵਿਚ ਗੰਨੇ ਦਾ ਵੱਡਾ ਫਾਰਮ, ਇਕ ਪ੍ਰਦੂਸ਼ਿਤ ਫੈਕਟਰੀ ਜੋ ਇਟਲੀ ਵਿਚ ਹੈ ਤੇ ਬਹੁਮੰਜ਼ਲੇ ਟਾਵਰ ਜਿਹੜੇ ਡੁਬਈ ਵਿਚ ਹਨ ਤੇ ਇੱਕ ਤੁਰਕੀ ਦੇ ਹਸਪਤਾਲ ਦੇ ਮਾਲਕਾਂ ਦੀ ਛਾਣ-ਬਾਣ ਕੀਤੀ ਹੈ। ਨਾਲ ਹੀ ਪੰਜਾਹ ਸਾਲ ਤੱਕ ਪੁਰਾਣੇ ਦਸਤਾਵੇਜ਼ਾਂ ਦੀ ਖੋਜ ਕੀਤੀ ਗਈ ਹੈ ਪਰ ਬਹੁਤੇ ਦਸਤਾਵੇਜ਼ ਪਿਛਲੇ ਪੱਚੀ ਸਾਲਾਂ ਵਾਲ਼ੇ ਹਨ ਜਿਹਨਾਂ ਤੋਂ 29000 ਧਨ ਕੁਬੇਰਾਂ ਦਾ ਪਤਾ ਚੱਲਿਆ ਹੈ। ਇਹਨਾਂ ਨੇ ਟੈਕਸ ਬਚਾਉਣ ਲਈ ਦੂਜੇ ਮੁਲਕਾਂ ਵਿਚ ਆਪਣੀਆਂ ਕੰਪਨੀਆਂ ਖੋਲ੍ਹੀਆਂ। ਪੰਜ ਸਾਲ ਪਹਿਲਾਂ ਪਨਾਮਾ ਪੇਪਰਜ਼ ਵਿਚ ਜਿੰਨੇ ਟੈਕਸ ਚੋਰਾਂ ਦੇ ਨਾਂ ਆਏ ਸਨ, ਹੁਣ ਇਹਨਾਂ ਦੀ ਗਿਣਤੀ ਕਈ ਗੁਣਾ ਵਧ ਗਈ ਹੈ। ਪਨਾਮਾ ਪੇਪਰਜ਼ ਵੀ ਇੱਕ ਲਾ-ਫਰਮ ਵਿਚੋਂ ਲੀਕ ਹੋਏ ਸਨ। ‘ਆਫ ਸ਼ੋਰ’ ਕੰਪਨੀ ਭਾਵੇਂ ਕਾਨੂੰਨੀ ਹੈ ਪਰ ਇਹ ਸ਼ੀਲਡ ਦਿੰਦੀ ਹੈ ਰਿਸ਼ਵਤ ਦੇ ਪੈਸੇ ਨੂੰ, ਟੈਕਸ ਚੋਰੀ ਨੂੰ, ਡਰੱਗ ਦੇ ਪੈਸੇ ਨੂੰ ਅਤੇ ਅਤਿਵਾਦੀ ਸੰਗਠਨਾਂ ਨੂੰ ਪੈਸਾ ਪਹੁੰਚਾਉਣ ਲਈ। ਜਦੋਂ ਸਰਕਾਰਾਂ ਦੇ ਅਹੁਦੇਦਾਰ ਮੁਲਕ ਲਈ, ਦੂਜੇ ਦੇਸ਼ਾਂ ਦੀਆਂ ਕੰਪਨੀਆ ਨਾਲ਼ ਜੰਗੀ ਸਾਜ਼ੋ-ਸਮਾਨ ਜਾਂ ਹੋਰ ਜਹਾਜ਼ ਜਾਂ ਵਸਤਾਂ ਲੈਣ ਲਈ ਜਾਂ ਆਪਣੇ ਮੁਲਕਾਂ ਦੇ ਕੱਚਾ ਮਾਲ਼ ਕੱਢਣ ਦੇ ਠੇਕੇ ਦੇਣ ਲਈ ਕਮਿਸ਼ਨ ਵਗੈਰਾ ਲੈਂਦੇ ਹਨ ਤਾਂ ਲੋਕਾਂ ਤੋਂ ਪੈਸਾ ਛੁਪਾਉਣ ਲਈ ਇਹਨਾਂ ਸ਼ੈੱਲ ਕੰਪਨੀਆਂ ਦੇ ਖਾਤੇ ਵਰਤੇ ਜਾਂਦੇ ਹਨ।
ਗਰੀਬ ਦੇਸ਼ ਇਹਨਾਂ ਟੈਕਸ ਹੈਵਨ ਤੋਂ ਸਭ ਤੋਂ ਵੱਧ ਪ੍ਰਭਾਵਤ ਹੁੰਦੇ ਹਨ। ਇਹ ਪੈਸਾ ਜੇਕਰ ਸਰਕਾਰਾਂ ਕੋਲ਼ ਆਵੇ ਤਾਂ ਸਕੂਲਾਂ, ਹਸਪਤਾਲਾਂ, ਸੜਕਾਂ, ਪੁਲਾਂ ਲਈ ਪੈਸੇ ਦੀ ਕਮੀ ਨਾ ਆਵੇ। ਪੰਡੋਰਾ ਪੇਪਰਾਂ ਦੇ ਲੀਕ ਹੋਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਟੈਕਸ ਚੋਰੀ ਕਰਨ ਵਾਲ਼ੇ ਲੀਡਰ ਜਾਂ ਧਨ ਕੁਬੇਰ ਪੈਸੇ ਨੂੰ ਕਾਨੂੰਨੀ ਸ਼ਿਕੰਜਿਆਂ ਤੋਂ ਬਹੁਤ ਦੂਰ ਲੈ ਜਾਂਦੇ ਹਨ। ਇਹਨਾਂ ਪੇਪਰਾਂ ਨੇ ਦੱਸ ਦਿੱਤਾ ਹੈ ਕਿ ਜੌਰਡਨ ਦਾ ਰਾਜਾ ਅਬਦੁੱਲਾ, ਚੈੱਕ ਰਿਪਬਲਿਕ ਦਾ ਪ੍ਰਧਾਨ ਮੰਤਰੀ, ਇਕੁਆਡੋਰ ਦਾ ਪ੍ਰਧਾਨ ਮੰਤਰੀ, ਕੀਨੀਆ ਅਲ ਸਲਵਾਡੋਰ ਤੇ ਪਨਾਮਾ ਦੇ ਲੀਡਰ ਕਿਵੇਂ ਆਪਣੇ ਮੁਲਕਾਂ ਦਾ ਪੈਸਾ ਚੋਰੀ ਕਰਕੇ ਇਹਨਾਂ ਟੈਕਸ ਹੈਵਨ ਵਿਚ ਪਹੁੰਚਾ ਦਿੰਦੇ ਹਨ। ਇਸ ਰਿਪੋਰਟ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਅਮਰੀਕਾ ਵਿਚ ਸਭ ਤੋਂ ਵੱਧ ਟੈਕਸ ਚੋਰੀ ਦਾ ਪੈਸਾ ਆਉਂਦਾ ਹੈ, ਹਾਲਾਂਕਿ ਅਮਰੀਕਾ ਟੈਕਸ ਚੋਰੀ ਲਈ ਦੂਜੇ ਮੁਲਕਾਂ ਨੂੰ ਨਿੰਦਦਾ ਹੈ। ਪੰਡੋਰਾ ਪੇਪਰਾਂ ਵਿਚ 206 ਅਮਰੀਕੀ ਟਰਸਟ, 15 ਸੂਬਿਆਂ ਅਤੇ 22 ਟਰਸਟ ਕੰਪਨੀਆਂ ਦੇ ਲੇਖੇ ਜੋਖੇ ਹਨ। ਇਹ ਪੇਪਰ ਦਰਸਾਉਂਦੇ ਹਨ ਕਿ ਦਹਿ ਲੱਖਾਂ (ਟੈਕਸ ਚੋਰੀ ਦੇ) ਡਾਲਰ ਕਿਵੇਂ ਕੈਰੇਬੀਅਨ ਦੇਸ਼ਾਂ ਤੋਂ ਅਮਰੀਕਾ ਦੀ ਸਟੇਟ ਸਾਊਥ ਡਕੋਟਾ ਵਿਚ ਟਰਾਂਸਫਰ ਕੀਤੇ ਜਾਂਦੇ ਹਨ। ਇਹ ਰਿਪੋਰਟ ਦੱਸਦੀ ਹੈ ਕਿ ਕਿਵੇਂ ਅਮਰੀਕਾ ਦੀ ਇੱਕ ਕੰਪਨੀ ‘ਬੇਕਰ ਮੈਕੰਜੀ’ ਅਮੀਰਾਂ ਨੂੰ ਟੈਕਸ ਚੋਰੀ ਕਰਨ ਲਈ ਰਾਹ ਦੱਸਦੀ ਹੈ। ਤੀਹ ਹਜ਼ਾਰ ਕੰਪਨੀਆਂ ਦੇ ਰਿਕਾਰਡ ਅੰਗਰੇਜ਼ੀ, ਸਪੈਨਿਸ਼, ਚੀਨੀ, ਕੋਰੀਅਨ, ਗਰੀਕ ਅਤੇ ਰੂਸੀ ਭਾਸ਼ਾ ਵਿਚ ਵੀ ਮਿਲ਼ਦੇ ਹਨ। ਇਹਨਾਂ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਅਨਰਜੀ, ਟੈਕਨਾਲੋਜੀ ਅਤੇ ਵੱਡੀਆਂ ਵੱਡੀਆਂ ਪ੍ਰਾਪਰਟੀਆਂ ਦੇ ਸੌਦੇ ਕਿਵੇਂ ਹੁੰਦੇ ਹਨ। ਆਈਸੀਆਈਜੇ ਨੇ ਇਹ ਸਾਰੇ ਦਸਤਾਵੇਜ਼ ਡੈਟਾ ਬੇਸ ਵਿਚ ਸਾਂਭ ਦਿੱਤੇ ਹਨ।
      ਪੰਡੋਰਾ ਪੇਪਰਾਂ ਨੇ ਦੁਨੀਆ ਭਰ ਦੇ ਟੈਕਸ ਸਿਸਟਮ, ਅੰਡਰ ਗਰਾਊਂਡ ਆਰਥਿਕਤਾ ਅਤੇ ਚੋਰੀ ਦਾ ਪੈਸਾ ਕਿਵੇਂ ਇੱਧਰ ਉੱਧਰ ਕੀਤਾ ਜਾਂਦਾ ਹੈ, ਇਸ ਸਭ ਕਾਸੇ ਦੀ ਪੋਲ ਖੋਲ੍ਹ ਦਿੱਤੀ ਹੈ। ਇਹ ਉਹ ਦਸਤਾਵੇਜ਼ ਹੈ ਜੋ ਆਉਣ ਵਾਲ਼ੀਆ ਨਸਲਾਂ ਨੂੰ ਇਹਨਾਂ ਤੋਂ ਬਚਾਅ ਕਰਨ ਦਾ ਰਾਹ ਦੱਸਣਗੇ। ਜੇਕਰ ਥੋੜ੍ਹੇ ਜਿਹੇ ਸ਼ਰੀਫਜ਼ਾਦਿਆਂ ਦੇ ਨਾਵਾਂ ‘ਤੇ ਨਿਗ੍ਹਾ ਮਾਰੀਏ ਤਾਂ ਅਸੀਂ ਹੈਰਾਨ ਹੋ ਜਾਂਦੇ ਹਾਂ:
1) ਕਿੰਗ ਅਬਦੁੱਲਾ (ਜੌਰਡਨ) ਦੁਨੀਆ ਭਰ ਵਿਚ 15 ਮੈਨਸ਼ਨ ਲਈ ਬੈਠਾ ਹੈ ਜਿਹਨਾਂ ਦੀ ਕੀਮਤ 8 ਬਿਲੀਅਨ ਡਾਲਰ ਦੇ ਲੱਗਭੱਗ ਹੈ। ਉਸ ਨੇ 36 ਸ਼ੈੱਲ ਕੰਪਨੀਆਂ ਬਣਾਈਆਂ ਹੋਈਆਂ ਹਨ। ਦੂਜੇ ਪਾਸੇ ਜੌਰਡਨ ਆਰਥਿਕ ਮੰਦਹਾਲੀ ਨਾਲ਼ ਜੂਝ ਰਿਹਾ ਹੈ ਅਤੇ ਹਮੇਸ਼ਾ ਆਈਐੱਮਐੱਫ ਅੱਗੇ ਝੋਲ਼ੀ ਅੱਡ ਕੇ ਖੜ੍ਹਾ ਰਹਿੰਦਾ ਹੈ। ਕਿੰਗ ਅਬਦੁੱਲਾ ਦੀ ਈਮੇਲ ਵੀ ਇੱਕ ਕੋਡ ਦੇ ਨਾਮ ਤੇ ਆਉਂਦੀ ਹੈ।
2) ਇਮਰਾਨ ਖਾਨ (ਪਾਕਿਸਤਾਨ ਦਾ ਪ੍ਰਧਾਨ ਮੰਤਰੀ) ਜਿਸ ਨੇ ਸਿਰਫ ਇਸੇ ਮੁੱਦੇ ਤੇ ਚੋਣਾਂ ਲੜੀਆਂ ਸਨ ਕਿ ਉਹ ਪਾਕਿਸਤਾਨ ਦਾ ਪੈਸਾ ਬਾਹਰਲੇ ਮੁਲਕਾਂ ਨੂੰ ਨਹੀਂ ਜਾਣ ਦੇਵੇਗਾ ਪਰ ਜਦ ਆਪਣਾ ਦਾਅ ਲੱਗਿਆ ਤਾਂ ਆਪ ਵੀ ਚੋਰਾਂ ਦਾ ਸਾਥੀ ਬਣ ਗਿਆ। ਉਸ ਦੇ ਦੋ ਮੰਤਰੀਆਂ ਦਾ ਨਾਂ ਵੀ ਇਹਨਾਂ ਪੇਪਰਾਂ ਵਿਚ ਬੋਲਦਾ ਹੈ।
3) ਰੂਸ ਦਾ ਪ੍ਰਧਾਨ ਪੂਤਿਨ ਦਾ ਨਾਂ ਇਹਨਾਂ ਪੰਡੋਰਾ ਪੇਪਰਾਂ ਵਿਚ ਬੋਲਦਾ ਹੈ। ਉਸ ਦੇ ਪਰਾਪੇਗੰਡਾਮੈਨ ਅਤੇ ਪੂਤਿਨ ਤੇ ਸਵੇਤਲਾਨਾ ਕਰਵੇਨੋਆ ਦੀ ਬੇਟੀ ਐਲਿਜ਼ਬਥ ਦਾ ਨਾਂ ਵੀ ਇਹਨਾਂ ਵਿਚ ਸ਼ਾਮਲ ਹੈ। ਯਾਦ ਰਹੇ ਕਿ ਸਵੇਤਲਾਨਾ ਪੂਤਿਨ ਦੇ ਘਰ ਦੀ ਕਿਸੇ ਟਾਈਮ ਸਫਾਈ ਕਰਦੀ ਹੁੰਦੀ ਸੀ, ਪੂਤਿਨ ਨੇ ਸਵੇਤਲਾਨਾ ਨਾਲ਼ ਅੱਜ ਤੱਕ ਇਸ ਰਿਸ਼ਤੇ ਨੂੰ ਕੋਈ ਨਾਂ ਨਹੀ ਦਿੱਤਾ।
4) ਲਿਬਨਾਨ ਦੇ ਪ੍ਰਧਾਨ ਨਜੀਬ ਮੁਕਤੀ, ਲਿਬਨਾਨ ਦੀ ਸੈਂਟਰਲ ਬੈਂਕ ਦੇ ਗਵਰਨਰ ਰਿਆਜ਼ ਸਲਾਮ ਵੀ ਇਹਨਾਂ ਸ਼ਰੀਫਜ਼ਾਦਿਆਂ ਵਿਚ ਸ਼ਾਮਲ ਹਨ। ਅੱਜ ਲਿਬਨਾਨ ਦਾ ਇਹ ਹਾਲ ਹੈ ਕਿ ਗਰੀਬੀ ਤੋਂ ਤੰਗ ਆਏ ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ। ਲੋਕ ਆਪਣੀਆਂ ਰੋਜ਼ਮੱਰਾ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ ਸਕਦੇ।
5) ਚੈੱਕ ਰਿਪਬਲਿਕ ਦੇ ਪ੍ਰਧਾਨ ਆਂਦਰੇ ਬੇਦੇਸ ਨੇ 2009 ਵਿਚ 16 ਕਰੋੜ ਡਾਲਰ ਦੀ ਪ੍ਰਾਪਰਟੀ ਬਾਹਰਲੇ ਮੁਲਕਾਂ ਵਿਚ ਖਰੀਦੀ।
6) ਭਾਰਤ ਦੇ ਹਰਮਨ ਪਿਆਰੇ ਕ੍ਰਿਕਟਰ ਸਚਿਨ ਤੇਂਦੂਲਕਰ, ਉਸ ਦੀ ਪਤਨੀ ਅਤੇ ਉਸ ਦਾ ਸਹੁਰਾ ਵੀ ਇਸ ਖੇਡ ਦੇ ਖਿਡਾਰੀ ਹਨ। ਭਾਰਤ ਵਿਚੋਂ ਹੋਰ ਵੀ ਜਿਵੇਂ ਨੀਰਵ ਮੋਦੀ, ਵਿਨੋਦ ਅਡਾਨੀ, ਅਨਿਲ ਅੰਬਾਨੀ (ਜਿਸ ਦੀਆਂ ਭਾਰਤ ਤੋਂ ਬਾਹਰ 18 ਜਾਇਦਾਦਾਂ ਹਨ) ਅਤੇ 300 ਦੇ ਕਰੀਬ ਬਾਲੀਵੁੱਡ ਨਾਲ ਸਬੰਧਤ ਤੇ ਸਿਆਸੀ ਲੋਕ ਇਨ੍ਹਾਂ ਪੰਡੋਰਾ ਪੇਪਰਾਂ ਵਿਚ ਸ਼ਾਮਲ ਹਨ।
      ਜੇਕਰ ਕੈਨੇਡਾ ਦੀ ਗੱਲ ਕਰੀਏ ਤਾਂ 500 ਕੈਨੇਡੀਅਨਾਂ ਸਣੇ ਆਪਣੇ ਸਕੇਟਿੰਗ ਸਟਾਰ ‘ਐਲਵਿਸ ਸਟਾਈਕੋ’ ਅਤੇ 4000 ਦੇ ਲੱਗਭੱਗ ਕੈਨੇਡੀਅਨ ਟਰਸਟਾਂ ਦਾ ਨਾਂ ਇਹਨਾਂ ਪੇਪਰਾਂ ਵਿਚ ਬੋਲਦਾ ਹੈ। ਚਾਰ ਸਾਲ ਪਹਿਲਾਂ ਲੀਕ ਹੋਏ ਪਨਾਮਾ ਪੇਪਰਾਂ ਤੋਂ ਬਾਅਦ ਵੀ ਕੈਨੇਡਾ ਨੇ ਚੋਰ ਮੋਰੀਆਂ ਬੰਦ ਨਹੀਂ ਕੀਤੀਆਂ। ਇਹਨਾਂ ਅਮੀਰਾਂ ਨੂੰ ਖੁਸ਼ ਕਰਨ ਲਈ ਕੈਨੇਡੀਅਨ ਸਰਕਾਰ ਕਿੱਥੋਂ ਤੱਕ ਜਾ ਸਕਦੀ ਹੈ, ਜ਼ਰਾ ਸਰਕਾਰ ਦੇ ਪਿਛਲੇ ਕਾਲ ਦੀ ਕਾਰਗੁਜ਼ਾਰੀ ਦੇਖੋ। ਜਦੋਂ ਪਿਛਲੀ ਲਿਬਰਲ ਸਰਕਾਰ ਵੇਲ਼ੇ ਨਿਊ ਡੈਮੋਕਰੇਟਾਂ ਨੇ ਬਿੱਲ ਲਿਆਂਦਾ ਕਿ ਅਮੀਰਾਂ ਤੇ ਟੈਕਸ ਦੀ ਦਰ ਸਿਰਫ 1% ਵਧਾ ਦਿੱਤੀ ਜਾਵੇ ਤਾਂ ਲਿਬਰਲ ਸਰਕਾਰ ਨੇ ‘ਬਲੌਕ ਕਿਊਬਕ’ ਨਾਲ਼ ਰਲ਼ ਕੇ ਇਹ ਬਿੱਲ ਪਾਸ ਨਹੀਂ ਹੋਣ ਦਿੱਤਾ। ਸਾਡੀ ਕੈਨੇਡੀਅਨ ਰੈਵੇਨਿਊ ਏਜੰਸੀ ਕੋਲ਼ ਵੀ ਇੰਨੀ ਪਾਵਰ ਨਹੀਂ ਕਿ ਉਹ ਇਹਨਾਂ ਅਮੀਰਜ਼ਾਦਿਆਂ ਨੂੰ ਹੱਥ ਪਾ ਸਕੇ। ਕੋਈ ਨਿੱਕਾ ਮੋਟਾ ਬਿਜ਼ਨਸ ਵਾਲ਼ਾ ਘੇਰ ਲਿਆ ਅਤੇ ਉਸ ਨੂੰ ਫਾਈਨ ਕਰਕੇ ਬੱਲੇ ਬੱਲੇ ਕਰਵਾ ਲਈ ਪਰ ਵੱਡੇ ਮਗਰਮੱਛਾਂ ਵੱਲ ਝਾਕਣ ਦੀ ਇਹਨਾਂ ਦੀ ਜੁਰਅਤ ਨਹੀਂ।
       ਮਾਹਰ ਕਹਿੰਦੇ ਹਨ ਕਿ ਜੇ ਇਹ ਚੋਰ ਮੋਰੀਆਂ ਬੰਦ ਹੋ ਜਾਣ ਤਾਂ ‘ਘਾਟਾ’ ਆਪਣੇ ਆਪ ਹੀ ਖਤਮ ਹੋ ਜਾਵੇਗਾ। ਜੇ ਇਹਨਾਂ ਧਨ ਕੁਬੇਰਾਂ ਤੇ ਨੱਥ ਨਹੀਂ ਪਾਈ ਗਈ ਤਾਂ ਸਾਡੀਆਂ ਆਉਣ ਵਾਲ਼ੀਆਂ ਪੀੜ੍ਹੀਆ ਦਾ ਕੀ ਹਾਲ ਹੋਵੇਗਾ, ਇਹ ਸੋਚ ਕੇ ਰੂਹ ਕੰਬ ਉਠਦੀ ਹੈ।
ਸੰਪਰਕ : 403-714-4816