ਮਿੱਤਰਾਂ ਦਾ ਮਿੱਤਰ ਸੀ ਕਸ਼ਮੀਰ ਪੰਨੂੰ - ਹਰਦੇਵ ਚੌਹਾਨ
ਕਸ਼ਮੀਰ ਪੰਨੂੰ 3 ਨਵੰਬਰ 1950 ਨੂੰ ਰਾਮਪੁਰਾ ਤਲਵਾੜਾ, ਗੁਰਦਾਸਪੁਰ ਵਿਚ ਮਹਿੰਦਰ ਸਿੰਘ ਪੰਨੂੰ ਦੇ ਘਰ ਪੈਦਾ ਹੋਇਆ ਸੀ। ਪਿਓ ਹੁਰੀਂ ਸੱਤ ਭਰਾ ਸਨ। ਦਾਦਾ ਉਜਾਗਰ ਸਿੰਘ ਭਲੇ ਵੇਲਿਆਂ 'ਚ ਰੱਜਿਆ-ਪੁੱਜਿਆ ਨਾਇਬ ਤਹਿਸੀਲਦਾਰ ਹੁੰਦਾ ਸੀ। ਪਿਓ ਨੇ ਦੂਜਾ ਵਿਆਹ ਕਰਵਾ ਲਿਆ ਸੀ। ਪੰਨੂੰ ਪਹਿਲੀ ਮਾਂ ਗੁਰਬਚਨ ਕੌਰ ਦੀ ਕੁੱਖੋਂ ਜੰਮਿਆ ਸੀ। ਜਦੋਂ ਜੰਮਿਆ ਤਾਂ ਉਸ ਨੂੰ ਭਾਗਾਂ ਵਾਲਾ ਕਿਹਾ ਗਿਆ। ਮਾਂ ਦਾ ਘਰ ਵਸਾਉਣ ਵਾਲਾ ਪੁੱਤ।
ਕਹਾਣੀ 'ਗੁੰਮੀਆਂ ਹੋਈਆਂ ਚਾਬੀਆਂ' 'ਚ ਕਸ਼ਮੀਰ ਪੰਨੂੰ ਨੇ ਆਪਣੇ ਪਿਓ ਦੇ ਕਿਰਦਾਰ ਨੂੰ ਹੀ ਚਿਤਰਿਆ ਹੈ। ਉਸ ਦੀਆਂ ਕਹਾਣੀਆਂ 'ਚ ਰਿਸ਼ਤਿਆਂ ਦੇ ਮਹਿਸੂਸ ਹੁੰਦੇ ਉਤਰਾਅ-ਚੜ੍ਹਾਅ, ਉਸ ਨੇ ਆਪਣੇ ਘਰ 'ਚ ਵੇਖੇ ਤੇ ਮਾਣੇ। ਐਪਰ ਉਹ ਮੰਨਦਾ ਸੀ ਕਿ ਮੇਰੇ ਉੱਤੇ ਮੇਰੇ ਪਿਓ ਦਾ ਘੱਟ ਤੇ ਦਾਦੇ ਦਾ ਅਸਰ ਜ਼ਿਆਦਾ ਹੈ। ਉਹ ਪੜ੍ਹਿਆ-ਲਿਖਿਆ ਤੇ ਸੂਝ-ਬੂਝ ਵਾਲਾ ਬੰਦਾ ਸੀ ਨਾ...।
ਛੇਵੇਂ ਦਹਾਕੇ ਦੇ ਅਖੀਰ 'ਚ ਪੰਨੂੰ ਆਬਕਾਰੀ ਤੇ ਕਰ ਵਿਭਾਗ 'ਚ ਟਾਈਪਿਸਟ ਬਣ ਗਿਆ। ਕਹਾਣੀ 'ਅੱਕ ਦਾ ਦੁੱਧ' ਉਸ ਦੀ ਉਸੇ ਦਫ਼ਤਰ ਦੀ ਹੱਡਬੀਤੀ ਹੈ। ਇਹ 'ਅਕਸ' ਵਿਚ ਨਾਵਲਿਟ ਦੇ ਰੂਪ 'ਚ ਛਪੀ ਸੀ। ਸਰਕਾਰੀ ਸੇਵਾ ਕਰਦਾ, ਕਰਦਾ ਪੰਨੂੰ ਚੰਡੀਗੜ੍ਹ ਆ ਗਿਆ। ਸਿਰੜੀ ਸੀ। ਮਿਹਨਤੀ ਸੀ। ਰਾਤਰੀ ਕਲਾਸਾਂ ਰਾਹੀਂ ਬੀ.ਏ ਕਰ ਲਈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਈਵਨਿੰਗ ਕਾਲਜ ਦੀ ਸਾਹਿਤ ਸਭਾ ਦਾ ਪ੍ਰਧਾਨ ਬਣ ਗਿਆ। ਆਪਣੀ ਪਹਿਲੀ ਕਹਾਣੀ ਬਾਰੇ ਉਹ ਦੱਸਦਾ ਸੀ ਕਿ ਉਹ ਕਹਾਣੀ ਸਾਹਿਤ ਸਭਾ ਦੀ ਪ੍ਰਧਾਨਗੀ ਦੀ ਲਾਜ ਰੱਖਣ ਲਈ ਲਿਖੀ ਸੀ। ਉਂਜ ਇਕ ਮਿੰਨੀ ਕਹਾਣੀ ਅੱਠਵੀਂ 'ਚ ਪੜ੍ਹਦਿਆਂ ਵੀ ਲਿਖੀ ਜਿਹੜੀ ਅਜੀਤ 'ਚ ਛਪੀ ਸੀ। ਉਦੋਂ ਇਨਾਮ ਵਿਚ ਐੱਨਸੀਸੀ ਦੀ ਵਰਦੀ ਮਿਲੀ ਸੀ।
ਦੋ ਕੁ ਦਹਾਕੇ ਪਹਿਲਾਂ ਦੀ ਗੱਲ ਹੈ। ਦਰਵੇਸ਼ ਕਹਾਣੀਕਾਰ ਕਸ਼ਮੀਰ ਪੰਨੂੰ ਸਿਟੀ ਬਿਊਟੀਫੁੱਲ ਦੇ ਸਕੱਤਰੇਤ 'ਚ ਬੈਠਾ ਹੁੰਦਾ ਜਿੱਥੇ ਉਹ ਆਪਣੇ ਹਿੱਸੇ ਦੇ ਸਰਕਾਰੀ ਕਾਰਜਾਂ ਸਮੇਤ ਸੱਜਣ, ਮਿੱਤਰਾਂ ਦੇ ਭੀੜ ਭਰੇ ਕੰਮਾਂ ਨੂੰ ਬੜੀ ਨਿੰਪੁਨਤਾ ਨਾਲ ਨੇਪਰੇ ਚੜ੍ਹਦਾ ਹੁੰਦਾ ਸੀ। ਪੰਨੂੰ ਭਾ ਦੀ ਖਾਸੀਅਤ ਇਹ ਸੀ ਕਿ ਉਹ ਜਿੰਨੀ ਗੰਭੀਰਤਾ ਨਾਲ ਆਪਣੇ ਦਫ਼ਤਰੀ ਕਾਰ ਵਿਹਾਰ ਨੂੰ ਵੇਖਦਾ ਸੀ ਓਨੀ ਸ਼ਿੱਦਤ ਨਾਲ ਹੀ ਦੋਸਤਾਂ ਦੇ ਕੰਮ ਵੀ ਆਉਂਦਾ ਸੀ। ਉਸ ਬਾਰੇ ਮਸ਼ਹੂਰ ਹੋ ਚੁੱਕਾ ਸੀ ਕਿ ਇਕੇਰਾਂ ਉਸ ਨੂੰ ਆਪਣਾ ਕੰਮ ਦੱਸ ਦਿਓ, ਫਿਰ ਉਹ ਕੰਮ ਤੁਹਾਡਾ ਕੰਮ ਨਹੀਂ ਰਹਿੰਦਾ, ਪੰਨੂੰ ਦਾ ਕੰਮ ਬਣ ਜਾਂਦਾ ਹੈ। ਫਿਰ ਜਿੰਨਾ ਚਿਰ ਕਾਰਜ ਫ਼ਤਹਿ ਨਹੀਂ ਹੁੰਦਾ, ਪੰਨੂੰ ਕੰਮ ਨਾਲ ਟਿੱਕੀ ਹੋਇਆ ਰਹਿੰਦਾ ਹੈ। ਜਨੂੰਨ ਦੀ ਹੱਦ ਤੀਕ ਉਹ ਕੰਮ ਨੂੰ ਨੇਮਾਂ ਅਧੀਨ ਨਿਪਟਾਉਂਦਾ ਸੀ।
ਭਲੇ ਵੇਲਿਆਂ 'ਚ ਉਸ ਕੋਲ ਗਰੀਬੜਾ ਜਿਹਾ ਸਾਈਕਲ ਹੁੰਦਾ ਸੀ। ਕਿਸੇ ਨੇ ਕੰਮ ਦੱਸਿਆ ਨਹੀਂ ਉਹਨੇ ਸਾਈਕਲ ਨੂੰ ਗੇੜਾ ਦਿੱਤਾ ਨਹੀਂ। ਕੰਮ ਵੀ ਕਰਦਾ ਸੀ ਤੇ ਘਰ ਜਾ ਕੇ ਅਗਲੇ ਕੋਲ ਨਤੀਜੇ ਦੀ ਘੋਸ਼ਣਾ ਵੀ ਕਰ ਕੇ ਆਉਂਦਾ ਸੀ। ਨੌਕਰੀ ਦੌਰਾਨ ਸੱਜਣਾਂ ਦੇ ਕੰਮ ਲਈ ਆਪਣੇ ਸਕੂਟਰ 'ਤੇ ਇਕ ਤੋਂ ਦੂਜੀ ਥਾਂ ਜਾਂਦਾ ਸੀ। ਕੋਹਾਂ ਲੰਮੇ ਫੂਨ ਕਰਦਾ। ਪੰਨੂੰ ਦਾ ਸੁਭਾਅ ਹੀ ਐਸਾ ਸੀ ਕਿ ਉਹ ਆਪਣੇ ਕੰਮ ਲਈ ਤਾਂ ਸੰਗਦਾ ਸੀ, ਪਰ ਦੂਜੇ ਦੇ ਕੰਮ ਨੂੰ ਆਪਣੀ ਜ਼ਿੰਮੇਵਾਰੀ ਸਮਝ ਲੈਂਦਾ ਸੀ।
ਵਿਚ ਵਿਚਾਲੇ ਸਾਡੇ ਕੋਲ ਕਦੇ ਰਾਜਿੰਦਰ ਸੋਢੀ ਨੇ ਆ ਜਾਣਾ, ਕਦੇ ਗੁਲਜ਼ਾਰ ਮੁਹੰਮਦ ਗੌਰੀਏ ਦੇ ਨਾਲ ਪ੍ਰੋ. ਰਮਨ ਨੇ ਤੇ ਕਦੇ ਲਾਲੀ ਬਾਬੇ ਨੇ ਆ ਜਾਣਾ ... ਪਲਾਂ ਛਿਣਾਂ ਵਿਚ ਦੇਵ ਭਾਰਦਵਾਜ, ਭੂਸ਼ਨ ਧਿਆਨਪੁਰੀ, ਮੋਹਨ ਭੰਡਾਰੀ ਤੇ ਕਸ਼ਮੀਰ ਪੰਨੂੰ ਦੀ ਟੋਲੀ ਨਾਲ ਸ਼ਾਮ ਦੀ ਮਹਿਫ਼ਿਲ ਰੰਗੀਨ ਹੋ ਜਾਣੀ। ਫਿਰ ਸਾਹਿਤ ਤੋਂ ਲੈ ਕੇ ਗਲੋਬਲ ਪਿੰਡ ਦੇ ਅਣਗਿਣਤ ਵਿਸ਼ਿਆਂ 'ਤੇ ਚੁੰਝ-ਚਰਚਾ ਹੋਣੀ।
ਕਸ਼ਮੀਰ ਪੰਨੂੰ ਰੁਕ-ਰੁਕ ਕੇ ਠਰੰਮੇ ਨਾਲ ਬੋਲਦਾ। ਕੋਈ ਆਮ ਗੱਲ ਵੀ ਇਵੇਂ ਕਰਦਾ ਸੀ ਜਿਵੇਂ ਕੋਈ ਰਾਜ਼ ਸਾਂਝਾ ਕਰ ਰਿਹਾ ਹੋਵੇ। ਗੁੱਸਾ ਕਦੇ ਵੀ ਉਸ ਦੇ ਚਿਹਰੇ 'ਤੇ ਨਹੀਂ ਸੀ ਦਿਸਿਆ, ਪਰ ਕਿੜ ਕੱਢਣ ਦਾ ਵੱਲ ਵੀ ਉਸ ਨੂੰ ਆਉਂਦਾ ਸੀ। ਬੜਾ ਅੜਬ ਹੁੰਦਾ ਸੀ। ਡਾਂਗ ਮਾਰਨ ਜੋਗਾ ਤਾਂ ਨਹੀਂ ਸੀ, ਪਰ ਕੋਈ ਜ਼ਿਆਦਤੀ ਕਰੇ ਤੇ ਜਾਏ ਕਿੱਥੇ? ਲੋਹੇ ਦੇ ਅਦਿੱਖ ਚਨੇ ਵੀ ਉਸ ਨੂੰ ਚਬਵਾਉਣੇ ਆਉਂਦੇ ਸਨ।
ਕਸ਼ਮੀਰ ਪੰਨੂੰ ਕੱਛੂ ਚਾਲੇ ਕਹਾਣੀਆਂ ਲਿਖਣ ਵਾਲਾ ਕਹਾਣੀਕਾਰ ਰਿਹਾ ਹੈ। ਕਾਹਲੀ ਉਹ ਕਿਸੇ ਕੰਮ ਨੂੰ ਨਹੀਂ ਸੀ ਕਰਦਾ। ਉਸ ਦੇ ਖਾਤੇ 'ਚ ਗੁੰਮੀਆਂ ਹੋਈਆਂ ਚਾਬੀਆਂ, ਹਾਦਸਿਆਂ ਦੇ ਆਰਪਾਰ, ਸਜਾਵਟੀ ਖਿਡੌਣਾ ਅਤੇ ਕਾਲੀ ਮਿਰਚ ਵਾਲਾ ਮੁਰਗਾ ਨਾਂ ਦੇ ਚਰਚਿਤ ਸਾਹਿਤਕ ਸੰਗ੍ਰਹਿ ਸ਼ਾਮਲ ਹਨ। ਉਂਜ ਪੰਨੂੰ ਨੇ ਮੁਰਦਲਾ ਗਰਗ ਦੀਆਂ ਚੋਣਵੀਆਂ ਹਿੰਦੀ ਕਹਾਣੀਆਂ ਤੇ ਕ੍ਰਿਸ਼ਨ ਭਾਵਕ ਦੇ ਹਿੰਦੀ ਨਾਵਲ 'ਦਰਪਣ' ਦਾ ਪੰਜਾਬੀ 'ਚ ਅਨੁਵਾਦ ਵੀ ਕੀਤਾ ਸੀ ਜਿਸ ਨੂੰ ਭਾਸ਼ਾ ਵਿਭਾਗ ਨੇ ਛਾਪਿਆ। ਉਸ ਦੀਆਂ ਕਹਾਣੀਆਂ ਹਿੰਦੀ, ਅੰਗਰੇਜ਼ੀ ਅਤੇ ਬੰਗਾਲੀ 'ਚ ਅਨੁਵਾਦ ਹੋਈਆਂ ਹਨ। ਕੁਝ ਕਹਾਣੀਆਂ ਸੀ.ਬੀ.ਐੱਸ.ਈ. ਅਤੇ ਤਰੀਪੁਰਾ ਯੂਨੀਵਰਸਿਟੀ ਦੇ ਸਿਲੇਬਸਾਂ ਵਿਚ ਵੀ ਸ਼ਾਮਲ ਹਨ। ਪੰਜਾਬੀ ਦੇ ਬਹੁਤ ਸਾਰੇ ਚਰਚਿਤ ਰਸਾਲਿਆਂ ਅਤੇ ਅਖ਼ਬਾਰਾਂ 'ਚ ਉਹਦੀਆਂ ਕਹਾਣੀਆਂ ਗਾਹੇ-ਬਗਾਹੇ ਛਪਦੀਆਂ ਰਹੀਆਂ ਹਨ।
ਆਪਣੇ ਅਭੁੱਲ ਰਹਿਨੁਮਾਵਾਂ ਵਾਲੇ ਖਾਤੇ 'ਚੋਂ ਉਹ ਕੁਲਵੰਤ ਸਿੰਘ ਵਿਰਕ, ਸੂਬਾ ਸਿੰਘ, ਮਨਮੋਹਨ ਸਿੰਘ, ਜਸਬੀਰ ਸਿੰਘ ਬੀਰ ਤੇ ਨਿਰਪਿੰਦਰ ਸਿੰਘ ਰਤਨ ਦੀ ਸਿਫ਼ਤ ਕਰਦਾ ਨਹੀਂ ਸੀ ਥੱਕਦਾ।
ਕਸ਼ਮੀਰ ਪੰਨੂੰ ਬੜਾ ਸੰਵੇਦਨਸ਼ੀਲ ਮਨੁੱਖ ਸੀ। ਜੇ ਕੋਈ ਦੁਰਘਟਨਾ ਨਾ ਵਾਪਰਦੀ ਤਾਂ ਉਸ ਦਾ ਜਲਵਾ-ਜਲੌਅ ਹੋਰ ਵੀ ਵਧੇਰੇ ਹੋਣਾ ਸੀ। ਦੱਸਦਾ ਹੁੰਦਾ ਸੀ ਕਿ ਵਿਆਹ ਤੋਂ ਬਾਅਦ ਸਾਲੀ ਪ੍ਰਿਤਪਾਲ ਇੰਗਲੈਂਡੋਂ ਆਈ ਸੀ ਜਿਸ ਨਾਲ ਜੀਪ 'ਤੇ ਸ੍ਰੀ ਹਰਿਮੰਦਰ ਸਾਹਿਬ ਜਾ ਰਹੇ ਸਨ। ਜੀਪ ਉਲਟ ਗਈ। ਟਿਊਬ ਫਟ ਗਈ। ਅਸੀਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਬਾਅਦ ਸੈਕਟਰ ਸੋਲਾਂ ਦੇ ਹਸਪਤਾਲ ਅਤੇ ਪੀ.ਜੀ.ਆਈ. 'ਚ ਲੰਮਾ ਇਲਾਜ ਚੱਲਿਆ। ਭਲਾ ਹੋਵੇ ਸੂਬਾ ਸਿੰਘ, ਜਸਬੀਰ ਬੀਰ ਤੇ ਮਨਜੀਤ ਸਿੰਘ ਦਾ ਜਿਨ੍ਹਾਂ ਨੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਕੋਲੋਂ ਸਾਹਿਤ ਰਚਣ ਲਈ ਸ਼ਾਬਾਸ਼ੀ ਵੀ ਦਿਵਾਈ ਤੇ ਨੌਕਰੀ 'ਚ ਬਹਾਲ ਵੀ ਕਰਵਾਇਆ। ਕਈ ਹਾਦਸਿਆਂ ਨਾਲ ਖੇਡਦਿਆਂ ਕਸ਼ਮੀਰ ਪੰਨੂੰ ਨੇ ਆਪਣੇ ਕੰਮਾਂ ਦੀ ਸ਼ਾਬਾਸ਼ੀ ਲਈ ਤੇ ਪੰਜਾਬ ਸਰਕਾਰ ਦੇ ਡਿਪਟੀ ਸੈਕਟਰੀ ਵਜੋਂ ਸੇਵਾਮੁਕਤ ਹੋਏ। ਜ਼ਿੰਦਗੀ 'ਚ ਕਿਸੇ ਗਿਲੇ ਬਾਰੇ ਪੁੱਛਣ 'ਤੇ ਕਸ਼ਮੀਰ ਪੰਨੂੰ ਦੱਸਦਾ ਹੁੰਦਾ ਕਿ ਸਰਕਾਰੇ, ਦਰਬਾਰੇ ਪੰਜਾਬੀ ਨੂੰ ਬਣਦੀ ਮਾਨਤਾ ਨਹੀਂ ਦਿੱਤੀ ਜਾ ਰਹੀ। ਖ਼ੁਦ ਪੰਜਾਬ ਦੇ ਅਹਿਲਕਾਰ ਪੰਜਾਬੀ ਦੀ ਥਾਂ ਅੰਗਰੇਜ਼ੀ 'ਚ ਕੰਮ-ਕਾਜ ਨੂੰ ਪਹਿਲ ਦਿੰਦੇ ਹਨ। ਆਪਣੀਆਂ ਨਿੱਕੀਆਂ ਨਿੱਕੀਆਂ ਅੱਖਾਂ ਵਿਚ ਪੰਜਾਬ ਤੇ ਮਾਣਮੱਤੀ ਪੰਜਾਬੀ ਨੂੰ ਸਿਖਰਾਂ 'ਤੇ ਵੇਖਣ ਦੇ ਸੁਪਨੇ ਸੰਜੋਈ ਤੁਰ ਗਿਆ ਸਾਡਾ ਕਸ਼ਮੀਰ ਪੰਨੂੰ।
ਸੰਪਰਕ : 70098-57708