Gursharan Singh Kumar

ਪ੍ਰੇਰਨਾਦਾਇਕ ਲੇਖ : ਗ਼ਰੀਬੀ ਦੀ ਲਾਹਨਤ - ਗੁਰਸ਼ਰਨ ਸਿੰਘ ਕੁਮਾਰ

ਏਨਾ ਘੱਟ ਨਾ ਦਈਂ
ਕਿ ਰੁਲ  ਜਾਵਾਂ ਮੈਂ,
ਏਨਾ ਜ਼ਿਆਦਾ ਵੀ ਨਾ ਦਈਂ
ਕਿ ਤੈਨੂੰ ਭੁੱਲ  ਜਾਵਾਂ ਮੈਂ।
ਭਾਰਤ ਨੇ ਆਜ਼ਾਦੀ ਤੋਂ ਬਾਅਦ ਬਹੁਤ ਉਨਤੀ ਕੀਤੀ ਹੈ। ਭਾਰਤ ਨੇ ਖੌਰੂ ਪਾਉਂਦੇ ਦਰਿਆਵਾਂ ਦੇ ਤਬਾਹੀ ਮਚਾਉਂਦੇ ਹੋਏ ਫ਼ਾਲਤੂ ਪਾਣੀ 'ਤੇ ਡੈਮ ਬਣਾ ਕੇ ਬਿਜਲੀ ਪੈਦਾ ਕੀਤੀ ਹੈ ਜਿਸ ਨਾਲ ਸਾਡੇ ਹਨੇਰੇ ਘਰ ਰੌਸ਼ਨ ਹੋਏ ਹਨ। ਇਸ ਬਿਜਲੀ ਨਾਲ ਦੇਸ਼ ਦੇ ਵੱਡੇ ਵੱਡੇ ਕਾਰਖ਼ਾਨੇ ਚੱਲਦੇ ਹਨ ਜਿਸ ਨਾਲ ਦੇਸ਼ ਵਿਕਾਸ ਦੀ ਲੀਹ ਤੇ ਪਿਆ ਹੈ। ਇਸ ਪਾਣੀ ਨੂੰ ਕਾਬੂ ਕਰਕੇ ਨਹਿਰਾਂ ਕੱਢੀਆਂ ਗਈਆਂ ਹਨ ਜੋ ਸਾਡੀ ਅਤੇ ਧਰਤੀ ਦੀ ਪਿਆਸ ਬੁਝਾਉਂਦੀਆਂ ਹਨ। ਜਿਹੜਾ ਦੇਸ਼ ਭੁੱਖਮਰੀ ਦਾ ਸ਼ਿਕਾਰ ਹੋ ਕੇ ਦਾਣੇ ਦਾਣੇ ਦਾ ਮੁਥਾਜ ਸੀ, ਉਸ ਕੋਲ ਅੱਜ ਅੰਨ ਦੇ ਭੰਡਾਰ ਭਰੇ ਪਏ ਹਨ। ਆਮ ਲੋਕਾਂ ਦਾ ਜੀਵਨ ਸਤੱਰ ਉੱਚਾ ਹੋਇਆ ਹੈ। ਜਿਹੜੇ ਲੋਕਾਂ ਨੂੰ ਕਦੀ ਸਾਇਕਲ ਵੀ ਨਸੀਬ ਨਹੀਂ ਸੀ ਉਨ੍ਹਾਂ ਦੀਆਂ ਕੋਠੀਆਂ ਅੱਗੇ ਕਾਰਾਂ ਖੜ੍ਹੀਆਂ ਹਨ। ਸਾਡੇ ਮੰਤਰੀ ਨਿੱਤ ਹਵਾਈ ਜਹਾਜ਼ਾਂ ਵਿਚ ਵਿਦੇਸ਼ਾਂ ਦੀ ਸੈਰ ਲਈ ਤੁਰੇ ਰਹਿੰਦੇ ਹਨ। ਭਾਰਤ ਨਿੱਤ ਨਵੀਆਂ ਨਵੀਆਂ ਮਿਜ਼ਾਈਲਾਂ ਦੀ ਪਰਖ ਕਰ ਰਿਹਾ ਹੈ। ਹੁਣ ਉਹ ਚੰਨ ਤੇ ਆਪਣੇ ਰਾਕਟ ਭੇਜ ਰਿਹਾ ਹੈ ਅਤੇ ਮੰਗਲ ਗ੍ਰਿਹ ਤੇ ਕਦਮ ਰੱਖਣ ਦੀ ਵੀ ਤਿਆਰੀ ਕਰ ਰਿਹਾ ਹੈ। ਹੋਰ ਤਾਂ ਹੋਰ ਸਾਡੇ ਪ੍ਰਧਾਨ ਮੰਤਰੀ ਦੂਸਰੇ ਦੇਸ਼ਾਂ ਦੇ ਪ੍ਰਧਾਨਾਂ ਦਾ ਜਦ ਸੁਆਗਤ ਕਰਦਾ ਹੈ ਤਾਂ ਉਹ ਸੋਨੇ ਦੀਆਂ ਤਾਰਾਂ ਵਾਲਾ ਗਰਮ ਸੂਟ ਪਾ ਕੇ ਸ਼ਾਹਾਨਾ ਅੰਦਾਜ਼ ਵਿਚ ਉਸ ਨੂੰ ਮਿਲਦਾ ਹੈ (ਬਰਾਕ ਓਬਾਮਾ ਦੀ 2015 ਵਿਚ ਭਾਰਤ ਫੇਰੀ)। ਇਹ ਹੈ ਭਾਰਤ ਦੀ ਉਨਤੀ। ਅੱਜ ਕੋਈ ਮੁਲਕ ਭਾਰਤ ਦੀ ਵਧਦੀ ਹੋਈ ਫੌਜੀ ਸ਼ਕਤੀ ਕਾਰਨ ਸਾਡੇ ਨਾਲ ਅੱਖ ਮਿਲਾਉਣ ਦੀ ਜ਼ੁੱਰਅਤ ਨਹੀਂ ਕਰ ਸਕਦਾ। ਜਲਦੀ ਹੀ ਭਾਰਤ ਦੁਨੀਆਂ ਵਿਚ ਇਕ ਵੱਡੀ ਤਾਕਤ ਬਣ ਕੇ ਉੱਭਰ ਰਿਹਾ ਹੈ।
ਜੇ ਅਸੀਂ ਸੱਚੇ ਦਿਲੋਂ ਸੋਚੀਏੇ ਤਾਂ ਮਨ ਵਿਚ ਸੁਆਲ ਪੈਦਾ ਹੁੰਦਾ ਹੈ ਕਿ ਕੀ ਸੱਚ ਮੁੱਚ ਹੀ ਭਾਰਤ ਨੇ ਇਤਨੀ ਉਨਤੀ ਕਰ ਲਈ ਹੈ? ਕੀ ਇਸ ਉਨਤੀ ਵਿਚ ਕੁਝ ਭਾਗ ਗ਼ਰੀਬ ਲੋਕਾਂ ਦੇ ਹਿੱਸੇ ਵਿਚ ਵੀ ਆਇਆ ਹੈ? ਕੀ ਸੱਚ ਮੁੱਚ ਹੀ ਭਾਰਤ ਨੇ ਗ਼ਰੀਬੀ ਦੀ ਲਾਹਨਤ ਨੂੰ ਖ਼ਤਮ ਕਰ ਦਿੱਤਾ ਹੈ? ਸੱਚ ਦੀ ਧਰਾਤਲ ਤੇ ਆ ਕੇ ਸਾਨੂੰ ਇਸ ਸਭ ਦਾ ਜੁਆਬ ਨਾਂਹ ਵਿਚ ਹੀ ਮਿਲਦਾ ਹੈ। ਕਿਸੇ ਮੁਲਕ ਦੀ ਜੇ ਅਸਲੀ ਖ਼ੁਸ਼ਹਾਲੀ ਦੇਖਣੀ ਹੈ ਤਾਂ ਉੱਪਰਲੇ ਸਤੱਰ ਤੋਂ ਨਹੀਂ ਦੇਖਣੀ ਚਾਹੀਦੀ। ਜੇ ਮੁਲਕ ਦਾ ਅਸਲੀ ਖ਼ੁਸ਼ਹਾਲੀ ਦਾ ਮਾਪ ਦੇਖਣਾ ਹੈ ਤਾਂ ਮੁਲਕ ਦੇ ਸਭ ਤੋਂ ਗ਼ਰੀਬ ਦੇ ਰਹਿਣ ਸਹਿਣ ਤੋਂ ਦੇਖੋ। ਫਿਰ ਪਤਾ ਲੱਗੇਗਾ ਕਿ ਦੇਸ਼ ਵਿਚ ਕਿੰਨੀ ਖ਼ੁਸ਼ਹਾਲੀ ਹੋਈ ਹੈ। ਜੇ ਅੱਖਾਂ ਖੋਹਲ ਕੇ ਦੇਖੀਏ ਤਾਂ ਸਾਨੂੰ ਬਹੁਤ ਭਿਆਨਕ ਦ੍ਰਿਸ਼ ਨਜ਼ਰ ਆਉਂਦਾ ਹੈ। ਸਵੇਰੇ ਸਵੇਰੇ ਕੂੜੇ ਦੇ ਢੇਰ ਵਿਚੋਂ ਅੱਧਨੰਗੇ ਬੱਚੇ ਸਾਨੂੰ ਆਪਣੀ ਰੋਟੀ ਤਲਾਸ਼ਦੇ ਨਜ਼ਰ ਆਉਂਦੇ ਹਨ। ਦੇਸ਼ ਵਿਚ ਇਕ ਵੀ ਬੰਦਾ ਭੁੱਖਾ ਸੁੱਤਾ ਹੋਵੇ ਤਾਂ ਦੇਸ਼ ਦੇ ਹਾਕਮਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਚਾਹੀਦੀ। ਇੱਥੇ ਲੱਖਾਂ ਲੋਕ ਕਹਿਰ ਦੀ ਠੰਡ ਵਿਚ ਖੁੱਲ੍ਹੇ ਆਸਮਾਨ ਹੇਠ ਬਿਨਾ ਮੰਜੇ ਬਿਸਤਰ ਰਾਤਾਂ ਕੱਟ ਰਹੇ ਹਨ ਅਤੇ ਮਰ ਰਹੇ ਹਨ। ਸਰਕਾਰ ਦੀਆਂ ਅੱਖਾਂ ਨਹੀਂ ਖੁੱਲਦੀਆਂ। ਉਹਨਾਂ ਲਈ ਕੋਈ ਮਰੇ ਭਾਵੇਂ ਜੀਵੇ, ਸੁਥਰਾ ਘੋਲ ਪਤਾਸਾ ਪੀਵੇ। ਇੱਥੇ ਸਾਡੇ ਦੇਸ਼ ਵਿਚ ਔਰਤ ਕਿੰਨੀ ਕੁ ਸੁਰੱਖਿਅਤ ਹੈ?  ਉੇੱਤਰ ਹੈ ਬਿਲਕੁਲ ਵੀ ਨਹੀਂ। ਰੋਜ਼ ਅਖ਼ਬਾਰਾਂ ਵਿਚ  ਛੋਟੀਆਂ ਛੋਟੀਆਂ ਬੱਚੀਆਂ ਨਾਲ ਬਲਾਤਕਾਰਾਂ ਦੀਆਂ ਕਈ ਸੁਰਖੀਆਂ ਦੇਖਣ ਨੂੰ ਮਿਲਦੀਆਂ ਹਨ। ਇਹ ਹੈ ਸਾਡੇ ਦੇਸ਼ ਦੀ ਉਨਤੀ ਦੀ ਨੰਗੀ ਤਸਵੀਰ ਜੋ ਸਾਰੀ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੀ ਹੈ। ਗ਼ਰੀਬ ਬੰਦੇ ਦਾ ਕੋਈ ਦੋਸਤ ਨਹੀਂ ਹੁੰਦਾ। ਲੋਕ ਕੇਵਲ ਧਨ ਨੂੰ ਪਸੰਦ ਕਰਦੇ ਹਨ ਬੰਦੇ ਨੂੰ ਨਹੀਂ।
ਅੱਗੇ ਦੇਸ਼ ਦੇ ਰਾਜੇ ਰਾਤ ਨੂੰ ਭੇਸ ਬਦਲ ਕੇ ਰਾਜ ਦਾ ਚੱਕਰ ਲਾਉਂਦੇ ਸਨ ਕਿ ਰਾਜ ਵਿਚ ਕੋਈ ਦੁਖੀ ਤਾਂ ਨਹੀਂ? ਰਾਤ ਨੂੰ ਕੋਈ ਬੰਦਾ ਭੁੱਖਾ ਤਾਂ ਨਹੀਂ ਰਹਿ ਗਿਆ? ਰਾਜਾ ਅਕਬਰ, ਬਿਕਰਮਾਦਿੱਤ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਮਿਸਾਲਾਂ ਸਾਡੇ ਸਾਹਮਣੇ ਹਨ। ਜੇ ਕਦੀ ਦੇਸ਼ ਵਿਚ ਕਾਲ ਪੈ ਜਾਏ ਤਾਂ ਉਹ ਆਮ ਜਨਤਾ ਲਈ ਆਪਣੇ ਅੰਨ ਦੇ ਭੰਡਾਰੇ ਮੁਫ਼ਤ ਵਿਚ ਹੀ ਖ੍ਹੋਲ ਦਿੰਦੇ ਸਨ ਤਾਂ ਕਿ ਸਭ ਰੱਜ ਕੇ ਰੋਟੀ ਖਾ ਸੱਕਣ। ਸਾਡੇ ਦੇਸ਼ ਵਿਚ ਇਸ ਸਮੇਂ ਖਾਣ ਪੀਣ ਦੀਆਂ ਵਸਤੂਆਂ ਦੇ ਭਾਅ ਆਸਮਾਨ ਤੇ ਚੜ੍ਹੇੇ ਹੋਏ ਹਨ। ਮਹਿੰਗਾਈ ਨੇ ਆਮ ਬੰਦੇ ਦਾ ਬੱਜਟ ਵਿਗਾੜਿਆ ਹੋਇਆ ਹੈ। ਗ਼ਰੀਬਾਂ ਲਈ ਮੁਸੀਬਤ ਬਣੀ ਹੋਈ ਹੈ। ਪਿਆਜ਼ ਹਰ ਰਸੋਈ ਦੀ ਮੁਢਲੀ ਜ਼ਰੂਰਤ ਹੈ। ਪਿਆਜ਼ ਤੋਂ ਬਿਨਾ ਕੋਈ ਸਬਜ਼ੀ ਠੀਕ ਨਹੀਂ ਬਣਦੀ। ਗ਼ਰੀਬੀ ਵਿਚ ਵੀ ਬੰਦੇ ਪਿਆਜ਼ ਅਤੇ ਅਚਾਰ ਨਾਲ ਰੋਟੀ ਖਾ ਕੇ ਗੁਜ਼ਾਰਾ ਕਰ ਲੈਂਦੇ ਹਨ। ਹੁਣ (2019 ਦੇ ਅੰਤ ਵਿਚ) ਪਿਆਜ਼ ਦਾ ਨਾਮ ਲੈਂਦਿਆਂ ਹੀ ਗ਼ਰੀਬ ਬੰਦੇ ਦੀਆਂ ਅੱਖਾਂ ਵਿਚ ਪਾਣੀ ਆ ਜਾਂਦਾ ਹੈ ਕਿਉਂਕਿ ਪਿਆਜ਼ ਕੇਵਲ ਅਮੀਰ ਘਰਾਂ ਦੀ ਸ਼ਾਨ ਬਣ ਕੇ ਹੀ ਰਹਿ ਗਿਆ ਹੈ। ਇਸ ਸਮੇਂ ਪਿਆਜ਼ ਦੀ ਕੀਮਤ  ਗ਼ਰੀਬ ਦੀ ਪਹੁੰਚ ਤੋਂ ਬਾਹਰ ਹੈ। ਸਾਡੇ ਦੇਸ਼ ਨੂੰ ਲੋਕਾਂ ਦੇ ਭਲੇ ਦੀ ਸਰਕਾਰ ਕਿਹਾ ਜਾਂਦਾ ਹੈ ਪਰ ਲੋਕਾਂ ਨੂੰ ਸਰਕਾਰੀ ਤੌਰ ਤੇ ਸੱਸਤਾ ਅੰਨ ਮੁਹੱਈਆ ਕਰਾਉਣ ਦੀ ਥਾਂ ਵਜ਼ੀਰਾਂ ਦੇ ਬੇਸ਼ਰਮੀ ਵਾਲੇ ਬਿਆਨ ਆ ਰਹੇ ਹਨ।
ਗ਼ਰੀਬਾਂ ਦੇ ਭਲੇ ਲਈ ਸਰਕਾਰ ਦੀਆਂ ਸਾਰੀਆਂ ਸਕੀਮਾਂ ਕੇਵਲ ਕਾਗਜ਼ੀ ਕਾਰਵਾਈ ਹੀ ਹੈ। ਫੋਕੇ ਨਾਹਰੇ ਹੀ ਹਨ। ਸੰਨ 1970 ਵਿਚ ਉਦੋਂ ਦੀ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀ ਮਤੀ ਇੰਦਰਾ ਗਾਂਧੀ ਨੇ ਬੜੇ ਜ਼ੋਰ ਸ਼ੋਰ ਨਾਲ ਗ਼ਰੀਬੀ ਹਟਾਓ ਦਾ ਨਾਹਰਾ ਲਾਇਆ ਸੀ ਪਰ ਕੁਝ ਨਹੀਂ ਬਣਿਆ। ਗ਼ਰੀਬੀ ਉਸੇ ਤਰ੍ਹਾਂ ਹੀ ਹੈ। ਹਾਂ ਕਈ ਗ਼ਰੀਬ ਸਰਕਾਰੀ ਮੱਦਦ ਦੇ ਹੱਥਾਂ ਦੀ ਉਡੀਕ ਕਰਦੇ ਹੋਏ ਇਸ ਜਹਾਨ ਤੋਂ ਜ਼ਰੂਰ ਕੂਚ ਕਰ ਗਏ ਹਨ। ਬੜੀ ਦੂਰ ਹੈ ਅਦਲੀ ਰਾਜੇ ਦਾ ਦਰਬਾਰ। ਇਸ ਤੋਂ ਬਾਅਦ ਨਰਿੰਦਰ ਮੋਦੀ ਨੇ ਕਿਹਾ ਕਿ ਮੇਰੀ ਪਾਰਟੀ ਨੂੰ ਵੋਟ ਦਿਉ। ਤੁਹਾਡੇ ਅੱਛੇ ਦਿਨ ਆ ਜਾਣਗੇ। ਮੈਂ ਸੋ ਦਿਨਾਂ ਵਿਚ ਵਿਦੇਸ਼ਾਂ ਤੋਂ ਕਾਲਾ ਧਨ ਮੰਗਾ ਕਿ ਤੁਹਾਡੇ ਖਾਤਿਆਂ ਵਿਚ ਪੰਦਰਾਂ ਪੰਦਰਾਂ ਲੱਖ ਰੁਪਏ ਪਾ ਦਿਆਂਗਾਂ। ਇਹ ਸਭ ਮਿੱਠੀਆਂ ਗੋਲੀਆਂ ਹੀ ਸਾਬਤ ਹੋਈਆਂ। ਜਦ ਉਹ ਪ੍ਰਧਾਨ ਮੰਤਰੀ ਬਣਿਆ ਤਾਂ ਉਸ ਨੇ ਉਸ ਨੇ ਨੋਟ ਬੰਦੀ ਕਰ ਕੇ ਅਤੇ ਜੀ ਐਸ ਟੀ ਲਾ ਕੇ ਗ਼ਰੀਬਾਂ ਨੂੰ ਲੁੱਟਿਆ ਅਤੇ ਕੁੱਟਿਆ। ਸੈਂਕੜੇ ਗ਼ਰੀਬ ਬੈਂਕਾਂ ਦੀਆਂ ਲਾਇਨਾ ਵਿਚ ਖੜ੍ਹੇ ਦਮ ਤੋੜ ਗਏ। ਬਾਕੀ ਬਚੇ ਗ਼ਰੀਬਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੁੰਦੀੌ ਜਾ ਰਹੀ ਹੈ।
ਸਾਡੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾਵਾਂ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਲੋਕ ਭਲਾਈ ਦੇ ਕਾਨੂੰਨ ਬਣਾਉਣ ਲਈ ਹਨ ਪਰ ਇੱਥੇ ਸਾਰੇ ਕਾਨੂੰਨ ਕੇਵਲ ਅਮੀਰਾਂ ਦੀ ਭਲਾਈ ਲਈ ਅਤੇ ਗ਼ਰੀਬਾਂ ਨੂੰ ਦਬਾਉਣ ਲਈ ਬਣਾਏ ਜਾਂਦੇ ਹਨ। ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸੇ ਲਈ ਦੇਸ਼ ਵਿਚ ਅਮੀਰ ਹੋਰ ਅਮੀਰ ਅਤੇ ਗ਼ਰੀਬ ਹੋਰ ਗ਼ਰੀਬ ਹੋਈ ਜਾ ਰਹੇ ਹਨ।
ਇਹ ਸੰਵਿਧਾਨ ਬਣਾਉਣ ਵਾਲੀਆਂ ਸੰਸਥਾਵਾਂ ਦੇ ਮੈਂਬਰ ਲੋਕਾਂ ਦੁਆਰਾ, ਲੋਕਾਂ ਦੇ ਭਲੇ ਅਤੇ ਦੇਸ਼ ਦੇ ਵਿਕਾਸ ਲਈ ਚੁਣੇ ਜਾਂਦੇ ਹਨ। ਪਰ ਇਹ ਕੇਵਲ ਆਪਣਾ ਹੀ ਵਿਕਾਸ ਕਰਦੇ ਹਨ।। ਦੇਸ਼ ਵਿਚ ਕੇਵਲ ਇਹ ਹੀ ਸੰਸਥਾਵਾਂ ਹਨ ਜਿੰਨਾਂ ਦੇ ਮੈਂਬਰਾਂ ਨੂੰ ਆਪਣੀਆਂ ਤਨਖਾਹਾਂ ਅਤੇ ਭੱਤੇ ਵਧਾਉਣ ਦਾ ਖ਼ੁਦ ਕੋਲ ਅਧਿਕਾਰ ਹੈ। ਹਰ ਦੂਜੇ ਤੀਜੇ ਸਾਲ ਇਹ ਆਪ ਹੀ ਮਤਾ ਪਾਸ ਕਰਕੇ ਆਪਣੀਆਂ ਤਨਖ਼ਾਹਾਂ ਅਤੇ ਭੱਤੇ ਵਧਾ ਲੈਂਦੇ ਹਨ। ਉੱਥੇ ਵਿਰੋਧੀ ਧਿਰ ਵਾਲੇ ਵੀ ਨਾਲ ਹੀ ਰਲ ਜਾਂਦੇ ਹਨ ਅਤੇ ਸਰਕਾਰੀ ਪੈਸੇ ਨੂੰ ਲੁੱਟਿਆ ਜਾਂਦਾ ਹੈ। ਇਨ੍ਹਾਂ ਲਈ ਕਿਸੇ ਤਨਖ਼ਾਹ ਕਮੀਸ਼ਨ ਦੀ ਕੋਈ ਵਿਵਸਥਾ ਨਹੀਂ। ਇਨ੍ਹਾਂ ਦੀਆਂ ਤਨਖ਼ਾਹਾਂ, ਸਫ਼ਰ ਖ਼ਰਚ, ਮਕਾਨ ਭੱਤਾ, ਟੈਲੀਫ਼ੋਨ ਦੇ ਬਿੱਲ, ਹਵਾਈ ਸਫਰ ਅਤੇ ਵਿਦੇਸ਼ੀ ਇਲਾਜ ਦੇ ਬਿੱਲ ਸਭ ਜਨਤਾ ਦੀ ਖ਼ੂਨ ਪਸੀਨੇ ਦੀ ਕਮਾਈ ਵਿਚੋਂ ਟੈਕਸਾਂ ਦੇ ਰੂਪ ਵਿਚ ਜਾਂਦੇ ਹਨ। ਦੇਸ਼ ਦੀ ਆਰਥਿਕਤਾ ਨੂੰ ਖੋਰਾ ਲੱਗਦਾ ਹੈ ਅਤੇ ਗ਼ਰੀਬੀ ਵਧਦੀ ਹੈ। ਪਾਰਲੀਮੈਂਟ ਦੀ ਕੰਟੀਨ ਵਿਚ ਬਹੁਤ ਘੱਟ ਕੀਮਤਾਂ ਤੇ ਇਨ੍ਹਾਂ ਨੂੰ ਸ਼ਾਹੀ ਭੋਜਨ ਪਰੋਸਿਆ ਜਾਂਦਾ ਹੈ ਜਿਸ ਦਾ ਹਰ ਸਾਲ ਕਰੋੜਾਂ ਰੁਪਏ ਦਾ ਘਾਟਾ ਆਮ ਲੋਕਾਂ ਦੀ ਜੇਬ ਵਿਚੋਂ ਹੀ ਜਾਂਦਾ ਹੈ।
ਹਰ ਸਾਲ ਦੇਸ਼ ਦਾ ਬੱਜ਼ਟ ਪੇਸ਼ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਤੇ ਖ਼ਜ਼ਾਨਾ ਮੰਤਰੀ ਅਮੀਰ ਉਦਯੋਗਿਕ ਘਰਾਨਿਆਂ ਨੂੰ ਬੁਲਾ ਕੇ ਮੀਟਿੰਗਾਂ ਕਰਦੇ ਹਨ, ਜਿਸ ਦਾ ਅਸਿੱਧੇ ਤੋਰ ਤੇ ਇਹ ਮਤਲਬ ਹੁੰਦਾ ਹੈ ਕਿ ਤੁਹਾਨੂੰ ਸਰਕਾਰੀ ਖ਼ਜ਼ਾਨੇ ਵਿਚੋਂ ਕਿਵੇਂ ਗ਼ੱਫ਼ੇ ਦਿੱਤੇ ਜਾਣ (ਫਿਰ ਤੁਸੀਂ ਸਾਡੀ ਪਾਰਟੀ ਨੂੰ ਕਿੰਨਾ ਧਨ ਦਿਉਗੇ ਤਾਂ ਕਿ ਅਸੀਂ ਅਗਲੀਆਂ ਚੌਣਾਂ ਫਿਰ ਗ਼ਰੀਬਾਂ ਨੂੰ ਖ਼੍ਰੀਦ ਸਕੀਏ)। ਕਦੀ ਇਨ੍ਹਾਂ ਨੇ ਗ਼ਰੀਬ ਕਿਸਾਨਾਂ ਅਤੇ ਮਜ਼ਦੂਰਾਂ ਦੀ ਮੀਟਿੰਗ ਬੁਲਾ ਕੇ ਇਹ ਵੀਚਾਰ ਕਿਉਂ ਨਹੀਂ ਕੀਤਾ ਕਿ ਕਿਹੋ ਜਿਹਾ ਬੱਜ਼ਟ ਬਣਾਇਆ ਜਾਏ ਜਿਸ ਨਾਲ ਤੁਸੀਂ ਇੱਜ਼ਤ ਨਾਲ ਢਿਡ ਭਰ ਕੇ ਰੋਟੀ ਖਾ ਸੱਕੋ।
ਵੈਸੇ ਤਾਂ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਦੇ ਮੈਂਬਰਾਂ ਦੇ ਕੰਮ ਨੂੰ ਲੋਕ ਸੇਵਾ  ਕਿਹਾ ਜਾਂਦਾ ਹੈ ਪਰ ਜੇ ਇਹ ਕੰਮ ਲੋਕ ਸੇਵਾ ਹੈ ਫਿਰ ਇਨ੍ਹਾਂ ਨੂੰ ਤਨਖ਼ਾਹ ਅਤੇ ਪੈਨਸ਼ਨ ਕਿਉ? ਜੇ ਇਨਾਂ ਦੇ ਕੰਮ ਨੂੰ ਦੇਸ਼ ਦੀ ਨੌਕਰੀ ਗਿਣਦੇ ਹਨ ਤਾਂ ਫਿਰ ਇਨ੍ਹਾਂ ਦੀ ਨੌਕਰੀ ਲਈ ਘਟੋ ਘੱਟ ਕੋਈ ਵਿਦਿਅਕ ਯੋਗਤਾ ਅਤੇ ਸੇਵਾ ਮੁਕਤੀ ਦੀ ਉਮਰ ਦਾ ਮਾਪਦੰਡ ਕਿਉਂ ਨਹੀਂ। ਕੌਣ ਕਹੇ ਰਾਣੀਏ ਅੱਗਾ ਢੱਕ? ਜਿਹੜਾ ਇਕ ਵਾਰੀ ਇਕ ਦਿਨ ਲਈ ਵੀ ਮੈਂਬਰ ਬਣ ਜਾਂਦਾ ਹੈ ਉਹ ਸਾਰੀ ਉਮਰ ਲਈ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ ਹੈ। ਜਿਹੜਾ ਜਿੰਨੀ ਵਾਰੀ ਚੁਣਿਆ ਜਾਏ ਉਸ ਦੀਆਂ ਓਨੀਆਂ ਹੀ ਪੈਨਸ਼ਨਾ ਲੱਗ ਜਾਂਦੀਆਂ ਹਨ। ਇਸ ਹਿਸਾਬ ਸਿਰ ਸਾਡੇ ਕਈ ਪੁਰਾਣੇ ਨੇਤਾ ਹਰ ਮਹੀਨੇ ਚਾਰ-ਚਾਰ ਪੰਜ-ਪੰਜ ਲੱਖ ਰੁਪਏ ਬਿਨਾ ਕੋਈ ਕੰਮ ਕੀਤਿਆਂ ਸਰਕਾਰੀ ਖਾਤੇ ਵਿਚੋਂ ਡਕਾਰ ਰਹੇ ਹਨ ਅਤੇ ਮੁਫ਼ਤ ਵਿਚ ਮੌਜਾਂ ਮਾਣ ਰਹੇ ਹਨ। ਕੀ ਸਰਕਾਰੀ ਖ਼ਜ਼ਾਨੇ ਦੀ ਇਹ ਲੁੱਟ ਦੇਸ਼ ਨੂੰ ਹੋਰ ਗ਼ਰੀਬੀ ਵੱਲ ਨਹੀਂ ਧੱਕ ਰਹੀ? ਹੈ ਕੋਈ ਇਨ੍ਹਾਂ ਨੂੰ ਪੁੱਛਣ ਵਾਲਾ?
ਸਾਡੇ ਦੇਸ਼ ਦੇ ਹਾਕਮ ਪਾੜੋ ਅਤੇ ਰਾਜ ਕਰੋ ਦੀ ਨੀਤੀ 'ਤੇ ਚੱਲ ਰਹੇ ਹਨ ਤਾਂ ਕਿ ਲੋਕ ਆਪਸ ਵਿਚ ਲੜ੍ਹਦੇ ਰਹਿਣ ਅਤੇ ਇਨ੍ਹਾਂ ਦੀਆਂ ਗ਼ਲਤ ਨੀਤੀਆਂ ਵੱਲ ਕਿਸੇ ਦਾ ਧਿਆਨ ਨਾ ਜਾਏ। ਲੋਕਾਂ ਵਿਚ ਜ਼ਾਤ ਪਾਤ, ਲਿੰਗ ਭੇਦ ਅਤੇ ਧਰਮ ਦੇ ਅਧਾਰ ਤੇ ਵਿਤਕਰੇ ਪਾਏ ਜਾਂਦੇ ਹਨ। ਕੁਝ ਲੋਕਾਂ ਨੂੰ ਕੁਝ ਮੁਫਤ ਸਹੂਲਤਾਂ ਦੇ ਕੇ ਲੁਭਾਇਆ ਜਾਂਦਾ ਹੈ। ਇਸ ਤਰ੍ਹਾਂ ਲੋਕਾਂ ਨੂੰ ਹੱਡ ਰੱਖ, ਨਿਕੰਮੇ ਅਤੇ ਕੰਮ ਚੋਰ ਬਣਾਇਆ ਜਾਂਦਾ ਹੈ। ਕਿਸੇ ਬੰਦੇ ਨੂੰ ਜੇ ਕੋਈ ਵਸਤੂ ਮੁਫ਼ਤ ਵਿਚ ਮਿਲ ਜਾਏ ਤਾਂ ਉਹ ਉਸ ਲਈ ਕਿਉਂ ਮਿਹਨਤ ਕਰੇਗਾ? ਇਸ ਤਰ੍ਹਾਂ ਜਿਹੜੀ ਸ਼ਕਤੀ ਉਸਾਰੂ ਕੰਮਾਂ 'ਤੇ ਲੱਗਣੀ ਹੁੰਦੀ ਹੈ ਉਹ ਜ਼ਾਇਆ ਚਲੀ ਜਾਂਦੀ ਹੈ। ਸਾਡੀ ਖ਼ੁਸ਼ਹਾਲੀ ਸਾਡੀਆਂ ਦਲਹਿਜਾਂ ਕੋਲੋਂ ਆ ਕੇ ਮੁੜ ਜਾਂਦੀ ਹੈ। ਲੋਕਾਂ ਨੂੰ ਧਰਨੇ ਲਾਉਣ ਅਤੇ ਰੈਲੀਆਂ ਕਰਨ ਵੱਲ ਮੋੜਿਆ ਜਾਂਦਾ ਹੈ ਜਿਸ ਕਾਰਨ ਧਨ ਅਤੇ ਕੰਮ ਕਰਨ ਦੇ ਕੀਮਤੀ ਸਮੇਂ ਦੀ ਬਰਬਾਦੀ ਹੁੰਦੀ ਹੈ। ਵਿਕਾਸ ਦਾ ਪਹੀਆ ਲੀਹ ਤੋਂ ਉਤਰ ਜਾਂਦਾ ਹੈ ਅਤੇ ਦੇਸ਼ ਵਿਚ ਗ਼ਰੀਬੀ ਅਤੇ ਭੁੱਖਮਰੀ ਵਧਦੀ ਹੈ।
ਸਾਡੇ ਦੇਸ਼ ਵਿਚ ਦੁਨੀਆਂ ਦੇ ਸਾਰੇ ਦੇਸ਼ਾਂ ਤੋਂ ਵੱਧ ਵੀ. ਆਈ. ਪੀ. ਹਨ। ਇਨ੍ਹਾਂ ਨੂੰ ਕਈ ਕਈ ਸਿਕਿਉਰਟੀ ਗਾਰਡ ਅਤੇ  ਕਾਰਾਂ ਮਿਲੀਆਂ ਹੋਈਆਂ ਹਨ। ਪਟਰੋਲ ਸਮੇਤ ਸਭ ਖ਼ਰਚੇ ਸਰਕਾਰੀ ਖ਼ਜ਼ਾਨੇ ਵਿਚੋਂ ਜਾਂਦੇ ਹਨ। ਇਥੋਂ ਤੱਕ ਕਿ ਜਿਹੜੇ ਵਿਰੋਧੀ ਧਿਰਾਂ ਦੇ ਲੀਡਰ ਹਨ ਜਾਂ ਕਈ ਅਖਾਉਤੀ ਬਾਬੇ ਹਨ ਉਹ ਵੀ ਅਜਿਹੀਆਂ ਸਹੂਲਤਾਂ ਦਾ, ਬਿਨਾ ਕਿਸੇ ਸਰਕਾਰੀ ਕੰਮ ਤੋਂ, ਆਪਣੀ ਫੋਕੀ ਟੌਹਰ ਦਿਖਾਉਣ ਲਈ ਆਨੰਦ ਮਾਣ ਰਹੇ ਹਨ। ਇਹ ਦੇਸ਼ ਅਤੇ ਗ਼ਰੀਬਾਂ 'ਤੇ ਇਕ ਬਹੁਤ ਵੱਡਾ ਬੋਝ ਹਨ। ਸੁਆਲ ਇਹ ਹੈ ਕਿ ਇਨ੍ਹਾਂ ਨੂੰ ਕਿਸ ਤੋਂ ਖ਼ਤਰਾ ਹੈ? ਦੇਸ਼ ਦੇ ਲੋਕਾਂ ਤੋਂ ਹੀ ਖ਼ਤਰਾ ਹੈ? ਜੇ ਅਜਿਹਾ ਹੈ ਤਾਂ ਇਨ੍ਹਾਂ ਨੂੰ ਅੱਗੇ ਆਉਣ ਦੀ ਕੀ ਲੋੜ ਹੈ? ਅਰਾਮ ਨਾਲ ਆਪਣੇ ਘਰ ਬੈਠ ਕੇ ਸ਼ਾਂਤੀ ਦੀ ਜ਼ਿੰਦਗੀ ਕਿਉਂ ਨਹੀਂ ਗੁਜ਼ਾਰਦੇ? ਦੂਸਰੇ ਮੁਲਕਾਂ ਦੇ ਪ੍ਰਧਾਨ ਮੰਤਰੀ ਤੱਕ ਬਿਨਾ ਕਿਸੇ ਹਿਫ਼ਜ਼ਤ ਤੋਂ ਆਪਣੇ ਪ੍ਰਾਈਵੇਟ ਸਮੇਂ ਆਮ ਆਦਮੀ ਦੀ ਤਰ੍ਹਾਂ ਆਪਣੇ ਪਰਿਵਾਰਾਂ ਸਮੇਤ ਸਰੇਆਮ ਬੇਖਫ਼ ਹੋ ਕੇ ਘੁੰਮਦੇ ਨਜ਼ਰ ਆਉਂਦੇ ਹਨ। ਸਾਡੇ ਦੇਸ਼ ਵਿਚ ਇਨ੍ਹਾਂ ਵੀ. ਆਈ. ਪੀ. ਤੇ ਕਰੋੜਾਂ ਰੁਪਏ ਹਰ ਸਾਲ ਬਰਬਾਦ ਕੀਤੇ ਜਾਂਦੇ ਹਨ।
ਸਾਡੇ ਗ਼ਰੀਬ ਦੇਸ਼ ਦੇ ਅਮੀਰ ਹਾਕਮ ਦੇਸ਼ ਦੀ ਆਰਥਿਕਤਾ ਨੂੰ ਘੁਣ ਦੀ ਤਰ੍ਹਾਂ ਖਾ ਕੇ ਖੋਖਲਾ ਕਰ ਰਹੇ ਹਨ। ਦੇਸ਼ ਕਰਜ਼ੇ ਦੇ ਬੋਝ ਹੇਠਾਂ ਧੱਸਦਾ ਜਾ ਰਿਹਾ ਹੈ। ਇਕ ਦਿਨ ਠੂਠਾ ਲੈ ਕੇ ਦੂਜੇ ਦੇਸ਼ਾਂ ਕੋਲ ਮੰਗਣ ਜਾਣਗੇ ਤਾਂ ਵੀ ਕੋਈ ਇਨ੍ਹਾਂ ਨੂੰ ਖ਼ੈਰਾਤ ਨਹੀਂ ਪਾਵੇਗਾ। ਇੱਥੇ ਸਰਕਾਰੀ ਅਫਸਰਾਂ ਨੂੰ ਉੱਚੀਆਂ ਤਨਖਾਹਾਂ, ਵੱਡੀਆਂ ਕੋਠੀਆਂ, ਕਈ ਕਈ ਕਾਰਾਂ ਅਤੇ ਘਰ ਦੇ ਕੰਮਾਂ ਲਈ ਕਈ ਕਈ ਨੌਕਰ ਮਿਲੇ ਹੋਏ ਹਨ। ਭਲਾ ਇਕ ਅਫਸਰ ਨੂੰ ਇਕ ਤੋਂ ਵੱਧ ਕਾਰਾਂ ਅਤੇ ਘਰ ਲਈ ਸਰਕਾਰੀ ਨੌਕਰਾਂ ਦੀ ਕੀ ਲੋੜ ਹੈ? ਇਹ ਅਫਸਰ ਵੀ ਦੇਸ਼ ਨੂੰ ਬਹੁਤ ਮਹਿੰਗੇ ਹੀ ਪੈ ਰਹੇ ਹਨ। ਫਿਰ ਵੀ ਦਫਤਰਾਂ ਵਿਚ ਭਰਿਸ਼ਟਾਚਾਰ ਦਾ ਬੋਲਬਾਲਾ ਹੈ।ਸਰਕਾਰੀ ਦਫਤਰਾਂ ਵਿਚ ਜਾਇਜ਼ ਕੰਮ ਕਰਾਉਣ ਲਈ ਵੀ ਰਿਸ਼ਵਤ ਦੇਣੀ ਪੈਂਦੀ ਹੈ ਨਹੀਂ ਤੇ ਗ਼ਰੀਬਾਂ ਦੇ ਕੰਮ ਸਾਲਾਂ ਬੱਧੀ ਲਟਕਦੇ ਹੀ ਰਹਿੰਦੇ ਹਨ। ਉਨ੍ਹਾਂ ਤੇ ਕੋਈ ਤਰਸ ਨਹੀਂ ਕਰਦਾ। ਸਰਕਾਰ ਦੀਆਂ ਨੀਤੀਆਂ ਐਸੀਆਂ ਹਨ ਕਿ ਜੇਬ ਵਿਚ ਪੈਸੇ ਨਹੀ ਪਰ ਬੈਂਕਾਂ ਵਿਚ ਖਾਤੇ ਖੁਲਵਾਏ ਜਾ ਰਹੇ ਹਨ। ਪੇਟ ਵਿਚ ਰੋਟੀ ਨਹੀਂ ਪਰ ਸ਼ੋਚਾਲੇ ਬਣਵਾਏ ਜਾ ਰਹੇ ਹਨ। ਵਾਹ ਨੀ ਸਰਕਾਰੇ ਤੇਰਾ ਰੱਬ ਹੀ ਰਾਖਾ।
ਭਰਿਸ਼ਟਾਚਾਰ ਦੇ ਨਾਲ ਨਾਲ ਸਾਡੇ ਦੇਸ਼ ਵਿਚ ਮਿਲਾਵਟ ਅਤੇ ਹੇਰਾ ਫੇਰੀ ਦਾ ਵੀ ਬਹੁਤ ਹੀ ਬੋਲ ਬਾਲਾ ਹੈ। ਕਿਸਾਨ ਆਪਣੀ ਪੈਦਾਵਰ ਵਧਾਉਣ ਲਈ ਰਸਾਇਨਿਕ ਖਾਦਾਂ ਅਤੇ ਸਪਰੇ ਦਾ ਧੜਾ ਧੜ ਇਸਤੇਮਾਲ ਕਰ ਰਹੇ ਹਨ। ਇੱਥੇ ਹੀ ਬਸ ਨਹੀਂ ਮਿਲਾਵਟੀ ਦੁੱਧ ਵਿਚ ਯੂਰੀਆ ਮਿਲਾ ਕੇ ਲੋਕਾਂ ਨੂੰ ਪਿਲਾਇਆ ਜਾ ਰਿਹਾ ਹੈ। ਇਹ ਸਭ ਕੁਝ ਲੋਕਾਂ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸ ਨਾਲ ਕਈ ਬਿਮਾਰੀਆਂ ਚੰਬੜ ਜਾਂਦੀਆਂ ਹਨ। ਬਿਮਾਰੀਆਂ ਵਿਚ ਘਿਰ ਕੇ ਲੋਕਾਂ ਦੀ ਕਮਾਈ ਦਾ ਇਕ ਵੱਡਾ ਹਿੱਸਾ ਡਾਕਟਰਾਂ ਅਤੇ ਮਹਿੰਗੀਆਂ ਦਵਾਈਆਂ ਦੀ ਭੇਂਟ ਚੜ ਜਾਂਦਾ ਹੈ। ਇਸ ਨਾਲ ਵੀ ਗ਼ਰੀਬੀ ਵਧਦੀ ਹੈ।
ਸਾਡੇ ਦੇਸ਼ ਵਿਚ ਅੱਜ ਤੱਕ ਵਿਦਿਆ ਦੀ ਕੋਈ ਠੋਸ ਪਾਲਿਸੀ ਨਹੀਂ ਬਣ ਸੱਕੀ। ਸਾਡੇ ਨੌਜੁਆਨ 20-25 ਸਾਲ ਦੀ ਉੱਚੀ ਪੜਾਈ ਕਰ ਕੇ ਵੀ ਵਿਹਲੇ ਇੱਧਰ ਉੱਧਰ ਭਟਕ ਰਹੇ ਹਨ। ਉਨ੍ਹਾਂ ਨੂੰ ਕੋਈ ਠੀਕ ਰਾਹ ਦਿਖਾਉਣ ਵਾਲਾ ਹੀ ਨਹੀਂ। ਸਰਕਾਰ ਉਨ੍ਹਾਂ ਨੂੰ ਰੁਜ਼ਗਾਰ ਦਿਵਾਉਣ ਲਈ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਨੂੰ ਪੜ੍ਹ ਲਿਖ ਕੇ ਪਕੌੜੇ ਤਲਣ ਦੀ ਸਲਾਹ ਦਿੱਤੀ ਜਾਂਦੀ ਹੈ। ਪੜ੍ਹੇ ਲਿਖੇ ਨੌਜੁਆਨ ਪੜ੍ਹ ਲਿਖ ਕੇ ਵਿਦੇਸ਼ਾਂ ਵੱਲ ਪਰਵਾਸ ਕਰ ਰਹੇ ਹਨ। ਉੱਥੇ ਉਨ੍ਹਾਂ ਨੂੰ ਗ਼ੈਰਾਂ ਅਧੀਨ ਜਲਾਲਤ ਵਾਲੀਆਂ ਸ਼ਰਤਾਂ ਤੇ ਘਟੀਆ ਕੰਮ ਕਰਨੇ ਪੈਂਦੇ ਹਨ। ਕਈ ਵਾਰੀ ਅੱਧ-ਭੁੱਖੇ ਪੇਟ ਵੀ ਸੋਣਾ ਪੈਂਦਾ ਹੈ। ਜੇ ਸਰਕਾਰ ਉਨ੍ਹਾਂ ਦੀ ਕਦਰ ਕਰੇ ਅਤੇ ਆਪਣੇ ਮੁਲਕ ਵਿਚ ਹੀ ਯੋਗ ਰੁਜ਼ਗਾਰ ਦੇਵੇ ਤਾਂ ਉਹ ਕਿਉਂ ਵਿਦੇਸ਼ਾਂ ਵਿਚ ਧੱਕੇ ਖਾਣ?ਕਿਉਂ ਮਾਲਟਾ ਵਰਗੇ ਹਾਦਸਿਆਂ ਵਿਚ ਕੀਮਤੀ ਜਾਨਾਂ ਜ਼ਾਇਆ ਜਾਣ?
ਸਾਡੇ ਦੇਸ਼ ਦੇ ਹਾਕਮ ਪਾੜੋ ਅਤੇ ਰਾਜ ਕਰੋ ਦੀ ਨੀਤੀ ਤੇ ਚੱਲ ਰਹੇ ਹਨ ਤਾਂ ਕਿ ਲੋਕ ਆਪਸ ਵਿਚ ਲੜਦੇ ਰਹਿਣ ਅਤੇ ਇਨ੍ਹਾਂ ਦੀਆਂ ਗ਼ਲਤ ਨੀਤੀਆਂ ਵੱਲ ਕਿਸੇ ਦਾ ਧਿਆਨ ਨਾ ਜਾਏ। ਜੇ ਲੋਕਾਂ ਦੀ ਸਾਰੀ ਸ਼ਕਤੀ ਆਪਸ ਵਿਚ ਲੜ੍ਹ ਕੇ ਹੀ ਖ਼ਤਮ ਹੋ ਜਾਏਗੀ ਤਾਂ ਉਹ ਖ਼ੁਸ਼ਹਾਲੀ ਵੱਲ ਕਦਮ ਕਿਵੇਂ ਪੁੱਟਣਗੇ?
ਸਰਕਾਰ ਦੀਆਂ ਨੀਤੀਆਂ ਦੇ ਨਾਲ ਨਾਲ ਸਾਡੀਆਂ ਆਪਣੀਆਂ ਵੀ ਕੁਝ ਕਮਜ਼ੋਰੀਆਂ ਹਨ ਜੋ ਸਾਨੂੰ ਗ਼ਰੀਬੀ ਦੀ ਦਲਦਲ ਵਿਚੋਂ ਨਿਕਲਣ ਨਹੀਂ ਦਿੰਦੀਆਂ। ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਸਮਂੇ ਦੀ ਕਦਰ ਨਹੀਂ ਕਰਦੇ। ਸਮੇਂ ਨੂੰ ਬਹੁਤ ਹੀ ਵਿਅਰਥ ਗੁਵਾਉਂਦੇ ਹਾਂ। ਵਿਹਲੇ ਬੈਠ ਕੇ ਸਾਨੂੰ ਬਹੁਤ ਤਸੱਲੀ ਮਿਲਦੀ ਹੈ। ਪੰਜਾਬ ਦੇ ਪਿੰਡਾਂ ਦੇ ਸਾਡੇ ਭਰਾ ਖੇਤੀ ਬਾੜੀ ਤੋਂ ਜੀਅ ਚੁਰਾਉਣ ਲੱਗ ਪਏ ਹਨ। ਉਹ ਵਿਦੇਸ਼ਾਂ ਵਿਚ ਜਾ ਕੇ ਛੋਟੇ ਛੋਟੇ ਕੰਮ ਕਰ ਲੈਣਗੇ । ਇੱਥੇ ਆਪਣੇ ਘਰ ਵਿਚ ਉਹੀ ਕੰਮ ਕਰਦਿਆਂ ਉਨ੍ਹਾਂ ਦੀ ਸ਼ਾਨ ਘੱਟਦੀ ਹੈ। ਉਹ ਹਰ ਕੰਮ ਵਿਚ ਬਿਹਾਰ ਤੋਂ ਆਏ ਲੋਕਾਂ 'ਤੇ ਨਿਰਭਰ ਕਰਨ ਲੱਗ ਪਏ ਹਨ। ਇਸੇ ਲਈ ਹਰ ਸਾਲ ਲੱਖਾਂ ਬਿਹਾਰੀਏ ਤੇ ਉੱਤਰ ਪ੍ਰਦੇਸ਼ ਤੋਂ ਆਏ ਲੋਕ ਪੰਜਾਬ ਵਿਚ ਆ ਕੇ ਇੱਥੇ ਸਾਡੇ ਕਾਖ਼ਾਨਿਆਂ, ਭੱਠਿਆਂ ਅਤੇ ਖੇਤਾਂ ਵਿਚ ਕੰਮ ਕਰਦੇ ਹਨ। ਪੰਜਾਬ ਵਿਚ ਇਕ ਨਵਾਂ ਭਈਆ ਕਲਚਰ ਪੈਦਾ ਹੋ ਗਿਆ ਹੈ।
ਅਮੀਰੀ ਅਤੇ ਗ਼ਰੀਬੀ ਰੱਬ ਦੇ ਰੰਗ ਹੀ ਹਨ। ਅਮੀਰੀ ਨਾਲ ਖ਼ੁਸ਼ੀ ਤਾਂ ਨਹੀਂ ਖ਼ਰੀਦੀ ਜਾ ਸਕਦੀ ਪਰ ਗ਼ਰੀਬੀ ਹੰਢਾਉਂਦੇ ਹੋਏ ਪਰਿਵਾਰ ਦੀਆਂ ਮੁਢਲੀਆਂ ਜ਼ਰੂਰਤਾਂ ਵੀ ਪੂਰੀਆਂ ਨਾ ਕਰ ਪਾਉਣਾ ਵੀ ਇਕ ਸਰਾਪੀ ਜ਼ਿੰਦਗੀ ਜਿਉਣ ਬਰਾਬਰ ਹੈ। ਇਹ ਸਾਡੀ ਗ਼ਲਤੀ ਹੈ ਕਿ ਅਸੀਂ ਧਰਮ ਨੂੰ ਧਨ ਨਾਲ ਜੋੜ ਕੇ ਗ਼ੁਰਬਤ ਦੀ ਜ਼ਿੰਦਗੀ ਹੰਢਾਉਂਦੇ ਹਾਂ ਪਰ ਮਿਹਨਤ ਨਾਲ ਕਾਫ਼ੀ ਹੱਦ ਤੱਕ ਗ਼ਰੀਬੀ ਦੀ ਜੁੱਲੀ ਲਾਹ ਕੇ ਆਪਣੀ ਕਿਸਮਤ ਨੂੰ ਬਦਲਿਆ ਜਾ ਸਕਦਾ ਹੈ। ਗੁਰਬਾਣੀ ਮਨੁੱਖ ਨੂੰ ਗ਼ਰੀਬੀ ਵਿਚ ਸਬਰ ਕਰਨਾ ਸਿਖਾਉਂਦੀ ਹੈ ਪਰ ਉਹ ਮਿਹਨਤ ਕਰ ਕੇ ਧਨ ਕਮਾਉਣ ਤੋਂ ਰੋਕਦੀ ਨਹੀਂ। ਗੁਰੂੂੂੂੂੂੂੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮਿਹਨਤ ਨਾਲ ਧਨ ਕਮਾ ਕੇ ਆਪਣੇ ਪਰਿਵਾਰ ਤੋਂ ਇਲਾਵਾ ਲੋੜਵੰਦਾਂ ਦੀ ਵੀ ਮਦਦ ਕਰੋ। ਆਪ ਜੀ ਲਿਖਦੇ ਹਨ:
ਘਾਲਿ ਖਾਇ ਕਿਛੁ ਹਥਹੁ ਦੇਇ
ਨਾਨਕ ਰਾਹੁ ਪਛਾਣਹਿ ਸੇਇ॥
ਦਿਨ ਬਦਿਨ ਸਾਡੇ ਦੇਸ਼ ਦੇ ਨੌਜੁਆਨ ਨਸ਼ਿਆਂ ਵਿਚ ਫਸਦੇ ਜਾ ਰਹੇ ਹਨ। ਉਨ੍ਹਾਂ ਦੇ ਮਨ ਵਿਚ ਨਾ ਤਾਂ ਕੋਈ ਜੋਸ਼ ਹੈ ਨਾ ਹੀ ਕੋਈ ਉਸਾਰੂ ਕੰਮ ਕਰਨ ਦੀ ਹਿੰਮਤ ਹੈ। ਜਿਹੜੇ ਅਫ਼ਸਰਾਂ ਨੂੰ ਨਸ਼ੇ ਰੋਕਣ ਲਈ ਲਾਇਆ ਜਾਂਦਾ ਹੈ ਉਹ ਹੀ ਨਸ਼ਿਆਂ ਦੇ ਵਪਾਰੀ ਬਣ ਬੈਠਦੇ ਹਨ। ਗੁਲਸ਼ਨ ਨੂੰ ਬਰਬਾਦ ਕਰਨ ਲਈ ਤਾਂ ਇਕ ਉੱਲੂ ਹੀ ਕਾਫੀ ਹੁੰਦਾ ਹੈ ਪਰ ਇੱਥੇ ਤਾਂ ਹਰ ਸ਼ਾਖ ਤੇ ਹੀ ਉੱਲੂ ਬੈਠੇ ਹਨ। ਫਿਰ ਮੇਰੇ ਗੁਲਸ਼ਨ ਦਾ ਕੀ ਹੋਵੇਗਾ? ਦੋਸਤੋ ਨਸ਼ੇ ਛੱਡੋ ਅਤੇ ਕੋਹੜ ਕੱਢੋ। ਜੇ ਬਦਕਿਸਮਤੀ ਨਾਲ ਤੁਹਾਡਾ ਕੋਈ ਸਾਥੀ ਨਸ਼ਿਆਂ ਵਿਚ ਪੈ ਗਿਆ ਹੈ ਉਸ ਨੂੰ ਅੱਜ ਤੋਂ ਹੀ ਇਸ ਭੈੜੀ ਆਦਤ ਛੱਡਣ ਵਿਚ ਮਦਦ ਕਰੋ।
ਦੇਸ਼ ਦੀ ਗ਼ਰੀਬੀ ਦਾ ਇਕ ਕਾਰਨ ਇਹ ਵੀ ਹੈ ਕਿ ਅਸੀਂ ਫ਼ਾਲਤੂ ਦਿਖਾਵਾ ਕਰ ਕੇ ਭੋਜਨ ਦੀ ਬਹੁਤ ਬਰਬਾਦੀ ਕਰਦੇ ਹਾਂ। ਅਸੀਂ ਆਪਣੀ ਫੋਕੀ ਸ਼ਾਨ ਦਿਖਾਉਣ ਲਈ ਵੱਡੀਆਂ ਵੱਡੀਆਂ ਪਾਰਟੀਆਂ ਅਤੇ ਸ਼ਾਹਾਨਾ ਵਿਆਹ ਕਰਦੇ ਹਾਂ ਅਤੇ ਆਪਣੀ ਅਮੀਰੀ ਦਾ ਖ਼ੂਬ ਦਿਖਾਵਾ ਕਰਦੇ ਹਾਂ। ਇਸੇ ਲਈ ਦੇਸ਼ ਵਿਚ ਪੈਲੇਸ ਕਲਚਰ ਬਹੁਤ ਵਧ ਫੁੱਲ ਰਿਹਾ ਹੈ। ਹਰ ਸ਼ਹਿਰ ਦੇ ਬਾਹਰ ਖੁਲ੍ਹੀ ਜ਼ਮੀਨ ਤੇ ਵੱਡੇ ਵੱਡੇ ਪੈਲੇਸ ਖੁੰਭਾਂ ਵਾਂਗ ਉੱਗ ਆਏ ਹਨ। ਇਨ੍ਹਾਂ ਪੈਲੇਸਾਂ ਵਿਚ ਸ਼ਾਹੀ ਵਿਆਹ ਅਤੇ ਵੱਡੀਆਂ ਵੱਡੀਆਂ ਪਾਰਟੀਆਂ ਹੁੰਦੀਆਂ ਹਨ। ਹਜ਼ਾਰਾਂ ਬੰਦਿਆਂ ਦਾ ਇਕੱਠ ਹੁੰਦਾ ਹੈ। ਮੀਟ, ਮੱਛੀ ਸ਼ਰਾਬ ਅਤੇ ਹੋਰ ਕੀਮਤੀ ਭੋਜਨ ਖੁੱਲ੍ਹੇ ਤਿਆਰ ਹੁੰਦੇ ਹਨ। ਲੋਕ ਪੇਟ ਤੂਸੜ ਕੇ ਖਾਂਦੇ ਹਨ। ਇੱਥੇ ਹੀ ਬੱਸ ਨਹੀਂ ਜਿੰਨਾਂ ਉਹ ਖਾਂਦੇ ਹਨ ਉਸ ਤੋਂ ਵੱਧ ਜੂਠਾ ਸੁੱਟਦੇ ਹਨ। ਹਰ ਪਾਰਟੀ ਵਿਚ ਲੱਖਾਂ ਰੁਪਏ ਦਾ ਭੋਜਨ ਬਰਬਾਦ ਹੁੰਦਾ ਹੈ। ਇਸ ਤੋਂ ਇਲਾਵਾ ਸਾਡੇ ਲੋਕ ਰੂੜੀਵਾਦੀ ਅਤੇ ਅੰਧ ਵਿਸ਼ਵਾਸੀ ਬਹੁਤ ਹਨ। ਪੰਡਤਾਂ ਦੇ ਕਹਿਣ ਤੇ ਲੱਖਾਂ ਮਣ ਦੁੱਧ ਗਣੇਸ਼ ਦੀਆਂ ਮੂਰਤੀਆਂ ਨੂੰ ਪਿਆਉਣ ਦਾ ਦਿਖਾਵਾ ਕੀਤਾ ਜਾਂਦਾ ਹੈ। ਇਹ ਹੀ ਦੁੱਧ ਰੁੜ੍ਹ ਕੇ ਅਗੇ ਗੰਦੇ ਨਾਲਿਆਂ ਵਿਚ ਵਿਅਰਥ ਚਲੇ ਜਾਂਦਾ ਹੈ ਕਿਸੇ ਗ਼ਰੀਬ ਬੱਚੇ ਦੇ ਮੂੰਹ ਵਿਚ ਨਹੀਂ ਪੈਂਦਾ। ਯੂਨੀਸਿਫ ਦੀ ਰਿਪੋਰਟ ਅਨੁਸਾਰ ਭਾਰਤ ਵਿਚ ਲੱਖਾਂ ਮਾਤਾਵਾਂ ਅਤੇ ਬੱਚੇ ਹਰ ਸਾਲ ਕੁਪੋਸ਼ਨ ਦਾ ਸ਼ਿਕਾਰ ਹੋ ਕੇ ਮਰਦੇ ਹਨ। ਜੇ ਇਹ ਹੀ ਭੋਜਨ ਜ਼ਾਇਆ ਕਰਨ ਦੀ ਥਾਂ ਗ਼ਰੀਬ ਮਾਵਾਂ ਅਤੇ ਬੱਚਿਆਂ ਨੂੰ ਕਰਵਾਇਆ ਜਾਏ ਤਾਂ ਕਈ ਅਨਮੋਲ ਜਾਨਾਂ ਬਚ ਸੱਕਦੀਆਂ ਹਨ।
ਸਾਡੇ ਦੇਸ਼ ਦੀ ਗ਼ਰੀਬੀ ਦਾ ਇਕ ਕਾਰਨ ਵਧਦੀ ਹੋਈ ਅਬਾਦੀ ਹੈ। ਜਿਸ ਹਿਸਾਬ ਸਿਰ ਦੇਸ਼ ਦੀ ਅਬਾਦੀ ਵਧ ਰਹੀ ਹੈ ਉਸ ਹਿਸਾਬ ਸਿਰ ਪੈਦਾਵਰ ਨਹੀਂ ਵਧ ਰਹੀ। ਇਸ ਲਈ ਮੁਲਕ ਭੁੱਖਮਰੀ ਵਿਚ ਧੱਸਦਾ ਜਾ ਰਿਹਾ ਹੈ। ਵਧਦੀ ਅਬਾਦੀ ਤੇ ਸਰਕਾਰ ਜਾਂ ਲੋਕਾਂ ਦਾ ਕੋਈ ਕੰਟਰੋਲ ਨਹੀਂ। 1947 ਵਿਚ ਜਦ ਭਾਰਤ ਆਜ਼ਾਦ ਹੋਇਆ ਤਾਂ ਸਾਰੇ ਦੇਸ਼ ਦੀ ਕੁੱਲ ਅਬਾਦੀ 35 ਕਰੌੜ ਸੀ। ਹੁਣ ਜਦੋਂ ਕਿ ਇਸ ਵਿਚੋਂ ਪਾਕਿਸਤਾਨ ਅਤੇ ਬੰਗਲਾ ਦੇਸ਼ ਦੋ ਮੁਲਕ ਨਿਕਲ ਚੁੱਕੇ ਹਨ ਤਾਂ ਵੀ ਇਕੱਲੇ ਭਾਰਤ ਦੀ ਅਬਾਦੀ 130 ਕਰੌੜ ਤੋਂ ਵਧ ਚੁੱਕੀ ਹੈ। ਜਲਦੀ ਹੀ ਇਹ ਅਬਾਦੀ ਚੀਨ ਤੋਂ ਵੀ ਅੱਗੇ ਵਧ ਜਾਏਗੀ ਅਤੇ ਭਾਰਤ ਜਨਸੰਖਿਆ ਦੇ ਹਿਸਾਬ ਸਿਰ ਦੁਨੀਆਂ ਦੇ ਨਕਸ਼ੇ ਤੇ ਪਹਿਲੇ ਨੰਬਰ 'ਤੇ ਆ ਜਾਵੇਗਾ। ਐਨੇ ਲੋਕਾਂ ਲਈ ਰੁਜ਼ਗਾਰ, ਭੋਜਨ ਅਤੇ ਕੱਪੜਾ ਕਿੱਥੋਂ ਆਵੇਗਾ? ਜ਼ਾਹਿਰ ਹੈ ਕਿ ਮੁਲਕ ਕੰਗਾਲੀ ਵਿਚ ਧੱਸਦਾ ਜਾਵੇਗਾ।
ਗ਼ਰੀਬੀ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ, ਖ਼ਰਚੇ ਨਾਲੋਂ ਆਮਦਨ ਦੇ ਸਾਧਨ ਘੱਟ ਹੋਣਾ। ਨਿੱਤ ਦੇ ਜ਼ਰੂਰੀ ਖ਼ਰਚੇ ਤਾਂ ਬਘਿਆੜ ਦੀ ਤਰ੍ਹਾਂ ਮੂੰਹ ਅੱਡ ਕੇ ਖੜ੍ਹੇ ਰਹਿੰਦੇ ਹਨ ਜੇ ਉਨ੍ਹਾਂ ਨੂੰ ਪੂਰੇ ਕਰਨ ਲਈ ਯੋਗ ਧਨ ਨਾ ਹੋਵੇ ਤਾਂ ਗ਼ਰੀਬੀ ਪੱਲੇ ਪੈ ਜਾਂਦੀ ਹੈ। ਬੰਦਾ ਤਣਾਅ ਵਿਚ ਆ ਜਾਂਦਾ ਹੈ। ਉਹ ਕਰਜ਼ਈ ਹੋ ਜਾਂਦਾ ਹੈ। ਕੁਝ ਸਮੇਂ ਬਾਅਦ ਉਧਾਰ ਮਿਲਣਾ ਵੀ ਬੰਦ ਹੋ ਜਾਂਦਾ ਹੈ। ਜ਼ਰੂਰਤਾਂ ਪੂਰੀਆਂ ਨਾ ਹੋਣ ਕਰ ਕੇ ਘਰ ਵਿਚ ਕਲੇਸ਼ ਰਹਿੰਦਾ ਹੈ।ਕਈ ਤਰ੍ਹਾਂ ਦੀਆਂ ਬਿਮਾਰੀਆਂ ਬੰਦੇ ਨੂੰ ਘੇਰ ਲੈਂਦੀਆਂ ਹਨ। ਗ਼ਰੀਬੀ ਵਿਚ ਬੰਦਾ ਸਾਰੀ ਉਮਰ ਲੋੜਾਂ ਅਤੇ ਥੋੜਾਂ ਵਿਚ ਪਿਸਦਾ ਰਹਿੰਦਾ ਹੈ। ਉਸ ਨੂੰ ਆਪਣੀਆਂ ਅਤੇ ਪਰਿਵਾਰ ਦੀਆਂ ਖ਼ਾਹਿਸ਼ਾਂ ਦਾ ਗਲਾ ਘੁੱਟ ਕੇ ਜਿਉਣਾ ਪੈਂਦਾ ਹੈ। ਉਹ ਸਾਰੀ ਉਮਰ ਸਨਮਾਨ ਨਾਲ ਚਾਰ ਬੰਦਿਆਂ ਵਿਚ ਖੜ੍ਹਾ ਨਹੀਂ ਹੋ ਸੱਕਦਾ। ਲੋਕ ਉਸ ਨੂੰ ਕੋਈ ਆਦਰ ਮਾਣ ਨਹੀਂ ਦਿੰਦੇ। ਉਸ ਨੂੰ ਹਰ ਥਾਂ ਅਣਗੌਲਿਆਂ ਕੀਤਾ ਜਾਂਦਾ ਹੈ। ਉਹ ਹੋਇਆ ਨਾ ਹੋਇਆ, ਸਮਾਜ ਨੂੰ ਕੋਈ ਖ਼ਾਸ ਫ਼ਰਕ ਨਹੀਂ ਪੈਂਦਾ। ਕਹਿੰਦੇ ਹਨ-ਜਿਸ ਦੀ ਕੋਠੀ ਦਾਣੇ, ਉਸ ਦੇ ਕਮਲੇ ਵੀ ਸਿਆਣੇ।
ਜੇ ਤੁਹਾਨੂੰ ਧਨ ਦੀ ਕਮੀ ਹੈ ਜਾਂ ਗ਼ਰੀਬੀ ਸਿਰ ਨਹੀਂ ਚੁੱਕਣ ਦਿੰਦੀ ਤਾਂ ਇਹ ਸਮਝ ਲਓ ਕਿ ਬਾਹਰੋਂ ਕਿਸੇ ਅਵਤਾਰ ਨੇ ਆ ਕੇ ਤੁਹਾਡੀ ਗ਼ਰੀਬੀ ਦੂਰ ਨਹੀਂ ਕਰ ਦੇਣੀ। ਆਪਣੀ ਗ਼ਰੀਬੀ ਤੁਹਾਨੂੰ ਆਪ ਹੀ ਦੂਰ ਕਰਨੀ ਪੈਣੀ ਹੈ। ਫ਼ਜ਼ੂਲ ਖ਼ਰਚੀ ਛੱਡੋ। ਸਮੇਂ ਦੀ ਕਦਰ ਕਰੋ। ਹਰ ਮਿੰਟ ਅਤੇ ਹਰ ਸਕਿੰਟ ਦੀ ਕੀਮਤ ਸਮਝੋ ਤੁਹਡਾ ਸਮਾਂ ਹੀ ਤੁਹਾਡਾ ਅਸਲੀ ਧਨ ਹੈ। ਜੋ ਸਮੇਂ ਨੂੰ ਜ਼ਾਇਆ ਕਰਦਾ ਹੈ ਉਹ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰਦਾ ਹੈ। ਉਹ ਬਿਮਾਰੀ, ਗ਼ਰੀਬੀ, ਦਲਿਦਰ ਅਤੇ ਬਦਕਿਸਮਤੀ ਨੂੰ ਆਵਾਜ਼ ਦਿੰਦਾ ਹੈ।ਆਲਸ ਦਾ ਤਿਆਗ ਕਰੋ ਅਤੇ ਉੇੱਦਮੀ ਬਣੋ। ਉੱਦਮੀ ਬੰਦਾ ਕਦੀ ਗ਼ਰੀਬ ਜਾਂ ਬਦਕਿਸਮਤ ਨਹੀਂ ਹੋ ਸੱਕਦਾ।ਇਸ ਲਈ ਉੱਦਮੀ ਬਣ ਕੇ ਕਮਾਈ ਕਰਨ ਦੀ ਲੋੜ ਹੈ ਤਾਂ ਕਿ ਗ਼ਰੀਬੀ ਦੀ ਲਾਹਨਤ ਨੂੰ ਖਤਮ ਕੀਤਾ ਜਾਏ।
*****
ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
 email:  gursharan1183@yahoo.in

ਪ੍ਰੇਰਨਾਦਾਇਕ ਲੇਖ : ਕੱਲ੍ਹ ਦੇ ਵਾਰਸ  - ਗੁਰਸ਼ਰਨ ਸਿੰਘ ਕੁਮਾਰ

ਅੱਜ ਕੱਲ੍ਹ ਦੇ ਮਾਂ ਪਿਓ ਨੂੰ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਕਿ ਬੱਚੇ ਮਾਂ ਪਿਓ ਦੇ ਆਖੇ ਨਹੀਂ ਲੱਗਦੇ। ਉਹ ਮਾਂ ਪਿਓ ਦੀ ਸੇਵਾ ਨਹੀਂ ਕਰਦੇ। ਉਹ ਆਪਣੇ ਸ਼ਾਨਦਾਰ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਨ। ਪੱਛਮ ਦੀ ਹਵਾ ਕਰ ਕੇ ਬੱਚੇ ਮਨਮਾਨੀ ਕਰਦੇ ਹਨ ਅਤੇ ਅੱਖੜ ਹੋ ਗਏ ਹਨ। ਉਨ੍ਹਾਂ ਨੂੰ ਡਾਲਰਾਂ ਅਤੇ ਪੌਡਾਂ ਦੀ ਚਮਕ ਨਜ਼ਰ ਆਉਂਦੀ ਹੈ ਅਤੇ ਉਹ ਬੁੱਢੇ ਮਾਂ ਪਿਓ ਨੂੰ ਬੇਸਹਾਰਾ ਛੱਡ ਕੇ ਵਿਦੇਸ਼ਾਂ ਵੱਲ ਉਡਾਰੀ ਮਾਰ ਰਹੇ ਹਨ। ਇਸ ਵਿਚ ਕੁਝ ਹੱਦ ਤੱਕ ਮਾਂ ਪਿਓ ਦਾ ਵੀ ਆਪਣਾ ਯੋਗਦਾਨ ਹੁੰਦਾ ਹੈ ਜਿਸ ਦਾ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ।
ਕਈ ਬੰਦਿਆਂ ਨੂੰ ਆਪਣੇ ਬੱਚਿਆਂ ਨੂੰ ਸਹੀ ਢੰਗ ਨਾਲ ਪਾਲਣਾ ਨਹੀਂ ਆਉਂਦਾ। ਉਹ ਸਮਝਦੇ ਹਨ ਕਿ ਬੱਚੇ ਜੰਮ ਕੇ ਉਨ੍ਹਾਂ ਦਾ ਕੰਮ ਖਤਮ ਹੋ ਗਿਆ। ਸਮੇਂ ਨਾਲ ਬੱਚੇ ਆਪੇ ਹੀ ਵੱਡੇ ਹੋ ਜਾਣਗੇ। ਜਿੰਨੇ ਜ਼ਿਆਦਾ ਬੱਚੇ ਹੋਣਗੇ ਉਨੇ ਹੀ ਉਨ੍ਹਾਂ ਨੂੰ ਨੋਟ ਕਮਾ ਕੇ ਲਿਆ ਕੇ ਦੇਣਗੇ। ਇਹ ਉਨ੍ਹਾਂ ਦੀ ਅਨਪੜ੍ਹਤਾ ਅਤੇ ਜਾਲ੍ਹਤਾ ਦੇ ਕਾਰਨ ਹੈ। ਇਸ ਨਾਲ ਦੇਸ਼ ਵਿਚ ਅਨੇਕਾਂ ਸਮੱਸਿਆਂਵਾਂ, ਜਿਵੇਂ ਗ਼ਰੀਬੀ, ਕੁਪੋਸ਼ਨ ਬੇਰੁਜ਼ਗਾਰੀ ਅਤੇ ਭੁੱਖਮਰੀ ਆਦਿ, ਪੈਦਾ ਹੁੰਦੀਆਂ ਹਨ। ਲੋਕਾਂ ਵਿਚ ਬੇਸਬਰੀ ਅਤੇ ਬੇਭਰੋਸਗੀ ਪੈਦਾ ਹੁੰਦੀ ਹੈ ਜੋ ਦੇਸ਼ ਨੂੰ ਅੱਤਵਾਦ ਵੱਲ ਲੈ ਜਾਂਦੀ ਹੈ। ਦੇਸ਼ ਦਾ ਵਿਕਾਸ ਰੁਕ ਜਾਂਦਾ ਹੈ। ਇਸ ਸਭ ਦਾ ਕਾਰਨ ਬੇਲਗਾਮ ਵਧਦੀ ਆਬਾਦੀ ਹੀ ਹੈ।
ਬੱਚੇ ਜੰਮਣ ਨਾਲ ਹੀ ਮਾਂ ਪਿਓ ਦਾ ਫ਼ਰਜ ਪੂਰਾ ਨਹੀਂ ਹੋ ਜਾਂਦਾ। ਸਗੋਂ ਬੱਚਾ ਜੰਮਣ ਨਾਲ ਮਾਂ ਪਿਓ ਦੀ ਜ਼ਿਮੇਵਾਰੀ ਸ਼ੁਰੂ ਹੁੰਦੀ ਹੈ। ਬੱਚੇ ਬਹੁਤ ਨਾਜ਼ੁਕ ਹੁੰਦੇ ਹਨ। ਉਨ੍ਹਾਂ ਨੂੰ ਤਾਂ ਫੁੱਲਾਂ ਦੀ ਤਰ੍ਹਾਂ ਪਾਲਣਾ ਪੈਂਦਾ ਹੈ। ਜਿਵੇਂ ਛੋਟੇ ਬੱਚੇ ਨੂੰ ਸੋਹਣੇ ਕੱਪੜੇ, ਪੋਸ਼ਟਿਕ ਭੋਜਨ, ਵਿੱਦਿਆ ਅਤੇ ਸਾਂਭ ਸੰਭਾਲ ਦੀ ਜ਼ਰੂਰਤ ਹੁੰਦੀ ਹੈ ਉਵੇਂ ਹੀ ਉਸ ਦੇ ਜੀਵਨ ਨੂੰ ਉੱਚਾ, ਸੱਚਾ ਸੁੱਚਾ ਅਤੇ ਕਾਮਯਾਬ ਬਣਾਉਣ ਲਈ ਚੰਗੇ ਸੰਸਕਾਰ ਦੀ ਜ਼ਰੂਰਤ ਹੁੰਦੀ ਹੈ। ਉਸ ਨੂੰ ਬੁਰੀ ਸੰਗਤ ਤੋਂ ਬਚਾਉਣ ਦੀ ਅਤੇ ਸੁਚੱਜੀ ਅਗੁਵਾਈ ਦੀ ਜ਼ਰੂਰਤ ਹੁੰਦੀ ਹੈ।
ਛੋਟਾ ਬੱਚਾ ਕੱਚੀ ਮਿੱਟੀ ਦੀ ਤਰ੍ਹਾਂ ਹੁੰਦਾ ਹੈ। ਕੱਚੀ ਮਿੱਟੀ ਨੂੰ ਜਿਹੜੀ ਮਰਜ਼ੀ ਸ਼ਕਲ ਵਿਚ ਢਾਲ ਲਓ। ਉਸ ਵਿਚੋਂ ਭਾਵੇਂ ਰਾਮ ਦੀ ਮੂਰਤ ਬਣਾ ਲਉ ਅਤੇ ਭਾਵੇਂ ਰਾਵਣ ਦੀ। ਇਸੇ ਤਰ੍ਹਾਂ ਜੇ ਬਚਪਨ ਵਿਚ ਕਿਸੇ ਬੱਚੇ ਨੂੰ ਚੰਗੇ ਸੰਸਕਾਰ ਦਿਉਗੇ ਤਾਂ ਉਹ ਵੱਡਾ ਹੋ ਕੇ ਇਕ ਕਾਮਯਾਬ ਮਨੁੱਖ ਅਤੇ ਜ਼ਿੰਮੇਵਾਰ ਨਾਗਰਿਕ ਬਣੇਗਾ। ਇਸ ਦੇ ਉਲਟ ਜੇ ਉਸ ਨੂੰ ਮਾੜੇ ਸੰਸਕਾਰ ਮਿਲਣਗੇ ਤਾਂ ਹੋ ਸਕਦਾ ਹੈ ਕਿ ਉਹ ਵੱਡਾ ਹੋ ਕੇ ਚੋਰ, ਲੁਟੇਰਾ, ਡਾਕੂ, ਕਾਤਲ ਜਾਂ ਅੱਤਵਾਦੀ ਬਣ ਜਾਏ। ਬਜ਼ੁਰਗਾਂ ਨੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਇਸ ਉਮਰ ਵਿਚ ਹੀ ਉਨ੍ਹਾਂ ਅੰਦਰ ਇਕ ਹੋਣਹਾਰ ਨਾਗਰਿਕ ਦੀ ਨੀਂਹ ਰੱਖਣੀ ਹੁੰਦੀ ਹੈ। ਨਾਨੀਆਂ ਅਤੇ ਦਾਦੀਆਂ ਛੋਟੇ ਬੱਚਿਆਂ ਨੂੰ ਧਾਰਮਿਕ ਅਤੇ ਬਹਾਦਰਾਂ ਦੀਆਂ ਕਹਾਣੀਆਂ ਸੁਣਾ ਕੇ ਸਹਿਜੇ ਹੀ ਉਨ੍ਹਾ ਵਿਚ ਚੰਗੇ ਸੰਸਕਾਰ ਭਰ ਦਿੰਦੀਆਂ ਹਨ। ਉਹ ਉਨ੍ਹਾਂ ਦੀ ਸ਼ਖਸੀਅਤ ਦਾ ਨਿਰਮਾਣ ਕਰਦੀਆਂ ਹਨ। ਅੱਜ ਕੱਲ੍ਹ ਦੇ ਬੱਚੇ ਮੋਬਾਇਲ ਅਤੇ ਟੀ ਵੀ ਨਾਲ ਹੀ ਚੰਬੜੇ ਰਹਿੰਦੇ ਹਨ। ਉਨ੍ਹਾਂ ਕੋਲ ਨਾਨੀਆਂ ਅਤੇ ਦਾਦੀਆਂ ਕੋਲ ਬੈਠਣ ਦਾ ਸਮਾਂ ਹੀ ਨਹੀਂ। ਅੱਜ ਕੱਲ੍ਹ ਜਿਆਦਾ ਤੌਰ ਤੇ ਅੋਰਤਾਂ ਵੀ ਨੌਕਰੀ ਪੇਸ਼ਾ ਹੋਣ ਕਰ ਕੇ ਬੱਚਿਆਂ ਲਈ ਪੂਰਾ ਸਮਾਂ ਨਹੀ ਕੱਢ ਸਕਦੀਆਂ। ਇਸ ਲਈ ਵੀ ਬੱਚੇ ਵਿਗੜ ਰਹੇ ਹਨ।
ਮਾਂ ਪਿਓ ਆਪਣੇ ਬੱਚਿਆਂ ਰਾਹੀਂ ਹੀ ਆਪਣੇ ਸੁਪਨੇ ਪੂਰਾ ਕਰਨਾ ਚਾਹੁੰਦੇ ਹਨ। ਹਰ ਕੋਈ ਚਾਹੁੰਦਾ ਹੈ ਕਿ ਮੇਰਾ ਬੱਚਾ ਵੱਡਾ ਹੋ ਕੇ ਡਾਕਟਰ ਜਾਂ ਇੰਜੀਨੀਅਰ ਬਣੇ। ਇਸ ਲਈ ਉਹ ਬੱਚਿਆਂ ਨੂੰ ਇਮਤਿਹਾਨ ਵਿਚੋਂ ਵੱਧ

ਤੋਂ ਵੱਧ ਨੰਬਰ ਲੈ ਕੇ ਆਉਣ ਲਈ ਦਬਾਅ ਪਾਉਂਦੇ ਹਨ। ਇਸ ਲਈ ਸਕੂਲ ਤੋਂ ਬਾਅਦ ਵੀ ਦੋ ਦੋ, ਤਿੰਨ ਤਿੰਨ ਟਿਊਸ਼ਨਾਂ ਰੱਖਾਉਂਦੇ ਹਨ। ਕਈ ਮਾਸੂਮ ਬੱਚੇ ਇਨਾ ਦਬਾਅ ਸਹਾਰ ਨਹੀਂ ਸਕਦੇ। ਉਨ੍ਹਾਂ ਦਾ ਬਚਪਨ ਦਬਾਅ ਹੇਠਾਂ ਰੁਲ ਜਾਂਦਾ ਹੈ। ਉਹ ਮਾਨਸਿਕ ਰੋਗੀ ਬਣ ਜਾਂਦੇ ਹਨ। ਕੁਝ ਅਜਿਹੇ ਬੱਚੇ ਪੜਾਈ ਵਿਚ ਬੇਸ਼ੱਕ ਚੰਗੇ ਨੰਬਰ ਲੈ ਵੀ ਜਾਣ ਪਰ ਉਹ ਚੰਗੇ ਨਾਗਰਿਕ ਨਹੀਂ ਬਣ ਸਕਦੇ। ਮਾਂ ਪਿਓ ਨੂੰ ਕੋਈ ਐਸਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਬੱਚਿਆਂ ਤੇ ਬੁਰਾ ਪ੍ਰਭਾਵ ਪਏ। ਬੱਚੇ ਮਾਂ ਪਿਓ ਦੀਆਂ ਆਦਤਾਂ ਨੂੰ ਬੜੀ ਜਲਦੀ ਗ੍ਰਹਿਣ ਕਰਦੇ ਹਨ। ਜੇ ਪਿਓ ਜੂਆ ਖੇਡਦਾ ਹੈ ਜਾਂ ਘਰ ਆ ਕੇ ਰੋਜ ਸ਼ਰਾਬ ਦੀ ਬੋਤਲ ਖ੍ਹੋਲਕੇ ਬੈਠ ਜਾਂਦਾ ਹੈ ਤਾਂ ਬੱਚੇ ਵਿਚ ਵੀ ਇਹ ਆਦਤਾਂ ਪੈਣਗੀਆਂ। ਇਸੇ ਤਰ੍ਹਾਂ ਜੇ ਮਾਂ ਬੜਬੋਲੀ ਅਤੇ ਘਮੰਢੀ ਹੈ ਅਤੇ ਪਰਿਵਰ ਵਿਚ ਸਭ ਨਾਲ ਕੌੜਾ ਬੋਲਦੀ ਹੈ ਅਤੇ ਘਰ ਵਿਚ ਹਰ ਸਮੇਂ ਕਲੇਸ਼ ਹੀ ਪਾਈ ਰੱਖਦੀ ਹੈ ਤਾਂ ਬੇਟੀ ਵੀ ਸੌਹਰੇ ਜਾ ਕੇ ਕਲੇਸ਼ ਹੀ ਕਰੇਗੀ। ਉਹ ਕਿਸੇ ਦੀ ਇਜ਼ੱਤ ਨਹੀਂ ਕਰੇਗੀ। ਉਹ ਆਪ ਵੀ ਦੁੱਖੀ ਹੋਵੇਗੀ ਅਤੇ ਦੂਜਿਆਂ ਨੂੰ ਵੀ ਦੁਖੀ ਕਰੇਗੀ। ਉਸ ਦੇ ਕਾਮਯਾਬ ਵਿਆਹੁਤਾ ਜੀਵਨ ਤੇ ਵੀ ਪ੍ਰਸ਼ਨ ਚਿਨ੍ਹ ਲੱਗ ਜਾਵੇਗਾ।
ਜੇ ਤੁਸੀਂ ਚਾਹੁੰਦੇ ਹੋ ਕੇ ਤੁਹਾਡਾ ਬੱਚਾ ਵੱਡਾ ਹੋ ਕੇ ਡਾਕਟਰ, ਇੰਜੀਨੀਅਰ ਜਾਂ ਵੱਡਾ ਅਫ਼ਸਰ ਬਣੇ ਤਾਂ ਉਸ ਨੂੰ ਉੱਚੀ ਵਿਦਿਆਂ ਦੇਣੀ ਪਵੇਗੀ। ਜੇ ਉਸ ਨੂੰ ਚੰਗਾ ਨਾਗਰਿਕ ਬਣਾਉਣਾ ਹੈ ਤਾਂ ਉਸ ਨੂੰ ਕਾਨੂੰਨ ਦੇ ਦਾਇਰੇ ਵਿਚ ਵੀ ਰਹਿਣਾ ਸਿਖਾਓ। ਜੇ ਤੁਸੀਂ ਉਸ ਨੂੰ ਇਕ ਕਾਮਯਾਬ ਮਨੁੱਖ ਬਣਾਉਣਾ ਚਾਹੁੰਦੇ ਹੋ ਤਾਂ ਉਸ ਨੂੰ ਚੰਗੇ ਸੰਸਕਾਰ ਦਿਓ। ਫਿਰ ਉਹ ਵੱਡਾ ਹੋ ਕੇ ਭਾਵੇਂ ਅਫ਼ਸਰ ਬਣੇ ਜਾਂ ਵਪਾਰੀ ਜਾਂ ਰਾਜਨੇਤਾ ਜਾਂ ਕੁਝ ਹੋਰ। ਉਹ ਹਰ ਕਿੱਤੇ ਵਿਚ ਕਾਮਯਾਬ ਹੀ ਹੋਵੇਗਾ। ਚੰਗੇ ਸੰਸਕਾਰ ਹੀ ਮਨੁੱਖ ਦੀ ਕਾਮਯਾਬੀ ਦੀ ਜੜ੍ਹ ਹਨ। ਸਾਦਗੀ ਅਤੇ ਸੰਸਕਾਰ ਬਾਜ਼ਾਰੋਂ  ਨਹੀਂ ਮਿਲਦੇ। ਬੱਚਿਆਂ ਨਾਲ ਆਪਣਾ ਵਿਉਹਾਰ ਸੁਹਿਰਦ ਰੱਖੋ। ਤੁਸੀਂ ਆਪਣੇ ਬੱਚਿਆਂ ਨੂੰ ਜ਼ਿੰਦਗੀ ਜਿਉਣ ਦਾ ਸਲੀਕਾ ਸਮਝਾਓ। ਉਨ੍ਹਾਂ ਨੂੰ ਦੱਸੋ ਕਿ ਦੂਸਰਿਆਂ ਨਾਲ ਕਿਵੇਂ ਵਿਉਹਾਰ ਕਰਨਾ ਹੈ। ਕਿਵੇਂ ਦੂਜੇ ਨਾਲ ਮਿਲ ਜੁਲ ਕੇ ਰਹਿਣਾ ਹੈ। ਕਿਵੇਂ ਦੁਜੇ ਨੂੰ ਇੱਜ਼ਤ ਨਾਲ ਬੁਲਾਉਣਾ ਹੈ। ਜ਼ਿੰਦਗੀ ਵਿਚ ਕੁਝ ਸਹਿਣਾ ਅਤੇ ਕੁਝ ਨਜ਼ਰ ਅੰਦਾਜ਼ ਕਰਨਾ ਪੈਂਦਾ ਹੈ ਤਾਂ ਹੀ ਜ਼ਿੰਦਗੀ ਕਾਮਯਾਬ ਹੁੰਦੀ ਹੈ। ਜੇ ਤੁਸੀਂ ਗੁਲਾਬ ਦੀ ਤਰ੍ਹਾਂ ਖਿੜ੍ਹਣਾ ਚਾਹੁੰਦੇ ਹੋ ਤਾਂ ਕੰਢਿਆਂ ਨਾਲ ਨਿਭਾਣਾ ਸਿੱਖੋ।
ਕਦੀ ਕਿਸੇ ਬੱਚੇ ਦਾ ਦੂਜੇ ਬੱਚੇ ਨਾਲ ਮੁਕਾਬਲਾ ਨਾ ਕਰੋ। ਪ੍ਰਮਾਤਮਾ ਨੇ ਹਰ ਬੱਚੇ ਨੂੰ ਵੱਖਰੇ ਵੱਖਰੇ ਗੁਣ ਦੇ ਕੇ ਆਪਣੇ ਆਪ ਵਿਚ ਨਿਆਰਾ ਬਣਾਇਆ ਹੈ। ਕਿਸੇ ਮਹਿਮਾਨ ਸਾਹਮਣੇ ਬੱਚੇ ਨੂੰ ਸ਼ਰਮਿੰਦਾ ਨਾ ਕਰੋ। ਇਸ ਨਾਲ ਉਸ ਦਾ ਮਨੋਬਲ ਡਿੱਗਦਾ ਹੈ। ਉਹ ਆਪਣੇ ਆਪ ਨੂੰ ਘਟੀਆ ਸਮਝਣ ਲੱਗ ਪੈਂਦਾ ਹੈ। ਉਹ ਦੱਬੂ ਬਣ ਕੇ ਰਹਿ ਜਾਂਦਾ ਹੈ। ਫਿਰ ਉਹ ਜ਼ਿੰਦਗੀ ਭਰ ਕਿਸੇ ਜ਼ਿੰਮੇਵਾਰੀ ਵਾਲੇ ਕੰਮ ਨੂੰ ਹੱਥ ਵਿਚ ਲੈਣ ਦਾ ਹੌਸਲਾ ਨਹੀਂ ਕਰ ਸਕਦਾ। ਯਾਦ ਰੱਖੋ ਤੁਸੀਂ ਬੱਚੇ ਨੂੰ ਕਾਮਯਾਬ ਕਰਨ ਲਈ ਉਸ ਵਿਚ ਮਨੋਬਲ ਭਰਨਾ ਹੈ। ਉਸ ਦਾ ਆਤਮ ਵਿਸ਼ਵਾਸ ਜਗਾਉਣਾ ਹੈ। ਤੁਹਾਡੀ ਸ਼ਾਬਾਸ਼ ਦੇ ਕਹੇ ਹੋਏ ਸ਼ਬਦ ਉਸ ਵਿਚ ਹੌਸਲਾ ਭਰ ਦੇਣਗੇ। ਤੁਹਾਡੀ ਪ੍ਰੇਰਨਾ ਦੇ ਕਹੇ ਹੋਏ ਦੋ ਸ਼ਬਦ ਉਸ ਦੀ ਜ਼ਿੰਦਗੀ ਨੂੰ ਸਫ਼ਲਤਾ ਦੀ ਸਿਖਰ 'ਤੇ ਪਹੁੰਚਾਉਣ ਦੀ ਸਮਰੱਥਾ ਰੱਖਦੇ ਹਨ।
ਆਤਮ ਵਿਸ਼ਵਾਸ ਅਤੇ ਹੌਸਲੇ ਜਿਹਾ ਕੋਈ ਸਾਥੀ ਨਹੀਂ ਅਤੇ ਸੰਸਕਾਰ ਜਿਹੀ ਕੋਈ ਵਿਰਾਸਤ ਨਹੀਂ। ਕਿਸੇ ਬੰਦੇ ਦੀ ਸਭ ਤੋਂ ਵੱਡੀ ਖ਼ੁਸ਼ੀ ਉਸ ਦਾ ਕਾਮਯਾਬ ਬੱਚਾ ਹੁੰਦੀ ਹੈ। ਬੱਚੇ ਜ਼ਿੰਦਗੀ ਵਿਚ ਚੰਗੇ ਸੰਸਕਾਰ ਦੇ ਕੇ ਉਸ ਨੂੰ ਕਾਮਯਬ ਕਰਨਾ ਮਾਂ ਪਿਓ ਦਾ ਹੀ ਫ਼ਰਜ਼ ਹੁੰਦਾ ਹੈ। ਇਨ੍ਹਾਂ ਬੱਚਿਆਂ ਨੇ ਹੀ ਵੱਡੇ ਹੋ ਕੇ ਮਾਂ ਪਿਓ ਦੀ ਸਾਂਭ ਸੰਭਾਲ ਕਰਨੀ ਹੁੰਦੀ ਹੈ ਅਤੇ ਦੇਸ਼ ਦੀ ਵਾਗਡੋਰ ਸੰਭਾਲਣੀ ਹੁੰਦੀ ਹੈ। ਬੱਚਿਆਂ ਲਈ ਤੁਹਾਡੀ ਸੁਚੱਜੀ ਅਗੁਵਾਈ ਅਤੇ ਚੰਗੇ ਸੰਸਕਾਰ ਸਭ ਤੋਂ ਵੱਡੀ ਵਿਰਾਸਤ ਹੈ। ਅੱਜ ਦੇ ਬੱਚੇ ਹੀ ਕੱਲ੍ਹ ਦੇ ਵਾਰਸ ਹਨ।


ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-94631-89432
email:  gursharan1183@yahoo.in

ਜ਼ਿੰਦਗੀ ਦੇ ਸੁਨਹਿਰੀ ਸਾਲ - ਗੁਰਸ਼ਰਨ ਸਿੰਘ ਕੁਮਾਰ

'ਮਨੁੱਖ' ਪ੍ਰਮਾਤਮਾ ਦੀ ਇਕ ਉੱਤਮ ਰਚਨਾ ਹੈ। ਹੁਣ ਸੋਚਣ ਦੀ ਗੱਲ ਇਹ ਹੈ ਕਿ ਕੀ ਮਨੁੱਖਾ ਜਨਮ ਲੈ ਕੇ ਵੀ ਅਸੀਂ ਕੋਈ ਉੱਤਮ ਕੰਮ ਕਰਦੇ ਹਾਂ ਕਿ ਨਹੀਂ? ਜਾਂ ਖਾ ਲਿਆ, ਪੀ ਲਿਆ, ਸੌਂ ਲਿਆ ਅਤੇ ਆਪਣਾ ਪਰਿਵਾਰ ਵਧਾ ਲਿਆ ਬੱਸ ਖਤਮ। ਜੇ ਏਨੀ ਹੀ ਗੱਲ ਹੈ ਤਾਂ ਮਨੁੱਖ ਅਤੇ ਜਾਨਵਰ ਵਿਚ ਫਰਕ ਹੀ ਕੀ ਰਹਿ ਗਿਆ? ਇਹ ਸਾਰੇ ਕੰਮ ਤਾਂ ਪੰਛੀ ਅਤੇ ਜਾਨਵਰ ਵੀ ਕਰਦੇ ਹਨ। ਮਨੁੱਖ ਇਕ ਸੱਭਿਅਕ ਪ੍ਰਾਣੀ ਹੈ। ਪ੍ਰਮਾਤਮਾ ਨੇ ਮਨੁੱਖ ਨੂੰ ਇਕ ਵਿਕਸਤ ਦਿਮਾਗ ਦਿੱਤਾ ਹੈ। ਫਿਰ ਇਸ ਨੂੰ ਲਿਪੀ ਅਤੇ ਭਾਸ਼ਾ ਦੀ ਦਾਤ ਬਖ਼ਸ਼ੀ ਹੈ। ਮਨੁੱਖ ਦੇ ਸਰੀਰਕ ਅੰਗ ਵੀ ਜਾਨਵਰਾਂ ਨਾਲੋਂ ਵਿਕਸਤ ਹਨ। ਇਸ ਹਿਸਾਬ ਸਿਰ ਤਾਂ ਮਨੁੱਖ ਨੂੰ ਕੰਮ ਵੀ ਉੱਤਮ ਕਰਨੇ ਚਾਹੀਦੇ ਹਨ ਤਾਂ ਕਿ ਪ੍ਰਮਾਤਮਾ ਨੂੰ ਇਹ ਅਫ਼ਸੋਸ ਨਾ ਹੋਵੇ ਕਿ ਕਿਸੇ ਪ੍ਰਾਣੀ ਨੂੰ ਉਸ ਨੇ ਮਨੁੱਖਾ ਜਨਮ ਦੇ ਕੇ ਕੋਈ ਗ਼ਲਤ ਕੰਮ ਤਾਂ ਨਹੀਂ ਕੀਤਾ। ਸਾਨੂੰ ਮਨੁੱਖ ਹੋਣ ਦਾ ਸਬੂਤ ਵੀ ਦੇਣਾ ਚਾਹੀਦਾ ਹੈ। ਇਹ ਇਸ ਗੱਲ ਤੋਂ ਹੀ ਪ੍ਰਗਟ ਹੁੰਦਾ ਹੈ ਕਿ ਅਸੀਂ ਕਿਹੋ ਜਿਹੀ ਜ਼ਿੰਦਗੀ ਜੀ ਰਹੇ ਹਾਂ।
ਧਰਤੀ 'ਤੇ ਬੱਚੇ ਦਾ ਜਨਮ ਕੁਦਰਤ ਦਾ ਇਕ ਕ੍ਰਿਸ਼ਮਾ ਹੀ ਹੁੰਦਾ ਹੈ। ਇਸ ਜਨਮ ਦੇ ਨਾਲ ਹੀ ਮਨੁੱਖ ਦੀ ਜ਼ਿੰਦਗੀ ਸ਼ੁਰੂ ਹੁੰਦੀ ਹੈ। ਜਨਮ ਸਮੇਂ ਬੱਚਾ ਬਹੁਤ ਹੀ ਨਿਰਬਲ ਹੁੰਦਾ ਹੈ। ਉਸ ਨੂੰ ਆਪਣੀਆਂ ਮੁਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵੀ ਕਿਸੇ ਦੂਸਰੇ ਬੰਦੇ ਦੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ।। ਹੌਲੀ ਹੌਲੀ ਜਦ ਬੱਚਾ ਵੱਡਾ ਹੁੰਦਾ ਹੈ ਤਾਂ ਉਹ ਤੋਤਲੀ ਜੁਬਾਨ ਵਿਚ ਬੋਲਣਾ ਸਿੱਖਦਾ ਹੈ ਅਤੇ ਡੋਲਦੀਆਂ ਲੱਤਾਂ ਨਾਲ ਤੁਰਨ ਦੀ ਕੋਸ਼ਿਸ਼ ਕਰਦਾ ਹੈ। ਬੱਚੇ ਦੀਆਂ ਇਹ ਛੋਟੀਆਂ ਛੋਟੀਆਂ ਹਰਕਤਾਂ ਬਹੁਤ ਪਿਆਰੀਆਂ ਲੱਗਦੀਆਂ ਹਨ। ਫਿਰ ਉਹ ਵਿਦਿਅਕ ਗਿਆਨ ਅਤੇ ਹੋਰ ਕਈ ਨਵੀਆਂ ਨਵੀਆਂ ਗੱਲਾਂ ਸਿੱਖਦਾ ਹੈ। ਜਵਾਨੀ ਦੀ ਉਮਰ ਵਿਚ ਆ ਕੇ ਬੰਦਾ ਆਤਮ ਨਿਰਭਰ ਹੋਣ ਦੀ ਕੋਸ਼ਿਸ਼ ਕਰਦਾ ਹੈ। ਇਹ ਉਮਰ ਉਸ ਦੀ ਘੋੜੇ ਦੀ ਤਰ੍ਹਾਂ ਹੁੰਦੀ ਹੈ। ਉਹ ਸ਼ਕਤੀ ਨਾਲ ਭਰਪੂਰ ਹੁੰਦਾ ਹੈ। ਉਹ ਕਮਾਈ ਕਰਦਾ ਹੈ ਅਤੇ ਸ਼ਾਦੀ ਕਰ ਕੇ ਆਪਣਾ ਇਕ ਨਵਾਂ ਸੰਸਾਰ ਵਸਾਉਂਦਾ ਹੈ। ਇਸ ਦੇ ਨਾਲ ਹੀ ਉਸ ਨੂੰ ਅਣਕਿਆਸੀਆਂ ਜ਼ਰੂਰਤਾਂ ਅਤੇ ਸੁਰੱਖਿਅਤ ਭੱਵਿਖ ਲਈ ਕੁਝ ਵੱਖਰਾ ਧਨ ਬਚਾ ਕਿ ਰੱਖਣ ਦੀ ਵੀ ਜ਼ਰੂਰਤ ਹੁੰਦੀ ਹੈ। ਬਿਮਾਰੀਆਂ, ਠੋਕਰਾਂ ਅਤੇ ਦੁਰਘਟਨਾਵਾਂ ਤੋਂ ਕਿਸੇ ਤਰ੍ਹਾਂ ਬਚਦਾ ਹੋਇਆ ਉਹ ਆਪਣੀ ਉਮਰ ਦੇ ਅਗਲੇ ਪੜਾਅ ਵੱਲ ਅੱਗੇ ਵਧਦਾ ਹੈ। ਜ਼ਿੰਦਗੀ ਵਿਚ ਇਕ ਐਸੀ ਚੀਜ਼ ਹੈ ਜੋ ਬਿਨਾ ਤੁਹਾਡੀ ਕਿਸੇ ਕੋਸ਼ਿਸ਼ ਜਾਂ ਬਿਨਾ ਕਿਸੇ ਜ਼ੋਰ ਲਾਣ ਤੋਂ ਅੱਗੇ ਵਧਦੀ ਹੀ ਰਹਿੰਦੀ ਹੈ ਉਹ ਹੈ ਤੁਹਾਡੀ ਉਮਰ।
ਸੱਠ ਕੁ ਸਾਲ ਦੀ ਉਮਰ ਦੇ ਪੜਾਅ ਤੇ ਆ ਕੇ ਮਨੁੱਖ ਦੀ ਉਮਰ ਕੁਝ ਢਲਣੀ ਸ਼ੁਰੂ ਹੋ ਜਾਂਦੀ ਹੈ। ਸਰੀਰ ਦੇ ਸਾਰੇ ਅੰਗ ਕੁਝ ਕਮਜ਼ੋਰ ਪੈ ਜਾਂਦੇ ਹਨ। ਇਸ ਅਵਸਥਾ ਵਿਚ ਆ ਕਿ ਉਹ ਆਪਣੇ ਆਪ ਨੂੰ ਕੁਝ ਬੁੱਢਾ ਮਹਿਸੂਸ ਕਰਨ ਲੱਗ ਪੈਂਦਾ ਹੈ। ਇਕ ਪੀੜ੍ਹੀ ਦਾ ਪਾੜਾ ਵੀ ਪੈ ਜਾਂਦਾ ਹੈ। ਇਸ ਸਮੇਂ ਮਨੁੱਖ ਨੂੰ ਜ਼ਿੰਦਗੀ ਵਿਚ ਕਈ ਤਰ੍ਹਾਂ ਦੇ ਸਮਝੋਤੇ ਵੀ ਕਰਨੇ ਪੈਂਦੇ ਹਨ। ਉਸ ਨੂੰ ਪੁਰਾਣੀਆਂ ਕੌੜੀਆਂ ਕੁਸੈਲੀਆਂ ਘਟਨਾਵਾਂ ਨੂੰ ਯਾਦ ਕਰ ਕੇ ਦੁਖੀ ਨਹੀਂ ਹੁੰਦੇ ਰਹਿਣਾ ਚਾਹੀਦਾ। ਜੇ ਉਹ ਈਰਖਾ ਤੇ ਲਾਲਚ ਨੂੰ ਛੱਡ ਕੇ ਸੰਤੁਸ਼ਟ ਰਹੇਗਾ ਤਾਂ ਹੀ ਉਸ ਨੂੰ ਸੱਚੀ ਖ਼ੁਸ਼ੀ ਮਿਲੇਗੀ। ਭਵਿੱਖ ਬਾਰੇ ਵੀ ਕੋਈ ਬਹੁਤੀਆਂ ਝੂਠੀਆਂ ਆਸਾਂ ਨਹੀਂ ਰੱਖਣੀਆਂ ਚਾਹੀਦੀਆਂ। ਕੀ ਪਤਾ ਕੱਲ ਆਵੇ ਜਾਂ ਨਾ ਆਵੇ। ਮਨੁੱਖ ਦੀ ਜ਼ਿੰਦਗੀ ਉਹ ਹੀ ਹੈ ਜੋ ਅੱਜ ਉਹ ਜੀ ਰਿਹਾ ਹੈ। ਇਸ ਲਈ ਕਿਸੇ ਨਾਲ ਵਰਤਦੇ ਸਮੇਂ ਇਹ ਹੀ ਸੋਚੋ ਕਿ ਸ਼ਾਇਦ ਤੁਹਾਡੀ ਉਸ ਨਾਲ ਅੰਤਿਮ ਮੁਲਾਕਾਤ ਹੀ ਹੈ। ਫਿਰ ਦੁਨੀਆਂ ਵਿਚ ਕੇਵਲ ਤੁਹਾਡੀਆਂ ਗੱਲਾਂ ਹੀ ਰਹਿ ਜਾਣੀਆਂ ਹਨ, ਤੁਸੀਂ ਆਪ ਨਹੀਂ ਹੋਣਾ। ਤੁਹਾਡੀਆਂ ਅੰਤਿਮ ਰਸਮਾਂ ਵਿਚੋਂ ਵੀ ਤੁਸੀਂ ਆਪ ਗ਼ੈੈੈਰ ਹਾਜ਼ਰ ਹੀ ਹੋਣਾ ਹੈ। ਇਸ ਲਈ ਅੱਜ ਨੂੰ ਮਾਣੋ।
ਹਰ ਮਨੁੱਖ ਚਾਹੁੰਦਾ ਹੈ ਕਿ ਉਸ ਦੀ ਪ੍ਰਸਨ ਲੰਮੀ ਉਮਰ ਹੋਵੇ ਪਰ ਇਸ ਲਈ ਮਨੁੱਖ ਨੂੰ ਆਪ ਕੁਝ ਯਤਨ ਵੀ ਕਰਨੇ ਚਾਹੀਦੇ ਹਨ। ਬਿਮਾਰ ਹੋ ਕੇ ਬਿਸਤਰ ਤੇ ਪੈ ਕੇ ਦੂਜਿਆਂ ਤੋਂ ਸੇਵਾ ਕਰਾ ਕੇ ਜੀਣਾ ਵੀ ਕੀ ਜੀਣਾ? ਇਹ ਇਕ ਨਰਕ ਭਰੀ ਜ਼ਿੰਦਗੀ ਭੁਗਤਣਾ ਹੀ ਹੈ। ਇਸ ਲਈ ਆਪਣੀ ਸਿਹਤ ਦੀ ਸੰਭਾਲ ਰੱਖੋ। ਤੁਹਾਡੀ ਅਸਲ ਜ਼ਿੰਦਗੀ ਉਹ ਹੀ ਹੈ ਜੋ ਤੁਸੀਂ ਆਪ ਖ਼ੁਸ਼ ਰਹਿ ਕੇ ਦੂਜਿਆਂ ਨੂੰ ਖ਼ੁਸ਼ੀਆਂ ਵੰਡਦੇ ਹੋਏ ਜਿਉਂਦੇ ਹੋ।
ਜਨਮ ਅਤੇ ਮੌਤ ਮਨੁੱਖ ਦੇ ਆਪਣੇ ਹੱਥ ਨਹੀਂ। ਬੇਸ਼ੱਕ ਇਹ ਸਭ ਨੂੰ ਪਤਾ ਹੈ ਕਿ ਉਸ ਦੀ ਅੰਤਿਮ ਮੰਜ਼ਿਲ ਮੌਤ ਹੀ ਹੈ ਪਰ ਕਦੋਂ, ਕਿੱਥੇ, ਕਿਸ ਸਮੇਂ ਅਤੇ ਕਿਵੇਂ ਮਰਨਾ ਹੈ ਇਹ ਕੋਈ ਨਹੀਂ ਜਾਣਦਾ। ਮਰ ਕੇ ਉਸ ਨਾਲ ਕੀ ਬੀਤਣੀ ਹੈ , ਕਿੱਥੇ ਜਾਣਾ ਹੈ, ਇਹ ਵੀ ਕੋਈ ਨਹੀਂ ਜਾਣਦਾ। ਜੋ ਇਕ ਵਾਰੀ ਇਸ ਦੁਨੀਆਂ ਤੋਂ ਤੁਰ ਜਾਂਦਾ ਹੈ ਉਹ ਫਿਰ ਕਦੀ ਵਾਪਸ ਨਹੀਂ ਆਉਂਦਾ। ਇਸ ਲਈ ਕੁਦਰਤ ਦਾ ਇਹ ਭੇਦ ਬਣਿਆ ਹੀ ਰਹਿੰਦਾ ਹੈ। ਬੰਦੇ ਦੇ ਭਾਗ (ਕਿਸਮਤ) ਨੂੰ ਕੇਵਲ ਭਗਵਾਨ ਹੀ ਜਾਣਦਾ ਹੈ ਪਰ ਉਹ ਕਿਸੇ ਦੇ ਭਾਗਾਂ ਵਿਚ ਦਖਲ ਨਹੀਂ ਦਿੰਦਾ। ਬੰਦੇ ਨੂੰ ਆਪਣੀ ਕਿਸਮਤ ਆਪਣੇ ਕਰਮਾਂ ਦੁਆਰਾ ਖ਼ੁਦ ਹੀ ਬਣਾਉਣੀ ਪੈਂਦੀ ਹੈ। ਅਸਲ ਵਿਚ ਅੱਗੋਂ ਕੀ ਹੋਣ ਵਾਲਾ ਹੈ ਇਸ ਦਾ ਉਸ ਨੂੰ ਕੋਈ ਗਿਆਨ ਨਹੀਂ ਹੁੰਦਾ।
ਪੈਸੇ ਦੇ ਲਾਲਚ ਕਾਰਨ ਮਨੁੱਖ ਮਾਇਆ ਦੇ ਢੇਰ ਇਕੱਠੇ ਕਰਨਾ ਚਾਹੁੰਦਾ ਹੈ। ਇਸ ਨਾਲ ਉਸ ਦਾ ਹੰਕਾਰ ਵਧਦਾ ਹੈ ਅਤੇ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚਾ ਸਮਝਦਾ ਹੈ ਪਰ ਐਸੀ ਉੱਚਾਈ ਦਾ ਵੀ ਕੀ ਫਾਇਦਾ ਜਿੱਥੋਂ ਆਪਣੇ ਹੀ ਨਜ਼ਰ ਨਾ ਆਉਣ। ਜੇ ਤੁਸੀਂ ਗੁੱਸੇ ਵਾਲੇ ਤੇ ਹੰਕਾਰੀ ਹੋ ਤਾਂ ਤੁਹਾਨੂੰ ਦੁਸ਼ਮਣਾ ਦੀ ਲੋੜ ਨਹੀਂ। ਤੁਹਾਨੂੰ ਬਰਬਾਦ ਕਰਨ ਲਈ ਇਹ ਦੋ ਗੁਣ ਹੀ ਕਾਫੀ ਹਨ। ਦੁਨੀਆਂ ਤੇ ਆਏ ਹੋ ਤਾਂ ਹੜਕੰਪ ਮਚਾ ਕੇ ਦੂਸਰਿਆਂ ਨੂੰ ਬੇਚੈਨ ਨਾ ਕਰੋ। ਕਿਸੇ ਦਾ ਹੱਕ ਨਾ ਮਾਰੋ। ਕਿਸੇ ਦਾ ਦਿਲ ਨਾ ਦੁਖਾਵੋ। ਗ਼ਰੀਬ ਗੁਰਬੇ ਦੀ ਮਦਦ ਕਰੋ। ਆਪਣੇ ਧਨ ਨੂੰ ਸ਼ੁਭ ਕਰਮਾਂ ਦੀ ਕਰੰਸੀ ਵਿਚ ਬਦਲੋ। ਇਹ ਸ਼ੁਭਕਰਮਾਂ ਦਾ ਧਨ ਹੀ ਅੱਗੇ ਤੁਹਾਡੇ ਨਾਲ ਜਾਏਗਾ ਅਤੇ ਤੁਹਾਡੇ ਕੰਮ ਆਏਗਾ। ਸਹਿਜ ਨਾਲ ਜ਼ਿੰਦਗੀ ਜੀਓ। ਫੁੱਲਾਂ ਦੀ ਤਰ੍ਹਾਂ ਸੁੰਦਰਤਾ ਅਤੇ ਖ਼ੁਸ਼ਬੂਆਂ ਵੰਡੋ।
ਯਾਦ ਰੱਖੋ ਬੁਢਾਪਾ ਉਮਰ ਨਾਲ ਨਹੀਂ ਆਉਂਦਾ ਸਗੋਂ ਬੁਢਾਪਾ ਬੰਦੇ ਦੇ ਵਿਚਾਰਾਂ ਨਾਲ ਆਉਂਦਾ ਹੈ। ਕਈ ਲੋਕ 18 ਸਾਲ ਦੀ ਉਮਰ ਵਿਚ ਹੀ ਬੁੱਢੇ ਹੋ ਜਾਂਦੇ ਹਨ ਪਰ ਕਈ ਲੋਕ 100 ਸਾਲ ਦੀ ਉਮਰ ਵਿਚ ਵੀ ਜੁਆਨ ਰਹਿੰਦੇ ਹਨ। ਆਪਣੇ ਆਪ ਨੂੰ ਬੁੱਢਾ ਸਮਝਣਾ ਆਪਣੀ ਪ੍ਰਗਤੀ ਰੋਕਣਾ ਹੈ। ਇਸ ਲਈ ਕਦੀ ਨਾ ਸਮਝੋ ਕਿ ਮੈਂ ਬੁੱਢਾ ਹੋ ਰਿਹਾ ਹਾਂ ਸਗੋਂ ਇਹ ਸਮਝੋ ਕਿ ਮੈਂ ਹੋਰ ਤਜ਼ਰਬੇਕਾਰ, ਸਿਆਣਾ ਤੇ ਲੋਕ ਪ੍ਰਿਅ ਹੋ ਰਿਹਾ ਹਾਂ।ਤੁਹਾਡੇ ਪੋਤੇ ਪੋਤੀਆਂ ਅਤੇ ਦੋਹਤੇ ਦੋਹਤੀਆਂ ਤੁਹਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਤੁਹਾਡਾ ਸਬੰਧ ਜੋੜਦੀਆਂ ਹਨ।
ਜ਼ਿੰਦਗੀ ਵਿਚ ਕੋਈ ਆਦਮੀ ਵੀ ਸੰਪੂਰਨ ਨਹੀਂ ਹੁੰਦਾ। ਗੁਣ ਅੋਗੁਣ ਸਭ ਵਿਚ ਹੀ ਹੁੰਦੇ ਹਨ। ਜੇ ਤੁਹਾਡੀ ਪਹਿਲੀ ਜ਼ਿੰਦਗੀ ਦੁੱਖਾਂ ਭਰੀ ਰਹੀ ਹੈ ਤਾਂ ਹੁਣ ਸਭ ਨੂੰ ਭੁੱਲ ਕੇ ਆਪਣੀ ਜ਼ਿੰਦਗੀ ਸ਼ਂਾਤਮਈ ਬਣਾਓ। ਕਈ ਵਾਰੀ ਪੈਰਾਂ ਦੇ ਛਾਲਿਆਂ ਨਾਲ ਵੀ ਜ਼ਿੰਦਗੀ ਦਾ ਸਫ਼ਰ ਤਹਿ ਕਰਨਾ ਪੈਂਦਾ ਹੈ ਅਤੇ ਮੰਜ਼ਿਲ ਤੇ ਪਹੁੰਚਿਆ ਜਾਂਦਾ ਹੈ। ਤਹਾਡੀ ਪਹਿਲੀ ਜ਼ਿੰਦਗੀ ਭਾਵੇਂ ਜਿਹੋ ਜਿਹੀ ਮਰਜ਼ੀ ਬੀਤੀ ਹੋਵੇ ਪਰ ਤੁਹਾਡੀ ਅੰਤਲੀ ਉਮਰ ਬਹੁਤ ਖ਼ੁਸ਼ਹਾਲ ਅਤੇ ਸੁੱਖਮਈ ਹੋਣੀ ਚਾਹੀਦੀ ਹੈ। ਮਨ ਤੇ ਕਿਸੇ ਕਿਸਮ ਦਾ ਕੋਈ ਬੋਝ ਨਹੀਂ ਹੋਣਾ ਚਾਹੀਦਾ ਤਾਂ ਕਿ ਤੁਹਾਡੀ ਮੌਤ ਇਕ ਸ਼ਾਨਦਾਰ ਮੌਤ ਹੋਵੇ। ਮੰਜ਼ਿਲ ਤੇ ਉਹ ਹੀ ਪਹੁੰਚਦੇ ਹਨ ਜੋ ਰੁਕਾਵਟਾਂ ਨੂੰ ਹੌਸਲੇ ਨਾਲ ਪਾਰ ਕਰਨ ਦਾ ਜਿਗਰਾ ਰੱਖਦੇ ਹਨ ਅਤੇ ਦੁੱਖਾਂ ਨੂੰ ਸਬਰ ਨਾਲ ਸਹਾਰਦੇ ਹਨ।
ਆਪਣੇ ਬੁਢਾਪੇ ਤੇ ਕਦੀ ਨਾ ਝੂੂੂੂੂੂੂੂੂੂੂੂੂੂੂੂਰੋ। ਇਹ ਤੁਹਾਨੂੰ ਕੁਦਰਤ ਵਲੋਂ ਬੋਨਸ ਮਿਲਿਆ ਹੈ ਜੋ ਕਈਆਂ ਨੂੰ ਨਸੀਬ ਨਹੀਂ ਹੁੰਦਾ। ਤੁਹਾਡੀ ਉਮਰ ਦੇ ਸੁਨਹਿਰੀ ਸਾਲ ਹੁਣ ਸ਼ੁਰੂ ਹੋਏ ਹਨ। ਹੁਣ ਤੁਹਾਡੇ ਤੇ ਨੌਕਰੀ ਦੇ ਜਾਂ ਰੁਜ਼ਗਾਰ ਦੇ ਕੋਈ ਬੰਧਨ ਨਹੀਂ। ਤੁਸੀਂ ਆਪਣੀ ਮਰਜ਼ੀ ਨਾਲ ਜੋ ਕੰਮ ਕਰਨਾ ਚਾਹੋ ਕਰ ਸਕਦੇ ਹੋ ਅਤੇ ਆਪਣੀ ਜ਼ਿੰਦਗੀ ਖ਼ੁਸ਼ੀ ਨਾਲ ਆਪਣੇ ਹਿਸਾਬ ਸਿਰ ਖੁੱਲ ਕੇ ਜੀਅ ਸਕਦੇ ਹੋ। ਤੁਹਾਡੇ ਚਿਹਰੇ ਤੇ ਹਰ ਸਮੇਂ ਇਕ ਨੂਰ ਝਲਕਣਾ ਚਾਹੀਦਾ ਹੈ।

ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-94631-89432
email:  gursharan1183@yahoo.in

ਪ੍ਰੇਰਨਾਦਾਇਕ ਲੇਖ : ਕੀ ਅਸੀਂ ਆਜ਼ਾਦ ਹਾਂ? - ਗੁਰਸ਼ਰਨ ਸਿੰਘ ਕੁਮਾਰ

ਭਾਰਤ ਇਕ ਮਹਾਨ ਦੇਸ਼ ਹੈ। ਇੱਥੇ ਕੁਦਰਤੀ ਵਸੀਲਿਆਂ ਦੇ ਖ਼ਜ਼ਾਨੇ ਭਰੇ ਪਏ ਹਨ। ਇਸੇ ਲਈ ਇਸ ਨੂੰ ਕਿਸੇ ਸਮੇਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਇਸ ਨੂੰ ਲੁਟੇਰਿਆਂ ਨੇ ਬਾਰ ਬਾਰ ਲੁੱਟਿਆਂ ਅਤੇ ਬਾਹਰ ਦੇ ਧਾੜਵੀਆਂ ਨੇ ਇੱਥੇ ਕਈ ਸੋ ਸਾਲ ਰਾਜ ਕੀਤਾ। ਪਹਿਲਾਂ ਮੁਗਲਾਂ ਨੇ 1526 ਤੋਂ 1761 ਈ. ਤੱਕ ਰਾਜ ਕੀਤਾ ਫਿਰ 1700 ਤੋਂ 1948 ਈ. ਤੱਕ ਅੰਗਰੇਜ਼ਾਂ ਨੇ ਇਸ ਦੇਸ਼ ਨੂੰ ਗੁਲਾਮ ਬਣਾ ਕੇ ਰੱਖਿਆ। ਸਭ ਨੇ ਇਥੋਂ ਦੇ ਲੋਕਾਂ ਤੇ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਕੀਤੇ। ਆਜ਼ਾਦੀ ਦੇ ਪਰਵਾਨਿਆਂ ਨੇ ਆਪਣੀਆਂ ਕੀਮਤੀ ਜਾਨਾਂ ਦੇ ਕੇ 15 ਅਗਸਤ 1947 ਨੂੰ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ। ਅੰਗਰੇਜ਼ ਜਾਂਦੇ ਹੋਏ ਦੇਸ਼ ਨੂੰ ਦੋ ਹਿੱਸਿਆਂ, ਭਾਰਤ ਅਤੇ ਪਾਕਿਸਤਾਨ, ਵਿਚ ਵੰਡ ਗਏ। 26 ਜਨਵਰੀ, 1950 ਵਿਚ ਭਾਰਤ ਵਿਚ ਸੰਵਿਧਾਨ ਲਾਗੂ ਕੀਤਾ ਗਿਆ ਅਤੇ ਇੱਥੇ ਲੋਕਤੰਤਰ ਦੀ ਸਥਾਪਨਾ ਹੋਈ ਭਾਵ ਭਾਰਤ ਦੇ ਸਾਰੇ ਬਾਲਗ ਲੋਕ ਵੋਟ ਪਾ ਕੇ ਆਪਣੀ ਮਰਜ਼ੀ ਦੀ ਸਰਕਾਰ ਚੁਣ ਸਕਣਗੇ ਜੋ ਲੋਕਾਂ ਦੀ ਭਲਾਈ ਦੇ ਕੰਮ ਕਰੇਗੀ।
ਉਪਰੋਕਤ ਸਾਰੀ ਤਬਦੀਲੀ ਅਤੇ ਵਿਕਾਸ ਦੇ ਬਾਵਜੂਦ ਵੀ ਅੱਜ 21ਵੀਂ ਸਦੀ ਵਿਚ ਸਾਡੇ ਮਨ ਵਿਚ ਇਹ ਸੁਆਲ ਪੈਦਾ ਹੁੰਦਾ ਹੈ ਕਿ ਕੀ ਸੱਚ ਮੁੱਚ ਅਸੀਂ ਆਜ਼ਾਦ ਹਾਂ? ਕੀ ਸਾਡੀਆਂ ਚੁਣੀਆਂ ਹੋਈਆਂ ਸਰਕਾਰਾਂ ਸਾਡੇ ਭਲੇ ਦਾ ਕੰਮ ਕਰ ਰਹੀਆਂ ਹਨ? ਇਸ ਦਾ ਜਵਾਬ ਸਾਨੂੰ ਹਾਂ ਵਿਚ ਨਹੀਂ ਮਿਲਦਾ। ਬੇਸ਼ੱਕ ਲੋਕ ਆਪਣੇ ਆਪ ਨੂੰ ਕਿੰਗ ਮੇਕਰ (ਸਰਕਾਰ ਬਣਾਉਣ ਵਾਲੇ) ਸਮਝਦੇ ਹਨ ਪਰ ਉਹ ਸਰਕਾਰ ਬਣਾ ਕੇ ਮਦਾਰੀ ਅੱਗੇ ਰਿੱਛ ਦੀ ਤਰ੍ਹਾਂ ਨੱਚਣ ਲਈ ਮਜ਼ਬੂਰ ਹੋ ਜਾਂਦੇ ਹਨ। ਰਾਜਨੇਤਾ ਗ਼ਰੀਬ ਲੋਕਾਂ ਦੇ ਅਮੀਰ ਸ਼ਾਸਕ ਹਨ। ਉਹ ਗ਼ਰੀਬ ਲੋਕਾਂ ਨੂੰ ਲੁੱਟਦੇ ਹਨ ਅਤੇ ਆਪ ਅਯਾਸ਼ੀ ਕਰਦੇ ਹਨ।
ਸਾਡੀਆਂ ਚੁਣੀਆਂ ਹੋਈਆਂ ਸਰਕਾਰਾਂ ਆਪਣੀਆਂ ਸ਼ਾਤਰ ਚਾਲਾਂ ਚੱਲ ਕੇ ਲੋਕਾਂ ਨੂੰ ਮਾਨਸਿਕ ਤੌਰ ਤੇ ਗ਼ੁਲਾਮ ਅਤੇ ਸਰੀਰਕ ਤੋਰ ਤੇ ਅਪੰਗ ਬਣਾ ਰਹੀਆਂ ਹਨ। ਸਾਰੇ ਦੇਸ਼ ਦਾ ਧਨ ਸਾਡੇ ਧਾਰਮਿਕ ਸਥਾਨਾਂ ਤੇ ਜਾਂ 5% ਵੱਡੇ ਵੱਡੇ ਧਨਾਢ ਲੋਕਾਂ ਕੋਲ ਜਮਾ ਹੈ। ਧਾਰਮਿਕ ਲੋਕ ਭੋਲੇ ਭਾਲੇ ਲੋਕਾਂ ਨੂੰ ਸਵਰਗ ਅਤੇ ਨਰਕ ਦੇ ਡਰਾਵੇ ਦਿੰਦੇ ਹਨ। ਉਹ ਲੋਕਾਂ ਦੇ ਦੁੱਖ ਦੂਰ ਕਰਨ ਦਾ ਭਰੋਸਾ ਦੇ ਕੇ ਉਨ੍ਹਾਂ ਨੂੰ ਸਗੋਂ ਵਹਿਮਾਂ ਭਰਮਾਂ ਦੇ ਜਾਲ ਵਿਚ ਫਸਾਉਂਦੇ ਹਨ ਅਤੇ ਲੁੱਟਦੇ ਹਨ। ਵੱਡੇ ਵੱਡੇ ਵਪਾਰੀ ਜਦ ਆਪਣਾ ਵਪਾਰ ਸ਼ੁਰੂ ਕਰਦੇ ਹਨ ਤਾਂ ਪਹਿਲਾਂ ਆਪਣਾ ਮਾਲ ਮੁਫ਼ਤ ਵਿਚ ਜਾਂ ਇਕ ਨਾਲ ਇਕ ਮੁਫ਼ਤ ਦਾ ਲਾਲਚ ਦੇ ਕੇ ਵੇਚਦੇ ਹਨ। ਉਨ੍ਹਾਂ ਨੂੰ ਆਪਣੇ ਮਾਲ ਦੀ ਆਦਤ ਪਾਉਂਦੇ ਹਨ।ਇਨ੍ਹਾਂ ਵਪਾਰੀਆਂ ਕੋਲ ਪੂੰਜੀ ਬਹੁਤ ਜ਼ਿਆਦਾ ਹੋਣ ਕਰ ਕੇ ਇਹ ਬਾਜ਼ਾਰ ਵਿਚ ਛਾ ਜਾਂਦੇ ਹਨ ਅਤੇ ਛੋਟੇ ਵਪਾਰੀਆਂ ਦਾ ਧੰਦਾ ਚੋਪਟ ਹੋ ਜਾਂਦਾ ਹੈ।ਜਦ ਗਾਹਕ ਨੂੰ ਇਨ੍ਹਾਂ ਚੀਜਾਂ ਦੀ ਲੱਤ ਲੱਗ ਜਾਂਦੀ ਹੈ ਤਾਂ ਉਹ ਸਭ ਰਿਆਇਤਾਂ ਖਤਮ ਕਰ ਕੇ ਕੀਮਤਾਂ ਬਹੁਤ ਵਧਾ ਦਿੰਦੇ ਹਨ। ਗਾਹਕ ਨੇ ਪਹਿਲਾਂ ਜਿੰਨੇ ਪੈਸਿਆਂ ਦੀ ਬੱਚਤ ਕੀਤੀ ਹੁੰਦੀ ਹੈ ਉਸ ਤੋਂ ਉਸ ਨੂੰ ਕਈ ਗੁਣਾਂ ਵੱਧ ਪੈਸੇ ਭਰਨੇ ਪੈਂਦੇ ਹਨ। ਇਸ ਦੀ ਮਿਸਾਲ ਭਾਰਤ ਵਿਚ ਇਕ ਵੱਡੀ ਮੋਬਾਇਲ ਨੈਟਵਰਕ ਕੰਪਨੀ ਦਾ ਦਾਖਲ ਹੋਣਾ ਅਤੇ ਨਾਲ ਨਾਲ ਰੋਜ਼ਾਨਾ ਵਰਤੋਂ ਦੇ ਵੱਡੇ ਸ਼ੌਅਰੂਮ ਖੋਲ੍ਹਣ ਦੀ ਹੈ। ਇਸੇ ਤਰ੍ਹਾਂ ਜਿਹੜੇ ਲੋਕ ਨਸ਼ੇ ਵੇਚਦੇ ਹਨ। ਉਹ ਪਹਿਲਾਂ ਨੌਜੁਆਨਾਂ ਨੂੰ ਮੁਫ਼ਤ ਦੇ ਨਸ਼ੇ ਦੇ ਕੇ ਇਸ ਦੀ ਲੱਤ ਪਾਉਂਦੇ ਹਨ। ਜਦ ਉਨਾਂ ਨੂੰ ਇਹ ਲੱਤ ਲੱਗ ਜਾਂਦੀ ਹੈ ਤਾਂ ਇਹ ਵਪਾਰੀ ਨਸ਼ੇ ਬਹੁਤ ਮਹਿੰਗੇ ਕਰ ਦਿੰਦੇ ਹਨ। ਅਜਿਹੇ ਨੌਜੁਆਨ ਨਸ਼ਾ ਪੂਰਾ ਕਰਨ ਲਈ ਕਈ ਵਾਰੀ ਚੋਰੀਆਂ ਕਰਦੇ ਹਨ। ਕਈ ਵਾਰੀ ਉਨ੍ਹਾਂ ਨੂੰ ਆਪਣੀ ਜਾਨ ਵੀ ਗੁਵਾਉਣੀ ਪੈਂਦੀ ਹੈ। ਅੱਜ ਕੱਲ੍ਹ ਤਾਂ ਪੰਜਾਬ ਦੇ ਕਈ ਘਰਾਂ ਵਿਚ ਸੱਥਰ ਵਿਛੇ ਪਏ ਹਨ।
ਸਾਡੀਆਂ ਸਰਕਾਰਾਂ ਪਖੰਡੀ ਧਾਰਮਿਕ ਬਾਬਿਆਂ ਅਤੇ ਭ੍ਰਿਸ਼ਟ ਧਨਾਢਾਂ ਨਾਲ ਮਿਲੀ ਭੁਗਤ ਕਰ ਕੇ ਅਤੇ ਉਨ੍ਹਾਂ ਨੂੰ ਸੁਰੱਖਿਆ ਦੇ ਕੇ ਜਨਤਾ ਨੂੰ ਮੂਰਖ ਬਣਾ ਰਹੀਆਂ ਹਨ। ਇਨ੍ਹਾਂ ਲੋਕਾਂ ਕੋਲੋਂ ਸਰਕਾਰਾਂ ਧਨ ਅਤੇ ਕਈ ਤਰ੍ਹਾਂ ਦੀ ਮਦਦ ਲੈ ਕੇ ਆਪਣੇ ਵੋਟ ਬੈਂਕ ਪੱਕੇ ਕਰਦੀਆਂ ਹਨ ਅਤੇ ਇਨ੍ਹਾਂ ਦੇ ਭਲੇ ਦੇ ਹੀ ਕਾਨੂੰਨ ਬਣਾਉਂਦੀਆਂ ਹਨ। ਗ਼ਰੀਬ ਲੋਕ ਭਾਰੀ ਟੈਕਸਾਂ ਨਾਲ ਦੱਬੇ ਪਏ ਹਨ ਅਤੇ ਸਖਤ ਮਿਹਨਤ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਦੋ ਵੇਲੇ ਦੀ ਰੋਟੀ ਦੇ ਲਾਲੇ ਪਏ ਰਹਿੰਦੇ ਹਨ।
ਵੋਟਾਂ ਦੇ ਦਿਨਾਂ ਵਿਚ ਰਾਜਨੀਤਕ ਲੋਕ ਗ਼ਰੀਬ ਵੋਟਰ੍ਰਾਂ ਨੂੰ ਮੁਫ਼ਤ ਸਾਈਕਲ, ਕੰਬਲ, ਸ਼ਰਾਬ ਅਤੇ ਹੋਰ ਕਈ ਕੁਝ ਦੇ ਕੇ ਵੋਟ ਖ੍ਰੀਦਦੇ ਹਨ। ਲੋਕਾਂ ਨੂੰ ਹੋਰ ਵੀ ਕਈ ਤਰ੍ਹਾਂ ਦੇ ਸਬਜ਼ ਬਾਗ ਦਿਖਾਏ ਜਾਂਦੇ ਹਨ ਜਿਵੇਂ ਮੁਫ਼ਤ ਬਿਜਲੀ, ਪਾਣੀ, ਗੈਸ, ਖਾਦਾਂ ਅਤੇ ਦਾਲ ਆਟਾ ਆਦਿ। ਕਈ ਲੋਕ ਦਿਮਾਗ਼ ਦੇ ਢਿੱਲੇ ਹੀ ਹੁੰਦੇ ਹਨ। ਉਹ ਇਮਾਨਦਾਰੀ ਅਤੇ ਮਿਹਨਤ ਨੂੰ ਬੋਝ ਸਮਝਦੇ ਹਨ। ਉਹ ਮੁਫ਼ਤ ਸਹੂਲਤਾਂ ਲਈ ਝੂਠੇ ਜਾਤ ਅਤੇ ਆਮਦਨ ਦੇ ਸਰਟੀਫੀਕੇਟ ਬਣਵਾਉਂਦੇ ਹਨ। ਅਜਿਹੇ ਲੋਕ ਹਰ ਵਾਰੀ ਇਨ੍ਹਾਂ ਦੇ ਝਾਂਸੇ ਵਿਚ ਆ ਕੇ ਭ੍ਰਿਸ਼ਟ ਸਰਕਾਰਾਂ ਨੂੰ ਚੁਣ ਬੈਠਦੇ ਹਨ। ਉਹ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰ ਬੈਠਦੇ ਹਨ। ਇਹ ਭ੍ਰਿਸ਼ਟ ਸਰਕਾਰਾਂ ਜਦ ਗੱਦੀ ਤੇ ਬੈਠ ਜਾਂਦੀਆਂ ਹਨ ਤਾਂ ਇਨ੍ਹਾਂ ਨੂੰ ਆਪਣੇ ਕੀਤੇ ਵਾਇਦੇ ਪੂਰੇ ਕਰਨੇ ਮੁਸ਼ਕਲ ਹੋ ਜਾਂਦੇ ਹਨ। ਫਿਰ ਵੀ ਕੁਝ ਲੀਪਾ ਪੋਚੀ ਕਰਨ ਲਈ ਕੁਝ ਹੱਦ ਤੱਕ ਇਹ ਮੁਫ਼ਤ ਬਿਜਲੀ ਤੇ ਆਟਾ ਦਾਲ ਦੀਆਂ ਸਕੀਮਾਂ ਲਾਗੂ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਉਨ੍ਹਾਂ ਦਾ ਘਾਟਾ ਆਮ ਲੋਕਾਂ ਤੇ ਲੁਕਵੇਂ ਢੰਗ ਨਾਲ ਭਾਰੀ ਟੈਕਸ ਲਾ ਕੇ ਪੂਰਾ ਕੀਤਾ ਜਾਂਦਾ ਹੈ। ਉਨ੍ਹਾਂ ਕੋਈ ਧਰਮ ਖਾਤਾ ਨਹੀਂ ਹੁੰਦਾ । ਇੱਥੇ ਤਾਂ ਲੋਕਾਂ ਦੀਆਂ ਜੁੱਤੀਆਂ ਅਤੇ ਲੋਕਾਂ ਦਾ ਹੀ ਸਿਰ ਹੈ। ਆਮ ਜਨਤਾ ਇਨ੍ਹਾਂ ਦੀ ਗ਼ੁਲਾਮੀ ਦੀਆਂ ਜੰਜੀਰਾਂ ਵਿਚ ਫਸਦੀ ਜਾਂਦੀ ਹੈ। ਫਿਰ ਹੱਥੀਂ ਦਿੱਤੀਆਂ ਗੰਢਾਂ ਦੰਦਾਂ ਨਾਲ ਖੌਲ੍ਹਿਆਂ ਵੀ ਨਹੀਂ ਖੁਲ੍ਹਦੀਆਂ।
ਮੁਫ਼ਤ ਦੀਆਂ ਸਹੂਲਤਾਂ ਬਹੁਤ ਮਹਿੰਗੀਆਂ ਪੈਂਦੀਆਂ ਹਨ।ਇਸ ਨਾਲ ਬੰਦਾ ਆਪਣੀ ਅਣਖ ਅਤੇ ਜ਼ਮੀਰ ਗੁਆ ਬੈਠਦਾ ਹੈ। ਉਹ ਆਪਣੀ ਆਜ਼ਾਦੀ ਵੀ ਗਹਿਣੇ ਰੱਖ ਦਿੰਦਾ ਹੈ। ਕੋਈ ਕਿਸੇ ਨੂੰ ਮੁਫ਼ਤ ਕੁਝ ਵੀ ਨਹੀਂ ਦਿੰਦਾ। ਇਹ ਸਭ ਸ਼ਾਤਰ ਲੋਕਾਂ ਦੀ ਆਪਣੀਆਂ ਕੁਰਸੀਆਂ ਨੂੰ ਕਾਇਮ ਰੱਖਣ ਦੀ ਚਾਲ ਹੈ। ਲੋਕਤੰਤਰ ਦੇ ਚਾਰ ਥੰਮ ਹਨ ਵਿਧਾਨਪਾਲਿਕਾ ਭਾਵ ਲੋਕ ਸਭਾ ਅਤੇ ਵਿਧਾਨ ਸਭਾਵਾਂ ਲੋਕ ਭਲਾਈ ਦੀਆਂ ਯੋਜਨਾਵਾਂ ਬਣਾਉਣ ਲਈ,  ਕਾਰਜਕਾਰਨੀ ਸਰਕਾਰੀ ਦਫ਼ਤਰ ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨ ਲਈ, ਨਿਆਂਪਾਲਿਕਾ ਭਾਵ ਅਦਾਲਤਾਂ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਅਤੇ  ਪ੍ਰੈਸ ਲੋਕਾਂ ਦੇ ਬੋਲਣ ਦੀ ਅਜ਼ਾਦੀ ਦੇ ਲਈ। ਇੰਨ੍ਹਾਂ ਨੇ ਬਿਨਾਂ ਕਿਸੇ ਲਾਲਚ ਅਤੇ ਭੇਦ ਭਾਵ ਤੋਂ ਕੰਮ ਕਰਨਾ ਹੁੰਦਾ ਹੈ ਪਰ ਹੁਣ ਇਹ ਚਾਰੇ ਥੰਮ ਚਰਮਰਾ ਰਹੇ ਹਨ। ਇਹ ਚਾਰੇ ਸੰਸਥਾਵਾਂ ਸਰਕਾਰਾਂ ਦੇ ਦਬਾਅ ਹੇਠਾਂ ਕੰਮ ਕਰ ਰਹੀਆਂ ਹਨ। ਅਨੈਤਿਕ ਢੰਗਾਂ ਨਾਲ ਚੁਣ ਕੇ ਆਏ ਹੋਏ ਭ੍ਰਿਸ਼ਟ ਨੇਤਾ ਕੁਰਸੀ ਛੱਡਣਾ ਨਹੀਂ ਚਾਹੁੰਦੇ। ਲੋਕ ਤੰਤਰ ਖ਼ਤਰੇ ਵਿਚ ਹੈ। ਦੇਸ਼ ਤਾਨਾਸ਼ਾਹੀ ਵਲ ਵਧ ਰਿਹਾ ਹੈ।
ਰਾਜਨੇਤਾ ਭ੍ਰਿਸ਼ਟ ਵਪਾਰੀਆਂ ਨੂੰ ਨੱਥ ਨਹੀਂ ਪਾਉਂਦੇ  ਕਿਉਂਕਿ ਉਨ੍ਹਾਂ ਦੇ ਪੈਸੇ ਨਾਲ ਹੀ ਉਨ੍ਹਾਂ ਨੇ ਵੋਟਾਂ ਵਿਚ ਜਿੱਤਣਾ ਹੁੰਦਾ ਹੈ। ਉਹ ਇਹ ਵੀ ਨਹੀਂ ਚਾਹੁੰਦੇ ਕਿ ਲੋਕ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ  ਇਕ ਦਿਨ ਉਨ੍ਹਾਂ ਦੇ ਬਰਾਬਰ ਦੇ ਬਣਨ। ਮੁਫ਼ਤ ਦੀਆਂ ਸਹੂਲਤਾਂ ਦੀ ਕੀਮਤ ਬਹੁਤ ਜ਼ਿਆਦਾ ਚੁਕਾਉਣੀ ਪੈਂਦੀ ਹੈ। ਕੋਈ ਕਿਸੇ ਦੀ ਕਿਸਮਤ ਨਹੀਂ ਬਦਲ ਸਕਦਾ। ਤੁਸੀਂ ਆਪਣੀ ਕਿਸਮਤ ਕੇਵਲ ਆਪ ਹੀ ਬਦਲ ਸਕਦੇ ਹੋ। ਹੱਕ ਹਲਾਲ ਦੀ ਕਮਾਈ ਹੀ ਫਲਦੀ ਹੈ।
ਜੇ ਤੁਸੀ ਖ਼ੁਦ-ਦਾਰ ਹੋ ਤਾਂ ਮੁਫ਼ਤ ਦੀਆਂ ਸਹੂਲਤਾਂ ਨਾ ਲਉ। ਬਿਨਾਂ ਕਿਸੇ ਲਾਲਚ ਅਤੇ ਡਰ ਦੇ ਆਪਣੀ ਮਰਜ਼ੀ ਦੇ ਇਮਾਨਦਾਰ ਲੋਕਾਂ ਦੀ ਸਰਕਾਰ ਚੁਣੋ। ਫਿਰ ਉਸ ਤੇ ਦਬਾਅ ਬਣਾਓ ਕਿ ਉਹ ਸਭ ਲੋਕਾਂ ਨੂੰ ਜਾਇਜ਼ ਭਾਅ ਤੇ ਵਸਤੂਆਂ ਉਪਲਭਦ ਕਰਾਉਣ ਅਤੇ ਲੋਕ ਭਲਾਈ ਦੇ ਕਾਨੂੰਨ ਬਣਾਉਣ। ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਦੀ ਥਾਂ ਉਨ੍ਹਾਂ ਨੂੰ ਉੱਚੀ ਵਿਦਿਆ ਦੇ ਕੇ ਆਤਮ ਨਿਰਭਰ ਬਣਾਉਣ।
ਮੁਫ਼ਤ ਵਿਚ ਕੋਈ ਵੀ ਚੀਜ਼ ਲੈਣਾ ਭੀਖ ਲੈਣ ਦੇ ਬਰਾਬਰ ਹੈ। ਆਪਣੀ ਆਜ਼ਾਦੀ ਨੂੰ ਗ਼ੁਲਾਮੀ ਦੀਆਂ ਜੰਜੀਰਾਂ ਵਿਚ ਨਾ ਜਕੜੋ। ਇਨ੍ਹਾਂ ਜੰਜੀਰਾਂ ਵਿਚ ਫਸਣ ਕਾਰਨ ਮਨ ਵਿਚ ਫਿਰ ਸੁਆਲ ਪੈਦਾ ਹੁੰਦਾ ਹੈ ਕਿ ਕੀ ਸੱਚੀਂ ਹੀ ਅਸੀਂ ਅਜ਼ਾਦ ਹਾਂ? ਜਿਸ ਸਰਕਾਰ ਨੂੰ ਅਸੀਂ ਚੁਣਿਆ ਹੈ ਕੀ ਉਹ ਸਾਡੀ ਭਲਾਈ ਦੇ ਕੰਮ ਕਰ ਰਹੀ ਹੈ? ਉਹ ਸਾਨੂੰ ਦਬਾਉਣ ਲਈ ਜਾਲਮ ਕਾਨੂੰਨਾਂ ਦਾ ਡੰਡਾ ਤਾਂ ਨਹੀਂ ਬਰਸਾ ਰਹੀ?  ਕੀ ਅਸੀਂ ਇਸ ਸਰਕਾਰ ਦੇ ਹੁੰਦਿਆਂ ਸ਼ਾਤੀ ਨਾਲ ਆਪਣੀਜ਼ਿੰਦਗੀ ਬਸਰ ਕਰ ਰਹੇ ਹਾਂ? ਮੁਫ਼ਤ ਸਹੂਲਤਾਂ ਲੈਣ ਤੋਂ ਇਨਕਾਰ ਕਰ ਦਿਓ।
ਭਾਰਤ ਵਿਚ ਅਸਲੀ ਲੋਕਤੰਤਰ ਉਸ ਦਿਨ ਆਵੇਗਾ ਜਿਸ ਦਿਨ ਇੱਥੋਂ ਦੇ ਨਾਗਰਿਕ ਪੂਰੀ ਤਰ੍ਹਾਂ ਆਜ਼ਾਦ ਹੋਣਗੇ। ਗ਼ਰੀਬਾਂ ਦੇ ਵੋਟ ਖ਼ਰੀਦੇ ਨਹੀਂ ਜਾਣਗੇ।ਮਜ਼ਦੂਰਾਂ ਨੂੰ ਉਨ੍ਹਾਂ ਦੇ ਕੰਮ ਦੀ ਪੂਰੀ ਮਜ਼ਦੂਰੀ ਮਿਲੇਗੀ। ਸਭ ਨੂੰ ਪੋਸ਼ਟਿਕ ਭੋਜਨ ਮਿਲੇਗਾ। ਸਭ ਨੂੰ ਵਿੱਦਿਆ, ਵਿਕਾਸ ਅਤੇ ਰੋਜ਼ਗਾਰ ਦੇ ਬਰਾਬਰ ਅਵਸਰ ਮਿਲਣਗੇ। ਹਰ ਨਾਗਰਿਕ ਆਪਣੀ ਹੱਕ ਹਲਾਲ ਦੀ ਕਮਾਈ ਕਰ ਕੇ ਅਣਖ ਨਾਲ ਜ਼ਿੰਦਗੀ ਜੀਅ ਸਕੇਗਾ। ਕਿਸੇ ਨੂੰ ਰੋਟੀ, ਕੱਪੜਾ ਅਤੇ ਮਕਾਨ ਦੀ ਕੋਈ ਕਮੀ ਨਹੀਂ ਹੋਵੇਗੀ। ਹਰ ਸ਼ਹਿਰੀ  ਬਿਨਾ ਕਿਸੇ ਡਰ ਭੈਅ ਤੋਂ ਸ਼ਾਤੀ ਅਤੇ ਖ਼ੁਸ਼ਹਾਲੀ ਨਾਲ ਰਹੇਗਾ ਅਤੇ ਦੇਸ਼ ਦੇ ਵਿਕਾਸ ਵਿਚ ਅਪਣਾ ਪੂਰਾ ਯੋਗਦਾਨ ਪਾਵੇਗਾ।
*****
ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-94631-89432
email:  gursharan1183@yahoo.in

ਆਓ ਪ੍ਰਦੂਸ਼ਣ ਰੋਕੀਏ - ਗੁਰਸ਼ਰਨ ਸਿੰਘ ਕੁਮਾਰ

ਜਦ ਅਸੀਂ ਕੋਈ ਚੀਜ਼ ਇਸਤੇਮਾਲ ਕਰਦੇ ਹਾਂ ਤਾਂ ਉਸ ਦਾ ਜੋ ਨਾ ਵਰਤਣ ਯੋਗ ਫ਼ਾਲਤੂ ਕਚਰਾ ਬਚਦਾ ਹੈ ਉਹ ਕਿਸੇ ਕੰਮ ਦਾ ਨਹੀਂ ਹੁੰਦਾ। ਉਸ ਕਚਰੇ ਦਾ ਇਕੱਠਾ ਹੋਣਾ ਹੀ ਪ੍ਰਦੂਸ਼ਣ ਹੈ। ਇਸ ਪ੍ਰਦੂਸ਼ਣ ਦਾ ਸਪਸ਼ਟ ਜਿਹਾ ਮਤਲਬ ਹੀ ਗੰਦ ਹੈ। ਇਸ ਗੰਦ ਵਿਚੋਂ ਬਹੁਤ ਬਦਬੂ ਆਉਂਦੀ ਹੈ। ਇਹ ਗੰਦ ਮਨ ਨੂੰ ਅਤੇ ਨਜ਼ਰ ਨੂੰ ਬਹੁਤ ਭੱਦਾ ਲੱਗਦਾ ਹੈ। ਦੂਜਾ ਇਹ ਕੀਮਤੀ ਥਾਂ ਵੀ ਘੇਰਦਾ ਹੈ।ਜੇ ਇਸ ਪ੍ਰਦੂਸ਼ਣ ਨੂੰ ਜਲਦੀ ਜਲਦੀ ਖਤਮ ਨਾ ਕੀਤਾ ਜਾਏ ਤਾਂ ਕਈ ਵਾਰੀ ਭਿਆਨਕ ਬਿਮਾਰੀਆਂ ਫੈਲ੍ਹ ਜਾਂਦੀਆਂ ਹਨ। ਇਨਾਂ ਬਿਮਾਰਆਂ ਨੂੰ ਦੂਰ ਕਰਨ ਲਈ ਸਾਨੂੰ ਡਾਕਟਰਾਂ ਕੋਲ ਭੱਜਣਾ ਪੈਂਦਾ ਹੈ। ਜਿਸ ਤੇ ਸਾਡਾ ਕੀਮਤੀ ਸਮਾਂ ਅਤੇ ਖੂਨ ਪਸੀਨੇ ਨਾਲ ਕਮਾਇਆ ਹੋਇਆ ਧਨ ਖਰਚ ਹੁੰਦਾ ਹੈ। ਕਈ ਵਾਰੀ ਇਨ੍ਹਾਂ ਬਿਮਾਰੀਆਂ ਨਾਲ ਬੰਦੇ ਦੀ ਜਾਨ ਵੀ ਚਲੀ ਜਾਂਦੀ ਹੈ।
ਹਰ ਘਰ ਵਿਚ ਰੋਜ਼ਾਨਾ ਕੁਝ ਨਾ ਕੁਝ ਕਚਰਾ ਜ਼ਰੂਰ ਪੈਦਾ ਹੁੰਦਾ ਹੈ। ਇਹ ਕਚਰਾ ਮਿੱਟੀ, ਫ਼ਲਾਂ ਅਤੇ ਸਬਜੀਆਂ ਦੇ ਛਿਲਕੇ, ਟੁੱਟੀਆਂ ਭੱਜੀਆਂ ਵਸਤੂਆਂ ਅਤੇ ਪੁਰਾਣੀਆਂ ਅਖਬਾਰਾਂ ਰਾਹੀਂ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਮਲ ਮੂਤਰ ਰਾਹੀਂ ਵੀ ਪ੍ਰਦੂਸ਼ਣ ਪੈਦਾ ਹੁੰਦਾ ਹੈ। ਜੇ ਇਸ ਕਚਰੇ ਨੂੰ ਨਾਲ ਦੇ ਨਾਲ ਨਾ ਸਮੇਟਿਆ ਜਾਏ ਤਾਂ ਸਮਾਜ ਅਤੇ ਸਰਕਾਰ ਲਈ ਬਹੁਤ ਦਿਕੱਤ ਪੈਦਾ ਹੋ ਜਾਂਦੀ ਹੈ। ਗੰਦੇ ਤਰਲ ਪਦਾਰਥ ਨੂੰ ਸਾਂਭਣ ਲਈ ਪਿੰਡਾਂ ਦੇ ਬਾਹਰ ਟੋਬੇ ਬਣੇ ਹੋਏ ਹੁੰਦੇ ਹਨ ਅਤੇ ਸ਼ਹਿਰਾਂ ਅਤੇ ਕਸਬਿਆਂ ਵਿਚ ਸੀਵਰ ਸਿਸਟਮ ਬਣੇ ਹੋਏ ਹੁੰਦੇ ਹਨ ਜੋ ਸਾਰੇ ਮਲ ਮੂਤਰ ਅਤੇ ਗੰਦੇ ਪਾਣੀ ਨੂੰ ਰੋੜ੍ਹ ਕੇ ਲੈ ਜਾਂਦੇ ਹਨ। ਇਸ ਗੰਦੇ ਪਾਣੀ ਤੋਂ ਟਰੀਟਮੈਂਟ ਪਲਾਂਟਾਂ ਵਿਚ ਗੈਸ ਪੈਦਾ ਕੀਤੀ ਜਾਂਦੀ ਹੈ ਜੋ ਬਾਲਣ ਦੇ ਕੰਮ ਆਉਂਦੀ ਹੈ। ਫੇਰੀ ਵਾਲੇ ਕਬਾੜੀਏ ਘਰਾਂ ਵਿਚੋ ਪੁਰਾਣੇ ਅਖ਼ਬਾਰ ਅਤੇ ਹੋਰ ਕਬਾੜ ਮੁੱਲ ਲੈ ਜਾਂਦੇ ਹਨ। ਕਬਾੜ ਨੂੰ ਕਾਰਖ਼ਾਨਿਆਂ ਵਿਚ ਰੀਸਾਈਕਲ ਕਰ ਕੇ ਮੁੜ ਵਰਤੋਂ ਯੋਗ ਬਣਾਇਆ ਜਾਦਾ ਹੈ। ਜੇ ਇਹ ਸਾਫ ਸਫਾਈ ਦਾ ਕੰਮ ਇਕ ਦਿਨ ਵੀ ਰੁਕ ਜਾਏ ਤਾਂ ਜਨਤਾ ਵਿਚ ਹਾ ਹਾ ਕਾਰ ਮੱਚ ਜਾਂਦੀ ਹੈ। ਸਾਫ ਸਫਾਈ ਦੇ ਕੰਮ ਦੇ ਨਾਲ ਨਾਲ ਕਈ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਅਤੇ ਉਨ੍ਹਾਂ ਦੇ ਟੱਬਰ ਪਲਦੇ ਹਨ।ਇਹ ਸੇਵਾ ਵੀ ਹੈ ਅਤੇ ਵਿਕਾਸ ਦੀ ਨਿਸ਼ਾਨੀ ਵੀ ਹੈ। ਸਾਡੇ ਘਰ ਅਤੇ ਗਲੀਆਂ ਵੀ ਸਾਫ ਸੁਥਰੇ ਰਹਿੰਦੇ ਹਨ।

ਅਸੀਂ ਦੇਖਦੇ ਹਾਂ ਕਿ ਘਰਾਂ ਦੇ ਗੰਦ ਤੋਂ ਇਲਾਵਾ ਵੀ ਕਈ ਤਰ੍ਹਾਂ ਦਾ ਗੰਦ ਹੁੰਦਾ ਹੈ ਜਿਸ ਤੋਂ ਪ੍ਰਦੂਸ਼ਣ ਫੈਲ੍ਹਦਾ ਹੈ ਜਿਵੇਂ ਹਸਪਤਾਲਾਂ ਦੀ ਰਹਿੰਦ ਖੂੰਦ ਆਦਿ। ਜੇ ਇਸ ਕਚਰੇ ਨੂੰ ਢੰਗ ਸਿਰ ਨਾ ਸਮੇਟਿਆ ਜਾਏ ਤਾਂ ਕਈ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਹੈ।
ਦਿਸਦੇ ਕੂੜੇ ਤੋਂ ਇਲਾਵਾ ਇਕ ਵਾਤਾਵਰਨ ਦਾ ਪ੍ਰਦੂਸ਼ਣ ਵੀ ਹੁੰਦਾ ਹੈ।ਜਿਵੇਂ ਹਵਾ ਦਾ ਪ੍ਰਦੂਸ਼ਣ ਅਤੇ ਸ਼ੋਰ ਪ੍ਰਦੂਸ਼ਣ। ਇਹ ਵੀ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਹੈ। ਸਭ ਤੋਂ ਜਿਆਦਾ ਪ੍ਰਦੂਸ਼ਣ ਕਾਰਖਾਨਿਆਂ ਦੁਆਰਾ ਫੈਲਾਇਆ ਜਾਂਦਾ ਹੈ। ਸ਼ਰਾਬ, ਨਿਕੱਲ, ਰਸਾਨਿਕ ਅਤੇ ਹੋਰ ਜ਼ਹਿਰੀਲੀਆਂ ਗੈਸਾਂ ਬਣਾਉਣ ਦੇ ਕਾਰਖਾਨਿਆਂ ਵਿਚੋਂ ਬਹੁਤ ਹੀ ਗੰਦਾ ਅਤੇ ਹਾਨੀਕਾਰਕ ਤਰਲ ਪਦਾਰਥ ਨਿਕਲਦਾ ਹੈ ਜੋ ਉਹ ਨਦੀਆਂ, ਨਾਲਿਆ ਅਤੇ ਨਹਿਰਾਂ ਵਿਚ ਰੋਹੜ ਦਿੰਦੇ ਹਨ। ਭਾਰਤ ਵਿਚ ਨਦੀਆਂ ਨੂੰ ਬਹੁਤ ਹੀ ਪਵਿਤਰ ਮੰਨਿਆ ਜਾਂਦਾ ਹੈ ਅਤੇ ਪੂਜਾ ਕੀਤਾ ਜਾਂਦੀ ਹੈ। ਇਨ੍ਹਾਂ ਨਦੀਆਂ ਅਤੇ ਨਹਿਰਾਂ ਦਾ ਪਾਣੀ ਸਿੰਜਾਈ ਅਤੇ ਪੀਣ ਦੇ ਕੰਮ ਆਉਂਦਾ ਹੈ। ਲੋਕ ਇਨ੍ਹਾਂ ਨਦੀਆਂ ਨਹਿਰਾਂ ਵਿਚ ਨਹਾਉਂਦੇ ਵੀ ਹਨ। ਇਹ ਜ਼ਹਿਰੀਲੇ ਰਸਾਇਨਿਕ ਪਦਾਰਥ ਮਨੁੱਖਾਂ ਅਤੇ ਜਾਨਵਰਾਂ ਦੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹਨ ਅਤੇ ਮੌਤ ਦਾ ਸੰਦੇਸ਼ ਦਿੰਦੇ ਹਨ। ਪੰਜਾਬ ਦੇ ਬਠਿੰਡੇ ਜਿਲੇ ਵਿਚ ਤਾਂ ਕੈਂਸਰ ਦੇ ਬਹੁਤ ਮਰੀਜ਼ ਪਾਏ ਜਾ ਰਹੇ ਹਨ। ਗੰਦੇ ਰਸਾਇਨਿਕ ਜਲ ਨੂੰ , ਨਹਿਰਾਂ ਅਤੇ ਨਦੀਆਂ ਵਿਚ ਸੁੱਟਣ ਤੋਂ ਰੋਕਣਾ ਚਾਹੀਦਾ ਹੈ। ਅਜਿਹੇ ਪਾਣੀ ਨੂੰ ਕਾਰਖਾਨਿਆਂ ਵਿਚ ਹੀ ਸ਼ੁੱਧ ਕਰ ਕੇ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ।ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਕਾਰਖਾਨੇਦਾਰਾਂ ਤੋਂ ਪ੍ਰਦੂਸ਼ਣ ਕੰਟਰੋਲ ਦੇ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਵਾਏ।
ਕਾਰਖਾਨਿਆਂ ਦੀਆਂ ਚਿਮਨੀਆਂ ਅਤੇ ਪੁਰਾਣੇ ਵਾਹਨ ਵੀ ਬਹੁਤ ਗੰਦਾ ਧੂਆਂ ਹਵਾ ਵਿਚ ਛੱਡਦੇ ਹਨ। ਪਰਾਲੀ, ਪੱਤੇ ਅਤੇ ਕੂੜਾ ਕਰਕਟ ਸਾੜਨ ਨਾਲ ਹਵਾ ਬਹੁਤ ਪਲੀਤ ਹੁੰਦੀ ਹੈ ਲੋਕਾਂ ਦਾ ਦਮ ਘੁਟਦਾ ਹੈ ਅਤੇ ਦਮਾ ਆਦਿ ਸਾਹ ਦੀਆਂ ਕਈ ਬਿਮਾਰੀਆਂ ਫੈਲਦੀਆਂ ਹਨ। ਵਿਸਫੌਟਕ ਤਜ਼ਰਬੇ ਵੀ ਕਈ ਬਹੁਤ ਤਰ੍ਹਾਂ ਧੂਆਂ ਫੈਲਾਉਂਦੇ ਹਨ।
ਇਸ ਤੋਂ ਅਗਲਾ ਹੈ ਸ਼ੋਰ ਪ੍ਰਦੂਸ਼ਣ। ਮੋਟਰਸਾਈਕਲਾਂ ਦੇ ਪਟਾਕੇ, ਪਾਰਟੀਆਂ ਵਿਚ ਡੀਜ਼ੇ ਦੀ ਕੰਨ ਪਾੜਵੀਂ ਆਵਾਜ, ਮੰਦਰਾਂ ਗੁਰਦਵਾਰਿਆਂ ਦੀ ਉੱਚੀ ਆਵਾਜ਼ ਦੇ ਸਪੀਕਰ ਬਹੁਤ ਸ਼ੋਰ ਪੈਦਾ ਕਰਦੇ ਹੈ ਜਿਸ ਨਾਲ ਮਰੀਜ਼ਾਂ, ਪੜ੍ਹਣ ਵਾਲੇ ਬੱਚਿਆਂ ਅਤੇ ਸ਼ਾਤੀ ਪ੍ਰਿਅ ਲੋਕਾਂ ਨੂੰ ਬੜੀ ਦਿੱਕਤ ਹੁੰਦੀ ਹੈ। ਕਈਆਂ ਦੀ ਤਾਂ ਉੱਚੇ ਸ਼ੋਰ ਨਾਲ ਸੁਣਨ ਸ਼ਕਤੀ ਹਮੇਸ਼ਾਂ ਲਈ ਹੀ ਚਲੀ ਜਾਂਦੀ ਹੈ।
ਇੱਥੇ ਹੀ ਬਸ ਨਹੀਂ ਵਾਤਾਵਰਨ ਵਿਚ ਇਕ ਹੋਰ ਤਰ੍ਹਾਂ ਦਾ ਪ੍ਰਦੂਸ਼ਣ ਵੀ ਫੈਲਾਇਆ ਜਾਂਦਾ ਹੈ। ਉਹ ਹੈ ਨਫ਼ਰਤ ਦਾ ਪ੍ਰਦੂਸ਼ਣ। ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਣਾ। ਨਿੰਦਿਆ ਚੁਗਲੀ ਨਾਲ ਇਕ ਦੂਜੇ ਨਾਲ ਨਫ਼ਰਤ ਫੈਲਾਈ ਜਾਂਦੀ ਹੈ। ਵੋਟਾਂ ਦੇ ਦਿਨਾਂ ਵਿਚ

ਰਾਜਨੀਤਕ ਪਾਰਟੀਆਂ ਤਾਂ ਭਰਾ ਭਰਾ ਵਿਚ ਨਫ਼ਰਤ ਦਾ ਜ਼ਹਿਰ ਫੈਲਾ ਕੇ ਉਨ੍ਹਾਂ ਨੂੰ ਇਕ ਦੂਜੇ ਦਾ ਦੁਸ਼ਮਣ ਬਣਾ ਦਿੰਦੀਆਂ ਹਨ। ਸਾਡੇ ਧਰਮਾਂ ਦੇ ਠੇਕੇਦਾਰ ਵੀ ਆਪਣੇ ਧਰਮ ਨੂੰ ਉੱਚਾ ਦਿਖਾਉਣ ਲਈ ਕੂੜ ਪ੍ਰਚਾਰ ਕਰ ਕੇ ਇਹ ਜ਼ਹਿਰ ਫੈਲਾਉਂਦੇ ਹਨ। ਇਸ ਨਫ਼ਰਤ ਨਾਲ ਤਾਂ ਕਈ ਵਾਰ ਬੇਦੋਸ਼ੇ ਬੰਦਿਆਂ ਦੀ ਜਾਨ ਵੀ ਚਲੀ ਜਾਂਦੀ ਹੈ। ਕਈ ਸਾਹਿਤਕਾਰ ਵੀ ਗੰਦਾ ਅਤੇ ਲਚਰ ਸਾਹਿਤ (ਕਾਮ ਉਪਜਾਉ ਅਤੇ ਨੰਗੇਜ ਵਾਲਾ) ਲਿਖ ਕੇ ਨੌਜੁਆਨਾ ਨੂੰ ਕੁਰਾਹੇ ਪਾਉਂਦੇ ਹਨ। ਇਸ ਤੋਂ ਇਲਾਵਾ ਕਈ ਲਾਲਚੀ ਅਤੇ ਮਤਲਬੀ ਲੋਕ ਆਪਣੇ ਸਵਾਰਥ ਕਾਰਨ ਨੌਜਵਾਨਾ ਨੂੰ ਨਸ਼ਿਆਂ ਵਿਚ ਲਾ ਕੇ ਕੌਮ ਦਾ ਬੇੜਾ ਗਰਕ ਕਰਦੇ ਹਨ। ਅਜਿਹੇ ਲੋਕਾਂ ਤੋਂ ਵੀ ਬਚਣਾ ਚਾਹੀਦਾ ਹੈ।
ਬੇਸ਼ੱਕ ਸਾਡੀਆਂ ਸਰਕਾਰਾਂ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਬਹੁਤ ਯਤਨ ਕਰ ਰਹੀਆਂ ਹਨ ਪਰ ਇਹ ਪ੍ਰਦੂਸ਼ਣ ਵਧਦਾ ਹੀ ਜਾ ਰਿਹਾ ਹੈ। ਚੰਗੇ ਨਾਗਰਿਕ ਹੋਣ ਕਾਰਨ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਪ੍ਰਦੂਸ਼ਣ ਰੋਕਣ ਵਿਚ ਸਰਕਾਰ ਦਾ ਸਾਥ ਦਈਏ। ਆਪਣੇ ਘਰ ਦਾ ਕੂੜਾ ਜਨਤਕ ਥਾਂ ਤੇ ਨਾ ਸੁੱਟੀਏ। ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖੀਏ ਅਤੇ ਕਿਸੇ ਕਿਸਮ ਦਾ ਗੰਦ ਨਾ ਫੈਲ੍ਹਣ ਦਈਏ।
ਉਪਰੋਕਤ ਵਿਚਾਰ ਚਰਚਾ ਤੋਂ ਇਲਾਵਾ ਇਕ ਹੋਰ ਕਿਸਮ ਦਾ ਪ੍ਰਦੂਸ਼ਣ ਹੈ ਜੋ ਦਿਸਦਾ ਨਹੀਂ ਪਰ ਉਸ ਦਾ ਨੁਕਸਾਨ ਬਹੁਤ ਹੈ। ਇਹ ਹੈ ਸਾਡੇ ਅੰਦਰ ਦਾ ਪ੍ਰਦੂਸ਼ਣ। ਸਾਡੇ ਅੰਦਰ ਜੋ ਨਾਂਹ ਪੱਖੀ ਵਿਚਾਰ ਹਨ ਉਹ ਵੀ ਸਾਡੇ ਤਨ, ਮਨ ਅਤੇ ਆਤਮਾ ਨੂੰ ਪ੍ਰਦੂਸ਼ਿਤ ਕਰਦੇ ਹਨ। ਈਰਖਾ, ਕ੍ਰੋਧ, ਨਫ਼ਰਤ, ਨਿੰਦਾ ਚੁਗਲੀ ਅਤੇ ਗੁੱਸਾ ਸਭ ਸਾਡੇ ਅੰਦਰ ਪਲਦੇ ਹਨ ਅਤੇ ਸਾਨੂੰ ਨੁਕਸਾਨ ਪੁਚਾਉਂਦੇ ਹਨ। ਬਦਲੇ ਦੀ ਭਾਵਨਾ ਸਾਨੂੰ ਹਰ ਸਮੇਂ ਅੰਦਰੋਂ ਸਾੜ੍ਹਦੀ ਰਹਿੰਦੀ ਹੈ। ਅਸੀਂ ਆਪਣੇ ਆਪ ਵਿਚ ਕੁੜਦੇ ਰਹਿੰਦੇ ਹਾਂ। ਅਸੀਂ ਗੁੱਸਾ ਦੂਜੇ ਤੇ ਕਰਦੇ ਹਾਂ ਪਰ ਉਸ ਦੀ ਸਜਾ ਆਪ ਭੁਗਤਦੇ ਹਾਂ। ਆਪਣੇ ਅੰਦਰ ਵਿਚਾਰਾਂ ਦੇ ਪ੍ਰਦੂਸ਼ਣ ਨੂੰ ਨਾ ਪੈਦਾ ਹੋਣ ਦਿਓ।ਮਨ ਨੂੰ ਮਾੜੇ ਵਿਚਾਰਾਂ ਦੇ ਕਚਰੇ ਤੋਂ ਬਚਾਓ। ਕੁਝ ਸਹਿਨਸ਼ੀਲਤਾ ਰੱਖੋ ਅਤੇ ਕੁਝ ਗੱਲਾਂ ਨੂੰ ਨਜ਼ਰ ਅੰਦਾਜ਼ ਕਰਨਾ ਸਿੱਖੋ। ਅਫਵਾਹਾਂ ਨੂੰ ਨਾ ਫੈਲਣ ਦਿਓ। ਬੇਸ਼ੱਕ ਤੁਸੀਂ ਕਿਸੇ ਦੀ ਕਿਸਮਤ ਨਹੀਂ ਬਦਲ ਸਕਦੇ ਪਰ ਉਸ ਨੂੰ ਸ਼ਾਬਾਸ਼ ਅਤੇ ਪ੍ਰੇਰਨਾ ਦੇ ਕੇ ਉਸ ਦਾ ਮਾਰਗ ਦਰਸ਼ਨ ਤਾਂ ਕਰ ਹੀ ਸਕਦੇ ਹੋ। ਜੇ ਮੌਕਾ ਮਿਲੇ ਤਾਂ ਸਾਰਥੀ ਬਣੋ ਨਾ ਕਿ ਸਵਾਰਥੀ। ਕਿਸੇ ਨੂੰ ਬੋਲ ਕੁਬੋਲ ਨਾ ਬੋਲੋ। ਸਭ ਨੂੰ ਮਿੱਠਾ ਬੋਲੋ। ਮਨ ਨੂੰ ਨਿਰਮਲ ਰੱਖੋਗੇ ਤਾਂ ਹੀ ਸੁਖੀ ਰਹੋਗੇ ਅਤੇ ਸਹਿਜ ਨਾਲ ਆਪਣੀ ਜ਼ਿੰਦਗੀ ਜੀਓਗੇ।
*****
    ਗੁਰਸ਼ਰਨ ਸਿੰਘ ਕੁਮਾਰ
                #  1183, ਫੇਜ਼-10, ਮੁਹਾਲੀ
                        ਮੋਬਾਇਲ:-94631-89432
email:  gursharan1183@yahoo.in

ਬੰਦੇ ਦਾ ਬੰਦਾ ਦਾਰੂ - ਗੁਰਸ਼ਰਨ ਸਿੰਘ ਕੁਮਾਰ

ਇਸ ਧਰਤੀ ਤੇ ਮਨੁੱਖ ਹੀ ਇਕ ਐਸਾ ਜੀਵ ਹੈ ਜੋ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਜ਼ਰੂਰਤਾਂ ਆਪ ਪੂਰੀਆਂ ਨਹੀਂ ਕਰ ਸਕਦਾ। ਕੋਈ ਮਨੁੱਖ ਭਾਵੇਂ ਕਿੰਨਾ ਵੀ ਸੋਹਣਾ ਸੁਨੱਖਾ, ਹੁਸ਼ਿਆਰ, ਸਿਆਣਾ ਅਤੇ ਤਾਕਤਵਰ ਕਿਉਂ ਨਾ ਹੋਵੇ ਫਿਰ ਵੀ ਉਸ ਨੂੰ ਕਦਮ ਕਦਮ ਤੇ ਦੂਸਰੇ ਦੀ ਜ਼ਰੂਰਤ ਪੈਂਦੀ ਹੈ। ਉਸ ਨੂੰ ਭੋਜਨ ਲਈ ਅਨਾਜ਼, ਸਬਜੀਆਂ, ਫ਼ਲ, ਘਿਓ ਅਤੇ ਮਸਾਲਿਆਂ ਆਦਿ ਦੀ ਜ਼ਰੂਰਤ ਪੈਂਦੀ ਹੈ । ਇਸ ਲਈ ਸਭ ਤੋਂ ਵੱਡਾ ਯੋਗਦਾਨ ਕਿਸਾਨ ਦਾ ਹੈ। ਉਸ ਨੂੰ ਤਨ ਢੱਕਣ ਲਈ ਸੀਤੇ ਹੋਏ ਕੱਪੜੇ ਦੀ ਜ਼ਰੂਰਤ ਹੈ ਜਿਸ ਲਈ ਦਰਜੀ ਦੀ ਲੋੜ ਹੈ। ਰਹਿਣ ਲਈ ਮਕਾਨ ਦੀ ਜ਼ਰੂਰਤ ਹੈ ਜਿਸ ਲਈ ਮਜ਼ਦੂਰ ਤੇ ਮਿਸਤਰੀ ਕੰਮ ਆਉਂਦੇ ਹਨ। ਬਿਮਾਰੀ ਤੋਂ ਬਚਣ ਲਈ ਉਸ ਨੂੰ ਡਾਕਟਰਾਂ ਦੀ ਲੋੜ ਹੈ। ਇਸ ਸਭ ਦੇ ਬਾਵਜ਼ੂਦ ਮੁਢਲੀਆਂ ਵਸਤੂਆਂ ਨੂੰ ਵਰਤਣ ਯੋਗ ਬਣਾਉਨ ਲਈ ਕਾਰਖਾਨੇਦਾਰਾਂ ਦੀ ਲੋੜ ਹੈ ਅਤੇ ਇਨ੍ਹਾਂ ਤਿਆਰ ਵਸਤੂਆਂ ਨੂੰ ਉਪਭੋਗਤਾ ਕੋਲ ਪਹੁੰਚਾਉਣ ਲਈ ਛੋਟੇ ਵੱਡੇ ਵਪਾਰੀਆਂ ਦੀ ਲੋੜ ਹੈ। ਇਨ੍ਹਾਂ ਸਭ ਦੀ ਮਦਦ ਤੋਂ ਬਿਨਾ ਬੰਦਾ ਨਾ ਤਾਂ ਆਪਣਾ ਪੇਟ ਭਰ ਸਕਦਾ ਹੈ, ਨਾ ਹੀ ਕੱਪੜੇ ਨਾਲ ਆਪਣਾ ਤਨ ਢੱਕ ਸਕਦਾ ਹੈ, ਨਾ ਹੀ ਉਸ ਨੂੰ ਆਪਣੀ ਸੁਰੱਖਿਆ ਲਈ ਘਰ ਨਸੀਬ ਹੋ ਸਕਦਾ ਹੈ ਅਤੇ ਨਾ ਹੀ ਉਹ ਤੰਦਰੁਸਤ ਰਹਿ ਸਕਦਾ ਹੈ। ਉਸ ਨੂੰ ਨਿੱਤ ਦੀ ਘਰ ਅਤੇ ਦੂਜੇ ਸਮਾਨ ਦੀ ਟੁੱਟ ਭੱਜ ਦੀ ਮੁਰੰਮਤ ਲਈ ਵੀ ਲੁਹਾਰ, ਤਰਖਾਣ ਅਤੇ ਮਿਸਤਰੀਆਂ ਦੀ ਲੋੜ ਪੈਂਦੀ ਹੈ। ਇਸ ਤੋਂ ਪਤਾ ਚਲਦਾ ਹੈ ਕਿ ਮਨੁੱਖ ਦੂਜੇ ਦੀ ਮਦਦ ਜਾਂ ਮਿਹਨਤ ਤੋਂ ਬਿਨਾ ਇਕ ਦਿਨ ਵੀ ਜ਼ਿੰਦਗੀ ਬਸਰ ਨਹੀਂ ਕਰ ਸਕਦਾ। ਬੰਦਿਆਂ ਦੀ ਗੱਲ ਛੱਡੋ, ਮਨੁੱਖ ਨੂੰ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਜਾਨਵਰਾਂ, ਪੰਛੀਆਂ ਅਤੇ ਜਲ ਜੀਵਾਂ ਤੇ ਵੀ ਨਿਰਭਰ ਕਰਨਾ ਪੈਂਦਾ ਹੈ।
ਜੇ ਕੋਈ ਸਾਥੀ ਜਾਂ ਘਰ ਦਾ ਜੀਅ ਬੁੱਧੀ ਪੱਖੋਂ ਸਿੱਧਾ ਸਾਦਾ, ਸਰੀਰਕ ਪੱਖੋਂ ਜਾਂ ਮਾਇਕ ਪਖੋਂ ਕੁਝ ਕਮਜੋਰ ਹੋਵੇ ਉਸ ਨੂੰ ਨੀਵਾਂ ਜਾਂ ਘਟੀਆ ਨਹੀਂ ਦਿਖਾਉਣਾ ਚਾਹੀਦਾ। ਉੇਸ ਦੀ ਮਦਦ ਕਰਨੀ ਚਾਹੀਦੀ ਹੈ। ਤੁਸੀਂ ਉਸ ਨੂੰ ਕੁਝ ਸਹਿਯੋਗ , ਪ੍ਰੇਰਨਾ ਅਤੇ ਸ਼ਾਬਾਸ਼ ਦੇ ਕੇ ਉਸ ਨੂੰ ਉੱਪਰ ਚੁੱਕ ਸਕਦੇ ਹੋ ਅਤੇ ਸਮਾਜ ਵਿਚ ਅਣਖ ਨਾਲ ਜਿਉਣ ਜੋਗਾ ਬਣਾ ਸਕਦੇ ਹੋ।
ਛੋਟਾ ਬੱਚਾ ਬਹੁਤ ਕਮਜ਼ੋਰ ਅਤੇ ਬੇਸਹਾਰਾ ਹੁੰਦਾ ਹੈ। ਜਿਵੇਂ ਬੱਚੇ ਨੂੰ ਹਰ ਸਮੇਂ ਮਾਂ ਪਿਓ ਦੇ ਸਹਾਰੇ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਹੀ ਬੁਢਾਪੇ ਵਿਚ ਮਾਂ ਪਿਓ ਨੂੰ ਆਪਣੇ ਬੱਚਿਆਂ ਦੀ ਮਦਦ ਦੀ ਲੋੜ ਹੁੰਦੀ ਹੈ। ਮਨੁੱਖ ਨੂੰ ਕੇਵਲ ਪਦਾਰਥਾਂ ਲਈ ਹੀ ਨਹੀਂ ਸਗੋਂ ਵਿਕਟ ਪ੍ਰਸਿਥੀਤੀਆਂ ਲਈ ਵੀ ਦੂਜੇ ਦਾ ਸਹਾਰਾ ਲੈਣਾ ਪੈਂਦਾ ਹੈ। ਜੇ ਕਿਸੇ ਮਨੁੱਖ 'ਤੇ ਕੋਈ ਭੀੜ ਬਣ ਜਾਏ, ਕੋਈ ਕਹਿਰ ਢਹਿ ਪਏ ਜਾਂ ਕੋਈ ਗੰਭੀਰ ਸਮੱਸਿਆ ਆ ਜਾਏ ਜਿਸ ਵਿਚੋਂ ਨਿਕਲਣ ਦਾ ਕੋਈ ਰਸਤਾ ਹੀ ਨਜ਼ਰ ਨਾ ਆਏ ਤਾਂ ਬੰਦਾ ਘੋਰ ਨਿਰਾਸ਼ਾ ਵਿਚ ਡੁੱਬ ਜਾਂਦਾ ਹੈ। ਉਸ ਸਮੇਂ ਬੰਦੇ ਦਾ ਆਪਣਾ ਹੌਸਲਾ ਵੀ ਬਹੁਤ ਕੰਮ ਆਉਂਦਾ ਹੈ। ਪਰ ਉਸ ਨੂੰ ਦੂਸਰੇ ਦੇ ਸਹਾਰੇ ਦੀ ਬਹੁਤ ਜ਼ਰੂਰਤ ਹੁੰਦੀ ਹੈ। ਅਜਿਹੀ ਸਥਿਤੀ ਵਿਚ ਸੱਚਾ ਦੋਸਤ ਜਾਂ ਹਮਦਰਦ ਹੀ ਰੱਬ ਦਾ ਰੂਪ ਬਣ ਕੇ ਮਦਦ ਲਈ ਨਾਲ ਖੜ੍ਹਦਾ ਹੈ। ਅਜਿਹਾ ਦੋਸਤ ਦੁੱਖਾਂ ਦੇ ਘੋਰ ਹਨੇਰੇ ਨੂੰ ਚਾਨਣ ਦੀ ਕਿਰਨ ਦੀ ਤਰ੍ਹਾਂ ਚੀਰਨ ਦੀ ਸ਼ਕਤੀ ਰੱਖਦਾ ਹੈ। ਉਸ ਨਿਤਾਣੇ ਬੰਦੇ ਨੂੰ ਇਸ ਦੁੱਖ ਭਰੀ ਸਥਿਤੀ ਵਿਚੋਂ ਨਿਕਲਣ ਦਾ ਵਸੀਲਾ ਬਣਦਾ ਹੈ। ਇਸੇ ਲਈ ਕਹਿੰਦੇ ਹਨ ਕਿ ਬੰਦੇ ਦਾ ਬੰਦਾ ਦਾਰੂ ਹੈ। ਸਮਾਂ ਤਾਂ ਗੁਜ਼ਰ ਹੀ ਜਾਂਦਾ ਹੈ ਪਰ ਦੋਸਤ ਦੀ ਮਦਦ ਕਦੀ ਨਹੀਂ ਭੁੱਲਦੀ।
ਪੰਜਾਬੀ ਦੀ ਇਕ ਕਹਾਵਤ ਹੈ-'ਕੁੱਤੇ ਦਾ ਕੁੱਤਾ ਵੈਰੀ'। ਇਹ ਕਹਾਵਤ ਜ਼ਿਆਦਾ ਤੌਰ ਤੇ ਬੰਦਿਆਂ ਨੂੰ ਸੁਣਾ ਕੇ ਹੀ ਵਰਤੀ ਜਾਂਦੀ ਹੈ। ਫਿਰ ਇਹ ਬੰਦੇ ਦਾ ਬੰਦਾ ਵੈਰੀ ਹੋ ਨਿਬੜਦੀ ਹੈ। ਆਮ ਤੌਰ ਤੇ ਇਕੋ ਜਾਤ ਅਤੇ ਪੇਸ਼ੇ ਵਲੇ ਬੰਦਿਆਂ ਵਿਚ ਈਰਖਾ ਭਾਵਨਾ ਬਹੁਤ ਹੁੰਦੀ ਹੈ। ਉਹ ਦੂਜੇ ਨੂੰ ਉੱਨਤੀ ਕਰਦੇ ਨਹੀਂ ਦੇਖ ਸਕਦੇ ਅਤੇ ਆਪਸ ਵਿਚ ਇਕ ਦੂਜੇ ਦੀਆਂ ਲੱਤਾਂ ਹੀ ਖਿੱਚਦੇ ਰਹਿੰਦੇ ਹਨ। ਉਹ ਇਹ ਕਦੀ ਬਰਦਾਸ਼ਤ ਨਹੀਂ ਕਰ ਸਕਦੇ ਕਿ ਉਨ੍ਹਾਂ ਦਾ ਕੋਈ ਸਾਥੀ ਉੱਨਤੀ ਕਰ ਉਨ੍ਹਾਂ ਤੋਂ ਜ਼ਿਆਦਾ ਅੱਗੇ ਵਧ ਸੱਕੇ। ਇਸ ਲਈ ਉਹ ਦੂਸਰੇ ਦੀ ਤਰੱਕੀ ਦੇ ਰਾਹ ਵਿਚ ਰੋੜੇ ਅਟਕਾਉਂਦੇ ਰਹਿੰਦੇ ਹਨ। ਅਜਿਹੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਜੇ ਆਪਣੇ ਨਾਲ ਦੇ ਕਿਸੇ ਅਜਿਹੇ ਬੰਦੇ ਦੀ ਪਛਾਣ ਹੋ ਜਾਏ ਤਾਂ ਉਸ ਤੋਂ ਨਾਤਾ ਤੋੜ ਲੈਣਾ ਚਾਹੀਦਾ ਹੈ। ਆਪਣਾ ਸਿੱਕਾ ਹੀ ਖੋਟਾ ਹੋਵੇ ਤਾਂ ਹੱਟੀ ਵਾਲੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ।ਦੂਸਰੇ ਦੀ ਤਰੱਕੀ ਦੇਖ ਕੇ ਈਰਖਾ ਕਰਨ ਦੀ ਬਜਾਏ ਆਪਣੇ ਅੰਦਰ ਯੋਗਤਾ ਪੈਦਾ ਕਰ ਕੇ ਮਿਹਨਤੀ ਅਤੇ ਸਫ਼ਲ ਵਿਅਕਤੀਆਂ ਨੂੰ ਆਪਣਾ ਆਦਰਸ਼ ਮੰਨ ਕੇ ਅੱਗੇ ਵਧਣਾ ਚਾਹੀਦਾ ਹੈ।
ਜੇ ਕਿਸੇ ਕੋਲ ਜ਼ਿਆਦਾ ਧਨ, ਤਾਕਤ ਅਤੇ ਵੱਡਾ ਅਹੁਦਾ ਆ ਜਾਏ ਤਾਂ ਹੰਕਾਰ ਨਹੀਂ ਕਰਨਾ ਚਾਹੀਦਾ। ਹੰਕਾਰਿਆ ਸੋ ਮਾਰਿਆ। ਇਹ ਕਦੀ ਨਹੀਂ ਸਮਝਣਾ ਚਾਹੀਦਾ ਕਿ ਹੁਣ ਮੈਨੰ ਕਿਸੇ ਦੀ ਲੋੜ ਨਹੀਂ। ਇਸ ਨਾਲ ਬੰਦਾ ਸਮਾਜ ਨਾਲੋਂ ਅਲੱਗ ਥਲੱਗ ਹੋ ਕੇ ਹੀ ਰਹਿ ਜਾਂਦਾ ਹੈ। ਇਕੱਲ੍ਹਾ ਮਨੁੱਖ ਆਪਣੀਆਂ ਸਾਰੀਆਂ ਜ਼ਰੂਰਤਾਂ ਕਦੀ ਆਪਣੇ ਤੌਰ ਤੇ ਪੂਰੀਆਂ ਨਹੀਂ ਕਰ ਸਕਦਾ। ਇਸ ਲਈ ਹਰ ਇਕ ਦੇ ਹੁਨਰ ਦੀ ਕਦਰ ਕਰੋ। ਕਦੀ ਕਿਸੇ ਕੰਮ ਨੂੰ ਛੋਟਾ ਸਮਝ ਕੇ ਦੂਜੇ ਨਾਲ ਨਫ਼ਰਤ ਨਾ ਕਰੋ। ਪਤਾ ਨਹੀਂ ਤੁਹਾਨੂੰ ਕਦੋਂ ਅਤੇ ਕਿੱਥੇ ਦੂਸਰੇ ਬੰਦੇ ਦੀ ਲੋੜ ਪੈ ਜਾਏ।ਦਫ਼ਤਰ ਵਿਚ ਤਾਂ ਇਕ ਦਰਬਾਨ ਜਾਂ ਚਪੜਾਸੀ ਦੀ ਵੀ ਬਹੁਤ ਅਹਿਮੀਅਤ ਹੁੰਦੀ ਹੈ। ਅੱਜ ਕੱਲ੍ਹ ਅੋਰਤਾਂ ਨੌਕਰੀ ਪੇਸ਼ਾ ਹੋਣ ਕਰ ਕੇ ਆਪਣੇ ਘਰ ਦੇ ਬਰਤਨ ਅਤੇ ਝਾੜੂ ਪੋਚਾ ਵੀ ਆਪ ਨਹੀਂ ਕਰ ਸਕਦਅੀਆਂ। ਜ਼ਰਾ ਸੋਚੋ ਕਿ ਜੇ ਇਹ ਕੰਮ ਵਾਲੀਆਂ ਜਾਂ ਸਫਾਈ ਸੇਵਕ ਕੁਝ ਦਿਨ ਕੰਮ ਤੇ ਨਾ ਆਉਣ ਤਾਂ ਤਹਾਡੀ ਅਤੇ ਘਰ ਦੀ ਕੀ ਹਾਲਤ ਹੁੰਦੀ ਹੈ? ਘਰ ਵਿਚ ਕੂੜੇ ਦੇ ਢੇਰ ਲੱਗ ਜਾਂਦੇ ਹਨ ਅਤੇ ਬਦਬੋ ਨਾਲ ਤੁਹਾਡਾ ਦਮ ਘੁੱਟਣ ਲੱਗ ਜਾਂਦਾ ਹੈ। ਕੋਈ ਕੰਮ ਛੋਟਾ ਨਹੀਂ। ਜੋ ਕੰਮ ਇਕ ਛੋਟੀ ਜਿਹੀ ਸੂਈ ਕਰ ਸਕਦੀ ਹੈ ਉਹ ਤਲਵਾਰ ਨਹੀਂ ਕਰ ਸਕਦੀ।
ਜਿਵੇਂ ਇਕ ਕੜੀ ਨਾਲ ਦੂਜੀ ਕੜੀ ਜੋੜ ਕੇ ਇਕ ਮਜ਼ਬੂਤ ਸੰਗਲੀ ਬਣਦੀ ਹੈ ਇਸੇ ਤਰ੍ਹਾਂ ਮਨੁੱਖ ਦੇ ਇਕ ਦੂਜੇ ਦੇ ਸਹਿਯੋਗ ਨਾਲ ਇਕ ਮਜ਼ਬੂਤ ਸਮਾਜ ਬਣਦਾ ਹੈ ਅਤੇ ਜ਼ਿੰਦਗੀ ਸੌਖੀ ਬਸਰ ਹੁੰਦੀ ਹੈ। ਖ਼ੁਸ਼ੀ ਗਮੀਂ ਦੇ ਮੌਕੇ 'ਤੇ ਵੀ ਸਾਨੂੰ ਇਕ ਦੂਜੇ ਦੇ ਸਾਥ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਕੱਲ੍ਹੇ ਨਾ ਤਾਂ ਅਸੀਂ ਜਸ਼ਨ ਮਨਾ ਸਕਦੇ ਹਾਂ ਅਤੇ ਨਾ ਹੀ ਦੁੱਖ ਵਿਚ ਆਪਣੇ ਆਪ ਨੂੰ ਗਲੇ ਲਾ ਸਕਦੇ ਹਾਂ। ਦੂਜੇ ਦੇ ਸਾਥ ਨਾਲ ਸਾਡੀ ਖ਼ੁਸ਼ੀ ਦੂਣੀ ਹੋ ਜਾਂਦੀ ਹੈ ਅਤੇ ਦੁੱਖ ਅੱਧਾ ਰਹਿ ਜਾਂਦਾ ਹੈ। ਸਾਨੂੰ ਮੋਹ ਪਿਆਰ ਰਿਸ਼ਤਿਆਂ ਵਿਚ ਵੀ ਸਦਭਾਵਨਾ ਅਤੇ ਸਹਿਯੋਗ ਦੀ ਲੋੜ ਹੁੰਦੀ ਹੈ। ਇਹ ਪਿਆਰ, ਸਹਿਯੋਗ ਅਤੇ ਭਾਵਨਾਵਾਂ ਸਾਨੂੰ ਸਾਡੇ ਪਰਿਵਾਰ ਅਤੇ ਸਮਾਜ ਵਿਚੋਂ ਮਿਲਦੀਆਂ ਹਨ। ਜਿਸ ਮਨੁੱਖ ਨੂੰ ਇਹ ਭਾਵਨਾਵਾਂ ਬਹੁਤ ਘੱਟ ਮਿਲਦੀਆਂ ਹਨ ਉਸ ਦੀ ਜ਼ਿੰਦਗੀ ਅਧੂਰੀ, ਖਰਵੀ ਅਤੇ ਖੁਸ਼ਕ ਰਹਿ ਜਾਂਦੀ ਹੈ। ਉਸ ਦਾ ਜ਼ਿੰਦਗੀ ਵਿਚ ਕਾਮਯਾਬ ਹੋਣਾ ਕਠਿਨ ਹੋ ਜਾਂਦਾ ਹੈ। ਉਹ ਇਕੱਲ੍ਹਾ ਹੀ ਜ਼ਿੰਦਗੀ ਬਸਰ ਕਰਦਾ ਹੈ ਅਤੇ ਅਲਜ਼ਾਈਮਰ ਵਰਗੀ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ। ਦੂਜੇ ਪਾਸੇ ਮਨੁੱਖ ਦਾ ਆਪਣੇ ਪਿਆਰਿਆਂ ਅਤੇ ਸਨੇਹੀਆਂ ਨਾਲ ਹਰ ਕੰਮ ਸੌਖਾ ਹੀ ਸਿਰੇ ਚੜ੍ਹ ਜਾਂਦਾ ਹੈ। ਉਹ ਸਦਾ ਚੜ੍ਹਦੀ ਕਲ੍ਹਾ ਵਿਚ ਰਹਿੰਦਾ ਹੈ ਅਤੇ ਸਫ਼ਲਤਾ ਦੀਆਂ ਮੰਜ਼ਿਲਾਂ ਸਰ ਕਰਦਾ ਜਾਂਦਾ ਹੈ। ਉਸ ਲਈ ਜ਼ਿੰਦਗੀ ਦੇ ਔਖੇ ਰਾਹ ਸੌਖੇ ਹੋ ਜਾਂਦੇ ਹਨ। ਅਸੰਭਵ ਕੰਮ ਵੀ ਸੰਭਵ ਹੋ ਨਿਬੜਦਾ ਹੈ।ਮਨ ਨੂੰ ਠੰਢਕ ਅਤੇ ਸ਼ਾਤੀ ਮਿਲਦੀ ਹੈ। ਜਦ ਕਿ ਇਕੱਲ੍ਹੇ ਬੰਦੇ ਦਾ ਮਨ ਹਰ ਸਮੇਂ ਭੱਖਿਆ ਹੀ ਰਹਿੰਦਾ ਹੈ। ਉਸ ਨੂੰ ਛੋਟੇ ਛੋਟੇ ਕੰਮ ਵੀ ਪਹਾੜ ਜਿੱਡੇ ਦਿਸਦੇ ਹਨ। ਪਿਆਰ ਦੇ ਜਜ਼ਬੇ ਨੂੰ ਪਸ਼ੂ, ਪੰਛੀ ਅਤੇ ਜਲ ਜੀਵ ਵੀ ਸੌਖੇ ਹੀ ਸਮਝ ਜਾਂਦੇ ਹਨ ਅਤੇ ਮਨੁੱਖ ਨੂੰ ਉਸ ਦੇ ਕੰਮਾਂ ਵਿਚ ਸਹਿਯੋਗ ਕਰਦੇ ਹਨ।
ਸਮਾਜ ਵਿਚ ਬੰਦਾ ਇਕ ਦੂਜੇ ਤੋਂ ਬਹੁਤ ਕੁਝ ਸਿੱਖਦਾ ਹੈ। ਹਮੇਸ਼ਾਂ ਸਮਾਜ ਅਤੇ ਆਪਣੇ ਪਰਿਵਾਰ ਨਾਲ ਜੁੜੇ ਰਹੋ। ਜੇ ਤੁਸੀਂ ਦੂਸਰੇ ਤੋਂ ਸੁੱਖ ਅਤੇ ਸਹਿਯੋਗ ਚਾਹੁੰਦੇ ਹੋ ਤਾਂ ਦੂਜੇ  ਨਾਲ ਵੀ ਸੁੱਖ ਅਤੇ ਸਹਿਯੋਗ ਦੀ ਭਾਵਨਾ ਰੱਖੋ। ਮੁਸੀਬਤ ਸਮੇਂ ਉਸ ਦੀ ਮਦਦ ਕਰੋ ਅਤੇ ਮਿੱਠੇ ਬਲੋ ਬੋਲ ਕੇ ਉਸ ਦੇ ਜ਼ਖਮਾਂ ਤੇ ਮਲ੍ਹਮ ਲਾਓ। ਅਸੀ ਸਾਰੇ ਪਿਆਰ ਇਤਫ਼ਾਕ ਅਤੇ ਸਹਿਯੋਗ ਨਾਲ ਹੀ ਉਨਤੀ ਕਰ ਸਕਦੇ ਹਾਂ ਅਤੇ ਦੇਸ਼ ਵਿਚੋਂ ਅਨਪੜ੍ਹਤਾ, ਗ਼ਰੀਬੀ, ਵਹਿਮਾਂ ਭਰਮਾਂ ਅਤੇ ਨਸ਼ਿਆਂ ਜਿਹੀਆਂ ਭਿਆਨਕ ਬਿਮਾਰੀਆਂ ਨੂੰ ਜੜ੍ਹੋਂ ਖਤਮ ਕਰ ਸਕਦੇ ਹਾਂ ਅਤੇ ਦੁਨੀਆਂ ਨੂੰ ਅਮਨ ਅਤੇ ਸ਼ਾਤੀ ਦਾ ਸੰਦੇਸ਼ ਦੇ ਸਕਦੇ ਹਾਂ।

ਗੁਰਸ਼ਰਨ ਸਿੰਘ ਕੁਮਾਰ
ਮੋਬਾਇਲ:-94631-89432

 

ਪ੍ਰੇਰਨਾਦਾਇਕ ਲੇਖ : ਚੱਲਣਾ ਹੀ ਜ਼ਿੰਦਗੀ ਹੈ - ਗੁਰਸ਼ਰਨ ਸਿੰਘ ਕੁਮਾਰ


ਸਿਆਣੇ ਕਹਿੰਦੇ ਹਨ ਕਿ ਚੱਲਣਾ ਹੀ ਜ਼ਿੰਦਗੀ ਹੈ ਅਤੇ ਰੁਕਣਾ ਮੌਤ ਬਰਾਬਰ ਹੈ। ਚਲਦੀ ਹੋਈ ਗੱਡੀ ਹੀ ਮੁਸਾਫ਼ਿਰ ਨੂੰ ਉਸ ਦੀ ਮੰਜ਼ਿਲ ਤੇ ਪਹੁੰਚਾ ਸਕਦੀ ਹੈ। ਰੁਕੀ ਹੋਈ ਗੱਡੀ ਨਾ ਤਾਂ ਆਪ ਤੁਰੇਗੀ ਨਾ ਹੀ ਕਿਸੇ ਮੁਸਾਫ਼ਿਰ ਨੂੰ ਉਸ ਦੀ ਮੰਜਿਲ ਤੇ ਪਹੁੰਚਾ ਸਕੇਗੀ। ਇਸੇ ਗੱਲ ਨੂੰ ਕੁਝ ਲੋਕ ਕਹਿੰਦੇ ਹਨ ਕਿ 'ਹਰਕਤ ਵਿਚ ਬਰਕਤ' ਹੈ ਭਾਵ ਇਹ ਹੈ ਕਿ ਜੇ ਕੋਈ ਮਸ਼ੀਨ ਚੱਲਦੀ ਹੈ ਤਾਂ ਹੀ ਉਸ ਦਾ ਲਾਭ ਹੈ। ਰੁਕੀ ਹੋਈ ਚੀਜ਼ ਦਾ ਕੋਈ ਲਾਭ ਨਹੀਂ ਹੈ। ਮਨੁੱਖ ਦਾ ਵੀ ਇਹ ਹੀ ਹਾਲ ਹੈ, ਜੇ ਉਸ ਦਾ ਦਿਲ ਹਰਕਤ ਕਰਦਾ ਹੈ ਤਾਂ ਹੀ ਉਹ ਜ਼ਿੰਦਾ ਹੈ ਜੇ ਦਿਲ ਦੀ ਹਰਕਤ ਖ਼ਤਮ ਦਾ ਬੰਦਾ ਵੀ ਖ਼ਤਮ। ਇਸੇ ਤਰ੍ਹਾਂ ਜੇ ਉਸ ਦਾ ਸਰੀਰ ਹਰਕਤ ਕਰਦਾ ਹੈ ਤਾਂ ਹੀ ਉਹ ਤੰਦਰੁਸਤ ਹੈ। ਉਸ ਦਾ ਵਿਕਾਸ ਹੈ। ਉਸ ਦਾ ਉਸ ਨੂੰ, ਉਸ ਦੇ ਪਰਿਵਾਰ  ਨੂੰ, ਸਮਾਜ ਨੂੰ ਅਤੇ ਦੇਸ਼ ਨੂੰ ਲਾਭ ਹੈ। ਨਹੀਂ ਤੇ ਉਸ ਦੇ ਹੋਏ ਦਾ ਜਾਂ ਨਾ ਹੋਏ ਦਾ ਕੋਈ ਲਾਭ ਨਹੀਂ।
ਉਪਰੋਕਤ ਵਿਚਾਰ ਦਾ ਇਹ ਭਾਵ ਹੈ ਕਿ ਮਨੁੱਖ ਨੂੰ ਕਦੀ ਵਿਹਲਾ ਨਹੀਂ ਬੈਠਣਾ ਚਾਹੀਦਾ। ਹਰ ਸਮੇਂ ਕੁਝ ਨਾ ਕੁਝ ਉਸਾਰੂ ਅਤੇ ਲੋਕ ਭਲਾਈ ਦਾ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਲ ਦੀਨ ਦੁਖੀ ਦਾ ਭਲਾ ਹੁੰਦਾ ਹੈ ਅਤੇ ਆਪਣਾ, ਆਪਣੇ ਪਰਿਵਾਰ ਦਾ, ਸਮਾਜ ਦਾ ਅਤੇ ਦੇਸ਼ ਦਾ ਵੀ ਵਿਕਾਸ ਹੁੰਦਾ ਹੈ। ਆਪਣੀ ਗ਼ਰੀਬੀ ਦੂਰ ਹੁੰਦੀ ਹੈ ਅਤੇ ਪਰਿਵਾਰ ਵਿਚ ਖ਼ੁਸ਼ਹਾਲੀ ਆਉਂਦੀ ਹੈ। ਕੰਮ ਤੇ ਰੁੱਝੇ ਰਹਿਣ ਦੀ ਮਿਸਾਲ ਅਸੀ ਇਕ ਛੋਟੀ ਜਿਹੀ ਕੀੜੀ ਤੋਂ ਵੀ ਲੈ ਸਕਦੇ ਹਾਂ।
ਪਰਮਾਤਮਾ ਨੇ ਸ਼ਾਇਦ ਸਭ ਦੇ ਸਰੀਰ ਨਾਲ ਪੇਟ ਵੀ ਇਸੇ ਲਈ ਹੀ ਲਾਇਆ ਹੈ ਕਿ ਕੋਈ ਵੀ ਪ੍ਰਾਣੀ ਵਿਹਲਾ ਨਾ ਰਹੇ। ਹਰ ਕੋਈੇ ਆਪਣੇ ਉਦਰ ਪੂਰਤੀ ਲਈ ਯਤਨ ਕਰਦਾ ਰਹੇ। ਇਸ ਨਾਲ ਉਸ ਦੇ ਸਰੀਰ ਵਿਚ ਹਰ ਸਮੇਂ ਹਰਕਤ ਰਹੇਗੀ। ਇਸੇ ਹਰਕਤ ਨਾਲ ਉਸ ਦੇ ਘਰ ਵਿਚ ਬਰਕਤ ਹੋਵੇਗੀ। ਬਣੇ ਬਣਾਏ ਭੋਜਨ ਨੂੰ ਖਾਣ ਲਈ ਵੀ ਬੰਦੇ ਨੂੰ ਹੱਥ ਹਿਲਾਉਣੇ ਹੀ ਪੈਂਦੇ ਹਨ ਅਤੇ ਮੂੰਹ ਨਾਲ ਚਬਾਉਣਾ ਵੀ ਪੈਂਦਾ ਹੈ। ਫਿਰ ਇਸ ਭੋਜਨ ਨੂੰ ਪਚਾਉਣ ਲਈ ਵੀ ਹਰਕਤ ਦੀ ਲੋੜ ਹੈ।
ਵਿਹਲਾ ਦਿਮਾਗ ਸ਼ੈਤਾਨ ਦਾ ਕਾਰਖਾਨਾ ਹੈ। ਉਸ ਨੂੰ ਸ਼ੈਤਾਨੀਆਂ ਸੁੱਝਦੀਆਂ ਹਨ। ਉਸ ਦੀ ਸੋਚ ਨਾਂਹ ਪੱਖੀ ਬਣ ਜਾਂਦੀ ਹੈ। ਉਹ ਨਸ਼ਿਆਂ ਵਿਚ ਪੈ ਕੇ ਕਈ ਬਿਮਾਰੀਆਂ ਸਹੇੜ ਬੈਠਦਾ ਹੈ। ਰੁਕਿਆ ਹੋਇਆ ਤਾਂ ਪਾਣੀ ਵੀ ਬੋਅ ਮਾਰਨ ਲੱਗ ਪੈਂਦਾ ਹੈ। ਪਏ ਪਏ ਲੋਹੇ ਨੂੰ ਜੰਗਾਲ ਲੱਗ ਜਾਂਦਾ ਹੈ। ਵਰਤੀਂਦੇ ਲੋਹੇ ਨੂੰ ਕਦੀ ਜੰਗਾਲ ਨਹੀਂ ਲੱਗਦਾ। ਕਈ ਆਲਸੀ ਬੰਦੇ ਕੰਮ ਨਾ ਮਿਲਣ ਦਾ ਬਹਾਨਾ ਬਣਾਉਂਦੇ ਹਨ। ਉਹ ਵਿਹਲੇ ਰਹਿ ਕੇ ਨਿਰਾਸ਼ਾ ਵਿਚ ਚਲੇ ਜਾਂਦੇ ਹਨ। ਉਹ ਇਹ ਭੁੱਲ ਜਾਂਦੇ ਹਨ ਕਿ ਮਿਹਨਤ ਵਾਲੇ ਦੀ ਕਦੀ ਹਾਰ ਨਹੀਂ ਹੁੰਦੀ। ਹਿਮਤੀ ਬੰਦੇ ਮਿਹਨਤ ਨਾਲ ਮਿੱਟੀ ਵਿਚੋਂ ਵੀ ਸੋਨਾ ਕੱਢ ਲੈਂਦੇ ਹਨ।



                    2
ਕਈ ਲੋਕ ਸੇਵਾ ਮੁਕਤੀ ਤੋਂ ਬਾਅਦ ਇਹ ਸੋਚਦੇ ਹਨ ਕਿ ਅਸੀਂ ਹੁਣ ਬੁੱਢੇ ਹੋ ਗਏ ਹਾਂ। ਸਾਨੂੰ ਕੰਮ ਕਰਨ ਲੋੜ ਨਹੀਂ। ਪਰ ਇਹ ਗ਼ਲਤ ਹੈ। ਆਪਣੇ ਛੋਟੇ ਛੋਟੇ ਕੰਮ ਖ਼ੁਦ ਕਰਨੇ ਚਾਹੀਦੇ ਹਨ। ਬਾਜ਼ਾਰ ਅਤੇ ਨੇੜੇ ਤੇੜੇ ਦੇ ਕੰਮਾਂ ਲਈ ਵਾਹਨ ਦੀ ਵਰਤੋਂ ਨਾ ਕਰੋ। ਇਹ ਕੰਮ ਪੈਦਲ ਹੀ ਕਰੋ।ਕਈਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹ ਆਪਣਾ ਖਾਲੀ ਸਮਾਂ ਕਿਵੇਂ ਬਿਤਾਉਣ। ਇਸ ਸਮੇਂ ਨੂੰ ਕੁਝ ਹਲਕਾ ਫੁਲਕਾ ਕੰਮ ਕਰ ਕੇ ਇਸ ਸਮੇਂ ਨੂੰ ਕਿਸੇ ਉਸਾਰੂ ਪਾਸੇ ਲਾਣਾ ਚਾਹੀਦਾ ਹੈ। ਤੁਸੀਂ ਆਪਣੀਆਂ ਅਧੂਰੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਵੀ ਉਪਯੋਗ ਕਰ  ਸਕਦੇ ਹੋ। ਘਰੋਂ ਬਾਹਰ ਨਿਕਲੋ ਅਤੇ ਇਸ ਸੁਨਹਿਰੀ ਉਮਰ ਦਾ ਆਨੰਦ ਮਾਣੋ ਅਤੇ ਨੂੰਹਾਂ ਧੀਆਂ ਨੂੰ ਆਪਣੇ ਹਿਸਾਬ ਜ਼ਿੰਦਗੀ ਜਿਉਣ ਦਿਓ ਬੱਚਿਆਂ ਨੂੰ ਤੁਹਾਡੇ ਘਰ ਪਰਤਣ ਦੀ ਉਡੀਕ ਹੋਵੇ। ਇਸ ਨਾਲ ਘਰ ਦਾ ਵਾਤਾਵਰਨ ਸੁਖਾਵਾਂ ਬਣੇਗਾ। ਸਵੇਰੇ ਸ਼ਾਮ ਸੈਰ ਕਰ ਸਕਦੇ ਹੋ, ਹੱਲਕੀ ਵਰਜਿਸ਼ ਕਰ ਸਕਦੇ ਹੋ, ਚੰਗੀਆਂ ਪੁਸਤਕਾਂ ਪੜ੍ਹ ਸਕਦੇ ਹੋ। ਮੰਦਰ ਗੁਰਦਵਾਰੇ ਜਾ ਸਕਦੇ ਹੋ, ਘਰ ਵਿਚ ਹੀ ਫੁੱਲ ਬੂਟੇ ਅਤੇ ਸਬਜੀਆਂ ਲਾ ਕੇ ਕਿਚਨ ਗਾਰਡਨ ਬਣਾ ਸਕਦੇ ਹੋ।ਇਹ ਸਮਾਂ ਤੁਸੀਂ ਕਿਸੇ ਦੀਨ ਦੁਖੀ ਦੀ ਸੇਵਾ ਵਿਚ ਵੀ ਲਾ ਸਕਦੇ ਹੋ। ਗ਼ਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾ ਕੇ ਵਿਦਿਆ ਦਾਨ ਦੇ ਸਕਦੇ ਹੋ। ਅਨਾਥ ਜਾਂ ਬ੍ਰਿਧ ਆਸ਼ਰਮ, ਜਾਂ ਕਿਸੇ ਹਸਪਤਾਲ ਵਿਚ ਜਾ ਕੇ ਕੋਈ ਸੇਵਾ ਨਿਭਾ ਸਕਦੇ ਹੋ। ਪਰਉਪਕਾਰ ਦੇ ਕੰਮਾ ਨਾਲ ਤੁਹਨੂੰ ਖ਼ੁਸ਼ੀ ਮਿਲੇਗੀ ਅਤੇ ਲੋੜਵੰਦਾਂ ਦਾ ਭਲਾ ਹੋਵੇਗਾ। ਜ਼ਿੰਦਗੀ ਨੂੰ ਰਵਾਨਗੀ ਮਿਲੇਗੀ। ਤੁਸੀਂ ਹਰ ਸਮੇਂ ਤਰੋਤਾਜ਼ਾ ਅਤੇ ਤੰਦਰੁਸਤ ਰਹੋਗੇ।
ਜੇ ਕਰ ਤੁਹਾਡੇ ਵਾਲ ਸਫੈਦ ਹੋ ਗਏ ਹਨ ਤਾਂ ਇਸ ਦਾ ਮਤਲਬ ਜ਼ਿੰਦਗੀ ਦਾ ਅੰਤ ਨਹੀਂ ਨਹੀਂ। ਇਹ ਇਕ ਚੰਗੀ ਜ਼ਿੰਦਗੀ ਦੀ ਸ਼ੁਰੂਆਤ ਹੈ। ਆਨੰਦ ਨਾਲ ਬੇਫਿਕਰ ਹੋ ਕੇ ਜੀਓ। ਇਸ ਨਾਲ ਤੁਹਾਡੀ ਯਾਦਾਸ਼ਤ ਵਧੇਗੀ। ਬੱਚਿਆਂ ਨਾਲ ਪਿਆਰ ਅਤੇ ਹਮਦਰਦੀ ਨਾਲ ਮਿਲੋ। ਹਰ ਸਮੇਂ ਚਿਹਰੇ ਤੇ ਮੁਸਕਾਨ ਰੱਖੋ। ਤੁਸੀਂ ਗਿਆਨ ਦਾ ਭੰਡਾਰਾ ਹੋੇ। ਤੁਸੀਂ ਬੱਚਿਆਂ ਲਈ ਪ੍ਰੇਰਨਾ ਸਰੋਤ ਹੋ। ਉਨ੍ਹਾਂ ਨੂੰ ਤੁਹਾਡੇ ਕੋਲੋਂ ਸੁਚੱਜੀ ਅਗੁਵਾਈ ਮਿਲੇਗੀ। ਬੱਚੇ ਤੁਹਾਨੂੰ ਬੋਝ ਨਹੀਂ ਸਮਝਣਗੇ। ਸਾਰੇ ਪਰਿਵਾਰ ਵਿਚ ਤੁਹਾਡੀ ਇਜੱਤ ਵਧੇਗੀ।
ਕਈ ਲੋਕਾਂ ਕੋਲ ਬਹੁਤਾ ਧਨ ਆ ਜਾਏ ਤਾਂ ਉਹ ਵੀ ਸੋਚਦੇ ਹਨ ਕਿ ਹੁਣ ਸਾਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ। ਅਸੀਂ ਵਿਹਲੇ ਬੈਠ ਕਿ ਖਾ ਸਕਦੇ ਹਾਂ ਪਰ ਕੇਵਲ ਆਪਣਾ ਪੇਟ ਭਰਨਾ ਹੀ ਜ਼ਿੰਦਗੀ ਦਾ ਮਕਸਦ ਨਹੀਂ। ਆਪਣਾ ਪੇਟ ਤਾਂ ਜਾਨਵਰ ਵੀ ਭਰ ਹੀ ਲੈਂਦੇ ਹਨ।
ਮਨੁੱਖਾ ਜੀਵਨ ਦਾ ਮਨੋਰਥ ਕੁਝ ਉਚੇਰਾ ਹੈ। ਪਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ ਤੇ ਵਿਹਲੇ ਰਹਿਣ ਲਈ ਨਹੀਂ ਭੇਜਿਆ। ਉਸ ਨੂੰ ਚੰਗੇ ਕਰਮ ਕਰਨ ਲਈ ਭੇਜਿਆ ਹੈ। ਵਿਹਲੇ ਰਿਹਾਂ ਪੇਟ ਨਹੀਂ ਭਰਦਾ। ਵਿਹਲਿਆਂ ਤਾਂ ਮੱਖੀ ਵੀ ਮੂੰਹ ਵਿਚ ਨਹੀਂ ਪੈਂਦੀ। ਪੇਟ ਭਰਨ ਲਈ ਹੱਥ ਹਿਲਾਉਣੇ ਪੈਂਦੇ ਹਨ।ਸਰੀਰ ਨੂੰ ਕੁਝ ਕਸ਼ਟ ਦੇਣਾ ਪੈਂਦਾ ਹੈ। ਬੰਦੇ ਦੇ ਸੁੱਖ ਦੀ ਦੁਨੀਆਂ ਉਸ ਦੇ ਅਰਾਮ ਦੀ ਹੱਦ ਤੋਂ ਬਾਹਰ ਜਾ ਕੇ ਹੀ ਸ਼ੁਰੂ ਹੁੰਦੀ ਹੈ। ਹਰਕਤ ਦਾ ਦੂਜਾ ਨਾਮ ਮਿਹਨਤ ਹੈ ਅਤੇ ਇਸੇ ਹਰਕਤ ਵਿਚ ਹੀ ਬਰਕਤ ਹੈ।
*****
    ਗੁਰਸ਼ਰਨ ਸਿੰਘ ਕੁਮਾਰ
                #  1183, ਫੇਜ਼-10, ਮੁਹਾਲੀ
                        ਮੋਬਾਇਲ:-94631-89432
email:  gursharan1183@yahoo.in

ਮਾਂ ਦਾ ਵਿਆਹ - ਗੁਰਸ਼ਰਨ ਸਿੰਘ ਕੁਮਾਰ

"ਹੈਲੋ"
"ਹੈਲੋ"
"ਹਾਂ ਭਈ ਕੀ ਹਾਲ ਹੈ?"
"ਠੀਕ ਹਾਂ, ਕੱਟ ਰਹੀ ਹੈ ਜ਼ਿੰਦਗੀ"
"ਇਕ ਮਹੀਨੇ ਤੋਂ ਫੋਨ ਕਿਉਂ ਨਹੀਂ ਕੀਤਾ?"
"ਕੀ ਦੱਸਾਂ ਯਾਰ ਤਬੀਅਤ ਹੀ ਠੀਕ ਨਹੀਂ ਸੀ। ਕਿਸੇ ਨਾਲ ਗੱਲ ਕਰਨ ਨੂੰ ਜੀਅ ਹੀ ਨਹੀਂ ਸੀ ਕਰਦਾ।" ਅਨਿਲ ਨੇ ਉੱਤਰ ਦਿੱਤਾ।
"ਮੈਨੂੰ ਲੱਗਦਾ ਹੈ ਤੂੰ ਇਕ ਦਿਨ ਇਸੇ ਤਰ੍ਹਾਂ ਹੀ ਮਰ ਜਾਣਾ ਹੈ। ਗਵਾਂਢੀਆਂ ਨੂੰ ਵੀ ਉਦੋਂ ਹੀ ਪਤਾ ਲੱਗਣਾ ਹੈ ਜਦੋਂ ਤੇਰੇ ਕਮਰੇ ਵਿਚੋਂ ਉਨ੍ਹਾਂ ਨੂੰ ਬੋਅ ਆਉਣ ਲੱਗ ਪਵੇਗੀ।" ਦਲਜੀਤ ਨੇ ਗੁੱਸੇ ਵਿਚ ਕਿਹਾ।
"ਤੂੰ ਹੀ ਦੱਸ ਯਾਰ ਮੈਂ ਕੀ ਕਰਾਂ। ਮੇਰੇ ਕੁਝ ਆਪਣੇ ਵੱਸ ਥੋੜ੍ਹਾ ਹੈ।"
"ਹੈ ਕਿਉਂ ਨਹੀਂ?"
"ਉਹ ਕਿਵੇਂ?"
"ਤੈਨੂੰ ਯਾਦ ਹੈ ਅੱਜ ਤੋਂ 44 ਸਾਲ ਪਹਿਲਾਂ ਜਦ ਅਸੀਂ ਐੈੈੈੈੈਮ. ਏ. ਦਾ ਇਮਤਿਹਾਨ ਦੇ ਕੇ ਵਿੱਛੜਣ ਲੱਗੇ ਸੀ ਤਾਂ ਕੀ ਵਾਅਦਾ ਕੀਤਾ ਸੀ?"
"ਕੀ ਵਾਅਦਾ ਕੀਤਾ ਸੀ?"
"ਅਸੀ ਵਾਅਦਾ ਕੀਤਾ ਸੀ ਕਿ ਅਸੀਂ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਾਂਗੇ ਅਤੇ ਘੱਟੋ ਘੱਟ ਸੌ ਸਾਲ ਜੀਵਾਂਗੇ।"
"ਉਹ ਤਾਂ ਠੀਕ ਹੈ ਪਰ ਅਸੀ ਹਾਲੀ ਜੀਅ ਹੀ ਤਾਂ ਰਹੇ ਹਾਂ"
"ਪਰ ਇਸ ਨੂੰ ਜੀਣਾ ਥੋੜ੍ਹੀ ਕਹਿੰਦੇ ਹਨ। ਉਹ ਕਿਵੇਂ? ਅੱਛਾ ਤੂੰ ਇਹ ਦੱਸ ਜੋਤੀ ਭਰਜਾਈ ਨੂੰ ਪੂਰਾ ਹੋਏ ਕਿੰਨੇ ਸਾਲ ਹੋਏ ਹਨ?"
"ਦੋ ਸਾਲ"
"ਤੇ ਤੇਰਾ ਉਸ ਨਾਲ ਕਿੰਨੇ ਸਾਲ ਦਾ ਸਾਥ ਰਿਹਾ ਹੈ?"
"ਇਹ ਹੀ ਕੋਈ 38 ਕੁ ਸਾਲ ਦਾ"
"ਤੇਰੀ ਉਮਰ ਇਸ ਸਮੇਂ ਹੈ 66 ਸਾਲ। ਜੇ ਤੂੰ 100 ਸਾਲ ਜਿਉਣਾ ਹੈ ਤਾਂ ਇਸ ਦਾ ਮਤਲਬ ਹੈ ਕਿ ਅਗਲੇ 34 ਸਾਲ ਤੂੰ ਇਸੇ ਤਰ੍ਹਾਂ ਇਕੱਲ੍ਹੇ ਹੀ ਕੱਟਣ ਦਾ ਇਰਾਦਾ ਰੱਖਦਾ ਹੈ? ਅਸਲ ਵਿਚ ਤੂੰ ਜ਼ਿੰਦਗੀ ਜੀਅ ਨਹੀਂ ਰਿਹਾ। ਜ਼ਿੰਦਗੀ ਕੱਟ ਰਿਹਾ ਹੈਂ। ਇਹ ਇਕ ਧੀਮੀ ਗਤੀ ਦੀ ਖ਼ੁਦਕੁਸ਼ੀ ਹੈ।"
"ਕੀ ਦੱਸਾਂ ਯਾਰ ਜੋਤੀ ਦੇ ਜਾਣ ਤੋਂ ਬਾਅਦ ਮੈਂ ਕਿਸੇ ਹੋਰ ਔਰਤ ਦਾ ਆਪਣੀ ਜ਼ਿੰਦਗੀ ਵਿਚ ਪ੍ਰਵੇਸ਼ ਸੋਚ ਵੀ ਨਹੀਂ ਸਕਦਾ। ਨਾਲੇ ਮੈਂ ਜਬਰਦਸਤੀ ਥੋੜ੍ਹਾ ਕਿਸੇ ਨੂੰ ਚੁੱਕ ਕੇ ਲੈ ਆਉਣਾ ਹੈ?"
"ਇਹ ਗੱਲ ਹੈ ਤਾਂ ਫਿਰ ਮੈਨੂੰ ਹੀ ਕੁਝ ਕਰਨਾ ਪਵੇਗਾ।" ਇਹ ਕਹਿ ਕੇ ਦਲਜੀਤ ਨੇ ਫੋਨ ਕੱਟ ਦਿੱਤਾ। ਅਨਿਲ ਅਤੇ ਦਲਜੀਤ ਸਕੂਲ ਸਮੇਂ ਤੋਂ ਹੀ ਪੱਕੇ ਦੋਸਤ ਸਨ ਪਰ ਵਿਆਹ ਤੋਂ ਬਾਅਦ ਅਨਿਲ ਦੇ ਘਰ ਕੋਈ ਬੱਚਾ ਨਾ ਹੋਇਆ ਅਤੇ ਉਸ ਦੀ ਪਤਨੀ ਜੋਤੀ ਵੀ ਸਮੇਂ ਤੋਂ ਪਹਿਲਾਂ ਹੀ ਕੈਂਸਰ ਨਾਲ ਗੁਜ਼ਰ ਗਈ। ਅਨਿਲ ਨੇ ਇਕ ਅਨਾਥ ਆਰਮ ਵਿਚ ਸੇਵਾ ਸੰਭਾਲ ਕੇ ਆਪਣਾ ਧਿਆਨ ਹੋਰ ਪਾਸੇ ਲਾਣਾ ਸ਼ੁਰੂ ਕੀਤਾ। ਦਲਜੀਤ ਚਾਹੁੰਦਾ ਸੀ ਕਿ ਅਨਿਲ ਆਪਣੇ ਗਮ ਵਿਚੋਂ ਬਾਹਰ ਨਿਕਲੇ ਅਤੇ ਫਿਰ ਤੋਂ ਨਾਰਮਲ ਜ਼ਿੰਦਗੀ ਸ਼ੁਰੂ ਕਰੇ। ਇਸ ਤੋਂ ਬਾਅਦ ਦਲਜੀਤ ਨੇ ਉਸ ਦੇ ਹਾਣ ਦੀਆਂ ਕਈ ਅੋਰਤਾਂ ਦੇ ਮੈਟਰੀਮੋਨੀਅਲ ਅਨਿਲ ਨੂੰ ਭੇਜੇ ਪਰ ਅਨਿਲ ਨੇ ਕਿਸੇ ਬਾਰੇ ਹਾਂ ਨਾ ਕੀਤੀ। ਆਖਿਰ ਦਲਜੀਤ ਨੇ ਇਕ ਨਵੀਂ ਤਰ੍ਹਾਂ ਦਾ ਮੈਟਰੀਮੋਨੀਅਲ ਉਸ ਨੂੰ ਭੇਜਿਆ ਜੋ ਇਸ ਪ੍ਰਕਾਰ ਸੀ-'ਖ਼ੂਬਸੂਰਤ ਜਵਾਨ ਵਿਧਵਾ ਔਰਤ (ਇਕ ਬੱਚੇ ਦੀ ਮਾਂ) ਉਮਰ 60 ਸਾਲ ਲਈ ਵਰ ਚਾਹੀਦਾ ਹੈ। ਸੰਪਰਕ ਮੌਬਾਇਲ 9877766666 ।
ਉਪਰੋਕਤ ਇਸ਼ਤਿਹਾਰ ਪੜ੍ਹ ਕੇ ਅਨਿਲ ਨੂੰ ਬਹੁਤ ਹੈਰਾਨੀ ਹੋਈ। ਇਕ ਲਾਇਨ ਦੇ ਇਸ਼ਤਿਹਾਰ ਵਿਚ ਕਈ ਗੱਲਾਂ ਹੈਰਾਨ ਕਰਨ ਵਾਲੀਆਂ ਸਨ।ਪਹਿਲੀ ਗੱਲ ਖ਼ੂਬਸੂਰਤ ਜਵਾਨ ਵਿਧਵਾ ਦੁਜੀ ਗੱਲ ਉਮਰ 60 ਸਾਲ ਤੀਜੀ ਗੱਲ ਇਕ ਬੱਚੇ ਦੀ ਮਾਂ।  ਫਿਰ 60 ਸਾਲ ਦੀ ਵਿਧਵਾ ਵਿਚ ਇਹ ਤਾਂ ਹੋ ਸਕਦਾ ਹੈ ਕਿ ਖ਼ੂਬਸੂਰਤੀ ਦਾ ਕੁਝ ਅੰਸ਼ ਬਚਿਆ ਰਹਿ ਗਿਆ ਹੋਵੇ ਪਰ 60 ਸਾਲ ਦੀ ਵਿਧਵਾ ਨੂੰ ਜਵਾਨ ਤਾਂ ਨਹੀਂ ਕਿਹਾ ਜਾ ਸਕਦਾ ਨਾ। ਜੇ ਔਰਤ ਦੀ ਉਮਰ 60 ਸਾਲ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਦਾ ਬੱਚਾ ਵੀ ਘਟੋ ਘੱਟ 30/35 ਸਾਲ ਦਾ ਤਾਂ ਹੋਵੇਗਾ ਹੀ। 30/35 ਸਾਲ ਦੇ ਮਰਦ ਨੂੰ ਬੱਚਾ ਤਾਂ ਨਹੀਂ ਕਿਹਾ ਜਾ ਸਕਦਾ। ਇਸ ਹਿਸਾਬ ਸਿਰ 30/35 ਸਾਲ ਬੱਚਾ ਵੀ ਵਿਆਹਿਆ ਹੋਇਆ ਹੀ ਹੋਵੇਗਾ। ਖ਼ੈਰ ਸੋਚਿਆ ਜਾਵੇ ਤਾਂ ਮਾਂ ਲਈ ਤਾਂ ਬੱਚਾ, ਬੱਚਾ ਹੀ ਹੈ ਭਾਵੇਂ ਉਹ ਕਿੱਡਾ ਵੀ ਵੱਡਾ ਕਿਉਂ ਨਾ ਹੋ ਜਾਵੇ। ਗੱਲ ਤਾਂ ਇਹ ਹੈ ਕਿ 30/35 ਸਾਲ ਦੇ ਜਵਾਨ ਬੱਚੇ ਦੇ ਹੁੰਦਿਆਂ ਕਿਸੇ ਅੋਰਤ ਨੂੰ ਵਿਆਹ ਕਰਾਉਣ ਦੀ ਕੀ ਲੋੜ ਹੈ?
ਅਨਿਲ ਕਈ ਅਣਸੁਲਝੇ ਸੁਆਲਾਂ ਦਾ ਜਵਾਬ ਲੈਣ ਲਈ ਗਰੈਂਡ ਹੋਟਲ ਦੇ ਕਮਰਾ ਨੰਬਰ 8 ਵਿਚ ਦਾਖਲ ਹੋਇਆ। ਅੱਗੇ ਇਕ 30/35 ਸਾਲ ਦਾ ਸੁੰਦਰ ਨੌਜਵਾਨ ਸੋਫੇ ਤੇ ਬੈਠਾ ਹੋਇਆ ਸੀ। ਅਨਿਲ ਨੂੰ ਦੇਖਦੇ ਹੀ ਉਹ ਹੱਥ ਜੋੜ ਕੇ ਉੱਠ ਖੜ੍ਹਾ ਹੋਇਆ-'ਜੀ ਨਮਸਤੇ'
'ਨਮਸਤੇ'
'ਜੀ ਮੇਰਾ ਨਾਮ ਰਾਜੇਸ਼ ਹੈ'
'ਮੇਰਾ ਨਾਮ ਅਨਿਲ ਹੈ' ਮੈਂ ਇਕ ਇਸ਼ਤਿਹਾਰ ਦੇ ਸਬੰਧ ਵਿਚ ਗੱਲ ਕਰਨ ਆਇਆ ਹਾਂ'
'ਹਾਂ....ਹਾਂ ਠੀਕ ਹੈ। ਤੁਸੀਂ ਅਰਾਾਮ ਨਾਲ ਬੈਠੋ। ਫਿਰ ਗੱਲ ਕਰਦੇ ਹਾਂ'
ਦੋਵੇਂ ਜਣੇ ਸੋਫੇ ਤੇ ਇਕ ਦੂਜੇ ਦੇ ਸਾਹਮਣੇ ਬੈਠ ਗਏ। ਅਨਿਲ ਇਕ ਟੱਕ ਰਾਜੇਸ਼ ਵੱਲ ਦੇਖ ਰਿਹਾ ਸੀ। ਉਸ ਦੇ ਮਨ ਤੇ ਰਾਜੇਸ਼ ਦੀ ਸ਼ਾਲੀਨਤਾ ਦਾ ਬਹੁਤ ਸੁਖਾਵਾਂ ਪ੍ਰਭਾਵ ਪੈ ਰਿਹਾ ਸੀ। ਪਰ ਉਸ ਦੇ ਅੰਦਰ ਹਾਲੀ ਵੀ ਕਈ ਸੁਆਲ ਖੌਰੂ ਪਾ ਰਹੇ ਸਨ। ਰਾਜੇਸ਼ ਨੇ ਘੰਟੀ ਵਜਾਈ ਅਤੇ ਬੈਰੇ ਨੂੰ ਦੋ ਕੱਪ ਕੌਫੀ ਦਾ ਆਡਰ ਦਿੱਤਾ। ਫਿਰ ਅਨਿਲ ਨੂੰ ਮੁਖਾਤਿਬ ਹੁੰਦੇ ਹੋਏ ਕਿਹਾ-"ਕੀ ਮੈਂ ਤੁਹਾਨੂੰ ਅੰਕਲ ਕਹਿ ਸਕਦਾ ਹਾਂ?"
" ਹਾਂ ਕਿਉਂ ਨਹੀਂ ਤੁਸੀਂ ਮੇਰੇ ਬੱਚਿਆਂ ਦੀ ਤਰ੍ਹਾਂ ਹੀ ਹੋ। ਮੈਂ ਤੁਹਾਨੂੰ ਆਪਣੇ ਬਾਰੇ ਤਾਂ ਫੋਨ ਤੇ ਸਭ ਕੁਝ ਦੱਸ ਹੀ ਦਿੱਤਾ ਸੀ ਪਰ ਤੁਸੀ ਆਪਣੇ ਬਾਰੇ ਕੁਝ ਨਹੀਂ ਦੱਸਿਆ।"
"ਠੀਕ ਹੈ ਅੰਕਲ ਜੀ, ਗੱਲ ਇਸ ਤਰ੍ਹਾਂ ਹੈ ਕਿ ਇਸ ਇਸ਼ਤਿਹਾਰ ਬਾਰੇ ਗੱਲ ਅੱਗੇ ਤੋਰਨ ਤੋਂ ਪਹਿਲਾਂ ਮੈਂ ਆਪਣੇ ਬਾਰੇ ਕੁਝ ਦੱਸਣਾ ਚਾਹੁੰਦਾ ਹਾਂ। ਇਸ ਤੋਂ ਬਾਅਦ ਹੀ ਤੁਸੀਂ ਇਸ ਇਸ਼ਹਿਤਰ ਦੀ ਗੱਲ ਸਮਝ ਸਕੋਗੇ।"
"ਠੀਕ ਹੈ।" ਅਨਿਲ ਦੀ ਉਤਸਕਤਾ ਹੋਰ ਵਧ ਗਈ।
"ਅੰਕਲ ਜੀ, ਮੈਂ ਆਪਣੇ ਮਾਂ ਪਿਉ ਦੀ ਇਕਲੋਤੀ ਔਲਾਦ ਹਾਂ। ਉਨ੍ਹਾਂ ਨੇ ਮੈਨੂੰ ਬਹੁਤ ਲਾਡ ਪਿਆਰ ਨਾਲ ਪਾਲਿਆ ਅਤੇ ਉੱਚ ਸਿਖਿਆ ਦੁਵਾਈ। ਜਿਸ ਦਾ ਸਦਕਾ ਮੇਰੀ ਕੈਨੇਡਾ ਵਿਚ ਅਸਾਨੀ ਨਾਲ ਪੱਕੀ ਰਿਹਾਇਸ਼ ਹੋ ਗਈ ਅਤੇ ਨਾਲ ਹੀ ਉੱਥੇ ਇਕ ਚੰਗਾ ਰੁਜ਼ਗਾਰ ਵੀ ਮਿਲ ਗਿਆ ਅਤੇ ਉੇਥੋਂ ਦੀ ਇਕ ਸੁੰਦਰ ਲੜਕੀ ਗੀਤਾ ਨਾਲ ਮੇਰੀ ਸ਼ਾਦੀ ਹੋ ਗਈ। ਮੈਂ ਮਾਤਾ ਪਿਤਾ ਨੂੰ ਵੀ ਉੱਤੇ ਹੀ ਸ਼ਿਫਟ ਕਰ ਕੇ ਆਪਣੇ ਨਾਲ ਰੱਖਣਾ ਚਾਹੁੰਦਾ ਸਾਂ ਪਰ ਉਨ੍ਹਾਂ ਦਾ ਆਪਣੀ ਜਨਮ ਭੁਮੀ ਨਾਲ ਬਹੁਤ ਮੋਹ ਸੀ। ਇਸ ਲਈ ਉਹ ਆਪਣਾ ਮੁਲਕ ਛੱਡਣ ਲਈ ਤਿਆਰ ਨਾ ਹੋਏ। ਉਨ੍ਹਾਂ ਸਾਫ ਕਹਿ ਦਿੱਤਾ-"ਤੁਸੀਂ ਆਪਣਾ ਭੱਵਿਖ ਸਵਾਰੋ। ਜਿੰਨੀਆਂ ਮਰਜ਼ੀ ਉੱਚੀਆਂ ਉਡਾਰੀਆਂ ਮਾਰੋ। ਸਾਨੂੰ ਖ਼ੁਸ਼ੀ ਹੈ। ਅਸੀਂ ਦੋਵੇਂ ਇੱਥੇ ਹੀ ਠੀਕ ਹਾਂ। ਸਾਨੂੰ ਇੱਥੇ ਕੋਈ ਦਿੱਕਤ ਨਹੀਂ। ਖੈਰ ਇੱਥੋਂ ਤੱਕ ਤਾਂ ਠੀਕ ਹੀ ਚੱਲਦਾ ਰਿਹਾ। ਪਰ ਦਿੱਕਤ ਪੰਜ ਸਾਲ ਪਹਿਲਾਂ ਹੋਈ ਜਦ ਮੇਰੇ ਪਿਤਾ ਰਾਮ ਨਾਥ ਜੀ ਨੂੰ ਅਚਾਨਕ ਹਾਰਟ ਅਟੈਕ ਆਇਆ ਅਤੇ ਉਹ ਸਾਨੂੰ ਰੌਂਦੇ ਕਲਪਦੇ ਛੱਡ ਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਮੰਮੀ ਦੇ ਸਿਰ ਤੇ ਤਾਂ ਦੁੱਖਾਂ ਦਾ ਪਹਾੜ ਆਣ ਪਿਆ। ਉਹ ਬਿਲਕੁਲ ਇਕੱਲ੍ਹੇ ਹੋ ਗਏ। ਅਸੀਂ ਮੰਮੀ ਨੂੰ ਆਪਣੇ ਨਾਲ ਕੈਨੇਡਾ ਚੱਲਣ ਲਈ ਬਹੁਤ ਜੋਰ ਦਿੱਤਾ ਪਰ ਮੰਮੀ ਨਾ ਮੰਨੇ। ਮੰਮੀ ਦਾ ਇਕੋ ਜੁਵਾਬ ਸੀ ਕਿ ਤੇਰੇ ਡੈਡੀ ਮੇਰੇ ਲਈ ਇਹ ਮਕਾਨ ਇਕ ਮੰਦਰ ਬਣਾ ਗਏ ਹਨ। ਮੈਂ ਇੱਥੇ ਹੀ ਰਹਾਂਗੀ। ਮੈਂ ਗੀਤਾ ਨੂੰ ਭਾਰਤ ਵਿਚ ਮੰਮੀ ਕੋਲ ਸੈਟਲ ਹੋਣ ਲਈ ਕਿਹਾ ਪਰ ਉਹ ਨਾ ਮੰਨੀ ਕਿਉਂਕਿ ਉਸ ਦਾ ਸਾਰਾ ਪਿਛੋਕੜ ਕੈਨੇਡਾ ਦਾ ਸੀ। ਉਸ ਨੂੰ ਭਾਰਤ ਨਾਲ ਕੋਈ ਲਗਾਵ ਨਹੀਂ ਸੀ। ਹੁਣ ਮੇਰਾ ਦੋ ਬੇੜੀਆਂ ਵਿਚ ਪੈਰ ਸੀ। ਇਕ ਪਾਸੇ ਮੰਮੀ ਸੀ ਅਤੇ ਦੂਜੇ ਪਾਸੇ ਮੇਰਾ ਆਪਣਾ ਪਰਿਵਾਰ। ਮੈਂ ਦੋਹਾਂ ਵਿਚੋਂ ਕਿਸੇ ਇਕ ਨੂੰ ਵੀ ਨਹੀਂ ਸੀ ਛੱਡ ਸਕਦਾ ਅਤੇ ਨਾ ਹੀ ਇਕੋ ਸਮੇਂ ਦੋਹਾਂ ਨਾਲ ਰਹਿ ਸਕਦਾ ਹਾਂ। ਮਜ਼ਬੂਰਨ ਸਾਨੂੰ ਮੰਮੀ ਨੂੰ ਇੱਥੇ ਇੱਕਲ੍ਹਾ ਛੱਡਣਾ ਪਿਆ। ਮੰਮੀ ਇਕੱਲ੍ਹੇ ਬਹੁਤ ਉਦਾਸ ਰਹਿਣ ਲੱਗ ਪਏ। ਪਿਛਲੇ ਪੰਜ ਸਾਲ ਵਿਚ ਇਕੱਲ੍ਹੇ ਰਹਿਣ ਕਰ ਕੇ ਗਮ ਨਾਲ ਮੇਰੀ ਮੰਮੀ ਦਾ ਚਿਹਰਾ ਮੁਰਝਾ ਗਿਆ ਹੈ। ਮੈਂ ਉਨ੍ਹਾਂ ਨੂੰ ਤਿਲ ਤਿਲ ਕਰ ਕੇ ਮਰਦੇ ਹੋਏ ਨਹੀਂ ਦੇਖ ਸਕਦਾ। ਉਨ੍ਹਾਂ ਦੇ ਸੁੰਦਰ ਚਿਹਰੇ ਤੇ ਕੋਈ ਮਿੱਤਰ ਹੀ ਦੁਬਾਰਾ ਰੌਣਕ ਲਿਆ ਸਕਦਾ ਹੈ। ਉਹ ਮਿੱਤਰ ਜੋ ਮੇਰੀ ਮੰਮੀ ਦਾ ਉਮਰ ਭਰ ਦਾ ਸਾਥੀ ਬਣੇ ਅਤੇ ਇਕ ਦੋਸਤ ਦੀ ਤਰ੍ਹਾਂ ਵਿਉਹਾਰ ਕਰੇ।"  ਅਨਿਲ ਰਾਜੇਸ਼ ਦੀ ਗੱਲ ਬੜੇ ਧਿਆਨ ਨਾਲ ਸੁਣ ਰਿਹਾ ਸੀ। ਉਸ ਨੂੰ ਆਪਣੇ ਸਵਾਲਾਂ ਦਾ ਜੁਵਾਬ ਮਿਲਦਾ ਜਾ ਰਿਹਾ ਸੀ। ਰਾਜੇਸ਼ ਨੇ ਗੱਲ ਨੂੰ ਅੱਗੇ ਤੋਰਦੇ ਹੋਏ ਕਿਹਾ-"ਤੁਸੀਂ ਸਮਝ ਰਹੇ ਹੋ ਨਾ ਮੇਰੀ ਗੱਲ। ਇਸ ਉਮਰ ਵਿਚ ਇਕ ਦੂਜੇ ਤੋਂ ਕੋਈ ਬਹੁਤੀਆਂ ਉਮੀਦਾਂ ਨਹੀਂ ਰੱਖੀਆਂ ਜਾਂਦੀਆਂ। ਸਿਰਫ ਸੁਹਿਰਦਤਾ ਨਾਲ ਇਕ ਦੂਜੇ ਦਾ ਸਹਿਯੋਗ ਕੀਤਾ ਜਾਂਦਾ ਹੈ ਅਤੇ ਸਾਥ ਮਾਣਿਆ ਜਾਂਦਾ ਹੈ। ਦੂਜੇ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਇਨ੍ਹਾਂ ਸੁਨਿਹਰੀ ਪਲਾਂ ਦਾ ਅਨੰਦ ਮਾਣਿਆ ਜਾਂਦਾ ਹੈ।
ਅੰਕਲ ਜੀ ਮੈਂ ਬਹੁਤ ਸੋਚ ਸਮਝ ਕੇ ਅਤੇ ਵੱਡਾ ਦਿਲ ਰੱਖ ਕੇ ਇਹ ਇਸ਼ਤਿਹਾਰ ਦਿੱਤਾ ਹੈ। ਹੁਣ ਜੇ ਤੁਸੀਂ ਠੀਕ ਸਮਝੋ ਤਾਂ ਅਸੀਂ ਇਸ ਮਾਮਲੇ ਵਿਚ ਅੱਗੇ ਵਧ ਸਕਦੇ ਹਾਂ।"
"ਉਹ ਤਾਂ ਠੀਕ ਹੈ ਪਰ ਕੀ ਤੁਹਾਡੇ ਮੰਮੀ ਇਸ ਗੱਲ ਲਈ ਰਾਜ਼ੀ ਹੋ ਜਾਣਗੇ?"
"ਮੰਮੀ ਨੂੰ ਇਸ ਗੱਲ ਲਈ ਮਨਾਉਣਾ ਬਹੁਤ ਕਠਿਨ ਸੀ। ਖੈਰ ਮੈਂ ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਇਸ ਪਾਸੇ ਤੋਰਿਆ ਹੈ। ਮੈਂ ਉਨ੍ਹਾਂ ਨੂੰ ਸਮਝਾਇਆ ਹੈ ਕਿ ਵਿਧਵਾ ਨੂੰ ਵੀ ਆਪਣੇ ਹਿਸਾਬ ਸਿਰ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ। ਤਿਲ ਤਿਲ ਕਰ ਕੇ ਮਰਨ ਨਾਲੋਂ ਤਾਂ ਕਿਸੇ ਹਮਦਰਦ ਦੋਸਤ ਦੇ ਸਾਥ ਵਿਚ ਜ਼ਿੰਦਗੀ ਜਿਉਣਾ ਚੰਗਾ ਹੈ।"
ਅਨਿਲ ਬੋਲਿਆ-"ਬੇਟਾ ਰਾਜੇਸ਼ ਮੈਂ ਤੇਰੀ ਸਾਰੀ ਗੱਲ ਸਮਝ ਗਿਆ ਹਾਂ। ਦੇਖਦੇ ਹਾਂ ਅੱਗੇ ਕੀ ਬਣਦਾ ਹੈ।"
"ਫੇਰ ਠੀਕ ਹੈ, ਕੱਲ੍ਹ ਮੈਂ ਮੰਮੀ ਨੂੰ ਲੈ ਕੇ ਇਸੇ ਸਮੇਂ ਇਸੇ ਕਮਰੇ ਵਿਚ ਤੁਹਾਨੂੰ ਮਿਲਾਂਗਾ। ਤੁਹਾਡੀ ਇਕ ਦੂਜੇ ਨਾਲ ਮੁਲਾਕਾਤ ਅਤੇ ਪਛਾਣ ਹੋ ਜਾਵੇਗੀ।"
"ਓ ਕੇ"
"ਅੰਕਲ ਜੀ, ਇਸ ਤੋਂ ਪਹਿਲਾਂ ਕਿ ਅਸੀਂ ਇਸ ਮਾਮਲੇ ਵਿਚ ਅੱਗੇ ਵਧੀਏ, ਮੇਰੇ ਕੁਝ ਸੁਝਾਅ ਹਨ।"
"ਦਸੋ"
"ਅਗਲੇ ਪੰਦਰਾਂ ਦਿਨ ਤੁਸੀਂ ਇਸੇ ਹੋਟਲ ਵਿਚ ਰੋਜ਼ ਮੰਮੀ ਨਾਲ ਸ਼ਾਮ ਨੂੰ ਇਕੱਠੇ ਕੌਫੀ ਪੀਵੋਗੇ ਅਤੇ ਉਸ ਤੋਂ ਬਾਅਦ ਇਕ ਘੰਟਾ ਇਕੱਠੇ ਪਾਰਕ ਵਿਚ ਘੁੰਮਣ ਜਾਵੋਗੇ। ਫਿਰ ਜੇ ਤੁਹਾਨੂੰ ਦੋਹਾਂ ਨੂੰ ਠੀਕ ਲੱਗਾ ਤਾਂ ਕੋਰਟ ਮੈਰਿਜ ਕਰਾ ਲਵੋਗੇ।
ਸ਼ਾਦੀ ਤੋਂ ਬਾਅਦ ਤੁਹਾਨੂੰ ਮੰਮੀ ਦੇ ਮਕਾਨ ਵਿਚ ਮੰਮੀ ਨਾਲ ਰਹਿਣਾ ਹੋਵੇਗਾ। ਵੈਸੇ ਮੰਮੀ ਕੋਲ ਆਪਣਾ ਚੰਗਾ ਬੈਂਕ ਬੈਲੇਂਸ ਹੈ ਪਰ ਘਰ ਦਾ ਖਰਚਾ ਜੇ ਤੁਸੀਂ ਚੁੱਕੋ ਤਾਂ ਮੰਮੀ ਦੇ ਦਿਲ ਵਿਚ ਤੁਹਾਡੀ ਇੱਜ਼ਤ ਵਧੇਗੀ। ਹਾਂ ਮੰਮੀ ਆਪਣੇ ਨਿੱਜੀ ਖਰਚੇ ਖੁਦ ਚੁੱਕੇਗੀ।
ਤੁਸੀਂ ਇਕ ਦੂਜੇ ਤੋਂ ਬਹੁਤੀਆਂ ਉਮੀਦਾਂ ਨਹੀਂ ਰੱਖੋਗੇ ਤਾਂ ਸੋਹਣੀ ਨਿਭੇਗੀ।
ਤੁਸੀਂ ਮੰਮੀ ਦਾ ਦਿਲ ਲਾ ਕੇ ਰੱਖੋਗੇ ਅਤੇ ਉਸ ਨੂੰ ਹਮੇਸ਼ਾਂ ਖ਼ੁਸ਼ ਰੱਖਣ ਦੀ ਕੋਸ਼ਿਸ਼ ਕਰੋਗੇ ਤ੍ਰਾਂ ਹੀ ਤੁਹਾਡਾ ਅਗਲਾ ਜੀਵਨ ਸਫ਼ਲ ਹੋਵੇਗਾ।"  ਅਨਿਲ ਰਾਜੇਸ਼ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਸੀ। ਉਸ ਨੂੰ ਲੱਗ ਰਿਹਾ ਸੀ ਜਿਵੇਂ ਕੋਈ ਬਜ਼ੁਰਗ ਉਸ ਨੂੰ ਨਸੀਹਤਾਂ ਦੇ ਰਿਹਾ ਹੋਵੇ।

ਅਗਲੇ ਦਿਨ ਅਨਿਲ ਠੀਕ ਸਮੇਂ ਗ੍ਰੈਂਡ ਹੋਟਲ ਪਹੁੰਚ ਗਿਆ। ਕਮਰੇ ਵਿਚ ਰਾਜੇਸ਼ ਨਾਲ ਉਸ ਦੀ ਮੰਮੀ ਬੈਠੀ ਹੋਈ ਸੀ। ਉਸ ਨੂੰ ਦੇਖਦੇ ਹੀ ਅਨਿਲ ਦੇ ਦਿਲ ਵਿਚ ਇਕ ਮਿੱਠੀ ਜਿਹੀ ਲਹਿਰ ਦੌੜ ਗਈ। ਇਸ਼ਤਿਹਾਰ ਵਿਚ ਠੀਕ ਹੀ ਲਿਖਿਆ ਗਿਆ ਸੀ। ਏਨੀ ਸੋਹਣੀ ਔਰਤ ਦੀ ਤਾਂ ਅਨਿਲ ਨੇ ਕਲਪਨਾ ਵੀ ਨਹੀਂ ਸੀ ਕੀਤੀ। ਗੋਰਾ ਚਿੱਟਾ ਰੰਗ, ਤਿੱਖੇ ਨੈਨ ਨਕਸ਼ ਅਤੇ ਗੋਰੀਆਂ ਗੱਲਾਂ ਤੇ ਸੋਹਣੇ ਜਿਹੇ ਖੱਡੇ ਪੈ ਰਹੇ ਸਨ। ਹੋਰ ਤਾਂ ਹੋਰ ਉਸ ਦੇ ਵਾਲ ਹਾਲੀ ਵੀ ਸਾਰੇ ਕਾਲੇ ਸਨ। ਉਮਰ ਤੋਂ ਉਹ ਚਾਲੀ ਸਾਲ ਤੋਂ ਵੱਧ ਨਹੀਂ ਸੀ ਲੱਗਦੀ। ਹਾਂ ਉਸ ਦੇ ਚਿਹਰੇ ਤੇ ਉਦਾਸੀ ਦੀ ਕੁਝ ਬਦਲੀ ਜਿਹੀ ਛਾਈ ਹੋਈ ਸੀ ਜੋ ਉਸ ਦੀ ਗੰਭੀਰਤਾ ਨੂੰ ਪ੍ਰਗਟ ਕਰਦੀ ਸੀ। ਅਨਿਲ ਉਸ ਦੇ ਹੁਸਨ ਨਾਲ ਕੀਲਿਆ ਗਿਆ।
ਅਨਿਲ ਨੂੰ ਦੇਖਦਿਆਂ ਉਨ੍ਹਾਂ ਦੋਹਾਂ ਨੇ ਖੜ੍ਹੇ ਹੋ ਕੇ ਜੀ ਆਇਆਂ ਕਿਹਾ। ਰਾਜੇਸ਼ ਨੇ ਉਨ੍ਹਾਂ ਦੀ ਜਾਣ ਪਛਾਣ ਕਰਾਉਂਦੇ ਹੋਏ ਕਿਹ-"ਮੰਮੀ, ਇਹ ਅਨਿਲ ਅੰਕਲ ਹਨ ਅਤੇ ਅੰਕਲ ਇਹ ਮੇਰੇ ਮੰਮੀ ਅੰਜਲੀ ਦੇਵੀ ਹਨ।"
ਅਨਿਲ ਨੇ ਵੀ ਹੱਥ ਜੋੜਦੇ ਹੋਏ ਸਿਰ ਨੂੰ ਥੋੜ੍ਹਾ ਝੁਕਾ ਕੇ ਉਨ੍ਹਾਂ ਨੂੰ ਵਿਸ਼ ਕੀਤਾ। ਰਾਜੇਸ਼ ਨੇ ਫਿਰ ਪੁੱਛਿਆ-"ਕੀ ਲਉਗੇ ਅੰਕਲ? ਕੌਫੀ ਜਾਂ ਕੋਲਡ?"
"ਕਿਸੇ ਚੀਜ਼ ਦੀ ਜ਼ਰੂਰਤ ਨਹੀਂ"
ਫਿਰ ਵੀ ਰਾਜੇਸ਼ ਨੇ ਬੈਰੇ ਨੂੰ ਬੈੱਲ ਦੇ ਕੇ ਤਿੰਨ ਕੌਫੀ ਅਤੇ ਸਨੈਕਸ ਦਾ ਆਰਡਰ ਦਿੱਤਾ ਅਤੇ ਨਾਲ ਹੀ ਨਾਲ ਗੱਲ ਸ਼ੁਰੂ ਕੀਤੀ-"ਮੰਮੀ ਅਨਿਲ ਅੰਕਲ ਬਾਰੇ ਤਾਂ ਮੈਂ ਤੁਹਾਨੂੰ ਸਭ ਕੁਝ ਦੱਸ ਹੀ ਦਿੱਤਾ ਸੀ ਹੁਣ ਤੁਸੀਂ ਜੋ ਪੁੱਛਣਾ ਹੈ ਆਪ ਹੀ ਪੁੱਛ ਲਉ।" ਅੰਜਲੀ ਨੇ ਨਾਂਹ ਵਿਚ ਸਿਰ ਹਿਲਾ ਦਿੱਤਾ। ਉਹ ਵੀ ਅਨਿਲ ਦੀ ਖ਼ੂਬਸੂਰਤੀ ਅਤੇ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਈ। ਫਿਰ ਰਾਜੇਸ਼ ਨੇ ਅਨਿਲ ਨੂੰ ਕਿਹਾ-"ਅੰਕਲ ਤੁਸੀਂ ਮੰਮੀ ਤੋਂ ਕੁਝ ਪੁੱਛਣਾ ਹੈ ਤਾਂ ਪੁੱਛ ਸਕਦੇ ਹੋ। ਅਨਿਲ ਨੇ ਵੀ ਨਾਂਹ ਵਿਚ ਸਿਰ ਹਿਲਾ ਦਿੱਤਾ। ਉਸ ਦਿਨ ਰਾਜੇਸ਼ ਪੁੱਲ ਬਣ ਕੇ ਦੋਹਾਂ ਵਿਚਕਾਰ ਛੋਟੀ ਮੋਟੀ ਗੱਲ ਕਰਦਾ ਰਿਹਾ। ਅਨਿਲ ਅਤੇ ਅੰਜਲੀ ਆਪਸ ਵਿਚ ਕੁਝ ਜ਼ਿਆਦਾ ਨਾ ਖੁੱਲ੍ਹ ਸਕੇ।
ਕੌਫੀ ਖਤਮ ਹੋਣ ਤੋਂ ਬਾਅਦ ਰਾਜੇਸ਼ ਨੇ ਕਿਹਾ-"ਅੱਛਾ ਅੰਕਲ, ਅੱਜ ਦੀ ਮੁਲਾਕਾਤ ਏਨੀ ਹੀ ਕਾਫੀ ਹੈ। ਤੁਸੀਂ ਕੱਲ੍ਹ ਤੋਂ ਇਸੇ ਸਮੇਂ ਇੱਥੇ ਆ ਜਾਇਆ ਕਰੋ। ਮੰਮੀ ਤੁਹਾਨੂੰ ਇੱਥੇ ਹੀ ਮਿਲਿਆ ਕਰੇਗੀ।"
ਅਗਲੇ ਪੰਦਰਾਂ ਇਨ ਕਾਫੀ ਖ਼ੁਸ਼ਗਵਾਰ ਨਿਕਲੇ। ਅਨਿਲ ਅਤੇ ਅੰਜਲੀ ਇਕ ਦੂਜੇ ਦੇ ਕਾਫੀ ਨੇੜੇ ਆ ਗਏ। ਆਪਸੀ ਝਾਕਾ ਖੁੱਲ੍ਹ ਗਿਆ। ਅੰਤ ਕੁਝ ਦਿਨ ਬਾਅਦ ਉਹ ਵਿਆਹ ਦੇ ਪਵਿਤਰ ਬੰਧਨ ਵਿਚ ਬੱਝ ਗਏ। ਰਾਜੇਸ਼ ਵੀ ਆਪਣੀ ਮੰਮੀ ਦਾ ਦੂਜਾ ਵਿਆਹ ਕਰ ਕੇ ਬੇਫਿਕਰ ਹੋ ਗਿਆ ਅਤੇ ਆਪਣੀ ਪਰਿਵਾਰਿਕ ਜ਼ਿੰਦਗੀ ਵੱਲ ਪੂਰੀ ਤਰ੍ਹਾਂ ਧਿਆਨ ਦੇਣ ਲੱਗਾ। ਅਨਿਲ ਅਤੇ ਅੰਜਲੀ ਨੂੰ ਵੀ ਜੀਣ ਦਾ ਸਹਾਰਾ ਮਿਲ ਗਿਆ। ਉਨ੍ਹਾਂ ਦੇ ਚਿਹਰੇ ਦੀ ਰੌਣਕ ਪਰਤ ਆਈ। ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਹ ਇਕ ਦੂਜੇ ਦੀ ਜ਼ਰੂਰਤ ਸਨ।ਇਸ ਤਰ੍ਹਾਂ ਉਹ ਆਪਣੀ ਆਪਣੀ ਉਮਰ ਦੇ 100 ਸਾਲ ਭਰਪੂਰ ਖ਼ੁਸ਼ੀ ਨਾਲ ਜੀਵੇ ਅਤੇ ਦੁਨੀਆਂ ਲਈੇ ਪਿਆਰ ਅਤੇ ਸਹਿਯੋਗ ਦੀ ਇਕ ਮਿਸਾਲ ਕਾਇਮ ਕੀਤੀ।
*****
ਗੁਰਸ਼ਰਨ ਸਿੰਘ ਕੁਮਾਰ
#  1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
email:  gursharan1183@yahoo.in

ਪ੍ਰੇਰਨਾਦਾਇਕ ਲੇਖ : ਕਾਮਯਾਬੀ ਦੀ ਚਾਬੀ - ਗੁਰਸ਼ਰਨ ਸਿੰਘ ਕੁਮਾਰ

ਕੁਦਰਤ ਨੇ ਹਰ ਮਨੁੱਖ ਨੂੰ ਕੁਝ ਨਾ ਕੁਝ ਗੁਣ ਦੇ ਕੇ ਜ਼ਰੂਰ ਨਿਵਾਜਿਆ ਹੈ। ਦੁਨੀਆਂ ਵਿਚ ਕੋਈ ਮਨੁੱਖ ਐਸਾ ਨਹੀਂ ਜਿਸ ਵਿਚ ਕੋਈ ਗੁਣ ਨਾ ਹੋਵੇ। ਇਥੋਂ ਤੱਕ ਕਿ ਅਪੰਗ ਮਨੁੱਖਾਂ ਵਿਚ ਵੀ ਕੋਈ ਨਾ ਕੋਈ ਵਿਸ਼ੇਸ਼ ਗੁਣ ਜ਼ਰੂਰ ਹੁੰਦਾ ਹੈ। ਇਸ ਵਿਸ਼ੇਸ਼ ਗੁਣ ਸਦਕਾ ਹੀ ਹਰ ਮਨੁੱਖ ਜ਼ਿੰਦਗੀ ਵਿਚ ਕਾਮਯਾਬ ਹੋ ਕੇ ਦੁਨੀਆਂ 'ਤੇ ਆਪਣੀ ਵਿਲੱਖਣ ਪਛਾਣ ਬਣਾ ਸਕਦਾ ਹੈ। ਪੈਰਾਲੰਪਿਕ ਖ਼ੇਡਾਂ ਇਸ ਦੀ ਪ੍ਰਤੱਖ ਮਿਸਾਲ ਹਨ। ਪੈਰਾਲੰਪਿਕ ਖ਼ੇਡਾਂ ਵਿਚ ਕੇਵਲ ਦੁਨੀਆਂ ਭਰ ਦੇ ਅਪੰਗ ਵਿਅਕਤੀ ਹੀ ਭਾਗ ਲੈ ਸਕਦੇ ਹਨ। ਉੱਥੇ ਉਹ ਆਪਣੀ ਹਿੰਮਤ, ਸਰੀਰਕ ਬਲ ਅਤੇ ਕਲਾ ਦੇ ਜੋਹਰ ਦਿਖਾਉਂਦੇ ਹਨ ਕਿ ਦੁਨੀਆਂ ਭਰ ਦੇ ਲੋਕ ਹੈਰਾਨ ਰਹਿ ਜਾਂਦੇ ਹਨ ਕਿ ਪੂਰੇ ਅੰਗਾਂ ਵਾਲੇ ਵਿਅਕਤੀ ਵੀ ਐਸੇ ਕਾਰਨਾਮੇ ਨਹੀਂ ਕਰ ਸਕਦੇ। ਇਹ ਗੱਲ ਸਾਬਤ ਕਰਦੀ ਹੈ ਕਿ ਬੇਸ਼ੱਕ ਕਿਸੇ ਕਾਰਨ ਕਰ ਕੇ ਉਹ ਅਪੰਗ ਰਹਿ ਗਏ ਹਨ ਪਰ ਉਨ੍ਹਾਂ ਵਿਚ ਜੋਸ਼ ਅਤੇ ਹੁਨਰ ਦੀ ਕੋਈ ਕਮੀ ਨਹੀਂ ਹੁੰਦੀ। ਅਜਿਹੇ ਲੋਕ ਕਈ ਕਈ ਤਗਮੇ ਜਿੱਤ ਕੇ ਆਪਣੇ ਘਰਾਂ ਨੂੰ ਪਰਤਦੇ ਹਨ ਤਾਂ ਨਾ ਕੇਵਲ ਆਪਣਾ ਸਗੋਂ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਵੀ ਰੋਸ਼ਨ ਕਰਦੇ ਹਨ।
ਮਨੁੱਖ ਦੇ ਅਜਿਹੇ ਗੁਣ ਹੀ ਉਸ ਦੀ ਕਾਮਯਾਬੀ ਦੀ ਚਾਬੀ ਹੈ। ਇਨ੍ਹਾਂ ਗੁਣਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਉਭਾਰਨ ਦੀ ਜ਼ਰੂਰਤ ਹੈ। ਇਸ ਲਈ ਸਖਤ ਮਿਹਨਤ, ਦ੍ਰਿੜ ਵਿਸ਼ਵਾਸ ਅਤੇ ਪੂਰਨ ਇਕਾਗਰਤਾ ਦੀ ਲੋੜ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕੁਦਰਤ ਕਈ ਲੋਕਾਂ ਨੂੰ ਇਕਸਾਰ ਮੌਕੇ ਦਿੰਦੀ ਹੈ ਪਰ ਕਾਮਯਾਬੀ ਕੇਵਲ ਉਨ੍ਹਾਂ ਲੋਕਾਂ ਦੇ ਹੀ ਕਦਮ ਚੁੰਮਦੀ ਹੈ ਜੋ ਆਪਣਾ ਧਿਆਨ ਹੱਥਲੇ  ਕੰਮ ਤੇ ਰੱਖਦੇ ਹਨ ਅਤੇ ਸਵੈ ਭਰੋਸੇ ਨਾਲ ਸਖਤ ਮਿਹਨਤ ਕਰਦੇ ਹਨ। ਉਦਾਹਰਣ ਦੇ ਤੋਰ ਤੇ ਸਕੂਲ ਦੀ ਕਿਸੇ ਜਮਾਤ ਵਿਚ ਅਧਿਆਪਕ ਸਭ ਵਿਦਿਆਰਥੀਆਂ ਨੂੰ ਇਕੋ ਜਿਹਾ ਹੀ ਪੜਾਉਂਦੇ ਹਨ ਪਰ ਜਦ ਨਤੀਜਾ ਨਿਕਲਦਾ ਹੈ ਤਾਂ ਕੋਈ ਵਿਦਿਆਰਥੀ ਬਾਕੀ ਸਭ ਨੂੰ ਪਿੱਛੇ ਛੱਡਦਾ ਹੋਇਆ ਅੱਵਲ ਆ ਜਾਂਦਾ ਹੈ ਅਤੇ ਕੁਝ ਵਿਦਿਆਰਥੀ ਫੇਲ੍ਹ ਵੀ ਹੋ ਜਾਂਦੇ ਹਨ। ਐਸਾ ਕਿਉਂ? ਵਿਦਿਆ ਤਾਂ ਸਭ ਨੂੰ ਇਕੋ ਜਿਹੀ ਹੀ ਮਿਲੀ ਸੀ। ਇਹ ਹੈ ਮਿਹਨਤ, ਲਗਨ ਅਤੇ ਇਕਾਗਰਤਾ ਦਾ ਨਤੀਜਾ। ਜਿਹੋ ਜਹੀ ਕਿਸੇ ਨੇ ਮਿਹਨਤ ਕੀਤੀ ਉਹੋ ਜਿਹਾ ਹੀ ਉਸ ਦਾ ਨਤੀਜਾ ਆ ਗਿਆ। ਸਾਨੂੰ ਇਤਿਹਾਸ/ਮਿਥਿਹਾਸ ਤੋਂ ਵੀ ਅਜਿਹੀਆਂ ਉਦਾਹਰਣਾਂ ਮਿਲ ਜਾਂਦੀਆਂ ਹਨ ਜਿਵੇਂ ਮਹਾਂਭਾਰਤ ਵਿਚ ਦਰੌਣਾਚਾਰਿਆ ਪਾਂਡਵਾਂ ਅਤੇ ਕੌਰਵਾਂ ਦੇ ਸਾਂਝੇ ਗੁਰੂ ਸਨ। ਉਨ੍ਹਾਂ ਨੇ ਸਭ ਨੂੰ ਧਨੁਸ਼ ਵਿੱਦਿਆ ਵੀ ਇਕੋ ਜਿਹੀ ਹੀ ਦਿੱਤੀ ਪਰ ਕੇਵਲ ਅਰਜੁਨ ਹੀ ਮਹਾਨ ਤੀਰੰਦਾਜ਼ ਬਣ ਸੱਕਿਆ, ਕਾਰਨ ਇਹ ਹੈ ਉਹ ਸਖਤ ਮਿਹਨਤੀ ਅਤੇ ਇਕਾਗਰਤਾ ਵਾਲਾ ਸੀ। ਜਦ ਕਿ ਦੂਜੇ ਆਪਣਾ ਧਿਆਨ ਅਰਜੁਨ ਦੀ ਤਰ੍ਹਾਂ ਆਪਣੇ ਨਿਸ਼ਾਨੇ ਤੇ ਕੇਂਦਰਤ ਨਹੀਂ ਸਨ ਕਰ ਪਾਉਂਦੇ। ਜੇ ਅਸੀਂ ਹੋਰ ਅੱਗੇ ਚੱਲੀਏ ਤਾਂ ਏਕਲਵਯ ਵੀ ਸਾਡੇ ਚੇਤਿਆਂ ਵਿਚ ਆ ਜਾਂਦਾ ਹੈ। ਉਸ ਨੂੰ ਤਾਂ ਅਰਜੁਨ ਦੀ ਤਰ੍ਹਾਂ ਕਿਸੇ ਨੇ ਧਨੁਸ਼ ਵਿੱਦਿਆ ਵੀ ਨਹੀਂ ਸੀ ਦਿੱਤੀ। ਉਸ ਨੇ ਮਨ ਵਿਚ ਦਰੌਣਾਚਾਰਿਆ ਨੂੰ ਹੀ ਗੁਰੂ ਧਾਰ ਕੇ ਹੀ ਧਨੁਸ਼ ਵਿਦਿਆ ਦਾ ਅਭਿਆਸ ਸ਼ੁਰੂ ਕੀਤਾ ਅਤੇ ਅਰਜੁਨ ਤੋਂ ਵੀ ਮਹਾਨ ਤੀਰੰਨਦਾਜ਼ ਬਣਿਆ। ਇਹ ਸਭ ਉਸ ਦੀ ਮਿਹਨਤ ਅਤੇ ਇਕਾਗਰਤਾ ਦਾ ਹੀ ਨਤੀਜ਼ਾ ਸੀ। ਇਹ ਵੱਖਰੀ ਗੱਲ ਹੈ ਕਿ ਦਰੌਣਾਚਾਰਿਆ ਨੇ ਛੱਲ ਨਾਲ ਏਕਲਵਯ ਦਾ ਅੰਗੂਠਾ ਗੁਰੂ ਦੱਛਣਾ ਵਿਚ ਮੰਗ ਕੇ ਉਸ ਨੂੰ ਸਦਾ ਲਈ ਅਪੰਗ ਬਣਾ ਦਿੱਤਾ।
ਜਦ ਪ੍ਰਮਾਤਮਾ ਨੇ ਇਸ ਧਰਤੀ ਨੂੰ ਸਾਜਿਆ ਤਾਂ ਜ਼ਿੰਦਗੀ ਉਸ ਸਮੇਂ ਅੱਜ ਵਰਗੀ ਆਰਾਮਦਾਇਕ ਅਤੇ ਸੌਖੀ ਨਹੀਂ ਸੀ। ਉਸ ਸਮੇਂ ਮਨੁੱਖਾ ਜ਼ਿੰਦਗੀ ਬਹੁਤ ਭਿਆਨਕ ਅਤੇ ਖ਼ਤਰਿਆਂ ਭਰੀ ਸੀ। ਮਨੁੱਖ ਦੇ ਸਾਹਮਣੇ ਹਰ ਤਰਫ ਮੌਤ ਮੰਡਰਾ ਰਹੀ ਸੀ। ਇਕ ਪਾਸੇ ਖੁੰਖਾਰ ਜਾਨਵਰ ਸਨ ਅਤੇ ਦੂਜੇ ਪਾਸੇ ਕੁਦਰਤ ਦੀਆਂ ਕਰੋਪੀਆਂ ਤੂਫ਼ਾਨ, ਭੁਚਾਲ ਅਤੇ ਸੁਨਾਮੀਆਂ ਸਨ। ਮਨੁੱਖ ਕੋਲ ਉਸ ਸਮੇਂ ਨਾ ਪੇਟ ਭਰਨ ਲਈ ਭੋਜਨ ਸੀ ਅਤੇ ਨਾ ਹੀ ਸਿਰ ਲੁਕਾਉਣ ਲਈ ਛੱਤ ਸੀ। ਗਰਮੀ, ਸਰਦੀ ਤੋਂ ਬਚਣ ਲਈ ਜਾਂ ਤਨ ਢੱਕਣ ਲਈ ਵੀ ਕੋਈ ਕੱਪੜਾ ਵੀ ਨਹੀਂ ਸੀ। ਆਤਮ ਰੱਖਿਆ ਲਈ ਕੋਈ ਹਥਿਆਰ ਨਹੀਂ ਸੀ। ਮਨੁੱਖ ਦੀ ਜ਼ਿੰਦਗੀ ਖ਼ਤਰਿਆਂ ਭਰੀ ਅਤੇ ਤਰਸਯੋਗ ਸੀ। ਪਰ ਮਨੁੱਖ ਨੇ ਤਾਂ ਹਰ ਹਾਲਾਤ ਵਿਚ ਜਿੰਦਾ ਰਹਿਣਾ ਸੀ। ਇਹ ਉਸ ਦੀ ਹੋਂਦ ਦਾ ਸੁਆਲ ਸੀ। ਫਿਰ ਵੀ ਉਸ ਨੇ ਹਾਰ ਨਹੀਂ ਮੰਨੀ। ਉਸ ਨੇ ਆਪਣੀਆਂ ਸੁੱਤੀਆਂ ਸ਼ਕਤੀਆਂ ਨੂੰ ਉਭਾਰਿਆ ਅਤੇ ਇਨ੍ਹਾਂ ਮੁਸੀਬਤਾਂ ਦਾ ਬਹਾਦੁਰੀ ਨਾਲ ਮੁਕਾਬਲਾ ਕੀਤਾ। ਆਪਣੇ ਜਿੰਦਾ ਰਹਿਣ ਦੇ ਸਾਧਨ ਉਪਲੱਭਦ ਕੀਤੇ। ਉਸ ਨੇ ਇਸ ਦੁਨੀਆਂ ਨੂੰ ਇਕ ਨਵਾਂ ਰੂਪ ਦੇਣਾ ਸ਼ੁਰੂ ਕੀਤਾ।
ਇੱਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਕਿਹੜੇ ਗੁਣ ਮਨੁੱਖ ਨੂੰ ਆਮ ਨਾਲੋਂ ਵਿਲੱਖਣ ਬਣਾਉਂਦੇ ਹਨ। ਉਨ੍ਹਾਂ ਦੀ ਪਛਾਣ ਕਿਵੇਂ ਕੀਤੀ ਜਾਵੇ?  ਮਨੁੱਖੀ ਗੁਣ ਅਨੇਕ ਹਨ ਜਿਨ੍ਹਾਂ ਨੂੰ ਇਕ ਕਾਗਜ਼ ਤੇ ਬਿਆਨ ਕਰਨਾ ਸੰਭਵ ਨਹੀਂ। ਜਿਵੇਂ ਜਿਵੇਂ ਸੂਰਜ ਨਿਕਲਦਾ ਹੈ ਤਾਂ ਸਾਰੀ ਦੁਨੀਆਂ ਨੂੰ ਪਤਾ ਚੱਲ ਜਾਂਦਾ ਹੈ ਕਿ ਸੂਰਜ ਨਿਕਲ ਆਇਆ ਹੈ ਇਸੇ ਤਰ੍ਹਾਂ ਮਨੁੱਖ ਦੇ ਵਿਸ਼ੇਸ਼ ਗੁਣ ਆਪਣੇ ਆਪ ਪ੍ਰਗਟ ਹੋ ਜਾਂਦੇ ਹਨ। ਕਾਬਲ ਉਸਤਾਦ ਅਤੇ ਮਨੁੱਖ ਦੀ ਆਪਣੀ ਮਿਹਨਤ ਇਨ੍ਹਾਂ ਗੁਣਾਂ ਨੂੰ ਤਰਾਸ਼ਦੇ ਹਨ ਅਤੇ ਦੁਨੀਆਂ ਸਾਹਮਣੇ ਪ੍ਰਗਟ ਕਰਦੇ ਹਨ। ਇਹ ਗੁਣ ਹੀ ਮਨੁੱਖ ਦੀ ਵਿਲੱਖਣ ਸ਼ਖਸੀਅਤ ਬਣਾਉਂਦੇ ਹਨ। ਕਈਆਂ ਮਨੁੱਖਾਂ ਦਾ ਦਿਮਾਗ ਬਹੁਤ ਤੇਜ਼ ਹੁੰਦਾ ਹੈ। ਉਹ ਹਰ ਸਮੱਸਿਆ ਦਾ ਹੱਲ ਬਹੁਤ ਛੇਤੀ ਕੱਢ ਲੈਂਦੇ ਹਨ ਅਤੇ ਨਵੀਆਂ ਨਵੀਆਂ ਖੋਜਾਂ ਕਰਦੇ ਹਨ। ਕਈਆਂ ਦਾ ਸਰੀਰ ਬਹੁਤ ਤਕੜਾ ਅਤੇ ਫੁਰਤੀਲਾ ਹੁੰਦਾ ਹੈ। ਉਹ ਯੁੱਧ ਵਿਚ ਜਾਂ ਖੇਡਾਂ ਵਿਚ ਮੱਲਾਂ ਮਾਰਦੇ ਹਨ। ਇਸ ਤੋਂ ਇਲਾਵਾ ਬੰਦੇ ਦੀ ਆਪਣੀ ਦਿਲਚਸਪੀ ਵੀ ਉਸ ਨੂੰ ਜ਼ਿੰਦਗੀ ਵਿਚ ਇਕ ਨਵਾਂ ਰਾਹ ਦਿਖਾਉਂਦੀ ਹੈ।
ਮਨੁੱਖ ਦਾ ਸੁਹਜ ਸੁਆਦ ਦਾ ਗੁਣ ਵੀ ਦੁਨੀਆਂ ਦੀ ਸੁੰਦਰਤਾ ਵਿਚ ਵਾਧਾ ਕਰਦਾ ਹੈ। ਮਨੁੱਖ ਹਮੇਸ਼ਾਂ ਆਪਣੇ ਰਹਿਣ ਸਹਿਣ, ਖਾਣ ਪੀਣ, ਪਹਿਨਣ, ਕੰਮ ਕਰਨ ਅਤੇ ਜ਼ਿੰਦਗੀ ਜਿਉਣ ਦੇ  ਢੰਗ ਵਿਚ ਸੁਧਾਰ ਕਰਦਾ ਰਹਿੰਦਾ ਹੈ। ਪੱਥਰ ਯੁੱਗ ਤੋਂ ਅੱਜ ਦੇ ਸੁੱਖ ਸਹੂਲਤਾਂ ਨਾਲ ਲਬਰੇਜ਼ ਸੁਪਨਮਈ ਸੰਸਾਰ ਤੱਕ ਦਾ ਸਫ਼ਰ ਮਨੁੱਖ ਦੇ ਸੁਹਜ ਸੁਆਦ ਦੀ ਤ੍ਰਿਪਤੀ ਦਾ ਸਿੱਟਾ ਹੈ। ਕਲਾਕਾਰ ਇਕ ਕੋਮਲ ਦਿਲ ਰੱਖਦੇ ਹਨ। ਉਹ ਦੁਨੀਆਂ ਦਾ ਕੂੜ ਕਬਾੜ ਦੂਰ ਕਰ ਕੇ ਉਸ ਨੂੰ ਸੁੰਦਰ ਦ੍ਰਿਸ਼ਟੀ ਪ੍ਰਦਾਨ ਕਰਨਾ ਲੋਚਦੇ ਹਨ। ਉਨ੍ਹਾਂ ਦੀਆ ਕਲਾ ਕ੍ਰਿਤੀਆਂ ਮਨ ਨੂੰ ਠੰਡ ਪਾਉਂਦੀਆਂ ਹਨ। ਕਈ ਮਨੁੱਖਾਂ ਵਿਚ ਕੁਝ ਨਵਾਂ ਕਰਨ ਦੀ ਅਤੇ ਦੂਜਿਆਂ ਤੋਂ ਅੱਗੇ ਵਧਣ ਦੀ ਤਮੰਨਾ ਹੁੰਦੀ ਹੈ। ਉਹ ਵੀ ਆਪਣੇ ਹੁਨਰ ਨਾਲ ਇਕ ਨਵਾਂ ਇਤਿਹਾਸ ਸਿਰਜ ਜਾਂਦੇ ਹਨ। ਕਈਆਂ ਵਿਚ ਲੋਕ ਭਲਾਈ ਦਾ ਜਜ਼ਬਾ ਹੁੰਦਾ ਹੈ। ਕਈਆਂ ਦੇ ਮਨ ਵਿਚ ਇਹ ਚਾਅ ਹੁੰਦਾ ਹੈ ਕਿ ਮੇਰੇ ਮਰਨ ਤੋਂ ਪਿੱਛੋਂ ਵੀ ਮੇਰਾ ਨਾਮ ਯਾਦ ਕੀਤਾ ਜਾਏ। ਕਈਆਂ ਵਿਚ ਲੀਡਰਸ਼ਿਪ ਦਾ ਜਜ਼ਬਾ ਹੁੰਦਾ ਹੈ। ਉਹ ਰਾਜਨੀਤੀ ਵਿਚ ਅੱਗੇ ਆਉਂਦੇ ਹਨ ਅਤੇ ਦੁਨੀਆਂ ਨੂੰ ਪਿੱਛੇ ਲਾ ਕੇ ਇਕ ਨਵਾਂ ਸੰਦੇਸ਼ ਦਿੰਦੇ ਹਨ। ਇਸ ਤਰ੍ਹਾਂ ਕਲਾਕਾਰਾਂ, ਬਹਾਦਰਾਂ, ਖੋਜੀਆਂ, ਰਾਜਨੇਤਾਵਾਂ, ਖਿਡਾਰੀਆਂ ਅਤੇ ਹੋਰ ਵਿਲੱਖਣ ਗੁਣਾਂ ਦੇ ਧਾਰਨੀਆਂ ਦੁਆਰਾ ਦੁਨੀਆਂ ਵਿਚ ਮਹਾਨ ਤਬਦੀਲੀਆਂ ਆਈਆਂ ਅਤੇ ਦੁਨੀਆਂ ਅੱਜ ਦੇ ਮੁਕਾਮ ਤੇ ਪਹੁੰਚੀ ਹੈ।
ਕੁਦਰਤ ਦੇ ਵਰਤਾਰੇ, ਮਨੁੱਖੀ ਮਿਹਨਤ ਅਤੇ ਗੁਣਾਂ ਨਾਲ ਦੁਨੀਆਂ ਪੱਥਰ ਯੁੱਗ ਤੋਂ ਲੈ ਕਿ ਅੱਜ ਤੱਕ ਬਦਲਦੀ ਆਈ ਹੈ ਅਤੇ ਬਦਲਦੀ ਰਹੇਗੀ। ਅਜਿਹੇ ਮਨੁੱਖ ਜ਼ਿੰਦਗੀ ਦੇ ਯੋਧੇ ਹੁੰਦੇ ਹਨ। ਉਹ ਆਪਣੀ ਧੁਨ ਦੇ ਪੱਕੇ ਹੁੰਦੇ ਹਨ। ਉਹ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੇ। ਸਾਰੀ ਦੁਨੀਆਂ ਜਦ ਰਾਤ ਨੂੰ ਅਰਾਮ ਨਾਲ ਆਪਣੇ ਨਰਮ ਬਿਸਤਰਿਆਂ ਵਿਚ ਸੁੱਤੀ ਹੁੰਦੀ ਹੈ ਤਾਂ ਅਜਿਹੇ ਯੋਧੇ ਉਸ ਸਮੇਂ ਜਾਗ ਕੇ ਆਪਣੇ ਮਕਸਦ ਦੀ ਕਾਮਯਾਬੀ ਵਿਚ ਲੱਗੇ ਹੁੰਦੇ ਹਨ। ਉਹ ਨਵੀਂਆਂ ਨਵੀਂਆਂ ਮੰਜ਼ਿਲਾਂ ਨੂੰ ਸਰ ਕਰਦੇ ਹਨ। ਉਨ੍ਹਾਂ ਦੀ ਕਾਮਯਾਬੀ ਸਾਰੇ ਵਿਸ਼ਵ ਦੀ ਉਨਤੀ ਅਤੇ ਮਨੁੱਖਤਾ ਦੇ ਭਲੇ ਦਾ ਕਾਰਨ ਹੋ ਨਿੱਬੜਦੀ ਹੈ। ਇਸੇ ਲਈ ਉਹ ਦੁਨੀਆਂ ਤੇ ਆਪਣਾ ਨਾਮ ਪੈਦਾ ਕਰਦੇ ਹਨ ਅਤੇ ਲੋਕਾਂ ਦੇ ਦਿਲਾਂ ਤੇ ਛਾਏ ਰਹਿੰਦੇ ਹਨ।
ਤੁਸੀਂ ਆਲਸ ਛੱਡੋ ਅਤੇ ਆਪਣੀ ਪਤਿਭਾ ਨੂੰ ਪਛਾਣੋ ਅਤੇ ਆਪਣੇ ਗੁਣਾਂ ਦੀ ਚਾਬੀ ਨਾਲ ਆਪਣੀ ਕਾਮਯਾਬੀ ਦੇ ਬੰਦ ਦਰਵਾਜ਼ੇ ਖੋਲ੍ਹੋ। ਇਨ੍ਹਾਂ ਕਾਮਯਾਬੀ ਦੇ ਦਰਵਾਜ਼ਿਆਂ ਵਿਚੋਂ ਲੰਘ ਕੇ ਹੀ ਤੁਹਾਡੇ ਭਵਿੱਖ ਦੀ ਉਨਤੀ ਦਾ ਇਕ ਵਿਸ਼ਾਲ ਸੰਸਾਰ ਨਜ਼ਰ ਆਵੇਗਾ ਜੋ ਤੁਹਾਡੀ ਸਾਰੀ ਜ਼ਿੰਦਗੀ ਨੂੰ ਸਫ਼ਲ ਅਤੇ ਖ਼ੁਸ਼ਹਾਲ ਬਣਾ ਦੇਵੇਗਾ।
*****

ਗੁਰਸ਼ਰਨ ਸਿੰਘ ਕੁਮਾਰ
ਮੋਬਾਇਲ:-8360842861  
email: gursharan1183@yahoo.in

ਬਚਪਨ ਅਤੇ ਸੰਸਕਾਰ - ਗੁਰਸ਼ਰਨ ਸਿੰਘ ਕੁਮਾਰ

ਜਨਨੀ ਜਨੇ ਤਾਂ ਭਗਤ ਜਨ ਕੈ ਦਾਤਾ ਕੈ ਸੂਰ।
ਨਹੀਂ ਤਾਂ ਜਨਨੀ ਬਾਂਝ ਰਹਿ ਕਹੇ ਗਵਾਵੇ ਨੂਰ॥

ਜਨਮ ਅਤੇ ਮਰਨ ਕੁਦਰਤ ਦਾ ਅਸੂਲ ਹੈ। ਜਿਵੇਂ ਪੁਰਾਣੇ ਪੱਤੇ ਝੱੜਦੇ ਹਨ ਅਤੇ ਨਵੀਆਂ ਕਰੂੰਬਲਾਂ ਫੁੱਟਦੀਆਂ ਹਨ ਇਸੇ ਤਰ੍ਹਾਂ ਕੁਝ ਬੰਦੇ ਇਸ ਧਰਤੀ 'ਤੋਂ ਰੁਖਸਤ ਹੁੰਦੇ ਹਨ ਅਤੇ ਕੁਝ ਬੱਚੇ ਜਨਮ ਲੈ ਕਿ ਸ੍ਰਿਸ਼ਟੀ ਨੂੰ ਅੱਗੇ ਤੋਰਦੇ ਹਨ। ਪ੍ਰਸਿੱਧ ਵਾਰਤਾਕਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਬਹੁਤ ਸੋਹਣਾ ਲਿਖਿਆ ਹੈ ਕਿ-"ਕਿਸੇ ਮਨੁੱਖ ਦੀ ਸਭ ਤੋਂ ਵੱਡੀ ਖ਼ੁਸ਼ੀ ਹੁੰਦੀ ਹੈ ਉਸ ਦਾ ਲਾਇਕ ਬੱਚਾ।" ਮਾਂ ਪਿਓ ਦਾ ਕੰਮ ਕੇਵਲ ਬੱਚੇ ਪੈਦਾ ਕਰ ਕੇ ਆਪਣੀ ਗ੍ਰਹਿਸਥੀ ਨੂੰ ਅੱਗੇ ਤੋਰਨਾ ਹੀ ਨਹੀਂ ਹੋਣਾ ਚਾਹੀਦਾ। ਬੱਚੇ ਨੂੰ ਲਾਇਕ ਅਤੇ ਕਾਮਯਾਬ ਬਣਾਉਣਾ ਵੀ ਉਨ੍ਹਾਂ ਦਾ ਮੰਤਵ ਹੋਣਾ ਚਾਹੀਦਾ ਹੈ।
ਮਾਂ ਪਿਓ ਬੱਚੇ ਨੂੰ ਕੇਵਲ ਜਨਮ ਹੀ ਨਹੀਂ ਦਿੰਦੇ ਸਗੋਂ ਉਨ੍ਹਾਂ ਨੂੰ ਸੰਸਕਾਰ ਵੀ ਦਿੰਦੇ ਹਨ। ਗਰਭ ਅਵਸਥਾ ਦੇ ਦੋਰਾਨ ਮਾਂ ਜੋ ਵੀ ਕੰਮ ਕਰਦੀ ਹੈ ਉਸ ਦਾ ਗਰਭ ਵਿਚ ਪਲ ਰਹੇ ਬੱਚੇ ਤੇ ਅਚੇਤ ਹੀ ਪ੍ਰਭਾਵ ਪੈਂਦਾ ਹੈ।ਇਸ ਦੀ ਮਿਸਾਲ ਮਹਾਂ ਭਾਰਤ ਦੇ ਪਾਤਰ ਅਭਿਮਨਿਊ ਦੇ ਜੀਵਨ ਤੋਂ ਪ੍ਰਤੱਖ ਮਿਲਦੀ ਹੈ। ਉਸ ਦਾ ਪਿਤਾ ਅਰਜੁਨ ਇਕ ਰਾਤ ਉਸ ਦੀ ਮਾਤਾ ਨੂੰ ਚੱਕਰਵਿਊ ਦਾ ਭੇਦ ਦੱਸ ਰਿਹਾ ਸੀ ਪਰ ਕਥਾ ਸੁਣਦੀ ਸੁਣਦੀ ਉਸ ਦੀ ਮਾਤਾ ਨੂੰ ਨੀਂਦ ਆ ਗਈ। ਇਸ ਪ੍ਰਕਾਰ ਅਭਿਮਨਿਊ ਨੂੰ ਚੱਕਰਵਿਊ ਵਿਚ ਦਾਖਲ ਹੋਣਾ ਤਾਂ ਆ ਗਿਆ ਪਰ ਉਸ ਵਿਚੋਂ ਸਫ਼ਲਤਾਪੂਰਕ ਬਾਹਰ ਨਿਕਲਣਾ ਨਹੀਂ ਸੀ ਆਇਆ। ਉਹ ਚੱਕਰਵਿਊ ਵਿਚ ਫਸ ਕੇ ਹੀ ਮਾਰਿਆ ਗਿਆ।ਮਾਂ ਦਾ ਖਾਣ ਪੀਣ, ਹਾਸੀ ਖ਼ੁਸ਼ੀ, ਕਾਟੋ ਕਲੇਸ਼ ਅਤੇ ਵਿਚਾਰ ਗਰਭ ਵਿਚ ਪਲ ਰਹੇ ਬੱਚੇ ਤੇ ਕੁਝ ਨਾ ਕੁਝ ਪ੍ਰਭਾਵ ਜ਼ਰੂਰ ਪਾਉਂਦੇ ਹਨ। ਸਿਆਣੀਆਂ ਮਾਵਾਂ ਗਰਭ ਦੋਰਾਨ ਕੋਈ ਨਸ਼ਾ ਜਾਂ ਹੋਰ ਬੁਰਾ ਕੰਮ ਨਹੀਂ ਕਰਦੀਆਂ ਤਾਂ ਕਿ ਉਨ੍ਹਾਂ ਦੇ ਹੋਣ ਵਾਲੇ ਬੱਚੇ ਤੇ ਕੋਈ ਦੁਸ਼ਪ੍ਰਭਾਵ ਨਾ ਪਵੇ। ਗਰਭ ਅਵਸਥਾ ਦੋਰਾਨ ਔਰਤਾਂ ਨੂੰ ਤੰਬਾਕੂ, ਜੰਕ ਫੂਡ ਅਤੇ ਜ਼ਿਆਦਾ ਤਲੇ ਹੋਏ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਘਰ ਦਾ ਕਾਟੋ ਕਲੇਸ਼ ਅਤੇ ਅਨੈਤਿਕ ਕੰਮ ਵੀ ਬੱਚੇ ਤੇ ਦੁਸ਼ਪ੍ਰਭਾਵ ਪਾਉਂਦੇ ਹਨ।
ਜਿਹੜੀਆਂ ਮਾਵਾਂ ਸੁਚੇਤ ਤੋਰ ਤੇ ਆਪਣੇ ਗਰਭ ਵਿਚ ਪਲ ਰਹੇ ਬੱਚੇ ਨਾਲ ਆਤਮਿਕ ਅਤੇ ਮਾਨਸਿਕ ਰੂਪ ਵਿਚ ਜੁੜਦੀਆਂ ਹਨ ਉਹ ਇਸ ਸਮੇਂ ਦੋਰਾਨ ਸਾਤਵਿਕ ਅਤੇ ਪੋਸ਼ਟਿਕ ਭੋਜਨ ਕਰਦੀਆਂ ਹਨ। ਉਹ ਧਾਰਮਿਕ ਜਾਂ ਸੂਰਬੀਰਾਂ ਦਾ ਸਾਹਿਤ ਪੜ੍ਹਦੀਆਂ ਹਨ ਜਾਂ ਗਣਿਤ ਅਤੇ ਵਿਗਿਆਨਿਕ ਵਿਸ਼ਿਆਂ ਤੇ ਚਰਚਾ ਕਰਦੀਆਂ ਹਨ ਅਤੇ ਸੰਗੀਤ ਅਤੇ ਕੋਮਲ ਕਲਾਵਾਂ ਨਾਲ ਜੁੜਦੀਆਂ ਹਨ। ਉਹ ਇਕ ਸੁਨੱਖੇ ਬੱਚੇ ਨੂੰ ਜਨਮ ਦਿੰਦੀਆਂ ਹਨ ਜੋ ਵੱਡਾ ਹੋ ਕੇ ਹੋਣਹਾਰ ਬਣਦਾ ਹੈ ਅਤੇ ਦੇਸ਼ ਅਤੇ ਕੌਮ ਦਾ ਨਾਮ ਰੋਸ਼ਨ ਕਰ ਕੇ ਮਾਂ ਪਿਓ ਦੇ ਸੁਪਨਿਆਂ ਨੂੰ ਸਾਕਾਰ ਕਰਦਾ ਹੈ। ਇਸੇ ਲਈ ਕਿਸੇ ਬੱਚੇ ਵੱਲੋਂ ਆਮ ਤੋਰ ਤੇ ਕਿਹਾ ਜਾਂਦਾ ਹੈ-"ਮੇਰੀ ਜ਼ਿੰਦਗੀ ਵਿਚ ਕੋਈ ਦੁੱਖ ਨਾ ਹੁੰਦਾ ਜੇ ਮੇਰੀ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ।" ਪਿਤਾ ਘਰ ਵਿਚ ਸੁਖਾਵਾਂ ਮਾਹੋਲ ਸਿਰਜਣ ਵਿਚ ਸਹਾਈ ਹੁੰਦਾ ਹੈ। ਬੱਚੇ ਪ੍ਰਤੀ ਮਾਤਾ ਪਿਤਾ ਦਾ ਪਿਆਰ ਬਿਲਕੁਲ ਸੱਚਾ, ਪਵਿੱਤਰ ਅਤੇ ਬਿਨਾ ਕਿਸੇ ਸੁਆਰਥ 'ਤੋਂ ਹੁੰਦਾ ਹੈ ਜੋ ਕਿਸੇ ਹੋਰ 'ਤੋਂ ਮਿਲਣਾ ਮੁਸ਼ਕਲ ਹੁੰਦਾ ਹੈ।
ਜਨਮ ਤੋਂ ਬਾਅਦ ਕੁਝ ਵੱਡਾ ਹੋ ਕੇ ਬੱਚਾ ਜਦ ਹੋਸ਼ ਸੰਭਾਲਦਾ ਹੈ ਤਾਂ ਉਹ ਆਪਣੇ ਪਰਿਵਾਰ ਵਿਚ ਅਤੇ ਆਲੇ ਦੁਆਲੇ ਜੋ ਕੁਝ ਦੇਖਦਾ ਹੈ ਉਸ ਤੋਂ ਬਹੁਤ ਕੁਝ ਸਿੱਖਦਾ ਹੈ। ਬੱਚਿਆਂ ਦੇ ਖਿਡੌਣੇ ਵੀ ਬੱਚਿਆਂ ਦੀ ਸੋਚਣੀ ਅਤੇ ਉਨ੍ਹਾਂ ਦੇ ਵਿਕਾਸ ਵਿਚ ਵਿਸ਼ੇਸ਼ ਹਿੱਸਾ ਪਾਉਂਦੇ ਹਨ। ਜੇ ਅਸੀਂ ਉਨ੍ਹਾਂ ਨੂੰ ਬੰਦੂਕਾਂ ਅਤੇ ਪਿਸਤੋਲਾਂ ਖੇਡਣ ਲਈ ਦੇਵਾਂਗੇ ਤਾਂ ਹੋ ਸਕਦਾ ਹੈ ਕਿ ਉਹ ਵੱਡੇ ਹੋ ਕਿ ਡਾਕੂ ਜਾਂ ਖ਼ੂਨੀ ਬਣਨ। ਇਸ ਲਈ ਬਚਪਨ ਤੋਂ ਹੀ ਉਨ੍ਹਾਂ ਦੀਆਂ ਰੁੱਚੀਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸੁਚੱਜੀ ਅਗਵਾਈ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਮਹਾਂਪੁਰਸ਼ਾਂ ਅਤੇ ਵੀਰ ਪੁਰਸ਼ਾਂ ਦੀਆਂ ਕਹਾਣੀਆਂ ਸੁਣਾਉਣੀਆਂ ਚਾਹੀਦੀਆਂ ਹਨ।
ਬੇਸ਼ੱਕ ਮਰਦ ਅਤੇ ਔਰਤ ਨੂੰ ਰੱਬ ਨੇ ਇਕ ਬਰਾਬਰ ਬਣਾਇਆ ਹੈ ਪਰ ਬੱਚੇ ਨੂੰ ਜਨਮ ਦੇਣ ਦੀ ਦਾਤ ਕੇਵਲ ਮਾਂ ਨੂੰ ਹੀ ਦਿੱਤੀ ਹੈ। ਇਸ ਪੱਖੋਂ ਔਰਤ ਮਰਦ ਨਾਲੋਂ ਮਹਾਨ ਮੰਨੀ ਗਈ ਹੈ। ਚੰਗੀਆਂ ਮਾਵਾਂ ਹੀ ਚੰਗੇ ਬੱਚੇ ਨੂੰ ਜਨਮ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੀਆਂ ਹਨ। ਕਹਿੰਦੇ ਹਨ ਕਿ ਰੱਬ ਹਮੇਸ਼ਾਂ ਬੱਚੇ ਕੋਲ ਨਹੀਂ ਰਹਿ ਸਕਦਾ ਇਸ ਲਈ ਉਸ ਨੇ ਮਾਂ ਬਣਾਈ ਹੈ। ਮਾਂ ਪਿਓ ਦੀ ਸੁਚੱਜੀ ਅਗਵਾਈ, ਪਿਆਰ ਅਤੇ ਸਰੀਰਕ ਸਪਰਸ਼ ਬੱਚੇ ਦਾ ਬਲ ਵਧਾਉਂਦੇ ਹਨ ਜਿਸ ਨਾਲ ਉਸ ਵਿਚ ਸੁਰੱਖਿਆ ਅਤੇ ਆਤਮਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ। ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਮਾਤਾ ਪਿਤਾ ਦੋਹਾਂ ਦੇ ਪੂਰਨ ਸਹਿਯੋਗ ਦੀ ਜ਼ਰੂਰਤ ਹੈ ਇਸ ਲਈ ਉਨ੍ਹਾਂ ਨੂੰ ਘਰ ਵਿਚ ਸੁਹਿਰਦ ਵਾਤਾਵਰਨ ਬਣਾ ਕੇ ਰੱਖਣਾ ਚਾਹੀਦਾ ਹੈ ਅਤੇ ਹਰ ਹਾਲਾਤ ਵਿਚ ਪਰਿਵਾਰ ਨੂੰ ਟੁੱਟਣ ਤੋਂ ਬਚਾਉਣਾ ਚਾਹੀਦਾ ਹੈ।
ਅੱਜ ਕੱਲ ਦੇ ਬੱਚੇ ਨਸ਼ਿਆਂ ਵਿਚ ਫਸ ਕੇ ਪਤਿਤ ਹੁੰਦੇ ਜਾ ਰਹੇ ਹਨ। ਇਹ ਬੱਚਿਆਂ ਦੀ ਮਾੜੀ ਸੰਗਤ ਅਤੇ ਮਾਂ ਪਿਓ ਦੀ ਅਣਗਹਿਲੀ ਕਾਰਨ ਹੈ। ਉਨ੍ਹਾਂ ਨੂੰ ਸ਼ੁਰੂ ਤੋਂ ਹੀ ਚੰਗੇ ਚਾਲ ਚਲਣ ਅਤੇ ਧਰਮ ਦੀ ਸਿੱਖਿਆ ਜ਼ਰੂਰੀ ਹੈ। ਜਿਸ ਬੱਚੇ ਨੂੰ ਆਪਣੇ ਮਾਂ ਪਿਓ ਕੋਲੋਂ ਚੰਗੇ ਸੰਸਕਾਰ ਮਿਲੇ ਹੋਣ ਉਸ ਨੂੰ ਇਹ ਦੱਸਣ ਦੀ ਲੋੜ ਨਹੀਂ ਹੁੰਦੀ ਕਿ ਕੀ ਚੰਗਾ ਅਤੇ ਕੀ ਮਾੜਾ ਹੈ। ਕਿਹੜਾ ਕੰਮ ਕਰਨਾ ਹੈ ਅਤੇ ਕਿਹੜਾ ਨਹੀਂ। ਅਜਿਹੇ ਮਾਤਾ ਪਿਤਾ ਨੂੰ ਬ੍ਰਿਧ ਆਸ਼ਰਮ ਦਾ ਮੁਹਤਾਜ ਨਹੀਂ ਹੋਣਾ ਪੈਂਦਾ। ਉਨ੍ਹਾਂ ਨੂੰ ਘਰ ਵਿਚ ਪੂਰਾ ਸਨਮਾਨ ਮਿਲਦਾ ਹੈ ਅਤੇ ਉਨ੍ਹਾਂ ਦਾ ਬੁਢਾਪਾ ਬਹੁਤ ਸੋਖਾ ਬੀਤਦਾ ਹੈ।
ਜੇ ਬੱਚਿਆਂ ਵਿਚ ਸੰਸਕਾਰਾਂ ਦੀ ਗੱਲ ਕਰੀਏ ਤਾਂ ਸਿੱਖ ਕੌਮ ਇਸ ਦੀ ਪ੍ਰਤੱਖ ਮਿਸਾਲ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਕੌਮ ਇਕ ਮਾਰਸ਼ਲ ਕੌਮ ਹੈ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਇਨ੍ਹਾਂ ਦਾ ਮੂਲ ਸਿਧਾਂਤ ਹੈ। ਉਹ ਜੀਵਨ ਦੀ ਸੇਧ ਗੁਰਬਾਣੀ ਅਤੇ ਗੁਰਦਆਰਿਆਂ ਤੋਂ ਲੈਂਦੇ ਹਨ। ਸਿੱਖ ਸੰਗਤ ਵਿਚ ਕੋਈ ਵੀ. ਆਈ. ਪੀ. ਜਾਂ ਵੱਡਾ ਛੋਟਾ ਨਹੀਂ ਹੁੰਦਾ। ਉੱਥੇ ਆਈ. ਏ. ਐਸ. ਅਫ਼ਸਰ ਅਤੇ ਸਾਰੇ ਧਨਾਢ ਲੋਕ ਜਾ ਕੇ ਸੰਗਤ ਦੇ ਜੂਠੇ ਭਾਂਡੇ ਮਾਂਜਦੇ ਹਨ ਅਤੇ ਫਰਸ਼ ਸਾਫ ਕਰਦੇ ਹਨ। ਇਹ ਹੀ ਸੰਸਕਾਰ ਸਿੱਖ ਬੱਚਿਆਂ ਵਿਚ ਵੀ ਭਰੇ ਜਾਂਦੇ ਹਨ ਜਿਸ ਤੇ ਉਹ ਵੱਡੇ ਹੋ ਕੇ ਪਹਿਰਾ ਦਿੰਦੇ ਹਨ ਅਤੇ ਦੇਸ਼ ਅਤੇ ਕੌਮ ਦਾ ਨਾਮ ਰੋਸ਼ਨ ਕਰਦੇ ਹਨ। ਇਨ੍ਹਾਂ ਸੰਸਕਾਰਾਂ ਦਾ ਸਦਕਾ ਹੀ ਸਿੱਖ ਸਰਦਾਰ ਅੱਜ ਕੱਲ੍ਹ ਦੁਨੀਆਂ ਭਰ ਵਿਚ ਉੱਚੀਆਂ ਪਦਵੀਆਂ ਤੇ ਬਿਰਾਜਮਾਨ ਹਨ। ਵਿੱਦਿਆ ਦਾ ਖੇਤਰ ਹੋਵੇ ਜਾਂ ਬਹਾਦਰੀ ਦਾ ਸਭ ਥਾਂ ਸਿੱਖਾਂ ਦਾ ਹੀ ਬੋਲ ਬਾਲਾ ਹੈ। ਕੁਦਰਤੀ ਆਫਤ ਸਮੇਂ ਵਪਾਰੀ ਲੋਕ ਖਾਣ ਪੀਣ ਵਾਲੀਆਂ ਵਸਤੂਆਂ ਦੀ ਕਾਲਾ ਬਜ਼ਾਰੀ ਕਰਦੇ ਹਨ ਪਰ ਸਿੱਖ ਹਰ ਮੁਸੀਬਤ ਵਿਚ ਸਭ ਤੋਂ ਪਹਿਲਾਂ ਪਹੁੰਚ ਕੇ ਇਨ੍ਹਾਂ ਵਸਤੂਆਂ ਦੇ ਮੁਫ਼ਤ ਵਿਚ ਲੰਗਰ ਲਾ ਦਿੰਦੇ ਹਨ। ਜਦ 2020-21 ਅਤੇ 2021-22 ਵਿਚ ਸਾਰੀ ਦੁਨੀਆਂ ਵਿਚ ਕੋਰੋਨਾ ਨਾਮ ਦੀ ਮਹਾਂਮਾਰੀ ਫੈਲ੍ਹੀ ਤਾਂ ਸਰਕਾਰਾਂ ਮਰੀਜ਼ਾਂ ਨੂੰ ਮਿਆਰੀ ਇਲਾਜ ਅਤੇ ਆਕਸੀਜਨ ਦੇਣ ਵਿਚ ਫੇਲ੍ਹ ਹੋ ਗਈਆਂ ਪਰ ਸਿੱਖ ਸਰਦਾਰ ਨਹੀਂ ਫੇਲ੍ਹ ਹੋਏ। ਉਨ੍ਹਾਂ ਨੇ ਦਵਾਈਆਂ ਦੇ ਅਤੇ ਆਕਸੀਜਨ ਦੇ ਮੁਫ਼ਤ ਲੰਗਰ ਲਾ ਕੇ ਹਜਾਰਾਂ ਕੀਮਤੀ ਜਾਨਾਂ ਬਚਾਈਆਂ। ਇਸੇ ਲਈ ਦੁਨੀਆਂ ਭਰ ਵਿਚ ਸਿੱਖਾਂ ਦਾ ਡੰਕਾ ਵੱਜਦਾ ਹੈ।
ਬੱਚਿਆਂ ਦੇ ਯੋਗ ਪਾਲਣ ਪੋਸ਼ਣ ਅਤੇ ਵਿਕਾਸ ਵੱਲ ਉਚੇਰੇ ਧਿਆਨ ਦੀ ਲੋੜ ਹੁੰਦੀ ਹੈ। ਬੱਚਿਆਂ ਦੀ ਸੰਗਤ ਉਨ੍ਹਾਂ ਦੇ ਆਚਰਣ ਅਤੇ ਆਦਤਾਂ ਤੇ ਬਹੁਤ ਪ੍ਰਭਾਵ ਪਾਉਂਦੀ ਹੈ। ਉਦਾਹਰਨ ਦੇ ਤੋਰ ਤੇ ਇਕ ਗਾਜਰ ਲਉ। ਉਸ ਦੇ ਦੋ ਟੁਕੜੇ ਕਰ ਲਉ। ਇਕ ਵਿਚ ਨਮਕ ਮਿਲਾ ਦਿਉ ਅਤੇ ਦੂਜੇ ਵਿਚ ਖੰਡ। ਕੁਝ ਦਿਨਾ ਬਾਅਦ ਇਕ ਦਾ ਮੁਰੱਬਾ ਬਣ ਜਾਵੇਗਾ ਅਤੇ ਦੂਜੇ ਦਾ ਅਚਾਰ। ਇਹ ਹੈ ਸੰਗਤ ਦਾ ਅਸਰ। ਇਸ ਲਈ ਮਾਂ ਪਿਓ ਨੂੰ ਬੱਚਿਆਂ ਦੀ ਸੰਗਤ ਬਾਰੇ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ। ਬੱਚਿਆਂ ਨੂੰ ਹਰ ਹਾਲਾਤ ਵਿਚ ਮਾੜੀ ਸੰਗਤ ਤੋਂ ਬਚਾਉਣਾ ਚਾਹੀਦਾ ਹੈ। ਬੱਚੇ ਫੁਲਾਂ ਦੀ ਤਰ੍ਹਾਂ ਨਾਜਕ ਹੁੰਦੇ ਹਨ। ਉਨ੍ਹਾਂ ਦੇ ਮੁਸਕਰਾਉਂਦੇ ਹੋੇਏ ਭੋਲੇ ਭਾਲੇ ਅਤੇ ਨਿਰਛੱਲ ਚਿਹਰੇ ਦੇਖਣ ਵਾਲੇ ਦੇ ਮਨ ਵਿਚ ਤਾਜ਼ਗੀ ਭਰ ਦਿੰਦੇ ਹਨ। ਇਸ ਲਈ ਬੱਚਿਆਂ ਨੂੰ ਪੋਸ਼ਟਿਕ ਭੋਜਨ, ਮਿਆਰੀ ਵਿਦਿਆ ਅਤੇ ਚੰਗੇ ਸੰਸਕਾਰ ਦੇ ਕੇ ਕਾਬਲ ਬਣਾਉਣਾ ਹਰ ਮਾਂ ਪਿਓ ਦਾ ਫ਼ਰਜ਼ ਹੈ। ਬੱਚਿਆਂ ਨੇ ਹੀ ਵੱਡੇ ਹੋ ਕੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੁੰਦਾ ਹੈ। ਅੱਜ ਦੇ ਬੱਚੇ ਹੀ ਸਾਡੇ ਕੱਲ੍ਹ ਦੇ ਵਾਰਸ ਹਨ। ਉਨ੍ਹਾਂ ਨੇ ਹੀ ਭਵਿੱਖ ਵਿਚ ਦੇਸ਼ ਅਤੇ ਸਮਾਜ ਦੀ ਵਾਗਡੋਰ ਸੰਭਾਲਣੀ ਹੈ।         *****

ਗੁਰਸ਼ਰਨ ਸਿੰਘ ਕੁਮਾਰ
ਮੋਬਾਇਲ:-9463189432
email: gursharan1183@yahoo.in
ਪ੍ਰੇਰਨਾਦਾਇਕ ਲੇਖ