' ਫੇਸਬੁੱਕ, ਬਨਾਮ ਫੇਕਬੁੱਕ ' - ਗੁਰਪ੍ਰੀਤ ਧਾਲੀਵਾਲ
ਅਜੋਕੇ ਦੌਰ ਵਿੱਚ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਹਰ ਸ਼ੈਅ ਨੂੰ ਮਾਤ ਪਾ ਲਈ ਹੈ। ਸੰਚਾਰ ਦੇ ਸਾਧਨਾਂ 'ਚੋ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸਿਰਫ਼ ਸੈੱਲਫੋਨ (ਮੋਬਾਈਲ ) ਹੈ। ਇੱਕ ਪਲ ਵਿੱਚ ਅਸੀ ਸੈੱਲਫੋਨ ਰਾਹੀ ਆਪਣੀ ਗੱਲਬਾਤ ਕੋਹਾਂ ਦੂਰ ਪਹੁੰਚਾ ਸਕਦੇ ਹਾਂ। ਮੋਬਾਇਲ ਫੋਨ ਦਾ ਇੰਨਾ ਜਨੂੰਨ ਹੋ ਗਿਆ ਹੈ ਕਿ ਇਸ ਤੋਂ ਬਿਨਾਂ ਜਿੰਦਗੀ, ਜਿਵੇਂ ਰੁੱਕ ਗਈ ਹੋਵੇ। ਭਾਵ ਕਿ ਇਹ ਸਾਹ ਲੈਣ ਵਾਂਗ ਜਰੂਰੀ ਹੋ ਗਿਆ ਹੈ। ਇੱਥੋ ਤੱਕ ਕਿ ਜੰਮਦੇ ਬੱਚੇ ਨੂੰ ਵੀ ਫੋਨ ਦੀ ਹੈਲੋ, ਦੀ ਗੁੜਤੀ ਦਿੱਤੀ ਜਾਂਦੀ ਹੈ। ਬੱਚਿਆਂ ਵਿੱਚ ਵੀ ਇਸ ਦਾ ਇੰਨਾ ਰੁਝਾਨ ਹੋਣ ਕਰਕੇ ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਰੁੱੱਕ ਗਿਆ ਹੈ। ਸੈੱਲਫੋਨ ਕੰਪਨੀਆਂ ਵਲੋਂ ਆਕਰਸ਼ਕ ਆਫਰ ਦਿੱਤੇ ਜਾਂਦੇ ਹਨ ਤਾਂ ਕਿ ਨਾ-ਮਾਤਰ ਪੈਸੇ ਖਰਚ ਕੇ ਜ਼ਿਆਦਾ ਲਾਭ ਲਿਆ ਜਾ ਸਕੇ।
ਆਓ ਹੁਣ ਫੇਸਬੁੱਕ ਵਾਰੇ ਚਰਚਾ ਕਰੀਏ। ਅੱਜ ਕੱਲ੍ਹ ਫੇਸਬੁੱਕ ਦਾ ਬਹੁਤ ਹੀ ਜਿਆਦਾ ਜਨੂੰਨ ਛਾਇਆ ਹੋਇਆ ਹੈ। ਫੇਸਬੁੱਕ ਦਾ ਤਾਂ ਮਿਸ਼ਨ, ਦੇਸ਼ ਵਿਦੇਸ਼ 'ਚ ਨਵੇ ਪੁਰਾਣੇ ਮਿੱਤਰਾਂ,ਰਿਸ਼ਤੇਦਾਰਾਂ
ਨੂੰ ਜੋੜਨਾ ਤੇ ਦੁਨੀਆਂ ਨੂੰ ਇੱਕ ਕਰਨ ਦੀ ਸਮਰੱਥਾ ਪ੍ਰਦਾਨ ਕਰਨਾ ਹੈ। ਪੁਰਾਣੇ ਸਮੇਂ ਵਿੱਚ ਲੋਕ ਤਾਂ ਇੱਕ ਦੂਜੇ ਦਾ ਚਿਹਰਾ ਪੜ੍ਹ ਕੇ ਉਸ ਦੇ ਹਾਵ-ਭਾਵ ਦੇਖ ਕੇ ਦੱਸ ਦਿੰਦੇ ਸੀ ਕਿ ਇਹ ਇਨਸਾਨ ਕਿੰਨਾ ਕੁ ਦੁਖੀ ਹੈ,ਸੁਖੀ ਹੈ ਜਾਂ ਪ੍ਰੇਸ਼ਾਨੀ ਵਿਚ ਘਿਰਿਆ ਹੋਇਆ ਹੈ।ਸੱਚ, ਅਸਲੀ ਫੇਸਬੁੱਕ ਤਾਂ ਇਹੋ ਹੁੰਦੀ ਸੀ, ਪਰ ਹੁਣ ਤਾਂ ਫੇਸਬੁੱਕ ਬਨਾਮ ਫੇਕਬੁੱਕ ਬਣ ਕੇ ਰਹਿ ਗਈ ਹੈ। ਅਸੀਂ ਫੇਸਬੁੱਕ ਤੇ ਪੋਸਟਾਂ ਪਾਉਂਦੇ ਹਾਂ, ਲਿਖਦੇ ਹਾਂ, ਲਾਈਵ ਹੁੰਦੇ ਹਾਂ, ਫਿਰ ਅਸੀਂ ਉਡੀਕ ਕਰਦੇ ਹਾਂ ਕਿ ਸਾਡੀ ਪੋਸਟ ਕਿਸ ਕਿਸ ਨੇ ਦੇਖ ਲੲੀ ਹੈ ਤੇ ਆਸ ਕਰਦੇ ਹਾਂ ਕਿ ਵੱਧ ਤੋਂ ਵੱਧ ਲਾਈਕ, ਕੰਮੈਂਟ ਤੇ ਸੇਅਰ ਕੀਤੀ ਜਾਵੇ। ਕਈ ਵਾਰ ਇਨਸਾਨ ਨਾ ਚਾਹੁੰਦੇ ਹੋਏ ਵੀ ਫੇਸਬੁੱਕ ਤੇ ਆਪਣਾ ਅਸਲੀ ਚਿਹਰਾ ਛੁਪਾ ਕੇ, ਫਿਰ ਵੀ ਮਨਚਾਹੀਆਂ ਦਿਲਕਸ਼ ,ਹੱਸਦਿਆਂ ਦੀ ਸੈਲਫੀ਼ਆਂ ਪਾਉਂਦੇ ਹਾਂ। ਝੂਠਾ ਦਿਖਾਵਾ ਕਰਕੇ, ਦੂਜਿਆਂ ਨੂੰ ਇਹੋ ਮਹਿਸੂਸ ਕਰਾਉਦੇ
ਹਨ ਕਿ ਸਭ ਠੀਕ -ਠਾਕ ਹੈ। ਸੈਲਫੀਆਂ ਖਿੱਚ ਕੇ, ਜਾਨ ਜ਼ੋਖਮ
ਵਿੱਚ ਪਾ ਕੇ ਤੇ ਅੰਗੂਠਾ ਉੱਪਰ ਕਰਕੇ ਅਸੀਂ ਝੂਠੀ ਖੁਸ਼ੀ ਤੇ ਪਸੰਦ ਦਾ ਪ੍ਰਗਟਾਵਾ ਵੀ ਕਰਦੇ ਹਾਂ ਕਿਉਂਕਿ ਜੇਕਰ ਖੁਸ਼ੀ, ਉਦਾਸੀ ਭਰੀ ਪੋਸਟ ਪਾ ਦਿੱਤੀ ਜਾਵੇ ਤਾਂ, ਫੇਸਬੁੱਕ ਤੇ ਚੰਗੇ ਮਾੜੇ ਕੰਮੈਟ ਆਣ ਲੱਗ ਜਾਂਦੇ ਹਨ, ਜੋ ਬਲਦੀ ਤੇ ਤੇਲ ਪਾਉਣ ਦਾ ਕੰਮ ਕਰਦੇ ਹਨ।
ਜ਼ਿੰਦਗੀ ਦੀ ਸੱਚਾਈ ਤੋਂ ਕੋਹਾਂ ਦੂਰ ਹੋ ਕੇ ਫੇਕ ਫੇਸ ਹੀ ਸਾਡੀ ਅਸਲੀ ਜ਼ਿੰਦਗੀ ਬਣ ਗਿਆ ਹੈ।
ਪਹਿਲਾਂ ਲੋਕ ਸਵੇਰ ਦੀ ਸੈਰ ਕਰਨ ਜਾਂਦੇ ਸੀ। ਪਾਠ ਪੂਜਾ ਕਰ ਕੇ ਫਿਰ ਘਰੇਲੂ ਕੰਮਾਂ ਵਿੱਚ ਜੁੱਟ ਜਾਂਦੇ ਸੀ, ਪਰ ਹੁਣ ਤਾਂ ਅੱਧੀ ਅੱਧੀ ਰਾਤ ਤੱਕ ਫੋਨ ਤੇ ਹੀ ਲੱਗੇ ਰਹਿੰਦੇ ਹਨ। ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਫੇਸਬੁੱਕ ਹੀ ਚੈੱਕ ਕਰਦੇ ਹਾਂ। ਇੱਥੋ ਤੱਕ ਕਿ ਗੁਸਲਖਾਨਿਆਂ 'ਚ ਬੈਠੇ ਵੀ ਫੇਸਬੁੱਕ ਚਲਾਈ ਜਾਂਦੇ ਨੇ। ਅੈਨਾ ਜਨੂੰਨ ਹੋ ਗਿਆ ਹੈ ਕਿ ਨੀਂਦ ਖਰਾਬ ਕਰ ਲਈ ਹੈ। ਨੀਂਦ ਪੂਰੀ ਨਾ ਹੋਣ ਕਰਕੇ, ਨੌਕਰੀ ਪੇਸ਼ਾ ਕਰਨ ਵਾਲੇ ਦੇਰ ਨਾਲ ਉੱਠਦੇ ਹਨ। ਜਿਸ ਦਾ ਅਸਰ ਸਿਹਤ ਅਤੇ ਉਮਰ ਤੇ ਪੈਂਦਾ ਹੈ। ਇਸ ਦੀਆਂ ਹਾਨੀਕਾਰਕ ਕਿਰਨਾ ਕੈਂਸਰ ਦਾ ਕਾਰਨ ਬਣ ਰਹੀਆਂ ਹਨ। ਅੱਜਕੱਲ ਹੱਥ ਦੀ ਉੰਗਲੀ ਨਾਲ ਹੀ ਸਾਰੀ ਦੁਨੀਆਂ ਦੀ ਘਰ ਬੈਠੇ ਹੀ ਸੈਰ ਕਰ ਰਹੇ ਹਾਂ, ਉੱਥੇ ਨਾਲ ਹੀ ਸਰੀਰਕ ਤੇ ਮਾਨਸਿਕ ਤੌਰ ਤੇ ਕਮਜ਼ੋਰ ਹੋ ਰਹੇ ਹਾਂ।
ਫੇਸਬੁੱਕ ਤਾਂ ਫੇਕਬੱਕ ਦੇ ਨਾਲ ਨਾਲ ਇਹ ਕਲੇਸ਼ ਬੁੱਕ ਵੀ ਸਾਬਿਤ ਹੋ ਰਹੀ ਹੈ ਕਿਉਂਕਿ ਲੰਮੇ ਸਮੇਂ ਤੋ ਬਣਿਆ ਰਾਬਤਾ, ਮਿੰਟਾਂ -ਸਕਿੰਟਾਂ 'ਚ ਖ਼ਤਮ ਹੋ ਜਾਂਦਾ ਹੈ। ਰਿਸ਼ਤਿਆਂ ਵਿੱਚ ਦਰਾੜ ਪੈਂਦਾ ਹੋ ਰਹੀ ਹੈ। ਆਮ ਤੌਰ ਤੇ ਦੇਖਿਆ ਗਿਆ ਹੈ ਕਿ ਨੌਜਵਾਨ ਵਰਗ ਫੇਸਬੁੱਕ ਰਾਹੀਂ ਇੱਕ ਦੂਜੇ ਨਾਲ ਜੁੜ ਕੇ, ਰਿਸ਼ਤੇ ਇੰਨੇ ਗੂੜ੍ਹੇ ਬਣਾ ਲੈਂਦੇ ਹਨ ਕਿ ਬਾਅਦ ਵਿਚ ਸਭ ਫੇਕ ਨਿਕਲਦਾ ਹੈ। ਕੁੜੀਆਂ ਮੁੰਡੇ ਆਪਸ ਵਿੱਚ ਇੰਨੇ ਨੇੜੇ ਹੋ ਜਾਂਦੇ ਹਨ ਕਿ ਆਸ਼ਕੀ ਮਜਾਜ਼ ਹੋਣ ਕਰਕੇ ਲਾਈਵ ਹੋ ਕੇ ਆਤਮਹੱਤਿਆ ਕਰਦੇ ਹਨ। ਜਿਸ ਦਾ ਸਾਡੇ ਸਮਾਜ ਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ। ਇਵੇਂ ਹੀ ਅਪਰਾਧਿਕ ਮਾਮਲਿਆਂ ਨੂੰ ਸ਼ੈਅ ਮਿਲਦੀ ਹੈ ਜਿਵੇਂ -ਬਲਾਤਕਾਰ, ਖੁਦਕੁਸ਼ੀਆਂ, ਚੋਰੀਆਂ ਅਤੇ ਹੋਰ ਅਣਸੁਖਾਵੀਂਆਂ ਘਟਨਾਵਾਂ ਆਦਿ। ਪੁੰਗਰਦੀ ਪਨੀਰੀ ਨੂੰ ਬਚਪਨ ਵਿੱਚ, ਸਮੇਂ ਤੋਂ ਪਹਿਲਾਂ ਅਜਿਹੀ ਜਾਣਕਾਰੀ ਹਾਸਿਲ ਕਰਾ ਦਿੱਤੀ ਹੈ ਜਿਸ ਕਰਕੇ ਬੱਚਿਆਂ ਦਾ ਭਵਿੱਖ ਤੇ ਬੌਧਿਕ ਵਿਕਾਸ ਨਿਘਾਰ ਵੱਲ ਜਾ ਰਿਹਾ ਹੈ। ਲੋੜ ਇਸ ਗੱਲ ਦੀ ਹੈ ਕਿ ਫੇਸਬੁੱਕ ਦਾ ਸਹੀ ਇਸਤੇਮਾਲ ਕੀਤਾ ਜਾਵੇ। ਬੱਚਿਆਂ ਅਤੇ ਵੱਡਿਆਂ ਨੂੰ ਲੋੜ ਅਨੁਸਾਰ ਹੀ ਫੇਸਬੁੱਕ ਚਲਾਉਣੀ ਚਾਹੀਦੀ ਹੈ । ਅਖ਼ੀਰ ਵਿੱਚ ਇਹ ਸਤਰਾਂ ਲਿਖ ਰਿਹਾ :-
'' ਤੱਕਦੇ ਰਹਿੰਦੇ ਪੋਸਟਾਂ,
ਮੋਬਾਇਲ ਵਾਰ ਵਾਰ ਚੁੱਕ।
ਵਕਤ ਖਾ ਗਏ ਸਾਡਾ,
ਵੱਟਸਅੱਪ ਤੇ ਫੇਸਬੁੱਕ"
ਗੁਰਪ੍ਰੀਤ ਧਾਲੀਵਾਲ
ਰਣਜੀਤ ਨਗਰ (ਖਰੜ)
ਮੋਬਾ:ਨੰ: 9815122196