Gurpreet Singh Toor

ਪੰਜਾਬ ਦੀ ਤਬਾਹੀ ਦਾ ਸੂਚਕ ਹੈ ਅਸਾਧਾਰਨ ਪਰਵਾਸ - ਗੁਰਪ੍ਰੀਤ ਸਿੰਘ ਤੂਰ ਆਈਪੀਐਸ

ਪੰਜਾਬ ਦੀ ਤਬਾਹੀ ਦਾ ਸੂਚਕ ਹੈ ਅਸਾਧਾਰਨ ਪਰਵਾਸ - ਗੁਰਪ੍ਰੀਤ ਸਿੰਘ ਤੂਰ ਆਈਪੀਐਸਪਰਵਾਸ ਨੂੰ ਕੁਦਰਤੀ ਵਰਤਾਰਾ ਆਖਿਆ ਗਿਆ ਹੈ। ਜਦੋਂ ਮਨੁੱਖ ਰੁਜ਼ਗਾਰ ਦੇ ਚੰਗੇ ਮੌਕਿਆਂ ਤੇ ਜੀਵਨ ਜਿਊਣ ਦੀਆਂ ਬਿਹਤਰ ਹਾਲਤਾਂ ਦੀ ਭਾਲ 'ਚ ਆਪਣਾ ਮੂਲ ਸਥਾਨ ਛੱਡ ਕੇ ਦੇਸ਼ ਵਿਚ ਇਕ ਥਾਂ ਤੋਂ ਦੂਜੀ ਥਾਂ ਜਾਂ ਇਕ ਦੇਸ਼ ਤੋਂ ਦੂਜੇ ਦੇਸ਼ ਜਾ ਵਸਦੇ ਹਨ, ਪਰਵਾਸ ਕਹਾਉਂਦਾ ਹੈ। ਸਦੀਆਂ ਤੋਂ ਪ੍ਰਚੱਲਿਤ ਪਰਵਾਸ ਨੂੰ ਸੁਭਾਵਿਕ ਵਰਤਾਰਾ ਮੰਨਿਆ ਗਿਆ ਹੈ।ਪੰਜਾਬ 'ਚੋਂ ਪਰਵਾਸ ਦੀਆਂ ਪੈੜਾਂ ਪਿਛਲੀ ਸਦੀ ਦੇ ਸ਼ੁਰੂ 'ਚ ਵੇਖੀਆਂ ਜਾ ਸਕਦੀਆਂ ਹਨ। ਗ਼ਦਰੀ ਬਾਬਿਆਂ ਤੇ ਸਿੱਖ ਫ਼ੌਜੀਆਂ ਨੇ ਪਰਵਾਸ ਦੀ ਪੰਜਾਬੀਆਂ ਨਾਲ ਜਾਣ-ਪਛਾਣ ਕਰਵਾਈ। ਕਲਕੱਤਾ ਬੰਦਰਗਾਹ ਅੱਜ ਤੱਕ ਪੰਜਾਬੀਆਂ ਦੇ ਚੇਤਿਆਂ 'ਚ ਖੁਣੀ ਹੋਈ ਹੈ। ਕਮਾਈ ਕਰਨ ਗਏ ਇਹ ਲੋਕ ਮਹੀਨਿਆਂ ਬਾਅਦ ਹੀ ਪਰਿਵਾਰ ਲਈ ਪੈਸੇ ਭੇਜਣ ਲੱਗ ਜਾਂਦੇ ਸਨ। ਇਵੇਂ ਲੋਕ ਘਰਾਂ ਨੂੰ ਰੰਗ ਕਰਾ ਲੈਂਦੇ, ਸਾਈਕਲ-ਸਕੂਟਰ ਖਰੀਦ ਲੈਂਦੇ, ਕੋਈ ਕਮਰਾ ਛੱਤ ਲੈਂਦੇ ਅਤੇ ਕਈ ਨਵੇਂ ਘਰ ਵੀ ਬਣਾ ਲੈਂਦੇ ਸਨ। ਇਵੇਂ ਵਿਦੇਸ਼ਾਂ ਤੋਂ ਆਏ ਪੈਸੇ ਨੇ ਪੰਜਾਬੀ ਜੀਵਨ ਨੂੰ ਖੁਸ਼ੀਆਂ ਤੇ ਖੁਸ਼ਹਾਲੀ ਪ੍ਰਦਾਨ ਕੀਤੀ। ਕਈ ਘਰ ਅਜਿਹੀ ਆਰਥਿਕ ਮਦਦ ਨਾਲ ਜ਼ਮੀਨ ਵੀ ਖਰੀਦ ਲੈਂਦੇ ਅਤੇ ਕਈ ਰੌਣਕ ਮੇਲੇ ਵਾਲਾ ਵਿਆਹ ਕਰ ਲੈਂਦੇ। ਪਿੰਡਾਂ 'ਚ ਅੱਜ ਵੀ ਕਈ ਘਰ ਵੇਖੇ ਜਾ ਸਕਦੇ ਹਨ, ਜਿਨ੍ਹਾਂ ਉਪਰ 'ਬਰਮਾ ਵਾਲੇ', 'ਮਲਾਇਆ ਵਾਲੇ' ਲਿਖਿਆ ਮਿਲਦਾ ਹੈ। 'ਕੈਨੇਡਾ ਤੇ ਅਮਰੀਕਾ ਵਾਲੇ' ਇਹ ਨਾਂਅ ਕਈ ਪਰਿਵਾਰਾਂ ਦੀ ਪਹਿਚਾਣ ਬਣੇ ਹੋਏ ਹਨ। ਕਈ ਪਰਿਵਾਰਾਂ ਦਾ ਇਕ ਭਰਾ ਇੱਧਰ ਕੰਮ 'ਚ ਰੁੱਝ ਗਿਆ ਤੇ ਇਕ ਵਿਦੇਸ਼ ਚਲਾ ਗਿਆ। ਇਵੇਂ ਪਰਿਵਾਰ ਦੇ ਇਸ ਰੂਪ ਨੇ ਪਿੰਡਾਂ ਨੂੰ ਸੋਹਣੇ ਰੰਗਾਂ 'ਚ ਰੰਗਿਆ। ਕਈ ਵਿਅਕਤੀ ਵਿਦੇਸ਼ਾਂ 'ਚ ਅੱਠ-ਦਸ ਸਾਲ ਕਮਾਈ ਕਰਕੇ ਵਾਪਸ ਵੀ ਮੁੜ ਆਉਂਦੇ ਸਨ। ਪਰ ਪਰਵਾਸ ਦੀ ਕਤਾਰ, ਡਾਰ ਕਿਵੇਂ ਤੇ ਕਦੋਂ ਬਣੀ ਇਹ ਅੱਜ ਵਿਚਾਰਨ ਦਾ ਵਿਸ਼ਾ ਹੈ?
1990 ਤੱਕ ਪ੍ਰਾਂਤ ਪ੍ਰਤੀ ਵਿਅਕਤੀ ਆਮਦਨੀ ਦੇ ਆਧਾਰ 'ਤੇ ਸਿਖਰ 'ਤੇ ਰਿਹਾ। ਲੇਕਿਨ ਉਸ ਤੋਂ ਬਾਅਦ ਨਿਘਾਰ ਸ਼ੁਰੂ ਹੋਇਆ। ਹਾਕਮਾਂ ਨੇ ਆਪਣੀਆਂ ਕੁਰਸੀਆਂ ਬਰਕਰਾਰ ਰੱਖਣ ਲਈ ਪਹਿਲਾਂ ਖੇਤੀ ਸੈਕਟਰ ਲਈ ਬਿਜਲੀ ਮੁਫ਼ਤ ਕਰ ਦਿੱਤੀ, ਫਿਰ ਚੋਣਵੇਂ ਉਦਯੋਗਿਕ ਸੈਕਟਰ ਲਈ ਬਿਜਲੀ ਸਬਸਿਡੀ ਲਾਗੂ ਹੋਈ। ਅਜਿਹੀਆਂ ਨੀਤੀਆਂ ਕਾਰਨ ਪ੍ਰਾਂਤ 'ਤੇ ਕਰਜ਼ੇ ਦੇ ਹਾਲਾਤ ਇੱਥੋਂ ਤੱਕ ਵਿਗੜ ਗਏ ਕਿ ਵਿਆਜ ਮੋੜਨ ਲਈ ਵੀ ਵਿਆਜ 'ਤੇ ਪੈਸੇ ਚੁੱਕਣੇ ਪੈ ਰਹੇ ਹਨ। ਹੁਣ ਸਾਲਾਨਾ ਬਜਟ ਦਾ ਲਗਭਗ ਤਿਮਾਹੀ ਹਿੱਸਾ ਕਰਜ਼ਾ ਮੋੜਨ ਲਈ ਖਰਚਿਆ ਜਾ ਰਿਹਾ ਹੈ, ਲਗਭਗ ਅੱਧਾ ਹਿੱਸਾ ਪੱਕੇ ਖਰਚਿਆਂ 'ਤੇ ਖਰਚ ਹੁੰਦਾ ਹੈ। ਇਵੇਂ ਬਹੁਤ ਥੋੜ੍ਹੀ ਰਕਮ ਵਿੱਦਿਆ, ਸਿਹਤ, ਰੈਗੂਲਰ ਨੌਕਰੀਆਂ ਤੇ ਵਿਕਾਸ ਦੇ ਕੰਮਾਂ ਲਈ ਬਾਕੀ ਬਚਦੀ ਹੈ। 1990 ਤੱਕ ਵਿੱਦਿਆ ਅਤੇ ਸਿਹਤ 'ਤੇ ਸਾਲਾਨਾ ਬਜਟ ਦਾ ਕ੍ਰਮਵਾਰ 22 ਤੇ 12 ਪ੍ਰਤੀਸ਼ਤ ਖਰਚਿਆ ਜਾਂਦਾ ਸੀ, ਜੋ 2022-23 ਦੇ ਬਜਟ 'ਚ ਘਟ ਕੇ ਕ੍ਰਮਵਾਰ 13 ਤੇ 5 ਪ੍ਰਤੀਸ਼ਤ ਰਹਿ ਗਿਆ ਹੈ।ਸਰਹੱਦੀ ਤੇ ਸੀਮਾਬੱਧ ਪ੍ਰਾਂਤ ਹੋਣ ਕਰਕੇ ਪ੍ਰਾਂਤ 'ਚ ਉਦਯੋਗ ਦੀਆਂ ਸੰਭਾਵਨਾਵਾਂ ਪਹਿਲਾਂ ਹੀ ਘੱਟ ਸਨ, ਜ਼ਮੀਨ ਦੀ ਵੱਧ ਕੀਮਤ ਤੇ ਕੱਚੇ ਮਾਲ ਦੀ ਥੋੜ ਨੇ ਇਨ੍ਹਾਂ ਸੰਭਾਵਨਾਵਾਂ ਨੂੰ ਹੋਰ ਸੀਮਤ ਕਰ ਦਿੱਤਾ। ਅਜਿਹੀਆਂ ਹਾਲਤਾਂ 'ਚ ਪੰਜਾਬ ਨੂੰ ਆਈ.ਟੀ. ਸੈਕਟਰ ਦੀ ਵੱਡੀ ਲੋੜ ਸੀ। ਮਾਹਿਰਾਂ ਅਨੁਸਾਰ 'ਹਵਾਈ ਸੰਪਰਕ, ਤਕਨੀਕੀ ਮਾਨਵੀ ਸਰੋਤ ਅਤੇ ਮਦਦਗਾਰ ਰਾਜਨੀਤਕ ਤੇ ਪ੍ਰਸ਼ਾਸਨਿਕ ਰਵੱਈਆ ਆਈ.ਟੀ. ਸੈਕਟਰ ਦੇ ਵਿਕਾਸ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ।' ਸਾਡੇ ਕੋਲ ਮੁਹਾਲੀ ਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ਹੋਣ ਦੇ ਬਾਵਜੂਦ ਵੀ ਅਸੀਂ ਆਈ.ਟੀ. ਸੈਕਟਰ ਵਿਕਸਿਤ ਨਹੀਂ ਕਰ ਸਕੇ। ਭਾਵੇਂ ਕਿ ਪਿਛਲੀ ਸਦੀ ਦੇ ਆਖਰੀ ਦਹਾਕੇ 'ਚ ਸਾਨੂੰ ਇਹ ਮੌਕਾ ਮਿਲਿਆ ਸੀ, ਜਦੋਂ ਕਿ ਕਈ ਅੰਤਰਰਾਸ਼ਟਰੀ ਕੰਪਨੀਆਂ ਨੇ ਮੁਹਾਲੀ ਵਿਖੇ ਦਫ਼ਤਰ ਵੀ ਖੋਲ੍ਹੇ ਸਨ। ਦੂਜੇ ਪਾਸੇ ਹੈਦਰਾਬਾਦ, ਚੇਨਈ, ਮੁੰਬਈ ਤੇ ਗੁੜਗਾਓਂ ਵਰਗੇ ਸ਼ਹਿਰਾਂ ਨੇ ਇਸੇ ਮੌਕੇ ਦਾ ਭਰਪੂਰ ਲਾਭ ਉਠਾਇਆ। ਨੌਜਵਾਨਾਂ ਲਈ ਰੁਜ਼ਗਾਰ ਪੱਖੋਂ ਇਹ ਇਕ ਵੱਡਾ ਪਛਤਾਵਾ ਹੈ। ਇਸ ਦਾ ਪੰਜਾਬ 'ਤੇ ਵੱਡਾ ਨਾਂਹਪੱਖੀ ਪ੍ਰਭਾਵ ਪਿਆ।ਸਰਕਾਰੀ, ਅਰਧ ਸਰਕਾਰੀ ਨੌਕਰੀਆਂ ਤੇ ਆਈ.ਟੀ. ਰੁਜ਼ਗਾਰ ਦਾ ਪਰਦੇ ਤੋਂ ਅਲੋਪ ਹੋ ਜਾਣਾ, ਘੱਟੋ-ਘੱਟ ਨੌਕਰੀਆਂ ਦਾ ਪ੍ਰਬੰਧ ਉਹ ਵੀ ਠੇਕੇ 'ਤੇ ਹੋਣਾ, ਲੋਕ ਪੱਖੀ ਸਰਕਾਰੀ ਨੀਤੀਆਂ ਦੀ ਅਣਹੋਂਦ ਤੇ ਬੇਪ੍ਰਵਾਹ ਪ੍ਰਸ਼ਾਸਨਿਕ ਰਵੱਈਆ, ਭ੍ਰਿਸ਼ਟਾਚਾਰ ਦਾ ਬੋਲਬਾਲਾ, ਕਾਮਿਆਂ ਨੂੰ ਘੱਟ ਵੇਤਨ ਦਰ ਆਦਿ ਕਾਰਨਾਂ ਕਰਕੇ ਨੌਜਵਾਨ ਹਰ ਹਾਲਤ 'ਚ ਵਿਦੇਸ਼ ਜਾਣ ਲਈ ਮਜਬੂਰ ਹੋਣ ਲੱਗੇ। ਪ੍ਰਾਂਤ 'ਚ ਨਸ਼ਿਆਂ ਦੀ ਮਾਰ ਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੇ ਇਸ ਮਜਬੂਰੀ ਨੂੰ ਗੂੜ੍ਹਾ ਕਰ ਦਿੱਤਾ। ਕਾਲੇ ਧਨ ਨੇ ਬੇਰੁਜ਼ਗਾਰ ਨੌਜਵਾਨਾਂ ਦਾ ਸਾਹ ਘੁੱਟ ਲਿਆ। ਸਾਲ 2015-16 ਦੌਰਾਨ ਵਿਕਸਿਤ ਦੇਸ਼ਾਂ ਖ਼ਾਸ ਤੌਰ 'ਤੇ ਕੈਨੇਡਾ ਵਲੋਂ ਸਟੱਡੀ ਵੀਜ਼ੇ ਦੀਆਂ ਨਰਮ ਨੀਤੀਆਂ ਨੇ ਵਿਦਿਆਰਥੀਆਂ ਤੇ ਮਾਪਿਆਂ ਦੇ ਮਨਾਂ 'ਚ ਵਿਦੇਸ਼ ਜਾਣ ਦੀ ਕਾਹਲ ਪਾ ਦਿੱਤੀ। ਇਵੇਂ ਆਇਲੈਟਸ ਪਾਸ ਕਰਵਾਉਣ ਵਾਲੇ ਸੈਂਟਰ ਅਤੇ ਇਮੀਗ੍ਰੇਸ਼ਨ ਕੰਪਨੀਆਂ ਖੁੰਬਾਂ ਵਾਂਗ ਹੋਂਦ 'ਚ ਆ ਗਈਆਂ।
ਲੁਧਿਆਣਾ ਤੋਂ ਬਠਿੰਡਾ ਜਾਂਦਿਆਂ ਰਾਏਕੋਟ ਸ਼ਹਿਰ ਦੇ ਬਾਈਪਾਸ (1.2 ਕਿ.ਮੀ.) 'ਤੇ ਖੱਬੇ ਪਾਸੇ 32 ਅਤੇ ਸੱਜੇ ਪਾਸੇ 28 ਆਇਲੈਟਸ ਤੇ ਇਮੀਗ੍ਰੇਸ਼ਨ ਸੈਂਟਰ ਹਨ। ਇਵੇਂ ਮੋਗਾ ਸ਼ਹਿਰ ਵਿਚੋਂ ਲੁਧਿਆਣਾ ਤੋਂ ਫਿਰੋਜ਼ਪੁਰ ਵੱਲ ਨੂੰ ਲੰਘਦਿਆਂ (1.5 ਕਿ.ਮੀ.) ਖੱਬੇ ਤੇ ਸੱਜੇ ਪਾਸੇ ਕ੍ਰਮਵਾਰ 25 ਅਤੇ 32 ਅਜਿਹੇ ਸੈਂਟਰ ਹਨ। ਪੰਜਾਬ ਦੇ ਕਈ ਕਸਬਿਆਂ, ਹਰ ਤਹਿਸੀਲ ਅਤੇ ਜ਼ਿਲ੍ਹਾ ਹੈਡਕੁਆਟਰਾਂ ਦੀਆਂ ਮੁੱਖ ਸੜਕਾਂ ਅਤੇ ਬੱਸ ਅੱਡਿਆਂ ਨੇੜੇ ਅਜਿਹੇ ਸੈਂਟਰਾਂ ਦੀ ਭਰਮਾਰ ਹੈ। ਪ੍ਰਾਂਤ ਦੀਆਂ ਮੁੱਖ ਸੜਕਾਂ ਅਤੇ ਸ਼ਹਿਰਾਂ 'ਚੋਂ ਲੰਘਦੇ ਹਾਈਵੇਜ਼ ਤੋਂ ਇਨ੍ਹਾਂ ਇਮੀਗ੍ਰੇਸ਼ਨ ਸੈਂਟਰਾਂ ਦੀ ਇਸ਼ਤਿਹਾਰਬਾਜ਼ੀ ਪ੍ਰਤੱਖ ਨਜ਼ਰ ਆਉਂਦੀ ਹੈ। ਵੱਡੀਆਂ-ਵੱਡੀਆਂ ਇਮੀਗ੍ਰੇਸ਼ਨ ਕੰਪਨੀਆਂ ਅਖ਼ਬਾਰਾਂ 'ਚ ਸਫੇ-ਸਫੇ ਦਾ ਇਸ਼ਤਿਹਾਰ ਦਿੰਦੀਆਂ ਹਨ ਅਤੇ ਲਗਾਤਾਰ ਵੱਖੋ-ਵੱਖ ਸ਼ਹਿਰਾਂ ਦੇ ਨਾਮਵਰ ਹੋਟਲਾਂ 'ਚ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਜਾਣਕਾਰੀ ਸੈਸ਼ਨ ਲਾਉਂਦੀਆਂ ਹਨ। ਕਈ ਕਾਲਜਾਂ ਦਾ ਸਟਾਫ਼ ਵੀ ਵਿਦਿਆਰਥੀਆਂ ਨੂੰ ਇਕੱਠੇ ਕਰਕੇ ਅਜਿਹੀਆਂ ਮੰਜ਼ਿਲਾਂ ਤੱਕ ਪਹੁੰਚਾਉਂਦਾ ਹੈ। ਇਨ੍ਹਾਂ ਆਇਲੈਟਸ ਤੇ ਇਮੀਗ੍ਰੇਸ਼ਨ ਸੈਂਟਰਾਂ ਦੀ ਹੋਂਦ ਟਿਊਬਵੈੱਲ ਪੰਪਾਂ ਵਾਂਗ ਹੈ, ਜੋ ਧਰਤੀ ਹੇਠਲੇ ਪਾਣੀ ਨੂੰ ਮਨੁੱਖੀ ਪਹੁੰਚ ਤੋਂ ਦੂਰ ਲਿਜਾ ਰਹੇ ਹਨ, ਇਵੇਂ ਹੀ ਇਹ ਸੈਂਟਰ ਪੰਜਾਬ ਦੀ ਜਵਾਨੀ ਨੂੰ ਵਿਦੇਸ਼ਾਂ 'ਚ ਕੋਹਾਂ ਦੂਰ ਪਹੁੰਚਾ ਰਹੇ ਹਨ। ਜਦੋਂ ਕਿ ਸਿਸਟਮ ਘੂਕ ਸੁੱਤਾ ਪਿਆ ਹੈ ਅਤੇ ਬੁੱਧੀਜੀਵੀ ਚੁੱਪ ਹਨ।
ਡੇਢ ਵਰ੍ਹੇ ਪਹਿਲਾਂ ਅਸੀਂ ਹਾਕੀ ਵਰਲਡ ਕੱਪ ਵੇਖਣ ਓਡੀਸ਼ਾ ਦੇ ਸ਼ਹਿਰ ਭੁਵਨੇਸ਼ਵਰ ਗਏ। ਉੱਥੇ ਅਜਿਹੇ ਆਇਲੈਟਸ ਤੇ ਇਮੀਗ੍ਰੇਸ਼ਨ ਇਸ਼ਤਿਹਾਰਾਂ ਵਾਲਾ ਇਕ ਵੀ ਬੋਰਡ ਨਜ਼ਰ ਨਹੀਂ ਆਇਆ, ਜਦੋਂ ਕਿ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਵਾਲੇ ਇਸ਼ਤਿਹਾਰੀ ਬੋਰਡਾਂ ਦੀ ਭਰਮਾਰ ਸੀ। ਸ਼ਹਿਰ ਦੀ ਪਬਲਿਕ ਲਾਇਬ੍ਰੇਰੀ ਨੌਜਵਾਨ ਮੁੰਡੇ-ਕੁੜੀਆਂ ਨਾਲ ਤੂਸੀ ਪਈ ਸੀ। ਲਾਇਬ੍ਰੇਰੀਅਨ ਨੇ ਦੋਵਾਂ ਹੱਥਾਂ 'ਚ ਸਿਰ ਫੜ ਕੇ ਹੌਲੀ ਜਿਹੇ ਦੱਸਿਆ ਕਿ ਸਾਨੂੰ ਵਾਧੂ ਮੇਜ਼ ਕੁਰਸੀਆਂ ਦਾ ਪ੍ਰਬੰਧ ਕਰਨਾ ਪੈ ਰਿਹਾ ਹੈ, ਫਿਰ ਉਹ ਇਸ਼ਾਰੇ ਨਾਲ ਸਾਨੂੰ ਦੋ-ਤਿੰਨ ਕਮਰਿਆਂ ਵੱਲ ਲੈ ਗਈ, ਜਿਨ੍ਹਾਂ ਨੂੰ ਆਰਜ਼ੀ ਤੌਰ 'ਤੇ ਰੀਡਿੰਗ ਰੂਮਜ਼ ਵਿਚ ਬਦਲਿਆ ਹੋਇਆ ਸੀ। ਪੰਜਾਬ 'ਚ ਅਜਿਹਾ ਇਕੱਠ ਪਾਸਪੋਰਟ ਦਫ਼ਤਰਾਂ ਤੇ ਆਇਲੈਟਸ ਸੈਂਟਰਾਂ 'ਤੇ ਵੇਖਿਆ ਜਾਂਦਾ ਹੈ।
ਵਿੱਦਿਅਕ ਖੇਤਰ ਦਾ ਲੰਬਾ ਤਜਰਬਾ ਰੱਖਣ ਵਾਲੇ ਇਕ ਵਿੱਦਿਆ ਸ਼ਾਸਤਰੀ ਅਨੁਸਾਰ 'ਸਾਲ 2004-05 ਦੌਰਾਨ ਕਾਲਜ 'ਚ ਨਵੇਂ ਦਾਖਲਿਆਂ ਦੀ ਰੌਣਕ ਘਟਣ ਲੱਗ ਪਈ ਸੀ। ਸਾਲ 2007-08 ਦੇ ਸੈਸ਼ਨ ਤੋਂ ਕਾਲਜਾਂ ਦੇ ਹਾਜ਼ਰੀ ਰਜਿਸਟਰਾਂ 'ਚ ਪਰਵਾਸ ਦੇ ਪ੍ਰਭਾਵ ਪ੍ਰਤੱਖ ਨਜ਼ਰ ਆਉਣ ਲੱਗ ਪਏ ਸਨ। ਜਦੋਂ ਸੌਖੇ ਸਟੱਡੀ ਵੀਜ਼ੇ ਦੀ ਸ਼ੁਰੂਆਤ ਹੋਈ ਤਾਂ 2016 ਤੋਂ ਬਾਅਦ ਇਹ ਪ੍ਰਭਾਵ ਤੇਜ਼ੀ ਨਾਲ ਵਧਿਆ ਅਤੇ ਹੁਣ ਕਈ ਕਾਲਜਾਂ ਦੀ ਦਾਖਲਾ ਦਰ 50 ਪ੍ਰਤੀਸ਼ਤ ਡਿਗ ਚੁੱਕੀ ਹੈ। ਪੇਂਡੂ ਅਤੇ ਸਬ-ਅਰਬਨ ਖੇਤਰ ਦੇ ਕਾਲਜ ਵੱਧ ਪ੍ਰਭਾਵਿਤ ਹੋਏ ਹਨ।' ਲੁਧਿਆਣਾ ਨੇੜਲੇ ਇਕ ਨਾਮਵਰ ਕਾਲਜ ਦੇ ਸਟਾਫ਼ ਨੂੰ ਪਿਛਲੇ 18 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਇਸ ਕਾਲਜ ਦੀ ਪ੍ਰਬੰਧਕ ਕਮੇਟੀ ਕਾਲਜ ਦੇ ਖੇਡ ਮੈਦਾਨਾਂ ਨੂੰ ਵੇਚਣ ਦਾ ਵਿਚਾਰ ਕਰ ਰਹੀ ਹੈ। ਇਸੇ ਜ਼ਿਲ੍ਹੇ ਦੇ ਇਕ ਹੋਰ ਕਾਲਜ ਦੇ ਸਟਾਫ਼ ਤੇ ਪ੍ਰਬੰਧਕ ਕਮੇਟੀ ਵਿਚਕਾਰ ਝਗੜਾ ਚੱਲ ਰਿਹਾ ਹੈ। ਪ੍ਰਬੰਧਕ ਕਮੇਟੀ ਕੁਝ ਕੋਰਸਾਂ/ਵਿਸ਼ਿਆਂ ਨੂੰ ਬੰਦ ਕਰਨ ਦਾ ਨੋਟਿਸ ਦੇ ਚੁੱਕੀ ਹੈ। ਜਦੋਂ ਕਿ ਸਟਾਫ਼ ਦੀ ਇਹ ਮੰਗ ਹੈ ਕਿ ਉਹ ਜੀਵਨ ਦੇ ਅੱਧ ਵਿਚਕਾਰ ਕਿੱਧਰ ਜਾਣ, ਉਨ੍ਹਾਂ ਅਨੁਸਾਰ ਪ੍ਰਬੰਧਕ ਕਮੇਟੀ ਦਾ ਇਹ ਫ਼ੈਸਲਾ ਸਮੁੰਦਰ ਦੇ ਅੱਧ ਵਿਚਕਾਰ ਕਿਸ਼ਤੀ ਵਾਪਸ ਮੰਗਣ ਵਾਂਗ ਹੈ। ਦੇਸ਼ ਵੰਡ ਸਮੇਂ ਕੁਝ ਪਰਿਵਾਰਾਂ ਵਲੋਂ ਜੁਲਾਈ ਮਹੀਨੇ ਤੇ ਅਗਸਤ ਦੇ ਪਹਿਲੇ ਦਸ-ਬਾਰਾਂ ਦਿਨਾਂ ਦੌਰਾਨ ਉੱਠ ਜਾਣ ਵਾਂਗ ਅਜਿਹੇ ਕਾਲਜਾਂ ਦੇ ਕਈ ਅਧਿਆਪਕ ਚੁੱਪ-ਚਾਪ ਵਿਦੇਸ਼ ਜਾਣ ਦੀਆਂ ਤਿਆਰੀਆਂ ਲਈ ਤੁਰ ਪਏ ਹਨ। ਪੰਜਾਬ ਦੇ ਬਹੁਤੇ ਕਾਲਜਾਂ ਦੀ ਹੋਂਦ ਖ਼ਤਰੇ 'ਚ ਹੈ। ਇਸ ਵੱਡੇ ਦੁਖਾਂਤ ਲਈ ਜ਼ਿੰਮੇਵਾਰ ਕੌਣ ਹੈ?
10+2 ਤੋਂ ਬਾਅਦ ਜਿਹੜੇ ਵਿਦਿਆਰਥੀ ਸਟੱਡੀ ਵੀਜ਼ੇ 'ਤੇ ਪੜ੍ਹਾਈ ਲਈ ਵਿਦੇਸ਼ ਜਾਂਦੇ ਹਨ, ਉਨ੍ਹਾਂ ਦਾ ਟੀਚਾ ਉਸ ਦੇਸ਼ ਦੀ ਨਾਗਰਿਕਤਾ ਹਾਸਲ ਕਰਨਾ ਹੈ। ਆਇਲੈਟਸ ਤੇ ਦਾਖ਼ਲਾ ਫ਼ੀਸ, ਹਵਾਈ ਸਫ਼ਰ ਦਾ ਖਰਚਾ ਤੇ ਉੱਥੇ ਜਾ ਕੇ ਰਹਿਣ ਦਾ ਮੁੱਢਲਾ ਖਰਚਾ ਤੇ ਕਾਲਜ ਫ਼ੀਸਾਂ, ਮਾਪੇ ਪਹਿਲੇ ਸਮੈਸਟਰ ਜਾਂ ਪਹਿਲੇ ਸਾਲ ਦੇ ਖਰਚੇ ਦਾ ਹੀ ਪ੍ਰਬੰਧ ਕਰਦੇ ਹਨ। ਅਗਲਾ ਭਾਰ ਵਿਦਿਆਰਥੀ ਆਪ ਚੁੱਕਦੇ ਹਨ, ਇਹ ਸਫ਼ਰ ਇਕ ਵੱਖਰੀ ਦੁੱਖਦਾਇਕ ਕਹਾਣੀ ਹੈ। ਟੋਰਾਂਟੋ ਦੇ ਇਕ ਫਿਊਨਰਲ ਮਾਲਕ ਨੇ ਉਦਾਸ ਮੁਦਰਾ ਵਿਚ ਦੱਸਿਆ ਕਿ ਘੋਰ ਨਿਰਾਸ਼ਾ ਕਾਰਨ ਹੁੰਦੀਆਂ ਮੌਤਾਂ ਕਰਕੇ ਉਹ ਪ੍ਰਤੀ ਮਹੀਨਾ ਚਾਰ ਤੋਂ ਛੇ ਮੁੰਡਿਆਂ ਦੀਆਂ ਲਾਸ਼ਾਂ ਪੰਜਾਬ ਭੇਜਣ ਦਾ ਪ੍ਰਬੰਧ ਕਰਦੇ ਹਨ। ਧੀਆਂ ਦਾ ਦੁੱਖ ਅਜਿਹੀਆਂ ਮੌਤਾਂ ਤੋਂ ਵੀ ਗਹਿਰਾ ਹੈ। ਜਿਹੜੇ ਬੱਚੇ ਨਾਨਕੇ ਵੀ ਇਕੱਲੇ ਨਹੀਂ ਗਏ ਸਨ, ਅਸੀਂ ਉਨ੍ਹਾਂ ਨੂੰ ਵਿਕਸਿਤ ਅੰਤਰਰਾਸ਼ਟਰੀ ਪਲੇਟਫਾਰਮ 'ਤੇ ਇਕੱਲਮ-ਇਕੱਲੇ ਜੀਣ ਲਈ ਉਤਾਰ ਦਿੱਤਾ ਹੈ। ਜ਼ਿੰਦਗੀ ਦੇ ਦਸ ਵਰ੍ਹਿਆ ਜਿੰਨਾ ਆਰਥਿਕ ਤੇ ਸਮਾਜਿਕ ਬੋਝ ਅਸੀਂ ਕੁਝ ਮਹੀਨਿਆਂ 'ਚ ਹੀ ਸਹਿਣ ਲਈ ਉਨ੍ਹਾਂ ਦੇ ਮੋਢਿਆਂ 'ਤੇ ਪਾ ਦਿੱਤਾ ਹੈ। ਅਜਿਹੇ ਸਫ਼ਰ ਤੋਂ ਪਹਿਲਾਂ ਉਨ੍ਹਾਂ ਨਾਲ ਬਹੁਤ ਗੱਲਾਂ ਕਰਨ ਦੀ ਲੋੜ ਸੀ। ਜੇ ਇੱਧਰ ਸਿਸਟਮ ਠੀਕ ਰਹਿੰਦਾ ਤੇ ਉਹੀ ਮੁੰਡੇ-ਕੁੜੀਆਂ ਗ੍ਰੈਜੂਏਸ਼ਨ ਕਰਕੇ ਜਾਂਦੇ ਅਤੇ ਮੁਕਾਬਲੇ ਰਾਹੀਂ ਉੱਚ ਵਿੱਦਿਆ ਲਈ ਯੂਨੀਵਰਸਿਟੀਆਂ 'ਚ ਪੜ੍ਹਾਈ ਕਰਦੇ ਤਾਂ ਜ਼ਿੰਦਗੀ ਦੇ ਰੰਗ ਹੀ ਕੁਝ ਹੋਰ ਹੋਣੇ ਸਨ। ਇੱਧਰ ਚਾਰ-ਚਾਰ, ਪੰਜ-ਪੰਜ ਪੈਨਸ਼ਨਾਂ ਹਾਸਲ ਕਰਦੇ ਧਨ ਤੇ ਸੱਤਾ ਦੇ ਲਾਲਚੀ ਲੋਕਾਂ ਨੇ ਵਿੱਦਿਆ ਤੇ ਕਿਰਤ ਦੇ ਮੌਕੇ ਧੂਹ ਕੇ ਉਨ੍ਹਾਂ ਤੋਂ ਪਾਸੇ ਕਰ ਲਏ।
ਪਿਛਲੇ 30 ਵਰ੍ਹਿਆਂ 'ਚ ਹੋਏ ਪਰਵਾਸ ਦਾ 73 ਪ੍ਰਤੀਸ਼ਤ 2016 ਤੋਂ ਬਾਅਦ ਹੋਇਆ (ਡਾ. ਸ਼ਾਲਿਨੀ ਸ਼ਰਮਾ ਤੇ ਹੋਰ, 2023)। ਪੰਜਾਬੀਆਂ ਵਲੋਂ ਸਾਲ 2023 'ਚ ਦੇਸ਼ 'ਚੋਂ ਸਭ ਤੋਂ ਵੱਧ (ਵਸੋਂ ਦਾ ਪ੍ਰਤੀਸ਼ਤ) 11,94,000 ਪਾਸਪੋਰਟ ਬਣਵਾਏ ਗਏ। ਇਹ ਗਿਣਤੀ 2013 'ਚ ਬਣਵਾਏ ਗਏ ਪਾਸਪੋਰਟਾਂ ਦੀ ਦੁੱਗਣੀ ਗਿਣਤੀ ਤੋਂ ਵੀ ਵੱਧ ਹੈ। ਵਿਦੇਸ਼ ਮੰਤਰਾਲੇ ਅਨੁਸਾਰ 2016 ਤੋਂ 2021 ਪੰਜ ਵਰ੍ਹਿਆਂ ਦੌਰਾਨ 10 ਲੱਖ ਤੋਂ ਵੱਧ ਪੰਜਾਬੀ ਪਰਵਾਸ ਕਰ ਗਏ। ਇਨ੍ਹਾਂ 'ਚੋਂ ਚੋਖੀ ਗਿਣਤੀ 'ਚ ਸਟੱਡੀ ਵੀਜ਼ੇ ਰਾਹੀਂ ਵਿਦੇਸ਼ ਪਹੁੰਚੇ ਵਿਦਿਆਰਥੀਆਂ ਦੀ ਹੈ। ਵਿਦਿਆਰਥੀਆਂ ਵਲੋਂ ਵਿਦੇਸ਼ ਜਾਣ ਲਈ ਚਾਹਤ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪ੍ਰਾਂਤ 'ਚ 20 ਹਜ਼ਾਰ ਦੇ ਲਗਭਗ ਆਇਲੈਟਸ ਸੈਂਟਰ ਅਤੇ 1200 ਤੋਂ ਵੱਧ ਇਮੀਗ੍ਰੇਸ਼ਨ ਸੰਸਥਾਵਾਂ ਹਨ। ਸਾਲ 2022-23 ਦੌਰਾਨ ਪੰਜਾਬ ਦੇ 6 ਲੱਖ ਵਿਦਿਆਰਥੀਆਂ ਨੇ ਆਇਲੈਟਸ ਟੈਸਟ ਦਿੱਤਾ। ਸਾਲ 2023 ਦੇ ਅੰਕੜੇ ਭਾਵੇਂ ਹਾਲੇ ਸਾਹਮਣੇ ਨਹੀਂ ਆਏ ਪਰ ਇਸ ਵਰ੍ਹੇ ਦੌਰਾਨ ਪਰਵਾਸ 'ਚ ਰਿਕਾਰਡ ਵਾਧਾ ਹੋਇਆ। ਇਹ ਵਰ੍ਹਾ ਪੰਜਾਬ ਦੀ ਜਵਾਨੀ ਨੂੰ ਹੂੰਝ ਕੇ ਲੈ ਗਿਆ।
ਪਰਵਾਸ ਦਾ ਸਭ ਤੋਂ ਵੱਧ ਅਸਰ ਪਿੰਡਾਂ 'ਤੇ ਹੋਇਆ। ਉਹ ਥਾਵਾਂ ਜਿੱਥੋਂ ਦੇ ਬਸ਼ਿੰਦੇ ਉੱਥੋਂ ਉੱਠ ਜਾਣ, ਆਪਣਾ ਸੁਹੱਪਣ ਗੁਆ ਬੈਠਦੀਆਂ ਹਨ। ਪਿੰਡ ਦੀ ਰੂਹ ਉਦਾਸ ਹੈ। ਪਿੰਡਾਂ 'ਚ ਜਿੰਦੇ ਲੱਗੇ ਘਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵੱਡੇ ਪਿੰਡਾਂ ਦੀਆਂ ਕਈ ਪੱਤੀਆਂ ਦੇ ਸਾਰੇ ਦੇ ਸਾਰੇ ਘਰ ਹੀ ਬੰਦ ਹੋ ਚੁੱਕੇ ਹਨ। ਉਹ ਪਿੰਡ ਜਿਨ੍ਹਾਂ ਦਾ ਮੂੰਹ-ਮੱਥਾ ਸੰਵਾਰਨ ਲਈ ਸਦੀਆਂ ਲੱਗੀਆਂ, ਕੁਝ ਵਰ੍ਹਿਆਂ 'ਚ ਹੀ ਉੱਜੜਦੇ ਜਾ ਰਹੇ ਹਨ। ਇਹ ਪਿੰਡ ਅੰਦਰੋ-ਅੰਦਰ ਸਿਉਂਕ ਖਾਧੇ ਰੁੱਖਾਂ ਵਾਂਗ ਡਿਗ ਰਹੇ ਹਨ। ਸ਼੍ਰੋਮਣੀ ਕਵੀ ਸੁਰਜੀਤ ਪਾਤਰ ਅਨੁਸਾਰ:
'ਇਹ ਬਾਤ ਨਿਰੀ ਏਨੀ ਹੀ ਨਹੀਂ,
ਨਾ ਇਹ ਮਸਲਾ ਸਿਰਫ਼ ਕਿਸਾਨ ਦਾ ਏ।
ਇਹ ਪਿੰਡ ਦੇ ਵਸਦੇ ਰਹਿਣ ਦਾ ਏ,
ਜਿਹਨੂੰ ਤੌਖ਼ਲਾ ਉੱਜੜ ਜਾਣ ਦਾ ਏ।।'
ਮੌਜੂਦਾ ਪਰਵਾਸ ਖੌਫ਼ਨਾਕ ਹੜ੍ਹ ਹੈ, ਜਿਸ ਦੀਆਂ ਤਾਕਤਵਰ ਛੱਲਾਂ ਪੰਜਾਬ ਨੂੰ ਰੋੜ੍ਹ ਕੇ ਲੈ ਗਈਆਂ, ਇਹ ਪਰਵਾਸ ਅੱਗ ਦੀਆਂ ਭਿਆਨਕ ਲਾਟਾਂ ਹਨ, ਜੋ ਬਚੇ-ਖੁਚੇ ਨੂੰ ਸਾੜ ਰਹੀਆਂ ਹਨ। ਢਿੱਡ, ਭੁੱਖ, ਰੋਟੀ, ਅਰਥ-ਸ਼ਾਸਤਰੀ ਅਜਿਹੇ ਲਫਜ਼ਾਂ ਨਾਲ ਪਰਵਾਸ ਦੀ ਪਰਿਭਾਸ਼ਾ ਬਿਆਨ ਕਰਕੇ ਸੁਰਖਰੂ ਤਾਂ ਹੋ ਰਹੇ ਹਨ, ਪਰ ਉਹ ਪਰਿਭਾਸ਼ਾਵਾਂ ਜੋ ਕਿਸੇ ਖਿੱਤੇ ਨੂੰ ਹੀ ਨਿਗਲ ਜਾਣ ਕੇਵਲ ਪਰਿਭਾਸ਼ਾਵਾਂ ਹੀ ਨਹੀਂ ਹੁੰਦੀਆਂ, ਪਰਿਭਾਸ਼ਾਵਾਂ ਦੇ ਰੂਪ 'ਚ ਦੈਂਤ ਹੁੰਦੀਆਂ ਨੇ।
ਕੋਈ ਢੋਲ ਵਜਾਵੋ
ਕੋਈ ਚੀਕਾਂ ਮਾਰੋ
ਕੋਈ ਕੋਠੇ ਚੜ੍ਹ ਕੇ
ਰੌਲਾ ਪਾਵੋ।
ਓਜੜ ਰਹੇ ਪੰਜਾਬ ਨੂੰ ਬਚਾਵੋ।

 

ਪ੍ਰਸ਼ਾਸਨਿਕ ਸੇਵਾਵਾਂ: ਭ੍ਰਿਸ਼ਟਾਚਾਰ ਬਨਾਮ ਲੋਕ ਸੇਵਾ - ਗੁਰਪ੍ਰੀਤ ਸਿੰਘ ਤੂਰ

ਭਾਰਤੀ ਸਿਵਲ ਸੇਵਾਵਾਂ ਦੇ ਸਾਲਾਨਾ ਇਮਤਿਹਾਨਾਂ ਵਿੱਚੋਂ ਇੰਡੀਅਨ ਪ੍ਰਸ਼ਾਸਨਿਕ ਸੇਵਾਵਾਂ (IAS) ਅਤੇ ਇੰਡੀਅਨ ਪੁਲੀਸ ਸੇਵਾਵਾਂ (IPS) ਦੇ ਅਧਿਕਾਰੀ ਸੂਬਿਆਂ ਨੂੰ ਅਲਾਟ ਕੀਤੇ ਜਾਂਦੇ ਹਨ। ਦੋਵੇਂ ਕਾਡਰਾਂ ਦੇ ਔਸਤਨ ਚਾਰ-ਚਾਰ/ਪੰਜ-ਪੰਜ ਅਧਿਕਾਰੀ ਪੰਜਾਬ ਸੂਬੇ ਨੂੰ ਹਰ ਸਾਲ ਮਿਲਦੇ ਹਨ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਸੂਬਾ ਪੱਧਰ ’ਤੇ ਪੰਜਾਬ ਸਿਵਿਲ ਸੇਵਾਵਾਂ (PCS) ਅਤੇ ਪੰਜਾਬ ਪੁਲੀਸ ਸੇਵਾਵਾਂ (PPS) ਦੇ ਅਧਿਕਾਰੀਆਂ ਦੀ ਚੋਣ ਕਰਦਾ ਹੈ। ਇੰਝ ਭਾਰਤੀ ਤੇ ਸੂਬਾਈ ਸਿਵਿਲ ਸੇਵਾਵਾਂ ਦੇ ਅਧਿਕਾਰੀ ਸੂਬਾ ਪ੍ਰਸ਼ਾਸਨ ਦਾ ਕੰਮ ਸੰਭਾਲਦੇ ਹਨ। ਭਾਰਤੀ ਤੇ ਸੂਬਾਈ ਪੁਲੀਸ ਸੇਵਾਵਾਂ ਦੇ ਅਧਿਕਾਰੀ ਪੁਲੀਸ ਪ੍ਰਸ਼ਾਸਨ ਦਾ ਕੰਮ ਸੰਭਾਲਦੇ ਹਨ। ਚਾਰੋਂ ਕਾਡਰਾਂ ਨੇ ਆਪੋ-ਆਪਣੇ ਅਫ਼ਸਰਾਂ ਦੀਆਂ ਐਸੋਸੀਏਸ਼ਨਾਂ ਬਣਾਈਆਂ ਹੋਈਆਂ ਹਨ। ਦੇਸ਼ ਪੱਧਰ ਦੀਆਂ ਦੋਵੇਂ ਸੇਵਾਵਾਂ ਨਾਲ ਸਬੰਧਤ ਐਸੋਸੀਏਸ਼ਨਾਂ ਤਾਕਤਵਰ ਗਿਣੀਆਂ ਜਾਂਦੀਆਂ ਹਨ। ਪੰਜਾਬ ਸਿਵਿਲ ਸੇਵਾਵਾਂ ਐਸੋਸੀਏਸ਼ਨ ਆਪਣੇ ਹੱਕਾਂ ਲਈ ਪ੍ਰਭਾਵਸ਼ਾਲੀ ਤਰੀਕੇ ਨਾਲ ਵਿਚਰਦੀ ਰਹੀ ਹੈ। ਲੋੜ ਅਨੁਸਾਰ ਇਨ੍ਹਾਂ ਐਸੋਸੀਏਸ਼ਨਾਂ ਦੀਆਂ ਮਹੀਨਾਵਾਰ, ਤਿਮਾਹੀ, ਛਿਮਾਹੀ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਹਨ।
ਇਹ ਆਫ਼ੀਸਰ ਐਸੋਸੀਏਸ਼ਨਜ਼ ਸਾਂਝੀਆਂ ਲੋੜਾਂ ਤੇ ਸਮੱਸਿਆਵਾਂ ਦੇ ਹੱਲ ਲਈ ਯਤਨ ਕਰਦੀਆਂ ਹਨ। ਉਹ ਆਪਣੇ ਮੈਂਬਰਾਂ ਦੇ ਪੇਸ਼ੇਵਾਰ ਤੇ ਸਮਾਜਿਕ ਭਵਿੱਖ ਲਈ ਫ਼ਿਕਰਮੰਦ ਹੁੰਦੀਆਂ ਹਨ। ਇਨ੍ਹਾਂ ਐਸੋਸੀਏਸ਼ਨਜ਼ ਵੱਲੋਂ ਕਰੋਨਾ ਅਤੇ ਹੋਰ ਕੁਦਰਤੀ ਆਫ਼ਤਾਂ ਸਮੇਂ ਆਪਣੀਆਂ ਤਨਖ਼ਾਹਾਂ ਵਿੱਚੋਂ ਸਰਕਾਰ ਰਾਹੀਂ ਸਮਾਜ ਦੀ ਆਰਥਿਕ ਮਦਦ ਵੀ ਕੀਤੀ ਜਾਂਦੀ ਰਹੀ ਹੈ ਜੋ ਸ਼ਲਾਘਾਯੋਗ ਯਤਨ ਹਨ। ਲਿਆਕਤ, ਸੂਝ-ਬੂਝ, ਪੇਸ਼ੇਵਾਰ ਸਮਰੱਥਾ ਵਿੱਚ ਪਰਪੱਕ ਹੋਣ ਨਾਤੇ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ ਭਰਪੂਰ ਤਜਰਬਾ ਹੋਣ ਹਿੱਤ ਇਨ੍ਹਾਂ ਐਸੋਸੀਏਸ਼ਨਾਂ ਤੋਂ ਸਮਾਜ ਭਲਾਈ ਲਈ ਸੇਧ ਅਤੇ ਯਤਨਾਂ ਦੀ ਇਸ ਤੋਂ ਵੱਧ ਆਸ ਰੱਖੀ ਜਾਂਦੀ ਹੈ। ਨਸ਼ੇ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਪਰਵਾਸ, ਗੀਤ-ਸੰਗੀਤ ਦਾ ਵਿਗਾੜ, ਕਾਨੂੰਨ ਵਿਵਸਥਾ ਲੰਬੇ ਸਮੇਂ ਤੋਂ ਪੰਜਾਬ ਦੇ ਪ੍ਰਮੁੱਖ ਸਮਾਜਿਕ ਸਰੋਕਾਰ ਰਹੇ ਹਨ। ਮਸ਼ਵਰੇ, ਯਤਨਾਂ ਅਤੇ ਯੋਗਦਾਨ ਦੀ ਸਮਰੱਥਾ ਪੱਖੋਂ ਇਹ ਐਸੋਸੀਏਸ਼ਨਜ਼ ਵਿਸ਼ੇਸ਼ ਰੋਲ ਨਿਭਾ ਸਕਦੀਆਂ ਹਨ। ਪਰ ਅਜਿਹੇ ਕਿਸੇ ਵਿਸ਼ੇ ’ਤੇ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵਿਚਾਰ-ਵਟਾਂਦਰਾ ਹੋਇਆ ਹੋਵੇ, ਕੋਈ ਮਤਾ ਪਾਇਆ ਗਿਆ ਹੋਵੇ, ਮੈਂਬਰਾਂ ਨੂੰ ਕਿਸੇ ਸਮਾਜਿਕ ਸਮੱਸਿਆ ਬਾਰੇ ਨਿੱਠ ਕੇ ਜੱਦੋਜਹਿਦ ਕਰਨ ਲਈ ਅਪੀਲ ਕੀਤੀ ਗਈ ਹੋਵੇ, ਅਜਿਹਾ ਕੁਝ ਸੁਣਨ-ਵੇਖਣ ਵਿੱਚ ਨਹੀਂ ਆਇਆ। ਜਦੋਂ ਸੂਬਾ ਨਸ਼ਿਆਂ ਵਿੱਚ ਡੁੱਬ ਰਿਹਾ ਸੀ, ਉਦੋਂ ਕਿਸੇ ਐਸੋਸੀਏਸ਼ਨ ਦਾ ਹਾਅ ਦਾ ਨਾਅਰਾ ਵੀ ਸੁਣਾਈ ਨਹੀਂ ਦਿੱਤਾ। ਪਰ ਜਦੋਂ ਐਸੋਸੀਏਸ਼ਨਾਂ ਦੇ ਮੈਂਬਰਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਤਾਂ ਹਾਲ-ਦੁਹਾਈ ਮੱਚ ਗਈ। ਜੇਕਰ ਸੂਬੇ ਵਿੱਚ ਪ੍ਰਭਾਵਸ਼ਾਲੀ ਫਰਿਆਦੀ ਦੀ ਗੱਲ ਕਰਨੀ ਹੋਵੇ ਤਾਂ ਇਹ ਸੰਸਥਾਵਾਂ ਸਿਖਰਲਾ ਸਥਾਨ ਰੱਖਦੀਆਂ ਹਨ। ਉਹ ਆਸਾਨੀ ਨਾਲ ਆਪਣਾ ਪੱਖ ਮੁੱਖ ਸਕੱਤਰ ਤੇ ਮੁੱਖ ਮੰਤਰੀ ਕੋਲ ਰੱਖ ਸਕਦੀਆਂ ਸਨ ਪਰ ਉਨ੍ਹਾਂ ਰੋਸ ਪ੍ਰਦਰਸ਼ਨ ਦਾ ਸਹਾਰਾ ਲਿਆ।
ਸਿਵਿਲ ਸੇਵਾਵਾਂ ਲਈ ਇਮਤਿਹਾਨਾਂ ਰਾਹੀਂ ਨੌਕਰੀਆਂ ਹਾਸਲ ਕਰਨ ਵਿੱਚ ਸਫ਼ਲ ਹੋਣ ਵਾਲੇ ਵਿਅਕਤੀਆਂ ਕੋਲ ਵਿਸ਼ਿਆਂ ਦਾ ਗਿਆਨ ਤੇ ਵਿਚਾਰਾਂ ਦਾ ਪ੍ਰਗਟਾਵਾ ਸਿਖਰ ਦਾ ਹੁੰਦਾ ਹੈ। ਉਨ੍ਹਾਂ ਵਿੱਚ ਵਿਦਵਤਾ ਕੋਹਿਨੂਰ ਵਾਂਗ ਚਮਕਦੀ ਹੈ। ਪ੍ਰਸ਼ਾਸਨਿਕ ਖੇਤਰ ਵਿੱਚ ਉਨ੍ਹਾਂ ਨੂੰ ਸੇਵਾ ਦੇ ਅਥਾਹ ਮੌਕੇ ਮਿਲਦੇ ਹਨ। ਇਨ੍ਹਾਂ ਮੌਕਿਆਂ ਵਿੱਚ ਮਾਣ-ਸਨਮਾਨ ਦੇ ਵਡਮੁੱਲੇ ਭੰਡਾਰ ਵੀ ਮੌਜੂਦ ਹੁੰਦੇ ਹਨ। ਇੰਨਾ ਕੁਝ ਹੁੰਦਿਆਂ ਵੀ ਕੁਝ ਅਧਿਕਾਰੀ ਲੋਕ ਸੇਵਾ ਦੇ ਪਲੜਿਆਂ ਵਿੱਚ ਪੂਰਾ ਨਹੀਂ ਉੱਤਰ ਪਾਉਂਦੇ। ਸਰਕਾਰੀ ਨੌਕਰੀਆਂ ਸਮਾਜਿਕ ਪਹਿਚਾਣ ਦਾ ਸਮੁੰਦਰ ਮੰਨੀਆਂ ਜਾਂਦੀਆਂ ਹਨ। ਇਹ ਨਿੱਘੇ ਰਿਸ਼ਤਿਆਂ ਅਤੇ ਸਾਰਥਕ ਰੁਝੇਵਿਆਂ ਦਾ ਅਥਾਹ ਭੰਡਾਰ ਹਨ। ਸਰਕਾਰੀ ਨੌਕਰੀਆਂ ਪਰਿਵਾਰ ਦੇ ਪਾਲਣ-ਪੋਸ਼ਣ ਤੇ ਰੋਜ਼ੀ-ਰੋਟੀ ਦਾ ਭਰੋਸੇਯੋਗ ਸਾਧਨ ਹਨ। ਅਮਰੀਕਾ ਦੇ ਸਾਬਕਾ ਅਧੀਨ ਸੈਕਟਰੀ ਡਿਫੈਂਸ ਨੇ ਇੱਕ ਵੱਡੀ ਕਾਨਫ਼ਰੰਸ ਨੂੰ ਸੰਬੋਧਨ ਹੁੰਦਿਆਂ ਕਿਹਾ, ‘‘ਬਹੁਤ ਸੁਖ-ਸਹੂਲਤਾਂ ਅਤੇ ਮਾਣ-ਸਤਿਕਾਰ ਤੁਹਾਨੂੰ ਅਹੁਦੇ ਕਰਕੇ ਮਿਲਿਆ ਹੁੰਦਾ ਹੈ। ਨੌਕਰੀ ਕਰਦਿਆਂ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਤੇ ਇਸ ਦਾ ਮੁੱਲ ਮੋੜਨਾ ਚਾਹੀਦਾ ਹੈ।’’ ਸਰਕਾਰੀ ਅਫ਼ਸਰਾਂ ਨੂੰ ਕੇਂਦਰ ਦੇ ਤਨਖ਼ਾਹ ਸਕੇਲ, ਕਈ ਤਰ੍ਹਾਂ ਦੇ ਭੱਤੇ ਅਤੇ ਆਰਥਿਕ ਸਹੂਲਤਾਂ ਪ੍ਰਦਾਨ ਹੁੰਦੀਆਂ ਹਨ। ਨਵੇਂ ਅਫ਼ਸਰਾਂ ਦੀ ਤਨਖਾਹ ਲਗਭਗ ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਸੇਵਾਮੁਕਤੀ ਸਮੇਂ ਮਿਲਣ ਵਾਲੇ ਪੈਸੇ ਇੱਕ ਕਰੋੜ ਤੱਕ ਅੱਪੜ ਜਾਂਦੇ ਹਨ ਅਤੇ ਸੇਵਾ ਮੁਕਤੀ ਤੋਂ ਬਾਅਦ ਲੱਖ-ਸਵਾ ਲੱਖ ਦੇ ਕਰੀਬ ਮਹੀਨਾਵਾਰ ਪੈਨਸ਼ਨ ਮਿਲਦੀ ਹੈ। ਅੰਤਲੇ ਸਾਹਾਂ ਤੱਕ ਸਰਕਾਰੀ ਨੌਕਰੀਆਂ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਦੀਆਂ ਹਨ। ਇੰਨੀਆਂ ਸਹੂਲਤਾਂ ਤੇ ਮਾਣ-ਸਨਮਾਨ ਮਿਲਣ ਉਪਰੰਤ ਵੀ ਕੁਝ ਅਧਿਕਾਰੀਆਂ ਵੱਲੋਂ ਇਹ ਫ਼ਰਜ਼ ਨਿਭਾਉਣ ਪ੍ਰਤੀ ਅਣਗਹਿਲੀ ਵਰਤੀ ਜਾਂਦੀ ਹੈ ਤੇ ਭ੍ਰਿਸ਼ਟਾਚਾਰ ਰਾਹੀਂ ਆਮ ਲੋਕਾਂ ਨੂੰ ਜੀਵਨ ਨਿਰਬਾਹ ਦੀਆਂ ਮੁੱਢਲੀਆਂ ਲੋੜਾਂ ਦੇ ਹਾਸ਼ੀਏ ਤੋਂ ਬਾਹਰ ਸੁੱਟ ਦਿੱਤਾ ਜਾਂਦਾ ਹੈ।
ਭ੍ਰਿਸ਼ਟਾਚਾਰ ਦੇ ਸਾਧਨ ਕੀ-ਕੀ ਹਨ ਅਤੇ ਇਸ ਦਾ ਆਮ ਲੋਕਾਂ ’ਤੇ ਕੀ ਅਸਰ ਪੈਂਦਾ ਹੈ- ਇਹ ਤੱਥ ਉਦਾਸ ਤੇ ਹੈਰਾਨੀਜਨਕ ਭੇਤ ਛੁਪਾਈ ਬੈਠੇ ਹਨ। ਸੂਬੇ ਦਾ ਖੇਤਰਫ਼ਲ ਸੀਮਤ ਹੈ ਤੇ ਨਵੀਂ ਆਬਾਦੀ ਦਾ ਅਥਾਹ ਦਬਾਅ ਹੈ। ਅੱਜ ਵੀ ਘੱਟੋ-ਘੱਟ ਪਲਾਟਾਂ ਦੀ ਨਿਰਧਾਰਤ ਮੁੱਲ ਤੋਂ ਪੰਜ ਤੋਂ ਦਸ ਗੁਣਾਂ ਵੱਧ ਬਾਜ਼ਾਰੀ ਕੀਮਤ ਹੈ। ਰਜਿਸਟਰੀ ਘੱਟੋ-ਘੱਟ ਕੀਮਤ ਜਾਂ ਇਸ ਦੇ ਨੇੜੇ-ਤੇੜੇ ਹੁੰਦੀ ਹੈ। ਉਦਾਹਰਨ ਦੇ ਤੌਰ ’ਤੇ ਵੱਡੇ ਸ਼ਹਿਰਾਂ ਵਿੱਚ ਤਿੰਨ ਸੌ ਗਜ਼ ਦੇ ਪਲਾਟ ਦੀ ਰਜਿਸਟਰੀ ਤਾਂ ਔਸਤਨ 20-30 ਲੱਖ ਦੇ ਵਿਚਕਾਰ ਹੁੰਦੀ ਹੈ, ਪਰ ਅਸਲ ਕੀਮਤ ਇੱਕ ਕਰੋੜ ਤੋਂ ਉੱਪਰ ਹੈ। ਦਰਿਆਵਾਂ ਦੇ ਮੁੱਢਲੇ ਸੋਮਿਆਂ ਵਾਂਗ ਇੱਥੋਂ ਕਾਲ਼ੇ ਧਨ ਦੇ ਵਹਾਅ ਅਤੇ ਭ੍ਰਿਸ਼ਟ ਗੱਠਜੋੜ ਦੀ ਸ਼ੁਰੂਆਤ ਹੁੰਦੀ ਹੈ। ਇਉਂ ਸਿਸਟਮ ਭ੍ਰਿਸ਼ਟ ਹੁੰਦਾ ਹੈ ਅਤੇ ਭ੍ਰਿਸ਼ਟਾਚਾਰ ਦੇ ਅਨੇਕਾਂ ਸਾਧਨ ਹਨ। ਅਣ-ਅਧਿਕਾਰਤ ਕਾਲੋਨੀਆਂ ਅਤੇ ਨਿਯਮਾਂ ਤੇ ਨਕਸ਼ਿਆਂ ਦੀ ਅਣਦੇਖੀ ਕਰਕੇ ਘਰਾਂ ਤੇ ਇਮਾਰਤਾਂ ਦੀ ਉਸਾਰੀ ਭ੍ਰਿਸ਼ਟਾਚਾਰ ਦਾ ਅਗਲਾ ਸਰੋਤ ਹੈ। ਹੈਰਾਨੀਜਨਕ ਤੱਥ ਹੈ ਕਿ ਬਹੁਤੇ ਨਵੇਂ ਘਰ ਸੌ ਫ਼ੀਸਦੀ ਤੋਂ ਵੀ ਵੱਧ ਖੇਤਰ ਛੱਤ ਲੈਂਦੇ ਹਨ। ਕਾਲ਼ਾ ਧਨ, ਕਿਰਤੀਆਂ ਦੇ ਮੂੰਹ ਵਿੱਚੋਂ ਬੁਰਕੀਆਂ ਕੱਢ ਲੈਂਦਾ ਹੈ, ਉਨ੍ਹਾਂ ਦੇ ਬੱਚਿਆਂ ਦੇ ਸਿਰਾਂ ਤੋਂ ਛੱਤ ਲਾਹ ਲੈਂਦਾ ਹੈ ਅਤੇ ਉਨ੍ਹਾਂ ਦੇ ਪੁੱਤਾਂ-ਧੀਆਂ ਨੂੰ ਮਜਬੂਰਨ ਪਰਵਾਸ ਵੱਲ ਧੱਕ ਦਿੰਦਾ ਹੈ। ਕਿਰਤੀਆਂ ’ਤੇ ਪ੍ਰੇਸ਼ਾਨੀਆਂ ਦਾ ਇੰਨਾ ਦਬਾਅ ਬਣਾਉਂਦਾ ਹੈ ਕਿ ਉਹ ਸ਼ਰਾਬੀ ਤੇ ਨਸ਼ੱਈ ਬਣ ਜਾਂਦੇ ਹਨ। ਸੂਬੇ ਵਿੱਚ ਇੰਨੇ ਯਤਨਾਂ ਦੇ ਬਾਵਜੂਦ ਨਸ਼ਿਆਂ ਦਾ ਪ੍ਰਵਾਹ ਠੱਲਣ ਦਾ ਨਾਮ ਹੀ ਨਹੀਂ ਲੈਂਦਾ। ਕਾਲ਼ੇ ਧਨ ਕਾਰਨ ਅਮੀਰਾਂ ਤੇ ਕਿਰਤੀਆਂ ਵਿੱਚ ਪਿਆ ਵੱਡਾ ਆਰਥਿਕ ਪਾੜਾ ਵੀ ਇਸ ਦਾ ਖ਼ਾਸ ਕਾਰਨ ਹੈ। ਇਹ ਧਨ ਆਪਣੇ ਵਹਾਅ ਲਈ ਰਾਜਨੀਤਕ ਤੇ ਪ੍ਰਸ਼ਾਸਨਿਕ ਸੇਵਾਵਾਂ ਹਾਸਲ ਕਰਦਾ ਹੈ, ਇਸੇ ਧਰਾਤਲ ’ਤੇ ਭ੍ਰਿਸ਼ਟਾਚਾਰ ਦੇ ਬੀਜ ਪੁੰਗਰਦੇ ਹਨ।
ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਸ੍ਰੀ ਨਰੇਸ਼ ਚੰਦਰਾ ਸਕਸੈਨਾ ਨੇ ਆਪਣੀ ਕਿਤਾਬ ਬਾਰੇ ਕਰਨ ਥਾਪਰ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ, ‘‘ਆਈ.ਏ.ਐੱਸ. ਅਧਿਕਾਰੀ ਕੰਮ/ ਵਿਕਾਸ/ ਲੋਕ-ਸੇਵਾ ਦੇ ਉਸ ਮਿਆਰ ਤੱਕ ਨਹੀਂ ਪਹੁੰਚ ਸਕੇ ਜਿੱਥੋਂ ਤੱਕ ਉਨ੍ਹਾਂ ਤੋਂ ਆਸ ਕੀਤੀ ਜਾਂਦੀ ਸੀ ਅਤੇ ਜਿਸ ਦੇ ਉਹ ਸਮਰੱਥ ਸਨ। ਰਾਜਨੀਤਕ ਦਖਲਅੰਦਾਜ਼ੀ, ਲਗਾਤਾਰ ਤੇ ਬੇਮਤਲਬ ਤਬਾਦਲੇ ਅਤੇ ਹੇਠਾਂ ਤੋਂ ਉੱਪਰ ਤੱਕ ਭ੍ਰਿਸ਼ਟਾਚਾਰ ਦਾ ਵਹਾਅ ਇਸ ਦੇ ਮੂਲ ਕਾਰਨ ਹਨ। ਲਗਭਗ 25 ਤੋਂ 30 ਫ਼ੀਸਦੀ ਅਜਿਹੇ ਅਧਿਕਾਰੀ ਭ੍ਰਿਸ਼ਟ ਪਾਏ ਗਏ ਹਨ ਅਤੇ ਉਨ੍ਹਾਂ ਨੇ ਆਪਣੀ ਨੌਕਰੀ ਨੂੰ ਗੰਭੀਰਤਾ ਨਾਲ ਨਹੀਂ ਲਿਆ। ਕੇਰਲਾ ਸੂਬੇ ਵਿੱਚ ਭ੍ਰਿਸ਼ਟਾਚਾਰ ਦੀ ਇਹ ਦਰ ਔਸਤ ਤੋਂ ਘੱਟ ਹੈ ਅਤੇ ਪੰਜਾਬ ਵਿੱਚ ਇਹ ਔਸਤ ਤੋਂ ਵੱਧ ਹੈ। ਪੈਸੇ ਦੀ ਬਹੁਤਾਤ ਅਤੇ ਢਿੱਲੀ ਰਾਜਨੀਤਕ ਪਕੜ, ਪੰਜਾਬ ਦੇ ਸਰਕਾਰੀ ਖੇਤਰਾਂ ਵਿੱਚ ਵੱਧ ਭ੍ਰਿਸ਼ਟਾਚਾਰ ਦੇ ਕਾਰਨ ਪਾਏ ਗਏ ਹਨ।’’ ਪੰਜਾਬ ਦੀ ਅਫ਼ਸਰਸ਼ਾਹੀ ਦੀ ਚਾਰੋਂ ਗੁਆਂਢੀ ਸੂਬਿਆਂ ਨਾਲ ਤੁਲਨਾ ਕਰੀਏ ਤਾਂ ਕਈ ਤਰ੍ਹਾਂ ਦੇ ਫ਼ਰਕ ਸਪੱਸ਼ਟ ਦਿਸਦੇ ਹਨ। ਸੂਬੇ ਦੇ ਭ੍ਰਿਸ਼ਟ ਸਿਆਸੀ ਹਾਲਾਤ ਨੇ ਇਸ ਫ਼ਰਕ ਨੂੰ ਵਧਾਇਆ ਤੇ ਉਘਾੜਿਆ ਹੈ।
ਇਸ ਵਰ੍ਹੇ ਵਿਜੀਲੈਂਸ ਵਿਭਾਗ ਨੇ ਪਿਛਲੀ ਸਰਕਾਰ ਦੇ ਇੱਕ ਨੇਤਾ ਨੂੰ ਭ੍ਰਿਸ਼ਟਾਚਾਰ ਸਬੰਧੀ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਸੀ। ਇਸ ਗ੍ਰਿਫ਼ਤਾਰੀ ਵਿਰੁੱਧ ਪਾਰਟੀ ਦੇ ਅਹੁਦੇਦਾਰਾਂ ਨੇ ਜ਼ੋਰਦਾਰ ਵਿਖਾਵਾ ਕੀਤਾ। ਇਹ ਵਿਖਾਵਾ ਦੇਖਦਿਆਂ ਤੇ ਉਨ੍ਹਾਂ ਤੋਂ ਇਸ ਗ੍ਰਿਫ਼ਤਾਰੀ ਵਿਰੁੱਧ ਟਿੱਪਣੀਆਂ ਸੁਣਦਿਆਂ ਮਹਿਸੂਸ ਹੋਇਆ ਜਿਵੇਂ ਵਿਖਾਵਾਕਾਰੀ ਵਿਜੀਲੈਂਸ ਦੀ ਇਮਾਰਤ ਨੂੰ ਵੇਖ-ਵੇਖ ਥਾਪੀਆਂ ਮਾਰਦਿਆਂ ਲਲਕਾਰੇ ਮਾਰ ਰਹੇ ਹੋਣ। ਅਸਲ ਵਿੱਚ ਉਹ ਅਜਿਹਾ ਵਿਵਹਾਰ ਵਿਜੀਲੈਂਸ ਦੀ ਇਮਾਰਤ ਨਾਲ ਨਹੀਂ ਸਗੋਂ ਸੂਬੇ ਦੇ ਗੁਰਬੱਤ ਭਰੀ ਜ਼ਿੰਦਗੀ ਜਿਉਂਦੇ ਕਿਰਤੀਆਂ ਨਾਲ ਕਰ ਰਹੇ ਹੋਣ। ਲੋਕਾਂ ਨਾਲ ਅਜਿਹਾ ਮਾੜਾ ਵਿਵਹਾਰ ਪਿਛਲੇ 75 ਵਰ੍ਹਿਆਂ ਤੋਂ ਹੁੰਦਾ ਆ ਰਿਹਾ ਹੈ। ਨੋਟਾਂ ਦੇ ਢੇਰਾਂ ਨੂੰ ਰਾਜਨੀਤਕ ਬਦਲਾਖੋਰੀ ਦੇ ਬਹਾਨੇ ਹੇਠ ਢਕਿਆ ਜਾਂਦਾ ਰਿਹਾ ਹੈ।
ਕਾਲ਼ਾ ਧਨ ਆਰਥਿਕ ਸਰਕੂਲੇਸ਼ਨ ਵਿੱਚ ਨਹੀਂ ਆਉਂਦਾ। ਕਾਲ਼ਾ ਧਨ, ਧਨ ਨੂੰ ਸਰਕਾਰ ਦੇ ਆਮਦਨੀ ਦੇ ਸ੍ਰੋਤਾਂ ਵਿੱਚੋਂ ਬਾਹਰ ਕੱਢ ਲੈਂਦਾ ਹੈ ਤੇ ਇਉਂ ਵਿਕਾਸ ਪ੍ਰਭਾਵਿਤ ਹੁੰਦਾ ਹੈ। ਪੰਜਾਬ ਦਾ ਵਿਕਾਸ ਇਸ ਪੱਖੋਂ ਬਹੁਤ ਪ੍ਰਭਾਵਿਤ ਹੋਇਆ ਹੈ ਜਦੋਂਕਿ ਇਸੇ ਮੁਹਾਜ਼ ’ਤੇ ਕੇਰਲਾ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਜਿਹੇ ਸੂਬਿਆਂ ਨੇ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਦਿਖਾਈ ਹੈ। ਰਾਜਨੀਤਕ ਤੇ ਪ੍ਰਸ਼ਾਸਨਿਕ ਭ੍ਰਿਸ਼ਟਾਚਾਰ ਤੇ ਵਧੀਕੀਆਂ ਰੋਕਣ ਲਈ ਲੋਕ ਲਹਿਰ ਦੇ ਪੈਦਾ ਹੋਣ ਦੀ ਲੋੜ ਹੈ। ਭਾਈ ਲਾਲੋ ਦੇ ਵਾਰਿਸ ਹੁਣ ਕਿਰਤ-ਕਮਾਈ ਤੋਂ ਦੂਰ ਹੋ ਗਏ ਜਾਪਦੇ ਹਨ। 11 ਜਨਵਰੀ ਦੀ ਦੁਪਹਿਰ ਜਦੋਂ ਸੂਬੇ ਦੇ ਮੁੱਖ ਸਕੱਤਰ ਅਤੇ ਮੁੱਖ ਮੰਤਰੀ ਨੇ ਸਿਵਿਲ ਸੇਵਾ ਦੇ ਅਧਿਕਾਰੀਆਂ ਨੂੰ ਨੌਕਰੀ ’ਤੇ ਹਾਜ਼ਰ ਹੋਣ ਲਈ ਆਦੇਸ਼ ਜਾਰੀ ਕੀਤੇ ਸਨ ਤਾਂ ਐਸੋਸੀਏਸ਼ਨ ਦਾ ਕੰਮ ’ਤੇ ਹਾਜ਼ਰ ਹੋਣ ਦਾ ਫ਼ੈਸਲਾ ਪ੍ਰਸ਼ੰਸਾਯੋਗ ਕਦਮ ਸੀ। ਉਸ ਦਿਨ ਦੀ ਸ਼ਾਮ ਤੱਕ ਇਹ ਵੀ ਆਸ ਕੀਤੀ ਜਾਂਦੀ ਸੀ ਕਿ ਸੂਬੇ ਦੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿੱਚ ਇਮਾਨਦਾਰੀ ਅਤੇ ਲੋਕ ਸੇਵਾ ਦੇ ਹੱਕ ਵਿੱਚ ਲੋਕਾਂ ਵੱਲੋਂ ਮੋਮਬੱਤੀ ਮਾਰਚ ਕੱਢੇ ਜਾਣਗੇ ਪਰ ਅਜਿਹਾ ਹੋਇਆ ਨਹੀਂ। ਉਸ ਦਿਨ ਮੁਹਾਲੀ ਦੀ ਇੱਕ ਸੰਸਥਾ ਨੇ ਭ੍ਰਿਸ਼ਟਾਚਾਰ ਵਿਰੁੱਧ ਰੋਸ ਪ੍ਰਗਟਾਵਾ ਜ਼ਰੂਰ ਕੀਤਾ ਸੀ। ਲੱਪੀਂ-ਹੜੱਪੀਂ, ਖਾਧੇ-ਪੀਤੇ ਗਏ ਅਤੇ ਹਨੇਰੇ ਵਿੱਚ ਧੱਕੇ ਗਏ ਪੰਜਾਬ ਲਈ ਜਗਦੀਆਂ ਮੋਮਬੱਤੀਆਂ ਤੇ ਮਘਦੇ ਦੀਵਿਆਂ ਦੀ ਅਥਾਹ ਲੋੜ ਹੈ।
ਸਰਕਾਰੀ ਨੌਕਰੀਆਂ ਲੋਕ ਸੇਵਾ ਦੇ ਅਥਾਹ ਮੌਕੇ ਪ੍ਰਦਾਨ ਕਰਦੀਆਂ ਹਨ। ਸੂਬੇ ਦੀ ਸਾਲਾਨਾ ਆਮਦਨ ਦਾ ਇੱਕ ਤਿਹਾਈ ਹਿੱਸਾ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ, ਸੇਵਾ ਮੁਕਤੀ ਸਮੇਂ ਭੁਗਤਾਨ ਅਤੇ ਪੈਨਸ਼ਨਾਂ ’ਤੇ ਖਰਚ ਹੁੰਦਾ ਹੈ। ਇੰਨਾ ਵੱਡਾ ਖਰਚਾ ਸਰਕਾਰੀ ਮੁਲਾਜ਼ਮਾਂ ਨੂੰ ਜ਼ਿੰਮੇਵਾਰੀ ਦਾ ਡੂੰਘਾ ਅਹਿਸਾਸ ਕਰਾਉਂਦਾ ਹੈ। ਕੰਮ ਵਿੱਚ ਨਿਪੁੰਨਤਾ, ਨਵੀਨ ਜਾਣਕਾਰੀ ਅਤੇ ਲੋਕ ਸੇਵਾ ਦੇ ਪੂਰਨੇ ਪਾਉਣ ਲਈ ਉੱਚ ਸਰਕਾਰੀ ਅਧਿਕਾਰੀਆਂ ਨੂੰ ਸਰਕਾਰੀ ਖਰਚੇ ’ਤੇ ਵਿਦੇਸ਼ਾਂ ਵਿੱਚ ਕਰੀਅਰ ਕੋਰਸਾਂ ਲਈ ਭੇਜਿਆ ਜਾਂਦਾ ਹੈ। ਸਿਸਟਮ ਦੀ ਅਜਿਹੀ ਭਾਵਨਾ ਉਨ੍ਹਾਂ ਤੋਂ ਲੋਕ ਸੇਵਾ ਦੇ ਖੇਤਰ ਵਿੱਚ ਵੱਡੇ ਯਤਨਾਂ ਦੀ ਆਸ ਰੱਖਦੀ ਹੈ। ਜਿਸ ਦਿਨ ਪੀ.ਸੀ.ਐੱਸ. ਐਸੋਸੀਏਸ਼ਨ ਨੇ ਹੜਤਾਲ ਖ਼ਤਮ ਕੀਤੀ ਸੀ, ਉਸ ਦਿਨ ਸੰਸਥਾ ਦੇ ਪ੍ਰਧਾਨ ਨੇ ਇੱਕ ਵੱਟਸਐਪ ਸੁਨੇਹਾ ਸਾਂਝਾ ਕੀਤਾ ਸੀ, ‘‘ਪਿਛਲੇ ਲਟਕਦੇ ਕੰਮ ਵੀ ਸਾਡੇ ਅਫ਼ਸਰ ਜਲਦੀ ਨਿਪਟਾ ਦੇਣਗੇ, ਹੁਣੇ ਤੋਂ ਦਫ਼ਤਰਾਂ ਵਿੱਚ ਕੰਮ ਸ਼ੁਰੂ ਹੋਵੇਗਾ, ਅਸੀਂ ਲੋਕ ਸੇਵਾ ਲਈ ਵਚਨਬੱਧ ਹਾਂ।’’ ਉਨ੍ਹਾਂ ਨੇ ਸ਼ਨਿੱਚਰਵਾਰ ਤੇ ਐਤਵਾਰ ਛੁੱਟੀ ਵਾਲੇ ਦਿਨ ਕੰਮ ਕਰ ਕੇ ਲੋਕਾਂ ਦੇ ਪਿਛਲੇ ਕੰਮ ਪੂਰੇ ਕਰਨ ਦਾ ਸੁਨੇਹਾ ਵੀ ਦਿੱਤਾ। ਜ਼ਿੰਮੇਵਾਰੀ, ਹਮਦਰਦੀ ਤੇ ਲੋਕ ਸੇਵਾ ਦੀ ਭਾਵਨਾ ਨਾਲ ਸਾਂਝੇ ਕੀਤੇ ਇਨ੍ਹਾਂ ਬੋਲਾਂ ਦਾ ਸਵਾਗਤ ਕਰਨਾ ਬਣਦਾ ਹੈ।
ਸੰਪਰਕ : 98158-00405