Gurnam Singh Aqida

ਮਘਦੇ ਕੋਲਿਆਂ ਉੱਤੇ ਨੰਗੇ ਪੈਰੀਂ ਚੱਲਣ ਵਾਲਾ ਇਨਕਲਾਬੀ ਪੱਤਰਕਾਰ ‘ਲਾਹੌਰੀ ਰਾਮ ਬਾਲੀ’ - ਗੁਰਨਾਮ ਸਿੰਘ ਅਕੀਦਾ

ਦੱਬੇ ਕੁਚਲੇ ਲੋਕਾਂ ਦਾ ਮੀਡੀਆ ਭਾਰਤ ਵਿਚ ਸਥਾਪਤ ਨਹੀਂ ਹੋ ਸਕਿਆ, ਬਹੁਤ ਸਾਰੇ ਰੋਜ਼ਾਨਾ, ਮਹੀਨਾਵਾਰ ਤੇ ਹਫ਼ਤਾਵਾਰੀ ਅਖ਼ਬਾਰ ਨਿਕਲੇ ਤੇ ਬੰਦ ਹੋ ਗਏ, ਜਾਂ ਤਾਂ ਉਹ ਅਦਾਲਤੀ ਕੇਸਾਂ ਦਾ ਸਾਹਮਣਾ ਕਰਕੇ ਹੋਏ ਖ਼ਾਮੋਸ਼ ਹੋ ਗਏ ਜਾਂ ਫਿਰ ਧਮਕੀਆਂ ਜਾਂ ਹਥਿਆਰਾਂ ਨੇ ਬੰਦ ਕਰਵਾ ਦਿੱਤੇ, ਵੱਡਾ ਕਾਰਨ ਇਨ੍ਹਾਂ ਦਾ ਮੀਡੀਆ ਖ਼ਾਸ ਕਰਕੇ ਵਿੱਤੀ ਹਾਲਤਾਂ ਵਿਚ ਸਹਿਕਦਾ ਸਹਿਕਦਾ ਬੰਦ ਹੋ ਜਾਂਦਾ ਹੈ, ਹਾਲ ਇਹ ਹੈ ਕਿ ਜੇਕਰ ਕਿਸੇ ਨੇ ਦੱਬੇ ਕੁਚਲੇ ਲੋਕਾਂ ਦੇ ਮੀਡੀਆ ਨੂੰ ਚਲਾਉਣ ਦਾ ਦਮ ਭਰ ਵੀ ਲਿਆ ਤਾਂ ਹਮੇਸ਼ਾ ਰਾਖਵਾਂਕਰਨ ਦੀ ਮਲਾਈ ਖਾਣ ਵਾਲੇ ਕਦੇ ਵੀ ਅਜਿਹੇ ਮੀਡੀਆ ਨੂੰ ਮਾਲੀ ਮਦਦ ਦੇਣ ਤੋਂ ਟਾਲ਼ਾ ਵੱਟ ਜਾਂਦੇ ਹਨ। ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੇ ‘ਮੂਕ ਨਾਇਕ’ ਵਰਗੇ ਅਨੇਕਾਂ ਪੱਤਰ ਸ਼ੁਰੂ ਕੀਤੇ। ਪਰ ਉਹ ਵੀ ਵਕਤ ਨੇ ਖਾ ਲਏ। ਇਸੇ ਤਰ੍ਹਾਂ ਬਾਬੂ ਕਾਂਸ਼ੀ ਰਾਮ ਨੇ ‘ਜਨਤਕ ਲਹਿਰ’ ਚਲਾਇਆ, ਬਾਬੂ ਕਾਂਸ਼ੀ ਰਾਮ ਦੀ ਹੀ ਮਦਦ ਨਾਲ ‘ਬਹੁਜਨ ਸੰਗਠਨ’ ਚਲਦਾ ਰਿਹਾ, ਸਤੀਸ਼ ਭਾਰਤੀ ਨੇ ‘ਰਵਿਦਾਸ ਪੱਤ੍ਰਿਕਾ’ ਕੱਢਿਆ, ਚੁੰਬਰ ਨੇ ‘ਬਹੁਜਨ ਸੰਦੇਸ਼’ ਵਰਗੇ ਪੱਤਰ ਕੱਢੇ। ਨਰਿੰਦਰ ਡਾਨਸੀਵਾਲਾ ਨੇ ‘ਸੈਲਾਬ’ ਕੱਢਿਆ, ਪ੍ਰਦੀਪ ਰਾਜ ਗੁਰਾਇਆ ਨੇ ‘ਹੱਕ ਸੱਚ ਦੀ ਅਵਾਜ਼’ ਕੱਢਿਆ, ਗੁਰਨਾਮ ਸਿੰਘ ਮੁਕਤਸਰ ਨੇ ‘ਬੇਗਮਪੁਰ ਸ਼ਹਿਰ’ ਕੱਢਿਆ, ‘ਅੰਬੇਦਕਰ ਦੀ ਅਵਾਜ਼’ ਬਾਜਵਾ ਕੱਢਦਾ ਰਿਹਾ, ‘ਲੋਕ ਲੀਡਰ’ ਰੂਪ ਲਾਲ ਕੱਢਦਾ ਰਿਹਾ ਕੱਢਦਾ ਰਿਹਾ, ਪਟਿਆਲਾ ਤੋਂ ‘ਇੰਡੋ ਪੰਜਾਬ’ ਨਿਕਲਦਾ ਰਿਹਾ। ਕੁਲਵੰਤ ਸਿੰਘ ਨਾਰੀਕੇ ‘ਗੁਸਾਈਂਆਂ’ ਕੱਢ ਰਿਹਾ ਹੈ, ਅਜੇ ਕੁਮਾਰ ‘ਆਪਣੀ ਮਿੱਟੀ’ ਕੱਢਦਾ ਰਿਹਾ। ਅਵਤਾਰ ਸਿੰਘ ਕਰੀਮਪੁਰੀ ਨੇ ਵੀ ਪੱਤਰ ਕੱਢਿਆ, ਇਸ ਤੋਂ ਦੱਬੇ ਕੁਚਲਿਆਂ ਤੇ ਦਰਜਨਾਂ ਪੱਤਰ ਨਿਕਲੇ ਜਿਨ੍ਹਾਂ ਵਿਚੋਂ ਬਹੁਤ ਸਾਰੇ ਬੰਦ ਹੋ ਗਏ ਹਨ ਕਾਫ਼ੀ ਸਾਰੇ ਸਹਿਕ ਰਹੇ ਹਨ। ਮਰਾਠਾ ਸੈਨਾ ਦੇ ਨਾਲ ਅਜਿਹੇ ਸੈਨਿਕ ਵੀ ਸਨ ਜਿਨ੍ਹਾਂ ਨੂੰ ‘ਅਛੂਤ’ ਕਿਹਾ ਜਾਂਦਾ ਸੀ, ਹੈਰਾਨੀ ਇਹ ਸੀ ਜਿਨ੍ਹਾਂ ਨੂੰ ‘ਅਛੂਤ’ ਕਹਿ ਕੇ ਲੋਕ ਦੁਰਕਾਰਦੇ ਸਨ ਉਨ੍ਹਾਂ ਲੋਕਾਂ ਦੀ ਸ਼ਿਵਾ ਜੀ, ਰਾਣਾ ਪ੍ਰਤਾਪ ਤੇ ਗੁਰੂ ਗੋਬਿੰਦ ਸਿੰਘ ਸਾਰੇ ਯੁੱਧਾਂ ਅਤੇ ਸੁਰੱਖਿਆ ਲਈ ਆਪਣੇ ਨਾਲ ਰੱਖਦੇ ਸਨ। ਅੱਜ ਅਸੀਂ ਅਜਿਹੇ ਹੀ ਪੱਤਰਕਾਰ ਦੀ ਗੱਲ ਕਰ ਰਹੇ ਹਾਂ, ਜਿਸ ਨੇ 14 ਅਪਰੈਲ 1958 ਨੂੰ ਭੀਮ ਪਤ੍ਰਿਕਾ ਅਖ਼ਬਾਰ ਸ਼ੁਰੂ ਕੀਤਾ ਤੇ ਅੱਜ ਤੱਕ ਵੀ ਚੱਲ ਰਿਹਾ ਹੈ। ਇਹ ਇਕ ਅਜਿਹਾ ਸੈਨਿਕ ਹੈ ਜਿਸ ਨੇ ਹਰ ਲੜਾਈ ਨੂੰ ਅੱਗੇ ਹੋਕੇ ਲੜਿਆ ਤੇ ਜਿੱਤਾਂ ਵੀ ਹਾਸਲ ਕੀਤੀਆਂ। ਸੱਤਾ ਨੂੰ ਅੰਗਿਆਰੀਆਂ ਅੱਖਾਂ ਦਿਖਾ ਕੇ ਅੱਗੇ ਅੱਗੇ ਲਾਇਆ।

- ਜਨਮ ਤੇ ਮੁੱਢ
20 ਜੁਲਾਈ 1930 ਨੂੰ ਨਵਾਂ ਸ਼ਹਿਰ ਵਿਚ ਦਾਦਾ ਇੰਦਰ ਰਾਮ ਦੇ ਪੁੱਤਰ ਭਗਵਾਨ ਦਾਸ ਦੇ ਘਰ ਮਾਤਾ ਪ੍ਰੇਮੀ ਦੇਵੀ ਦੀ ਕੁੱਖੋਂ ਜਨਮੇ ਲਾਹੌਰੀ ਰਾਮ ਬਾਲੀ ਅਜਿਹੇ ਪਰਿਵਾਰ ਵਿਚ ਅੱਖਾਂ ਖੋਲ੍ਹ ਰਹੇ ਸਨ ਜਿਸ ਦੇ ਦਾਦਾ ਜੀ ਅਧਿਆਪਕ ਸਨ। ਉਸ ਨੇ ਪੰਜਾਬੀ ਵਿਚ ਇਕ ਕਿਤਾਬ ‘ਭਰਮ ਤੋੜ’ ਦੇ ਨਾਮ ਤੇ ਲਿਖੀ। ਜਿਨ੍ਹਾਂ ਨੇ ਆਖ਼ਰੀ ਸਮਾਂ ਗ਼ਰੀਬਾਂ ਪੀੜਤਾਂ ਦੀ ਮਦਦ ਕਰਨ ਵਿਚ ਹੀ ਗੁਜ਼ਾਰਿਆ। ਲਾਹੌਰੀ ਰਾਮ ਹੋਰੀਂ ਪੰਜ ਭਰਾ ਤੇ ਇਕ ਭੈਣ ਦੇ ਵੱਡੇ ਪਰਿਵਾਰ ਵਿਚੋਂ ਵਿਚਕਾਰਲੇ ਪੁੱਤਰ ਸਨ। ਪਿਤਾ ਦੀ ਪਹਿਲੀ ਸ਼ਾਦੀ ਦੀ ਪਤਨੀ ਦੀ ਮੌਤ ਹੋ ਗਈ ਸੀ ਦੂਜੀ ਸ਼ਾਦੀ ਡੱਲੇਵਾਲ ਪਿੰਡ ਵਿਚ ਹੋਈ, ਇਹ ਪਿੰਡ ਬਹੁਤ ਪਛੜਿਆ ਹੋਇਆ ਸੀ, ਪਿੰਡ ਵਿਚ ਛੱਪੜ ਦਾ ਪਾਣੀ ਹੀ ਪੀਣ, ਨਹਾਉਣ, ਕੱਪੜੇ ਧੋਣ ਅਤੇ ਹੋਰ ਸਾਰੇ ਕੰਮ ਕਰਨ ਲਈ ਵਰਤਿਆ ਜਾਂਦਾ ਸੀ। ਪਸ਼ੂਆਂ ਨੂੰ ਵੀ ਉਹੀ ਪਾਣੀ ਪਿਲਾਇਆ ਜਾਂਦਾ ਸੀ। 1910 ਵਿਚ ਨਵਾਂ ਸ਼ਹਿਰ ਵਿਚ ਪ੍ਰਾਇਮਰੀ ਸਕੂਲ ਦੀ ਸਥਾਪਨਾ ਹੋ ਗਈ ਸੀ, ਉਸ ਵਿਚ ਹੀ ਲਾਹੌਰੀ ਰਾਮ ਨੇ ਆਪਣੀ ਮੁੱਢਲੀ ਪੜਾਈ ਕੀਤੀ। ਆਰੀਆ ਸਮਾਜ ਦੁਆਰਾ ਸਥਾਪਤ ਦੁਆਬਾ ਆਰੀਆ ਸਕੂਲ ਵਿਚ 1947 ਵਿਚ ਪਹਿਲੇ ਦਰਜੇ ਵਿਚ ਦਸਵੀਂ ਕੀਤੀ। ਸ਼ੁਰੂਆਤੀ ਬਚਪਨ ਬਜ਼ੁਰਗਾਂ ਦਾ ਹੁੱਕਾ ਭਰਨਾ, ਗੁੱਲੀ ਡੰਡਾ ਖੇਡਣਾ, ਫੁੱਟਬਾਲ ਖੇਡਣਾ ਤੇ ਕੱਵਾਲੀਆਂ ਸੁਣਨੀਆਂ ਤੇ ਭਾਸ਼ਣ ਸੁਣਨੇ । ਬਿਜਲੀ ਉਸ ਸਮੇਂ ਨਹੀਂ ਸੀ ਮਿੱਟੀ ਦੇ ਤੇਲ (ਕੈਰੋਸੀਨ) ਨਾਲ ਜਲਾਏ ਦੀਵੇ ਦੀ ਰੌਸ਼ਨੀ ਹੇਠ ਹੀ ਪੜ੍ਹਿਆ ਗਿਆ। ਛੂਤ-ਛਾਤ ਸਕੂਲ ਵਿਚ ਵੀ ਬਹੁਤ ਜ਼ਿਆਦਾ ਸੀ। ਸਕੂਲ ਵਿਚ ਨਾਲ ਰਣਜੀਤ ਸਿੰਘ ਨਾਮ ਦਾ ਮੁੰਡਾ ਬੈਠਦਾ ਸੀ, ਜਦੋਂ ਉਸ ਨੂੰ ਪਤਾ ਲੱਗਾ ਕਿ ਇਹ ਤਾਂ ਨੀਵੀਂ ਜਾਤ ਦਾ ਹੈ ਤਾਂ ਉਹ ਨਫ਼ਰਤ ਕਰਨ ਲੱਗਾ। ਪਰ ਉਸ ਨਾਲ ਸਿੱਧੀ ਟੱਕਰ ਲੈਣ ਨਾਲ ਉਹ ਬੰਦਾ ਬਣ ਗਿਆ। ਹਰ ਥਾਂ ਤੇ ਜਾਤੀ ਪੁੱਛੀ ਜਾਂਦੀ। ‘ਕੌਣ ਜਾਤੀ’ ਇਹ ਸ਼ਬਦ ਸਿਰ ਤੇ ਇੱਟ ਵਾਂਗ ਵੱਜਦੇ। ਇਕ ਵਾਰੀ ਨਾਨਕੇ ਜਾ ਰਹੇ ਸਨ ਰਸਤੇ ਵਿਚ ਪਿਆਸ ਲੱਗੀ, ਇਕ ਵਿਅਕਤੀ ਪਾਣੀ ਦਾ ਘੜਾ ਲੈ ਕੇ ਬੈਠਾ ਸੀ, ਕੱਪੜੇ ਗੰਦੇ ਸਨ, ਲਾਹੌਰੀ ਰਾਮ ਨੂੰ ਪਿਆਸ ਲੱਗੀ, ਬੇਸ਼ੱਕ ਲਾਹੌਰੀ ਰਾਮ ਦੇ ਕੱਪੜੇ ਸੋਹਣੇ ਸਨ ਉਂਜ ਉਹ ਕਾਫ਼ੀ ਸੋਹਣਾ ਸੀ ਅੰਗਰੇਜ਼ ਬੱਚਿਆਂ ਵਰਗਾ, ਉਸ ਨੇ ਜਾ ਕੇ ਪਾਣੀ ਪਿਲਾਉਣ ਵਾਲੇ ਨੂੰ ਕਿਹਾ ਕਿ ‘ਮੈਨੂੰ ਪਾਣੀ ਪਿਲਾਓ’ ਤਾਂ ਉਸ ਨੇ ਕਿਹਾ ਕਿ ‘ਕੌਣ ਜਾਤੀ?’ ਲਾਹੌਰੀ ਰਾਮ ਨੇ ਪਾਣੀ ਪੀਣ ਲਈ ਝੂਠ ਬੋਲਿਆ ‘ਬ੍ਰਾਹਮਣ’ ਤਾਂ ਪਾਣੀ ਪਿਲਾਉਣ ਵਾਲੇ ਨੇ ਫੇਰ ਪੁੱਛਿਆ ਕਿ ‘ਕੌਣ ਬ੍ਰਾਹਮਣ?’ ਤਾਂ ਇਕ ਬੱਚਾ ਲਾਹੌਰੀ ਰਾਮ ਦੀ ਕਲਾਸ ਵਿਚ ਪੜ੍ਹਦਾ ਸੀ ਉਹ ਖ਼ੁਦ ਨੂੰ ‘ਗੌੜ ਬ੍ਰਾਹਮਣ’ ਕਹਿੰਦਾ ਸੀ। ਲਾਹੌਰੀ ਰਾਮ ਨੇ ਕਿਹਾ ‘ਗੌੜ ਬ੍ਰਾਹਮਣ’ ਤਾਂ ਪਾਣੀ ਵਾਲੇ ਨੇ ਫੇਰ ਪੁੱਛਿਆ ‘ਕੋਣ ਗੌੜ ਬ੍ਰਾਹਮਣ?’, ਹੁਣ ਲਾਹੌਰੀ ਰਾਮ ਘਬਰਾ ਗਿਆ। ਉਹ ਕੁਝ ਬੋਲੇ ਬਗੈਰ ਹੀ ਪਾਣੀ ਪੀਣ ਤੋਂ ‌ਬਿਨਾਂ ਹੀ ਅੱਗੇ ਚਲਾ ਗਿਆ। ਲਾਹੌਰੀ ਰਾਮ ਦੇ ਚਾਚੇ ਦਾ ਇਕ ਮਹੀਨਾਵਾਰ ਉਰਦੂ ਪੱਤਰ ਨਿਕਲਦਾ ਸੀ ‘ਕ੍ਰਾਂਤੀ’ ਉਸ ਵਿਚ ਇਕ ਵਾਰ ਦੋ ਲਾਈਨਾਂ ਛਪੀਆਂ ਸਨ
‘ਕੇਲੇ ਕੇ ਪਾਤ, ਪਾਤ ਮੇਂ ਪਾਤ, ਗਧੇ ਕੀ ਲਾਤ, ਲਾਤ ਮੇਂ ਲਾਤ’
ਹਿੰਦੂ ਕੀ ਜਾਤ, ਜਾਤ ਮੇਂ ਜਾਤ, ਕਵੀ ਕੀ ਬਾਤ, ਬਾਤ ਮੇਂ ਬਾਤ’।
ਇਹ ਲਾਈਨਾਂ ਫੇਰ ਲਾਹੌਰੀ ਰਾਮ ਹਮੇਸ਼ਾ ਹੀ ਬੋਲਦਾ ਕਿ ਹਿੰਦੂਆਂ ਵਿਚ ਜਾਤਾਂ ਵਿਚ ਜਾਤਾਂ ਹਨ, ਬ੍ਰਾਹਮਣ ਸਿਰਫ਼ ਬ੍ਰਾਹਮਣ ਨਹੀਂ ਇਨ੍ਹਾਂ ਵਿਚ ਜਾਤ ਦਰ ਜਾਤ ਮੌਜੂਦ ਹੈ।
- ਦਿਲੀ ਵਿਚ ਕੁਝ ਸਮਾਂ
ਦੇਸ਼ ਅਜ਼ਾਦ ਹੋ ਗਿਆ ਸੀ, ਪਰ ਲਾਹੌਰੀ ਰਾਮ ਦਾ ਪਰਿਵਾਰ ਵੀ ਉੱਜੜ ਗਿਆ, ਉਹ ਸ਼ਰਨਾਰਥੀ ਨਹੀਂ ਸੀ, ਉੱਜੜਿਆ ਹੋਇਆ ਸੀ। ਦਿਲੀ ਵਿਚ ਕੰਮ ਦੀ ਤਲਾਸ਼ ਸੀ, ਇਕ ਕੋਲਾ ਦੇ ਡਿਪੂ ਵਿਚ ਲੱਗ ਗਿਆ, ਉੱਥੇ ਕੋਲਾ ਤੋਲਣਾ, ਕੋਲਾ ਢੋਹਣਾ। ਇਕ ਦਿਨ ਇਕ ਕੋਲਾ ਲੈਣ ਵਾਲਾ ਵਿਅਕਤੀ ਆਕੇ ਕਹਿਣ ਲੱਗਾ ਕਿ ਕੋਲਾ ਘਰ ਤੱਕ ਛੱਡ ਆਏਂਗਾ, ਜਦੋਂ ਲਾਹੌਰੀ ਰਾਮ ਉਸ ਵਿਅਕਤੀ ਘਰ ਕੋਲਾ ਛੱਡਣ ਲਈ ਗਿਆ ਤਾਂ ਉਸ ਵਿਅਕਤੀ ਨਾਲ ਥੋੜ੍ਹੀ ਗੱਲਾਂ ਦੀ ਸਾਂਝ ਬਣ ਗਈ ਅਸਲ ਵਿਚ ਉਹ ਵਿਅਕਤੀ ਸੀ ਠਾਕਰ ਦਾਸ, ਗੌਰਮਿੰਟ ਪ੍ਰੈੱਸ ਮਿੰਟੋ ਰੋਡ ਨਵੀਂ ਦਿਲੀ ਦਾ ਪ੍ਰਬੰਧਕ ਸੀ, ਲਾਹੌਰੀ ਦੀ ਵਿਥਿਆ ਸੁਣ ਕੇ ਉਸ ਨੇ ਲਾਹੌਰੀ ਰਾਮ ਨੂੰ ਪ੍ਰੈੱਸ ਵਿਚ ‘ਕਾਪੀ ਹੋਲਡਰ’ ਦੀ ਨੌਕਰੀ ਦੇ ਦਿੱਤੀ। 1947 ਵਿਚ ਜੀਤੋ ਨਾਲ ਵਿਆਹ ਹੋ ਗਿਆ ਸੀ ਪਰ ਮੁਕਲਾਵਾ ਨਹੀਂ ਆਇਆ ਸੀ। ਮੁਕਲਾਵਾ ਦੇਸ਼ ਦੀ ਵੰਡ ਤੋਂ ਬਾਅਦ ਹੀ ਆਇਆ ਸੀ। ਦਿਲੀ ਦੀਆਂ ਮੋਕਲੀਆਂ ਗਲੀਆਂ ਦੇ ਭੋਗਲ ਇਲਾਕੇ ਵਿਚ ਕਿਰਾਏ ਤੇ ਮਕਾਨ ਲੈ ਕੇ ਪਤੀ ਪਤਨੀ ਰਹਿਣ ਲੱਗ ਪਏ। ਇਸ ਮਕਾਨ ਦਾ ਮਾਲਕ ਸੰਗਤ ਰਾਮ ਸੀ ਪਤੀ ਪਤਨੀ ਦੀ ਕੋਈ ਔਲਾਦ ਨਹੀਂ ਸੀ, ਲਾਹੌਰੀ ਰਾਮ ਤੇ ਉਸ ਦੀ ਪਤਨੀ ਨੂੰ ਇਹ ਜੋੜਾ ਬਹੁਤ ਪਿਆਰ ਕਰਦਾ ਸੀ। ਉਸ ਵੇਲੇ ਦਿਲੀ ਦਾ ਇਹ ਇਲਾਕਾ ਬਹੁਤ ਮੋਕਲਾ ਸੀ, 1937 ਵਿਚ ਨਵੀਂ ਦਿਲੀ ਬਣੀ ਸੀ, 1946 ਵਿਚ ਦਿਲੀ ਦੀ ਜਨ ਸੰਖਿਆ 10 ਲੱਖ ਤੋਂ ਵੀ ਘੱਟ ਸੀ, ਸਨ 2000 ਵਿਚ ਇਸ ਦੀ ਜਨ ਸੰਖਿਆ ਇਕ ਕਰੋੜ 20 ਲੱਖ ਹੋ ਗਈ, ਪਾਕਿਸਤਾਨ ਤੋਂ ਉੱਜੜ ਕੇ ਆਏ ਪੰਜਾਬੀਆਂ ਖ਼ਾਸ ਕਰਕੇ ਸਿੱਖਾਂ ਨੇ ਦਿਲੀ ਦਾ ਸਭਿਆਚਾਰ ਹੀ ਬਦਲ ਦਿੱਤਾ ਸੀ। ਕਹਿ ਸਕਦੇ ਹਾਂ ਕਿ ਬਾਣੀਆਂ, ਬਾਬੂਆਂ ਦਾ ਇਹ ਸ਼ਹਿਰ ਪੰਜਾਬੀਆਂ ਦੀ ਰਾਜਧਾਨੀ ਬਣ ਗਿਆ ਸੀ। ਉਸ ਵੇਲੇ ਦੀ ਗੱਲ ਹੈ ਜਿਸ ਬਾਰੇ ਅਰਪਣ ਕੌਰ ਲਿਖਦੀ ਹੈ : ‘ਇਹ ਵੁਹ ਦਿਲੀ ਨਹੀਂ ਹੈ, ਜਿਸ ਵਿਚ ਪਲ ਕੇ ਵੋਹ ਬੜੀ ਹੋਈ, ਦਿਲੀ ਸ਼ਾਂਤ ਤੇ ਸਿੱਧਾ ਜਿਹਾ ਸਰਲ ਚਿੱਤਰ ਸੀ, ਕੁਝ ਕੁ ਗਿਣਤੀ ਦੀਆਂ ਕਾਰਾਂ ਸਨ, ਟੈਲੀਵਿਜ਼ਨ ਨਹੀਂ ਸਨ, ਬਹੁਤ ਸਾਰੇ ਰੁੱਖ ਹੁੰਦੇ ਸਨ, ਸਕੂਲ ਵਿਚ ਸਮਾਂਬੱਧ ਕੰਮ ਕਾਜ ਹੁੰਦਾ ਸੀ।’
ਇਸੇ ਤਰ੍ਹਾਂ ਸ਼ਾਇਰ ਜੌਕ ਲਿਖਦੇ ਹਨ
‘ਕੌਣ ਜਾਏ ਜੌਕ ਦਿਲੀ ਕੀ ਗਲੀਆਂ ਛੋੜ ਕਰ’
ਲਾਹੌਰੀ ਰਾਮ ਬਾਲੀ ਕਹਿੰਦੇ ਹਨ ‘ਦਿਲੀ ਜੋ ਬਹੁਤ ਹੀ ਸ਼ਾਂਤ ਸੀ, ਉਸ ਦੇ ਦੇਖਦੇ ਦੇਖਦੇ ਨਿਰਜੀਵ ਹੋ ਗਈ, ਦਿਲੀ ਵਿਚ ਸ਼ੋਰ ਸ਼ਰਾਬਾ, ਅਪਰਾਧੀ ਸੁਭਾਅ ਏਨਾ ਫੈਲ ਗਿਆ ਕਿ ਦਿਲੀ ਬਹੁਤ ਸਾਰੀਆਂ ਸਮੱਸਿਆਵਾਂ ਵਿਚ ਘਿਰ ਗਈ। ਲੇਖਕ ‘ਜੌਕ’ ਦੀ ਦਿਲੀ ਬੜੀ ਤੇਜ਼ੀ ਨਾਲ ਇਕ ਸਵਾਰਥੀ, ਲਾਲਚੀ ਤੇ ਘਿਨਾਉਣਾ ਮਹਾਂਨਗਰ ਬਣ ਗਈ।’
     ਗੌਰਮਿੰਟ ਪ੍ਰੈੱਸ ਵਿਚ ‘ਕਾਪੀ ਹੋਲਡਰ’ ਦਾ ਕੰਮ ਕਰਨ ਲਈ ਲਾਹੌਰੀ ਰਾਮ ਪੈਦਲ ਹੀ ਜਾਂਦਾ ਸੀ, ਸਾਈਕਲ ਜੋਗੇ ਵੀ ਰੁਪਏ ਨਹੀਂ ਸਨ। ਇੱਥੇ ਹੀ ਕੰਮ ਕਰਦੇ ਕਰਦੇ ਭੋਗਲ ਇਲਾਕੇ ਵਿਚ ਚਰਚ ਰੋਡ ਤੇ ਇਕ ਛੋਟਾ ਜਿਹਾ ਕਮਰਾ ਸੀ, ਉਸ ਵਿਚ ਦਲਿਤ ਸਮਾਜ ਦੇ ਕੁਝ ਲੋਕ ਸੰਤ ਕਬੀਰ ਦੀ ਬਾਣੀ ਗਾਇਆ ਕਰਦੇ ਸਨ। ਮਿਸਤਰੀ ਮੰਗਤ ਰਾਮ ਦੇ ਕਾਰਨ ਲਾਹੌਰੀ ਰਾਮ ਇਸ ਦੀ ਭਜਨ ਮੰਡਲੀ ਵਿਚ ਸ਼ਾਮਲ ਹੋ ਗਿਆ।
     ਇੱਥੇ ਹੀ ਅੰਬੇਡਕਰ ਮਿਸ਼ਨ ਦੀ ਲਗਨ ਚਾਚਾ ਹਕੀਮ ਗੁਰਸ਼ਰਨ ਦਾਸ ਦੇ ਕਾਰਨ ਲੱਗ ਗਈ ਸੀ ਕਿਉਂਕਿ ਉਹ ਸੇਠ ਕਿਸ਼ਨ ਦਾਸ ਕਲੇਰ ਦੇ ਸਹਿਯੋਗੀ ਸ, ਕਿਸ਼ਨ ਦਾਸ ਦਾ ਪੰਜਾਬ ਤੇ ਕਲਕੱਤਾ ਵਿਚ ਚਮੜੇ ਦਾ ਵੱਡਾ ਕਾਰੋਬਾਰ ਸੀ। ਉਸ ਜ਼ਮਾਨੇ ਵਿਚ ਉਸ ਕੋਲ ‘ਬਿਊਕ’ ਕਾਰ ਹੋਇਆ ਕਰਦੀ ਸੀ। ਉਹ ਹੀ ਬਾਬਾ ਸਾਹਿਬ ਅੰਬੇਡਕਰ ਦੇ ਪੰਜਾਬ ਵਿਚ ਥੰਮ੍ਹ ਹੋਇਆ ਕਰਦੇ ਸਨ। ਉਨ੍ਹਾਂ ਦੇ ਕਾਰਨ ਹੀ 1951 ਵਿਚ ਬਾਬਾ ਸਾਹਿਬ ਪੰਜਾਬ ਦੇ ਦੌਰੇ ਤੇ ਆਏ ਸਨ। ਸੇਠ ਕਿਸ਼ਨ ਦਾਸ 1937 ਤੋਂ 1946 ਤੱਕ ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ ਰਹੇ ਸਨ। ਲਾਹੌਰੀ ਰਾਮ ਬਾਲੀ ਨੇ ਅੰਬੇਡਕਰ ਮਿਸ਼ਨ ਦੇ ਪ੍ਰਚਾਰ ਲਈ ਗੁੜਗਾਉਂ ਨੂੰ ਚੁਣਿਆ। ਗੌਰਮਿੰਟ ਪ੍ਰੈੱਸ ਦੇ ਪ੍ਰਬੰਧਕ ਠਾਕੁਰ ਦਾਸ ਨੇ ਵੀ ਲਾਹੌਰੀ ਰਾਮ ਬਾਲੀ ਦੀ ਕਾਫ਼ੀ ਮਦਦ ਕੀਤੀ, ਸਮਾਜਕ ਗਤੀਵਿਧੀਆਂ ਤੋਂ ਉਸ ਨੇ ਕਦੇ ਨਹੀਂ ਰੋਕਿਆ।
     ਜਦੋਂ ਵੀ ਡਾ. ਭੀਮ ਰਾਓ ਅੰਬੇਡਕਰ ਦਿਲੀ ਆਉਂਦੇ ਤਾਂ ਲਾਹੌਰੀ ਰਾਮ ਬਾਲੀ ਉਨ੍ਹਾਂ ਦੇ ਦਰਸ਼ਨ ਕਰਦੇ ਰਹਿੰਦੇ, ਹੁਣ ਤਾਂ ਉਨ੍ਹਾਂ ਨਾਲ ਮਿਲਣਾ ਵੀ ਸ਼ੁਰੂ ਹੋ ਗਿਆ ਸੀ। ਸ੍ਰੀ ਸੰਤ ਰਾਮ ਬੀ.ਏ ਜੋ ਕਿ ਡਾ. ਅੰਬੇਡਕਰ ਦੇ ਪੱਕੇ ਪੈਰੋਕਾਰ ਸਨ ਨੇ ਪਾਕਿਸਤਾਨ ਤੋਂ ਉੱਜੜ ਕੇ ਦਿਲੀ ਆਕੇ ਮਹੀਨਾਵਾਰ ਪੱਤ੍ਰਿਕਾ ਕੱਢੀ ‘ਕ੍ਰਾਂਤੀ’। ਪਰ ਇਹ ਪੱਤਰ ਬੰਦ ਹੋ ਗਿਆ, ਉਸ ਨੇ ਬਾਅਦ ਵਿਚ ਪਿੰਡ ‘ਪੁਰਾਣੀ ਬਸੀ’ ਵਿਚ ਰਹਿੰਦਿਆਂ ਅਚਾਰੀਆ ਵਿਸ਼ਵ ਬੰਧੂ ਦੇ ਨਾਲ ਮਿਲ ਕੇ ਹਿੰਦੀ ਮਾਸਿਕ ਪੱਤਰ ‘ਵਿਸ਼ਵ ਜੋਤੀ’ ਸ਼ੁਰੂ ਕੀਤਾ। ਉਹ ਅੱਜ ਵੀ ਪ੍ਰਕਾਸ਼ਿਤ ਹੋ ਰਿਹਾ ਹੈ, ਬੇਸ਼ੱਕ ਇਹ ਦੋਵੇਂ ਸੰਸਾਰ ਵਿਚ ਨਹੀਂ ਹਨ।
     ਨਿਜਾਮੂਦੀਨ ਭੋਗਲ ਤੋਂ ਕੋਈ ਜ਼ਿਆਦਾ ਦੂਰ ਨਹੀਂ ਸੀ, ਇੱਥੇ ਹੁੰਦੇ ਮੁਸ਼ਾਇਰੇ, ਕਵੀ ਦਰਬਾਰ, ਪੱਤਰਕਾਰੀ ਭਾਸ਼ਣ ਸੁਣਨੇ ਸ਼ੁਰੂ ਕਰ ਲਏ ਸਨ। ਉਸ ਵੇਲੇ ਸ਼ਾਇਰ ਇਨਕਲਾਬ ਜੋਸ਼ ਮਲੀਹਾਬਾਦੀ ਨੂੰ ਵੀ ਸੁਣਨ ਦਾ ਮੌਕਾ ਮਿਲਿਆ। 1951 ਵਿਚ ਜਦੋਂ ਨਵੀਂ ਦਿਲੀ ਵਿਚ ਰਾਣੀ ਝਾਂਸੀ ਰੋਡ ਤੇ ਅੰਬੇਡਕਰ ਭਵਨ ਦਾ ਨੀਂਹ ਪੱਥਰ ਰੱਖਿਆ ਉਸ ਵੇਲੇ ਮੰਚ ਤੇ ਲਾਹੌਰੀ ਰਾਮ ਬਾਲੀ ਵੀ ਨਾਲ ਮੌਜੂਦ ਸਨ। ਉਸੇ ਸਾਲ ਲਕਸ਼ਮੀ ਨਰਾਇਣ ਮੰਦਰ ਜੋ ਬਿਰਲਾ ਮੰਦਰ ਦੇ ਨਾਮ ਤੇ ਮਸ਼ਹੂਰ ਹੈ, ਦੇ ਨਜ਼ਦੀਕ ਬੁੱਧ ਬਿਹਾਰ ਵਿਚ ਜੋ ਬਾਬਾ ਸਾਹਿਬ ਨੇ ਭਾਸ਼ਣ ਦਿੱਤਾ ਉਸ ਵੇਲੇ ਵੀ ਲਾਹੌਰੀ ਰਾਮ ਬਾਲੀ ਉੱਥੇ ਹੀ ਸਨ। ਭਾਵ ਕਿ ਡਾ. ਅੰਬੇਡਕਰ ਦੇ ਨਾਲ ਨਾਲ ਰਹਿਣ ਲੱਗ ਪਏ ਸਨ।
-ਡਾ. ਅੰਬੇਡਕਰ ਵੱਲੋਂ ਸਰਦਾਰ ਪਟੇਲ ਤੋਂ ਰਾਖਵਾਂਕਰਨ ਦੀ ਲੜਾਈ ਜਿੱਤਣਾ
ਸਰਦਾਰ ਪਟੇਲ ਉਸ ਕਮੇਟੀ ਦੇ ਪ੍ਰਧਾਨ ਸਨ ਜਿਸ ਕਮੇਟੀ ਨੇ ਰਾਖਵੇਂਕਰਨ ਦੇਣ ਦਾ ਫ਼ੈਸਲਾ ਕਰਨਾ ਸੀ, ਸਰਦਾਰ ਪਟੇਲ ਨੇ ਸਿੱਖਾਂ, ਮੁਸਲਮਾਨਾਂ ਤੇ ਅਨੁਸੂਚਿਤ ਜਾਤੀਆਂ ਨੂੰ ਸਰਕਾਰੀ ਸੇਵਾਵਾਂ ਵਿਚ ਰਾਖਵਾਂਕਰਨ ਨਾ ਦੇਣ ਦਾ ਪ੍ਰਸਤਾਵ ਪੇਸ਼ ਕੀਤਾ। ਉਸ ਵੇਲੇ ਅੰਬੇਡਕਰ ਤੇ ਪਟੇਲ ਦੀ ਸਿੱਧੀ ਟੱਕਰ ਹੋ ਗਈ। ਸਰਦਾਰ ਪਟੇਲ ਜ਼ਿੱਦੀ ਕਿਸਮ ਦੇ ਇਨਸਾਨ ਸਨ, ਮਾਮਲਾ ਜਵਾਹਰ ਲਾਲ ਨਹਿਰੂ ਕੋਲ ਪੁੱਜ ਗਿਆ। ਉਸ ਵੇਲੇ ਅੰਬੇਡਕਰ ਨੇ ਕਿਹਾ ਕਿ ਰਾਖਵਾਂਕਰਨ ਸਿਰਫ਼ 20 ਸਾਲਾਂ ਲਈ ਸੰਵਿਧਾਨ ਵਿਚ ਲਾਗੂ ਕਰ ਦਿਓ ਪਰ ਸਰਦਾਰ ਪਟੇਲ ਨਹੀਂ ਮੰਨੇ। ਉਸ ਸਮੇਂ ਬਾਬਾ ਸਾਹਿਬ ਨੇ ਆਪਣਾ ਅਸਤੀਫ਼ਾ ਦੇਣ ਲਈ ਵੀ ਤਿਆਰੀ ਕਰ ਲਈ ਤਾਂ ਰਾਖਵਾਂ ਕਰਨ 10 ਸਾਲਾਂ ਲਈ ਲਾਗੂ ਕੀਤਾ ਗਿਆ। ਪਰ ਇਹ ਅੱਜ ਤੱਕ ਲਾਗੂ ਹੈ ਕਿਉਂਕਿ ਇਹ ਵੀ ਡਾ. ਅੰਬੇਡਕਰ ਨੇ ਹੀ ਕਿਹਾ ਸੀ ਕਿ ‘ਮੈਂ ਸਮਝਦਾ ਹਾਂ ਕਿ ਜਦੋਂ ਕੋਈ ਵੀ ਰਾਜਨੀਤਿਕ ਰਾਖਵਾਂਕਰਨ ਖ਼ਤਮ ਕਰਨ ਦੀ ਗੱਲ ਕਰੇਗਾ ਤਾਂ ਲੋਕ ਉਸ ਨੂੰ ਨੋਚ ਲੈਣਗੇ’।
- ਪੰਜਾਬੀ ਦਲਿਤਾਂ ਨੂੰ ਅੰਬੇਡਕਰ ਨੇ ਪੰਜਾਬ ਛੱਡਣ ਲਈ ਕਿਹਾ
   ਪੰਜਾਬੀ ਸੂਬੇ ਦੀ ਮੰਗ ਉੱਠੀ ਸੀ, 1951 ਵਿਚ ਹੋਈ ਮਰਦਮ ਸ਼ੁਮਾਰੀ ਦੌਰਾਨ ਪੰਜਾਬ ਦੇ ਅਨੁਸੂਚਿਤ ਜਾਤੀ ਲੋਕਾਂ ਨੇ ਪਤਾ ਨਹੀਂ ਕਿਸ ਦੇ ਕਹਿਣ ਤੇ ਆਪਣੀ ਮਾਤ ਭਾਸ਼ਾ ‘ਹਿੰਦੀ’ ਲਿਖਾ ਦਿੱਤੀ। ਅਨੁਸੂਚਿਤ ਜਾਤੀ ਲਾਣਾ ਅਨਪੜ੍ਹ ਸੀ, ਇਕ ਅਜਿਹਾ ‘ਕਾਰਤੂਸ’ ਕਿ ਕੋਈ ਵੀ ਪ੍ਰਭਾਵਸ਼ਾਲੀ ਵਿਅਕਤੀ ਉਸ ਨੂੰ ਹਥਿਆਰ ਵਿਚ ਪਾਕੇ ਚਲਾਵੇ ਤੇ ਕਿਸੇ ਤੇ ਵੀ ਚੱਲ ਸਕਦਾ ਸੀ, ਅੱਜ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਦੋਸ਼ ਲੱਗਾ ਸੀ ਕਿ ਜਵਾਹਰ ਲਾਲ ਨਹਿਰੂ ਨੇ ਹੀ ਪੰਜਾਬ ਦੇ ਦਲਿਤਾਂ ਨੂੰ ਆਪਣੀ ਮਾਤ ਭਾਸ਼ਾ ਹਿੰਦੀ ਲਿਖਾਉਣ ਲਈ ਪ੍ਰਚਾਰ ਕੀਤਾ ਸੀ। ਦਲਿਤਾਂ ਨੇ ਇੰਜ ਹੀ ਕੀਤਾ ਤਾਂ ਪੰਜਾਬੀ ਸੂਬੇ ਦੀ ਮੰਗ 15 ਸਾਲਾਂ ਲਈ ਅੱਗੇ ਪੈ ਗਈ ਸੀ। ਉਸ ਵੇਲੇ ਪੰਜਾਬ ਦੇ ‘ਜੱਟ ਸਿੱਖ’ ਪਿੰਡਾਂ ਦੇ ਦਲਿਤਾਂ ਦੇ ਟੁੱਟ ਕੇ ਪੈ ਗਏ। ਸੈਂਕੜੇ ਪਿੰਡਾਂ ਵਿਚ ਦਲਿਤਾਂ ਦਾ ਬਾਈਕਾਟ ਹੋਇਆ। ਪੰਜਾਬ ਦੇ ਦਲਿਤਾਂ ਦਾ ਜਿਊਂਣਾ ਹਰਾਮ ਹੋ ਗਿਆ। ਉਸ ਵੇਲੇ ਪੰਜਾਬ ਵਿਚੋਂ ਇਕ ਵਫ਼ਦ ਸੇਠ ਕਿਸ਼ਨ ਦਾਸ ਦੀ ਅਗਵਾਈ ਵਿਚ ਬਾਬਾ ਸਾਹਿਬ ਅੰਬੇਡਕਰ ਨੂੰ ਮਿਲਣ ਲਈ ਗਿਆ, ਸਾਰੀ ਕਹਾਣੀ ਦੱਸੀ, ਤਾਂ ਬਾਬਾ ਸਾਹਿਬ ਨੇ ਇਸ ਵਫ਼ਦ ਨੂੰ ਖ਼ੂਬ ਝਾੜਿਆ ਤੇ ਕਿਹਾ : ‘ਤੁਸੀਂ ਮੇਰੀ ਗੱਲ ਕਿਉਂ ਨਹੀਂ ਮੰਨਦੇ, ਪੰਜਾਬ ਵਿਚੋਂ ਕਾਫ਼ਲਿਆਂ ਵਿਚ ਉੱਜੜ ਕੇ ਆ ਜਾਓ, ਮੈਂ ਸਾਰਿਆਂ ਨੂੰ ਉਤਰ ਪ੍ਰਦੇਸ਼ ਵਿਚ ਜ਼ਮੀਨ ਦਿਵਾ ਦਿਆਂਗਾ, ਇਕ ਸਾਲ ਲਈ ਖਾਣ-ਪਾਣ ਦਾ ਪ੍ਰਬੰਧ ਵੀ ਕਰਵਾ ਦਿਆਂਗਾ, ਪੰਜਾਬ ਵਿਚ ਸਦਾ ਹੀ ਗੜਬੜ ਰਹੇਗੀ, ਇਕ ਤਾਂ ਪਾਕਿਸਤਾਨ ਵੱਲੋਂ ਦੂਜਾ ਜਾਤੀਗਤ ਲੋਕਾਂ ਦੁਆਰਾ’ ਪੰਜਾਬ ਬਾਰੇ ਬਾਬਾ ਸਾਹਿਬ ਦੀ ਇਹ ਬਹੁਤ ਵੱਡੀ ਭਵਿੱਖਬਾਣੀ ਸੀ। ਅੱਤਵਾਦ ਦੌਰਾਨ ਪੰਜਾਬ ਵਿਚ 50 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ।
      ਜੱਟਾਂ ਦੇ ਬਾਈਕਾਟ ਤੋਂ ਬਚਾਉਣ ਲਈ ਬਾਬਾ ਸਾਹਿਬ ਨੇ ਤੁਰੰਤ ਹੀ ਜਵਾਹਰ ਲਾਲ ਨਹਿਰੂ ਨਾਲ ਗੱਲ ਕੀਤੀ। ਜਵਾਹਰ ਲਾਲ ਨਹਿਰੂ ਨੇ ਤੁਰੰਤ ਪੰਜਾਬ ਵਿਚ ਸੈਨਾ ਭੇਜੀ ਤਾਂ ਜਾ ਕੇ ਰਾਹਤ ਮਿਲੀ।
- ਬਾਬਾ ਸਾਹਿਬ ਦੀ ਧਰਮ ਪਤਨੀ ਸਵਿਤਾ ਅੰਬੇਡਕਰ ਦਾ ਅੰਬੇਡਕਰ ਦੇ ਮਿਲਣ ਵਾਲਿਆਂ ਨਾਲ ਸਲੂਕ
      ਇਕ ਦਿਨ ਲਾਹੌਰੀ ਰਾਮ ਬਾਲੀ ਆਪਣੇ ਸਾਥੀ ਕੇ. ਸੀ. ਸੁਲੇਖ ਜੋ ਉਸ ਵੇਲੇ ਉਰਦੂ ਵਿਚ ਸਪਤਾਹਿਕ ‘ਉਜਾਲਾ’ ਦੇ ਸੰਪਾਦਕ ਸਨ, ਮਿਲਣ ਲਈ ਡਾ. ਅੰਬੇਡਕਰ ਕੋਲ ਗਏ, ਉਨ੍ਹਾਂ ਨਾਲ ਗੁਲਜ਼ਾਰ ਚੰਦ ਵੀ ਸਨ। ਬਾਬਾ ਸਾਹਿਬ ਅੰਬੇਡਕਰ ਉਸ ਵੇਲੇ ਲਾਅਨ ਵਿਚ ਹੀ ਸਨ, ਇਹ ਤਿੰਨਾਂ ’ਤੇ ਬਾਬਾ ਸਾਹਿਬ ਦੀ ਨਜ਼ਰ ਪੈ ਗਈ। ਉੱਥੇ ਬਾਬਾ ਸਾਹਿਬ ਨੇ ਇਨ੍ਹਾਂ ਤਿੰਨਾਂ ਨੂੰ ਬੁਲਾ ਲਿਆ। ਬਾਬਾ ਸਾਹਿਬ ਨੇ ਪੁੱਛਿਆ ‘ਕਦੋਂ ਆਏ?’ ਕੇ. ਸੀ. ਸੁਲੇਖ ਨੇ ਕਿਹਾ ‘ਬਾਬਾ ਸਾਹਿਬ ਕੱਲ੍ਹ ਵੀ ਆਏ ਸੀ, ਪਰ ਮਾਈ ਸਾਹਿਬ (ਸਵਿਤਾ ਅੰਬੇਡਕਰ) ਨੇ ਕਿਹਾ ਕਿ ਤੁਸੀਂ ਸੋ ਰਹੇ ਸੀ’ ਬਾਬਾ ਸਾਹਿਬ ਤਾੜ ਗਏ ਕਿ ਸਵਿਤਾ ਨੇ ਝੂਠ ਬੋਲਿਆ ਹੈ ਉਹ ਤਾਂ ਕੱਲ੍ਹ ਸਾਰਾ ਦਿਨ ਹੀ ਕੰਮ ਕਰਦੇ ਰਹੇ ਸਨ। 5 ਫੁੱਟ 7 ਇੰਜ ਦਾ ਲੰਬਾ ਕੱਦ, ਗੋਰਾ ਚਿਹਰਾ, ਚੌੜਾ ਮੱਥਾ, ਲੰਬੀ ਨੱਕ, ਲੰਬੇ ਲੰਬੇ ਕੰਨ, 180 ਪੌਂਡ ਵਜ਼ਨ ਦੇ ਡਾ. ਅੰਬੇਡਕਰ ਦਾ ਦਿਮਾਗ਼ ਏਨਾ ਸੀ ਜਿਸ ਨੇ ਅੰਗਰੇਜ਼ਾਂ ਛੱਡ ਦਲਿਤ ਵਿਰੋਧੀ ਮਹਾਤਮਾਂ ਗਾਂਧੀ, ਸਰਦਾਰ ਪਟੇਲ ਵਰਗਿਆਂ ਨੂੰ ਭਾਜੜਾਂ ਪਵਾ ਦਿੱਤੀਆਂ ਸਨ, ਉਹ ਸਮਝ ਗਏ ਸਨ ਕਿ ਸਵਿਤਾ ਉਸ ਦੇ ਸਾਥੀਆਂ ਨੂੰ ਮਿਲਣ ਤੋਂ ਰੋਕਦੀ ਹੈ, ਡਾ. ਅੰਬੇਡਕਰ ਦੀ ਮੌਤ ਤੋਂ ਬਾਅਦ ਸਵਿਤਾ ਤੇ ਹੀ ਦੋਸ਼ ਲੱਗੇ ਸਨ ਕਿ ਡਾ. ਅੰਬੇਡਕਰ ਦੀ ਮੌਤ ਦੀ ਜ਼ਿੰਮੇਵਾਰ ਸਵਿਤਾ ਹੀ ਹੈ।
- ਲਾਹੌਰੀ ਰਾਮ ਬਾਲੀ ਦੀ ਪੰਜਾਬ ਵਿਚ ਵਾਪਸੀ
   ਭੈਣ ਦੇ ਹੱਥ ਪੀਲੇ ਕਰਨੇ ਸਨ ਘਰਦਿਆਂ ਦਾ ਦਬਾਅ ਸੀ ਤਾਂ ਕਰਕੇ ਪੰਜਾਬ ਵਿਚ ਲਾਹੌਰੀ ਰਾਮ ਬਾਲੀ ਨੂੰ ਆਉਣਾ ਪਿਆ। ਪੋਸਟਲ ਕਲਰਕ ਦੀ ਨੌਕਰੀ ਮਿਲ ਗਈ ਸੀ। ਜਲੰਧਰ ਦੇ ਆਬਾਦ ਪੁਰਾ ਵਿਚ ਛੋਟਾ ਜਿਹਾ ਮਕਾਨ ਲੈ ਕੇ ਪਤਨੀ ਸਮੇਤ ਰਹਿਣ ਲੱਗ ਪਏ ਸਨ। ਡਾਕਘਰ ਦੇ ਕਰਮਚਾਰੀਆਂ ਵਿਚ ਛੂਤਛਾਤ ਦਾ ਬੋਲਬਾਲਾ ਖ਼ਤਰਨਾਕ ਤੌਰ ਤੇ ਸੀ, ਦਲਿਤ ਕਰਮੀਆਂ ਲਈ ਪਾਣੀ ਦਾ ਘੜਾ ਵੱਖਰਾ ਤੇ ਸਵਰਨਾਂ ਲਈ ਘੜਾ ਵੱਖਰਾ।
- ਪੱਤਰਕਾਰੀ ਵਿਚ ਪ੍ਰਵੇਸ਼
    ਪੰਜਾਬ ਵਿਚ ਹੀ ਸ੍ਰੀ ਕੇ. ਸੀ. ਸੁਲੇਖ ਦੇ ਸੰਪਾਦਨਾ ਅਧੀਨ ਇਕ ਸਪਤਾਹਿਕ ਉਰਦੂ ਪਰਚਾ ‘ਉਜਾਲਾ’ ਪ੍ਰਕਾਸ਼ਿਤ ਹੁੰਦਾ ਸੀ। ਇਸ ਅਖ਼ਬਾਰ ਦੇ ਮੁੱਖ ਪ੍ਰਬੰਧਕ ਬੂਟਾ ਮੰਡੀ ਦੇ ਅੰਬੇਡਕਰੀ ਕਰਤਾਰਾ ਰਾਮ ਸਨ। ਸਰਕਾਰੀ ਕਰਮਚਾਰੀ ਹੋਣ ਕਰਕੇ ਲਾਹੌਰੀ ਰਾਮ ਬਾਲੀ ਇਸ ਅਖ਼ਬਾਰ ਵਿਚ ‘ਅਮਰ ਨਵਾਂਸ਼ਹਿਰੀ’ ਦੇ ਨਾਮ ਤੇ ਲਿਖਣ ਲੱਗ ਪਿਆ ਸੀ।
    ਡਾਕ ਘਰ ਵਿਚ ਛੂਤ-ਛਾਤ ਦੇ ਕਲੰਕ ਨੂੰ ਵੀ ਸਹਾਰਨਾ ਠੀਕ ਨਹੀਂ ਸੀ, ਦਲਿਤ ਕਰਮੀਂ ਬੜੇ ਪ੍ਰੇਸ਼ਾਨ ਸਨ, ਤਾਂ ਇਕ ਦਿਨ ਲਾਹੌਰੀ ਰਾਮ ਨੇ ਡਾਕਘਰ ਵਿਚ ਦਲਿਤਾਂ ਤੇ ਸਵਰਨਾਂ ਲਈ ਰੱਖੇ ਘੜੇ ਤੋੜ ਦਿੱਤੇ। ਇਸ ਤੇ ਦਫ਼ਤਰ ਵਿਚ ਪੰਗਾ ਖੜ੍ਹਾ ਹੋ ਗਿਆ, ਮਾਮਲਾ ਚਾਂਦ ਨਰਾਇਣ ਡੀ. ਸੀ ਤੱਕ ਪੁੱਜ ਗਿਆ। ਡੀ. ਸੀ ਨੇ ਸਵਰਨਾਂ ਨੂੰ ਕਿਹਾ ਕਿ ‘ਜਾਂ ਤਾਂ ਮਾਫ਼ੀ ਮੰਗੋ ਜਾਂ ਜੇਲ੍ਹ ਜਾਓ, ਕਿਉਂਕਿ ਸੰਵਿਧਾਨ ਵਿਚ ਛੂਤ-ਛਾਤ ਕਰਨੀ ਕਾਨੂੰਨਨ ਜੁਰਮ ਹੈ’ ਇਸ ’ਤੇ ਸਵਰਨਾ ਨੇ ਮਾਫ਼ੀ ਮੰਗ ਲਈ। ਪਰ ਬਾਅਦ ਵਿਚ ਸਵਰਨਾਂ ਨੇ ਲਾਹੌਰੀ ਰਾਮ ਨੂੰ ਤੰਗ ਪ੍ਰੇਸ਼ਾਨ ਬਹੁਤ ਕੀਤਾ।
- ਉਚੇਰੀ ਸਿੱਖਿਆ ਤੇ ਪੰਜਾਬੀ ਸਿੱਖਣੀ
    ਲਾਹੌਰੀ ਰਾਮ ਦੀ ਸਿੱਖਿਆ ਉਰਦੂ ਤੇ ਫ਼ਾਰਸੀ ਵਿਚ ਸੀ, ਪਰ ਪੰਜਾਬੀ ਸਿੱਖਣੀ ਲਾਜ਼ਮੀ ਸੀ, ਪੰਜਾਬੀ ਉਨ੍ਹਾਂ ਹਰਦਿੱਤ ਸਿੰਘ ਤੋਂ ਸਿੱਖੀ, ਗਰੈਜੂਏਟ ਬਣਨ ਦੇ ਤਰੀਕੇ ਨੂੰ ‘ਬਾਇਆ ਬਠਿੰਡਾ’ ਕਿਹਾ ਜਾਂਦਾ ਸੀ। ਭਾਵ ਕੇ ਪਹਿਲਾਂ ਗਿਆਨੀ ਪਾਸ ਕਰੋ, ਫਿਰ ਇੰਟਰਮੀਡੀਏਟਰ ਇੰਗਲਿਸ਼ ਤੇ ਬੀਏ ਇੰਗਲਿਸ਼ ਪਾਸ ਕਰੋ। ਉਸ ਵੇਲੇ ਲਾਹੌਰੀ ਰਾਮ ਨੇ ਗਿਆਨੀ (ਆਨਰਜ਼ ਇਨ ਪੰਜਾਬੀ) ਜਿਸ ਨੂੰ ਐਮਏ ਦੇ ਬਰਾਬਰ ਆਦਰ ਮਿਲਦਾ, ਕੀਤੀ। ਡਾਕਘਰ ਵਿਚ ਡਵੀਜ਼ਨਲ ਇੰਜੀਨੀਅਰ ਟੈਲੀ ਗਰਾਫ਼ (ਡੀਈਟੀ) ਦੀਆਂ ਪੋਸਟਾਂ ਨਿਕਲੀਆਂ ਤਾਂ ਉੱਥੇ ਬਾਲੀ ਨੂੰ ਚੁਣ ਲਿਆ ਗਿਆ।
- ਡਾ. ਭੀਮ ਰਾਓ ਅੰਬੇਡਕਰ ਦੇ ਮਿਸ਼ਨ ਲਈ ਬਲੀਦਾਨ
     ਬਾਬਾ ਸਾਹਿਬ ਨੇ ‘ਸ਼ਡਿਊਲਡ ਕਾਸਟ ਫੈਡਰੇਸ਼ਨ’ ਦੀ ਸਥਾਪਨਾ 30 ਸਤੰਬਰ 1956 ਨੂੰ ਕਰ ਦਿੱਤੀ ਸੀ ਜਿਸ ਦਾ ਪ੍ਰਧਾਨ ਡਾ. ਭਗਤ ਸਿੰਘ ਨੂੰ ਬਣਾਇਆ ਗਿਆ। ਡਾਕਟਰ ਅੰਬੇਡਕਰ ਦੀ ਉਸ ਦਿਨ ਤਬੀਅਤ ਕਾਫ਼ੀ ਖ਼ਰਾਬ ਹੋ ਗਈ, ਆਕਸੀਜਨ ਦੇਣ ਤੋਂ ਬਾਅਦ ਸੰਭਲੇ, ਜਦੋਂ ਬਾਬਾ ਸਾਹਿਬ ਉੱਥੋਂ ਚਲੇ ਗਏ ਤਾਂ ਲਾਹੌਰੀ ਰਾਮ ਬਾਲੀ ਬਾਬਾ ਸਾਹਿਬ ਦੀ ਕੁਰਸੀ ਤੇ ਲਗਾਤਾਰ ਕਾਫ਼ੀ ਸਮਾਂ ਬੈਠੇ ਰਹੇ। ਉਸ ਦਿਨ ਹੀ ਲਾਹੌਰੀ ਰਾਮ ਬਾਲੀ ਨੇ ਪ੍ਰਣ ਲਿਆ ਕਿ ‘ਅੰਬੇਡਕਰ ਮਿਸ਼ਨ ਦੀ ਪੂਰਤੀ ਲਈ ਉਹ ਆਪਣਾ ਸਾਰਾ ਜੀਵਨ ਅਰਪਿਤ ਕਰ ਦੇਣਗੇ’
     6 ਦਸੰਬਰ 1956 ਨੂੰ ਜਲੰਧਰ ਦੇ ਡੀਈਟੀ ਦੇ ਦਫ਼ਤਰ ਵਿਚ ਲਾਹੌਰੀ ਰਾਮ ਬਾਲੀ ਨੂੰ ਪਤਾ ਲੱਗਾ ਕਿ ਡਾ. ਭੀਮ ਰਾਓ ਅੰਬੇਡਕਰ ਨਹੀਂ ਰਹੇ। ਜਲੰਧਰ ਵਿਚ ਸ਼ੋਕ ਯਾਤਰਾ ਦਾ ਆਯੋਜਨ ਕੀਤਾ ਗਿਆ ਜੋ ਬੂਟਾ ਮੰਡੀ ਤੋਂ ਸ਼ੁਰੂ ਹੋਕੇ ਕਿਸ਼ਨਪੁਰਾ ਸਥਿਤ ‘ਆਦਿ ਧਰਮ ਮੰਡਲ’ ਦੀ ਇਮਾਰਤ ਕੋਲ ਸਮਾਪਤ ਹੋਈ। ਉਸ ਦਿਨ ਹੀ ਲਾਹੌਰੀ ਰਾਮ ਬਾਲੀ ਨੇ ਐਲਾਨ ਕੀਤਾ ‘ਮੈਂ ਅੱਜ ਤੋਂ ਹੀ ਸਰਕਾਰੀ ਨੌਕਰੀ ਛੱਡ ਰਿਹਾ ਹਾਂ ਤੇ ਅੰਬੇਡਕਰ ਮਿਸ਼ਨ ਵਿਚ ਆਪਣਾ ਸਾਰਾ ਜੀਵਨ ਲਗਾ ਦਿਆਂਗਾ’ ਤੇ ਸ੍ਰੀ ਬਾਲੀ ਨੇ ਨੌਕਰੀ ਛੱਡ ਦਿੱਤੀ। 1957 ਵਿਚ ਚੋਣਾਂ ਆ ਗਈਆਂ, ਭਾਰਤ ਦੇਸ਼ ਅਜ਼ਾਦ ਹੋਣ ਤੋਂ ਬਾਅਦ ਇਹ ਦੂਜੀਆਂ ਆਮ ਚੋਣਾਂ ਸਨ। ਉਸ ਵੇਲੇ ਪੰਜਾਬ ਦੀਆਂ ਚੋਣਾਂ ਵਿਚ ਬਈਆ ਸਾਹਿਬ ਯਸ਼ਵੰਤ ਰਾਓ ਅੰਬੇਡਕਰ (ਬਾਬਾ ਸਾਹਿਬ ਦੇ ਪੁੱਤਰ) ਨੇ ਲਾਹੌਰੀ ਰਾਮ ਬਾਲੀ ਨਾਲ ਚੋਣ ਸਭਾਵਾਂ ਕੀਤੀਆਂ।
- ਭੀਮ ਪਤ੍ਰਿਕਾ ਸ਼ੁਰੂ ਕਰਨਾ
ਮਹਾਸ਼ਾ ਕ੍ਰਿਸ਼ਨ ਕੁਮਾਰ ਲਾਹੌਰ ਤੋਂ ਪ੍ਰਕਾਸ਼ਿਤ ਮਾਸਿਕ ‘ਕ੍ਰਾਂਤੀ’ ਵਿਚ ਸਹਾਇਕ ਸਨ। ਉਸ ਵੇਲੇ ਕ੍ਰਾਂਤੀ ਵਿਚ ਸੰਪਾਦਕ ਦੁਆਰਾ ਬਾਬਾ ਸਾਹਿਬ ਦੇ ਲੇਖ ਅੰਗਰੇਜ਼ੀ ਵਿਚ ਅਨੁਵਾਦ ਕਰਕੇ ਉਰਦੂ ਵਿਚ ਛਾਪੇ ਜਾਂਦੇ ਸਨ। ਮਹਾਸ਼ਿਆਂ ਨਾਲ ਸ੍ਰੀ ਬਾਲੀ ਦੀ ਮੁਲਾਕਾਤ ਜਲੰਧਰ ਵਿਚ ਹੋਈ, ਉਸ ਨੇ ਸਵਾਲ ਕੀਤਾ ‘ਠ‌ਹਿਰਨਾ ਹੈ ਜਾਂ ਜਾਣਾ ਹੈ?’ ਭਾਵ ਕਿ ਸਮਾਜਕ ਕੰਮ ਕਰਨੇ ਹਨ ਜਾਂ ਫਿਰ ਭੱਜ ਜਾਣਾ ਹੈ। ਲਾਹੌਰੀ ਰਾਮ ਨੇ ਆਪਣੀ ਸਾਰੀ ਕਹਾਣੀ ਉਸ ਨੂੰ ਸੁਣਾ ਦਿੱਤੀ। ਕਿ ਉਸ ਨੇ ਤਾਂ ਨੌਕਰੀ ਵੀ ਬਾਬਾ ਸਾਹਿਬ ਦੇ ਮਿਸ਼ਨ ਨੂੰ ਸਮਰਪਿਤ ਹੁੰਦਿਆਂ ਛੱਡ ਦਿੱਤੀ ਹੈ। ਤਾਂ ਉਸ ਨੇ ਝੱਟ ਹੀ ਕਹਿ ਦਿੱਤਾ ‘ਤਾਂ ਫਿਰ ਅਖ਼ਬਾਰ ਨਿਕਾਲੋ’ ਉਸ ਤੋਂ ਬਾਅਦ ਉਰਦੂ ਵਿਚ ‘ਭੀਮ ਪਤ੍ਰਿਕਾ’ 14 ਅਪਰੈਲ 1958 ਨੂੰ ਸ਼ੁਰੂ ਹੋ ਗਿਆ। ਜਲੰਧਰ ਵਿਚ ਨਕੋਦਰ ਰੋਡ (ਅੱਜ ਕੱਲ੍ਹ ਡਾ. ਅੰਬੇਡਕਰ ਮਾਰਗ) ਤੇ ਭੀਮ ਪਤ੍ਰਿਕਾ ਦਾ ਦਫ਼ਤਰ ਬਣ ਗਿਆ। ਭੀਮ ਪਤ੍ਰਿਕਾ ਨੇ ਬੇਬਾਕ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ, ‘ਸ਼ਡਿਊਲਡ ਕਾਸਟ ਫੈਡਰੇਸ਼ਨ’ ਦਾ ਨਾਮ ਬਦਲ ਕੇ 'ਰਿਪਬਲਿਕ ਪਾਰਟੀ ਆਫ਼ ਇੰਡੀਆ’ ਰੱਖ ਦਿੱਤਾ ਸੀ। ਇਕ ਪਾਸੇ ਭੀਮ ਪਤ੍ਰਿਕਾ ਦੂਜੇ ਪਾਸੇ ਪਾਰਟੀ। ਭੀਮ ਪਤ੍ਰਿਕਾ ਵਿਚ ਛਪੀਆਂ ਰਿਪੋਰਟਾਂ ਕਰਕੇ ਪੁਲੀਸ ਲਗਾਤਾਰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰਦੀ। ਰਿਕਾਰਡ ਚੁੱਕ ਕੇ ਲੈ ਜਾਂਦੀ। ਪਰ 1959 ਦਾ ਇਕ ਅੰਕ ਮਿਲਿਆ। ਜਿਸ ਦੀ ਫ਼ੋਟੋ ਕਾਫ਼ੀ ਇੱਥੇ ਦਿੱਤੀ ਜਾ ਰਹੀ ਹੈ।
     ਕੁਝ ਲੋਕ ਭੀਮ ਪਤ੍ਰਿਕਾ ਦੀ ਮਦਦ ਵੀ ਕਰਨ ਲੱਗ ਗਏ ਸਨ। ਕਈ ਗੁਪਤ ਵੀ ਸਨ। ਭੀਮ ਪਤ੍ਰਿਕਾ ਦਾ ਦਫ਼ਤਰ ਕਈ ਸਾਰੀਆਂ ਸਾਂਝੀਆ ਗਤੀਵਿਧੀਆਂ ਦਾ ਕੇਂਦਰ ਰਿਹਾ। ਇਹ 1995 ਤੱਕ ਚੱਲਦਾ ਰਿਹਾ। ਭੀਮ ਪਤ੍ਰਿਕਾ ਦਾ ਦਫ਼ਤਰ ਬਦਲ ਗਿਆ ਸੀ। ਭੀਮ ਪਤ੍ਰਿਕਾ ਦਾ ਦਫ਼ਤਰ ਰਾਜਨੀਤਿਕ ਦਲਾਂ ਵਿਸ਼ੇਸ਼ ਕਰਕੇ ਕਾਂਗਰਸੀਆਂ, ਖ਼ੁਫ਼ੀਆ ਵਿਭਾਗ, ਪੁਲੀਸ ਪ੍ਰਸ਼ਾਸਨ ਤੇ ਕੁਝ ਅੱਤਿਆਚਾਰੀਆਂ ਦੀਆਂ ਨਜ਼ਰਾਂ ਵਿਚ ਸੀ। ਇੱਥੋਂ ਕਈ ਪ੍ਰਕਾਰ ਦੀਆਂ ਸਾਹਿਤਕ, ਸਮਾਜਕ, ਰਾਜਨੀਤਿਕ ਗਤੀਵਿਧੀਆਂ ਨੂੰ ਦਿਸ਼ਾ ਨਿਰਦੇਸ਼ ਵੀ ਮਿਲਦੇ ਸਨ। 1957 ਵਿਚ ਕਾਂਗਰਸ ਦਾ ਵਿਰੋਧ ਕਰਨ ਕਰਕੇ ਉਹ ਬਾਲੀ ਹੋਰਾਂ ਨਾਲ ਕਾਫ਼ੀ ਖ਼ਫ਼ਾ ਸਨ।
- ਜਲੰਧਰ ਦੀ ਬੂਟਾ ਮੰਡੀ ਦੇ ਸੇਠ
     ਜਲੰਧਰ ਦੀ ਬੂਟਾ ਮੰਡੀ ਚਮੜੇ ਦੀ ਵੱਡੀ ਮਾਰਕਿਟ ਹੈ, ਦੇਸ਼ ਦੀ ਵੰਡ ਤੋਂ ਪਹਿਲਾਂ ਇੱਥੇ ਮੁਸਲਮਾਨ ਚਮੜੇ ਦਾ ਵਪਾਰ ਕਰਦੇ ਸਨ, ਪਰ ਵੰਡ ਤੋਂ ਬਾਅਦ ਇੱਥੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੇ ਮੁਸਲਮਾਨਾਂ ਦੇ ਚਮੜਾ ਗੁਦਾਮਾਂ ’ਤੇ ਅਜਿਹਾ ਹੱਥ ਸਾਫ਼ ਕੀਤਾ ਕਿ ਉਹ ਕਿ ਮਾਲਾ ਮਾਲ ਹੋ ਗਏ ਤੇ ਖ਼ੁਦ ਨੂੰ ਸੇਠ ਕਹਾਉਣ ਲੱਗ ਪਏ। ਇੱਥੇ ਇਕ ਭਾਗਮੱਲ ‘ਪਾਗਲ’ ਜੋ ਕਿ ਸੈਡੂਲਡ ਕਾਸਟ ਫੈਡਰੇਸ਼ਨ ਤੇ ਪ੍ਰਧਾਨ ਰਹੇ। ਇਕ ਦਿਨ ਲਾਹੌਰੀ ਰਾਮ ਬਾਲੀ ਤੇ ਭਾਗ ਮੱਲ ਬੂਟਾ ਮੰਡੀ ਦੇ ਸੁੰਨਸਾਨ ਇਲਾਕੇ‌ ਵਿਚੋਂ ਗੁਜ਼ਰ ਰਹੇ ਸੀ। ਭਾਗ ਮੱਲ ਨੇ ਪਤਾ ਨਹੀਂ ਕਿਸ ਨੂੰ ਕਿਹਾ ‘ਮਹਾਰਾਜ ਸੇਠ ਜੀ ਨਮਸਤੇ’ ਬਾਲੀ ਨੇ ਆਲ਼ੇ ਦੁਆਲੇ ਦੇਖਿਆ ਪਰ ਕਿਤੇ ਵੀ ਕੁਝ ਨਹੀਂ ਸੀ। ਬਾਲੀ ਨੇ ਪੁੱਛਿਆ ‘ਪਾਗਲ ਸਾਹਿਬ ਆਸ ਪਾਸ ਤਾਂ ਕੋਈ ਵੀ ਨਹੀਂ ਹੈ, ਕਿਸ ਦਾ ਸਵਾਗਤ ਕਰ ਰਹੇ ਹੋ?’ ਤਾਂ ‘ਪਾਗਲ’ ਨੇ ਕੁੱਤੇ ਵੱਲ ਇਸ਼ਾਰਾ ਕਰਕੇ ਉਤਰ ਦਿੱਤਾ ‘ਉਹ ਦੇਖੋ ਸੇਠ ਜਾ ਰਿਹਾ ਹੈ’ ਬਾਲੀ ਨੇ ਕਿਹਾ ‘ਉਹ ਤਾਂ ਕੁੱਤਾ ਹੈ’ ਤਾਂ ‘ਪਾਗਲ’ ਦਾ ਉਤਰ ਸੀ ‘ਬੂਟਾ ਮੰਡੀ ਦੇ ਕੁੱਤੇ ਨੂੰ ਵੀ ਸੇਠ ਹੀ ਜਾਨੋ’ ‘ਪਾਗਲ’ ਦਾ ਬੇਸ਼ੱਕ ਇਹ ‌ਵਿਅੰਗ ਸੀ ਪਰ ਅਸਲ ਵਿਚ ਬੂਟਾ ਮੰਡੀ ਦੀ ਸਚਾਈ ਇਹੀ ਸੀ ਚਮੜੇ ਦੇ ਵਪਾਰ ਨੇ ਇੱਥੇ ਦਾ ਹਰ ਇਕ ਵਿਅਕਤੀ ‘ਸੇਠ’ ਬਣਾ ਦਿੱਤਾ ਸੀ। ਲਾਹੌਰੀ ਰਾਮ ਬਾਲੀ ਕਹਿੰਦੇ ਹਨ ਕਿ ‘ਬੂਟਾ ਮੰਡੀ ਵਿਚ ਦੋ ਰਵਿਦਾਸ ਮੰਦਰ, ਇਕ ਮਸਜਿਦ, ਦੋ ਚਰਚ, ਪੀਰ ਦਾ ਰੋਜ਼ਾ, ਬੀਬੀ ਮਿਲਾਵੀ ਦੇਵੀ (ਜੋ ਗ੍ਰਹਿਸਤੀ ਨਹੀਂ ਸੀ ਪਰ ਸਨਮਾਨਯੋਗ ਸੀ) ਦੀ ਯਾਦਗਾਰ ਹੈ ਪਰ ਬੂਟਾ ਮੰਡੀ ਦੇ ਸੇਠ ਇੱਥੇ ਇਕ ਵੀ ਕਾਲਜ, ਹਸਪਤਾਲ ਦਾ ਨਿਰਮਾਣ ਨਹੀਂ ਕਰ ਸਕੇ।’
- ਸਰਕਾਰੀ ਜ਼ਮੀਨ ਲਈ ਲੜਾਈ
     ਪੰਜਾਬ ਵਿਚ ‘ਪੰਜਾਬ ਅਲਾਈਨੇਸ਼ਨ ਐਕਟ 1901’ ਪਾਸ ਕਰਕੇ ਅਨੁਸੂਚਿਤ ਜਾਤੀਆਂ ਨੂੰ ‘ਗੈਰ ਕਾਸ਼ਤਕਾਰ’ ਘੋਸ਼ਿਤ ਕਰ ਦਿੱਤਾ ਗਿਆ ਤੇ ਉਨ੍ਹਾਂ ਤੋਂ ਖੇਤੀ ਦੇ ਮਾਲਕ ਹੋਣ ਦਾ ਹੱਕ ਖੋਹ ਲਿਆ ਗਿਆ। ਡਾ. ਭੀਮ ਰਾਓ ਅੰਬੇਡਕਰ ਨੇ ਅਜ਼ਾਦ ਭਾਰਤ ਦਾ ਕਾਨੂੰਨ ਮੰਤਰੀ ਬਣਨ ਤੋਂ ਬਾਅਦ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋ ਗਿਆ। ਅਨੁਸੂਚਿਤ ਜਾਤੀਆਂ ਵਿਰੁੱਧ 1901 ਵਾਲਾ ਕਾਲਾ ਕਾਨੂੰਨ ਰੱਦ ਹੋ ਗਿਆ ਤੇ ਹੁਣ ਸੰਵਿਧਾਨ ਅਨੁਸਾਰ ਅਨੁਸੂਚਿਤ ਜਾਤੀ ਵੀ ਜ਼ਮੀਨ ਦੇ ਮਾਲਕ ਬਣ ਸਕਦੇ ਹਨ। ਪਾਕਿਸਤਾਨ ਬਣਨ ਤੋਂ ਬਾਅਦ ਪੰਜਾਬ ਵਿਚ ਜ਼ਮੀਨ ਦਾ ਵੱਡਾ ਹਿੱਸਾ ਖ਼ਾਲੀ ਰਹਿ ਗਿਆ ਸੀ, ਮੁਸਲਮਾਨ ਜ਼ਮੀਨ ਛੱਡ ਗਏ ਸਨ। ਇਸ ਜ਼ਮੀਨ ਨੂੰ ਨਿਕਾਸੀ ਭੂਮੀ (ਇਵੈਕਿਉ ਲੈਂਡ) ਕਿਹਾ ਜਾਂਦਾ ਸੀ। ਇਸ ਜ਼ਮੀਨ ਤੇ ਨਜਾਇਜ਼ ਕਬਜ਼ੇ ਹੋ ਰਹੇ ਸਨ। ਰਿਪਬਲਿਕ ਪਾਰਟੀ ਦੀ ਮੰਗ ਸੀ ਕਿ ਨਿਕਾਸੀ ਜ਼ਮੀਨ ਅਨੁਸੂਚਿਤ ਜਾਤੀਆਂ ਭੂਮੀਹੀਣ ਖੇਤ ਮਜ਼ਦੂਰਾਂ ਵਿਚ ਵੰਡੀ ਜਾਵੇ। ਇਸ ਮੰਗ ਨੂੰ ਲੈ ਕੇ ਲਾਹੌਰੀ ਰਾਮ ਬਾਲੀ ਨੇ ਇਕ ਪੱਤਰ ਤਿਆਰ ਕੀਤਾ ਤੇ ਉਸ ਦੀ ਪ੍ਰਧਾਨਗੀ ਵਿਚ ਇਕ ਵਫ਼ਦ ਮੌਕੇ ਤੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਚੰਡੀਗੜ੍ਹ ਦੇ ਸਕੱਤਰੇਤ ਵਿਚ ਮਿਲਿਆ। ਕੈਰੋਂ ਨੇ ਪਹਿਲਾਂ ਤਾਂ ਇਨ੍ਹਾਂ ਦਾ ਮਜ਼ਾਕ ਉਡਾਇਆ ਪਰ ਫੇਰ ਗੱਲਬਾਤ ਹੋਣ ਲੱਗੀ, ਕੈਰੋਂ ਨੇ ਕਿਹਾ ‘ਜੱਟ ਪੰਜਾਬ ਦੀ ਜ਼ਮੀਨ ਦਾ ਮਾਲਕ ਹੈ ਉਹ ਤਾਂ ਸੁਹਾਗੇ ਤੋਂ ਹੇਠ ਨਹੀਂ ਉੱਤਰਦਾ, ਤੁਹਾਨੂੰ ਜ਼ਮੀਨ ਕਿਵੇਂ ਮਿਲ ਸਕਦੀ ਹੈ?’
ਬਾਲੀ ਨੇ ਕਿਹਾ ‘ਜ਼ਮੀਨ ’ਤੇ ਸਾਡਾ ਵਰਗ ਖ਼ੂਨ ਪਸੀਨਾ ਵਹਾ ਕੇ ਪੈਦਾਵਾਰ ਕਰਦਾ ਹੈ, ਨਾਮ ਜੱਟ ਦਾ ਹੁੰਦਾ ਹੈ, ਪਿੰਡ ਦੇ ਅਨੁਸੂਚਿਤ ਜਾਤੀ ਮਜ਼੍ਹਬੀ ਤੋਂ ਇਕ ਦੁੱਧ ਦਾ ਪਿਆਲਾ ਪਿਲਾ ਕੇ ਹੱਤਿਆ ਕਰਵਾ ਲਈ ਜਾਂਦੀ ਹੈ, ਕਿਹਾ ਜਾਂਦਾ ਹੈ ਜੱਟ ਸੂਰਬੀਰ ਹੈ।’
ਕੈਰੋਂ ਅਜਿਹੇ ਉਤਰ ਸੁਣਨ ਦਾ ਆਦੀ ਨਹੀਂ ਸੀ। ਪਰ ਉਸ ਨੇ ਕੁਰਸੀ ਤੋਂ ਉੱਠ ਕੇ ਬਾਲੀ ਦੀ ਪਿੱਠ ਥਪਥਪਾਈ। ਕਹਿਣ ਲੱਗਾ ‘ਸ਼ਾਬਾਸ਼! ਕੋਈ ਤਾਂ ਹੈ ਜੋ ਮੇਰੇ ਸਾਹਮਣੇ ਬੋਲਣ ਦੀ ਹਿੰਮਤ ਕਰ ਸਕਦਾ ਹੈ।’
     ਇਹ ਮੰਗ ਮੰਨੀ ਨਹੀਂ ਜਾਣੀ ਸੀ ਉਸ ਤੋਂ ਬਾਅਦ ਰਿਪਬਲਿਕ ਪਾਰਟੀ ਨੇ ਸੰਘਰਸ਼ ਕਰਨਾ ਸ਼ੁਰੂ ਕੀਤਾ। ਭੂਮੀ ਸੁਧਾਰ ਨਾ ਕਰਨ ਕਰਕੇ ਰਿਪਬਲਿਕ ਪਾਰਟੀ ਨੇ 20 ਮਈ 1964 ਨੂੰ ਇਕ ਸਾਈਕਲ ਸਵਾਰ ਜਥਾ ਦਿਲੀ ਵਿਚ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਗਿਆ। ਇਹ ਸੰਘਰਸ਼ ਚੱਲਦਾ ਰਿਹਾ ਪਰ ਇਹ ਮੰਗ ਨਹੀਂ ਮੰਨੀ ਗਈ।
- ਪ੍ਰਤਾਪ ਸਿੰਘ ਕੈਰੋਂ ਦੇ ਖ਼ਿਲਾਫ਼ ਸ਼ਿਕਾਇਤਾਂ ਕਰਨੀਆਂ ਤੇ ਕੈਰੋਂ ਦਾ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਰ ਜਾਣਾ
     ਪ੍ਰਤਾਪ ਸਿੰਘ ਕੈਰੋਂ ਪੰਜਾਬ ਦਾ ਮੁੱਖ ਮੰਤਰੀ ਸੀ, ਅਕਾਲੀਆਂ ਵਿਚ ਫੁੱਟ ਪਾਉਣ ਕਰਕੇ , ਉਨ੍ਹਾਂ ਦਬਾਉਣ ਕਰਕੇ, ਉਹ ਜਵਾਹਰ ਲਾਲ ਨਹਿਰੂ ਦਾ ਕਾਫ਼ੀ ਚਹੇਤਾ ਮੁੱਖ ਮੰਤਰੀ ਸੀ। ਇਹ ਅਜਿਹਾ ਮੁੱਖ ਮੰਤਰੀ ਸੀ ਜਿਸ ਦਾ ਜੇਕਰ ਕਿਸੇ ਅਧਿਕਾਰੀ ਨਾਲ ਥੋੜ੍ਹਾ ਜਿਹਾ ਵੀ ਮਨ ਮੁਟਾਵ ਹੋ ਗਿਆ ਸਮਝੋ ਉਸ ਅਧਿਕਾਰੀ ਦਾ ਕੈਰੀਅਰ ਹੀ ਖ਼ਤਮ ਹੋ ਗਿਆ। ਇਕ ਪਾਸੇ ਕੈਰੋਂ ਦੀ ਚੜ੍ਹਤ ਸੀ ਦੂਜੇ ਪਾਸੇ ਉਸ ਦੇ ਪਰਿਵਾਰ ਨੇ ਲੁੱਟ ਮਚਾਉਣੀ ਸ਼ੁਰੂ ਕਰ ਰੱਖੀ ਸੀ, ਉਸ ਦੇ ਦੋਨੋ ਬੇਟੇ ਸੁਰਿੰਦਰ ਤੇ ਗੁਰਿੰਦਰ ਨੇ ਊਧਮ ਮਚਾ ਰੱਖਿਆ ਸੀ। ਦੂਜੇ ਪਾਸੇ ਉਸ ਦੀ ਪਤਨੀ ਰਾਮ ਕੌਰ ਨੇ ਵੀ ਭ੍ਰਿਸ਼ਟਾਚਾਰ ਵਿਚ ਪੂਰੇ ਹੱਥ ਰੰਗ ਰੱਖੇ ਸਨ। ਪਰਿਵਾਰ ਨੇ ਕੈਰੋਂ ਦੀ ਸਾਖ ਨੂੰ ਕਾਫ਼ੀ ਕਲੰਕਿਤ ਕੀਤਾ। ਜਨਤਾ ਨਰਾਜ਼ ਸੀ, ਰਾਜਨੀਤਿਕ ਦਲਾਂ ਵਿਚ ਇਹ ਮੰਗ ਉੱਠੀ ਕਿ ਕੈਰੋਂ ਦੀ ਪੜਤਾਲ ਹੋਣੀ ਚਾਹੀਦੀ ਹੈ। ਪੰਜਾਬ ਦੇ ਕਰੀਬ ਸਾਰੇ ਰਾਜਨੀਤਿਕ ਦਲਾਂ ਜਿਨ੍ਹਾਂ ਵਿਚ ਰਿਪਬਲਿਕ ਪਾਰਟੀ ਵੀ ਸ਼ਾਮਲ ਸੀ ਨੇ ਇਕ ਮੰਗ ਪੱਤਰ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਸੌਂਪਿਆ। ਮੰਗ ਪੱਤਰ ਦੇਣ ਵਾਲਿਆਂ ਵਿਚ ਲਾਹੌਰੀ ਰਾਮ ਬਾਲੀ, ਚੌਧਰੀ ਦੇਵੀ ਲਾਲ (ਬਾਅਦ ਵਿਚ ਹਰਿਆਣਾ ਦੇ ਮੁੱਖ ਮੰਤਰੀ ਬਣੇ), ਲਾਲਾ ਜਗਤ ਨਰਾਇਣ (ਹਿੰਦ ਸਮਾਚਾਰ ਗਰੁੱਪ ਜਲੰਧਰ ਦੇ ਸੰਸਥਾਪਕ), ਯਗਿਆਦੱਤ ਸ਼ਰਮਾ (ਸਾਬਕਾ ਸਾਂਸਦ), ਅਬਦੁਲਗਨੀ ਡਾਰ (ਮੈਂਬਰ ਰਾਜ ਸਭਾ), ਆਦਿ ਸਨ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਨਿਪਟਾਰਾ ਕਰਾਉਣ ਲਈ ਲਈ ਇਕ ਕਮੇਟੀ ਬਣੀ। ਜਿਸ ਦੇ ਮੈਂਬਰ ਲਾਹੌਰੀ ਰਾਮ ਬਾਲੀ, ਚੌਧਰੀ ਦੇਵੀ ਲਾਲ, ਲਾਲਾ ਜਗਤ ਨਰਾਇਣ, ਅਬਦੁਲਗਾਨੀ ਡਾਰ, ਯਗਿਅਦੱਤ ਸ਼ਰਮਾ ਅਤੇ ਹੋਰ ਨੇਤਾ ਸਨ। ਇਸ ਮਾਮਲੇ ਵਿਚ ਇਸ ਕਮੇਟੀ ਦੀ ਰਾਮ ਮਨੋਹਰ ਲੋਹੀਆ, ਅਚਾਰੀਆ ਕ੍ਰਿਪਲਾਨੀ ਨੇ ਵੀ ਮਦਦ ਕੀਤੀ। ਇਸ ਦੌਰਾਨ ਪ੍ਰਤਾਪ ਸਿੰਘ ਕੈਰੋਂ ਦੀ ਪੜਤਾਲ ਕਰਨ ਲਈ ਇਕ ਜਾਂਚ ਕਮਿਸ਼ਨ ਬਣਿਆ, ਇਸ ਕਮਿਸ਼ਨ ਦੇ ਮੁੱਖੀ ਜਸਟਿਸ ਸੁਧੀ ਰੰਜਨ ਦਾਸ ਨਿਯੁਕਤ ਕੀਤੇ ਗਏ ਜਿਸ ਨੂੰ ‘ਦਾਸ ਕਮਿਸ਼ਨ’ ਦੇ ਨਾਮ ਤੇ ਜਾਣਿਆ ਜਾਂਦਾ ਹੈ। ਕੈਰੋਂ ਵਿਰੁੱਧ 8 ਮਾਮਲੇ ਸਾਬਤ ਹੋਏ। ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰ ਦਿੱਤਾ ਗਿਆ। ਬਾਅਦ ਵਿਚ ਉਸ ਦੇ ਹੀ ਪਾਲਤੂਆਂ ਨੇ ਜੀਟੀ ਰੋਡ ਤੇ ਉਸ ਦੀ ਹੱਤਿਆ ਕਰ ਦਿੱਤੀ।
- ਲਾਹੌਰੀ ਰਾਮ ਬਾਲੀ ਨੂੰ ਜਦੋਂ ਸੰਤ ਫ਼ਤਿਹ ਸਿੰਘ ਨੇ ਚੋਣ ਹਰਾਈ
     ਭਾਰਤ ਦੀ ਕਾਂਗਰਸ ਸਰਕਾਰ ਦੇ ਰੱਖਿਆ ਮੰਤਰੀ ਸਵਰਨ ਸਿੰਘ ਨੇ ਲੰਗੜਾ ਪੰਜਾਬੀ ਸੂਬਾ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ, ਜਿਸ ਕਰਕੇ ਉਸ ਦੇ ਵਿਰੁੱਧ ਪੰਜਾਬ ਵਿਚ ਹਿੰਦੂਆਂ ਤੇ ਦਲਿਤਾਂ ਵਿਚ ਕਾਫ਼ੀ ਰੋਸ ਸੀ। ਪੰਜਾਬੀ ਸੂਬਾ ਬਣਾਏ ਜਾਣ ਬਾਰੇ ਲਾਹੌਰੀ ਰਾਮ ਬਾਲੀ ਕਹਿੰਦੇ ਹਨ
     ‘ਪੰਜਾਬ ਵਿਚ ਅਕਾਲੀਆਂ ਦੇ ਰੂਪ ਵਿਚ ਸੰਪਰਦਾਇਕ ਬਹੁ ਸੰਖਿਆ ਪੈਦਾ ਹੋ ਚੁੱਕੀ ਸੀ। ਸਿੱਖੀ ਦਾ ਜਨਮ ਬ੍ਰਾਹਮਣਵਾਦ ਦੇ ਵਿਰੁੱਧ ਵਿਦਰੋਹ ਦੇ ਰੂਪ ਵਿਚ ਹੋਇਆ। ਇਹ ਧਾਰਾ ਸਪਸ਼ਟ ਤੇ ਅਸਪਸ਼ਟ ਤੌਰ ਤੇ ਬ੍ਰਾਹਮਣਵਾਦੀ ਰਹੂ ਰੀਤਾਂ ਦੀ ਧਾਰਨੀ ਬਣ ਚੁੱਕੀ ਹੈ। ਪੰਜਾਬ ਵਿਚ ਬਹੁ ਸੰਖਿਆ ਵਾਲੇ ‘ਜੱਟ ਸਿੱਖਾਂ’ ਨੇ ਪੰਜਾਬ ਦੇ ਘੱਟ ਗਿਣਤੀਆਂ ਦਲਿਤਾਂ ਨਾਲ ਹਮੇਸ਼ਾ ਹੀ ਵਿਤਕਰਾ ਕੀਤਾ ਤੇ ਪੰਜਾਬੀ ਸੂਬਾ ਬਣਨ ਤੋਂ ਬਾਦ ਕਦੇ ਵੀ ਕੋਈ ਮੁੱਖ ਮੰਤਰੀ ਅਕਾਲੀ ਦਲ ਵੱਲੋਂ ਗੈਰ ਜੱਟ ਨਹੀਂ ਬਣਾਇਆ।’ ਪੰਜਾਬ ਦਾ ਜੱਟ ਮਤਲਬੀ ਭਾਵ ਸੁਆਰਥੀ ਤੇ ਉਗਰ ਹੋ ਗਿਆ ਹੈ। ਪੰਜਾਬ ਦੇ ਪਾਣੀ ਆਪਣੇ ਨਿੱਜੀ ਸੁਆਰਥ ਕਰਕੇ ਖਤਮ ਕਰ ਦਿੱਤੇ। ਹਵਾਵਾਂ ਜਹਿਰਲੀਆਂ ਹੋ ਗਈਆਂ। ਸਿੱਖੀ ਤੇ ਕਬਜ਼ਾ ਕਰਕੇ ਸਿੱਖੀ ਗੈਰ ਸਿਧਾਂਤਕ ਕਰ ਦਿੱਤੀ।
    ਲਾਹੌਰੀ ਰਾਮ ਬਾਲੀ ਨੇ ਜਲੰਧਰ ਜਨਰਲ ਹਲਕੇ ਤੋਂ ਲੋਕ ਸਭਾ ਤੋਂ ਰੱਖਿਆ ਮੰਤਰੀ ਸਵਰਨ ਸਿੰਘ ਦੇ ਖ਼ਿਲਾਫ਼ ਚੋਣ ਲੜਨ ਦਾ ਫ਼ੈਸਲਾ ਕੀਤਾ। ਬਹੁਤ ਸਾਰੇ ਉਮੀਦਵਾਰਾਂ ਵਿਚੋਂ ਮੁੱਖ ਮੁਕਾਬਲਾ ਸਵਰਨ ਸਿੰਘ (ਰੱਖਿਆ ਮੰਤਰੀ ਕਾਂਗਰਸ), ਸੰਤ ਪ੍ਰਕਾਸ਼ ਸਿੰਘ (ਸਵਤੰਤਰ ਪਾਰਟੀ ਸਾਬਕਾ ਆਈ ਜੀ) ਅਤੇ ਲਾਹੌਰੀ ਰਾਮ ਬਾਲੀ (ਰਿਪਬਲਿਕ ਪਾਰਟੀ ਅੰਬੇਡਕਰ ਵਾਦੀ) ਵਿਚਕਾਰ ਹੀ ਸੀ। ਅੰਦਰੂਨੀ ਨੀਤੀ ਕੀ ਹੋਵੇਗੀ ਉਸ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਪਰ ਬਾਹਰੋਂ ਅਕਾਲੀ, ਜਨ ਸੰਘੀ ਦੋਵੇਂ ਹੀ ਸਵਰਨ ਸਿੰਘ ਨੂੰ ਪੰਜਾਬ ਦਾ ਬੇੜਾ ਗ਼ਰਕ ਕਰਨ ਵਾਲਾ ਹੀ ਸਮਝਦੇ ਸਨ। ਕਰੀਬ 200 ਚੋਣ ਕਾਮੇ ਬਾਲੀ ਹੋਰਾਂ ਤੇ ਪੱਖ ਵਿਚ ਪਿੰਡਾਂ ਵਿਚ ਛਾ ਗਏ। ਸਵਰਨ ਸਿੰਘ ਚੋਣਾਂ ਵਿਚ ਕਦੇ ਦਿਲੀ ਤੋਂ ਆਪਣੇ ਹਲਕੇ ਵਿਚ ਪ੍ਰਚਾਰ ਕਰਨ ਲਈ ਨਹੀਂ ਆਉਂਦਾ ਸੀ ਪਰ ਉਸ ਚੋਣ ਵਿਚ ਉਸ ਨੇ ਜਲੰਧਰ ਵਿਚ ਡੇਰਾ ਲਾ ਲਿਆ। ਉਸ ਦਾ ਲੋਕਾਂ ਅੱਗੇ ਗਿੜਗਿੜਾਨਾ, ਪੈਸਾ, ਦਾਰੂ ਹੀ ਨਹੀਂ ਸਗੋਂ ਪ੍ਰਚਾਰ ਵਿਚ ਲਖਨਊ ਵਿਚੋਂ ਵੇਸਵਾਵਾਂ ਵੀ ਬੁਲਾਈਆਂ। ਪਰ ਉਸ ਦਾ ਹਲਕੇ ਵਿਚ ਬੁਰਾ ਹਾਲ ਸੀ, ਆਖ਼ਿਰ ਉਹ ਸੰਤ ਫ਼ਤਿਹ ਸਿੰਘ ਦੇ ਚਰਨਾ ਵਿਚ ਜਾ ਪਿਆ । ਲਾਹੌਰੀ ਰਾਮ ਬਾਲੀ ਕਹਿੰਦੇ ਹਨ ‘ ਸੰਤ ਫ਼ਤਿਹ ਸਿੰਘ ਨੇ ਚੋਣਾਂ ਤੋਂ ਦੋ ਦਿਨ ਪਹਿਲਾਂ ਗੁਰਦੁਆਰਿਆਂ ਵਿਚ ਪ੍ਰਚਾਰ ਕਰਵਾਇਆ, ਕਿ ਜੇਕਰ ਬਾਲੀ ਜਿੱਤ ਗਿਆ ਤਾਂ ਉਹ ਜੱਟ ਔਰਤਾਂ ਤੋਂ ਮਜ਼ਦੂਰੀ ਕਰਵਾਏਗਾ, ਉਨ੍ਹਾਂ ਤੋਂ ਬੇਗਾਰ ਕਰਵਾਏਗਾ’ ਇਸ ਕਰਕੇ ਸਿੱਖ ਵੋਟਰ ਜਾਤੀਗਤ ਭਾਵਨਾਵਾਂ ਵਿਚ ਬਹਿ ਗਏ ਤਾਂ ਸਵਰਨ ਸਿੰਘ ਹਾਰਿਆ ਹੋਇਆ ਵੀ ਜਿੱਤ ਗਿਆ। ਬਾਲੀ ਕਹਿੰਦੇ ਹਨ ‘ਇਸ ਚੋਣ ਵਿਚ ਗ਼ਰੀਬੀ, ਬੇਕਾਰੀ, ਭੁੱਖਮਰੀ ਦੂਰ ਕਰਨ ਦੀ, ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਰੋਕਣ ਦੀ, ਔਰਤਾਂ ਦੀ ਸੁਰੱਖਿਆ ਦੀ ਗੱਲ ਕੀਤੀ ਗਈ ਪਰ ਦੂਜੇ ਪਾਸੇ ਸਾਡੇ ਮਹਾਨ ਲੋਕਤੰਤਰ ਵਿਚ ਵਿਰੋਧੀਆਂ ਨੂੰ ਗਊ, ਗੀਤਾ, ਗੰਗਾ ਦੀ ਚਿੰਤਾ ਜ਼ਿਆਦਾ ਹੈ ਤੇ ਜਾਤੀਗਤ ਪ੍ਰਥਾ ਨੂੰ ਪਰਪੱਕ ਕਰਨ ਦੀ ਜ਼ਿਆਦਾ ਚਿੰਤਾ ਹੈ।
- ਕੋਰਟ ਕੇਸ, ਧਮਕੀਆਂ
     ਜਿਵੇਂ ਦੀ ਪੱਤਰਕਾਰੀ, ਸੰਘਰਸ਼ਮਈ ਜੀਵਨ ਲਾਹੌਰੀ ਰਾਮ ਬਾਲੀ ਦਾ ਦੇਖਿਆ ਗਿਆ ਤਾਂ ਧਮਕੀਆਂ, ਕੋਰਟ ਕੇਸ ਤਾਂ ਹੋਣੇ ਹੀ ਸਨ। ਧਮਕੀਆਂ ਤਾਂ ਆਉਂਦੀਆਂ ਹੀ ਰਹਿੰਦੀਆਂ ਸਨ ਪਰ ਕੋਰਟ ਕੇਸਾਂ ਦੀ ਕਤਾਰ ਵੀ ਲੰਬੀ ਹੈ।
ਗੁਰਵੰਤ ਸਿੰਘ ਨੇ ਪਹਿਲਾ ਮੁਕੱਦਮਾ ਨਵਾਂਸ਼ਹਿਰ ਤਹਿਸੀਲ ਵਿਚ ਕੀਤਾ, ਜਿਸ ਵਿਚ ਦੋਸ਼ ਸੀ ਕਿ ਉਸ ਕੋਲੋਂ ਭੀਮ ਪਤ੍ਰਿਕਾ ਲਈ 800 ਰੁਪਏ ਲਏ ਤੇ ਵਾਪਸ ਨਹੀਂ ਕੀਤੇ। ਉਹ ਝੂਠਾ ਮੁਕੱਦਮਾ ਵਾਪਸ ਲੈ ਲਿਆ ਗਿਆ, ਕਿਉਂਕਿ ਉਸ ਦੀ ਕੁੱਟ ਮਾਰ ਤਹਿਸੀਲ ਵਿਚ ਹੀ ਕਰ ਦਿੱਤੀ ਸੀ।
ਦੂਜਾ ਮੁਕੱਦਮਾ ਇਕ ਮੈਜਿਸਟ੍ਰੇਟ ਵਿਰੁੱਧ ਪ੍ਰਦਰਸ਼ਨ ਕਰਨ ਕਰਕੇ ਹੋਇਆ।
ਤੀਜਾ ਮੁਕੱਦਮਾ ਕਾਂਗਰਸੀਆਂ ਨੇ ਸਾਧੂ ਰਾਮ ਐਮ. ਪੀ ਦੇ ਕਹਿਣ ਦੇ ਕੀਤਾ ਗਿਆ। ਅਸਲ ਵਿਚ ਚੱਕ ਹਕੀਮਾਂ ਵਿਚ ਗੁਰੂ ਰਵੀਦਾਸ ਦਾ ਇਕ ਪ੍ਰਾਚੀਨ ਮੰਦਰ ਹੈ, ਉਸ ਨੂੰ ਕਪੂਰਥਲਾ ਦੇ ਮਹਾਰਾਜਾ ਨੇ 27 ਏਕੜ ਜ਼ਮੀਨ ਦਾਨ ਕੀਤੀ। ਇਸ ਮਾਮਲੇ ਵਿਚ ਹੀ ਮੁਕੱਦਮਾ ਦਾਇਰ ਕੀਤਾ ਗਿਆ।
ਚੌਥਾ ਮੁਕੱਦਮਾ ਭੀਮ ਪੱਤ੍ਰਿਕਾ ਵਿਚ ਲੱਗੀ ਇਕ ਖ਼ਬਰ ਤੇ ਹੋਇਆ। ਇਹ ਮੁਕੱਦਮਾ ਪ੍ਰਤਾਪ ਸਿੰਘ ਕੈਰੋਂ ਦੇ ਕਹਿਣ ਤੇ ਐਕਸਾਈਜ਼ ਕਮਿਸ਼ਨਰ ਦਲਜੀਤ ਸਿੰਘ ਦੁਆਰਾ ਕੀਤਾ ਗਿਆ। ਇਹ ਖ਼ਬਰ ਕੇ. ਸੀ. ਸੁਲੇਖ ਵੱਲੋਂ ਲਿਖੀ ਗਈ ਸੀ। ਇਸ ਮੁਕੱਦਮੇ ਵਿਚ ਲਾਹੌਰੀ ਰਾਮ ਬਾਲੀ ਨੂੰ ਹੱਥਾਂ ਵਿਚ ਜ਼ੰਜੀਰਾਂ ਪਹਿਨਾ ਕੇ ਪੇਸ਼ ਕੀਤਾ ਗਿਆ। ਪਰ ਜੱਜ ਬਨ੍ਹਵਾਰੀ ਲਾਲ ਨੇ ਉਹ ਜ਼ੰਜੀਰਾਂ ਉਤਰਵਾਈਆਂ। ਇਸ ਤਰ੍ਹਾਂ ਪੰਜਵਾਂ ਮੁਕੱਦਮਾ ਫੇਰ ਅਗਲਾ ਮੁਕੱਦਮਾ, ਜਾਣੀ ਕਿ ਕਈ ਸਾਰੇ ਮੁਕੱਦਮੇ ਲਾਹੌਰੀ ਰਾਮ ਬਾਲੀ ਨੇ ਭੁਗਤੇ। 16 ਸਫ਼ਿਆਂ ਦੇ ਇਕ ਕਿਤਾਬਚੇ ‘ਰੰਗੀਲਾ ਗਾਂਧੀ’ ਕਰਕੇ ਜਲੰਧਰ ਵਿਚ ਕੇਸ ਦਰਜ ਹੋਇਆ। ਇਸੇ ਕਿਤਾਬਚੇ ਤੇ ਕੁੱਲੂ ਵਿਚ ਵੀ ਮੁਕੱਦਮਾ ਭੁਗਤਣਾ ਪਿਆ। ਇਸੇ ਤਰ੍ਹਾਂ ਇਕ ਹੋਰ ਕਿਤਾਬ ‘ਰਾਵਣ ਬਨਾਮ ਰਾਮ : ਪੂਜਨੀਏ ਕੌਣ ? ਹੈ ਤੇ ਵੀ ਜਲੰਧਰ ਵਿਚ 295 ਏ ਤਹਿਤ ਮੁਕੱਦਮਾ ਦਰਜ ਕੀਤਾ ‌ਗਿਆ।
- ਜਗਜੀਤ ਸਿੰਘ ਆਨੰਦ ਤੇ ਲਾਲਾ ਜਗਤ ਨਰਾਇਣ ਨਾਲ ਨੇੜਤਾ
ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੇ ਆਮ ਪੱਤਰਕਾਰੀ ਕਰਦਿਆਂ "ਨਵਾਂ ਜਮਾਨਾਂ" ਦੇ ਮੁੱਖ ਸੰਪਾਦਕ ਜਗਜੀਤ ਸਿੰਘ ਆਨੰਦ ਨਾਲ ਮਿਲਵਰਤਣ ਹੋ ਜਾਂਦਾ ਸੀ। ਨਾਲ ਹੀ ਲਾਲਾ ਜਗਤ ਨਰਾਇਣ ਦੇ ਨਾਲ ਆਮ ਤੌਰ ਤੇ ਮਿਲਣੀਆਂ ਹੁੰਦੀਆਂ ਸਨ। ਸਟੇਜਾਂ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਸਨ। ਲਾਲਾ ਜਗਤ ਨਰਾਇਣ ਨਾਲ ਤਾਂ ਕਈ ਸਾਰੀਆਂ ਕਹਾਣੀਆਂ ਹਨ, ਜਿਸ ਦਾ ਪਰਿਵਾਰ ਅੱਜ ਹਿੰਦ ਸਮਾਚਾਰ ਗਰੁੱਪ, ਜਗਬਾਣੀ ਤੇ ਪੰਜਾਬ ਕੇਸਰੀ ਵਰਗਾ ਵੱਡਾ ਅਦਾਰਾ ਚਲਾ ਰਿਹਾ ਹੈ। ਇਹ ਸਾਰਾ ਕੁਝ ਲਾਲਾ ਜਗਤ ਨਰਾਇਣ ਦੀ ਹੀ ਦੇਣ ਹੈ।
- ਵਿਦੇਸ਼ੀ ਯਾਤਰਾਵਾਂ
ਲਾਹੌਰੀ ਰਾਮ ਬਾਲੀ ਨੇ ਭਾਰਤ ਭਰ ਵਿਚ ਬਹੁਤ ਯਾਤਰਾਵਾਂ ਕੀਤੀਆਂ ਇਸ ਦੇ ਨਾਲ ਹੀ ਉਸ ਨੇ ਥਾਈਲੈਂਡ, ਚੀਨ, ਆਸਟ੍ਰੇਲੀਆ, ਮਲੇਸ਼ੀਆ, ਇੰਗਲੈਂਡ, ਫਰਾਂਸ, ਕੈਨੇਡਾ, ਸ੍ਰੀ ਲੰਕਾ ਆਦਿ ਕਈ ਸਾਰੇ ਮੁਲਕਾਂ ਦੀਆਂ ਯਾਤਰਾਵਾਂ ਕੀਤੀਆਂ।
-ਪਰਿਵਾਰ
ਲਾਹੌਰੀ ਰਾਮ ਬਾਲੀ ਦੀ ਪਤਨੀ ਜੀਤੋ ਨਾਲ ਪਰਿਵਾਰਕ ਜੀਵਨ ਬੜਾ ਚੰਗਾ ਗੁਜ਼ਰਿਆ। ਵੱਡੀ ਬੇਟੀ ਸੁਨੀਤਾ 10 ਅਗਸਤ 1954 ਨੂੰ ਜਨਮੀ, ਉਸ ਤੋਂ ਛੋਟੀ ਸੁਜਾਤਾ 8 ਮਾਰਚ 1959 ਨੂੰ, ਬੇਟਾ ਰਾਹੁਲ ਕੁਮਾਰ 5 ਮਈ 1963 ਨੂੰ ਜੰਮਿਆਂ ਜਦ ਕਿ ਛੋਟਾ ਬੇਟਾ ਅਨੰਦ ਕੁਮਾਰ 12 ਅਕਤੂਬਰ 1966 ਨੂੰ ਜੰਮਿਆਂ। ਇਹ ਪਰਿਵਾਰ ਲਾਹੌਰੀ ਰਾਮ ਬਾਲੀ ਦਾ ਹੈ।
- ਕਮੀਆਂ
ਵਿਰੋਧੀਆਂ ਅਨੁਸਾਰ ਲਾਹੌਰੀ ਰਾਮ ਬਾਲੀ ਵਿਚ ਕਮੀਆਂ ਹੀ ਕਮੀਆਂ ਹਨ, ਪਰ ਉਸ ਵਿਚ ਜੋ ਮੈਨੂੰ ਕਮੀ ਨਜ਼ਰ ਆਈ ਉਹ ਹੈ ਉਸ ਦਾ ਅੱਖੜ ਪੁਣਾ, ਖ਼ੁਦ ਨੂੰ ਵੱਡਾ ਦਲਿਤ ਵਿਦਵਾਨ ਸਮਝਣਾ (ਜੋ ਹੈ ਵੀ), ਕਿਸੇ ਨੂੰ ਬਹੁਤੀ ਤਵੱਜੋ ਨਾ ਦੇਣਾ ਆਦਿ ਆਦਿ ਕਮੀਆਂ ਹਨ। ਪਰ ਕਮੀਆਂ ਹੋਰ ਵੀ ਹੋਣਗੀਆਂ, ਜੋ ਸ਼ਾਇਦ ਮੈਂ ਨਾ ਦੇਖੀਆਂ ਹੋਣ, ਪਰ ਧੰਨ ਹੈ 92 ਸਾਲ ਦੀ ਉਮਰ ਭੋਗ ਰਹੇ ਲਾਹੌਰੀ ਰਾਮ ਬਾਲੀ, ਅੱਜ ਵੀ ਜਲੰਧਰ ਦੇ ਦਫ਼ਤਰ ਵਿਚ ਨਿੱਤ ਆਪਣਾ ਕੰਮ ਕਰਦੇ ਹਨ। ਭੀਮ ਪੱਤ੍ਰਿਕਾ ਨਿਰੰਤਰ ਚੱਲ ਰਿਹਾ ਹੈ।
     ਸੋ ਮੈਂ ਲਾਹੌਰੀ ਰਾਮ ਬਾਲੀ ਬਾਰੇ ਜੋ ਲਿਖ ਸਕਿਆਂ ਹਾਂ ਸ਼ਾਇਦ ਉਹ ਬਹੁਤ ਘੱਟ ਹੋਵੇ। ਉਨ੍ਹਾਂ ਬਾਰੇ ਹੋਰ ਜਾਣਨ ਲਈ ਉਨ੍ਹਾਂ ਦੀ ਸਵੈ ਜੀਵਨੀ ‘ਅੰਬੇਡਕਰੀ ਹੋਣ ਦਾ ਅਰਥ, ਆਤਮਕਥਾ : ਆਰਐਲ ਬਾਲੀ’ ਪੜ੍ਹੀ ਜਾ ਸਕਦੀ ਹੈ, ਜੋ ਹਿੰਦੀ ਤੇ ਪੰਜਾਬੀ ਵਿਚ ਮਿਲਦੀ ਹੈ। ਮੈਂ ਮਘਦੇ ਕੋਲਿਆਂ ਤੇ ਨੰਗੇ ਪੈਰੀਂ ਚੱਲ ਵਾਲੇ ਇਸ ਨਿਧੜਕ ਪੱਤਰਕਾਰ ਦੀ ਪੱਤਰਕਾਰੀ ਨੂੰ ਸਲਾਮ ਕਰਦਾ ਹਾਂ, ਉਸ ਦੀ ਤੰਦਰੁਸਤੀ ਭਰੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ ...
ਗੁਰਨਾਮ ਸਿੰਘ ਅਕੀਦਾ
ਸੰਪਰਕ : 8146001100