Gurnam Singh Bawa

 ਅਜਾਦੀ - ਗੁਰਨਾਮ ਸਿੰਘ ਬਾਵਾ

ਬਾਬਾ ਬੰਤਾ ਸਵੇਰੇ ਕਿਸੇ ਘਰੋਂ  ਦੁਪਹਿਰ ਕਿਸੇ ਘਰੋਂ ਰੋਟੀ ਖਾ ਲੈਂਦਾ । ਜਿਹੜਾ ਕੰਮ ਨੂੰ ਕਹਿੰਦਾ ਉਹ ਚੁੱਪ ਚਾਪ ਕਰ ਦਿੰਦਾ । ਉਹ ਕੁੰਦਨ ਸਿੰਘ ਦੇ ਖੂਹ ਤੇ ਮੋਟਰ ਵਾਲੇ ਕਮਰੇ ਚ ਰਹਿੰਦਾ ।

 ਪਰ ਇਕ ਗੱਲ ਦੀ ਸਮਝ ਕਿਸੇ ਨੂੰ ਨਹੀਂ ਸੀ । ਉਹ ਕਿਥੋਂ ਤੇ ਕਿਹੜੇ ਪਿੰਡੋਂ ਆਇਆ ਸੀ । ਇੰਨਾ ਪਤਾ ਸੀ। ਉਹ ਉਨੀ ਸੌ ਸੰਤਾਲੀ ਦੀ ਵੰਡ ਤੋਂ ਕੁਝ ਚਿਰ  ਬਾਅਦ ਪਿੰਡ ਵਿਚ ਆਇਆ ਸੀ ।

  ਬਾਬੇ ਤੇ ਜੁਆਨੀ ਤੂੰ ਬੁਢਾਪਾ ਆ ਗਿਆ ਸੀ। ਪਰ ਅੱਜ  ਤਕ ਬਾਬੇ ਨੇ ਪਿੰਡ ਚੋਂ ਕੋਈ ਉਲਾਂਭਾ ਆਪਣੇ ਤੇ ਨਹੀਂ ਲਿਆ ਸੀ। ਉਹ ਧੀਆਂ ਭੈਣਾਂ ਨੂੰ ਦੇਖ ਨੀਵੀਂ ਪਾ ਲੰਘ ਜਾਂਦਾ। ਵਾਹ ਲੱਗਦਿਆਂ ਦੂਰੋਂ ਹੀ ਦੇਖ ਰਸਤਾ ਬਦਲ ਲੈਂਦਾ ।

ਪਰ ਇੱਕ ਬੋਲ ਉਸ ਨੂੰ ਪਾਗਲਾਂ ਵਰਗਾ ਬਣਾ ਦਿੰਦਾ ਸੀ। ਕੁਝ ਪਿੰਡ ਦੇ ਸ਼ਰਾਰਤੀ ਬੱਚੇ ,ਕੁਝ ਉਸ ਦੇ ਹਾਣੀ ਸਿਆਣੇ ਵੀ ਆਜ਼ਾਦੀ ਆ ਗਈ ਕਹਿ ਕੇ ਚੜ੍ਹਾਉਂਦੇ । ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗ ਜਾਂਦਾ । ਬੱਚੇ ਭੱਜ ਜਾਂਦੇ ਤਾਂ । ਕਿੰਨਾ ਚਿਰ ਮੂੰਹ ਚ ਬੁੜ ਬੁੜਾਉਂਦਾ ਰਹਿੰਦਾ ।

   ਕੁੰਦਨ ਸਿੰਘ ਦਾ ਪੋਤਰਾ ਭਿੰਦਾ(ਭੁਪਿੰਦਰ ਸਿੰਘ ) ਵੱਡਾ ਹੋ ਰਿਹਾ ਸੀ।  ਉਹ ਜਦ ਬੱਚਿਆਂ ਨੂੰ ਗਾਲ੍ਹਾਂ ਕੱਢਦਾ ਦੇਖਦਾ , ਬਾਬੇ ਨੂੰ, ਤਾਂ ਬਹੁਤ ਡਰ ਜਾਂਦਾ ਸੀ।ਭਿੰਦਾ ਹੁਣ ਜੁਆਨ ਹੁੰਦਾ ਜਾ ਰਿਹਾ ਸੀ ।ਉਹ ਸ਼ਹਿਰ ਕਾਲਜ ਪੜ੍ਹਾਈ ਕਰਨ ਲੱਗ ਗਿਆ ਸੀ । ਉਹ ਜਦ ਵੀ ਪਿੰਡ ਆਉਂਦਾ। ਖੇਤ ਜਾਣੋ ਘਬਰਾਉਂਦਾ! ਬਾਬੇ ਤੋਂ ਅੱਜ ਵੀ ਉਹਨੂੰ ਉਨਾ ਹੀ ਡਰ ਲੱਗਦਾ ਸੀ। ਭਾਵੇਂ ਬਾਬੇ ਨੇ ਉਸ ਨੂੰ, ਕਦੀ ਕੁੱਝ ਨਹੀਂ ਕਿਹਾ ਸੀ। ਸਗੋਂ ਕੁਝ ਨਾ ਕੁਝ ਖਾਣ ਲਈ ਦਿੰਦਾ ।

  ਇੱਕ ਦਿਨ ਭਿੰਦਾ ਖੇਤਾਂ ਚ ਗਿਆ। ਉਸ ਨੂੰ ਬਾਬਾ ਕਿਤੇ ਵੀ ਨਜ਼ਰੀਂ ਨਾ ਆਇਆ । ਉਹ ਮੋਟਰ ਚਲਾਉਣ ਲਈ ਮੋਟਰ ਵਾਲੇ ਕਮਰੇ ਚ ਵੜਨ ਹੀ ਲੱਗਾ ਸੀ। ਉਸ ਨੂੰ ਬਾਬੇ ਦੇ ਰੋਣ ਦੀ ਆਵਾਜ਼ ਆਈ। ਬਾਬਾ ਮੰਜੀ ਤੇ ਬਹਿ ਰੋ ਰਿਹਾ ਸੀ । ਨਾਲ ਕੁਝ ਮੂੰਹ ਵਿੱਚ ਬੁੜਬੁੜਾ ਰਿਹਾ ਸੀ  ।

ਭਿੰਦੇ ਦੇ ਕਦਮ ਰੁਕ ਗਏ ।ਪਰ ਉਸ ਤੋਂ ਰਿਹਾ ਨਾ ਗਿਆ । ਹਿੰਮਤ ਕਰਕੇ ਉਸ ਨੇ ਬਾਬੇ ਨੂੰ ਚੁੱਪ ਕਰਾਉਂਦਿਆਂ ਪੁੱਛਿਆ! "ਬਾਬਾ ਜੀ ਦੀ ਤਬੀਅਤ ਠੀਕ ਐ ਕੀ ਹੋਇਆ ਰੋ ਕਿਉਂ ਰਹੇ ਹੋ"? ਅੱਜ ਬਾਬਾ ਬੰਤਾ ਵੀ ਅੰਦਰ ਦਾ ਸਾਰਾ ਗੁਬਾਰ ਕੱਢ ਦੇਣਾ ਚਾਹੁੰਦਾ ਸੀ । ਭਿੰਦੇ ਅੱਗੇ , ਓੁਹ ਸਿਰ ਉਤਾਂਹ ਕਰ ਗੱਲ ਕਰਨ ਲਗਾ।ਪਰ ਉਸ ਦਾ ਗੱਚ ਅਜੇ ਵੀ ਭਰਿਆ ਹੋਇਆ ਸੀ।

" ਪੁੱਤਰ! ਮੇਰਾ ਪੁੱਤਰ ਵੀ ਤੇਰੇ ਵਾਂਗੂੰ ਅੱਜ ਜਵਾਨ ਹੋਣਾ ਸੀ"। "ਖੁੱਲ੍ਹ ਕੇ ਗੱਲ ਦੱਸੋ ਬਾਬਾ ਜੀ"।

" ਸੁੱਣ ਪੁੱਤਰਾ ! ਸਾਡਾ ਪਿੰਡ ਲਾਹੌਰ ਤੋਂ ਦੱਸ ਬਾਰਾਂ ਮੀਲ ਸੀ। ਸਾਡੇ ਆਪਣੇ ਖੇਤ ਘਰ ਬਾਰ ਸਭ ਕੁਝ ਸੀ। ਮੇਰਾ ਬਾਪੂ , ਮੇਰੀ ਬੇਬੇ , ਦੋ ਮੇਰੇ  ਤੋਂ ਛੋਟੀਆਂ ਭੈਣਾਂ ਤੇ ਮੇਰਾ ਵਿਆਹ ਹੋ ਗਿਆ ਸੀ" । ਮੇਰਾ ਇਕ ਸਾਲ ਭਰਦਾ ਮੁੰਡਾ , ਜਿਹਨੂੰ ਪਿਆਰ ਨਾਲ ਅਸੀਂ ਰਾਜਾ ਕਹਿੰਦੇ ਸੀ "। "ਉਹ ਕਿੱਥੇ ਨੇ ਫਿਰ ਬਾਬਾ ਜੀ ਹੁਣ " ? ਭਿੰਦੇ ਨੇ ਪੁੱਛਿਆ ।

 ਦੱਸਣ ਲੱਗਾ ਕਾਕਾ!  "ਇਕ ਦਿਨ ਆਜ਼ਾਦੀ ਦੇ ਨਾਂ ਤੇ ਉਜਾੜੇ ਪੈ ਗਏ । ਨਾਲ ਦੇ ਪਿੰਡ ਤਾਂ ਪਹਿਲਾਂ ਹੀ ਲਾਹੌਰ ਕੈਂਪ ਵਿੱਚ ਚਲੇ ਗਏ ਸੀ । ਧਾੜਵੀਆਂ ਦੇ ਜਥੇ ਰੋਜ਼ ਪਿੰਡਾਂ ਤੇ ਰਾਤ ਨੂੰ ਹਮਲੇ ਕਰ ਘਰਾਂ ਨੂੰ ਅੱਗਾਂ ਲਾ ਦਿੰਦੇਲ ਮਾਲ ਡੰਗਰ ਲੈ ਜਾਂਦੇ ਧੀਆਂ ਭੈਣਾਂ ਲੈ ਜਾਂਦੇ । ਪਰ ਇੱਕ, ਦਿਨ  ਸਾਡੇ ਪਿੰਡ ਦੇ ਮੁਸਲਮਾਨ ਭਰਾਵਾਂ ਨੇ ਸਾਨੂੰ ਸੁਰੱਖਿਅਤ ਲਾਹੌਰ ਕੈਂਪ ਵਿਚ ਪਹੁੰਚਾ ਦਿੱਤਾ "। ਭਿੰਦਾ ਹੁਣ ਕੁੱਝ  ਕੁੱਝ  ਗੱਲ ਨੂੰ ਸਮਝ ਗਿਆ ।  ਅੱਗੋਂ ਪੂਰੀ ਕਹਾਣੀ ਸੁਣਨ ਦੀ ਉਤਸੁਕਤਾ ਵਧ ਗਈ।  "ਫਿਰ ਕੀ ਹੋਇਆ ਬਾਬਾ ਜੀ " ?

 "ਫਿਰ ਉਥੋਂ ਦੋ ਤਿੱਨ ਦਿਨ ਬਾਅਦ ਕਾਫਲੇ ਦੇ ਰੂਪ ਵਿੱਚਅਸੀਂ ਇੱਧਰ ਨੂੰ ਚੱਲ ਪਏ । ਰਾਹ ਵਿੱਚ ਫਿਰ ਧਾੜਵੀ ਕਿਤੇ ਨਾ ਕਿਤੇ ਹਮਲਾ ਕਰ ਦਿੰਦੇ ਸੀ। "ਬਾਬਾ ਜੀ ਤੁਹਾਡੇ ਤੇ ਵੀ ਹਮਲਾ ਹੋਇਆ ਸੀ "? "ਹਾਂ ਪੁੱਤ , ਪਹਿਲਾ ਹਮਲਾ ਜਦੋਂ ਸਾਡੇ ਤੇ ਹੋਇਆ। ਉਨ੍ਹਾਂ ਨੇ ਮੇਰੀਆਂ ਭੈਣਾਂ ਤੇ ਮੇਰੀ ਵਹੁਟੀ   ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ । ਮੈਂ ਤੇ ਮੇਰਾ ਬਾਬੂ ਅੱਗੋਂ ਅੜ ਗਏ । ਉਹ ਜਾਂਦੇ ਜਾਂਦੇ ,ਮੇਰੀ ਵਹੁਟੀ ਦੇ ਸਿਰ ਵਿਚ ਬਰਛਾ ਮਾਰ ਗਏ । ਉਹ ਥਾਵੇਂ ਹੀ ਢੇਰ ਹੋ ਗਈ। "ਵਾਹਿਗੁਰੂ ਵਾਹਿਗੁਰੂ' ਭਿੰਦੇ ਮੂੰਹੋਂ ਨਿਕਲਿਆ । ਫਿਰ ਬਾਬਾ ਜੀ?

  ਬਾਬਾ ਬੰਤੇ ਦੀਆਂ ਅੱਖਾਂ ਚੋਂ ਫਿਰ ਹੰਝੂ ਵਗਣ ਲੱਗੇ । ਉਸ ਨੇ ਅੱਖਾਂ ਪੂੰਝਦਿਆਂ ਫਿਰ ਗੱਲ ਸ਼ੁਰੂ ਕੀਤੀ । "ਅੱਗੇ ਜਾ ਕੇ ਫਿਰ ਇੱਕ ਵੱਡਾ ਜਥਾ ਕਾਫ਼ਲੇ ਤੇ ਪੈ ਗਿਆ।  ਉੱਥੇ ਸਾਡੇ ਨਾਲ ਕਾਫ਼ਲੇ ਵਿਚ, ਕਈ ਪਰਿਵਾਰਾਂ ਨੇ ਆਪਣੀਆਂ ਜਵਾਨ ਧੀਆਂ ,ਭੈਣਾਂ ਤੇ ਵਹੁਟੀਆਂ ਨੂੰ ਆਪਣੇ ਹੱਥੀਂ ਛਵੀਆਂ ਨਾਲ ਵਢ ਦਿੱਤਾ । ਮੇਰਾ ਬਾਪੂ ਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸੀ । ਕਿਉਂਕਿ ਉਹ ਆਪਣੀਆਂ ਧੀਆਂ ,ਭੈਣਾਂ ਦੀਆਂ ਇੱਜ਼ਤਾਂ ਰੁਲਦੀਆਂ ਨਹੀਂ ਦੇਖਣਾ ਚਾਹੁੰਦੇ ਸੀ" । "ਆ ਸਮਾਂ ਵੀ ਬਾਪੂ ਜੀ ਦੇਖਣਾ ਪਿਆ ਸੀ। ਲੋਕਾਂ ਨੂੰ ਵੰਡ ਵੇਲੇ ਆਪਣੀਆਂ ਹੀ ਲਾਡਲੀਆਂ ਧੀਆਂ ਨੂੰ ਆਪਣੇ ਹੱਥੀਂ ਵੱਢਣਾ ਪੈ ਗਿਆ ਸੀ "।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ !

    ਬਾਪੂ ਨੇ ਫਿਰ ਬੋਲਣਾ ਸ਼ੁਰੂ ਕਰ ਦਿੱਤਾ।  "ਤੀਜੀ  ਰਾਤ ਸਾਨੂੰ ਚਲਦਿਆਂ ਨੂੰ ਹੋ ਗਈ ਸੀ। ਰੋਟੀ ਟੁੱਕ ਤਾਂ ਖਾਣ ਨੂੰ ਕੁਝ ਵੀ ਨਹੀਂ ਸੀ। ਜੋ ਰਾਹ ਵਿੱਚ ਮਾੜਾ ਮੋਟਾ ਦਰੱਖਤਾਂ ਤੇ ਲੱਗਿਆ।  ਪੱਤੇ ਵੀ ਤੋਡ਼ ਕੇ ਖਾਣੇ ਪਏ। ਦਿਨ ਚੜ੍ਹਦਿਆਂ ! ਸਾਡੇ ਤੇ ਇਕ ਭਾਰੀ ਹਮਲਾ ਧਾੜਵੀਆਂ ਵੱਲੋਂ ਫਿਰ ਹੋਇਆ। ਮੇਰਾ ਬਾਪੂ ਤੇ ਮੇਰਾ ਪੁੱਤਰ ਵੀ ਮਾਰੇ ਗਏ । ਮੈਂ ਨਿਕਰਮਾ ਪਤਾ ਨਈਂ ਕਿਵੇਂ ਬਚ ਗਿਆ ।  ਫਿਰ ਭਟਕਦਾ ਭਟਕਾਉਂਦਾ ਤੁਹਾਡੇ ਪਿੰਡ  ਆ ਗਿਆ "।

 ਭਿੰਦੇ ਦੀਆਂ ਅੱਖਾਂ ਵਿੱਚੋਂ ਅੱਥਰੂ ਡਿੱਗ ਰਹੇ ਸਨ ।ਬਾਬਾ ਵੀ ਉਦਾਸ ਹੋਇਆ! ਚੁੱਪ ਹੋ ਗਿਆ । ਪਰ ਅੱਜ ਬੰਤਾ ਸਿੰਘ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ। ਜਿਵੇਂ ਉਸ ਦੇ ਮਨ ਤੋਂ ਮਣਾਂ ਮੂੰਹੀਂ ਭਾਰ ਲੱਥ ਗਿਆ ।

ਕਾਫ਼ੀ ਦੇਰ ਚੁੱਪ ਤੋਂ ਬਾਅਦ , ਭਿੰਦਾ ਬੋਲਿਆ !" ਬਾਬਾ ਜੀ ਜੇਕਰ ਤੁਹਾਡੀ ਉੱਧਰ ਜ਼ਮੀਨ ਸੀ। ਤਾਂ ਤੁਸੀਂ ਏਧਰ ਕਲੇਮ ਕਿਉਂ ਨਹੀਂ ਕੀਤੀ । ਉਪਰੋਂ ਜੋ ਜ਼ਮੀਨਾਂ ਵਾਲੇ ਆਏ ਹਨ। ਉਨ੍ਹਾਂ ਨੂੰ ਇਧਰ ਜ਼ਮੀਨਾਂ ਅਲਾਟ ਹੋਈਆਂ ਨੇ । ਆਪਣੇ ਨਾਲ ਦੇ ਪਿੰਡਾਂ ਚ ਵੀ"   

"ਮੈਨੂੰ ਤਾਂ ਪੁੱਤਰਾ ,ਆਪਣੀ ਸੁੱਧ ਬੁੱਧ ਨਹੀਂ ਸੀ। ਅੱਜ ਥੋਡ਼੍ਹੀ ਜਿਹੀ ਆਈ ਹੈ । ਤੇਰੇ  ਵਾਂਗ ਕਿਸੇ ਨੇ ਮੇਰਾ ਦੁੱਖ ਪੁੱਛਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੀ।  ਕਲੇਮ ਲਈ ਮੈਨੂੰ ਕਿਸ ਦੱਸਣਾ ਸੀ "।

"ਬਾਪੂ ਜੀ, ਤੁਹਾਡਾ ਕੋਈ ਹੋਰ ਰਿਸ਼ਤੇਦਾਰ ਨਹੀਂ ਸੀ। ਉੱਧਰ ਜਾਂ ਏਧਰ । ਹਾਂ ,ਮੇਰੀ ਇੱਕ ਭੂਆ ਅੰਮ੍ਰਿਤਸਰ ਪੁਤਲੀ ਘਰ ਰਹਿੰਦੀ ਹੈ । ਉਹ ਉਜਾੜਿਆਂ ਤੋਂ ਪਹਿਲਾਂ ਹੀ ਏਧਰ ਆ ਗਏ ਸਨ । ਫੁੱਫੜ ਮੇਰਾ  ਮੰਡੀ ਵਿੱਚ ਆੜ੍ਹਤ ਦਾ ਕੰਮ ਕਰਦਾ ਸੀ "।  

"ਕੋਈ ਗੱਲ ਨੀ ਬਾਬਾ ਜੀ ,ਆਪਾਂ ਉਨ੍ਹਾਂ ਦਾ ਵੀ ਪਤਾ ਕਰਦੇ ਹਾਂ। ਕੀ ਨਾਮ ਸੀ? ਤੁਹਾਡੀ ਭੂਆ ਜੀ ਤੇ ਫੁੱਫੜ ਜੀ ਦਾ"? " ਭੂਆ ਨੂੰ ਤਾਂ ਸੰਤੋ ਆਖਦੇ ਸੀ। ਤੇ ਫੁੱਫੜ ਜੀ ਬਲਵੰਤ ਸਿੰਘ"।  "ਠੀਕ ਐ, ਬਾਪੂ ਜੀ ਉਨ੍ਹਾਂ ਦਾ ਵੀ ਪਤਾ ਲਗਾ ਲਵਾਂਗੇ । ਪਰ ਆਪਾਂ ਜ਼ਮੀਨ ਵਾਲਾ ਕੰਮ ਪਹਿਲਾਂ ਕਰੀਏ" । "ਪਰ ਪੁੱਤ ਜ਼ਮੀਨ ਦਾ ਹੁਣ ਪੱਚੀ ਸਾਲ ਹੋ ਗਏ । ਕੋਈ ਗੱਲ ਨ੍ਹੀਂ ਬਾਬਾ ਜੀ, ਮੇਰੇ ਨਾਲ ਜੀਤ ਰਾਮ ਕਾਲਜ ਪਡ਼੍ਹਦਾ ਹੈ। ਉਸਦੇ ਪਿਤਾ ਜੀ ਅੰਬਾਲੇ ਪਟਵਾਰੀ ਲੱਗੇ ਹੋਏ ਹਨ।  ਤੁਸੀਂ ਕੱਲ੍ਹ ਮੇਰੇ ਨਾਲ ਸ਼ਹਿਰ ਚਲੋ"।

 "ਨਹੀ, ਪੁੱਤਰਾਂ ਜਮੀਨ ਲੈ ਕੇ ਹੁਣ ਮੈ ਕਿ ਕਰਨੀ ? ਜਦ ਮੇਰਾ ਕੋਈ ਅਗੇ ਪਿਛੇ ਹੀ ਨਹੀ ਰਿਹਾ "।" ਜਿਵੇਂ ਤੁਹਾਡੀ ਮਰਜੀ ਪਰ ਮੇਰੀ ਇਕ ਗੱਲ ਤੁਹਾਨੂੰ ਮੰਨਣੀ ਪੈਣੀ" ਭਿੰਦਾ ਬੋਲਿਆ ।" ਕਿਹੜੀ ਗੱਲ ਪੁੱਤਰਾ " ਬਾਬੇ ਨੇ ਪੁੱਛਿਆ । "ਅੱਜ ਤੋ ਬਾਅਦ ਮੋਟਰ ਤੇ ਨਹੀ ਰਹਿਣਾ"

ਹੁਣ ਬਾਬਾ ਬੰਤੇ ਦੀ ਮੰਜੀ ਭਿੰਦੇ ਹੁਣਾਂ ਦੀ ਬੈਠਕ ਚ ਲੱਗ ਗਈ ਸੀ।  ਅਗਲੇ ਦਿਨ ਸਵੇਰੇ ਭਿੰਦਾ ,ਬਾਬੇ ਬੰਤੇ ਨੂੰ ਲੈ ਕੇ ਸ਼ਹਿਰ ਵੱਲ ਚਲਾ ਗਿਆ । ਸਮਾਪਤ

ਗੁਰਨਾਮ ਸਿੰਘ ਬਾਵਾ
ਅੰਬਾਲਾ
+91 8307364301